ਚਾਟ, ਚੈਟ ਅਤੇ ਚੀਟ ਦਾ ਚੱਕਰਵਿਊ..........ਲੇਖ / ਤਰਲੋਚਨ ਸਿੰਘ ਦੁਪਾਲਪੁਰ



‘ਠੱਕ..ਠੱਕ..ਠੱਕ’
ਦਰਵਾਜ਼ਾ ਖੜਕਣ ਦੀ ਅਵਾਜ਼ ਸੁਣ ਕੇ, ਘਰ ਦੇ ਮਾਲਕ ਨੇ ਝੱਬਦੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ਸੰਤਾਂ-ਸਾਧੂਆਂ
ਜੈਸਾ ਪਹਿਰਾਵਾ ਪਹਿਨੀ ਬਾਹਰ ਇੱਕ ਬਜ਼ੁਰਗ ਖੜ੍ਹਾ ਸੀ।
‘‘ਹੁਕਮ ਕਰੋ ਬਾਬਾ ਜੀ?’’
ਨੇਕ-ਦਿਲ ਧਰਮੀ ਸਰਦਾਰ ਜੀ ਨੇ ਹੱਥ ਜੋੜਦਿਆਂ ਦਰ ‘ਤੇ ਖੜੇ ਅਜਨਬੀ ਨੂੰ ਪੁੱਛਿਆ।
‘‘ਭਗਤਾ ਪ੍ਰਸ਼ਾਦਾ ਛਕਣ ਦੀ ਇੱਛਾ ਹੈ!’’ ਘਰ ਦੇ ਮਾਲਕ ਦੀ ਮਿੱਠੀ ਬੋਲ-ਬਾਣੀ ਸੁਣ ਕੇ ਬਾਬਾ ਜੀ ਨੇ ਸਿੱਧੀ-ਸਪਾਟ ਚਾਹਤ ਦੱਸ ਦਿੱਤੀ।
‘‘ਜੀਉ ਆਇਆਂ ਨੂੰ, ਧੰਨ ਭਾਗ ਮਹਾਂ-ਪੁਰਸ਼ੋ!’’ ਕਹਿ ਕੇ, ਸਰਦਾਰ ਜੀ ਨੇ ਬੜੇ ਆਦਰ ਭਾਅ ਨਾਲ ਬਾਬਾ ਜੀ ਨੂੰ ਬੈਠਕ ਵਿਚ ਬਿਠਾ
ਲਿਆ। ਰੋਟੀ-ਟੁੱਕ ਦਾ ਵੇਲਾ ਤਾਂ ਲੰਘ ਚੁੱਕਾ ਸੀ, ਇਸ ਲਈ ਸਰਦਾਰ ਜੀ ਨੇ ਆਪਣੀ ਬੇਟੀ ਨੂੰ ਅਵਾਜ਼ ਮਾਰੀ ਕਿ ਬਾਬਾ ਜੀ ਲਈ ਲੰਗਰ-ਪਾਣੀ ਤਿਆਰ ਕੀਤਾ ਜਾਏ। ਸਿ਼ਸ਼ਟਾਚਾਰ ਵਜੋਂ ਸਰਦਾਰ ਜੀ ਦੀ ਲੜਕੀ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਪੁੱਛਿਆ ਕਿ ਆਪ ਕਿਹੜੀ ਦਾਲ-ਭਾਜੀ ਖਾਣੀ ਪਸੰਦ ਕਰੋਗੇ?
‘‘ਬਾਬੀ, ਅਸੀਂ ਤਾਂ ਰਮਤੇ ਸਾਧੂ ਹਾਂ, ਜਿਹੋ ਜਿਹਾ ਭੋਜਨ ਮਿਲੇ, ‘ਸੱਤਿ, ਕਰਕੇ ਛਕ ਲਈਦਾ ਹੈ।’’ ਮੰਜੇ ‘ਤੇ ਆਸਣ ਜਮਾਉਂਦਿਆਂ ਹੋਇਆ ਸੰਤ ਜੀ ਪ੍ਰਸੰਨ ਹੋ ਕੇ ਬੋਲੇ।
ਜਿੰਨਾ ਚਿਰ ਕੁੜੀ ਰਸੋਈ ਵਿਚ ਰੋਟੀ-ਪਾਣੀ ਤਿਆਰ ਕਰਦੀ ਰਹੀ, ਇਧਰ ਉਸ ਦੇ ਪਿਤਾ ਨੇ ਬਾਬਾ ਜੀ ਨਾਲ ਧਰਮ-ਕਰਮ ਦੀਆਂ ਗੱਲਾਂ ਛੇੜ ਲਈਆਂ। ਸੰਤ ਜੀ ਦੇ ਮੂੰਹੋਂ ਪ੍ਰਵਚਨ ਸੁਣ ਕੇ ਅੱਗੇ ਥਾਲ ਲਿਆ ਪ੍ਰੋਸਿਆ। ਹੱਥ ਜੋੜ ਕੇ ਉੱਪਰ ਵਾਲੇ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਮਹਾਂਪੁਰਖਾਂ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ।
ਪਹਿਲੀ ਬੁਰਕੀ ਤਾਂ ਉਸਨੇ ਆਮ ਵਾਂਗ ਦਾਲ ਦੀ ਕੌਲੀ ਵਿਚ ਡੁੱਬੋ ਕੇ ਖਾ ਲਈ। ਪਰ ਰੋਟੀ ਨਾਲੋਂ ਦੂਜੀ ਬੁਰਕੀ ਤੋੜ ਕੇ ਉਹ ਭਰੀ ਹੋਈ ਕੌਲੀ ਵਿਚ ਚਮਚੇ ਵਾਂਗ ਫੇਰਨ ਲੱਗ ਪਿਆ। ਬਾਬੇ ਨੂੰ ਅਜਿਹਾ ਕਰਦਿਆਂ ਦੇਖਕੇ ਸਰਦਾਰ ਜੀ ਨੇ ਪੁੱਛਿਆ ਕਿ ਬਾਬਾ ਜੀ ਦਾਲ ਕੁੱਝ ਜਿ਼ਆਦਾ ਗਰਮ ਹੈ? ਉਸਨੇ ਅੰਦਾਜ਼ਾ ਲਾਇਆ ਕਿ ਸ਼ਾਇਦ ਦਾਲ ਵਿਚ ਬੁਰਕੀ ਘੁਮਾ ਕੇ ਬਾਬਾ ਜੀ ਹੁਣੀਂ ਦਾਲ ਠੰਢੀ ਕਰ ਰਹੇ ਹਨ। ਲੇਕਿਨ ਬਾਬੇ ਅੱਗਿਉਂ ਬੋਲੇ-’’ਨਹੀਂ ਭਾਈ ਦਾਲ ਤਾਂ ਠੀਕ ਈ ਐ...ਅਸਲ ‘ਚ ਇਹਦੇ ਵਿਚ ਲੂਣ ਮਿਰਚ ਉੱਕਾ ਈ ਹੈ ਨਹੀਂ। ਮੈਂ ਸੋਚਿਆ ਕਿ ਬੀਬਾ ਜੀ ਕਾਹਲੀ ਕਾਹਲੀ ਦਾਲ ਬਣਾਉਣ ਸਮੇਂ ਲੂਣ ਮਸਾਲਾ ਪਾਉਣਾ ਭੁੱਲ ਗਏ ਹੋਣਗੇ ਤੇ ਉਸਨੇ ਸ਼ਾਇਦ ਇਸ ਕੌਲੀ ਵਿਚ ਮਗਰੋਂ ਲੂਣ-ਮਿਰਚ ਪਾਇਆ ਹੋਵੇਗਾ। ਇਸੇ ‘ਸ਼ੱਕ’ ਕਾਰਨ ਮੈਂ ਦਾਲ ਵਿਚ ਗਰਾਹੀ ਘੁਮਾ ਰਿਹਾ ਸਾਂ। ਪਰ ਬੇਟੀ ਨੇ ਐਸਾ ਵੀ ਨਹੀਂ ਕੀਤਾ....!’’
‘‘ਓ ਕਮਲੀਏ ਕੁੜੀਏ!’’ ਸ਼ਰਧਾਲੂ ਸਰਦਾਰ ਗੁੱਸੇ ਵਿਚ ਬੋਲਦਾ ਹੋਇਆ ਰਸੋਈ ਵਲ ਵਧਿਆ..‘‘....ਸੰਤਾਂ ਮਹਾਂ-ਪੁਰਸ਼ਾਂ ਵਾਸਤੇ ਭੋਜਨ ਤਿਆਰ ਕਰਦਿਆਂ ਤੂੰ ਇੰਨੀ ਅਣ ਗਹਿਲੀ ਕਿਉਂ ਵਰਤੀ?’’ ਲੇਕਿਨ ਰਸੋਈ ਵਿਚੋਂ ਪੀਸੇ ਹੋਏ ਲੂਣ-ਮਿਰਚ-ਮਸਾਲੇ ਦੀਆਂ ਡੱਬੀਆਂ ਅਤੇ ਇੱਕ ਚਮਚਾ ਹੱਥ ‘ਚ ਫੜੀ ਬਾਹਰ ਆ ਰਹੀ ਉਸ ਦੀ ਲੜਕੀ ਦਾ ਬੇ-ਬਾਕ ਜਵਾਬ ਸੁਣ ਕੇ ਸੰਤ ਅਤੇ ਸਰਦਾਰ ਦੇ ਮੂੰਹ ਅੱਡੇ ਹੀ ਰਹਿ ਗਏ!
‘‘ਪਿਤਾ ਜੀ, ਮੈਂ ਭੁੱਲੀ ਨਹੀਂ ਸਾਂ, ਸਗੋਂ ਜਾਣ-ਬੁੱਝ ਕੇ ਹੀ ਮੈਂ ਸੰਤਾਂ ਵਾਸਤੇ ਬਣਾਈ ਦਾਲ ਅਲੂਣੀ ਰੱਖੀ ਸੀ। ਤਾਂ ਕਿ ਗੱਲ ਦੀ ਨਿਰਖ ਪਰਖ ਹੋ ਸਕੇ ਕਿ ਇਹ ‘ਮਹਾਂ-ਪੁਰਖ’ ਸੱਚ ਮੁੱਚ ਹੀ ‘ਰਮਤੇ ਸਾਧੂ’ ਹਨ? ਪਰ ਹੁਣ ਮੈਨੂੰ ਗਿਆਨ ਹੋ ਗਿਆ ਹੈ ਕਿ ਇਹ ਕੋਈ ਸਾਧੂ ਨਹੀਂ, ਇਹ ਤਾਂ ‘ਸੁਆਦਾਂ ਦਾ ਪੱਟਿਆ’ ਹੋਇਆ ਹੀ ਹੈ।...ਅਹਿ ਲਉ ਲੂਣ ਮਸਾਲਾ, ਇਨ੍ਹਾਂ ਦੀ ਦਾਲ ‘ਜ਼ਾਇਕੇਦਾਰ’ ਬਣਾ ਦਿਉ ਜ਼ਰਾ!’’
ਜੀਭ ਦੇ ਸੁਆਦਾਂ ਦਾ ਗੁਲਾਮ ਬਾਬਾ, ਰਮਤਾ ਸਾਧੂ ਬਣਦਾ ਬਣਦਾ ਰਹਿ ਗਿਆ। ਅੱਲੜ੍ਹ, ਪਰ ਤੀਖਣ ਬੁੱਧੀ ਵਾਲੀ ਲੜਕੀ ਨੇ ਜੁਗਤ ਵਰਤਦਿਆਂ ਇੱਕ ਢੌਂਗੀ ਦਾ ਪੋਲ ਖੋਲ੍ਹ ਦਿੱਤਾ।
ਜੇ ਕਿਸੇ ਦੇ ਨਿਆਣੇ ਨੂੰ, ਗਵਾਂਡ ਮਹੱਲੇ ਦਾ ਕੋਈ ਅਮਲੀ ਜਾਂ ਬਦ-ਇਖਲਾਕ ਬੰਦਾ ਪੁੱਠੇ ਪਾਸੇ ਪਾਉਣ ਲਈ ‘ਪੱਟਣ’ ਦਾ ਯਤਨ ਕਰ ਰਿਹਾ ਹੋਵੇ ਤਾਂ ਆਖਿਆ ਜਾਂਦਾ ਹੈ ਕਿ ਫਲਾਂ ਫਲਾਂ ਮੁੰਡਾ ਤਾਂ ਫਲਾਣੇ ਬੰਦੇ ਨੇ ‘ਚਾਟੇ’ ਲਾਇਆ ਹੋਇਐ। ਅਸਲ ਵਿਚ ਇਸ ‘ਚਾਟ’ ਸ਼ਬਦ ਦਾ ਸਬੰਧ ਵੀ ਜੀਭ ਦੇ ਚਸਕਿਆਂ ਨਾਲ ਹੀ ਜੁੜਿਆ ਹੋਇਆ ਹੈ।
ਪਹਿਲੋਂ ਪਹਿਲ ਕਿਸੇ ਨੂੰ ਖਾਣ-ਪੀਣ ਦਾ ਸ਼ੌਕੀਨ ਬਣਾ ਕੇ ਆਪਣੇ ਮਗਰ ਲਾਉਣਾ ‘ਚਾਟੇ ਲਾਉਣ’ ਦੀ ਕੈਟਾਗਰੀ ਵਿਚ ਹੀ ਆਉਂਦਾ ਹੈ। ਸਾਧ-ਬਾਬਿਆਂ ਜੇ ਡੇਰਿਆਂ ਵਿਚ ਪੱਕੀਆਂ-ਪਕਾਈਆਂ ਅਤੇ ਲੂਣ-ਸਲੂਣੀਆਂ ਖਾਣ ਵਾਲੇ ਚਾਟੜਿਆਂ ਲਈ ਹੀ ਇਹ ਅਖਾਣ ਹੋਂਦ ਵਿਚ ਆਇਆ ਲਗਦਾ ਹੈ-
ਜਿਨਾਂ ਚੱਟੇ ਸਾਧਾਂ ਦੇ ਪਤੀਲੇ,
ਉਹ ਮੁੜ ਨਾ ਰਲੇ ਕਬੀਲੇ!
ਵਿਆਹ ਸ਼ਾਦੀਆਂ ਜਾਂ ਹੋਰ ਖਾਣ-ਪੀਣ ਦੀਆਂ ਪਾਰਟੀਆਂ ਮੌਕੇ ਚਾਟ ਦੇ ਸਪੈਸ਼ਲ ਟੇਬਲ ਲੱਗੇ ਦੇਖ ਕੇ ਹੀ ਸ੍ਰ. ਬੈਂਸ ਨੇ ਇਹ ਸਤਰਾਂ ਲਿਖੀਆਂ ਹੋਣਗੀਆਂ-
ਮੱਖਣ, ਦੁੱਧ, ਮਲਾਈਆਂ ਗਿਰੀਆਂ, ਗਭਰੂ ਖਾਣੋ ਸਰਕ ਰਹੇ
ਆ ਗਏ ਟਾਕੋ, ਪੀਜ਼ੇ ਬਰਗਰ, ਗੁੱਝਦੀ ਪੱਕਦੀ ਤੌਣ ਕਦੋਂ?
ਲੇਖ ਦੇ ਸ਼ੁਰੂ’ ‘ਚ ਸੁਣਾਈ ਗਈ ਕਹਾਣੀ ਵਿਚਲੀ ਕੁੜੀ ਜੈਸੀ ਸੋਚ ਰੱਖਣ ਵਾਲੇ ਸੱਜਣ ਜਦੋਂ ਧਾਰਮਿਕ ਜੋੜ ਮੇਲਿਆਂ ਦੇ ਇਸ਼ਤਿਹਾਰਾਂ ਵਿਚ ‘ਗਰਮਾ ਗਰਮ ਜਲੇਬੀਆਂ’ ਜਾਂ ‘ਸਮੋਸੇ ਪਕੌੜਿਆਂ’ ਦਾ ਉਚੇਚਾ ਜਿ਼ਕਰ ਪੜ੍ਹਦੇ ਹੋਣਗੇ ਤਾਂ ਇਸ ਨਵੀਂ ਕਿਸਮ ਦੀ ਚਾਟ ਬਾਰੇ ਜਰੂਰ ਮਨਾਂ ਵਿਚ ਕੁੜ੍ਹਦੇ ਹੋਣਗੇ।
ਇਸ ਚਾਟ ਦੀ ਦੀਵਾਨਗੀ ਵਿਚ ਭੱਖ-ਅਭੱਖ ਛਕਣ ਵਾਲੀ ਨੌਜਵਾਨ ਪਨੀਰੀ ਫਿਰ ‘ਚੈਟ’ ਦਾ ਅਨੰਦ ਮਾਨਣ ਲੱਗ ਪੈਂਦੀ ਹੈ। ਚਾਟ ਨਾਲੋਂ ਕਿਤੇ ਵਧ ਖਤਰਨਾਕ ਇਸ ਚੰਦਰੀ ਚੈਟ ਦੀ ਕਾਲੀ ਬੋਲੀ ਹਨੇਰੀ ਨੇ ਸਾਡੇ ਵਿਰਸੇ ਵਿਚ ਇਕ ਤਰ੍ਹਾਂ ਭੁਚਾਲ ਹੀ ਮਚਾ ਦਿੱਤਾ ਹੋਇਆ ਹੈ। ਕੁੜੀਆਂ ਮੁੰਡਿਆਂ ਦੇ ਰਿਸ਼ਤੇ ਨਾਤੇ ਇਕ ਸਮੇਂ ਲਾਗੀ ਹੀ ਕਰਿਆ ਕਰਦੇ ਸਨ। ਫਿਰ ਵਿਚੋਲੇ ਆਏ। ਫਿਰ ਅਖ਼ਬਾਰਾਂ ਜ਼ਰੀਏ ਮਾਂ-ਬਾਪ ਆਪੋ ਵਿਚੀ ਸਿੱਧੇ ਟੱਕਰਨ ਲੱਗੇ। ਹੁਣ ਚੈਟ ਦੀ ਮਿਹਰਬਾਨੀ ਸਦਕਾ ਇਕ ਇਕ ਦਿਹਾੜੀ ਵਿਚ ਹੀ;
ਤੂੰ ਨਹੀਂ ਕੋਈ ਔਰ ਸਹੀ, ਔਰ ਨਹੀਂ ਕੋਈ ਔਰ ਸਹੀ!
ਵਾਲਾ ਫਾਰਮੂਲ ਅਪਣਾਇਆ ਜਾ ਸਕਦਾ ਹੈ। ਇੱਕ ਸਮੇਂ ਟੈਲੀਫੋਨ ਦੀ ‘ਸੁਵਿਧਾ’ ਦਾ ਜਿਕਰ ਕਰਦਿਆਂ ਕਿਸੇ ਕਵੀ ਨੇ ਲਿਖਿਆ ਸੀ;
ਇਸ਼ਕ ਟੈਲੀਫੋਨ ਪਰ, ਵਿਉਪਾਰ ਟੈਲੀਫੋਨ ਪਰ
ਕਿਆ ਨਹੀ ਹੋਤਾ ਮੇਰੀ ਸਰਕਾਰ ਟੈਲੀਫੋਨ ਪਰ?
ਲੇਕਿਨ ਹੁਣ ਇਕ ਦੂਜੇ ਨੂੰ ‘ਨਿਸ਼ਾਨੀ’ ਵਜੋਂ ਰੁਮਾਲ ਦੇਣ ਵਾਲਿਆਂ ‘ਤੇ ਇੱਕ ਪੰਜਾਬੀ ਕਵੀ ਵਿਅੰਗ ਕਰਦਾ ਹੈ;
ਵੈੱਬ-ਸਾਈਟ ਹੱਲ ਹੁਣ ਕਰੇ ਮਸਲੇ ‘ਪ੍ਰੇਮ’ ਦੇ
ਬੈਠਾ ਅਜੇ ਵੀ ਫੁੱਲ ਤੂੰ ਸੁੰਘਦੈਂ ਰੁਮਾਲ ਦੇ?
ਚੈਟ ਦੀ ਬਿਮਾਰੀ ‘ਚ ਗਲਤਾਨ ਹੋਏ ਮੁੰਡੇ-ਕੁੜੀਆਂ ਵਲੋਂ ਸ਼ਰਮ-ਹਯਾ ਦੇ ਛੱਕੇ ਛੁਡਾਏ ਜਾਂਦੇ ਤੱਕ ਕੇ ਕਵੀ ਦਰਸ਼ਨ ‘ਬੇਦੀ’ ਦਾ ਹਉਕਾ ਸੁਣੋ;
ਅੱਜ ਦੇ ਟੀ.ਵੀ.ਕਲਚਰ ਨੇ ਹੈ ਹਰ ਇਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਧਰਮੀ ਬਾਬਲ ਕਿੱਥੇ?
ਫਿਲਾਸਫਰ ਬਰਨਾਰਡ ਸ਼ਾਅ ਨੇ ਇਕ ਥਾਂ ਲਿਖਿਆ ਏ ਕਿ ਵਿਗਿਆਨ ਦੀਆਂ ਕਾਢਾਂ ਨੇ ਜਿੱਥੇ ਮਨੁੱਖਤਾ ਨੂੰ ਸੁਖੀ ਬਣਾਇਆ ਏ, ਉੱਥੇ ਇਨ੍ਹਾਂ ਨਵੀਆਂ ਕਾਢਾਂ ਦੇ ਦੁੱਖ ਵੀ ਐਸੇ ਹਨ, ਜਿਨਾਂ ਦਾ ਇਲਾਜ ਹੀ ਕੋਈ ਨਹੀਂ ਨਜ਼ਰ ਆਉਂਦਾ! ਕਵੀ ਸੁਖਿੰਦਰ ਨੇ ਇੰਟਰਨੈੱਟ ਨਾਲ ਚਿੰਬੜ ਕੇ ਚੈਟ ਵਿਚ ਮਦਹੋਸ਼ ਹੋਏ ਮੁੰਡੇ-ਕੁੜੀਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਇਕ ਲੰਬੀ ਕਵਿਤਾ ਵਿਚ ਦਿਮਾਗ ਨੂੰ ਸੁੰਨ ਕਰ ਦੇਣ ਵਾਲੀਆਂ ਸਤਰਾਂ ਲਿਖੀਆਂ ਹਨ;
ਘਰ ਦੀਆਂ ਛੱਤਾਂ ਉਦੋਂ ਡਿਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿਚ, ਗੁੰਡੇ ਜੰਮ ਪੈਣ......
ਜਿਨਾਂ ਨੂੰ ਮਾਂ, ਭੈਣ, ਧੀ ਦੀ
ਕੋਈ ਸ਼ਰਮ ਨਾ ਹੋਵੇ।
ਉਪਭੋਗਤਾਵਾਦ ਦੀ ਚੱਲ ਰਹੀ ਹਨ੍ਹੇਰੀ ਵਿਚ
ਜਿਨ੍ਹਾਂ ਨੂੰ ਮਹਿਜ਼ ਚਮਕਦਾਰ ਚੀਜਾਂ ਦਾ ਹੀ ਮੋਹ ਹੋਵੇ....
ਕਾਮ-ਵਾਸਨਾ ਜਗਾਂਦੀਆਂ ਵੈੱਬ-ਸਾਈਟਾਂ ‘ਚ
ਉਲਝਿਆਂ, ਜਿਨ੍ਹਾਂ ਦੀ ਹਰ ਸ਼ਾਮ ਬੀਤੇ
ਭੰਗ, ਚਰਸ, ਕਰੈਕ, ਕੁਕੇਨ ਦੇ
ਸੂਟੇ ਲਾਂਦਿਆਂ ਦਿਨ ਚੜ੍ਹੇ!
ਆ ਰਿਹਾ ਹੈ ‘ਗਲੋਬਲੀ ਸੱਭਿਆਚਾਰ’
ਦਨ-ਦਨਾਂਦਾ ਹੋਇਆ, ਪੂਰੀ ਸਜ ਧਜ ਨਾਲ
ਤੁਹਾਡੇ ਬੂਹਿਆਂ ‘ਤੇ ਦਸਤਕ ਦੇਣ ਲਈ।...
ਉਹ ਆਵੇਗਾ ਤੁਹਾਡੇ ਵਿਹੜਿਆਂ ਵਿਚ
ਤੁਹਾਡੇ ਬੱਚਿਆਂ ਨੂੰ ਵਿਆਗਰਾ ਦੀਆਂ ਗੋਲੀਆਂ
ਬਲਿਊ ਮੂਵੀਆਂ ਦੇ ਬਕਸੇ
ਕੰਡੋਮ ਦੀਆਂ ਥੈਲੀਆਂ
ਦੇਹ-ਨਾਦ ਦੇ ਮਹਾਂ-ਸੰਗੀਤ ਵਿਚ ਗੁੰਮ ਜਾਣ ਲਈ
ਆਏਗੀ ਫਿਰ ਤੁਹਾਡੇ ਵਿਹੜਿਆਂ ‘ਚ
ਗਲੋਬਲ ਸੱਭਿਆਚਾਰਕ ਕ੍ਰਾਂਤੀ ਤਾਂਡਵ-ਨਾਚ ਕਰਦੀ...
ਨਿਰਮਲ ਪਾਣੀਆਂ ਦੀ ਹਰ ਝੀਲ, ਹਰ ਝਰਨੇ,
ਹਰ ਸਰੋਵਰ ‘ਚ ਗੰਦਗੀ ਦੇ ਅੰਬਾਰ ਲਾਉਂਦੀ
ਅਜਿਹੀ ਬਦਬੂ ਭਰੀ ਪੌਣ ਵਿਚ
ਅਜਿਹੇ ਪ੍ਰਦੂਸਿ਼ਤ ਪਾਣੀਆਂ ਵਿਚ
ਤਲਖੀਆਂ ਭਰੇ ਮਾਹੌਲ ਵਿਚ
ਤੁਹਾਡੀ ਆਪਣੀ ਹੀ ਔਲਾਦ ਜਦ
ਤੁਹਾਡੇ ਰਾਹਾਂ ‘ਚ ਕੰਡੇ ਵਿਛਾਣ ਲੱਗ ਪਵੇ
ਘਰਾਂ ਦੀਆਂ ਛੱਤਾਂ ਉਦੋਂ ਡਿਗਦੀਆਂ ਹਨ...!
ਚਾਟ ਦੇ ਰਸੀਲੇ ਅਤੇ ਚੈਟ ਦੇ ਭੜਕੀਲੇ ਸੰਯੋਗ ਸਦਕਾ, ਮਾਂ-ਬਾਪ ਤੇ ਧਰਮ-ਸਮਾਜ ਨੂੰ ਤਿਲਾਂਜਲੀ ਦੇ ਕੇ ਬਣਾਏ ਰਿਸ਼ਤਿਆਂ ਦਾ ਨਕਸ਼ਾ ਕਿਸੇ ਗੁਮਨਾਮ ਕਵੀ ਨੇ ਇੰਜ ਖਿੱਚਿਆ ਹੈ-
ਤੂੰ,
ਮੈਂ,
ਤੂੰ-ਮੈਂ,
ਤੂੰ-ਤੂੰ-ਮੈਂ ਮੈਂ!
ਕਹਿਣ ਦਾ ਭਾਵ ਕਿ ਚਾਟ ਤੋਂ ਸ਼ੁਰੂ ਹੋਈ ਗੱਲ ਚੈਟ ਥਾਣੀ ਹੁੰਦੀ ਹੋਈ ਅੰਤ ਨੂੰ ‘ਚੀਟ’ ਉੱਪਰ ਆ ਢੁੱਕਦੀ ਹੈ। ਇਸ ਕੁਲਹਿਣੀ ਚੀਟ ਉੱਪਰ ਫਿਰ ਨਜਾਇਜ਼ ਰਿਸ਼ਤਿਆਂ ਦੀ ਉਸਾਰੀ ਹੁੰਦੀ ਹੈ। ਜਿਸ ਤੋਂ ਅੱਗੇ ਮਾਰ-ਧਾੜ ਖੂਨ-ਖਰਾਬੇ ਹੁੰਦੇ ਹਨ।
ਹਸਦੇ-ਵਸਦੇ ਘਰ ਦੇਖਦਿਆਂ ਦੇਖਦਿਆਂ ਤਬਾਹ ਹੁੰਦੇ ਹਨ। ਮਾਂ-ਬਾਪ ਅਤੇ ਹੋਰ ਅੰਗ-ਸਾਕ ਬੇ-ਵੱਸ ਹੋਏ ਝੂਰਦੇ ਰਹਿ ਜਾਂਦੇ ਹਨ। ਚਾਟ, ਚੈਟ ਅਤੇ ਚੀਟ ਦੀਆਂ ਮੰਜਲਾਂ ਦੇ ਪਾਂਧੀ ਫਿਰ ਐਸੀਆਂ ਬੀਮਾਰੀਆਂ ਦੇ ਗਲੇ ਲੱਗ ਜਾਂਦੇ ਹਨ, ਜਿਨ੍ਹਾਂ ਬਾਰੇ ਬਾਬੇ ਦੀ ਬਾਣੀ ਡੰਕੇ ਦੀ ਚੋਟ ਨਾਲ ਆਖਦੀ ਏ;
ਖਸਮ ਵਿਸਾਰ ਕੀਏ ਰਸਭੋਗ॥ ਤਾ ਤਨ ਉਠਿ ਖਲੋਏ ਰੋਗ॥
ਕਹਾਵਤ ਹੈ ਕਿ ਅੱਗ ਲਾ ਕੇ ਡੱਬੂ ਨਿਆਈਆਂ ਨੂੰ ਭੱਜ ਜਾਂਦਾ ਹੈ। ਪਰ ਚਾਟ, ਚੈਟ ਤੇ ਚੀਟ ਦੇ ਛੜੱਪੇ ਮਾਰਨ ਵਾਲਾ ‘ਡੱਬੂ’ ਅੱਗ ਬਾਲ ਕੇ ਕਿਤੇ ਨਹੀਂ ਭੱਜਦਾ। ਬਲਕਿ ਇਸ ਡੱਬੂ ਨੂੰ ਆਪਣੇ ਘਰੇ ਮਹਿਮਾਨ ਬਣਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।
ਅੱਗੇ ਰੱਬ ਜਾਣੇ, ਪਰ ਹਾਲਾਤਾਂ ਤੋਂ ਇੰਜ ਲੱਗਦਾ ਹੈ ਕਿ ਭਵਿੱਖ ਵਿਚ ਚਾਟ ਚੈਟ ਅਤੇ ਚੀਟ ਦੇ ਕਾਲ-ਚੱਕਰ ‘ਚੋਂ ਕੋਈ ਹਰਿਆ ਬੂਟ ਹੀ ਬਚ ਸਕੇਗਾ!

