ਮੈਂ ਅਭਾਗਣ ਕੁਰਸੀ.......... ਲੇਖ / ਮੁਹਿੰਦਰ ਸਿੰਘ ਘੱਗ

ਜਦ ਰਾਜੇ ਆਪਣੇ ਆਪ ਨੂੰ ਬਾਕੀ ਜੰਤਾ ਨਾਲੋਂ ਵੱਡਾ ਸਮਝਣ ਲਗ ਪਏ ਤਾਂ ਉਹਨਾਂ ਦਾ ਰਹਿਣ ਸਹਿਣ ਵੀ ਜੰਤਾ ਨਾਲੋਂ ਵਖਰਾ ਹੋ ਗਿਆ, ਉਹਨਾਂ ਦੇ ਬੈਠਣ ਲਈ ਵੀ ਬਾਕੀਆਂ ਨਾਲੋਂ ਉਚੀ ਥਾਂ ਦੀ ਭਾਲ ਹੋਈ ਤਾਂ ਮੇਰਾ ਜਨਮ ਹੋ ਗਿਆ। ਮੇਰੀ ਉਮਰ ਦਾ ਮੇਚਾ ਤਹਿਜ਼ੀਬ ਨਾਲ ਹੀ ਹੋ ਸਕਦਾ ਹੈ। ਸੱਤਵੀਂ ਈਸਵੀ ਵਿਚ ਬੇਬਲੋਨ ਵਿਚ ਮੇਰਾ ਜਨਮ ਹੋਇਆ। ਮੇਰੀ ਬਣਤਰ ਲਈ ਖਜੂਰ ਦੀ ਲਕੜੀ ਵਰਤੀ ਗਈ। ਚਾਰ ਖਰਾਦਵੀਆਂ ਮਜ਼ਬੂਤ ਲੱਤਾਂ ਬਣਾਈਆਂ ਗਈਆਂ। ਉਹਨਾਂ ਉਪਰ ਇਕ ਮਜ਼ਬੂਤ ਸਾਂਝਾ ਫੱਟਾ ਲਾਇਆ ਗਿਆ ਪਿਛੇ ਢੂਹੀ ਲਈ ਢਾਸਣਾ ਅਤੇ ਦੋਨਾਂ ਵੱਖਾਂ ਤੇ ਬਾਹਾਂ ਦਾ ਸਹਾਰਾ ਬਣਾਉਣ ਲਈ ਦੋ ਫੱਟੇ ਲਾਏ ਗਏ। ਮੇਰਾ ਪਹਿਲਾ ਨਾਂ ਤਖਤ ਰਖਿਆ ਗਿਆ। ਮੇਰੇ ਤੇ ਬੈਠ ਕੇ ਰਾਜਾ ਆਪਣਾ ਹੁਕਮ ਹਾਸਲ ਚਲਾਉਂਦਾ ਸੀ ਅਤੇ ਮੈਂ ਰਾਜੇ ਮਹਾਰਾਜਿਆਂ ਦੀ ਤਾਕਤ ਦਾ ਚਿੰਨ ਬਣ ਗਈ। ਉਸ ਤੋਂ ਉਪਰੰਤ ਮੈਂ ਸੀਰੀਆ, ਮਿਸਰ, ਗਰੀਸ ਆਦ ਵਿਚ ਰਾਜ ਮਹਿਲਾਂ ਦਾ ਸਿ਼ੰਗਾਰ ਹੁੰਦੀ ਹੋਈ ਫਰਾਂਸ ਪੁੱਜੀ । ਕੋਈ ਸਤਾਰਵੀਂ ਸਦੀ ਈਸਵੀ ਵਿਚ ਇੰਗਲੈਂਡ ਦੇ ਇਕ ਘਾੜ੍ਹੇ ਨੇ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਚਾਰ ਲੱਤਾਂ ਤੇ ਇਕ ਫੱਟਾ ਜਿਹਾ ਲਾ ਕੇ ਅਤੇ ਢੂਹੀ ਨੂੰ ਸਹਾਰਾ ਦੇਣ ਲਈ ਇਕ ਢਾਸਣਾ ਬਣਾ ਕੇ ਮੇਰਾ ਸਾਦਾ ਜਿਹਾ ਰੂਪ ਤਿਆਰ ਕਰ ਦਿਤਾ। ਉਸ ਵਿਚਾਰੇ ਨੂੰ ਇਹ ਥੋੜੀ ਪਤਾ ਸੀ ਕਿ ਉਸ ਵਲੋਂ ਤਿਆਰ ਕੀਤੀ ਨਿਮਾਣੀ ਜਿਹੀ ਸ਼ੈ ਸੰਸਾਰ ਦੇ ਹਰ ਕੋਨੇ ਅਤੇ ਹਰ ਘਰ ਦਾ ਸਿੰਗਾਰ ਬਣ ਜਾਵੇਗੀ। ਮੇਰਾ ਨਾਂ ਵੀ ਬਦਲ ਕੇ ਚੇਅਰ ਹੋ ਗਿਆ ਭਾਰਤੀ ਮੈਨੂੰ ਕੁਰਸੀ ਆਖਦੇ ਹਨ । ਪਿੰਡਾਂ ਦੀਆਂ ਕਈ ਬਿਰਧ ਸੁਆਣੀਆਂ ਮੈਨੂੰ ਖੁਰਸੀ ਆਖ ਕੇ ਝਟ ਟੱਪਾ ਲੈਂਦੀਆਂ ਹਨ। ਮੈਨੂੰ ਨਾਂ ਦੀ ਚਿੰਤਾ ਨਹੀਂ ਕੋਈ ਵੀ ਹੋਵੇ ਮੇਰਾ ਧਰਮ ਸੇਵਾ ਹੈ ਹਰ ਨਾਂ ਦੇ ਨਾਲ ਸੇਵਾ ਵਿਚ ਹਾਜ਼ਰ ਹੋ ਜਾਂਦੀ ਹਾਂ।

ਦੋਹਿਤਾ ਬਾਣੀ ਦਾ ਬੋਹਿਥਾ......... ਲੇਖ / ਅਜੀਤ ਸਿੰਘ (ਡਾ.) ਕੋਟਕਪੂਰਾ


“ਦੋਹਿਤਾ ਬਾਣੀ ਦਾ ਬੋਹਿਥਾ” ਤੀਜੇ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਵਰ ਆਪਣੇ ਦੋਹਤੇ ਨੂੰ ਦਿਤਾ ਸੀ, ਜੋ ਉਹਨਾਂ ਨੇ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਕੇ ਬਾਣੀ ਦਾ ਅਥਾਹ ਖਜ਼ਾਨਾਂ ਦੁਨੀਆਂ ਨੂੰ ਸੌਂਪਿਆ ਅਤੇ ਆਪਣੇ ਨਾਨੇ ਵਲੋਂ ਦਿਤੇ ਵਰ ਨੂੰ ਸੱਚ ਸਿੱਧ ਕਰ ਵਿਖਾਇਆ । ਪੰਜਵੇਂ ਨਾਨਕ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਬੀਬੀ ਭਾਨੀ ਜੀ ਦੀ ਕੁੱਖ ਵਿਚੋਂ 15 ਅਪ੍ਰੈਲ 1563 ਨੂੰ ਹੋਇਆ । ਆਪ ਜੀ ਦੇ ਪਿਤਾ ਚੌਥੇ ਨਾਨਕ ਸ੍ਰੀ ਗੁਰੂ ਰਾਮ ਦਾਸ ਜੀ ਸਨ । ਇਤਿਹਾਸ ਗਵਾਹੀ ਭਰਦਾ ਹੈ ਕਿ ਪੰਜਵੇਂ ਨਾਨਕ ਨੂੰ ਬਚਪਨ ਤੋਂ ਹੀ ਗੁਰੂ ਜੀ ਦਾ ਸਾਥ ਪ੍ਰਾਪਤ ਹੋਇਆ ਅਤੇ ਆਪ ਜੀ ਦਾ ਪਾਲਣ ਪੋਸ਼ਣ ਗੁਰੂ ਜੀ ਦੀ ਬਾਣੀ ਦੇ ਪ੍ਰਭਾਵ ਹੇਠ ਹੀ ਹੋਇਆ । ਆਪ ਜੀ ਬਾਣੀ ਸੁਣ ਸੁਣ ਕੇ ਵੱਡੇ ਹੋਏ । ਆਪ ਜੀ ਦਾ ਸਾਰਾ ਜੀਵਨ ਔਕੜਾਂ ਭਰਪੂਰ ਸੀ, ਪ੍ਰੰਤੂ ਆਪ ਜੀ ਸਾਰਾ ਸਮਾਂ ਹੀ ਬਾਣੀ ਨਾਲ ਜੁੜੇ ਰਹੇ । ਭਾਵੇਂ ਆਪ ਜੀ ਦੇ ਵੱਡੇ ਭਾਈ ਪਿਰਥੀ ਚੰਦ ਨੇ ਆਪ ਜੀ ਦਾ ਹਰ ਸਮੇਂ ਵਿਰੋਧ ਕੀਤਾ ਅਤੇ ਜਦੋਂ ਇਨ੍ਹਾਂ ਨੂੰ ਗੁਰ ਗੱਦੀ ਸੌਂਪ ਦਿਤੀ ਗਈ, ਵਿਰੋਧ ਹੋਰ ਵਧ ਗਿਆ ਅਤੇ ਉਹ ਗੁਰੂ ਘਰ ਦਾ ਵੀ ਵਿਰੋਧੀ ਬਣ ਬੈਠਾ । ਵੱਖਰੇ ਤੋਰ ਤੇ ਪ੍ਰਚਾਰਕ ਬਣ ਬੈਠਾ । ਦਸਵੰਧ ਦੀ ਰਕਮ ਜੋ ਸੰਗਤ ਤੋਂ ਪ੍ਰਾਪਤ ਹੁੰਦੀ ਸੀ, ਆਪ ਲੈ ਲੈਂਦਾ ਸੀ ਅਤੇ ਲੰਗਰ ਲਈ ਗੁਰੂ ਘਰ ਵਿਚ ਭੇਜ ਦਿੰਦਾ ਅਤੇ ਗੁਰੂ ਘਰ ਵਿਚ ਔਕੜਾਂ ਵਧਾਉਂਦਾ ਹੀ ਰਿਹਾ ।

ਲੋਕ ਅਸਿੱਧੇ ਤੌਰ ’ਤੇ ਚੁਣਦੇ ਹਨ ਰਾਸ਼ਟਰਪਤੀ.......... ਲੇਖ / ਰਣਜੀਤ ਸਿੰਘ ਪ੍ਰੀਤ

ਭਾਰਤ ਦੇ ਸਰਵੋਤਮ ਅਹੁਦੇ ਰਾਸ਼ਟਰਪਤੀ ਦੀ ਚੋਣ 19 ਜੁਲਾਈ ਨੂੰ ਹੋ ਰਹੀ ਹੈ। ਜਿਸ ਦਾ ਨਤੀਜਾ 22 ਜੁਲਾਈ ਨੂੰ ਐਲਾਨਿਆ ਜਾਵੇਗਾ ਅਤੇ ਨਵੇਂ ਚੁਣੇ ਰਾਸ਼ਟਰਪਤੀ ਨੇ 25 ਜੁਲਾਈ ਨੂੰ ਅਹੁਦਾ ਸੰਭਾਲਣਾ ਹੈ । ਮੁੱਖ ਮੁਕਾਬਲਾ ਦੋ ੳਮੀਦਵਾਰਾਂ ਦਰਮਿਆਨ ਹੀ ਹੈ। ਗਿਆਰਾਂ ਦਸੰਬਰ 1935 ਨੂੰ ਜਨਮੇ ਯੂ ਪੀ ਏ ਦੇ ਉਮੀਦਵਾਰ ਸ਼੍ਰੀ ਪ੍ਰਣਬ ਮੁਖਰਜੀ ਦਾ ਸਬੰਧ ਪੱਛਮੀ ਬੰਗਾਲ ਨਾਲ ਹੈ । ਇਹ ਭਾਰਤ ਦੇ ਵਿੱਤ ਮੰਤਰੀ ਤੋਂ ਇਲਾਵਾ ਹੋਰ ਕਈ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਨਾਲ ਇਹਨਾਂ ਦਾ ਗਹਿਰਾ ਰਿਸ਼ਤਾ ਲੰਬੇ ਸਮੇ ਤੋਂ ਚਲਦਾ ਆ ਰਿਹਾ ਹੈ। ਇਹ ਦੋ ਬੇਟਿਆਂ ਅਤੇ ਇੱਕ ਬੇਟੀ ਦਾ ਪਿਤਾ ਹਨ। ਇਹਨਾਂ ਨੂੰ ਮਿਲ ਰਹੇ ਸਮਰਥਨ ਤੋਂ ਇਹਨਾਂ ਦੇ ਸਫ਼ਲ ਹੋਣ ਵਾਲੀ ਗੱਲ ਨੂੰ ਬਲ ਮਿਲਦਾ ਹੈ। ਪਹਿਲੀ ਸਤੰਬਰ 1947 ਨੂੰ ਜਨਮੇ ਐਨ ਡੀ ਏ ਦੇ ਉਮੀਦਵਾਰ ਸ਼੍ਰੀ ਪੀ ਏ ਸੰਗਮਾ ਦਾ ਸਬੰਧ ਮੇਘਾਲਿਆ ਨਾਲ ਹੈ। ਜਿੰਨ੍ਹਾਂ ਦੀ ਬੇਟੀ ਅਗਥਾ ਸੰਗਮਾਂ ਇਹਨਾਂ ਦੀ ਚੋਣ ਮੁਹਿੰਮ ਵਿੱਚ ਰੁੱਝੀ ਹੋਈ ਹੈ। ਜਿੱਥੇ ਸੰਗਮਾ ਮੁੱਖ ਮੰਤਰੀ ਰਹੇ ਹਨ, ਉਥੇ 8 ਵਾਰ ਲੋਕ ਸਭਾ ਤੱਕ ਵੀ ਪਹੁੰਚੇ ਹਨ ਅਤੇ ਲੋਕ ਸਭਾ ਦੇ ਸਪੀਕਰ ਵੀ ਰਹੇ ਹਨ। ਇਹਨਾਂ ਦਾ ਸਬੰਧ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਨਾਲ ਹੈ।

ਕੀ ਟੈਕਸੀ ਡਰਾਈਵਰ ਬੰਦੇ ਨਹੀ ਹੁੰਦੇ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੌਰਨ)l

ਸੌਖੀ ਨਹੀਂ ਡਰਾਈਵਰੀ ਯਾਰੋ, ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁਕਣੇ

ਉਪਰੋਕਤ ਸਿਰਲੇਖ ਪੜ੍ਹ ਕੇ ਪਾਠਕਾਂ ਦੇ ਮਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਖਿਆਲ ਸੁਭਾਵਿਕ ਹੀ ਉੱਠ ਰਹੇ ਹੋਣਗੇ। ਪਰੰਤੂ ਪਿਛਲੇ ਦਿਨੀ ਮੈਲਬੌਰਨ (ਆਸਟ੍ਰੇਲੀਆ) ਦੇ ਕੁਝ ਟੈਕਸੀ ਡਰਾਈਵਰਾਂ ਨਾਲ ਜੋ ਕੁਝ ਹੋਇਆ ਸੱਚਮੁਚ ਹੀ ਦਿਲ ਨੂੰ ਦਹਿਲਾਉਣ ਵਾਲਾ ਕਾਰਾ ਸੀ। ਇਸ ਘਟਨਾ ਤੋਂ ਬਾਅਦ ਤਾਂ ਇੰਝ ਹੀ ਲੱਗਣ ਲੱਗਿਆ ਹੈ ਕਿ ਇਥੇ ਟੈਕਸੀ ਡਰਾਈਵਰਾਂ ਦੀ ਸੱਚਮੁੱਚ ਹੀ ਕੋਈ ਪੁੱਛ ਪ੍ਰਤੀਤ ਨਹੀ ਹੈ। ਕਿਉਂਕਿ ਜਦੋਂ ਵੀ ਕਿਸੇ ਦਾ ਦਿਲ ਚਾਹੇ ਟੈਕਸੀ ਡਰਾਈਵਰਾਂ ਨਾਲ ਧੱਕਾ ਕਰ ਜਾਂਦਾ ਹੈ। ਟੈਕਸੀ ਡਰਾਈਵਰਾਂ ਨਾਲ ਵਾਪਰੀਆਂ ਇਹ ਘਟਨਾਵਾਂ ਕੋਈ ਨਵੀਆਂ ਨਹੀ ਹਨ। ਪਰੰਤੂ ਹੁਣ ਦਿਨੋਂ-ਦਿਨ ਇਹਨਾਂ ਨੂੰ ਅੰਜ਼ਾਮ ਦੇਣ ਦੇ ਤਰੀਕਿਆਂ ਦੇ ਵਿੱਚ ਫਰਕ ਆ ਰਿਹਾ ਹੈ, ਉਥੇ ਹੀ ਇਹੋ ਜਿਹੋ ਜਿਹੇ ਕਾਰਾ ਕਰਨ ਵਾਲਿਆਂ ਦੇ ਹੌਸਲੇ ਵੀ ਬੁਲੰਦ ਹੁੰਦੇ ਜਾ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਟੈਕਸੀ ਡਰਾਈਵਰ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਕਿਉਂਕਿ ਪਹਿਲ ਸਵਾਰੀ ਜਾਂ ਸ਼ਿਕਾਇਤ ਕਰਤਾ ਨੂੰ  ਮਿਲਦੀ ਹੈ ਤੇ ਪੁਲਿਸ ਵੀ ਟੈਕਸੀ ਡਰਾਈਵਰਾਂ ਵਲੋਂ ਕੀਤੀਆਂ ਜ਼ਿਆਦਾਤਰ ਸ਼ਿਕਾਇਤਾਂ ਨੂੰ ਕੱਚੇ ਹੀ ਜਮਾ ਜਾਂਦੀ ਹੈ ਤੇ ਕੋਈ ਐਕਸ਼ਨ ਨਹੀਂ ਲੈਂਦੀ। ਟੈਕਸੀ ਡਰਾਈਵਰਾਂ ਨਾਲ ਗਾਲੀ ਗਲੋਚ ਦੀਆਂ ਘਟਨਾਵਾਂ ਜਾਂ ਕਿਰਾਇਆ ਲੈ ਕੇ ਭੱਜਣਾ ਇਹ ਜ਼ਿਆਦਾ ਹੁੰਦਾ ਸੀ । ਘਰ ਪਿੱਛੇ ਸੱਦ ਕੇ ਜਾਂ ਕਿਸੇ ਸੁੰਨਸਾਨ ਗਲੀ ਵਿੱਚ ਰਾਤ ਨੂੰ ਗੱਡੀ ਸੱਦ ਕੇ ਚਾਕੂ ਦੀ ਨੋਕ ਤੇ ਪੈਸੇ ਲੁੱਟਣ ਦਾ ਪ੍ਰਚਲਨ ਵਧਿਆ, ਪਰੰਤੂ ਮੀਡੀਆ ਵਿੱਚ ਇਹ ਗੱਲਾਂ ਆਉਣ ਕਰਕੇ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ। ਟੈਕਸੀਆਂ ਵਾਲਿਆਂ ਉੱਪਰ ਆਂਡੇ ਜਾਂ ਪੱਥਰ ਸੁੱਟਣਾ ਤਾਂ ਆਮ ਜਿਹੀ ਗੱਲ ਬਣ ਗਈ ਹੈ। ਖਾਸ ਕਰ “ਵੀਕਐਂਡ” ‘ਤੇ ਤਾਂ ਅਕਸਰ ਹੀ ਬੇਸ ਵਲੋਂ ਮੈਸੇਜ ਖੜਕਦਾ ਹੀ ਰਹਿੰਦਾ ਹੈ ਕਿ ਫਲਾਣੀ ਸੜਕ ‘ਤੇ ਨਾਂ ਜਾਇਓ, ਉਥੇ ਮੁੰਡੇ ਪੱਥਰ ਜਾਂ ਆਂਡੇ ਸੁੱਟ ਰਹੇ ਹਨ। ਪਰੰਤੂ ਕਿਸੇ ਨੇ ਇਸ ਗੱਲ ਵਲ ਧਿਆਨ ਅੱਜ ਤੱਕ ਨਹੀਂ ਦਿੱਤਾ ਕਿ ਇਹਨਾਂ ਘਟਨਾਵਾਂ ਨੂੰ ਰੋਕਿਆ ਕਿਵੇਂ ਜਾਵੇ। ਇਹ ਘਟਨਾਵਾਂ ਘਟਣ ਦੀ ਬਜਾਏ ਨਿੱਤ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਪਿਛਲੇ ਦਿਨੀਂ ਜੋ ਇੱਕ ਵੱਡੀ ਘਟਨਾ ਟੈਕਸੀ ਡਰਾਈਵਰਾਂ ਨਾਲ ਵਾਪਰੀ, ਉਸ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਹੁਣ ਇਥੋਂ ਦੇ ਨਸ਼ੇੜੀ ਕਿਸਮ ਦੇ ਨੌਜਵਾਨਾਂ ਜੋ ਕਿ ਆਪਣੇ ਨਸ਼ੇ ਦੀ  ਪੂਰਤੀ ਲਈ ਕੁਝ ਵੀ ਕਰ ਸਕਦੇ ਹਨ। ਜਿੰਨ੍ਹਾਂ ਨੇ ਸ਼ਰੇਆਮ ਸੜਕ ਤੇ ਜਾਂਦੀਆਂ ਟੈਕਸੀਆਂ ਨੂੰ ਜਬਰਨ ਰੋਕ ਕੇ ਗੱਡੀਆਂ ਦਾ ਨੁਕਸਾਨ ਕੀਤਾ ਉਥੇ ਹੀ ਡਰਾਈਵਰਾਂ ਨੂੰ ਵੀ ਲੁੱਟਿਆ ਤੇ ਕੁੱਟਿਆ ਤੇ ਕੁਝ ਇੱਕ ਡਰਾਈਵਰਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵੀ ਦਾਖਲ  ਕਰਵਾਉਣਾ ਪਿਆ।

ਜਦ ਹਰ ਮਨੁੱਖ ਸਾਦਾਪਨ ਅਖਿਤਿਆਰ ਕਰੇਗਾ ਤਾਂ ਉਸ ਦਿਨ ਸਤਿਯੁਗ ਆ ਜਾਵੇਗਾ.......... ਲੇਖ / ਰਤਨ ਰੀਹਲ (ਡਾ.)

