ਬਹੁਤ ਸਾਰੇ ਲੋਕ ਮੇਰਾ ਨਾਮ ਸਲਮਾਨ ਰਸ਼ਦੀ ਦੇ ਨਾਂ ਨਾਲ ਜੋੜ ਦਿੰਦੇ ਹਨ, ਦੇਸ-ਵਿਦੇਸ਼ ਸਭ ਥਾਵ੍ਹੀਂ। ਪਰ, ਜਦੋਂ ਦੋ ਵਿਅਕਤੀਆਂ ਨੂੰ ਅਜਿਹੇ ਪੱਧਰ ’ਤੇ ਦੇਖਿਆ ਜਾਂਦਾ ਹੈ ਜਿਨ੍ਹਾਂ ਵਿਚ ਕਾਫੀ ਅਸਮਾਨਤਾ ਹੋਵੇ ਤਾਂ ਇਤਰਾਜ਼ ਸੁਭਾਵਕ ਹੈ। ਅੱਜ-ਕਲ ਧੜੱਲੇ ਨਾਲ ਮੈਨੂੰ ਔਰਤ ਰਸ਼ਦੀ ਕਹਿ ਦਿੱਤਾ ਜਾਂਦਾ ਹੈ। ਮੈਂ ਪੁੱਛਦੀ ਹਾਂ ਕਿ ਸਲਮਾਨ ਰਸ਼ਦੀ ਨੂੰ ਮਰਦ ਨਸਰੀਨ ਕਿਉਂ ਨਹੀਂ ਕਹਿ ਸਕਦੇ? ਇਕ ਫਤਵੇ ਨੂੰ ਛੱਡ ਦਿਉ ਤਾਂ ਸਾਡੇ ਵਿਚਕਾਰ ਕੋਈ ਸਮਾਨਤਾ ਨਹੀਂ ਹੈ। ਮਰਦ ਹੋਣ ਕਰਕੇ ਉਹ ਸੁਖ-ਸਹੂਲਤਾਂ ਭੋਗ ਰਹੇ ਹਨ, ਔਰਤ ਹੋਣ ਕਰਕੇ ਮੈਂ ਮੁਸ਼ਕਲਾਂ ਵਿਚ ਘਿਰੀ ਹੋਈ ਹਾਂ।
ਮੈਂ ਇਕ ਇਕ ਕਰਕੇ ਅਸਮਾਨਤਾਵਾਂ ਗਿਣਾਉਂਦੀ ਹਾਂ। ਫਤਵਾ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਕੱਟੜਪੰਥੀਆਂ ਤੋਂ ਮਾਫੀ ਮੰਗੀ। ਤੌਬਾ ਕਰਕੇ ਚੰਗੇ ਮੁਸਲਮਾਨ ਬਣੇ ਰਹਿਣ ਦੀ ਕਸਮ ਖਾਧੀ। ਮੈਂ ਮਾਫੀ ਨਹੀਂ ਮੰਗੀ ਮੁਸਲਮਾਨ ਵੀ ਨਹੀਂ ਹੋਣਾ ਚਾਹੁੰਦੀ। ਮੈਂ ਬਚਪਨ ਤੋਂ ਹੀ ਨਾਸਤਿਕ ਹਾਂ, ਭਾਵੇਂ ਕਿੰਨੀਆਂ ਹਨੇਰੀਆਂ-ਤੂਫਾਨ ਆਏ ਹਮੇਸ਼ਾ ਸਿਰ ਉੱਚਾ ਕਰਕੇ ਨਾਸਤਿਕ ਬਣੀ ਰਹੀ।
ਜਿਸ ਇਰਾਨ ਨੇ ਰਸ਼ਦੀ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ ਉਹ ਉਸ ਦੇਸ਼ ਵਿਚ ਕਦੇ ਨਹੀਂ ਰਹੇ। ਪਰ, ਜਿਸ ਦੇਸ਼ ਵਿਚ ਮੈਨੂੰ ਫਾਂਸੀ ’ਤੇ ਲਟਕਾਉਣ ਦੇ ਮਕਸਦ ਨਾਲ ਸਾਲਾਂ ਬੱਧੀ ਖਰੂਦੀਆਂ ਦੇ ਜਲੂਸ ਨਿਕਲਦੇ ਰਹੇ, ਜਿੱਥੇ ਅਸਹਿਣਸ਼ੀਲ ਮੁਸਲਮਾਨ ਮੇਰੀ ਹੱਤਿਆ ਕਰਨਾ ਚਾਹੁੰਦੇ ਸਨ, ਜਿੱਥੇ ਦੀ ਸਰਕਾਰ ਨੇ ਖੁਦ ਮੇਰੇ ਖਿਲਾਫ ਅਪੀਲ ਕੀਤੀ ਸੀ, ਜਿਸ ਦੇ ਚੱਲਦਿਆਂ ਮੇਰਾ ਹੁਲੀਆ ਜਾਰੀ ਕੀਤਾ ਗਿਆ ਅਤੇ ਮੈਨੂੰ ਮਹੀਨਿਆਂ ਬੱਧੀ ਹਨੇਰੇ ਵਿਚ ਲੁਕ-ਛਿਪ ਕੇ ਰਹਿਣਾ ਪਿਆ ਸੀ। ਜਿਸ ਦੇਸ਼ ਦੇ ਕੱਟੜਪੰਥੀ ਆਪਣੇ ਹੱਥਾਂ ਨਾਲ ਮੇਰੀ ਗਰਦਣ ਮਰੋੜਨ ਲਈ ਬਜਿਦ ਸਨ। ਉਸ ਦੇਸ਼ ਵਿਚ, ਅਜਿਹੇ ਹਿੰਸਕ ਮਹੌਲ ਵਿਚ ਵੀ ਮੈਂ ਵਿਅਕਤੀਗਤ (ਖੁਦ) ਤੌਰ ’ਤੇ ਉੱਥੇ ਹਾਜ਼ਰ ਰਹੀ। ਸਰਕਾਰ ਅਤੇ ਕੱਟੜਪੰਥੀਆਂ ਦੇ ਅੱਤਿਆਚਾਰ ਮੈਂ ਇਕੱਲੀ ਨੇ ਝੱਲੇ।
ਫਤਵੇ ਦੇ ਚੱਲਦਿਆਂ ਰਸ਼ਦੀ ਨੂੰ ਉਸਦੇ ਦੇਸ਼ ਵਿਚ ਕਿਸੇ ਨੇ ਤੰਗ ਨਹੀਂ ਕੀਤਾ। ਉਸਨੂੰ ਦੇਸ਼ ਨਿਕਾਲੇ ਦੀ ਸਜ਼ਾ ਨਹੀਂ ਦਿੱਤੀ ਗਈ। ਰਸ਼ਦੀ ਦਾ ਦੇਸ਼ ਹੈ ਇੰਗਲੈਂਡ । ਉਹ ਉੱਥੇ ਹੀ ਰਹੇ ਅਤੇ ਉੱਥੇ ਹੀ ਹਨ। ਉਨ੍ਹਾਂ ਦੇ ਖਿਲਾਫ ਸਿਰਫ ਇਕ ਫਤਵਾ ਜਾਰੀ ਹੋਇਆ। ਮੇਰੇ ਖਿਲਾਫ ਬੰਗਲਾਦੇਸ਼ ਵਿਚ ਤਿੰਨ ਅਤੇ ਭਾਰਤ ਵਿਚ ਪੰਜ ਫਤਵੇ ਜਾਰੀ ਹੋਏ। ਸਾਰਿਆਂ ਵਿਚ ਮੇਰੇ ਸਿਰ ਦੀ ਕੀਮਤ ਦਾ ਐਲਾਨ ਕੀਤਾ ਗਿਆ। ਰਸ਼ਦੀ ਨੂੰ ਤਾਂ ਕਿਸੇ ਦੇਸ਼ ਤੋਂ ਨਹੀਂ ਪਰ ਮੈਨੂੰ ਮੇਰੇ ਲਿਖਣ ਦੇ ਕਾਰਨ ਦੋ ਦੇਸ਼ਾਂ ਤੋਂ ਬਾਹਰ ਕੱਢ ਦਿੱਤਾ ਗਿਆ। ਉਸਦੀ ਇਕ ਕਿਤਾਬ ’ਤੇ ਪਾਬੰਦੀ ਲੱਗੀ ਹੈ ਪਰ ਮੇਰੀਆਂ ਪੰਜ ਕਿਤਾਬਾਂ ’ਤੇ ਪਾਬੰਦੀ ