ਸੰਵੇਦਨਾਂ ਦੀ ਸਿਖਰ.......... ਲੇਖ / ਗੁਰਜਿੰਦਰ ਮਾਹੀ

ਸੂਝ-ਬੂਝ…।, ਬਹੁਤਿਆਂ ਦਾ ਇਸ ਬਾਰੇ ਖਿਆਲ ਹੈ ਕਿ ਇਹ ਉਂਮਰ ਦੇ ਹਿਸਾਬ ਨਾਲ ਹੀ ਆਉਂਦੀ ਹੈ।ਪਰ ਮੈਂ ਇਸ ਵਿਚਾਰ ਨਾਲ ਸਹਿਮਤ ਨਹੀ ਹਾਂ। ਮੈਂ ਪੜ੍ਹਿਆ-ਸੁਣਿਆ ਹੈ ਕਿ ਜਿਨ੍ਹਾ ਕਿਸੇ ਇਨਕਲਾਬ ਦੀਆਂ ਨੀਹਾਂ ਰੱਖਣੀਆਂ ਹੁੰਦੀਆਂ ਹਨ, ਉਹ ਛੋਟੀ ਉਂਮਰੇ ਹੀ ਬੰਦੂਕਾ ਬੀਜ਼ਦੇ ਨੇ,ਪੰਜਾਬੀ ਦੀ ਇੱਕ ਕਹਾਵਤ ਵੀ ਹੈ ਕਿ ‘ਜੰਮਦੀਆਂ ਸੂਲਾਂ ਦੇ ਹੀ ਮੁੰਹ ਤਿੱਖੇ ਹੁੰਦੇ ਹਨ।” ਮੈਂ ਤੁਹਾਨੂੰ ਆਪਣੀ ਗੱਲ ਨਾਲ ਸਹਿਮਤ ਕਰਨ ਲਈ ਅਜੇਹੀ ਹੀ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਰੱਖਾਂਗਾ।


ਉਹ ਹੈ ਪੰਜਾਬੀ ਗਜ਼ਲ ਦੇ ਵਿਹੜੇ ਆਪਣੇ ‘ਸਾਵੇ ਅਕਸ’ ਨਾਲ ਆਪਣਾ ਪਹਿਲਾ ਕਦਮ ਧਰਨ ਵਾਲਾ ਸਮਰੱਥ ਸ਼ਾਇਰ ਰਾਜਿੰਦਰਜੀਤ। ਰਾਜਿੰਦਰਜੀਤ ਦੀ ਪਲੇਠੀ ਕਿਤਾਬ ਨੂੰ ਪੜ੍ਹਦਿਆਂ ਕਈ ਘਾਗ ਪਾਠਕ ਕਿਤਾਬ ਦੇ ਆਖਰ ‘ਚ ਛਪੀ ਤਸਵੀਰ ਵੇਖ ਕੇ ਇਹ ਮੰਨਣ ਨੂੰ ਹੀ ਤਿਆਰ ਨਹੀ ਕਿ ਇਸ ਮੁੰਡੇ ਨੇ ਇਹ ਗ਼ਜ਼ਲਾਂ ਲਿੱਖੀਆਂ ਹੋਣਗੀਆਂ,ਉਹ ਬਹਿਸਦੇ ਹਨ ਕਿ ਸ਼ਾਇਦ ਲੇਖਕ ਦੀ ਬਜਾਏ ਗਲਤੀ ਨਾਲ ਕਿਸੇ ਹੋਰ ਦੀ ਫੋਟੋ ਛਪ ਗਈ ਹੋਵੇਗੀ। ਉਹ ਵੀ ਸ਼ਾਇਦ ਆਪਣੀ ਜਗ੍ਹਾ ਠੀਕ ਹੀ ਬਹਿਸਦੇ ਹੋਣਗੇ ਕਿਉਂਕਿ ਜਿਸ ਮਿਆਰ ਦੀ ਰਾਜਿੰਦਰਜੀਤ ਦੀ ਸ਼ਾਇਰੀ ਹੈ,ਉਹ ਮਿਆਰ ਹਾਸਲ ਕਰਨ ਲਈ ਉਂਮਰਾਂ ਲਗ ਜਾਂਦੀਆਂ ਨੇ। ਦੁਆਬੇ ਦੇ ਇੱਕ ਲੇਖਕ ਨੂੰ ਮੈਂ ਉਸਦੀ ਕਿਤਾਬ ਭੇਜੀ,ਪੜ੍ਹਨ ਪਿਛੋਂ ਉਸਦਾ ਮੈਨੂੰ ਫੋਨ ਆਇਆ,ਕੁਝ ਰਸਮੀ ਗੱਲਾਂ ਪਿਛੋਂ ਉਸਨੇ ਪੁਛਿਆ-“ਰਾਜਿੰਦਰਜੀਤ ਦੀ ਉਮਰ ਕਿੰਨੀ ਕੁ ਐ ਭਲਾਂ?” ਉਸਦੇ ਸੁਆਲ ਤੋਂ ਹੈਰਾਨ ਹੁੰਦਿਆਂ ਮੈ ਦੱਸਿਆ ਕਿ ਪੈਂਤੀ ਕੁ ਸਾਲ ਹੋਵੇਗੀ। “ਪਰਿਵਾਰ ‘ਚ ਕੋਈ ਪਹਿਲਾਂ ਵੀ ਕੋਈ ਲਿਖਦੈ? ਮੇਰਾ ਨਾਹ ‘ਚ ਜਵਾਬ ਸੁਣ ਕੇ ਉਸਨੂੰ ਤਸੱਲੀ ਨਾ ਹੋਈ। ਉਸ ਨੇ ਸਪੱਸ਼ਟ ਰੂਪ ਹੀ ਆਪਣੇ ਮਨ ਦੀ ਸੰਕਾਂ ਜਾਹਿਰ ਕੀਤੀ “ਕਿਤੇ ਇਸ ਤਰਾਂ ਨਹੀ ਪਰਿਵਾਰ ਪਹਿਲਾਂ ਕੋਈ ਹੋਰ ਜਿਵੇ ਇਹਦੇ ਪਿਤਾ ਜੀ ਲਿਖਦੇ ਹੋਣ,ਇਹਨੇ ਆਪਣੇ ਨਾਂ ‘ਤੇ ਛਪਵਾ ਲਈਆਂ ਹੋਣ,ਕਿਉਂਕੀ ਏਸ ਉਮਰ ‘ਚ ਏਨੀ ਪ੍ਰੌੜਤਾ ਆਉਣੀ ਮੁਸ਼ਕਲ ਹੈ।” ਮੈਂ ਦੱਸਿਆ ਅਜੇਹੀ ਕੋਈ ਗੱਲ ਨਹੀ,ਬਹੁਤ ਸਾਰੇ ਨਾਮਵਰ ਸਾਹਿਤਕਾਰ ਰਾਜਿੰਦਰਜੀਤ ਦੀ ਪ੍ਰਪੱਕਤਾ ਅਤੇ ਸਾਹਿਤਕ ਸਮਰੱਥਾ ਬਾਰੇ ਜਾਣਦੇ ਹਨ। ਤਾਂ ਵੀ ਬੜੀ ਮੁਸ਼ਕਲ ਨਾਲ ਹੀ ਉਸ ਨੂੰ ਯਕੀਨ ਆਇਆ।

ਵਿਚਾਰ ਅਤੇ ਤਕਨੀਕ ਦੇ ਬੇਜੋੜ ਸੁਮੇਲ ਨਾਲ ਕੀਤੀ ਰਾਜਿੰਦਰਜੀਤ ਦੀ ਪੁਖ਼ਤਾ ਸ਼ਾਇਰੀ ਵਿੱਚ ਦੁੱਖ-ਸੁੱਖ,ਵਿਧਰੋਹ-ਹਲੀਮੀਂ,ਸਿ਼ੱਦਤ,ਲਗਨ ਤੇ ਸੰਘਰਸ਼ ਦੇ ਭਾਵ ਜਿ਼ੰਦਗ਼ੀ ਬਣ ਕੇ ਧੜਕਦੇ ਹਨ। ਕਮਾਲ ਦੇ ਬਿੰਬ ਚਿਤਰਦਾ ਉਹ ਪਾਠਕ ਨੂੰ ਦਿੱਸਹੱਦੇ ਤੋਂ ਪਾਰ ਲੈ ਜਾਂਦਾ ਹੈ।ਉਸ ਬਾਰੇ ਆਪਣੇ ਵੱਲੋਂ ਜਿ਼ਆਦਾ ਲਿਖਣ ਦੀ ਬਜਾਏ ਮੈਂ ਪੰਜਾਬੀ ਗਜ਼ਲ ਦੇ ਬੋਹੜ ਸੁਰਜੀਤ ‘ਪਾਤਰ’ ਦੇ ਚੰਦ ਕੁ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾਂ,ਇਹ ਸ਼ਬਦ ਉਨ੍ਹਾਂ ਨਿਰਮਲ ਜੌੜਾ ਹੁਰਾਂ ਵੱਲੋਂ ਰੱਖੇ ਰਾਜਿੰਦਰਜੀਤ ਦੇ ਰੂ-ਬ-ਰੂ ਦੌਰਾਨ ਕਹੇ ਸਨ –“… ਰਾਜਿੰਦਰਜੀਤ ਸੂਖਮ ਸ਼ੇਡਜ ਦਾ ਸ਼ਾਇਰ ਹੈ, …ਅਸੀਂ ਸ਼ਇਰੀ ਕਰਦੇ ਹਾਂ,ਉਸ ਦੇ ਵੱਖ-ਵੱਖ ਰੰਗ ਹੁੰਦੇ ਹਨ। ਮਸਲਨ…ਅਸੀ਼ ਸ਼ਾਇਰੀ ਕਰਦੇ ਹਾਂ, …ਜਿਵੇਂ ਕੋਈ ਤਸਵੀਰ ਬਣਾਈਦੀ ਹੈ,…ਵੀ ਲਾਲ ਰੰਗ ਲੈ ਲਿਆ,ਸਫੈਦ ਰੰਗ ਲੈ ਲਿਆ,ਨੀਲਾ,ਕਾਲਾ ਰੰਗ ਲੈ ਲਿਆ,ਉਨ੍ਹਾਂ ਨਾਲ ਕੋਈ ਤਸਵੀਰ ਬਣਾ ਲਈ…। ਪਰ ਰਾਜਿੰਦਰਜੀਤ ਜੋ ਸ਼ਾਇਰੀ ਕਰਦਾ ਹੈ। ਉਹ ਇਸ ਤੋਂ ਅਗਾਂਹ ਦੀ ਗੱਲ ਹੈ, ਜਾਨੀ ਉਸਨੇ ਲਾਲ ‘ਚ ਸਫੈਦ ਮਿਲਾ ਕੇ ਗੁਲਾਬੀ ਬਣਾ ਲਿਆਂ ਜਾਂ ਸਫੈਦ ‘ਚ ਨੀਲਾ ਮਿਲਾ ਕੇ ਅਸਮਾਨੀ ਬਣਾ ਲਿਆ,ਜਾਂ ਇਸ ਤਰਾਂ ਦੇ ਹੋਰ ਨਵੇਂ ਸ਼ੇਡਜ ਸਿਰਜ਼ ਲਏ।ਕਹਿਣ ਦਾ ਭਾਵ ਹੈ ਕਿ ਬੇਹੱਦ ਸੂਖਮ ਭਾਵਾਂ ਦੀ ਸ਼ਾਇਰੀ ਕਰਦਾ ਹੈ ਸਾਡਾ ਰਾਜਿੰਦਰਜੀਤ।ਉਸ ਵਿੱਚ ਅਣਕਹੇ ਨੂੰ ਕਹਿਣ ਦੀ ਸਮਰੱਥਾ ਹੈ।ਨੌਜਵਾਨਾਂ ਦੀ ਟੀਮ ਜਿਨ੍ਹਾ ਪੰਜਾਬੀ ਗਜ਼ਲ ਦਾ ਭਵਿੱਖ ਹੋਰ ਸਵਾਰਨਾਂ ਹੈ,ਉਨ੍ਹਾਂ ਵਿਚ ਰਾਜਿੰਦਰਜੀਤ ਦਾ ਨਾਂ ਵਿਸ਼ੇਸ ਤੌਰ ‘ਤੇ ਲਿਆ ਜਾ ਸਕਦਾ ਹੈ…ਮੈਨੂੰ ਉਸ ਤੋਂ ਬਹੁਤ ਆਸਾਂ ਹਨ।”
ਉਪਰੋਤਕ ਸ਼ਬਦਾਂ ਵਿਚੋਂ ਸੁਰਜੀਤ ਪਾਤਰ ਹੁਰਾਂ ਦੇ ਵੱਡਪਨ ਦਾ ਝਲਕਾਰਾ ਤਾਂ ਪੈਂਦਾ ਹੀ ਹੈ,ਮੈਂ ਸਮਝਦਾਂ ਹਾਂ ਕਿ ਸਾਵੇ ਅਕਸ ਦੀ ਹਾਜ਼ਰੀ ਨਾਲ ਰਾਜਿੰਦਰਜੀਤ ਉਨ੍ਹਾਂ ਦੇ ਸ਼ਬਦਾਂ ਦੇ ਹਾਣ ਦਾ ਹੋ ਨਿਬੜਿਆ ਹੈ।ਭਾਸ਼ਾ,ਸਿ਼ਲਪ ਅਤੇ ਸਿੱ਼ਦਤ ਤਿੰਨਾਂ ‘ਤੇ ਉਸਦੀ ਵਿਸ਼ੇਸ ਪਕੜ ਹੈ।ਉਹ ਕਿਸੇ ਗਜ਼ਲ ਸਕੂਲ ਦਾ ਘੜਿਆ ਸ਼ਾਇਰ ਨਹੀ ਸਗੋਂ ਵਕਤ ਜਿਹੇ ਨਿਪੁੰਨ ਜੌ਼ਹਰੀ ਦਾ ਤਰਾਸਿ਼ਆ ਹੀਰਾ ਹੈ।ਇਸੇ ਲਈ ਉਸ ਦੀ ਵਿਲੱਖਣ ਚਮਕ ਅਤੈ ਉਸਦੀ ਸਤਾਅ ਦੇ ਹਜ਼ਾਰਾਂ ਪਹਿਲੂ ਹਨ। ਇਹ ਪਹਿਲੂ ਤੁਹਾਡੇ ਨਾਲ ਸਾਂਝੇ ਕਰਨ ਲਈ ਮੈਂ ਚਾਹੁੰਦਾ ਸਾਂ ਕਿ ਉਸ ਦੇ ਵਧੀਆ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਾਂ। ਸ਼ੇਅਰ ਚੁਣਨ ਲਈ ਕਿਤਾਬ ‘ਤੇ ਨਿਸ਼ਾਨੀਆਂ ਲਾਈਆਂ ਤਾਂ ਸਾਰੀ ਕਿਤਾਬ ਹੀ ਨਿਸ਼ਾਨੀਆਂ ਨਾਲ ਭਰ ਗਈ। ਮੇਰੀ ਇਹ ਬੇਵੱਸੀ ਹੈ ਕਿ ਇਸ ਲੇਖ ‘ਚ ਸਾਰੀ ਕਿਤਾਬ ਨੂੰ ਦੋਬਾਰਾ ਨਹੀ ਛਾਪ ਸਕਦਾ।ਫਿਰ ਵੀ ਆਪਣੀ ਪਸੰਦ ਦੀਆਂ ਕੁਝ ਗਜ਼ਲਾਂ ਤੁਹਾਡੀ ਨਜ਼ਰ ਜ਼ਰੂਰ ਕਰਾਂਗਾ-
1 ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ ਪੰਨਾ 18

2 ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ਪੰਨਾ 39

3 ਕਿਵੇਂ ਕਲੀਆਂ ਨੂੰ ਪਾਉਂਦਾ ਵਾਸਤਾ ਮੈਂ ਮੁੰਹ ਵਿਖਾਲਣ ਦਾ
ਮਿਰੇ ਸਿਰ ਦੋਸ਼ ਆਇਆ ਹੈ ਸੁਗੰਧਾਂ ਨੂੰ ਉਧਾਲਣ ਦਾ ਪੰਨਾ 64

4 ਬਿਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਂਆਂ ਨੇ ਪੈੜਾਂ ਆਪਣਾ ਚਿਹਰਾ ਲਕੋ ਕੇ ਪੰਨਾ 65

5 ਮੇਰਾ ਮਨ ਹੁਣ ਬੇ ਆਬਾਦ ਸਰਾਂ ਲਗਦਾ ਹੈ
ਇਸ ਕਾਰੇ ਵਿੱਚ ਤੇਰਾ ਹੀ ਤਾਂ ਨਾਂ ਲਗਦਾ ਹੈ ਪੰਨਾ 67

6 ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ
ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ,ਖਾਬਾਂ ਵਿੱਚ ਸ਼ਮਸ਼ਾਨ ਰਹੇ ਪੰਨਾ 78
ਮੇਰੀ ਪਸੰਦ ਦੀਆਂ ਉਪਰੋਤਕ ਖੂਬਸੂਰਤ ਮਤਲੇ ਵਾਲੀਆਂ ਇਨ੍ਹਾਂ ਗਜ਼ਲਾਂ ਦੇ ਸਾਰੇ ਸ਼ੇਅਰ ਹੀ ਵਿਚਾਰ ਅਤੈ ਮਿਆਰ ਪੱਖੋਂ ਇੱਕ ਦੂਜੇ ਤੋਂ ਵੱਧਕੇ ਹਨ। ਇਹਨਾਂ ਤੋਂ ਇਲਾਵਾ ਕਿਤਾਬ 'ਚ ਬਾਕੀ ਗਜ਼ਲਾਂ ਵਿਚ ਇੱਕ ਵੀ ਸ਼ੇਅਰ ਐਸਾ ਨਹੀ ਮਿਲੇਗਾ ਜਿਸਨੂੰ ਅਸੀਂ ਭਰਤੀ ਜਾਂ ਮਾਮੂਆਨਾ ਕਹਿ ਸਕਦੇ ਹੋਈਏ, ਸਗੋਂ ਹੋਰ ਬੁਲੰਦੀ ਵੱਲ ਲੈ ਜਾਂਦੇ ਉਸਦੇ ਕਾਬਿਲੇ-ਏ-ਗੌਰ ਸ਼ੇਅਰ ਤੁਹਾਡੀ ਨਜ਼ਰ ਕਰਾਂਗਾਂ-
ਉਲੀਕੇ ਖੰਬ ਕਾਗ਼ਜ਼ ‘ਤੇ, ਦੁਆਲੇ ਹਾਸ਼ੀਆ ਲਾਵੇ
ਕਿਵੇਂ ਵਾਪਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ? ਪੰਨਾ 19

ਮੈਂ ਅਪਣੇ-ਆਪ ਵਿੱਚ ਇੱਕ ਬੀਜ ਹੀ ਸਾਂ
ਉਹਨਾਂ ਨੇ ਮੇਰੇ ਅੰਦਰ ਬਿਰਖ ਤੱਕਿਆ
ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ
ਉਹ ਸਾਰੇ ਮੇਰੇ ਵੱਲ ਹੀ ਵੇਖਦੇ ਨੇ ਪੰਨਾ 17

ਉਹਲਿਆਂ ਤੋਂ ਬਿਨ ਹੀ ਧੁੱਪੇ ਖੜ੍ਹ ਸਕੇ
ਛਾਂ ਨਿਮਾਣੀ ਦੀ ਵੀ ਕੀ ਔਕ਼ਾਤ ਸੀ ਪੰਨਾ 26

ਕਿੰਨੇ ਹਤਾਸ਼ ਹੋਣਗੇ ਉਹ ਮੇਰੇ ਹਾਲ ‘ਤੇ
ਆਪੇ ਮੈਂ ਫੇਰ ਹੱਸਿਆ ਅਪਣੇ ਖਿਆਲ ‘ਤੇ ਪੰਨਾ 36

ਮੈਂ ਤੇਰੇ ਕਦਮਾਂ ‘ਚ ਓਨੇ ਹੀ ਫੁੱਲ ਰੱਖ ਚੱਲਿਆਂ
ਸਿਰ੍ਹਾਣੇ ਤੂੰ ਮਿਰੇ ਜਿੰਨੇ ਸੀ ਧਰ ਗਿਆ ਪੱਥਰ ਪੰਨਾ 60

ਸਮੇ ਦੀ ਹਿੱਕ ਹੀ ਵਿੰਨ ਕੇ ਧਰੀ ਸ਼ੋਕੇਸ ਅੰਦਰ
ਉਨ੍ਹਾਂ ਰੱਖੀ ਹੈ ਤਿੱਖੀ ਸੂਲ਼ ਵਿੱਚ ਤਿਤਲੀ ਪਰੋ ਕੇ ਪੰਨਾ 65
ਰਾਜਿੰਦਰਜੀਤ ਦੀ ਇਸ ਤਰਾਂ ਦੀ ਦਿਲ ਨੂੰ ਧੁਹ ਪਾਉਣ ਵਾਲੀ ਭਾਵਪੂਰਤ ਸ਼ਾਇਰੀ ਬਾਰੇ ਪੰਜਾਬੀ ਗਜ਼ਲ ਦੀ ਇੱਕ ਹੋਰ ਸਥਾਪਿਤ ਹਸਤੀ ਜਸਵਿੰਦਰ ਹੁਰਾਂ ਲਿਖਿਆ- “ਰਾਜਿੰਦਰਜੀਤ ਦੀਆਂ ਗ਼ਜ਼ਲਾਂ ਪੜ੍ਹਕੇ ਪਾਠਕ ਦੀ ਧੜਕਣ ਸਹਿਜ ਨਹੀ ਰਹਿੰਦੀ,ਦਿਲ ਦੀ ਜ਼ਮੀਨ ਵਿਚ ਵਿਸਫੋਟ ਹੋਣ ਲਗਦੇ ਨੇ,ਪੈਰਾਂ ਹੇਠਲੇ ਬਣੇ ਬਣਾਏ ਰਾਹਾਂ ਨੂੰ ਕੰਬਣੀ 
ਛਿੜ ਜਾਂਦੀ ਹੈ।ਪਲਾਂ ਛਿਣਾਂ ਦੀ ਸੁੰਨ ਮਗਰੋਂ ਪਾਠਕ ਇਸ ਮਹਾਂ-ਦ੍ਰਿਸ਼ ਵਿਚ ਆਪਣੀ ਸਪੇਸ ਤਲਾਸ਼ਣ ਲਗਦਾ ਹੈ।…… …… ਰਾਜਿੰਦਰਜੀਤ ਦੀ ਸ਼ਾਇਰੀ,ਪੰਜਾਬੀ ਗ਼ਜ਼ਲ ਸਿਰੋਂ ਕਈ ਉਲਾਂਭੇ ਲਾਹੁੰਦੀ ਹੈ।ਮਸਲਨ ਕਿਹਾ ਜਾਂਦਾ ਹੈ ਕਿ ਗ਼ਜ਼ਲ ਦੇ ਬੰਧੇਜ ਦੀ ਕੰਡਿਆਲੀ ਵਾੜ ਵਿਚ ਖਿ਼ਆਲਾਂ ਦੇ ਮਿਰਗ ਖੁੱਲੀਆਂ ਚੁੰਗੀਆਂ ਨਹੀ ਭਰ ਸਕਦੇ। ………।
ਪਰ ਰਾਜਿੰਦਰਜੀਤ ਦੇ ਸ਼ੇਅਰਾਂ ਵਿਚ ਸ਼ਬਦ ਏਨੀ ਰੂਹਦਾਰੀ ਅਤੇ ਸਹਿਜ ਨਾਲ ਦਾਖਲ ਹੁੰਦੇ ਨੇ ਕਿ ਖਿ਼ਆਲਾਂ ਦਾ ਅਸਮਾਨ ਜਗਮਗਾ ਉਠਦਾ ਹੈ।ਉਹ ਆਮ ਵਰਤੀ ਜਾਂਦੀ ਭਾਸ਼ਾ ਵਿਚ ਆਪਣੀ ਕਲਾਤਮਿਕ ਛੋਹ ਨਾਲ ਅਜਿਹਾ ਜਾਦੂ ਭਰ ਦਿੰਦਾ ਹੈ ਕਿ ਫਿਜ਼ਾ ਵਿਚ ਹਰਫ਼ਾਂ ਦੀ ਗੂੰਜ ਫੈਲ ਜਾਂਦੀ ਹੈ।”
ਮੈਂ ਜਸਵਿੰਦਰ ਦੀ ਗੱਲ ਨਾਲ ਪੂਰੀ ਤਰਾਂ ਸਹਿਮਤ ਹਾਂ,ਜੇ ਪੰਜਾਬੀ ਗ਼ਜ਼ਲ ਦੇ ਅਤੀਤ ਵੱਲ ਦੇਖੀਏ ਤਾਂ ਇਸ ਮੁੱਢਲੇ ਸ਼ਾਇਰ ਉਰਦੂ ਜਾਂ ਫਾਰਸੀ ਸ਼ਾਇਰੀ ਤੋਂ ਪ੍ਰੇਰਿਤ ਸਨ। ਚੰਦ ਕੁ ਕਾਫੀਏ ਤੇ ਉਹੀ ਉਧਾਰੀ ਜ਼ਮੀਨ ‘ਤੇ ਲਿਖੀਆਂ ਗ਼ਜ਼ਲਾਂ ਪੰਜਾਬੀ ਸਭਿਆਚਾਰ ਅਤੇ ਆਮ ਭਾਸ਼ਾ ਤੋਂ ਬਹੁਤ ਦੂਰ ਸਨ। ਫਿਰ ਇੱਕ ਦੌਰ ਸੁਰੂ ਹੋਇਆ ਪ੍ਰੋ:ਮੋਹਨ ਸਿੰਘ ,ਪ੍ਰਿੰਸੀਪਲ ਤਖਤ ਸਿੰਘ ਤੋਂ ਹੰਦਾਂ ਹੋਇਆ ਜਗਤਾਰ, ਸੁਰਜੀਤ ਪਾਤਰ ਹੁਰਾਂ ਤੱਕ,ਉਹਨਾ ਦੀ ਆਮ ਵਰਤੀ ਜਾਂਦੀ ਭਾਸ਼ਾ ‘ਚ ਕਹੀ ਗ਼ਜ਼ਲ ਬੇਹੱਦ ਪ੍ਰਚੱਲਤ ਹੋਈ,ਉਸ ਤੋਂ ਬਾਅਦ ਦੇ ਸ਼ਾਇਰਾਂ ਜਿਨ੍ਹਾ ‘ਚ ਬਰਜਿੰਦਰ ਚੌਹਾਨ, ਜਸਵਿੰਦਰ, ਗੁਰਤੇਜ, ਸੁਰਜੀਤ ਜੱਜ ਹੁਰਾਂ ਦਾ ਨਾਂ ਲਿਆ ਜਾ ਸਕਦਾ ਹੈ,ਵੀ ਇਸ ਸਹਿਜਤਾ ਨੂੰ ਬਰਕਰਾਰ ਰੱਖਿਆ ਹੈ। ਲੰਡਨ ਦੀ ਰੁਝੇਵਿਆਂ ਭਰੀ ਜਿੰ਼ਦਗ਼ੀ ਜਿਉਂਦਿਆਂ ਵੀ ਰਾਜਿੰਦਰਜੀਤ ਦੀ ਇਹੀ ਸਹਿਜਤਾ ਅਤੇ ਰੂਹਦਾਰੀ ਉਸ ਦੀਆਂ ਗ਼ਜ਼ਲਾਂ ਦੀ ਖ਼ਾਸੀਅਤ ਹੈ।ਇਸੇ ਕਰਕੇ ਉਸਦੇ ਪ੍ਰਗੱਟਾ ਸਬਰ ਵਿਆਪੱਕ ਹੋ ਜਾਂਦੇ ਨੇ-
ਤੁਰ ਜਾਂਵਾ ਮੈਂ ਵੀ ਕੰਮ ਨੂੰ,ਗੁੰਮ ਜਾਵਾਂ ਭੀੜ ਵਿੱਚ
ਪੋਣੇ ‘ਚ ਬੰਨ੍ਹ ਕੇ ਰੋਟੀਆਂ,ਗੁੜ ਦੀ ਡਲ਼ੀ ਦੇ ਨਾਲ ਪੰਨਾ 76
ਉਸਦੇ ਸਾਦਗੀ ਨਾਲ ਸ਼ੇਅਰ ਕਹਿਣ ਦੇ ਹੁਨਰ ਦਾ ਜਾਦੂ ਪਾਠਕਾਂ ਦੇ ਸਿਰ ਚੜ੍ਹ ਬੋਲਦੈ ਹੈ- 
ਉਂਜ ਤਾਂ ਮੈਂ ਤੇਰੀਆਂ ਖੁਸੀਆਂ ਦਾ ਹੀ ਪੁਛਣਾ ਸੀ ਹਾਲ
ਜੇ ਕਹੇਂ ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ ਪੰਨਾ 39
ਉਸਦੀ ਸ਼ਾਇਰੀ ‘ਚ ਕੁਦਰਤ ਦੇ ਰੰਗ ਵੀ ਸਹਿਜ-ਸੁਭਾਅ ਹੀ ਪ੍ਰਤੱਖ ਹੁੰਦੇ ਨੇ-
ਇਬਾਰਤ ਪੜ੍ਹ ਰਿਹਾਂ ਮੈਂ ਰੌਸਨੀ ਦੀ
ਮੇਰੇ ਸਾਹਵੇਂ ਸਫ਼ਾ ਪੂਰਬ ਦਾ ਖੁੱਲ੍ਹਿਆ ਪੰਨਾ 70

ਉੱਗਦੇ ਚਾਨਣ ਦੀ ਚੁੰਨੀ ਪਹਿਨ ਕੇ 
ਰਾਤ ਰਾਣੀ ਫਿਰ ਸੁਹਾਗਣ ਹੋ ਗਈ ਪੰਨਾ 71

ਤਿੰਨ ਕੁ ਸਾਲ ਪਹਿਲਾਂ ਇੰਗਲੈਂਡ ਜਾਣ ਤੋਂ ਪਹਿਲਾਂ ਰਾਜਿੰਦਰਜੀਤ ਦਰਜਨ ਦੇ ਕਰੀਬ ਜੱਥੇਬੰਦੀਆਂ ਜਿੰਨਾ ‘ਚ ਤਰਕਸ਼ੀਲ ਸੁਸਾਇਟੀ,ਬਰਗਾੜ੍ਹੀ,ਸਾਹਿਤ ਸਭਾ ਕੋਟਕਪੂਰਾ ਅਤੇ ਸਿਹਤ ਵਿਭਾਗ ਦੀਆਂ ਜੱਥੇਬੰਦੀਆਂ ਦੇ ਸਰਗਰਮ ਆਗੂ ਦੇ ਤੌਰ ‘ਤੇ ਵਿਚਰਦਾ ਰਿਹਾ ਹੈ।ਇਸ ਲਈ ਪ੍ਰਦੇਸ ਵੱਸਦਿਆਂ ਹੋਇਆਂ ਵੀ ਇਥੋਂ ਦੇ ਸਮਾਜਿਕ- ਰਾਜਨੀਤਕ ਹਲਾਤਾਂ ਬਾਰੇ ਜਾਗਰੁਕ ਤੇ ਫਿਕਰਮੰਦ ਰਹਿੰਦਾਂ ਹੈ।ਅਖੌਤੀ ਜਿਹੇ ਇਨਕਲਾਬੀਆਂ ਦੀ ਪਹੁੰਚ ਤੇ ਕਹਿਣੀ- ਕਰਨੀ ਬਾਰੇ ਉਹ ਲਿਖਦੈ-
ਹਨੇਰੀ ਰਾਤ ਵਿੱਚ ਰਾਹ ਲੱਭਦਿਆਂ ਉਹ ਹੋ ਗਿਆ ਜ਼ਖਮੀ
ਉਹਨੂੰ ਸੱ਼ਕ ਸੀ ਕਿ ਇੱਕ ਸੂਰਜ ਉਦ੍ਹੇ ਮੱਥੇ ‘ਚ ਬਲਦਾ ਹੈ ਪੰਨਾ 40

ਉਹ ਤੁਰੇ ਸੀ ਜੋ ਕਾਲਖ ਨੂੰ ਵਰਜਣ ਲਈ
ਉਹਦੇ ਹੱਥਾਂ ‘ਚੋਂ ਕਿਰਨਾਂ ਛਡਾਵਣ ਲਈ
ਪਰਤ ਆਏ ਹਨੇਰੇ ਦੀ ਦੇਹਲੀ ਤੋਂ ਹੀ
ਅਪਣੇ ਹੱਥਾਂ ‘ਚੋਂ ਚੁੱਕੇ ਚਿਰਾਗ਼ਾਂ ਸਣੇ ਪੰਨਾ 69
ਵੋਟਾਂ ਦੀ ਰਾਜਨੀਤੀ ‘ਚ ਮਨੁੱਖਤਾ ਦਾ ਘਾਣ ਕਰਕੇ ਖੁਦ ਹੀ ਰਖਵਾਲੇ ਬਣਨ ਦਾ ਢੋਂਗ ਕਰਨ ਵਾਲੇ ਰਾਜਨੀਤਕਾ ਤੋਂ ਪਰੈਸ਼ਾਨ ਹੋ ਉਹ ਲਿਖਦੈ-
ਭੇਜੇ ਸਨ ਬਾਗਾਂ ਨੂੰ ,ਜੋ ਮਹਿਕਾਂ ਲੈਣ ਲਈ
ਕੁਝ ਨਾਅਰੇ ਲੈ ਆਏ,ਤੇ ਕੁਝ ਹਥਿਆਰ ਨਵੇਂ 

ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ
ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇਂ ਪੰਨਾ 49
ਅਜੇਹੇ ਵਿਸ਼ਲੇਸ਼ਨ ਕਰਦਿਆਂ ਕਈ ਵਾਰ ਉਸਦੀ ਕਲਮ ਪਲ ਕੁ ਭਰ ਲਈ ਨਿਰਾਸ਼ਾ ਦੇ ਆਲਮ ‘ਚ ਵੀ ਡੁੱਬ ਜਾਂਦੀ ਹੈ-
ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ ‘ਕੱਲੇ ਅਸੀਂ
ਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ ਪੰਨਾ 47


ਮੈਂ ਜਦੋਂ ਵੀ ਉਸ ਨੂੰ ਮਿਲਦਾਂ ਹਾਂ,ਹਰ ਸੰਵੇਦਨਸ਼ੀਲ ਮਨੁੱਖ ਵਾਗ ਉਹ ਮੈਨੂੰ ਕਿਸੇ ਨਾ ਕਿਸੇ ਮੁਸੀਬਤ ‘ਚ ਫਸਿਆ ਹੀ ਮਿਲਦੈ,ਪਰ ਮੈਂ ਕਦੇ ਉਸ ਦੇ ਮੱਥੇ ਤਿਉੜੀ ਨਹੀ ਦੇਖੀ ਸਗੋਂ ਉਹ ਸਦਾ ਮੁਸਕਰਾ ਕੇ ਜੂਝਦਾ ਹੀ ਮਿਲਿਆ, ਆਪਣੇ ਸੁਭਾਆ ਮੁਤਾਬਕ ਹੀ ਰਾਜਿੰਦਰਜੀਤ ਇਸ ਨਿਰਾਸ਼ਾ ‘ਚ ਸਦਾਚਿਰ ਡੁੱਬ ਕੇ ਨਹੀ ਬੈਠਦਾ ਸਗੋਂ ਅਗਲੇ ਹੀ ਪਲ ਉਹ ਆਸ ਪੱਲ੍ਹਾ ਫੜਦੈ-
ਹੁਣੇ ਹੀ ਚਹਿਕੀਆਂ ਚਿੜੀਆਂ ਤੇ ਪੌਣ ਰੁਮਕੀ ਹੈ
ਤੂੰ ਅਪਣੀ ਸ਼ਾਖ ਨੂੰ ਕਹਿ ਦੇ ਅਜੇ ਨਾ ਕਮਲਾਵੇ ਪੰਨਾ 59

ਹਰ ਲੇਖ਼ਕ ਕਿਸੇ ਆਪਣੇ ਦੇ ਹੇਰਵੇ ‘ਚ ਲਿਖਣਾ ਸੁਰੂ ਕਰਦਾ ਹੈ,ਫਿਰ ਇਹੀ ਨਿੱਜ ਦਾ ਦੁਖਾਂਤ ਹੀ ਪ੍ਰਪੱਕ ਹੋ ਕੇ ਮਾਨਵਤਾ ਦੇ ਦੁੱਖ ਸਮਝਣ-ਲਿਖਣ ਜੋਗਾ ਹੰਦਾ ਹੈ।ਇਸ ਲਈ ਮੈਂ ਸਮਝਦਾ ਹਾਂ ਕਿ ਇਸ ਹੇਰਵੇ ‘ਚ ਉਪਜੀਆਂ ਲਿਖਤਾਂ ਹੀ ਕਿਸੇ ਲੇਖਕ ਦੀ ਉਰੱਜ਼ਨੈਲਟੀ ਹੁੰਦੀਆਂ ਹਨ।ਅਜੇਹੇ ਰੰਗ ਰਾਜਿੰਦਰਜੀਤ ਦੀਆਂ ਲਿਖਤਾਂ ‘ਚ ਮਿਲਦੇ ਹਨ, ਉਸਦੇ ਅਹਿਸਾਸ ਦੀ ਸਿੱਦਤ ਤਾਂ ਵੇਖੋ-
ਯਾਦ ਤੇਰੀ ਪੀੜ ਸੀ ਦਿਲ ਦੀ ਕਦੇ
ਹੌਲੀ-ਹੌਲੀ ਰੂਹ ਦਾ ਕੱਜਣ ਹੋ ਗਈ ਪੰਨਾ 71

ਅੱਧਮੋਈ ਹੋ ਕੇ ਰਹਿ ਗਈ ਹੱਥਾਂ ਦੀ ਛੋਹ ਬਿਨਾ
ਪਾਈ ਸੀ ਚਾਵਾਂ ਨਾਲ ਜੋ ਘੁੱਗੀ ਰੁਮਾਲ ‘ਤੇ ਪੰਨਾ 36