ਬਾਬਾ ਫ਼ਰੀਦ ਅਨੁਸਾਰ ‘ਮੈਂ’ ਹਉਮੈ ਵਾਲਾ ਸ਼ਬਦ ਹੈ। ਸਿਰਫ਼ ਸਰਗੁਣ ਹੀ ‘ਮੈਂ’ ਅਖਵਾ ਸਕਦਾ ਹੈ। ਸਰਗੁਣ ਪ੍ਰਮਾਤਮਾ ਹੈ। ਕਈ ਵਾਰ ਆਪਣੇ ਆਪ ਨੂੰ ‘ਮੈਂ’ ਕਹਿੰਦਿਆਂ ਸੁਣ ਕੇ ਭਰਮ ਪੈ ਜਾਂਦਾ ਹੈ ਕਿ ਮੈਂ ਤਾਂ ਨਿਰਗੁਣ ਹਾਂ। ਪ੍ਰਮਾਤਮਾ ਕਿਵੇਂ ਹੋ ਸਕਦਾ ਹਾਂ? ਸਿੱਖੀ ਦਰਸ਼ਨ ਅਨੁਸਾਰ ਜਦ ਮੈਂ ਸੋਚਦਾ ਹਾਂ ਕਿ ਮੇਰੇ ਵਿੱਚ ਵੀ ਪ੍ਰਮਾਤਮਾ ਦੀ ਜੋਤ ਹੈ ਤਾਂ ਮੈਂ ਪ੍ਰਮਾਤਮਾ ਕਿਉਂ ਨਹੀਂ ਹਾਂ? ਫਿਰ ਸੋਚਦਾ ਹਾਂ ਕਿ ਮੇਰੀ ਆਤਮਾ ਝੂਠ ਫ਼ਰੇਬ, ਕਾਮ, ਕ੍ਰੋਧ, ਲੋਭ, ਮੁਹ ਅਤੇ ਹੰਕਾਰ ਨਾਲ ਪਲੀਤ ਹੋਣ ਕਰਕੇ ਪ੍ਰਮਾਤਮਾ ਨਹੀਂ ਹੈ। ਸੱਤਵੇਂ ਦਹਾਕੇ ਵਿੱਚ ਸੋਚਿਆਂ ਕਰਦਾ ਸਾਂ ਕਿ ਕੋਈ ਸਰਵ-ਸ਼ਕਤੀਮਾਨ ਹੈ ਜਿਹੜਾ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਸੋਵੀਅਤ ਯੂਨੀਅਨ ਅਤੇ ਯੂਨਾਈਟਿਡ ਸਟੇਟ ਆਫ਼ ਅਮਰੀਕਾ ਨੂੰ ਬਰੋ-ਬਰਾਬਰ ਤਾਕਤ ਵੰਡ ਰਿਹਾ ਹੈ। ਜਦ ਹੁਣ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਰਹਿ ਗਈ ਹੈ ਤਾਂ ਮੇਰਾ ‘ਮੈਂ’ ਸ਼ਬਦ ਵਿੱਚੋਂ ਵਿਸ਼ਵਾਸ਼ ਮਨਫ਼ੀ ਹੋ ਗਿਆ ਹੈ। ਆਪਣੀ ਕਹਾਣੀਆਂ ਦੀ ਪੁਸਤਕ ‘ਆਟੇ ਦਾ ਬੋਰਾ’ ਵਿੱਚ ਸੰਨ 1982 ਵਿੱਚ ਲਿਖਿਆ ਸੀ ਕਿ ਦੁਨੀਆਂ ਵਿੱਚੋਂ ਸੋਵੀਅਤ ਯੂਨੀਅਨ ਦੀ ਤਾਕਤ ਇੱਕ ਦਿਨ ਖ਼ਤਮ ਹੋ ਜਾਵੇਗੀ ਅਤੇ ਮੇਰੇ ਦਿੱਤੇ ਸਮੇਂ ਦੇ ਵਿੱਚ ਵਿੱਚ ਹੀ ਅਜਿਹਾ ਵਾਪਰ ਗਿਆ ਹੈ। ਇਹ ਮੇਰਾ ਅਗੰਮੀ ਵਾਕ ਨਹੀਂ ਸੀ ਸਗੋਂ ਦੁਨੀਆਂ ਵਿੱਚ ਚੱਲ ਰਹੇ ਰਾਜਨੀਤਕ ਢਾਂਚੇ ਨੂੰ ਘੋਖ਼ਦਿਆਂ ਇਹ ਵਿਚਾਰ ਮੇਰੇ ਮਨ ਵਿੱਚ ਆਏ ਸਨ। ਇਸ ਗੱਲ ਦਾ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਕਿ ਪ੍ਰਮਾਤਮਾ ਇੱਕ ਹੀ ਹੈ ਜਿਹੜਾ ਇਸ ਦੁਨੀਆਂ ਨੂੰ ਚਲਾਉਦਾ ਹੈ। ਜੇਕਰ ਪ੍ਰਮਾਤਮਾ ਸਮੁੱਚੇ ਰੂਪ ਵਿੱਚ ਆਪ ਸਰਵ-ਸ਼ਕਤੀਵਾਨ ਹੁੰਦਾ ਤਾਂ ਸਾਰਾ ਜੱਗ ਧਰਮ ਦੇ ਰਸਤੇ ਉਪਰ ਚਲਣ ਵਾਲਾ ਹੁੰਦਾ ਕਿਉਂਕਿ ਪ੍ਰਮਾਤਮਾ ਸ਼ਬਦ ਦਾ ਇਹ ਪ੍ਰਯੋਜਨ ਹੈ। ਇਸ ਕਰਕੇ ਮਨੁੱਖ ਦੇ ਹਿਰਦੇ ਅੰਦਰ ਕਾਮ ਕ੍ਰੋਧ ਲੋਭ ਮੁਹ ਅਤੇ ਹੰਕਾਰ ਵਸਾਉਣ ਵਾਲੀ ਵੀ ਕੋਈ ਸ਼ਕਤੀ ਪ੍ਰਮਾਤਮਾ ਦੀ ਸ਼ਕਤੀ ਨੂੰ ਵੰਗਾਰਦੀ ਹੈ ਕਿਉਂਕਿ ਪ੍ਰਮਾਤਮਾ ਮਨੁੱਖ ਦੇ ਹਿਰਦੇ ਨੂੰ ਸ਼ੁਧ ਰੱਖਣ ਵਿੱਚ ਨਾਕਾਮਯਾਬ ਹੈ। ਮੇਰੀ ਪੁਸਤਕ ‘ਪ੍ਰਗੀਤਕ ਕਾਵਿ’ ਜਿਹੜੀ ਵਲੈਤ ਵਿੱਚ ਛਪ ਚੁੱਕੀ ਹੈ। ਉਸਦੇ ਪੰਨਾ ਨੰਬਰ 56 ਉਤੇ ਮੇਰੇ ਵਿਚਾਰ ਦਰਜ ਹਨ।

ਰੁੱਖਾਂ ਦੀਆਂ ਛਾਵਾਂ ਮਾਣਨ ਪੁੱਤਰ ਅਤੇ ਧੀਆਂ.......... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ

ਜੀਵਨ ਵਿਚ ਬਹੁਤ ਸਾਰੀਆਂ ਸਟੇਜਾਂ ਹੁੰਦੀਆਂ ਹਨ ਜਿੰਨ੍ਹਾਂ ਵਿਚ ਬਚਪਨ, ਜਵਾਨੀ ਅਤੇ ਬੁਢਾਪਾ ਪ੍ਰਮੁੱਖ ਹਨ । ਜਿਵੇਂ ਜਿਵੇਂ ਸਮਾਂ ਅੱਗੇ ਵੱਲ ਵਧਦਾ ਹੈ, ਮਨੁੱਖ ਬਚਪਨ ਤੋਂ ਜਵਾਨੀ ਵੱਲ ਅਤੇ ਜਵਾਨੀ ਤੋਂ ਬਢਾਪੇ ਵੱਲ ਸਰਕਦਾ ਹੈ । ਲਗਭਗ ਹਰ ਬਚਪਨ ਖੇਡਾਂ ਵਿਚ ਬੀਤਦਾ ਹੈ ਪਰ ਕੁਝ ਬਚਪਨ ਔਕੜਾਂ ਭਰਪੂਰ ਹੁੰਦੇ ਹਨ । ਜਦੋਂ ਬਚਪਨ ਵਿਚ ਮਾਂ ਜਾਂ ਬਾਪ ਜਾਂ ਦੋਨਾਂ ਦਾ ਸਾਇਆ ਸਿਰ ਉਪਰੋਂ ਚਲਾ ਜਾਂਦਾਂ ਹੈ ਤਾਂ ਬਚਪਨ ਵਿਚ ਹੀ ਔਕੜਾਂ ਦਾ ਪਹਾੜ ਟੁਟ ਪੈਂਦਾ ਹੈ ਤਾਂ ਬਚਪਨ ਵੀ ਸਰਕਦਾ ਹੈ ਅਤੇ ਜਵਾਨੀ ਵੀ ਗਮਗੀਨ ਹੀ ਰਹਿੰਦੀ ਹੈ । ਪ੍ਰੰਤੂ ਆਮ ਹਾਲਤ ਵਿਚ ਬਚਪਨ ਪਹਾੜੇ ਗਾ ਗਾ ਕੇ ਅਤੇ ਖੇਡ ਕੇ, ਭੈਣਾਂ,ਭਰਾਵਾਂ ਅਤੇ ਮਿਤਰਾਂ ਦਾ ਸੰਗ ਮਾਣ ਕੇ ਸੌਖਿਆਂ ਹੀ ਨਿਕਲ ਜਾਂਦਾ ਹੈ । ਬਚਪਨ ਵਿਚ ਪਹਾੜੇ ਕਾਫੀ ਮੁਸ਼ਕਿਲ ਲੱਗਦੇ ਹਨ ਇਸ ਲਈ ਕਵੀਆਂ ਨੇ ਇਸ ਤਰ੍ਹਾਂ ਦੇ ਪਹਾੜੇ ਵੀ ਬਣਾਏ ਹਨ ਕਿ ਬੱਚੇ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਪਹਾੜੇ ਵੀ ਯਾਦ ਹੋ ਜਾਂਦੇ ਹਨ ਅਤੇ ਸਿੱਖਿਆ ਵੀ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ...

ਇਕ ਦੂਣੀ ਦੂਣੀ,ਦੋ ਦੂਣੀ ਚਾਰ,
ਘਰ ਘਰ ਰੁਖ ਲਾਉ ਆਵੇਗੀ ਬਹਾਰ,
ਤਿੰਨ ਦੂਣੀ ਛੇ,ਚਾਰ ਦੂਣੀ ਅੱਠ,
ਰੁਖਾਂ ਬਿਨਾ ਸੁੰਨੀ ਸੁੰਨੀ ਲਗਦੀ ਹੈ ਸੱਥ,
ਪੰਜ ਦੂਣੀ ਦਸ ਹੁੰਦੇ,ਛੇ ਦੂਣੀ ਬਾਰਾਂ,
ਰੁਖ ਹੁੰਦੇ ਧਰਤੀ ਦਾ ਗਹਿਣਾ, ਪਾਉਣ ਠੰਡੀਆਂ ਠਾਰਾਂ,
ਸਤ ਦੂਣੀ ਚੌਦਾਂ,ਅੱਠ ਦੂਣੀ ਸੋਲਾਂ,
ਆਲ੍ਹਣਿਆਂ ਵਿਚ ਬੈਠੇ, ਪੰਛੀ ਕਰਦੇ ਰਹਿਣ ਕਲੋਲਾਂ,
ਨੌ ਦੂਣੀ ਅਠਾਰਾਂ,ਦਸ ਦੂਣੀ ਵੀਹ,
ਰੁਖ ਲਾਉਗੇ ਜੇਕਰ ਛਾਵਾਂ ਮਾਨਣ ਪੁਤਰ ਅਤੇ ਧੀ ।

ਗੁੱਡੀਆਂ ਫੂਕਣ ਜਾਂ ਯੱਗ ਕਰਨ ਨਾਲ ਮੀਂਹ ਨਹੀਂ ਪੈਂਦੇ ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਨੁੱਖ ਕਿੰਨਾ ਖੁਦਗਰਜ਼ ਹੈ, ਮਤਲਬੀ ਹੈ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਨੁੱਖ, ਮਨੁੱਖ ਤੋਂ ਕੁਝ ਲੈਣ ਲਈ ਜਾਂ ਮਤਲਬ ਕੱਢਣ ਲਈ ਸੌ ਜਾਲ ਬੁਣਦਾ ਹੈ ਪਰ ਜਦੋਂ ਪ੍ਰਮਾਤਮਾ ਤੋਂ ਕੁਝ ਲੈਣਾ ਹੁੰਦਾ ਹੈ ਤਾਂ ਵੀ ਉਹ ਆਪਣੇ ਮਤਲਬੀ ਸੁਭਾਅ ਨੂੰ ਬਦਲ ਨਹੀਂ ਸਕਦਾ।

ਉਤਰੀ ਭਾਰਤ ਵਿੱਚ ਪਈ ਸਿਰੇ ਦੀ ਗਰਮੀ ਅਤੇ ਲੰਮੇ-ਲੰਮੇ ਲੱਗੇ ਬਿਜਲੀ ਦੇ ਕੱਟਾਂ ਨੇ ਇੱਕ ਵਾਰ ਫਿਰ ਰੱਬ ਦਾ ਚੇਤਾ ਕਰਵਾ ਦਿੱਤਾ, ਕਿਉਂਕਿ ਸੁੱਖ ਵਿੱਚ ਤਾਂ ਉਹ ਕਿਸੇ ਨੂੰ ਯਾਦ ਨਹੀਂ ਰਹਿੰਦਾ ਪਰ ਜਦੋਂ ਕੋਈ ਭੀੜ ਪੈਂਦੀ ਹੈ ਤਾਂ ਹਰ ਕੋਈ ਕਹਿੰਦਾ ਹੈ, “ਹਾਏ ਓਏ ਰੱਬਾ!” ਥੋੜੀ ਜਿਹੀ ਮਾਨਸੂਨ ਲੇਟ ਹੋਣ ਕਾਰਨ ਲੋਕ ਤ੍ਰਾਹ-ਤ੍ਰਾਹ ਕਰਨ ਲੱਗ ਪਏ । ਕੋਈ ਇਸਨੂੰ ਰੱਬ ਦੀ ਕ੍ਰੋਪੀ ਸਮਝ ਰਿਹਾ ਹੈ, ਕੋਈ ਦੁਨੀਆਂ ਉ¤ਤੇ ਵਧ ਰਹੇ ਅੱਤਿਆਚਾਰਾਂ ਅਤੇ ਪਾਪਾਂ ਦਾ ਫਲ ਸਮਝ ਰਿਹਾ ਹੈ ।

ਪਰ ਪਿਆਰੇ ਲੋਕੋ, ਕੁਦਰਤ ਨੂੰ ਸਭ ਦਾ ਖਿਆਲ ਹੈ, ਅਸੀਂ ਹੀ ਲਾਲਚ ਵਿੱਚ ਆਕੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਕੁਦਰਤ ਆਪਣੇ ਨਿਯਮ ਵਿੱਚ ਚੱਲ ਰਹੀ ਹੈ। ਸਰਦੀ ਤੋਂ ਬਾਅਦ ਗਰਮੀ ਅਤੇ ਗਰਮੀ ਵਿੱਚ ਬਰਸਾਤ ਆਉਣੀ ਇਹ ਸਭ ਕੁਦਰਤ ਦੇ ਨੇਮਾਂ ਅਨੁਸਾਰ ਹੋ ਰਿਹਾ ਹੈ। ਪਰ ਜਦ ਲਾਲਚ ਵਿੱਚ ਆਕੇ ਮਨੁੱਖ ਉਸਦੀ ਬਖਸ਼ਿਸ਼ ਨਾਲ ਖਿਲਵਾੜ ਕਰਦਾ ਹੈ, ਫਿਰ ਕੁਦਰਤ ਰੰਗ ਦਿਖਾਉਂਦੀ ਹੈ। ਕਦੇ ਡੋਬਾ ਕਦੇ ਸੋਕਾ, ਕਦੇ ਅੱਤ ਦੀ ਗਰਮੀ ਕਦੇ ਤੂਫ਼ਾਨ। ਬਾਕੀ ਪ੍ਰਮਾਤਮਾ ਨੂੰ ਸਭ ਦਾ ਖਿਆਲ ਹੈ, ਮਨੁੱਖ ਸਿਰਫ ਆਪਣੀ ਹੋਂਦ ਨੂੰ ਬਚਾਉਣ ਲਈ ਹੀ ਤੱਤਪਰ ਹੈ ਪਰ ਕੁਦਰਤ ਦੇ ਬਣਾਏ ਹੋਰ ਵੀ ਅਨੇਕਾਂ ਜੀਵ-ਜੰਤੂ ਹਨ ਜਿੰਨ੍ਹਾਂ ਦੇ ਜਿਉਣ ਲਈ ਗਰਮੀ ਦੀ ਲੋੜ ਹੈ, ਸੋ ਕੁਦਰਤ ਨੂੰ ਸਭ ਦਾ ਖਿਆਲ ਰੱਖਣਾ ਪੈਂਦਾ ਹੈ। ਦੂਸਰੇ ਪਾਸੇ ਮਨੁੱਖ ਵੱਲੋਂ ਥੋੜੀ ਜਿਹੀ ਗਰਮੀ ਵਧਣ, ਮੀਂਹ ਪੈਣ ਵਿੱਚ ਦੇਰੀ ਹੋਣ ’ਤੇ ਝੱਟ ਯੱਗ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ।

ਪ੍ਰੇਮ ਦਾ ਪ੍ਰਤੀਕ - ਸਾਉਣ ਮਹੀਨਾ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਸਾਲ ਦੇ ਬਾਰਾਂ ਮਹੀਨਿਆਂ ਵਿੱਚ ਸਾਉਣ ਦੇ ਮਹੀਨੇ ਦੀ ਆਪਣੀ ਵਿਸ਼ੇਸ਼ਤਾ ਹੈ। ਮੋਹ ਅਤੇ ਪਿਆਰ ਦਾ ਪ੍ਰਤੀਕ ਇਹ ਮਹੀਨਾ ਸਾਰਿਆਂ ਲਈ ਖੁਸ਼ਗਵਾਰ ਹੋ ਨਿਬੜਦਾ ਹੈ। ਖਾਸ ਕਰਕੇ ਜਦੋਂ ਮੋਹ-ਪਿਆਰ ਵਿੱਚ ਗੜੁੱਚ ਦੋ ਰੂਹਾਂ ਦਾ ਆਪਸ ਵਿੱਚ ਮੇਲ-ਮਿਲਾਪ ਹੋ ਜਾਵੇ।

ਅੰਬਰੀਂ ਚੜ੍ਹੀਆਂ ਕਾਲੀਆਂ ਘਟਾਵਾਂ, ਪੈਲਾਂ ਪਾਉਂਦੇ ਕਲੈਹਰੀ ਮੋਰ ਅਤੇ ਬਾਗਾਂ ਵਿੱਚ ਖਿੜੀ ਬਹਾਰ ਨੂੰ ਵੇਖਕੇ ਕੀਹਦਾ ਮਨ ਨਹੀਂ ਝੂਮ ਉਠਦਾ। ਨਰਮੇ ਦੇ ਨਿਕਲ ਰਹੇ ਫੁੱਲ, ਨਿੱਕੀ ਨਿੱਕੀ ਕਣੀ ਦਾ ਪੈਂਦਾ ਮੀਂਹ ਤੇ ਫੁੱਲਾਂ-ਬੂਟਿਆਂ ਤੇ ਆਏ ਨਿਖਾਰ ਨੂੰ ਵੇਖਕੇ ਮਨ ਖਿੜ ਉਠਦਾ ਹੈ। ਜੇਠ-ਹਾੜ ਦੀਆਂ ਤੱਤੀਆਂ ਲੋਆਂ ਦੇ ਸਾੜੇ ਹੋਏ ਬਿਰਖ਼-ਬੂਟੇ ਸਾਉਣ ਦੀ ਆਮਦ ਨਾਲ ਆਸੇ ਪਾਸੇ ਨੂੰ ਹਰਿਆ ਭਰਿਆ ਕਰ ਦਿੰਦੇ ਹਨ। ਸਾਉਣ ਦੇ ਮਹੀਨੇ ਜਦ ਦਰਿਆ, ਨਹਿਰਾਂ, ਨਾਲੇ ਪਾਣੀ ਨਾਲ ਆਫ਼ਰ ਜਾਂਦੇ ਹਨ ਤਾਂ ਪ੍ਰੇਮੀਆਂ ਦੇ ਮਨਾਂ ਵਿੱਚ ਵੀ ਪ੍ਰੇਮ ਦੀਆਂ ਛੱਲਾਂ ਉ¤ਠਣ ਲੱਗ ਪੈਂਦੀਆਂ ਹਨ।

ਸਾਉਣ ਦੇ ਮਹੀਨੇ ਦਾ ਸਾਡੇ ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਸੰਬੰਧ ਹੈ। ਗੁਰਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਉਣ ਮਹੀਨੇ ਦਾ ਵਰਨਣ ਇਸ ਤਰ੍ਹਾਂ ਕਰਦੇ ਹਨ :

ਸਾਵਣਿ ਸਰਸ ਮਨਾ, ਘਣ ਵਰਸਹਿ ਰੁਤਿ ਆਏ
ਮੈ ਮਨਿ ਤਨਿ ਸਹੁ ਭਾਵੈ, ਪਿਰ ਪਰਦੇਸਿ ਸਿਧਾਏ
ਪਿਰੁ ਘਰ ਨਹੀ ਆਵੈ, ਮਰੀਐ ਹਾਵੈ, ਦਾਮਨਿ ਚਮਕਿ ਡਰਾਏ
ਸੇਜ ਇਕੇਲੀ, ਖਰੀ ਦੁਹੇਲੀ ਮਰਣੁ ਭਇ ਦੁਖੁ ਮਾਏ
ਹਰਿ ਬਿਨੁ ਨੀਦ ਭੂਖ ਕਹੁ ਕੈਸੀ, ਕਾਪੜੁ ਤਨਿ ਨ ਸੁਖਾਵਏ
ਨਾਨਕ ਸਾ ਸੋਹਾਗਣਿ ਕੰਤੀ, ਪਿਰ ਕੈ ਅੰਕਿ ਸਮਾਵਏ॥

ਕੁਦਰਤ, ਵਿਗਿਆਨ ਅਤੇ ਗੁਰਮਤਿ.......... ਗੁਰਮੀਤ ਸਿੰਘ ਬਰਸਾਲ (ਡਾ.), ਕੈਲੇਫੋਰਨੀਆਂ

ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ 695)

ਮਨੁੱਖ ਦਾ ਸਰੀਰ ਬ੍ਰਹਿਮੰਡ ਦਾ ਹੀ ਰੂਪ ਹੈ ।  ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ । ਇਸੇ ਤਰ੍ਹਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ ਫਿਰਦੀ ਹੈ ।  ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾਰ ਪੌਜੇਟਿਵ ਚਾਰਜ ਵਾਲੇ ਪਰੋਟੌਨ ਅਤੇ  ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ ,ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ ਦਾਇਰੇ ਵਿੱਚ ਘੁੰਮਦੇ ਰਹਿੰਦੇ ਹਨ । ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ ਹਨ ਨਾਂ ਬਾਹਰ ਜੋ ਕਿਸੇ ਤੱਤ ਦੀ ਬਣਤਰ ਦਾ ਆਧਾਰ ਬਣਦੇ ਹਨ । ਇਕ ਖਾਸ ਤਰਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫ਼ਰਕ ਤੇ ਰੱਖਦੀ ਹੈ ਬਿਲਕੁਲ ਉਸੇ ਤਰਾਂ ਜਿਵੇਂ ਬ੍ਰਹਿਮੰਡ ਵਿੱਚ ਸੂਰਜ,ਧਰਤੀ,ਚੰਦ ਅਤੇ ਤਾਰੇ ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ ਨੂੰ ਇਕ ਆਕਾਰ ਬਕਸ਼ਦੇ ਹਨ । ਸੋ ਬ੍ਰਹਿਮੰਡ ਵਿੱਚ ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿੱਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ ਸ਼ਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋਕੇ ਕਹੇ ਅਨੁਭਵੀ ਸ਼ਬਦ ਦੀ ਇੰਨ ਬਿੰਨ ਪ੍ਰੋੜਤਾ ਕਰਦੀ ਹੈ । ਇਸ ਤਰਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ ਸੁਝਾਇਆ ਰੱਬ ਕੋਈ ਅਸਮਾਨ ਵਿੱਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ ਸਵਰਗ-ਨਰਕ ਦੇ ਵਿਭਾਗਾਂ  ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ ਬ੍ਰਹਿਮੰਡ ਵਿੱਚ ਅਦਿੱਖ ਸ਼ਕਤੀ ਦੇ ਰੂਪ ਵਿੱਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ ਸੈ-ਭੰਗ(ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪਰਗਟ ਹੋ ਆਪਣੀ ਕਿਰਤ ਵਿੱਚ ਹੀ ਪੂਰਿਆ ਹੋਇਆ ਹੈ ।

ਘੜੀ ਦੀਆਂ ਸੂਈਆਂ ਦੀ ਅੱਗੜ ਪਿੱਛੜ ਦੌੜ......... ਲੇਖ / ਅਜੀਤ ਸਿੰਘ (ਡਾ.) ਕੋਟਕਪੂਰਾ

ਮਨੁੱਖ ਆਦਿ ਸਮੇਂ ਤੋਂ ਹੀ ਸਮੇਂ ਨੂੰ ਮਿਣਨ ਦਾ ਯਤਨ ਕਰਦਾ ਰਿਹਾ ਹੈ। ਉਸ ਨੇ ਸੂਰਜ ਵਾਲੇ ਸਮੇਂ ਨੂੰ ਦਿਨ ਅਤੇ ਚੰਦਰਮਾ ਦੇ ਸਮੇਂ ਨੂੰ ਰਾਤ ਦਾ ਨਾਮ ਦਿੱਤਾ। ਸੂਰਜ ਦੇ ਉਗਣ ਨੂੰ ਸਵੇਰ ਅਤੇ ਅਸਤ ਹੋਣ ਨੂੰ ਸ਼ਾਮ ਦਾ ਨਾਮ ਦਿੱਤਾ । ਫਿਰ ਦਿਨ ਨੂੰ ਮਿਣਨ ਦਾ ਯਤਨ ਧਰਤੀ ਵਿਚ ਕਿਸੇ ਸਥਾਨ ਉਪਰ ਸੋਟੀ ਲਗਾ ਕੇ ਉਸ ਦੇ ਬਦਲਦੇ ਪਰਛਾਵੇਂ ਨੂੰ ਵੇਖ ਦਿਨ ਦੇ ਵੱਖ ਵੱਖ ਹਿੱਸੇ ਕਰ ਲਏ ਅਤੇ ਇਸ ਤਰ੍ਹਾਂ ਸਮੇਂ ਨੂੰ ਲੋੜ ਅਨੁਸਾਰ ਵੰਡ ਲਿਆ । ਜਦੋਂ ਚੰਦਰਮਾ ਦੇ ਬਦਲਦੇ ਅਕਾਰ ਸੰਬੰਧੀ ਜਾਣਕਾਰੀ ਮਿਲੀ ਤਾਂ ਉਸ ਦਾ  ਚਾਨਣ ਪੱਖ ਅਤੇ ਹਨੇਰ ਪੱਖ ਸਮਝ ਲਿਆ ਅਤੇ  ਚਾਨਣ ਵਾਲੇ ਪੱਖ ਨੂੰ ਸੁਦੀ, ਹਨੇਰੇ ਵਾਲੇ ਪੱਖ ਨੂੰ ਵਦੀ ਦਾ ਨਾਮ ਦੇ ਦਿੱਤਾ । ਘੜੀ ਦੀ ਖੋਜ ਨੇ ਸਮੇਂ ਨੂੰ ਮਿਣਨਾ ਆਸਾਨ ਕਰ ਦਿਤਾ । ਘੜੀ ਦੀਆਂ ਸੂਈਆਂ ਦੀ ਅੱਗੜ ਪਿੱਛੜ ਦੌੜ ਨੇ ਸਮੇਂ ਨੂੰ ਨਿੱਕੇ ਹਿੱਸਿਆਂ ਵਿਚ ਵੰਡ ਕਰ ਕੇ ਮਨੁੱਖ ਦੇ ਜੀਵਨ ਨੂੰ ਸਮਾਂ ਬੱਧ ਕਰ ਦਿੱਤਾ।

