Showing posts with label ਰਿਸ਼ੀ ਗੁਲਾਟੀ. Show all posts
Showing posts with label ਰਿਸ਼ੀ ਗੁਲਾਟੀ. Show all posts

ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ...... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

“ਤੂੰ ਜ਼ਰੂਰੀ ਮੇਰੇ ਖੋਸੜੇ ਪਵਾਉਣੇ ਐਂ ?” ਮੈਂ ਕਿਹਾ ।

“ਖੋਸੜੇ ਪੈਣ ਵਾਲੀ ਕੀ ਗੱਲ ਐ ? ਸੱਚ ਦੀ ਗੱਲ ਕਰਨੀ ਤੇ ਸਚਾਈ ‘ਤੇ ਪਹਿਰਾ ਦੇਣਾ ਆਪਣਾ ਸਭ ਦਾ ਫ਼ਰਜ਼ ਬਣਦਾ ਹੈ ।” ਮੇਰੇ ਦਿਲ ਦੀ ਆਵਾਜ਼ ਸੀ ।

“ਬਾਈ ਜੀ ! ਸਿਆਣਿਆਂ ਨੇ ਕਿਹਾ ਕਿ ‘ਜਾਂਦੀਏ ਬਲਾਏ ਦੁਪਹਿਰਾ ਕੱਟ ਜਾ’ ਕਦੇ ਨਾ ਕਹੀਏ ।”

“ਪਰ ਇਹ ਦੁੱਖ ਤਾਂ ਮੇਰੇ ਬਰਦਾਸ਼ਤ ਤੋਂ ਬਾਹਰ ਹੈ ।”

“ਧਰਮ ਦੇ ਮਸਲੇ ‘ਚ ਕਦੇ ਦਖ਼ਲ ਨਹੀਂ ਦੇਣਾ ਚਾਹੀਦਾ, ਮੈਂ ਤਾਂ ਫਿਰ ਹਿੰਦੂ ਪਰਿਵਾਰ ‘ਚ ਜੰਮਿਆਂ ਹਾਂ, ਮੈਨੂੰ ਤਾਂ ਊਂ ਈ ਕਿਸੇ ਨੇ ਨਹੀਂ ਬਖ਼ਸ਼ਣਾ ।”


“ਇੱਕ ਗੱਲ ਦੱਸ, ਕੀ ਤੂੰ ਕਦੇ ਗੁਰਦੁਆਰਾ ਸਾਹਿਬ ਨਹੀਂ ਗਿਆ ? ਕਦੇ ਧੁਰ ਕੀ ਬਾਣੀ ਦਾ ਪਾਠ ਨਹੀਂ ਕੀਤਾ ?”

“ਗੁਰਦੁਆਰਾ ਸਾਹਿਬ ਵੀ ਜਾਂਦਾ ਹਾਂ ਤੇ ਪਾਠ ਵੀ ਕੀਤਾ ਹੈ, ਫੇਰ ?”

“ਯਾਦ ਕਰ ਜਦ ਤੂੰ ਚੌਥੀ-ਪੰਜਵੀਂ ਜਮਾਤ ‘ਚ ਪੜ੍ਹਦਾ ਸੀ, ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚ ਪਹਿਲੀ ਵਾਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਸੀ ਤਾਂ ਤੇਰੇ ਦਾਦਾ ਜੀ ਨੇ ਅਰਦਾਸ ਕਰਵਾਈ ਸੀ ।”

“ਉਹ ਤਾਂ ਯਾਦ ਹੈ, ਪਰ ਨਾਲ਼ ਇਹ ਵੀ ਯਾਦ ਹੈ ਕਿ ਜਿੰਮੀਦਾਰਾਂ ਦੇ ਇੱਕ ਮੁੰਡੇ ਨੇ ਹਿੰਦੂਆਂ ਦਾ ਮੁੰਡਾ ਹੋ ਕੇ ਪਾਠ ਕਰਨ ‘ਤੇ ਟੋਕ ਵੀ ਤਾਂ ਕੀਤੀ ਸੀ, ਜਿਸ ਕਰਕੇ ਮੇਰੀ ਜਿ਼ੰਦਗੀ ਪੂਰਨ ਰੂਪ ਵਿੱਚ ਬਦਲ ਗਈ । ਬਚਪਨ ਵਿੱਚ ਜੇਕਰ ਇਹ ਘਟਨਾ ਨਾ ਹੁੰਦੀ ਤਾਂ ਸ਼ਾਇਦ ਅੱਜ ਕਲੀਨ ਸ਼ੇਵ ਹੋਣ ਦੀ ਥਾਂ ਗੁਰਸਿੱਖ ਹੁੰਦਾ ।”

“ਜੋ ਮਰਜ਼ੀ ਬਹਾਨੇ ਮਾਰੀ ਜਾ, ਤੈਨੂੰ ਇਹ ਲੇਖ਼ ਲਿਖਣਾ ਹੀ ਪੈਣਾ । ਆਖਿਰ ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਆਪਣੇ ਹੀ ਭੈਣਾਂ-ਭਰਾ ਹਨ । ਜਦ ਇੱਥੇ ਰਹਿਣਾ ਹੈ ਤਾਂ ਇਨ੍ਹਾਂ ਨੂੰ ਹੀ ਆਪਣਾ ਸਮਝ ।” ਮੇਰੇ ਦਿਲ ‘ਚੋਂ ਆਵਾਜ਼ ਆਈ ।

“ਮੈਂ ਸਾਰੀਆਂ ਗੱਲਾਂ ਨਾਲ਼ ਸਹਿਮਤ ਹਾਂ, ਪਰ ਬਾਈ ਮੇਰਿਆ ! ਧਰਮ ਦੇ ਮਾਮਲੇ ‘ਚ ਕੋਈ ਵੀ ਗੱਲ ਕਹਿਣ ਤੋਂ ਸਾਨੂੰ ਗੁਰੇਜ਼ ਕਰਨਾ ਬਿਹਤਰ ਹੈ ।”

“ਯਾਰ ! ਮੈਂ ਅਤਿਅੰਤ ਦਰਦ ਨਾਲ਼ ਭਰਿਆ ਪਿਆ ਹਾਂ । ਸਾਡੀਆਂ ਪੰਜਾਬੀ ਕੁੜੀਆਂ ਅਜਿਹੀਆਂ ਪੋਸ਼ਾਕਾਂ ਪਹਿਨ ਕੇ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਕਿ ਉਨ੍ਹਾਂ ਦਾ ਅੰਗ-ਅੰਗ ਬਾਹਰ ਆਉਣ ਨੂੰ ਕਾਹਲਾ ਹੁੰਦਾ ਹੈ । ਇਉਂ ਲੱਗਦੈ, ਜਿਵੇਂ ਫੈਸ਼ਨ ਪਰੇਡ ਹੋ ਰਹੀ ਹੋਵੇ । ਮੈਂ ਕੀਕਣ ਬਰਦਾਸ਼ਤ ਕਰਾਂ ? ਭਾਈ ਬੀਬਾ ! ਮੰਨਿਆ ਕਿ ਤੁਸੀਂ ਬੜੇ ਵਿਕਸਤ ਮੁਲਕ ‘ਚ ਰਹਿੰਦੀਆਂ ਹੋ, ਤੁਹਾਡੀ ਸੋਚ ਬੜੀ ਅਗਾਂਹਵਧੂ ਹੈ, ਆਪਣੀ ਮਰਜ਼ੀ ਦੀਆਂ ਖੁਦ ਮਾਲਕ ਹੋ ਤੇ ਹਰ ਇੱਕ ਨੂੰ ਪੂਰਨ ਆਜ਼ਾਦੀ ਹੈ, ਪਰ ਮਰਿਆਦਾ ਦਾ ਵੀ ਤਾਂ ਕੋਈ ਮਹੱਤਵ ਹੁੰਦਾ ਹੈ । ਬਾਕੀ ਭਾਈ, ਗੁਰੂਘਰ ‘ਚ ਤੁਹਾਡੇ ਵਰਗੀਆਂ ਏਨੀਆਂ ਅਗਾਂਹਵਧੂ ਹੋਣ ਨਾਲੋਂ ਤਾਂ ਅਸੀਂ ਪਿਛਾਂਹਵਧੂ ਹੀ ਚੰਗੇ ।”

“ਚੁੱਪ ਕਰ ! ਸਾਲਾ ਅਤਿਅੰਤ ਦਰਦ ਦਾ ! ਆਪ ਵੀ ਮਰੇਂਗਾ, ਨਾਲੇ ਮੈਨੂੰ ਮਰਵਾਏਂਗਾ । ਐਵੀਂ ਨਾ ਕਿਸੇ ਨੂੰ ਕਹੀ ਜਾ । ਗੱਲ ਉਹ ਕਰੀਏ ਜੋ ਅੱਖੀਂ ਦੇਖੀ ਹੋਵੇ ।” ਮੈਨੂੰ ਆਪਣੇ ਦਿਲ ਦੀ ਸੋਚ ਤੋਂ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ । ਮੈਂ ਸ਼ੁਰੂ ਤੋਂ ਹੀ ਧਰਮ ਦੇ ਮਾਮਲੇ ‘ਤੇ ਕਲ਼ਮ ਚਲਾਉਣ ਤੋਂ ਗੁਰੇਜ਼ ਕੀਤੀ ਹੈ, ਪਰ ਮੇਰਾ ਦਿਲ ਅੱਜ ਤੜਕੇ ਤੋਂ ਹੀ ਮਗਰ ਪਿਆ ਹੋਇਆ ਹੈ ਕਿ ਇਸ ਫੈਸ਼ਨ ਪਰੇਡ ਦੇ ਮਾਮਲੇ ਤੇ ਕੁਝ ਲਿਖਾਂ । ਅਸਲ ‘ਚ ਇੱਕ ਪਾਠਕ ਬੀਬੀ ਦਾ ਫ਼ੋਨ ਆਇਆ ਸੀ, ਲਗਦਾ ਹੈ ਉਹ ਵੀ ਮੇਰੇ ਦਿਲ ਵਾਂਗ ਭਾਵੁਕ ਕਿਸਮ ਦੀ ਹੈ । ਉਹਦਾ ਤੇ ਉਹਦੇ ਪਰਿਵਾਰ ਦਾ ਦਿਲ ਵੀ ਮੇਰੇ ਦਿਲ ਵਾਂਗ ਇਨ੍ਹਾਂ ਗੱਲਾਂ ਕਾਰਨ ਦਰਦ ਨਾਲ਼ ਭਰਿਆ ਪਿਆ ਹੈ । ਉਸਨੇ ਤਾਂ ਆਪਣੇ ਦਿਲ ਦੀ ਭੜਾਸ ਕੱਢ ਲਈ, ਪਰ ਮੇਰਾ ਦਿਲ ਇਹ ਗੱਲਾਂ ‘ਦਿਲ’ ਨੂੰ ਲਾ ਬੈਠਾ ਤੇ ਹੁਣ ਮੇਰੇ ਨਾਲ਼ ਇਸ ਮਾਮਲੇ ‘ਤੇ ਲੇਖ਼ ਲਿਖਣ ਦੀ ਜਿ਼ੱਦ ਕਰੀ ਜਾਂਦਾ ਹੈ । ਮੈਂ ਵੀ ਧਾਰ ਰੱਖੀ ਹੈ, ਇਹ ਜੋ ਮਰਜ਼ੀ ਕਹੀ ਜਾਵੇ, ਮੈਂ ਇਹਦੀ ਕਹੀ ਨਹੀਂ ਮੰਨਣੀ ।

“ਬਾਹਲਾ ਭੋਲਾ ਨਾ ਬਣ, ਜਦ ਤੂੰ ਮੈਲਬੌਰਨ ਰਹਿੰਦਿਆਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ, ਤਾਂ ਮੇਰੇ ਨਾਲ਼ ਕੀ ਕਲਪਦਾ ਰਹਿੰਦਾ ਸੀ ? ਤੂੰ ਆਹੀ ਕੁਛ ਮੈਨੂੰ ਕਹਿੰਦਾ ਹੁੰਦਾ ਸੀ, ਜੋ ਅੱਜ ਮੈਂ ਤੈਨੂੰ ਕਹੀ ਜਾਂਦਾ ਹਾਂ ।”

“ਨਹੀਂ, ਨਾ ਤਾਂ ਮੈਂ ਕੁਛ ਦੇਖਿਆ ਤੇ ਨਾ ਤੈਨੂੰ ਕਦੇ ਕੁਛ ਕਿਹਾ । ਐਵੇਂ ਨਾ ਜ਼ਬਰਦਸਤੀ ਦਾ ਗਵਾਹ ਬਣਾਈ ਜਾ । ਮੈਲਬੌਰਨ ਗੁਰਦੁਆਰਾ ਸਾਹਿਬ ਗਿਆਂ ਨੂੰ ਹੁਣ ਤਾਂ ਅੱਠ-ਨੌਂ ਮਹੀਨੇ ਬੀਤ ਗਏ ਨੇ, ਮੈਨੂੰ ਤਾਂ ਰਾਤ ਖਾਧੀ ਰੋਟੀ ਯਾਦ ਨਹੀਂ ਰਹਿੰਦੀ ਕਿ ਕਾਹਦੇ ਨਾਲ਼ ਖਾਧੀ ਸੀ, ਤੂੰ ਨੌਂ ਮਹੀਨੇ ਪੁਰਾਣੀਆਂ ਗੱਲਾਂ ਤਾਜ਼ਾ ਕਰਵਾਉਣ ਲੱਗਾ ਏਂ ।”

“ਕੀ ਯਾਰ ! ਤੈਨੂੰ ਕੁਛ ਵੀ ਯਾਦ ਨਹੀਂ ਰਹਿੰਦਾ । ਤੂੰ ਐਤਵਾਰ ਵਾਲੇ ਦਿਨ ਜਾਇਆ ਤਾਂ ਕਰਦਾ ਸੀ, .....”

“ਕਿਉਂ ਸਾਲਿਆ, ਮਰਵਾਉਣ ਦਾ ਲੱਕ ਬੰਨਿਐਂ ? ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ? ਪਿਉ ਮੇਰਿਆ ਮੈਨੂੰ ਸਭ ਯਾਦ ਐ, ਵਾਸਤਾ ਈ ਰੱਬ ਦਾ, ਹੁਣ ਨਾਮ ਨਾ ਲਈਂ ਕਿ ਕਿਹੜੇ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ।” ਮੈਂ ਫਟਾਫਟ ਆਪਣੇ ਦਿਲ ਦਾ ਮੂੰਹ ਘੁੱਟਿਆ ।

“ਮੇਰਾ ਮੂੰਹ ਕੀ ਘੁੱਟਦੈਂ ? ਮੂੰਹ ਘੁੱਟ ਉਨ੍ਹਾਂ ਦੇ, ਅਜਿਹੀਆਂ ਕੁਰੀਤੀਆਂ ਰੋਕਦੇ ਨਹੀਂ, ਜੋ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਮੈਂਬਰੀਆਂ ਲਈ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਕਰਦੇ ਤੇ ਲੜਦੇ ਨੇ ਤੇ ਅਜਿਹਾ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਰੱਖਦੇ ਨੇ ।”

“.......” ਮੈਂ ਕੀ ਕਹਿੰਦਾ, ਮੇਰਾ ਦਿਲ ਤਾਂ ਕੁਝ ਜਿ਼ਆਦਾ ਹੀ ਭਾਵੁਕ ਹੋ ਰਿਹਾ ਸੀ ।

“ਐਡੀਲੇਡ ਦਾ ਯਾਦ ਨਹੀਂ, ਲੰਗਰ ਵੇਲੇ ਕਿਵੇਂ ਜਨਤਾ ਧੱਕੋ-ਧੱਕੀ ਹੋਈ ਜਾਂਦੀ ਸੀ । ਦੇ ਧੱਕੇ ‘ਤੇ ਧੱਕਾ, ਦੇ ਧੱਕੇ ‘ਤੇ ਧੱਕਾ ।”

“ਯਾਰ ! ਤੇਰਾ ਵੀ ਪਤਾ ਨਹੀਂ ਲੱਗਦਾ, ਕਦੋਂ ਕੀ ਗੱਲ ਕਰ ਜਾਨੈਂ । ਕਿੱਥੇ ਫੈਸ਼ਨ ਪਰੇਡ, ਕਿੱਥੇ ਪ੍ਰਧਾਨਗੀ ਤੇ ਕਿੱਥੇ ਲੰਗਰ ? ਬਾਕੀ ਜਦੋਂ ਅੱਗੇ ਖੜ੍ਹੇ ਸੇਵਾਦਾਰ ਕੁਝ ਖਾਸ ਬੰਦਿਆਂ ਨੂੰ ਸਾਰੀ ਭੀੜ ‘ਚੋਂ ਅੰਦਰ ਲੈ ਜਾਂਦੇ ਐ ਤਾਂ ਜੇ ਕਿਸੇ ਨੇ ਮਾੜਾ ਮੋਟਾ ਧੱਕਾ ਦੇ ਦਿੱਤਾ ਤਾਂ ਕੀ ਹੋਇਆ ? ਨਾਲ਼ੇ ਏਨੀਆਂ ਨਿੱਕੀਆਂ ਗੱਲਾਂ ਬਾਈ ਜੀ, ਆਪਣੇ ਤਾਂ ਯਾਦ ਰਹਿੰਦੀਆਂ ਨਹੀਂ, ਜਿੰਨੀਆਂ ਤੂੰ ਕਰਦੈਂ । ਹੁਣ ਇਹ ਨਾ ਪੁੱਛ ਲਈਂ ਪਈ, ਉਹ ਕਿਹੜਾ ਸੇਵਾਦਾਰ ਸੀ ? ਮੈਂ ਤਾਂ ਇੱਕ ਵਾਰੀ ਹੀ ਉੱਥੇ ਕਿਸੇ ਨਾਲ ਗਿਆ ਸੀ, ਉਹ ਵੀ ਬੜੇ ਮਹੀਨੇ ਹੋ ਗਏ । ਮੈਨੂੰ ਤਾਂ ਰਸਤਾ ਵੀ ਯਾਦ ਨਹੀਂ ।”

“ਹੁਣ ਇਹ ਨਾ ਕਹੀਂ ਪਈ, ਐਡੀਲੇਡ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਬਾਰੇ ਨਹੀਂ ਸੁਣਿਆ, ਜਿੱਥੇ ਸੰਗਤਾਂ ਕੁਰਸੀਆਂ-ਮੇਜ਼ਾਂ ਤੇ ਬਹਿ ਕੇ ਲੰਗਰ ਛਕਦੀਆਂ ਨੇ । ਸਾਰੀ ਉਮਰ ਆਪਾਂ ਤਾਂ ਇਹੀ ਕਹਿੰਦੇ-ਸੁਣਦੇ ਰਹੇ ‘ਪ੍ਰਸ਼ਾਦਾ ਵਾਹਿਗੁਰੂ ਜੀ ! ਦਾਲ ਵਾਹਿਗੁਰੂ ਜੀ !!’ ਸੁਣਿਐ, ਉੱਥੇ ਕਹਿੰਦੇ ਐ ‘ਲਿਟਲ ਬਿਟ ਮੋਰ ! ਲਿਟਲ ਬਿਟ ਮੋਰ !!’

“ਨਾ ! ਚੁੱਪ !! ਗ਼ਲਤ ਗੱਲ !!! ਇਸ ਵਿਸ਼ੇ ‘ਤੇ ਆਪਾਂ ਬਿਲਕੁੱਲ ਈ ਗੱਲ ਨਹੀਂ ਕਰਨੀ । ਸੁਣੀ-ਸੁਣਾਈ ਗੱਲ ‘ਤੇ ਟਿੱਪਣੀ ਕਰਨੀ ਆਪਣੇ ਅਸੂਲਾਂ ਦੇ ਖਿਲਾਫ਼ ਹੈ । ਜਦੋਂ ਤੱਕ ਗੱਲ ਦਾ ਪੂਰਾ ਪਤਾ ਨਾ ਹੋਵੇ, ਆਪਾਂ ਨਹੀਂ ਬੋਲਦੇ । ਆਪਾਂ ਕਦੀ ਉੱਥੇ ਗਏ ਨਹੀਂ, ਕੁਝ ਦੇਖਿਆ ਨਹੀਂ, ਮੇਜ਼ਾਂ ‘ਤੇ ਲੰਗਰ ਛਕਾਉਣ ਦਾ ਕਿਸੇ ਨੂੰ ਕਾਰਨ ਪੁੱਛਿਆ ਨਹੀਂ । ਹੋ ਸਕਦੈ ਉੱਥੋਂ ਦੀ ਕੋਈ ਪ੍ਰੰਪਰਾ ਹੋਵੇ ।” ਮੈਂ ਸੁਣੀ-ਸੁਣਾਈ ਗੱਲ ‘ਤੇ ਕੁਝ ਵੀ ਬੋਲਣ ਤੋਂ ਸਾਫ਼ ਮੁੱਕਰ ਗਿਆ । ਗੱਲ ਵੀ ਠੀਕ ਹੈ, ਆਪਾਂ ਨੂੰ ਹਰ ਜਗ੍ਹਾ ਦੀਆਂ ਪ੍ਰੰਪਰਾਵਾਂ ਜਾਂ ਇਤਿਹਾਸ ਦਾ ਕੀ ਪਤਾ ? ਜਦੋਂ ਕਦੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਮਾਂ ‘ਚ ਹੋਏ, ਉਦੋਂ ਆਪਣੇ ਦਿਲ ਦੀ ਤਸੱਲੀ ਵੀ ਕਰਵਾ ਦੇਵਾਂਗੇ, ਪਰ ਹੁਣ ਕੋਈ ਗੱਲ ਨਹੀਂ ਕਰਨੀਂ, ਨਾ ਬਈ, ਉੱਕਾ ਈ ਨਹੀਂ, ਉਂਹੂੰ !

“ਚੱਲ, ਇਸ ਗੱਲ ਨੂੰ ਏਥੇ ਹੀ ਛੱਡ ਦਿੰਨੇ ਐਂ ਪਈ ਸੁਣੀ ਸੁਣਾਈ ਗੱਲ ਐ, ਜਦੋਂ ਅੱਖੀਂ ਦੇਖਾਂਗੇ, ਫੇਰ ਸਹੀ । ਪਰ ਇੱਕ ਸੁਆਲ ਜ਼ਰੂਰ ਪ੍ਰੇਸ਼ਾਨ ਕਰਦੈ, ਪਈ ਗੁਰੂ ਸਾਹਿਬ ਨੇ ਹਰੇਕ ਨੂੰ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦਾ ਉਪਦੇਸ਼ ਦਿੱਤਾ ਸੀ, ਹੁਣ ਇਹ ਮੇਜ਼-ਕੁਰਸੀਆਂ ਕਿੱਥੋਂ ਆ ਗਏ ? ਪਤਾ ਨਹੀਂ ਇਹ ਗੱਲ ਸੱਚ ਐ ਕਿ ਝੂਠ ਪਰ ਸਿਆਣੇ ਕਹਿੰਦੇ ਐ, ਧੂੰਆਂ ਹਮੇਸ਼ਾਂ ਉੱਥੇ ਹੁੰਦੈ ਜਿੱਥੇ ਅੱਗ ਹੋਵੇ ।”

ਮੈਂ ਸੋਚਦਾਂ ਭਾਵੁਕਤਾ ਕੰਮ ਵਿਗਾੜ ਦਿੰਦੀ ਹੈ । ਮੇਰਾ ਦਿਲ ਤਾਂ ਏਨਾ ਭਾਵੁਕ ਐ ਪਈ ਇੱਕ ਵਾਰੀ ਤਾਂ ਮੈਨੂੰ ਬਰਬਾਦ ਕਰ ਚੁੱਕਿਐ, ਹੁਣ ਨਹੀਂ ਮੈਂ ਇਹਦੇ ਕਹੇ ਲੱਗਣ ਵਾਲਾ । ਹੋਇਆ ਕੀ, ਪਈ ਕਰੀਬ ਨੌਂ-ਦਸ ਸਾਲ ਪਹਿਲਾਂ ਦੀ ਗੱਲ ਐ । ਇੱਕ ਭਲਵਾਨ ਨੂੰ ਯਾਰ ਬਣਾ ਲਿਆ । ਉਹਦੇ ਮਗਰ ਲੱਗ ਕੇ ਕਰਜ਼ਾ ਚੁੱਕ ਕੇ ਹੈਲਥ ਕਲੱਬ ਖੋਲ ਲਿਆ । ਆਪ ਨੂੰ ਭਲਵਾਨੀ ਬਾਰੇ ਕੋਈ ਜਾਣਕਾਰੀ ਨਹੀਂ ਸੀ । ਅਗਲੇ ਨੇ ਅਜਿਹੀਆਂ ਭੁਆਟਣੀਆਂ ਖੁਆਈਆਂ ਕਿ ਆਖਰ ਨਤੀਜਾ ਇਹ ਨਿੱਕਲਿਆ ਕਿ ਘਰ ਵੀ ਵਿਕ ਗਿਆ ਤੇ ਕੰਮ ਕਾਜ ਵੀ । ਮੈਂ ਤਾਂ ਜੀ, ਸੜਕ ‘ਤੇ ਆ ਗਿਆ । ਦਿਲ ਦਾ ਕੀ ਐ, ਅਖੇ ਜੀ ‘ਹਮਾਰਾ ਦੋਸਤ ਹੈ !’ ਇਹ ਗੱਲ ਵੱਖਰੀ ਐ ਪਈ ਸੱਚੇ ਪਾਤਸ਼ਾਹ ਨੇ ਦਇਆ ਮਿਹਰ ਕੀਤੀ ਤੇ ਖਤਾਨਾਂ ‘ਚ ਪਈ ਗੱਡੀ ਨੂੰ ਮੁੜ ਪਟੜੀ ‘ਤੇ ਲੈ ਆਂਦਾ । ਇਹ ਦਿਲ ਅਜੇ ਕਿਹੜਾ ਟਿਕਦੈ ? ਪਈ ਤੂੰ ਪ੍ਰਦੇਸਾਂ ‘ਚ ਆਇਐਂ, ਚੁੱਪ ਕਰਕੇ ਆਪਣੀ ਕਿਰਤ ਕਰ ਤੇ ਭਵਿੱਖ ਬਾਰੇ ਸੋਚ । ਹੁਣ ਦੁਨੀਆਂ ‘ਤੇ ਮਾੜੀ ਮੋਟੀ “ਗੜਬੜੇਸ਼ਨ” ਤਾਂ ਚੱਲਦੀ ਹੀ ਐ, ਇਹ ਆਲਾ ਦੁਆਲਾ ਵੇਖ ਨਾਲ਼ੇ ਆਪ ਦੁਖੀ ਹੁੰਦਾ ਰਹਿੰਦੈ, ਨਾਲ਼ੇ ਮੈਨੂੰ ਵੰਝ ‘ਤੇ ਚੜ੍ਹਾ ਰੱਖਿਐ ।

“ਨਾਲ਼ ਬਾਬਿਆਂ ਦੀਆਂ ਕਾਰਸਤਾਨੀਆਂ ਬਾਰੇ ਵੀ ਲਿਖਣਾ ਏ ।” ਮੇਰੇ ਦਿਲ ਨੇ ਨਵਾਂ ਪੱਤਾ ਸੁੱਟਦਿਆਂ ਕਿਹਾ ।

“ਬਾਬੇ ਤਾਂ ਬਖ਼ਸ਼ ਦੇ ਯਾਰ ! ਉਹ ਤਾਂ ਰੱਬ ਦੀ ਭਗਤੀ ਤੇ ਉਹਦੇ ਮਿਲਣ ਦਾ ਰਸਤਾ ਦੱਸਦੇ ਨੇ । ਊਂ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ।”

“ਤੈਨੂੰ ਦੱਸ ‘ਤਾ ਹੋਊ ਕੋਈ ਰਸਤਾ । ਦੁਨੀਆਂ ਨੂੰ ਤਾਂ ਲੁੱਟਣ ਨੂੰ ਪਏ ਹੋਏ ਨੇ । ਟੈਲੀਵੀਜ਼ਨ ‘ਤੇ ਦਰਜਨਾਂ ਦੇ ਹਿਸਾਬ ਨਾਲ਼ ਬਾਬੇ ਆਪਣੇ ਪ੍ਰਵਚਨ ਦਿੰਦੇ ਨੇ । ਕਈ ਤਾਂ ਚੁਟਕਲੇ ਵੀ ਸੁਣਾਉਂਦੇ ਨੇ ਤੇ ਕਈਆਂ ਦੇ ਸਤਿਸੰਗ ‘ਚ ਡਿਸਕੋ-ਡਾਂਸ ਵੀ ਹੁੰਦੈ ।”

“ਓ....! ਡਿਸਕੋ-ਡਾਂਸ ਨਹੀਂ, ਸੰਗਤਾਂ ਭਜਨ ਸੁਣਕੇ ਆਨੰਦ ਵਿਭੋਰ ਹੋ ਕੇ ਨੱਚਦੀਆਂ ਨੇ ।”
“ਭਜਨ ਸੁਣਕੇ ਪਤਾ ਨਹੀਂ ਡਿਸਕੋ-ਡਾਂਸ... ਸੌਰੀ, ਨਾਚ ਪਤਾ ਨਹੀਂ ਕਿਵੇਂ ਹੋ ਜਾਂਦਾ ਹੈ । ਆਪਾਂ ਕਿੰਨੀ ਵਾਰੀ ਕੱਠਿਆਂ ਸ਼ਬਦ-ਕੀਰਤਨ ਸਰਵਣ ਕੀਤਾ, ਆਪਣਾ ਮਨ ਤਾਂ ਆਨੰਦ ਦੀ ਰੌਂਅ ‘ਚ ਵਹਿ ਜਾਂਦੈ, ਬਾਣੀ ਨਾਲ਼ ਜੁੜ ਜਾਂਦੈ । ਹੋ ਸਕਦੈ ਲੋਕ ਤਾਂ ਨੱਚਦੇ ਹੋਣ, ਪਈ ਟੈਲੀਵੀਜ਼ਨ ਵਾਲੇ ਕੈਮਰਾ ਨੱਚਣ ਵਾਲੇ ‘ਤੇ ਰੱਖਣਗੇ ਤੇ ਲੋਕ ਦੇਖਣਗੇ ।”

“ਚੱਲ ਕੋਈ ਨਾ.....!” ਮੈਂ ਦਿਲ ਦੀ ਗੱਲ ‘ਤੇ ਮਿੱਟੀ ਪਾਉਣ ਦੀ ਕੋਸਿ਼ਸ਼ ਕੀਤੀ ।

“ਯਾਰ ਗੁਲਾਟੀ ! ਇੱਕ ਗੱਲ ਤਾਂ ਦੱਸ । ਇਹ ਬਾਬੇ ਕੇਵਲ ਮੀਟ ਤੇ ਸ਼ਰਾਬ ਨੂੰ ਹੀ ਕਿਉਂ ਮਨ੍ਹਾਂ ਕਰਦੇ ਨੇ ? ਬਾਕੀ ਨਸਿ਼ਆਂ ਦਾ ਏਨਾਂ ਵੱਡਾ ਦਰਿਆ ਪੰਜਾਬ ‘ਚ ਵਗਣ ਡਿਹਾ ਏ, ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਲੱਗ ਚੁੱਕੇ ਨੇ ਤੇ ਦਿਨ-ਬ-ਦਿਨ ਖੋਖਲਾ ਕਰੀ ਜਾਂਦੇ ਨੇ । ਉਨ੍ਹਾਂ ਨੂੰ ਕੋਈ ਨਹੀਂ ਰੋਕਦਾ । ਹੋਰ ਤਾਂ ਹੋਰ, ਮੁੰਡ੍ਹੀਰ ਬਰੈੱਡ ‘ਤੇ ਆਇਓਡੈਕਸ ਲਾ ਲਾ ਕੇ ਹੀ ਖਾਈ ਜਾਂਦੀ ਹੈ । ਬੂਟ ਪਾਲਸ਼ਾਂ ਸੁੰਘੀ ਜਾਂਦੀ ਹੈ । ਮੈਂ ਤਾਂ ਇੱਥੋਂ ਤੱਕ ਸੁਣਿਐਂ ਕਿ “ਨੌਜਵਾਨ” ਕਿਰਲੀ ਦੀ ਪੂਛ ਵੀ ਜੁਗਾੜ ਕਰਕੇ ਖਾ ਜਾਂਦੇ ਐ । ਆਪਾਂ ਅੱਡ-ਅੱਡ ਬਾਬਿਆਂ ਦੀਆਂ ਗੱਲਾਂ...”

“ਗੱਲਾਂ ਨਹੀਂ ਸਤਿਸੰਗ ।”

“ਆਹੋ ਸਤਿਸੰਗ ਹੀ ਸਹੀ । ਆਪਾਂ ਏਨੇ ਸਤਿਸੰਗ ਸੁਣੇ ਨੇ ਪਰ ਇਹ ਨਹੀਂ ਸੁਣਿਆ ਕਿ ਕਿਸੇ ਬਾਬੇ ਨੇ ਡਰੱਗਜ਼ ਜਾਂ ਬੀੜੀਆਂ-ਸਿਗਰਟਾਂ ਤੇ ਪਾਬੰਦੀ ਲਾਈ ਹੋਵੇ । ਇਹ ਕਹਿੰਦੇ ਹੋਣ ਪਈ ਜੇ ਕਿਸੇ ਨੇ ਬੀੜੀ-ਸਿਗਰਟ ਪੀਤੀ ਤਾਂ ਉਸਨੂੰ ਵੀ ਨਰਕ ਦਾ ਭਾਗੀ ਬਣਨਾ ਪਊ ਜਾਂ ਉਸਨੂੰ ਨਾਮ-ਦਾਨ ਦੀ ਬਖਸਿ਼ਸ਼ ਨਹੀਂ ਹੋਣੀ, ਜੋ ਕਿਸੇ ਵੀ ਪ੍ਰਕਾਰ ਦਾ ਨਸ਼ਈ ਹੈ । ਬੀੜੀਆਂ ਪੀਣ ਵਾਲਾ ਆਪਣੇ ਫੇਫੜੇ ਤਾਂ ਫੂਕਦਾ ਹੀ ਹੈ, ਨਾਲ਼ ਦਿਆਂ ਨੂੰ ਬਿਮਾਰੀਆਂ ਮੁਫ਼ਤ ‘ਚ ਹੀ ਦੇਈ ਜਾਂਦੈ, ਨਾਲ਼ੇ ਉਨ੍ਹਾਂ ਦਾ ਸਾਹ ਲੈਣਾ ਔਖਾ ਕਰੀ ਰੱਖਦੈ । ਆਹ ਆਸਟ੍ਰੇਲੀਆ ‘ਚ ਦੇਖ ਲੈ, ਕੋਈ ਛੱਤ ਥੱਲੇ ਸਿਗਰਟ ਨਹੀਂ ਪੀ ਸਕਦਾ ਤੇ ਸਾਡੇ ਮੁਲਕ ‘ਚ ਧੂੰਆਂ ਅਗਲੇ ਦੇ ਮੂੰਹ ‘ਤੇ ਮਾਰਦੇ ਨੇ । ਕੋਈ ਕਾਇਦਾ ਕਾਨੂੰਨ ਹੀ ਨਹੀਂ । ਸ਼ਹਿਰਾਂ ‘ਚ ਸੇਠ ਸਾਹਿਬ ਹੋਰੀਂ ਤਾਂ ਗੁਟਕੇ ਹੀ ਚੱਬੀ ਜਾਂਦੇ ਐ । ਲਾਲਿਆਂ ਦੇ ਛੋਹਰਾਂ ਦੇ ਦੰਦ ਲਾਲ-ਕਾਲੇ ਹੋਏ ਪਏ ਹੁੰਦੇ ਐ । ਜਦੋਂ ਉਬਾਸੀ ਲੈਣ ਲਈ ਮੂੰਹ ਖੋਲਦੇ ਐ ਤਾਂ ਕੁਇੰਟਲਾਂ ਦੇ ਹਿਸਾਬ ਨਾਲ਼ ਮੁਸ਼ਕ ਬਾਹਰ ਨੂੰ ਆਉਂਦੈ ਤੇ ਵੇਖਣ ਨੂੰ ਜਾਪਦੈ ਜਿਵੇਂ ਨਰਕ ਦਾ ਦਰਵਾਜ਼ਾ ਵੀ ਅਜਿਹਾ ਗੰਦਾ ਹੀ ਹੋਵੇਗਾ । ਪਿੰਡਾਂ ‘ਚ ਜ਼ਰਦਾ ਬੁੱਲਾਂ ਥੱਲੇ ਨੱਪੀ ਰੱਖਦੇ ਨੇ ਤੇ ਸ਼ਹਿਰਾਂ ‘ਚ ਗੁਟਕੇ । ਗੁਟਕੇ ਕਹਿ ਲਵੋ ਜਾਂ ਮਾਡਰਨ ਜ਼ਰਦਾ, ਗੱਲ ਤਾਂ ਇੱਕੋ ਹੀ ਹੈ । ਆਹ ਦੇਖ ਲੈ, ਕਿੰਨੇ ਬੰਦੇ ਗੋਲੀਆਂ ਖਾ ਕੇ ਹੀ ਲਿਟੀ ਜਾਂਦੇ ਰਹਿੰਦੇ ਨੇ, ਪਰ ਕੀ ਮਜਾਲ ਐ ਕਿ ਬਾਬੇ ਕਹਿ ਦੇਣ ਕਿ ਇਹ ਨਸ਼ੇ ਵੀ ਮਾੜੇ ਹੁੰਦੇ ਨੇ ।” ਮੇਰਾ ਦਿਲ ਸ਼ਾਇਦ ਬਾਬਿਆਂ ਦੇ ਨਾਲ਼-ਨਾਲ਼ ਪੰਜਾਬ ਦੀ ਰੁਲ ਰਹੀ ਜਵਾਨੀ ‘ਤੇ ਵੀ ਡਾਹਢਾ ਦੁਖੀ ਸੀ ।

“ਜੇ ਤੂੰ ਵੱਡਾ ਸਤਿਯੁਗੀ ਹੈ ਤਾਂ ਹੁਣ ਬਾਬੇ ਆਪਣੀ ਹੱਟੀ ਥੋੜੀ ਬੰਦ ਕਰ ਦੇਣ ?”

