'ਫੇਸ ਬੁੱਕ ਛਡਾਓ ਕੈਂਪ'........... ਲੇਖ / ਮਿੰਟੂ ਬਰਾੜ, ਐਡੀਲੇਡ (ਆਸਟ੍ਰੇਲੀਆ)

ਬਾਬਾ ਆਦਮ ਤੋਂ ਲੈ ਕੇ ਹੁਣ ਤਕ ਵਕਤ ਤੋਂ ਅਗਾਂਹ ਦੀ ਸੋਚਣਾ ਇਨਸਾਨੀ ਫ਼ਿਤਰਤ ਰਹੀ ਹੈ। ਆਧੁਨਿਕਤਾ ਦਾ ਜੋ ਨਜ਼ਾਰਾ ਅੱਜ ਅਸੀਂ ਚਖ ਰਹੇ ਹਾਂ ਇਹ ਉਸੇ ਫ਼ਿਤਰਤ ਦਾ ਹੀ ਨਤੀਜਾ ਹੈ। ਸੋਚ ਕੇ ਦੇਖੋ, ਜੇ ਇਨਸਾਨੀ ਸੋਚ ਅਜਿਹੀ ਨਾ ਹੁੰਦੀ ਤਾਂ ਅਸੀਂ ਹਾਲੇ ਘਾਹ-ਫੂਸ ਹੀ ਖਾ ਰਹੇ ਹੁੰਦੇ। ਇਸ ਸੋਚ ਨੇ ਜਿੱਥੇ ਇਕ ਪਾਸੇ ਸਾਨੂੰ ਤੜਕੇ ਲਾ ਕੇ ਖਾਣ, ਤਹਿਜ਼ੀਬ ਨਾਲ਼ ਪਹਿਨਣ ਤੇ ਠਾਠ ਨਾਲ਼ ਰਹਿਣ ਦੀ ਜਾਚ ਸਿਖਾਈ ਹੈ, ਉੱਥੇ ਸਾਰੀ ਦੁਨੀਆ ਨੂੰ ਸਮੇਟ ਕੇ ਸਾਡੀ ਜੇਬ ਵਿੱਚ ਵੀ ਪਾ ਦਿੱਤਾ ਹੈ। ਪਰ ਦੂਜੇ ਪਾਸੇ ਇਸ ਲਈ ਜੋ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ ਉਹ ਵੀ ਸ਼ਬਦਾਂ ਵਿੱਚ ਆਉਣ ਵਾਲੀ ਨਹੀਂ ਹੈ। ਇਸ ਆਧੁਨਿਕਤਾ ਨਾਲ ਜੋ ਕੁਝ ਅਸੀਂ ਪਾਇਆ, ਉਹ ਤਾਂ ਜੱਗ ਜ਼ਾਹਰ ਹੈ ਹੀ, ਪਰ ਜੋ ਅਸੀਂ ਖੋਇਆ ਉਸ ਬਾਰੇ ਜਾਣਦੇ ਹੋਏ ਵੀ ਜਾਣਨਾ ਨਹੀਂ ਚਾਹੁੰਦੇ। ਭਾਵੇਂ ਮੈਂ ਵੀ ਇਸ ਆਧੁਨਿਕਤਾ ਦਾ ਸ਼ਿਕਾਰ ਹਾਂ ਅਤੇ ਦਿਲੋਂ ਇਸ ਨੂੰ ਬੁਰਾ ਵੀ ਨਹੀਂ ਮੰਨਦਾ। ਪਰ ਜਦੋਂ ਇਸ ਆਧੁਨਿਕਤਾ ਦਾ ਦੂਜਾ ਪਾਸਾ ਦੇਖਦਾ ਹਾਂ ਤਾਂ ਇਹੀ ਸੋਚ ਮਨ ਵਿੱਚ ਆਉਂਦੀ ਹੈ ਕਿ ਸਮੇਂ ਨਾਲ ਬਦਲਾਓ ਤਾਂ ਕੁਦਰਤ ਦਾ ਅਸੂਲ ਅਤੇ ਵਕਤ ਦੀ ਲੋੜ ਹੁੰਦਾ ਹੈ। ਪਰ ਜੇ ਇਹ ਸਭ ਕੁੱਝ ਇੱਕ ਲਿਮਿਟ 'ਚ ਰਹਿ ਕੇ ਹੁੰਦਾ ਤਾਂ ਜਿਆਦਾ ਚੰਗਾ ਸੀ।

ਮੇਰਾ ਇਹ ਲੇਖ ਲਿਖਣ ਦੇ ਸਬੱਬ ਦਾ ਕਾਰਨ ਸੁਣ ਲਵੋ; ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਮਾਤਾ ਜੀ ਮੇਰੇ ਕੋਲ ਐਡੀਲੇਡ ਆਏ ਹੋਏ ਹਨ। ਮੈਲਬਾਰਨ ਰਹਿੰਦਾ ਮੇਰਾ ਭਾਣਜਾ ਮਾਨਵ ਆਪਣੀ ਨਾਨੀ ਨੂੰ ਮਿਲਣ ਦੋ ਦਿਨਾਂ ਲਈ ਐਡੀਲੇਡ ਆਇਆ। ਜਦੋਂ ਮੈਂ ਐਡੀਲੇਡ ਵਿੱਚ ਲੱਗੇ ਇਕ ਖ਼ੂਨਦਾਨ ਕੈਂਪ ਵਿੱਚੋਂ ਘਰ ਆਇਆ ਤਾਂ ਇਕ ਸੋਫ਼ੇ ਤੇ ਮੇਰਾ ਬੇਟਾ ਅਨਮੋਲ ਤੇ ਦੂਜੇ ਤੇ ਭਾਣਜਾ ਮਾਨਵ ਆਪੋ ਆਪਣੇ ਲੈਪਟਾਪ ਉੱਤੇ ਮਗਨ ਹੋਏ ਬੈਠੇ ਸਨ। ਮੈਨੂੰ ਦੇਖ ਕੇ ਮਾਨਵ ਕਹਿੰਦਾ ਮਾਮਾ ਜੀ ਇੰਡੀਆ ਤਾਂ ਤੁਹਾਡਾ ਸਹਾਰਾ ਕਲੱਬ ਖ਼ੂਨਦਾਨ ਦੇ ਨਾਲ ਨਾਲ ਨਸ਼ੇ ਛਡਾਊ ਕੈਂਪ ਵੀ ਲਾਉਂਦਾ ਹੁੰਦਾ ਸੀ, ਇਥੇ ਅਜ ਕਲ ਕੀ ਚੱਲ ਰਿਹਾ? ਉਸ ਦੇ ਲੈਪਟਾਪ ਤੇ ਫੇਸ ਬੁੱਕ ਦੇ ਖੁਲ੍ਹੇ ਪੇਜ ਨੂੰ ਦੇਖ ਕੇ ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਕਿ ਬੇਟਾ ਹੁਣ ਤਾਂ ਨਸ਼ੇ ਵੀ ਬਦਲ ਗਏ ਹਨ ਤੇ ਕੈਂਪ ਵੀ ਬਦਲਣੇ ਪੈਣੇ ਹਨ। ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ''ਫੇਸ ਬੁੱਕ ਛਡਾਓ ਕੈਂਪ'' ਲੱਗੇ ਦੇਖੋਗੇ। ਮੂਹਰੋਂ ਉਹ ਕਹਿੰਦਾ ਮਾਮਾ ਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਕੈਂਪ 'ਚ ਭਰਤੀ ਕਰਵਾਉਣਾ ਪਉ! ਮੈਂ ਕਿਹਾ, ਤਾਂ ਹੀ ਤਾਂ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਮੇਰੇ ਜਿਹਾ ਬੰਦਾ, ਜਿਸ ਨੂੰ ਕਦੇ ਚਾਹ ਦੀ ਭਲ੍ਹ ਨਹੀਂ ਸੀ ਆਈ, ਪਰ ਅਜ-ਕਲ ਜੇ ਫੇਸ ਬੁੱਕ, ਟਵਿਟਰ ਜਾਂ ਫੇਰ ਆਰਕੁਟ ਨੂੰ ਦਿਨ ਚ ਪੰਜ-ਸਤ ਬਾਰ ਖੋਲ੍ਹ ਕੇ ਨਾਂ ਵੇਖ ਲਵਾਂ ਤਾਂ ਸਰੀਰ ਨੂੰ ਤੋੜ ਜਿਹੀ ਲੱਗੀ ਰਹਿੰਦੀ ਹੈ।
ਕਹਿੰਦੇ ਹਨ ਕਿ ਹੱਦ ਚ ਰਹਿ ਕੇ ਕੀਤਾ ਨਸ਼ਾ ਦਵਾਈ ਦਾ ਕੰਮ ਕਰਦਾ ਹੈ। ਪਰ ਜਦੋਂ ਕਿਸੇ ਨਸ਼ੇ ਦੀ ਵਰਤੋਂ ਬੇਹਿਸਾਬ ਹੋਣ ਲਗ ਪਏ ਤਾਂ ਉਹ ਨਸ਼ੇ ਕਰਨ ਵਾਲੇ ਦੇ ਨਾਲ ਨਾਲ ਉਸ ਦੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੁੱਢ ਕਦੀਮੀ ਨਸ਼ੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹੇ ਹਨ। ਸਾਡਾ ਸਮਾਜ ਇਸ ਖ਼ਿਲਾਫ਼ ਲੜਾਈ ਵੀ ਲੜਦਾ ਰਿਹਾ ਹੈ ਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੇਲੇ ਵੇਲੇ ਸਿਰ ਨਸ਼ਾ ਛਡਾਓ ਕੈਂਪ ਲੱਗਾ ਕੇ ਇਹਨਾਂ ਨਸ਼ਿਆਂ ਤੋਂ ਨਸ਼ੇੜੀਆਂ ਦਾ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਪਰ ਹੁਣ ਤਾਂ ਗੰਗਾ ਉਲਟ ਵਗ ਪਈ ਹੈ। ਅੱਗੇ ਅਨਪੜ੍ਹ ਲੋਕ ਹੀ ਨਸ਼ਿਆਂ ਦੇ ਸ਼ਿਕਾਰ ਹੁੰਦੇ ਸਨ 'ਤੇ ਪੜ੍ਹੇ ਲਿਖੇ ਲੋਕ ਕੈਂਪ ਲਾ ਕੇ ਜਾਂ ਸਮਝਾ ਬੁਝਾ ਕੇ ਨਸ਼ੇ ਛੁਡਾਉਣ ਦੀ ਕੋਸ਼ਿਸ਼ ਕਰਦੇ ਸਨ। ਹੁਣ ਤਾਂ ਡਾਕਟਰ ਹੀ ਮਰੀਜ਼ ਬਣ ਗਏ ਹਨ, ਇਲਾਜ ਕੋਣ ਕਰੂ ? 
ਫੇਸ ਬੁੱਕ ਦਾ ਸ਼ਿਕਾਰ ਚੜ੍ਹਦੀ ਜਵਾਨੀ ਦੇ ਨਾਲ ਨਾਲ ਵੱਡੇ-ਵੱਡੇ ਫ਼ਨਕਾਰ, ਲੀਡਰ, ਕ੍ਰਿਕਟਰ, ਬਿਜ਼ਨਸਮੈਨ, ਘਰੇਲੂ ਗ੍ਰਹਿਣੀਆਂ ਤੋਂ ਲੈ ਕੇ ਪੇਂਡੂ ਲੋਕ ਤਕ ਵੀ ਹੋ ਗਏ ਹਨ। ਹੁਣ ਦੇਖੋ ! ਇਹ ਵੱਡੇ ਲੋਕ ਤਾਂ ਇਸ ਦਾ ਖ਼ੂਬ ਫ਼ਾਇਦਾ ਉਠਾ ਰਹੇ ਹਨ। ਕੋਈ ਆਪਣਾ ਫੈਨ ਸਰਕਲ ਵਧਾ ਰਿਹਾ, ਕੋਈ ਆਪਣਾ ਬਿਜਨੈੱਸ ਤੇ ਕੋਈ ਜਨਤਕ ਆਧਾਰ । ਜੇ ਕੋਈ ਕੁੱਝ ਗੁਆ ਰਿਹਾ ਹੈ ਤਾਂ ਉਹ ਹੈ; ਸਾਡਾ ਨੌਜਵਾਨ ਵਰਗ! ਜਿਸ ਵਿੱਚੋਂ ਅਸੀਂ ਆਪਣੇ ਆਉਣ ਵਾਲੇ ਕੱਲ੍ਹ ਦੇ ਦਰਸ਼ਨ ਕਰ ਰਹੇ ਹਾਂ। ਸਾਡਾ ਕੱਲ੍ਹ ਤਾਂ ਅੱਜ ਸ਼ੇਰੋ-ਸ਼ਾਇਰੀ ਵਿੱਚ ਮਸਤ ਹੈ। ਹਾਂ ! ਇਕ ਗਲ ਜਰੂਰ ਦੇਖਣ ਨੂੰ ਮਿਲੀ ਹੈ, ਉਹ ਇਹ ਕਿ ਅਜ ਫੇਸ ਬੁੱਕ ਨੇ ਘਰ ਘਰ ਗਾਲਬ ਪੈਦਾ ਕਰ ਦਿੱਤੇ ਹਨ। ਭਾਵੇਂ ਇਕ ਉਸਾਰੂ ਸਮਾਜ ਦੀ ਸਿਰਜਣਾ ਲਈ ਵੇਲ਼ੇ-ਵੇਲ਼ੇ ਸਿਰ ਗਾਲਬ ਪੈਦਾ ਹੋਣੇ ਵੀ ਲਾਜ਼ਮੀ ਹਨ। ਪਰ ਜੇ ਸਾਰੇ ਹੀ ਗਾਲਬ ਬਣ ਗਏ ਤਾਂ ਅਸੀਂ ਅਬਦੁਲ ਕਲਾਮ ਤੇ ਮਨਮੋਹਨ ਸਿੰਘ ਕਿੱਥੋਂ ਲਿਆਵਾਂਗੇ। ਹੋਰ ਸੁਣ ਲਵੋ; ਕਈ ਤਾਂ ਮੇਰੇ ਜਿਹੇ ਫੇਸਬੁੱਕ 'ਤੇ ਹੋਰ ਸ਼ਾਇਰਾਂ ਦੇ ਸ਼ੇਅਰ ਆਪਣੇ ਨਾਮ ਕਰਕੇ ਵਾਹ-ਵਾਹ ਖੱਟ ਲੈਂਦੇ ਹਨ 'ਤੇ ਕਈ ਤ੍ਰਿਲੋਕ ਸਿੰਘ ਜੱਜ ਵਰਗੇ ਆਪਣੀ ਕਲਾ ਦਾ ਘਾਣ ਹੁੰਦਾ ਦੇਖਣ ਜੋਗੇ ਰਹਿ ਜਾਂਦੇ ਹਨ।
ਹੁਣ ਸਾਡੇ ਪੰਜਾਬੀ ਗੀਤਕਾਰਾਂ ਦੀ ਵੀ ਸੁਣ ਲਵੋ। ਇਹਨਾਂ ਦੇ ਵੀ ਵਾਰੇ ਵਾਰੇ ਜਾਈਏ, ਜਿਹੜੇ ਸਦਾ ਹੀ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਦੇ ਹਨ। ਜਦੋਂ ਮਰਜ਼ੀ ਪੰਜਾਬੀ ਟੀ.ਵੀ. ਚੈਨਲ ਚਲਾ ਕੇ ਦੇਖ ਲਵੋ, ਹਰ ਦੂਜੇ ਤੀਜੇ ਗਾਣੇ ਚ ਫੇਸ ਬੁੱਕ ਦਾ ਜ਼ਿਕਰ ਆ ਹੀ ਜਾਂਦਾ ਹੈ। ਆਵੇ ਵੀ ਕਿਉਂ ਨਾ, ਜਦੋਂ ਸਾਰੀ ਦੁਨੀਆਂ ਤਰੱਕੀ ਕਰ ਰਹੀ ਹੈ ਤਾਂ ਇਹ ਪਿੱਛੇ ਕਿਉਂ ਰਹਿਣ । ਇਨ੍ਹਾਂ ਨੇ ਸਾਡੀ ਨਵੀਂ ਪੀੜ੍ਹੀ ਨੂੰ ਕੋਈ ''ਸਹੀ ਦਿਸ਼ਾ'' ਵੀ ਤਾਂ ਦੇਣੀ ਹੁੰਦੀ ਹੈ । ਕੱਲ੍ਹ ਹੀ ਟੀ.ਵੀ. ਤੇ ਇਕ ਗੀਤ ਵੱਜ ਰਿਹਾ ਸੀ ਕਿ 'ਮੁੰਡਾ ਫੇਸ ਬੁੱਕ ਉੱਤੇ ਫਿਰਦਾ ਪਟੋਲੇ ਭਾਲਦਾ'। ਹੁਣ ਤੁਸੀਂ ਦੱਸੋ ਜੇ ਇਹ ਗੀਤਕਾਰ ਵੀਰ ਗੀਤ ਨਾ ਲਿਖਦੇ ਤੇ ਇਹ ਗਾਇਕ ਵੀਰ ਨਾ ਗਾਉਂਦੇ ਤਾਂ ਸਾਡੇ ਪੇਂਡੂ ਮੁੰਡਿਆਂ ਨੂੰ ਕੀ ਪਤਾ ਲੱਗਣਾ ਸੀ ਕਿ ਫੇਸ ਬੁੱਕ ਤੇ ਵੀ ਪਟੋਲੇ ਮਿਲ ਜਾਂਦੇ ਹਨ। ਉਹਨਾਂ ਦਾ ਤਾਂ ਅਨਜਾਣ ਪੁਣੇ ਚ ਹੀ ਨੁਕਸਾਨ ਹੋ ਜਾਣਾ ਸੀ ਤੇ ਸ਼ਾਇਦ ਇਸ ਗੀਤ ਦੀ ਅਣਹੋਂਦ 'ਚ ਸੱਭਿਆਚਾਰ ਤੇ ਸਾਹਿਤ ਦੀ ਸੇਵਾ ਦਾ ਇੱਕ ਪੰਨਾ ਵੀ ਘੱਟ ਰਹਿ ਜਾਣਾ ਸੀ।
ਲਗਦੇ ਹੱਥ ਮੇਰੇ ਇਕ ਮਿੱਤਰ ਦੀ ਸੁਣ ਲਵੋ। ਬਚਪਨ ਤੋਂ ਹੀ ਕੁੱਝ ਵੱਖਰੇ ਸੁਭਾਅ ਦਾ ਮਾਲਕ ਮੇਰਾ ਇਹ ਦੋਸਤ ਸਦਾ ਹੀ ਮੂਹਰੇ ਚੱਲਣ 'ਚ ਵਿਸ਼ਵਾਸ ਕਰਦਾ ਸੀ। ਭਾਵੇਂ ਉਹ ਪੜ੍ਹਾਈ ਹੁੰਦੀ ਤੇ ਭਾਵੇਂ ਐੱਨ.ਸੀ.ਸੀ. ਜਾਂ ਕੋਈ ਖੇਡ ਉਹ ਸਾਡੇ ਤੋਂ ਦੋ ਕਦਮ ਮੂਹਰੇ ਹੀ ਰਿਹਾ । ਪਰ ਪਿਛਲੇ ਸਾਲ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਯਾਰ ਇੰਟਰਨੈੱਟ ਲਗਵਾ ਲੈ, ਕੋਈ ਦੁਨੀਆਦਾਰੀ ਲਈ ਵੀ ਵਕਤ ਕੱਢ ਲਿਆ ਕਰ, ਸਾਰਾ ਦਿਨ ਕਬੀਲਦਾਰੀ ਚ ਹੀ ਫਸਿਆ ਰਹਿਣਾ। ਮੈਂ ਉਸ ਨੂੰ ਇਹ ਮੱਤਾਂ ਦਿੰਦਾ ਆਪਣਾ ਬਚਪਨ ਦਾ ਕਰਜ਼ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੁਣ ਅਸੀਂ ਉਹ ਨਹੀਂ ਰਹਿ ਗਏ ਜਿਹੜੇ ਹਰ ਖੇਤਰ ਚ ਰਣਜੀਤ ਸਿੰਘ ਤੋਂ ਪਿੱਛੇ ਰਹਿ ਜਾਂਦੇ ਸੀ । ਮੇਰੀਆਂ ਇਹਨਾਂ ਗੱਲਾਂ ਨੇ ਫੇਰ ਉਸ ਅੰਦਰਲਾ ਕੁਝ ਕਰ ਗੁਜ਼ਰਨ ਦਾ ਜਜ਼ਬਾ ਜਗਾ ਦਿਤਾ। ਦੂਜੇ ਦਿਨ ਹੀ ਰਣਜੀਤ ਸਿਓਂ ਨੇ ਕਰ ਦਿਤਾ ਨੈੱਟ ਅਪਲਾਈ ਤੇ ਅਸੀਂ ਚੌੜੇ ਹੋ ਕੇ ਉਸ ਨੂੰ ਨੈੱਟ ਦਾ ਊੜਾ ਆੜਾ ਸਿਖਾਉਣ ਲਗ ਪਏ। ਕੁੱਝ ਕੁ ਦਿਨਾਂ ਬਾਅਦ ਜਦੋਂ ਮੈਂ ਮੁੜ ਆਸਟ੍ਰੇਲੀਆ ਆ ਗਿਆ ਤਾਂ ਮੇਰੀ ਫੇਰ ਫੂਕ ਜਿਹੀ ਨਿਕਲ ਗਈ ਜਦੋਂ ਮੈਂ ਰਣਜੀਤ ਸਿੰਘ ਨੂੰ ਫੇਰ ਆਪਣੇ ਨਾਲੋਂ ਦੋ ਕਦਮ ਮੂਹਰੇ ਖੜਾ ਦੇਖਿਆ। ਹੋਇਆ ਕੀ ਕਿ ਹੁਣ ਹਰ ਰੋਜ਼ ਉਸ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦੈ ਕਿਉਂਂਕਿ ਜਨਾਬ ਹੋਰੀਂ ਤੜਕੇ ਨਿਰਣੇ ਕਾਲਜੇ ਆ ਕੰਪਿਊਟਰ 'ਤੇ ਬਹਿੰਦੇ ਨੇ ਤੇ ਫੇਸ ਬੁੱਕ ਤੇ ਸਾਰਿਆਂ ਨੂੰ ਸੰਵਾ ਕੇ ਪੈਂਦੇ ਹਨ। ਇਕ ਦਿਨ ਜਦ ਮੈਂ ਉਸ ਨੂੰ ਕਿਹਾ ਕਿ ਚੰਗਾ ਯਾਰ ''ਗੁੱਡ ਨਾਈਟ'' ! ਹੁਣ ਤਾਂ ਸਾਡੇ ਰਾਤ ਹੋ ਗਈਂ, ਤੜਕੇ ਜੌਬ 'ਤੇ ਵੀ ਜਾਣੈ, ਇਸ ਲਈ ਕੱਲ ਮਿਲਾਂਗੇ ! ਉਹ ਕਹਿੰਦਾ ਬਸ ਦਸ ਕੁ ਮਿੰਟ ਰੁਕ ਜਾ ਏਨੇ ਨੂੰ ਅਮਰੀਕਾ ਚ ਦਿਨ ਚੜ੍ਹ ਜਾਊ ਤਾਂ ਉਥੋਂ ਦਾ ਕੋਈ 'ਸਖਾ-ਮਿੱਤਰ' ਆਨ ਲਾਈਨ ਆ ਜਾਊ! 
ਆਧੁਨਿਕਤਾ ਦਾ ਇਕ ਹੋਰ ਨਜ਼ਾਰਾ ਸੁਣ ਲਓ। ਜਦੋਂ ਦੀ ਮੋਬਾਈਲ ਕ੍ਰਾਂਤੀ ਆਈ ਹੈ ਉਦੋਂ ਤੋਂ ਜੇ ਕੁੱਝ ਸਭ ਤੋਂ ਸੌਖਾ ਹੋਇਆ ਹੈ ਤਾਂ ਉਹ ਹੈ ਆਸ਼ਕੀ। ਭਾਵੇਂ ਆਸ਼ਕੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਅੱਜ ਜਿੰਨੀ ਸੌਖੀ ਕਦੇ ਹੈ ਹੀ ਨਹੀਂ ਸੀ। ਪਹਿਲਾਂ ਚਿੱਠੀ ਤਾਂ ਲਿਖ ਲੈਂਦੇ ਸੀ ਪਰ ਉਹ ਟਿਕਾਣੇ ਤੇ ਪਹੁੰਚਾਉਣ ਲਈ ਕਈ-ਕਈ ਦਿਨ ਲੱਗ ਜਾਂਦੇ । ਕਈ ਵਾਰੀ ਤਾਂ ਚਿੱਠੀ ਜੇਬ ਵਿੱਚ ਪਈ-ਪਈ ਹੀ ਮੁੜ੍ਹਕੇ ਨਾਲ ਪਾਟ ਜਾਂਦੀ, ਕਿਉਂ ਜੋ 'ਕੱਲੇ ਨੂੰ 'ਕੱਲੀ ਨਾ ਟੱਕਰਦੀ। ਆਧੁਨਿਕ ਜਾਂ ਇੰਝ ਕਹਿ ਲਵੋ ਕਿ ਮਾਡਰਨ ਸਮੇਂ 'ਚ ਜੋ ਕੁਝ ਵਾਪਰ ਰਿਹਾ ਹੈ, ਉਸ ਦੇ ਵਿਸਥਾਰ 'ਚ ਜਾਣ ਦੀ ਬਜਾਏ, ਆਪ ਜੀ ਨਾਲ਼ ਇੱਕ ਵਾਕਿਆ ਸਾਂਝਾ ਕਰਦਾ ਹਾਂ। ਪੰਜਾਬ ਗਿਆ, ਇੱਕ ਦਿਨ ਮੈਂ ਆਪਣੇ ਪਿੰਡ ਤਾਏ ਦੇ ਪੁੱਤ ਨੂੰ ਮਿਲਣ ਗਿਆ ਤਾਂ ਟੱਬਰ-ਟੀਰ ਦੀ ਸੁੱਖ-ਸਾਂਦ ਕਰਦਿਆਂ ਉਹ ਕਹਿੰਦਾ ਹੋਰ ਤਾਂ ਸਭ ਠੀਕ ਹੈ ਪਰ ਤੇਰੇ ਭਤੀਜ ਨੂੰ ਰਾਤ ਨੂੰ ਸੁੱਤੇ ਪਏ ਨੂੰ ਬੋਲਣ ਦੀ ਬਿਮਾਰੀ ਆ। ਹੈਰਾਨ ਹੁੰਦਿਆਂ ਮੈਂ ਉਸਨੂੰ ਕੁਝ ਸਵਾਲ ਪੁੱਛੇ ਤਾਂ ਅੰਦਾਜਾ ਹੋ ਗਿਆ ਕਿ 1960 ਤੋਂ ਪਹਿਲਾਂ ਜੰਮਿਆ ਮੇਰਾ ਇਹ ਵੀਰ ਕੀ ਜਾਣੇ ਮੋਬਾਈਲ ਪਲਾਨ ਬਾਰੇ ਕਿ ਦਸ ਵਜੇ ਤੋਂ ਬਾਅਦ ਫ੍ਰੀ ਕਾਲਾਂ ਕਿਵੇਂ ਨੌਜਵਾਨਾਂ ਨੂੰ ਸੁੱਤੇ ਪਏ ਬੋਲਣ ਲਾ ਦਿੰਦੀਆਂ ਹਨ? ਮੈਂ ਇਸ ਕਸੂਤੀ ਬਿਮਾਰੀ ਦਾ ਦਿਲਾਸਾ ਦਿੰਦਿਆਂ ਆਪਣੇ ਵੱਡੇ ਭਾਈ ਨੂੰ ਕਿਹਾ ਕਿ ਸ਼ੁਕਰ ਹੈ ਇਹ ਇਕੱਲਾ ਬੋਲਦਾ ਹੀ ਆ, ਨਹੀਂ ਤਾਂ ਅੱਜ ਕਲ ਦੀ ਪੀੜ੍ਹੀ ਅੱਧੀ ਰਾਤ ਨੂੰ ਨੀਂਦ 'ਚ ਤੁਰ ਵੀ ਪੈਂਦੀ ਆ।
