ਓਲੰਪਿਕ ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ.......... ਲੇਖ / ਰਣਜੀਤ ਸਿੰਘ ਪ੍ਰੀਤ

ਉਂਝ ਤਾਂ ਜ਼ਿੰਦਗੀ ਦੇ ਹਰ ਖ਼ੇਤਰ ਵਿੱਚ ਦੁਨੀਆਂ ਸਿੱਖਾਂ ਦਾ ਲੋਹਾ ਮੰਨਦੀ ਹੈ। ਪਰ ਗੱਲ ਸਿਰਫ਼ ਓਲੰਪਿਕ ਹਾਕੀ ਦੀ ਹੀ ਕਰਨ ਲੱਗੇ ਹਾਂ। ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ ਵਾਲੀ ਗੱਲ ਤੋਂ ਬਿਨਾਂ ਇਹ ਸਾਰੀ ਗੱਲ ਹੀ ਅਧੂਰੀ ਰਹਿ ਜਾਵੇਗੀ । ਪਹਿਲੀ ਵਾਰੀ ਐਮਸਟਰਡਮ ਓਲੰਪਿਕ ਖੇਡਾਂ ਵਿੱਚ 1928 ਨੂੰ ਖੇਡਣ ਗਈ ਭਾਰਤੀ ਹਾਕੀ ਟੀਮ ਵਿੱਚ ਪਹਿਲਾ ਸਿੱਖ ਖਿਡਾਰੀ ਕਿਹਰ ਸਿੰਘ ਗਿੱਲ ਸ਼ਾਮਲ ਸੀ। ਪਹਿਲੀ ਵਾਰ ਹੀ ਅਜਿਹਾ ਵਾਪਰਿਆ ਕਿ ਪਹਿਲਾ ਹੀ ਸਿੱਖ ਖਿਡਾਰੀ ਜ਼ਖ਼ਮੀ ਹੋਣ ਦੀ ਵਜ੍ਹਾ ਕਰਕੇ,  ਮੈਚ ਨਾ ਖੇਡ ਸਕਿਆ। ਇਹਨਾਂ ਖੇਡਾਂ ਤੋਂ ਲੈ ਕੇ ਹੁਣ ਤੱਕ 132 ਸਿੱਖ ਖਿਡਾਰੀ ਓਲੰਪਿਕ ਹਾਕੀ ਵਿੱਚ ਭਾਗ ਲੈ ਚੁੱਕੇ ਹਨ। ਗੁਰਮੀਤ ਸਿੰਘ ਕੁਲਾਰ ਅਜਿਹਾ ਸਿੱਖ ਖਿਡਾਰੀ ਅਖਵਾਇਆ,  ਜਿਸ ਨੇ ਸਿੱਖ ਹੁੰਦਿਆਂ ਓਲੰਪਿਕ - 1932 ਵਿੱਚ ਜਪਾਨ ਵਿਰੁੱਧ ਪਹਿਲਾ ਗੋਲ ਕੀਤਾ। ਕੁੱਲ ਮਿਲਾਕੇ ਇਸ ਨੇ 1932 ਦੀਆਂ ਖੇਡਾਂ ਸਮੇਂ 8 ਗੋਲ ਕੀਤੇ। 

ਸਿੱਖ ਖਿਡਾਰੀ 9 ਓਲੰਪਿਕ ਸੋਨ ਤਮਗਿਆਂ ਸਮੇਂ ਹਾਕੀ ਟੀਮ ਦੇ ਮੈਂਬਰ ਬਣੇ ਹਨ। ਇਸ ਵਿੱਚ 8 ਵਾਰੀ ਭਾਰਤ ਨੇ ਅਤੇ ਇੱਕ ਵਾਰੀ ਬਰਤਾਨੀਆਂ ਨੇ ਓਲੰਪਿਕ ਖ਼ਿਤਾਬ ਹਾਸਲ ਕੀਤਾ ਹੈ। ਇਵੇਂ ਇਹ ਤੱਥ ਵੀ ਬੜੇ ਰੌਚਕ ਹਨ ਕਿ ਸਿੱਖ ਖਿਡਾਰੀਆਂ ਨੇ 9 ਮੁਲਕਾਂ ਦੀਆਂ ਹਾਕੀ ਟੀਮਾਂ ਵਿੱਚ ਹਿੱਸਾ ਲੈਂਦਿਆਂ,  ਓਲੰਪਿਕ ਵਿੱਚ ਖੇਡ ਪ੍ਰਦਰਸ਼ਨ ਕੀਤਾ ਹੈ। ਇਹਨਾਂ ਵਿੱਚ ਭਾਰਤ,  ਤੋਂ ਇਲਾਵਾ ਬਰਤਾਨੀਆਂ,  ਕੈਨੇਡਾ,  ਕੀਨੀਆਂ,  ਮਲੇਸ਼ੀਆ,  ਹਾਂਗਕਾਂਗ,  ਯੁਗੰਡਾ,  ਤਨਜ਼ਾਨੀਆਂ ਅਤੇ ਸਿੰਗਾਪੁਰ ਦੀ ਟੀਮ ਵੱਲੋਂ ਖੇਡੇ ਹਨ। ਅਜੀਤ ਸਿੰਘ ਅਜਿਹਾ ਇਕਲੌਤਾ ਸਿੱਖ ਹਾਕੀ ਖਿਡਾਰੀ ਹੈ,  ਜਿਸ ਦੇ ਨਾਂਅ ਦੋ ਓਲੰਪਿਕ ਰਿਕਾਰਡ ਦਰਜ ਹਨ। ਹਾਕੀ ਪਰਿਵਾਰ ਦੇ ਪਿਛੋਕੜ ਵਾਲੇ ਅਜੀਤ ਸਿੰਘ ਨੇ ਮਾਂਟਰੀਆਲ-1976 ਓਲੰਪਿਕ ਸਮੇਂ ਐਸਟਰੋਟਰਫ਼ ਉਤੇ ਭਾਰਤ ਦਾ ਅਰਜਨਟੀਨਾ ਨਾਲ ਉਦਘਾਟਨੀ ਮੈਚ ਹੋਇਆ ਤਾਂ ਐਸਟਰੋਟਰਫ਼ ਉਤੇ ਪਹਿਲਾ ਗੋਲ ਏਸੇ ਹੀ ਖਿਡਾਰੀ ਨੇ ਕਰਿਆ। ਇਹ ਗੋਲ ਮੈਚ ਸ਼ੁਰੂ ਹੋਣ ਤੋਂ 15 ਸੈਕਿੰਡ ਦੇ ਸਮੇਂ ਵਿੱਚ ਕਰਕੇ ਓਲੰਪਿਕ ਰਿਕਾਰਡ ਆਪਣੇ ਅਤੇ ਭਾਰਤ ਦੇ ਨਾਂਅ ਓਲੰਪਿਕ ਹਾਕੀ ਇਤਿਹਾਸ ਵਿੱਚ ਲਿਖਵਾਇਆ। ਬਲਬੀਰ ਸਿੰਘ 1948,  1952 ਅਤੇ 1956 ਸਮੇਂ ਟੀਮ ਦੇ ਮੈਂਬਰ ਸਨ ਅਤੇ ਟੀਮ ਨੇ ਤਿੰਨੇ ਵਾਰ ਸੋਨ ਤਮਗਾ ਜਿੱਤਿਆ। ਮੈਲਬੌਰਨ 1956 ਦੀਆਂ ਖੇਡਾਂ ਸਮੇਂ ਇਹ ਟੀਮ ਕਪਤਾਨ ਵੀ ਸੀ।

ਕੌਮੀ ਏਕਤਾ ਦਾ ਪ੍ਰਤੀਕ ਮਹਾਨ ਸ਼ਹੀਦ ਰਾਮ ਮੁਹੰਮਦ ਸਿੰਘ ਅਜ਼ਾਦ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ

ਅਭੀ ਤੱਕ ਪੂਰੇ ਨਹੀਂ ਹੂਏ ਸ਼ਹੀਦੋਂ ਕੇ ਸਪਨੇ
ਮਜ਼ਾ ਆਏਗਾ ਜਬ ਅਪਣਾ ਰਾਜ ਦੇਖੇਂਗੇ
ਕਿ ਆਪਣੀ ਹੀ ਜ਼ਮੀ ਹੋਗੀ ਆਪਨਾ ਹੀ ਆਸਮਾ ਹੋਗਾ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ

ਇਹ ਸਤਰਾਂ ਇਨਕਲਾਬੀ ਲਹਿਰ ਦੇ ਮਹਾਨ ਯੋਧੇ ਅਤੇ ਸ਼ਾਇਰ ਰਾਮ ਪ੍ਰਸ਼ਾਦ ਬਿਸਮਲ ਦੁਆਰਾ ਲਿਖੀਆਂ ਗਈਆਂ ਹਨ। ਇਹ ਸਤਰਾਂ ਆਜ਼ਾਦੀ ਦੇ ਸੰਘਰਸ਼ ਦੌਰਾਨ ਇਸ ਲਹਿਰ ਦੇ ਮਹਾਨ ਸ਼ਹੀਦਾਂ ਵਲੋਂ ਦੇਸ਼ ਦੇ ਭਵਿੱਖ ਲਈ ਦੇਖੇ ਗਏ ਸੁਪਨਿਆਂ ਦਾ ਝਲਕਾਰਾ ਪੇਸ਼ ਕਰਦੀਆਂ ਹਨ। ਦੇਸ਼ ਦੇ ਬਹੁਤ ਸਾਰੇ ਕੌਮੀ ਸ਼ਹੀਦਾਂ ਨੇ ਆਜ਼ਾਦੀ ਦੀ ਲਹਿਰ ਦੌਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ, ਦੇਸ਼ ਵਿੱਚ ਆਜ਼ਾਦੀ ਸੰਘਰਸ਼ ਦੇ ਦੀਵੇ ਨੂੰ ਬਲਦਾ ਰਖਿਆ। ਇੰਨ੍ਹਾਂ ਮਹਾਨ ਸ਼ਹੀਦਾਂ ਨੇ ਜਾਤ, ਧਰਮ, ਭਾਸ਼ਾ ਅਤੇ ਪ੍ਰਾਂਤਾਂ ਦੇ ਮਸਲੇ ਤੋਂ ਉਪਰ ਉਠ, ਇਕ ਮੁੱਠ ਹੋ ਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਨਮੱਤਾ ਯੋਗਦਾਨ ਪਾਇਆ ਅਤੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿਸ ਵਿਚ ਮਨੁੱਖ ਤੋਂ ਮਨੁੱਖ ਦੀ ਲੁੱਟ ਖਸੁੱਟ ਨਹੀ ਹੋਵੇਗੀ । ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਦੇ ਹਰੇਕ ਬਸ਼ਿੰਦੇ ਨੂੰ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਮੁੱਢਲੀਆਂ ਸਹੂਲਤਾਂ ਨਸੀਬ ਹੋਣਗੀਆਂ ਅਤੇ ਹਰ ਤਰ੍ਹਾਂ ਦਾ ਵਿਤਕਰਾ ਖਤਮ ਕੀਤਾ ਜਾਵੇਗਾ। ਭਾਰਤ ਦੇ ਲੋਕਾਂ ਨੂੰ ਅਜਿਹਾ ਸੁਨਹਿਰਾ ਭਵਿੱਖ ਪ੍ਰਦਾਨ ਕਰਨ ਲਈ ਸਾਡੇ ਸ਼ਹੀਦਾਂ ਨੇ ਆਪਣਾ ਵਰਤਮਾਨ ਕੁਰਬਾਨ ਕਰ ਦਿੱਤਾ। ਇਨਾਂ ਮਹਾਨ ਸ਼ਹੀਦਾਂ ਵਿਚੋਂ ਇੱਕ ਸੀ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ।

ਹਾਏ ਗਰਮੀ, ਹਾਏ ਸਰਦੀ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਜਦੋਂ ਵੀ ਕਿਸੇ ਨੂੰ ਮਿਲਦੇ ਹਾਂ ਤਾਂ ਸਭ ਤੋਂ ਪਹਿਲਾਂ ਇਹੀ ਸੁਣਨ ਨੂੰ ਮਿਲਦਾ ਯਾਰ ਬੜੀ ਠੰਢ ਪੈ ਰਹੀ , ਜਾਂ ਬੜੀ ਠੰਢ ਪਵਾਈ ਜਾਨੈਂ, ਜਿਵੇਂ ਕਿ ਕਿਸੇ ਨੇ ਠੰਢ ਨੂੰ ਹੱਥ ਫੜਿਆ ਹੋਵੇ। ਕਈ ਵਾਰ ਤਾਂ ਅਜਿਹਾ ਸੁਣਨ ਨੂੰ ਮਿਲ ਜਾਦੈਂ ਏਸ ਵਾਰ ਬੜੀ ਠੰਢ ਪਈ , ਪਹਿਲਾਂ ਤਾਂ ਪਈ ਨੀ ਕਦੇ। ਇਸੇ ਤਰ੍ਹਾਂ ਗਰਮੀਆਂ ਵਿੱਚ ਯਾਰ ਬੜੀ ਗਰਮੀ , ਕੀ ਕਰੀਏ, ਪੱਤਾ ਨੀ ਹਿੱਲਦਾ, ਮੀਂਹ ਮੂੰਹ ਹੀ ਪਵਾਦੇ, ਫਿਰ ਉਹੀ ਗੱਲ ਯਾਨੀ ਮੀਂਹ ਪਵਾਉਣਾ ਵੀ ਜਿਵੇਂ ਕਿਸੇ ਦੇ ਹੱਥ ਵਿੱਚ ਸਵਿੱਚ ਫੜੀ ਹੋਵੇ, ਬਟਨ ਦੱਬੀਏ ਤੇ ਮੀਂਹ ਪੈਣਾ ਸ਼ੁਰੂ ਹੋ ਜਾਵੇ। ਕਹਿਣ ਤੋਂ ਭਾਵ ਸਾਡੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣ ਗਈ, ਗੱਲਬਾਤ ਸ਼ੁਰੂ ਕਰਨ ਦਾ ਲਹਿਜ਼ਾ ਅਸੀਂ ਮੌਸਮ ਦੀ ਬੇਰੁਖੀ ਤੋਂ ਕਰਦੇ ਹਾਂ, ਨਾ ਕਿ ਕਿਸੇ ਦੇ ਦੁੱਖ ਸੁੱਖ ਪੁੱਛਣ ਤੋਂ। ਅੱਜਕੱਲ੍ਹ ਦੀ ਭੱਜ ਨੱਠ ਵਾਲੀ ਜ਼ਿੰਦਗੀ ਵਿੱਚ ਕਿਸੇ ਕੋਲ ਗੱਲਾਂ ਕਰਨ ਦਾ ਸਮਾਂ ਕਿੱਥੇ ਅਤੇ ਜੇਕਰ ਗੱਲਾਂ ਕਰਨ ਦਾ ਸਮਾਂ ਲੱਗ ਵੀ ਜਾਵੇ ਤਾਂ ਗੱਲ ਠੰਢ ਜਾਂ ਗਰਮੀ ਤੋਂ ਸ਼ੁਰੂ ਹੁੰਦੀ ਹੈ ਫਿਰ ਉਹ ਰੱਟ, ਵਾਤਾਵਰਣ ਬਦਲ ਰਿਹਾ ਹੈ ਵਗੈਰਾ-ਵਗੈਰਾ ਜਿਸ ਨੂੰ ਸਾਰੇ ਜਾਣਦੇ ਹਾਂ ਅਤੇ ਸਮਝਣ ਨੂੰ ਤਿਆਰ ਨਹੀਂ ਬੱਸ ਗੱਲਾਂ-ਗੱਲਾਂ ਵਿੱਚ ਸਾਰ ਦਿੰਦੇ ਹਾਂ। ਅਸੀਂ ਦੋਸ਼ ਤਾਂ ਮੌਸਮ ਜਾਂ ਰੁੱਤਾਂ ਨੂੰ ਦਿੰਦੇ ਹਾਂ ਪਰ ਆਪਣੇ ਆਪ ਨੂੰ ਬੇਦੋਸ਼ੇ ਸਿੱਧ ਕਰ ਰਹੇ ਹਾਂ।

ਜੇ ਸੋਨੂੰ ਆਪਣਾ ਫੇਸ ਬੁਕ ਪੇਜ਼ ਵੇਖ ਲੈਂਦਾ........... ਲੇਖ / ਜੋਗਿੰਦਰ ਬਾਠ ਹੌਲੈਂਡ

ਪਵੇ ਹੱਤਿਆ ਕੌਮ ਉਹ ਨਸ਼ਟ ਹੋਵੇ, ਚਾੜ੍ਹੇ ਤੋੜ ਨਾ ਉਸ ਖੁਦਾ ਕਾਜੀ
ਜਿੰਨਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰ ਤਿਨਾਂ ਦੇ ਵੱਡੇ ਗੁਨਾਂਹ ਕਾਜੀ਼।  ਵਾਰਸ਼ ਸ਼ਾਹ
 
ਉੱਪਰ ਦਿੱਤਾ ਹੈਡਿੰਗ  ਨਵਾਂ ਜ਼ਮਾਨਾ ਅਖ਼ਬਾਰ ਦੀ ਇੱਕ ‘ਡੱਬੀ ਬੰਦ’ ਖ਼ਬਰ ਦਾ ਸਿਰਲੇਖ ਹੈ। ਖ਼ਬਰ ਕਹਿੰਦੀ ਹੈ ਜੇ ਸੋਨੂੰ ਕੁਝ ਘੰਟੇ ਪਹਿਲਾਂ ਆਪਣਾਂ ਫੇਸਬੁੱਕ ਅਕਾਊਂਟ ਵੇਖ ਲੈਂਦਾ ਤਾਂ ਅੱਜ ਜਿੰਦਾ ਹੁੰਦਾ.... । ਅਸਲ ਕਹਾਣੀ ਇਹ ਹੈ ਸੋਨੂੰ ਨਾਂ ਦਾ ਮੁੰਡਾ ਜੋ ਕਿਸੇ ਦੂਸਰੀ ਜਾਤੀ ਦੀ ਕੁੜੀ ਨੂੰ ਪਿਆਰ ਕਰਦਾ ਸੀ ਤੇ ਹੁਣ ਹੁਸਿ਼ਆਰਪੁਰ ਵਿੱਚ ਹੁਸਿ਼ਆਰ ਨਾ ਹੋਣ ਦੀ ਵਜ੍ਹਾ ਕਾਰਨ ਕਤਲ ਹੋ ਗਿਆ। ਉਹ ਬਚ ਸਕਦਾ ਸੀ ਜੇ ਉਹ ਆਪਣਾ ਫੇਸਬੁੱਕ ਖਾਤਾ ਵੇਖ ਲੈਂਦਾ ਤਾਂ... । ਫੇਸਬੁੱਕ ਤੇ ਕੁੜੀ ਨੇ ਅਪਣੇ ਪ੍ਰੇਮੀ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਮੇਰੇ ਭਰਾ ਮੇਰੀ ਖਾਤਰ ਤੈਨੂੰ ਕਤਲ ਕਰਨ ਲਈ ਤੇਰੇ ਵੱਲ ਨੂੰ ਤੁਰ ਪਏ ਹਨ। ਵਾਰ ਵਾਰ ਫੋਨ ਕਰਨ ਦੇ ਬਾਵਜੂਦ ਅਪਣੇ ਪ੍ਰੇਮੀ ਨਾਲ ਸੰਪਰਕ ਨਾ ਹੋਣ ਦੀ ਵਜ੍ਹਾ ਕਾਰਨ ਕੁੜੀ ਨੇ ਸੋਨੂੰ ਦੇ ਦੋਸਤ ਮੱਖਣ ਸਿੰਘ ਨੂੰ ਵੀ ਸੁਨੇਹਾ ਭੇਜਿਆ। ਜਦੋਂ ਕੁੜੀ ਦਾ ਕੋਈ ਚਾਰਾ ਨਾ ਚੱਲਿਆ ਤਾਂ ਅਖੀਰ ਵਿੱਚ ਉਸ ਨੇ ਅਪਣੇ ਦੋਸਤ ਦੀ ਫੇਸਬੁੱਕ ‘ਤੇ ਸੁਨੇਹਾ ਵੀ ਛੱਡਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ। ਪਰ ਅਫਸੋਸ ਹੁਣ ਗੋਲੀ ਪਸਤੌਲ ਵਿੱਚੋ ਨਿਕਲ ਚੁੱਕੀ ਹੈ। ਸੋਨੂੰ ਕਤਲ ਹੋ ਗਿਆ ਹੈ । ਕੁੜੀ ਦਾ ਪਰਿਵਾਰ ਇਸ ਕਤਲ ਦੇ ਪਾਪ ਬਨਾਮ ਜ਼ੁਰਮ ਵਿੱਚ ਸਾਰੀ ਉਮਰ ਤਿਲ ਤਿਲ ਹੋ ਕਚਿਹਰੀਆਂ ਜੇਲ੍ਹਾਂ ਵਿੱਚ ਕਤਲ ਹੋਵੇਗਾ ।

ਹਰ ਕ੍ਰਿਸ਼ਨ ਭਯੋ ਅਸ਼ਟਮ ਬਲਬੀਰਾ............. ਲੇਖ / ਅਜੀਤ ਸਿੰਘ (ਡਾ.) ਕੋਟਕਪੂਰਾ

ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ

ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਤਾਂ ਉਹ ਸਰਬੱਤ ਦੇ ਭਲੇ ਲਈ ਕਰਦਾ ਹੈ ਅਤੇ ਉਹ ਦਸ ਗੁਰੂਆਂ ਅਤੇ ਸ੍ਰ਼ੀ ਗੁਰੂ ਗਰੰਥ ਸਾਹਿਬ ਜੀ ਨੂੰ ਮਨ ਵਿਚ ਵਸਾ ਕੇ ਅਕਾਲ ਪੁਰਖ ਤੋਂ ਸਾਰੀ ਖਲਕਤ ਦਾ ਭਲਾ ਮੰਗਦਾ ਹੈ ਅਤੇ ਇਹ ਵਿਸ਼ਵਾਸ ਰੱਖਦਾ ਹੈ ਕਿ ਜੋ ਵਾਹਿਗੁਰੂ ਕਰ ਰਿਹਾ ਹੈ, ਭਾਵੇਂ ਆਮ ਆਦਮੀ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ, ਠੀਕ ਹੀ ਕਰ ਰਿਹਾ ਹੈ । ਕਈ ਵਾਰ ਆਮ ਆਦਮੀ ਪਰੇਸ਼ਾਨ ਹੋ ਜਾਂਦਾ ਹੈ ਇਹ ਪ੍ਰਮਾਤਮਾ ਨੇ ਠੀਕ ਨਹੀਂ ਕੀਤਾ, ਮੇਰੇ ਨਾਲ ਬੇਇਨਸਾਫੀ ਹੋਈ ਹੈ ਅਤੇ ਕੁਝ ਸਮਾਂ ਲੰਘ ਜਾਣ ਬਾਦ ਮਹਿਸੂਸ ਕਰਨ ਲੱਗਦਾ ਹੈ ਕਿ ਪ੍ਰਮਾਤਮਾ ਨੇ ਠੀਕ ਹੀ ਕੀਤਾ ਸੀ । ਇਹ ਇਸ ਲਈ ਜਾਪਦਾ ਹੈ ਕਿਉਂਕਿ ਸਾਡੇ ਪਾਸ ਉਸ ਦੇ ਕੰਮ ਨੂੰ ਮੁਲਅੰਕਣ ਕਰਨ ਵਾਲੀ ਅੱਖ ਹੀ ਨਹੀਂ ਹੈ ।ਅਸੀਂ ਕੇਵਲ ਆਪਣਾ ਚੰਗਾ ਜਾਂ ਮਾੜਾ ਵੇਖਦੇ ਹਾਂ ਜਦੋਂ ਕਿ ਉਸ ਮਾਲਕ ਨੇ ਸਾਰੀ ਲੋਕਾਈ ਦਾ ਸੋਚਣਾ ਹੈ । ਉਹ ਕਿਸੇ ਦੀ ਸਲਾਹ ਦਾ ਮੁਥਾਜ ਨਹੀਂ ਹੈ । ਜਿਵੇਂ ਕਿਸੇ ਕਵੀ ਨੇ ਵਰਨਣ ਕੀਤਾ ਹੈ...

