ਭਾਵੇਂ ਸੱਭਿਆਚਾਰ ਸਿਰਫ਼ ਗੀਤਾਂ ਤੱਕ ਹੀ ਮਹਿਦੂਦ ਨਹੀਂ ਹੁੰਦਾ, ਪਰ ਇਸ ’ਚ ਵੀ ਕੋਈ ਸ਼ੱਕ
ਨਹੀਂ ਕਿ ਗੀਤ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੁੰਦੇ ਹਨ।ਅਜੋਕੀ ਪੰਜਾਬੀ ਗਾਇਕੀ ਨੇ
ਜਿਸ ਕਦਰ ਪੰਜਾਬੀ ਸੱਭਿਆਚਾਰ ਨੂੰ ਪਲੀਤ ਕਰਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਇਆ ਹੈ,
ਉਹ ਕਿਸੇ ਸੰਗੀਨ ਜੁਰਮ ਤੋਂ ਘੱਟ ਨਹੀਂ।ਭਾਵੇਂ ਇੰਟਰਨੈੱਟ ਦੇ ਤੇਜ਼ ਪਸਾਰ ਕਾਰਨ ਇਸ ਵਿਚ
ਤੇਜ਼ੀ ਆਈ ਹੈ ਫਿਰ ਵੀ ਇਹ ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀਂ ।ਅਸਲ ਵਿਚ ਦੋ-ਅਰਥੀ ਤੇ
ਗ਼ੈਰ-ਮਿਆਰੀ ਗਾਇਕੀ ਦਾ ਆਰੰਭ ਅੱਸੀਵਿਆਂ ਵਿਚ ਅਮਰ ਸਿੰਘ ਚਮਕੀਲੇ ਨੇ ਹੀ ਕਰ ਦਿੱਤਾ
ਸੀ।ਪਰ ਹੁਣ ਤਾਂ ਚਮਕੀਲਿਆਂ ਦਾ ਹੜ੍ਹ ਜਿਹਾ ਹੀ ਆ ਗਿਆ ਹੈ।ਭਾਵੇਂ ਕਿ ਕਿਸੇ ਗੀਤ ਨੂੰ
ਸੁਣਨਯੋਗ/ਦੇਖਣਯੋਗ ਰੂਪ ਵਿਚ ਪ੍ਰਸਤੁਤ ਕਰਨ ਵਿਚ ਗਾਇਕ/ਗਾਇਕਾ ਤੋਂ ਇਲਾਵਾ ਗੀਤਕਾਰ,
ਵੀਡੀਓ ਨਿਰਦੇਸ਼ਕ ਅਤੇ ਪ੍ਰੋਡਿਊਸਰ ਵੀ ਜ਼ਿੰਮੇਵਾਰ ਹੁੰਦੇ ਹਨ ਤੇ ਬਾਅਦ ਵਿਚ ਗੀਤ ਨੂੰ
ਪ੍ਰਮੋਟ ਕਰਨ ਵਾਲ਼ੇ ਚੈਨਲਾਂ ਨੂੰ ਵੀ ਇਸ ਜੁਰਮ ਤੋਂ ਬਰੀ ਨਹੀਂ ਕੀਤਾ ਜਾ ਸਕਦਾ, ਪਰ
ਅਗਰਭੂਮੀ ਵਿਚ ਗਾਇਕ/ਗਾਇਕਾ ਹੀ ਹੋਣ ਕਾਰਨ ਸਭ ਤੋਂ ਵੱਡੀ ਜ਼ਿੰਮੇਵਾਰੀ ਓਸੇ ਦੀ ਹੁੰਦੀ
ਹੈ।ਅੱਜ ਇਹਨਾਂ ਵਿਚੋਂ ਬਹੁਗਿਣਤੀ ਲੋਕ ਬਾਜ਼ਾਰੀ ਮਾਨਸਿਕਤਾ ਵਿਚ ਗ੍ਰਸੇ ਜਾਣ ਕਾਰਨ ਆਪਣੀ
ਜ਼ਿੰਮੇਵਾਰੀ ਭੁੱਲੀ ਬੈਠੇ ਹਨ। ਇਸ ਦਾ ਭਾਵ ਇਹ ਵੀ ਨਹੀਂ ਕਿ ਪਹਿਲਾਂ ਸਾਰੇ ਗੀਤ ਚੰਗੇ ਹੀ
ਹੁੰਦੇ ਸਨ, ਪਰ ਜਿਸ ਕਿਸਮ ਦੇ ਨਿਘਾਰ ਦੀ ਰਫ਼ਤਾਰ ਅਜੋਕੇ ਅਖੌਤੀ ਵਿਸ਼ਵੀਕਰਨ ਦੇ ਦੌਰ ਵਿਚ
ਦੇਖਣ ਨੂੰ ਮਿਲ ਰਹੀ ਹੈ, ਅਜਿਹਾ ਨਿਰਸੰਦੇਹ ਪਹਿਲਾਂ ਕਦੇ ਨਹੀਂ ਹੋਇਆ।ਇਸ ਵਿਚ ਕੋਈ ਸ਼ੱਕ
ਨਹੀਂ ਕਿ ਸਮਾਜ ਵਿਚ ਵੀ ਨਿਘਾਰ ਆ ਚੁੱਕਾ ਹੈ ਤੇ ਇਹ ਨਿਘਾਰ ਸਾਡੇ ਗੀਤ-ਸੰਗੀਤ ਵਿਚ ਵੀ
ਝਲਕਣਾ ਸੁਭਾਵਿਕ ਸੀ, ਕਿਉਂਕਿ ਕਲਾ ਅਤੇ ਸਮਾਜ ਦਾ ਸੰਬੰਧ ਦਵੰਦਾਤਮਕ ਹੈ।ਪਰ ਕਲਾ ਦਾ ਕੋਈ
ਸਮਾਜਕ ਮਨੋਰਥ ਵੀ ਹੁੰਦਾ ਹੈ, ਜਿਸ ਤੋਂ ਸਮਕਾਲੀ ਗੀਤਕਾਰੀ/ਗਾਇਕੀ ਕਾਫ਼ੀ ਹੱਦ ਤੱਕ ਵਿੱਥ
ਥਾਪ ਚੁੱਕੀ ਹੈ।ਜਦੋਂ ਕਿਸੇ ਚੀਜ਼ ਨੂੰ ਮੰਡੀ ਦੀਆਂ ਤਾਕਤਾਂ ਸੰਚਾਲਿਤ ਕਰਦੀਆਂ ਹਨ ਤਾਂ
ਅਜਿਹਾ ਹੋਣਾ ਸੁਭਾਵਿਕ ਹੀ ਹੁੰਦਾ ਹੈ।
