ਦੀਵਾਲੀ ਤੋਂ ਦੂਜੀ ਰਾਤ ਹੀ ਜਦ ਇਕ ਕਾਤਰ ਦੇ ਰੂਪ ਵਿਚ ਚੰਦਰਮਾਂ ਪੱਛਮ ਵਿਚ ਜਿਥੇ ਧਰਤਿ ਅਕਾਸ਼ ਮਿਲਦੇ ਲਗਦੇ ਹਨ ਦਿਖਾਈ ਦਿੰਦਾ ਹੈ ਤਾਂ ਕੱਤਕ ਸ਼ੁਦੀ ਦਾ ਅਰੰਭ ਹੋ ਜਾਂਦਾ ਹੈ . ਹਰ ਰੋਜ ਚੰਦਰਮਾ ਦੀ ਹਾਜ਼ਰੀ ਵਧਦੀ ਵਧਦੀ ਇਕ ਦਿਨ ਜਦ ਉਹ ਪੂਰਨ ਰੂਪ ਵਿੱਚ ਢਲਦੇ ਸੂਰਜ ਤੋਂ ਲੈ ਕੇ ਦੂਸਰੇ ਦਿਨ ਚੜਦੇ ਸੂਰਜ ਤਕ ਸਾਰੀ ਰਾਤ ਚਾਨਣ ਹੀ ਚਾਨਣ ਬਖੇਰ ਦਿੰਦੀ ਹੈ ਤਾਂ ਨਾਨਕ ਨਾਮ ਲੇਵਾ ਹੀ ਨਹੀਂ ਸੰਸਾਰ ਦੇ ਹੋਰ ਸੂਝਵਾਨ ਲੋਕ ਵੀ ਇਸ ਆਸ ਨਾਲ ਖੁਸ਼ੀ ਮਨਾਉਂਦੇ ਹਨ ਕਿ ਇਸ ਪੂਰਨ ਚੰਦਰਮਾਂ ਦੀ ਰਾਤ ਨੂੰ ਪਰਗਟ ਹੋ ਕੇ ਇਕ ਮਹਾਨ ਸ਼ਕਤੀ ਨੇ ਸੰਸਾਰ ਨੂੰ ਜੋ ਅਮਨ ਸੁਨੇਹਾ ਦਿਤਾ ਸੀ ਕਿਤੇ ਝਗੜਾਲੂ ਬਿਰਤੀ ਵਾਲਿਆਂ ਨੂੰ ਵੀ ਮਿਲਵੇ ਕੀ ਮੈਹਮਾਂ ਦੀ ਸੋਝੀ ਆ ਜਾਏ ਤਾਂ ਇਸ ਸੜਦੇ ਬਲਦੇ ਸੰਸਾਰ ਵਿੱਚ ਕੁਝ ਸ਼ਾਂਤੀ ਪਰਤ ਆਵੇ। ਪਰ ਜਦ ਸਾਡੇ ਵਿਦਵਾਨਾਂ ਵਲੋਂ ਪੈਦਾ ਕੀਤਾ ਹੋਇਆ ਕੱਤਕ ਵਿਸਾਖ ਦਾ ਵਾਵਰੋਲਾ ਦੇਖਦਾ ਹਾਂ ਤਾਂ ਦਿਲ ਦਹਿਲ ਜਾਂਦਾ ਹੈ ਕਿ ਜੇ ਇਦਾਂ ਹੀ ਚਲਦਾ ਰਿਹਾ ਤਾਂ ਸਿਖ ਸੰਗਰਾਂਦ ਅਤੇ ਹਿੰਦੂ ਸੰਗਰਾਂਦ ਦੀ ਤਰ੍ਹਾਂ ਕਿਤੇ ਸਾਂਝੇ ਗੁਰੂ ਦੀਆਂ ਵੀ ਵੰਡੀਆਂ ਨਾ ਪਾ ਦੇਣ । ਰੱਬ ਖੈਰ ਕਰੇ।
ਜੀਵਨ ਦੇ ਸਫਰ ਵਿਚ ਅਠਵੇਂ ਦਹਾਕੇ ਦੀ ਬਰੂਹਾਂ ਤੇ ਖੜਾ ਜਦ ਬਚਪਨ ਵਲ ਝਾਤ ਮਾਰਦਾ ਹਾਂ ਤਾਂ ਇਕ ਅਤੀਅੰਤ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਵੀ ਦਿਨ ਸਨ ਜਦ ਬਗੈਰ ਧਾਰਮਕ ਅਤੇ ਜ਼ਾਤੀ ਭਿਨ ਭੇਦ ਦੇ ਅਸੀਂ ਬਚੇ ਵੀ ਇਸ ਖੁਸ਼ੀਆਂ ਭਰੇ ਦਿਨ ਦੀ ਉਡੀਕ ਕਰਦੇ ਸਾਂ।
‘ਉਹ ਨਰੈਣਿਆਂ, ਤੈਨੂੰ ਪਤਾ ਦੋ ਦਿਨਾ ਨੂੰ ਬਾਬੇ ਵਾਗੁਰੂ ( ਵਾਹਿਗੁਰੂ ) ਦਾ ਗੁਪੁਰਬ ਆ ( ਗੁਰਪੁਰਬ) ਚੰਗੀ ਤਰਾਂ ਨ੍ਹਾ ਕੇ ਨਵਾ ਝਗਾ ਪਾ ਕੇ ਆਮੀਂ। ‘ਮੇਰੀ ਬੇਬੇ ਕਹਿੰਦੀ ਸੀ ਐੈਤਕੀ ਤੈਨੂੰ ਡਬੀਦਾਰ ਖੱਦਰ ਦਾ ਝੱਗਾ ਬਣਾ ਕੇ ਦੇਣਾ।.‘ ਨਰੈਣੇ ਕਿਹਾ.‘ ਕੀਮਿਆਂ ਐੈਮੇਂ ਘਰ ਹੀ ਨਾ ਬੈਠਾ ਰਹੀਂ ਤੂੰ ਵੀ ਚੰਗੇ ਕਪੜੇ ਪਾ ਕੇ ਆਮੀਂ‘ ਆਊਂ ਕਿਊਂ ਨਾ, ਜਦ ਆਪਾਂ ਸਾਰੇ ਕਠੇ ਬੈਠਕੇ ਵਾਗੁਰੂ ਵਾਗੁਰੂ ਕਰਾਂਗੇ ਤਾਂ ਭਾਈ ਖੁਸ਼ ਹੋ ਕੇ ਚੰਗਾ ਕੜਾਹ ਦਿਊ.