“ਕੀ ਮਤਲਬ ?” ਗੱਲ ਮੇਰੇ ਦਿਲ ਦੇ ਪੱਲੇ ਨਹੀਂ ਪਈ ਲੱਗਦੀ ਸੀ ।

“ਮਤਲਬ ਇਹ ਕਿ ਜੇ ਬਾਬੇ ਸਾਰੇ ਨਸ਼ੇ ਬੰਦ ਕਰਵਾਉਣ ਦੀ ਕੋਸਿ਼ਸ਼ ਕਰਨਗੇ ਤਾਂ ਉਹਨਾਂ ਦੇ ਸਤਿਸੰਗਾਂ ‘ਚ ਕੌਣ ਜਾਊ ? ਨਾਲ਼ੇ ਬਹੁਗਿਣਤੀ ਤਾਂ ਅਜਿਹੇ ਲੋਕਾਂ ਦੀ ਹੈ, ਜੋ ਸ਼ਰਾਬ ਤੋਂ ਬਿਨ੍ਹਾਂ ਕੋਈ ਹੋਰ ਨਸ਼ੇ ਕਰਦੇ ਨੇ । ਹੁਣ ਤੇਰੇ ਖਿਆਲ ‘ਚ ਮੈਂ ਬਾਬਿਆਂ ਦੇ ਖਿਲਾਫ਼ ਲਿਖ ਦਿਆਂ, ਨਾ ਬਈ ਨਾ, ਹੋ ਹੀ ਨਹੀਂ ਸਕਦਾ ।”

“ਭਾਈ ਸਾਹਿਬ ! ਬਾਬੇ ਵੀ ਤਾਂ ਇਨਸਾਨ ਨੇ, ਤੇ ਇਨਸਾਨ ਗਲਤੀਆਂ ਦਾ ਪੁਤਲਾ ਹੈ । ਕੰਪਿਊਟਰ ਚਲਾ ਕੇ ਯੂ-ਟਿਊਬ ‘ਤੇ ਦੇਖ ਲੈ ਜਾਂ ਅਖ਼ਬਾਰਾਂ ਪੜ੍ਹ ਲਿਆ ਕਰ । ਬਾਬੇ ਸੰਗਤਾਂ ਸਾਹਮਣੇ ਮੁੱਛਾਂ ਨੂੰ ਵੱਟ ਚਾੜ੍ਹਦੇ ਨੇ, ਹੈਪੀ ਬਰਥਡੇ ਮਨਾਉਂਦੇ ਨੇ, ਆਪਣੇ ਪ੍ਰਵਚਨ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵੋਤਮ ਦੱਸਦੇ ਨੇ, ਤੇ ਮੁੜ ਆਪ ਹੀ ਸੰਗਤਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ । ਉਹ ਠੀਕ ਹੈ ? ਚੜ੍ਹਦੀ ਉਮਰ ਦੇ ਨੌਜਵਾਨ ਵੀ ਬਾਬੇ ਬਣਨ ਲੱਗ ਪਏ ਨੇ । ਇਨ੍ਹਾਂ ਨੇ ਤਾਂ ‘ਬਾਬਾ’ ਸ਼ਬਦ ਦੀ ਮਹਿਮਾ ਨੂੰ ਹੀ ਰੋਲ ਕੇ ਰੱਖ ਦਿੱਤਾ ਹੈ । ਆਪਣੇ ਦਾਦੇ-ਦਾਦੀ ਦੀ ਉਮਰ ਦੇ ਬਜ਼ੁਰਗਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ । ਨਾ ਤਾਂ ਪੈਰੀਂ ਹੱਥ ਲਾਉਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਤੇ ਨਾ ਲਗਵਾਉਣ ਵਾਲਿਆਂ ਨੂੰ । ਅੱਧਾ ਬੇੜਾ ਤਾਂ ਅਜਿਹੇ ਅਨਪੜ੍ਹ ਮਾਈਆਂ-ਬਾਪੂਆਂ ਨੇ ਗ਼ਰਕ ਕਰ ਰੱਖਿਆ ਹੈ, ਜਿਹੜੇ ਚੰਗੇ ਭਲੇ ਨੌਜਵਾਨਾਂ ਨੂੰ ਰੱਬ ਦਾ ਦਰਜਾ ਦਿੱਤੀ ਜਾਂਦੇ ਨੇ । ਕਈ ਬਾਬੇ ਤਾਂ ਮੁਟਿਆਰਾਂ ਨਾਲ਼ ਚੋਹਲ-ਮੋਹਲ ਕਰਦੇ ਨੇ । ਕਈਆਂ ‘ਤੇ ਕੇਸ ਚੱਲੀ ਜਾਂਦੇ ਐ ਤੇ ਬਾਬੇ ਹੋਰੀਂ ਤਰੀਕਾਂ ਭੁਗਤਣ ਕਚਿਹਰੀ ‘ਚ ਜਾਂਦੇ ਨੇ । ਕਈਆਂ ਨੇ ਬਾਡੀਗਾਰਡ ਨਾਲ਼ ਰੱਖੇ ਨੇ । ਇਹ ਬਾਡੀਗਾਰਡ ਜਮਦੂਤਾਂ ਤੋਂ ਬਚਾਉਣ ਲਈ ਨੇ ਕਿ ਸੰਗਤ ਤੋਂ, ਇਹ ਸਮਝ ਨਹੀਂ ਆਈ ।”

“ਤੂੰ ਤਾਂ ਯਾਰ ! ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਿਐਂ, ਹੁਣ ਜਿਹੜੇ ਸਤਿਸੰਗ ਕਰਦੇ ਨੇ, ਪ੍ਰਵਚਨ ਕਰਦੇ ਨੇ, ਜਿੰਨਾਂ ਮਗਰ ਏਨੀ ਦੁਨੀਆਂ ਲੱਗਦੀ ਹੈ, ਉਨ੍ਹਾਂ ਦੀ ਕੋਈ ਵੀ ਗੱਲ ਜਾਂ ਉਨ੍ਹਾਂ ਦੁਆਰਾ ਕੀਤਾ ਗਿਆ ਕੋਈ ਵੀ ਕੰਮ ਗ਼ਲਤ ਥੋੜ੍ਹੀ ਹੋਵੇਗਾ ।” ਮੈਂ ਕਿਹਾ ।

“ਹਾਂ ਭਾਈ ! ਗੱਲ ਤਾਂ ਕਦੇ ਤੇਰੀ ਵੀ ਜਚਦੀ ਹੈ, ਬਾਬੇ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ, ਬਾਬੇ ਜੋ ਹੋਏ । ਆਖਿਰ ਉਨ੍ਹਾਂ ਅੰਦਰ ਵੀ ਤਾਂ ਦਿਲ ਹੈ, ਕਦੇ ਤਾਂ ਮਿੱਠਾ ਖਾਣ ਵਾਲੇ ਦਾ ਮਨ ਕਰਾਰਾ ਖਾਣ ਨੂੰ ਕਰ ਹੀ ਆਉਂਦੈ । ਇੱਕ ਗੱਲ ਹੋਰ ਹੈ ਕਿ ਆਪਣੀ ਜਨਤਾ ਤਾਂ ਮਿਰਚਾਂ ਨਾਲ਼ ਸੁੱਕੀ ਰੋਟੀ ਖਾ ਕੇ ਵੀ ਦੇਸ਼ ਦੀ ਜਨਸੰਖਿਆ ਦਾ ਗ੍ਰਾਫ਼ ਉਤਾਂਹ ਵੱਲ ਚੁੱਕੀ ਤੁਰੀ ਜਾਂਦੀ ਹੈ ਤੇ ਬਾਬੇ ਤਾਂ ਫੇਰ ਕਾਜੂ-ਬਦਾਮ ਤੇ ਹੋਰ ਭਾਂਤ-ਭਾਂਤ ਦੇ ਛੱਤੀ ਪਦਾਰਥ ਖਾਂਦੇ-ਪੀਂਦੇ ਨੇ । ਹੁਣ ਜਿਹੜੀ ਤਾਕਤ ਵੰਨ-ਸੁਵੰਨੀ ਦੇ ਦੇਸੀ ਘਿਉ ਵਾਲੇ ਖਾਣੇ ‘ਚ ਹੁੰਦੀ ਹੈ, ਉਹ ਵੀ ਤਾਂ ਅੰਦਰ ਜਾ ਕੇ ਥਾਪੀਆਂ ਮਾਰਦੀ ਹੈ । ਬਾਕੀ ਸਿਆਣੇ ਵੀ ਕਹਿੰਦੇ ਨੇ ਪਈ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ । ਕਈ ਬਾਬੇ ਤਾਂ ਚਾਂਦੀ ਦੇ ਬਰਤਨਾਂ ‘ਚ ਰੋਟੀ ਖਾਂਦੇ ਹਨ ਤੇ ਸੰਗਤਾਂ ਦੁਆਰਾ ਦਿੱਤੇ ਗਏ ਤੋਹਫਿ਼ਆਂ ਤੇ ਵੀ ਨੱਕ-ਬੁੱਲ੍ਹ ਕੱਢਦੇ ਹਨ । ਚੱਲ ਇੱਕ ਗੱਲ ਤਾਂ ਦੱਸ, ਪਈ ਬਾਬੇ ਆਪਣੀ ਗੱਦੀ ਕਿਸੇ ਬਾਹਰਲੇ ਨੂੰ ਕਿਉਂ ਨਹੀਂ ਦਿੰਦੇ, ਆਪਣੇ ਪਰਿਵਾਰ ‘ਚ ਹੀ ਕਿਉਂ ਘੁਕਾਈ ਫਿਰਦੇ ਨੇ ?” ਦਿਲ ਵਿਅੰਗ ਨਾਲ਼ ਮੇਰੀ ਹਾਮੀ ਓਟ ਕੇ ਮੁੜ ਰੰਗ ਦਾ ਪੱਤਾ ਸੁੱਟ ਗਿਆ ।

“ਮੈਨੂੰ ਤਾਂ ਪਤਾ ਨਹੀਂ, ਤੇ ਨਾ ਹੀ ਮੇਰੇ ਪਰਿਵਾਰ ਜਾਂ ਰਿਸ਼ਤੇਦਾਰੀ ‘ਚ ਕੋਈ ਅਰਬਪਤੀ ਬਾਬਾ ਹੈ ।”

“ਆੜੀ ! ਤੂੰ ਪੜ੍ਹਿਆ ਲਿਖਿਆ ਬੰਦਾ ਹੈਂ, ਵੀਰ ਬਣਕੇ ਇੱਕ ਗੱਲ ਤਾਂ ਸਮਝਾ, ਬਈ ਇਨ੍ਹਾਂ ਨੂੰ ਬਾਬੇ ਬਨਣ ਦੀ ਕੀ ਲੋੜ ਪਈ ਐ ? ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਹਮੇਸ਼ਾ ਦਸਾਂ ਨੌਹਆਂ ਦੀ ਕਿਰਤ ‘ਤੇ ਜ਼ੋਰ ਦਿੱਤਾ । ਇਹ ਬਾਬੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਆਮ ਲੋਕਾਂ ਤੱਕ ਤਾਂ ਪਹੁੰਚਾਉਦੇ ਨੇ, ਜਿਸ ‘ਚ ਕਿਰਤ ਕਮਾਈ ਦਾ ਵੀ ਜਿ਼ਕਰ ਹੁੰਦਾ ਹੈ । ਪਰ ਆਪ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੇ !”

“ਗੱਲ ਬਿਲਕੁੱਲ ਸਾਫ਼ ਹੈ । ਦੁਨੀਆਂ ‘ਤੇ ਅੱਜ ਦੀ ਤਾਰੀਖ ‘ਚ ਅਸਲ ਮਸਲਾ ਪੈਸੇ ਦਾ ਹੈ । ਜੇਕਰ ਪੈਸਾ ਹੈ ਤਾਂ ਸਭ ਹੈ, ਰਿਸ਼ਤੇਦਾਰ, ਯਾਰ-ਦੋਸਤ, ਦੁਨਿਆਵੀ ਸੁੱਖ ਸਹੂਲਤਾਂ ਆਦਿ । ਜੇਕਰ ਕੰਮ ਕੀਤੇ ਬਿਨਾਂ ਸਭ ਮਸਲੇ ਹੱਲ ਹੋਣ ਤੇ ਜੈ-ਜੈਕਾਰ ਮੁਫ਼ਤ ਦੀ, ਤਾਂ ਕੌਣ ਛੱਡਣਾ ਚਾਹੇਗਾ ?” ਮੈਂ ਕਿਸੇ ਚੰਗੇ ਲੀਡਰ ਵਾਂਗ ਗੋਲ-ਮੋਲ ਜਿਹਾ ਜੁਆਬ ਦੇ ਦਿੱਤਾ ।

“ਆਹੋ ! ਗੱਲ ਤੇਰੀ ਸੋਲਾਂ ਆਨੇ ਸੱਚ ਹੈ । ਕਿਤੇ ਲਾਏ ਹੁੰਦੇ ਆਸਟ੍ਰੇਲੀਆ ਦੇ ਬਾਗ਼ਾਂ ‘ਚ ਸੰਤਰੇ ਤੋੜਨ ‘ਤੇ, ਮੁੜ ਲੱਗਦਾ ਪਤਾ ਦਸਾਂ ਨੌਹਆਂ ਦੀ ਕਿਰਤ ਕਮਾਈ ਕਿੱਦਾਂ ਹੁੰਦੀ ਹੈ । ਆਹ ਦੇਖ ਲੈ ਜਿੰਨੇ ਪਾੜ੍ਹੇ ਬਾਗ਼ਾਂ ‘ਚ ਕੰਮ ਕਰਦੇ ਨੇ ਸਭ ਵੀਹਾਂ ਨੌਹਾਂ ਦੀ ਕਿਰਤ ਕਰਦੇ ਨੇ । ਅਸਲ....”

“ਵੀਹਾਂ ਨੌਹਾਂ ਦੀ ਕਿਰਤ !!!! ਇਹ ਕੀ ਹੁੰਦੀ ਹੈ ? ਮੈਂ ਤਾਂ ਪਹਿਲੀ ਵਾਰੀ ਸੁਣਿਐ । ਅੱਜ ਤੱਕ ਤਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਬਾਰੇ ਹੀ ਪਤਾ ਸੀ ।” ਮੈਂ ਤਾਂ ਘੋਰ ਹੈਰਾਨੀ ‘ਚ ਪੈ ਗਿਆ ।

“ਨਿੱਕੀ ਜਿਹੀ ਤਾਂ ਗੱਲ ਹੈ, ਬਾਗ਼ਾਂ ‘ਚ ਫਲ ਤੋੜਨ ਲਈ ਪੌੜੀ ‘ਤੇ ਚੜ੍ਹਨਾ ਪੈਂਦਾ ਹੈ, ਕਈ ਵਾਰੀ ਤਾਂ ਪੌੜੀ ਵੀ ਦਸ-ਬਾਰਾਂ ਫੁੱਟ ਉੱਚੀ ਹੁੰਦੀ ਹੈ । ਜਦੋਂ ਸਾਰੀ ਦਿਹਾੜੀ ਨਾਨ-ਸਟਾਪ ਚੜ੍ਹ-ਲੱਥ ਕਰੀ ਜਾਣੀ ਹੈ ਤਾਂ ਲੱਤਾਂ ਤੇ ਪੈਰ ਕਿੰਨੇ ਦੁਖਦੇ ਨੇ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ । ਹੁਣ ਦਸ ਨੌਂਹ ਹੋ ਗਏ ਪੈਰਾਂ ਦੇ ਤੇ ਦਸ ਹੋ ਗਏ ਹੱਥਾਂ ਦੇ ।” ਮੇਰੇ ਦਿਲ ਨੇ ਮੇਰੀ ਸ਼ੰਕਾ ਦਾ ਨਿਵਾਰਣ ਕਰਦਿਆਂ ਕਿਹਾ ।

“ਆਪਾਂ ਗੱਲ ਕਰ ਰਹੇ ਸੀ ਬਾਬਿਆਂ ਦੀ, ਅਸਲ ‘ਚ ਇਨ੍ਹਾਂ ਦੀ ਕਾਹਦੀ ਗ਼ਲਤੀ ਹੈ, ਜਨਤਾ ਨੇ ਸਿਰ ਹੀ ਚੜ੍ਹਾ ਰੱਖੇ ਨੇ । ਜਨਤਾ ਜਦੋਂ ਸਾਰੀ ਦਿਹਾੜੀ ਖੱਪ ਕੇ ਕੀਤੀ ਗਾੜ੍ਹੇ ਖੂਨ-ਪਸੀਨੇ ਦੀ ਕਮਾਈ ਦੇ ਮੱਥੇ ਟੇਕਦੀ ਐ, ਤਾਂ ਬਾਬੇ ਕਿਉਂ ਨਾਂਹ ਕਰਨ ? ਜੇਕਰ ਜਨਤਾ ਨੂੰ ਹੀ ਆਪਣੀ ਕਮਾਈ ਦਾ ਦਰਦ ਨਹੀਂ ਤਾਂ ਬਾਬਿਆਂ ਦੀ ਮੱਤ ਥੋੜ੍ਹਾ ਮਾਰੀ ਐ, ਪਈ ਚੜ੍ਹਾਵੇ ਤੋਂ ਨਾਂਹ ਕਰਨਗੇ । ਊਂ ਤਾਂ ਬਾਬੇ ਕਾਮ, ਕ੍ਰੋਧ, ਲੋਭ, ਮੋਹ ਆਦਿ ਤੋਂ ਦੂਰ ਰਹਿਣ ਦੇ ਪ੍ਰਵਚਨ ਕਰਦੇ ਨੇ, ਪਰ ਆਪ ਇਨ੍ਹਾਂ ਤੇ ਕਾਬੂ ਪਾ ਨਹੀਂ ਸਕੇ । ਆਹ, ਨਵੀਂ ਘਟਨਾ ਹੀ ਦੇਖ ਲੈ । ਬੱਬੂ ਮਾਨ ਨੇ ਇੱਕ ਗੀਤ ਗਾਇਆ, ਉਸਦੇ ਵਿਰੋਧ ‘ਚ ਇੱਕ ਬਾਬੇ ਨੇ ਆਪਣੇ ਦੀਵਾਨ ‘ਚ ਟਿੱਪਣੀ ਕੀਤੀ । ਟਿੱਪਣੀ ਕਹੀ ਤਾਂ ਕੀ ਕਹੀ ? ਵੱਡਾ ਸਾਰਾ ਟਿੱਪਣਾ ਕੀਤਾ । ਬਾਬੇ ਦੇ ਦਿਲ ‘ਚ ਮਘਦੇ ਅੰਗਿਆਰ ਉਹਦੀ ਜ਼ੁਬਾਨ ਰਾਹੀਂ ਬਾਹਰ ਆ ਰਹੇ ਸਨ । ਆਹ ਤਾਂ ਬਾਬਿਆਂ ਦਾ ਹੈ, ਕ੍ਰੋਧ ਤੇ ਕਾਬੂ । ਬਾਬਾ ਕਹਿੰਦਾ, ਜੇ ਕੋਈ ਸਾਬਤ ਸੂਰਤ ਗੱਲ ਕਰੇ ਤਾਂ ਕਰੇ, ਪਰ ਰੋਡੇ ਭੋਡੇ ਵੀ ਪੰਥਕ ਜਥੇਬੰਦੀਆਂ ‘ਤੇ ਗੱਲਾਂ ਕਰਦੇ ਨੇ । ਇਸਦਾ ਮਤਲਬ ਤਾਂ ਇਹ ਹੋਇਆ ਕਿ ਜੇਕਰ ਕੋਈ ਸਾਬਤ ਸੂਰਤ ਨਹੀਂ ਹੈ ਤਾਂ ਉਸਨੂੰ ਬੁਰਾਈ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਕੋਈ ਹੱਕ ਨਹੀਂ । ਬੱਬੂ ਮਾਨ ਨੇ ਤਾਂ ਪਾਖੰਡੀਆਂ ਦੇ ਖਿਲਾਫ਼ ਗੱਲ ਕੀਤੀ ਸੀ, ਕਿਸੇ ਦਾ ਨਾਮ ਤਾਂ ਨਹੀਂ ਲਿਆ ਸੀ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿਉਂ ਬੁਰਾ ਲੱਗ ਗਿਆ । ਕਿਤੇ ਸਿਆਣਿਆਂ ਦੀ ‘ਚੋਰ ਦੀ ਦਾੜ੍ਹੀ ‘ਚ ਡੱਕਾ’ ਵਾਲੀ ਗੱਲ ਸੱਚ ਤਾਂ ਨਹੀਂ ?” ਦਿਲ ਨੂੰ ਬਾਬਿਆਂ ਤੇ ਸਚਮੁੱਚ ਗੁੱਸਾ ਆਉਣ ਲੱਗ ਪਿਆ ਸੀ ।

“ਕਿਸੇ ਨੇ ਇੱਕ ਚੁਟਕਲਾ ਸੁਣਾਇਆ । ਪਈ ਇੱਕ ਬਾਬਾ ਕਹੇ ਕਿ ਮੈਂ ਕ੍ਰੋਧ ਨੂੰ ਜਿੱਤ ਲਿਆ ਹੈ । ਇੱਕ ਸ਼ਰਧਾਲੂ ਨੇ ਪੁੱਛਿਆ ‘ਬਾਬਾ ਜੀ ! ਕੀ ਤੁਹਾਨੂੰ ਸੱਚਮੁੱਚ ਗੁੱਸਾ ਨਹੀਂ ਆਉਂਦਾ ?” ਬਾਬਾ ਬੋਲਿਆ ‘ਹਾਂ ਪੁੱਤਰ ! ਮੈਨੂੰ ਕਦੀ ਗੁੱਸਾ ਨਹੀਂ ਆਉਂਦਾ ।’ ਸ਼ਰਧਾਲੂ ਨੇ ਚਾਰ ਕੁ ਵਾਰੀ ਫਿਰ ਉਹੀ ਸਵਾਲ ਪੁੱਛਿਆ । ਬਾਬਾ ਮੱਥੇ ਤਿਊੜੀਆਂ ਪਾ ਕੇ ਬੋਲਿਆ ‘ਕਾਕਾ ! ਤੈਨੂੰ ਅਜੇ ਤੱਕ ਸਮਝ ਨਹੀਂ ਆਈ, ਮੈਨੂੰ ਗੁੱਸਾ ਨਹੀਂ ਆਉਂਦਾ । ਪੰਦਰਾਂ ਕੁ ਮਿੰਟ ਪਿੱਛੋਂ ਸ਼ਰਧਾਲੂ ਨੇ ਫਿਰ ਉਹੀ ਸਵਾਲ ਕਰ ਦਿੱਤਾ । ਬਾਬੇ ਨੇ ਆਪਣੀ ਖੂੰਡੀ ਸ਼ਰਧਾਲੂ ਦੇ ਕੱਢ ਮਾਰੀ ਤੇ ਕਿਹਾ ‘ਭੈਣ ਦਿਆ **** ! ਤੈਨੂੰ ਕਿੰਨੀ ਵਾਰ ਦੱਸਾਂ ਕਿ ਮੈਨੂੰ ਗੁੱਸਾ ਕਦੀ ਨਹੀਂ ਆਉਂਦਾ ।” ਮੈਂ ਵੀ ਲੱਗਦੇ ਹੱਥ ਆਪਣੇ ਦਿਲ ਨੂੰ ਕਹਾਣੀ ਸੁਣਾ ਦਿੱਤੀ ।

“ਓ ਤੂੰ ਛੱਡ ਗੁੱਸੇ ਦੀਆਂ ਗੱਲਾਂ, ਅੱਗੇ ਸੁਣ । ਹੁਣ ਕਾਮ ਬਾਰੇ ਤਾਂ ਮੈਂ ਕੀ ਕਹਾਂ, ਅਖ਼ਬਾਰਾਂ ਨੇ ਹੀ ਬੜਾ ਕੁਝ ਕਹਿ ਦਿੱਤਾ । ਮੋਹ ਦੀ ਗੱਲ ਸੁਣ ਲੈ, ਬਾਬੇ ਊਂ ਤਾਂ ਕਹੀ ਜਾਂਦੇ ਨੇ ਪਈ ਕੋਈ ਕਿਸੇ ਦਾ ਪੁੱਤਰ ਨਹੀਂ, ਕੋਈ ਕਿਸੇ ਦੀ ਧੀ ਨਹੀਂ । ਸਭ ਲੈਣੀ-ਦੇਣੀ ਦੇ ਸੰਬੰਧ ਹਨ । ਭਲਾ ਪੁੱਛਣ ਵਾਲਾ ਹੋਵੇ ਕਿ ਆਪਣੇ ਧੀਆਂ-ਪੁੱਤਰ ਤਾਂ ਤੁਹਾਨੂੰ ਬੜੇ ਪਿਆਰੇ ਨੇ । ਤੁਹਾਨੂੰ ਤਾਂ ਪੂਰਾ ਗਿਆਨ ਹੈ, ਕਰੋ ਆਪਣੇ ਲੈਣੀ-ਦੇਣੀ ਦੇ ਸੰਬੰਧ ਖ਼ਤਮ ਤਾਂ ਜੋ ਜਨਤਾ ਵੀ ਤੁਹਾਡੇ ਮਗਰ ਲੱਗ ਸਕੇ । ਆਪ ਤਾਂ ਗ੍ਰਹਿਸਥ ਜੀਵਨ ਵੀ ਭੋਗ ਲਿਆ, ਜੁਆਕ ਵੀ ਜੰਮ ਲਏ । ਹੁਣ ਸਾਡੀ ਵਾਰੀ ਆਈ ਤਾਂ ਘੁੱਗੂ ਰੋ ਪਿਆ ! ਬੱਲੇ ਓਏ ਵੱਡੇ ਚਲਾਕਾਂ ਦੇ !! ਬਾਕੀ ਗੱਲ ਰਹੀ ਲੋਭ ਦੀ, ਉਹ ਵੀ ਸੁਣ ਲੈ । ਬਾਬੇ ਦਾਅਵੇ ਕਰਦੇ ਨੇ ਕਿ ਸਾਡੇ ਏਨੇ ਲੱਖ ਚੇਲੇ ਨੇ, ਮਾੜੀ ਜਿਹੀ ਕਰ ਖਾਂ ਗੁਣਾ ! ਜੇ ਇੱਕ ਚੇਲਾ ਸਾਲ ‘ਚ ਇੱਕ ਵਾਰੀ ਹੀ ਬਾਬੇ ਦੇ ਦਰਸ਼ਨ ਕਰਨ ਜਾਵੇ ਤੇ ਘੱਟੋ-ਘੱਟ ਦਸ ਰੁਪਏ ਮੱਥਾ ਟੇਕੇ ਤਾਂ ਗਿਣ ਲੈ ਸਿਫ਼ਰਾਂ, ਕਿੰਨੇ ਕੁ ਰੁਪਏ ਬਾਬੇ ਦੀ ਮੱਥਾ ਟਿਕਾਈ ਹੀ ਬਣ ਗਏ । ਹੁਣ ਜੇ ਜਨਤਾ ਆਪਣੀ ਹੱਡ-ਭੰਨਵੀਂ ਕਮਾਈ ‘ਚੋਂ ਕਰੋੜਾਂ ਰੁਪਏ ਬਾਬਿਆਂ ਨੂੰ ਹੀ ਸਲਾਨਾ ਦੇਈ ਜਾਂਦੀ ਐ ਤਾਂ ਬਾਬੇ ਨਵੀਨਤਮ ਕਾਰ ਕਾਲੇ ਰੰਗ ਦੀ ‘ਔਡੀ’ ਤਾਂ ਰੱਖਣਗੇ ਹੀ । ਬਾਕੀ ਦੁਨਿਆਵੀ ਸਹੂਲਤਾਂ ਮੋਬਾਇਲ, ਏਅਰ ਕੰਡੀਸ਼ਨਰ, ਕੰਪਿਊਟਰ, ਫਰਿੱਜ, ਟੈਲੀਵੀਜ਼ਨ ਤੇ ਹੋਰ ਸੁੱਖ ਸਹੂਲਤਾਂ ਤਾਂ ਪੈਸੇ ਨਾਲ਼ ਆ ਹੀ ਜਾਂਦੀਆਂ ਨੇ । ਇੰਕਮਟੈਕਸ ਵਾਲੇ ਵੀ ਛੋਟੇ ਦੁਕਾਨਦਾਰਾਂ ਦੇ ਸਿ਼ਕੰਜੇ ਕੱਸਣ ਵਾਲੇ ਹੀ ਹਨ, ਕਰੋੜਾਂ ਦੀ ਪ੍ਰਾਪਰਟੀ ਬਾਬਿਆਂ ਦੇ ਕੋਲ ਹੈ, ਕਦੀ ਨਹੀਂ ਸੁਣਿਆ ਕਿ ਕਿਸੇ ਬਾਬੇ ਦੀ ਇਨਕੁਆਰੀ ਹੋਈ ਹੋਵੇ । ਜੇ ਕਿਸੇ ਨੂੰ ਪੁੱਛ ਲਿਆ ਤਾਂ ‘ਦਾਨ’ ਵਾਲੀ ਮੋਰੀ ਥਾਣੀ ਸਭ ਨਿੱਕਲ ਜਾਣਗੇ ।” ਮੇਰੇ ਦਿਲ ਨੇ ਲੰਬਾ ਚੌੜਾ ਭਾਸ਼ਣ ਝਾੜ ਦਿੱਤਾ । ਹੁਣ ਮੈਂ ਆਪਣੇ ਮੂੰਹੋਂ ਕੋਈ ਗੱਲ ਕੱਢ ਕੇ ਜਾਂ ਕੋਈ ਟਿੱਪਣੀ ਕਰਕੇ “ਗੁਨਾਹਗਾਰ” ਥੋੜੀ ਬਣਨਾ ਸੀ, ਸੋ ਮੈਂ ਚੁੱਪ ਰਹਿਣ ‘ਚ ਭਲਾਈ ਸਮਝੀ । ਇੱਥੇ ਆਸਟ੍ਰੇਲੀਆ ਯੂਨਿਟਾਂ (ਘਰਾਂ) ‘ਚ ਮੁੰਡੇ ਅਕਸਰ ਹੀ ਮਹਿਫਿ਼ਲ ਲਗਾਈ ਰੱਖਦੇ ਨੇ । ਅੱਜ ਵੀ ਕਈ ਆਂਢੀ-ਗੁਆਂਢੀ ‘ਕੱਠੇ ਹੋਏ ਬੈਠੇ ਸੀ । ਕੁਦਰਤੀ ਬਾਬਿਆਂ ਤੇ ਚਰਚਾ ਹੋਣ ਲੱਗ ਪਈ ।

“ਗੱਲ ਇਉਂ ਐ, ਬਾਈ ਸਿਆਂ ! ਪਈ ਬਾਬਾ ਬੱਬੂ ਮਾਨ ਦੇ ਖਿਲਾਫ਼ ਕਿਉਂ ਬੋਲਿਆ, ਭਲਾ ਉਹਦਾ ਕਿਹੜਾ ਗੀਤ ‘ਚ ਨਾਮ ਲਿਆ ਸੀ ।”

“ਆਹੋ ! ਟੈਲੀਵੀਜ਼ਨ ਆਲੇ ਕਹੀ ਜਾਂਦੇ ਸੀ ਕਿ ਬਾਬੇ ਆਪ ਤਾਂ ਧਰਮ ਦਾ ਪ੍ਰਚਾਰ ਕਰਨ ਦੀ ਆੜ ‘ਚ ਐਸ਼ੋ-ਆਰਾਮ ਦੀ ਜਿੰਦਗੀ ਜਿਉਂਦੇ ਨੇ । ਮੈਂ ਯੂ-ਟਿਊਬ ‘ਤੇ ਦੇਖਿਆ ਸੀ ।”

“ਸਹੀ ਕਹਿੰਦੇ, ਕਿਹੜਾ ਝੂਠ ਐ ?”

“ਬਾਬਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਸਾਰੀ ਦੁਨੀਆਂ ਤੁਰਦੀ ਸੀ, ਗੁਰੂ ਸਾਹਿਬ ਵੀ ਤੁਰਦੇ ਸਨ । ਕਦੇ ਘੋੜਿਆਂ ਦਾ ਜ਼ਮਾਨਾ ਆ ਗਿਆ, ਕਦੇ ਰੱਥਾਂ ਦਾ ਜ਼ਮਾਨਾ ਆ ਗਿਆ, ਕਦੇ ਗੱਡੀਆਂ ਦਾ ਵੇਲਾ ਆ ਗਿਆ । ਸੁਣਨ ਵਾਲੇ ਤਾਂ ਗੱਡੀਆਂ ਤੇ ਆਉਣਗੇ ਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਜਾਣ, ਇਹ ਕਿਵੇਂ ਹੋ ਸਕਦੈ ?”

“ਪ੍ਰਚਾਰ ਕਰਨ ਨੂੰ ‘ਔਡੀ’ ਰੱਖਣੀ ਜ਼ਰੂਰੀ ਹੈ ਕੀ ? ਛੋਟੀ ਗੱਡੀ ਜਿਵੇਂ ਕਿ ਮਰੂਤੀ-ਮਰਾਤੀ ਵੀ ਤਾਂ ਰੱਖੀ ਜਾ ਸਕਦੀ ਹੈ ।”

“ਜੇ ਬਾਬੇ ਮਰੂਤੀ ‘ਚ ਆਉਣਗੇ ਤਾਂ ਲੋਕ ਕਹਿਣਗੇ ਛੋਟੇ ਬਾਬੇ ਆ ਗਏ, ਵੱਡੀ ਗੱਡੀ ਨਾਲ਼ ਸੰਗਤਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ ।” ‘ਤੇ ਯੂਨਿਟ ‘ਚ ਹਾਸੜ ਮੱਚ ਗਈ । 40-45 ਡਿਗਰੀ ਤਾਪਮਾਨ ‘ਚ ਖੇਤਾਂ ‘ਚ ਕੰਮ ਕਰਕੇ ਭੰਨੀ ਪਈ ਮੁੰਡ੍ਹੀਰ ਨੂੰ ਗੱਲਬਾਤ ਕਰਨ ਦਾ ਕੋਈ ਅਜਿਹਾ ਵਿਸ਼ਾ ਮਿਲਦਾ ਰਹੇ ਤਾਂ ਭਿਆਨਕ ਗਰਮੀ ਦੇ ਬਾਵਜੂਦ ਉਹ ਆਪਣੇ ‘ਵਡਮੁੱਲੇ ਵਿਚਾਰ’ ਪ੍ਰਗਟ ਕਰਕੇ ਤਰੋ-ਤਾਜ਼ਾ ਰਹਿੰਦੇ ਨੇ । ਇਸ ਮਸਲੇ ਦਾ ਕੀ ਅੰਤ ਹੋਵੇਗਾ ਇਹ ਤਾਂ ਅਜੇ ਭਵਿੱਖ ਦੇ ਗਰਭ ‘ਚ ਹੈ ਪਰ ਮੈਂ ਆਪਣੇ ਦਿਲ ਨੂੰ ਸਮਝਾਉਣ ਤੇ ਲੱਗਾ ਹੋਇਆ ਸਾਂ ।

“ਆਪਾਂ ਕੀ ਕਰ ਸਕਦੇ ਹਾਂ, ਦਿਲਾ ਮੇਰਿਆ ? ਜਦੋਂ ਬਾਬਿਆਂ ਦੇ ਮਗਰ ਲੱਗਣ ਵਾਲੇ ਲੋਕਾਂ ਦੀ ਤਾਦਾਦ ਲੱਖਾਂ ‘ਚ ਹੈ ਤਾਂ ਤੇਰੇ ਵਰਗਿਆਂ ਦੀ ਆਵਾਜ਼ ਕੀਹਨੇ ਸੁਣਨੀ ਐ ? ਦੜ ਵੱਟ ਜ਼ਮਾਨਾ ਕੱਟ ਵਾਲਾ ਹਿਸਾਬ ਠੀਕ ਹੈ । ਇੱਕ ਗੱਲ ਤੂੰ ਵੀ ਦੱਸ ਕਿ ਬੱਬੂ ਮਾਨ ਕਿਹੜਾ ਭਲਾ ਹੈ ? ਹੋਰ ਨਸਿ਼ਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਫ਼ਲਤਾ ਦਾ ਨਸ਼ਾ ਉਸਦੇ ਦਿਮਾਗ ਤੇ ਇਸ ਕਦਰ ਹਾਵੀ ਹੋਇਆ ਹੈ ਕਿ ਉਸਨੂੰ ਚੰਗੇ ਮਾੜੇ ਦੀ ਪਹਿਚਾਣ ਹੀ ਨਹੀਂ ਰਹੀ । ਸਟੇਜ ‘ਤੇ ਖੜ੍ਹਾ ਹੋ ਕੇ ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦਾ ।”

“ਮੈਂ ਕਿਹੜਾ ਬੱਬੂ ਮਾਨ ਦੀ ਪੱਖ ਲੈ ਰਿਹਾ ਹਾਂ ? ਇੱਕ ਬੰਦੇ ਨੇ ਉਸਦੀ ਗ਼ਲਤ ਆਲੋਚਨਾ ਕੀਤੀ, ਮੈਂ ਤਾਂ ਕੇਵਲ ਗ਼ਲਤ ਨੂੰ ਗ਼ਲਤ ਕਿਹਾ ਹੈ । ਨਥਿੰਗ ਮੋਰ....! ਮੈਂ ਕਦੋਂ ਕਿਹਾ ਕਿ ਇਹ ਗਾਇਕ ਚੁਆਵੇਂ ਦੁੱਧ ਦਾ ਧੋਤਾ ਹੈ ?” ਮੇਰਾ ਦਿਲ ਆਪਣਾ ਬਚਾਅ ਕਰਨ ‘ਚ ਪੂਰੀ ਤਰ੍ਹਾਂ ਕਾਮਯਾਬ ਸੀ ।

“ਆਹ ਪਿੱਛੇ ਜਿਹੇ ਕਿਸੇ ਨੇ ਵਿਆਨਾ ‘ਚ ਬਾਬਾ ਮਾਰ ਦਿੱਤਾ ਤਾਂ ਲੋਕਾਂ ਨੇ ਪੰਜਾਬ ‘ਚ ਹਜ਼ਾਰਾਂ ਕਰੋੜ ਰੁਪਇਆਂ ਦੀ ਜਾਇਦਾਦ ਫੂਕ ਦਿੱਤੀ । ਕਿੱਥੇ ਪੰਜਾਬ ਕਿੱਥੇ ਵਿਆਨਾ । ਭਲਾ ਕੋਈ ਪੁੱਛਣ ਵਾਲਾ ਹੋਵੇ ਜੇ ਬਾਹਲਾ ਹੀ ਗੁੱਸਾ ਆਉਂਦੈ ਤਾਂ ਲੈ ਕੇ ਵੀਜ਼ਾ ਵਿਆਨਾ ਦਾ, ਜਾ ਕੇ ਕੱਟਾ-ਕੱਟੀ ਕੱਢ ਲਵੋ । ਆਪਣੇ ਵਾਰੀ ਲੋਕਾਂ ਦਾ ਇਹ ਹਾਲ ਹੈ ਕਿ ਜੇ ਖੰਘਾਰ ਵੀ ਸੁੱਟਣਾ ਹੋਵੇ ਤਾਂ ਉਹ ਵੀ ਆਪਣੀ ਕੁਕੜੀ ਅੱਗੇ ਸੁੱਟਣਗੇ ਤੇ ਬੇਗਾਨੀ (?) ਜਾਇਦਾਦ ਦਾ ਕੋਈ ਮੁੱਲ ਨਹੀਂ ? ਵੇਖ ਖਾਂ ! ਕਿੰਨੇ ਸਿਆਣੇ ਲੋਕ ਨੇ ਆਪਣੇ ਮੁਲਕ ਦੇ, ਕਾਂਡ ਕਿੱਥੇ ਹੋਇਆ ਤੇ ਸਾੜ-ਫੂਕ ਤੇ ਦੰਗੇ ਕਰਨ ਲੱਗ ਪਏ ਆਪਣੇ ਘਰ ‘ਚ । ਸ਼ਰਮ ਨਹੀਂ ਆਉਂਦੀ । ਉਹੋ ਜਿਹੀ ਸਰਕਾਰ, ਬੱਸ ਤਮਾਸ਼ਾ ਹੀ ਦੇਖਣ ਜੋਕਰੀ ਹੈ । ਭਾਵੇਂ ਜਿੰਨੇ ਮਰਜ਼ੀ ਦੰਗੇ ਹੋਈ ਜਾਣ, ਜਿੰਨੀ ਮਰਜ਼ੀ ਸਾੜ-ਫੂਕ ਹੋਈ ਜਾਏ, ਕਿਸੇ ਨੂੰ ਕੁਝ ਕਹਿਣਾ ਨਹੀਂ । ਜੇ ਮੁਲਕ ਦੀ ਬੇੜੀ ਬਹਿੰਦੀ ਹੈ, ਤਾਂ ਬਹਿ ਜਾਵੇ ਪਰ ਵੋਟ ਬੈਂਕ ਨੂੰ ਆਂਚ ਨਾ ਆਵੇ ।”

“ਦਿਲਾ ਮੇਰਿਆ ! ਕਿਉਂ ਅੰਤਰ-ਰਾਸ਼ਟਰੀ ਦੁੱਖ ਆਪਣੇ ਆਪ ਨੂੰ ਲਾਈ ਬੈਠਾ ਏਂ ? ਜੇ ਆਪਣੇ ਹਮਵਤਨਾਂ ‘ਚ ਏਨੀ ਹੀ ਦੇਸ਼ਭਗਤੀ ਦੀ ਭਾਵਨਾ ਹੁੰਦੀ ਤਾਂ ਇਹ ਮੁਲਕ ਦੁਨੀਆਂ ਦਾ ਸਭ ਤੋਂ ਅਮੀਰ ਮੁਲਕ ਹੋਣਾ ਸੀ । ਕੁਦਰਤ ਨੇ ਏਨੀਆਂ ਨਿਆਮਤਾਂ ਬਖ਼ਸ਼ੀਆਂ ਨੇ ਭਾਰਤ ਨੂੰ, ਚੰਗਾ ਪੌਣ-ਪਾਣੀ, ਉਪਜਾਊ ਧਰਤੀ, ਫਲਾਂ ਦੇ ਬਗੀਚੇ, ਜੰਗਲ, ਪਹਾੜ, ਸਮੁੰਦਰ, ਵੱਖ-ਵੱਖ ਧਾਤਾਂ ਦੀਆਂ ਖਦਾਨਾਂ ਤੇ ਪਤਾ ਨਹੀਂ ਹੋਰ ਕੀ ਕੁਝ । ਪਰ ਕੀ ਕੋਈ ਫਾਇਦਾ ਹੋ ਰਿਹਾ ਹੈ ? ਜੇਕਰ ਚਾਲੀ ਪੈਸੇ ਫਾਇਦਾ ਹੁੰਦਾ ਹੈ ਤਾਂ ਰੁਪਈਏ ਦਾ ਨੁਕਸਾਨ ਲੋਕ ਆਪਣਾ ਗੁੱਸਾ ਸ਼ਾਂਤ ਕਰਨ ‘ਚ ਹੀ ਕਰ ਦਿੰਦੇ ਨੇ । ਰਾਜਨੀਤੀ ਦੀ ਗੱਲ ਕਰ ਲਵੋ, ਜੇ ਸੱਤਾਧਾਰੀ ਪਾਰਟੀ ‘ਚ ਕਿਸੇ ਦੇ ਕੁੱਤੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਬਿਆਨ ਦਿੰਦੇ ਨੇ ‘ਇਸ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ ।’ ਜੇਕਰ ਵਿਰੋਧੀ ਧਿਰ ‘ਚ ਕਿਸੇ ਦੀ ਬਿੱਲੀ ਨੂੰ ਨਜ਼ਲਾ ਹੋ ਜਾਂਦਾ ਹੈ ਤਾਂ ਉਹ ਸੱਤਾਧਾਰੀ ਪਾਰਟੀ ‘ਤੇ ਇਲਜ਼ਾਮ ਲਗਾ ਦਿੰਦੀ ਹੈ ਤੇ ਅਸਤੀਫਿ਼ਆਂ ਦੀ ਮੰਗ ਕਰਦੀ ਹੈ । ਲੀਡਰਾਂ ਮਗਰ ਲੱਗ ਕੇ ਜਨਤਾ ਇੱਕ-ਦੂਜੇ ਨਾਲ਼ ਲੜੀ ਜਾਂਦੀ ਹੈ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਆਪਸ ‘ਚ ਰਿਸ਼ਤੇਦਾਰੀਆਂ ਨੇ । ਉਹੋ ਜਿਹੀ ਜਨਤਾ ਹੈ, ਬਿਨਾਂ ਕਿਸੇ ਸੋਚ-ਵਿਚਾਰ ਲੀਡਰਾਂ ਦੇ ਮਗਰ ਲੱਗ ਤੁਰਦੀ ਹੈ । ਲੀਡਰ ਕਹਿੰਦਾ ਹੈ, ‘ਜਨਤਾ ਨੀ ਜਨਤਾ ਤੇਰਾ ਕੰਨ ਕੁੱਤਾ ਲੈ ਗਿਆ ।’ ਧੰਨ ਹੈ ਜਨਤਾ ! ਸ਼ੀਸ਼ਾ ਵੇਖ ਕੇ ਜਾਂ ਹੱਥ ਲਾ ਕੇ ਚੈੱਕ ਨਹੀਂ ਕਰਨਾ ਕਿ ਕੰਨ ਹੈ ਜਾਂ ਨਹੀਂ, ਬੱਸ ਕੁੱਤੇ ਮਗਰ ਸ਼ੂਟ ਵੱਟ ਲੈਣੀ ਹੈ । ਜਾਪਦਾ ਹੈ, ਕਿਸੇ ਦੀ ਆਪਣੀ ਸੋਚ ਹੀ ਨਹੀਂ, ਸਭ ਦੀ ਸੋਚ ਲੀਡਰ ਜਾਂ ਪਾਰਟੀ ਲੈਵਲ ਤੇ ਹੀ ਚੱਲਦੀ ਹੈ । ਜੋ ਪਾਰਟੀ ਨੇ ਕਹਿ ਦਿੱਤਾ, ਸੱਚ ਹੈ । ਭਲਿਓਮਾਣਸੋ ! ਘੱਟੋ-ਘੱਟ ਕਿਸੇ ਵੀ ਗੱਲ ਨੂੰ ‘ਆਪਣੀ ਨਿੱਜੀ ਸੋਚ’ ਅਨੁਸਾਰ ਤਰਕ ਦੀ ਕਸਵੱਟੀ ‘ਤੇ ਪਰਖ ਤਾਂ ਲਵੋ । ਫੈਸਲਾ ਜੋ ਮਰਜ਼ੀ ਲਈ ਜਾਇਓ ।”

“ਇੱਕ ਆਈਡੀਆ ਆਇਆ ਗੁਲਾਟੀ, ਜੇ ਮੰਨ ਲਵੇਂ ! ਸੌਂਹ ਖਾ ਕੇ ਕਹਿਨਾਂ, ਆਪਣੀਆਂ ਪੌਂ-ਬਾਰਾਂ ਹੋ ਜਾਣਗੀਆਂ ।” ਮੇਰੇ ਦਿਲ ਦੇ ਦਿਮਾਗ ਵੀ ਹੈ, ਜੋ ਆਈਡੀਆ ਆ ਗਿਆ, ਸੋਚ ਕੇ ਮੈਂ ਹੈਰਾਨ ਵੀ ਕਾਫ਼ੀ ਹੋਇਆ । ਪਰ ਭਾਈ ! ਕਲਯੁੱਗ ਹੈ, ਸਭ ਸੰਭਵ ਹੈ ।