ਪੀੜਾਂ-ਦੁੱਖ ਦੇਖਾਂ ਤਾਂ ਆਪਣਾ ਅੰਗ-ਅੰਗ ਮੈਨੂੰ
ਇਹਨਾਂ ਦੇ ਖੇਡਣ-ਮੱਲ੍ਹਣ ਦੀ ਥਾਂ ਲਗਦਾ ਹੈ ਪੰਨਾ 67
ਵੈਸੇ ਤਾਂ ਉਹ ਹੇਰਵੇ ਨੂੰ ਦਿਲ ਦੀਆਂ ਤਹਿਾਂ ‘ਚ ਸਮੋ ਇਸ ਦਾ ਮੰਥਨ ਕਰਦਾ ਰਹਿੰਦਾਂ ਹੈ,ਇਸ ਨੂੰ ਸਿੱਧੇ ਰੂਪ ਕਦੇ ਸਾਹਮਣੇ ਨਹੀ ਆਉਂਣ ਦਿੰਦਾਂ,ਪਰ ਉਸਨੂੰ ਵਿਸਾਰ ਵੀ ਨਹੀ ਸਕਦਾ।ਅਜੋਕੀ ਅੰਨੀ-ਦੌੜ ਭਰੀ ਜਿ਼ੰਦਗ਼ੀ ‘ਚ ਹਰ ਮਨੂੱਖ ਕਿਸੇ ਨਾ ਕਿਸੇ ਰੂਪ ਪ੍ਰਵਾਸ ਦਾ ਸੰਤਾਪ ਜਾਂ ਹੇਰਵਾ ਹੰਢਾਂ ਰਿਹਾ ਹੈ ਤੇ ਸ਼ਾਇਦ ਉਹ ਵੀ-

ਰੋਹੀਆਂ ‘ਚ ਰੁਲਦਿਆਂ ਨੂੰ,ਭੱਖੜੇ ‘ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ ਅੰਦਰਲੇ ਮੁਰਦਿਆਂ ਨੂੰ ਪੰਨਾ 55

ਛੋਹ ਜਦੋਂ ਮਿਲ ਸਕੀ ਨਾ ਕੇਸਾਂ ਨੂੰ
ਨਿੱਘ ਜਦ ਤੁਰ ਗਏ ਬਦੇਸ਼ਾਂ ਨੂੰ
ਫੇਰ ਪੱਲੇ ਉਨ੍ਹਾਂ ਦੇ ਰਹਿ ਜਾਣਾ
ਸਰਦ ਸੁਪਨਾ ਸਿਆਲ ਦਾ ਕੋਈ ਪੰਨਾ 32

ਬਿਗਾਨੇ ਸ਼ਹਿਰ ਵਿੱਚ ਖ਼ੁਸ਼ ਰਹਿਣ ਦਾ ਸਮਾਨ ਹੈ ਸਾਰਾ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀ ਕੋਈ ਪੰਨਾ 35

ਉਹ ਪੰਜਾਬੀ ਸਾ਼ਇਰੀ ‘ਚ ਵਰ੍ਹਿਆਂ ਜਾਂ ਸਦੀਆਂ ਪੁਰਾਣੀਆਂ ਮਿੱਥਾਂ ਦਾ ਅੱਜ ਦੇ ਸਮੇ ਦੇ ਪ੍ਰਸੰਗ ‘ਚ ਵਿਸ਼ਲੇਸ਼ਨ ਵੀ ਕਰਦਾ ਹੈ,ਜਿਵੇਂ ਪਿਛਲੇ ਦਹਾਕਿਆਂ ‘ਚ ਚੱਲੀ ਕਾਲੀ ਹਨੇਰੀ ਬਾਰੇ ਉਹ ਲਿਖਦਾ ਹੈ-
ਉਹ ਜੋ ਜੋਬਨ ਦੀ ਰੁੱਤੇ ਘਰਾਂ ਤੋਂ ਗਏ

ਨਾ ਘਰਾਂ ਨੂੰ ਮੁੜੇ ਨਾ ਸਿਵੇ ਤੱਕ ਗ

ਰੁੱਤ ਕਾਲ਼ੀ ਜਿਨ੍ਹਾਂ ਨੂੰ ਨਿਗ਼ਲ ਹੀ ਗਈ
ਉਹਨ ਫੁੱਲ ਬਣ ਸਕੇ ਤੇ ਨਾ ਤਾਰੇ ਬਣੇ। 
ਇਸੇ ਕੁੱਝ ਹੋਰ ਮਿੱਥਾਂ ਜਿਵੇਂ-
ਸੱਥ, ਪਰ੍ਹਿਆ,ਕਚਹਿਰੀ ਦੇ ਵਿਹੜੇ ਕਿਤੇ
ਜੇ ਗੁਨਾਹਾਂ ਦੇ ਹੋਏ ਨਬੇੜੇ ਕਿਤੇ
ਮੇਰੀ ਕਵਿਤਾ ਖੜ੍ਹੇਗੀ ਮੇਰੇ ਸਾਹਮਣੇ
ਸਭ ਸਬੂਤਾਂ ਸਣੇ, ਸਭ ਗਵਾਹਾਂ ਸਣੇ ਪੰਨਾ 68

ਸਭ ਆਪਣੇ ਆਪ ਨੂੰ ਹੀ ਜਾਣਦੇ ਨੇ
ਤੂੰ ਹੀ ਇੱਕ ਰਹਿ ਗਿਐਂ ਅਣਜਾਣ ਬੁੱਲ੍ਹਿਆ ਪੰਨਾ 70

ਦੂਰ ਹੀ ਰੱਖੋ ਮੇਰੇ ਤੋਂ ਜਾਮ ਤੇ ਸ਼ੀਸ਼ਾ ਅਜੇ
ਕੌਣ ਕਹਿੰਦਾ ਹੈ ਕਿ ਇਨ੍ਹਾ ਬਿਨ ਸ਼ਾਇਰੀ ਹੁੰਦੀ ਨਹੀ ਪੰਨਾ 48
‘ਸਾਵੇ ਅਕਸ’ ਵਿਚੋਂ ਚੁਨੀਦਾ ਗ਼ਜ਼ਲਾਂ ਨੂੰ ਦਿੱਲੀ ਯੂਨੀਵਰਸਟੀ ਦੇ ਪ੍ਰੋ:ਰਾਜਪਾਲ ਦੀ ਸੰਗੀਤ ਨਿਰਦੇਸ਼ਨਾ ਹੇਠ ਸਫਲਤਾ ਪੂਰਵਕ ਗਾ ਕੇ, ਰਾਜਿੰਦਰਜੀਤ ਆਪਣੀ ਅਵਾਜ਼ ਅਤੇ ਅੰਦਾਜ ਨਾਲ ਇੱਕ ਆਡੀਓ ਸੀ ਡੀ ‘ਸਾਵੇ ਅਕਸ’ ਦੇ ਜਰੀਏ ਵੀ ਆਪਣੇ ਸਰੋਤਿਆਂ ਦੇ ਸਨਮੁੱਖ ਹੋਇਆ ਹੈ।
ਇਸ ਕਿਤਾਬ 'ਚ ਹੋਰ ਵੀ ਬਹੁਤ ਖੂਬਸੂਰਤ ਗ਼ਜ਼ਲਾਂ ਤੁਹਾਡੇ ਜਿਹੇ ਸੂਝਵਾਨ ਪਾਠਕਾਂ ਦੇ ਧਿਆਨ ਦੀ ਮੰਗ ਕਰਦੀਆਂ ਹਨ।ਰਾਜਿੰਦਰਜੀਤ ਦੀ ਸ਼ਾਇਰੀ ਜਾਂ ਕਿਤਾਬ 'ਸਾਵੇ ਅਕਸ' ਬਾਰੇ ਮੈਂ ਜਿੰਨਾ ਵੀ ਲਿਖਾਂ ਉਹ ਥੋੜ੍ਹਾ ਹੈ,ਖੂਬਸੂਰਤ ਸਰਵਰਕ 'ਚ ਬੱਝੀ ਇਸ ਕਿਤਾਬ ਦੀ ਸੁਰੂਆਤ ਅਤੇ ਮੁਕਾਅ ਉਹ ਕਾਵਿਕ ਅੰਦਾਜ਼ 'ਚ ਲਿਖੀ ਨਿਵੇਕਲੀ ਆਦਿਕਾ-ਅੰਤਿਕਾ ਨਾਲ ਕਰਦਾ ਹੈ,ਇਨ੍ਹਾ ਵਿਚਕਾਰ ਉਹ ਆਪਣੀ ਕਾਬਲੀਅਤ ਨਾਲ ਜਦੋਂ ਮਨੁੱਖਤਾ ਜਾਂ ਪ੍ਰਕਿਰਤੀ ਦੇ ਅਣਕਹੇ ਨੂੰ ਸ਼ਬਦ ਜਾਂ ਕਹਿਏ ਜੁਬਾਨ ਦਿੰਦਾ ਹੈ ਤਾਂ ਉਸ ਦੀ ਇਸ ਮਾਣਮੱਤੀ ਸਫਲਤਾ ਨੂੰ ਜੇ ਮੈਂ ਉਸ ਦੇ ਹੀ ਸ਼ਬਦਾਂ 'ਚ ਲਿਖਾਂ- 
ਚੁਫ਼ੇਰੇ ਚਿਣੇ ਹੋਣ ਸ਼ਬਦਾਂ ਦੇ ਮੋਤੀ
ਤੇ ਚਾਨਣ ਖਿਲਾਰੇ ਖਿ਼ਆਲਾਂ ਦੀ ਜੋਤੀ
ਸਜਾਵਾਂ ਇਨ੍ਹਾਂ ਨੂੰ ਮੈਂ ਇਊਂ ਵਰਕਿਆਂ 'ਤੇ
ਜਿਵੇਂ ਸਿਰ ਸਜੀ ਹੋਈ ਦਸਤਾਰ ਹੋਵੇ ਪੰਨਾ 28 
ਸ਼ਾਲਾ,ਉਸ ਦਾ ਇਹ ਯਤਨ ਸੱਚਮੁੱਚ ਹੀ ਪੰਜਾਬੀ ਗ਼ਜ਼ਲ 'ਸਿਰ ਸਜੀ ਦਸਤਾਰ' ਸਾਬਿਤ ਹੋਵੇ।

****

ਬਾਬਾ ਤੇਰੇ ਜੱਗ ਉੱਤੇ……… ਲੇਖ / ਹਰਮੰਦਰ ਕੰਗ (ਸਿਡਨੀ)

ਮਨੁੱਖ ਦੀ ਇਹ ਹਮੇਸ਼ਾਂ ਫਿਤਰਤ ਰਹੀ ਹੈ ਕਿ ਇਹ ਹਰ ਮਾੜੀ ਚੰਗੀ ਗੱਲ ਦਾ ਹੌਲੀ ਹੌਲੀ ਆਦੀ ਹੋ ਜਾਂਦਾ ਹੈ ਬੇਸ਼ੱਕ ਉਹ ਗੱਲ ਨੁਕਸਾਨਦਾਇਕ ਹੀ ਕਿਉਂ ਨਾਂ ਹੋਵੇ।ਸਮਾਜਿਕ ਅਤੇ ਰਾਜਨੀਤਿਕ ਗਿਰਾਵਟ ਦਾ ਰਾਗ ਅਸੀਂ ਸਾਰੇ ਹੀ ਅਲਾਪਦੇ ਹਾਂ ਪਰ ਹੁਣ ਆਸਾਨੀਂ ਨਾਲ ਇਸ ਗਿਰਾਵਟ ਦੀਆਂ ਗੱਲਾਂ ਸਾਨੂੰ ਹਜਮ ਕਰਨ ਦੀ ਆਦਤ ਪੈ ਗਈ ਹੈ।ਪਰ ਅਜੇ ਵੀ ਇੱਕ ਖੇਤਰ ਅਜਿਹਾ ਹੈ ਜਿਸ ਨਾਲ ਅਸੀਂ ਸ਼ਰਧਾ ਅਤੇ ਭਾਵਨਾਤਿਮਿਕ ਤੌਰ ਤੇ ਜੁੜੇ ਹੋਏ ਹਾਂ,ਉਹ ਹੈ ਸਾਡੇ ਧਰਮ ਦਾ ਖੇਤਰ।ਸਾਡੇ ਧਾਰਮਿੱਕ ਖੇਤਰ ਵਿੱਚ ਦਿਨੋਂ ਦਿਨ ਆ ਰਹੀ ਗਿਰਾਵਟ ਸਾਡੇ ਸੰਘੋਂ ਥੱਲੇ ਨਹੀਂ ਉੱਤਰ ਰਹੀ।ਸਿੱਖ ਧਰਮ ਨਾਲ ਸੰਬੰਧਤ ਸਿੱਖ ਸੰਸਥਾਵਾਂ ਗੁਰੁਦੁਆਰਿਆਂ,ਇਤਿਹਾਸਿਕ ਸਥਾਨਾਂ ਅਤੇ ਸਿੱਖ ਧਰਮ ਦੇ ਆਪਣੇ ਆਪ ਨੂੰ ਕੱਟੜ ਸਿੱਖ ਕਹਾਉਣ ਵਾਲੇ ਸੂਤਰਧਾਰ,ਮੂਹਰਲੀ ਕਤਾਰ ਦੇ ਆਲੰਬਰਦਾਰਾਂ ਵਿੱਚ ਸਿੱਖ ਧਰਮ ਸੰਬੰਧੀ ਮੁੱਦਿਆਂ ‘ਤੇ ਨਿੱਤ ਪ੍ਰਤੀ ਦਿਨ ਪੈਦਾ ਹੁੰਦੇ ਆਪਸੀ ਮੱਤਭੇਦ ਅਤੇ ਹਲਚਲਾਂ ਅਤੇ ਚੰਦ ਕੁ ਬੰਦਿਆਂ ਦੀਆਂ ਭੈੜੀਆਂ ਕਰਤੂਤਾਂ ਕਰਕੇ ਪੂਰੀ ਦੁਨੀਆਂ ‘ਚ ਵਸਦੀ ਸਿੱਖ ਕੌਮ ਨੂੰ ਅੱਜ ਜਲੀਲ ਹੋਣਾਂ ਪੈ ਰਿਹਾ ਹੈ।ਪੂਰੀ ਦੁਨੀਂਆਂ ਵਿੱਚ ਸ਼ਾਇਦ ਸਿੱਖ ਧਰਮ ਹੀ ਅਜਿਹਾ ਧਰਮ ਹੈ ਜਿਸਦਾ ਪੂਰਾ ਇਤਿਹਾਸ ਕੁਰਬਾਨੀਂਆਂ ਨਾਲ ਭਰਿਆ ਪਿਆ ਹੈ।ਪਰ ਅੱਜ ਦੀ ਪੀੜ੍ਹੀ ਅਤੇ ਮੌਜੂਦਾ ਲੋਕਾਈ ਧਰਮ ਤੋਂ ਹਟ ਕੇ ਪਤਿਤਪੁਣੇਂ ਵੱਲ ਵਧ ਰਹੀ ਹੈ ਜਾਂ ਫਿਰ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਭੇਸਧਾਰੀ ਆਪੋ ਬਣਾਈ ਸਿੱਖਿਆ ਦੇਣ ਵਾਲੇ ਸਾਧਾਂ ਦੇ ਮਗਰ ਲੱਗੀ ਹੋਈ ਹੈ।ਜੇਕਰ ਇਸ ਮਸਲੇ ਨੂੰ ਹੋਰ ਡੁੰਘਾਈ ਨਾਲ ਕੁਰੇਦਣਾਂ ਹੋਵੇ ਤਾਂ ਸਾਡੇ ਸਾਹਮਣੇਂ ਇੱਕੋ ਹੀ ਸਵਾਲ ਉੱਠਦਾ ਹੈ ਕਿ ਆਖਿਰ ਇਸ ਦੇ

ਕ੍ਰਿਸਮਸ: ਈਸਾ ਦਾ ਜਨਮ ਦਿਨ ਜਾਂ ਮੌਸਮੀ ਮੇਲਾ.......... ਲੇਖ / ਮੁਹਿੰਦਰ ਸਿੰਘ ਘੱਗ


ਕ੍ਰਿਸਮਸ ਸੰਸਾਰ ਵਿਚ ਸਭ ਨਾਲੋਂ ਮਹਿੰਗਾ ਅਤੇ ਸਭ ਨਾਲੋਂ ਵੱਡੇ ਪੱਧਰ ਤੇ ਮਨਾਏ ਜਾਣ ਵਾਲਾ ਮੇਲਾ ਹੋਣ ਦੇ ਨਾਲ ਨਾਲ ਕਈ ਦਫਾ ਵਿਵਾਦਾਂ ਦੇ ਘੇਰੇ ਵਿਚ ਵੀ ਆ ਜਾਂਦਾ ਹੈ। ਸੰਨ 2005 ਵਿਚ ਬਹੁਤ ਸਾਰੇ ਲੋਕਾਂ ਦੇ ਦਬਾਅ ਥੱਲੇ ਵਾਲਮਾਰਟ ਅਤੇ ਹੋਰ ਸਟੋਰਾਂ ਨੇ ਆਪਣੇ ਸਟੋਰਾਂ ਤੇ ਕ੍ਰਿਸਮਸ ਦਾ ਬੈਨਰ ਲਾਉਣ ਦੀ ਬਜਾਏ ਹੈਪੀ ਹੋਲੀਡੇ ਦੇ ਬੈਨਰ ਲਟਕਾਏ ਤਾਂ ਕ੍ਰਿਸਚੀਅਨ ਭਾਈਚਾਰੇ ਨੇ ਰੋਸ ਵਜੋਂ ਸਟੋਰਾਂ ਨੂੰ ਪੱਤਰ ਲਿਖੇ। ਅਖਬਾਰਾਂ ਰਾਹੀਂ ਰੋਸ ਪ੍ਰਗਟ ਕੀਤਾ। ਸਟੋਰਾਂ ਦਾ ਬਾਈਕਾਟ ਕੀਤਾ, ਜਿਸ ਨਾਲ ਸਟੋਰਾਂ ਦੀ ਸੇਲ ਨੂੰ ਫਰਕ ਪਿਆ।



ਵਿਉਪਾਰੀ ਤਬਕਾ ਤਾਂ ‘ਸੇਲ ਬੋਟ’ ਦੀ ਨਿਆਈਂ ਹੁੰਦਾ ਹੈ। ਆਪਣੀ ਜੇਬ ਖਾਤਰ ਉਹ ਹਵਾ ਦੇ ਬਦਲਦੇ ਰੁਖ ਨਾਲ ਆਪਣੀ ਦਿਸ਼ਾ ਬਦਲ ਲੈਂਦਾ ਹੈ। ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਸੰਨ 2006 ਤੋਂ ਹੀ ਹੋਲੀਡੇਜ਼ ਦੇ ਬੈਨਰ ਮੈਰੀ ਕ੍ਰਿਸਮਸ ਵਿਚ ਬਦਲ ਗਏ ਅਤੇ ਸਟੋਰ ਦੇ ਅੰਦਰ ਜਾਂਦਿਆਂ ਹੀ ‘ਜਿੰਗਲ ਬੈਲ, ਜਿੰਗਲ ਬੈਲ’ ਦੀਆਂ ਧੁਨਾਂ ਗਾਹਕਾਂ ਦਾ ਸਵਾਗਤ ਕਰਨ ਲੱਗ ਪਈਆਂ।

ਕ੍ਰਿਸਮਸ ਇਕ ਮੌਸਮੀ ਮੇਲਾ

ਕ੍ਰਿਸਮਿਸ ਇਕ ਮੌਸਮੀ ਮੇਲਾ ਹੈ ਇਸ ਦਾ ਸਬੰਧ ਸੂਰਜ ਨਾਲ ਹੈ। ਜਦ ਬਾਕੀ ਮੇਲਿਆਂ ਵਾਂਗ ਇਸ ’ਤੇ ਵੀ ਧਰਮ ਨੇ ਚਾਦਰ ਪਾ ਲਈ ਤਾਂ ਕ੍ਰਿਸਚੀਅਨ ਭਾਈਚਾਰਾ ਇਸ ਮੌਸਮੀ ਮੇਲੇ ਨੂੰ ਈਸਾ ਦੇ ਜਨਮ ਦਿਨ ਵਜੋਂ ਮਨਾਉਣ ਲੱਗਾ। ਹੌਲੀ ਹੌਲੀ ਕ੍ਰਿਸਚੀਅਨ ਭਾਈਚਾਰਾ ਇੱਡਾ ਹਾਵੀ ਹੋ ਗਿਆ ਕਿ ਇਸ ਮੇਲੇ ਦੀ ਅਸਲ ਹੋਂਦ ਧੁੰਦਲੀ ਹੋ ਗਈ। ਇਤਿਹਾਸ ਗਵਾਹ ਹੈ ਕਿ ਤਾਕਤਵਰ ਹਮੇਸ਼ਾ ਹੀ ਇਤਿਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਢਾਲਦਾ ਆਇਆ ਹੈ। ਭਾਰਤ ਵਿਚ ਇਸਦੀ ਤਾਜ਼ਾ ਮਿਸਾਲ ਭਾਰਤੀ ਜਨਤਾ ਪਾਰਟੀ (ਬੀਜੇਪੀ) ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹੈ ਜੋ ਇਤਿਹਾਸ ਨੂੰ ਗੇਰੂਆ ਕਰਨ ਦੇ ਯਤਨ ਕਰ ਰਹੇ ਹਨ।

ਪੁਰਾਤਨ ਮਨੁੱਖ ਧਰਤੀ ਨੂੰ ਧੁਰਾ ਮਨ ਕੇ ਚੰਦ ਸੂਰਜ ਨੂੰ ਧਰਤੀ ਦੁਆਲੇ ਘੁੰਮਦਾ ਮੰਨਦਾ ਸੀ। ਵਧਦੇ ਘਟਦੇ ਚੰਦਰਮਾ ਨੂੰ ਤੱਕ ਕੇ ਉਸ ਨੇ ਸਮੇਂ ਦੇ ਮਾਪ ਤੋਲ ਲਈ ਕੈਲੰਡਰ ਬਣਾ ਲਿਆ। ਕੁਝ ਮੇਲੇ ਉਸਨੇ ਚੰਦਰਮਾ ਦੇ ਵਧਣ ਘਟਣ ਨਾਲ ਅਤੇ ਕੁਝ ਚੰਦਰਮਾ ਨੂੰ ਕੈਲੰਡਰ ਮੰਨ ਕੇ ਵਾਪਰੀਆਂ ਘਟਨਾਵਾਂ ਦੇ ਆਧਾਰ ਤੇ ਨੀਅਤ ਕਰ ਲਏ। ਜਿਵੇਂ ਮੱਸਿਆ, ਪੁੰਨਿਆਂ, ਦੀਪਾਵਲੀ, ਈਦ ਮੁਬਾਰਕ, ਰਖੜ ਪੁੰਨਿਆਂ, ਕਰਵਾ ਚੌਥ ਅਤੇ ਦੁਸਹਿਰਾ ਵਗੈਰਾ।

ਕੁਝ ਮੇਲੇ ਸੂਰਜ ਨਾਲ ਜੁੜੇ ਹੋਏ ਹਨ। ਅੱਜ ਅਸੀਂ ਸਿਰਫ ਇਕ ਮੇਲੇ ਦੀ ਗੱਲ ਕਰਾਂਗੇ, ਜਿਸ ਨੂੰ ਕ੍ਰਿਸਮਸ ਵਜੋਂ ਮਨਾਇਆ ਜਾਂਦਾ ਹੈ। ਸੂਰਜ ਆਕਾਰ ਵਿਚ ਤਾਂ ਇਕੋ ਸਮਾਨ ਰਹਿੰਦਾ ਹੈ ਪਰ ਇਸ ਦੀ ਹਾਜ਼ਰੀ ਦਾ ਸਮਾਂ ਬਦਲਣ ਨਾਲ ਕਦੇ ਅੰਤਾਂ ਦੀ ਗਰਮੀ ਅਤੇ ਕਦੇ ਠੁਰ ਠੁਰ ਕਰਦਾ ਪਾਲਾ। ਭਰ ਜਵਾਨ ਸੂਰਜ ਦੀ ਗਰਮੀ ਤੋਂ ਬਚਣ ਲਈ ਮਨੁੱਖ ਕੁੱਲੀਆਂ ਬਣਾ ਸਕਦਾ ਸੀ। ਉਸ ਪਾਸ ਛਾਂ ਲਈ ਦਰਖਤ ਸਨ। ਦਰਿਆਵਾਂ, ਟੋਭਿਆਂ ਵਿਚ ਵੀ ਚੁੱਭੀਆਂ ਲਾ ਸਕਦਾ ਸੀ। ਸੂਰਜ ਦੇਵਤੇ ਨੂੰ ਸ਼ਾਂਤ ਕਰਨ ਲਈ ਮਨੁੱਖ ਨੇ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਅਰਪਨ ਕਰਨਾ ਸ਼ੁਰੂ ਕੀਤਾ। (ਸ਼ਿਵਲਿੰਗ ਤੇ ਪਾਣੀ ਜਾਂ ਦੁੱਧ ਪਾਉਣਾ ਵੀ ਕਾਮਦੇਵ ਨੂੰ ਸ਼ਾਂਤ ਰੱਖਣ ਲਈ ਹੀ ਹੈ)। ਸੂਰਜ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਦੀ ਸਰਦੀ ਜਦ ਆ ਡੇਰਾ ਜਮਾਉਂਦੀ ਤਾਂ ਠੰਡ ਤੋਂ ਬਚਣ ਲਈ ਮਨੁੱਖ ਪਾਸ ਸਿਰਫ ਅੱਗ ਦਾ ਸਹਾਰਾ ਸੀ। ਉਹ ਵੀ ਤਾਂ ਅੱਗ ਵਾਲੇ ਪਾਸੇ ਨਿੱਘ ਹੁੰਦਾ, ਬਾਕੀ ਸਾਰਾ ਜਿਸਮ ਤਾਂ ਨਿੱਘ ਵਿਚ ਨਹੀਂ ਲਪੇਟਿਆ ਜਾ ਸਕਦਾ ਸੀ। ਜਦ ਕਦੀ ਧੁੰਦ ਕਾਰਨ ਸੂਰਜ ਭਗਵਾਨ ਦੇ ਕਈ ਦਿਨ ਦਰਸ਼ਣ ਹੀ ਨਾ ਹੁੰਦੇ ਤਾਂ ਮਨੁੱਖ ਨੂੰ ਘਬਰਾਹਟ ਹੋਣੀ ਸੁਭਾਵਕ ਹੀ ਸੀ। ਉੱਪਰੋਂ ਪੁਜਾਰੀ ਤਬਕਾ ਦੱਸਦਾ ਕਿ ਸੂਰਜ ਦੇਵਤਾ ਤਾਂ ਧੁੰਦ ਦੇ ਦੈਂਤ ਨਾਲ ਜੰਗ ਵਿਚ ਰੁੱਝਾ ਹੋਇਆ ਹੈ। ਉਹ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ। ਸਾਨੂੰ ਉਸਦੀ ਮਦਦ ਲਈ ਪੂਜਾ ਪਾਠ ਕਰਨਾ ਚਾਹੀਦਾ ਹੈ। ਕੋਈ ਕੁਰਬਾਨੀ ਦੇਣੀ ਚਾਹੀਦੀ ਹੈ।

ਸਾਡੇ ਪੂਰਵਜਾਂ ਪਾਸ ਵਿਗਿਆਨਕ ਖੋਜ ਤਾਂ ਹੈ ਨਹੀਂ ਸੀ, ਉਹਨਾਂ ਦਾ ਜੀਵਨ ਤਾਂ ਮਿਥਿਹਾਸ ਸਹਾਰੇ ਚੱਲ ਰਿਹਾ ਸੀ। ਕਮਜ਼ੋਰ ਹੋਏ ਸੂਰਜ ਨੂੰ ਮਦਦ ਦੇਣ ਦੀ ਪਰਥਾ ਕੋਈ ਚਾਰ ਹਜ਼ਾਰ ਸਾਲ ਪੁਰਾਣੀ ਹੈ। ਮੈਸੋਪਟੇਮੀਆਂ ਫਰਾਤ ਅਤੇ ਟਾਈਗਰਸ ਦਰਿਆਵਾਂ ਦੇ ਵਿਚਾਲੇ ਦੇ ਇਲਾਕੇ (ਟਾਈਗਰਸ ਦਰਿਆ ਇਰਾਕ ਵਿਚ ਹੈ ਅਤੇ ਫਰਾਤ ਈਰਾਨ ਵਿਚ) ਦੇ ਇਤਿਹਾਸ ਵਿੱਚੋਂ ਕੋਈ ਚਾਰ ਹਜ਼ਾਰ ਸਾਲ ਤੋਂ ਸੂਰਜ ਦੀ ਮਦਦ ਲਈ ਕੀਤੇ ਉਪਰਾਲੇ ਦੀ ਜਾਣਕਾਰੀ ਮਿਲਦੀ ਹੈ। ਜਦ ਸੂਰਜ ਘੱਟ ਤੋਂ ਘੱਟ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਉਸਦੀ ਸਹਾਇਤਾ ਲਈ ਮੈਸੋਪਟੇਮੀਆਂ ਦਾ ਰਾਜਾ ਆਪਣੇ ਸਭ ਤੋਂ ਤਾਕਤਵਰ ਦੇਵਤੇ ਮਰਡੂਕ ਦੀ ਪੂਜਾ ਕਰਨ ਉਸ ਦੇ ਮੰਦਰ ਜਾਂਦਾ। ਪੂਜਾ ਤੋਂ ਉਪਰੰਤ ਰਾਜੇ ਦੀ ਕੁਰਬਾਨੀ ਦੇਣੀ ਹੁੰਦੀ ਸੀ ਤਾਂ ਕਿ ਉਹ ਮਰਡੂਕ ਦੇਵਤੇ ਨਾਲ ਰਲ ਕੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਛੁਡਵਾ ਲਵੇ। ਰਾਜੇ ਦੀ ਜਾਨ ਬਚਾਉਣ ਲਈ ਰਾਜੇ ਦੀ ਥਾਂ ਕਿਸੇ ਅਪਰਾਧੀ ਦੀ ਚੋਣ ਹੁੰਦੀ। ਉਸ ਨੂੰ ਰਾਜੇ ਵਰਗੇ ਬਸਤਰ ਪੁਆਏ ਜਾਂਦੇ। ਰਾਜੇ ਵਰਗੀਆਂ ਸਭ ਸੁਵਿਧਾਵਾਂ ਹੁੰਦੀਆਂ। ਰਾਜੇ ਜਿੰਨੀ ਇਜ਼ਤ ਹੁੰਦੀ। ਪੂਜਾ ਤੋਂ ਬਾਅਦ ਰਾਜੇ ਵਾਲੀ ਪੁਸ਼ਾਕ ਉਤਾਰ ਕੇ ਉਸ ਅਪਰਾਧੀ ਦੀ ਕੁਰਬਾਨੀ ਦੇ ਦਿੱਤੀ ਜਾਂਦੀ। ਇਹ ਸਾਰੀ ਪ੍ਰਕਿਰਿਆ ਬਾਰਾਂ ਦਸੰਬਰ ਤੋਂ ਸ਼ੁਰੂ ਹੁੰਦੀ ਅਤੇ ਬਾਰਾਂ ਦਿਨ ਚਲਦੀ।

ਇਸੇ ਤਰ੍ਹਾਂ ਹੀ ਪਰਸ਼ੀਅਨ ਅਤੇ ਬਿਬਲੋਨੀਅਨ ਲੋਕ ਇਹੋ ਜਿਹੇ ਉਪਰਾਲੇ ਕਰਦੇ। ਫਰਕ ਸਿਰਫ ਇੰਨਾ ਹੁੰਦਾ ਕਿ ਓਨੇ ਦਿਨ ਮਾਲਕ ਗੁਲਾਮ ਹੁੰਦੇ ਅਤੇ ਗੁਲਾਮ ਮਾਲਕ। ਮਾਲਕਾਂ ਨੂੰ ਗੁਲਾਮਾਂ ਦੀ ਤਾਬਿਦਾਰੀ ਕਰਨੀ ਪੈਂਦੀ। ਇਸ ਮੇਲੇ ਦੀ ਪੂਜਾ ਪਾਠ ਨੂੰ ਉਹ ਸਾਕਿਹੀਆ ਆਖਦੇ।

ਸਕੈਂਡੇਨੇਵੀਆ ਵਿਚ ਸੂਰਜ ਕੋਈ ਪੈਂਤੀ ਦਿਨ ਨਜ਼ਰ ਹੀ ਨਹੀਂ ਆਉਂਦਾ। ਤੀਹ ਕੁ ਦਿਨ ਬੀਤਣ ਬਾਅਦ ਕੁਝ ਲੋਕ ਪਹਾੜ ਦੀ ਚੋਟੀ ਤੇ ਚੜ੍ਹ ਕੇ ਦੇਖਦੇ। ਜਿਸ ਦਿਨ ਉਹਨਾਂ ਨੂੰ ਸੂਰਜ ਦੀ ਲੋ ਦਿਸਦੀ ਤਾਂ ਉਹ ਹੇਠਾਂ ਉੱਤਰ ਕੇ ਉਸਦੀ ਖਬਰ ਦਿੰਦੇ। ਲੋਕੀਂ ਵੱਡੇ ਵੱਡੇ ਲੱਕੜਾਂ ਦੇ ਮੁੱਢ ਰੱਖ ਕੇ ਧੂਣੀ ਬਾਲਦੇ। ਉਸ ਦੁਆਲੇ ਨੱਚਦੇ ਗਾਉਂਦੇ ਅਤੇ ਇਕੱਠੇ ਖਾਂਦੇ ਪੀਂਦੇ। ਇਸੇ ਤਰ੍ਹਾਂ ਗਰੀਕ, ਜਰਮਨ ਅਤੇ ਹੋਰ ਬਹੁਤ ਸਾਰੇ ਲੋਕ ਸੂਰਜ ਨੂੰ ਮੁੜ ਸੁਰਜੀਤ ਕਰਨ ਲਈ ਆਪੋ ਆਪਣੇ ਢੰਗ ਵਰਤਦੇ।

ਸੂਰਜ ਨੂੰ ਮੁੜ ਸੁਰਜੀਤ ਹੋਇਆ ਦੇਖ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ। ਸੂਰਜ ਦੇਵਤੇ ਦਾ ਨਵਾਂ ਜਨਮ ਗਿਣਿਆ ਜਾਂਦਾ। ਲੋਕ ਇਹਨਾਂ ਦਿਨਾਂ ਵਿਚ ਘਰਾਂ ਨੂੰ ਸ਼ਿੰਗਾਰਦੇ ਅਤੇ ਗਰਮੀਆਂ ਵਿਚ ਪੈਦਾ ਹੋਏ ਅੰਗੂਰਾਂ ਦੀ ਫਸਲ ਤੋਂ ਤਿਆਰ ਕੀਤੀ ਵਾਈਨ ਦੀ ਖੁੱਲ੍ਹ ਕੇ ਵਰਤੋਂ ਹੁੰਦੀ। ਸਿਆਲ ਰੁੱਤੇ ਜਦ ਸਾਰੀ ਬਨਸਪਤੀ ਸੁੱਕ ਜਾਂਦੀ ਤਾਂ ਬਹੁਤ ਸਾਰੇ ਜਾਨਵਰ ਵੀ ਬੁੱਚੜ ਕਰ ਲਏ ਜਾਂਦੇ; ਇਸ ਲਈ ਮਾਸ ਦੀ ਵੀ ਕਾਫੀ ਵਰਤੋਂ ਹੁੰਦੀ। ਲੋਕ ਸੂਰਜ ਦੇ ਨਵੇਂ ਜਨਮ ਦੀ ਖੁਸ਼ੀ ਵਿਚ ਚੰਗਾ ਚੋਖਾ ਖਾਂਦੇ; ਨਚਦੇ, ਗਾਉਂਦੇ। ਇਹ ਇਸ ਮੇਲੇ ਦਾ ਇਤਿਹਾਸਕ ਪੱਖ ਹੈ।

ਕ੍ਰਿਸਮਸ ਕ੍ਰਾਈਸਟ ਦਾ ਜਨਮ ਦਿਨ

ਈਸਾ ਮਸੀਹ ਨੂੰ ਕ੍ਰਾਈਸਟ ਵੀ ਕਿਹਾ ਜਾਂਦਾ ਹੈ। ਉਸ ਦੇ ਪੈਰੋਕਾਰਾਂ ਨੂੰ ਕ੍ਰਿਸਚੀਅਨ ਅਤੇ ਉਸ ਦੇ ਜਨਮ ਦਿਨ ਤੇ ਮਨਾਏ ਗਏ ਜਸ਼ਨ ਨੂੰ ਕ੍ਰਿਸਮਸ। ਈਸਾ ਮਸੀਹ ਦਾ ਜਨਮ ਕਦੋਂ ਹੋਇਆ, ਇਸ ਦਾ ਕੋਈ ਵੀ ਸਬੂਤ ਨਹੀਂ ਮਿਲਦਾ। ਈਸਾ ਮਸੀਹ ਦੀ ਸ਼ਹਾਦਤ ਤੋਂ ਬਾਅਦ ਉਸਦੇ ਸੇਵਕਾਂ ਨੂੰ ਬੇਹਦ ਕੁਰਬਾਨੀਆਂ ਦੇਣੀਆਂ ਪਈਆਂ। ਜਨਮ ਦਿਨ ਮਨਾਉਣਾ ਤਾਂ ਇਕ ਪਾਸੇ, ਉਹ ਤਾਂ ਇਕੱਠੇ ਵੀ ਚੋਰੀ ਛਿੱਪੇ ਹੁੰਦੇ ਸਨ।

