ਸਿਆਣਿਆਂ ਨੇ ਸੱਚ ਹੀ ਆਖਿਆ ਹੈ, "ਦਾਣਾ ਪਾਣੀ ਖਿੱਚ ਕੇ ਲਿਆਉਂਦਾ - ਕੌਣ ਕਿਸੇ ਦਾ ਖਾਂਦਾ ਈ ਉਏ..!" ਮਰਹੂਮ ਮੁਹੰਮਦ ਰਫ਼ੀ ਜੀ ਦਾ ਇਹ ਗੀਤ ਬਹੁਤ ਵਾਰ ਮੇਰੇ ਜਿ਼ਹਨ ਵਿਚ ਵੱਜਦਾ ਹੈ। ਆਪਣੇ ਨਾਵਲਾਂ ਦੇ ਪ੍ਰਸ਼ੰਸਕਾਂ ਦੇ ਸਿਰ 'ਤੇ ਮੈਂ 'ਮੁਫ਼ਤੋ-ਮੁਫ਼ਤੀ' ਵਿਚ ਅੱਧਾ ਸੰਸਾਰ ਗਾਹ ਚੁੱਕਿਆ ਹਾਂ। ਪਰ ਹੁਣ ਚਾਰ ਸਾਲ ਤੋਂ ਘੇਸਲ਼ ਜਿਹੀ ਵੱਟੀ ਬੈਠਾ ਸੀ। ਕਿਸੇ ਪਾਸੇ ਵੀ ਜਾਣ ਦਾ ਮਨ ਨਹੀਂ ਸੀ। ਪਿਛਲੇ ਸਾਲ ਬਾਪੂ ਜੀ ਦੀ ਬਰਸੀ ਕਾਰਨ ਇੰਡੀਆ ਜ਼ਰੂਰ ਜਾਣਾ ਪਿਆ ਸੀ। ਕਿਉਂਕਿ ਸਾਲ ਤੋਂ ਪਹਿਲਾਂ ਅਤੇ ਨੌਂ ਮਹੀਨਿਆਂ ਤੋਂ ਬਾਅਦ ਭੈਣਾਂ ਨੇ ਬਾਪੂ ਜੀ ਨਮਿੱਤ ਸ਼੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਉਣ ਦੀ ਹਦਾਇਤ ਜਿਹੀ ਕੀਤੀ ਹੋਈ ਸੀ। ਉਸ ਤੋਂ ਪਹਿਲਾਂ 'ਮੀਡੀਆ ਪੰਜਾਬ' ਵਾਲ਼ੇ ਬਲਦੇਵ ਸਿੰਘ ਬਾਜਵਾ ਨੇ 'ਧੱਕੇ' ਜਿਹੇ ਨਾਲ਼ ਦੋ ਦਿਨ ਲਈ ਜਰਮਨ ਜ਼ਰੂਰ ਸੱਦ ਲਿਆ ਸੀ। ਸ. ਬਾਜਵਾ ਨੇ ਜਹਾਜ ਦੀ ਟਿਕਟ ਈਮੇਲ ਕਰ ਕੇ ਫ਼ੋਨ ਕੀਤਾ ਸੀ, "ਤੇਰੀ ਜਰਮਨ ਦੀ ਟਿਕਟ ਭੇਜ ਦਿੱਤੀ ਹੈ ਬਾਈ - ਹੁਣ ਆਉਣਾ ਜਾਂ ਨਾ ਆਉਣਾ ਤੇਰਾ ਕੰਮ ਹੈ..!" ਉਸ ਦੀ ਬੇਪ੍ਰਵਾਹੀ ਜਿਹੀ ਨਾਲ਼ ਭੇਜੀ ਟਿਕਟ ਕਾਰਨ ਇਕ ਤਰ੍ਹਾਂ ਨਾਲ਼ ਜਰਮਨ ਜਾਣ ਦਾ ਮੇਰਾ 'ਫ਼ਰਜ਼' ਜਿਹਾ ਬਣ ਗਿਆ ਸੀ। ਕਿਉਂਕਿ ਮੈਂ ਬਾਜਵਾ ਜੀ ਨੂੰ ਕਈ ਵਾਰ 'ਨਾਂਹ-ਨੁੱਕਰ' ਕਰ ਚੁੱਕਾ ਸੀ।
ਅਸਲ ਵਿਚ ਮੈਂ ਕੈਨੇਡਾ ਜਾਣ ਦਾ ਪ੍ਰੋਗਰਾਮ ਕਈ ਵਾਰ ਬਣਾਇਆ ਅਤੇ ਕਈ ਵਾਰ ਢਾਹਿਆ। 'ਹਮਦਰਦ ਵੀਕਲੀ' ਅਤੇ 'ਕੌਮਾਂਤਰੀ ਪ੍ਰਦੇਸੀ' ਦੇ ਮੁੱਖ ਸੰਪਾਦਕ ਬਾਈ ਅਮਰ ਸਿੰਘ ਭੁੱਲਰ ਨਾਲ਼ ਕਈ ਵਾਰ ਸਕੀਮ ਬਣੀ। ਪਰ ਜਾਂ ਤਾਂ ਭੁੱਲਰ ਸਾਹਿਬ ਕੋਲ਼ ਸਮਾਂ ਨਹੀਂ ਸੀ ਹੁੰਦਾ ਅਤੇ ਜਾਂ ਕਦੇ ਮੇਰਾ ਸਮੇਂ ਵੱਲੋਂ ਹੱਥ ਤੰਗ ਹੁੰਦਾ। ਕੈਨੇਡਾ ਜਾਣ ਦਾ ਪ੍ਰੋਗਰਾਮ ਪਿੱਛੇ ਹੀ ਪਿੱਛੇ ਪੈਂਦਾ ਗਿਆ। ਪਹਿਲਾਂ ਫ਼ਰਵਰੀ ਅਤੇ ਫਿ਼ਰ ਮਾਰਚ 2010 ਲੰਘ ਗਈ। ਪ੍ਰੋਗਰਾਮ ਨਾ ਬਣ ਸਕਿਆ।
ਇਸ ਵਾਰ ਸਰੀ ਤੋਂ ਨਿਕਲ਼ਦੇ ਹਫ਼ਤਾਵਰ ਪੇਪਰ 'ਪੰਜਾਬ ਗਾਰਡੀਅਨ' ਦੇ ਮੁੱਖ ਸੰਪਾਦਕ ਬਾਈ ਹਰਕੀਰਤ ਸਿੰਘ ਕੁਲਾਰ ਦਾ ਫ਼ੋਨ ਆ ਗਿਆ, "ਬਾਈ ਜੀ, ਪੰਜਾਬ ਗਾਰਡੀਅਨ ਦੀ ਪੰਦਰਵੀਂ ਵਰ੍ਹੇ-ਗੰਢ ਮਨਾ ਰਹੇ ਹਾਂ, ਤੁਸੀਂ ਵੈਨਕੂਵਰ ਜ਼ਰੂਰ ਆਓ..!" ਮੈਂ ਉਹੀ, ਸਮਾਂ ਨਾ ਹੋਣ ਦੀ ਮਜਬੂਰੀ ਜ਼ਾਹਿਰ ਕਰ ਦਿੱਤੀ ਅਤੇ ਮੁਆਫ਼ੀ ਮੰਗ ਲਈ। ਤਿੰਨ ਕੁ ਦਿਨਾਂ ਬਾਅਦ ਬਾਈ ਹਰਕੀਰਤ ਦਾ ਫਿ਼ਰ ਫ਼ੋਨ ਆ ਗਿਆ, "ਬਾਈ ਜੀ, ਤੁਸੀਂ ਜ਼ਰੂਰ ਆਓ..! ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਚੇਅਰਮੈਨ ਸ. ਦਲਬਾਰਾ ਸਿੰਘ ਗਿੱਲ ਵੀ ਆ ਰਹੇ ਨੇ..!" ਪਰ ਮੇਰਾ ਘੋਰੜੂ ਸਿਰਫ਼ ਟਾਈਮ ਨਾ ਹੋਣ 'ਤੇ ਹੀ ਵੱਜ ਰਿਹਾ ਸੀ ਅਤੇ ਮੈਂ ਮਜਬੂਰੀਵੱਸ 'ਨਾਂਹ' ਹੀ ਕਰੀ ਜਾ ਰਿਹਾ ਸੀ। ਪਵਿੱਤਰ ਗੁਰਬਾਣੀ ਅਨੁਸਾਰ, ਜਦ ਤੁਹਾਡਾ ਮਨ ਪ੍ਰਦੇਸੀ ਹੋ ਜਾਵੇ ਤਾਂ ਸਾਰਾ ਦੇਸ਼ ਹੀ ਪਰਾਇਆ ਹੋ ਜਾਂਦਾ ਹੈ!
