ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ........ ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ

ਇਕ ਕਵਿਤਰੀ ਨੇ ਲਿਖਿਆ ਹੈ ਕਿ         

ਜਦੋਂ ਮੈਂ ਜੰਮੀ, ਮੈਂ ਪਰਾਈ ਸਾਂ
ਜਦੋਂ ਮੈਂ ਵੱਡੀ ਹੋਈ, ਮੈਂ ਪਰਾਈ ਸਾਂ
ਜਦੋ ਮੈਂ ਬਾਹਰ ਨਿਕਲੀ, ਮੈਂ ਪਰਾਈ ਸਾਂ
ਮੈਨੂੰ ਘਰ ਵਿਚ ਛੁਪਾਇਆ, ਮੈਂ ਪਰਾਈ ਸਾਂ
ਮੈਨੂੰ ਮੇਰਿਆਂ ਡਰਾਇਆ, ਮੈਂ ਪਰਾਈ ਸਾਂ
ਮੇਰੇ ਉਠਣ ਬੈਠਣ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀਆਂ ਨਿਗਾਹਾਂ ਤੇ ਨਿਗਾਹਾਂ, ਮੈਂ ਪਰਾਈ ਸਾਂ
ਮੇਰੀ ਸੱਜ ਫੱਬ ਤੇ ਸੱ਼ਕ, ਮੈਂ ਪਰਾਈ ਸਾਂ
ਮੈਂ ਲਾਲ ਚੂੜਾ ਪਹਿਨ ਤੇ ਪੱਚਰ
ਆਪਣੇ ਘਰ ਪੁੱਜੀ, ਮੈਂ ਪਰਾਈ ਸਾਂ
ਮੇਰੀ ਔਲਾਦ ਮਾਲਕ ਬਣੀ, ਮੈਂ ਪਰਾਈ ਸਾਂ
ਅਤੇ ਹੁਣ ਤਕ ਪਰਾਈ ਹਾਂ

ਜਦੋਂ ਤੂੰ ਜੰਮਿਆ, ਤੂੰ ਮਾਲਕ ਸੀ
ਜਦੋਂ ਤੂੰ ਵੱਡਾ ਹੋਇਆ, ਤੂੰ ਮਾਲਕ ਸੀ
ਜਦੋਂ ਤੂੰ ਬਾਹਰ ਨਿਕਲਿਆ, ਤੂੰ ਮਾਲਕ ਸੀ
ਜਦੋਂ ਮੈਨੂੰ ਵਡਿਆਇਆ, ਤੂੰ ਮਾਲਕ ਸੀ
ਜਦੋਂ ਤੂੰ ਡਰਾਇਆ, ਤੂੰ ਮਾਲਕ ਸੀ
ਜਦੋਂ ਤੂੰ ਨਿਗਾਹ ਮਾਰੀ, ਤੂੰ ਮਾਲਕ ਸੀ
ਜਦੋਂ ਤੂੰ ਨਿਗਾਹ ਲੜਾਈ, ਤੂੰ ਮਾਲਕ ਸੀ
ਤੇਰੀ ਸੱਜ ਫੱਬ ਤੇ ਚਾਅ, ਤੂੰ ਮਾਲਕ ਸੀ
ਜਦੋਂ ਤੂੰ ਘੋੜੀ ਚੜਿਆ, ਵਾਗ ਸੰਭਾਲੀ
ਡੋਲੀ ਲਿਆਇਆ, ਤੂੰ ਮਾਲਕ ਸੀ
ਹੁਣ ਮੇਰੀ ਔਲਾਦ ਮਾਲਕ ਹੈ
ਮੈਂ ਪਰਾਈ ਸਾਂ ਤੇ ਹੁਣ ਤਕ ਪਰਾਈ ਹਾਂ ।

