Showing posts with label ਮੁਹਿੰਦਰ ਸਿੰਘ ਘੱਗ. Show all posts
Showing posts with label ਮੁਹਿੰਦਰ ਸਿੰਘ ਘੱਗ. Show all posts

ਸਰਦਾਰ ਅਜਮੇਰ ਸਿੰਘ ਵਲੋਂ ਭਗਤ ਸਿੰਘ ਦੀ ਸ਼ਹਾਦਤ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕਿਉਂ........... ਲੇਖ / ਮੁਹਿੰਦਰ ਸਿੰਘ ਘੱਗ

ਸਤੰਬਰ 28 1907 ਨੂੰ ਭਗਤ ਸਿੰਘ ਨੇ ਬਾਲਰੂਪ ਵਿਚ ਗੁਲਾਮ ਹਿੰਦੋਸਤਾਨ ਵਿਚ ਪਹਿਲਾ ਸਵਾਸ ਲਿਆ। 23 ਸਾਲ ਦੀ ਛੋਟੀ ਉਮਰੇ ਹੀ ਭਾਰਤ ਦੇਸ਼ ਨੂੰ ਅੰਗਰੇਜ਼ੀ ਸਰਕਾਰ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ, ਜਦੋ ਜਹਿਦ ਕਰਦਾ ਹੋਇਆ ਜਾਮ-ਏ-ਸ਼ਹਾਦਤ ਪੀ ਕੇ ਸਦਾ ਲਈ ਅਮਰ ਹੋ ਗਿਆ। ਅਣਵੰਡੇ ਦੇਸ਼ ਦੇ ਨੌਜਵਾਨਾਂ ਲਈ ਉਹ ਰਾਹ ਦਰਸੇਤਾ ਬਣ ਗਿਆ । ਲੋਕਾਈ ਨੇ ਉਸ ਦੀ ਸੋਚ ਉਸ ਦੀ ਲਗਨ ਉਸਦੀ ਦ੍ਰਿੜਤਾ ਤੋਂ ਮੁਤਾਸਰ ਹੋ ਕੇ ਉਸਨੂੰ ਸ਼ਹੀਦ-ਏ- ਆਜ਼ਮ ਵਜੋਂ ਆਪਣੇ ਮਨਾਂ ਵਿਚ ਵਸਾ ਲਿਆ। 81 ਸਾਲ ਬੀਤਣ ਤੇ ਵੀ ਉਸ ਦੀ ਮਕਬੂਲੀਅਤ ਵਿਚ ਕੋਈ ਫਰਕ ਨਹੀਂ ਪਿਆ। ਸਤੰਬਰ ਵਿਚ ਜਦ ਵੱਡੇ ਪੱਧਰ ਤੇ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਨਜਰ ਟਪਾਰ ਲਈ ਸਰਦਾਰ ਅਜਮੇਰ ਸਿੰਘ ਅਕਤੂਬਰ ਦੇ ਮਹੀਨੇ ਆਪਣੇ ਵਿਚਾਰਾਂ ਦੀ ਕਾਲੀ ਤੌੜੀ ਟੰਗਦਾ ਹੈ, ਧੰਨਵਾਦ।
ਪਹਿਲਾਂ ਅਕਤੂਬਰ 2010 ਨੂੰ ਗੁਰੂ ਕਾਂਸ਼ੀ ਦਮਦਮਾ ਸਾਹਿਬ ਵਿਖੇ ਯੂ. ਜੀ. ਸੀ. ਦੁਆਰਾ ਕਰਵਾਏ ਸੈਮੀਨਾਰ ਵਿਚ ਪਰਚਾ ਪੇਸ਼ ਕਰਕੇ ਸਰਦਾਰ ਅਜਮੇਰ ਸਿੰਘ ਨੇ ਭਗਤ ਸਿੰਘ ਦੀ ਸੋਚ ਅਤੇ ਸ਼ਹਾਦਤ ਨੂੰ ਛੁਟਿਆਉਣ ਦਾ ਯਤਨ ਕੀਤਾ ਅਤੇ ਫੇਰ ਅਕਤੂਬਰ 2012 ਨੁੰ ਸਰਦਾਰ ਅਜਮੇਰ ਸਿੰਘ ਨੇ ਸਿ਼ਕਾਗੋ ਦੇ ਗੁਰਦਵਾਰਾ ਪੈਲਾਟਾਈਨ ਵਿਖੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਕਹਿਣਾ ਠੀਕ ਨਹੀਂ। ਖਿਆਲਾਤ ਦੀ  ਆਜ਼ਾਦੀ ਹਰ ਇਕ ਦਾ ਹੱਕ ਹੈ ਪਰ ਦਲੀਲ ਰਹਿਤ ਵਿਚਾਰ ਸਿਰਫ ਹਸਦ ਜਾਂ ਮਨ ਦੀ ਭੜਾਸ ਹੋ ਨਿਬੜਦਾ ਹੈ।

ਮੈਂ ਅਭਾਗਣ ਕੁਰਸੀ.......... ਲੇਖ / ਮੁਹਿੰਦਰ ਸਿੰਘ ਘੱਗ

ਜਦ ਰਾਜੇ ਆਪਣੇ ਆਪ ਨੂੰ ਬਾਕੀ ਜੰਤਾ ਨਾਲੋਂ ਵੱਡਾ ਸਮਝਣ ਲਗ ਪਏ ਤਾਂ ਉਹਨਾਂ ਦਾ ਰਹਿਣ ਸਹਿਣ ਵੀ ਜੰਤਾ ਨਾਲੋਂ ਵਖਰਾ ਹੋ ਗਿਆ, ਉਹਨਾਂ ਦੇ ਬੈਠਣ ਲਈ ਵੀ ਬਾਕੀਆਂ ਨਾਲੋਂ ਉਚੀ ਥਾਂ ਦੀ ਭਾਲ ਹੋਈ ਤਾਂ ਮੇਰਾ ਜਨਮ ਹੋ ਗਿਆ। ਮੇਰੀ ਉਮਰ ਦਾ ਮੇਚਾ ਤਹਿਜ਼ੀਬ ਨਾਲ ਹੀ ਹੋ ਸਕਦਾ ਹੈ। ਸੱਤਵੀਂ ਈਸਵੀ ਵਿਚ ਬੇਬਲੋਨ ਵਿਚ ਮੇਰਾ ਜਨਮ ਹੋਇਆ। ਮੇਰੀ ਬਣਤਰ ਲਈ ਖਜੂਰ ਦੀ ਲਕੜੀ ਵਰਤੀ ਗਈ। ਚਾਰ ਖਰਾਦਵੀਆਂ ਮਜ਼ਬੂਤ ਲੱਤਾਂ ਬਣਾਈਆਂ ਗਈਆਂ। ਉਹਨਾਂ ਉਪਰ ਇਕ ਮਜ਼ਬੂਤ ਸਾਂਝਾ ਫੱਟਾ ਲਾਇਆ ਗਿਆ ਪਿਛੇ ਢੂਹੀ ਲਈ ਢਾਸਣਾ ਅਤੇ ਦੋਨਾਂ ਵੱਖਾਂ ਤੇ ਬਾਹਾਂ ਦਾ ਸਹਾਰਾ ਬਣਾਉਣ ਲਈ ਦੋ ਫੱਟੇ ਲਾਏ ਗਏ। ਮੇਰਾ ਪਹਿਲਾ ਨਾਂ ਤਖਤ ਰਖਿਆ ਗਿਆ। ਮੇਰੇ ਤੇ ਬੈਠ ਕੇ ਰਾਜਾ ਆਪਣਾ ਹੁਕਮ ਹਾਸਲ ਚਲਾਉਂਦਾ ਸੀ ਅਤੇ ਮੈਂ ਰਾਜੇ ਮਹਾਰਾਜਿਆਂ ਦੀ ਤਾਕਤ ਦਾ ਚਿੰਨ ਬਣ ਗਈ। ਉਸ ਤੋਂ ਉਪਰੰਤ ਮੈਂ ਸੀਰੀਆ, ਮਿਸਰ, ਗਰੀਸ ਆਦ ਵਿਚ ਰਾਜ ਮਹਿਲਾਂ ਦਾ ਸਿ਼ੰਗਾਰ ਹੁੰਦੀ ਹੋਈ ਫਰਾਂਸ ਪੁੱਜੀ । ਕੋਈ ਸਤਾਰਵੀਂ ਸਦੀ ਈਸਵੀ ਵਿਚ ਇੰਗਲੈਂਡ ਦੇ ਇਕ ਘਾੜ੍ਹੇ ਨੇ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਚਾਰ ਲੱਤਾਂ ਤੇ ਇਕ ਫੱਟਾ ਜਿਹਾ ਲਾ ਕੇ ਅਤੇ ਢੂਹੀ ਨੂੰ ਸਹਾਰਾ ਦੇਣ ਲਈ ਇਕ ਢਾਸਣਾ ਬਣਾ ਕੇ ਮੇਰਾ ਸਾਦਾ ਜਿਹਾ ਰੂਪ ਤਿਆਰ ਕਰ ਦਿਤਾ। ਉਸ ਵਿਚਾਰੇ ਨੂੰ ਇਹ ਥੋੜੀ ਪਤਾ ਸੀ ਕਿ ਉਸ ਵਲੋਂ ਤਿਆਰ ਕੀਤੀ ਨਿਮਾਣੀ ਜਿਹੀ ਸ਼ੈ ਸੰਸਾਰ ਦੇ ਹਰ ਕੋਨੇ ਅਤੇ ਹਰ ਘਰ ਦਾ ਸਿੰਗਾਰ ਬਣ ਜਾਵੇਗੀ। ਮੇਰਾ ਨਾਂ ਵੀ ਬਦਲ ਕੇ ਚੇਅਰ ਹੋ ਗਿਆ ਭਾਰਤੀ ਮੈਨੂੰ ਕੁਰਸੀ ਆਖਦੇ ਹਨ । ਪਿੰਡਾਂ ਦੀਆਂ ਕਈ ਬਿਰਧ ਸੁਆਣੀਆਂ ਮੈਨੂੰ ਖੁਰਸੀ ਆਖ ਕੇ ਝਟ ਟੱਪਾ ਲੈਂਦੀਆਂ ਹਨ। ਮੈਨੂੰ ਨਾਂ ਦੀ ਚਿੰਤਾ ਨਹੀਂ ਕੋਈ ਵੀ ਹੋਵੇ ਮੇਰਾ ਧਰਮ ਸੇਵਾ ਹੈ ਹਰ ਨਾਂ ਦੇ ਨਾਲ ਸੇਵਾ ਵਿਚ ਹਾਜ਼ਰ ਹੋ ਜਾਂਦੀ ਹਾਂ।

ਵਿਸਾਖੀ ਦਾ ਮੇਲਾ…ਤਿਉਹਾਰ ਤੋਂ (ਪੁਰਬ)… ਇਨਕਲਾਬ ਤਕ......... ਲੇਖ / ਮੁਹਿੰਦਰ ਸਿੰਘ ਘੱਗ


ਅਸੂਜ ਦੀ ਬੀਜੀ ਕਣਕ ਜਦ ਸੁਨਹਿਰੀ ਭਾ ਮਾਰਨ ਲਗ ਜਾਂਦੀ ਹੈ ਕਣਕ ਦੀਆਂ ਬਾਲੀਆਂ ਦਾਣਿਆਂ ਦੇ ਭਾਰ ਨਾਲ ਸਿਰ ਝੁਕਾ ਕੇ ਕਿਰਸਾਨ ਅਗੇ ਕੁਰਬਾਨ ਹੋਣ ਲਈ ਤਿਆਰ ਬਰ ਤਿਆਰ ਹੋ ਜਾਨੀਆਂ ਹਨ । ਤਾਂ ਸਦੀਆਂ ਤੋਂ ਚਲੀ ਆਈ ਪਰੰਮਪਰਾ ਅਨੁਸਾਰ ਕਿਰਸਾਨ ਇਹਨਾਂ ਦੀ ਕੁਰਬਾਨੀ ਨੂੰ ਕਬੂਲਦਾ ਹੋਇਆ ਫਸਲ ਦੀ ਸਾਂਭ ਸੰਭਾਲ ਵਿਚ ਜੁਟ ਜਾਂਦਾ ਹੈ। ਭਰ ਗਰਮੀਆਂ ਵਿਚ ਬੜੀ ਕਰੜੀ ਘਾਲਣਾ ਕਰਕੇ ਹਾੜੀ ਦੀ ਫਸਲ ਸਾਂਭ ਸੰਭਾਲ ਕਰ ਲਈ, ਸ਼ਾਹ ਦਾ ਕੁਝ ਕਰਜ਼ਾ ਉਤਰ ਗਿਆ, ਸਾਲ ਭਰ ਦੇ ਨਿਰਬਾਹ ਲਈ ਕਣਕ ਨਾਲ ਭੜੋਲੇ ਭਰ ਲਏ, ਹੁਣ ਸਮਾਂ ਸ਼ੁਕਰਾਨਾ ਕਰਨ ਦਾ ਆਇਆ ਤਾਂ ਵਿਸਾਖ ਮਹੀਨੇ ਦਾ ਪਹਿਲਾ ਦਿਨ ਚੁਣਿਆ। ਵਿਸਾਖ ਮਹੀਨੇ ਦਾ ਨਾਮ ਵਿਸਾਖਾ ਨਛੱਤਰ ਤੋਂ ਰਖਿਆ ਗਿਆ ਹੈ । ਵਿਸਾਖਾ 27 ਨਛਤਰਾਂ ਵਿਚੋਂ ਸੋਲਵਾਂ ਨਛਤਰ ਹੈ। ਪੁਰਾਤਨ ਗਰੰਥਾਂ ਅਨੁਸਾਰ ਸਾਰੇ ਨਛਤਰਾਂ ਵਿਚੋਂ ਵਿਸਾਖਾ ਨਛਤਰ ਨੂੰ ਪਵਿਤਰ ਮਨਿਆ ਜਾਂਦਾ ਹੈ।

ਕ੍ਰਿਸਮਸ: ਈਸਾ ਦਾ ਜਨਮ ਦਿਨ ਜਾਂ ਮੌਸਮੀ ਮੇਲਾ.......... ਲੇਖ / ਮੁਹਿੰਦਰ ਸਿੰਘ ਘੱਗ


ਕ੍ਰਿਸਮਸ ਸੰਸਾਰ ਵਿਚ ਸਭ ਨਾਲੋਂ ਮਹਿੰਗਾ ਅਤੇ ਸਭ ਨਾਲੋਂ ਵੱਡੇ ਪੱਧਰ ਤੇ ਮਨਾਏ ਜਾਣ ਵਾਲਾ ਮੇਲਾ ਹੋਣ ਦੇ ਨਾਲ ਨਾਲ ਕਈ ਦਫਾ ਵਿਵਾਦਾਂ ਦੇ ਘੇਰੇ ਵਿਚ ਵੀ ਆ ਜਾਂਦਾ ਹੈ। ਸੰਨ 2005 ਵਿਚ ਬਹੁਤ ਸਾਰੇ ਲੋਕਾਂ ਦੇ ਦਬਾਅ ਥੱਲੇ ਵਾਲਮਾਰਟ ਅਤੇ ਹੋਰ ਸਟੋਰਾਂ ਨੇ ਆਪਣੇ ਸਟੋਰਾਂ ਤੇ ਕ੍ਰਿਸਮਸ ਦਾ ਬੈਨਰ ਲਾਉਣ ਦੀ ਬਜਾਏ ਹੈਪੀ ਹੋਲੀਡੇ ਦੇ ਬੈਨਰ ਲਟਕਾਏ ਤਾਂ ਕ੍ਰਿਸਚੀਅਨ ਭਾਈਚਾਰੇ ਨੇ ਰੋਸ ਵਜੋਂ ਸਟੋਰਾਂ ਨੂੰ ਪੱਤਰ ਲਿਖੇ। ਅਖਬਾਰਾਂ ਰਾਹੀਂ ਰੋਸ ਪ੍ਰਗਟ ਕੀਤਾ। ਸਟੋਰਾਂ ਦਾ ਬਾਈਕਾਟ ਕੀਤਾ, ਜਿਸ ਨਾਲ ਸਟੋਰਾਂ ਦੀ ਸੇਲ ਨੂੰ ਫਰਕ ਪਿਆ।



ਵਿਉਪਾਰੀ ਤਬਕਾ ਤਾਂ ‘ਸੇਲ ਬੋਟ’ ਦੀ ਨਿਆਈਂ ਹੁੰਦਾ ਹੈ। ਆਪਣੀ ਜੇਬ ਖਾਤਰ ਉਹ ਹਵਾ ਦੇ ਬਦਲਦੇ ਰੁਖ ਨਾਲ ਆਪਣੀ ਦਿਸ਼ਾ ਬਦਲ ਲੈਂਦਾ ਹੈ। ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਸੰਨ 2006 ਤੋਂ ਹੀ ਹੋਲੀਡੇਜ਼ ਦੇ ਬੈਨਰ ਮੈਰੀ ਕ੍ਰਿਸਮਸ ਵਿਚ ਬਦਲ ਗਏ ਅਤੇ ਸਟੋਰ ਦੇ ਅੰਦਰ ਜਾਂਦਿਆਂ ਹੀ ‘ਜਿੰਗਲ ਬੈਲ, ਜਿੰਗਲ ਬੈਲ’ ਦੀਆਂ ਧੁਨਾਂ ਗਾਹਕਾਂ ਦਾ ਸਵਾਗਤ ਕਰਨ ਲੱਗ ਪਈਆਂ।

ਕ੍ਰਿਸਮਸ ਇਕ ਮੌਸਮੀ ਮੇਲਾ

ਕ੍ਰਿਸਮਿਸ ਇਕ ਮੌਸਮੀ ਮੇਲਾ ਹੈ ਇਸ ਦਾ ਸਬੰਧ ਸੂਰਜ ਨਾਲ ਹੈ। ਜਦ ਬਾਕੀ ਮੇਲਿਆਂ ਵਾਂਗ ਇਸ ’ਤੇ ਵੀ ਧਰਮ ਨੇ ਚਾਦਰ ਪਾ ਲਈ ਤਾਂ ਕ੍ਰਿਸਚੀਅਨ ਭਾਈਚਾਰਾ ਇਸ ਮੌਸਮੀ ਮੇਲੇ ਨੂੰ ਈਸਾ ਦੇ ਜਨਮ ਦਿਨ ਵਜੋਂ ਮਨਾਉਣ ਲੱਗਾ। ਹੌਲੀ ਹੌਲੀ ਕ੍ਰਿਸਚੀਅਨ ਭਾਈਚਾਰਾ ਇੱਡਾ ਹਾਵੀ ਹੋ ਗਿਆ ਕਿ ਇਸ ਮੇਲੇ ਦੀ ਅਸਲ ਹੋਂਦ ਧੁੰਦਲੀ ਹੋ ਗਈ। ਇਤਿਹਾਸ ਗਵਾਹ ਹੈ ਕਿ ਤਾਕਤਵਰ ਹਮੇਸ਼ਾ ਹੀ ਇਤਿਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਢਾਲਦਾ ਆਇਆ ਹੈ। ਭਾਰਤ ਵਿਚ ਇਸਦੀ ਤਾਜ਼ਾ ਮਿਸਾਲ ਭਾਰਤੀ ਜਨਤਾ ਪਾਰਟੀ (ਬੀਜੇਪੀ) ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹੈ ਜੋ ਇਤਿਹਾਸ ਨੂੰ ਗੇਰੂਆ ਕਰਨ ਦੇ ਯਤਨ ਕਰ ਰਹੇ ਹਨ।

ਪੁਰਾਤਨ ਮਨੁੱਖ ਧਰਤੀ ਨੂੰ ਧੁਰਾ ਮਨ ਕੇ ਚੰਦ ਸੂਰਜ ਨੂੰ ਧਰਤੀ ਦੁਆਲੇ ਘੁੰਮਦਾ ਮੰਨਦਾ ਸੀ। ਵਧਦੇ ਘਟਦੇ ਚੰਦਰਮਾ ਨੂੰ ਤੱਕ ਕੇ ਉਸ ਨੇ ਸਮੇਂ ਦੇ ਮਾਪ ਤੋਲ ਲਈ ਕੈਲੰਡਰ ਬਣਾ ਲਿਆ। ਕੁਝ ਮੇਲੇ ਉਸਨੇ ਚੰਦਰਮਾ ਦੇ ਵਧਣ ਘਟਣ ਨਾਲ ਅਤੇ ਕੁਝ ਚੰਦਰਮਾ ਨੂੰ ਕੈਲੰਡਰ ਮੰਨ ਕੇ ਵਾਪਰੀਆਂ ਘਟਨਾਵਾਂ ਦੇ ਆਧਾਰ ਤੇ ਨੀਅਤ ਕਰ ਲਏ। ਜਿਵੇਂ ਮੱਸਿਆ, ਪੁੰਨਿਆਂ, ਦੀਪਾਵਲੀ, ਈਦ ਮੁਬਾਰਕ, ਰਖੜ ਪੁੰਨਿਆਂ, ਕਰਵਾ ਚੌਥ ਅਤੇ ਦੁਸਹਿਰਾ ਵਗੈਰਾ।

ਕੁਝ ਮੇਲੇ ਸੂਰਜ ਨਾਲ ਜੁੜੇ ਹੋਏ ਹਨ। ਅੱਜ ਅਸੀਂ ਸਿਰਫ ਇਕ ਮੇਲੇ ਦੀ ਗੱਲ ਕਰਾਂਗੇ, ਜਿਸ ਨੂੰ ਕ੍ਰਿਸਮਸ ਵਜੋਂ ਮਨਾਇਆ ਜਾਂਦਾ ਹੈ। ਸੂਰਜ ਆਕਾਰ ਵਿਚ ਤਾਂ ਇਕੋ ਸਮਾਨ ਰਹਿੰਦਾ ਹੈ ਪਰ ਇਸ ਦੀ ਹਾਜ਼ਰੀ ਦਾ ਸਮਾਂ ਬਦਲਣ ਨਾਲ ਕਦੇ ਅੰਤਾਂ ਦੀ ਗਰਮੀ ਅਤੇ ਕਦੇ ਠੁਰ ਠੁਰ ਕਰਦਾ ਪਾਲਾ। ਭਰ ਜਵਾਨ ਸੂਰਜ ਦੀ ਗਰਮੀ ਤੋਂ ਬਚਣ ਲਈ ਮਨੁੱਖ ਕੁੱਲੀਆਂ ਬਣਾ ਸਕਦਾ ਸੀ। ਉਸ ਪਾਸ ਛਾਂ ਲਈ ਦਰਖਤ ਸਨ। ਦਰਿਆਵਾਂ, ਟੋਭਿਆਂ ਵਿਚ ਵੀ ਚੁੱਭੀਆਂ ਲਾ ਸਕਦਾ ਸੀ। ਸੂਰਜ ਦੇਵਤੇ ਨੂੰ ਸ਼ਾਂਤ ਕਰਨ ਲਈ ਮਨੁੱਖ ਨੇ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਅਰਪਨ ਕਰਨਾ ਸ਼ੁਰੂ ਕੀਤਾ। (ਸ਼ਿਵਲਿੰਗ ਤੇ ਪਾਣੀ ਜਾਂ ਦੁੱਧ ਪਾਉਣਾ ਵੀ ਕਾਮਦੇਵ ਨੂੰ ਸ਼ਾਂਤ ਰੱਖਣ ਲਈ ਹੀ ਹੈ)। ਸੂਰਜ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਦੀ ਸਰਦੀ ਜਦ ਆ ਡੇਰਾ ਜਮਾਉਂਦੀ ਤਾਂ ਠੰਡ ਤੋਂ ਬਚਣ ਲਈ ਮਨੁੱਖ ਪਾਸ ਸਿਰਫ ਅੱਗ ਦਾ ਸਹਾਰਾ ਸੀ। ਉਹ ਵੀ ਤਾਂ ਅੱਗ ਵਾਲੇ ਪਾਸੇ ਨਿੱਘ ਹੁੰਦਾ, ਬਾਕੀ ਸਾਰਾ ਜਿਸਮ ਤਾਂ ਨਿੱਘ ਵਿਚ ਨਹੀਂ ਲਪੇਟਿਆ ਜਾ ਸਕਦਾ ਸੀ। ਜਦ ਕਦੀ ਧੁੰਦ ਕਾਰਨ ਸੂਰਜ ਭਗਵਾਨ ਦੇ ਕਈ ਦਿਨ ਦਰਸ਼ਣ ਹੀ ਨਾ ਹੁੰਦੇ ਤਾਂ ਮਨੁੱਖ ਨੂੰ ਘਬਰਾਹਟ ਹੋਣੀ ਸੁਭਾਵਕ ਹੀ ਸੀ। ਉੱਪਰੋਂ ਪੁਜਾਰੀ ਤਬਕਾ ਦੱਸਦਾ ਕਿ ਸੂਰਜ ਦੇਵਤਾ ਤਾਂ ਧੁੰਦ ਦੇ ਦੈਂਤ ਨਾਲ ਜੰਗ ਵਿਚ ਰੁੱਝਾ ਹੋਇਆ ਹੈ। ਉਹ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ। ਸਾਨੂੰ ਉਸਦੀ ਮਦਦ ਲਈ ਪੂਜਾ ਪਾਠ ਕਰਨਾ ਚਾਹੀਦਾ ਹੈ। ਕੋਈ ਕੁਰਬਾਨੀ ਦੇਣੀ ਚਾਹੀਦੀ ਹੈ।

ਸਾਡੇ ਪੂਰਵਜਾਂ ਪਾਸ ਵਿਗਿਆਨਕ ਖੋਜ ਤਾਂ ਹੈ ਨਹੀਂ ਸੀ, ਉਹਨਾਂ ਦਾ ਜੀਵਨ ਤਾਂ ਮਿਥਿਹਾਸ ਸਹਾਰੇ ਚੱਲ ਰਿਹਾ ਸੀ। ਕਮਜ਼ੋਰ ਹੋਏ ਸੂਰਜ ਨੂੰ ਮਦਦ ਦੇਣ ਦੀ ਪਰਥਾ ਕੋਈ ਚਾਰ ਹਜ਼ਾਰ ਸਾਲ ਪੁਰਾਣੀ ਹੈ। ਮੈਸੋਪਟੇਮੀਆਂ ਫਰਾਤ ਅਤੇ ਟਾਈਗਰਸ ਦਰਿਆਵਾਂ ਦੇ ਵਿਚਾਲੇ ਦੇ ਇਲਾਕੇ (ਟਾਈਗਰਸ ਦਰਿਆ ਇਰਾਕ ਵਿਚ ਹੈ ਅਤੇ ਫਰਾਤ ਈਰਾਨ ਵਿਚ) ਦੇ ਇਤਿਹਾਸ ਵਿੱਚੋਂ ਕੋਈ ਚਾਰ ਹਜ਼ਾਰ ਸਾਲ ਤੋਂ ਸੂਰਜ ਦੀ ਮਦਦ ਲਈ ਕੀਤੇ ਉਪਰਾਲੇ ਦੀ ਜਾਣਕਾਰੀ ਮਿਲਦੀ ਹੈ। ਜਦ ਸੂਰਜ ਘੱਟ ਤੋਂ ਘੱਟ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਉਸਦੀ ਸਹਾਇਤਾ ਲਈ ਮੈਸੋਪਟੇਮੀਆਂ ਦਾ ਰਾਜਾ ਆਪਣੇ ਸਭ ਤੋਂ ਤਾਕਤਵਰ ਦੇਵਤੇ ਮਰਡੂਕ ਦੀ ਪੂਜਾ ਕਰਨ ਉਸ ਦੇ ਮੰਦਰ ਜਾਂਦਾ। ਪੂਜਾ ਤੋਂ ਉਪਰੰਤ ਰਾਜੇ ਦੀ ਕੁਰਬਾਨੀ ਦੇਣੀ ਹੁੰਦੀ ਸੀ ਤਾਂ ਕਿ ਉਹ ਮਰਡੂਕ ਦੇਵਤੇ ਨਾਲ ਰਲ ਕੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਛੁਡਵਾ ਲਵੇ। ਰਾਜੇ ਦੀ ਜਾਨ ਬਚਾਉਣ ਲਈ ਰਾਜੇ ਦੀ ਥਾਂ ਕਿਸੇ ਅਪਰਾਧੀ ਦੀ ਚੋਣ ਹੁੰਦੀ। ਉਸ ਨੂੰ ਰਾਜੇ ਵਰਗੇ ਬਸਤਰ ਪੁਆਏ ਜਾਂਦੇ। ਰਾਜੇ ਵਰਗੀਆਂ ਸਭ ਸੁਵਿਧਾਵਾਂ ਹੁੰਦੀਆਂ। ਰਾਜੇ ਜਿੰਨੀ ਇਜ਼ਤ ਹੁੰਦੀ। ਪੂਜਾ ਤੋਂ ਬਾਅਦ ਰਾਜੇ ਵਾਲੀ ਪੁਸ਼ਾਕ ਉਤਾਰ ਕੇ ਉਸ ਅਪਰਾਧੀ ਦੀ ਕੁਰਬਾਨੀ ਦੇ ਦਿੱਤੀ ਜਾਂਦੀ। ਇਹ ਸਾਰੀ ਪ੍ਰਕਿਰਿਆ ਬਾਰਾਂ ਦਸੰਬਰ ਤੋਂ ਸ਼ੁਰੂ ਹੁੰਦੀ ਅਤੇ ਬਾਰਾਂ ਦਿਨ ਚਲਦੀ।

ਇਸੇ ਤਰ੍ਹਾਂ ਹੀ ਪਰਸ਼ੀਅਨ ਅਤੇ ਬਿਬਲੋਨੀਅਨ ਲੋਕ ਇਹੋ ਜਿਹੇ ਉਪਰਾਲੇ ਕਰਦੇ। ਫਰਕ ਸਿਰਫ ਇੰਨਾ ਹੁੰਦਾ ਕਿ ਓਨੇ ਦਿਨ ਮਾਲਕ ਗੁਲਾਮ ਹੁੰਦੇ ਅਤੇ ਗੁਲਾਮ ਮਾਲਕ। ਮਾਲਕਾਂ ਨੂੰ ਗੁਲਾਮਾਂ ਦੀ ਤਾਬਿਦਾਰੀ ਕਰਨੀ ਪੈਂਦੀ। ਇਸ ਮੇਲੇ ਦੀ ਪੂਜਾ ਪਾਠ ਨੂੰ ਉਹ ਸਾਕਿਹੀਆ ਆਖਦੇ।

ਸਕੈਂਡੇਨੇਵੀਆ ਵਿਚ ਸੂਰਜ ਕੋਈ ਪੈਂਤੀ ਦਿਨ ਨਜ਼ਰ ਹੀ ਨਹੀਂ ਆਉਂਦਾ। ਤੀਹ ਕੁ ਦਿਨ ਬੀਤਣ ਬਾਅਦ ਕੁਝ ਲੋਕ ਪਹਾੜ ਦੀ ਚੋਟੀ ਤੇ ਚੜ੍ਹ ਕੇ ਦੇਖਦੇ। ਜਿਸ ਦਿਨ ਉਹਨਾਂ ਨੂੰ ਸੂਰਜ ਦੀ ਲੋ ਦਿਸਦੀ ਤਾਂ ਉਹ ਹੇਠਾਂ ਉੱਤਰ ਕੇ ਉਸਦੀ ਖਬਰ ਦਿੰਦੇ। ਲੋਕੀਂ ਵੱਡੇ ਵੱਡੇ ਲੱਕੜਾਂ ਦੇ ਮੁੱਢ ਰੱਖ ਕੇ ਧੂਣੀ ਬਾਲਦੇ। ਉਸ ਦੁਆਲੇ ਨੱਚਦੇ ਗਾਉਂਦੇ ਅਤੇ ਇਕੱਠੇ ਖਾਂਦੇ ਪੀਂਦੇ। ਇਸੇ ਤਰ੍ਹਾਂ ਗਰੀਕ, ਜਰਮਨ ਅਤੇ ਹੋਰ ਬਹੁਤ ਸਾਰੇ ਲੋਕ ਸੂਰਜ ਨੂੰ ਮੁੜ ਸੁਰਜੀਤ ਕਰਨ ਲਈ ਆਪੋ ਆਪਣੇ ਢੰਗ ਵਰਤਦੇ।

ਸੂਰਜ ਨੂੰ ਮੁੜ ਸੁਰਜੀਤ ਹੋਇਆ ਦੇਖ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ। ਸੂਰਜ ਦੇਵਤੇ ਦਾ ਨਵਾਂ ਜਨਮ ਗਿਣਿਆ ਜਾਂਦਾ। ਲੋਕ ਇਹਨਾਂ ਦਿਨਾਂ ਵਿਚ ਘਰਾਂ ਨੂੰ ਸ਼ਿੰਗਾਰਦੇ ਅਤੇ ਗਰਮੀਆਂ ਵਿਚ ਪੈਦਾ ਹੋਏ ਅੰਗੂਰਾਂ ਦੀ ਫਸਲ ਤੋਂ ਤਿਆਰ ਕੀਤੀ ਵਾਈਨ ਦੀ ਖੁੱਲ੍ਹ ਕੇ ਵਰਤੋਂ ਹੁੰਦੀ। ਸਿਆਲ ਰੁੱਤੇ ਜਦ ਸਾਰੀ ਬਨਸਪਤੀ ਸੁੱਕ ਜਾਂਦੀ ਤਾਂ ਬਹੁਤ ਸਾਰੇ ਜਾਨਵਰ ਵੀ ਬੁੱਚੜ ਕਰ ਲਏ ਜਾਂਦੇ; ਇਸ ਲਈ ਮਾਸ ਦੀ ਵੀ ਕਾਫੀ ਵਰਤੋਂ ਹੁੰਦੀ। ਲੋਕ ਸੂਰਜ ਦੇ ਨਵੇਂ ਜਨਮ ਦੀ ਖੁਸ਼ੀ ਵਿਚ ਚੰਗਾ ਚੋਖਾ ਖਾਂਦੇ; ਨਚਦੇ, ਗਾਉਂਦੇ। ਇਹ ਇਸ ਮੇਲੇ ਦਾ ਇਤਿਹਾਸਕ ਪੱਖ ਹੈ।

ਕ੍ਰਿਸਮਸ ਕ੍ਰਾਈਸਟ ਦਾ ਜਨਮ ਦਿਨ

ਈਸਾ ਮਸੀਹ ਨੂੰ ਕ੍ਰਾਈਸਟ ਵੀ ਕਿਹਾ ਜਾਂਦਾ ਹੈ। ਉਸ ਦੇ ਪੈਰੋਕਾਰਾਂ ਨੂੰ ਕ੍ਰਿਸਚੀਅਨ ਅਤੇ ਉਸ ਦੇ ਜਨਮ ਦਿਨ ਤੇ ਮਨਾਏ ਗਏ ਜਸ਼ਨ ਨੂੰ ਕ੍ਰਿਸਮਸ। ਈਸਾ ਮਸੀਹ ਦਾ ਜਨਮ ਕਦੋਂ ਹੋਇਆ, ਇਸ ਦਾ ਕੋਈ ਵੀ ਸਬੂਤ ਨਹੀਂ ਮਿਲਦਾ। ਈਸਾ ਮਸੀਹ ਦੀ ਸ਼ਹਾਦਤ ਤੋਂ ਬਾਅਦ ਉਸਦੇ ਸੇਵਕਾਂ ਨੂੰ ਬੇਹਦ ਕੁਰਬਾਨੀਆਂ ਦੇਣੀਆਂ ਪਈਆਂ। ਜਨਮ ਦਿਨ ਮਨਾਉਣਾ ਤਾਂ ਇਕ ਪਾਸੇ, ਉਹ ਤਾਂ ਇਕੱਠੇ ਵੀ ਚੋਰੀ ਛਿੱਪੇ ਹੁੰਦੇ ਸਨ।

ਪਾਲ ਯਹੂਦੀ ਸੀ। ਰੋਮ ਦਾ ਜੰਮਪਲ ਹੋਣ ਕਾਰਨ ਰੋਮਨ ਸੀ। ਉਸ ਨੇ ਖੁਦ ਕ੍ਰਾਈਸਟ ਨੂੰ ਦੇਖਿਆ ਤਕ ਨਹੀਂ ਸੀ। ਬਾਕੀ ਯਹੂਦੀਆਂ ਵਾਂਗ ਉਹ ਇਸ ਨਵੇਂ ਧਰਮ ਨਾਲ ਬੇਹਦ ਨਫਰਤ ਕਰਦਾ ਸੀ। ਉਸ ਨੇ ਇਸ ਨਵੇਂ ਧਰਮ ਨੂੰ ਖਤਮ ਕਰਨ ਲਈ ਬਹੁਤ ਸਾਰੇ ਕ੍ਰਿਸਚੀਅਨ ਨੂੰ ਫੜਾਇਆ, ਜਿਹਨਾਂ ਨੂੰ ਬੜੇ ਅਣਮਨੁੱਖੀ ਤਸੀਹੇ ਦਿੱਤੇ ਗਏ। ਬਾਅਦ ਵਿਚ ਉਸ ਨੇ ਖੁਦ ਕ੍ਰਿਸਚੀਅਨ ਧਰਮ ਅਪਨਾ ਲਿਆ। ਹੁਸ਼ਿਆਰ ਸੀ, ਕਾਫੀ ਪੜ੍ਹਿਆ ਹੋਇਆ ਸੀ। ਝਟ ਹੀ ਉਹ ਕ੍ਰਿਸਚੀਅਨਾਂ ਦਾ ਆਗੂ ਬਣ ਗਿਆ। ਉਸਨੇ ਕ੍ਰਿਸਚੀਐਨਿਟੀ ਨੂੰ ਦੂਰ ਦੁਰਾਡੇ ਪ੍ਰਚਾਰਨ ਦਾ ਪਰੋਗਰਾਮ ਉਲੀਕਿਆ। ਇਸ ਨੂੰ ਪਾਲ ਦੀ ਕ੍ਰਿਸਚੀਐਨਿਟੀ ਕਹਿਣਾ ਨਾਵਾਜਬ ਨਹੀਂ ਹੋਵੇਗਾ। ਉਸ ਨੇ ਪੈਜਨਸ ਕੌਮਾਂ ਵਿਚ (ਦੇਵੀ ਦੇਵਤਿਆਂ ਵਿਚ ਵਿਸ਼ਵਾਸ ਰਖਣ ਵਾਲੀਆਂ ਕੌਮਾਂ) ਕ੍ਰਿਸਚੀਐਨਿਟੀ ਦਾ ਪਰਚਾਰ ਕੀਤਾ। ਹਰ ਰੋਜ਼ ਜਨ ਸਾਧਾਰਨ ਉਹਨਾਂ ਨਾਲ ਜੁੜਨ ਲੱਗਾ।

ਫਿਰ ਇਕ ਸਮਾਂ ਅਜਿਹਾ ਵੀ ਆਇਆ ਕਿ ਰੋਮ ਬਾਦਸ਼ਾਹ ਕੋਨਸਟੇਟੀਨ ਇਕ ਲੜਾਈ ਵਿਚ ਹਾਰ ਗਿਆ। ਉਸ ਨੇ ਸੋਚਿਆ ਕਿ ਉਹਨਾਂ ਦੇ ਪੁਰਖਿਆਂ ਦਾ ਰੱਬ ਕਮਜ਼ੋਰ ਹੋ ਚੁੱਕਾ ਹੈ। ਅਗਰ ਉਸਨੂੰ ਅਗਲੀ ਲੜਾਈ ਵਿਚ ਜਿੱਤ ਪਰਾਪਤ ਹੋਈ ਤਾਂ ਉਹ ਇਸ ਨਵੇਂ ਉੱਭਰ ਰਹੇ ਧਰਮ ਨੂੰ ਅਪਨਾ ਲਵੇਗਾ। ਕੁਦਰਤਨ ਉਸ ਦੀ ਜਿੱਤ ਹੋਈ ਅਤੇ ਉਹ ਵੀ ਕ੍ਰਿਸਚੀਅਨ ਬਣ ਗਿਆ। ਰੋਮ ਵਿਚ ਕ੍ਰਿਸਚੀਅਨ ਚਰਚ ਤੋਂ ਪਾਬੰਦੀ ਹਟਾ ਲਈ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ (ਰਾਜ ਬਿਨਾਂ ਨਹੀਂ ਧਰਮ ਚਲੇ ਹੈ) ਕੰਮ ਕਰਨ ਲੱਗਾ। 

ਕ੍ਰਿਸਚਿਐਨਿਟੀ ਦਾ ਫੈਲਾ ਸ਼ੁਰੂ ਹੋ ਗਿਆ। ਨਵੇਂ ਬਣੇ ਕ੍ਰਿਸਚੀਅਨ ਪੁਰਾਣੇ ਢੰਗ ਨਾਲ ਹੀ ਸੂਰਜ ਦੇ ਆਗਮਨ ਦਾ ਮੇਲਾ ਮੰਨਾਉਣ, ਕ੍ਰਿਸਚੀਅਨ ਰਹਿਬਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਕ੍ਰਿਸਚੀਅਨ ਆਗੂਆਂ ਨੇ ਪੈਰੋਕਾਰਾਂ ਨੂੰ ਆਦੇਸ਼ ਦਿੱਤਾ ਕਿ ਇਹ ਮੇਲਾ ਪੈਜਨਸ ਲੋਕਾਂ ਦਾ ਹੈ, ਸਾਨੂੰ ਨਹੀਂ ਮਨਾਉਣਾ ਚਾਹੀਦਾ। ਕੁਝ ਸਫਲਤਾ ਤਾਂ ਹੋਈ ਪਰ ਉਹ ਇਸ ਮੇਲੇ ਨੂੰ ਪੂਰੀ ਤਰ੍ਹਾਂ ਨਾ ਰੋਕ ਸਕੇ। ਕ੍ਰਾਈਸਟ ਦੀ ਸ਼ਹਾਦਤ ਤੋਂ 98 ਸਾਲ ਬਾਅਦ ਫੇਰ ਆਗੂਆਂ ਨੇ ਇਕ ਹੋਰ ਪੈਂਤੜਾ ਅਪਣਾਇਆ ਕਿ ਇਹ ਮੇਲਾ ਚਰਚ ਅੰਦਰ ਬੈਠ ਕੇ ਪੂਜਾ ਪਾਠ ਨਾਲ ਮਨਾਇਆ ਜਾਵੇਗਾ। ਦੂਸਰੀ ਤਬਦੀਲੀ ਕ੍ਰਾਈਸਟ ਦੀ ਸ਼ਹਾਦਤ ਤੋਂ 137 ਸਾਲ ਬਾਅਦ ਰੋਮ ਦੇ ਬਿਸ਼ਪ ਨੇ ਆਪਣੇ ਸੇਵਕਾਂ ਨੂੰ ਪੂਜਾ ਪਾਠ ਦੇ ਨਾਲ ਨਾਲ ਇਕ ਦਾਅਵਤ ਕਰਨ ਲਈ ਵੀ ਆਦੇਸ਼ ਦਿੱਤੇ। ਕ੍ਰਾਈਸਟ ਦੀ ਸ਼ਹਾਦਤ ਤੋਂ ਕੋਈ 350 ਸਾਲ ਬਾਅਦ ਰੋਮ ਦੇ ਬਿਸ਼ਪ ਜੂਲੀਅਸ-1 ਨੇ 25 ਦਸੰਬਰ ਕ੍ਰਾਈਸਟ ਦਾ ਜਨਮ ਦਿਨ ਘੋਸ਼ਤ ਕਰ ਦਿੱਤਾ। ਉਸ ਵਕਤ ਤੋਂ ਕ੍ਰਿਸਮਸ ਕ੍ਰਾਈਸਟ ਦੇ ਜਨਮ ਦਿਨ ਵਜੋਂ ਮਨਾਈ ਜਾਣ ਲੱਗੀ। ਧਰਮ ਦਾ ਰੰਗ ਇੱਡਾ ਗੂੜ੍ਹਾ ਚੜ੍ਹਿਆ ਕਿ ਉਸ ਨੇ ਸਾਰੇ ਪੁਰਾਣੇ ਰੰਗ ਲਕੋ ਲਏ। ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਕ੍ਰਾਈਸਟ ਦੇ ਜਨਮ ਦੀ ਤਾਰੀਖ 25 ਦਸੰਬਰ ਇਸ ਲਈ ਚੁਣੀ ਗਈ ਕਿ ਉਹ ਨਵੇਂ ਬਣੇ ਕ੍ਰਿਸਚੀਅਨਾਂ ਨੂੰ ਪੈਜਨਸ ਮੇਲੇ ਦਾ ਬਦਲ ਦੇ ਸਕਣ। ਉਹ ਮੌਸਮੀ ਮੇਲਾ ਅੱਜ ਸਿਰਫ ਕ੍ਰਿਸਚੀਅਨ ਮੇਲਾ ਬਣ ਕੇ ਰਹਿ ਗਿਆ ਹੈ।

ਕ੍ਰਿਸਮਿਸ ਦੇ ਬਦਲਦੇ ਰੰਗ

ਕ੍ਰਾਈਸਟ ਸਾਦਗੀ ਪਸੰਦ ਸੀ। ਜ਼ਿਆਦਾ ਤਰ ਉਸ ਦੇ ਪੈਰੋਕਾਰ ਆਰਥਕ ਪੱਖੋਂ ਕਮਜ਼ੋਰ ਸਨ। 25 ਦਸੰਬਰ ਨੂੰ ਉਹ ਕ੍ਰਾਈਸਟ ਦੇ ਜਨਮ ਤੇ ਚਰਚ ਵਿਚ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ। ਸਮਾਂ ਕਦੇ ਖਲੋਤਾ ਨਹੀਂ ਅਤੇ ਨਾ ਹੀ ਰਸਮੋ ਰਿਵਾਜ। ਇਹ ਵੀ ਸਮੇਂ ਨਾਲ ਬਦਲਦੇ ਰਹਿੰਦੇ ਹਨ। ਯੋਰੋਸ਼ਲਮ ਦੇ ਚੁਗਿਰਦੇ ’ਚੋਂ ਨਿਕਲ ਕ੍ਰਿਸਚਿਐਨੇਟੀ ਜਦ ਦੂਰ ਯੂਰਪ ਅਤੇ ਅਫਰੀਕਾ ਤਕ ਫੈਲੀ ਤਾਂ ਉਹਨਾਂ ਦੇ ਰਸਮੋ ਰਿਵਾਜ ਦਾ ਪਰਛਾਵਾਂ ਵੀ ਕ੍ਰਿਸਮਸ ਤੇ ਪੈਣ ਲੱਗਾ।

ਕ੍ਰਿਸਮਸ ਟਰੀ ਦੀ ਵਰਤੋਂ

ਅੱਜ ਘਰਾਂ ਵਿਚ ਕ੍ਰਿਸਮਸ ਸੀਜ਼ਨ ਦੀ ਸ਼ੁਰੂਆਤ ਕ੍ਰਿਸਮਸ ਟਰੀ ਨਾਲ ਹੁੰਦੀ ਹੈ। ਵੱਖੋ ਵੱਖਰੇ ਢੰਗਾਂ ਨਾਲ ਸ਼ੰਗਾਰ ਕੇ ਸਿਖਰ ਇਕ ਤਾਰਾ ਟੰਗਿਆ ਜਾਂਦਾ ਹੈ। ਸਭ ਤੋਂ ਪਹਿਲਾਂ ਜਰਮਨ ਵਾਲਿਆਂ ਨੇ ਕੋਈ ਸੋਲ੍ਹਵੀਂ ਸਦੀ ਵਿਚ ਘਰਾਂ ਵਿਚ ਸ਼ੰਗਾਰਿਆ ਕ੍ਰਿਸਮਸ ਟਰੀ ਰੱਖ ਕੇ ਕ੍ਰਿਸਮਸ ਮਨਾਈ। ਉਸ ਦੇ ਹਾਰ ਸ਼ਿੰਗਾਰ ਲਈ ਸੇਬ, ਨਾਸ਼ਪਾਤੀਆਂ ਅਤੇ ਹੋਰ ਫਲ ਵਗੈਰਾ ਦੀ ਵਰਤੋਂ ਕੀਤੀ ਗਈ। ਬਾਅਦ ਵਿਚ ਹੋਰ ਕਈ ਕਿਸਮ ਦਾ ਚਮਕਦਾ ਦਮਕਦਾ ਹਾਰ ਸ਼ਿੰਗਾਰ ਬਾਜ਼ਾਰਾਂ ਵਿਚ ਆ ਗਿਆ। ਕਹਿੰਦੇ ਨੇ ਲੂਥਰ ਨਾਮ ਦਾ ਇਕ ਪਰੋਟੈਸਟੈਂਟ ਜਰਮਨ ਪਾਦਰੀ ਨੂੰ ਇਕ ਰਾਤ ਇਕ ਸਦਾਬਹਾਰ ਰਹਿਣ ਵਾਲੇ ਬੂਟੇ ਦੀਆਂ ਪਤਿਆਂ ਵਿਚ ਦੀ ਟਿਮਟਿਮਾਉਂਦੇ ਅਸਮਾਨੀ ਤਾਰੇ ਬੇਹਦ ਪਸੰਦ ਆਏ ਤਾਂ ਘਰ ਆ ਕੇ ਉਸ ਨੇ ਤਾਰਾਂ ਨਾਲ ਕ੍ਰਿਸਮਸ ਟਰੀ ਦੀਆਂ ਟਾਹਣਾਂ ਵਿਚ ਜਲਦੀਆਂ ਮੋਮਬਤੀਆਂ ਬੰਨੀਆਂ। ਅੱਜ ਬਿਜਲੀ ਦੇ ਰੰਗ ਬਰੰਗੇ ਬਲਬ ਸ਼ਿੰਗਾਰ ਦਾ ਇਕ ਜ਼ਰੂਰੀ ਹਿੱਸਾ ਬਣ ਗਏ ਹਨ।

ਅਠਾਰਾਂ ਸੌ ਛਤਾਲੀ ਦੇ ਕ੍ਰਿਸਮਸ ਸੀਜ਼ਨ ਦੌਰਾਨ ਜਦ ਬ੍ਰਿਟਿਸ਼ ਲੋਕਾਂ ਨੇ ਆਪਣੀ ਹਰਦਿਲ ਅਜ਼ੀਜ਼ ਮਲਕਾ ਵਿਕਟੋਰੀਆ ਅਤੇ ਪ੍ਰਿੰਸ ਐਲਬਰਟ ਨੂੰ ਆਪਣੇ ਬੱਚਿਆਂ ਸਮੇਤ ਸ਼ਿੰਗਾਰੇ ਹੋਏ ਕ੍ਰਿਸਮਸ ਟਰੀ ਪਾਸ ਲੰਡਨ ਨਿਊਜ਼ ਵਿਚ ਛਪੀ ਤਸਵੀਰ ਵਿਚ ਦੇਖਿਆ ਤਾਂ ਸਾਰੇ ਇੰਗਲੈਂਡ ਵਿਚ ਕ੍ਰਿਸਮਸ ਟਰੀ ਕ੍ਰਿਸਮਸ ਦਾ ਜ਼ਰੂਰੀ ਅੰਗ ਬਣ ਗਿਆ। ਜਰਮਨ ਪਿਛੋਕੜ ਵਾਲੇ ਅਮਰੀਕਨ ਵਾਸੀਆਂ ਨੇ ਅਮਰੀਕਾ ਦੀ ਧਰਤੀ ਤੇ ਕੋਈ ਸਤਾਰਾਂ ਸੌ ਸੰਨਤਾਲੀ ਵਿਚ ਹੀ ਕ੍ਰਿਸਮਸ ਟਰੀ ਨੂੰ ਕ੍ਰਿਸਮਸ ਦਾ ਅੰਗ ਬਣਾ ਲਿਆ ਸੀ ਪਰ ਨਿਊ ਇੰਗਲੈਂਡ ਸਟੇਟ ਦੇ ਪਿਊਰੀਟਨ ਕ੍ਰਿਸਚੀਅਨ (ਕੈਥੋਲਿਕ, ਪਰੋਟੈਸਟੈਂਟ, ਪਿਉਰਟਨ, ਲੂਥਰਨ; ਕ੍ਰਿਸਚਿਐਨੇਟੀ ਦੇ ਵੱਖ ਵੱਖ ਫਿਰਕੇ) ਕ੍ਰਿਸਮਸ ਟਰੀ ਅਤੇ ਗਲੀਆਂ ਵਿਚ ਗੀਤ ਗਾਉਣ ਅਤੇ ਹੋਰ ਸਾਰੇ ਧੂਮ ਧੜੱਕੇ ਨੂੰ ਪੇਜਨ ਧਰਮ ਦਾ ਹਿੱਸਾ ਸਮਝਦੇ ਸਨ। ਇਹ ਸਭ ਰਸਮਾਂ ਕ੍ਰਾਈਸਟ ਤੋਂ ਪਹਿਲਾਂ ਜਰਮਨ ਵਾਲੇ ਸਰਦ ਰੁੱਤੇ ਜਦੋਂ ਹਰ ਪਾਸੇ ਸੋਕਾ ਹੀ ਸੋਕਾ ਨਜ਼ਰ ਆਊਂਦਾ ਸੀ, ਦਾਨਵਾਂ ਤੋਂ ਆਪਣੇ ਘਰਾਂ ਨੂੰ ਬਚਾਉਣ ਲਈ ਆਪਣੇ ਘਰਾਂ ਅੱਗੇ ਸਦਾ ਬਹਾਰ ਦੀਆਂ ਟਾਹਣਾਂ ਟੰਗਦੇ ਸਨ। ਇਸੇ ਤਰ੍ਹਾਂ ਦੇ ਕੁਝ ਰਿਵਾਜ ਰੋਮ ਵਾਲਿਆਂ ਅਤੇ ਮਿਸਰ ਵਾਲਿਆਂ ਵਿਚ ਵੀ ਪ੍ਰਚਲਤ ਸਨ। ਰੋਮ ਵਾਲੇ ਤਾਂ ਸਾਡੀ ਲੋਹੜੀ ਦੇ ਤਿਉਹਾਰ ਵਾਂਗ ਗਲੀਆਂ ਵਿਚ ਗਾਉਂਦੇ ਫਿਰਦੇ ਹੁੰਦੇ ਸਨ। ਨਿਊ ਇੰਗਲੈਂਡ ਸਟੇਟ ਦੇ ਗਵਰਨਰ ਨੇ ਇਹਨਾਂ ਪੈਜਨ ਰਿਵਾਜ਼ਾਂ ’ਤੇ ਪਾਬੰਦੀ ਲਗਾ ਦਿੱਤੀ। ਹੋਰ ਜਰਮਨ ਆਉਣ ਨਾਲ ਹੌਲੀ ਹੌਲੀ ਕੋਈ ਉੰਨੀਵੀਂ ਸਦੀ ਵਿਚ ਕ੍ਰਿਸਮਸ ਦੌਰਾਨ ਕ੍ਰਿਸਮਸ ਟਰੀ ਦੀ ਆਮ ਵਰਤੋਂ ਹੋਣ ਲੱਗੀ। ਅੱਜ ਅਮਰੀਕਾ ਇਕ ਧਰਮ ਨਿਰਪੱਖ ਦੇਸ ਹੋਣ ਦੇ ਬਾਵਜੂਦ ਕ੍ਰਿਸਮਸ ਮੌਕੇ ਸਰਕਾਰੀ ਤੌਰ ’ਤੇ ਵਾਸ਼ਿੰਗਟਨ ਵਿਚ ਕੋਈ ਅੱਸੀ ਫੁੱਟ ਉੱਚਾ ਕ੍ਰਿਸਮਸ ਟਰੀ ਲਗਾਉਂਦਾ ਹੈ ਅਤੇ ਅਮਰੀਕਾ ਦਾ ਪਰਧਾਨ ਉਸ ’ਤੇ ਲੱਗੀਆਂ ਬਤੀਆਂ ਜਗਾਉਣ ਲਈ ਸਵਿੱਚ ਆਨ ਕਰਦਾ ਹੈ।

ਸੈਂਟਾ ਕਲਾਸ ਦੀ ਆਮਦ

ਕ੍ਰਿਸਮਸ ਵਿਚ ਸੈਂਟਾ ਕਲਾਸ ਲਿਆਉਣ ਦਾ ਸੁਪਨਾ ਨਿਊਯਾਰਕ ਦੇ ਇਕ ਲੇਖਕ ਕਲਮੀਨਟ ਕਲਾਰਕ ਮੂਰ ਨੇ ਸੰਨ 1823 ਵਿਚ ਲਿਆ। ਕਾਰਟੂਨਿਸਟ ਥੌਮਸ ਨਾਸਟ ਨੇ ਉਸ ਦੀ ਰੂਪ ਰੇਖਾ ਉਲੀਕੀ। ਲਾਲ ਕੋਟ ਵਿਚ ਲਪੇਟਿਆ ਹੋਇਆ ਢਿੱਲਾ ਜਿਹਾ ਵੱਡਾ ਸਾਰਾ ਢਿੱਡ, ਢਿੱਲੀ ਜਿਹੀ ਲਾਲ ਪੈਂਟ, ਸਫੇਦ ਲੰਮੀ ਦਾਹੜੀ, ਸਿਰ ਉੱਤੇ ਲਾਲ ਟੋਪੀ ਪਹਿਨ ਕੇ ਜਦੋਂ ਸੈਂਟਾ ਕਲਾਸ ਸਾਹਮਣੇ ਆਇਆ ਤਾਂ ਉਸਦੇ ਚੀਚ ਵਹੁਟੀ (ਬਰਸਾਤ ਰੁੱਤੇ ਨਿਕਲਣ ਵਾਲੀ ਮਖ਼ਮਲੀ ਲਾਲ ਰੰਗ ਦੀ ਭੂੰਡੀ) ਦੇ ਰੂਪ ਨੇ ਸਭਨਾਂ ਦਾ, ਖਾਸ ਕਰ ਬੱਚਿਆਂ ਦਾ ਮਨ ਮੋਹ ਲਿਆ। ਇਸਦਾ ਪਿਛੋਕੜ ਸੇਂਟ ਨਿਕਲਸ ਜਾਂ ਸੇਂਟ ਲੂਸੀ ਨਾਲ ਜੋੜਿਆ ਜਾਂਦਾ ਹੈ, ਜੋ ਪਰਉਪਕਾਰੀ ਸਨ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਸੈਂਟਾ ਕਲਾਸ ਦੇ ਆਉਣ ਨਾਲ ਗਿਫਟ ਲੈਣ ਦੇਣ ਦੀ ਅਮਰੀਕਨ, ਡੱਚ ਅਤੇ ਇੰਗਲਿਸ਼ ਰਵਾਇਤ ਨੂੰ ਬੜਾ ਬੜ੍ਹਾਵਾ ਮਿਲਿਆ।

ਸੈਂਟਾ ਕਲਾਸ ਦੇ ਆਉਣ ਤੋਂ ਪਹਿਲਾਂ ਬੱਚਿਆਂ ਦਾ ਕ੍ਰਿਸਮਸ ਨਾਲ ਕੋਈ ਸਬੰਧ ਨਹੀਂ ਸੀ। ਇਸਦੇ ਆਉਂਦਿਆਂ ਸਾਰ ਹੀ ਇਹ ਵਿਉਪਾਰੀਆਂ ਦਾ ਤਾਂ ਮਸੀਹਾ ਬਣ ਗਿਆ। ਮਾਪੇ ਆਪਣੇ ਬੱਚਿਆਂ ਨੂੰ ਸੈਂਟਾ ਕਲਾਸ ਦੀ ਗੋਦੀ ਵਿਚ ਬਿਠਾ ਕੇ ਤਸਵੀਰਾਂ ਖਿਚਵਾਉਂਦੇ ਹਨ। ਸਟੋਰ ਆਇਆ ਬੱਚਾ ਕੁਝ ਨਾ ਕੁਝ ਖਰੀਦਣ ਲਈ ਮਾਂ ਬਾਪ ਨੂੰ ਮਜਬੂਰ ਕਰ ਹੀ ਦਿੰਦਾ ਹੈ। ਵਿਉਪਾਰੀ ਤਬਕੇ ਵਲੋਂ ਗਿਫਟ ਦੀ ਅਖਬਾਰਾਂ ਰਾਹੀਂ ਗਿਫਟ ਲਿਸਟ ਅਠਾਰਵੀਂ ਸਦੀ ਵਿਚ ਸ਼ੁਰੂ ਹੋਈ, ਜੋ ਅੱਜ ਸਿਖਰਾਂ ’ਤੇ ਹੈ। ਅਜਕਲ ਤਾਂ ਅਕਤੂਬਰ ਲੰਘਦਿਆਂ ਹੀ ਕ੍ਰਿਸਮਿਸ … ਕ੍ਰਿਸਮਿਸ … ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਖਿਡੌਣੇ ਅਤੇ ਹੋਰ ਘਰ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਨਾਲ ਸਾਰੇ ਸਟੋਰ ਨੱਕੋ ਨੱਕ ਭਰ ਦਿੱਤੇ ਜਾਂਦੇ ਹਨ। ਸਟੋਰਾਂ ਦਾ ਹਾਰ ਸ਼ਿੰਗਾਰ ਲੋਕਾਈ ਲਈ ਖਿੱਚ ਦਾ ਕਾਰਨ ਬਣਦਾ ਹੈ।

ਕਈ ਲੋਕ ਤਾਂ ‘ਸਰਦਾ ਭਲਾ’ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਖਰਚਣ ਤੋਂ ਪਹਿਲਾਂ ਹੀ ਆਪਣੀ ਜੇਬ ਦਾ ਅੰਦਾਜ਼ਾ ਲਾ ਲੈਂਦੇ ਹਨ ਪਰ ਬਹੁਤ ਸਾਰੇ ਜੇਬ ਵਿਚ ਹੀ ਬਾਣੀਏ ਦਾ ‘ਬਹੀ ਖਾਤਾ’ ਕਰੈਡਿਟ ਕਾਰਡ ਦੇ ਰੂਪ ਵਿਚ ਲਈ ਫਿਰਦੇ ਹਨ। ਬਸ ‘ਸੋਹੰਦਾ ਭਲਾ’ ਦੇ ਲੜ ਲੱਗ ਕੇ ਕਈ ਇੰਨੇ ਵਿਤੋਂ ਬਾਹਰੇ ਹੋ ਵਗਦੇ ਹਨ ਕਿ ਉਹਨਾਂ ਨੂੰ ਕਰੈਡਟ ਕਾਰਡ ਦੇ ਕਰਜ਼ੇ ਥੱਲਿਓਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਿਸ ਪਾਸ ਕੋਈ ਗਿਫਟ ਦਾ ਬਕਸ ਖੋਲ੍ਹਣ ਨੂੰ ਨਹੀਂ, ਉਹ ਉਦਾਸ ਹੋ ਜਾਂਦਾ ਹੈ। ਆਰਥਕ ਪੱਖੋਂ ਕਮਜ਼ੋਰ ਬੱਚਿਆਂ ਲਈ ਕਈ ਸੰਸਥਾਵਾਂ ਗਿਫਟ ਜੁਟਾ ਦੇਂਦੀਆਂ ਹਨ। ਕ੍ਰਿਸਮਸ ਡਿਨਰ ਵੀ ਵਰਤਾਏ ਜਾਂਦੇ ਹਨ। ਹਰ ਕੋਈ ਇਕ ਦੂਸਰੇ ਦੀ ਖੁਸ਼ੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ।

ਮੇਲੇ ਤਿਓਹਾਰ ਖੁਸ਼ੀਆਂ ਖੇੜਿਆਂ ਲਈ ਹੁੰਦੇ ਹਨ, ਚਾਹੇ ਉਹ ਕਿਸੇ ਫਿਰਕੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਪਰ ਜਦ ਇਹੋ ਜਿਹੇ ਖੁਸ਼ੀ ਦੇ ਅਵਸਰ ਨੂੰ ਵੀ ਜੰਗਬਾਜ਼ ਆਪਣੀ ਹੈਂਕੜ ਪੁਗਾਉਣ ਲਈ ਬਾਰੂਦ ਦੇ ਧੂਏਂ ਨਾਲ ਧੁੰਦਲਾ ਕਰ ਦਿੰਦੇ ਹਨ ਤਾਂ ਅਪਾਹਜਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ। ਮਾਤਮ ਦੀਆਂ ਸਫਾਂ ਵਿਛ ਜਾਂਦੀਆਂ ਹਨ। ਧਰਮਾਂ ਅਤੇ ਸੱਭਿਅਤਾਵਾਂ ਦੇ ਵਧ ਰਹੇ ਵਿਰੋਧ ਕਾਰਨ ਕ੍ਰਿਸਮਸ ਹੀ ਨਹੀਂ, ਸੰਸਾਰ ਦਾ ਹਰ ਮੇਲਾ ਅੱਜ ਬੰਦੂਕਾਂ ਦੀ ਛਾਂ ਥੱਲੇ ਮਨਾਇਆ ਜਾ ਰਿਹਾ ਹੈ। ਮੇਲਿਆਂ ਦੀ ਖੁਸ਼ੀ ਪਵਿੱਤਰਤਾ ਨੂੰ ਸੋਗ ਵਿਚ ਬਦਲਣ ਤੋਂ ਬਚਾਉਣ ਲਈ ਕਿਤੇ ਕੋਈ ਮੋੜ ਪੈਂਦਾ ਨਜ਼ਰ ਨਹੀਂ ਆ ਰਿਹਾ।

530 695 1318


ਕੱਤਕ ਜਾਂ ਵਿਸਾਖ ਕਸੌਟੀ ਤੇ.......... ਲੇਖ / ਮੁਹਿੰਦਰ ਸਿੰਘ ਘੱਗ



ਦੀਵਾਲੀ ਤੋਂ ਦੂਜੀ ਰਾਤ ਹੀ ਜਦ ਇਕ ਕਾਤਰ ਦੇ ਰੂਪ ਵਿਚ ਚੰਦਰਮਾਂ ਪੱਛਮ ਵਿਚ ਜਿਥੇ ਧਰਤਿ ਅਕਾਸ਼ ਮਿਲਦੇ ਲਗਦੇ ਹਨ ਦਿਖਾਈ ਦਿੰਦਾ ਹੈ ਤਾਂ ਕੱਤਕ ਸ਼ੁਦੀ ਦਾ ਅਰੰਭ ਹੋ ਜਾਂਦਾ ਹੈ . ਹਰ ਰੋਜ ਚੰਦਰਮਾ ਦੀ ਹਾਜ਼ਰੀ ਵਧਦੀ ਵਧਦੀ ਇਕ ਦਿਨ ਜਦ ਉਹ ਪੂਰਨ ਰੂਪ ਵਿੱਚ ਢਲਦੇ ਸੂਰਜ ਤੋਂ ਲੈ ਕੇ ਦੂਸਰੇ ਦਿਨ ਚੜਦੇ ਸੂਰਜ ਤਕ ਸਾਰੀ ਰਾਤ ਚਾਨਣ ਹੀ ਚਾਨਣ ਬਖੇਰ ਦਿੰਦੀ ਹੈ ਤਾਂ ਨਾਨਕ ਨਾਮ ਲੇਵਾ ਹੀ ਨਹੀਂ ਸੰਸਾਰ ਦੇ ਹੋਰ ਸੂਝਵਾਨ ਲੋਕ ਵੀ ਇਸ ਆਸ ਨਾਲ ਖੁਸ਼ੀ ਮਨਾਉਂਦੇ ਹਨ ਕਿ ਇਸ ਪੂਰਨ ਚੰਦਰਮਾਂ ਦੀ ਰਾਤ ਨੂੰ ਪਰਗਟ ਹੋ ਕੇ ਇਕ ਮਹਾਨ ਸ਼ਕਤੀ ਨੇ ਸੰਸਾਰ ਨੂੰ ਜੋ ਅਮਨ ਸੁਨੇਹਾ ਦਿਤਾ ਸੀ ਕਿਤੇ ਝਗੜਾਲੂ ਬਿਰਤੀ ਵਾਲਿਆਂ ਨੂੰ ਵੀ ਮਿਲਵੇ ਕੀ ਮੈਹਮਾਂ ਦੀ ਸੋਝੀ ਆ ਜਾਏ ਤਾਂ ਇਸ ਸੜਦੇ ਬਲਦੇ ਸੰਸਾਰ ਵਿੱਚ ਕੁਝ ਸ਼ਾਂਤੀ ਪਰਤ ਆਵੇ। ਪਰ ਜਦ ਸਾਡੇ ਵਿਦਵਾਨਾਂ ਵਲੋਂ ਪੈਦਾ ਕੀਤਾ ਹੋਇਆ ਕੱਤਕ ਵਿਸਾਖ ਦਾ ਵਾਵਰੋਲਾ ਦੇਖਦਾ ਹਾਂ ਤਾਂ ਦਿਲ ਦਹਿਲ ਜਾਂਦਾ ਹੈ ਕਿ ਜੇ ਇਦਾਂ ਹੀ ਚਲਦਾ ਰਿਹਾ ਤਾਂ ਸਿਖ ਸੰਗਰਾਂਦ ਅਤੇ ਹਿੰਦੂ ਸੰਗਰਾਂਦ ਦੀ ਤਰ੍ਹਾਂ ਕਿਤੇ ਸਾਂਝੇ ਗੁਰੂ ਦੀਆਂ ਵੀ ਵੰਡੀਆਂ ਨਾ ਪਾ ਦੇਣ । ਰੱਬ ਖੈਰ ਕਰੇ।

ਜੀਵਨ ਦੇ ਸਫਰ ਵਿਚ ਅਠਵੇਂ ਦਹਾਕੇ ਦੀ ਬਰੂਹਾਂ ਤੇ ਖੜਾ ਜਦ ਬਚਪਨ ਵਲ ਝਾਤ ਮਾਰਦਾ ਹਾਂ ਤਾਂ ਇਕ ਅਤੀਅੰਤ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਵੀ ਦਿਨ ਸਨ ਜਦ ਬਗੈਰ ਧਾਰਮਕ ਅਤੇ ਜ਼ਾਤੀ ਭਿਨ ਭੇਦ ਦੇ ਅਸੀਂ ਬਚੇ ਵੀ ਇਸ ਖੁਸ਼ੀਆਂ ਭਰੇ ਦਿਨ ਦੀ ਉਡੀਕ ਕਰਦੇ ਸਾਂ।
‘ਉਹ ਨਰੈਣਿਆਂ, ਤੈਨੂੰ ਪਤਾ ਦੋ ਦਿਨਾ ਨੂੰ ਬਾਬੇ ਵਾਗੁਰੂ ( ਵਾਹਿਗੁਰੂ ) ਦਾ ਗੁਪੁਰਬ ਆ ( ਗੁਰਪੁਰਬ) ਚੰਗੀ ਤਰਾਂ ਨ੍ਹਾ ਕੇ ਨਵਾ ਝਗਾ ਪਾ ਕੇ ਆਮੀਂ। ‘ਮੇਰੀ ਬੇਬੇ ਕਹਿੰਦੀ ਸੀ ਐੈਤਕੀ ਤੈਨੂੰ ਡਬੀਦਾਰ ਖੱਦਰ ਦਾ ਝੱਗਾ ਬਣਾ ਕੇ ਦੇਣਾ।.‘ ਨਰੈਣੇ ਕਿਹਾ.‘ ਕੀਮਿਆਂ ਐੈਮੇਂ ਘਰ ਹੀ ਨਾ ਬੈਠਾ ਰਹੀਂ ਤੂੰ ਵੀ ਚੰਗੇ ਕਪੜੇ ਪਾ ਕੇ ਆਮੀਂ‘ ਆਊਂ ਕਿਊਂ ਨਾ, ਜਦ ਆਪਾਂ ਸਾਰੇ ਕਠੇ ਬੈਠਕੇ ਵਾਗੁਰੂ ਵਾਗੁਰੂ ਕਰਾਂਗੇ ਤਾਂ ਭਾਈ ਖੁਸ਼ ਹੋ ਕੇ ਚੰਗਾ ਕੜਾਹ ਦਿਊ.‘ ਇਹ ਸੁਣ ਕੇ ਸਾਰੇ ਹੱਸ ਪਏ। ਅਸੀਂ ਖੁਸ਼ ਹੁੰਦੇ ਸਾਂ ਸਾਨੂੰ ਨਵੇਂ ਕਪੜੇ ਮਿਲਦੇ ਸਨ ਕੜਾਹ-ਪਰਸ਼ਾਦ ਮਿਲਦਾ ਸੀ। ਅਜ ਬਲਡ ਪਰੈਸ਼ਰ, ਸ਼ੂਗਰ ਨੇ ਜਾਨ ਕਢ ਦਿਤੀ ਹੈ ਅਗਾ ਨੇੜੇ ਆਉਂਦਾ ਦੇਖ ਅੰਗੂਠੇ ਅਤੇ ਨਾਲ ਦੀਆਂ ਦੋ ਉਂਗਲਾਂ ਦਾ ਯੂ ਜਿਹਾ ਬਣਾ ਕੇ ਪਰਸ਼ਾਦ ਵਰਤਾਉਂਣ ਵਾਲੇ ਨੂੰ ਸਵਾਏ ਗਫੇ ਦੀ ਬੇਨਤੀ ਕਰਦੇ ਹਾਂ। ਪਰ ਬਚੇ ਅਜ ਵੀ ਕੜਾਹ ਪਰਸ਼ਾਦ ਲੈ ਕੇ ਨਿਹਾਲ ਨਿਹਾਲ ਹੋ ਜਾਂਦੇ ਹਨ. ਦੀਵਾਲੀ ਦੀ ਰਾਤ ਵੀ ਖੁਸ਼ੀਆਂ ਭਰੀ ਜ਼ਰੂਰ ਹੁੰਦੀ ਸੀ, ਵਿਤ ਅਨੁਸਾਰ ਮਾਂ ਬਾਪ ਮਠਿਆਈ ਵੀ ਖਰੀਦਦੇ ਸਨ ਪਰ ਬਚਿਆ ਲਈ ਖਾਸ ਕਰ ਜੇਠੇ ਬਚੇ ਲਈ ਤਾਂ ਕੈਦ ਹੁੰਦੀ ਸੀ। ਟੂਣੇ ਟਪਰੇ ਤੋਂ ਡਰਦਿਆਂ ਮਾਵਾਂ ਆਪਣੇ ਬਚਿਆਂ ਨੂੰ ਘਰੋਂ ਬਾਹਰ ਨਹੀਂ ਸਨ ਜਾਣ ਦਿੰਦੀਆਂ। ਦੁਜੇ ਦਿਨ ਸਵੇਰ ਨੂੰ ਕੁਝ ਘੁਸਰ ਮੁਸਰ ਚਲਦੀ , ਕਿ ਫਲਾਣੇ ਬਚੇ ਦੇ ਵਾਲਾਂ ਦੀ ਇਕ ਲਿਟ ਕਿਸੇ ਨੇ ਕਟ ਲਈ ਬਚਾ ਭਾਵੇਂ ਜਿ਼ਆਦਾ ਖਾਣ ਕਰਕੇ ਬੋਝ ਨਾਲ ਬੀਮਾਰ ਹੋਇਆ ਹੋਵੇ ਪਰ ਸਮਝਿਆ ਇਹੋ ਜਾਂਦਾ ਸੀ ਕਿ ਕਿਸੇ ਨੇ ਟੂਣਾ ਕਰ ਦਿਤਾ ਹੈ। ਇਸਦੇ ਉਲਟ ਗੁਰਪੁਰਬ ਵਾਲੇ ਦਿਨ ਬਚਿਆਂ ਤੇ ਕੋਈ ਪਾਬੰਦੀ ਨਹੀਂ ਸੀ ਹੁੰਦੀ। ਇਸੇ ਲਈ ਉਹ ਦੀਵਾਲੀ ਨਾਲੋਂ ਗੁਰਪੁਰਬ ਨੂੰ ਤੀਬਰਤਾ ਨਾਲ ਉਡੀਕਦੇ ਸਨ। ਅਜ ਸਮਾਂ ਬਦਲ ਗਿਆਂ ਹੈ . ਪੱਛਮੀ ਗਲਬਾ ਦਿਨ ਬਦਿਨ ਭਾਰੂ ਹੋ ਰਿਹਾ ਹੈ। ਅਜ ਦੇ ਬਚਿਆਂ ਲਈ ਤਾਂ ਕਰਿਸਮਸ ਹੀ ਸਭ ਕੁਝ ਹੋ ਨਿਬੜੀ ਹੈ। ਗੂਰਪੁਰਬ ਤਾਂ ਹੁਣ ਇਕ ਸੋਸ਼ਲ ਰਸਮ ਬਣਦਾ ਜਾ ਰਿਹਾ ਹੈ।
ਇੰਝ ਲਗਦਾ ਹੈ ਜਿਵੇਂ ਸਿਖ ਕੌਮ ਵਿਚ ਵਿਦਵਾਨਾਂ ਦਾ ਹੜ ਆ ਗਿਆ ਹੋਵੇ ਅਤੇ ਹਰ ਕੋਈ ਦੀਵਾਲੀ ਨੂੰ ਵਰਤੀ ਜਾਂਦੀ ਚਕੂੰਦਰ ਵਾਂਗ ਬਗੈਰ ਸਬੂਤਾਂ ਤੋਂ ਹੀ ਕੋਈ ਨਾ ਕੋਈ ਸ਼ੋਸ਼ਾ ਛਡ ਕੇ ਆਪਣੀ ਹਾਜ਼ਰੀ ਲਵਾਉਣੀ ਚਾਹੁੰਦਾ ਹੋਵੇ। ਰਾਗਮਾਲਾ ਗੁਰਬਾਣੀ ਦਾ ਹਿਸਾ ਹੈ ਜਾਂ ਨਹੀਂ, ਦਸਮ ਗਰੰਥ ਬਾਰੇ ਰਾਮ ਰੌਲਾ, ਅਰਦਾਸ ਤੇ ਕਿੰਤੂ ਪਰੰਤੂ , ਪੁਰੇਵਾਲ ਕੈਲੰਡਰ (ਬਾਬਾ ਨਾਨਕ ਤਾਂ ਜਗਤ ਨੂੰ ਇੱਕਠਿਆਂ ਕੀਤਾ ਸੀ ਇਸ ਕੈਲੰਡਰ ਕਾਰਨ ਦੋਫਾੜ ਹੋਏ ਹਾਂ ਇਸ ਲਈ ਇਸ ਕੈਲੰਡਰ ਨੂੰ ਨਾਨਕ ਸ਼ਾਹੀ ਕੈਲੰਡਰ ਕੈਹਣ ਤੋਂ ਕੁਝ ਝਿਜਕ ਮਹਿਸੂਸ ਹੋਈ ਹੈ) ਅਤੇ ਕੋਈ ਸੌ ਸਾਲ ਤੋਂ ਬਾਬੇ ਨਾਨਕ ਦੇ ਆਗਮਨ ਦਿਵਸ ਕੱਤਕ ਜਾਂ ਵਿਸਾਖ ਬਾਰੇ ਚਲ ਰਹੇ ਵਿਵਾਦ ਨੂੰ ਮਿਸ਼ਨਰੀ ਸਕੂਲ ਵਾਲੇ ਅਜ ਵੀ ਜੀਵਤ ਰਖਣ ਲਈ ਬਿਆਨਾਂ ਦੇ ਕੁਸ਼ਤੇ ਛਕਾਉਂਦੇ ਰਹਿੰਦੇ ਹਨ । ਅਫਸੋਸ ਇਸ ਗੱਲ ਦਾ ਹੈ ਕਿ ਕੌਮ ਖੇਰੂੰ ਖੇਰੂੰ ਹੋ ਰਹੀ ਹੈ ਅਤੇ ਅਸੀਂ ਹਾਂ ਕਿ ਮੋੜਾ ਪਾਉਂਣ ਦਾ ਨਾਂ ਹੀ ਨਹੀਂ ਲੈਂਦੇ। . “ਕੱਤਕ ਜਾਂ ਵਿਸਾਖ ਕਸੋਟੀ ਤੇ “ ਦੇ ਸਿਰਲੇਖ ਨਾਲ ਇਸ ਵਿਸ਼ੇ ਤੇ ਕੁਝ ਦਲੀਲਾਂ ਪਾਠਕਾਂ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ, ਸਚ ਝੂਠ ਦਾ ਨਿਸਤਾਰਾ ਪਾਠਕਾਂ ਨੇ ਕਰਨਾ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਬਾਲੇ ਜੀ ਦੀਆਂ ਬਾਬੇ ਨਾਨਕ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਉਦਾਸੀਆਂ ਸਮੇ ਲਿਖੀ ਪੁਸਤਕ ਅਨੁਸਾਰ ਲਿਖਵਾਈ। ਉਸ ਜਨਮ ਸਾਖੀ ਵਿਚ ਜਨਮ ਪਤਰੇ ਦੇ ਅਧਾਰ ਤੇ ਗੁਰੂ ਬਾਬੇ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 ਮੁਤਾਬਕ ਸੰਨ 1469 ਈ: ਦਰਜ ਹੈ।

ਉਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਦਾ ਸਲੋਕ ਕਰਦਾ ਹੈ।
“ ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ.
ਅਉਸਰ ਅਭੀਚ ਬਹੁ ਨਾਇਕ ਕੇ ਨਾਇਕਾ ਹੈਵ,
ਰੂਪ ਗੁਣ ਜੋਬਨ ਸਿ਼ੰਗਾਰ ਅਧੀਕਾਰੀ ਹੈ.
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ,
ਸੁੰਪਦਾ ਸਮਗਰੀ ਸੁਖ ਸਹਿਜ ਸੁੰਚਾਰੀ ਹੈ.
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ,
ਜੀਵਨ ਜਨਮ ਧੀਨ ਪ੍ਰੀਤਮ ਪਿਆਰੈ ਹੈ॥”
ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੂਜੀ ਸਾਖੀ ਮਿਹਰਬਾਨ ਲਿਖਦਾ ਹੈ। ਮਿਹਰਬਾਨ ਵਾਲੀ ਜਨਮਸਾਖੀ ਵਿਚ ਜਨਮ ਮਿਤੀ ਵਿਸਾਖ ਸ਼ੁਦੀ ਤੀਜ ਹੈ। ( ਭਾਈ ਕਾਨ੍ਹ ਸਿੰਘ ਨਾਭਾ ਵਾਲਿਆਂ ਦੇ ਮਹਾਨਕੋਸ਼ ਵਿਚ ਮਿਹਰਬਾਨ ਦੀ ਪਛਾਣ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਬਾਬਾ ਪ੍ਰਿਥੀਚੰਦ ਦੇ ਪੁਤ੍ਰ ਵਜੋਂ ਕੀਤੀ ਗਈ ਹੈ. “ਬਾਬਾ ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ, ਜਿਸ ਨੇ ਵੀ ਪਿਤਾ ਵਾਂਗ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ , ਜਿਸ ਵਿਚ ਬਹੁਤ ਬਾਤਾਂ ਗੁਰਮਤ ਵਿਰੁਧ ਹਨ.“ ਇਥੇ ਹੀ ਵਸ ਨਹੀਂ ਮਿਹਰਬਾਨ ਨੇ ਆਪਣੇ ਆਪ ਨੂੰ ਗੁਰੂ ਕਹਾਉੁਣ ਦਾ ਵੀ ਯਤਨ ਕੀਤਾ ਹੈ “ਦੀਨ ਦਿਯਾਲ ਸਰਨਿਕ ਸੂਰਾ॥ ਗੁਰੂ ਮਿਹਰਬਾਨੁ ਸਚੁ ਭਗਿਤ ਕਮਾਈ॥” 
ਬਾਕੀ ਸਾਰੇ ਲੇਖਕ ਗੁਰੂ ਬਾਬੇ ਦਾ ਜਨਮ ਦਿਨ ਚਾਹੇ ਕੱਤਕ ਸੂਦੀ ਪੂਰਨਮਾਸ਼ੀ ਮੰਨਦੇ ਹਨ ਜਾਂ ਵਿਸਾਖ ਸ਼ੂਦੀ ਤੀਜ ਇਹਨਾਂ ਦੋ ਜਨਮ ਸਾਖੀਆਂ ਤੋਂ ਪਰਭਾਵਤ ਹੋ ਕੇ ਹੀ ਼ਿਲਖਦੇ ਹਨ। ਕਿਸੇ ਵੀ ਹੋਰ ਗਰੰਥ ਦਾ ਜਿ਼ਕਰ ਕੀਤੇ ਬਗੈਰ, ਮੈਂ ਪੂਰੀ ਤਰ੍ਹਾਂ ਨਿਰਪਖ ਹੋ ਕੇ ਆਪਣੀ ਖੋਜ ਦਾ ਵਿਸ਼ਾ ਇਨਹਾਂ ਦੋਵਾਂ ਸਾਖੀਆਂ ਤੇ ਹੀ ਸੀਮਤ ਰਖਾਂਗਾ
ਜਿਥੋਂ ਤਕ ਮੈਂ ਜਾਣਿਆ ਹੈ ਦੋਵਾਂ ਸਾਖੀਆਂ ਵਿਚ ਇਕ ਸਾਂਝੀ ਕੜੀ ਹੈ। ਮੇਰੀ ਕੌਮ ਪਾਸ ਉਚ ਕੋਟੀ ਦੇ ਵਿਦਵਾਨ ਹਨ ਪਰ ਅਫਸੋਸ ਕਿਸੇ ਨੇ ਵੀ ਇਨਹਾਂ ਸਾਖੀਆਂ ਨੂੰ ਨਿਰਪਖ ਹੋ ਕੇ ਵਿਚਾਰਨ ਦੀ ਜ਼ਹਿਮਤ ਹੀ ਨਹੀਂ ਉਠਾਈ। ਜੇ ਕਿਤੇ ਉਸ ਸਾਂਝੀ ਕੜੀ ਵਲ ਧਿਆਨ ਦਿਤਾ ਜਾਂਦਾ ਤਾਂ ਇਡਾ ਬਖੇੜਾ ਹੀ ਨਹੀਂ ਸੀ ਖੜਾ ਹੋਣਾ। ਪਰ ਕੋਣ ਕਰੇ ਜੀ ਇਡਾ ਝਮੇਲਾ , ਕਿਸ ਪਾਸ ਸਮਾਂ ਹੈ। ਜੋ ਇਕ ਨੇ ਲਿਖ ਦਿਤਾ ਬਾਕੀਆਂ ਨੇ ਜੈਕਾਰੇ ਛਡਦਿਆਂ ਨੇ ਪੱਕੀ ਸੜਕ ਬਣਾ ਧਰੀ। 
ਇਸ ਸਾਂਝੀ ਕੜੀ ਦੀ ਗੁੱਥੀ ਸੁਲਝਾਉਣ ਲਈ ਬਚਿਤ੍ਰ ਨਾਟਕ ਵਿਚ ਦਰਜ ਹੇਠ ਲਿਖੀਆਂ ਲਾਈਨਾਂ ਸਹਾਈ ਹੋਣ ਗੀਆਂ।
“ ਮੁਰ ਪਿਤ ਪੁਰਬ ਕੀ ਆਸ ਪਿਯਾਨਾ॥ ਭਾਂਤ ਭਾਂਤ ਕੇ ਤੀਰਥ ਨਾਨਾ॥ ਜਬ ਹੀ ਜਾਤ ਤ੍ਰਿਬੈਣੀ ਭਯੇ॥ ਪੁੰਨ ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸ਼ਹਿਰ ਵਿਖੇ ਭਵ ਲਯੋ॥”
ਇਸ ਬੰਦ ਦੀ ਰੌਸ਼ਨੀ ਵਿਚ ਮੈਂ ਵਖ ਵਖ ਧਰਮਾਂ ਅਤੇ ਅਜ ਦੀ ਟੈਕਨੋਲਜੀ ਦੇ ਅਧਾਰ ਤੇ ਹੀ ਵਿਚਾਰ ਪੇਸ਼ ਕਰਾਂਗਾ। ਇਬਰਾਨ ਮਤ ਵਾਲੇ ( ਕ੍ਰਸਿ਼ਚੀਅਨ, ਜੂਡੇਇਜ਼ਮ ਅਤੇ ਇਸਲਾਮ) ਤਾਂ ਬਚੇ ਦੇ ਨਿਮਣ ਨੂੰ ਹੀ ਜਨਮ ਸਮਝਦੇ ਹਨ ਅਤੇ ਨਿਮਣ ਤੋਂ ਜਨਮ ਤਕ ਕਿਸੇ ਵੇਲੇ ਵੀ ਗਰਭਪਾਤ ਕਰਨ ਨੂੰ ਗੁਨਾਹ ਸਮਝਿਆ ਜਾਂਦਾ ਹੈ। ਪਰੋ ਚੋਇਸ( ਜੋ ਗਰਭਪਾਤ ਦੇ ਹਕ ਵਿਚ ਹਨ)ਅਤੇ ਪਰੋ ਲਾਈਫ ( ਜੋ ਗਰਭਪਾਤ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਹਾਮੀ ਹਨ) ਦੀ ਖਿਚੋਤਾਣ ਵਿਚ ਜਦ ਕਾਨੂੰਨ ਨੇ ਦਖਲ ਅੰਦਾਜ਼ੀ ਕੀਤੀ ਤਾਂ ਇਹਨਾਂ ਧਰਮਾਂ ਦੇ ਆਊਆਂ ਨੂੰ ਵੀ ਕੁਝ ਲੱਚਕ ਦਿਖਾਉੁਣੀ ਪਈ. ਇਹਨਾ ਨੇ ਦਲੀਲ ਦਿਤੀ ਕਿ ਜਦ ਜਿਸਮ ਵਿੱਚ ਖੂਨ ਚੱਲਣ ਲੱਗ ਜਾਵੇ ਉਸ ਵੇਲੇ ਦਾ ਗਰਭਪਾਤ ਜੁਰਮ ਗਿਣਿਆ ਜਾਣਾ ਚਾਹੀਦਾ ਹੈ (ਬਾਈਬਲ ਵਿਚ ਖੂਨ ਦਾ ਡੋਲਣਾ ਭਾਵ ਕਿਸੇ ਨੂੰ ਕਤਲ ਕਰ ਦੇਣਾ ਬੱਜਰ ਗੁਨਾਹ ਹੈ। ਨਿਮਣ ਤੋਂ ਕੋਈ ਵੀਹ ਦਿਨ ਅੰਦਰ ਖੂਨ ਬਣਨਾਂ ਸ਼ੁਰੂ ਹੋ ਜਾਂਦਾ ਹੈ, ਪਰ ਮਨੁਖੀ ਬਚੇ ਵਰਗੀ ਹਾਲੇ ਕੋਈ ਗੱਲ ਨਹੀਂ ਹੁੰਦੀ. ਸੋ ਉਹਨਾਂ ਦੀ ਦਲੀਲ ਕਾਨੂੰਨ ਨੇ ਨਕਾਰ ਦਿਤੀ।
ਦਸ ਹਫਤਿਆਂ ਦਾ ਗਰਭ ਕੁਝ ਕੁਝ ਮਨੁਖੀ ਬਚੇ ਵਰਗਾ ਲੱਗਣ ਲੱਗ ਜਾਂਦਾ ਹੈ। ਉਸ ਦੇ ਅੰਦਰ ਦਿਲ ਵੀ ਧੜਕਦਾ ਹੈ ਲੜਕੇ ਲੜਕੀ ਦੀ ਪਛਾਣ ਵੀ ਹੋ ਸਕਦੀ ਹੈ ਪਰ ਹਾਲੇ ਵੀ ਕੁਝ ਕਮੀਆਂ ਹਨ ਜੋ ਕੋਈ ਤੇਰਾਂ ਹਫਤਿਆਂ ਵਿਚ ਪੂਰੀਆਂ ਹੋ ਜਾਂਦੀਆਂ ਹਨ। ਇਥੋਂ ਤਕ ਕਾਨੂੰਨ ਗਰਭਪਾਤ ਨੂੰ ਜੁਰਮ ਨਹੀਂ ਗਿਣਦਾ।
ਇਸ ਤੋਂ ਅਗਲੀ ਗੱਲ ਧਿਆਨ ਮੰਗਦੀ ਹੈ ਮਕਾਨ ਤਿਆਰ ਹੋ ਚੁੱਕਾ ਹੈ, ਬਿਜਲੀ ਦਾ ਕੁਨੈਕਸ਼ਨ ਵੀ ਮਿਲ ਚੁੱਕਾ ਹੈ। ( ਭਾਵ ਦਿਲ ਧੜਕਦਾ ਹੈ) ਠੰਡੇ ਗਰਮ ਪਾਣੀ ਦਾ ਵੀ ਪ੍ਰਬੰਧ ਹੋ ਚੁੱਕਾ ਹੈ ( ਖੂਨ ਦੌਰਾ ਕਰ ਰਿਹਾ ਹੈ) ਅੰਦਰ ਬਾਹਰ ਦੀ ਸਜਾਵਟ ਮੁਕੰਮਲ ਹੋ ਚੁਕੀ ਹੈ ( ਲਿੰਗ ਤੋਂ ਲੈ ਕੇ ਹਥ ਰੇਖਾ ਤਕ ਦੇਖੀਆਂ ਜਾ ਸਕਦੀਆਂ ਹਨ) ਹੁਣ ਕਮੀ ਹੈ ਤਾਂ ਸਿਰਫ ਕਿਸੇ ਆਤਮਾਂ ਦੀ ਜਿਸ ਨੇ ਉਸ ਵਜੂਦ ਵਿਚ ਪ੍ਰਵੇਸ਼ ਕਰਨਾ ਹੈ ( ਮਾਲਕ ਮਕਾਨ ) ਜਿਸ ਤਰਾ ਮੈਂ ਉਪਰ ਲਿਖ ਆਇਆ ਹਾਂ ਕਿ ਤੇਰਾਂ ਹਫਤੇ ਦਾ ਗਰਭ ਬਚੇ ਦੇ ਵਜੂਦ ਨੂੰ ਹਰ ਪੱਖੌਂ ਮੁਕੱਮਲ ਕਰ ਚੁੱਕਾ ਹੈ। ਚੌਦਵੇਂ ਹਫਤੇ ਕਿਸੇ ਵੇਲੇ ਵੀ ਕੋਈ ਆਤਮਾਂ ਜਦ ਉਸ ਚੋਲੇ ਨੂੰ ਅਪਨਾ ਲੈਂਦੀ ਹੈ ਤਾਂ ਉਸ ਆਤਮਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਚਿਤ੍ਰ ਨਾਟਕ ਵਿਚ ਇਸ ਹੀ ਸਮੇਂ ਦਾ ਜਿ਼ਕਰ ਹੈ ( ਤਹੀ ਪ੍ਰਕਾਸ਼ ਹਮਾਰਾ ਭਯੋ) ਮਿਹਰਬਾਨ ਵਾਲੀ ਜਨਮ ਸਾਖੀ ਵੀ ਜਦ ਵਿਸਾਖ ਸ਼ੁਦੀ ਤੀਜ ਦੀ ਗੱਲ ਕਰਦੀ ਹੈ ਤਾਂ ਇਸੇ ਪਰਕਾਸ਼ ਦੀ ਗੱਲ ਕਰਦੀ ਹੈ। ਪੁਰਾਣੇ ਸਮੇਆਂ ਵਿਚ ਬਚੇ ਦੀ ਪੇਟ ਵਿਚ ਪਹਿਲੀ ਹਿਲਜੁਲ ਤੇ ਹੀ ਗਰਭ ਗਿਣਿਆ ਜਾਂਦਾ ਸੀ। ਜੇ ਚੌਦਵੇਂ ਹਫਤੇ ਕੋਈ ਆਤਮਾਂ ਉਸ ਜਾਂਮੇ ਵਿਚ ਪ੍ਰਵੇਸ਼ ਨਾ ਕਰੇ ਤਾਂ ਕੁਦਰਤ ਰਾਣੀ ਉਸ ਵਜੂਦ ਨੂੰ ਨਕਾਰ ਦਿੰਦੀ ਹੈ,ਜਿਸ ਨੂੰ ਸਾਦੀ ਬੋਲੀ ਵਿਚ ਗਰਭ ਗਿਰ ਗਿਆ ਕਿਹਾ ਜਾਂਦਾ ਹੈ।
ਯੂ. ਐਨ .ਓ . ਵੀ ਪੰਦਰਾਂ ਹਫਤੇ ਦੇ ਬਾਅਦ ਗਰਭਪਾਤ ਨੂੰ ਸਹੀ ਨਹੀਂ ਮਨਦੀ।
ਹੁਣ ਦੇਖਣਾ ਹੈ ਕਿ ਕੀ ਇਹ ਦਲੀਲ ਗਣਿਤ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ।
ਪਰਕਾਸ਼ ਤਕ ਚੌਦਾਂ ਹਫਤੇ ਗਿਣੀਏ ਤਾਂ 98 ਦਿਨ ਹੋਏ। ਵਿਸਾਖ ਸ਼ੁਦੀ ਤੀਜ ਤੋਂ ਕੱਤਕ ਸ਼ੁਦੀ ਪੂਰਨਮਾਸ਼ੀ ਤਕ ਕੁਲ ਦਿਨ ਬਣਦੇ ਹਨ 186। 186+ 98 ਜਮਾ ਕਰੀਏ ਤਾਂ ਕੁਲ ਦਿਨ ਹੋਏ 284। 30 ਦਿਨ ਦਾ ਮਹੀਨਾ ਗਿਣੀਏ ਤਾਂ ਨਿਮਣ ਤੋਂ ਲੈ ਕੇ ਜਨਮ ਤਕ 9 ਮਹੀਨੇ ਅਤੇ 14 ਦਿਨ ਬਣੇ, ਜੋ ਗਰਭ ਕਿਰਿਆ ਮੁਕੱਮਲ ਹੋਣ ਲਈ ਬਿਲਕੁਲ ਸਹੀ ਹਨ। ਇਸ ਤੋਂ ਸਿਧ ਹੁੰਦਾ ਹੈ ਕਿ ਮਿਹਰਬਾਨ ਵਿਸਾਖ ਸ਼ੁਦੀ ਤੀਜ ਨੁੰ ਪਰਕਾਸ਼ ਦੀ ਗੱਲ ਕਰਦਾ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਵਰਤਿਆ ਜਨਮ ਪਤਰਾ ਕੱਤਕ ਸ਼ੂਦੀ ਪੂਰਨਮਾਸ਼ੀ ਨੂੰ ਜਨਮ ਦੀ ਸਹੀ ਭਰਦਾ ਹੈ।
ਪੁਰਾਤਨ ਗਰੰਥਾਂ ਵਿਚ ਬਾਬੇ ਨਾਨਕ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਸੰਮਤ 1526 ਮੁਤਾਬਕ 1469 ਈ: ਹੈ ਅਤੇ ਜੋਤੀ ਜੋਤਿ ਸਮਾਉਣ ਦੀ ਮਿਤੀ ਅਸੂ ਵਦੀ ਦਸ ਸੰਮਤ 1596 ਮੁਤਾਬਕ 1539 ਈ:ਹੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ.
“ ਉਰਜ ਮਾਸ ਕੀ ਪੂਰਨਮਾਸ਼ੀ ਹਰਕੀਰਤ ਸੋ ਜੌਨ ਪਰਕਾਸ਼ੀ ॥20॥ 
ਸੰਬਤ ਨੌ ਖਟ ਸਹਸ ਛਬੀਸਾ ਭੋ ਅਵਤਾਰ ਪਰਗਟ ਜਗਦੀਸਾ” 
ਅਰਥ, ਸੰਮਤ 1526 ਬਿਕ੍ਰਮੀ ਕੱਤਕ ਸ਼ੁਦੀ ਪੂਰਨਮਾਸ਼ੀ ਵਾਲੇ ਦਿਨ ਸਤਗੁਰਾਂ ਨੇ ਅਵਤਾਰ ਧਾਰਿਆ।
ਉਸ ਤੋਂ ਅਗਲੀ ਲਾਈਨ ਹੈ “ ਭਯੋ ਅਚਾਨਕ ਸਭਿਨਿ ਉਛਾਹਾ॥7॥ 
ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ ਸਪਤ ਦਿਨ ਪਰਵਾਨ ॥ ਪਾਤਸ਼ਾਹੀ ਸਰੀ ਪਰਭ ਕਰੀ॥90॥ 
ਸੰਮਤ ਪੰਦਰਾ ਸੈ ਅਧਕ ਛਨਵਾ ਅਸੂਜ ਵਦੀ ਦਸਵੀਂ ਵਿਖੈ ਸਚਖੰਡ ਪਰਸਥਾਨ॥
ਭਾਵ, ਭਾਈ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਜਿ਼ਕਰ ਕਰਦੇ ਹੋਏ ਲਿਖਦੇ ਹਨ ਸੰਮਤ ਸੱਤਰ ਪਛਾਨ। ਪਛਾਨ ਅਤੇ ਉਸਤੋਂ ਅਗੇ ਪ੍ਰਵਾਨ ਸ਼ਬਦ ਦੀ ਵਰਤੋਂ ਕਰਦੇ ਹਨ। ਪਛਾਨ ਸ਼ਬਦ ਦੀ ਵਰਤੋਂ ਕਰਕੇ ਭਾਈ ਸਾਹਿਬ ਬਾਬੇ ਨਾਨਕ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਆਖਦੇ ਹਨ। ਅਗੋਂ ਆਖਦੇ ਹਨ ਸਪਤ ਦਿਨ ਪਰਵਾਨ ਨਾਲ ਸਤ ਦਿਨਾਂ ਤੇ ਮੋਹਰ ਲਾ ਦਿੰਦੇ ਹਨ। ਇਸ ਤਰ੍ਹਾਂ ਭਾਈ ਸਾਹਿਬ ਦਸ ਰਹੇ ਹਨ ਕਿ ਬਾਬਾ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਸੀ ਕਿ ਪੰਜ ਮਹੀਨੇ ਸਤ ਦਿਨ ਬੀਤਿਆਂ ਬਾਬਾ ਨਾਨਕ ਜੀ ਜੋਤੀ ਜੋਤ ਸਮਾਂ ਗਏ।
ਭਾਈ ਸੰਤੋਖ ਸਿੰਘ ਜੀ ਖਾਲਸਈ ਕੈਲੰਡਰ ਜੋ ਵਿਸਾਖ ਤੋਂ ਸੁਰੂ ਹੁੰਦਾ ਹੈ ਨੂੰ ਆਪਣੀ ਗਿਣਤੀ ਦਾ ਧੁਰਾ ਬਣਾ ਰਹੇ ਹਨ. ਵਿਸਾਖ, ਜੇਠ ,ਹਾੜ ,ਸਾਵਨ ਭਾਦੋਂ ਪੰਜ ਮਹੀਨੇ ਹੋ ਗਏ ਅਸੂ ਵਦੀ ਦਸਵੀਂ ਅਸੂ ਸਤ ਨੂੰ ਪੈਂਦੀ ਹੈ. ਇਸ ਤਰਾਂ ਪੰਜ ਮਹੀਨੇ ਸਤ ਦਿਨ ਬਣ ਜਾਂਦੇ ਹਨ। ਵਿਸ਼ਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਭਾਈ ਸੰਤੋਖ ਸਿੰਘ ਜੀ ਦੀ ਲਿ਼ਖਤ ਦੇ ਗੱਲਤ ਅਰਥ ਕਰ ਕੇ ਬਾਬਾ ਜੀ ਦੀ ਆਯੂ 70 ਸਾਲ 5 ਮਹੀਨੇ ਅਤੇ ਸਤ ਦਿਨ ਮਿਥਦੇ ਹਨ। ਵਿਸਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਈ: ਸੰਨ ਮੁਤਾਬਕ 15 ਅਪਰੈਲ 1469 ਨੂੰ ਜਨਮ ਮਿਤੀ ਅਤੇ 7 ਸਤੰਬਰ 1539 ਨੂੰ ਜੋਤੀ ਜੋਤ ਸਮਾਉਣ ਦੀ ਮਿਤੀ ਮਨਦੇ ਹਨ ਦੇਖੋ ( ਪ੍ਰਿਸੀਪਲ ਸਤਵੀਰ ਸਿੰਘ , ਸਾਡਾ ਇਤਹਾਸ) ਜੇ ਦਿਨ ਗਿਣੀਏ ਤਾਂ ਬਾਬਾ ਜੀ ਦੀ ਆਯੂ 70 ਸਾਲ ਪੰਜ ਮਹੀਨੇ ਸਤ ਦਿਨ ਦੀ ਗਣਿਤ ਤੇ ਪੂਰੀ ਨਹੀਂ ਉੁਤਰਦੀ। ਇਸ ਤਰ੍ਹਾਂ ਵਿਸਾਖ ਸ਼ੁਦੀ ਤੀਜ ਦਾ ਆਗਮਨ ਦਿਵਸ ਸ਼ਕ ਦੇ ਘੇਰੇ ਵਿਚ ਆ ਜਾਦਾ ਹੈ । ਇਸ ਕਰਕੇ ਹਰ ਸੂਝਵਾਨ ਪੁਰਖ ਵਿਸਾਖ ਸ਼ੁਦੀ ਤੀਜ ਦੀ ਜਨਮ ਮਿਤੀ ਮਨਣ ਤੋਂ ਹਿਚਕਚਾਏ ਗਾ।
ਦਲੀਲ ਦਿਤੀ ਜਾਂਦੀ ਹੈ ਕਿ ਕਰਮ ਸਿੰਘ ਹਿਸਟੋਰੀਅਨ ਅਤੇ ਆਪਣੇ ਆਪ ਨੂੰ ਕੈਲੰਡਰ ਦਾ ਮਾਹਰ ਦਸਣ ਵਾਲੇ ਪਾਲ ਸਿੰਘ ਪੁਰੇ ਵਾਲ ਨੇ ਕੱਤਕ ਸ਼ੁਦੀ ਪੂਰਨਮਾਸ਼ੀ ਦੇ ਆਗਮਨ ਦਿਵਸ ਨੂੰ ਨਕਾਰ ਦਿਤਾ ਹੈ। 
ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਕਰਦੇ ਹਾਂ। ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ “ ਕੱਤਕ ਜਾਂ ਵਿਸਾਖ ਦੇ ਅਖੀਰ ਵਿਚ ਲਿਖਦਾ ਹੈ “ਪਾਠਕ ਜੀ! ਜੋ ਕੁਝ ਮੈਂ ਕਹਿਣਾ ਸੀ ਆਪ ਦੀ ਸੇਵਾ ਵਿਚ ਕਹਿ ਦਿਤਾ ਹੈ, ਆਸ਼ਾ ਹੈ ਕਿ ਆਪ ਜੀ ਨਿਰਪੱਖ ਹੋ ਕੇ ਇਸ ਲੇਖ ਨੂੰ ਦੇਖੋਗੇ ਅਤੇ ਵਿਚਾਰੋਗੇ ਕਿ ਇਸ ਵਿਚ ਕਿਥੋਂ ਤਕ ਸਚਾਈ ਹੈ ਅਤੇ ਕਿਥੋਂ ਤਕ ਕਚਿ ਲਿਖਿਆ ਹੈ , ਸਚ ਹੀ ਸਚ ਹੈ, ਪਰ ਇਹ ਮੈਂ ਆਪ ਜੀ ਨੂੰ ਨਿਸਚਾ ਕਰਵਾਉਂਦਾ ਹਾਂ ਕਿ ਜੋ ਕੁਝ ਮੈਂ ਲਿਖਿਆ ਹੈ ਆਪਣੇ ਵਲੋਂ ਸੋਚ ਕੇ ਲਿਖਿਆ ਹੈ ਕਿਤੇ ਵੀ ਇਹ ਯਤਨ ਨਹੀ ਕੀਤਾ ਕਿ ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਨਾਲ ਸਚੀ ਗੱਲ ਨੂੰ ਝੂਠੀ ਸਿਧ ਕਰਾਂ ਮੈਨੂ ਵਿਸਾਖ ਸੁਦੀ ਤੀਜ ਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ ਜਿਸ ਗੱਲ ਨੂੰ ਮੈਂ ਸਚ ਸਮਝਦਾ ਹਾਂ ਉਹੀ ਆਪ ਨੂੰ ਦੱਸੀ ਹੈ। ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋ ਕੇ ਨਿਰਪੱਖ ਵਿਚਾਰ ਕਰੋਗੇ।” 
ਕਰਮ ਸਿੰਘ ਹਿਸਟੋਰੀਅਨ ਨੇ ਨਿਰਪਖ ਵਿਚਾਰ ਕਰਨ ਲਈ ਕਿਹਾ ਹੈ। ਬਸ ਕੌਣ ਮਗਜ਼-ਮਾਰੀ ਕਰੇ ਜੀ! ਜੋ ਕੁਝ ਲਿਖਿਆ ਗਿਆ ਸਚ ਹੀ ਹੋਣਾ। ਇਸ ਤਰਾਂ ਕਿਸੇ ਦੀ ਕਹੀ ਲਿਖਤ ਦਾ ਪਰਮਾਣ ਦੇਣਾ ਬਗੈਰ ਪੜ੍ਹਿਓਂ ਕਿਸੇ ਦਸਤਾਵੇਜ਼ ਤੇ ਹਸਤਾਖਸ਼ਰ ਕਰਨ ਦੇ ਬਰਾਬਰ ਹੁੰਦਾ ਹੈ।
ਵੀਰ ਪਾਲ ਸਿੰਘ ਪੁਰੇਵਾਲ ਦੀ ਗੱਲ ਕਰਨ ਵਾਲੇ ਪੁਰੇਵਾਲ ਜੀ ਦਾ ਸਿਖ ਕੋਲੀਸ਼ਨ’ਤੇ ਲਿਖਿਆ ਲੇਖ “ਬਰਥ ਡੇ ਗੁਰੂ ਨਾਨਕ ਸਾਹਿਬ “ ਪੜ੍ਹਨ ਦੀ ਜ਼ਰੂਰ ਖੇਚਲ ਕਰਨ। ਜੇ ਆਪ ਨਹੀਂ ਤਾਂ ਕਿਸੇ ਕੈਲੰਡਰ ਦੇ ਵਿਦਵਾਨ ਤੋਂ ਰਾਏ ਲੈ ਲੈਣ ਤਾਂ ਵੀਰ ਪੁਰੇਵਾਲ ਨੇ ਜਿਸ ਤਰਾਂ ਤਿਨ ਚਾਰ ਕੈਲੰਡਰਾਂ ਦੀ ਖਿਚੜੀ ਬਣਾ ਕੇ ਈਸ਼ਰ ਸਿੰਘ ਨਾਰਾ ਦੇ ਲੇਖ ਵਿਸਾਖ ਨਹੀਂ ਕੱਤਕ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ ਉਸ ਦਾ ਨਿਤਾਰਾ ਵੀ ਹੋ ਜਾਵੇਗਾ ਅਤੇ ਨਾਲ ਹੀ ਇਹ ਵੀ ਸਾਬਤ ਹੋ ਜਾਵੇਗਾ ਕਿ ਕੀ ਵੀਰ ਪੁਰੇਵੱਲ ਸਚੀਂ ਮੁਚੀਂ ਕੈਲੰਡਰ ਦੀ ਜਾਣਕਾਰੀ ਰਖਦਾ ਹੈ ਜਾਂ ਸੰਗਰਾਂਦ ਦੇ ਦਿਨ ਅਗੇ ਪਿਛੇ ਕਰਕੇ ਹਿੰਦੂ ਸੰਗਰਾਂਦ ਅਤੇ ਸਿਖ ਸੰਗਰਾਂਦ ਤਕ ਹੀ ਉੁਸ ਦੀ ਸੋਚ ਹੈ। 
ਵੀਰ ਪੁਰੇਵਾਲ ਤਾਂ ਵਿਸਾਖ ਸ਼ੁਦੀ ਤੀਜ ਨੂੰ ਵੀ ਨਿਕਾਰਦਾ ਹੈ। ਉਸ ਦੀ ਗਣਤ ਅਨੁਸਾਰ ਜੋਤੀ ਜੋਤ ਸਮਾਉਣ ਦਾ ਦਿਨ ਅਸੂ 8 ਹੈ ਅਤੇ 70 ਸਾਲ 5 ਮਹੀਨੇ 7 ਦਿਨ ਪੂਰੇ ਕਰਨ ਲਈ ਉਹ ਪਿਛਲ ਖੁਰੀ ਤੁਰਦਾ ਹੈ ਅਤੇ ਵਿਸਾਖ ਪਹਿਲੀ ਨੂੰ ਗੁਰੂ ਮਹਾਰਾਜ ਦਾ ਜਨਮ ਅੰਗਦਾ ਹੈ ਅਤੇ ਨਾਲ ਇਹ ਵੀ ਲਿਖਦਾ ਹੈ ਕਿ ਉਸ ਦਿਨ ਪੂਰਨਮਾਸ਼ੀ ਸੀ। ਗੁਰੂ ਨਾਨਕ ਦੇਵ ਜੀ ਦਾ ਪੁਰਵ ਵਿਸਾਖੀ ਤੇ ਮਨਾਉਣ ਲਈ ਪਰੇਰਦਾ ਹੈ। ਮੂਲ ਮੁਦਾ ਗੁਰ ਨਾਨਕ ਦੇਵ ਜੀ ਦੱ ਗੁਰਪੁਰਬ ਅਤੇ ਵਿਸਾਖੀ ਨੂੰ ਰਲਗਢ ਕਰਨਾ ਹੈ। ਮੇਰੇ ਵੀਰੋ ਅਗਰ ਇਸੇ ਤਰਾਂ ਚਲਦਾ ਰਿਹਾ ਤਾਂ ਅੱਧੀ ਸਿਖ ਕੌਮ ਵਿਸਾਖੀ ਮਨਾਇਆ ਕਰੇਗੀ ਅਤੇ ਅੱਧੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ। ਹੋਲੀ ਹੋਲੀ ਸਿਖ ਕੌਮ ਵਿਸਾਖੀ ਦੇ ਦਿਨ ਤੋਂ ਦੂਰ ਹੁੰਦੀ ਹੁੰਦੀ ਖਾਲਸੇ ਦੀ ਸਿਰਜਣਾ ਦਿਵਸ ਨੂੰ ਵੀ ਵਿਸਾਰ ਦੇਵੇਗੀ। ਮਹਾਤਮਾਂ ਗਾਂਧੀ ਨੇ ਚਰਖਾ ਫੜਾ ਕੇ ਜੋ ਮਰਦਾਂ ਦਾ ਬਾਹੂ ਬਲ ਕਮਜ਼ੋਰ ਕਰਨ ਦਾ ਯਤਨ ਕੀਤਾ ਸੀ ਸਾਡੇ ਵਿਦਵਾਨ ਵਿਸਾਖੀ ਅਤੇ ਗੁਰੂ ਬਾਬਾ ਨਾਨਕ ਦੇਵ ਜੀ ਦਾ ਗੁਰਪੁਰਬ ਰਲਗਢ ਕਰਕੇ ਖਾਲਸਾ ਕੌਮ ਦੀ ਆਨ ਸ਼ਾਨ ਨੂੰ ਸਟ ਮਾਰਨਗੇ।
ਸਿਖ ਕੌਮ ਵਿਚ ਲੇਖਕਾਂ ਦੀ ਕੋਈ ਕਮੀ ਨਹੀਂ, ਕਮੀ ਹੈ ਇਤਹਾਸ ਦੀ ਖੋਜ ਕਰਨ ਵਾਲਿਆਂ ਦੀ। ਜਿਸ ਦੇ ਨਾਂ ਨਾਲ ਡਾਕਟਰ ਜਾਂ ਪ੍ਰਿਨਸੀਪਲ ਜਾਂ ਕੋਈ ਹੋਰ ਉਪਾਧੀ ਲਗੀ ਹੋਈ ਹੋਵੇ ਉਸ ਬਾਰੇ ਕੋਈ ਟਿਪਣੀ ਨਹੀਂ ਕਰਦਾ , ਸਭ ਸਚ ਮੰਨ ਲਿਆ ਜਾਂਦਾ ਹੈ. ਪੜ੍ਹਨ ਗੁੜ੍ਹਨ ਵਾਲਿਆਂ ਦੀ ਕਮੀ ਹੋਣ ਕਾਰਨ ਜਿਸ ਦਾ ਜੋ ਜੀ ਚਾਹਿਆ ਲਿਖ ਮਾਰਦਾ ਹੈ।
ਮੇਰੈ ਮਿਸ਼ਨਰੀ ਵੀਰ ਅਜ ਕਲ ਮਸ਼ੀਨਰੀ ਬਣ ਗਏ ਹਨ। ਵਿਸ਼ਾ ਕੋਈ ਵੀ ਹੋਵੇ ਬਾਬੇ ਨਾਨਕ ਦੇ ਜਨਮ ਉਤਸਵ ਵਿਸਾਖ ਸ਼ੁਦੀ ਤੀਜ ਦਾ ਤੋੜਾ ਜ਼ਰੂਰ ਝਾੜ ਦੇਣਗੇ। ਇਤਹਾਸ ਵਿਚ ਬਗੈਰ ਸਿਰ ਪੈਰ ਤੋਂ ਲਿਖਿਆ ਸ਼ੰਕਾ ਦਾ ਬੀਜ ਬੀਜ ਦੇਣ ਦੇ ਬਰਾਬਰ ਜਾਂਦਾ ਹੈ। ਰਵਿਊ ਕਰਨ ਵਾਲੇ ਪਗ ਵਟ ਭਰਾ ਬਣ ਜਾਂਦੇ ਹਨ ਹੌਲੀ ਹੌਲੀ ਉਹ ਬਿਗਾੜਿਆ ਹੋਇਆ ਇਤਹਾਸ ਹੀ ਇਤਹਾਸ ਹੋ ਨਿਬੜਦਾ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਆਓ ਇਸ ਸਾਲ ਬਾਬੇ ਨਾਨਕ ਦੇ ਪਵਿਤ੍ਰ ਗੁਰਪੁਰਬ ਤੇ ਪ੍ਰਣ ਕਰੀਏ ਕਿ ਖੌਹਰੀ ਬੋਲੀ ਨਹੀਂ ਵਰਤਾਂ ਗੇ ਦੁੂਸਰੇ ਦੇ ਵਿਚਾਰ ਵੀ ਬੜੇ ਤੱਹਮਲ ਨਾਲ ਸੁਣਾਗੇ ਅਤੇ ਕੌਮ ਨੂੰ ਖੇਰੂੰ ਖੇਰੂੰ ਹੋਣ ਤੋ ਬਚਾਵਾਂਗੇ, ਫੇਰ ਯਕੀਨ ਜਾਨਣਾ ਖਾਲਸਤਾਨ ਤੁਹਾਡੇ ਕੱਦਮ ਚੁੱਮਣ ਨੂੰ ਬੇਹਬਲ ਹੋ ਉੁਠੇਗਾ। ਅੰਤ ਵਿਚ ਸਾਰੇ ਸੰਸਾਰ ਨੂੰ ਬਾਬਾ ਨਾਨਕ ਦੇ ਗੁਰ-ਪੁਰਬ ਦੀ ਲਖ ਲਖ ਵਧਾਈ ਦਿੰਦਾ ਹਾਂ।