ਇਕਨਾ ਘਰ ਪੁੱਤ, ਪੁੱਤਾਂ ਘਰ ਪੋਤਰੇ
ਇਕਨਾ ਘਰ ਧੀਆਂ, ਧੀਆਂ ਘਰ ਦੋਹਤਰੇ 
ਇਕਨਾ ਘਰ ਇਕ ਤੇ ਉਹ ਵੀ ਜਾਵੇ ਮਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ

ਧੀਆਂ ਧਿਆਣੀਆਂ ਕਿਉਂ ਮਰ ਜਾਣੀਆਂ.......... ਲੇਖ / ਰਾਜਬੀਰ ਕੌਰ ਸੇਖੋਂ, ਕੈਲੀਫੋਰਨੀਆ

ਮਰਦ ਨੂੰ ਰਵਾਇਤਨ ਸਮਾਜ ਦਾ ਉਚ ਅਤੇ ਖਾਸ ਵਰਗ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਕਈ ਧਰਮਾਂ ਅਨੁਸਾਰ ਸਵਰਗ ਦੇ ਦੁਆਰ ਕੇਵਲ ਮਰਦਾਂ ਲਈ ਹੀ ਖੁੱਲ੍ਹਦੇ ਹਨ। ਜੇ ਕਿਸੇ ਇਸਤਰੀ ਨੇ ਪਰਮਾਤਮਾ ਦੇ ਰਾਹ ਤੁਰਨਾ ਹੋਵੇ ਤਾਂ ਉਸ ਲਈ ਮਰਦ ਦੇ ਰੂਪ ਵਿਚ ਜਨਮ ਲੈਣਾ ਜ਼ਰੂਰੀ ਹੈ ਤਾਂ ਹੀ ਉਹ ਮੁਕਤੀ ਪਾ ਸਕਦੀ ਹੈ। ਜਿੱਥੇ ਰੱਬ ਨੇ ਸਰੀਰਕ ਤੌਰ ‘ਤੇ ਮਰਦਾਂ ਨੂੰ ਕਈ ਆਜ਼ਾਦੀਆਂ ਬਖਸ਼ੀਆਂ ਹਨ, ਉਥੇ ਸਮਾਜਿਕ ਪੱਧਰ ‘ਤੇ ਵੀ ਉਨ੍ਹਾਂ ਨੂੰ ਵੱਧ ਖੁੱਲ੍ਹ ਹਾਸਲ ਹੈ। ਰਾਜਨੀਤੀ, ਸਮਾਜ ਅਤੇ ਆਰਥਕ ਪ੍ਰਬੰਧ ਵਿਚ ਮਰਦ ਹੀ ਪ੍ਰਧਾਨ ਰਿਹਾ ਹੈ। ਦੂਜੇ ਬੰਨੇ ਔਰਤ ਦੇ ਪੱਲੇ ਮੁੱਢ ਕਦੀਮ ਤੋਂ ਹੀ ਫਰਜ਼ ਵਧੇਰੇ ਤੇ ਹੱਕ ਘੱਟ ਪਏ ਹਨ, ਬੰਦਿਸ਼ਾਂ ਵਧੇਰੇ ਤੇ ਆਜ਼ਾਦੀ ਘੱਟ ਮਿਲੀ ਹੈ। ਔਰਤ ਅੰਦਰ ਪਿਆਰ ਅਤੇ ਤਿਆਗ ਮਰਦ ਨਾਲੋਂ ਸੈਂਕੜੇ ਗੁਣਾਂ ਵੱਧ ਹੈ। ਨਰਮਦਿਲੀ ਅਤੇ ਜਜ਼ਬਾਤੀ ਹੋਣਾ ਔਰਤ ਦਾ ਕੁਦਰਤੀ ਸੁਭਾਅ ਹੈ।

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਿਵਾਰ ਅਤੇ ਸਮਾਜ ਵਿਚ ਮਰਦ ਅਤੇ ਔਰਤ ਦੋਵੇਂ ਆਪੋ-ਆਪਣੇ ਕਿਰਦਾਰ ਨਿਭਾਉਂਦੇ ਹਨ। ਜੇ ਮਰਦ ਇਮਾਰਤ ਉਸਾਰਦਾ ਹੈ ਤਾਂ ਔਰਤ ਉਸ ਨੂੰ ਘਰ ਬਣਾਉਂਦੀ ਹੈ, ਮਰਦ ਕਮਾਉਂਦਾ ਹੈ ਤਾਂ ਔਰਤ ਆਪਣੀ ਸਿਆਣਪ ਸਦਕਾ ਉਸ ਕਮਾਈ ‘ਚ ਬਰਕਤ ਪਾਉਂਦੀ ਹੈ, ਜੇ ਮਰਦ ਧਰਮ ਜਾਂ ਵਿਚਾਰਧਾਰਾ ਸਿਰਜਦਾ ਹੈ ਤਾਂ ਔਰਤ ਉਸ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਉਂਦੀ ਹੈ। ਜੇ ਮਰਦ ਆਰਥਿਕ ਅਤੇ ਸਮਾਜਿਕ ਮਾਲਕੀ ਮਾਣਦਾ ਹੈ ਤਾਂ ‘ਮਾਂ’ ਦੇ ਰੂਪ ਵਿਚ ਦੂਜਾ ਰੱਬ ਔਰਤ ਹੀ ਹੈ। ਇਨ੍ਹਾਂ ਦੋਹਾਂ ਦੇ ਸਹੀ ਤਾਲਮੇਲ ਸਦਕਾ ਹੀ ਦੁਨੀਆਂ ਦਾ ਨਿਜਾਮ ਚਲਦਾ ਹੈ। ਪਰ ਕਿਉਂ ਕੁਦਰਤ ਦੇ ਇਸ ਨਿਜਾਮ ‘ਤੇ ਮਨੁੱਖ ਖ਼ੁਸ਼ ਨਹੀਂ? ਕਿਉਂ ਹਿੱਸੇ ਆਏ ਹੱਕ ਅਤੇ ਫਰਜ਼ ਤਸੱਲੀਬਖ਼ਸ਼ ਨਹੀਂ? ਕਿਉਂ ਦਿਨੋਂ ਦਿਨ ਸਮਾਜ ਵਿਚੋਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ? ਜੇ ਕੁਦਰਤ ਨੇ ਦੋਹਾਂ ਨੂੰ ਆਪੋ-ਆਪਣੇ ਖੇਤਰ ਦਿੱਤੇ ਹਨ ਤਾਂ ਕਿਉਂ ਮਨੁੱਖ ਉਸ ਨੂੰ ਬਦਲਣ ਦਾ ਇਛੁੱਕ ਹੈ।

ਮੈਂ ਅਭਾਗਣ ਕੁਰਸੀ.......... ਲੇਖ / ਮੁਹਿੰਦਰ ਸਿੰਘ ਘੱਗ

ਜਦ ਰਾਜੇ ਆਪਣੇ ਆਪ ਨੂੰ ਬਾਕੀ ਜੰਤਾ ਨਾਲੋਂ ਵੱਡਾ ਸਮਝਣ ਲਗ ਪਏ ਤਾਂ ਉਹਨਾਂ ਦਾ ਰਹਿਣ ਸਹਿਣ ਵੀ ਜੰਤਾ ਨਾਲੋਂ ਵਖਰਾ ਹੋ ਗਿਆ, ਉਹਨਾਂ ਦੇ ਬੈਠਣ ਲਈ ਵੀ ਬਾਕੀਆਂ ਨਾਲੋਂ ਉਚੀ ਥਾਂ ਦੀ ਭਾਲ ਹੋਈ ਤਾਂ ਮੇਰਾ ਜਨਮ ਹੋ ਗਿਆ। ਮੇਰੀ ਉਮਰ ਦਾ ਮੇਚਾ ਤਹਿਜ਼ੀਬ ਨਾਲ ਹੀ ਹੋ ਸਕਦਾ ਹੈ। ਸੱਤਵੀਂ ਈਸਵੀ ਵਿਚ ਬੇਬਲੋਨ ਵਿਚ ਮੇਰਾ ਜਨਮ ਹੋਇਆ। ਮੇਰੀ ਬਣਤਰ ਲਈ ਖਜੂਰ ਦੀ ਲਕੜੀ ਵਰਤੀ ਗਈ। ਚਾਰ ਖਰਾਦਵੀਆਂ ਮਜ਼ਬੂਤ ਲੱਤਾਂ ਬਣਾਈਆਂ ਗਈਆਂ। ਉਹਨਾਂ ਉਪਰ ਇਕ ਮਜ਼ਬੂਤ ਸਾਂਝਾ ਫੱਟਾ ਲਾਇਆ ਗਿਆ ਪਿਛੇ ਢੂਹੀ ਲਈ ਢਾਸਣਾ ਅਤੇ ਦੋਨਾਂ ਵੱਖਾਂ ਤੇ ਬਾਹਾਂ ਦਾ ਸਹਾਰਾ ਬਣਾਉਣ ਲਈ ਦੋ ਫੱਟੇ ਲਾਏ ਗਏ। ਮੇਰਾ ਪਹਿਲਾ ਨਾਂ ਤਖਤ ਰਖਿਆ ਗਿਆ। ਮੇਰੇ ਤੇ ਬੈਠ ਕੇ ਰਾਜਾ ਆਪਣਾ ਹੁਕਮ ਹਾਸਲ ਚਲਾਉਂਦਾ ਸੀ ਅਤੇ ਮੈਂ ਰਾਜੇ ਮਹਾਰਾਜਿਆਂ ਦੀ ਤਾਕਤ ਦਾ ਚਿੰਨ ਬਣ ਗਈ। ਉਸ ਤੋਂ ਉਪਰੰਤ ਮੈਂ ਸੀਰੀਆ, ਮਿਸਰ, ਗਰੀਸ ਆਦ ਵਿਚ ਰਾਜ ਮਹਿਲਾਂ ਦਾ ਸਿ਼ੰਗਾਰ ਹੁੰਦੀ ਹੋਈ ਫਰਾਂਸ ਪੁੱਜੀ । ਕੋਈ ਸਤਾਰਵੀਂ ਸਦੀ ਈਸਵੀ ਵਿਚ ਇੰਗਲੈਂਡ ਦੇ ਇਕ ਘਾੜ੍ਹੇ ਨੇ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਚਾਰ ਲੱਤਾਂ ਤੇ ਇਕ ਫੱਟਾ ਜਿਹਾ ਲਾ ਕੇ ਅਤੇ ਢੂਹੀ ਨੂੰ ਸਹਾਰਾ ਦੇਣ ਲਈ ਇਕ ਢਾਸਣਾ ਬਣਾ ਕੇ ਮੇਰਾ ਸਾਦਾ ਜਿਹਾ ਰੂਪ ਤਿਆਰ ਕਰ ਦਿਤਾ। ਉਸ ਵਿਚਾਰੇ ਨੂੰ ਇਹ ਥੋੜੀ ਪਤਾ ਸੀ ਕਿ ਉਸ ਵਲੋਂ ਤਿਆਰ ਕੀਤੀ ਨਿਮਾਣੀ ਜਿਹੀ ਸ਼ੈ ਸੰਸਾਰ ਦੇ ਹਰ ਕੋਨੇ ਅਤੇ ਹਰ ਘਰ ਦਾ ਸਿੰਗਾਰ ਬਣ ਜਾਵੇਗੀ। ਮੇਰਾ ਨਾਂ ਵੀ ਬਦਲ ਕੇ ਚੇਅਰ ਹੋ ਗਿਆ ਭਾਰਤੀ ਮੈਨੂੰ ਕੁਰਸੀ ਆਖਦੇ ਹਨ । ਪਿੰਡਾਂ ਦੀਆਂ ਕਈ ਬਿਰਧ ਸੁਆਣੀਆਂ ਮੈਨੂੰ ਖੁਰਸੀ ਆਖ ਕੇ ਝਟ ਟੱਪਾ ਲੈਂਦੀਆਂ ਹਨ। ਮੈਨੂੰ ਨਾਂ ਦੀ ਚਿੰਤਾ ਨਹੀਂ ਕੋਈ ਵੀ ਹੋਵੇ ਮੇਰਾ ਧਰਮ ਸੇਵਾ ਹੈ ਹਰ ਨਾਂ ਦੇ ਨਾਲ ਸੇਵਾ ਵਿਚ ਹਾਜ਼ਰ ਹੋ ਜਾਂਦੀ ਹਾਂ।