ਫਰੀਦਾ ਮੌਤੋਂ ਭੁੱਖ ਬੁਰੀ.......... ਲੇਖ / ਜੋਗਿੰਦਰ ਬਾਠ ਹੌਲੈਂਡ

ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਹਰ ਵੱਡੇ ਵੇਲੇ ਚੜ੍ਹਦੇ ਸੂਰਜ ਨਾਲ਼ ਅਸਮਾਨੇ ਚੜ੍ਹਦੀਆਂ ਜਾਂਦੀਆਂ ਹਨ। ਯੂਰਪੀਅਨ ਯੂਨੀਅਨ ਦੇ ਲੀਡਰ ਇਸ ਬਾਰੇ ਚਿੰਤਤ ਹਨ। ਉਹ ਕੁਦਰਤੀ ਖੇਤੀ (ਮਨਸੂਈ ਖਾਦ ਅਤੇ ਕੀੜੇਮਾਰ ਸਪਰੇਆਂ ਤੋਂ ਰਹਿਤ) ਨੂੰ ਵਧਾਵਾ ਦੇਣ ਵਾਲੇ ਆਪਣੇ ਪਹਿਲੇ ਫੈਸਲੇ ਉੱਪਰ ਮੁੜ ਵਿਚਾਰ ਕਰ ਰਹੇ ਹਨ। ਕਿਉਂਕਿ ਜੈਵਿਕ ਖੇਤੀ ਵਾਸਤੇ ਹੁਣ ਨਾਲੋਂ ਤਿੱਗਣੀ ਭੋਂਏ ਚਾਹੀਦੀ ਹੈ। 2006 ਵਿੱਚ  ਆਈ.ਐਮ.ਐਫ਼. (ਇੰਟਰਨੈਸ਼ਨਲ ਮੋਨੀਟੇਅਰ ਫੰਡ) ਅਤੇ ਐਫ.ਏ.ਓ. (ਫੂਡ ਐਗਰੀਕਲਚਰ ਔਰਗੇਨਾਈਜੇਸ਼ਨ ‘ਯੂ.ਐਨ.’) ਤੇ ਨਾਲ ‘ਜੀ ਸੱਤ’ ਦੇ ਨਾਂ ਨਾਲ ਜਾਣੀ ਜਾਂਦੀ, ਅਮੀਰ ਦੇਸ਼ਾਂ ਦੀ ਜੱਥੇਬੰਦੀ ਨੇ ਸੰਸਾਰ ਵਿੱਚ ਵੱਧ ਰਹੀਆਂ ਖਾਧ-ਪਦਾਰਥਾਂ ਦੀਆਂ ਕੀਮਤਾਂ ਉੱਪਰ ਚਿੰਤਾ ਪ੍ਰਗਟ ਕੀਤੀ ਸੀ ਅਤੇ ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਬਦਲਵੇਂ ਤੇ ਕਾਰਗਰ ਢੰਗ ਤਰੀਕੇ ਲੱਭਣ ਲਈ ਲੰਡਨ ਵਿੱਚ ਸਤਿਸੰਗ ਕੀਤਾ ਸੀ। ਪਰ ਲਗਦਾ ਹੈ ਹੁਣ ਤੱਕ ਕੀਤੇ ਸਾਰੇ ਓਹੜ ਪੋਹੜ ਵਿਅਰਥ ਹੀ ਗਏ ਜਾਪਦੇ ਹਨ, ਕਿਉਂਕਿ ਮਨੁੱਖੀ ਖੁਰਾਕ ਦੀਆਂ ਕੀਮਤਾਂ ਤਾਂ ਦਿਨੋ ਦਿਨ ਲਗਾਤਾਰ ਵਧੀ ਜਾ ਰਹੀਆਂ ਹਨ। ਗਰੀਬ ਦੇਸ਼ਾਂ ਦੇ ਕਰੋੜਾਂ ਲੋਕਾਂ ਕੋਲੋਂ ਆਟਾ, ਦਾਲਾਂ, ਖੰਡ ਨੂੰ ਖਰੀਦਣ ਦੀ ਸ਼ਕਤੀ ਖਤਮ ਹੁੰਦੀ ਜਾਂਦੀ ਹੈ ਤੇ ਉਹ ਢਿੱਡ ਨੁੰ ਗੰਢ ਦੇਣ ਲਈ ਦਿਨੋਂ ਦਿਨ ਹੋਰ ਤੋ ਹੋਰ ਡਾਹਢੇ ਮਜ਼ਬੂਰ ਹੋਈ ਜਾਂਦੇ ਹਨ। ਗਰੀਬ ਲੋਕਾਂ ਦੀ ਤਾਂ ਹੁਣ ਸਾਰੀ ਦੀ ਸਾਰੀ ਕਮਾਈ ਹੀ ਆਟਾ, ਚੌਲ, ਦਾਲਾਂ ਫੱਕੀ ਜਾਂਦੇ ਹਨ, ਕਿਉਂਕਿ 2004 ਤੋਂ ਲੈ ਕੇ 2012 ਤੱਕ ਜਿਉਣ ਲਈ ਜ਼ਰੂਰੀ ਖਾਧ-ਪਦਾਰਥਾਂ ਦੇ ਭਾਅ ਦੋ ਸੌ ਤੋਂ ਲੈ ਕੇ ਚਾਰ ਸੌ ਪ੍ਰਤੀਸ਼ਤ ਵਧ ਗਏ ਹਨ । ਇਸ ਵਕਤ ਇਹ ਭੋਖੜੇ ਦਾ ਦੈਂਤ ਤੀਸਰੀ ਦੁਨੀਆਂ ਵਿੱਚ ਆਦਮ ਬੋ - ਆਦਮ ਬੋ ਕਰਦਾ ਫਿਰਦਾ ਹੈ। “ਫਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਦਿਨੇ ਫਿਰ ਖੜੀ” ਬਾਬੇ ਫਰੀਦ ਦਾ ਇਹ ਦੋਹਾ ਦੁਨੀਆਂ ਭਰ ਦੇ ਭੁੱਖਿਆਂ ਅਤੇ ਗਰੀਬਾਂ ਨੂੰ ਦੰਦੀਆਂ ਚਿੜਾ ਰਿਹਾ ਲਗਦਾ ਹੈ।
 

ਜੁਗਨੀ ਕਹਿੰਦੀ ਐ .....ਲੋਕੀਂ ਮਾਰਦੇ ਨਿਹੋਰਾ ਕਿ ਡੋਲੀ ਚੜ੍ਹਦੀ ਦੀ ਨਾ ਅੱਖ ਤੇਰੀ ਰੋਈ.......... ਲੇਖ / ਹਰਦੀਪ ਕੌਰ ਸੰਧੂ (ਡਾ.), ਆਸਟ੍ਰੇਲੀਆ

ਗੂੜ ਸਿਆਲਾਂ 'ਚ ਕਈ-ਕਈ ਦਿਨ ਪੈਂਦੀਆਂ ਧੁੰਦਾਂ ਨੇ ਸੂਰਜ ਨੂੰ ਆਵਦੀ ਬੁੱਕਲ 'ਚ ਲਪੇਟਿਆ ਹੋਣ ਕਰਕੇ ਚਾਰੇ ਪਾਸੇ ਚੁੱਪੀ ਜਿਹੀ ਵਰਤੀ ਹੋਈ ਸੀ । ਜੁਗਨੀ ਆਵਦੀ ਯਾਦਾਂ ਦੀ ਛੱਤੀ ਸਬਾਤ 'ਚ ਸਾਂਭੇ ਬੇਬੇ ਦੇ ਸੰਦੂਕ , ਚਰਖਾ ਤੇ ਮੰਜੇ -ਪੀੜ੍ਹੀਆਂ ਦੀ ਝਾੜ-ਪੂੰਝ ਕਰਨ ਲੱਗੀ ਹੋਈ ਸੀ ਕਿ ਐਨੇ ਨੂੰ ਕੁੰਡਾ ਖੜਕਿਆ । ਸੋਚਾਂ ਦੀ ਉਧੇੜ -ਬੁਣ 'ਚ ਜਦੋਂ ਕੁੰਡਾ ਖੋਲ੍ਹਿਆ ਤਾਂ ਸਾਹਮਣੇ ਬੇਬੇ ਖੜ੍ਹੀ ਸੀ । ਬੇਬੇ ਨੂੰ ਦੇਖਦਿਆਂ ਹੀ ਜੁਗਨੀ ਬੋਲੀ , " ਬੇਬੇ ਮੱਥਾ ਟੇਕਦੀ ਆਂ, ਲੰਘ ਆ , ਮੈਂ ਤਾਂ ਕਿੱਦਣ ਦੀ 'ਡੀਕਦੀ ਸੀ ਤੈਨੂੰ ...ਤੈਨੂੰ ਈ ਯਾਦ ਕਰੀ ਜਾਂਦੀ ਸੀ ਮੈਂ ਤਾਂ ਹੁਣ ।" ਬੇਬੇ ਨੇ ਅਗੋਂ ਅਸੀਸਾਂ ਦੀ ਝੜੀ ਲਾ ਦਿੱਤੀ , " ਜਿਉਂਦੀ ਵਸਦੀ ਰਹੁ , ਨੈਣ-ਪ੍ਰਾਣ ਨਰੋਏ ਰਹਿਣ, ਰੰਗੀ ਵਸੇਂ , ਧਰ-ਧਰ ਭੁੱਲੇਂ ਪੁੱਤ .........ਕਿੰਨੇ ਦਿਨ ਹੋਗੇ ਸੀ ਮਖਿਆ ਆਵਦੀ ਧੀ ਨੂੰ ਮਿਲ ਆਮਾ ।"

ਸਬਾਤ 'ਚ ਡਾਹੇ ਦਸੂਤੀ ਨਵਾਰ ਨਾਲ ਬੁਣੇ ਮੰਜੇ 'ਤੇ ਬੈਠਦਿਆਂ ਹੀ ਬੇਬੇ ਨੇ ਆਵਦੀ ਆਦਤ ਮੂਜਬ ਗੱਲਾਂ ਦੀ ਲੜੀ ਜੋੜਦਿਆਂ ਕਿਹਾ , " ਨੀ ਮੈਂ ਸਦਕੇ ਜਾਮਾ, ਅਜੇ ਤਾਈਂ ਸਾਂਭਿਆ ਵਿਆ ਮੇਰੇ ਮੰਜੇ -ਪੀੜ੍ਹੀਆਂ ਨੂੰ । ਪੁੱਤ ਜੇ ਚਾਹ ਧਰਨ ਲੱਗੀਂ ਐਂ ਤਾਂ ਐਂ ਕਰੀਂ.......ਗੁੜ ਆਲ਼ੀ ਈ ਧਰੀਂ, ਨਾਲ਼ੇ ਚਾਹ ਨੂੰ ਬਾਟੀ 'ਚ ਪਾ ਕੇ ਲਿਆਈਂ , ਆ ਥੋਡੀਆਂ ਕੱਪੀਆਂ ਜਿਹੀਆਂ 'ਚ ਮੈਥੋਂ ਨੀ ਪੀਤੀ ਜਾਂਦੀ।ਬੁੜਿਆਂ ਨੂੰ ਤਾਂ ਪੁੱਤ ਪਾਲ਼ਾ ਈ ਮਾਰ ਜਾਂਦੈ, ਹੱਡਾਂ ਨੂੰ ਚੀਰਦੀ ਆ ਠੰਢ।"

ਦੋ ਪੁੱਤ ਨਾ ਕਿਸੇ ਨੂੰ ਰੱਬ ਦੇਵੇ....... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਇੱਕ ਗੀਤ ਸੁਣ ਰਿਹਾ ਸਾਂ, ਜਿਸ ਦੇ ਬੋਲ ਸਨ :

ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ ਪੂਰਨਾ

ਇਸ ਗੀਤ ਨੂੰ ਸੁਣਦਿਆਂ ਸੁਣਦਿਆਂ ਮੇਰੇ ਮਨ ਵਿੱਚ ਅਨੇਕਾਂ ਵਿਚਾਰ ਆਉਣੇ ਸ਼ੁਰੂ ਹੋ ਗਏ। ਮੇਰੀ ਨਜ਼ਰ ਸਭ ਤੋਂ ਪਹਿਲਾਂ ਉਹਨਾਂ ਘਰਾਂ ਵੱਲ ਦੌੜੀ ਜਿਨ੍ਹਾਂ ਦੇ ਦੋ-ਦੋ ਪੁੱਤਰ ਨੇ। ਫਿਰ ਮੇਰੇ ਮਨ ਨੇ ਸਵਾਲ ਕੀਤਾ ਕਿ, ਜੀਹਦੇ ਦੋ ਪੁੱਤਰ ਨੇ ਉਹ ਕਿਹੜਾ ਬਹੁਤੇ ਸੁਖੀ ਵਸਦੇ ਨੇ। ਮੈਂ ਆਪਣੇ ਪਿੰਡ, ਆਂਢ-ਗੁਆਂਢ, ਰਿਸ਼ਤੇਦਾਰੀਆਂ ’ਚ ਨਜ਼ਰ ਦੌੜਾਈ, ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਨ੍ਹਾਂ ਦੇ ਦੋ ਪੁੱਤਰ ਨੇ ਉਹ ਬਹੁਤੇ ਔਖੇ ਨੇ, ਜਿਨ੍ਹਾਂ ਦੇ ਇਕੱਲਾ ਉਹ ਬਹੁਤੇ ਨਹੀਂ ਕੁਝ ਸੌਖੇ ਨੇ। ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਦੇ ਦੋ ਪੁੱਤਰ ਨੇ ਉਹ ਸਾਰੇ ਹੀ ਔਖੇ ਨੇ ਪਰ ਬਹੁਗਿਣਤੀ ਅਜਿਹੀ ਹੈ। ਮੈਂ ਇੱਕ ਮਿਸਾਲ ਦਿੰਦਾ ਹਾਂ, ਅੱਜਕੱਲ੍ਹ ਸਾਂਝੇ ਪਰਿਵਾਰਾਂ ਦੀ ਹੋਂਦ ਖ਼ਤਮ ਹੋ ਰਹੀ ਹੈ। ਬਹੁਤ ਥੋੜੇ ਪਰਿਵਾਰ ਹਨ ਜਿੱਥੇ ਸਾਰੇ ਭਰਾ ਰਲ ਮਿਲਕੇ ਅਤੇ ਖੁਸ਼ੀ ਖੁਸ਼ੀ ਰਹਿੰਦੇ ਹਨ ਪਰ ਬਹੁਤੇ ਪਰਿਵਾਰ ਅਜਿਹੇ ਹਨ ਜਾਂ ਕਹਿ ਲਵੋ ਕਿਸੇ ਬਜ਼ੁਰਗ ਦੇ ਡਰੋਂ ਜਾਂ ਜਿਨ੍ਹਾਂ ਦੀ ਜਾਇਦਾਦ ਦਾ ਅਜੇ ਵੰਡ ਵੰਡਾਰਾ ਨਹੀਂ ਹੋਇਆ ਹੁੰਦਾ, ਸਿਰਫ਼ ਝਿਪਕੇ ਦਿਨ ਕਟੀ ਕਰ ਰਹੇ ਹਨ। ਜਦੋਂ ਵੱਡਾ ਬਜ਼ੁਰਗ ਸਵਰਗ ਸਿਧਾਰ ਜਾਂਦਾ ਹੈ ਤਾਂ ਅੱਡ-ਅੱਡ ਹੋਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜਾਂ ਜਿੱਥੇ ਵੰਡ ਵੰਡਾਰਾ ਸਮੇਂ ਨਾਲ ਹੋ ਜਾਵੇ ਉਥੇ ਸਾਂਝੇ ਪਰਿਵਾਰ ਬਿਖਰਨੇ ਸ਼ੁਰ ਹੋ ਜਾਂਦੇ ਹਨ। ‘ਦੋ ਪੁੱਤ ਨਾ ਕਿਸੇ ਨੂੰ ਰੱਬ ਦੇਵੇ’ ਇਹ ਲਾਈਨ ਮੇਰੇ ਮਨ ਵਿੱਚ ਕਿਵੇਂ ਆਈ ਇਸ ਪਿੱਛੇ ਬਹੁਤ ਸਾਰੀਆਂ ਗੱਲਾਂ ਹਨ ਪਰ ਇੱਕ-ਦੋ ਗੱਲਾਂ ਨਾਲ ਹੀ ਇਸ ਸਾਰੀ ਸਥਿਤੀ ਦਾ ਨਿਚੋੜ ਕੱਢਿਆ ਜਾ ਸਕਦਾ ਹੈ।

ਸਹਿਜਧਾਰੀ ਸਿੱਖ ਬਨਾਮ ਅੰਮ੍ਰਿਤਧਾਰੀ ਸਿੱਖ.......... ਲੇਖ / ਹਰਦਰਸ਼ਨ ਸਿੰਘ ਕਮਲ

ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈ. ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਉਪਰੰਤ ਆਪ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਅਤੇ ਸਿੱਖ ਧਰਮ ਨੂੰ ਇੱਕ ਵੱਖਰੀ ਅਤੇ ਵਿਲੱਖਣ ਪਹਿਚਾਨ ਦਿੱਤੀ। ਕੀ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਤੇ ਚੱਲ ਰਹੇ ਹਾਂ?

ਜੇਕਰ ਅੱਜ ਦੇ ਹਾਲਤਾਂ ‘ਤੇ ਨਜ਼ਰ ਮਾਰੀਏ ਤਾਂ ਇਹ ਬਿਲਕੁਲ ਉਲਟ ਚੱਲ ਰਿਹਾ ਹੈ। ਕਿਉਂਕਿ ਅੱਜ ਸਿੱਖ ਧਰਮ ਵਿੱਚ ਕੋਈ ਪ੍ਰਕਾਰ ਦੇ ਅਖੌਤੀ ਰੀਤੀ-ਰਿਵਾਜ ਅਤੇ ਵਹਿਮ-ਭਰਮਾਂ ਨੇ ਡੇਰੇ ਲਾ ਲਏ ਹਨ। ਉਦਾਹਰਣ ਦੇ ਤੌਰ ‘ਤੇ ਗੁਰਦੁਆਰਾ ਸਾਹਿਬ ਵਿੱਚ ਬਹੁਤੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਦੀ ਬਜਾਏ ਪੱਥਰਾਂ ‘ਤੇ ਨੱਕ ਰਗੜਨ ਅਤੇ ਸਰੋਵਰਾਂ ਵਿੱਚ ਡੁੱਬਕੀ ਲਗਾਉਣ ਨੂੰ ਜਿ਼ਆਦਾ ਅਹਿਮੀਅਤ ਦਿੰਦੇ ਹਨ, ਜਦ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਇਹਨਾਂ ਸਭ ਵਹਿਮਾਂ-ਭਰਮਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਦੀ ਹੈ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:

ਹਰਿ ਮੰਦਰ ਏਹਿ ਸਰੀਰੁ ਹੈ, ਗਿਆਨ ਰਤਨ ਪ੍ਰਗਟ ਹੋਇ

ਇਸੇ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਸਮਝਾਉਦੇ ਹਨ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।।

ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ.......... ਲੇਖ / ਰਿਸ਼ੀ ਗੁਲਾਟੀ

ਜਿੱਥੇ ਬਚਪਨ ‘ਚ ਸਕੂਲ ਪੜ੍ਹਦਿਆਂ ਸਾਨੂੰ ਇਹ ਗੱਲਾਂ ਘੋਟ ਘੋਟ ਕੇ ਪਿਆਈਆਂ ਜਾਂਦੀਆਂ ਸਨ ਕਿ ਪੰਜਾਬ ਗੁਰੂਆਂ, ਪੀਰਾਂ ਤੇ ਤਿਉਹਾਰਾਂ ਦੀ ਧਰਤੀ ਹੈ, ਉਥੇ ਮੌਜੂਦਾ ਸਮੇਂ ਨੂੰ ਦੇਖਦਿਆਂ ਇਸ ਗੱਲ ‘ਚ ਕੁਝ ਤਬਦੀਲੀ ਇਸ ਤਰ੍ਹਾਂ ਕਰ ਦੇਣੀ ਚਾਹੀਦੀ ਹੈ ਕਿ ਪੰਜਾਬ ਬਾਬਿਆਂ, ਨਸਿ਼ਆਂ, ਅਸ਼ਾਂਤੀ, ਹਿੰਸਾ ਤੇ ਮੁਜ਼ਾਹਰਿਆਂ ਦੀ ਧਰਤੀ ਹੈ । ਇੱਥੇ ਸਮੇਂ ਸਮੇਂ ਸਿਰ ਮਨੁੱਖੀ ਹੱਕ ਹਕੂਕਾਂ ਦਾ ਬੜੀ ਬੇਦਰਦੀ ਨਾਲ਼ ਕਤਲ ਕੀਤਾ ਜਾਂਦਾ ਹੈ । ਹਰ ਇੱਕ ਨੂੰ ਹੱਕ ਹੈ ਕਿ ਉਹ ਸਰਕਾਰੀ ਜਾਂ ਹੋਰ ਸੰਪਤੀ ਨੂੰ ਬਾਪੂ ਦਾ ਮਾਲ ਸਮਝ ਕੇ ਅੱਗ ਲਾ ਕੇ ਫੂਕ ਦੇਵੇ ਜਾਂ ਕਿਸੇ ਹੋਰ ਤਰੀਕੇ ਨਾਲ਼ ਨਸ਼ਟ ਕਰ ਦੇਵੇ, ਜਦ ਜੀਅ ਕਰੇ ਕਿਸੇ ਦੀ ਦੁੱਖ ਤਕਲੀਫ਼ ਦੀ ਪ੍ਰਵਾਹ ਕੀਤੇ ਬਿਨਾਂ ਸੜਕ ਤੇ ਟ੍ਰੈਫਿ਼ਕ ਜਾਮ ਕਰ ਦੇਵੇ । ਪ੍ਰਸ਼ਾਸਨ ਵੀ ਜਦ ਜੀ ਚਾਹੇ ਕਿਸੇ ਨੂੰ ਵੀ ਫੜ ਕੇ ਤੂੰਬੀ ਦੀ ਤਰ੍ਹਾਂ ਵਜਾਉਣਾ ਸ਼ੁਰੂ ਕਰ ਦੇਵੇ ।

ਬੀਤੇ ਦਿਨੀਂ ਮਾਨਸਾ ਦੇ ਪਿੰਡ ਜੋਗਾ ਵਿਖੇ ਮਰੇ ਜਾਨਵਰਾਂ ਦੀਆਂ ਹੱਡੀਆਂ ਪੀਸਣ ਵਾਲੀ ਫੈਕਟਰੀ ਵਿਚ ਗਊਆਂ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਇਲਾਕੇ ‘ਚ ਹਿੰਸਾ ਭੜਕ ਉਠੀ । ਪਿੰਡ ਵਾਸੀਆਂ ਨੇ ਫੈਕਟਰੀ ਦੀਆਂ ਕੰਧਾਂ ਢਾਹ ਦਿੱਤੀਆਂ, ਉਥੇ ਖੜੇ ਕੈਂਟਰ ਨੂੰ ਸਾੜ ਦਿੱਤਾ ਤੇ ਫੈਕਟਰੀ ਮਾਲਕ ਦੇ ਘਰ ‘ਚ ਵੜ ਕੇ ਸਾਮਾਨ ਦੀ ਤੋੜ ਫੋੜ ਤੇ ਅਗਜ਼ਨੀ ਦੀ ਕੋਸਿ਼ਸ਼ ਵੀ ਕੀਤੀ । ਇਨ੍ਹਾਂ ਖਬਰਾਂ ਦੀ ਅਜੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇੱਕ ਹੋਰ ਖਬਰ ਸੁਰਖੀਆਂ ‘ਚ ਆਈ । ਇੱਕ ਟਰਾਲੀ ‘ਚ 20 ਗਊਆਂ ਲੱਦਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਭੜਕੀ ਭੀੜ ਨੇ ਉਨ੍ਹਾਂ ਦੇ ਵੀ ਮੋਟਰਸਾਈਕਲ ਸਾੜ ਦਿੱਤੇ ਤੇ ਕੁੱਟ ਮਾਰ ਵੀ ਕੀਤੀ । ਸੱਚ ਕੀ ਹੈ, ਇਹ ਤਾਂ ਉਥੇ ਮੌਜੂਦ ਲੋਕ ਹੀ ਜਾਣਦੇ ਹਨ ਪਰ ਵਿਚਾਰਨਯੋਗ ਹੈ ਕਿ ਜੇਕਰ ਉਹ ਲੋਕ ਬੁੱਚੜਖਾਨੇ ‘ਚ ਗਊਆਂ ਲੈ ਜਾ ਰਹੇ ਸਨ ਤਾਂ ਕੀ ਉਹ ਸਿਰ ਫਿਰੇ ਸਨ, ਜੋ ਗਊ ਹੱਤਿਆ ਕਾਰਨ ਖਰਾਬ ਹਾਲਾਤਾਂ ਦੇ ਚੱਲਦਿਆਂ ਮੁੜ ਉਹੀ ਹਰਕਤ ਕਰ ਰਹੇ ਸਨ । ਇਸ ਘਟਨਾ ਨਾਲ਼ ਮਾਹੌਲ ਹੋਰ ਤਣਾਅਪੂਰਣ ਹੋ ਗਿਆ ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ‘ਚ ਦਸ ਦੇ ਕਰੀਬ ਵਿਅਕਤੀਆਂ ਨੂੰ ਸੱਟਾਂ ਲੱਗੀਆਂ । ਗੁੱਸੇ ‘ਚ ਆਈ ਭੀੜ ਇੱਕ ਪੁਲਿਸ ਅਫ਼ਸਰ ਦੀ ਗੱਡੀ ਭੰਨਣ ਲਈ ਵੀ ਭੱਜੀ ਪਰ ਉਹ ਮੌਕੇ ਤੋਂ ਤਿੱਤਰ ਹੋ ਗਿਆ । ਹੁਣ ਅਖਬਾਰਾਂ ‘ਚ ਬਹੁਤ ਸਾਰੇ ਗਊ ਭਗਤਾਂ ਦੇ ਨਾਮ ਛਪੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਗਊ ਹੱਤਿਆ ਦੇ ਵਿਰੋਧ ‘ਚ ਲਾਮਬੰਦ ਕੀਤਾ । ਇਨ੍ਹਾਂ ਵਿਗੜੇ ਹਾਲਾਤਾਂ ਦੇ ਚੱਲਦਿਆਂ ਕਰਫਿਊ ਲਗਾਇਆ ਗਿਆ, ਜਿਸ ਕਰਕੇ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਗਊ ਭਗਤਾਂ ਦੀ ਇੱਕ ਸੁਸਾਇਟੀ ਨੇ ਪੰਜਾਬ ਬੰਦ ਕਰਕੇ ਗਊ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਣ ਦੀ ਅਪੀਲ ਕਰਦਿਆਂ, ਗਊ ਹੱਤਿਆ ਸੰਬੰਧੀ ਜਾਣਕਾਰੀ ਦੇਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ । ਜੇਕਰ ਜਿੰਦਾ ਗਊ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਯੁੱਗ ‘ਚ ਗਊ ਦੀ ਕੀਮਤ ਕਰੀਬ ਤੀਹ ਹਜ਼ਾਰ ਰੁਪਏ ਤੋਂ ਉਪਰ ਹੀ ਹੁੰਦੀ ਹੈ ।