****

ਦੀਵਾਲੀ ਤੇ ਵਿਸ਼ੇਸ਼.......... ਲੇਖ / ਮੁਹਿੰਦਰ ਸਿੰਘ ਘੱਗ


ਦੀਵਾਲੀ ਜਾਂ ਦੀਪਾਵਲੀ ਇਕ ਮੋਸਮੀ ਮੇਲਾ ਸਦੀਆਂ ਤੋਂ ਸਾਡੇ ਪੂਰਬਲੇ ਮਨਾਉਂਦੇ ਆਏ ਹਨ। ਬਾਕੀ ਮੋਸਮੀ ਮੇਲਿਆਂ ਵਾਂਗ ਇਸ ਮੇਲੇ ਨਾਲ ਵੀ ਕਈ ਮਿਥਹਾਸਕ ਗਾਥਾਵਾਂ ਜੁੜਦੀਆਂ ਰਹੀਆਂ ਹਨ। ਥੋੜੀ ਬਹੁਤੀ ਅਦਲਾ ਬਦਲੀ ਨਾਲ ਦਿਵਾਲੀ ਮੇਲਾ ਕੋਈ ਪੰਜ ਦਿਨਾਂ ਲਈ ਤਿਓਹਾਰ ਦੇ ਰੂਪ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਭਾਰਤੀਆਂ ਦੇ ਪ੍ਰਵਾਸ ਕਾਰਨ ਹੁਣ ਤਾਂ ਇਹ ਮੇਲਾ ਸੰਸਾਰ ਪੱਧਰ ਤੇ ਮਨਾਇਆ ਜਾਣ ਲੱਗਾ ਹੈ। ਇਸ ਮੇਲੇ ਦੀਆਂ ਖੁਸ਼ੀਆਂ ਮਾਨਣ ਲਈ ਉਮਰ ਦਾ ਤਕਾਜ਼ਾ ਨਹੀਂ ਇਹ ਤਾਂ ਮਰਦਾਂ ਔਰਤਾਂ ਬੱਚਿਆਂ ਬਜ਼ੁਰਗਾਂ ਦਾ ਸਾਂਝਾ ਮੇਲਾ ਹੈ। ਦੀਵਿਆਂ ਦੀਆਂ ਲੜੀਆਂ , ਭਾਂਤ ਭਾਂਤ ਦੀਆਂ ਮਠਿਆਈਆਂ ਨਾਲ ਸਜੀਆਂ ਦੁਕਾਨਾਂ , ਪਠਾਖਿਆਂ ਦਾ ਸ਼ੋਰ, ਆਸਮਾਨ ਵੱਲ ਨੂੰ ਉੜਾਨ ਭਰਦੀ ਆਤਸ਼ਬਾਜ਼ੀ ਅਤੇ ਜੂਏ ਦੀ ਹਾਰ ਜਿੱਤ । ਦੀਵਾਲੀ ਤੇ ਦੂਸਰੇ ਦਿਨ ਜਿੱਤੇ ਹਾਰੇ ਜੁਆਰੀਆਂ ਬਾਰੇ ਇਕ ਪ੍ਰਚਲਿਤ ਅਖਾਣ ਸਾਂਝਾ ਕਰਾਂਗਾ ( ਜੇ ਜੁਆਰੀਏ ਦੀ ਜਿੱਤ ਤਾਂ ਮੰਜੇ ਚਾਰ ਜੁਆਰੀਆ ਇਕ ਅਤੇ ਜੇ ਜੁਆਰੀਏ ਦੀ ਹਾਰ ਮੰਜਾ ਇਕ ਜੁਆਰੀਏ ਚਾਰ ) ਦੀਵਾਲੀ ਦੀ ਮਕਬੂਲੀਅਤ ਇਸ ਗੱਲ ਨਾਲ ਪ੍ਰਤੱਖ ਹੋ ਜਾਂਦੀ ਹੈ ਕਿ ਦੀਵਾਲੀ ਲੰਘਦਿਆਂ ਦੂਸਰੇ ਦਿਨ ਆਖਦੇ ਸੁਣੇ ਗਏ ਹਨ ਅੱਜ ਇਕ ਦਿਨ ਘੱਟ ਸਾਲ ਰਹਿ ਗਿਆ ਦੀਵਾਲੀ ਵਿਚ। 


ਇਸ ਮੋਸਮੀ ਮੇਲੇ ਦਾ ਸਭੰਧ ਚੰਦਰਮਾਂ ਅਤੇ ਸੂਰਜ ਦੋਵਾਂ ਨਾਲ ਹੈ। ਸੂਰਜ ਰੌਸ਼ਨੀ ਦਾ ਭੰਡਾਰ ਹੈ, ਜੋ ਹਰ ਸਮੇਂ ਰੌਸ਼ਨੀ ਵੰਡੀ ਜਾ ਰਿਹਾ ਹੈ। ਧਰਤੀ ਦਾ ਆਪਣੇ ਮਹਿਵਰ ਦੁਆਲੇ ਘੁੰਮਣ ਕਾਰਨ ਸਮਾਂ ਦਿਨ ਰਾਤ ਵਿਚ ਬਦਲਦਾ ਹੈ। ਦਿਨ ਦੇ ਚਾਨਣ ਵਿਚ ਭੱਜਾ ਜਾਂਦਾ ਹੈ ਸੰਸਾਰ ਅਤੇ ਅੰਧੇਰ ਚਾਨਣ ਦਾ ਮਿਲਗੋਭਾ ਰਾਤ , ਆਰਾਮ ਕਰਨ ਲਈ “ ਲੈਲਾ ਤੂਂ ਬੇਸ਼ਕ ਕਾਲੀ ਏਂ ਪਰ ਬੜੇ ਨਸੀਬਾਂ ਵਾਲੀ ਏਂ। ਥਕੇ ਟੁਟੇ ਰਾਹੀਆਂ ਨੂੰ ਆਰਾਮ ਪਹੁੰਚਾਵਣ ਵਾਲੀ ਏਂ “ ( ਧਨੀ ਰਾਮ ਚਾਤ੍ਰਿਕ ) ਵੱਧਦੇ ਚੰਦਰਮਾਂ ਨੂੰ ਰਾਧਾ ਪੱਖ ਜਾਂ ਸ਼ੁਦੀ ਪੱਖ ਆਖਿਆ ਜਾਂਦਾ ਹੈ ਅਤੇ ਪੁਰਨਮਾਸ਼ੀ ਤੋਂ ਲੈ ਕੇ ਮਸਿਆ ਤਕ ਨੂੰ ਕ੍ਰਿਸ਼ਨ ਪੱਖ ਜਾਂ ਬੱਦੀ ਪੱਖ ਕਿਹਾ ਜਾਂਦਾ ਹੈ । ਚੰਦਰਮਾਂ ਕੋਲ ਰੋਸ਼ਨੀ ਦਾ ਕੋਈ ਭੰਡਾਰ ਨਹੀਂ , ਸੂਰਜ ਦੀ ਰੌਸ਼ਨੀ ਇਸ’ ਤੇ ਪੈਂਦੀ ਹੈ ਤਾਂ ਉਸ ਦੀ ਚਮਕ ਨਾਲ ਸਾਡੀਆਂ ਰਾਤਾਂ ਵੀ ਰੌਸ਼ਨ ਹੋ ਜਾਂਦੀਆਂ ਹਨ। ਚੰਦਰਮਾਂ ਧਰਤੀ ਦੀ ਪ੍ਰਕਿਰਮਾ ਕਰਦਾ ਹੈ ਜਿਸ ਨਾਲ ਅੰਧੇਰ ਚਾਨਣ ਲੁਕਣਮੀਚੀ ਖੇਲਦਾ ਮਸਿਆ ਪੁੰਨਿਆ ਸਿਰਜਦਾ ਹੈ । ਧਰਤੀ ਸੂਰਜ ਦੀਆਂ ਪ੍ਰਿਕਰਮਾ ਕਰਦੀ ਹੈ ਜਿਸ ਨਾਲ ਮੌਸਮ ਬਦਲਦੇ ਹਨ ( ਸੂਰਜ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ॥) ਅਤੇ ਧਰਤੀ ਦੀ ਸੂਰਜ ਦੀ ਪ੍ਰਕਿਰਮਾ ਸਮੇਂ ਵਿਥ ਇਕੋ ਜਿਹੀ ਨਹੀਂ ਰਹਿੰਦੀ ਨਾਂ ਹੀ ਚੰਦਰਮਾਂ ਧਰਤੀ ਦੀ ਪ੍ਰਕਿਰਮਾਂ ਵਿਥ‘ਤੇ ਰਹਿ ਕੇ ਕਰਦਾ ਹੈ ਦੋਵਾਂ ਦਾ ਪ੍ਰਕਿਰਮਾ ਚੱਕਰ ਗੋਲ ਦੀ ਬਜਾਏ ਅੰਡਕਾਰੀ ਲੰਬੂਤਰਾ ਹੈ । ਕਤਕ ਦੀ ਮਸਿਆ ਵੇਲੇ ਧਰਤੀ ਦਾ ਉਤਰੀ ਹਿੱਸਾ ਜਿਸ ਵਿਚ ਸਾਡਾ ਭਾਰਤ ਵੀ ਹੈ ਸੂਰਜ ਤੋਂ ਸਾਰੇ ਸਾਲ ਨਾਲੋਂ ਜ਼ਿਆਦਾ ਵਿੱਥ’ਤੇ ਹੁੰਦਾ ਹੈ । ਇਸੇ ਕਾਰਨ ਕਤਕ ਦੀ ਮਸਿਆ ਜਿਸ ਨੂੰ ਦਿਵਾਲੀ ਵਜੋਂ ਮਨਾਇਆ ਜਾਂਦਾ ਹੈ, ਬਾਕੀ ਸਾਰੀਆਂ ਮਸਿਆ ਦੀਆਂ ਰਾਤਾਂ ਨਾਲੋਂ ਅੰਧੇਰੀ ਹੁੰਦੀ ਹੈ ( ਕਈਆਂ ਦਾ ਵਿਚਾਰ ਹੈ ਕਿ ਬਹੁਤ ਸਾਰੇ ਦੀਵੇ ਬਲਣ ਕਾਰਨ ਦਿਵਾਲੀ ਦੀ ਰਾਤ ਜ਼ਿਆਦਾ ਅੰਧੇਰੀ ਲੱਗਦੀ ਹੈ) ਮੱਨੁਖ ਬਾਕੀ ਪਸ਼ੂ ਪੰਛੀਆਂ ਵਾਂਗ ਕੁਦਰਤ ਨਾਲ ਸਹਿਮਤੀ ਨਹੀਂ ਕਰਦਾ, ਬਲਕਿ ਉਸਨੂੰ ਬਦਲਣ ਦੇ ਯਤਨ ਕਰਦਾ ਆਇਆ ਹੈ। ਜਦ ਉਸ ਨੂੰ ਖੌਫਨਾਕ ਹਨੇਰ ਦਾ ਐਹਸਾਸ ਹੋਇਆ ਤਾਂ ਉਸਨੇ ਅੱਗ ਦੀ ਮਦਦ ਨਾਲ ਉਸਨੂੰ ਚਾਨਣ ਵਿਚ ਬਦਲਣ ਦਾ ਯਤਨ ਕੀਤਾ। ਡੰਡੇ-ਸੋਟਿਆਂ ਨਾਲ ਖੜਾਕ ਕੀਤੇ ਉਚੀ-ਉਚੀ ਸ਼ੋਰ ਮਚਾਇਆ ਅੱਗ ਦਾ ਵੱਡਾ ਧੂਣਾ ਲਾ ਕੇ ਕਤਕ ਦੀ ਮਸਿਆ ਦੀ ਰਾਤ ਦੇ ਹਨੇਰੇ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਜੋ ਸਮੇਂ ਨਾਲ ਦੀਪਾਂ ਦੀਆਂ ਕਤਾਰਾਂ ਵਿਚ ਬਦਲਦਾ-ਬਦਲਦਾ ਮੋਮਬਤੀਆਂ ਅਤੇ ਬਿਜਲੀ ਦੇ ਲਾਟੂਆਂ ਤਕ ਦਾ ਸਫਰ ਤੈਅ ਕਰ ਚੁਕਾ ਹੈ। ਇਹ ਵਿਚਾਰ ਮੈਂ ਤਾਰਾ ਵਿਗਿਆਨ ਦੇ ਆਧਾਰ ਤੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਜੇ ਕੋਈ ਵਿਦਵਾਨ ਕੋਈ ਹੋਰ ਵਿਚਾਰ ਪੇਸ਼ ਕਰੇਗਾ ਤਾਂ ਵਿਚਾਰ ਕੀਤੀ ਜਾ ਸਕਦੀ ਹੈ।
ਕੁਝ ਉਨਤੀ ਹੋਈ ਨਗਰ ਵਸ ਗਏ ਫਸਲਾਂ ਦੀ ਬੀਜ ਬਜਾਈ ਸ਼ੁਰੂ ਹੋ ਗਈ। ਪੁਰਾਣੇ ਜ਼ਮਾਨੇ ਵਿਚ ਨਾਂ ਤਾਂ ਨੈਹਰਾਂ ਸਨ ਅਤੇ ਨਾਂ ਹੀ ਟਿਊਬਵੈਲ, ਝੋਨਾ,ਮੱਕੀ, ਤਿਲ ਵਗੈਰਾ (ਸੌਣੀ ਦੀ ਫਸਲ ) ਲਈ ਲੋੜੀਂਦਾ ਪਾਣੀ ਬਰਸਾਤ ਹੀ ਪੂਰਾ ਕਰਦੀ ਸੀ । ਜੂਨ, ਜੁਲਾਈ, ਅਗਸਤ ਅਤੇ ਸਤੰਬਰ ਨੂੰ ਚੋਮਾਸਾ ਕਹਿੰਦੇ ਹਨ। ਜੂਨ ਮਹੀਨੇ ਤੋਂ ਮੌਨਸੂਨ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੁਲਾਈ ਅਗਸਤ ਅਤੇ ਕੁਝ ਹਿਸਾ ਸਤੰਬਰ ਦਾ ਵਰਖਾ ਰੁਤ ਸਦਾਉਂਦਾ ਹੈ ।ਜੇ ਇਹਨਾਂ ਦਿਨਾਂ ਵਿਚ ਬਰਸਾਤ ਨਾਂ ਪਵੇ ਤਾਂ ਗੋਹਾਰਾਲੀ ( ਜਾਨਵਰਾਂ ਦਾ ਗੋਹਾ ਘੋਲ ਕੇ ਇਕ ਦੂਸਰੇ’ਤੇ ਪਾਉਣਾ) ਖੇਲੀ ਜਾਂਦੀ ਸੀ। ਕੋਈ ਗੁੱਸਾ ਨਹੀਂ ਸੀ ਕਰਦਾ। ਦਰਅਸਲ ਪੁਰਾਣੇ ਬਜ਼ੁਰਗਾਂ ਦਾ ਰੱਬ ਨੂੰ ਸੁਨੇਹਾ ਭੇਜਣ ਦਾ ਇਹ ਅਨੋਖਾ ਢੰਗ ਸੀ। ਵਰਖਾ ਚਾਹੀਦੀ ਹੈ ਤਾਂ ਕਿ ਅਸੀਂ ਇਸ ਤਰਾਂ ਦੇ ਭਿੱਜੇ ਭਿੱਜੇ ਲੱਗੀਏ। ਚੰਗੀ ਬਰਸਾਤ ਹੋ ਗਈ ਸੌਣੀ ਦੀ ਫਸਲ ਘਰ ਆ ਗਈ ਅਤੇ ਕਣਕ ਛੋਲੇ ਜੌਂ ਸਰਸੋਂ ਤਾਰਾ ਮੀਰਾ (ਹਾੜੀ ਦੀ ਫਸਲ) ਬੀਜੀ ਜਾ ਚੁੱਕੀ ਹੈ । ਵੇਹਲ ਅਤੇ ਖੁਸ਼ੀ ਨੇ ਕਤਕ ਦੀ ਕਾਲੀ ਰਾਤ ਨੂੰ ਦੀਵਾਲੀ ਵਰਗੇ ਮੇਲੇ ਵਿਚ ਬਦਲ ਦਿੱਤਾ । ਅੱਗ ਦੀ ਥਾਂ ਦੀਵੇ ਖੜਾਕ ਕਰਨ ਲਈ ਪਟਾਖੇ ਅਤੇ ਖਾਣ ਪੀਣ ਲਈ ਭਾਂਤ-ਸੁਭਾਂਤਾ ਸਮਾਨ ਬਣਨ ਲਗਾ । ਖਾਣ ਪੀਣ ਦਾ ਫਿਕਰ ਨਾ ਹੋਵੇ ਤਾਂ ਫੇਰ ਮਸਤੀ ਦਾ ਹਾਜ਼ਰ ਹੋਣਾਂ ਤਾਂ ਸੁਭਾਵਕ ਹੀ ਹੈ, ਸੋ ਦੀਵਾਲੀ ਇਕ ਮੌਜ ਮਸਤੀ ਦਾ ਮੇਲਾ ਹੋ ਨਿਬੜਿਆ। 
ਅਜ ਵੱਧੀਆ ਸੜਕਾਂ ਅਤੇ ਚੰਗੇ ਆਵਾਜਾਈ ਦੇ ਸਾਧਨ ਰਹਾਇਸ਼ ਲਈ ਵਧੀਆ ਮਕਾਨ ਫੇਰ ਵੀ ਜਦ ਬਰਸਾਤ ਆਉਂਦੀ ਹੈ ਤਾਂ ਖੁਸ਼ਗਵਾਰ ਮੋਸਮ ਦੇ ਨਾਲ ਨਾਲ ਪਰੇਸ਼ਾਨੀਆਂ ਵਿਚ ਵੀ ਵਾਧਾ ਹੁੰਦਾ ਹੈ । ਸਿਆਣਿਆਂ ਦਾ ਅਖਾਣ ਹੈ ਕਿ ਇਕ ਦਿਨ ਦੀ ਮੋਲੇਧਾਰ ਬਰਸਾਤ ਨਾਲੋਂ ਇਕ ਸਾਲ ਦਾ ਸੋਕਾ ਝੱਲਣਾ ਸੌਖਾ ਹੈ । ਕਈ ਦਫਾ ਕਈ-ਕਈ ਦਿਨ ਬਦਲਵਾਈ ਅਤੇ ਕਿਣ-ਮਿਣ ਕਿਣ-ਮਿਣ ਰਹਿਣ ਕਾਰਨ ਹਰ ਪਾਸੇ ਸਲ੍ਹਾਬ ਕਪੜਿਆਂ ਵਿਚੋਂ ਹੱਮਕ, ਮੱਛਰ ਦੀ ਬੁਹਤਾਤ ਕਾਂਬੇ ਨਾਲ ਮਲੇਰੀਆ ਕੌੜੀ ਕੁਨੈਣ ਸੰਘੋਂ ਨਹੀ ਲਿੱਥਦੀ। ਜਿਸ ਬਰਸਾਤ ਨੂੰ ਮੰਨਤਾਂ ਕਰਕੇ ਮੰਗਿਆ ਸੀ ਉਸ ਤੋਂ ਛੁਟਕਾਰਾ ਪਾਉਣ ਨੂੰ ਜੀ ਕਰਦਾ ਹੈ । ਵਰਖਾ ਰੁਤ ਮੁੱਕੀ ਲੋਕਾਂ ਨੇ ਸ਼ੁਕਰ ਕੀਤਾ। ਹੁਣ ਸਮਾਂ ਆ ਗਿਆ ਸਲ੍ਹਾਬ ਕਾਰਨ ਵਿਕਸਤ ਹੋਏ ਬੀਮਾਰੀ ਦੇ ਕਿਟਾਣੂ ਨਸ਼ਟ ਕਰਨ ਦਾ । ਘਰਾਂ ਦੀ ਲੇਪਾ-ਪੋਚੀ ਕਰਨ ਨਾਲ ਬੀਮਾਰੀ ਦੇ ਕਿਟਾਣੂ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਨਾਲ ਬਰਸਾਤ ਦੇ ਪਾਣੀ ਨਾਲ ਥਾਂ-ਥਾਂ ਪਏ ਪਾਣੀ ਦੇ ਦਾਗ ਮਿਟ ਜਾਂਦੇ ਹਨ ,ਸਾਫ ਸੁਥਰਾ ਘਰ ਮਨ ਨੂੰ ਸਕੂਨ ਦਿੰਦਾ ਹੈ। ਬਰਸਾਤ ਦੇ ਦਿਨਾਂ ਵਿਚ , ਗਾਗਰਾਂ ਵਲਟੋਹੀਆਂ ਅਤੇ ਹੋਰ ਪਿੱਤਲ ਦੇ ਭਾਂਡੇ ਜੋ ਸਲ੍ਹਾਬ ਕਾਰਨ ਕਾਲੇ ਪੈ ਜਾਂਦੇ ਹਨ ਉਹਨਾਂ ਨੂੰ ਵੀ ਮਾਂਜ ਬਣਾ ਕੇ ਲਿਸ਼ਕਾ ਲਿਆ ਜਾਂਦਾ ਹੈ। ਸਾਫ ਸਫਾਈ ਕਰਨ ਨਾਲ ਸਾਰਾ ਚੁਗਿਰਦਾ ਸੁਥਰਾ ਲਗਣ ਲੱਗ ਜਾਂਦਾ ਹੈ । ਸਿਆਣੇ ਬਜ਼ੁਰਗ ਆਖਦੇ ਹਨ ਕਿ ਸਫਾਈ ਦਾ ਰੱਬ ਤੋਂ ਬਾਅਦ ਦੂਜਾ ਸਥਾਨ ਹੈ। ਯਾਦ ਹੋਵੇਗਾ ਕਿ ਬੀਮਾਰੀ ਠਮਾਰੀ ਸਮੇਂ ਘਰ ਦੀਆਂ ਸੁਆਣੀਆਂ ਘਰ ਅੰਦਰ ਚੱਪਣੀ ਵਿਚ ਕੋਲਾ ਰਖ ਕੇ ਉਸ ਤੇ ਥੋੜ੍ਹਾ ਘੇ ਪਾਕੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਸਾਰੇ ਘਰ ਵਿਚ ਫਿਰ ਜਾਂਦੀਆਂ ਸਨ।ਪੁਰਾਣੇ ਬਜ਼ੁਰਗਾਂ ਦਾ ਖਿਆਲ ਸੀ ਕਿ ਬਹੁਤ ਸਾਰੇ ਦੀਵਿਆਂ ਵਿਚ ਬਲਿਆ ਤੇਲ ਲੋ ਦੇ ਨਾਲ ਨਾਲ ਵਾਤਾ ਵਰਣ ਨੂੰ ਵੀ ਸ਼ੁਧ ਕਰਦਾ ਹੈ। ਇਹੋ ਜਿਹੀ ਇਕ ਕਹਾਵਤ ਹੈ ਕਿ ਦਿਵਾਲੀ ਵਾਲੇ ਦਿਨ ਤੇਲ ਜ਼ਰੂਰ ਲੂਹਿਆ ਜਾਵੇ ਭਾਵ ਤੇਲ ਵਿਚ ਕੁਝ ਨਾ ਕੁਝ ਪਕਾਇਆ ਜਾਵੇ। ਵਿੱਛੜ ਗਏ ਬਜ਼ੁਰਗਾਂ ਦੀ ਯਾਦ ਵਿਚ ਵੀ ਹਰ ਪ੍ਰਿਵਾਰ ਕਬਰਸਤਾਨ ਵਿਚ ਵੀ ਬਲਦਾ ਦੀਵਾ ਰੱਖ ਆਉਂਦਾ ਹੈ । ਬਸ ਹਰ ਸਾਲ ਕਤਕ ਦੀ ਮਸਿਆ ,ਦੀਵਿਆਂ ਭਰੀ ਇਹ ਕਾਲੀ ਰਾਤ , ਸੁਆਦਲੇ ਭੋਜਨ ਨਵੇਂ ਬਸਤਰ ਅਤੇ ਸਾਫ ਸੁਥਰੇ ਘਰ, ਪਠਾਖਿਆਂ ਦਾ ਸ਼ੌਰ ਇਕ ਮੌਸਮੀ ਮੇਲਾ ਹੀ ਸੀ ਜੋ ਬਾਅਦ ਵਿਚ ਕੁਝ ਮਿਥਿਹਾਸਕ ਗਾਥਾਵਾਂ ਜੁੜਨ ਕਾਰਨ ਇਹ ਪੰਜ ਦਿਨਾਂ ਤਿਉਹਾਰ ਹੋ ਨਿਬੜਿਆ ਹੈ। ਪੂਜਾ ਪਾਠ ਤਿਉਹਾਰ ਦਾ ਜ਼ਰੂਰੀ ਅੰਗ ਹੁੰਦਾ ਹੈ । 
ਕਤਕ ਮਹੀਨੇ ਦੇ ਕ੍ਰਿਸ਼ਨ ਪਖਸ਼ ਦੇ ਤੇਰਾਂ ਦਿਨਾਂ ਤੋਂ ਦੀਵਾਲੀ ਪੂਜਾ ਸ਼ੁਰੂ ਹੋ ਜਾਂਦੀ ਹੈ। ਇਸ ਦਿਨ ਨੂੰ ਧੰਨਵੰਤਰੀ ਤਿਰੋਦਸ਼ੀ ਆਖਦੇ ਹਨ। ਵਿਉਪਾਰੀ ਲੋਕ ਆਪਣੇ ਧੰਨ ਦੇ ਵਾਧੇ ਲਈ ਇਸ ਰਾਤ ਲਕਸ਼ਮੀ ਪੂਜਾ ਕਰਦੇ ਹਨ। ਵਹੀ ਖਾਤਿਆਂ ਨੂੰ ਧੂਫ ਦਿੰਦੇ ਹਨ । ਵਿਆਜ ਵਗੈਰਾ ਜੋੜ ਕੇ ਖਾਤਾ ਨਵਾਂ ਕਰ ਲੈਂਦੇ ਹਨ। ਉਹਨਾਂ ਲਈ ਦੀਵਾਲੀ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ । ਸੋਨੇ ਚਾਂਦੀ ਦੇ ਜ਼ੇਵਰਾਂ ਦੀ ਖਰੀਦ ਨੂੰ ਸ਼ੁਭ ਮੰਨਣ ਕਾਰਨ ਇਸ ਦਿਨ ਜ਼ੇਵਰਾਤ ਦੀਆਂ ਦੁਕਾਨਾਂ ਤੇ ਕਾਫੀ ਭੀੜ ਹੁੰਦੀ ਹੈ ।ਇਸ ਤਰਾਂ ਇਹ ਮੋਸਮੀ ਮੇਲਾ ਵਿਉਪਾਰਕ ਵੀ ਹੋ ਨਿਬੜਿਆ।
ਕਤਕ ਮਹੀਨੇ ਦੇ ਕ੍ਰਿਸ਼ਨ ਪੱਖ ਦਾ ਚੌਦਵਾਂ ਦਿਨ ਛੋਟੀ ਦੀਵਾਲੀ ਜਾਂ ਨਰਕ ਚੌਰਾਦਸੀ ਵਜੋਂ ਮਨਾਇਆ ਜਾਂਦਾ ਹੈ । ਇਸ ਨਾਲ ਜੁੜੀ ਗਾਥਾ ਦਾ ਸਭੰਧ ਦੁਆਪਰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨਾਲ ਹੈ। ਪੁਰਾਣੇ ਗਰੰਥਾਂ ਅਨੁਸਾਰ ਜਿਸ ਇਲਾਕੇ ਨੂੰ ਅੱਜ ਅਸਾਮ ਕਿਹਾ ਜਾਂਦਾ ਹੈ ਉਸ ਇਲਾਕੇ ਵਿਚ ਇਕ ਨਰਕਸੁਰ ਨਾਂਮ ਦਾ ਜਾਬਰ ਰਾਜੇ ਦਾ ਰਾਜ ਸੀ। ਉਸਨੇ ਦੇਵਤਿਆਂ ਰਿਸ਼ੀਆਂ ਮੁਨੀਆਂ ਦੀਆਂ ਵਰਪਰਾਪਤ 16,100 ਬੇਟੀਆਂ ਆਪਣੇ ਹਰਮ ਵਿਚ ਪਾ ਲਈਆਂ ਸਨ। ਨਾਲ ਹੀ ਉਸਨੇ ਸੁਰਲੋਕ ਦੀ ਮਲਕਾ ਅਦਿਤੀ ਦੀਆਂ ਕੀਮਤੀ ਮੁਰਕੀਆਂ ਵੀ ਖੋਹ ਲਿਆਂਦੀਆਂ ਸਨ। ਦੇਵਤਿਆਂ ਨੇ ਤੰਗ ਆ ਕੇ ਵਿਸ਼ਨੂੰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੀ ਸਹਾਇਤਾ ਮੰਗੀ। ਸ਼੍ਰੀ ਕ੍ਰਿਸ਼ਨ ਜੀ ਨੇ ਆਪਣੀ ਪਤਨੀ ਸਤਿਆਭਾਮਾਂ ਨੂੰ ਮਨਾ ਲਿਆ ਕਿ ਉਹ ਨਰਕਸੁਰ ਦੀ ਲੜਾਈ ਵਿਚ ਉਸ ਦੀ ਰਥਵਾਨ ਬਣੇ। ਲੋੜਾਈ ਦੌਰਾਨ ਇਕ ਤੀਰ ਕ੍ਰਿਸ਼ਨ ਜੀ ਦੇ ਲੱਗਣ ਨਾਲ ਉਹ ਮੂਰਛਤ ਹੋ ਗਏ ਤਾਂ ਉਨ੍ਹਾਂ ਦੀ ਪਤਨੀ ਸਤਿਆਭਾਮਾਂ ਨੇ ਧੰਨੁਸ਼ ਸੰਭਾਲ ਕੇ ਨਰਕਸੁਰ ਦਾ ਵੱਧ ਕਰ ਦਿੱਤਾ। ਕ੍ਰਿਸ਼ਨ ਜੀ ਨੇ 16100 ਕੰਨਿਆਵਾਂ ਨੂੰ ਛੁੜਾ ਕੇ ਉਨ੍ਹਾਂ ਨੂੰ ਆਪਣਾ ਨਾਮ ਦਿੰਦਿਆ ਆਖਿਆ ਕਿ ਅੱਜ ਤੋਂ ਤੁਸੀਂ ਮੇਰੀਆਂ ਪਤਨੀਆਂ ਹੋ।( ਕ੍ਰਿਸ਼ਨ ਜੀ ਦਾ ਇਹ ਫੈਸਲਾ ੳਨ੍ਹਾਂ ਦੀ ਭਲਾਈ ਲਈ ਲਿਆ ਲੱਗਦਾ ਹੈ ਕਿ ਜੇ ੳਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਪਤਤ ਸਮਝ ਕੇ ਨਾ ਕਬੂਲਿਆ ਤਾਂ ਉਹ ਆਪਣੇ ਆਪ ਨੂੰ ਲਾਵਾਰਸ ਨਹੀਂ ਸਮਝਣਗੀਆਂ।) ਨਰਕਸੁਰ ਦਾ ਖੂਨ ਆਪਣੇ ਮੱਥੇ ਤੇ ਲਾ ਕੇ ਜਦ ਕ੍ਰਿਸ਼ਨ ਜੀ ਵਾਪਸ ਆਏ ਤਾਂ ਲੋਕਾਂ ਨੇ ਨਰਕਸੁਰ ਤੋਂ ਛੁਟਕਾਰਾ ਮਿਲਣ ਕਰਕੇ ਖੁਸ਼ੀਆਂ ਮਨਾਈਆਂ। 
ਹੁਣ ਇਕ ਰਲਦਾ ਮਿਲਦਾ ਇਤਹਾਸਕ ਪੱਖ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ । ਅਬਦਾਲੀ ਨੇ ਭਾਰਤ’ਤੇ ਹਮਲਾ ਕੀਤਾ ਦੇਸ਼ ਦਿਆਂ ਮੰਦਰਾਂ ਵਿਚੋਂ ਹੀਰੇ ਮੋਤੀ ਸੋਨਾ ਅਤੇ ਨਾਲ ਹੀ ਦੇਸ਼ ਦਾ ਇਸਤ੍ਰੀ ਧੰਨ ਨੋਜਵਾਨ ਬੇਟੀਆਂ ਲੁੱਟ ਕੇ ਜਦ ਵਾਪਸ ਜਾ ਰਿਹਾ ਸੀ ਤਾਂ ਗੁਰੂ ਗੋਬੰਦ ਸਿੰਘ ਜੀ ਦੇ ਸਾਜੇ ਖਾਲਸੇ ਨੇ ਬਹੁਤ ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਉਸ ਤੋਂ ਸਾਰਾ ਮਾਲ ਵੀ ਖੋਹ ਲਿਆ ਅਤੇ ਦੇਸ਼ ਦੀ ਬੇਟੀਆਂ ਨੂੰ ਵੀ ਅਬਦਾਲੀ ਦੀ ਗ੍ਰਿਫਤ ਵਿਚੋਂ ਛੁਡਾ ਲਿਆ। ਕੁਝ ਇਕ ਨੂੰ ਤਾਂ ਮਾਪਿਆਂ ਨੇ ਕਬੂਲ ਲਿਆ, ਜਿਨ੍ਹਾਂ ਨੂੰ ਮਾਪਿਆਂ ਨੇ ਭ੍ਰਿਸ਼ਟ ਹੋਈਆਂ ਸਮਝ ਕੇ ਕਬੂਲਣ ਤੋਂ ਇਨਕਾਰ ਕਰ ਦਿਤਾ ਉਹ ਬੇਟੀਆਂ ਖਾਲਸੇ ਦਾ ਹੀ ਇਕ ਅੰਗ ਬਣ ਗਈਆਂ। ਅਬਦਾਲੀ ਨਾਲ ਹੋਈਆਂ ਝੜਪਾਂ ਵਿਚ ਸ਼ਹੀਦੀਆਂ ਵੀ ਹੋਈਆਂ ਹੋਣਗੀਆਂ। ਇਤਹਾਸ ਦਾ ਇਹ ਸਬਕ ਨਵੀਂ ਪੀੜ੍ਹੀ ਨੂੰ ਪੜਾਉਣਾ ਤਾਂ ਇਕ ਪਾਸੇ ਉਨ੍ਹਾਂ ਸੂਰਵੀਰਾਂ ਦੇ ਵੱਡਮੁੱਲੇ ਕਾਰਨਾਮੇ ਦੀ ਯਾਦ ਵਿਚ ਕੀ ਕਦੇ ਕਿਸੇ ਨੇ ਇਕ ਵੀ ਦੀਵਾ ਬਾਲਿਆ ਹੈ। ਨਹੀਂ ਨਾਂ ! ਉਸ ਦੇ ਉਲਟ ਨਵੰਬਰ 1984 ਵਿਚ ਦਿੱਲੀ ਕਾਨਪੁਰ ਅਤੇ ਹੋਰ ਕਈ ਸ਼ਹਿਰਾਂ ਵਿਚ ਇਕ ਸੋਚੀ ਸਮਝੀ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਦੀ ਜਾਨ ਮਾਲ ਦੀ ਲੁੱਟ ,ਸਿੱਖ ਬੀਬੀਆ ਦੀ ਬੇਪਤੀ ਨੇ ਭਾਰਤ ਵਾਸੀਆਂ ਨੂੰ ਨਾਸੁਕਰਿਆਂ ਦੀ ਕਤਾਰ ਵਿਚ ਖੜ੍ਹਾ ਕਰ ਦਿਤਾ। ਭਾਰਤ ਮਹਾਨ ਦੀ ਸ਼ਵੀ ਕਲੰਕਤ ਹੋ ਗਈ। ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਇਕ ਨਾ ਮਿਟਣ ਵਾਲਾ ਘਾਵ ਲੱਗਾ ਹੈ। 
ਦੀਵਾਲੀ ਦੀ ਰਾਤ ਨਾਲ ਕੁਝ ਮਿਥਹਾਸ ਤੇ ਕੁਝ ਇਤਹਾਸ ਜੁੜਿਆ ਹੋਇਆ ਹੈ । ਪਹਿਲਾਂ ਮਿਥਹਾਸ ਦੀ ਗੱਲ ਕਰਦੇ ਹਾਂ। ਇਕ ਵਿਸ਼ਵਾਸ ਹੈ ਕਿ ਸਮੁੰਦਰ ਮਥਨ ਕਰਨ ਸਮੇਂ ਹੋਰ ਵਸਤੂਆਂ ਨਾਲ ਇਕ ਅਤਿਅੰਤ ਸੁੰਦਰ ਇਸਤਰੀ ਵੀ ਪ੍ਰਗਟ ਹੋਈ ਸੀ। ਉਸਨੂੰ ਵਿਸਨੂੰ ਭਗਵਾਨ ਨੇ ਆਪਣੀ ਅਰਧਾਂਗਣੀ ਬਣਾ ਲਿਆ ਅਤੇ ਉਸ ਦਾ ਨਾਮ ਧੰਨ ਦੇਣ ਵਾਲੀ ਦੇਵੀ ਲੱਛਮੀ ਪ੍ਰਚਲਿਤ ਹੋ ਗਿਆ । ਧੰਨ ਦੀ ਪਰਾਪਤੀ ਲਈ ਦਿਵਾਲੀ ਵਾਲੀ ਰਾਤ ਉਸ ਦੀ ਪੂਜਾ ਕੀਤੀ ਜਾਂਦੀ ਹੈ । ਇਕ ਆਮ ਵਿਸ਼ਵਾਸ ਹੈ ਕਿ ਦੀਵਾਲੀ ਦੀ ਰਾਤ ਨੂੰ ਲਛਮੀ ਦੇਵੀ ਸਾਫ ਸੁਥਰੇ ਅਤੇ ਰੌਸ਼ਨ ਘਰਾਂ ਵਿਚ ਗੇੜਾ ਮਾਰਦੀ ਹੈ । ਸੋ ਘਰਾਂ ਦੀ ਲੇਪਾ ਪੋਚੀ ਕੀਤੀ ਜਾ ਚੁੱਕੀ ਹੈ ਦੀਵੇ ਬਲ ਰਹੇ ਹਨ ਬਸ ਸਾਰੀਆਂ ਖਿੜਕੀਆਂ ਖੋਹਲ ਦਿਤੀਆਂ ਜਾਂਦੀਆਂ ਹਨ ਤਾਂ ਕਿ ਲੱਛਮੀ ਦੇਵੀ ਧੰਨ ਦਾ ਛਟਾ ਦੇ ਜਾਵੇ।
ਦੂਸਰੀ ਮਿਥ ਰਾਮ ਚੰਦਰ ਦੇ ਚੌਦਾਂ ਸਾਲ ਬਨਵਾਸ ਤੋਂ ਪਰਤਣ ਨਾਲ ਜੁੜੀ ਹੋਈ ਹੈ । ਅਯੁਧਿਆ ਪਤੀ ਰਾਜਾ ਦਸ਼ਰਥ ਆਪਣੀ ਰਾਣੀ ਕੇਕੇਈ ਦੇ ਹੱਠ ਅੱਗੇ ਝੁਕ ਗਿਆ। ਨਤੀਜਾ ਰਾਣੀ ਕੁਸ਼ਲਿਆ ਦੀ ਕੁੱਖੋਂ ਰਾਜਾ ਦਸ਼ਰਥ ਦੇ ਵੱਡੇ ਪੁਤ੍ਰ ਰਾਮਚੰਦਰ ਨੂੰ ਰਾਜ ਤਿਲਕ ਦੀ ਥਾਂ ਚੌਦਾਂ ਸਾਲਾਂ ਦਾ ਬਨਵਾਸ। ਰਾਮਚੰਦਰ ਦੀ ਪਤਨੀ ਸੀਤਾ ਨੇ ਪਤੀ ਧਰਮ ਦਾ ਪਾਲਣ ਕਰਦਿਆਂ ਮਹਿਲਾਂ ਦੇ ਐਸ਼ੋ ਆਰਾਮ ਦੀ ਥਾਂ ਬਨਵਾਸ ਦੀ ਚੋਣ ਕੀਤੀ। ਰਾਣੀ ਸੁਮਿਤ੍ਰਾ ਦਾ ਪੁੱਤਰ ਲਛਮਣ ਵੀ ਨਾਲ ਜਾਣ ਲਈ ਬਜ਼ਿਦ ਸੀ । ਬਨਵਾਸ ਦੌਰਾਨ ਲੰਕਾ ਪਤੀ ਰਾਵਣ ਸੀਤਾ ਦਾ ਹਰਣ ਕਰ ਲੈਂਦਾ ਹੈ। ਜੰਗ ਹੁੰਦੀ ਹੈ ਰਾਵਣ ਹਾਰ ਜਾਂਦਾ ਹੈ। ਸੰਸਾਰ ਜਿੱਤਣ ਵਾਲਿਆਂ ਨੂੰ ਪੂਜਦਾ ਆਇਆ ਹੈ। ਸੀਤਾ ਜੀ ਖੁਸ਼ੀ ਨਾਲ ਨਹੀਂ ਸੀ ਗਈ, ਉਸ ਦੇ ਜਿਸਮ’ਤੇ ਉਸ ਦਾ ਕੋਈ ਬਸ ਨਹੀਂ ਸੀ ਪਰ ਉਸ ਦਾ ਮਨ ਹਰ ਵਕਤ ਸ਼੍ਰੀ ਰਾਮ ਨਾਲ ਜੁੜਿਆ ਰਹਿੰਦਾ ਸੀ । ਫੇਰ ਵੀ ਆਪਣੀ ਪਵਿੱਤਰਤਾ ਸਾਬਤ ਕਰਨ ਲਈ ਸੀਤਾ ਜੀ ਨੂੰ ਅਗਨੀ ਪ੍ਰੀਖਿਆ ਦੇਣੀ ਪਈ । ਰਾਮ ਵੱਲੋਂ ਰਾਵਣ ਦਾ ਵੱਧ ਨੇਕੀ ਦੀ ਬਦੀ’ਤੇ ਜਿੱਤ ਮੰਨਦਿਆਂ ਅਤੇ ਰਾਮ ਲਛਮਣ ਅਤੇ ਸੀਤਾ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਆਖਿਆ ਜਾਂਦਾ ਹੈ ਅਯੁਧਿਆ ਨਾਵਾਸੀਆਂ ਨੇ ਦੀਪਮਾਲਾ ਕੀਤੀ, ਜੋ ਅੱਜ ਤਕ ਦਿਪਾਵਲੀ ਦੇ ਰੂਪ ਵਿਚ ਹੋ ਰਹੀ ਹੈ। ਰਾਮਚੰਦਰ ਨੇ ਅਯੁਧਿਆ ਦਾ ਰਾਜ ਕਾਜ ਸੰਭਾਲ ਲਿਆ। ਸਮਾਂ ਅਤੇ ਇਨਸਾਨ ਦੀ ਸੋਚ ਬਦਲਦੀ ਰਹਿੰਦੀ ਹੈ । ਸੀਤਾ ਦੇ ਚਰਿੱਤਰ ਤੇ ਫੇਰ ਉਂਗਲੀ ਉਠਾਈ ਜਾਣ ਲੱਗੀ।(ਆਨੰਦਾ ਕੇ ਕੁਮਾਰਾ ਸੁਆਮੀ ਅਤੇ ਸਿਸਟਰ ਨਿਵਈ ਦਿਤਾ ) ਆਪਣੀ ਕਿਤਾਬ ਮਿਥਸ ਔਫ ਦਾ ਹਿੰਦੂਸ ਅਤੇ ਬੁਧਿਸਟ’ ਵਿਚ ਲਿਖਦੇ ਹਨ ਕਿ ਰਾਮਚੰਦਰ ਨੇ ਲਛਮਣ ਨੂੰ ਸੱਦ ਕੇ ਹੁਕਮ ਦਿੱਤਾ ਕਿ ਕਿਸੇ ਕਿਸਮ ਦਾ ਵਬਾਲ ਖੜਾ ਹੋਣ ਦੀ ਬਜਾਏ ਸੀਤਾ ਜੀ ਨੂੰ ਗੰਗਾ ਦੀ ਯਾਤਰਾ ਦੇ ਬਹਾਨੇ ਲੈ ਜਾਵੇ। ਗੰਗਾ ਦੇ ਦੂਸਰੇ ਪਾਰ ਜਾ ਕੇ ਸੀਤਾ ਨੂੰ ਦਸ ਦੇਵੇ ਕਿ ਉਸ ਦੇ ਪਤੀ ਰਾਮ ਨੇ ਉਸ ਨੂੰ ਤਿਆਗ ਦਿੱਤਾ ਹੈ ।ਅਤੇ ਸੀਤਾ ਨੂੰ ਛੱਡ ਕੇ ਵਾਪਸ ਆ ਜਾਵੇ।ਸੋ ਇਸੇ ਤਰ੍ਹਾਂ ਹੋਇਆ। ਗਰਭਵਤੀ ਸੀਤਾ ਜੀ ਨੇ ਰੁਦਨ ਕੀਤੇ, ਕੁਦਰਤੀ ਵਾਲਮੀਕਿ ਦੇ ਸੇਵਕ ਉਧਰ ਆ ਗਏ, ਜੋ ਸੀਤਾ ਜੀ ਨੂੰ ਵਾਲਮੀਕਿ ਆਸ਼ਰਮ ਵਿਚ ਲੈ ਗਏ। ਆਸ਼ਰਮ ਵਿਚ ਸੀਤਾ ਜੀ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਇਕ ਨੂੰ ਗੁੜ੍ਹਤੀ ਉਂਗਲੀ ਨਾਲ ਦਿੱਤੀ ਗਈ ਜੋ ਲਵੂ ਕਹਿਲਾਇਆ ਅਤੇ ਦੂਸਰੈ ਨੂੰ ਗੁੜ੍ਹਤੀ ਕਿਛਾ ਦੇ ਤੀਲੇ ਨਾਲ ਦਿੱਤੀ ਜੋ ਕਿਛੂ ਵਜੋਂ ਜਾਣਿਆ ਜਾਣ ਲੱਗਾ।
ਰਾਮ ਸੀਤਾ ਲਛਮਣ ਦੇ ਆਉਂਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਸੀ। ਪਰ ਸੀਤਾ ਨੂੰ ਘਰੋਂ ਕੱਢਣ ਲੱਗਿਆਂ ਸ਼ਾਇਦ ਹੀ ਕੋਈ ਅੱਖ ਛਲਕੀ ਹੋਵੇ। ਸ਼ਾਇਦ ਸੱਚਾਈ ਤੋਂ ਕੋਹਾਂ ਦੂਰ ਇਹ ਇਕ ਮਿਥ ਹੀ ਹੋਵੇ ਪਰ ਸਦੀਆਂ ਦੇ ਪ੍ਰਚਾਰ ਕਾਰਨ ਇਸ ਨੂੰ ਸੱਚ ਮੰਨਦਿਆਂ ਇਹ ਕਹਾਣੀ ਵਾਰ-ਵਾਰ ਦੁਹਰਾਈ ਜਾਂਦੀ ਹੈ। ਇੰਦਰਾ ਗਾਂਧੀ ਨੇ ਮੈਨਕਾ ਨੂੰ ਅਤੇ ਇੰਗਲੈਡ ਦੀ ਮਲਿਕਾ ਨੇ ਆਪਣੀ ਨੂੰਹ ਡਾਇਨਾ ਨੂੰ ਘਰੌਂ ਕੱਢ ਦਿੱਤਾ ਸੀ।“ ਯਥਾ ਰਾਜਾ ਤੱਥਾ ਪਰਜਾ “ ਦੇ ਅਖਾਣ ਅਨੁਸਾਰ ਜੇ ਰਾਜੇ ਹੀ ਇਹੋ ਜਿਹੇ ਕੁਕਰਮ ਕਰਨ ਤਾਂ ਪਰਜਾ ਕਿਵੇਂ ਪਿੱਛੇ ਰਹਿ ਸਕਦੀ ਹੈ । ਲੜਕੀਆਂ ਦਹੇਜ ਦੀ ਬਲੀ ਚੜ੍ਹ ਰਹੀਆਂ ਹਨ। ਅੱਜ ਦੇ ਟੇਕਨਾਲੋਜੀ ਦੇ ਯੁੱਗ ਵਿਚ ਗਰਭ ਵਿਚ ਹੀ ਲੜਕੀ ਬਾਰੇ ਪਤਾ ਲੱਗਦਿਆਂ ਹੀ ਉਸ ਨੂੰ ਪਾਰ ਬੁਲਾ ਦਿਤਾ ਜਾਂਦਾ ਹੈ । ਭਰੂਣ ਹੱਤਿਆ ਨੂੰ ਨੇਕੀ ਦੀ ਬਦੀ’ਤੇ ਜਿਤ ਸਮਝਦਿਆਂ ਹੋਇਆਂ ਸਾਡੇ ਧਰਮੀ ਰਾਮ ਖਾਮੌਸ਼ ਸਹਿਮਤੀ ਦੇ ਰਹੇ ਹਨ। ਸਮਾਜ ਦਾ ਆਤਮਕ ਦੀਵਾ ਤਾਂ ਕਦੋਂ ਦਾ ਬੁਝ ਚੁੱਕਿਆ ਹੈ । ਬਸ ਦਿਖਾਵੇ ਦੀ ਦੀਪਮਾਲਾ ਅਤੇ ਪਟਾਖਿਆਂ ਦੇ ਗੰਧਕੀ ਧੂਏਂ ਨਾਲ ਸਭ ਕੁਝ ਮਲੀਆਮੇਟ ਹੋ ਰਿਹਾ ਹੈ ।
ਹਰਮੰਦਰ ਸਾਹਿਬ ਅਮ੍ਰਤਸਰ ਵਿਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਤਕ ਨਿਰਵੈਰ ਸਮਾਜ ਦੀ ਉਸਾਰੀ ਹੋ ਰਹੀ ਸੀ ਉਨ੍ਹਾਂ ਦੀ ਸ਼ਹਾਦਤ ਨੇ ਇਡੀ ਦੈਹਿਸ਼ਤ ਫੈਲਾਈ ਕਿ ਗੁਰੂ ਪ੍ਰੈਮੀ ਚੁੱਪ ਕਰਕੇ ਘਰੋ ਘਰੀਂ ਬੈਠ ਗਏ। ਸਮਾਂ ਆ ਗਿਆ ਸੀ ਕਿ ਨਿਰਵੈਰੁ ਸਮਾਜ ਨੂੰ ਨਿਰਭਉ ਵੀ ਕਰ ਦਿੱਤਾ ਜਾਵੇ ਇਸ ਲਈ ਗੁਰੂ ਹਰਗੋਬੀੰਦ ਜੀ ,ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਹਰਮੰਦਰ ਦੇ ਲਾਗੇ ਹੀ ਅਕਾਲ ਬੁੰਗੇ ਦੀ ਉਸਾਰੀ ਕੀਤੀ ( ਅੱਜ ਕਲ ਉਸ ਦਾ ਨਾਮ ਅਕਾਲ ਤੱਖਤ ਹੈ ) ਏਡਾ ਉਚਾ ਥੜ੍ਹਾ ਬਣਾ ਦੇਣਾ ਅਤੇ ਸੇਵਕਾਂ ਨੂੰ ਹਥਿਆਰਬੰਦ ਕਰਨਾ ਮੁਗਲੀਆਂ ਹਕੂਮਤ ਦੇ ਖਿਲਾਫ ਖੁੱਲ੍ਹੀ ਬਗਾਵਤ ਸੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦਿੱਲੀ ਸਦ ਕੇ ਪੱਜ ਨਾਲ ਗਵਾਲੀਅਰ ਭੇਜ ਦਿੱਤਾ। ਉਸ ਕਿਲ੍ਹੇ ਵਿਚ 52 ਹਿੰਦੂ ਰਾਜੇ ਪਹਿਲਾਂ ਹੀ ਕੈਦ ਕੀਤੇ ਹੋਏ ਸਨ। ਗੁਰੂ ਮਹਾਰਾਜ ਕੋਈ ਡੇਢ ਸਾਲ ਉਸ ਕਿਲੇ ਵਿਚ ਰਹੇ । ਅਤੇ ਜਦ ਬਾਹਰ ਆਏ ਤਾਂ 52 ਹਿੰਦੂ ਰਾਜੇ ਵੀ ਉਹਨਾ ਦੇ ਚੋਲੇ ਦੀਆਂ ਕੰਨੀਆਂ ਫੜ ਕੇ ਰਿਹਾ ਹੋ ਗਏ। ਅਮ੍ਰਤਸਰ ਵਾਪਸ ਆਉਣ’ਤੇ ਖੁਸ਼ੀ ਵਿਚ ਦੀਪ ਮਾਲਾ ਕੀਤੀ ਗਈ ਜੋ ਅੱਜ ਤਕ ਬੜੀ ਸ਼ਾਨ ਸ਼ੌਕਤ ਨਾਲ ਮਨਾਈ ਜਾਂਦੀ ਹੈ। ਦੀਵਾਲੀ ਦੀ ਰਾਤ ਨੂੰ ਅਮ੍ਰਤਸਰ ਦੀ ਆਤਸ਼ਬਾਜ਼ੀ ਸਾਰੇ ਸੰਸਾਰ ਤੇ ਮਸ਼ਹੂਰ ਹੈ ਪਰ ਉਸ ਅਸਥਾਨ ਦੀ ਉਚਤਾ ਨੂੰ ਗ੍ਰਹਿਣ ਲਗ ਰਿਹਾ ਹੈ। ਗੁਰੂ ਮਹਾਰਾਜ ਵੱਲੋਂ ਸਾਜੇ ਅਕਾਲ ਬੁੰਗੇ ਨੂੰ ਅਕਾਲ ਤਖਤ ਦਾ ਨਾ ਦੇ ਕੇ ਉਸ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ ਹੈ । ਸਿੱਖੀ ਦੇ ਬਰਾਬਰਤਾ ਅਤੇ ਸੰਗਤ ਦੇ ਵੱਡਮੁੱਲੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਇਕ ਪੁਰਖੀ ਤਾਕਤ ਕਾਇਮ ਕੀਤੀ ਜਾ ਰਹੀ ਹੈ। ਹੁਕਮ ਸਾਦਰ ਕਰਨ ਵਾਲੇ ਆਪ ਹੀ ਹੁਕਮ ਅਦੂਲੀ ਕਰ ਰਹੇ ਹਨ। ਸਿੱਖ ਬੱਚਿਆਂ ਨੂੰ ਸਿੱਖ ਸਿਧਾਂਤਾਂ ਦੀ ਸੋਝੀ ਦੇਣ ਵਾਲੇ ਖੁਦ ਬ੍ਰਾਹਮਣੀ ਰੀਤਾਂ ਵਿਚ ਉਲਝ ਕਰ ਰਹਿ ਗਏ ਹਨ। 
ਦੀਵਾਲੀ ਤੋਂ ਦੂਜੇ ਦਿਨ ਨੂੰ ਬਾਲੀ ਪਾਰਤਪਦਾ ਦੇ ਨਾਮ ਨਾਲ ਮਨਾਇਆ ਜਾਂਦਾ ਹੈ । ਕਹਾਣੀ ਕੁਝ ਇਸ ਤਰਾਂ ਹੈ ਕਿ ਪਤਾਲਪੁਰੀ ਦਾ ਰਾਜਾ ਬਾਲੀ ਬਹੁਤ ਸ਼ਕਤੀਸ਼ਾਲੀ ਹੋ ਗਿਆ ਉਸਨੇ ਕਈ ਪ੍ਚਲਿਤ ਰਸਮਾਂ ਦਾ ਉਲੰਘਣ ਕੀਤੀ ਤਾਂ ਵਿਸ਼ਨੂੰ ਭਗਵਾਨ ਨੇ ਵਾਮਨ ਅਵਤਾਰ (ਗਿਠਮੁਠੀਆ ਬ੍ਰਾਹਮਣ ) ਦਾ ਰੂਪ ਧਾਰ ਕੇ ਰਾਜਨ ਤੋਂ ਭਿਖਿਆ ਵਜੋਂ ਤਿਨ ਕਦਮ ਜਗ੍ਹਾ ਦੀ ਮੰਗ ਕੀਤੀ । ਬਾਲੀ ਦੀ ਹਾਂ ਤੇ ਵਿਸਨੂੰ ਨੇ ਵਰਾਟ ਰੂਪ ਧਾਰਨ ਕਰਕੇ ਸਮੁਚੀ ਧਰਤੀ ਅਤੇ ਅਕਾਸ਼ ਦੋ ਕਦਮਾਂ ਵਿਚ ਹੀ ਸਮੇਟ ਕੇ ਕਿਹਾ ਰਾਜਨ ਦਸ ਤੀਸਰਾ ਕਦਮ ਕਿਥੇ ਰਖਾਂ ਤਾਂ ਬਾਲੀ ਨੇ ਸਿਰ ਅਗੇ ਕਰ ਦਿਤਾ। ਵਿਸ਼ਨੂੰ ਨੇ ਉਸ ਦੇ ਸਿਰ ਤੇ ਪੈਰ ਰਖ ਕੇ ਉਸ ਨੂੰ ਮੁੜ ਪਤਾਲ ਪੁਰੀ ਵਿਚ ਧਕ ਦਿਤਾ । ਬਾਲੀ ਨੇ ਦਾਨ ਦੇ ਇਵਜ਼ਾਨੇ ਵਿਚ ਵਿਸਨੂੰ ਨੂੰ ਆਪਣਾ ਦਰਬਾਨ ਬਣਾ ਲਿਆ । ਵਿਸ਼ਨੂੰ ਦੇ ਵਿਯੋਗ ਵਿਚ ਲਛਮੀ ਦੇਵੀ ਬੇਹਬਲ ਹੋ ਗਈ ਤਾਂ ਬਰਹਮਾ ਅਤੇ ਸ਼ਿਵ ਨੇ ਜਾ ਕੇ ਰਾਜਾ ਬਾਲੀ ਨੂੰ ਮਨਾਉਣ ਦਾ ਯਤਨ ਕੀਤਾ । ਬਾਲੀ ਨੇ ਵਿਸ਼ਨੂੰ ਨੂੰ ਇਕ ਸ਼ਰਤ ਤੇ ਮੁਕਤ ਕੀਤਾ ਕਿ ਉਹ ਸਾਲ ਵਾਚ ਦੀਵਾਲੀ ਤੋਂ ਦੁਸਰੇ ਦਿਨ ਇਕ ਦਿਨ ਲਈ ਧਰਤੀ ਤੇ ਆਇਆ ਕਰੇਗਾ ਇਹ ਦਿਨ ਉਸ ਯਾਦ ਵਜੌਂ ਮਨਾਇਆ ਜਾਂਦਾ ਹੈ । ਨੈਹਰੂ, ਗਾਂਧੀ ਪਟੇਲ ਵਲੋਂ ਸਿਖ ਆਗੂਆਂ ਨੂੰ ਛਲ ਲੈਣਾ ਤਾਂ ਪੁਰਾਤਨ ਪ੍ਮਪਰਾ ਦਾ ਹੀ ਦੁਹਰਾ ਸੀ । ਆਪਣੀ ਆਜ਼ਾਦੀ ਦਾਨ ਕਰਨ ਦੇ ਬਦਲੇ ਸਿਖ ਕੌਮ ਦੇ ਆਗੂਆਂ ਨੇ ਜਰਾਇਮ ਪੇਸ਼ਾ ਦਾ ਸਰਾਪ ਪਰਾਪਤ ਕੀਤਾ। 
ਪੰਜਵਾਂ ਦਿਨ ਭਾਈ ਦੂਜ ਹੈ। ਇਕ ਵਿਸ਼ਵਾਸ਼ ਅਨਸਾਰ ਸ਼੍ਰੀ ਕ੍ਰਿਸ਼ਨ ਜੀ ਨਰਕਸੁਰ ਨੂੰ ਮਾਰਨ ੳਤੁਪਰੰਤ ਆਪਣੀ ਭੈਣ ਸੁਭਦਰਾਂ ਨੂੰ ਮਿਲਣ ਗਏ ਸੀ। ਉਸ ਨੇ ਆਪਣੇ ਭਰਾ ਦੇ ਤਿਲਕ ਲਾਇਆ ਸੀ ।ਇਸ ਦਿਨ ਭਰਾ ਆਪਣੀਆਂ ਭੈਣਾ ਨੂੰ ਤੋਹਫੇ ਦਿੰਦੇ ਹਨ ਭੈਣਾ ਆਪਣੇ ਭਰਾਵਾਂ ਦੀਆਂ ਸ਼ੁਖਾਂ ਮਨਾਉਂਦੀਆਂ ਹਨ। ਇਸ ਤਰਾਂ ਭੈਣਾ ਅਤੇ ਭਰਾਵਾਂ ਦਾ ਪਿਆਰ ਬਣਿਆ ਰਹਿੰਦਾ ਹੈ । ਭਾਈ ਦੂਜ ਮਨਾਉਣ ਬਗੈਰ ਦਿਵਾਲੀ ਅਧੂਰੀ ਗਿਣੀ ਜਾਂਦੀ ਹੈ।
ਜੈਨ ਮਤ ਵਾਲੇ ਸੰਤ ਮਹਾਂਵੀਰ ਦੇ ਨਿਰਵਾਣ ਪਰਾਪਤ ਕਰਨ ਕਰਕੇ ਦੀਵਾਲੀ ਮਨਾਉਂਦੇ ਹਨ। ਬੰਗਾਲ ਵਿਚ ਦੁਰਗਾ ਪੂਜਾ ਹੁੰਦੀ ਹੈ । 
ਗੱਲ ਦਿਵਾਲੀ ਦੀ ਕਰ ਰਿਹਾ ਸੀ ਭਾਵਨਾ ਦੇ ਹੜ ਅਗੇ ਖੜੋ ਨਹੀਂ ਸਕਿਆ ਪਾਠਕਾਂ ਤੋਂ ਖਿਮਾ ਚਾਹੁੰਦਾ ਹਾਂ। 
2010 ਦੀ ਦਿਵਾਲੀ ਸਭ ਪਾਠਕਾਂ ਨੂੰ ਖੁਸ਼ੀਆਂ ਖੇੜੇ ਵੰਡੇ ਆਪਸੀ ਸਾਂਝ ਵਧੇ ਇਹੀ ਤਮੱਨਾ ਹੈ । ਦੀਵਾਲੀ ਦੀਆਂ ਲਖ ਲਖ ਵਧਾਈਆਂ।