ਦੋਹਿਤਾ ਬਾਣੀ ਦਾ ਬੋਹਿਥਾ......... ਲੇਖ / ਅਜੀਤ ਸਿੰਘ (ਡਾ.) ਕੋਟਕਪੂਰਾ


“ਦੋਹਿਤਾ ਬਾਣੀ ਦਾ ਬੋਹਿਥਾ” ਤੀਜੇ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਵਰ ਆਪਣੇ ਦੋਹਤੇ ਨੂੰ ਦਿਤਾ ਸੀ, ਜੋ ਉਹਨਾਂ ਨੇ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਕੇ ਬਾਣੀ ਦਾ ਅਥਾਹ ਖਜ਼ਾਨਾਂ ਦੁਨੀਆਂ ਨੂੰ ਸੌਂਪਿਆ ਅਤੇ ਆਪਣੇ ਨਾਨੇ ਵਲੋਂ ਦਿਤੇ ਵਰ ਨੂੰ ਸੱਚ ਸਿੱਧ ਕਰ ਵਿਖਾਇਆ । ਪੰਜਵੇਂ ਨਾਨਕ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਬੀਬੀ ਭਾਨੀ ਜੀ ਦੀ ਕੁੱਖ ਵਿਚੋਂ 15 ਅਪ੍ਰੈਲ 1563 ਨੂੰ ਹੋਇਆ । ਆਪ ਜੀ ਦੇ ਪਿਤਾ ਚੌਥੇ ਨਾਨਕ ਸ੍ਰੀ ਗੁਰੂ ਰਾਮ ਦਾਸ ਜੀ ਸਨ । ਇਤਿਹਾਸ ਗਵਾਹੀ ਭਰਦਾ ਹੈ ਕਿ ਪੰਜਵੇਂ ਨਾਨਕ ਨੂੰ ਬਚਪਨ ਤੋਂ ਹੀ ਗੁਰੂ ਜੀ ਦਾ ਸਾਥ ਪ੍ਰਾਪਤ ਹੋਇਆ ਅਤੇ ਆਪ ਜੀ ਦਾ ਪਾਲਣ ਪੋਸ਼ਣ ਗੁਰੂ ਜੀ ਦੀ ਬਾਣੀ ਦੇ ਪ੍ਰਭਾਵ ਹੇਠ ਹੀ ਹੋਇਆ । ਆਪ ਜੀ ਬਾਣੀ ਸੁਣ ਸੁਣ ਕੇ ਵੱਡੇ ਹੋਏ । ਆਪ ਜੀ ਦਾ ਸਾਰਾ ਜੀਵਨ ਔਕੜਾਂ ਭਰਪੂਰ ਸੀ, ਪ੍ਰੰਤੂ ਆਪ ਜੀ ਸਾਰਾ ਸਮਾਂ ਹੀ ਬਾਣੀ ਨਾਲ ਜੁੜੇ ਰਹੇ । ਭਾਵੇਂ ਆਪ ਜੀ ਦੇ ਵੱਡੇ ਭਾਈ ਪਿਰਥੀ ਚੰਦ ਨੇ ਆਪ ਜੀ ਦਾ ਹਰ ਸਮੇਂ ਵਿਰੋਧ ਕੀਤਾ ਅਤੇ ਜਦੋਂ ਇਨ੍ਹਾਂ ਨੂੰ ਗੁਰ ਗੱਦੀ ਸੌਂਪ ਦਿਤੀ ਗਈ, ਵਿਰੋਧ ਹੋਰ ਵਧ ਗਿਆ ਅਤੇ ਉਹ ਗੁਰੂ ਘਰ ਦਾ ਵੀ ਵਿਰੋਧੀ ਬਣ ਬੈਠਾ । ਵੱਖਰੇ ਤੋਰ ਤੇ ਪ੍ਰਚਾਰਕ ਬਣ ਬੈਠਾ । ਦਸਵੰਧ ਦੀ ਰਕਮ ਜੋ ਸੰਗਤ ਤੋਂ ਪ੍ਰਾਪਤ ਹੁੰਦੀ ਸੀ, ਆਪ ਲੈ ਲੈਂਦਾ ਸੀ ਅਤੇ ਲੰਗਰ ਲਈ ਗੁਰੂ ਘਰ ਵਿਚ ਭੇਜ ਦਿੰਦਾ ਅਤੇ ਗੁਰੂ ਘਰ ਵਿਚ ਔਕੜਾਂ ਵਧਾਉਂਦਾ ਹੀ ਰਿਹਾ ।

ਲੋਕ ਅਸਿੱਧੇ ਤੌਰ ’ਤੇ ਚੁਣਦੇ ਹਨ ਰਾਸ਼ਟਰਪਤੀ.......... ਲੇਖ / ਰਣਜੀਤ ਸਿੰਘ ਪ੍ਰੀਤ

ਭਾਰਤ ਦੇ ਸਰਵੋਤਮ ਅਹੁਦੇ ਰਾਸ਼ਟਰਪਤੀ ਦੀ ਚੋਣ 19 ਜੁਲਾਈ ਨੂੰ ਹੋ ਰਹੀ ਹੈ। ਜਿਸ ਦਾ ਨਤੀਜਾ 22 ਜੁਲਾਈ ਨੂੰ ਐਲਾਨਿਆ ਜਾਵੇਗਾ ਅਤੇ ਨਵੇਂ ਚੁਣੇ ਰਾਸ਼ਟਰਪਤੀ ਨੇ 25 ਜੁਲਾਈ ਨੂੰ ਅਹੁਦਾ ਸੰਭਾਲਣਾ ਹੈ । ਮੁੱਖ ਮੁਕਾਬਲਾ ਦੋ ੳਮੀਦਵਾਰਾਂ ਦਰਮਿਆਨ ਹੀ ਹੈ। ਗਿਆਰਾਂ ਦਸੰਬਰ 1935 ਨੂੰ ਜਨਮੇ ਯੂ ਪੀ ਏ ਦੇ ਉਮੀਦਵਾਰ ਸ਼੍ਰੀ ਪ੍ਰਣਬ ਮੁਖਰਜੀ ਦਾ ਸਬੰਧ ਪੱਛਮੀ ਬੰਗਾਲ ਨਾਲ ਹੈ । ਇਹ ਭਾਰਤ ਦੇ ਵਿੱਤ ਮੰਤਰੀ ਤੋਂ ਇਲਾਵਾ ਹੋਰ ਕਈ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਨਾਲ ਇਹਨਾਂ ਦਾ ਗਹਿਰਾ ਰਿਸ਼ਤਾ ਲੰਬੇ ਸਮੇ ਤੋਂ ਚਲਦਾ ਆ ਰਿਹਾ ਹੈ। ਇਹ ਦੋ ਬੇਟਿਆਂ ਅਤੇ ਇੱਕ ਬੇਟੀ ਦਾ ਪਿਤਾ ਹਨ। ਇਹਨਾਂ ਨੂੰ ਮਿਲ ਰਹੇ ਸਮਰਥਨ ਤੋਂ ਇਹਨਾਂ ਦੇ ਸਫ਼ਲ ਹੋਣ ਵਾਲੀ ਗੱਲ ਨੂੰ ਬਲ ਮਿਲਦਾ ਹੈ। ਪਹਿਲੀ ਸਤੰਬਰ 1947 ਨੂੰ ਜਨਮੇ ਐਨ ਡੀ ਏ ਦੇ ਉਮੀਦਵਾਰ ਸ਼੍ਰੀ ਪੀ ਏ ਸੰਗਮਾ ਦਾ ਸਬੰਧ ਮੇਘਾਲਿਆ ਨਾਲ ਹੈ। ਜਿੰਨ੍ਹਾਂ ਦੀ ਬੇਟੀ ਅਗਥਾ ਸੰਗਮਾਂ ਇਹਨਾਂ ਦੀ ਚੋਣ ਮੁਹਿੰਮ ਵਿੱਚ ਰੁੱਝੀ ਹੋਈ ਹੈ। ਜਿੱਥੇ ਸੰਗਮਾ ਮੁੱਖ ਮੰਤਰੀ ਰਹੇ ਹਨ, ਉਥੇ 8 ਵਾਰ ਲੋਕ ਸਭਾ ਤੱਕ ਵੀ ਪਹੁੰਚੇ ਹਨ ਅਤੇ ਲੋਕ ਸਭਾ ਦੇ ਸਪੀਕਰ ਵੀ ਰਹੇ ਹਨ। ਇਹਨਾਂ ਦਾ ਸਬੰਧ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਨਾਲ ਹੈ।

ਕੀ ਟੈਕਸੀ ਡਰਾਈਵਰ ਬੰਦੇ ਨਹੀ ਹੁੰਦੇ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੌਰਨ)l

ਸੌਖੀ ਨਹੀਂ ਡਰਾਈਵਰੀ ਯਾਰੋ, ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁਕਣੇ

ਉਪਰੋਕਤ ਸਿਰਲੇਖ ਪੜ੍ਹ ਕੇ ਪਾਠਕਾਂ ਦੇ ਮਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਖਿਆਲ ਸੁਭਾਵਿਕ ਹੀ ਉੱਠ ਰਹੇ ਹੋਣਗੇ। ਪਰੰਤੂ ਪਿਛਲੇ ਦਿਨੀ ਮੈਲਬੌਰਨ (ਆਸਟ੍ਰੇਲੀਆ) ਦੇ ਕੁਝ ਟੈਕਸੀ ਡਰਾਈਵਰਾਂ ਨਾਲ ਜੋ ਕੁਝ ਹੋਇਆ ਸੱਚਮੁਚ ਹੀ ਦਿਲ ਨੂੰ ਦਹਿਲਾਉਣ ਵਾਲਾ ਕਾਰਾ ਸੀ। ਇਸ ਘਟਨਾ ਤੋਂ ਬਾਅਦ ਤਾਂ ਇੰਝ ਹੀ ਲੱਗਣ ਲੱਗਿਆ ਹੈ ਕਿ ਇਥੇ ਟੈਕਸੀ ਡਰਾਈਵਰਾਂ ਦੀ ਸੱਚਮੁੱਚ ਹੀ ਕੋਈ ਪੁੱਛ ਪ੍ਰਤੀਤ ਨਹੀ ਹੈ। ਕਿਉਂਕਿ ਜਦੋਂ ਵੀ ਕਿਸੇ ਦਾ ਦਿਲ ਚਾਹੇ ਟੈਕਸੀ ਡਰਾਈਵਰਾਂ ਨਾਲ ਧੱਕਾ ਕਰ ਜਾਂਦਾ ਹੈ। ਟੈਕਸੀ ਡਰਾਈਵਰਾਂ ਨਾਲ ਵਾਪਰੀਆਂ ਇਹ ਘਟਨਾਵਾਂ ਕੋਈ ਨਵੀਆਂ ਨਹੀ ਹਨ। ਪਰੰਤੂ ਹੁਣ ਦਿਨੋਂ-ਦਿਨ ਇਹਨਾਂ ਨੂੰ ਅੰਜ਼ਾਮ ਦੇਣ ਦੇ ਤਰੀਕਿਆਂ ਦੇ ਵਿੱਚ ਫਰਕ ਆ ਰਿਹਾ ਹੈ, ਉਥੇ ਹੀ ਇਹੋ ਜਿਹੋ ਜਿਹੇ ਕਾਰਾ ਕਰਨ ਵਾਲਿਆਂ ਦੇ ਹੌਸਲੇ ਵੀ ਬੁਲੰਦ ਹੁੰਦੇ ਜਾ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਟੈਕਸੀ ਡਰਾਈਵਰ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਕਿਉਂਕਿ ਪਹਿਲ ਸਵਾਰੀ ਜਾਂ ਸ਼ਿਕਾਇਤ ਕਰਤਾ ਨੂੰ  ਮਿਲਦੀ ਹੈ ਤੇ ਪੁਲਿਸ ਵੀ ਟੈਕਸੀ ਡਰਾਈਵਰਾਂ ਵਲੋਂ ਕੀਤੀਆਂ ਜ਼ਿਆਦਾਤਰ ਸ਼ਿਕਾਇਤਾਂ ਨੂੰ ਕੱਚੇ ਹੀ ਜਮਾ ਜਾਂਦੀ ਹੈ ਤੇ ਕੋਈ ਐਕਸ਼ਨ ਨਹੀਂ ਲੈਂਦੀ। ਟੈਕਸੀ ਡਰਾਈਵਰਾਂ ਨਾਲ ਗਾਲੀ ਗਲੋਚ ਦੀਆਂ ਘਟਨਾਵਾਂ ਜਾਂ ਕਿਰਾਇਆ ਲੈ ਕੇ ਭੱਜਣਾ ਇਹ ਜ਼ਿਆਦਾ ਹੁੰਦਾ ਸੀ । ਘਰ ਪਿੱਛੇ ਸੱਦ ਕੇ ਜਾਂ ਕਿਸੇ ਸੁੰਨਸਾਨ ਗਲੀ ਵਿੱਚ ਰਾਤ ਨੂੰ ਗੱਡੀ ਸੱਦ ਕੇ ਚਾਕੂ ਦੀ ਨੋਕ ਤੇ ਪੈਸੇ ਲੁੱਟਣ ਦਾ ਪ੍ਰਚਲਨ ਵਧਿਆ, ਪਰੰਤੂ ਮੀਡੀਆ ਵਿੱਚ ਇਹ ਗੱਲਾਂ ਆਉਣ ਕਰਕੇ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ। ਟੈਕਸੀਆਂ ਵਾਲਿਆਂ ਉੱਪਰ ਆਂਡੇ ਜਾਂ ਪੱਥਰ ਸੁੱਟਣਾ ਤਾਂ ਆਮ ਜਿਹੀ ਗੱਲ ਬਣ ਗਈ ਹੈ। ਖਾਸ ਕਰ “ਵੀਕਐਂਡ” ‘ਤੇ ਤਾਂ ਅਕਸਰ ਹੀ ਬੇਸ ਵਲੋਂ ਮੈਸੇਜ ਖੜਕਦਾ ਹੀ ਰਹਿੰਦਾ ਹੈ ਕਿ ਫਲਾਣੀ ਸੜਕ ‘ਤੇ ਨਾਂ ਜਾਇਓ, ਉਥੇ ਮੁੰਡੇ ਪੱਥਰ ਜਾਂ ਆਂਡੇ ਸੁੱਟ ਰਹੇ ਹਨ। ਪਰੰਤੂ ਕਿਸੇ ਨੇ ਇਸ ਗੱਲ ਵਲ ਧਿਆਨ ਅੱਜ ਤੱਕ ਨਹੀਂ ਦਿੱਤਾ ਕਿ ਇਹਨਾਂ ਘਟਨਾਵਾਂ ਨੂੰ ਰੋਕਿਆ ਕਿਵੇਂ ਜਾਵੇ। ਇਹ ਘਟਨਾਵਾਂ ਘਟਣ ਦੀ ਬਜਾਏ ਨਿੱਤ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਪਿਛਲੇ ਦਿਨੀਂ ਜੋ ਇੱਕ ਵੱਡੀ ਘਟਨਾ ਟੈਕਸੀ ਡਰਾਈਵਰਾਂ ਨਾਲ ਵਾਪਰੀ, ਉਸ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਹੁਣ ਇਥੋਂ ਦੇ ਨਸ਼ੇੜੀ ਕਿਸਮ ਦੇ ਨੌਜਵਾਨਾਂ ਜੋ ਕਿ ਆਪਣੇ ਨਸ਼ੇ ਦੀ  ਪੂਰਤੀ ਲਈ ਕੁਝ ਵੀ ਕਰ ਸਕਦੇ ਹਨ। ਜਿੰਨ੍ਹਾਂ ਨੇ ਸ਼ਰੇਆਮ ਸੜਕ ਤੇ ਜਾਂਦੀਆਂ ਟੈਕਸੀਆਂ ਨੂੰ ਜਬਰਨ ਰੋਕ ਕੇ ਗੱਡੀਆਂ ਦਾ ਨੁਕਸਾਨ ਕੀਤਾ ਉਥੇ ਹੀ ਡਰਾਈਵਰਾਂ ਨੂੰ ਵੀ ਲੁੱਟਿਆ ਤੇ ਕੁੱਟਿਆ ਤੇ ਕੁਝ ਇੱਕ ਡਰਾਈਵਰਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵੀ ਦਾਖਲ  ਕਰਵਾਉਣਾ ਪਿਆ।

ਜਦ ਹਰ ਮਨੁੱਖ ਸਾਦਾਪਨ ਅਖਿਤਿਆਰ ਕਰੇਗਾ ਤਾਂ ਉਸ ਦਿਨ ਸਤਿਯੁਗ ਆ ਜਾਵੇਗਾ.......... ਲੇਖ / ਰਤਨ ਰੀਹਲ (ਡਾ.)

ਬਾਬਾ ਫ਼ਰੀਦ ਅਨੁਸਾਰ ‘ਮੈਂ’ ਹਉਮੈ ਵਾਲਾ ਸ਼ਬਦ ਹੈ। ਸਿਰਫ਼ ਸਰਗੁਣ ਹੀ ‘ਮੈਂ’ ਅਖਵਾ ਸਕਦਾ ਹੈ। ਸਰਗੁਣ ਪ੍ਰਮਾਤਮਾ ਹੈ। ਕਈ ਵਾਰ ਆਪਣੇ ਆਪ ਨੂੰ ‘ਮੈਂ’ ਕਹਿੰਦਿਆਂ ਸੁਣ ਕੇ ਭਰਮ ਪੈ ਜਾਂਦਾ ਹੈ ਕਿ ਮੈਂ ਤਾਂ ਨਿਰਗੁਣ ਹਾਂ। ਪ੍ਰਮਾਤਮਾ ਕਿਵੇਂ ਹੋ ਸਕਦਾ ਹਾਂ? ਸਿੱਖੀ ਦਰਸ਼ਨ ਅਨੁਸਾਰ ਜਦ ਮੈਂ ਸੋਚਦਾ ਹਾਂ ਕਿ ਮੇਰੇ ਵਿੱਚ ਵੀ ਪ੍ਰਮਾਤਮਾ ਦੀ ਜੋਤ ਹੈ ਤਾਂ ਮੈਂ ਪ੍ਰਮਾਤਮਾ ਕਿਉਂ ਨਹੀਂ ਹਾਂ? ਫਿਰ ਸੋਚਦਾ ਹਾਂ ਕਿ ਮੇਰੀ ਆਤਮਾ ਝੂਠ ਫ਼ਰੇਬ, ਕਾਮ, ਕ੍ਰੋਧ, ਲੋਭ, ਮੁਹ ਅਤੇ ਹੰਕਾਰ ਨਾਲ ਪਲੀਤ ਹੋਣ ਕਰਕੇ ਪ੍ਰਮਾਤਮਾ ਨਹੀਂ ਹੈ। ਸੱਤਵੇਂ ਦਹਾਕੇ ਵਿੱਚ ਸੋਚਿਆਂ ਕਰਦਾ ਸਾਂ ਕਿ ਕੋਈ ਸਰਵ-ਸ਼ਕਤੀਮਾਨ ਹੈ ਜਿਹੜਾ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਸੋਵੀਅਤ ਯੂਨੀਅਨ ਅਤੇ ਯੂਨਾਈਟਿਡ ਸਟੇਟ ਆਫ਼ ਅਮਰੀਕਾ ਨੂੰ ਬਰੋ-ਬਰਾਬਰ ਤਾਕਤ ਵੰਡ ਰਿਹਾ ਹੈ। ਜਦ ਹੁਣ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਰਹਿ ਗਈ ਹੈ ਤਾਂ ਮੇਰਾ ‘ਮੈਂ’ ਸ਼ਬਦ ਵਿੱਚੋਂ ਵਿਸ਼ਵਾਸ਼ ਮਨਫ਼ੀ ਹੋ ਗਿਆ ਹੈ। ਆਪਣੀ ਕਹਾਣੀਆਂ ਦੀ ਪੁਸਤਕ ‘ਆਟੇ ਦਾ ਬੋਰਾ’ ਵਿੱਚ ਸੰਨ 1982 ਵਿੱਚ ਲਿਖਿਆ ਸੀ ਕਿ ਦੁਨੀਆਂ ਵਿੱਚੋਂ ਸੋਵੀਅਤ ਯੂਨੀਅਨ ਦੀ ਤਾਕਤ ਇੱਕ ਦਿਨ ਖ਼ਤਮ ਹੋ ਜਾਵੇਗੀ ਅਤੇ ਮੇਰੇ ਦਿੱਤੇ ਸਮੇਂ ਦੇ ਵਿੱਚ ਵਿੱਚ ਹੀ ਅਜਿਹਾ ਵਾਪਰ ਗਿਆ ਹੈ। ਇਹ ਮੇਰਾ ਅਗੰਮੀ ਵਾਕ ਨਹੀਂ ਸੀ ਸਗੋਂ ਦੁਨੀਆਂ ਵਿੱਚ ਚੱਲ ਰਹੇ ਰਾਜਨੀਤਕ ਢਾਂਚੇ ਨੂੰ ਘੋਖ਼ਦਿਆਂ ਇਹ ਵਿਚਾਰ ਮੇਰੇ ਮਨ ਵਿੱਚ ਆਏ ਸਨ। ਇਸ ਗੱਲ ਦਾ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਕਿ ਪ੍ਰਮਾਤਮਾ ਇੱਕ ਹੀ ਹੈ ਜਿਹੜਾ ਇਸ ਦੁਨੀਆਂ ਨੂੰ ਚਲਾਉਦਾ ਹੈ। ਜੇਕਰ ਪ੍ਰਮਾਤਮਾ ਸਮੁੱਚੇ ਰੂਪ ਵਿੱਚ ਆਪ ਸਰਵ-ਸ਼ਕਤੀਵਾਨ ਹੁੰਦਾ ਤਾਂ ਸਾਰਾ ਜੱਗ ਧਰਮ ਦੇ ਰਸਤੇ ਉਪਰ ਚਲਣ ਵਾਲਾ ਹੁੰਦਾ ਕਿਉਂਕਿ ਪ੍ਰਮਾਤਮਾ ਸ਼ਬਦ ਦਾ ਇਹ ਪ੍ਰਯੋਜਨ ਹੈ। ਇਸ ਕਰਕੇ ਮਨੁੱਖ ਦੇ ਹਿਰਦੇ ਅੰਦਰ ਕਾਮ ਕ੍ਰੋਧ ਲੋਭ ਮੁਹ ਅਤੇ ਹੰਕਾਰ ਵਸਾਉਣ ਵਾਲੀ ਵੀ ਕੋਈ ਸ਼ਕਤੀ ਪ੍ਰਮਾਤਮਾ ਦੀ ਸ਼ਕਤੀ ਨੂੰ ਵੰਗਾਰਦੀ ਹੈ ਕਿਉਂਕਿ ਪ੍ਰਮਾਤਮਾ ਮਨੁੱਖ ਦੇ ਹਿਰਦੇ ਨੂੰ ਸ਼ੁਧ ਰੱਖਣ ਵਿੱਚ ਨਾਕਾਮਯਾਬ ਹੈ। ਮੇਰੀ ਪੁਸਤਕ ‘ਪ੍ਰਗੀਤਕ ਕਾਵਿ’ ਜਿਹੜੀ ਵਲੈਤ ਵਿੱਚ ਛਪ ਚੁੱਕੀ ਹੈ। ਉਸਦੇ ਪੰਨਾ ਨੰਬਰ 56 ਉਤੇ ਮੇਰੇ ਵਿਚਾਰ ਦਰਜ ਹਨ।

