ਕਲਾਮ ਬੁੱਲ੍ਹੇ ਸ਼ਾਹ

ਆਪਣਾ ਦੱਸ ਟਿਕਾਣਾ,
ਕਿਧਰੋਂ ਆਇਆ,
ਕਿਧਰ ਜਾਣਾ
ਜਿਸ ਠਾਣੇ ਦਾ ਮਾਣ ਕਰੇਂ ਤੂੰ,
ਉਹਨੇ ਤੇਰੇ ਨਾਲ਼ ਨਾ ਜਾਣਾ
ਜ਼ੁਲਮ ਕਰੇਂ ਤੇ ਲੋਕ ਸਤਾਵੇਂ,
ਕਸਬ ਫੜਿਉ ਲੁਟ ਖਾਣਾ
ਕਰ ਲੈ ਚਾਵੜ ਚਾਰ ਦਿਹਾੜੇ,
ਓੜਕ ਤੂੰ ਉਠ ਜਾਣਾ
ਸ਼ਹਿਰ ਖਮੋਸ਼ਾਂ ਦੇ ਚੱਲ ਵੱਸੀਏ,
ਜਿਥੇ ਮੁਲਕ ਸਮਾਣਾ
ਭਰ ਭਰ ਪੂਰ ਲੰਘਾਵੇ ਡਾਢਾ,
ਮਲਕ ਉਲ ਮੌਤ ਮੁਹਾਣਾ
ਤੂੰ ਕਿਧਰੋਂ ਆਇਆ ਕਿਧਰ ਜਾਣਾ,
ਆਪਣਾ ਦੱਸ ਟਿਕਾਣਾ



ਫ਼ਰੀਦਾ ਖਾਕੁ ਨ ਨਿੰਦੀਐ ਖਾਕੁ ਜੇਡ ਨ ਕੋਇ ।।
ਜੀਵੰਦਿਆਂ ਪੈਰਾਂ ਤਲੈ ਮੁਇਆਂ ਊਪਰ ਹੋਇ ।।
--ਬਾਬਾ ਸ਼ੇਖ਼ ਫ਼ਰੀਦ ਜੀ


ਯੂ... ਆ... ਬਾ.... ਬਾ... ਓ............ ਲੇਖ਼ / ਰਿਸ਼ੀ ਗੁਲਾਟੀ

“ਹੈਲੋ”
“ਹਾਇ” ਚਾਰ-ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨੇ ਭੋਲੀ ਮੁਸਕਾਨ ਨਾਲ਼ ਜੁਆਬ ਦਿੱਤਾ ।
“ਹਾਓ ਆਰ ਯੂ?”
“ਫਾਈਨ”
“ਯੂਅਰ ਨੇਮ?”
“ਰਿਬੇਕਾ”


ਉਸਦੀ ਮੁਸਕਾਨ ਦਿਲ ‘ਚ ਉਤਰ ਜਾਣ ਵਾਲੀ ਸੀ । ਮੈਂ ਹੱਥ ‘ਚ ਫੜੀ ਪੀਅਰ ਆਪਣੇ ਮੈਲੇ ਪਜਾਮੇ ਦੀ ਜੇਬ ‘ਚ ਪਾ ਲਈ, ਜਿਸਨੂੰ ਰੋਟੀ ਖਾਣ ਤੋਂ ਬਾਅਦ ਅੱਧੋਂ ਵੱਧ ਕੁਤਰ ਚੁੱਕਾ ਸੀ । ਜਿੰਦਗੀ ‘ਚ ਬਥੇਰੇ ਉਤਾਰ ਚੜਾਅ ਦੇਖੇ ਹਨ, ਪਰ ਮੈਲੇ ਕੱਪੜੇ ਕਦੀ ਪਾਏ ਹੋਣ, ਯਾਦ ਨਹੀਂ । ਮਾਤਾ ਮੇਰੀ, ਮੈਥੋਂ ਹਜ਼ਾਰਾਂ ਕਿਲੋਮੀਟਰ ਦੂਰ ਸਮੁੰਦਰੋਂ ਪਾਰ ਪੰਜਾਬ ‘ਚ ਬੈਠੀ ਹੈ ਤੇ ਪੂਜਾ ਵੀ ਘੱਟੋ-ਘੱਟ ਸੱਤ-ਅੱਠ ਸੌ ਮੀਲ ਦੂਰ ਆਪਣੀ ਪੜ੍ਹਾਈ ਦੇ ਸਿਲਸਿਲੇ ‘ਚ ਹੈ ਤੇ ਮੈਂ ਆਪਣੇ ਦਿਹਾੜੀ-ਦੱਪੇ ਦੇ ਸਿਲਸਿਲੇ ‘ਚ ਅੱਡ ਬੈਠਾ ਹਾਂ । ਹੁਣ ਰੋਜ਼-ਰੋਜ਼ ਕੱਪੜੇ ਧੋਣੇ ਵੀ ਔਖੇ ਲੱਗਦੇ ਹਨ । ਦਿਨ-ਬ-ਦਿਨ ਪਤਾ ਨਹੀਂ ਕੀ ਹੁੰਦਾ ਜਾਂਦਾ ਹੈ ਕਿ ਜਦੋਂ ਵੀ ਕੁਝ ਝਰੀਟਣ ਦੀ ਕੋਸਿ਼ਸ਼ ਕਰਦਾ ਹਾਂ, ਮੇਰੀ ਕਲਮ ਤੇ ਮੇਰੀ ਮਾਤਾ ਦੋਵੇਂ ਸਮੁੰਦਰੋਂ ਦੇ ਆਰ-ਪਾਰ ਹੋਣ ਦੇ ਬਾਵਜੂਦ ਇੱਕ-ਦੂਜੇ ਨੂੰ ਮਿਲਣ ਦੀ ਕੋਸਿ਼ਸ਼ ਕਰਦੀਆਂ ਹਨ । ਲਿਖਣ ਦਾ ਵਿਸ਼ਾ ਕੋਈ ਵੀ ਹੋਵੇ, ਮਾਂ ਬੜੀ ਯਾਦ ਆਉਂਦੀ ਹੈ ਕਿ ਛਪਣ ਤੋਂ ਪਹਿਲਾਂ ਉਹ ਬੜੇ ਸ਼ੌਂਕ ਨਾਲ਼ ਲੇਖਣੀ ਪੜ੍ਹਦੀ ਹੁੰਦੀ ਸੀ । ਅਜਿਹੇ ਸਮੇਂ ਚਿੱਤ ਕਰਦਾ ਹੈ ਕਿ ਨੀਲੇ ਆਸਮਾਨ ਦੀ ਥਾਂ ਧੂੜ ਭਰਿਆ ਆਸਮਾਨ ਹੋ ਜਾਵੇ । ਤੇਜ਼-ਠੰਢੀ ਹਵਾ ਦੀ ਥਾਂ ਧੂੜ ਭਰੀ ਹਨੇਰੀ ਚੱਲਣ ਲੱਗ ਜਾਵੇ । ਜੇਕਰ ਬੱਸ ਜਾਂ ਟਰੇਨ ‘ਚ ਬੈਠ ਕੇ ਲਿਖਣ ਲੱਗਦਾ ਹਾਂ ਤਾਂ ਜੀ ਕਰਦਾ ਹੈ ਕਿ ਜਦੋਂ ਪਲਕ ਝਪਕ ਕੇ ਖੁੱਲੇ ਤਾਂ ਰੋਡਵੇਜ਼ ਦੀ ਲਾਰੀ ‘ਚ ਬੈਠਾ ਹੋਵਾਂ । ਸਾਹਮਣੇ ਬੈਠੀ ਗੋਰੀ ਨੱਢੀ ਦੀ ਥਾਂ 75 ਸਾਲਾਂ ਦਾ ਦਵਾਈ ਲੈਣ ਜਾ ਰਿਹਾ ਖਾਊਂ-ਖਾਊਂ ਕਰਦਾ ਬਾਬਾ ਜਾਂ ਬੇਬੇ ਬੈਠੀ ਹੋਵੇ, ਜਿਸ ਨੂੰ ਨਹਾਤਿਆਂ ਘੱਟੋ-ਘੱਟ 6 ਦਿਨ ਹੋ ਗਏ ਹੋਣ । ਪਰ ਇਹ ਉਦੋਂ ਹੀ ਸੋਚਦਾ ਹਾਂ ਜਦੋਂ ਭਾਵੁਕ ਹੁੰਦਾ ਹਾਂ । ਦਿਮਾਗ ਦੇ ਸੁਚੇਤ ਹੁੰਦਿਆਂ ਹੀ ਜੋ ਸ਼ਬਦ ਠਾਹ-ਠਾਹ ਕਰਕੇ ਵੱਜਦੇ ਹਨ....