ਕੁਝ ਸ਼ਬਦ ਡਾਕਟਰ ਹਰਭਜਨ ਸਿੰਘ ਦਿਓਲ ਬਾਰੇ..........ਸ਼ਬਦ ਚਿੱਤਰ / ਮੁਹਿੰਦਰ ਸਿੰਘ ਘੱਗ

ਡਾਕਟਰ ਹਰਭਜਨ ਸਿੰਘ ਦਿਓਲ ਨੇ ਆਪਣੇ ਜੀਵਨ ਦਾ ਇਕ ਪਲ ਵੀ ਅਜਾਈਂ ਨਹੀਂ ਜਾਣ ਦਿਤਾ। ਜੀਵਨ ਦੀ ਹਰ ਕਾਮਯਾਬੀ ਨੂੰ ਮੰਜ਼ਲ ਮਨ ਲੈਣ ਦੀ ਬਜਾਏ ਇਕ ਪੜਾ ਸਮਝ ਕੇ ਅਗੇ ਹੀ ਅਗੇ ਤੁਰੇ ਗਏ। ਕਾਲਜ ਅਧਿਆਪਕ ਤੋਂ ਸ਼ੁਰੂ ਹੋੲ ਪਰ ਹੋਰ ਜਾਨਣ ਦੀ ਇਛਾ ਇਡੀ ਪਰਬਲ ਹੋਈ ਕਿ 1965 ਤੋਂ ਲੈ ਕੇ 1972 ਤਕ ਇੰਗਲੈਂਡ ਵਿਚ ਉਚ ਵਿਦਿਆ ਪਰਾਪਤ ਕੀਤੀ, ਟਰੇਡ ਯੂਨੀਅਨ , ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ,ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਦੀ ਸੇਵਾ ਨਿੱਭਾ ਕੇ ਇਕ ਵੇਰ ਫੇਰ ਮੌੜ ਕਟ ਕੇ ਯੂਨੀਵਰਸਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਵਿਚ ਰੀਡਰ ਵਜੋਂ ਸੇਵਾ ਸੰਭਾਲੀ ਅਤੇ ਇਸੇ ਦੌਰਾਨ ਕੌਮੀ ਏਕਤਾ ਚੇਅਰ ਦੇ ਪ੍ਰੋਫੈਸਰ ਅਤੇ ਚੇਅਰ ਮੈਨ ਦੀ ਸੇਵਾ ਨਿੱਭਾ ਕੇ ਰਿਟਾਇਰ ਹੋਣ ਉਪਰੰਤ ਭਾਰਤ ਸਰਕਾਰ ਦੇ ਘਟ ਗਿਣਤੀ ਭਾਸ਼ਾਈ ਕਮਿਸ਼ਨ ਦੇ ਕਮਿਸ਼ਨਰ ਬਣੇ।। ਡਾਕਟਰ ਦਿਓਲ ਗੁਰਬਾਣੀ ਦੇ ਫੁਰਮਾਨ “ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ ਬਹੁਰ ਨਾ ਆਵੈ ਵਾਰੀ” ਨੂੰ ਅਮਲ ਵਿਚ ਲਿਆਉਂਦੇ ਹੋਏ ਆਪਣੇ ਨਾਂ ਨਾਲ ਹੋਰ ਕੀ ਕੀ ਜੋੜਨਗੇ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ। ਮੈਨੂੰ ਉਹਨਾਂ ਦੀ ਪੁਸਤਕ ਤਾਰਿਆਂ ਦਾ ਕਾਫਲਾ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਬੜਾ ਕੁਝ ਸਿਖਣ ਨੂੰ ਮਿਲਿਆ। ਪੁਸਤਕ ਨੂੰ ਕਈ ਵੇਰ ਪੜ੍ਹਨ ਉਪਰੰਤ ਮੈਂ ਡਾਕਟਰ ਸਾਹਿਬ ਦੀ ਲਿਖਣ ਕਲਾ ਬਾਰੇ ਪਾਠਕਾਂ ਨਾਲ ਸਾਂਝ ਪਾਉਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ।



ਤਾਰਿਆਂ ਦਾ ਕਾਫ਼ਲਾ ( ਰੇਖਾ ਚਿੱਤਰ)
ਲੇਖਕ ਹਰਭਜਨ ਸਿੰਘ ਦਿਓਲ
ਸਿ਼ਲਾ ਲੇਖ ਦਿਲੀ-32
ਮੁਲ: 100 ਰੁਪਏ ਪੰਨੇ 104

ਕੋਈ ਸਮਾਂ ਸੀ ਜਦ ਬਾਹਰਲੀ ਦਿਖ ਨੂੰ ਇਨੀ ਮਹਤੱਤਾ ਨਹੀਂ ਸੀ ਦਿਤੀ ਜਾਂਦੀ। ਚੁਗਿਰਦੇ ਵਿਚ ਸਾਦਗੀ ਹੀ ਸਾਦਗੀ ਸੀ। ਬੋਲਾਂ ਵਿਚ ਸਾਦਗੀ, ਸਾਦਾ ਪੋਸ਼ਾਕ ਅਤੇ ਸਾਦੀ ਖੌਰਾਕ। ਪੁਸਤਕਾਂ ਦੀ ਦਿਖ ਵੀ ਦਿਲਕਸ਼ ਨਹੀਂ ਸੀ ਹੁੰਦੀ। ਸਾਦੀ ਜਿਹੀ ਜਿਲਦ ਉਪਰ ਪੁਸਤਕ ਦਾ ਨਾਮ। ਪੁਸਤਕ ਵਿਕਦੀ ਸੀ ਲੇਖਕ ਦੇ ਨਾਮ ਤੇ। ਕੁਝ ਗਿਣਤੀ ਦੇ ਲੇਖਕ ਹੀ ਛੱਪਦੇ ਅਤੇ ਪੜ੍ਹੇ ਜਾਂਦੇ ਸਨ। ਪਛਮੀ ਪ੍ਰਭਾਵ ਨੂੰ ਕਬੂਲਦਿਆਂ ਭਾਰਤੀ ਸਮਾਜ ਵੀ ਬਾਹਰਲੀ ਦਿਖ ਨੂੰ ਪਹਿਲ ਦੇਣ ਲਗ ਪਿਆ ਹੈ। ਗੱਲ ਆਪਾਂ ਸਿਰਫ ਪੁਸਤਕ ਦੀ ਕਰਨੀ ਹੈ। ਅੱਜ ਜਦ ਕੋਈ ਪੁਸਤਕ ਖ੍ਰੀਦਣ ਜਾਂਦਾ ਹੈ ਤਾਂ ਰੰਗ ਬਰੰਗਾ ਕਵਰ ਅਤੇ ਅਲ ਬੱਲਲਾ ਨਾਂ ਖਿਚ ਦਾ ਕਾਰਨ ਬਣਦਾ ਹੈ। ਹਰਭਜਨ ਸਿੰਘ ਦਿਓਲ ਜੀ ਦੀ ਪੁਸਤਕ “ ਤਾਰਿਆਂ ਦਾ ਕਾਫਲਾ” ਸ਼ੈਲਫ ਤੇ ਪਈ ਪੁਸਤਕ ਦਾ ਰੰਗ ਬਰੰਗਾ ਕਵਰ ਖਿਚ ਦਾ ਕਾਰਨ ਬਣਿਆ। ਉਂਗਲੀ ਦੇ ਇਸ਼ਾਰੇ ਨਾਲ ਦੁਕਾਨਦਾਰ ਨੂੰ ਪੁਸਤਕ ਦਿਖਾਉਣ ਲਈ ਕਿਹਾ ਤਾਂ ਪੁਸਤਕ ਨੂੰ ਮੇਰੇ ਤਕ ਪੁੱਜਦਾ ਕਰਦਿਆਂ ਕਰਦਿਆਂ ਦੁਕਾਨਦਾਰ ਵਲੋਂ ਦਿਤੀ ਜਾਣਕਾਰੀ ਤੋਂ ਪਤਾ ਲਗਾ ਕਿ ਤਾਰਿਆਂ ਦਾ ਕਾਫ਼ਲਾ ਰੇਖਾ ਚਿੱਤਰ ਹੈ ਇਸ ਵਿਚ ਕੁਝ ਸ਼ਖਸ਼ੀਅਤਾਂ ਦੀ ਗੱਲ ਹੈ। ਆਕੱਰਸ਼ਕ ਕਵਰ ਅਤੇ ਨਾਮ ਅਤੇ ਦੁਕਾਨਦਾਰ ਵਲੋਂ ਦਿਤੀ ਜਾਣਕਾਰੀ ਪੁਸਤਕ ਖਰੀਦਣ ਦਾ ਕਾਰਨ ਬਣੀ।
ਪੁਸਤਕ ਹਥ ਵਿਚ ਹੈ ਆਰਟ ਅਤੇ ਰੰਗ ਦੇਖ ਰਿਹਾ ਹਾਂ । ਨਾਮ ਲਈ ਵਰਤੇ ਅਖਰਾਂ ਦੀ ਬਣਤਰ ਤੋਂ ਚਲਦੇ ਕਾਫ਼ਲੇ ਦੀ ਹਰਕਤ ਮਹਿਸੂਸ ਹੁੰਦੀ ਹੈ ਪਰ ਤਾਰਿਆਂ ਦੀ ਗੱਲ ਕਰਨ ਤੋਂ ਅਸਮਰਥ ਹੈ। ਤਾਰੇ ਰਾਤ ਰਾਣੀ ਦੀ ਦੇਣ ਹਨ ਅਤੇ ਰਾਤ ਦੇ ਬਦਲਾਂ ਵਿਚ ਸੁਰਖੀ ਨਹੀਂ ਹੁੰਦੀ ਅਤੇ ਪਿਲਤਣ ਤਾਂ ਕਦੇ ਵੀ ਦੇਖਣ ਵਿਚ ਨਹੀਂ ਆਈ। ਪੁਸਤਕ ਦੀ ਭੂਮਕਾ ਪੜ੍ਹਨ ਤੋਂ ਮੈਂ ਹਮੇਸ਼ਾ ਗਰੇਜ਼ ਕਰਦਾ ਹਾਂ ਮੇਰਾ ਵਿਚਾਰ ਹੈ ਕਿ ਭੁਮਕਾ ਮੇਰੀ ਆਜਾ਼ਦ ਸੋਚ ਤੇ ਹਾਵੀ ਰਹੇਗੀ ਜਿਸ ਕਾਰਨ ਮੈਂ ਆਪਣੀ ਨਿਜੀ ਰਾਏ ਦੇਣ ਵਿਚ ਸਫਲ ਨਹੀਂ ਹੋ ਸਕਾਗਾਂ।

ਪਹਿਲਾ ਰੇਖਾ ਚਿਤ੍ਰ ਜਿੰਮੀ ਦਾ ਹੈ ਪਰ ਸਿਰਲੇਖ ਰਿਸਦਾ ਜ਼ਖਮ ਕਹਾਣੀ ਵਰਗਾ ਹੋਣ ਕਾਰਨ ਪੜ੍ਹਨ ਲਈ ਉਤਸਕਤਾ ਵਧੀ। ਇਦਾਂ ਮਹਿਸੂਸ ਹੋਇਆ ਕਿ ਦਿਓਲ ਆਪਣੀ ਗੱਲ ਕਹਿਣ ਲਈ ਵਖਰੀ ਵਿਧੀ ਅਪਨਾਇਗਾ।

ਰਿਸਦਾ ਜਖ਼ਮ
ਜਿੰਮੀ 

ਦਿਓਲ ਜੀ ਨੇ ਬੜੇ ਹੀ ਵਿਸਥਾਰ ਵਿਚ ਜਿੰਮੀ ਦਾ ਕਹਾਣੀ ਨੁਮਾ ਰੇਖਾ ਚਿਤ੍ਰ ਉਲੀਕਿਆ ਹੈ। ਇਸ ਸਾਰੀ ਵਾਰਤਾ ਵਿਚ ਹਰਭਜਨ ਦਿਓਲ ਸਬਦਾਂ ਦੇ ਬੁਰਸ਼ ਨਾਲ ਰੰਗ ਰੂਪ ਬਸਤ੍ਰ ਅਤੇ ਹੋਰ ਬਹੁਤ ਸਾਰੀ ਤਫਸੀਲ ਦਿੰਦਾ ਦਿੰਦਾ ਇਕ ਮੁਲਾਕਾਤੀ ਅਤੇ ਇਕ ਸੂਝਵਾਨ ਪਛਮੀ ਪਰੈਸ ਰਿਪੋਰਟਰ ਵਾਂਗ ਬੜੇ ਹੀ ਸਹਿਜ ਵਿਚ ਖਾਸ ਖਾਸ ਨੁਕਤੇ ਆਪਣੇ ਪਾਤਰ ਦੀ ਜ਼ੁਬਾਨੀ ਉਜਾਗਰ ਕਰਦਾ ਹੈ । ਬੜਾ ਚੰਗਾ ਲਗਾ। ਪਛਮੀ ਪਤ੍ਰਕਾਰੀ ਅਤੇ ਭਾਰਤ ਦੀ ਪਤ੍ਰਕਾਰੀ ਵਿਚ ਇਹੋ ਅੰਤਰ ਹੈ ਕਿ ਪਛਮੀ ਪਤ੍ਰਕਾਰ ਨਿਊਜ਼ ਦਿੰਦਾ ਹੈ ਅਤੇ ਭਾਰਤੀ ਪਤ੍ਰਕਾਰ ਵਿਊਜ਼। ਇਦਾਂ ਕਰਨ ਨਾਲ ਦਿਓਲ ਕਟੜ ਸਮਾਜਵਾਦੀ ਆਲੋਚਕ ਦੀ ਮਾਰ ਤੋਂ ਬਚ ਜਾਂਦਾ ਹੈ । ਦਸ ਸ਼ਬਦਾਂ ਦੇ ਵਾਕ “ ਸਮਾਜਕ ਇਨਕਲਾਬ ਬਾਰੇ ਦਿਮਾਗ ਨਾਲ ਪੜ੍ਹਿਆ ਕਰ ਦਿਲ ਨਾਲ ਨਹੀਂ” ਇਕ ਅਟਲ ਸਚਾਈ ਵਲ ਇਸ਼ਾਰਾ ਹੈ। ਅਗੇ ਜਾ ਕੇ ਜਿੰਮੀ ਇਸ ਕਹੀ ਗੱਲ ਨੂੰ ਨਿਖਾਰਦਾ ਹੋਇਆ ਆਖਦਾ ਹੈ “ ਮੈਂ ਦਿਲ ਨੂੰ ਉਕਾ ਨਜ਼ਰ ਅੰਦਾਜ਼ ਨਹੀਂ ਕਰਦਾ ਪਰ ਮਾਰਕਸਵਾਦ ਨੂੰ ਦਿਮਾਗ ਨਾਲ ਪੜ੍ਹ ਕੇ ਹੀ ਮਾਰਕਸਵਾਦ ਦੀ ਸਿਖਿਆ ਹੈ । ਜਿਹਨਾਂ ਨੇ ਦਿਲ ਨਾਲ ਪੜ੍ਹਿਆ ਉਹ ਭਗੌੜੇ ਬਣ ਗਏ ਜਾਂ ਇਸ ਦੇ ਦਾਰਸ਼ਨਿਕ ਤਰਕ ਨੂੰ ਕਵਿਤਾ ਵਾਂਗ ਸੁਣਕੇ ਵਾਹ ਵਾਹ ਕਰਨ ਉਪਰੰਤ ਇਸ ਨੂੰ ਤੋੜ ਮਰੋੜ ਗਏ ।” ਇਕ ਹੋਰ ਸੋਨੇ ਵਰਗੀ ਸਚਾਈ ਦੀ ਗੱਲ ਦਿਓਲ ਜਿੰਮੀ ਤੋਂ ਕਹਾਂਊੁਦਾ ਹੈ। 
“ਜਿਥੇ ਮਾਰਕਸ ਨੇ ਆਰਥਕ ਤੇ ਦਾਰਸ਼ਨਕ ਦਸਤਾਵੇਜ਼ਾ ਵਿਚ ਪੂੰਜੀਵਾਦ ਤੇ ਕਟਾਖਸ਼ ਕੀਤਾ ਹੈ ਇਸ ਨੇ ਆਦਮੀ ਨੂੰ ਜਾਨਵਰ ਬਣਾ ਦਿਤਾ ਹੈ। ਉਸੇ ਤਰ੍ਹਾਂ ਮਾਰਕਸੀ ਫਿਲਾਸਫੀ ਦੇ ਨਾਮ ਤੇ ਚਲਦੀਆਂ ਸਰਕਾਰਾਂ ਨੇ ਸਮਾਜਵਾਦ ਦਾ ਬੁਰਜਵਾਕਰਨ ਕਰ ਦਿਤਾ ਹੈ।” ਦਿਓਲ ਦੀ ਇਹ ਵਿਧੀ ਨਵੀਂ ਅਤੇ ਸਲਾਹਣਯੋਗ ਹੈ।
ਬਹੁਗਿਣਤੀ ਵਿਚ ਸਾਡੇ ਲੇਖਕ ਆਪ ਖੋਜ ਕਰਨ ਦੀ ਜ਼ਹਿਮਤ ਨਹੀਂ ਕਰਦੇ ਬਸ ਕਿਸੇ ਇਕ ਨਾਮਵਰ ਲੇਖਕ ਦੀ ਲਿਖਤ ਤੇ ਹੀ ਮਖੀ ਤੇ ਮਖੀ ਮਾਰੀ ਜਾਣਗੇ। ਇਸੇ ਕਰਕੇ ਸਮਾਜਵਾਦ ਦਾ ਚਿਤ ਪਿਆ ਪਹਿਲਵਾਨ ਵੀ ਉਹਨਾਂ ਦੀਆਂ ਨਜ਼ਰਾਂ ਵਿਚ ਹਾਲੇ ਵੀ ਜੇਤੂ ਹੈ। “ਜਿੰਮੀ ਦੇ ਉਦ੍ਹਾਰਣ ਦਿੰਦਾ ਰਿਹਾ ਤਾਂ ਇਕ ਮਤਵਾਜ਼ੀ ਕਹਾਣੀ ਬਣ ਜਾਵੇਗੀ ਹੁਣ ਅਗਲੇ ਰੇਖਾ ਚਿਤ੍ਰ ਦੀ ਗੱਲ ਕਰਦੇ ਹਾ

ਗਜ਼ਾਲੀ ਪੁਲਾਂਘ
ਲੂਸੀ ਬਰਾਊਨ

ਲੂਸੀ ਬਰਾਊਨ ਨਾਮ ਦੀ ਸਕਾਟ ਇਸਤ੍ਰੀ ਅਤੇ ਦਿਓਲ ਇਕ ਡਬੇ ਵਿਚ ਸਫਰ ਕਰ ਰਹੇ ਹਨ। ਰੇਲ ਦੇ ਤੁਰਦਿਆਂ ਹੀ ਮਾਮੂਲੀ ਜਾਣਕਾਰੀ ਲਈ ਤੁਰੀ ਗੱਲ-ਬਾਤ ਰੇਲ ਦੀ ਰਫਤਾਰ ਦੇ ਨਾਲ ਨਾਲ ਤੇਜ਼ ਵੀ ਹੁੰਦੀ ਗਈ। ਜਾ਼ਤੀ ਜਾਣਕਾਰੀ ਦੀ ਹਦੂਦਬੰਦੀ ਤੋਂ ਪਾਰ ਹੋ ਕੇ ਗਲ ਬਾਤ ਸਭਿਆਚਾਰ ਦੇ ਘੇਰੇ ਵਿਚ ਆਂਉਂਦਿਆਂ ਹੀ ਦਿਓਲ ਇਕ ਪਤ੍ਰਕਾਰ ਬਣ ਜਾਂਦਾ ਹੈ ਲੁਸੀ ਬਰਾਉਨ ਦੀ ਜ਼ੁਬਾਨੀ ਉਹ ਇੰਗਲਸ਼ ਅਤੇ ਸਕਾਟ ਲੋਕਾਂ ਦੇ ਵਿਓਹਾਰ ਨੂੰ ਦਰਸਾਉਂਦਾ ਹੈ ( ਮਨੁੱਖੀ ਰਿਸ਼ਤੇ ਨੂੰ ਅਸੀਂ ਸਕਾਟਿਸ਼ ਲੋਕ ਬਹੁਤ ਮਹਾਨਤਾ ਦਿੰਦੇ ਹਾਂ ਅਤੇ ਇੰਗਲਸ਼ ਲੋਕਾਂ ਵਾਂਗ ਅਸੀਂ ਸੌੜੇ ਭਾਵ ਨਹੀਂ ਰਖਦੇ ) ਇਸ ਤੋਂ ਅਗੇ ਦਿਓਲ ਪੰਜਾਬੀ ਅਤੇ ਸਕਾਟਿਸ਼ ਦੀ ਆਪਸੀ ਸਮਾਨਤਾ ਦੀ ਗੱਲ ਕਰਦਾ ਹੈ “ ਸਕਾਟਿਸ਼ ਸੁਭਾਅ ਬਾਰੇ ਮੇਂ ਸੁਣਿਆ ਹੀ ਸੀ ਅਤੇ ਅੱਜ ਵੇਖ ਰਿਹਾ ਸਾਂ। ਇਨਾਂ ਦਾ ਸੁਭਾਅ ਪੰਜਾਬੀਆਂ ਵਰਗਾ ਹੁੰਦਾ ਹੈ ਜਾਂ ਖੁਲ੍ਹਦੇ ਨਹੀਂ ਖੁਲ੍ਹ ਜਾਣ ਤੇ ਸਭ ਨਿਛਾਵਰ ਕਰ ਦਿੰਦੇ ਹਨ” ਦਿਓਲ ਨੇ ਬੜੀ ਹੀ ਖੂਬਸੂਰਤੀ ਨਾਲ ਤਿੰਨ ਕਲਚਰ’ਸ ਦਾ ਮੁਕਾਬਲਾ ਕਰ ਦਿਤਾ। ਰਾਜਨੀਤੀ ਦੀ ਗੱਲ ਚਲੀ ਤਾ ਕੋਈ ਨਾਅਰੇ ਬਾਜ਼ੀ ਨਹੀ ਬੜੇ ਹੀ ਸਾਦੇ ਜਿਹੇ ਸ਼ਬਦਾਂ ਵਿਚ ਭਾਰਤ ਦੇਸ਼ ਦੀ ਰਾਜਨੀਤੀ ਦੀ ਤਸਵੀਰ ਪੇਸ਼ ਕਰਦਾ ਦਿਓਲ ਆਖਦਾ ਹੈ “ ਮੇਰੇ ਦੇਸ਼ ਦੀ ਰਾਜਨੀਤੀ ਵੀ ਕਿੱਤਾ ਬਣ ਚੁੱਕਾ ਹੈ। ਹੁਣ ਪੜ੍ਹਨ ਵਾਲਿਆਂ ਲਈ ਇਸ ਵਿਚ ਕੋਈ ਥ੍ਹਾਂ ਨਹੀਂ। ਵਿਹਲੇ , ਪੁਜਾਰੀ ਅਨਪੜ੍ਹ , ਕੁੱਰਪਟ ਲੋਕ ਇਸ ਵਿਚ ਅੱਗੇ ਹਨ “ 

ਅਗੇ ਚਲ ਕੇ ਦਿਓਲ ਪੰਜਾਬੀ ਕਲਚਰ ਦੀ ਪਿਠਪੂਰਤੀ ਕਰਦਾ ਨਜ਼ਰ ਆਉਂਦਾ ਹੈ। ਗਡੀ ਮਜ਼ਲ ਤੇ ਪੁਜਦੀ ਹੈ ਲੂਸੀ ਬਰਾਊਨ ਆਪਣੇ ਪਤੀ ਵਲ ਨੂੰ ਹਰਨੀ ਵਾਂਗ ਛਾਲਾਂ ਮਾਰਦੀ ਜਾਂਦੀ ਹੈ, ਗਲੇ ਮਿਲਦੀ ਹੈ ਇਕ ਦੂਜੇ ਨੂੰ ਚੁੰਮਣ ਦਿੰਦੇ ਹਨ ਸਾਡੇ ਪੁਰਾਤਨ ਸੰਗਾਊ ਕਲਚਰ ਵਿਚ ਇਹ ਮੁਮਕਨ ਨਹੀਂ ਸੀ। 
ਇਸ ਸਫਰ ਦਾ ਸਾਰ ਅੰਸ ਹੈ ਕਿ ਇਕ ਦੂਜੇ ਨੂੰ ਸਮਝਣ ਨਾਲ ਪਿਆਰ ਅਤੇ ਨਾ-ਸਮਝਣ ਕਾਰਨ ਨਫਰਤ ਪੈਦਾ ਹੁੰਦੀ ਹੈ 