ਰੁੱਖਾਂ ਦੀਆਂ ਛਾਵਾਂ ਮਾਣਨ ਪੁੱਤਰ ਅਤੇ ਧੀਆਂ.......... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ

ਜੀਵਨ ਵਿਚ ਬਹੁਤ ਸਾਰੀਆਂ ਸਟੇਜਾਂ ਹੁੰਦੀਆਂ ਹਨ ਜਿੰਨ੍ਹਾਂ ਵਿਚ ਬਚਪਨ, ਜਵਾਨੀ ਅਤੇ ਬੁਢਾਪਾ ਪ੍ਰਮੁੱਖ ਹਨ । ਜਿਵੇਂ ਜਿਵੇਂ ਸਮਾਂ ਅੱਗੇ ਵੱਲ ਵਧਦਾ ਹੈ, ਮਨੁੱਖ ਬਚਪਨ ਤੋਂ ਜਵਾਨੀ ਵੱਲ ਅਤੇ ਜਵਾਨੀ ਤੋਂ ਬਢਾਪੇ ਵੱਲ ਸਰਕਦਾ ਹੈ । ਲਗਭਗ ਹਰ ਬਚਪਨ ਖੇਡਾਂ ਵਿਚ ਬੀਤਦਾ ਹੈ ਪਰ ਕੁਝ ਬਚਪਨ ਔਕੜਾਂ ਭਰਪੂਰ ਹੁੰਦੇ ਹਨ । ਜਦੋਂ ਬਚਪਨ ਵਿਚ ਮਾਂ ਜਾਂ ਬਾਪ ਜਾਂ ਦੋਨਾਂ ਦਾ ਸਾਇਆ ਸਿਰ ਉਪਰੋਂ ਚਲਾ ਜਾਂਦਾਂ ਹੈ ਤਾਂ ਬਚਪਨ ਵਿਚ ਹੀ ਔਕੜਾਂ ਦਾ ਪਹਾੜ ਟੁਟ ਪੈਂਦਾ ਹੈ ਤਾਂ ਬਚਪਨ ਵੀ ਸਰਕਦਾ ਹੈ ਅਤੇ ਜਵਾਨੀ ਵੀ ਗਮਗੀਨ ਹੀ ਰਹਿੰਦੀ ਹੈ । ਪ੍ਰੰਤੂ ਆਮ ਹਾਲਤ ਵਿਚ ਬਚਪਨ ਪਹਾੜੇ ਗਾ ਗਾ ਕੇ ਅਤੇ ਖੇਡ ਕੇ, ਭੈਣਾਂ,ਭਰਾਵਾਂ ਅਤੇ ਮਿਤਰਾਂ ਦਾ ਸੰਗ ਮਾਣ ਕੇ ਸੌਖਿਆਂ ਹੀ ਨਿਕਲ ਜਾਂਦਾ ਹੈ । ਬਚਪਨ ਵਿਚ ਪਹਾੜੇ ਕਾਫੀ ਮੁਸ਼ਕਿਲ ਲੱਗਦੇ ਹਨ ਇਸ ਲਈ ਕਵੀਆਂ ਨੇ ਇਸ ਤਰ੍ਹਾਂ ਦੇ ਪਹਾੜੇ ਵੀ ਬਣਾਏ ਹਨ ਕਿ ਬੱਚੇ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਪਹਾੜੇ ਵੀ ਯਾਦ ਹੋ ਜਾਂਦੇ ਹਨ ਅਤੇ ਸਿੱਖਿਆ ਵੀ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ...

ਇਕ ਦੂਣੀ ਦੂਣੀ,ਦੋ ਦੂਣੀ ਚਾਰ,
ਘਰ ਘਰ ਰੁਖ ਲਾਉ ਆਵੇਗੀ ਬਹਾਰ,
ਤਿੰਨ ਦੂਣੀ ਛੇ,ਚਾਰ ਦੂਣੀ ਅੱਠ,
ਰੁਖਾਂ ਬਿਨਾ ਸੁੰਨੀ ਸੁੰਨੀ ਲਗਦੀ ਹੈ ਸੱਥ,
ਪੰਜ ਦੂਣੀ ਦਸ ਹੁੰਦੇ,ਛੇ ਦੂਣੀ ਬਾਰਾਂ,
ਰੁਖ ਹੁੰਦੇ ਧਰਤੀ ਦਾ ਗਹਿਣਾ, ਪਾਉਣ ਠੰਡੀਆਂ ਠਾਰਾਂ,
ਸਤ ਦੂਣੀ ਚੌਦਾਂ,ਅੱਠ ਦੂਣੀ ਸੋਲਾਂ,
ਆਲ੍ਹਣਿਆਂ ਵਿਚ ਬੈਠੇ, ਪੰਛੀ ਕਰਦੇ ਰਹਿਣ ਕਲੋਲਾਂ,
ਨੌ ਦੂਣੀ ਅਠਾਰਾਂ,ਦਸ ਦੂਣੀ ਵੀਹ,
ਰੁਖ ਲਾਉਗੇ ਜੇਕਰ ਛਾਵਾਂ ਮਾਨਣ ਪੁਤਰ ਅਤੇ ਧੀ ।

ਗੁੱਡੀਆਂ ਫੂਕਣ ਜਾਂ ਯੱਗ ਕਰਨ ਨਾਲ ਮੀਂਹ ਨਹੀਂ ਪੈਂਦੇ ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਨੁੱਖ ਕਿੰਨਾ ਖੁਦਗਰਜ਼ ਹੈ, ਮਤਲਬੀ ਹੈ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਨੁੱਖ, ਮਨੁੱਖ ਤੋਂ ਕੁਝ ਲੈਣ ਲਈ ਜਾਂ ਮਤਲਬ ਕੱਢਣ ਲਈ ਸੌ ਜਾਲ ਬੁਣਦਾ ਹੈ ਪਰ ਜਦੋਂ ਪ੍ਰਮਾਤਮਾ ਤੋਂ ਕੁਝ ਲੈਣਾ ਹੁੰਦਾ ਹੈ ਤਾਂ ਵੀ ਉਹ ਆਪਣੇ ਮਤਲਬੀ ਸੁਭਾਅ ਨੂੰ ਬਦਲ ਨਹੀਂ ਸਕਦਾ।

ਉਤਰੀ ਭਾਰਤ ਵਿੱਚ ਪਈ ਸਿਰੇ ਦੀ ਗਰਮੀ ਅਤੇ ਲੰਮੇ-ਲੰਮੇ ਲੱਗੇ ਬਿਜਲੀ ਦੇ ਕੱਟਾਂ ਨੇ ਇੱਕ ਵਾਰ ਫਿਰ ਰੱਬ ਦਾ ਚੇਤਾ ਕਰਵਾ ਦਿੱਤਾ, ਕਿਉਂਕਿ ਸੁੱਖ ਵਿੱਚ ਤਾਂ ਉਹ ਕਿਸੇ ਨੂੰ ਯਾਦ ਨਹੀਂ ਰਹਿੰਦਾ ਪਰ ਜਦੋਂ ਕੋਈ ਭੀੜ ਪੈਂਦੀ ਹੈ ਤਾਂ ਹਰ ਕੋਈ ਕਹਿੰਦਾ ਹੈ, “ਹਾਏ ਓਏ ਰੱਬਾ!” ਥੋੜੀ ਜਿਹੀ ਮਾਨਸੂਨ ਲੇਟ ਹੋਣ ਕਾਰਨ ਲੋਕ ਤ੍ਰਾਹ-ਤ੍ਰਾਹ ਕਰਨ ਲੱਗ ਪਏ । ਕੋਈ ਇਸਨੂੰ ਰੱਬ ਦੀ ਕ੍ਰੋਪੀ ਸਮਝ ਰਿਹਾ ਹੈ, ਕੋਈ ਦੁਨੀਆਂ ਉ¤ਤੇ ਵਧ ਰਹੇ ਅੱਤਿਆਚਾਰਾਂ ਅਤੇ ਪਾਪਾਂ ਦਾ ਫਲ ਸਮਝ ਰਿਹਾ ਹੈ ।

ਪਰ ਪਿਆਰੇ ਲੋਕੋ, ਕੁਦਰਤ ਨੂੰ ਸਭ ਦਾ ਖਿਆਲ ਹੈ, ਅਸੀਂ ਹੀ ਲਾਲਚ ਵਿੱਚ ਆਕੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਕੁਦਰਤ ਆਪਣੇ ਨਿਯਮ ਵਿੱਚ ਚੱਲ ਰਹੀ ਹੈ। ਸਰਦੀ ਤੋਂ ਬਾਅਦ ਗਰਮੀ ਅਤੇ ਗਰਮੀ ਵਿੱਚ ਬਰਸਾਤ ਆਉਣੀ ਇਹ ਸਭ ਕੁਦਰਤ ਦੇ ਨੇਮਾਂ ਅਨੁਸਾਰ ਹੋ ਰਿਹਾ ਹੈ। ਪਰ ਜਦ ਲਾਲਚ ਵਿੱਚ ਆਕੇ ਮਨੁੱਖ ਉਸਦੀ ਬਖਸ਼ਿਸ਼ ਨਾਲ ਖਿਲਵਾੜ ਕਰਦਾ ਹੈ, ਫਿਰ ਕੁਦਰਤ ਰੰਗ ਦਿਖਾਉਂਦੀ ਹੈ। ਕਦੇ ਡੋਬਾ ਕਦੇ ਸੋਕਾ, ਕਦੇ ਅੱਤ ਦੀ ਗਰਮੀ ਕਦੇ ਤੂਫ਼ਾਨ। ਬਾਕੀ ਪ੍ਰਮਾਤਮਾ ਨੂੰ ਸਭ ਦਾ ਖਿਆਲ ਹੈ, ਮਨੁੱਖ ਸਿਰਫ ਆਪਣੀ ਹੋਂਦ ਨੂੰ ਬਚਾਉਣ ਲਈ ਹੀ ਤੱਤਪਰ ਹੈ ਪਰ ਕੁਦਰਤ ਦੇ ਬਣਾਏ ਹੋਰ ਵੀ ਅਨੇਕਾਂ ਜੀਵ-ਜੰਤੂ ਹਨ ਜਿੰਨ੍ਹਾਂ ਦੇ ਜਿਉਣ ਲਈ ਗਰਮੀ ਦੀ ਲੋੜ ਹੈ, ਸੋ ਕੁਦਰਤ ਨੂੰ ਸਭ ਦਾ ਖਿਆਲ ਰੱਖਣਾ ਪੈਂਦਾ ਹੈ। ਦੂਸਰੇ ਪਾਸੇ ਮਨੁੱਖ ਵੱਲੋਂ ਥੋੜੀ ਜਿਹੀ ਗਰਮੀ ਵਧਣ, ਮੀਂਹ ਪੈਣ ਵਿੱਚ ਦੇਰੀ ਹੋਣ ’ਤੇ ਝੱਟ ਯੱਗ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ।