“ਜੌਬ”
“ਕੈਰੀਅਰ”
“ਡਾਲਰ”
“ਜੌਬ”
“ਕੈਰੀਅਰ”
“ਡਾਲਰ”
“ਕਿੰਨਾ ਔਖਾ ਹੋ ਕੇ ਇੱਥੇ ਆਇਆ ਹੈਂ, ਜਿੰਦਗੀ ਦੀ ਪੂੰਜੀ ਦਾਅ ਤੇ ਲਗਾ ਦਿੱਤੀ, ਹੁਣ ਅੱਗੇ ਬਾਰੇ ਸੋਚ”

....ਤੇ ਮੈਂ ਤੁਰੰਤ ਹਾਮੀ ਭਰ ਦਿੰਦਾ ਹਾਂ ।

“ਸੋ, ਰਿਬੇਕਾ ਵਟ ਇਜ਼ ਯੂਅਰ ਫਾਦਰ?”
“ਹੂੰ”
“ਵਟ ਇਜ਼ ਯੂਅਰ ਫਾਦਰ?”
“ਹੂੰ”
“ਯੂ ਗੋ ਟੂ ਸਕੂਲ?”
“ਨੋ”
“ਦੈਨ ਵਟ ਯੂ ਡੂ?”
“ਵੂਈ ਪਲੇ ਇਨ ਸਕੂਲ, ਆਈ ਹੈਵ ਮੈਨੀ ਫਰੈਂਡਜ਼”
“ਔ.ਕੇ., ਵਟ ਇਜ਼ ਨੇਮ ਆਫ਼ ਯੂਅਰ ਫਰੈਂਡ?”
“!#$%*#”

....ਮੈਨੂੰ ਕੁਝ ਸਮਝ ਨਾ ਆਈ ।

“ਹਮਮਮਮਮ...... ਯੂ ਨੋ ਟਵਿੰਕਲ... ਟਵਿੰਕਲ...”
“ਟਵਿੰਕਲ ਟਵਿੰਕਲ ਲਿਟਲ ਸਟਾਰ
ਹਾਓ ਆਈ ਵੰਡਰ ਵਟ ਯੂ ਆਰ....”

ਗਰਿਮਾ ਤੇ ਤਨੀਸ਼ਾ ਹਮੇਸ਼ਾ ਮੇਰੇ ਮਨ ‘ਚ ਵਸੀਆਂ ਹੋਈਆਂ ਹਨ, ਜਾਪਿਆ ਜਿਵੇਂ ਉਹੀ ਇਹ ਪੋਇਮ ਬੋਲ ਰਹੀਆਂ ਹੋਣ । ਜਿਵੇਂ ਘਰੇ ਕਰਦੇ ਹੁੰਦੇ ਸੀ, ਮੈਂ ਵੀ ਰਿਬੇਕਾ ਨਾਲ਼ ਸੁਰ ਮਿਲਾਉਣ ਦੀ ਕੋਸਿ਼ਸ਼ ਕੀਤੀ...

“....ਅਪ ਅਬਵ ਦ ਵਰਲਡ ਸੋ ਹਾਈ
ਲਾਈਕ ਅ ਡਾਇਮੰਡ ਇਨ ਦ ਸਕਾਈ”

ਫਿਰ ਉਹ ਘਰ ਦੇ ਬਾਹਰਲੇ ਜੰਗਲੇ ਤੇ ਚੜ੍ਹ ਗਈ ਤੇ ਇਸ਼ਾਰਾ ਕੀਤਾ...

“ਕਮ ਆਨ”
“ਯੂ ਪਲੇ, ਆਈ ਵਿਲ ਸੀ”
“*#!#$%*#”
“!*##$%*$%#*#”

ਉਹ ਗੱਲਾਂ ਕਰ ਰਹੀ ਸੀ ਪਰ ਮੇਰੇ ੳੁੱਤੋਂ ਦੀ ਸਭ ਕੁਝ ਲੰਘਣ ਲੱਗ ਪਿਆ । ਜਾਪਦਾ ਸੀ ਮੇਰੀ ਅੰਗ੍ਰੇਜ਼ੀ ਖ਼ਤਮ ਹੋਣ ਲੱਗ ਪਈ ਸੀ ਤੇ ਉਸਦੀ ਅਜੇ ਸ਼ੁਰੂ ਹੋਈ ਸੀ ।

ਹੁਣ ਤੱਕ ਰਿਬੇਕਾ ਨੇ ਜੰਗਲੇ ਤੋਂ ਉੱਤਰ ਕੇ ਕੁੱਦਣਾ ਸ਼ੁਰੂ ਕਰ ਦਿੱਤਾ ਤੇ ਕੁਝ ਕਹਿ ਕੇ ਇਸ਼ਾਰਾ ਕੀਤਾ । ਜੋ ਕੁਝ ਕਿਹਾ ਉਹ ਤਾਂ ਸਮਝ ਨਹੀਂ ਆਇਆ ਪਰ ਉਸਦਾ ਇਸ਼ਾਰਾ ਸਮਝ ਮੈਂ ਵੀ ਕੁੱਦਣਾ ਸ਼ੁਰੂ ਕਰ ਦਿੱਤਾ, ਕਿਉਂ ਜੋ ਥੋੜਾ-ਥੋੜਾ ਹਨੇਰਾ ਹੋ ਚੱਲਾ ਸੀ ਤੇ ਸੜਕ ਤੇ ਵੇਖਣ ਵਾਲਾ ਕੋਈ ਨਹੀਂ ਸੀ । ਮੁੜ ਉਸ ਫੁੱਟਪਾਥ ਤੇ ਪੁੱਠੀ ਛਾਲ ਮਾਰੀ ਤੇ ਮੈਨੂੰ ਫੇਰ ਇਸ਼ਾਰਾ ਕੀਤਾ ।

“ਲਿਸਨ... ਲਿਸਨ... ਰਿਬੇਕਾ, ਲੈਟ ਅਸ ਟਾਕ”
“ਹੂੰਅ....”
“ਵੇਅਰ ਇਜ਼ ਯੂਅਰ ਹੋਮ?”
“ਯੋਅਅਅ.......” ਉਸਨੇ ਇਸ਼ਾਰਾ ਕੀਤਾ ।
“ਦੈਟ ਵਾਈਟ?”
“ਨੋ”
“ਰੈੱਡ?”

ਜੁਆਬ ਦੇਣ ਦੀ ਜਗ੍ਹਾ ਉਹ ਦੌੜਦੀ ਹੋਈ ਕਰੀਬ 200 ਗਜ਼ ਦੂਰ ਇੱਕ ਘਰ ਦੇ ਸਾਹਮਣੇ ਜਾ ਖੜ੍ਹੀ ਹੋਈ ਤੇ ਗੇਟ ਨੂੰ ਹੱਥ ਲਾ ਕੇ ਅੰਦਰ ਵੜ ਗਈ ।

ਇੱਕ ਹੋਰ ਗੱਲ ਯਾਦ ਆ ਗਈ ਹੈ ਕਿ ਵਿਦੇਸ਼ੋਂ ਪਰਤ ਕੇ ਕਿਸੇ ਨੇ ਕਿਹਾ

“ਬਈ ਹੋਰ ਗੱਲਾਂ ਦੀਆਂ ਗੱਲਾਂ, ਬਾਹਰਲੇ ਮੁਲਕ ਆਪਣੇ ਤੋਂ ਬੜੇ ਅੱਗੇ ਨੇ, ਜੰਮਦੇ ਨਿਆਣੇ ਹੀ ਅੰਗ੍ਰੇਜ਼ੀ ਬੋਲਣ ਲੱਗ ਪੈਂਦੇ ਆ”

ਅਸਲ ਵਿੱਚ ਸਾਡੇ ਵਤਨ ‘ਚ ਪੜ੍ਹਾਈ ਦਾ ਮਿਆਰ ਕਾਫ਼ੀ ਉੱਚਾ ਹੈ । ਕੁਝ ਹਫ਼ਤੇ ਪਹਿਲਾਂ ਟਰੇਨ ‘ਚ 10-11 ਸਾਲ ਦੀ ਬੱਚੀ ਦੇਖਕੇ ਉਸ ਨਾਲ਼ ਗੱਲਾਂ ਕਰਨ ਨੂੰ ਮਨ ਕਰ ਆਇਆ । ਉਸ ਦੱਸਿਆ ਕਿ ਉਹ ਪੰਜਵੇਂ ਗਰੇਡ ‘ਚ ਪੜ੍ਹਦੀ ਹੈ । ਹਿਸਾਬ ‘ਚ ਉਨ੍ਹਾਂ ਨੂੰ 12 ਤੱਕ ਪਹਾੜੇ ਕਰਵਾਏ ਹਨ । ਏਨੇ ਤਾਂ ਤਨੀਸ਼ਾ ਨੂੰ ਤੀਸਰੀ ਕਲਾਸ ਵਿੱਚ ਹੀ ਕਰਵਾ ਦਿੱਤੇ ਗਏ ਸਨ । ਉਸ ਬੱਚੀ ਨੂੰ ਪੁੱਛਿਆ ਕਿ 31 ਦਾ ਪਹਾੜਾ ਆਉਂਦਾ ਹੈ ? ਉਸ ਬੱਚੀ ਦੇ ਨਾਲ਼-ਨਾਲ਼ ਉਸਦੀ ਮਾਂ ਤੇ ਨਾਲ਼ ਬੈਠੇ ਦੋ-ਤਿੰਨ ਗੋਰਿਆਂ ਨੇ ਮੇਰੇ ਵੱਲ ਇੰਝ ਤੱਕਿਆ ਜਿਵੇਂ ਇਸ ਸਾਲ ਦਾ ਸਭ ਤੋਂ ਵੱਡਾ ਬੇਵਕੂਫ਼ੀ ਭਰਿਆ ਸੁਆਲ ਪੁੱਛ ਲਿਆ ਹੋਵੇ । ਨਾਲ਼ ਬੈਠੀ ਪੰਜਾਬੀ ਕੁੜੀ ਵੀ ਮੂੰਹ ਤੇ ਹੱਥ ਰੱਖ ਕੇ, ਮੂੰਹ ਖਿੜਕੀ ਵੱਲ ਕਰਕੇ ਹੱਸਣ ਲੱਗ ਪਈ ।