‘ ਇਹ ਸੁਣ ਕੇ ਸਾਰੇ ਹੱਸ ਪਏ। ਅਸੀਂ ਖੁਸ਼ ਹੁੰਦੇ ਸਾਂ ਸਾਨੂੰ ਨਵੇਂ ਕਪੜੇ ਮਿਲਦੇ ਸਨ ਕੜਾਹ-ਪਰਸ਼ਾਦ ਮਿਲਦਾ ਸੀ। ਅਜ ਬਲਡ ਪਰੈਸ਼ਰ, ਸ਼ੂਗਰ ਨੇ ਜਾਨ ਕਢ ਦਿਤੀ ਹੈ ਅਗਾ ਨੇੜੇ ਆਉਂਦਾ ਦੇਖ ਅੰਗੂਠੇ ਅਤੇ ਨਾਲ ਦੀਆਂ ਦੋ ਉਂਗਲਾਂ ਦਾ ਯੂ ਜਿਹਾ ਬਣਾ ਕੇ ਪਰਸ਼ਾਦ ਵਰਤਾਉਂਣ ਵਾਲੇ ਨੂੰ ਸਵਾਏ ਗਫੇ ਦੀ ਬੇਨਤੀ ਕਰਦੇ ਹਾਂ। ਪਰ ਬਚੇ ਅਜ ਵੀ ਕੜਾਹ ਪਰਸ਼ਾਦ ਲੈ ਕੇ ਨਿਹਾਲ ਨਿਹਾਲ ਹੋ ਜਾਂਦੇ ਹਨ. ਦੀਵਾਲੀ ਦੀ ਰਾਤ ਵੀ ਖੁਸ਼ੀਆਂ ਭਰੀ ਜ਼ਰੂਰ ਹੁੰਦੀ ਸੀ, ਵਿਤ ਅਨੁਸਾਰ ਮਾਂ ਬਾਪ ਮਠਿਆਈ ਵੀ ਖਰੀਦਦੇ ਸਨ ਪਰ ਬਚਿਆ ਲਈ ਖਾਸ ਕਰ ਜੇਠੇ ਬਚੇ ਲਈ ਤਾਂ ਕੈਦ ਹੁੰਦੀ ਸੀ। ਟੂਣੇ ਟਪਰੇ ਤੋਂ ਡਰਦਿਆਂ ਮਾਵਾਂ ਆਪਣੇ ਬਚਿਆਂ ਨੂੰ ਘਰੋਂ ਬਾਹਰ ਨਹੀਂ ਸਨ ਜਾਣ ਦਿੰਦੀਆਂ। ਦੁਜੇ ਦਿਨ ਸਵੇਰ ਨੂੰ ਕੁਝ ਘੁਸਰ ਮੁਸਰ ਚਲਦੀ , ਕਿ ਫਲਾਣੇ ਬਚੇ ਦੇ ਵਾਲਾਂ ਦੀ ਇਕ ਲਿਟ ਕਿਸੇ ਨੇ ਕਟ ਲਈ ਬਚਾ ਭਾਵੇਂ ਜਿ਼ਆਦਾ ਖਾਣ ਕਰਕੇ ਬੋਝ ਨਾਲ ਬੀਮਾਰ ਹੋਇਆ ਹੋਵੇ ਪਰ ਸਮਝਿਆ ਇਹੋ ਜਾਂਦਾ ਸੀ ਕਿ ਕਿਸੇ ਨੇ ਟੂਣਾ ਕਰ ਦਿਤਾ ਹੈ। ਇਸਦੇ ਉਲਟ ਗੁਰਪੁਰਬ ਵਾਲੇ ਦਿਨ ਬਚਿਆਂ ਤੇ ਕੋਈ ਪਾਬੰਦੀ ਨਹੀਂ ਸੀ ਹੁੰਦੀ। ਇਸੇ ਲਈ ਉਹ ਦੀਵਾਲੀ ਨਾਲੋਂ ਗੁਰਪੁਰਬ ਨੂੰ ਤੀਬਰਤਾ ਨਾਲ ਉਡੀਕਦੇ ਸਨ। ਅਜ ਸਮਾਂ ਬਦਲ ਗਿਆਂ ਹੈ . ਪੱਛਮੀ ਗਲਬਾ ਦਿਨ ਬਦਿਨ ਭਾਰੂ ਹੋ ਰਿਹਾ ਹੈ। ਅਜ ਦੇ ਬਚਿਆਂ ਲਈ ਤਾਂ ਕਰਿਸਮਸ ਹੀ ਸਭ ਕੁਝ ਹੋ ਨਿਬੜੀ ਹੈ। ਗੂਰਪੁਰਬ ਤਾਂ ਹੁਣ ਇਕ ਸੋਸ਼ਲ ਰਸਮ ਬਣਦਾ ਜਾ ਰਿਹਾ ਹੈ।
ਇੰਝ ਲਗਦਾ ਹੈ ਜਿਵੇਂ ਸਿਖ ਕੌਮ ਵਿਚ ਵਿਦਵਾਨਾਂ ਦਾ ਹੜ ਆ ਗਿਆ ਹੋਵੇ ਅਤੇ ਹਰ ਕੋਈ ਦੀਵਾਲੀ ਨੂੰ ਵਰਤੀ ਜਾਂਦੀ ਚਕੂੰਦਰ ਵਾਂਗ ਬਗੈਰ ਸਬੂਤਾਂ ਤੋਂ ਹੀ ਕੋਈ ਨਾ ਕੋਈ ਸ਼ੋਸ਼ਾ ਛਡ ਕੇ ਆਪਣੀ ਹਾਜ਼ਰੀ ਲਵਾਉਣੀ ਚਾਹੁੰਦਾ ਹੋਵੇ। ਰਾਗਮਾਲਾ ਗੁਰਬਾਣੀ ਦਾ ਹਿਸਾ ਹੈ ਜਾਂ ਨਹੀਂ, ਦਸਮ ਗਰੰਥ ਬਾਰੇ ਰਾਮ ਰੌਲਾ, ਅਰਦਾਸ ਤੇ ਕਿੰਤੂ ਪਰੰਤੂ , ਪੁਰੇਵਾਲ ਕੈਲੰਡਰ (ਬਾਬਾ ਨਾਨਕ ਤਾਂ ਜਗਤ ਨੂੰ ਇੱਕਠਿਆਂ ਕੀਤਾ ਸੀ ਇਸ ਕੈਲੰਡਰ ਕਾਰਨ ਦੋਫਾੜ ਹੋਏ ਹਾਂ ਇਸ ਲਈ ਇਸ ਕੈਲੰਡਰ ਨੂੰ ਨਾਨਕ ਸ਼ਾਹੀ ਕੈਲੰਡਰ ਕੈਹਣ ਤੋਂ ਕੁਝ ਝਿਜਕ ਮਹਿਸੂਸ ਹੋਈ ਹੈ) ਅਤੇ ਕੋਈ ਸੌ ਸਾਲ ਤੋਂ ਬਾਬੇ ਨਾਨਕ ਦੇ ਆਗਮਨ ਦਿਵਸ ਕੱਤਕ ਜਾਂ ਵਿਸਾਖ ਬਾਰੇ ਚਲ ਰਹੇ ਵਿਵਾਦ ਨੂੰ ਮਿਸ਼ਨਰੀ ਸਕੂਲ ਵਾਲੇ ਅਜ ਵੀ ਜੀਵਤ ਰਖਣ ਲਈ ਬਿਆਨਾਂ ਦੇ ਕੁਸ਼ਤੇ ਛਕਾਉਂਦੇ ਰਹਿੰਦੇ ਹਨ । ਅਫਸੋਸ ਇਸ ਗੱਲ ਦਾ ਹੈ ਕਿ ਕੌਮ ਖੇਰੂੰ ਖੇਰੂੰ ਹੋ ਰਹੀ ਹੈ ਅਤੇ ਅਸੀਂ ਹਾਂ ਕਿ ਮੋੜਾ ਪਾਉਂਣ ਦਾ ਨਾਂ ਹੀ ਨਹੀਂ ਲੈਂਦੇ। . “ਕੱਤਕ ਜਾਂ ਵਿਸਾਖ ਕਸੋਟੀ ਤੇ “ ਦੇ ਸਿਰਲੇਖ ਨਾਲ ਇਸ ਵਿਸ਼ੇ ਤੇ ਕੁਝ ਦਲੀਲਾਂ ਪਾਠਕਾਂ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ, ਸਚ ਝੂਠ ਦਾ ਨਿਸਤਾਰਾ ਪਾਠਕਾਂ ਨੇ ਕਰਨਾ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਬਾਲੇ ਜੀ ਦੀਆਂ ਬਾਬੇ ਨਾਨਕ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਉਦਾਸੀਆਂ ਸਮੇ ਲਿਖੀ ਪੁਸਤਕ ਅਨੁਸਾਰ ਲਿਖਵਾਈ। ਉਸ ਜਨਮ ਸਾਖੀ ਵਿਚ ਜਨਮ ਪਤਰੇ ਦੇ ਅਧਾਰ ਤੇ ਗੁਰੂ ਬਾਬੇ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 ਮੁਤਾਬਕ ਸੰਨ 1469 ਈ: ਦਰਜ ਹੈ।
ਉਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਦਾ ਸਲੋਕ ਕਰਦਾ ਹੈ।
“ ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ.
ਅਉਸਰ ਅਭੀਚ ਬਹੁ ਨਾਇਕ ਕੇ ਨਾਇਕਾ ਹੈਵ,
ਰੂਪ ਗੁਣ ਜੋਬਨ ਸਿ਼ੰਗਾਰ ਅਧੀਕਾਰੀ ਹੈ.
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ,
ਸੁੰਪਦਾ ਸਮਗਰੀ ਸੁਖ ਸਹਿਜ ਸੁੰਚਾਰੀ ਹੈ.
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ,
ਜੀਵਨ ਜਨਮ ਧੀਨ ਪ੍ਰੀਤਮ ਪਿਆਰੈ ਹੈ॥”
ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੂਜੀ ਸਾਖੀ ਮਿਹਰਬਾਨ ਲਿਖਦਾ ਹੈ। ਮਿਹਰਬਾਨ ਵਾਲੀ ਜਨਮਸਾਖੀ ਵਿਚ ਜਨਮ ਮਿਤੀ ਵਿਸਾਖ ਸ਼ੁਦੀ ਤੀਜ ਹੈ। ( ਭਾਈ ਕਾਨ੍ਹ ਸਿੰਘ ਨਾਭਾ ਵਾਲਿਆਂ ਦੇ ਮਹਾਨਕੋਸ਼ ਵਿਚ ਮਿਹਰਬਾਨ ਦੀ ਪਛਾਣ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਬਾਬਾ ਪ੍ਰਿਥੀਚੰਦ ਦੇ ਪੁਤ੍ਰ ਵਜੋਂ ਕੀਤੀ ਗਈ ਹੈ. “ਬਾਬਾ ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ, ਜਿਸ ਨੇ ਵੀ ਪਿਤਾ ਵਾਂਗ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ , ਜਿਸ ਵਿਚ ਬਹੁਤ ਬਾਤਾਂ ਗੁਰਮਤ ਵਿਰੁਧ ਹਨ.“ ਇਥੇ ਹੀ ਵਸ ਨਹੀਂ ਮਿਹਰਬਾਨ ਨੇ ਆਪਣੇ ਆਪ ਨੂੰ ਗੁਰੂ ਕਹਾਉੁਣ ਦਾ ਵੀ ਯਤਨ ਕੀਤਾ ਹੈ “ਦੀਨ ਦਿਯਾਲ ਸਰਨਿਕ ਸੂਰਾ॥ ਗੁਰੂ ਮਿਹਰਬਾਨੁ ਸਚੁ ਭਗਿਤ ਕਮਾਈ॥”
ਬਾਕੀ ਸਾਰੇ ਲੇਖਕ ਗੁਰੂ ਬਾਬੇ ਦਾ ਜਨਮ ਦਿਨ ਚਾਹੇ ਕੱਤਕ ਸੂਦੀ ਪੂਰਨਮਾਸ਼ੀ ਮੰਨਦੇ ਹਨ ਜਾਂ ਵਿਸਾਖ ਸ਼ੂਦੀ ਤੀਜ ਇਹਨਾਂ ਦੋ ਜਨਮ ਸਾਖੀਆਂ ਤੋਂ ਪਰਭਾਵਤ ਹੋ ਕੇ ਹੀ ਼ਿਲਖਦੇ ਹਨ। ਕਿਸੇ ਵੀ ਹੋਰ ਗਰੰਥ ਦਾ ਜਿ਼ਕਰ ਕੀਤੇ ਬਗੈਰ, ਮੈਂ ਪੂਰੀ ਤਰ੍ਹਾਂ ਨਿਰਪਖ ਹੋ ਕੇ ਆਪਣੀ ਖੋਜ ਦਾ ਵਿਸ਼ਾ ਇਨਹਾਂ ਦੋਵਾਂ ਸਾਖੀਆਂ ਤੇ ਹੀ ਸੀਮਤ ਰਖਾਂਗਾ