ਉਸ ਤੋਂ ਅਗਲੇ ਦਿਨ 'ਸ਼ੇਰੇ ਪੰਜਾਬ ਰੇਡੀਓ' ਦੇ ਹੋਸਟ, ਹਰਜੀਤ ਸਿੰਘ ਗਿੱਲ ਦਾ ਫ਼ੋਨ ਆ ਗਿਆ। ਹਰਜੀਤ ਗਿੱਲ ਹਰ ਬੁੱਧਵਾਰ ਨੂੰ ਸ਼ੇਰੇ ਪੰਜਾਬ ਰੇਡੀਓ 'ਤੇ ਵੈਨਕੂਵਰ ਦੇ ਟਾਈਮ ਨਾਲ਼ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਇਕ ਵਜੇ ਤੱਕ ਮੇਰੀ ਕਹਾਣੀ ਜਾਂ ਵਿਅੰਗ ਪੜ੍ਹ ਕੇ ਸੁਣਾਉਂਦਾ ਹੈ। ਹਰਜੀਤ ਦੇ ਦੱਸਣ ਅਨੁਸਾਰ ਇਹ ਕਹਾਣੀ ਪੜ੍ਹ ਕੇ ਸੁਣਾਉਣ ਦਾ ਉਸ ਦਾ ਨਵਾਂ, ਪਹਿਲਾ ਅਤੇ ਸਫ਼ਲ ਤਜ਼ਰਬਾ ਸੀ। ਬਹੁਤ ਲੋਕਾਂ ਨੇ ਇਸ ਤਜ਼ਰਬੇ ਨੂੰ ਪਸੰਦ ਕੀਤਾ। ਜਦ ਹਰਜੀਤ ਗਿੱਲ ਨੇ ਫ਼ੋਨ ਕੀਤਾ ਤਾਂ ਉਸ ਨੇ ਸਿਰਫ਼ ਇਤਨਾਂ ਹੀ ਪੁੱਛਿਆ, "ਬਾਈ ਜੱਗੀ ਕੁੱਸਾ ਬੋਲਦੇ ਨੇ..?" ਹਰਜੀਤ ਦੀ ਅਵਾਜ਼ ਵਿਚ ਇਕ ਧੜੱਲੇਦਾਰ 'ਗੜ੍ਹਕਾ' ਹੈ! ਮੈਂ ਹਰਜੀਤ ਗਿੱਲ ਨੂੰ ਨਾ ਤਾਂ ਕਦੇ ਮਿਲਿ਼ਆ ਸੀ ਅਤੇ ਨਾਂ ਹੀ ਕਦੇ ਦੇਖਿਆ ਸੀ। ਵੈਸੇ ਫ਼ੋਨ 'ਤੇ ਗੱਲ ਜ਼ਰੂਰ ਹੋਈ ਸੀ। ਕਈ ਲੋਕਾਂ ਨਾਲ਼ ਤੁਸੀਂ 24-24 ਘੰਟੇ ਅਤੇ ਕਈ-ਕਈ ਸਾਲ ਵਿਚਰਦੇ ਹੋ, ਪਰ ਤੁਹਾਡੀ ਦਿਲੀ ਨੇੜਤਾ ਨਹੀਂ ਬਣਦੀ। ਪਰ ਕਈ ਰੱਬ ਦੇ ਬੰਦਿਆਂ ਨੂੰ ਤੁਸੀਂ ਕੁਝ ਪਲ ਹੀ ਮਿਲ਼ਦੇ ਹੋ ਅਤੇ ਤੁਸੀਂ ਜਿ਼ੰਦਗੀ ਭਰ ਲਈ ਉਹਨਾਂ ਦੇ ਹੀ ਬਣ ਕੇ ਰਹਿ ਜਾਂਦੇ ਹੋ! ਅਜਿਹਾ ਹੀ ਵਾਹ ਮੇਰਾ ਹਰਜੀਤ ਗਿੱਲ ਨਾਲ਼ ਸੀ। ਫ਼ੋਨ 'ਤੇ ਹੋਈ ਗੱਲ-ਬਾਤ ਕਾਰਨ ਹਰਜੀਤ ਗਿੱਲ ਇਕ ਤਰ੍ਹਾਂ ਨਾਲ਼ ਮੈਨੂੰ ਮੁੱਲ ਲਈ ਬੈਠਾ ਸੀ। ਉਸ ਦੀ ਗੱਲ ਉਲ਼ੱਦਣੀ ਮੇਰੇ ਵਾਸਤੇ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਸੀ। ਉਹ ਮੇਰਾ ਮਾਣ ਅਤੇ 'ਮੇਰ' ਹੀ ਐਨੀਂ ਕਰਦਾ ਹੈ ਕਿ ਅਗਰ ਹਰਜੀਤ ਮੈਨੂੰ ਸੂਲ਼ੀ ਚੜ੍ਹਨ ਲਈ ਆਖੇ, ਮੈਂ ਨਾਂਹ ਨਹੀਂ ਕਰ ਸਕਦਾ! ਉਸ ਨੇ ਮੈਨੂੰ ਕਈ ਵਾਰ ਫ਼ੋਨ 'ਤੇ ਵੀ ਕਿਹਾ ਸੀ, "ਬਾਈ ਜੀ, ਪੂਰੇ ਕੈਨੇਡਾ ਵਿਚ ਕੋਈ ਵੀ ਕੰਮ ਹੋਵੇ, ਆਪਣੇ ਨਿੱਕੇ ਬਾਈ ਨੂੰ ਯਾਦ ਕਰਿਓ...!" ਜਦ ਵੀ ਹਰਜੀਤ ਮੈਨੂੰ ਫ਼ੋਨ ਕਰਦਾ ਹੈ ਤਾਂ ਫ਼ੋਨ ਕੱਟਣ ਲੱਗਿਆ, "ਲਵ ਯੂ ਬਾਈ ਜੀ..!" ਜ਼ਰੂਰ ਆਖਦਾ ਹੈ! ਪਰ ਕਈ ਬੰਦਿਆਂ ਪ੍ਰਤੀ ਤੁਹਾਡੇ ਮਨ ਵਿਚ ਬੜਾ ਧੜੱਲੇਦਾਰ 'ਅਕਸ' ਬਣਿਆਂ ਹੁੰਦਾ ਹੈ। ਪਰ ਜਦੋਂ ਤੁਸੀਂ ਉਹਨਾਂ ਨੂੰ ਮਿਲ਼ਦੇ ਹੋ, ਤਾਂ ਸਾਰਾ ਮਾਣ-ਤਾਣ ਇਕ ਬਿਕਰਾਲ਼ ਰੂੜੀ ਵਾਂਗ ਢਹਿ-ਢੇਰੀ ਹੋ ਜਾਂਦੈ! ਕਿਉਂਕਿ ਉਹਨਾਂ ਦੀ ਅਸਲ ਅਸਲੀਅਤ ਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਅਤੇ "ਹੋਕਾ ਦੇ ਕੇ ਲਾਲੇ-ਭੋਲਿਆਂ ਦਾ ਤੇ ਕੱਢ ਦਿਖਾਇਆ ਚੱਕੀਰਾਹਾ" ਜਾਂ "ਜੰਗਲ ਮੇਂ ਮੋਰ ਨਾਚਾ ਕਿਸ ਨੇ ਦੇਖਾ" ਵਾਲ਼ੀ ਗੱਲ ਬਣ ਜਾਂਦੀ ਹੈ! ਤੁਸੀਂ ਵਰ੍ਹਿਆਂ ਬੱਧੀ ਕਿਸੇ ਦਾ ਮਾਣ-ਤਾਣ ਦਿਲ ਵਿਚ ਵਸਾਈ ਆਉਂਦੇ ਹੋ। ਪਰ ਜਦ ਅਗਲਾ ਆਪਣਾ 'ਅਸਲੀ' ਰੂਪ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਨਿਰਾਸ਼ਤਾ ਦੇ ਨਾਲ਼-ਨਾਲ਼ ਦੁੱਖ ਉਸ ਤੋਂ ਵੀ ਵੱਧ ਹੁੰਦਾ ਹੈ, ਕਿ ਯਾਰ ਐਸ ਬੰਦੇ ਬਾਰੇ ਤਾਂ ਆਪਾਂ ਇਉਂ ਕਦੇ ਸੋਚਿਆ ਵੀ ਨਹੀਂ ਸੀ?
-"ਹਾਂ ਜੀ, ਮੈਂ ਜੱਗੀ ਕੁੱਸਾ ਈ ਬੋਲਦੈਂ..!"
-"ਬਾਈ ਜੀ ਸਤਿ ਸ੍ਰੀ ਅਕਾਲ..! ਮੈਂ ਸ਼ੇਰੇ ਪੰਜਾਬ ਰੇਡੀਓ ਵੈਨਕੂਵਰ ਵਾਲ਼ਾ ਹਰਜੀਤ ਗਿੱਲ..!" ਉਸ ਦੀ ਅਪਣੱਤ ਭਰੀ ਅਵਾਜ਼ ਵਿਚੋਂ ਮੈਨੂੰ ਦਿਲੀ ਨੇੜਤਾ ਦੀ ਮਹਿਕ ਆਈ।
-"ਹਾਂ ਗਿੱਲਾ..! ਕੀ ਹਾਲ ਐ...?" ਮੈਂ ਹਰਜੀਤ ਨੂੰ 'ਗਿੱਲਾ' ਕਰਕੇ ਹੀ ਸੰਬੋਧਨ ਹੁੰਦਾ ਹਾਂ।
-"ਬਾਈ ਜੀ, ਤੁਹਾਨੂੰ ਹਰਕੀਰਤ ਦਾ ਫ਼ੋਨ ਆਇਆ ਹੋਣੈਂ..? ਪੰਜਾਬ ਗਾਰਡੀਅਨ ਆਲ਼ੇ ਦਾ..?"
-"ਹਾਂ..! ਦੋ ਵਾਰੀ ਆ ਚੁੱਕੈ, ਪਰ...!" ਮੇਰੀ ਗੱਲ ਹਰਜੀਤ ਗਿੱਲ ਨੇ ਪੂਰੀ ਨਾ ਹੋਣ ਦਿੱਤੀ।
-"ਬਾਈ ਜੀ, ਮੇਰੀ ਸੁਣੋਂ ਗੱਲ...!" ਗਿੱਲ ਨੇ ਅੜਬ ਠਾਣੇਦਾਰ ਵਾਂਗ ਮੈਨੂੰ ਹਦਾਇਤ ਦਾ ਮਰੋੜਾ ਚਾੜ੍ਹਿਆ।
-"ਦੱਸ ਗਿੱਲਾ..?"