ਔਰਤ ਦੀ ਇਹ ਹਾਲਤ ਅੱਜ ਦੀ ਨਹੀਂ । ਪੁਰਾਤਨ ਸਮੇਂ ਤੋ ਔਰਤ ਨਾਲ ਇਹੋ ਹੀ ਵਿਹਾਰ ਹੋ ਰਿਹਾ ਹੈ। ਔਰਤ ਮੰਡੀ ਵਿਚ ਵਿਕਿਆ ਕਰਦੀ ਸੀ । ਔਰਤ ਨੂੰ ਵਿਲਾਸ ਪੂਰਤੀ ਅਤੇ ਮਨ ਪਰਚਾਵੇ ਦਾ ਸਾਧਨ ਜਾਣਿਆ ਜਾਂਦਾ ਸੀ । ਜਨਮ ਤੋਂ ਬਾਅਦ ਵੱਖ ਵੱਖ ਢੰਗਾਂ ਨਾਲ ਮਾਰ ਦਿੱਤਾ ਜਾਂਦਾ ਸੀ, ਜਿਨ੍ਹਾਂ ਵਿਚ ਜ਼ਹਿਰ ਦੇ ਕੇ ਮਾਰ ਦੇਣਾ, ਗਲਾ ਘੁੱਟ ਖਤਮ ਕਰ ਦੇਣਾ, ਦਾਈ ਵਲੋ ਕਿਸੇ ਢੰਗ ਨਾਲ ਖ਼ਤਮ ਕਰਨਾ, ਅੱਕ ਦਾ ਦੁੱਧ ਦੇ ਕੇ ਮਾਰਨਾ, ਪਾਣੀ ਵਿਚ ਮੂਧੀ ਪਾ ਦੇਣਾ, ਸਿਆਲ ਵਿਚ ਠੰਡੀ ਥਾਂ ਪਾ ਦੇਣਾ ਜਾਂ ਗਰਮੀ ਵਿਚ ਗਰਮ ਥਾਂ ਮਲੂਕ ਜਿੰਦ ਨੂੰ ਪਾ ਕੇ ਖਤਮ ਕਰ ਦੇਣਾ ਪ੍ਰਮੁੱਖ ਸਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿਚ ਲੋਕਾਂ ਨੂੰ ਸਾਵਧਾਨ ਕੀਤਾ ਅਤੇ ਕਿਹਾ....

ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ

ਭਾਵੇਂ ਕੁਝ ਵਿਚਾਰਵਾਨ ਇਸ ਤੁਕ ਦਾ ਗਲਤ ਅਰਥ ਕੱਢ ਰਹੇ ਹਨ ਕਿ ਇਹ ਸ਼ਬਦ ਗੁਰੂ ਜੀ ਨੇ ਇਸ ਲਈ ਵਰਤੇ ਕਿਉਂ ਜੋ ਔਰਤ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ, ਇਸ ਲਈ ਮੰਦਾ ਵਿਹਾਰ ਔਰਤ ਨਾਲ ਨਾ ਕੀਤਾ ਜਾਵੇ। ਪ੍ਰੰਤੂ ਸਾਰੇ ਸਲੋਕ ਨੂੰ ਪੜ੍ਹਿਆਂ ਤਾਂ ਬਿਲਕੁੱਲ ਸਪਸ਼ਟ ਹੈ ਕਿ ਉਸ ਸਮੇਂ ਔਰਤ ਦੀ ਤਰਸ ਯੋਗ ਹਾਲਤ ਦੇਖ ਕੇ ਗੁਰੂ ਜੀ ਨੇ ਅਵਾਜ਼ ਬੁਲੰਦ ਕੀਤੀ ਸੀ।

ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਵੀ ਦਰਜ ਹੈ...