“ਹੇ ਖਾਂ ! ਵੱਡਾ ਸਿਆਣਾ, ਨਿਆਣੀ ਨੂੰ ਇੱਕਤੀ ਦਾ ਪਹਾੜਾ ਕਿਥੋਂ ਆਊ?” ਸ਼ਾਇਦ ਉਹ ਇਹੀ ਸੋਚ ਰਹੀ ਸੀ ਪਰ ਮੇਰੀ ਅੰਤਰੀਵ ਭਾਵਨਾ ਨੂੰ ਕੌਣ ਸਮਝੇ? ਮੈਂ ਕਿਹੜਾ ਨਿਆਣੇ ਟਿਊਸ਼ਨ ਪੜ੍ਹਨੇ ਲਈ ਬੁਲਾਉਣੇ ਹਨ? ਜਦ ਮੈਂ ਇੱਥੇ ਬੱਚੀਆਂ ਤੱਕਦਾ ਹਾਂ ਤਾਂ ਤਨੀਸ਼ਾ ਤੇ ਗਰਿਮਾ ਬੜੀਆਂ ਯਾਦ ਆਉਂਦੀਆਂ ਨੇ, ਮੈਂ ਤਾਂ ਉਨ੍ਹਾਂ ਨਾਲ਼ ਗੱਲਾਂ ਪਿਆ ਕਰਦਾ ਹੁੰਦਾ ਹਾਂ ।

“ਯੂ ਨੋ ਟੇਬਲ ਆਫ਼ ਤ੍ਰੀ?”
“ਯੇ”
ਮੈਂ ਫਰੀਦਕੋਟੀਏ ਯਾਰ ਸੁਰਿੰਦਰ ਭਾਰਤੀ ਭਾ ਜੀ ਨੂੰ ਯਾਦ ਕੀਤਾ,ਜਿਨਾਂ ਕੋਲੋਂ ਇਹ ਫਾਰਮੂਲੇ ਸਿੱਖੇ ਸਨ । ਭਾ ਜੀ ਤੁਰਦੇ ਫਿਰਦੇ ਕੈਲਕੂਲੇਟਰ ਹਨ, ਰੱਬ ਜਾਣੇ ਕਿਵੇਂ ਏਨੇ ਫਾਰਮੂਲੇ ਬਣਾਈ ਬੈਠੇ ਹਨ । ਖੈ਼ਰ ! ਆਪਣੀ ਕਾਪੀ ਕੱਢੀ ਤਾਂ ਨਾਲ ਦੇ ਗੋਰਿਆਂ ਨੇ ਵੀ ਧਿਆਨ ਸਾਡੇ ਵੱਲ ਕਰ ਲਿਆ । ਉਸ ਬੱਚੀ ਨੂੰ ਸਮਝਾਇਆ ਕਿ ਪਹਿਲਾਂ ਕ੍ਰਮਵਾਰ 1..2..3.... ਲਿਖ ਲਵੋ ਤੇ ਮੁੜ ਖੱਬੇ ਹੱਥ ਤਿੰਨ ਦਾ ਪਹਾੜਾ । ਇਹ ਬਣ ਗਿਆ 31 ਦਾ ਪਹਾੜਾ ।

ਫਾਰਮੂਲਾ ਸਮਝ ਕੇ ਉਨ੍ਹਾਂ ਨੂੰ ਜਿਵੇਂ ਯਕੀਨ ਹੀ ਨਾ ਆਇਆ ਹੋਵੇ । ਮਾਵਾਂ ਧੀਆਂ ਨੇ ਕਾਪੀ ਫੜ ਕੇ ਦੋਬਾਰਾ ਲਿਖ ਕੇ ਦੇਖਿਆ ਤੇ “ਵਾਓ-ਵਾਓ” ਕਰਨ ਲੱਗੀਆਂ ।

“ਨਾਓ ਯੂ ਕੈਨ ਰਾਈਟ ਟੇਬਲ ਆਫ਼ 41,51 ਈਵਨ 91 ਆਲਸੋ”
“ਰੀਅਲੀ?”
“ਯੱਪ.... ਰਾਈਟ ਵਿਚ ਟੇਬਲ ਯੂ ਵਾਂਟ”

ਉਸਨੇ ਫਾਰਮੂਲੇ ਅਨੁਸਾਰ 1 ਤੋਂ 10 ਲਿਖ ਕੇ ਖੱਬੇ ਹੱਥ 9 ਦਾ ਪਹਾੜਾ ਲਿਖ ਕੇ, ਬਾਦ ਵਿੱਚ ਗੁਣਾ ਕਰ-ਕਰ ਕੇ ਚੈੱਕ ਕੀਤਾ ਤੇ ਚਟਰ-ਪਟਰ ਗੱਲਾਂ ਮਾਰਨ ਲੱਗ ਪਈ ।

“ਅੰਕਲ ਯੇ.... ਅੰਕਲ ਵੋ.... ਅੰਕਲ ਦਿਸ.... ਅੰਕਲ ਦੈਟ....”

ਬੱਸ ਮੇਰੀ ਅੰਗ੍ਰੇਜ਼ੀ ਮੁੱਕਣ ਲੱਗ ਪਈ । ਸ਼ੁਕਰ ਰੱਬ ਦਾ ਜੋ ਸਟੇਸ਼ਨ ਆ ਗਿਆ ਤੇ ਮੈਂ ਉੱਤਰ ਗਿਆ । ਨਿਆਣੀ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਲਾਸ ਵਿੱਚ ਇੰਡੀਆ ਤੋਂ ਆਈ ਨਵੀਂ ਲੜਕੀ ਮੇਰੀ ਫਰੈਂਡ ਬਣੀ ਹੈ, ਉਹ ਚੰਗੀ ਤਰ੍ਹਾਂ ਅੰਗ੍ਰੇਜ਼ੀ ਨਹੀਂ ਬੋਲ ਸਕਦੀ । ਜੇ ਪੰਜ-ਦਸ ਮਿੰਟ ਹੋਰ ਸਟੇਸ਼ਨ ਨਾ ਆਉਂਦਾ ਤਾਂ ਜਾਪਦਾ ਹੈ ਉਸਨੇ ਕਹਿ ਹੀ ਦੇਣਾ ਸੀ

“ਅੰਕਲ ਯੂ ਆਰ ਆਲਸੋ ਲਾਈਕ ਮਾਈ ਫਰੈਂਡ.....”

ਪਿਛਲੇ ਦਿਨੀਂ ਬੱਸ ਸਟਾਪ ਤੇ ਬੈਠਾ ਬੱਸ ਦੀ ਇੰਤਜ਼ਾਰ ਕਰ ਰਿਹਾ ਸਾਂ । ਸੜਕ ਪਾਰ ਕਰਕੇ ਇੱਕ ਗੋਰੀ ਆਂਟੀ ਮੇਰੇ ਵੱਲ ਆਈ ਤੇ ਸਮਾਈਲ ਸੁੱਟ ਕੇ ਬੋਲੀ

“*#!#$%*#”
“ਸੌਰੀ”
“#੍!#$%*”
“ਪਾਰਡਨ ਪਲੀਜ਼”
“!*##$%*$%#*#”
“ਐਕਚੁਲੀ ਆਈ ਮ ਨਿਊ ਇਨ ਆਸਟ੍ਰੇਲੀਆ, ਸੋ ਆਈ ਕਾਂਟ ਅੰਡਰਸਟੈਂਡ ਯੂਅਰ ਸਟਾਈਲ ਆਫ਼ ਸਪੀਕਿੰਗ”
“!*##$%*$%#*”
ਪਿਛਲੇ ਤਿੰਨ ਮਹੀਨਿਆਂ ਦੇ ਦੌਰਾਨ ਏਨੀ ਭੈੜੀ ਤਾਂ ਕਦੇ ਵੀ ਨਹੀਂ ਸੀ ਹੋਈ ਕਿ ਅਗਲੇ ਨੇ ਏਨੀਆਂ ਗੱਲਾਂ ਕੀਤੀਆਂ ਹੋਣ ਤੇ ਮੈਂ ਕੋਈ ਵੀ ਗੱਲ ਨਾ ਸਮਝ ਸਕਿਆ ਹੋਵਾਂ । ਅੰਦਰੋ-ਅੰਦਰੀ ਸ਼ਰਮਿੰਦਾ ਹੁੰਦਿਆਂ ਬੈਂਚ ਤੋਂ ਉੱਠ ਖਲੋਤਾ ।

“ਸੌਰੀ, ਆਈ ਕਾਂਟ ਅੰਡਰਸਟੈਂਡ ਯੂ”

“ਯੂ... ਆ... ਬਾ.... ਬਾ... ਓ....” ਉਸਨੇ ਪੁੱਠਾ ਹੱਥ ਮਾਰਕੇ ਕਿਹਾ ਤੇ ਤੁਰਦੀ ਲੱਗੀ ।
“ਓ ਤੇਰੇ ਦੀ..... ਇਹ ਤਾਂ ਤੋਤਲੀ ਐ” ਚੰਗੀ ਤਰਾਂ ਧਿਆਨ ਦੇ ਕੇ ਉਸਨੂੰ ਸੁਣਿਆ ਤਾਂ ਪਤਾ ਲੱਗਾ ਸੀ ।
“ਏਥੇ ਚੰਗੇ ਭਲੇ ਨੂੰ ਸਮਝਣਾ ਔਖਾ ਹੈ, ਇਸਨੂੰ ਸਮਝਣਾ ਆਪਣੇ ਵੱਸ ਕਿੱਥੇ ਹੈ?”
ਉਹ ਆਂਟੀ ਬੁੜ-ਬੁੜ ਕਰਦੀ ਜਾ ਰਹੀ ਸੀ, ਜਿਵੇਂ ਕਹਿ ਰਹੀ ਹੋਵੇ ।
“ਲੈ ਆ ਦਾਂਦੇ ਐ ਵੱਦੇ ਪੜਾਤੂ, ਐਨਤਾਂ ਲਾ ਤੇ । ਦੱਲ ਤੋਈ ਥਮਧ ਆਉਂਦੀ ਨੀਂ । ਧਲ ਦਿਆਂ ਨੇ ਵੀ ਧੱਤ ਤਾ ਬਈ ਦਾ ਪੁੱਤ ਅਥਤਲੇਲੀਆ ਉਦੀਤੀ ਦਾਂਦੈ....................”

