ਬਹੁਤ ਸਾਰੇ ਲੇਖਕਾਂ ਨੂੰ ਪੜ੍ਹੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਸਾਦੀ ਜਿਹੀ ਜ਼ਿੰਦਗੀ ਜੀਉਣ ਵਾਲਾ ਪ੍ਰਵਾਸੀ ਲੇਖਕ ਜਨਾਬ ਕੇਹਰ ਸ਼ਰੀਫ਼ ਜੀ, ਮਾਂ ਬੋਲੀ ਪੰਜਾਬੀ ਦੀ ਬੁੱਕਲਦਾ ਨਿੱਘ, ਠੰਡੇ ਮੁਲਕ ਵਿਚ ਬੈਠਾ ਹੋਇਆ ਬੜੇ ਫ਼ਖ਼ਰ ਨਾਲ ਮਾਣ ਰਿਹਾ ਹੈ। ਆਪਣੀ ਨੌਕਰੀ ਤਨਦੇਹੀ ਨਾਲ ਕਰਦਾ ਹੋਇਆ ਸੁਭਾ-ਸ਼ਾਮ ਜਾਂ ਰਾਤ ਬਰਾਤੇ ਆਪਣੀ ਕਲਮ ਦੀਆਂ ਲਕੀਰਾਂ ਦਾ ਖੈਰ ਪਾਠਕਾਂ ਦੀ ਝੋਲੀ ਜ਼ਰੂਰ ਪਾਉਂਦਾ ਹੈ। ਜਨਾਬ ਕੇਹਰ ਸ਼ਰੀਫ਼ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਜਰਮਨ ਦੇ ਨਾਮਵਰ ਪੰਜਾਬੀ ਅਖ਼ਬਾਰ "ਮੀਡੀਆ ਪੰਜਾਬ" ਦੇ ਪਹਿਲੇ ਕਵੀ ਦਰਬਾਰ ਤੇ 15 ਅਗਸਤ 2009 ਨੂੰ ਸ੍ਰ ਬਲਦੇਵ ਸਿੰਘ ਬਾਜਵਾ ਜੀ ਦੇ ਜਰਮਨ ਸ਼ਹਿਰ ਲੀਪਸਿਕ ਵਿਖੇ ਹੋਈ ਸੀ। ਕੁਝ ਦਿਨਾਂ ਬਾਅਦ ਡੀਊਸਬਰਗ ਸ਼ਹਿਰ ਵਿਖੇ ਬੜਾ ਵੱਡਾ ਕਬੱਡੀ ਦਾ ਟੂਰਨਾਮੈਂਟ ਹੋਇਆ ਤਾਂ ਉਥੇ ਜਨਾਬ ਸ਼ਰੀਫ਼ ਜੀ ਵੀ ਆਏ ਹੋਏ ਸਨ। ਅਸੀਂ ਕਾਫੀ ਸਮਾਂ ਆਪਣੇ ਦਿਲਾਂ ਦੀਆਂ ਗੱਲਾਂ ਸਾਂਝੀਆਂ ਕਰਨ ਵਿਚ ਬਤੀਤ ਕੀਤਾ ਅਤੇ ਕੱਬਡੀ ਮੈਚ ਦਾ ਵੀ ਆਨੰਦ ਮਾਣਦੇ ਰਹੇ। ਕੁਝ ਦਿਨਾਂ ਬਾਅਦ ਅਸੀਂ ਐਤਵਾਰ ਨੂੰ ਗੁਰਦਵਾਰਾ ਸਾਹਿਬ ਮਿਲੇ ਤਾਂ ਅਸੀਂ ਹੋਰ ਵੀ ਗੱਲਾਂ ਕਰਨ ਵਿਚ ਖੁਸ਼ੀ ਮਹਿਸੂਸ ਕੀਤੀ। ਸ਼ਰੀਫ਼ ਜੀ ਨੇ ਮੈਨੂੰ ਆਪਣੀ ਕਿਤਾਬ “ਸਮੇਂ ਨਾਲ ਸੰਵਾਦ” ਪੜ੍ਹਨ ਲਈ ਦਿੱਤੀ, ਜਿਸ ਨੂੰ ਮੈਂ ਕਈ ਦਿਨਾਂ ਵਿਚ ਬੜੀ ਬਰੀਕੀ ਨਾਲ ਪੜ੍ਹਿਆ।

