ਇਨ੍ਹਾਂ
ਦਿਨ੍ਹਾਂ ਵਿੱਚ ਫਿਜ਼ਾ ਦੁਸਹਿਰੇ-ਦੀਵਾਲੀ ਦੇ ਜ਼ਸ਼ਨਾਂ ਨਾਲ ਗੜੁੱਚ ਹੈ । ਇਤਿਹਾਸ-ਮਿਥਿਹਾਸ
ਦੀ ਇਕ ਚਿਰੋਕੀ ਘਟਨਾ ਮਨੁੱਖ ਨੂੰ ਚੰਗੇਰਾ ਬਨਾਉਣ ਲਈ ਦੇ ਮੰਤਵ ਨਾਲ ਕਲਮਬੱਧ ਹੋਈ ਅਤੇ
ਅਜੇ ਵੀ ਜੀਵਤ ਹੈ । ਆਉਂਦਾ ਭਵਿੱਖ ਵੀ ਇਸ ਨੂੰ ਤੱਥ ਇਤਿਹਾਸ ਮੰਨ ਕੇ ਤੁਰਦਾ , ਉਨ੍ਹਾਂ
ਸਾਰੀਆਂ ਰਸਮਾਂ ਦੇ ਅੰਗ ਸੰਗ ਹੋ ਕੇ ਤੁਰਦਾ ਰਹੇਗਾ , ਜਿਹੜੀਆਂ ਇਨ੍ਹਾਂ ਦਿਨਾਂ ਦ
ਅਹਿਮੀਅਤ ਨੂੰ ਹੋਰਨਾਂ ਦਿਨਾਂ ਤਿਓਹਾਰਾਂ ਤੋਂ ਵਖਰਾਉਂਦਿਆਂ ਹਨ । ਉਨ੍ਹਾਂ ਵਿਚੋਂ ਅਹਿਮ
ਹੈ ਬੁਰਾਈ ਦੇ ਪੁਤਲੇ ਸਾੜਨਾ ਤੇ ਚੰਗਿਆਈ ਦੀ ਆਮਦ ਲਈ ਦੀਪਮਾਲਾ ਕਰਨਾ ,ਪਟਾਕੇ ਚਲਾਉਣਾ ।
ਇਸ ਰਸਮ ਨੂੰ ਫਿਊਡਲ ਦੇ ਸਰਦਾਰੀ ਯੁੱਗ ਨਾਲੋਂ ਵੀ ਅੱਜ ਦੇ ਪੂੰਜੀ ਪਾਸਾਰ ਨੇ ਵਿਕਰਾਲ
ਰੂਪ ਤੱਕ ਅਪਨਾ ਲਿਆ ਹੈ । ਇਸ ਰੂਪ ਵਿਚ ਸ਼ਰਧਾ ਨਾਲੋਂ ਵਿਖਾਵਾ ਰਸਮ ਦੀ ਰੂਹ ਪੂਰਤੀ
ਨਾਲੋਂ ਕਈਆਂ ਹਾਲਤਾਂ ਵਿੱਚ ਤਾਂ ਘਾਤਕ ਵੀ ਸਿੱਧ ਹੋਣ ਤੱਕ ਚਲਿਆ ਜਾਂਦਾ ਹੈ । ਇਕ ਪਾਸੇ
ਧੰਨ ਦਾ ਅਫ਼ਸੋਸ ਦਾਇਕ ਪ੍ਰਦਰਸ਼ਨ ,ਦੂਜੇ ਪਾਸੇ ਵਾਤਾਵਰਨ ਦਾ ਪ੍ਰਦੂਸ਼ਨ । ਇਹ ਦੋਨੋਂ
ਵਰਤਾਰੇ ਰੋਜ਼ੀ ਰੋਟੀ ਲਈ ਆਤੁਰ ਦੇਸ਼ ਦੇ ਕਈ ਕਰੋੜ ਲੋਕਾਂ ਨੂੰ ਹੋਰ ਵੀ ਡੂੰਘੀ ਚਿੰਤਾ ‘ਚ
