ਕਲਾਮ ਸ਼ਾਹ ਹੁਸੈਨ ਜੀ

ਕਲਾਮ ਸ਼ਾਹ ਹੁਸੈਨ ਜੀ

ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ।
ਜਿਨਾਂ ਪਾਕ ਨਿਗਾਹਾਂ ਹੋਈਆਂ
ਸੇ ਕਹੀ ਨਾ ਜਾਂਦੇ ਠੱਗੇ।
ਕਾਲ਼ੇ ਪਟ ਨਾ ਚੜ੍ਹੈ ਸਫੈਦੀ
ਕਾਗੁ ਨਾ ਥੀਂਦੇ ਬੱਗੇ।
ਸ਼ਾਹ ਹੁਸੈਨ ਸ਼ਹਾਦਤ ਪਾਇਨ
ਜੋ ਮਰਨ ਮਿੱਤਰਾਂ ਦੇ ਅੱਗੇ।


ਫ਼ਰੀਦਾ ਗਰੁਬ ਜਿਨਾਂ ਵਡਿਆਈਆਂ ਧਨਿ ਜੋਬਨਿ ਆਗਾਹ।।
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹ।।
--ਬਾਬਾ ਸ਼ੇਖ਼ ਫ਼ਰੀਦ ਜੀ




ਆਸਟ੍ਰੇਲੀਆ ਚ ਭਾਰਤੀ ਵਿਦਿਆਰਥੀਆਂ ਤੇ ਹੋ ਰਹੇ ਹਮਲੇ ਪਿਛਲਾ ਸੱਚ..........ਮਿੰਟੂ ਬਰਾੜ

ਪਿਛਲੇ ਕੁੱਝ ਦਿਨਾਂ ਤੋਂ ਜੋ ਕੁੱਝ ਵੀ ਆਸਟ੍ਰੇਲੀਆ ਵਿੱਚ ਵਾਪਰ ਰਿਹਾ ਹੈ ਪੂਰੀ ਦੁਨੀਆ ਉਸ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹੈ। ਅਜ ਦੇ ਇਸ ਗਲੋਬਲ ਵਰਲਡ ਵਿੱਚ ਕੋਈ ਚੀਜ ਕਿਸੇ ਤੋਂ ਛਿਪੀ ਨਹੀਂ ਕਿਤੇ ਵੀ ਕੋਈ ਦੁਖਾਂਤ ਵਾਪਰਦਾ ਹੈ ਤਾਂ ਮਿੰਟੋ-ਮਿੰਟੀ ਗਲ ਸਾਰੇ ਜਹਾਨ ਵਿੱਚ ਪੁੱਜ ਜਾਂਦੀ ਹੈ।ਭਾਵੇਂ ਅਜ ਦਾ ਮੀਡੀਆ ਇਸ ਲਈ ਸ਼ਾਬਾਸ਼ ਦਾ ਹੱਕਦਾਰ ਹੈ ਪਰ ਕਹਿੰਦੇ ਹਨ ਕੇ ਜੇ ਕਿਸੇ ਚੀਜ ਦਾ ਫ਼ਾਇਦਾ ਹੁੰਦਾ ਹੈ ਤਾਂ ਉਹ ਕਿਸੇ ਨਾ ਕਿਸੇ ਪੱਖੋਂ ਖ਼ਤਰਨਾਕ ਵੀ ਹੁੰਦਾ ਹੈ ਕਿਉਂਕਿ ਅਜ ਦੇ ਇਸ ਕੰਪੀਟੀਸ਼ਨ ਯੁੱਗ ਵਿੱਚ ਜੇ ਤੁਸੀ ਮਾਰਕੀਟ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਤਾਂ ਕੁੱਝ ਨਾ ਕੁੱਝ ਖ਼ਾਸ ਤੇ ਮਸਾਲੇਦਾਰ ਲੋਕਾਂ ਸਾਹਮਣੇ ਪਰੋਸਣਾ ਪੈਂਦਾ ਹੈ ਤੇ ਇੰਜ ਕਰਨ ਲਈ ਖ਼ਬਰ ਦੇ ਨਾਲ ਮਸਾਲੇ ਲਾਉਣੇ ਵੀ ਜਰੂਰੀ ਹੋ ਜਾਂਦੇ ਹਨ।ਸੋ ਇਸੇ ਲੀਹ ਤੇ ਤੁਰ ਰਿਹਾ ਸਾਡਾ ਮੀਡੀਆ ਬਿਨਾਂ ਲੰਬੀ ਸੋਚੇ ਤੇ ਬਿਨਾਂ ਕਿਸੇ ਖ਼ਬਰ ਦੀ ਤਹਿ ਤਕ ਜਾ ਕੇ ਬੱਸ ਇਹ ਜਤਾਉਣ ਲਈ ਕਿ ਅਸੀਂ ਹੀ ਸਭ ਤੋਂ ਪਹਿਲਾ ਇਹ ਖ਼ਬਰ ਦਿਖਾਈ ਅਤੇ ਇਸ ਦਾ ਕਰੈਡਿਟ ਲੈਣ ਲਈ ਆਪਣੀਆਂ ਜ਼ਿੰਮੇਵਾਰੀਆਂ ਕਿਲ੍ਹੇ ਤੇ ਟੰਗ ਦਿੰਦਾ ਹਨ।

ਭਾਵੇਂ ਦੁਨੀਆ ਭਰ ਵਿੱਚ ਇਹਨਾਂ ਹਮਲਿਆਂ ਦੀ ਨਿਖੇਧੀ ਹੋ ਰਹੀ ਹੈ ਤੇ ਡਿਪਲੋਮੈਟਿਕ ਪੱਧਰ ਤੇ ਵੀ ਗੱਲਬਾਤ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ, ਮਸਲਾ ਬਹੁਤ ਗੰਭੀਰ ਹੈ।ਪਰ ਕਿਸੇ ਨੇ ਇਹ ਜਾਣਨ ਦੀ ਕੋਸ਼ਸ਼ ਨਹੀਂ ਕੀਤੀ ਕਿ ਇੰਜ ਹੋਣਾ ਕਿਉਂ ਸ਼ੁਰੂ ਹੋਇਆ?ਆਸਟ੍ਰੇਲੀਆ ਚ ਪਿਛਲੀ ਇਕ ਸਦੀ ਤੋਂ ਵੀ ਜਿਆਦਾ ਸਮੇਂ ਤੋਂ ਵਸਦੇ ਹਿੰਦੁਸਤਾਨੀਆਂ ਨਾਲ ਪਹਿਲਾ ਤਾਂ ਕਦੇ ਇਹੋ ਜਿਹਾ ਨਹੀਂ ਹੋਇਆ ਸੀ?ਇਸ ਦੇ ਪਿੱਛੇ ਅਸਲੀ ਦੋਸ਼ੀ ਕੋਣ ਹਨ?ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਕਿ ਕਦੇ ਅਸੀਂ ਆਪਣੇ ਉੱਤੇ ਝਾਤ ਵੀ ਮਾਰੀ ਕੇ ਨਹੀਂ?ਬਹੁਤ ਸਾਰੇ ਸਵਾਲ ਹਨ ਇਸ ਦੁਖਾਂਤ ਦੇ ਪਿੱਛੇ ਤੇ ਅਜ ਲੋੜ ਹੈ ਸਾਨੂੰ ਆਪਣਾ ਆਪ ਪੜਤਾਲਣ ਦੀ ਤਾਂ ਕੇ ਅੱਗੇ ਤੋਂ ਇਹੋ ਜਿਹਾ ਦੁਖਾਂਤ ਨਾ ਵਾਪਰੇ,ਨਾ ਕਿ ਐਵਂੇ ਜੋਸ਼ ਚ ਆ ਕੇ ਮਾਹੌਲ ਖ਼ਰਾਬ ਕਰਨਾ ਚਾਹੀਦਾ ਹੈ।ਸਭ ਤੋਂ ਖ਼ਾਸ ਗਲ ਇਥੇ ਇਹ ਹੈ ਕੇ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਉਦੋਂ ਸ਼ਰਾਰਤੀ ਅਨਸਰ ਤਾਂ ਬਚ ਨਿਕਲਦੇ ਹਨ ਤੇ ਸ਼ਰੀਫ਼ ਉਪਕਾਰ ਸਿੰਘ ਤੇ ਸਰਵਣ ਕੁਮਾਰ ਜਿਹੇ ਇਸ ਦੀ ਬਲੀ ਚੜ੍ਹ ਜਾਂਦੇ ਹਨ।ਇਥੇ ਇਹ ਵੀ ਜਿਕਰ ਯੋਗ ਹੈ ਹੁਣ ਤਕ ਦੇ ਸਾਰੇ ਪੀੜਤ ਕਰੇ ਕੋਈ ਤੇ ਭਰੇ ਕੋਈ ਦੇ ਸ਼ਿਕਾਰ ਹੋਏ ਹਨ।

ਆਂਕੜੇ ਦੱਸਦੇ ਹਨ ਕੇ ਇਸ ਵਕਤ ਸਾਰੇ ਆਸਟ੍ਰੇਲੀਆ ਵਿੱਚ ਨੱਬੇ ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਉਚੇਰੀ ਵਿੱਦਿਆ ਅਤੇ ਸੁਨਹਿਰੀ ਭਵਿੱਖ ਲਈ ਬੜੇ ਜੋਰ ਸ਼ੋਰ ਨਾਲ ਮਿਹਨਤ ਕਰ ਰਹੇ ਹਨ।ਇਕ ਬਹੁਤ ਹੀ ਘੱਟ ਆਬਾਦੀ ਵਾਲੇ ਮੁਲਕ ਚ ਇਹ ਹਾਜ਼ਰੀ ਆਪਣੇ ਆਪ ਨੂੰ ਦਰਸੋਂਦੀ ਹੈ।ਜ਼ਿਆਦਾਤਰ ਵਿਦਿਆਰਥੀਆਂ ਦਾ ਮਕਸਦ ਇਥੇ ਇਕੱਲਾ ਪੜ੍ਹਨ ਆਉਣਾ ਨਹੀਂ ਬਲਕਿ ਪੱਕੇ ਤੋਰ ਤੇ ਰਹਿਣਾ ਹੀ ਹੈ।ਹੁਣ ਤਕ ਉਹ ਆਪਣੀ ਮਿਹਨਤ ਨਾਲ ਸਫ਼ਲ ਵੀ ਹੋ ਰਹੇ ਸਨ।ਪਰ ਪਿਛਲੇ ਕੁੱਝ ਸਮੇਂ ਤੇ ਵੀਜ਼ਾ ਸੌਖਾ ਮਿਲਣ ਕਰਕੇ ਪੰਜ-ਸਤ ਪ੍ਰਤੀਸ਼ਤ ਇਹੋ ਜਿਹੇ ਲੋਕ ਇਥੇ ਆਉਣ ਚ ਕਾਮਯਾਬ ਹੋ ਗਏ ਜਿਨ੍ਹਾਂ ਬਾਕੀ ਦੇ 95 ਪ੍ਰਤੀਸ਼ਤ ਲੋਕਾਂ ਦੇ ਮੂੰਹ ਤੇ ਕਾਲਖ ਮੱਲ ਦਿੱਤੀ ਹੈ।ਗ਼ਲਤੀ ਇਕ ਕਰਦਾ ਹੈ ਤੇ ਨਤੀਜੇ ਸਭ ਨੂੰ ਭੁਗਤਣੇ ਪੈਂਦੇ ਹਨ।ਹਰ ਵਿਦਿਆਰਥੀ ਨੂੰ ਇਥੇ ਆ ਕੇ ਦੁਨੀਆਦਾਰੀ ਦਾ ਪਤਾ ਚਲਦਾ ਕੇ ਬਾਪ ਦੀ ਕਮਾਈ ਤੇ ਆਪ ਦੀ ਕਮਾਈ ਚ ਕੀ ਫ਼ਰਕ ਹੁੰਦਾ ਹੈ।ਮੇਰੇ ਅੱਖੀਂ ਦੇਖਣ ਦੀ ਗਲ ਹੈ ਨਾ ਕੇ ਉਂਜ ਹੀ ਸੁਣੀ ਸੁਣਾਈ ਕਿ ਮੈਂ ਉਹ ਲੋਕ ਵੀ ਇਥੇ ਬਹੁਤ ਮਿਹਨਤ ਕਰਦੇ ਦੇਖੇ ਹਨ ਜਿਨ੍ਹਾਂ ਕਦੇ ਇੰਡੀਆ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਪੀਤਾ ਹੁੰਦਾ।ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕੇ ਕੁੱਝ ਲੋਕਾਂ ਨੂੰ ਇਹ ਸ਼ਾਂਤੀ ਭਰੀ ਜ਼ਿੰਦਗੀ ਤੇ ਇੰਜ ਮਿਹਨਤ ਕਰਨ ਦੀ ਗਲ ਭਾਉਂਦੀ ਨਹੀਂ ਉਹ ਅਜਿਹਾ ਮਾਹੌਲ ਇਥੇ ਚਾਹੁੰਦੇ ਹਨ ਜਿਸ ਵਿੱਚ ਅਸ਼ਾਂਤੀ ਹੋਵੇ।