ਭਾਈ ਬੁਢੇ ਵਰਨਣ ਕੀਆ, ਸਤਗੁਰ ਸਰੋਤਾ ਆਪ……… ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਬਾਰੇ ਥੋੜਾ ਜਿਹਾ ਅਨੁਭਵ ਦਿਓ। ਬਾਬਾ ਜੀ ਨੇ ਕਿਹਾ: ਕਿਸੇ ਵਿਚ ਕੀ ਸ਼ਕਤੀ ਹੈ ਜੋ ਗੁਰੂ ਸਾਹਿਬਾਨ ਬਾਰੇ ਦਸ ਸਕੇ। ਗੁਰੂ ਨਾਨਕ ਜੀ ਨਿਰਾ ਨੂਰ ਸਨ, ਗੁਰੂ ਅੰਗਦ ਦੇਵ ਜੀ ਨਿਰੇ ਸਾਧੂ, ਸ਼ਾਂਤੀ ਪਿਆਰ ਅਤੇ ਦਯਾ ਦੀ ਮੂਰਤ। ਸਾਰੀ ਉਮਰ ਮਾਇਆ ਨੂੰ ਹੱਥ ਨਾ ਲਾਇਆ। ਗੁਰੂ ਅਮਰਦਾਸ ਜੀ ਦਾ ਇਕ ਹੱਥ ਸਦਾ ਅਸੀਸ ਲਈ ਉਠਿਆ ਰਹਿੰਦਾ ਸੀ ਅਤੇ ਦੂਜਾ ਸੇਵਾ ਵਿਚ ਲੱਗਾ ਰਹਿੰਦਾ। ਗੁਰੂ ਰਾਮਦਾਸ ਜੀ ਬਿਰਹੁ ਦੀ ਮੂਰਤ ਸਨ। ਨੈਨ ਹਰ ਵੇਲੇ ਨੀਰ ਨਾਲ ਭਰੇ ਹੀ ਦਿਸਦੇ। ਕਿਹੋ ਜਿਹਾ ਨਜ਼ਾਰਾ ਬਣਿਆ ਹੋਇਆ ਸੀ ਕਿ ਗੁਰੂ ਜੀ ਸਰੋਤਾ ਸਨ ਅਤੇ ਬਾਬਾ ਜੀ ਸੁਣਾ ਰਹੇ ਸਨ।

ਭਾਈ ਬੁਢੇ ਵਰਨਣ ਕੀਆ, ਸਤਗੁਰ ਸਰੋਤਾ ਆਪ

ਗੁਰੂ ਜੀ ਨੇ ਪਰਸ਼ਾਦਾ ਵੀ ਉਥੇ ਹੀ ਛਕਿਆ।ਬਾਬਾ ਬੁੱਢਾ ਜੀ ਇਤਨੇ ਵਜੂਦ ਵਿਚ ਆਏ ਅਤੇ ਕਿਹਾ ਗੁਰੂ ਦੋਖੀਆਂ ਨੂੰ ਤੁਸੀਂ ਵਿਆਕੁਲ ਕਰ ਦੇਵੋਗੇ ਅਤੇ ਆਪ ਜੀ ਦਾ ਪੋਤਰਾ ਤਾਂ ਜ਼ੁਲਮ ਦੀ ਜੜ੍ਹ ਹੀ ਉਖਾੜ ਦੇਵੇਗਾ। ਗੁਰੂ ਸਾਹਿਬਾਨ ਦੇ ਇਸ ਅਨਿਨ ਸੇਵਕ ਜਿਨ੍ਹਾਂ ਨੇ ਛੇ ਪਾਤਸ਼ਾਹੀਆਂ ਦੇ ਪ੍ਰਤਖ ਦਰਸ਼ਨ ਕੀਤੇ ਸਨ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਪ੍ਰਾਪਤ ਕਰਨ ਤੋਂ ਪਹਿਲਾਂ ਮਿਲੇ ਸਨ, ਦਾ ਜਨਮ ਕਥੂ ਨੰਗਲ ਜ਼ਿਲਾ ਅੰਮ੍ਰਿਤਸਰ ਵਿਚ ਸੰਮਤ 1565 ਅਰਥਾਤ ਅਕਤੂਬਰ 1506 ਈਸਵੀ ਵਿਚ ਹੋਇਆ।ਆਪ ਜੀ ਦੀ ਮਾਤਾ ਦਾ ਨਾਮ ਮਾਤਾ ਮੋਰਾਂ ਅਤੇ ਪਿਤਾ ਜੀ ਦਾ ਨਾਮ ਭਾਈ ਸੁਘਾ ਜੀ ਸੀ ।ਮਾਪਿਆਂ ਵਲੋਂ ਨਾਮ ਬੂੜਾ ਰਖਿਆ। ਮਗਰੋਂ ਮਾਪੇ ਰਮਦਾਸ ਰਹਿਣ ਲੱਗ ਪਏ।

ਸੋਚਣ ਦੀ ਲੋੜ ਹੈ.......... ਲੇਖ / ਹਰਦਰਸ਼ਨ ਸਿੰਘ ਕਮਲ

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬੱਚੇ ਕਿਸੇ ਵੀ ਦੇਸ਼ ਦੇ ਭਵਿੱਖ ਹੁੰਦੇ ਹਨ। ਇਹ ਕੋਈ ਕਹਾਵਤ ਨਹੀਂ, ਬਿਲਕੁੱਲ ਸੱਚੀ ਤੇ ਪਰਖੀ ਹੋਈ ਗੱਲ ਹੈ, ਕਿਉਂਕਿ ਜਿਸ ਦੇਸ਼ ਜਾਂ ਰਾਜ ਦੇ ਬੱਚੇ ਪੜ੍ਹੇ-ਲਿਖੇ ਤੇ ਸੋਝੀਵਾਨ ਹੋਣਗੇ, ਉਹੀ ਦੇਸ਼ ਜਾਂ ਰਾਜ ਤਰੱਕੀ ਕਰਦਾ ਹੈ। ਇਸ ਲਈ ਬੱਚਿਆਂ ਨੂੰ ਜੇਕਰ ਕਿਸੇ ਦੇਸ਼ ਜਾਂ ਰਾਜ ਦਾ ਸੁਨਹਿਰੀ ਭਵਿੱਖ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਪੰਜਾਬ ਸਰਕਾਰ ਨੇ ਇਹਨਾਂ ਬੱਚਿਆਂ ਜਾਂ ਇਹ ਕਹਿ ਲਉ ਕਿ ਇਹਨਾਂ ਨੇ ਆਪਣੇ ਸੁਨਹਿਰੀ ਭਵਿੱਖ ਲਈ ਕੀ ਕੀਤਾ? ਆਉ ਜ਼ਰਾ ਝਾਤੀ ਮਾਰੀਏ:

ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ? ਇਹ ਗੱਲ ਤਾਂ ਛੱਡੋ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਵਿਕਾਸ ਸ਼ੁਰੂ ਕਿੱਥੋਂ ਹੁੰਦਾ ਹੈ? ਕਿਸੇ ਮਕਾਨ ਨੂੰ ਪੱਕਾ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਨੀਂਹ ਪੱਕੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਤੂਫਾਨ, ਹਨੇਰੀ, ਡਾਕੂ, ਚੋਰ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ। ਠੀਕ ਇਸੇ ਤਰ੍ਹਾਂ ਸਾਡੇ ਪੰਜਾਬ ਦੀ ਨੀਂਹ ਇਹ ਬੱਚੇ ਹਨ ਜੋ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਪਣਾ ਅਤੇ ਆਪਣੇ ਰਾਜ ਦਾ ਨਾਂ ਰੁਸ਼ਨਾਉਣ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ ਤਾਂ ਜੋ ਸਾਡੇ ਦੁਸ਼ਮਣਾਂ ਜਿਵੇਂ ਬੇਰੋਜ਼ਗਾਰੀ, ਨਸ਼ਾ, ਗਰੀਬੀ ਅਤੇ ਲਗਾਤਾਰ ਵੱਧ ਰਹੀ ਜਨਸੰਖਿਆ ਨੂੰ ਠੱਲ ਪਾਈ ਜਾ ਸਕੇ। ਇਸ ਲਈ, ਪੰਜਾਬ ਨੂੰ ਬਚਾਉਣ ਲਈ ਨੀਂਹ ਦਾ ਪੱਕਾ ਹੋਣਾ ਭਾਵ ਬੱਚਿਆਂ ਦਾ ਪੜ੍ਹੇ-ਲਿਖੇ ਹੋਣਾ ਬਹੁਤ ਜ਼ਰੂਰੀ ਹੈ।

ਲੱਚਰ ਗਾਇਕੀ ਲਈ ਜਿੰਮੇਵਾਰ ਲੋਕ.......... ਲੇਖ / ਰਾਜੂ ਹਠੂਰੀਆ

ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਬਾਰੇ ਅੱਜ ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਨੂੰ ਰੋਕਣ ਲਈ ਗਾਇਕਾਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਜਾ ਰਹੇ ਹਨ। ਪਿੱਛੇ ਜਿਹੇ ਇੱਕ ਗਾਇਕ ਨੇ ਵੀ ਲੱਚਰ ਗਾਇਕੀ ਖਿਲਾਫ਼ ਮੀਡੀਏ ਰਾਹੀਂ ਆਵਾਜ਼ ਉਠਾਈ। ਭਾਵੇਂ ਉਸ ਨੇ ਨਿਸ਼ਾਨਾ ਇੱਕ ਕੰਪਨੀ ਤੇ ਕੁਝ ਗਾਇਕਾਂ ਨੂੰ ਹੀ ਬਣਾਇਆ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਲੋਕ ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਨੂੰ ਰੋਕਣ ਲਈ ਯਤਨਸ਼ੀਲ ਹਨ। ਜੋ ਕੋਈ ਵੀ ਆਪੋ ਆਪਣੇ ਢੰਗ ਨਾਲ਼ ਇਸ ਲੱਚਰ ਗਾਇਕੀ ਨੂੰ ਰੋਕਣ ਲਈ ਕਦਮ ਉਠਾ ਰਿਹਾ ਸ਼ਲਾਘਾਯੋਗ ਹੈ।
ਮੈਂ ਕਈ ਵਾਰ ਇਸ ਵਿਸ਼ੇ ਤੇ ਲਿਖਣਾ ਸ਼ੁਰੂ ਕੀਤਾ ਤੇ ਫਿਰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਹ ਇਸ ਲਈ ਨਹੀਂ ਕਿ ਮੈਂ ਇਸ ਖਿ਼ਲਾਫ਼ ਕੁਝ ਲਿਖਣਾ ਨਹੀਂ ਸੀ ਚਾਹੁੰਦਾ, ਪਰ ਇਸ ਲਈ ਕਿ ਮੈਂ ਜਦ ਵੀ ਲੱਚਰ ਗਾਇਕੀ ਖਿ਼ਲਾਫ਼ ਆਵਾਜ਼ ਉਠਦੀ ਸੁਣੀ, ਉਹ ਕੁਝ ਕੁ ਗਾਇਕਾਂ ਤੇ ਗੀਤਕਾਰਾਂ ਤੇ ਹੀ ਆ ਕੇ ਰੁਕੀ। ਲੱਚਰ ਗੀਤ ਆ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਗੱਲ ਕੁਝ ਗਾਇਕਾਂ ਅਤੇ ਗੀਤਕਾਰਾਂ ਤੱਕ ਆ ਕੇ ਰੁਕ ਜਾਣੀ ਮੇਰੇ ਸਮਝੋਂ ਬਾਹਰੀ ਗੱਲ ਹੈ ਕਿ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਦੋਂ ਇਸ ਤਰ੍ਹਾਂ ਹੁੰਦਾ ਹੈ ਕਿ ਗੀਤਕਾਰ ਅਤੇ ਗਾਇਕ ਹੀ ਇੱਕ ਦੂਜੇ ਖਿਲਾਫ ਬੋਲਦੇ ਨੇ ਤਾਂ ਮੈਨੂੰ ਸਭ ਸਿਆਸਤ ਵਰਗਾ ਲੱਗਦਾ ਹੈ। ਮੇਰੀ ਨਜ਼ਰੇ ਇਸ ਲਈ ਕੁਝ ਕੁ ਲੋਕ ਹੀ ਜਿੰਮੇਵਾਰ ਨਹੀਂ ਸਗੋਂ ਕੁਝ ਕੁ ਲੋਕ ਹੀ ਹੋਣਗੇ ਜਿਹੜੇ ਇਸ ਕਲੰਕ ਤੋਂ ਬਚੇ ਹੋਣਗੇ। ਇੱਕ ਗੱਲ ਹੋਰ ਜੋ ਆਮ ਹੀ ਸੁਨਣ ਨੂੰ ਮਿਲਦੀ ਹੈ ਕਿ ਪਹਿਲਾਂ ਗਾਇਕੀ ਸਾਫ਼ ਸੁਥਰੀ ਹੁੰਦੀ ਸੀ ਹੁਣ ਤਾਂ ਦਿਨੋ ਦਿਨ ਲੱਚਰਤਾ ਵੱਲ ਵਧਦੀ ਜਾ ਰਹੀ ਹੈ। 

ਨਿੱਕੀਆਂ ਜਿੰਦਾਂ ਵੱਡੇ ਸਾਕੇ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ। ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ :

ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ
ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ
ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ ਮਿੱਠਾ।

ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿੱਚ ਤੋਰਦੀਆਂ ਹਨ ਪਰ ਫਿਰ ਵੀ ਅੱਖਾਂ ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ ਜਿਹੜਾ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਕੇ ਵੀ ਇਹੋ ਆਖਦਾ ਹੈ :

ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ।

ਇਹੀ ਹੈ ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਮੌਤ ਨੂੰ ਅਤੇ ਉਮਰ ਨੂੰ ਮਾਪਣ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ ਜਦੋਂ ਕੋਈ ਮੌਤ ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈਜਾਂ ਜ਼ੁਲਮ ਰਾਜ ਦੇ ਤਖਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ।

ਪੰਜਾਬੀ ਬੋਲੀ ਤੇ ਅੱਜ ਦਾ ਸਮਾਜ……… ਲੇਖ / ਅਮਨਦੀਪ ਸਿੰਘ (ਇੰਜ:), ਲੁਧਿਆਣਾ

ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ, ਫਿਕੀ ਪੈ ਗਈ ਚਿਹਰੇ ਦੀ ਨੁਹਾਰ!
ਮਿੱਢੀਆਂ ਖਿਲਾਰੀ ਫਿਰੇਂ ਨੀ ਬੁਲੇ ਦੀਏ ਕਾਫ਼ੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ!

ਜਦੋਂ ਵੀ ਕਿਸੇ ਦੇਖਣੀ ਪਾਖਣੀ ਅਤੇ ਜਨਮ ਤੋਂ ਪੰਜਾਬੀ ਦੇ ਮੁਖਾਰਬਿੰਦ ਤੋਂ ਮਾਂ ਬੋਲੀ ਦੀ ਦੁਰਗਤੀ ਹੁੰਦੀ ਸੁਣਦਾ ਹਾਂ ਤਾਂ ਮੈਂ ਇਹ ਸਤਰਾਂ ਯਾਦ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ।ਸਵੇਰ ਵੇਲੇ ਦੀ ਸੈਰ ਦੌਰਾਨ ਕੋਲੋਂ ਲੰਘਦੀਆਂ ਟੋਲੀਆਂ ਜਿਹਨਾਂ ਚੋਂ ਜ਼ਿਆਦਾ ਔਰਤਾਂ ਦੀਆਂ ਹੁੰਦੀਆਂ ਹਨ, ਦੀਆਂ ਅਵਾਜ਼ਾਂ ਸੁਣਕੇ ਵੀ ਇਹੋ ਸਤਰਾਂ ਯਾਦ ਆਉਂਦੀਆ ਹਨ ਤੇ ਨਾਲ ਹੀ ਮਨ ਇਹਨਾਂ ਦੇ ਰਚੇਤਾ ਗੁਰਦਾਸ ਮਾਨ ਦੇ ਲਿਖੇ ਸੱਚ ਦੀ ਤਾਰੀਫ਼ ਵੀ ਕਰਦਾ ਹੈ।

ਅੱਜ ਹਾਲਾਤ ਇਹ ਹੋ ਗਏ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਊਣਾ ਨਹੀਂ ਚਾਹੁੰਦੇ, ਕੁੜੀਆਂ ਤੇ ਉਚ ਮੱਧਵਰਗੀ ਔਰਤਾਂ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੀਆਂ ਹਨ। ਅੰਗਰੇਜ਼ੀ ਕਿਤਾਬਾਂ ਪੜ੍ਹਨ ਜਾਂ ਅੰਗਰੇਜ਼ੀ ਗਾਣੇ ਸੁਣਨ ਵਿੱਚ ਸ਼ੌਕ ਘੱਟ ਤੇ ਟੌਹਰ ਜ਼ਿਆਦਾ ਝਲਕਦੀ ਹੈ। ਜੇ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਮਾਜ ਤੇ ਸਕੂਲ ਚਾਹੇ ਉਹ ਸਰਕਾਰੀ ਹੋਣ ਜਾਂ ਗੈਰ-ਸਰਕਾਰੀ ਵਿੱਚ ਪੰਜਾਬੀ ਨੂੰ ਇੱਕ ਸਨਮਾਨਿਤ ਭਾਸ਼ਾ ਵਜੋਂ ਦੇਖਿਆ, ਜਾਣਿਆ ਤੇ ਪੜ੍ਹਾਇਆ ਜਾਂਦਾ ਸੀ ਪਰ ਅੱਜ..

.. ਮਿੱਤਰ ਦੇ ਬੱਚਿਆਂ ਦੇ ਸਕੂਲ ਤੋਂ ਫੋਨ ਆਇਆ,“ਤੁਹਾਡੇ ਬੱਚੇ ਵਿਗੜ ਰਹੇ ਹਨ, ਆ ਕੇ ਮਿਲੋ!” ਮਿਲਣ ‘ਤੇ ਪਤਾ ਲੱਗਾ ਕਿ ਬੱਚਿਆਂ ਨੇ ਸਕੂਲ ਵਿੱਚ ਪੰਜਾਬੀ ਬੋਲਣ ਦਾ ਜ਼ੁਰਮ ਕੀਤਾ ਹੈ।

ਪਹਿਲੇ ਸਮੇਂ ਦੇ ਸੰਗੀਤਕਾਰ, ਸਰੋਤੇ ਤੇ ਸਬਰ.......... ਲੇਖ / ਨਿੰਦਰ ਘੁਗਿਆਣਵੀ

ਪੰਜਾਬੀ ਲੋਕ-ਗਾਇਕੀ ਦਾ ਦਸਾਂ ਦਹਾਕਿਆਂ ਤੋਂ ਵੀ ਵੱਧ ਵਰ੍ਹਿਆਂ ਦਾ ਸਫ਼ਰ ਬੜਾ ਦਿਲਚਸਪ ਤੇ ਰੌਣਕੀਲਾ ਰਿਹਾ ਹੈ। ਹਾਲੇ ਸੰਨ 1905 ਦਾ ਹੀ ਸਮਾਂ ਸੀ, ਜਦੋਂ ਗੌਹਰਾ ਜਾਨ ਨੇ ਕਲਕੱਤੇ ਇੱਕ ਰਿਕਾਰਡਿੰਗ ਕੰਪਨੀ ਵਿੱਚ ਆਪਣੇ ਇਕੱਠੇ 6 ਪੰਜਾਬੀ ਗੀਤ ਰਿਕਾਰਡ ਕਰਵਾ ਦਿੱਤੇ ਸਨ। ਉਸ ਤੋਂ ਬਾਅਦ ਇੱਕ-ਇੱਕ ਕਰਕੇ ਕਾਫਲਾ ਜੁੜਦਾ ਗਿਆ ਤੇ ਪੰਜਾਬੀ ਲੋਕ-ਗਾਇਕਾਂ ਤੇ ਗਾਇਕਾਵਾਂ ਦਾ ਇੱਕ ਵੱਡਾ ਕਾਫਲਾ ਜੁੜ ਗਿਆ। ਸੰਨ 1932 ਦੇ ਲਾਗੇ-ਚਾਗੇ ਜਦ ਐੱਚ.ਐੱਮ.ਵੀ ਕੰਪਨੀ ਆ ਗਈ ਤਾਂ ਲੋਕ-ਗਾਇਕਾਂ ਦੇ ਟੈਸਟ ਲੈਕੇ ਉਹਨਾਂ ਨੂੰ ਬੜੀ ਤੇਜ਼ੀ ਨਾਲ ਰਿਕਾਰਡ ਕੀਤਾ ਜਾਣ ਲੱਗਿਆ। ਗੀਤਾਂ ਦੇ ਤਵੇ ਭਰਨ ਲੱਗੇ। ਇੰਨ੍ਹਾਂ ਸਮਿਆਂ ਦੌਰਾਨ ਗਾਇਕੀ ਵੰਨ-ਸੁਵੰਨੇ ਮੋੜਾਂ ਉਤੋਂ ਦੀ ਗੁਜ਼ਰਦੀ ਰਹੀ। ਬਹੁਤ ਸਾਰੇ ਸੰਗੀਤਕਾਰ, ਮੰਚ ਉਤੇ ਆਏ, ਆਪੋ-ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਰਹੇ ਤੇ ਟੁਰਦੇ ਗਏ। ਗਾਉਣਾ, ਅਜਿਹੇ ਫ਼ਨਕਾਰਾਂ ਦਾ ਕਰਮ ਵੀ ਸੀ ਤੇ ਧਰਮ ਵੀ। ਕਿੱਤਾ ਵੀ ਸੀ ਅਤੇ ਆਤਮਿਕ ਤ੍ਰਿਪਤੀ ਵੀ। ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲੀ ਗੱਲ ਸੀ। ਜੁ ਮਿਲਦਾ ਰਿਹਾ, ਓਨੇ ਨਾਲ ਹੀ ਸਬਰ ਤੇ ਸ਼ੁਕਰ ਕਰਦੇ ਰਹੇ। ਇਹ ਲੋਕਾਂ ਦੇ ਕਲਾਕਾਰ ਸਨ। ਲੋਕਾਂ ਨਾਲ ਦਿਲੋਂ ਜੁੜੇ ਰਹੇ। ਤਦੇ ਹੀ ਅਜਿਹੇ ਕਲਾਕਾਰ ਆਪਣੇ ਗੀਤਾਂ ਵਿੱਚ ਲੋਕ-ਜੀਵਨ ਦੀ ਅਸਲੀ, ਸਾਫ-ਸਪੱਸ਼ਟ ਤੇ ਸੁੰਦਰ ਤਸਵੀਰ ਪੇਸ਼ ਕਰਦੇ ਸਨ, ਨਾ ਕਿ ਹੁਣ ਦੇ ਬਹੁਤਿਆਂ ਵਾਂਗ ‘ਚੱਕਲੋ ਚੱਕਲੋ ਧਰਲੋ ਧਰਲੋ’ ਹੁੰਦੀ ਸੀ।

ਪਿਛਲੇ ਦਿਨਾਂ ਦੀ ਹੀ  ਗੱਲ ਹੈ, ਜਦ ਪੰਜਾਬੀ ਲੋਕ-ਗਾਇਕੀ ਦੇ ਉਸਤਾਦ ਬਜੁਰਗ ਲੋਕ –ਗਾਇਕ ਮਿਲਖੀ ਰਾਮ ਕੋਲ ਬੈਠਾ ਸਾਂ ਤਾਂ ਬਾਹਰੋਂ ਉਸਦਾ ਛੋਟਾ ਜਿਹਾ ਪੋਤਾ ਭੱਜਾ-ਭੱਜਾ ਆਇਆ ਤੇ ਆਣ ਕੇ ਉਸਨੇ ਟੀ ਵੀ ਆਨ ਕਰ ਦਿੱਤਾ। ਟੀ ਵੀ ‘ਤੇ ਗੀਤ ਵੱਜ ਰਿਹਾ ਸੀ:

ਸਮੇਂ ਦਾ ਗੇੜ……… ਲੇਖ / ਬਲਜੀਤ ਬੱਲੀ

ਮੇਰੇ ਲਈ ਵੀ ਤਿਆਰ ਸੀ, ਏ ਕੇ 47 ਦੀਆਂ ਬੁਛਾੜ
 
ਜਯੋਤੀ ਡੇਅ ਦੀ ਥਾਂ ਮੈਂ ਵੀ ਹੋ ਸਕਦਾ ਸੀ

ਦਹਿਸ਼ਤਵਾਦ ਦੇ ਦਿਨਾਂ ਇੱਕ ਕੌੜੀ ਯਾਦ, ਜਦੋਂ ਮੈਨੂੰ ਇਕ ਰੂਪੋਸ਼ ਖਾਲਿਸਤਾਨੀ ਨੇ ਮੇਰੀ ਜਾਨ ਬਚਾਈ

ਕੁਝ ਦਿਨ ਪਹਿਲਾਂ ਪੰਜਾਬ ਸਕੱਤਰੇਤ ਵਿਚ ਸੀਨੀਅਰ ਪੀ ਸੀ ਅਫ਼ਸਰ ਅਰੁਣ ਸੇਖੜੀ ਕੋਲ ਬੈਠਾ  ਸਾਂ। ਗੱਲ ਚਲਦੀ-ਚਲਦੀ ਉਸਦੇ ਪਰਿਵਾਰਕ ਪਿਛੋਕੜ ਤਕ ਚਲੀ ਗਈ। ਇਕ ਦੁਖਾਂਤ ਭਾਰੀ ਯਾਦ ਤਾਜ਼ਾ ਹੋ ਗਈ। ਅਰੁਣ ਦੇ ਚੀਫ ਇੰਜੀਨੀਅਰ ਪਿਤਾ ਨੂੰ ਖਾਲਿਸਤਾਨੀ ਦਹਿਸ਼ਤਪਸੰਦਾਂ  ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਹ ਪੁਆੜੇ ਦੀ ਜੜ੍ਹ ਬਣੀ ਐਸ ਵਾਈ ਐਲ ਦੇ ਚੀਫ ਇੰਜੀਨੀਅਰ ਸਨ।ਉਨ੍ਹਾਂ ਦਿਨਾਂ ਵਿਚ ਇਸੇ ਨਹਿਰ  ਤੇ ਕੰਮ ਕਰਦੇ ਵਰਕਰ ਵੀ ਬਹੁਤ ਬੇਦਰਦੀ ਨਾਲ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਪੰਜਾਬ ਦੇ ਉਨ੍ਹਾਂ ਸੰਤਾਪ ਦੇ ਦਿਨਾਂ ਦੀ ਰੀਲ੍ਹ ਜਿਹੀ ਘੁੰਮ ਗਈ। 1988 ਵਿਚ ਪੰਜਾਬ ਵਿਚ ਆਏ ਵੱਡੇ  ਹੜ੍ਹਾਂ ਤੋਂ ਬਾਅਦ ਚੰਡੀਗੜ੍ਹ ਵਿਚ ਭਾਖੜਾ-ਬਿਆਸ ਮੈਨੇਜਮੈਂਟ ਬੋਰਡ  ਦੇ ਉਸ ਵੇਲੇ ਦੇ ਚੇਅਰਮੈਨ ਜਰਨਲ ਕੁਮਾਰ ਦੀ ਗੋਲੀਆਂ ਦੀ ਬੁਛਾੜ ਨਾਲ ਵਿੰਨ੍ਹੀਂ ਲਾਸ਼ ਵੀ ਯਾਦ ਆ ਗਈ ਤੇ ਜਨਰਲ ਕੁਮਾਰ  ਦੇ ਕਤਲ ਨਾਲ ਜੁੜੀ ਇੱਕ ਨਿੱਜੀ ਘਟਨਾ ਅੱਖਾਂ ਸਾਹਮਣੇ ਘੁੰਮ ਗਈ।