3 ਈਡੀਅਟਸ ਤੇ ਭਾਰਤੀ ਸਿੱਖਿਆ ਪ੍ਰਣਾਲੀ.......... ਲੇਖ / ਗਗਨਦੀਪ ਹੰਸ


ਫਿਲਮਾਂ ਸਾਡੀ ਜਿੰਦਗੀ ਦੇ ਕਲਾਤਮਿਕ ਪੱਖ ਦਾ ਅਹਿਮ ਹਿੱਸਾ ਹਨ । ਸਮੇਂ ਸਮੇਂ ਤੇ ਅਜਿਹੀਆਂ ਫਿਲਮਾਂ ਬਣਦੀਆਂ ਰਹਿੰਦੀਆਂ ਹਨ, ਜੋ
ਸਾਡਾ ਮਨੋਰੰਜਨ ਕਰਨ ਦੇ ਨਾਲ਼ ਨਾਲ਼ ਤੱਤਕਾਲੀਨ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁੱਦਿਆਂ ਵੱਲ ਸਾਡਾ ਧਿਆਨ ਖਿੱਚਦੀਆਂ ਹਨ । ਅੱਜ ਕੱਲ੍ਹ 3 ਈਡੀਅਟਸ ਫਿਲਮ ਆਪਣੇ ਮਹੱਤਵਪੂਰਨ ਵਿਸ਼ੇ ਕਾਰਨ ਚਰਚਾ ਵਿੱਚ ਹੈ । ਇਹ ਫਿਲਮ ਭਾਰਤੀ ਵਿੱਦਿਅਕ ਢਾਚੇ ਦੀ ਬਿਲਕੁੱਲ ਸਹੀ ਤਸਵੀਰ ਦਿਖਾਉਂਦੀ ਹੈ । ਸਿੱਖਿਆ ਦਾ ਅਸਲੀ ਮੰਤਵ ਜਿੰਦਗੀ ਦੇ ਹਰ ਪੱਖ ਨੂੰ ਕਾਮਯਾਬੀ ਨਾਲ ਜਿਉਣ ਤੇ ਮਾਨਣ ਬਾਰੇ ਸੁਚੇਤ ਤੇ ਸਿੱਖਿਅਤ ਕਰਨਾ ਹੈ, ਪਰ ਅਜੋਕੀ ਸਿੱਖਿਆ ਪ੍ਰਣਾਲੀ ਬੱਚਿਆਂ ਨੂੰ ਮਾਰਗ ਦਰਸ਼ਨ ਦੇਣ ਦੀ ਥਾਂ ਮਾਨਸਿਕ ਤੌਰ ਤੇ ਕਮਜ਼ੋਰ ਬਣਾ ਰਹੀ ਹੈ ।
ਅਜੋਕੀ ਭਾਰਤੀ ਸਿੱਖਿਆ ਪ੍ਰਣਾਲੀ ਅੰਗ੍ਰੇਜ਼ ਸ਼ਾਸ਼ਕਾਂ ਦੀ ਦੇਣ ਹੈ । ਅੰਗ੍ਰੇਜ਼ ਅਫਸਰਾਂ ਨੂੰ ਪ੍ਰਸ਼ਾਸਨ ਚਲਾਉਣ ਲਈ ਪੜ੍ਹੇ ਲਿਖ਼ੇ ਭਾਰਤੀਆਂ ਦੀ ਲੋੜ ਸੀ, ਜੋ ਕਿ ਅੰਗ੍ਰੇਜ਼ੀ ਵੀ ਜਾਣਦੇ ਹੋਣ
। ਅੰਗ੍ਰੇਜ਼ ਸ਼ਾਸ਼ਕ ਭਾਰਤੀਆਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਧਰ ਤੇ ਵਿਕਸਿਤ ਕਰਨ ਲਈ ਨਹੀਂ ਪੜ੍ਹਾਉਣਾ ਚਾਹੁੰਦੇ ਸਨ ਸਗੋਂ ਉਹ ਕੇਵਲ ਉਹ ਇਹ ਚਾਹੁੰਦੇ ਸਨ ਕਿ ਉਨ੍ਹਾਂ ਲਈ ਕੰਮ ਕਰਨ ਵਾਲੇ ਭਾਰਤੀ ਕੇਵਲ ਲਕੀਰ ਦੇ ਫ਼ਕੀਰ ਹੋਣ । ਇਸ ਲਈ ਉਨ੍ਹਾਂ ਅਜਿਹੀ ਸਿੱਖਿਆ ਪ੍ਰਣਾਲੀ ਵਿਕਸਤ ਕੀਤੀ, ਜਿਸਦਾ ਘੇਰਾ ਕੇਵਲ ਕੋਰਸ ਵਿੱਚ ਪੜ੍ਹਣ ਵਾਲੀਆਂ ਕਿਤਾਬਾਂ ਤੱਕ ਹੀ ਸੀਮਿਤ ਹੋਵੇ । ਅੱਜ ਵੀ ਭਾਰਤੀ ਸਿੱਖਿਆ ਪ੍ਰਣਾਲੀ ਵਿਚ 15 ਸਾਲ ਪੜ੍ਹ ਕੇ ਵੀ ਵਿਦਿਆਰਥੀ ਨੂੰ ਨੌਕਰੀ ਕਰਨ ਤੋ ਪਹਿਲਾਂ ਟ੍ਰੇਨਿੰਗ ਲੈਣੀ ਪੈਦੀ ਹੈ । ਆਜ਼ਾਦੀ ਦੇ 62 ਸਾਲ ਬਾਅਦ ਵੀ ਅਸੀ ਅਜਿਹੀ ਸਿੱਖਿਆ ਪ੍ਰਣਾਲੀ ਵਿਕਸਿਤ ਨਹੀਂ ਕਰ ਸਕੇ, ਜੋ ਪੂਰੀ ਤਰ੍ਹਾਂ ਕਿੱਤਾ ਮੁੱਖੀ ਹੋਵੇ ।
ਭਾਰਤ ਦੀ ਮਾੜੀ ਆਰਥਿਕ ਵਿਵਸਥਾ ਵੀ ਸਿੱਖਿਆ ਪ੍ਰਣਾਲੀ ਦੇ ਨਿਘਾਰ ਦਾ ਵੱਡਾ ਕਾਰਨ ਹੈ । ਬੱਚੇ ਨੂੰ ਪੜ੍ਹਾਉਣ ਪਿੱਛੇ ਮਾਂ-ਬਾਪ ਦਾ ਸਭ ਤੋਂ ਵੱਡਾ ਮਕਸਦ ਇਹੋ ਹੁੰਦਾ ਹੈ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਵੱਡਾ ਅਫਸਰ ਬਣਕੇ ਸਾਡੀ ਗਰੀਬੀ ਖਤਮ ਕਰ ਦੇਵੇਗਾ । ਮਜ਼ਦੂਰੀ ਕਰਕੇ ਘਰ ਬਾਰ ਚਲਾਉਣ ਵਾਲੇ ਮਾਂ-ਬਾਪ ਦੀ ਤੀਬਰ ਇੱਛਾ ਇਹੋ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖ ਕੇ ਸਮਾਜ ਵਿੱਚ ਸਿਰ ਉੱਚਾ ਕਰਕੇ ਜੀ ਸਕੇ । ਜਿਸ ਮੁਲਕ ਦੇ ਇੱਕ ਤਿਹਾਈ ਤੋਂ ਜਿ਼ਆਦਾ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੋਵੇ, ਜਿਥੇ ਜਿੰਦਗੀ ਜਿਉਣ ਦਾ ਪਹਿਲਾ ਮਕਸਦ ਹੀ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਨਾ ਹੋਵੇ, ਉਥੇ ਲੋਕ ਕਿਸ ਤਰ੍ਹਾਂ ਜਿੰਦਗੀ ਮਾਨਣ ਬਾਰੇ ਸੋਚ ਸਕਦੇ ਹਨ ?
ਬੱਚੇ ਨੂੰ ਪੜ੍ਹਾਉਣ ਲੱਗੇ ਮਾਂ-ਬਾਪ ਇਹ ਸੋਚਦੇ ਹਨ ਕਿ ਜੋ ਉਹ ਆਪ ਜਿੰਦਗੀ ਵਿੱਚ ਉਹ ਨਹੀਂ ਕਰ ਸਕੇ, ਹੁਣ ਉਹ ਸਭ ਕੁਝ ਉਨ੍ਹਾਂ ਦੇ ਬੱਚੇ ਉਨ੍ਹਾਂ ਲਈ ਕਰਨਗੇ । ਆਪਣੇ ਟੁੱਟੇ ਸੁਪਨਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਮਾਂ-ਬਾਪ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰਨਾ ਸ਼ੁਰੂ ਕਰ ਦਿੰਦੇ ਹਨ । ਇਹ ਜਾਨਣ ਦੀ ਕੋਈ ਵੀ ਕੋਸਿ਼ਸ਼ ਨਹੀਂ ਕਰਦਾ ਕਿ ਇੱਕ ਬੱਚਾ ਕੀ ਕਰਨਾ ਚਾਹੁੰਦਾ ਹੈ ? ਉਸਦੀ ਕਾਬਲੀਅਤ ਕੀ ਹੈ ? ਇਸ ਸਭ ਕੁਝ ਲਈ ਅਸੀਂ ਅਗਰ ਮਾਂ-ਬਾਪ ਨੂੰ ਕਸੂਰਵਾਰ ਠਹਿਰਾਈਏ, ਇਹ ਵੀ ਗਲਤ ਹੋਵੇਗਾ । ਸਾਡਾ ਸਮਾਜਿਕ ਤੇ ਆਰਥਿਕ ਤਾਣਾ ਬਾਣਾ ਹੀ ਅਜਿਹਾ ਬਣ ਚੁੱਕਾ ਹੈ ਕਿ ਹਰ ਕੋਈ ਇੱਕ ਦੂਸਰੇ ਤੋਂ ਅੱਗੇ ਨਿੱਕਲਣਾ ਚਾਹੁੰਦਾ ਹੈ । ਮਨੁੱਖ ਆਪਣੀ ਸਿੱਖਿਆ, ਕਾਰੋਬਾਰ, ਸਖਸ਼ੀਅਤ ਤੇ ਆਪਣੇ ਪਰਿਵਾਰ ਨੂੰ ਦੂਜਿਆਂ ਤੋਂ ਅੱਗੇ ਲੰਘਣ ਸਾਧਨ ਸਮਝਣ ਲੱਗ ਪਿਆ ਹੈ । ਅੱਜ ਜਿੰਦਗੀ ਸਿਰਫ਼ ਇੱਕ ਦੌੜ ਬਣ ਕੇ ਰਹਿ ਗਈ ਹੈ । ਜਿੱਥੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ । ਮਨੁੱਖੀ ਕਾਬਲੀਅਤ, ਸਖਸ਼ੀਅਤ ਤੇ ਸਮਝਦਾਰੀ ਦਾ ਪੈਮਾਨਾ ਸਿਰਫ਼ ਤੇ ਸਿਰਫ਼ ਇਮਤਿਹਾਨ ਵਿੱਚ ਪ੍ਰਾਪਤ ਕੀਤੇ ਅੰਕ ਜਾਂ ਨੰਬਰ ਬਣ ਗਏ ਹਨ । ਇਸ ਅੰਕਾਂ ਤੇ ਨੰਬਰਾਂ ਦੀ ਪ੍ਰਭਾਸ਼ਾ ਵਿੱਚ ਮਨੁੱਖ ਦੀ ਅਸਲੀ ਸਖਸ਼ੀਅਤ ਅਤੇ ਕਾਬਲੀਅਤ ਬੇਮਾਇਨੇ ਬਣ ਕੇ ਰਹਿ ਜਾਂਦੀ ਹੈ । ਸਾਡੀ ਖੁਸ਼ੀ, ਕਾਮਯਾਬੀ, ਪ੍ਰਾਪਤੀਆਂ ਦਾ ਪੈਮਾਨਾ ਤਾਂ ਬਿਲਕੁੱਲ ਹੀ ਨਹੀਂ ਹੈ ਕਿ ਅਸੀਂ ਕਿੰਨਾਂ ਕੁ ਪ੍ਰਾਪਤ ਕੀਤਾ । ਅਸਲੀ ਪੈਮਾਨਾ ਇਹ ਹੈ ਕਿ ਅਸੀਂ ਦੂਜਿਆਂ ਨਾਲੋਂ ਕਿੰਨਾਂ ਵੱਧ ਜਾ ਕਿੰਨਾਂ ਘੱਟ ਪ੍ਰਾਪਤ ਕੀਤਾ ।
ਹਰ ਮਨੁੱਖ ਜਿੰਦਗੀ ਦੀ ਦੌੜ ਵਿੱਚ ਸਿਰਫ ਤੇ ਸਿਰਫ ਕਾਮਯਾਬ ਹੋਣਾ ਚਾਹੁੰਦਾ ਹੈ । ਨਾਕਾਮਯਾਬੀ ਦੀ ਕੇਵਲ ਸੋਚ ਮਾਤਰ ਨਾਲ ਹੀ ਅਸੀਂ ਪ੍ਰੇਸ਼ਾਨ ਹੋ ਜਾਦੇ ਹਾਂ । ਚਿੰਤਾ ਅਤੇ ਪ੍ਰੇਸ਼ਾਨੀ ਹੀ ਮਾਨਸਿਕ ਤਣਾਅ ਦਾ ਸਭ ਤੋ ਵੱਡਾ ਕਾਰਨ ਹਨ । ਮਾਨਸਿਕ ਤਣਾਅ ਕਾਰਨ ਮਨੁੱਖ ਜਿੰਦਗੀ ਦੇ ਸੁਨਿਹਰੀ ਪਲਾਂ ਨੂੰ ਮਾਣ ਨਹੀਂ ਸਕਦਾ, ਹਰ ਮਨੁੱਖ ਭਵਿੱਖ ਦੀ ਚਿੰਤਾ ਵਿੱਚ ਆਪਣਾ ਵਰਤਮਾਨ ਨਸ਼ਟ ਕਰ ਰਿਹਾ ਹੈ । ਭਵਿੱਖ ਦੀ ਚਿੰਤਾ ਨੇ ਬੱਚਿਆਂ ਤੋਂ ਬਚਪਨ ਤੇ ਮਾਂ-ਬਾਪ ਤੋਂ ਉਨ੍ਹਾਂ ਦੀ ਮਮਤਾ ਖੋਹ ਲਿਆ ਹੈ । ਹਰ ਮਾਂ-ਬਾਪ ਨੂੰ ਇਹੋ ਚਿੰਤਾ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਪਹਿਲੇ ਨੰਬਰ ਤੇ ਕਿਸ ਤਰ੍ਹਾਂ ਰਹਿ ਸਕਦੇ ਹਨ ? ਇਸ ਲਈ ਮਾਪੇ ਬਚਪਨ ਤੋਂ ਹੀ ਬੱਚਿਆਂ ਵਿੱਚ ਜਿੰਦਗੀ ਦੀ ਦੌੜ ਦੀ ਅਜਿਹੀ ਭਾਵਨਾ ਭਰਨਾ ਸ਼ੁਰੂ ਕਰ ਦਿੰਦੇ ਹਨ, ਜੋ ਉਨ੍ਹਾਂ ਨੂੰ ਜਿੰਦਗੀ ਭਰ ਸੁੱਖ ਚੈਨ ਨਾਲ ਜਿਉਣ ਨਹੀਂ ਦਿੰਦੀ । ਜਿੰਦਗੀ ਵਿੱਚ ਖੁਸ਼ੀ ਉਨ੍ਹਾਂ ਨੂੰ ਸਿਰਫ ਤੇ ਸਿਰਫ ਕਾਮਯਾਬੀ ਵਿੱਚ ਨਜ਼ਰ ਆਉਣ ਲੱਗਦੀ ਹੈ । ਕਾਮਯਾਬੀ ਵੀ ਉਹ ਜੋ ਦੂਜਿਆਂ ਨੂੰ ਪਛਾੜ ਕੇ ਪ੍ਰਾਪਤ ਕੀਤੀ ਹੋਵੇ । ਜਦੋਂ ਕਿਸੇ ਕਾਰਨ ਕਾਮਯਾਬੀ ਨਹੀਂ ਮਿਲਦੀ ਤਾ ਇਸ ਤੋਂ ਪੈਦਾ ਹੋਏ ਮਾਨਸਿਕ ਤਣਾਅ ਨੂੰ ਬਰਦਾਸ਼ਤ ਨਾ ਕਰਦੇ ਹੋਏ ਕਈ ਬੱਚੇ ਆਤਮਹੱਤਿਆ ਕਰਨ ਤੱਕ ਜਾਂਦੇ ਹਨ । ਅੰਕੜਿਆਂ ਮੁਤਾਬਿਕ ਭਾਰਤ ਵਿੱਚ 2006 ਵਿੱਚ 5857 ਵਿਦਿਆਰਥੀਆਂ ਨੇ ਇਮਤਿਹਾਨਾਂ ਤੇ ਮਾਂ ਬਾਪ ਦੀਆ ਉਮੀਦਾਂ ਦਾ ਭਾਰ ਨਾ ਝੱਲਦੇ ਹੋਏ ਆਤਮ ਹੱਤਿਆ ਕੀਤੀ ਜੋ ਕਿ ਤਕਰੀਬਨ 16 ਵਿਦਿਆਰਥੀ ਰੋਜ਼ਾਨਾ ਬਣਦੀ ਹੈ । ਇਨ੍ਹਾਂ ਅੰਕੜਿਆਂ ਨੂੰ ਵੇਖ ਤਾਂ ਇਹੋ ਲੱਗਦਾ ਹੈ ਕਿ ਭਾਰਤੀ ਸਿੱਖਿਆ ਪ੍ਰਣਾਲੀ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨ ਦੀ ਥਾਂ ਮਾਨਸਿਕ ਤੌਰ ਤੇ ਬਿਮਾਰ ਨਾਗਰਿਕ ਪੈਦਾ ਕਰ ਰਹੀ ਹੈ । ਆਤਮ ਹੱਤਿਆ ਕਰਨ ਵਾਲੇ ਵਿਦਿਆਰਥੀ ਆਪਣੀ ਜਿੰਦਗੀ ਤਾਂ ਖਤਮ ਕਰ ਹੀ ਲੈਂਦੇ ਹਨ ਤੇ ਪਿੱਛੇ ਰਹਿ ਗਏ ਆਪਣੇ ਮਾਂ-ਬਾਪ, ਭੈਣਾਂ-ਭਰਾਵਾਂ ਨੂੰ ਜਿਉਂਦੇ ਜੀ ਮਾਰ ਜਾਂਦੇ ਹਨ । ਅਜਿਹੇ ਮਾਂ-ਬਾਪ ਜੋ ਸਾਰੀ ਉਮਰ ਬੱਚਿਆਂ ਦੀ ਕਾਮਯਾਬੀ ਦੇ ਸੁਪਨੇ ਸਜਾਉਂਦੇ ਰਹਿੰਦੇ ਹਨ । ਸਾਰੇ ਜਿੰਦਗੀ ਪਛਤਾਵੇ ਵਿੱਚ ਗੁਜ਼ਾਰਨ ਲਈ ਮਜ਼ਬੂਰ ਹੋ ਜਾਂਦੇ ਹਨ ।
ਭਾਰਤ ਦੇ ਵਿੱਦਿਅਕ ਢਾਂਚੇ ਨੂੰ ਰਾਤੋ ਰਾਤ ਸੁਧਾਰਿਆ ਨਹੀਂ ਜਾ ਸਕਦਾ । ਇਸ ਲਈ ਸਾਡੇ ਵਿਦਿਅਕ ਢਾਂਚੇ ਵਿੱਚ ਕੁਝ ਸਿਰਜਣਾਤਮਕ ਤਬਦੀਲੀਆਂ ਕਰਨੀਆਂ ਜ਼ਰੂਰੀ ਹਨ ।ਇਹ ਵੀ ਸੰਭਵ ਨਹੀਂ ਹੈ ਕਿ ਸਾਰੀ ਜਿੰਮੇਵਾਰੀ ਸਰਕਾਰ ਤੇ ਸੁੱਟ ਦਿੱਤੀ ਜਾਵੇ ਤੇ ਸਿਰਫ਼ ਸਰਕਾਰ ਦਾ ਵਿਰੋਧ ਕਰਨ ਤੋਂ ਬਿਨਾਂ ਹੋਰ ਕੁੱਝ ਵੀ ਨਾ ਕੀਤਾ ਜਾਵੇ । ਇਸ ਲਈ ਸਾਨੂੰ ਸਭ ਨੂੰ ਕੋਸਿ਼ਸ਼ ਕਰਨੀ ਚਾਹੀਦੀ ਹੈ । ਇਸ ਵਿੱਚ ਮਾਂ ਬਾਪ ਤੇ ਅਧਿਆਪਕਾਂ ਨੂੰ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣ ਦੀ ਲੋੜ ਹੈ । ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਮੱਦਦ ਕਰੀਏ ਜਿਸ ਨਾਲ਼ ਉਹ ਵਿੱਦਿਅਕ ਢਾਂਚੇ ਦੇ ਬੋਝ ਤੋਂ ਬਚ ਸਕਣ । ਇੱਕ ਖਾਸ ਉਮਰ ਜਾਂ ਜਮਾਤ ਪਾਸ ਕਰਨ ਤੋਂ ਬਾਅਦ ਹਰੇਕ ਬੱਚੇ ਦਾ ਇੱਕ ਬੌਧਿਕ ਜਾਂ ਕਲਾਤਮਿਕ ਟੈਸਟ ਹੋਣਾ ਜਰੂਰੀ ਹੈ । ਜਿਸ ਵਿੱਚ ਇਹ ਨਿਸ਼ਚਿਤ ਕੀਤਾ ਜਾਏ ਕਿ ਬੱਚਾ ਕਿਸ ਕੰਮ ਜਾਂ ਖੇਤਰ ਵਿੱਚ ਦਿਲਚਸਪੀ ਰੱਖਦਾ ਹੈ । ਬਜਾਏ ਕਿ ਮਾਪੇ ਬੱਚੇ ਨੂੰ ਆਪਣੀ ਸੋਚ ਜਾਂ ਆਪਣੀ ਜ਼ਰੂਰਤ ਮੁਤਾਬਿਕ ਢਾਲਣ, ਬੱਚੇ ਦੀ ਆਪਣੀ ਦਿਲਚਸਪੀ ਤੇ ਯੋਗਤਾ ਮੁਤਾਬਿਕ ਭਵਿੱਖ ਦਾ ਫੈਸਲਾ ਲਿਆ ਜਾਣਾ ਜਿ਼ਆਦਾ ਬਿਹਤਰ ਹੋਵੇਗਾ । ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਮਾਜਿਕ ਵਕਾਰ ਲਈ ਬੱਚਿਆਂ ਨੂੰ ਦਾਅ ਤੇ ਲਾਉਣ ਤੋਂ ਪਹਿਲਾਂ ਸੋਚਣ । ਮਾਂ ਬਾਪ ਤੇ ਅਧਿਆਪਕਾਂ ਨੂੰ ਆਪਣੀ ਜਿੰਦਗੀ ਦਾ ਤਜ਼ਰਬਾ ਬੱਚਿਆਂ ਦੀਆਂ ਯੋਗਤਾਵਾਂ ਨੂੰ ਪਹਿਚਾਨਣ ਤੇ ਵਿਕਸਿਤ ਕਰਨ ਵੱਲ ਲਗਾਉਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀਆਂ ਕਮੀਆਂ ਤੇ ਕਮਜ਼ੋਰੀਆਂ ਨੂੰ ਉਘਾੜਣ ਵੱਲ । ਅਧਿਆਪਕਾਂ ਲਈ ਬੱਚਿਆਂ ਦੇ ਹਿਤੈਸ਼ੀ ਬਨਣਾ ਜ਼ਰੂਰੀ ਹੈ । ਜਿੰਦਗੀ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ । “ਜਿੰਦਗੀ ਇੱਕ ਦੌੜ ਹੈ” ਬੱਚਿਆਂ ਦੇ ਮਨਾਂ ‘ਚ ਇਹ ਗੱਲ ਭਰਨ ਦੀ ਬਜਾਏ, ਦੌੜ ‘ਚ ਰਹਿੰਦੇ ਹੋਏ ਜਿੱਤ ਨੂੰ ਮਾਨਣ ਤੇ ਹਾਰ ਨੂੰ ਹੱਸ ਸਕੇ ਬਰਦਾਸ਼ਤ ਕਰਨ ਬਾਰੇ ਬੱਚਿਆਂ ਨੂੰ ਸਿੱਖਿਅਤ ਕਰਨਾ, ਸ਼ਾਇਦ ਜਿ਼ਆਦਾ ਬਿਹਤਰ ਨਤੀਜੇ ਪ੍ਰਦਾਨ ਕਰ ਸਕਦਾ ਹੈ ।