ਮੈਂ ਕੁੱਝ ਇਹੋ ਜਿਹੀਆਂ ਘਟਨਾਵਾਂ ਆਪ ਦੇ ਸਾਹਮਣੇ ਲਿਆਉਣਾ ਚਾਹੁੰਦਾ ਹਾ ਕਿ ਕਿਉਂ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ।ਦੰਦ ਕਥਾਵਾਂ ਤਾਂ ਬਹੁਤ ਹਨ ਪਰ ਮੈਂ ਆਪਣਾ ਅਖ਼ਲਾਕੀ ਫਰਜ਼ ਸਮਝਦਾ ਹੋਇਆ ਇਥੇ ਬਸ ਉਹ ਹੀ ਬਿਆਨ ਕਰਾਂਗਾ ਜੋ ਮੈਂ ਅੱਖੀਂ ਦੇਖੀਆਂ ਹਨ।ਸੁਣੀ ਸੁਣਾਈ ਗਲ ਚ ਤਾਂ ਇਕ ਮੂੰਹ ਤੋਂ ਦੂਜੇ ਮੂੰਹ ਤਕ ਜਾਂਦੇ ਫ਼ਰਕ ਆ ਹੀ ਜਾਂਦਾ ਸੋ ਕੁੱਝ ਹੱਡ ਬੀਤਿਆ ਵਿੱਚੋਂ ਸਭ ਤੋਂ ਪਹਿਲਾਂ ਮੈਂ ਇਸ ਸਾਲ ਨਵੇਂ ਸਾਲ ਦਾ ਦ੍ਰਿਸ਼ ਤੁਹਾਨੂੰ ਦਿਖਾਉਣ ਦੀ ਕੋਸ਼ਸ਼ ਕਰਦਾ ਹਾਂ।

ਜਿਵੇਂ ਕਿ ਸਾਰੀ ਦੁਨੀਆ ਨੂੰ ਪਤਾ ਹੀ ਹੈ ਕੇ ਸਿਡਨੀ ਦਾ ਨਵਾਂ ਸਾਲ ਆਪਣੇ ਆਪ ਚ ਦੇਖਣ ਵਾਲਾ ਹੁੰਦਾ ਹੈ।ਇਸ ਨੂੰ ਮੌਕੇ ਤੇ ਦੇਖਣ ਲਈ ਹਰ ਸਾਲ ਇਕ ਮਿਲੀਅਨ ਲੋਕ ਦੂਰੋਂ-ਨੇੜੇ ਤੋਂ ਪਹੁੰਚਦੇ ਹਨ ਤੇ ਇਸ ਬਾਰ ਇਹ ਗਿਣਤੀ ਕੁੱਝ ਇਸ ਤੋਂ ਵੀ ਜਿਆਦਾ ਸੀ।ਮੇਰੇ ਮਨ ਚ ਬੜੇ ਚਿਰ ਤੋਂ ਇਸ ਨੂੰ ਨੇੜੇ ਤੋਂ ਦੇਖਣ ਦੀ ਲਾਲਸਾ ਸੀ ਸੋ ਇਸ ਬਾਰ ਮੈਂ ਵੀ ਕਿਵੇਂ ਨਾ ਕਿਵੇਂ ਸਿਡਨੀ ਜਾ ਪਹੁੰਚਿਆ।ਉੱਥੇ ਦੋ ਦਿਨ ਪਹਿਲਾਂ ਹੀ ਜਦੋਂ ਮੈਂ ਹਾਰਬਰ ਬ੍ਰਿਜ ਤੇ ਗਿਆ ਤਾਂ ਪ੍ਰਸ਼ਾਸਨ ਦੇ ਇੰਤਜ਼ਾਮ ਦੇਖ ਕੇ ਹੈਰਾਨ ਰਹਿ ਗਿਆ ਕਿ ਕਿਵੇਂ ਉਹਨਾਂ ਇਕ ਥੋੜ੍ਹੇ ਜਿਹੇ ਥਾਂ ਤੇ ਬਾਰਾਂ-ਤੇਰਾਂ ਲੱਖ ਇਨਸਾਨਾਂ ਨੂੰ ਬੜੇ ਸਲੀਕੇ ਨਾਲ ਸਾਂਭਣ ਦਾ ਇੰਤਜ਼ਾਮ ਕੀਤਾ ਹੋਇਆ ਸੀ।ਸਾਲ ਦੇ ਆਖਰੀ ਦਿਨ ਲੋਕਾਂ ਨੇ ਸਵੇਰੇ ਤੋਂ ਹੀ ਆਪਣੇ ਥਾਂ ਮਲਣੇ ਸ਼ੁਰੂ ਕਰ ਦਿੱਤੇ ਸੀ ਭਾਵੇਂ ਆਤਿਸ਼ਬਾਜ਼ੀ ਰਾਤ ਦੇ ਬਾਰਾਂ ਵਜੇ ਹੋਣੀ ਸੀ ਪਰ ਸ਼ਾਮ ਦੇ ਚਾਰ ਵੱਜਦੇ-ਵੱਜਦੇ ਇਸ ਸਾਰੇ ਏਰੀਏ ਵਿੱਚ ਕਿਤੇ ਤਿਲ ਧਰਨ ਨੂੰ ਥਾਂ ਨਹੀਂ ਸੀ ਬੱਸ ਇਕ ਐਮਰਜੈਂਸੀ ਵਰਤੋਂ ਲਈ ਛੋਟਾ ਜਿਹਾ ਰਾਹ ਰੱਖਿਆ ਹੋਇਆ ਸੀ।ਸਭ ਲੋਕੀ ਇਹ ਨਜ਼ਾਰਾ ਦੇਖਣ ਲਈ ਸ਼ਾਂਤੀ ਨਾਲ ਖੜ੍ਹੇ ਸਨ ਕਿਉਂਕਿ ਭੀੜ ਹੀ ਇੰਨੀ ਸੀ ਕਿ ਕੋਈ ਚਾਹੁੰਦਾ ਹੋਇਆ ਵੀ ਕਿਤੇ ਆ ਜਾ ਨਹੀਂ ਸੀ ਸਕਦਾ।ਪਰ ਜੇ ਕੋਈ ਚੀਜ ਪ੍ਰਭਾਵਿਤ ਕਰ ਰਹੀ ਸੀ ਤਾਂ ਉਹ ਸੀ ਸ਼ਾਂਤੀ ਇੰਨਾ ਇਕੱਠ ਹੋਣ ਦੇ ਬਾਵਜੂਦ ਕਿਤੇ ਕੋਈ ਰੌਲਾ ਨਹੀਂ ਸੀ ਪੈ ਰਿਹਾ।ਇਸ ਇਕੱਠ ਵਿੱਚ ਮੇਰੇ ਹਮ-ਵਤਨਾਂ ਦੀ ਗਿਣਤੀ ਵੀ ਘੱਟੋ ਘੱਟ ਹਜ਼ਾਰਾਂ ਚ ਹੋਵੇਗੀ।ਪਰ ਮੇਰੀ ਹੈਰਾਨੀ ਦੀ ਉਦੋਂ ਹੱਦ ਹੋ ਗਈ ਜਦੋਂ ਮੈਨੂੰ ਇਕ ਪਾਸੇ ਤੋਂ ਉਚੀ ਆਵਾਜ਼ਾਂ ਸੁਣਨ ਲੱਗੀਆਂ ਮੇਰੇ ਵਾਂਗ ਸਭ ਦਾ ਧਿਆਨ ਉਸ ਪਾਸੇ ਗਿਆ ਤਾਂ ਦੇਖਿਆ ਤੀਹ-ਚਾਲੀ ਕੁ ਮੇਰੇ ਹਮ-ਵਤਨੀ ਇਕੱਠ ਵਿੱਚ ਦੀ ਧੱਕੇ ਮਾਰਦੇ ਹੋਏ ਤੇ ਜੈਕਾਰੇ ਲਾਉਂਦੇ ਹੋਏ ਅੱਗੇ ਵੱਧ ਰਹੇ ਸੀ।ਇਹ ਮਾਜਰਾ ਦੇਖ ਕੇ ਸਾਰੇ ਹੈਰਾਨ ਸਨ ਤੇ ਮੇਰੇ ਜਿਹੇ ਹਿੰਦੁਸਤਾਨੀ ਸ਼ਰਮਸਾਰ ਸਨ। ਜਿਨ੍ਹਾਂ ਹਜ਼ਾਰਾ ਦਾ ਸਿਰ ਕੁੱਝ ਸਿਰ-ਫਿਰੇ ਲੋਕਾਂ ਨੇ ਆਪਣਿਆ ਅਸਭਿਅਕ ਹਰਕਤਾਂ ਨਾਲ ਝੁਕਾਅ ਦਿਤਾ ਸੀ।ਇਹ ਗਰੁੱਪ ਤਾਂ ਹਾਲੇ ਪਰਕਰਮਾ ਕਰ ਹੀ ਰਿਹਾ ਸੀ ਕੇ ਇੰਨੇ ਨੂੰ ਇਕ ਹੋਰ ਟੋਲਾ ਗਲਾਂ ਚ ਢੋਲਕੀਆਂ ਪਾ ਕੇ ਭੀੜ ਨੂੰ ਚੀਰਦਾ ਹੋਇਆ ਹਰੇ ਰਾਮਾ ਹਰੇ ਕ੍ਰਿਸਨਾ ਦੇ ਰਾਗ ਗਾਉਂਦਾ ਆ ਰਿਹਾ ਸੀ ਤੇ ਇਹ ਮਾਜਰਾ ਰਾਤ ਦੇ ਬਾਰਾਂ ਵਜੇ ਤਕ ਨਿਰਵਿਘਨ ਚਲਦਾ ਰਿਹਾ ਤੇ ਜੋ ਲੋਕ ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਮੋਟੇ ਡਾਲਰ ਖ਼ਰਚ ਕੇ ਆਏ ਸਨ ਉਹ ਪਛਤਾ ਰਹੇ ਸਨ ਕਿ ਕਿਉਂ ਨਾ ਟੀ.ਵੀ. ਮੂਹਰੇ ਬੈਠ ਕੇ ਇਹ ਦੇਖ ਲਿਆ? ਲੋਕਾਂ ਨੂੰ ਇੰਜ ਕਹਿੰਦੇ ਆਮ ਹੀ ਸੁਣਿਆ ਗਿਆ ਕੇ ਇਸ ਤੋ ਪਹਿਲਾਂ ਤਾਂ ਕਦੇ ਇੰਜ ਹੁੰਦਾ ਨਹੀਂ ਸੀ ਦੇਖਿਆ।ਇਥੇ ਇਹ ਜਿਕਰ ਯੋਗ ਹੈ ਕਿ ਆਸਟ੍ਰੇਲੀਆ ਚ ਇਕੱਲੇ ਇੰਡੀਅਨ ਹੀ ਨਹੀਂ ਆ ਰਹੇ ਇਥੇ ਤਕਰੀਬਨ ਸੋ ਮੁਲਕਾਂ ਤੋਂ ਲੋਕ ਆ ਰਹੇ ਹਨ ਪਰ ਇਹੋ ਜਿਹੀ ਹਰਕਤ ਕਿਸੇ ਹੋਰ ਮੁਲਕ ਦੇ ਲੋਕਾਂ ਨਹੀਂ ਕੀਤੀ।ਆਪਣੇ ਮੁਲਕ ਦੀ ਇਹ ਇੱਜ਼ਤ ਹਜ਼ਾਰਾਂ ਵਿੱਚੋਂ ਸਿਰਫ਼ ਇਹ ਦੋ ਟੋਲੀਆਂ ਨੇ ਹੀ ਬਣਾਈ ਪਰ ਬਲੱਡੀ ਇੰਡੀਅਨ ਸਾਰਿਆ ਨੂੰ ਕਹਾਉਣਾ ਪਿਆ।