ਇਹ ਵਾਕਿਆ 1989 ਦਾ ਹੈ। ਮੈਂ ਚੰਡੀਗੜ੍ਹ ਦੇ ਸੈਕਟਰ 22 ਵਿਚਲੇ ਅਜੀਤ ਦੇ ਦਫ਼ਤਰ ਵਿਚ ਕੰਮ ਕਰ ਰਿਹਾ ਸੀ।ਪੰਜਾਬ ਪੁਲਿਸ ਦੇ ਸੂਹੀਆ ਮਹਿਕਮੇ ਦੇ ਇੱਕ ਸੀਨੀਅਰ ਅਫ਼ਸਰ ਦਾ ਸੁਨੇਹਾ ਆਇਆ ਕਿ ਦਫ਼ਤਰ ਆ ਕੇ ਮਿਲੋ, ਜ਼ਰੂਰੀ ਗੱਲ ਕਰਨੀ ਹੈ। ਜਦੋਂ  ਉਸ ਨੂੰ ਮਿਲੇ ਤਾਂ ਉਸ ਨੇ ਕਿਹਾ ਕਿ ਤੁਸੀਂ ਪੁਲਿਸ ਸੁਰੱਖਿਆ ਲੈ ਲਵੋ, ਤੁਹਾਡੀ ਜਾਨ ਨੂੰ ਖ਼ਤਰਾ ਹੈ । ਉਸ ਨੇ ਦੱਸਿਆ  ਕਿ  ਭਿੰਡਰਾਂ ਵਾਲਾ ਟਾਈਗਰ ਫੋਰਸ ਛੰਦੜਾ ਗਰੁੱਪ ਦਾ ਇੱਕ ਖਾੜਕੂ ਸਾਡੇ ਹੱਥ ਆਇਐ, ਉੁਸ ਨੇ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਕੀਤਾ  ਹੈ ਕਿ ਉਨ੍ਹਾਂ ਦੇ ਗਰੁੱਪ  ਨੇ ਬੱਲੀ ਅਤੇ ਅਜੀਤ ਦੇ ਇਕ ਹੋਰ ਪੱਤਰਕਾਰ ਨੂੰ ‘‘ਸੋਧਣ’’ ਦਾ ਫ਼ੈਸਲਾ ਕੀਤਾ ਸੀ। ਓਸ ਖਾੜਕੂ ਇਹ ਵੀ ਦੱਸਿਆ ਸੀ ਕਿ ਸਾਡੇ ਦਫ਼ਤਰ  ਅਤੇ ਘਰਾਂ ਦੀ ਰੈਕੀ ਵੀ ਕਰ ਚੁੱਕੇ ਸਨ। ਸੋਧਣ ਲਈ ਉਸਦੀ ਡਿਊਟੀ ਵੀ ਲੱਗੀ ਹੋਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੰਜਾਬ ਵਿਚ ਕਿਸੇ ਥਾਂ ਪੁਲਿਸ ਦੇ ਕਾਬੂ ਆ  ਗਿਆ ਸੀ।ਉੁਸ ਵੇਲੇ ਖਾਲਿਸਤਾਨੀ ਜਥੇਬੰਦੀਆਂ ਦੀ ਭਾਸ਼ਾ ਵਿਚ “ਸੋਧਣ” ਦਾ ਅਰਥ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦੇਣ ਤੋਂ ਹੁੰਦਾ ਸੀ।

ਸੁੰਦਰਤਾ ਮੁਕਾਬਲੇ ਕਿ ਸੱਭਿਆਚਾਰ ਦਾ ਨਿਘਾਰ.......... ਲੇਖ / ਰਾਜਬੀਰ ਕੌਰ ਸੇਖੋਂ, ਕੈਲੀਫੋਰਨੀਆਂ

ਸੁਹੱਪਣ ਔਰਤ ਨੂੰ ਕੁਦਰਤ ਵੱਲੋਂ ਬਖਸਿ਼ਆ ਇਕ ਬੜਾ ਹੀ ਖੂਬਸੂਰਤ ਤੋਹਫ਼ਾ ਹੈ। ਸ਼ਾਇਦ ਹੀ ਹੁਣ ਤੱਕ ਔਰਤ ਦੀ ਖੂਬਸੂਰਤੀ ਦੇ ਮੁਕਾਬਲੇ ਕਿਸੇ ਹੋਰ ਵਿਸ਼ੇ ਤੇ ਇੰਨੀਆਂ ਗਜ਼ਲ਼ਾਂ, ਕਵਿਤਾਵਾਂ ਜਾਂ ਕਿੱਸੇ-ਕਹਾਣੀਆਂ ਲਿਖੀਆਂ ਗਈਆਂ ਹੋਣ। ਵੱਖ-ਵੱਖ ਲਿਖਾਰੀਆਂ, ਕਵੀਆਂ ਤੇ ਚਿੱਤਰਕਾਰਾਂ ਨੇ ਔਰਤ ਦੇ ਏਸ ਖੂਬਸੂਰਤ ਪੱਖ ਨੂੰ ਬੜੇ ਹੀ ਸੁਚੱਜੇ  ਢੰਗ  ਨਾਲ ਆਪੋ ਆਪਣੇ ਪੱਧਰ ਤੇ ਪੇਸ਼ ਕੀਤਾ ਹੈ। ਏਥੋਂ ਤੱਕ ਕਿ ਇਤਿਹਾਸ ਵਿੱਚ ਵਿਚਰੀਆਂ  ਕਈ ਔਰਤਾਂ ਜਿਵੇਂ ਰਾਣੀ ਪਦਮਣੀ, ਹੀਰ, ਸਾਹਿਬਾਂ, ਸੋਹਣੀ ਵਰਗੇ ਨਾ ਕੇਵਲ ਆਪਣੀ ਖੂਬਸੂਰਤੀ ਲਈ ਹੁਣ ਤੱਕ ਮਿਸਾਲ ਵਜੋਂ ਗਿਣੇ ਜਾਂਦੇ ਹਨ। ਖਾਸਕਰ ਪੰਜਾਬਣ ਨੂੰ ਤਾਂ ਰੱਬ ਨੇ ਖੁੱਲ੍ਹੇ ਦਿਲ ਨਾਲ ਏਸ ਤੋਹਫੇ ਨਾਲ ਨਿਵਾਜਿਆ ਹੈ। ਖੁੱਲੇ ਖਾਣ ਪੀਣ ਤੇ ਸੋਹਣੀ ਆਬੋ ਹਵਾ ਸਦਕਾ ਲੰਮ ਸਲੰਮੇ ਕੱਦ, ਦਿਲ ਖਿਚਵੇਂ ਨਕਸ਼, ਭਰਵੇਂ ਸਰੀਰ, ਕੂਕਦੀ ਅਵਾਜ਼ ਤੇ ਸੋਹਣੀ ਫਬਤ ਹਰ ਕਿਸੇ ਦਾ ਦਿਲ ਬਦੋ ਬਦੀ ਮੋਹ ਲੈਂਦੀ ਹੈ। ਪੰਜਾਬ ਦੀ ਏਸ ਧੀ ਕੋਲ ਸੂਰਤ ਤੋਂ ਇਲਾਵਾ ਸੀਰਤ ਦਾ ਵਿਸੇ਼ਸ਼ ਗੁਣ ਵੀ ਹੈ। ਸਾਰੇ ਘਰ ਦੀ ਕਬੀਲਦਾਰੀ ਆਪਣੇ ਮੋਢਿਆਂ ਤੇ ਚੁੱਕ, ਚੁੱਲੇ ਚੌਂਕੇ ਤੋਂ ਇਲਾਵਾ ਆਪਸੀ ਮੇਲ ਮਿਲਾਪ, ਹਰ ਆਏ ਗਏ ਦਾ ਖੁੱਲਾ ਸਵਾਗਤ, ਮਾਂ, ਧੀ, ਭੈਣ, ਭਰਜਾਈ ਤੇ ਪਤਨੀ ਦੇ ਵੱਖ-ਵੱਖ ਕਿਰਦਾਰਾਂ ‘ਚ ਉਹ ਪੂਰੀ ਉਤਰਦੀ ਹੈ। ਸਾਦਗੀ, ਸ਼ਰਮ ਤੇ ਹਲੀਮੀ ਉਸਦੇ ਗਹਿਣੇ ਹਨ। ਉਹ ਗਿੱਧਿਆਂ ਦੀ ਰਾਣੀ ਬਣ ਪੈਲ਼ਾਂ ਪਾਉਂਦੀ ਹੈ ਤੇ ਕਦੇ ਹਾਣ ਦੀਆਂ ਨਾਲ ਗਾਉਂਦੀ ਅੰਬਰੀ ਕੂਕਦੀ ਸੁਣਾਈ ਦਿੰਦੀ ਹੈ। ਮੋਰਨੀਆਂ ਵਰਗੀ ਤੋਰ, ਖਿੜ ਖਿੜਾਉਂਦਾ ਹਾਸਾ, ਦਗ਼-ਦਗ਼ ਕਰਦੇ ਚਿਹਰੇ, ਕਾਲੇ ਸ਼ਾਹ ਲੰਮੇ ਵਾਲ਼ ਕਿਸੇ ਖਿਤਾਬ ਜਾਂ ਤਾਰੀਫ਼ ਦੇ ਮੁਹਤਾਜ ਨਹੀਂ।

ਕਿਹੋ ਜਿਹੇ ਲੋਕਤੰਤਰ ਵਿਚ ਜਿਉਂ ਰਹੇ ਹਾਂ ਅਸੀਂ ?……… ਲੇਖ / ਅਵਤਾਰ ਸਿੰਘ

ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੁਣ ਆਮ ਲੋਕਾਂ ਲਈ ਪਰਸੰਗਿਕ ਨਹੀਂ ਰਿਹਾ।  ਮੌਜੂਦਾ ਲੋਕਤੰਤਰੀ ਢਾਂਚੇ ਦੀਆਂ ਜੋ ਕਮੀਆਂ ਪੇਸ਼ੀਆਂ ਲੋਕਾਂ ਨੇ ਲਗਭਗ ਭਾਣਾ ਮੰਨ ਕੇ ਕਬੂਲ ਕਰ ਲਈਆਂ ਸੀ, ਉਹ ਹੁਣ ਇਸ ਹੱਦ ਤੱਕ ਭਿਆਨਕ ਰੂਪ ਧਾਰ ਚੁੱਕੀਆਂ ਨੇ ਕਿ ਭਾਰਤ ਵਿਚ ਆਮ ਆਦਮੀ ਦਾ ਜੀਣਾ ਨਾ ਸਿਰਫ ਦੁੱਭਰ ਹੋ ਗਿਆ ਹੈ ਬਲਕਿ ਉਹ ਇਸ ਸਿਸਟਮ ਵਿਚ ਐਨੀ ਬੁਰੀ ਤਰ੍ਹਾ ਪਿਸ ਰਿਹਾ ਹੈ ਕਿ ਇਸ ਮੌਜੂਦਾ ਭ੍ਰਿਸ਼ਟ ਢਾਂਚੇ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ।

ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਬੋਲਣ ਵਾਲਿਆਂ ਨੂੰ ਸਰਕਾਰੀ ਦਮਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।  ਸਰਕਾਰ ਖਿਲਾਫ ਆਵਾਜ਼ ਉਠਾਣ ਵਾਲਿਆਂ ਨੂੰ ਚਿੰਨਿਤ ਕਰਕੇ ਸਬਕ ਸਿਖਾਇਆ ਜਾਂਦਾ ਹੈ । ਭਾਂਵੇਂ ਕਿ ਲੋਕ ਮੌਜੂਦਾ ਸਿਸਟਮ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਇਸ ਢਾਂਚੇ ਦਾ ਹਿੱਸਾ ਬਣਾ ਕੇ ਰੱਖਿਆ ਜਾ ਰਿਹਾ ਹੈ। ਫੌਜ ਅਤੇ ਪੁਲਿਸ ਦਾ ਤਸ਼ੱਦਦ ਐਨਾ ਵੱਧ ਚੁੱਕਿਆ ਹੈ ਕਿ ਕਿਸੇ ਨੂੰ ਰੱਤੀ ਭਰ ਵੀ ਵਹਿਮ ਨਹੀਂ ਰਿਹਾ ਕਿ ਫੌਜ ਅਤੇ ਪੁਲਿਸ ਕਿਸ ਦੀ ਰਾਖੀ ਕਰ ਰਹੀ ਹੈ। ਐਮਨੇਸਟੀ ਇੰਟਰਨੈਸ਼ਨਲ ਦੀ ਸਾਲ 2012 ਦੀ ਰਿਪੋਰਟ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ ਹੈ। ਖਾਸ ਕਰਕੇ ਦਲਿਤ, ਆਦਿਵਾਸੀ ਖੇਤਰਾਂ ਅਤੇ ਉਹਨਾਂ ਖੇਤਰਾਂ ਵਿਚ ਜਿੱਥੇ ਮਾਓਵਾਦੀ ਸਰਗਰਮ ਨੇ ਉਥੇ ਮਨੁੱਖੀ ਅਧਿਕਾਰਾਂ ਦੀ ਤਸਵੀਰ ਹੋਰ ਵੀ ਭਿਆਨਕ ਹੈ।  ਭਾਰਤ  ਸਰਕਾਰ ਨੇ ਕੌਮਾਂਤਰੀ ਪੱਧਰ 'ਤੇ ਹੋਈ ਹਿੰਸਾ ਪ੍ਰਤੀ ਚੁੱਪੀ ਸਾਧੀ ਰੱਖੀ ਹੈ । ਮਿਡਲ ਈਸਟ ਅਤੇ ਨੌਰਥ ਅਫਰੀਕਾ ਵਿਚ 'ਚੋਂ ਜੋ ਨਾਟਕੀ ਤਬਦੀਲੀਆਂ ਹੋਈਆਂ, ਉਸ ਦੇ ਨਾਲ ਹੀ ਗੁਆਂਢੀ ਮੁਲਕ ਮੀਆਂਮਾਰ ਪ੍ਰਤੀ ਵੀ ਭਾਰਤ ਨੇ ਚੁੱਪ ਵੱਟੀ ਰੱਖੀ। ਸ਼੍ਰੀ ਲੰਕਾ ਵਿਚ ਹੋਈ ਹਿੰਸਾ ਖਿਲਾਫ ਬੋਲਣ ਤੋਂ ਵੀ ਭਾਰਤ ਅਸਮਰੱਥ ਰਿਹਾ ਹੈ। ਇਕੱਲੇ ਛੱਤੀਸਗੜ੍ਹ ਵਿਚ ਹੀ ਮਾਓਵਾਦੀਆਂ ਅਤੇ ਫੌਜ ਦੀ ਲ਼ੜਾਈ ਵਿਚ 3 ਹਜ਼ਾਰ ਤੋਂ ਵੱਧ ਲੋਕ 2005 ਤੱਕ ਮਾਰੇ ਗਏ ਜਦਕਿ 20 ਹਜ਼ਾਰ ਤੋਂ ਵੱਧ ਲੋਕ ਆਂਧਰਾ ਅਤੇ ਉਡੀਸਾ ਵਿਚੋਂ ਹਾਲੇ ਤੱਕ ਲਾਪਤਾ ਨੇ।

ਛਠਮ ਪੀਰ ਬੈਠਾ ਗੁਰ ਭਾਰੀ........... ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਸਿੱਖ ਧਰਮ ਦੀ ਸ਼ੁਰੂਆਤ ਸਿਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ 1469 ਵਿਚ ਹੋਣ ਤੋਂ ਹੀ ਮੰਨੀ ਜਾ ਰਹੀ ਹੈ । ਉਨ੍ਹਾਂ ਨੇ ਗੁਰਿਆਈ ਭਾਈ ਲਹਿਣਾ ਜੀ ਨੂੰ ਅੰਗ ਲਗਾ ਕਿ ਅੰਗਦ ਬਣਾ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿਤੀ ਸੀ । ਅੱਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਅਮਰੂ ਨੂੰ ਨਿਤਾਣਿਆਂ ਦਾ ਤਾਣ, ਨਿਆਸਰਿਆਂ ਦਾ ਆਸਰਾ ਆਦਿ ਬਹੁਤ ਸਾਰੇ ਵਰ ਦਿਤੇ ਅਤੇ ਸ੍ਰ਼ੀ ਗੁਰੂ ਅਮਰਦਾਸ ਜੀ ਬਣਾ ਦਿੱਤਾ । ਉਸ ਉਪਰੰਤ ਇਹ ਗੁਰਿਆਈ ਚੌਥੇ ਨਾਨਕ ਸੋਢੀ ਵੰਸ਼ ਦੇ ਸ੍ਰ਼ੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਗਈ । ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ੍ਰ਼ੀ ਗੁਰੂ ਅਰਜਨ ਦੇਵ ਜੀ ਬਣੇ । ਇਹ ਪੰਜੇ ਪਾਤਸ਼ਾਹ ਆਮ ਲੋਕਾਂ ਨੂੰ ਸੱਚੇ ਪਾਤਸ਼ਾਹ ਦਾ ਸਿਮਰਨ ਕਰਨ ਲਈ ਉਪਦੇਸ਼ ਦੇ ਰਹੇ ਸਨ । ਜੋ ਕਿ ਉਸ ਸਮੇਂ ਦੇ ਹਾਕਮਾਂ ਨੂੰ ਪਸੰਦ ਨਹੀਂ ਸੀ ਅਤੇ ਬਾਬੇ ਕਿਆਂ ਅਤੇ ਬਾਬਰ ਕਿਆਂ ਵਿਚਕਾਰ ਵਿਰੋਧ ਵਧ ਰਿਹਾ ਸੀ । ਵਾਰ ਵਾਰ ਸਪੱਸ਼ਟ ਕਰ ਦੇਣ ਦੇ ਬਾਵਜੂਦ ਵਿਰੋਧ ਘਟ ਨਹੀਂ ਰਿਹਾ ਸੀ।
       
ਸ੍ਰ਼ੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਵਿਚੋਂ 1595 ਦੀ 19 ਜਨਵਰੀ ਨੂੰ ਇਕ ਲਾਲ ਗੁਰੂ ਕੀ ਵਡਾਲੀ ਵਿਖੇ ਪੈਦਾ ਹੋਇਆ, ਜਿਸ ਦਾ ਨਾਮ ਹਰਗੋਬਿੰਦ ਰਖਿਆ ਗਿਆ ਅਤੇ ਗੁਰੂ ਪੰਚਮ ਪਾਤਸ਼ਾਹ ਨੇ ਇਸ ਖੁਸ਼ੀ ਵਿਚ ਛੇਹਰਟਾ ਖੂਹ ਲਗਵਾਇਆ ਅਤੇ ਖੁਸ਼ੀ ਮਨਾਈ ਗਈ । ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ;

ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ……… ਲੇਖ / ਰਣਜੀਤ ਸਿੰਘ ਪ੍ਰੀਤ

ਇੱਕ ਵਾਰ ਫਿਰ ਮਲੇਸ਼ੀਆ ਦੀ ਹੀ ਧਰਤੀ ‘ਤੇ 21ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ ਈਪੋਹ ਵਿਖੇ 24 ਮਈ ਤੋਂ 3 ਜੂਨ ਤੱਕ ਖੇਡਿਆ ਗਿਆ। ਓਲੰਪਿਕ ਖੇਡਾਂ ਦੀ ਤਰਜ਼ ’ਤੇ ਪਹਿਲੀ ਵਾਰੀ ਨੀਲੀ ਪਿੱਚ ਅਤੇ ਪੀਲੀ ਗੇਂਦ ਦੀ ਵਰਤੋਂ ਕੀਤੀ ਗਈ । ਮੇਜ਼ਬਾਨ ਮਲੇਸ਼ੀਆ, ਏਸ਼ੀਆਈ ਚੈਂਪੀਅਨ ਪਾਕਿਸਤਾਨ 2010 ਦੇ ਸਾਂਝੇ ਵਿਜੇਤਾ ਭਾਰਤ-ਦਖਣੀ ਕੋਰੀਆ ਤੋਂ ਇਲਾਵਾ ਬਰਤਾਨੀਆਂ, ਅਰਜਨਟੀਨਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹੋਈਆਂ। ਛੇ ਵਾਰੀ ਸੁਲਤਾਨ ਕੱਪ ਜਿੱਤਣ ਵਾਲਾ ਆਸਟ੍ਰੇਲੀਆ, ਦੋ ਵਾਰ ਜੇਤੂ ਬਣਿਆ । ਜਰਮਨੀ ਇਕ ਵਾਰੀ ਖਿਤਾਬਧਾਰੀ ਨੀਦਰਲੈਂਡ ਅਤੇ ਸਪੇਨ ਵਰਗੇ ਮੁਲਕਾਂ ਨੇ ਟੀਮਾਂ ਹੀ ਨਹੀਂ ਸਨ ਭੇਜੀਆਂ । ਇਸ ਵਾਰੀ ਭਾਰਤ ਕੋਲ ਛੇਵਾਂ ਖਿਤਾਬ ਜਿੱਤ ਕੇ ਆਸਟ੍ਰੇਲੀਆ ਨਾਲ ਬਰਾਬਰ ਮੜਿਕਣ ਦਾ ਸੁਨਹਿਰੀ ਮੌਕਾ ਸੀ। ਪਰ ਭਰਤ ਚੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਅਜਿਹਾ ਨਹੀਂ ਕਰ ਸਕੀ। 1983 ਤੋਂ ਸ਼ੁਰੂ ਹੋਇਆ ਅਤੇ 1998 ਤੋਂ ਹਰ ਸਾਲ ਕਰਵਾਇਆ ਜਾਂਦਾ । ਇਹ ਹਾਕੀ ਮੁਕਾਬਲਾ ਭਾਰਤ ਨੇ 5 ਵਾਰੀ (1985, 1991, 1995, 2009, 2010 ) ਜਿੱਤਿਆ ਹੈ। 2008 ਵਿੱਚ ਦੂਜਾ ਅਤੇ 5 ਵਾਰੀ (1983, 2000, 2006, 2007, 2012) ਤੀਜਾ ਸਥਾਨ ਲਿਆ। ਜਦੋਂ ਕਿ ਪਾਕਿਸਤਾਨ ਨੇ 3 ਜਿੱਤਾਂ (1999, 2000, 2003), 6 ਵਾਰੀ ਦੋਇਮ (1983, 1987, 1991, 1994, 2004, 2011) ਅਤੇ 2 ਵਾਰੀ (1985, 2005) ਵਿੱਚ ਤੀਸਰਾ ਸਥਾਨ ਮੱਲਿਆ । ਦੱਖਣੀ ਕੋਰੀਆ ਨੇ 1996 ਅਤੇ ਭਾਰਤ ਨਾਲ ਸਾਂਝੇ ਜੇਤੂ ਵਜੋਂ 2010 ਵਿੱਚ ਜਿੱਤ ਦਰਜ ਕਰਨ ਦੇ ਨਾਲ ਹੀ 4 ਵਾਰੀ 1999, 2000, 2001, 2005 ਵਿੱਚ ਦੂਜਾ ਅਤੇ 1998, 2004 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ । ਅਰਜਨਟੀਨਾ ਨੇ 2008 ਵਿੱਚ ਅਤੇ ਬਰਤਾਨੀਆ 1994 ਵਿੱਚ ਜਿੱਤਾਂ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ ਬਰਤਾਨੀਆਂ ਨੇ 1987 ਅਤੇ 2011 ਵਿੱਚ ਤੀਜਾ ਸਥਾਨ ਵੀ ਹਾਸਲ ਕਰਿਆ ਹੈ । ਮਲੇਸ਼ੀਆ ਨੇ 1985, 2007, 2009 ‘ਚ ਦੂਜੀ ਅਤੇ 1996 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ।