ਮੇਰਾ ਮੋਬਾਇਲ ਫ਼ੋਨ……… ਲੇਖ / ਗਿਆਨੀ ਸੰਤੋਖ ਸਿੰਘ


2008 ਵਿਚ ਮੈ ਏਧਰ ਓਧਰ ਘੁੰਮਦਾ ਘੁੰਮਾਉਂਦਾ ਯੂਰਪ ਜਾ ਵੜਿਆ। ਬੈਲਜੀਅਮ ਦੀ ਰਾਜਧਾਨੀ ਬਰੱਸਲ ਤੋਂ ਬੱਸ ਤੇ ਰੇਲ ਰਾਹੀਂ ਸਵਿਟਜ਼ਰਲੈਂਡ ਦੇ ਸ਼ਹਿਰ ਲਾਂਗਨਥਾਲ ਪਹੁੰਚ ਗਿਆ। ਇਕ ਸ਼ਾਮ ਨੂੰ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ, ਮਾਸਟਰ ਕਰਨ ਸਿੰਘ ਜੀ, ਮੈਨੂੰ ਆਪਣੀ ਕਾਰ ਵਿਚ, ਲਾਂਗਨਥਾਲ ਤੋਂ ਮੇਰੇ ਭਤੀਜੇ, ਹਰਦੀਪ ਸਿੰਘ ਅਤੇ ਗੁਰਦੀਪ ਸਿੰਘ ਦੇ ਦੋਸਤ, ਸ. ਗੁਰਬੀਰ ਸਿੰਘ ਪਾਸ, ਜ਼ਿਊਰਕ ਸ਼ਹਿਰ ਨੂੰ ਲਿਜਾ ਰਹੇ ਸਨ। ਇਹ ਮਾਸਟਰ ਜੀ ਵੀ ਇਕ ਅਦਭੁਤ ਵਿਅਕਤਿਤਵ ਦੇ ਮਾਲਕ ਨੌਜਵਾਨ ਸੱਜਣ ਹਨ। ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਗਟਾਉਣ ਲਈ ਇਹਨਾਂ ਨੇ ਹਵਾਈ ਜਹਾਜ ਸਕਾਈਜੈਕ ਕਰਕੇ ਪਾਕਿਸਤਾਨ ਖੜਿਆ ਸੀ ਤੇ ਓਥੇ ਇਸ ‘ਗੁਨਾਹ’ ਦੀ ਪੂਰੀ ਸਜਾ ਵਜੋਂ ਕੈਦ ਕੱਟ ਕੇ, ਹੁਣ ਸਵਿਟਜ਼ਰਲੈਂਡ ਦੇ ਸ਼ਹਿਰ. ਜ਼ਿਊਰਕ ਵਿਚ, ਆਪਣੇ ਸਾਥੀਆਂ ਅਤੇ ਪਰਵਾਰ ਨਾਲ਼ ਰਹਿ ਰਹੇ ਹਨ। ਯੂਰਪ ਦੇ ਪ੍ਰਸਿਧ ਕਾਰੋਬਾਰੀ ਅਤੇ ਪੰਥਕ ਸੋਚ ਵਾਲ਼ੇ ਸੱਜਣ, ਸ. ਰਣਜੀਤ ਸਿੰਘ ਜੀ, ਦੇ ਉਦਮ ਨਾਲ਼ ਬਣੇ ਗੁਰਦੁਆਰਾ ਸਾਹਿਬ ਵਿਖੇ, ਮੁਖ ਪ੍ਰਬੰਧਕ ਵਜੋਂ ਸੇਵਾ ਕਰ ਰਹੇ ਹਨ। ਮਾਸਟਰ ਜੀ ਬਚਿਆਂ ਨਾਲ਼ ਬੱਚੇ, ਸਿਆਣਿਆਂ ਨਾਲ਼ ਸਿਆਣੇ, ਹਰ ਵਕਤ ਚੜ੍ਹਦੀਕਲਾ ਵਿਚ ਵਿਚਰਨ ਵਾਲ਼ੇ ਨੌਜਵਾਨ ਹਨ। ਕੈਦਾਂ ਕੱਟ ਕੱਟ ਕੇ ਤੇ ਚੌਥਾਈ ਸਦੀ ਤੋਂ ਵੀ ਵਧ ਸਮਾ ਜਲਾਵਤਨੀ ਦਾ ਕੱਟ ਕੇ, ਦਾਹੜੀ ਦੇ ਵਾਲ਼ ਭਾਵੇਂ ਵਾਹਵਾ ਗਿਣਤੀ ਵਿਚ ਚਿੱਟੇ ਹੋ ਗਏ ਹਨ ਪਰ ਦਿਲ ਕਿਸੇ ਵੀ ਨੌਜਵਾਨ ਨਾਲੋਂ ਵਧ ਚੜ੍ਹਦੀਕਲਾ ਵਾਲ਼ਾ ਹੈ। ਤਿੱਖੇ ਨਕਸ਼, ਗੋਰਾ ਰੰਗ, ਕੱਕੀ ਦਾਹੜੀ, ਹਸੂੰ ਹਸੂੰ ਕਰਦਾ ਮੁਖੜਾ, ਹਰ ਸਮੇ ਦੂਸਰਿਆਂ ਦੀ ਸੇਵਾ ਤੇ ਸਹਾਇਤਾ ਲਈ ਤਤਪਰ, ਸੁਮਧਰ ਕੱਦ ਅਤੇ ਛੋਹਲ਼ੀ ਸ਼ਖ਼ਸੀਅਤ ਦੇ ਮਾਲਕ ਹਨ। ਬੱਚੇ ਤਾਂ ਇਹਨਾਂ ਦੀ ਗੋਦ ਵਿਚ ਬੈਠ ਤੇ ਮੋਢੇ ਲੱਗ ਕੇ ਆਪਣੀ ਮਾਂ ਵਾਂਗ ਹੀ ਸਕੂਨ ਸ਼ਾਇਦ ਮਹਿਸੂਸ ਕਰਦੇ ਹੋਣ! ਮੈ ਬੱਚਿਆਂ ਨੂੰ ਇਹਨਾਂ ਦੇ ਮੋਢਿਆਂ ਨਾਲ਼ ਲੱਗ ਕੇ ਬੇਫਿਕਰਾ ਨਿਘ ਮਾਣਦਿਆਂ ਖ਼ੁਦ ਵੇਖਿਆ ਹੈ। ਜ਼ਿਊਰਕ ਵੱਲ ਕਾਰ ਤੇ ਜਾਂਦਿਆਂ ਰਾਤ ਤਾਂ ਭਾਵੇਂ ਅਜੇ ਪਈ ਨਹੀ ਸੀ ਆਖੀ ਜਾ ਸਕਦੀ ਪਰ ਸੜਕਾਂ ਤੇ ਹਨੇਰਾ ਜਰੂਰ ਸੀ। 120 ਕਿਲੋ ਮੀਟਰ ਦੀ ਰਫ਼ਤਾਰ ਨਾਲ਼ ਕਾਰ ਜਾ ਰਹੀ ਸੀ। ਸੱਜਾ ਹੱਥ ਮਾਸਟਰ ਜੀ ਦਾ ਸਟੇਅਰਿੰਗ ਉਤੇ ਸੀ ਤੇ ਖੱਬੇ ਹੱਥ ਨਾਲ ਇਹਨਾਂ ਨੇ ਮੋਬਾਇਲ ਫੜ ਕੇ, ਖੱਬੇ ਹੀ ਕੰਨ ਨੂੰ ਲਾਇਆ ਹੋਇਆ ਸੀ। ਬੜੀ ਬੇਪਰਵਾਹੀ ਨਾਲ਼, ਮੋਬਾਇਲ ਦੇ ਦੂਜੇ ਸਿਰੇ ਵਾਲ਼ੇ ਵਿਅਕਤੀ ਨਾਲ਼ ਬਚਨ ਬਿਲਾਸ ਕਰ ਰਹੇ ਸਨ। ਇਕ ਨੂੰ ਛੱਡ ਕੇ ਦੂਜੇ ਨਾਲ਼ ਹੱਸ ਹੱਸ ਬੋਲ ਰਹੇ ਸਨ। ਵਿਚ ਵਿਚ ਕਿਸੇ ਹੋਰ ਸੱਜਣ ਵੱਲੋਂ ਆਈ ਰਿੰਗ ਦਾ ਜਵਾਬ ਵੀ ਓਸੇ ਹੀ ਬੇਪਰਵਾਹੀ ਨਾਲ਼ ਦੇ ਰਹੇ ਸਨ। ਬੇਪਰਵਾਹੀ ਵਿਚ ਇਉਂ ਹੀ ਬਚਨ ਕਰ ਰਹੇ ਸਨ ਜਿਵੇਂ ਕਿ ਆਰਾਮ ਨਾਲ਼ ਆਪਣੇ ਘਰ ਦੀ ਬੈਠਕ ਵਿਚ ਵੇਹਲੇ ਬੈਠੇ ਹੋਏ ਹੋਣ। ਇਹਨਾਂ ਦੀ ਅਜਿਹੀ ਕਾਰ ਗੁਜਾਰੀ ਵੇਖ ਵੇਖ ਕੇ ਮੈ ਵਿਚੇ ਵਿਚ ਡਰੀ ਜਾਵਾਂ। ਠੀਕ ਹੈ, ਜਵਾਨੀ ਵਿਚ ਮਨੁਖ ਨੂੰ ਮੌਤ ਦਾ ਡਰ ਬਹੁਤ ਘੱਟ ਹੁੰਦਾ ਹੈ ਕਿਉਂਕਿ ਜਵਾਨੀ ਵਿਚ ਉਸ ਦੇ ਸਾਹਮਣੇ ਹੋਰ ਕਈ ਕਰਨ ਵਾਲ਼ੇ ਕੰਮ ਹੁੰਦੇ ਹਨ। ਮੌਤ ਨਾਲ਼ੋਂ ਕਈ ਗੁਣਾਂ ਵਧ ਉਸ ਨੂੰ ਆਪਣੀ ਪ੍ਰਸਿਧੀ, ਉਨਤੀ, ਇਜ਼ਤ, ਅਣਖ, ਬਹਾਦਰੀ, ਦਾਨਵੀਰਤਾ, ਸੂਰਵੀਰਤਾ, ਪਰਉਪਕਾਰਤਾ ਆਦਿ ਦੇ ਗੁਣ ਵਿਖਾਉਣ ਦਾ ਜ਼ਿਆਦਾ ਫਿਕਰ ਹੁੰਦਾ ਹੈ। ਜਿਵੇਂ ਜਿਵੇਂ ਮਨੁਖ ਦੀ ਉਮਰ ਵਧਦੀ ਜਾਂਦੀ ਹੈ ਤਿਵੇਂ ਤਿਵੇਂ ਉਸ ਨੂੰ, ਸੰਸਾਰ ਦੀ ਅਸਲੀਅਤ ਦਾ ਗਿਆਨ ਹੋਣ ਦੇ ਨਾਲ਼ ਨਾਲ਼, ਮੌਤ ਦਾ ਫਿਕਰ ਵੀ ਵਧਦਾ ਜਾਂਦਾ ਹੈ; ਭਾਵੇਂ ਕਿ ਹੋਣਾ ਇਸ ਦੇ ਉਲ਼ਟ ਚਾਹੀਦਾ ਹੈ।
ਕਦੀ ਮੇਰੀ ਅੱਖ ਸਪੀਡ ਦੀ ਸੂਈ ਵੱਲ ਜਾਵੇ ਤੇ ਕਦੀ ਇਹਨਾਂ ਦੇ ਮੁਖਾਰਬਿੰਦ ਵੱਲ; ਪਰ ਇਹ ਬੇਪਰਵਾਹੀ ਨਾਲ਼ ਆਪਣੇ ਦੋਵੇਂ ਕਾਰਜ ਕਰੀ ਜਾਣ। ਅਰਥਾਤ ਕਾਰ ਵੀ ਦੌੜਾਈ ਜਾਣ ਤੇ ਫ਼ੋਨ ਉਪਰ ਇਹਨਾਂ ਦੇ ਬਚਨਾਂ ਦੀ ਰਫ਼ਤਾਰ ਵੀ ਮੈਨੂੰ ਕਾਰ ਦੀ ਰਫ਼ਤਾਰ ਨਾਲ਼ੋਂ ਘੱਟ ਨਾ ਜਾਪੇ। ਜਦੋਂ ਦੀ ਮੈਨੂੰ ਥੋਹੜੀ ਬਹੁਤੀ ਕਾਰ ਸੜਕ ਤੇ ਰੇੜ੍ਹਨ ਦੀ ਜਾਚ ਆਈ ਹੈ ਓਦੋਂ ਦਾ ਹੋਰ ਕੋਈ ਲਾਭ ਹੋਇਆ ਹੋਵੇ ਜਾਂ ਨਾ ਪਰ ਕਿਸੇ ਦੇ ਨਾਲ਼ ਕਾਰ ਵਿਚ ਬੈਠਿਆਂ ਮੈਨੂੰ ਰਫ਼ਤਾਰ ਵਾਲ਼ੀ ਸੂਈ ਪੜ੍ਹਨ ਦੀ ਜਾਚ ਆ ਗਈ ਹੈ। ਕਬੀਰ ਜੀ ਦੇ ਸ਼ਬਦਾਂ ਵਿਚ:
ਜਿਨਹੂ ਕਿਛੂ ਜਾਨਿਓ ਨਹੀ ਤਿਨ ਸੁਖ ਨੀਦ ਬਿਹਾਇ॥
ਹਮਹੁ ਜੋ ਬੂਝਾ ਬੂਝਨਾ ਪੂਰੀ ਪਰੀ ਬਲਾਇ॥
ਅਨੁਸਾਰ ਇਸ ਜਾਣਕਾਰੀ ਨੇ ਕੋਈ ਲਾਭ ਪੁਚਾਉਣ ਦੀ ਥਾਂ ਸਗੋਂ ਮੇਰੇ ਕਾਰ ਦੇ ਹੂਟੇ ਦਾ ਆਨੰਦ ਹੀ ਘਟਾ ਦਿਤਾ ਹੈ। ਜਿਸ ਦੇ ਹੱਥ ਵਿਚ ਸਟੇਅਰਿੰਗ ਹੁੰਦਾ ਹੈ ਉਸ ਨੂੰ ਤਾਂਪਤਾ ਹੁੰਦਾ ਹੈ ਕਿ ਉਹ ਕੀ ਕਰ ਰਿਹਾ ਹੈ ਕਿਉਂਕਿ ਕਾਰ ਦਾ ਕੰਟ੍ਰੋਲ ਉਸ ਦੇ ਵੱਸ ਵਿਚ ਹੁੰਦਾ ਹੈ ਪਰ ਮੈ ਬੇਲੋੜਾ ਹੀ ਕਾਰ ਦੀ ਰਫ਼ਤਾਰ ਵੇਖ ਵੇਖ ਫਿਕਰਮੰਦ ਹੋਈ ਜਾਂਦਾ ਹਾਂ। ਫਿਰ ਜਦੋਂ ਦੇ ਮੋਬਾਇਲ ਚੱਲੇ ਹਨ ਤਦੋਂ ਦੀ ਤਾਂ ਬਹੁਤ ਹੀ ਜਾਨ ਸ਼ਿਕੰਜੇ ਵਿਚ ਆ ਜਾਂਦੀ ਹੈ। ਚਾਲਕ ਤਾਂ ਮਜੇ ਨਾਲ਼ ਦੋਵੇਂ ਕਾਰਜ ਕਰੀ ਜਾਂਦਾ ਹੈ ਪਰ ਮੈ ਨਾਲ਼ ਦੀ ਸੀਟ ਤੇ ਬੈਠਾ ਐਵੇਂ ਹੀ ਔਖਾ ਹੋਈ ਜਾਂਦਾ ਹਾਂ।
ਜਿਵੇਂ ਹੀ ਮਾਸਟਰ ਜੀ ਦੀ ਫ਼ੋਨੀ ਗੱਲ ਬਾਤ ਵਿਚ ਜਰਾ ਕੁ ਵਿਥ ਦਿਸੀ ਤਾਂ ਮੈ, ਵਿਆਹ ਵਿਚ ਬੀ ਦਾ ਲੇਖਾ ਪਾ ਦਿਤਾ। ਅਰਥਾਤ ਆਪਣੀ ਸਿੱਖਿਆ ਦੀ ਪਟਾਰੀ ਖੋਹਲ ਲਈ। ਮੈ ਕਿਹਾ, “ਮਾਸਟਰ ਜੀ, ਆਪਾਂ ਏਨੀ ਟ੍ਰੈਫਿਕ ਨਾਲ਼ ਭਰੀ ਹੋਈ ਸੜਕ ਤੇ, ਰਾਤ ਦੇ ਹਨੇਰੇ ਵਿਚ ਜਾ ਰਹੇ ਹਾਂ। ਕਾਰ ਦੀ ਸਪੀਡ ਵੀ ਏਨੀ ਜ਼ਿਆਦਾ ਹੈ ਕਿ ਕਾਨੂੰਨ ਦੀ ਹੱਦੋਂ ਵੀ, ਮੇਰਾ ਯਕੀਨ ਹੈ, ਵਧ ਹੀ ਹੋਵੇਗੀ। ਇਸ ਹਾਲਤ ਵਿਚ ਹਾਦਸੇ ਦਾ ਖ਼ਤਰਾ ਵੀ ਹੋ ਸਕਦਾ ਹੈ ਤੇ ਜੇ ਪੁਲਸ ਦੀ ਨਿਗਾਹ ਪੈ ਗਈ ਤਾਂ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਫਿਰ ਤੁਹਾਡੇ ਬਚਨਾਂ ਤੋਂ ਮੈਨੂੰ ਅਜਿਹਾ ਵੀ ਕੋਈ ਅਹਿਸਾਸ ਨਹੀ ਹੋ ਰਿਹਾ ਕਿ ਤੁਸੀਂ ਕੋਈ ਬਹੁਤ ਹੀ ਜ਼ਰੂਰੀ ਮਸਲਾ ਵਿਚਾਰ ਰਹੇ ਹੋਵੇ ਜਿਸ ਵਿਚ, ਘਰ ਪਹੁੰਚਣ ਤੱਕ ਦੇ ਸਮੇ ਜਿੰਨੀ ਉਡੀਕ ਨਹੀ ਕੀਤੀ ਜਾ ਸਕਦੀ। ਤੁਸੀਂ ਘਰ ਪਹੁੰਚ ਕੇ ਵੀ ਇਹਨਾਂ ਸੱਜਣਾਂ ਨਾਲ਼ ਗੱਪ ਸ਼ੱਪ ਮਾਰ ਸਕਦੇ ਹੋ। ਸਨ ਤਾਂ ਉਹ ਨੌਜਵਾਨ ਤੇ ਕਾਰ ਵੀ ਆਪਣੀ ਉਪਰ ਹੀ ਮੈਨੂੰ ਲਿਫਟ ਦੇ ਰਹੇ ਸਨ ਪਰ ਉਹਨਾਂ ਨੇ ਮੇਰੀ ਗੱਲ ਮੰਨ ਲਈ। ਕਾਰ ਦੀ ਰਫ਼ਤਾਰ ਵੀ ਘਟ ਕਰ ਲਈ ਤੇ ਆਉਣ ਵਾਲ਼ੀਆਂ ਰਿੰਗਾਂ ਦੇ ਜਵਾਬ ਵੀ, “ਕਾਰ ਚਲਾਉਂਦਾ ਹਾਂ; ਫਿਰ ਰਿੰਗਿਓ!” ਆਖਣਾ ਸ਼ੁਰੂ ਕਰ ਦਿਤਾ।
ਮਾਸਟਰ ਜੀ ਦੀ ਕਾਰ ਦੀ ਰਫ਼ਤਾਰ ਤੇ ਇਹਨਾਂ ਦੀ ਬਾਤ ਦੀ ਰਫ਼ਤਾਰ ਤੋਂ ਮੈਨੂੰ ਕੁਝ ਸਾਲ ਪਹਿਲਾਂ ਦੀ ਵਾਪਰੀ ਇਕ ਘਟਨਾ ਯਾਦ ਆ ਗਈ। ਓਦੋਂ ਅਜੇ ਮੋਬਾਇਲ ਨਵੇ ਨਵੇ ਹੀ ਚੱਲੇ ਸਨ ਤੇ ਅਜੇ ਸਰਕਾਰ ਨੇ ਗੱਡੀ ਚਲਾਉਣ ਸਮੇ ਇਹਨਾਂ ਦੀ ਵਰਤੋਂ ਉਪਰ ਪਾਬੰਦੀ ਵੀ ਨਹੀ ਸੀ ਲਾਈ। ਸਾਡੇ ਘਰੋਂ ਰੂਟੀ ਹਿੱਲ ਰੇਲਵੇ ਸਟੇਸ਼ਨ ਨੂੰ ਜਾਈਏ ਤਾਂ ਅਧ ਵਿਚਾਲ਼ੇ ਟ੍ਰੈਫ਼ਿਕ ਲਾਈਟਾਂ ਆਉਂਦੀਆਂ ਹਨ। ਏਥੇ ਬਲੈਕ ਟਾਊਨ ਵਾਲ਼ੇ ਪਾਸੇ ਵੱਲੋਂ ਆਉਣ ਵਾਲੀ ਈਸਟਰਨ ਰੋਡ ਆ ਕੇ, ਟ੍ਰੈਫਿਕ ਲਾਈਟਾਂ ਤੋਂ, ਫ਼ਰਾਂਸਿਸ ਰੋਡ ਵਿਚ ਮਰਜ ਹੁੰਦੀ ਹੈ ਤੇ ਇਹ ਚੌਕ ਬਣ ਜਾਂਦਾ ਹੈ। ਮੈ ਘਰੋਂ ਸਟੇਸ਼ਨ ਨੂੰ ਕਾਰ ਤੇ ਜਾ ਰਿਹਾ ਸਾਂ; ਏਥੇ ਲਾਲ ਬੱਤੀ ਹੋ ਗਈ। ਸੱਜੇ ਪਾਸੇ ਤੋਂ ਬਹੁਤ ਵੱਡਾ ਤੇ ਉਚਾ ਟਰਾਲਾ ਆ ਰਿਹਾ ਸੀ। ਉਸ ਦਾ ਚੰਗਾ ਸੇਹਤਮੰਦ ਡਰਾਈਵਰ, ਖੱਬੇ ਹੱਥ ਵਿਚ ਮੋਬਾਇਲ ਫੜੀ ਗੱਪਾਂ ਮਾਰ ਰਿਹਾ ਸੀ। ਸੱਜੇ ਹੱਥ ਨਾਲ਼, ਮਜੇ ਵਿਚ ਸਟੇਅਰਿੰਗ ਨੂੰ ਇਉਂ ਘੁਮਾ ਰਿਹਾ ਸੀ ਜਿਵੇਂ ਉਹ ਭਾਰੀ ਟਰਾਲੇ ਦਾ ਸਟੇਅਰਿੰਗ ਨਾ ਹੋ ਕੇ, ਕੋਈ ਖਿਡਾਉਣਾ ਹੋਵੇ। ਮੇਰੀ ਨੀਵੀ ਤੇ ਨਿੱਕੀ ਜਿਹੀ ਕਾਰ ਉਸ ਵਿਸ਼ਾਲ ਟਰਾਲੇ ਦੇ ਸਾਹਮਣੇ ਖਿਡਾਉਣੇ ਸਮਾਨ ਲੱਗੇ। ਟਰਾਲੇ ਦੀ ਭਿਆਨਕਤਾ ਤੇ ਆਪਣੀ ਕਾਰ ਦੀ ਨਿਮਾਣਤਾ ਵੇਖ ਕੇ ਮੈ ਵਿਚੇ ਵਿਚ ਡਰ ਜਿਹਾ ਮੰਨੀ ਜਾਵਾਂ। ਸੋਚਾਂ ਕਿ ਜਰਾ ਕੁ ਵੀ ਡਰਾਈਵਰ ਦੀ ਲਾਪਰਵਾਹੀ ਨਾਲ਼, ਦੋ ਚਾਰ ਉਂਗਲ਼ ਦਾ ਵੀ ਫਰਕ ਪੈ ਗਿਆ ਤਾਂ ਮੇਰਾ, ਸਮੇਤ ਕਾਰ ਦੇ ਦਰੜੇ ਜਾ ਕੇ, ਕਚੂੰਬਰ ਨਿਕਲ਼ ਜੂ। ਰੱਬ ਰੱਬ ਕਰਕੇ ਟਰਾਲਾ ਸੁਖੀਂ ਸਾਂਦੀ ਹੀ ਮੇਰੇ ਸੱਜੇ ਹੱਥ ਵੱਲੋਂ, ਆਪਣੇ ਖੱਬੇ ਹੱਥ ਮੁੜ ਗਿਆ। ਮੈ, "ਜਾਨ ਬਚੀ ਤੋ ਲਾਖੋਂ ਪਾਏ।" ਆਖ ਕੇ ਸੁਖ ਦਾ ਸਾਹ ਲਿਆ। ਮੇਰਾ ਆਪਣਾ ਤਾਂ ਡਰਾਈਵਰੀ ਦਾ ਏਨਾ ਵਧੀਆ ਰਿਕਾਰਡ ਹੈ ਕਿ ਏਥੋਂ ਦੇ ਸਰਕਾਰੀ ਮਹਿਕਮੇ ਨੇ ਮੈਨੂੰ, ਮੇਰਾ ਕਾਰ ਦਾ ਲਸੰਸ ਵੇਖ ਕੇ, 1981 ਵਿਚ ਟਰੇਨੀ ਬੱਸ ਡਰਾਈਵਰ ਭਰਤੀ ਕਰ ਲਿਆ। ਉਹਨਾਂ ਨੂੰ ਕੀ ਪਤਾ ਸੀ ਕਿ ਮੈ ਅੰਮ੍ਰਿਤਸਰ ਦਾ ਲਾਇਸੰਸ ਵਿਖਾ ਕੇ, ਏਥੋਂ ਦਾ ਲਾਇਸੰਸ ਲਿਆ ਹੋਇਆ ਹੈ। ਮੇਰਾ ਗਿਆਨ ਗੱਡੀਆਂ ਬਾਰੇ ਏਨਾ ਸੀ ਕਿ ਜਦੋਂ ਮੈਨੂੰ ਇਨਸਟ੍ਰਕਟਰ ਨੇ ਇਹ ਪੁੱਛਿਆ ਕਿ ਮੈ ਆਟੋਮੈਟਿਕ ਕਾਰ ਚਲਾਉਂਦਾ ਹਾਂ ਕਿ ਮੈਨੂਅਲ! ਤਾਂ ਮੈਨੂੰ ਇਹਨਾਂ ਦੋਹਾਂ ਵਿਚਲੇ ਫਰਕ ਦਾ ਨਹੀ ਸੀ ਪਤਾ। ਮੈ ਕੰਨਾ ਘੇਸਲ ਜਿਹੀ ਮਾਰ ਕੇ ਭੁਲੇਖਾ ਕਾਇਮ ਰੱਖਣ ਵਿਚ ਕਾਮਯਾਬ ਰਿਹਾ। ਉਸ ਨੇ ਆਪੇ ਹੀ ਆਖਿਆ, “ਕੀ ਮੈ ਮੈਨੂਅਲ ਕਾਰ ਚਲਾਈ ਹੈ?” ਦੇ ਜਵਾਬ ਵਿਚ ਮੈ ਹਾਂ ਆਖ ਦਿਤਾ ਤੇ ਉਹ ਖ਼ੁਸ਼ ਹੋ ਗਿਆ ਤੇ ਉਸ ਨੇ ਆਖਿਆ ਕਿ ਫਿਰ ਮੈ ਛੇਤੀ ਹੀ ਬੱਸ ਚਲਾਉਣੀ ਸਿੱਖ ਜਾਵਾਂਗਾ। ਮੇਰੀ ਡਰਾਈਵਰੀ ਦੀ 'ਯੋਗਤਾ' ਵੇਖ ਕੇ ਉਸ ਨੇ ਤੀਜੇ ਦਿਨ ਹੀ, ਲੰਚ ਬਰੇਕ ਤੋਂ ਬਾਅਦ, ਮੈਨੂੰ ਡੀਪੋ ਮੈਨੇਜਰ ਦੇ ਪੇਸ਼ ਕਰਕੇ ਸਾਰਾ 'ਕਿੱਸਾ’ ਬਿਆਨ ਕਰ ਦਿਤਾ। ਮੈਨੇਜਰ ਨੇ ਮੈਨੂੰ ਬੱਸੋਂ ਲਾਹ ਕੇ ਕੰਡਕਟਰ ਦੀ ਡਿਊਟੀ ਤੇ ਲਾ ਕੇ, ਰੀਪੋਰਟ ਉਪਰ ਭੇਜ ਦਿਤੀ। ਛੇਤੀ ਹੀ ਉਪਰੋਂ ਜਵਾਬ ਆ ਗਿਆ ਮੈਨੂੰ ਘਰ ਨੂੰ ਤੋਰ ਦਿਤਾ ਗਿਆ। ਕਿਸੇ ਨੇ ਪੁੱਛਿਆ ਕੀ ਹੋਇਆ? ਮੈ ਆਖਿਆ, “ਉਹ ਆਂਹਦੇ ਨੇ, “ੈੋੁ ੳਰੲ ਟੋ ਗੋਦ ਟੋ ਦਰਵਿੲ."
ਘਰ ਵਾਲ਼ੀ ਦੇ ਮੁੜ ਮੁੜ ਜੋਰ ਦੇਣ ਤੇ, ਨਾ ਚਾਹੁੰਦਿਆਂ ਹੋਇਆਂ ਵੀ ਮੈ 1982 ਵਿਚ ਇਕ ਪੁਰਾਣੀ ਕਾਰ, ਨਿਲਾਮੀ ਤੋਂ ਖ਼ਰੀਦ ਲਈ। ਇਹ ਕਾਰ ਖ਼ਰੀਦਣ ਪਿੱਛੋਂ ਮੈਨੂੰ 1964 ਵਾਲ਼ੇ ਦਿਨਾਂ ਵਾਲ਼ੀ ਪਟਿਆਲੇ ਵਿਚਲੀ ਆਪਣੀ ਹਾਲਤ ਚੇਤੇ ਆ ਗਈ। ਏਥੇ ਉਸ ਸਮੇ ਮੈ ਇਕ ਪੁਰਾਣਾ ਸਾਈਕਲ ਖ਼ਰੀਦ ਲਿਆ ਸੀ। ਕਦੀ ਮੈ ਸਾਈਕਲ ਉਤੇ ਤੇ ਕਦੀ ਸਾਈਕਲ ਮੇਰੇ ਉਤੇ। ਅਖੀਰ ਉਸ ਸਾਈਕਲ ਨੂੰ ਪੈਨਸ਼ਨ ਦੇ ਕੇ, ਕਿਸ਼ਤਾਂ ਉਪਰ ਨਵਾਂ ਸਾਈਕਲ ਖ਼ਰੀਦਿਆ ਕਿਉਂਕਿ ਸਾਈਕਲ ਬਿਨਾ ਸਰਦਾ ਨਹੀ ਸੀ। ਰਿਹਾਇਸ਼ ਮੇਰੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੀ। ਸਵੇਰੇ ਸ਼ਾਮ ਕੀਰਤਨ ਦਾ ਪਹਿਰਾ ਗੁਰਦੁਆਰਾ ਮੋਤੀ ਬਾਗ ਵਿਖੇ ਸੀ ਤੇ ਦਿਨੇ ਪੜ੍ਹਨ ਸ਼ਹਿਰ ਵਿਚ ਜਾਣਾ ਹੁੰਦਾ ਸੀ। ਇਸ ਲਈ ਸਾਈਕਲ ਤੋਂ ਬਿਨਾ ਓਥੇ ਗੁਜ਼ਾਰਾ ਓਨਾ ਹੀ ਮੁਸ਼ਕਲ ਸੀ ਜਿੰਨਾ ਏਥੇ ਕਾਰੋਬਾਰੀ ਸੱਜਣਾਂ ਵਾਸਤੇ ਕਾਰ ਤੋਂ ਬਿਨਾ। ਮੇਰੀ ਸੋਚ ਅਨੁਸਾਰ ਤਾਂ ਏਥੇ ਕਾਰ ਤੋਂ ਬਿਨਾ ਬੰਦਾ ‘ਬੇਕਾਰ’ ਹੀ ਹੈ। ਮੇਰੇ ਕਾਰ ਖ਼ਰੀਦਣ ਦੀ ਖ਼ਬਰ ਮਿਲ਼ਨ ਤੇ ਇਕ ਸਿਆਣੇ ਜਾਣੂ ਸੱਜਣ ਨੇ, ਮੇਰੀ ਗੈਰ ਹਾਜਰੀ ਵਿਚ, ਕੁਝ ਭੇਦ ਭਰੀ ਜਿਹੀ ਸੁਰ ਵਿਚ, ਮੇਰੇ ਛੋਟੇ ਭਰਾ ਨੂੰ ਪੁਛਿਆ, "ਗਿਆਨੀ ਜੀ ਕਾਰ ਦੇ ਵਿਚ ਬਹਿ ਕੇ ਕਾਰ ਚਲਾਉਂਦੇ ਨੇ ਜਾਂ ਕਿ ਕਾਰ ਤੋਂ ਬਾਹਰ ਖਲੋ ਕੇ!”
ਸੋਚ ਆਉਂਦੀ ਹੈ ਕਿ ਜਦੋਂ ਫ਼ੋਨ ਦੀ ਸਹੂਲਤ ਨਹੀ ਸੀ ਹੁੰਦੀ ਓਦੋਂ ਬੰਦਾ ਕਿਵੇਂ ਸਾਰਦਾ ਸੀ! ਫਿਰ ਫ਼ੋਨ ਲੱਗ ਗਏ। 1964 ਵਿਚ ਮੈ ਪਟਿਆਲੇ ਸਾਂ ਤੇ ਓਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਦਫ਼ਤਰ ਤੋਂ ਕਿਤੇ ਮੈ ਫ਼ੋਨ ਮਿਲਾਇਆ। ਓਦੋਂ ਡਾਇਲਿੰਗ ਸਿਸਟਮ ਨਹੀ ਸੀ ਹੁੰਦਾ। ਰਸੀਵਰ ਚੁੱਕਣ ਪਿੱਛੋਂ ਰੀਸੈਪਨਿਸ਼ਟ ਨੰਬਰ ਪੁੱਛਦੀ/ਪੁਛਦਾ ਹੁੰਦਾ ਸੀ ਤੇ ਉਸ ਨੂੰ ਨੰਬਰ ਦੱਸੀਦਾ ਸੀ; ਫਿਰ ਅੱਗੋਂ ਉਹ ਸਬੰਧਤ ਨੰਬਰ ਤੇ ਗੱਲ ਕਰਵਾਉਂਦਾ ਹੁੰਦਾ ਸੀ। ਮੇਰੇ ਇਹ ਕੁਝ ਕਰਨ ਸਮੇ ਲਾਗੇ ਸਟੋਰ ਕੀਪਰ ਬੈਠਾ ਹੋਇਆ ਸੀ। ਉਸ ਨੇ ਸ਼ਰਾਰਤ ਨਾਲ਼ ਮੇਰੇ ਕਲੇਜੇ ਵਾਲ਼ੇ ਥਾਂ ਉਪਰ ਹੱਥ ਰੱਖ ਦਿਤਾ। ਮੇਰੇ ਵੱਲੋਂ ਇਸ ਦਾ ਕਾਰਨ ਪੁੱਛਣ ਤੇ ਉਸ ਨੇ ਆਖਿਆ, "ਮੈ ਵੇਖਣ ਲੱਗਾ ਸੀ ਕਿ ਤੇਰਾ ਇਹ ਕੁਝ ਕਰਦੇ ਦਾ ਕਲ਼ੇਜਾ ਕਿੰਨਾ ਕੁ ਧੜਕਦਾ ਹੈ!" ਬਹੁਤ ਹੀ ਘੱਟ ਫ਼ੋਨ ਹੋਣ ਕਰਕੇ ਮੇਰੇ ਵਰਗਿਆਂ ਨੂੰ, ਉਹਨਾਂ ਨੂੰ ਵਰਤਣ ਦੀ ਜਾਚ ਵੀ ਨਹੀ ਸੀ ਹੁੰਦੀ। 1967 ਵਿਚ ਜਦੋਂ ਲਛਮਣ ਸਿੰਘ ਗਿੱਲ ਨੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਮੂਧੀ ਮਾਰ ਕੇ ਖ਼ੁਦ ਸਰਕਾਰ ਤੇ ਕਬਜਾ ਕਰ ਲਿਆ ਅਤੇ ਅਕਾਲੀ ਸਿਆਸਤ ਦੇ ਮੁਖੀ, ਸੰਤ ਚੰਨਣ ਸਿੰਘ ਜੀ ਉਤੇ ਮੁਕੱਦਮੇ ਬਣਾ ਦਿਤੇ ਤਾਂ ਕਿ ਉਹ ਉਸ ਦੀ ਸਰਕਾਰ ਤੋੜਨ ਲਈ ਭਜ ਨੱਸ ਨਾ ਕਰ ਸਕਣ। ਅਕਾਲੀ ਸਿਆਸਤ ਦੇ ਮੁਖੀਆਂ ਵਿਚੋਂ ਰਹੇ ਹੋਣ ਕਰਕੇ ਸਰਦਾਰ ਗਿੱਲ ਨੂੰ ਪਤਾ ਸੀ ਕਿ ਉਸ ਦੀ ਸਰਕਾਰ ਨੂੰ ਸੰਤ ਚੰਨਣ ਸਿੰਘ ਹੀ ਤੁੜਵਾ ਸਕਦਾ ਹੈ। ਇਸ ਲਈ ਉਸ ਨੇ ਸੰਤ ਜੀ ਨੂੰ ਭੱਜ ਨੱਸ ਕਰਨ ਤੋਂ ਰੋਕਣ ਲਈ ਉਹਨਾਂ ਉਪਰ ਮੁਕੱਦਮੇ ਦਰਜ ਕਰਵਾ ਦਿਤੇ। ਦਰਜ ਮੁਕੱਦਮਿਆਂ ਕਰਕੇ ਗ੍ਰਿਫ਼ਤਾਰੀ ਤੋਂ ਬਚਣ ਲਈ ਉਹਨਾਂ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲਗਵੇਂ ਮਕਾਨ ਵਿਚ ਆਪਣਾ ਨਿਵਾਸ ਕਰਨਾ ਪਿਆ। ਸੰਤ ਜੀ ਦੇ ਦੋਵੇਂ ਪੀ. ਏ., ਸ. ਮੇਜਰ ਸਿੰਘ ਤੇ ਸ. ਅਬਿਨਾਸ਼ੀ ਸਿੰਘ ਨੂੰ, ਗਿੱਲ ਦੀ ਪੁਲਸ ਨੇ ਫੜ ਕੇ ਅੰਦਰ ਕਰ ਦਿਤਾ ਅਤੇ ਹੋਰ ਕੋਈ ਸੱਜਣ ਇਸ ਸੇਵਾ ਨੂੰ ਨਿਭਾ ਸਕਣ ਦੇ ਕਾਬਲ ਨਾ ਸਾਬਤ ਹੋਇਆ। ਇਸ ਕਰਕੇ ਇਹ ਸੇਵਾ ਕਰਨ ਦੀ ਮੇਰੀ ਜ਼ਿੰਮੇਵਾਰੀ ਲਾਈ ਗਈ। ਮੇਰੀ ਹਾਲਤ ਓਹਨੀਂ ਦਿਨੀਂ ਇਹ ਸੀ ਕਿ ਮੈਨੂੰ ਡਾਇਲ ਕਰਕੇ ਫੋਨ ਵੀ ਕਰਨਾ ਨਹੀ ਸੀ ਆਉਂਦਾ। ਪ੍ਰਧਾਨ ਜੀ ਦਾ ਫ਼ੋਨ ਨੰਬਰ ਡਾਇਲ ਕਰਕੇ ਕਰੀਦਾ ਸੀ ਤੇ ਇਹ ਜਾਚ ਮੈਨੂੰ ਖ਼ੁਦ ਉਹਨਾਂ ਨੇ ਦੱਸੀ। ਇਕ ਪੇਂਡੂ ਬਜ਼ੁਰਗ ਨੇ ਸ਼ਹਿਰ ਦੇ ਵਸਨੀਕ, ਖ਼ੁਦ ਨੂੰ ਪੜ੍ਹਿਆ ਲਿਖਿਆ ਸਮਝਣ ਵਾਲੇ ਮੁੰਡੇ ਨੂੰ, ਫ਼ੋਨ ਕਰਨ ਦੀ ਜਾਚ ਦੱਸਣੀ, ਕੀ ਇਹ ਅਲੋਕਾਰ ਗੱਲ ਨਹੀ ਲੱਗਦੀ!
ਇਸ ਸਮੇ ਹਾਲਤ ਇਹ ਹੈ ਕਿ ਹਰੇਕ ਵਿਅਤੀ ਕੋਲ਼ ਮੋਬਾਇਲ ਹੈ। ਨਿੱਕੇ ਨਿੱਕੇ ਬੱਚੇ ਵੀ ਮੋਬਾਇਲਾਂ ਨਾਲ਼ ਹੀ ਖਿਡਾਉਣਿਆਂ ਵਾਂਗ ਖੇਡਦੇ ਹਨ। ਫਿਰ ਨੌਜਵਾਨਾਂ ਵਿਚ ਤਾਂ ਇਹ ਹੋੜ ਵੀ ਲੱਗੀ ਹੋਈ ਹੈ ਕਿ ਉਸ ਪਾਸ, ਕਾਰ ਵਾਂਗ ਹੀ, ਦੂਜਿਆਂ ਨਾਲ਼ੋਂ ਵਧੀਆ ਤੇ ਲੇਟੈਸਟ ਮਾਡਲ ਦਾ ਫ਼ੋਨ ਹੋਣਾ ਚਾਹੀਦਾ ਹੈ। (ਹੁਣੇ ਦੀ ਸਪੋਕਸਮੈਨ, 13 ਅਗੱਸਤ 2009 ਵਿਚੋਂ ਖ਼ਬਰ ਪੜ੍ਹੀ ਹੈ ਕਿ ਕਲ੍ਹ ਕਿਸੇ ਗੁਰਦੁਆਰੇ ਵਿਚ ਪਾਠੀ ਸਿੰਘ ਪਾਠ ਕਰਨ ਦੇ ਸਮੇ ਅਪਣੇ ਮੋਬਾਇਲ ਤੋਂ ਕੋਈ ਫ਼ਿਲਮ ਵੇਖ ਰਿਹਾ ਫੜਿਆ ਗਿਆ ਹੈ।) ਮੇਰੇ ਪੁਤਰ ਸੰਦੀਪ ਸਿੰਘ ਕੋਲ਼ ਇਕ ਫ਼ੋਨ ਸੀ ਜਿਸ ਦੇ ਦੋ ਸੈਟ ਸਨ। ਇਕ ਉਸ ਕੋਲ਼ ਤੇ ਦੂਜਾ ਮੇਰੀ ਨੂੰਹ ਬੇਟੀ ਦੇ ਕੋਲ਼ ਹੁੰਦਾ ਸੀ। ਕਾਫ਼ੀ ਪੁਰਾਣੇ ਮਾਡਲ ਦਾ। ਫਿਰ ਉਹਨਾਂ ਨੇ ਨਵੇਂ ਮਾਡਲ ਦੇ ਖ਼ਰੀਦ ਲਏ ਹੋਣਗੇ। ਉਹਨਾਂ ਵਿਚੋਂ ਇਕ ਨਾਲ਼ ਮੇਰਾ ਪੋਤਰਾ ਜੋਸ਼ ਸ਼ਿੰਘ ਖੇਡਦਾ ਹੁੰਦਾ ਸੀ ਤੇ ਇਕ ਉਹਨਾਂ ਨੇ ਮੈਨੂੰ ਦੇ ਦਿਤਾ। ਮੈ ਵਾਹਵਾ ਹੀ ਚਿਰ ਲਾ ਕੇ ਉਸ ਤੋਂ ਫ਼ੋਨ ਸੁਣਨਾ ਤੇ ਕਰਨਾ ਸਿੱਖ ਲਿਆ ਪਰ ਕਿਸੇ ਦਾ ਨੰਬਰ ਵੇਖਣਾ, ਕਿਸੇ ਨੂੰ ਕਾਲ ਬੈਕ ਕਰਨਾ ਜਾਂ ਕਿਸੇ ਦਾ ਸੁਨੇਹਾ ਪੜ੍ਹਨਾ ਆਦਿ ਕਾਰਜ ਸਮਝਣੋ ਮੈ ਅਸਮਰੱਥ ਹੀ ਰਿਹਾ। ਇਸ ਕਾਰਨ ਕਈ ਸੱਜਣ ਮੇਰੇ ਨਾਲ਼ ਨਾਰਾਜ਼ ਵੀ ਹੋ ਗਏ। ਕਿਸੇ ਨੂੰ ਸ਼ਿਕਾਇਤ ਸੀ ਕਿ ਮੈ ਕਾਲ ਬੈਕ ਨਹੀ ਕਰਦਾ। ਕਿਸੇ ਨੂੰ ਸ਼ਿਕਾਇਤ ਸੀ ਕਿ ਮੈ ਫ਼ੋਨ ਨਹੀ ਚੁੱਕਦਾ। ਕਿਸੇ ਨੂੰ ਸ਼ਿਕਾਇਤ ਸੀ ਕਿ ਉਸ ਦੇ ਸੁਨੇਹੇ ਦਾ ਜਵਾਬ ਨਹੀ ਦਿੰਦਾ। ਇਸ ਤਰ੍ਹਾਂ ਸ਼ਿਕਾਇਤਾਂ ਹੀ ਸ਼ਿਕਾਇਤਾਂ ਸਨ ਚਾਰੇ ਪਾਸਿਆਂ ਤੋਂ। ਪਰ ਇਹ ਕੋਈ ਮੰਨਣ ਲਈ ਤਿਆਰ ਨਹੀ ਸੀ ਕਿ ਗਿਆਨੀ ਸੰਤੋਖ ਸਿੰਘ, ਜੋ ਕਿ, "ਬਾਤਨ ਹੀ ਅਸਮਾਨ ਗਿਰਾਵਹਿ॥" ਵਾਂਗ ਦਿੱਲੀ ਦੱਖਣ ਇਕ ਕਰ ਛੱਡਦਾ ਹੈ, ਉਹ ਮੋਬਾਇਲ ਨਹੀ ਵਰਤ ਸਕਦਾ। ਮੋਬਾਇਲ ਸਦਕਾ ਮੇਰੇ ਸੰਪਰਕਾਂ ਵਿਚ ਵਾਧਾ ਤਾਂ ਹੋਇਆ ਪਰ ਵਿਰੋਧੀਆਂ ਦੇ ਰੂਪ ਵਿਚ ਹੀ ਹੋਇਆ, ਮਿੱਤਰਾਂ ਦੇ ਰੂਪ ਵਿਚ ਨਹੀ। ਸੱਜਣ ਵੀ ਆਪਣੀ ਥਾਂ ਤੇ ਸੱਚੇ ਸਨ ਕਿ ਕੰਪਿਊਟਰ ਵਰਤਣ ਵਾਲ਼ਾ, ਹਵਾਈ ਜਹਜਾਂ ਤੇ ਸਾਰੀ ਦੁਨੀਆ ਗਾਹੁਣ ਵਾਲ਼ਾ, ਬੰਦਾ ਭਲਾ ਏਨੀ ਜਾਣਕਾਰੀ ਕਿਵੇਂ ਨਹੀ ਰੱਖਦਾ।
ਇਹ ਗੱਲ ਕਰਦਿਆਂ ਇਕ ਵਾਪਰੀ ਘਟਨਾ ਚੇਤੇ ਆ ਗਈ। ਸਿਡਨੀ ਤੋਂ ਮੈ ਜਹਾਜ ਰਾਹੀਂ ਮੈਲਬਰਨ ਜਾਣਾ ਸੀ। ਸਿਡਨੀ ਹਵਾਈ ਅੱਡੇ ਤੇ ਸੈਕਿਉਰਟੀ ਵਾਲੀ ਬੀਬੀ, ਜੋ ਕਿ ਕਾਫ਼ੀ ਸਮਝਦਾਰ ਤੇ ਤਜੱਰਬੇਕਾਰ ਦਿਸਦੀ ਸੀ, ਨੇ ਮੇਰਾ ਬੈਗ ਪਾਰਦਰਸ਼ੀ ਮਸ਼ੀਨ ਵਿਚਦੀ ਲੰਘਾਉਣ ਸਮੇ ਮੈਨੂੰ ਪੁੱਛਿਆ ਕਿ ਇਸ ਵਿਚ ਲੈਪਟੌਪ ਤਾਂ ਨਹੀ! ਮੇਰੇ ਨਾਂਹ ਕਰਨ ਤੇ ਉਸ ਨੇ ਕੈਮਰੇ ਬਾਰੇ ਪੁੱਛਿਆ। ਉਸ ਬਾਰੇ ਵੀ ਨਾਂਹ ਸੁਣ ਕੇ, ਫਿਰ ਉਸ ਨੇ ਮੋਬਾਇਲ ਪੁੱਛਿਆ। ਮੇਰਾ ਉਤਰ ਫਿਰ ਵੀ ਨਾਂਹ ਵਿਚ ਹੀ ਸੀ। ਤਿੰਨ ਵਾਰੀ ਮੇਰੀ ਨਾਂਹ ਸੁਣ ਕੇ ਉਸ ਨੇ ਕੁਝ ਵਿਅੰਗਾਤਮਿਕ ਜਿਹੀ ਮੁਸਕ੍ਰਾਹਟ ਨਾਲ਼ ਜਦੋਂ ਮੇਰੇ ਵੱਲ ਵੇਖਿਆ ਤਾਂ ਮੈ ਆਖਿਆ. "ਤੂੰ ਬੀਬੀ ਏਨੀਆਂ ਵੱਡੀਆਂ ਵੱਡੀਆਂ ਚੀਜਾਂ ਦੇ ਨਾਂ ਲੈਣ ਡਹੀ ਏਂ, ਮੇਰੇ ਕੋਲ਼ ਤਾਂ ਘੜੀ ਵੀ ਨਹੀ। ਏਥੋਂ ਤੱਕ ਕਿ ਮੇਰੇ ਕੋਲ਼ ਪੈਨ ਵੀ ਨਹੀ। ਇਹ ਸੁਣ ਕੇ ਉਹ ਬੋਲੀ, "ਕੀ ਤੂੰ ਇਕੀਵੀਂ ਸਦੀ ਵਿਚ ਰਹਿ ਰਿਹਾ ਏਂ?" ਮੈ ਆਖਿਆ, "ਕੀ ਤੂੰ ਮੇਰਾ ਚੇਹਰਾ ਨਹੀ ਵੇਖ ਰਹੀ ਕਿ ਮੈ ਸਮੇ ਨਾਲ਼ੋਂ ਪਛੜ ਚੁੱਕਿਆ ਵਿਅਕਤੀ ਹਾਂ!" ਉਸ ਨੇ ਮੁਸਕਰਾ ਕੇ ਗੱਲ ਟਾਲ਼ ਦਿਤੀ ਤੇ ਮੈ ਆਪਣਾ ਬੈਗ ਚੁੱਕਿਆ ਤੇ ਅੱਗੇ ਜਹਾਜ ਵੱਲ ਨੂੰ ਤੁਰ ਗਿਆ।
ਗੱਲ ਕੀ, ਸੱਜਣਾਂ ਦੀ ਬੇਇਤਬਾਰੀ ਜਿਹੀ ਦ੍ਰਿਸ਼ਟੀ ਦੀ ਚੋਭ ਮਹਿਸੂਸ ਕੇ ਤੇ ਉਹਨਾਂ ਦੇ ਬਚਨ ਸੁਣ ਸੁਣ ਕੇ, ਮੈਨੂੰ ਲੱਗਣਾ ਕਿ ਜਿਵੇਂ ਇਹ ਮੈਨੂੰ ਝੂਠਾ ਸਮਝਦੇ ਹਨ! ਫਿਰ ਇਉਂ ਹੋਇਆ ਕਿ ਇਕ ਦਿਨ ਗ੍ਰਿਫ਼ਿਥ ਨੂੰ ਜਾਂਦਿਆਂ ਰਸਤੇ ਵਿਚ, ਕੁਤਾਮੁੰਦਰਾ ਸਟੇਸ਼ਨ ਤੇ ਗੱਡੀਉਂ ਉਤਰ ਕੇ, ਬੱਸ ਦੀ ਉਡੀਕ ਵਿਚ ਸਾਂ ਕਿ ਬਾਥਰੂਮ ਜਾਣਾ ਪਿਆ। ਓਥੇ ਮੇਰੇ ਗ੍ਹੀਸੇ ਵਿਚੋਂ ਨਿਕਲ਼ ਕੇ ਫ਼ੋਨ ਜ਼ਮੀਨ ਤੇ ਡਿਗ ਪਿਆ। ਮੈ ਆ ਵੇਖਿਆ ਨਾ ਤਾ, ਫੜ ਕੇ ਫ਼ੋਨ ਨੂੰ ਨਲ਼ਕੇ ਹੇਠ ਰੱਖ ਕੇ ਉਸ ਦਾ ਇਸ਼ਨਾਨ ਕਰਵਾ ਦਿਤਾ। ਫ਼ੋਨ ਜੀ ਮਹਾਂਰਾਜ ਠੰਡੇ ਪਾਣੀ ਵਿਚ ਪਾ ਦੇਣ ਕਰਕੇ ਮੇਰੇ ਨਾਲ਼ ਨਾਰਾਜ਼ ਹੋ ਗਏ ਤੇ ਉਹਨਾਂ ਨੇ ਮੇਰੇ ਨਾਲ਼ ਬੋਲਣਾ ਬੰਦ ਕਰ ਦਿਤਾ। ਬੱਚਿਆਂ ਨੂੰ ਜਦੋਂ ਮੇਰੀ ਇਸ 'ਸਿਆਣਪ' ਦਾ ਪਤਾ ਲੱਗਾ ਤਾਂ ਖ਼ੂਬ ਹਾਸਾ ਪਿਆ। ਫਿਰ ਮੇਰੇ ਪੋਤੇ ਵਾਲ਼ਾ ਫ਼ੋਨ ਉਸ ਤੋਂ ਲੈ ਕੇ ਮੈਨੂੰ ਮੇਰੇ ਪੁੱਤ ਨੇ ਦੇ ਦਿਤਾ। ਹੋ ਸਕਦਾ ਹੈ ਕਿ ਪੋਤੇ ਨੇ ਸ਼ਾਇਦ ਮੇਰਾ ਲਿਹਾਜ ਕਰਕੇ ਇਸ ਵਿਚ ਕੋਈ ਉਜਰ ਨਾ ਕੀਤਾ ਹੋਵੇ ਜਾਂ ਫਿਰ ਬਹੁਤ ਪੁਰਾਣਾ ਹੋ ਜਾਣ ਕਰਕੇ, ਇਸ ਤੋਂ ਉਸ ਦਾ ਜੀ ਅੱਕ ਗਿਆ ਹੋਵੇ! ਜਿਥੇ ਵੀ ਮੈ ਗਿਆ ਤੇ ਜਿਸ ਨੇ ਵੀ ਮੇਰਾ ਉਹ ਫ਼ੋਨ ਵੇਖਿਆ, ਉਸ ਨੇ ਖ਼ੁਸ਼ੀ ਭਰੀ ਹੈਰਾਨੀ ਨਾਲ਼ ਹੀ ਤੱਕਿਆ ਤੇ ਇਹ ਵੀ ਪੁੱਿਛਆ ਕਿ ਇਹ ਏਨਾ ਵਧੀਆ ਫ਼ੋਨ ਮੈ ਕਦੋਂ, ਕਿਥੋਂ ਤੇ ਕਿੰਨੇ ਦਾ ਲਿਆ ਸੀ! ਮੇਰੇ ਸੱਚੇ ਜਵਾਬ ਦਾ ਵੀ ਉਹਨਾਂ ਨੂੰ ਯਕੀਨ ਘੱਟ ਹੀ ਆਇਆ ਕਿ ਇਹ ਤਾਂ ਮੇਰੇ ਬੱਚਿਆਂ ਨੇ ਪਹਿਲਾਂ ਪੁਰਾਣਾ ਕਰਕੇ ਸੁੱਟਿਆ ਹੋਇਆ ਸੀ ਤੇ ਫਿਰ ਚੁੱਕ ਕੇ ਮੈਨੂੰ ਫੜਾ ਦਿਤਾ ਸੀ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ।
ਅਖੀਰ, 8 ਅਕਤੂਬਰ 2008 ਨੂੰ, ਉਸ ਤੋਂ ਵੀ ਮੇਰਾ ਛੁਟਕਾਰਾ ਹੋ ਗਿਆ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਇੰਡੀਆ ਦਾ ਜਹਾਜ ਫੜਨ ਦੀ ਭੱਜ ਨੱਸ ਵਿਚ ਹੀ ਉਹ ਮੈਥੋਂ ਵਿਛੜ ਗਿਆ; ਤੇ ਮੈ ਇਸ ਖਲਜਗਣ ਤੋਂ ਬਚਣ ਲਈ ਹੁਣ ਫ਼ੋਨ ਰੱਖਣਾ ਹੀ ਛੱਡ ਦਿਤਾ ਹੈ। ਸੱਜਣ ਅਜੇ ਵੀ ਓਸੇ ਫ਼ੋਨ ਤੇ ਰਿੰਗੀ ਜਾਂਦੇ ਹਨ ਤੇ ਉਹ ਪਤਾ ਨਹੀ ਲੰਡਨ ਹਵਾਈ ਅੱਡੇ ਦੇ ਸੈਕਿਉਰਟੀ ਸਟਾਫ਼ ਦੇ ਕਿਸ ਖਾਨੇ ਵਿਚ ਪਿਆ ਆਰਾਮ ਫੁਰਮਾ ਰਿਹਾ ਹੋਵੇਗਾ! ਮੇਰੇ ਫ਼ੋਨ ਤੋਂ ਸੱਜਣਾਂ ਨੂੰ ਅੱਗੋਂ ਕੋਈ ਜਵਾਬ ਨਾ ਮਿਲ਼ਨ ਉਤੇ ੳੇੁਹ ਮੇਰੀਆਂ ‘ਚੁਸਤੀਆਂ’ ਨੂੰ ਓਦੋਂ ਦੇ ਕੋਸੀ ਜਾਂਦੇ ਹਨ। ਜਦੋਂ ਮਿਲਨ ਤਾਂ ਉਹ ਮੈਨੂੰ ਇਸ ਗੱਲ ਦਾ ਉਲਾਹਮਾ ਦਿੰਦੇ ਹਨ ਤਾਂ ਮੈ ਅਸਲੀਅਤ ਦੱਸਦਾ ਹਾਂ ਤੇ ਨਾਲ਼ ਹੀ ਇਹ ਵੀ ਆਖਦਾ ਹਾਂ ਕਿ ਈ-ਮੇਲ ਰਾਹੀਂ ਮੈ ਬਹੁਤ ਸਾਰੇ ਸੱਜਣਾਂ ਨੂੰ, ਸਮੇ ਸਿਰ ਇਹ ਜਾਣਕਾਰੀ ਦੇ ਦਿਤੀ ਸੀ।
ਕੁਝ ਸਾਲਾਂ ਦੀ ਗੱਲ ਹੈ ਕਿ ਇਕ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮਾਰੋਹ ਸਮੇ, ਦੁਨੀਆਦਾਰੀ ਵਿਚ ਇਕ ਬਹੁਤ ਹੀ ਸਫ਼ਲ ਵਿਦਵਾਨ ਤੇ ਵਿਚਾਰਵਾਨ, ਕਰੋਬਾਰੀ ਸੱਜਣ, ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ। ਸੰਗਤ ਵਿਚ ਸ਼ਹਿਰ ਦੇ ਮੇਅਰ, ਹਲਕੇ ਦੇ ਪਾਰਲੀਮੈਂਟ ਮੈਬਰ, ਅਤੇ ਹੋਰ ਵੀ ਕਈ ਮੋਹਤਬਰ ਸੱਜਣ ਸਜੇ ਹੋਏ ਸਨ। ਸਟੇਜ ਸੈਕਟਰੀ ਜੀ ਦਾ ਮੋਬਾਇਲ ਔਨ ਸੀ। ਉਹ ਦੋ ਕੁ ਲਫ਼ਜ਼ ਬੋਲਣ ਤੇ ਫ਼ੋਨ ਦੀ ਘੰਟੀ ਖੜਕ ਪਵੇ। ਉਹ ਸੁਨੇਹਾ ਸੁਣ ਕੇ ਤੇ ਗੱਲ ਕਰਕੇ ਹਟਣ ਤਾਂ ਓਸੇ ਸਮੇ ਫਿਰ ਘੰਟੀ ਵੱਜ ਪਏ। ਇਸ ਤਰ੍ਹਾਂ ਕਿੰਨੀ ਹੀ ਵਾਰੀ ਹੋਇਆ। ਨਾ ਤੇ ਉਹ ਭਲੇ ਪੁਰਸ਼ ਫ਼ੋਨ ਹੀ ਬੰਦ ਕਰਨ ਤੇ ਨਾ ਹੀ ਸਟੇਜ ਦੀ ਜੁੰਮੇਵਾਰੀ ਕਿਸੇ ਹੋਰ ਸੱਜਣ ਦੇ ਹਵਾਲੇ ਕਰਕੇ, ਫ਼ੋਨ ਵਾਲ਼ਾ ਮਸਲਾ ਨਜਿਠਣ ਲਈ ਬਾਹਰ ਹੀ ਜਾਣ। ਸੰਗਤ ਵਿਚ ਕੁਝ ਹਾਸਾ ਜਿਹਾ ਵੀ ਮਚਿਆ। ਗੱਲ ਅੱਗੇ ਤੁਰਦੀ ਨਾ ਵੇਖ ਕੇ, ਸੰਗਤ ਵਿਚ ਬੈਠੀ ਉਹਨਾਂ ਦੀ ਮੇਮ ਸੈਕਟਰੀ ਨੇ ਹੀ ਸਮਝਦਾਰੀ ਤੋਂ ਕੰਮ ਲੈਂਦਿਆਂ ਹੋਇਆਂ, ਉਹਨਾਂ ਦਾ ਫ਼ੋਨ ਫੜਿਆ ਤੇ ਦੀਵਾਨ ਹਾਲ਼ ਵਿਚੋਂ ਬਾਹਰ ਨਿਕਲ਼ ਗਈ।
ਸੋਚਦਾ ਹਾਂ ਕਿ ਕਿਸੇ ਮਾਮੂਲੀ ਅਫ਼ਸਰ ਦੇ ਦਫ਼ਤਰ ਵਿਚ ਵੜਨ ਤੋਂ ਪਹਿਲਾਂ ਹੀ ਬੰਦਾ ਆਪਣਾ ਫ਼ੋਨ ਬੰਦ ਕਰ ਲੈਂਦਾ ਹੈ। ਹਸਪਤਾਲਾਂ, ਅਦਾਲਤਾਂ ਆਦਿ ਵਿਚ ਫ਼ੋਨ ਵੱਜਣ ਤੇ ਜੁਰਮਾਨਾ ਹੋ ਜਾਣ ਦੇ ਨਾਲ਼ ਫ਼ੋਨ ਵੀ ਜਬਤ ਹੋ ਸਕਦਾ ਹੈ ਪਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੇ ਦਰਬਾਰ ਵਿਚ, ਨਾ ਕੋਈ ਪ੍ਰਬੰਧਕ ਤੇ ਨਾ ਹੀ ਸੰਗਤ ਦਾ ਬੰਦਾ ਫ਼ੋਨ ਬੰਦ ਕਰਨਾ ਜ਼ਰੂਰੀ ਸਮਝਦਾ ਹੈ। ਏਥੋਂ ਤੱਕ ਕਿ ਗ੍ਰੰਥੀ ਸਿੰਘ ਵੀ ਫ਼ੋਨ ਖੁਲ੍ਹਾ ਹੀ ਛੱਡ ਰੱਖਦੇ ਹਨ ਜੋ ਕਿ ਉਹਨਾਂ ਦੇ ਕਈ ਵਾਰ ਅਰਦਾਸ ਕਰਨ ਸਮੇ ਵੀ ‘ਹਾਲ ਪਾਹਰਿਆ’ ਕਰਨ ਲੱਗ ਪੈਂਦਾ ਹੈ। ਹਾਲਾਂ ਕਿ ਹਰੇਕ ਗੁਰਦੁਆਰਾ ਸਾਹਿਬ ਦੇ ਪਰਵੇਸ਼ ਦੁਆਰ ਤੇ, ਇਸ ਬਾਰੇ ਨੋਟਿਸ ਵੀ ਲੱਗਾ ਹੋਇਆ ਹੁੰਦਾ ਹੈ ਪਰ ਉਸ ਲਿਖਤ ਵੱਲ ਕੋਈ ਧਿਆਨ ਨਹੀ ਦਿੰਦਾ। ਸੰਗਤ ਵਿਚ ਬੈਠਿਆਂ ਜਦੋਂ ਫ਼ੋਨ ਵੱਜਦਾ ਹੈ ਤਾਂ ਵੀ ਉਹ ਸੱਜਣ ਜਰੁਰੀ ਨਹੀ ਸਮਝਦਾ ਕਿ ਉਸ ਸਮੇ ਹੀ ਇਸ ਨੂੰ ਬੰਦ ਕਰ ਲਵੇ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਗੁਰਦੁਆਰਾ ਸਾਹਿਬ ਵਿਚ ਫ਼ੋਨ ਖੜਕਣ ਤੇ ਕਿਸੇ ਜੁਰਮਾਨੇ ਜਾਂ ਹੋਰ ਕਿਸੇ ਤਰ੍ਹਾਂ ਦੀ ਸਜਾ ਦਾ ਡਰ ਨਹੀ ਹੁੰਦਾ। ਬੰਦਾ ਪੁੱਛੇ ਭਈ ਜਦੋਂ ਇਹ 'ਇਰੀਟੇਟਿੰਗ' ਖਿਡਾਉਣਾ ਈਜਾਦ ਨਹੀ ਸੀ ਹੋਇਆ ਓਦੋਂ ਇਸ ਬਿਨਾ ਕਿਵੇਂ ਸਰਦਾ ਸੀ! ਜੇ ਹੁਣ ਕਾਰੋਬਾਰ ਲਈ ਇਸ ਦੀ ਜ਼ਰੂਰਤ ਵੀ ਹੈ ਤਾਂ ਗੁਰਦੁਆਰੇ ਦੇ ਅੰਦਰ ਬੈਠਣ ਸਮੇ, ਜੇ ਕੁਝ ਮਿੰਟਾਂ ਲਈ ਇਹ ਬੰਦ ਵੀ ਹੋ ਜਾਵੇ ਤਾਂ ਕੇਹੜੀ ਆਫ਼ਤ ਆ ਚਲੱੀ ਹੈ! ਜੇ ਬਹੁਤ ਹੀ ਜ਼ਰੂਰੀ ਕੋਈ ਬਿਜ਼ਨਿਸ ਕਰਨ ਵਾਲ਼ੀ ਗੱਲ ਹੈ ਤਾਂ ਥੋਹੜਾ ਸਮਾ ਹੀ ਅੰਦਰ ਦੀਵਾਨ ਹਾਲ ਵਿਚ ਬੈਠ ਕੇ, ਬਾਹਰ ਜਾਇਆ ਜਾ ਸਕਦਾ ਹੈ। ਜੇਕਰ ਏਨਾ ਹੀ ਜ਼ਰੂਰੀ ਬਿਜ਼ਨਿਸ ਅਸੀਂ ਕਰ ਰਹੇ ਹੋਈਏ ਤਾਂ ਸਿਰਫ ਮੱਥਾ ਹੀ ਟੇਕ ਕੇ ਬਾਹਰ ਨਿਕਲ਼ਿਆ ਜਾ ਸਕਦਾ ਹੈ। ਵੈਸੇ ਮੇਰੇ ਖਿਆਲ ਵਿਚ ਅਸੀ ਏਥੇ ਅਜੇ ਏਨੇ ਮਹੱਤਵਪੂਰਣ ਨਹੀ ਬਣ ਸਕੇ ਕਿ ਕੁਝ ਮਿੰਟ ਸਾਡਾ ਫ਼ੋਨ ਨਾ ਖੜਕਣ ਤੇ ਦੁਨੀਆ ਦਾ ਕੁਝ ਵਿਗੜ ਜਾਵੇਗਾ। ਸਾਡੇ ਤੋਂ ਬਿਨਾ ਇਹ ਸੰਸਾਰ ਓਵੇਂ ਹੀ ਚੱਲਦਾ ਰਹਿਣਾ ਹੈ ਜਿਵੇਂ ਸਾਡੇ ਇਸ ਸੰਸਾਰ ਵਿਚ ਪਰਵੇਸ਼ ਕਰਨ ਤੋਂ ਪਹਿਲਾਂ ਚੱਲਦਾ ਸੀ ਤੇ ਸਾਡੇ ਪਿੱਛੋਂ ਵੀ, ਯਕੀਨ ਜਾਣੀਏ, ਇਹ ਨਹੀ ਰੁਕਣ ਲੱਗਾ।

ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਨ ਵਾਲੀਆਂ ਕੁੜੀਆਂ ਦਾ ਭਵਿੱਖ ਦਾਅ ਤੇ ਲਗਾਇਆ ਡਾ. ਹਰਸ਼ਿੰਦਰ ਕੌਰ ਨੇ.......... ਲੇਖ / ਰਾਜਵੀਰ ਤੇਜਾ

20 ਦਿਸੰਬਰ ਦੀ ਰੋਜ਼ਾਨਾ ਸਪੋਕਸਮੈਨ ਵਿਚ ਬੀਬੀ ਹਰਸ਼ਿੰਦਰ ਕੌਰ ਵਲੋਂ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਗਈਆਂ ਕੁੜੀਆਂ ਦੀ ਜਿੰਦਗੀ ਵਾਰੇ ਲੇਖ ਪੜ੍ਹ ਕੇ ਮੈਂ ਦੰਗ ਰਹਿ ਗਈ ਅਤੇ ਸੋਚਣ ਲਈ ਮਜ਼ਬੂਰ ਹੋ ਗਈ ਡਾ. ਹਰਸ਼ਿੰਦਰ ਕੌਰ ਜਿਸ ਨੂੰ ਪੰਜਾਬ ਦੀ ਧੀ ਦੇ ਨਾਂ ਨਾਲ ਅਤੇ ਪੰਜਾਬ ਦੀਆਂ ਧੀਆਂ ਦੀ ਹਮਦਰਦ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਵਿਦੇਸ਼ਾਂ ਵਿਚ ਇੱਜ਼ਤ ਮਾਣ ਦਿੱਤਾ ਜਾਂਦਾ ਹੈ ਅਜਿਹਾ ਲੇਖ ਕਿਸ ਤਰ੍ਹਾਂ ਲਿਖ ਸਕਦੀ ਹੈ । ਇਸ ਬੀਬੀ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਹਰ ਤੀਜ਼ੀ ਲੜਕੀ ਇਹੋ ਜਿਹੇ ਘਟੀਆ ਤਰੀਕੇ ਅਪਣਾ ਕੇ ਗੁਜ਼ਾਰਾ ਕਰ ਰਹੀ ਹੈ। ਇਹੋ ਜਿਹੇ ਤੱਥ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬੀਬੀ ਸਚਾਈ ਤੋਂ ਬਹੁਤ ਦੂਰ ਹੈ ਅਤੇ ਮਨਘੜਤ ਕਹਾਣੀਆਂ ਸੁਣਾ ਰਹੀ ਹੇ। ਜੋ ਉਦਾਹਰਨਾਂ ਇਸ ਬੀਬੀ ਵਲੋਂ ਆਪਣੇ ਲੇਖ ਵਿਚ ਦਰਸਾਈਆਂ ਗਈਆਂ ਹਨ, ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਦਾ ਸੱਚਾਈ ਨਾਲ ਕੋਈ ਸੰਬੰਧ ਨਹੀਂ ਹੈ। ਇਕ ਮੁੰਡੇ ਦੀ ਉਦਾਹਰਨ ਦਿੱਤੀ ਕਿ ਆਸਟਰੇਲੀਆ ਦੇ ਚੱਕਰ ਵਿਚ ਉਸ ਮੁੰਡੇ ਦਾ ਦੁਆਬੇ ਵਿਚ 100 ਕਿੱਲਾ ਜ਼ਮੀਨ ਦਾ ਵਿਕ ਗਿਆ। ਪਹਿਲੀ ਗਲ੍ਹ ਤੇ ਦੁਆਬੇ ਵਿਚ ਜਿਨ੍ਹਾਂ ਦਾ 100 ਕਿਲ੍ਹਾ ਜ਼ਮੀਨ ਦਾ ਹੈ ਉਸਨੂੰ ਆਸਟ੍ਰੇਲੀਆ ਵਿਦਿਆਰਥੀ ਵੀਜ਼ੇ ਤੇ ਜਾ ਕੇ ਸ਼ੰਘਰਸ਼ ਕਰਨ ਦੀ ਲੋੜ ਨਹੀਂ । ਬਾਕੀ ਜੇ ਕਿਸੇ ਨੇ ਸ਼ੰਘਰਸ਼ ਕਰਨ ਦੀ ਸੋਚੀ ਹੋਵੇ ਤਾਂ ਉਸਨੇ ਜ਼ਮੀਨ ਨਹੀਂ ਵੇਚਣੀ ਕਿਉਂਕਿ ਇਕ ਅਮੀਰ ਘਰ ਦਾ ਮੁੰਡਾ ਸੰਘਰਸ਼ ਦੇ ਰਾਹ ਤੇ ਉਦੋਂ ਹੀ ਚਲਦਾ ਜਦੋਂ ਉਸ ਵਿਚ ਆਪਣੇ ਵਡੇਰਿਆ ਤੋਂ ਜ਼ਿਆਦਾ ਕਮਾਈ ਕਰਨ ਦਾ ਜ਼ਜ਼ਬਾ ਹੋਵੇ ਅਤੇ ਕਿਤੇ ਮਾੜੀ ਕਿਸਮਤ ਨਾਲ ਜ਼ਮੀਨ ਵੇਚਣ ਦੀ ਨੌਬਤ ਆ ਵੀ ਜਾਵੇ ਤਾਂ ਬੀਬੀ ਨੂੰ ਸ਼ਾਇਦ ਦੁਆਬੇ ਦੀ ਜ਼ਮੀਨ ਦੇ ਰੇਟ ਦਾ ਨਹੀਂ ਪਤਾ। 100 ਕਿੱਲਾ ਵੇਚ ਕਿ ਤਾਂ ਦੋ ਪਿੰਡਾ ਦੇ ਮੁੰਡਿਆ ਨੂੰ ਆਸਟ੍ਰੇਲੀਆ ਸੈਟਲ ਕਰਾਇਆ ਜਾ ਸਕਦਾ ਹੈ। ਹਾਂ ਜੇ ਕੋਈ ਮੁੰਡਾ ਬੁਰੀ ਸੰਗਤ ਦਾ ਸ਼ਿਕਾਰ ਅਤੇ ਮਹਿੰਗੇ ਨਸ਼ਿਆਂ ਦਾ ਆਦੀ ਹੈ ਤਾਂ ਤੇ ਜ਼ਮੀਨ ਵਿਚ ਸਕਦੀ ਹੈ ਪਰ ਫਿਰ ਵੀ 100 ਕਿੱਲਾ ਜ਼ਿਆਦਾ ਹੈ। ਜਿਥੋਂ ਤੱਕ ਮੈਨੂੰ ਜਾਣਕਾਰੀ ਹੈ ਦੁਆਬੇ ਦੇ ਪਛੜੇ ਹੋਏ ਇਲਾਕੇ ਵਿਚ ਵੀ ਇੱਕ ਕਿੱਲੇ ਦਾ ਰੇਟ 15 ਲੱਖ ਤੋਂ ਘੱਟ ਨਹੀਂ ਹੈ।
ਹੁਣ ਬੀਬੀ ਦੀ ਇੱਕ ਉਦਾਹਰਨ ਵਾਰੇ ਗਲ੍ਹ ਕੀਤੀ ਜਾਵੇ। ਬੀਬੀ ਨੇ ਕੁਝ ਇਹੋ ਜਿਹੀਆਂ ਸ਼ਰਮਨਾਕ ਮਨਘੜ੍ਹਤ ਉਦਾਹਰਨਾਂ ਦਿੱਤੀਆਂ ਹਨ ਜਿਨ੍ਹਾਂ ਨੇ ਪੰਜਾਬ ਦੀਆਂ ਧੀਆਂ ਦੇ ਆਤਮ ਵਿਸ਼ਵਾਸ ਅਤੇ ਉਨ੍ਹਾਂ ਦੇ ਮਾਪਿਆਂ ਦੇ ਇੱਜ਼ਤ ਮਾਣ ਨੂੰ ਡੂੰਘੀ ਠੇਸ ਪਹੁੰਚਾਈ ਹੈ। ਹੋ ਸਕਦਾ ਹੈ ਕਿ ਕੁਝ ਹਾਲਾਤ ਤੋਂ ਮਜਬੂਰ ਜਾਂ ਕਿਸੇ ਹੋਰ ਵਜ੍ਹਾ ਕਰਕੇ ਕੁਝ ਕੁੜੀਆਂ ਗਲਤ ਰਾਹ ਪੈ ਗਈਆਂ ਹੋਣ। ਪਰ ਬੀਬੀ ਨੇ ਤੇ ਕਹਿ ਦਿੱਤਾ ਕਿ ਆਸਟ੍ਰੇਲੀਆਂ ਵਿਦਿਆਰਥੀ ਵੀਜ਼ੇ ਤੇ ਗਈ ਹਰ ਕੁੜੀ ਦਾ ਇਹੀ ਹਾਲ ਹੈ। ਬੀਬੀ ਦਾ ਲੇਖ ਸੱਚਾਈ ਤੋਂ ਕੋਹਾਂ ਦੂਰ ਪ੍ਰਤੀਤ ਹੁੰਦਾ ਹੈ। ਸੱਭ ਤੋਂ ਵੱਡੀ ਤੇ ਦੁਖਦਾਈ ਗਲ੍ਹ ਹੈ ਕਿ ਇਸ ਸੱਭ ਲਈ ਜਿੰਮੇਵਾਰ ਮਾਪਿਆਂ ਨੂੰ ਠਹਿਰਾਇਆ ਗਿਆ ਹੈ। ਭਾਵੇਂ ਕਿ ਸਾਡੇ ਦੇਸ਼ ਵਿਚ ਧੀਆਂ ਨਾਲ ਪੁੱਤਾਂ ਦੇ ਮੁਕਾਬਲੇ ਕਿਨ੍ਹਾਂ ਵੀ ਵਿਤਕਰੇ ਵਾਲਾ ਰੱਵਈਆ ਅਪਣਾਇਆ ਜਾਂਦਾ ਹੋਵੇ ਪਰ ਫਿਰ ਵੀ ਮਾਪੇ ਧੀਆਂ ਨੂੰ ਬੀਬੀ ਦੇ ਕਹਿਣ ਮੁਤਾਬਕ ਨਰਕ ਵਿਚ ਨਹੀਂ ਸੁੱਟਦ ਕਿਉਂਕਿ ਆਪਣੇ ਖੂੁਨ ਨਾਲ ਇੱਦਾਂ ਜਾਨਵਰ ਵੀ ਨਹੀਂ ਕਰਦੇ ਅਤੇ ਬੀਬੀ ਤੇ ਇਹ ਇਲਜ਼ਾਮ ਇੱਜ਼ਤਦਾਰ ਪੰਜਾਬੀਆਂ ਤੇ ਲਾ ਰਹੀ ਹੈ। ਮੈ ਪਹਿਲਾਂ ਵੀ ਲਿਖ ਚੁੱਕੀ ਹਾਂ ਕਿ ਘੱਟ ਪੜੀਆਂ ਲਿਖੀਆਂ ਕੁੜੀਆਂ ਨੇ ਉਚ ਸਿੱਖਿਆ ਪ੍ਰਾਪਤ ਕੁੜੀਆਂ ਦੀ ਲੀਹ ਤੇ ਆਪ ਪੈਰ ਧਰਦਿਆਂ ਝੂਠੇ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਬਾਹਰ ਜਾਣ ਦਾ ਰਸਤਾ ਅਪਣਾਇਆ ਕਿਉਂਕਿ ਜਦੋੰ ਮਾਪੇ ਕਹਿੰਦੇ ਸੀ ਪੁੱਤ ਪੜ੍ਹ ਲਾ ਉਦੋਂ ਉਨ੍ਹਾਂ ਨੇ ਬਿਊਟੀ ਪਾਰਲਰ ਜਾਣਾ ਹੁੰਦਾ ਸੀ। ਹਾਂ ਸਾਡੇ ਸਮਾਜ ਵਿਚ ਕੁੜੀ ਦੀ ਸਿੱਖਿਆ ਵਲ ਮੁੰਡੇ ਦੇ ਮੁਕਾਬਲੇ ਘੱਟ ਧਿਆਨ ਦਿੱਤਾ ਜਾਂਦਾ ਹੈ। ਪਰ ਫਿਰ ਵੀ ਅੱਜ ਕਲ੍ਹ ਥੌੜਾ ਜ਼ਾਮਾਨਾ ਬਦਲ ਰਿਹਾ ਹੈ। ਪੰਜਾਬ ਦੇ ਨੌਜੁਆਨ ਨਸ਼ਿਆਂ ਨੇ ਰੋਲ ਦਿੱਤੇ। ਬਾਹਰਲੇ ਆਪ ਅਨਪੜ੍ਹ ਹੁੰਦੇ ਸਨ ਅਤੇ ਕੁੜੀ ਡਾਕਟਰ ਇੰਜੀਨੀਅਰ ਲੱਭਦੇ ਸਨ ਜਾਂ ਫਿਰ ਦਾਜ ਮੰਗਦੇ ਜੋ ਗਰੀਬ ਮਾਪਿਆਂ ਦੇ ਬੱਸੋਂ ਬਾਹਰ ਹੁੰਦਾ ਹੈ। ਜਦੋਂ ਫਿਰ ਬੁੱਢਿਆਂ ਨਾਲ ਵਿਆਹ ਕੀਤਾ ਜਾਂਦਾ ਸੀ ਤਾਂ ਉਦੋਂ ਵੀ ਡਾਕਟਰ ਸਾਹਿਬਾ ਵਰਗੇ ਲੇਖਕ ਲਿਖਣ ਲੱਗ ਜਾਂਦੇ ਕਿ ਕੁੜੀਆਂ ਤੇ ਜ਼ੁਲਮ ਹੋ ਰਿਹਾ ਹੈ। ਜੇ ਕੁੜੀ ਨੂੰ ਢਿੱਡ ਵਿਚ ਹੀ ਮਾਰਦੇ ਹਨ ਤਾਂ ਵੀ ਮੁੱਦਾ ਬਣਾਇਆ ਜਾਂਦਾ ਹੈ। ਫਿਰ ਡਾਕਟਰ ਸਾਹਿਬਾ ਵਰਗੇ ਫੋਕੀ ਸ਼ੋਹਰਤ ਦੇ ਭੁੱਖੇ ਸਾਰੀ ਦੁਨੀਆ ਵਿਚ ਪੰਜਾਬ ਨੂੰ ਬਦਨਾਮ ਕਰਨ ਲੱਗ ਪੈਂਦੇ ਹਨ। ਜਿੰਦਗੀ ਵਿਚ ਹਰ ਇਨਸਾਨ ਨੂੰ ਕਿਰਤ ਕਮਾਈ ਅਤੇ ਸੰਘਰਸ਼ ਕਰਨਾ ਪੈਂਦਾ ਹੈ। ਇੱਕ ਗਲ੍ਹ ਦੱਸੋ ਇੱਕ ਕੁੜੀ ਜਿਸਨੇ ਜਿੰਦਗੀ ਦੇ 20-22 ਸਾਲਾਂ ਤੱਕ ਨਾਂ ਤੇ ਪੜਾਈ ਚੱਜ ਨਾਲ ਕੀਤੀ ਹੋਵੇ ਤੇ ਨਾਂਹ ਕੋਈ ਕੰਮ , ਉਹ ਘਰਦਿਆਂ ਤੇ ਬੋਝ ਨਹੀਂ ਹੈ ਤਾਂ ਫਿਰ ਕੀ ਹੈ? ਮਾਂ ਬਾਪ ਧੀਆਂ ਦੇ ਦੁਸ਼ਮਣ ਨਹੀਂ ਹੁੰਦੇ, ਘਰ ਵਿਹਲੀਆਂ ਬੈਠੀਆਂ ਘੱਟ ਪੜੀਆਂ ਲਿਖੀਆਂ ਬੇਰੁਜ਼ਗਾਰ ਧੀਆਂ ਦੀ ਵਧਦੀ ਉਮਰ ਅਤੇ ਲੋਕਾਂ ਦੇ ਤਾਅਨੇ ਮਿਹਣੇ ਸੁਣ ਕੇ ਮਾਂ ਬਾਪ ਨੂੰ ਧੀ ਦਾ ਵਿਆਹ ਬੁੱਢੇ ਨਾਲ ਕਰਨ ਨੂੰ ਮਜ਼ਬੂਰ ਹੋਣਾ ਪੈਂਦਾ ਹੈ। ਕਹਿਣਾ ਸੌਖਾ ਹੈ ਕਿ ਫਲਾਣੇ ਨੇ ਧੀ ਦਾ ਵਿਆਹ ਦੁੱਗਣੀ ਉਮਰ ਦੇ ਨਾਲ ਕਰ ਦਿੱਤਾ। ਪਰ ਇਹ ਵੀ ਸੋਚੋ ਕਿ ਹੋਰ ਗਰੀਬ ਮਾਂ ਬਾਪ ਲਈ ਕੀ ਰਸਤਾ ਹੈ? ਸਾਡੇ ਦੇਸ਼ ਦੀ ਸਰਕਾਰ ਕੁੜੀਆਂ ਨੂੰ ਮੁਫਤ ਸਿਖਿਆ ਜਾਂ ਕੋਈ ਹੋਰ ਰੁਜ਼ਗਾਰ ਦੀ ਸੁਵਿਧਾ ਨਹੀਂ ਪ੍ਰਧਾਨ ਕਰਦੀ ਅਤੇ ਸਾਡਾ ਸਮਾਜ ਜੇ 20-25 ਸਾਲ ਤੱਕ ਦੀ ਕੁੜੀ ਘਰ ਹੀ ਬੈਠੀ ਰਹੇ ਉਸਦਾ ਕਿਸੇ ਵਜ੍ਹਾ ਕਰਕੇ ਵਿਆਹ ਨਾਂ ਹੋਵੇ ਤਾਂ ਤਾਅਨੇ ਦੇਣੇ ਸ਼ੁਰੂ ਕਰ ਦਿੰਦਾ ਹੈ। ਇਹੋ ਜਿਹੇ ਹਾਲਾਤਾਂ ਵਿਚ ਮਾਪੇ ਕੀ ਕਰਨ? ਅੱਧਾ ਮਾਲਵੇ ਕੁੜੀਆਂ ਦੇ ਵਿਆਹਾਂ ਤੇ ਕਰਜ਼ੇ ਲੈ ਲੈ ਕੇ ਕਰਜ਼ੇ ਹੇਠ ਆ ਗਿਆ ਅਤੇ ਜਮੀਨਾਂ ਵੇਚ ਗਿਆ। ਅਜੋਕੇ ਸਮੇਂ ਵਿਚ ਮਾਂ ਬਾਪ ਨੇ ਕੁੜੀਆਂ ਦੀ ਸਿਖਿਆ ਵਲ੍ਹ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਹ ਖੁਦ ਪੈਰਾਂ ਤੇ ਖੜੀਆਂ ਹੋ ਸਕਣ। ਕਿਉਂਕਿ ਪੰਜਾਬ ਵਿਚ ਥੋੜੀ ਜਾਗਰੂਤੀ ਆਉਣ ਕਾਰਨ ਅਤੇ ਸਿਖਿਆ ਸਾਧਨਾਂ ਵਿਚ ਵਾਧਾ ਹੋਣ ਕਾਰਨ ਹੁਣ ਗਰੀਬ ਤੋਂ ਗਰੀਬ ਮਾਂ ਬਾਪ ਵੀ ਆਪਣੀਆਂ ਧੀਆਂ ਨੂੰ ਆਪਣੀ ਹੈਸੀਅਤ ਮੁਤਾਬਕ ਸਿਖਿਆ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ । ਪਰ ਸਾਡੇ ਪੰਜਾਬ ਦੀ ਸਿਖਿਆ ਦਾ ਮਿਆਰ ਨੀਵਾਂ ਹੋਣ ਕਰਕੇ ਪੰਜਾਬ ਦੇ ਪੜਿਆਂ ਨੂੰ ਬਾਹਰਲੇ ਦੇਸ਼ਾਂ ਵਿਚ ਦੱਖਣੀ ਭਾਰਤੀਆਂ ਦੇ ਮੁਕਾਬਲੇ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਦਾ ਦੂਜਾ ਕਾਰਨ ਹੈ ਕਿ ਜਿੱਥੇ ਮਾਪੇ ਆਪਣੀਆਂ ਧੀਆਂ ਨੂੰ ਪੜਾਉਣਾ ਚਾਹੁੰਦਾ ਹਨ ਉੱਥੇ ਕਈ ਧੀਆਂ ਵੀ ਪੜ੍ਹਨ ਵੇਲੇ ਮਿਹਨਤ ਨਹੀਂ ਕਰਦੀਆਂ ਪਰ ਬਾਹਰ ਆਉਣ ਲਈ ਉਤਸਕ ਹੁੰਦੀਆਂ ਹਨ। ਕਈ ਮਾਂ ਬਾਪ ਤੋਂ ਦੂਰ ਜਾ ਕੇ ਆਜ਼ਾਦੀ ਵਾਲਾ ਜੀਵਨ ਬਤੀਤ ਕਰਨਾ ਚਾਹੁੰਦੀਆਂ ਹਨ। ਪਰ ਇਹੋ ਜਿਹੇ ਬਹੁਤ ਘੱਟ ਕੇਸ ਹਨ। ਪਰ ਡਾਕਟਰ ਸਾਹਿਬਾ ਨੇ ਤਾਂ ਹੱਦ ਹੀ ਕਰ ਦਿੱਤੀ ਕਿ ਹਰ ਤੀਜੀ ਕੁੜੀ ਆਪਣਾ ਪੇਟ ਪਾਲਣ ਲਈ ਗਲਤ ਰਾਹ ਤੇ ਤੁਰ ਗਈ ਹੈ। ਡਾਕਟਰ ਸਾਹਿਬਾ ਨੇ ਸਿਰਫ ਆਸਟ੍ਰੇਲੀਆ ਹੀ ਨਹੀਂ ਬਲਕਿ ਸਾਰੀ ਦੁਨੀਆ ਵਿਚ ਵਿਦਿਆਰਥੀ ਵੀਜ਼ਾ ਤੇ ਜਾ ਕੇ , ਜਿੰਦਗੀ ਵਿਚ ਮਿਹਨਤ ਅਤੇ ਸੰਘਰਸ਼ ਕਰ ਕੇ ਸੈਟਲ ਹੋਣ ਵਾਲੀਆਂ ਕੁੜੀਆਂ ਤੇ ਚਰਿੱਤਰਹੀਣ ਹੋਣ ਦਾ ਇਲਜ਼ਾਮ ਲਗਾ ਦਿੱਤਾ ਹੈ। ਜ਼ਮਾਨੇ ਦੇ ਬਦਲਣ ਨਾਲ ਕੁੜੀਆਂ ਨੇ ਆਪ ਸੰਘਰਸ਼ ਦੀ ਰਾਹ ਤੇ ਚਲ੍ਹ ਕੇ ਮਾਂ ਬਾਪ ਭੇਣ ਭਰਾਵਾਂ ਲਈ ਕੁਝ ਕਰਨ ਲਈ ਸੋਚਿਆ ਹੈ ਤਾਂ ਇਸ ਵਿਚ ਕੀ ਮਾੜਾਂ ਹੈ। ਪ੍ਰਦੇਸ ਵਿਚ ਜੀਰੋ ਤੋਂ ਜਿੰਦਗੀ ਦੀ ਸ਼ੁਰੂ ਕਰਨੀ ਪੈਂਦੀ ਹੈ , ਪੜ੍ਹੇ ਲਿਖੇ ਵਿਅਕਤੀ ਨੂੰ 4 ਦਿਨ ਮੁਸ਼ਕਲ ਦੇ ਗੁਜ਼ਾਰਨੇ ਪੈਂਦੇ ਹਨ ਜਦਕਿ ਅਨਪੜ੍ਹ ਨੂੰ ਸਾਰੀ ਜਿੰਦਗੀ ਦਿਹਾੜੀਆਂ ਹੀ ਕਰਨੀਆਂ ਪੈਂਦੀਆਂ ਹਨ। ਮੈ ਬੀਬੀ ਨੂੰ ਆਪਣੇ ਨਾਲ ਦੀਆਂ ਕੋਈ 20 ਕੁੜੀਆਂ ਦੀ ਉਦਾਹਰਨ ਦੇ ਸਕਦੀ ਹਾਂ ਜੋ ਕਿ ਅਮਰੀਕਾ , ਕਨੇਡਾ , ਯੁਰਪ, ਆਸਟ੍ਰੇਲੀਆ ਅਤੇ ਇੰਗਲੈਂਡ ਵਿਚ ਵਿਦਿਆਰਥੀ ਵੀਜ਼ੇ ਤੇ ਆ ਕਿ ਜਿੰਦਗੀ ਵਿਚ ਸਫਲ ਹਨ ਅਤੇ ਉੱਚੇ ਅਹੁਦਿਆਂ ਤੇ ਵੀ ਹਨ। ਬਹੁਤ ਸਾਰੀਆਂ ਜਾਣੂ ਕੁੜੀਆਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਅਤੇ ਹਸਪਤਾਲਾਂ ਵਿਚ ਡਾਕਟਰ ਇੰਜੀਨੀਅਰ ਹਨ । ਹੋ ਸਕਦਾ ਹੈ ਕਿ ਡਾਕਟਰ ਸਾਹਿਬਾ ਨੇ ਸਾਰੀਆਂ ਅਨਪੜ੍ਹ ਕੁੜੀਆਂ ਹੀ ਦੇਖੀਆਂ ਹੋਣ ਜੋ ਬਿਨ੍ਹਾਂ ਵਜ੍ਹਾ ਰਾਣੀ ਮੁਖਰਜੀ ਦੀ "ਲਗਾ ਚੁਨਰੀ ਮੇਂ ਦਾਗ" ਫਿਲਮ ਦੇਖ ਅਤੇ ਬਾਹਰ ਦੇ ਸੁਪਨੇ ਲੈ ਕੇ ਆਸਟ੍ਰੇਲੀਆਂ ਘਰਦਿਆਂ ਨੂੰ ਮੁੰਡੇ ਦੀ ਬਰਾਬਰੀ ਕਰਨ ਦਾ ਭਰੋਸਾ ਦਿਵਾ ਕੇ , ਆਜ਼ਾਦੀ ਭਰਪੂਰ ਜਿੰਦਗੀ ਦੀ ਲਾਲਸਾ ਅਤੇ ਜਿੱਦ ਕਰਕੇ ਆਸਟ੍ਰੇਲੀਆ ਗਈਆਂ ਹੋਣ ਤੇ ਅਜਿਹੇ ਕਾਰੇ ਕਰ ਕੇ ਸਮੂਹ ਪੰਜਾਬੀਆਂ ਲਈ ਬਦਨਾਮੀ ਦਾ ਕਾਰਨ ਬਣ ਰਹੀਆਂ ਹੋਣ ਅਤੇ ਜਿਨ੍ਹਾਂ ਨੂੰ ਲੇਬਰ ਜੌਬ ਵੀ ਨਹੀਂ ਮਿਲ ਰਹੀ ਹੋਵੇ ਕਿਉਂਕਿ ਇਹਨ੍ਹਾਂ ਕੁੜੀਆਂ ਨੇ ਪੰਜਾਬ ਵਿਚ ਆਪਣੇ ਘਰ ਪਲੇਟ ਵੀ ਨਹੀਂ ਧੋਤੀ ਹੁੰਦੀ । ਪਰ ਡਾਕਟਰ ਸਾਹਿਬਾ ਦੇ ਇਸ ਲੇਖ ਨੇ ਆਤਮ ਨਿਰਭਰ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਵਾਲੀਆਂ ਕੁੜੀਆਂ ਤੇ ਵੀ ਕਿੰਤੂ ਕਰ ਦਿੱਤਾ ਹੈ। ਮੈਨੂੰ 7-8 ਸਾਲ ਹੋ ਗਏ ਬਾਹਰ , ਮੈਨੂੰ ਅੱਜ ਤੱਕ ਕੋਈ ਬੁਰਾ ਵਰਤਾੳ ਕਰਨ ਵਾਲਾ ਪੰਜਾਬੀ ਨਹੀਂ ਮਿਲਿਆ। ਸ਼ੰਘਰਸ਼ ਅਤੇ ਮਿਹਨਤ ਤੇ ਹਰ ਬੰਦੇ ਨੂੰ ਕਰਨੀ ਪੈਂਦੀ ਹੈ। ਜਿੱਥੌਂ ਤੱਕ ਪੰਜਾਬੀਆਂ ਦੀ ਕੰਜੂਸੀ ਦਾ ਸਵਾਲ ਹੈ ਮੈ ਸਹਿਮਤ ਹਾਂ, ਪਰ ਉਨ੍ਹਾਂ ਨੇ ਵੀ ਬੜੀ ਮਿਹਨਤ ਨਾਲ ਦਿਨ ਰਾਤ ਇੱਕ ਕਰ ਕੇ ਪੈਸਾ ਕਮਾਇਆ ਹੁੰਦਾ ਹੈ ਪਰ ਫਿਰ ਵੀ ਉਹ ਇਨ੍ਹੇ ਤੰਗਦਿਲ ਨਹੀਂ ਹਨ ਕੇ ਉਹ ਕਿਸੇ ਆਪਣੇ ਦੇਸ਼ੋਂ ਆਏ ਦੀ ਮਦੱਦ ਨਾ ਕਰਨ ਜਾਂ ਆਪਣੇ ਦੇਸ਼ ਦੀ ਕਿਸੇ ਧੀ ਦੀ ਇੱਜ਼ਤ ਨੀਲਾਮ ਕਰਦੇ ਫਿਰਨ। ਇੱਥੇ ਪੰਜਾਬੀ ਮੁੰਡੇ ਮੈਂ ਤੇ ਨਹੀਂ ਦੇਖੇ ਕਿਸੇ ਦਾ ਨਜ਼ਾਇਜ ਫਾਇਦਾ ਉਠਾਉਂਦੇ। ਪਰ ਡਾਕਟਰ ਸਾਹਿਬਾ ਨੇ ਤਾਂ ਸਮੂਹ ਐਨ ਆਰ ਆਈਜ਼ ਦੇ ਚਰਿੱਤਰ ਤੇ ਹੀ ਕਿੰਤੂ ਕਰ ਦਿੱਤਾ ਬਲਕਿ ਗੁਰੂ ਘਰ ਵੀ ਨਹੀਂ ਬਖਸ਼ਿਆ । ਡਾਕਟਰ ਸਾਹਿਬਾ ਨੇ ਤੇ ਕਿਸੇ ਘਟੀਆ ਫਿਲਮ ਦੀ ਕਹਾਣੀ ਸੁਣਾਈ ਹੈ। ਜੇ ਡਾਕਟਰ ਸਾਹਿਬਾ ਦੀਆਂ ਗੱਲਾਂ ਵਿਚ ਸੱਚਾਈ ਹੈ ਤਾਂ ਸਾਡਾ ਪੰਜਾਬੀ ਭਾਈਚਾਰਾ ਤਾਂ ਸ਼ਰਮ ਨਾਲ ਹੀ ਮਰ ਜਾਊ। ਗੁਰਦੁਆਰੇ ਦੇ ਪ੍ਰਬੰਧਕ ਕਿੰਨੇ ਵੀ ਘਪਲੇ ਫਰਾਡ ਕਰਦੇ ਹੋਣ, ਪਰ ਮੈ ਨਹੀਂ ਦੇਖਿਆ ਕੇ ਉਹ ਕਿਸੇ ਪੰਜਾਬਣ ਨੂੰ ਲੰਗਰ ਹਾਲ ਤੋਂ ਭੁੱਖੇ ਮੋੜ ਦੇਣ, ਉਹ ਤੇ ਆਪ ਕਹਿੰਦੇ ਹੁੰਦੇ ਭੈੇਣਜੀ ਲੰਗਰ ਛਕ ਕੇ ਜਾਉ, ਪਤਾ ਨਹੀਂ ਡਾਕਟਰ ਸਾਹਿਬਾ ਦੇ ਲੇਖ ਦੀ ਪਾਤਰ ਇਸ ਕੁੜੀ ਨੂਂ ਜੂਠ ਖਾ ਕੇ ਕਿਉਂ ਗੁਜ਼ਾਰਾ ਕਰਨਾ ਪਿਆ। ਡਾਕਟਰ ਸਾਹਿਬ ਦੀ ਪਾਤਰ ਨੇ ਤੇ ਗੋਰਿਆਂ ਤੇ ਵੀ ਸ਼ੋਸ਼ਣ ਦਾ ਇਲਜ਼ਾਮ ਲਾ ਦਿੱਤਾ । ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆਂ ਗਈਆਂ ਕੁੜੀਆਂ ਲੀਗਲ ਹਨ। ਜੇ ਉਨ੍ਹਾਂ ਦਾ ਕੋਈ ਜਿਸਮਾਨੀੌ ਜਾਂ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਪੁਲਿਸ ਨੂੰ ਦੱਸ ਸਕਦੀਆਂ ਹਨ। ਸੱਭ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿਚ ਬਿਨ੍ਹਾਂ ਸਿਰ ਢਕੇ ਜਾਣਾ ਗੁਰਮਰਿਆਦਾ ਦੀੇ ਉਲੰਘਣਾ ਹੈ ਅਤੇ ਡਾਕਟਰ ਸਾਹਿਬਾ ਕਹੀ ਜਾਂਦੀ ਹੈ ਕਿ ਅਧਨੰਗੀ ਕੁੜੀ ਦੋ ਮੁੰਡਿਆਂ ਨੂੰ ਗੁਰਦੁਆਰਾ ਸਾਹਿਬ ਵਿਚ ਜੱਫੀ ਪਾ ਕੇ ਖੜੀ ਸੀ । ਲੇਖ ਲਿਖਣ ਤੋਂ ਪਹਿਲਾਂ ਡਾ. ਸਾਹਿਬਾ ਨੂੰ ਪੰਜਾਬ ਰਹਿੰਦੇ ਮਾਪਿਆ ਵਾਰੇ ਸੋਚਣਾ ਚਾਹੀਦਾ ਸੀ ਜਿਨ੍ਹਾਂ 10-10 ਲੱਖ ਲਾ ਕੇ ਆਪਣੇ ਬੱਚੇ ਬਾਹਰ ਭੇਜੇ ਹਨ ਉਨ੍ਹਾਂ ਦੇ ਦਿਲ੍ਹਾਂ ਤੇ ਕੀ ਬੀਤੇਗੀ। ਮਾਪਿਆ ਨੇ ਕੁੜੀਆਂ ਨੂੰ ਵੇਸ਼ਵਾਗਿਰੀ ਕਰਨ ਹੀ ਭੇਜਣਾ ਸੀ ਤਾਂ 10 ਲੱਖ ਲਾ ਕੇ ਬਾਹਰ ਭੇਜਣ ਦੀ ਕੀ ਲੋੜ ਸੀ। ਮੈਨੂ ਰੋਜ਼ਾਨਾ ਸਪੋਕਸਮੈਨ ਤੇ ਵੀ ਹੈਰਾਨੀ ਆ ਰਹੀ ਹੈ ਕਿ ਉਨ੍ਹਾਂ ਨੇ ਇਹੋ ਜਿਹਾ ਬੇਤੁਕਾ ਲੇਖ ਪਬਲਿਸ਼ ਕਿੱਦਾ ਕਰ ਦਿੱਤਾ।
ਇਹ ਲੇਖ ਪੰਜਾਬ ਦੀ ਧੀ ਡਾ ਹਰਸ਼ਿੰਦਰ ਕੌਰ ਦਾ ਨਹੀਂ ਲਿਖਿਆ ਲਗਦਾ ਬਲਕਿ ਇੱਕ ਕਾਲਪਨਿਕ ਰੋਮਾਟਿਕ ਕਹਾਣੀਕਾਰ ਦਾ ਸ਼ੋਹਰਤ ਖੱਟਣ ਵਾਸਤੇ ਵਰਤਿਆ ਗਿਆ ਹੱਥਕੰਡਾ ਲੱਗਦਾ ਹੈ।


ਕਿਹੜੀ ਐਨਕ ਨਾਲ ਦੇਖਿਆ ਡਾ : ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ.......... ਲੇਖ / ਮਿੰਟੂ ਬਰਾੜ


ਸਾਡੀ ਪੰਜਾਬੀਆਂ ਦੀ ਇਕ ਫਿਤਰਤ ਰਹੀ ਹੈ ਕਿ ਜੇ ਅਸੀਂ ਕਿਸੇ ਨੂੰ ਅੱਖਾਂ ਤੇ ਬਿਠਾ ਲੈਂਦੇ ਹਾਂ ਤਾਂ ਬੱਸ ਫੇਰ ਚੰਗੇ ਮਾੜੇ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਪਹਾੜੀ ਚੜ੍ਹਾ ਦਿੰਦੇ ਹਾਂ।ਕਈ ਵਾਰ ਮੇਰੇ ਜਿਹੇ ਨੇ ਜਿੰਦਗੀ ਵਿਚ ਬੱਸ ਇਕ ਕੰਮ ਹੀ ਚੰਗਾ ਕੀਤਾ ਹੁੰਦਾ ਤੇ ਸਾਡਾ ਮੀਡੀਆ ਉਸ ਨੂੰ /ਰਿਸ਼ਤਾ ਬਣਾ ਕੇ ਪੇਸ਼ ਕਰ ਦਿੰਦਾ ਹੈ।ਅਸੀਂ ਉਸ ਨੂੰ ਘੋਖੇ ਤੋਂ ਬਿਨਾਂ ਹੀ ਰੱਬ ਦਾ ਦਰਜਾ ਦੇ ਦਿੰਦੇ ਹਾਂ।ਬੱਸ ਉਹੀ ਕਹਾਣੀ ਮੈਨੂੰ ਡਾਕਟਰ ਹਰਸ਼ਿੰਦਰ ਕੌਰ ਦੇ ਮਾਮਲੇ ਵਿਚ ਨਜ਼ਰ ਆ ਰਹੀ ਹੈ। ਦਿਲ ਵਿਚ ਵਾ-ਵਰੋਲੇ ਜਿਹੇ ਤਾਂ ਕਾਫੀ ਚਿਰ ਤੋਂ ਉਠ ਰਹੇ ਸਨ ਕਿ ਖੁੱਲ੍ਹ ਕੇ ਡਾਕਟਰ ਸਾਹਿਬ ਬਾਰੇ ਜਾਣਿਆ ਜਾਵੇ।ਪਰ ਕੁਝ ਰੁਝੇਵਿਆਂ ਕਾਰਨ ਇੰਜ ਕਰ ਨਾ ਸਕਿਆ।ਪਰ ਹੁਣ ਛੁੱਟੀਆਂ ਹੋਣ ਕਾਰਨ ਅਤੇ ਆਸਟ੍ਰੇਲੀਆ ਤੋਂ ਇੰਡੀਆ ਆਇਆ ਹੋਣ ਕਰਕੇ ਵਕਤ ਦੀ ਕੋਈ ਕਮੀ ਨਹੀਂ ਤੇ ਉਂਤੋਂ ਧੁਖਦੀ ਤੇ ਤੇਲ ਅੱਜ ਦੇ 20 ਦਸੰਬਰ ਦੇ ਸਪੋਕਸਮੈਨ ਵਿਚ ਛਪੇ ਡਾਕਟਰ ਹਰਸ਼ਿੰਦਰ ਕੌਰ ਦੇ ਲੇਖ ਨੇ ਪਾ ਦਿਤਾ। ਮੈਨੂੰ ਚੰਗੀ ਤਰ੍ਹਾਂ ਪਤਾ ਕਿ ਮੇਰੀ ਹਸਤੀ ਡਾਕਟਰ ਸਾਹਿਬ ਦੇ ਮੁਕਾਬਲੇ ਕੁਝ ਵੀ ਨਹੀਂ ਤੇ ਲੋਕ ਮੇਰੇ ਸੱਚ ਤੇ ਵਿਸ਼ਵਾਸ ਕਰਨ ਦੀ ਥਾਂ ਤੇ ਡਾਕਟਰ ਸਾਹਿਬ ਵਲੋਂ ਲਿਖੀਆਂ ਸਟੋਰੀਆਂ ਤੇ ਵਿਸ਼ਵਾਸ ਕਰਨਗੇ। ਪਰ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਪਤਾ ਜੇ ਡਾਕਟਰ ਹਰਸ਼ਿੰਦਰ ਕੌਰ ਨੂੰ ਸੱਚ ਲਿਖਣਾ ਆਉਂਦਾ ਹੈ ਤਾਂ ਉਸ ਵਿੱਚ ਸੱਚ ਸੁਣਨ ਦੀ ਸਮਰੱਥਾ ਵੀ ਜਰੂਰ ਹੋਵੇਗੀ। ਰਹੀ ਲੋਕਾਂ ਦੀ ਗੱਲ ਤਾਂ ਜੇ ਉਹ ਡਾਕਟਰ ਸਾਹਿਬ ਦਾ ਸੱਚ ਸੁਣ ਸਕਦੇ ਹਨ ਤਾਂ ਉਹ ਮੇਰੇ ਸੱਚ ਵੱਲ ਵੀ ਜਰੂਰ ਧਿਆਨ ਦੇਣਗੇ।

