ਗੁਰਬਾਣੀ ’ਚ ‘ਹੁਕਮ’; ਪੁਲਿੰਗ ਨਾਂਵ ਹੈ ਅਤੇ ਇਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ (1). ਮਨੁੱਖ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਅਹੰਕਾਰ’; ਜਿਵੇਂ ”ਹੁਕਮ ਕੀਏ ਮਨਿ ਭਾਵਦੇ.. ॥” (ਮਹਲਾ ੧/੪੭੦), (2). ਸਤਿਗੁਰੂ ਦੁਆਰਾ ਕੀਤਾ ‘ਹੁਕਮ’, ਇਸ ਦਾ ਅਰਥ ਹੈ ‘ਉਪਦੇਸ਼’; ਜਿਵੇਂ “ਪੂਰੇ ਗੁਰ ਕਾ ਹੁਕਮੁ ਨ ਮੰਨੈ; ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥“ (ਮਹਲਾ ੪/੩੦੩), ਇਸ ਗੁਰੂ ਹੁਕਮ ਨੂੰ ਮੰਨਣਾ ਜਾਂ ਨਾ ਮੰਨਣਾ; ਬੰਦੇ ਦਾ ਨਿਜੀ ਅਧਿਕਾਰ ਹੈ ਯਾਨੀ ਕਿ ਕਿਸੇ ’ਤੇ ਥੋਪਿਆ ਨਹੀਂ ਜਾਂਦਾ।, (3). ਰੱਬ ਦੁਆਰਾ ਕੀਤਾ ਜਾਂਦਾ ‘ਹੁਕਮ’, ਇਸ ਦਾ ਅਰਥ ਹੈ ‘ਆਦੇਸ਼’; ਯਾਨੀ ਕਿ ਇਹ ਹੁਕਮ ਹਰ ਹਾਲਤ ’ਚ ਮੰਨਣਾ ਪੈਣੈ ਭਾਵੇਂ ਕੋਈ ਖ਼ੁਸ਼ੀ ਨਾਲ਼ ਮੰਨੇ ਜਾਂ ਦੁਖੀ ਹੋ ਕੇ ”ਇਕਨਾ ਹੁਕਮਿ ਸਮਾਇ ਲਏ; ਇਕਨਾ ਹੁਕਮੇ ਕਰੇ ਵਿਣਾਸੁ ॥” (ਮਹਲਾ ੧/੪੬੩) ਅਰਥ : ਰੱਬ; ਕਈਆਂ ਨੂੰ ਆਪਣੇ ਹੁਕਮ ਰਾਹੀਂ ਆਪਣੇ ’ਚ ਲੀਨ ਕਰ ਲੈਂਦਾ ਹੈ ਭਾਵ ਦੁੱਖ-ਸੁੱਖ ਤੋਂ ਬਚਾ ਲੈਂਦੈ ਅਤੇ ਕਈਆਂ ਨੂੰ ਆਪਣੇ ਹੁਕਮ ਰਾਹੀਂ ਆਤਮਿਕ ਮੌਤ ਅਤੇ ਸਰੀਰਕ ਮੌਤ ਮਾਰਦਾ ਹੈ ਯਾਨੀ ਕਿ ਆਵਾਗਮਣ ਰਾਹੀਂ ਦੁੱਖ ਦਿੰਦਾ ਹੈ।
ਉਕਤ ਨੰਬਰ (3). ਵਾਲ਼ੇ ਹੁਕਮ ’ਚ ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :
(ੳ). ਰੱਬ ਦੇ ਹੁਕਮ ’ਚ ਪੂਰੀ ਕੁਦਰਤਿ ਬਣੀ, ਜੋ ਹੁਣ ਭੀ ਹੁਕਮ ’ਚ ਵਧ-ਫੁੱਲ ਰਹੀ ਹੈ ”ਚਹੁ ਦਿਸਿ ਹੁਕਮੁ ਵਰਤੈ ਪ੍ਰਭ ! ਤੇਰਾ.. ॥” (ਮਹਲਾ ੧/੧੨੭੫) ਰੱਬ ਦਾ ਇਹ ਵਿਆਪਕ/ਵਿਸ਼ਾਲ ਹੁਕਮ; ਪੂਰਾ ਕਲਮਬੱਧ ਨਹੀਂ ਹੋ ਸਕਦਾ ਤੇਰਾ ਹੁਕਮੁ ਨ ਜਾਪੀ ਕੇਤੜਾ; ਲਿਖਿ ਨ ਜਾਣੈ ਕੋਇ ॥ (ਮਹਲਾ ੧/੫੩), ਜੇ ਕੋ ਕਹੈ; ਕਰੈ ਵੀਚਾਰੁ ॥ ਕਰਤੇ ਕੈ ਕਰਣੈ (ਰੱਬ ਦੇ ਪਸਾਰੇ ਦਾ) ਨਾਹੀ ਸੁਮਾਰੁ (ਅੰਤ)॥੧੬॥” (ਜਪੁ), ਨਾਸਤਕ ਸੋਚ; ਅਜਿਹੇ ਵਾਕਾਂ ਦੀ ਟੇਕ ਲੈ ਕੇ ਨਿਰਾਕਾਰ (ਰੱਬ) ਦੀ ਵਿਚਾਰ ਕਰਨੋਂ ਹੀ ਇਨਕਾਰੀ ਹੁੰਦੀ ਹੈ ਭਾਵੇਂ ਕਿ ਇਨ੍ਹਾਂ ਵਾਕਾਂ ’ਚ ਰੱਬ ਦੀ ਵਿਚਾਰ ਕਰਨ ਤੋਂ ਮਨਾਹੀ ਨਹੀਂ ਬਲਕਿ ਉਸ ਦੇ ਪਸਾਰੇ ਦਾ ਅੰਤ ਪਾਉਣ ਤੋਂ ਵਰਜਿਐ; ਜਿਵੇਂ ਕੁਦਰਤ ਦਾ ਅੰਤ ਪਾਉਣ ਗਏ ਬ੍ਰਹਮਾ ਦੀ ਮਿਸਾਲ ਹੈ ”ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ ਆਗੈ ਅੰਤੁ ਨ ਪਾਇਓ ਤਾ ਕਾ.. ॥” (ਮਹਲਾ ੧/੩੫੦), ‘ਨਾਲਿ’ ਦਾ ਅਰਥ ਹੈ : ਕਮਲ ਦੀ ‘ਨਾੜਿ/ਨਾੜੀ’, ‘ਵਰਦਾਤਾ’ ਦਾ ਅਰਥ ਹੈ ‘ਵਰ ਦੇਣ ਵਾਲ਼ਾ ਵਿਸ਼ਨੂੰ ਯਾਨੀ ਕਿ ‘ਕਮਲ’, ਜਿਸ ’ਚੋਂ ਬ੍ਰਹਮਾ ਪੈਦਾ ਹੋਇਆ, ਮੰਨਿਐ। ”ਨਾਲਿ ਕੁਟੰਬੁ ਸਾਥਿ ਵਰਦਾਤਾ” ਦਾ ਅਰਥ ਹੈ : ਪਰਵਾਰ ਕਮਲ ਦੀ ਨਾੜ ਸਮੇਤ ਯਾਨੀ ਕਿ ਆਪਣੇ ਹੀ ਜਨਮ-ਦਾਤਾ ਕਮਲ ਨਾੜੀ ਦੀ ਰਾਹੀਂ ”ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥” ਫਲ਼ ਕੀ ਮਿਲਿਆ ”ਆਗਿਆ ਨਹੀ ਲੀਨੀ (ਗੁਰੂ ਹੁਕਮ ਨਾ ਮੰਨਿਆ); ਭਰਮਿ ਭੁਲਾਇਆ ॥” (ਮਹਲਾ ੧/੨੨੭)