ਮੇਰਾ ਆਪਣੇ ਵੀਰ ਨੂੰ 1960 ਤੋਂ ਪਹਿਲਾਂ ਜੰਮਿਆ ਲਿਖਣਾ ਦਾ ਕਾਰਨ ਇਹ ਹੈ ਕਿ ਜੋ ਗੱਲਾਂ ਅੱਜ ਵਾਪਰ ਰਹੀਆਂ ਉਹ ਸੱਠਵਿਆਂ ਦੇ ਦਹਾਕੇ ਤੋਂ ਪਹਿਲਾਂ ਜੰਮਿਆਂ ਦੇ ਹਿਸਾਬ ਕਿਤਾਬ ਤੋਂ ਬਾਹਰ ਦੀਆਂ ਹਨ ਤੇ ਜੋ ਕੁੱਝ ਉਹਨਾਂ ਨੇ ਭੋਗਿਆ ਅੱਜ ਦੀ ਨੌਜਵਾਨ ਪੀੜ੍ਹੀ ਉਸ ਤੋਂ ਅਨਜਾਣ ਹੈ। 1960 ਤੋਂ ਪਹਿਲਾਂ ਜੰਮੇ ਲੋਕਾਂ ਲਈ ਮੇਰੀ ਅਜਿਹੀ ਸੋਚ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੰਜੋਗਵਸ ਮੈਂ ਉਸ ਸਮੇਂ ਦਾ ਹਾਣੀ ਹਾਂ, ਜਿਸ ਨੇ ਗੱਡਿਆਂ ਤੋਂ ਲੈ ਕੇ ਗੱਡੀਆਂ ਤੱਕ, ਸਲੇਟਾਂ ਤੇ ਫੱਟੀਆਂ ਤੋਂ ਆਈ ਪੈਡ ਤੱਕ, ਭਾਫ਼ ਵਾਲੇ ਇੰਜਣਾਂ ਤੋਂ ਮੈਟਰੋ ਟ੍ਰੇਨ ਤੱਕ, ਬਾਜ਼ੀਗਰਾਂ ਵੱਲੋਂ ਪਾਈ ਜਾਂਦੀ ਬਾਜੀ ਤੋਂ ਅੱਜ ਕਲ ਦੇ ਸਟੰਟ ਸ਼ੋਅ ਤਕ, ਪਿੰਡ ਦੇ ਕੱਲਰਾਂ ਵਿੱਚ ਲਗਦੀਆਂ ਤੀਆਂ ਤੋਂ ਪੱਬਾਂ ਵਿੱਚ ਪੈਂਦੇ ਧਮਾਲਾਂ ਤਕ, ਗੁੱਲੀ-ਡੰਡੇ ਤੋਂ ਲੈ ਕੇ ਪਲੇਅ ਸਟੇਸ਼ਨ ਤੱਕ, ਡਾਕ ਖਾਨੇ 'ਚ ਟਿੱਕ-ਟਿੱਕ ਕਰਕੇ ਆਉਂਦੀ ਤਾਰ ਤੋਂ ਇਨਸਟੰਟ ਮੈਸਜ਼ ਤੱਕ, ਬਰੰਗ ਚਿੱਠੀਆਂ ਤੋਂ ਈ-ਮੇਲ ਤੱਕ, ਊਠਾਂ ਨਾਲ ਗਾਹ ਗਾਹੁਣ ਤੋਂ ਲੈ ਕੇ ਕੰਬਾਈਨਾਂ ਤਕ, ਤੁਕ-ਤੁਕ ਵਾਲੇ ਇੰਜਣਾਂ ਤੋਂ ਲੈ ਕੇ ਟਰਬੋ ਇੰਜਣਾਂ ਤੱਕ, ਭੱਠੀ ਤੋਂ ਭੁਨਾਏ ਦਾਣੇ ਤੇ ਘਰਦੇ ਬਣੇ ਮਰੁੰਡਿਆਂ ਤੋਂ ਲੈ ਕੇ ਪੀਜ਼ਾ ਬਰਗਰਾਂ ਤੱਕ, ਹਲਟਾਂ ਨਾਲ ਪਾਣੀ ਲਾਉਣ ਤੋਂ ਲੈ ਕੇ ਸੰਬਰਸੀਬਲ ਮੋਟਰਾਂ ਤੱਕ, ਹਰਕੁਲੀਸ ਦੇ ਸਾਈਕਲ ਤੋਂ ਲੈ ਕੇ ਹੋਂਡਾ ਦੇ ਚਾਰ ਸਿਲੰਡਰ ਮੋਟਰ ਬਾਇਕ ਤੱਕ, ਮਰਫੀ ਦੇ ਰੇਡੀਓ ਤੋਂ ਲੈ ਕੇ ਡਿਜੀਟਲ ਰੇਡੀਓ ਤੱਕ, ਬਲੈਕ ਐਂਡ ਵਾਈਟ ਟੀ.ਵੀ. ਤੋਂ ਲੈ ਕੇ ਐੱਲ.ਸੀ.ਡੀ. ਅਤੇ ਲਿੱਡ ਟੀ.ਵੀ. ਤੱਕ, ਇਕੱਲੇ ਦੂਰਦਰਸ਼ਨ ਤੋਂ ਲੈ ਕੇ ਸੈਂਕੜੇ ਪੇਅ ਟੀ.ਵੀ. ਤੱਕ, ਪੱਥਰ ਦੇ ਤਵੇ (ਐੱਲ.ਪੀ. ਰਿਕਾਰਡ) ਤੇ ਵੀ.ਸੀ.ਆਰ. ਤੋਂ ਲੈ ਕੇ ਬਲ਼ੂ ਰੇ ਡਿਸਕ ਤੱਕ, ਦਾ ਵਕਤ ਹੰਢਾਇਆ ਹੈ।
ਇਹ ਦੋ ਯੁਗਾਂ ਨੂੰ ਮਾਣਨ ਦਾ ਸੁਭਾਗ ਬਸ 1960 ਤੋਂ ਲੈ ਕੇ 1980 ਤਕ ਦੇ ਵਕਤ 'ਚ ਜਨਮ ਲੈਣ ਵਾਲਿਆਂ ਦੇ ਹਿੱਸੇ ਹੀ ਆਇਆ ਹੈ। ਕਿਉਂਕਿ ਜਿਨ੍ਹਾਂ ਦਾ ਜਨਮ 1960 ਤੋਂ ਪਹਿਲਾਂ ਦਾ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਹਾਈਟੈਕ ਜ਼ਮਾਨਾ ਸਮਝੋਂ ਬਾਹਰ ਹੈ। ਭਾਵੇਂ ਉਹ ਇਸ ਜ਼ਮਾਨੇ ਵਿੱਚ ਵਿਚਰ ਤਾਂ ਰਹੇ ਹਨ ਪਰ ਉਹਨਾਂ ਨੂੰ ਇਹ ਚੀਜ਼ਾਂ ਦੇਖਣਾ ਤੇ ਵਰਤਣਾ ਇਕ ਮਜਬੂਰੀ ਜਿਹੀ ਲੱਗਦਾ ਹੈ। ਉਦਾਹਰਣ ਦੇ ਤੌਰ ਤੇ ਜੇ ਕੋਈ ਪੁਰਾਣਾ ਬੰਦਾ ਮੋਬਾਈਲ ਵਰਤ ਵੀ ਰਿਹਾ ਹੈ ਤਾਂ ਉਹ ਉਸ ਦੇ ਗਿਣਤੀ ਦੇ ਬਟਨ ਦੱਬਣ ਹੀ ਜਾਣਦਾ ਕਿ ਕਿਵੇਂ ਕਿਸੇ ਦਾ ਫ਼ੋਨ ਸੁਣੀਦਾ ਤੇ ਕਿਵੇਂ ਕਰੀ ਦਾ ਹੈ। ਉਸ ਨੂੰ 3ਗ ਜਾਂ 4ਗ ਆਦਿ ਤੱਕ ਕੋਈ ਵਾ ਵਾਸਤਾ ਨਹੀਂ ਹੁੰਦਾ। ਦੂਜਾ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਲੋਕਾਂ ਨੂੰ ਹਾਲੇ ਉਹੀ ਪੁਰਾਣਾ ਕਲਚਰ ਹੀ ਚੰਗਾ ਲਗਦਾ ਹੈ। ਜਿਹੜੇ ਲੋਕੀ ਇਸ ਦੁਨੀਆਂ ਤੇ 1960 ਤੋਂ ਬਾਅਦ ਆਏ ਹਨ, ਉਹਨਾਂ ਜਦੋਂ ਨੂੰ ਸੂਰਤ ਸੰਭਾਲੀ ਉਦੋਂ ਨੂੰ ਗੱਡਿਆਂ ਦਾ ਦੌਰ ਬੀਤੇ ਸਮੇਂ ਦੀ ਗਲ ਹੋ ਚੁੱਕਿਆ ਸੀ। ਸੋ ਉਹ ਕੀ ਜਾਣਨ ਕੀ ਆਥਣ ਵੇਲੇ ਕਿਸੇ ਖੇਤੋਂ ਆਉਂਦੇ ਊਠ ਦੇ ਲੱਦੇ ਵਿੱਚੋਂ ਗੰਨਾ ਖਿੱਚ ਕੇ ਚੂਪਣ ਦਾ ਕੀ ਸੁਆਦ ਹੁੰਦਾ ਸੀ। ਸੋ 1960 ਤੋਂ 1980 ਵਿਚਾਲੇ ਜਨਮ ਲੈਣ ਵਾਲਿਆਂ ਦੇ ਹਿੱਸੇ ਦੋ ਯੁੱਗ ਭੋਗਣ ਨੂੰ ਮਿਲੇ ਹਨ। ਇਹਨਾਂ ਕਰਮਾਂ ਵਾਲਿਆਂ ਵਿੱਚ ਮੇਰਾ ਵੀ ਨਾਂ ਆਉਂਦਾ ਹੈ।
ਅਸਲੀ ਮੁੱਦੇ 'ਤੇ ਆਉਂਦੇ ਹਾਂ ਕਿ ਇਸ ਆਧੁਨਿਕਤਾ ਨਾਲ ਅਸੀਂ ਇਹੋ ਜਿਹਾ ਕੀ ਗੁਆ ਲਿਆ ਹੈ, ਜਿਸ ਬਾਰੇ ਚਿੰਤਾ ਕਰੀਏ? ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਵਾਰੀ ਵਕਤ ਦੀ, ਭਾਵੇਂ ਅਜ ਅਸੀਂ ਲੱਖ ਐਡਵਾਂਸ ਹੋ ਗਏ ਹੋਈਏ, ਭਾਵੇਂ ਦਿਨਾਂ ਦਾ ਕੰਮ ਹੁਣ ਕੁੱਝ ਮਿੰਟਾਂ ਵਿੱਚ ਹੋ ਜਾਂਦਾ ਹੋਵੇ। ਪਰ ਫੇਰ ਵੀ ਪਤਾ ਨਹੀਂ ਕਿਉਂ ਅੱਜ ਕਿਸੇ ਕੋਲ ਵੀ ਵਕਤ ਨਹੀਂ ਹੈ। ਭਾਵੇਂ ਇਹ ਸਿਧਾਂਤਕ ਤੌਰ ਤੇ ਗਲ ਹਾਸੋਹੀਣੀ ਲਗਦੀ ਹੈ ਕਿ ਸਦੀਆਂ ਤੋਂ ਦਿਨ 24 ਘੰਟੇ ਦਾ ਹੀ ਚਲਿਆ ਆ ਰਿਹਾ, ਫੇਰ ਹੁਣ ਸਾਡੇ ਕੋਲ ਵਕਤ ਕਿਉਂ ਨਹੀਂ ਹੈ? ਕਦੇ ਉਹ ਵੀ ਯੁੱਗ ਸੀ ਜਦੋਂ ਘਰ ਆਇਆ ਪ੍ਰਾਹੁਣਾ ਪਤਾ ਨਹੀਂ ਕਿੰਨੇ ਕਿੰਨੇ ਦਿਨ ਬਿਨਾਂ ਕਿਸੇ ਕੰਮ ਦੇ ਟਿਕਿਆ ਰਹਿੰਦਾ ਸੀ ਤੇ ਇੱਧਰ ਅਜ ਦੇ ਪ੍ਰਾਹੁਣੇ ਦੀ ਸੁਣ ਲਵੋ ਪਹਿਲੀ ਗਲ ਤਾਂ ਬਿਨਾਂ ਕਿਸੇ ਕੰਮ ਕਾਜ ਦੇ ਕੋਈ ਕਿਸੇ ਦੇ ਜਾਂਦਾ ਹੀ ਨਹੀਂ। ਜੇ ਕਿਸੇ ਮਜਬੂਰੀ ਵਸ ਕਿਸੇ ਦੇ ਘਰ ਜਾਣਾ ਵੀ ਪੈ ਜਾਵੇ ਤਾਂ ਆਉਣ ਤੋਂ ਪਹਿਲਾਂ ਜਾਣ ਦੀਆਂ ਗੱਲਾਂ ਹੋਣ ਲਗ ਪੈਂਦੀਆਂ ਹਨ, ਜੇ ਮਹਿਮਾਨ ਕਾਹਲ ਨਾ ਦਿਖਾਵੇ ਤਾਂ ਮੇਜ਼ਬਾਨ ਆਪਣੀਆਂ ਮਜਬੂਰੀਆਂ ਸੁਣਾਉਣ ਲਗ ਪੈਂਦਾ ਹੈ। ਚਲੋ ਮੰਨ ਲੈਂਦੇ ਹਾਂ ਕੋਈ ਕਿਸੇ ਦੇ ਘਰ ਦੋ ਘੰਟੇ ਆ ਵੀ ਗਿਆ ਤਾਂ ਤੁਸੀ ਉਸ ਦੋ ਘੰਟਿਆਂ ਦਾ ਲੇਖਾ ਜੋਖਾ ਨੋਟ ਕਰ ਕੇ ਦੇਖ ਲਓ, ਉਸ ਵਕਤ ਦੌਰਾਨ ਕਿੰਨਾ ਚਿਰ ਉਹ ਮਾਨਸਿਕ ਤੌਰ ਤੇ ਆਪਣੇ ਮੇਜ਼ਬਾਨ ਦੇ ਘਰ ਹਾਜ਼ਰ ਸੀ? ਇਕੱਲਾ ਸਰੀਰ ਹੀ ਹਾਜ਼ਰ ਹੁੰਦਾ ਹੈ ਕਿਉਂਕਿ ਦਿਮਾਗ਼ ਤਾਂ ਹੱਥ ਚ ਫੜੇ ਮੋਬਾਈਲ ਚ ਅਟਕਿਆ ਪਿਆ ਹੁੰਦਾ ਹੈ।