-"ਬਾਈ, ਪੰਜਾਬ ਗਾਰਡੀਅਨ ਵਾਲ਼ਾ ਹਰਕੀਰਤ ਹੈਗਾ ਆਪਣਾ ਘਰ ਦਾ ਬੰਦਾ, ਤੇ ਬਾਈ ਜੀ ਪੰਜਾਬ ਗਾਰਡੀਅਨ ਦੇ ਪ੍ਰੋਗਰਾਮ 'ਤੇ ਆਉਣੈਂ...! ਸੁਣ ਗਿਆ ਬਾਈ ਜੀ...? ਮੈਂ ਕਿਹੈ, ਆਉਣੈਂ...!" ਤੇ 'ਆਉਣੈਂ' 'ਤੇ ਪੂਰਾ ਜੋਰ ਦੇ ਕੇ ਹਰਜੀਤ ਗਿੱਲ ਨੇ ਫ਼ੋਨ ਕੱਟ ਦਿੱਤਾ। ਮੈਨੂੰ ਕੋਈ ਉੱਤਰ ਦੇਣ ਦਾ ਵੀ ਮੌਕਾ ਨਾ ਦਿੱਤਾ। ਮੈਂ ਨਿੱਕੇ ਭਰਾ ਦੇ ਪ੍ਰੇਮ ਅਤੇ ਹਿੰਡ 'ਤੇ ਅਥਾਹ ਹੈਰਾਨ ਸੀ। ਹਰਜੀਤ ਗਿੱਲ ਜੱਟ ਦੀ 'ਕੁਤਕੁਤੀ' ਵਾਲ਼ੀ ਗੱਲ ਕਰ ਗਿਆ ਸੀ। ਕੋਈ ਜੱਟ ਖੇਤੋਂ ਆ ਕੇ ਸਲੰਘ ਨਾਲ਼ ਮੁੰਡੇ ਦੇ ਢਿੱਡ ਵਿਚ ਕੁਤਕੁਤੀਆਂ ਕਰਨ ਲੱਗ ਪਿਆ। ਲਾਡ ਨਾਲ਼ ਕੁਤਕੁਤੀਆਂ ਕਰਦੇ ਕਰਦੇ ਪਤੰਦਰ ਨੇ ਜੁਆਕ ਦੇ ਢਿੱਡ ਵਿਚ ਮੋਰੀ ਕਰ ਦਿੱਤੀ ਸੀ! ਮੈਂ ਸੋਚ ਰਿਹਾ ਸੀ, ਅਜੀਬ ਮਿੱਤਰ ਹੈ..? ਬੰਦਾ ਹੁੰਦੈ, ਕੋਈ ਗੱਲ ਕਰਨ ਦਾ ਮੌਕਾ ਤਾਂ ਦਿੰਦੈ..! ਅਗਲੇ ਦੀ ਮਜਬੂਰੀ ਵੀ ਸੁਣਦਾ, ਸਮਝਦੈ! ਗਿੱਲ ਨੇ ਤਾਂ ਸਿੱਧਾ ਹੀ ਕੱਛ 'ਚੋਂ ਮੂੰਗਲ਼ਾ ਕੱਢ ਮਾਰਿਆ ਸੀ। ਮੇਰਾ ਮਨ ਅੰਦਰੇ-ਅੰਦਰ ਜੱਟ ਦੀ ਕੁੱਜੇ 'ਚ ਹਾਥੀ ਪਾਉਣ ਵਾਲ਼ੀ ਕਰਤੂਤ ਬਾਰੇ ਸੋਚ ਕੇ ਮੁਸ਼ਕੜੀਏਂ ਹੱਸੀ ਜਾ ਰਿਹਾ ਸੀ। ਮੈਨੂੰ ਭਜਨੇ ਅਮਲੀ ਦੇ ਮੰਤਰੀ ਦੀ ਗੱਲ ਯਾਦ ਆ ਗਈ। ਇਕ ਮੇਰੇ ਵਰਗਾ ਪੂਰੀ ਮੀਟਰ ਜਗਾਹ 'ਚ ਦਸਤਖ਼ਤ 'ਵਾਹੁੰਣ' ਵਾਲ਼ਾ ਬੰਦਾ ਪਟੜੀਫ਼ੇਰ ਲੋਕਾਂ ਦੀਆਂ ਵੋਟਾਂ ਨਾਲ਼ ਮੰਤਰੀ ਬਣ ਗਿਆ। ਜਦ ਉਹ ਇਲੈਕਸ਼ਨ ਜਿੱਤ ਕੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਨ ਆਇਆ ਤਾਂ ਲੋਕਾਂ ਨੇ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ-ਮੁਸੀਬਤਾਂ ਮੰਤਰੀ ਸਾਹਿਬ ਦੇ ਅੱਗੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਇਕ ਸੱਜਣ ਨੇ ਬੇਨਤੀ ਕੀਤੀ ਕਿ ਮੰਤਰੀ ਜੀ, ਆਪਣੀ ਸ਼ਮਸ਼ਾਨਘਾਟ ਦਾ ਰਸਤਾ ਬਹੁਤ ਤੰਗ ਹੈ। ਜਦ ਅਸੀਂ ਕਿਸੇ ਦਾ ਸਸਕਾਰ ਕਰਨ ਵਾਸਤੇ ਲੈ ਕੇ ਜਾਂਦੇ ਹਾਂ ਤਾਂ ਰਸਤਾ ਤੰਗ ਹੋਣ ਕਾਰਨ ਕਈ ਵਾਰ ਮੁਰਦਾ ਡਿੱਗ ਵੀ ਪੈਂਦਾ ਹੈ, ਤੁਸੀਂ ਇਸ ਦਾ ਜ਼ਰੂਰ ਕੋਈ ਹੱਲ ਕਰੋ..! ਤੁਰੰਤ ਹੀ 'ਮੱਕੀ ਗੁੱਡ' ਮੰਤਰੀ ਜੀ ਨੇ ਫ਼ੈਸਲਾ ਲਿਆ ਅਤੇ ਆਪਣੇ ਪੀ.ਏ. ਨੂੰ ਤਿੰਨ ਸੌ ਰੁਪਏ ਦਾ ਚੈੱਕ ਕੱਟ ਕੇ ਦੇਣ ਵਾਸਤੇ ਹੁਕਮ ਕਰ ਦਿੱਤਾ। ਪੀ.ਏ. ਸਾਹਿਬ ਨੇ ਤਿੰਨ ਸੌ ਰੁਪਏ ਦਾ ਚੈੱਕ ਕੱਟ ਕੇ ਸਰਪੰਚ ਸਾਹਿਬ ਦੇ ਹਵਾਲੇ ਕਰ ਦਿੱਤਾ। ਲੋਕ ਹੈਰਾਨ ਕਿ ਤਿੰਨ ਸੌ ਰੁਪਏ ਨਾਲ਼ ਕੀ ਹੋਊਗਾ?
-"ਸਾਹਬ ਬਹਾਦਰ ਮੰਤਰੀ ਜੀ..! ਇਹ ਤਿੰਨ ਸੌ ਰੁਪਏ ਦਾ ਚੈੱਕ ਕਾਹਦੇ ਵਾਸਤੇ..?" ਸਰਪੰਚ ਨੇ ਹੈਰਾਨ ਹੋ ਕੇ ਪੁੱਛਿਆ। ਉਹ ਤਿੰਨ ਸੌ ਦੇ ਚੈੱਕ ਨੂੰ ਕਾਟੋ ਵਾਂਗ ਹੱਥ ਵਿਚ ਫ਼ੜੀ ਖੜ੍ਹਾ ਸੀ।
-"ਇਹਨਾਂ ਤਿੰਨ ਸੌ ਰੁਪਈਆਂ ਦਾ ਇਕ ਹੈੱਲਮੈਟ ਲੈ ਆਓ, ਤੇ ਅੱਜ ਤੋਂ ਹਰ ਮੁਰਦੇ ਨੂੰ ਹੈੱਲਮੈਟ ਪੁਆ ਕੇ ਸ਼ਮਸ਼ਾਨਘਾਟ ਲਿਜਾਇਆ ਜਾਵੇ, ਸੱਟ ਫ਼ੇਟ ਤੋਂ ਬਚਾਅ ਰਹਿੰਦੈ...!"