ਮਨੁੱਖ, ਧਰਮ ਅਤੇ ਵਿਗਿਆਨ........... ਲੇਖ / ਕੁਲਦੀਪ ਸਿੰਘ ਸਿਰਸਾ

ਜਦੋਂ ਇਕ ਜੰਗਲੀ-ਜਾਨਵਰ ਨੇ ਆਪਣੇ ਅਗਲੇ ਪੈਰਾਂ ਨਾਲ ਕਿਰਤ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਇਹੀ ਪੈਰ ਉਸਦੇ ਹੱਥਾਂ ਦੇ ਰੂਪ ਵਿੱਚ ਵਿਕਸਤ ਹੋਣੇ ਸ਼ੁਰੂ ਹੋ ਗਏ। ਇਸੇ ਕਿਰਤ ਦੀ ਕਾਰਵਾਈ ਨੇ ਇਸ ਨੂੰ ਪਸ਼ੂ ਜਗਤ ਤੋਂ ਵੱਖ ਕਰ ਦਿੱਤਾ। ਭਾਵ ਜਾਨਵਰ + ਕਿਰਤ = ਮਨੁੱਖ। ਕਿਰਤ ਦੀਆਂ ਕਾਰਵਾਈਆਂ ਨੇ ਇਸ ਮਨੁੱਖ ਦੀ ਚੇਤਨਾ ਦਾ ਵਿਕਾਸ ਕੀਤਾ। ਇਹ ਅੱਗ ਅਤੇ ਪਹੀਏ ਦੀ ਖੋਜ ਕਰਦਾ ਹੋਇਆ ਮੁਢਲੇ ਕਬੀਲਾਈ ਦੌਰ ਤੱਕ ਪਹੁੰਚ ਗਿਆ। ਲੇਕਿਨ ਹਾਲੇ ਤਕ ਇਹ ਕੁਦਰਤੀ ਸ਼ਕਤੀਆਂ ਦਾ ਗੁਲਾਮ ਸੀ। ਉਹਨਾਂ ਤੋਂ ਭੈਅ ਖਾਂਦਾ ਤੇ ਉਹਨਾਂ ਦੀ ਪੂਜਾ ਕਰਦਾ ਸੀ। ਹੌਲੀ-ਹੌਲੀ ਇਹ ਕਬੀਲਾਈ ਦੌਰ ਇਸਦੇ ਅੰਦਰੂਨੀ ਕਾਰਨਾਂ ਕਰਕੇ ਗੁਲਾਮਦਾਰੀ ਯੁੱਗ ਵਿੱਚ ਬਦਲ ਗਿਆ। ਜਿੱਥੇ ਗੁਲਾਮ-ਮਾਲਕ ਦੇ ਰਿਸ਼ਤੇ ਵਿੱਚ ਸੰਤੁਲਨ ਬਣਾਉਣ ਲਈ ਜਾਣੇ-ਅਣਜਾਣੇ ਧਰਮ ਪੈਦਾ ਹੋਇਆ। ਕਲਾ ਅਤੇ ਸਾਹਿਤ ਵੀ ਇਸੇ ਦੌਰ ਵਿੱਚ ਪੈਦਾ ਹੋਏ। ਨਵੇਂ ਸੰਦ ਵਿਕਸਤ ਹੋਏ। ਮਨੁੱਖ ਕੁਦਰਤੀ ਸ਼ਕਤੀਆਂ ਉਪਰ ਕਾਬੂ ਪਾਉਣ ਲਈ ਸੰਘਰਸ਼ੀਲ ਰਿਹਾ। ਇਹ ਵਿਕਾਸ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਗੁਲਾਮਦਾਰੀ ਦੀ ਕੁੱਖ ਵਿਚੋਂ ਜਗੀਰਦਾਰੀ ਨਿਜ਼ਾਮ ਪੈਦਾ ਹੋਇਆ। ਹੁਣ ਰਿਸ਼ਤਾ ਗੁਲਾਮ-ਮਾਲਕ ਦਾ ਨਾ ਹੋ ਕਿ ਕਿਸਾਨ-ਜਗੀਰਦਾਰ ਦੇ ਨਵੇਂ ਸਬੰਧ ਪੈਦਾ ਹੋਏ। ਇੱਥੇ ਵੀ ਯਥਾਸਥਿਤੀ ਬਣਾ ਕਿ ਰੱਖਣ ਲਈ ਧਰਮ ਮੌਜੂਦ ਰਿਹਾ। ਇਸ ਸਮੇਂ ਖੇਤੀ-ਸੰਦਾਂ ਨੇ ਵਿਕਾਸ ਕੀਤਾ। ਦੁਨੀਆਂ ਦੇ ਨਕਸ਼ੇ ’ਤੇ ਨਵੇਂ ਸ਼ਹਿਰ ਉਭਰੇ। ਉਦਯੋਗ ਸਥਾਪਿਤ ਹੋਏ। ਉਦਯੋਗਾਂ ਵਿੱਚ ਕਿਰਤ ਦੀ ਮੰਗ ਨੇ ਕਿਸਾਨ-ਜਗੀਰਦਾਰੀ ਦੇ ਸਬੰਧਾਂ ਨੂੰ ਖਤਮ ਕਰਕੇ ਉਜ਼ਰਤੀ ਮਜ਼ਦੂਰ ਅਤੇ ਪੂੰਜੀਪਤੀ ਦੇ ਨਵੇਂ ਰਿਸ਼ਤੇ ਨੂੰ ਜਨਮ ਦਿੱਤਾ। ਜਿਸਨੂੰ ਅਸੀਂ ਪੂੰਜੀਵਾਦੀ ਪ੍ਰਬੰਧ ਕਹਿੰਦੇ ਹਾਂ। ਇਸ ਪ੍ਰਬੰਧ  ਵਿੱਚ ਵਿਗਿਆਨ ਨੇ ਸਿਖਰਾਂ ਨੂੰ ਛੋਹਿਆ । ਹਰ ਪਾਸੇ ਵਿਗਿਆਨ ਦੇ ਜਲਵੇ ਨਜ਼ਰ ਆਉਣ ਲੱਗੇ। ਲੋਕਾਂ ਦੀ ਸੋਚ ਵਿਗਿਆਨਿਕ ਹੋਣ ਲੱਗੀ। ਜਿਹੜਾ ਧਰਮ ਹਮੇਸ਼ਾ ਵਿਗਿਆਨਿਕਾਂ ਦੀ ਬਲੀ ਲੈਂਦਾ ਰਿਹਾ ,ਜਿਉਂਦਾ ਰਹਿਣ ਲਈ ਮਜਬੂਰਨ ਉਸ ਧਰਮ ਨੂੰ  ਵੀ ਵਿਗਿਆਨ ਦੀ ਮੋਹਰ ਦੀ ਜਰੂਰਤ ਪਈ। ਧਾਰਮਿਕ ਲੋਕਾਂ ਨੇ ਆਪਣੇ ਅੰਧ-ਵਿਸ਼ਵਾਸ਼ ਦੀ ਡੋਜ਼ ਵਿਗਿਆਨ ਦੇ ਕੈਪਸੂਲ ਵਿੱਚ ਪਾ ਕਿ ਦੇਣੀ ਸ਼ੁਰੂ ਕਰ ਦਿੱਤੀ। ਜਦ ਵੀ ਵਿਗਿਆਨ ਕੋਈ ਨਵਾਂ ਕਰਿਸ਼ਮਾ ਕਰਦੀ ਹੈ ਤਾਂ ਸਾਰੇ ਧਰਮ ਆਪਣੇ ਗਰੰਥਾਂ ਚੋਂ ਤੁੱਕਾਂ ਲੱਭ ਕਿ ਵਿਗਿਆਨ ਨੂੰ ਬੌਣਾਂ ਦਿਖਾਉਣ ਦੀਆਂ ਨਾ-ਕਾਮਯਾਬ ਕੋਸ਼ਿਸ਼ਾਂ ਕਰਦੇ ਹਨ। ਜਿੱਥੇ ਧਾਰਮਿਕ ਲੋਕ ਧਰਮ ਨੂੰ ਵਿਗਿਆਨ ਦੱਸਦੇ ਨੇ, ਉੱਥੇ ਵਿਗਿਆਨ ਵਾਂਗੂ ਖੁਲ੍ਹੀ ਬਹਿਸ ਤੋਂ ਵੀ ਡਰਦੇ ਨੇ।

ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਸਮੇਂ ਦੀ ਲੋੜ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਭਗਤ ਸਿੰਘ ਦਾ ਨਾਂਅ ਜ਼ੁਬਾਨ ’ਤੇ  ਆਉਂਦਿਆਂ ਹੀ ਸਿਰ ਸ਼ਰਧਾ ਤੇ ਸਤਿਕਾਰ ਨਾਲ ਝੁਕ ਜਾਂਦਾ ਹੈ ਅਤੇ ਮਨ ਅੰਦਰ ਕੁੱਝ ਕਰਨ ਦਾ ਜ਼ਜ਼ਬਾ ਉਬਾਲੇ ਮਾਰਨ ਲੱਗ ਜਾਂਦਾ ਹੈ। ਭਗਤ ਸਿੰਘ ਨੌਜਵਾਨ ਪੀੜ੍ਹੀ ਲਈ ਇੱਕ ਆਦਰਸ਼ ਹੈ ਜਿਸਦੇ ਪਾਏ ਪੂਰਨਿਆਂ ’ਤੇ ਚੱਲਣਾ ਤਾਂ ਹਰ ਨੌਜਵਾਨ ਚਾਹੁੰਦਾ ਹੈ ਪਰ ਸਿਆਸਤਦਾਨਾਂ ਦੀਆਂ ਗੰਧਲੀਆਂ ਸਿਆਸਤਾਂ ਦਾ ਸ਼ਿਕਾਰ ਹੋ ਕੇ ਟੁੱਟ ਜਾਂਦਾ ਹੈ।

ਭਗਤ ਸਿੰਘ ਜਿੱਥੇ ਜਵਾਨੀ ਪਹਿਰੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਗਿਆ ਉਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕੋਈ ਜ਼ਜ਼ਬਾਤੀ ਨੌਜਵਾਨ ਨਹੀਂ ਸੀ, ਜੋ ਸਿਰਫ ਕਿਸੇ ਦੇ ਆਖੇ ਲੱਗ ਕੇ ਮੌਤਾਂ ਦੇ ਢੇਰ ਲਗਾ ਦਿੰਦਾ, ਉਸਨੂੰ ਦੇਸ਼ ਭਗਤੀ ਵਿਰਾਸਤ ਵਿੱਚੋਂ ਮਿਲੀ ਸੀ। ਉਹ ਕੋਈ ਅੱਤਵਾਦੀ ਨਹੀਂ ਸੀ ਜੋ ਬੰਬਾਂ ਨਾਲ ਲੋਕਾਂ ਨੂੰ ਉਡਾ ਦਿੰਦਾ, ਉਹ ਬਹੁਤ ਸੂਝਵਾਨ ਅਤੇ ਸੂਖਮ ਬੁੱਧੀ ਦਾ ਮਾਲਕ ਸੀ। ਆਜ਼ਾਦੀ ਉਸਦਾ ਮਕਸਦ ਸੀ, ਉਹ ਮੰਜ਼ਿਲ ਵੱਲ ਕੁੱਦ ਪਿਆ ਸੀ ਗੋਰਿਆਂ ਕੋਲੋਂ ਦੇਸ਼ ਆਜ਼ਾਦ ਕਰਵਾਉਣ ਲਈ। ਪਰ ਉਸ ਨੂੰ ਕੀ ਪਤਾ ਸੀ ਕਿ ਉਸਦੀ ਆਜ਼ਾਦੀ ਦਾ ਮੁੱਲ ਇਥੋਂ ਦੇ ਘੜੰਮ ਚੌਧਰੀਆਂ ਨੇ ਦੇਸ਼ ਦਾ ਬਟਵਾਰਾ ਕਰਕੇ ਹੀ ਉਤਾਰਨਾ ਹੈ। 

ਖਾਲਸਾ ਸਿਰਜਣ ਦੀ ਲੋੜ ਕਿਉਂ ਪਈ .......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਸ਼ੁੱਧਮਿਲਾਵਟ ਤੋਂ ਬਿਨਾਂ, ਅਤੇ ਜਾਂ ਉਹ ਜ਼ਮੀਨ ਜੋ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੋਵੇ ਭਾਵ ਖੁਦਮੁਖਤਾਰ । ਮੈਕਾਲਿਫ ਅਨੁਸਾਰ ਖਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖਾਲਿਸ ਅਰਥਾਤ ਸ਼ੁੱਧਵਿਚੋਂ ਨਿਕਲਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿੰਨ੍ਹਾਂ ਨੇ ਖੰਡੇ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗਏ, ਅਤੇ ਸਿੱਧੇ ਤੌਰ ਤੇ ਅਕਾਲ ਪੁਰਖ ਨਾਲ ਜੁੜ ਗਏ ਜੋ ਕਿ ਖੁਦਮੁਖਤਾਰ ਹੈ। ਖਾਲਸਾ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ, ਖਾਲਸੇ ਦਾ ਜ਼ੁਲਮ ਨਾਲ ਵੈਰ ਹੈ। ਖਾਲਸਾ ਕਿਸੇ ਬੇਕਸੂਰ ਤੇ ਹੋ ਰਹੇ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵੇਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵੇ।

ਸੱਟ ਕਿਸੇ ਮਜ਼ਲੂਮ ਦੇ ਲਗਦੀ ਹੈ
ਹੰਝੂ ਖਾਲਸੇ ਦੀਆਂ ਅੱਖਾਂ ਵਿਚ ਆ ਜਾਂਦੇ
ਰਾਖੇ ਕੌਮ ਦੇ ਪੁੱਤਰ ਦਸ਼ਮੇਸ਼ ਜੀ ਦੇ
ਜਾਨਾਂ ਵਾਰਕੇ ਅਣਖ ਬਚਾ ਜਾਂਦੇ।

ਗੁਰੂ ਦੇ ਦੁਲਾਰੇ ਪੰਜ ਪਿਆਰੇ.......... ਲੇਖ / ਰਣਜੀਤ ਸਿੰਘ ਪ੍ਰੀਤ

ਜਦੋਂ ਅਪੀਲ ਦਲੀਲ ਵਕੀਲ ਦੀ ਗੱਲ ਨੇ ਬੁਰਕਾ ਪਹਿਨ ਲਿਆ, ਨਿਆਂ ਦੇ ਸਾਰੇ ਰਸਤੇ ਅਨਿਆਇ ਦੇ ਕੰਡਿਆਂ ਨਾਲ ਭਰ ਗਏ, ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਰਾਇ ਜੀ ਨੇ ਇਸ ਦੇ ਸਖ਼ਤ ਵਿਰੋਧ ਦਾ ਰਸਤਾ ਅਖ਼ਤਿਆਰ ਕਰ ਲਿਆ । ਪਰ ਜੋ ਸ਼ਕਤੀ ਉਹਨਾਂ ਨੇ ਮੁਗ਼ਲ ਹਕੂਮਤ ਦੇ ਜ਼ਾਲਮ ਸ਼ਾਸ਼ਕਾਂ ਵਿਰੁੱਧ ਵਰਤਣੀ ਸੀ । ਉਹ ਸ਼ਕਤੀ ਉਹਨਾਂ ਨੂੰ ਪਹਾੜੀ ਰਾਜਿਆਂ ਖ਼ਿਲਾਫ਼ ਵੀ ਵਰਤਣੀ ਪਈ । ਜਿਸ ਦੀ ਉਹਨਾਂ ਨੂੰ ਉਮੀਦ ਨਹੀਂ ਸੀ । ਕਿਓਂਕਿ ਇਹਨਾਂ ਰਾਜਿਆਂ ’ਤੇ ਵੀ ਜ਼ਾਲਮ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਸਨ । ਸਾਰੇ ਹਾਲਾਤਾਂ ਦਾ ਜ਼ਾਇਜ਼ਾ ਲੈਂਦਿਆਂ ਗੁਰੂ ਸਾਹਿਬ ਨੇ ਸੇਵਕਾਂ ਨੂੰ ਜੰਗੀ ਲੋੜਾਂ ਵਾਲਾ ਸਾਮਾਨ ਹੀ ਭੇਂਟਾ ਵਜੋਂ ਲਿਆਉਣ ਲਈ ਕਿਹਾ । ਰਣਜੀਤ ਨਗਾਰਾ ਬਣਵਾਇਆ । ਸ਼ਿਕਾਰ ਖੇਡਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਰੱਖਣਾ ਸ਼ੁਰੂ ਕੀਤਾ । ਕਿਲ੍ਹਾ ਪਾਉਂਟਾ ਸਾਹਿਬ ਦੀ ਨੀਂਹ ਰੱਖੀ ।

ਸ਼੍ਰੀ ਆਨੰਦਪੁਰ ਸਾਹਿਬ ਵਿਖੇ  ਕੇਸਗੜ੍ਹ ਕਿਲ੍ਹੇ ਦੇ ਸਥਾਨ ‘ਤੇ ਆਪਣੀ ਸੋਚ ਨੂੰ ਪ੍ਰਪੱਕਤਾ ਪਰਦਾਨ ਕਰਨ ਲਈ  30 ਮਾਰਚ 1699 ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਨੰਗੀ ਤਲਵਾਰ ਲਹਿਰਾਉਂਦਿਆਂ ਇੱਕ ਸੀਸ ਦੀ ਮੰਗ ਰੱਖੀ । ਅਜੇ ਸਾਰੇ ਹੈਰਾਨ ਹੋ ਹੀ ਰਹੇ ਸਨ ਕਿ ਦਇਆ ਰਾਮ ਹੱਥ ਬੰਨ੍ਹ ਖੜੋਤਾ । ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ । ਕੁਝ ਦੇਰ ਬਾਅਦ ਫਿਰ ਬਾਹਰ ਆਏ, ਲਹੂ ਭਿੱਜੀ ਤਲਵਾਰ ਨਾਲ ਇੱਕ ਸਿਰ ਦੀ ਹੋਰ ਮੰਗ ਕੀਤੀ ਤਾਂ ਧਰਮ ਦਾਸ ਉਠਿਆ । ਤੀਜੀ ਵਾਰ ਇੱਕ ਹੋਰ ਸੀਸ ਦੀ ਮੰਗ ਸਮੇ ਲਹੂ ਨੁਚੜਦੀ ਤਲਵਾਰ ਵੇਖ ਸੇਵਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ । ਪਰ ਏਸੇ ਦੌਰਾਨ ਹਿੰਮਤ ਰਾਇ ਗੁਰੂ ਜੀ ਕੋਲ ਜਾ ਪਹੁੰਚੇ । ਚੌਥੀ ਵਾਰੀ ਫਿਰ ਸੀਸ ਦੀ ਮੰਗ ਕੀਤੀ ਇਹ ਵੇਖ ਕਮਜ਼ੋਰ ਦਿਲ-ਡਰਪੋਕ ਖਿਸਕਣ ਲੱਗੇ । ਇਸ ਮੌਕੇ ਮੋਹਕਮ ਚੰਦ ਜੀ ਸੀਸ ਦੇਣ ਲਈ ਅੱਗੇ ਵਧੇ । ਪੰਜਵੇਂ ਸੀਸ ਦੀ ਮੰਗ ਸਮੇ ਸਾਹਿਬ ਚੰਦ ਜੀ ਨਿੱਤਰੇ ।

ਸਚ ਅਤੇ ਸਿਖ……… ਲੇਖ / ਮਨਜੀਤ ਸਿੰਘ ਔਜਲਾ

ਸਿਖ ਦਾ ਦੂਜਾ ਨਾਂ ਸਚ ਹੈ ਅਤੇ ਸਚ ਦਾ ਦੂਜਾ ਨਾਂ ਕਰਾਂਤੀ। ਜੋ ਇਨਸਾਨ ਸਚਾ ਨਹੀਂ ਅਤੇ ਪੂਰਾ ਸਚ ਨਹੀਂ ਬੋਲਦਾ ਉਹ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਅਨੁਸਾਰ ਸਿਖ ਨਹੀਂ ਹੋ ਸਕਦਾ। ਸਚ ਕੌੜਾ ਹੁੰਦਾ ਹੈ, ਸਚ ਨਿਗਲਿਆ ਜਾਂਦਾ ਹੈ ਖਾਦਾ ਨਹੀਂ। ਸਚ ਜਹਿਰ ਹੈ ਅਤੇ ਝੂਠ ਗੁੜ। ਸਿਖ ਧਰਮ ਵਿਚ ਇਸ ਪੌਦੇ ਦਾ ਬੀਜ ਗੁਰੂ ਨਾਨਕ ਦੇਵ ਜੀ ਨੇ ਬੀਜਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਕਰਾਂਤੀਕਾਰੀ ਅਤੇ ਕੁਰਾਹੀਆ ਵੀ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਰੰਭ ਤੋਂ ਹੀ ਝੂਠ ਤੋਂ ਪਰਦਾ ਲਾਉਣ ਅਤੇ ਸਚ ਬੋਲਣ ਦੀ ਸਿਖਿਆ ਦਿਤੀ। ਹਰਿਦੁਆਰ ਜਾ ਕੇ ਗੰਗਾ ਦਾ ਪਾਣੀ ਲਹਿੰਦੇ ਵਲ ਸੁਟ ਕੇ ਪੰਡਤਾਂ ਦੇ ਝੂਠ ਤੋਂ ਪਰਦਾ ਲਾਇਆ ਸੀ। ਇਸੇ ਤਰਾਂ ਜਦ ਬਾਬਰ ਨੂੰ ਨਿਹਥੇ ਲੋਕਾਂ ਉਤੇ ਜੁਲਮ ਕਰਦਿਆਂ ਦੇਖਿਆ ਤਾਂ ਵੀ ਉਸ ਨੂੰ ਛੀਂ ਅਤੇ ਉਸਦੇ ਅਫਸਰਾਂ ਨੂੰ ਕੁਤੇ ਕਿਹਾ ਸੀ ਅਤੇ ਬਦਲੇ ਵਿਚ ਉਸਦੀ ਕੈਦ ਵਿਚ ਵੀ ਰਹੇ ਸਨ ਪ੍ਰੰਤੂ ਸਚ ਨਹੀਂ ਸੀ ਤਿਆਗਿਆ। ਅਜਿਹਾ ਹੀ ਕੌਤਕ ਉਨ੍ਹਾਂ ਸੁਲਤਾਨ ਪੁਰ ਲੋਧੀ ਵਿਚ ਮੋਦੀ-ਖਾਨੇ ਦੀ ਨੌਕਰੀ ਵੇਲੇ ਵੀ ਵਰਤਾਇਆ। ਇਸ ਤੋਂ ਬਿਨ੍ਹਾਂ ਜਨਮ ਤੋਂ ਲੈ ਕੇ 1539 ਭਾਵ 70 ਸਾਲ ਦੀ ਉਮਰ ਤਕ ਹਰ ਜਾਲਮ ਅਤੇ ਝੂਠੇ ਦੀ ਨਿੰਦਿਆ ਕੀਤੀ ਅਤੇ ਆਪਣੇ ਪਾਸ ਆਏ ਸਰਧਾਲੂਆਂ ਨੂੰ ਸਚ ਦੀ ਸਿਖਿਆ ਦੇ ਕੇ ਆਪਣੇ ਸਿਖ ਦਾ ਨਾਮ ਦਿਤਾ। ਜਿਹੜਾ ਸਿਖ ਉਨ੍ਹਾਂ ਦੀ ਇਸ ਕਸਵਟੀ ਉਤੇ ਪੂਰਾ ਉਤਰਿਆ ਉਸਨੂੰ ਆਪਣੇ ਚਲਾਏ ਮਾਰਗ ਦੀ ਵਾਗ-ਡੋਰ ਸੰਭਾਲ ਕੇ ਆਪ ਆਪਣੀ ਸੰਸਾਰਕ ਯਾਤਰਾ ਪੂਰਣ ਕਰ ਗਏ। ਨੌਂ ਗੁਰੂਆਂ ਨੇ 169 ਸਾਲ ਇਸ ਬੂਟੇ ਨੂੰ ਪਾਣੀ ਪਾਇਆ ਅਤੇ ਸੰਭਾਲ ਕੀਤੀ। ਪਾਸ ਆਏ ਸਰਧਾਲੂ ਨੂੰ ਇਕ ਹੀ ਸਿਖਿਆ ਸਚੀ ਕਮਾਈ ਅਤੇ ਸਚ ਦਾ ਪਾਠ ਪੜਾਇਆ। ਕਿਉਂਕਿ ਸਚ ਕੜਵਾ ਹੁੰਦਾ ਹੈ ਇਸ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿਖਾਂ ਨੂੰ ਸਮੇਂ ਦੀਆਂ ਸਰਕਾਰਾਂ ਦੇ ਜੁਲਮ ਅਤੇ ਤਸੀਹੇ ਵੀ ਝਲਣੇ ਪਏ ਪ੍ਰੰਤੂ ਨਾਂ ਹੀ ਗੁਰੂ ਅਤੇ ਨਾਂ ਹੀ ਉਨ੍ਹਾਂ ਦੇ ਕਿਸੇ ਸਿਖ ਨੇ ਸਚ ਨੂੰ ਤਿਆਗਿਆ। ਸਮੇਂ ਅਨੁਸਾਰ ਜਾਲਮਾਂ ਅਤੇ ਰਾਜਿਆਂ ਨਾਲ ਯੁਧ ਵੀ ਹੋਏ ਪ੍ਰੰਤੂ ਉਹ ਵੀ ਸਚ ਦੇ ਇਸ ਪੌਦੇ ਨੂੰ ਹਰਿਆ ਭਰਿਆ ਰਖਣ ਵਾਸਤੇ ਹੀ ਨਾਂ ਕਿ ਕਿਸੇ ਤਾਕਤ ਦੇ ਵਿਖਾਵੇ ਵਾਸਤੇ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਾਰ ਲੜਾਈਆਂ ਲੜੀਆਂ ਪ੍ਰੰਤੂ ਕਿਸੇ ਵੀ ਲੜਾਈ ਵਿਚ ਹਮਲਾ-ਆਵਰ ਨਹੀਂ ਬਣੇ ਸਗੋਂ ਝੜਾਈ ਕਰਕੇ ਆਏ ਦੁਸਮਣ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਹਰਾਇਆ। ਆਖਰੀ ਲੜਾਈ ਜੋ ਕਰਤਾਰ ਪੁਰ ਵਿਚ ਲੜੀ ਗਈ ਛੇਵੇਂ ਪਾਤਿਸਾਹ ਨੇ 1800 ਸਿਖ ਜਵਾਨਾਂ ਨਾਲ 75,000 ਫੌਜ ਦਾ ਟਾਕਰਾ ਕੀਤਾ ਅਤੇ ਸੂਰਜ ਛੁਪਣ ਤੋਂ ਪਹਿਲਾਂ ਚਾਰ ਮੁਗਲ ਜਰਨੈਲਾਂ ਨੂੰ ਮਾਰਕੇ ਫਤਿਹ ਦਾ ਕੇਸਰੀ ਝੰਡਾ ਝੁਲਾ ਦਿਤਾ। 

