ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ……… ਲੇਖ / ਨਿਸ਼ਾਨ ਸਿੰਘ ਰਾਠੌਰ




ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ‘ਆਦਿ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ ਨਹੀਂ ਪਹੁੰਚਿਆ। ਨਾਥ ਸਾਹਿਤ ਦੇ ਕੁੱਝ ਇੱਕ ਸੋਮੇ ਅਤੇ ਲੋਕ-ਸਾਹਿਤ ਦੀਆਂ ਕੁੱਝ ਵੰਨਗੀਆਂ ਨੂੰ ਭਾਵੇਂ ਫ਼ਰੀਦ ਕਾਲ ਤੋਂ ਪਹਿਲਾਂ ਦੇ ਕਾਲ ਨਾਲ ਜੋੜਿਆ ਜਾਂਦਾ ਰਿਹਾ ਹੈ, ਪਰ ਇਸ ਦੇ ਨਾਲ ਹੀ ਇਨ੍ਹਾਂ ਦੀ ਇਤਿਹਾਸਕਤਾ ਤੇ ਕਿੰਤੂ ਕੀਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਫ਼ਰੀਦ ਬਾਣੀ ਪ੍ਰਮਾਣਿਕਤਾ ਦੀ ਕਸੌਟੀ ਤੇ ਖਰੀ ਉੱਤਰਦੀ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਦੇ ਇਕ ਪ੍ਰਮਾਣਿਕ ਆਦਿ ਕਵੀ ਹੋਣ ਦੀ ਸੂਰਤ ਵਿੱਚ ਸ਼ੇਖ ਫ਼ਰੀਦ ਨੇ ਉੱਤਰ ਵਰਤੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਕਈ ਧਰਾਤਲਾਂ ਤੇ ਪ੍ਰਭਾਵਿਤ ਕੀਤਾ ਹੈ:-


“ਫ਼ਰੀਦ ਬਾਣੀ ਵਿੱਚ ਇੱਕ ਪਰਮਾਤਮਾ ਦੀ ਨਿਰਾਕਾਰਤਾ ਅਤੇ ਸਰਵਸ਼ਕਤੀਮਾਨਤਾ ਦਾ ਜੋ ਲੱਛਣ ਮਿਲਦਾ ਹੈ, ਉਹ ਵੀ ਭਾਰਤੀ ਸਭਿਆਚਾਰ ਲਈ ਕਾਫ਼ੀ ਨਵੀਨ ਸੀ। ਭਾਰਤੀ ਦਰਸ਼ਨ ਵਿੱਚ ਬਹੁਦੇਵਵਾਦ ਅਤੇ ਸਗੁਣ ਪਰਮਾਤਮਾ ਦਾ ਸੰਕਲਪ ਪ੍ਰਧਾਨ ਸੀ। ਫ਼ਰੀਦ ਜੀ ਨੇ ‘ਨਿਰਗੁਣ’ ਅਤੇ ‘ਇੱਕ’ ਪਰਮਾਤਮਾ ਦੀ ਹੋਂਦ ਅਤੇ ਸਰਵ ਦੇ ਸੋਹਿਲੇ ਗਾਏ। ਬਾਅਦ ਵਿੱਚ ਪਰਮਾਤਮਾ ਦੇ ਇਸ ਸੰਕਲਪ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਸੰਕਲਪ ਗੁਰਮਤਿ ਪਰੰਪਰਾ ਨੇ ਰੂਪਮਾਨ ਕੀਤਾ। ਇਸੇ ਵਿਚਾਰਧਾਰਕ ਸਾਂਝ ਕਾਰਨ ਫ਼ਰੀਦ ਜੀ ਦੇ ਕਲਾਮ ਨੂੰ ਆਦਿ ਗ੍ਰੰਥ ਵਿਚ ਸੰਕਲਿਤ ਕੀਤਾ ਗਿਆ। ਭਾਵੇਂ ਫ਼ਰੀਦ ਦਰਸ਼ਨ ਵਿਚ ਗੁਰਮਤਿ ਦਰਸ਼ਨ ਨਾਲੋਂ ਕੁੱਝ ਭਿੰਨਤਾਵਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ (ਜਿਨ੍ਹਾਂ ਵੱਲ ਆਦਿ ਗ੍ਰੰਥ ਵਿਚ ਸੰਕੇਤ ਵੀ ਕੀਤੇ ਗਏ ਹਨ) ਪਰੰਤੂ ਤਾਂ ਵੀ ਫ਼ਰੀਦ ਜੀ ਨੇ ਇੱਕ ਨਿਰਾਕਾਰ ਪਰਮਾਤਮਾ ਦੀ ਨਿਰੰਕੁਸ਼ਤਾ ਦਾ ਸੰਕਲਪ ਪੇਸ਼ ਕਰਕੇ ਭਾਰਤੀ ਸਭਿਆਚਾਰ ਵਿੱਚ ਇੱਕ ਨਵੀਨ ਵਿਚਾਰਧਾਰਕ ਮੋੜ ਲਿਆਂਦਾ ਹੈ।”1



ਫ਼ਰੀਦ ਜੀ ਨੇ ਆਪਣੇ ਵਿਚਾਰਧਾਰਕ ਪ੍ਰਬੰਧ ਨੂੰ ਆਮ ਲੋਕਾਂ ਵਿੱਚ ਬੋਲੀ-ਸਮਝੀ ਜਾਣ ਵਾਲੀ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਰੂਪਮਾਨ ਕੀਤਾ ਹੈ। ਉਸ ਯੁਗ ਵਿਚ ਜਦੋਂ ਉੱਚ ਪੱਧਰ ਦੀ ਸਾਹਿਤਕਾਰੀ ਦਾ ਮਾਧਿਅਮ ਅਰਬੀ-ਫ਼ਾਰਸੀ ਜਾਂ ਸੰਸਕ੍ਰਿਤ-ਅਪਭ੍ਰੰਸ਼ ਭਾਸ਼ਾਵਾਂ ਸਨ, ਸ਼ੇਖ ਫ਼ਰੀਦ ਦਾ ਇਹ ਕਦਮ ਬਹੁਤ ਇਨਕਲਾਬੀ ਕਿਹਾ ਜਾ ਸਕਦਾ ਹੈ। ਉਸ ਸਮੇਂ ਦਾ ਕੋਈ ਵੀ ਕਵੀ ਜਿਸ ਨੂੰ ਆਪਣੀਆਂ ਸਾਹਿਤਿਕ ਆਕਾਂਖਿਆਵਾਂ ਦੀ ਪੂਰਤੀ ਲਈ ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਹੋਰ ਕੋਈ ਭਾਸ਼ਾਈ ਸਰੋਤ ਨਜ਼ਰ ਨਹੀਂ ਆਇਆ ਹੋਵੇਗਾ। ਪੰਜਾਬੀ ਵਿੱਚ ਇਸ ਪੱਧਰ ਦੇ ਸਿਰਜਣਾਤਮਕ ਕਾਰਜ ਨੂੰ ਅਸੰਭਵ ਹੀ ਸਮਝਇਆ ਜਾ ਰਿਹਾ ਸੀ। 

ਬਾਬਾ ਫ਼ਰੀਦ ਜੀ ਕੇਵਲ ਪੰਜਾਬ ਦੇ ਹੀ ਨਹੀਂ ਬਲਕਿ ਸਮੁੱਚੇ ਹਿੰਦ-ਪਾਕ ਉਪ-ਦੀਪ ਦੇ ਧਰਮ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਬਹੁਤ ਹੀ ਪ੍ਰਸਿੱਧ, ਪ੍ਰਮੁੱਖ ਅਤੇ ਲੋਕਪ੍ਰਿਯ ਸੂਫ਼ੀ ਦਰਵੇਸ਼ ਮੰਨੇ ਜਾਂਦੇ ਹਨ। ਇਸਲਾਮੀ ਸੂਫ਼ੀ ਸੰਪ੍ਰਦਾਇ ਵਿਚ ਫ਼ਰੀਦ ਜੀ ਦਾ ਨਾਂ ਸ਼੍ਰੋਮਣੀ ਦਰਵੇਸ਼ਾਂ ਵਿਚ ਗਿਣਿਆ ਜਾਂਦਾ ਹੈ। ਸੂਫ਼ੀ ਲਹਿਰ ਦੇ ਅਧੀਨ ਪੰਜਾਬ ਵਿਚ ਚੱਲੇ ਮਾਨਵਵਾਦੀ ਅੰਦੋਲਨ ਦੀ ਸਥਾਪਨਾ ਦਾ ਮਾਣ ਵੀ ਫ਼ਰੀਦ ਜੀ ਨੂੰ ਪ੍ਰਾਪਤ ਹੈ। ਵਾਰਿਸ਼ ਸ਼ਾਹ ਨੇ ਬਾਬਾ ਫ਼ਰੀਦ ਨੂੰ ਮੁਸਲਮਾਨਾਂ ਦੇ ‘ਬਾਈ ਕੁਤਬਾ’ ਅਤੇ ਉੱਘੇ ਤੇ ਉੱਚ ਕੋਟੀ ਦੇ ਫ਼ਕੀਰਾਂ ਵਿਚ ਗਿਣਿਆ ਤੇ ‘ਪੀਰ-ਏ-ਕਮਾਲ’ ਸਵੀਕਾਰ ਕੀਤਾ ਹੈ। 

ਫ਼ਰੀਦ ਜੀ ਦੇ ਪੂਰਵਜ ਕਾਬਲ ਤੋਂ ਹਿੰਦੁਸਤਾਨ ਆਏ ਸਨ। ਕਾਬਲ ਤੋਂ ਹਿੰਦੁਸਤਾਨ ਆਉਣ ਕਰਕੇ ਫ਼ਰੀਦ ਜੀ ਦੇ ਨਿੱਜੀ ਇਸਲਾਮਿਕ ਸੰਸਕਾਰਾਂ ਦਾ ਟਕਰਾਉ ਭਾਰਤ ਦੇ ਹਿੰਦੂ ਵੇਦਾਂਤ ਅਤੇ ਬੁੱਧ ਦਰਸ਼ਨ ਨਾਲ ਹੋਇਆ। ਇਸ ਟਕਰਾਉ ਦੁਆਰਾ ਸ਼ੇਖ ਫ਼ਰੀਦ ਜੀ ਦੀ ਵਿਚਾਰਧਾਰਾ ਵਿਚ ਉਦਾਰਤਾ ਅਤੇ ਸੰਪ੍ਰਦਾਇਕ ਸਦਭਾਵਨਾ ਦੇ ਗੁਣ/ਲੱਛਣ ਪੈਦਾ ਹੋ ਗਏ। ਫ਼ਰੀਦ ਜੀ ਨੇ ਮਨੁੱਖੀ ਏਕਤਾ ਅਤੇ ਸਮਾਨਤਾ ਤੇ ਜੋ ਵਿਚਾਰ ਆਪਣੇ ਕਲਾਮ ਵਿਚ ਪੇਸ਼ ਕੀਤੇ, ਉਨ੍ਹਾਂ ਦੀ ਬੁਨਿਆਦ ਇਸਲਾਮਿਕ ਧਰਮ-ਸ਼ਾਸਤਰ ਉੱਤੇ ਟਿਕੀ ਹੋਈ ਸੀ। ਇਹੀ ਕਾਰਨ ਹੈ ਕਿ ਫ਼ਰੀਦ ਜੀ ਥਾਂ ਪੁਰ ਥਾਂ ਵਿਅਕਤੀ ਨੂੰ ਇਸਲਾਮ ਦੇ ਮਾਰਗ ਉੱਪਰ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਚਾਰਧਾਰਾ ਵਿਚ ਪਰਸਪਰ ਰਵਾਦਾਰੀ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਭਾਵ ਵੀ ਜਾਗ੍ਰਿਤ ਹੁੰਦੇ ਹਨ। ਇਹ ਭਾਵ ਫ਼ਰੀਦ ਜੀ ਨੇ ਭਾਰਤੀ ਦਰਸ਼ਨ ਤੋਂ ਗ੍ਰਹਿਣ ਕੀਤੇ ਹਨ:-