“ਚੱਲ ! ਤੂੰ ਉਹ ਵੀ ਆਉਣ ਦੇ ।”

“ਇਉਂ ਕਰ, ਮਿਹਨਤ ਤਾਂ ਕੋਈ ਕਰਨੀ ਨਹੀਂ । ਇੱਥੇ ਆਸਟ੍ਰੇਲੀਆ ‘ਚ ਫਲ ਕਾਫ਼ੀ ਸਸਤਾ ਹੈ । ਬੱਸ ਫਲਾਂ ਨੂੰ ਗੇੜਾ ਦੇਣਾ ਸ਼ੁਰੂ ਕਰ ਦੇ । ਬੱਸ ! ਸੇਬ ਤੇ ਟਮਾਟਰ ਹੀ ਖਾਈ ਜਾਇਆ ਕਰ । ਡਾਲਰ ਦੇ ਕਿਲੋ ਸੇਬ ਤੇ ਡੇਢ ਡਾਲਰ ਦੇ ਕਿਲੋ ਟਮਾਟਰ ਮਿਲੀ ਜਾਂਦੇ ਨੇ । ਸਾਲ ਕੁ ਸੇਬ ਤੇ ਟਮਾਟਰ ਖਾ-ਖਾ ਕੇ ਜਦੋਂ ਗੱਲ੍ਹਾਂ ਹੋ ਗਈਆਂ ਟਮਾਟਰ ਅਰਗੀਆਂ ਲਾਲ, ਬਾਈ ਸਿਆਂ ਚੁੱਪ ਕਰਕੇ ਪੰਜਾਬ ਜਾ ਕੇ ਬਾਬਾ ਬਣ ਜਾ । ਤੇਰੀ ਤਾਂ ਕਦਰ ਵੀ ਬਾਹਲੀ ਹੋਊ, ਕਿਉਂ ‘ਬਾਹਰਲਾ ਬਾਬਾ’ ਜੋ ਹੋਏਂਗਾ । ਬਾਕੀ ਨਾਮ ਦੀ ਵੀ ਸੌਖ ਹੈ, ‘ਰਿਸ਼ੀ’ ਤਾਂ ਤੂੰ ਪਹਿਲਾਂ ਹੀ ਹੈਂ, ਮੂਹਰੇ 108, 1008 ਜਾਂ ਜਿੰਨੇ ਮਰਜ਼ੀ ਅੱਠ ਲਾ ਲਈਂ ।” ਸਕੀਮ ਸੁਣਕੇ ਤਾਂ ਦਿਲ ਤੋਂ ਬਲਿਹਾਰੀ ਜਾਣ ਨੂੰ ਮਨ ਹੋ ਗਿਆ, ਕਿਉਂ ਜੋ ਮੈਨੂੰ ਮਰਵਾਉਣ ਦੇ ਇੰਨੇ ਕੁ ਪ੍ਰਬੰਧ ਕਾਫ਼ੀ ਸਨ ।

“ਮੈਂ ਤੈਨੂੰ ਏਨੀ ਵਧੀਆ ਸਕੀਮ ਦੱਸੀ ਹੈ, ਹੁਣ ਤਾਂ ਮੇਰਾ ਲੇਖ਼ ਲਿਖ ਦੇਵੇਂਗਾ ਨਾ ?” ਦਿਲ ਮੁੜ-ਘੁੜ ਕੇ ਪੁਰਾਣੀ ਗੱਲ ‘ਤੇ ਆ ਗਿਆ ।

“ਨਾ ਬਿਲਕੁੱਲ ਨਹੀਂ, ਹੋਰ ਜੋ ਮਰਜ਼ੀ ਗੱਲਾਂ ਕਰੀ ਜਾ ਪਰ ਇਹ ਗੱਲ ਝੂਠੀ ।”

“ਗੱਲ ਸੁਣ ਬਾਈ ਸਿਆਂ, ਜਾਂ ਤਾਂ ਬੰਦਾ ਬਣਕੇ ਮੇਰਾ ਲੇਖ਼ ਲਿਖ ਦੇ, ਨਹੀਂ ਤਾਂ ਮੈਂ ਤੇਰੇ ਸਿਸਟਮ ‘ਚ ਐਸਾ ਪੰਗਾ ਪਾਊਂ ਕਿ ਜਿਹੜੀ ਸਲੂਣੀ ਦਾਲ ਸਬਜ਼ੀ ਇੱਕ ਵਾਰੀ ਬਣਾ ਕੇ ਦੋ-ਤਿੰਨ ਦਿਹਾੜੀਆਂ ਟਪਾ ਲੈਂਦੈਂ, ਉਹਦੀ ਜਗ੍ਹਾ ਤੇ ਉਬਲੀਆਂ ਸਬਜ਼ੀਆਂ ਖਾਣੀਆਂ ਪੈਣਗੀਆਂ ਤੇ ਉਹ ਵੀ ਤਾਜ਼ੀਆਂ ਉਬਾਲ ਕੇ । ਹੁਣ ਇਹ ਦੇਖ ਲੈ ਪਈ ਥੱਕਿਆ ਹਾਰਿਆ ਕੰਮ ਤੋਂ ਆਉਂਦੈਂ ਤੇ ਜੇ ਆਉਂਦਿਆਂ ਫਰਿੱਜ ‘ਚੋਂ ਬੇਹਾ-ਤਰਬੇਹਾ ਕੱਢ ਕੇ ਖਾਣ ਦੀ ਬਜਾਏ, ਰੋਜ਼ ਈ ਤਾਜ਼ੀਆਂ ਸਬਜ਼ੀਆਂ ਉਬਾਲ ਕੇ ਫਿੱਕੀਆਂ ਬਿਨਾਂ ਤੜਕੇ ਤੋਂ ਖਾਣੀਆਂ ਪੈ ਗਈਆਂ ਤਾਂ ਤੇਰਾ ਬਣੂ ਕੀ ?” ਮੇਰਾ ਦਿਲ ਗੱਲਬਾਤ ਦਾ ਵਿਸ਼ਾ ਬਦਲਦਿਆਂ ਲੱਗਭੱਗ ਧਮਕੀ ‘ਤੇ ਉਤਰ ਆਇਆ ।

“ਵੇ ਗੱਲ ਸੁਣ ਦਿਲਾ ਫਿਲਾ ਜਿਆ, ਰੌਲਾ ਤੇਰਾ ਇਹਦੇ ਨਾਲ਼ ਐ, ਮੇਰਾ ਟੇਸਟ ਕਿਉਂ ਖ਼ਰਾਬ ਕਰਦੈਂ ? ਵੀਰ ਮੇਰਿਆ ! ਮੈਂ ਬੇਹੀਆਂ-ਤਰਬੇਹੀਆਂ ਤੇ ਠੰਢੀਆਂ ਤਾਂ ਰਾਜ਼ੀ ਐਂ, ਪਰ ਜੇ ਤੂੰ ਕਹੇਂ ਉਬਲੀਆਂ ? ਤਾਂ ਗੱਲ ਬਿਲਕੁੱਲ ਈ ਝੂਠੀ ਐ ।” ਮੇਰੀ ਜੀਭ ਜੋ ਕਾਫ਼ੀ ਟਾਈਮ ਦੀ ਸਾਡੀ ਬਹਿਸ ਸੁਣੀ ਜਾ ਰਹੀ ਸੀ, ਨੂੰ ਆਪਣਾ ਤੌਖਲਾ ਉੱਠਿਆ ।

“ਗੱਲ ਸੁਣ ਬੀਬੀ । ਮੇਰਾ ਪਾਰਾ ਅੱਜ ਬੜਾ ਚੜ੍ਹਿਐ ਵਿਐ । ਤੂੰ ਦਖ਼ਲ ਅੰਦਾਜ਼ੀ ਨਾ ਕਰ ਤਾਂ ਹੀ ਚੰਗਾ ।” ਦਿਲ ਜਾਪਦੈ, ਦੁਨਿਆਵੀ ਬੇ-ਹੁਰਮਤੀਆਂ ਤੋਂ ਸੱਚੀਂਮੁੱਚੀ ਸੀਰੀਅਸ ਹੋਇਆ ਬੈਠਾ ਸੀ ।

“ਵੇ ਮੈਂ ਤੈਥੋਂ ਕੀ ਟਿੰਡੀਆਂ ਲੈਣੀਐਂ ? ਬੱਸ ! ਮੇਰੇ ਕੰਮ ‘ਚ ਟੰਗ ਅੜਾਉਣ ਦੀ ਲੋੜ ਨਹੀਂ । ਜੇ ਬਾਹਲਾ ਔਖੈਂ ਤਾਂ ਗੁਲਾਟੀ ਨੂੰ ਪੇਪਰਾਂ ਚੋਂ ਫੇਲ੍ਹ ਕਰ ਦੇ । ਆਪਣੀਆਂ ਗ਼ਲਤੀਆਂ ਦਾ ਫ਼ਲ ਆਪੇ ਭੁਗਤੂ ।” ਜੀਭ ਵੀ ਆਪਣੇ ਸੁਆਦਾਂ ਪਿੱਛੇ ਮੇਰੇ ਨਿਮਾਣੇ ਦੇ ਖਿਲਾਫ਼ ਵੋਟ ਭੁਗਤਾ ਗਈ ।

“ਓ ਸਹੁਰੀ ਦੀਏ ! ਪੇਪਰਾਂ ਚੋਂ ਫੇਲ੍ਹ ਨਹੀਂ, ਦਿਲ ਫੇਲ੍ਹ ਹੁੰਦੈ ਬੰਦੇ ਦਾ । ਜੇ ਦਿਲ ਹੀ ਫੇਲ੍ਹ ਹੋ ਗਿਆ ਤਾਂ ਨਾ ਗੁਲਾਟੀ, ਨਾ ਉਹਦਾ ਦਿਲ, ਨਾ ਤੂੰ ਤੇ ਨਾ ਮੈਂ । ਸਹੁਰੀ ਦੀਏ ! ਗੱਲ ਤਾਂ ਚੱਜ ਦੀ ਕਰ ਲੈ, ਇੱਕ ਆਵਦੇ ਸੁਆਦ ਪਿੱਛੇ ਸਾਰੀ ਹਕੂਮਤ ਬਦਲਣ ਨੂੰ ਫਿਰਦੀ ਐਂ ।” ਜੀਭ ਦੀ ਗੱਲ ਸੁਣਕੇ ਮੇਰੇ ਫੇਫੜਿਆਂ ਨੂੰ ਸ਼ਾਇਦ ਆਪਣਾ ਸਾਹ ਬੰਦ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ ।

“ਤੂੰ ਦੱਸ ਖ਼ਸਮਾਂ ! ਕੀ ਚਾਹੁੰਨੈਂ ? ਆਪਣੀ ਭੜਾਸ ਮੇਰੇ ਕੋਲ ਕੱਢ ਲੈ, ਪਰ ਵਾਸਤਾ ਈ ਰੱਬ ਦਾ, ਹੌਲੀ ਬੋਲੀਂ ਮੇਰਾ ਵੀਰ । ਮੈਂ ਤੇਰੀਆਂ ਗੱਲਾਂ ਨੂੰ ਆਪਣੇ ਹਿਸਾਬ ਨਾਲ਼ ਸੋਚ ਕੇ ਦੇਖੂੰ, ਇਹ ਵਾਅਦਾ ਰਿਹਾ ਕਿ ਜੇ ਲਿਖਣਾ ਮੁਨਾਸਿਬ ਲੱਗਾ ਤਾਂ ਜ਼ਰੂਰ ਲਿਖੂੰ, ਨਹੀਂ ਤਾਂ ਬਾਈ ਸਿਆਂ, ਤੂੰ ਸਿੱਧਾ ਰਹਿ ਜਾਂ ਟੇਢਾ ਹੋ, ਮੈਂ ਪੰਗਾ ਨਹੀਂ ਲੈ ਸਕਦਾ । ਮੈਂ ਨਿਆਣੇ ਪਾਲਣੇ ਨੇ, ਤੇਰੇ ਮਗਰ ਲੱਗ ਕੇ ਸਚਾਈ ਤੇ ਪਹਿਰਾ ਦੇਣ ਦੇ ਚੱਕਰ ‘ਚ ਆਪਣਾ ਕੂੰਡਾ ਨਹੀਂ ਕਰਵਾਉਣਾ । ਮੇਰੇ ਕੋਈ ਪੰਜਾਬ ‘ਚ ਕਿੱਲੇ ਨਹੀਂ ਪਏ, ਕਿ ਬੇਟੀਆਂ ਦਾ ਭਵਿੱਖ ਸੁਰੱਖਿਅਤ ਹੈ, ਮੈਂ ਤਾਂ ਮਿਹਨਤ ਕਰਕੇ ਹੀ ਬੱਚੇ ਪਾਲਣੇ ਨੇ । ਚੱਲ ! ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਲੈਨੈਂ, ਮੁੜ ਠੰਢੇ ਮਤੇ ਨਾਲ਼ ਸੁਣ ਕੇ ਫੈਸਲਾ ਕਰੂੰ ਕਿ ਲੇਖ਼ ਲਿਖਣਾ ਜਾਂ ਨਹੀਂ ।” ਮੈਂ ਆਪਣੇ ਦਿਲ ਨੂੰ ਲੇਖ਼ ਲਿਖਣ ਦੀ ਝੂਠੀ ਤਸੱਲੀ ਦਿੰਦਿਆਂ ਕਿਹਾ ਤੇ ਕੈਸਟ ਰਿਕਾਰਡਰ ਬੈਗ ‘ਚੋਂ ਕੱਢ ਕੇ ਦਿਲ ਦੇ ਮੂੰਹ ਕੋਲੇ ਕਰ ਦਿੱਤਾ ।

“ਤੈਨੂੰ ਪੰਜਾਬ ਰਹਿੰਦਿਆਂ ਕਿੰਨੀ ਵਾਰੀ ਲੋਕਾਂ ਨੇ ਮੱਤ ਦਿੱਤੀ ਸੀ ਕਿ ਮਾੜੀ ਜਿਹੀ ‘ਉਂਗਲ ਟੇਢੀ’ ਕਰ ਲੈ, ਜੇ ਮੰਨ ਲੈਂਦਾ ਤਾਂ ਏਨਾ ਔਖਾ ਤਾਂ ਨਾ ਹੁੰਦਾ । ਪੰਜਾਬ ‘ਚ ਹੀ ਆਸਟ੍ਰੇਲੀਆ ਹੋਣਾ ਸੀ । ਓਦੋਂ ਤਾਂ ਕੇਰਾਂ ਈ ਰਾਜਾ ਹਰੀਸ਼ਚੰਦਰ ਬਣਦਾ ਸੀ । ਹੁਣ ਭੁਗਤ । ਨਾਲੇ਼ ਖੇਤਾਂ ‘ਚ ਸਾਰੀ ਦਿਹਾੜੀ ਧੁੱਪੇ ਮੱਚਦੈਂ, ਨਾਲ਼ੇ ਬੱਚਿਆਂ ਤੋਂ ਅੱਡ ਹੋ ਕੇ ਬਨਵਾਸ ਭੁਗਤੀ ਜਾਂਦੈਂ ।”

“ਤਾਂ ਕੀ ਹੋਇਆ ? ਜੇ ਮੇਰੀ ਕਿਸਮਤ ‘ਚ ਇਹੀ ਕੁਛ ਐ ਤਾਂ ਇੰਝ ਹੀ ਸਹੀ । ਨਾਲ਼ੇ ਖੇਤਾਂ ‘ਚ ਕੰਮ ਕਰਨ ਦਾ ਕੀ ਮਿਹਣਾ ਐ ? ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਸਾਨੂੰ ਦਸਾਂ ਨੌਹਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਤੇ ਖੁਦ ਆਪਣੇ ਮੁਬਾਰਕ ਹੱਥਾਂ ਨਾਲ਼ ਖੇਤੀ ਕੀਤੀ ਸੀ । ਮੈਂ ਤਾਂ ਬਾਈ ਸਿਆਂ, ਪੰਜਾਬ ਰਹਿੰਦਿਆਂ ਵੀ ਹਮੇਸ਼ਾਂ ਮਿਹਨਤ ਤੇ ਲਗ਼ਨ ਨਾਲ ਹੀ ਕੰਮ ਕੀਤਾ, ਚਾਹੇ ਨੌਕਰੀ ਸੀ ਜਾਂ ਆਪਣਾ ਕੰਮ, ਤੇ ਹੁਣ ਵੀ ਦਸਾਂ ਨੌਹਆਂ ਦੀ ਕਿਰਤ ਕਰ ਰਿਹਾ ਹਾਂ, ਜਿਸ ਸੱਚੀ ਸਰਕਾਰ ਦੇ ਉਪਦੇਸ਼ ਤੇ ਚੱਲਦਾ ਹਾਂ, ਜ਼ਰੂਰ ਰੰਗ ਭਾਗ ਲਾਊਗੀ ।” ਮੈਂ ਆਪਣੀ ਮਿਹਨਤ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ।

“ਮੈਂ ਭੁੱਲਿਆਂ ਤੈਨੂੰ ਵੱਡੇ ਖੇਤਾਂ ‘ਚ ਕੰਮ ਕਰਕੇ ਮਾਣ ਮਹਿਸੂਸ ਕਰਨ ਵਾਲੇ ਨੂੰ, ਸਾਰਾ ਦਿਨ ਮੇਰੇ ਕੋਲ ਰੋਂਦਾ ਰਹਿੰਨੈ ਪਈ ਕਿੱਥੇ ਫਸ ਗਿਆ, ਹੁਣ ਫੋਕੀਆਂ ਟਾਹਰਾਂ ਨਾ ਮਾਰ । ਫਸੀ ਨੂੰ ਫਟਕਣ ਕੇਹੀ ਵਾਲੀ ਗੱਲ ਐ, ਤਾਂ ਕਰਦੈਂ । ਪੰਜਾਬ ਦੇ ਖੇਤਾਂ ‘ਚ ਕੰਮ ਤਾਂ ਖੇਤਾਂ ਦੇ ਮਾਲਕ ਨਹੀਂ ਕਰਦੇ । ਉਹ ਵੀ ਕੰਨਾਂ ‘ਚ ਮੁਰਕੀਆਂ ਪਾ ਕੇ ਤੇ ਜ਼ਰਦਾ ਉਤਲੇ ਬੁੱਲ ਥੱਲੇ ਲਾ ਕੇ ਖ਼ਾਲ ‘ਤੇ ਖੜ੍ਹੇ ਥੁੱਕੀ ਜਾਂਦੇ ਐ । ਅਨਪੜ੍ਹ ਬੁੜ੍ਹੇ ਵਿਚਾਰੇ ਨੇ ਮਿੱਟੀ ਨਾਲ਼ ਮਿੱਟੀ ਹੋ ਕੇ ਸਾਰੀ ਉਮਰ ਕੱਢ ਦਿੱਤੀ ਹੁੰਦੀ ਐ, ਤੇ ਇਹ ਨਵਾਬਜ਼ਾਦੇ ਚੰਡੀਗੜ੍ਹ ਯੂਨੀਵਰਸਿਟੀ ‘ਚ ਦਾਖ਼ਲਾ ਲੈ ਕੇ ਸਾਰਾ ਦਿਨ ਸਤਾਰਾਂ ਸੈਕਟਰ ‘ਚ ਕੱਢ ਦਿੰਦੇ ਨੇ । ਜਦੋਂ ਪਿੰਡ ਜਾਂਦੇ ਐ ਤਾਂ ‘ਬਾਈ ਸਤਾਰਾਂ ‘ਚ ਆਹ, ਸਤਾਰਾਂ ‘ਚ ਔਹ’ ਦੀਆਂ ਫੋਕੀਆਂ ਛੱਡੀ ਜਾਂਦੇ ਐ । ਬੱਸ ਆਹੀ ਕੰਮ ਐ ।”

“ਹੀ ਹੀ ਹੀ, ਤੇਰੀ ਜਰਨਲ ਨੌਲਜ ਬੜੀ ਕਮਜ਼ੋਰ ਐ ਯਾਰ, ਇਹ ਮੁੰਡੇ ਪੰਜਾਬ ਰਹਿੰਦੇ ਕੰਮ ਨਹੀਂ ਸੀ ਕਰਦੇ, ਹੁਣ ਤਾਂ ਕਰਦੇ ਐ । ਜੇ ਮੇਰਾ ਯਕੀਨ ਕਰੇਂ ਤਾਂ ਤੀਹ-ਤੀਹ ਕਿੱਲਿਆਂ ਦੇ ਵਾਰਿਸ ਮੈਂ ਆਪ ਦੇਖੇ ਐ, ਆਸਟ੍ਰੇਲੀਆ ਦੇ ਖੇਤਾਂ ‘ਚ ਕੰਮ ਕਰਦੇ ਤੇ ਕੰਮ ਕਰਨ ਲਈ ਮਿੰਨਤਾਂ ਕਰਦੇ । ਏਨੇ ਅਸੀਲ ਮੁੰਡੇ ਐ, ਪਈ ਖੇਤਾਂ ਦੇ ਮਾਲਕ ਸਿੱਧਾ ਕਹੀ ਜਾਂਦੇ ਐ ਪਈ ਕਾਕਾ ਜੀ, ਕੰਮ ਹੈ ਨਹੀਂ । ਪਰ ਇਹ ਏਨੀ ਨਿਮਰਤਾ ਦੇ ਪੁਜਾਰੀ ਨੇ ਕਿ ਅਗਲੇ ਦਿਨ ਫੇਰ ਉਹਦੇ ਬੂਹੇ ਜਾ ਖੜ੍ਹਦੇ ਨੇ । ਅਗਲੇ ਦੇ ਕਹੇ ਦਾ ਭੋਰਾ ਗੁੱਸਾ ਨਹੀਂ ਕਰਦੇ, ਜਵਾਂ ਹੀ ਨਹੀਂ ਬੋਲਦੇ । ਹਾਂ ! ਜਦੋਂ ਘਰੇ ਆ ਜਾਂਦੇ ਐ, ਆਪਸ ‘ਚ ਜਿਵੇਂ ਮਰਜ਼ੀ ਖੁੱਲ ਕੇ ਗੱਲ-ਬਾਤ ਕਰੀ ਜਾਣ ।” ਮੈਂ ਹੱਸਦਿਆਂ ਆਪਣੇ ਹਮ ਵਤਨਾਂ ਦਾ ਪੱਖ ਲਿਆ ।

“ਖੁੱਲ ਕੇ ਗੱਲ-ਬਾਤ ? ਘੋੜੇ ਵੇਚ ਕੇ ਤਾਂ ਸੌਂਦੈਂ ਤੂੰ ? ਤਿੰਨ ਵਾਰੀ ਤਾਂ ਪੁਲਿਸ ਆਪਣੇ ਮੁਹੱਲੇ ‘ਚ ਆ ਚੁੱਕੀ ਐ, ਜਦੋਂ ਗੋਰਿਆਂ ਨੇ ਪੁਲਿਸ ਨੂੰ ਫ਼ੋਨ ਕੀਤਾ ਸੀ ਕਿ ਇੰਡੀਅਨ ਅੱਧੀ ਰਾਤ ਨੂੰ ਖ਼ਰੂਦ ਪਾਈ ਜਾਂਦੇ ਐ, ਨਾ ਸੌਂਦੇ ਐ - ਨਾ ਸੌਣ ਦਿੰਦੇ ਐ ।” ਮੇਰਾ ਦਿਲ ਤਾਂ ਖ਼ਾਸਾ ਹੀ ਦੁਖੀ ਲੱਗਦਾ ਸੀ, ਜੋ ਗਲੋਟੇ ਵਾਂਗ ਉਧੜੀ ਜਾਂਦਾ ਸੀ । ਪਰ ਕੋਈ ਨਾ, ਕਰ ਲੈਣ ਦਿਉ ਇਹਨੂੰ ਆਪਣਾ ਚਿੱਤ ਹਲਕਾ, ਮੈਂ ਕਿਹੜਾ ਇਹਦੇ ਆਖੇ ਲੇਖ਼ ਲਿਖੀ ਬੈਠੈਂ ? ਜਦੋਂ ਭੜਾਸ ਨਿੱਕਲ ਗਈ ਤਾਂ ਆਪੇ ਟਿਕ ਕੇ ਬੈਠ ਜਾਊ ।

“ਚੱਲ ਕੋਈ ਨਾ, ਖਾਧੀ ਪੀਤੀ ‘ਚ ਮਾੜਾ ਮੋਟਾ ਤਾਂ ਚੱਲਦਾ ਈ ਐ । ਨਾਲ਼ੇ ਹਾਸੇ-ਖੇਡੇ ਤਾਂ ਪੰਜਾਬੀਆਂ ਦੀ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਪਹਿਚਾਣ ਐ ।”

“ਤੂੰ ਦਾਰੂ ਪੀ ਕੇ ਖੱਪ ਪਾਉਣ ਨੂੰ ਹਾਸਾ-ਖੇਡਾ ਕਹਿੰਨੈਂ ? ਸਹੁਰੀ ਦੇ ‘ਠਾਰਾਂ-‘ਠਾਰਾਂ ਉੱਨੀ-ਉੱਨੀ ਸਾਲ ਦੇ ਛੋਹਰ ਐ, ਇੱਥੇ ਪੜ੍ਹਨ ਆਏ ਐ ਕਿ ਦਾਰੂ ਪੀਣ । ਪੰਜਾਬ ਰਹਿੰਦਿਆਂ ਫੇਰ ਘਰ ਦਿਆਂ ਦੀ ਮਾੜੀ-ਮੋਟੀ ਸ਼ਰਮ ਸੀ । ਹੁਣ ਨਾ ਕੋਈ ਦੇਖਣ ਵਾਲਾ, ਨਾ ਕੋਈ ਟੋਕਣ ਵਾਲਾ । ਜਦ ਆਸਟ੍ਰੇਲੀਅਨ ਅੰਗੂਰਾਂ ਦੀ ਵਾਈਨ ਸਿਰ ਨੂੰ ਚੜ੍ਹਦੀ ਐ ਤਾਂ ਖਰੂਦ ਪਾਉਂਦੇ ਐ ।”

“ਚੱਲ ਕੋਈ ਨਾ ਕਿਹੜਾ ਸਾਰੇ ਪੀਂਦੇ ਐ, ਤੇ ਕਿਹੜਾ ਰੋਜ਼ ਪੀਂਦੇ ਐ । ਆਟੇ ‘ਚ ਮਾੜਾ ਮੋਟਾ ਲੂਣ ਤਾਂ ਚੱਲ ਈ ਜਾਂਦੈ ।” ਮੈਂ ਆਪਣੇ ਪੰਜਾਬੀ ਭਰਾਵਾਂ ਦਾ ਹੀ ਪੱਖ ਪੂਰਿਆ ।

“ਉਸ ਭੂੰਡ ਆਸ਼ਕ ਬਾਰੇ ਕੀ ਕਹੇਂਗਾ, ਜਿਹੜਾ ਪੰਜਾਬਣ ਨੂੰ ਬੱਸ ‘ਚ ‘ਕੱਲੀ ਦੇਖ ਕੇ ਕਹਿੰਦੇ ‘ਦੇਸਣ ਐ ਯਾਰ !” ਮੇਰਾ ਦਿਲ ਤਾਂ ਲੱਗਦਾ, ਸਾਰੇ ਮੇਚੇ ਲੈਣ ਤੇ ਤੁਲਿਆ ਪਿਆ ਸੀ ।

“ਅਸ਼ਕੇ ਓਏ ਯਾਰ ! ਉਸ ਮੁਟਿਆਰ ਦੇ । ‘ਕੇਰਾਂ ਤਾਂ ਸੁਆਦ ਲਿਆ ‘ਤਾ । ਮੇਰੇ ਪਿਆਰੇ ਪੰਜਾਬ ਦੀ ਧੀ ਕਹਿੰਦੀ ‘ਮੇਰਾ ਪਿਉ ਵੀ ਦੇਸੀ ਐ ਤੇ ਮਾਂ ਵੀ, ਇਸ ਲਈ ਮੈਂ ਦੇਸਣ ਆਂ । ਪਰ ਤੂੰ ਦੱਸ ਪਈ ਤੇਰਾ ਪਿਉ ਗੋਰਾ ਐ ਕਿ ਤੇਰੀ ਮਾਂ ? ਤੇ ਤੂੰ ਦੇਸੀ ਕਿਵੇਂ ਜੰਮ ਪਿਆ ? ਉਹਨੇ ਆਪਣੇ ਪੰਜਾਬਣ ਹੋਣ ‘ਤੇ ਮਾਣ ਕੀਤਾ ਤੇ ਜੀਹਨੇ ਗ਼ਲਤ ਬੋਲਿਆ ਸੀ, ਉਹਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ । ਪਰ ਇਸ ਗੱਲ ‘ਚ ਤੇਰਾ ਢਿੱਡ ਕਿਉਂ ਦੁਖਣ ਲੱਗ ਪਿਆ ।” ਮੈਨੂੰ ਆਪਣੇ ਦਿਲ ਤੇ ਖਿਝ ਆਉਣ ਲੱਗ ਪਈ ।

“ਅਗਲੀ ਗੱਲ ਤਾਂ ਤੂੰ ਵੀ ਬਥੇਰਾ ਪਿੱਟਦਾ ਰਹਿੰਨੈ, ਮੈਨੂੰ ਕਿਹੜਾ ਤੇਰਾ ਪਤਾ ਨਹੀਂ ਕਿ ਲੋਕਾਂ ‘ਚ ਕੀ ਕੀ ਗੱਲਾਂ ਕਰਦਾ ਰਹਿੰਨੈਂ ।” ਸੁਣ ਕੇ ਜਾਪਿਆ ਕਿ ਦਿਲ ਦੇ ਪੱਤਿਆਂ ‘ਚ ਸਾਰੀਆਂ ਹੀ ਫੋਟੂਆਂ ਆਈਆਂ ਸਨ, ਤੇ ਮੇਰੇ ਪੱਲੇ ਕੇਵਲ ਦੁੱਕੀਆਂ ਤਿੱਕੀਆਂ ਹੀ ਸਨ ।

“ਜਿੱਥੇ ਇਨ੍ਹਾਂ ਚਿਰ ਤੈਨੂੰ ਬਰਦਾਸ਼ਤ ਕਰਦਿਆਂ ਹੋ ਗਿਆ, ਇਹ ਕਾਹਨੂੰ ਚਿੱਤ ‘ਚ ਰੱਖਦੈਂ ? ਆਉਣ ਦੇ ।” ਮੈਨੂੰ ਵੀ ਅੰਦਰ ਖਾਤੇ ਕਿਸੇ ਗੱਲ ਦਾ ਹੌਸਲਾ ਸੀ । ਨਹੀਂ ਤਾਂ ਕਿੱਥੇ ਦਿਲ ਦੇ ਸਾਹਮਣੇ ਆਕੜ ਆ ਸਕਦੀ ਹੈ ?

“ਆਹ ਜਿਹੜਾ ਬੱਸਾਂ-ਟਰੇਨਾਂ ‘ਚ ਮੋਬਾਇਲਾਂ ‘ਤੇ ਉੱਚੀ-ਉੱਚੀ ਗਾਣੇ ਲਾਈ ਰੱਖਦੇ ਐ । ਉਹਦੇ ਬਾਰੇ ਸਰਕਾਰ ਦਾ ਕੀ ਖਿਆਲ ਐ ?” ਦਿਲ ਨੇ ਮੇਰੇ ਤੇ ਇਉਂ ਵਿਅੰਗ ਕੀਤਾ ਜਿਵੇਂ ਚਮਕੀਲੇ ਤੇ ਮਿਸ ਪੂਜਾ ਨੂੰ ਮੈਂ ਹੀ ਆਪਣੇ ਮੋਬਾਇਲ ‘ਤੇ ਗਾਉਣ ਦਾ ਠੇਕਾ ਦੇ ਰੱਖਿਆ ਸੀ ।

“ਯਾਰ ! ਇਸ ਮਸਲੇ ਤੇ ਤਾਂ ਮੈਂ ਵੀ ਤੇਰੇ ਨਾਲ਼ ਰਾਜੀ ਐਂ । ਹੁਣ ਤਾਂ ਗੀਤਾਂ ਦਾ ਕੋਈ ਮਿਆਰ ਰਿਹਾ ਹੀ ਨਹੀਂ । ਪੰਜਾਬ ਰਹਿੰਦਿਆਂ ਮੈਨੂੰ ਤਾਂ ਯਾਦ ਨਹੀਂ ਕਿ ਟੈਲੀਵੀਜ਼ਨ ‘ਤੇ ਕਦੇ ਗੀਤ ਚਲਾਉਣ ਵਾਲੇ ਚੈਨਲ ਚਲਾਏ ਹੋਣ । ਨਿਆਣੇ ਕਾਰਟੂਨ ਦੇਖਦੇ ਸੀ ਤੇ ਆਪ ਖ਼ਬਰਾਂ ਲਾਈ ਰੱਖੀਦੀਆਂ ਸੀ ।”

“ਜਦੋਂ ਕੱਲਾ ਹੁੰਦਾ ਸੀ, ਉਦੋਂ ਤਾਂ ਚਿੱਤ ਕਰਾਰਾ ਕਰਦਾ ਈ ਹੋਏਂਗਾ ? ਮੈਨੂੰ ਪਤੈ, ਪੰਜਾਬੀ ਗੀਤਾਂ ਦੇ ਵੀਡੀਉ ਵੀ ਜ਼ਾਇਕੇਦਾਰ ਹੁੰਦੇ ਐ । ਹੁਣ ਬੋਲ... ਬੋਲ... ਆ ਗਿਆ ਨਾ ਊਠ ਪਹਾੜ ਦੇ ਥੱਲੇ ?” ਮੇਰੇ ਦਿਲ ਨੇ ਖ਼ਚਰੀ ਜਿਹੀ ਮੁਸਕਾਨ ਨਾਲ਼ ਕਿਹਾ ।

“ਦਾਦੇ ਮਘੌਣਿਆਂ ! ਮੈਂ ਤਾਂ ਉਦੋਂ ਵੀ ਕਾਰਟੂਨ ਜਾਂ ਫਿਲਮ ਲਾ ਲੈਂਦਾ ਸੀ, ਤੈਨੂੰ ਪਤਾ ਤਾਂ ਹੈ ਕਾਰਟੂਨ ਮੈਨੂੰ ਅੱਜ ਵੀ ਪਸੰਦ ਨੇ ।” ਮੈਂ ਬਚਾਅ ਪੱਖ ਵਾਲੇ ਪਾਸੇ ਹੋ ਗਿਆ ਜਾਪਦਾ ਸਾਂ ।

“ਊਂ ਗੁਲਾਟੀ ਯਾਰ ! ਇੱਕ ਗੱਲ ਤਾਂ ਹੈ ਪਈ ਅੱਜ ਦੇ ਗਾਇਕਾਂ ਨੇ ਮਾਂ-ਬੋਲੀ ਦੀ ਚੰਗੀ ਮਿੱਟੀ ਪਲੀਤ ਕੀਤੀ ਹੈ । ਕਹਿੰਦੇ ਨੇ ਪਈ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ । ਸੁਆਦ ਤਾਂ ਆਵੇ ਜੇ ਗੀਤਕਾਰ ਜਾਂ ਗਾਇਕ ਮਾਂ-ਬੋਲੀ ਦੀ ਕੀਤੀ ਸੇਵਾ ਬਾਰੇ, ਜਨਮਦਾਤੀ ਮਾਂ ਨੂੰ ਵੀ ਚਾਰ ਟੱਪੇ ਸੁਨਾਉਣ । ਇਹਨਾਂ ਦੇ ਗੀਤ ਸੁਣਕੇ ਲੱਗਦਾ ਹੈ ਕਿ ਜੱਟ ਤਾਂ ਜੰਮੇ ਹੀ ਗੁੰਡਾਗਰਦੀ ਤੇ ਬਦਮਾਸ਼ੀਆਂ ਕਰਨ ਨੂੰ ਨੇ । ਮੰਨਿਆ ਕਿ ਮਾੜੀ ਮੋਟੀ ਕਮੀ ਹਰ ਜਗ੍ਹਾ, ਹਰ ਇਨਸਾਨ ‘ਚ ਹੋ ਸਕਦੀ ਹੈ ਪਰ ਗੀਤ ਸੁਣਕੇ ਤਾਂ ਲੱਗਦਾ ਹੈ ਕਿ ਕਬਜ਼ੇ ਲੈਣੇ, ਡਾਂਗਾਂ-ਤਲਵਾਰਾਂ ਚਲਾਉਣਾ, ਜੇਲ੍ਹ-ਕਚਿਹਰੀ ਤੇ ਦਾਰੂ, ਬੱਸ ਇਹੀ ਕੁਝ ਪੰਜਾਬੀਆਂ ਦੇ ਹਿੱਸੇ ਆਇਆ ਹੈ । ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਪੰਜਾਬ ‘ਚ ਅੱਧੇ ਤੋਂ ਵੱਧ ਉੱਚ ਅਹੁਦਿਆਂ ਤੇ ਜੱਟਾਂ ਦੇ ਪੁੱਤਰ ਬਿਰਾਜਮਾਨ ਨੇ । ਗੀਤਾਂ ਮੁਤਾਬਿਕ ਸਕੂਲ ਤੇ ਕਾਲਜ ਆਸ਼ਕੀ ਦੇ ਅੱਡੇ ਬਣੇ ਨੇ, ਜਦ ਕਿ ਅਸੀਂ ਸਕੂਲਾਂ ਕਾਲਜਾਂ ਨੂੰ ਵਿੱਦਿਆ ਦਾ ਮੰਦਰ ਕਹਿੰਦੇ ਹਾਂ । ਜੇ ਸਕੂਲ-ਕਾਲਜ ਆਸ਼ਕੀ ਦੇ ਅੱਡੇ ਨੇ ਤਾਂ ਕੀ ਅਜਿਹੇ ਗਾਇਕਾਂ ਤੇ ਗੀਤਕਾਰਾਂ ਨੇ ਆਪਣੀਆਂ ਧੀਆਂ-ਭੈਣਾਂ ਘਰੇ ਟਿਊਸ਼ਨ ਲਾ ਕੇ ਪੜ੍ਹਾਈਆਂ ਨੇ ? ਜਾਂਦੀਆਂ ਤਾਂ ਬਾਈ ਜੀ, ਉਹ ਵੀ ਉਸੇ ਆਸ਼ਕੀ ਦੇ ਅੱਡੇ ‘ਤੇ ਪੜ੍ਹਨ ਨੇ, ਜਿੰਨਾਂ ਦਾ ਜਿ਼ਕਰ ਉਹ ਗੀਤਾਂ ‘ਚ ਕਰਦੇ ਨੇ । ਗਾਇਕਾਂ ਤੇ ਗੀਤਕਾਰਾਂ ਦਾ ਕੀ ਐ ? ਉਹ ਤਾਂ ਆਪਣਾ ਤੋਰੀ-ਫੁਲਕਾ ਚਲਾਉਣ ਲਈ ਮਿੱਠੀ ਮਾਂ-ਬੋਲੀ ਦੀ ਮਿੱਟੀ ਪਲੀਤ ਕਰਨ ‘ਤੇ ਤੁਲੇ ਹੋਏ ਨੇ । ਕਾਲਜਾਂ ਦੀ ਬੇੜੀ ‘ਚ ਵੱਟੇ ਪਾਉਣ ‘ਚ ਤਾਂ ਮਿਸ ਪੂਜਾ ਦਾ ਭਰਪੂਰ ਯੋਗਦਾਨ ਹੈ, ਜੋ ਕਿ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਇਹਦੇ ਗੀਤਾਂ ਤੇ ਸਾਥੀ ਗਾਇਕਾਂ ਦਾ ਤਾਂ ਉੱਕਾ ਹੀ ਕੋਈ ਮਿਆਰ ਹੀ ਨਹੀਂ । ਮਿਸ ਪੂਜਾ ਨਾਲੋਂ ਤਾਂ ਆਲੂ ਈ ਚੰਗੇ ਨੇ । ਕੋਈ ਸਬਜ਼ੀ ਤਾਂ ਹੈ ਜਿਸ ‘ਚ ਆਲੂ ਨਹੀਂ ਪੈਂਦੇ, ਜਿਵੇਂ ਕਿ ਟਿੰਡੋ, ਪੇਠਾ, ਕੱਦੂ, ਅੱਲਾਂ, ਭਿੰਡੀ, ਤੋਰੀ... । ਪਰ ਇਹ ਤਾਂ ਹਰੇਕ ਨਾਲ਼ ਹੀ ਗਾਉਂਦੀ ਫਿਰਦੀ ਹੈ, ਭਾਵੇਂ ਉਸਨੂੰ ਗਾਉਣਾ ਆਵੇ ਜਾਂ ਨਾ ਆਵੇ । ਠੀਕ ਹੈ ਕਿ ਰੱਬ ਨੇ ਚੰਗੀ ਆਵਾਜ਼ ਦਿੱਤੀ ਹੈ ਪਰ ਉਸਦਾ ਇਸਤੇਮਾਲ ਕਰਨਾ ਤਾਂ ਆਪਣੇ ਹੀ ਵੱਸ ਹੈ । ਇਹ ਕੀ ਗੱਲ ਬਣੀ ਕਿ ਗੀਤ ਦੇ ਬੋਲ ਜਾਂ ਅਰਥ ਨਹੀਂ ਦੇਖਣੇ, ਗਾਇਕ ਨਹੀਂ ਦੇਖਣਾ ਤੇ ਚੱਕ ਕੇ ਉਸ ਨਾਲ਼ ਕੈਸਿਟ ਰਿਕਾਰਡ ਕਰਵਾ ਦੇਣੀ । ਆਪਣੇ ਸੂਰਮੇ ਵੀ... ਬੱਸ ਘਰ ਦਿਆਂ ਨੂੰ ਸੂਲੀ ਟੰਗ ਕੇ ਕੈਸਟ ਕੱਢ, ਜਣੇ ਖਣੇ ਨੂੰ “ਪਿਆਰ ਤੇ ਸਤਿਕਾਰ ਸਹਿਤ ਭੇਂਟ” ਕਰਦੇ ਨੇ, ਚਾਹੇ ਕੋਈ ਸੁਣੇ ਜਾਂ ਨਾ ।” ਮੇਰੇ ਦਿਲ ਦਾ, ਲੱਗਦਾ ਬੋਝ ਘਟਣਾ ਸ਼ੁਰੂ ਹੋ ਗਿਆ ਸੀ, ਤਾਂ ਹੀ ਝਈਆਂ ਲੈ ਲੈ ਕੇ ਪੈਣ ਦੀ ਬਜਾਏ ਠਰੰਮੇ ਨਾਲ਼ ਗੱਲ ਕਰ ਰਿਹਾ ਸੀ ।

“ਹਾਂ ਬਈ ! ਪਰ ਆਪਣੇ ਕੋਲ ਕੋਈ ਹੱਲ ਵੀ ਤਾਂ ਨਹੀਂ । ਆਪਾਂ ਤਾਂ ਆਪਣੇ ਹੀ ਭਰਾਵਾਂ ਨੂੰ ਅਪੀਲ ਕਹਿ ਲਵੋ ਜਾਂ ਸਮਝਾਉਣਾ ਕਹਿ ਲਵੋ, ਪਈ ਨਿੱਕੇ ਵੀਰੋ ! ਤੁਸੀਂ ਸੰਗੀਤ ਨੂੰ ਪਿਆਰ ਕਰਦੇ ਹੋ, ਬੜੀ ਵਧੀਆ ਗੱਲ ਹੈ । ਸੁਣੋ... ਜੰਮ ਜੰਮ ਸੁਣੋ... ਪਰ ਸੁਣੋ ਉਹ ਜੋ ਹੋਰਾਂ ਨੂੰ ਵੀ ਚੰਗਾ ਲੱਗੇ । ਜ਼ਰਾ ਵਿਚਾਰ ਕਰੋ, ਗੀਤਾਂ ਦੇ ਬੋਲਾਂ ਤੇ ਗੌਰ ਕਰੋ... ਇਹ ਸ਼ਬਦ ਸਾਨੂੰ ਕੀ ਸੁਨੇਹਾ ਦਿੰਦੇ ਨੇ । ਕੀ ਤੁਸੀਂ ਚਾਹੋਗੇ ਕਿ ਤੁਹਾਡਾ ਪਰਿਵਾਰ ਵੀ ਅਜਿਹੇ ਬੇਹੁਦਾ ਤੇ ਲੱਚਰ ਗੀਤ ਸੁਣੇ, ਜੇ ਹਾਂ ਤਾਂ ‘ਚੂਕੀ ਜਾਓ ਫੱਟਾ !’ ਗੋਰੇ-ਗੋਰੀਆਂ ਨੂੰ ਤਾਂ ਇਹ ਗੀਤ ਸਮਝ ਨਹੀਂ ਆਉਂਦੇ । ਸ਼ਰਮ ਨਾਲ਼ ਤਾਂ ਪੰਜਾਬੀ ਕੁੜੀਆਂ ਹੀ ਪਾਣੀ-ਪਾਣੀ ਹੁੰਦੀਆਂ ਨੇ, ਤੇ ਧੀਆਂ-ਭੈਣਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ । ਪ੍ਰੇਸ਼ਾਨ ਗੋਰੇ ਵੀ ਹੁੰਦੇ ਨੇ, ਕਿਉਂ ਜੋ ਇਹ ਗੱਲਾਂ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ । ਸਾਡੇ ‘ਚੋਂ ਕੁਝ ਕੁ ਅਜਿਹੇ ਮਨਚਲੇ ਨੌਜਵਾਨਾਂ ਦੀ ਵਜ੍ਹਾ ਨਾਲ਼ ਸਾਰੀ ਕੌਮ ਨੂੰ ਨੀਵਾਂ ਦੇਖਣਾ ਪਵੇ, ਸ਼ਾਲਾ ! ਅਜਿਹਾ ਦਿਨ ਨਾ ਹੀ ਆਵੇ । ਜੇਕਰ ਕੋਈ ਅਜਿਹਾ ਮਨਚਲਾ ਦੇਖਦੇ ਹੋ ਤਾਂ ਉਸਨੂੰ ਸੁਧਾਰਨਾ ਵੀ ਤਾਂ ਆਪਾਂ ਹੀ ਹੈ । ਵਿਗੜਿਆਂ ਤਿਗੜਿਆਂ ਨੂੰ ਸਿੱਧੇ ਰਾਹ ਪਾਉਣ ਦਾ ਰਸਤਾ ਵੀ ਮੈਂ ਥੋੜ੍ਹੀ ਦੱਸਣਾ, ਖੁਦ ਹੀ ਸਮਝਦਾਰ ਹੋ ਯਾਰ !” ਮੈਂ ਸ਼ਤ-ਪ੍ਰਤੀਸ਼ਤ ਆਪਣੇ ਦਿਲ ਦੇ ਨਾਲ਼ ਸਹਿਮਤ ਸਾਂ ।

“ਇੱਕ ਗੱਲ ਹੋਰ ਕਹਿ ਦੇ ਆਪਣੇ ਪੰਜਾਬੀ ਭਰਾਵਾਂ ਨੂੰ....” ਮੇਰੇ ਦਿਲ ਨੇ ‘ਭਰਾਵਾਂ’ ਸ਼ਬਦ ਤੇ ਖ਼ਾਸਾ ਹੀ ਜ਼ੋਰ ਪਾਇਆ ਸੀ ।

“ਚੱਲ ਉਹ ਵੀ ਆਉਣ ਦੇ....”