ਮੈਂ ਇਥੇ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਨਾ ਤਾਂ ਮੇਰਾ ਕਿਸੇ ਨਾਲ ਕੋਈ ਵੈਰ ਹੈ ਤੇ ਨਾ ਹੀ ਕਦੇ ਮੈਂ ਕਿਸੇ ਨਾਲ ਸਾੜਾ ਕੀਤਾ ਹੈ। ਬਸ ਜੇ ਕੁੱਝ ਹਜ਼ਮ ਨਹੀਂ ਕਰ ਸਕਦਾ ਤਾਂ ਉਹ ਹੈ ਇਕ ਝੂਠ ਤੇ ਉਹ ਭਾਵੇਂ ਕਿਸੇ ਨੇ ਵੀ ਬੋਲਿਆ ਹੋਵੇ।ਅੱਜ ਤੱਕ ਮੇਰੀ ਨਜ਼ਰਾਂ ਵਿੱਚ ਵੀ ਇਸ ਬੀਬੀ ਲਈ ਉਨ੍ਹਾਂ ਹੀ ਸਤਿਕਾਰ ਸੀ ਜਿਨ੍ਹਾਂ ਹਾਲੇ ਤੁਹਾਨੂੰ ਹੈ। ਇਸ ਦਾ ਕਾਰਨ ਲਿਖਣ ਦੀ ਲੋੜ ਨਹੀਂ ਕਿਉਂਕਿ ਇਹ ਸਭ ਜੱਗ ਜ਼ਾਹਰ ਹੈ। ਇਸ ਬੀਬੀ ਵਲੋਂ ਲਿਖੇ ਤੇ ਬੋਲੇ ਹਰ ਸ਼ਬਦ ਤੇ ਲੋਕਾਂ ਫੁੱਲ ਚੜ੍ਹਾਏ ਹਨ। ਪਰ ਅੱਜ ਦੇ ਇਸ ਲੇਖ ਨੇ ਜੋ ਤਸਵੀਰ ਇਸ ਬੀਬੀ ਦੀ ਮੇਰੀਆਂ ਨਜ਼ਰਾਂ ’ਚ ਬਣਾ ਦਿੱਤੀ ਹੈ; ਉਸ ਨੂੰ ਭੁੱਲਣ ਲਈ ਇਹ ਜਨਮ ਕਾ/ੀ ਨਹੀਂ ਲਗ ਰਿਹਾ। ਲੇਖਕ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਤੇ ਜੇ ਸ਼ੀਸ਼ਾ ਹੀ ਝੂਠ ਬੋਲਣ ਲਗ ਜਾਵੇ ਤਾਂ ਕਿ ਬਣੂ? ਲੇਖਕ ਵੀ ਉਹੋ ਜਿਹਾ ਜਿਸ ਦੀ ਪਹਿਚਾਣ ਹੀ ਉਸ ਵੱਲੋਂ ਬੋਲੇ ਇਕ ਕੋੜੇ ਸੱਚ ਨੇ ਬਣਾਈ ਹੋਵੇ। ਲੋਕਾਂ ਦੇ ਇਸ ਵਿਸ਼ਵਾਸ ਤੇ ਪੂਰਾ ਉਂਤਰਨ ਲਈ ਤਾਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ। ਇਹੋ ਜਿਹੇ ਮੁਕਾਮ ਤੇ ਪਹੁੰਚ ਕੇ ਤਾਂ ਬੋਲਣ ਤੋਂ ਪਹਿਲਾਂ ਇਕ ਵਾਰ ਤੋਲਣਾ ਕਾ/ੀ ਨਹੀਂ ਹੁੰਦਾ।ਪਰ ਮੈਨੂੰ ਅੱਜ ਦਾ ਇਹ ਲੇਖ ਪੜ੍ਹ ਕੇ ਇਹ ਸਮਝ ਨਹੀਂ ਆ ਰਿਹਾ ਕਿ ਇਕ ਦੁਨੀਆ ਵੱਲੋਂ ਪ੍ਰਵਾਨਿਤ ਇਨਸਾਨ ਵੀ ਇੰਨਾ ਲਾਪਰਵਾਹ ਹੋ ਸਕਦਾ ਹੈ। ਜਿਸ ਨੇ ਲਿਖਣ ਤੋਂ ਪਹਿਲਾਂ ਇਹ ਵੀ ਨਹੀਂ ਸੋਚਿਆ ਕਿ ਉਹ ਜੋ ਲਿਖ ਰਹੀ ਹੈ ਉਸ ਦਾ ਅਸਰ ਉਹਨਾਂ ਬੱਚਿਆਂ ਅਤੇ ਮਾਪਿਆ ਤੇ ਕੀ ਹੋਵੇਗਾ ਜਿਨ੍ਹਾਂ ਦਾ ਬੱਸ ਇਕ ਕਸੂਰ ਹੈ ਕਿ ਉਹਨਾਂ ਦਾ ਸੰਬੰਧ ਵੀ ਆਸਟ੍ਰੇਲੀਆ ਨਾਲ ਹੈ।ਨਾ ਹੀ ਤਾਂ ਉਹਨਾਂ ਦੇ ਬੱਚੇ ਚੋਰ ਹਨ ਤੇ ਨਾ ਹੀ ਬੇਇੱਜ਼ਤ ਹਨ।

20 ਦਸਬੰਰ ਦੇ ਇਸ ਲੇਖ ਵਿੱਚ ਜੋ ਘਾਣ ਇਸ ਬੀਬੀ ਨੇ ਆਸਟ੍ਰੇਲੀਆ ਗਏ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਕੀਤਾ।ਉਸ ਦਾ ਅਸਰ ਅਫ਼ਬਾਰ ਲੋਕਾਂ ਦੇ ਹੱਥ ਆਉਂਦੇ ਹੀ ਸ਼ੁਰੂ ਹੋ ਗਿਆ। ਹਰ ਰੋਜ ਵਾਂਗ ਅੱਜ ਜਦੋਂ ਮੈਂ ਸੱਥ ਵਿੱਚ ਖੁੰਢ ਚਰਚਾ ਸੁਣਨ ਗਿਆ ਤਾਂ ਉਂਥੇ ਸਾਰੇ ਮੈਨੂੰ ਪੈ ਗਏ ਕਹਿਣ ਵਲੈਤੀਆ ਤੂੰ ਤਾਂ ਬੜੀ ਪ੍ਰਸ਼ੰਸਾ ਕਰਦਾ ਰਹਿੰਦਾ ! ‘ਆ ਉਧੇੜੇ ਆ ਪੱਚਰੇ ਬਾਈ ਸਪੋਕਸਮੈਨ ਵਾਲਿਆਂ ਨੇ’ ਇਕ ਕਹੇ ਉਹ /ਲਾਣਾ ਸਿਉ ਚੌੜਾ ਹੋ ਕੇ ਬਹਿੰਦਾ ਸੀ ਸੱਥ ਚ ਹੁਣ ਪਤਾ ਲੱਗਿਆ ਕਿ ਕੀ ਕਰਦੇ ਆ ਇਹਦੇ ਜੁਆਕ ਆਸਟ੍ਰੇਲੀਆ ’ਚ! ਬਾਈ ਆ ਸਦਕੇ ਇਸ ਬੀਬੀ ਦੇ! ਮੈਂ ਇਹ ਲੇਖ ਕਾਹਲੀ-ਕਾਹਲੀ ਪੜ੍ਹਿਆ ਤੇ ਬਥੇਰੀ ਤਸੱਲੀ ਦੁਆਈ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ। ਇਕ-ਦੋ ਪਿੱਛੇ ਸਾਰੀਆਂ ਨੂੰ ਬਦਨਾਮ ਨਹੀਂ ਕਰੀ ਦਾ।ਪਰ ਸੱਥ ਵਿੱਚ ਜਿੰਨੇ ਮੂੰਹ ਉਨ੍ਹੀਆਂ ਗੱਲਾਂ ਕਹਿਣ ਯਾਰ ਆ ਡਾਕਟਰ ਝੂਠ ਨਹੀਂ ਲਿਖਦੀ। ਇਹ ਤਾਂ ਕਹੀ ਜਾਂਦੀ ਆ ਕੇ ਹਰ ਤੀਜੀ ਕੁੜੀ ਦਾ ਆਹ ਹਾਲ ਹੈ। ਮੈਂ ਸੋਚਾਂ ਵਿੱਚ ਪੈ ਗਿਆ ਕੇ ਆਸਟ੍ਰੇਲੀਆ ਵਿੱਚ ਜੇ ਕੁਲ ਸਟੂਡੈਂਟਸ ਦੀ ਗਿਣਤੀ ਡੇਢ ਲੱਖ ਦੇ ਕਰੀਬ ਹੈ, ਤਾਂ ਅੱਧ ਦੇ ਨੇੜ ਕੁੜੀਆਂ ਹਨ ਤੇ ਡਾਕਟਰ ਹਰਸ਼ਿੰਦਰ ਕੌਰ ਦੇ ਲਿਖਣ ਮੁਤਾਬਿਕ ਜੇ ਹਰ ਤੀਜੀ ਕੁੜੀ ਆਪਣਾ ਸਰੀਰ ਵੇਚਣ ਲਈ ਮਜਬੂਰ ਹੈ ਤਾਂ ਇਸ ਦਾ ਮਤਲਬ ਇਹ ਗਿਣਤੀ ਪੰਚੀ ਹਜ਼ਾਰ ਹੋ ਗਈ। ਸ਼ਾਇਦ ਏਨੀ ਗਿਣਤੀ ਵਿੱਚ ਤਾਂ ਦਿੱਲੀ-ਕਲਕੱਤੇ ਦੇ ਬਦਨਾਮ ਬਜ਼ਾਰਾਂ ਵਿੱਚ ਵੇਸਵਾਵਾਂ ਦੀ ਵੀ ਨਾ ਹੋਵੇ।

ਬੱਸ ਮੈਂ ਤਾਂ ਸੋਚਾਂ ਦੇ ਖੂਹ ਵਿੱਚ ਬੈਠਾ ਇਹ ਹੀ ਸੋਚ ਰਿਹਾ ਸੀ ਕਿ ਕਿਸੇ ਨੂੰ ਤਾਂ ਬਫ਼ਸ਼ ਦਿੰਦੇ ਬੀਬੀ ਜੀ! ਆਪਣੀਆਂ ਧੀਆਂ ਨੂੰ ਵੇਸਵਾ ਤੇ ਪੁੱਤਾਂ ਨੂੰ ਚੋਰ ਲਿਖਣ ਤੋਂ ਪਹਿਲਾਂ ਤੁਹਾਡੇ ਹੱਥ ਕਿਉਂ ਨਹੀਂ ਕੰਮੇ! ਤੁਸੀ ਇਹ ਕਿਉਂ ਨਹੀਂ ਸੋਚਿਆ ਕਿ ਅੱਜ ਆਸਟ੍ਰੇਲੀਆ ਗਈ ਇਕ ਧੀ ਦਾ ਬਾਪੂ ਕਿਹੜੇ ਮੂੰਹ ਨਾਲ ਸੱਥ ਵਿੱਚ ਜਾ ਕੇ ਬੈਠੂ? ਆਸਟ੍ਰੇਲੀਆ ਵਿੱਚ ਤੁਹਾਨੂੰ ਸੱਦ ਕੇ ਸਨਮਾਨ ਕਰਨ ਵਾਲਿਆਂ ਦਾ ਮੈਂ ਵੀ ਇਕ ਅੰਗ ਸੀ। ਜਦੋਂ ਤੁਹਾਡੇ ਵੱਲੋਂ ਸਾਰੀਆਂ ਨੂੰ ਇਕੋ ਮੋਰੀ ਵਿੱਚ ਕੱਢ ਦੇ ਦੇਖਿਆ ਤਾਂ ਆਪਣੇ ਆਪ ਨਾਲ ਨ/ਰਤ ਜਿਹੀ ਹੋ ਰਹੀ ਹੈ। ਅਸੀਂ ਤਾਂ ਏਨੇ ਚਿਰ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਾਂ ਸਾਨੂੰ ਤਾਂ ਕਦੇ ਇਹੋ ਜਿਹੀਆਂ ਪੰਜਾਬੀ ਵੇਸਵਾਵਾਂ ਨਹੀਂ ਮਿਲੀਆਂ ਜੋ ਇੰਜ ਸੜਕਾਂ ਤੇ ਸਾਡੇ ਹਿੰਦੁਸਤਾਨ ਦਾ ਨਾ ਬਦਨਾਮ ਕਰ ਰਹੀਆਂ ਹੋਣ। ਤੁਹਾਨੂੰ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਵਿੱਚ ਕੀ ਆਸਟ੍ਰੇਲੀਆ ਗਏ ਬੱਚਿਆਂ ਦਾ ਇਕ ਵੀ ਚੰਗਾ ਪੱਖ ਦਿਖਾਈ ਨਹੀਂ ਦਿਤਾ? ਇਕ ਪਾਸੇ ਤਾਂ ਬੀਬਾ ਜੀ ਲਿਖ ਰਹੇ ਹਨ ਕਿ ਇੰਡੀਅਨ ਸਟੂਡੈਂਟ ਇਕ-ਇਕ ਦੋ-ਦੋ ਡਾਲਰਾਂ ਲਈ ਆਪਣਾ ਸਰੀਰ ਤਕ ਵੇਚ ਰਹੇ ਹਨ, ਚੋਰੀ-ਚਕਾਰੀ ਕਰ ਰਹੇ ਹਨ ਤੇ ਇਕ ਪਾਸੇ ਇਹਨਾਂ ਨੂੰ ਪੰਜਾਬੀ ਕੁੜੀਆਂ ਬੀਅਰ ਦੇ ਕੇਸ ਫ਼ਰੀਦ ਦੀਆਂ ਦਿਖਾਈ ਦੇ ਰਹੀਆਂ ਹਨ। ਮੈਂ ਤਾਂ ਹੁਣ ਤਕ ਹਜ਼ਾਰਾਂ ਇਹੋ ਜਿਹੇ ਵਿਦਿਆਰਥੀਆਂ ਨੂੰ ਜਾਣਦਾ ਜਿੰਨਾ ਆਪਣੀ ਸਫ਼ਤ ਮਿਹਨਤ ਨਾਲ ਆਪਣਾ ਭਵਿੱਖ ਰੋਸ਼ਨ ਕਰ ਲਿਆ ਹੈ। ਕੁੱਝ ਕਿਸਮਤ ਦੇ ਮਾਰੇ ਜਰੂਰ ਹਾਲੇ ਸੰਘਰਸ਼ ਕਰ ਰਹੇ ਹਨ। ਉਹਨਾਂ ਵਿੱਚੋਂ ਵੀ ਇੱਕਾ-ਦੁੱਕਾ ਹੀ ਇਹੋ ਜਿਹੇ ਹੋਣਗੇ ਜਿਨ੍ਹਾਂ ਆਪਣੀ ਜ਼ਮੀਰ ਨਾਲ ਸਮਝੌਤਾ ਕਰਕੇ ਗ਼ਲਤ ਰਾਹ ਚੁਣਿਆ ਹੋਵੇਗਾ। ਇਹਨਾਂ ਦੀ ਗਿਣਤੀ ਮਸਾਂ ਕੁ ਸੈਂਕੜਿਆਂ ’ਚ ਹੋਵੇਗੀ ਨਾ ਕਿ ਹਜ਼ਾਰਾ ’ਚ ਪਰ ਤੁਸੀ ਤਾਂ ਸਾਰਿਆਂ ਨੂੰ ਇਕੋ ਤੱਕੜੀ ਤੋਲ ਦਿਤਾ।

ਆਸਟ੍ਰੇਲੀਆ ਵਿੱਚ ਪੰਜਾਬੀਆਂ ਦੇ ਕੁਲ ਛੇ ਅਫ਼ਬਾਰ ਨਿਕਲਦੇ ਹਨ ਤੇ ਜਿਨ੍ਹਾਂ ਵਿੱਚੋਂ ਇੱਕ ਦਾ ਮੈਂ ਵੀ ਸਬ-ਐਡੀਟਰ ਹਾਂ ।ਹਰ ਇਕ ਅਫ਼ਬਾਰ ਪੂਰਨ ਰੂਪ ਵਿੱਚ ਜਾਗਰੁਕ ਹੈ ਤੇ ਉਹ ਜਦੋਂ ਵੀ ਕੋਈ ਬੁਰਾਈ ਦੇਖਦਾ ਹੈ ਤਾਂ ਉਹ ਉਸ ਨੂੰ ਉਜਾਗਰ ਕਰਦਾ ਹੈ।ਸਾਡੀ ਨਵੀਂ ਪੀੜੀ ਜੇ ਕਦੇ ਗ਼ਲਤ ਰਸਤੇ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਆਸਟ੍ਰੇਲੀਆ ਵਸਦੇ ਮੇਰੇ ਹਮ -ਕਲਮੀ ਆਪਣੇ ਲੇਖਾਂ ਰਾਹੀਂ ਉਸ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਸੀ ਕਿਸੇ ਕਿਸਮ ਦੀ ਉਣਤਾਈ ਦੇਖਦੇ ਹਾਂ ਤਾਂ ਸੱਚ ਲਿਖਣ ਤੋਂ ਪਿੱਛੇ ਨਹੀਂ ਹਟਦੇ।ਜੇ ਕੁੱਝ ਇੱਕ ਨੌਜਵਾਨਾ ਕਾਰਣ ਸਾਰੇ ਭਾਈਚਾਰੇ ਦਾ ਨਾਂ ਬਦਨਾਮ ਹੁੰਦਾ ਹੈ ਤਾਂ ਅਸੀਂ ਉਸ ਦੇ ਉਲਟ ਲਿਖਦੇ ਹਾਂ, ਨਾ ਕਿ ਹਰ ਇਕ ਨੂੰ ਇਕੋ ਮੋਰੀ ਕੱਢਦੇ ਹਾਂ। ਪਿੱਛੇ ਜਿਹੇ ਮੇਰੇ ਦੋ ਲੇਖ ਦੁਨੀਆ ਭਰ ਵਿੱਚ ਛਪੇ ਸਨ ਤੇ ਉਹਨਾਂ ਵਿੱਚ ਮੈਂ ਇਹਨਾਂ ਨੌਜਵਾਨਾ ਨੂੰ ਬੜੀ ਸਫ਼ਤ ਭਾਸ਼ਾ ਵਿੱਚ ਮਾੜਾ ਕਰਨ ਤੋਂ ਵਰਜਿਆ ਸੀ।ਪਰ ਉਸ ਵਕਤ ਵੀ ਜੇ ਮੈਨੂੰ ਇਹਨਾਂ ਨੌਜਵਾਨਾ ਨਾਲ ਕੋਈ ਗਿਲਾ ਸੀ ਤਾਂ ਉਹ ਕੇਵਲ ਸਿਰ/ ਅਸਭਿਅਕ ਵਿਹਾਰ ਕਾਰਨ ਸੀ। ਜੋ ਕਰਦੇ ਤਾਂ ਕੁੱਝ ਇੱਕ ਲੋਕ ਸਨ ਤੇ ਭੁਗਤਦੇ ਸਾਰੇ ਸਨ। ਪਰ ਹੌਲੀ-ਹੌਲੀ ਇਹ ਵੀ ਦੂਰ ਹੋ ਰਿਹਾ ਹੈ ਤੇ ਹੁਣ ਸਿਰ/ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕੋਈ ਜਿਆਦਾ ਸੁਣਨ ਨੂੰ ਨਹੀਂ ਮਿਲਦਾ।

ਬੀਬੀ ਜੀ ਦੇ ਇਸ ਲੇਖ ਤੋਂ ਬਾਅਦ ਤਾਂ ਇਕ ਹੀ ਨਤੀਜਾ ਨਿਕਲਦਾ ਹੈ ਕਿ ਆਸਟ੍ਰੇਲੀਆ ਵਿੱਚ ਕੰਮ ਕਰ ਰਹੀ ਪ੍ਰੈਂਸ ਇਮਾਨਦਾਰ ਨਹੀਂ ਇਹਨਾਂ ਨੂੰ ਇਥੇ ਬੈਠੀਆਂ ਨੂੰ ਇਹੋ ਜਿਹਾ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਕ ਸੈਰ-ਸਪਾਟਾ ਕਰਨ ਆਈ ਬੀਬੀ ਨੂੰ ਸਭ ਕੁੱਝ ਦਿੱਖ ਗਿਆ। ਇਸ ਦਾ ਮਤਲਬ ਜਾਂ ਤਾਂ ਆਸਟ੍ਰੇਲੀਆ ਵਿੱਚ ਬੈਠੀ ਹਿੰਦੁਸਤਾਨੀ ਪ੍ਰੈਂਸ ਅੰਨ੍ਹੀ ਹੈ ਜਾਂ ਇਮਾਨਦਾਰ ਨਹੀਂ । ਜੋ ਅੰਕੜੇ ਇਹਨਾਂ ਆਪਣੇ ਇਸ ਲੇਖ ਵਿੱਚ ਦਿੱਤੇ ਹਨ ਉਹ ਸਾਨੂੰ ਤਾਂ ਆਸਟ੍ਰੇਲੀਆ ਵਸਦਿਆਂ ਨੂੰ ਵੀ ਨਹੀਂ ਕੀਤੇ ਲੱਭੇ। ਮੈਂ ਆਸਟ੍ਰੇਲੀਆ ਦਾ ਕੋਨਾ-ਕੋਨਾ ਗਾਹ ਮਾਰਿਆ ਮੈਨੂੰ ਤਾਂ ਕਿਤੇ ਇਹੋ ਜਿਹੀਆਂ ਗਲੀਆਂ ਨਹੀਂ ਲੱਭੀਆਂ ਜਿਥੇ ਜਾਣ ਲਈ ਸਿਰ ਝੁਕਾਉਣਾ ਪਵੇ । ਜੇ ਕਿਸੇ ਇਕ ਕੁੜੀ ਨੇ ਇਹੋ ਜਿਹੀ ਹੱਡ ਬੀਤੀ ਡਾਕਟਰ ਸਾਹਿਬ ਨੂੰ ਸੁਣਾ ਦਿੱਤੀ ਤਾਂ ਇਹ ਤਾਂ ਨਹੀਂ ਹੋ ਗਿਆ ਕਿ ਆਸਟ੍ਰੇਲੀਆ ਜਾ ਕੇ ਹਰ ਕੁੜੀ ਕੰਵਾਰੀ ਮਾਂ ਬਣੀ ਫਿਰਦੀ ਹੈ। ਕੁੜੀ ਦੀ ਆਵਾਜ਼ ਦੁਨੀਆ ਮੂਹਰੇ ਲਿਆਉਣ ਵਾਲੀ ਡਾਕਟਰ ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀਆਂ ਕੁੜੀਆਂ ਦੀ ਕਿਸਮਤ ਮੂਹਰੇ ਇਕ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ। ਹੁਣ ਤਕ ਇਹਨਾਂ ਦੇ ਮਾਪੇ ਸੋਚਦੇ ਸਨ ਕਿ ਸਾਨੂੰ ਕੁੜੀ ਦੇ ਵਿਆਹ ਵਿੱਚ ਦਾਜ ਦੇਣ ਦੀ ਲੋੜ ਨਹੀਂ ਕਿਉਂਕਿ ਸਾਡੀ ਕੁੜੀ ਵਿਦੇਸ਼ ਵਿੱਚ ਸੈਂਟ ਹੈ। ਪਰ ਮੇਰੇ ਹਿਸਾਬ ਨਾਲ ਹੁਣ ਮੁੰਡੇ ਵਾਲੇ ਇਹ ਲੇਖ ਪੜ੍ਹ ਕੇ ਸੋ ਵਾਰ ਸੋਚਣਗੇ ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਰਿਸ਼ਤਾ ਕਰਨ ਲਈ।

ਹਰ ਰੋਜ ਮੇਰੇ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਸੈਂਕੜੇ ਸਟੂਡੈਂਟਸ ਦੇ /ੋਨ ਆਉਂਦੇ ਹਨ ਪਰ ਮੈਨੂੰ ਕਦੇ ਕਿਸੇ ਨੇ ਇਹੋ ਜਿਹੀਆਂ ਕਹਾਣੀਆਂ ਨਹੀਂ ਸੁਣਾਈਆਂ। ਇਸ ਲੇਖ ਨੂੰ ਪੜ੍ਹ ਕੇ ਮੈਂ ਕੁੱਝ ਇੱਕ ਇਹੋ ਜਿਹੇ ਜ਼ੁੰਮੇਵਾਰ ਬੰਦਿਆਂ ਨਾਲ ਗੱਲ ਕੀਤੀ ਜੋ ਕਿ ਪਿਛਲੇ ਵੀਹ ਤੋਂ ਵੀ ਜਿਆਦਾ ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਹਨ ਤਾਂ ਕੇ ਮੈਂ ਜਾਣ ਸਕਾਂ ਕਿ ਕਿਤੇ ਮੈਂ ਹੀ ਤਾਂ ਗ਼ਲਤ ਨਹੀਂ ਤੇ ਡਾਕਟਰ ਹਰਸ਼ਿੰਦਰ ਕੌਰ ਸੱਚ ਲਿਖ ਰਹੀ ਹੋਵੇ?

ਸੱਥ ਵਿੱਚ ਬੈਠੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਮੈਂ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਟੈਕਸੀ ਚਲਾ ਰਹੇ ਇਕ ਪੰਜਾਬੀ ਨੂੰ /ੋਨ ਮਿਲਾ ਕੇ ਲੋਕਾਂ ਮੂਹਰੇ ਸਵਾਲ ਕੀਤਾ ਕਿ ਪਿਛਲੇ ਪੰਦਰਾਂ ਵਰ੍ਹਿਆਂ ਵਿੱਚ ਤੁਸੀ ਕਿੰਨੀਆਂ ਪੰਜਾਬੀ ਕੁੜੀਆਂ ਨੂੰ ਵੇਸਵਾ ਪੁਣੇ ਕਰਦੇ ਦੇਖਿਆ? ਤਾਂ ਉਸ ਦਾ ਜਵਾਬ ਸੀ ਇਕ ਵੀ ਨਹੀਂ। ਪਰ ਡਾਕਟਰ ਸਾਹਿਬ ਨੂੰ ਪੰਦਰਾਂ ਦਿਨਾਂ ਵਿੱਚ ਪੱਚੀ ਹਜ਼ਾਰ ਕੁੜੀਆਂ ਇਸ ਧੰਦੇ ਵਿੱਚ ਦਿਸ ਗਈਆਂ।ਫੇਰ ਮੈਂ ਇਹੀ ਸਵਾਲ ਇਕ ਹੋਰ ਪੁਰਾਣੇ ਬੰਦੇ ਨੂੰ ਕਰਿਆ ਜੋ ਕਿ ਕਾ/ੀ ਚਿਰ ਤੋਂ ਰੇਡੀਓ ਨਾਲ ਜੁੜਿਆ ਹੋਇਆ ਹੈ; ਉਸ ਦਾ ਜਵਾਬ ਵੀ ਪਹਿਲਾ ਨਾਲੋਂ ਵੱਖਰਾ ਨਹੀਂ ਸੀ। ਚਲੋ ਛੱਡੋ ਮੈਂ ਤਾਂ ਇਕ ਪਿੰਡ ਦੀ ਖੁੰਢ ਚਰਚਾ ਨੂੰ ਵਿਰਾਮ ਲੱਗਾ ਦਿਤਾ ਦੋ /ੋਨ ਕਰਕੇ, ਪਰ ਬਾਕੀ ਬਾਰਾਂ ਹਜ਼ਾਰ ਚਾਰ ਸੋ ਪਿੰਡਾਂ ਤੇ ਵੱਡੇ-ਵੱਡੇ ਸ਼ਹਿਰਾਂ ਦਾ ਕੀ ਬਣੂ ਜਿਥੇ ਆਸਟ੍ਰੇਲੀਆ ਨਾਲ ਜੁੜੇ ਹਰ ਬੰਦੇ ਪ੍ਰਤੀ ਬੁਰੇ ਵਿਚਾਰ ਪੈਦਾ ਹੋ ਗਏ ਹਨ।

ਜੋ ਇਸ ਸਤਿਕਾਰ ਯੋਗ ਬੀਬਾ ਨੇ ਸਾਡੇ ਮੁੰਡਿਆਂ ਬਾਰੇ ਲਿਖਿਆ ਹੈ ਕਿ ਉਹ ਚੋਰੀਆਂ ਕਰਦੇ ਹਨ ਇਹ ਤਾਂ ਮੇਰੀ ਸਮਝੋ ਬਾਹਰ ਦੀ ਗੱਲ ਹੈ। ਹੁਣ ਤਕ ਇਕ ਸ਼ਿਕਾਇਤ ਤਾਂ ਆਉਂਦੀ ਸੀ ਕਿ ਇਹ ਅਸਭਿਅਕ ਹਨ। ਪਰ ਇਹ ਕਦੇ ਨਹੀਂ ਸੁਣਿਆ ਕਿ ਕੋਈ ਪੰਜਾਬੀ ਚੋਰੀ ਕਰਕੇ ਢਿੱਡ ਪਾਲਦਾ । ਇਕ ਹੋਰ ਬੀਬਾ ਜੀ ਨੇ ਲਿਖਿਆ ਕਿ ਇਕ ਦੁਆਬੇ ਦਾ ਮੁੰਡਾ ਉਹਨਾਂ ਨੂੰ ਮਿਲਿਆ ਜਿਸ ਕੋਲ ਇੰਡੀਆ ਵਿਚ ਸੋ ਕਿੱਲਾ ਜਮੀਨ ਸੀ ਤੇ ਉਹ ਇਥੇ ਦਿਹਾੜੀ ਕਰ ਰਿਹਾ ਹੈ ਤੇ ਜਦੋਂ ਬੀਬਾ ਜੀ ਨੇ ਉਸ ਨੂੰ ਇੰਡੀਆ ਵਾਪਿਸ ਜਾਣ ਲਈ ਕਿਹਾ ਤਾਂ ਉਹ ਕਹਿੰਦਾ; ਕਿ ਹੁਣ ਉਸ ਕੋਲ ਇੰਡੀਆ ਵੀ ਕੁੱਝ ਨਹੀਂ ਸਭ ਵਿਕ ਗਿਆ। ‘ਕਿਆ ਚੁਟਕਲਾ ਲਿਖਿਆ ਬੀਬਾ ਜੀ ਨੇ’ ਜਾਂ ਫੇਰ ਉਸ ਮੁੰਡੇ ਨੇ ਆਪ ਘੜਿਆ ਹੋਣਾ? ਪਰ ਚਲੋ ਮੁੰਡੇ ਨੇ ਤਾਂ ਆਪਣੀ ਵਿਆਖਿਆ ਸੁਣਾ ਦਿੱਤੀ ਪਰ ਇੰਨੇ ਪੜ੍ਹੇ ਲਿਖੇ ਬੀਬਾ ਜੀ ਨੂੰ ਇਹ ਨਹੀਂ ਪਤਾ ਕਿ ਦੁਆਬੇ ਵਿੱਚ 100 ਕਿਲ੍ਹੇ ਜਮੀਨ ਦਾ ਕੀ ਮੁੱਲ ਹੈ । ਇਕ ਮੁੰਡਾ ਤਾਂ ਕੀ ਦੁਆਬੇ ਦਾ ਸੋ ਕਿੱਲਾ ਤਾਂ ਇਕ ਪਿੰਡ ਨੂੰ ਵਿਦੇਸ਼ ਭੇਜ ਕੇ ਨਾ ਵਿਕੇ ।