ਪਰ ਇਹ ਐਪੀਸੋਡ ਇਥੇ ਹੀ ਖ਼ਤਮ ਨਹੀਂ ਹੋ ਗਿਆ।ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਮੁਫ਼ਤ ਵਿੱਚ ਪਬਲਿਕ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਜਦੋਂ ਅੱਧੀ ਰਾਤ ਨੂੰ ਇਹ ਪ੍ਰੋਗਰਾਮ ਖ਼ਤਮ ਹੋਇਆ ਤਾਂ ਮੈਂ ਵੀ ਇਕ ਟ੍ਰੇਨ ਰਾਹੀ ਆਪਣੀ ਮੰਜ਼ਿਲ ਵੱਲ ਨੂੰ ਜਾ ਰਿਹਾ ਸੀ ਤਾਂ ਉਹੀ ਹਾਲਤ ਇੱਥੇ ਸਨ ਕੁੱਝ ਇੱਕ ਮੁੰਡੇ ਆਪਣੇ ਮੋਬਾਈਲ ਤੇ ਉਚੀ ਆਵਾਜ਼ ਚ ਗਾਣੇ ਲਾ ਕੇ ਟ੍ਰੇਨ ਵਿੱਚ ਭੜਥੂ ਪਾ ਰਹੇ ਸਨ ਇੰਨੇ ਨੂੰ ਕੁੱਝ ਸ਼ਰਾਬੀ ਗੋਰਿਆ ਤੇ ਗੋਰੀਆਂ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਕਿਉਂ ਕਿ ਇਥੋਂ ਦੇ ਕਲਚਰ ਮੁਤਾਬਿਕ ਇਹ ਲੋਕ ਨਾ ਕਿਸੇ ਨੂੰ ਕੁੱਝ ਕਹਿੰਦੇ ਹਨ ਤੇ ਨਾ ਸੁਣਦੇ ਹਨ ਤੇ ਖ਼ਾਸ ਕਰ ਕੇ ਗੋਰੇ ਨੌਜਵਾਨ ਆਪਣੀ ਗਰਲ ਫ੍ਰੈਂਡ ਦੇ ਮਾਮਲੇ ਚ ਕੁੱਝ ਵੀ ਬਰਦਾਸ਼ਤ ਨਹੀਂ ਕਰਦੇ ਤੇ ਇਥੇ ਇਕ ਕਹਾਵਤ ਵੀ ਹੈ ਕੇ ਗੋਰਿਆ ਦੀ ਮਾਂ ਭੈਣ ਨੂੰ ਭਾਵੇਂ ਕੁੱਝ ਕਹਿ ਦਿਓ ਪਰ ਉਹ ਆਪਣੀ ਗਰਲ ਫ੍ਰੈਂਡ ਨੂੰ ਕਿਹਾ ਕੁੱਝ ਵੀ ਬਰਦਾਸ਼ਤ ਨਹੀਂ ਕਰਦੇ।ਬੱਸ ਇਸੇ ਕਰਕੇ ਗਲ ਹਥੋ ਪਾਈ ਤਕ ਪਹੁੰਚ ਗਈ ਤੇ ਉਹ ਤਾਂ ਸ਼ੂਕਰ ਹੈ ਕਿ ਗੋਰਿਆਂ ਦਾ ਸਟੇਸ਼ਨ ਆ ਗਿਆ ਤੇ ਉਹ ਉੱਤਰ ਗਏ ਪਰ ਉਸ ਤੋਂ ਬਾਅਦ ਸਾਡੇ ਹਿੰਦੁਸਤਾਨੀ ਭਰਾਵਾਂ ਨੇ ਇਸ ਤਰ੍ਹਾਂ ਜਿੱਤ ਦੀ ਖ਼ੁਸ਼ੀ ਮਨਾਈ ਸ਼ਾਇਦ ਇੰਨੀ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਵੇਲੇ ਨਾ ਮਨਾਈ ਹੋਵੇ।

ਦੂਜਾ ਹਾਦਸਾ ਜੋ ਮੇਰੇ ਸਾਹਮਣੇ ਵਾਪਰਿਆ ਉਹ ਇਹ ਸੀ 2008 ਦੇ ਕ੍ਰਿਸਮਿਸ ਵਾਲੇ ਦਿਨ ਮੈਂ ਆਸਟ੍ਰੇਲੀਆ ਦਰਸ਼ਨ ਤੇ ਐਡੀਲੇਡ ਤੋਂ ਨਿਕਲਿਆ ਸੀ ਤਾਂ ਮਨ ਵਿੱਚ ਇਹ ਸੀ ਕੇ ਸਾਰੇ ਸਫ਼ਰ ਨੂੰ ਕਲਮ-ਬੰਧ ਕਰਕੇ ਪਾਠਕਾਂ ਨਾਲ ਸਾਂਝਾ ਕਰਾਂਗਾ ਪਰ ਇਸ ਟੂਰ ਦੀਆਂ ਮਿੱਠੀਆਂ ਯਾਦਾਂ ਤਾ ਕਿਸੇ ਕਾਰਨ ਪਾਠਕਾਂ ਦੇ ਨਾਲ ਹਾਲੇ ਸਾਂਝੀਆ ਨਹੀਂ ਕਰ ਸਕਿਆ ਸੀ ਪਰ ਇਸ ਦੌਰਾਨ ਹੋਏ ਆਪਣੇ ਕੋੜੇ ਅਨੁਭਵ ਅਜ ਜਰੂਰ ਤੁਹਾਡੇ ਨਾਲ ਮਜਬੂਰੀ ਵਸ ਸਾਂਝੇ ਕਰਨੇ ਪੈ ਰਹੇ ਹਨ।
ਚਲੋ ਜੋ ਵੀ ਹੈ ਅਜ ਸਮੇਂ ਦੀ ਨਜ਼ਾਕਤ ਨੂੰ ਦੇਖਦਿਆ ਆਪਣੀਆਂ ਕਮੀਆ ਦੀ ਪੜਤਾਲ ਕਰਨੀ ਜਰੂਰੀ ਹੋ ਗਈ ਸੀ।ਹੋਇਆ ਇੰਜ ਕੇ ਮੈਂ ਬ੍ਰਿਸਬੇਨ ਇਕ ਬੱਸ ਸਟਾਪ ਤੇ ਬੱਸ ਦੀ ਉਡੀਕ ਕਰ ਰਿਹਾ ਸੀ ਦਸ ਕੁ ਬੰਦੇ ਬੁੜ੍ਹੀਆਂ ਦੀ ਲਾਈਨ ਲੱਗੀ ਹੋਈ ਸੀ ਤੇ ਕੁੱਝ ਮੇਰੇ ਹਮ ਵਤਨੀ ਕੋਲ ਹੀ ਖੜੇ ਆਪਣੇ ਸੁਭਾਅ ਮੁਤਾਬਿਕ ਉਚੀ-ਉਚੀ ਰੌਲਾ ਪਾ ਰਹੇ ਸਨ ਤਾਂ ਇੰਨੇ ਨੂੰ ਬੱਸ ਆ ਗਈ ਬੱਸ ਰੁਕਣ ਦੀ ਦੇਰ ਸੀ ਕੇ ਉਹਨਾਂ ਵਿੱਚੋਂ ਇੱਕ ਛੇਤੀ ਦੇਣੇ ਲਾਈਨ ਦੀ ਪਰਵਾਹ ਕਰੇ ਬਿਨਾਂ ਬਸ ਅੰਦਰ ਚੜ੍ਹ ਗਿਆ ਸਾਰਿਆ ਨੇ ਉਸ ਨੂੰ ਇੰਜ ਕਰਦੇ ਦੇਖ ਕੇ ਹੈਰਾਨੀ ਜਿਹੀ ਪ੍ਰਗਟਾਈ ਪਰ ਕੋਈ ਕੁੱਝ ਨਾ ਬੋਲਿਆ ਪਰ ਉਹ ਮਹਾਸ਼ਾ ਇੰਨੇ ਨਾਲ ਸਵਰ ਕਰਨ ਵਾਲੇ ਕਿੱਥੇ ਸਨ ਤੇ ਕਰ ਲਿਆ ਆਪਣਾ ਮੋਬਾਈਲ ਆਨ ਤੇ ਲਗ ਪਏ ਉਚੀ ਆਵਾਜ਼ ਚ ਗੱਲਾਂ ਕਰਨ ਉਸੇ ਬਸ ਵਿੱਚ ਮੇਰੇ ਤੋਂ ਬਿਨਾਂ ਚਾਰ ਕੁ ਇੰਡੀਅਨ ਹੋਰ ਸਨ।ਪਰ ਇਸ ਨੌਜਵਾਨ ਨੂੰ ਇੰਨਾ ਗੱਲਾਂ ਦਾ ਕੋਈ ਫ਼ਰਕ ਨਹੀਂ ਸੀ। ਉਹ ਆਪਣੇ ਸਾਥੀ ਨੂੰ ਬਸ ਦਾ ਅੱਖੀਂ ਦੇਖਿਆ ਹਾਲ ਸੁਣਾ ਰਿਹਾ ਸੀ।ਉਸ ਨੇ ਪਹਿਲਾ ਤਾਂ ਕਿਹਾ ਕੇ ਸਾਰੀ ਬਸ ਵਾਲੇ ਮੇਰੇ ਵੱਲ ਇੰਜ ਦੇਖ ਰਹੇ ਹਨ ਜਿਵੇਂ ਮੈਂ ਇੰਨਾ ਦੀ ਕੁੜੀ ਛੇੜ ਦਿੱਤੀ ਹੋਵੇ ਤੇ ਉਸ ਤੋਂ ਬਾਅਦ ਤਾਂ ਹੱਦ ਹੀ ਹੋ ਗਈ ਜਦੋਂ ਉਸ ਨੇ ਸਾਹਮਣੇ ਬੈਠੀਆਂ ਦੋ ਗੋਰੀਆਂ ਤੇ ਕਮੈਂਟਰੀ ਕਰਨੀ ਸ਼ੁਰੂ ਕਰ ਦਿੱਤੀ।ਭਾਵੇਂ ਕੋਈ ਤੁਹਾਡੀ ਭਾਸ਼ਾ ਨਹੀਂ ਸਮਝ ਰਿਹਾ ਹੋਵੇ ਪਰ ਰੱਬ ਨੇ ਸਭ ਨੂੰ ਹਾਵ-ਭਾਵ ਸਮਝਣ ਦੀ ਸਮਝ ਦਿੱਤੀ ਹੈ।ਸੋ ਸਾਰੀ ਬਸ ਨਾ ਸਮਝਦੇ ਹੋਏ ਵੀ ਸਭ ਸਮਝ ਰਹੀ ਸੀ ਕੇ ਕੀ ਹੋ ਰਿਹਾ ਹੈ।ਜਦੋਂ ਜਨਾਬ ਹੋਰੀਂ ਹੱਦਾਂ ਬੰਨੇ ਹੀ ਟੱਪ ਗਏ ਤਾਂ ਪਿਛੇ ਬੈਠੀ ਇਕ ਪੰਜਾਬਣ ਕੁੜੀ ਨੇ ਜੇਰਾ ਕਰ ਕੇ ਉਸ ਨੂੰ ਸਮਝਾਉਣਾ ਚਾਹਿਆ ਪਰ ਉਹ ਤਾਂ ਇੰਝ ਭੂਤਰ ਗਿਆ ਜਿਵੇਂ ਕਿਸੇ ਉਸ ਦੇ ਰਾਜ-ਕਾਜ ਚ ਵਿਘਨ ਪਾ ਦਿਤਾ ਹੋਵੇ ਤੇ ਲਗ ਪਿਆ ਉਸ ਕੁੜੀ ਨੂੰ ਬੁਰਾ ਭਲਾ ਕਹਿਣ, ਕਿਹਾ ਤਾਂ ਉਸ ਨੇ ਇਹੋ ਜਿਹਾ ਜਿਸ ਨੂੰ ਅਜ ਮੇਰੀ ਕਲਮ ਲਿਖਣ ਲੱਗਿਆ ਵੀ ਸ਼ਰਮ ਮਹਿਸੂਸ ਕਰ ਰਹੀ ਹੈ ਪਰ ਜੋ ਇਕ ਖ਼ਾਸ ਇਲਜ਼ਾਮ ਉਸ ਨੇ ਇਸ ਹਿੰਮਤ ਵਾਲੀ ਤੇ ਸ਼ਰੀਫ਼ ਕੁੜੀ ਤੇ ਲਾਇਆ ਉਹ ਇਹ ਸੀ ਕੇ ਤੁਹਾਨੂੰ ਹੁਣ ਗੋਰੇ ਹੀ ਚੰਗੇ ਲਗਦੇ ਆ ਪੰਜਾਬੀ ਮੁੰਡੇ ਨਹੀਂ।ਉਸ ਦੀਆਂ ਇਹਨਾਂ ਗੱਲਾਂ ਤੋਂ ਤੰਗ ਹੋ ਕੇ ਅਸੀਂ ਅੱਗੇ ਆਏ ਹੀ ਸੀ ਕੇ ਗੋਰੇ ਵੀ ਸਮਝ ਗਏ ਕਿ ਮਸਲਾ ਕੀ ਹੈ।ਸੋ ਸਾਨੂੰ ਤਾਂ ਕੋਈ ਖੇਚਲ ਨਹੀਂ ਕਰਨੀ ਪਈ ਕੁੱਝ ਗੋਰਿਆਂ ਹੀ ਉਸ ਦੀ ਮੁਰੰਮਤ ਕਰ ਦਿੱਤੀ ਤੇ ਅਸੀਂ ਆਪਣੇ ਸਾਹਮਣੇ ਆਪਣੇ ਹਿੰਦੁਸਤਾਨੀ ਭਰਾ ਤੇ ਛਿੱਤਰ ਵਰ੍ਹਦੇ ਦੇਖ ਰਹੇ ਸੀ ਤੇ ਅਖੀਰ ਉਸੇ ਕੁੜੀ ਨੇ ਫੇਰ ਹਿੰਮਤ ਕਰਕੇ ਉਸ ਨੂੰ ਗੋਰਿਆਂ ਤੋਂ ਛਡਵਾਇਆ ਤੇ ਜਨਾਬ ਹੋਰੀਂ ਬਸ ਚੋ ਉੱਤਰ ਦੇ ਉਚੀ-ਉਚੀ ਗਾਲ਼ਾਂ ਕੱਢ ਕੇ ਆਪਣੀ ਹੋਈ ਮੁਰੰਮਤ ਨੂੰ ਝਾੜ ਰਹੇ ਸਨ ਤੇ “ਫੇਰ ਦੇਖੁਗਾ ਤੁਹਾਨੂੰ ਤਾਂ” ਦੀਆਂ ਗਿੱਦੜ ਭਬਕੀਆਂ ਦੇ ਰਹੇ ਸਨ।