ਸੀਲ ਖਾਨ ਇਕ ਕੰਨਿਆ ਹੋਵੇ
ਨਹੀਂ ਤਾਂ ਮਾਂ ਗ੍ਰਹਿਸਤ ਵਿਗੋਵੇ
ਰਾਜਾ ਗਜਪਤ ਸਿੰਘ ਦੇ ਘਰ ਪੈਦਾ ਹੋਈ ਲੜਕੀ ਨੂੰ ਕੁੱਜੇ ਵਿਚ ਪਾ ਕੇ ਧਰਤੀ ਵਿਚ ਦਬਾ ਦਿਤਾ ਗਿਆ ਸੀ । ਜਦੋਂ ਇਕ ਸੰਤ ਮਹਾਤਮਾ ਉਸ ਰਾਹ ਤੋਂ ਗੁਜਰ ਰਹੇ ਸਨ ਤਾਂ ਉਨ੍ਹਾਂ ਨੇ ਰੋਣ ਦੀ ਅਵਾਜ਼ ਸੁਣ ਕੇ ਮਿੱਟੀ ਖੁਦਵਾਈ । ਕੁੱਜੇ ਨੂੰ ਬਾਹਰ ਕਢਵਾ ਕੇ ਉਸ ਨੰਨ੍ਹੀ ਜਾਨ ਨੂੰ ਕਢਵਾਇਆ ਤਾਂ ਉਸ ਲੜਕੀ ਦੀ ਜਾਨ ਬਚ ਗਈ । ਉਸ ਲੜਕੀ ਦੀ ਕੁੱਖ ਵਿਚੋ ਮਹਾਂਬਲੀ ਰਣਜੀਤ ਸਿੰਘ ਪੈਦਾ ਹੋਇਆ, ਜਿਸ ਨੇ ਪੰਜਾਬ ਦੇ ਇਤਿਹਾਸ ਵਿਚ ਭਰਪੂਰ ਯੋਗਦਾਨ ਪਾਇਆ । ਜੇ ਕਰ ਸੰਤ ਜੀ ਪਰਉਪਕਾਰ ਨਾ ਕਰਦੇ ਤਾਂ ਪੰਜਾਬ ਦਾ ਇਤਿਹਾਸ ਹੋਰ ਹੀ ਹੁੰਦਾ। ਸੋ ਇਹ ਤਾਂ ਸਪੱਸ਼ਟ ਹੈ ਕਿ ਕੇਵਲ ਗਰੀਬ ਲੋਕ ਹੀ ਦਾਜ ਦੇ ਕਾਰਨ ਧੀਆਂ ਨੂੰ ਕਤਲ ਨਹੀਂ ਕਰਦੇ ਸੀ, ਸਗੋਂ ਸਰਦੇ ਪੁੱਜਦੇ ਲੋਕ ਵੀ ਇਹ ਕੰਮ ਕਰਦੇ ਸੀ । ਉਨ੍ਹਾਂ ਦਾ ਵਿਚਾਰ ਸੀ ਕਿ ਲੜਕੀ ਦੇ ਪਿਤਾ ਅਤੇ ਭਰਾਵਾਂ (ਮਰਦ ਪ੍ਰਧਾਨ ਸਮਾਜ ਵਿਚ ਮਰਦ) ਦਾ ਸਿਰ ਕਿਸੇ ਹੋਰ ਮਰਦ ਦੇ ਅੱਗੇ ਨਾ ਝੁਕੇ।

ਵਿਗਿਆਨ ਨੇ ਤਰੱਕੀ ਕੀਤੀ ਹੈ । ਅਲਟਰਾ ਸਾਊਂਡ ਮਸ਼ੀਨਾਂ ਦੀ ਖੋਜ ਕਰ ਲਈ ਗਈ ਹੈ । ਅਸੀਂ ਗਰਭ ਵਿਚ ਹੀ ਦੇਖ ਸਕਦੇ ਹਾਂ ਕਿ ਨਵਾਂ ਬੱਚਾ ਲੜਕਾ ਹੈ ਜਾਂ ਲੜਕੀ । ਲੜਕੀ ਸਾਨੂੰ ਮਨਜ਼ੂਰ ਨਹੀਂ, ਇਸ ਲਈ ਉਸ ਨੂੰ ਗਰਭ ਵਿਚ ਹੀ ਖਤਮ ਕਰ ਦਿੰਦੇ ਹਾਂ । ਅਸੀਂ ਅਤੀ ਮਾੜਾ ਕੰਮ ਕਰ ਰਹੇ ਹਾਂ। ਕੀ ਮਸ਼ੀਨ ਇਸ ਲਈ ਖੋਜੀ ਗਈ ਸੀ? ਯਕੀਨਨ ਨਹੀਂ ।

ਮਸ਼ੀਨ ਦੀ ਖੋਜ ਦਾ ਮਕਸਦ ਇਹ ਪਤਾ ਕਰਨਾ ਹੈ ਕਿ ਆਉਣ ਵਾਲੇ ਬੱਚੇ ਨੂੰ ਕੋਈ ਅਜਿਹੀ ਬਿਮਾਰੀ ਨਾ ਹੋਵੇ, ਜਿਸ ਕਾਰਣ ਉਹ ਚੰਗਾ ਜੀਵਨ ਬਤੀਤ ਨਾ ਕਰ ਸਕੇ ਜਾਂ ਉਸ ਨੂੰ ਕੋਈ ਅਜਿਹਾ ਰੋਗ ਨਾ ਲਗਾ ਹੋਵੇ, ਜਿਸ ਦਾ ੳਪਚਾਰ ਸੰਭਵ ਨਾ ਹੋਵੇ । ਉਸ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਇਲਾਜ ਕਰਨ ਸਬੰਧੀ ਖੋਜਾਂ ਕਰ ਕੇ ਜਾਂ ਉਪਲਬੱਧ ਦਵਾਈ ਦੇ ਕੇ ਰੋਗ ਮੁਕਤ ਕੀਤਾ ਜਾ ਸਕੇ । ਪਰ ਅਸੀਂ ਤਾਂ ਉਲਟਾ ਕੰਮ ਕਰ ਰਹੇ ਹਾਂ । ਯਾਦ ਰਹੇ ਜੇ ਗਿਣਤੀ ਠੀਕ ਨਾ ਹੋਈ ਤਾਂ ਊਣਾ ਬੌਣਾ ਸਮਾਜ ਬਣੇਗਾ । ਵੇਲਾ ਹੈ ਜਾਗਣ ਦਾ ਅਤੇ ਆਪਣੀ ਸੋਚ ਨੂੰ ਸੰਵਾਰਨ ਦਾ ਨਹੀ ਤਾਂ ਹਾਲਾਤ ਕਾਬੂ ਤੋ ਬਾਹਰ ਹੋ ਜਾਣਗੇ ।