“ਕਹਿ ਦੇ ਪਈ, ਸੁਪਰ-ਸਟੋਰਾਂ ‘ਚ ਚੀਜ਼ ਲੈਣ ਉਨ੍ਹੇ ਕੁ ਜਣੇ ਜਾਣ, ਜਿਨੇਂ ਜ਼ਰੂਰੀ ਨੇ । ਐਵੀਂ ਨਾ ਇੱਕ ਬਰੈੱਡ ਲੈਣ ਲਈ ਸਾਰਾ ਲਾਣਾ ਤੁਰ ਪਿਆ ਕਰੇ । ਨਾਲ਼ੇ ਥੈਂਕਯੂ, ਸੌਰੀ ਵਗੈਰਾ ਕਹਿਣ ਦੀ ਆਦਤ ਪਾ ਲੈਣ ਤਾਂ ਜੋ ਗੋਰਿਆਂ ਨੂੰ ਲੱਗੇ ਪਈ ਸਾਡੀ ਤਹਿਜ਼ੀਬ ਵੀ ਅਮੀਰ ਹੈ ।”

“ਠੀਕ ਐ ਜੀ, ਕਹਿ ਦਿਆਂਗੇ ।”

“ਆਪਸ ਵਿੱਚ ਅੰਗ੍ਰੇਜ਼ੀ ਵੀ ਬੋਲਣੀ ਸ਼ੁਰੂ ਕਰ ਦੇਣ ਤਾਂ ਜੋ ਇੱਥੇ ਬੇਗਾਨੇ ਮੁਲਕਾਂ ‘ਚ ਰਹਿਣ ਸਹਿਣ ਦੀ ਤੇ ਗੱਲਬਾਤ ਕਰਨ ‘ਚ ਕੋਈ ਦਿੱਕਤ ਨਾ ਆਵੇ, ਕੋਈ ਮਾੜਾ ਮੋਟਾ ਚੱਜ ਦਾ ਕੰਮ ਵੀ ਤਾਂ ਹੀ ਮਿਲੂ ਜੇ ਅੰਗ੍ਰੇਜ਼ੀ ਵਧੀਆ ਆਉਂਦੀ ਹੋਊ, ਨਹੀਂ ਤਾਂ ਤੇਰੇ ਵਾਂਗੂੰ ਖੇਤਾਂ ‘ਚ ਧੱਕੇ ਖਾਂਦੇ ਫਿਰਨਗੇ ।”

“ਤੂੰ ਯਾਰ ਮਿੰਟ ਕੁ ਪਿੱਛੋਂ ਮੇਰੇ ਤੇ ਸੂਈ ਕਿਉਂ ਟਿਕਾ ਲੈਂਦੈ ? ਮੇਰੀ ਤਾਂ ਸੀ ਕਿਸਮਤ ਖੋਟੀ, ਤਾਂ ਚੰਗਾ ਭਲਾ ਕੰਮ ਛੱਡ ਕੇ ਇੱਥੇ ਆ ਗਿਆ, ਤੂੰ ਦੱਸ ਮੇਰੇ ਤੋਂ ਕੀ ਦੱਖੂ-ਦਾਣਾ ਲੈਣੈਂ ?” ਮੈਨੂੰ ਆਪਣੇ ਦਿਲ ਤੇ ਗੁੱਸਾ ਆ ਗਿਆ ਸੀ ।

“ਤੂੰ ਤਾਂ ਨਰਾਜ਼ ਹੋਣ ਲੱਗ ਪੈਦੈਂ ਯਾਰ ! ਰੌਲਾ ਇੱਕ ਹੋਰ ਵੀ ਐ ਪਈ ਸਾਲ-ਦੋ ਸਾਲ ਤੋਂ ਇੱਥੇ ਆਏ ਸਭ ਭਾਰਤੀ ਏਥੇ ਮਜ਼ਦੂਰੀਆਂ ਤੇ ਸਫ਼ਾਈਆਂ ਕਰਦੇ ਨੇ ਜਾਂ ਹੋਟਲਾਂ ‘ਚ ਭਾਂਡੇ ਮਾਂਜਣ ਦੇ ਕੰਮ ‘ਤੇ......”

“ਭਾਂਡੇ ਮਾਂਜਣ ਨਹੀਂ... ਡਿਸ਼ ਵਾਸਿੰ਼ਗ ਜਾਂ ਕਿਚਨ ਹੈਂਡ ਕਹਿ” ਮੈਂ ਆਪਣੇ ਦਿਲ ਨੂੰ ਦਬਕਾ ਮਾਰਿਆ ।

“ਸੌਰੀ.... ਡਿਸ਼ ਵਾਸਿ਼ੰਗ ਦੇ ਕੰਮ ‘ਤੇ ਲੱਗੇ ਨੇ । ਜਦੋਂ ਪਿੰਡ ਫ਼ੋਨ ਕਰਦੇ ਨੇ ਤਾਂ ਇੰਝ ਗੱਲ ਕਰਦੇ ਨੇ ਜਿਵੇਂ ਕੁਰਸੀ ਤੇ ਬੈਠੇ ਹੋਣ । ਫੋ਼ਨ ਕਰਦਿਆਂ ਨਾਲ਼ ਦੇ ਨੂੰ ਅੱਖ ਮਾਰ-ਮਾਰ ਕੇ ਟਾਹਰਾਂ ਮਾਰੀ ਜਾਂਦੇ ਐ ਤੇ ਪੰਜਾਬ ਬੈਠਾ ਫੋਨ ਸੁਣਨ ਵਾਲਾ ਇਹ ਸੋਚਦਾ ਹੈ ਕਿ ਪ੍ਰਦੇਸਾਂ ‘ਚ ਐਸ਼ਾਂ ਨੇ । ਉਹ ਵੀ ਜਹਾਜ਼ ਚੜ੍ਹਨ ਲਈ ਘਰ ਦਿਆਂ ਦੇ ਕਿੱਲਿਆਂ ਲਈ ਖ਼ਤਰਾ ਬਣ ਜਾਂਦਾ ਹੈ, ਜਾਂ ਉਨ੍ਹਾਂ ਦੀਆਂ ਬੋਦੀਆਂ ਕਰਜ਼ੇ ਨਾਲ਼ ਬੰਨਵਾ ਦਿੰਦਾ ਹੈ । ਨਾਲ਼ ਜਿਹੜੀਆਂ ‘ਔਰਕੁਟ’ ਤੇ ਫੋਟੋ ਲਾਈਆਂ ਹੁੰਦੀਆਂ ਨੇ ਉਹ ਅੱਡ ਪੰਜਾਬ ਬੈਠਿਆਂ ਦਾ ਚਿੱਤ ਘਾਊਂ-ਮਾਊਂ ਕਰਦੀਆਂ ਨੇ । ਮੇਰਾ ਮਤਲਬ ਤਾਂ ਸਿਰਫ਼ ਏਨ੍ਹਾਂ ਕੁ ਹੈ ਪਈ ਵਤਨ ਬੈਠਿਆਂ ਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ਼ ਲੁਭਾਉਣ ਦੀ ਬਜਾਏ ਸਚਾਈ ਦੱਸਿਆ ਕਰਨ । ‘ਆਖਣੇ ਕਿੰਦੀ ਅੰਕਲ ਦੇ’ ਮੂੰਗਫਲੀ ਖਾ ਕੇ ਬਦਾਮਾਂ ਦੇ ਪੱਦ ਮਾਰਨ ਦਾ ਕੋਈ ਲਾਭ ਨਹੀਂ ।”

“ਹੋਰ ਕੀ ਚਾਹੁੰਨੈ ਤੂੰ ?” ਮੇਰਾ ਪਾਰਾ ਹਾਈ ਲੈਵਲ ਵੱਲ ਜਾ ਰਿਹਾ ਸੀ ।

“ਚੱਲ ਬਾਈ ਬਣਕੇ ਗੁੱਸਾ ਨਾ ਕਰ, ਤੇਰੀ ਰਿਕਾਰਡ ਹੋ ਰਹੀ ਕੈਸਟ ਵੀ ਮੁੱਕਣ ਵਾਲੀ ਹੋਣੀ ਐ । ਬੱਸ ਇੱਕ ਆਖ਼ਰੀ ਗੱਲ ਆਪਣੇ ਭਾਰਤੀ ਮੀਡੀਆ ਨੂੰ ਕਹਿ ਦੇਈਂ ਬਾਈ ਬਣਕੇ ।” ਮੇਰਾ ਦਿਲ ਤਾਂ ਦੀ ਲੱਗਦੈ, ਸਾਰੀ ਭੜਾਸ ਨਿੱਕਲ ਗਈ ਸੀ, ਤਾਂ ਹੀ ਪਾਣੀ ਬਣਿਆ ਤੁਰਿਆ ਆਉਂਦਾ ਸੀ ।

“ਚੱਲ ਦੱਸ ।”

“ਕਹਿ ਦੇਈਂ ਬਾਈ ਜੀ, ਜੇ ਕਦੇ ਆਸਟ੍ਰੇਲੀਆ ‘ਚ ਕਦੇ ਕੋਈ ਊਚ-ਨੀਚ ਹੋ ਜਾਂਦੀ ਐ ਤਾਂ ਬਾਈ ਬਣਕੇ ਉਸ ਮਾਮਲੇ ਨੂੰ ਏਨੀ ਤੂਲ ਨਾ ਦਿਆ ਕਰੋ । ਲੁੱਟਾਂ-ਖੋਹਾਂ, ਮਾਰ-ਕੁੱਟ, ਕਤਲ ਆਦਿ ਆਸਟ੍ਰੇਲੀਆ ਨਾਲੋਂ ਬਾਹਲੇ ਆਪਣੇ ਮੁਲਕ ‘ਚ ਹੁੰਦੇ ਐ । ਜੇ ਕੋਈ ਪੰਜਾਬੀ ਭਰਾ ਕਿਸੇ ਨਸ਼ੇੜੀ ਦੇ ਧੱਕੇ ਚੜ੍ਹ ਜਾਂਦਾ ਹੈ ਜਾਂ ਕਿਸੇ ਨਾਲ਼ ਕੋਈ ਮਾੜਾ ਮੋਟਾ ਧੱਕਾ ਹੋ ਵੀ ਜਾਂਦਾ ਹੈ ਤਾਂ ਮਾਮਲੇ ਨੂੰ ਨਸਲਵਾਦ ਦਾ ਨਾਮ ਦੇ ਕੇ ਨਾ ਉਛਾਲੋ । ਸਾਡੇ ਘਰ ਦਿਆਂ ਦੇ ਸਾਹ ਥੋਡੇ ਚੈਨਲਾਂ ਦੀਆਂ ਖਬਰਾਂ ਦੇਖ-ਦੇਖ ਕੇ ਈ ਸੁੱਕੇ ਰਹਿੰਦੇ ਨੇ । ਰਿਸ਼ਤੇਦਾਰ ਅੱਡ ਟੈਲੀਵੀਜ਼ਨ ਦੇਖਕੇ ਘਰ ਦਿਆਂ ਨੂੰ ਫੋਨ ਕਰਦੇ ਨੇ ਕਿ ਭਾਈ ਨਿਆਣੇ ਠੀਕ-ਠਾਕ ਨੇ ? ਤੰਗੀਆਂ ਤਕਲੀਫ਼ਾਂ ਤਾਂ ਜਿੰਦਗੀ ਦਾ ਹਿੱਸਾ ਨੇ ਤੇ ਬਾਕੀ ਹਾਲ ਦੀ ਘੜੀ ਤਾਂ ਸਾਡੇ ‘ਤੇ ਰੱਬ ਦੀ ਬੜੀ ਮਿਹਰ ਹੈ । ਕਮੀਆਂ ਪੇਸ਼ੀਆਂ ਹਰ ਕਿਸੇ ‘ਚ ਹੁੰਦੀਆਂ ਨੇ, ਆਪਣੇ ਬੰਦਿਆਂ ‘ਚ ਵੀ ਨੇ, ਪਰ ਥੋਡੀਆਂ ਖ਼ਬਰਾਂ ਕਰਕੇ ਆਸਟ੍ਰੇਲੀਆਈ ਮੀਡੀਆ ਨੇ ਜੇ ਕਿਤੇ ਇਹਨਾਂ ਦੀਆਂ ਕਮੀਆਂ-ਪੇਸ਼ੀਆਂ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਇੱਥੇ ਪੜ੍ਹਨ ਆਏ ਜ਼ਰੂਰ ਹੀ ਪ੍ਰੇਸ਼ਾਨੀ ‘ਚ ਆ ਸਕਦੇ ਹਾਂ । ਥੋਡੀਆਂ ਖਬਰਾਂ ਦੇਖ/ਪੜ੍ਹ ਕੇ ਭਾਰਤ ‘ਚ ਵਿਹਲੀ ਜਨਤਾ ਮੁਜ਼ਾਹਰੇ ਕਰਦੀ ਹੈ, ਤੋੜ-ਭੰਨ ਤੇ ਸਾੜ-ਫੂਕ ਕਰਦੀ ਹੈ । ਲੋਕਾਂ ਦੀ ਉਤੇਜਨਾ ਨਾਲ਼ ਥੋਡੀ ਤਾਂ ਟੀ.ਆਰ.ਪੀ. ਪਤਾ ਨਹੀਂ ਵਧਦੀ ਹੈ ਕਿ ਨਹੀਂ ਪਰ ਸਾਡੇ ਮੁਲਕ ਦਾ ਨੁਕਸਾਨ ਜ਼ਰੂਰ ਹੁੰਦਾ ਹੈ । ਬੱਸ ! ਤੁਸੀਂ ਟੋਏ ‘ਚ ਡਿੱਗਿਆ ਕੋਈ ‘ਪ੍ਰਿੰਸ’ ਅਰਗਾ ਹੀ ਲੱਭੀ ਰੱਖਿਆ ਕਰੋ, ਨਾਲ਼ੇ ਤਾਂ ਅਗਲੇ ਦੀ ਜੂਨ ਸੁਧਰ ਜਾਊ ਤੇ ਨਾਲ਼ੇ ਥੋਡੇ ਚੈਨਲਾਂ ਨੂੰ ਚੌਵੀ ਘੰਟੇ ਲਈ ਖ਼ਬਰ ਮਿਲ ਜਾਊ । ਜਿਥੋਂ ਤੱਕ ਨਸਲਵਾਦ ਦਾ ਸੰਬੰਧ ਹੈ, ਆਪਣੇ ਮੰਜੇ ਥੱਲੇ ਸੋਟਾ ਫੇਰ ਕੇ ਦੇਖੋ, ਪਤਾ ਲੱਗ ਜਾਊ ਆਪਾਂ ਕਿੰਨੇ ਕੁ ਦੁੱਧ ਦੇ ਧੋਤੇ ਹਾਂ । ਦੋ ਮਹੀਨੇ ਪਹਿਲਾਂ ਸਾਰੀ ਦੁਨੀਆਂ ‘ਚ ਨਸਲਵਾਦ-ਨਸਲਵਾਦ ਦੇ ਢਿੰਡੋਰੇ ਪਿੱਟ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਤੇ ਬਦਨਾਮ ਕਰ ਦਿੱਤਾ । ਹੁਣ ਕਿਉਂ ਸ਼ਾਂਤੀ ਹੈ ? ਕਿੱਥੇ ਹੈ ਨਸਲਵਾਦ ? ਪਹਿਲਾਂ ਵੀ ਇੱਕਾ-ਦੁੱਕਾ ਘਟਨਾਵਾਂ ਹੁੰਦੀਆਂ ਸੀ, ਹੁਣ ਵੀ ਹੁੰਦੀਆਂ ਨੇ । ਪਰ ਬਾਈ ਜੀ ! ਵਾਰੇ-ਵਾਰੇ ਜਾਈਏ ਥੋਡੇ ਤੋਂ, ਖੰਡ ਤੋਂ ਖੰਡ ਦੇ ਖਿਡੌਣੇ ਬਨਾਉਣੇ ਤਾਂ ਕੋਈ ਥੋਡੇ ਤੋਂ ਸਿੱਖੇ ।”

ਮੇਰੇ ਦਿਲ ਨੇ ਅਜਿਹੀ ਗੱਲ ਕਰ ਦਿੱਤੀ, ਜਿਸ ਨਾਲ਼ ਮੈਂ ਸ਼ਤ-ਪ੍ਰਤੀਸ਼ਤ ਸਹਿਮਤ ਹਾਂ । ਪਿੱਛੇ ਜਿਹੇ ਮੈਂ ਪੰਜਾਬ ‘ਚ ਘਰੇ ਫੋਨ ਲਗਾ ਰਿਹਾ ਸਾਂ, ਕੁਦਰਤੀਂ ਗ਼ਲਤ ਨੰਬਰ ਲੱਗ ਗਿਆ । ਅੱਗੋਂ ਫਿਰੋਜ਼ਪੁਰ ਏਰੀਏ ਦਾ ਕੋਈ ਜਿੰਮੀਦਾਰ ਭਰਾ ਬੋਲਦਾ ਸੀ । ਆਸਟ੍ਰੇਲੀਆ ਬਾਰੇ ਪੁੱਛਣ ਲੱਗ ਪਿਆ, ਮੈਂ ਵੀ ਸੋਚਿਆ ਚਲੋ ਕੋਈ ਨਾ, ਦੋ ਚਾਰ ਮਿੰਟ ਗੱਲ ਕਰਨ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਕਿ ਅੰਤਰ-ਰਾਸ਼ਟਰੀ ਕਾਲ ਦਾ ਖ਼ਰਚ ਪੈ ਰਿਹਾ ਸੀ । ਕਾਫ਼ੀ ਗੱਲਾਂ ਕਰਕੇ ਉਸ ਬਾਈ ਨੇ ਆਖਿ਼ਰ ‘ਲਿੱਦ’ ਕਰ ਹੀ ਦਿੱਤੀ । ਪੁੱਛਦਾ... ‘ਬਾਈ ਜੀ ! ਥੋਡੇ ਨਾਲ਼ ਗੋਰੇ ਭਈਆਂ ਵਾਲਾ ਵਿਹਾਰ ਕਰਦੇ ਐ ਕਿ ਬਚੇ ਐ ?’ ਉਸਨੇ ਤਾਂ ਸ਼ਾਇਦ ਸੁਭਾਇਕੀ ਹੀ ਪੁੱਛਿਆ ਸੀ ਪਰ ਜੇ ਗੰਭੀਰਤਾ ਨਾਲ਼ ਸੋਚਿਆ ਜਾਵੇ ਤਾਂ ਇਸ ਨਿੱਕੀ ਜਿਹੀ ਗੱਲ ਤੋਂ ਪੰਜਾਬੀਆਂ ਦੇ ਅਚੇਤ ਮਨਾਂ ‘ਚ ਭਈਆਂ ਪ੍ਰਤੀ ਵਿਵਹਾਰ ਜਾਂ ਸੋਚ ਬਾਰੇ ਪਤਾ ਚਲਦਾ ਹੈ । ਕੀ ਇਹ ਗੱਲਾਂ ਨਸਲਵਾਦ ਦਾ ਹਿੱਸਾ ਨਹੀਂ ? ਇਹ ਵਿਸ਼ਾ ਗੰਭੀਰਤਾ ਨਾਲ਼ ਸੋਚਣ ਵਾਲਾ ਹੈ । ਇੱਥੇ ਆਸਟ੍ਰੇਲੀਆ ‘ਚ ਪੁਰਾਣੇ ਵਸਦੇ ਪੰਜਾਬੀਆਂ ‘ਚੋਂ ਕੁਝ ਕੁ ਵਿਦਿਆਰਥੀਆਂ ਨਾਲ਼ ਭੱਦਾ ਵਿਵਹਾਰ ਕਰਦੇ ਹਨ । “ਸਟੂਡੈਂਟ” ਸ਼ਬਦ ਇੰਝ ਪੁਕਾਰਦੇ ਹਨ, ਜਿਵੇਂ ਸਟੂਡੈਂਟ ਪੜ੍ਹੇ ਲਿਖੇ ਨੌਜਵਾਨ ਨਹੀਂ ਸਗੋਂ “ਅਛੂਤਾਂ ਦਾ ਤਬਕਾ” ਹੈ । ਜਾਪਦਾ ਹੈ ਕਿ ਉਹ ਲੋਕ ਸਾਡੇ ਇੱਥੇ ਆਉਣ ਤੇ ਖੁਸ਼ ਨਹੀਂ ਹਨ । ਕਾਰਨ ??? ਪਤਾ ਨਹੀਂ । ਕੁਝ ਦਿਨ ਹੋਏ ਗੁਰਦੁਆਰਾ ਸਾਹਿਬ ‘ਚ ਅਖੰਡ ਪਾਠ ਦਾ ਪ੍ਰਕਾਸ਼ ਹੋਇਆ ਸੀ । ਮੈਂ ਵੀ ਪੁਰਾਣੇ ਪੰਜਾਬੀਆਂ ‘ਚ ਜਾ ਬੈਠਾ, ਪਰ ਜਾਪਦਾ ਹੈ ਕਿ ਉਨ੍ਹਾਂ ‘ਚ ਬੈਠਣ ਦੀ ਗੁਸਤਾਖ਼ੀ, ਮੈਂ ਆਪਣੀ “ਔਕਾਤ ਤੋਂ ਬਾਹਰ ਜਾ ਕੇ” ਕੀਤੀ ਸੀ । ਇੱਕ ਬਾਈ ਜੀ ਨੇ ਗੱਲਾਂ ਹੀ ਗੱਲਾਂ ‘ਚ ਮੇਰੀ “ਰੇਲ” ਬਨਾਉਣੀ ਸ਼ੁਰੂ ਕਰ ਦਿੱਤੀ । ਪਹਿਲਾਂ ਤਾਂ ਮੈਂ ਉਸਦੀ ਗੱਲ ਨੂੰ ਮਜ਼ਾਕ ਸਮਝਿਆ ਪਰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਤਾਂ ਸਟੂਡੈਂਟ ਤਬਕੇ ‘ਚੋਂ ਹੋਣ ਕਰਕੇ ਮੇਰੇ ਨਾਲ਼ ਅਜਿਹਾ ਭੱਦਾ ਵਿਵਹਾਰ ਕਰ ਰਿਹਾ ਸੀ । ਅੱਗ ਤਾਂ ਬੜੀ ਚੜ੍ਹੀ ਪਰ ਆਪਣੇ ਆਪ ਤੇ ਕੰਟਰੌਲ ਰਖਣ ‘ਚ ਕਾਮਯਾਬ ਰਿਹਾ, ਇਹੀ ਸੋਚ ਕੇ ਕਿ “ਸਿਆਣੀ” ਉਮਰ ਦਾ ਹੈ, ਧੌਲਿਆਂ ਵਾਲਾ ਹੈ । ਮੰਨਿਆਂ ਕਿ ਅਸੀਂ ਸਟੂਡੈਂਟ ਵੀਜ਼ੇ ਤੇ ਆਏ ਹਾਂ ਪਰ ਨਾ ਤਾਂ ਅਸੀਂ ਜਹਾਜ਼ ਦੀ ਪੂਛ ਤੇ ਬੈਠ ਕੇ ਆਏ ਹਾਂ ਤੇ ਨਾ ਹੀ ਗ਼ੈਰ ਕਾਨੂੰਨੀ ਤੌਰ ‘ਤੇ । ਨਾ ਹੀ ਅਨਪੜ੍ਹ ਢੱਗੇ ਹਾਂ ਕਿ ਜਿਵੇਂ ਮਰਜ਼ੀ ਹੱਕੀ ਚੱਲੋ ।

ਖ਼ੈਰ ! ਇਸ ਸਮੇਂ ਤਾਂ ਮੈਂ ਆਪਣੇ ਦਿਲ ਦੀਆਂ ਸੁਨਣ ਲੱਗਾ ਹੋਇਆ ਸਾਂ ।

“ਯਾਰ ! ਤੂੰ ਤਾਂ ਵਾਕਿਆ ਹੀ ਸਹੀ ਗੱਲਾਂ ਕਰਨ ਲੱਗ ਪਿਐਂ । ਮੈਂ ਤੇਰੇ ਨਾਲ਼ ਸੌ ਪ੍ਰਤੀਸ਼ਤ ਸਹਿਮਤ ਹਾਂ ਤੇ ਲੇਖ਼ ਲਿਖਣ ਲਈ ਤਿਆਰ ਵੀ, ਪਰ ਜਿਹੜੀਆਂ ਗੱਲਾਂ ਤੂੰ ਸ਼ੁਰੂ ਕੀਤੀਆਂ ਸੀ, ਉਹ ਲਿਖਣ ਦੇ ਮੈਂ ਹੱਕ ‘ਚ ਨਹੀਂ, ਕਿਉਂ ਜੋ ਉਹ ਸਿਆਣਿਆਂ-ਬਿਆਣਿਆਂ ਦੇ ਕਰਨ ਦੀਆਂ ਗੱਲਾਂ ਹਨ, ਆਪਣੇ ਨਹੀਂ । ਇਸ ਲਈ ਬਾਈ ਜੀ ਤੇਰੀਆਂ ਗੱਲਾਂ ਰਿਕਾਰਡ ਕਰਨ ਲਈ ਮੈਂ ਰਿਕਾਰਡਰ ਤਾਂ ਜ਼ਰੂਰ ਚਲਾਇਆ ਪਰ ਮੁਆਫ਼ ਕਰੀਂ ਯਾਰਾ ! ਉਹਦੇ ‘ਚ ਸੈੱਲ ਤਾਂ ਹੈ ਹੀ ਨਹੀਂ । ਸੋ, ਤੇਰੀਆਂ ਗੱਲਾਂ ਰਿਕਾਰਡ ਨਹੀਂ ਹੋਈਆਂ ਤੇ ਜਦ ਮੇਰੇ ਕੋਲ਼ ਤੇਰੇ ਵਿਚਾਰ ਹੀ ਰਿਕਾਰਡ ਨਹੀਂ ਹੋਏ ਤਾਂ ਲੇਖ਼ ਲਿਖੂੰ ਕਿਵੇਂ ।” ਮੈਂ ਆਪਣੇ ਦਿਲ ਨੂੰ ਸ਼ਾਂਤ ਮੂਡ ‘ਚ ਦੇਖਕੇ ਸਚਾਈ ਬਿਆਨ ਕਰ ਦਿੱਤੀ ।

“ਜਾ ਉਏ ਸਹੁਰੀ ਦਿਆ ! ਮੈਨੂੰ ਬੇਵਕੂਫ਼ ਹੀ ਬਣਾਈ ਗਿਆ । ਮੇਰਾ ਸਾਰਾ ਜ਼ੋਰ ਲੱਗ ਗਿਆ ਤੇ ਤੂੰ ਰਿਕਾਰਡ ਹੀ ਕੁਝ ਨਹੀਂ ਕੀਤਾ । ਆਖ਼ਰ ਮਹਾਜਨਾਂ ਵਾਲਾ ਦਿਲ ਹੀ ਪਾਇਆ ਨਾ । ਥੋੜਾ ਦਲੇਰ ਬਣ । ਜੇ ਕੁਝ ਯਾਦ ਰਿਹਾ ਹੈ ਤਾਂ ਲਿਖ ਦੇਈਂ ਨਹੀਂ ਤਾਂ ਭਾਈ ਕੋਈ ਹੱਲ ਹੀ ਨਹੀਂ ।” ਮੈਂ ਖੁਸ਼ ਸੀ ਕਿ ਮੇਰੇ ਦਿਲ ਨੂੰ ਸਚਾਈ ਸੁਣਕੇ ਗੁੱਸਾ ਨਹੀਂ ਸੀ ਆਇਆ ਪਰ ਉਹ ਮੇਰੇ ‘ਤੇ “ਤਵਾ” ਤਾਂ ਲਾ ਹੀ ਗਿਆ ਸੀ ।

“ਚੱਲ ਬਾਈ ! ਇਸੇ ਨੂੰ ਮੇਰੀ ਕਮਜ਼ੋਰੀ ਸਮਝ ਜਾਂ ਜੋ ਮਰਜ਼ੀ, ਮੈਂ ਤਾਂ ਬਈ ਸਿਆਣੇ ਬੰਦਿਆਂ ਦੀਆਂ ਕਰਨ ਵਾਲੀਆਂ ਗੱਲਾਂ ਤੋਂ ਖ਼ੁਦ ਨੂੰ ਦੂਰ ਰੱਖਣਾ ਹੀ ਬਿਹਤਰ ਸਮਝਦਾ ਹਾਂ । ਜਿ਼ੰਦਗੀ ‘ਚ ਕਦੇ ਜੇ ਮੇਰੀ ਹਿੰਮਤ ਨੇ ਸਾਥ ਦਿੱਤਾ ਤਾਂ ਕੌਮ ਦੇ ਆਗੂਆਂ ਸਾਹਮਣੇ ਤੇਰੀ ਸੋਚ ਨੂੰ ਰੱਖ ਦਿਆਂਗਾ, ਬਾਕੀ ਉਹ ਜੋ ਕਰਨਗੇ, ਸ਼ਾਇਦ ਸਹੀ ਹੀ ਕਰਨਗੇ ।” ਮੈਂ ਅਸਲ ਹਾਲਤ ਨੂੰ ਆਪਣੇ ਦਿਲ ਦੇ ਸਾਹਮਣੇ ਰੱਖਦਿਆਂ ਕਿਹਾ ।

“ਦਿਲ ਬਾਈ ! ਤੂੰ ਏਨੀਆਂ ਗੱਲਾਂ ਕੀਤੀਆਂ, ਆਪਣੇ ਅੰਦਰ ਦਾ ਇੱਕ ਦੁੱਖ ਮੈਂ ਵੀ ਤੇਰੇ ਨਾਲ਼ ਫਿਰੋਲ ਲਵਾਂ ?” ਮੈਂ ਪੁੱਛਿਆ ।

“ਹਾਂ... ਹਾਂ... ਦੱਸ ਕੀ ਕਹਿਣਾ ਚਾਹੁੰਦਾ ਏਂ ।”

“ਮੇਰੇ ਮਨ ‘ਚ ਤਾਂ ਯਾਰ, ‘84 ਵਾਲਾ ਕਿੱਲ ਹੀ ਠੁੱਕਿਆ ਪਿਆ ਹੈ । ਜੋ ਹੋ ਗਿਆ, ਉਸਦਾ ਇਲਾਜ ਤਾਂ ਕਿਸੇ ਕੋਲ ਵੀ ਨਹੀਂ ਪਰ ਜੇਕਰ ਪੀੜਿਤਾਂ ਨੂੰ ਸਿਰਫ਼ ਇਨਸਾਫ਼ ਹੀ ਮਿਲ ਜਾਂਦਾ, ਤਾਂ ਵੀ ਜ਼ਖ਼ਮਾਂ ਤੇ ਮਾੜੀ-ਮੋਟੀ ਮਰਹਮ ਤਾਂ ਰੱਖੀ ਜਾਂਦੀ । ਸਾਡੇ ਪ੍ਰਧਾਨ ਮੰਤਰੀ ਸਿੱਖ ਹੋਣ ਦੇ ਬਾਵਜੂਦ ਅੱਜ ਤੱਕ ਕੁਝ ਨਾ ਹੋ ਪਾਇਆ । ਤੇ ਹੁਣ ਤਾਂ ਉਮੀਦ ਵੀ ਮਨਫ਼ੀ ਹੁੰਦੀ ਜਾਂਦੀ ਹੈ । ਕੇਵਲ ਹੀ ਅਰਦਾਸ ਕਰ ਸਕਦਾ ਹਾਂ ਕਿ ਹੇ ਸੱਚੇ ਪਾਤਸ਼ਾਹ ! ਮੇਰੇ ਦੇਸ਼ ਦੇ ਆਗੂਆਂ ਨੂੰ ਬੁੱਧੀ ਬਖ਼ਸ਼ ਤਾਂ ਜੋ ਉਹ ਕੁਰਸੀ ਦੇ ਮੋਹ ਤੋਂ ਅੱਗੇ ਵਧ ਕੇ ਜਨਤਾ ਦੇ ਦੁੱਖ-ਦਰਦ ਨੂੰ ਮਹਿਸੂਸ ਕਰ ਸਕਣ ।”

“ਹਾਂ ! ਮੈਂ ਵੀ ਤੇਰੇ ਨਾਲ਼ ਇਸ ਅਰਦਾਸ ਵਿੱਚ ਸ਼ਾਮਲ ਹਾਂ । ਸੱਚੀ ਸਰਕਾਰ ਪੀੜਿਤਾਂ ਨੂੰ ਵੀ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੇ ਇੱਕ ਬੇਨਤੀ ਹੋਰ ਹੈ, ਹੇ ਸੱਚੇ ਪਾਤਸ਼ਾਹ ! ਭਾਰਤ ਦੀ ਧਰਤੀ ਤੇ ਖੁੰਭਾਂ ਵਾਂਗੂੰ ਉੱਗੇ ਬਾਬਿਆਂ ਨੂੰ ਵੀ ਸੁਮੱਤ ਬਖ਼ਸ਼ ਤਾਂ ਜੋ ਇਹ ਵੀ ਵਿਹਲੀਆਂ ਖਾਣ ਦੀ ਬਜਾਏ ਕਿਰਤ ਕਮਾਈ ਕਰਕੇ ਰੋਟੀ ਖਾਣ ‘ਚ ਯਕੀਨ ਕਰਨ ।”

“.....” ਮੇਰਾ ਦਿਲ ਗੱਲ ਖ਼ਤਮ ਕਰਦਿਆਂ ਮੁੜ ਬਾਬਿਆਂ ਤੇ ਆ ਗਿਆ, ਸੋ ਮੈਂ ਚੁੱਪ ਰਹਿਣਾ ਮੁਨਾਸਿਬ ਸਮਝਿਆ ।

“ਚੰਗਾ ਯਾਰ ! ਮੇਰਾ ਵੀ ਵਾਹਵਾ ਜ਼ੋਰ ਲੱਗ ਗਿਆ, ਤੇ ਤੂੰ ਵੀ ਕਾਫ਼ੀ ਪ੍ਰੇਸ਼ਾਨ ਹੋ ਗਿਆ ਹੋਏਂਗਾ, ਮੇਰੀਆਂ ਗੱਲਾਂ ਤੋਂ । ਬੋਝ ਲਾਹ ਤੇ ਭੋਰਾ ਆਰਾਮ ਕਰ ਲੈ । ਪਰ ਇੱਕ ਗੱਲ ਤਾਂ ਮੰਨ ਲੈ ਕਿ ਮੇਰੀਆਂ ਗੱਲਾਂ ਹੈਗੀਆਂ ਸੀ, ਸਾਰੀਆਂ ਖ਼ਰੀਆਂ ।” ਆਖਿ਼ਰ ਮੇਰੇ ਦਿਲ ਨੂੰ ਮੇਰੇ ਤੇ ਰਹਿਮ ਆ ਹੀ ਗਿਆ ਸੀ ।

“ਚੱਲ ਛੱਡ ਯਾਰ ! ਫੇਰ ਕਦੇ ਗੱਲ ਕਰਾਂਗੇ ।” ਮੇਰੇ ਦਿਲ ਦੀਆਂ ਗੱਲਾਂ ਪਤਾ ਨਹੀਂ ਸਹੀ ਸਨ ਕਿ ਨਹੀਂ, ਪਰ ਮੈਂ ਆਪਣੀ ਜਾਨ ਬਚਾ ਲਈ ਸੀ, ਆਪਣੇ ਦਿਲ ਨੂੰ ਬੇਵਕੂਫ਼ ਬਣਾ ਕੇ, ਤੇ ਪ੍ਰੇਸ਼ਾਨੀ ਤੋਂ ਮੁਕਤ ਵੀ ਹੋ ਗਿਆ ਸਾਂ ਕਿ ਹੁਣ ਲੇਖ਼ ਨਹੀਂ ਲਿਖਣਾ ਪਵੇਗਾ ।

***

ਸ਼ਬਦ ਸਾਂਝ – ਕੱਲ ਤੇ ਅੱਜ.......... ਸੰਪਾਦਕੀ / ਰਿਸ਼ੀ ਗੁਲਾਟੀ (ਆਸਟ੍ਰੇਲੀਆ)