ਲਉ ਜੀ ਹੁਣ ਤੁਸੀ ਹੀ ਮੈਨੂੰ ਦੱਸੋ ਕੇ ਇਕੱਲੇ ਬ੍ਰਿਸਬੇਨ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਸਟੂਡੈਂਟ ਰਹਿੰਦੇ ਹਨ ਤੇ ਤਕਰੀਬਨ 95 ਪ੍ਰਤੀਸ਼ਤ ਨੂੰ ਆਪਣੇ ਭਵਿੱਖ ਦੀ ਸੋਚ ਹੈ।ਪਰ ਇਹੋ ਜਿਹੇ ਮੁੱਠੀ ਭਰ ਬੰਦਿਆ ਨੇ ਸਾਰੇ ਦੇ ਸਾਰੇ ਇੰਡੀਅਨ ਭਾਈਚਾਰੇ ਨੂੰ ਬਦਨਾਮ ਕਰ ਕੇ ਰੱਖ ਦਿਤਾ ਹੈ।ਹਾਲੇ ਤਾਂ ਇਹ ਬਹੁਤ ਛੋਟਿਆ ਜੇਹੀਆ ਘਟਨਾਵਾਂ ਹਨ ਜੋ ਮੈਂ ਬਿਆਨ ਕਰ ਰਿਹਾ ਹਾਂ ਕਿਉਂਕਿ ਮੈਂ ਸ਼ੁਰੂ ਵਿੱਚ ਹੀ ਕਿਹਾ ਕੇ ਮੈਂ ਇਥੇ ਉਹ ਹੀ ਬਿਆਨ ਕਰਾਂਗਾ ਜੋ ਮੈਂ ਖ਼ੁਦ ਦੇਖਿਆ ਨਹੀਂ ਤਾਂ ਜੇ ਹੋਰਾਂ ਦੇ ਹਵਾਲੇ ਨਾਲ ਗਲ ਲਿਖਾ ਤਾਂ ਪਿਛਲੇ ਦਿਨੀਂ ਬ੍ਰਿਸਬੇਨ ਚ ਛਪਦੇ “ਦੀ ਕੌਰਿਅਰ ਮੇਲ” ਨੂੰ ਚੱਕ ਕੇ ਪੜ੍ਹ ਲਵੋ ਪੂਰੇ ਪੰਦਰਾਂ ਦਿਨ ਅਸੀਂ ਸੁਰਖ਼ੀਆਂ ਵਿੱਚ ਰਹੇ ਤੇ ਇਹੋ ਜਿਹਾ ਅਪਰਾਧ ਵੀ ਕੀਤਾ ਜਿਸ ਨੂੰ ਇੰਡੀਆ ਵਿੱਚ ਵੀ ਕਬੂਲ ਨਹੀਂ ਕੀਤਾ ਜਾ ਸਕਦਾ ਸੀ ਅਖ਼ਬਾਰ ਨੇ ਦੱਸਿਆ ਕਿ ਇਕ ਵੀਹ ਸਾਲਾ ਮੁੰਡੇ ਨੇ ਇਕ ਨਾਬਾਲਗ਼ ਨਾਲ ਰੇਪ ਕੀਤਾ।ਇਕ ਹੋਰ ਖ਼ਬਰ ਅਨੁਸਾਰ ਇਕ ਇੰਡੀਅਨ ਮੁੰਡੇ ਨੇ ਗ਼ਲਤ ਢੰਗ ਨਾਲ ਟੈਕਸੀ ਚਲਾ ਕੇ ਇਕੋ ਪਰਵਾਰ ਦੇ ਤਿੰਨ ਜੀ ਮਾਰ ਦਿੱਤੇ।ਪਰ ਉਸ ਵਕਤ ਸਾਡਾ ਮੀਡੀਆ ਪਤਾ ਨਹੀਂ ਕਿੱਥੇ ਚਲਿਆ ਜਾਂਦਾ?ਕਿਸੇ ਹਿੰਦੁਸਤਾਨੀ ਅਖ਼ਬਾਰ ਤੇ ਟੀ.ਵੀ. ਨੇ ਇਸ ਖ਼ਬਰ ਨੂੰ ਦਿਖਾਉਣ ਚ ਦਿਲਚਸਪੀ ਨਹੀਂ ਦਿਖਾਈ।ਖ਼ਾਸ ਕਰਕੇ ਮੈਨੂੰ ਗਿਲਾ ਮੇਰੇ ਉਹਨਾਂ ਪੱਤਰਕਾਰ ਵੀਰਾਂ ਨਾਲ ਹੈ ਜੋ ਆਸਟ੍ਰੇਲੀਆ ਚ ਰਹਿ ਕੇ ਪਲ ਪਲ ਦੀ ਖ਼ਬਰ ਇੰਡੀਆ ਭੇਜਦੇ ਹਨ ਪਰ ਪਤਾ ਨਹੀਂ ਕਿਉਂ ਇਹਨਾਂ ਦੀ ਨਿਗਾਹ ਇਹੋ ਜਿਹੀਆਂ ਖ਼ਬਰਾਂ ਤੇ ਨਹੀਂ ਜਾਂਦੀ?ਜੇ ਉਹ ਇਸ ਨੂੰ ਜਾਣ ਕੇ ਅੱਖੋਂ ਉਹਲੇ ਕਰਦੇ ਹਨ ਤੇ ਸੋਚਦੇ ਹਨ ਕੇ ਉਹ ਆਪਣੇ ਭਾਈਚਾਰੇ ਦਾ ਭਲਾ ਕਰ ਰਹੇ ਹਨ ਤਾਂ ਉਹਨਾਂ ਦੀ ਇਹ ਸੋਚ ਮੇਰੇ ਤਾਂ ਹਜ਼ਮ ਨਹੀਂ ਹੁੰਦੀ ਕਿਉਂਕਿ ਸਾਨੂੰ ਸਾਡੇ ਬਜ਼ੁਰਗਾ ਤਾਂ ਇਹ ਹੀ ਸਿੱਖਿਆ ਦਿੱਤੀ ਹੈ ਕੇ ਜੇ ਕਿਸੇ ਚੀਜ ਨੂੰ ਦੱਬਣ ਦੀ ਕੋਸ਼ਸ਼ ਕਰੋਗੇ ਤਾਂ ਉਹ ਵਕਤ ਨਾਲ ਧਮਾਕੇ ਦੇ ਰੂਪ ਚ ਤੁਹਾਡੇ ਸਾਹਮਣੇ ਹੋਵੇਗੀ।

ਚਲੋ ਛੱਡੋ ਜੀ ਆਪਾਂ ਫੇਰ ਆਪਣੇ ਅਸਲੀ ਮੁੱਦੇ ਤੇ ਆਉਣੇ ਹਾਂ।ਮੇਰਾ ਇਹ ਲੇਖ ਲਿਖਣਾ ਨਾ ਤਾਂ ਆਪਣੇ ਦੇਸ਼ ਨੂੰ ਭੰਡਣਾ ਤੇ ਨਾ ਜਿਹੜੇ ਮੁਲਕ ਦਾ ਖਾ ਰਿਹਾ ਉਸਨੂੰ ਵੇ-ਵਜ੍ਹਾ ਸਲਾਹੁਣਾ ਹੈ।ਮੇਰਾ ਤਾਂ ਇਥੇ ਫਰਜ਼ ਸੱਚ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਹੈ ਤੇ ਉਸੇ ਸੱਚ ਦੇ ਤਹਿਤ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕੇ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਗੋਰੇ ਫੇਰ ਇੰਡੀਅਨਾਂ ਨੂੰ ਗ਼ੁਲਾਮੀ ਕਰਵਾਉਂਦੇ ਹਨ ਕਿਉਂਕਿ ਉਹਨਾਂ ਦੇ ਦਿਲਾਂ ਚ ਹਾਲੇ ਵੀ ਉਹੀ ਨਫ਼ਰਤ ਹੈ ਜੋ ਸਾਡੇ ਆਜ਼ਾਦ ਹੋਣ ਵੇਲੇ ਸੀ। ਪਰ ਇਹ ਗੱਲਾਂ ਆਧਾਰ ਹੀਣ ਹਨ ਕਿਉਂਕਿ ਆਸਟ੍ਰੇਲੀਆ ਨਾ ਤਾਂ ਗੋਰਿਆਂ ਦਾ ਆਪਣਾ ਮੁਲਕ ਹੈ ਤੇ ਨਾ ਹੀ ਇਕੱਲੇ ਗੋਰੇ ਹੀ ਇਥੇ ਰਹਿੰਦੇ ਹਨ। ਇਥੇ ਤਾਂ ਦੁਨੀਆ ਦੇ ਹਰ ਖ਼ਿੱਤੇ ਚੋਂ ਆ ਕੇ ਲੋਕ ਵੱਸੇ ਹਨ। ਲੋਕਾਂ ਦਾ ਇਕ ਦੂਜੇ ਪ੍ਰਤੀ ਵਤੀਰਾ ਬੜਾ ਮਦਦ ਭਰਪੂਰ ਹੈ,ਇਹ ਇਕ ਅਸਲੀ ਧਰਮ ਨਿਰਪੱਖ ਮੁਲਕ ਹੈ,ਸਮਾਨਤਾ ਜਿਸ ਦਾ ਨਾਅਰਾ ਹੈ,ਨਾ ਕੋਈ ਜਾਤ-ਪਾਤ ਹੈ,ਨਾ ਕੋਈ ਵੱਡਾ-ਛੋਟਾ ਹੈ,ਸਭ ਵਾਸਤੇ ਇਕ ਸਮਾਨ ਕਾਨੂੰਨ ਹੈ ਭਾਵੇਂ ਉਹ ਇਸ ਮੁਲਕ ਦਾ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ।ਹਾਲੇ ਤਕ ਕਿਤੇ ਭਰਿਸ਼ਟਾਚਾਰ ਦੇਖਣ ਨੂੰ ਨਹੀਂ ਮਿਲਦਾ, ਹਰ ਇਕ ਆਪਣੇ ਰਾਸ਼ਟਰ ਪ੍ਰਤੀ ਵਫ਼ਾਦਾਰ ਹੈ।ਸਭ ਤੋਂ ਵੱਡੀ ਗਲ ਇਹ ਹੈ ਕੇ ਇਹ ਲੋਕ ਇੰਨੇ ਜਿੰਮੇਵਾਰ ਹਨ ਕਿ ਇਹ ਲਿਖੇ ਹੋਏ ਹਰ ਸਾਈਨ ਨੂੰ ਮੰਨਦੇ ਹਨ ਭਾਵੇਂ ਉੱਥੇ ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਹੁੰਦਾ ਪਰ ਜੇ ਕਿਤੇ ਇਹ ਲਿਖਿਆ ਕੇ ਇਥੇ ਤੁਹਾਡੀ ਕਾਰ ਦੀ ਸਪੀਡ ਪੰਜਾਹ ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਤਾਂ ਇਹ ਉੱਥੇ ਕਾਰ ਦੀ ਸਪੀਡ ਪੰਜਾਹ ਤੇ ਹੀ ਰੱਖਣਗੇ।“ਸੌ ਹੱਥ ਰੱਸਾ ਸਿਰੇ ਤੇ ਗੰਢ” ਇਹ ਮੁਲਕ ਚ ਰਹਿ ਕੇ ਕਈ ਬਾਰ ਤਾਂ ਇੰਝ ਲੱਗਦਾ ਕੇ ਇਹ ਲੋਕ ਬਾਬਾ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਦੇ ਸਾਡੇ ਨਾਲੋਂ ਜਿਆਦਾ ਨੇੜੇ ਹਨ ਕਿਉਂਕਿ ਜੇ ਅਸੀਂ ਕੁਰੀਤੀਆਂ ਨੂੰ ਗਿਣਨ ਲਗ ਜਾਈਏ ਤਾਂ ਇੰਨਾ ਨਾਲੋਂ ਸਾਡੇ ਵਿੱਚ ਕਈ ਗੁਣਾ ਜਿਆਦਾ ਕੁਰੀਤੀਆਂ ਮਿਲਣ ਗਈਆਂ।

ਇਕ ਛੋਟੀ ਜਿਹੀ ਪਰ ਅਹਿਮ ਘਟਨਾ ਹੋਰ ਲਿਖਣੀ ਚਾਹੁਣਾ ਹਾ ਕਿਉਂਕਿ ਇਸ ਘਟਨਾ ਨੇ ਵੀ ਬਹੁਤ ਸ਼ਰਮਸਾਰ ਕੀਤਾ ਹੈ। ਇਕ ਦਿਨ ਅਸੀਂ ਕੰਮ ਤੇ ਆਪਣਾ ਲੰਚ ਕਰ ਰਹੇ ਸੀ ਤਾਂ ਉੱਥੇ ਕੁੱਝ ਗ੍ਰੀਕ,ਕੁੱਝ ਤੁਰਕੀ,ਤੇ ਕੁੱਝ ਗੋਰੇ ਹਰ ਰੋਜ ਵਾਂਗ ਆਪੋ ਆਪਣੇ ਕਲਚਰ ਨੂੰ ਇਕ ਦੂਜੇ ਨਾਲ ਸਾਂਝਾ ਕਰ ਰਹੇ ਸੀ ਤਾਂ ਮੇਰਾ ਇਕ ਇੰਡੀਅਨ ਵੀਰ ਇਕ ਗੋਰੇ ਨੂੰ ਦੱਸ ਰਿਹਾ ਸੀ ਕਿ ਇੰਡੀਆ ਵਿੱਚ ਏਨੀ ਭੁੱਖ ਮਰੀ ਹੈ ਕੇ ਦੋ-ਦੋ ਡਾਲਰ ਚ ਤੁਸੀ ਕਿਸੇ ਤੋਂ ਕੁੱਝ ਵੀ ਕਰਵਾ ਸਕਦੇ ਹੋ।ਇਥੋਂ ਤਕ ਕਿ ਇੰਡੀਆ ਚ ਔਰਤਾਂ ਆਪਣਾ ਸਰੀਰ ਤਕ ਦੇਣ ਨੂੰ ਤਿਆਰ ਹੋ ਜਾਂਦੀਆਂ ਹਨ।ਇਹੋ ਜਿਹੀ ਗਲ ਸੁਣ ਕੇ ਸਾਰਿਆ ਨੇ ਧੋਣਾ ਚੁੱਕ ਲਈਆ ਤੇ ਉਹ ਜਨਾਬ ਇੰਜ ਉੱਧੜ ਰਿਹਾ ਸੀ ਜਿਵੇਂ ਕਿਤੇ ਇੰਨਾ ਗੱਲਾਂ ਨਾਲ ਉਸ ਦਾ ਕੱਦ ਇੰਨਾ ਲੋਕਾਂ ਚ ਹੋਰ ਉੱਚਾ ਹੋ ਜਾਵੇਗਾ।ਜਦੋਂ ਤਕ ਮੈਂ ਉਸ ਨੂੰ ਰੋਕਣ ਦੀ ਕੋਸ਼ਸ਼ ਕਰਦਾ ਉਦੋਂ ਤਕ ਇਸ ਜਨਾਬ ਨੇ ਇਹ ਵੀ ਕਹਿ ਦਿਤਾ ਕੇ ਅਜ ਕਲ ਜੋ ਕੁੜੀਆਂ ਸਟੂਡੈਂਟ ਵੀਜ਼ੇ ਤੇ ਇਥੇ ਆ ਰਹੀਆਂ ਹਨ ਤੁਸੀ ਉਹਨਾਂ ਨੂੰ ਪੱਕਾ ਕਰਵਾ ਦਿਓ ਭਾਵੇਂ ਉਹਨਾਂ ਨਾਲ ਜੋ ਮਰਜ਼ੀ ਕਰੀ ਜਾਓ। ਕਿਵੇਂ ਨਾ ਕਿਵੇਂ ਇਸ ਇਨਸਾਨ ਨੂੰ ਚੁੱਪ ਕਰਵਾਇਆ।ਹੁਣ ਤੁਸੀ ਹੀ ਦੱਸੋ ਅਸੀਂ ਆਪਣੇ ਮੁਲਕ ਦੀ ਕਿਹੋ ਜਿਹੀ ਪਿਕਚਰ ਦਿਖਾ ਰਹੇ ਹਾਂ ਦੂਜੇ ਲੋਕਾਂ ਨੂੰ?ਤੇ ਜੇ ਕੱਲ੍ਹ ਨੂੰ ਇਹਨਾਂ ਕਿਸੇ ਸਾਡੀ ਧੀ ਭੈਣ ਨੂੰ ਰਾਹ ਜਾਂਦੇ ਰੋਕ ਲਿਆ ਤੇ ਉਸ ਨੂੰ ਦੋ ਡਾਲਰ ਦੇ ਕੇ ਮੰਦਾ ਚੰਗਾ ਬੋਲਿਆ ਤਾਂ ਕਿ ਕਸੂਰ ਉਸ ਗੋਰੇ ਦਾ ਹੋਵੇਗਾ ਕੇ ਸਾਡੇ ਆਪਣੇ ਇਸ ਕਲਯੁਗੀ ਸਪੂਤ ਦਾ ਜਿਸ ਨੇ ਆਪਣਿਆ ਧੀ-ਭੈਣਾ ਦੀ ਇਹ ਪਰਵਾਸ਼ਾ ਦੱਸੀ ਹੈ?ਇਹੋ-ਜਿਹੀ ਘਟਨਾਵਾਂ ਨਾਲ ਅਜ ਮੈਂ ਪੂਰੀ ਇਕ ਕਿਤਾਬ ਲਿਖ ਸਕਦਾ ਹਾਂ।ਪਰ ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਆਪਣਾ ਪੱਲਾ ਚੁੱਕਿਆਂ ਢਿੱਡ ਆਪਣਾ ਹੀ ਨੰਗਾ ਹੋਵੇਗਾ।

ਵਿਦੇਸ਼ ਵਿੱਚ ਰਹਿਣ ਵੇਲੇ ਹਰ ਇਨਸਾਨ ਦੀ ਪਹਿਲੀ ਪਹਿਚਾਣ ਇਹ ਨਹੀਂ ਹੁੰਦੀ ਕਿ ਤੁਸੀ ਫ਼ਲਾਣਾ ਸਿਉਂ ਦੇ ਪੁੱਤਰ ਹੋ ਇਥੇ ਤਾਂ ਤੁਸੀ ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਹੋ ਤੇ ਜੇ ਕਦੇ ਤੁਸੀ ਕੁੱਝ ਚੰਗਾ ਮਾੜਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਮੁਲਕ ਦਾ ਨਾ ਫੇਰ ਕੋਮ ਤੇ ਰਾਜ ਦਾ ਨਾ ਤੇ ਫੇਰ ਜਿੱਲ੍ਹੇ ਤੇ ਪਿੰਡ ਦਾ ਨਾ ਬਦਨਾਮ ਹੁੰਦਾ,ਖ਼ਾਨਦਾਨ ਦਾ ਨਾ ਤਾਂ ਇੰਨਾ ਸਾਰਿਆ ਤੋਂ ਬਾਅਦ ਆਉਂਦਾ ਹੈ।ਸੋ ਜਦੋਂ ਇੰਨੀ ਜਿੰਮੇਵਾਰੀ ਤੁਹਾਡੇ ਤੇ ਹੈ ਤਾਂ ਕਿ ਤੁਹਾਡਾ ਫਰਜ਼ ਨਹੀਂ ਬਣਦਾ ਕੁੱਝ ਜ਼ੁੰਮੇਵਾਰ ਹੋਣ ਦਾ? ਇਹਨਾਂ ਗੱਲਾਂ ਦਾ ਨਤੀਜਾ ਹੀ ਅਜ ਉਪਕਾਰ ਸਿੰਘ ਤੇ ਸਰਵਣ ਕੁਮਾਰ ਹੋਰਾਂ ਨੇ ਭੋਗਿਆ ਉਹਨਾਂ ਤੇ ਹਮਲੇ ਇਸ ਲਈ ਨਹੀਂ ਹੋਏ ਕੇ ਉਹਨਾਂ ਨੇ ਕੋਈ ਜਾਤੀ ਕਸੂਰ ਕੀਤਾ ਸੀ ਇਹ ਤਾਂ ਉਹਨਾਂ ਦੇ ਇੰਡੀਅਨ ਹੋਣ ਕਰਕੇ ਹੀ ਹੋਏ ਕਿਉਂਕਿ ਮੁੱਠੀ ਭਰ ਲੋਕਾਂ ਨੇ ਨਵੇਂ ਪੁਰਾਣੇ ਸਭ ਇੰਡੀਅਨ ਤੇ ਮੋਹਰ ਲਾ ਦਿੱਤੀ ਹੈ ਕਿ ਇਹ ਸਭਿਅਕ ਨਹੀਂ ਹਨ।ਸਾਰੇ ਪੁਰਾਣੇ ਬੰਦਿਆ ਨੂੰ ਡਰ ਤਾਂ ਸੀ ਕੁੱਝ ਮੰਦਭਾਗਾ ਹੋਣ ਦਾ ਪਰ ਇਹ ਉਮੀਦ ਨਹੀਂ ਸੀ ਕੇ ਇਹੋ-ਜਿਹਾ ਏਨੀ ਛੇਤੀ ਹੋਣ ਲਗ ਪਵੇਗਾ।

ਆਸਟ੍ਰੇਲੀਆ ਹਾਲੇ ਤਕ ਆਪਣੀ ਸ਼ਾਂਤੀ ਭਾਰੀ ਜ਼ਿੰਦਗੀ ਲਈ ਮਸ਼ਹੂਰ ਸੀ ਪਰ ਜੇ ਹਾਲੇ ਵੀ ਆਪਣਾ ਆਪ ਨੂੰ ਨਾ ਸੰਭਾਲਿਆ ਗਿਆ ਤਾਂ ਲਗਦਾ ਉਹ ਦਿਨ ਦੂਰ ਨਹੀਂ ਜਦੋਂ ਕਨੇਡਾ ਵਾਂਗੂੰ ਤੀਜੇ ਦਿਨ ਕਤਲ ਤੇ ਹਰ ਰੋਜ ਗੈਂਗ ਵਾਰ ਦੀ ਲੜਾਈ ਦੀਆਂ ਖ਼ਬਰਾਂ ਸਾਨੂੰ ਪੜ੍ਹਨ ਨੂੰ ਮਿਲਣ ਗਈਆਂ।ਇਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕੇ ਜੇ ਨਾ ਸੰਭਲਿਆ ਗਿਆ ਤਾਂ ਇਸ ਮੁਲਕ ਚ ਕਾਨੂੰਨ ਬਣਦੇ ਤੇ ਲਾਗੂ ਹੁੰਦੇ ਦੇਰ ਨਹੀਂ ਲਗਦੀ ਤੇ ਇਹ ਨਾ ਹੋਵੇ ਕੇ ਅਸੀਂ ਆਪਣੇ ਰਾਹ ਆਪ ਹੀ ਬੰਦ ਕਰ ਲਈਐ ਕਿਉਂਕਿ ਆਸਟ੍ਰੇਲੀਆ ਨੂੰ ਸਟੂਡੈਂਟਾਂ ਦਾ ਘਾਟਾ ਨਹੀਂ। ਹੋਰ ਬਹੁਤ ਮੁਲਕ ਹਨ ਜੋ ਆਸਟ੍ਰੇਲੀਆ ਦੀ ਇਸ ਇੰਡਸਟਰੀ ਨੂੰ ਚਲਾ ਸਕਦੇ ਹਨ।ਕੱਲ੍ਹ ਦੀ ਮੈਲਬੋਰਨ ਰੈਲੀ ਚ ਕੁੱਝ ਸ਼ਰਾਰਤੀ ਲੋਕਾਂ ਜਿਸ ਤਰ੍ਹਾਂ ਅਮਨ ਅਮਾਨ ਨਾਲ ਚੱਲ ਰਹੀ ਰੋਸ ਰੈਲੀ ਵਿੱਚ ਭੰਗ ਪਾਉਣ ਦੀ ਕੋਸ਼ਸ਼ ਕੀਤੀ ਉਸ ਤੋਂ ਇੰਜ ਲਗਦਾ ਹੈ ਕਿ ਅਸੀਂ ਕਿਸੇ ਡੂੰਘੀ ਸਿਆਸਤ ਦਾ ਸ਼ਿਕਾਰ ਹੋ ਰਹੇ ਹਾਂ ਤੇ ਕੋਈ ਇਕ ਖ਼ਾਸ ਤਬਕਾ ਸਾਨੂੰ ਕਾਮਯਾਬ ਹੁੰਦੀਆਂ ਨਹੀਂ ਦੇਖ ਸਕਦਾ ਤੇ ਉਹ ਇਹੋ ਜਿਹੀਆਂ ਕੋਝਿਆਂ ਚਾਲਾ ਚੱਲ ਰਿਹਾ।ਮੇਰੀ ਤਾਂ ਇਕੋ ਇਕ ਇਹੀ ਤਮੰਨਾ ਹੈ ਕੇ ਜੋ ਵੀ ਘਾਲਣਾ-ਘਾਲ ਕੇ ਅਤੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜੋ ਕੇ ਆਸਟ੍ਰੇਲੀਆ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਉਸ ਨੂੰ ਇਹੋ ਜਿਹਾ ਦਿਨ ਨਾ ਦੇਖਣਾ ਪਵੇ ਜਦੋਂ ਉਸਨੂੰ ਖ਼ਾਲੀ ਹਾਥੀ ਵਾਪਿਸ ਪਰਤਣਾ ਪਵੇ। ਕਿਉਂਕਿ ਜਿਥੋਂ ਤਕ ਮੈਨੂੰ ਆਸਟ੍ਰੇਲੀਅਨ ਕਾਨੂੰਨਾਂ ਦਾ ਪਤਾ ਉਸ ਮੁਤਾਬਿਕ ਪਤਾ ਨਹੀਂ ਕਦੋਂ ਇਹ ਕੋਈ ਇਹੋ ਜਿਹਾ ਕਾਨੂੰਨ ਲੈ ਆਉਣ ਜਿਸ ਨਾਲ ਕੇ ਇਥੇ ਪੱਕਾ ਹੋਣਾ ਮੁਸ਼ਕਲ ਹੋ ਜਾਵੇ ਕੀਓ ਕਿ ਇਹ ਮੁਲਕ ਕਦੇ ਜਬਾਨੀ ਲੜਾਈ ਨਹੀਂ ਲੜਦੇ ਇਹ ਤਾਂ ਡਿਪਲੋਮੈਟਿਕ ਮਾਰ ਮਾਰਦੇ ਹਨ। ਇਹ ਨਾ ਹੋਵੇ ਕੇ ਮੈਲਬੋਰਨ ਵਿੱਚ ਭੰਨੇ ਇਕ ਸ਼ੀਸ਼ੇ ਦੀ ਗੂੰਜ ਸਾਡੀਆਂ ਆਉਣ ਵਾਲੀਆ ਚਾਰ ਪੀੜ੍ਹੀਆਂ ਤਕ ਨੂੰ ਸੁਣਾਈ ਪਵੇ।

ਮੇਰੇ ਵਾਂਗ ਪਹਿਲਾ ਵੀ ਕੁੱਝ ਲੇਖਕਾਂ ਨੇ ਇਹਨਾਂ ਮਸਲਿਆ ਨੂੰ ਉਠਾਇਆ ਸੀ ਪਰ ਉਹਨਾਂ ਨੂੰ ਇਹ ਮੁੱਠੀ ਭਰ ਲੋਕਾਂ ਦੀ ਨਰਾਜ਼ਗੀ ਦਾ ਸ਼ਿਕਾਰ ਹੋਣਾ ਪਿਆ ਸੀ। ਸੋ ਮੈਨੂੰ ਵੀ ਇਹਨਾਂ ਤੋਂ ਇਹੀ ਉਮੀਦ ਹੈ।ਪਰ ਕੋਈ ਪਰਵਾਹ ਨਹੀਂ, ਸੱਚ ਤੇ ਰਸਤੇ ਤੇ ਚਲਦਿਆਂ ਔਕੜਾਂ ਆਉਣੀਆਂ ਤਾਂ ਸੁਭਾਵਿਕ ਹੀ ਹਨ।ਪਰ ਮੈਂ ਤਾਂ ਨਿਮਰਤਾ ਨਾਲ ਹੱਥ ਜੋੜ ਕੇ ਇਹਨਾਂ ਮੇਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਕੀ ਦੇ 95 ਪ੍ਰਤੀਸ਼ਤ ਲੋਕਾਂ ਤੇ ਤਰਸ ਖਾਓ ਤੇ ਜਿਨ੍ਹਾਂ ਆਸਾਂ ਨਾਲ ਤੁਹਾਨੂੰ ਤੁਹਾਡੇ ਮਾਂ ਬਾਪ ਨੇ ਇਥੇ ਭੇਜਿਆ ਉਹਨਾਂ ਨੂੰ ਧਿਆਨ ਚ ਰੱਖ ਕੇ ਆਪਣੀ ਤੇ ਆਪਣੇ ਮੁਲਕ ਦੀ ਲਾਜ ਰੱਖੋ।ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਜਰੂਰ ਮਾਰੋ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ "ਹਮ ਨਹੀ ਚੰਗੇ ਬੁਰਾ ਨਹੀ ਕੋਇ"

ਮਿਟੂੰ ਬਰਾੜ
ਸਾਊਥ ਆਸਟ੍ਰੇਲੀਆ

ਸਪੇਸ ਨੀਡਲ ਟਾਵਰ ਤੇ ਮਿਲੇ ਆਪਣੇ ਪੰਜਾਬੀ.......... ਲੇਖ / ਬਰਿੰਦਰ ਢਿੱਲੋਂ ਐਡਵੋਕੇਟ

ਅਗਸਤ ਦੇ ਪਹਿਲੇ ਹਫਤੇ ਮੈ ਅਮਰੀਕਾ 'ਚ ਸੁੱਤਾ ਪਿਆ ਸੀ ਜਦੋਂ ਸਵੇਰੇ ਸਵੇਰੇ ਗੁਰਚਰਨ ਨੇ ਮੈਨੂੰ ਉਠਾਉਂਦਿਆਂ ਕਿਹਾ, "ਭਲਵਾਂਨ ਦੀਆਂ ਅਖਾੜੇ ਦੀਆਂ ਫੋਟੋਆਂ ਆਈਆਂ, ਮੈਂ ਬਰੇਕਫਾਸਟ ਬਨਾਉਂਣਾ ਉਨੇ ਤੁਸੀਂ ਇਹ ਈ ਮੇਲਾਂ ਭੇਜ ਦਿਉ ਫਿਰ ਆਪਾਂ ਸਪੇਸ ਨੀਡਲ ਵੇਖਣ ਚੱਲਾਂਗੇ" ਮੈਂ ਅਖਾੜੇ ਦੀਆਂ ਤਸਵੀਰਾਂ ਸਮੇਤ ਖਬਰ ਬਣਾਕੇ ਕਿ "ਕਰਤਾਰ ਸਿੰਘ ਪਹਿਲਵਾਂਨ ਤੁਰਕੀ ਵਿੱਚ ਹੋਈਅਂ ਕੁਸ਼ਤੀਆਂ ਵਿੱਚ ਬਾਰਵੀਂ ਵਾਰ ਵਿਸ਼ਵ ਚੈਂਪੀਅਨ ਬਣਕੇ ਪੰਜਾਬੀਆਂ ਦੇ ਪਹਿਲਵਾਨੀ ਦੇ ਝੰਡੇ ਗੱਡ ਰਿਹਾ ਹੈ", ਅਮਰੀਕਾ ਕਨੇਡਾ ਤੋਂ ਛਪਦੇ ਅਖਬਾਰਾਂ ਨੂੰ ਭੇਜ ਦਿੱਤੀ। ਦਰਅਸਲ ਕਰਤਾਰ ਸਿੰਘ ਦੇ ਛੋਟੇ ਭਾਈ ਗੁਰਚਰਨ ਨੂੰ ਈ ਮੇਲ ਪੜ੍ਹਣੀ ਤਾਂ ਆਉਂਦੀ ਸੀ ਪਰ ਭੇਜਣੀ ਨਹੀਂ ਸੀ ਆਉਂਦੀ।

ਦਸ ਕੁ ਵਜੇ ਤੱਕ ਅਸੀਂ ਅਮਰੀਕਨ ਦਲੀਏ ਦਾ ਨਾਸ਼ਤਾ ਕਰਕੇ ਸਪੇਸ ਨੀਡਲ ਪਹੁੰਚ ਗਏ। ਗੁਰਚਰਨ ਮੈਨੂੰ ਛੱਡਕੇ ਆਪ ਟੈਕਸੀ ਦਾ ਗੇੜਾ ਲਾਉਣ ਚਲਾ ਗਿਆ। ਕਰਤਾਰ ਹੋਰੀਂ ਪਿੱਛੋਂ ਸੁਰ ਸਿੰਘ ਵਾਲਾ (ਅੰਮ੍ਰਿਤਸਰ) ਦੇ ਢਿੱਲੋਂ ਜੱਟ ਹਨ। ਸਾਡੇ ਵੱਡੇ ਵਡੇਰੇ ਵੀ ਕਈ ਸਦੀਆਂ ਪਹਿਲਾਂ ਸੁਰ ਸਿੰਘ ਵਾਲਾ, ਕੈਰੋਂ, ਪੰਜਵੜ ਆਦਿ ਤੋਂ ਆ ਕਿ ਬਠਿੰਡੇ ਜਿਲ੍ਹੇ ਦੇ ਪਿੰਡਾਂ ਕੋਟ ਫੱਤਾ ( ਮੇਰਾ ਪਿੰਡ ), ਬਾਦਲ ਕੇ ਪਿੰਡ ਬਾਦਲ, ਬਾਕੀ ਦੇ ਢਿੱਲੋਂ ਘੁੱਦੇ ਆਦਿ ਪਿੰਡਾਂ ਵਿੱਚ ਵਸ ਗਏ ਸਨ। ਅਜਿਹੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਸਿਰ ਤੇ ਹੀ ਮੈਂ ਪੂਰਬੀ ਤੋਂ ਪੱਛਮੀਂ ਕੰਢੇ ਤੱਕ ਸਾਰਾ ਅਮਰੀਕਾ ਕਨੇਡਾ ਗਾਹ ਮਾਰਿਆ ਸੀ।

1962 ਵਿੱਚ ਬਣਿਆ ਇਹ 138 ਫੁੱਟ ਘੇਰੇ ਦਾ ਟਾਵਰ 605 ਫੁੱਟ ਉਚਾ ਹੈ। ਇਸ ਦੀਆਂ ਦੋ ਲਿਫਟਾਂ ਇੱਕੋ ਵਾਰ 'ਚ 25-25 ਵਿਅਕਤੀਆਂ ਨੂੰ ਲਿਜਾ ਸਕਦੀਆਂ ਹਨ। 320 ਕਿਲੋਮੀਟਰ ਘੰਟੇ ਦੀ ਸਪੀਡ ਨਾਲ ਚੱਲਦੀ ਹਨੇਰੀ ਤੇ 9.5 ਸਕੇਲ ਦੇ ਭੁਚਾਲ ਅੱਗੇ ਇਹ ਟਾਵਰ ਝੂਮਦਾ ਤਾਂ ਹੈ, ਪਰ ਗਿਰਦਾ ਨਹੀਂ। ਇਹ ਅਮਰੀਕਨ ਤਕਨੀਕ ਦਾ ਕਮਾਲ ਹੈ। ਸਾਡਾ ਭੁੱਜ ਸ਼ਹਿਰ 8 ਸਕੇਲ ਦੇ ਭੁਚਾਲ ਨਾਲ ਸਾਰਾ ਢਹਿ ਗਿਆ ਸੀ। ਟਾਵਰ ਦੇ ਸਿਖਰ ਤੇ ਚਾਰੋਂ ਪਾਸੀਂ ਜਾਲੀ ਲਗਾਈ ਗਈ ਹੈ ਕਿਉਂ ਕਿ ਅੱਧੀ ਦਰਜਨ ਲੋਕ ਇਸ ਤੋਂ ਕੁੱਦ ਕੇ ਖੁਦਕੁਸ਼ੀ ਕਰ ਚੁੱਕੇ ਹਨ।

ਮੈਂ 14 ਡਾਲਰ ਦੀ ਟਿਕਟ ਲੈ ਕੇ ਟਾਵਰ ਦਵਾਲਿਉਂ ਚੱਕਰ ਕੱਟਦਿਆਂ ਪੌੜੀਆਂ ਚੜ੍ਹਦਾ ਲਿਫਟ ਵੱਲ ਵਧਣ ਲੱਗਾ। ਭੀੜ ਬਹੁਤ ਸੀ ਲੋਕੀਂ ਹੌਲੀ ਹੌਲੀ ਸਰਕ ਰਹੇ ਸਨ। ਕਈ ਵਾਰ ਲਿਫਟ ਤੱਕ ਪਹੁੰਚਣ ਲਈ ਦੋ ਦੋ ਘੰਟੇ ਲੱਗ ਜਾਂਦੇ ਹਨ। ਮੇਰੇ ਅੱਗੇ ਇੱਕ ਪੰਜਾਬੀ ਪਰਿਵਾਰ ਸੀ। ਔਰਤ ਨਾਲ ਨਿਗਾਹ ਮਿਲਦਿਆਂ ਹੀ ਮੈਂ ਉਹਨੂੰ ਹੈਲੋ ਕਹਿੰਦਿਆਂ ਪੁੱਛਿਆ ,"ਪੰਜਾਬੀ ਹੋ?"ਉਹਨੇ ਵਗੈਰ ਮੁਸਕਰਾਇਆਂ ਹਾਂ ਕਹੀ ਤੇ ਰੋਣ ਵਾਲਾ ਮੂੰਹ ਕਰਕੇ ਦੂਜੇ ਪਾਸੇ ਵੇਖਣ ਲੱਗੀ। ਥੋੜ੍ਹੀ ਦੇਰ ਬਾਅਦ ਆਦਮੀੰ ਨਾਲ ਨਿਗਾਹ ਮਿਲਦਿਆਂ ਹੀ ਮੈਂ ਫਿਰ ਢੀਠਤਾਈ ਨਾਲ ਮੁਸਕਰਾਂਦਿਆਂ ਹੈਲੋ ਕਹੀ। ਉਸ ਭਲੇ ਲੋਕ ਨੇ ਵਗੈਰ ਬੁੱਲ੍ਹਾਂ ਨੂੰ ਕਸ਼ਟ ਦਿੱਤਿਆਂ ਸਿਰਫ ਥੋੜ੍ਹਾ ਜਿਹਾ ਸਿਰ ਹੀ ਹਿਲਾਇਆ। ਮੈਨੂੰ ਨਫਰਤ ਦੀ ਇੱਕ ਝੁਨਝਨੀਂ ਆਈ। ਜਿਵੇਂ ਸਮੁੰਦਰ ਤੇ ਤੈਰਦੀ ਮੁਰਗਾਬੀ ਨੇ ਖੰਭ ਝਾੜੇ ਹੋਣ। ਦਿਲ ਕੀਤਾ ਕਿ ਬਠਿੰਡੇ ਵਾਲੇ ਅੰਦਾਜ 'ਚ ਕਹਿ ਦਿਆਂ, "ਮਿਸਟਰ ਮੈਂ ਤੈਨੂੰ ਬੇਗਾਨੀ ਧਰਤੀ ਤੇ ਗੋਰਿਆਂ ਦੀ ਇਸ ਭੀੜ ਵਿੱਚ 'ਆਪਣਾ' ਸਮਝ ਕਿ ਹੈਲੋ ਕਹੀ ਸੀ ਤੇ ਤੂੰ 'ਸਾ ਸਰੀ 'ਕਾਲ ਹੀ ਮੰਨ ਗਿਆ। 'ਸਾ ਸਰੀ 'ਕਾਲ ਤਾਂ ਮੈਂ ਇੱਥੋਂ ਦੇ ਮੇਅਰ ਨੂੰ ਨਹੀਂ ਬੁਲਾਉਂਦਾ"। ਉਸ ਪਿੱਛੋਂ ਮੈਂ ਉਨ੍ਹਾਂ ਤੋਂ ਪਾਸਾ ਵੱਟ ਕਿ ਦੂਸਰੀ ਲਿਫਟ ਚੜ੍ਹ ਗਿਆ। ਬੱਦਲਵਾਈ ਹੋਣ ਕਾਰਨ ਮੌਸਮ ਠੰਢਾ ਸੀ।

ਅਮਰੀਕਾ, ਕਨੇਡਾ ਤੇ ਯੌਰਪ ਘੁੰਮਦਿਆਂ ਮੈਨੂੰ ਅਨੇਕਾਂ ਵਾਰੀ ਇਹ ਅਨੁਭਵ ਹੋਇਆ ਜਦੋਂ ਅਜਿਹੇ ਪੰਜਾਬੀ ਲੋਕ ਅਕਸਰ ਹੀ ਮਿਲਦੇ ਹਨ ਜਿਹੜੇ ਤੁਹਾਨੂੰ ਵੇਖਕੇ ਪਾਸਾ ਵੱਟ ਜਾਂਦੇ ਸਨ। ਇਸਦੇ ਤਿੰਨ ਕਾਰਨ ਸਨ। ਪਹਿਲਾ ਬਹੁਤੇ ਲੋਕ ਇਸ ਕਰਕੇ ਨਹੀਂ ਮਿਲਣਾ ਚਾਹੁੰਦੇ ਕਿਤੇ ਤੁਸੀਂ ਉਨ੍ਹਾਂ ਨੂੰ ਕੋਈ ਸਵਾਲ ਨਾਂ ਪਾ ਦਿਉਂ। ਵਿਦੇਸ਼ ਪਹੁੰਚਣ ਤੱਕ ਉਹ ਜਿੰਦਗੀ ਦੀ ਕਰੂੜਤਾ ਵੇਖ ਚੁੱਕੇ ਹੋਣ ਕਾਰਣ ਗੋਰਿਆਂ ਦੀ ਤਰ੍ਹਾਂ ਵਿਅਕਤੀਵਾਦੀ ਹੋ ਚੁੱਕੇ ਹੁੰਦੇ ਹਨ ਤੇ ਪੰਜਾਬ ਵਾਲਾ ਮੋਹ ਮੁਹੱਬਤ ਮਰ ਚੁੱਕਾ ਹੁੰਦਾ ਹੈ ।

"ਵੋਹ ਹਾਥ ਭੀ ਨਾਂ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ;
ਯਿਹ ਅਜੀਬ ਮਜ਼ਾਜ਼ ਕਾ ਸ਼ਹਿਰ ਹੈ ਜਰਾ ਫਾਸਲੇ ਸੇ ਮਿਲਾ ਕਰੋ।"

ਦੂਜਾ ਕਾਰਨ ਸੀ ਕਿਤੇ ਮੈਂ ਉਨ੍ਹਾਂ ਦਾ ਕੋਈ ਦੂਰ ਦਾ ਸਿਆਣੂੰ ਹੀ ਨਾਂ ਨਿੱਕਲ ਆਵਾਂ ਤੇ ਪੰਜਾਬ ਜਾਕੇ ਉਨ੍ਹਾਂ ਦੇ 'ਅਮਰੀਕੀ ਕਾਰੋਬਾਰ' ਦਾ ਭਾਂਡਾ ਨਾ ਭੰਨ ਦਿਆਂ। ਅਮਰੀਕਾ ਵਿੱਚ ਚੌਕੀਦਾਰੀ ਕਰਨ ਵਾਲਾ ਵੀ ਪੰਜਾਬ 'ਚ ਆ ਕੇ ਆਪਣੇ ਦੋ ਗੈਸ ਸਟੇਸ਼ਨ ਦੱਸਦਾ ਹੈ। ਇਹੀ ਕਾਰਨ ਹੈ ਕਿ ਸਾਰਾ ਪੰਜਾਬ ਹੀ ਵਿਦੇਸ਼ ਪਹੁੰਚਣਾ ਚਾਹੁੰਦਾ ਹੈ। ਗੱਪ ਮਾਰਨਾ ਤੇ ਝੂਠ ਬੋਲਣਾ ਸਾਡੇ ਖੂਨ 'ਚ ਰਲਿਆ ਹੋਇਆ ਹੈ। ਤੁਸੀਂ ਕਿਸੇ ਵੀ ਕਿਸਾਂਨ ਨੂੰ ਕਣਕ ਜਾਂ ਝੋਨੇਂ ਦੇ ਝਾੜ ਬਾਰੇ ਪੁੱਛ ਲਵੋ ਇੱਕ ਵੀ ਪੰਜਾਬੀ ਸੱਚ ਨਹੀਂ ਬੋਲੇਗਾ। ਉਹ ਗਵਾਂਢੀਆਂ ਨਾਲੋਂ ਦੋ ਚਾਰ ਕੁਇੰਟਲ ਵੱਧ ਝਾੜ ਹੀ ਦੱਸਣਗੇ।