“ਸੂਫ਼ੀਮੱਤ ਦੇ ਨਿਕਾਸ ਦੇ ਮੁੱਢ ਵਿਚ ਸੰਪੂਰਨ ਤੌਰ ਤੇ ਭਾਰਤੀ ਚਿੰਤਨਧਾਰਾ ਨੂੰ ਸਵੀਕਾਰ ਕੀਤਾ ਜਾਵੇ ਪਰ ਇਸ ਦਾ ਮਤਲਬ ਇਹ ਜ਼ਰੂਰ ਹੈ ਕਿ ਸੂਫ਼ੀਮੱਤ ਦੇ ਨਿਕਾਸ ਬਾਰੇ ਵਿਚਾਰ ਕਰਦਿਆਂ ਜਦੋਂ ਹੋਰਨਾਂ ਧਰਮਾਂ ਦੇ ਪ੍ਰਭਾਵ ਦੀ ਗੱਲ ਕੀਤੀ ਜਾਵੇ, ਉਦੋਂ ਭਾਰਤੀ ਦਰਸ਼ਨ ਦੇ ਪ੍ਰਭਾਵ ਨੂੰ ਦ੍ਰਿਸ਼ਟੀਗੋਚਰ ਰੱਖਿਆ ਜਾਵੇ।”2

ਇਸ ਤਰ੍ਹਾਂ ਫ਼ਰੀਦ ਜੀ ਨੇ ਭਾਰਤੀ ਸਭਿਆਚਾਰ ਵਿੱਚ ਮਨੁੱਖੀ ਏਕਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਸੁਰ ਬੁਲੰਦ ਕਰਕੇ ਇਸ ਨੂੰ ਇਕ ਰੈਡੀਕਲ ਸਭਿਆਚਾਰ ਦੇ ਗੁਣ/ਲੱਛਣ ਪ੍ਰਦਾਨ ਕੀਤੇ ਹਨ। ਵਿਚਾਰਧਾਰਕ ਪ੍ਰਸੰਗ ਵਿਚ ਫ਼ਰੀਦ ਜੀ ਦੀ ਇਕ ਹੋਰ ਦੇਣ ਪੰਜਾਬੀ ਸਭਿਆਚਾਰ ਵਿਚ ਇਕ ਅਜਿਹੇ ਸਦਾਚਾਰ ਸ਼ਾਸਤਰ ਦਾ ਨਿਰਮਾਣ ਕਰਨਾ ਹੈ ਜਿਸ ਦਾ ਆਧਾਰ ਮਾਨਵਤਾਵਾਦ ਸੀ। 

ਬਾਬਾ ਫ਼ਰੀਦ ਜੀ ਤੋਂ ਪਹਿਲਾਂ ਭਾਰਤੀ ਸਭਿਆਚਾਰ ਵਿਚ ਪ੍ਰਚਲਿਤ ਸਦਾਚਾਰ-ਸ਼ਾਸਤਰ ਦਾ ਮੁਹਾਂਦਰਾ ਤਾਨਾਸ਼ਾਹੀ ਸੀ। ਪੁਰੋਹਿਤ ਸ਼੍ਰੇਣੀ ਅਜਿਹੇ ਸਦਾਚਾਰਕ ਵਿਧਾਨ ਨੂੰ ਸ਼ਾਸਕ ਵਰਗ ਦੇ ਹਿੱਤਾਂ ਦੀ ਸਲਾਮਤੀ ਲਈ ਵਰਤਦੀ ਸੀ। ਇਸ ਵਿਧਾਨ ਦੇ ਤਹਿਤ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਨਾਲੋਂ ਤੋੜਿਆ ਜਾਂਦਾ ਸੀ। ਪਰ ਇਸ ਦੇ ਉਲਟ ਬਾਬਾ ਫ਼ਰੀਦ ਦੇ ਸਦਾਚਾਰਕ ਵਿਧਾਨ ਵਿੱਚ ਇੱਕ-ਦੂਜੇ ਲਈ ਮੁਹੱਬਤ, ਖਿਮਾਂ, ਨਿਮਰਤਾ, ਸਹਿਣਸ਼ੀਲਤਾ ਅਤੇ ਸਮਾਨਤਾ ਦੇ ਭਾਵ ਦ੍ਰਿਸ਼ਟੀਗੋਚਰ ਹੁੰਦੇ ਹਨ:-

“ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥”3


ਫ਼ਰੀਦ ਜੀ ਮਨੁੱਖ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ ਅਤੇ ਸਦਾਚਾਰ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਦੀ ਸਿੱਖਿਆ ਜਿੰਨੀ ਸਾਰਥਕ ਉਸ ਸਮੇਂ ਸੀ, ਉਤਨੀ ਹੀ ਅਜੋਕੇ ਸਮੇਂ ਵੀ ਸਾਰਥਕ ਹੈ। ਇਸ ਤੋਂ ਇਲਾਵਾ ਬਾਬਾ ਫ਼ਰੀਦ ਜੀ ਦੁਆਰਾ ਪੰਜਾਬੀ ਭਾਸ਼ਾ ਦਾ ਠੇਠ, ਮੁਹਾਵਰੇ ਭਰਪੂਰ ਅਤੇ ਢੁੱਕਵਾਂ ਪ੍ਰਯੋਗ ਅੱਜ ਵੀ ਪਾਠਕਾਂ ਲਈ ਅਰਥ-ਸੰਚਾਰ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਣ ਦਿੰਦਾ:- 

“ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫ਼ਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥”4


ਸਾਹਿਤਿਕ ਪ੍ਰਸੰਗ ਵਿਚ ਰੂਪਾਕਾਰ ਦੀ ਸਮੱਸਿਆ ਵੀ ਫ਼ਰੀਦ ਜੀ ਵਾਸਤੇ ਕਾਫ਼ੀ ਕਠਿਨ ਰਹੀ ਹੋਵੇਗੀ। ਹਰ ਰੂਪਾਕਾਰ ਸਮਾਜਿਕ ਪ੍ਰਗਤੀ ਦੇ ਇਕ ਵਿਸ਼ੇਸ਼ ਮੋੜ ਸਮੇਂ ਉਦੈਮਾਨ ਹੁੰਦਾ ਹੈ। ਫ਼ਰੀਦ ਜੀ ਨੇ ਆਪਣੇ ਯੁਗ ਦੇ ਸਮੁੱਚੇ ਅਧਿਆਤਮਕ ਚਿੰਤਨ ਦਾ ਮੰਥਨ ਕਰਕੇ ਇਸ ਦੇ ਸਾਰ ਤੱਤ ਦੀ ਪੇਸ਼ਕਾਰੀ ਕੀਤੀ ਹੈ। ਜਿਸ ਸਮੇਂ ਲੋਕ-ਸੱਚ ਅਤੇ ਵਿਅਕਤੀ-ਸੱਚ ਦੋਵੇਂ ਇਕ ਨੁਕਤੇ ਤੇ ਕੇਂਦ੍ਰਿਤ ਹੋ ਜਾਂਦੇ ਹਨ ਅਤੇ ਦੋਹਾਂ ਵਿਚ ਕਿਸੇ ਤਰ੍ਹਾਂ ਦਾ ਤਨਾਉ/ਟਕਰਾਉ ਨਹੀਂ ਰਹਿੰਦਾ ਤਾਂ ਬਾਣੀ ਅਖ਼ੌਤਾਂ ਅਤੇ ਲੋਕੋਕਤੀਆਂ ਦਾ ਰੂਪ ਧਾਰਨ ਕਰਨ ਲੱਗਦੀ ਹੈ। ਸ਼ੇਖ਼ ਫ਼ਰੀਦ ਜੀ ਦੇ ਕਲਾਮ ਵਿਚ ਇਹ ਹਕੀਕਤ ਸਾਫ਼ ਨਜ਼ਰ ਆਉਂਦੀ ਹੈ। ਇਨ੍ਹਾਂ ਦੋਹਾਂ ਤਰਾਂ ਦੇ ਅਨੁਭਵਾਂ ਦੀ ਤਰਜਮਾਨੀ ਲਈ ‘ਸਲੋਕ’ ਇਕ ਬਹੁਤ ਵਧੀਆ ਅਤੇ ਢੁੱਕਵਾਂ ਰੂਪਾਕਾਰ ਹੈ। 

ਫ਼ਰੀਦ ਜੀ ਦੇ ਪਿੱਛੋਂ ਭਗਤ ਕਬੀਰ, ਤੁਲਸੀ ਦਾਸ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਅਰਜੁਨ ਦੇਵ ਅਤੇ ਗੁਰੂ ਤੇਗ਼ ਬਹਾਦਰ ਜੀ ਵਰਗੇ ਮਹਾਂਪੁਰਸ਼ਾਂ ਨੇ ਆਪਣੇ ਅਧਿਆਤਮਕ ਚਿੰਤਨ ਦੇ ਪ੍ਰਗਟਾਵੇ ਵਾਸਤੇ ਫ਼ਰੀਦ ਜੀ ਵਾਲੇ ਸਲੋਕ ਮਾਧਿਅਮ ਨੂੰ ਬੜੀ ਸਫ਼ਲਤਾ ਨਾਲ ਵਰਤਿਆ ਹੈ।

ਇਸ ਤਰ੍ਹਾਂ ਫ਼ਰੀਦ ਜੀ ਨੇ ਮਗਰਲੇ ਸੰਤਾਂ, ਸੂਫ਼ੀਆਂ, ਗੁਰੂਆਂ ਅਤੇ ਸਾਹਿਤਕਾਰਾਂ ਨੂੰ ਆਮ ਲੋਕਾਂ ਵੱਲੋਂ ਬੋਲੀ ਜਾਂਦੀ ਭਾਸ਼ਾ ਪੰਜਾਬੀ ਵਿੱਚ ਸਾਹਿਤ ਸਿਰਜਣਾ ਕਰਨ ਦੀ ਪ੍ਰੇਰਣਾ ਦਿੱਤੀ। ਫ਼ਰੀਦ ਜੀ ਤੋਂ ਪਹਿਲਾਂ ਰਚਿਆ ਭਗਤੀ ਸਾਹਿਤ ਲੋਕ ਬੋਲੀ ਤੋਂ ਦੂਰ ਹੀ ਰਿਹਾ। ਇਸ ਗੱਲ ਦਾ ਮਾਣ ਬਾਬਾ ਫ਼ਰੀਦ ਨੂੰ ਹੈ ਕਿ ਉਨ੍ਹਾਂ ਨੇ ਲੋਕ ਬੋਲੀ ਵਿਚ ਆਪਣੇ ਵਿਚਾਰ ਪੇਸ਼ ਕਰਕੇ ਪੰਜਾਬੀ ਭਾਸ਼ਾ ਨੂੰ ਸਾਹਿਤ ਦਾ ਮਾਧਿਅਮ ਬਣਾ ਦਿੱਤਾ। ਇਸ ਰਾਹੀਂ ਉੱਚੇ ਅਤੇ ਡੂੰਘੇ ਦਾਰਸ਼ਨਿਕ, ਅਧਿਆਤਮਕ, ਸਮਾਜਿਕ ਅਤੇ ਸਭਿਆਚਾਰਕ ਵਿਸ਼ਿਆਂ ਨੂੰ ਕਲਮਬੱਧ ਕਰਕੇ ਪੰਜਾਬੀ ਭਾਸ਼ਾ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਅਤੇ ਟਕਸਾਲੀ ਸ਼ਿਖਰ ਤੇ ਪਹੁੰਚਾ ਦਿੱਤਾ।