ਅੱਗੇ ਵਿਆਹ ਮੰਗਣੇ ਤੇ ਮਹੀਨਾ ਭਰ ਰੌਣਕਾਂ ਲਗਦੀਆਂ ਸਨ। ਨਾਨਕਾ ਮੇਲ ਟਰੰਕ ਭਰ ਭਰ ਕੇ ਲਿਆਉਂਦਾ ਸੀ ਪਰ ਅੱਜ ਕਲ 11 ਵਜੇ ਜੰਞ ਆਉਂਦੀ ਹੈ 'ਤੇ ਨਾਨਕਿਆਂ ਦੇ ਹਾਲੇ ਮੋਬਾਈਲ ਹੀ ਆਉਂਦੇ ਹਨ ਕਿ ਜੇ ਜੰਞ ਆ ਗਈ ਤਾਂ ਅਸੀਂ ਵੀ ਆ ਜਾਂਦੇ ਆਂ! ਇਹ ਤਾਂ ਚਲੋ ਫੇਰ ਵੀ ਹਜ਼ਮ ਹੋਣ ਵਾਲੀ ਗਲ ਹੈ। ਹੱਦ ਤਾਂ ਉਸ ਵਕਤ ਹੋ ਜਾਂਦੀ ਹੈ ਜਦੋਂ ਵਿਆਹ ਜਿਹੇ ਪਵਿੱਤਰ ਰਿਸ਼ਤੇ ਵੀ ਅੱਜ ਕਲ ਆਨ ਲਾਈਨ ਹੀ ਨੇਪਰੇ ਚੜ੍ਹ ਜਾਂਦੇ ਹਨ।
ਇਹ ਤਾਂ ਕੁਝ ਕੁ ਹੀ ਉਦਾਹਰਣਾਂ ਹਨ। ਤੁਸੀ ਆਪਣੇ ਆਲੇ ਦੁਆਲੇ ਜਦੋਂ ਮਰਜ਼ੀ ਝਾਤ ਮਾਰ ਕੇ ਵੇਖ ਲਿਉ, ਚਲਦੀ ਬੱਸ ਹੋਵੇ ਜਾਂ ਗੱਡੀ, ਹਰ ਇੱਕ ਦਾ ਬਸ ਸਰੀਰ ਹੀ ਸਫ਼ਰ ਕਰ ਰਿਹਾ ਹੁੰਦਾ ਹੈ। ਚੇਤਨਾ ਤਾਂ ਕਿਤੇ ਹੋਰ ਹੀ ਘੁੰਮਣ ਘੇਰੀਆਂ ਵਿੱਚ ਭਟਕਦੀ ਫਿਰਦੀ ਹੁੰਦੀ ਹੈ। ਤਾਂ ਹੀਂ ਤਾਂ ਪਿਛਲੇ ਯੁੱਗ 'ਚ ਗੱਡੇ ਤੇ ਚੜ੍ਹ ਕੇ ਵੀ ਝੂਟਾ ਆ ਜਾਂਦਾ ਸੀ ਜੋ ਅਜ ਕਲ ਬਹੁ-ਲੱਖੀਆਂ ਗੱਡੀਆਂ ਤੇ ਨਹੀਂ ਆਉਂਦਾ। ਇਸ ਦਾ ਸਿੱਧਾ ਤੇ ਸਾਫ਼ ਸੁਥਰਾ ਇਕ ਹੀ ਕਾਰਨ ਹੈ ਕਿ ਝੂਟਿਆਂ ਦਾ ਆਨੰਦ ਕਦੇ ਸਰੀਰਾਂ ਨੂੰ ਨਹੀਂ ਆਉਂਦਾ ਇਹ ਤਾਂ ਅੰਦਰਲੀ ਰੂਹ ਹੀ ਮਾਣ ਸਕਦੀ ਹੈ, ਜੋ ਅੱਜ ਦੇ ਇਸ ਮਸ਼ੀਨੀ ਇਨਸਾਨ ਦੇ ਆਪਣੇ ਵਸ ਵਿੱਚ ਨਹੀਂ ਰਹੀ।
ਦੂਜਾ ਨੰਬਰ ਸਕੂਨ ਦਾ ਆਉਂਦਾ ਹੈ। ਇਸ ਗਲ ਤੋਂ ਸ਼ਾਇਦ ਹੀ ਕੋਈ ਮੁਨਕਰ ਹੋਵੇਗਾ ਕਿ ਜੋ ਸਕੂਨ ਪੁਰਾਣੇ ਯੁੱਗ 'ਚ ਮਿਲਦਾ ਸੀ ਉਹ ਅੱਜ ਕਲ ਕਿਤੇ ਦੇਖਣ ਨੂੰ ਨਹੀਂ ਮਿਲਦਾ। ਮੇਰੇ ਹਾਲੇ ਯਾਦ ਹੈ ਉਹ ਦਿਨ ਜਦੋਂ ਬਚਪਨ ਦੇ ਇਕ ਮਿੱਤਰ ਦੇ ਵਿਦੇਸ਼ ਚਲੇ ਜਾਣ ਪਿਛੋਂ ਉਸ ਨੂੰ ਚਿੱਠੀ ਪਾਉਣੀ! ਜੋ ਵੀਹ ਦਿਨਾਂ ਚ ਉਸ ਨੂੰ ਮਿਲਣੀ ਤੇ ਉਸ ਦਾ ਜਵਾਬ ਆਉਂਦੇ ਆਉਂਦੇ ਦੋ ਮਹੀਨੇ ਲੰਘ ਜਾਣੇ। ਪਰ ਲੰਬੇ ਇੰਤਜ਼ਾਰ ਤੋਂ ਬਾਅਦ ਮਿਲੀ ਉਹ ਚਿੱਠੀ ਪੜ੍ਹ ਕੇ ਜੋ ਸਕੂਨ ਮਿਲਦਾ ਸੀ ਉਹ ਹੁਣ ਕਦੇ ਮਿੰਟਾਂ ਸਕਿੰਟਾਂ ਵਿੱਚ ਮਿਲਦੀ ਈ ਮੇਲ ਨਾਲ ਨਹੀਂ ਮਿਲਦਾ।
