ਗਿਆਨ ਦੇ ਯੁੱਗ ਵਿਚ ਅਗਿਆਨ ਵਾਸ……… ਲੇਖ / ਮਨਜੀਤ ਸਿੰਘ ਔਜਲਾ

ਅਜ ਅਸੀਂ ਇਕੀਵੀਂ ਸਦੀ ਦੇ ਤਕਨੀਕੀ ਯੁੱਗ ਵਿਚ ਰਹਿ ਰਹੇ ਹਾਂ, ਜਿਸ ਵਿਚ ਵਿਚਰਦਿਆਂ ਅੱਜ ਦਾ ਸਾਧਾਰਣ ਵਿਅਕਤੀ ਪ੍ਰਸਾਰਣ ਦੇ ਵਾਧੇ ਕਾਰਣ ਅਨੇਕਾਂ ਗੱਲਾਂ ਤੋਂ ਸੁਭਾਵਕ ਹੀ ਜਾਣੂ ਹੋ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਅੱਜ ਆਮ ਆਦਮੀ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਭਾਰਤ ਦੀਆਂ ਬੁਰਾਈਆਂ ਅਤੇ ਅਮਰੀਕਾ ਦੇ ਟ੍ਰੀਲਿਯਨ ਡਾਲਰਾਂ ਦੇ ਕਰਜੇ ਬਾਰੇ ਇੰਝ ਗੱਲਾਂ ਕਰਦਾ ਹੈ, ਜਿਵੇਂ ਇਹ ਸਭ ਕੁਝ ਉਸਨੇ ਅੱਖੀਂ ਦੇਖਿਆ ਹੋਵੇ। ਇਹ ਹੀ ਨਹੀਂ ਅੱਜ ਦਾ ਅਨਪੜ੍ਹ ਜਾਂ ਇਹ ਕਹਿ ਲਵੋ ਕਿ ਘੱਟ ਪੜ੍ਹਿਆ ਇਨਸਾਨ ਗੱਲਾਂ ਕਰਕੇ ਸਿਆਣੇ ਮਨੁੱਖਾਂ ਦੇ ਵੀ ਕੰਨ ਕੁਤਰਦਾ ਹੈ ਅਤੇ ਆਪਣੀ ਕਿਸੇ ਵੀ ਕਮਜ਼ੋਰੀ ਤੇ ਸ਼ਰਮਸਾਰ ਨਹੀਂ ਹੁੰਦਾ। ਅਜੇ ਕੱਲ ਦੀ ਹੀ ਗੱਲ ਹੈ ਕਿ ਇੱਕ ਅੱਠ ਸਾਲ ਦਾ ਬੱਚਾ ਗੁਰੂ ਘਰ ਵਿੱਚੋਂ ਬਿਨਾਂ ਕੋਈ ਸ਼ਬਦ ਬੋਲਿਆਂ ਕਮੇਟੀ ਤੋਂ ਸਨਮਾਨ ਕਰਵਾ ਕੇ ਆਸਟ੍ਰੇਲੀਆ ਵਿਚੋਂ ਵਾਅਵਾ ਖੱਟ ਰਿਹਾ ਹੈ ਅਤੇ ਪੜ੍ਹਿਆਂ ਲਿਖਿਆਂ ਦੀਆਂ ਮੁਰਾਦਾਂ ਪੂਰੀਆਂ ਕਰ ਰਿਹਾ ਹੈ। ਇਹ ਹੀ ਨਹੀਂ ਅੱਜ ਪੰਜਾਬ ਤੋਂ ਹਰ ਝੂਠਾ ਸੱਚਾ ਡੇਰੇਦਾਰ ਆਪਣਾ ਜਥਾ ਲੈ ਕੇ ਬਾਹਰਲੇ ਦੇਸ਼ਾਂ ਦੇ ਦੌਰੇ ਤੇ ਨਿੱਕਲ ਪੈਂਦਾ ਹੈ, ਗੁਰਦੁਆਰਾ ਬਨਾਉਣ ਦਾ ਹੋਕਾ ਦੇਈ ਜਾਂਦਾ ਹੈ ਅਤੇ ਭੁੱਲੇ ਵਿਸਰਿਆਂ ਤੋਂ ਮਾਇਆ ਬਟੋਰੀ ਜਾਂਦਾ ਹੈ। ਬੜੂ ਸਹਿਬ ਵਿੱਦਿਆ ਕੇਂਦਰ ਜੋ ਕਦੇ ਵਿੱਦਿਆ ਦੀ ਘਾਟ ਪੂਰੀ ਕਰਨ ਵਾਸਤੇ ਹੋਂਦ ਵਿਚ ਆਇਆ ਸੀ, ਅੱਜ ਹੋਣਹਾਰ ਬੱਚਿਆਂ ਨੂੰ ਕੇਵਲ ਰਾਗ ਸਿਖਾ ਕੇ ਵਿਦੇਸ਼ਾਂ ਵਿਚੋਂ ਪੈਸਾ ਇਕੱਠਾ ਕਰ ਰਿਹਾ ਹੈ ਅਤੇ ਮਾਪਿਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਰਿਹਾ ਹੈ। ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਜਦੋਂ ਪੜ੍ਹ ਲਿਖ ਕੇ ਲੋਕ ਬੇਰੁਜ਼ਗਾਰੀ ਵਿਚ ਵਾਧਾ ਕਰਨ ਲੱਗ ਪਏ ਤਾਂ ਇੱਕ ਕਹਾਵਤ ਜਿਹੀ ਹੀ ਚੱਲ ਪਈ ਸੀ ਕਿ ਅੱਜ ਕਲ੍ਹ ਦੋ ਹੀ ਰੁਜ਼ਗਾਰ ਰਹਿ ਗਏ ਹਨ, ਜੋ ਬੇਰੁਜ਼ਗਾਰੀ ਨੂੰ ਠੱਲ੍ਹ ਪਾ ਸਕਦੇ ਹਨ ਅਤੇ ਉਹ ਸਨ, “ਕੱਦੂ ਵਿਚ ਡੰਡਾ ਫਸਾ ਕੇ ਕੋਈ ਵੀ ਰਾਗ ਆਰੰਭ ਦੇਵੋ ਅਤੇ ਦੂਸਰਾ ਕਿਸੇ ਪ੍ਰੇਤ ਆਤਮਾਂ ਦਾ ਸੁਪਨਾ ਦੱਸਕੇ ਕਿਸੇ ਸਰਕਾਰੀ ਜ਼ਮੀਨ ਉੱਤੇ ਡੰਡੇ ਤੇ ਝੰਡਾ ਲਾ ਕੇ ਗੱਡ ਦਿਓ ਬੱਸ ਫਿਰ ਪੌਂ ਬਾਰਾਂ”। ਸਦੀ ਬਦਲੀ ਅਤੇ ਇਨ੍ਹਾਂ ਸ਼ਰਾਰਤੀਆਂ ਦੀ ਸੋਚ ਵੀ ਬਦਲ ਗਈ।

ਸ਼ਮੁੱਚੇ ਭਾਰਤ ਵਿਚ ਅਤੇ ਖਾਸ ਕਰਕੇ ਪੰਜਾਬ ਵਿਚ ਜਾਦੂ ਟੂਣੇ, ਜੰਤਰ ਮੰਤਰ, ਧਾਗੇ, ਤਵੀਤ, ਭੂਤ ਪ੍ਰੇਤ ਵਰਗੀਆਂ ਬੁਰਾਈਆਂ ਤਾਂ ਸਦੀਆਂ ਤੋਂ ਚਲੀਆਂ ਆ ਰਹੀਆਂ ਸਨ, ਪ੍ਰੰਤੂ ਇੱਕੀਵੀਂ ਸਦੀ ਵਿਚ ਇੱਕ ਵਾਰ ਫਿਰ ਇਹ ਆਪਣੀ ਚਰਮ ਸੀਮਾ ਉੱਤੇ ਪਹੁੰਚ ਗਈਆਂ ਹਨ। ਅੱਜ ਦਾ ਪੰਜਾਬੀ ਇਨ੍ਹਾਂ ਜੰਤਰ ਮੰਤਰ ਕਰਨ ਵਾਲਿਆਂ ਦਾ ਇਤਨਾ ਉਪਾਸ਼ਕ ਬਣ ਗਿਆ ਹੈ ਕਿ ਆਪਣੇ ਆਪ ਨੂੰ ਕਿਸੇ ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਰਹਿਣ ਵਾਸਤੇ ਢਾਈ ਤਿੰਨ ਸਾਲ ਦੇ ਬੱਚੇ ਦੀ ਬਲੀ ਦੇਣ ਤੋਂ ਵੀ ਨਹੀਂ ਝਿਜਕਦਾ ਅਤੇ ਇਸਦੇ ਅੰਜਾਮ ਤੋਂ ਵੀ ਬੇਖਬਰ ਹੋ ਜਾਂਦਾ ਹੈ। ਕਿੰਨੀਂ ਸ਼ਾਤਰ ਸੋਚ ਇਨ੍ਹਾਂ ਤੰਤਰੀਆਂ ਨੇ ਇੱਕੀਵੀਂ ਸਦੀ ਦੇ ਮਨੁੱਖ ਵਿਚ ਪਾ ਰੱਖੀ ਹੈ। ਅਜਿਹੀ ਸੋਚ ਕਾਰਨ ਵਿਗਿਆਨਕ ਯੁੱਗ ਵਿੱਚ ਵਿਚਰਦਿਆਂ ਅੱਜ ਦਾ ਵਿਗਿਆਨੀ ਅਤੇ ਕਾਮਾ ਤਾਂ ਆਪਣੀ ਰੋਟੀ ਰੋਜ਼ੀ ਹੀ ਤੋਰਦਾ ਹੈ । ਪ੍ਰੰਤੂ ਬਾਬਾ ਰਾਮ ਦੇਵ ਵਰਗੇ ਤਨ ਤੇ ਇਕ ਕੱਪੜਾ ਪਾਉਣ ਵਾਲੇ ਅਤੇ ਯੋਗ ਭੇਸ ਦਾ ਵਿਖਾਵਾ ਕਰਨ ਵਾਲੇ ਵੀ ਆਪਣੇ ਆਪ ਨੂੰ 1100 ਕਰੋੜ ਰੁਪਏ ਦੀ ਆਸਾਮੀਂ ਦੱਸਦੇ ਹੋਏ ਮਾਣ ਮਹਿਸੂਸ ਕਰਦੇ ਹਨ।

ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਜਿਉਂ ਹੀ ਜਿਫ਼ ਕੈਨਿਟ ਨੇ ਬਾਹਰਲੇ ਵਿਦਿਆਰਥੀਆਂ ਵਾਸਤੇ ਵਿਕਟੋਰੀਆ ਦੇ ਦਰਵਾਜ਼ੇ ਖੋਲੇ ਤਾਂ ਏਥੇ ਵਸਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਹੁਣ ਸਾਡੀ ਆਬਾਦੀ ਵੀ ਇੰਗਲੈਂਡ ਅਤੇ ਕੈਨੇਡਾ ਵਾਂਗ ਵਧ ਜਾਵੇਗੀ ਪ੍ਰੰਤੂ ਇਹ ਕਿਸਨੂੰ ਪਤਾ ਸੀ ਕਿ ਆਬਾਦੀ ਦੇ ਵਾਧੇ ਵਿਚ ਏਥੇ ਅਜਿਹੀ ਮਲੀਨ ਬੁੱਧੀ ਵੀ ਆ ਜਾਵੇਗੀ, ਜੋ ਆਪਣਿਆਂ ਨੂੰ ਸਿੱਧੇ ਰਸਤੇ ਪਾਉਣ ਦੀ ਥਾਂ ਜਾਅਲੀ ਤਜ਼ਰਬਿਆਂ ਦੇ ਪਰਵਾਨੇ ਦੇ ਕੇ ਪੱਕੇ ਹੋਣ ਦੇ ਮੌਕੇ ਵਧਾਉਣ ਦੀ ਥਾਂ ਉਨ੍ਹਾਂ ਨੂੰ ਖਤਮ ਹੀ ਕਰ ਦੇਣਗੇ। ਜਦੋਂ ਤੋਂ  ਪੰਜਾਬੀ ਮਾਪਿਆਂ ਦਾ ਧਿਆਨ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਲ ਲੱਗਿਆ, ਉਸਦੇ ਨਾਲ ਹੀ ਬੇ-ਬਹਾਰੇ ਬਰੂ ਵਾਂਗ ਇਮੀਗ੍ਰੇਸ਼ਨ ਵਕੀਲ (ਏਜੰਟ), ਜਾਅਲੀ ਪਰਵਾਨਿਆਂ ਦੇ ਸੌਦਾਗਰ, ਤਸਕਰੀ ਦੇ ਉਸਤਾਦ ਅਤੇ ਝੂਠੇ ਵਿਆਹਾਂ ਦੇ ਠੇਕੇਦਾਰ ਵੀ ਉੱਗ ਪਏ। ਇਸਦੇ ਨਾਲ ਹੀ ਪੰਜਾਬ ਵਿਚ ਵਿਕਣ ਵਾਲੀਆਂ ਦਵਾਈਆਂ (ਡਰੱਗ) ਦੀ ਭਰਮਾਰ ਆਸਟ੍ਰੇਲੀਆ ਵਿਚ ਵੀ ਹੋਂਦ ਵਿਚ ਆ ਗਈ ਅਤੇ ਅੱਜ ਹਰ ਉਹ ਦਵਾਈ (ਡਰੱਗ) ਜਿਸਦੇ ਲੋਕ ਪੰਜਾਬ ਵਿਚ ਆਦੀ ਸਨ, ਏਥੇ ਸ਼ਰੇਆਮ ਦੇਸੀ ਦਵਾਈ (ਆਯੁਰਵੇਦ) ਦੇ ਰੂਪ ਵਿਚ ਮਿਲ ਰਹੀ ਹੈ। ਏਥੋਂ ਤੱਕ ਕਿ ਜਿਤਨੇ ਵੀ ਟੀਵੀ ਚੈਨਲ ਭਾਰਤ ਤੋਂ ਬਾਹਰ ਚਲਦੇ ਹਨ, ਉਨ੍ਹਾਂ ਸਾਰਿਆਂ ਨੂੰ ਜੰਤਰ ਮੰਤਰ ਅਤੇ ਆਯੁਰਵੈਦਕ ਦਵਾਈਆਂ ਦੇ ਪ੍ਰਸਾਰਣ ਦਾ ਸੋਮਾ ਬਣਾਇਆ ਹੋਇਆ ਹੈ। ਇਨ੍ਹਾਂ ਬੁਰਾਈਆਂ ਦੇ ਵਾਧੇ ਵਿਚ ਸਾਡੇ ਭਾਰਤੀ ਸਟੋਰ ਹੋਰ ਵੀ ਵਾਧਾ ਕਰ ਰਹੇ ਹਨ।

ਸ਼ਾਇਦ ਉਪਰੋਕਤ ਤੱਥਾਂ ਦੇ ਕਾਰਣ ਜਾਂ ਸਰਕਾਰ ਦੀਆਂ ਆਪਣੀਆਂ ਖੋਜ ਕੋਸ਼ਿਸ਼ਾਂ ਕਰਕੇ ਅਤੇ ਭਾਰਤੀ ਪ੍ਰਸਾਰਣ ਦਾ ਨਾਪ ਤੋਲ ਕਰਦਿਆਂ ਵਿਕਟੋਰੀਆ ਦੇ ਸੇਹਤ ਵਿਭਾਗ ਨੇ ਮੀਡੀਆ ਰਿਲੀਜ਼ ਰਾਹੀਂ ਭਾਰਤੀ ਮੂਲ ਦੇ ਲੋਕਾਂ ਨੂੰ ਤਾੜਨਾਂ ਕੀਤੀ ਹੈ ਕਿ ਉਹ ਆਯੁਰਵੈਦਿਕ ਦਵਾਈਆਂ ਜੋ ਭਾਰਤ ਵਿਚ ਰਜਿਸਟਰ ਨਹੀਂ ਹਨ ਅਤੇ ਆਸਟ੍ਰੇਲੀਆ ਵਿਚ ਮਨਜੂਰਸ਼ੁਦਾ ਨਹੀਂ ਹਨ, ਨੂੰ ਆਸਟ੍ਰੇਲੀਆ ਵਿਚ ਨਾ ਲੈ ਕੇ ਆਉਣ ਕਿਊਂਕਿ ਉਨ੍ਹਾਂ ਵਿਚ ਸਿੱਕੇ ਦੀ ਧਾਤ ਦੀ ਮਾਤਰਾ ਆਸਟ੍ਰੇਲੀਅਨ ਸਟੈਂਡਰਡ ਤੋਂ 15000 ਗੁਣਾ ਵੱਧ ਪਾਈ ਗਈ ਹੈ। ਸੇਹਤ ਵਿਭਾਗ ਨੇ ਤਾਂ ਬਿਮਾਰੀਆਂ ਅਤੇ ਰੋਗੀਆਂ ਦੇ ਹਵਾਲੇ ਵੀ ਦਿਤੇ ਹਨ। ਇਹ ਤਾਂ ਹੁਣ ਅਸੀਂ ਦੇਖਣਾ ਹੈ ਕਿ ਤੰਤਰੀਆਂ ਅਤੇ ਬਾਬਿਆਂ ਦੇ ਪਿੱਛੇ ਲਗ ਕੇ ਅਸੀਂ ਵਿਦੇਸ਼ਾਂ ਵਿਚ ਆ ਕੇ ਵੀ ਠੱਗਾਂ ਦੀਆਂ ਚੋਪੜੀਆਂ ਵਿਚ ਆਉਣਾ ਅਤੇ ਆਪਣੇ ਆਪ ਨੂੰ ਰੋਗੀ ਬਨਾਉਣਾ ਹੈ ਜਾਂ ਆਪਣੀ ਦਸਾਂ ਨੌਂਹਾਂ ਦੀ ਕਿਰਤ ਉਤੇ ਨਿਰਭਰ ਹੋਣਾ ਹੈ।

ਅਜ ਦਾ ਮਨੁੱਖ ਜੋ ਧਰਮ ਦੇ ਨਾਮ ਉਤੇ ਠੱਗੀਆਂ ਮਾਰ ਰਿਹਾ ਹੈ, ਇਸ ਗਲ ਤੋਂ ਨਰੋਲ ਅਨਜਾਣ ਹੁੰਦਾ ਜਾ ਰਿਹਾ ਹੈ ਕਿ ਦੁਨੀਆਂ ਦੇ ਕਿਸੇ ਧਰਮ ਵਿਚ ਵੀ ਸੱਚੀ ਸੁੱਚੀ ਕਿਰਤ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਨੂੰ ਕੋਈ ਥਾਂ ਨਹੀਂ ਦਿੱਤੀ। ਸਿੱਖ ਧਰਮ ਤਾਂ ਹੈ ਹੀ ਸਾਧਾਰਣ ਮਨੁੱਖ ਦਾ ਧਰਮ, ਜਿਸ ਵਿਚ ਕਿਸੇ ਵੀ ਪਖੰਡ ਨੂੰ ਕੋਈ ਥਾਂ ਨਹੀਂ । ਕੇਵਲ ਤੇ ਕੇਵਲ ਸੱਚੀ ਸੁੱਚੀ ਕਿਰਤ ਨੂੰ ਹੀ ਉੱਤਮ ਦੱਸਿਆ ਹੈ ਅਤੇ ਇਸ ਦੁਆਰਾ ਹੀ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਦੱਸਿਆ ਹੈ ।ਅੱਜ ਸਿੱਖ ਧਰਮ ਵਿੱਚ ਵੀ ਇਹ ਸਾਰੀਆਂ ਉਪਰੋਕਤ ਬੁਰਾਈਆਂ ਦੇਖਣ ਵਿੱਚ ਆਉਂਦੀਆਂ ਹਨ। ਅੱਜ ਦਾ ਸਿੱਖ ਸਭ ਤੋਂ ਵੱਧ ਡੇਰਿਆਂ ਅਤੇ ਮਾਂਦਰੀਆਂ ਦੇ ਪਿੱਛੇ ਭੱਜਾ ਫਿਰਦਾ ਹੈ ਅਤੇ ਸਿੰਘ ਹੋ ਕੇ ਵੀ ਬੁਰਾਈਆਂ ਕਰਨ ਵਿਚ ਅਗਲੀ ਕਤਾਰ ਵਿਚ ਆਉਂਦਾ ਹੈ । ਕਿਉਂਕਿ ਇਸ ਕਿਸੇ ਤੋਂ ਪਿੱਛੇ ਰਹਿਣਾ ਨਹੀਂ ਸਿੱਖਿਆ। ਜ਼ਰਾ ਦੇਖੋ ਸਾਡੀ ਪੰਜਾਬ ਸਰਕਾਰ ਵੱਲ, ਜੋ ਨਿਰੋਲ ਪੰਜਾਬੀਆਂ ਦੀ ਆਪਣੀ ਚੁਣੀ ਹੋਈ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਹੀ ਬਣੀ ਹੈ । ਅੱਜ ਪੰਜਾਬ ਨੂੰ 75,000 ਕਰੋੜ ਰੁਪਏ ਦੇ ਕਰਜ਼ੇ ਅਤੇ 70,000 ਕਰੋੜ ਰੁਪਏ ਦੀਆਂ ਜਾਮਨੀਆਂ ਵਿੱਚ ਦੇਖ ਕੇ ਕਿਤਨੀ ਖੁਸ਼ ਹੈ ਕਿ ਹਰ ਸਾਲ ਵਰਲਡ ਕੱਬਡੀ ਕੱਪ ਕਰਵਾ ਕੇ ਪੰਜਾਬੀ ਮਾਂ-ਬੋਲੀ ਦੀ ਉਨਤੀ ਵਾਸਤੇ ਸ਼ਾਹਰੁਖ ਖਾਨ ਵਰਗੇ ਪੰਜਾਬੀ ਕਲਾਕਾਰ ਉੱਤੇ ਤਿੰਨ ਤਿੰਨ ਕਰੋੜ ਰੁਪਏ ਖਰਚਦੀ ਹੈ, ਜਦੋਂ ਕਿ ਸੈਂਕੜੇ ਦੇ ਲਗਭਗ ਪੰਜਾਬੀ ਖਿਡਾਰੀਆਂ ਵਿਚੋਂ ਤੀਜਾ ਹਿੱਸਾ ਖਿਡਾਰੀ ਆਪਣੀ ਮਾਂ-ਖੇਡ ਦਾ ਪ੍ਰਦਰਸ਼ਨ ਘੋੜਿਆਂ ਜਾਂ ਮੱਝਾਂ ਵਾਲਾ ਟੀਕਾ ਲਾ ਕੇ ਕਰਦੇ ਹਨ। ਅਜਿਹੇ ਸੁਲਝੇ ਹੋਏ ਨੀਤੀਵਾਨਾਂ ਦੇ ਹੁੰਦਿਆਂ ਕਿਉਂ ਨਾਂ ਪੰਜਾਬ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਉਨਤੀ ਕਰੇਗਾ? ਅਰਥ-ਸਾਸ਼ਤਰੀ ਜੋ ਇਤਨਾ ਕਰਜ਼ਾ ਦੇਖ ਕੇ ਪੰਜਾਬ ਨੂੰ ਦਿਵਾਲੀਆ ਹੋ ਜਾਣ ਦਾ ਢੰਡੋਰਾ ਪਿੱਟ ਰਹੇ ਹਨ, ੳੇਹ ਤਾਂ ਐਵੇਂ ਹਵਾ ਵਿੱਚ ਹੀ ਤੀਰ ਮਾਰ ਰਹੇ ਹਨ । ਅਸਲ ਨਿਸ਼ਾਨੇਬਾਜ਼ ਤਾਂ ਪੰਜਾਬ ਸਰਕਾਰ ਹੈ, ਜਿਸਦੀ ਤੀਜੀ ਅੱਖ ਖੁੱਲਦੀ ਹੀ ਚੋਣਾਂ ਤੋਂ ਦੋ ਤਿੰਨ ਮਹੀਨੇ ਪਹਿਲਾਂ ਹੈ ਅਤੇ ਚੋਣਾਂ ਤੋਂ ਬਾਅਦ ਪੰਜ ਸਾਲ ਵਾਸਤੇ ਫਿਰ ਬੰਦ ਹੋ ਜਾਂਦੀ ਹੈ।

****