ਪ੍ਰੇਮ ਦਾ ਪ੍ਰਤੀਕ - ਸਾਉਣ ਮਹੀਨਾ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਸਾਲ ਦੇ ਬਾਰਾਂ ਮਹੀਨਿਆਂ ਵਿੱਚ ਸਾਉਣ ਦੇ ਮਹੀਨੇ ਦੀ ਆਪਣੀ ਵਿਸ਼ੇਸ਼ਤਾ ਹੈ। ਮੋਹ ਅਤੇ ਪਿਆਰ ਦਾ ਪ੍ਰਤੀਕ ਇਹ ਮਹੀਨਾ ਸਾਰਿਆਂ ਲਈ ਖੁਸ਼ਗਵਾਰ ਹੋ ਨਿਬੜਦਾ ਹੈ। ਖਾਸ ਕਰਕੇ ਜਦੋਂ ਮੋਹ-ਪਿਆਰ ਵਿੱਚ ਗੜੁੱਚ ਦੋ ਰੂਹਾਂ ਦਾ ਆਪਸ ਵਿੱਚ ਮੇਲ-ਮਿਲਾਪ ਹੋ ਜਾਵੇ।

ਅੰਬਰੀਂ ਚੜ੍ਹੀਆਂ ਕਾਲੀਆਂ ਘਟਾਵਾਂ, ਪੈਲਾਂ ਪਾਉਂਦੇ ਕਲੈਹਰੀ ਮੋਰ ਅਤੇ ਬਾਗਾਂ ਵਿੱਚ ਖਿੜੀ ਬਹਾਰ ਨੂੰ ਵੇਖਕੇ ਕੀਹਦਾ ਮਨ ਨਹੀਂ ਝੂਮ ਉਠਦਾ। ਨਰਮੇ ਦੇ ਨਿਕਲ ਰਹੇ ਫੁੱਲ, ਨਿੱਕੀ ਨਿੱਕੀ ਕਣੀ ਦਾ ਪੈਂਦਾ ਮੀਂਹ ਤੇ ਫੁੱਲਾਂ-ਬੂਟਿਆਂ ਤੇ ਆਏ ਨਿਖਾਰ ਨੂੰ ਵੇਖਕੇ ਮਨ ਖਿੜ ਉਠਦਾ ਹੈ। ਜੇਠ-ਹਾੜ ਦੀਆਂ ਤੱਤੀਆਂ ਲੋਆਂ ਦੇ ਸਾੜੇ ਹੋਏ ਬਿਰਖ਼-ਬੂਟੇ ਸਾਉਣ ਦੀ ਆਮਦ ਨਾਲ ਆਸੇ ਪਾਸੇ ਨੂੰ ਹਰਿਆ ਭਰਿਆ ਕਰ ਦਿੰਦੇ ਹਨ। ਸਾਉਣ ਦੇ ਮਹੀਨੇ ਜਦ ਦਰਿਆ, ਨਹਿਰਾਂ, ਨਾਲੇ ਪਾਣੀ ਨਾਲ ਆਫ਼ਰ ਜਾਂਦੇ ਹਨ ਤਾਂ ਪ੍ਰੇਮੀਆਂ ਦੇ ਮਨਾਂ ਵਿੱਚ ਵੀ ਪ੍ਰੇਮ ਦੀਆਂ ਛੱਲਾਂ ਉ¤ਠਣ ਲੱਗ ਪੈਂਦੀਆਂ ਹਨ।

ਸਾਉਣ ਦੇ ਮਹੀਨੇ ਦਾ ਸਾਡੇ ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਸੰਬੰਧ ਹੈ। ਗੁਰਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਉਣ ਮਹੀਨੇ ਦਾ ਵਰਨਣ ਇਸ ਤਰ੍ਹਾਂ ਕਰਦੇ ਹਨ :

ਸਾਵਣਿ ਸਰਸ ਮਨਾ, ਘਣ ਵਰਸਹਿ ਰੁਤਿ ਆਏ
ਮੈ ਮਨਿ ਤਨਿ ਸਹੁ ਭਾਵੈ, ਪਿਰ ਪਰਦੇਸਿ ਸਿਧਾਏ
ਪਿਰੁ ਘਰ ਨਹੀ ਆਵੈ, ਮਰੀਐ ਹਾਵੈ, ਦਾਮਨਿ ਚਮਕਿ ਡਰਾਏ
ਸੇਜ ਇਕੇਲੀ, ਖਰੀ ਦੁਹੇਲੀ ਮਰਣੁ ਭਇ ਦੁਖੁ ਮਾਏ
ਹਰਿ ਬਿਨੁ ਨੀਦ ਭੂਖ ਕਹੁ ਕੈਸੀ, ਕਾਪੜੁ ਤਨਿ ਨ ਸੁਖਾਵਏ
ਨਾਨਕ ਸਾ ਸੋਹਾਗਣਿ ਕੰਤੀ, ਪਿਰ ਕੈ ਅੰਕਿ ਸਮਾਵਏ॥

ਕੁਦਰਤ, ਵਿਗਿਆਨ ਅਤੇ ਗੁਰਮਤਿ.......... ਗੁਰਮੀਤ ਸਿੰਘ ਬਰਸਾਲ (ਡਾ.), ਕੈਲੇਫੋਰਨੀਆਂ

ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ 695)

ਮਨੁੱਖ ਦਾ ਸਰੀਰ ਬ੍ਰਹਿਮੰਡ ਦਾ ਹੀ ਰੂਪ ਹੈ ।  ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ । ਇਸੇ ਤਰ੍ਹਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ ਫਿਰਦੀ ਹੈ ।  ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾਰ ਪੌਜੇਟਿਵ ਚਾਰਜ ਵਾਲੇ ਪਰੋਟੌਨ ਅਤੇ  ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ ,ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ ਦਾਇਰੇ ਵਿੱਚ ਘੁੰਮਦੇ ਰਹਿੰਦੇ ਹਨ । ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ ਹਨ ਨਾਂ ਬਾਹਰ ਜੋ ਕਿਸੇ ਤੱਤ ਦੀ ਬਣਤਰ ਦਾ ਆਧਾਰ ਬਣਦੇ ਹਨ । ਇਕ ਖਾਸ ਤਰਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫ਼ਰਕ ਤੇ ਰੱਖਦੀ ਹੈ ਬਿਲਕੁਲ ਉਸੇ ਤਰਾਂ ਜਿਵੇਂ ਬ੍ਰਹਿਮੰਡ ਵਿੱਚ ਸੂਰਜ,ਧਰਤੀ,ਚੰਦ ਅਤੇ ਤਾਰੇ ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ ਨੂੰ ਇਕ ਆਕਾਰ ਬਕਸ਼ਦੇ ਹਨ । ਸੋ ਬ੍ਰਹਿਮੰਡ ਵਿੱਚ ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿੱਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ ਸ਼ਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋਕੇ ਕਹੇ ਅਨੁਭਵੀ ਸ਼ਬਦ ਦੀ ਇੰਨ ਬਿੰਨ ਪ੍ਰੋੜਤਾ ਕਰਦੀ ਹੈ । ਇਸ ਤਰਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ ਸੁਝਾਇਆ ਰੱਬ ਕੋਈ ਅਸਮਾਨ ਵਿੱਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ ਸਵਰਗ-ਨਰਕ ਦੇ ਵਿਭਾਗਾਂ  ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ ਬ੍ਰਹਿਮੰਡ ਵਿੱਚ ਅਦਿੱਖ ਸ਼ਕਤੀ ਦੇ ਰੂਪ ਵਿੱਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ ਸੈ-ਭੰਗ(ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪਰਗਟ ਹੋ ਆਪਣੀ ਕਿਰਤ ਵਿੱਚ ਹੀ ਪੂਰਿਆ ਹੋਇਆ ਹੈ ।

ਘੜੀ ਦੀਆਂ ਸੂਈਆਂ ਦੀ ਅੱਗੜ ਪਿੱਛੜ ਦੌੜ......... ਲੇਖ / ਅਜੀਤ ਸਿੰਘ (ਡਾ.) ਕੋਟਕਪੂਰਾ

ਮਨੁੱਖ ਆਦਿ ਸਮੇਂ ਤੋਂ ਹੀ ਸਮੇਂ ਨੂੰ ਮਿਣਨ ਦਾ ਯਤਨ ਕਰਦਾ ਰਿਹਾ ਹੈ। ਉਸ ਨੇ ਸੂਰਜ ਵਾਲੇ ਸਮੇਂ ਨੂੰ ਦਿਨ ਅਤੇ ਚੰਦਰਮਾ ਦੇ ਸਮੇਂ ਨੂੰ ਰਾਤ ਦਾ ਨਾਮ ਦਿੱਤਾ। ਸੂਰਜ ਦੇ ਉਗਣ ਨੂੰ ਸਵੇਰ ਅਤੇ ਅਸਤ ਹੋਣ ਨੂੰ ਸ਼ਾਮ ਦਾ ਨਾਮ ਦਿੱਤਾ । ਫਿਰ ਦਿਨ ਨੂੰ ਮਿਣਨ ਦਾ ਯਤਨ ਧਰਤੀ ਵਿਚ ਕਿਸੇ ਸਥਾਨ ਉਪਰ ਸੋਟੀ ਲਗਾ ਕੇ ਉਸ ਦੇ ਬਦਲਦੇ ਪਰਛਾਵੇਂ ਨੂੰ ਵੇਖ ਦਿਨ ਦੇ ਵੱਖ ਵੱਖ ਹਿੱਸੇ ਕਰ ਲਏ ਅਤੇ ਇਸ ਤਰ੍ਹਾਂ ਸਮੇਂ ਨੂੰ ਲੋੜ ਅਨੁਸਾਰ ਵੰਡ ਲਿਆ । ਜਦੋਂ ਚੰਦਰਮਾ ਦੇ ਬਦਲਦੇ ਅਕਾਰ ਸੰਬੰਧੀ ਜਾਣਕਾਰੀ ਮਿਲੀ ਤਾਂ ਉਸ ਦਾ  ਚਾਨਣ ਪੱਖ ਅਤੇ ਹਨੇਰ ਪੱਖ ਸਮਝ ਲਿਆ ਅਤੇ  ਚਾਨਣ ਵਾਲੇ ਪੱਖ ਨੂੰ ਸੁਦੀ, ਹਨੇਰੇ ਵਾਲੇ ਪੱਖ ਨੂੰ ਵਦੀ ਦਾ ਨਾਮ ਦੇ ਦਿੱਤਾ । ਘੜੀ ਦੀ ਖੋਜ ਨੇ ਸਮੇਂ ਨੂੰ ਮਿਣਨਾ ਆਸਾਨ ਕਰ ਦਿਤਾ । ਘੜੀ ਦੀਆਂ ਸੂਈਆਂ ਦੀ ਅੱਗੜ ਪਿੱਛੜ ਦੌੜ ਨੇ ਸਮੇਂ ਨੂੰ ਨਿੱਕੇ ਹਿੱਸਿਆਂ ਵਿਚ ਵੰਡ ਕਰ ਕੇ ਮਨੁੱਖ ਦੇ ਜੀਵਨ ਨੂੰ ਸਮਾਂ ਬੱਧ ਕਰ ਦਿੱਤਾ।

