ਕਿਸ ਰਸਤੇ ਜਾ ਰਿਹਾ ਹੈ ਦੇਸ਼……… ਲੇਖ / ਅਵਤਾਰ ਸਿੰਘ

ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਜਦੋਂ ਇਕ ਨੌਜਵਾਨ ਨੇ ਚਪੇੜ ਮਾਰੀ ਤਾਂ ਦੇਸ਼ ਭਰ ਵਿਚ ਇੱਕ ਵਾਰ ਫਿਰ ਤਹਿਲਕਾ ਮੱਚ ਗਿਆ। ਹਰਵਿੰਦਰ ਸਿੰਘ ਨਾਮੀ ਇਸ ਨੌਜਵਾਨ ਮੁਤਾਬਕ ਉਸ ਨੇ ਮਹਿੰਗਾਈ ਤੋਂ ਤੰਗ ਆਏ ਆਮ ਆਦਮੀ ਦੀ ਪ੍ਰਤੀਨਿਧਤਾ ਕਰਦਿਆਂ ਇਹ ਕੰਮ ਕੀਤਾ ਹੈ। ਇਸ ਨੌਜਵਾਨ ਨੂੰ ਆਪਣੇ ਕੀਤੇ ਦਾ ਰਤੀ ਭਰ ਵੀ ਅਫਸੋਸ ਨਹੀਂ। ਇਸ ਤੋਂ ਪਹਿਲਾਂ ਉਹ ਸਾਬਕਾ ਟੈਲੀਕਾਮ ਮੰਤਰੀ ਸੁਖਰਾਮ ਉਪਰ ਵੀ ਦਿੱਲੀ ਦੀ ਰੋਹਿਣੀ ਅਦਾਲਤ ਵਿਚ ਹਮਲਾ ਕਰ ਚੁੱਕਾ ਹੈ।
 
ਸ਼ਰਦ ਪਵਾਰ ਐਨ.ਸੀ.ਪੀ. ਦੇ ਪ੍ਰਧਾਨ ਨੇ ਅਤੇ ਉਹ ਤਿੰਨ ਵਾਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ। ਉਹ ਹੁਣ ਖੇਤੀਬਾੜੀ ਮੰਤਰੀ ਅਤੇ ਮਨਿਸਟਰ ਆਫ ਅਫੇਅਰਜ਼, ਫੂਡ ਅਤੇ ਪਬਲਿਕ ਡਿਸਟਰੀਬਿਊਸ਼ਨ  ਹੋਣ ਦੇ ਨਾਲ ਨਾਲ ਉਹ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਵੀ ਨੇ । ਸ਼ਰਦ ਪਵਾਰ ਕੌਮਾਂਤਰੀ ਕ੍ਰ੍ਰਿਕਟ ਕੌਂਸਲ ਦੇ ਮੌਜੂਦਾ ਪ੍ਰਧਾਨ ਵੀ ਨੇ। ਰਾਜਨੀਤੀ ਦੀਆਂ ਸਫਲ ਪਾਰੀਆਂ ਖੇਡਣ ਦੇ ਨਾਲ ਨਾਲ ਉਹਨਾਂ ਕ੍ਰਿਕਟ ਰਾਜਨੀਤੀ ਦੀਆਂ ਵੀ ਸ਼ਾਨਦਾਰ ਪਾਰੀਆਂ ਖੇਡੀਆਂ ਨੇ। ਉਹ ਮਹਿੰਗਾਈ ਨੂੰ ਰੋਕਣ ਵਿਚ ਭਾਵੇਂ ਕੋਈ ਦਿਲਚਸਪੀ ਨਾ ਲੈਂਦੇ ਹੋਣ ਪਰ ਕ੍ਰਿਕਟ ਵਿਚ ਪੂਰੀ ਦਿਲਚਸਪੀ ਲੈਂਦੇ ਨੇ। ਇਸ ਲਈ ਕਿ ਕਿਉਂ ਨਾਂ ਉਹਨਾਂ ਨੂੰ ਖੇਡ ਮੰਤਰੀ ਹੀ ਨਾ ਬਣਾ ਦਿੱਤਾ ਜਾਵੇ!! ਕਈ ਮੰਤਰਾਲੇ ਆਪਣੇ ਕੋਲ ਹੋਣ ਕਾਰਨ ਉਹਨਾਂ ਪਿਛਲੇ ਸਮੇਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਸੀ ਕਿ ਉਹਨਾਂ ਦਾ ਭਾਰ ਘੱਟ ਕੀਤਾ ਜਾਵੇ।
 