ਸੋ, ਮੇਰੀ ਹਾਲਤ ਵੀ ਹੈੱਲਮੈਟ ਪੁਆ ਕੇ ਲਿਜਾਣ ਵਾਲ਼ੀ ਹੋਈ ਪਈ ਸੀ।
ਖ਼ੈਰ, ਅੱਧੇ ਕੁ ਘੰਟੇ ਬਾਅਦ ਫਿ਼ਰ ਬਾਈ ਹਰਕੀਰਤ ਦਾ ਫ਼ੋਨ ਆ ਗਿਆ। ਵੀਰਵਾਰ ਦਾ ਦਿਨ ਸੀ। ਮੈਂ ਉਸ ਨੂੰ ਬੇਨਤੀ ਭਰੇ ਲਹਿਜੇ ਨਾਲ਼ ਕਿਹਾ ਕਿ ਮੈਨੂੰ ਸੋਮਵਾਰ ਤੱਕ ਸਮਾਂ ਦਿਓ ਅਤੇ ਮੈਂ ਆਪਣੀ ਛੁੱਟੀ ਦਾ ਪ੍ਰਬੰਧ ਕਰ ਲਵਾਂ। ਮੈਂ ਉਸ ਨੂੰ ਇਹ ਵੀ ਕਿਹਾ ਕਿ ਜੋ ਮੇਰੀ ਟਿਕਟ ਭੇਜਣੀ ਹੈ, ਉਹ ਲੰਡਨ ਤੋਂ ਵੈਨਕੂਵਰ ਅਤੇ ਵੈਨਕੂਵਰ ਤੋਂ ਦੋ ਕੁ ਦਿਨ ਬਾਅਦ ਟੋਰੋਂਟੋ ਦੀ ਕਰ ਦਿਓ! ਹਰਕੀਰਤ ਨੇ ਸਹਿਮਤੀ ਪ੍ਰਗਟਾ ਦਿੱਤੀ। ਅਗਲੇ ਦਿਨ ਮੈਂ ਆਪਣੇ 'ਬੌਸ' ਨਾਲ਼ ਗੱਲ ਕੀਤੀ ਅਤੇ ਉਸ ਨੇ ਮੈਨੂੰ ਲੱਗਦੇ ਹੱਥ ਹੀ ਪੰਜ ਦਿਨ ਦੀ ਛੁੱਟੀ ਮਨਜੂਰ ਕਰ ਦਿੱਤੀ। ਸ਼ਨੀਵਾਰ ਅਤੇ ਐਤਵਾਰ ਪਾ ਕੇ ਮੇਰੇ ਕੋਲ਼ ਪੂਰੇ ਸੱਤ ਦਿਨ ਬਣ ਗਏ ਸਨ। ਪੰਜਾਬ ਗਾਰਡੀਅਨ ਦੀ ਪੰਦਰਵੀਂ ਵਰ੍ਹੇ-ਗੰਢ ਗਿਆਰਾਂ ਅਪ੍ਰੈਲ ਨੂੰ ਸੀ। ਦਸ ਅਪ੍ਰੈਲ ਦਾ ਸ਼ਨੀਵਾਰ ਸੀ ਅਤੇ ਗਿਆਰਾਂ ਦਾ ਐਤਵਾਰ!
ਜਦ ਸੋਮਵਾਰ ਨੂੰ ਹਰਕੀਰਤ ਦਾ ਫਿ਼ਰ ਫ਼ੋਨ ਆਇਆ ਤਾਂ ਅਸੀਂ ਸਾਰਾ ਪ੍ਰੋਗਰਾਮ ਫ਼ੋਨ ਉੱਪਰ ਹੀ ਉਲੀਕ ਲਿਆ। ਮੇਰੀ 10 ਅਪ੍ਰੈਲ ਦੀ ਦੁਪਹਿਰ 12:35 ਦੀ ਏਅਰ ਕੈਨੇਡਾ ਦੀ ਵੈਨਕੂਵਰ ਦੀ ਫ਼ਲਾਈਟ! 11 ਅਪ੍ਰੈਲ 2010 ਨੂੰ 'ਪੰਜਾਬ ਗਾਰਡੀਅਨ' ਦੀ ਵਰ੍ਹੇ-ਗੰਢ ਦੇ ਸਮਾਗਮ ਵਿਚ ਸ਼ਾਮਲ ਹੋਣਾ ਅਤੇ 13 ਅਪ੍ਰੈਲ ਨੂੰ ਵੈਨਕੂਵਰ ਤੋਂ ਟੋਰੋਂਟੋ ਅਤੇ 16 ਅਪ੍ਰੈਲ ਨੂੰ ਟੋਰੋਂਟੋ ਤੋਂ ਫਿ਼ਰ ਲੰਡਨ ਦੀ ਵਾਪਸੀ! ਦਿਨ ਮੇਰੇ ਕੋਲ ਕੁਲ ਮਿਲਾ ਕੇ ਛੇ ਹੀ ਸਨ। ਛੇ ਵੀ ਕਾਹਦੇ ਸਨ...? ਚਾਰ ਕੁ ਹੀ ਸੀ! ਕਿਉਂਕਿ 16 ਅਪ੍ਰੈਲ ਨੂੰ ਮੇਰੀ ਸਵੇਰੇ ਅੱਠ ਵੱਜ ਕੇ ਪੰਜਾਹ ਮਿੰਟ 'ਤੇ ਤਾਂ ਲੰਡਨ ਨੂੰ ਰਵਾਨਗੀ ਸੀ। ਹਰਕੀਰਤ ਨੂੰ ਮੈਂ ਕਿਹਾ ਸੀ ਕਿ ਮੇਰੀ 12 ਅਪ੍ਰੈਲ ਦੀ ਟੋਰੋਂਟੋ ਦੀ ਫ਼ਲਾਈਟ ਕਰਵਾ ਦਿੱਤੀ ਜਾਵੇ। ਪਰ ਹਰਕੀਰਤ ਨੇ ਮੈਨੂੰ ਕਿਹਾ ਕਿ ਬਾਈ ਜੀ 12 ਅਪ੍ਰੈਲ ਨੂੰ ਤੁਸੀਂ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਕੇ ਬੈਠਿਓ, ਦੁਨੀਆਂ ਤੁਹਾਨੂੰ ਬਹੁਤ ਮਿਲਣ ਵਾਲ਼ੀ ਹੈ, ਇਕ ਦਿਨ ਤਾਂ ਤੁਹਾਡਾ ਮੇਲੇ-ਗੇਲੇ ਵਿਚ ਹੀ ਨਿਕਲ ਜਾਣਾ ਹੈ! ਸੋ ਮੈਂ ਹਰਕੀਰਤ ਦੀ ਗੱਲ ਮੰਨ ਲਈ ਅਤੇ 13 ਅਪ੍ਰੈਲ ਨੂੰ ਟੋਰੋਂਟੋ ਜਾਣ ਦੀ ਸਹਿਮਤੀ ਦੇ ਦਿੱਤੀ। 13 ਅਪ੍ਰੈਲ ਨੂੰ ਮੇਰੀ ਫ਼ਲਾਈਟ ਦੁਪਹਿਰੇ 12:30 'ਤੇ ਚੱਲ ਕੇ ਸ਼ਾਮ ਨੂੰ 7 ਵੱਜ ਕੇ 53 ਮਿੰਟ 'ਤੇ ਟੋਰੋਂਟੋ ਟਰਮੀਨਲ ਇਕ 'ਤੇ ਲੱਗਣੀ ਸੀ।
ਉਸੇ ਦਿਨ ਹੀ ਹਰਕੀਰਤ ਨੇ ਮੈਨੂੰ ਈਮੇਲ 'ਤੇ ਏਅਰ ਕੈਨੇਡਾ ਦੀ ਇਲੈਕਟਰੌਨਿਕ ਟਿਕਟ ਭੇਜ ਦਿੱਤੀ। ਮੇਰੀ ਉਡਾਨ 10 ਅਪ੍ਰੈਲ 2010 ਦਿਨ ਸ਼ਨੀਵਾਰ ਨੂੰ ਦੁਪਹਿਰ 12:35 'ਤੇ ਹੀਥਰੋ ਏਅਰਪੋਰਟ ਦੇ ਟਰਮੀਨਲ ਤਿੰਨ ਤੋਂ ਚੱਲਣੀ ਸੀ। ਫ਼ਲਾਈਟ ਨੰਬਰ ਏ.ਸੀ. 0855 ਅਤੇ ਇਹ 'ਨਾਨ-ਸਟਾਪ' ਫ਼ਲਾਈਟ ਵੈਨਕੂਵਰ ਦੇ ਸਮੇਂ ਅਨੁਸਾਰ ਬਾਅਦ ਦੁਪਹਿਰ 02:05 'ਤੇ ਮੇਨ ਟਰਮੀਨਲ 'ਤੇ ਪਹੁੰਚਣੀ ਸੀ। ਵੈਨਕੂਵਰ ਅਤੇ ਲੰਡਨ ਦੇ ਸਮੇਂ ਦਾ ਅੱਠ ਘੰਟੇ ਦਾ ਫ਼ਰਕ ਹੈ। ਵੈਨਕੂਵਰ ਦਾ ਸਮਾਂ ਲੰਡਨ ਨਾਲ਼ੋਂ ਅੱਠ ਘੰਟੇ ਅਤੇ ਟੋਰੋਂਟੋ ਪੰਜ ਘੰਟੇ 'ਪਿੱਛੇ' ਹੈ।