ਜਿਥੋਂ ਤਕ ਮੈਂ ਜਾਣਿਆ ਹੈ ਦੋਵਾਂ ਸਾਖੀਆਂ ਵਿਚ ਇਕ ਸਾਂਝੀ ਕੜੀ ਹੈ। ਮੇਰੀ ਕੌਮ ਪਾਸ ਉਚ ਕੋਟੀ ਦੇ ਵਿਦਵਾਨ ਹਨ ਪਰ ਅਫਸੋਸ ਕਿਸੇ ਨੇ ਵੀ ਇਨਹਾਂ ਸਾਖੀਆਂ ਨੂੰ ਨਿਰਪਖ ਹੋ ਕੇ ਵਿਚਾਰਨ ਦੀ ਜ਼ਹਿਮਤ ਹੀ ਨਹੀਂ ਉਠਾਈ। ਜੇ ਕਿਤੇ ਉਸ ਸਾਂਝੀ ਕੜੀ ਵਲ ਧਿਆਨ ਦਿਤਾ ਜਾਂਦਾ ਤਾਂ ਇਡਾ ਬਖੇੜਾ ਹੀ ਨਹੀਂ ਸੀ ਖੜਾ ਹੋਣਾ। ਪਰ ਕੋਣ ਕਰੇ ਜੀ ਇਡਾ ਝਮੇਲਾ , ਕਿਸ ਪਾਸ ਸਮਾਂ ਹੈ। ਜੋ ਇਕ ਨੇ ਲਿਖ ਦਿਤਾ ਬਾਕੀਆਂ ਨੇ ਜੈਕਾਰੇ ਛਡਦਿਆਂ ਨੇ ਪੱਕੀ ਸੜਕ ਬਣਾ ਧਰੀ।
ਇਸ ਸਾਂਝੀ ਕੜੀ ਦੀ ਗੁੱਥੀ ਸੁਲਝਾਉਣ ਲਈ ਬਚਿਤ੍ਰ ਨਾਟਕ ਵਿਚ ਦਰਜ ਹੇਠ ਲਿਖੀਆਂ ਲਾਈਨਾਂ ਸਹਾਈ ਹੋਣ ਗੀਆਂ।
“ ਮੁਰ ਪਿਤ ਪੁਰਬ ਕੀ ਆਸ ਪਿਯਾਨਾ॥ ਭਾਂਤ ਭਾਂਤ ਕੇ ਤੀਰਥ ਨਾਨਾ॥ ਜਬ ਹੀ ਜਾਤ ਤ੍ਰਿਬੈਣੀ ਭਯੇ॥ ਪੁੰਨ ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸ਼ਹਿਰ ਵਿਖੇ ਭਵ ਲਯੋ॥”
ਇਸ ਬੰਦ ਦੀ ਰੌਸ਼ਨੀ ਵਿਚ ਮੈਂ ਵਖ ਵਖ ਧਰਮਾਂ ਅਤੇ ਅਜ ਦੀ ਟੈਕਨੋਲਜੀ ਦੇ ਅਧਾਰ ਤੇ ਹੀ ਵਿਚਾਰ ਪੇਸ਼ ਕਰਾਂਗਾ। ਇਬਰਾਨ ਮਤ ਵਾਲੇ ( ਕ੍ਰਸਿ਼ਚੀਅਨ, ਜੂਡੇਇਜ਼ਮ ਅਤੇ ਇਸਲਾਮ) ਤਾਂ ਬਚੇ ਦੇ ਨਿਮਣ ਨੂੰ ਹੀ ਜਨਮ ਸਮਝਦੇ ਹਨ ਅਤੇ ਨਿਮਣ ਤੋਂ ਜਨਮ ਤਕ ਕਿਸੇ ਵੇਲੇ ਵੀ ਗਰਭਪਾਤ ਕਰਨ ਨੂੰ ਗੁਨਾਹ ਸਮਝਿਆ ਜਾਂਦਾ ਹੈ। ਪਰੋ ਚੋਇਸ( ਜੋ ਗਰਭਪਾਤ ਦੇ ਹਕ ਵਿਚ ਹਨ)ਅਤੇ ਪਰੋ ਲਾਈਫ ( ਜੋ ਗਰਭਪਾਤ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਹਾਮੀ ਹਨ) ਦੀ ਖਿਚੋਤਾਣ ਵਿਚ ਜਦ ਕਾਨੂੰਨ ਨੇ ਦਖਲ ਅੰਦਾਜ਼ੀ ਕੀਤੀ ਤਾਂ ਇਹਨਾਂ ਧਰਮਾਂ ਦੇ ਆਊਆਂ ਨੂੰ ਵੀ ਕੁਝ ਲੱਚਕ ਦਿਖਾਉੁਣੀ ਪਈ. ਇਹਨਾ ਨੇ ਦਲੀਲ ਦਿਤੀ ਕਿ ਜਦ ਜਿਸਮ ਵਿੱਚ ਖੂਨ ਚੱਲਣ ਲੱਗ ਜਾਵੇ ਉਸ ਵੇਲੇ ਦਾ ਗਰਭਪਾਤ ਜੁਰਮ ਗਿਣਿਆ ਜਾਣਾ ਚਾਹੀਦਾ ਹੈ (ਬਾਈਬਲ ਵਿਚ ਖੂਨ ਦਾ ਡੋਲਣਾ ਭਾਵ ਕਿਸੇ ਨੂੰ ਕਤਲ ਕਰ ਦੇਣਾ ਬੱਜਰ ਗੁਨਾਹ ਹੈ। ਨਿਮਣ ਤੋਂ ਕੋਈ ਵੀਹ ਦਿਨ ਅੰਦਰ ਖੂਨ ਬਣਨਾਂ ਸ਼ੁਰੂ ਹੋ ਜਾਂਦਾ ਹੈ, ਪਰ ਮਨੁਖੀ ਬਚੇ ਵਰਗੀ ਹਾਲੇ ਕੋਈ ਗੱਲ ਨਹੀਂ ਹੁੰਦੀ. ਸੋ ਉਹਨਾਂ ਦੀ ਦਲੀਲ ਕਾਨੂੰਨ ਨੇ ਨਕਾਰ ਦਿਤੀ।
ਦਸ ਹਫਤਿਆਂ ਦਾ ਗਰਭ ਕੁਝ ਕੁਝ ਮਨੁਖੀ ਬਚੇ ਵਰਗਾ ਲੱਗਣ ਲੱਗ ਜਾਂਦਾ ਹੈ। ਉਸ ਦੇ ਅੰਦਰ ਦਿਲ ਵੀ ਧੜਕਦਾ ਹੈ ਲੜਕੇ ਲੜਕੀ ਦੀ ਪਛਾਣ ਵੀ ਹੋ ਸਕਦੀ ਹੈ ਪਰ ਹਾਲੇ ਵੀ ਕੁਝ ਕਮੀਆਂ ਹਨ ਜੋ ਕੋਈ ਤੇਰਾਂ ਹਫਤਿਆਂ ਵਿਚ ਪੂਰੀਆਂ ਹੋ ਜਾਂਦੀਆਂ ਹਨ। ਇਥੋਂ ਤਕ ਕਾਨੂੰਨ ਗਰਭਪਾਤ ਨੂੰ ਜੁਰਮ ਨਹੀਂ ਗਿਣਦਾ।