ਪੰਜਾਬੀ ਬੋਲੀ ਵਿਚ ਬਾਬਾ ਫ਼ਰੀਦ ਜੀ ਨੇ ਅਨੂਠੀ ਕਵਿਤਾ ਰਚੀ ਹੈ, ਉਹ ਕਾਵਿ ਗੁਣਾਂ ਦੇ ਪੱਖ ਤੋਂ ਵੀ ਉੱਤਮ ਹੈ। ਫ਼ਰੀਦ ਜੀ ਨੇ ਆਪਣੇ ਕਲਾਮ ਦੁਆਰਾ ਜਿਹੜੀ ਅਪੀਲ ਮਨੁੱਖ ਨੂੰ ਕੀਤੀ ਹੈ ਉਹ ਆਤਮਾ ਦੀ ਧੁਰ ਡੂੰਘਾਈ ਤੱਕ ਜਾ ਪਹੁੰਚਦੀ ਹੈ। ਇਸ ਕਰਕੇ ਇਹ ਸਦੀਆਂ ਤੋਂ ਸਦਾਚਾਰਕ, ਸਭਿਆਚਾਰਕ ਅਤੇ ਅਧਿਆਤਮਕ ਪ੍ਰੇਰਣਾ ਦਾ ਸੋਮਾ ਬਣੀ ਰਹੀ। ਫ਼ਰੀਦ ਬਾਣੀ ਵਿੱਚ ਪੇਸ਼ ਕੀਤੀ ਗਈ ਸਾਹਿਤਕ ਤੇ ਸਮੂਹਕ ਅਪੀਲ, ਦਾਰਸ਼ਨਿਕ ਅਤੇ ਸਰੋਦੀ ਸੁਰ, ਸਦਾਚਾਰਕ ਤੇ ਅਧਿਆਤਮਕ ਸਿੱਖਿਆ ਨੂੰ ਹੀ ਆਦਿ ਗ੍ਰੰਥ ਵਿਚ ਅਮਰ ਸਥਾਨ ਪ੍ਰਾਪਤ ਹੋ ਸਕਿਆ ਹੈ। 

ਫ਼ਰੀਦ ਬਾਣੀ ਵਿਚ ਵਰਤੇ ਗਏ ਵਿਧਾਨ, ਪ੍ਰਤੀਕ ਅਤੇ ਅੰਲਕਾਰ ਯੋਜਨਾ ਨੇ ਫ਼ਰੀਦ ਜੀ ਦੀ ਸਾਹਿਤਕ ਮਹਾਨਤਾ ਨੂੰ ਹੋਰ ਚਮਕਾ ਦਿੱਤਾ ਹੈ:- 

“ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥”5

ਪੰਜਾਬੀ ਸੂਫ਼ੀ ਕਾਵਿ ਵਿਚ ਜਿੰਦ ਲਈ ‘ਵਹੁਟੀ’ ਅਤੇ ਮੌਤ ਲਈ ‘ਪਤੀ’ ਇਸ ਦੁਨੀਆਂ ਲਈ ‘ਪੇਕੇ’ ਅਤੇ ਅਗਲੀ ਦੁਨੀਆਂ ਲਈ ‘ਸਹੁਰੇ’ ਵਰਗੇ ਬਿੰਬ ਦੀ ਵਰਤੋਂ ਫ਼ਰੀਦ ਜੀ ਨੇ ਹੀ ਆਪਣੇ ਕਲਾਮ ਵਿਚ ਪਹਿਲੀ ਵਾਰ ਪੇਸ਼ ਕੀਤੀ ਹੈ। ਇਸ ਰੂਪਕ ਨੂੰ ਹੋਰ ਰਸੀਲਾ, ਵੰਨ-ਸੁਵੰਨਾ ਅਤੇ ਭਾਵ-ਪੂਰਨ ਬਣਾ ਕੇ ਬਾਅਦ ਦੇ ਸੂਫ਼ੀਆਂ ਅਤੇ ਖ਼ਾਸ ਕਰਕੇ ਸਿੱਖ ਗੁਰੂਆਂ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ ਹਨ। 

ਫ਼ਰੀਦ ਜੀ ਨੇ 12ਵੀਂ ਸਦੀ ਵਿਚ ਪੰਜਾਬੀ ਬੋਲੀ ਵਿਚ ਅਜਿਹੀ ਅਨੂਠੀ ਅਤੇ ਅਦੁੱਤੀ ਰਚਨਾ ਰਚੀ, ਜਿਸਦੇ ਸੰਦੇਸ਼ ਤੇ ਸੰਗੀਤ ਦੀਆਂ ਮਨੋਹਰ ਸੁਰਾਂ ਨਾਲ ਇਹ ਧਰਤੀ ਅੱਜ ਵੀ ਗੂੰਜ ਰਹੀ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਵੀ ਆਪਣੇ ਅਜਿਹੇ ਯੋਗਦਾਨ ਨਾਲ ਅਜੇ ਵੀ ਗੁੰਜਾਇਮਾਨ ਕਰ ਰਹੀ ਹੈ। ਫ਼ਰੀਦ ਸ਼ਬਦ ਦਾ ਸ਼ਾਬਦਿਕ ਅਰਥ ਵੀ ਅਦੁੱਤੀ ਹੈ ਅਤੇ ਮਹਾਨ ਪੁਰਸ਼ਾਂ ਦੇ ਨਾਂ ਵੀ ਮਹਾਨ ਹੋਇਆ ਕਰਦੇ ਹਨ, ਦੀ ਕਹਾਵਤ ਬਾਬਾ ਫ਼ਰੀਦ ਜੀ ਤੇ ਪੂਰੀ ਢੁੱਕਦੀ ਹੈ।

ਜਦੋਂ ਅਸੀਂ “ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ” ਬਾਰੇ ਗੱਲ ਕਰਦੇ ਹਾਂ ਤਾਂ ਇਹ ਤੱਥ ਦ੍ਰਿਸ਼ਟੀਗੋਚਰ ਰੱਖਣਾ ਬੜਾ ਜ਼ਰੂਰੀ ਹੈ ਕਿ ਬਾਬਾ ਫ਼ਰੀਦ ਜੀ ਦੇ ਸਮੇਂ ਅਰਬ/ਈਰਾਨ ਵਿਚ ਸੂਫ਼ੀ ਦਰਸ਼ਨ ਤੇ ਸੂਫ਼ੀ ਸਿਧਾਂਤ ਆਪਣੀ ਚਰਮ ਸੀਮਾ ਨੂੰ ਛੂਹ ਚੁਕੇ ਸਨ। ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿਚ ਸੂਫ਼ੀਆਂ ਨੇ ਉਹੀ ਕਾਰਜ ਨਿਭਾਉਣਾ ਸੀ ਜੋ ਸੱਤਵੀਂ-ਅੱਠਵੀਂ ਸਦੀ ਵਿਚ ਮੁੱਢਲੇ ਸੂਫ਼ੀਆਂ ਨੇ ਅਰਬ/ਈਰਾਨ ਵਿਚ ਨਿਭਾਇਆ ਅਤੇ ਉਹ ਇਹ ਸੀ ਕਿ ਇਸਲਾਮ ਧਰਮ ਦਾ ਫੈਲਾਉ ਅਤੇ ਸੂਫ਼ੀ ਸਿਧਾਂਤਾਂ ਦੀ ਜਾਣਕਾਰੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਬਾ ਫ਼ਰੀਦ ਜੀ ਵੀ ਇਸ ਧਾਰਨਾ ਨੂੰ ਲੈ ਕੇ ਪ੍ਰਵੇਸ਼ ਕਰਦੇ ਹਨ। ਇਸ ਲਈ ਬਾਬਾ ਫ਼ਰੀਦ ਦਾ ਦੌਰ ਪੰਜਾਬੀ ਸੂਫ਼ੀ ਵਿਚਾਰਧਾਰਾ ਦਾ ਪ੍ਰਾਰੰਭਿਕ ਪੜਾਅ ਹੋਣਾ ਸੁਭਾਵਿਕ ਹੈ ਅਤੇ ਉਹ ਇਸ ਇਤਿਹਾਸਕ ਪੜਾਅ ਦੇ ਮੁੱਢਲੇ ਸੂਫ਼ੀ ਸਨ। 

ਇਨ੍ਹਾਂ ਮੁੱਢਲੇ ਸੂਫ਼ੀਆਂ ਦਾ ਮੁੱਖ ਕਾਰਜ ਹਾਰੀ ਹੋਈ ਭਾਰਤੀ ਕੌਮ ਨੂੰ ਇਸਲਾਮ ਕਬੂਲਣ ਅਤੇ ਸੂਫ਼ੀ ਦਰਸ਼ਨ ਦੀਆਂ ਮੁੱਢਲੀਆਂ ਰਹੁ-ਰੀਤਾਂ ਨਾਲ ਸੰਪਰਕ ਸਥਾਪਿਤ ਕਰਵਾਉਣਾ ਸੀ। ਇਸ ਲਈ ਬਾਬਾ ਫ਼ਰੀਦ ਜੀ ਦੇ ਕਲਾਮ ਵਿਚ ਉਨ੍ਹਾਂ ਸਾਰੇ ਤੱਤਾਂ ਦਾ ਸਮਾਵੇਸ ਜ਼ਰੂਰੀ ਸੀ ਜੋ ਪੰਜਾਬੀ ਸੂਫ਼ੀ ਕਾਵਿ ਦੇ ਮੁੱਢਲੇ ਸਰੂਪ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚ ਪਹਿਲਾ ਤੱਤ ਸ਼ਰੀਅਤ ਦਾ ਹੈ, ਜਿਸ ਵਿਚ ਕੁਰਾਨ ਦੀਆਂ ਹਦੀਸੀ ਸਿੱਖਿਆਵਾਂ ਆ ਜਾਂਦੀਆਂ ਹਨ। ਸ਼ਰੀਅਤ ਵਿਚ ਅੱਲ੍ਹਾ ਦਾ ਵਿਸ਼ੇਸ਼ ਮਹੱਤਵ ਹੈ ਜੋ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਕ ਹੈ:-

“ਸ਼ਰੀਅਤ ਸਾਡੀ ਮਾਈ ਹੈ,
ਤਰੀਕਤ ਸਾਡੀ ਦਾਈ ਹੈ,
ਅੱਗੋਂ ਹਕ ਹਕੀਕਤ ਆਈ ਹੈ,
ਤੇ ਮਾਰਫਤੋਂ ਕੁਝ ਪਾਇਆ ਹੈ।”6

ਫ਼ਰੀਦ ਬਾਣੀ ਵਿਚ ਇਸ ਨੂੰ ਅੱਲ੍ਹਾ, ਰੱਬ, ਪ੍ਰਭੂ, ਖ਼ੁਦਾ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਇਸ ਤਰ੍ਹਾਂ ਬਾਬਾ ਫ਼ਰੀਦ ਨੇ ਅੱਲ੍ਹਾ ਨੂੰ ਭਾਰਤੀ ਤੇ ਇਸਲਾਮੀ ਚਿੰਤਨ ਦੇ ਮਿਸ਼ਰਣ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਕਾਰਨ ਬਾਬਾ ਫ਼ਰੀਦ ਨੇ ਇਸਲਾਮ ਦੇ ਰਹੱਸਵਾਦੀ ਪੱਖ ਨੂੰ ਭਾਰਤੀ ਦ੍ਰਿਸ਼ਟੀ ਤੋਂ ਹਰਮਨ ਪਿਆਰਾ ਕਰ ਦਿੱਤਾ ਹੈ:-

“ਫ਼ਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਝਾ ਦੁਧੁ॥
ਸਭੇ ਵਸਤੂ ਮਿਠੀਆਂ ਰਬ ਨਾ ਪੁਜਨ ਤੁਧੁ॥7

ਬਾਬਾ ਫ਼ਰੀਦ ਜੀ ਅਨੁਸਾਰ ਪਰਮਾਤਮਾ ਤੋਂ ਪਿਆਰੀ ਅਤੇ ਮਿੱਠੀ ਚੀਜ ਹੋਰ ਕੋਈ ਨਹੀਂ ਹੈ ਅਤੇ ਮਨੁੱਖ ਨੂੰ ਪਰਮਾਤਮਾ ਦੇ ਇਸ਼ਕ ਵਿਚ ਲੀਨ ਰਹਿਣਾ ਚਾਹੀਦਾ ਹੈ:- 

“ਰਤੇ ਇਸ਼ਕ ਖੁਦਾਇ ਰੰਗਿ ਦੀਦਾਰ ਕੇ॥
ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ”8