ਪਛਮੀ ਦਿਲ ਪੂਰਬੀ ਧੜਕਣ
ਜਾਨ ਹੁਚਸਨ 

ਜਾਨ ਹੁਚਨਸਨ “ ਪਛਮੀ ਦਿਲ ਪੂਰਬੀ ਧੜਕਣ “ ਬਾਰੇ ਜਾਨਣ ਲਈ ਇਹ ਰੇਖਾ ਚਿਤ੍ਰ ਕਈ ਦਫਾ ਪੜ੍ਹਨ ਉੁਪਰੰਤ ਮੇਰੇ ਪਲੇ ਕੁਝ ਇਸ ਤਰ੍ਹਾਂ ਪਿਆ ਕਿ ਜਾਨ ਹੁਚਸਨ ਦਾ ਮਾਰਕਸੀ ਵਿਚਾਰ ਪੂਰਬ ਦੇ ਲੇਖਕਾਂ ਵਾਂਗ ਜਨੂੰਨ ਦੀ ਹਦ ਤਕ ਸੀ। ਧਾਰਮਕ ਜਨੂੰਨੀਆਂ ਅਤੇ ਮਾਰਕਸੀ ਜਨੂੰਨੀਆਂ ਵਿਚ ਇਕ ਸਾਂਝ ਹੈ ਕਿ ਉਹ” ਬੋਲਤ ਬੋਲਤ ਵੱਧੇ ਵਿਕਾਰ” ਦੇ ਫੁਰਮਾਨ ਤੇ ਮੋਹਰ ਲਾ ਦਿੰਦੇ ਹਨ। ਉਹਨਾਂ ਦੀ ਗੱਲ ਮਾਰਕਸ ਤੋਂ ਸ਼ੁਰੂ ਹੁੰਦੀ ਹੈ ਅਤੇ ਮਾਰਕਸ ਤੇ ਹੀ ਖਤਮ ਹੋ ਜਾਂਦੀ ਹੈ। ਇਸੇ ਕਰਕੇ ਉਹਨਾਂ ਦੀ ਸੋਚਣ ਸ਼ਕਤੀ ਇਕ ਸੀਮਾ ਵਿਚ ਸਿਮਟ ਕੇ ਰਹਿ ਜਾਂਦੀ ਹੈ। ਇਕ ਅਟਲ ਸਚਾਈ (ਅਦਰਸ਼ਵਾਦ ਕਿਸੇ ਹੱਦ ਤਕ ਹੋਵੇ ਤਾਂ ਠੀਕ ਰਹਿੰਦਾ ਹੈ , ਜਦੋਂ ਨਿਰਾ ਆਦਰਸ਼ਵਾਦ ਨਿਰੋਲ ਹੋ ਜਾਵੇ ਤਾਂ ਔਖਾ ਹੋ ਜਾਂਦਾ ਹੈ ) ਦਾ ਸਹਿਜ ਸੁਭਾ ਕੀਤਾ ਜਿ਼ਕਰ ਚੰਗਾ ਲਗਾ।

ਨਾਸੂਰ ਉਪਰ ਨਸ਼ਤਰ
ਡਾਕਟਰ ਰੇ ਆਸਬਰਨ

ਡਾਕਟਰ ਰੇ ਆਸਬਰਨ ਅਤੇ ਉਸਦੀ ਬੰਗਾਲੀ ਸਹੇਲੀ ਨਾਜ਼ਨੀਨ ਦੇ ਜਿਕਰ ਨਾਲ ਬੰਗਲਾ ਦੇਸ਼ ਦੀ ਉਸਾਰੀ ਦੀ ਵੀ ਗੱਲ ਚਲਦੀ ਹੈ। ਦੂਸਰੀ ਵਡੀ ਲੜਾਈ ਕਾਰਨ ਸਲਾਈਡ ਐਂਡ ਲੈਡਰ ਦੀ ਖੇਲ ਵਾਂਗ ਲੈਡਰ ਤੋਂ ਪੈਰ ਉੁਖੜਨ ਕਾਰਨ ਬਰਿਟਸ਼ ਸਰਕਾਰ ਸਿਖਰੋਂ ਤਿਲਕ ਕੇ ਧਰਤੀ ਤੇ ਪੁਜ ਗਈ ਸੀ। ਜਰਮਨ, ਫਰਾਂਸ ਅਤੇ ਬ੍ਰਿਟਨ ਦੇ ਕਮਜ਼ੋਰ ਹੋਣ ਨਾਲ ਰੂਸ ਅਤੇ ਚੀਨ ਆਪਣੀ ਸ਼ਕਤੀ ਵਧਾਉਣ ਦੇ ਆਹਰ ਵਿਚ ਜੁਟ ਗਏ ਰੂਸ ਨੇ ਕਈ ਛੋਟੇ ਛੋਟੇ ਮੁਲਕਾਂ ਨੂੰ ਧਕੇ ਨਾਲ ਆਪਣੇ ਅਧੀਨ ਕਰ ਲਿਆ ਚੀਨ ਨੇ ਤਿੱਬਤ ਵਿਚ ਫੌਜ ਭੇਜ ਦਿਤੀ ਅਤੇ ਭਾਰਤ ਦੇ ਇਲਾਕੇ ਹਥਿਆਉਣ ਲਈ ਵੀ ਹਿੰਦੀ ਚੀਨੀ ਭਾਈ ਭਾਈ ਦਾ ਨਾਹਰਾ ਦੇਣ ਵਾਲੇ ਨੈਹਰੂ ਐਂਡ ਕੰਪਨੀ ਦੇ ਵਖੀ ਵਿਚ ਛੁਰਾ ਮਾਰਿਆ। ਹਿਮਾਲੀਆ ਦੀਆਂ ਚੋਟੀਆਂ ਦੀ ਕਠਨਾਈ ਕਾਰਨ ਚੀਨ ਸਪਲਾਈ ਲਾਈਨ ਕਾਇਮ ਨਾ ਰਖ ਸਕਿਆ ਜਿਸ ਕਾਰਨ ਉਸਨੂੰ ਪਿਛੇ ਹੱਟਣਾ ਪਿਆ। ਚੀਨ ਨੇ ਸਬਕ ਸਿਖਦਿਆਂ ਛੋਟੇ ਛੋਟੇ ਮੁਲਕਾਂ ਵਿਚ ਅਰਾਜਕਤਾ ਫੈਲਾਉਣ ਲਈ ਮਾਓਵਾਦੀ ਤਾਕਤਾਂ ਨੂੰ ਹਥਿਆਰਬੰਦ ਕਰਨਾ ਸ਼ੁਰੂ ਕੀਤਾ । ਪੂਰਬੀ ਬੰਗਾਲ ਵਿਚ ਮੌਲਾਨਾ ਭਾਸ਼ਾਨੀ ਚੀਨੀ ਸਹਾਇਤਾ ਨਾਲ ਸਮਾਜਵਾਦ ਦਾ ਸੁਪਨਾ ਲੈ ਰਿਹਾ ਸੀ । ਉਸ ਦੀ ਰੋਕ ਥਾਂਮ ਲਈ ਆਈ ਪਾਕਸਤਾਨੀ ਫੋਜ ਨੇ ਆਪਣੇ ਦੁਰਵਿਵਹਾਰ ਨਾਲ ਜਲਦੀ ਤੇ ਤੇਲ ਪਾਇਆ ,ਬੰਗਾਲੀ ਉਪਰਾਮ ਹੋ ਕੇ ਆਪਣੇ ਸੁਪਨਿਆਂ ਦੇ ਦੇਸ ਪਾਕਸਤਾਨ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋ ਗਏ । ਵਡੀ ਗਿਣਤੀ ਵਿਚ ਸ਼ਰਨਾਰਥੀਆਂ ਦੇ ਭਾਰਤ ਵਿਚ ਦਾਖਲ ਹੋਣ ਨਾਲ ਭਾਰਤ ਵਿਚ ਵੀ ਹਾਲਾਤ ਬਿਗੜੇ। ਆਸਾਮੀਆਂ ਦੇ ਤਸੱਦਦੀ ਵਿਓਹਾਰ ਨੇ ਬੰਗਾਲੀ ਸ਼ਰਨਾਰਥੀਆਂ ਦੀ ਹਾਲਤ ਆਸਾਮਾਨ ਸੇ ਗਿਰਾ ਖਜੂਰ ਮੇਂ ਅਟਕਾ ਵਰਗੀ ਕਰ ਦਿਤੀ। ਚੀਨ ਦੇ ਵੱਧਦੇ ਰਸੂਖ ਨੂੰ ਰੋਕਣ ਲਈ ਅਤੇ ਪਾਕਸਤਾਨ ਨੂੰ ਕਮਜ਼ੋਰ ਕਰਨ ਲਈ ਭਾਰਤੀ ਫੌਂਜਾਂ ਨੇ ਸਿਧੀ ਦਖਲਅੰਦਾਜ਼ੀ ਕੀਤੀ ਤਾਂ ਬੰਗਲਾ ਦੇਸ਼ ਹੋਂਦ ਵਿਚ ਆ ਗਿਆ। ਅਗਰ ਇਦਾਂ ਨਾ ਹੁੰਦਾ ਤਾਂ ਪਤਾ ਨਹੀਂ ਕਿਨਾ ਚਿਰ ਪਾਕਸਤਾਨੀ ਫੌਜਾਂ ਅਤੇ ਮਾਓਵਾਦੀ ਸੋਚ ਰਖਣ ਵਾਲਿਆਂ ਦੇ ਸਿੰਗ ਫਸੇ ਰਹਿਣੇ ਸਨ। ਬੰਗਲਾ ਦੇਸ਼ ਅਤੇ ਇਜ਼ਰਾਈਲ ਦੀ ਬਣਤਰ ਵਿਚ ਇਕ ਸਾਂਝ ਹੈ ਕਿਸੇ ਬੈਰੂਨੀ ਤਾਕਤਵਰ ਦੇਸ਼ ਦਾ ਸਿਧਾ ਦਖਲ। ਇਸ ਤੋਂ ਅਗੇ ਮੈਂ ਕੀ ਕਹਿਣਾ ਚਾਹੂੰਦਾ ਹਾਂ ਪਾਠਕ ਖੁਦ ਅੰਦਾਜ਼ਾ ਲਗਾ ਸਕਦੇ ਹਨ।
ਖਾਂਦੇ ਪੀਂਦੇ ਘਰਾਣੇ ਦਾ ਨੌਜਵਾਨ ਰੇ ਆਸਬਰਨ ਉਸ ਸਮੇਂ ਦੇ ਰਹਿਜਾਨ ਨੂੰ ਕਬੂਲਦਾ ਹੋੲਆਿ ਬਹੁਤ ਸਾਰੇ ਨੋਜਵਾਨਾਂ ਦੀ ਤਰ੍ਹਾਂ ਮਾਰਕਸੀ ਵਿਚਾਰਧਾਰਾ ਤੋਂ ਪ੍ਰਭਾਵਤ ਹੁੰਦਾ ਹੈ। ਕਮਿਊਨਸਟ ਸਟਡੀ ਸਰਕਲ ਦੇ ਘੇਰੇ ਵਿਚ ਆ ਕੇ ਭਾਰਤ ਵਿਚ ਵੀ ਚੁਪ ਚੁਪ ਰਹਿਣ ਵਾਲੇ ਸੰਗਾਊ ਬੰਦੇ ਵਡੀਆਂ ਵਡੀਆਂ ਤਕਰੀਰਾਂ ਕਰਨ ਲੱਗ ਪਏ ਸਨ। ਰੇ ਆਸਬਰਨ ਤਾਂ ਉਚ ਕੋਟੀ ਦੀ ਯੂਨੀਵਰਸਟੀ ਵਿਚ ਤਾਲੀਮ ਹਾਸਲ ਕਰ ਰਿਹਾ ਸੀ ਉਹ ਸ਼ਬਦਾਂ ਦਾ ਜਾਦੂਗਰ ਸੀ ਬਾਦਲੀਲ ਸ਼ਬਦਾ ਦਾ ਗੁਲਦਸਤਾ ਪੇਸ਼ ਕਰ ਸਕਦਾ ਸੀ। ਜਦ ਆਪਣੇ ਕਾਲਜ ਦੇ ਸਮੇਂ ਵਲ ਧਿਆਨ ਮਾਰਦਾ ਤਾਂ ਅਸੀਂ ਵੀ ਇਹੋ ਕੁਝ ਕਰਦੇ ਸੀ ਪਰਾਪਤੀ ਘੱਟ ਬਸ ਤਕਰੀਰਾਂ ਹੀ ਤਕਰੀਰਾਂ। ਰੇ ਆਸਬਰਨ ਨੂੰ ਸਮਾਜਕ ਅਤੇ ਰਾਜਨੀਤਕ ਬੀਮਾਰੀ ਦੀ ਸਮਝ ਸੀ ਪਰ ਨਸ਼ਤਰ ਸਿਰਫ ਸ਼ਬਦਾਂ ਦੀ ਸੀ ਮੇਰੀ ਜਾਚੇ ਇਸ ਰੇਖਾ ਚਿਤਰ ਦਾ ਨਾਂ ਨਾਸੂਰ ਉਪਰ ਸ਼ਬਦਾਂ ਦੀ ਨਸ਼ਤਰ ਜਿਆਦਾ ਢੁਕਮਾਂ ਹੋਵਿਗਾ। ਮੇਰੀ ਦਲੀਲ ਦੀ ਪੁਸ਼ਟੀ ਰੇ ਆਸਬਰਨ ਦੇ ਸ਼ਬਦ ਕਰਦੇ ਹਨ।
“ਰੇ ਆਸਬਰਨ ਆਸ ਬਨ੍ਹਾਉਂਦਾ ਕਿ ਲੋਕ ਜਦੋਂ ਆਪਸੀ ਦਵੰਦ ਦੀਆਂ ਦੀਵਾਰਾਂ ਉਲੰਘ ਕੇ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਸ਼ਕਤੀ ਨਾਲ ਭਵਿਖ ਨਿਰਮਾਣ ਦੇ ਯੋਗ ਹੋ ਜਾਣਗੇ, ਉਸ ਸਮੇਂ ਮਾਨਵੀ ਕਲਿਆਣ ਦੀ ਸਥਿਤੀ ਬਣ ਸਕੇਗੀ ਪਰੰਤੂ ਪ੍ਰਤੀਕ੍ਰਿਆਵਾਦੀ ਅਤੇ ਸਮਾਜਕ ਸਤਹ ਉਪਰ ਜੰਮੀਆਂ ਸਦੀਆਂ ਦੀਆਂ ਧਾਰਾਵਾਂ ਇਸ ਲਈ ਰੁਕਾਵਟ ਬਣਨਗੀਆ “ਰੇ ਆਸਬਰਨ ਮਾਰਕਸਵਾਦ ਨੂੰ ਇਲਾਹੀ ਹੁਕਮ ਵਾਂਗ ਮੰਨਦਾ ਤਾਂ ਹੈ ਪਰ ਨਾਲ ਹੀ ਜੇ ਜਕ ਦਾ ਸਿ਼ਕਾਰ ਵੀ ਹੈ” ਜੋ ਕੁਝ ਸੋਚ ਰਹੇ ਹਾਂ , ਕਰ ਰਹੇ ਹਾ ਜਾਂ ਫਿਰ ਸਮਾਜ ਵਿਚ ਜੋ ਵਾਪਰ ਰਿਹਾ ਹੈ ਜਾਂ ਵਰਤ ਰਿਹਾ ਹੈ ਕੀ ਇਹ ਸਭ ਕੁਝ ਦਰੁਸਤ ਹੈ ? ਅਸੀਂ ਕੀ ਕਰੀਏ………………ਕੀ ਇਤਹਾਸ ਨੂੰ ਅੱਗੇ ਤੋਰਨ ਲਈ ਢੁੱਡ ਮਾਰਨੀ ਪਵੇਗੀ ਜਾਂ ਇਹ ਆਪਣੀ ਧੀਮੀ ਤੋਰ ਤੁਰਿਆ ਜਾਵੇਗਾ? ਮੈਂ ਉਦਾਸ ਹੋ ਜਾਂਦਾ ਹਾਂ। “ ਮਾਰਕਸ ਵਾਦ ਇਕ ਨਵੀਂ ਫਿਲਾਸਫੀ ਸੀ ਖੜੋਤ ਵਿਚ ਆਏ ਸਮਾਜ ਲਈ ਇਕ ਨਵੀਂ ਦਿਸ਼ਾ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਈ। ਮਾਰਕਸਵਾਦੀ ਸੋਚ ਵਾਲਿਆਂ ਨੇ ਬਾਕੀ ਸਾਰਿਆਂ ਤੇ ਰੂੜੀ ਵਾਦੀ ਅਤੇ ਪਿਛ੍ਹਾਂ ਖਿਚੂ ਦਾ ਲੇਬਲ ਲਾ ਦਿਤਾ। ਮਾਰਕਸਵਾਦ ਜਾਂ ਪ੍ਰਗਤੀ ਵਾਦ ਸਰਮਾਏਦਾਰ ਦੇ ਇਕ ਝਟਕੇ ਨਾਲ 70 ਸਾਲ ਦੇ ਅੰਦਰ ਅੰਦਰ ਹੀ ਖੇਰੂੰ ਖੇਰੂੰ ਹੋਣਾ ਸ਼ੁਰੂ ਹੋ ਗਿਆ। ਸਰਮਾਏਦਾਰ ਨੇ ਅੰਦਰ ਗਤੀ ਆਗੂ ਖਰੀਦ ਲਏ ਮੀਡੀਆ ਖਰੀਦ ਲਿਆ। ਦਿਓਲ ਨੇ ਰੇ ਆਸਬਰਨ ਵਲੌ ਮਾਰਕਸਵਾਦ ਦੇ ਨਿਘਾਰ ਬਾਰੇ ਜੋ ਦਲੀਲ ਦਿਤੀ ਹੈ ਉਸ ਤੇ ਸੋਚ ਵਿਚਾਰ ਹੋਣੀ ਚਾਹੀਦੀ ਹੈ ਪਰ ਕਰੇਗਾ ਕੌਣ । ਸਾਰੇ ਸੰਸਾਰ ਤੇ ਕੁਝ ਇਕ ਨੂੰ ਛਡ ਕੇ ਹਰ ਬੁਧੀਜੀਵ ਗੱਲ ਵਿਚ ਫੌਰ ਸੇਲ ਦਾ ਫਟਾ ਪਾਈ ਖੜਾ ਹੈ। 

ਗੋਰੇ ਬਦਨ ਤੇ ਕਾਲਾ ਤਿਲ
ਲੌਰੀ ਬਲੂਅਰਟ

ਪਹਿਲੇ ਪਹਿਰੇ ਦੀ ਆਖਰੀ ਲਾਈਨ “ ਤੇ ਅਸੀਂ ਕਾਫੀ ਸ਼ਾਪ ਵਿਚ ਕਾਫੀ ਦੀ ਤੇ ਸੈਂਡਵਿੱਚ ਦੀ ਉਡੀਕ ਵਿਚ ਆਸਣ ਗ੍ਰਹਿਣ ਕਰ ਲਿਆ” ਆਸਣ ਸ਼ਬਦ ਬਹੁਪਖੀ ਹੈ । ਯੋਗ ਵਿਚ ਕਈ ਤਰਾਂ ਦੇ ਆਸਣ ਹਨ। ਇਸੇ ਤਰਾਂ ਕਾਮਸ਼ਾਸਤਰ ਵੀ ਵਖ ਵਖ ਆਸਣਾ ਦੀ ਗੱਲ ਕਰਦਾ ਹੈ। ਗੂਰੂ ਆਪਣੇ ਚੇਲਿਆਂ ਨੂੰ ਆਦੇਸ਼ ਦਿੰਦਾ ਹੈ ਅਪਨੇ ਅਪਨੇ ਆਸਣ ਗ੍ਰਹਿਣ ਕਰ ਲਓ ਭਾਵ ਨਿਸਚਤ ਅਸਥਾਨ ਮਲ ਲਓ ਇਥੇ ਥ੍ਹਾਂ ਨਿਸਚਤ ਨਹੀਂ ਇਸ ਲਈ ਆਸਣ ਸ਼ਬਦ ਰੜਕਦਾ ਹੈ। ਮੇਰੇ ਵਿਚਾਰ ਮੁਤਾਬਕ ਕੁਝ ਇਸ ਤਰ੍ਹਾਂ ਲਿਖਣਾ ਚਾਹੀਦਾ ਸੀ” ਤੇ ਅਸੀਂ ਕਾਫੀ ਅਤੇ ਸੈਂਡਵਿਚ ਦਾ ਆਰਡਰ ਕਰਕੇ ਇਕ ਨਿਵੇਕਲੀ ਥ੍ਹਾਂ ਜਾ ਬੈਠੇ।
“ਲੋਰੀ ਬਲੂਅਰਟ ਦੀ ਜ਼ੁਬਾਨੀ ਈਸਟ ਅਫਰੀਕਾ ਵਿਚ ਰਹਿੰਦੇ ਭਾਰਤੀਆਂ ਦੀ ਆਲੋਚਨਾ ਅਤੇ ਸਿਟੇ ਵਜੋਂ ਈਦੀ ਆਮੀਨ ਦਾਂ ਭਾਰਤੀਆਂ ਪਖੀ ਵਿਵਹਾਰ “ਆਪ ਬਾਹਰ ਰਹਿ ਕੇ ਆਪਣੇ ਪਾਤਰ ਰਾਹੀ ਸਚਾਈ ਪ੍ਰਗਟ ਕਰਨ ਨਾਲ ਦਿਓਲ ਇਕ ਨਵੀਂ ਪਿਰਤ ਪਾਉਂਦਾ ਹੈ। ਅਗੇ ਚਲ ਕੇ ਬਲੂਅਰਟ ਦੀ ਸਦੀ ਪਾਰਟੀ ਵਿਚ ਗੋਰੇ ਕਾਲੇ, ਪਾਕਸਤਾਨੀ ਜਮੀਕਨ ਕਠੇ ਹੋਕੇ ਰੰਗ, ਧਰਮ, ਜ਼ਾਤ ਨੂੰ ਅਖੋਂ ਪਰੋਖੇ ਕਰਕੇ ਨਚਦੇ ਗਾੳਂਦੇ ਹਨ ਤਾਂ ਅਨੇਕਤਾ ਵਿਚ ਕੁਦਰਤ ਰਾਣੀ ਵਰਗੀ ਏਕਤਾ ਅਨੰਦ ਮਈ ਸਮਾਂ ਪਰਦਾਨ ਕਰਦੀ ਹੈ “ ਉਥੇ ਇਹ ਵਿਚਾਰ ਵੀ ਖੁਲ ਕੇ ਸਾਹਮਣੇ ਆਇਆ ਕਿ ਰੰਗ ਜਾਂ ਚਮੜੀ ਦੇ ਰੰਗ ਤੇ ਚਲ ਰਹੀ ਸਿਆਸਤ ਖਤਰਨਾਕ ਹੈ ਪਿਛਾਖੜ ਵਾਲੀ ਹੈ , ਗੈਰ ਇਨਸਾਨੀ ਹੈ ਚੰਗਾ ਜਾਂ ਮਾੜਾ ਮਨੁੱਖ ਚਮੜੀ ਦੇ ਰੰਗ ਕਰਕੇ ਨਹੀਂ ਸਗੋਂ ਆਪਣੇ ਕਿਰਦਾਰ ਨਾਲ ਹੁੰਦਾ ਹੈ “ਇਹ ਸੋਚ ਹਰ ਜਦੋ ਜਹਿਦ ਵਿਚ ਵਿਸ਼ਾਲਤਾ ਲਿਆਉਦੀ ਹੈ “ਐਸ ਵੇਲੇ ਤਾਂ ਸਭੇ ਗੁਲਾਮ ਹੀ ਹੋ ਕਿਸ ਦੀਆਂ ਪਤਲੀਆਂ ਮੋਟੀਆਂ ਬੇੜੀਆ ਜੇ ਹੱਥ ਵਸ ਤਾਂ ਦੋਵਾਂ ਦੇ ਭੱਖ ਵੀ ਨਹੀਂ ਕਾਸਨੂੰ ਮੁਫਤ ਦੀਆ ਰਿਕਤਾਂ ਛੇੜੀਆਂ ਜੇ ……… ਪਹਿਲਾਂ ਸੋਨੇ ਦਾ ਭਾਂਡਾ ਤਿਆਰ ਕਰੀਏ ਦੁਧ ਸ਼ੇਰਨੀ ਦਾ ਆਪੇ ਚੁਆ ਲਮਾਂਗੇ” ਧੰਨੀ ਰਾਮ ਚਾਤ੍ਰਕ ਦੀਆਂ ਇਹ ਲਾਈਨਾਂ ਉਪਰ ਦਸੇ ਵਿਚਾਰਾਂ ਦੀ ਪ੍ਰੋੜਤਾ ਕਰਦੀਆਂ ਹਨ।

“ਪਰ ਲੋਰੀ ਸੁਧਾਰਵਾਦੀ ਗੱਲ ਪਬਲਿਕ ਤੋਰ ਤੇ ਕਹਿਣੋ ਸੰਗਦਾ ਸੀ ਮਤਾ ਉਹ ਪਾਪੂਲਿਰਜ਼ਮ ਤੋਂ ਨਿਖੜ ਜਾਵੇ ਅਤੇ ਖਾੜਕੂ ਸ਼ਬਦਾਵਲੀ ਵਿਚ ਨਿਪੁੰਸਕ ਸਮਝਿਆ ਜਾਵੇ “ ਸੰਸਾਰ ਵਿਚ ਬਹੁਤ ਸਾਰੀਆ ਖਾੜਕੂ ਜਥੇਬੰਦੀਆ ਹੋਂਦ ਵਿਚ ਆ ਚੁਕੀਆਂ ਹਨ ਉਹਨਾਂ ਦੇ ਨਾਂ ਨਾਲ ਖਾੜਕੂ ਸ਼ਬਦ ਸਜਦਾ ਨਹੀਂ ਸ਼ੈਹ ਲਾ ਕੇ ਮਾਰਨ ਵਾਲੇ ਖਾੜਕੂ ਨਹੀਂ ਹੁੰਦੇ।

ਪਹਿਲਾਂ ਤਾਂ ਆਪਣੇ ਹਕਾਂ ਦੀ ਰਾਖੀ ਕਰੋ ਜਦ ਇਕ ਵੇਰ ਖੁਸ ਜਾਣ ਤਾਂ ਵਾਪਸ ਲੈਣ ਲਈ ਜਦੋ ਜਹਿਦ ਵਿਚ ਝਰੀਟਾਂ ਜ਼ਰੂਰ ਆਉਂਦੀਆਂ ਹਨ ਥਾਲੀ ਵਿਚ ਪਰੋਸ ਕੇ ਕਦੇ ਕਿਸੇ ਨੇ ਆਜ਼ਾਦੀ ਨਹੀਂ ਦਿਤੀ ਅਤੇ ਨਾ ਹੀ ਮਿਲੇਗੀ। ਅਫਰੀਕਨ ਲੋਕ ਜ਼ਰਖਰੀਦ ਗੁਲਾਮ ਸਨ ਇਹਨਾਂ ਨੂੰ ਅਮਰੀਕਨ ਸਿਟੀਜ਼ਨ ਮਨ ਕੇ ਵੋਟ ਦਾ ਹਕ ਦੇਣਾ ਸਿਆਸਤ ਸੀ। ਪ੍ਰਧਾਨ ਜੋਹਨ ਕੈਨੇਡੀ ਨੇ ਮਾਰਟਨ  ਲੂਥਰ ਕਿੰਗ ਨੂੰ ਕਿਹਾ ਕਿ ਆਪਣੇ ਸੰਘਰਸ਼ ਨੂੰ ਅਲਬਾਮਾ ਤੋਂ ਬਾਹਰ ਵੀ ਕੱਢ। ਨਿਊਯਾਰਕ ਵਿਚ ਪਰੇਡ ਦੋਰਾਨ ਜੋਹਨ ਕੈਨੇਡੀ ਅਪਾਰਟਮੈਂਟ ਵਿਚੋਂ ਉਤਰ ਕੇ ਕਿੰਗ ਨਾਲ ਹਥ ਮਿਲਾ ਕੇ ਚਲਾ ਗਿਆ ਕੋਈ ਐਲਾਨ ਨਹੀਂ ਪਰ ਇਸ ਨਾਲ ਜਦੋ ਜਹਿਦ ਨੂੰ ਸਾਈਕਲੋਜੀਕਲ ਹੁਲਾਰਾ ਮਿਲਿਆ। ਜੋਹਨ ਦੇ ਕਤਲ ਉਪਰੰਤ ਟੈਡ ਕੇਨੇਡੀ ਸੈਨਟ ਵਿਚ ਆਊਂਦਾ ਹੈ ਉਸਦੀ ਸੈਨਟ ਵਿਚ ਪਹਿਲੀ ਪਰਭਾਵਸ਼ਾਲੀ ਸਪੀਚ ਸਿਵਲ ਰੲਾਟਿ ਦੇ ਹਕ ਵਿਚ ਸੀ ਜਿਸ ਦਾ ਅਮਰੀਕਨ ਪਬਲਕ ਤੇ ਬੜਾ ਚੰਗਾ ਅਸਰ ਪਿਆ। ਅਫਰੀਕਨ ਗੁਲਾਮਾਂ ਦੀਆਂ ਵੋਟਾਂ ਲਈ ਆਈਜ਼ਨਹਾਵਰ ਨੇ ਬੜਾ ਕੰਮ ਕੀਤਾ ਉਸਤੋਂ ਬਾਅਦ ਜੋਹਨਸਨ ਨੇ ਆਪਣੀ ਪਾਰਟੀ ਦੇ ਗਵਰਨਰ ਜੋਰਜ ਵਾਲਸ ਨੂੰ ਸਲਾਹ ਦਿਤੀ ਕਿ ਜੇ ਤਾਂ ਸਧਾਰਨ ਕਬਰ ਬਣਾਉਣੀ ਚਾਹੂੰਦਾ ਹੈਂ ਤਾਂ ਆਪਣੀ ਮਰਜ਼ੀ ਕਰੀ ਚਲ, ਜੇ ਮਕਬਰਾ ਬਣਾਉਣ ਦਾ ਇਰਾਦਾ ਹੈ ਤਾਂ ਇਹਨਾਂ ਤੇ ਜਿਆਦਤੀਆਂ ਕਰਨੀਆਂ ਛਡ ਦੇ ਜਦ ਜੋਰਜ ਵਾਲਸ ਨੂੰ ਸੋਝੀ ਆਈ ਉਸ ਨੇ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੀ ਪਰ ਬਹੁਤ ਦੇਰ ਹੋ ਚੁਕੀ ਸੀ। ਇਸੇ ਤਰਾਂ ਨੈਲਸਨ ਮੰਡੇਲਾ ਦਾ ਹਠ ਅਤੇ ਅਮਰੀਕਾ ਦੀ ਪੁਲੀਟਕਲ ਪਾਰਟੀਆਂ ਵਲੋਂ ਕਾਲਿਆਂ ਦੀਆਂ ਵੋਟਾਂ ਦੀ ਦੋੜ ਵਿਚ ਮੰਡੇਲਾ ਦੀ ਜਿਤ ਹੋਈ। 

ਮਾਰਟਨ ਼ਲੂਥਰ ਅਤੇ ਨੈਲਸਨ ਮੰਡੇਲਾ ਗਾਂਧੀ ਜੀ ਨੂੰ ਜ਼ਰੂਰਤ ਨਾਲੋਂ ਜਿ਼ਆਦਾ ਕਰੈਡਟ ਦੇ ਗਏ। ਸਿਵਲ ਰਾਈਟ ਬਿਲ ਪਾਸ ਹੋਣ ਉੁਪਰੰਤ ਕਾਲਿਆਂ ਗੋਰਿਆਂ ਦੇ ਫਸਾਦਾਂ ਵਿਚ ਕਮੀ ਆ ਗਈ। ਤਾਕਤ ਨਾਲ ਨਹੀਂ ਦੇਸ਼ ਦੀ ਤਰਕੀ ਲਈ ਸਾਈਕੋਲੋਜੀ ਦੀ ਵਰਤੌਂ ਲਾਹੇਵੰਦ ਹੁੰਦੀ ਹੈ।

ਸ਼ਾਂਤ ਭੁਚਾਲ 
ਗੌਡਫਰੀ ਵੈਬਸਟਰ

ਅਸਲ ਵਿਚ ਗੋਡਫਰੀ ਇਕ ਸੁਚੇਤ ਕਾਮਾਂ ਸੀ ਪਾਰਟੀ ਲਈ ਸੁਹਿਰਦ ਸੀ। ਟੂ ਮੈਨੀ ਚੀਫਸ ਵਿਚ ਵਨ ਇੰਡੀਅਨ ਸੀ। ਤਾਕਤ ਹਥ ਆਉਣ ਤੇ ਗਲੀਂ ਬਾਤੀਂ ਕੜਾਹ ਬਣਾਓਣ ਵਾਲੇ ਤਾਂ ਮੇਹਨਤ ਕਸ਼ ਨੂੰ ਪਿਛੇ ਧਕ ਕੇ ਸਭ ਕਲੇ ਹੀ ਛਕ ਜਾਂਦੇ ਹਨ । ਭਾਰਤ ਦੀ ਤਾਜ਼ਾ ਮਿਸਾਲ ਸਾਹਮਣੇ ਹੈ। ਦੋ ਜੱਣਿਆਂ ਕੜਾਹ ਬਣਾਉਣ ਦਾ ਇਰਾਦਾ ਬਣਾਇਆਂ। ਚੱਤਰ ਆਖਣ ਲੱਗਾ ਘੇ ਗੁੜ ਆਟਾ ਤੇਰਾ ਜਲ ਫੂਕ ਬਸੰਤਰ ਮੇਰਾ। ਪਹਿਲਾਂ ਖਾਊਂ ਮੈਂ ਜੋ ਬਚ ਜਾਵੇ ਸੋ ਤੇਰਾ। ਲੋਕ ਤੰਤਰ ਵਿਚ ਗੋਡਫਰੀ ਦੀ ਕਹੀ ਗੱਲ “ ਜੋ ਚਾਹੀਦੇ ਹਨ, ਉਹ ਜਾ ਰਹੇ ਹਨ, ਜਿਨ੍ਹਾਂ ਬਗੈਰ ਸਰ ਸਕਦਾ ਹੈ, ਉਹ ਆਗੂ ਬਣ ਰਹੇ ਹਨ” ਅਜ ਦਾ ਲੋਕ ਤੰਤਰ ਇਸੇ ਰਾਹੇ ਪਿਆ ਹੋਇਆ ਹੈ।ਚੋਰ ਠੱਗ ਧੜਵੈਲ ਛੱਤ੍ਰ ਮੇਹਨਤਕਸ਼ ਸਿਰ ਤੋੜਾ ਹੋ ਨਿਬੜਿਆ ਹੈ ।

ਪੌਣ ਨਸ਼ੀਲੀ 
ਮੇਅਰੀ ਕਲੈਰਜ

ਮੇਅਰੀ ਕਲੇਰ ਦੀ ਕਹੀ ਗੱਲ “ ਸਦੀਆਂ ਦੀਆਂ ਘੂਕ ਸੁਤੀਆਂ ਕੌਮਾ ਇਕੋ ਹਲੂਣੇ ਨਾਲ ਨਹੀਂ ਜਾਗਦੀਆਂ “ ਬਿਲਕੁਲ ਦਰੁਸਤ ਹੈ ਸਿਖ ਤੋਂ ਸਿੰਘ ਬਣਨ ਤਕ ਕੋਈ 225 ਸਾਲ ਲਗੇ ਤਾਂ ਜਾ ਕੇ ਭੀੜ ਸਮੇਂ ਮੰਦਰਾਂ ਵਿਚ ਟੱਲੀਆਂ ਖੜਕਾ ਕੇ ਦੇਵੀ ਦੇਵਤਿਆਂ ਦੀ ਮਦਦ ਮੰਗਣ ਵਾਲਿਆਂ ਵਿਚ ਤੇਗ ਨੂੰ ਹਥ ਪਾਊਣ ਦੀ ਜੁਰਅਤ ਆਈ। ਨਤੀਜਾ ਸੰਸਾਰ ਦੇ ਸਾਹਮਣੇ ਹੈ। ਮੈਰੀ ਨੂੰ ਭਾਸ਼ਾ ਦੀ ਸੂਝ ਸੀ, ਭਾਸ਼ਾਂ ਦੀ ਸਹੀ ਵਰਤੋਂ ਕਰਨ ਨਾਲ ਤਾਣੀ ਘੱਟ ਉੁਲਝਦੀ ਹੈ। ਬਾਬਾ ਨਾਨਕ ਜੀ ਦੇ ਬਚਨ ਹਨ “ ਨਾਨਕ ਫਿਕੇ ਬੋਲਿਆਂ ਤਨ ਮਨ ਫਿਕਾ ਹੋਏ “ ਅਸੀਂ ਕਿਨਾ’ ਕ ਅਮਲ ਕੀਤਾ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ “ ਕਾਰਲ ਮਾਰਕਸ ਦੀ ਗੱਲ ਕਰਦੀ ਉਹ ਆਖਦੀ ਹੈ “ ਇਹੋ ਮਾਰਕਸੀ ਪ੍ਰੈਕਟਸ ਦਾ ਕੇਂਦਰ ਬਿੰਦੂ ਹੈ ਜਿਸ ਵਰਗ, ਕੌਮ ਗਰੁੱਪ ਨੇ ਆਜ਼ਾਦੀ ਲੇਣੀ ਹੁੰਦੀ ਹੈ ਉਸਨੂੰ ਆਪਣਾ ਸੰਘਰਸ਼ ਆਪ ਲੜਨਾ ਪੈਂਦਾ ਹੈ” ਕੀ ਇਹ ਬਾਬੇ ਨਾਨਕ ਦੇ ਕੱਥਨ”ਆਪਣੇ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਏ” ਦੀ ਵਿਆਖਿਆ ਨਹੀਂ। ਕਾਰਲ ਮਾਰਕਸ ਗੁਰੂ ਕਾਲ ਤੋਂ ਬਾਅਦ ਵਿਚ ਸਟੇਜ ਤੇ ਆਉਂਦਾ ਹੈ ਅਜ ਉਸ ਦੇ ਵਿਚਾਰਾਂ ਨੂੰ ਮੀਲ ਪਥਰ ਮੰਨਿਆ ਜਾਂਦਾ ਹੈ। ਇਸ ਦੀ ਖਾਸ ਵਜਾਹ ਹੈ ਸਿਖਾ ਨੇ ਗੁਰੂ ਬਾਬੇ ਨੂੰ ਜਟ ਜਫਾ ਮਾਰ ਲਿਆ ਹੈ। ਮੈਰੀ ਨੂੰ ਸ਼ੈਕਸਪੀਅਰ ਤੇ ਬਹੁਤ ਮਾਣ ਹੈ। ਉਹ ਸ਼ੇਕਸਪੀਅਰ ਨੂੰ ਮਸੀਹਾ ਸਮਝਦੀ ਹੈ ਉਸ ਨੇ ਉਸ ਦਾ ਅਧਿਐਨ ਕੀਤਾ ਹੈ। ਗੁਰਬਾਣੀ ਜੀਵਨ ਜਾਚ ਸਿਖਾਂਦੀ ਹੈ ਆਪਣੇ ਹਕਾਂ ਲਈ ਜੂਝਨ ਲਈ ਪਰੇਰਦੀ ਹੈ ਪਰ ਅਫਸੋਸ ਅਜ ਅਸੀਂ ਗੁਰਬਾਣੀ ਨੂੰ ਵਿਚਾਰਨ ਦੀ ਥ੍ਹਾ ਮੰਤਰ ਵਾਂਗ ਰਟਨ ਲਗ ਗਏ ਹਾਂ ਇਕ੍ਹੋਤਰੀਆਂ ਦੇ ਰਾਹੇ ਪੈ ਗਏ ਹਾਂ। ਹੋ ਸਕਦਾ ਹੈ ਮੇਂ ਵਿਸ਼ੇ ਤੋਂ ਬਾਹਰ ਚਲਾ ਗਿਆ ਹੋਮਾਂ ਕੀ ਕਰਾਂ ਮੇਰਾ ਪੇਸ਼ ਹੀ ਇਹੋ ਜਿਹਾ ਹੈ ਪਾੜੇ ਜਾਂ ਸਿਆੜੇ। ਮੇਰੀ ਗੰਗਾ ਰਾਮ ਨਹੀਂ, ਗਿਆਨਵਾਨ ਹੈ, ਕੁਝ ਕਰ ਗੁਜ਼ਰਨ ਦੀ ਸਮਰੱਥਾ ਰਖਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੈ ਸੰਤ ਸਿਪਹੀਆਂ ਦੀ ਕਤਾਰ ਵਿਚ ਖੜੀ ਹੋ ਸਕਦੀ ਹੈ।

ਰੂਸੀ ਰਾਕਟ
ਤਵਾਰੀਸ਼ ਕਾਵਲੈਂਕੋ

ਕਾਵਲੈਂਕੋ ਵਲੋਂ ਲੇਖਕਾਂ ਅਤੇ ਕਵੀਆਂ ਦਾ ਸਤਕਾਰ ਬੜਾ ਚੰਗਾ ਲਗਾ। ਮੈਂ ਵੀ ਕਾਵਲੈਂਕੋ ਦੀ ਦਲੀਲ ਨਾਲ ਸੈਹਮਤ ਹਾਂ ਕਵੀ ਯੁਗ ਪਲਟਾਓਣ ਦੀ ਸਮਰੱਥਾ ਰਖਦਾ ਹੈ ਪਰ ਸ਼ਰਤ ਇਹ ਹੈ ਕਿ ਉਹ ਵਿਕਾਊ ਨਾ ਹੋਵੇ। ਕਲਮ ਬਾਰੇ ਦੋ ਢੁਕਵੀਆਂ ਲਾਈਨਾਂ ਅਰਜ਼ ਕਰਨਾ ਚਾਹਾਂਗਾ 

“ਘੱਗ” ਵਿਕੀ ਹੋਈ ਕਲਮ ਨਾ ਚੰਗੀ ਝੂਠੀ ਸ਼ੁਹਰਤ ਕਰਦੀ
ਪਾਬੰਦੀ ਵਿਚ ਰੁਕੀ ਹੋਈ ਵੀ ਸਚ ਕਹਿਣ ਤੋਂ ਡਰਦੀ
ਕਾਨੂਨਾਂ ਨਾਲ ਜਦੋਂ ਜਕੜੀੲੈ ਕਲਮਾਂ ਹੋਣ ਨਕਾਰਾ 
ਦੇਸ਼ ਕੋਮ ਦੀ ਬਣਤਰ ਵਿਚ ਫੇਰ ਲਾਉਣ ਨਾ ਇਟਾਂ ਗਾਰਾ
ਕਾਵਲੈਂਕੋ ਵਲੌਂ ਇਕ ਰੂਸੀ ਕਵਿਤਾ ਦਾ ਉਲਥਾ ਧਿਆਨ ਮੰਗਦਾ ਹੈ 

“ਰੱਬ ਨੂੰ ਅਸੀਂ ਮੰਨਦੇ ਨਹੀਂ ,ਮੱਨੁਖ ਨੂੰ ਅਸੀਂ ਜਾਣਦੇ ਨਹੀਂ,ਰੂਹ ਦਾ ਰਾਗ ਗਾਉਂਦੇ ਨਹੀਂ, ਅਸੀਂ ਮੁਰਦਾ ਹੁਸੀਨ ਔਰਤਾਂ ਦੇ ਆਸ਼ਕ ਹਾਂ,ਜਿਉਂਦੀਆਂ ਤੀਵੀਆਂ ਤੋਂ ਭਜਦੇ ਹਾਂ, ਫੇਰ ਅਸੀਂ ਕੀ ਹਾਂ ,ਕਿਧਰ ਜਾਂਦੇ ਹਾਂ-ਅਸੀਂ ਨਵੈਂ ਰਾਹ ਤੇ ਤੁਰੇ ,ਸੜਕਾਂ ਤੇ ਪਗਡੰਡੀਆਂ ਵਿਚਕਾਰ ਟੋਇਆ ਟਿੱਬਿਆਂ ਵਿਚ,ਦਲਦਲ ਵਿਚ,ਬਰੇਤੇ ਵਿਚ ਹਾਂ, ਅਸੀਂ ਸਾਰੇ ਹੀ ਤੁਰੇ ਇਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਖਹਿੰਦਾ ਰਿਹਾ। ਅਸੀਂ ਪੱਛਮ ਦੇ ਸ਼ਰੇਣੀ ਪ੍ਰਧਾਨ ਸਮਾਜ ਤੋਂ ਅੱਗੇ ਅਤੇ ਆਜ਼ਾਦ ਹੋ ਛਲਾਂਗਾਂ ਮਾਰੀਆ, ਪੱਛਮ ਵਿਚ ਲੋਕ ਸ਼੍ਰੇਣੀਆਂ ਵਿਚ ਤੁਰਦੇ ਹਨ ਰੂਸ ਵਿਚ ਸਭ ਲੋਕ ਇਕਠੇ ਤੁਰਦੇ ਭਾਵੈਂ ਉਨ੍ਹਾਂ ਦੀ ਅਗਵਾਈ ਕਰਦੀ ਕਮਿਊਨਿਸਟ ਪਾਰਟੀ ਆਪਹੁਦਰ ੇਪਣ ਵਿਚ ਸ਼ਖਸੀ ਪ੍ਰਭਾਵਾਂ ਹੇਠ ਗਲਤ ਕੱਦਮ ਵੀ ਚੁੱਕਦੀ ਰਹੀ। ਅਸੀ ਸਾਰੇ ਹੀ ਰਸਤਾ ਭੁੱਲ ਗਏ ਅਤੈ ਗ਼ੈਰਾਂ ਨੇ ਨਜ਼ਰਾਂ ਲਗਾ ਕੇ ਰਾਹੋਂ ਕੁਰਾਹੇ ਪਾ ਦਿੱਤਾ ਪਰ ਦੋਸਤਵਸਕੀ ਦਾ ਖੁਦਾ ਜੋ ਰੂਸੀ ਕਿਸਾਨ ਹੈ ਸਾਨੂੰ ਅਗਲੇ ਪੜਾ ਤੇ ਉਡੀਕ ਰਿਹਾ ਹੈ- ਅਸੀਂ ਹੁਣ ਮੁੜ ਪਿੰਡ ਨੂੰ ਮੁੜਾਂਗੇ ਕਿਊਂ ਕਿ ਅਸੀਂ ਮੂਜਿਕ ਹਾਂ।” ਉਪਰੋਕਤ ਕਵਿਤਾ ਬਾਰੇ ਦਿਓਲ ਦੀ ਦਲੀਲ “ ਰੂਸ ਵਿਚ ਧਰਮ ਤੇ ਨਾਸਤਿਕਤਾ ਦਾ ਸੰਤੁਲਨ ਐਸੀ ਅਵਸਥਾ ਉਤਪਨ ਕਰ ਗਿਆ ਜਿਸ ਵਿਚ ਨਾਸਤਕਤਾ ਧਰਮ ਬਣ ਗਈ ਅਤੇ ਧਰਮ ਇਨਕਲਾਬ।” ਵਿਚ ਅੰਤਾਂ ਦਾ ਵਜ਼ਨ ਹੈ।

ਕਹਾਣੀ ਦੇ ਨਿਚੋੜ ਵਜੋਂ ਕਾਵਲੈਂਕੋ ਦਾ ਕਥਨ “ ਸਥਾਨਕ ਭਾਸ਼ਾ ਤੇ ਸਭਿਆਚਾਰ ਨੂੰ ਰੂਸੀ ਕੇਂਦਰਵਾਦ ਪ੍ਰਫੁਲਤ ਹੋਣ ਤੇ ਰੁਕਾਵਟ ਪਾਉਂਦਾ ਰਿਹਾ ਹੈ ਜੋ ਕਿ ਗੈਰ ਮਾਰਕਸੀ ਅਤੇ ਗੈਰ ਸੋਸ਼ਲਿਸਟ ਪ੍ਰਕ੍ਰਿਆ ਹੈ ਜੋ ਕਿਸੇ ਵੇਲੇ ਵੀ ਸੌੜੀ ਕੌਮਪ੍ਰਸਤੀ ਨੂੰ ਉਭਾਰ ਦੇਵੇਗੀ ਅਤੇ ਸੋਵੀਅਤ ਪ੍ਰਣਾਲੀ ਸਦੀਵੀ ਨਹੀਂ ਰਹਿ ਸਕੇਗੀ “

ਸਿਆਣੇ ਕਿਹਾ ਕਰਦੇ ਸਨ “ਧੀਏ ਗੱਲ ਕਰ ਨੋਂਹੇਂ ਕੱਨ ਕਰ” ਕਾਵਲੈਂਕੋ ਦੀ ਪੈਸ਼ਨਗੋਈ ਨਾਲ ਦਿਓਲ ਭਾਰਤ ਦੇ ਕਟੜ ਪੰਥੀਆਂ ਨੂੰ ਨਸੀਹਤ ਕਰਦਾ ਲਗਦਾ ਹੈ।