ਵਿਧਾਨ ਸਭਾ ਵਿੱਚ ਝੂਲਦਾ ਸਦੀਕ ਦਾ ਸ਼ੰਮਲਾ......... ਲੇਖ / ਨਿੰਦਰ ਘੁਗਿਆਣਵੀ

ਮੁਹੰਮਦ ਸਦੀਕ ਪੰਜਾਬੀ ਦਾ  ਅਜਿਹਾ ਪਹਿਲਾ ਗਾਇਕ ਹੈ, ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਬਣਿਆ ਹੈ। ਉਸ ਨੇ ਚੋਣ ਜਿੱਤ ਕੇ ਇਹ ਮਿੱਥ ਤੋੜ ਦਿੱਤੀ ਹੈ ਕਿ ਗਾਉਣ-ਵਜਾਉਣ ਵਾਲਿਆਂ ਲੋਕ ਹੁਣ ‘ਐਵੈ-ਕੈਵੇਂ’ ਨਹੀਂ ਸਮਝਦੇ, ਸਗੋਂ ਬੜੀ ਗੰਭੀਰਤਾ ਨਾਲ ਲੈਣ ਲੱਗੇ ਹਨ। ਬੜੀ ਦੇਰ ਪਹਿਲਾਂ ਸਦੀਕ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਵੀ ਸੀ ਕਿ ਕੋਈ ਵੇਲਾ ਸੀ ਜਦੋਂ ਲੋਕ ਗਾਉਣ-ਵਜਾਉਣ ਵਾਲਿਆਂ ਨੂੰ ਏਨਾ ਚੰਗਾ ਨਹੀਂ ਸਨ ਸਮਝਿਆ ਕਰਦੇ ਤੇ ਸਿਰਫ਼ ਤੇ ਸਿਰਫ ਮੰਨੋਰੰਜਨ ਤੀਕ ਹੀ ਸਬੰਧ ਰੱਖਦੇ ਸਨ। ਕੇਵਲ ਉਹਨਾਂ ਦੇ ਗੀਤ ਸੁਣਦੇ ਸਨ ਤੇ ਤੁਰਦੇ ਬਣਦੇ ਸਨ। ਬਹੁਤੀ ਵਾਰ ਤਾਂ ਤੂੜੀ ਵਾਲੇ ਕੋਠੇ ਜਾਂ ਘਰ ਤੋਂ ਦੂਰ ਕਿਸੇ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਹੀ ਮੰਜੇ ਡਾਹ ਕੇ ਬਹਾ ਲਿਆ ਜਾਂਦਾ ਸੀ ਤੇ ਧੀਆਂ-ਭੈਣਾਂ ਦੇ ਮੱਥੇ ਨਹੀਂ ਸੀ ਲੱਗਣ ਦਿੱਤਾ ਜਾਂਦਾ। ਰੋਟੀ-ਪਾਣੀ ਵੀ ਉਥੇ ਹੀ ਭੇਜ ਦਿੱਤਾ ਜਾਂਦਾ ਸੀ।  ਜਿਉਂ-ਜਿਉਂ ਜ਼ਮਾਨਾ ਬਦਲਦਾ ਗਿਆ। ਲੋਕਾਂ ਵਿੱਚ ਸੋਝੀ ਆਉਂਦੀ ਗਈ। ਵੱਡੇ ਘਰਾਂ ਦੇ ਮੁੰਡੇ-ਕੁੜੀਆਂ ਗਾਇਕ ਬਣਨ ਲੱਗੇ, ਤਿਓਂ-ਤਿਓਂ ਗਾਇਕੀ ਤੇ ਗਾਇਕਾਂ ਪ੍ਰਤੀ ਲੋਕਾਂ ਦੀ ਧਾਰਨਾ ਵਿੱਚ ਤਬਦੀਲੀ ਆਉਂਦੀ ਗਈ।

ਕਰਮਾਤੀ ਲੌਕਟਾਂ, ਨਗਾਂ, ਮੁੰਦਰੀਆਂ ਦਾ ਕਾਰੋਬਾਰ.......... ਲੇਖ / ਗੁਰਚਰਨ ਨੂਰਪੁਰ

ਅੱਜ ਵਿਗਿਆਨ ਨੇ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਮਨੁੱਖ ਜੀਵਾਂ ਦੀਆਂ ਅਤਿ ਬਰੀਕ ਜੀਨਜ਼ ਲੜੀਆਂ ਨੂੰ ਪੜ੍ਹਨ ਅਤੇ ਉਹਨਾਂ ਨੂੰ ਨਖੇੜਨ ਦੀ ਸਫਲਤਾ ਹਾਸਲ ਕਰ ਰਿਹਾ ਹੈ। ਪੁਲਾੜ ਵਿੱਚ ਬਸਤੀਆਂ ਵਸਾਉਣ ਲਈ ਯਤਨਸ਼ੀਲ ਹੈ। ਲੈਬ ਵਿੱਚ ਬਨਾਉਟੀ ਮਨੁੱਖੀ ਅੰਗਾਂ ਨੂੰ ਪੈਦਾ ਕਰਨ ਦੀ ਮੁਹਾਰਤ ਹਾਸਲ ਕੀਤੀ ਜਾ ਰਹੀ ਹੈ। ਨੈਨੋ ਟੈਕਨਾਲਾਜੀ ਦੇ ਪਸਾਰ ਰਾਹੀਂ ਸਾਡਾ ਇੱਕ ਨਵੀ ਦੁਨੀਆਂ ਵਿੱਚ ਪ੍ਰਵੇਸ਼ ਹੋਣ ਜਾ ਰਿਹਾ ਹੈ। ਹਰ ਖੇਤਰ ਵਿੱਚ ਵਿਗਿਆਨ ਨੇ ਆਪਣੀਆਂ ਪ੍ਰਾਪਤੀਆਂ ਦਾ ਝੰਡੇ ਬੁਲੰਦ ਕੀਤੇ ਹਨ। ਅੱਜ ਜਦੋਂ ਅਸੀਂ ਅਜੋਕੇ ਸਮੇਂ ਨੂੰ ਵਿਗਿਆਨ ਦਾ ਯੁੱਗ, ਕੰਪਿਊਟਰ ਦਾ ਯੁੱਗ ਆਦਿ ਨਾਮ ਦਿੰਦੇ ਹਾਂ ਤਾਂ ਦੂਜੇ ਪਾਸੇ ਦੂਜੇ ਪਾਸੇ ਸਾਡੀ ਸੋਚ ਵਿਚਾਰ ਕਰਨ ਦੀ ਸ਼ਕਤੀ ਨੂੰ ਖੁੰਡਾ ਕਰਨ ਲਈ ਸਾਡੇ ਦੁਆਲੇ ਵੱਡੀ ਪੱਧਰ ਤੇ ਅੰਧਵਿਸ਼ਵਾਸ਼ੀ ਰੂੜੀਵਾਦੀ ਧਾਰਨਾਵਾਂ ਦੇ ਜਾਲ ਸੁਟੇ ਜਾ ਰਹੇ ਹਨ।

ਅੱਜ ਜਿੱਥੇ ਵਪਾਰੀ ਲੋਕਾਂ ਨੇ ਹੁਣ  ਭਗਵਾਨ ਦੇ ਗੁਣਾਂ ਨੂੰ ਪੇਟੈਂਟ ਕਰ ਲਿਆ ਹੈ ਇਹਦੀਆਂ ਸ਼ਕਤੀਆਂ ਨੂੰ ਕਰਾਮਾਤੀ ਲੌਕਟਾਂ ਨਗਾਂ ਮੁੰਦਰੀਆਂ ਵਿੱਚ ਬੰਦ ਕਰਕੇ ਲੋਕਾਂ ਦੀ ਸੇਵਾ ਹਿੱਤ ਬਜਾਰ ਵਿੱਚ ਲੈ ਆਂਦਾ ਹੈ ਉੱਥੇ ਬਣਦੀ ਰਕਮ ਵਸੂਲ ਕਰਕੇ ਕੀਤੇ ਕਰਾਏ ਪਾਠ ਵੀ ਮਹੱਈਆ ਕਰਵਾਏ ਜਾ ਰਹੇ ਹਨ। ਕੁਝ ਸਾਧਾਂ ਸੰਤਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਅਸ਼ੀਰਵਾਦਾਂ ਵੱਖ ਵੱਖ ਰੇਟਾਂ ‘ਤੇ ਬਜਾਰ ਵਿੱਚ ਵਿਕਣ ਲੱਗ ਪਈਆਂ ਹਨ।     

ਦਾਤੀ ਨੂੰ ਲਵਾ ਦੇ ਘੁੰਗਰੂ.......... ਲੇਖ / ਰਣਜੀਤ ਸਿੰਘ ਪ੍ਰੀਤ

ਪਹਿਲਾਂ ਜਦੋਂ ਖੇਤੀ ਦਾ ਮੂੰਹ-ਮੁਹਾਂਦਰਾ ਅਜੇ ਥੋੜਾ ਹੀ ਵਿਕਸਤ ਹੋਇਆ ਸੀ, ਤਾਂ ਮੁੱਖ ਤੌਰ ‘ਤੇ ਦੋ ਫ਼ਸਲਾਂ ਹਾੜੀ ਅਤੇ ਸਾਉਣੀ ਹੀ ਹੋਇਆ ਕਰਦੀਆਂ ਸਨ। ਹਾੜੀ ਦੀ ਫ਼ਸਲ ਕਣਕ ਨੂੰ ਰਾਣੀ ਫ਼ਸਲ ਦਾ ਦਰਜਾ ਪ੍ਰਾਪਤ ਸੀ, ਕਿਓਂਕਿ ਇਸ ਨਾਲ ਹੀ ਹਰੇਕ ਘਰ ਦੀ ਰੋਟੀ ਚਲਦੀ ਸੀ। ਔਰਤਾਂ ਦਾ ਅਖਾਣ ਸੀ “ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ”। ਨਰਮਾ, ਚੌਲ, ਸੂਰਜਮੁਖੀ ਦੀ ਬੀਜ ਬਿਜਾਈ ਨਹੀਂ ਸੀ ਹੁੰਦੀ। ਕਪਾਹ ਬੀਜੀ ਜਾਂਦੀ ਸੀ ਅਤੇ “ਮੇਰੀ ਕੱਲ ਨੂੰ ਕਪਾਹ ਦੀ ਵਾਰੀ, ਵੇ ਡੰਡੀ ‘ਤੇ ਉਡੀਕੀਂ ਮਿੱਤਰਾ” ਵੀ ਕਿਹਾ ਜਾਂਦਾ ਸੀ। ਕਮਾਦ (ਗੰਨਾ) “ਗੁੜ ਖਾਂਦੀ ਗੰਨੇ ਚੂਪਦੀ ,ਆਈ ਜਵਾਨੀ ਸ਼ੂਕਦੀ” ਜਾਂ “ਕਾਲੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ ਪੈ ਗਿਆ” ਵੀ ਗਾਇਆ ਕਰਦੇ ਸਨ। ਬਾਜਰਾ, ਮੱਕੀ, ਸਣ, ਗੁਆਰਾ, ਚਰੀ, ਸਰ੍ਹੋਂ, ਤਾਰਾਮੀਰਾ, ਮੂੰਗੀ ਆਦਿ ਫ਼ਸਲਾਂ ਦਾ ਜ਼ੋਰ ਹੁੰਦਾ ਸੀ। ਪਰ ਸਭ ਤੋਂ ਦਿਲਚਸਪ ਗੱਲ ਹੁੰਦੀ ਸੀ, “ਕਣਕ  ਦੀ ਵਾਢੀ” ।  ਉਦੋਂ ਅੱਜ ਵਾਂਗ ਨਾ ਤਾਂ ਬਹੁ-ਫ਼ਸਲੀ ਚੱਕਰ ਸੀ, ਨਾ ਹੀ ਜ਼ਮੀਨ ਨਸ਼ਿਆਂ ਦੀ ਆਦੀ ਸੀ, ਨਾ ਹੀ ਕਣਕ ਦੇ ਨਾੜ ਨੂੰ ਅੱਗ ਲਾ ਕੇ ਜ਼ਮੀਨ ਦਾ ਉਪਜਾਊ ਸੀਨਾ ਸਾੜਿਆ ਜਾਂਦਾ ਸੀ। ਬਲਦਾਂ ਵਾਲੇ ਗੱਡਿਆਂ ‘ਤੇ ਲਿਜਾ ਕੇ ਰੂੜੀ ਦੀ ਖ਼ਾਦ ਖੇਤ ਵਿੱਚ ਪਾਇਆ ਕਰਦੇ ਸਨ ਜਾਂ ਖਾਲੀ ਹੋਏ ਵਾਹਣ ਵਿੱਚ 5-7 ਦਿਨ ਲਈ ਇੱਜੜ ਬਿਠਾ ਲਿਆ ਜਾਂਦਾ ਸੀ। ਹਰੀ ਖ਼ਾਦ ਲਈ ਸਣ ਜਾਂ ਗੁਆਰਾ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਸੀ। ਮੁੱਛ ਫ਼ੁੱਟ ਆਜੜੀ ਟਿੱਚਰ ਕਰਨੋਂ ਵੀ ਟਾਲਾ ਨਹੀਂ ਸਨ ਵੱਟਿਆ ਕਰਦੇ, “ਹਾਕਾਂ ਮਾਰਦੇ ਬੱਕਰੀਆਂ ਵਾਲੇ, ਬੱਲੀਏ ਰੁਮਾਲ ਭੁੱਲ ਗਈ” । ਆਜੜੀ ਦੀ ਰੋਟੀ-ਚਾਹ-ਪਾਣੀ ਕਿਸਾਨ ਨੇ ਹੀ ਦੇਣਾ ਹੁੰਦਾ ਸੀ। ਕਣਕ ਵੱਢਣੀ, ਫ਼ਲ੍ਹਾ, ਖੁਰਗੋ, ਸਲੰਘ, ਤੰਗਲੀ, ਦੋ-ਸਾਂਗਾ, ਪੈਰੀ ਵਰਗੇ ਸ਼ਬਦਾਂ ਤੋਂ ਬੱਚਾ ਬੱਚਾ ਜਾਣੂੰ ਸੀ। ਵਾਢੀ ਸਿਰ ‘ਤੇ ਆਈ ਵੇਖ ਕਿਸਾਨ ਪਹਿਲਾਂ ਹੀ ਗਿੱਲੀ ਕੀਤੀ ਦੱਭ, ਕਾਹੀ ਤੋਂ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਬੇੜਾਂ ਤਿਆਰ ਕਰ ਲਿਆ ਕਰਦੇ ਸਨ, ਇਸ ਮੌਕੇ ਉਹਨਾਂ ਦੇ ਬੁੱਲ੍ਹ ਵੀ ਇਓਂ ਫਰਕਣੋਂ ਨਹੀਂ ਸਨ ਰੁਕਿਆ ਕਰਦੇ :

ਵੱਡਾ ਭਾਈ ਵੇਖ ਰਿਹਾ ਹੈ.......... ਲੇਖ / ਜੋਗਿੰਦਰ ਬਾਠ ਹੌਲੈਂਡ

ਪੂਜਾ ਮਿਸ਼ਰਾ ਨੂੰ ਦੁਬਾਰਾ ਬਿਗ ਬੌਸ ਸੋ਼ਅ ਵਿੱਚ ਸ਼ਾਮਲ ਕਰ ਲਿਆ ਗਿਆ । ਪਿਛਲੀ ਵਾਰ ਬੀਬੀ ਪੂਜਾ ਮਿਸ਼ਰਾ  ਦੀ ਦੂਹਰੀ ਵਾਰ ਵਾਇਲਡ ਕਾਰਡ ਐਂਟਰੀ ਹੋਈ ਸੀ ਤੇ ਹੁਣ ਫਿਰ ਇਸ ਨੂੰ ਇਸ ਸੋ਼ਅ ਵਿੱਚੋ ਕੱਢ ਦਿੱਤਾ ਗਿਆ । ਜਾਂਦੀ ਜਾਂਦੀ ਬੀਬੀ ਪੂਜਾ ਇਹ ਵਿਸਮਾਂਦੀ ਬਿਆਨ ਵੀ ਦੇ ਗਈ ਕਿ ਜਦ ਉਹ ਸੁੱਤੀ ਪਈ ਸੀ ਤਾਂ ਕੋਈ ਉਸ ਦੇ ਸਰੀਰ ਤੇ ਲਵ ਸਪੋਟ ਯਾਨਿ ਕਿ ਪਿਆਰ ਦੇ ਨਿਸ਼ਾਨ ਛੱਡ ਗਿਆ ਹੈ, ਜਿਸ ਨੂੰ ਤੁਸੀਂ ਪਿਆਰ ਦੀਆਂ ਪੈੜਾਂ ਵੀ ਕਹਿ ਸਕਦੇ ਹੋ। ਠੇਠ ਪੰਜਾਬੀ ਵਿੱਚ ਮਤਲਬ ਇਹ ਹੈ, ਕੋਈ ਉਸ ਦੀ ਦੇਹ ਨੂੰ ਸਾਰੀ ਰਾਤ ਦੰਦੀਆਂ ਵੱਢਦਾ ਰਿਹਾ ਤੇ ਬੀਬੀ ਪਰਮ ਆਨੰਦ ਵਿੱਚ ਸੁੱਤੀ ਰਹੀ। ਸਾਰੀ ਰਾਤ ਉਸ ਨੂੰ ਇਸ ਮਿੱਠੀ ਆਨੰਦਮਈ ਪੀੜ ਦਾ ਅਹਿਸਾਸ ਤੱਕ ਨਹੀਂ ਹੋਇਆ ਤੇ ਹੁਣ ਇਸ ਮਾਸੂਮ ਬੀਬੀ ਨੂੰ ਸਾਰੀ ਰਾਤ ਦੰਦੀਆਂ ਵੱਢਣ ਵਾਲੇ ਦਾ ਕੋਈ ਇਲਮੋ ਅਹਿਸਾਸ ਨਹੀਂ ਹੈ । ਉਹ ਪਾਗਲ ਕੁੱਤੀ ਵਾਂਗ ਆਪਣੇ ਸਾਥੀਆਂ ਤੇ ਇਲਜ਼ਾਮ ਲਾਉਂਦੀ ਫਿਰਦੀ ਰਹੀ ਕਿ ਹੋ ਸਕਦਾ ਹੈ ਇਹ ਹੋਵੇ ਤੇ ਹੋ ਸਕਦਾ ਹੈ ਉਹ ਵੀ ਹੋਵੇ । ਲਵ ਸਪੋਟਰ, ਯਾਨਿ ਕਿ ਦੰਦੀਆਂ ਵੱਢਣ ਵਾਲੇ ਜਾਂ ਵਾਲਿਆਂ ਨੂੰ ਜ਼ਰੂਰ ਇਸ ਦਾ ਸਪਸ਼ਟੀਕਰਨ ਦੇਣਾ ਪਵੇਗਾ, ਨਹੀਂ ਤਾਂ ਜੇ ਇਸ ਦਾ ਕੋਈ ਭੈੜਾ ਨਤੀਜ਼ਾ ਨਿਕਲ ਆਇਆ ਤਾਂ ਬੀਬੀ ਕਿਹੜੀ ਮਾਂ ਨੂੰ ਜਵਾਕ ਦੀ ਦਾਦੀ ਆਖੇਗੀ ਅਤੇ ਕੀਹਦਾ ਕੀਹਦਾ ਡੀ. ਐਨ. ਏ. ਚੈੱਕ ਕਰਵਾਉਂਦੀ ਫਿਰੇਗੀ। 

ਇੱਕ ਅਫਸਰ ਇੱਕ ਵਜ਼ੀਰ, ਜਾਪਣ ਦੋਵੇਂ ਪੀਰ-ਫਕੀਰ………… ਲੇਖ / ਤਰਲੋਚਨ ਸਿੰਘ ਦੁਪਾਲਪੁਰ

‘ਨ੍ਰਿਪਇੰਦਰ ਰਤਨ’-ਸਾਢੇ ਕੁ ਅੱਠ ਅੱਖਰਾਂ ਦੇ ਜੋੜ ਨਾਲ਼ ਬਣਿਆ ਹੋਇਆ, ਆਮ ਨਾਲ਼ੋਂ ਅਲਹਿਦਾ ਜਿਹਾ ਇਹ ਨਾਮ ਅੱਖਾਂ ਸਾਹਮਣੇ ਆਉਂਦਿਆਂ ਹੀ ਮੈਂ ਆਪਣੇ ਆਪ ਨੂੰ ਉਸੇ ਡੈਪੂਟੇਸ਼ਨ ਵਿੱਚ ਸ਼ਾਮਿਲ ਹੋਇਆ ਮਹਿਸੂਸ ਕਰਨ ਲੱਗਾ ਜੋ ਚੰਡੀਗੜ੍ਹ ਸਥਿਤ ਪੰਜਾਬ ਦੇ ਸਿਵਲ ਸੈਕਟਰੀਏਟ ਦੀ ਬਹੁ-ਮੰਜਲੀ ਇਮਾਰਤ ਵਿੱਚ ਇੱਕ ਲਿਫਟ ਚੜ੍ਹ ਕੇ ਕਿਸੇ ਉਤਲੀ ਮੰਜ਼ਿਲ ਵੱਲ ਜਾ ਰਿਹਾ ਸੀ।
“ਜਿਸ ਅਫਸਰ ਨੂੰ ਆਪਾਂ ਅੱਜ ਮਿਲਣ ਜਾ ਰਹੇ ਹਾਂ, ਕੀ ਤੁਸੀਂ ਉਸਦੇ ਪਿਛੋਕੜ ਬਾਰੇ ਕੁਛ ਜਾਣਦੇ ਹੋ?” ਮੈਂ ਆਪਣੇ ਸਾਥੀਆਂ ਨੂੰ ਪੁੱਛਦਾ ਹਾਂ। ਉਹ ਸਾਰੇ ਜਣੇ ‘ਨਹੀਂ’ ਕਹਿਕੇ ਮੇਰੇ ਚਿਹਰੇ ‘ਤੇ ਸਵਾਲੀਆ ਨਜ਼ਰਾਂ ਗੱਡ ਦਿੰਦੇ ਹਨ।
“ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਪੁਰਾਣੀਆਂ ਬੀੜਾਂ ਦੇ ਪਹਿਲੇ ਸਫੇ ਉਪਰ ਇਹ ਲਿਖਿਆ ਹੁੰਦਾ ਸੀ- “ਇਸ ਪਾਵਨ ਸਰੂਪ ਦਾ ਅੱਖਰ, ਲਗ-ਕੰਨਾਂ ਮਾਤ੍ਰ ਪੰਥ ਦੇ ਲਾਸਾਨੀਂ ਸੋਧਕ ਗਿਆਨੀ ਮਹਿੰਦਰ ਸਿੰਘ ਜੀ ਰਤਨ ਨੇ ਚੈੱਕ ਕੀਤਾ ਹੋਇਆ ਹੈ!’ ਇਹ ਅਫਸਰ ਉਸੇ ਗਿਆਨੀ ਰਤਨ ਜੀ ਦਾ ਲੜਕਾ ਹੈ !” ਮੇਰੇ ਮੂੰਹੋਂ ਇਹ ਜਾਣਕਾਰੀ ਸੁਣ ਕੇ ਮੇਰੇ ਸਾਥੀਆਂ ਦੇ ਚਿਹਰਿਆਂ ਉੱਤੇ ਸ਼ਰਧਾ-ਸਤਿਕਾਰ ਵਾਲ਼ੀ ਭਾਵਨਾ ਦੇ ਚਿਹਨ ਉੱਭਰ ਆਏ ਸਨ।