ਅਮਰੀਕਨ ਗੋਰੇ ਅਧਿਕਾਰੀ ਦੀ ਪੰਜਾਬੀ.......... ਲੇਖ਼ / ਬਰਿੰਦਰ ਢਿੱਲੋਂ ਐਡਵੋਕੇਟ

ਮੈਂ ਸਰੀ ਦੇ ਜੀਰੋ ਐਵੇਨਿਊ ਸਥਿੱਤ ਕਨੇਡੀਅਨ ਬਾਰਡਰ ਰਿਵਰ ਸਟੋਰ ਤੇ ਖੜਾਂ ਅਮਰੀਕਾ ਜਾਣ ਵਾਲੀ ਬੱਸ ਉਡੀਕ ਰਿਹਾ ਸੀ। ਵੇਨਕੂਵਰ ਤੋਂ ਚੱਲੀ ਬੱਸ ਲੇਟ ਹੋ ਰਹੀ ਸੀ। ਥੋੜ੍ਹੀ ਬੇਚੈਨੀ ਵਿੱਚ ਬੱਸ ਦਾ ਰੁਟ ਤੇ ਬਾਰਡਰ ਦਾ ਨਕਸ਼ਾ ਹੱਥ ਵਿੱਚ ਫੜ੍ਹੀ ਮੈਂ ਟਹਿਲ ਕਦਮੀਂ ਕਰਦਾ ਸਾਹਮਣੇ ਵਾਈਟ ਰੌਕ ਬੀਚ ਤੇ ਸਮੁੰਦਰ ਵਿੱਚ ਡੁੱਬ ਰਹੇ ਸੁਰਜ ਨੂੰ ਵੇਖ ਰਿਹਾ ਸੀ। ਥੋੜ੍ਹੀ ਦੇਰ ਪਹਿਲਾਂ ਪਿਆ ਮੀਂਹ ਦਾ ਪਾਣੀ ਪਹਾੜੀ ਢਲਾਣ ਤੋਂ ਵਹਿ ਚੁੱਕਾ ਸੀ। ਇਸ ਸਾਲ ਅਮਰੀਕਾ ਕਨੇਡਾ ਵਿੱਚ ਮਈ ਤੋਂ ਹੀ ਮੀਂਹ ਪੈ ਰਹੇ ਸਨ । ਬੱਦਲਾਂ ਨਾਲ ਗੱਲਾਂ ਕਰਦੇ ਦਰੱਖਤਾਂ ਦੇ ਪ੍ਰਛਾਵੇਂ ਢਲ ਗਏ ਸਨ। ਪਿਛਲੇ ਦੋ ਮਹੀਨਿਆਂ ਦੇ ਸਮੇਂ ਵਿੱਚ ਮੈਂ ਤੀਜੀ ਵਾਰੀ ਅਮਰੀਕਾ ਕਨੇਡਾ ਦਾ ਬਾਰਡਰ ਟੱਪ ਰਿਹਾ ਸੀ। ਇਸ ਵਾਰੀ ਮਨ ‘ਚ ਥੋੜ੍ਹਾ ਤੌਖਲਾ ਸੀ।

ਪਿਛਲੇ ਵਾਰੀ ਮੇਰੇ ਕੋਲੋਂ ਗਲਤੀ ਹੋ ਗਈ ਸੀ। ਅਮਰੀਕਣ ਅਪਣੇ ਦੇਸ਼ ‘ਚ ਆਉਣ ਵਾਲੇ ਲੋਕਾਂ ਦਾ ਹੀ ਹਿਸਾਬ ਰੱਖਦੇ ਹਨ, ਪਰ ਜਾਣ ਵਾਲਿਆਂ ਨੇ ਖੁਦ ਦੱਸਣਾ ਹੁੰਦਾ ਕਿ ਉਹ ਅਮਰੀਕਾ ਛੱਡ ਕਿ ਜਾ ਰਹੇ ਹਨ।ਇਸ ਲਈ ਅਮਰੀਕਨ ਪਾਸਪੋਰਟ ਉੱਤੇ ਠਹਿਰਨ ਦੇ ਸਮੇਂ ਦੀ ਮੋਹਰ ਨਹੀਂ ਲਾਉਂਦੇ ਬਲਕਿ ਇੱਕ ਪ੍ਰਿੰਟਡ ਕਾਰਡ ਪਾਸਪੋਰਟ ਉੱਪਰ ਸਟੈਪਲਰ ਨਾਲ ਜੋੜ ਦਿੰਦੇ ਹਨ।ਅਮਰੀਕਨ ਬਾਰਡਰ ਲੰਘਣ ਸਮੇਂ ਇਹ ਕਾਰਡ ਸਬੰਧਤ ਅਧਿਕਾਰੀਆਂ ਨੂੰ ਮੋੜਣਾ ਹੁੰਦਾ ਤਾਂ ਜੋ ਅਮਰੀਕਨ ਅਧਿਕਾਰੀਆਂ ਨੂੰ ਇਹ ਪਤਾ ਚੱਲ ਜਾਵੇ ਕਿ ਮਹਿਮਾਣ ਬਣਕੇ ਆਇਆ ਵਿਅਕਤੀ ਕਬੂਤਰ ਨਹੀਂ ਬਣਿਆ ਅਤੇ ਠੀਕ ਸਮੇਂ ਵਾਪਸ ਮੁੜ ਗਿਆ ਹੈ।।ਅਮਰੀਕਨ ਸੱਤ ਵਾਰੀ ਸੋਚਕੇ ਵੀਜਾ ਦਿੰਦੇ ਹਨ। ਕਿਉਂ ਕਿ ਅਮਰੀਕਨ ਇਮੀਗਰੇਸ਼ਨ ਅੱਤੇ ਨੈਸ਼ਨਲਟੀ ਕਾਨੂੰਨ ਦੀ ਧਾਰਾ 214 (ਬ) ਅਨੁਸਾਰ ਅਮਰੀਕਾ ਜਾਣ ਵਾਲਾ ਹਰ ਵਿਅਕਤੀ ਕਬੂਤਰ ਬਣਕੇ ਉਡਾਰੀ ਮਾਰੇਗਾ ਹੀ ਮਾਰੇਗਾ।ਬਸ਼ਰਤੇ ਕਿ ਜਾਣ ਵਾਲਾ ਸਾਬਤ ਨਾ ਕਰ ਦੇਵੇ ਕਿ ਉਹ ਕਬੂਤਰ ਨਹੀਂ ਬਣੇਗਾ। ਅਮਰੀਕਾ ਮਹਾ ਸਾਗਰ ਹੈ;ਜਿਸ ਵਿੱਚ ਵਿਅਕਤੀ ਜਾਂਦਾ ਆਪਣੀ ਮਰਜੀ ਨਾਲ ਹੈ। ਪਰ ਮੁੜਦਾ ਮਜਬੁਰੀ ਵੱਸ ਹੀ ਹੈ। ਅਮਰੀਕਾ ਦੀ ਚਮਕ ਦਮਕ ਦੇਖਕੇ ਜਵਾਨੀ ਵੇਲੇ ਕਾਂਮਰੇਡ ਰਹਿ ਚੁੱਕੇ ਲੋਕ ਵੀ ਕਹਿ ਉੱਠਦੇ ਹਨ: ‘ਵਾਹ! ਏਕ ਉੜਤੀ ਹੂਈ ਖੁਸ਼ਬੂ ਕਿ ਸਿਵਾ ਤੁਮ ਕਿਆ ਥੇ? ਏਕ ਜਲਤੇ ਹੂਏ ਨਗਮੇਂ ਕੇ ਸਿਵਾ ਮੈਂ ਕਿਆ ਹੂੰ।’ ਅਮਰੀਕਾ ਵਿੱਚ ਇੱਕ ਕਰੋੜ ਤੋਂ ਵੱਧ ਕਬੂਤਰ ਘੁੰਮ ਰਹੇ ਹਨ।ਜਿਨ੍ਹਾਂ ਦਾ ਸਿਆਸੀ ਸ਼ਰਨ ਜਾਂ ਕਿਸੇ ਮੈਕਸੀਕਨ ਨੂੰ ਵਿਆਹ ਕੇ ਦਾਅ ਲੱਗ ਜਾਂਦਾ ਹੈ ਉਹ ਪੱਕੇ ਹੋ ਜਾਂਦੇ ਹਨ। ਮੈਨੂੰ ਫਰੀਦਕੋਟ ਦਾ ਇੱਕ ਅਜਿਹਾ ਕਬੂਤਰ ਟੱਕਰਿਆ ਜਿਹੜਾ ਸਤਾਰਾਂ ਸਾਲਾਂ ਬਾਅਦ ਪੱਕਾ ਹੋਇਆ ਸੀ। ਤੇ ਐਡੇ ਵੱਡੇ ਦੇਸ਼ ਵਿੱਚ ਜਿੰਨੀ ਦੇਰ ਉਹ ਕੋਈ ਕਾਨੂੰਨ ਤੋੜਣ ਦੀ ਗਲਤੀ ਨਾ ਕਰੇ ਕਬੁਤਰ ਨੂੰ ਲੱਭਣਾ ਬੜਾ ਮੁਸ਼ਕਿਲ ਹੈ। ਮੇਰੇ ਕੋਲੋਂ ਛੋਟੀ ਜਿਹੀ ਗਲਤੀ ਹੋ ਗਈ ਸੀ।