ਇਸ ਤੋਂ ਅਗਲੀ ਗੱਲ ਧਿਆਨ ਮੰਗਦੀ ਹੈ ਮਕਾਨ ਤਿਆਰ ਹੋ ਚੁੱਕਾ ਹੈ, ਬਿਜਲੀ ਦਾ ਕੁਨੈਕਸ਼ਨ ਵੀ ਮਿਲ ਚੁੱਕਾ ਹੈ। ( ਭਾਵ ਦਿਲ ਧੜਕਦਾ ਹੈ) ਠੰਡੇ ਗਰਮ ਪਾਣੀ ਦਾ ਵੀ ਪ੍ਰਬੰਧ ਹੋ ਚੁੱਕਾ ਹੈ ( ਖੂਨ ਦੌਰਾ ਕਰ ਰਿਹਾ ਹੈ) ਅੰਦਰ ਬਾਹਰ ਦੀ ਸਜਾਵਟ ਮੁਕੰਮਲ ਹੋ ਚੁਕੀ ਹੈ ( ਲਿੰਗ ਤੋਂ ਲੈ ਕੇ ਹਥ ਰੇਖਾ ਤਕ ਦੇਖੀਆਂ ਜਾ ਸਕਦੀਆਂ ਹਨ) ਹੁਣ ਕਮੀ ਹੈ ਤਾਂ ਸਿਰਫ ਕਿਸੇ ਆਤਮਾਂ ਦੀ ਜਿਸ ਨੇ ਉਸ ਵਜੂਦ ਵਿਚ ਪ੍ਰਵੇਸ਼ ਕਰਨਾ ਹੈ ( ਮਾਲਕ ਮਕਾਨ ) ਜਿਸ ਤਰਾ ਮੈਂ ਉਪਰ ਲਿਖ ਆਇਆ ਹਾਂ ਕਿ ਤੇਰਾਂ ਹਫਤੇ ਦਾ ਗਰਭ ਬਚੇ ਦੇ ਵਜੂਦ ਨੂੰ ਹਰ ਪੱਖੌਂ ਮੁਕੱਮਲ ਕਰ ਚੁੱਕਾ ਹੈ। ਚੌਦਵੇਂ ਹਫਤੇ ਕਿਸੇ ਵੇਲੇ ਵੀ ਕੋਈ ਆਤਮਾਂ ਜਦ ਉਸ ਚੋਲੇ ਨੂੰ ਅਪਨਾ ਲੈਂਦੀ ਹੈ ਤਾਂ ਉਸ ਆਤਮਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਚਿਤ੍ਰ ਨਾਟਕ ਵਿਚ ਇਸ ਹੀ ਸਮੇਂ ਦਾ ਜਿ਼ਕਰ ਹੈ ( ਤਹੀ ਪ੍ਰਕਾਸ਼ ਹਮਾਰਾ ਭਯੋ) ਮਿਹਰਬਾਨ ਵਾਲੀ ਜਨਮ ਸਾਖੀ ਵੀ ਜਦ ਵਿਸਾਖ ਸ਼ੁਦੀ ਤੀਜ ਦੀ ਗੱਲ ਕਰਦੀ ਹੈ ਤਾਂ ਇਸੇ ਪਰਕਾਸ਼ ਦੀ ਗੱਲ ਕਰਦੀ ਹੈ। ਪੁਰਾਣੇ ਸਮੇਆਂ ਵਿਚ ਬਚੇ ਦੀ ਪੇਟ ਵਿਚ ਪਹਿਲੀ ਹਿਲਜੁਲ ਤੇ ਹੀ ਗਰਭ ਗਿਣਿਆ ਜਾਂਦਾ ਸੀ। ਜੇ ਚੌਦਵੇਂ ਹਫਤੇ ਕੋਈ ਆਤਮਾਂ ਉਸ ਜਾਂਮੇ ਵਿਚ ਪ੍ਰਵੇਸ਼ ਨਾ ਕਰੇ ਤਾਂ ਕੁਦਰਤ ਰਾਣੀ ਉਸ ਵਜੂਦ ਨੂੰ ਨਕਾਰ ਦਿੰਦੀ ਹੈ,ਜਿਸ ਨੂੰ ਸਾਦੀ ਬੋਲੀ ਵਿਚ ਗਰਭ ਗਿਰ ਗਿਆ ਕਿਹਾ ਜਾਂਦਾ ਹੈ।
ਯੂ. ਐਨ .ਓ . ਵੀ ਪੰਦਰਾਂ ਹਫਤੇ ਦੇ ਬਾਅਦ ਗਰਭਪਾਤ ਨੂੰ ਸਹੀ ਨਹੀਂ ਮਨਦੀ।
ਹੁਣ ਦੇਖਣਾ ਹੈ ਕਿ ਕੀ ਇਹ ਦਲੀਲ ਗਣਿਤ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ।
ਪਰਕਾਸ਼ ਤਕ ਚੌਦਾਂ ਹਫਤੇ ਗਿਣੀਏ ਤਾਂ 98 ਦਿਨ ਹੋਏ। ਵਿਸਾਖ ਸ਼ੁਦੀ ਤੀਜ ਤੋਂ ਕੱਤਕ ਸ਼ੁਦੀ ਪੂਰਨਮਾਸ਼ੀ ਤਕ ਕੁਲ ਦਿਨ ਬਣਦੇ ਹਨ 186। 186+ 98 ਜਮਾ ਕਰੀਏ ਤਾਂ ਕੁਲ ਦਿਨ ਹੋਏ 284। 30 ਦਿਨ ਦਾ ਮਹੀਨਾ ਗਿਣੀਏ ਤਾਂ ਨਿਮਣ ਤੋਂ ਲੈ ਕੇ ਜਨਮ ਤਕ 9 ਮਹੀਨੇ ਅਤੇ 14 ਦਿਨ ਬਣੇ, ਜੋ ਗਰਭ ਕਿਰਿਆ ਮੁਕੱਮਲ ਹੋਣ ਲਈ ਬਿਲਕੁਲ ਸਹੀ ਹਨ। ਇਸ ਤੋਂ ਸਿਧ ਹੁੰਦਾ ਹੈ ਕਿ ਮਿਹਰਬਾਨ ਵਿਸਾਖ ਸ਼ੁਦੀ ਤੀਜ ਨੁੰ ਪਰਕਾਸ਼ ਦੀ ਗੱਲ ਕਰਦਾ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਵਰਤਿਆ ਜਨਮ ਪਤਰਾ ਕੱਤਕ ਸ਼ੂਦੀ ਪੂਰਨਮਾਸ਼ੀ ਨੂੰ ਜਨਮ ਦੀ ਸਹੀ ਭਰਦਾ ਹੈ।
ਪੁਰਾਤਨ ਗਰੰਥਾਂ ਵਿਚ ਬਾਬੇ ਨਾਨਕ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਸੰਮਤ 1526 ਮੁਤਾਬਕ 1469 ਈ: ਹੈ ਅਤੇ ਜੋਤੀ ਜੋਤਿ ਸਮਾਉਣ ਦੀ ਮਿਤੀ ਅਸੂ ਵਦੀ ਦਸ ਸੰਮਤ 1596 ਮੁਤਾਬਕ 1539 ਈ:ਹੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ.