ਪਾਲ ਯਹੂਦੀ ਸੀ। ਰੋਮ ਦਾ ਜੰਮਪਲ ਹੋਣ ਕਾਰਨ ਰੋਮਨ ਸੀ। ਉਸ ਨੇ ਖੁਦ ਕ੍ਰਾਈਸਟ ਨੂੰ ਦੇਖਿਆ ਤਕ ਨਹੀਂ ਸੀ। ਬਾਕੀ ਯਹੂਦੀਆਂ ਵਾਂਗ ਉਹ ਇਸ ਨਵੇਂ ਧਰਮ ਨਾਲ ਬੇਹਦ ਨਫਰਤ ਕਰਦਾ ਸੀ। ਉਸ ਨੇ ਇਸ ਨਵੇਂ ਧਰਮ ਨੂੰ ਖਤਮ ਕਰਨ ਲਈ ਬਹੁਤ ਸਾਰੇ ਕ੍ਰਿਸਚੀਅਨ ਨੂੰ ਫੜਾਇਆ, ਜਿਹਨਾਂ ਨੂੰ ਬੜੇ ਅਣਮਨੁੱਖੀ ਤਸੀਹੇ ਦਿੱਤੇ ਗਏ। ਬਾਅਦ ਵਿਚ ਉਸ ਨੇ ਖੁਦ ਕ੍ਰਿਸਚੀਅਨ ਧਰਮ ਅਪਨਾ ਲਿਆ। ਹੁਸ਼ਿਆਰ ਸੀ, ਕਾਫੀ ਪੜ੍ਹਿਆ ਹੋਇਆ ਸੀ। ਝਟ ਹੀ ਉਹ ਕ੍ਰਿਸਚੀਅਨਾਂ ਦਾ ਆਗੂ ਬਣ ਗਿਆ। ਉਸਨੇ ਕ੍ਰਿਸਚੀਐਨਿਟੀ ਨੂੰ ਦੂਰ ਦੁਰਾਡੇ ਪ੍ਰਚਾਰਨ ਦਾ ਪਰੋਗਰਾਮ ਉਲੀਕਿਆ। ਇਸ ਨੂੰ ਪਾਲ ਦੀ ਕ੍ਰਿਸਚੀਐਨਿਟੀ ਕਹਿਣਾ ਨਾਵਾਜਬ ਨਹੀਂ ਹੋਵੇਗਾ। ਉਸ ਨੇ ਪੈਜਨਸ ਕੌਮਾਂ ਵਿਚ (ਦੇਵੀ ਦੇਵਤਿਆਂ ਵਿਚ ਵਿਸ਼ਵਾਸ ਰਖਣ ਵਾਲੀਆਂ ਕੌਮਾਂ) ਕ੍ਰਿਸਚੀਐਨਿਟੀ ਦਾ ਪਰਚਾਰ ਕੀਤਾ। ਹਰ ਰੋਜ਼ ਜਨ ਸਾਧਾਰਨ ਉਹਨਾਂ ਨਾਲ ਜੁੜਨ ਲੱਗਾ।

ਫਿਰ ਇਕ ਸਮਾਂ ਅਜਿਹਾ ਵੀ ਆਇਆ ਕਿ ਰੋਮ ਬਾਦਸ਼ਾਹ ਕੋਨਸਟੇਟੀਨ ਇਕ ਲੜਾਈ ਵਿਚ ਹਾਰ ਗਿਆ। ਉਸ ਨੇ ਸੋਚਿਆ ਕਿ ਉਹਨਾਂ ਦੇ ਪੁਰਖਿਆਂ ਦਾ ਰੱਬ ਕਮਜ਼ੋਰ ਹੋ ਚੁੱਕਾ ਹੈ। ਅਗਰ ਉਸਨੂੰ ਅਗਲੀ ਲੜਾਈ ਵਿਚ ਜਿੱਤ ਪਰਾਪਤ ਹੋਈ ਤਾਂ ਉਹ ਇਸ ਨਵੇਂ ਉੱਭਰ ਰਹੇ ਧਰਮ ਨੂੰ ਅਪਨਾ ਲਵੇਗਾ। ਕੁਦਰਤਨ ਉਸ ਦੀ ਜਿੱਤ ਹੋਈ ਅਤੇ ਉਹ ਵੀ ਕ੍ਰਿਸਚੀਅਨ ਬਣ ਗਿਆ। ਰੋਮ ਵਿਚ ਕ੍ਰਿਸਚੀਅਨ ਚਰਚ ਤੋਂ ਪਾਬੰਦੀ ਹਟਾ ਲਈ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ (ਰਾਜ ਬਿਨਾਂ ਨਹੀਂ ਧਰਮ ਚਲੇ ਹੈ) ਕੰਮ ਕਰਨ ਲੱਗਾ। 

ਕ੍ਰਿਸਚਿਐਨਿਟੀ ਦਾ ਫੈਲਾ ਸ਼ੁਰੂ ਹੋ ਗਿਆ। ਨਵੇਂ ਬਣੇ ਕ੍ਰਿਸਚੀਅਨ ਪੁਰਾਣੇ ਢੰਗ ਨਾਲ ਹੀ ਸੂਰਜ ਦੇ ਆਗਮਨ ਦਾ ਮੇਲਾ ਮੰਨਾਉਣ, ਕ੍ਰਿਸਚੀਅਨ ਰਹਿਬਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਕ੍ਰਿਸਚੀਅਨ ਆਗੂਆਂ ਨੇ ਪੈਰੋਕਾਰਾਂ ਨੂੰ ਆਦੇਸ਼ ਦਿੱਤਾ ਕਿ ਇਹ ਮੇਲਾ ਪੈਜਨਸ ਲੋਕਾਂ ਦਾ ਹੈ, ਸਾਨੂੰ ਨਹੀਂ ਮਨਾਉਣਾ ਚਾਹੀਦਾ। ਕੁਝ ਸਫਲਤਾ ਤਾਂ ਹੋਈ ਪਰ ਉਹ ਇਸ ਮੇਲੇ ਨੂੰ ਪੂਰੀ ਤਰ੍ਹਾਂ ਨਾ ਰੋਕ ਸਕੇ। ਕ੍ਰਾਈਸਟ ਦੀ ਸ਼ਹਾਦਤ ਤੋਂ 98 ਸਾਲ ਬਾਅਦ ਫੇਰ ਆਗੂਆਂ ਨੇ ਇਕ ਹੋਰ ਪੈਂਤੜਾ ਅਪਣਾਇਆ ਕਿ ਇਹ ਮੇਲਾ ਚਰਚ ਅੰਦਰ ਬੈਠ ਕੇ ਪੂਜਾ ਪਾਠ ਨਾਲ ਮਨਾਇਆ ਜਾਵੇਗਾ। ਦੂਸਰੀ ਤਬਦੀਲੀ ਕ੍ਰਾਈਸਟ ਦੀ ਸ਼ਹਾਦਤ ਤੋਂ 137 ਸਾਲ ਬਾਅਦ ਰੋਮ ਦੇ ਬਿਸ਼ਪ ਨੇ ਆਪਣੇ ਸੇਵਕਾਂ ਨੂੰ ਪੂਜਾ ਪਾਠ ਦੇ ਨਾਲ ਨਾਲ ਇਕ ਦਾਅਵਤ ਕਰਨ ਲਈ ਵੀ ਆਦੇਸ਼ ਦਿੱਤੇ। ਕ੍ਰਾਈਸਟ ਦੀ ਸ਼ਹਾਦਤ ਤੋਂ ਕੋਈ 350 ਸਾਲ ਬਾਅਦ ਰੋਮ ਦੇ ਬਿਸ਼ਪ ਜੂਲੀਅਸ-1 ਨੇ 25 ਦਸੰਬਰ ਕ੍ਰਾਈਸਟ ਦਾ ਜਨਮ ਦਿਨ ਘੋਸ਼ਤ ਕਰ ਦਿੱਤਾ। ਉਸ ਵਕਤ ਤੋਂ ਕ੍ਰਿਸਮਸ ਕ੍ਰਾਈਸਟ ਦੇ ਜਨਮ ਦਿਨ ਵਜੋਂ ਮਨਾਈ ਜਾਣ ਲੱਗੀ। ਧਰਮ ਦਾ ਰੰਗ ਇੱਡਾ ਗੂੜ੍ਹਾ ਚੜ੍ਹਿਆ ਕਿ ਉਸ ਨੇ ਸਾਰੇ ਪੁਰਾਣੇ ਰੰਗ ਲਕੋ ਲਏ। ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਕ੍ਰਾਈਸਟ ਦੇ ਜਨਮ ਦੀ ਤਾਰੀਖ 25 ਦਸੰਬਰ ਇਸ ਲਈ ਚੁਣੀ ਗਈ ਕਿ ਉਹ ਨਵੇਂ ਬਣੇ ਕ੍ਰਿਸਚੀਅਨਾਂ ਨੂੰ ਪੈਜਨਸ ਮੇਲੇ ਦਾ ਬਦਲ ਦੇ ਸਕਣ। ਉਹ ਮੌਸਮੀ ਮੇਲਾ ਅੱਜ ਸਿਰਫ ਕ੍ਰਿਸਚੀਅਨ ਮੇਲਾ ਬਣ ਕੇ ਰਹਿ ਗਿਆ ਹੈ।

ਕ੍ਰਿਸਮਿਸ ਦੇ ਬਦਲਦੇ ਰੰਗ

ਕ੍ਰਾਈਸਟ ਸਾਦਗੀ ਪਸੰਦ ਸੀ। ਜ਼ਿਆਦਾ ਤਰ ਉਸ ਦੇ ਪੈਰੋਕਾਰ ਆਰਥਕ ਪੱਖੋਂ ਕਮਜ਼ੋਰ ਸਨ। 25 ਦਸੰਬਰ ਨੂੰ ਉਹ ਕ੍ਰਾਈਸਟ ਦੇ ਜਨਮ ਤੇ ਚਰਚ ਵਿਚ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ। ਸਮਾਂ ਕਦੇ ਖਲੋਤਾ ਨਹੀਂ ਅਤੇ ਨਾ ਹੀ ਰਸਮੋ ਰਿਵਾਜ। ਇਹ ਵੀ ਸਮੇਂ ਨਾਲ ਬਦਲਦੇ ਰਹਿੰਦੇ ਹਨ। ਯੋਰੋਸ਼ਲਮ ਦੇ ਚੁਗਿਰਦੇ ’ਚੋਂ ਨਿਕਲ ਕ੍ਰਿਸਚਿਐਨੇਟੀ ਜਦ ਦੂਰ ਯੂਰਪ ਅਤੇ ਅਫਰੀਕਾ ਤਕ ਫੈਲੀ ਤਾਂ ਉਹਨਾਂ ਦੇ ਰਸਮੋ ਰਿਵਾਜ ਦਾ ਪਰਛਾਵਾਂ ਵੀ ਕ੍ਰਿਸਮਸ ਤੇ ਪੈਣ ਲੱਗਾ।

ਕ੍ਰਿਸਮਸ ਟਰੀ ਦੀ ਵਰਤੋਂ

ਅੱਜ ਘਰਾਂ ਵਿਚ ਕ੍ਰਿਸਮਸ ਸੀਜ਼ਨ ਦੀ ਸ਼ੁਰੂਆਤ ਕ੍ਰਿਸਮਸ ਟਰੀ ਨਾਲ ਹੁੰਦੀ ਹੈ। ਵੱਖੋ ਵੱਖਰੇ ਢੰਗਾਂ ਨਾਲ ਸ਼ੰਗਾਰ ਕੇ ਸਿਖਰ ਇਕ ਤਾਰਾ ਟੰਗਿਆ ਜਾਂਦਾ ਹੈ। ਸਭ ਤੋਂ ਪਹਿਲਾਂ ਜਰਮਨ ਵਾਲਿਆਂ ਨੇ ਕੋਈ ਸੋਲ੍ਹਵੀਂ ਸਦੀ ਵਿਚ ਘਰਾਂ ਵਿਚ ਸ਼ੰਗਾਰਿਆ ਕ੍ਰਿਸਮਸ ਟਰੀ ਰੱਖ ਕੇ ਕ੍ਰਿਸਮਸ ਮਨਾਈ। ਉਸ ਦੇ ਹਾਰ ਸ਼ਿੰਗਾਰ ਲਈ ਸੇਬ, ਨਾਸ਼ਪਾਤੀਆਂ ਅਤੇ ਹੋਰ ਫਲ ਵਗੈਰਾ ਦੀ ਵਰਤੋਂ ਕੀਤੀ ਗਈ। ਬਾਅਦ ਵਿਚ ਹੋਰ ਕਈ ਕਿਸਮ ਦਾ ਚਮਕਦਾ ਦਮਕਦਾ ਹਾਰ ਸ਼ਿੰਗਾਰ ਬਾਜ਼ਾਰਾਂ ਵਿਚ ਆ ਗਿਆ। ਕਹਿੰਦੇ ਨੇ ਲੂਥਰ ਨਾਮ ਦਾ ਇਕ ਪਰੋਟੈਸਟੈਂਟ ਜਰਮਨ ਪਾਦਰੀ ਨੂੰ ਇਕ ਰਾਤ ਇਕ ਸਦਾਬਹਾਰ ਰਹਿਣ ਵਾਲੇ ਬੂਟੇ ਦੀਆਂ ਪਤਿਆਂ ਵਿਚ ਦੀ ਟਿਮਟਿਮਾਉਂਦੇ ਅਸਮਾਨੀ ਤਾਰੇ ਬੇਹਦ ਪਸੰਦ ਆਏ ਤਾਂ ਘਰ ਆ ਕੇ ਉਸ ਨੇ ਤਾਰਾਂ ਨਾਲ ਕ੍ਰਿਸਮਸ ਟਰੀ ਦੀਆਂ ਟਾਹਣਾਂ ਵਿਚ ਜਲਦੀਆਂ ਮੋਮਬਤੀਆਂ ਬੰਨੀਆਂ। ਅੱਜ ਬਿਜਲੀ ਦੇ ਰੰਗ ਬਰੰਗੇ ਬਲਬ ਸ਼ਿੰਗਾਰ ਦਾ ਇਕ ਜ਼ਰੂਰੀ ਹਿੱਸਾ ਬਣ ਗਏ ਹਨ।

ਅਠਾਰਾਂ ਸੌ ਛਤਾਲੀ ਦੇ ਕ੍ਰਿਸਮਸ ਸੀਜ਼ਨ ਦੌਰਾਨ ਜਦ ਬ੍ਰਿਟਿਸ਼ ਲੋਕਾਂ ਨੇ ਆਪਣੀ ਹਰਦਿਲ ਅਜ਼ੀਜ਼ ਮਲਕਾ ਵਿਕਟੋਰੀਆ ਅਤੇ ਪ੍ਰਿੰਸ ਐਲਬਰਟ ਨੂੰ ਆਪਣੇ ਬੱਚਿਆਂ ਸਮੇਤ ਸ਼ਿੰਗਾਰੇ ਹੋਏ ਕ੍ਰਿਸਮਸ ਟਰੀ ਪਾਸ ਲੰਡਨ ਨਿਊਜ਼ ਵਿਚ ਛਪੀ ਤਸਵੀਰ ਵਿਚ ਦੇਖਿਆ ਤਾਂ ਸਾਰੇ ਇੰਗਲੈਂਡ ਵਿਚ ਕ੍ਰਿਸਮਸ ਟਰੀ ਕ੍ਰਿਸਮਸ ਦਾ ਜ਼ਰੂਰੀ ਅੰਗ ਬਣ ਗਿਆ। ਜਰਮਨ ਪਿਛੋਕੜ ਵਾਲੇ ਅਮਰੀਕਨ ਵਾਸੀਆਂ ਨੇ ਅਮਰੀਕਾ ਦੀ ਧਰਤੀ ਤੇ ਕੋਈ ਸਤਾਰਾਂ ਸੌ ਸੰਨਤਾਲੀ ਵਿਚ ਹੀ ਕ੍ਰਿਸਮਸ ਟਰੀ ਨੂੰ ਕ੍ਰਿਸਮਸ ਦਾ ਅੰਗ ਬਣਾ ਲਿਆ ਸੀ ਪਰ ਨਿਊ ਇੰਗਲੈਂਡ ਸਟੇਟ ਦੇ ਪਿਊਰੀਟਨ ਕ੍ਰਿਸਚੀਅਨ (ਕੈਥੋਲਿਕ, ਪਰੋਟੈਸਟੈਂਟ, ਪਿਉਰਟਨ, ਲੂਥਰਨ; ਕ੍ਰਿਸਚਿਐਨੇਟੀ ਦੇ ਵੱਖ ਵੱਖ ਫਿਰਕੇ) ਕ੍ਰਿਸਮਸ ਟਰੀ ਅਤੇ ਗਲੀਆਂ ਵਿਚ ਗੀਤ ਗਾਉਣ ਅਤੇ ਹੋਰ ਸਾਰੇ ਧੂਮ ਧੜੱਕੇ ਨੂੰ ਪੇਜਨ ਧਰਮ ਦਾ ਹਿੱਸਾ ਸਮਝਦੇ ਸਨ। ਇਹ ਸਭ ਰਸਮਾਂ ਕ੍ਰਾਈਸਟ ਤੋਂ ਪਹਿਲਾਂ ਜਰਮਨ ਵਾਲੇ ਸਰਦ ਰੁੱਤੇ ਜਦੋਂ ਹਰ ਪਾਸੇ ਸੋਕਾ ਹੀ ਸੋਕਾ ਨਜ਼ਰ ਆਊਂਦਾ ਸੀ, ਦਾਨਵਾਂ ਤੋਂ ਆਪਣੇ ਘਰਾਂ ਨੂੰ ਬਚਾਉਣ ਲਈ ਆਪਣੇ ਘਰਾਂ ਅੱਗੇ ਸਦਾ ਬਹਾਰ ਦੀਆਂ ਟਾਹਣਾਂ ਟੰਗਦੇ ਸਨ। ਇਸੇ ਤਰ੍ਹਾਂ ਦੇ ਕੁਝ ਰਿਵਾਜ ਰੋਮ ਵਾਲਿਆਂ ਅਤੇ ਮਿਸਰ ਵਾਲਿਆਂ ਵਿਚ ਵੀ ਪ੍ਰਚਲਤ ਸਨ। ਰੋਮ ਵਾਲੇ ਤਾਂ ਸਾਡੀ ਲੋਹੜੀ ਦੇ ਤਿਉਹਾਰ ਵਾਂਗ ਗਲੀਆਂ ਵਿਚ ਗਾਉਂਦੇ ਫਿਰਦੇ ਹੁੰਦੇ ਸਨ। ਨਿਊ ਇੰਗਲੈਂਡ ਸਟੇਟ ਦੇ ਗਵਰਨਰ ਨੇ ਇਹਨਾਂ ਪੈਜਨ ਰਿਵਾਜ਼ਾਂ ’ਤੇ ਪਾਬੰਦੀ ਲਗਾ ਦਿੱਤੀ। ਹੋਰ ਜਰਮਨ ਆਉਣ ਨਾਲ ਹੌਲੀ ਹੌਲੀ ਕੋਈ ਉੰਨੀਵੀਂ ਸਦੀ ਵਿਚ ਕ੍ਰਿਸਮਸ ਦੌਰਾਨ ਕ੍ਰਿਸਮਸ ਟਰੀ ਦੀ ਆਮ ਵਰਤੋਂ ਹੋਣ ਲੱਗੀ। ਅੱਜ ਅਮਰੀਕਾ ਇਕ ਧਰਮ ਨਿਰਪੱਖ ਦੇਸ ਹੋਣ ਦੇ ਬਾਵਜੂਦ ਕ੍ਰਿਸਮਸ ਮੌਕੇ ਸਰਕਾਰੀ ਤੌਰ ’ਤੇ ਵਾਸ਼ਿੰਗਟਨ ਵਿਚ ਕੋਈ ਅੱਸੀ ਫੁੱਟ ਉੱਚਾ ਕ੍ਰਿਸਮਸ ਟਰੀ ਲਗਾਉਂਦਾ ਹੈ ਅਤੇ ਅਮਰੀਕਾ ਦਾ ਪਰਧਾਨ ਉਸ ’ਤੇ ਲੱਗੀਆਂ ਬਤੀਆਂ ਜਗਾਉਣ ਲਈ ਸਵਿੱਚ ਆਨ ਕਰਦਾ ਹੈ।

ਸੈਂਟਾ ਕਲਾਸ ਦੀ ਆਮਦ

ਕ੍ਰਿਸਮਸ ਵਿਚ ਸੈਂਟਾ ਕਲਾਸ ਲਿਆਉਣ ਦਾ ਸੁਪਨਾ ਨਿਊਯਾਰਕ ਦੇ ਇਕ ਲੇਖਕ ਕਲਮੀਨਟ ਕਲਾਰਕ ਮੂਰ ਨੇ ਸੰਨ 1823 ਵਿਚ ਲਿਆ। ਕਾਰਟੂਨਿਸਟ ਥੌਮਸ ਨਾਸਟ ਨੇ ਉਸ ਦੀ ਰੂਪ ਰੇਖਾ ਉਲੀਕੀ। ਲਾਲ ਕੋਟ ਵਿਚ ਲਪੇਟਿਆ ਹੋਇਆ ਢਿੱਲਾ ਜਿਹਾ ਵੱਡਾ ਸਾਰਾ ਢਿੱਡ, ਢਿੱਲੀ ਜਿਹੀ ਲਾਲ ਪੈਂਟ, ਸਫੇਦ ਲੰਮੀ ਦਾਹੜੀ, ਸਿਰ ਉੱਤੇ ਲਾਲ ਟੋਪੀ ਪਹਿਨ ਕੇ ਜਦੋਂ ਸੈਂਟਾ ਕਲਾਸ ਸਾਹਮਣੇ ਆਇਆ ਤਾਂ ਉਸਦੇ ਚੀਚ ਵਹੁਟੀ (ਬਰਸਾਤ ਰੁੱਤੇ ਨਿਕਲਣ ਵਾਲੀ ਮਖ਼ਮਲੀ ਲਾਲ ਰੰਗ ਦੀ ਭੂੰਡੀ) ਦੇ ਰੂਪ ਨੇ ਸਭਨਾਂ ਦਾ, ਖਾਸ ਕਰ ਬੱਚਿਆਂ ਦਾ ਮਨ ਮੋਹ ਲਿਆ। ਇਸਦਾ ਪਿਛੋਕੜ ਸੇਂਟ ਨਿਕਲਸ ਜਾਂ ਸੇਂਟ ਲੂਸੀ ਨਾਲ ਜੋੜਿਆ ਜਾਂਦਾ ਹੈ, ਜੋ ਪਰਉਪਕਾਰੀ ਸਨ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਸੈਂਟਾ ਕਲਾਸ ਦੇ ਆਉਣ ਨਾਲ ਗਿਫਟ ਲੈਣ ਦੇਣ ਦੀ ਅਮਰੀਕਨ, ਡੱਚ ਅਤੇ ਇੰਗਲਿਸ਼ ਰਵਾਇਤ ਨੂੰ ਬੜਾ ਬੜ੍ਹਾਵਾ ਮਿਲਿਆ।

ਸੈਂਟਾ ਕਲਾਸ ਦੇ ਆਉਣ ਤੋਂ ਪਹਿਲਾਂ ਬੱਚਿਆਂ ਦਾ ਕ੍ਰਿਸਮਸ ਨਾਲ ਕੋਈ ਸਬੰਧ ਨਹੀਂ ਸੀ। ਇਸਦੇ ਆਉਂਦਿਆਂ ਸਾਰ ਹੀ ਇਹ ਵਿਉਪਾਰੀਆਂ ਦਾ ਤਾਂ ਮਸੀਹਾ ਬਣ ਗਿਆ। ਮਾਪੇ ਆਪਣੇ ਬੱਚਿਆਂ ਨੂੰ ਸੈਂਟਾ ਕਲਾਸ ਦੀ ਗੋਦੀ ਵਿਚ ਬਿਠਾ ਕੇ ਤਸਵੀਰਾਂ ਖਿਚਵਾਉਂਦੇ ਹਨ। ਸਟੋਰ ਆਇਆ ਬੱਚਾ ਕੁਝ ਨਾ ਕੁਝ ਖਰੀਦਣ ਲਈ ਮਾਂ ਬਾਪ ਨੂੰ ਮਜਬੂਰ ਕਰ ਹੀ ਦਿੰਦਾ ਹੈ। ਵਿਉਪਾਰੀ ਤਬਕੇ ਵਲੋਂ ਗਿਫਟ ਦੀ ਅਖਬਾਰਾਂ ਰਾਹੀਂ ਗਿਫਟ ਲਿਸਟ ਅਠਾਰਵੀਂ ਸਦੀ ਵਿਚ ਸ਼ੁਰੂ ਹੋਈ, ਜੋ ਅੱਜ ਸਿਖਰਾਂ ’ਤੇ ਹੈ। ਅਜਕਲ ਤਾਂ ਅਕਤੂਬਰ ਲੰਘਦਿਆਂ ਹੀ ਕ੍ਰਿਸਮਿਸ … ਕ੍ਰਿਸਮਿਸ … ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਖਿਡੌਣੇ ਅਤੇ ਹੋਰ ਘਰ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਨਾਲ ਸਾਰੇ ਸਟੋਰ ਨੱਕੋ ਨੱਕ ਭਰ ਦਿੱਤੇ ਜਾਂਦੇ ਹਨ। ਸਟੋਰਾਂ ਦਾ ਹਾਰ ਸ਼ਿੰਗਾਰ ਲੋਕਾਈ ਲਈ ਖਿੱਚ ਦਾ ਕਾਰਨ ਬਣਦਾ ਹੈ।

ਕਈ ਲੋਕ ਤਾਂ ‘ਸਰਦਾ ਭਲਾ’ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਖਰਚਣ ਤੋਂ ਪਹਿਲਾਂ ਹੀ ਆਪਣੀ ਜੇਬ ਦਾ ਅੰਦਾਜ਼ਾ ਲਾ ਲੈਂਦੇ ਹਨ ਪਰ ਬਹੁਤ ਸਾਰੇ ਜੇਬ ਵਿਚ ਹੀ ਬਾਣੀਏ ਦਾ ‘ਬਹੀ ਖਾਤਾ’ ਕਰੈਡਿਟ ਕਾਰਡ ਦੇ ਰੂਪ ਵਿਚ ਲਈ ਫਿਰਦੇ ਹਨ। ਬਸ ‘ਸੋਹੰਦਾ ਭਲਾ’ ਦੇ ਲੜ ਲੱਗ ਕੇ ਕਈ ਇੰਨੇ ਵਿਤੋਂ ਬਾਹਰੇ ਹੋ ਵਗਦੇ ਹਨ ਕਿ ਉਹਨਾਂ ਨੂੰ ਕਰੈਡਟ ਕਾਰਡ ਦੇ ਕਰਜ਼ੇ ਥੱਲਿਓਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਿਸ ਪਾਸ ਕੋਈ ਗਿਫਟ ਦਾ ਬਕਸ ਖੋਲ੍ਹਣ ਨੂੰ ਨਹੀਂ, ਉਹ ਉਦਾਸ ਹੋ ਜਾਂਦਾ ਹੈ। ਆਰਥਕ ਪੱਖੋਂ ਕਮਜ਼ੋਰ ਬੱਚਿਆਂ ਲਈ ਕਈ ਸੰਸਥਾਵਾਂ ਗਿਫਟ ਜੁਟਾ ਦੇਂਦੀਆਂ ਹਨ। ਕ੍ਰਿਸਮਸ ਡਿਨਰ ਵੀ ਵਰਤਾਏ ਜਾਂਦੇ ਹਨ। ਹਰ ਕੋਈ ਇਕ ਦੂਸਰੇ ਦੀ ਖੁਸ਼ੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ।

ਮੇਲੇ ਤਿਓਹਾਰ ਖੁਸ਼ੀਆਂ ਖੇੜਿਆਂ ਲਈ ਹੁੰਦੇ ਹਨ, ਚਾਹੇ ਉਹ ਕਿਸੇ ਫਿਰਕੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਪਰ ਜਦ ਇਹੋ ਜਿਹੇ ਖੁਸ਼ੀ ਦੇ ਅਵਸਰ ਨੂੰ ਵੀ ਜੰਗਬਾਜ਼ ਆਪਣੀ ਹੈਂਕੜ ਪੁਗਾਉਣ ਲਈ ਬਾਰੂਦ ਦੇ ਧੂਏਂ ਨਾਲ ਧੁੰਦਲਾ ਕਰ ਦਿੰਦੇ ਹਨ ਤਾਂ ਅਪਾਹਜਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ। ਮਾਤਮ ਦੀਆਂ ਸਫਾਂ ਵਿਛ ਜਾਂਦੀਆਂ ਹਨ। ਧਰਮਾਂ ਅਤੇ ਸੱਭਿਅਤਾਵਾਂ ਦੇ ਵਧ ਰਹੇ ਵਿਰੋਧ ਕਾਰਨ ਕ੍ਰਿਸਮਸ ਹੀ ਨਹੀਂ, ਸੰਸਾਰ ਦਾ ਹਰ ਮੇਲਾ ਅੱਜ ਬੰਦੂਕਾਂ ਦੀ ਛਾਂ ਥੱਲੇ ਮਨਾਇਆ ਜਾ ਰਿਹਾ ਹੈ। ਮੇਲਿਆਂ ਦੀ ਖੁਸ਼ੀ ਪਵਿੱਤਰਤਾ ਨੂੰ ਸੋਗ ਵਿਚ ਬਦਲਣ ਤੋਂ ਬਚਾਉਣ ਲਈ ਕਿਤੇ ਕੋਈ ਮੋੜ ਪੈਂਦਾ ਨਜ਼ਰ ਨਹੀਂ ਆ ਰਿਹਾ।