ਪਿਛਲੀ ਵਾਰੀ ਨਿਊਯਾਰਕ ਤੋਂ ਟੋਰਾਂਟੋ ਜਾਣ ਸਮੇਂ ਮੈਂ ਇਹ ਕਾਰਡ ਵਾਪਸ ਕਰਨਾ ਭੁੱਲ ਗਿਆ ਸੀ।ਹੁਣ ਅਮਰੀਕਨ ਕਾਨੂੰਨ ਅਨੁਸਾਰ ਮੈਂਨੂੰ ਉਹ ਪੁੱਛ ਸਕਦੇ ਸਨ ਕਿ ਮੈਂ ਕਿਤੇ ਵੱਧ ਸਮਾਂ ਤਾਂ ਨਹੀਂ ਠਹਿਰਿਆ?ਤੇ ਜੇ ਮੈਂ ਉਨ੍ਹਾਂ ਦੀ ਤਸੱਲੀ ਨਾ ਕਰਵਾ ਸਕਿਆ ਤਾਂ ਉਹ ਮੈਨੂੰ ‘ਵਾਪਸ ਜਾਉ’ ਕਹਿ ਸਕਦੇ ਹਨ। ੳਂਜ ਇਸੇ ਸਾਲ ਹੀ ਅਕਾਲ ਤਖਤ ਦੇ ਇੱਕ ਸਾਬਕਾ ਜਥੇਦਾਰ ਨੂੰ ਅਗਲਿਆਂ ਵੈਨਕੂਵਰ ਦੇ ਹਵਾਈ ਅੱਡੇ ਤੋਂ ਹੀ ਵਾਪਸ ਜਹਾਜ ਚੜ੍ਹਾ ਦਿੱਤਾ ਸੀ। ਕਿਸੇ ਵੀ ਦੇਸ਼ ਦਾ ਇਮੀਗਰੇਸ਼ਨ ਅਧਿਕਾਰੀ ਮੌਕੇ ਦਾ ‘ਪ੍ਰਧਾਂਨ ਮੰਤਰੀ’ ਹੁੰਦਾ।ਉਹ ਕਿਸੇ ਵੀ ਦੇਸ਼ ਦੇ ਮਨਿਸਟਰ,ਵੱਡੇ ਤੋਂ ਵੱਡੇ ਅਫਸਰ ਨੂੰ ਬੇਰੰਗ ਵਾਪਸ ਮੋੜ ਸਕਦਾ ਹੈ, ਭਾਵੇਂ ਉਸ ਕੋਲ ਕਿਹੋ ਜਿਹਾ ਵੀ ਵੀਜਾ ਹੋਵੇ।ਵੀਜ਼ਾ ਇੱਕ ਰਾਹਦਾਰੀ ਹੁੰਦੀ ਹੈ,ਪਰ ਸਰਹੱਦ ਤੋਂ ਅੰਦਰ ਜਾਣ ਦੀ ਮਨਜੂਰੀ ਇਮੀਗਰੇਸ਼ਨ ਅਧਿਕਾਰੀ ਦਿੰਦਾ ਹੈ।ਮੇਰੇ ਕੋਲ ਦਸ ਸਾਲ ਲਈ ਅਮਰੀਕਨ ਵੀਜ਼ਾ ਸੀ। ਇਮੀਗਰੇਸ਼ਨ ਅਧਿਕਾਰੀ ਕਿਸੇ ਨੂੰ ਜਵਾਬ ਦੇਹ ਨਹੀਂ। ਦੇਸ਼ ਦੀ ਸੁਰੱਖਿਆ ਦਾ ਸਵਾਲ ਹੋਣ ਕਰਕੇ ਉੱਥੇ ਕਿਸੇ ਦੀ ਵੀ ਸਿਫਾਰਸ਼ ਨਹੀਂ ਚੱਲਦੀ। ਤੇ ਮੈ ਸੋਚ ਰਿਹਾ ਸੀ ਕਿ ਮੈਨੂੰ ਉਹ ਕਨੇਡਾ ਵਾਪਸ ਮੋੜੇਗਾ ਜਾਂ ਭਾਰਤ ਨੂੰ ਜਹਾਜ ਚੜ੍ਹਾਵੇਗਾ। ਭਾਰਤ ਪਹੁੰਚਣ ਤੇ ਜੇ ਵੇਲੇ ਸਿਰ ਰਾਮੂੰਵਾਲੀਏ ਨੂੰ ਨਾਂ ਪਤਾ ਚੱਲਿਆ ਤਾਂ ਤਿਹਾੜ ਦੀ ਭਾਦੋਂ ਤਾਂ ਮਾਰ ਸੁੱਟੇਗੀ। ਅਜਿਹੀ ਹੀ ਦੋਚਿੱਤੀ ਵਿੱਚ ਬੱਸ ਆ ਗਈ।

ਜਦੋਂ ਬੱਸ ਅਸਮਾਂਨ ਛੂੰਹਦੇ ਤੋਤੇ ਰੰਗੇ ਦਰੱਖਤਾਂ ਦੇ ਝੁੰਡ ਨੂੰ ਚੀਰਕੇ ਅਮਰੀਕਾ ਦਾ ਬਾਰਡਰ ਲੰਘੀ ਤਾਂ ਸੁਰਜ ਡੁੱਬ ਚੁੱਕਾ ਸੀ। ਹਰੇ ਭਰੇ ਰੁੱਖ, ਕਲ ਕਲ ਕਰਦੇ ਝਰਨੇ, ਠਾਠਾਂ ਮਾਰਦੇ ਦਰਿਆ, ਮਹਿਕਾਂ ਖਿਲਾਰਦੀਆਂ ਰਮਕਦੀਆਂ ਸਾਫ ਪੌਣਾਂ,ਨੀਲੀਆਂ ਨਦੀਆਂ ਤੇ ਸਾਂ ਸਾਂ ਕਰਦੇ ਸਮੁੰਦਰਾਂ ਵਾਲਾ ਹਰਿਆਵਲਾ ਜੰਗਲ ਸਵਰਗ ਤੋਂ ਘੱਟ ਸੋਹਣਾ ਨਹੀਂ ਸੀ। ਐਵੇਂ ਤਾਂ ਨਹੀਂ ਰਾਗੀ,ਕੀਰਤਨੀਏਂ ਤੇ ਜਥੇਦਾਰ ਵੀ ‘ਧਾਰਮਕ ਕੰਮਾਂ’ ਦੇ ਬਹਾਨੇਂ ਅਮਰੀਕਾ ਕਨੇਡਾ ਲਈ ਕਬੂਤਰਬਾਜੀ ਕਰਦੇ। ਦਸ ਕੁ ਮਿੰਟਾਂ ਵਿੱਚ ਬੱਸ ਦੋ ਜੁੜਵੇਂ ਖੰਭਿਆਂ ਦੀ ਚੁਗਾਠ (ਰਡਾਰ) ਵਿੱਚੋਂ ਲੰਘਕੇ ਕਸਟਮ ਮਹਿਕਮੇਂ ਦੇ ਹਾਲ ਅੱਗੇ ਜਾ ਰੁਕੀ। ਪੱਛਮੀਂ ਦੇਸ਼ਾਂ ਵਿੱਚ ਕੰਡਕਟਰ ਤੇ ਕਲੀਨਰ ਨਹੀਂ ਹੁੰਦੇ। ਇਕੱਲਾ ਡਰਾਇਵਰ ਹੀ ਡਰਾਇਵਰ, ਕੰਡਕਟਰ ਤੇ ਕੁਲੀ ਹੁੰਦਾ ਹੈ। ਡਰਾਇਵਰ ਹੀ ਸੱਭ ਦਾ ਸਮਾਂਨ ਬੱਸ ਵਿੱਚੋਂ ਕੱਢਕੇ ਬਾਹਰ ਰੱਖਦਾ।ਸਾਡੇ ਵਾਂਗ ਨਹੀਂ ਕਿ ਸਵਾਰੀ ਅਜੇ ਬੱਸ ਤੋਂ ਟਰੰਕ ਉਤਾਰ ਹੀ ਰਹੀ ਹੁੰਦੀ ਹੈ ਤੇ ਕੰਡਕਕਟਰ ‘ਚੱਲ ਬਈ ਚੱਲ’ ਕਹਿੰਦਾ ਫੁਰਰ ਕਰਕੇ ਸੀਟੀ ਮਾਰ ਦਿੰਦਾ। ਤੇ ਪੌੜੀਆਂ ਉੱਤਰਦੀ ਸਵਾਰੀ ਚਿੱਤੜਾਂ ਭਾਰ ਡਿੱਗ ਪੈਂਦੀ ਹੈ। ਜੇ ਅਮਰੀਕਾ ਵਿੱਚ ਅਜਿਹਾ ਹੋ ਜਾਵੇ ਤਾਂ ਇਕੱਲੀ ਬੱਸ ਹੀ ਨਹੀਂ ਸਾਰੀ ਕੰਪਨੀ ਵਿਕਣ ਦੀ ਨੌਬਤ ਆ ਜਾਂਦੀ ਹੈ।