ਉਸ ਸਿਰਜਣਹਾਰ ਪ੍ਰਭੂ-ਪਿਤਾ ਪਰਮਾਤਮਾ ਨਾਲ ਪ੍ਰੇਮ/ਇਸ਼ਕ ਦੀ ਭਾਵਨਾ ਪੈਦਾ ਕੀਤੀ। ਇਸ ਤਰ੍ਹਾਂ ਬਾਬਾ ਫ਼ਰੀਦ ਇਸਲਾਮ ਦੇ ਸਨਾਤਨੀ ਪੱਖ ਨੂੰ ਨਕਾਰਦੇ ਹਨ ਅਤੇ ਭਾਰਤੀ ਚਿੰਤਨ ਨੂੰ ਕਬੂਲਦੇ ਹਨ। ਇਸਲਾਮੀ ਸ਼ਰੀਅਤ ਵਿੱਚ ਇਕ ਈਸ਼ਵਰਵਾਦ ਦੇ ਨਾਲ ਉਸ ਦੇ ਫ਼ਰਿਸ਼ਤਿਆਂ, ਕਤੇਸ਼ਾਂ, ਪੈਗੰਬਰਾਂ ਦੇ ਰੱਬੀ ਹੁਕਮ, ਕਿਆਮਤ ਦੇ ਦਿਨਾਂ ਵਿਚ ਵਿਸ਼ਵਾਸ ਵੀ ਜ਼ਰੂਰੀ ਮੰਨੇ ਜਾਂਦੇ ਹਨ। ਬਾਬਾ ਫ਼ਰੀਦ ਜੀ ਦੀ ਬਾਣੀ ਵਿਚ ਮੌਤ ਦਾ ਵਰਨਣ ਵੀ ਬੜੀ ਹੀ ਤੀਬਰਤਾ ਨਾਲ ਪੇਸ਼ ਕੀਤਾ ਗਿਆ ਹੈ:-

“ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ॥”9

ਇਹ ਮੌਤ ਦਾ ਵਰਨਣ ਕਈ ਵਿਦਵਾਨਾਂ ਦੀ ਦ੍ਰਿਸ਼ਟੀ ਵਿਚ ਨਾਸ਼ਮਾਨਤਾ, ਢਾਹੂ ਪੱਖੀ ਸੂਚਕ ਹੈ, ਪਰ ਐਸੀ ਧਾਰਨਾ ਗਲਤ ਹੈ। ਦਰਅਸਲ ਫ਼ਰੀਦ ਬਾਣੀ ਵਿੱਚ ਇਸ ਮੌਤ ਦੇ ਸੰਕਲਪ ਰਾਹੀਂ ਮਨੁੱਖ ਨੂੰ ਰੱਬ ਨਾਲ ਜੋੜਣ ਦੀ ਜੁਗਤ ਵੱਜੋਂ ਵਰਤਿਆ ਗਿਆ ਹੈ। ਇਹ ਇੱਕ ਤੱਥ ਹੈ ਕਿ ਮਨੁੱਖ ਸਭ ਤੋਂ ਵੱਧ ਮੌਤ ਕੋਲੋਂ ਡਰਦਾ ਹੈ। ਇਸ ਡਰ ਅਧੀਨ ਮਨੁੱਖ ਨੂੰ ਰੱਬ ਯਾਦ ਆਉਂਦਾ ਹੈ। ਇਸ ਲਈ ਫ਼ਰੀਦ ਬਾਣੀ ਵਿਚ ਮੌਤ ਦੇ ਵਰਨਣ ਦੀ ਮੁੱਖ ਭੂਮਿਕਾ ਮਨੁੱਖ ਨੂੰ ਰੱਬ ਨਾਲ ਜੋੜਣ ਦੀ ਹੈ ਨਾ ਕਿ ਨਾਸ਼ਮਾਨਤਾ ਜਾਂ ਢਾਹੂ ਪੱਖੀ। ਐਸੀ ਸੋਝੀ ਮਨੁੱਖ ਨੂੰ ਚੰਗਾ ਕਾਰਜ ਕਰਨ ਦੀ ਪ੍ਰੇਰਣਾ ਦਿੰਦੀ ਹੈ। ਫ਼ਰੀਦ ਬਾਣੀ ਸਦਾਚਾਰਕ ਗੁਣਾਂ ਦੀ ਮਹੱਤਤਾ ਦਾ ਆਭਾਸ ਕਰਵਾਉਂਦੀ ਹੈ। ਸ਼ਰੀਅਤ ਵਿਚ ਨੈਤਿਕਤਾ ਜਾਂ ਸਦਾਚਾਰਕ ਮੁੱਖ ਕਾਰਜ ਹੈ।

ਇਸ ਤਰ੍ਹਾਂ ਫ਼ਰੀਦ ਬਾਣੀ ਦਾ ਉਦੇਸ਼ ਮਨੁੱਖ ਨੂੰ ਹਲੀਮੀ, ਨਿਮਰਤਾ, ਚੰਗੇ ਕਰਮ ਕਰਨ ਅਤੇ ਸੰਸਾਰਕ ਕੰਮਾਂ ਤੋਂ ਨਿਰਲੇਪ ਰਹਿਣ ਦਾ ਸੰਦੇਸ਼ ਦਿੰਦੀ ਹੈ। ਫ਼ਰੀਦ ਬਾਣੀ ਮਨੁੱਖ ਨੂੰ ਰੱਬ ਨਾਲ ਜੋੜਣ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ। 

ਫ਼ਰੀਦ ਬਾਣੀ ਦਾ ਵਿਸ਼ਲੇਸ਼ਣ ਸਪਸ਼ਟ ਕਰਦਾ ਹੈ ਕਿ ਇਸ ਵਿਚ ਇਸਲਾਮ ਦੇ ਬੁਨਿਆਦੀ ਸਿਧਾਂਤਾਂ ਦੀ ਵਿਆਖਿਆ ਕੀਤੀ ਗਈ ਹੈ। ਅਸਲ ਵਿਚ ਇਹ ਮੁੱਢਲੇ ਸੂਫ਼ੀਮੱਤ ਦੀ ਬੁਨਿਆਦੀ ਲੋੜ ਵੀ ਸੀ। ਇਹੀ ਵਿਸ਼ਲੇਸ਼ਣ ਹੀ ਫ਼ਰੀਦ ਬਾਣੀ ਨੂੰ ਸ਼ਰੀਅਤ ਮੁਖੀ ਸੂਫ਼ੀ ਸਾਹਿਤ ਦੀ ਪਦਵੀ ਦਿੰਦਾ ਹੈ ਅਤੇ ਸਾਨੂੰ ਬਾਬਾ ਫ਼ਰੀਦ ਦਾ ਸਮੁੱਚੇ ਸੂਫ਼ੀ ਕਾਵਿ ਵਿਚ ਸਥਾਨ ਨਿਸ਼ਚਿਤ ਕਰਦਾ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਮੂਲ ਪੱਖ ਇਸਲਾਮ ਦਾ ਪ੍ਰਚਾਰ ਕਰਨਾ ਸੀ। ਪਰ ਉਹ ਇਸਲਾਮੀ ਕੱਟੜਤਾ ਅਤੇ ਸ਼ਰੀਅਤ ਦੀ ਉਲੰਘਨਾ ਕਰਕੇ ਕੇਵਲ ਪਰਮਾਤਮਾ ਦੀ ਪ੍ਰਾਪਤੀ ਦਾ ਹੀ ਲਖ਼ਸ਼ ਰੱਖਦੇ ਸਨ। ਉਨ੍ਹਾਂ ਆਪਣੇ ਕਲਾਮ ਵਿਚ ਚੰਗੇ ਮਨੁੱਖ ਦੇ ਗੁਣਾਂ ਨੂੰ ਰੂਪਮਾਨ ਕੀਤਾ ਹੈ:-

“ਸ਼ੇਖ ਫ਼ਰੀਦ ਨੇ ਧਰਮ ਦੀ ਨਵੀਂ ਅਤੇ ਮਾਨਵਤਾਵਾਦੀ ਪਰਿਭਾਸ਼ਾ ਤਿਆਰ ਕੀਤੀ। ਧਰਮ ਦੇ ਨਾਲ ਫ਼ਰੀਦ ਜੀ ਨੇ ਜੋ ਸਦਾਚਾਰ-ਪ੍ਰਬੰਧ ਜੋੜਿਆ ਹੈ, ਉਹ ਮਨੁੱਖ ਦੀ ਏਕਤਾ ਅਤੇ ਸਮਾਨਤਾ ਦੇ ਸਿਧਾਂਤ ਉੱਪਰ ਖੜਾ ਹੈ। ਉਨ੍ਹਾਂ ਅਨੁਸਾਰ ਸੱਚ, ਨਿਮਰਤਾ, ਖਿਮਾ, ਪ੍ਰਾਹੁਣਚਾਰੀ, ਮਿੱਠਾ ਬੋਲਣ, ਦੁੱਖ-ਸੁੱਖ ਦੀ ਸਮਭਾਵਨਾ ਅਤੇ ਸ਼ਾਂਤੀਵਾਦ ਦੇ ਗ੍ਰਹਿਣ ਅਤੇ ਗੁੱਸੇ, ਸਵੈ-ਅਭਿਮਾਨ, ਲਾਲਚ ਅਤੇ ਕੁਕਰਮਾਂ ਦੇ ਤਿਆਗ ਨਾਲ ਇਕ ਅਜਿਹਾ ਆਦਰਸ਼ਕ ਸਮਾਜ ਪੈਦਾ ਹੋਵੇਗਾ, ਜਿਸ ਵਿੱਚ ਵਿਚਰਣ ਦੇ ਬਾਵਜੂਦ ਵਿਅਕਤੀ ਉਸ ਵਿੱਚ ਖਚਿਤ ਨਹੀਂ ਹੋਵੇਗਾ।”10

ਇਸਲਾਮੀ ਦ੍ਰਿਸ਼ਟੀ ਨੂੰ ਉਨ੍ਹਾਂ ਨੇ ਇਕ ਕੱਟੜ ਇਸਲਾਮੀ ਦ੍ਰਿਸ਼ਟੀਕੋਣ ਤੋਂ ਨਹੀਂ ਸਗੋਂ ਇਸਦੇ ਉਲਟ ਸਹਿਨਸ਼ੀਲਤਾ, ਨਿਮਰਤਾ ਅਤੇ ਸਹਿਹੋਂਦ ਵਾਲੀ ਭਾਵਨਾ ਅਧੀਨ ਪੇਸ਼ ਕੀਤਾ ਹੈ। ਐਸੀ ਭਾਵਨਾ ਅਧੀਨ ਹੀ ਫ਼ਰੀਦ ਬਾਣੀ ਵਿਚ ਸਿੱਖਿਆ ਦੇ ਅੰਸ਼ਾਂ ਦਾ ਆ ਜਾਣਾ ਸੁਭਾਵਿਕ ਸੀ। ਫ਼ਰੀਦ ਬਾਣੀ ਦਾ ਮੂਲ ਧੁਰਾ ਸ਼ਰੀਅਤ ਹੈ, ਇਸ ਲਈ ਇਹ ਬਾਣੀ ਇਕ ਚੰਗੇ ਮੁਸਲਮਾਨ ਦੀ ਸਿਰਜਣਾ ਦੇ ਨਾਲ-ਨਾਲ ਇਸਲਾਮੀ ਧਰਮ ਦੀਆਂ ਮੁੱਢਲੀਆਂ ਰਹੁ-ਰੀਤਾਂ ਨੂੰ ਵੀ ਬਿਆਨ ਕਰਦੀ ਹੈ:-

“ਉਠੁ ਫ਼ਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੇ ਸਿਰੁ ਕਪਿ ਉਤਾਰਿ॥”11