ਸ਼ਨੀਵਾਰ ਨੂੰ ਸਵੇਰੇ ਤਕਰੀਬਨ ਸਾਢੇ ਕੁ ਅੱਠ ਵਜੇ ਮੈਂ ਆਪਣੀ ਕਾਰ 'ਤੇ ਹੇਜ਼ ਪਹੁੰਚ ਗਿਆ। ਮੇਰੇ ਨਾਲ਼ ਮੇਰੇ ਘਰਵਾਲ਼ੀ ਸਵਰਨਜੀਤ, ਪੁੱਤਰ ਕਬੀਰ ਅਤੇ ਧੀ ਗਗਨ ਸਨ। ਕਾਰ ਆਪਣੇ ਸਾਢੂ ਦੇ ਘਰ ਅੱਗੇ ਲਾ ਕੇ ਚਾਹ ਪੀਤੀ ਅਤੇ ਮੇਰਾ ਸਾਢੂ ਰਵੀ ਮੈਨੂੰ ਤਕਰੀਬਨ ਸਾਢੇ ਕੁ ਨੌਂ ਵਜੇ ਸਵੇਰੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਟਰਮੀਨਲ ਤਿੰਨ 'ਤੇ ਉਤਾਰ ਗਿਆ। ਰਵੀ ਤਕਰੀਬਨ 30 ਸਾਲ ਤੋਂ ਲੰਡਨ ਦੀ ਮੈਟਰੋਪੋਲੀਟਨ ਪੁਲੀਸ ਵਿਚ ਅਫ਼ਸਰ ਹੈ। ਅੰਦਰ ਜਾ ਕੇ 'ਚੈੱਕ-ਇੰਨ' ਕਰਵਾਈ, ਅਟੈਚੀ ਜਮ੍ਹਾਂ ਕਰਵਾਇਆ ਅਤੇ ਬੋਰਡਿੰਗ ਕਾਰਡ ਲੈ ਕੇ ਬਾਹਰ ਆ ਗਿਆ। ਚੈੱਕ-ਇੰਨ ਦੌਰਾਨ ਮੈਨੂੰ 'ਹਿੰਮਤਪੁਰਾ ਡਾਟ ਕਾਮ' ਵਾਲ਼ੇ ਮਨਦੀਪ ਖ਼ੁਰਮੀ ਹਿੰਮਤਪੁਰਾ ਦਾ ਕਈ ਵਾਰ ਫ਼ੋਨ ਆਇਆ। ਪਰ ਮੈਂ ਲਾਈਨ ਵਿਚ ਲੱਗਿਆ ਅਤੇ 'ਬਿਜ਼ੀ' ਹੋਣ ਕਾਰਨ ਉਸ ਨੂੰ ਥੋੜਾ ਠਹਿਰ ਕੇ ਫ਼ੋਨ ਕਰਨ ਲਈ ਆਖਿਆ। ਵਿਹਲਾ ਹੋ ਕੇ ਮੈਂ ਖ਼ੁਰਮੀ ਨੂੰ ਫ਼ੋਨ ਕੀਤਾ ਤਾਂ ਉਸ ਕੋਲ਼ ਸਾਡੇ ਪਿੰਡਾਂ ਦਾ ਮੁੰਡਾ ਅਤੇ ਖੇਡ ਲੇਖਕ ਜਗਸੀਰ ਧਾਲ਼ੀਵਾਲ ਨੰਗਲ਼ ਵੀ ਬੈਠਾ ਸੀ। ਫ਼ੋਨ ਤੋਂ ਵਿਹਲਾ ਹੋ ਕੇ ਮੈਂ ਏਅਰਪੋਰਟ ਦੇ ਅੰਦਰ ਵੜ ਗਿਆ।
ਜਦ 'ਸਕਿਊਰਿਟੀ' ਕਰਵਾ ਕੇ ਮੈਂ ਅੱਗੇ ਤੁਰਿਆ ਤਾਂ ਇਕ ਅੱਧਖੜ੍ਹ ਜਿਹਾ ਬੰਦਾ ਸਿੱਧਾ-ਸਲੋਟ ਝਾਕਦਾ ਮੇਰੇ ਵੱਲ ਆ ਰਿਹਾ ਸੀ। ਮੈਂ ਹੈਰਾਨ ਹੋਇਆ ਕਿ ਸ਼ਾਇਦ ਇਹ ਆਦਮੀ ਮੈਨੂੰ ਜਾਣਦਾ ਹੋਵੇਗਾ? ਜਦ ਉਹ ਮੇਰੇ ਕੋਲ਼ ਆ ਕੇ ਰੁਕਿਆ ਤਾਂ ਮੈਂ ਵੀ ਉਸ ਨੂੰ ਨਜ਼ਰਾਂ ਰਾਹੀਂ ਪੜ੍ਹਨ ਦਾ ਯਤਨ ਕੀਤਾ। ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਰਹੀ ਸੀ।
-"ਗੁੱਡ ਮੌਰਨਿੰਗ ਸਰ..!" ਉਸ ਨੇ ਬੜੇ ਤਪਾਕ ਨਾਲ਼ ਕਿਹਾ।
-"ਗੁੱਡ ਮੌਰਨਿੰਗ ਜੈਂਟਲਮੈਨ..!"
-"ਕਿਰਪਾ ਕਰਕੇ ਮੇਰੇ ਨਾਲ਼ ਆਓ..!"
-".......!" ਮੈਂ ਉਸ ਦੇ ਨਾਲ਼ ਤੁਰ ਪਿਆ।
-"ਤੁਹਾਡੇ ਸਰੀਰ ਦੀ ਸਕੈਨਿੰਗ ਕਰਨੀ ਹੈ, ਕਿਰਪਾ ਕਰਕੇ ਮੇਰੇ ਨਾਲ਼ ਨਾਲ਼ ਤੁਰੇ ਆਓ..!"
ਅੱਗੇ ਉਹ ਅਤੇ ਪਿੱਛੇ ਮੈਂ ਜਾ ਰਿਹਾ ਸੀ।
ਇਕ ਕੈਬਿਨ ਕੋਲ਼ ਜਾ ਕੇ ਉਸ ਨੇ ਬੈੱਲ ਖੜਕਾਈ ਤਾਂ ਦਰਵਾਜਾ ਖੁੱਲ੍ਹ ਗਿਆ।
ਅੰਦਰ ਇਕ ਤੀਹ ਕੁ ਸਾਲ ਦੀ ਦਿਉ-ਕੱਦ ਗੋਰੀ ਖੜ੍ਹੀ ਸੀ। ਕੁਦਰਤੀ ਮੁਸਕੁਰਾਹਟ ਦਾ ਬੁੱਲਾ ਉਸ ਨੇ ਮੇਰੇ ਵੱਲ ਬਖ਼ੇਰਿਆ।
-"ਹਾਏ..! ਹਾਓ ਆਰ ਯੂ...?" ਉਸ ਨੇ ਹੱਥ ਮਿਲਾ ਕੇ ਮੇਰਾ ਸੁਆਗਤ ਕੀਤਾ।
-"ਆਈ ਐਮ ਫ਼ਾਈਨ, ਥੈਂਕ ਯੂ, ਐਂਡ ਯੂ..?"
-"ਫ਼ੈਨਟੈਸਟਿਕ, ਥੈਂਕ ਯੂ! ਬਿਊਟੀਫ਼ੁੱਲ ਵੈਦਰ..!" ਆਖ ਕੇ ਉਸ ਨੇ ਮੈਨੂੰ ਸਰੀਰ ਦੀ ਸਕੈਨਿੰਗ ਕਰਵਾਉਣ ਦਾ ਢੰਗ ਅਤੇ 'ਵੱਲ' ਦੱਸਿਆ। ਕਣਕ ਕੱਢਣ ਵੇਲ਼ੇ ਛੱਜਲੀ ਲਾਉਣ ਵਾਲਿ਼ਆਂ ਵਾਂਗ ਉਸ ਨੇ ਮੈਨੂੰ ਦੱਸਿਆ ਕਿ ਕਿਵੇਂ ਹੱਥ ਹੇਠੋਂ ਉੱਪਰ ਨੂੰ ਲੈ ਕੇ ਜਾਣੇ ਹਨ ਅਤੇ ਕਿਵੇਂ ਘੱਗਰੇ ਵਾਲ਼ੀ ਮਰਾਸਣ ਵਾਂਗ ਘੁੰਮ ਕੇ ਗੇੜਾ ਦੇਣਾ ਹੈ। ਪਹਿਲੀ ਵਾਰ ਮੇਰਾ ਗੇੜਾ 'ਫ਼ੇਲ੍ਹ' ਹੋ ਗਿਆ। ਉਸ ਨੇ ਫ਼ੋਨ ਚੁੱਕ ਕੇ ਕਿਸੇ ਨੂੰ 'ਸਕੈਨਿੰਗ ਫ਼ੇਲ੍ਹਡ' ਆਖਿਆ ਅਤੇ ਇਕ ਵਾਰ ਹੋਰ ਟਰਾਈ ਕਰਨ ਲਈ ਮੈਨੂੰ ਫਿ਼ਰ ਤੋਂ ਸਕੈਨਿੰਗ ਕਰਵਾਉਣ ਦੇ ਢੰਗ ਬਾਰੇ ਚਾਨਣਾ ਪਾਇਆ। ਮੈਂ ਫਿ਼ਰ ਉਸ ਦੇ ਦੱਸਣ ਅਨੁਸਾਰ ਹੱਥ ਫ਼ੈਲਾ ਕੇ ਮੋਰ ਵਾਂਗ ਪੈਹਲ ਜਿਹੀ ਪਾ ਕੇ ਗੇੜਾ ਦਿੱਤਾ ਤਾਂ ਗੋਰੀ ਖ਼ੁਸ਼ ਹੋ ਗਈ ਅਤੇ ਉਸ ਨੇ ਫਿ਼ਰ ਫ਼ੋਨ ਚੁੱਕ ਕੇ ਕਿਸੇ ਨੂੰ 'ਡਨ' ਆਖਿਆ ਅਤੇ ਮੈਨੂੰ ਕੋਟ ਪਾਉਣ ਬਾਰੇ ਆਖ ਦਿੱਤਾ। ਪੈਂਟ ਦੀ ਬੈਲਟ ਕਸਦਿਆਂ ਮੈਨੂੰ ਸਾਧੂ ਅਤੇ ਵੇਸਵਾ ਦੇ ਗੜਵੇ ਦੀ ਗੱਲ ਯਾਦ ਆਈ। ਇਕ ਜਗਾਹ 'ਤੇ ਰਾਤ ਨੂੰ ਇਕ ਵੇਸਵਾ ਖੜ੍ਹਦੀ ਹੁੰਦੀ ਸੀ। ਇਕ ਰਾਤ ਜਦ ਉਹ ਉਥੇ ਆਈ ਤਾਂ ਕੋਈ ਸਾਧੂ ਅੰਨ੍ਹੇ ਜਿਹੇ ਚਾਨਣ ਵਿਚ ਉਥੋਂ ਕੁਛ ਲੱਭ ਰਿਹਾ ਸੀ। ਜਦ ਲੱਭ ਲੱਭ ਕੇ ਸਾਧੂ ਅੱਕਲ਼ਕਾਣ ਹੋ ਗਿਆ ਤਾਂ ਵੇਸਵਾ ਨੂੰ ਸਾਧੂ 'ਤੇ ਤਰਸ ਆਇਆ ਅਤੇ ਉਹ ਉਸ ਕੋਲ਼ੇ ਆ ਗਈ।
-"ਕੀ ਲੱਭਦੈਂ ਬਾਬਾ..?"