ਜੋ ਵੀ ਹੋਵੇ ਮੰਤਰੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਕਾਂਗਰਸ ਪ੍ਰਧਾਨ ਇੱਕ ਵਾਰ ਵੀ ਕਿਸੇ ਗਲਤੀ ‘ਤੇ ਦਬਕਾ ਮਾਰਨ ਦੀ ਸਮਰੱਥਾ ਨਹੀਂ ਰੱਖਦੇ । ਸ਼ਰਦ ਪਵਾਰ ਰਾਜਨੀਤੀ ਵਿਚ ਸਾਰੀਆਂ ਸਮਰਥਾਵਾਂ ਰੱਖਦੇ ਨੇ ਬੱਸ ਮਹਿੰਗਾਈ ਨੂੰ ਘੱਟ ਕਰਨ ਦੀ ਸਮਰੱਥਾ ਨਹੀਂ ਰੱਖਦੇ ਜਾਂ ਸਾਇਦ ਕ੍ਰਿਕਟ ਤੋਂ ਉਹਨਾਂ ਨੂੰ ਐਨੀ ਫੁਰਸਤ ਨਹੀਂ ਕਿ ਉਹ ਮਹਿੰਗਾਈ ਨੂੰ ਘੱਟ ਕਰਨ ਬਾਰੇ ਸੋਚਣ। ਪਰ ਜਦੋਂ ਵੀਰਵਾਰ ਨੂੰ ਸ਼ਰਦ ਪਵਾਰ ਦੇ ਮਹਿੰਗਾਈ ਦੀ ਚਪੇੜ ਵੱਜੀ ਤਾਂ ਦੇਸ਼ ਭਰ ਦੇ ਸਾਰੇ ਨੇਤਾਵਾਂ ਨੇ ਸੋਚਣਾ ਤੇ ਬੋਲਣਾ ਸ਼ੁਰੂ ਕਰ ਦਿੱਤਾ। ਕਾਂਗਰਸ ਤੋਂ ਲੈ ਕੇ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਮਹਿੰਗਾਈ ਨੂੰ ਘਟਾਉਣ ਦਾ ਇਹ ਕੋਈ ਰਸਤਾ ਨਹੀਂ। ਇਹ ਲੋਕਤੰਤਰ ਦੇ ਚਪੇੜ ਵੱਜੀ ਹੈ। ਵਿਰੋਧ ਦਾ ਇਹ ਤਰੀਕਾ ਠੀਕ ਨਹੀਂ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਪਹਿਲਾਂ ਤਾਂ ਕਿਹਾ “ਕਿ ਪਵਾਰ ਦੇ ਸਿਰਫ ਇਕ ਚਪੇੜ ਵੱਜੀ ਹੈ” ਪਰ ਬਾਅਦ ਵਿਚ ਉਹ ਆਪਣੇ ਬਿਆਨ ਤੋਂ ਮੁਕਰ ਗਏ ਅਤੇ ਕਹਿਣ ਲੱਗੇ ਕਿ ਮੀਡੀਆ ਨੇ ਉਹਨਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ।
 
ਦੇਸ਼ ਭਰ ਦੇ ਸਮਾਜ ਸੇਵਕਾਂ ਅਤੇ ਰਾਜਨੀਤਿਕ ਲੀਡਰਾਂ ਵਿਚੋਂ ਸਭ ਤੋਂ ਵੱਧ ਪ੍ਰੇਸ਼ਾਨ ਦੇਸ਼ ਦੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਜ਼ਰ ਆਏ। ਪ੍ਰਣਬ ਮੁਖਰਜੀ ਦਾ ਬਿਆਨ ਆਇਆ ਕਿ “ਮੈਨੂੰ ਸਮਝ ਨਹੀਂ ਆਉਂਦੀ ਕਿ ਦੇਸ਼ ਜਾ ਕਿੱਧਰ ਰਿਹਾ ਹੈ?”  