ਅਜਿਹਾ ਉਪਦੇਸ਼ ਦੇਣ ਲੱਗਿਆਂ ਉਨ੍ਹਾਂ ਨੇ ਇਬਨਲ ਅਰਬੀ ਵਾਂਗ ਗੂੜ ਰਹੱਸਵਾਦੀ ਸਿਧਾਂਤਾਂ ਦੀ ਵਿਆਖਿਆ ਨਹੀਂ ਕੀਤੀ ਅਤੇ ਨਾ ਹੀ ਮੋਲਾਨਾ ਰੂਮੀ ਵਾਂਗ ਸੂਫ਼ੀ ਮਾਰਗ ਦੀਆਂ ਸੂਝਾਂ ਨਾਲ ਪੱਲਾ ਮੇਚਣ ਦਾ ਯਤਨ ਕੀਤਾ। ਉਹ ਤਾਂ ਕੇਵਲ ਧਾਰਮਿਕ ਅਤੇ ਅਮਲੀ ਜੀਵਨ ਬਿਤਾਉਣ ਵਾਲੇ ਸੂਫ਼ੀ ਦਰਵੇਸ਼ ਸਨ। ਦਰਦ, ਫ਼ੱਕਰ ਤੇ ਤਵੱਕਲ ਉਨ੍ਹਾਂ ਦਾ ਜੀਵਨ ਆਦਰਸ਼ ਸੀ। ਜਿਸ ਦਾ ਉਨ੍ਹਾਂ ਕੇਵਲ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਆਪਣੇ ਜੀਵਨ ਵਿਚ ਉਤਾਰਿਆ ਵੀ ਸੀ। ਇਸ ਸਾਰੀ ਕਮਾਈ ਦੇ ਬਦਲੇ ਫ਼ਰੀਦ ਨੇ ਰੱਬ ਤੋਂ ਕੋਈ ਸੰਸਾਰਿਕ ਵਸਤੂ ਦੀ ਮੰਗ ਨਹੀਂ ਕੀਤੀ ਸਗੋਂ ਉਨ੍ਹਾਂ ਕੇਵਲ ਪਰਮਾਤਮਾ ਦੀ ਪ੍ਰੇਮਾ-ਭਗਤੀ ਦੀ ਦਾਤ ਮੰਗੀ ਸੀ:-

“ਤੇਰੀ ਪਨਹ ਖੁਦਾਇ ਤੂ ਬਖਸੰਦਗੀ॥
ਸੇਖ ਫ਼ਰੀਦੈ ਖੈਰੁ ਦੀਜੈ ਬੰਦਗੀ॥”12

ਅਜਿਹਾ ਪ੍ਰਭੂ-ਪਿਆਰ ਅਤੇ ਬੰਦਗੀ ਹੀ ਫ਼ਰੀਦ ਜੀ ਦੇ ਨਿਸ਼ਚੇ ਦਾ ਮੂਲ ਆਧਾਰ ਸੀ। ਉਨ੍ਹਾਂ ਦੇ ਵਿਚਾਰ ਮੁਤਾਬਿਕ ਮਨੁੱਖ ਨੂੰ ਬਾਹਰੀ ਵਿਅਕਤਿਤਵ ਦੀ ਬਜਾਇ ਅੰਦਰੂਨੀ ਆਪੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸੱਚੇ ਸਿਖਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਰੀਰ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਮਨ ਦੀਆਂ ਲੋੜਾਂ ਵੱਲ ਧਿਆਨ ਦੇਵੇ। ਫ਼ਰੀਦ ਜੀ ਦੇ ਅਨੁਸਾਰ ਇੱਥੇ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਬਹੁਤੀ ਵਾਰ ਮਨ ਤਨ ਦੀਆਂ ਜ਼ਰੂਰਤਾਂ ਦੇ ਮਗਰ ਲੱਗ ਤੁਰਦਾ ਹੈ। ਇਹ ਕਾਰਜ ਵਿਧੀ ਅਸਲ ਵਿਚ ਉਲਟੀ ਹੈ। ਇਸ ਨੂੰ ਸਿੱਧਾ ਕਰਨਾ ਹੋਵੇਗਾ ਤਾਂ ਜੋ ਤਨ ਮਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰੇ। ਇਸ ਉਦੇਸ਼ ਦੀ ਪੂਰਤੀ ਲਈ ਬਾਬਾ ਫ਼ਰੀਦ ਜੀ ਆਪਣੇ ਕਲਾਮ ਵਿਚ ਨਿਮਰਤਾ, ਸਬਰ, ਖਿਮਾ ਅਤੇ ਮਿੱਠਤ ਆਦਿਕ ਗੁਣਾਂ ਨੂੰ ਧਾਰਣ ਕਰਣ ਉੱਤੇ ਜ਼ੋਰ ਦਿੰਦੇ ਹਨ।

ਫ਼ਰੀਦ ਜੀ ਦੇ ਅਨੁਸਾਰ ਇਹ ਸਦਾਚਾਰਕ ਗੁਣ ਮਨ ਦੀ ਮਿੱਟੀ ਨੂੰ ਨਿਰੰਤਰ ਜ਼ਰਖੇਜ਼ ਅਤੇ ਭਾਰੀ-ਗੌਰੀ ਬਣਾਈ ਰੱਖਦੇ ਹਨ। ਇਸੇ ਮਿੱਟੀ ਵਿਚੋਂ ਗਿਆਨ ਦੀ ਲਹਿਲਹਾਉਂਦੀ ਫ਼ਸਲ ਤਿਆਰ ਹੋ ਸਕਦੀ ਹੈ:-

“ਮਤਿ ਹੋਦੀ ਹੋਇ ਇਆਣਾ॥
ਤਾਣ ਹੋਦੇ ਹੋਇ ਨਿਤਾਣਾ॥
ਅਣਹੋਦੇ ਆਪੁ ਵੰਡਾਏ॥
ਕੋ ਐਸਾ ਭਗਤੁ ਸਦਾਏ॥”13

ਗਿਆਨ ਪ੍ਰਾਪਤੀ ਦੀ ਪ੍ਰਕ੍ਰਿਆ ਹੋਰ ਪਦਾਰਥਕ ਪ੍ਰਾਪਤੀਆਂ ਵਾਂਗ ਨਹੀਂ ਹੈ। ਪਦਾਰਥਕ ਵਸਤਾਂ ਇੱਕ ਵਾਰ ਪ੍ਰਾਪਤ ਹੋ ਜਾਣ ਤਾਂ ਵਿਅਕਤੀ ਦੀ ਉਨ੍ਹਾਂ ਉੱਪਰ ਮਲਕੀਅਤ ਉਸ ਸਮੇਂ ਤੱਕ ਬਣੀ ਰਹਿੰਦੀ ਹੈ ਜਦ ਤੱਕ ਉਨ੍ਹਾਂ ਦਾ ਉਪਯੋਗ ਨਹੀਂ ਹੋ ਜਾਂਦਾ। ਇਸ ਦੇ ਉਲਟ ਗਿਆਨ ਨੂੰ ਆਪਣੇ ਪਾਸ ਬਣਾਈ/ਬਚਾਈ ਰੱਖਣ ਲਈ ਲਗਾਤਾਰ ਸਾਧਨਾ ਕਰਨੀ ਪੈਂਦੀ ਹੈ। ਸਾਧਨਾ ਦੀ ਅਣਹੋਂਦ ਜਗਿਆਸੂ ਲਈ ਹਰ ਘੜੀ ਦੁੱਖ ਦਾ ਅਹਿਸਾਸ ਕਰਵਾਉਂਦੀ ਹੈ:-

“ਫ਼ਰੀਦ ਬਾਣੀ ਵਿਚ ਮਾਨਵੀ ਸੰਤਾਪ ਦਾ ਪਹਿਲਾ ਕਾਰਨ ਹੀ ਇਹ ਹੈ ਕਿ ਸੰਤਾਪ ਮਨੁੱਖੀ ਹੋਂਦ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਮਾਨਵੀ ਸੰਤਾਪ ਦਾ ਦੂਜਾ ਵਿਚਾਰਯੋਗ ਨੁਕਤਾ ਫ਼ਰੀਦ ਬਾਣੀ ਵਿਚ ਪ੍ਰਗਟ ਹੋਈ ਕਾਲਗਤ ਚੇਤਨਾ ਹੈ। ਕਾਲ ਦੇ ਵਰਤਾਰੇ ਤੋਂ ਮੁਕਤ ਹੋਣਾ ਮੁਸ਼ਕਿਲ ਹੈ ਕਿਉਂਕਿ ਇਹ ਤਾਂ ਇਕ ਵਿਆਪਕ ਸੱਚ ਹੈ।”14

ਇਸ ਲਈ ਸੂਫ਼ੀ ਪਰੰਪਰਾ ਦੇ ਅਨੁਸਾਰ ਮਨੁੱਖ ਨੂੰ ਪਰਮਾਤਮਾ ਦੀ ਸਾਧਨਾ ਵਿੱਚ ਲੀਨ ਰਹਿਣਾ ਚਾਹੀਦਾ ਹੈ। ਬਾਬਾ ਫ਼ਰੀਦ ਗਿਆਨੀ ਪੁਰਖ ਨੂੰ ਉੱਚੀਆਂ ਪਦਵੀਆਂ ਅਤੇ ਧਨ ਦੌਲਤ ਤੋਂ ਨਿਰਲੇਪ ਰਹਿਣ ਦੀ ਸਲਾਹ ਦਿੰਦੇ ਹਨ। ਆਪ ਜੀ ਦਾ ਵਿਚਾਰ ਸੀ ਕਿ ਪਦਵੀ ਪ੍ਰਾਪਤ ਕਰਨ ਲਈ ਵਿਅਕਤੀ ਨੂੰ ਕਿਸੇ ਅੱਗੇ ਨੀਵਾਂ ਹੋਣਾ ਪੈਂਦਾ ਹੈ, ਕਿਸੇ ਦੀ ਗ਼ੁਲਾਮੀ ਕਰਨੀ ਪੈਂਦੀ ਹੈ ਅਤੇ ਇੱਕ ਵਾਰ ਵਿਅਕਤੀ ਅਜਿਹੇ ਕਿਸੇ ਲਾਲਚ ਵਿੱਚ ਆ ਜਾਵੇ ਤਾਂ ਉਸਦਾ ਪਤਨ ਸ਼ੁਰੂ ਹੋ ਜਾਂਦਾ ਹੈ। ਉਹ ਵਿਅਕਤੀ ਗਿਆਨ ਦੀ ਸੰਭਾਲ ਦੇ ਯੋਗ ਨਹੀਂ ਰਹਿੰਦਾ। ਗਿਆਨੀ ਪੁਰਖ ਉਹੀ ਹੈ ਜਿਸ ਵਿੱਚ ਆਤਮ-ਸਨਮਾਨ ਹੈ ਕਿਉਂਕਿ ਉਸ ਨੇ ਆਪਣੇ ਆਤਮ ਵਿੱਚ ਵੱਸਦੇ ਪਰਮਾਤਮਾ ਨੂੰ ਪਹਿਚਾਣ ਲਿਆ ਹੁੰਦਾ ਹੈ। ਛੋਟੀਆਂ-ਛੋਟੀਆਂ ਪਦਵੀਆਂ ਜਾਂ ਪਦਾਰਥਕ ਪ੍ਰਾਪਤੀਆਂ ਪਿੱਛੇ ਭਟਕਣ ਵਾਲਾ ਵਿਅਕਤੀ ਆਤਮ ਦੇ ਗੌਰਵ ਅਤੇ ਸੰਭਾਵਨਾਵਾਂ ਤੋਂ ਅਗਿਆਨੀ ਹੁੰਦਾ ਹੈ। ਆਤਮ-ਸਨਮਾਨ ਦੀ ਅਨੁਭੂਤੀ ਨੂੰ ਰੂਪਮਾਨ ਕਰਦੇ ਹੋਏ ਬਾਬਾ ਫ਼ਰੀਦ ਜੀ ਆਪਣੇ ਕਲਾਮ ਵਿਚ ਕਹਿੰਦੇ ਹਨ:-