ਡਰਾਇਵਰ ਨੇ ਬੱਸ ਦੇ ਢਿੱਡ ਵਿੱਚੋਂ ਸਮਾਨ ਕੱਢਕੇ ਇੱਕ ਕਤਾਰ ਵਿੱਚ ਰੱਖ ਦਿੱਤਾ। ਸਵਾਰੀਆਂ ਚੁੱਪ ਚਾਪ ਆਪੋ ਆਪਣੇ ਸੁਟਕੇਸ ਘਸੀਟਦੀਆਂ ਕਾਊਂਟਰ ਵੱਲ ਤੁਰਨ ਲੱਗੀਆਂ। ਮੈਂ ਖੰਭੇ ਨਾਲ ਪੈਰ ਲਾ ਕੇ ਬੂਟ ਦਾ ਟੁੱਟਿਆ ਫੀਤਾ ਕਸਿਆ ਤੇ ਲਾਇਨ ਵਿੱਚ ਹੋ ਲਿਆ। ਇਹ ਗੋਰਿਆਂ ਦੇ ਕਾਨੂੰਨ ਦਾ ਹੀ ਡਰ ਹੈ ਕਿ ਸਾਡੇ ਦੇਸੀ ਬੰਦੇ ਵੀ ਅੱਖ ਪਾਏ ਨਹੀਂ ਰੜਕਦੇ ਤੇ ਲਾਇਨ ਤੋੜਣ ਦੀ ਕੋਸਿ਼ਸ਼ ਨਹੀਂ ਕਰਦੇ। ਪਰ ਬਾਘਾ ਬਾਰਡਰ ਤੇ ਇਹੀ ਲੋਕ ਪਾਕਿਸਤਾਨੀਆਂ ਵੱਲੋਂ ਲਾਏ ਲੰਗਰ ਤੇ ਟੁੱਟਕੇ ਪੈਣ ਲਈ ਦੌੜ ਪੈਂਦੇ ਹਨ, ਕਿੳਂਕਿ ਪਤਾ ਹੁੰਦਾ ਅਗਾਂਹ ਵੀ ਸਾਡੇ ਵਾਲਾ ਹੀ ਲੱਲੂ ਲਾਣਾ ਹੈ।


ਕਸਟਮ ਤੋਂ ਵਿਹਲੇ ਹੋ ਮੈਂ ਇਮੀਗਰੇਸ਼ਨ ਕਾਊਂਟਰ ਤੇ ਲਾਇਨ ਵਿੱਚ ਜਾ ਲੱਗਾ। ਗੋਰਾ ਅਫਸਰ ਮੇਰੇ ਤੋਂ ਅਗਾਂਹ ਖੜ੍ਹੇ ਚੀਨੀ ਜੋੜੇ ਦੀ ਜਨਮ ਪੱਤਰੀ ਦਾ ਵਰਕਾ ਵਰਕਾ ਫਰੋਲਦਾ ਬਹੁਤ ਸਮਾਂ ਪੁੱਛ ਗਿੱਛ ‘ਚ ਲਾ ਰਿਹਾ ਸੀ। ਪੇਸ਼ੀ ਤੋਂ ਪਹਿਲਾਂ ਮੈਂ ਰੱਬ ਨੂੰ ਯਾਦ ਕਰਨ ਦੀ ਥਾਂ ਬਾਰਡਰ ਦੇ ਦੋਵੀਂ ਪਾਸੀਂ ਮੈਨੂੰ ਛੱਡਣ ਆਏ ਤੇ ਲੇਣ ਆਉਣ ਵਾਲੇ ਰਿਸ਼ਤੇਦਾਰਾਂ ਵੇਨਕੂਵਰ ਵਿੱਚ ਬੇਅੰਤ ਭਲਵਾਂਨ ਤੇ ਗਾਰਗੀ ਦੀ ਜੀਨੀਂ ਦੇ ਪੇਕੀਂ ਸਿਆਟਲ ‘ਚ ਪਦਮ ਸ਼੍ਰੀ ਕਰਤਾਰ ਪਹਿਲਵਾਂਨ ਦੇ ਛੋਟੇ ਭਰਾ ਗੁਰਚਰਨ ਢਿੱਲੋਂ ਨੂੰ ਯਾਦ ਕਰਨ ਲੱਗਾ। ਕਿਤੇ ਦੋਵੇਂ ਟੈਕਸੀਆਂ ਚਲਾਉਂਦੇ ਫਿਰਦੇ ਆਪਣੇ ਮੋਬਾਇਲ ਨਾ ਬੰਦ ਕਰੀ ਬੈਠੇ ਹੋਣ।

ਵਾਰੀ ਆਉਣ ਤੇ ਮੈਂ ਕਾਊਂਟਰ ਤੇ ਆਪਣਾ ਪਾਸਪੋਰਟ ਫੜਾਇਆ। ਕੰਪਿਊਟਰ ਤੇ ਉੰਗਲਾਂ ਮਾਰਦਿਆਂ ਗੋਰੇ ਅਫਸਰ ਨੇ ਮੈਨੂੰ ਛੋਟੀ ਜਿਹੀ ਮਸ਼ੀਂਨ ਤੇ ਦੋਵਾਂ ਹੱਥਾਂ ਦੇ ਫਿੰਗਰ ਪ੍ਰਿੰਟ ਦੇਣ ਲਈ ਕਿਹਾ।ਉਸਨੇ ਕੰਪਿਊਟਰ ਤੇ ਮੇਰੇ ਫਿੰਗਰ ਪ੍ਰਿੰਟ ਮਲਾਉਂਦਿਆਂ ਕੁੱਝ ਲਿਖਿਆ ।ਫਿਰ ਕੈਮਰਾ ਚੁੱਕਕੇ ਕੰਪਿਊਟਰ ਵਿੱਚ ਉਸ ਮੇਰੀਆਂ ਅੱਖਾਂ ਦੀ ਭਾਸ਼ਾ ਪੜ੍ਹੀ। ਅਜਿਹਾ ਪਰਬੰਧ ਅਮਰੀਕਾ ਤੇ ਹੋਏ 9/11 ਦੇ ਹਮਲੇ ਪਿੱਛੋਂ ਕੀਤਾ ਗਿਆ ਹੈ; ਤਾਂ ਜੋ ਕੋਈ ਜਾਅਲੀ ਪਾਸਪੋਰਟ ਜਾਂ ਜਾਅਲੀ ਵੀਜੇ ਤੇ ਅਮਰੀਕਾ ਨਾ ਜਾ ਸਕੇ। ਦਹਿਸ਼ਗਰਦੀ ਦੀ ਵਿਸ਼ਪ ਵਿਆਪੀ ਸਮੱਸਿਆ ਨੇ ਸਰਕਾਰਾਂ ਹੀ ਨਹੀਂ ਆਂਮ ਲੋਕਾਂ ਲਈ ਵੀ ਅਨੇਕਾ ਮੁਸ਼ਕਲਾਂ ਖੜ੍ਹੀਆ ਕਰ ਦਿੱਤੀਆਂ ਹਨ।ਅੱਜ ਦੁਨੀਆਂ ਦੇ ਹਾਲਤ ਇਹ ਹਨ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ।ਇਹ ਲੇਖ ਲਿਖਣ ਸਮੇਂ ਮੈਨੂੰ ਮੋਬਾਇਲ ਤੇ ਐੱਸ.ਐੱਮ. ਐੱਸ.ਸੁਨੇਂਹਾ ਆਇਆ ਕਿ “ਮੈਂ ਕੰਪਿਊਟਰ ਇੰਜਨੀਅਰਿੰਗ ਦੀ ਤੀਸਰੇ ਸਾਲ ਦੀ ਵਿਦਿਆਰਥਣ ਹਾਂ,ਹੈਦਰਾਬਾਦ ਬੰਬ ਧਮਾਕਿਆਂ ਵਿੱਚ ਮੇਰੇ ਦੋਵੇਂ ਹੱਥ ਕੱਟੇ ਗਏ। ਇਲਾਜ ਲਈ ਮੈਨੂੰ ਦਸ ਲੱਖ ਰੁਪੈ ਦੀ ਲੋੜ ਹੈ।” ਜੇ ਇਹ ਸੱਚ ਹੈ ਤਾਂ ਇਹ ਦਹਿਸ਼ਤਗਰਦੀ ਦੀ ਕੋਹਜੀ ਤਸਵੀਰ ਹੈ ।‘ਗੱਦੀ ਵਾਲਿਆਂ ਨੂਂੰ ਨਹੀਂ ਬਹਿਣ ਦੇਂਦੇ,ਹੋਰ ਕੌਣ ਕਿਸ ਦੇ ਪਾਣੀਹਾਰ ਮੀਆਂ। ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ।’