ਅਸੀਂ ਵੀ ਬੀਬਾ ਜੀ ਦੀ ਇਕ ਗੱਲ ਨਾਲ ਸਹਿਮਤ ਹਾਂ ਕਿ ਐਵੇਂ ਦੇਖੋ-ਦੇਖੀ ਵਿਦੇਸ਼ ਵੱਲ ਭੱਜਣਾ ਸਹੀ ਨਹੀਂ ਹੈ ਪਰ ਜੋ ਉਦਾਹਰਣਾਂ ਦੇ ਕੇ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਡੇ ਹਜ਼ਮ ਨਹੀਂ ਹੋ ਰਿਹਾ।

ਡਾਕਟਰ ਸਾਹਿਬ ਨੇ ਆਪਣੀ ਫੀਲਡ ਵਿੱਚ ਬੜਾ ਸ਼ਲਾਘਾ ਯੋਗ ਕੰਮ ਕੀਤਾ ਹੈ। ਪਰ ਸਾਡੀ ਉਹਨਾਂ ਨੂੰ ਗੁੰਜਾਰਸ਼ ਹੈ ਕਿ ਕਿਰਪਾ ਕਰਕੇ ਕੁੱਝ ਵੀ ਲਿਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਘੋਖ ਲਿਆ ਕਰੋ। ਦੂਜੀ ਬੇਨਤੀ ਇਹ ਹੈ ਕਿ ਜਿਸ ਢੰਗ ਦੇ ਪ੍ਰਚਾਰ ਵਿੱਚ ਤੁਹਾਨੂੰ ਮੁਹਾਰਤ ਹਾਸਿਲ ਹੈ ਉਸ ਦੀ ਮੇਰੀ ਜਨਮ ਭੂਮੀ ਨੂੰ ਬੜੀ ਸਫ਼ਤ ਲੋੜ ਹੈ। ਸੋ ਐਵੇਂ ਕੁੱਝ ਡਾਲਰਾਂ ਲਈ ਆਪਣਾ ਵਕਤ ਵਿਦੇਸ਼ਾਂ ਦੇ ਦੌਰਿਆਂ ਚ ਨਾਂ ਫ਼ਰਾਬ ਕਰੋ ਕਿਉਂਕਿ ਵਿਦੇਸ਼ ਵਿੱਚ ਭਰੂਣ ਹੱਤਿਆ ਵਰਗੀ ਕੋਈ ਸਮੱਸਿਆ ਨਹੀਂ ਹੈ ਤੇ ਨਾਂ ਹੀ ਕਿਸੇ ਕੋਲ ਇੰਨਾ ਵਕਤ ਹੈ ਕਿ ਉਹ ਤੁਹਾਨੂੰ ਸੁਣ ਸਕਣ ਕਿਉਂਕਿ ਤੁਸੀ ਆਪ ਹੀ ਦੇਖ ਚੁੱਕੇ ਹੋ ਕਿ ਕਿੰਨੇ ਕੁ ਲੋਕ ਤੁਹਾਡੇ ਵਿਚਾਰ ਸੁਣਨ ਨੂੰ ਆਏ ਸਨ ਆਸਟ੍ਰੇਲੀਆ ਦੌਰੇ ਦੌਰਾਨ ।