“ਫ਼ਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥”15

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਫ਼ਰੀਦ ਬਾਣੀ ਦਾ ਕੇਂਦਰ ਬਿੰਦੂ ਬਿਰਹਾ ਜਿੱਥੇ ਪਿਆਰ ਦਾ ਪ੍ਰਤੀਕ ਹੈ ਉੱਥੇ ਸਾਧਕ ਲਈ ਇਹ ਆਤਮ ਸਨਮਾਨ ਦੀ ਭਾਵਨਾ ਅਤੇ ਰੱਬੀ ਚੇਤਨਾ ਵੀ ਪੈਦਾ ਕਰਦਾ ਹੈ। ਅਸਲ ਵਿਚ ਸਾਧਕ ਦਾ ਮੁੱਖ ਲਖ਼ਸ਼ ਪਰਮਾਤਮਾ ਨਾਲ ਅਭੇਦ ਹੋਣਾ ਹੈ। ਇਸ ਲਈ ਇੱਕ ਸੱਚੇ ਸੂਫ਼ੀ ਸਾਧਕ ਲਈ ਸੰਸਾਰਿਕ ਅੰਡਬਰਾਂ ਦੀ ਕੋਈ ਅਹਿਮੀਅਤ ਨਹੀਂ ਹੈ।

ਫ਼ਰੀਦ ਜੀ ਦੀ ਅਜਿਹੀ ਵਿਸ਼ਵਾਰਥੀ ਅਪੀਲ, ਨਿੱਘੇ ਮਿੱਠੇ ਸੁਭਾਅ ਅਤੇ ਸਰਬਸਾਂਝੀ ਸਦਾਚਾਰਕ ਸਿੱਖਿਆ ਨੇ ਅਜਿਹੀ ਸ਼੍ਰੇਣੀ ਨੂੰ ਵੀ ਕੀਲ ਲਿਆ ਜੋ ਧਾਰਮਿਕ ਕੱਟੜਤਾ ਵਾਲਾ ਜੀਵਨ ਬਤੀਤ ਕਰ ਰਹੇ ਸਨ ਅਤੇ ਉਹ ਵੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸ਼ਰਧਾਲੂ ਤੇ ਸਹਿਧਰਮੀ ਬਣ ਗਏ। ਸੱਚ ਤਾਂ ਇਹ ਜਾਪਦਾ ਹੈ ਕਿ ਏਕਤਾ, ਸਮਾਨਤਾ ਅਤੇ ਭਗਤੀਅਤਾ ਦੇ ਅਜਿਹੇ ਅਗੁਵਾਈ ਕਰਨ ਵਾਲੇ ਫ਼ਰੀਦ ਜੀ ਸਮਕਾਲੀ ਸਥਿਤੀ ਤੋਂ ਬਹੁਤ ਉੱਚੇ ਅਤੇ ਆਪਣੇ ਸਮੇਂ ਤੋਂ ਬਹੁਤ ਅੱਗੇ ਸਨ। ਉਨ੍ਹਾਂ ਦੇ ਜੀਵਨ ਦਾ ਮੁੱਖ ਮਨੋਰਥ ਰੱਬ ਦੇ ਬੰਦਿਆਂ ਨੂੰ ਪ੍ਰਭੂ ਪ੍ਰੇਮ ਤੇ ਪਰਸਪਰ ਪਿਆਰ ਦੀ ਲੜੀ ਵਿਚ ਪਰੋਣਾ ਜਾਪਦਾ ਹੈ।

ਪੰਜਾਬ ਵਿੱਚ ਉਨ੍ਹਾਂ ਤੋਂ ਪਹਿਲਾਂ ਤੇ ਬਾਅਦ ਵਿਚ ਸ਼ਾਇਦ ਹੀ ਕਿਸੇ ਹੋਰ ਸੂਫ਼ੀ ਦਰਵੇਸ਼ ਨੂੰ ਇੰਨੀ ਪ੍ਰਸਿੱਧੀ ਅਤੇ ਮਕਬੂਲੀਅਤ ਪ੍ਰਾਪਤ ਹੋਈ ਹੋਵੇ ਜਿੰਨੀ ਕਿ ਬਾਬਾ ਫ਼ਰੀਦ ਜੀ ਨੂੰ ਪ੍ਰਾਪਤ ਹੋਈ ਹੈ। ਜਿੱਥੋਂ ਤੱਕ ਪੰਜਾਬੀ ਬੋਲੀ ਅਤੇ ਸਾਹਿਤ ਦਾ ਸੰਬੰਧ ਹੈ ਤਾਂ ਬਾਬਾ ਫ਼ਰੀਦ ਹੱਕੀ ਤੌਰ ਤੇ ਇਹਨਾਂ ਦੇ ਪਿਤਾਮਾ ਹਨ। 

ਬਾਬਾ ਫ਼ਰੀਦ ਜੀ ਨੇ ਆਪਣੇ ਭਾਵਾਂ ਤੇ ਅਨੁਭਵਾਂ ਨੂੰ ਪੇਸ਼ ਕਰਨ ਲਈ ਪੰਜਾਬੀ ਨੂੰ ਉਦੋਂ ਵਰਤਣ ਦੀ ਪਹਿਲ ਤੇ ਦਲੇਰੀ ਕੀਤੀ ਜਦੋਂ ਕੋਈ ਵੀ ਮੁਸਲਮਾਨ ਲੇਖਕ ਅਰਬੀ/ਫ਼ਾਰਸੀ ਜਾਂ ਤੁਰਕੀ ਨਾਂ ਦੀਆਂ ਇਸਲਾਮੀ ਬੋਲੀਆਂ ਦੀ ਥਾਂ ਕਿਸੇ ਵੀ ਦੇਸੀ ਬੋਲੀ ਨੂੰ ਵਰਤਣ ਲਈ ਤਿਆਰ ਨਹੀਂ ਸੀ। ਪੰਜਾਬ ਵਿੱਚ ਹੀ ਆਪ ਤੋਂ ਪਹਿਲਾਂ ਵਿਚਰਦੇ ਰਹੇ ਸੂਫ਼ੀ ਫ਼ਕੀਰ ਸ਼ੇਖ਼ ਇਸਮਾਇਲ ਦਾਤਾ ਗੰਜ਼ ਬਖ਼ਸ਼ ਤੇ ਸਖੀ ਸਰਵਰ ਆਦਿ ਫ਼ਾਰਸੀ ਵਿੱਚ ਹੀ ਲਿਖਦੇ ਰਹੇ ਹਨ। ਪਰ ਬਾਬਾ ਫ਼ਰੀਦ ਦਾ ਵਿਸ਼ਵਾਸ ਸੀ ਕਿ ਆਪਣੇ ਅਨੁਭਵ ਬਿਆਨ ਕਰਨ ਅਤੇ ਰੱਬੀ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਵੀ ਬੋਲੀ ਊਣੀ ਤੇ ਪਲੀਤੀ ਨਹੀਂ ਸਗੋਂ ਇਹ ਸੰਦੇਸ਼ ਤਾਂ ਲੋਕ ਬੋਲੀ ਵਿਚ ਹੀ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਪ੍ਰੋ. ਮੋਹਨ ਸਿੰਘ ਦਾ ਮੱਤ ਹੈ ਕਿ, “ਭਾਵੇਂ ਸ਼ੇਖ ਹੁਜ਼ਵੀਰੀ ਨੇ ਆਪ ਪੰਜਾਬੀ ਵਿਚ ਕੁੱਝ ਨਹੀਂ ਲਿਖਿਆ ਪਰ ਇਹ ਮੰਨਣਾ ਪਵੇਗਾ ਕਿ ਬਾਬਾ ਫ਼ਰੀਦ ਤੋਂ ਕਿਤੇ ਪਹਿਲਾਂ ਉਸਨੇ ਪੰਜਾਬੀ ਜੀਵਨ ਉੱਤੇ ਸੂਫ਼ੀ ਵਿਚਾਰਾਂ ਦਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਸੀ।”16

ਇਉਂ ਲੋਕਾਂ ਦੀ ਬੋਲੀ ਵਰਤ ਕੇ ਅਤੇ ਉਨ੍ਹਾਂ ਦੇ ਹਿੱਤਾਂ ਤੇ ਹਾਵਾਂ-ਭਾਵਾਂ ਨਾਲ ਸਾਂਝ ਪਾ ਕੇ ਫ਼ਰੀਦ ਜੀ ਨੇ ਆਪਣੇ ਸਮੇਂ ਦੇ ਲੱਖਾਂ ਦਿਲਾਂ ਨੂੰ ਹਲੂਣਿਆਂ ਤੇ ਰਿਝਾ ਲਿਆ। ਦੂਜੇ ਪਾਸੇ ਮਗਰਲੇ ਸੰਤਾਂ, ਸੂਫ਼ੀਆਂ ਅਤੇ ਸਾਹਿਤਕਾਰਾਂ ਦਾ ਝਾਕਾ ਵੀ ਖੋਲ ਦਿੱਤਾ। ਫ਼ਰੀਦ ਜੀ ਤੋਂ ਪਹਿਲਾਂ ਰਚਿਆ ਹੋਇਆ ਭਗਤੀ ਸਾਹਿਤ ਲੋਕ ਬੋਲੀ ਤੋਂ ਦੂਰ ਹੀ ਰਿਹਾ। ਦੱਖਣੀ ਹਿੰਦ ਦੇ ਰਾਮਾਨੁਜ ਜੀ ਦੀ ਅਜਿਹੀ ਰਚਨਾ ਸੰਸਕ੍ਰਿਤ ਵਿਚ ਹੈ। ਉੱਤਰੀ ਹਿੰਦ ਦੇ ਜੈਨੀ ਅਤੇ ਜੋਗੀ ਆਪਣੇ ਬਚਨ ਅਪ੍ਰਭੰਸ਼ ਵਿਚ ਰਚਦੇ ਰਹੇ ਹਨ। ਮੁਲਤਾਨ ਦੇ ਅਬਦੁਰ ਰਹਿਮਾਨ ਦੀ ‘ਸੰਦੇਹ ਗਸਯ’ (1010 ਈਸਵੀ) ਪੱਛਮੀ ਅਪ੍ਰਭੰਸ਼ ਵਿਚ ਰਚੀ ਹੋਈ ਹੈ। ਇਸ ਤੋਂ ਇਲਾਵਾ 1193 ਈਸਵੀ ਵਿਚ ਰਚਿਆ ਗਿਆ ਚੰਦਰ ਬਰਦਾਈ ਦਾ ‘ਪ੍ਰਿਥਵੀ ਰਾਜ ਗਾਸੋ’ ਡਿੰਗਲ ਅਪ੍ਰਭੰਸ਼ ਤੇ ਬ੍ਰਿਜੀ ਵਿਚ ਹੈ।

ਫ਼ਰੀਦ ਜੀ ਦੇ ਆਪਣੇ ਸਮੇਂ ਕੁੱਝ ਮੁਸਲਮਾਨ ਸੂਫ਼ੀ ਆਪਣੇ ਵਿਚਾਰ ਹਿੰਦਵੀ ਵਿਚ ਪ੍ਰਗਟ ਕਰ ਰਹੇ ਸਨ। ਹਿੰਦੂ ਸੰਤ ਇਸ ਮੰਤਵ ਲਈ ਸਧੂਕੜੀ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਸੋ ਇਹ ਗੱਲ ਦਾ ਮਾਣ ਬਾਬਾ ਫ਼ਰੀਦ ਜੀ ਨੂੰ ਪ੍ਰਾਪਤ ਹੈ ਕਿ ਉਨ੍ਹਾਂ ਨੇ ਇੱਕ ਲੋਕ ਬੋਲੀ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਉਣ ਵੱਜੋਂ ਅਪਣਾ ਕੇ ਸਨਾਤਨੀ ਪੱਖ ਨੂੰ ਨਕਾਰਿਆ ਹੈ। ਇਸ ਲਈ ਭਾਰਤੀ ਚਿੰਤਨ ਨੂੰ ਪਹਿਲੀ ਵਾਰ ਇਸਲਾਮੀ ਵਿਚਾਰਧਾਰਾ ਵਿਚ ਇੰਜ ਪੇਸ਼ ਕੀਤਾ ਗਿਆ ਹੈ ਤਾਂ ਜੋ ਦੋਹਾਂ ਦਾ ਸੁਮੇਲ ਇਸ ਦੀ ਲੋਕਪ੍ਰਿਯਤਾ ਨੂੰ ਵਧਾ ਸਕੇ। ਇਸ ਲਈ ਇਹ ਪ੍ਰਵਾਨ ਕੀਤਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਦੀ ਬਾਣੀ ਨੇ ਲੋਕਾਂ ਨੂੰ ਇਸਲਾਮ ਵਿੱਚ ਦਿਲਚਸਪੀ ਰੱਖਣ ਤੇ ਇਸਲਾਮ ਕਬੂਲਣ ਲਈ ਪ੍ਰੇਰਣਾ ਦਿੱਤੀ ਹੈ।