ਉਰਦੂ ਦਾ ਇਹ ਸ਼ੇਅਰ “ਤੂ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ ਸਾਮਨੇ ਆਸਮਾਨ ਔੌਰ ਵੀ ਹੈਂ “ ਡਾਕਟਰ ਦਿਓਲ ਦੇ ਜੀਵਨ ਤੇ ਇਨ ਬਿਨ ਢੁਕਦਾ ਹੈ। ਆਪਣੀ ਜਿੰਦਗੀ ਵਿਚ ਪੌਡਾ ਪੌਡਾ ਚੜ੍ਹਦਿਆਂ ਬਹੁਤ ਮਲਾਂ ਮਾਰੀਆਂ ਹਨ । ਜੀਵਨ ਵਿਚ ਆਈਆਂ ਦਸ਼ਵਾਰੀਆਂ ਕਠਨਾਈਆਂ ਨਾਲ ਜੂਝਦਿਆਂ ਜੋ ਤਜਰਬਾ ਹਾਸਲ ਕੀਤਾ ਉਸਨੂੰ ਇਕ ਵਿਲੱਖਣ ਗੁਲਦਸਤੇ ਦੇ ਰੂਪ ਵਿਚ ਸੰਭਾਲ ਕੇ ਪੰਜਾਬੀ ਪਾਠਕਾਂ ਨੂੰ ਪੇਸ਼ ਕੀਤਾ ਹੈ। 1965 ਤੋਂ ਲੈ ਕੇ 1972 ਤਕ ਦਿਓਲ ਇੰਗਲੈਂਡ ਵਿਚ ਰਹਿਣ ਸਮੇਂ ਕਦੇ ਵੀ ਸੋਲੀਬਲ ਨਹੀਂ ( ਜੋ ਆਪਣੀ ਹੋਂਦ ਗਵਾ ਕੇ ਦੂਸਰੇ ਵਿਚ ਘੁਲ ਜਾਵੇ,ਖੰਡ ਨਮਕ ਸੋਲੀਬਲ ਹੁੰਦੇ ਹਨ)ਬਣਿਆ ਬਲਕਿ ਉਸ ਨੇ ਇਕ ਸੋਲਵੈਂਟ ( ਜੋ ਦੁਸਰੀਆਂ ਵਸਤਾਂ ਨੂੰ ਆਪਣੇ ਵਿਚ ਸਮੋ ਲਵੇ ਪਾਣੀ ਆਦ )ਬਣ ਕੇ ਆਪਣੇ ਸੰਪਰਕ ਵਿਚ ਆਏ ਸਜਨਾਂ ਦੇ ਵਿਚਾਰਾਂ ਨੂੰ ਯਾਦਾਂ ਦੇ ਰੂਪ ਵਿਚ ਆਪਣੇ ਵਿਚ ਸਮੋ ਲਿਆ। ਲਿਖਣ ਦੀ ਜੁਗਤ ਅਤੇ ਦਿਲ ਨੂੰ ਟੁੰਬ ਲੈਣ ਵਾਲੀ ਸ਼ੈਲੀ ਆਪਣੀ ਮਿਸਾਲ ਆਪ ਹੈ। ਦੂਸਰੀ ਵਡੀ ਆਲਮਗੀਰ ਜੰਗ ਨੇ ਸੰਸਾਰ ਨੂੰ ਦੋ ਵਖਰੋ ਵਖਰੇ ਕੈੰਪਾ ਵਿਚ ਵੰਡ ਦਿਤਾ ਸਮਾਜਵਾਦ ਅਤੇ ਸਾਮਰਾਜਵਾਦ ਦੇ ਦੋ ਦੈਂਤ ਇਕ ਡੰਡੇ ਨਾਲ ਅਤੇ ਦੂਸਰਾ ਮਾਇਆ ਦੇ ਜ਼ੋਰ ਪਰਚਾਰ ਦੀ ਘੁਟੀ ਨਾਲ ਜਨਸਾਧਾਰਨ ਨੂੰ ਮਦਹੋਸ਼ ਕਰਕੇ ਪੈਰ ਪਸਾਰਨ ਲਗਾ। ਸਮਾਜਵਾਦ ਵਾਲੇ ਕਾਰਲਮਾਰਕਸ ਨੁੰ ਰਬ ਮੰਨ ਕੇ ਜੋ ਅੜੇ ਸੋ ਝੜੇ ਦੇ ਰਾਹੇ ਪੈ ਗਏ ਅਤੇ ਸਾਮਰਾਜਵਾਦ ਵਾਲਿਆਂ ਲੋਕ ਤੰਤਰ ਦਾ ਡੋਰੂ ਬਜਾਉਣਾ ਸ਼ੁਰੂ ਕੀਤਾ। ਡਾਕਟਰ ਦਿਓਲ ਦਾ ਸੰਪਰਕ ਮਾਰਕਸਵਾਦ ਦੇ ਪੈਰੋਕਾਰਾਂ ਨਾਲ ਰਿਹਾ ਤਾਰਿਆਂ ਦੇ ਕਾਫਲੇ ਪੁਸਤਕ ਦੇ ਸਾਰੇ ਪਾਤਰ ਮਾਰਕਸਵਾਦ ਨਾਲ ਜੁੜੇ ਹੋਏ ਹਨ । ਦਿਓਲ ਦੀ ਵਿਚਾਰਧਾਰਾ ਤੇ ਵੀ ਕਦੇ ਕਦੇ ਮਾਰਕਸਵਾਦ ਦਾ ਝੌਲਾ ਪੈਂਦਾ ਹੈ। ਪਰ ਇਸ ਪੁਸਤਕ ਦੇ ਪਾਤਰਾਂ ਜੁਬਾਨੀ ਜਿਸ ਢੰਗ ਨਾਲ ਡਾਕਟਰ ਦਿਓਲ ਨੇ ਮਾਰਕਸਵਾਦ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਉਹ ਇਕ ਸੂਝਵਾਨ ਲੇਖਕ ਹੀ ਪੇਸ਼ ਕਰ ਸਕਦਾ ਹੈ। ਡਾਕਟਰ ਦਿਓਲ ਨੇ ਲੂਸੀ ਬਰਾਊਨ ਅਤੇ ਮੈਰੀ ਕਲੈਰਿਸ ਦੇ ਰੇਖਾ ਚਿੱਤਰ ਉਲੀਕਣ ਲਗਿਆਂ ਨਾਰੀ ਗੁਣ ਉਸ ਦੀ ਕੋਮਲਤਾ ਨੂੰ ਵੀ ਅਖੋਂ ਪਰੋਖੇ ਕੀਤਿਆਂ ਬਗੈਰ ਨਾਰੀ ਚੇਤਨਾ ਵਜੋਂ ਵੀ ਉਹਨਾਂ ਨੂੰ ਜਾਗਰੂਕ ਦਖਾਇਆ ਹੈ।

ਡਾਕਟਰ ਦਿਓਲ ਵੱਧਾਈ ਦਾ ਪਾਤਰ ਹੈ ਪੰਜਾਬੀ ਸਾਹਿਤ ਵਿਚ ਡਾਕਟਰ ਦਿਓਲ ਦੇ ਯੋਗਦਾਨ ਦੀ ਉਡੀਕ ਰਹੇਗੀ।

****



ਭਾਰਤ ਮਾਤਾ ਦਾ ਸਚਾ ਸੁਚਾ ਸਪੂਤ ਸ਼ਹੀਦੇ ਆਜ਼ਮ ਸ: ਭਗਤ ਸਿੰਘ .......... ਲੇਖ਼ / ਮੁਹਿੰਦਰ ਸਿੰਘ ਘੱਗ


“ ਸ਼ਹੀਦੇ ਮਰਦਾਂ ਕੇ ਜਿਸਮ ਸੇ ਜੋ ਖੂਨ ਨਿਕਲੇ ਉਸਕੇ ਹਰ ਕਤਰਾ ਸੇ ਭਗਤ ਸਿੰਘ ਔਰ ਦਤ ਨਿਕਲੇ “

ਹਰ ਪਲ ਝੱਪਕਣ ਜਿਨੇ ਸਮੇਂ ਅੰਦਰ ਸੰਜੋਗ ਵਿਯੋਗ ਦੇ ਡਰਾਮੇ ਅਧੀਨ ਕਿਸੇ ਦੀ ਆਮਦ ਹੋ ਰਹੀ ਹੈ ਅਤੇ ਕੋਈ ਰੁਖਸਤ ਹੋ ਰਿਹਾ ਹੈ । ਏਸੇ ਆਵਾਗਵਨ ਦੇ ਚਕਰ ਦੌਰਾਨ ਕੁਝ ਰੂਹਾਂ ਐਸੀਆਂ ਆਂਊਂਦੀਆਂ ਹਨ ਜੋ ਸਮੇਂ ਦੀ ਬਰੇਤੀ ਤੇ ਆਪਣੀ ਪੈੜ ਚਿਨ ਇਨੀ ਡੂੰਘੀ ਉਕਰ ਜਾਂਦੀਆਂ ਹਨ ਕਿ ਸਮੇਂ ਦੇ ਵਾ ਵਰੋਲੇ ਉਹਨਾਂ ਨੂੰ ਮਿਟਾ ਨਹੀਂ ਸਕਦੇ। ਕਿਸੇ ਕਵੀ ਦੀਆਂ ਇਹ ਦੋ ਲਾਈਂਨਾਂ ਇਹਨਾਂ ਬਹਾਦਰਾਂ ਦੀ ਰੂਪ ਰੇਖਾ ਉਲੀਕਦੀਆਂ ਹਨ।


ਐਸੇ ਪੁਤ ਨਾ ਜਣਦੀਆਂ ਰੋਜ ਮਾਮਾਂ ਜੇਹੜੇ ਕੌਮਾਂ ਦੀ ਬਦਲ ਤਕਦੀਰ ਦਿੰਦੇ
ਚੂਨਾਂ ਪੀਸ ਕੇ ਰਾਹ ਦੇ ਰੋੜਿਆਂ ਦਾ ਰੱੜਕ ਉਹਨਾਂ ਦੀ ਕੱਢ ਅਖੀਰ ਦਿੰਦੇ

28 ਸਤੰਬਰ 1907 ਨੂੰ ਜਿਸ ਬਾਲ ਨੇ ਲੰਬੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਹੋਈ ਭਾਰਤ ਦੀ ਧਰਤੀ ਤੇ ਜਦ ਪਹਿਲਾ ਸਵਾਸ ਲਿਆ ਤਾਂ ਕਿਸੇ ਨੂੰ ਇਸ ਗਲ ਦਾ ਕਿਆਸ ਵੀ ਨਹੀਂ ਸੀ ਕਿ ਉਹ ਭਗਤ ਸਿੰਘ ਨਾਂ ਦਾ ਬਾਲਕ 24 ਸਾਲ ਤੋਂ ਵੀ ਘਟ ਉਮਰ ਵਿਚ ਭਾਰਤ ਮਾਂ ਦੀ ਆਜ਼ਾਦੀ ਦੇ ਘੋਲ ਵਿਚ ਸ਼ਹਾਦਤ ਪਾ ਕੇ ਇਡਾ ਕਦਆਵਰ ਹੋ ਜਾਵੇਗਾ ਕਿ ਵਡੇ ਵਡੇ ਮਹਾਂਰਥੀ ਉਸ ਅਗੇ ਬੌਨੇ ਲਗਣ ਲਗ ਜਾਣਗੇ ।ਕੁਝ ਮਸਖਰੇ ਲੇਖਕ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅਤੰਕਵਾਦੀ ਆਖ ਕੇ ਉਸ ਦੀ ਸ਼ਾਹਾਦਤ ਨੂੰ ਜਦ ਛੁਟਿਆਉਂਣ ਦਾ ਯਤਨ ਕਰਦੇ ਹਨ ਤਾਂ ਖੁਦ ਮਸਖਰੀ ਦਾ ਪਾਤਰ ਬਣ ਕੇ ਰਹਿ ਜਾਂਦੇ ਹਨ । ਸ਼ਹੀਦੇ ਆਜ਼ਮ ਭਗਤ ਸਿੰਘ ਕਿਸੇ ਇਕ ਪਾਰਟੀ ਜਾਂ ਇਕ ਧਰਮ ਦੀ ਮਲਕੀਅਤ ਤੋਂ ਬਹੁਤ ਉਚਾ ਉਠਕੇ ਸਾਰੇ ਦੇਸ਼ ਦਾ ਸਾਂਝਾ ਸ਼ਹੀਦ ਬਣ ਚੁਕਾ ਹੈ ।ਉੁਸ ਮਹਾਨ ਹਸਤੀ ਦੇ ਜਨਮ ਦਿਨ ਤੇ ਮਨੁਖਤਾ ਦਾ ਕਲਿਆਣ ਲਈ ਉਸ ਦੇ ਉਦੇਸ਼ਾਂ ਨੂੰ ਪਰਚਾਰਨ ਅਤੇ ਅਪਨਾਉਣ ਦੀ ਲੋੜ ਹੈ ।





ਲਿਖਾਰੀ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਚਾਰ ਲੇਖ ਛਪੇ ਹਨ । ਸਾਰੇ ਲੇਖਾਂ ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ ।
ਪਹਿਲਾ ਲੇਖ ( ਬੋਲ ਐ ਲਹੂ ਕੀ ਧਾਰ ) ਡਾ:ਗੁਰਦਿਆਲ ਸਿੰਘ ਰਾਏ ਹੋਰਾਂ ਦਾ ਜੋ ਲੇਖ 1959 ਦੀ ਅਜੀਤ ਵਿਚ ਛਪਿਆ ਸੀ ਉਸ ਦੀ ਕਾਪੀ ਹੈ ।
ਇਸ ਲੇਖ ਵਿਚ ਸਾਂਡਰਸ ਦੀ ਮੌਤ ਤੋਂ ਅਗੇ ਕੀ ਹੋਇਆ ਦਾ ਬਿਰਤਾਂਤ ਹੈ । ਸਾਂਡਰਸ ਅਤੇ ਸਕਾਟ ਦੋਵਾਂ ਨੂੰ ਹੀ ਲਾਲਾ ਲਾਜਪਤ ਰਾਏ ਤੇ ਲਾਠੀਆਂ ਬਰਸਾਉਣ ਦਾ ਦੋਸ਼ੀ ਮੰਨਦਿਆਂ ( ਜਿਸ ਕਾਰਨ ਉਹ ਸ਼ਹਾਦਤ ਦਾ ਜਾਂਮ ਪੀ ਗਏ )ਦੋਵਾਂ ਨੂੰ ਹੀ ਮਾਰ ਮੁਕਾਉਣ ਦਾ ਪਰੋਗਰਾਮ ਉਲੀਕਿਆ ਗਿਆ। ਦੋਵਾਂ ਨੂੰ ਮਾਰ ਮੁਕਾੳਂੁਣਾਂ ਸਿਰਫ ਬਦਲੇ ਦੀ ਭਾਵਨਾ ਹੀ ਨਹੀਂ ਸੀ ਇਹ ਤਾਂ ਜਾਬਰ ਅੰਗਰੇਜ਼ ਹਕੂਮਤ ਨੂੰ ਕੰਨ ਕਰਨ ਲਈ ਸੀ ਕਿ ਅਸੀਂ ਇਟ ਦਾ ਜਵਾਬ ਪੱਥਰ ਨਾਲ ਵੀ ਦੇਣਾ ਜਾਂਣਦੇ ਹਾਂ।

ਸਾਂਡਰਸ ਦੇ ਮਰਨ ਉਪਰੰਤ ਇਕ ਮੁਸ਼ਕਲ ਪੇਸ਼ ਆ ਗਈ ਸੀ ਪਹਿਚਾਣ ਵਿਚ ਇਕ ਪੱਗੜੀ ਵਾਲੇ ਸਿਖ ਦਾ ਨਾਂ ਆ ਰਿਹਾ ਸੀ । ਸ: ਭਗਤ ਸਿੰਘ ਨੂੰ ਲਾਹੌਰ ਤੋਂ ਬਾਹਰ ਕੰਢਣ ਲਈ ਜੋ ਸਕੀਮ ਉਲੀਕੀ ਗਈ ਉਸ ਲਈ ਇਹਨਾਂ ਜੁਝਾਰੂਆਂ ਦੀ ਦਾਦ ਦੇਣੀ ਬਣਦੀ ਹੈ । ਦੁਰਗਾ ਭਾਬੀ ਨੂੰ ਪਾਉਡਰ ਲਾ ਕੇ ਅੰਗਰੇਜ਼ੀ ਗਾਉਣ ਪਾ ਕੇ ਮੇਮ ਬਣਾਉਣ ਵਿਚ ਸਿਰਫ ਉਸ ਦੀ ਰਜ਼ਾਮੰਦੀ ਦੀ ਲੋੜ ਸੀ ਕਿਸੇ ਕਿਸਮ ਦੀ ਅਨਹੋਣੀ ਵੀ ਵਾਪਰ ਸਕਦੀ ਸੀ ਪਰ ਭਗਤ ਸਿੰਘ ਨੂੰ ਲਾਹੋਰ ਤੋਂ ਬਾਹਰ ਲਿਜਾਣ ਲਈ ਖਤਰਿਆਂ ਦੀ ਪਰਵਾਹ ਨਾਂ ਕਰਦਿਆਂ ਹੋਇਆਂ ਬਗੈਰ ਕਿਸੇ ਆਪਣੇ ਸੁਆਰਥ ਦੇ ਭਾਰਤ ਮਾਂ ਦੀ ਸਪੁਤ੍ਰੀ ਦੁਰਗਾ ਭਾਬੀ ਨੇ ਹਾਂ ਕਰ ਦਿਤੀ । ਭਗਤ ਸਿੰਘ ਨੂੰ ਅੰਗਰੇਜ਼ ਅਫਸਰ ਦਾ ਰੂਪ ਅਖਤਿਆਰ ਕਰਨ ਲਈ ਆਪਣੇ ਕੇਸ ਕਟਵਾਉਂਣੇ ਪਏ ਉਸਨੂੰ ਆਪਣੀ ਪਹਿਚਾਨ ਬਦਲਣ ਲਗਿਆਂ ਜੋ ਦੁਖ ਹੋਇਆ ਹੋਵਿਗਾ ਉਸ ਦਾ ਬਿਆਨ ਕਰਨਾ ਬੜਾ ਮੁਸ਼ਕਲ ਹੈ । ਇਸ ਤੋਂ ਅਗੇ ਭਗਤ ਸਿੰਘ ਦੀ ਪਹਿਚਾਣ ਪਗੜੀ ਦੀ ਬਜਾਏ ਅੰਗਰੇਜ਼ੀ ਟੋਪ ਨਾਲ ਬਣ ਜਾਂਦੀ ਹੈ ।ਅਜ ਭਗਤ ਸਿੰਘ ਦੀ ਟੋਪ ਵਾਲੀ ਫੋਟੋ ਹੀ ਚਲਦੀ ਹੈ ਅਤੇ ਉਸ ਦੇ ਸਿਖ ਹੋਣ ਤੇ ਕਈ ਲੇਖਕ ਸਵਾਲੀਆ ਚਿੰਨ ਲਾ ਦਿੰਦੇ ਹਨ ।ਵਡੀ ਗਲ ਇਹ ਹੈ ਕਿ ਉਹ ਆਪਣੀ ਸਕੀਮ ਵਿਚ ਸਫਲ ਰਹੇ ਭਗਤ ਸਿੰਘ ਇਕ ਅੰਗਰੇਜ਼ ਅਫਸਰ ਦੇ ਰੂਪ ਵਿਚ ਲਖਨਊ ਪੁਜ ਗਿਆ।
ਅਣਖੀ ਜਦ ਮੌਤ ਨੂੰ ਪਾਉਂਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਦੀਆਂ ਹਨ ।

ਮੈਂ ਸਿਰਫ ਭਗਤ ਸਿੰਘ ਦੀ ਬਦਲਦੀ ਪਹਿਚਾਣ ਦੀ ਗਲ ਕਰਨੀ ਸੀ ਡ: ਗੁਰਦਿਆਲ ਸਿੰਘ ਰਾਏ ਹੋਰਾਂ ਦਾ ਬਾਕੀ ਦਾ ਸਾਰਾ ਲੇਖ ਬਹੁਤ ਹੀ ਜਾਣਕਾਰੀ ਭਰਪੂਰ ਹੈ ਉਹਨਾਂ ਦੇ ਲੇਖ ਦੇ ਆਖੀਰ ਵਿਚ ਲਿਖੀ ਕਵਿਤਾ ਨੇ ਸ ਭਗਤ ਸਿੰਘ ਵਾਰੇ ਮੇਰੀ ਜਾਣਕਾਰੀ ਵਿਚ ਵਾਧਾ ਕੀਤਾ ਹੈ । ਮੈਂ ਉਹਨਾਂ ਦਾ ਮਸ਼ਕੂਰ ਰਹਾਂਗਾ।

ਦੂਸਰਾ ਲੇਖ (ਮਨੁਖਤਾ ਦਾ ਆਸ਼ਕ ਸ: ਭਗਤ ਸਿੰਘ ) ਐਡੰਿੰਮੰਟਨ ਕੈਨੇਡਾ ਤੋਂ ਦਲਜੀਤ ਸਿੰਘ ਹੋਰਾਂ ਦਾ ਹੈ।
ਦਲਜੀਤ ਸਿੰਘ ਜੀ ਨੇ ਆਪਣੇ ਲੇਖ ਵਿਚ ਭਗਤ ਸਿੰਘ ਦੀ ਸੋਚ ਨੂੰ ਬੜੀ ਸੁਲਝੀ ਹੋਈ ਬੋਲੀ ਵਿਚ ਪੇਸ਼ ਕੀਤਾ ਹੈ । ਦਲਜੀਤ ਸਿੰਘ ਜੀ ਨੇ ਭਗਤ ਸਿੰਘ ਜੀ ਦੇ ਪਿਤਾ ਸ: ਕਿਸ਼ਨ ਸਿੰਘ ,ਉਸਦੇ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਦਾ ਸਭੰਧ ਗਦਰ ਪਾਰਟੀ ਨਾਲ ਦਸ ਕੇ ਗਦਰ ਪਾਰਟੀ ਲੈਹਰ ਨੂੰ ਇਕ ਵਡਾ ਹੁੰਘਾਰਾ ਦਿਤਾ ਹੈ ।ਗਦਰ ਪਾਰਟੀ ਵਾਲੇ ਆਪਣੇ ਮਨਸੂਬੇ ਵਿਚ ਪਹਿਲੀ ਵਾਰ ਭਾਵੇਂ ਸਫਲ ਨਹੀਂ ਹੋ ਸਕੇ ਪਰ ਉਹਨਾਂ ਨੇ ਫੌਜ ਵਿਚ ਘੁਸ ਪੇਠ ਕਰਨੀ ਨਹੀਂ ਛਡੀ ,ਉਸ ਘੁਸ ਪੇਠ ਦਾ ਹੀ ਨਤੀਜਾ ਕੁਝ ਫੋਜੀਆਂ ਨੇ ਬੰਬਈ ਬੰਦਰਗਾਹ ਤੇ ਜਹਾਜ ਚੜ੍ਹਨੋ ਨਾਂਹ ਕੀਤੀ ਸੀ , ਜਨਰਲ ਮੋਹਣ ਸਿੰਘ ਦੀ ਅਗਵਾਈ ਵਿਚ ਇੰਡੀਅਨ ਨੈਸ਼ਨਲ ਆਰਮੀ ਦਾ ਗੱਠਨ ਜਿਸ ਦੀ ਬਾਗ ਡੋਰ ਬਾਅਦ ਵਿਚ ਸੁਭਾਸ਼ ਚੰਦਰ ਬੋਸ ਨੇ ਸੰਭਾਲੀ ,ਉਸਤੋਂ ਉਪਰੰਤ 1946 ਵਿਚ ਫੋਜ ਦੀਆਂ ਤਿਨਾਂ ਕਮਾਂਡਸ ਵਲੋਂ ਬਗਾਵਤ ਇਹ ਗਦਰ ਪਾਰਟੀ ਵਲੋਂ ਬੀਜਿਅ ਬੀਜ ਹੀ ਉਂਗਰ ਰਿਹਾ ਸੀ ਇਹਨਾਂ ਸਾਰੀਆਂ ਘਟਨਾਵਾਂ ਨੇ ਹਕੂਮਤ ਅੰਗਰੇਜ਼ੀ ਨੂੰ ਹਥਾਂ ਪੈਰਾਂ ਦੀ ਪਾ ਦਿਤੀ । ਅੰਗਰੇਜ਼ ਹਕੂਮਤ ਨੇ ਵਕਤ ਦੀ ਨਜ਼ਾਕਤ ਦੇਖ ਕੇ 15 ਅਗਸਤ 1947 ਨੂੰ ਆਪਣੇ ਚਹੇਤਿਆਂ ਦੇ ਹਥ ਹਕੂਮਤ ਦੀ ਵਾਗ ਡੋਰ ਸੰਭਾਲ ਦਿਤੀ ।ਵਡੀ ਗਿਣਤੀ ਵਿਚ ਆਜ਼ਾਦੀ ਦੇ ਘੁਲਾਟੀਏ ਉਦੋਂ ਤਕ ਜ੍ਹੇਲੀਂ ਡਕੇ ਰਹੇ ਜਦ ਤਕ ਕਾਂਗਰਸ ਨੇ ਦੇਸ਼ ਦੀ ਹਕੂਮਤ ਤੇ ਪੂਰੀ ਤਰਾਂ ਕਾਬੂ ਨਹੀਂ ਪਾ ਲਿਆ। ਯੂ.ਪੀ . ਵਿਚ ਨੈਹਰੂ ਪ੍ਰਿਵਾਰ ਦੀ ਭੱਲ ਬਣੀ ਹੋਈ ਸੀ ਉਸ ਨੂੰ ਇਡਾ ਵੱਡਾ ਸੂਬਾ ਬਣਾ ਧਰਿਆ ਕਿ ਉਥੋਂ ਚੋਣ ਜਿਤ ਕੇ ਆਏ ਐਮ. ਪੀ. ‘ਜ਼ ਦੀ ਗਿਣਤੀ ਸਾਰੇ ਭਾਰਤ ਤੇ ਭਾਰੂ ਰਹੀ ।ਅੰਗਰੇਜ਼ਾ ਦਾ ਐਹਸਾਨ ਮੋੜਨ ਲਈ ਲੈਂਡ ਸੀਲੰਗ ਐਕਟ ਵਿਚ ਅੰਗਰੇਜ਼ਾ ਦੀ ਮਲਕੀਅਤ ਵਾਲੇ ਟੀ ਗਾਰਡਨਸ ਸ਼ਾਮਲ ਨਹੀਂ ਸਨ ।ਭਗਤ ਸਿੰਘ ਹੋਰਾਂ ਦਾ ਸੁਪਨਾਂ ਦੋ ਟਕੇ ਦੀ ਗਾਂਧੀ ਟੋਪੀ ਅਤੇ ਨੈਹਰੂ ਜੈਕਟ ਨੇ ਢਕਾਰ ਲਿਆ ।ਜਿਸ ਮਨੁਖਤਾ ਦੀ ਗਲ ਭਗਤ ਸਿੰਘ ਕਰਦਾ ਸੀ ਉਹ ਅਜ ਵੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਦੁਖ ਭੋਗ ਰਹੀ ਹੈ ।ਹਕੂਮਤਾਂ ਦੀ ਬਾਗ ਡੋਰ ਅਜ ਕਲ ਖੁਫੀਆ ਏਜੰਸੀਆ ਦੇ ਹਥ ਹਨ । ਭਾਰਤ ਦੀ ਖੁਫੀਆ ਏਜੰਸੀ ਅਤੇ ਪਾਕਸਤਾਨ ਦੀ ਖੁਫੀਆ ਏਜੰਸੀ ਆਪਣੇ ਆਪਣੇ ਮੁਲਕ ਦੀ ਬਾਗ ਡੋਰ ਸੰਭਾਲੀ ਬੈਠੀਆਂ ਹਨ । ਇਰਾਕ ਦੀ ਜੰਗ ਨੂੰ ਸਹੀ ਸਿਧ ਕਰਨ ਵਿਚ ਅਮਰੀਕਾ ਦੀ ਸੀ .ਆਈ .ਏ ਦੀ ਭੂਮਕਾ ਵੀ ਕਿਸੇ ਪਾਸੋਂ ਲੁਕੀ ਛਿਪੀ ਨਹੀਂ ।
ਦਲਜੀਤ ਸਿਂਘ ਹੋਰਾਂ ਨੇ ਜੋ ਭਗਤ ਸਿੰਘ ਦੀ ਡਾਇਰੀ ਦੀਆਂ ਕੁਝ ਲਾਈਨਾਂ ਪੇਸ਼ ਕੀਤੀਆਂ ਹਨ ਮੈ ਉਹੇਨਾਂ ਨੂੰ ਦੁਬਾਰਾ ਲਿਖਣ ਦੀ ਇਜਾਜ਼ਤ ਚਾਹਾਂਗਾ ।

“ਜ਼ਿੰਦਗੀ ਦਾ ਨਿਸ਼ਾਨਾ ਹੁਣ ਮਨ ਨੂੰ ਕੰਟਰੋਲ ਕਰਨ ਦਾ ਨਹੀਂ ,ਪਰੰਤੂ ਇਸ ਦਾ ਇਕ ਸੁਰ ਵਿਕਾਸ ਕਰਨਾਂ ਹੈ । ਹੁਣ ਤੋਂ ਬਾਅਦ ਦਾ ਨਿਸ਼ਾਨਾ ਮੁਕਤੀ ਪਰਾਪਤ ਕਰਨਾਂ ਨਹੀਂ ,ਪਰੰਤੂ ਏਥੇ ਥਲੇ ਉਸ ਦੀ ਪੂਰਨ ਵਰਤੋਂ ਕਰਨੀ ਹੈ । ਸਿਰਫ ਸੱਚ ,ਸੁੰਦਰ ਅਛਾਈ ਹੀ ਪਰਾਪਤ ਨਹੀਂ ਕਰਨੀਆਂ ਬਲਕਿ ਵਾਸਤਵ ਜ਼ਿੰਦਗੀ ਵਿਚ ਵੀ ਵਰਤੋਂ ਵਿਚ ਲਿਆਉਣਾ ਹੈ । ਵਿਕਾਸ ਸਿਰਫ ਕੁਝ ਲੋਕਾਂ ਦੇ ਸਰੇਸ਼ਟ ਬਣਨ ਵਿਚ ਨਹੀਂ ਪਰੰਤੂ ਇਹ ਲੋਕ ਰਾਜ ਵਿਚ ਵਿਕਸਤ ਹੋਣ ਵਿਚ ਹੈ ।ਜਾਂ ਵਿਸ਼ਵਚਾਰਾ ਸਿਰਫ ਇਸ ਢੰਗ ਨਾਲ ਪ੍ਰਾਪਤ ਹੋ ਸਕਦਾ ਹੈ ਜਦੋਂ ਸਮਾਜੀ , ਰਾਜਸੀ ਅਤੇ ਵਿਅਕਤੀ ਗਤ ਜ਼ਿੰਦਗੀ ਨੂੰ ਵਿਕਾਸ ਕਰਨ ਲਈ ਬਰਾਬਰ ਮੌਕੇ ਹਾਸਲ ਹੋਣਗੇ ।“ ਮੈਨੂੰ ਇਹ ਸਤਰਾਂ ਪੜ੍ਹ ਕੇ ਇਦਾਂ ਲਗਾ ਜਿਵੇਂ ਮੈੰ ਸਿਖੀ ਦੇ ਵਿਧਾਨ ਗੂੁਰੁ ਗਰੰਥ ਸਾਹਿਬ ਵਿਚੋਂ ਨਸੀਹਤ ਲੈ ਰਿਹਾ ਹੋਵਾਂ।

ਗੁਰੂ ਸਾਹਿਬਾਨ ਨੇ ਆਪਣਾ ਆਪ ਪਛਾਨਣ ਲਈ ਪਰੇਰਿਆ ।ਜਨਸਾਧਾਰਨ ਨੂੰ ਮਾਣ ਸਤਕਾਰ ਦਿਤਾ । ਗੁਰੂ ਸਾਹਿਬਾਨ ਵਲੋਂ ਨਵੇਂ ਸ਼ਹਿਰ ਬਸਾਉਣ ਨਾਲ ਲੋਕਾਂ ਦਾ ਆਤਮਕ ਵਿਸ਼ਵਾਸ਼ ਵਧਿਆ ਅਤੇ ਆਰਥਕ ਵਿਕਾਸ ਹੋਇਆ । ਲੋਕਾਂ ਵਿਚ ਬਰਾਬਰੀ ਅਤੇ ਪ੍ਰੇਮ ਪਿਆਰ ਨਾਲ ਰਹਿਣ ਦਾ ਬੀਜ ਬੀਜਿਆ । ਬਾਅਦ ਵਿਚ ਕਾਰਲਮਾਰਕਸ ਵੀ ਬਰਾਬਰੀ ਦੀ ਗਲ ਤਾਂ ਕਰਦਾ ਹੈ ਪਰ ਉਸ ਵਿਚ ਅਧਿਆਤਮਕ ਪਖ ਨਾਂ ਹੋਣ ਕਰਕੇ ਜਦ ਉਸ ਫਿਲਾਸਫੀ ਨੂੰ ਲਾਗੂ ਕੀਤਾ ਗਿਆ ਤਾਂ ਬਾਈਬਲ ਵਿਚਲਾ ਹਜ਼ਰਤ ਮੂਸਾ ਅਤੇ ਗੀਤਾ ਵਿਚਲਾ ਭਗਵਾਨ ਕ੍ਰਿਸ਼ਨ ਪਰਗਟ ਹੋ ਗਏ ( ਤੁਹਾਡਾ ਕੋਈ ਮਾਂ ਨਹੀਂ ਬਾਪ ਨਹੀਂ ਕੋਈ ਰਿਸ਼ਤੇਦਾਰ ਨਹੀਂ ਜੋ ਤੁਹਾਡੀ ਗਲ ਨਹੀਂ ਮੱਨਦਾ ਉਸਨੂੰ ਤੇਗ ਦੇ ਸਪੁਰਦ ਕਰ ਦਿਓ )। ਹਜ਼ਰਤ ਮੂਸਾ ਦੇ ਕੈਂਪ ਵਿਚ 3500 ਸੋ ਬੰਦੇਆਂ ਦਾ ਕਤਲ ਹੋਇਆ ਦਸਿਆ ਜਾਂਦਾ ਹੈ ਅਤੇ ਮਹਾਂਭਾਰਤ ਵਾਲੈ ਕੁਰੂ ਕਸ਼ੇਤਰ ਦੀ ਧਰਤੀ ਨੂੰ ਲਹੂ ਰੰਗੀ ਹੋਈ ਦਸਦੇ ਹਨ ।ਵੋਲਟਕ ਅੰਦੋਲਨ ਵਿਚ ਵੀ ਬਹੁਤ ਵਡੀ ਗਿਣਤੀ ਤੇਗ ਸਪੁਰਦ ਕੀਤੀ ਗਈ । ਭਾਰਤ ਦੀ ਜੰਗੇ ਆਜ਼ਾਦੀ ਵਿਚ ਸਿਖ ਕੋਮ ਦਾ ਇਕ ਬਹੁਤ ਵਡਾ ਯੋਗਦਾਨ ਹੈ । ਸਿਖ ਗੁਰੂਆਂ ਨੇ ਸਾਡੀ ਆਤਮਾਂ ਨੂੰ ਹਲੂਣਿਆਂ ਸੀ ਜਿਸਦਾ ਜ਼ਿਕਰ ਡਾਕਟਰ ਮੁਹਮਦ ਇਕਬਾਲ ਕਰਦਾ ਹੈ ।

ਫਿਰ ਉਠੀ ਤੋਹੀਦ ਕੀ ਆਵਾਜ਼ ਇਕ ਪੰਜਾਬ ਸੇ ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ ।

ਪਰ ਅਫਸੋਸ ਇਸ ਗਲ ਦਾ ਹੈ ਕਿ ਲੋਕ ਤਾਂ ਸਾਡੀ ਗਲ ਸੁਣਨੀ ਚਾਹੁੰਦੇ ਸਨ ਪਰ ਅਸੀਂ ਸਿਖ ਅਸੂਲਾਂ ਨੂੰ ਛਿਕੇ ਟੰਗ ਕੇ ਖੁਦਗਰਜ਼ ਮਤਲਬੀ ਅਤੇ ਭੇਖਧਾਰੀ ਬਣ ਗਏ ਹਾਂ ।ਸੰਗਤ ਧੜਿਆਂ ਵਿਚ ਵੰਡੀ ਪਈ ਹੈ । ਖੁੰਬਾਂ ਵਾਂਗ ਸਾਧਾਂ ਦੇ ਡੇਰੇ ਪ੍ਰੱਗਟ ਹੋ ਰਹੇ ਹਨ । ਡੇਰਿਆਂ ਵਿਚ ਹਰ ਕਿਸਮ ਦਾ ਵਿਭਚਾਰ ਹੋ ਰਿਹਾ ਹੈ ।ਹੇਠ ਲਿਖਿਆ ਸ਼ੈਅਰ ਸਾਡੇ ਤੇ ਇਨ ਬਿਨ ਢੁਕਦਾ ਹੈ।

“ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ “

ਦਲਜੀਤ ਹੋਰਾਂ ਦਾ ਲੋਕਾਈ ਦਾ ਦਿਸ਼ਾ ਹੀਣ ਹੋਣ ਦਾ ਜ਼ਿਕਰ ਸਹੀ ਹੈ ਸਾਡੀ ਨਵੀਂ ਪੀਹੜੀ ਨਸ਼ਿਆਂ ਵਿਚ ਗੁਲਤਾਨ ਹੈ । ਅਸ਼ਲੀਲਤਾ ਅਤੇ ਨੰਗੇਜ ਨੇ ਸਾਨੂੰ ਕਾਮੀ ਬਣਾ ਦਿਤਾ ਹੈ ।ਇਸ ਬਿਗੜਦੀ ਦਿਸ਼ਾ ਨੂੰ ਦੇਖ ਕੇ ਗੁਰਚਰਨ ਬੱਧਣ ਲਿਖਦਾ ਹੈ ।

ਗੀਤਾਂ ਨੂੰ ਵੀ ਚਾਹੀਦੇ ਪੁਆਣੇ ਕੱਪੜੇ, ਹੋਣ ਭਾਵੇਂ ਨਵੇਂ ਜਾਂ ਪੁਰਾਣੇ ਕੱਪੜੇ ।
ਸੁਹਣੇ ਬੋਲ ਘਰਾਂ’ ਚ ਵੱਜਣ ਵਾਸਤੇ , ਚਾਹੀਦੀ ਸ਼ਰਮ ਹੈ ਕੱਜਣ ਵਾਸਤੇ ।

ਉਸ ਤੋਂ ਅਗਲਿਆਂ ਬੰਦਾਂ ਵਿਚ ਉਹ ਇਕ ਸਵਾਲ ਖੜਾ ਕਰਦਾ ਹੈ ।

ਅੱਜ ਨਗਨ ਸ਼ਾਇਰੀ ਹੋ ਰਹੀ ਇਹਦਾ ਚੀਰ ਹਰਨ ਹੋ ਰਿਹਾ,
ਗੀਤਾਂ ਨੂੰ ਗੋਤੇ ਪੈ ਰਹੇ ਨੇ ਕਵਿਤਾ ਦਾ ਮਰਨ ਹੋ ਰਿਹਾ ।

ਅੱਜ ਲੱਚਰਤਾ ਦੀ ਦੇਸ਼ ਦੇ ਹਰ ਕੋਣੇ ਤੇ ਭਰਮਾਰ ਹੈ ।
ਦਸੋ ਖਾਂ ਦੇਸ ਵਾਸੀਓ ਇਹਦਾ ਕੌਣ ਜ਼ੁਮੇਵਾਰ ਹੈ ।

ਸਾਮਰਾਜ ਵਾਦ ਅਤੇ ਸਮਾਜਵਾਦ ਦੇ ਦੋ ਤਾਕਤਵਰ ਦੈਂਤ ਸਾਰੇ ਸੰਸਾਰ ਵਿਚ ਜਨਸਾਧਾਰਨ ਦਾ ਘਾਣ ਬੱਚਾ ਪੀੜੀ ਜਾ ਰਹੇ ਹਨ । ਸਾਮਰਾਜ ਵਾਦ ਵਿਚ ਲੋਕਤੰਤਰ ਦੇ ਨਾਂ ਥੱਲੇ ਪੈਸੇ ਦੇ ਜ਼ੋਰ ਪ੍ਰਚਾਰ ਦੀ ਘੁੱਟੀ ਪੱਲਾ ਕੇ ਵੋਟਾਂ ਹਥਿਆ ਲਈਆਂ ਜਾਂਦੀਆਂ ਹਨ ਅਤੇ ਸਮਾਜਵਾਦ ਵਿਚ ਡੰਡਾ ਪ੍ਰਧਾਨ ਹੈ ।
ਦੋਹਾਂ ਵਾਦਾਂ ਵਿਚ ਚੰਦ ਲੋਗਾਂ ਦਾ ਹੀ ਬੋਲ ਬਾਲਾ ਹੈ । ਸਰਕਾਰੀ ਖਜ਼ਾਨਾਂ ਹਾਕਮ ਜਮਾਤ ਦੀ ਅਜਾਰਦਾਰੀ ਬਣ ਕੇ ਰਹਿ ਗਿਆ ਹੈ । ਬਗੈਰ ਜੰਤਾ ਦੇ ਜਾਗਿਆਂ ਭਗਤ ਸਿੰਘ ਦਾ ਸੁਪਨਾ ਅਧੂਰਾ ਹੀ ਰਹੇ ਗਾ । ਕਲਮਾਂ ਵਾਲਿਓ ਕਲਮਾਂ ਚੁਕੋ

ਜ਼ੁਲਮ ਜਬਰ ਨੂੰ ਠਲ ਪੈ ਜਾਂਦੀ ਜਦ ਵੀ ਜੰਤਾ ਜਾਗੇ
ਜੰਤਾ ਹੀ ਘੱਗ ਜਗਾਉਣੀ ਔਖੀ ਲੋਕੀਂ ਯਾਰ ਪਿੱਟਣ ਛਜ ਉਹਲੇ।

ਤੀਸਰਾ ਲੇਖ ( ਸ਼ਹੀਦ ਭਗਤ ਸਿੰਘ- ‐ਇਕ ਇਨਕਲਾਬ ) ਸ: ਸੁਰਜੀਤ ਸਿੰਘ ਜੀਤ ਹੋਰਾਂ ਦੀ ਕਲਮ ਦੀ ਦੇਣ ਹੈ ।
ਸੁਰਜੀਤ ਜੀ ਨੇ ਇਕ ਲੇਖ ਦੇ ਸ਼ੂਰਆਤ ਵਿਚ ਹੀ ਇਕ ਬੜੇ ਮਾਰਕੇ ਦੀ ਗਲ ਕਹੀ ਹੈ । ਸਮਾਜਵਾਦ ਦਾ ਨਾਂ ਸੁਣ ਕੇ ਇਕ ਧਾਰਮਕ ਲੇਖਕ ਨੂੰ ਜ਼ੁਕਾਮ ਹੋ ਜਾਂਦਾ ਹੈ । ਅਤੇ ਜੇ ਕਿਤੇ ਧਰਮ ਦਾਂ ਨਾਂ ਲੈ ਦਿਓ ਤਾਂ ਕਾਮਰੇਡੀ ਸੋਚ ਵਾਲਿਆਂ ਨੂੰ ਨਿਛਾਂ ਆਉਣ ਲਗ ਜਾਨੀਆਂ ਹਨ । ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਹੀਏ ਦੀ ਗਲ ਕਰਨ ਲਗਿਆਂ ਕੋਈ ਪਾਬੰਦੀ ਨਹੀਂ ਸੀ ਲਾਈ ਕਿਸ ਨਾਲ ਗਲ ਕਰਨੀ ਹੈ ਕਿਸ ਨਾਲ ਨਹੀਂ ।ਬਾਬੇ ਨਾਨਕ ਦੇ ਦਰਸਾਏ ਮਾਰਗ ਤੇ ਚਲਣਾ ਹੈ ਤਾਂ ਸਾਨੂੰ ਸੌੜੀ ਸੋਚ ਵਗਾਹ ਮਾਰਨੀ ਹੋਵੇਗੀ ।

ਸੁਰਜੀਤ ਸਿੰਘ ਹੋਰਾਂ ਆਪਣੇ ਸਾਰੇ ਲੇਖ ਵਿਚ ਦਲੀਲ ਦਾ ਪਲਾ ਨਹੀਂ ਛਡਿਆ ਬੜੀ ਮੇਹਨਤ ਕੀਤੀ ਹੈ । ਕੁਝ ਗਲਾਂ ਮੈਂ ਆਪਣੇ ਤਜੱਰਬੇ ਤੋਂ ਸਾਂਝੀਆਂ ਕਰਾਂਗਾ । ਸਾਡੇ ਨਾਨੀ ਜੀ ਅਤੇ ਸ: ਭਗਤ ਸਿੰਘ ਦੇ ਮਾਤਾ ਜੀ ਦੀ ਇਕ ਰਿਸ਼ਤੇ ਕਾਰਨ ਸਾਂਝ ਸੀ । ਇਕ ਦੁੂਸਰੇ ਦੇ ਦਿਨ ਵਿਹਾਰ ਤੇ ਆਉਣੀ ਜਾਣੀ ਵੀ ਸੀ । ਮੇਰਾ ਜਨਮ ਬੱਰਮਾਂ ਦਾ ਹੈ ਮੈਂ ਕੋਈ ਛੇ ਸਾਲ ਦਾ ਹੋਵਾਂਗਾ ਜਦ ਮੈਂ ਪਹਿਲੀ ਵਾਰ ਬੱਰਮਾਂ ਤੋ ਆ ਕੇ ਆਪਣੇ ਨਾਨਕੀ ਗਿਆ ਮੇਰੇ ਨਾਨੀ ਜੀ ਨੇ ਮੈਨੂੰ ਗੋਦ ਵਿਚ ਲੈ ਮੇਰਾ ਮੂੰਹ ਚੁੰਮਿਆ ਮੇਰੀ ਢੁੂਹੀ ਤੇ ਹਥ ਫੇਰਿਆ ਫੇਰ ਅੰਗਰੇਜ਼ੀ ਹਕੂਮਤੇ ਤੇਰਾ ਕੱਖ ਨਾ ਰਹੇ ਆਖ ਕੇ ਰੋਣ ਲਗ ਪਏ ਮੈਨੂੰ ਕੁਝ ਸੱਮਝ ਨਾਂ ਆਈ । ਮੇਰੀ ਮਾਤਾ ਜੀ ਨੇ ਕੁਝ ਸਾਲਾਂ ਬਾਅਦ ਮੈਨੂੰ ਸਮਝਾਇਆ ਕਿ ਮੇਰੇ ਨਾਨੀ ਜੀ ਭਗਤ ਸਿੰਘ ਦੀ ਯਾਦ ਨੂੰ ਨਹੀਂ ਭੁਲਾ ਸਕੇ ਜਦ ਕਿਸੇ ਬਚੇ ਨੂੰ ਗੋਦ ਵਿਚ ਲੈਂਦੇ ਹਨ ਤਾਂ ਭਗਤ ਸਿੰਘ ਦੇ ਮੋਹ ਵਿਚ ਬੇਹਬਲ ਹੋ ਕੇ ਇਸੇ ਤਰਾਂ ਭਾਵਕ ਹੋ ਜਾਂਦੇ ਹਨ ।

ਮੇਰੇ ਮਾਤਾ ਜੀ ਬਰਮਾਂ ਨੂੰ ਚਲੇ ਗਏ ਅਤੇ ਮੈਂ ਆਪਣੀ ਵਡੀ ਭੈਣ ਦੇ ਘਰ ਕੁਠਾਰ ਰਹਿਣ ਲਗ ਪਿਆ । ਉਹ ਸਾਰਾ ਪ੍ਰਿਵਾਰ ਦੇਸ਼ ਭਗਤੀ ਵਿਚ ਰੰਗਿਆ ਹੋਇਆ ਸੀ ਅਤੇ ਕਾਂਗਰਸ ਦੇ ਸਰਕਰਦਾ ਮੈਂਬਰ ਸਨ ਕੁਠਾਰ ਵਿਚੋਂ ਹੋਰ ਬਹੁਤ ਸਾਰੇ ਆਦਮਪੁਰ ਖਦਰ ਭੰਡਾਰ ਵਿਚ ਇਕਠੇ ਚਰਖਾ ਕਤਣ ਵੀ ਜਾਇਆ ਕਰਦੇ ਸਨ ।ਇਕ ਦਿਨ ਮੈਂ ਇਕ ਆਲਾ ਫੋਲਿਆ ਤਾਂ ਮੇਰੇ ਹਥ ਇਕ ਕਿਸਾ ਆ ਗਿਆ ਜੋ ਰਮਤੇ ਨੇ ਭਗਤ ਸਿੰਘ ਬਾਰੇ
ਲਿਖਿਆ ਹੋਇਆ ਸੀ ਉਹ ਕਿਸਾ ਸਰਕਾਰ ਨੇ ਬੈਨ ਕੀਤਾ ਹੋਇਆ ਸੀ ਮੇਰੇ ਭੈਣ ਦੀ ਸਸ ਨੇ ਮੇਰੇ ਪਾਸੋਂ ਕਿਸਾ ਲੈ ਕੇ ਕਿਤੇ ਹੋਰ ਛੁਪਾ ਦਿਤਾ। ਕੁਝ ਲਾਈਨਾ ਹਾਲੇ ਤਕ ਯਾਦ ਹਨ।

ਸਾਈਮਨ ਸੋਚਦਾ ਕੁਰਸੀਆਂ ਹੇਠ ਬੈਠਾ ਕਿਥੇ ਮਾਰਿਆ ਘੇਰ ਖੁਦਾ ਮੈਨੂੰ ,ਠੰਢੀ ਹਵਾ ਇੰਗਲੈਂਡ ਦੀ ਫਕਦੇ ਨੂੰ ਭਾਵੀ ਟੱਬਰੋਂ ਕੀਤਾ ਜੁਦਾ ਮੈਨੂੰ
ਹਾਏ ਮੇਂਮ ਸਾਹਿਬਾ ਵੇਲੇ ਅੰਤ ਦੇ ਆ ਤੂੰ ਵੀ ਦੇਖ ਲਮੈਂ ਜਾਂਦੇ ਰਾਹ ਮੈਨੂੰ ਮੇਰੇ ਬਚਿਓ ਬਾਪੂ ਜੀ ਚਲਿਆ ਏ ਰਿਹਾ ਨਿਤ ਪਿਆਰ ਦਾ ਚਾ ਮੈਨੂੰ

ਮੁਕਦਮੇ ਦੋਰਾਨ

ਮੈਮੋਰੀਅਲ ਲੋਕਾਂ ਨੇ ਬਹੁਤ ਭੇਜੇ ਭਗਤ ਸਿੰਘ ਨੂੰ ਫਾਂਸੀ ਤੇ ਚਾੜ੍ਹਿਓ ਨਾ ਸਾਡੇ ਸੜਦਿਆਂ ਦਿਲਾਂ ਨੂੰ ਹੋਰ ਰਮਤਾ ਤੇਲ ਮਿਟੀ ਦਾ ਪਾ ਕੇ ਸਾੜਿਓ ਨਾ ।

ਸਾਰੇ ਦੇਸ਼ ਵਿਚ ਹਾ ਹਾ ਕਾਰ ਮਚੀ ਹੋਈ ਸੀ ਪਰ ਗਾਂਧੀ ਜੀ ਨੇ ਇਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸਿਰ ਫਿਰੇ ਆਖ ਕੇ ਹੀ ਸਾਰ ਲਿਆ ਸੀ । ਸ਼ਰੀਕ ਉਜੜੇ ਤੇ ਵੇਹੜਾ ਮੌਕਲਾ ਦਾ ਮੁਹਾਵਰਾ ਗਾਂਧੀ ਜੀ ਵਰਗਿਆਂ ਤੇ ਬੜਾ ਢੁੱਕਦਾ ਹੈ ।
ਮੇਰੇ ਬੈਹਨੋਈ ਦੇ ਵਡੇ ਭਰਾ ਸ: ਬਖਸ਼ੀਸ਼ ਸਿੰਘ ਨੇ ਸ਼ਾਦੀ ਨਹੀਂ ਸੀ ਕਰਵਾਈ ਉਹ ਜਾਂ ਤਾਂ ਜੇਲ ਵਿਚ ਹੁੰਦਾ ਸੀ ਜਾਂ ਅੰਡਰ ਗਰਾਊਂਡ ਬਾਅਦ ਵਿਚ ਹਜ਼ਾਰਾ ਸਿੰਘ ਬਬਰ ਮੰਡੇਰਾਂ ਵਾਲਿਆਂ ਦੀ ਸਪੁਤ੍ਰੀ ਸਰਦਾਰਨੀ ਪਰੀਤਮ ਕੋਰ ਮੇਰੀ ਭੈਣ ਦੀ ਜਠਾਣੀ ਬਣ ਕੇ ਆ ਗਈ ਤਾਂ ਹਜ਼ਾਰਾ ਸਿੰਘ ਬਬਰ ਨਾਲ ਵੀ ਮਿਲਣ ਦਾ ਸੁਭਾਗ ਪਰਾਪਤ ਹੋਇਆ । ਇਹ ਗਲਾਂ ਦਸਣ ਦਾ ਮੇਰਾ ਭਾਵ ਹੈ ਕਿ ਜੋ ਕੁਝ ਮੈਂ ਉਹਨਾਂ ਪਾਸੋਂ ਸੁਣਿਆਂ ਤੁਹਾਡੇ ਨਾਲ ਸਾਂਝਾ ਕਰ ਸਕਾਂ ।