“ ਉਰਜ ਮਾਸ ਕੀ ਪੂਰਨਮਾਸ਼ੀ ਹਰਕੀਰਤ ਸੋ ਜੌਨ ਪਰਕਾਸ਼ੀ ॥20॥
ਸੰਬਤ ਨੌ ਖਟ ਸਹਸ ਛਬੀਸਾ ਭੋ ਅਵਤਾਰ ਪਰਗਟ ਜਗਦੀਸਾ”
ਅਰਥ, ਸੰਮਤ 1526 ਬਿਕ੍ਰਮੀ ਕੱਤਕ ਸ਼ੁਦੀ ਪੂਰਨਮਾਸ਼ੀ ਵਾਲੇ ਦਿਨ ਸਤਗੁਰਾਂ ਨੇ ਅਵਤਾਰ ਧਾਰਿਆ।
ਉਸ ਤੋਂ ਅਗਲੀ ਲਾਈਨ ਹੈ “ ਭਯੋ ਅਚਾਨਕ ਸਭਿਨਿ ਉਛਾਹਾ॥7॥
ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ ਸਪਤ ਦਿਨ ਪਰਵਾਨ ॥ ਪਾਤਸ਼ਾਹੀ ਸਰੀ ਪਰਭ ਕਰੀ॥90॥
ਸੰਮਤ ਪੰਦਰਾ ਸੈ ਅਧਕ ਛਨਵਾ ਅਸੂਜ ਵਦੀ ਦਸਵੀਂ ਵਿਖੈ ਸਚਖੰਡ ਪਰਸਥਾਨ॥
ਭਾਵ, ਭਾਈ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਜਿ਼ਕਰ ਕਰਦੇ ਹੋਏ ਲਿਖਦੇ ਹਨ ਸੰਮਤ ਸੱਤਰ ਪਛਾਨ। ਪਛਾਨ ਅਤੇ ਉਸਤੋਂ ਅਗੇ ਪ੍ਰਵਾਨ ਸ਼ਬਦ ਦੀ ਵਰਤੋਂ ਕਰਦੇ ਹਨ। ਪਛਾਨ ਸ਼ਬਦ ਦੀ ਵਰਤੋਂ ਕਰਕੇ ਭਾਈ ਸਾਹਿਬ ਬਾਬੇ ਨਾਨਕ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਆਖਦੇ ਹਨ। ਅਗੋਂ ਆਖਦੇ ਹਨ ਸਪਤ ਦਿਨ ਪਰਵਾਨ ਨਾਲ ਸਤ ਦਿਨਾਂ ਤੇ ਮੋਹਰ ਲਾ ਦਿੰਦੇ ਹਨ। ਇਸ ਤਰ੍ਹਾਂ ਭਾਈ ਸਾਹਿਬ ਦਸ ਰਹੇ ਹਨ ਕਿ ਬਾਬਾ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਸੀ ਕਿ ਪੰਜ ਮਹੀਨੇ ਸਤ ਦਿਨ ਬੀਤਿਆਂ ਬਾਬਾ ਨਾਨਕ ਜੀ ਜੋਤੀ ਜੋਤ ਸਮਾਂ ਗਏ।
ਭਾਈ ਸੰਤੋਖ ਸਿੰਘ ਜੀ ਖਾਲਸਈ ਕੈਲੰਡਰ ਜੋ ਵਿਸਾਖ ਤੋਂ ਸੁਰੂ ਹੁੰਦਾ ਹੈ ਨੂੰ ਆਪਣੀ ਗਿਣਤੀ ਦਾ ਧੁਰਾ ਬਣਾ ਰਹੇ ਹਨ. ਵਿਸਾਖ, ਜੇਠ ,ਹਾੜ ,ਸਾਵਨ ਭਾਦੋਂ ਪੰਜ ਮਹੀਨੇ ਹੋ ਗਏ ਅਸੂ ਵਦੀ ਦਸਵੀਂ ਅਸੂ ਸਤ ਨੂੰ ਪੈਂਦੀ ਹੈ. ਇਸ ਤਰਾਂ ਪੰਜ ਮਹੀਨੇ ਸਤ ਦਿਨ ਬਣ ਜਾਂਦੇ ਹਨ। ਵਿਸ਼ਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਭਾਈ ਸੰਤੋਖ ਸਿੰਘ ਜੀ ਦੀ ਲਿ਼ਖਤ ਦੇ ਗੱਲਤ ਅਰਥ ਕਰ ਕੇ ਬਾਬਾ ਜੀ ਦੀ ਆਯੂ 70 ਸਾਲ 5 ਮਹੀਨੇ ਅਤੇ ਸਤ ਦਿਨ ਮਿਥਦੇ ਹਨ। ਵਿਸਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਈ: ਸੰਨ ਮੁਤਾਬਕ 15 ਅਪਰੈਲ 1469 ਨੂੰ ਜਨਮ ਮਿਤੀ ਅਤੇ 7 ਸਤੰਬਰ 1539 ਨੂੰ ਜੋਤੀ ਜੋਤ ਸਮਾਉਣ ਦੀ ਮਿਤੀ ਮਨਦੇ ਹਨ ਦੇਖੋ ( ਪ੍ਰਿਸੀਪਲ ਸਤਵੀਰ ਸਿੰਘ , ਸਾਡਾ ਇਤਹਾਸ) ਜੇ ਦਿਨ ਗਿਣੀਏ ਤਾਂ ਬਾਬਾ ਜੀ ਦੀ ਆਯੂ 70 ਸਾਲ ਪੰਜ ਮਹੀਨੇ ਸਤ ਦਿਨ ਦੀ ਗਣਿਤ ਤੇ ਪੂਰੀ ਨਹੀਂ ਉੁਤਰਦੀ। ਇਸ ਤਰ੍ਹਾਂ ਵਿਸਾਖ ਸ਼ੁਦੀ ਤੀਜ ਦਾ ਆਗਮਨ ਦਿਵਸ ਸ਼ਕ ਦੇ ਘੇਰੇ ਵਿਚ ਆ ਜਾਦਾ ਹੈ । ਇਸ ਕਰਕੇ ਹਰ ਸੂਝਵਾਨ ਪੁਰਖ ਵਿਸਾਖ ਸ਼ੁਦੀ ਤੀਜ ਦੀ ਜਨਮ ਮਿਤੀ ਮਨਣ ਤੋਂ ਹਿਚਕਚਾਏ ਗਾ।