ਫ਼ਰੀਦ ਨੇ ਆਪਣੇ ਸੂਫ਼ੀ ਵਿਚਾਰਾਂ ਦੇ ਪ੍ਰਗਟਾਉ ਲਈ ਫ਼ਾਰਸੀ ਦੇ ਬਰਾਬਰ ਪੰਜਾਬੀ ਨੂੰ ਸਥਾਨ ਦੇ ਕੇ ਇਸਲਾਮ ਤੇ ਸੂਫ਼ੀ ਮੱਤ ਦੇ ਸਰੋਤਿਆਂ ਦਾ ਘੇਰਾ ਹੀ ਨਹੀਂ ਵਧਾ ਦਿੱਤਾ ਸਗੋਂ ਪੰਜਾਬੀ ਭਾਸ਼ਾ ਦਾ ਸਤਿਕਾਰ ਵੀ ਵਧਾ ਦਿੱਤਾ। ਇਸ ਨਾਲ ਮੁਸਲਮਾਨ ਬੁਧੀਜੀਵੀਆਂ ਦੀ ਲੋਕ ਮੁਖੀ ਰੁਚੀ ਨੇ ਵੀ ਪਹਿਲੀ ਵਾਰ ਅੰਗੜਾਈ ਲਈ ਕਿਉਂਕਿ ਜੇਤੂ ਸ਼੍ਰੇਣੀ ਦੀ ਭਾਸ਼ਾ (ਫ਼ਾਰਸੀ) ਦੇ ਟਾਕਰੇ ਤੇ ਗ਼ੁਲਾਮ ਲੋਕਾਂ ਦੀ ਭਾਸ਼ਾ (ਪੰਜਾਬੀ) ਨੂੰ ਧਾਰਮਿਕ ਪ੍ਰਚਾਰ ਲਈ ਬਰਾਬਰ ਦਾ ਦਰਜਾ ਦੇਣਾ ਹਾਕਮ ਸ਼੍ਰੇਣੀ ਦਾ ਇੱਕ ਮਿੱਤਰਤਾ ਭਰਿਆ ਝੁਕਾਅ ਸੀ। ਇਹ ਠੀਕ ਹੈ ਕਿ ਰਾਜਸੀ, ਆਰਥਿਕ ਅਤੇ ਸਮਾਜਿਕ ਮਸਲਿਆਂ ਦੇ ਵਿਗਿਆਨਕ ਹੱਲ ਤੋਂ ਅਣਜਾਣ ਹੋਣ ਦੇ ਕਾਰਣ ਜਾਂ ਮਾਇਆ ਨੂੰ ਰੱਬ ਤੋਂ ਦੂਰ ਲਿਜਾਣ ਵਾਲਾ ਬੰਧਨ ਸਮਝ ਇਸ ਤੋਂ ਜਾਣ ਬੁੱਝ ਕੇ ਨਿਰਲੇਪ ਰਹਿੰਦੇ ਹੋਏ ਸੂਫ਼ੀ ਲੋਕ ਕਿਸੇ ਜਨਤਕ ਸੰਘਰਸ਼ ਵਿੱਚ ਹਿੱਸਾ ਨਹੀਂ ਲੈ ਸਕੇ। ਸ਼ਾਹ ਹੁਸੈਨ ਅਤੇ ਬੁਲ੍ਹੇ ਸ਼ਾਹ ਵਿੱਚ ਫਿਰਕੂਪੁਣੇ ਤੋਂ ਉਚੇਰਾ ਹੋ ਕੇ ਮਾਨਵਵਾਦੀ ਦ੍ਰਿਸ਼ਟੀ ਤੋਂ ਸੋਚਣ ਦੀ ਜੋ ਖੁਲ੍ਹਦਿਲ ਰੁਚੀ ਹੈ, ਇਸ ਖੁਲ੍ਹਦਿਲ ਰੁਚੀ ਦੀ ਨੀਂਹ ਉਸ ਦਿਨ ਰੱਖੀ ਗਈ ਸੀ ਜਿਸ ਦਿਨ ਬਾਬਾ ਫ਼ਰੀਦ ਨੇ ਫ਼ਾਰਸੀ ਦੇ ਨਾਲ-ਨਾਲ ਪੰਜਾਬੀ ਵਿੱਚ ਵੀ ਧਾਰਮਿਕ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਬਾ ਫ਼ਰੀਦ ਜੀ ਤੋਂ ਬਾਅਦ ਇਹ ਪ੍ਰਚਾਰ ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਬੁਲ੍ਹੇ ਸ਼ਾਹ, ਅਲੀ ਹੈਦਰ, ਫ਼ਰਦ ਫ਼ਕੀਰ, ਸ਼ਾਹ ਮੁਰਾਦ, ਹਾਸ਼ਮ, ਗ਼ੁਲਾਮ ਜਿਲਾਨੀ, ਅਕਬਰ ਸ਼ਾਹ, ਕਰਮ ਅਲੀ ਸ਼ਾਹ, ਮੀਰਾਂ ਸ਼ਾਹ, ਹਦਾਇਤ ਉੱਲਾ, ਅਬਦੀ ਕਾਬਰੀ, ਗ਼ੁਲਾਮ ਫ਼ਰੀਦ, ਮੀਰ ਹੁਸੈਨ, ਮੁਹੰਮਦ ਫ਼ਜਲ ਤੇ ਭਾਈ ਲੱਭੂ ਸ਼ਾਹ ਆਦਿ ਸੂਫ਼ੀਆਂ ਦੇ ਹੱਥਾਂ ਵਿਚ ਚਲਦਾ ਰਿਹਾ। 

ਇਸ ਕਵਿਤਾ ਦੀ ਹੋਂਦ ਨੇ ਫ਼ਰੀਦ ਜੀ ਨੂੰ ਕੇਵਲ ਪੰਜਾਬੀ ਦੇ ਹੀ ਨਹੀਂ ਬਲਕਿ ਸਾਰੇ ਉੱਤਰੀ ਹਿੰਦ ਦੀਆਂ ਪ੍ਰਾਂਤਕ ਬੋਲੀਆਂ ਦਾ ਵੀ ਸਭ ਤੋਂ ਪਹਿਲਾ ਸਾਹਿਤਕਾਰ ਸਿੱਧ ਕਰ ਦਿੱਤਾ ਹੈ। ਫ਼ਰੀਦ ਬਾਣੀ ਵਿਚ ਵਰਤੇ ਗਏ ਪ੍ਰਤੀਕ, ਬਿੰਬ ਵਿਧਾਨ ਤੇ ਅੰਲਕਾਰ ਯੋਜਨਾ ਨੇ ਫ਼ਰੀਦ ਜੀ ਦੀ ਸਾਹਿਤਕ ਮਹਾਨਤਾ ਨੂੰ ਹੋਰ ਚਮਕਾ ਦਿੱਤਾ ਹੈ। ਇਸ ਸੰਬੰਧ ਵਿਚ ਉਨ੍ਹਾਂ ਦੀ ਸਭ ਤੋਂ ਯਾਦਗਾਰੀ ਦੇਣ ਆਤਮਾ ਪਰਮਾਤਮਾ ਦੇ ਰਿਸ਼ਤੇ ਨੂੰ ਸਾਕਾਰ ਕਰਨ ਲਈ ਵਰਤਿਆ ਗਿਆ ‘ਪਤੀ-ਪਤਨੀ’ ਦਾ ਰੂਪਕ ਹੈ:-

“ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥”17

ਪੰਜਾਬੀ ਸੂਫ਼ੀ ਕਾਵਿ ਵਿਚ ਜਿੰਦ ਲਈ ‘ਵਹੁਟੀ’ ਅਤੇ ਮੌਤ ਲਈ ‘ਪਤੀ’ ਇਸ ਦੁਨੀਆਂ ਲਈ ‘ਪੇਕੇ’ ਅਤੇ ਅਗਲੀ ਦੁਨੀਆਂ ਲਈ ‘ਸਹੁਰੇ’ ਵਰਗੇ ਬਿੰਬਾਂ ਦੀ ਵਰਤੋਂ ਬਾਬਾ ਫ਼ਰੀਦ ਜੀ ਦੀ ਹੀ ਕਾਢ ਹੈ।

ਸੂਫ਼ੀ ਪਰੰਪਰਾ ਦੇ ਸਾਧਕਾਂ ਦਾ ਵਿਸ਼ਵਾਸ ਸੀ ਕਿ ਇਸ ਦਿੱਸਦੀ ਪ੍ਰਕਿਰਤੀ ਦੇ ਪਿੱਛੇ ਕੋਈ ਅਣਦਿੱਸਦੀ ਮਹਾਨ ਸੱਤਾ ਹੈ। ਜੋ ਇਸ ਦਿੱਸਦੇ/ਅਣਦਿੱਸਦੇ, ਕਲਪਨਾ ਵਿੱਚ ਆ ਸਕਣ ਵਾਲੇ ਅਤੇ ਨਾ ਆ ਸਕਣ ਵਾਲੇ ਬ੍ਰਹਿਮੰਡ ਨੂੰ ਆਪਣੀ ਖਿੱਚ ਨਾਲ ਚਲਾ ਰਹੀ ਹੈ। ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਸੂਫ਼ੀ ਕਵੀਆਂ ਵਿਚ ਜੋ ਰੂਹ ਅਤੇ ਰੱਬ ਦੇ ਰਹੱਸਵਾਦੀ ਪਿਆਰ ਦਾ ਸੰਕਲਪ, ਵਸਲ ਦਾ ਸੁਆਦ, ਬਿਰਹਾ ਦੀਆਂ ਤ੍ਰਾਟਾਂ, ਪ੍ਰੇਮ ਮਾਰਗ ਦੀਆਂ ਕਠਿਨਾਈਆਂ ਦਾ ਵੰਨ-ਸੁਵੰਨਾ ਵਰਨਣ ਹੈ, ਉਸਦਾ ਅਸਲ ਬੀਜ ਸ਼ੇਖ਼ ਫ਼ਰੀਦ ਜੀ ਦੀ ਕਵਿਤਾ ਵਿਚ ਹੈ। ਫ਼ਰਕ ਸਿਰਫ਼ ਇਹ ਹੈ ਕਿ ਫ਼ਰੀਦ ਜੀ ਦਾ ਰਹੱਸਵਾਦੀ ਸੰਕਲਪ ਰੂਹ ਤੇ ਰੱਬ ਦੇ ਖਾਵੰਦ-ਬੀਵੀ ਵਾਲੇ ਸੰਬੰਧ ਸਥਾਪਿਤ ਕਰਦਾ ਹੈ ਅਤੇ ਵਾਰਸ ਤੇ ਹਾਸ਼ਮ ਦਾ ਪਿਆਰ ਅਨੁਭਵ ਮਜ਼ਾਜ਼ੀ ਇਸ਼ਕ ਨੂੰ ਹਕੀਕੀ ਇਸ਼ਕ ਦੀ ਪਹਿਲੀ ਪੌੜੀ ਮੰਨਦਾ ਹੈ।ਗੁਰਬਾਣੀ ਵਿੱਚ ਜਦੋਂ ਰਹੱਸਵਾਦੀ ਪਿਆਰ ਪ੍ਰਗਟਾਇਆ ਗਿਆ ਤਾਂ ਉੱਥੇ ਗੁਰੂ ਸਾਹਿਬਾਨ ਨੇ ਆਪਣੇ ਆਰਥਿਕ, ਸਮਾਜਿਕ ਵਿਰਸੇ ਦੀ ਸੋਚ ਅਨੁਸਾਰ ਰੂਹ ਪਾਸੋਂ ਇਹ ਆਸ ਕੀਤੀ ਕਿ ਉਹ ‘ਮੱਧ ਮਹਾਜਨੀ ਘਰਾਂ ਦੀ ਪਤੀ ਭਗਤਨੀ ਇਸਤਰੀ ਵਾਂਗ’ ਰੱਬ ਨਾਲ ਭਗਤੀ ਪੂਰਵਕ ਪਿਆਰ ਕਰੇ। ਫ਼ਰੀਦ ਜੀ ਦੀ ਚਲਾਈ ਹੋਈ ਰਹੱਸਵਾਦੀ ਪਰੰਪਰਾ ਵਿਚ ਪੈਦਾ ਹੋਏ ਕਵੀਆਂ ਸ਼ਾਹ ਹੁਸੈਨ ਤੇ ਬੁਲ੍ਹੇ ਸ਼ਾਹ ਨੇ ਫ਼ਰੀਦ ਜੀ ਤੋਂ ਵੱਖਰੇ ਆਪਣੇ ਨਿੱਜੀ ਅਨੁਭਵਾਂ ਅਨੁਸਾਰ ਰੂਹ ਨੂੰ ਗ਼ੁਲਾਮੀ ਕਰਨ ਦੀ ਥਾਂ ਤੇ ਅਜਿਹੀ ਕਿਰਤ ਵਿੱਚ ਨਿਪੁੰਨ ਬਨਣ ਲਈ ਪ੍ਰੇਰਿਤ ਕੀਤਾ ਹੈ, ਜਿਸ ਨਾਲ ਉਹ ਸਹੁਰੇ ਘਰ ਜਾ ਕੇ ਆਪਣੇ ਪਤੀ ਪਰਮਾਤਮਾ ਨੂੰ ਚੰਗੀ ਲੱਗ ਸਕੇ।