ਇਲੈਕਟਰੋਨਿਕ ਮੀਡੀਆ ਰਾਹੀਂ ਜੋ ਗੀਤ ਵਿਖਾਏ ਜਾਂ ਸੁਣਾਏ ਜਾ ਰਹੇ ਹਨ ਉਸ ਦੀ ਵੰਨਗੀ ਸੁਣ ਕੇ ਵੇਖ ਕੇ ਅੰਦਾਜ਼ਾ ਲੱਗ ਸਕਦਾ ਹੈ ਕਿ ਅਸੀ ਔਰਤਾਂ ਪ੍ਰਤੀ ਕਿਤਨੇ ਸੁਹਿਰਦ ਹਾਂ । ਗੀਤਾਂ ਵਿਚ ਅਜਿਹੇ ਸ਼ਬਦ ਬੋਲ ਕੇ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ ?

ਕਰ ਦੂੰ ਗਜ਼ ਵਰਗੀ ਜੇ ਫੇਰ ਬਰਾਬਰ ਬੋਲੀ

ਜਾਂ

ੳਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ

ਜਾਂ

ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨੀ ਮਾਰਿਆ

ਕੀ ਇਸ ਗਾਇਕ ਜਾਂ ਗੀਤਕਾਰ ਨੂੰ ਇਹ ਨਹੀ ਪਤਾ ਕਿ ਬਾਂਹ ਫੜਨ ਦਾ ਕੀ ਅਰਥ ਹੈ ? ਅਜਿਹੀਆਂ ਹੋਰ ੳਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ । ਇਹ ਤਾਂ ਕੇਵਲ ਥੋੜ੍ਹੀ ਦਾਲ ਨੂੰ ਦੇਖਿਆ ਗਿਆ ਹੈ, ਅਜੇ ਪਤੀਲਾ ਬਾਕੀ ਹੈ । ਜਦੋਂ ਮੀਡੀਆ ਵਿਚ ਔਰਤ ਦੇ ਸਰੀਰ ਨੂੰ ਅਸ਼ਲੀਲ ਢੰਗ ਨਾਲ ਵਿਖਾਇਆ ਜਾਂਦਾ ਹੈ ਤਾਂ ਭੁੱਖੀਆਂ ਨਜ਼ਰਾਂ ਉਸ ਦਾ ਪਿੱਛਾ ਕਰਦੀਆਂ ਹਨ । ਕੀ ਅਸੀਂ ਔਰਤ ਨੂੰ ਸਨਮਾਨ ਦੇ ਰਹੇ ਹਾਂ ਅਤੇ ਸੋਚ ਰਹੇ ਹਾਂ ਕਿ ਕੁੜੀਆਂ ਨੂੰ ਕੁੱਖ ਵਿਚ ਨਾ ਮਾਰਿਆ ਜਾਵੇ। ਜ਼ਰਾ ਸੋਚੋ ! ਕਿਤੇ ਸਾਡੀ ਅਕਲ ਤੇ ਪਰਦਾ ਤਾਂ ਨਹੀ ਪੈ ਗਿਆ ? ਇਸ ਲਈ ਸਾਨੂੰ ਜਿੰ਼ਮੇਵਾਰੀ ਲੈਣੀ ਪਵੇਗੀ ਅਤੇ ਜਿੰ਼ਮੇਵਾਰੀ ਤੋ ਭੱਜ ਕੇ ਨਹੀ ਸਰਨਾ ।