530 695 1318


ਇੱਕ ਸੀ ਚਮਕੀਲਾ......... ਲੇਖ / ਜੋਗਿੰਦਰ ਬਾਠ ਹੌਲੈਡ


ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ

ਨੀ ਮੁੰਡਾ ਹੱਥਾਂ 'ਚ ਲੁਟਕਦਾ ਆਵੇ।

ਪਿੰਡ ਮਹਿਸਪੁਰ। ਦਿਨ ਅੱਠ ਮਾਰਚ 1986 ਦਾ ਹੈ। ਜਲੰਧਰ ਨੇੜੇ ਇਸ ਪਿੰਡ ਵਿੱਚ ਇੱਕ ਵਿਆਹ ਦਾ ਸਾਹਾ ਹੈ। ਦੂਰੋਂ ਦੂਰੋਂ ਲੋਕ ਤੁਰ ਕੇ, ਸਾਇਕਲਾਂ, ਟਰੈਕਟਰਾਂ ਟਰਾਲੀਆਂ ਉੱਪਰ ਇਸ ਵਿਆਹ ਤੇ ਲੱਗਣ ਵਾਲੇ ਅਖਾੜੇ ਨੂੰ ਸੁਣਨ ਵਾਸਤੇ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਅਖਾੜਾ ਦੁਪਹਿਰ ਦੇ ਦੋ ਵਜੇ ਤੋਂ ਬਾਅਦ ਲੱਗਣਾ ਹੈ। ਫੱਗਣ ਚੇਤ ਦੇ ਦਿਨ ਹੋਣ ਕਰਕੇ ਕਿਸਾਨ ਅੱਜ ਕੱਲ੍ਹ ਵਿਹਲੇ ਹਨ। ਵਿਆਹ ਵਾਲਾ ਘਰ ਖੇਤਾਂ ਵਿੱਚ ਹੋਣ ਕਰਕੇ ਘਰ ਦੇ ਚਾਰ ਚੁਫੇਰੇ ਸਿੱਟਿਆਂ ਤੇ ਆਈਆਂ ਕਣਕਾਂ ਤੇ ਸਰੋਂ ਦੇ ਪੀਲੇ ਫੁੱਲ੍ਹ ਕੋਸੀ ਕੋਸੀ ਧੁੱਪ ਵਿੱਚ ਕਮਾਲ ਦਾ ਨਜ਼ਾਰਾ ਪੇਸ਼ ਕਰ ਰਹੇ ਹਨ। ਕਣਕ ਦੇ ਖੇਤਾਂ ਵਿੱਚ ਕੱਢੀਆਂ ੳਲੀਆਂ ਵਿੱਚ ਖੜੀ ਸਰ੍ਹੋਂ ਦੇ ਫੁੱਲ੍ਹ ਇੳਂ ਲੱਗਦੇ ਹਨ, ਜਿਸ ਤਰ੍ਹਾਂ ਕੁਦਰਤ ਨੇ ਹਰੇ ਸਿੱਟਿਆਂ ਉੱਪਰ ਪੀਲੇ ਬਦਾਨੇ ਰੰਗੇ ਨਿੱਕੇ ਨਿੱਕੇ ਸਾਫੇ ਬੰਨ ਦਿੱਤੇ ਹੋਣ। ਪਿੱਛਲੇ ਕੁਛ ਸਾਲਾਂ ਤੋਂ ਲੋਕ ਪਤਾ ਨਹੀਂ ਕਿੳਂ ਆਪਣੇ ਖੇਤਾਂ ਵਿੱਚ ਕਮਾਦ ਵੀ ਬੀਜਣ ਲੱਗ ਪਏ ਹਨ। ਕਮਾਦ ਦੇ ਖੇਤ ਕਣਕਾਂ ਅਤੇ ਸਰੋਂ ਦੇ ਖੇਤਾਂ ਵਿੱਚ ਕਿਸੇ ਚੌਰਸ ਜੰਗੀ ਕਿਲਿਆਂ ਵਰਗੇ ਲੱਗਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਿਨਾਂ ਵਿੱਚ ਕਮਾਦ ਦੀ ਫਸਲ ਨੂੰ ਭੈਅ ਅਤੇ ਸ਼ੱਕ ਨਾਲ ਵੇਖਦੇ ਹਨ। ਕੋਈ ਚੂਪਣ ਲਈ ਵੀ ਕਿਸੇ ਸੁੰਨੇ ਪਏ ਖੇਤ ਵਿੱਚੋ ਗੰਨਾ ਭੰਨਣ ਦਾ ਹੀਆ ਨਹੀ ਕਰਦਾ। ਕਮਾਲ ਹੈ ? ਐਨੇ ਮਾੜੇ, ਸ਼ੱਕੀ, ਤੇ ਦਹਿਸ਼ਤੀ ਸਮੇਂ ਹੋਣ ਦੇ ਬਾਵਜੂਦ ਵੀ ਲੋਕ ਕਿਸ ਤਰ੍ਹਾਂ ਮਨਪ੍ਰਚਾਵੇ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵਹੀਰਾਂ ਘੱਤ ਕੇ ਆਪਣੇ ਚਹੇਤੇ ਗਾਇਕ ਨੂੰ ਸੁਣਨ ਆ ਰਹੇ ਹਨ। ਪੰਡਾਲ ਵਾਲੀ ਜਗ੍ਹਾ ਨੇੜੇ ਉੱਘੜ ਦੁੱਘੜੀਆਂ ਅੱਧ ਵਧੀਆਂ ਦਾਹੜੀਆਂ ਤੇ ਪੀਲੀਆਂ ਪੱਗਾਂ, ਸਾਫਿਆਂ, ਪੱਟਕਿਆਂ ਵਾਲੇ ਦਰਸ਼ਕ-ਸਰੋਤੇ ਲੋਕਾਂ ਦੇ ਝੁੰਡ ਆਪਸ ਵਿੱਚ ਖੜ੍ਹੇ ਹਾਸਾ ਠੱਠਾ ਕਰ ਰਹੇ ਹਨ । ਕੁਛ ਤਾਂ ਲੱਗਣ ਵਾਲੇ ਗਾਇਕ ਦੇ ਗੀਤ ਵੀ ਗੁਣ ਗੁਣਾ ਰਹੇ ਹਨ "ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋਗੀ" ਸਾਰੇ ਪੰਜਾਬ ਵਿੱਚ ਇਨ੍ਹਾਂ ਸਮਿਆਂ ਵਿੱਚ ਅੱਤਵਾਦ ਦਾ ਦੈਂਤ ਆਦਮ-ਬੋ ਆਦਮ-ਬੋ ਕਰਦਾ ਫਿਰਦਾ ਹੈ। ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਇਹਨੀ ਦਿਨੀਂ ਸ਼ਾਮ ਪੈਂਦਿਆ ਹੀ ਦਹਿਸ਼ਤ ਦਾ ਰਾਜ ਹੋ ਜਾਂਦਾ ਹੈ। ਪਿੰਡਾ ਦੇ ਘਰਾਂ ਵਿੱਚ ਲੱਗੇ ਬਿਜਲੀ ਦੇ ਲਾਟੂ ਵੇਲੇ ਸਿਰ ਹੀ ਬੁਝ ਜਾਂਦੇ ਹਨ । ਲੋਕ ਦਿਨ ਖੜ੍ਹੇ ਹੀ ਰੋਟੀ ਟੁੱਕ ਖਾ ਕੇ ਅੰਦਰੀਂ ਵੜ੍ਹ ਜਾਂਦੇ ਹਨ। ਗਲੀਆਂ ਵਿੱਚ ਹਨੇਰਾ ਹੋਣ ਤੋਂ ਪਹਿਲਾ ਹੀ ਸੁੰਨਸਾਨ ਹੋ ਜਾਂਦੀ ਹੈ। ਘੁਸ-ਮੁਸੇ ਤੋਂ ਬਾਅਦ ਕੋਈ ਵੀ ਮਨੁੱਖ ਕਿਸੇ ਬਹੁਤ ਹੀ ਜ਼ਰੂਰੀ ਕੰਮ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਦਾ। ਲੋਕਾਂ ਨੇ ਪਾਣੀ ਵਾਲੀਆਂ ਬੰਬੀਆਂ ਨੂੰ ਰਾਤ ਬਰਾਤੇ ਚਲਾਉਣ ਲਈ ਐਟੋਮੈਟਿਕ ਸ਼ੀਹ ਸਟਾਟਰ ਲਗਵਾ ਲਏ ਹਨ। ਰਾਤ ਨੂੰ ਕੋਈ ਪਾਣੀ ਦਾ ਨੱਕਾ ਮੋੜਨ ਲਈ ਵੀ ਨਹੀਂ ਉੱਠਦਾ। ਤਰਕਾਲ ਸੰਧਿਆ ਨੂੰ ਹੀ ਸਾਰੇ ਪਿੰਡਾਂ ਵਿੱਚ ਹਨੇਰੇ ਦਾ ਰਾਜ ਹੋ ਜਾਂਦਾ ਹੈ। ਚਾਨਣ ਸਾਰੀ ਰਾਤ ਸਿਰਫ ਮੜ੍ਹੀਆਂ ਵਿੱਚ ਹੀ ਰਹਿੰਦਾ ਹੈ ਕਿੳਂਕਿ ਹਰ ਦੂਜੇ ਤੀਜੇ ਅਣਆਈ ਮੌਤੇ ਮਰੇ ਲੋਕ ਲਾਸ਼ਾਂ ਦੇ ਰੂਪ ਵਿੱਚ ਲੱਕੜਾਂ ਸਮੇਤ ਸਿਵਿਆਂ ਨੂੰ ਭਾਗ ਲਾ ਰਹੇ ਹਨ। ਪੰਜ਼ਾਬ ਦੀ ਫਿਜ਼ਾ ਵਿੱਚ ਅੱਜ ਕੱਲ੍ਹ ਝੋਨੇ ਦੇ ਪੱਕੇ ਖੇਤਾਂ ਦੀ ਅੱਤਰ ਵਰਗੀ ਖੁਸ਼ਬੂ ਦੇ ਨਾਲ ਨਾਲ ਸੜਦੇ ਜਵਾਨ ਮਾਸ ਦੀ ਬਦਬੋ ਦੇ ਬੁਲੇ ਵੀ ਨੱਕ ਸਾੜ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਗੀਤ ਨਾ-ਮਾਤਰ ਪਰੰਤੂ ਵੈਣ ਹਰ ਰੋਜ਼ ਪਾਏ ਜਾਂਦੇ ਹਨ। ਜੰਗਲ-ਪਾਣੀ ਦਾ ਕੰਮ ਵੀ ਲੋਕ ਅੱਜ ਕੱਲ੍ਹ ਡੰਗਰਾਂ ਵਾਲਿਆ ਕੋਠਿਆਂ ਵਿੱਚ ਹੀ ਨਬੇੜਨ ਲੱਗ ਪਏ ਹਨ। ਸਮਰੱਥਾਵਾਨ ਘਰਾਂ ਨੇ ਤਾਂ ਖੇਤਾਂ ਵਿੱਚ ਰਹਿੰਦਿਆਂ ਵੀ ਘਰ ਦੀ ਚਾਰ ਦਿਵਾਰੀ ਅੰਦਰ ਹੀ ਨਿੱਘਰਵੀਆਂ ਟੱਟੀਆਂ ਬਣਵਾ ਲਈਆਂ ਹਨ। ਖੁੱਲ੍ਹੀਆਂ ਕੱਚੀਆਂ ਹਵੇਲੀਆਂ ਦੁਵਾਲੇ ਵੀ ਕੰਧਾਂ ਉੱਸਰ ਆਈਆਂ ਹਨ ਅਤੇ ਅਣ-ਘੜਤ ਦਰਵਾਜੇ ਕਿਸੇ ਅਣਜਾਣੇ ਡਰ ਨਾਲ ਸਾਰਾ ਦਿਨ ਹੀ ਭਿੜੇ ਰਹਿੰਦੇ ਹਨ। ਪਿੰਡਾਂ ਵਿੱਚ ਜਿੰਨਾਂ ਦੇ ਘਰੀਂ ਅਣਆਈ ਮੌਤ ਨੇ ਸੱਥਰ ਵੀ ਵਿਛਾ ਛੱਡੇ ਹਨ, ਉਹ ਵੀ ਸ਼ਾਮ ਦੇ ਵਕਤ ਵੈਣ ਪਾਉਣੋਂ ਹਟ ਜਾਂਦੇ ਹਨ ਤੇ ਢਿੱਡ ਵਿੱਚ ਹੀ ਬਗੈਰ ਅਵਾਜ਼ ਤੋ ਹਟਕੋਰੇ ਉਹਨਾਂ ਦੀਆਂ ਆਂਦਰਾਂ ਵਿੱਚ ਗੁੰਝਲੇ ਪਾਈ ਜਾਂਦੇ ਹਨ। ਬੰਦੇ ਤਾਂ ਕੀ ਇਹਨਾਂ ਸਮਿਆਂ ਵਿੱਚ ਜਨੌਰਾਂ ਨੇ ਵੀ ਗੀਤ ਗਾਉਂਣੇ ਬੰਦ ਕਰ ਦਿੱਤੇ ਹਨ। ਲੋਕਾਂ ਨੇ ਮਜਬੂਰੀ ਵੱਸ ਆਪਣੇ ਪਾਲਤੂ ਕੁੱਤਿਆਂ ਦੇ ਮੂੰਹਾਂ ਨੂੰ ਵੀ ਰੱਸੀਆਂ ਨਾਲ ਜਕੜ ਦਿੱਤਾ ਹੈ ਤਾਂ ਜੋ ਉਹ ਰਾਤ ਦੀ ਦਹਿਸ਼ਤੀ ਚੁੱਪ ਨੂੰ ਭੌਂਕ ਕੇ ਭੰਗ ਨਾ ਕਰ ਸਕਣ। ਅਵਾਰਾ ਕੁੱਤਿਆਂ ਨੂੰ ਲਗਾਤਾਰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਕੇ ਕੁੱਤੇ ਦੀ ਮੌਤ ਤੋ ਵੀ ਬੱਦਤਰ ਚੂਹਿਆਂ ਦੀ ਮੌਤੇ ਮਾਰਿਆ ਜਾ ਰਿਹਾ ਹੈ। ਹੁਣ ਇਸ ਹੱਸਦੇ ਰੱਸਦੇ ਗਾੳਂਦੇ ਤੇ ਗੁਰਾਂ ਦੇ ਨਾਮ ਤੇ ਜਿਉਂਦੇ ਪੰਜਾਬ ਵਿੱਚ ਕਿਸੇ ਨੂੰ ਗਾਉਂਣ ਦਾ ਤਾਂ ਦੂਰ ਉੱਚੀ ਰੋਣ ਦੀ ਵੀ ਹੱਕ ਨਹੀਂ ਹੈ 'ਤੇ ਇਹੋ ਜਿਹੇ ਸਮੇਂ ਵਿੱਚ ਮਹਿਸਪੁਰ ਪਿੰਡ ਵਿੱਚ ਇਸ ਗਲੇਸ਼ੀਅਰੀ- ਦਹਿਸ਼ਤ ਦੇ ਮੂੰਹ ਨੂੰ ਛਿੱਬੀਆਂ ਦਿੰਦਾ ਇੱਕ ਅਖਾੜਾ ਲੱਗਣ ਜਾ ਰਿਹਾ ਹੈ। ਲੋਕ ਬੇਸਬਰੀ ਨਾਲ ਆਪਣੀ ਚਹੇਤੀ ਗਾਇਕ ਜੋੜੀ ਨੂੰ ਉਡੀਕ ਰਹੇ ਹਨ।
ਅੱਜ ਦਿਨ ਮੰਗਲਵਾਰ ਹੈ। ਅਖੀਰ ਦਿਨ ਦੇ ਦੋ ਵਜੇ ਲੋਕਾਂ ਦੇ ਚਹੇਤੇ ਗਇਕ ਦੀ ਕਾਰ ਵਿਆਹ ਵਾਲੇ ਘਰ ਕੋਲ ਪਹੁੰਚਦੀ ਹੈ। ਲੋਕਾਂ ਵਿੱਚ ਖੁਸ਼ੀ ਨਾਲ ਹਫੜਾ ਦਫੜੀ ਵਾਲਾ ਮਹੌਲ ਬਣ ਜਾਂਦਾ ਹੈ। ਲੋਕ ਕਾਰ ਵੱਲ ਭੱਜਦੇ ਹਨ ਗਇਕ ਜੋੜੀ ਨੂੰ ਇੱਕ ਨਜ਼ਰ ਨੇੜਿਉ ਵੇਖਣ ਲਈ। ਭੀੜ ਵਿੱਚ "ਆਗੇ ਓਏ, ਆਗੇ ਓਏ" ਦਾ ਰੌਲ੍ਹਾ ਮੱਚ ਜਾਂਦਾ ਹੈ। ਕਾਰ ਰੁਕਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ । ਗਾਇਕ ਅਜੇ ਗੱਡੀ 'ਚੋਂ ਬਾਹਰ ਹੀ ਨਿਕਲਦਾ ਹੈ ਤਾੜ ਤਾੜ ਏ ਕੇ ਸੰਤਾਲੀ ਦੀਆਂ ਗੋਲੀਆਂ ਦੇ ਭੜਾਕੇ ਪੈਂਦੇ ਹਨ। ਦਰਖਤਾਂ ਤੇ ਬੈਠੇ ਜਨੌਰ ਤਰਾਹ ਕੇ ਚੀਫ਼ ਚਿਹਾੜਾਂ ਪਾਉਂਦੇ ਅਸਮਾਨ ਵੱਲ ਉੱਡ ਜਾਂਦੇ ਹਨ। ਚਾਰ ਗੋਲੀਆਂ ਗਾਇਕ ਦੀ ਛਾਤੀ ਵਿੱਚ ਠੋਕੀਆਂ ਜਾਂਦੀਆਂ ਹਨ ਤੇ ਨਾਲ ਹੀ ਗਰਭਵਤੀ ਗਾਇਕਾ ਦੀ ਹਿੱਕ ਵੀ ਗੋਲੀਆਂ ਨਾਲ ਛਲਣੀ ਕਰ ਦਿੱਤੀ ਜਾਂਦੀ ਹੈ। ਗਾਇਕ ਜੋੜੀ ਦੀਆਂ ਤੜਫਦੀਆਂ ਲਹੂ ਲੁਹਾਨ ਦੇਹਾਂ ਡੰਗਰਾਂ ਦੇ ਤਾਜੇ ਕੀਤੇ ਗੋਹੇ ਉੱਪਰ ਧੜੱਮ ਢਹਿ ਢੇਰੀ ਹੋ ਜਾਂਦੀਆਂ ਹਨ। ਸਾਜ਼ ਵਜਾਉਣ ਵਾਲੇ ਸਾਜਿੰਦੇ ਵੀ ਸਾਜ਼ਾਂ ਸਮੇਤ ਗੋਲੀਆਂ ਨਾਲ ਭੁੰਨ ਦਿੱਤੇ ਜਾਦੇ ਹਨ। ਸਕਿੰਟਾਂ ਵਿੱਚ ਹੀ ਇਹ ਕੌਤਕੀ-ਭਾਣਾ ਵਰਤ ਜਾਂਦਾ ਹੈ। ਲੋਕ ਗੋਲੀਆਂ ਦੇ ਕੜਾਕੇ ਸੁਣ ਕੇ ਜਿੱਧਰ ਨੂੰ ਮੂੰਹ ਹੁੰਦਾ ਹੈ, ੳਧਰ ਨੂੰ ਹੀ ਲਾਂਗੜਾਂ ਚੁੱਕ ਕੇ ਦੌੜ ਜਾਂਦੇ ਹਨ। ਇੱਕ ਦਮ ਮੋਟਰ ਸਾਇਕਲ ਸਟਾਰਟ ਹੁੰਦੇ ਹਨ, ਕਾਤਲ ਉਤਾਂਹ ਨੂੰ ਗੋਲੀਆਂ ਚਲਾਉਂਦੇ ਰਾਹੇ ਪੈ ਜਾਂਦੇ ਹਨ। ਰਾਹ ਵਿੱਚ ਉਹਨਾਂ ਨੂੰ ਕੁਛ ਲੋਕ ਮਿਲਦੇ ਹਨ ਜੋ ਲੇਟ ਹੋਣ ਦੀ ਵਜ੍ਹਾ ਨਾਲ ਅਖਾੜੇ ਵਾਲੇ ਸਥਾਨ ਵੱਲ ਤੇਜੀ ਨਾਲ ਸਾਹੋ ਸਾਹ ਹੁੰਦੇ ਭੱਜੇ ਆ ਰਹੇ ਹਨ। ਮੋਟਰ ਸਾਇਕਲਾਂ ਵਾਲੇ ਕਾਤਲ ਉਨ੍ਹਾਂ 'ਚੋਂ ਇੱਕ ਬਜ਼ੁਰਗ ਨੂੰ ਲਲਕਾਰ ਕੇ ਕਹਿੰਦੇ ਹਨ।

"ਬਾਬਾ ਮੁੜਜਾ ਪਿਛਾਹ ਨੂੰ ਅਸੀਂ ਚਮਕੀਲੇ ਦਾ ਭੋਗ ਪਾ ਤਾ ਹੈ"। 

ਤੜਕੇ ਦਾ ਵਕਤ ਸੀ 
ਸੁਹਾਗਣਾ ਮਧਾਣੀ ਪਾਈ
ਸੁਣਿਆ ਜਾ ਵਾਕਿਆ ਸੀ
ਸਾਰੀ ਕੰਬ ਗਈ ਲੋਕਾਈ
ਸੌਹਿਰਿਆਂ ਦੇ ਘਰਾਂ ਵਿੱਚੋ 
ਨਾਰੀਆਂ ਸ਼ੁਕੀਨਣਾਂ ਦੇ ਹੱਥਾਂ ਵਿੱਚੋ ਡਿਗ ਪਏ ਰੁਮਾਲ। 

ਇੱਕੀ ਜੁਲਾਈ 1960 ਨੂੰ ਲੁਧਿਅਣੇ ਦੀਆਂ ਜੜ੍ਹਾਂ ਵਿੱਚ ਪੈਂਦੇ ਦੁੱਗਰੀ ਪਿੰਡ ਦੇ ਚਮਿਆਰ ਜਾਤੀ ਦੇ ਅੱਤ ਦੇ ਗਰੀਬ ਪਰਵਾਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ। ਇਸ ਘਰ ਦੇ ਮੁਖੀ ਦਾ ਨਾਂ ਹਰੀ ਸਿੰਘ ਹੈ ਅਤੇ ਉਸ ਦੀ ਘਰ ਵਾਲੀ ਦਾ ਨਾਂ ਕਰਤਾਰੋ ਹੈ। ਗ਼ਰੀਬਾਂ ਦੀਆਂ ਔਰਤਾਂ ਦੇ ਪੂਰੇ ਤੇ ਸਹੀ ਨਾਂ ਸਾਰੀ ਹਯਾਤੀ ਵਿੱਚ ਸਿਰਫ ਦੋ ਹੀ ਸਮਿਆਂ ਤੇ ਬੋਲੇ ਜਾਂਦੇ ਹਨ ਜਾਂ ਤਾਂ ਜੰਮਣ ਵੇਲੇ ਤੇ ਜਾਂ ਫਿਰ ਖੱਫਣ ਪਾਉਂਣ ਵੇਲੇ। ਇਹ ਜੰਮਿਆਂ ਬੱਚਾ ਹਰੀ ਸਿੰਘ ਅਤੇ ਬੀਬੀ ਕਰਤਾਰ ਕੌਰ ਦੀ ਸੱਭ ਤੋਂ ਛੋਟੀ ਘਰੋੜੀ ਦੀ ਔਲਾਦ ਹੈ। ਮਾਪੇ ਇਸ ਚਾਹੀ ਅਣਚਾਹੀ ਔਲਾਦ ਦਾ ਨਾਂ ਜੋ ਜਲਦੀ ਲੱਭਿਆਂ ਜਾ ਜੋ ਨਾਂ ਉਚਾਰਣ ਵਿੱਚ ਉਨ੍ਹਾਂ ਨੂੰ ਸੌਖ ਹੋਵੇ ਚੌਂਹ ਅੱਖਰਾਂ ਦਾ 'ਦੁਨੀ ਰਾਮ' ਰੱਖ ਦਿੰਦੇ ਹਨ। ਭੁੱਖ, ਗ਼ਰੀਬੀ ਤੇ ਜੁਗਾਂ ਜੁਗਾਂਤਰਾਂ ਤੋਂ ਥੁੜ੍ਹਾਂ ਮਾਰੇ ਕੰਮੀਆਂ ਦੇ ਵਿਹੜਿਆਂ ਦੇ ਦੂਜੇ ਅੰਨੇ, ਕਾਣੇ, ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਕਰੇੜੇ ਭਰੇ ਦੰਦਾਂ ਵਾਲੇ ਜਵਾਕਾਂ ਵਾਂਗ ਇਸ ਬੱਚੇ ਦਾ ਵੀ ਬਚਪਨ ਗੁਜ਼ਰਨ ਲੱਗਦਾ ਹੈ। ਸ਼ਾਇਦ ਵੱਡਾ ਅਫਸਰ ਬਣਾਉਣ ਦੀ ਰੀਝ ਨਾਲ ਮਾਂ ਬਾਪ ਇਸ ਬੱਚੇ ਨੂੰ 'ਦੁੱਕੀ' ਫੀਸ ਮਹੀਨਾਂ ਵਾਲੇ ਗੁਜਰ ਫ਼ਾਨ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾ ਦਿੰਦੇ ਹਨ । ਪਰੰਤੂ ਇੱਕ ਗੁਣ ਇਸ ਬੱਚੇ ਵਿੱਚ ਦੂਜੇ ਬੱਚਿਆਂ ਨਾਲੋ ਜਿਆਦਾ ਸੀ। ਦਸਾਂ ਸਾਲਾਂ ਦੀ ਉਮਰ ਵਿੱਚ ਹੀ ਦੁਨੀ ਰਾਮ ਗੀਤਾਂ ਦੀਆਂ ਤੁੱਕਾਂ ਜੋੜਨ ਤੇ ਗਾਉਣ ਲੱਗ ਪੈਂਦਾ ਹੈ। ਘਰ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਹਮੇਸ਼ਾਂ ਆਮ ਦੂਸਰੇ ਗਰੀਬਾਂ ਵਾਂਗ ਦੁਨੀ ਰਾਮ ਨੂੰ ਵੀ ਪੜ੍ਹਨੋ ਹੋੜ ਕੇ ਬਿਜਲੀ ਦਾ ਕੰਮ ਸਿੱਖਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਤੇ ਦੁਨੀ ਰਾਮ ਇਲੈਕਟਰੀਸ਼ਨ ਬਣਨ ਦੇ ਸੁਫਨੇ ਵੇਖਣ ਲੱਗਦਾ ਹੈ। ਘਰ ਦੀ ਗੁਰਬਤ ਤੇ ਕੰਗਾਲੀ ਦੁਨੀ ਰਾਮ ਨੂੰ ਬਿਜਲਈਆ ਵੀ ਬਣਨ ਨਹੀਂ ਦਿੰਦੀ । ਉਹ ਬਿਜਲੀ ਦਾ ਕੰਮ ਛੱਡ ਕੇ ਬਾਪ ਦੀ ਕਬੀਲਦਾਰੀ ਨੂੰ ਮੋਢਾ ਦੇਣ ਲਈ ਕੱਪੜਾ ਮਿੱਲ ਵਿੱਚ ਕੰਮ ਕਰਨ ਲੱਗ ਪੈਂਦਾ ਹੈ ਪਰੰਤੂ ਉਸ ਦੇ ਸਿਰ ਵਿੱਚ ਤਾਂ ਹਮੇਸ਼ਾ ਸੰਗੀਤ ਦਾ ਅਨਹਦ ਨਾਂਦ ਡੋਲਬੀ ਸਰਾਂਊਡਰ ਵਾਂਗੂ ਚਾਰੇ ਕੂੰਟਾਂ ਤੋਂ ਤਰਜ਼ਾਂ ਸਮੇਤ ਖੌਰੂ ਪਾੳਂਦਾ ਰਹਿੰਦਾ ਸੀ। ਜੁੜੇ ਜੜਾਏ ਗੀਤਾਂ ਦੇ ਝੱਖੜ ਖੋਪੜੀ ਵਿੱਚ ਝੁੱਲਦੇ ਰਹਿੰਦੇ ਸਨ। ਦੁਨੀ ਰਾਮ ਦਿਨੇ ਰਾਤ ਗੀਤ ਸੰਗੀਤ ਵਿੱਚ ਗੜੁੱਚ ਆਪ ਪੂਰਾਂ ਜਿਉਂਦਾ ਜਾਗਦਾ ਸਾਜ਼ ਬਣਿਆ ਪਿਆ ਸੀ। ਕੰਮ ਦੇ ਨਾਲੋ ਨਾਲ ਉਸ ਨੇ ਢੋਲਕੀ ਦੀਆਂ ਬਹੁੜੀਆਂ ਵੀ ਪਵਾਉਣੀਆਂ ਸੁਰੂ ਕਰ ਦਿੱਤੀਆਂ। ਦਿਨਾਂ ਵਿੱਚ ਹੀ ਫਰਾਂਸ ਤੋ ਭੱਜ ਕੇ ਪੰਜਾਬੀ ਸੰਗੀਤ ਵਿੱਚ ਦਾਖਲ ਹੋਇਆ ਹਾਰਮੋਨੀਅਮ ਦੁਨੀ ਰਾਮ ਨੂੰ ਵੇਖਦਿਆਂ ਡਰਦਾ ਮਾਰਾ ਆਪੇ ਹੀ ਸੁਰਾਂ ਕੱਢਣ ਲੱਗ ਪੈਂਦਾ। ਤੂੰਬੀ ਤਾਂ ਜਿਵੇਂ ਦੁਨੀ ਰਾਮ ਦੀਆ ਉਂਗਲਾਂ ਦੇ ਪੋਟਿਆਂ ਦੀ ਛੋਹ ਨੂੰ ਅਹਿਲਿਆ ਵਾਂਗ ਸਦੀਆਂ ਤੋਂ ਉਡੀਕਦੀ ਪਈ ਹੋਵੇ। ਜਦੋਂ ਦੁਨੀ ਰਾਮ ਅਤੇ ਸਾਜਾਂ ਵਿੱਚ ਕੋਈ ਫਰਕ ਨਾ ਰਿਹਾ ਤਾਂ ਇੱਕ ਦਿਨ ਉਸ ਨੇ ਰਾਜਕੁਮਾਰ ਗੌਤਮ ਸਿਧਾਰਥ ਵਾਂਗ ਕੰਮ ਤੋਂ ਘਰ ਜਾਣ ਦੀ ਬਜਾਏ ਆਪਣਾ ਪੁਰਾਣਾ ਸਾਇਕਲ ਉਸ ਸਮੇਂ ਦੇ ਮਸ਼ਹੂਰ ਕਲੀਆਂ ਦੇ ਗਾਇਕ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੋੜ ਦਿੱਤਾ। ਦਰੀ ਦੇ ਬਣੇ ਰੰਗ ਉੱਡੇ ਝੋਲੇ ਵਿੱਚ ਪੋਣੇ ਵਿੱਚ ਵਲੇਟੀਆਂ ਰੋਟੀਆਂ ਵੀ ਸ਼ਾਇਦ ਉਸ ਫੈਸਲੇ ਦੇ ਦਿਨ ਉਸ ਤੋਂ ਖਾ ਨਾ ਹੋਈਆਂ। ਆਪਣੇ ਲਿਖੇ ਗੀਤਾਂ ਦੀ ਕਾਪੀ ਅਤੇ ਮੈਲੇ ਕੁਚੈਲੇ ਪੋਣੇ ਵਿੱਚ ਬੰਨੀਆਂ ਸੁੱਕੀਆਂ ਰੋਟੀਆਂ ਸਮੇਤ ਆਪਣੇ ਆਪ ਨੂੰ ਚਿੱਤੋਂ ਮਨੋਂ ਧਾਰੇ ਉਸਤਾਦ ਦੇ ਚਰਨੀਂ ਢੇਰੀ ਕਰ ਦਿੱਤਾ। ਉਸ ਸ਼ਾਮ ਛਿੰਦੇ ਨੇ ਉਸ ਨੂੰ ਰੂਹ ਨਾਲ ਸੁਣਿਆ ਤੇ ਆਪਣਾ ਸ਼ਾਗਿਰਦ ਬਣਾ ਲਿਆ। ਹੁਣ ਦੁਨੀ ਰਾਮ ਆਪਣੇ ਸ਼ੌਕ, ਗੀਤ ਸੰਗੀਤ ਦੇ ਗਾਡੀ ਰਾਹ ਪੈ ਚੁੱਕਿਆ ਸੀ। ਬਾਕੀ ਸਭ ਕੁਛ ਭੁੱਲ ਭੁਲਾ ਕੇ ਉਸ ਨੇ ਆਪਣੇ ਉਸਤਾਦ ਕੋਲੋ ਜੋ ਸਿੱਖ ਸਕਦਾ ਸੀ, ਸਿੱਖਿਆ । ਨਾਲੋ ਨਾਲ ਉਹ ਗੀਤਾਂ ਦੀ ਸਿਰਜਣਾ ਵੀ ਨਿਰੰਤਰ ਕਰਦਾ ਰਿਹਾ। ਉਸ ਨੇ ਸੁਰਿੰਦਰ ਛਿੰਦੇ ਲਈ ਬਹੁਤ ਸਾਰੇ ਗੀਤ ਲਿਖੇ। ਛਿੰਦੇ ਦੀ ਸਟੇਜ ਤੇ ਦੁਨੀ ਰਾਮ ਉਸ ਦੀ ਟੋਲੀ ਨਾਲ ਢੋਲਕੀ, ਹਾਰਮੋਨੀਅਮ, ਅਤੇ ਤੂੰਬੀ ਵੀ ਵਜਾਉਂਦਾ। ਹੌਲੀ ਹੌਲੀ ਅਖਾੜਿਆਂ ਦੌਰਾਨ ਉਹ ਆਪ ਵੀ ਗਾਉਣ ਲੱਗ ਪਿਆ ਤੇ ਖਾੜੇ ਦੌਰਾਨ ਗਾਇਕ ਜੋੜੀ ਨੂੰ ਸਾਹ ਵੀ ਦਵਾਉਣ ਲੱਗ ਪਿਆ। ਉਸ ਦੀ ਕਲਾ ਅਤੇ ਹਰਮਨ ਪਿਆਰਤਾ ਦੀ ਖੁਸ਼ਬੂ ਦੂਜੇ ਚੋਟੀ ਦੇ ਗਾਇਕਾਂ ਤੱਕ ਵੀ ਫੈਲ ਗਈ। ਉਸ ਦੇ ਲਿਖੇ ਗੀਤ ਉਸ ਸਮੇਂ ਦੇ ਲੱਗਭਗ ਸਾਰੇ ਹੀ ਸਟਾਰ ਗਾਇਕਾਂ ਨੇ ਗਾਏ। ਕੇ ਦੀਪ, ਮੁਹੰਮਦ ਸਦੀਕ, ਕੁਲਦੀਪ ਮਾਣਕ ਨਾਲ ਵੀ ਉਸ ਨੇ ਕੰਮ ਕੀਤਾ। ਦੁਨੀ ਰਾਮ ਦਿਨੇ ਰਾਤ ਆਪਣੀ ਧੁੰਨ ਵਿੱਚ ਗੀਤਾਂ ਦੀ ਸਿਰਜਨਾ ਕਰਦਾ ਰਹਿੰਦਾ। ਉਸ ਦੇ ਲਿਖੇ ਗੀਤ ਉਸ ਸਮੇਂ ਦੀਆਂ ਚੋਟੀ ਦੀਆਂ ਦੋਗਾਣੇ ਗਾਉਣ ਵਾਲੀਆਂ ਜੋੜੀਆਂ ਗਾ ਰਹੀਆ ਸਨ। ਉਹ ਆਪਣੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ। ਪਰੰਤੂ ਗੀਤਾਂ ਦਾ ਮੇਹਨਤਾਨਾਂ ਉਸ ਦੇ ਟੱਬਰ ਦਾ ਗੁਜ਼ਾਰਾ ਨਹੀਂ ਸੀ ਕਰ ਸਕਦਾ ਕਿੳਂਕਿ ਇਸ ਦੌਰਾਨ ਦੁਨੀ ਰਾਮ ਬੀਬੀ ਗੁਰਮੇਲ ਕੌਰ ਨਾਲ ਵਿਆਹਿਆ ਵੀ ਗਿਆ ਸੀ ਤੇ ਦੋ ਧੀਆਂ ਅਮਨਦੀਪ ਕੌਰ ਅਤੇ ਕਮਲਦੀਪ ਕੌਰ ਦਾ ਬਾਪ ਵੀ ਬਣ ਚੁੱਕਿਆ ਸੀ। ਹੁਣ ਉਸ ਨੇ ਆਪ ਆਪਣੇ ਨਾਂ ਤੇ ਆਪਣੀ ਸੰਗੀਤ ਮੰਡਲੀ ਬਣਾਉਣ ਦੀ ਠਾਣ ਲਈ। ਉਸ ਨੇ ਆਪਣਾ ਵਪਾਰਕ ਨਾਮ ਅਮਰ ਸਿੰਘ ਚਮਕੀਲਾ ਰੱਖਿਆਂ ਕਿਉਂਕਿ ਗਾਉਣ ਵਾਲੇ 'ਰੰਗੀਲੇ ਜੱਟ' ਜੋ ਉਸ ਦਾ ਆਦਰਸ਼ ਅਤੇ ਰੋਲ ਮਾਡਲ ਵੀ ਸੀ ਤੋਂ ਦੁਨੀ ਰਾਮ ਬਹੁਤ ਪ੍ਰਭਾਵਤ ਸੀ। ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ ਵੈਦਾਂ ਦੇ ਚੁਬਾਰਿਆਂ ਵਿੱਚ ਉਸ ਨੇ ਆਪਣਾ ਦਫਤਰ ਵੀ ਬਣਾ ਲਿਆ। ਪਹਿਲੀ ਜੋੜੀ ਉਸ ਨੇ ਗਾਇਕਾ ਸੁਰਿੰਦਰ ਸੋਨੀਆਂ ਨਾਲ ਬਣਾਈ। ਜਦੋ ਚਮਕੀਲੇ ਅਤੇ ਸੁਰਿੰਦਰ ਸੋਨੀਆਂ ਦਾ ਪਹਿਲਾ ਐਲ ਪੀ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਪਰੋਇਆ ਮਾਰਕੀਟ ਵਿੱਚ ਆਇਆ ਤਾਂ ਸਰੋਤਿਆ ਨੇ ਇਸ ਜੋੜੀ ਨੂੰ ਹੱਥੋ ਹੱਥੀ ਚੁੱਕ ਲਿਆ। ਇਸ ਐਲ ਪੀ ਵਿੱਚ ਚਮਕੀਲੇ ਦੇ ਆਪਣੇ ਲਿਖੇ, ਕੰਪੋਜ਼ ਕੀਤੇ ਅਤੇ ਗਾਏੇ ਅੱਠ ਦੋ-ਗਾਣੇ ਸਨ। 1979 ਵਿੱਚ ਆਏ ਇਸ ਇਸ ਐਲ ਪੀ ਨੇ ਚਮਕੀਲੇ ਨੂੰ ਰਾਤੋ ਰਾਤ ਸਟਾਰ ਗਾਇਕ ਦੇ ਰੁੱਤਬੇ ਤੇ ਲਿਆ ਖੜ੍ਹਾ ਕੀਤਾ। ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਜੀ ਆਇਆਂ ਆਖਿਆਂ ਤੇ ਛੇਤੀ ਹੀ ਗੀਤਾਂ ਦੇ ਮੁੱਖੜੇ ਲੋਕਾਂ ਦੀ ਜ਼ੁਬਾਨ ਤੇ ਚੱੜ੍ਹ ਗਏ। ਸੁਰਿੰਦਰ ਸੋਨੀਆਂ ਨਾਲ ਉਸ ਦੀ ਜੋੜੀ 1980 ਵਿੱਚ ਛੇਤੀ ਹੀ ਟੁੱਟ ਗਈ ਤੇ ਨਵੀਂ ਸਾਥਣ ਗਾਇਕ ਆ ਰਲੀ ਮਿਸ ਊਸ਼ਾ। ਮਿਸ ਊਸ਼ਾ ਸ਼ਾਇਦ ਚਮਕੀਲੇ ਦੀ ਬੁਲੰਦ ਅਵਾਜ਼ ਦੇ ਮੇਚ ਦੀ ਨਹੀਂ ਸੀ ਇਹ ਜੋੜੀ ਵੀ ਬਹੁਤਾ ਚਿਰ ਹੰਢਣ ਸਾਰ ਸਾਬਤ ਨਾ ਹੋਈ। ਏਸੇ ਹੀ ਸਾਲ ਚਮਕੀਲੇ ਨੇ ਅਖੀਰ ਆਪਣੇ ਨਾਲ ਮਰਣ ਤੱਕ ਗਾਉਣ ਵਾਲੀ ਅਮਰਜੋਤ ਨੂੰ ਜਾ ਲੱਭਿਆ। ਉਹਨਾਂ ਦਿਨਾਂ ਵਿੱਚ ਅਮਰਜੋਤ ਮਿਸ ਪੂਜਾ ਦੇ ਨਾਂ ਤੇ ਗਾਇਕੀ ਦੇ ਖੇਤਰ ਵਿੱਚ ਹੱਥ ਪੈਰ ਮਾਰ ਰਹੀ ਸੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀ ਹਾਸਲ ਕਰਨ ਲਈ ਆਪਣਾ ਦੰਪਤੀ ਜੀਵਨ ਵੀ ਆਪਣੇ ਸ਼ੌਂਕ ਲਈ ਦਾਅ ਤੇ ਲਾ ਦਿੱਤਾ ਸੀ ਤੇ ਹੁਣ ਉਹ ਤਲਾਕ-ਸ਼ੁਦਾ ਸੀ। ਚਮਕੀਲੇ ਨੂੰ ਮਿਲਣ ਸਮੇਂ ਉਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ ਪਰੰਤੂ ਕੁਲਦੀਪ ਮਾਣਕ ਦੀ ਸਟੇਜ ਤਾਂ ਕਲੀਆਂ ਦੇ ਬਾਦਸ਼ਾਹ ਮਾਣਕ ਜੋਗੀ ਹੀ ਸੀ ਉਥੇ ਮਿਸ ਪੂਜਾ ਦਾ ਕੀ ਵੱਟੀਦਾ ਸੀ ? ਸਾਥਣ ਗਾਇਕਾ ਤਾਂ ਮਾਣਕ ਸਿਰਫ ਸ਼ਰਾਬੀ ਜਾਂਜੀਆਂ ਦੇ ਮਨਪ੍ਰਚਾਵੇ ਲਈ ਹੀ ਲੈ ਕੇ ਜਾਂਦਾ ਸੀ ਵੈਸੇ ਤਾਂ ਉਹ ਇਕੱਲਾ ਹੀ ਬਥੇਰਾ ਸੀ। ਜਿਵੇਂ ਲੰਡੇ ਨੂੰ ਖੁੰਡਾ ਸੌ ਵਲ ਪਾ ਕੇ ਮਿਲ ਹੀ ਪੈਂਦਾ ਹੈ ਉਸੇ ਤਰਾਂ ਚਮਕੀਲੇ ਨੇ ਅਮਰਜੋਤ ਦੀ ਕਲਾ ਪਛਾਣ ਲਈ ਸੀ। ਬਸ ਫਿਰ ਕੀ ਸੀ ਜਦੋਂ ਦੋ ਬੁਲੰਦ ਅਵਾਜ਼ਾਂ ਇਕੱਠੀਆਂ ਪਿੰਡਾਂ ਦੇ ਕੋਠਿਆਂ ਉੱਪਰ ਦੋ ਮੰਜੀਆਂ ਜੋੜ ਕੇ ਲਾਏ ਸਪੀਕਰਾਂ ਵਿੱਚ ਗੂੰਜੀਆਂ ਤਾਂ ਜੋੜੀ ਗਾਇਕੀ ਦੇ ਅਸਮਾਨ ਤੇ ਧਰੂ ਤਾਰੇ ਵਾਂਗੂ ਚਮਕਣ ਲੱਗੀ। ਇਧਰ ਚਮਕੀਲਾ ਤੇ ਉਸ ਦੇ ਗੀਤ ਅਸਮਾਨ ਨੂੰ ਛੂਹਣ ਲੱਗੇ ਸਨ ਤੇ ੳਧਰ ਅੱਤਵਾਦ ਦਾ ਦੈਂਤ ਵੀ ਪੰਜਾਬ ਵਿੱਚ ਦਿਨੋ ਦਿਨ ਹੋਰ ਤੋਂ ਹੋਰ ਪ੍ਰਚੰਡ ਰੂਪ ਵਿੱਚ ਤਾਂਡਵ ਨਾਚ ਕਰਨ ਲੱਗਾ। ਹਰ ਰੋਜ਼ ਪੁਲਿਸ ਅਤੇ ਮੋਟਰਸਾਇਕਲ ਵਾਲੇ ਯੋਧੇ ਆਮ ਜਨ ਸਧਾਰਣ ਨੂੰ ਕੁੱਟ ਮਾਰ ਤੇ ਕਤਲ ਕਰ ਕੇ ਆਪੋ ਆਪਣਾ ਧਰਮ ਕਮਾਈ ਜਾਂਦੇ ਸਨ। 'ਚਿੱੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ' ਵਾਲੀ ਸਥਿਤੀ ਬਣੀ ਪਈ ਸੀ। ਇੱਕ ਪਾਸੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਅਖੌਤੀ ਧਰਮੀ ਲੋਕ ਨਸ਼ਾ ਛੁਡਾਉਣ ਤੇ ਖਾੜਕੂ ਸਿੰਘ ਸਜਣ ਸਜਾਉਣ ਦੀ ਮੁਹਿੰਮ ਚਲਾਈ ਜਾਂਦੇ ਸਨ ਤੇ ਦੂਸਰੇ ਪਾਸੇ ਅਮਰ ਸਿੰਘ ਚਮਕੀਲਾ ਇਹ ਗਾਈ ਜਾ ਰਿਹਾ ਸੀ।

"ਜਦ ਚੱਲਿਆ ਨਾ ਕੋਈ ਚਾਰਾ 
ਤੇ ਸੁੱਖਾ ਪੀ ਕੇ ਲਿਆ ਨਜਾਰਾ।
ਚਿੱਤ ਬੜਾ ਸੀ ਭਾਰਾ ਭਾਰਾ,
ਮਿਲਦੇ ਅਫੀਮ ਨਾ ਡੋਡੇ ਨੀ, 
ਜੇ ਲੈਣਾ ਸੁਰਗ ਦਾ ਝੂਟਾ 
ਚੱੜ੍ਹ ਅਮਲੀ ਦੇ ਮੋਢੇ ਨੀ" 
ਜਾਂ

ਜੀਹਨੇ ਭੰਗ ਪੋਸਤ ਨਾ ਪੀਤੀ। 
ਤੀਂਵੀ ਕੁੱਟ ਕੇ ਸਿੱਧੀ ਨਾਂ ਕੀਤੀ। 
ਜੀਹਨੇ ਨਸ਼ਾ ਪਾਣੀ ਨਹੀਂ ਪੀਣਾ।
ਉਸ ਭੱੜੂਏ ਦਾ ਕੀ ਜੀਣਾ। 
ਕੰਡਾ ਕੱਢਿਆਂ ਨਾਂ ਜੀਹਨੇ ਭੈਣ ਦੀ ਨਨਾਣ ਦਾ।
ਉਹ ਵੈਲੀ ਕਾਹਦਾ ਕੋੜ੍ਹੀ ਹੈ ਜਹਾਨ ਦਾ।

ਧਰਮੀ ਬੰਦੇ ਮੋਟਰ ਸਾਇਕਲ, ਬੰਬ ਬੰਦੂਕਾਂ ਸਿੱਖਣ ਬਣਾਉਣ ਤੇ ਚਲਾਉਣ ਲਈ ਰਾਗੀਆਂ ਢਾਡੀਆਂ ਨਾਲ ਨੌਜਵਾਨਾਂ ਨੂੰ ਪ੍ਰੇਰ ਰਹੇ ਸਨ ਤੇ ਦਾਹੜੀਆਂ ਕੇਸ ਰੱਖਵਾ ਕੇ ਖਾਲਿਸਤਾਨ ਦੀ ਮੁਹਿੰਮ ਵਿੱਚ ਕੁੱਦਣ ਲਈ ਉਕਸਾ ਰਹੇ ਸਨ। ਇੱਕ ਪਾਸੇ 'ਧੋਤੀ ਟੋਪੀ ਜਮਨਾ ਪਾਰ' ਤੇ ਦੂਜੇ ਪਾਸੇ ਕੱਛਾ, ਕੜਾ ਤੇ ਕ੍ਰਿਪਾਨ ਤਿੰਨੋ ਭੇਜੋ ਪਾਕਿਸਤਾਨ' ਦੇ ਨਾਹਰੇ ਲੱਗ ਰਹੇ ਸਨ। ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਨਾਭੇ ਵਾਲੀਆਂ ਬੀਬੀਆਂ ਦਾ ਕਵੀਸ਼ਰੀ ਜੱਥਾ ਜੋਰਾਂ ਸ਼ੋਰਾਂ ਨਾਲ ਖਾੜਕੂ ਸ਼ਹੀਦਾਂ ਦੀਆਂ ਵਾਰਾਂ ਗਾਈ ਜਾ ਰਿਹਾ ਸੀ। ਤੇ ਲੱਗਦਾ ਇੳਂ ਸੀ ਜਿਵੇਂ ਚਮਕੀਲਾ ਇਸ ਬਣੀ ਬਣਾਈ ਖੀਰ ਤੇ ਆਪਣੇ ਗਾਏ ਗੀਤਾਂ ਨਾਲ ਖੇਹ ਪਾਈ ਜਾ ਰਿਹਾ ਸੀ। 

"ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋਹ ਗਿਆ"

"ਤੇਰੀ ਮਾਂ ਦੀ ਤਲਾਸੀ ਲੈਣੀ ਨੀ ਬਾਪੂ ਸਾਡਾ ਗੁੰਮ ਹੋ ਗਿਆ। 
ਜਾਂ 

ਘਰ ਸਾਲੀ ਦੇ ਫਿਰਦਾ ਜੀਜਾ।
ਠਰਕ ਭੋਰਦਾ ਫਿਰਦਾ ਜੀਜਾ। 
ਪੈਣਾ ਤੇਰੇ ਕੁਛ ਨਹੀਂ ਪੱਲੇ।
ਨਹੀਂ ਵਕਤ ਵੇਹਲੜਾ ਗਾਲੀਦਾ।

ਜੀਜਾ ਵੇ ਤੈਨੂੰ, ਚਸਕਾ ਪੈ ਗਿਆ ਸਾਲੀ ਦਾ। 
ਜਾਣ ਜਾਣ ਕੇ, ਪੰਗਾਂ ਲੈਣਾ।
ਘੜੀ ਮੁੜੀ ਨੀ, ਜੀਜੇ ਨਾਲ ਖਹਿਣਾ।
ਜਾਨ ਮੁੱਠੀ ਚੋਂ ਕਿਰ ਜਾਂਦੀ।
ਜਦੋ ਲੰਘਦੀ ਲੱਕ ਲਚਕਾਕੇ ਨੀ।
ਗਲ ਲੱਗ ਜਾ ਸਾਲੀਏ, 
ਸਾਂਢੂ ਤੋਂ ਅੱਖ ਬਚਾ ਕੇ ਨੀ। 

1981 ਵਿੱਚ ਹਿੰਦ ਸਮਾਚਾਰ ਸਮੂਹ ਦੇ ਬਾਨੀ ਲਾਲਾ ਜਗਤ ਨਰਾਇਣ ਦੇ ਦਹਿਸ਼ਤਗਰਦ ਖਾੜਕੂਆਂ ਹੱਥੋਂ ਹੋਏ ਕਤਲ ਤੋਂ ਲੈ ਕੇ ਆਏ ਦਿਨ ਪੰਜਾਬ ਵਿੱਚ ਲੁੱਟਾਂ ਖੋਹਾਂ, ਕਤਲਾਂ, ਉਧਾਲਿਆਂ, ਫਿਰੌਤੀਆਂ ਦਾ ਬਜ਼ਾਰ ਦਿਨੋ ਦਿਨ ਭੱਖਦਾ ਹੀ ਜਾਂਦਾ ਸੀ। ਧਰਮ ਯੁੱਧ ਮੋਰਚਾ ਪੂਰੇ ਜ਼ੋਰਾਂ ਤੇ ਚਲ ਰਿਹਾ ਸੀ। ਪਰ ਚਮਕੀਲਾ ਗਾ ਰਿਹਾ ਸੀ।

ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀ
ਬਾਬਾ ਖੁੱਦੋ ਖੂੰਡੀ ਖੇਡਦਾ ਜਵਾਕਾਂ ਨਾਲ ਨੀ। 
ਜਾਂ

ਠੱਤੀਆਂ ਪਿੰਡਾਂ 'ਚ ਬਣੀ ਮੇਰੀ ਠਾਠ ਨੀ।
ਬੁੱਢੜਾ ਨਾ ਜਾਣੀ ਪੱਟ ਦੂ ਚੁਗਾਠ ਨੀ

ਜਿਵੇਂ ਜਿਵੇਂ ਪੰਜਾਬ ਵਿੱਚ ਅੱਤਵਾਦ ਚੜ੍ਹਾਈ ਕਰਦਾ ਜਾ ਰਿਹਾ ਸੀ, ਬਹੁਤੇ ਗਾਉਣ ਅਤੇ ਅਖਾੜੇ ਲਾਉਣ ਵਾਲੇ ਜਰਕਣ ਲੱਗ ਪਏ ਸਨ। ਬਹੁਤਿਆਂ ਨੇ ਤਾਂ ਬੱਸ ਅੱਡੇ ਦੇ ਸਾਹਮਣੇ ਲੱਗੇ ਆਪਣੇ ਬੋਰਡਾਂ ਉੱਪਰ ਚਿੱਟੀ ਕਲੀ ਦੀਆਂ ਕੂਚੀਆਂ ਫੇਰ ਦਿੱਤੀਆਂ ਸਨ। ਇਸ ਦੌਰਾਨ ਦਰਬਾਰ ਸਾਹਿਬ ਉੱਪਰ ਸਰਕਾਰ ਨੇ ਹਮਲਾ ਕਰ ਕੇ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿਤਾ। ਫਿਰ ਏਸੇ ਹੀ ਸਾਲ ਇੰਦਰਾ ਗਾਂਧੀ ਦਾ ਕਤਲ ਉਸ ਦੇ ਬਾਡੀ ਗਾਰਡਾਂ ਨੇ ਕਰ ਦਿੱਤਾ, ਜਿਸ ਦੇ ਪ੍ਰਤੀਕਰਮ ਵਜੋਂ ਸਾਰੀ ਦਿੱਲੀ ਹੀ ਮੱਚ ਉੱਠੀ। ਸਾਰੇ ਭਾਰਤ ਵਿੱਚ ਹਜ਼ਾਰਾਂ ਹੀ ਬੇਦੋਸ਼ਿਆਂ ਦਾ ਕਤਲੇਆਮ ਹੋਇਆ। ਸਾਰਾ ਪੰਜਾਬ ਫੌਜ ਅਤੇ ਸੀ ਆਰ ਪੀ ਦੇ ਹਵਾਲੇ ਕਰ ਦਿੱਤਾ ਗਿਆ। ਹਰ ਰੋਜ਼ ਅਣਮਿਥੇ ਸਮੇਂ ਲਈ ਕਰਫਿਊ, ਬੰਦ, ਰੋਸ, ਮੁਜ਼ਾਹਰੇ ਪੰਜਾਬ ਦੇ ਲੋਕਾਂ ਦੀ ਹੋਣੀ ਬਣ ਗਏ। ਪਰ ਚਮਕੀਲਾ ਅਜੇ ਵੀ ਗਾ ਰਿਹਾ ਸੀ। 
ਨੀ ਮੈਂ ਰੀਠੇ ਖੇਡਣ ਲਾ ਲੀ ਨੀ, ਕੰਤ ਨਿਆਣੇ ਨੇ। 
ਜਾਂ
ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਨੀ ਮੇਰਾ ਜੀ ਕਰਦਾ।

ਲੋਕ ਚਮਕੀਲੇ ਤੋਂ ਪੁੱਛ ਕੇ ਆਪਣੇ ਵਿਆਹਾਂ ਦੀਆਂ ਤਰੀਕਾਂ ਤੇ ਸਾਹੇ ਬੰਨਣ ਲੱਗ ਪਏ। ਉਹ ਤਿੰਨ ਤਿੰਨ ਅਖਾੜੇ ਦਿਹਾੜੀ ਦੇ ਲਾਉਣ ਲੱਗ ਪਿਆ। ਖਾੜਕੂਆਂ ਨੇ ਕੋਡ ਔਫ ਕਡੰਕਟ ਦੀਆਂ ਦਹਿਸ਼ਤੀ ਚਿੱਠੀਆਂ ਪੰਜਾਬ ਦੇ ਸਕੂਲਾਂ, ਕਾਲਜਾਂ ਅਫ਼ਬਾਰਾਂ, ਰੇਡੀਉ, ਦੂਰਦਰਸ਼ਨ ਤੇ ਹੋਰ ਪਬਲਿਕ ਅਦਾਰਿਆਂ ਦੇ ਅਫਸਰਾਂ ਨੂੰ ਪਾਉਣੀਆਂ ਸ਼ੂਰੁ ਕਰ ਦਿੱਤੀਆਂ। ਹਰ ਬੁੱਧੀਜੀਵੀ, ਗੀਤਕਾਰ, ਨਾਟਕਕਾਰ, ਪੱਤਰਕਾਰ, ਸਿਆਸੀ ਲੀਡਰ, ਸਿੱਖ, ਹਿੰਦੂ, ਮੁਸਲਮਾਨ ਜੋ ਵੀ ਪੰਜਾਬ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਅਤੇ ਸਦ-ਭਾਵਨਾ ਦੀ ਗੱਲ ਕਰਦਾ ਸੀ ਖਾੜਕੂਆਂ ਦਹਿਸ਼ਤਗਰਦਾ ਦੀ ਹਿੱਟ ਲਿਸਟ ਉੱਪਰ ਸੀ ਇੱਥੋਂ ਤੱਕ ਲਲਾਰੀਆਂ, ਨਾਈਆਂ, ਝੱਟਕਈਆਂ, ਸਿਗਰਟਾਂ, ਸ਼ਰਾਬ, ਗੀਤ-ਸੰਗੀਤ ਦੀਆਂ ਕੈਸਟਾਂ ਵੇਚਣ ਵਾਲਿਆਂ ਨੇ ਆਪਣੇ ਧੰਦੇ ਠੱਪ ਕਰ ਦਿੱਤੇ ਸਨ। ਸ਼ਹਿਰਾਂ ਵਿੱਚ ਹਾਰ ਸ਼ਿੰਗਾਰ ਅਤੇ ਅਤਰ ਫੁਲੇਲ ਵਾਲੇ ਭੀੜੇ ਬਜ਼ਾਰ ਜੋ ਕਦੀ ਪੰਜਾਬ ਦੀਆਂ ਜਵਾਨ ਨੱਢੀਆਂ ਦੇ ਟੋਲਿਆਂ ਨਾਲ ਭਰੇ ਹੁੰਦੇ ਸਨ, ਹੁਣ ਚਾਰ ਵਜੇ ਤੋਂ ਬਾਅਦ ਭਾਂਅ ਭਾਂਅ ਕਰਨ ਲੱਗ ਪਏ ਸਨ। ਮੋਚਨੇ, ਬਲੇਡ, ਸੁਰਫ਼ੀ, ਨੌਹ ਪਾਲਿਸ਼, ਪਾਉਡਰ, ਰੰਗ ਬਰੰਗੀਆਂ ਵੰਗਾਂ ਦੇ ਡੱਬੇ ਦੁਕਾਨਦਾਰਾਂ ਨੇ ਪਿਛਲੇ ਅੰਦਰੀ ਸਾਂਭ ਦਿੱਤੇ ਸਨ। ਤਿੱਖੀ ਕਟਾਰ ਵਰਗੀਆਂ ਸੇਹਲੀਆਂ ਦੀ ਥਾਂ ਤੇ ਹੁਣ ਮੋਟ੍ਹੇ ਭਰਵੱਟਿਆ ਦਾ ਰਾਜ ਸੀ। ਲੰਮੀਆਂ ਸਰੀਰ ਦੇ ਅੱਧ ਤੱਕ ਆੳਂਦੀਆਂ ਗੱਜ ਗੱਜ ਲੰਮੀਆਂ ਰੰਗ ਬਰੰਗੇ ਪਰਾਂਦਿਆਂ ਨਾਲ ਸਜੀਆਂ ਗੁੱਤਾਂ ਹੁਣ ਪੀਲੇ ਦੁਪੱਟਿਆਂ ਥੱਲੇ ਅੱਧ ਮੋਏ ਨਾਗਾਂ ਵਾਂਗ ਸਹਿਕ ਰਹੀਆਂ ਸਨ ਜਾਂ ਫਿਰ ਸਿਰਾਂ ਉੱਪਰ ਜੂੜਿਆਂ ਦੇ ਰੂਪ ਵਿੱਚ ਉੱਗ ਆਈਆਂ ਸਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋ ਨਿੱਕੇ ਤੋਂ ਲੈ ਕੇ ਵੱਡਾ ਕਾਰੋਬਾਰੀ ਬੰਦਾ ਦਹਿਸ਼ਤ ਦਾ ਮਾਰਿਆ ਆਪਣਾ ਧੰਦਾ ਮਹਿੰਗਾ ਸਸਤਾ ਵੇਚ ਕੇ ਅੱਖਾਂ ਵਿੱਚ ਹੈਰਾਨੀ ਦੇ ਅੱਥਰੂ ਲਈ ਹਰਿਆਣੇ ਦਿੱਲੀ ਵੱਲ ਪਲਾਇਨ ਕਰਦਾ ਜਾ ਰਿਹਾ ਸੀ। ਖਾੜਕੂਆਂ, ਦਹਿਸ਼ਤਗਰਦਾਂ ਦੀ ਖਿੱਚੀ ਕੋਡ ਔਫ ਕਡੰਕਟ ਦੀ ਲੀਕ ਨਾਲ ਮੇਚ ਨਾ ਆਉਣ ਵਾਲੇ ਅਫ਼ਬਾਰਾਂ ਦੇ ਮਾਲਕਾਂ, ਪੱਤਰਕਾਰਾਂ, ਇਥੋ ਤੱਕ ਅਫ਼ਬਾਰ ਵੰਡਣ ਵਾਲੇ ਗ਼ਰੀਬ ਹਾਕਰ ਏ ਕੇ ਸੰਤਾਲੀ ਦੀਆਂ ਮੁਫਤ ਇੰਮਪੋਰਟ ਹੋਈਆਂ ਵਿਦੇਸ਼ੀ ਗੋਲੀਆਂ ਦਾ ਸ਼ਿਕਾਰ ਬਣਨ ਲੱਗ ਪਏ ਸਨ। ਦਹਿਸ਼ਤਗਰਦਾਂ ਖਾੜਕੂਆਂ ਨੇ ਕੋਡ ਔਫ ਕਡੰਕਟ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਝੂਟੇ ਦੇਣੇ ਤੇ ਗੱਡੀ ਚਾਹੜਨਾ ਰੂਟੀਨ ਵਿੱਚ ਸ਼ੂਰੁ ਕਰ ਦਿੱਤਾ ਸੀ। ਇਥੇ ਚਮਕੀਲਾ ਕਿਹੜੇ ਬਾਗ ਦੀ ਮੂਲੀ ਸੀ। ਉਸ ਸਮੇਤ ਸਾਰੇ ਹੋਰ ਗਾਉਣ ਵਾਲਿਆ ਨੂੰ ਵੀ ਦਹਿਸ਼ਤੀ ਰੁੱਕੇ ਆਉਣ ਲੱਗੇ। ਬਹੁਤ ਸਾਰੇ ਮਸ਼ਹੂਰ ਗਾਇਕ ਚੁੱਪ ਸਾਧ ਗਏ, ਕਈ ਵਿਦੇਸ਼ਾਂ ਵਿੱਚ ਜਾ ਕੇ ਬੈਠ ਗਏ ਤੇ ਕਈ ਨਾਮੀ ਗਾਇਕ ਬੰਬੇ ਜਾ ਕੇ ਫਿਲਮਾਂ ਵਿੱਚ ਮਾੜੇ ਮੋਟੇ ਹੱਥ ਪੈਰ ਮਾਰਨ ਲੱਗ ਪਏ। ਪਰ ਚਮਕੀਲਾ ਅਜੇ ਵੀ ਪਿੰਡਾਂ ਵਿੱਚ ਪੰਜਾਬ ਪੁਲੀਸ ਵੱਲੋਂ ਲੋਕਾਂ ਵਿੱਚੋ ਖਾੜਕੂਆਂ ਦੀ ਦਹਿਸ਼ਤ ਚੁੱਕਣ ਦੇ ਮਨਸੂਬੇ ਨਾਲ ਲਵਾਏ ਖਾੜਿਆਂ ਵਿੱਚ ਲਗਾਤਾਰ ਮੁਫਤ ਗਾ ਰਿਹਾ ਸੀ ਜਾਂ ਉਸ ਤੋਂ ਗਵਾਇਆ ਜਾ ਰਿਹਾ ਸੀ। ਉਸ ਨੂੁੰ ਲਗਾਤਾਰ ਦਹਿਸ਼ਤੀ ਚਿੱਠੀਆਂ ਆ ਰਹੀਆਂ ਸਨ । ਜੇ ਉਹ ਲੱਚਰ ਗਾਉਣੋਂ ਨਾ ਰੁਕਿਆ ਤਾਂ ਉਸ ਨੂੰ ਸੋਧ ਦਿੱਤਾ ਜਾਵੇਗਾ। ਇੱਕ ਸਾਲ ਚਮਕੀਲਾ ਬਿਲਕੁਲ ਮੌਨ ਧਾਰ ਗਿਆ। ਸਾਲ ਬਾਅਦ ਚਮਕੀਲੇ ਤੇ ਅਮਰਜੋਤ ਦੇ ਤਿੰਨ ਧਾਰਮਿਕ ਐਲ ਪੀ ਮਾਰਕੀਟ ਵਿੱਚ ਆਏ।

ਬਾਬਾ ਤੇਰਾ ਨਨਕਾਣਾ। 
ਤਲਵਾਰ ਮੈ ਕਲਗੀਧਰ ਦੀ ਹਾਂ।
ਨਾਮ ਜੱਪ ਲੈ। 

ਦੂਜੇ ਗੀਤਾਂ ਵਾਂਗ ਇਹ ਧਾਰਮਿਕ ਗੀਤ ਵੀ ਰਾਤੋ ਰਾਤ ਲੋਕਾਂ ਦੀ ਜੁਬਾਨ ਤੇ ਚੜ੍ਹ ਗਏ। ਇਨਾਂ ਤਿੰਨਾਂ ਹੀ ਐਲ ਪੀਆਂ ਦੀ ਰਇਲਟੀ ਵਿੱਚੋ ਚਮਕੀਲੇ ਨੇ ਇੱਕ ਧੇਲਾ ਵੀ ਨਹੀਂ ਲਿਆ। ਸਾਰਾ ਲਾਭ ਸਥਾਨਕ ਗੁਰੂਦਵਾਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਦਾਨ ਦੇ ਰੂਪ ਵਿੱਚ ਭੇਂਟ ਕਰ ਦਿੱਤਾ। ਦਲੀਲ ਚਮਕੀਲੇ ਦੀ ਇਹ ਸੀ ਕਿ ਜੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਉਸ ਨੂੰ ਏਡੀ ਬੁਲੰਦ ਅਵਾਜ਼ ਦਿੱਤੀ ਹੈ ਤਾਂ ਉਸ ਦਾ ਵੀ ਗੁਰੂਆਂ ਪ੍ਰਤੀ ਕੁਝ ਫਰਜ਼ ਬਣਦਾ ਹੈ, ਜਿੰਨਾ ਨੇ ਕੌਮ ਲਈ ਸਰਬੰਸ ਵਾਰ ਦਿੱਤਾ ਸੀ। ਪਿੰਡ ਮਹਿਸਮਪੁਰ ਮੌਤ ਦੀ ਆਖਰੀ ਸਟੇਜ ਤੱਕ ਪਹੁੰਚਦਿਆਂ ਚਮਕੀਲੇ ਤੇ ਅਮਰਜੋਤ ਦੀ ਜੋੜੀ ਨੇ ਚਮਕੀਲੇ ਦੇ ਲਿਖੇ ਨੱਬੇ ਗੀਤ ਰਿਕਾਰਡ ਕਰਵਾ ਦਿੱਤੇ ਸਨ ਅਤੇ ਦੋ ਸੌ ਦੇ ਕਰੀਬ ਗੀਤ ਚਮਕੀਲੇ ਨੇ ਹੋਰ ਲਿਖੇ ਪਏ ਸਨ। ਇੱਕ ਢੋਲਕੀ, ਦੂਜਾ ਹਾਰਮੋਨੀਅਮ, ਤੇ ਤੀਜੀ ਤੂੰਬੀ ਤੋ ਵੱਧ ਇਸ ਬੁਲੰਦ ਅਵਾਜ਼ ਦੇ ਮਾਲਕ ਗਾਇਕ ਨੂੰ ਹੋਰ ਕੁੱਝ ਵੀ ਨਹੀਂ ਚਾਹੀਦਾ ਸੀ। ਚਮਕੀਲਾ ਕਲਮ ਅਤੇ ਅਵਾਜ਼ ਦਾ ਧਨੀ ਸੀ। ਚਮਕੀਲੇ ਦੇ ਗੀਤ ਪੰਜਾਬੀ ਫਿਲਮਾਂ ਲਈ ਵੀ ਚੁਣੇ ਜਾਣ ਲੱਗੇ। 'ਪਹਿਲੇ ਲਲਕਾਰੇ ਨਾਲ ਮੈ ਡਰ ਗਈ' 1987 ਵਿੱਚ ਬਣੀ ਫਿਲਮ 'ਪਟੋਲਾ' ਦਾ ਸਾਊਂਡ ਟਰੈਕ ਸੀ। 'ਮੇਰਾ ਜੀ ਕਰਦਾ' ਇਹ ਦੂਜਾ ਗੀਤ ਉਸ ਨੇ ਪੰਜਾਬੀ ਫਿਲਮ 'ਦੁਪੱਟੇ' ਲਈ ਗਾਇਆ। ਇਹ ਦੋਵੇ ਫਿਲਮਾਂ ਚਮਕੀਲੇ ਦੇ ਗੀਤਾਂ ਅਤੇ ਫਿਲਮ ਵਿੱਚ ਵਿਖਾਏ ਚਮਕੀਲੇ ਅਤੇ ਅਮਰਜੋਤ ਦੇ ਅਖਾੜੇ ਕਰ ਕੇ ਸੁਪਰ ਹਿੱਟ ਹੋਈਆਂ। ਚਮਕੀਲੇ ਨੇ ਦੂਰਦਰਸ਼ਨ ਤੇ ਵੀ ਗਾਇਆ। ਜਿਸ ਦਿਨ ਚਮਕੀਲੇ ਦੇ ਕਤਲ ਦੀ ਫ਼ਬਰ ਅਫ਼ਬਾਰਾਂ ਵਿੱਚ ਛਪੀ ਸਰਕਾਰੀ ਅਦਾਰੇ ਦੂਰਦਰਸ਼ਨ ਦੇ ਪ੍ਰਬੰਧਕਾਂ ਨੇ ਡਰਦਿਆਂ ਅਗਲੇ ਦਿਨ ਹੀ ਚਮਕੀਲੇ ਦੀ ਵੀਡੀਉ ਹਵਾ ਵਿੱਚੋਂ ਗਾਇਬ ਕਰ ਦਿਤੀ। ਗ਼ਰੀਬ ਕਲਾਕਾਰ ਮਾਰਿਆ ਗਿਆ ਜਿਹੋ ਜਿਹਾ ਕਾਂ ਬਿਜਲੀ ਦੀ ਤਾਰ ਨਾਲ ਲੱਗ ਕੇ ਮਰ ਗਿਆ। ਸਾਥਣ ਗਇਕਾ ਅਮਰਜੋਤ ਅਤੇ ਸਾਥੀ ਸਾਜਿੰਦੇ ਵੀ ਮਾਰੇ ਗਏ ਆਖਿਰ ਕਿੳਂ......?
ਸਰਕਾਰੀ ਕਾਗਜ਼ਾਂ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ ਅੱਜ ਤੱਕ ਵੀ ਅਣਸੁਲਝਿਆ ਕਤਲ ਹੈ। ਪਰੰਤੂ ਕਿਆਫੇ ਇੳਂ ਹਨ।
ਅਖੇ, 
1 ਚਮਕੀਲਾ ਲੱਚਰ ਗਾੳਂਦਾ ਸੀ ਜਾਂ ਗਾ ਕੇ ਖਾੜਕੂਆਂ ਦੀ ਦਹਿਸ਼ਤ ਦੀ ਕਾਲੀ ਛੱਤਰੀ ਵਿੱਚ ਮਘੋਰਾ ਕਰਦਾ ਸੀ। ਸ਼ਇਦ ਤਾਂ ਹੀ ਖਾੜਕੂਆਂ ਨੇ ਸੋਧ ਦਿੱਤਾ ?
2 ਅਮਰਜੋਤ ਤਰਖਾਣੀ ਜਾਂ ਜੱਟੀ ਸੀ ? ਦੁਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਚਮਿਆਰ ਸੀ। ਇਹ ਰਿਸ਼ਤਾ ਅਮਰਜੋਤ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ, ਸ਼ਾਇਦ ਅਮਰਜੋਤ ਦੇ ਮਾਪਿਆਂ ਨੇ ਇਹ ਕਤਲ ਕਰਵਾਏ ਹੋਣ ?
3 ਕੁਸ਼ ਲੋਕ ਇੳਂ ਵੀ ਕਹਿ ਰਹੇ ਹਨ। ਸਮਕਾਲੀ ਗਾਇਕਾਂ ਜੋ ਚਮਕੀਲੇ ਦੀ ਚੜ੍ਹਾਈ ਨਾਲ ਹੱਸਦ ਕਰਦੇ ਸਨ ਉਨ੍ਹਾਂ ਨੇ ਸੁਪਾਰੀ ਦੇ ਕੇ ਚਮਕੀਲੇ ਦਾ ਕਤਲ ਕਰਵਾ ਦਿੱਤਾ ਤਾਂ ਜੋ ਮੈਦਾਨ ਉਨ੍ਹਾਂ ਲਈ ਸਾਫ ਹੋ ਸਕੇ ?
ਪਰ ਭੱਠੇ ਦੀ ਚਿਮਨੀ ਵਰਗਾ ਧੂੰਆਂ ਛੱਡਦਾ ਸਵਾਲ ਮੱਗਰਮੱਛ ਜਿੱਡਾ ਮੂੰਹ ਅੱਡੀ ਅੱਜ ਬਾਈ ਸਾਲ ਬਾਅਦ ਵੀ ਉਵੇਂ ਦਾ ਉਵਂੇ ਹੀ ਕਾਲੇ ਨਾਗ ਵਾਂਗ ਫੰਨ੍ਹ ਖਿਲਾਰੀ ਖਲੋਤਾ ਹੈ। ਕਿੳਂ ਤੇ ਕਿੳਂ ਸਿਰਫ ਚਮਕੀਲੇ ਦਾ ਹੀ ਇਸ ਅਖੌਤੀ ਲਚਰਤਾ ਦੇ ਦੋਸ਼ ਵਿੱਚ ਬੇਦਰਦੀ ਨਾਲ ਕਤਲ ? ਅਖੇ ਚਮਕੀਲਾ ਲੱਚਰ ਗਾਉਂਦਾ ਸੀ। ਚਮਕੀਲੇ ਦੇ ਅਖਾੜਿਆਂ ਨੂੰ ਪਿੰਡਾ ਦੇ ਸ਼ੌਂਕੀ ਜਵਾਨ ਤੇ ਸਮਰੱਥਾਵਾਨ ਗੱਭਰੂ ਹੀ ਆਪਣੇ ਵਿਆਹਾਂ ਤੇ ਚਾਰ ਚਾਰ ਹਜ਼ਾਰ ਰੁਪਈਆ ਤਿੰਨ ਤਿੰਨ ਮਹੀਨੇ ਪਹਿਲਾਂ ਪੂਰਾ ਅਡਵਾਂਸ ਦੇ ਕੇ ਲਗਵਾਉਂਦੇ ਸਨ। ਵਿਆਹ ਵਾਲੇ ਦੋਵੇਂ ਘਰ ਹੀ ਚਮਕੀਲੇ ਦੇ ਅਖਾੜੇ ਲਈ ਸਹਿਮਤ ਹੁੰਦੇ ਸਨ। ਦੋਹਾਂ ਹੀ ਘਰਾਂ ਦੇ ਪਰਵਾਰ ਆਪਣੇ ਬੱਚਿਆਂ, ਔਰਤਾਂ ਸਮੇਤ ਅਖਾੜੇ ਵਿੱਚ ਹਾਜ਼ਰ ਹੋ ਕੇ ਉਸ ਦੇ ਗੀਤ, ਜੋ ਉਨ੍ਹਾਂ ਦੀ ਹੀ ਸਮਝ ਵਿੱਚ ਆਉਣ ਵਾਲੀ ਪੇਂਡੂ ਭਾਸ਼ਾ ਵਿੱਚ ਹੁੰਦੇ ਸਨ, ਸੁਣਦੇ ਸਨ, ਅਨੰਦ ਮਾਣਦੇ ਸਨ ਤੇ ਹੱਸ ਛੱਡਦੇ ਸਨ। ਮੈਂ ਅੱਜ ਤੱਕ ਕਿਤੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਆਦਮੀ ਨੇ ਚਮਕੀਲੇ ਦਾ ਅਖਾੜਾ ਵੇਖ ਕੇ ਰਾਹ ਜਾਂਦੀ ਕਿਸੇ ਔਰਤ ਨਾਲ ਬਲਾਤਕਾਰ ਕਰ ਲਿਆ ਹੋਵੇ। ਜੇ ਚਮਕੀਲਾ ਪਿੰਡਾਂ ਦੇ ਸਧਾਰਣ ਲੋਕਾਂ ਨੂੰ ਗਾਉਂਦਾ ਲੱਚਰ ਪ੍ਰਤੀਤ ਹੁੰਦਾ ਤਾਂ ਉਸ ਦਾ ਕਤਲ ਪਿੰਡਾਂ ਦੀਆਂ ਮਾਤਾਵਾਂ ਜਾ ਬਜ਼ੁਰਗਾਂ ਨੇ ਆਪਣਿਆਂ ਖੂੰਡਿਆਂ ਜਾਂ ਤੰਦੂਰ ਵਿੱਚ ਅੱਗ ਹਿਲਾਉਣ ਵਾਲੇ ਧੂੰਆਂ ਛੱਡਦੇ ਕੁੱਢਣਾ ਜਾਂ ਖੁੱਲਣੀਆਂ ਨਾਲ ਕਰਨਾ ਸੀ ਨਾ ਕਿ ਸਮਾਜ ਦੇ ਅਖੌਤੀ ਠੇਕੇਦਾਰਾਂ, ਏ ਕੇ ਸੰਤਾਲੀ ਵਾਲਿਆਂ ਨੇ। ਜੇ ਇਸੇ ਹੀ ਲੱਚਰਤਾ ਵਾਲੇ ਗਜ ਨਾਲ ਮਿਣ ਕੇ ਲੇਖਕਾਂ, ਗਾਇਕਾਂ, ਕਲਾਕਾਰਾਂ ਦਾ ਕਤਲ ਜਾਇਜ਼ ਹੈ ਤਾਂ ਸੱਭ ਤੋਂ ਪਹਿਲਾਂ ਅੱਜ ਤੋਂ ਚੌਵੀ ਸੌ ਸਾਲ ਪਹਿਲਾ ਲਿਖੇ ਜਗਤ ਪ੍ਰਸਿੱਧ ਗਰੰਥ ਕਾਮ-ਸੂਤਰ ਦੇ ਲੇਖਕ ਮਹਾਰਿਸ਼ੀ ਮਾਲੰਗਾ ਵਾਤਸਿਆਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਤੇ ਫਿਰ ਦਸਮ ਗਰੰਥ ਵਿੱਚ ਦਰਜ ਚਰਿਤ੍ਰੋਪਾਖਿਆਨ ਦੇ ਲੇਖਕ ਨੂੰ ਦੁਗਾੜਾ ਵੱਜਣਾ ਚਾਹੀਦਾ ਸੀ । ਉਸ ਤੋਂ ਬਾਅਦ ਹੀਰ ਦੇ ਰਚੇਤਾ ਵਾਰਸ ਸ਼ਾਹ ਦੀ ਵਾਰੀ ਆਉਂਦੀ ਹੈ, ਬੰਬ ਨਾਲ ਉਡਾਉਣ ਦੀ ਤੇ ਫਿਰ ਭਾਵੇਂ ਚਮਕੀਲੇ ਤੇ ਐਟਮ-ਬੰਬ ਵੀ ਸੁੱਟ ਦਿੰਦੇ। ਹੋਰ ਵੀ ਬਥੇਰੇ ਗਇਕ ਜੀਜਾ ਸਾਲੀ, ਦਿਉਰ ਭਰਜਾਈ, ਕੁੜਮ ਕੁੜਮਣੀਆਂ ਬਾਰੇ ਪੁੱਠੀਆਂ ਸਿੱਧੀਆਂ ਤਾਰਾਂ ਜੋੜਨ ਵਾਲੇ ਗੀਤ ਗਾਈ ਜਾਂਦੇ ਸਨ। ਰੋਜ਼ ਦੇ ਦੋ-ਗਾਣੇ ਸੁਣਨ ਵਾਲਿਆਂ ਵਾਸਤੇ ਇਹ ਜਾਣਕਾਰੀ ਦੇਣੀ ਕੋਈ ਜਰੂਰੀ ਨਹੀਂ ਹੈ। ਅਣ-ਸੁਲਝਿਆ ਕੇਸ ਤਾਂ 23 ਜੂਨ 1985 ਨੂੰ ਟੋਰਾਂਟੋ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ 182 ਨੰਬਰ ਫਲਾਇਟ ਦਾ ਵੀ ਹੈ ਜੋ 329 ਮੁਸਾਫਰਾਂ ਸਮੇਤ ਵਿੱਚ ਰੱਖੇ ਬੰਬ ਦੇ ਫਟਣ ਦੀ ਵਜ੍ਹਾ ਨਾਲ ਖੱਖੜੀਆਂ ਕਰੇਲੇ ਹੋ ਕੇ ਸਮੁੰਦਰ ਵਿੱਚ ਡਿੱਗ ਪਈ ਸੀ । ਬੰਬ ਘਾੜਾ ਅਜੇ ਵੀ ਲਗਾਤਾਰ ਸੌਂਹਾਂ ਖਾ ਖਾ ਕੇ ਅਦਾਲਤ ਵਿੱਚ ਝੂਠ ਬੋਲ ਰਿਹਾ ਹੈ। ਮਸਲਾ, ਪੰਜਾਬ ਵਿੱਚ ਹਜ਼ਾਰਾਂ ਬਕਸੂਰੇ ਸਿੱਖ, ਹਿੰਦੂ ਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਕਾਮਰੇਡਾਂ, ਜਿੰਨ੍ਹਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਧਰਮ ਸੀ 'ਇਨਸਾਨੀਅਤ' ਦੇ ਕਤਲਾਂ ਦਾ ਵੀ ਹੈ। ਲੋਕ ਮਰਿਆ ਸੁਣ ਕੇ ਹੀ ਕਿਸੇ ਨੂੰ ਮਰਿਆ ਯਕੀਨ ਨਹੀਂ ਕਰ ਲਂੈਦੇ। ਉਨ੍ਹਾਂ ਨੂੰ ਮੌਤ ਦੇ ਕਾਰਨਾਂ, ਲਾਸ਼ ਦੀ ਪਛਾਣ, ਜਾਂ ਕੋਈ ਮਰ ਗਏ ਆਪਣੇ ਘਰ ਦੇ ਜੀ ਦੇ ਪੁੱਖਤਾ ਸਬੂਤ ਹੀ ਭੋਗ ਪਾਉਣ ਲਈ ਤਿਆਰ ਕਰ ਸਕਦੇ ਹਨ। ਨਹੀਂ ਤਾਂ ਗਵਾਚਿਆਂ ਨੂੰ ਲੋਕ ਰਹਿੰਦੀ ਹਯਾਤੀ ਤੱਕ ਉਡੀਕਦੇ ਰਹਿੰਦੇ ਹਨ। ਇਸੇ ਕਰਕੇ ਚਮਕੀਲਾ ਮਰਿਆ ਨਹੀਂ ਹੈ, ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਅੱਜ ਵੀ ਜਿੰਦਾ ਹੈ। ਉਹ ਗਵਾਚਿਆ ਹੈ ਤੇ ਉਸ ਦੇ ਗੀਤ ਅੱਜ ਵੀ ਜਿੰਦਾ ਹਨ। ਦਰਜਨਾਂ ਹੀ ਗਾਇਕ ਜੋੜੀਆਂ ਨੇ ਚਮਕੀਲੇ ਅਤੇ ਅਮਰਜੋਤ ਦੀ ਤਰਜ਼ ਤੇ ਗੀਤ ਗਾ ਕੇ ਤੇ ਉਸ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਚਮਕੀਲੇ ਦੀ ਗਾਇਕੀ ਦੇ ਸੇਕ ਨੂੰ ਲਗਾਤਾਰ ਅੱਜ ਤੱਕ ਜ਼ਿੰਦਾ ਰੱਖਿਆ ਹੈ, ਭੁੱਬਲ ਵਿੱਚ ਦੱਬੀ ਅੱਗ ਵਾਂਗ। ਉਸ ਦੇ ਗੀਤ ਅੱਜ ਵੀ ਗੁਰੂਦਵਾਰਿਆਂ, ਬੱਸਾਂ, ਟਰੱਕਾਂ, ਮੋਬਾਇਲ ਟੈਲੀਫੋਨਾਂ ਵਿੱਚ ਲਗਾਤਾਰ ਵੱਜ ਰਹੇ ਹਨ। ਬੌਲੀਵੁੱਡ ਅਦਾਕਾਰ ਕੁਨਾਲ ਕਪੂਰ ਨੇ ਤਾਂ ਚਮਕੀਲੇ ਦੀ ਜਿੰਦਗੀ ਉੱਪਰ ਫਿਲਮ ਵੀ ਬਣਾ ਦਿੱਤੀ ਹੈ। ਇੰਟਰਨੈਟ ਉੱਪਰ ਕੱਤੀ ਸੌ ਵੈਬਸਾਇਟਾਂ ਹਨ ਚਮਕੀਲੇ ਦੇ ਨਾਂ ਦੀਆਂ। ਅਮਰ ਸਿੰਘ ਚਮਕੀਲੇ ਦੀ ਧੀ ਕਮਲ ਚਮਕੀਲਾ ਨੇ ਆਪਣੇ ਬਾਬਲ ਦੇ ਗੀਤਾਂ ਨੂੰ ਆਪਣੀ ਅਵਾਜ਼ ਵਿੱਚ ਗਾ ਕੇ ਪਿਉ ਨੂੰ ਸੱਚੀ ਹੀ ਸ਼ਰਧਾਂਜਲੀ ਦਿੱਤੀ ਹੈ । ਅਸਲ ਵਿੱਚ ਇਹ ਸ਼ਰਧਾਂਜਲੀ ਨਹੀਂ ਹੈ। ਇਹ ਤਾਂ 'ਵੈਣ' ਹਨ ਉਸ ਧੀ ਦੇ, ਜਿਸ ਦਾ ਕਲਾਕਾਰ ਬਾਪ ਉਸ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਬੇਕਸੂਰਾਂ ਵਿਦੇਸ਼ੀ ਗੋਲੀਆਂ ਦੀਆਂ ਬੁਛਾੜਾਂ ਨਾਲ ਨਿਹੱਕਾ ਹੀ ਮਾਰਿਆ ਗਿਆ ਸੀ। 