ਭਗਤ ਸਿੰਘ ਦੇ ਮਾਤਾ ਜੀ ਗੁਰੂੁ ਸਾਹਿਬਾਨ ਦੇ ਮਿਸ਼ਨ ਤੋਂ ਪੂਰੇ ਸੁਚੇਤ ਸਨ । ਅਜੀਤ ਸਿੰਘ ਜੀ ਦੀ ਧਰਮ ਪਤਨੀ ਬਾਰੇ ਮੇਰੇ ਨਾਨੀ ਜੀ ਦਸਦੇ ਸਨ ਕਿ ਘਰ ਵਿਚ ਨਿਤ ਨੇਮ ਦੀ ਜ਼ਿਮੇਵਾਰੀ ਉਸ ਦੀ ਸੀ ।ਹਜ਼ਾਰਾ ਸਿੰਘ ਬਬਰ ਵੀ ਭਗਤ ਸਿੰਘ ਨੂੰ ਜ੍ਹੇਲ ਦੋਰਾਨ ਮਿਲਿਆ ਸੀ ਉਹਨਾਂ ਦੇ ਦਸਣ ਮੁਤਾਬਕ ਰਣਧੀਰ ਸਿੰਘ ਅਤੇ ਭਗਤ ਸਿੰਘ ਇਕ ਦੂਸਰੇ ਦੀ ਗਲ ਬੜੇ ਧਿਆਨ ਨਾਲ ਸੁਣਦੇ ਸਨ ਰਣਧੀਰ ਸਿੰਘ ਭਗਤ ਸਿੰਘ ਨਾਲ ਬੇਹਦ ਪਿਆਰ ਕਰਦੇ ਸਨ ਅਤੇ ਭਗਤ ਸਿੰਘ ਵੀ ਰਣਧੀਰ ਸਿੰਘ ਹੋਰਾਂ ਦਾ ਬਹੁਤ ਸਤਕਾਰ ਕਰਦਾ ਸੀ ।ਰਣਧੀਰ ਸਿੰਘ ਹੋਰਾਂ ਵਿਚ ਆਪਣੀ ਗਲ ਸਮਝਾਉਣ ਦੀ ਸਮਰੱਥਾ ਸੀ । ਅਤੇ ਭਗਤ ਸਿੰਘ ਪਾਸ ਸੁਣਨ ਸਮਰੱਥਾ । ਉਹ ਇਹ ਵੀ ਦਸਦੇ ਸਨ ਕਿ ਭਗਤ ਸਿੰਘ ਦੀ ਕੇਸ ਕਟਾਉਣ ਦੀ ਮਜਬੂਰੀ ਨਾਲ ਰਣਧੀਰ ਸਿੰਘ ਸੈਹਮਤ ਸਨ। ਭਗਤ ਸਿੰਘ ਨੇ ਅਗੋਂ ਤੋਂ ਕੇਸ ਨਾਂ ਕਟਾਉਣ ਦੀ ਗਲ ਮਨ ਵੀ ਲਈ ਸੀ ।ਕਈ ਦਫਾ ਜਦ ਬਬਰ ਹਜ਼ਾਰਾ ਸਿੰਘ ਦੀ ਕਹੀ ਗਲ (ਗਾਂਧੀ, ਨੈਹਰੂ ਹੋਰਾਂ ਦਾ ਗਰੁਪ ਉਪਰੋਂ ਕੁਝ ਹੋਰ ਨੇ ਅਤੇ ਅੰਦਰੋਂ ਕੁਝ ਹੋਰ ਨੇ । ਇਹਨਾ ਦਾ ਇਤਬਾਰ ਕਰਨ ਵਾਲੇ ਜਦ ਹੋਸ਼ ਵਿਚ ਆਉਣਗੇ ਤਾਂ ਵੇਲਾ ਬੀਤ ਚੁਕਾ ਹੋਵੇਗਾ । ਫੇਰ ਵੇਲਾ ਵਕਤ ਬਹਾਇਆਂ ਕੀ ਬਣਦਾ ਹੈ ਪਛਤਾਇਆਂ ਵਾਲੀ ਗਲ ਹੋਵੇਗੀ ) ਚੇਤੇ ਆ ਜਾਂਦੀ ਹੈ ਤਾਂ ਸੋਚੀਂ ਪੈ ਜਾਂਦਾਂ ਹਾਂ ਉਸ ਵਕਤ ਇਹਨਾਂ ਆਗੂਆਂ ਦੀ ਸੋਚ ਤੇ ਕਿੰਤੂ ਕਰਨ ਵਾਲੇ ਤਾਂ ਸਨ ।ਪਰ ਅਜ ਦੇ ਡੇਰੇ ਦਾਰ ਸਾਧਾਂ ਵਾਂਗ ਗਾਂਧੀ ਜੀ ਦੇ ਮਹਾਤਮਾਂ ਪੁਣੇ ਦਾ ਢੌਂਗ ਸਭ ਤੇ ਭਾਰੂ ਹੋ ਨਿਬੜਦਾ ਸੀ ।ਮੈਂ ਸੁਰਜੀਤ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੀ ਕਲਮ ਰੁਕਣ ਨਾਲ ਨੁਕਸਾਨ ਹੀ ਹੋਇਆ ਹੋਵੇਗਾ ਫਾਇਦਾ ਨਹੀਂ ਹੁਣ ਅਗੇ ਤੋਂ ਇਸ ਦੀ ਰਫਤਾਰ ਨੂੰ ਮਂਧਮ ਨਾ ਪੈਣ ਦਿਓ ।

ਚੌਥਾ ਲੇਖ ( ਸ਼ਹੀਦ ਭਗਤ ਸਿੰਘ ਨਾਸਤਕ ਸੀ ) ਸੁਖਦੇਵ ਸਿੱਧੂ ਹੋਰਾਂ ਨੇ ਕੁਝ ਕਿਤਾਬੀ ਵੇਰਵਿਆਂ ਦੇ ਆਧਾਰ ਤੇ ਲਿਖਿਆ ਹੈ ।
ਸਿੱਧੂ ਹੋਰਾਂ ਨੇ ਪਹਿਲੇ ਪੈਹਰੇ ਵਿਚ ਜੋ ਗਲ ਆਖੀ ਹੈ ।ਕਿ ਭਗਤ ਸਿੰਘ ਦੀ ਵਿਚਾਰਧਾਰਾ ਦੀ ਐਹਮੀਅਤ ਬਾਰੇ ਲੋਕਾਂ ਨੂੰ ਓਨੀ ਜਾਣਕਾਰੀ ਨਹੀਂ ਹੈ ।
ਉਹਨਾਂ ਦਾ ਇਹ ਵਿਚਾਰ ਸੋਨੇ ਵਰਗਾ ਖਰਾ ਹੈ । ਪਰ ਜਿਊਂ ਜਿਊਂ ਲੇਖ ਅਗੇ ਤੁਰਦਾ ਗਿਆ ਨਾਲ ਨਾਲ ਇਹ ਵੀ ਗਲ ਸਾਫ ਹੁੰਦੀ ਗਈ ਕਿ ਸਿਂਧੁ ਜੀ ਤਾਂ ਵਾਰੀਆਂ ਲਾਹੁਣ ਵਾਲੀ ਖੇਡ ਖੇਡ ਰਹੇ ਹਨ । ਉਹਨਾਂ ਨੇ ਪੂਰਾ ਤਾਣ ਸਿਰਫ ਇਸ ਗਲ ਨੂੰ ਸਿਧ ਕਰਨ ਤੇ ਲਾਇਆ ਕਿ ਭਗਤ ਸਿੰਘ ਸਿਖ ਨਹੀਂ ਸੀ ।ਊੁਧਮ ਸਿੰਘ ਸਿਖ ਨਹੀਂ ਸੀ ਕਰਤਾਰ ਸਿੰਘ ਸਰਾਭਾ ਸਿਖ ਨਹੀਂ ਸੀ । ਕਈ ਵੇਰ ਤਾਂ ਕਈ ਲੇਖਕ ਸਿਰਫ ਸਿਖਾਂ ਨੂੰ ਛੁਟਿਆਉਣ ਲਈ ਗਦਰੀ ਬਾਬਿਆਂ ਨੂੰ ਵੀ ਕਾਮਰੇਡ ਬਣਾ ਧਰਦੇ ਹਨ ਜਦ ਕਿ ਗਦਰੀ ਬਾਬਿਆਂ ਦੀ ਬੁਹ ਗਿਣਤੀ ਅਮ੍ਰਤਧਾਰੀ ਸਿਖ ਸਨ ਗਦਰ ਪਾਰਟੀ ਦਾ ਵਾਈਸ ਪਰਧਾਨ ਬਰਕਤਉਲਾ ਇਕ ਮੌਲਵੀ ਸੀ।ਗਦਰ ਪਾਰਟੀ ਵਿਚ ਸਿਖਾਂ ਦੀ ਬੁਹ ਗਿਣਤੀ ਹੋਣ ਦੇ ਬਾਵਜੂਦ ਉਹਨਾਂ ਦਾ ਨਿਸ਼ਾਨਾ ਧਰਮ ਪਰਚਾਰ ਕਰਨਾ ਨਹੀਂ ਸੀ ਨਾਂ ਹੀ ਕੋਈ ਗੁਰਦਵਾਰਾ ਉਸਾਰਨ ਦਾ ਪਰੋਗਰਾਮ ਸੀ ਉਹ ਤਾਂ ਦੇਸ਼ ਦੇ ਸਚੇ ਸਪੂਤ ਦੇਸ਼ ਭਗਤ, ਆਜ਼ਾਦੀ ਦੇ ਪਰਵਾਨੇ ਸਨ ।

ਜੇ ਭਗਤ ਸਿੰਘ ਸਿਖ ਨਹੀਂ ਸੀ ਤਾਂ ਕੋਣ ਸੀ । ਇਸ ਸਵਾਲ ਦਾ ਉਤਰ ਤਾਂ ਸਿੱਧੂ ਹੋਰਾਂ ਦੇ ਲੇਖ ਚੋ ਹੀ ਲਭ ਜਾਂਦਾ ਹੈ । ਉਹ ਲਿਖਦੇ ਹਨ ( ੳਹਨਾਂ ਦਾ ਬਾਬਾ ਅਰਜਣ ਸਿੰਘ ਆਰੀਆ ਸਮਾਜੀ ਪਰਭਾਵ ਹੇਠ ਆ ਕੇ ਅੰਧ ਵਿਸ਼ਵਾਸ਼ , ਛੂਤ ਛਾਤ ਤੋਂ ਮੁਕਤ ਹੋ ਗਿਆ ਸੀ )। ਆਰੀਆ ਸਮਾਜ ਦਾ ਗੱਠਨ ਪੰਜਾਬ ਵਿਚ 1875,1877 ਦੌਰਾਨ ਹੋਇਆ। ਅਤੇ ਗੁਰੂ ਕਾਲ ਦਾ ਸਮਾਂ ਹੈ 1469 ਤੋਂ 1708 ਤਕ ।ਇਸ ਤੋਂ ਸਾਫ ਹੋ ਜਾਂਦਾ ਹੈ ਕਿ ਪੰਜਾਬ ਵਿਚ ਛੂਤ ਛਾਤ ਅਤੇ ਵਰਣ ਵੰਡ ਦੇ ਖਿਲਾਫ ਬਿਗਲ ਆਰੀਆ ਸਮਾਜ ਦੇ ਗਠਨ ਤੋਂ 407 ਸਾਲ ਪਹਿਲਾਂ ਬਜ ਚੁਕਾ ਸੀ । ਗੁਰੂ ਬਾਬਾ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਮੁਹਿਮ ਨੂੰ 9 ਗੁਰੂ ਸਾਹਿਬਾਨ ਨੇ ਅਮਲੀ ਜਾਮਾਂ ਪਹਿਨਾਇਆ ਸਾਂਝਾ ਲੰਗਰ ਸਾਂਝਾ ਗਰੰਥ ਸਾਂਝਾ ਮੰਦਰ ਇਥੋ ਤਕ ਕੇ ਖਾਲਸੇ ਦੀ ਸੁਪਰੀਮ ਬੋਡੀ ਪੰਜ ਪਿਆਰੇ ਵੀ ਪੰਜਾਂ ਜਾਤੀਆਂ ਵਿਚੋਂ ਪੰਜਾਂ ਦਿਸ਼ਾਵਾਂ ਵਿਚੋ ਲਏ ਗਏ । ਸ: ਅਰਜਣ ਸਿੰਘ ਹੋਰ ਬਹੁਤ ਸਾਰੇ ਪੰਜਾਬੀਆਂ ਸਮੇਤ ਸਿਖ ਫਿਲਾਸਫੀ ਅਪਨਾ ਕੇ ਜ਼ਾਤ ਪਾਤ ਅਤੇ ਛੂਤ ਛਾਤ ਦੇ ਕੋਹੜ ਤੋਂ ਤਾਂ ਛੁਟਕਾਰਾ ਪਾ ਚੁਕੇ ਸਨ ਪਰ ਬਰਾਹਮਣ ਦੇ ਚੁੰਗਲ ਚੋਂ ਹਾਲੇ ਪੂਰੀ ਤਰਾਂ ਨਹੀਂ ਨਿਕਲ ਸਕੇ ਸਨ । ਹਰ ਨਗਰ ਨੇ ਘਟੋ ਘਟ ਇਕ ਟੱਬਰ ਐਸਾ ਬਸਾਇਆ ਹੋਇਆ ਸੀ ਜਿਸ ਨੂੰ ਮਿਸਰ (ਮਿਸਰ ਤੋਂ ਆਏ ਹੋਏ ) ਕਿਹਾ ਜਾਂਦਾ ਸੀ । ਚੰਗੇ ਮੰਦੇ ਮਹੂਰਤ ਸ਼ਗਨ ਅਪਸ਼ਗਨ ਕੂੰਡਲੀਆਂ ਦੇ ਮੇਲ ਇਥੋਂ ਤਕ ਕੇ ਨਗਰ ਨਿਵਾਸੀ ਫਸਲ ਬੀਜਣ ਵੇਲੇ ਵੀ ਪੰਡਤ ਤੋਂ ਪੁਛਣ ਜਾਇਆ ਕਰਦੇ ਸਨ। ਸਿਖ ਰਾਜ ਦੇ ਖਤਮ ਹੋਣ ਨਾਲ ਸਿਖ ਪੰਥ ਨੂੰ ਬੁਹਤ ਵਡਾ ਧਕਾ ਲਗਾ ਸਿਖਾਂ ਦੇ ਧਾਰਮਕ ਅਸਥਾਂਨਾ ਤੇ ਮਹੰਤ ਕਾਬਜ਼ ਹੋ ਗਏ ਹਰਮੰਦਰ ਸਾਹਿਬ ਦੀਆਂ ਪਰਕਰਮਾਂ ਵਿਚ ਵੀ ਮੂਰਤੀਆਂ ਸਥਾਪਤ ਕਰ ਦਿਤੀਆਂ ਗਈਆਂ ਇਹਨਾਂ ਹਾਲਾਤ ਵਿਚ ਸਿਖ ਧਰਮ ਨੂੰ ਅਪਨਾਉਣ ਵਾਲੇ ਬਹੁਤ ਸਾਰੇ ਪ੍ਰਿਵਾਰ ਇਕ ਅਧੋ ਗਤੀ ਵਿਚ ਗੁਜ਼ਰ ਰਹੇ ਸਨ ਉਹਨਾਂ ਨੇ ਇਕ ਸਨਾਤਨ ਸਿਖ ਸਮਾਜ ਦੀ ਸਥਾਪਨਾ ਕੀਤੀ ਅਗਰ ਭਗਤ ਸਿੰਘ ਦੇ ਭਧਨ ਹੋਏ ਹਨ ਤਾਂ ਉਸ ਦਾਂ ਵੀ ਇਹੋ ਕਾਰਨ ਸੀ ।

ਆਰੀਆ ਸਾਮਾਜ ਵਾਲੇ ਵੇਦਾਂਤੀ ਮਤ ਦਾ ਪਰਚਾਰ ਕਰ ਰਹੇ ਸਨ । ਸਿਖ ਧਰਮ ਤੇ ਤੇਹਰਾ ਹਮਲਾ ਸੀ ਇਕ ਸੀ ਇਸਲਾਮੀ ਮੁਲਾਣਿਆਂ ਵਲੋਂ ਦੂਜਾ ਸੀ ਕ੍ਰਿਸ਼ਚੀਅਨ ਪਾਦਰੀਆਂ ਵਲੋਂ ਅਤੇ ਤੀਜਾ ਅਤੇ ਸਭ ਤੋਂ ਖਤਰਨਾਕ ਹਮਲਾ ਸੀ ਆਰੀਆ ਸਮਾਜ ਵਲੋਂ ।ਨਾਲ ਹੀ ਮੈਂ ਇਹ ਵੀ ਦਸ ਦੇਣਾ ਚਾਹਾਂਗਾ ਕਿ ਕੁਝ ਸੂਝਵਾਨ ਆਰੀਆਂ ਸਮਾਜ ਵਾਲਿਆਂ ਨੇ ਸਿਖ ਫਿਲਾਸਫੀ ਪੜ੍ਹਨ ਉਪਰੰਤ ਸਿਖ ਗੁਰੂ ਸਾਹਿਬਾਨ ਅਤੇ ਗੁਰੂ ਗਰੰਥ ਸਾਹਿਬ ਦੇ ਪਰਚਾਰ ਨੂੰ ਬੰਧਨ ਮੁਕਤ ਕਿਹਾ ਅਤੇ ਪਰਚਾਰਿਆ । ਦੋਲਤ ਰਾਮ ਆਪਣੀ 1932 ਵਿਚ ਛਪੀ ਕਿਤਾਬ ਵਿਚ ਗੁਰੂ ਗੋਬਿੰਦ ਸਿੰਘ ਦੀ ਤੁਲਨਾਂ ਕਰਦਾ ਉਹ ਗੁਰੂ ਗੋਬਿੰਦ ਸਿੰਘ ਨੂੰ ਸਚਾ ਦੇਸ਼ ਭਗਤ ਲਿਖਦਾ ਹੈ । ਸਨ 1902 ਵਿਚ ਚੀਫ ਖਾਲਸਾ ਦੀਵਾਨ ਹੌਂਦ ਵਿਚ ਆਉਣ ਨਾਲ ਸਿਖ ਪੰਥ ਕੁਝ ਸੰਭਲ ਸਕਿਆ ਚੀਫ ਖਾਲਸਾ ਦੀਵਾਨ ਸੋਸਾਇਟੀ ਨੇ ਅਨੰਦ ਮੈਰਜ ਐਕਟ 1905 ਪਾਸ ਕਰਵਾਇਆ ਫੇਰ ਵੀ ਬਹੁਤ ਦੇਰ ਤਕ ੰਿਪਡਾਂ ਵਿਚ ਵੇਦਕ ਰੀਤਾਂ ਨਾਲ ਵਿਆਹ ਸ਼ਾਦੀਆਂ ਹੁੰਦੇ ਰਹੇ ।

ਭਗਤ ਸਿੰਘ ਦੇ ਪਿਤਾ ਜੀ ਸ: ਕਿਸ਼ਨ ਸਿੰਘ ਆਰੀਆ ਸਮਾਜ ਨੂੰ ਤਿਆਗ ਚੁਕੇ ਸਨ ਪਰ ਇਹਨਾਂ ਦੀ ਅਲ ਆਰੀਆ ਸਮਾਜੀਏ ਪੈ ਚੁਕੀ ਸੀ ਭਗਤ ਸਿੰਘ ਨੇ ਕੇਸ ਰਖੇ ਪਗੜੀ ਬਧੀ ਹਾਂ ਅਗਰ ਉਸਨੂੰ ਮੋਰਚਿਆ ਵੇਲੇ ਚਾਹ ਪਾਣੀ ਦੀ ਸੇਵਾ ਕਰਦੇ ਦਿਖਾਲਦੇ ਹਨ ਇਸ ਵਿਚ ਬੁਰਾਈ ਵੀ ਕੀ ਹੈ ਭਗਤ ਸਿੰਘ ਹਰ ਉਸ ਲੜਾਈ ਲਈ ਤਿਆਰ ਸੀ ਜੋ ਅੰਗਰੇਜ਼ ਹਕੂਮਤ ਦੇ ਖਿਲਾਫ ਲੜੀ ਜਾ ਰਹੀ ਸੀ ਗੁਰਦਵਾਰਿਆਂ ਨੂੰ ਅੰਗਰੇਜ਼ ਪਿਠੂ ਮਹੰਤਾਂ ਤੋ ਆਜ਼ਾਦ ਕਰਵਾਉਣਾ ਵੀ ਜੰਗੇ ਆਜ਼ਾਦੀ ਦਾ ਹੀ ਇਕ ਹਿਸਾ ਸੀ ਪੰਡਤ ਜਵਾਹਰ ਲਾਲ ਨੈਹਰੂ ਨੇ ਖੁਦ ਜੈਤੋ ਦੇ ਮੋਰਚੇ ਦੌਰਾਨ ਜੇਲ ਕਟੀ ਹੈ । ਗੁਰਦਵਾਰਿਆਂ ਦੀ ਜੰਗ ਜਿਤਣ ਤੇ ਮਹਾਤਮਾਂ ਗਾਂਧੀ ਨੇ ਸਿਖਾਂ ਨੂੰ ਵਧਾਈ ਦਿੰਦੇ ਆਖਿਆ ਸੀ ਕਿ ਸਿਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿਤ ਲਈ ਹੈ ।


ਆਰੀਆ ਸਮਾਜ ਬਣਾਉਣ ਦਾ ਸੁਪਨਾਂ ਸੁਆਮੀ ਦਇਆ ਨੰਦਾ ਨੇ 1869 ਵਿਚ ਲਿਆ ਸੀ ਉਸਦਾ ਮਕਸਦ ਦੇਸ਼ ਵਿਚ ਕੁਝ ਸਕੂਲ ਬਣਾ ਕੇ ਵੇਦਕ ਧਰਮ ਦੇ ਪਰਚਾਰਕ ਤਿਆਰ ਕਰਨਾ ਸੀ ਉਸਨੇ ਗੁਜਰਾਤ ਵਿਚ ਕੁਝ ਸਕੂਲ ਬਣਾਏ ਵੀ ਪਰ ਉਹ ਮਾਇਕ ਥੁੜੋਂ ਛੇਤੀ ਹੀ ਬੰਦ ਹੋ ਗਏ ਪਰ ਉਸਨੇ ਹਿੰਮਤ ਨਹੀਂ ਹਾਰੀ ਆਖੀਰ ਆਰੀਆ ਸਮਾਜ ਬਣਾਉਣ ਵਿਚ ਸਫਲ ਹੋ ਗਿਆ ਅਤੇ ਸਕੂਲ ਵੀ ਬਣ ਗਏ ।ਡੀ. ਏੇ. ਵੀ. ਕਾਲਜ ਦੇ ਕਰਤਾ ਧਰਤਾ ਵੀ ਆਰੀਆ ਸਮਾਜ ਸੀ ਉਥੇ ਪੜ੍ਹਨ ਵਾਲਿਆਂ ਨੂੰ ਗਾਇਤਰੀ ਦਾ ਪਾਠ ਅਤੇ ਹੋਰ ਵੇਦਕ ਰਸਮਾਂ ਵੀ ਸਿਖਾਈਆਂ ਜਾਂਦੀਆਂ ਸਨ ।

ਅਜ਼ਾਦੀ ਤੋਂ ਬਾਅਦ ਕਾਮਰੇਡਾਂ ਨੇ ਕਿਸਾਨੀ ਨੂੰ ਮੁਖ ਰਖਕੇ ਇਕ ਮੋਰਚਾ ਲਾਇਆ । ਪੰਜਾਬ ਦੇ ਲੋਕਾਂ ਨੂੰ ਨਾਲ ਰਲਾਉਣ ਲਈ ਗੁਮਰਾਹ ਕੁਨ ਪਰਚਾਰ ਸ਼ੁਰੂ ਕੀਤਾ ਆਖਣ ਪਾਣੀ ਵਿਚੋਂ ਬਿਜਲੀ ਤਾਂ ਭਾਖੜਾ ਡੈਮ ਤੇ ਕਢ ਲਈ ਅਤੇ ਆਹ ਫੋਕਾ ਪਾਣੀ ਪੰਜਾਬ ਦੇ ਕਿਰਸਾਨਾ ਨੂੰ ਦਿਤਾ ਜਾ ਰਿਹਾ ਹੈ । ਜਿਸ ਦਾ ਫਸਲਾਂ ਨੂੰ ਉਕਾ ਕੋਈ ਫਾਇਦਾ ਨਹੀਂ । ਕੀ ਭਗਤ ਸਿੰਘ ਨੂੰ ਕਾਮਰੇਡਾਂ ਦੀ ਸਫਾਂ ਵਿਚ ਖੜਿਆਂ ਕਰਨ ਵਾਲੇ ਉਸ ਦੇ ਹੁੰਦੇ ਹੋਇਆਂ ਇਹੋ ਜਿਹਾ ਭਦਾ ਮਜ਼ਾਕ ਕਰ ਸਕਦੇ ਸਨ ।

ਜੇ ਭਗਤ ਸਿੰਘ ਨੇ ਚੀਫ ਵਾਰਡਨ ਦੇ ਕਹੇ ਤੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਤਾਂ ਉਸ ਨੂੰ ਸਿਖੀ ਚੋਂ ਖਾਰਜ ਕਰ ਦੇਣ ਵਾਲੇ ਭਗਤ ਸਿੰਘ ਨਾਲ ਇਨਸਾਫ ਨਹੀਂ ਕਰ ਰਹੇ । ਉਸ ਦੇ ਇਸ਼ਟ ਦੇਵ ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਚਾਰ ਸਾਹਿਬਜ਼ਾਦੇ ਜੇ ਹਸਦੇ ਹਸਦੇ ਆਜ਼ਾਦੀ ਲਈ ਜਾਂਨਾ ਵਾਰ ਸਕਦੇ ਹਨ ਤਾਂ ਊਧਮ ਸਿੰਘ ,ਕਰਤਾਰ ਸਿੰਘ ਅਤੇ ਭਗਤ ਸਿੰਘ ਕਿਊਂ ਪਿਛੇ ਰਹਿੰਦੇ । ਉਹਨਾਂ ਸੂਰਮਿਆਂ ਨੇ ਗੁਰੂ ਦਰਸਾਏ ਰਾਹ ਤੇ ਚਲ ਕੇ ਇਹ ਸਾਬਤ ਕਰ ਦਿਖਾਇਆ ਕਿ ਸਿਖ ਧਰਮ ਦਾ ਧੁਰਾ ਮਿਥਹਾਸ ਨਹੀਂ ਗੁਰੂ ਦੇ ਸਿਖ ਇਤਹਾਸ ਸਿਰਜਦੇ ਹਨ ਅਤੇ ਸਿਰਜਦੇ ਰਹਿਣਗੇ ।

ਸਿੱਧੂ ਹੋਰਾਂ ਕਰਤਾਰ ਸਿੰਘ ਦੇ ਸਿਰ ਤੇ ਪਗ ਬਨਣ ਦੀ ਗਲ ਕੀਤੀ ਹੈ ।ਕਿਸੇ ਨੂੰ ਪਗ ਭੇਟ ਕਰਨਾਂ ਉਸਦੀ ਇਜ਼ਤ ਕਰਨਾ ਹੈ । ਪਗ ਬਨਣ ਨਾਲ ਕੋਈ ਸਿਖ ਨਹੀਂ ਹੋ ਜਾਂਦਾ ਪਗ ਮੁਸਲਮਾਨ ਵੀ ਬਨ੍ਹਦੇ ਹਨ ਅਤੇ ਹਿੰਦੂ ਵੀ । ਪਗ ਦਾ ਜ਼ਿਕਰ ਬਾਈਬਲ ਵਿਚ ਵੀ ਆਉਂਦਾ ਹੈ ਕਿ ਰਬ ਨੇ ਹਜ਼ਰਤ ਮੂਸਾ ਨੂੰ ਹਦਾਇਤ ਕੀਤੀ ਕਿ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਕਪੜੇ ਦਾ ਜਾਂਗੀਆ ਕਪੜੇ ਦਾ ਕੋਟ ਅਤੇ ਕਪੜੇ ਦੀ ਪਗ ਬੱਨਣ ਉਪਰੰਤ ਹੀ ਮੰਦਰ ਵਿਚ ਆਵੇ


ਉਸ ਤੋਂ ਅਗਲਾ ਸਵਾਲ ਊਧਮ ਸਿੰਘ ਤੇ ਉਠਾਇਆ ਹੈ ਕਿ ਉਸ ਦੇ ਸਾਮਾਨ ਵਿਚੋਂ ਸਿਗਰਟਾਂ ਵੀ ਨਿਕਲੀਆਂ ਸਨ । ਭੋਲੇ ਬਾਦਸ਼ਾਹੋ ਉਸ ਦੇ ਮਿਸ਼ਨ ਵਲ ਜ਼ਰਾ ਧਿਆਨ ਮਾਰੋ ਕਿਡਾ ਕਠਨ ਮਿਸ਼ਨ ਸੀ ।ਉਸ ਨੂੰ ਸਫਲ ਕਰਨ ਲਈ ਉਸ ਨੇ ਕੀ ਕੀ ਪਾਪੜ ਵੇਲੇ ਹੋਣਗੇ । ਇਕ ਪਾਸੇ ਤਾਕਤਵਰ ਹਕੂਮਤ ਬਰਤਾਨੀਆਂ ਦੀ ਸੀ. ਆਈ. ਡੀ. ਦੂਜੇ ਪਾਸੇ ਉਹ ਕਲ ਮੁਕਲਾ ਫੇਰ ਵੀ ਉਹ ਆਪਣੇ ਪਰੋਗਰਾਮ ਵਿਚ ਸਫਲ ਹੋ ਗਿਆ ਜਦਕਿ ਅਜ ਸਾਡੇ ਬਹੁਤ ਸਾਰੇ ਨੋਜਵਾਨ ਤਾਂ ਗੋਰੀਆਂ ਦੀ ਕੰਪਨੀ ਲਈ ਹੀ ਬਾਰਾਂ ਵਿਚ ਜਾ ਕੇ ਸਿਗਰਟ ਦੇ ਸੂਟੇ ਲਾ ਲੈਂਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿਖਾਂ ਨੂੰ ਸੰਸਕ੍ਰਿਤ ਦੀ ਵਿਦਿਆ ਪਰਾਪਤ ਕਰਨ ਲਈ ਕਾਸ਼ੀ ਭੇਜਿਆ ਸੀ ।ਜੇ ਭਗਤ ਸਿੰਘ ਲੈਨਨ ਜਾਂ ਕਾਰਲਮਾਰਕਸ ਜਾਂ ਹੋਰ ਦੇਸ਼ਾਂ ਦੀ ਆਜ਼ਾਦੀ ਦੀ ਜਦੋ ਜਹਿਦ ਦੀ ਜਾਣਕਾਰੀ ਕਰਨੀ ਚਾਹੁੰਦਾ ਸੀ ਤਾਂ ਉਹ ਆਪਣੇ ਗੁਰੂ ਦਾ ਹੁਕਮ ਹੀ ਤਾਂ ਬਜਾ ਰਿਹਾ ਸੀ ਭੇਖਧਾਰੀਆਂ ਦੀ ਕਤਾਰ ਵਿਚ ਉਹ ਆਪਣੇ ਆਪ ਨੂੰ ਖੜਾ ਕਰਨ ਦੀ ਬਜਾਏ ਜੇ ਉਸਨੇ ਆਪਣੇ ਆਪ ਨੂੰ ਨਾਸਤਕ ਕੈਹ ਦਿਤਾ ਤਾਂ ਕੀ ਲੋਹੜਾ ਆ ਗਿਆ । ਇਨਸਾਨੀ ਜੀਵਨ ਨੂੰ ਖੁਸ਼ਗਵਾਰ ਬਣਾਉਣ ਅਤੇ ਸੰਸਾਰ ਭਰ ਵਿਚ ਜੋ ਉਨਤੀ ਹੋਈ ਹੈ ਉਸ ਵਿਚ ਧਰਮ ਦਾ ਬਹੁਤ ਵਡਾ ਯੋਗਦਾਨ ਹੈ ।

ਕਲਾ ਲੈਨਨ ਦਾ ਜੀਵਨ ਪੜ੍ਹਨ ਨਾਲ ਜਾਂ ਕਾਰਲਮਾਰਕਸ ਦੀ ਫਿਲਾਸਫੀ ਪੜ੍ਹਨ ਨਾਲ ਭਗਤ ਸਿੰਘ ਤੇ ਕਾਮਰੇਡ ਹੋਣ ਦਾ ਲੇਬਲ ਲਾ ਦੇਣਾ ਵੀ ਉਸ ਨਾਲ ਬੇਇਨਸਾਫੀ ਹੈ ।ਧਰਮ ਨੂੰ ਵੀ ਇਕ ਕੋਟ ਨਾਂ ਸਮਝੋ ਕਿ ਜਿਸ ਨੇ ਪਾ ਲਿਆ ਉਹ ਧਰਮੀ ਹੋ ਗਿਆ ਜਾਂ ਉਚੀ ਉਚੀ ਮੰਤਰ ਜਾਂ ਕੋਈ ਪਾਠ ਕਰ ਲਿਆ ਉਹ ਧਰਮੀ ਹੋ ਗਿਆ।ਸਿਖ ਧਰਮ ਤਾਂ ਜੀਵਨ ਦੀ ਜਾਂਚ ਸਿਖਾਉਂਦਾ ਹੈ ਸਰਬਤ ਦੇ ਭਲੇ ਦੀ ਗਲ ਕਰਦਾ ਹੈ ਅਣਖ ਨਾਲ ਜੀਣਾ ਸਿਖਾਲਦਾ ਹੈ , ਸਿਖ ਧਰਮ ਸੰਗਤ ਦਾ ਧਰਮ ਹੈ ਇਕ ਇਕਲੇ ਦੀ ਮੁਕਤੀ ਦੀ ਇਸ ਵਿਚ ਕੋਈ ਥਾਂਹ ਨਹੀਂ ਬਲਕਿ ਸਮੁਚੇ ਸਮਾਜ ਦੇ ਕਲਿਆਂਣ ਦੀ ਗਲ ਕਰਦਾ ਹੈ ਉਸ ਕਲਿਆਣ ਲਈ ਸਭ ਤੋਂ ਪਹਿਲਾ ਸਬਕ ਉਦੱਮ ਹੈ ਵੰਡ ਛਕਣਾ ਹੈ ।
ਸ ਭਗਤ ਸਿੰਘ ਦੀ ਡਾਇਰੀ ਦੇ ਪੰਨੇ ਪੁਕਾਰ ਪੁਕਾਰ ਕੇ ਇਹੋ ਗਲ ਤਾਂ ਕਰ ਰਹੇ ਹਨ । ਭੇਖ ਧਾਰੀਆਂ ਨੂੰ ਸਮਝਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵੇਰ ਗਧੇ ਤੇ ਸ਼ੇਰ ਦੀ ਖਲ ਪੁਆ ਦਿਤੀ ਤਾਂ ਹਰ ਕੋਈ ਉਸ ਤੋਂ ਡਰ ਰਿਹਾ ਸੀ ਪਰ ਜਦ ਉਹ ਹੀਘੰਣ ਲਗਾ ਤਾਂ ਲੋਕਾਂ ਨੇ ਕੁਟ ਕੁਟ ਕੇ ਮਾਰ ਦਿਤਾ ।ਤਾਂ ਗੁਰੂ ਸਾਹਿਬ ਨੇ ਫੁਰਮਾਇਆ ਸੀ

“ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਡਾਲ ਨਰਕ ਮੇਂ ਦੀਨ ।“
ਅੰਤ ਵਿਚ ਮੈਂ ਸੁਖਦੇਵ ਜੀ ਅਗੇ ਬੇਨਤੀ ਕਰਾਂ ਗਾ ਕਿ ਅਗਲੀ ਵੇਰੀ ਜਦੋਂ ਕਲਮ ਚੁਕਣ ਤਾਂ ਆਪਣੇ ਮੁਦੇ ਨੂੰ ਕਿਸੇ ਇਕ ਗਰੁਪ ਦੀ ਐਨਕ ਵਿਚ ਦੀ ਨਾਂ ਦੇਖਣ। ਕਲਮ ਦਾ ਧਰਮ ਨਿਭਾਉਣ ਲਈ ਉਹਨਾਂ ਨੂੰ ਕੋਏਨ ਦੇ ਦੋਵੇਂ ਪਾਸੇ ਦੇਖਣੇ ਪੈਣਗੇ ।
ਘੱਗ ਵਿਕੀ ਹੋਈ ਕਲਮ ਨਾਂ ਚੰਗੀ ਫੋਕੀ ਸ਼ੋਹਰਤ ਕਰਦੀ
ਪਾਬੰਦੀਆਂ ਵਿਚ ਜਕੜੀ ਹੋਈ ਸਚ ਕੈਹਣ ਤੋਂ ਡਰਦੀ

ਰੁਕੀਆਂ ਕਲਮਾ ਵਿਕੀਆਂ ਕਲਮਾ ਪਾਬੰਦੀ ਵਿਚ ਜੱਕੜੀਆਂ ਕਲਮਾਂ
ਹੋਜਾਣ ਸਦਾ ਨਕਾਰਾ ਦੇਸ਼ ਕੌਮ ਦੀ ਬਣਤਰ ਵਿਚ,ਫੇਰ ਲੌੋਣ ਨਾਂ ਇਟਾਂ ਗਾਰਾ








ਟੋਟੇ ਟੋਟੇ.......... ਮੁਹਿੰਦਰ ਸਿੰਘ ਘੱਗ

ਏਕ ਪਿਤਾ ਦੀ ਤੂੰ ਭਰਦਾ ਸੀ ਸਾਖੀ ਮਾਨਵ ਕੀ ਜ਼ਾਤ ਤੂੰ ਇਕੋ ਸੀ ਆਖੀ
ਭਾਈ ਨਾਲੋਂ ਭਾਈ ਅੱਜ ਵੰਡਿਆ ਪਿਆ ਹੈ ਮਾਨਵਤਾ ਬਿਚਾਰੀ ਹੋਈ ਟੋਟੇ ਟੋਟੇ

ਕਿਤੇ ਧੋਤੀ ਟੋਪੀ ਕਛਹਿਰੇ ਦਾ ਝਗੜਾ ਹਕ ਮੰਗਿਆਂ ਮਿਲਦਾ ਮੁਦਗਰ ਦਾ ਰਗੜਾ
ਖੇਤੀ ਲੁੱਟੀ ਜਾਂਦੇ ਨੇ ਖੇਤਾਂ ਦੇ ਰਾਖੇ ਇਨਸਾਫ ਦੀ ਤਕੜੀ ਹੋ ਰਹੀ ਟੋਟੇ ਟੋਟੇ

ਕੋਈ ਮਸਜਿਦ ਪਿਆ ਢਾਵੇ ਮੰਦਰ ਕੋਈ ਸਾੜੇ ਚਰਚਾਂ ਨੂੰ ਅੱਗਾਂ ਗੋਲੀ ਗੁਰਦਵਾਰੇ

ਖੁਦਾ ਦੀ ਵੀ ਮਾਨਵ ਨੇ ਵੰਡ ਐਸੀ ਪਾਈ ਖੁਦਾ ਦੀ ਖੁਦਾਈ ਵੀ ਹੋਈ ਟੋਟੇ ਟੋਟੇ

ਕੰਨਾਂ ਵਿਚ ਲੋਕਾਂ ਦੇ ਮਾਰਕੇ ਫੂਕਾਂ ਜੰਨਤਾ ਨੂੰ ਬੁੱਧੂ ਬਣਾਵਣ ਇਹ ਬਾਬੇ
ਭਰਮਾਂ ਤੇ ਵੈਹਮਾ ਵਿਚ ਐਸਾ ਜਕੜਦੇ ਕਿ ਸੋਝੀ ਬਚਾਰੀ ਵੀ ਹੋਈ ਟੋਟੇ ਟੋਟੇ

ਗੁਰਦਵਾਰਾ ਤਾਂ ਹੈ ਗੁਰੂ ਦਾ ਦਵਾਰਾ ਬਣਦਾ ਕਿਊਂ ਜਾਂਦਾ ਇਹ ਜੰਗ ਦਾ ਅਖਾੜਾ
ਧੱੜੇ ਬਾਜ ਐਸੀ ਕਲਾ ਵਰਤਾਵੇ ਪਲਾਂ ਵਿਚ ਸੰਗਤ ਫਿਰੇ ਹੋਈ ਟੋਟੇ ਟੋਟੇ

ਤੇਰੇ ਪੰਥ ਵਿਚ ਅੱਜ ਮਰਿਆਦਾ ਦਾ ਰੌਲਾ ਧੂਫਾਂ ਦਾ ਰੌਲਾ ਧੂਫੀਆਂ ਦਾ ਹੈ ਰੌਲਾ
ਡੇਡ੍ਹ ਇਟ ਦੀ ਮਸਜਿਦ ਹੈ ਹਰ ਇਕ ਬਣਾਈ ਮਰਿਆਦਾ ਵੀ ਫਿਰਦੀ ਹੋਈ ਟੋਟ ਟੋਟੇ

ਜਿਹਨਾਂ ਲਈ ਅੱਕ ਦੇ ਡੋਡੇ ਸੀ ਖਾਧੇ ਜਿਹਨਾਂ ਤੇ ਵਾਰੇ ਜਿਗਰ ਦੇ ਸੀ ਟੋਟੇ
ਜੇ ਆ ਕੇ ਤੱਕੇਂ ਗਾ ਤਾਂ ਫਟ ਜਾਊ ਕਲੇਜਾ ਪੰਥ ਦੀ ਢੇਰੀ ਹੋਈ ਟੋਟੇ ਟੋਟੇ