ਦਲੀਲ ਦਿਤੀ ਜਾਂਦੀ ਹੈ ਕਿ ਕਰਮ ਸਿੰਘ ਹਿਸਟੋਰੀਅਨ ਅਤੇ ਆਪਣੇ ਆਪ ਨੂੰ ਕੈਲੰਡਰ ਦਾ ਮਾਹਰ ਦਸਣ ਵਾਲੇ ਪਾਲ ਸਿੰਘ ਪੁਰੇ ਵਾਲ ਨੇ ਕੱਤਕ ਸ਼ੁਦੀ ਪੂਰਨਮਾਸ਼ੀ ਦੇ ਆਗਮਨ ਦਿਵਸ ਨੂੰ ਨਕਾਰ ਦਿਤਾ ਹੈ।
ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਕਰਦੇ ਹਾਂ। ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ “ ਕੱਤਕ ਜਾਂ ਵਿਸਾਖ ਦੇ ਅਖੀਰ ਵਿਚ ਲਿਖਦਾ ਹੈ “ਪਾਠਕ ਜੀ! ਜੋ ਕੁਝ ਮੈਂ ਕਹਿਣਾ ਸੀ ਆਪ ਦੀ ਸੇਵਾ ਵਿਚ ਕਹਿ ਦਿਤਾ ਹੈ, ਆਸ਼ਾ ਹੈ ਕਿ ਆਪ ਜੀ ਨਿਰਪੱਖ ਹੋ ਕੇ ਇਸ ਲੇਖ ਨੂੰ ਦੇਖੋਗੇ ਅਤੇ ਵਿਚਾਰੋਗੇ ਕਿ ਇਸ ਵਿਚ ਕਿਥੋਂ ਤਕ ਸਚਾਈ ਹੈ ਅਤੇ ਕਿਥੋਂ ਤਕ ਕਚਿ ਲਿਖਿਆ ਹੈ , ਸਚ ਹੀ ਸਚ ਹੈ, ਪਰ ਇਹ ਮੈਂ ਆਪ ਜੀ ਨੂੰ ਨਿਸਚਾ ਕਰਵਾਉਂਦਾ ਹਾਂ ਕਿ ਜੋ ਕੁਝ ਮੈਂ ਲਿਖਿਆ ਹੈ ਆਪਣੇ ਵਲੋਂ ਸੋਚ ਕੇ ਲਿਖਿਆ ਹੈ ਕਿਤੇ ਵੀ ਇਹ ਯਤਨ ਨਹੀ ਕੀਤਾ ਕਿ ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਨਾਲ ਸਚੀ ਗੱਲ ਨੂੰ ਝੂਠੀ ਸਿਧ ਕਰਾਂ ਮੈਨੂ ਵਿਸਾਖ ਸੁਦੀ ਤੀਜ ਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ ਜਿਸ ਗੱਲ ਨੂੰ ਮੈਂ ਸਚ ਸਮਝਦਾ ਹਾਂ ਉਹੀ ਆਪ ਨੂੰ ਦੱਸੀ ਹੈ। ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋ ਕੇ ਨਿਰਪੱਖ ਵਿਚਾਰ ਕਰੋਗੇ।”
ਕਰਮ ਸਿੰਘ ਹਿਸਟੋਰੀਅਨ ਨੇ ਨਿਰਪਖ ਵਿਚਾਰ ਕਰਨ ਲਈ ਕਿਹਾ ਹੈ। ਬਸ ਕੌਣ ਮਗਜ਼-ਮਾਰੀ ਕਰੇ ਜੀ! ਜੋ ਕੁਝ ਲਿਖਿਆ ਗਿਆ ਸਚ ਹੀ ਹੋਣਾ। ਇਸ ਤਰਾਂ ਕਿਸੇ ਦੀ ਕਹੀ ਲਿਖਤ ਦਾ ਪਰਮਾਣ ਦੇਣਾ ਬਗੈਰ ਪੜ੍ਹਿਓਂ ਕਿਸੇ ਦਸਤਾਵੇਜ਼ ਤੇ ਹਸਤਾਖਸ਼ਰ ਕਰਨ ਦੇ ਬਰਾਬਰ ਹੁੰਦਾ ਹੈ।
ਵੀਰ ਪਾਲ ਸਿੰਘ ਪੁਰੇਵਾਲ ਦੀ ਗੱਲ ਕਰਨ ਵਾਲੇ ਪੁਰੇਵਾਲ ਜੀ ਦਾ ਸਿਖ ਕੋਲੀਸ਼ਨ’ਤੇ ਲਿਖਿਆ ਲੇਖ “ਬਰਥ ਡੇ ਗੁਰੂ ਨਾਨਕ ਸਾਹਿਬ “ ਪੜ੍ਹਨ ਦੀ ਜ਼ਰੂਰ ਖੇਚਲ ਕਰਨ। ਜੇ ਆਪ ਨਹੀਂ ਤਾਂ ਕਿਸੇ ਕੈਲੰਡਰ ਦੇ ਵਿਦਵਾਨ ਤੋਂ ਰਾਏ ਲੈ ਲੈਣ ਤਾਂ ਵੀਰ ਪੁਰੇਵਾਲ ਨੇ ਜਿਸ ਤਰਾਂ ਤਿਨ ਚਾਰ ਕੈਲੰਡਰਾਂ ਦੀ ਖਿਚੜੀ ਬਣਾ ਕੇ ਈਸ਼ਰ ਸਿੰਘ ਨਾਰਾ ਦੇ ਲੇਖ ਵਿਸਾਖ ਨਹੀਂ ਕੱਤਕ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ ਉਸ ਦਾ ਨਿਤਾਰਾ ਵੀ ਹੋ ਜਾਵੇਗਾ ਅਤੇ ਨਾਲ ਹੀ ਇਹ ਵੀ ਸਾਬਤ ਹੋ ਜਾਵੇਗਾ ਕਿ ਕੀ ਵੀਰ ਪੁਰੇਵੱਲ ਸਚੀਂ ਮੁਚੀਂ ਕੈਲੰਡਰ ਦੀ ਜਾਣਕਾਰੀ ਰਖਦਾ ਹੈ ਜਾਂ ਸੰਗਰਾਂਦ ਦੇ ਦਿਨ ਅਗੇ ਪਿਛੇ ਕਰਕੇ ਹਿੰਦੂ ਸੰਗਰਾਂਦ ਅਤੇ ਸਿਖ ਸੰਗਰਾਂਦ ਤਕ ਹੀ ਉੁਸ ਦੀ ਸੋਚ ਹੈ।