ਪਤਾ ਹੀ ਨਹੀਂ ਲੱਗਾ ਕਿ ਇੱਕ ਸਾਲ ਕਿੱਦਾਂ ਤੇ ਕਦੋਂ ਲੰਘ ਗਿਆ । ਅਜੇ ਕੱਲ ਦੀਆਂ ਹੀ ਤਾਂ ਗੱਲਾਂ ਨੇ, ਜਦ ਕਿ ਮੇਰਾ ਸ਼ਾਇਰ ਮਿੱਤਰ ਸੁਨੀਲ ਚੰਦਿਆਣਵੀ “ਅਕਾਊਂਟਿੰਗ ਪੁਆਇੰਟ, ਫਰੀਦਕੋਟ” ਵਿਖੇ ਮਿਲਣ ਲਈ ਆਇਆ ਸੀ । ਮਜ਼ੇਦਾਰ ਗੱਲ ਇਹ ਹੈ ਕਿ ਫਰੀਦਕੋਟ ਰਹਿੰਦਿਆਂ ਮੈਂ ਸੁਨੀਲ ਦੇ ਗੁਆਂਢ ਰਿਹਾਇਸ਼ ਕੀਤੀ, ਪਰ ਬਾਰ ਨਾਲ ਬਾਰ ਭਿੜਨ ਦੇ ਬਾਵਜੂਦ, ਉਸ ਨਾਲ਼ ਮੁਲਾਕਾਤ ਦਾ ਸਬੱਬ ਕਈ ਮਹੀਨਿਆਂ ਬਾਅਦ ਬਣਿਆ, ਹਾਲਾਂਕਿ ਸੁਨੀਲ ਦਾ ਨਾਮ ਕਾਫ਼ੀ ਸੁਣ ਚੁੱਕਿਆ ਸੀ । ਖ਼ੈਰ ! ਦਫ਼ਤਰ ਬੈਠਿਆਂ ਉਸਨੂੰ ਆਪਣੀਆਂ ਰਚਨਾਵਾਂ ਵੱਖ-ਵੱਖ ਵੈੱਬਸਾਈਟਾਂ ਤੇ ਛਪੀਆਂ ਦਿਖਾਈਆਂ ਤੇ ਉਸਨੂੰ ਵੀ ਆਪਣੀਆਂ ਰਚਨਾਵਾਂ ਦੇਣ ਲਈ ਕਿਹਾ ਤਾਂ ਜੋ ਟਾਈਪ ਕਰਕੇ ਵੈੱਬਸਾਈਟਾਂ ਤੇ ਛਪਵਾ ਸਕੀਏ । ਕੁਝ ਸਮੇਂ ਬਾਅਦ ਸੁਨੀਲ ਨਾਲ਼ ਸਲਾਹ ਕੀਤੀ ਕਿ ਕਿਉਂ ਨਾ ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਰਚਨਾਵਾਂ ਅੰਤਰ-ਰਾਸ਼ਟਰੀ ਪੱਧਰ ‘ਤੇ ਛਪਵਾਉਣ ਦਾ ਉਪਰਾਲਾ ਕੀਤਾ ਜਾਏ । ਆਧੁਨਿਕ ਸਮੇਂ ‘ਚ ਵਿਚਰਨ ਦੇ ਬਾਵਜੂਦ ਬਹੁਤੇ ਲੇਖਕ/ਕਵੀ ਅਖਬਾਰਾਂ ਜਾਂ ਰਸਾਲਿਆਂ ਰਾਹੀਂ ਕੇਵਲ ਪੰਜਾਬ ਪੱਧਰ ਤੱਕ ਦੇ ਪਾਠਕਾਂ ਤੱਕ ਹੀ ਸੀਮਿਤ ਹਨ । ਕੇਵਲ ਜਾਣਕਾਰੀ ਦੀ ਅਣਹੋਂਦ ਵਿੱਚ ਉਨ੍ਹਾਂ ਨੇ ਆਪਣੀਆਂ ਸੀਮਾਵਾਂ ਨਿਯੁਕਤ ਕਰ ਰੱਖੀਆਂ ਹਨ, ਜਦ ਕਿ ਉੱਚੀ ਉਡਾਰੀ ਮਾਰਨ ਦੇ ਸ਼ੌਕੀਨਾਂ ਲਈ ਅਸਮਾਨ ਬੜਾ ਖੁੱਲਾ ਪਿਆ ਹੈ । ਕੰਪਿਊਟਰ ਜਾਂ ਇੰਟਰਨੈੱਟ ਅਜੇ ਵੀ ਬਹੁਤੇ ਲੋਕਾਂ ਲਈ ਹਊਆ ਹਨ । ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਇਨ੍ਹਾਂ ਸੀਮਾਵਾਂ ਤੋੜਨ ਤੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਛਪਵਾਉਣ ਲਈ ਮੈਂ ਇਹ ਸੋਚ ਸੁਨੀਲ ਨਾਲ਼ ਸਾਂਝੀ ਕੀਤੀ । ਸੁਨੀਲ ਨੂੰ ਇਹ ਆਈਡੀਆ ਪਸੰਦ ਆਇਆ ਤੇ ਉਸਨੇ ਭਰਪੂਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ । ਕਈ ਦਿਨਾਂ ਦੀ ਦਿਮਾਗੀ ਕਸਰਤ ਤੇ ਮੋਬਾਇਲ ਕੰਪਨੀ ਨੂੰ ਖੂਬ ਕਮਾਈ ਕਰਵਾਉਣ ਦੇ ਬਾਅਦ ਨਵੀਂ ਸ਼ੁਰੂ ਕੀਤੀ ਜਾਣ ਵਾਲੀ ਵੈੱਬਸਾਈਟ ਦਾ ਨਾਮ “ਸ਼ਬਦ ਸਾਂਝ” ਰੱਖਣ ਦਾ ਫੈਸਲਾ ਕੀਤਾ ਗਿਆ । “ਸ਼ਬਦ ਸਾਂਝ” ਉਹ ਨਾਮ ਸੀ, ਜਿਸਦੇ ਜ਼ਰੀਏ ਆਪਣੇ ਇਲਾਕੇ ਦੇ ਉਨ੍ਹਾਂ ਲੇਖਕ/ਕਵੀ ਵੀਰਾਂ ਦੀ ਸਾਂਝ ਅੰਤਰ-ਰਾਸ਼ਟਰੀ ਪਾਠਕਾਂ ਨਾਲ਼ ਪੁਆਉਣ ਦਾ ਸੁਪਨਾ ਤੱਕਿਆ ਸੀ, ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਸੀ । ਰਚਨਾਵਾਂ ਦੀ ਚੋਣ ਦੇ ਕੰਮ ਦੀ ਜਿੰਮੇਵਾਰੀ ਸੁਨੀਲ ਦੇ ਹਿੱਸੇ ਆਈ ਤੇ ਮੇਰੇ ਹਿੱਸੇ ਬਟਨਾਂ ਨਾਲ਼ ਖੇਡਣਾ ਆਇਆ । ਪਿਛਲੇ ਸਾਲ (ਦਸੰਬਰ 2008) ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ “ਸ਼ਬਦ ਸਾਂਝ” ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ । ਸਮੇਂ ਦੀ ਚਾਲ ਚਲਦਿਆਂ ਦੇਸ਼-ਵਿਦੇਸ਼ ਦੇ ਅਨੇਕਾਂ ਨਾਮਵਰ ਤੇ ਪਹਿਲਾਂ ਤੋਂ ਹੀ ਅੰਤਰ-ਰਾਸ਼ਟਰੀ ਪੱਧਰ ਤੇ ਛਪ ਰਹੇ ਲੇਖਕਾਂ ਤੇ ਕਵੀਆਂ ਨੇ “ਸ਼ਬਦ ਸਾਂਝ” ਲਈ ਆਪਣੀਆਂ ਵਡਮੁੱਲੀਆਂ ਰਚਨਾਵਾਂ ਦਾ ਯੋਗਦਾਨ ਦਿੱਤਾ ।

“ਸ਼ਬਦ ਸਾਂਝ” ਦੇ ਹੋਂਦ ‘ਚ ਆਉਣ ਦੇ ਕੁਝ ਦਿਨਾਂ ਬਾਅਦ ਹੀ ਮੈਂ ਪੰਜਾਬੋਂ ਉਡਾਰੀ ਮਾਰ ਮੈਲਬੌਰਨ (ਆਸਟ੍ਰੇਲੀਆ) ਆ ਗਿਆ । ਆਉਂਦਿਆਂ ਹੀ ਨਵਾਂ ਲੈਪਟਾਪ ਖਰੀਦਿਆ ਤਾਂ ਜੋ “ਸ਼ਬਦ ਸਾਂਝ” ਦਾ ਸਫ਼ਰ ਨਿਰਵਿਘਨ ਜਾਰੀ ਰਹੇ । ਜਦ ਧਰਤੀ ਤੋਂ ਹਵਾ ‘ਚ ਉਡਾਰੀ ਮਾਰੀ ਸੀ ਤਾਂ ਸਰਦ ਰੁੱਤ ਸੀ ਪਰ ਕਰੀਬ ਚੌਵੀ-ਪੱਚੀ ਘੰਟੇ ਬਾਅਦ ਅਜਨਬੀ ਧਰਤੀ ਤੇ ਕਦਮ ਧਰਨ ਤੇ ਗਰਮੀਆਂ ਦੇ ਮੌਸਮ ਦਾ ਅਹਿਸਾਸ ਹੋਇਆ । ਕੁਝ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਐਡੀਲੇਡ ਆ ਗਿਆ । ਇਸ ਸਮੇਂ ਦੌਰਾਨ ਸੁਨੀਲ ਨੇਮ ਨਾਲ਼ ਪਾਠਕਾਂ ਦੀਆਂ ਰਚਨਾਵਾਂ “ਸ਼ਬਦ ਸਾਂਝ” ਲਈ ਭੇਜਦਾ ਰਿਹਾ । ਮੇਰੇ ਘਰ ਇੰਟਰਨੈੱਟ ਨਾ ਹੋਣ ਕਰਕੇ ਲਾਇਬਰੇਰੀ ਜਾ ਕੇ “ਸ਼ਬਦ ਸਾਂਝ” ਦੁਆਰਾ ਪਾਠਕਾਂ ਨਾਲ਼ ਲੇਖਕਾਂ ਦੀ ਸਾਂਝ ਪੁਆਉਂਦਾ ਰਿਹਾ । ਇੱਕ-ਦੋ ਹੋਰ ਮਹੀਨੇ ਬੀਤੇ ਤੇ ਸਰਦੀਆਂ ਸ਼ੁਰੂ ਹੋ ਗਈਆਂ । ਸਰਦੀਆਂ ਦਾ ਮੌਸਮ ਹੋਣ ਕਰਕੇ ਦਿਨ ਜਲਦੀ ਛਿਪ ਜਾਂਦਾ । ਲਾਇਬਰੇਰੀ ਦੇ ਬਾਹਰ ਕਾਰ ‘ਚ ਬੈਠਕੇ “ਵਾਈ-ਫਾਈ” ਦੁਆਰਾ ਇੰਟਰਨੈੱਟ ਨਾਲ਼ ਜੁੜਦਾ ਤੇ “ਸ਼ਬਦ ਸਾਂਝ” ਦਾ ਕੰਮ ਕਰਦਾ । ਕਾਰ ‘ਚ ਹੀਟਰ ਨਾ ਹੋਣ ਕਰਕੇ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ, ਕਿਉਂ ਜੋ ਰਾਤ ਨੂੰ ਤਾਪਮਾਨ -4 ਤੋਂ ਲੈ ਕੇ -9 ਤੱਕ ਪੁੱਜ ਜਾਂਦਾ । ਖ਼ੈਰ ! ਸੁਨੀਲ ਦੀ ਭਰਪੂਰ ਮਿਹਨਤ, ਲੇਖਕਾਂ/ਕਵੀਆਂ ਦੀਆਂ ਰਚਨਾਵਾਂ ਤੇ ਪਾਠਕਾਂ ਦੀਆਂ ਸ਼ੁਭਇੱਛਾਵਾਂ ਸਦਕਾ “ਸ਼ਬਦ ਸਾਂਝ” ਸੁੱਖੀਂ ਸਾਂਦੀਂ ਆਪਣੇ ਦੂਜੇ ਵਰ੍ਹੇ ‘ਚ ਕਦਮ ਧਰ ਰਿਹਾ ਹੈ । ਮੈਂ ਸਭ ਲੇਖਕਾਂ, ਪਾਠਕਾਂ ਤੇ ਸ਼ੁਭਚਿੰਤਕਾਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਪੇਸ਼ ਕਰਦਾ ਹਾਂ । ਨਵੇਂ ਵਰ੍ਹੇ ‘ਚ “ਸ਼ਬਦ ਸਾਂਝ” ਦੀ ਦਿੱਖ ਹੋਰ ਮਨਮੋਹਣੀ ਕਰਨ ਦਾ ਯਤਨ ਕੀਤਾ ਹੈ । ਨਾਲ਼ ਹੀ ਸਾਹਿਤਕ ਸਰਗਰਮੀਆਂ ਤੇ ਨਵੀਆਂ ਕਿਤਾਬਾਂ ਬਾਰੇ ਜਾਣਕਾਰੀ ਦੇ ਕਾਲਮ ਵੀ ਸ਼ੁਰੂ ਕੀਤੇ ਹਨ । ਅੱਗੇ ਤੋਂ ਲੇਖਕਾਂ/ਕਵੀਆਂ ਦੀ ਫੋਟੋ ਹਰ ਰਚਨਾ ਦੇ ਨਾਲ਼ ਹੀ ਲਗਾਉਣ ਦਾ ਵੀ ਪ੍ਰੋਗਰਾਮ ਹੈ । ਸੋ, ਸਭ ਲੇਖਕ/ਕਵੀ ਆਪਣੀ ਫੋਟੋ ਵੀ ਭੇਜਣ ਦੀ ਖੇਚਲ ਕਰਨ । ਸਭ ਲੇਖਕ/ਕਵੀ ਵੀਰਾਂ ਦਾ ਸਹਿਯੋਗ ਲਈ ਹਾਰਦਿਕ ਧੰਨਵਾਦ ਤੇ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਆਪਜੀ ਦਾ ਸਹਿਯੋਗ ਤੇ ਪਿਆਰ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ ।

ਹਾਂ ਸੱਚ ! ਇੱਕ ਗੱਲ ਹੋਰ ਸੋਚ ਰਿਹਾ ਹਾਂ ਕਿ ਜਿਨ੍ਹਾਂ ਲੇਖਕਾਂ ਕੋਲ ਕੰਪਿਊਟਰ ਹਨ ਪਰ ਪੰਜਾਬੀ ਟਾਈਪ ਕਰਨੀ ਨਹੀਂ ਆਉਂਦੀ, ਉਨ੍ਹਾਂ ਲਈ ਮੈਂ ਆਪਣੀਆਂ “ਮੁਫ਼ਤ ਪੰਜਾਬੀ ਟਾਈਪ ਟ੍ਰੇਨਿੰਗ ਸੇਵਾਵਾਂ” ਪੇਸ਼ ਕਰਨੀਆਂ ਚਾਹੁੰਦਾ ਹਾਂ । ਜੋ ਵੀਰ ਇਸ ਸੁਵਿਧਾ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ, ਉਹ ਈ-ਮੇਲ ਕਰ ਸਕਦੇ ਹਨ ।

“ਸ਼ਬਦ ਸਾਂਝ” ਦੀ ਬੇਹਤਰੀ ਲਈ ਆਪਜੀ ਦੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ।

ਰਿਸ਼ੀ ਗੁਲਾਟੀ (ਸੰਪਾਦਕ)
ਐਡੀਲੇਡ (ਆਸਟ੍ਰੇਲੀਆ)
+61 433 442 722
E-Mail : rishi22722@yahoo.com

21ਵੀਂ ਸਦੀ ਦਾ ਵਾਰਿਸ ਸ਼ਾਹ – ਸਤਿੰਦਰ ਸਰਤਾਜ.......... ਲੇਖ਼ / ਰਿਸ਼ੀ ਗੁਲਾਟੀ


ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ । ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸਦੇ ਨੌਂ ਰਤਨਾਂ ਵਿੱਚ ਸ਼ਾਮਿਲ ਸੀ, ਉੱਥੇ ਔਰੰਗਜ਼ੇਬ ਦੇ ਸਾਸ਼ਨਕਾਲ ਵਿੱਚ ਸੰਗੀਤ ਦਾ ਪਤਨ ਸ਼ੁਰੂ ਹੋਇਆ । ਔਰੰਗਜੇ਼ਬ ਦਾ ਵਿਚਾਰ ਸੀ ਕਿ ਸੰਗੀਤ ਬੰਦੇ ਨੂੰ ਰੱਬ ਤੋਂ ਦੂਰ ਕਰਦਾ ਹੈ । ਉਸਨੇ ਆਪਣੇ ਰਾਜ ‘ਚੋਂ ਸੰਗੀਤ ਤੇ ਸੰਗੀਤਕਾਰਾਂ ਨੂੰ ਖਤਮ ਕਰਨ ਲਈ ਫਰਮਾਨ ਜਾਰੀ ਕੀਤਾ । ਇਸ ਫਰਮਾਨ ਦੇ ਤਹਿਤ ਗੀਤ ਸੰਗੀਤ ਵਾਲੇ ਬੰਦੇ ਨੂੰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਹੋ ਸਕਦੀ ਸੀ । ਵਿਆਹਾਂ ਸ਼ਾਦੀਆਂ ਆਦਿ ਵਿੱਚ ਵੀ ਨੱਚਣ ਟੱਪਣ ਤੇ ਰੋਕ ਲਗਾ ਦਿੱਤੀ ਗਈ । ਸੰਗੀਤ ਦੇ ਚਹੇਤੇ ਸ਼ਹਿਰ ਛੱਡ ਕੇ ਵੀਰਾਨਿਆਂ ‘ਚ ਜਾ ਲੁਕੇ ਤੇ ਉੱਥੇ ਲੁਕ ਛਿਪ ਕੇ ਰਿਆਜ਼ ਕਰਦੇ । ਅਕਬਰ ਤੋਂ ਬਾਅਦ ਔਰੰਗਜ਼ੇਬ ਵੀ ਇਸ ਦੁਨੀਆਂ ਤੋਂ ਚਲਾ ਗਿਆ ਪਰ ਸੰਗੀਤ ਤੇ ਪਾਬੰਦੀ ਜਾਰੀ ਰਹੀ । ਮੁੜ ਇੱਕ ਅਜਿਹਾ ਸਮਾਂ ਆਇਆ ਜਦ ਕਿ ਸੰਗੀਤ ਨੂੰ ਜਿੰ਼ਦਾ ਰੱਖਣ ਲਈ ਅੱਲ੍ਹਾ ਤਾਲਾ ਨੇ ਇੱਕ ਸ਼ਖਸ ਦੀ ਜਿੰਮੇਵਾਰੀ ਲਗਾਈ, ਜੋ ਕਿ ਵਾਰਿਸ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਉਸਨੇ ਸੂਫ਼ੀ ਸੰਗੀਤ ਦੀ ਅਜਿਹੀ ਲੀਹ ਤੋਰੀ, ਜਿਸਤੇ ਚੱਲਦਿਆਂ ਮੌਜੂਦਾ ਸਮੇਂ ਦੇ ਕਈ ਗਾਇਕ ਬੜਾ ਨਾਮਣਾ ਖੱਟ ਚੁੱਕੇ ਹਨ । ਮੌਜੂਦਾ ਸਮੇਂ ਵਿੱਚ ਕਿਸੇ ਸ਼ਹਿਨਸ਼ਾਹ ਵੱਲੋਂ ਨਾ ਤਾਂ ਸੰਗੀਤ ਤੇ ਪਾਬੰਦੀ ਲਗਾਈ ਗਈ ਹੈ ਤੇ ਨਾ ਹੀ ਸੰਗੀਤ ਜਾਂ ਗਾਇਕਾਂ ਦੇ ਖਿਲਾਫ਼ ਕਿਸੇ ਕਿਸਮ ਦਾ ਫਰਮਾਨ ਜਾਰੀ ਹੋਇਆ ਹੈ ਪਰ ਪੰਜਾਬੀ ਸੰਗੀਤ ਲਗਾਤਾਰ ਆਪਣੇ ਪਤਨ ਵੱਲ ਵਧ ਰਿਹਾ ਹੈ । ਇਸ ਦਾ ਪ੍ਰਮੁੱਖ ਕਾਰਣ ਗੀਤਾਂ ਤੇ ਗਾਇਕੀ ਦੇ ਮਿਆਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਹੈ । ਅਜਿਹੇ ਗੀਤ ਵੱਡੀ ਗਿਣਤੀ ਵਿੱਚ ਗਾਏ ਜਾ ਰਹੇ ਹਨ, ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਨਣਯੋਗ ਨਹੀਂ ਹਨ । ਗਾਇਕੀ ਦੇ ਆਸਮਾਨ ਵਿੱਚ ਲਗਾਤਾਰ ਛਾ ਰਹੀ ਇਸ ਕਾਲੀ ਬੋਲੀ ਰਾਤ ਵਿੱਚ ਅਚਾਨਕ ਹੀ ਇੱਕ ਸਿਤਾਰੇ ਨੇ ਆਪਣੀ ਚਮਕ ਦਾ ਅਹਿਸਾਸ ਕਰਵਾਇਆ ਹੈ, ਜਿਸਦਾ ਨਾਮ ਹੈ ਸਤਿੰਦਰ ਸਰਤਾਜ । ਸਤਿੰਦਰ ਸਰਤਾਜ, ਜਿਸਦੇ ਸਰੋਤੇ ਉਸਨੂੰ “ਅੱਜ ਦਾ ਵਾਰਿਸ ਸ਼ਾਹ” ਦੀ ਉਪਾਧੀ ਉਸ ਸਮੇਂ ਹੀ ਦੇ ਚੁੱਕੇ ਹਨ, ਜਦ ਕਿ ਉਸਦੀ ਇੱਕ ਵੀ ਕੈਸਿਟ ਮਾਰਕਿਟ ਵਿੱਚ ਨਹੀਂ ਆਈ । “ਢੋਲ-ਢਮੱਕਿਆਂ” ਦੇ ਵਧਦੇ ਜਾ ਰਹੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਉਸਨੇ ਮਧੁਰ ਸੰਗੀਤ ਤੇ ਆਨੰਦਦਾਇਕ ਸ਼ਾਇਰੀ ਦਾ ਅਹਿਸਾਸ ਕਰਵਾਇਆ ਹੈ । ਸਤਿੰਦਰ, ਜਿਸਦੇ ਇੱਕ-ਇੱਕ ਸਿ਼ਅਰ ਤੇ ਲੱਖਾਂ ਦੁਆਵਾਂ ਦੇਣ ਨੂੰ ਜੀਅ ਕਰਦਾ ਹੈ, ਜਦ ਗਾਇਨ ਕਰਦਾ ਹੈ ਤਾਂ ਜਾਪਦਾ ਹੈ ਜਿਵੇਂ ਵਰ੍ਹਿਆਂ ਤੋਂ ਤਪ ਰਹੇ ਰੇਗਿਸਤਾਨ ਵਿੱਚ ਨਿੱਕੀਆਂ-ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੋਵੇ, ਮਾਰੂਥਲ ਦੀ ਤਪਦੀ ਹਿੱਕ ਦਾ ਸੇਕ ਮੱਠਾ ਪੈ ਰਿਹਾ ਹੋਵੇ । ਇੱਕ ਅਜੀਬ ਜਿਹੇ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ ।
ਸਤਿੰਦਰ ਦਾ ਜਨਮ ਪੰਜਾਬ ਦੇ ਪਿੰਡ ਬਜਰੌਰ (ਹੁਸਿ਼ਆਰਪੁਰ) ਵਿਖੇ 31 ਅਗਸਤ ਨੂੰ ਹੋਇਆ । ਜਦ ਪਿਤਾ ਸ੍ਰ. ਬਲਵਿੰਦਰ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਸੁੱਖਾਂ ਲੱਧੇ ਇਸ ਪੁੱਤਰ ਦਾ ਨਾਮ ਸਤਿੰਦਰ ਸਿੰਘ ਰੱਖਿਆ ਸੀ ਤਾਂ ਕੌਣ ਜਾਣਦਾ ਸੀ ਕਿ ਜਵਾਨੀ ਦੀ ਦੇਹਰੀ ਤੇ ਪੈਰ ਧਰਦਿਆਂ ਹੀ ਸਤਿੰਦਰ, ਸਤਿੰਦਰ ਸਰਤਾਜ ਬਣਕੇ ਮਾਪਿਆਂ ਨੂੰ ਏਨਾਂ ਮਾਣ, ਏਨੀ ਇੱਜ਼ਤ ਤੇ ਏਨੀਆਂ ਖੁਸ਼ੀਆਂ ਦੇਵੇਗਾ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ । ਸਤਿੰਦਰ ਨੇ ਬਚਪਨ ਵਿੱਚ ਹੀ ਬਾਲ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ । ਸਮਾਂ ਵਿਹਾ ਕੇ, ਅੰਞਾਣੀ ਉਮਰ ‘ਚ ਲੱਗੇ ਗਾਉਣ ਦੇ ਸ਼ੌਂਕ ਤੋਂ, ਸੂਫ਼ੀ ਗਾਇਨ ਦੀ ਅਜਿਹੀ ਚੇਟਕ ਲੱਗੀ ਕਿ ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਐਮ. ਫਿਲ. ਤੇ ਪੀ.ਐਚ.ਡੀ. ਕੀਤੀ । ਇਸ ਤੋਂ ਪਹਿਲਾਂ ਸੰਗੀਤ ਵਿੱਚ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਕਲਾਸੀਕਲ ਮਿਊਜ਼ਕ ਦਾ ਪੰਜ ਸਾਲਾ ਡਿਪਲੋਮਾ ਕੀਤਾ ਤੇ ਸੰਗੀਤ ਵਿੱਚ ਹੀ ਮਾਸਟਰ ਡਿਗਰੀ ਹਾਸਲ ਕੀਤੀ । ਹੁਣ ਉਹ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਹੀ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ । ਡਾਕਟਰ ਸਤਿੰਦਰ ਸਰਤਾਜ ਨੂੰ ਗਾਉਣ ਤੋਂ ਇਲਾਵਾ ਸ਼ਾਇਰੀ ਦਾ ਵੀ ਸ਼ੌਂਕ ਹੈ । ਉਹ ਸੂਫ਼ੀਆਨਾ ਦੇ ਆਸ਼ਕਾਂ ਦੀ ਰੂਹ ਨੂੰ ਆਪਣੇ ਹੀ ਲਿਖੇ ਸੱਜਰੇ ਗੀਤਾਂ ਤੇ ਨਜ਼ਮਾਂ ਦੇ ਗਾਇਨ ਰਾਹੀਂ ਸ਼ਰਸ਼ਾਰ ਕਰਦਾ ਹੈ । ਸਰਤਾਜ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਗਾਇਕ ਖੁਦ ਸ਼ਾਇਰੀ ਵੀ ਕਰਦਾ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਰੂਪ ਵਿੱਚ ਪੇਸ਼ ਕਰ ਸਕਦਾ ਹੈ । ਸ਼ਾਇਰੀ ਵਿੱਚ ਹੋਰ ਜਿ਼ਆਦਾ ਪਰਪੱਕਤਾ ਲਿਆਉਣ ਤੇ ਸੂਫ਼ੀ ਸ਼ਾਇਰੀ ਦੀਆਂ ਡੂੰਘਾਈਆਂ ਸਮਝਣ ਲਈ ਉਸਨੇ ਫਾਰਸੀ ਜ਼ੁਬਾਨ ਦਾ ਸਰਟੀਫਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ । ਗੌਰਤਲਬ ਹੈ ਕਿ ਸਰਤਾਜ ਪਹਿਲਾ ਉਹ ਗਾਇਕ ਹੈ, ਜੋ ਕਿ ਵਿੱਦਿਅਕ ਤੌਰ ਤੇ ਏਨਾ ਅਮੀਰ ਹੈ, ਤੇ ਉਸਨੇ ਸਮੁੱਚੀ ਵਿੱਦਿਆ ਵੀ ਸੰਗੀਤ ਦੀ ਹਾਸਿਲ ਕੀਤੀ । ਜ਼ਾਹਿਰ ਜਿਹੀ ਗੱਲ ਹੈ ਕਿ ਜਿਸ ਗਾਇਕ ਜਾਂ ਸ਼ਾਇਰ ਨੇ ਏਨੀ ਉੱਚਕੋਟੀ ਦੀ ਵਿੱਦਿਆ ਹਾਸਲ ਕੀਤੀ ਹੋਵੇ, ਉਹ ਸਾਡੀ ਸਰੋਤਿਆਂ ਦੀ ਸੰਗੀਤ ਦੀ ਭੁੱਖ, ਉਮੀਦ ਨਾਲੋਂ ਵੱਧ ਤੇ ਸਾਡੀ ਸੋਚ ਨਾਲੋਂ ਵੱਧ ਸੁਚੱਜੇ ਢੰਗ ਨਾਲ਼ ਸ਼ਾਂਤ ਕਰੇਗਾ । ਜੇਕਰ ਸਰਤਾਜ ਚਾਹੁੰਦਾ ਤਾਂ ਏਨੀ ਉੱਚੀ ਵਿੱਦਿਆ ਹਾਸਿਲ ਕਰਕੇ ਪੌਪ ਸਿੰਗਰ ਜਾਂ ਫਿਲਮੀ ਗਾਇਕੀ ਦੇ ਰਸਤੇ ‘ਤੇ ਚੱਲ ਸਕਦਾ ਸੀ, ਜਿੱਥੇ ਸ਼ੌਹਰਤ ਦੇ ਨਾਲ਼-ਨਾਲ਼ ਦੌਲਤ ਵੀ ਬੇਹਿਸਾਬ ਹੈ, ਪ੍ਰੰਤੂ ਉਸਨੇ ਆਪਣੀ ਅੰਤਰ-ਆਤਮਾ ਦੀ ਗੱਲ ਸੁਣਦਿਆਂ ਮਹਾਨ ਸੂਫ਼ੀ ਸੰਤਾਂ ਬਾਬਾ ਫ਼ਰੀਦ ਜੀ, ਬੁੱਲੇ ਸ਼ਾਹ ਜੀ, ਸੁਲਤਾਨ ਬਾਹੂ ਜੀ ਤੇ ਬਾਬਾ ਸ਼ਾਹ ਹੁਸੈਨ ਜੀ ਦੇ ਦਿਖਾਏ ਮਾਰਗ ‘ਤੇ ਚੱਲਣ ਦਾ ਫੈਸਲਾ ਕੀਤਾ ਤੇ ਸੂਫ਼ੀਆਨਾ ਨੂੰ ਛੋਂਹਦੀ ਹੋਈ ਸ਼ਾਇਰੀ ਤੇ ਸੰਗੀਤ ਨੂੰ ਚੁਣਿਆ ।
ਸਰਤਾਜ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਦਿਖਾ ਚੁੱਕਿਆ ਹੈ, ਤੇ ਸੰਗੀਤ ਦੀ ਦੁਨੀਆਂ ਵਿੱਚ ਗੰਭੀਰਤਾ ਨਾਲ਼ ਸੋਚਣ ਵਾਲਾ ਨਾਮ ਬਣ ਚੁੱਕਿਆ ਹੈ । ਪਿੱਛੇ ਜਿਹੇ ਕੈਨੇਡਾ ‘ਚ ਹੋਏ ਉਸਦੇ ਅਠਾਰਾਂ ਦੇ ਅਠਾਰਾਂ ਸ਼ੋਅ “ਹਾੳਸ ਫੁੱਲ” ਗਏ ਹਨ । ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ ‘ਚ ਕਿਸੇ ਕਲਾਕਾਰ ਦੇ ਇਕੱਠੇ ਪੰਜ ਸ਼ੋਅ ਹੋਏ ਹੋਣ ਤੇ ਉਹ ਵੀ ਸਾਰੀਆਂ ਦੀਆਂ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੋਣ । ਉਸਦੇ ਸ਼ੋਅ ਦੀਆਂ ਟਿਕਟਾਂ ਸਿਰਫ਼ 1 ਘੰਟਾ 35 ਮਿੰਟ ਦੇ ਰਿਕਾਰਡ ਟਾਈਮ ‘ਚ ਵਿਕ ਗਈਆਂ । ਜਦੋਂ ਕੈਨੇਡਾ ਵਾਸੀਆਂ ਦੀ ਰੂਹ ਦੀ ਭੁੱਖ ਅਠਾਰਾਂ ਸੋ਼ਆਂ ਨਾਲ ਵੀ ਸ਼ਾਂਤ ਨਾ ਹੋਈ ਤਾਂ ਉਨ੍ਹਾਂ ਨੇ ਡਿਨਰ ਪਾਰਟੀਆਂ ਆਯੋਜਿਤ ਕੀਤੀਆਂ, ਜਿਨ੍ਹਾਂ ‘ਚ ਸਰਤਾਜ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ । ਇਨ੍ਹਾਂ ਡਿਨਰ ਪਾਰਟੀਆਂ ‘ਚ ਵੀ ਐਂਟਰੀ ਟਿਕਟ ਰਾਹੀਂ ਸੀ । ਹੁਣ “ਵਿਰਾਸਤ ਇਨਕੌਰਪ੍ਰੇਸ਼ਨ” ਵੱਲੋਂ ਸਰਤਾਜ ਦੇ ਆਸਟ੍ਰੇਲੀਆ ਵਿਖੇ ਚਾਰ ਤੇ ਨਿਊਜ਼ੀਲੈਂਡ ਵਿਖੇ ਇੱਕ ਸ਼ੋਅ ਆਯੋਜਿਤ ਕੀਤੇ ਜਾ ਰਹੇ ਹਨ ।

ਸਰਤਾਜ ਸਾਦਗੀ ਪਸੰਦ ਸਖਸ਼ੀਅਤ ਦਾ ਨਾਮ ਹੈ । ਇਹ ਅਟਲ ਸਚਾਈ ਹੈ ਕਿ ਔਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਸ਼ਾਇਰੀ ਕਰਨੀ ਸੌਖੀ ਹੈ ਤੇ ਸੌਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਆਮ ਸਰੋੇਤੇ ਤੱਕ ਪਹੁੰਚ ਕਰਨੀ ਔਖਾ ਕੰਮ ਹੈ । ਕਈ ਸ਼ਾਇਰ ਆਪਣੀ ਸ਼ਾਇਰੀ ਵਿੱਚ ਉਰਦੂ ਆਦਿ ਦੇ ਔਖੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ਼ ਉਹ ਆਮ ਬੰਦੇ ਦੀ ਪਹੁੰਚ ਜਾਂ ਸਮਝ ਤੋਂ ਬਾਹਰ ਹੋ ਜਾਂਦੇ ਹਨ ਪਰ ਸਰਤਾਜ ਦੀ ਕੋਸਿ਼ਸ਼ ਹੈ ਕਿ ਮਹਿਫਿ਼ਲ ਵਿੱਚ ਬੈਠਿਆਂ ਹਰ ਕੋਈ ਉਸ ਨਾਲ਼ ਗਾ ਸਕੇ । ਉਸਦੀ ਸ਼ਾਇਰੀ ਬੜੀ ਆਸਾਨੀ ਨਾਲ਼ ਆਮ ਬੰਦੇ ਦੀ ਸਮਝ ਵਿੱਚ ਆ ਜਾਂਦੀ ਹੈ । ਸਰਤਾਜ ਸੋਚਦਾ ਹੈ ਕਿ ਗਾਇਕੀ ਵਿੱਚ ਸਾਦਗੀ ਸਰੋਤਿਆਂ ਨੂੰ ਆਕਰਸਿ਼ਤ ਕਰਦੀ ਹੈ । ਉਸ ਅਨੁਸਾਰ ਸ਼ਾਇਰੀ ਸਿੱਖੀ ਨਹੀਂ ਜਾ ਸਕਦੀ । ਇਹ ਤਾਂ ਹੀ ਆਪਣੇ ਅੰਦਰ ਪੈਦਾ ਹੁੰਦੀ ਹੈ, ਜੇਕਰ ਕੁਦਰਤ ਨੇ ਜਜ਼ਬਾਤ ਸਮਝਣ ਦੀ ਭਾਵਨਾ ਬਖ਼ਸ਼ੀ ਹੋਵੇ । ਕੁਝ ਅਜਿਹੀ ਹੀ ਫਿ਼ਦਰਤ ਸਰੋਤਿਆਂ ਦੀ ਵੀ ਹੋਣੀ ਜ਼ਰੂਰੀ ਹੈ, ਉਨ੍ਹਾਂ ਵਿੱਚ ਵੀ ਸੁਨਣ ਦਾ ਜਜ਼ਬਾ ਹੋਣਾ ਚਾਹੀਦਾ ਹੈ ।

ਭਾਵੇਂ ਲੱਖ ਲਫ਼ਜਾਂ ਨੂੰ ਪੀੜਾਂ ‘ਚ ਪਰੋ ਲਵੇ
ਲੱਖ ਸੁਰਾਂ ਵੀ ਵੈਰਾਗ ਦੀਆਂ ਛੋਹ ਲਵੇ
ਭਾਵੇਂ ਗਾਵੇ ‘ਸਰਤਾਜ’ ਪੂਰਾ ਭਿੱਜ ਕੇ
ਭਾਵੇਂ ਗੀਤ ਨਾਲ਼ ਇੱਕ ਮਿਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ
ਗਵੱਈਆ ਮਾਣ ਮੱਤਾ ਕੀ ਕਰੂ ?
ਦੇਸ਼ ਵਿਦੇਸ਼ ਦੇ ਲੱਖਾਂ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸਰਤਾਜ ਖੁਦ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਸਾਹਿਬ ਤੋਂ ਪ੍ਰਭਾਵਿਤ ਹੈ । ਖੁਦ ਸ਼ਾਇਰੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਖ਼ਾਨ ਸਾਹਿਬ ਦੇ ਗੀਤ ਗਾ ਕੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ । ਲੋਕਾਂ ਦੁਆਰਾ ਸਰਤਾਜ ਨੂੰ ਮਿਲਣ ਦੀ ਚਾਹਤ, ਫੋਟੋਗਰਾਫ਼ੀ ਤੇ ਆਟੋਗ੍ਰਾਫ਼ ਆਦਿ ਦੇ ਪਲਾਂ ਨੂੰ ਉਹ ਪ੍ਰਮਾਤਮਾ ਦੀ ਬਖਸਿ਼ਸ਼ ਮੰਨਦਾ ਹੈ । ਲੋਕਾਂ ਦੁਆਰਾ ਦਿੱਤੇ ਜਾ ਰਹੇ ਪਿਆਰ ਤੇ ਸਤਿਕਾਰ ਕਾਰਣ, ਉਹ ਸਰੋਤਿਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਹੋਰ ਜਿ਼ਆਦਾ ਸਿ਼ੱਦਤ ਨਾਲ਼ ਮਹਿਸੂਸ ਕਰਦਾ ਹੈ ਤੇ ਉਹਨਾਂ ਦੀਆਂ ਆਸਾਂ ਤੇ ਉਮੀਦਾਂ ‘ਤੇ ਖਰਾ ਉਤਰਣ ਦੇ ਵਾਅਦੇ ਆਪਣੇ ਆਪ ਨਾਲ਼ ਕਰਦਾ ਹੈ । ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਦਿਨ-ਬ-ਦਿਨ ਆ ਰਹੇ ਨਿਘਾਰ ਦਾ ਕਾਰਣ “ਸੋਚ” ਹੈ । ਉਸ ਦੇ ਵਿਚਾਰ ਅਨੁਸਾਰ ਜੇਕਰ ਲੋਕ ਸੁਣਦੇ ਹਨ ਤਾਂ ਹੀ ਗਾਇਕ ਗਾ ਰਹੇ ਹਨ । ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ । ਸਭ ਨੂੰ ਆਪਣੀ ਸੋਚ ਬਦਲਣੀ ਪਵੇਗੀ । ਇੱਕ ਗੱਲ ਹੋਰ ਹੈ ਕਿ ਜੇਕਰ ਸਰੋਤੇ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਨਗੇ ਤਾਂ ਹੋ ਸਕਦਾ ਹੈ ਕਿ ਹੋਰ ਗਾਇਕ ਵੀ ਅਜਿਹੀ ਸਾਫ਼-ਸੁਥਰੀ ਗਾਇਕੀ ਦੇ ਰਾਹ ‘ਤੇ ਤੁਰ ਪੈਣ ਤੇ ਪੰਜਾਬੀ ਗਾਇਕੀ ਦੇ ਮਿਆਰ ਦਾ ਲਗਾਤਾਰ ਗਿਰਦਾ ਜਾ ਰਿਹਾ ਗ੍ਰਾਫ਼ ਸੰਭਲ ਜਾਵੇ । ਸਰਤਾਜ ਅਨੁਸਾਰ ਖ਼ਾਸ ਤੌਰ ਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ਼ ਜੋੜਨ ਦੇ ਉਪਰਾਲੇ ਕਰਨ ਦੀ ਲੋੜ ਹੈ । ਜਿਸਦੇ ਤਹਿਤ ਬੱਚਿਆਂ ਨੂੰ ਉਹਨਾਂ ਦੀ ਪਸੰਦ ਅਨੁਸਾਰ ਪੰਜਾਬੀ ਵਿੱਚ ਕਿਤਾਬਾਂ ਮੁਹੱਈਆ ਕਰਵਾਉਣਾ ਪਹਿਲਾ ਤੇ ਮਹੱਤਵਪੂਰਣ ਕੰਮ ਹੈ ।
ਜਿੱਥੇ ਕਿ ਸ਼ਾਇਰ ਜਾਂ ਲੇਖਕ ਆਪਣੇ ਨਾਮ ਨਾਲ “ਨਿਮਾਣਾ” ਜਾਂ “ਵਿਚਾਰਾ” ਆਦਿ ਤਖੱਲਸ ਲਗਾਉਂਦੇ ਹਨ, ਡਾਕਟਰ ਸਤਿੰਦਰ ਸਿੰਘ ਨੇ ਆਪਣੇ ਨਾਮ ਨਾਲ਼ “ਸਰਤਾਜ” ਲਿਖ ਕੇ ਆਪਣੇ ਆਪ ਨੂੰ ਚਣੌਤੀ ਪੇਸ਼ ਕੀਤੀ ਤੇ ਥੋੜੇ ਸਮੇਂ ਦੌਰਾਨ ਲੋਕਾਂ ਦੇ ਦਿਲਾਂ ‘ਚ ਵੱਸ ਕੇ ਵਾਕਈ ਹੀ ਸਭ ਦੇ “ਸਿਰ ਦਾ ਤਾਜ” ਬਣ ਬੈਠਾ । ਜਿਸ ਅੱਲ੍ਹੜ ਉਮਰੇ ਵਿਦਿਆਰਥੀ ਆਪਣੀ ਜਿੰਦਗੀ ਦੇ ਹਸੀਨ ਪਲਾਂ ਦਾ ਆਨੰਦ ਉਠਾਉਂਦੇ ਹਨ, ਸਤਿੰਦਰ ਨੇ ਉਹ ਪਲ ਲਾਇਬਰੇਰੀ ‘ਚ ਪੁਸਤਕਾਂ ਦੀ ਸੰਗਤ ਵਿਚ ਗੁਜ਼ਾਰੇ । ਪੜ੍ਹਿਆ... ਪੜ੍ਹਿਆ... ਤੇ ਸਿਰਫ਼ ਪੜ੍ਹਿਆ... । ਸਤਿੰਦਰ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸਨੇ ਵਕਤ ਜ਼ਾਇਆ ਨਾ ਕਰਕੇ, ਉਸਦੀ ਕਦਰ ਤੇ ਭਰਪੂਰ ਇਸਤੇਮਾਲ ਕੀਤਾ ਤੇ ਅੱਜ ਵਕਤ ਉਸਦੀ ਕਦਰ ਕਰ ਰਿਹਾ ਹੈ । ਅੱਜ ਸੰਜੀਦਾ ਉਮਰ ਦੇ ਸਰੋਤਿਆਂ ਦੇ ਨਾਲ਼-ਨਾਲ਼ ਨੌਜਵਾਨ ਪੀੜ੍ਹੀ ਵੀ ਸਰਤਾਜ ਨੂੰ ਪਸੰਦ ਕਰ ਰਹੀ ਹੈ, ਕਿਉਂ ਜੋ ਉਹ ਆਪਣੀ ਸ਼ਾਇਰੀ ਤੇ ਧੁਨਾਂ ਵਿੱਚ ਅਜਿਹੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਰ ਉਮਰ ਵਰਗ ਨੂੰ ਆਪਣੇ ਨਾਲ ਜੋੜ ਸਕੇ ।

ਸਰਤਾਜ ਨੂੰ 2003 ਵਿੱਚ ਦੁਬਈ ਵਿਖੇ ਹੋਏ 32 ਦੇਸ਼ਾਂ ਦੇ ਸੱਭਿਆਚਾਰਕ ਮੇਲੇ ਵਿੱਚ “ਬੈਸਟ ਸੂਫ਼ੀ ਸਿੰਗਰ” ਦਾ ਐਵਾਰਡ ਮਿਲ ਚੁੱਕਾ ਹੈ । ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਮੇਲੇ “ਮੋਹਨ ਸਿੰਘ ਯਾਦਗਾਰੀ ਮੇਲਾ” ਵਿੱਚ ਨਜ਼ਾਕਤ ਅਲੀ ਸਲਾਮਤ ਅਲੀ (ਕਲਾਸੀਕਲ ਸਿੰਗਰ) ਐਵਾਰਡ, ਰੋਟਰੈਕਟ ਕਲੱਬ ਵੱਲੋਂ ਯੂਥ ਆਇਕਨ ਐਵਾਰਡ ‘ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਉਸਦਾ ਸਨਮਾਨ ਹੋਇਆ ਹੈ । ਉਸਨੇ ਜ਼ੀ ਟੈਲੀਵੀਜ਼ਨ ਦੇ ਮਸ਼ਹੂਰ ਪ੍ਰੋਗਰਾਮ “ਜ਼ੀ ਅੰਤਾਕਸ਼ਰੀ” ਵਿੱਚ ਅਨੂੰ ਕਪੂਰ ਦੇ ਨਾਲ਼ ਮਹਿਮਾਨ ਕਲਾਕਾਰ ਦੇ ਤੌਰ ਤੇ ਸਿ਼ਰਕਤ ਕੀਤੀ । ਸਰਤਾਜ ਨੇ ਭਾਰਤ ਸਰਕਾਰ ਦੇ ਭਾਰਤੀ ਸੱਭਿਆਚਾਰ ਨਾਲ਼ ਸੰਬੰਧਿਤ ਅਦਾਰੇ ਤੋਂ ਸਕਾਲਰਸਿ਼ਪ ਹਾਸਲ ਕੀਤੀ ਤੇ 24ਵੇਂ ਸਰਬ-ਭਾਰਤੀ ਸੰਗੀਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਵੱਖ-ਵੱਖ ਅਦਾਰਿਆਂ, ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲਿਆਂ ਵਿੱਚ ਉਹ ਜੱਜ ਦੀ ਭੂਮਿਕਾ ਅਦਾ ਕਰ ਚੁੱਕਾ ਹੈ । ਸਤਿੰਦਰ ਸਰਤਾਜ ਨੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਉਸਨੇ ਵਾਰਿਸ ਸ਼ਾਹ ਤੇ ਬਣੀ ਡਾਕੂਮੈਂਟਰੀ ਫਿਲਮ ਵਿੱਚ ਵੀ ਗਾਇਨ ਕੀਤਾ ।

ਮਧੁਰ ਆਵਾਜ਼ ਦਾ ਮਾਲਕ ਸਤਿੰਦਰ ਜਦ ਮਹਿਫਿ਼ਲ ਦਾ ਆਗਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟੇਜ ਤੇ ਸਜਾਏ ਗਏ ਸਾਜ਼ਾਂ ਨੂੰ ਸਿਰ ਨਿਵਾ ਕੇ ਨਮਸਕਾਰ ਕਰਦਾ ਹੈ । ਮੁੜ ਚੌਂਕੜਾ ਮਾਰ ਸਮਾਧੀ ‘ਚ ਬੈਠੇ ਕਿਸੇ ਗਿਆਨੀ ਧਿਆਨੀ ਸਾਧੂ ਵਾਂਗ ਆਪਣਾ ਸੰਗੀਤ ਰੂਪੀ ਧੂਣਾ ਧੁਖਾਉਂਦਾ ਹੈ । ਵਾਰਿਸ ਸ਼ਾਹ ਵਰਗੀ ਪੁਸ਼ਾਕ ਪਹਿਨੀ ਬੈਠਾ ਸਰਤਾਜ ਅਜਿਹੇ ਸਮੇਂ ਜਦ ਸਿ਼ਅਰ ਬੋਲਦਾ ਹੈ ਤਾਂ ਸਾਖਸ਼ਾਤ “ਵਾਰਿਸ ਸ਼ਾਹ” ਦਾ ਵਾਰਿਸ ਹੀ ਜਾਪਦਾ ਹੈ । ਧੀਰ ਗੰਭੀਰ ਸਰਤਾਜ ਦੇ ਚਿਹਰੇ ਤੇ ਕਦੀ ਗੰਭੀਰਤਾ ਆਪਣਾ ਪ੍ਰਛਾਵਾਂ ਦਿਖਾਉਂਦੀ ਹੈ ਤੇ ਕਦੇ ਚੰਚਲ ਮੁਸਕਾਨ ਆਪਣਾ ਡੇਰਾ ਪਾ ਲੈਂਦੀ ਹੈ । ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪ੍ਰਮੇਸ਼ਵਰ ਦੇ ਚਰਨ-ਕਮਲਾਂ ਵਿੱਚ ਆਪਣੀ ਪ੍ਰਾਰਥਨਾ ਕਰਦਾ ਹੈ, ਆਪਣੇ ਕਲਾਮ “ਸਾਈਂ” ਨਾਲ...