ਛੰਦ ਅਤੇ ਅਲੰਕਾਰਕ ਖੇਤਰ ਵਿਚ ਸ਼ੇਖ ਫ਼ਰੀਦ ਨੇ ਨਵੀਨਤਾ ਦਾ ਪ੍ਰਗਟਾਵਾ ਨਹੀਂ ਕੀਤਾ। ਕਿਉਂਕਿ ਫ਼ਰੀਦ ਜੀ ਦਾ ਦੋਹਿਰਾ ਛੰਦ ਅਤੇ ਸ਼ਬਦ ਹਿੰਦੀ ਵਿਚ ਬਹੁਤ ਦੇਰ ਪਹਿਲਾਂ ਤੋਂ ਦਾਰਸ਼ਨਿਕ, ਧਾਰਮਿਕ, ਸੁਧਾਰਕ ਤੇ ਬੀਰ ਰਸੀ ਵਿਚਾਰਾਂ ਦੇ ਪ੍ਰਗਟਾਉ ਲਈ ਵਰਤੋਂ ਵਿਚ ਰਿਹਾ ਸੀ। ਪੰਜਾਬ ਵਿਚ ਰਹਿ ਰਹੇ ਜੋਗੀ ਕਵੀ ਆਪਣੀ ਸੁਧਾਰਕ ਤੇ ਪ੍ਰਤੀਕ-ਮਈ ਕਵਿਤਾ ਦੀ ਰਚਨਾ ਇਨ੍ਹਾਂ ਛੰਦਾਂ ਵਿੱਚ ਹੀ ਕਰ ਰਹੇ ਸਨ। ਇਸ ਪੱਖ ਵਿੱਚ ਫ਼ਰੀਦ ਬਾਣੀ ਦੀ ਸੂਫ਼ੀ ਕਵਿਤਾ ਨੂੰ ਦੇਣ ਹੈ ਕਿ ਇਨ੍ਹਾਂ ਲੋਕ ਪ੍ਰਚਲਿਤ ਛੰਦਾਂ ਦੀ ਵਰਤੋਂ ਕਰਕੇ ਫ਼ਰੀਦ ਜੀ ਨੇ ਆਪਣੇ ਤੋਂ ਬਾਅਦ ਵਿਚ ਆਉਣ ਵਾਲੇ ਕਵੀਆਂ ਦੇ ਲਈ ਅਜਿਹਾ ਰਾਹ ਖੋਲ ਦਿੱਤਾ ਕਿ ਉਹ ਆਪਣੇ ਛੰਦਾਂ ਦੀ ਚੋਣ ਲੋਕ ਛੰਦਾਂ ਵਿੱਚੋਂ ਕਰਨ ਅਤੇ ਸਿੱਟੇ ਵੱਜੋਂ ਪਿਛਲੇਰੇ ਸੂਫ਼ੀਆਂ ਨੇ ਕਾਫ਼ੀ, ਬੈਂਤ, ਬਾਰਾਮਾਹ, ਸਤਵਾਰਾ ਤੇ ਗੰਢਾਂ ਆਦਿ ਅਨੇਕ ਲੋਕ ਛੰਦਾਂ ਦੀ ਵਰਤੋਂ ਕੀਤੀ। ਇਸ ਨਾਲ ਨਾ ਕੇਵਲ ਇਨ੍ਹਾਂ ਲੋਕ ਛੰਦਾਂ ਦੀਆਂ ਵੰਨਗੀਆਂ ਹੀ ਜੀਵਤ ਰਹੀਆਂ ਬਲਕਿ ਨਵੇਂ ਛੰਦਾਂ ਦੇ ਤਜ਼ਰਬਿਆਂ ਲਈ ਰਾਹ ਵੀ ਖੁੱਲ ਗਏ।

ਬਾਬਾ ਫ਼ਰੀਦ ਜੀ ਨੇ ਪੰਜਾਬੀ ਭਾਸ਼ਾ ਦੇ ਕੇਵਲ ਭਾਸ਼ਾਈ ਦੁਆਰ ਹੀ ਨਹੀਂ ਖੋਲੇ ਬਲਕਿ ਉਨ੍ਹਾਂ ਆਪਣੇ ਕਲਾਮ ਰਾਹੀਂ ਇਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ। ਪਹਿਲੀ ਵਾਰ ਆਮ ਮਨੁੱਖ ਆਪਣੀ ਬੋਲੀ ਵਿਚ ਆਪਣੀ ਭਾਸ਼ਾ, ਜ਼ੁਬਾਨ ਵਿਚ ਰਚਨਾਤਮਕ ਸਾਹਿਤ ਨੂੰ ਵਾਚ ਸਕਣ ਦਾ ਮਾਣ ਪ੍ਰਾਪਤ ਕਰ ਸਕਿਆ। ਪੰਜਾਬੀ ਸੂਫ਼ੀ ਕਾਵਿ ਜਿੱਥੇ ਆਪਣੇ ਕਲਾਮ ਕਰਕੇ ਆਮ ਲੋਕਾਂ ਵਿਚ ਹਰਮਨ ਪਿਆਰਾ ਹੋਇਆ ਉੱਥੇ ਨਾਲ ਹੀ ਫ਼ਰੀਦ ਜੀ ਦੇ ਕਲਾਮ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।   

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ ਚਰਚਾ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ‘ਪੰਜਾਬੀ ਸੂਫ਼ੀ ਕਾਵਿ ਵਿੱਚ ਫ਼ਰੀਦ ਬਾਣੀ ਦਾ ਸਥਾਨ ਸਰਵੋਤਮ ਹੈ।’ ਫ਼ਰੀਦ ਬਾਣੀ ਦਾ ਪ੍ਰਵਚਨ ਪੰਜਾਬ ਦੀ ਅਧਿਆਤਮਕ ਪਰੰਪਰਾ ਦਾ ਮੁੱਲਵਾਨ ਵਿਰਸਾ ਹੈ। ਇਸ ਬਾਣੀ ਦਾ ਕੇਂਦਰੀ ਬਿੰਦੂ ਪ੍ਰਭੂ ਪ੍ਰਾਪਤੀ ਦੇ ਨਾਲ-ਨਾਲ ਇਕ ਆਦਰਸ਼ਕ ਮਨੁੱਖ ਦੀ ਸਿਰਜਣਾ ਕਰਨਾ ਵੀ ਹੈ। ਫ਼ਰੀਦ ਜੀ ਨੇ ਆਪਣੇ ਕਲਾਮ ਰਾਹੀਂ ਜੋ ਪੈੜਾਂ ਉਲੀਕੀਆਂ ਹਨ, ਉਹ ਪੰਜਾਬ ਦੀ ਅਧਿਆਤਮਕ ਪਰੰਪਰਾ ਦੀ ਜੜ੍ਹ ਕਹੀਆਂ ਜਾ ਸਕਦੀਆਂ ਹਨ।  
                          
ਟਿੱਪਣੀਆਂ ਅਤੇ ਹਵਾਲੇ

1. ਬ੍ਰਹਮਜਗਦੀਸ਼ ਸਿੰਘ (ਪ੍ਰੋ.), ਬੋਲੈ ਸ਼ੇਖ ਫ਼ਰੀਦੁ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਪੰਨਾ 80
2. ਤਿਵਾਰੀ, ਰਾਮ ਪੂਜਨ, ਸੂਫ਼ੀਮੱਤ ਸਾਧਨਾ ਔਰ ਸਾਹਿਤਯ, ਪੰਨਾ 186
3. ਸੋਢੀ, ਤੇਜਾ ਸਿੰਘ (ਟੀਕਾਕਾਰ), ਸਲੋਕ ਫ਼ਰੀਦ ਜੀ ਸਟੀਕ, ਪੰਨਾ 8 
4. ਆਦਿ ਗ੍ਰੰਥ, ਸਲੋਕ 29, ਪੰਨਾ 1379
5. ਉਹੀ, ਸਲੋਕ 1, ਪੰਨਾ 1377
6. ਬੁਲ੍ਹੇ ਸ਼ਾਹ ਦਾ ਕਾਵਿ ਲੋਕ, ਪੰਨਾ 172
7. ਆਦਿ ਗ੍ਰੰਥ, ਸਲੋਕ 27, ਪੰਨਾ 1379
8. ‘ਆਦਿ ਗ੍ਰੰਥ’ ਸ਼ੇਖ ਫ਼ਰੀਦ, ਰਾਗ ਆਸਾ, ਪੰਨਾ 488
9. ਉਹੀ, ਸਲੋਕ 100, ਪੰਨਾ 1383
10. ਬ੍ਰਹਮਜਗਦੀਸ਼ ਸਿੰਘ (ਪ੍ਰੋ.), ਬੋਲੈ ਸ਼ੇਖ ਫ਼ਰੀਦੁ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਪੰਨਾ 17
11. ਆਦਿ ਗ੍ਰੰਥ, ਸਲੋਕ 71, ਪੰਨਾ 1381
12. ਉਹੀ, ਰਾਗ ਆਸਾ, ਬਾਣੀ ਭਗਤ ਫ਼ਰੀਦ ਜੀ ਕੀ, ਪੰਨਾ 488
13. ਉਹੀ, ਸਲੋਕ 128, ਪੰਨਾ 1384
14. ਕਾਂਗ, ਜਸਪਾਲ ਕੌਰ (ਡਾ.), ਫ਼ਰੀਦ ਬਾਣੀ ਵਿਚ ਕਾਲ ਦੀ ਪ੍ਰਵਾਹਮਾਨਤਾ ਤੇ ਮਾਨਵੀ    ਸੰਤਾਪ, ਖੋਜ-ਦਰਪਣ, ਜੁਲਾਈ 1998, ਪੰਨਾ 143-144
15. ਆਦਿ ਗ੍ਰੰਥ, ਸਲੋਕ 42, ਪੰਨਾ 1380
16. ਬਿਕਰਮ ਸਿੰਘ (ਸੰਪਾਦਕ), ਸੂਫ਼ੀਮੱਤ ਤੇ ਪੰਜਾਬੀ ਸੂਫ਼ੀ ਕਾਵਿ, ਪੰਨਾ 35
17. ਸੋਢੀ, ਤੇਜਾ ਸਿੰਘ (ਟੀਕਾਕਾਰ), ਸਲੋਕ ਫ਼ਰੀਦ ਜੀ ਸਟੀਕ, ਪੰਨਾ 20

****