-"ਆਪਣਾ ਗੜਵਾ ਲੱਭਦੈਂ ਧੀਏ...!"
-"ਗੜਵੇ ਨਾਲ਼ ਕੀ ਕਰਦਾ ਹੁੰਨੈਂ..?"
-"ਨਹਾਉਨਾਂ ਹੁੰਨੈਂ ਤੇ ਜੰਗਲ ਪਾਣੀ ਜਾਣ ਵੇਲੇ ਵੀ ਮੇਰੇ ਕੰਮ ਆਉਂਦੈ...! ਪਾਣੀ ਭਰ ਕੇ ਲੈ ਜਾਨੈਂ..!"
-"ਕਿੰਨੇ ਕੁ ਦਾ ਸੀ ਤੇਰਾ ਗੜਵਾ...?"
-"ਹੋਊਗਾ ਕੋਈ ਦੋ-ਚਾਰ ਰੁਪੱਈਏ ਦਾ ਪੁੱਤ..!"
-"ਚੱਲ ਬਾਬਾ..! ਬਹੁਤਾ ਖੱਜਲ਼ ਖੁਆਰ ਨਾ ਹੋ...! ਆਹ ਲੈ ਪੰਜ ਰੁਪੱਈਏ ਤੇ ਕੱਲ੍ਹ ਨੂੰ ਕੋਈ ਹੋਰ ਗੜਵਾ ਖ਼ਰੀਦ ਲਵੀਂ..!"
-"ਨਹੀਂ ਧੀਏ..! ਮੈਨੂੰ ਤਾਂ ਉਹੀ ਗੜਵਾ ਚਾਹੀਦੈ...!" ਸਾਧੂ ਨੇ ਜਿ਼ਦ ਕੀਤੀ।
-"ਕਿਉਂ..? ਕਾਹਤੋਂ ਬਾਬਾ..? ਤੈਨੂੰ ਉਹੀ ਗੜਵਾ ਕਿਉਂ ਚਾਹੀਦੈ...?"
-"ਓਸ ਗੜਵੇ ਨੇ ਮੇਰਾ 'ਨੰਗ' ਦੇਖਿਆ ਵਿਐ ਧੀਏ...! ਇਸ ਲਈ ਮੈਨੂੰ ਉਹੀ ਗੜਵਾ ਚਾਹੀਦੈ...! ਹੁਣ ਮੈਂ ਆਪਣਾ 'ਨੰਗ' ਕਿਸੇ ਦੂਸਰੇ ਗੜਵੇ ਨੂੰ ਦਿਖਾਉਣਾ ਨਹੀਂ ਚਾਹੁੰਦਾ..!" ਸਾਧੂ ਦੀ ਇਹ ਉਦਾਹਰਣ ਵੇਸਵਾ ਲਈ ਇਕ 'ਸਬਕ' ਸੀ ਅਤੇ ਉਹ ਵੇਸਵਾਗਿਰੀ ਛੱਡ ਕੇ ਸਾਧੂ ਦੇ ਰਸਤੇ ਤੁਰ ਪਈ ਸੀ।
ਹੁਣ ਮੇਰੇ ਮਨ ਵਿਚ ਵੀ ਆਇਆ ਕਿ ਇਹਨਾਂ ਸਕੈਨਿੰਗ ਵਾਲਿ਼ਆਂ ਨੇ ਵੀ ਮੇਰਾ 'ਨੰਗ' ਦੇਖ ਲਿਐ। ਪਰ ਮੈਂ ਹੁਣ ਕਿਹੜੇ ਰਸਤੇ ਪਵਾਂ? ਜਦ ਇਹ ਗੱਲ ਮੈਂ ਉਸ ਗੋਰੀ ਕੁੜੀ ਨਾਲ਼ ਸਾਂਝੀ ਕੀਤੀ ਤਾਂ ਉਸ ਨੇ ਕਿਹਾ ਕਿ ਅਸੀਂ ਤੁਹਾਡੇ ਇਹ ਐਕਸਰੇ ਤੁਹਾਨੂੰ ਈਮੇਲ ਕਰ ਦਿਆਂਗੇ। ਤੁਸੀਂ ਆਪ ਹੀ ਦੇਖ ਲਇਓ ਕਿ ਅਸੀਂ ਤੁਹਾਡਾ ਕੋਈ 'ਨੰਗ' ਨਹੀਂ ਦੇਖਿਆ। ਜਦ ਉਸ ਨੇ ਮੈਨੂੰ ਕੈਨੇਡਾ ਜਾਣ ਦਾ ਕਾਰਨ ਪੁੱਛਿਆ ਤਾਂ ਮੈਂ ਉਸ ਨੂੰ ਆਪਣੇ ਦੋ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਅਤੇ 'ਸੱਜਰੀ ਪੈੜ ਦਾ ਰੇਤਾ' ਦਿਖਾਏ ਅਤੇ ਆਪਣੇ 23 ਕਿਤਾਬਾਂ ਦੇ ਲੇਖਕ ਹੋਣ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਮੈਨੂੰ ਇਕ ਅਖ਼ਬਾਰ ਦੀ ਪੰਦਰਵੀਂ ਵਰ੍ਹੇ-ਗੰਢ 'ਤੇ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ ਤਾਂ ਉਸ ਗੋਰੀ ਨੇ ਆਪਣੇ ਆਪ ਨੂੰ ਬੁਰੀ ਤਰ੍ਹਾਂ ਫ਼ਸੀ ਜਿਹੀ ਮਹਿਸੂਸ ਕੀਤਾ। ਪਰ ਉਸ ਦੀ ਤਾਂ ਇਹ ਡਿਊਟੀ ਸੀ ਅਤੇ ਇਹ ਡਿਊਟੀ ਲੋਕਾਂ ਦੀ ਸੁਰੱਖਿਆ ਵਾਸਤੇ ਹੀ ਕੀਤੀ ਜਾ ਰਹੀ ਸੀ! ਪਰ ਜਦ ਮੈਂ ਉਸ ਨੂੰ ਇਹ ਪੁੱਛਿਆ ਕਿ ਤੁਸੀਂ ਕਿਸ-ਕਿਸ ਦੀ ਸਰੀਰਕ ਸਕੈਨਿੰਗ ਕਰਦੇ ਹੋ..? ਜਾਂ ਐਵੇਂ ਜਣੇ-ਖਣੇ ਨੂੰ ਫ਼ੜ ਕੇ ਸਕੈਨਿੰਗ ਕਰ ਧਰਦੇ ਹੋ..? ਤਾਂ ਉਸ ਨੂੰ ਕੋਈ ਤਸੱਲੀਬਖ਼ਸ਼ ਉੱਤਰ ਨਾ ਸੁੱਝਿਆ ਅਤੇ ਉਹ ਹੱਥ ਮਿਲ਼ਾ ਕੇ ਮੈਨੂੰ ਉਥੋਂ ਤੋਰਨ ਦੇ ਰੌਂਅ ਵਿਚ ਆ ਗਈ ਅਤੇ "ਹੈਵ ਏ ਨਾਈਸ ਟਰਿੱਪ ਸਰ" ਦੀ ਰਟ ਲਾਉਣ ਲੱਗ ਪਈ। ਮੈਨੂੰ ਅੰਦਰੋਂ ਮਹਿਸੂਸ ਹੋਇਆ ਕਿ ਜਦ ਇਹ ਬੈਠੇ ਬੈਠੇ 'ਬੋਰ' ਜਿਹੇ ਹੁੰਦੇ ਹੋਣਗੇ ਤਾਂ ਮੇਰੇ ਵਰਗੇ ਕਿਸੇ 'ਭੈੜ੍ਹੇ ਮੂੰਹ' ਵਾਲ਼ੇ ਨੂੰ ਫ਼ੜ ਕੇ ਆਪਣੀ 'ਖ਼ਾਨਾ ਪੂਰਤੀ' ਕਰ ਲੈਂਦੇ ਹੋਣਗੇ। ਮੈਨੂੰ ਬੁਲਾ ਕੇ ਲਿਆਉਣ ਵਾਲ਼ਾ ਵੀ ਹੁਣ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਉਸ ਤੋਂ ਲਾਹਣ ਫ਼ੜਿਆ ਗਿਆ ਹੋਵੇ! ਪਰ ਮੈਨੂੰ ਉਹਨਾਂ 'ਤੇ ਕੋਈ ਗਿ਼ਲਾ-ਸਿ਼ਕਵਾ ਨਹੀਂ ਸੀ। ਮੈਂ ਤਾਂ ਬੱਸ ਕੁਝ ਸੁਆਲ ਆਪਣੀ ਜਾਣਕਾਰੀ ਬਾਰੇ ਹੀ ਕੀਤੇ ਸਨ। ਮੇਰੀ ਕੈਨੇਡਾ ਫ਼ੇਰੀ ਲਿਖਣ ਬਾਰੇ ਮੇਰਾ ਕੋਈ ਵੀ ਵਿਚਾਰ ਨਹੀਂ ਸੀ। ਪਰ ਮੇਰੀ ਸਰੀਰਕ ਸਕੈਨਿੰਗ ਇਸ ਫ਼ੇਰੀ ਦਾ ਲਿਖਿਆ ਜਾਣਾ ਪਹਿਲਾ ਕਾਰਨ ਸੀ ਅਤੇ ਅਗਲਾ ਕਾਰਨ ਮੈਂ ਅੱਗੇ ਜਾ ਕੇ ਬਿਆਨ ਕਰਾਂਗਾ।