ਫਰੀਦਾ ਮੌਤੋਂ ਭੁੱਖ ਬੁਰੀ.......... ਲੇਖ / ਜੋਗਿੰਦਰ ਬਾਠ ਹੌਲੈਂਡ

ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਹਰ ਵੱਡੇ ਵੇਲੇ ਚੜ੍ਹਦੇ ਸੂਰਜ ਨਾਲ਼ ਅਸਮਾਨੇ ਚੜ੍ਹਦੀਆਂ ਜਾਂਦੀਆਂ ਹਨ। ਯੂਰਪੀਅਨ ਯੂਨੀਅਨ ਦੇ ਲੀਡਰ ਇਸ ਬਾਰੇ ਚਿੰਤਤ ਹਨ। ਉਹ ਕੁਦਰਤੀ ਖੇਤੀ (ਮਨਸੂਈ ਖਾਦ ਅਤੇ ਕੀੜੇਮਾਰ ਸਪਰੇਆਂ ਤੋਂ ਰਹਿਤ) ਨੂੰ ਵਧਾਵਾ ਦੇਣ ਵਾਲੇ ਆਪਣੇ ਪਹਿਲੇ ਫੈਸਲੇ ਉੱਪਰ ਮੁੜ ਵਿਚਾਰ ਕਰ ਰਹੇ ਹਨ। ਕਿਉਂਕਿ ਜੈਵਿਕ ਖੇਤੀ ਵਾਸਤੇ ਹੁਣ ਨਾਲੋਂ ਤਿੱਗਣੀ ਭੋਂਏ ਚਾਹੀਦੀ ਹੈ। 2006 ਵਿੱਚ  ਆਈ.ਐਮ.ਐਫ਼. (ਇੰਟਰਨੈਸ਼ਨਲ ਮੋਨੀਟੇਅਰ ਫੰਡ) ਅਤੇ ਐਫ.ਏ.ਓ. (ਫੂਡ ਐਗਰੀਕਲਚਰ ਔਰਗੇਨਾਈਜੇਸ਼ਨ ‘ਯੂ.ਐਨ.’) ਤੇ ਨਾਲ ‘ਜੀ ਸੱਤ’ ਦੇ ਨਾਂ ਨਾਲ ਜਾਣੀ ਜਾਂਦੀ, ਅਮੀਰ ਦੇਸ਼ਾਂ ਦੀ ਜੱਥੇਬੰਦੀ ਨੇ ਸੰਸਾਰ ਵਿੱਚ ਵੱਧ ਰਹੀਆਂ ਖਾਧ-ਪਦਾਰਥਾਂ ਦੀਆਂ ਕੀਮਤਾਂ ਉੱਪਰ ਚਿੰਤਾ ਪ੍ਰਗਟ ਕੀਤੀ ਸੀ ਅਤੇ ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਬਦਲਵੇਂ ਤੇ ਕਾਰਗਰ ਢੰਗ ਤਰੀਕੇ ਲੱਭਣ ਲਈ ਲੰਡਨ ਵਿੱਚ ਸਤਿਸੰਗ ਕੀਤਾ ਸੀ। ਪਰ ਲਗਦਾ ਹੈ ਹੁਣ ਤੱਕ ਕੀਤੇ ਸਾਰੇ ਓਹੜ ਪੋਹੜ ਵਿਅਰਥ ਹੀ ਗਏ ਜਾਪਦੇ ਹਨ, ਕਿਉਂਕਿ ਮਨੁੱਖੀ ਖੁਰਾਕ ਦੀਆਂ ਕੀਮਤਾਂ ਤਾਂ ਦਿਨੋ ਦਿਨ ਲਗਾਤਾਰ ਵਧੀ ਜਾ ਰਹੀਆਂ ਹਨ। ਗਰੀਬ ਦੇਸ਼ਾਂ ਦੇ ਕਰੋੜਾਂ ਲੋਕਾਂ ਕੋਲੋਂ ਆਟਾ, ਦਾਲਾਂ, ਖੰਡ ਨੂੰ ਖਰੀਦਣ ਦੀ ਸ਼ਕਤੀ ਖਤਮ ਹੁੰਦੀ ਜਾਂਦੀ ਹੈ ਤੇ ਉਹ ਢਿੱਡ ਨੁੰ ਗੰਢ ਦੇਣ ਲਈ ਦਿਨੋਂ ਦਿਨ ਹੋਰ ਤੋ ਹੋਰ ਡਾਹਢੇ ਮਜ਼ਬੂਰ ਹੋਈ ਜਾਂਦੇ ਹਨ। ਗਰੀਬ ਲੋਕਾਂ ਦੀ ਤਾਂ ਹੁਣ ਸਾਰੀ ਦੀ ਸਾਰੀ ਕਮਾਈ ਹੀ ਆਟਾ, ਚੌਲ, ਦਾਲਾਂ ਫੱਕੀ ਜਾਂਦੇ ਹਨ, ਕਿਉਂਕਿ 2004 ਤੋਂ ਲੈ ਕੇ 2012 ਤੱਕ ਜਿਉਣ ਲਈ ਜ਼ਰੂਰੀ ਖਾਧ-ਪਦਾਰਥਾਂ ਦੇ ਭਾਅ ਦੋ ਸੌ ਤੋਂ ਲੈ ਕੇ ਚਾਰ ਸੌ ਪ੍ਰਤੀਸ਼ਤ ਵਧ ਗਏ ਹਨ । ਇਸ ਵਕਤ ਇਹ ਭੋਖੜੇ ਦਾ ਦੈਂਤ ਤੀਸਰੀ ਦੁਨੀਆਂ ਵਿੱਚ ਆਦਮ ਬੋ - ਆਦਮ ਬੋ ਕਰਦਾ ਫਿਰਦਾ ਹੈ। “ਫਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਦਿਨੇ ਫਿਰ ਖੜੀ” ਬਾਬੇ ਫਰੀਦ ਦਾ ਇਹ ਦੋਹਾ ਦੁਨੀਆਂ ਭਰ ਦੇ ਭੁੱਖਿਆਂ ਅਤੇ ਗਰੀਬਾਂ ਨੂੰ ਦੰਦੀਆਂ ਚਿੜਾ ਰਿਹਾ ਲਗਦਾ ਹੈ।
 

ਜੁਗਨੀ ਕਹਿੰਦੀ ਐ .....ਲੋਕੀਂ ਮਾਰਦੇ ਨਿਹੋਰਾ ਕਿ ਡੋਲੀ ਚੜ੍ਹਦੀ ਦੀ ਨਾ ਅੱਖ ਤੇਰੀ ਰੋਈ.......... ਲੇਖ / ਹਰਦੀਪ ਕੌਰ ਸੰਧੂ (ਡਾ.), ਆਸਟ੍ਰੇਲੀਆ

ਗੂੜ ਸਿਆਲਾਂ 'ਚ ਕਈ-ਕਈ ਦਿਨ ਪੈਂਦੀਆਂ ਧੁੰਦਾਂ ਨੇ ਸੂਰਜ ਨੂੰ ਆਵਦੀ ਬੁੱਕਲ 'ਚ ਲਪੇਟਿਆ ਹੋਣ ਕਰਕੇ ਚਾਰੇ ਪਾਸੇ ਚੁੱਪੀ ਜਿਹੀ ਵਰਤੀ ਹੋਈ ਸੀ । ਜੁਗਨੀ ਆਵਦੀ ਯਾਦਾਂ ਦੀ ਛੱਤੀ ਸਬਾਤ 'ਚ ਸਾਂਭੇ ਬੇਬੇ ਦੇ ਸੰਦੂਕ , ਚਰਖਾ ਤੇ ਮੰਜੇ -ਪੀੜ੍ਹੀਆਂ ਦੀ ਝਾੜ-ਪੂੰਝ ਕਰਨ ਲੱਗੀ ਹੋਈ ਸੀ ਕਿ ਐਨੇ ਨੂੰ ਕੁੰਡਾ ਖੜਕਿਆ । ਸੋਚਾਂ ਦੀ ਉਧੇੜ -ਬੁਣ 'ਚ ਜਦੋਂ ਕੁੰਡਾ ਖੋਲ੍ਹਿਆ ਤਾਂ ਸਾਹਮਣੇ ਬੇਬੇ ਖੜ੍ਹੀ ਸੀ । ਬੇਬੇ ਨੂੰ ਦੇਖਦਿਆਂ ਹੀ ਜੁਗਨੀ ਬੋਲੀ , " ਬੇਬੇ ਮੱਥਾ ਟੇਕਦੀ ਆਂ, ਲੰਘ ਆ , ਮੈਂ ਤਾਂ ਕਿੱਦਣ ਦੀ 'ਡੀਕਦੀ ਸੀ ਤੈਨੂੰ ...ਤੈਨੂੰ ਈ ਯਾਦ ਕਰੀ ਜਾਂਦੀ ਸੀ ਮੈਂ ਤਾਂ ਹੁਣ ।" ਬੇਬੇ ਨੇ ਅਗੋਂ ਅਸੀਸਾਂ ਦੀ ਝੜੀ ਲਾ ਦਿੱਤੀ , " ਜਿਉਂਦੀ ਵਸਦੀ ਰਹੁ , ਨੈਣ-ਪ੍ਰਾਣ ਨਰੋਏ ਰਹਿਣ, ਰੰਗੀ ਵਸੇਂ , ਧਰ-ਧਰ ਭੁੱਲੇਂ ਪੁੱਤ .........ਕਿੰਨੇ ਦਿਨ ਹੋਗੇ ਸੀ ਮਖਿਆ ਆਵਦੀ ਧੀ ਨੂੰ ਮਿਲ ਆਮਾ ।"

ਸਬਾਤ 'ਚ ਡਾਹੇ ਦਸੂਤੀ ਨਵਾਰ ਨਾਲ ਬੁਣੇ ਮੰਜੇ 'ਤੇ ਬੈਠਦਿਆਂ ਹੀ ਬੇਬੇ ਨੇ ਆਵਦੀ ਆਦਤ ਮੂਜਬ ਗੱਲਾਂ ਦੀ ਲੜੀ ਜੋੜਦਿਆਂ ਕਿਹਾ , " ਨੀ ਮੈਂ ਸਦਕੇ ਜਾਮਾ, ਅਜੇ ਤਾਈਂ ਸਾਂਭਿਆ ਵਿਆ ਮੇਰੇ ਮੰਜੇ -ਪੀੜ੍ਹੀਆਂ ਨੂੰ । ਪੁੱਤ ਜੇ ਚਾਹ ਧਰਨ ਲੱਗੀਂ ਐਂ ਤਾਂ ਐਂ ਕਰੀਂ.......ਗੁੜ ਆਲ਼ੀ ਈ ਧਰੀਂ, ਨਾਲ਼ੇ ਚਾਹ ਨੂੰ ਬਾਟੀ 'ਚ ਪਾ ਕੇ ਲਿਆਈਂ , ਆ ਥੋਡੀਆਂ ਕੱਪੀਆਂ ਜਿਹੀਆਂ 'ਚ ਮੈਥੋਂ ਨੀ ਪੀਤੀ ਜਾਂਦੀ।ਬੁੜਿਆਂ ਨੂੰ ਤਾਂ ਪੁੱਤ ਪਾਲ਼ਾ ਈ ਮਾਰ ਜਾਂਦੈ, ਹੱਡਾਂ ਨੂੰ ਚੀਰਦੀ ਆ ਠੰਢ।"