ਅਸਲੀ ਆਦਮੀਂ ਦੀ ਤਸੱਲੀ ਕਰ ਲੈਣ ਪਿੱਛੋਂ ਉਸ ਕੁਰਸੀ ਘੁਮਾ ਕਿ ਮੇਰਾ ਪਾਸਪੋਰਟ ਵੇਖਦਿਆਂ ਸਵਾਲ ਕੀਤਾ, “ਅਮਰੀਕਾ ਕਿਉਂ ਜਾ ਰਹੇ ਹੋ?” ਮੈਂ ਕਿਹਾ ਕਿ ਘੁੰਮਣ ਫਿਰਨ ਤੇ ਦੋਸਤਾਂ ਨੂੰ ਮਿਲਣ। “ਕਿਹੜੇ ਕਿਹੜੇ ਸ਼ਹਿਰ ਵੇਖੋਗੇ?” ਇਹ ਸਵਾਲ ਉਹਨੇ ਅਚਾਨਕ ਪੰਜਾਬੀ ਵਿੱਚ ਕੀਤਾ ਤਾਂ ਪਲ ਦੀ ਪਲ ਮੈਂ ਚਕਰਾ ਗਿਆ ।ਪਰ ਛੇਤੀ ਹੀ ਸੰਭਲਦਿਆਂ ਜਵਾਬ ਦਿੱਤਾ, “ਪਹਿਲਾਂ ਸਿਆਟਲ ਫਿਰ ਸਾਂਨਫਰਾਂਸਿਸਕੋ ਜਾਵਾਂਗਾ।” “ਤੁਸੀਂ ਵਕੀਲ ਹੋ ਤੇ ਕਨੇਡਾ ਵਿੱਚ ਇੰਨਾ ਸਮਾਂ ਕਿਵੇਂ ਰਹੇ।” ਇਹ ਗੋਰੇ ਲਈ ਨਵੀਂ ਗੱਲ ਸੀ ਕਿ ਵਗੈਰ ਕੋਈ ਕਮਾਈ ਕੀਤਿਆਂ ਦੋ ਮਹੀਨੇ ਕਨੇਡਾ ਵਿੱਚ ਕੋਈ ਕਿਵੇਂ ਰਹਿ ਸਕਦਾ ਹੈ?

ਗੋਰਿਆਂ ਦਾ ਸੱਭਿਆਚਾਰ ਸਾਡੇ ਨਾਲੋਂ ਅਸਲੋਂ ਵੱਖਰਾ ਹੈ।ਉਹ ਰਿਸ਼ਤੇਦਾਰਾਂ ਨੂੰ ਮਿਲਣ ਗਏ ਵੀ ਹੋਟਲ ਵਿੱਚ ਠਹਿਰਦੇ ਹਨ। ਯਾਨੀ ਨਾ ਕਿਸੇ ਤੇ ਦੁਆਨੀ ਖਰਚਣੀ ਨਾਂ ਖਰਚਾਉਣ ਦੀ ਆਸ ਰੱਖਣੀ। ਜੇ ਪਾਰਟੀ ਹੈ ਤਾਂ ਬੋਤਲ ਆਪੋ ਆਪਣੀ ਲੈ ਕਿ ਆਉ। ਉਹ ਸਾਡੇ ਵਾਂਗ ਮੁਫਤ ਖੋਰਿਆਂ ਨੂੰ ਨਹੀਂ ਝੱਲਦੇ। ਉਹ ਪ੍ਰੀਵਾਰ ਵਿੱਚ ਵੀ ਆਪੋ ਆਪਣਾ ਖਰਚਦੇ ਹਨ। ਸਾਡੇ ਪੰਜਾਬ ਵਾਂਗ ਨਹੀਂ ਕਿ ਪਿੰਡਾਂ ਵਿੱਚ ਇੱਕ ਕਮਾਉਂਦਾ ਹੈ ਤੇ ਬਾਕੀ ਚਾਰ ਜੀਅ ਖਾਂਦੇ ਹਨ। ਗੋਰੇ ਤਾਂ ਸੋਲ੍ਹਵਾਂ ਸਾਲ ਟੱਪੀ ਜਵਾਂਨ ਧੀ ਨੂੰ ਕਹਿ ਦਿੰਦੇ ਹਨ ਕਿ “ਜਾਂ ਆਪਣੇ ਹਿੱਸੇ ਦਾ ਖਰਚਾ ਦੇਹ ਜਾਂ ਕੇਈ ਯਾਰ ਲੱਭਕੇ ਉਸ ਨਾਲ ਰਹਿ ਤੇ ਜਿੰਦਗੀ ਦੇ ਬੁੱਲੇ ਲੁੱਟੋ,ਬੱਚੀਏ ਇਹ ਜਿੰਦਗੀ ਬਾਰ ਬਾਰ ਨਹੀਂ ਮਿਲਣੀ” ਅਸੀਂ ਆਪਣੇ ਮਹਾਂਨ ਸੱਭਿਆਚਾਰ ਦੀਆਂ ਡੀਂਗਾਂ ਮਾਰਨ ਵਾਲੇ ਕੁੜੀ ਦੇ ਜੰਮਣ ਤੋਂ ਹੀ ਉਸ ਲਈ ਦਾਜ ਜੋੜਣਾਂ ਸ਼ੁਰੂ ਕਰ ਦਿੰਦੇ ਹਾਂ। ਕੁੜੀ ਨੂੰ ਖੁੱਲ੍ਹ ਕਿ ਹੱਸਣ ਤੋਂ ਘੂਰਦੇ ਘਰ ਦੇ ਪਿਛਵਾੜੇ ਵਿੱਚ ਹੀ ਉਸ ਤੋਂ ਵਿਆਹ ਤੱਕ ਪਾਥੀਆਂ ਪੱਥਵਾਉਂਦੇ ਰਹਿੰਦੇ ਹਾਂ। ਧੀ ਜੰਮਣੋਂ ਰੋਕਣ ਲਈ ਪਤਨੀ,ਧੀ ਤੇ ਭੈਣ ਦਾ ਗਰਭਪਾਤ ਕਰਾਉਂਦੇ , “ਨਹੀਉਂ ਰੀਸਾਂ ਦੇਸ਼ ਪੰਜਾਬ ਦੀਆਂ” ਬੇਸ਼ਰਮ ਹੋ ਕਿ ਗਾਉਂਦੇ ਹਾਂ। ਦਰਅਸਲ ਹੁਣ ਅਸੀਂ ਜਿੰਦਗੀ ਜੀਂਦੇ ਨਹੀਂ ਰੀਂਗਦੇ ਹਾ। ‘ਵਾਰਸਸ਼ਾਹ ਇਸ ਜਿੰਦਗੀ ਕੂੜ ਦੀ ਤੋਂ ਕਿਉਂ ਵੇਚੀਏ ਮੁਫਤ ਇਮਾਂਨ ਮੀਆਂ’।
“ਕਨੇਡਾ ਤੇ ਅਮਰੀਕਾ ਵਿੱਚ ਮੇਰੇ ਚਾਰ ਪੰਜ ਨਜਦੀਕੀ ਰਿਸ਼ਤੇਦਾਰ ਹਨ । ਇਸ ਤੋਂ ਇਲਾਵਾ ਮੈਂ ਲੇਖਕ ਹਾਂ। ਦੇਸ਼ ਵਿਦੇਸ਼ ਦੀ ਹਰ ਪੰਜਾਬੀ ਅਖਬਾਰ ਤੇ ਵੇਬਸਾਈਟ ਤੇ ਮੇਰੇ ਲੇਖ ਛਪਦੇ ਹਨ,ਇਸ ਲਈ ਮੈਂ ਅਮਰੀਕਾ ਕਨੇਡਾ ਦੇ ਹਰ ਸ਼ਹਿਰ ‘ਚ ਵਗੈਰ ਕੋਈ ਖਰਚ ਕਰਿਆਂ ਦੋ ਮਹੀਨੇ ਕੀ ਮੈਂ ਦੋ ਸਾਲ ਰਹਿ ਸਕਦਾ ਹਾਂ। ਤੁਸੀਂ ਮੇਰੀ ਵੇੱਬ ਸਾਈਟ ਵੇਖੋ”, ਇਹ ਕਹਿੰਦਿਆ ਮੈ ਆਪਣੀ ਵੈੱਬ ਸਾਈਟ ਦੀ ਫੋਟੋ ਕਾਪੀ ਉਸ ਦੇ ਹੱਥ ਫੜਾ ਦਿੱਤੀ। ਉਹ ਮੇਰੀ ਵੈਬਸਾਈਟ ਪੜ੍ਹਕੇ ਬੋਲਿਆ, “ਓਹ! ਸੱਠ ਅਖਬਾਰਾਂ ਤੇ ਦਸ ਵੈੱਬਸਾਈਟਾਂ! ਵੇਰੀ ਗੁੱਡ, ਓ.ਕੇ”. ਸਾਡੀ ਗੱਲਬਾਤ ਅੰਗਰੇਜੀ ਵਿੱਚ ਹੋ ਰਹੀ ਸੀ। ਉਹ ਬੋਲਿਆ, “ਤੁਸੀਂ ਕਿਸ ਵਿਸ਼ੇ ਤੇ ਲਿਖਦੇ ਹੋ?” “ਰਾਜਨੀਤੀ,ਕਾਨੂੰਨ ਤੇ ਸਮਾਜਿਕ ਜੀਵਨ”, ਮੈਂ ਸੰਖੇਪ ਵਿੱਚ ਦੱਸਿਆ। ਹੁਣ ਉਹ ਖੁਸ ਹੋਇਆ ਕੁਰਸੀ ਵਿੱਚ ਝੂਮ ਰਿਹਾ ਸੀ ਤੇ ਮੇਰੇ ਨਾਲ ਗੱਲਾਂ ਕਰਨ ਦੇ ਮੂਡ ਵਿੱਚ ਸੀ।ਕਤਾਰ ਵਿੱਚ ਹੋਰ ਕੋਈ ਸੀ ਵੀ ਨਹੀਂ। ਉਹ਼ਫਿਰ ਬੋਲਿਆ, “ਮੈਨੂੰ ਦੱਸੋ ਕਿ ਪੰਜਾਬੀ ਵਿੱਚ ਮੰਥ ਨੂੰ ਕੀ ਕਹਿੰਦੇ ਹਨ” ਮੈਂ ਕਿਹਾ “ਮਹੀਨਾ” ਉਸਨੇ ਮੇਰੇ ਪਿੱਛੇ ਮਹੀਨਾ ਲਫਜ ਦੁਹਰਾਇਆ। ਮੈਂ ਉਸ ਤੋਂ ਦੋ ਬਾਰ ਮਹੀਨਾਂ ਲਫਜ ਬੁਲਵਾਇਆ। ਹੁਣ ਮੈ ਹੌਂਸਲੇ ਵਿੱਚ ਹੋ ਕੇ ਉਸ ਨਾਲ ਹੱਸਣ ਲੱਗਾ। ਮੈਂ ਕਿਹਾ, “ਇਹ ਸਾਡਾ ਸੌਣ ਦਾ ਮਹੀਨਾ ਹੈ, ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾਂ ਹੈ” ਉਹ ਫਿਰ ਕੰਪਿਊਟਰ ਤੇ ਉਂਗਲਾਂ ਮਾਰਨ ਲੱਗਾ। ਸ਼ਾਇਦ ਆਪਣਾ ਹੁਕਮ ਲਿਖ ਰਿਹਾ ਸੀ। ਮੈਂ ਉਸਨੂੰ ਖੁਸ਼ ਕਰਨ ਲਈ ਅੰਗਰੇਜੀ ਵਿੱਚ ਕਿਹਾ ਕਿ “ਮੈਨੂੰ ਆਪਣੀ ਪੰਜਾਬੀ ਬੋਲੀ ਤੇ ਮਾਣ ਹੈ ਤੁਹਾਨੂੰ ਪੰਜਾਬੀ ਬੋਲਦਿਆਂ ਵੇਖਕੇ ਖੁਸ਼ੀ ਹੋਈ। ਮੈਂ ਅਖਬਾਰਾਂ ਵਿੱਚ ਲਿਖਾਂਗਾ ਕਿ ਤੁਸੀਂ ਬੜੀ ਫਰਾਟੇਦਾਰ ਪੰਜਾਬੀ ਬੋਲਦੇ ਹੋ।” ਉਸ ਹੱਸਕੇ ਉਂਗਲ ਮਾਰੀ ਤੇ ਅੱਧੀ ਅੰਗਰੇਜੀ ਤੇ ਅੱਧੀ ਪੰਜਾਬੀ ਵਿੱਚ ਬੋਲਿਆ ਕਿ “ਨਾਟ ਫਲੂਏਂਟ ; ਬੱਸ ਥੋੜ੍ਹੀ ਥੋੜ੍ਹੀ”। ਉਸ ਠੱਪਾ ਲੱਗਾ ਪਾਸਪੋਰਟ ਮੇਰੇ ਵੱਲ ਕਰਦਿਆਂ ਯਾਦ ਕਰਾਇਆ ਅਮਰੀਕਾ ਛੱਡਣ ਸਮੇਂ ਮੈਂ ਏਅਰ ਪੋਰਟ ਤੇ ਇਹ ਕਾਰਡ ਵਾਪਸ ਕਰ ਦੇਵਾਂ । ਪਾਸਪੋਰਟ ਪੜ੍ਹਦਿਆਂ ਮੇਰੀਆਂ ਅੱਖਾਂ ਫੈਲ ਗਈਆਂ। ਉਸਨੇ ਮੈਨੂੰ ਜਿੰਨੀ ਦੇਰ ਚਾਹਾਂ ਅਮਰੀਕਾ ਠਹਿਰਨ ਦੀ ਖੁੱਲ੍ਹ ਦੇ ਦਿੱਤੀ ਸੀ। ਮੈਂ ਪਾਸਪੋਰਟ ਪੜ੍ਹਦਿਆਂ ਉਸ ਨੂੰ ‘ ਥੈਂਕ ਯੂ’ ਕਹਿ ਤੁਰਨ ਲੱਗਾ। ਉਸ ਪੰਜਾਬੀ ਵਿੱਚ ਕਿਹਾ, “ਚੰਗਾ ਭਾਅ ਜੀ”।