ਲੋਹੜੀ ਦਾ ਪਿਛੋਕੜ ਵਰਤਮਾਨ ਅਤੇ ਭਵਿਖ .......... ਲੇਖ਼ / ਮੁਹਿੰਦਰ ਸਿੰਘ ਘੱਗ

ਸ਼ੂਰਜ ਅਲੋਪ ਹੁੰਦਿਆਂ ਹੀ ਛੋਟੇ ਬਾਲਾਂ ਤੋਂ ਲੈ ਕੇ ਪੰਦਰਾਂ ਸੋਲਾਂ ਸਾਲ ਦੇ ਗੱਭਰੂਆਂ ਵਲੋਂ ਗਲੀ ਮੁੱਹਲਿਆਂ ਵਿਚ ਉਚੀ ਸੁਰ ਵਿਚ ਗਾਇਆ ਅੰਬੀਆ ਵਈ ਅੰਬੀਆ ਦਾ ਰਾਗ ਲੋਹੜੀ ਦਾ ਸੁਨੇਹਾ ਦੇਣ ਲਗ ਜਾਂਦਾ ਸੀ। ਪੋਹ ਦੀ ਆਖਰੀ ਰਾਤ ਇਕ ਸਾਂਝਾ ਧੂਣਾ ਬਾਲ ਕੇ ਇਸਤ੍ਰੀਆਂ ਮਰਦ ਲੋਹੜੀ ਸੇਕਦੇ , ਮੂੰਗਫਲੀ ,ਰੇਓੜੀਆਂ ਅਤੇ ਹੋਰ ਕਈ ਕੁਝ ਖਾਦੇਂ ਨੱਚਦੇ ਗਾਉਂਦੇ ਸਦੀਆਂ ਤੋਂ ਚਲੀ ਆਂਉਂਦੀ ਪਰਮਪਰਾ ਲੋਕ ਅਦਬ ਆਪਸੀ ਸਾਂਝ ਦੀ ਖੂਬਸੂਰਤ ਤਸਵੀਰ ਦੀ ਹੀ ਸਾਂਭ ਸੰਭਾਲ ਕਰਦੇ ਆ ਰਹੇ ਸਨ। ਸੀ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਹੈ ਕਿਊਂਕਿ 1953 ਤੋਂ ਬਾਅਦ ਮੈਂਨੂੰ ਕਦੇ ਵੀ ਪੰਜਾਬ ਦੀ ਲੋਹੜੀ ਦੇਖਣ ਦਾ ਸੁਭਾਗ ਹੀ ਨਹੀਂ ਪਰਾਪਤ ਹੋਇਆ, ਕੁਝ ਧਾਰਮਕ ਆਗੂਆਂ ਵਲੋਂ ਸਮੁਚੀ ਮਨੁਖ ਜ਼ਾਤੀ ਦੇ ਸਾਂਝੇਂ ਤਿਉਹਾਰ ਨੂੰ ਬ੍ਰਾਹਮਣੀ ਤਿਉਹਾਰ ਗਰਦਾਨਣ ਕਾਰਨ ਅਤੇ ਨਾਨਕ ਸ਼ਾਹੀ ਕੈਲੰਡਰ ਨਾਲ ਇਸ ਦੀ ਸਹੀ ਤਰੀਕ ਵਿਚ ਰੌਲ ਘਚੋਲਾ ਪੈਣ ਨਾਲ ਇਸ ਮੋਜ ਮੇਲੇ ਦੇ ਤਿਉਹਾਰ “ਭੇਣ ਭਰਾ ਦੇ ਪਿਆਰ ਦੀ ਝੱਲਕ , ਨਿਰਛਲ ਬਚਿਆਂ ਵਲੋਂ ਸਾਂਝੇ ਅਤੇ ਸਾਦਾ ਜਿਹੇ ਗੀਤ ਗਾਉਣ ਦੀਆਂ ਆਵਾਜ਼ਾਂ , ਭੇਣਾ ਵਲੋਂ ਆਪਣੇ ਭਰਾਵਾਂ ਦੀ ਬਹਾਦਰੀ ਅਤੇ ਸੁਖਾਂ ਮਨਾਉਣ ਵਾਲੇ ਗੀਤ । ਸਦੀਆਂ ਤੋਂ ਚਲੀ ਆ ਰਹੀ ਸਾਡੀ ਵਿਰਾਸਤ ਅਤੇ ਸਭਿਆਚਾਰ ਦੀ ਤਸਵੀਰ ਕਿਨੀ’ਕ ਧੁੰਦਲੀ ਹੋਈ ਹੈ ਇਸ ਬਾਰੇ ਪਾਠਕ ਹੀ ਸਹੀ ਅੰਦਾਜ਼ਾ ਲਾ ਸਕਦੇ ਹਨ।
ਲੋਹੜੀ ਦਾ ਪਿਛੋਕੜ
ਸੂਰਜ ,ਅੱਗ ਅਤੇ ਸਰਦ ਰੁਤ ਇਸ ਮੌਸਮੀ ਤਿਉਹਾਰ ਦੀ ਰੂਪ ਰੇਖਾ ਉਲੀਕਦੇ ਹਨ। ਪੁਰਾਤਨ ਮਨੁਖ ਵਲੋਂ ਮਾੜੀਆਂ ਮੋਟੀਆਂ ਉਸਾਰੀਆਂ ਝੁੱਗੀਆਂ ਕੜਾਕੇ ਦੀ ਸਰਦੀ ਤੋਂ ਉਸ ਦਾ ਬਚਾ ਨਹੀਂ ਸੀ ਕਰ ਸੱਕਦੀਆਂ। ਸਰਦੀ ਤੋਂ ਬਚਣ ਲਈ ਕੁਦਰਤੀ ਸਾਧਨ ਤਾਂ ਸੂਰਜ ਹੀ ਸੀ । ਦਿਨੇ ਸੂਰਜ ਦਾ ਨਿੱਘ ਮਾਣਦਾ ਮਨੁਖ ,ਸ਼ਾਮ ਨੂੰ ਸੂਰਜ ਦੇ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਨ ਲਗ ਜਾਂਦਾ ਅਤੇ ਰਾਤ ਲੰਘਾਉਣ ਲਈ ਅੱਗ ਦਾ ਸਹਾਰਾ ਭਾਲਦਾ। ਕੋਹਰਾ ਪੈਂਣ ਤੇ ਜਦ ਕਈ ਕਈ ਦਿਨ ਸੂਰਜ ਦੇ ਦਰਸ਼ਣ ਨਾ ਹੁੰਦੇ ਤਾਂ ਉਹ ਘੱਬਰਾ ਜਾਂਦਾ । ਸੂਰਜ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਟੂਣੇ ਜਾਦੂ ਕਰਨ ਵਾਲੀ ਸ਼ਰੈਣੀ ਦੇ ਚਰਨੀ ਜਾ ਲਗਦਾ। ਇਸ ਦੇ ਬਗੈਰ ਉਸ ਪਾਸ ਕੋਈ ਚਾਰਾ ਵੀ ਨਹੀਂ ਸੀ। ਕੋਈ ਚਾਰ ਹਜ਼ਾਰ ਸਾਲ ਤੋਂ ਮੇਸੋ ਪਟੇਮੀਆ (ਅੱਜ ਦਾ ਇਰਾਕ) ,ਪਰਸ਼ੀਆ , ਇਟਲੀ ਅਤੇ ਮਿਸਰ ਅਤੇ ਹੋਰ ਬਹੁਤ ਸਾਰੇ ਯੁਰਪੀਅਨ ਦੇਸ਼ਾਂ ਵਿਚ ਸੂਰਜ ਦੀ ਮਦਦ ਕਰਨ ਅਤੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਬਚਾਉਣ ਲਈ ਕਈ ਉਪਾ ਕੀਤੇ ਜਾਂਦੇ ਸਨ। ਲੋਹੜੀ ਮੇਲੇ ਦੇ ਜਨਮ ਦਾਤਾ ਸੂਰਜ ਦੀ ਕਹਾਣੀ ਛੇੜਣ ਤੋਂ ਪਹਿਲਾਂ ਸੂਰਜ ਬਾਰੇ ਕੁਝ ਲਾਈਨਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਅੱਤ ਪੁਰਾਣਾ ਸਾਡਾ ਸੂਰਜ ,ਪਹਿਲਾਂ ਵਾਗੂੰ ਨਵਾਂ ਨਕੋਰ । ਸਦੀਆਂ ਤੋਂ ਹੀ ਵੰਡ ਰਿਹਾ ਹੈ ਗਰਮੀ ਤੇ ਚਮਕੋਰ। ਇਸ ਦੀ ਲੋ ਦੀ ਤੇਜ਼ੀ ਅਗੇ ਟਿਕਦਾ ਕਦੋਂ ਅੰਧੇਰਾ। ਉਤਰ ਵਲ ਜਦ ਝਾਤੀ ਮਾਰੇ ਆਖਣ ਹੋਇਆ ਸਵੇਰਾ। ਸਭ ਦਾ ਸੇਵਕ ਸਭ ਦਾ ਸਾਂਝਾ ਸਭ ਨੂੰ ਲੋ ਪਿਆ ਵੰਡੇ। ਮੂਰਖ ਵੰਡੀਆਂ ਪਾ ਕੇ ਆਖੇ ਆਹ ਤੇਰਾ ਆਹ ਮੇਰਾ।
‘ ਸੂਰਜ ਏਕੋ ਰੁਤ ਅਨੇਕ “ ਮੋਸਮਾਂ ਦੀ ਅਦਲਾ ਬਦਲੀ ਧਰਤੀ ਦੀ ਸੂਰਜ ਉਦਾਲੇ ਗਰਦਸ਼ ਕਾਰਨ ਹੈ। ਸੂਰਜ ਦੀ ਪ੍ਰਕਰਮਾਂ ਕਰਦੀ ਸਾਡੀ ਧਰਤੀ ਜਦ ਦਿਵਾਲੀ ਤਕ ਵੱਧੀ ਵਿੱਥ ਨੂੰ ਸੁਕੇੜਨ ਲੱਗੀ ਹੋਈ ਹੁੰਦੀ ਹੈ ਅਤੇ ਨਾਲ ਹੀ ਸੂਰਜ ਉਤਰਾਇਨ ਵਿਚ ਆ ਜਾਂਦਾ ਹੈ ਤਾਂ ਹਰ ਦਿਨ ਸੂਰਜ ਦੀ ਹਾਜ਼ਰੀ ਦਾ ਸਮਾਂ ਵੱਧਣ ਨਾਲ ਸਰਦੀ ਘੱਟਣ ਲੱਗਦੀ ਹੈ। ਤਕਰੀਬਨ 25 ਦਸੰਬਰ ਤੋਂ ਬਾਅਦ ਦਿਨ ਵੱਧਣ ਲਗ ਜਾਂਦੇ ਹਨ ਬੜੇ ਬਜ਼ੁਰਗ ਕਿਹਾ ਕਰਦੇ ਸਨ ਕਿ ਲੋਹੜੀ ਵਾਲੇ ਦਿਨ ਤਕ ਤਾਂ ਦਿਨ ਬਕਰੇ ਜਿਡੀ ਛਾਲ ਮਾਰ ਜਾਂਦਾ ਹੈ । ਮੋਸਮ ਦੀ ਤਬਦੀਲੀ ਨਾਲ ਧਰਤੀ ਵਿਚ ਦਬਿਆ ਬੀਜ ਵੀ ਗਰਮਾਇਸ਼ ਮੇਹਸੂਸ ਕਰਕੇ ਉਸਲਵਟੈ ਲੈਣ ਲੱਗਦਾ ਹੈ। ਪਰਿੰਦ ਚਰਿੰਦ ਵਿਚ ਵੀ ਹਿਲ ਜੁਲ ਹੋਣ ਲੱਗਦੀ ਹੈ । ਫੇਰ ਬਦਲਦੇ ਮੋਸਮ ਨਾਲ ਪੁਰਾਤਨ ਮਨੁਖ ਦਾ ਪ੍ਰਭਾਵਤ ਹੋਣਾ ਵੀ ਤਾਂ ਸੁਭਾਵਕ ਹੀ ਸੀ ਉਸ ਨੇ ਵੀ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ । ਕੋਈ ਚਾਰ ਹਜ਼ਾਰ ਸਾਲ ਤੋਂ 25 ਦਸੰਬਰ ( ਕਰਾਈਸਟ ਦੇ ਜਨਮ ਬਾਰੇ ਤਾਂ ਹਾਲੇ ਕੋਈ ਖਾਸ ਤਰੀਕ ਨੀਅਤ ਨਹੀਂ ਹੋਈ ਇਹ ਤਾਂ ਮਨੁਖਤਾ ਦਾ ਮੇਲਾ ਸੀ ਜਿਸ ਤੇ ਕ੍ਰਿਸ਼ਚੀਅਨ ਨੇ ਕ੍ਰਿਸਮਸ ਦਾ ਨਾਂ ਦੇ ਕੇ ਕਬਜ਼ਾ ਕਰ ਲਿਆ ) ਤੋਂ ਸ਼ੁਰੂ ਹੋ ਕੇ ਅੱਧ ਜਨਵਰੀ ਤਕ ਸੂਰਜ ਨੂੰ ਮੁੜ ਸੁਰਜੀਤ ਦੇਖ ਕੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ । ਇਟਲੀ ਵਿਚ ਲੋਕ ਸਾਡੀ ਲੋਹੜੀ ਵਾਂਗ ਗਲੀਆਂ ਵਿਚ ਗਾਊਂਦੇ ਹੁੰਦੇ ਸਨ। ਕ੍ਰਿਸ਼ਚੀਅਨ ਪਰੀਸਟ ਨੇ ਆਪਣੇ ਸੇਵਕਾ ਤੇ ਇਸ ਤਰਾਂ ਗਾਉਣ ਤੇ ਰੋਕ ਲਾਈ ਇਸ ਕਰਕੇ ਨਹੀਂ ਕਿ ਇਹ ਕੋਈ ਮਾੜਾ ਕੰਮ ਸੀ ਬਲਕਿ ਇਸ ਲਈ ਕਿ ਇਹ ਲੋਕ ਫੇਰ ਆਪਣੇ ਪੁਰਾਣੇ ਧਰਮ ਵਿਚ ਹੀ ਨਾ ਰਲ ਜਾਣ।
ਰਿਗ ਵੇਦ ਵਿਚ ਵੀ ਇਸ ਬਾਰੇ ਕੁਝ ਜ਼ਿਕਰ ਹੈ ਕਿ ਇਕ ਦੇਵੀ ( ਸ਼ਕਤੀ ) ਵਲੌਂ ਇਕ ਖੂੰਖਾਰ ਰਾਖਸ਼ ਨੂੰ ਅੱਗ ਵਿਚ ਸਾੜ ਦੇਣ ਤੇ ਅੱਗ ਦੀ ਪੂਜਾ ਸ਼ੁਰੂ ਹੋ ਗਈ। ਰਿਗ ਵੇਦ ਦੀ ਇਸ ਕਹਾਣੀ ਦੇ ਅਧਾਰ ਤੇ ਕਈ ਧਾਰਮਕ ਲੇਖਕਾਂ ਵਲੋਂ ਲੋਹੜੀ ਦੀ ਧੂਣੀਂ ਨੂੰ ਅੱਗਨੀ ਪੂਜਾ ਆਖਣਾ ਰੜਕਦਾ ਹੈ । ਭਾਰਤ ਵਿਚ ਹੀ ਨਹੀਂ ਅਮੀਰ ਦੇਸ਼ਾ ਵਿਚ ਵੀ ਕੜਾਕੇ ਦੀ ਸਰਦੀ ਤੋਂ ਬਚਣ ਲਈ ਅੱਗ ਦੇ ਧੂਣੇ ਅੱਗੇ ਬੈਠੇ ਬੇ ਘਰੇ ਲੋਕ ਅੱਜ ਵੀ ਦੇਖਣ ਨੂੰ ਮਿਲਣਗੇ । ਕੜਾਕੇ ਦੀ ਸਰਦੀ ਵੇਲੇ ਤਾਂ ਧੂਣੀ ਸੇਕ ਲਈ ਕੋਈ ਹਰਜ਼ ਨਹੀਂ ਅਤੇ ਸਰਦੀ ਲੱਘਣ ਤੇ ਅੱਗਨੀ ਦੀਆਂ ਸੇਵਾਂਵਾਂ ਨੂੰ ਯਾਦ ਕਰਦਿਆਂ ਜੇ ਉਸ ਦੇ ਉਦਾਲੇ ਨੱਚ ਗਾ ਲਿਆ ਤਾਂ ਅੱਗਨੀ ਪੂਜਾ ਆਖ ਕੇ ਨਿੰਦ ਦਿਤਾ ਇਹ ਕਿਥੇ ਦਾ ਇਨਸਾਫ ਹੈ । ਕਿਸੇ ਵਲੋਂ ਕੋਈ ਸੇਵਾ ਪਰਾਪਤ ਕਰਨ ਉਪਰੰਤ ਉਸਦਾ ਧੰਨਵਾਦ ਕਰਨਾ ਸਭਯਿਕ ਕੌਮਾਂ ਦੀ ਨਿਸ਼ਾਨੀ ਹੈ।ਅੱਗ ਦੇ ਉਸ ਸੇਕ ਦਾ ਧੰਨਵਾਦ ਕਰਨ ਵਿਚ ਜੇ ਕੋਈ ਹਰਜ ਹੈ ਤਾਂ ਗੁਰਬਾਣੀ ਦੇ ਖੋਜੀਆਂ ਅਗੇ ਬੇਨਤੀ ਕਰਾਂਗਾ ਕਿ ਉਹ ਗੁਰਬਾਣੀ ਦਾ ਹਵਾਲਾ ਦੇ ਕੇ ਸਾਨੂੰ ਜਾਗਰੂਕ ਕਰਨ ਕਿ ਕਿਸੇ ਦਾ ਸ਼ੁਕਰਾਨਾ ਕਰਨਾ ਠੀਕ ਹੈ ਜਾ ਨਹੀਂ।
ਸਰਦ ਰੁਤ ਬਾਰੇ ਇਕ ਕਹਾਵਤ ਹੈ “ ਬਾਲਨ ਕੋ ਮੈਂ ਛੂਵਤ ਨਾਹੀ ਬੜੇ ਹਮਾਰੇ ਭਾਈ ਬੂੜ੍ਹਨ ਕੋ ਮੇਂ ਛੋੜੂੰ ਨਾਹੀ ਉਹੜੇਂ ਲਾਖ ਰਜਾਈ “ ਬਾਲ ਤਾਂ ਟੱਪਦੇ ਕੁੱਦਦੇ ਰਹਿੰਦੇ ਹਨ। ਜੁਆਨ ਆਪਣੇ ਕੰਮ ਕਾਜ ਵਿਚ ਹੋਣ ਕਾਰਨ ਠੰਡਕ ਨੂੰ ਕਟ ਗੁਜ਼ਰਦੇ ਹਨ ਔਖਾ ਤਾਂ ਬਜ਼ੁਰਗਾਂ ਲਈ ਹੈ ਜਿਸਮਾਨੀ ਤਾਕਤ ਕਮਜ਼ੋਰ ਹਿਲਜੁਲ ਨਾ ਸਕਣ ਕਾਰਨ ਠੰਡ ਜ਼ਿਆਦਾ ਮਾਰ ਕਰਦੀ ਹੈ। ਅੱਜ ਸਾਡੇ ਪਾਸ ਘਰਾਂ ਨੂੰ ਗਰਮ ਕਰਨ ਦਾ ਇੰਤਜ਼ਾਮ ਹੈ ਜਿਸਮ ਨੂੰ ਨਿਘਾ ਰਖਣ ਲਈ ਗਰਮ ਕਪੜੇ ਹਨ ਫੇਰ ਵੀ ਵੱਡੀ ਉਮਰ ਵਾਲਿਆਂ ਲਈ ਤਾਂ ਸਰਦੀ ਮੌਤ ਦਾ ਵਾਰੰਟ ਲੈ ਕੇ ਆਉਦੀ ਹੇ ਪੁਰਾਤਨ ਮਨੁਖ ਪਾਸ ਤਾਂ ਕੋਈ ਸਾਧਨ ਹੀ ਨਹੀਂ ਸੀ। ਉਹ ਤਾਂ ਨਿਛ ਨੂੰ ਵੀ ਮੌਤ ਦਾ ਵਰੰਟ ਸਮਝਦਾ ਸੀ ਤਦੇ ਤਾਂ ਜਦ ਕਿਸੇ ਨੂੰ ਨਿਛ ਆਈ ਤੇ ਗੋਡ ਬਲੈਸ ਯੂ ( ਰਬ ਤੇਰੇ ਤੇ ਕਿਰਪਾ ਰਖੈ) ਦਾ ਮੁਹਾਵਰਾ ਪ੍ਰਚੱਲਤ ਹੋਇਆ
ਜਦ ਦਿਨ ਵੱਧਣ ਲਗੇ । ਸੂਰਜ ਵੀ ਵੱਧ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਸਾਡੇ ਬਜ਼ੁਰਗਾਂ ਨੇ ਮਾਘੀ ਦੀ ਸੰਗਰਾਂਦ ਤੋਂ ਪਹਿਲੀ ਰਾਤ ਧੂਣੀਆਂ ਨੂੰ ਅਲਵਿਦਾ ਕਹਿਣ ਲਈ ਮਿਥ ਲਈ ਤਾ ਕਿ ਬਗੈਰ ਜ਼ਰੂਰਤ ਤੋਂ ਧੂਣੀਆਂ ਬਾਲ ਕੇ ਵਾਤਾਵਰਨ ਨੂੰ ਹੋਰ ਪਰਦੂਸ਼ਤ ਨਾ ਕੀਤਾ ਜਾਵੇ ਬਜ਼ੁਰਗਾਂ ਦੀ ਸੂਝ ਦੀ ਇਕ ਹੋਰ ਗੱਲ ਵੀ ਵਿਚਾਰਨ ਯੋਗ ਹੈ ਕਿ ਉਹ ਲੋ੍ਹੜੀ ਦੀ ਧੂਣੀ ਤੇ ਹੀ ਨਹੀਂ ਬਲਕਿ ਹਰ ਅੱਗ ਤੇ ਸਵਾਏ ਸੁਕੇ ਬਾਲਣ ਤੋਂ ਕੁਝ ਵੀ ਨਹੀਂ ਸੀ ਸੁਟਦੇ । ਲੋਹੜੀ ਸਮੇਂ ਤਿਲ ਰਿਉੜੀਆਂ ਜਾਂ ਕੁਝ ਹੋਰ ਮੇਵੇ ਤਾਂ ਧੂਣੀ ਵਿਚ ਸੁਟੇ ਜਾ ਸਕਦੇ ਹਨ( ਅਖੰਡਪਾਠ ਸਮੇਂ ਜੋ ਧੂਫ ਤਿਆਰ ਕੀਤੀ ਜਾਂਦੀ ਸੀ ਉਸ ਵਿਚ ਮੇਵੇ ਹੀ ਤਾਂ ਪੈਂਦੇ ਸਨ ) ਪਰ ਗਿਲੀ ਲਕੜੀ ਗਨਾ ਚੂਪ ਕੇ ਉਸ ਦਾ ਛਿਲਕਾ ਵਗੈਰਾ ਸੁਟਣ ਨੂੰ ਚੰਗਾ ਨਹੀਂ ਸੀ ਗਿਣਿਆ ਜਾਂਦਾ। ਜੇ ਅਜ ਅਸੀਂ ਉਸ ਰਸਮ ਦੀ ਸਖਤੀ ਨਾਲ ਪਾਬੰਦੀ ਕਰਦੇ ਹਾਂ ਤਾਂ ਚੰਗੀ ਗੱਲ ਹੈ ਅਖਵਾਰ ਦਾ ਪੇਪਰ ਪਲਾਸਟਕ ਹੋਰ ਨਿਕੜ ਸੁਕੜ ਧੂਣੀ ਵਿਚ ਸੁਟਿਆਂ ਧੂਣੀ ਵਿਚੋਂ ਜ਼ੈਹਰੀਲਾ ਧੂਆਂ ਨਿਕਲਦਾ ਹੈ ਜਿਸ ਨਾਲ ਵਾਤਾਵਰਨ ਪਰਦੂਸ਼ਤ ਹੁੰਦਾ ਹੈ
ਪੰਜਾਬ ਵਿਚ ਇਸ ਤਿਉਹਾਰ ਦੀ ਮਹੱਤੱਤਾ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਲੋਹੜੀ ਤੇ ਗਾਏ ਜਾਂਦੇ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗਾ।
ਅੰਬੀਆਂ ਵਈ ਅੰਬੀਆਂ ਇਹ ਪੁਰਾਣਾ ਗੀਤ ਕਿਸੇ ਉਘੇ ਗੀਤ ਕਾਰ ਨੇ ਨਹੀਂ ਲਿਖਿਆ ਇਹ ਤਾਂ ਕਈ ਇਕ ਵਲੋਂ ਇਕ ਇਕ ਸ਼ਬਦ ਜੋੜ ਕੇ ਆਪਣੇ ਮੰਨ ਦੀ ਗੱਲ ਕਹਿਣ ਦਾ ਯਤਨ ਹੈ। ਸਾਦਾ ਜਿਹੀ ਬੋਲੀ ਵਿਚ ਗਾਉਣ ਵਾਲੇ ਘਰ ਵਾਲਿਆਂ ਲਈ ਖੁਸ਼ੀਆਂ ਖੇੜਿਆਂ ਦੀ ਯਾਚਨਾ ਕਰਦੇ ਹਨ।
(ਅੰਬੀਆਂ ਵਈ ਅੰਬੀਆਂ ਮੀਂਹ ਵੱਰ੍ਹੇ ਤੇ ਕਣਕਾ ਜੰਮੀਆਂ ।) ਅੰਬੀਆਂ ਅਤੇ ਕਣਕ ਨਾਲ ਨਾਲ ਵਧਦੀਆਂ ਹਨ ਕਣਕ ਦੀ ਵਾਢੀ ਸਮੇਂ ਤੰਦੂਰੀ ਰੋਟੀ ਅਤੇ ਅੰਬਾ ਦਾ ਛਿੱਛਾ ਕਿਨਾ ਸਵਾਦਲਾ ਹੁੰਦਾ ਸੀ। ਪੁਰਾਣੀਆਂ ਬਜ਼ੁਰਗ ਮਾਈਆਂ ਨੂੰ ਘਰ ਚਲਾਉਣੇ ਆਉਂਦੇ ਸਨ ਅੰਬਾਂ ਦੇ ਦਿਨਾ ਵਿਚ ਚਾਟੀ ਭਰ ਕੇ ਅਚਾਰ ਬਣਾ ਲੈਣਾ ਛਾਹ ਵੇਲਾ ਮਿਸੀ ਰੋਟੀ ਦੱਹੀਂ ਅਤੇ ਅੰਬ ਦੇ ਅਚਾਰ ਨਾਲ ਕੀਤਾ ਜਾਂਦਾ ਸੀ ਕਦੇ ਬਦਹਜ਼ਮੀ ਲਈ ਹਮਦਰਦ ਦੇ ਹਾਜਮੋਲੇ ਜਾਂ ਟਮਸ ਜਾਂ ਰੋਲੇਡ ਦੀਆਂ ਗੋਲੀਆਂ ਦੀ ਲੋੜ ਹੀ ਨਹੀਂ ਸੀ ਪੈਂਦੀ । ਪੁਰਾਣੇ ਸਮਿਆਂ ਵਿਚ ਸੰਜਾਈ ਦੇ ਸਾਧਨ ਨਹੀਂ ਸਨ ਹੁੰਦੇ ਕਣਕ ਦੀ ਬਜਾਈ ਅਤੇ ਉਸ ਦੀ ਪ੍ਰਵੱਰਸ਼ ਲਈ ਮੀਂਹ ਦਾ ਪਾਣੀ ਹੀ ਇਕ ਸਾਧਨ ਸੀ । ਦੋਵੈਂ ਜ਼ਰੂਰੀ ਵਸਤਾਂ ਸਨ ਇਸੇ ਲਈ ਦੋਵਾਂ ਵਸਤੂਆਂ ਦਾ ਜ਼ਿਕਰ ਕੀਤਾ ਗਿਆ ਹੈ
(ਕਣਕਾਂ ਵਿਚ ਬਟੇਰੇ ਦੋ ਦਾਦੂ ਦੇ ਦੋ ਮੇਰੇ )
ਅਸੂ ਮਹੀਨੇ ਦੀ ਬੀਜੀ ਹੋਈ ਕਣਕ ਜਨਵਰੀ ਤਕ ਸਿਟੇ ਤੇ ਆ ਜਾਂਦੀ ਹੈ ਜਿਸ ਵਿਚ ਬਟੇਰੇ ਰਹਾਇਸ਼ ਕਰਦੇ ਹਨ । ਉਹਨਾਂ ਦਾ ਸ਼ਕਾਰ ਕਰਨ ਲਈ ਖੇਤ ਦੇ ਇਕ ਪਾਸੇ ਬੌਰ ਲਾਈ ਜਾਂਦੀ ਹੈ ਉਸ ਬੌਰ ਦੇ ਲਾਗੇ ਪਿੰਜਰੇ ਵਿਚ ਬੰਦ ਇਕ ਬਟੇਰਾ ਰਖਿਆ ਜਾਦਾਂ ਹੈ ਜਦ ਬਟੇਰੇ ਦਾ ਮਾਲਕ ਉਸਨੂੰ ਬੁਲਾਉਂਦਾ ਤਾਂ ਉਸ ਦੀ ਬੋਲੀ ਤੇ ਬਟੇਰੇ ਉਸ ਦੇ ਪਾਸ ਆਉਂਦੇ ਹਨ ਤਾਂ ਜਾਲ ਵਿਚ ਫਸ ਜਾਂਦੇ ਹਨ। ਉਸ ਪਿੰਜਰੇ ਬੰਦ ਬਟੇਰੇ ਨੂੰ ਬੁਲਾਰਾ ਕਿਹਾ ਜਾਂਦਾ ਹੈ । ਕਲੇ ਤਿੱਤਰ ਬਟੇਰੇ ਹੀ ਨਹੀਂ ਇਸ ਤਰਾਂ ਫਸਾਏ ਜਾਂਦੇ ਅਜ ਕਾਲ ਚੌਣਾ ਦੌਰਾਨ ਲੋਕਾਂ ਦਾ ਇੱਕਠ ਕਰਨ ਲਈ ਕਲਾਕਾਰਾਂ ਨੂੰ ਬੁਲਾਰੇ ਵਜੌਂ ਹੀ ਤਾਂ ਵਰਤਿਆ ਜਾਂਦਾ ਹੈ । ਚਲਾਕ ਸਿਆਸਤ ਦਾਨ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਧਰਮੀ ਆਗੂਆਂ ਨੂੰ ਵੀ ਬੁਲਾਰੇ ਬਟੇਰਿਆਂ ਵਾਂਗ ਵਰਤਦੇ ਹਨ।
ਸ਼ਕਾਰ ਲਈ ਤਿਤਰ ਵੀ ਹਨ ਸਹੇ ਵੀ ਹਨ ਪਰ ਬਟੇਰ ਦੇ ਮਾਸ ਨੂੰ ਵਧੀਆ ਸਮਝਿਆ ਜਾਂਦਾ ਹੈ ( ਸੇਹਾ ਸਲੋਟਾ ਤਿੱਤਰ ਮੋਟਾ ਅਸਲੀ ਮਾਸ ਬਟੇਰੇ ਦਾ ) ਆਮ ਕਹਾਵਤ ਸੀ ਕਿ ਬਟੇਰੇ ਦਾ ਮਾਸ ਗਰਮ ਹੁੰਦਾ ਹੈ ।
( ਦੋ ਦਾਦੂ ਦੇ ਦੋ ਮੇਰੇ । )ਕਣਕਾਂ ਵਿਚ ਰਹਿਣ ਵਾਲੇ ਬਟੇਰ ਦਾ ਹਿਸੇਦਾਰ ਉਹ ਦਾਦੂ ਨੂੰ ਮਿੱਥਦਾ ਹੈ । ਮੇਰੇ ਖਿਆਲ ਮੁਤਾਬਕ ਦਾਦੂ ਤੋਂ ਉਸ ਦਾ ਭਾਵ ਹੈ ਗਿਦੜ।
(ਜਿਥੇ ਦਾਦੂ ਟੱਕਰਿਆਂ ਉਥੇ ਦਾਦੂ ਮਾਰਿਆ ।) ਇਹ ਬੰਦ ਮਨੁਖੀ ਸੁੱਭਾ ਦੀ ਤਰਜਮਾਨੀ ਕਰਦਾ ਹੈ। ਆਦ ਕਾਲ ਤੋਂ ਹੀ ਕੱਲਾ ਮਨੁਖ ਹੀ ਨਹੀ ਹਰ ਇਕ ਜੀਵ ਸਾਰੀ ਸ਼ੈ ਕੱਲਾ ਹੀ ਹੱੜ੍ਹਪਣੀ ਮੰਗਦਾ ਹੈ। ਮਨੁਖ ਦੀ ਇਹ ਰੁਚੀ ਹੀ ਘਰੇਲੂ ਲੜਾਈ ਤੋਂ ਲੈ ਕੇ ਦੇਸ਼ਾਂ ਵਿਚਕਾਰ ਜੰਗਾ ਯੁੱਧਾਂ ਦਾ ਕਾਰਨ ਹੈ।
(ਕੱਚਾ ਕੋਟ ਸੰਵਾਰਿਆ ।) ਪੁਰਾਤਨ ਸਮੇਂ ਦੇ ਕੱਚੇ ਮਕਾਨ ਵਲ ਇਸ਼ਾਰਾ ਲੱਗਦਾ ਹੈ ।
(ਕੱਚੇ ਕੋਟ ਦੀਆਂ ਕੋਠੀਆਂ ਜੀਣ ਭਾਈ ਦੀ ਝੋਟੀਆਂ ।) ਅੱਜ ਤਾਂ ਦੁੱਧ ਘੇ ਨੂੰ ਲੋਕੀਂ ਸੁੰਘਣ ਲਗ ਪਏ ਹਨ ਪੁਰਾਤਨ ਸਮੇਂ ਵਿਚ ਤਾਂ ਦੁੱਧ ਘੇ ਖੌਰਾਕ ਦਾ ਇਕ ਜ਼ਰੂਰੀ ਅੰਗ ਸੀ । ਸ਼ਕਰ ਖੰਡ ਬਣਾਉਣ ਦੀ ਜਾਂਚ ਆਉਣ ਤੋਂ ਪਹਿਲਾਂ ਆਏ ਮਹਿਮਾਨ ਦੀ ਆਓ ਭਗਤ ਘੈ ਅਤੇ ਸ਼ਹਿਦ ਮਿਲਾ ਕੇ ਕੀਤੀ ਜਾਂਦੀ ਸੀ।
(ਝੋਟੀਆਂ ਗਲ ਪੰਜਾਲੀ ਜੀਵੇ ਭਾਈ ਦਾ ਹਾਲੀ ।)ਸਰਦੇ ਪੁਜਦਿਆਂ ਪਾਸ ਤਾਂ ਵਾਹੀ ਲਈ ਬੈਲ ਜਾਂ ਭੈਂਸੇ ਹੁੰਦੇ ਸਨ ਪਰ ਜਿਨ੍ਹਾਂ ਪਾਸ ਇਨੀ ਹਿੰਮਤ ਨਹੀਂ ਸੀ ਹੁੰਦੀ ਤਾਂ ਦੋ ਜਣੇ ਰਲ ਕੇ ਦੋ ਝੋਟੀਆਂ ਲੈ ਲੇਂਦੇ ਸਨ ੳਹਨਾਂ ਨੂੰ ਜੋਤ ਕੇ ਜ਼ਮੀਨ ਵੀ ਜੋਤ ਲੈਣੀ ਅਤੇ ਥੋਹੜਾ ਬਹੁਤਾ ਦੁੱਧ ਵੀ ਹਾਸਲ ਕਰ ਲੈਣਾ। ਜੇ ਕੋਈ ਘਰ ਦੀ ਪਾਲੀ ਝੋਟੀ ਸੂਏ ਨਹੀਂ ਸੀ ਪੈਂਦੀ ਤਾਂ ਕਹਿਣਾ ਇਹ ਤਾਂ ਸੰਢ ਹੋ ਗਈ ਹੈ ਇਸ ਤੋਂ ਜ਼ਮੀਨ ਜੋਤਣ ਦਾ ਕੰਮ ਲਵੋ ਤਾਂ ਕਿ ਇਸ ਦੀ ਚਰਬੀ ਘੱਟ ਜਾਵੇ ਤੇ ਸੂਏ ਪੈ ਜਾਵੇ।
ਹਾਲੀ ਸਮਾਜ ਦਾ ਇਕ ਜ਼ਰੂਰੀ ਅੰਗ ਸੀ ਉਸ ਦੀ ਖੈਰ ਮੰਗਣੀ ਆਪਣੀ ਖੈਰ ਮੰਗਣ ਦੇ ਬਰਾਬਰ ਸੀ। ਅਗਰ ਉਸ ਦੇ ਹਥੋਂ ਹਲ ਛੁਟ ਜਾਏ ਤਾਂ ਜਗ ਭੁਖ ਦੁਖੋਂ ਹੀ ਮਰ ਜਾਏ। ਪਰ ਅਫਸੋਸ ਅਜ ਅੰਨ ਦਾਤਾ ਕਹਾਉਣ ਵਾਲਾ ਕਿਰਸਾਣ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਗਿਆ ਹੈ।
{ ਹਾਲੀ ਪੈਰੀਂ ਜੁੱਤੀ ਜੀਵੇ ਭਾਈ ਦੀ ਕੁੱਤੀ। ) ਜੁੱਤੀ ਅਤੇ ਕੁੱਤੀ ਦੋਵੈਂ ਭਾਈ ਦੀਆਂ ਖੈਰ ਖਵਾਹ ਹਨ ਜੁੱਤੀ ਪੈਰਾਂ ਦੀ ਰਾਖੀ ਕਰਦੀ ਹੈ ਅਤੇ ਕੁੱਤੀ ਮਾਲ ਢਾਂਡੇ ਦਾ ਖਿਆਲ ਰਖਦੀ ਹੈ। ਜੁੱਤੀ ਦਾ ਹੋਣਾ ਖਾਦੇ ਪੀਂਦੇ ਘਰ ਦੀ ਨਿਸ਼ਾਨੀ ਹੁੰਦੀ ਸੀ ।ਹਰ ਕਿਸੇ ਦੇ ਪਾਸ ਜੁੱਤੀ ਨਹੀਂ ਸੀ ਹੁੰਦੀ ਕਈ ਦਫਾ ਪਰਾਹੁਣ ਚਾਰੀ ਜਾਣ ਲਈ ਜੁੱਤੀ ਮੰਗ ਕੇ ਸਾਰ ਲਿਆ ਜਾਂਦਾ ਸੀ ਸਾਰੀ ਬਾਟ ਨੰਗੇ ਪੈਰੀਂ ਜਾਣਾ ਪਿੰਡ ਦੇ ਲਾਗੇ ਜਾ ਕੇ ਜੁੱਤੀ ਪਾਉਣੀ।
(ਕੁੱਤੀ ਗਲ ਪਰੋਲਾ ਜੀਵੇ ਭਾਈ ਦਾ ਘੋੜਾ। ) ਪਰੋਲਾ ਚੱਕੀ ਦਾ ਗੰਡ ਸਾਫ ਕਰਨ ਲਈ ਵਰਤਿਆ ਜਾਂਦਾ ਕਪੜਾ ਹੈ ਉਸ ਨੂੰ ਕੁਝ ਆਟਾ ਲਗਿਆ ਹੋਣ ਕਾਰਨ ਜਦ ਵੀ ਦਾਅ ਲਗੇ ਕੁੱਤਾ ਚਕ ਕੇ ਲੈ ਜਾਂਦਾ ਹੈ । ਇਹ ਗੱਲ ਅਮੀਰਾਂ ਦੇ ਕੁਤਿਆਂ ਤੇ ਨਹੀਂ ਢੁਕਦੀ ( ਅਮੀਰ ਗਰੀਬ ਦੇ ਰਹਿਣ ਸਹਿਣ ਦਾ ਫਰਕ ਕਿਸੇ ਸ਼ਾਇਰ ਨੇ ਕਿਡੀ ਸੋਹਣੀ ਤਰ੍ਹਾਂ ਵਰਨਣ ਕੀਤਾ ਹੈ ( ਅਮੀਰਾਂ ਦੇ ਕੁਤਿਆਂ ਨੂੰ ਬਿਸਕੁਟ ਨੇ ਪੋਲੇ , ਗਰਿਬਾਂ ਦੇ ਬਚਿਆਂ ਨੂੰ ਕੱਚੇ ਹੀ ਛੋਲੇ। ਅਮੀਰਾਂ ਦੀ ਥਾਲੀ ਵਲੈਤੀ ਮੁਰੱਬਾ ਗਰੀਬਾਂ ਦੇ ਠੂਠੇ ਵਿਚ ਮਿਰਚਾਂ ਦਾ ਥੱਬਾ ) ਪਾੜੇ ਸਿਆੜੇ ਪੈਣ ਦੀ ਪਾਠਕਾਂ ਤੋਂ ਮੁਆਫੀ ਚਾਹੰਦਾ ਹਾਂ ਕੀ ਕਰਾਂ ਮੇਰਾ ਪੇਸ਼ਾ ਖੇਤੀ ਹੈ । । ਘੌੜਾ ਸਾਰਿਆਂ ਦੀ ਪਹੁੰਚ ਤੋਂ ਬਾਹਰ ਹੈ । ਉਸ ਦੇ ਨਾਲ ਘੋੜੇ ਦਾ ਸ਼ਬਦ ਜੋੜ ਕੇ ਭਾਈ ਨੂੰ ਵਡਿਆਇਆ ਵੀ ਹੇ ਅਤੇ ਅਗੇ ਵੱਧਣ ਲਈ ਉਤਸਾਹਤ ਵੀ ਕੀਤਾ ਹੈ।
(ਘੋੜੇ ਉਤੇ ਕਾਠੀ ਜੀਵੇ ਭਾਈ ਦਾ ਹਾੱਥੀ ।) ਕਾਠੀ ਤੋਂ ਬਗੈਰ ਘੌੜਾ ਕਿਸ ਕੰਮ ਦਾ ਅਮੂਮਨ ਕਿਹਾ ਜਾਂਦਾ ਹੈ ਕਿ ਘੋੜਾ ਤਾਂ ਖਰੀਦਿਆ ਜਾਂ ਸਕਦਾ ਹੈ ਕਾਠੀ ਖਰੀਦਣੀ ਔਖੀ ਹੋ ਜਾਂਦੀ ਹੈ । ਅਗਲੀ ਗੱਲ ਹਾਥੀ ਦੀ ਹੈ ਮੇਰੇ ਖਿਆਲ ਵਿਚ ਉਹਨਾਂ ਦੇ ਤੱਸਵਰ ਵਿਚ ਭੈਂਸਾ ਹਾਥੀ ਹੀ ਤਾਂ ਹੈ ਨਾਲੇ ਜੋਤਣ ਦਾ ਕੰਮ ਦਿੰਦਾ ਹੈ ਨਾਲੇ ਪੱਠਾ ਦੱਥਾ ਉਸ ਦੀ ਪਿਠ ਤੇ ਲਦ ਲਿਆ ਜਾਂਦਾ ਹੈ। ਅਗਲੀ ਤੁਕ ਵਿਚ ਇਸ ਦਾ ਜ਼ਿਕਰ ਵੀ ਹੈ ।
(ਹਾਥੀ ਉਤੇ ਛਾਪੇ ਜੀਣ ਭਾਈ ਦੇ ਮਾਪੇ।) ਮਾਂ ਬਾਪ ਦੀ ਮੁਖਤਾਰੀ ਹੁੰਦੀ ਸੀ । ਮੰਜਾ ਮੱਲ ਕੇ ਬੈਠੇ ਬਜ਼ੁਰਗ ਦਾ ਵੀ ਪੂਰਾ ਮਾਣ ਹੁੰਦਾ ਸੀ। ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ । ਸਾਰੇ ਤਾਂ ਨਹੀਂ ਪਰ ਬਚਿਆਂ ਦੀ ਬਹੁਗਿਣਤੀ ਸਤਕਾਰ ਦੇ ਸ਼ਬਦ ਨੂੰ ਭੁਲਦੀ ਜਾਂਦੀ ਹੈ। ਇਸ ਗੀਤ ਨੇ ਬੜੇ ਸੁਖੈਨ ਸ਼ਬਦਾਂ ਵਿਚ ਪਹਿਲੇ ਸਮਿਆਂ ਦੀ ਪੈਂਡੂ ਜੀਵਨ ਦੀ ਤਸਵੀਰ ਸਾਂਭ ਰਖੀ ਹੈ।
ਇਕ ਹੋਰ ਗੀਤ । ਇਕ ਜਣਾ ਇਕ ਤੁਕ ਗਾਉਂਦਾ ਸੀ “ਸੂੰਦਰੀਏ ਨੀ ਮੂੰਦਰੀਏ ਤੇਰਾ ਕੌਣ ਬਚਾਰਾ “ ਬਾਕੀ ਸਾਰਿਆਂ ਨੇ ਉਚੀ ਦੇਣੀ ਆਖਣਾ “ “ ਹੋ “
ਦੁਲਾ ਭਟੀ ਵਾਲਾ –ਹੋ। ਦੁਲੇ ਧੀ ਵਿਆਹੀ –ਹੌ । ਪਲੇ ਸਕਰ ਪਾਈ-ਹੋ ‘
ਕਿਨੀ ਧਰਮ ਨਿਰਪੱਖਤਾ ਹੈ ਇਸ ਗੀਤ ਵਿਚ ।ਇਕ ਮੁਸਲਮਾਨ ਡਾਕੂ ਵਲੋਂ ਇਕ ਗਰੀਬ ਬ੍ਰਾਹਮਣ ਦੀ ਮਦਦ ਉਹ ਵੀ ਇਕ ਤਾਕਤ ਵਰ ਮੁਗਲ ਸ਼ਾਸ਼ਕ
ਨਾਲ ਦੁਸ਼ਮਣੀ ਦੀ ਪ੍ਰਵਾਹ ਨਾ ਕਰਦੇ ਹੋਏ। ਉਸਤੌਂ ਅਗਲੀ ਗੱਲ ਪੰਜਾਬੀ ਸਿਖਾ ਦੇ ਮੁੰਡੇ ਉਸ ਦੀ ਸੂਰਮਗਤੀ ਦੀ ਗੱਲ ਕਰਦੇ ਹਨ।
ਮੁਆਫ ਕਰਨਾ ਮੈਂ ਆਪਣੀ ਗੱਲ ਕਹਿਣੋਂ ਰਹਿ ਨਹੀਂ ਸਕਦਾ । ਕਿਨੇ ਗਏ ਗੁਜ਼ਰ ਗਏ ਹਾਂ । ਸਰਦਾਰ ਮਨਮੋਹਣ ਸਿੰਘ ਦੇ ਖਿਲਾਫ ਅਦਮ ਇਤਮਾਦ ਦੀ ਵੋਟ ਸਮੇਂ ਕੁਝ ਲੀਡਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਪਾਰਟੀ ਤੋਂ ਉਲਟ ਜਾ ਕੇ ਸਰਦਾਰ ਮਨਮੋਹਣ ਸਿੰਘ ਦੇ ਹਕ ਵਿਚ ਵੋਟ ਪਾ ਦਿਤੀ । ਅਕਾਲੀ ਅਤੇ ਕਮਿਉਨਿਸਟ ਲੀਡਰਾਂ ਨੇ ਉਹਨਾ ਨੂੰ ਪਾਰਟੀ ਵਿਚੌਂ ਖਾਰਜ ਕਰ ਦਿਤਾ । ਜਿਨਾਹ ਦੀ ਸਿਫਤ ਕਰਨ ਤੇ ਅਡਵਾਨੀ ਨੂੰ ਵੀ ਪਾਰਟੀ ਤੋਂ ਬੁਰਾ ਭਲਾ ਸੁਣਨਾ ਪਿਆ ਅਤੇ ਬੀਜੇਪੀ ਵਾਲਿਆਂ ਨੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕੱਢ ਕੇ ਤਾਂ ਹਦ ਹੀ ਕਰ ਦਿਤੀ। ਭਾਰਤ ਮਹਾਨ ਦੇ ਆਗੂ ਮਹਾਨ ਬਣਨ ਦੀ ਥ੍ਹਾਂ ਬੋਨੇ ਬਣ ਗਏ ਹਨ। ਸਹਿਨਸ਼ੀਲਤਾ ਤਾਂ ਕਿਤੇ ਖੰਭ ਲੁਆ ਕੇ ਉਡ ਗਈ ਹੈ।
ਪੰਜਾਬ ਦੀ ਲੋਹੜੀ ਦਾ ਪਿਛੋਕੜ ਵੀ ਸੰਸਾਰ ਦੇ ਬਾਕੀ ਦੇਸ਼ਾਂ ਵਾਂਗ ਮਨੁਖਤਾ ਦਾ ਕੁਦਰਤ ਨਾਲ ਇਕ ਮਿਕ ਹੋਣਾ ਹੀ ਹੈ। ਸਮਾਂ ਸਥਾਨ ਹਰ ਮੇਲੇ ਨੂੰ ਲੋਕ ਲੌੜਾ ਅਨੁਸਾਰ ਢਾਲ ਲੈਂਦਾ ਹੈ ਲੋਹੜੀ ਨੂੰ ਲੋਹੜੀ ਕਿਊਂ ਕਿਹਾ ਇਸ ਵਿਚ ਮੈਨੂੰ ਕੋਈ ਦਿਲਚਸਪੀ ਨਹੀਂ ਮੇਰੇ ਖਿਆਲ ਵਿਚ ਲੋਹੜੀ ਪੰਜਾਬੀ ਸਭਿਆਚਾਰ ਦਾ ਇਕ ਅਟੁਟ ਅੰਗ ਹੈ । ਲੋਹੜੀ ਨੂੰ ਕਿਸੇ ਵੀ ਧਰਮ ਨਾਲ ਜੋੜ ਕੇ ਦੇਖਣਾ ਕੁਦਰਤ ਰਾਣੀ ਤੋਂ ਬੇ ਮੁਖ ਹੋਣ ਦੇ ਬਰਾਬਰ ਹੈ ।
ਲੋਹੜੀ ਸਮੇਂ ਭੈਣਾ ਆਪਣੇ ਵੀਰਾਂ ਨੂੰ ਉਡੀਕਦੀਆਂ ਹਨ । ਜਿਸ ਵਿਚਾਰੀ ਦਾ ਕੋਈ ਨਾਲ ਜੰਮਿਆ ਭਰਾ ਨਹੀਂ ਹੁੰਦਾ ਉਸ ਦਾ ਮਾਣ ਰਖਣ ਲਈ ਉਸਦਾ ਚਾਚੇ ਦਾ ਪੁਤ ਭਰਾ ਜਾਂ ਮਾਮੇਂ ਦਾ ਪੁਤ ਭਰਾ ਸਰਦਾ ਬਣਦਾ ਲੈ ਕੇ ਉਸ ਦੇ ਘਰ ਪੁਜਦਾ ਹੈ । ਇਹ ਸਿਲਸਲਾ ਸਮਾਜ ਘੜਨ ਵਾਲਿਆਂ ਦੀ ਸੂਝ ਦੀ ਨਿਸ਼ਾਨੀ ਹੈ ਆਜ਼ਾਦੀ ਤੋਂ ਬਾਅਦ ਹਿੰਦੂ ਕੋਡ ਬਿਲ ਨੇ ਆਪਸੀ ਪਿਆਰਾਂ ਵਿਚ ਕੁਝ ਕੁੜੱਤਣ ਲੈ ਆਂਦੀ ਹੈ।
ਲੋਹੜੀ ਇਕ ਕਿਸਮ ਦੀ ਮਰਦਮ ਸ਼ੁਮਾਰੀ ਕਰਨ ਦਾ ਕੰਮ ਕਰਦੀ ਹੈ । ਛੋਟੇ ਬੱਚਿਆਂ ਤੋਂ ਲੇ ਕੇ ਵਡੇ ਵਡੇਰਿਆਂ ਤਕ ਪਿੰਡ ਵਿਚ ਹਰ ਨਵੇਂ ਆਏ ਬੱਚੇ ਬਾਰੇ ਗਿਆਨ ਹੁੰਦਾ ਹੈ ਜਦ ਸਾਰਾ ਪਿੰਡ ਉਸ ਬੱਚੇ ਦੀ ਖੁਸ਼ੀ ਮੰਨਾਉਂਦਾ ਹੈ ਤਾਂ ਆਪਸੀ ਅੱਪਣਤ ਵੱਧਦੀ ਹੈ । ਚੀਨ ਵਾਲੇ ਪਰਦੇਸਾਂ ਵਿਚ ਰਹਿੰਦੇ ਹੋਏ ਵੀ ਹਰ ਬੱਚੇ ਦਾ ਜਨਮ ਰਿਕਾਰਡ ਆਪਣੇ ਜੱਦੀ ਪਿੰਡ ਵਿਚ ਵੀ ਰਖਦੇ ਹਨ ਠੀਕ ਇਸੇ ਤਰਾਂ ਸਾਡੇ ਪੰਜਾਬੀ ਵੀ ਨਵੇਂ ਜਨਮੇਂ ਬੱਚੇ ਦੀ ਲੋਹੜੀ ਦੇਣ ਕਰਾਇਆ ਭਾੜਾ ਖਰਚ ਕੇ
ਆਪਣੇ ਜੱਦੀ ਪਿੰਡ ਜਾਂਦੇ ਹਨ।
ਖੁਸ਼ਹਾਲੀ ਨਾਲ ਸਾਡਾ ਰੁਝਾਨ ਨਸ਼ਿਆਂ ਵਲ ਵਧਿਆ ਹੈ। ਹਰ ਤੀਜੇ ਦਿਨ ਹੋਣ ਵਾਲੀਆਂ ਚੋਣਾਂ ਨੇ ਉਸ ਦੀ ਵਰਤੋਂ ਵਿਚ ਹੋਰ ਵਾਧਾ ਕੀਤਾ ਹੈ। ਪੰਚਾਇਤ ਦੀਆਂ ਚੋਣਾ ਤੋਂ ਲੈ ਕੇ ਵਿਧਾਨ ਸਭਾ ਰਾਜ ਸਭਾ ਸਭ ਪਾਸੇ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਸਹਾਰੇ ਵੋਟਾਂ ਹਥਿਆਈਆਂ ਜਾਂਦੀਆਂ ਹਨ। ਜਦ ਸਿਖ ਕੌਮ ਦੀ ਮਿਨੀ ਪਾਰਲੀਮੈਂਟ ਸਦਾਉਣ ਵਾਲੀ ਸ਼ਰੋਮਣੀ ਕਮੇਟੀ ਦੀ ਚੋਣ ਵਿਚ ਵੀ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਦੀਆਂ ਖਬਰਾਂ ਛਪਦੀਆਂ ਹਨ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਚੋਣਾ ਅਤੇ ਸ਼ਰਾਬ ਦਾ ਲੋਹੜੀ ਦੇ ਤਿਉਹਾਰ ਤੇ ਵੀ ਅਸਰ ਦੇਖਿਆ ਜਾ ਸਕਦਾ ਹੈ । ਇਕ ਸਾਂਝੀ ਧੂਣੀ ਦੀ ਬਜਾਏ ਹਰ ਗਰੁਪ ਦੀ ਆਪਣੀ ਧੂਣੀ ਧੜੇਬਾਜ਼ੀ ਦਾ ਨਜ਼ਾਰਾ ਪੇਸ਼ ਕਰਦੀ ਹੈ ਅਤੇ ਸ਼ਰਾਬ ਸ਼ਰਾਰਤ ਦਾ ਪਾਣੀ ਹਲਕ ਤੋਂ ਥਲੇ ਹੁੰਦਾ ਹੀ ਇਨਕਲਾਬ ਇਨਕਲਾਬ ਕਰਨ ਲੱਗ ਜਾਂਦਾ ਹੈ। ਬੋਲ ਕਬੋਲ ਤੇ ਇਕ ਖੰਘੂਰੇ ਦੀ ਹੀ ਲੋੜ ਹੈ ਕਿ ਸਰਬ ਸਾਂਝੀ ਲੋਹੜੀ ਦੀ ਖੁਸ਼ੀ ਨੂੰ ਗ੍ਰੈਹਣ ਲੱਗਦਿਆਂ ਦੇਰ ਨਹੀਂ ਲੱਗਦੀ। ਨਾਲੇ ਅੱਜ ਕਲ ਤਾਂ ਹਰ ਬੰਦਾ ਟ੍ਰਿਗਰ ਹੈਪੀ ( ਗੋਲੀ ਦਾਗਣ ਲਈ ਤਿਆਰ ਬਰ ਤਿਆਰ ) ਹੋ ਗਿਆ ਹੈ । ਇਕ ਅਨਗੈਹਲੀ ਨਾਲ ਵਾਪਰੀ ਘਟਨਾ ਕਾਰਨ ਲੋਹੜੀ ਦੀ ਖੁਸ਼ੀ ਮੰਨਾਉਣ ਵਾਲੇ ਆਖਣ ਲਗ ਜਾਂਦੇ ਹਨ ਬੜਾ ਲੋਹੜਾ ਹੋਇਆ। ਇਹਨਾਂ ਹਾਲਾਤ ਦੇ ਮਦੇ ਨਜ਼ਰ ਪੜ੍ਹਨ ਵਿਚ ਆਇਆ ਹੈ ਕਿ ਕਈ ਅਮਨ ਪਸੰਦ ਪ੍ਰਿਵਾਰ ਆਪਣੇ ਘਰ ਬੱਠਲ ਵਿਚ ਹੀ ਚਾਰ ਲਕੜਾਂ ਰਖ ਕੇ ਲੋਹੜੀ ਮਨਾਉਣ ਲੱਗ ਪਏ ਹਨ। ਇਸ ਤਰਾਂ ਚਲਦਾ ਰਿਹਾ ਤਾਂ ਇਹ ਖੁਸ਼ੀਆਂ ਖੇੜੇ ਵੰਡਣ ਵਾਲਾ ਤਿਉਹਾਰ ਵੀ ਇਕ ਦਿਨ ਦਮ ਤੋੜ ਜਾਵੇਗਾ।
ਧਾਰਮਕ ਆਗੂਆਂ ਅਗੇ ਬੇਨਤੀ ਕਰਨੀ ਚਾਹੁੰਦਾ ਹਾਂ ਇਸ ਸਾਂਝਾ ਦੇ ਪ੍ਰਤੀਕ ਤਿਉਹਾਰ ਨੂੰ ਮਲੋ ਮਲੀ ਬ੍ਰਾਹਮਣ ਦੀ ਝੋਲੀ ਨਾ ਪਾਉਣ । ਲੋਹੜੀ ਦੇ ਨਾਲ ਕੋਈ ਗਾਥਾ ਨਹੀਂ ਜੁੜੀ ਹੋਈ ਇਸ ਕਰਕੇ ਇਹ ਸਮੁਚੀ ਮਨੁਖਤਾ ਦਾ ਤਿਉਹਾਰ ਹੈ । ਇਸ ਨੂੰ ਕਿਸੇ ਧਰਮ ਨਾਲ ਜੋੜਨਾ ਸਹੀ ਨਹੀਂ ਲੱਗ ਰਿਹਾ। ਲੋਹੜੀ ਖੁਸ਼ੀਆਂ ਅਤੇ ਲੋਕ ਭਾਵਨਾਵਾਂ ਨਾਲ ਜੁੜਿਆ ਹੋਇਆ ਤਿਉਹਾਰ ਹੈ । ਸਿਆਸਤ ਦਾਨਾ ਅਗੇ ਬੇਨਤੀ ਹੈ ਕਿ ਇਸ ਸਾਂਝੇ ਤਿਉਹਾਰ ਨੂੰ ਪਾਰਟੀ ਪਾਲਿਟਕਸ ਦੀ ਚਾਸ਼ਨੀ ਨਾ ਚੜ੍ਹਾਉਣ । ਮੇਰੇ ਅਜ਼ੀਜ਼ੋ ਕੌਮ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ ਤੁਸੀਂ ਕੌਮ ਦਾ ਭਵਿਖ ਹੋ ਜੇ ਤੁਹਾਡੀ ਸੋਚ ਨਸ਼ੇ ਨੇ ਧੁੰਦਲੀ ਕਰ ਦਿਤੀ ਤਾਂ ਕੌਮ ਦਾ ਭਵਿਖ ਉਜਲਾ ਨਹੀਂ ਹੋ ਸਕਣਾ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਸਾਂਝਾ ਦੇ ਪ੍ਰਤੀਕ ਤਿਉਹਾਰ ਦੀ ਦਿਖ ਧੁੰਦਲੀ ਨਾ ਹੋਣ ਦੇਈਏ ।ਸਾਲ ਬਾਅਦ ਆਇਆ ਇਹ ਦਿਨ ਸਾਡੀਆਂ ਸਾਂਝਾਂ ਵਿਚ ਪੁਖਤਗੀ ਲਿਆਵੇ।