ਪ੍ਰਣਬ ਮੁਖਰਜੀ ਦੀ ਗੱਲ ਵਿਚ ਦਮ ਤਾਂ ਹੈ ਕਿ ਆਖਿਰ ਦੇਸ਼ ਜਾ ਕਿੱਧਰ ਰਿਹਾ ਹੈ?  ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਇਸ ਦੀ ਚਿੰਤਾ ਕਿਸ ਨੇ ਕਰਨੀ ਹੈ? ਹਾਲਾਤ ਐਨੇ ਮਾੜੇ ਹੋ ਚੁੱਕੇ ਨੇ ਕਿ ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਗਿਆ ਹੈ। ਦੇਸ਼ ਵਿਚ ਘੋਟਾਲਿਆਂ ਦੀਆਂ ਪਰਤਾਂ ਹਰ ਦਿਨ ਖੁੱਲ ਰਹੀਆਂ ਨੇ । ਦਿੱਲੀ ਦੀ ਤਿਹਾੜ ਜੇਲ੍ਹ ਵਿਚ ਭ੍ਰਿਸ਼ਟ ਮੰਤਰੀਆਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਫਿਰ ਵੀ ਭ੍ਰਿਸ਼ਟਾਚਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਆਮ ਆਦਮੀ ਲਈ ਸਰਕਾਰ ਨੇ ਐਨੇ ਕਾਲੇ ਕਾਨੂੰਨ ਬਣਾਏ ਨੇ ਪਰ ਫਿਰ ਵੀ ਉਹ ਸਰਕਾਰ ਦੀ ਦਾੜੀ ਫੜਨ ਦੀ ਹਿੰਮਤ ਕਰਦਾ ਹੈ! ਸਰਕਾਰ ਨਿੱਜੀ ਕੰਪਨੀਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਦੇ ਰਹੀ ਹੈ ਪਰ ਕਿਸਾਨ ਇਸ ਦਾ ਹਿੰਸਕ ਵਿਰੋਧ ਕਰ ਰਹੇ ਨੇ…ਕਮਾਲ ਹੈ! ਕਈ ਲੋਕਾਂ ਨੇ ਤਾਂ ਆਪਣੀਆਂ ਮੰਗਾਂ ਮਨਵਾਉਣ ਲਈ ਪੱਕੇ ਧਰਨੇ ਲਾ ਰੱਖੇ ਨੇ।ਸਰਕਾਰ ਨੇ ਪ੍ਰਚੂਨ ਖੇਤਰ ਵਿਚ 51ਫੀਸਦੀ ਸਿੱਧੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਆਮ ਪ੍ਰਚੂਨ ਦੀਆਂ ਦੁਕਾਨਾਂ ਵੀ ਕਿਸੇ ਦਿਨ ਬੰਦ ਹੋ ਜਾਣਗੀਆਂ।ਹੁਣ ਐਨਾ ਕੁਝ ਹੋਣ ਦੇ ਬਾਵਜੂਦ ਸਰਕਾਰ ਕਿਉਂ ਸ਼ਰਮ ਕਰੇ ? ਸ਼ਰਮ ਤਾਂ ਆਮ ਆਦਮੀ ਨੂੰ ਆਉਂਣੀ ਚਾਹੀਦੀ ਹੈ ਨਾ!!!ਲੋਕ ਸਰਕਾਰ ਦੀਆਂ ਮੁਨਾਫੇਖੋਰਾਂ ਨਾਲ ਮਿਲ ਕੇ ਬਣਾਈਆਂ ਨੀਤੀਆਂ ਦਾ ਵਿਰੋਧ ਕਿਉਂ ਕਰ ਰਹੇ ਨੇ? ਸਰਕਾਰ ਤੋਂ ਰੋਟੀ, ਕੱਪੜਾ ਅਤੇ ਮਕਾਨ ਦੀ ਮੰਗ ਕਿਉਂ ਕਰ ਰਿਹਾ ਹੈ!