ਜੇਕਰ ਪੁੱਤਰ ਮਿੱਠੜੇ ਮੇਵੇ ਹਨ ਤਾਂ ਧੀਆਂ ਵੀ ਮਿਸ਼ਰੀ ਦੀਆਂ ਡਲੀਆਂ ਹਨ । ਮਿਠਾਸ ਵਿਚ ਕੋਈ ਅੰਤਰ ਨਹੀ ਹੈ । 2011 ਦੀ ਗਿਣਤੀ ਵਿਚ ਮਿਲੇ ਅੰਕੜੇ ਸਥਿਤੀ ਵਿਚ ਸੁਧਾਰ ਨਹੀ ਦੱਸਦੇ, ਭਾਵੇਂ ਕਾਫੀ ਯਤਨ ਕੀਤੇ ਗਏ ਹਨ । ਹੋਰ ਸੁਧਾਰ ਅਤੇ ਔਰਤਾਂ ਲਈ ਸਹੂਲਤਾਂ ਦੀ ਲੋੜ ਹੈ । ਸਾਵਾਂ ਸਮਾਜ ਸਿਰਜਣ ਦੀ ਲੋੜ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਔਰਤ ਪੜ੍ਹੀ ਲਿਖੀ ਹੋਵੇ । ਸਰਕਾਰਾਂ ਨੂੰ ਲੜਕੀਆਂ ਲਈ ਬੀ. ਏ. ਤੱਕ ਦੀ ਪੜ੍ਹਾਈ ਮੁਫ਼ਤ ਕਰ ਦੇਣੀ ਚਾਹੀਦੀ ਹੈ।

ਚੰਗੀ ਵਿੱਦਿਆ ਦੇ ਮੌਕੇ ਦੇ ਕੇ ਔਰਤ ਨੂੰ ਆਤਮ ਨਿਰਭਰ ਕਰਨ ਦੇ ਯਤਨ ਜ਼ਰੂਰੀ ਹਨ। ਔਰਤ ਦੀ ਸੁਰੱਖਿਆ ਯਕੀਨੀ ਹੋਵੇ ਇਸ ਲਈ ਦਾਜ ਦੀ ਲਾਹਨਤ ਖਤਮ ਕਰਨੀ ਅਤੇ ਜੜ੍ਹਂੋ ਪੁੱਟਣੀ ਪਵੇਗੀ । ਦਾਜ ਨਾਲ ਸਬੰਧਿਤ ਕੇਸਾਂ ਦਾ ਛੇਤੀ ਤੋ ਛੇਤੀ ਨਿਪਟਾਰਾ ਕਰ ਕੇ ਕਰੜੀ ਸਜ਼ਾ ਦਿੱਤੀ ਜਾਵੇ। ਔਰਤ ਨੂੰ ਖੁਦ ਵੀ ਮੁਕਾਬਲਾ ਕਰਨਾ ਪਵੇਗਾ। ਸ਼ਹੀਦੇ ਆਜ਼ਮ ਭਗਤ ਸਿੰਘ ਨੇ ਕਿਹਾ ਸੀ...

ਦੇਹਰ (ਦੁਨੀਆ) ਸੇ ਕਿਉਂ ਖਫਾ ਰਹੇ
ਦਰਖ (ਅਸਮਾਨ) ਕਾ ਕਿਉਂ ਗਿਲਾ ਕਰਂੇ
ਸਾਰਾ ਜਹਾਂ ਅਦੂ (ਦੁਸ਼ਮਨ) ਸਹੀ
ਆਓ ! ਮੁਕਾਬਲਾ ਕਰੇਂ।

ਹਮੇਸ਼ਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ...

ਧੀਆਂ ਤੇਰੇ ਦੁੱਖ ਵੰਡਣੇ,
ਪੁੱਤਾਂ ਵੰਡਣਾ ਵੇਹੜਾ ਵੇ ਬਾਪੂ ਤੇਰਾ

ਅਤੇ ਔਰਤ ਨੂੰ ਅਜਿਹਾ ਮਾਹੌਲ ਦਿਤਾ ਜਾਵੇ ਤਾਂ ਜੋ ਔਰਤ ਸੋਚਣ ਲਈ ਮਜ਼ਬੂਰ ਨਾ ਹੋਵੇ ਕਿ ਉਸ ਦਾ ਕਿਹੜਾ ਘਰ ਹੈ ? ਬਾਬਲ ਦਾ ਘਰ ਜਾਂ ਪਤੀ ਦਾ ਘਰ ਜਾਂ ਪੁੱਤਰ ਦਾ ਘਰ ਜਾਂ ਫਿਰ ਕੋਈ ਵੀ ਨਹੀਂ

****