ਮੈਂ ਅਮਰੀਕਾ ਕਨੇਡਾ ਵਿੱਚ ਜੰਮੀ ਪਲੀ ਨਵੀਂ ਪੀਹੜੀ ਨੂੰ ਅੰਗਰੇਜੀ ਲਹਿਜੇ ਵਿੱਚ ਪੰਜਾਬੀ ਬੋਲਦੇ ਸੁਣਿਆ ਹੈ। ਕਈ ਤਾਂ ਇੰਜ ਫੈਸ਼ਨ ਸਮਝਕੇ ਹੀ ਬੋਲਦੇ ਹਨ। ‘ਕਾਗਉ ਹੋਇ ਨ ਉੱਜਲਾ ਲੋਹੇ ਨਾਵ ਨ ਪਾਰੁ ॥’ ਪਰ ਉਸ ਗੋਰੇ ਦਾ ਲਹਿਜਾ ਠੇਠ ਪੰਜਾਬੀ ਸੀ। ਜੇ ਉਹ ਪਰਦੇ ਪਿੱਛੋਂ ਬੋਲ ਰਿਹਾ ਹੁੰਦਾ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਇਹ ਗੋਰੇ ਦੀ ਪੰਜਾਬੀ ਹੈ। ਸ਼ਾਇਦ ਇਹ ਉਸਦੀ ਟਰੇਨਿੰਗ ਦਾ ਹਿੱਸਾ ਹੋਵੇਗਾ।

ਮੈਂ ਸਿਆਟਲ ਵਿੱਚ ਕੇਂਟ ਏਰੀਏ ਦੇ ਇੱਕ ਘਰ ਦੇ ਪਿਛਵਾੜੇ ਡੂੰਘੀ ਰਾਤ ਗਿਆਂ ਬਾਰ ਬੀਕੂ ਕਰਦੀ ਮਿੱਤਰਾਂ ਦੀ ਢਾਣੀ ਵਿੱਚ ਇਹ ਗੱਲ ਸੁਣਾਈ। ਤਾਂ ਸਾਰਿਆਂ ਨੇ ਇਸੇ ਤਰ੍ਹਾਂ ਦੇ ਆਪੋ ਆਪਣੇ ਤਜਰਬੇ ਸੁਣਾਏ। ਬਟਾਲੇ ਵਾਲਾ ਬਾਜਵਾ ਦੱਸਣ ਲੱਗਿਆ ਕਿ ਦੋ ਸਾਲ ਪਹਿਲਾਂ ਉਹ ਵੈਨਕੂਵਰ ਗੁਰਦਾਸ ਮਾਂਨ ਦਾ ਸ਼ੋਅ ਵੇਖਣ ਗਿਆ ਸੀ। ਬਾਹਰ ਸਟਾਲ ਤੇ ਗੈਸ ਵਾਂਗ ਦਗਦੀ ਸੰਗਤਰੇ ਰੰਗੀ ਗੋਰੀ ਵੇਖਕੇ ਉਹ ਮੇਰੇ ਪਿੰਡ ਵਾਲੇ ਟਰੱਕ ਡਰਾਇਵਰ ਸੁਖਦੀਪ ਨੂੰ ਕਹਿ ਬੈਠਾ ਕਿ “ਵੇਖ ਓਏ ਸੁੱਖੀ, ਗੋਰੀ ਕਿੰਨੀ ਸੋਹਣੀ ਹੈ”। ‘ਨੈਣ ਨਰਗਸੀ ਮਿਰਗ ਮਮੋਲੜੇ ਨੇ ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ। ਭੁਜਾਂ ਵਾਂਗ ਕਮਾਨ ਲਹੌਰ ਦਿੱਸਣ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ’ ਅੱਗੋਂ ਗੋਰੀ ਟਿਕਾਅ ਕੇ ਠੇਠ ਪੰਜਾਬੀ ਵਿੱਚ ਬੋਲੀ ਕਿ “ਭਾਅ ਜੀ ਇੱਥੋਂ ਤੱਕ ਤਾਂ ਠੀਕ ਹੈ ਅਗਾਂਹ ਹੋਰ ਨਾਂ ਕੁੱਝ ਬੋਲਿਉ” ਤੋਬਾ! ਤੋਬਾ!