ਉਥੋਂ ਵਿਹਲਾ ਹੋ ਕੇ ਮੈਂ ਅੰਦਰ ਜਾ ਕੇ ਵੱਡੇ ਸਕਰੀਨ ਦੇ ਸਾਹਮਣੇ ਜਾ ਬੈਠਾ ਅਤੇ ਅੱਧੇ ਕੁ ਘੰਟੇ ਬਾਅਦ ਸਕਰੀਨ 'ਤੇ 31 ਨੰਬਰ ਗੇਟ ਦਾ ਵੇਰਵਾ ਆ ਗਿਆ। ਮੈਂ ਆਪਣਾ ਬੈਗ ਚੁੱਕਿਆ ਅਤੇ ਗੇਟ ਵੱਲ ਨੂੰ ਤੁਰ ਪਿਆ।
31 ਨੰਬਰ ਗੇਟ 'ਤੇ ਏਅਰ ਕੈਨੇਡਾ 'ਚ ਕੰਮ ਕਰਦੀ ਪੰਜਾਹ-ਪੱਚਵੰਜਾ ਸਾਲ ਦੀ ਇਕ 'ਦੇਸੀ' ਬੀਬੀ ਖੜ੍ਹੀ ਸੀ। ਉਸ ਦੀ ਆਈ.ਡੀ. ਉਪਰੋਂ ਜਿੰਨਾਂ ਕੁ ਉਸ ਦਾ ਨਾਂ ਮੇਰੇ ਕੋਲੋਂ ਪੜ੍ਹਿਆ ਗਿਆ, 'ਜੀਵਨ' ਸੀ।
-"ਪਹਿਲੀ ਵਾਰ ਕੈਨੇਡਾ ਜਾ ਰਹੇ ਹੋ...?" ਉਸ ਨੇ ਅੰਗਰੇਜ਼ੀ ਵਿਚ ਸੁਆਲ ਦਾਗਿਆ। ਮੇਰੇ ਪਾਸਪੋਰਟ 'ਤੇ ਉਸ ਨੇ ਸਿ਼ਕਾਰੀ ਵਾਂਗ ਅੱਖਾਂ ਦੀ ਸਿ਼ਸ਼ਤ ਬੰਨ੍ਹੀ ਹੋਈ ਸੀ।
-"ਨਹੀਂ ਕੈਨੇਡਾ ਤਾਂ ਅੱਗੇ ਵੀ ਬਹੁਤ ਵਾਰੀ ਗਿਆ ਹਾਂ, ਪਰ ਵੈਨਕੂਵਰ ਪਹਿਲੀ ਵਾਰ ਜਾ ਰਿਹਾ ਹਾਂ!" ਮੈਂ ਵੀ ਸੰਖੇਪ ਜਿਹਾ ਉੱਤਰ ਦਿੱਤਾ।
-"ਕੀ ਕਰਨ ਜਾ ਰਹੇ ਹੋ..?"
-"ਮੈਂ ਇਕ ਲੇਖਕ ਹਾਂ ਅਤੇ ਮੈਨੂੰ ਇਕ ਅਖ਼ਬਾਰ ਦੀ ਵਰ੍ਹੇ-ਗੰਢ 'ਤੇ ਸੱਦਿਆ ਗਿਆ ਹੈ, ਇਸ ਲਈ ਚੱਲਿਆ ਹਾਂ!" ਉਹ ਬੀਬੀ 'ਲੇਖਕ' ਕਹਿਣ 'ਤੇ ਮੇਰੇ ਵੱਲ ਇੰਜ ਝਾਕੀ ਜਿਵੇਂ ਮੈਂ ਕੋਈ ਭੁੱਕੀ ਵੇਚਣ ਵਾਲ਼ਾ ਬਲੈਕੀਆ ਹੋਵਾਂ!
-"ਕਿੰਨੇ ਚਿਰ ਵਾਸਤੇ ਜਾ ਰਹੇ ਹੋ..?" ਅਗਲਾ ਸੁਆਲ ਗੋਲ਼ੇ ਵਾਂਗ ਫਿ਼ਰ ਆਇਆ।
-"ਛੇਵੇਂ ਦਿਨ ਮੇਰੀ ਵਾਪਸੀ ਹੈ..!" ਜੰਗੀ ਪੱਧਰ 'ਤੇ ਸੰਖੇਪ ਸੁਆਲ ਜਵਾਬ ਚੱਲ ਰਹੇ ਸਨ।
-"ਹੈਵ ਏ ਨਾਈਸ ਜਰਨੀ...!" ਉਸ ਨੇ ਮੇਰਾ ਪਾਸਪੋਰਟ ਵਾਪਸ ਕਰਦਿਆਂ ਬਦਾਮੀ ਬੁੱਲ੍ਹਾਂ ਦੀ ਮੁਸਕੁਰਾਹਟ ਦਿੱਤੀ।
-"ਥੈਂਕ ਯੂ...!" ਆਖ ਕੇ ਮੈਂ ਪਾਸਪੋਰਟ ਫ਼ੜ ਲਿਆ ਅਤੇ 'ਵੇਟਿੰਗ ਰੂਮ' ਵਿਚ ਆ ਗਿਆ।
ਏਅਰ ਕੈਨੇਡਾ ਦੀ ਫ਼ਲਾਈਟ ਸਹੀ ਟਾਈਮ 'ਤੇ ਹੀ ਵੈਨਕੂਵਰ ਜਾ ਰਹੀ ਸੀ। ਸਾਹਮਣੇ ਆਦਮ-ਕੱਦ ਟੈਲੀ 'ਤੇ ਖ਼ਬਰਾਂ ਦਿਖਾਈਆਂ ਜਾ ਰਹੀਆਂ ਸਨ। ਪੋਲੈਂਡ ਦਾ ਰਾਸ਼ਟਰਪਤੀ ਲੇਸ਼ ਕਾਸਿੰਸਕੀ ਆਪਣੀ ਪਤਨੀ ਅਤੇ 96 ਹੋਰ ਲੋਕਾਂ ਨਾਲ਼ ਹਵਾਈ ਹਾਦਸੇ ਵਿਚ ਮਾਰਿਆ ਗਿਆ ਸੀ। ਉਸ ਦਾ ਜਹਾਜ ਕਿਸੇ ਕਾਰਨ ਹਾਦਸਾ ਗ੍ਰਸਤ ਹੋ ਗਿਆ ਸੀ।
ਜਦ ਵੀ ਤੁਸੀਂ ਹਵਾਈ ਸਫ਼ਰ ਕਰਦੇ ਹੋ, ਤੁਸੀਂ ਕਿੰਨਾਂ ਵੀ ਵੱਡਾ ਦਿਲ ਰੱਖਦੇ ਹੋਵੋਂ, ਪਰ ਹਵਾਈ ਹਾਦਸੇ ਦਾ ਡਰ ਤੁਹਾਨੂੰ ਹਮੇਸ਼ਾ ਬਣਿਆਂ ਰਹਿੰਦਾ ਹੈ! ਮੇਰੇ ਬਜ਼ੁਰਗ ਬੇਲੀ ਅਤੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦੀ ਗੱਲ ਮੈਨੂੰ ਚੇਤੇ ਆ ਗਈ। ਇਕ ਵਾਰ ਬਾਪੂ ਕਰਨੈਲ ਸਿੰਘ ਪਾਰਸ ਅਤੇ ਬੇਬੇ ਜੀ ਹਵਾਈ ਸਫ਼ਰ ਕਰ ਰਹੇ ਸਨ। ਨਾਲ਼ ਪ੍ਰਿੰਸੀਪਲ ਸਾਹਿਬ ਬਰਾਬਰ ਸੀਟ 'ਤੇ ਡਟੇ ਬੈਠੇ ਸਨ। ਜਹਾਜ ਕਿਸੇ ਸਮੁੰਦਰ ਉਪਰੋਂ ਦੀ ਉੱਡ ਰਿਹਾ ਸੀ ਕਿ ਕੋਈ ਤਕਨੀਕੀ ਗੜਬੜ ਹੋ ਗਈ ਅਤੇ ਜਹਾਜ ਡਿੱਕਡੋਲੇ ਖਾਣ ਲੱਗ ਪਿਆ। ਨਾਲ਼ ਦੀ ਨਾਲ਼ ਸਫ਼ਰ ਕਰਦੀਆਂ ਸਵਾਰੀਆਂ ਦੀ ਕੌਡੀ ਵੀ ਡੁਬਕੀਆਂ ਖਾਣ ਲੱਗ ਪਈ। ਬੇਬੇ ਨੇ ਅੱਖਾਂ ਬੰਦ ਕਰਕੇ ਹੱਥ ਜੋੜ ਰੱਬ ਦਾ ਨਾਂ ਲੈਣਾਂ ਸ਼ੁਰੂ ਕਰ ਦਿੱਤਾ। ਬਾਪੂ ਕਰਨੈਲ ਸਿੰਘ ਪਾਰਸ ਨਾਸਤਿਕ ਬੰਦਾ ਸੀ। ਉਹ ਬੇਬੇ ਨੂੰ ਆਖਣ ਲੱਗਿਆ, "ਤੇਰੇ ਰੱਬ ਨੇ ਕੁਛ ਨਹੀਂ ਕਰਨਾ..! ਜੇ ਕੁਛ ਕਰਨੈਂ, ਤਾਂ ਔਹ ਮੂਹਰੇ ਜਿਹੜੇ ਪੜ੍ਹਾਈਆਂ ਕਰਕੇ ਫ਼ੀਤੀਆਂ ਲਾਈ ਬੈਠੇ ਐ, ਉਹਨਾਂ ਨੇ ਕਰਨੈਂ, ਤੂੰ ਰੱਬ ਦਾ ਨੀਂ, ਉਹਨਾਂ ਦੇ ਨਾਂ ਦਾ ਜਾਪ ਕਰ..!"