ਡੋਬ ਦਿੰਦੇ ਹਨ । ਇਕ ਸਰਵੇਖਣ ਅਨੁਸਾਰ ਦੀਵਾਲੀ ਨੂੰ ਮੁਲਕ ਭਰ ਵਿੱਚ 50 ਅਰਬ ਰੁਪਏ ਦੇ
ਪਟਾਕੇ ਚਲਾਏ ਗਏ । ਇਨ੍ਹਾਂ ਵਿਚੋਂ ਮੁੰਬਈ ਸ਼ਹਿਰ ਵਿਚ 7 ਅਰਬ ਰੁਪਏ ਅਤੇ ਦਿੱਲੀ ਸ਼ਹਿਰ
ਵਿੱਚ 5 ਅਰਬ ਰੁਪਏ ਦੇ ਖਪਤ ਹੋਈ । ਇਕ ਪਾਕ ਪਵਿੱਤਰ ਰਸਮ ਨਿਭਾ ਲਈ ਏਨਾ ਸਾਰਾ ਧੰਨ ਖਰਚ
ਕਰਨ ਵਾਲਿਆਂ ਵਿਚ ਸਭ ਵਰਗਾਂ ਦੇ ਲੋਕ ਸ਼ਾਮਲ ਸਨ । ਧੰਨ ਕੁਬੇਰ ਵੀ ਸ਼ਾਮਲ ਸਨ ਤੇ ਆਮ
ਸਾਧਨਹੀਣ ਲੋਕ ਵੀ । ਇਨ੍ਹਾਂ ਆਮ ਸਾਧਨਹੀਣ ਲੋਕਾਂ ਲਈ ਤਾਂ ਮਨ ਦਾ ਚਾਅ ਪੂਰਾ ਕਰਨ ਵਾਲੀ
ਗੱਲ ਹੀ ਸੀ , ਉੱਪਰਲਿਆਂ ਦੀ ਦੇਖਾ ਦੇਖੀ । ਵਰ੍ਹੇ ਛਿਮਾਹੀ ਪਿਛੋਂ ਕਿਧਰੇ ਪ੍ਰਸੰਨ ਚਿੱਤ
ਦਿੱਸਣ ਲਈ । ਪਰ ਪੂੰਜੀਕਾਰਾਂ , ਧੰਨ ਕੁਵੇਰਾਂ , ਉਤਪਾਦਨ ਵਸੀਲਿਆਂ ਤੇ ਕਾਬਜ਼ ਵਰਗਾਂ
ਸਾਹਮਣੇ ਉਦੇਸ਼ ਹੋਰ ਹੀ ਹੁੰਦੇ ਹਨ । ਹਰ ਵਰਗ ਵਾਂਗ ਉਨ੍ਹਾਂ ਵਰਗਾਂ ਦਾ ਮੰਤਵ ਕੇਵਲ ਦਿਲ
ਪ੍ਰਚਾਵਾ ਨਹੀਂ ਹੁੰਦਾ । ਮਹਿਜ਼ ਰਸਮ ਨਿਭਾਈ ਨਹੀਂ ਹੁੰਦੀ । ਇਨ੍ਹਾਂ ਦਾ ਮੰਤਵ ਸਾਧਾਰਨ
ਲੋਕਾਂ ਨੂੰ ਆਮ ਜਨਤਾ ਨੂੰ ਇਨ੍ਹਾਂ ਤਿਓਹਾਰਾਂ ਦੀ ਰਸਮ ਨਿਭਾਈ ਅੰਦਰ ਉਲਝਾਈ ਰੱਖਣਾ
ਹੁੰਦਾ ਹੈ । ਉਨ੍ਹਾਂ ਨੂੰ ਆਪਣੇ ਆਪੇ ਤੋਂ ਦੂਰ ਰੱਖਣਾ ਹੁੰਦਾ ਹੈ । ਇਉਂ ਉਹ ਕਰਦੇ ਵੀ
ਹਨ ਸਫ਼ਲਤਾ ਨਾਲ ।