ਵੀਰ ਪੁਰੇਵਾਲ ਤਾਂ ਵਿਸਾਖ ਸ਼ੁਦੀ ਤੀਜ ਨੂੰ ਵੀ ਨਿਕਾਰਦਾ ਹੈ। ਉਸ ਦੀ ਗਣਤ ਅਨੁਸਾਰ ਜੋਤੀ ਜੋਤ ਸਮਾਉਣ ਦਾ ਦਿਨ ਅਸੂ 8 ਹੈ ਅਤੇ 70 ਸਾਲ 5 ਮਹੀਨੇ 7 ਦਿਨ ਪੂਰੇ ਕਰਨ ਲਈ ਉਹ ਪਿਛਲ ਖੁਰੀ ਤੁਰਦਾ ਹੈ ਅਤੇ ਵਿਸਾਖ ਪਹਿਲੀ ਨੂੰ ਗੁਰੂ ਮਹਾਰਾਜ ਦਾ ਜਨਮ ਅੰਗਦਾ ਹੈ ਅਤੇ ਨਾਲ ਇਹ ਵੀ ਲਿਖਦਾ ਹੈ ਕਿ ਉਸ ਦਿਨ ਪੂਰਨਮਾਸ਼ੀ ਸੀ। ਗੁਰੂ ਨਾਨਕ ਦੇਵ ਜੀ ਦਾ ਪੁਰਵ ਵਿਸਾਖੀ ਤੇ ਮਨਾਉਣ ਲਈ ਪਰੇਰਦਾ ਹੈ। ਮੂਲ ਮੁਦਾ ਗੁਰ ਨਾਨਕ ਦੇਵ ਜੀ ਦੱ ਗੁਰਪੁਰਬ ਅਤੇ ਵਿਸਾਖੀ ਨੂੰ ਰਲਗਢ ਕਰਨਾ ਹੈ। ਮੇਰੇ ਵੀਰੋ ਅਗਰ ਇਸੇ ਤਰਾਂ ਚਲਦਾ ਰਿਹਾ ਤਾਂ ਅੱਧੀ ਸਿਖ ਕੌਮ ਵਿਸਾਖੀ ਮਨਾਇਆ ਕਰੇਗੀ ਅਤੇ ਅੱਧੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ। ਹੋਲੀ ਹੋਲੀ ਸਿਖ ਕੌਮ ਵਿਸਾਖੀ ਦੇ ਦਿਨ ਤੋਂ ਦੂਰ ਹੁੰਦੀ ਹੁੰਦੀ ਖਾਲਸੇ ਦੀ ਸਿਰਜਣਾ ਦਿਵਸ ਨੂੰ ਵੀ ਵਿਸਾਰ ਦੇਵੇਗੀ। ਮਹਾਤਮਾਂ ਗਾਂਧੀ ਨੇ ਚਰਖਾ ਫੜਾ ਕੇ ਜੋ ਮਰਦਾਂ ਦਾ ਬਾਹੂ ਬਲ ਕਮਜ਼ੋਰ ਕਰਨ ਦਾ ਯਤਨ ਕੀਤਾ ਸੀ ਸਾਡੇ ਵਿਦਵਾਨ ਵਿਸਾਖੀ ਅਤੇ ਗੁਰੂ ਬਾਬਾ ਨਾਨਕ ਦੇਵ ਜੀ ਦਾ ਗੁਰਪੁਰਬ ਰਲਗਢ ਕਰਕੇ ਖਾਲਸਾ ਕੌਮ ਦੀ ਆਨ ਸ਼ਾਨ ਨੂੰ ਸਟ ਮਾਰਨਗੇ।
ਸਿਖ ਕੌਮ ਵਿਚ ਲੇਖਕਾਂ ਦੀ ਕੋਈ ਕਮੀ ਨਹੀਂ, ਕਮੀ ਹੈ ਇਤਹਾਸ ਦੀ ਖੋਜ ਕਰਨ ਵਾਲਿਆਂ ਦੀ। ਜਿਸ ਦੇ ਨਾਂ ਨਾਲ ਡਾਕਟਰ ਜਾਂ ਪ੍ਰਿਨਸੀਪਲ ਜਾਂ ਕੋਈ ਹੋਰ ਉਪਾਧੀ ਲਗੀ ਹੋਈ ਹੋਵੇ ਉਸ ਬਾਰੇ ਕੋਈ ਟਿਪਣੀ ਨਹੀਂ ਕਰਦਾ , ਸਭ ਸਚ ਮੰਨ ਲਿਆ ਜਾਂਦਾ ਹੈ. ਪੜ੍ਹਨ ਗੁੜ੍ਹਨ ਵਾਲਿਆਂ ਦੀ ਕਮੀ ਹੋਣ ਕਾਰਨ ਜਿਸ ਦਾ ਜੋ ਜੀ ਚਾਹਿਆ ਲਿਖ ਮਾਰਦਾ ਹੈ।
ਮੇਰੈ ਮਿਸ਼ਨਰੀ ਵੀਰ ਅਜ ਕਲ ਮਸ਼ੀਨਰੀ ਬਣ ਗਏ ਹਨ। ਵਿਸ਼ਾ ਕੋਈ ਵੀ ਹੋਵੇ ਬਾਬੇ ਨਾਨਕ ਦੇ ਜਨਮ ਉਤਸਵ ਵਿਸਾਖ ਸ਼ੁਦੀ ਤੀਜ ਦਾ ਤੋੜਾ ਜ਼ਰੂਰ ਝਾੜ ਦੇਣਗੇ। ਇਤਹਾਸ ਵਿਚ ਬਗੈਰ ਸਿਰ ਪੈਰ ਤੋਂ ਲਿਖਿਆ ਸ਼ੰਕਾ ਦਾ ਬੀਜ ਬੀਜ ਦੇਣ ਦੇ ਬਰਾਬਰ ਜਾਂਦਾ ਹੈ। ਰਵਿਊ ਕਰਨ ਵਾਲੇ ਪਗ ਵਟ ਭਰਾ ਬਣ ਜਾਂਦੇ ਹਨ ਹੌਲੀ ਹੌਲੀ ਉਹ ਬਿਗਾੜਿਆ ਹੋਇਆ ਇਤਹਾਸ ਹੀ ਇਤਹਾਸ ਹੋ ਨਿਬੜਦਾ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਆਓ ਇਸ ਸਾਲ ਬਾਬੇ ਨਾਨਕ ਦੇ ਪਵਿਤ੍ਰ ਗੁਰਪੁਰਬ ਤੇ ਪ੍ਰਣ ਕਰੀਏ ਕਿ ਖੌਹਰੀ ਬੋਲੀ ਨਹੀਂ ਵਰਤਾਂ ਗੇ ਦੁੂਸਰੇ ਦੇ ਵਿਚਾਰ ਵੀ ਬੜੇ ਤੱਹਮਲ ਨਾਲ ਸੁਣਾਗੇ ਅਤੇ ਕੌਮ ਨੂੰ ਖੇਰੂੰ ਖੇਰੂੰ ਹੋਣ ਤੋ ਬਚਾਵਾਂਗੇ, ਫੇਰ ਯਕੀਨ ਜਾਨਣਾ ਖਾਲਸਤਾਨ ਤੁਹਾਡੇ ਕੱਦਮ ਚੁੱਮਣ ਨੂੰ ਬੇਹਬਲ ਹੋ ਉੁਠੇਗਾ। ਅੰਤ ਵਿਚ ਸਾਰੇ ਸੰਸਾਰ ਨੂੰ ਬਾਬਾ ਨਾਨਕ ਦੇ ਗੁਰ-ਪੁਰਬ ਦੀ ਲਖ ਲਖ ਵਧਾਈ ਦਿੰਦਾ ਹਾਂ।
****