ਸਾਈਂ ਵੇ... ਸਾਡੀ ਫਰਿਆਦ ਤੇਰੇ ਤਾਈਂ
ਸਾਈਂ ਵੇ... ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ... ਮੇਰਿਆਂ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ... ਹਾਜ਼ਰਾ ਹਜ਼ੂਰ ਵੇ ਤੂੰ ਆਈਂ

ਕਲਾਮ ਜਦ ਆਪਣੇ ਸਿਖ਼ਰ ਤੇ ਪਹੁੰਚਦਾ ਹੈ ਤਾਂ ਮਹਿਫਿ਼ਲ ‘ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ । ਆਪਣੇ ਪਹਿਲੇ ਹੀ ਕਲਾਮ ਨਾਲ਼ ਸਭ ਨੂੰ ਕੀਲ ਲੈਂਦਾ ਹੈ ਸਰਤਾਜ । ਮੁੜ ਤਾਂ ਆਨੰਦ ਹੀ ਆਨੰਦ । ਦੋ ਹੀ ਗੱਲਾਂ ਹੁੰਦੀਆਂ ਨੇ, ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ । ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ । ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ ‘ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ । ਬੱਸ ! ਸਮਾਂ ਹੀ ਰੁਕ ਜਾਂਦਾ ਹੈ । ਕਿਸੇ ਵੀ ਫ਼ਨਕਾਰ ਦੀ ਜਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ, ਜਦ ਮਹਿਫਲਾਂ ਵਿੱਚ ਹੌਸਲਾ ਅਫ਼ਜ਼ਾਈ ਹੁੰਦੀ ਹੈ, ਤਾੜੀਆਂ ਵੱਜਦੀਆਂ ਹਨ । ਸਰਤਾਜ ਦੀ ਜਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ, ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ ।

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ ‘ਕੱਲੇ ਬੈਠ, ਉਸਨੂੰ ਬਹੁਤ ਵਾਰੀ ਸੁਣਿਆ, ਮਹਿਸੂਸ ਕੀਤਾ । ਆਪਣੇ ਦਿਲੋ-ਦਿਮਾਗ ਨੂੰ ਖੁੱਲਾ ਛੱਡ ਦਿੱਤਾ, ਸਰਤਾਜ ਦੇ ਵਹਿਣ ਵਿੱਚ ਵਹਿਣ ਲਈ । ਸਰਤਾਜ ਦੇ ਨਾਲ਼-ਨਾਲ਼ ਫੁੱਲਾਂ ਦੇ ਬਾਗਾਂ, ਜੰਗਲਾਂ, ਬੇਲਿਆਂ ‘ਚ ਖੂਬ ਘੁੰਮਿਆ, ਖੁੱਲੇ ਆਸਮਾਨ ‘ਚ ਖੂਬ ਉਡਾਰੀਆਂ ਲਾਈਆਂ, ਡੂੰਘੇ ਸਮੁੰਦਰਾਂ ‘ਚ ਖੂਬ ਤਾਰੀਆਂ ਲਾਈਆਂ । ਬੱਸ ਉਸਦੀ ਗਾਇਕੀ ਸੀ ਤੇ ਮੈਂ ਸਾਂ । ਜਦ ਉਸਦਾ “ਅੰਮੀ” ਕਲਾਮ ਸੁਣਿਆ ਤਾਂ ਫੁੱਟ-ਫੁੱਟ ਰੋਇਆ, ਮੇਰੀ ਮਾਂ ਪਲਾਂ-ਛਿਣਾਂ ‘ਚ ਹੀ ਪੰਜਾਬ ਤੋਂ ਆ ਸਾਡੇ ਕੋਲ ਆ ਬੈਠੀ, ਮੈਂ ਉਸਦੀ ਆਮਦ ਨੂੰ, ਸਾਡੇ ਕੋਲ ਬੈਠਣ ਨੂੰ ਮਹਿਸੂਸ ਕਰ ਸਕਦਾ ਸਾਂ, ਪਰ ਉਸਨੂੰ ਛੂਹ ਨਹੀਂ ਸਕਦਾ ਸਾਂ, ਮਾਂ ਦਾ ਹੱਥ ਆਪਣੇ ਸਿਰ ‘ਤੇ, ਆਪਣੇ ਚਿਹਰੇ ‘ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ । ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ, ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋਂ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ ।
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾਂ ਕੁਝ ਹੋ ਜਾਏ, ਡਰਦੀ ਅੰਮੀ

ਪੰਜਾਬ ‘ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ ‘ਚ ਉਸਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਣੇ ਚਾਹੀਦੇ ਨੇ, ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ ।

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈਂ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
‘ਤੇ ਜਦ ਸਰਤਾਜ ਗਾਉਂਦਾ ਹੈ...
ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇਂ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ

...ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ । ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ । ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ । ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ । ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ਼ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ ।
ਉਸਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ । ਦੇਸ਼ ਜਾਂ ਵਿਦੇਸ਼ ਵਿੱਚ ਉਸਦੀਆਂ ਮਹਿਫਿ਼ਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸਦੀ ਪਹੁੰਚ ਹਰ ਸ਼ਹਿਰ, ਹਰ ਪਿੰਡ, ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ । ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜ਼ੁਬਾਨ ਤੇ “ਹੀਰ” ਨੇ ਆਪਣੀ ਪਹੁੰਚ ਕੀਤੀ ਸੀ, ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ....

ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ...

ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ....

ਆਮੀਨ !

ਦੁਰਘਟਨਾਵਾਂ ਤੇ ਜਜ਼ਬਾਤ.......... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਅਚਾਨਕ ਮੈਨੂੰ ਆਸਟ੍ਰੇਲੀਆ ਦੇ ਟ੍ਰੈਫਿਕ ਦੇ ਨਿਯਮ ਬੜੇ ਪਿਆਰੇ ਜਾਪਣ ਲੱਗ ਪਏ ਨੇ । ਹੁਣ ਤੱਕ ਇਸੇ ਲਈ ਅੰਦਰੋ-ਅੰਦਰੀ ਕੁੜਦਾ ਰਿਹਾ ਕਿ 1000 ਡਾਲਰ ਭਾਵ ਕਰੀਬ ਪੈਂਤੀ-ਚਾਲੀ ਹਜ਼ਾਰ ਰੁਪਏ ਕੇਵਲ ਕਾਰ ਚਲਾਉਣ ਦੀ ਟ੍ਰੇਨਿੰਗ ਆਦਿ ਤੇ ਖ਼ਰਚ ਕਰਨ ਦੇ ਬਾਵਜੂਦ ਮੇਰਾ ਲਾਇਸੈਂਸ ਨਹੀਂ ਬਣਿਆ । ਏਨਾ ਕੁ ਸਖ਼ਤ ਕਾਨੂੰਨ ਹੈ ਕਿ ਜ਼ਰਾ ਜਿੰਨੀ ਗਲਤੀ ਹੋਣ ਤੇ ਟਿਕਟ (ਜੁਰਮਾਨਾ ਪਰਚੀ) ਘਰ ਆ ਜਾਂਦੀ ਹੈ । ਦੁਰਘਟਨਾਵਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਗਿਣਤੀ ‘ਚ ਹੀ ਨਹੀਂ ਆਉਂਦੀ । ਦਸਾਂ ਮਹੀਨਿਆਂ ‘ਚ ਇੱਕ ਵੀ ਅਜਿਹੀ ਦੁਰਘਟਨਾ ਬਾਰੇ ਨਹੀਂ ਪੜ੍ਹਿਆ/ਸੁਣਿਆ ਕਿ ਕਿਸੇ ਦੀ ਮੌਤ ਹੋਈ ਹੋਵੇ । ਅਜਿਹਾ ਨਹੀਂ ਹੈ ਕਿ ਹਰ ਜਗ੍ਹਾ ਪੁਲਿਸ ਮੁਲਾਜ਼ਮ ਜਾਂ ਟ੍ਰੈਫਿਕ ਮਹਿਕਮੇ ਦੇ ਅਫ਼ਸਰ ਮੌਜੂਦ ਰਹਿੰਦੇ ਹੋਣ, ਆਮ ਜਨਤਾ ਹੀ ਆਪਣਾ ਇਤਨਾ ਕੁ ਫ਼ਰਜ਼ ਸਮਝਦੀ ਹੈ ਕਿ ਕਿਸੇ ਨੂੰ ਕੋਈ ਸਿ਼ਕਾਇਤ ਦਾ ਮੌਕਾ ਨਹੀਂ ਮਿਲਦਾ । ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਵਤਨ ‘ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ । ਪੰਜਾਬ ‘ਚ ਰਹਿੰਦਿਆਂ ਇਹ ਵੀ ਪਤਾ ਨਹੀਂ ਸੀ ਕਿ ਫਰੀਦਕੋਟੋਂ ਲੁਧਿਆਣੇ ਜਾਂ ਬਠਿੰਡੇ ਜਾਣ ਲਈ ਕਿੰਨੀ ਸਪੀਡ ਤੇ ਜਾਣਾ ਚਾਹੀਦਾ ਹੈ । ਹੁਣ ਵੀ ਨਹੀਂ ਪਤਾ, ਕਿਉਂ ਜੋ ਕਿਸੇ ਵੀ ਸੜਕ ਤੇ ਸਪੀਡ ਦੇ ਬੋਰਡ ਹੀ ਨਹੀਂ ਲੱਗੇ ਹੋਏ । ਕੋਈ ਪਤਾ ਨਹੀਂ ਸੜਕ ਤੇ ਚੱਲਦਿਆਂ ਕਦੋਂ ਕਿਹੜੇ ਪਾਸਿਓਂ ਕੀ ਸਾਹਮਣੇ ਆ ਜਾਵੇ । ਲਾਇਸੈਂਸ ਬਨਵਾਉਣ ਲਈ ਸੰਬੰਧਿਤ ਦਫ਼ਤਰ ਵੀ ਜਾਣ ਦੀ ਲੋੜ ਨਹੀਂ ਜਾਪਦੀ । ਹਰ ਸ਼ਹਿਰ ‘ਚ ਏਜੰਟ ਮੌਜੂਦ ਨੇ, ਸੌ-ਦੋ ਸੌ ਰੁਪਏ ਫਾਲਤੂ ਦਿਓ ਚਾਹੇ “ਰਾਕਟ” ਦਾ ਲਾਇਸੈਂਸ ਬਣਵਾ ਲਓ । ਪੰਦਰਾਂ-ਸੋਲਾਂ ਸਾਲਾਂ ਦੇ ਛੋਹਰ ਸਕੂਟਰ-ਮੋਟਰ ਸਾਇਕਲ ਚਲਾਈ ਫਿਰਦੇ ਨੇ, ਪਿੰਡਾਂ ‘ਚ ਟਰੈਕਟਰ ਘੁਕਾਈ ਫਿਰਦੇ ਨੇ । “ਟਾਰਗੈਟ” ਪੂਰੇ ਕਰਨ ਲਈ ਸਕੂਟਰ-ਮੋਟਰ ਸਾਇਕਲਾਂ ਦੇ ਚਲਾਨ ਕੱਟਣ ਲਈ ਹਰ ਗਲੀ ਦੀ ਨੁੱਕੜ ਤੇ ਅੱਠ ਜਣੇ ਖੜ੍ਹ ਜਾਂਦੇ ਨੇ । ਮੋਟਰਾਂ ਵਾਲੇ ਸਰਦਾਰਾਂ ਜਾਂ ਸ਼ਾਹੂਕਾਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ । ਟਰੱਕ-ਟਰਾਲੀਆਂ ਓਵਰ ਲੋਡ, ਕੀ ਸਾਰੀ ਸੜਕ ਘੇਰੀ ਜਾਂਦੀ ਟਰਾਲੀ ਜਾਂ ਟਰੱਕ ਕਿਸੇ ਨੂੰ ਨਜ਼ਰ ਨਹੀਂ ਆਉਂਦਾ ? ਇਹ ਨਹੀਂ ਕਿ ਇਨ੍ਹਾਂ ਗੱਲਾਂ ਜਾਂ ਬੇ-ਨਿਯਮੀਆਂ ਦਾ ਕਿਸੇ ਨੂੰ ਪਤਾ ਨਹੀਂ ਹੋਵੇਗਾ, ਰੌਲਾ ਤਾਂ ਬਿੱਲੀ ਦੇ ਗਲ਼ ਟੱਲੀ ਬੰਨਣ ਦਾ ਹੈ, ਕੌਣ ਬੰਨੇ ? ਜਾਪਦਾ ਹੈ, ਹਮਾਮ ‘ਚ ਸਾਰੇ ਨੰਗੇ ਨੇ ।

ਗੱਲ ਸ਼ੁਰੂ ਕੀਤੀ ਸੀ ਟ੍ਰੈਫਿਕ ਨਿਯਮ ਪਿਆਰੇ ਲੱਗਣ ਦੀ । ਕਾਰਣ ? ਐਕਸੀਡੈਂਟਾਂ ‘ਚ ਉੱਪਰੋ ਥੱਲੀ ਦੋ ਮੌਤਾਂ । ਉਂਝ ਤਾਂ ਵਤਨ ‘ਚ ਰੋਜ਼ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਪਰ ਇਸ ਵਾਰ ਸੇਕ ਆਪਣੇ ਹੱਡਾਂ ਨੂੰ ਲੱਗਣ ਕਰਕੇ ਤੜਪ ਕੁਝ ਜਿ਼ਆਦਾ ਹੀ ਮਹਿਸੂਸ ਹੋ ਰਹੀ ਹੈ । ਮੇਰੇ ਸ਼ਾਇਰ ਦੋਸਤ ਸੁਨੀਲ ਚੰਦਿਆਣਵੀ ਦਾ ਛੋਟਾ ਵੀਰ ਡਾਕਟਰ ਅਸ਼ੋਕ ਸੜਕ ਦੁਰਘਟਨਾ ‘ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਅਲਵਿਦਾ ਕਹਿ ਗਿਆ ਜਾਂ ਕਿਸੇ ਚੰਦਰੇ ਨੇ ਅਲਵਿਦਾ ਕਹਾ ਦਿੱਤਾ ? ਕਿਸੇ ਦੀ ਗ਼ਲਤੀ ਨੇ ਸਾਡੇ ਕੋਲੋਂ ਇੱਕ ਨਰਮ ਦਿਲ, ਸੂਝਵਾਨ ਤੇ ਇਨਸਾਨੀਅਤ ਨਾਲ਼ ਭਰਪੂਰ ਜਿੰਦਾਦਿਲ ਇਨਸਾਨ ਹਮੇਸ਼ਾ-ਹਮੇਸ਼ਾ ਲਈ ਖੋਹ ਲਿਆ । ਅਸੋ਼ਕ ਵਿੱਦਿਅਕ ਤੌਰ ਤੇ ਬਹੁਤ ਅਮੀਰ ਇਨਸਾਨ ਸੀ । ਉਸਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਬਾਇਓ ਫਿਜਿ਼ਕਸ ਵਿਸ਼ੇ ਵਿੱਚ ਪੀ.ਐਚ.ਡੀ. ਕੀਤੀ । ਸਮਾਜ ਨੂੰ ਸਾਇੰਸ ਦੇ ਖੇਤਰ ਵਿੱਚ ਅਸ਼ੋਕ ਤੋਂ ਬੜੀਆਂ ਉਮੀਦਾਂ ਸਨ । ਅਜੇ ਕੁਝ ਮਹੀਨੇ ਪਹਿਲਾਂ ਹੀ ਉਸਨੇ ਸ਼ਾਉਲੀ ਨੂੰ਼ ਆਪਣਾ ਜੀਵਨ ਸਾਥੀ ਚੁਣਿਆ ਸੀ ।

ਆਹ ਅਸ਼ੋਕ ! ਸ਼ਾਉਲੀ ਦੇ ਦਿਲ ਦਾ ਦਰਦ ਬਰਦਾਸ਼ਤ ਤੋਂ ਬਾਹਰ ਹੈ ਯਾਰ ! ਮੈਂ ਤਾਂ ਸੁਨੀਲ ਨੂੰ ਉਂਝ ਹੀ ਫੋਨ ਕੀਤਾ ਸੀ, ਪਰ ਤੇਰੇ ਜਾਣ ਦੀ ਮਨਹੂਸ ਖ਼ਬਰ ਨੇ ਅਤਿਅੰਤ ਦਰਦ ਦੇ ਸਾਗਰ ਵਿੱਚ ਡੁਬੋ ਦਿੱਤਾ । ਕੁਝ ਮਹੀਨੇ ਪਹਿਲਾਂ ਹੀ ਤਾਂ ਸੁਨੀਲ ਨੇ ਕਿੰਨੇ ਚਾਵਾਂ ਤੇ ਮਲ੍ਹਾਰਾਂ ਨਾਲ਼ ਤੇਰੇ ਵਿਆਹ ਦਾ ਹਾਲ ਫੋਨ ਤੇ ਦੱਸਿਆ ਸੀ,

“ਬੜਾ ਇੰਜੁਆਏ ਕੀਤਾ ਯਾਰ ! ਅਸੋ਼ਕ ਦੇ ਵਿਆਹ ‘ਤੇ, ਅੱਧੀ-ਅੱਧੀ ਰਾਤ ਤੱਕ ਮਹਿਫਿ਼ਲ ਲੱਗਦੀ ਰਹੀ । ਫ਼ਲਾਣਾ ਕਵੀ ਸੀ, ਫ਼ਲਾਣਾ ਗੀਤਕਾਰ ਸੀ, ਫ਼ਲਾਣਾ ਗਾਇਕ ਸੀ ।”

ਪਰ ਅੱਜ, ਅੱਜ ਤਾਂ ਸੁਨੀਲ ਤੋਂ ਗੱਲ ਵੀ ਨਹੀਂ ਸੀ ਹੋ ਰਹੀ । ਮੈਂ ਵੀ ਕੀ ਕਹਿੰਦਾ ? ਹੌਸਲਾ ਰੱਖ ! ਹੌਸਲਾ ਰੱਖ ਕਹਿਣਾ ਸੌਖਾ ਹੈ । ਜਦ ਅਸੀਂ ਲੋਕ ਸਮੁੰਦਰੋਂ ਪਾਰ ਬੈਠੇ ਤੜਪ ਰਹੇ ਹਾਂ, ਤਾਂ ਸੁਨੀਲ ਦੀ ਤਾਂ ਗੋਦ ਵਿੱਚ ਤੂੰ ਖੇਡਿਆ ਹੋਵੇਂਗਾ, ਉਸਨੂੰ ਕਿਦਾਂ ਕਹਾਂ, “ਸੁਨੀਲ ਹੌਸਲਾ ਰੱਖ” । ਜਿਸ ਦੌਰ ‘ਚੋਂ ਤੇਰਾ ਪਰਿਵਾਰ ਗੁਜ਼ਰ ਰਿਹਾ ਹੈ, ਅਜਿਹੇ ਸਮੇਂ ਦੀ ਕਲਪਨਾ ਕਰਨਾ ਵੀ ਅਤਿਅੰਤ ਦੁਖਦਾਈ ਹੈ । ਚਾਹੇ ਤੈਨੂੰ ਮਿਲਣ ਦਾ ਕਦੀ ਮੌਕਾ ਨਹੀਂ ਮਿਲਿਆ ਤੇ ਤੇਰੇ ਵਿਆਹ ਤੋਂ ਪਹਿਲਾਂ ਹੀ ਵਤਨੋਂ ਆ ਗਿਆ ਸੀ, ਪਰ ਆਪਣੇ ਦੋਸਤ ਦਾ ਦਰਦ ਮੈਨੂੰ ਬਹੁਤ ਤੜਪਾ ਰਿਹਾ ਹੈ ਯਾਰ ! ਆਪਣੀ ਕਲਪਨਾ ਵਿੱਚ ਦੇਖ ਰਿਹਾ ਹਾਂ ਕਿ ਨਿੱਕੇ ਹੁੰਦਿਆਂ ਤੂੰ ਤੇ ਸੁਨੀਲ ਮੰਜੇ ਤੇ ਲੇਟੇ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹੋ । ਤੂੰ ਆਪਣੀ ਕਿਸੇ ਸ਼ਰਾਰਤ ਫੜੀ ਜਾਣ ਤੇ ਘਰ ਦਿਆਂ ਨੂੰ ਨਾ ਦੱਸਣ ਲਈ ਸੁਨੀਲ ਨੂੰ ਵਾਰ-ਵਾਰ ਕਹਿ ਰਿਹਾ ਹੈਂ, ਦੱਸਣਾ ਉਸ ਵੀ ਨਹੀਂ, ਪਰ ਸ਼ਰਾਰਤੀ ਮੁਸਕਾਨ ਨਾਲ਼ ਉਹ ਤੈਨੂੰ ਡਰਾ ਰਿਹਾ ਹੈ, ਤੂੰ ਡਰ ਰਿਹਾ ਹੈਂ ।

ਸਾਰੇ ਭਰਾ ਅਜਿਹੇ ਹੀ ਹੁੰਦੇ ਨੇ । ਜੇ ਕਿਸੇ ਨੂੰ ਫੁੱਲ ਦੀ ਵੀ ਲੱਗ ਜਾਵੇ ਤਾਂ ਬੜਾ ਦਰਦ ਹੁੰਦਾ ਹੈ । ਕੁਝ ਸਾਲ ਪਹਿਲਾਂ ਮੇਰਾ ਛੋਟਾ ਭਾਈ ਪ੍ਰੇਮ ਵੀ ਸੜਕ ਦੁਰਘਟਨਾ ‘ਚ ਆਪਣੀ ਸੱਜੀ ਅੱਖ ਦੀ ਰੋਸ਼ਨੀ ਗੁਆ ਬੈਠਾ । ਉਸਦੇ ਦਰਦ ਨੂੰ ਅਜੇ ਅੰਦਰੋ-ਅੰਦਰੀ ਹੰਢਾ ਰਿਹਾ ਸਾਂ ਕਿ ਫਰੀਦਕੋਟ ਵੱਡੇ ਭਰਾਵਾਂ ਵਰਗੇ ਦੋਸਤ ਸੁਰਿੰਦਰ ਭਾਰਤੀ ਤਿਵਾੜੀ ਦਾ ਚੜ੍ਹਦੀ ਉਮਰ ਦਾ ਪੁੱਤਰ ਤਰੁਣ ਭਾਰਤੀ ਸੜਕ ਦੁਰਘਟਨਾ ਵਿੱਚ ਚੱਲ ਵੱਸਿਆ । ਪੁੱਤਰ ਤਾਂ ਜੰਮਦੇ ਹੀ ਗੱਭਰੂ ਹੁੰਦੇ ਨੇ, ਤੇ ਤਰੁਣ ਦੇ ਪੈਰ ‘ਚ ਤਾਂ ਫਿਰ ਬਾਪ ਦੀ ਜੁੱਤੀ ਆਉਣ ਲੱਗ ਪਈ ਸੀ । ਕੀਕਣ ਭੁੱਲਾਂ, ਉਹਦੀ ਸ਼ਕਲ ਤੇ ਉਹਦੀਆਂ ਗੱਲਾਂ ? ਅਜੇ 10+2 ‘ਚ ਹੀ ਤਾਂ ਸੀ ਤੇ ਉਹ ਇੰਜੀਨੀਅਰ ਬਨਣ ਦੀ ਖੁਆਹਿਸ਼ ਰੱਖਦਾ ਸੀ । 16-17 ਸਾਲ ਦੀ ਉਮਰ ‘ਚ ਹੀ ਕੱਦ ਪੱਖੋਂ ਬਰਾਬਰ ਦਾ ਲੱਗਦਾ ਸੀ । ਅੱਜ ਤੱਕ ਉਸਦੇ ਦੁਨੀਆਂ ਤੋਂ ਜਾਣ ਦਾ ਵਿਸ਼ਵਾਸ ਨਹੀਂ ਹੋ ਰਿਹਾ, ਪਰ ਮੌਤ ਤਾਂ ਅਟੱਲ ਸਚਾਈ ਹੈ । ਅਜੇ ਕੁਝ ਵਰ੍ਹੇ ਪਹਿਲਾਂ ਹੀ ਤਾਂ ਉਸਦੇ ਮੰਮੀ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ਼ ਸਭ ਨੂੰ ਵਿਲਕਦਾ ਛੱਡ ਗਏ ਸਨ । ਮੇਰਾ ਕਲੇਜਾ ਚਾਕ-ਚਾਕ ਹੋ ਗਿਆ, ਜਦ ਭਾਰਤੀ ਜੀ ਨੇ ਫੋਨ ਤੇ ਕਿਹਾ ਸੀ...“ਰਿਸ਼ੀ ਤੇਰੀ ਕਵਿਤਾ ਦੀਆਂ ਲਾਈਨਾਂ ਬਦਲਣੀਆਂ ਪੈਣਗੀਆਂ ।” ਜਦ ਮੈਡਮ (ਭਾਬੀ ਜੀ) ਦੁਨੀਆਂ ਤੋਂ ਗਏ ਸਨ ਤਾਂ ਭਾਰਤੀ ਜੀ ਦੀ ਸੋਚ ਬਾਰੇ ਲਿਖਿਆ ਸੀ...

“ਤਨੂੰ-ਵਨੂੰ ਜ਼ਿੰਦਗੀ ਦਾ ਸਿਖਰ ਛੋਹਣਗੇ, ਮੈਂ ਵਾਅਦਾ ਕਰਦਾ ਹਾਂ,
ਤੇਰੇ ਸੁਪਨੇ ਪੂਰੇ ਹੋਣਗੇ, ਮੈਂ ਵਾਅਦਾ ਕਰਦਾ ਹਾਂ”

ਭਾਰਤੀ ਜੀ ਕਹਿ ਰਹੇ ਸਨ ਕਿ ਉਹ ਤਨੂੰ (ਤਰੁਣ) ਨੂੰ ਜਿੰਦਗੀ ਦੀਆਂ ਉਚਾਈਆਂ ਤੇ ਕਿਦਾਂ ਪਹੁੰਚਾਉਣ, ਜਦ ਕਿ ਉਹ ਏਨੀ ਉਚਾਈ ਤੇ ਜਾ ਪੁੱਜਾ ਹੈ ਕਿ ਸਾਡੀ ਆਵਾਜ਼ ਦੀ ਸੀਮਾ ਤੋਂ ਬਾਹਰ ਜਾ ਚੁੱਕਾ ਹੈ । ਮੈਡਮ ਪਹਿਲਾਂ ਹੀ ਸਾਥ ਛੱਡ ਗਏ । ਸਭ ਨੇ ਹੌਸਲਾ ਦਿੱਤਾ “ਆਪਣੇ ਪੁੱਤਰਾਂ ਤਰੁਣ ਤੇ ਵਰੁਣ ਦੇ ਭਵਿੱਖ ਵੱਲ ਧਿਆਨ ਦਿਓ ।” ਭਾਰਤੀ ਜੀ ਨੇ ਕਲੇਜੇ ‘ਤੇ ਪੱਥਰ ਧਰ ਕੇ, ਆਪਣਾ ਦਰਦ ਦਿਲ ‘ਚ ਹੀ ਦਬਾ ਕੇ, ਦੋਹਾਂ ਦੇ ਭਵਿੱਖ ਨੂੰ ਸੰਵਾਰਣ ਨੂੰ ਹੀ ਆਪਣੀ ਜਿੰਦਗੀ ਦਾ ਨਿਸ਼ਾਨਾ ਬਣਾ ਲਿਆ । ਹੁਣ ਵੱਡੇ ਪੁੱਤਰ ਵਰੁਣ ਭਾਰਤੀ ਵੱਲੋਂ ਕੁਝ ਠੰਢਕ ਮਿਲਣ ਦੀ ਆਸ ਜਾਗੀ ਸੀ ਕਿ ਉਸਦੇ ਚਾਰਟਰਡ ਆਕਊਂਟੈਂਟ ਬਣਨ ‘ਚ ਥੋੜਾ ਹੀ ਸਮਾਂ ਰਹਿ ਗਿਆ ਤਾਂ ਇਹ ਭਾਣਾ ਵਰਤ ਗਿਆ । ਭਾਰਤੀ ਜੀ ਦੇ ਵਿਹੜੇ ‘ਚ ਚੰਦਰੀ ਮੌਤ ਦੀਆਂ ਪੈੜਾਂ ਸਾਲਾਂ ਬਾਅਦ ਮਸਾਂ ਧੁੰਦਲੀਆਂ ਪੈਣੀਆਂ ਸ਼ੁਰੂ ਹੋਈਆਂ ਸਨ ਕਿ ਮੁੜ..... । ਹੁਣ ਭਾਰਤੀ ਜੀ ਤੇ ਵਰੁਣ ਦੋਵੇਂ ਪਿਉ-ਪੁੱਤ ਇੱਕ ਦੂਜੇ ਤੋਂ ਲੁਕਾ ਕੇ ਖੂਨ ਦੇ ਹੰਝੂ ਰੋਂਦੇ ਨੇ, ਇੱਕ ਦੂਜੇ ਨੂੰ ਦਿਲਾਸਾ ਦਿੰਦੇ ਨੇ ਤੇ ਪਤਾ ਵੀ ਦੋਹਾਂ ਨੂੰ ਹੈ ਕਿ ਦਿਲਾਸੇ ਫੋਕੇ ਹਨ ।

ਜੋ ਕੋਈ ਵੀ ਸੜਕ ਤੇ ਚੱਲਦਾ ਹੈ, ਸੜਕ ਨੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਸਮਝ ਕੇ ਚੱਲਦਾ ਹੈ । ਕੀ ਕਹਿਣਾ ਜੇਕਰ 10-15 ਪ੍ਰਤੀਸ਼ਤ ਲੋਕਾਂ ਨੂੰ ਸੜਕ ਦੇ ਨਿਯਮਾਂ ਦੀ ਜਾਣਕਾਰੀ ਹੋਏ, ਨਹੀਂ ਤਾਂ ਜਿਸਨੂੰ ਗੇਅਰ ਪਾਉਣਾ ਤੇ ਰੇਸ ਨੱਪਣੀ ਆ ਗਈ, ਉਹੀ ਡਰਾਈਵਰ ਬਣ ਗਿਆ । ਏਨੀਆਂ ਕੁ ਦੁਰਘਟਨਾਵਾਂ ਰੋਜ਼ ਹੁੰਦੀਆਂ ਨੇ, ਜੇਕਰ ਸਭ ਖ਼ਬਰਾਂ ਛਪਣ ਲੱਗ ਪੈਣ ਤਾਂ ਅਖ਼ਬਾਰ ‘ਚ ਹੋਰ ਕੁਝ ਛਪੇਗਾ ਹੀ ਨਹੀਂ । ਦੁਰਘਟਨਾਵਾਂ ਦਾ ਜਿੰਮੇਵਾਰ ਕੌਣ ਹੈ ? ਉਹ ਲੋਕ, ਜੋ ਨਸ਼ੇ ‘ਚ ਟੁੱਲ ਹੋ ਕੇ ਡਰਾਈਵਿੰਗ ਕਰਦੇ ਨੇ ਜਾਂ ਪ੍ਰਸ਼ਾਸਨ ਜੋ ਕਿ ਅੱਖਾਂ ਤੇ ਪੱਟੀ ਬੰਨ੍ਹੀ, ਮੂਕ ਦਰਸ਼ਕ ਬਣਿਆ ਸਭ ਦੇਖ ਰਿਹਾ ਹੈ । ਦੁਰਘਟਨਾ ‘ਚ ਜਾਣ ਵਾਲੇ ਦਾ ਅਜੇ ਭੋਗ ਵੀ ਨਹੀਂ ਪਿਆ ਹੁੰਦਾ ਤੇ “ਕਾਤਲ” ਜ਼ਮਾਨਤ ਤੇ ਬਾਹਰ ਆ ਮੁੜ ਨਵੇਂ ਕਤਲ ਕਰਨ ਦੀ ਤਿਆਰੀ ‘ਚ ਹੁੰਦਾ ਹੈ । ਜੇਕਰ ਡਰਾਈਵਿੰਗ ਲਾਇਸੈਂਸ ਜ਼ਬਤ ਹੋ ਵੀ ਚੁੱਕਾ ਹੈ ਤਾਂ ਕੀ ਹੋਇਆ ? ਕਚਿਹਰੀ ‘ਚ ਬੈਠੇ ਏਜੰਟ ਕਿਹੜੇ ਮਰਜ਼ ਦੀ ਦਾਰੂ ਨੇ ? ਕਿਹੜਾ ਕਿਸੇ ਅਫ਼ਸਰ ਨੇ ਡਰਾਈਵਿੰਗ ਦਾ ਟੈਸਟ ਲੈਣਾ ਹੈ ? ਘਰ ਬੈਠੇ ਲਾਇਸੈਂਸ ਮੁੜ ਬਣ ਜਾਵੇਗਾ । ਪ੍ਰਸ਼ਾਸਨ ਨੂੰ ਤਾਂ ਇਹ ਸੁਆਲ ਕਰਨ ‘ਚ ਤਾਂ ਕੋਈ ਅਕਲਮੰਦੀ ਨਜ਼ਰ ਨਹੀਂ ਆਉਂਦੀ ਕਿ ਕੀ ਕਦੀ ਦੁਰਘਟਨਾਵਾਂ ਦੀ ਘਟਣ ਦੀ ਉਮੀਦ ਹੈ, ਖ਼ਤਮ ਹੋਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ, ਜਦ ਤੱਕ ਚਾਂਦੀ ਦੇ ਛਿੱਤਰ ਦਾ ਰਾਜ ਹੈ, ਤੇ ਇਸ ਰਾਜ ਦੀਆਂ ਸੀਮਾਵਾਂ ਘੱਟੋ-ਘੱਟ ਮੇਰੇ ਮਹਾਨ ਵਤਨ ‘ਚ ਤਾਂ ਦੂਰ ਦੂਰ ਤੱਕ ਫੈਲੀਆਂ ਨੇ ।
***