ਇਸ ਹਾਈਟੈਕ ਜ਼ਮਾਨੇ ਵਿੱਚ ਘਰਾਂ ਦੀ ਥਾਂ ਮਕਾਨਾਂ ਨੇ ਲੈ ਲਈ ਹੈ। ਅੱਗੇ ਘਰਾਂ ਵਿੱਚੋਂ ਜੋ ਕਿਲਕਾਰੀਆਂ ਗੂੰਜਦੀਆਂ ਸਨ, ਉਹ ਹੁਣ ਕਿਧਰੇ ਗ਼ਾਇਬ ਹੋ ਗਈਆਂ ਹਨ। ਅੱਗੇ ਘਰ ਵਿੱਚ ਜਿੰਨੇ ਜੀਅ ਹੁੰਦੇ ਸਨ, ਉਹ ਸਾਰੇ ਦੇ ਸਾਰੇ ਇਕੱਠੇ ਬਹਿੰਦੇ ਹੁੰਦੇ ਸੀ। ਅੱਜ ਦੇ ਮਕਾਨਾਂ ਵਿੱਚ ਹਰ ਕੋਈ ਆਪੋ ਆਪਣੇ ਕਮਰੇ ਵਿੱਚ ਬੈਠਾ ਭਾਵੇਂ ਨੈੱਟ ਰਾਹੀਂ ਦੁਨੀਆਂ ਭਰ ਨਾਲ ਜੁੜਿਆ ਹੋਵੇ, ਪਰ ਆਪਣੇ ਪਰਿਵਾਰ ਵਿੱਚ ਇਕ ਦੂਜੇ ਤੋਂ ਕੋਹਾਂ ਦੂਰ ਹੁੰਦੇ ਹਨ। ਅੱਜ ਕਲ ਘਰ ਦਾ ਇਕ ਜੀਅ ਫੇਸ ਬੁੱਕ ਤੇ ਹੁੰਦਾ, ਦੂਜਾ ਆਰਕੁਟ 'ਤੇ ਤੀਜਾ ਯਾਹੂ ਤੇ ਦੁਨੀਆਂ ਭਰ ਦੀਆਂ ਸੈਰਾਂ ਕਰ ਰਹੇ ਹੁੰਦੇ ਹਨ। ਟੱਬਰ ਦੇ ਰਹਿੰਦੇ ਖੂੰਹਦੇ ਜੀਅ ਟੈਲੀਵਿਜ਼ਨ ਨੇ ਸਾਂਭੇ ਹੁੰਦੇ ਹਨ। ਅੱਜ ਕਲ ਦੇ ਨਿਆਣੇ ਮੈਦਾਨੀ ਖੇਡਾਂ ਨਾਲੋਂ ਪਲੇਅ ਸਟੇਸ਼ਨ ਨੂੰ ਪਹਿਲ ਦਿੰਦੇ ਹਨ। ਹੁਣ ਤਾਂ ਆਲਮ ਇਹ ਹੈ ਕਿ ਸਰੀਰਕ ਕਸਰਤ ਵੀ ਵੀ-ਫ਼ਿੱਟ ਜਿਹੀਆਂ ਖੇਡਾਂ ਨਾਲ ਟੀ.ਵੀ. ਮੂਹਰੇ ਬਹਿ ਕੇ ਹੀ ਕਰ ਲੈਂਦੇ ਹਨ ।
ਜਿਥੇ ਇਸ ਆਧੁਨਿਕਤਾ ਨੇ ਸਾਨੂੰ ਆਰਾਮ ਪਸੰਦ ਬਣਾ ਦਿਤਾ ਹੈ ਉੱਥੇ ਅਸੀਂ ਹੁਣ ਇਸ ਆਧੁਨਿਕਤਾ ਤੇ ਇੰਨਾ ਕੁ ਨਿਰਭਰ ਹੋ ਗਏ ਹਾਂ ਕਿ ਬਿਨਾਂ ਆਧੁਨਿਕ ਯੰਤਰਾਂ ਦੇ ਅਪਾਹਿਜਤਾ ਜਿਹੀ ਮਹਿਸੂਸ ਹੁੰਦੀ ਹੈ। ਕੋਈ ਯੁੱਗ ਸੀ ਡੇਢਾ ਤੇ ਢਾਈਆ ਦੇ ਪਹਾੜੇ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਬਿਨਾਂ ਕੈਲਕੂਲੇਟਰ ਦੇ ਮਜਾਲ ਕੀ ਹੈ ਕਿ ਅਸੀਂ ਅੱਠੋਂ ਨੌਂਈਂ ਬਹੱਤਰ ਦਸ ਸਕੀਏ। ਪਹਿਲਾਂ ਸਾਰੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਦੇ ਫ਼ੋਨ ਨੰਬਰ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਸੁਣ ਲਵੋ ਇੱਕ ਦਿਨ ਮੇਰੇ ਮੋਬਾਈਲ ਦੀ ਸਕਰੀਨ ਟੁੱਟ ਗਈ ਤੇ ਮੈਨੂੰ ਆਪਣੇ ਘਰੇ ਫ਼ੋਨ ਕਰਨ ਲਈ ਵੀਹ ਮਿੰਟ ਸੋਚਣਾ ਪਿਆ। ਇਹ ਅਪਾਹਿਜਤਾ ਨਹੀਂ ਤਾਂ ਹੋਰ ਕੀ ਹੈ? 
ਦੋਸਤੋ! ਬਸ ਬਹੁਤ ਨਿਭਾ ਦਿਤਾ ਫਰਜ਼ ਆਪਣਾ ਲਿਖਾਰੀ ਹੋਣ ਦਾ! ਬਹੁਤ ਨਫ਼ੇ ਨੁਕਸਾਨ ਗਿਣਾ ਦਿੱਤੇ ਆਧੁਨਿਕਤਾ ਦੇ! ਪਰ ਯਾਰ ਅਸਲੀ ਦਿਲ ਦੀ ਗਲ ਦਸਾਂ? ਇਸ ਆਧੁਨਿਕਤਾ ਦਾ ਆਨੰਦ ਮਾਨਣ ਦਾ ਆਨੰਦ ਆਪਣਾ ਹੀ ਹੈ । ਕੰਪਿਊਟਰ 'ਤੇ ਬੈਠੀਏ ਤਾਂ ਸਕਿੰਟਾਂ 'ਚ ਦੁਨੀਆਂ ਦੀ ਸੈਰ ਕਰ ਲਈਦੀ ਹੈ । ਜੇਕਰ ਫੇਸ ਬੁੱਕ ਦੀ ਗੱਲ ਕਰੀਏ ਤਾਂ ਬਾਈ ਯਾਰ ! ਸਾਲੀ ਫੇਸ ਬੁੱਕ ਹੈ ਤਾਂ ਵਧੀਆ ਚੀਜ, ਜੀ ਜਿਹਾ ਲਵਾਈ ਰੱਖਦੀ ਆ। ਕੋਈ ਨਾ ਜੇ ਪਾਣੀ ਪੁਲਾਂ ਦੇ ਉੱਤੋਂ ਦੀ ਵਗਦਾ ਦਿਸਿਆ ਤਾਂ ਆਪਾਂ ਵੀ ਹੋ ਜਾਵਾਂਗੇ ''ਫੇਸ ਬੁੱਕ ਛਡਾਓ ਕੈਂਪ'' ਚ ਦਾਖ਼ਲ! ਫ਼ਿਲਹਾਲ ਤਾਂ ਯਾਰ ਮੈਨੂੰ ਵੀ ਜੁਆਇਨ ਕਰ ਲਿਉ! ਉਂਝ ਤਾਂ ਆਪਣੀ ਇਕ ਦੋ ਨੰਬਰ ਦੀ ਆਈ.ਡੀ. ਵੀ ਹੈਗੀ, ਪਰ ਤੁਸੀ ਮੈਨੂੰ 'ਮਿੰਟੂ ਬਰਾੜ' ਵਾਲੇ ਅਕਾਉਂਟ ਤੇ ਹੀ ਐਡ ਕਰ ਲਿਉ । ਚੰਗਾ ਫਿਰ, ਰੱਬ ਰਾਖਾ। 
****
mintubrar@gmail.com