ਅੰਬਰਾਂ ਨੂੰ ਛੂਹਣਗੀਆਂ, ਸੂਰਾਂ ਸੁਰੀਲੀਆਂ ਜੱਗ ਵਿੱਚ ਲੱਖਾਂ।
ਉਹਦੀ ਰੂਹ ਨੂੰ ਵਿਲਕਦੀਆਂ, ਰਹਿਣਗੀਆਂ ਸਾਰੇ ਜੱਗ ਦੀਆਂ ਅੱਖਾਂ। 
ਅੱਜ ਭਲਕੇ ਸੱਦ ਲੈਣਾ, ਸਭ ਨੂੰ ਧਰਮਰਾਜ ਦੇ ਸੰਮਣਾ। 
ਲੱਖ ਜੰਮਦੀ ਰਹੂ ਦੁਨੀਆਂ, ਲੋਕੋ ਨਹੀਂ ਚਮਕੀਲਾ ਜੰਮਣਾ। (ਕਮਲ ਚਮਕੀਲਾ) 

***
ਮੀਡੀਆ ਪੰਜਾਬ ਤੋਂ ਧੰਨਵਾਦ ਸਹਿਤ

ਵਿੱਦਿਆ ਦੇ ਪ੍ਰਸੰਗ 'ਚ ਪੱਤਰਕਾਰੀ ਦੀ ਭੂਮਿਕਾ.......... ਲੇਖ / ਸ਼ਾਮ ਸਿੰਘ 'ਅੰਗ ਸੰਗ'

ਵਿੱਦਿਆ ਤੀਜਾ ਨੇਤਰ ਹੈ ਜਿਹੜਾ ਦੂਰ ਦਿਸਹੱਦਿਆਂ ਅਤੇ ਉਨ੍ਹਾਂ ਤੋਂ ਪਾਰ ਦੇਖ ਸਕਦਾ ਹੈ। ਆਪਣੇ ਨੇਤਰਾਂ ਨਾਲ ਦੇਖਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਜਿਸ ਕਰਕੇ ਹੀ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਰ ਲੱਗਦੀ ਹੈ ਅਤੇ ਪਛਾਣ ਹੁੰਦੀ ਹੈ। ਵਿੱਦਿਆ ਨਾਲ ਹਾਸਲ ਹੁੰਦੀ ਸੂਝ-ਬੂਝ ਦਾ ਨੇਤਰ ਆਲੇ-ਦੁਆਲੇ ਦੀ ਗਹਿਰਾਈ ਵੱਲ ਲਿਜਾਂਦਾ ਹੈ ਜਿਸ ਨਾਲ ਹੀ ਮਨੁੱਖ ਦੀ ਸਮਝ ਬਣਦੀ ਹੈ ਅਤੇ ਬੁੱਧ-ਵਿਵੇਕ ਦਾ ਜਨਮ ਹੁੰਦਾ ਹੈ।


ਜਿਸ ਤਰ੍ਹਾਂ ਸਮਾਜ ਦੇ ਆਮ ਪ੍ਰਸੰਗਾਂ ਵਿਚ ਅੱਖਾਂ ਬਿਨਾਂ ਕੰਮ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਉਨ੍ਹਾਂ ਅੱਖਾਂ / ਨੇਤਰਾਂ ਦੀ ਵੀ ਬਹੁਤ ਜ਼ਰੂਰਤ ਹੈ ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿਚ ਝਾਕਿਆ ਜਾ ਸਕੇ। ਪੱਤਰਕਾਰੀ ਇਨ੍ਹਾਂ ਨੇਤਰਾਂ 'ਚੋਂ ਹੀ ਇਕ ਨੇਤਰ ਹੈ ਜਿਹੜਾ ਸਮਾਜ ਵਿਚ ਹੋ ਰਹੇ ਚੰਗੇ ਮਾੜੇ ਕਾਰਜਾਂ ਦਾ ਨੋਟਿਸ ਲੈਂਦਾ ਹੈ। ਲੋੜ ਪੈਣ ਵੇਲੇ ਉਨ੍ਹਾਂ 'ਤੇ ਸਟੀਕ ਟਿੱਪਣੀਆਂ ਵੀ ਕਰਦਾ ਹੈ।


ਜਿਹੜੇ ਪੱਤਰਕਾਰ ਜਾਗਦੇ ਅਤੇ ਜਗਦੇ ਹੋਣ ਉਨ੍ਹਾਂ ਦੀਆਂ ਲਿਖਤਾਂ ਵਿਚ ਸਹੀ ਜਾਣਕਾਰੀ ਵੀ ਹੁੰਦੀ ਹੈ ਅਤੇ ਗਹਿਰਾ ਗਿਆਨ ਵੀ, ਜਿਨ੍ਹਾਂ ਦੀ ਮਦਦ ਨਾਲ ਵੀ ਉਹ ਵਿੱਦਿਆ ਦੇ ਖੇਤਰ ਵਿਚਲੀਆਂ ਪਰਤਾਂ ਵਿਚ ਝਾਕ ਕੇ ਉਸ ਕੁਝ ਦਾ ਪਤਾ ਲਗਾਉਂਦੇ ਹਨ ਜਿਸ ਦਾ ਪਤਾ ਲੱਗਣਾ ਅਸਾਨ ਨਹੀਂ ਹੁੰਦਾ। ਉਹ ਆਪਣੇ ਭਰੋਸੇਯੋਗ ਸੂਰਤਾਂ ਰਾਹੀਂ ਅਜਿਹਾ ਕੁਝ ਵੀ ਬਾਹਰ ਲੈ ਆਉਂਦੇ ਹਨ ਜਿਹੜਾ ਸਮਾਜ ਵਾਸਤੇ ਖਤਰਨਾਕ ਤੇ ਨੁਕਸਾਨਦੇਹ ਹੁੰਦਾ ਹੈ।
ਕਦੇ ਵਕਤ ਹੁੰਦਾ ਸੀ ਜਦ ਵਿੱਦਿਆ ਹਾਸਲ ਕਰਨਾ ਹਰ ਇਕ ਦਾ ਹੱਕ ਨਹੀਂ ਸੀ ਹੁੰਦਾ। ਨਿਹੱਕੇ ਲੋਕਾਂ ਨੂੰ ਇਸ ਜ਼ਰੂਰੀ ਹੱਕ ਤੋਂ ਮਹਿਰੂਮ ਰੱਖਿਆ ਜਾਂਦਾ ਸੀ। ਇਹ ਬੜਾ ਵੱਡਾ ਪਾਪ ਸੀ, ਬੜਾ ਵੱਡਾ ਧੱਕਾ ਸੀ ਜੋ ਇਸ ਧਰਤੀ ਦੇ ਬਾਸ਼ਿੰਦੇ ਹੀ ਆਪਣੇ ਸਾਥੀ ਬਾਸ਼ਿੰਦਿਆਂ ਨਾਲ ਕਰਦੇ ਰਹੇ। ਇਹ ਸਭ ਸੁਚੇਤ ਪੱਧਰ 'ਤੇ ਕੀਤਾ ਜਾਂਦਾ ਸੀ ਤਾਂ ਕਿ ਵਿੱਦਿਆ 'ਤੇ ਛਾਏ ਵਰਗਾਂ ਵੱਲੋਂ ਆਪੇ ਹਾਸਲ ਕੀਤੇ ਅਧਿਕਾਰ ਨੂੰ ਕੋਈ ਖਤਰਾ ਮਹਿਸੂਸ ਨਾ ਹੋਵੇ, ਕੋਈ ਖੋਹ ਨਾ ਲਵੇ। ਕੁਝ ਇਕ ਵਰਗ ਹੀ ਵਿੱਦਿਆ ਹਾਸਲ ਕਰਨ ਦੀ ਬਖਸ਼ਿਸ਼ ਦੇ ਪਾਤਰ ਹੁੰਦੇ ਸਨ, ਬਾਕੀਆਂ ਨੂੰ ਹਨੇਰੇ ਦਾ ਪਾਤਰ ਬਣਨ ਲਈ ਛੱਡ ਦਿੱਤਾ ਜਾਂਦਾ ਹੈ।

ਸਮੇਂ ਨੇ ਕਰਵਟ ਬਦਲੀ ਤਾਂ ਅਜੋਕੇ ਸਮੇਂ 'ਚ ਅਗਿਆਨ ਦਾ ਹਨੇਰਾ ਹੁਣ ਛਾਇਆ ਨਹੀਂ ਰਹਿ ਸਕਦਾ ਕਿਉਂਕਿ ਅੱਜ ਦੇ ਪੱਤਰਕਾਰ ਦੀ ਬਾਜ਼ ਅੱਖ ਵਿੱਦਿਆ ਦੇ ਖੇਤਰ 'ਤੇ ਵੀ ਨਿਰੰਤਰ ਤਣੀ ਰਹਿੰਦੀ ਹੈ ਜਿਸ ਕਾਰਨ ਵਿੱਦਿਆ ਦੇ ਖੇਤਰ ਦੀਆਂ ਖੁੱਲ੍ਹਾਂ ਅਤੇ ਆਜ਼ਾਦੀ 'ਤੇ ਜਦ ਵੀ ਕੋਈ ਆਂਚ ਆਉਂਦੀ ਹੈ ਤਾਂ ਪੱਤਰਕਾਰੀ ਦੀ ਪਹਿਰੇਦਾਰੀ ਇਸ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਲਿਆਉਣ ਤੋਂ ਜ਼ਰਾ ਮਾਤਰ ਵੀ ਗੁਰੇਜ਼ ਨਹੀਂ ਕਰਦੀ।
ਵਿੱਦਿਆ ਦੇ ਰਹਿਬਰ ਅਧਿਆਪਕ ਵਰਗ ਦਾ ਕੋਈ ਮੈਂਬਰ ਕਿਤੇ ਕੋਈ ਵੱਡੀ ਗਲਤੀ ਕਰਦਾ ਹੈ ਤਾਂ ਪੱਤਰਕਾਰੀ ਨਿਡਰ ਹੋ ਕੇ ਉਸ ਦੇ ਪਾਜ ਉਘਾੜਦੀ ਹੈ ਅਤੇ ਦੋਸ਼ੀਆਂ ਨੂੰ ਨੰਗੇ ਕਰਕੇ ਕਟਹਿਰੇ 'ਚ ਖੜ੍ਹਾ ਕਰਨ ਤਕ ਚਲੇ ਜਾਂਦੀ ਹੈ ਜਿਨ੍ਹਾਂ ਨੂੰ ਅਦਾਲਤਾਂ ਵੀ ਆਸਾਨੀ ਨਾਲ ਬਚਾਉਣ ਵਿਚ ਸਫਲ ਨਹੀਂ ਹੋ ਸਕਦੀਆਂ। ਇਸ ਨੇ ਦੂਜਿਆਂ ਨੂੰ ਗਲਤੀਆਂ ਕਰਨ ਤੋਂ ਰੋਕਣਾ ਹੁੰਦਾ ਹੈ, ਜੇ ਉਹ ਅਧਿਆਪਕ ਖੁਦ ਹੀ ਛੋਟੀ ਗਲਤੀ ਵੀ ਕਰੇ ਤਾਂ ਉਸ ਦਾ ਅਸਰ ਸਮਾਜ 'ਤੇ ਬਹੁਤ ਵੱਡਾ ਹੁੰਦਾ ਹੈ। ਇਸ ਲਈ ਉਸ ਦੀ ਛੋਟੀ ਗਲਤੀ ਵੀ ਵੱਡੀ ਸਜ਼ਾ ਦੀ ਭਾਗੀ ਹੁੰਦੀ ਹੈ।

ਪੱਤਰਕਾਰੀ ਨੇ ਦੇਸ਼ ਭਰ 'ਚ ਅਧਿਆਪਕਾਂ ਨਾਲ ਸਬੰਧਤ ਕਾਰਿਆਂ ਨੂੰ ਅਖਬਾਰਾਂ ਦੇ ਸਫਿਆਂ 'ਤੇ ਛਾਪਿਆ ਅਤੇ ਚੈਨਲਾਂ ਨੇ ਆਪਣੀਆਂ ਸਕਰੀਨਾਂ 'ਤੇ ਦਿਖਾਇਆ। ਅਜਿਹਾ ਹੋਣ ਨਾਲ ਦੂਜਿਆਂ ਨੂੰ ਜ਼ਰੂਰ ਕੰਨ ਹੋਏ ਹੋਣਗੇ ਜਿਸ ਦੇ ਫਲਸਰੂਪ ਅਜਿਹੀਆਂ ਘਟਨਾਵਾਂ ਵਿਚ ਕਮੀ ਹੋਈ। ਜੇ ਕਿਤੇ ਪੱਤਰਕਾਰੀ ਅਜਿਹੇ ਵਰਤਾਰਿਆਂ ਨੂੰ ਨਜ਼ਰਅੰਦਾਜ਼ ਕਰਦੀ ਰਹਿੰਦੀ ਤਾਂ ਇਨ੍ਹਾਂ ਵਿਚ ਵਾਧੇ ਨੂੰ ਰੋਕਿਆ ਨਹੀਂ ਸੀ ਜਾ ਸਕਦਾ।
ਭਾਰਤੀ ਸੰਵਿਧਾਨ ਮੁਤਾਬਕ ੧੪ ਸਾਲ ਤਕ ਦੇ ਬਾਲਾਂ ਨੂੰ ਮੁਫਤ ਵਿੱਦਿਆ ਦਿੱਤੇ ਜਾਣ ਦੇ ਅਧਿਕਾਰ ਦੀ ਜਾਣਕਾਰੀ ਨਹੀਂ। ਸ਼ਾਇਦ ਬਹੁਤਿਆਂ ਦੇ ਮਾਪਿਆਂ ਨੂੰ ਵੀ ਨਹੀਂ। ਅਜਿਹਾ ਕੰਮ ਵੀ ਇਹ ਪੱਤਰਕਾਰੀ ਹੀ ਕਰਦੀ ਹੈ। ਜਦ ਸਰਕਾਰਾਂ ਇਸ ਸਬੰਧੀ ਬਣੇ ਕਾਨੂੰਨਾਂ 'ਤੇ ਅਮਲ ਕਰਨ 'ਚ ਆਨਾਕਾਨੀ ਕਰਦੀਆਂ ਹਨ ਤਦ ਪੱਤਰਕਾਰੀ ਇਸ ਅਧਿਕਾਰ ਦੀ ਹਮਾਇਤ ਵਿਚ ਆਵਾਜ਼ ਬੁਲੰਦ ਕਰਦੀ ਹੈ ਤਾਂ ਸਰਕਾਰਾਂ ਨੂੰ ਆਪਣੀ ਲੰਮੀ ਅਤੇ ਗਹਿਰੀ ਨੀਂਦ ਵਿਚੋਂ ਜਾਗਣਾ ਪੈਂਦਾ ਹੈ ਅਤੇ ਹੱਕਦਾਰਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦੇਣ ਦੇ ਬੰਦ ਦੁਆਰ ਖੋਲ੍ਹਣੇ ਪੈਂਦੇ ਹਨ। ਅਜਿਹਾ ਹੋਣ ਦੇ ਬਾਵਜੂਦ ਲੱਖਾਂ ਨਹੀਂ ਕਰੋੜਾਂ ਬੱਚੇ ਵਿੱਦਿਆ ਦਾ ਹੱਕ ਹਾਸਲ ਕਰਨ ਤੋਂ ਵਿਰਵੇ ਰਹਿ ਜਾਂਦੇ ਹਨ। ਇਸ ਦਾ ਕਾਰਨ ਅਗਿਆਨ ਵੀ ਹੈ ਅਤੇ ਸਰਕਾਰੀ ਕਾਨੂੰਨ (ਸਿੱਖਿਆ ਦਾ ਅਧਿਕਾਰ-੨੦੦੯) ਵਿਚ ਰਹਿ ਗਈਆਂ ਚੋਰ ਮੋਰੀਆਂ ਦਾ ਵੀ। ਵਿੱਦਿਆ ਦੇਣ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ 'ਤੇ ਛੱਡ ਦਿੱਤੀ ਗਈ ਹੈ, ਉਹ ਲਾਗੂ ਕਰਨ ਜਾਂ ਫੇਰ ਨਾ ਕਰਨ। ਦੇਸ਼ ਦੇ ਦਸ ਹਜ਼ਾਰ ਸਕੂਲਾਂ ਵਿਚ ਅਧਿਆਪਕ ਹੀ ਨਹੀਂ ਅਤੇ ਹਜ਼ਾਰਾਂ ਸਕੂਲਾਂ ਵਿਚ ਇਕ ਇਕ ਅਧਿਆਪਕ ਹੈ ਜਿਨ੍ਹਾਂ ਤੋਂ ਚੰਗੇ ਨਤੀਜਿਆਂ ਦੀ ਆਸ ਹੀ ਨਹੀਂ ਰੱਖੀ ਜਾ ਸਕਦੀ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਏਨੀ ਤਰਸਯੋਗ ਹੈ ਕਿ ਉਨ੍ਹਾਂ ਵਿਚ ਸਿਰਫ ਗਰੀਬ-ਗੁਰਬੇ ਦੇ ਬੱਚੇ ਹੀ ਰਹਿ ਗਏ ਹਨ ਜਿਨ੍ਹਾਂ ਵਿਚ ਵਿੱਦਿਆ ਨਹੀਂ ਵਿੱਦਿਆ ਦੇ ਨਾਂ 'ਤੇ ਵੱਡਾ ਅਡੰਬਰ ਹੋ ਰਿਹਾ ਹੈ। ਇਸ ਬਾਰੇ ਪੱਤਰਕਾਰੀ ਵਿਚ ਅਕਸਰ ਗੱਲ ਛਿੜੀ ਰਹਿੰਦੀ ਹੈ ਪਰ ਅਫਸੋਸ ਕਿ ਸਰਕਾਰੀ ਅਧਿਕਾਰੀ ਜਾਗਰੂਕ ਨਹੀਂ ਹੁੰਦੇ ਜਿਸ ਕਾਰਨ ਮੁੱਦਿਆਂ 'ਤੇ ਸਮੇਂ ਦੀ ਧੂੜ ਪੈਂਦੀ ਰਹਿੰਦੀ ਹੈ ਜਿਸ ਨੂੰ ਕਦੇ ਝਾੜਨ ਤਕ ਵੀ ਨਹੀਂ ਸੋਚਿਆ ਜਾਂਦਾ। ਸਿਹਤ ਅਤੇ ਸਿੱਖਿਆ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ ਲੱਗਦੇ ਜਿਸ ਕਰਕੇ ਵਿੱਦਿਆ ਨਾਲ ਸਬੰਧਤ ਮੁੱਦੇ ਅਤੇ ਮਸਲੇ ਹਵਾ ਵਿਚ ਹੀ ਲਟਕਦੇ ਰਹਿ ਜਾਂਦੇ ਹਨ।

ਕਈ ਵਾਰ ਅਕਾਦਮਿਕ ਖੇਤਰਾਂ ਵਿਚ ਖੋਜਾਰਥੀ / ਅਧਿਆਪਕ ਖੋਜ ਕਰਦਿਆਂ ਦੂਜਿਆਂ ਦੇ ਕੀਤੇ ਮੌਲਿਕ ਕੰਮਾਂ ਦੀ ਚੋਰੀ ਕਰਦੇ ਹਨ ਤਾਂ ਪੱਤਰਕਾਰੀ ਦੀ ਖੁੱਲ੍ਹੀ ਅੱਖ ਉਸ ਚੋਰੀ ਨੂੰ ਅਜਿਹਾ ਫੜਦੀ ਹੈ ਕਿ ਚੋਰ ਨਸ਼ਰ ਹੋਏ ਬਿਨਾਂ ਨਹੀਂ ਰਹਿੰਦਾ ਅਤੇ ਨਕਲ ਵਾਲੀ ਨਕਲੀ ਖੋਜ ਜਨਮ ਧਾਰਨ ਤੋਂ ਪਹਿਲਾਂ ਹੀ ਦਮ ਤੋੜ ਜਾਂਦੀ ਹੈ। ਬੌਧਿਕ ਚੋਰੀ ਦੇ ਕੇਸ ਬੜੀ ਵਾਰ ਪੱਤਰਕਾਰੀ ਦੇ ਹੱਥ ਲੱਗੇ, ਜਿਸ ਕਾਰਨ ਦੋਸ਼ੀਆਂ ਨੂੰ ਸਜ਼ਾ ਦੇ ਭਾਗੀ ਬਣਨਾ ਪਿਆ। ਅਜਿਹਾ ਕਰਦਿਆਂ ਕਈ ਵਾਰ ਪੱਤਰਕਾਰਾਂ ਨੂੰ ਧਮਕੀਆਂ / ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪੱਤਰਕਾਰੀ ਦੀ ਸ਼ਾਨ ਅਤੇ ਮਰਿਆਦਾ ਰੱਖਣ ਲਈ ਉਹ ਨਿਡਰਤਾ ਅਤੇ ਹੌਸਲੇ ਨਾਲ ਮੈਦਾਨ ਵਿਚ ਨਿੱਤਰਦੇ ਰਹਿੰਦੇ ਹਨ।

ਇਸ ਗੱਲ ਦਾ ਵੀ ਨੋਟਿਸ ਲੈਣਾ ਬਣਦਾ ਹੈ ਕਿ ਵਿੱਦਿਆ ਦੇ ਖੇਤਰ ਵਿਚ ਕਈ ਤਰ੍ਹਾਂ ਦੀਆਂ ਵੰਡੀਆਂ ਪਾ ਦਿੱਤੀਆਂ ਗਈਆਂ ਹਨ। ਵਿੱਦਿਆ ਨੂੰ ਵਪਾਰ ਬਣਾ ਦਿੱਤਾ ਗਿਆ ਹੈ। ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਭੱਜ ਕੇ ਸਰਕਾਰ ਨੇ ਇਸ ਨੂੰ ਨਿੱਜੀ ਹੱਥਾਂ ਵਿਚ ਦੇ ਕੇ ਏਨੀ ਮਹਿੰਗੀ ਕਰ ਦਿੱਤਾ ਹੈ ਕਿ ਐਰਾ-ਗੈਰਾ ਤਾਂ ਇਸ ਦੇ ਵਿਸ਼ੇਸ਼ ਦਾਇਰਿਆਂ ਵਿਚ ਦਾਖਲ ਹੀ ਨਹੀਂ ਹੋ ਸਕਦਾ। ਕੇਵਲ ਸਰਦੇ ਪੁੱਜਦੇ ਹੀ ਚੰਗੀ ਅਤੇ ਮਿਆਰੀ ਵਿੱਦਿਆ ਹਾਸਲ ਕਰਨ ਦੇ ਸਮਰੱਥ ਰਹਿ ਗਏ ਹਨ। ਤਥਾਕਥਿਤ ਉੱਚ-ਮਿਆਰੀ ਸਕੂਲਾਂ ਵਿਚ ਆਪਣੀ ਹੀ ਮਾਂ ਬੋਲੀ ਨੂੰ ਥਾਂ ਨਹੀਂ ਦਿੱਤੀ ਜਾ ਰਹੀ ਸਗੋਂ ਮਾਂ ਬੋਲੀ ਵਿਚ ਬੋਲਣ 'ਤੇ ਪਾਬੰਦੀ ਲਾਈ ਜਾਂਦੀ ਹੈ। ਸ਼ਾਇਦ ਇਹ ਸਾਨੂੰ ਪਤਾ ਨਾ ਲਗਦਾ ਜੇ ਪੱਤਰਕਾਰੀ ਇਸ ਸਬੰਧੀ ਸੱਚ ਉਜਾਗਰ ਨਾ ਕਰਦੀ।

ਜਦ ਵਿੱਦਿਆ ਦਾ ਅਧਿਕਾਰ ਸਭ ਨੂੰ ਹੈ ਅਤੇ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ ਤਾਂ ਵਿੱਦਿਆ ਦੇ ਖੇਤਰ 'ਚ ਇਕਸਾਰਤਾ ਕਿਉਂ ਨਹੀਂ ਲਿਆਈ ਜਾਂਦੀ। ਸਭ ਨੂੰ ਇੱਕੋ ਜਿਹੀ ਇੱਕੋ ਪੱਧਰ 'ਤੇ ਵਿੱਦਿਆ ਕਿਉਂ ਨਹੀਂ ਦਿੱਤੀ ਜਾਂਦੀ ਅਤੇ ਕਿਉਂ ਉੱਚ-ਮਿਆਰੀ ਸਕੂਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਕੁਝ ਸਵਾਲ ਹਨ ਜਿਨ੍ਹਾਂ ਬਾਰੇ ਦੇਸ਼ ਦੇ ਵਾਸੀਆਂ ਨੂੰ ਪੱਤਰਕਾਰੀ ਜਾਣਕਾਰੀ ਦਿੰਦੀ ਰਹਿੰਦੀ ਹੈ ਤਾਂ ਕਿ ਉਹ ਇਸ ਸਬੰਧੀ ਜਾਗਰੂਕ ਹੋ ਕੇ ਉਨ੍ਹਾਂ ਲੋਕਾਂ ਦੇ ਸੰਘਰਸ਼ ਵਿਚ ਸ਼ਾਮਲ ਹੋ ਸਕਣ ਜਿਹੜੇ ਵਿੱਦਿਆ ਦੀ ਇਕਸਾਰਤਾ ਅਤੇ ਇਕਸੁਰਤਾ ਲਈ ਲਾਮਬੰਦ ਹੋਣ ਦੀਆਂ ਜੁਗਤਾਂ ਘੜਦੇ ਰਹਿੰਦੇ ਹਨ। ਚੇਤੰਨ ਮਨੁੱਖਾਂ ਨੂੰ ਹਾਕਮਾਂ ਦੀਆਂ ਚਾਲਾਂ, ਕੁਚਾਲਾਂ ਅਤੇ ਤਰਕੀਬਾਂ ਦਾ ਪਤਾ ਹੁੰਦਾ ਹੈ ਅਤੇ ਉਹ ਹੀ ਦੂਜਿਆਂ ਵਿਚ ਇਸ ਦੀ ਦੱਸ ਪਾਉਣ ਦਾ ਕੰਮ ਕਰਦੇ ਹਨ।
ਵਿੱਦਿਅਕ ਖੇਤਰ ਵਿਚ ਦਾਖਲਿਆਂ ਸਮੇਂ ਕਈ ਵਾਰ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ ਜਾਂਦਾ ਹੈ, ਅਕਾਦਮਿਕ ਘਪਲੇ ਕੀਤੇ ਜਾਂਦੇ ਹਨ, ਇਮਤਿਹਾਨਾਂ ਵਿਚ ਨਕਲ ਕਰਨ ਦਾ ਮਾਮਲਾ ਵੀ ਇਕ ਲਾਇਲਾਜ ਬਿਮਾਰੀ ਹੈ। ਕਾਲਜਾਂ ਨੂੰ ਮਾਨਤਾ ਦੇਣ ਸਮੇਂ ਚੱਲਦੀਆਂ ਵੱਢੀਆਂ ਕਿਸੇ ਅੱਖ ਤੋਂ ਛੁਪੀਆਂ ਨਹੀਂ ਰਹਿ ਗਈਆਂ ਅਤੇ ਵਿੱਦਿਅਕ ਅਦਾਰਿਆਂ 'ਚ ਸਿਆਸਤ ਦੀ ਖੁੱਲ੍ਹ ਖੇਡ ਨੇ ਅਜਿਹੀ ਧੁੰਦ ਖਿਲਾਰ ਦਿੱਤੀ ਹੈ ਜਿਸ ਨੂੰ ਖਤਮ ਕਰਨਾ ਆਸਾਨ ਨਹੀਂ ਰਹਿ ਗਿਆ। ਨਤੀਜਿਆਂ ਦਾ ਗਲਤ ਛਾਪਣਾ, ਤਰੱਕੀਆਂ 'ਚ ਭਾਈ-ਭਤੀਜਾਵਾਦ, ਨੌਕਰੀਆਂ ਦੇਣ 'ਚ ਕੇਵਲ ਸਿਫਾਰਸ਼ਾਂ ਦਾ ਬੋਲਬਾਲਾ ਅਤੇ ਹੋਰ ਕਈ ਕਿਸਮ ਦੇ ਘਪਲਿਆਂ ਨੇ ਵਿੱਦਿਅਕ ਖੇਤਰ ਨੂੰ ਵੀ ਚਾਨਣ ਵੰਡਣ ਜੋਗਾ ਨਹੀਂ ਛੱਡਿਆ। ਇਹ ਗੱਲਾਂ ਜਦ ਪੱਤਰਕਾਰੀ ਸਾਹਮਣੇ ਲਿਆਉਂਦੀ ਹੈ ਤਾਂ ਆਮ ਬੰਦਾ ਹੈਰਾਨ ਹੋ ਕੇ ਰਹਿ ਜਾਂਦਾ ਹੈ। ਸਾਹਮਣੇ ਉਹੀ ਪੱਤਰਕਾਰ ਲਿਆਉਦੇ ਹਨ ਜਿਹੜੇ ਨਿਡਰ ਅਤੇ ਨਿਧੜਕ ਹੋਣ ਅਤੇ ਜਿਨ੍ਹਾਂ ਨੂੰ ਦੇਸ਼ ਦੀ ਤਰੱਕੀ ਦਾ ਫਿਕਰ ਹੋਵੇ। ਜਿਹੜੀ ਪੱਤਰਕਾਰੀ ਅਜਿਹੇ ਕੋਹਝ ਨੂੰ ਨੰਗਿਆ ਕਰਦੀ ਹੈ, ਉਹ ਆਪਣੀ ਜ਼ਿਮੇਵਾਰੀ ਨਿਭਾਅ ਰਹੀ ਹੁੰਦੀ ਹੈ।

ਕੁੱਲ ਮਿਲਾ ਕੇ ਆਖਿਆ ਜਾ ਸਕਦਾ ਹੈ ਕਿ ਜੇ ਪੱਤਰਕਾਰੀ ਵਿੱਦਿਆ ਦੇ ਖੇਤਰ ਵਿਚ ਆਪਣੀ ਬਣਦੀ ਜ਼ਰੂਰੀ ਭੂਮਿਕਾ ਨਿਭਾਵੇ ਤਾਂ ਰੌਸ਼ਨੀ ਫੈਲੇਗੀ ਅਤੇ ਹਨੇਰਾ ਆਪਣੇ ਪੈਰ ਨਹੀਂ ਜਮਾ ਸਕੇਗਾ, ਅਗਿਆਨ ਟਿਕ ਨਹੀਂ ਸਕੇਗਾ ਅਤੇ ਭ੍ਰਿਸ਼ਟਾਚਾਰ ਨੂੰ ਜਗ੍ਹਾ ਹੀ ਨਹੀਂ ਮਿਲ ਸਕੇਗੀ। ਵਿੱਦਿਆ ਦੇ ਖੇਤਰ ਵਿਚ ਨਿਭਾਈ ਸਹੀ ਭੂਮਿਕਾ ਨਾਲ ਪੱਤਰਕਾਰੀ ਸਾਰੇ ਖੇਤਰਾਂ ਤਕ ਖੁਦ ਬਖੁਦ ਪਹੁੰਚ ਜਾਵੇਗੀ ਅਤੇ ਨਾਮਣਾ ਖੱਟਣ ਤੋਂ ਪਿੱਛੇ ਨਹੀਂ ਰਹੇਗੀ। 

****

ਮਾਂ -ਪਿਉ ਨਾਲ ਵੀ ਥੋੜਾ ਜਿਹਾ ਇਨਸਾਫ ਹੋਣਾ ਚਾਹੀਦਾ .......... ਲੇਖ / ਮੁਖਤਿਆਰ ਸਿੰਘ

ਮਾਮਲਾ ਇੱਜਤ ਦੇ ਨਾਂ ਤੇ ਹੁੰਦੇ ਕਤਲਾਂ ਦਾ

ਪਿਛਲੇ ਕੁਝ ਸਮੇਂ ਤੋਂ ਇੱਜਤ ਲਈ ਹੁੰਦੇ ਕਤਲਾਂ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਾਂ ਹੀ ਪੰਚਾਇਤਾਂ ਦੇ ਸਖਤ ਫੁਰਮਾਨਾਂ ਨਾਲ ਪ੍ਰੇਮ ਵਿਆਹ ਰੁਕਣ ਦਾ ਨਾਂ ਲੈ ਰਹੇ ਹਨ ਤੇ ਨਾਂ ਹੀ ਸਰਕਾਰ ਅਤੇ ਕੋਰਟਾਂ ਦੇ ਸਖਤ ਕਨੂੰਨਾਂ ਨਾਲ ਕਤਲ ਰੁਕਣ ਦਾ ਨਾਂ ਲੈ ਰਹੇ ਹਨ। ਇਸ ਨਾਂ ਰੁਕਣ ਵਾਲੇ ਦੁਖਾਂਤ ਦਾ ਕਾਰਨ ਕੀ ਹੈ? ਸਾਡੇ ਸਮੁੱਚੇ ਸਿਸਟਮ ਵਿੱਚ ਨੁਕਸ ਕਿੱਥੇ ਹੈ ਜਿਸ ਕਾਰਨ ਆਪਣੇ ਲਾਡਾਂ ਨਾਲ ਪਾਲੇ ਬੱਚਿਆਂ ਨੂੰ ਆਪਣੇ ਹੱਥੀਂ ਕਤਲ ਕਰਨ ਦੀ ਨੌਬਤ ਆ ਰਹੀ ਹੈ।