ਜ਼ਰੂਰੀ ਚਿੱਠੀ ਪੰਜਾਬੀਆਂ ਦੇ ਨਾਂ........... ਲੇਖ਼ / ਰਿਸ਼ੀ ਗੁਲਾਟੀ

ਸਮੂਹ ਪੰਜਾਬੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ ।
ਦੋਸਤੋ ! ਬੜੀ ਜਲਦੀ ਵਿੱਚ ਆਪ ਜੀ ਇਹ ਚਿੱਠੀ ਲਿਖਣ ਕਰਕੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦਾ ਹਾਂ । ਇਸ ਮੁੱਦੇ ਤੇ ਬਹੁਤ ਜਿ਼ਆਦਾ ਸੋਚ ਵਿਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ,ਕਿਉਂ ਜੋ ਮੈਂ ਇਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਆਪ ਜੀ ਦੇ ਸਨਮੁੱਖ ਆਪਣੀ ਗੱਲ ਰੱਖ ਸਕਾਂ ਤਾਂ ਜੋ ਆਪ ਜਲਦੀ ਤੋਂ ਜਲਦੀ ਆਪਣੀ ਕੀਮਤੀ ਰਾਏ ਦੇ ਸਕੋਂ । ਗੱਲ ਇਉਂ ਹੈ ਕਿ ਆਪਾਂ ਸਭ ਆਪਣੇ ਸੁਨਹਿਰੇ ਭਵਿੱਖ ਦੀ ਆਸ ‘ਚ ਲੱਖਾਂ ਰੁਪਇਆ ਲਗਾ ਕੇ ਪੜ੍ਹਨ ਲਈ ਆਸਟ੍ਰੇਲੀਆ ਆਏ ਹੋਏ ਹਾਂ । ਇਹ ਕੋਈ ਜ਼ਰੂਰੀ ਨਹੀਂ ਕਿ ਜੋ ਆਪਾਂ ਸੋਚੀਏ ਜਾਂ ਚਾਹੀਏ, ਉਦਾਂ ਹੀ ਹੋਏ ਜਾਂ ਉਹੀ ਸਭ ਕੁਝ ਸਾਨੂੰ ਪ੍ਰਾਪਤ ਹੋਏ, ਕਿਉਂ ਜੋ ਦੁੱਖ-ਸੁੱਖ ਸਰੀਰਾਂ ਦੇ ਨਾਲ਼ ਹਨ । ਇਹ ਕਈ ਵਾਰ ਦੇਖਣ ਜਾਂ ਪੜ੍ਹਨ ‘ਚ ਆਇਆ ਹੈ ਕਿ ਕਈ ਵਿਦਿਆਰਥੀਆਂ ਦੀ ਅਨਹੋਣੀ ਮੌਤ ਹੋ ਚੁੱਕੀ ਹੈ । ਮੌਤ ਇੱਕ ਅਟੱਲ ਸਚਾਈ ਹੈ, ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ । ਜਿੰਦਗੀ ‘ਚ ਸਫ਼ਲ ਹੋਣ ਲਈ, ਜੋ ਸੰਘਰਸ਼ ਦਾ ਰਸਤਾ ਅਸੀਂ ਅਪਣਾ ਰੱਖਿਆ ਹੈ, ਉਸ ਰਸਤੇ ਤੇ ਚੱਲਦਿਆਂ ਅਸੀਂ ਇੰਨੇ ਕੁ ਵਿਅਸਤ ਜਾਂ ਪ੍ਰੇਸ਼ਾਨ ਹਾਂ ਕਿ “ਮੌਤ” ਸ਼ਬਦ ਕਿਸੇ ਦੇ ਯਾਦ ਚੇਤੇ ਵੀ ਨਹੀਂ ਹੈ, ਜਦ ਕਿ ਹਰ ਇੱਕ ਦਾ ਅੰਜ਼ਾਮ ਇਹੀ ਹੈ । ਹੁਣ ਸਮੱਸਿਆ ਇਹ ਹੈ ਕਿ ਜੋ ਕੋਈ ਬਦਕਿਸਮਤ ਇਸ ਅਣਹੋਣੀ ਦਾ ਸਿ਼ਕਾਰ ਹੋ ਜਾਂਦਾ ਹੈ, ਉਸਦੀ ਲਾਸ਼ ਪੰਜਾਬ ਭੇਜਣ ਤੇ ਬਹੁਤ ਜਿ਼ਆਦਾ ਖ਼ਰਚ ਆਉਂਦਾ ਹੈ । ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵਾਰ-ਵਾਰ ਅਪੀਲਾਂ ਕਰਨੀਆਂ ਪੈਂਦੀਆਂ ਹਨ ਤੇ ਕਈ ਵਾਰ ਜ਼ਰੂਰਤ ਮੁਤਾਬਿਕ ਫੰਡ ਇਕੱਠੇ ਹੋਣ ਤੇ ਟਾਈਮ ਲੱਗ ਸਕਦਾ ਹੈ ਤੇ ਲਾਸ਼ ਸਮੇਂ ਸਿਰ ਨਹੀਂ ਭੇਜੀ ਜਾ ਸਕਦੀ । ਇਹ ਆਪਾਂ ਸਮਝ ਸਕਦੇ ਹਾਂ ਕਿ ਕਿਸੇ ਵੀ ਮਾਪਿਆਂ ਦਾ, ਜਿਨ੍ਹਾਂ ਦਾ ਜੁਆਨ ਧੀ-ਪੁੱਤ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ, ਉਨ੍ਹਾਂ ਤੇ ਕੀ ਬੀਤਦੀ ਹੋਵੇਗੀ ? ਜਦ ਲਾਸ਼ ਫੰਡ ਦੀ ਕਮੀ ਕਰਕੇ ਮਾਪਿਆਂ ਨੂੰ ਨਾ ਭੇਜੀ ਜਾ ਸਕਦੀ ਹੋਵੇ ਤਾਂ ਉਹ ਹੋਰ ਜਿ਼ਆਦਾ ਕੰਡਿਆਂ ਦੀ ਸੇਜ ਤੇ ਹੋ ਜਾਂਦੇ ਹਨ । ਮਜ਼ਬੂਰ ਮਾਪੇ ਘਰ ਬੈਠੇ ਵਿਲਕਦੇ ਰਹਿੰਦੇ ਹਨ, ਲਾਸ਼ ਇੱਥੇ ਰੁਲਦੀ ਰਹਿੰਦੀ ਹੈ । ਅਜਿਹੇ ਮੌਕੇ ਮਾਪੇ ਚਾਹੇ ਚੰਡੀਗੜ੍ਹ ਕੋਠੀ ‘ਚ ਬੈਠੇ ਹੋਣ ਜਾਂ ਫਰੀਦਕੋਟ ਕਿਰਾਏ ਦੇ ਮਕਾਨ ‘ਚ, ਸਭ ਦੀਆਂ ਭਾਵਨਾਵਾਂ ਬਰਾਬਰ ਹੁੰਦੀਆਂ ਹਨ । ਸਭ ਦੀ ਇੱਕ ਹੀ ਇੱਛਾ ਹੁੰਦੀ ਹੈ, ਸਭ ਨੂੰ ਇਹੀ ਲੱਗਦਾ ਹੈ ਕਿ ਬੱਸ ਉਹ ਜਾਣ ਵਾਲੇ ਦਾ “ਮੂੰਹ” ਦੇਖ ਲੈਣ, ਜਿੰਦਗੀ ‘ਚ ਹੋਰ ਕੁਝ ਨਹੀਂ ਚਾਹੀਦਾ । ਬਥੇਰੇ ਅਜਿਹੇ ਲੋਕ ਵਿਦੇਸ਼ਾਂ ‘ਚ ਵੱਸਦੇ ਨੇ, ਜਿਹੜੇ ਪੰਜਾਬ ‘ਚ ਕਿਸੇ ਆਪਣੇ ਪਿਆਰੇ ਦੇ ਜਹਾਨ-ਏ-ਫ਼ਾਨੀ ਤੋਂ ਤੁਰ ਜਾਣ ਤੇ ਉਸਨੂੰ ਜਾਂਦੀ ਵਾਰ ਦਾ ਸਲਾਮ ਵੀ ਨਾ ਕਹਿ ਸਕੇ । ਬਹੁਤਿਆਂ ਦੇ ਜਨਮ ਦਾਤੇ ਜਾਂ ਮਾਂ ਜਾਏ ਤੁਰ ਗਏ । ਬਥੇਰਿਆਂ ਦੀਆਂ ਰੱਖੜੀ ਬੰਨਣ ਵਾਲੀਆਂ ਭੈਣਾਂ ਤੁਰ ਗਈਆਂ । ਕੀ ਜਾਣ ਵਾਲਿਆਂ ਦੇ ਅੰਤਿਮ ਦਰਸ਼ਨ ਨਾ ਕਰ ਸਕਣ ਵਾਲੇ, ਅਜਿਹੇ ਸਮੇਂ ਆਪਣੇ ਇੱਥੇ ਆ ਕੇ ਵਸਣ ਤੇ ਪਛਤਾਵਾ ਨਹੀਂ ਕਰਦੇ ਹੋਣਗੇ ? ਕੀ ਡਾਲਰਾਂ ਦੀ ਚਮਕ ਆਪਣੇ ਪਿਆਰਿਆਂ ਦੀ ਯਾਦ ਧੁੰਦਲਾ ਕਰ ਸਕਦੀ ਹੈ ? ਯਾਦ ਰਹੇ, ਸਮਾਂ ਕਿਸੇ ਦੇ ਵੱਸ ਨਹੀਂ ਹੈ, ਕਿਸੇ ‘ਤੇ ਵੀ ਆਪਣਾ ਬੁਰਾ ਪ੍ਰਭਾਵ ਪਾ ਸਕਦਾ ਹੈ । ਮੇਰੇ ‘ਤੇ, ਤੁਹਾਡੇ ‘ਤੇ, ਰਾਮ ਲਾਲ ‘ਤੇ, ਸੋਹਣ ਸਿੰਘ ‘ਤੇ, ਡੇਵਿਡ ‘ਤੇ, ਅਲੀ ਹਸਨ ‘ਤੇ । ਕੌਣ ਦਾਅਵਾ ਕਰ ਸਕਦਾ ਹੈ ਕਿ ੳਹਦੇ ਦੁਆਲੇ ਬੁਰਾ ਸਮਾਂ ਆਉਣ ਤੋਂ “ਲਛਮਣ ਰੇਖਾ” ਖਿੱਚੀ ਹੋਈ ਹੈ ?
ਜ਼ਰਾ ਆਪਣਾ ਧਿਆਨ ਕੇਂਦਰਿਤ ਕਰੋ, ਪੰਜਾਬ ‘ਚ ਬੈਠੇ ਉਸ ਬਦਨਸੀਬ ਪਰਿਵਾਰ ‘ਤੇ, ਜਿਸ ਦਾ ਜਵਾਨ ਪੁੱਤ ਸਾਲ ਜਾਂ ਦੋ ਸਾਲ ਪਹਿਲਾਂ ਸੁਨਿਹਰੇ ਭਵਿੱਖ ਦੀ ਆਸ ‘ਚ ਏਥੇ ਆਇਆ ਤੇ ਬੇਰਹਿਮ ਮੌਤ ਨੇ ਉਸਨੂੰ ਆਪਣੇ ਪੰਜਿਆਂ ‘ਚ ਜਕੜ ਲਿਆ । ਹੁਣ ਕੀ ਇਹ ਜ਼ਰੂਰੀ ਹੈ ਕਿ ਹਰ ਇੱਕ ਦੇ ਮਾਪਿਆਂ ਦੀ ਜੇਬ ਏਨਾਂ ਭਾਰ ਝੱਲਦੀ ਹੋਵੇ ਕਿ ਲਾਸ਼ ਮੰਗਵਾਉਣ ਤੇ ਖਰਚ ਕਰ ਸਕਦੇ ਹੋਣ । ਜੇਕਰ ਲਾਸ਼ ਨਾ ਪਹੁੰਚ ਸਕੇ ਤੇ ਉਸਦਾ ਅੰਤਿਮ ਸੰਸਕਾਰ ਇੱਥੇ ਕਰਕੇ ਉਸਦੇ “ਫੁੱਲ” ਘਰਦਿਆਂ ਨੂੰ ਭੇਜ ਦਿੱਤੇ ਜਾਣ ਤਾਂ ਕੀ ਬੀਤੇਗੀ ਉਸ ਬਦਨਸੀਬ ਮਾਂ ਤੇ, ਜੋ ਆਪਣੇ ਲਾਲ ਨੂੰ ਆਖਰੀ ਪਿਆਰ ਨਾ ਦੇ ਸਕੀ । ‘ਤੇ ਤੁਹਾਡੇ ਤੇ ਕੀ ਬੀਤੇਗੀ ਜੇਕਰ ਉਹ ਮਾਂ ਤੁਹਾਨੂੰ ਹੀ ਕਹੇ, “ਮੇਰੇ ਜਾਂਦੇ ਪੁੱਤ ਨੂੰ ਤਾਂ ਕੋਈ ਨਹੀਂ ਸੀ ਰੋਕ ਸਕਦਾ, ਪਰ ਜੇ ਤੁਸੀਂ ਦਸ-ਦਸ, ਵੀਹ-ਵੀਹ ਡਾਲਰ ‘ਕੱਠੇ ਕਰਕੇ ਉਸਦੀ ਲਾਸ਼ ਪਹੁੰਚਦੀ ਕਰ ਦਿੰਦੇ ਤਾਂ ਮੈਂ ਆਪਣੇ ਪੁੱਤ ਦਾ ਮੂੰਹ ਤਾਂ ਦੇਖ ਲੈਂਦੀ, ਉਸਨੂੰ ਜਾਂਦੀ ਵਾਰੀ ਪਿਆਰ ਤਾਂ ਕਰ ਲੈਂਦੀ ।” ਕੀ ਜੁਆਬ ਦਿਓਗੇ ????? ਸ਼ਾਇਦ ਤੁਸੀਂ ਵੀ ਪਛਤਾਓਗੇ, ਇਹ ਸੋਚ ਕੇ ਕਿ ਚਾਹੇ ਜਾਣ ਵਾਲਾ ਤੁਹਾਡਾ ਕੋਈ ਨਹੀਂ ਸੀ ਪਰ ਕਿਸੇ ਮਾਂ ਦਾ ਤਾਂ ਪੁੱਤ ਸੀ, ਕਿਸੇ ਬਾਪ ਦੇ ਬੁਢਾਪੇ ਦੀ ਡੰਗੋਰੀ ਸੀ, ਕਿਸੇ ਭੈਣ ਦਾ ਵੀਰ ਤੇ ਕਿਸੇ ਵੀਰ ਦੀ ਬਾਂਹ ਸੀ । ਤੁਸੀਂ ਉਸਦੇ ਵਿਲਕਦੇ ਪਰਿਵਾਰ ਨੂੰ ਚਾਹੇ ਦੇਖ ਨਹੀਂ ਸਕਦੇ ਸੀ ਪਰ ਉਸਦੇ ਅੰਤਿਮ ਦਰਸ਼ਨ ਕਰਵਾਉਣ ਦਾ ਇੱਕ ਸਾਧਨ ਬਣ ਸਕਦੇ ਸੀ ।
ਪਿਆਰੇ ਵੀਰੋ, ਰੱਬ ਸਭ ਦੀਆਂ ਲੰਬੀਆਂ ਉਮਰਾਂ ਕਰੇ ਪਰ ਸਚਾਈ ਤੋਂ ਕੋਈ ਨਹੀਂ ਭੱਜ ਸਕਦਾ । ਇਹ ਸਭ ਕੁਝ ਲਿਖਣ ਦਾ ਮਕਸਦ ਆਪ ਸਭ ਸਮਝ ਹੀ ਗਏ ਹੋਵੋਗੇ । ਕਈਆਂ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਵਿਚਾਰ ਜਨਤਕ ਤੌਰ ਤੇ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ ਕਿ ਕੋਈ ਅਜਿਹੀ ਸੰਸਥਾ ਜਾਂ ਫੰਡ ਬਣਾਇਆ ਜਾਵੇ, ਜਿਸ ਵਿੱਚ ਮਾਇਆ ਇਕੱਤਰ ਕਰਕੇ ਕੇਵਲ ਅਜਿਹੇ ਹੀ ਦੁਖਿਆਰੇ ਪਰਿਵਾਰਾਂ ਦੀ ਮੱਦਦ ਕੀਤੀ ਜਾਏ । ਜਿੰਨੇ ਵੀ ਵਿਦਿਆਰਥੀ ਹਨ ਘੱਟੋ ਘੱਟ ਕੇਵਲ 10 ਡਾਲਰ ਪ੍ਰਤੀ ਮਹੀਨਾ ਇਕੱਠਾ ਕਰਕੇ ਸੰਸਥਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ । ਜ਼ਰੂਰੀ ਨਹੀਂ ਸਿਰਫ਼ 10 ਡਾਲਰ ਹੀ, ਜਿ਼ਆਦਾ ਵੀ ਕਰਵਾ ਸਕਦੇ ਹਨ, ਇਹ ਤਾਂ ਆਪਣੀ ਸਕੀਮ ਸਮਝਾਉਣ ਦਾ ਇੱਕ ਤਰੀਕਾ ਮਾਤਰ ਹੈ । ਇਹ ਵੀ ਸੋਚ ਨਹੀਂ ਰੱਖਣੀ ਕਿ ਕੋਈ ਪੈਸੇ ਇਕੱਤਰ ਕਰਨ ਲਈ ਆਏਗਾ ਜਾਂ ਪਰਚੀ ਕੱਟੇਗਾ । ਇਹ ਤਾਂ ਦਿਲਾਂ ਦੇ ਸੌਦੇ ਨੇ, ਦਿਲ ਮੰਨੇ ਦੀ ਗੱਲ ਹੈ । ਅਗਰ ਦਿਲ ‘ਚ ਕਿਸੇ ਅਣਜਾਣ ਪਰਿਵਾਰ ਦੀ ਮੱਦਦ ਕਰਨ ਦੀ ਭਾਵਨਾਂ ਆਉਂਦੀ ਹੈ ਤਾਂ ਬੈਂਕ ਜਾ ਕੇ ਪੈਸੇ ਜਮ੍ਹਾ ਕਰਵਾਉਣਾ ਮਾਮੂਲੀ ਗੱਲ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਸ ਡਾਲਰ ਜਮ੍ਹਾਂ ਕਰਵਾਉਣ ਕੌਣ ਜਾਏ । ਉਸਦਾ ਵੀ ਇਲਾਜ ਹੈ । ਜੇਕਰ ਤੁਸੀਂ ਜਾਗਰੂਕ ਹੋ ਸਕਦੇ ਹੋ ਤਾਂ ਆਪਣਾ ਆਲਾ-ਦੁਆਲਾ ਵੀ ਜਾਗਰੂਕ ਕਰ ਸਕਦੇ ਹੋ । ਵਾਰੀ ਸਿਰ ਸਭ ਦੀ ਡਿਊਟੀ ਲੱਗ ਸਕਦੀ ਹੈ । ਜੇਕਰ ਤੁਸੀਂ ‘ਕੱਲੇ ਹੀ ਇਸ ਮਹਾਂਯੱਗ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਪੰਜਾਹ ਡਾਲਰ ਜਮ੍ਹਾਂ ਕਰਵਾ ਕੇ ਪੰਜ ਮਹੀਨਿਆਂ ਲਈ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ । ਜੇ ਘੱਟ-ਵੱਧ ਵੀ ਕਰਵਾਉਂਦੇ ਹੋ ਤਾਂ ਵੀ ਨਾ ਤਾਂ ਕੋਈ ਤੁਹਾਡੇ ਤੋਂ ਹਿਸਾਬ ਮੰਗੇਗਾ ਤੇ ਨਾ ਹੀ ਬਕਾਏ ਲਈ ਤਕਾਜ਼ਾ ਕਰੇਗਾ । ਹਾਂ ! ਤੁਸੀਂ ਜਰੂਰ ਸੰਸਥਾ ਤੋਂ ਹਿਸਾਬ ਮੰਗਣ ਦੇ ਹੱਕਦਾਰ ਹੋ, ਚਾਹੇ ਕੋਈ ਡਾਲਰ ਦਿੰਦੇ ਹੋ ਜਾਂ ਨਹੀਂ । ਸਾਰੀ ਦੀ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਹੋਏਗੀ । ਜ਼ਰਾ ਸੋਚ ਕੇ ਦੇਖੋ ਕਿ ਇਸ ਵੇਲੇ ਆਸਟ੍ਰੇਲੀਆ ‘ਚ ਕਰੀਬ ਇੱਕ ਲੱਖ ਭਾਰਤੀ ਵਿਦਿਆਰਥੀ ਹਨ, ਜੇਕਰ ਆਪਣੇ ਨਾਲ਼ ਕੇਵਲ 1000 ਹੀ ਜੁੜਦੇ ਹਨ ਤਾਂ ਦਸ ਡਾਲਰ ਦੇ ਹਿਸਾਬ ਨਾਲ਼ ਦਸ ਹਜ਼ਾਰ ਡਾਲਰ ਪ੍ਰਤੀ ਮਹੀਨਾ ਇਕੱਤਰ ਹੋ ਜਾਣਗੇ ਜੋ ਕਿ ਇੱਕ ਲਾਸ਼ ਭਾਰਤ ਭੇਜਣ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ । ਹੁਣ ਦੇਖੋ ਕਿ ਤੁਹਾਡੀ ਨੇਕ ਕਮਾਈ ‘ਚੋਂ ਦਿੱਤੇ ਕੇਵਲ 10 ਡਾਲਰਾਂ ਨਾਲ਼ ਕਿੰਨੇ ਪੁੰਨ ਦਾ ਕੰਮ ਹੋ ਗਿਆ । ਮਾਪਿਆਂ ਦਾ ਪੁੱਤਰ ਤਾਂ ਆਪਾਂ ਵਾਪਿਸ ਨਹੀਂ ਲਿਆ ਸਕਦੇ, ਪਰ ਜਾਂਦੀ ਵਾਰ ਦੇ ਆਖਰੀ ਮੇਲੇ ਕਰਵਾਉਣ ਦੇ ਪੁੰਨ ਦੇ ਕਾਰਜ ‘ਚ ਜਰੂਰ ਭਾਗੀਦਾਰ ਹੋ ਸਕਦੇ ਹਾਂ ।
ਸੋਚ ਇਹ ਹੈ ਕਿ ਰੱਬ ਨਾ ਕਰੇ, ਜਦ ਵੀ ਕਦੀ ਕਿਸੇ ‘ਤੇ ਅਜਿਹੀ ਦੁੱਖ ਦੀ ਘੜੀ ਆ ਜਾਵੇ ਤੇ ਉਹ ਸੰਸਥਾ ਨਾਲ ਸੰਪਰਕ ਕਰੇ ਤਾਂ ਸੰਸਥਾ ਦੇ ਮੈਂਬਰ, ਹੋਈ ਅਨਹੋਣੀ ਦੀ ਪੂਰੀ ਪੜਚੋਲ ਕਰਨਗੇ ਤੇ ਦੁਖੀ ਪਰਿਵਾਰ ਦੀ ਜੋ ਵੀ ਮੁਨਾਸਿਬ ਮੱਦਦ ਕਰਨੀ ਬਣਦੀ ਹੈ, ਉਹ ਕਰਨਗੇ । ਸੰਸਥਾ ਹੋਰ ਕੀ ਕੰਮ ਕਰ ਸਕਦੀ ਹੈ, ਇਸ ਕਿਸਮ ਦਾ ਕੋਈ ਆਇਡੀਆ ਫਿਲਹਾਲ ਮੇਰੇ ਦਿਮਾਗ ਵਿੱਚ ਨਹੀਂ ਆਇਆ ਪਰ ਇਹ ਸੰਸਥਾ ਪੂਰਣ ਰੂਪ ਵਿੱਚ ਧਾਰਮਿਕ ਤੇ ਸਿਆਸੀ ਕਾਰਗੁਜ਼ਾਰੀਆਂ ਤੋਂ ਪਰ੍ਹੇ ਹੋਵੇਗੀ । ਜੇਕਰ ਕਿਸੇ ਵਿਦਿਆਰਥੀ ਦੀ ਫ਼ੀਸ ਦਾ ਇੰਤਜ਼ਾਮ ਨਹੀਂ ਹੁੰਦਾ ਜਾਂ ਪੈਸੇ ਖ਼ਤਮ ਹੋ ਗਏ ਤਾਂ ਸੰਸਥਾ ਅਜਿਹੇ ਲੋਕਾਂ ਦੀ ਮੱਦਦ ਨਹੀਂ ਕਰ ਸਕੇਗੀ । ਅੱਜ ਦੀ ਸੋਚ ਮੁਤਾਬਿਕ ਤਾਂ ਕੇਵਲ ਵਿਦਿਆਰਥੀਆਂ, ਉਨ੍ਹਾਂ ਦੇ ਪਤੀ-ਪਤਨੀ ਜਾਂ ਬੱਚੇ ਨਾਲ਼ ਹੋਈ ਅਨਹੋਣੀ ਵਿੱਚ ਹੀ ਮੱਦਦ ਕੀਤੀ ਜਾਵੇਗੀ ।
ਇੱਥੇ ਵਸਦੇ ਪੁਰਾਣੇ ਬਸਿ਼ੰਦਿਆਂ ਦੀ ਮੱਦਦ ਤੋਂ ਬਿਨਾਂ ਵੀ ਅਸੀਂ ਕੁਝ ਕਰਨ ਜੋਕਰੇ ਨਹੀਂ ਹੋਵਾਂਗੇ । ਜੇਕਰ ਉਹ ਸਾਡੇ ਮਾਰਗ ਦਰਸ਼ਕ ਬਣਨਗੇ ਤਾਂ ਹੀ ਇਹ ਕੰਮ ਅਮਲੀ ਰੂਪ ਵਿੱਚ ਸੁਚਾਰੂ ਢੰਗ ਨਾਲ਼ ਸਿਰੇ ਚੜ੍ਹ ਸਕਦਾ ਹੈ । ਸੰਸਥਾ ਦੀ ਮਾਇਕ ਮੱਦਦ ਲਈ ਅਪੀਲ ਤਾਂ ਸਭ ਨੂੰ ਹੀ ਹੋਇਆ ਕਰੇਗੀ । ਅਗਲੀ ਬੇਨਤੀ ਮੀਡੀਆ ਲਈ ਹੈ ਕਿ ਉਨ੍ਹਾਂ ਦੀ ਮੱਦਦ ਬਿਨਾਂ ਅਸੀੰ ਆਪਣੀ ਸੋਚ, ਆਪਣੇ ਮੰਤਵ ਨੂੰ ਆਮ ਜਨਤਾ ਵਿੱਚ ਨਹੀਂ ਰੱਖ ਸਕਾਂਗੇ । ਇਸ ਲਈ ਉਨ੍ਹਾਂ ਦੇ ਵੀ ਭਰਪੂਰ ਸਹਿਯੋਗ ਦੀ ਜ਼ਰੂਰਤ ਰਹੇਗੀ ।
ਪੰਜਾਬੀ ਭਰਾਓ ! ਇਹ ਹੈ ਮੋਟੀ ਜਿਹੀ ਰੂਪ-ਰੇਖਾ, ਜਿਸਨੂੰ ਤੁਹਾਡੀ ਸਭ ਦੀ ਮੱਦਦ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਯਾਦ ਰਹੇ, ਇਹ ਸਭ ਗੱਲਾਂ ਕੋਈ ਫੈਸਲਾ ਨਹੀਂ ਹਨ, ਕੇਵਲ ਇੱਕ ਸੋਚ ਮਾਤਰ ਹੈ, ਜੋ ਤੁਹਾਡੇ ਨਾਲ਼ ਸਾਂਝੀ ਕੀਤੀ ਹੈ । ਹੁਣ ਸਭ ਅੱਗੇ ਇਹ ਬੇਨਤੀ ਹੈ ਕਿ ਆਪਣੇ ਵਿਚਾਰ ਦੱਸੋ ਕਿ ਕੀ ਪੁੰਨ ਦਾ ਅਜਿਹਾ ਕਾਰਜ ਕਰਨ ਬਾਰੇ ਸੋਚਣਾ ਚਾਹੀਦਾ ਹੈ ? ਜੋ ਗੱਲਾਂ ਤੁਹਾਡੇ ਨਾਲ਼ ਕੀਤੀਆਂ, ਕੀ ਤੁਹਾਨੂੰ ਜਚੀਆਂ ਹਨ ? ਇਹੀ ਸਭ ਤੋਂ ਪਹਿਲਾ ਸੁਆਲ ਹੈ, ਬਾਕੀ ਤਾਂ ਵਿਚਾਰਾਂ ਹੀ ਬਾਅਦ ਦੀਆਂ ਹਨ । ਜੇਕਰ ਜਚੀਆਂ ਹਨ ਤੇ ਤੁਹਾਡਾ ਹਾਂ ਪੱਖੀ ਜੁਆਬ ਹੈ ਤਾਂ ਇਹ ਮਾਰਗ ਦਰਸ਼ਨ ਕਰੋ ਕਿ ਸੰਸਥਾ ਕਿਸ ਤਰ੍ਹਾਂ ਬਣਾਈ ਜਾਏ ? ਮੈਂਬਰ ਕਿੱਥੋਂ ਤੇ ਕਿੰਝ ਚੁਣੇ ਜਾਣ ? ਫੰਡ ਕਿੱਦਾਂ ਇਕੱਤਰ ਕੀਤੇ ਜਾਣ ? ਅਨਹੋਣੀ ਹੋਣ ਤੇ ਮੱਦਦ ਕਰਨ ਦਾ ਫੈਸਲਾ ਕਿੰਝ ਲਿਆ ਜਾਏ ? ਕਿੰਨੀ ਮੱਦਦ ਕੀਤੀ ਜਾਏ ? ਅਜਿਹੀਆਂ ਬੁਨਿਆਦੀ ਸਲਾਹਾਂ ਦੀ ਜ਼ਰੂਰਤ ਹੈ । ਤੁਹਾਡੀ ਸੋਚ ਹਾਂ ਪੱਖੀ ਹੈ ਜਾਂ ਨਾਂਹ ਪੱਖੀ, ਸੂਚਿਤ ਜ਼ਰੂਰ ਕਰਨਾ । ਮੋਬਾਇਲ ਤੇ ਮੈਸੇਜ ਭੇਜ ਸਕਦੇ ਹੋ ਜਾਂ ਈ-ਮੇਲ ਤਾਂ ਸਭ ਤੋਂ ਵਧੀਆ ਤਰੀਕਾ ਹੈ, ਆਪਣੇ ਵਿਚਾਰ ਪਰਗਟ ਕਰਨ ਤੇ ਸੇਧ ਦੇਣ ਦਾ । ਇਹ ਕੋਈ ਇੱਕ ਅੱਧੇ ਦਿਨ ਦੀ ਖੇਡ ਤਾਂ ਹੈ ਨਹੀਂ । ਜੇਕਰ ਹਾਂ ਪੱਖੀ ਹੁੰਗਾਰਾ ਮਿਲਦਾ ਹੈ ਤਾਂ ਅਗਲੀਆਂ ਸਲਾਹਾਂ ਕਰਨ ਲਈ ਆਪ ਸਭ ਨਾਲ਼ ਮੀਡੀਆ ਦੇ ਜ਼ਰੀਏ ਵਾਰ ਵਾਰ ਮਿਲਣਾ ਹੋਏਗਾ ਤੇ ਟਾਈਮ ਤਾਂ ਹਰ ਕੰਮ ਤੇ ਲੱਗਦਾ ਹੀ ਹੈ ।
ਦੋਸਤੋ ! ਅੱਜ ਜੋ ਬੀਜ ਅੱਜ ਤੁਹਾਡੇ ਹਿਰਦਿਆਂ ‘ਚ ਬੀਜਣ ਦੀ ਕੋਸਿ਼ਸ਼ ਕਰ ਰਿਹਾ ਹਾਂ, ਉਸਨੂੰ ਖਾਦ-ਪਾਣੀ ਦੇਣਾ ਤੇ ਮੀਂਹ-ਹਨੇਰੀ ਤੋਂ ਬਚਾ ਕੇ ਰੱਖਣਾ ਤੁਹਾਡੇ ਵੱਸ ਹੈ । ਹੋ ਸਕਦਾ ਹੈ ਇਸ ਬੀਜ ਨੂੰ ਪੁੰਗਰ ਕੇ ਭਰਪੂਰ ਦਰੱਖਤ ਬਨਣ ਤੇ ਵਰ੍ਹੇ ਲੱਗ ਜਾਣ ਤੇ ਉਸ ਸਮੇਂ ਤੱਕ ਮੈਂ ਆਸਟ੍ਰੇਲੀਆ ‘ਚ ਨਾ ਹੋਵਾਂ ਕਿਉਂ ਜੋ ਅੱਜ ਦੇ ਹਾਲਤਾਂ ਮੁਤਾਬਿਕ ਕੇਵਲ ਡੇਢ ਸਾਲ ਹੀ ਇੱਥੇ ਹਾਂ । ਪਰ ਅਗਰ ਤੁਸੀਂ ਭਰਪੂਰ ਸਹਿਯੋਗ ਦਿਓ ਤਾਂ ਸ਼ਾਇਦ ਕਿਸੇ ਅਜਿਹੀ ਮਾਂ ਦੀਆਂ ਆਂਦਰਾਂ ਠੰਢੀਆਂ ਕਰਨ ‘ਚ ਕਾਮਯਾਬ ਹੋ ਜਾਈਏ, ਜਿਸ ਦਾ ਪੁੱਤ-ਧੀ ਇਸ ਦੁਨੀਆਂ ਤੋਂ ਤੁਰ ਗਿਆ ਹੋਵੇ । ਹੋ ਸਕਦਾ ਹੈ ਕਿ ਅਜਿਹੀ ਸੋਚ ਪਹਿਲਾਂ ਵੀ ਕਿਸੇ ਦੇ ਦਿਮਾਗ ‘ਚ ਆਈ ਹੋਵੇ ਤੇ ਕਿਸੇ ਕਾਰਨ ਨੇਪਰੇ ਨਾ ਚੜ੍ਹ ਸਕੀ ਹੋਵੇ । ਜੇਕਰ ਕੋਈ ਅਜਿਹਾ ਵੀਰ ਇਸ ਖ਼ਤ ਨੂੰ ਪੜ੍ਹਦਾ ਹੈ ਤਾਂ ਉਹ ਜ਼ਰੂਰ ਹੀ ਸੰਪਰਕ ਕਰਨ ਦੀ ਖੇਚਲ ਕਰੇ ਤਾਂ ਜੋ ਉਹ ਮੁਨਾਸਿਬ ਸੇਧ ਤੇ ਜਾਣਕਾਰੀ ਦੇ ਸਕੇ ।

ਮੋਬਾਇਲ : 0433 442 722
ਈ ਮੇਲ : rishi22722@yahoo.com

ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?.......... ਲੇਖ / ਰਿਸ਼ੀ ਗੁਲਾਟੀ

ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ ਮਾੜੇ ਜੱਟ ਦਾ ਹੈ ਤਾਂ ਘਰ ਦੀ ਕੇਹੀ ਹਾਲਤ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ । “ਪਾਣੀ ਵਾਰਨੇ” ਤੇ ਉਸ ਸੱਜ ਵਿਆਹੀ ਮੁਟਿਆਰ ਨੂੰ ਅਜੀਬ ਜਿਹੇ ਮੁਸ਼ਕ ਦਾ ਅਹਿਸਾਸ ਹੋਇਆ ਪਰ ਮਾਰੇ ਸ਼ਰਮ ਦੇ ਕਿਸੇ ਨੂੰ ਕੁਝ ਕਹਿ ਨਾ ਸਕੀ । ਮੂੰਹ ਦਿਖਾਈ ਤੇ ਹੋਰ ਰਸਮਾਂ-ਰਿਵਾਜਾਂ ਤੋਂ ਬਾਅਦ ਰਤਾ ਹਨੇਰਾ ਹੋਣ ਤੇ ਉਸ ਮੁਟਿਆਰ ਨੂੰ ਚਾਰ ਹੋਰ ਕੁੜੀਆਂ ਚੁੰਨੀ ਦਾ ਪੱਲਾ ਮੂੰਹ ‘ਚ ਦੇ ਕੇ ਦੰਦੀਆਂ ਕੱਢਦੀਆਂ “ਸੁਹਾਗ ਕਮਰੇ” ‘ਚ ਛੱਡ ਗਈਆਂ । “ਸੁਹਾਗ ਕਮਰਾ” ਡੰਗਰਾਂ ਦੇ ਵਰਾਂਡੇ ਦੇ ਨਾਲ਼ ਸੀ, ਜਿਸਦੇ ਅੱਗੇ ਪੱਲੀਆਂ ਟੰਗੀਆਂ ਹੁੰਦੀਆਂ ਨੇ, ਉਹ ਵੀ ਕੇਵਲ ਸਰਦੀਆਂ ‘ਚ । ਕੁੜੀਆਂ ਜਦ ਚਲੀਆਂ ਗਈਆਂ ਤਾਂ ਪਹਿਲਾਂ ਤਾਂ ਸੱਜ ਵਿਆਹੀ ਨੇ ਆਪਣਾ ਘੁੰਡ ਆਪ ਹੀ ਚੁੱਕ ਕੇ ਨੱਕ ਅੱਗੇ ਹਵਾ ਕੀਤੀ, ਮਤੇ ਮੁਸ਼ਕ ਨੂੰ ਕੋਈ ਫ਼ਰਕ ਪੈ ਜਾਵੇ । ਜਦ ਕੋਈ ਫ਼ਰਕ ਨਾ ਪਿਆ ਤਾਂ ਉਸ ਬੈੱਡ ਦੇ ਥੱਲੇ ਪਈ ਘਰ ਵਾਲੇ ਦੀ ਪੁਰਾਣੀ ਜੁੱਤੀ ਪੈਰਾਂ ‘ਚ ਅੜਾਈ ਤੇ ਕਮਰੇ ‘ਚ ਪਏ ਸੰਦੂਕਾਂ ਮਗਰ ਤੱਕਿਆ, ਕਿ ਕਮਰੇ ‘ਚ ਹੀ ਕੋਈ ਚੂਹਾ ਆਦਿ ਨਾ ਮਰਿਆ ਪਿਆ ਹੋਵੇ । ਏਨੇ ਨੂੰ ਲਾੜਾ ਸਾਹਿਬ ਵੀ ਅੰਦਰ ਆਏ ਤੇ ਕਮਰੇ ਦੀ ਕੁੰਡੀ ਚੜ੍ਹਾ ਕੇ ਦਿਲ ‘ਚ ਅਣਗਿਣਤ ਅਰਮਾਨ ‘ਕੱਠੇ ਕਰਕੇ ਬੈੱਡ ਵੱਲ ਨਿਗ੍ਹਾ ਮਾਰੀ, ਪਰ ਉੱਥੇ ਕੀਹਨੇ ਹੋਣਾ ਸੀ ।
“ਚੰਨੀਏ, ਨੀ ਚੰਨੀਏ.... ਕਿੱਥੇ ਐਂ ?” ਲਾੜਾ ਸਾਹਿਬ ਨੇ ਪੁੱਛਿਆ ।
ਕੋਈ ਜੁਆਬ ਨਾ ਮਿਲਣ ਤੇ ਉਹ ਹੈਰਾਨ ਪ੍ਰੇਸ਼ਾਨ ਹੋ ਕੇ ਬਾਹਰ ਨਿੱਕਲਿਆ ਤੇ “ਚੰਨੀ” ਨੂੰ ਏਧਰ ਓਧਰ ਤੱਕਿਆ ਤੇ ਨਜ਼ਰ ਨਾ ਆਉਣ ਤੇ ਘਰ ਦਿਆਂ ਨੂੰ ਦੱਸਿਆ । ਸਾਰਾ ਟੱਬਰ ਲੱਭ ਲਭਾ ਕੇ ਮੁੜ “ਸੁਹਾਗ ਕਮਰੇ” ‘ਚ ਆਇਆ ਤਾਂ ਨਜ਼ਰ ਪਈ ਕਿ “ਚੰਨੀ” ਤਾਂ ਪੇਟੀਆਂ ਮਗਰ ਝਾਤੀਆਂ ਮਾਰ ਰਹੀ ਸੀ ।
“ਚੰਨੀਏ... ਮੇਰਾ ਮਤਲਬ ਗੁਰਨਾਮੋ... ਏਥੇ ਕੀ ਕਰਨ ਡਹੀਂ ਹੈ ?” ਲਾੜਾ ਸਾਹਿਬ ਨੇ ਪੁੱਛਿਆ ।
“ਉਹ ਜੀ... ਉਹ ਜੀ... ਮੇਰਾ ਮਤਬਲ... ਉਹ ਜੀ...” ਨਵ ਵਿਆਹੀ ਛਾਪਾ ਪੈਣ ਤੇ ਇੱਕ ਦਮ ਘਬਰਾ ਗਈ ।
“ਕੋਈ ਨਾ ਪੁੱਤ, ਕਰੋ ‘ਰਾਮ ਤੁਸੀਂ । ਨੂੰਹ ਰਾਣੀ ਥੱਕੀ ਹੋਣੀ ਐ ।” ਕਿਸੇ ਸਿਆਣੀ ਜ਼ਨਾਨੀ ਨੇ ਗੱਲ ਸੰਭਾਲੀ ਤੇ ਸਭ ਨੂੰ ਬਾਹਰ ਲੈ ਤੁਰੀ । ਪਰ ਲਾੜਾ ਸਾਹਿਬ ਨੂੰ ਚੈਨ ਕਿੱਥੇ ? ਘੁੰਡ ਤਾਂ ਪਹਿਲਾਂ ਹੀ ਚੁੱਕਿਆ ਗਿਆ ਸੀ, ਮੁੜ ਉਹੀ ਗੱਲ ਲੈ ਬੈਠੇ ।
“ਉਹ ਜੀ... ਗੱਲ ਇਹ ਸੀ... ਤੁਸੀਂ ਗੁੱਸਾ ਤਾਂ ਨਹੀਂ ਕਰਦੇ ?”
“ਨਾ ਹੁਣ ਕੁਸ਼ ਦੱਸੇਂਗੀ ਵੀ ਕਿ...”
“ਗੱਲ ਇਉਂ ਸੀ ਜੀ ਕਿ ਜਦੋਂ ਦੀ ਮੈਂ ਘਰੇ ਆਈ ਆਂ, ਅਜੀਬ ਜਿਹਾ ਮੁਸ਼ਕ ਮੇਰੇ ਡਮਾਕ ਨੂੰ ਚੜੀ ਜਾਂਦੈ, ਮੈਂ ਦੇਖਦੀ ਸੀ ਕਿਤੇ ਕੋਈ ਚੂਹਾ-ਚਾਹਾ ਤਾਂ ਨਹੀਂ ਮਰਿਆ ਪਿਆ ।”
“ਮੈਨੂੰ ਤਾਂ ਕੋਈ ਮੁਸ਼ਕ ਨਹੀਂ ਆਇਆ ।” ਲਾੜਾ ਸਾਹਿਬ ਨੇ ਡੂੰਘਾ ਸਾਹ ਭਰ ਕੇ ਕਿਹਾ ।
“ਪਤਾ ਨਹੀਂ ਜੀ... ਮੈਨੂੰ ਤਾਂ ਸਾਹ ਲੈਣਾ ਔਖਾ ਹੋਇਆ ਪਿਐ ।”
“ਚੱਲ ਕੋਈ ਨਾ, ਤੜਕੇ ਦੇਖਾਂਗੇ ਫੇਰ ।”
ਨੂੰਹ ਰਾਣੀ ਨੇ ਰਾਤ ਬੜੀ ਔਖੀ ਕੱਟੀ ਤੇ ਰਾਤ ਨੂੰ “ਬਾਹਰ” ਜਾਣ ਦੇ ਪੱਜ ਦੇਖ ਆਈ ਕਿ ਮੁਸ਼ਕ ਤਾਂ ਡੰਗਰਾਂ ਵਾਲੇ ਵਰਾਂਡੇ ‘ਚੋਂ ਆ ਰਿਹਾ ਸੀ । ਅਗਲੀ ਸਵੇਰ ਬਹੁਕਰ ਤੇ ਪਾਣੀ ਦੀ ਬਾਲਟੀ ਚੁੱਕੀ ਤੇ ਡੰਗਰਾਂ ਵਾਲੇ ਵਰਾਂਡੇ ‘ਚ ਜਾ ਖੜੀ ਹੋਈ । ਵਰਾਂਡੇ ਦੇ ਫ਼ਰਸ਼ ‘ਤੇ “ਦੇ ਰਗੜੇ ਤੇ ਰਗੜਾ”, “ਦੇ ਰਗੜੇ ਤੇ ਰਗੜਾ” । ਅਵਾਜ਼ ਸੁਣ ਸਾਰਾ ਟੱਬਰ ਉੱਠ ਖੜਾ ਹੋਇਆ ।
“ਧੀਏ, ਇਹ ਕੀ ਕਰਨ ਲੱਗੀਂ ਏਂ ? ਅਜੇ ਸੁੱਖ ਨਾਲ਼ ਕੱਲ ਤਾਂ ਆਈਂ ਏ ਤੇ ਬਹੁਕਰ ਵੀ ਫੜ ਲਈ ।”
“ਬੇਬੇ ਜੀ, ਸਾਰੀ ਰਾਤ ਮੁਸ਼ਕ ਆਉਂਦਾ ਰਿਹਾ, ਫਰਸ਼ ਧੋ ਕੇ ਮੁਸ਼ਕ ਤੋਂ ਤਾਂ ਬਚ ਜਾਵਾਂਗੀ । ਮੁਸ਼ਕ ਤਾਂ ਮੈਂ ਮੁਕਾ ਹੀ ਦੇਣੀ ਐ ।” ਨੂੰਹ ਰਾਣੀ ਨੇ ਬੇਬੇ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ ।
“ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇ, ਦੁੱਧੀ-ਪੁੱਤੀਂ ਫਲੇਂ !!! ਕੋਈ ਨਾ ਪੁੱਤ, ਸਾਰੀ ਉਮਰ ਪਈ ਏ ਕੰਮ ਕਰਨ ਲਈ, ਫ਼ਰਸ਼ ਅਸੀਂ ਧੋ ਦਿਆਂਗੀਆਂ ।” ਬੇਬੇ ਨੇ ਅਸੀਸਾਂ ਦੀ ਝੜੀ ਲਗਾ ਦਿੱਤੀ ।
ਬੇਬੇ ਨੇ ਬਹੁਕਰ ਫੜ ਲਈ ਪਰ ਨੂੰਹ ਰਾਣੀ ਕਿਹੜਾ ਘੱਟ ਸੀ, ਨਿੱਤ ਤੜਕੇ ਉੱਠ ਸਭ ਤੋਂ ਪਹਿਲਾ ਕੰਮ ਇਹੀ ਫੜ ਲਿਆ । ਪਾਣੀ ਦੀ ਬਾਲਟੀ ਤੇ ਬਹੁਕਰ ਲੈ ਕੇ ਫ਼ਰਸ਼ ਰਗੜਨਾ । ਕੁਝ ਦਿਨਾਂ ‘ਚ ਉਸਦਾ ਨੱਕ ਮਰ ਗਿਆ ਤੇ ਮੁਸ਼ਕ ਆਉਣੀ ਬੰਦ ਹੋ ਗਈ ।
“ਵੇਖਿਆ ਬੇਬੇ ਜੀ, ਮੈਂ ਕਹਿੰਦੀ ਸੀ ਨਾ, ਪਈ ਮੁਸ਼ਕ ਨੂੰ ਆਉਣੋਂ ਹਟਾ ਦੇਣਾ, ਹੁਣ ਆਉਂਦੀ ਐ ਕਿਤੇ ਮੁਸ਼ਕ ?” ਉਹ ਆਪਣੀ ਪ੍ਰਾਪਤੀ ਤੇ ਬੜੀ ਖੁਸ਼ ਹੁੰਦੀ ।
“ਹਾਂ ਪੁੱਤ” ਕਹਿ ਕੇ ਬੇਬੇ ਮੁਸ਼ਕੜੀਏਂ ਹੱਸ ਪੈਂਦੀ, ਕਿਉਂ ਜੋ ਉਹ ਸਮਝ ਗਈ ਸੀ ਕਿ ਨੂੰਹ ਦਾ ਨੱਕ ਮੁਸ਼ਕ ਤੋਂ ਮਰ ਗਿਆ ਹੈ । ਪਰ ਆਸਟ੍ਰੇਲੀਆ ‘ਚ ਛੇ ਮਹੀਨੇ ਬੀਤਣ ਦੇ ਬਾਵਜੂਦ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਵੱਲੋਂ ਆਪਣੇ ਭਰਾਵਾਂ ਲਈ ਵਰਤੇ ਜਾਂਦੇ “ਦੇਸੀ” ਸ਼ਬਦ ਤੋਂ ਮੇਰਾ ਨੱਕ ਨਹੀਂ ਮਰ ਰਿਹਾ । ਇਸ ਸ਼ਬਦ ਦੇ “ਇਤਿਹਾਸ” ਬਾਰੇ ਕਈ ਇੱਥੇ ਵਸਦੇ ਕਈ ਪੁਰਾਣੇ ਪੰਜਾਬੀਆਂ ਤੋਂ ਪਤਾ ਕਰਨ ਦੀ ਕੋਸਿ਼ਸ਼ ਕੀਤੀ ਪਰ ਨਾਕਾਮ ਰਿਹਾ । ਭਾਰਤ ਵਿੱਚ ਅੰਗਰੇਜ਼ਾਂ ਦੇ ਟਾਇਮ “ਸਵਦੇਸ਼ੀ” ਸ਼ਬਦ ਦੀ ਬੜੀ ਵਰਤੋਂ ਕੀਤੀ ਜਾਂਦੀ ਸੀ, ਜਿਸਦਾ ਮਤਲਬ ਸੀ ਕਿ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ । ਉਦੋਂ ਵਿਦੇਸ਼ੀ ਵਸਤੂਆਂ ਨੂੰ ਜਲਾਇਆ ਵੀ ਜਾਂਦਾ ਸੀ ਤੇ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਸੀ । ਹੋ ਸਕਦਾ ਹੈ ਕਿ ਇਹ ਸ਼ਬਦ ਉੱਥੋਂ ਨਾ ਆਇਆ ਹੋਵੇ, ਇਸ ਦਾ ਮਤਲਬ ਇਹ ਕੱਢਿਆ ਗਿਆ ਹੋਵੇ ਕਿ ਆਪਣਾ ਭਾਈਬੰਦ, ਆਪਣੇ ਦੇਸ਼ ਦਾ ਬੰਦਾ ਜਾਂ ਆਪਣਾ “ਦੇਸ਼ੀ ਭਰਾ” ਪਰ ਦੇਸ਼ੀ ਤੇ ਦੇਸੀ ਦੇ ਫ਼ਰਕ ਨੇ ਮੁੜ ਭੰਬਲਭੂਸੇ ‘ਚ ਪਾ ਦਿੱਤਾ । ਦੂਜਾ ਪੱਖ ਹੈ, ਕਿਸੇ ਨੂੰ ਵਿਅੰਗ ਨਾਲ਼ ਜਾਂ ਗੱਲਾਂ ਹੀ ਗੱਲਾਂ ‘ਚ ਭੁੰਜੇ ਲਾਹੁਣ ਲਈ ਦੇਸੀ ਕਹਿਣਾ । ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਅਜਿਹਾ ਕੰਮ ਕਰ ਦਿੱਤਾ ਜੋ ਦੂਜੇ ਨੂੰ ਪਸੰਦ ਨਹੀਂ ਤਾਂ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ “ਚੱਲ ਸਾਲਾ ਦੇਸੀ ਜਿਹਾ ਨਾ ਹੋਵੇ ਤਾਂ ।” ਕੀ ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨਾਲ਼ ਸਾਡੀ ਇੱਜ਼ਤ ਜਾਂ ਸ਼ਾਨ ‘ਚ ਵਾਧਾ ਹੁੰਦਾ ਹੈ ? ਜੇਕਰ ਨਹੀਂ ਤਾਂ ਮੁੜ ਅਜਿਹੇ ਸ਼ਬਦ ਦੀ ਵਰਤੋਂ ਕਿਉਂ ? ਕੀ ਸਾਡੀ ਆਪਣੀ ਕੋਈ ਇੱਜ਼ਤ ਨਹੀਂ ਹੈ ? ਪੰਜਾਬ ‘ਚ ਰਹਿੰਦਿਆਂ ਜੇਕਰ ਕੋਈ ਉਂਗਲ ਵੀ ਕਰ ਦਿੰਦਾ ਸੀ ਤਾਂ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਇੱਥੇ ਆ ਕੇ ਕਿਉਂ ਆਪਣੀ ਇੱਜ਼ਤ ਦਾ ਫਲੂਦਾ ਕਰਨ ਤੇ ਤੁਲੇ ਹੋਏ ਹਾਂ ? ਅਸੀਂ “ਦੇਸੀ” ਕਿੱਥੋਂ ਹੋ ਗਏ, ਜਦ ਕਿ ਅਸੀਂ ਆਪਣੀ ਕਾਬਲੀਅਤ ਸਿੱਧ ਕਰ, ਦੂਜੇ ਮੁਲਕ ‘ਚ ਪੜ੍ਹਨ ਲਈ ਆਏ ਹੋਏ ਹਾਂ । ਯਾਰੋ, ਦੂਸਰੇ ਮੁਲਕਾਂ ਦੀਆਂ ਪਾਰਲੀਮੈਂਟਾਂ ਸਾਡੇ ਪੰਜਾਬੀ ਭਰਾ ਬੈਠੇ ਹੋਏ ਨੇ, ਅਸੀਂ ਪੰਜਾਬੀਆਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਬੜੀਆਂ ਮੱਲਾਂ ਮਾਰੀਆਂ ਨੇ । ਬੇਗਾਨੇ ਮੁਲਕਾਂ ‘ਚ ਸਾਡੇ ਨਾਲੋਂ ਕਈ ਗੁਣਾ ਵੱਧ ਰਫ਼ਤਾਰ ਨਾਲ਼ ਚੱਲ ਰਹੇ ਜ਼ਮਾਨੇ ਦੇ ਮੋਢੇ ਨਾਲ਼ ਮੋਢਾ ਮਿਲਾ ਕੇ ਚੱਲ ਰਹੇ ਹਾਂ । ਅਸੀਂ ਪੰਜਾਬ ‘ਚ ਵੀ ਬੜੀ ਤਰੱਕੀ ਕੀਤੀ ਹੈ । ਕਿਸਾਨ ਦਾ ਪੁੱਤ ਕੇਵਲ “ਪਰਾਣੀ” ਨਾਲ਼ ਬਲ਼ਦ ਹੱਕਣ ਜੋਗਾ ਨਹੀਂ ਰਿਹਾ, ਸਗੋਂ ਬਥੇਰੇ ਨੌਜਵਾਨ ਆਧੁਨਿਕ ਖੇਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਨੇ । ਸਾਨੂੰ ਤਾਂ ਆਪਣੀਆਂ ਪ੍ਰਾਪਤੀਆਂ ਤੇ ਮਾਣ ਹੋਣਾ ਚਾਹੀਦਾ ਹੈ, ਕੇਵਲ ਇੱਕ ਸ਼ਬਦ ਵਰਤ ਕੇ ਕਿਸੇ ਹੋਰ ਦੀ ਨਹੀਂ, ਸਗੋਂ ਆਪਣੀ ਖ਼ੁਦ ਦੀ ਹੀ “ਲੱਸੀ” ਕਰ ਰਹੇ ਹਾਂ !!!
ਇਹ ਵੀ ਸੱਚ ਹੈ ਕਿ ਕਈ ਸਾਡੇ ਵੀਰ ਇੱਥੇ ਆ ਕੇ ਹਰਕਤਾਂ ਤਾਂ ਅਜਿਹੀਆਂ ਕਰਦੇ ਹਨ ਕਿ ਵਾਕਿਆ ਹੀ “ਦੇਸੀ” ਜਾਪਦੇ ਹਨ । ਮੇਰੇ ਮਿੱਤਰ ਸ੍ਰ. ਹਰਵਿੰਦਰ ਸਿੰਘ ਗਰਚਾ, ਜੋ ਕਿ ਰਿਵਰਲੈਂਡ ਰੇਡੀਓ ਤੋਂ ਹਰ ਬੁੱਧਵਾਰ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ, ਨਾਲ਼ ਇਸ ਸ਼ਬਦ ਦੀ ਵਰਤੋਂ ਬਾਰੇ ਚਰਚਾ ਹੋਈ । ਉਹਨਾਂ ਨੇ ਕੁਝ “ਦੇਸੀ” ਘਟਨਾਵਾਂ ਦਾ ਜਿ਼ਕਰ ਕੀਤਾ, ਜੋ ਆਪ ਜੀ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗਾ । ਨਿਊਜ਼ੀਲੈਂਡ ‘ਚ ਕੀਵੀ ਫਲ ਉਗਾਇਆ ਜਾਂਦਾ ਹੈ । ਇਹ ਫਲ ਬਾਰਿਸ਼ ਹੋਣ ਤੇ ਨਹੀਂ ਤੋੜਿਆ ਜਾਂਦਾ ਤੇ ਕਾਮੇ ਅਕਸਰ ਹੀ ਖੇਤ ਦੇ ਮਾਲਕ ਨੂੰ ਪੁੱਛ ਜਾਂਦੇ ਹਨ ਕਿ ਕੱਲ ਮੌਸਮ ਕਿੱਦਾਂ ਦਾ ਰਹੇਗਾ, ਕਿਉਂ ਜੋ ਇਹਨਾਂ ਦੇਸ਼ਾਂ ‘ਚ ਆਉਣ ਵਾਲੇ ਕੁਝ ਦਿਨਾਂ ਦੇ ਮੌਸਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ । ਇੱਕ ਪੰਜਾਬੀ ਵੀਰ ਨਿਊਜ਼ੀਲੈਂਡ ਨਵਾਂ-ਨਵਾਂ ਆਇਆ ਸੀ, ਨੇ ਸ਼ਾਮ ਨੂੰ ਖੇਤ ਦੇ ਮਾਲਕ ਨੂੰ ਅਗਲੇ ਦਿਨ ਦੇ ਮੌਸਮ ਬਾਰੇ ਪਤਾ ਕਰਨਾ ਸੀ । ਰੌਲਾ ਇਹ ਪੈ ਗਿਆ ਕਿ ਪੁੱਛੇ ਤਾਂ ਕਿੰਝ, ਕਿਉਂ ਜੋ ਅੰਗ੍ਰੇਜ਼ੀ ਵੱਲੋਂ ਉਸਦਾ ਹੱਥ ਕੁਝ ਤੰਗ ਸੀ । ਉਸਨੇ ਇੱਕ “ਦੇਸੀ” ਸਕੀਮ ਲੜਾਈ । ਖੇਤ ਦੇ ਗੋਰੇ ਮਾਲਕ ਨੂੰ ਪਾਣੀ ਕੋਲ ਲੈ ਗਿਆ । ਪਾਣੀ ਦਾ ਬੁੱਕ ਭਰ ਕੇ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪਾਣੀ ਵੱਲ ਇਸ਼ਾਰਾ ਕਰਕੇ ਪੁੱਛਦਾ “ਟੁਮਾਰੋ” ? ਦੋਬਾਰਾ ਫੇਰ ਪਾਣੀ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪੁੱਛਿਆ “ਟੁਮਾਰੋ” ? ਨਹੀਂ ਸਮਝੇ ਪਾਠਕ ਵੀਰੋ ? ਗੱਲ ਇੱਦਾਂ ਹੈ ਕਿ ਜਦ ਪਾਣੀ ਉੱਪਰ ਉਛਾਲਿਆ ਤਾਂ ਉਹ ਥੱਲੇ ਕਣੀਆਂ ਵਾਂਗ ਡਿੱਗਿਆ । ਗੋਰੇ ਨੂੰ ਪੁੱਛਦਾ ਕਿ ਕੀ ਕੱਲ ਮੀਂਹ ਆਵੇਗਾ ਜਾਂ ਨਹੀਂ ।
ਸ੍ਰ. ਗਰਚਾ ਨੇ ਇੱਕ ਮਜ਼ੇਦਾਰ ਘਟਨਾ ਹੋਰ ਦੱਸੀ ਕਿ ਕਿਸੇ ਖੇਤ ‘ਚ ਕਾਮਿਆਂ ਨੇ ਰੋਟੀਆਂ ਵਾਲਾ ਪੌਣਾ ਦਰਖਤ ਦੇ ਥੱਲੇ ਰੱਖ ਦਿੱਤਾ । ਹੁਣ ਰੋਟੀਆਂ ਗਿਣ ਕੇ ਨਹੀਂ ਚਿਣ ਕੇ ਪਕਾਈਆਂ ਹੋਈਆਂ ਸਨ, ਕਿ ਡੇਢ ਗਿੱਠ ਜਾਂ ਦੋ ਗਿੱਠ ਰੋਟੀਆਂ ਹੋ ਗਈਆਂ, ਚੱਲੋ ਬੜੀਆਂ ਨੇ । ਗੋਰੇ ਮਾਲਕ ਦਾ ਕੁੱਤਾ ਆਇਆ ਤੇ ਉਸਨੇ ਜਦ ਰੋਟੀਆਂ ਦਾ “ਟਾਵਰ” ਦੇਖਿਆ ਤਾਂ ਉਸਨੂੰ ਵੀ ਕੋਈ ਭੁਲੇਖਾ ਪੈ ਗਿਆ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੁੱਤਾ “ਹੌਲਾ” ਹੋਣ ਤੋਂ ਪਹਿਲਾਂ ਉਸ ਥਾਂ ਨੂੰ ਸੁੰਘਦਾ ਹੈ । ਕੁੱਤੇ ਨੇ ਰੋਟੀਆਂ ਵਾਲਾ ਪੌਣਾ ਸੁੰਘਿਆ ਹੀ ਸੀ ਕਿ ਕਿਸੇ ਕਾਮੇ ਦੀ ਨਿਗ੍ਹਾ ਪੈ ਗਈ । ਉਸ “ਹੁਰਰਰਰ... ਹੁਰਰਰਰਰ...” ਕਹਿਕੇ ਤੇ ਡਲਾ ਚਲਾ ਕੇ ਕੁੱਤਾ ਤਾਂ ਭਜਾ ਦਿੱਤਾ ਪਰ ਉਸਨੂੰ ਗੁੱਸਾ ਆ ਗਿਆ । ਲੋਹਾ ਲਾਖ਼ਾ ਹੋਇਆ ਗੋਰੇ ਕੋਲ ਜਾ ਪੁੱਜਾ ਤੇ ਕੁੱਤੇ ਦੀ ਸਿ਼ਕਾਇਤ ਲਾਉਣ ਲੱਗਾ
“ਯੂ ਡੌਗ, ਈਟ ਮਾਈ ਲੰਚ ।”
ਗੋਰਾ ਚੱਕਰਾਂ ‘ਚ ਪੈ ਗਿਆ, ਇਹ ਬਾਈ ਕਹੀ ਕੀ ਜਾਂਦਾ ਹੈ ? ਉਸ ਪਾਰਡਨ ਕਿਹਾ ।
ਕਾਮਾ ਵੀਰ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ “ਯੂ ਡੌਗ, ਈਟ ਮਾਈ ਲੰਚ ।”
ਗੋਰੇ ਨੂੰ ਗੁੱਸਾ ਤਾਂ ਬੜਾ ਆਇਆ ਕਿ ਮੈਨੂੰ ਹੀ ਡੌਗ ਕਹੀ ਜਾਂਦਾ ਹੈ, ਪਰ ਜਲਦੀ ਠੰਢਾ ਵੀ ਹੋ ਗਿਆ ਕਿਉਂ ਜੋ ਉਹ ਸਮਝ ਗਿਆ ਸੀ ਕਿ ਸਾਹਮਣੇ ਗੱਲ ਕਰਨ ਵਾਲਾ “ਪਿਉਰ ਦੇਸੀ” ਹੈ । ਜਦ ਗੋਰੇ ਨੇ ਕਿਹਾ ਕਿ ਬਾਈ ਯਾਰ, ਬਾਕੀ ਤਾਂ ਸਾਰੀ ਗੱਲ ਤੇਰੀ ਸਹੀ ਹੈ ਪਰ “ਯੂ ਡੌਗ” ਕਿਉਂ ਕਹੀ ਜਾਂਦਾ ਹੈਂ, “ਯੂਅਰ ਡੌਗ” ਤਾਂ ਕਹਿ ਲੈ, ਤਾਂ ਕਾਮੇ ਨੂੰ ਏਧਰ ਓਧਰ ਝਾਕਣ ਤੋਂ ਇਲਾਵਾ ਕੁਝ ਨਾ ਸੁੱਝਿਆ ।
ਅੱਜ ਕੱਲ ਅਜਿਹੇ ਨੌਜਵਾਨ ਆਪਣੀਆਂ ਘਰ ਵਾਲੀਆਂ ਨੂੰ ਪੜ੍ਹਾਈ ਕਰਵਾਉਣ ਦੇ ਬਹਾਨੇ ਆਸਟ੍ਰੇਲੀਆ ਆ ਰਹੇ ਨੇ, ਜਿਹੜੇ ਕਦੀ “ਬਠਿੰਡੇ” ਦੀ ਹੱਦ ਨਹੀਂ ਟੱਪੇ ਹੁੰਦੇ । ਦੂਸਰੇ ਮੁਲਕ ‘ਚ ਆ ਕੇ ਅੰਤਰ-ਰਾਸ਼ਟਰੀ ਪੱਧਰ ਦੇ “ਮੈਨਰਜ਼” ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਣਗੇ । ਉਹ ਤਾਂ ਇੰਝ ਹੀ ਵਰਤਾਓ ਕਰਦੇ ਨੇ ਜਿੱਦਾਂ “ਗੋਲੇਵਾਲੇ” ਬੈਠੇ ਹੋਣ । “ਸ਼ੁੱਧ ਦੇਸੀ ਵਰਤਾਓ” । ਅਜਿਹੀਆਂ ਹਰਕਤਾਂ ਕਿ ਨਾਲ਼ ਦਿਆਂ ਨੂੰ ਵੀ ਆਪਣੀ ਹੱਤਕ ਮਹਿਸੂਸ ਹੋਵੇ । ਕਿਸੇ ਹੋਰ ਦੀ ਸ਼ਾਨ ਦੇ ਖਿਲਾਫ ਬੋਲਣਾ ਆਪਣੀ ਸ਼ਾਨ ਸਮਝਿਆ ਜਾਂਦਾ ਹੈ । ਚੱਤੋ-ਪਹਿਰ ਗਾਲ੍ਹਾਂ ਦੇ “ਤੜਕੇ” ਲਗਾਏ ਜਾਂਦੇ ਨੇ । ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ ।
“ਉੱਠ ਪੈ ਭੈਣ ਦਿਆ......, ਛੇ ਵੱਜ ਗਏ ।”
ਇੱਕ ਪੁਰਾਣੀ ਘਟਨਾ ਯਾਦ ਆ ਗਈ । ਜਦ ਮੈਂ ਕੋਟਕਪੂਰੇ ਦੇ ਮਸ਼ਹੂਰ ਸਟੂਡੀਓ ਤੇ ਫੋਟੋਗ੍ਰਾਫ਼ੀ ਸਿੱਖ ਰਿਹਾ ਸੀ ਤੇ ਅਕਸਰ ਹੀ ਵਿਆਹਾਂ ਤੇ ਫੋਟੋਗ੍ਰਾਫ਼ੀ ਕਰਨ ਜਾਇਆ ਕਰਦੇ ਸੀ । ਇੱਕ ਦਫ਼ਾ ਸਟੂਡੀਓ ਵਾਲਿਆਂ ਦੇ “ਘਰ ਜਵਾਈ” ਨਾਲ਼ ਇੱਕ ਰਾਤ ਦੇ ਵਿਆਹ ਤੇ ਗਿਆ । ਵੱਡੇ ਤੜਕੇ ਸੌਂ ਗਏ ਤੇ ਜਦ ਡੋਲੀ ਦਾ ਟਾਈਮ ਹੋਇਆ...
“ਤੜਾਕ”
ਇੱਕ ਕਰਾਰਾ ਥੱਪੜ ਮੇਰੀ ਸੱਜੀ ਗੱਲ੍ਹ ਤੇ ਪਿਆ । ਹੜਬੜਾ ਕੇ ਉੱਠਿਆ । “ਜਵਾਈ ਰਾਜਾ” ਨੇ ਸਿਗਰਟ ਦਾ ਕਸ਼ ਲਗਾ ਕੇ ਬੜੇ ਆਰਾਮ ਨਾਲ ਕਿਹਾ ।
“ਉੱਠ ਜਾ ਬਈ, ਡੋਲੀ ਦਾ ਟਾਈਮ ਹੋ ਗਿਆ ।”
ਅੱਜ ਤੱਕ ਸੁੱਤੇ ਨੂੰ ਉਠਾਉਣ ਦਾ ਇਹ ਤਰੀਕਾ ਬੜਾ ਘਟੀਆ ਲੱਗਦਾ ਸੀ ਪਰ ਇੱਥੇ ਆ ਕੇ ਉਠਾਉਣ ਦੇ ਤਰੀਕੇ ਦੇਖ ਕੇ ਵੀਹ ਸਾਲ ਪੁਰਾਣਾ ਰੋਸ ਘਟ ਗਿਆ ।
ਸਾਡੇ ਭਾਈਚਾਰੇ ਦੀ ਇੱਕ ਹੋਰ ਸਿ਼ਕਾਇਤ ਜਿਸਤੋਂ ਤਕਰੀਬਨ ਸਾਰੇ ਹੀ ਦੁੱਖੀ ਹਨ, ਮੋਬਾਇਲ ਸੰਬੰਧੀ ਹੈ । ਅਕਸਰ ਹੀ ਬੱਸਾਂ ‘ਚ “ਚਮਕੀਲੇ” ਹੋਰੀਂ ਸਾਡੇ ਸੱਭਿਆਚਾਰ ਦੀ ਮਿੱਟੀ ਪਲੀਦ ਕਰਦੇ ਨਜ਼ਰ ਆਉਂਦੇ ਹਨ । ਦੁੱਖ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਨੌਜਵਾਨ ਗੋਰੀਆਂ ਵੇਖ ਕੇ ਘੱਟ ਮੱਛਰਦੇ ਹਨ ਤੇ ਪੰਜਾਬੀ ਕੁੜੀ ਦੇਖ ਕੇ ਜਿ਼ਆਦਾ । ਉਹ ਕੁੜੀਆਂ ਵੀ ਕੀ ਕਰਨ ? ਕੋਈ ਬਾਹਰਲਾ ਤਾਂ ਪ੍ਰੇਸ਼ਾਨ ਨਹੀਂ ਕਰ ਰਿਹਾ । ਮੇਰੇ ਮਿੱਤਰ ਕੁਲਦੀਪ ਨੇ ਦੱਸਿਆ ਕਿ ਬੱਸ ‘ਚ ਇੱਕ ਵੀਰ ਮੋਬਾਇਲ ‘ਤੇ ਉੱਚੀ-ਉੱਚੀ “ਬੇਸ਼ਰਮ ਟਾਈਪ” ਦੇ ਗਾਣੇ ਚਲਾਈ ਜਾਂਦਾ ਸੀ । ਕੋਲ ਬੈਠੀ ਪੰਜਾਬੀ ਕੁੜੀ ਨੇ ਕੁਲਦੀਪ ਹੋਰਾਂ ਨੂੰ ਕਿਹਾ ਕਿ ਗਾਣੇ ਸੁਣਕੇ ਸ਼ਰਮ ਆਉਂਦੀ ਹੈ, ਬੰਦ ਕਰਵਾ ਦਿਓ । ਉਸਨੂੰ ਟੋਕਿਆ, ਪਰ ਕਿੱਥੇ ? ਜੇ ਇੱਕ ਵਾਰੀ ਕਹੀ ਗੱਲ ਸਮਝ ਆ ਗਈ ਤਾਂ ਗੱਲ ਹੀ ਕੀ ਹੋਈ ? ਅਜਿਹੇ ਲੋਕ ਬੇਫਜ਼ੂਲ ਬਹਿਸਬਾਜ਼ੀ ਤੇ ਝੂਠੇ ਹੰਕਾਰ ‘ਚ ਤਾਂ ਨੰਬਰ ਇੱਕ ਹਨ । ਕੁਝ ਦਿਨ ਹੋਏ ਅਸੋ਼ਕ ਐਸ. ਭੌਰਾ ਵੀਰ ਦੇ ਲੇਖ ਦੀਆਂ ਇਹ ਪੰਕਤੀਆਂ ਪੜ੍ਹ ਰਿਹਾ ਸਾਂ ਕਿ “ਚਮਕੀਲੇ” ਨੂੰ ਕਿਹਾ ਗਿਆ ਸੀ “ਤੇਰੇ ਗੀਤਾਂ ਦਾ ਸੈਂਸਰ ਤੇਰੀ ਭੈਣ ਹੈ, ਪਹਿਲਾਂ ਉਸਨੂੰ ਸੁਣਾ ਕੇ ਮੁੜਕੇ ਗਾਇਆ ਕਰ ।” ਪਰ ਅਜਿਹਿਆਂ ਨੂੰ ਕੌਣ ਕੀ ਕਹੇ, ਕਿਵੇਂ ਸਮਝਾਈਏ ? ਇਹ ਵੀ ਆਪਣਾ ਹੀ ਫ਼ਰਜ਼ ਹੈ ਪਾੜ੍ਹਿਓ ਕਿ ਅਜਿਹੇ ਨੌਜਵਾਨਾਂ ਨੂੰ ਸਾਡੇ ਸੱਭਿਆਚਾਰ, ਸਾਡੇ ਵਿਰਸੇ ਤੇ ਸਾਡੀਆਂ ਧੀਆਂ-ਭੈਣਾਂ ਨੂੰ ਸ਼ਰਮਿੰਦਾ ਕਰਨ ਤੋਂ ਵਰਜੀਏ । ਅੱਜ ਤੁਸੀਂ ਬੇਸ਼ੱਕ ਔਖੇ ਹੋ, ਪ੍ਰੇਸ਼ਾਨ ਹੋ ਪਰ ਤੁਹਾਡੀ ਪੀੜ੍ਹੀ ਦੇ ਡਾਕਟਰ ਤੇ ਇੰਜੀਨੀਅਰ ਕਿਤੇ ਉੱਤੋਂ ਡਿੱਗ ਪੈਣੇ ਨੇ ? ਨਹੀਂ ਛੋਟੇ ਵੀਰੋ ! ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਤੁਹਾਡੇ ‘ਚ ਹੀ ਡਾਕਟਰ ਤੇ ਇੰਜੀਨੀਅਰ ਵੱਸਦੇ ਨੇ, ਬੱਸ ਜ਼ਰੂਰਤ ਹੈ ਉਹਨਾਂ ਨੂੰ ਜਾਗ੍ਰਿਤ ਕਰਨ ਦੀ । ਤੁਹਾਡੇ ਮਾਪਿਆਂ ਦੀ ਆਸਾਂ-ਉਮੀਦਾਂ ਸਿਰਫ਼ ਤੁਹਾਡੇ ਤੇ ਹਨ । ਆਪਣੇ ਆਪ ਨੂੰ ਨਮੋਸ਼ੀ ਤੋਂ ਬਚਾਉਣ ਦੀ ਜਿੰਮੇਵਾਰੀ ਤੁਹਾਡੇ ਆਪਣੇ ਮੋਢਿਆਂ ਤੇ ਹੀ ਹੈ । ਮੇਰੇ ਸੋਹਣੇ ਪੰਜਾਬ ਦੀ ਰੂਹ ਤੁਹਾਡੇ ‘ਚ ਵੱਸਦੀ ਹੈ, ਇਸ ਨੂੰ ਨਜ਼ਰਾਂ ਝੁਕਾਉਣ ਤੋਂ ਬਚਾਓ । ਤੁਸੀਂ ਸਾਡੇ ਵਤਨ ਦਾ ਭਵਿੱਖ ਹੋ । ਆਪਣੇ ਆਪ ਨੂੰ ਸਿਰਫ਼ “ਦੇਸੀ” ਸਮਝ ਕੇ ਆਪਣੀ ਇੱਜ਼ਤ, ਆਪਣੇ ਭਵਿੱਖ ਨਾਲ਼ ਨਾ ਖੇਡੋ । “ਪਹਿਲਾਂ ਤੋਲੋ ਫਿਰ ਬੋਲੋ” ਫਾਰਮੂਲਾ ਅਜ਼ਮਾ ਕੇ ਦੇਖੋ । ਦੂਜੀ ਗੱਲ ਇਹ ਹੈ ਬਾਈ ਜੀ, ਜੇਕਰ ਗੋਰੀਆਂ ਨੂੰ ਦੇਖ ਕੇ ਮੋਬਾਇਲ ਤੇ ਗਾਣੇ ਉੱਚੀ ਆਵਾਜ਼ ‘ਚ ਚਲਾਉਣੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੂੰ “ੳ-ਊਠ, ਅ-ਅਨਾਰ, ੲ-ਇੰਜਣ” ਪੜ੍ਹਾਓ । ਕੀ ਐ, ਰੱਬ ਸੁਣ ਲਵੇ ਤੇ ਦੋ-ਚਹੁੰ ਸਾਲਾਂ ਨੂੰ ਉਹ ਸਮਝ ਲੈਣ ਕਿ “ਚੱਕ ਦੇ ਘੜੇ ਤੋਂ ਕੌਲਾ” ਦਾ ਮਤਲਬ ਕੀ ਹੁੰਦਾ ਹੈ । ਇਹ ਵੀ ਨਾ ਹੋਵੇ ਕਿ ਆਪਣੀ ਹੋਣ ਵਾਲੀ ਨਣਦ ਤੋਂ ਹੀ ਗੋਰੀ ਪੁੱਛਦੀ ਫਿਰੇ “ਬੈਨ ਜੀ... ਏਹ ਚੱਕ ਡੇ ਗੜੇ ਟੋਂ ਕੋਲਾ ਕੀ ਹੋਂਦਾ ਹੈ ?”
ਇੱਕ ਔਰਤ ਨੇ ਦੱਸਿਆ ਕਿ ਕੁਝ ਨੌਜਵਾਨ ਸੁਪਰ ਸਟੋਰ ‘ਚੋਂ ਸੁੱਕੇ ਮੇਵੇ ਚੁੱਕ ਕੇ ਖਾ ਰਹੇ ਸਨ । ਉਸਨੇ ਟੋਕਿਆ ਕਿ ਅਜਿਹੀਆਂ ਹਰਕਤਾਂ ਨਾ ਕਰੋ ਕਿਉਂ ਜੋ ਗੋਰੇ ਪੁਲਿਸ ਬੜੀ ਜਲਦੀ ਬੁਲਾ ਲੈਂਦੇ ਨੇ ਤੇ ਮੁੜ ਇੱਥੇ ਵਸਦੇ ਸਾਰੇ ਪੰਜਾਬੀ ਸਮਾਜ ਨੂੰ ਨਮੋਸ਼ੀ ਝੱਲਣੀ ਪਵੇਗੀ ।
“ਪਹਿਲਾਂ ਕਿਹੜੇ ਝੰਡੇ ਝੂਲਦੇ ਨੇ ?” ਜੁਆਬ ਮਿਲਿਆ ।
ਸੁਪਰ ਸਟੋਰਾਂ ‘ਚ ਜਗ੍ਹਾ-ਜਗ੍ਹਾ ਕੈਮਰੇ ਲੱਗੇ ਹੁੰਦੇ ਨੇ । ਅੱਜ-ਕੱਲ ਜਦ ਕਿ “ਇੰਡੀਅਨਾਂ” ਦੀ ਢਿਬਰੀ ਟਾਈਟ ਕੀਤੀ ਜਾ ਰਹੀ ਹੈ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਜੇਕਰ ਇੱਕ ਵੀ ਫੜਿਆ ਗਿਆ ਤਾਂ ਸਾਰਿਆਂ ਤੇ ਉਂਗਲ ਉੱਠੇਗੀ । ਕੁਝ ਵੀ ਹੋਵੇ ਇਹ ਤਾਂ ਮੰਨਣਾ ਹੀ ਪਵੇਗਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ 4-5% ਪਿੱਛੇ ਬਾਕੀ 94-95% ਵੀ ਰਗੜੇ ‘ਚ ਆ ਹੀ ਜਾਂਦੇ ਨੇ । ਜਿੰਨੇ ਵੀ ਪੁਰਾਣੇ ਲੋਕਾਂ ਨਾਲ਼ ਅਜਿਹੇ ਵਿਸਿ਼ਆਂ ਤੇ ਗੱਲ-ਬਾਤ ਹੋਈ, ਇੱਕ ਵੀ ਬੰਦਾ ਅਜਿਹੀਆਂ ਹਰਕਤਾਂ ਨੂੰ ਸਲ੍ਹਾਉਂਦਾ ਨਾ ਮਿਲਿਆ ।
ਪੰਜਾਬ ‘ਚ ਪ੍ਰਵਾਸੀ ਮਜ਼ਦੂਰਾਂ ਨੂੰ “ਭਈਆ” ਕਹਿ ਕੇ ਪੁਕਾਰਿਆ ਜਾਂਦਾ ਹੈ । ਹੁਣ ਤਾਂ ਉਹ ਵੀ ਕਹਿਣ ਲੱਗ ਪਏ ਨੇ “ਸ਼ਰਦਾਰ ਜੀ, ਹਮਕਾ ਬਈਆ ਕਹ ਕਰ ਮਤ ਪੁਕਾਰੋ, ਹਮਰਾ ਨਾਮ ਰਾਮੂ ਹੈ ।” ਜਾਪਦਾ ਹੈ ਉਹ ਦਿਨ ਵੀ ਦੂਰ ਨਹੀਂ ਜਦੋਂ ਗੋਰੇ ਕਹਿਣਗੇ “ਮਿਸਟਰ ਡੇਸੀ, ਕਮ ਹੀਅਰ ।” ਮੁੜਕੇ ਜੋ ਕਹਿੰਦੇ ਫਿਰਾਂਗੇ “ਗੋਰਾ ਸਾਹਿਬ, ਮੇਰਾ ਨਾਮ ਫਲਾਣਾ ਸਿੰਘ ਹੈ, ਦੇਸੀ ਨਹੀਂ” ਤੇ ਦੇਸੀ ਕਹਿਣ ਦੀ ਸ਼ੁਰੂਆਤ ਕਰਨ ਵਾਲਿਆਂ ਦੀ ਐਸੀ ਦੀ ਤੈਸੀ ਫੇਰਾਂਗੇ । ਹੁਣ ਟਾਈਮ ਰਹਿੰਦਿਆਂ ਹੀ ਕਿਉਂ ਨਾ ਸੰਭਲ ਜਾਈਏ ?
ਬਾਕੀ ਮੁੱਕਦੀ ਗੱਲ ਇਹ ਕਿ ਜੇਕਰ ਅਸੀਂ ਆਪਣੀ ਚੰਗੀ ਪਹਿਚਾਣ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਜਿੱਥੇ ਰਹਿਣਾ ਹੈ, ਉੱਥੋਂ ਦੇ ਰਹਿਣ-ਸਹਿਣ ਤੇ ਸੱਭਿਆਚਾਰ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਆਪਣੇ ਹੀ ਭਲੇ ‘ਚ ਹੋਵੇਗਾ । ਆਖਿਰ ਕਦ ਤੱਕ ਅਸੀਂ “ਦੇਸੀ” ਹਰਕਤਾਂ ਕਰਕੇ ਆਪਣੇ ਹੀ ਚਾਰ ਯਾਰਾਂ ਦੋਸਤਾਂ ‘ਚ ਝੂਠੀ ਸ਼ਾਨ ਬਣਾਈ ਰੱਖਾਂਗੇ ? ਕਦ ਤੱਕ ਗਰੁੱਪ ਬਣਾ ਕੇ ਸਾਰੀ ਫੁੱਟਪਾਥ ਘੇਰ, ਲੰਘਣ ਵਾਲਿਆਂ ਨੂੰ ਪ੍ਰੇਸ਼ਾਨ ਕਰੀ ਰੱਖਾਂਗੇ ? ਕਦ ਤੱਕ ਸੁਪਰ ਸਟੋਰ ‘ਚ ਦੁੱਧ ਦੀ ਇੱਕ ਕੈਨੀ ਲੈਣ ਲਈ ਪੰਜ ਜਣੇ ਜਾਂਦੇ ਰਹਾਂਗੇ ਤੇ ਮੁੜ ਬਰੈੱਡ ਦਾ ਇੱਕ ਪੈਕਟ ਲੈਣ ਲਈ ਗਏ ਹੋਰ ਪੰਜਾਂ ਨਾਲ਼ ਵਾਰੀ-ਵਾਰੀ ਸਭ ਆਪੋ ਵਿੱਚ ਹੱਥ ਮਿਲਾਵਾਂਗੇ ਤੇ ਕੋਈ “ਦੇਸੀ” ਗੱਲ ਸੁਣਾ ਕੇ ਉੱਚੀ-ਉੱਚੀ ਹੱਸ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਾਂਗੇ ? ਸਾਡੀ ਮਾਂ-ਬੋਲੀ ਪੰਜਾਬੀ ਬੜੀ ਮਿੱਠੀ ਹੈ, ਪਰ ਉਦੋਂ ਤੱਕ ਹੀ ਜਦ ਤੱਕ ਅਸੀਂ ਉਸਦੀ ਮਿਠਾਸ ਨੂੰ ਖੁਦ ਕਾਇਮ ਰੱਖਣ ‘ਚ ਸਫ਼ਲ ਰਹਿੰਦੇ ਹਾਂ । ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਵਿਚਰਨ ਸਮੇਂ ਸਥਾਨਕ ਵਸਨੀਕਾਂ ਨਾਲ਼ ਉਸੇ ਲਹਿਜ਼ੇ ਤੇ ਭਾਸ਼ਾ ‘ਚ ਹੀ ਗੱਲਬਾਤ ਕਰਨੀ ਪਵੇਗੀ, ਜਿਸ ‘ਚ ਉਹ ਸਮਝਦੇ ਹਨ । ਇੱਥੇ “ਥੈਂਕਯੂ”, “ਸੌਰੀ”, “ਪਲੀਜ਼” ਦੀ ਵਰਤੋਂ ਦੇ ਨਾਲ਼-ਨਾਲ਼ ਚਿਹਰੇ ਦੇ ਭਾਵਾਂ ਤੇ ਮੁਸਕਰਾਹਟ ਦਾ ਵੀ ਬੜਾ ਮਹੱਤਵ ਹੈ । ਯਾਦ ਕਰਨ ਦੀ ਕੋਸਿ਼ਸ਼ ਕਰੋ ਕਿ ਪੰਜਾਬ ‘ਚ ਰਹਿੰਦਿਆਂ ਪਿਛਲੀ ਵਾਰੀ “ਮੁਆਫ਼ ਕਰਨਾ ਜਾਂ ਧੰਨਵਾਦ” ਸ਼ਬਦ ਦੀ ਵਰਤੋਂ ਕਦੋਂ ਕੀਤੀ ਸੀ ? ਦੋਸਤੋ, ਤੁਹਾਡੇ ਨਾਲ਼ “ਧੰਨਵਾਦ” ਸ਼ਬਦ ਦੀ ਗੱਲ ਕਰਦਿਆਂ ਹੀ ਅਚਾਨਕ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ । ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਰਦੀਆਂ ‘ਚ ਕਿੰਨੀ ਵਾਰ ਮੇਰੀ ਮਾਂ ਨੇ ਰੋਟੀ ਖਾਂਦਿਆਂ, ਮੇਰੇ ਲਈ ਦੁੱਧ ਗਰਮ ਕੀਤਾ ਹੋਵੇਗਾ ਤੇ ਮੈਨੂੰ ਸੁਆ ਕੇ ਖ਼ੁਦ ਠੰਢੀ ਰੋਟੀ ਖਾਧੀ ਹੋਵੇਗੀ । ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ । ਜਦ ਮੈਂ ਪਹਿਲਾਂ ਸਕੂਲ ਤੇ ਮੁੜ ਕੰਮ ਤੋਂ ਲੇਟ ਹੋ ਜਾਂਦਾ ਸੀ, ਮੇਰੀ ਇੰਤਜ਼ਾਰ ‘ਚ ਭੁੱਖੀ ਬੈਠੀ ਰਹਿੰਦੀ ਸੀ । ਕੀ ਉਸਦਾ ਕਦੀ ਧੰਨਵਾਦ ਕੀਤਾ ? ਪਰ ਹੁਣ ਤਾਂ ਮਾਂ ਦੀਆਂ ਕੁਰਬਾਨੀਆਂ ਦੇ ਸਾਹਮਣੇ “ਧੰਨਵਾਦ” ਸ਼ਬਦ ਹੀ ਬੜਾ ਛੋਟਾ ਲੱਗ ਰਿਹਾ ਹੈ । ਚਲੋ ਛੱਡੋ ਯਾਰ, ਬਾਕੀ ਗੱਲਾਂ ਫੇਰ ਕਦੇ ਕਰਾਂਗੇ, ਮਨ ਉਦਾਸ ਹੋ ਗਿਆ......
****