ਤੀਸਰਾ ਕਾਰਨ ਹੈ ਕਿ ਬੇਰੋਜਗਾਰੀ, ਭ੍ਰਿਸ਼ਟ ਨਿਜ਼ਾਂਮ ਦੇ ਝੰਬੇ ਤੇ ਸ਼ਰੀਕਾਂ ਵੱਲੋਂ ਦਾਜ 'ਚ ਲਈ ਨਵੀਂ ਗੱਡੀ ਦੇ ਸਾੜੇ ਤੇ ਰੀਸ ਦੇ ਮਾਰੇ, ਬਹੁਤੇ ਪੰਜਾਬੀ ਬਾਹਰ ਜਾਣ ਲਈ 'ਕੁੱਝ ਵੀ' ਕਰ ਸਕਦੇ ਹਨ। ਪਿੱਛੋਂ ਸ਼ਰਮੀਂ ਦੇ ਮਾਰੇ ਉਹ ਇੱਧਰਲਿਆਂ ਨੂੰ ਮਿਲਣੋਂ ਕੰਨੀ ਕਤਰਾਉਂਦੇ ਹਨ। ਕਿਤੇ ਕੋਈ ਸਵਾਲ ਹੀ ਨਾਂ ਕਰ ਦੇਵੇ ਕਿ "ਇਹ ਹੈ ਤੇਰੀ ਪਤਨੀਂ ਜਾ ਪਤੀ? ਕੀ ਥੁੜਿਆ ਪਿਆ ਸੀ ਇਹੋ ਜਿਹੇ ਵਿਦੇਸ਼ ਆਉਣ ਵਗੈਰ। ਦੋ ਰੋਟੀਆਂ,ਚੁੱਲ੍ਹਾ ਤੇ ਕੋਠਾ ਤਾਂ ਤੇਰੇ ਕੋਲ ਪੰਜਾਬ 'ਚ ਵੀ ਹੋਣਗੇ।" ਉਕਤ ਜੋੜਾ ਵੀ ਅਜਿਹਾ ਹੀ ਸੀ। ਪੰਜਾਹਾਂ ਤੋਂ ਟੱਪੀ ਗੋਲ ਚਿਹਰੇ ਵਾਲੀ, ਗਾਂ ਦੇ ਘਿਉ ਰੰਗੀ ਔਰਤ, ਅਜੇ ਵੀ ਕਿਸੇ ਕਸਬੇ ਦੇ ਸੁੰਦਰਤਾ ਮੁਕਾਬਲੇ 'ਚ ਹਿੱਸਾ ਲੈ ਸਕਦੀ ਸੀ। ਗਾਲਿਬ ਦੇ ਸ਼ਬਦਾਂ ਵਿੱਚ, "ਖੰਡਰਾਤ ਹੀ ਬਤਾਤੇ ਹੈਂ ਕਿ ਮਹੱਲ ਅੱਛਾ ਥਾ" ਅਮਰੀਕਾ ਦੇ ਨਾਂ ਤੇ ਉਹਦੇ ਨਾਲ ਠੱਗੀ ਮਾਰਨ ਵਾਲਾ ਢਲੇ ਹੋਏ ਮੋਢਿਆਂ ਵਾਲਾ, ਬੇਢੱਬਾ ਆਦਮੀਂ ਚੱਪੇ ਜਿੱਡੇ ਜਿੱਡੇ ਕੰਨਾਂ ਉੱਤੇ ਸਰਕੜੇ ਵਾਂਗ ਉੱਗੇ ਵਾਲਾਂ ਅਤੇ ਅੰਗੂਠਿਆਂ ਵਰਗੇ ਬੁੱਲ੍ਹਾਂ ਕਾਰਨ ਹਾਥੀ ਦਾ ਬੱਚਾ ਲੱਗਦਾ ਸੀ।

ਹਵਾਈ ਪੱਟੀ ਤੇ ਦੌੜਦੇ ਹਵਾਈ ਜਹਾਜ ਵਾਂਗ ਗਰਜਦੀ ਲਿਫਟ ਪਲਾਂ ਵਿੱਚ ਹੀ ਸਾਨੂੰ ਟਾਵਰ ਦੇ ਸਿਖਰ ਲੈ ਗਈ। ਮੈਂ ਇਸਦੇ ਧਰਤੀ ਦੀ ਤਰ੍ਹਾਂ ਘੁੰਮ ਰਹੇ ਰੈਸਟੋਰੇਂਟ ਵਿੱਚ ਬੈਠਾ ਸਾਰਾ ਸਿਆਟਲ ਵੇਖਦਾ ਰਿਹਾ। ਖਾਣੇ ਵਿੱਚ ਸਮੁਦਰੀ ਭੋਜਨ, ਗਾਂ ਦਾ ਕੀਮਾਂ, ਸੂਰ ਦਾ ਮੀਟ ਤੇ ਕੌਫੀ ਵਰਤਾਈ ਜਾ ਰਹੀ ਸੀ। ਖਿੜਕੀਆਂ ਵਿੱਚੋਂ ਦੂਰ ਤੱਕ ਦਿਸ ਰਹੇ ਸਮੁੰਦਰ ਦੀ ਹਿੱਕ ਤੇ ਤੈਰਦੇ ਸਮੁੰਦਰੀ ਜਹਾਜਾਂ ਦਾ ਆਪਣਾ ਹੀ ਨਜਾਰਾ ਸੀ। ਟਾਵਰ ਦੇ ਸਿਖਰ ਤੋਂ ਚੁਫੇਰੇ ਲੱਗੀਆਂ ਵੱਡੀਆਂ ਦੂਰਬੀਨਾਂ 'ਚੋਂ ਸਮੁੰਦਰੀ ਜਹਾਜਾਂ ਦੀਆਂ ਬਾਰੀਆਂ ਤੱਕ ਸਾਫ ਦਿੱਸਦੀਆਂ ਸਨ। ਦੂਜੇ ਪਾਸੇ ਬੱਦਲਾਂ ਨੂੰ ਛੂੰਹਦੇ ਕਾਲੇ ਪਹਾੜ ਵੀ ਸਾਮਰਾਜੀਏ ਬਣੇ ਦਿੱਸ ਰਹੇ ਸਨ। ਸਾਹਮਣੇ ਸਮੁੰਦਰ ਵਿੱਚ ਇੱਕ ਛੋਟਾ ਹਵਾਈ ਜਹਾਜ ਸਮੁੰਦਰ ਉੱਤੇ ਮੋਟਰ ਬੋਟ ਦੀ ਤਰ੍ਹਾਂ ਦੌੜਕੇ ਉੱਡਾਂਣ ਭਰਦਾ ਤੇ ਦੋ ਚੱਕਰ ਸਿਆਟਲ ਦੇ ਕੱਟਕੇ ਮੁੜ ਸਮੁੰਦਰ ਤੇ ਹੀ ਉੱਤਰ ਜਾਂਦਾ। ਇਹ ਜਹਾਜ ਸੈਲਾਂਨੀਆਂ ਨੂੰ ਸ਼ਹਿਰ ਦੀ ਸੈਰ ਕਰਵਾ ਰਿਹਾ ਸੀ। ਮੈਂ ਪਹਿਲਾਂ ਕਦੀ ਹਵਾਈ ਜਹਾਜ ਪਾਣੀ ਤੇ ਉੱਤਰਦਾ ਨਹੀਂ ਸੀ ਵੇਖਿਆ। ਅਮਰੀਕਾ ਦੇ ਪੱਛਮੀਂ ਕੰਢੇ ਦਾ ਮਾਣ ਵਜੋਂ ਜਾਣੇ ਜਾਂਦੇ ਇਸ ਟਾਵਰ ਤੇ ਕਈ ਫਿਲਮਾਂ ਤੇ ਟੀ.ਵੀ.ਸੀਰੀਅਲਾਂ ਦੀ ਸ਼ੂਟਿੰਗ ਹੋ ਚੁੱਕੀ ਹੈ।

ਟਾਵਰ ਦੇ ਸਿਖਰ ਤੇ ਲੱਗੀਆਂ ਲਾਈਟਾਂ ਦੀ 8 ਕਰੋੜ ਵਾਟ ਦੀ ਰੌਸ਼ਨੀ ਦੀ ਬੀਂਮ ਨਾਲ ਰਾਤ ਨੂੰ ਸਾਰਾ ਸ਼ਹਿਰ ਦਿਵਾਲੀ ਵਾਂਗ ਜਗਮਗਾ ਉੱਠਦਾ ਹੈ। ਅਮਰੀਕਨ ਲਾਈਟ ਪ੍ਰਦੂਸ਼ਣ ਬਾਰੇ ਵੀ ਇੰਨੇ ਹੀ ਸੰਵੇਦਨਸ਼ੀਲ ਹਨ ਜਿੰਨੇ ਵਾਤਾਵਰਨ ਤੇ ਸ਼ੋਰ ਬਾਰੇ। ਇਸ ਲਈ ਇਹ ਰੋਸ਼ਨੀ ਸਿਰਫ ਵਿਸ਼ੇਸ਼ ਦਿਨਾਂ ਤੇ ਹੀ ਕੀਤੀ ਜਾਂਦੀ ਹੈ। ਸਾਡੇ ਪੰਜਾਬ ਵਿੱਚ ਵੱਜਦੇ ਲਾਊਡ ਸਪੀਕਰਾਂ ਦੇ ਸ਼ੋਰ਼ ਪ੍ਰਦੂਸ਼ਣ ਨਾਲ ਤਾਂ ਸ਼ਾਇਦ ਉਹ ਬੋਲੇ ਹੀ ਹੋ ਜਾਣ। ਤਿੰਨ ਘੰਟੇ ਟਾਵਰ ਤੇ ਬਿਤਾਕੇ ਮੈਂ ਲਿਫਟ ਰਾਹੀਂ ਹੇਠਾਂ ਉੱਤਰ ਆਇਆ। ਹੇਠਾਂ ਆਉਣ ਸਮੇਂ ਇਸਦੀ ਸਪੀਡ ਅਸਮਾਂਨ ਤੋਂ ਡਿੱਗਦੀ ਮੀਂਹ ਦੀ ਕਣੀ ਜਿੰਨੀ ਹੋਣ ਕਾਰਨ ਮੈਂ ਅੱਖਾਂ ਮੀਟ ਲਈਆਂ ਸਨ। ਇਸ ਤਰਾਂ ਕਾਲਜਾ ਬਾਹਰ ਨੂੰ ਆਉਂਦਾ ਸੀ ਕਿ ਲੈਨਨ ਦੇ ਮੂੰਹੌਂ ਵੀ 'ਵਾਖਰੂ' ਨਿੱਕਲ ਜਾਂਦਾ। ਲਿਫਟ ਤੋਂ ਬਾਹਰ ਨਿੱਕਲਦਿਆਂ ਹੀ ਮੈਨੂੰ ਫਿਰ ਉਹ ਹਾਥੀ ਦਾ ਬੱਚਾ ਤੇ ਉਸਦੀ ਗੋਲ ਚਿਹਰੇ ਵਾਲੀ ਪਤਨੀਂ ਨਜਰ ਪਏ। ਪਰ ਇਸ ਵਾਰੀ ਮੈਂ ਉਨ੍ਹਾਂ ਨੂੰ ਵਗੈਰ ਗੌਲਿਆਂ ਕੋਲੋਂ ਲੰਘ ਗਿਆ। ਹੁਣ ਉਹ ਮੇਰੇ ਲਈ 'ਆਪਣੇ ਪੰਜਾਬੀ' ਨਹੀਂ ਸਨ।