ਬੋਲਣ ਵਾਲਾ ਡੱਬਾ ਤੇ ਸਾਡੀ ਕਿਸਮਤ ਦੇ ਫੈਂਸਲੇ ਕਰਨ ਵਾਲੇ........... ਲੇਖ / ਗੁਰਚਰਨ ਨੂਰਪੁਰ

ਧਰਤੀ ਦੇ ਆਲੇ ਦੁਆਲੇ ਹਵਾਵਾਂ ਦਾ ਗਿਲਾਫ ਜਿਹਾ ਚੜ੍ਹਿਆ ਹੋਇਆ ਹੈ ਜਿਸ ਨੂੰ ਅਸੀਂ ਵਾਯੂਮੰਡਲ ਆਖਦੇ ਹਾਂ । ਇਸ ਵਾਯੂਮੰਡਲ ਤੋਂ ਬਾਹਰ ਨਿੱਕਲ ਜਾਈਏ ਤਾਂ ਅੱਗੇ ਜੋ ਖਾਲੀ ਥਾਂ (ਸਪੇਸ) ਹੈ ਉਸ ਨੂੰ ਪੁਲਾੜ ਦਾ ਨਾਮ ਦਿੱਤਾ ਗਿਆ ਹੈ। ਵਾਯੂਮੰਡਲ ਹੋਵੇ ਜਾਂ ਪੁਲਾੜ ਆਮ ਮਨੁੱਖ ਲਈ ਇਹ ਖ਼ਾਲੀ ਥਾਂ ਹੀ ਹੈ। ਸਦੀਆਂ ਤੋਂ ਮਨੁੱਖ ਦੀ ਇਹ ਧਾਰਨਾ ਬਣੀ ਰਹੀ ਕਿ ਸਾਡੇ ਆਲੇ ਦੁਆਲੇ ਹਵਾ ਹੈ, ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਇਸ ਸਾਹ ਲੈਣ ਸਦਕਾ ਹੀ ਜਿੰਦਾ ਹਾਂ। ਪੁਲਾੜ ਦਾ ਉਹਨਾਂ ਨੂੰ ਸ਼ਾਇਦ ਚਿੱਤ ਚੇਤਾ ਵੀ ਨਹੀਂ ਸੀ। ਪਰ ਇੱਕ ਖੋਜੀ ਦਿਮਾਗ ਵਾਲਾ ਬੰਦਾ ਇਸ ਧਰਤੀ ਤੇ ਪੈਦਾ ਹੋਇਆ ਉਸ ਨੇ ਇਸ ਆਕਾਸ਼ ਵਿੱਚ ਰੇਡੀਓ ਤਰੰਗਾਂ ਰਾਹੀਂ ਆਵਾਜ ਲੰਘਾ ਕੇ ਰੇਡੀਓ ਬਣਾ ਦਿੱਤਾ। ਜਦੋਂ  ਬੰਦਾ ਕਈ ਕਿਲੋਮੀਟਰ ਦੂਰ ਬੈਠਾ ਬੋਲਦਾ ਸੀ ਤੇ ਰੇਡੀਓ ਜਿਸ ਨੂੰ ਪੁਰਾਣੇ ਲੋਕ ਬੋਲਣ ਵਾਲਾ ਡੱਬਾ ਜਾਂ ਰੇਡਵਾ ਕਹਿੰਦੇ ਸਨ, ਵਿੱਚ ਉਹਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਤਾਂ ਲੋਕ ਹੈਰਾਨ ਹੁੰਦੇ ਸਨ। ਫਿਰ ਕੋਈ ਹੋਰ ਅਕਲਵਾਨ ਬੰਦਾ ਪੈਦਾ ਹੋਇਆ ਤਾਂ ਉਸ ਸੋਚਿਆ ਇਸ ਖਾਲੀ ਥਾਂ ਵਿੱਚੋ ਆਵਾਜ਼ ਤਾਂ ਲੰਘਦੀ ਹੀ ਹੈ, ਇਸ ਵਿੱਚੋ ਤਸਵੀਰ ਵੀ ਲੰਘਾਈ ਜਾ ਸਕਦੀ ਹੈ ਤੇ ਉਸ ਵੱਡੀ ਅਕਲ ਦੇ ਮਾਲਕ ਬੰਦੇ ਨੇ ਟੈਲੀਵਿਜ਼ਨ ਬਣਾ ਦਿੱਤਾ। ਇਸ ਪਿਛੋਂ ਕੋਈ ਹੋਰ ਖੋਜੀ ਦਿਮਾਗ ਵਾਲਾ ਪੈਦਾ ਹੋਇਆ ਤਾਂ ਉਸ ਸੋਚਿਆ ਕਿ ਆਵਾਜ਼ ਤੇ ਤਸਵੀਰ ਤਾਂ ਠੀਕ ਹੈ, ਇਸ ਵਿੱਚ  ਰੰਗਾਂ ਨੂੰ ਘੋਲਿਆ ਜਾ ਸਕਦਾ ਹੈ ਤੇ ਫੜਿਆ ਜਾ ਸਕਦਾ ਹੈ। ਉਸ ਦੀ ਇਸ ਅਕਲ ਦੀ ਕਰਾਮਾਤ ਨਾਲ ਰੰਗੀਨ ਟੈਲੀਵਿਜ਼ਨ ਹੋਂਦ ਵਿੱਚ ਆਇਆ। ਹੁਣ ਬੰਦਾ ਜਲੰਧਰ ਜਾਂ ਦਿੱਲੀ ਬੈਠਾ ਹੈ ਦੂਰਦਰਸ਼ਨ ਤੇ ਬੋਲਦਾ ਤਾਂ ਅਸੀਂ ਆਪਣੇ ਘਰ ਦੇਖ ਲੈਦੇ ਹਾਂ ਕਿ ਉਸ ਨੇ ਕਿਹੜੇ ਰੰਗ ਦੀ ਕਮੀਜ ਪਾਈ ਹੈ ਅਤੇ ਕਿਹੜੇ ਰੰਗ ਦੀ ਟਾਈ ਲਾਈ ਹੋਈ ਹੈ।

ਮਨੁੱਖ, ਧਰਮ ਅਤੇ ਸੱਭਿਆਚਾਰ-ਆਧਾਰ ਅਤੇ ਉਸਾਰ ਦੇ ਸੰਦਰਭ ਵਿੱਚ.......... ਲੇਖ / ਕੁਲਦੀਪ ‘ਅਜਿੱਤ ਗਿੱਲ’

ਸੱਭਿਆਚਾਰ(way of life) ਜਿੰਦਗੀ ਜਿਉਣ ਦਾ ਇਕ ਤਰੀਕਾ ਹੈ। ਦੂਸਰੀ ਪ੍ਰਕ੍ਰਿਤੀ ਹੈ, ਜਿਸਦੀ ਇਜ਼ਾਦ ਮਨੁੱਖ ਦੀਆਂ ਕਿਰਤ ਦੀਆਂ ਕਾਰਵਾਈਆਂ ਚੋਂ ਹੋਈ। ਮਨੁੱਖ ਦਾ ਆਪਣੀ ਬੇਹਤਰ ਜਿੰਦਗੀ ਲਈ ਕੁਦਰਤ ਨਾਲ ਸੰਘਰਸ਼ ਚਲਦਾ ਰਹਿੰਦਾ ਹੈ। ਇਸੇ ਸੰਘਰਸ਼ ਦਾ ਨਤੀਜਾ ਹੁੰਦਾ ਹੈ; ਕਿਸੇ ਇਲਾਕੇ, ਦੇਸ਼ ਜਾਂ ਕੌਮ ਦਾ ਸੱਭਿਆਚਾਰ। ਜਦੋਂ ਮਨੁੱਖ ਦੀਆਂ ਕੁਦਰਤ ਪ੍ਰਤੀ ਕਾਰਵਾਈਆਂ ਬਦਲ ਜਾਂਦੀਆਂ ਹਨ ਤਾਂ ਨਾਲ ਹੀ ਮਨੁੱਖ ਦਾ ਸੱਭਿਆਚਾਰ ਵੀ ਬਦਲ ਜਾਂਦਾ ਹੈ। ਸੱਭਿਆਚਾਰ ਕੋਈ ਵੀ ਹੋਵੇ, ਉਹ ਪਦਾਰਥ ਹਾਲਤਾਂ ਦੀ ਹੀ ਦੇਣ ਹੁੰਦਾ ਹੈ। ਜਦੋਂ ਪਦਾਰਥਕ ਹਾਲਤਾਂ ਵਿੱਚ ਤਬਦੀਲੀ ਹੁੰਦੀ ਹੈ ਤਾਂ ਇਸ ਦੀ ਸਭ ਤੋਂ ਪਹਿਲੀ  ਹਲਚਲ ਸੱਭਿਆਚਾਰ ਦੇ ਖੇਤਰ ਵਿੱਚ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਆਧਾਰ (ਪੈਦਾਵਾਰੀ ਸ਼ਕਤੀਆਂ, ਪੈਦਾਵਾਰੀ ਸੰਦ, ਪੈਦਾਵਾਰੀ ਢੰਗ, ਪੈਦਾਵਾਰੀ ਸਬੰਧ) ਉਪਰ ਹੀ ਉਸਾਰ( ਰਾਜਨੀਤੀ, ਧਰਮ, ਸਾਹਿਤ, ਕਲਾ, ਵਿਗਿਆਨ, ਕਾਨੂੰਨ, ਨੈਤਿਕਤਾ, ਮਾਨਵਤਾ, ਫਿਲਾਸਫੀ, ਸੱਭਿਆਚਾਰ) ਹੁੰਦਾ ਹੈ । ਆਧਾਰ (base) ਬਦਲਦਿਆਂ ਹੀ ਉਸਾਰ (superstructure) ਵਿੱਚ ਬਦਲਾਵ ਸ਼ੁਰੂ ਹੋ ਜਾਂਦਾ ਹੈ। ਜਦੋਂ ਲੋਕ ਬੀਤਦੇ ਜਾ ਰਹੇ ਸੱਭਿਆਚਾਰ ਦੇ ਕਹਾਣੀਆਂ-ਗੀਤ ਸੁਣਾ ਗਾ ਕਿ ਆਪਣੀ ਹਿੜਕ ਮੱਠੀ ਕਰਦੇ ਹੋਣ ਤਾਂ ਸਮਝੋ ਆਧਾਰ, ਉਸਾਰ ਦੇ ਬਦਲਾਵ ਦੀ ਮੰਗ ਕਰ ਰਿਹਾ ਹੈ। ਉਸਾਰ ਨੂੰ ਬਦਲਦੀਆਂ ਆਰਥਿਕ ਹਾਲਤਾਂ (ਆਧਾਰ) ਦੇ ਅਨੁਕੂਲ ਕਰਨਾ ਹੀ ਕ੍ਰਾਂਤੀ ਹੈ। ਇਸ ਵਿੱਚ ਹੀ ਮਨੁੱਖ ਜਾਤੀ  ਦਾ ਹਿੱਤ ਹੁੰਦਾ  ਹੈ।

ਖੁਸ਼ਆਮਦੀਦ ਵੀਰ ਭੰਗੂ……… ਲੇਖ / ਮਿੰਟੂ ਬਰਾੜ

ਪੰਜਾਬ ਦੇ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਪੰਜਾਬੀ ਗਾਇਕੀ ਵਿਚ ਆਪਣੀ ਮਧੁਰ ਆਵਾਜ਼ ਦਾ ਰਸ ਘੋਲਿਆ ਹੈ ਅਤੇ ਘੋਲ ਰਹੇ ਹਨ। ਇਨ੍ਹਾਂ ਗਾਇਕਾਂ ਦੇ ਗੀਤਾਂ ਵਿਚ ਪੰਜਾਬ ਦੇ ਬਹੁ-ਪੱਖੀ ਵਿਰਸੇ ਦੀਆਂ ਪਰਤਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਖੋਲ੍ਹਿਆ ਗਿਆ ਹੈ। ਇਹ ਅਜਿਹੇ ਗੀਤ ਹਨ, ਜਿਨ੍ਹਾਂ ਨੂੰ ਸਾਂਝੇ ਪਰਿਵਾਰਾਂ ਵਿਚ ਮਾਣਿਆ ਜਾਂਦਾ ਹੈ। ਅਜਿਹੇ ਗੀਤ ਸਾਡੀ ਮਾਣ ਕਰਨ ਯੋਗ ਵਿਰਾਸਤ ਹਨ।

ਇਸ ਦੇ ਉਲਟ ਇਸ ਤਸਵੀਰ ਦਾ ਇਕ ਦੂਸਰਾ ਪਾਸਾ ਵੀ ਹੈ। ਇਹ ਪਾਸਾ ਗਾਇਕੀ ਦੇ ਨਾਂ 'ਤੇ ਕਲੰਕ ਵਰਗਾ ਹੈ। ਬੀਤੇ ਦਹਾਕੇ ਤੋਂ ਤਾਂ ਪੰਜਾਬੀ ਗਾਇਕੀ ਵਿਚ ਬੁਣਿਆ ਜਾ ਰਿਹਾ ਸ਼ੋਰ, ਸਾਡੇ ਰਿਸ਼ਤੇ ਭੰਨ ਰਿਹਾ ਹੈ। ਗੱਡੇ, ਰੇਹੜੀਆਂ ਨੂੰ ਸਟੇਜ ਬਣਾ ਕੇ ਤੂੰਬੀਆਂ, ਅਲਗੋਜਿਆਂ ਨਾਲ ਗਾਉਣ ਵਾਲੇ ਸਾਡੇ ਮਰਹੂਮ ਗਾਇਕਾਂ ਲਾਲ ਚੰਦ ਯਮਲਾ ਜੱਟ, ਕੁਲਦੀਪ ਮਾਣਕ ਦਾ ਸਮਾਂ ਬਹੁਤ ਪਿੱਛੇ ਰਹਿ ਗਿਆ ਹੈ। ਵੀਡੀਓਗ੍ਰਾਫੀ ਦੇ ਇਸ ਯੁੱਗ ਵਿਚ ਜਿਥੇ ਗਾਇਕੀ ਹਾਈ-ਟੈਕ ਹੋਈ ਹੈ, ਉਥੇ ਸ਼ੋਰ ਬਣੇ ਸੰਗੀਤ ਵਿਚ ਗਾਇਕੀ, ਵੇਖਣ ਦੀ ਚੀਜ਼ ਬਣ ਕੇ ਰਹਿ ਗਈ ਹੈ। ਭਾਰੀ ਮਾਤਰਾ ਵਿਚ ਅਜੋਕੀ ਪੰਜਾਬੀ ਗਾਇਕੀ ਪੌਪ ਸੰਗੀਤ ਬਣਕੇ ਰਹਿ ਗਈ ਹੈ । ਗੀਤਾਂ ਦੇ ਮੁਖੜੇ ਅਤੇ ਵੀਡੀਓ ਫਿਲਮਾਂਕਣ ਹਰ ਦਰਸ਼ਕ/ਸਰੋਤੇ ਨੂੰ ਲਾਲ ਬੱਤੀ ਚੌਂਕ ਵਿਚ ਲਿਜਾ ਖੜ੍ਹਦੇ ਹਨ, ਜਿਸ ਦੇ ਦੁਆਲਿਓ ਮਾਰੀਆਂ ਗਈਆਂ ਕਦਰਾਂ ਦੀ ਬੋਅ ਆ ਰਹੀ ਹੁੰਦੀ ਹੈ। ਅਜਿਹੇ ਗੀਤ ਗਾਏ ਜਾ ਰਹੇ ਹਨ, ਜਿਨ੍ਹਾਂ ਨੂੰ ਗੀਤ ਕਹਿਣਾ ਵੀ ਗੀਤਾਂ ਦਾ ਅਪਮਾਨ ਹੈ, ਜਿਨ੍ਹਾਂ ਦੇ ਵਿਚ ਸਾਡੀਆਂ ਬਾਲੜੀਆਂ ਤੋਂ ਲੈ ਕੇ ਬਜ਼ੁਰਗ ਮਾਂਵਾਂ ਤੱਕ ਦਾ ਚੀਰ-ਹਰਨ ਕੀਤਾ ਗਿਆ ਹੈ, ਸਮੁੱਚੀ ਨਾਰੀ ਦਾ ਅਪਮਾਨ ਕੀਤਾ ਗਿਆ ਹੈ। ਜੇ ਗੀਤ ਲੜਾਈਆਂ, ਨਸ਼ਿਆਂ ਲਈ ਪ੍ਰੇਰਦੇ ਹਨ, ਸਾਡੀ ਜਵਾਨੀ ਨੂੰ ਵਿਭਾਚਾਰ ਦੇ ਖਾਰੇ ਸਮੁੰਦਰਾਂ ਵਿਚ ਡਬੋਣ ਦਾ ਕਾਰਨ ਬਣਦੇ ਹਨ, ਨਸ਼ਿਆਂ ਅਤੇ ਨੰਗੇਜ਼ ਦੀ ਵਡਿਆਈ ਕਰਦੇ ਹਨ, ਅਣਚਾਹੀਆਂ ਮੁਹੱਬਤਾਂ ਲਈ ਪ੍ਰੇਰਕ ਸਾਡੀ ਜਵਾਨੀ ਨੂੰ ਸਿੱਖਿਆ ਵਿਚੋਂ ਕੱਢਣ ਦਾ ਕਾਰਨ ਬਣ ਰਹੇ ਹਨ ਤਾਂ ਇਹ ਨੋਟ ਕਰਨਾ ਬਣਦਾ ਹੈ ਕਿ ਸਾਡੇ ਲੇਖਕ ਅਤੇ ਗਾਇਕ, ਗੰਦਗੀ 'ਤੇ ਪਏ ਪੈਸੇ ਨੂੰ ਉਠਾ ਕੇ, ਆਪਣੇ ਆਪ ਨੂੰ ਲਬੇੜਦੇ ਹੋਏ, ਪੰਜਾਬ ਦੀ ਧਰਤੀ ਨਾਲ ਧ੍ਰੋਹ ਕਰ ਰਹੇ ਹਨ। ਉਕਤ ਦੇ ਸੰਦਰਭ ਵਿਚ ਬਹੁਤ ਜ਼ਿਆਦਾ ਲੋੜ ਹੈ ਲੇਖਣੀ, ਗਾਇਕੀ ਅਤੇ ਸਰੋਤਿਆਂ/ਦਰਸ਼ਕਾਂ ਦੇ ਪੱਧਰ 'ਤੇ ਮੋੜਾ ਕੱਟਣ ਦੀ।
 

ਯਾਦਾਂ ਵਿੱਚ ਵਸਿਆ ਕਬੱਡੀ ਖਿਡਾਰੀ ਹਰਜੀਤ ਬਾਜਾਖ਼ਾਨਾ……… ਲੇਖ / ਰਣਜੀਤ ਸਿੰਘ ਪ੍ਰੀਤ

16 ਅਪ੍ਰੈਲ ਸੋਮਵਾਰ ਬਰਸੀ ‘ਤੇ

ਵਿਸ਼ਵ ਕਬੱਡੀ ਇਤਿਹਾਸ ਵਿੱਚੋਂ ਜੇ ਕੁਝ ਕਬੱਡੀ ਖਿਡਾਰੀਆਂ ਦੇ ਨਾਂਅ ਮਨਫ਼ੀ ਕਰ ਦੇਈਏ, ਤਾਂ ਕਬੱਡੀ ਖੇਡ ਅਪਾਹਜ ਹੋਈ ਜਾਪੇਗੀ। ਜੇ ਕਿਤੇ ਇਕੱਠੇ ਹੀ ਚਾਰ ਨਾਮਵਰ ਖਿਡਾਰੀ ਇਸ ਦੁਨੀਆਂ ਤੋਂ ਤੁਰ ਜਾਣ ਤਾਂ ਕਬੱਡੀ ਮੈਦਾਨ ਹੀ ਰੋਂਦਾ-ਵਿਲਕਦਾ ਪ੍ਰਤੀਤ ਹੋਵੇਗਾ। ਇਹ ਦੁਖਦਾਈ ਭਾਣਾ 16 ਅਪ੍ਰੈਲ 1998 ਨੂੰ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਖ਼ਰੜ ਲਾਗੇ ਘੜੂੰਆਂ ਪਿੰਡ ਕੋਲ ਵਾਪਰਿਆ। ਜਦ ਹਰਜੀਤ ਬਰਾੜ ਬਾਜਾਖ਼ਾਨਾ, ਆਪਣੇ ਨੇੜਲੇ ਸਾਥੀਆਂ ਕੇਵਲ ਲੋਪੋ, ਕੇਵਲ ਸ਼ੇਖਾ, ਅਤੇ ਤਲਵਾਰ ਤਾਰਾ ਕਾਉਂਕੇ ਨਾਲ ਜਿਪਸੀ ‘ਤੇ ਜਾ ਰਹੇ ਸਨ, ਤਾਂ ਇੱਕ ਟਰੱਕ ਜਿਪਸੀ ਨਾਲ ਆ ਟਕਰਾਇਆ ਅਤੇ ਚਾਰੇ ਖਿਡਾਰੀਆਂ ਦੀ ਕਬੱਡੀ- ਕਬੱਡੀ ਕਹਿੰਦੀ ਜ਼ੁਬਾਨ ਸਦਾ ਸਦਾ ਲਈ ਖ਼ਾਮੋਸ਼ ਹੋ ਗਈ। ਹਰਜੀਤ ਪਰਿਵਾਰ ਲਈ ਅਪ੍ਰੈਲ ਮਹੀਨਾ ਹੀ ਮੰਦਭਾਗਾ ਰਿਹਾ। ਪਹਿਲਾਂ ਉਸ ਦੇ ਵੱਡੇ ਭਰਾ ਸਰਬਜੀਤ ਸਿੰਘ ਦੀ 28 ਅਪ੍ਰੈਲ 1986 ਨੂੰ ਮੌਤ ਹੋ ਗਈ ਸੀ। ਜੋ ਆਪਣੇ ਪਿਤਾ ਵਾਂਗ ਹੀ ਕਬੱਡੀ ਦੀ ਖੇਡ ਦੇ ਸਹਾਰੇ ਪੁਲੀਸ ਵਿਚ ਭਰਤੀ ਹੋਇਆ ਸੀ। ਇਵੇਂ ਹੀ 5 ਅਪ੍ਰੈਲ 1998 ਨੂੰ ਫਰੀਦਕੋਟ ਵਿਖੇ ਪਾਕਿਸਤਾਨ ਵਿਰੁੱਧ ਹੋਣ ਵਾਲੇ ਕੌਮਾਂਤਰੀ ਕਬੱਡੀ ਮੈਚ ਸਮੇ ਗੁੱਟ ‘ਤੇ ਗੰਭੀਰ ਸੱਟ ਲੱਗਣ ਦੀ ਵਜ੍ਹਾ ਕਰਕੇ ਹਰਜੀਤ ਮੈਚ ਹੀ ਨਹੀਂ ਸੀ ਖੇਡ ਸਕਿਆ। ਅਪ੍ਰੈਲ ਮਹੀਨੇ ਦੀ 26 ਤਾਰੀਖ ਨੂੰ ਹਰਜੀਤ ਬਰਾੜ ਦੀ ਯਾਦ ਵਿੱਚ ਬਾਜਾਖ਼ਾਨਾ ਵਿਖੇ ਬਹੁਤ ਵੱਡਾ ਸ਼ਰਧਾਂਜਲੀ ਸਮਾਗਮ ਹੋਇਆ। ਉਸ ਦੇ ਚਹੇਤੇ ਯਾਦ ਕਰ ਕਰ ਰੁਮਾਲ ਗਿੱਲੇ ਕਰ ਰਹੇ ਸਨ।

ਹਾਸੇ –ਮਜ਼ਾਕ ਦਾ ਦਿਨ ਪਹਿਲੀ ਅਪ੍ਰੈਲ........ ਲੇਖ / ਰਣਜੀਤ ਸਿੰਘ ਪ੍ਰੀਤ

ਇਤਿਹਾਸ ਵਿੱਚ ਪਹਿਲੀ ਅਪ੍ਰੈਲ ਦਾ ਦਿਨ ਹਾਸਿਆਂ-ਮਖੌਲਾਂ-ਮਸ਼ਕਰੀਆਂ-ਹੱਸਣ ਮਾਨਣ ਦਾ ਦਿਨ ਹੁੰਦਾ ਹੈ। ਅੱਜ ਦੇ ਬਹੁਤ ਹੀ ਮਸ਼ਰੂਫ਼ੀਅਤ ਭਰੇ ਮਾਹੌਲ ਵਿੱਚ ਉੱਚੀ ਉੱਚੀ ਹੱਸਣ ਦਾ ਰਿਵਾਜ ਵੀ ਇਤਿਹਾਸ ਬਣਨ ਕਿਨਾਰੇ ਪਹੁੰਚ ਚੁੱਕਿਆ ਹੈ। ਕਿਓਂਕਿ ਨਾ ਤਾਂ ਸਹਿਣਸ਼ੀਲਤਾ ਹੀ ਰਹੀ ਹੈ ਅਤੇ ਨਾ ਹੀ ਮਜ਼ਬੂਤ ਰਿਸ਼ਤੇ-ਸਾਂਝਾਂ। ਪਰ ਇਸ ਦਿਨ ਕਿਧਰੇ ਕਿਧਰੇ ਮੁਸਕਰਾਹਟ ਦੀ ਥਾਂ ਹਾਸਿਆਂ ਦੀਆਂ ਫੁਲਝੜੀਆਂ ਚਲਦੀਆਂ ਜ਼ਰੂਰ ਵੇਖੀਆਂ ਜਾ ਸਕਦੀਆਂ ਹਨ ਅਤੇ ਕਈ ਵਾਰ ਲੜਾਈਆਂ ਵੀ।

ਇਸ ਦਿਨ ਨੂੰ ਮੂਰਖਾਂ ਦੇ ਦਿਨ ਵਜੋਂ ਕਿਓਂ ਅਤੇ ਕਦੋਂ ਤੋਂ ਮਨਾਇਆ ਜਾਣਾ ਸ਼ੁਰੂ ਹੋਇਆ ਹੈ, ਇਸ ਬਾਰੇ ਵੀ ਬਹੁ-ਗਿਣਤੀ ਨੂੰ ਪਤਾ ਨਹੀਂ ਹੈ। ਇਹ ਦਿਨ ਸਭ ਤੋਂ ਪਹਿਲਾਂ 16 ਵੀਂ ਸਦੀ ਵਿੱਚ ਫਰਾਂਸ ਵਿਖੇ ਮਨਾਇਆ ਗਿਆ। ਇਹ ਵੀ ਮਤ ਹੈ ਕਿ ਰੋਮਨਜ਼ ਅਤੇ ਹਿੰਦੂਜ਼ 20 ਜਾਂ 21 ਮਾਰਚ ਨੂੰ ਅਤੇ ਯੂਰਪ ਵਿੱਚ 25 ਮਾਰਚ ਨੂੰ ਨਵਾਂ ਸਾਲ ਮਨਾਉਂਦੇ ਸਨ। ਪਰ ਪੌਪ ਗਰੇਗੋਰੀ-13 ਨੇ ਆਪਣੇ ਹੀ ਨਾਂਅ ਤੇ ਨਵਾਂ ਕੈਲੰਡਰ ਗਰੇਗੋਰੀਅਨਲਾਗੂ ਕਰਦਿਆਂ ਪਹਿਲੀ ਅਪ੍ਰੈਲ 1582 ਨੂੰ ਨਵੇਂ ਸਾਲ ਦੀ ਸ਼ੁਰੂਆਤ ਅਪ੍ਰੈਲ ਦੀ ਬਜਾਏ ਪਹਿਲੀ ਜਨਵਰੀ ਤੋਂ ਕਰਨ ਦਾ ਐਲਾਨ ਤਾਂ ਕਰ ਦਿੱਤਾ। ਪਰ ਬਹੁਤ ਲੋਕ ਅਜਿਹੇ ਸਨ ,ਜਿੰਨ੍ਹਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲੀ। ਸਿੱਟੇ ਵਜੋਂ ਉਹ ਨਵੇਂ ਸਾਲ ਦੀ ਆਮਦ ਦੇ ਜਸ਼ਨ ਪਹਿਲੀ ਅਪ੍ਰੈਲ ਨੂੰ ਹੀ ਮਨਾਉਂਦੇ ਰਹੇ। ਦੂਜੇ ਲੋਕ ਉਹਨਾਂ ਦੀ ਇਸ ਹਰਕਤ ਨੂੰ ਬੇਵਕੂਫ਼ੀ ਕਹਿੰਦੇ ਮਖ਼ੌਲ ਕਰਨ ਲੱਗੇ,ਅਤੇ ਇਹ ਦਿਨ ਹਰ ਸਾਲ ਪਹਿਲੀ ਅਪ੍ਰੈਲ ਨੂੰ ਮਨਾਉਣ ਦੀ ਵਜ੍ਹਾ ਕਰਕੇ ਐਪਰਲ ਫੂਲਜ਼ ਡੇਅਵਜੋਂ ਮਨਾਇਆ ਜਾਣ ਲੱਗਿਆ।