ਜੇ ਆਪਾਂ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਵਰਤਾਰਾ ਹੀਰ ਰਾਝੇਂ, ਮਿਰਜਾ ਸਹਿਬਾਂ ਤੋਂ ਵੀ ਪਹਿਲਾਂ ਦਾ ਚਲਦਾ ਆ ਰਿਹਾ ਹੈ। ਪਰ ਅੱਜ ਦੀ ਯੁਵਾ ਪੀੜੀ ਪੱਛਮੀਂ ਕਲਚਰ ਤੋਂ ਵੱਧ ਪ੍ਰਭਾਵ ਕਬੂਲ ਰਹੀ ਹੋਣ ਕਾਰਨ ਇਸ ਪਾਸੇ ਨੂੰ ਜਿਆਦਾ ਉਲਾਰ ਹੋ ਰਹੀ ਹੈ। ਪਰ ਪੱਛਮੀਂ ਮੁਲਕਾਂ ਦੇ ਅਤੇ ਸਾਡੇ ਦੇਸ਼ ਦੇ ਸਿਸਟਮ ਦਾ ਬਹੁਤ ਜਿਆਦਾ ਅੰਤਰ ਹੈ। ਉੱਥੇ ਜਿੰਦਗੀ ਦੇ ਹਰ ਪੜਾਅ ਤੇ ਹਰ ਨਾਗਰਿਕ ਸੁਤੰਤਰ ਤੇ ਸੁਰੱਖਿਅਤ ਹੈ ਕਿਸੇ ਨੂੰ ਕਿਸੇ ਦੂਸਰੇ ਨਾਲ ਕੋਈ ਲੈਣਾ ਦੇਣਾ ਲਹੀਂ ਹੈ। ਬਚਪਨ ਵਿੱਚ ਪਾਲਣ ਪੋਸ਼ਣ ਤੇ ਪੜ੍ਹਾਈ ਦਾ ਖਰਚਾ ਸਰਕਾਰ ਦਾ ਹੈ। ਉਸ ਤੋਂ ਬਾਅਦ ਨੌਕਰੀ ਜਾਂ ਬੇਰੁਜਗਾਰੀ ਭੱਤਾ ਸਰਕਾਰ ਦਿੰਦੀ ਹੈ। ਬੁਢਾਪੇ ਵਿੱਚ ਸਾਂਭ ਸੰਭਾਲ ਤੇ ਇਲਾਜ ਦਾ ਖਰਚਾ ਵੀ ਸਰਕਾਰ ਦਿੰਦੀ ਹੈ ਅਤੇ ਉਹ ਲੋਕ ਵਰਤਮਾਨ ਵਿੱਚ ਜਿਉਂਦੇ ਹਨ, ਉੱਥੇ ਕੋਈ ਕਿਸੇ ਨਾਲ ਵਿਆਹ ਕਰੇ, ਕੋਈ ਕਿਸੇ ਨੂੰ ਤਲਾਕ ਦੇਵੇ, ਜਿਸ ਦਾ ਕਿਸੇ ਦੂਜੇ ਨੂੰ ਕੋਈ ਲੈਣਾ ਦੇਣਾ ਨਹੀਂ। ਪਰ ਦੂਜੇ ਪਾਸੇ ਅਸੀ ਅਤੀਤ ਦੇ ਝੋਰਿਆਂ ਤੇ ਭਵਿੱਖ ਦੇ ਫਿਕਰਾਂ ਵਿੱਚ ਜੀ ਰਹੇ ਹਾਂ। ਸਾਡਾ ਦੇਸ਼ ਸਯੁਕਤ ਪਰਿਵਾਰਾਂ ਦਾ ਦੇਸ਼ ਹੈ ਇੱਥੇ ਜਿਆਦਾਤਰ ਲੋਕ ਜਿਉਣ ਲਈ ਇੱਕ ਦੂਜੇ ਤੇ ਨਿਰਭਰ ਹਨ। ਬਚਪਨ ਵਿੱਚ ਬੱਚਿਆਂ ਨੂੰ ਮਾਪਿਆਂ ਦੇ ਹੱਥਾਂ ਵੱਲ ਵੇਖ ਕੇ ਜਿਉਣਾ ਪੈਦਾਂ ਹੈ ਅਤੇ ਬੁਢਾਪੇ ਵਿੱਚ ਬੰਦੇ ਨੂੰ ਉਹਨਾਂ ਹੀ ਬੱਚਿਆਂ ਤੋਂ ਆਪਣੇ ਸਾਂਭ ਸੰਭਾਲ ਤੋ ਡੰਗੋਰੀ ਬਨਣ ਦੀ ਆਸ ਹੁੰਦੀ ਹੈ। ਇਹ ਗੱਲ ਸਾਡੇ ਲੋਕਾਂ ਦੇ ਜਿਹਨ ਵਿੱਚ ਬੁਰੀ ਤਰਾਂ ਘਰ ਕਰ ਚੁੱਕੀ ਹੈ ਕਿ ਸਾਡੇ ਬੱਚੇ ਸਾਡੇ ਆਗਿਆਕਾਰ ਹੋਣ ਤੇ ਤਾਂ ਹੀ ਸਾਡੇ ਬੁਢਾਪੇ ਦੇ ਦਿਨ ਸੁਖਾਲੇ ਨਿੱਕਲ ਸਕਣ ਇਸ ਲਈ ਉਹ ਕਈ ਵਾਰ, ਖਾਸ ਕਰਕੇ ਇੱਜਤ ਅਣਖ ਵਰਗੇ ਮਾਮਲੇ ਤੇ ਸਖਤ ਕਦਮ ਵੀ ਚੁੱਕ ਲੈਦੈਂ ਹਨ ਅਤੇ ਬੁਢਾਪਾ ਜੇਲ ਵਿੱਚ ਹੀ ਰੁਲ ਜਾਦਾਂ ਹੈ।
ਮੈਂ ਇੱਥੇ ਇੱਜਤ ਅਣਖ ਦੇ ਨਾਂ ਤੇ ਕੀਤਾ ਜਾਦੇ ਕਤਲਾਂ ਨੂੰ ਜਾਇਜ ਠਹਿਰਾਉਣ ਦੀ ਕੋਸਿਸ਼ ਬਿੱਲਕੁਲ ਨਹੀਂ ਕਰ ਰਿਹਾ। ਕਿਸੇ ਨੂੰ ਜਾਨੋਂ ਮਾਰਨ ਨਾਲੋਂ ਮਨੋਂ ਮਾਰ ਦੇਣਾ ਸੌ ਗੁਣਾ ਜਿਆਦਾ ਬਿਹਤਰ ਹੈ। ਜੇ ਪ੍ਰਮਾਤਮਾਂ ਨੇ ਸਾਨੂੰ ਕਿਸੇ ਨੂੰ ਜਿੰਦਗੀ ਦੇਣ ਦਾ ਹੱਕ ਨਹੀਂ ਦਿੱਤਾ ਫਿਰ ਕਿਸੇ ਤੋਂ ਜਿੰਦਗੀ ਖੋਹਣ ਦਾ ਹੱਕ ਵੀ ਨਹੀਂ ਹੋਣਾ ਚਾਹੀਦਾ,ਖਾਸ ਕਰਕੇ ਜਦ ਵਿਚਾਰਾਂ ਦੇ ਵਖਰੇਵੇਂ ਦੀ ਗੱਲ ਹੋਵੇ, ਉੱਥੇ ਤਾਂ ਇਹ ਹੋਰ ਵੀ ਮਾੜੀ ਗੱਲ ਹੈ। ਪਰ ਇੱਥੇ ਨੌਜਵਾਨ ਵਰਗ ਉੱਪਰ ਵੀ ਕੱਝ ਜਿੰਮੇਵਾਰੀ ਆਉਂਦੀ ਹੈ ਅਤੇ ਇਸ ਮਸਲੇ ਤੇ ਸੰਜੀਦਾ ਹੋਣ ਦੀ ਜਰੂਰਤ ਹੈ,ਉਹਨਾਂ ਨੂੰ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ। ਆਪਣਾ ਬਚਪਨ ਕਦੇ ਵੀ ਭਲਾਉਣਾ ਨਹੀਂ ਚਾਹੀਦਾ ਕਿ ਕਿਵੇਂ ਉਹਨਾਂ ਦੇ ਮਾਂ ਬਾਪ ਨੇ ਉਹਨਾਂ ਲਈ ਤੰਗੀਆਂ ਤੁਰਸ਼ੀਆਂ ਝੱਲ ਕੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਕਿਵੇਂ ਸਖਤ ਮਿਹਨਤਾਂ ਕਰਕੇ, ਗਹਿਣੇ ਗੱਟੇ ਵੇਚ ਕੇ ਉਹਨਾਂ ਦੀਆਂ ਕਾਲਜਾਂ ਦੀਆਂ ਫੀਸਾਂ ਭਰੀਆਂ, ਉਹਨਾਂ ਨੂੰ ਵੀ ਤੁਹਾਡੇ ਤੋਂ ਕੋਈ ਆਸ ਹੈ, ਉਹ ਵੀ ਤੁਹਾਡੇ ਤੋਂ ਪਿਆਰ ਬਦਲੇ ਪਿਆਰ ਹੀ ਮੰਗਦੇ ਹਨ। ਪਿਆਰ ਵਿਆਹ ਵਰਗੇ ਮਸਲਿਆਂ ਵਿੱਚ ਧੀਰਜ ਅਤੇ ਸੰਜਮ ਤੋਂ ਕੰਮ ਲੈ ਕੇ ਪਹਿਲਾਂ ਆਪਣੇ ਪੈਰਾਂ ਉੱਪਰ ਖੜੇ ਹੋਣ ਅਤੇ ਜਿੰਨੇ ਪਿਆਰ ਨਾਲ ਆਪਣੇ ਸਾਥੀ ਨੂੰ ਵਿਆਹ ਲਈ ਰਜਾਮੰਦ ਕੀਤਾ ਹੈ ਉਨੇ ਪਿਆਰ ਨਾਲ ਹੀ ਆਪਣੇ ਮਾਂ ਬਾਪ ਨੂੰ ਮਨਾਉਣ ਦੀ ਕੋਸਿਸ਼ ਕਰਨ । ਇਹ ਨਹੀਂ ਕਿ ਨਿੱਕੀ ਜਿਹੀ ਗੱਲ ਤੇ ਜਜਬਾਤੀ ਹੋ ਕੇ ,ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਤੇ ਮਾਂ ਬਾਪ ਦੀਆਂ ਸੱਧਰਾਂ ਨੂੰ ਪੈਰਾਂ ਹੋਠ ਰੋਲ ਕੇ ਘਰੋਂ ਭੱਜ ਜਾਣ ਅਤੇ ਜਿੰਨਾਂ ਮਾਪਿਆਂ ਨੇ ਕਦੇ ਚਾਵਾਂ ਤੇ ਲਾਡਾਂ ਨਾਲ ਪਾਲ ਕੇ ਕਿਸੇ ਉੱਚੇ ਅਹੁਦਿਆਂ ਤੇ ਪਹੁੰਚਾਉਣ ਦੇ ਸੁਪਨੇ ਮਨਾਂ ਵਿੱਚ ਸੰਜੋਏ ਸਨ ਉਹਨਾਂ ਖਿਲਾਫ ਹੀ ਥਾਣਿਆਂ ਤੇ ਕੋਰਟਾਂ ਵਿੱਚ ਦਰਖਾਸਤਾਂ ਦੇ ਕੇ ਸੁਰੱਖਿਆ ਮੰਗਦੇ ਫਿਰਨ। ਇਹੀ ਟਕਰਾਅ ਬਾਅਦ ਵਿੱਚ ਜਾ ਕੇ ਕਤਲਾਂ ਦਾ ਕਾਰਨ ਬਣਦਾ ਹੈ।
ਲਵ ਮੈਰਿਜਾਂ ਨਾਲ ਕੁਝ ਅਲਾਮਤਾਂ ਵੀ ਪੈਦਾ ਹੋ ਰਹੀਆਂ ਹਨ। ਵਿਆਹਾਂ ਦੇ ਨਾਂ ਤੇ ਚਲਾਕ ਤੇ ਆਵਾਰਾ ਕਿਸਮ ਦੇ ਲੜਕੇ ਲੜਕੀਆਂ ਦਾ ਜਿਸਮਾਨੀ ਤੇ ਆਰਥਿਕ ਸੋਸ਼ਣ ਵੀ ਕਰਦੇ ਹਨ। ਕਈਆਂ ਦੀ ਨਿਗ੍ਹਾ ਤਾਂ ਉਹਨਾਂ ਦੇ ਮਾਂ ਬਾਪ ਦੀ ਪ੍ਰਾਪਰਟੀ ਤੇ ਹੁੰਦੀ ਹੈ ਜਾਂ ਵਿਦੇਸਾਂ ਵਿੱਚ ਜਾ ਕੇ ਵੱਸਣ ਦੀ ਲਾਲਸਾ ਹੁੰਦੀ ਹੈ। ਆਪਣਾ ਮਤਲਬ ਨਿੱਕਲ ਜਾਣ ਤੇ ਉਹ ਸਭ ਕੁਝ ਛੱਡ ਜਾਦੇਂ ਹਨ ਅਤੇ ਮਾਪਿਆਂ ਨੂੰ ਨਮੋਸ਼ੀ ਝੱਲਣੀ ਪੈਦੀਂ ਹੈ। ਅਣਖ ਪਿੱਛੇ ਹੋਏ ਕਤਲ ਦੀ ਹਰ ਖਬਰ ਤਾਂ ਮੀਡੀਏ ਵਿੱਚ ਨਸ਼ਰ ਹਣੋ ਤੇ ਸਰਕਾਰਾਂ ਤੇ ਕੋਰਟਾਂ ਨੋਟਿਸ ਲੈ ਲੇਦੀਆਂ ਹਨ, ਪਰ ਅਜਿਹੀਆਂ ਖਬਰਾਂ ਵਿੱਚੇ ਹੀ ਬਦਨਾਮੀ ਦੇ ਡਰੋਂ ਦਬ ਦਬਾਅ ਜਾਦੀਆਂ ਹਨ। ਵਿਆਹ ਦਾ ਝਾਸਾਂ ਦੇ ਕੇ ਸਾਲਾਂ ਬੱਧੀ ਬਲਾਤਕਾਰ ਵਰਗੀਆਂ ਖਬਰਾਂ ਜੋ ਅਕਸਰ ਦੇਖਣ ਨੂੰ ਮਿਲ ਜਾਦੀਆਂ ਹਨ ਤੇ ਇਹ ਲਵ ਮੈਰਿਜ ਕਲਚਰ ਦੀ ਹੀ ਦੇਣ ਹਨ । ਜਿੰਨਾਂ ਬਾਰੇ ਆਪਣੀ ਔਲਾਦ ਨੂੰ ਸੁਚੇਤ ਕਰਨਾ ਤੇ ਰੋਕਣਾ ਮਾਂ ਬਾਪ ਦਾ ਹੱਕ ਹੈ।
ਸਾਡੀਆਂ ਸਰਕਾਰਾਂ ਤੇ ਅਦਾਲਤਾਂ ਇਸ ਮਸਲੇ ਤੇ ਇੱਕ ਪਾਸੜ ਸਟੈਂਡ ਲੈਕੇ ਬਲਦੀ ਤੇ ਤੇਲ ਦਾ ਕੰਮ ਕਰ ਰਹੀਆਂ ਹਨ। ਪ੍ਰੇਮੀ ਜੋੜਿਆਂ ਨੂੰ ਸਰਕਾਰੀ ਰੈਸਟ ਹਾਊਸਾਂ ਵਿੱਚ ਪਨਾਹ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਦੋ ਬਾਲਿਗਾਂ ਦਾ ਆਪਣੀ ਮਰਜੀ ਨਾਲ ਵਿਆਹ ਕਰਵਾਉਣਾ ਕਨੂੰਨੀ ਹੱਕ ਹੈ,ਪਰ ਹੋਰ ਵੀ ਸਾਰੇ ਦੇਸ਼ ਦੇ ਨਾਗਰਿਕਾਂ ਦੇ ਕਨੂੰਨੀ ਹੱਕ ਕਿੰਨੇ ਕੁ ਸੁਰੱਖਿਅਤ ਹਨ। ਕੀ ਸਿਰਫ ਲਵ ਮੈਰਿਜਾਂ ਨਾਲ ਹੀ ਜਾਤ ਪਾਤ ਨੂੰ ਠੱਲ ਪੈ ਸਕਦੀ ਹੈ? ਕੀ ਸਿਰਫ ਸਾਡੇ ਦੇਸ਼ ਦੀ ਮੁੱਖ ਸਮੱਸਿਆ ਲਵ ਮੈਰਿਜ ਹੀ ਹੈ ? ਕੀ ਇਸ ਨਾਲ ਹੀ ਦੇਸ਼ ਵਿੱਚ ਕੋਈ ਕ੍ਰਾਤੀਂ ਆ ਜਾਵੇਗੀ? ਨਹੀਂ…..। ਸਾਡੀਆਂ ਹੋਰ ਵੀ ਸਮੱਸਿਆਵਾਂ ਹਨ। ਜਾਨ ਮਾਲ ਦੀ ਸੁਰੱਖਿਆ ਸਿਰਫ ਪ੍ਰੇਮੀ ਜੋੜਿਆਂ ਦੀ ਹੀ ਨਹੀਂ, ਸਭ ਦੀ ਹੋਣੀ ਚਾਹੀਦੀ ਹੈ। ਅੱਜ ਕਿੰਨੇ ਕਿਸਾਨ ਦੇਸ਼ ਦੇ ਅੰਨ ਭੰਡਾਰ ਭਰ ਕੇ ਆਪ ਕਰਜੇ ਦੇ ਮਾਰੇ ਖੁਦਕੁਸ਼ੀਆਂ ਕਰ ਰਹੇ ਹਨ, ਬੇਰੋਜਗਾਰ ਟੈਕੀਆਂ ਤੇ ਚੜ• ਕੇ ਤੇਲ ਪਾ ਕੇ ਅੱਗਾਂ ਲਗਾ ਰਹੇ ਹਨ, ਦਿਨ ਦਿਹਾੜੇ ਬਲਾਤਕਾਰ ਕਰ ਕੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ, ਧੀਆਂ ਨੂੰ ਕੁੱਖ ਵਿੱਚ ਜੰਮਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ, ਕਿੰਨੇ ਲੋਕ ਪੋਹ ਮਾਘ ਦੀਆਂ ਠਰੀਆਂ ਰਾਤਾਂ ਵਿੱਚ ਫੁੱਟਪਾਥਾਂ ਤੇ ਸੌਦੇ ਹਨ, ਕਿੰਨੇ ਬਜੁਰਗ ਬੁਢਾਪੇ ਵਿੱਚ ਇਲਾਜ ਦੇ ਖੁਣੋ ਮਰ ਰਹੇ ਹਨ। ਕੀ ਇਹ ਸਾਰੇ ਕਿਸੇ ਹੋਰ ਗ੍ਰਹਿ ਤੋਂ ਆਏ ਹਨ? ਜਾਂ ਇਸ ਦੇਸ਼ ਦੇ ਨਾਗਰਿਕ ਨਹੀਂ ਹਨ? ਕੀ ਧੀਆਂ ਪੁੱਤਾਂ ਹੱਥੋਂ ਜਮੀਨ ਜਾਇਦਾਦਾਂ ਖੁਹਾ ਚੁੱਕੇ, ਰੁਲ ਰਹੇ ਬਜੁਰਗਾਂ ਨੂੰ ਸਰਕਾਰੀ ਰੈਸਟ ਹਾਊਸਾਂ ਵਿੱਚ ਥਾਂ ਨਹੀਂ ਮਿਲ ਸਕਦੀ? ਕੀ ਫੁੱਟਪਾਥਾਂ ਤੇ ਰੁਲ ਰਹੇ ਇਸੇ ਦੇਸ਼ ਦੇ ਨਾਗਰਿਕਾਂ ਨੂੰ ਰਹਿਣ ਲਈ ਇੱਕ ਕੁੱਲੀ ਵੀ ਨਹੀਂ ਮਿਲ ਸਕਦੀ? ਉਪਰੋਕਤ ਮਸਲਿਆਂ ਉੱਪਰ ਸਾਡੀਆਂ ਸਰਕਾਰਾਂ ਤੇ ਉੱਚ ਅਦਾਲਤਾਂ ਸ਼ਖਤ ਸਟੈਂਡ ਕਿਉਂ ਨਹੀਂ ਲੈ ਰਹੀਆਂ?
ਕਤਲ ਤਾਂ ਅਕਸਰ ਕਤਲ ਹੀ ਹੈ, ਭਾਵੇਂ ਕਤਲ ਦਾ ਕਾਰਨ ਕੁੱਝ ਵੀ ਹੋਵੇ ਜਿਸ ਦੀ ਸਜਾ ਕਾਤਲ ਨੂੰ ਅਵੱਛ ਮਿਲਣੀ ਚਾਹੀਦੀ ਹੈ, ਪਰ ਅੱਜ ਤੋਂ 25 ਸਾਲ ਪਹਿਲਾਂ ਦੇਸ਼ ਦੀ ਰਾਜਧਾਨੀ ਵਿੱਚ ਗਲਾਂ ਵਿੱਚ ਟਾਇਰ ਪਾ ਕੇ ਅੱਗਾਂ ਲਾ ਕੇ ਕਤਲ ਕੀਤੇ ਹਜਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਅਜੇ ਤੱਕ ਸਜਾ ਨਾ ਮਿਲਣਾ ਕਨੂੰਨ ਨਾਲ ਮਜਾਕ ਨਹੀਂ ਹੈ ਤਾਂ ਹੋਰ ਕੀ ਹੈ। ਦੇਸ਼ ਦੀ ਜਨਤਾਂ ਤੋਂ ਟੈਕਸਾਂ ਦੇ ਰੂਪ ਵਿੱਚ ਇੱਕਠਾ ਹੇਇਆ ਪੈਸਾ, ਜਿਸ ਨੂੰ ਸਾਡੇ ਨੇਤਾ ਜੀ ਅਰਬਾਂ ਖਰਬਾਂ ਦੇ ਬਿਸਾਬ ਨਾਲ ਡਕਾਰ ਕੇ ਕਦੇ ਕਿਸੇ ਦਾ ਵਾਲ ਵਿੰਗਾ ਤੱਕ ਨਹੀਂ ਹੋਇਆ ਸਗੋਂ ਅੱਜ ਵੀ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ, ਉਸ ਦੇਸ਼ ਦੇ ਨਾਗਰਿਕਾਂ ਤੋਂ ਕਨੂੰਨ ਦੇ ਪਾਲਣ ਕਰਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਸੋ ਅੱਜ ਲੋੜ ਹੈ ਸਾਰੇ ਗਲ ਸੜ ਚੁੱਕੇ ਤੇ ਭ੍ਰਿਸ਼ਟ ਹੋ ਚੁੱਕੇ ਸਿਸਟਮ ਨੂੰ ਬਦਲਣ ਦੀ। ਜਦ ਵਿਕਸਤ ਦੇਸ਼ਾਂ ਵਾਂਗ ਇਸ ਦੇਸ਼ ਦਾ ਹਰ ਨਾਗਰਿਕ ਸੁਤੰਤਰ ਤੇ ਆਤਮ ਨਿਰਭਰ ਹੋਵੇਗਾ ਤੇ ਹਰ ਇੱਕ ਨੂੰ ਨਿਆਂ ਮਿਲੇਗਾ ਤਾਂ ਅਜਿਹੀਆਂ ਸਮੱਸਿਆਵਾਂ ਤਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ। 
****
ਮੋਬਾਇਲ : 94175-17655
Email-mspakho@gmail.com 

'ਫੇਸ ਬੁੱਕ ਛਡਾਓ ਕੈਂਪ'........... ਲੇਖ / ਮਿੰਟੂ ਬਰਾੜ, ਐਡੀਲੇਡ (ਆਸਟ੍ਰੇਲੀਆ)

ਬਾਬਾ ਆਦਮ ਤੋਂ ਲੈ ਕੇ ਹੁਣ ਤਕ ਵਕਤ ਤੋਂ ਅਗਾਂਹ ਦੀ ਸੋਚਣਾ ਇਨਸਾਨੀ ਫ਼ਿਤਰਤ ਰਹੀ ਹੈ। ਆਧੁਨਿਕਤਾ ਦਾ ਜੋ ਨਜ਼ਾਰਾ ਅੱਜ ਅਸੀਂ ਚਖ ਰਹੇ ਹਾਂ ਇਹ ਉਸੇ ਫ਼ਿਤਰਤ ਦਾ ਹੀ ਨਤੀਜਾ ਹੈ। ਸੋਚ ਕੇ ਦੇਖੋ, ਜੇ ਇਨਸਾਨੀ ਸੋਚ ਅਜਿਹੀ ਨਾ ਹੁੰਦੀ ਤਾਂ ਅਸੀਂ ਹਾਲੇ ਘਾਹ-ਫੂਸ ਹੀ ਖਾ ਰਹੇ ਹੁੰਦੇ। ਇਸ ਸੋਚ ਨੇ ਜਿੱਥੇ ਇਕ ਪਾਸੇ ਸਾਨੂੰ ਤੜਕੇ ਲਾ ਕੇ ਖਾਣ, ਤਹਿਜ਼ੀਬ ਨਾਲ਼ ਪਹਿਨਣ ਤੇ ਠਾਠ ਨਾਲ਼ ਰਹਿਣ ਦੀ ਜਾਚ ਸਿਖਾਈ ਹੈ, ਉੱਥੇ ਸਾਰੀ ਦੁਨੀਆ ਨੂੰ ਸਮੇਟ ਕੇ ਸਾਡੀ ਜੇਬ ਵਿੱਚ ਵੀ ਪਾ ਦਿੱਤਾ ਹੈ। ਪਰ ਦੂਜੇ ਪਾਸੇ ਇਸ ਲਈ ਜੋ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ ਉਹ ਵੀ ਸ਼ਬਦਾਂ ਵਿੱਚ ਆਉਣ ਵਾਲੀ ਨਹੀਂ ਹੈ। ਇਸ ਆਧੁਨਿਕਤਾ ਨਾਲ ਜੋ ਕੁਝ ਅਸੀਂ ਪਾਇਆ, ਉਹ ਤਾਂ ਜੱਗ ਜ਼ਾਹਰ ਹੈ ਹੀ, ਪਰ ਜੋ ਅਸੀਂ ਖੋਇਆ ਉਸ ਬਾਰੇ ਜਾਣਦੇ ਹੋਏ ਵੀ ਜਾਣਨਾ ਨਹੀਂ ਚਾਹੁੰਦੇ। ਭਾਵੇਂ ਮੈਂ ਵੀ ਇਸ ਆਧੁਨਿਕਤਾ ਦਾ ਸ਼ਿਕਾਰ ਹਾਂ ਅਤੇ ਦਿਲੋਂ ਇਸ ਨੂੰ ਬੁਰਾ ਵੀ ਨਹੀਂ ਮੰਨਦਾ। ਪਰ ਜਦੋਂ ਇਸ ਆਧੁਨਿਕਤਾ ਦਾ ਦੂਜਾ ਪਾਸਾ ਦੇਖਦਾ ਹਾਂ ਤਾਂ ਇਹੀ ਸੋਚ ਮਨ ਵਿੱਚ ਆਉਂਦੀ ਹੈ ਕਿ ਸਮੇਂ ਨਾਲ ਬਦਲਾਓ ਤਾਂ ਕੁਦਰਤ ਦਾ ਅਸੂਲ ਅਤੇ ਵਕਤ ਦੀ ਲੋੜ ਹੁੰਦਾ ਹੈ। ਪਰ ਜੇ ਇਹ ਸਭ ਕੁੱਝ ਇੱਕ ਲਿਮਿਟ 'ਚ ਰਹਿ ਕੇ ਹੁੰਦਾ ਤਾਂ ਜਿਆਦਾ ਚੰਗਾ ਸੀ।