 
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ ਦਮਨ ਦਾ ਸ਼ਿਕਾਰ ਆਦਮੀ ਵਿਰੋਧ ਨਾ ਕਰੇ ਤਾਂ ਕਿਵੇਂ ਕਰੇ ? ਕੀ ਵਿਰੋਧ ਵੀ ਸਰਕਾਰ ਦੀ ਮਨਮਰਜ਼ੀ ਦੇ ਤਰੀਕਿਆਂ ਨਾਲ ਕਰੇ? ਕੀ ਸਾਡੇ ਨੇਤਾਵਾਂ ਦੀ ਸਾਖ ਵਿਚ ਕੋਈ ਗਿਰਾਵਟ ਨਹੀਂ ਆਈ ? ਜੇ ਸਰਕਾਰ ਅਤੇ ਵਿਰੋਧੀਆਂ ਪਾਰਟੀਆਂ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀਆਂ ਨੇ ਤਾਂ ਦੇਸ਼ ਵਿਚ ਉਥਲ ਪੁਥਲ ਕਿਉਂ ਮੱਚੀ ਹੋਈ ਹੈ।ਆਮ ਆਦਮੀ ਨੂੰ ਰਾਹਤ ਕਿਉਂ ਨਹੀਂ ਮਿਲ ਰਹੀ…ਹੁਣ ਕਿਤੇ ਨਾ ਕਿਤੇ ਤਾਂ ਕੋਈ ਵੱਡੀ ਗੜਬੜ ਹੈ? ਹੁਣ ਤੱਕ ਕਿੰਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀਆਂ  ਮੰਗਾਂ ਪਿਆਰ ਨਾਲ ਮੰਨ ਲਈਆਂ ਗਈਆਂ ਨੇ? ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਅੰਨਾ ਹਜ਼ਾਰੇ ਅਤੇ ਉਹਨਾਂ ਦੀ ਟੀਮ ਹੁਣ ਤੱਕ ਕਹਿੰਦੀ ਰਹੀ ਹੈ ਕਿ ਸਰਕਾਰ ਉਹਨਾਂ ਦੇ ਸੰਘਰਸ਼ ਨੂੰ ਦਬਾਉਣਾ ਚਹੁੰਦੀ ਹੈ? ਉਹਨਾਂ ਨੂੰ ਦੋਫਾੜ ਕਰਨ ਲਈ ਚਾਲਾਂ ਚੱਲ ਰਹੀ ਹੈ …ਫਿਰ ਹੁਣ ਨਾ ਹਿੰਸਕ ਵਿਰੋਧ ਨੂੰ ਸਰਕਾਰ ਮਾਨਤਾ ਦਿੰਦੀ ਹੈ ਅਤੇ ਨਾ ਹੀ ਅਹਿੰਸਕ ਨੂੰ ? ਲੋਕ ਵਿਰੋਧ ਕਿਸ ਤਰ੍ਹਾਂ ਕਰਨ?
 
ਇਸ ਪੂਰੇ ਵਿਵਾਦ ‘ਤੇ ਭਾਜਪਾ ਵੀ ਦੋਗਲੀ ਬਿਆਨਬਾਜ਼ੀ ਕਰ ਰਹੀ ਹੈ। ਸ਼ਰਦ ਪਵਾਰ ‘ਤੇ ਹਮਲੇ ਨੂੰ ਇਕ ਪਾਸੇ ਤਾਂ ਉਹ ਮਹਿੰਗਾਈ ਤੋਂ ਤੰਗ ਆਏ ਆਮ ਆਦਮੀ ਦਾ ਗੁੱਸਾ ਦੱਸ ਰਹੀ ਹੈ, ਦੂਜੇ ਪਾਸੇ ਵਿਰੋਧ ਦੇ ਤਰੀਕੇ ਨੂੰ ਗਲਤ ਕਹਿ ਰਹੀ ਹੈ! ਸਾਂਤਮਈ ਰੋਸ ਪ੍ਰਦਰਸ਼ਨ ਦੀ ਦੁਹਾਈ ਦੇਣ ਵਾਲੀ ਭਾਜਪਾ ਦੇ ਆਪਣੇ ਵਰਕਰ ਅਰੁੰਧਤੀ ਰਾਏ ਅਤੇ ਗਿਲਾਨੀ ਦਾ ਹਿੰਸਕ ਵਿਰੋਧ ਕਰਦੇ ਨੇ। ਬਜਰੰਗ ਦਲ ਅਤੇ ਸਿਵ ਸੈਨਾ ਦੇ ਕਾਰਕੁੰਨਾਂ ਨੇ ਚੰਡੀਗੜ੍ਹ ਵਿਚ ਮੀਰਵਾਈਜ਼ ਨੂੰ ਬੋਲਣ ਤੱਕ ਨਹੀਂ ਦਿੱਤਾ ਅਤੇ ਉਸ ਉਪਰ ਹਮਲਾ ਬੋਲ ਦਿੱਤਾ।
 
ਕਾਂਗਰਸ ਦਾ ਯੁਵਰਾਜ ਰਾਹੁਲ ਗਾਂਧੀ ਲੋਕਾਂ ਨੂੰ ਉੱਤਰ ਪ੍ਰਦੇਸ਼ ਵਿਚ ਜਾ ਕੇ ਪੁੱਛਦਾ ਹੈ ਕਿ ਤੁਹਾਨੂੰ ਗੁੱਸਾ ਨਹੀਂ ਆਉਂਦਾ ? ਮੈਨੂੰ ਤਾਂ ਬਹੁਤ ਆਉਂਦਾ ਹੈ? ਹੁਣ ਰਾਹੁਲ ਗਾਂਧੀ ਯੂ.ਪੀ. ਦੇ ਲੋਕਾਂ ਨੂੰ ਤਾਂ ਮਾਇਆਵਤੀ ਖਿਲਾਫ ਭੜਕਾਉਂਦੇ ਨੇ ਪਰ ਉਹ ਇਹ ਉਮੀਦ ਕਿਵੇਂ ਕਰ ਸਕਦੇ ਨੇ ਕਿ ਦੇਸ਼ ਭਰ ਵਿਚ ਜਨਤਾ ਆਪਣੇ ਗੁੱਸੇ ਦਾ ਪ੍ਰਗਟਾਵਾ ਉਹਨਾਂ ਦੇ ਢੰਗ ਨਾਲ ਹੀ ਕਰੇਗੀ? ਲੋਕ ਮੁੱਖਧਾਰਾ ਦੀਆਂ ਪਾਰਟੀਆਂ ਵੱਲੋਂ ਖਿੱਚੀਆਂ ਲਕੀਰਾਂ ਨਾਲ ਆਪਣਾ ਰੋਸ ਨਹੀਂ ਸਗੋਂ ਆਪਣੇ ਢੰਗ ਨਾਲ ਜਤਾਉਣਗੇ, ਇਸ ਗੱਲ ਸਾਰੀਆਂ ਪਾਰਟੀਆਂ ਨੂੰ ਸਮਝ ਲੈਣੀ ਚਾਹੀਦੀ ਹੈ।
 
ਸ਼ਰਦ ਪਵਾਰ ‘ਤੇ ਹਮਲਾ ਕਰਨ ਵਾਲਾ ਨੌਜਵਾਨ ਸਨਕੀ ਹੋ ਸਕਦਾ ਹੈ। ਪਬਲੀਸਿਟੀ ਦਾ ਭੁੱਖਾ ਹੋ ਸਕਦਾ ਹੈ ਪਰ ਅਜਿਹਾ ਗੁੱਸਾ ਦੇਸ਼ ਦੇ ਹਰ ਗਰੀਬ ਅਤੇ ਭੁੱਖੇ ਮਰ ਰਹੇ (ਭੁੱਖੇ ਮਰਨ ਦੀ ਕਤਾਰ ‘ਤੇ ਆਏ) ਆਦਮੀ ਅੰਦਰ ਹੈ। ਇਹ ਵੀ ਸੱਚ ਹੈ ਕਿ ਬਹੁਤ ਸਾਰੇ ਲੋਕ ਸਿਰਫ ਆਪਸ ਵਿਚ ਬੋਲ ਕੇ ਭੜਾਸ ਕੱਢ ਲੈਂਦੇ ਨੇ ਅਤੇ ਕਰਦੇ ਕੁਝ ਨਹੀਂ। ਪਰ ਸਵਾਲ ਇਹ ਹੈ ਕਿ ਆਮ ਆਦਮੀ ਕਰੇ ਤਾਂ ਕੀ ਕਰੇ? ਲੋਕਾਂ ਦੀ ਤ੍ਰਾਸਦੀ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਇੱਕਜੁੱਟ ਨਹੀਂ ਹੋ ਪਾ ਰਹੇ ਜਾਂ ਉਹਨਾਂ ਨੂੰ ਕੋਈ ਸੰਗਠਿਤ ਨਹੀਂ ਕਰ ਪਾ ਰਿਹਾ ਤਾਂ ਕਿ ਸਰਕਾਰ ਆਪਣੀਆਂ ਮਨਮਰਜ਼ੀਆਂ ਛੱਡਣ ਲਈ ਮਜ਼ਬੂਰ ਹੋਵੇ ਤੇ ਲੋਕਾਂ ਬਾਰੇ ਸੋਚੇ। ਜਦਕਿ ਹੁਣ ਇਕੱਲਾ ਕਹਿਰਾ ਅਜਿਹਾ ਵਿਰੋਧ ਕਰਨ ਵਾਲਾ ਤਾਂ ਸਨਕੀ ਜਾਂ ਮਨੋਰੋਗੀ ਹੀ ਕਹਾਉਂਦਾ ਹੈ!!!
****