ਲੋਹੜੀ ਦਾ ਪਿਛੋਕੜ ਵਰਤਮਾਨ ਅਤੇ ਭਵਿਖ .......... ਲੇਖ਼ / ਮੁਹਿੰਦਰ ਸਿੰਘ ਘੱਗ

ਸ਼ੂਰਜ ਅਲੋਪ ਹੁੰਦਿਆਂ ਹੀ ਛੋਟੇ ਬਾਲਾਂ ਤੋਂ ਲੈ ਕੇ ਪੰਦਰਾਂ ਸੋਲਾਂ ਸਾਲ ਦੇ ਗੱਭਰੂਆਂ ਵਲੋਂ ਗਲੀ ਮੁੱਹਲਿਆਂ ਵਿਚ ਉਚੀ ਸੁਰ ਵਿਚ ਗਾਇਆ ਅੰਬੀਆ ਵਈ ਅੰਬੀਆ ਦਾ ਰਾਗ ਲੋਹੜੀ ਦਾ ਸੁਨੇਹਾ ਦੇਣ ਲਗ ਜਾਂਦਾ ਸੀ। ਪੋਹ ਦੀ ਆਖਰੀ ਰਾਤ ਇਕ ਸਾਂਝਾ ਧੂਣਾ ਬਾਲ ਕੇ ਇਸਤ੍ਰੀਆਂ ਮਰਦ ਲੋਹੜੀ ਸੇਕਦੇ , ਮੂੰਗਫਲੀ ,ਰੇਓੜੀਆਂ ਅਤੇ ਹੋਰ ਕਈ ਕੁਝ ਖਾਦੇਂ ਨੱਚਦੇ ਗਾਉਂਦੇ ਸਦੀਆਂ ਤੋਂ ਚਲੀ ਆਂਉਂਦੀ ਪਰਮਪਰਾ ਲੋਕ ਅਦਬ ਆਪਸੀ ਸਾਂਝ ਦੀ ਖੂਬਸੂਰਤ ਤਸਵੀਰ ਦੀ ਹੀ ਸਾਂਭ ਸੰਭਾਲ ਕਰਦੇ ਆ ਰਹੇ ਸਨ। ਸੀ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਹੈ ਕਿਊਂਕਿ 1953 ਤੋਂ ਬਾਅਦ ਮੈਂਨੂੰ ਕਦੇ ਵੀ ਪੰਜਾਬ ਦੀ ਲੋਹੜੀ ਦੇਖਣ ਦਾ ਸੁਭਾਗ ਹੀ ਨਹੀਂ ਪਰਾਪਤ ਹੋਇਆ, ਕੁਝ ਧਾਰਮਕ ਆਗੂਆਂ ਵਲੋਂ ਸਮੁਚੀ ਮਨੁਖ ਜ਼ਾਤੀ ਦੇ ਸਾਂਝੇਂ ਤਿਉਹਾਰ ਨੂੰ ਬ੍ਰਾਹਮਣੀ ਤਿਉਹਾਰ ਗਰਦਾਨਣ ਕਾਰਨ ਅਤੇ ਨਾਨਕ ਸ਼ਾਹੀ ਕੈਲੰਡਰ ਨਾਲ ਇਸ ਦੀ ਸਹੀ ਤਰੀਕ ਵਿਚ ਰੌਲ ਘਚੋਲਾ ਪੈਣ ਨਾਲ ਇਸ ਮੋਜ ਮੇਲੇ ਦੇ ਤਿਉਹਾਰ “ਭੇਣ ਭਰਾ ਦੇ ਪਿਆਰ ਦੀ ਝੱਲਕ , ਨਿਰਛਲ ਬਚਿਆਂ ਵਲੋਂ ਸਾਂਝੇ ਅਤੇ ਸਾਦਾ ਜਿਹੇ ਗੀਤ ਗਾਉਣ ਦੀਆਂ ਆਵਾਜ਼ਾਂ , ਭੇਣਾ ਵਲੋਂ ਆਪਣੇ ਭਰਾਵਾਂ ਦੀ ਬਹਾਦਰੀ ਅਤੇ ਸੁਖਾਂ ਮਨਾਉਣ ਵਾਲੇ ਗੀਤ । ਸਦੀਆਂ ਤੋਂ ਚਲੀ ਆ ਰਹੀ ਸਾਡੀ ਵਿਰਾਸਤ ਅਤੇ ਸਭਿਆਚਾਰ ਦੀ ਤਸਵੀਰ ਕਿਨੀ’ਕ ਧੁੰਦਲੀ ਹੋਈ ਹੈ ਇਸ ਬਾਰੇ ਪਾਠਕ ਹੀ ਸਹੀ ਅੰਦਾਜ਼ਾ ਲਾ ਸਕਦੇ ਹਨ।
ਲੋਹੜੀ ਦਾ ਪਿਛੋਕੜ
ਸੂਰਜ ,ਅੱਗ ਅਤੇ ਸਰਦ ਰੁਤ ਇਸ ਮੌਸਮੀ ਤਿਉਹਾਰ ਦੀ ਰੂਪ ਰੇਖਾ ਉਲੀਕਦੇ ਹਨ। ਪੁਰਾਤਨ ਮਨੁਖ ਵਲੋਂ ਮਾੜੀਆਂ ਮੋਟੀਆਂ ਉਸਾਰੀਆਂ ਝੁੱਗੀਆਂ ਕੜਾਕੇ ਦੀ ਸਰਦੀ ਤੋਂ ਉਸ ਦਾ ਬਚਾ ਨਹੀਂ ਸੀ ਕਰ ਸੱਕਦੀਆਂ। ਸਰਦੀ ਤੋਂ ਬਚਣ ਲਈ ਕੁਦਰਤੀ ਸਾਧਨ ਤਾਂ ਸੂਰਜ ਹੀ ਸੀ । ਦਿਨੇ ਸੂਰਜ ਦਾ ਨਿੱਘ ਮਾਣਦਾ ਮਨੁਖ ,ਸ਼ਾਮ ਨੂੰ ਸੂਰਜ ਦੇ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਨ ਲਗ ਜਾਂਦਾ ਅਤੇ ਰਾਤ ਲੰਘਾਉਣ ਲਈ ਅੱਗ ਦਾ ਸਹਾਰਾ ਭਾਲਦਾ। ਕੋਹਰਾ ਪੈਂਣ ਤੇ ਜਦ ਕਈ ਕਈ ਦਿਨ ਸੂਰਜ ਦੇ ਦਰਸ਼ਣ ਨਾ ਹੁੰਦੇ ਤਾਂ ਉਹ ਘੱਬਰਾ ਜਾਂਦਾ । ਸੂਰਜ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਟੂਣੇ ਜਾਦੂ ਕਰਨ ਵਾਲੀ ਸ਼ਰੈਣੀ ਦੇ ਚਰਨੀ ਜਾ ਲਗਦਾ। ਇਸ ਦੇ ਬਗੈਰ ਉਸ ਪਾਸ ਕੋਈ ਚਾਰਾ ਵੀ ਨਹੀਂ ਸੀ। ਕੋਈ ਚਾਰ ਹਜ਼ਾਰ ਸਾਲ ਤੋਂ ਮੇਸੋ ਪਟੇਮੀਆ (ਅੱਜ ਦਾ ਇਰਾਕ) ,ਪਰਸ਼ੀਆ , ਇਟਲੀ ਅਤੇ ਮਿਸਰ ਅਤੇ ਹੋਰ ਬਹੁਤ ਸਾਰੇ ਯੁਰਪੀਅਨ ਦੇਸ਼ਾਂ ਵਿਚ ਸੂਰਜ ਦੀ ਮਦਦ ਕਰਨ ਅਤੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਬਚਾਉਣ ਲਈ ਕਈ ਉਪਾ ਕੀਤੇ ਜਾਂਦੇ ਸਨ। ਲੋਹੜੀ ਮੇਲੇ ਦੇ ਜਨਮ ਦਾਤਾ ਸੂਰਜ ਦੀ ਕਹਾਣੀ ਛੇੜਣ ਤੋਂ ਪਹਿਲਾਂ ਸੂਰਜ ਬਾਰੇ ਕੁਝ ਲਾਈਨਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਅੱਤ ਪੁਰਾਣਾ ਸਾਡਾ ਸੂਰਜ ,ਪਹਿਲਾਂ ਵਾਗੂੰ ਨਵਾਂ ਨਕੋਰ । ਸਦੀਆਂ ਤੋਂ ਹੀ ਵੰਡ ਰਿਹਾ ਹੈ ਗਰਮੀ ਤੇ ਚਮਕੋਰ। ਇਸ ਦੀ ਲੋ ਦੀ ਤੇਜ਼ੀ ਅਗੇ ਟਿਕਦਾ ਕਦੋਂ ਅੰਧੇਰਾ। ਉਤਰ ਵਲ ਜਦ ਝਾਤੀ ਮਾਰੇ ਆਖਣ ਹੋਇਆ ਸਵੇਰਾ। ਸਭ ਦਾ ਸੇਵਕ ਸਭ ਦਾ ਸਾਂਝਾ ਸਭ ਨੂੰ ਲੋ ਪਿਆ ਵੰਡੇ। ਮੂਰਖ ਵੰਡੀਆਂ ਪਾ ਕੇ ਆਖੇ ਆਹ ਤੇਰਾ ਆਹ ਮੇਰਾ।
‘ ਸੂਰਜ ਏਕੋ ਰੁਤ ਅਨੇਕ “ ਮੋਸਮਾਂ ਦੀ ਅਦਲਾ ਬਦਲੀ ਧਰਤੀ ਦੀ ਸੂਰਜ ਉਦਾਲੇ ਗਰਦਸ਼ ਕਾਰਨ ਹੈ। ਸੂਰਜ ਦੀ ਪ੍ਰਕਰਮਾਂ ਕਰਦੀ ਸਾਡੀ ਧਰਤੀ ਜਦ ਦਿਵਾਲੀ ਤਕ ਵੱਧੀ ਵਿੱਥ ਨੂੰ ਸੁਕੇੜਨ ਲੱਗੀ ਹੋਈ ਹੁੰਦੀ ਹੈ ਅਤੇ ਨਾਲ ਹੀ ਸੂਰਜ ਉਤਰਾਇਨ ਵਿਚ ਆ ਜਾਂਦਾ ਹੈ ਤਾਂ ਹਰ ਦਿਨ ਸੂਰਜ ਦੀ ਹਾਜ਼ਰੀ ਦਾ ਸਮਾਂ ਵੱਧਣ ਨਾਲ ਸਰਦੀ ਘੱਟਣ ਲੱਗਦੀ ਹੈ। ਤਕਰੀਬਨ 25 ਦਸੰਬਰ ਤੋਂ ਬਾਅਦ ਦਿਨ ਵੱਧਣ ਲਗ ਜਾਂਦੇ ਹਨ ਬੜੇ ਬਜ਼ੁਰਗ ਕਿਹਾ ਕਰਦੇ ਸਨ ਕਿ ਲੋਹੜੀ ਵਾਲੇ ਦਿਨ ਤਕ ਤਾਂ ਦਿਨ ਬਕਰੇ ਜਿਡੀ ਛਾਲ ਮਾਰ ਜਾਂਦਾ ਹੈ । ਮੋਸਮ ਦੀ ਤਬਦੀਲੀ ਨਾਲ ਧਰਤੀ ਵਿਚ ਦਬਿਆ ਬੀਜ ਵੀ ਗਰਮਾਇਸ਼ ਮੇਹਸੂਸ ਕਰਕੇ ਉਸਲਵਟੈ ਲੈਣ ਲੱਗਦਾ ਹੈ। ਪਰਿੰਦ ਚਰਿੰਦ ਵਿਚ ਵੀ ਹਿਲ ਜੁਲ ਹੋਣ ਲੱਗਦੀ ਹੈ । ਫੇਰ ਬਦਲਦੇ ਮੋਸਮ ਨਾਲ ਪੁਰਾਤਨ ਮਨੁਖ ਦਾ ਪ੍ਰਭਾਵਤ ਹੋਣਾ ਵੀ ਤਾਂ ਸੁਭਾਵਕ ਹੀ ਸੀ ਉਸ ਨੇ ਵੀ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ । ਕੋਈ ਚਾਰ ਹਜ਼ਾਰ ਸਾਲ ਤੋਂ 25 ਦਸੰਬਰ ( ਕਰਾਈਸਟ ਦੇ ਜਨਮ ਬਾਰੇ ਤਾਂ ਹਾਲੇ ਕੋਈ ਖਾਸ ਤਰੀਕ ਨੀਅਤ ਨਹੀਂ ਹੋਈ ਇਹ ਤਾਂ ਮਨੁਖਤਾ ਦਾ ਮੇਲਾ ਸੀ ਜਿਸ ਤੇ ਕ੍ਰਿਸ਼ਚੀਅਨ ਨੇ ਕ੍ਰਿਸਮਸ ਦਾ ਨਾਂ ਦੇ ਕੇ ਕਬਜ਼ਾ ਕਰ ਲਿਆ ) ਤੋਂ ਸ਼ੁਰੂ ਹੋ ਕੇ ਅੱਧ ਜਨਵਰੀ ਤਕ ਸੂਰਜ ਨੂੰ ਮੁੜ ਸੁਰਜੀਤ ਦੇਖ ਕੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ । ਇਟਲੀ ਵਿਚ ਲੋਕ ਸਾਡੀ ਲੋਹੜੀ ਵਾਂਗ ਗਲੀਆਂ ਵਿਚ ਗਾਊਂਦੇ ਹੁੰਦੇ ਸਨ। ਕ੍ਰਿਸ਼ਚੀਅਨ ਪਰੀਸਟ ਨੇ ਆਪਣੇ ਸੇਵਕਾ ਤੇ ਇਸ ਤਰਾਂ ਗਾਉਣ ਤੇ ਰੋਕ ਲਾਈ ਇਸ ਕਰਕੇ ਨਹੀਂ ਕਿ ਇਹ ਕੋਈ ਮਾੜਾ ਕੰਮ ਸੀ ਬਲਕਿ ਇਸ ਲਈ ਕਿ ਇਹ ਲੋਕ ਫੇਰ ਆਪਣੇ ਪੁਰਾਣੇ ਧਰਮ ਵਿਚ ਹੀ ਨਾ ਰਲ ਜਾਣ।
ਰਿਗ ਵੇਦ ਵਿਚ ਵੀ ਇਸ ਬਾਰੇ ਕੁਝ ਜ਼ਿਕਰ ਹੈ ਕਿ ਇਕ ਦੇਵੀ ( ਸ਼ਕਤੀ ) ਵਲੌਂ ਇਕ ਖੂੰਖਾਰ ਰਾਖਸ਼ ਨੂੰ ਅੱਗ ਵਿਚ ਸਾੜ ਦੇਣ ਤੇ ਅੱਗ ਦੀ ਪੂਜਾ ਸ਼ੁਰੂ ਹੋ ਗਈ। ਰਿਗ ਵੇਦ ਦੀ ਇਸ ਕਹਾਣੀ ਦੇ ਅਧਾਰ ਤੇ ਕਈ ਧਾਰਮਕ ਲੇਖਕਾਂ ਵਲੋਂ ਲੋਹੜੀ ਦੀ ਧੂਣੀਂ ਨੂੰ ਅੱਗਨੀ ਪੂਜਾ ਆਖਣਾ ਰੜਕਦਾ ਹੈ । ਭਾਰਤ ਵਿਚ ਹੀ ਨਹੀਂ ਅਮੀਰ ਦੇਸ਼ਾ ਵਿਚ ਵੀ ਕੜਾਕੇ ਦੀ ਸਰਦੀ ਤੋਂ ਬਚਣ ਲਈ ਅੱਗ ਦੇ ਧੂਣੇ ਅੱਗੇ ਬੈਠੇ ਬੇ ਘਰੇ ਲੋਕ ਅੱਜ ਵੀ ਦੇਖਣ ਨੂੰ ਮਿਲਣਗੇ । ਕੜਾਕੇ ਦੀ ਸਰਦੀ ਵੇਲੇ ਤਾਂ ਧੂਣੀ ਸੇਕ ਲਈ ਕੋਈ ਹਰਜ਼ ਨਹੀਂ ਅਤੇ ਸਰਦੀ ਲੱਘਣ ਤੇ ਅੱਗਨੀ ਦੀਆਂ ਸੇਵਾਂਵਾਂ ਨੂੰ ਯਾਦ ਕਰਦਿਆਂ ਜੇ ਉਸ ਦੇ ਉਦਾਲੇ ਨੱਚ ਗਾ ਲਿਆ ਤਾਂ ਅੱਗਨੀ ਪੂਜਾ ਆਖ ਕੇ ਨਿੰਦ ਦਿਤਾ ਇਹ ਕਿਥੇ ਦਾ ਇਨਸਾਫ ਹੈ । ਕਿਸੇ ਵਲੋਂ ਕੋਈ ਸੇਵਾ ਪਰਾਪਤ ਕਰਨ ਉਪਰੰਤ ਉਸਦਾ ਧੰਨਵਾਦ ਕਰਨਾ ਸਭਯਿਕ ਕੌਮਾਂ ਦੀ ਨਿਸ਼ਾਨੀ ਹੈ।ਅੱਗ ਦੇ ਉਸ ਸੇਕ ਦਾ ਧੰਨਵਾਦ ਕਰਨ ਵਿਚ ਜੇ ਕੋਈ ਹਰਜ ਹੈ ਤਾਂ ਗੁਰਬਾਣੀ ਦੇ ਖੋਜੀਆਂ ਅਗੇ ਬੇਨਤੀ ਕਰਾਂਗਾ ਕਿ ਉਹ ਗੁਰਬਾਣੀ ਦਾ ਹਵਾਲਾ ਦੇ ਕੇ ਸਾਨੂੰ ਜਾਗਰੂਕ ਕਰਨ ਕਿ ਕਿਸੇ ਦਾ ਸ਼ੁਕਰਾਨਾ ਕਰਨਾ ਠੀਕ ਹੈ ਜਾ ਨਹੀਂ।
ਸਰਦ ਰੁਤ ਬਾਰੇ ਇਕ ਕਹਾਵਤ ਹੈ “ ਬਾਲਨ ਕੋ ਮੈਂ ਛੂਵਤ ਨਾਹੀ ਬੜੇ ਹਮਾਰੇ ਭਾਈ ਬੂੜ੍ਹਨ ਕੋ ਮੇਂ ਛੋੜੂੰ ਨਾਹੀ ਉਹੜੇਂ ਲਾਖ ਰਜਾਈ “ ਬਾਲ ਤਾਂ ਟੱਪਦੇ ਕੁੱਦਦੇ ਰਹਿੰਦੇ ਹਨ। ਜੁਆਨ ਆਪਣੇ ਕੰਮ ਕਾਜ ਵਿਚ ਹੋਣ ਕਾਰਨ ਠੰਡਕ ਨੂੰ ਕਟ ਗੁਜ਼ਰਦੇ ਹਨ ਔਖਾ ਤਾਂ ਬਜ਼ੁਰਗਾਂ ਲਈ ਹੈ ਜਿਸਮਾਨੀ ਤਾਕਤ ਕਮਜ਼ੋਰ ਹਿਲਜੁਲ ਨਾ ਸਕਣ ਕਾਰਨ ਠੰਡ ਜ਼ਿਆਦਾ ਮਾਰ ਕਰਦੀ ਹੈ। ਅੱਜ ਸਾਡੇ ਪਾਸ ਘਰਾਂ ਨੂੰ ਗਰਮ ਕਰਨ ਦਾ ਇੰਤਜ਼ਾਮ ਹੈ ਜਿਸਮ ਨੂੰ ਨਿਘਾ ਰਖਣ ਲਈ ਗਰਮ ਕਪੜੇ ਹਨ ਫੇਰ ਵੀ ਵੱਡੀ ਉਮਰ ਵਾਲਿਆਂ ਲਈ ਤਾਂ ਸਰਦੀ ਮੌਤ ਦਾ ਵਾਰੰਟ ਲੈ ਕੇ ਆਉਦੀ ਹੇ ਪੁਰਾਤਨ ਮਨੁਖ ਪਾਸ ਤਾਂ ਕੋਈ ਸਾਧਨ ਹੀ ਨਹੀਂ ਸੀ। ਉਹ ਤਾਂ ਨਿਛ ਨੂੰ ਵੀ ਮੌਤ ਦਾ ਵਰੰਟ ਸਮਝਦਾ ਸੀ ਤਦੇ ਤਾਂ ਜਦ ਕਿਸੇ ਨੂੰ ਨਿਛ ਆਈ ਤੇ ਗੋਡ ਬਲੈਸ ਯੂ ( ਰਬ ਤੇਰੇ ਤੇ ਕਿਰਪਾ ਰਖੈ) ਦਾ ਮੁਹਾਵਰਾ ਪ੍ਰਚੱਲਤ ਹੋਇਆ
ਜਦ ਦਿਨ ਵੱਧਣ ਲਗੇ । ਸੂਰਜ ਵੀ ਵੱਧ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਸਾਡੇ ਬਜ਼ੁਰਗਾਂ ਨੇ ਮਾਘੀ ਦੀ ਸੰਗਰਾਂਦ ਤੋਂ ਪਹਿਲੀ ਰਾਤ ਧੂਣੀਆਂ ਨੂੰ ਅਲਵਿਦਾ ਕਹਿਣ ਲਈ ਮਿਥ ਲਈ ਤਾ ਕਿ ਬਗੈਰ ਜ਼ਰੂਰਤ ਤੋਂ ਧੂਣੀਆਂ ਬਾਲ ਕੇ ਵਾਤਾਵਰਨ ਨੂੰ ਹੋਰ ਪਰਦੂਸ਼ਤ ਨਾ ਕੀਤਾ ਜਾਵੇ ਬਜ਼ੁਰਗਾਂ ਦੀ ਸੂਝ ਦੀ ਇਕ ਹੋਰ ਗੱਲ ਵੀ ਵਿਚਾਰਨ ਯੋਗ ਹੈ ਕਿ ਉਹ ਲੋ੍ਹੜੀ ਦੀ ਧੂਣੀ ਤੇ ਹੀ ਨਹੀਂ ਬਲਕਿ ਹਰ ਅੱਗ ਤੇ ਸਵਾਏ ਸੁਕੇ ਬਾਲਣ ਤੋਂ ਕੁਝ ਵੀ ਨਹੀਂ ਸੀ ਸੁਟਦੇ । ਲੋਹੜੀ ਸਮੇਂ ਤਿਲ ਰਿਉੜੀਆਂ ਜਾਂ ਕੁਝ ਹੋਰ ਮੇਵੇ ਤਾਂ ਧੂਣੀ ਵਿਚ ਸੁਟੇ ਜਾ ਸਕਦੇ ਹਨ( ਅਖੰਡਪਾਠ ਸਮੇਂ ਜੋ ਧੂਫ ਤਿਆਰ ਕੀਤੀ ਜਾਂਦੀ ਸੀ ਉਸ ਵਿਚ ਮੇਵੇ ਹੀ ਤਾਂ ਪੈਂਦੇ ਸਨ ) ਪਰ ਗਿਲੀ ਲਕੜੀ ਗਨਾ ਚੂਪ ਕੇ ਉਸ ਦਾ ਛਿਲਕਾ ਵਗੈਰਾ ਸੁਟਣ ਨੂੰ ਚੰਗਾ ਨਹੀਂ ਸੀ ਗਿਣਿਆ ਜਾਂਦਾ। ਜੇ ਅਜ ਅਸੀਂ ਉਸ ਰਸਮ ਦੀ ਸਖਤੀ ਨਾਲ ਪਾਬੰਦੀ ਕਰਦੇ ਹਾਂ ਤਾਂ ਚੰਗੀ ਗੱਲ ਹੈ ਅਖਵਾਰ ਦਾ ਪੇਪਰ ਪਲਾਸਟਕ ਹੋਰ ਨਿਕੜ ਸੁਕੜ ਧੂਣੀ ਵਿਚ ਸੁਟਿਆਂ ਧੂਣੀ ਵਿਚੋਂ ਜ਼ੈਹਰੀਲਾ ਧੂਆਂ ਨਿਕਲਦਾ ਹੈ ਜਿਸ ਨਾਲ ਵਾਤਾਵਰਨ ਪਰਦੂਸ਼ਤ ਹੁੰਦਾ ਹੈ
ਪੰਜਾਬ ਵਿਚ ਇਸ ਤਿਉਹਾਰ ਦੀ ਮਹੱਤੱਤਾ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਲੋਹੜੀ ਤੇ ਗਾਏ ਜਾਂਦੇ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗਾ।
ਅੰਬੀਆਂ ਵਈ ਅੰਬੀਆਂ ਇਹ ਪੁਰਾਣਾ ਗੀਤ ਕਿਸੇ ਉਘੇ ਗੀਤ ਕਾਰ ਨੇ ਨਹੀਂ ਲਿਖਿਆ ਇਹ ਤਾਂ ਕਈ ਇਕ ਵਲੋਂ ਇਕ ਇਕ ਸ਼ਬਦ ਜੋੜ ਕੇ ਆਪਣੇ ਮੰਨ ਦੀ ਗੱਲ ਕਹਿਣ ਦਾ ਯਤਨ ਹੈ। ਸਾਦਾ ਜਿਹੀ ਬੋਲੀ ਵਿਚ ਗਾਉਣ ਵਾਲੇ ਘਰ ਵਾਲਿਆਂ ਲਈ ਖੁਸ਼ੀਆਂ ਖੇੜਿਆਂ ਦੀ ਯਾਚਨਾ ਕਰਦੇ ਹਨ।
(ਅੰਬੀਆਂ ਵਈ ਅੰਬੀਆਂ ਮੀਂਹ ਵੱਰ੍ਹੇ ਤੇ ਕਣਕਾ ਜੰਮੀਆਂ ।) ਅੰਬੀਆਂ ਅਤੇ ਕਣਕ ਨਾਲ ਨਾਲ ਵਧਦੀਆਂ ਹਨ ਕਣਕ ਦੀ ਵਾਢੀ ਸਮੇਂ ਤੰਦੂਰੀ ਰੋਟੀ ਅਤੇ ਅੰਬਾ ਦਾ ਛਿੱਛਾ ਕਿਨਾ ਸਵਾਦਲਾ ਹੁੰਦਾ ਸੀ। ਪੁਰਾਣੀਆਂ ਬਜ਼ੁਰਗ ਮਾਈਆਂ ਨੂੰ ਘਰ ਚਲਾਉਣੇ ਆਉਂਦੇ ਸਨ ਅੰਬਾਂ ਦੇ ਦਿਨਾ ਵਿਚ ਚਾਟੀ ਭਰ ਕੇ ਅਚਾਰ ਬਣਾ ਲੈਣਾ ਛਾਹ ਵੇਲਾ ਮਿਸੀ ਰੋਟੀ ਦੱਹੀਂ ਅਤੇ ਅੰਬ ਦੇ ਅਚਾਰ ਨਾਲ ਕੀਤਾ ਜਾਂਦਾ ਸੀ ਕਦੇ ਬਦਹਜ਼ਮੀ ਲਈ ਹਮਦਰਦ ਦੇ ਹਾਜਮੋਲੇ ਜਾਂ ਟਮਸ ਜਾਂ ਰੋਲੇਡ ਦੀਆਂ ਗੋਲੀਆਂ ਦੀ ਲੋੜ ਹੀ ਨਹੀਂ ਸੀ ਪੈਂਦੀ । ਪੁਰਾਣੇ ਸਮਿਆਂ ਵਿਚ ਸੰਜਾਈ ਦੇ ਸਾਧਨ ਨਹੀਂ ਸਨ ਹੁੰਦੇ ਕਣਕ ਦੀ ਬਜਾਈ ਅਤੇ ਉਸ ਦੀ ਪ੍ਰਵੱਰਸ਼ ਲਈ ਮੀਂਹ ਦਾ ਪਾਣੀ ਹੀ ਇਕ ਸਾਧਨ ਸੀ । ਦੋਵੈਂ ਜ਼ਰੂਰੀ ਵਸਤਾਂ ਸਨ ਇਸੇ ਲਈ ਦੋਵਾਂ ਵਸਤੂਆਂ ਦਾ ਜ਼ਿਕਰ ਕੀਤਾ ਗਿਆ ਹੈ
(ਕਣਕਾਂ ਵਿਚ ਬਟੇਰੇ ਦੋ ਦਾਦੂ ਦੇ ਦੋ ਮੇਰੇ )
ਅਸੂ ਮਹੀਨੇ ਦੀ ਬੀਜੀ ਹੋਈ ਕਣਕ ਜਨਵਰੀ ਤਕ ਸਿਟੇ ਤੇ ਆ ਜਾਂਦੀ ਹੈ ਜਿਸ ਵਿਚ ਬਟੇਰੇ ਰਹਾਇਸ਼ ਕਰਦੇ ਹਨ । ਉਹਨਾਂ ਦਾ ਸ਼ਕਾਰ ਕਰਨ ਲਈ ਖੇਤ ਦੇ ਇਕ ਪਾਸੇ ਬੌਰ ਲਾਈ ਜਾਂਦੀ ਹੈ ਉਸ ਬੌਰ ਦੇ ਲਾਗੇ ਪਿੰਜਰੇ ਵਿਚ ਬੰਦ ਇਕ ਬਟੇਰਾ ਰਖਿਆ ਜਾਦਾਂ ਹੈ ਜਦ ਬਟੇਰੇ ਦਾ ਮਾਲਕ ਉਸਨੂੰ ਬੁਲਾਉਂਦਾ ਤਾਂ ਉਸ ਦੀ ਬੋਲੀ ਤੇ ਬਟੇਰੇ ਉਸ ਦੇ ਪਾਸ ਆਉਂਦੇ ਹਨ ਤਾਂ ਜਾਲ ਵਿਚ ਫਸ ਜਾਂਦੇ ਹਨ। ਉਸ ਪਿੰਜਰੇ ਬੰਦ ਬਟੇਰੇ ਨੂੰ ਬੁਲਾਰਾ ਕਿਹਾ ਜਾਂਦਾ ਹੈ । ਕਲੇ ਤਿੱਤਰ ਬਟੇਰੇ ਹੀ ਨਹੀਂ ਇਸ ਤਰਾਂ ਫਸਾਏ ਜਾਂਦੇ ਅਜ ਕਾਲ ਚੌਣਾ ਦੌਰਾਨ ਲੋਕਾਂ ਦਾ ਇੱਕਠ ਕਰਨ ਲਈ ਕਲਾਕਾਰਾਂ ਨੂੰ ਬੁਲਾਰੇ ਵਜੌਂ ਹੀ ਤਾਂ ਵਰਤਿਆ ਜਾਂਦਾ ਹੈ । ਚਲਾਕ ਸਿਆਸਤ ਦਾਨ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਧਰਮੀ ਆਗੂਆਂ ਨੂੰ ਵੀ ਬੁਲਾਰੇ ਬਟੇਰਿਆਂ ਵਾਂਗ ਵਰਤਦੇ ਹਨ।
ਸ਼ਕਾਰ ਲਈ ਤਿਤਰ ਵੀ ਹਨ ਸਹੇ ਵੀ ਹਨ ਪਰ ਬਟੇਰ ਦੇ ਮਾਸ ਨੂੰ ਵਧੀਆ ਸਮਝਿਆ ਜਾਂਦਾ ਹੈ ( ਸੇਹਾ ਸਲੋਟਾ ਤਿੱਤਰ ਮੋਟਾ ਅਸਲੀ ਮਾਸ ਬਟੇਰੇ ਦਾ ) ਆਮ ਕਹਾਵਤ ਸੀ ਕਿ ਬਟੇਰੇ ਦਾ ਮਾਸ ਗਰਮ ਹੁੰਦਾ ਹੈ ।
( ਦੋ ਦਾਦੂ ਦੇ ਦੋ ਮੇਰੇ । )ਕਣਕਾਂ ਵਿਚ ਰਹਿਣ ਵਾਲੇ ਬਟੇਰ ਦਾ ਹਿਸੇਦਾਰ ਉਹ ਦਾਦੂ ਨੂੰ ਮਿੱਥਦਾ ਹੈ । ਮੇਰੇ ਖਿਆਲ ਮੁਤਾਬਕ ਦਾਦੂ ਤੋਂ ਉਸ ਦਾ ਭਾਵ ਹੈ ਗਿਦੜ।
(ਜਿਥੇ ਦਾਦੂ ਟੱਕਰਿਆਂ ਉਥੇ ਦਾਦੂ ਮਾਰਿਆ ।) ਇਹ ਬੰਦ ਮਨੁਖੀ ਸੁੱਭਾ ਦੀ ਤਰਜਮਾਨੀ ਕਰਦਾ ਹੈ। ਆਦ ਕਾਲ ਤੋਂ ਹੀ ਕੱਲਾ ਮਨੁਖ ਹੀ ਨਹੀ ਹਰ ਇਕ ਜੀਵ ਸਾਰੀ ਸ਼ੈ ਕੱਲਾ ਹੀ ਹੱੜ੍ਹਪਣੀ ਮੰਗਦਾ ਹੈ। ਮਨੁਖ ਦੀ ਇਹ ਰੁਚੀ ਹੀ ਘਰੇਲੂ ਲੜਾਈ ਤੋਂ ਲੈ ਕੇ ਦੇਸ਼ਾਂ ਵਿਚਕਾਰ ਜੰਗਾ ਯੁੱਧਾਂ ਦਾ ਕਾਰਨ ਹੈ।
(ਕੱਚਾ ਕੋਟ ਸੰਵਾਰਿਆ ।) ਪੁਰਾਤਨ ਸਮੇਂ ਦੇ ਕੱਚੇ ਮਕਾਨ ਵਲ ਇਸ਼ਾਰਾ ਲੱਗਦਾ ਹੈ ।
(ਕੱਚੇ ਕੋਟ ਦੀਆਂ ਕੋਠੀਆਂ ਜੀਣ ਭਾਈ ਦੀ ਝੋਟੀਆਂ ।) ਅੱਜ ਤਾਂ ਦੁੱਧ ਘੇ ਨੂੰ ਲੋਕੀਂ ਸੁੰਘਣ ਲਗ ਪਏ ਹਨ ਪੁਰਾਤਨ ਸਮੇਂ ਵਿਚ ਤਾਂ ਦੁੱਧ ਘੇ ਖੌਰਾਕ ਦਾ ਇਕ ਜ਼ਰੂਰੀ ਅੰਗ ਸੀ । ਸ਼ਕਰ ਖੰਡ ਬਣਾਉਣ ਦੀ ਜਾਂਚ ਆਉਣ ਤੋਂ ਪਹਿਲਾਂ ਆਏ ਮਹਿਮਾਨ ਦੀ ਆਓ ਭਗਤ ਘੈ ਅਤੇ ਸ਼ਹਿਦ ਮਿਲਾ ਕੇ ਕੀਤੀ ਜਾਂਦੀ ਸੀ।
(ਝੋਟੀਆਂ ਗਲ ਪੰਜਾਲੀ ਜੀਵੇ ਭਾਈ ਦਾ ਹਾਲੀ ।)ਸਰਦੇ ਪੁਜਦਿਆਂ ਪਾਸ ਤਾਂ ਵਾਹੀ ਲਈ ਬੈਲ ਜਾਂ ਭੈਂਸੇ ਹੁੰਦੇ ਸਨ ਪਰ ਜਿਨ੍ਹਾਂ ਪਾਸ ਇਨੀ ਹਿੰਮਤ ਨਹੀਂ ਸੀ ਹੁੰਦੀ ਤਾਂ ਦੋ ਜਣੇ ਰਲ ਕੇ ਦੋ ਝੋਟੀਆਂ ਲੈ ਲੇਂਦੇ ਸਨ ੳਹਨਾਂ ਨੂੰ ਜੋਤ ਕੇ ਜ਼ਮੀਨ ਵੀ ਜੋਤ ਲੈਣੀ ਅਤੇ ਥੋਹੜਾ ਬਹੁਤਾ ਦੁੱਧ ਵੀ ਹਾਸਲ ਕਰ ਲੈਣਾ। ਜੇ ਕੋਈ ਘਰ ਦੀ ਪਾਲੀ ਝੋਟੀ ਸੂਏ ਨਹੀਂ ਸੀ ਪੈਂਦੀ ਤਾਂ ਕਹਿਣਾ ਇਹ ਤਾਂ ਸੰਢ ਹੋ ਗਈ ਹੈ ਇਸ ਤੋਂ ਜ਼ਮੀਨ ਜੋਤਣ ਦਾ ਕੰਮ ਲਵੋ ਤਾਂ ਕਿ ਇਸ ਦੀ ਚਰਬੀ ਘੱਟ ਜਾਵੇ ਤੇ ਸੂਏ ਪੈ ਜਾਵੇ।
ਹਾਲੀ ਸਮਾਜ ਦਾ ਇਕ ਜ਼ਰੂਰੀ ਅੰਗ ਸੀ ਉਸ ਦੀ ਖੈਰ ਮੰਗਣੀ ਆਪਣੀ ਖੈਰ ਮੰਗਣ ਦੇ ਬਰਾਬਰ ਸੀ। ਅਗਰ ਉਸ ਦੇ ਹਥੋਂ ਹਲ ਛੁਟ ਜਾਏ ਤਾਂ ਜਗ ਭੁਖ ਦੁਖੋਂ ਹੀ ਮਰ ਜਾਏ। ਪਰ ਅਫਸੋਸ ਅਜ ਅੰਨ ਦਾਤਾ ਕਹਾਉਣ ਵਾਲਾ ਕਿਰਸਾਣ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਗਿਆ ਹੈ।
{ ਹਾਲੀ ਪੈਰੀਂ ਜੁੱਤੀ ਜੀਵੇ ਭਾਈ ਦੀ ਕੁੱਤੀ। ) ਜੁੱਤੀ ਅਤੇ ਕੁੱਤੀ ਦੋਵੈਂ ਭਾਈ ਦੀਆਂ ਖੈਰ ਖਵਾਹ ਹਨ ਜੁੱਤੀ ਪੈਰਾਂ ਦੀ ਰਾਖੀ ਕਰਦੀ ਹੈ ਅਤੇ ਕੁੱਤੀ ਮਾਲ ਢਾਂਡੇ ਦਾ ਖਿਆਲ ਰਖਦੀ ਹੈ। ਜੁੱਤੀ ਦਾ ਹੋਣਾ ਖਾਦੇ ਪੀਂਦੇ ਘਰ ਦੀ ਨਿਸ਼ਾਨੀ ਹੁੰਦੀ ਸੀ ।ਹਰ ਕਿਸੇ ਦੇ ਪਾਸ ਜੁੱਤੀ ਨਹੀਂ ਸੀ ਹੁੰਦੀ ਕਈ ਦਫਾ ਪਰਾਹੁਣ ਚਾਰੀ ਜਾਣ ਲਈ ਜੁੱਤੀ ਮੰਗ ਕੇ ਸਾਰ ਲਿਆ ਜਾਂਦਾ ਸੀ ਸਾਰੀ ਬਾਟ ਨੰਗੇ ਪੈਰੀਂ ਜਾਣਾ ਪਿੰਡ ਦੇ ਲਾਗੇ ਜਾ ਕੇ ਜੁੱਤੀ ਪਾਉਣੀ।
(ਕੁੱਤੀ ਗਲ ਪਰੋਲਾ ਜੀਵੇ ਭਾਈ ਦਾ ਘੋੜਾ। ) ਪਰੋਲਾ ਚੱਕੀ ਦਾ ਗੰਡ ਸਾਫ ਕਰਨ ਲਈ ਵਰਤਿਆ ਜਾਂਦਾ ਕਪੜਾ ਹੈ ਉਸ ਨੂੰ ਕੁਝ ਆਟਾ ਲਗਿਆ ਹੋਣ ਕਾਰਨ ਜਦ ਵੀ ਦਾਅ ਲਗੇ ਕੁੱਤਾ ਚਕ ਕੇ ਲੈ ਜਾਂਦਾ ਹੈ । ਇਹ ਗੱਲ ਅਮੀਰਾਂ ਦੇ ਕੁਤਿਆਂ ਤੇ ਨਹੀਂ ਢੁਕਦੀ ( ਅਮੀਰ ਗਰੀਬ ਦੇ ਰਹਿਣ ਸਹਿਣ ਦਾ ਫਰਕ ਕਿਸੇ ਸ਼ਾਇਰ ਨੇ ਕਿਡੀ ਸੋਹਣੀ ਤਰ੍ਹਾਂ ਵਰਨਣ ਕੀਤਾ ਹੈ ( ਅਮੀਰਾਂ ਦੇ ਕੁਤਿਆਂ ਨੂੰ ਬਿਸਕੁਟ ਨੇ ਪੋਲੇ , ਗਰਿਬਾਂ ਦੇ ਬਚਿਆਂ ਨੂੰ ਕੱਚੇ ਹੀ ਛੋਲੇ। ਅਮੀਰਾਂ ਦੀ ਥਾਲੀ ਵਲੈਤੀ ਮੁਰੱਬਾ ਗਰੀਬਾਂ ਦੇ ਠੂਠੇ ਵਿਚ ਮਿਰਚਾਂ ਦਾ ਥੱਬਾ ) ਪਾੜੇ ਸਿਆੜੇ ਪੈਣ ਦੀ ਪਾਠਕਾਂ ਤੋਂ ਮੁਆਫੀ ਚਾਹੰਦਾ ਹਾਂ ਕੀ ਕਰਾਂ ਮੇਰਾ ਪੇਸ਼ਾ ਖੇਤੀ ਹੈ । । ਘੌੜਾ ਸਾਰਿਆਂ ਦੀ ਪਹੁੰਚ ਤੋਂ ਬਾਹਰ ਹੈ । ਉਸ ਦੇ ਨਾਲ ਘੋੜੇ ਦਾ ਸ਼ਬਦ ਜੋੜ ਕੇ ਭਾਈ ਨੂੰ ਵਡਿਆਇਆ ਵੀ ਹੇ ਅਤੇ ਅਗੇ ਵੱਧਣ ਲਈ ਉਤਸਾਹਤ ਵੀ ਕੀਤਾ ਹੈ।
(ਘੋੜੇ ਉਤੇ ਕਾਠੀ ਜੀਵੇ ਭਾਈ ਦਾ ਹਾੱਥੀ ।) ਕਾਠੀ ਤੋਂ ਬਗੈਰ ਘੌੜਾ ਕਿਸ ਕੰਮ ਦਾ ਅਮੂਮਨ ਕਿਹਾ ਜਾਂਦਾ ਹੈ ਕਿ ਘੋੜਾ ਤਾਂ ਖਰੀਦਿਆ ਜਾਂ ਸਕਦਾ ਹੈ ਕਾਠੀ ਖਰੀਦਣੀ ਔਖੀ ਹੋ ਜਾਂਦੀ ਹੈ । ਅਗਲੀ ਗੱਲ ਹਾਥੀ ਦੀ ਹੈ ਮੇਰੇ ਖਿਆਲ ਵਿਚ ਉਹਨਾਂ ਦੇ ਤੱਸਵਰ ਵਿਚ ਭੈਂਸਾ ਹਾਥੀ ਹੀ ਤਾਂ ਹੈ ਨਾਲੇ ਜੋਤਣ ਦਾ ਕੰਮ ਦਿੰਦਾ ਹੈ ਨਾਲੇ ਪੱਠਾ ਦੱਥਾ ਉਸ ਦੀ ਪਿਠ ਤੇ ਲਦ ਲਿਆ ਜਾਂਦਾ ਹੈ। ਅਗਲੀ ਤੁਕ ਵਿਚ ਇਸ ਦਾ ਜ਼ਿਕਰ ਵੀ ਹੈ ।
(ਹਾਥੀ ਉਤੇ ਛਾਪੇ ਜੀਣ ਭਾਈ ਦੇ ਮਾਪੇ।) ਮਾਂ ਬਾਪ ਦੀ ਮੁਖਤਾਰੀ ਹੁੰਦੀ ਸੀ । ਮੰਜਾ ਮੱਲ ਕੇ ਬੈਠੇ ਬਜ਼ੁਰਗ ਦਾ ਵੀ ਪੂਰਾ ਮਾਣ ਹੁੰਦਾ ਸੀ। ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ । ਸਾਰੇ ਤਾਂ ਨਹੀਂ ਪਰ ਬਚਿਆਂ ਦੀ ਬਹੁਗਿਣਤੀ ਸਤਕਾਰ ਦੇ ਸ਼ਬਦ ਨੂੰ ਭੁਲਦੀ ਜਾਂਦੀ ਹੈ। ਇਸ ਗੀਤ ਨੇ ਬੜੇ ਸੁਖੈਨ ਸ਼ਬਦਾਂ ਵਿਚ ਪਹਿਲੇ ਸਮਿਆਂ ਦੀ ਪੈਂਡੂ ਜੀਵਨ ਦੀ ਤਸਵੀਰ ਸਾਂਭ ਰਖੀ ਹੈ।
ਇਕ ਹੋਰ ਗੀਤ । ਇਕ ਜਣਾ ਇਕ ਤੁਕ ਗਾਉਂਦਾ ਸੀ “ਸੂੰਦਰੀਏ ਨੀ ਮੂੰਦਰੀਏ ਤੇਰਾ ਕੌਣ ਬਚਾਰਾ “ ਬਾਕੀ ਸਾਰਿਆਂ ਨੇ ਉਚੀ ਦੇਣੀ ਆਖਣਾ “ “ ਹੋ “
ਦੁਲਾ ਭਟੀ ਵਾਲਾ –ਹੋ। ਦੁਲੇ ਧੀ ਵਿਆਹੀ –ਹੌ । ਪਲੇ ਸਕਰ ਪਾਈ-ਹੋ ‘
ਕਿਨੀ ਧਰਮ ਨਿਰਪੱਖਤਾ ਹੈ ਇਸ ਗੀਤ ਵਿਚ ।ਇਕ ਮੁਸਲਮਾਨ ਡਾਕੂ ਵਲੋਂ ਇਕ ਗਰੀਬ ਬ੍ਰਾਹਮਣ ਦੀ ਮਦਦ ਉਹ ਵੀ ਇਕ ਤਾਕਤ ਵਰ ਮੁਗਲ ਸ਼ਾਸ਼ਕ
ਨਾਲ ਦੁਸ਼ਮਣੀ ਦੀ ਪ੍ਰਵਾਹ ਨਾ ਕਰਦੇ ਹੋਏ। ਉਸਤੌਂ ਅਗਲੀ ਗੱਲ ਪੰਜਾਬੀ ਸਿਖਾ ਦੇ ਮੁੰਡੇ ਉਸ ਦੀ ਸੂਰਮਗਤੀ ਦੀ ਗੱਲ ਕਰਦੇ ਹਨ।
ਮੁਆਫ ਕਰਨਾ ਮੈਂ ਆਪਣੀ ਗੱਲ ਕਹਿਣੋਂ ਰਹਿ ਨਹੀਂ ਸਕਦਾ । ਕਿਨੇ ਗਏ ਗੁਜ਼ਰ ਗਏ ਹਾਂ । ਸਰਦਾਰ ਮਨਮੋਹਣ ਸਿੰਘ ਦੇ ਖਿਲਾਫ ਅਦਮ ਇਤਮਾਦ ਦੀ ਵੋਟ ਸਮੇਂ ਕੁਝ ਲੀਡਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਪਾਰਟੀ ਤੋਂ ਉਲਟ ਜਾ ਕੇ ਸਰਦਾਰ ਮਨਮੋਹਣ ਸਿੰਘ ਦੇ ਹਕ ਵਿਚ ਵੋਟ ਪਾ ਦਿਤੀ । ਅਕਾਲੀ ਅਤੇ ਕਮਿਉਨਿਸਟ ਲੀਡਰਾਂ ਨੇ ਉਹਨਾ ਨੂੰ ਪਾਰਟੀ ਵਿਚੌਂ ਖਾਰਜ ਕਰ ਦਿਤਾ । ਜਿਨਾਹ ਦੀ ਸਿਫਤ ਕਰਨ ਤੇ ਅਡਵਾਨੀ ਨੂੰ ਵੀ ਪਾਰਟੀ ਤੋਂ ਬੁਰਾ ਭਲਾ ਸੁਣਨਾ ਪਿਆ ਅਤੇ ਬੀਜੇਪੀ ਵਾਲਿਆਂ ਨੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕੱਢ ਕੇ ਤਾਂ ਹਦ ਹੀ ਕਰ ਦਿਤੀ। ਭਾਰਤ ਮਹਾਨ ਦੇ ਆਗੂ ਮਹਾਨ ਬਣਨ ਦੀ ਥ੍ਹਾਂ ਬੋਨੇ ਬਣ ਗਏ ਹਨ। ਸਹਿਨਸ਼ੀਲਤਾ ਤਾਂ ਕਿਤੇ ਖੰਭ ਲੁਆ ਕੇ ਉਡ ਗਈ ਹੈ।
ਪੰਜਾਬ ਦੀ ਲੋਹੜੀ ਦਾ ਪਿਛੋਕੜ ਵੀ ਸੰਸਾਰ ਦੇ ਬਾਕੀ ਦੇਸ਼ਾਂ ਵਾਂਗ ਮਨੁਖਤਾ ਦਾ ਕੁਦਰਤ ਨਾਲ ਇਕ ਮਿਕ ਹੋਣਾ ਹੀ ਹੈ। ਸਮਾਂ ਸਥਾਨ ਹਰ ਮੇਲੇ ਨੂੰ ਲੋਕ ਲੌੜਾ ਅਨੁਸਾਰ ਢਾਲ ਲੈਂਦਾ ਹੈ ਲੋਹੜੀ ਨੂੰ ਲੋਹੜੀ ਕਿਊਂ ਕਿਹਾ ਇਸ ਵਿਚ ਮੈਨੂੰ ਕੋਈ ਦਿਲਚਸਪੀ ਨਹੀਂ ਮੇਰੇ ਖਿਆਲ ਵਿਚ ਲੋਹੜੀ ਪੰਜਾਬੀ ਸਭਿਆਚਾਰ ਦਾ ਇਕ ਅਟੁਟ ਅੰਗ ਹੈ । ਲੋਹੜੀ ਨੂੰ ਕਿਸੇ ਵੀ ਧਰਮ ਨਾਲ ਜੋੜ ਕੇ ਦੇਖਣਾ ਕੁਦਰਤ ਰਾਣੀ ਤੋਂ ਬੇ ਮੁਖ ਹੋਣ ਦੇ ਬਰਾਬਰ ਹੈ ।
ਲੋਹੜੀ ਸਮੇਂ ਭੈਣਾ ਆਪਣੇ ਵੀਰਾਂ ਨੂੰ ਉਡੀਕਦੀਆਂ ਹਨ । ਜਿਸ ਵਿਚਾਰੀ ਦਾ ਕੋਈ ਨਾਲ ਜੰਮਿਆ ਭਰਾ ਨਹੀਂ ਹੁੰਦਾ ਉਸ ਦਾ ਮਾਣ ਰਖਣ ਲਈ ਉਸਦਾ ਚਾਚੇ ਦਾ ਪੁਤ ਭਰਾ ਜਾਂ ਮਾਮੇਂ ਦਾ ਪੁਤ ਭਰਾ ਸਰਦਾ ਬਣਦਾ ਲੈ ਕੇ ਉਸ ਦੇ ਘਰ ਪੁਜਦਾ ਹੈ । ਇਹ ਸਿਲਸਲਾ ਸਮਾਜ ਘੜਨ ਵਾਲਿਆਂ ਦੀ ਸੂਝ ਦੀ ਨਿਸ਼ਾਨੀ ਹੈ ਆਜ਼ਾਦੀ ਤੋਂ ਬਾਅਦ ਹਿੰਦੂ ਕੋਡ ਬਿਲ ਨੇ ਆਪਸੀ ਪਿਆਰਾਂ ਵਿਚ ਕੁਝ ਕੁੜੱਤਣ ਲੈ ਆਂਦੀ ਹੈ।
ਲੋਹੜੀ ਇਕ ਕਿਸਮ ਦੀ ਮਰਦਮ ਸ਼ੁਮਾਰੀ ਕਰਨ ਦਾ ਕੰਮ ਕਰਦੀ ਹੈ । ਛੋਟੇ ਬੱਚਿਆਂ ਤੋਂ ਲੇ ਕੇ ਵਡੇ ਵਡੇਰਿਆਂ ਤਕ ਪਿੰਡ ਵਿਚ ਹਰ ਨਵੇਂ ਆਏ ਬੱਚੇ ਬਾਰੇ ਗਿਆਨ ਹੁੰਦਾ ਹੈ ਜਦ ਸਾਰਾ ਪਿੰਡ ਉਸ ਬੱਚੇ ਦੀ ਖੁਸ਼ੀ ਮੰਨਾਉਂਦਾ ਹੈ ਤਾਂ ਆਪਸੀ ਅੱਪਣਤ ਵੱਧਦੀ ਹੈ । ਚੀਨ ਵਾਲੇ ਪਰਦੇਸਾਂ ਵਿਚ ਰਹਿੰਦੇ ਹੋਏ ਵੀ ਹਰ ਬੱਚੇ ਦਾ ਜਨਮ ਰਿਕਾਰਡ ਆਪਣੇ ਜੱਦੀ ਪਿੰਡ ਵਿਚ ਵੀ ਰਖਦੇ ਹਨ ਠੀਕ ਇਸੇ ਤਰਾਂ ਸਾਡੇ ਪੰਜਾਬੀ ਵੀ ਨਵੇਂ ਜਨਮੇਂ ਬੱਚੇ ਦੀ ਲੋਹੜੀ ਦੇਣ ਕਰਾਇਆ ਭਾੜਾ ਖਰਚ ਕੇ
ਆਪਣੇ ਜੱਦੀ ਪਿੰਡ ਜਾਂਦੇ ਹਨ।
ਖੁਸ਼ਹਾਲੀ ਨਾਲ ਸਾਡਾ ਰੁਝਾਨ ਨਸ਼ਿਆਂ ਵਲ ਵਧਿਆ ਹੈ। ਹਰ ਤੀਜੇ ਦਿਨ ਹੋਣ ਵਾਲੀਆਂ ਚੋਣਾਂ ਨੇ ਉਸ ਦੀ ਵਰਤੋਂ ਵਿਚ ਹੋਰ ਵਾਧਾ ਕੀਤਾ ਹੈ। ਪੰਚਾਇਤ ਦੀਆਂ ਚੋਣਾ ਤੋਂ ਲੈ ਕੇ ਵਿਧਾਨ ਸਭਾ ਰਾਜ ਸਭਾ ਸਭ ਪਾਸੇ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਸਹਾਰੇ ਵੋਟਾਂ ਹਥਿਆਈਆਂ ਜਾਂਦੀਆਂ ਹਨ। ਜਦ ਸਿਖ ਕੌਮ ਦੀ ਮਿਨੀ ਪਾਰਲੀਮੈਂਟ ਸਦਾਉਣ ਵਾਲੀ ਸ਼ਰੋਮਣੀ ਕਮੇਟੀ ਦੀ ਚੋਣ ਵਿਚ ਵੀ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਦੀਆਂ ਖਬਰਾਂ ਛਪਦੀਆਂ ਹਨ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਚੋਣਾ ਅਤੇ ਸ਼ਰਾਬ ਦਾ ਲੋਹੜੀ ਦੇ ਤਿਉਹਾਰ ਤੇ ਵੀ ਅਸਰ ਦੇਖਿਆ ਜਾ ਸਕਦਾ ਹੈ । ਇਕ ਸਾਂਝੀ ਧੂਣੀ ਦੀ ਬਜਾਏ ਹਰ ਗਰੁਪ ਦੀ ਆਪਣੀ ਧੂਣੀ ਧੜੇਬਾਜ਼ੀ ਦਾ ਨਜ਼ਾਰਾ ਪੇਸ਼ ਕਰਦੀ ਹੈ ਅਤੇ ਸ਼ਰਾਬ ਸ਼ਰਾਰਤ ਦਾ ਪਾਣੀ ਹਲਕ ਤੋਂ ਥਲੇ ਹੁੰਦਾ ਹੀ ਇਨਕਲਾਬ ਇਨਕਲਾਬ ਕਰਨ ਲੱਗ ਜਾਂਦਾ ਹੈ। ਬੋਲ ਕਬੋਲ ਤੇ ਇਕ ਖੰਘੂਰੇ ਦੀ ਹੀ ਲੋੜ ਹੈ ਕਿ ਸਰਬ ਸਾਂਝੀ ਲੋਹੜੀ ਦੀ ਖੁਸ਼ੀ ਨੂੰ ਗ੍ਰੈਹਣ ਲੱਗਦਿਆਂ ਦੇਰ ਨਹੀਂ ਲੱਗਦੀ। ਨਾਲੇ ਅੱਜ ਕਲ ਤਾਂ ਹਰ ਬੰਦਾ ਟ੍ਰਿਗਰ ਹੈਪੀ ( ਗੋਲੀ ਦਾਗਣ ਲਈ ਤਿਆਰ ਬਰ ਤਿਆਰ ) ਹੋ ਗਿਆ ਹੈ । ਇਕ ਅਨਗੈਹਲੀ ਨਾਲ ਵਾਪਰੀ ਘਟਨਾ ਕਾਰਨ ਲੋਹੜੀ ਦੀ ਖੁਸ਼ੀ ਮੰਨਾਉਣ ਵਾਲੇ ਆਖਣ ਲਗ ਜਾਂਦੇ ਹਨ ਬੜਾ ਲੋਹੜਾ ਹੋਇਆ। ਇਹਨਾਂ ਹਾਲਾਤ ਦੇ ਮਦੇ ਨਜ਼ਰ ਪੜ੍ਹਨ ਵਿਚ ਆਇਆ ਹੈ ਕਿ ਕਈ ਅਮਨ ਪਸੰਦ ਪ੍ਰਿਵਾਰ ਆਪਣੇ ਘਰ ਬੱਠਲ ਵਿਚ ਹੀ ਚਾਰ ਲਕੜਾਂ ਰਖ ਕੇ ਲੋਹੜੀ ਮਨਾਉਣ ਲੱਗ ਪਏ ਹਨ। ਇਸ ਤਰਾਂ ਚਲਦਾ ਰਿਹਾ ਤਾਂ ਇਹ ਖੁਸ਼ੀਆਂ ਖੇੜੇ ਵੰਡਣ ਵਾਲਾ ਤਿਉਹਾਰ ਵੀ ਇਕ ਦਿਨ ਦਮ ਤੋੜ ਜਾਵੇਗਾ।
ਧਾਰਮਕ ਆਗੂਆਂ ਅਗੇ ਬੇਨਤੀ ਕਰਨੀ ਚਾਹੁੰਦਾ ਹਾਂ ਇਸ ਸਾਂਝਾ ਦੇ ਪ੍ਰਤੀਕ ਤਿਉਹਾਰ ਨੂੰ ਮਲੋ ਮਲੀ ਬ੍ਰਾਹਮਣ ਦੀ ਝੋਲੀ ਨਾ ਪਾਉਣ । ਲੋਹੜੀ ਦੇ ਨਾਲ ਕੋਈ ਗਾਥਾ ਨਹੀਂ ਜੁੜੀ ਹੋਈ ਇਸ ਕਰਕੇ ਇਹ ਸਮੁਚੀ ਮਨੁਖਤਾ ਦਾ ਤਿਉਹਾਰ ਹੈ । ਇਸ ਨੂੰ ਕਿਸੇ ਧਰਮ ਨਾਲ ਜੋੜਨਾ ਸਹੀ ਨਹੀਂ ਲੱਗ ਰਿਹਾ। ਲੋਹੜੀ ਖੁਸ਼ੀਆਂ ਅਤੇ ਲੋਕ ਭਾਵਨਾਵਾਂ ਨਾਲ ਜੁੜਿਆ ਹੋਇਆ ਤਿਉਹਾਰ ਹੈ । ਸਿਆਸਤ ਦਾਨਾ ਅਗੇ ਬੇਨਤੀ ਹੈ ਕਿ ਇਸ ਸਾਂਝੇ ਤਿਉਹਾਰ ਨੂੰ ਪਾਰਟੀ ਪਾਲਿਟਕਸ ਦੀ ਚਾਸ਼ਨੀ ਨਾ ਚੜ੍ਹਾਉਣ । ਮੇਰੇ ਅਜ਼ੀਜ਼ੋ ਕੌਮ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ ਤੁਸੀਂ ਕੌਮ ਦਾ ਭਵਿਖ ਹੋ ਜੇ ਤੁਹਾਡੀ ਸੋਚ ਨਸ਼ੇ ਨੇ ਧੁੰਦਲੀ ਕਰ ਦਿਤੀ ਤਾਂ ਕੌਮ ਦਾ ਭਵਿਖ ਉਜਲਾ ਨਹੀਂ ਹੋ ਸਕਣਾ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਸਾਂਝਾ ਦੇ ਪ੍ਰਤੀਕ ਤਿਉਹਾਰ ਦੀ ਦਿਖ ਧੁੰਦਲੀ ਨਾ ਹੋਣ ਦੇਈਏ ।ਸਾਲ ਬਾਅਦ ਆਇਆ ਇਹ ਦਿਨ ਸਾਡੀਆਂ ਸਾਂਝਾਂ ਵਿਚ ਪੁਖਤਗੀ ਲਿਆਵੇ।