ਮੇਰਾ ਇਹ ਲੇਖ ਲਿਖਣ ਦੇ ਸਬੱਬ ਦਾ ਕਾਰਨ ਸੁਣ ਲਵੋ; ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਮਾਤਾ ਜੀ ਮੇਰੇ ਕੋਲ ਐਡੀਲੇਡ ਆਏ ਹੋਏ ਹਨ। ਮੈਲਬਾਰਨ ਰਹਿੰਦਾ ਮੇਰਾ ਭਾਣਜਾ ਮਾਨਵ ਆਪਣੀ ਨਾਨੀ ਨੂੰ ਮਿਲਣ ਦੋ ਦਿਨਾਂ ਲਈ ਐਡੀਲੇਡ ਆਇਆ। ਜਦੋਂ ਮੈਂ ਐਡੀਲੇਡ ਵਿੱਚ ਲੱਗੇ ਇਕ ਖ਼ੂਨਦਾਨ ਕੈਂਪ ਵਿੱਚੋਂ ਘਰ ਆਇਆ ਤਾਂ ਇਕ ਸੋਫ਼ੇ ਤੇ ਮੇਰਾ ਬੇਟਾ ਅਨਮੋਲ ਤੇ ਦੂਜੇ ਤੇ ਭਾਣਜਾ ਮਾਨਵ ਆਪੋ ਆਪਣੇ ਲੈਪਟਾਪ ਉੱਤੇ ਮਗਨ ਹੋਏ ਬੈਠੇ ਸਨ। ਮੈਨੂੰ ਦੇਖ ਕੇ ਮਾਨਵ ਕਹਿੰਦਾ ਮਾਮਾ ਜੀ ਇੰਡੀਆ ਤਾਂ ਤੁਹਾਡਾ ਸਹਾਰਾ ਕਲੱਬ ਖ਼ੂਨਦਾਨ ਦੇ ਨਾਲ ਨਾਲ ਨਸ਼ੇ ਛਡਾਊ ਕੈਂਪ ਵੀ ਲਾਉਂਦਾ ਹੁੰਦਾ ਸੀ, ਇਥੇ ਅਜ ਕਲ ਕੀ ਚੱਲ ਰਿਹਾ? ਉਸ ਦੇ ਲੈਪਟਾਪ ਤੇ ਫੇਸ ਬੁੱਕ ਦੇ ਖੁਲ੍ਹੇ ਪੇਜ ਨੂੰ ਦੇਖ ਕੇ ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਕਿ ਬੇਟਾ ਹੁਣ ਤਾਂ ਨਸ਼ੇ ਵੀ ਬਦਲ ਗਏ ਹਨ ਤੇ ਕੈਂਪ ਵੀ ਬਦਲਣੇ ਪੈਣੇ ਹਨ। ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ''ਫੇਸ ਬੁੱਕ ਛਡਾਓ ਕੈਂਪ'' ਲੱਗੇ ਦੇਖੋਗੇ। ਮੂਹਰੋਂ ਉਹ ਕਹਿੰਦਾ ਮਾਮਾ ਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਕੈਂਪ 'ਚ ਭਰਤੀ ਕਰਵਾਉਣਾ ਪਉ! ਮੈਂ ਕਿਹਾ, ਤਾਂ ਹੀ ਤਾਂ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਮੇਰੇ ਜਿਹਾ ਬੰਦਾ, ਜਿਸ ਨੂੰ ਕਦੇ ਚਾਹ ਦੀ ਭਲ੍ਹ ਨਹੀਂ ਸੀ ਆਈ, ਪਰ ਅਜ-ਕਲ ਜੇ ਫੇਸ ਬੁੱਕ, ਟਵਿਟਰ ਜਾਂ ਫੇਰ ਆਰਕੁਟ ਨੂੰ ਦਿਨ ਚ ਪੰਜ-ਸਤ ਬਾਰ ਖੋਲ੍ਹ ਕੇ ਨਾਂ ਵੇਖ ਲਵਾਂ ਤਾਂ ਸਰੀਰ ਨੂੰ ਤੋੜ ਜਿਹੀ ਲੱਗੀ ਰਹਿੰਦੀ ਹੈ।
ਕਹਿੰਦੇ ਹਨ ਕਿ ਹੱਦ ਚ ਰਹਿ ਕੇ ਕੀਤਾ ਨਸ਼ਾ ਦਵਾਈ ਦਾ ਕੰਮ ਕਰਦਾ ਹੈ। ਪਰ ਜਦੋਂ ਕਿਸੇ ਨਸ਼ੇ ਦੀ ਵਰਤੋਂ ਬੇਹਿਸਾਬ ਹੋਣ ਲਗ ਪਏ ਤਾਂ ਉਹ ਨਸ਼ੇ ਕਰਨ ਵਾਲੇ ਦੇ ਨਾਲ ਨਾਲ ਉਸ ਦੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੁੱਢ ਕਦੀਮੀ ਨਸ਼ੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹੇ ਹਨ। ਸਾਡਾ ਸਮਾਜ ਇਸ ਖ਼ਿਲਾਫ਼ ਲੜਾਈ ਵੀ ਲੜਦਾ ਰਿਹਾ ਹੈ ਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੇਲੇ ਵੇਲੇ ਸਿਰ ਨਸ਼ਾ ਛਡਾਓ ਕੈਂਪ ਲੱਗਾ ਕੇ ਇਹਨਾਂ ਨਸ਼ਿਆਂ ਤੋਂ ਨਸ਼ੇੜੀਆਂ ਦਾ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਪਰ ਹੁਣ ਤਾਂ ਗੰਗਾ ਉਲਟ ਵਗ ਪਈ ਹੈ। ਅੱਗੇ ਅਨਪੜ੍ਹ ਲੋਕ ਹੀ ਨਸ਼ਿਆਂ ਦੇ ਸ਼ਿਕਾਰ ਹੁੰਦੇ ਸਨ 'ਤੇ ਪੜ੍ਹੇ ਲਿਖੇ ਲੋਕ ਕੈਂਪ ਲਾ ਕੇ ਜਾਂ ਸਮਝਾ ਬੁਝਾ ਕੇ ਨਸ਼ੇ ਛੁਡਾਉਣ ਦੀ ਕੋਸ਼ਿਸ਼ ਕਰਦੇ ਸਨ। ਹੁਣ ਤਾਂ ਡਾਕਟਰ ਹੀ ਮਰੀਜ਼ ਬਣ ਗਏ ਹਨ, ਇਲਾਜ ਕੋਣ ਕਰੂ ? 
ਫੇਸ ਬੁੱਕ ਦਾ ਸ਼ਿਕਾਰ ਚੜ੍ਹਦੀ ਜਵਾਨੀ ਦੇ ਨਾਲ ਨਾਲ ਵੱਡੇ-ਵੱਡੇ ਫ਼ਨਕਾਰ, ਲੀਡਰ, ਕ੍ਰਿਕਟਰ, ਬਿਜ਼ਨਸਮੈਨ, ਘਰੇਲੂ ਗ੍ਰਹਿਣੀਆਂ ਤੋਂ ਲੈ ਕੇ ਪੇਂਡੂ ਲੋਕ ਤਕ ਵੀ ਹੋ ਗਏ ਹਨ। ਹੁਣ ਦੇਖੋ ! ਇਹ ਵੱਡੇ ਲੋਕ ਤਾਂ ਇਸ ਦਾ ਖ਼ੂਬ ਫ਼ਾਇਦਾ ਉਠਾ ਰਹੇ ਹਨ। ਕੋਈ ਆਪਣਾ ਫੈਨ ਸਰਕਲ ਵਧਾ ਰਿਹਾ, ਕੋਈ ਆਪਣਾ ਬਿਜਨੈੱਸ ਤੇ ਕੋਈ ਜਨਤਕ ਆਧਾਰ । ਜੇ ਕੋਈ ਕੁੱਝ ਗੁਆ ਰਿਹਾ ਹੈ ਤਾਂ ਉਹ ਹੈ; ਸਾਡਾ ਨੌਜਵਾਨ ਵਰਗ! ਜਿਸ ਵਿੱਚੋਂ ਅਸੀਂ ਆਪਣੇ ਆਉਣ ਵਾਲੇ ਕੱਲ੍ਹ ਦੇ ਦਰਸ਼ਨ ਕਰ ਰਹੇ ਹਾਂ। ਸਾਡਾ ਕੱਲ੍ਹ ਤਾਂ ਅੱਜ ਸ਼ੇਰੋ-ਸ਼ਾਇਰੀ ਵਿੱਚ ਮਸਤ ਹੈ। ਹਾਂ ! ਇਕ ਗਲ ਜਰੂਰ ਦੇਖਣ ਨੂੰ ਮਿਲੀ ਹੈ, ਉਹ ਇਹ ਕਿ ਅਜ ਫੇਸ ਬੁੱਕ ਨੇ ਘਰ ਘਰ ਗਾਲਬ ਪੈਦਾ ਕਰ ਦਿੱਤੇ ਹਨ। ਭਾਵੇਂ ਇਕ ਉਸਾਰੂ ਸਮਾਜ ਦੀ ਸਿਰਜਣਾ ਲਈ ਵੇਲ਼ੇ-ਵੇਲ਼ੇ ਸਿਰ ਗਾਲਬ ਪੈਦਾ ਹੋਣੇ ਵੀ ਲਾਜ਼ਮੀ ਹਨ। ਪਰ ਜੇ ਸਾਰੇ ਹੀ ਗਾਲਬ ਬਣ ਗਏ ਤਾਂ ਅਸੀਂ ਅਬਦੁਲ ਕਲਾਮ ਤੇ ਮਨਮੋਹਨ ਸਿੰਘ ਕਿੱਥੋਂ ਲਿਆਵਾਂਗੇ। ਹੋਰ ਸੁਣ ਲਵੋ; ਕਈ ਤਾਂ ਮੇਰੇ ਜਿਹੇ ਫੇਸਬੁੱਕ 'ਤੇ ਹੋਰ ਸ਼ਾਇਰਾਂ ਦੇ ਸ਼ੇਅਰ ਆਪਣੇ ਨਾਮ ਕਰਕੇ ਵਾਹ-ਵਾਹ ਖੱਟ ਲੈਂਦੇ ਹਨ 'ਤੇ ਕਈ ਤ੍ਰਿਲੋਕ ਸਿੰਘ ਜੱਜ ਵਰਗੇ ਆਪਣੀ ਕਲਾ ਦਾ ਘਾਣ ਹੁੰਦਾ ਦੇਖਣ ਜੋਗੇ ਰਹਿ ਜਾਂਦੇ ਹਨ।
ਹੁਣ ਸਾਡੇ ਪੰਜਾਬੀ ਗੀਤਕਾਰਾਂ ਦੀ ਵੀ ਸੁਣ ਲਵੋ। ਇਹਨਾਂ ਦੇ ਵੀ ਵਾਰੇ ਵਾਰੇ ਜਾਈਏ, ਜਿਹੜੇ ਸਦਾ ਹੀ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਦੇ ਹਨ। ਜਦੋਂ ਮਰਜ਼ੀ ਪੰਜਾਬੀ ਟੀ.ਵੀ. ਚੈਨਲ ਚਲਾ ਕੇ ਦੇਖ ਲਵੋ, ਹਰ ਦੂਜੇ ਤੀਜੇ ਗਾਣੇ ਚ ਫੇਸ ਬੁੱਕ ਦਾ ਜ਼ਿਕਰ ਆ ਹੀ ਜਾਂਦਾ ਹੈ। ਆਵੇ ਵੀ ਕਿਉਂ ਨਾ, ਜਦੋਂ ਸਾਰੀ ਦੁਨੀਆਂ ਤਰੱਕੀ ਕਰ ਰਹੀ ਹੈ ਤਾਂ ਇਹ ਪਿੱਛੇ ਕਿਉਂ ਰਹਿਣ । ਇਨ੍ਹਾਂ ਨੇ ਸਾਡੀ ਨਵੀਂ ਪੀੜ੍ਹੀ ਨੂੰ ਕੋਈ ''ਸਹੀ ਦਿਸ਼ਾ'' ਵੀ ਤਾਂ ਦੇਣੀ ਹੁੰਦੀ ਹੈ । ਕੱਲ੍ਹ ਹੀ ਟੀ.ਵੀ. ਤੇ ਇਕ ਗੀਤ ਵੱਜ ਰਿਹਾ ਸੀ ਕਿ 'ਮੁੰਡਾ ਫੇਸ ਬੁੱਕ ਉੱਤੇ ਫਿਰਦਾ ਪਟੋਲੇ ਭਾਲਦਾ'। ਹੁਣ ਤੁਸੀਂ ਦੱਸੋ ਜੇ ਇਹ ਗੀਤਕਾਰ ਵੀਰ ਗੀਤ ਨਾ ਲਿਖਦੇ ਤੇ ਇਹ ਗਾਇਕ ਵੀਰ ਨਾ ਗਾਉਂਦੇ ਤਾਂ ਸਾਡੇ ਪੇਂਡੂ ਮੁੰਡਿਆਂ ਨੂੰ ਕੀ ਪਤਾ ਲੱਗਣਾ ਸੀ ਕਿ ਫੇਸ ਬੁੱਕ ਤੇ ਵੀ ਪਟੋਲੇ ਮਿਲ ਜਾਂਦੇ ਹਨ। ਉਹਨਾਂ ਦਾ ਤਾਂ ਅਨਜਾਣ ਪੁਣੇ ਚ ਹੀ ਨੁਕਸਾਨ ਹੋ ਜਾਣਾ ਸੀ ਤੇ ਸ਼ਾਇਦ ਇਸ ਗੀਤ ਦੀ ਅਣਹੋਂਦ 'ਚ ਸੱਭਿਆਚਾਰ ਤੇ ਸਾਹਿਤ ਦੀ ਸੇਵਾ ਦਾ ਇੱਕ ਪੰਨਾ ਵੀ ਘੱਟ ਰਹਿ ਜਾਣਾ ਸੀ।
ਲਗਦੇ ਹੱਥ ਮੇਰੇ ਇਕ ਮਿੱਤਰ ਦੀ ਸੁਣ ਲਵੋ। ਬਚਪਨ ਤੋਂ ਹੀ ਕੁੱਝ ਵੱਖਰੇ ਸੁਭਾਅ ਦਾ ਮਾਲਕ ਮੇਰਾ ਇਹ ਦੋਸਤ ਸਦਾ ਹੀ ਮੂਹਰੇ ਚੱਲਣ 'ਚ ਵਿਸ਼ਵਾਸ ਕਰਦਾ ਸੀ। ਭਾਵੇਂ ਉਹ ਪੜ੍ਹਾਈ ਹੁੰਦੀ ਤੇ ਭਾਵੇਂ ਐੱਨ.ਸੀ.ਸੀ. ਜਾਂ ਕੋਈ ਖੇਡ ਉਹ ਸਾਡੇ ਤੋਂ ਦੋ ਕਦਮ ਮੂਹਰੇ ਹੀ ਰਿਹਾ । ਪਰ ਪਿਛਲੇ ਸਾਲ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਯਾਰ ਇੰਟਰਨੈੱਟ ਲਗਵਾ ਲੈ, ਕੋਈ ਦੁਨੀਆਦਾਰੀ ਲਈ ਵੀ ਵਕਤ ਕੱਢ ਲਿਆ ਕਰ, ਸਾਰਾ ਦਿਨ ਕਬੀਲਦਾਰੀ ਚ ਹੀ ਫਸਿਆ ਰਹਿਣਾ। ਮੈਂ ਉਸ ਨੂੰ ਇਹ ਮੱਤਾਂ ਦਿੰਦਾ ਆਪਣਾ ਬਚਪਨ ਦਾ ਕਰਜ਼ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੁਣ ਅਸੀਂ ਉਹ ਨਹੀਂ ਰਹਿ ਗਏ ਜਿਹੜੇ ਹਰ ਖੇਤਰ ਚ ਰਣਜੀਤ ਸਿੰਘ ਤੋਂ ਪਿੱਛੇ ਰਹਿ ਜਾਂਦੇ ਸੀ । ਮੇਰੀਆਂ ਇਹਨਾਂ ਗੱਲਾਂ ਨੇ ਫੇਰ ਉਸ ਅੰਦਰਲਾ ਕੁਝ ਕਰ ਗੁਜ਼ਰਨ ਦਾ ਜਜ਼ਬਾ ਜਗਾ ਦਿਤਾ। ਦੂਜੇ ਦਿਨ ਹੀ ਰਣਜੀਤ ਸਿਓਂ ਨੇ ਕਰ ਦਿਤਾ ਨੈੱਟ ਅਪਲਾਈ ਤੇ ਅਸੀਂ ਚੌੜੇ ਹੋ ਕੇ ਉਸ ਨੂੰ ਨੈੱਟ ਦਾ ਊੜਾ ਆੜਾ ਸਿਖਾਉਣ ਲਗ ਪਏ। ਕੁੱਝ ਕੁ ਦਿਨਾਂ ਬਾਅਦ ਜਦੋਂ ਮੈਂ ਮੁੜ ਆਸਟ੍ਰੇਲੀਆ ਆ ਗਿਆ ਤਾਂ ਮੇਰੀ ਫੇਰ ਫੂਕ ਜਿਹੀ ਨਿਕਲ ਗਈ ਜਦੋਂ ਮੈਂ ਰਣਜੀਤ ਸਿੰਘ ਨੂੰ ਫੇਰ ਆਪਣੇ ਨਾਲੋਂ ਦੋ ਕਦਮ ਮੂਹਰੇ ਖੜਾ ਦੇਖਿਆ। ਹੋਇਆ ਕੀ ਕਿ ਹੁਣ ਹਰ ਰੋਜ਼ ਉਸ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦੈ ਕਿਉਂਂਕਿ ਜਨਾਬ ਹੋਰੀਂ ਤੜਕੇ ਨਿਰਣੇ ਕਾਲਜੇ ਆ ਕੰਪਿਊਟਰ 'ਤੇ ਬਹਿੰਦੇ ਨੇ ਤੇ ਫੇਸ ਬੁੱਕ ਤੇ ਸਾਰਿਆਂ ਨੂੰ ਸੰਵਾ ਕੇ ਪੈਂਦੇ ਹਨ। ਇਕ ਦਿਨ ਜਦ ਮੈਂ ਉਸ ਨੂੰ ਕਿਹਾ ਕਿ ਚੰਗਾ ਯਾਰ ''ਗੁੱਡ ਨਾਈਟ'' ! ਹੁਣ ਤਾਂ ਸਾਡੇ ਰਾਤ ਹੋ ਗਈਂ, ਤੜਕੇ ਜੌਬ 'ਤੇ ਵੀ ਜਾਣੈ, ਇਸ ਲਈ ਕੱਲ ਮਿਲਾਂਗੇ ! ਉਹ ਕਹਿੰਦਾ ਬਸ ਦਸ ਕੁ ਮਿੰਟ ਰੁਕ ਜਾ ਏਨੇ ਨੂੰ ਅਮਰੀਕਾ ਚ ਦਿਨ ਚੜ੍ਹ ਜਾਊ ਤਾਂ ਉਥੋਂ ਦਾ ਕੋਈ 'ਸਖਾ-ਮਿੱਤਰ' ਆਨ ਲਾਈਨ ਆ ਜਾਊ! 
ਆਧੁਨਿਕਤਾ ਦਾ ਇਕ ਹੋਰ ਨਜ਼ਾਰਾ ਸੁਣ ਲਓ। ਜਦੋਂ ਦੀ ਮੋਬਾਈਲ ਕ੍ਰਾਂਤੀ ਆਈ ਹੈ ਉਦੋਂ ਤੋਂ ਜੇ ਕੁੱਝ ਸਭ ਤੋਂ ਸੌਖਾ ਹੋਇਆ ਹੈ ਤਾਂ ਉਹ ਹੈ ਆਸ਼ਕੀ। ਭਾਵੇਂ ਆਸ਼ਕੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਅੱਜ ਜਿੰਨੀ ਸੌਖੀ ਕਦੇ ਹੈ ਹੀ ਨਹੀਂ ਸੀ। ਪਹਿਲਾਂ ਚਿੱਠੀ ਤਾਂ ਲਿਖ ਲੈਂਦੇ ਸੀ ਪਰ ਉਹ ਟਿਕਾਣੇ ਤੇ ਪਹੁੰਚਾਉਣ ਲਈ ਕਈ-ਕਈ ਦਿਨ ਲੱਗ ਜਾਂਦੇ । ਕਈ ਵਾਰੀ ਤਾਂ ਚਿੱਠੀ ਜੇਬ ਵਿੱਚ ਪਈ-ਪਈ ਹੀ ਮੁੜ੍ਹਕੇ ਨਾਲ ਪਾਟ ਜਾਂਦੀ, ਕਿਉਂ ਜੋ 'ਕੱਲੇ ਨੂੰ 'ਕੱਲੀ ਨਾ ਟੱਕਰਦੀ। ਆਧੁਨਿਕ ਜਾਂ ਇੰਝ ਕਹਿ ਲਵੋ ਕਿ ਮਾਡਰਨ ਸਮੇਂ 'ਚ ਜੋ ਕੁਝ ਵਾਪਰ ਰਿਹਾ ਹੈ, ਉਸ ਦੇ ਵਿਸਥਾਰ 'ਚ ਜਾਣ ਦੀ ਬਜਾਏ, ਆਪ ਜੀ ਨਾਲ਼ ਇੱਕ ਵਾਕਿਆ ਸਾਂਝਾ ਕਰਦਾ ਹਾਂ। ਪੰਜਾਬ ਗਿਆ, ਇੱਕ ਦਿਨ ਮੈਂ ਆਪਣੇ ਪਿੰਡ ਤਾਏ ਦੇ ਪੁੱਤ ਨੂੰ ਮਿਲਣ ਗਿਆ ਤਾਂ ਟੱਬਰ-ਟੀਰ ਦੀ ਸੁੱਖ-ਸਾਂਦ ਕਰਦਿਆਂ ਉਹ ਕਹਿੰਦਾ ਹੋਰ ਤਾਂ ਸਭ ਠੀਕ ਹੈ ਪਰ ਤੇਰੇ ਭਤੀਜ ਨੂੰ ਰਾਤ ਨੂੰ ਸੁੱਤੇ ਪਏ ਨੂੰ ਬੋਲਣ ਦੀ ਬਿਮਾਰੀ ਆ। ਹੈਰਾਨ ਹੁੰਦਿਆਂ ਮੈਂ ਉਸਨੂੰ ਕੁਝ ਸਵਾਲ ਪੁੱਛੇ ਤਾਂ ਅੰਦਾਜਾ ਹੋ ਗਿਆ ਕਿ 1960 ਤੋਂ ਪਹਿਲਾਂ ਜੰਮਿਆ ਮੇਰਾ ਇਹ ਵੀਰ ਕੀ ਜਾਣੇ ਮੋਬਾਈਲ ਪਲਾਨ ਬਾਰੇ ਕਿ ਦਸ ਵਜੇ ਤੋਂ ਬਾਅਦ ਫ੍ਰੀ ਕਾਲਾਂ ਕਿਵੇਂ ਨੌਜਵਾਨਾਂ ਨੂੰ ਸੁੱਤੇ ਪਏ ਬੋਲਣ ਲਾ ਦਿੰਦੀਆਂ ਹਨ? ਮੈਂ ਇਸ ਕਸੂਤੀ ਬਿਮਾਰੀ ਦਾ ਦਿਲਾਸਾ ਦਿੰਦਿਆਂ ਆਪਣੇ ਵੱਡੇ ਭਾਈ ਨੂੰ ਕਿਹਾ ਕਿ ਸ਼ੁਕਰ ਹੈ ਇਹ ਇਕੱਲਾ ਬੋਲਦਾ ਹੀ ਆ, ਨਹੀਂ ਤਾਂ ਅੱਜ ਕਲ ਦੀ ਪੀੜ੍ਹੀ ਅੱਧੀ ਰਾਤ ਨੂੰ ਨੀਂਦ 'ਚ ਤੁਰ ਵੀ ਪੈਂਦੀ ਆ।
ਮੇਰਾ ਆਪਣੇ ਵੀਰ ਨੂੰ 1960 ਤੋਂ ਪਹਿਲਾਂ ਜੰਮਿਆ ਲਿਖਣਾ ਦਾ ਕਾਰਨ ਇਹ ਹੈ ਕਿ ਜੋ ਗੱਲਾਂ ਅੱਜ ਵਾਪਰ ਰਹੀਆਂ ਉਹ ਸੱਠਵਿਆਂ ਦੇ ਦਹਾਕੇ ਤੋਂ ਪਹਿਲਾਂ ਜੰਮਿਆਂ ਦੇ ਹਿਸਾਬ ਕਿਤਾਬ ਤੋਂ ਬਾਹਰ ਦੀਆਂ ਹਨ ਤੇ ਜੋ ਕੁੱਝ ਉਹਨਾਂ ਨੇ ਭੋਗਿਆ ਅੱਜ ਦੀ ਨੌਜਵਾਨ ਪੀੜ੍ਹੀ ਉਸ ਤੋਂ ਅਨਜਾਣ ਹੈ। 1960 ਤੋਂ ਪਹਿਲਾਂ ਜੰਮੇ ਲੋਕਾਂ ਲਈ ਮੇਰੀ ਅਜਿਹੀ ਸੋਚ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੰਜੋਗਵਸ ਮੈਂ ਉਸ ਸਮੇਂ ਦਾ ਹਾਣੀ ਹਾਂ, ਜਿਸ ਨੇ ਗੱਡਿਆਂ ਤੋਂ ਲੈ ਕੇ ਗੱਡੀਆਂ ਤੱਕ, ਸਲੇਟਾਂ ਤੇ ਫੱਟੀਆਂ ਤੋਂ ਆਈ ਪੈਡ ਤੱਕ, ਭਾਫ਼ ਵਾਲੇ ਇੰਜਣਾਂ ਤੋਂ ਮੈਟਰੋ ਟ੍ਰੇਨ ਤੱਕ, ਬਾਜ਼ੀਗਰਾਂ ਵੱਲੋਂ ਪਾਈ ਜਾਂਦੀ ਬਾਜੀ ਤੋਂ ਅੱਜ ਕਲ ਦੇ ਸਟੰਟ ਸ਼ੋਅ ਤਕ, ਪਿੰਡ ਦੇ ਕੱਲਰਾਂ ਵਿੱਚ ਲਗਦੀਆਂ ਤੀਆਂ ਤੋਂ ਪੱਬਾਂ ਵਿੱਚ ਪੈਂਦੇ ਧਮਾਲਾਂ ਤਕ, ਗੁੱਲੀ-ਡੰਡੇ ਤੋਂ ਲੈ ਕੇ ਪਲੇਅ ਸਟੇਸ਼ਨ ਤੱਕ, ਡਾਕ ਖਾਨੇ 'ਚ ਟਿੱਕ-ਟਿੱਕ ਕਰਕੇ ਆਉਂਦੀ ਤਾਰ ਤੋਂ ਇਨਸਟੰਟ ਮੈਸਜ਼ ਤੱਕ, ਬਰੰਗ ਚਿੱਠੀਆਂ ਤੋਂ ਈ-ਮੇਲ ਤੱਕ, ਊਠਾਂ ਨਾਲ ਗਾਹ ਗਾਹੁਣ ਤੋਂ ਲੈ ਕੇ ਕੰਬਾਈਨਾਂ ਤਕ, ਤੁਕ-ਤੁਕ ਵਾਲੇ ਇੰਜਣਾਂ ਤੋਂ ਲੈ ਕੇ ਟਰਬੋ ਇੰਜਣਾਂ ਤੱਕ, ਭੱਠੀ ਤੋਂ ਭੁਨਾਏ ਦਾਣੇ ਤੇ ਘਰਦੇ ਬਣੇ ਮਰੁੰਡਿਆਂ ਤੋਂ ਲੈ ਕੇ ਪੀਜ਼ਾ ਬਰਗਰਾਂ ਤੱਕ, ਹਲਟਾਂ ਨਾਲ ਪਾਣੀ ਲਾਉਣ ਤੋਂ ਲੈ ਕੇ ਸੰਬਰਸੀਬਲ ਮੋਟਰਾਂ ਤੱਕ, ਹਰਕੁਲੀਸ ਦੇ ਸਾਈਕਲ ਤੋਂ ਲੈ ਕੇ ਹੋਂਡਾ ਦੇ ਚਾਰ ਸਿਲੰਡਰ ਮੋਟਰ ਬਾਇਕ ਤੱਕ, ਮਰਫੀ ਦੇ ਰੇਡੀਓ ਤੋਂ ਲੈ ਕੇ ਡਿਜੀਟਲ ਰੇਡੀਓ ਤੱਕ, ਬਲੈਕ ਐਂਡ ਵਾਈਟ ਟੀ.ਵੀ. ਤੋਂ ਲੈ ਕੇ ਐੱਲ.ਸੀ.ਡੀ. ਅਤੇ ਲਿੱਡ ਟੀ.ਵੀ. ਤੱਕ, ਇਕੱਲੇ ਦੂਰਦਰਸ਼ਨ ਤੋਂ ਲੈ ਕੇ ਸੈਂਕੜੇ ਪੇਅ ਟੀ.ਵੀ. ਤੱਕ, ਪੱਥਰ ਦੇ ਤਵੇ (ਐੱਲ.ਪੀ. ਰਿਕਾਰਡ) ਤੇ ਵੀ.ਸੀ.ਆਰ. ਤੋਂ ਲੈ ਕੇ ਬਲ਼ੂ ਰੇ ਡਿਸਕ ਤੱਕ, ਦਾ ਵਕਤ ਹੰਢਾਇਆ ਹੈ।
ਇਹ ਦੋ ਯੁਗਾਂ ਨੂੰ ਮਾਣਨ ਦਾ ਸੁਭਾਗ ਬਸ 1960 ਤੋਂ ਲੈ ਕੇ 1980 ਤਕ ਦੇ ਵਕਤ 'ਚ ਜਨਮ ਲੈਣ ਵਾਲਿਆਂ ਦੇ ਹਿੱਸੇ ਹੀ ਆਇਆ ਹੈ। ਕਿਉਂਕਿ ਜਿਨ੍ਹਾਂ ਦਾ ਜਨਮ 1960 ਤੋਂ ਪਹਿਲਾਂ ਦਾ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਹਾਈਟੈਕ ਜ਼ਮਾਨਾ ਸਮਝੋਂ ਬਾਹਰ ਹੈ। ਭਾਵੇਂ ਉਹ ਇਸ ਜ਼ਮਾਨੇ ਵਿੱਚ ਵਿਚਰ ਤਾਂ ਰਹੇ ਹਨ ਪਰ ਉਹਨਾਂ ਨੂੰ ਇਹ ਚੀਜ਼ਾਂ ਦੇਖਣਾ ਤੇ ਵਰਤਣਾ ਇਕ ਮਜਬੂਰੀ ਜਿਹੀ ਲੱਗਦਾ ਹੈ। ਉਦਾਹਰਣ ਦੇ ਤੌਰ ਤੇ ਜੇ ਕੋਈ ਪੁਰਾਣਾ ਬੰਦਾ ਮੋਬਾਈਲ ਵਰਤ ਵੀ ਰਿਹਾ ਹੈ ਤਾਂ ਉਹ ਉਸ ਦੇ ਗਿਣਤੀ ਦੇ ਬਟਨ ਦੱਬਣ ਹੀ ਜਾਣਦਾ ਕਿ ਕਿਵੇਂ ਕਿਸੇ ਦਾ ਫ਼ੋਨ ਸੁਣੀਦਾ ਤੇ ਕਿਵੇਂ ਕਰੀ ਦਾ ਹੈ। ਉਸ ਨੂੰ 3ਗ ਜਾਂ 4ਗ ਆਦਿ ਤੱਕ ਕੋਈ ਵਾ ਵਾਸਤਾ ਨਹੀਂ ਹੁੰਦਾ। ਦੂਜਾ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਲੋਕਾਂ ਨੂੰ ਹਾਲੇ ਉਹੀ ਪੁਰਾਣਾ ਕਲਚਰ ਹੀ ਚੰਗਾ ਲਗਦਾ ਹੈ। ਜਿਹੜੇ ਲੋਕੀ ਇਸ ਦੁਨੀਆਂ ਤੇ 1960 ਤੋਂ ਬਾਅਦ ਆਏ ਹਨ, ਉਹਨਾਂ ਜਦੋਂ ਨੂੰ ਸੂਰਤ ਸੰਭਾਲੀ ਉਦੋਂ ਨੂੰ ਗੱਡਿਆਂ ਦਾ ਦੌਰ ਬੀਤੇ ਸਮੇਂ ਦੀ ਗਲ ਹੋ ਚੁੱਕਿਆ ਸੀ। ਸੋ ਉਹ ਕੀ ਜਾਣਨ ਕੀ ਆਥਣ ਵੇਲੇ ਕਿਸੇ ਖੇਤੋਂ ਆਉਂਦੇ ਊਠ ਦੇ ਲੱਦੇ ਵਿੱਚੋਂ ਗੰਨਾ ਖਿੱਚ ਕੇ ਚੂਪਣ ਦਾ ਕੀ ਸੁਆਦ ਹੁੰਦਾ ਸੀ। ਸੋ 1960 ਤੋਂ 1980 ਵਿਚਾਲੇ ਜਨਮ ਲੈਣ ਵਾਲਿਆਂ ਦੇ ਹਿੱਸੇ ਦੋ ਯੁੱਗ ਭੋਗਣ ਨੂੰ ਮਿਲੇ ਹਨ। ਇਹਨਾਂ ਕਰਮਾਂ ਵਾਲਿਆਂ ਵਿੱਚ ਮੇਰਾ ਵੀ ਨਾਂ ਆਉਂਦਾ ਹੈ।
ਅਸਲੀ ਮੁੱਦੇ 'ਤੇ ਆਉਂਦੇ ਹਾਂ ਕਿ ਇਸ ਆਧੁਨਿਕਤਾ ਨਾਲ ਅਸੀਂ ਇਹੋ ਜਿਹਾ ਕੀ ਗੁਆ ਲਿਆ ਹੈ, ਜਿਸ ਬਾਰੇ ਚਿੰਤਾ ਕਰੀਏ? ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਵਾਰੀ ਵਕਤ ਦੀ, ਭਾਵੇਂ ਅਜ ਅਸੀਂ ਲੱਖ ਐਡਵਾਂਸ ਹੋ ਗਏ ਹੋਈਏ, ਭਾਵੇਂ ਦਿਨਾਂ ਦਾ ਕੰਮ ਹੁਣ ਕੁੱਝ ਮਿੰਟਾਂ ਵਿੱਚ ਹੋ ਜਾਂਦਾ ਹੋਵੇ। ਪਰ ਫੇਰ ਵੀ ਪਤਾ ਨਹੀਂ ਕਿਉਂ ਅੱਜ ਕਿਸੇ ਕੋਲ ਵੀ ਵਕਤ ਨਹੀਂ ਹੈ। ਭਾਵੇਂ ਇਹ ਸਿਧਾਂਤਕ ਤੌਰ ਤੇ ਗਲ ਹਾਸੋਹੀਣੀ ਲਗਦੀ ਹੈ ਕਿ ਸਦੀਆਂ ਤੋਂ ਦਿਨ 24 ਘੰਟੇ ਦਾ ਹੀ ਚਲਿਆ ਆ ਰਿਹਾ, ਫੇਰ ਹੁਣ ਸਾਡੇ ਕੋਲ ਵਕਤ ਕਿਉਂ ਨਹੀਂ ਹੈ? ਕਦੇ ਉਹ ਵੀ ਯੁੱਗ ਸੀ ਜਦੋਂ ਘਰ ਆਇਆ ਪ੍ਰਾਹੁਣਾ ਪਤਾ ਨਹੀਂ ਕਿੰਨੇ ਕਿੰਨੇ ਦਿਨ ਬਿਨਾਂ ਕਿਸੇ ਕੰਮ ਦੇ ਟਿਕਿਆ ਰਹਿੰਦਾ ਸੀ ਤੇ ਇੱਧਰ ਅਜ ਦੇ ਪ੍ਰਾਹੁਣੇ ਦੀ ਸੁਣ ਲਵੋ ਪਹਿਲੀ ਗਲ ਤਾਂ ਬਿਨਾਂ ਕਿਸੇ ਕੰਮ ਕਾਜ ਦੇ ਕੋਈ ਕਿਸੇ ਦੇ ਜਾਂਦਾ ਹੀ ਨਹੀਂ। ਜੇ ਕਿਸੇ ਮਜਬੂਰੀ ਵਸ ਕਿਸੇ ਦੇ ਘਰ ਜਾਣਾ ਵੀ ਪੈ ਜਾਵੇ ਤਾਂ ਆਉਣ ਤੋਂ ਪਹਿਲਾਂ ਜਾਣ ਦੀਆਂ ਗੱਲਾਂ ਹੋਣ ਲਗ ਪੈਂਦੀਆਂ ਹਨ, ਜੇ ਮਹਿਮਾਨ ਕਾਹਲ ਨਾ ਦਿਖਾਵੇ ਤਾਂ ਮੇਜ਼ਬਾਨ ਆਪਣੀਆਂ ਮਜਬੂਰੀਆਂ ਸੁਣਾਉਣ ਲਗ ਪੈਂਦਾ ਹੈ। ਚਲੋ ਮੰਨ ਲੈਂਦੇ ਹਾਂ ਕੋਈ ਕਿਸੇ ਦੇ ਘਰ ਦੋ ਘੰਟੇ ਆ ਵੀ ਗਿਆ ਤਾਂ ਤੁਸੀ ਉਸ ਦੋ ਘੰਟਿਆਂ ਦਾ ਲੇਖਾ ਜੋਖਾ ਨੋਟ ਕਰ ਕੇ ਦੇਖ ਲਓ, ਉਸ ਵਕਤ ਦੌਰਾਨ ਕਿੰਨਾ ਚਿਰ ਉਹ ਮਾਨਸਿਕ ਤੌਰ ਤੇ ਆਪਣੇ ਮੇਜ਼ਬਾਨ ਦੇ ਘਰ ਹਾਜ਼ਰ ਸੀ? ਇਕੱਲਾ ਸਰੀਰ ਹੀ ਹਾਜ਼ਰ ਹੁੰਦਾ ਹੈ ਕਿਉਂਕਿ ਦਿਮਾਗ਼ ਤਾਂ ਹੱਥ ਚ ਫੜੇ ਮੋਬਾਈਲ ਚ ਅਟਕਿਆ ਪਿਆ ਹੁੰਦਾ ਹੈ।
ਅੱਗੇ ਵਿਆਹ ਮੰਗਣੇ ਤੇ ਮਹੀਨਾ ਭਰ ਰੌਣਕਾਂ ਲਗਦੀਆਂ ਸਨ। ਨਾਨਕਾ ਮੇਲ ਟਰੰਕ ਭਰ ਭਰ ਕੇ ਲਿਆਉਂਦਾ ਸੀ ਪਰ ਅੱਜ ਕਲ 11 ਵਜੇ ਜੰਞ ਆਉਂਦੀ ਹੈ 'ਤੇ ਨਾਨਕਿਆਂ ਦੇ ਹਾਲੇ ਮੋਬਾਈਲ ਹੀ ਆਉਂਦੇ ਹਨ ਕਿ ਜੇ ਜੰਞ ਆ ਗਈ ਤਾਂ ਅਸੀਂ ਵੀ ਆ ਜਾਂਦੇ ਆਂ! ਇਹ ਤਾਂ ਚਲੋ ਫੇਰ ਵੀ ਹਜ਼ਮ ਹੋਣ ਵਾਲੀ ਗਲ ਹੈ। ਹੱਦ ਤਾਂ ਉਸ ਵਕਤ ਹੋ ਜਾਂਦੀ ਹੈ ਜਦੋਂ ਵਿਆਹ ਜਿਹੇ ਪਵਿੱਤਰ ਰਿਸ਼ਤੇ ਵੀ ਅੱਜ ਕਲ ਆਨ ਲਾਈਨ ਹੀ ਨੇਪਰੇ ਚੜ੍ਹ ਜਾਂਦੇ ਹਨ।
ਇਹ ਤਾਂ ਕੁਝ ਕੁ ਹੀ ਉਦਾਹਰਣਾਂ ਹਨ। ਤੁਸੀ ਆਪਣੇ ਆਲੇ ਦੁਆਲੇ ਜਦੋਂ ਮਰਜ਼ੀ ਝਾਤ ਮਾਰ ਕੇ ਵੇਖ ਲਿਉ, ਚਲਦੀ ਬੱਸ ਹੋਵੇ ਜਾਂ ਗੱਡੀ, ਹਰ ਇੱਕ ਦਾ ਬਸ ਸਰੀਰ ਹੀ ਸਫ਼ਰ ਕਰ ਰਿਹਾ ਹੁੰਦਾ ਹੈ। ਚੇਤਨਾ ਤਾਂ ਕਿਤੇ ਹੋਰ ਹੀ ਘੁੰਮਣ ਘੇਰੀਆਂ ਵਿੱਚ ਭਟਕਦੀ ਫਿਰਦੀ ਹੁੰਦੀ ਹੈ। ਤਾਂ ਹੀਂ ਤਾਂ ਪਿਛਲੇ ਯੁੱਗ 'ਚ ਗੱਡੇ ਤੇ ਚੜ੍ਹ ਕੇ ਵੀ ਝੂਟਾ ਆ ਜਾਂਦਾ ਸੀ ਜੋ ਅਜ ਕਲ ਬਹੁ-ਲੱਖੀਆਂ ਗੱਡੀਆਂ ਤੇ ਨਹੀਂ ਆਉਂਦਾ। ਇਸ ਦਾ ਸਿੱਧਾ ਤੇ ਸਾਫ਼ ਸੁਥਰਾ ਇਕ ਹੀ ਕਾਰਨ ਹੈ ਕਿ ਝੂਟਿਆਂ ਦਾ ਆਨੰਦ ਕਦੇ ਸਰੀਰਾਂ ਨੂੰ ਨਹੀਂ ਆਉਂਦਾ ਇਹ ਤਾਂ ਅੰਦਰਲੀ ਰੂਹ ਹੀ ਮਾਣ ਸਕਦੀ ਹੈ, ਜੋ ਅੱਜ ਦੇ ਇਸ ਮਸ਼ੀਨੀ ਇਨਸਾਨ ਦੇ ਆਪਣੇ ਵਸ ਵਿੱਚ ਨਹੀਂ ਰਹੀ।
ਦੂਜਾ ਨੰਬਰ ਸਕੂਨ ਦਾ ਆਉਂਦਾ ਹੈ। ਇਸ ਗਲ ਤੋਂ ਸ਼ਾਇਦ ਹੀ ਕੋਈ ਮੁਨਕਰ ਹੋਵੇਗਾ ਕਿ ਜੋ ਸਕੂਨ ਪੁਰਾਣੇ ਯੁੱਗ 'ਚ ਮਿਲਦਾ ਸੀ ਉਹ ਅੱਜ ਕਲ ਕਿਤੇ ਦੇਖਣ ਨੂੰ ਨਹੀਂ ਮਿਲਦਾ। ਮੇਰੇ ਹਾਲੇ ਯਾਦ ਹੈ ਉਹ ਦਿਨ ਜਦੋਂ ਬਚਪਨ ਦੇ ਇਕ ਮਿੱਤਰ ਦੇ ਵਿਦੇਸ਼ ਚਲੇ ਜਾਣ ਪਿਛੋਂ ਉਸ ਨੂੰ ਚਿੱਠੀ ਪਾਉਣੀ! ਜੋ ਵੀਹ ਦਿਨਾਂ ਚ ਉਸ ਨੂੰ ਮਿਲਣੀ ਤੇ ਉਸ ਦਾ ਜਵਾਬ ਆਉਂਦੇ ਆਉਂਦੇ ਦੋ ਮਹੀਨੇ ਲੰਘ ਜਾਣੇ। ਪਰ ਲੰਬੇ ਇੰਤਜ਼ਾਰ ਤੋਂ ਬਾਅਦ ਮਿਲੀ ਉਹ ਚਿੱਠੀ ਪੜ੍ਹ ਕੇ ਜੋ ਸਕੂਨ ਮਿਲਦਾ ਸੀ ਉਹ ਹੁਣ ਕਦੇ ਮਿੰਟਾਂ ਸਕਿੰਟਾਂ ਵਿੱਚ ਮਿਲਦੀ ਈ ਮੇਲ ਨਾਲ ਨਹੀਂ ਮਿਲਦਾ।
ਇਸ ਹਾਈਟੈਕ ਜ਼ਮਾਨੇ ਵਿੱਚ ਘਰਾਂ ਦੀ ਥਾਂ ਮਕਾਨਾਂ ਨੇ ਲੈ ਲਈ ਹੈ। ਅੱਗੇ ਘਰਾਂ ਵਿੱਚੋਂ ਜੋ ਕਿਲਕਾਰੀਆਂ ਗੂੰਜਦੀਆਂ ਸਨ, ਉਹ ਹੁਣ ਕਿਧਰੇ ਗ਼ਾਇਬ ਹੋ ਗਈਆਂ ਹਨ। ਅੱਗੇ ਘਰ ਵਿੱਚ ਜਿੰਨੇ ਜੀਅ ਹੁੰਦੇ ਸਨ, ਉਹ ਸਾਰੇ ਦੇ ਸਾਰੇ ਇਕੱਠੇ ਬਹਿੰਦੇ ਹੁੰਦੇ ਸੀ। ਅੱਜ ਦੇ ਮਕਾਨਾਂ ਵਿੱਚ ਹਰ ਕੋਈ ਆਪੋ ਆਪਣੇ ਕਮਰੇ ਵਿੱਚ ਬੈਠਾ ਭਾਵੇਂ ਨੈੱਟ ਰਾਹੀਂ ਦੁਨੀਆਂ ਭਰ ਨਾਲ ਜੁੜਿਆ ਹੋਵੇ, ਪਰ ਆਪਣੇ ਪਰਿਵਾਰ ਵਿੱਚ ਇਕ ਦੂਜੇ ਤੋਂ ਕੋਹਾਂ ਦੂਰ ਹੁੰਦੇ ਹਨ। ਅੱਜ ਕਲ ਘਰ ਦਾ ਇਕ ਜੀਅ ਫੇਸ ਬੁੱਕ ਤੇ ਹੁੰਦਾ, ਦੂਜਾ ਆਰਕੁਟ 'ਤੇ ਤੀਜਾ ਯਾਹੂ ਤੇ ਦੁਨੀਆਂ ਭਰ ਦੀਆਂ ਸੈਰਾਂ ਕਰ ਰਹੇ ਹੁੰਦੇ ਹਨ। ਟੱਬਰ ਦੇ ਰਹਿੰਦੇ ਖੂੰਹਦੇ ਜੀਅ ਟੈਲੀਵਿਜ਼ਨ ਨੇ ਸਾਂਭੇ ਹੁੰਦੇ ਹਨ। ਅੱਜ ਕਲ ਦੇ ਨਿਆਣੇ ਮੈਦਾਨੀ ਖੇਡਾਂ ਨਾਲੋਂ ਪਲੇਅ ਸਟੇਸ਼ਨ ਨੂੰ ਪਹਿਲ ਦਿੰਦੇ ਹਨ। ਹੁਣ ਤਾਂ ਆਲਮ ਇਹ ਹੈ ਕਿ ਸਰੀਰਕ ਕਸਰਤ ਵੀ ਵੀ-ਫ਼ਿੱਟ ਜਿਹੀਆਂ ਖੇਡਾਂ ਨਾਲ ਟੀ.ਵੀ. ਮੂਹਰੇ ਬਹਿ ਕੇ ਹੀ ਕਰ ਲੈਂਦੇ ਹਨ ।
ਜਿਥੇ ਇਸ ਆਧੁਨਿਕਤਾ ਨੇ ਸਾਨੂੰ ਆਰਾਮ ਪਸੰਦ ਬਣਾ ਦਿਤਾ ਹੈ ਉੱਥੇ ਅਸੀਂ ਹੁਣ ਇਸ ਆਧੁਨਿਕਤਾ ਤੇ ਇੰਨਾ ਕੁ ਨਿਰਭਰ ਹੋ ਗਏ ਹਾਂ ਕਿ ਬਿਨਾਂ ਆਧੁਨਿਕ ਯੰਤਰਾਂ ਦੇ ਅਪਾਹਿਜਤਾ ਜਿਹੀ ਮਹਿਸੂਸ ਹੁੰਦੀ ਹੈ। ਕੋਈ ਯੁੱਗ ਸੀ ਡੇਢਾ ਤੇ ਢਾਈਆ ਦੇ ਪਹਾੜੇ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਬਿਨਾਂ ਕੈਲਕੂਲੇਟਰ ਦੇ ਮਜਾਲ ਕੀ ਹੈ ਕਿ ਅਸੀਂ ਅੱਠੋਂ ਨੌਂਈਂ ਬਹੱਤਰ ਦਸ ਸਕੀਏ। ਪਹਿਲਾਂ ਸਾਰੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਦੇ ਫ਼ੋਨ ਨੰਬਰ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਸੁਣ ਲਵੋ ਇੱਕ ਦਿਨ ਮੇਰੇ ਮੋਬਾਈਲ ਦੀ ਸਕਰੀਨ ਟੁੱਟ ਗਈ ਤੇ ਮੈਨੂੰ ਆਪਣੇ ਘਰੇ ਫ਼ੋਨ ਕਰਨ ਲਈ ਵੀਹ ਮਿੰਟ ਸੋਚਣਾ ਪਿਆ। ਇਹ ਅਪਾਹਿਜਤਾ ਨਹੀਂ ਤਾਂ ਹੋਰ ਕੀ ਹੈ? 
ਦੋਸਤੋ! ਬਸ ਬਹੁਤ ਨਿਭਾ ਦਿਤਾ ਫਰਜ਼ ਆਪਣਾ ਲਿਖਾਰੀ ਹੋਣ ਦਾ! ਬਹੁਤ ਨਫ਼ੇ ਨੁਕਸਾਨ ਗਿਣਾ ਦਿੱਤੇ ਆਧੁਨਿਕਤਾ ਦੇ! ਪਰ ਯਾਰ ਅਸਲੀ ਦਿਲ ਦੀ ਗਲ ਦਸਾਂ? ਇਸ ਆਧੁਨਿਕਤਾ ਦਾ ਆਨੰਦ ਮਾਨਣ ਦਾ ਆਨੰਦ ਆਪਣਾ ਹੀ ਹੈ । ਕੰਪਿਊਟਰ 'ਤੇ ਬੈਠੀਏ ਤਾਂ ਸਕਿੰਟਾਂ 'ਚ ਦੁਨੀਆਂ ਦੀ ਸੈਰ ਕਰ ਲਈਦੀ ਹੈ । ਜੇਕਰ ਫੇਸ ਬੁੱਕ ਦੀ ਗੱਲ ਕਰੀਏ ਤਾਂ ਬਾਈ ਯਾਰ ! ਸਾਲੀ ਫੇਸ ਬੁੱਕ ਹੈ ਤਾਂ ਵਧੀਆ ਚੀਜ, ਜੀ ਜਿਹਾ ਲਵਾਈ ਰੱਖਦੀ ਆ। ਕੋਈ ਨਾ ਜੇ ਪਾਣੀ ਪੁਲਾਂ ਦੇ ਉੱਤੋਂ ਦੀ ਵਗਦਾ ਦਿਸਿਆ ਤਾਂ ਆਪਾਂ ਵੀ ਹੋ ਜਾਵਾਂਗੇ ''ਫੇਸ ਬੁੱਕ ਛਡਾਓ ਕੈਂਪ'' ਚ ਦਾਖ਼ਲ! ਫ਼ਿਲਹਾਲ ਤਾਂ ਯਾਰ ਮੈਨੂੰ ਵੀ ਜੁਆਇਨ ਕਰ ਲਿਉ! ਉਂਝ ਤਾਂ ਆਪਣੀ ਇਕ ਦੋ ਨੰਬਰ ਦੀ ਆਈ.ਡੀ. ਵੀ ਹੈਗੀ, ਪਰ ਤੁਸੀ ਮੈਨੂੰ 'ਮਿੰਟੂ ਬਰਾੜ' ਵਾਲੇ ਅਕਾਉਂਟ ਤੇ ਹੀ ਐਡ ਕਰ ਲਿਉ । ਚੰਗਾ ਫਿਰ, ਰੱਬ ਰਾਖਾ। 
****
mintubrar@gmail.com