ਜਦ ਮੈਂ ਵੇਟਿੰਗ-ਰੂਮ ਵਿਚ ਜਾ ਕੇ ਕੁਰਸੀ 'ਤੇ ਬੈਠਾ ਤਾਂ ਮੇਰੇ ਸਾਹਮਣੇ ਬੈਠੀ ਇਕ ਪੰਜਾਹ ਕੁ ਸਾਲ ਦੀ ਪੰਜਾਬਣ ਬੀਬੀ ਮੇਰੇ ਵੱਲ ਇੰਜ ਝਾਕੀ ਜਿਵੇਂ ਮੈਂ ਉਸ ਦੀ ਚੈਨੀ ਤੋੜ ਲਈ ਹੋਵੇ। ਉਹ ਕਾਫ਼ੀ ਦੇਰ ਮੇਰੇ ਵੱਲ ਦੇਖਦੀ ਰਹੀ ਅਤੇ ਅਖੀਰ ਮੇਰੇ ਕੋਲ਼ ਆ ਕੇ ਸਿੱਧੀ ਸਲੋਟ ਖੜ੍ਹ ਗਈ। ਮੈਂ ਕਿਤਾਬ ਪੜ੍ਹਨ ਦਾ ਬਹਾਨਾ ਜਿਹਾ ਕਰ ਰਿਹਾ ਸੀ। ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਬੀਬੀ ਮੇਰੇ ਨਾਲ਼ ਕੀ ਗੱਲ ਕਰਨਾ ਚਾਹੁੰਦੀ ਸੀ? ਜਦ ਉਹ ਕਾਫ਼ੀ ਚਿਰ ਵਾਪਸ ਨਾ ਗਈ ਤਾਂ ਮੈਂ ਵੀ ਕਿਤਾਬ ਬੰਦ ਕਰਕੇ ਉਸ ਨੂੰ ਸੰਬੋਧਨ ਹੋਇਆ, "ਕੋਈ ਪਛਾਣ ਕੱਢਦੇ ਓ ਭੈਣ ਜੀ...?"
-"ਤੂੰ ਤਾਂ ਭਾਅ ਜੀ ਉਹ ਨ੍ਹੀ, ਜੀਹਦੀਆਂ ਫ਼ੋਟੋਆਂ ਅਖ਼ਬਾਰਾਂ 'ਚ ਆਉਂਦੀਆਂ ਹੁੰਦੀਐਂ...?" ਉਸ ਨੇ ਇਕ ਤਰ੍ਹਾਂ ਨਾਲ਼ ਰੌਲ਼ਾ ਪਾਉਣ ਵਾਲਿ਼ਆਂ ਵਾਂਗ ਕਿਹਾ।
-"ਆਓ ਬੈਠੋ ਭੈਣ ਜੀ..! ਬੈਠ ਕੇ ਗੱਲ ਕਰਦੇ ਆਂ..!" ਮੈਂ ਚਾਹੁੰਦਾ ਸੀ ਕਿ ਬੀਬੀ ਹੌਲ਼ੀ ਬੋਲੇ।
-"ਵੇ ਓਹੀ ਐਂ ਨਾ ਭਾਅ ਜੀ ਤੂੰ...?"
-"ਆਹੋ ਭੈਣ ਜੀ..! ਮੈਂ ਓਹੀ ਐਂ..! ਬੈਠੋ..! ਕੁਛ ਪੀਣ ਨੂੰ ਲੈ ਕੇ ਆਵਾਂ ਥੋਡੇ ਵਾਸਤੇ..?"
-"ਦੇਖਿਆ..? ਪਛਾਣ ਲਿਆ ਨ੍ਹਾਂ..? ਤੇਰਾ ਪਿੰਡ ਖੋਸਾ ਐ ਨਾ ਭਾਅ ਜੀ..?" ਉਹ ਠਾਣੇ ਦੇ ਮੁਣਸ਼ੀ ਵਾਂਗ ਮੇਰੀ ਗੱਲ ਹੀ ਨਹੀਂ ਸੁਣ ਰਹੀ ਸੀ, ਸਗੋਂ ਆਪਣੀ ਹੀ ਸੁਣਾਈ ਜਾ ਰਹੀ ਸੀ।
-"ਕਿੱਥੇ ਜਾ ਰਹੇ ਓ..?" ਮੈਂ ਗੱਲ ਬਦਲਣ ਲਈ ਪੁੱਛਿਆ।
-"ਕਿੱਥੇ ਨ੍ਹੀ ਕਹੀਦਾ ਹੁੰਦਾ ਭਾਅ ਜੀ..! ਮਾੜਾ ਹੁੰਦੈ..! ਤੇਰਾ ਪਿੰਡ ਖੋਸਾ ਈ ਐ ਨ੍ਹਾ ਭਾਅ ਜੀ..?"
-"ਨਹੀਂ ਜੀ..! ਮੇਰਾ ਪਿੰਡ ਕੁੱਸਾ ਐ..!"
-"ਆਹੋ-ਆਹੋ ਸੱਚ, ਕੁੱਸਾ..! ਕੁੱਸਾ ਕਿੱਥੇ ਕਿਜੇ ਐ..?"
-"ਕੁੱਸਾ-ਮੀਨੀਆਂ..! ਬੌਡੇ, ਬੱਧਨੀ, ਨਿਹਾਲ ਸਿੰਘ ਵਾਲ਼ਾ ਵੱਲੀਂ..!"
-"ਵੇ ਪਤਾ ਨੀ ਭਾਅ ਜੀ..! ਮੈਂ ਤਾਂ ਬਾਹਲ਼ੀ ਤੁਰੀ ਫਿ਼ਰੀ ਨੀ..! ਮੈਂ ਤਾਂ ਬਿੰਨਕੂਬਰ ਚੱਲੀ ਆਂ..! ਸਾਰਾ ਟੱਬਰ ਈ ਓਥੇ ਐ ਆਪਣਾ..!"
-"ਮੈਂ ਵੀ ਓਥੇ ਈ ਜਾਣੈਂ ਜੀ..!"
-"ਤੇਰੀ ਭਾਅ ਜੀ ਫ਼ੋਟੋ ਦੇਖਦੀ ਹੁੰਦੀ ਸੀ..! ਲੈ ਅੱਜ ਮੈਂ ਫ਼ੱਟ ਪਛਾਣ ਲਿਆ..! ਜਾ ਕੇ ਦੱਸੂੰ ਘਰੇ ਬਈ ਜੀਹਦੀ ਫ਼ੋਟੋ ਅਖ਼ਬਾਰਾਂ 'ਚ ਦੇਖਦੇ ਹੁੰਦੇ ਸੀ, ਉਹ ਅੱਜ ਮੈਂ ਆਪ ਦੇਖਿਐ..!"
ਇਤਨੇ ਚਿਰ ਨੂੰ ਏਅਰ ਕੈਨੇਡਾ ਦੀ ਫ਼ਲਾਈਟ ਦੀ ਅਨਾਊਂਸਮੈਂਟ ਹੋ ਗਈ। ਅਸੀਂ ਬੈਗ ਚੁੱਕ ਗੇਟ ਵੱਲ ਨੂੰ ਤੁਰ ਪਏ।
ਏਅਰ ਕੈਨੇਡਾ ਦੀ ਫ਼ਲਾਈਟ ਤਿਆਰ ਸੀ। ਪਰ ਸਹੀ ਟਾਈਮ ਤੋਂ ਅੱਧਾ ਕੁ ਘੰਟਾ ਲੇਟ ਉਸ ਪਵਨ-ਪੁੱਤਰ ਨੇ ਆਪਣਾ ਮੂੰਹ ਅੱਧ-ਅਸਮਾਨ ਵੱਲ ਨੂੰ ਕੀਤਾ ਅਤੇ ਬੱਦਲ਼ਾਂ ਨੂੰ ਚੀਰਦਾ ਵੈਨਕੂਵਰ ਵੱਲ ਨੂੰ ਸਿੱਧਾ ਹੋ ਗਿਆ।
ਬਾਕੀ ਅਗਲੇ ਹਫ਼ਤੇ...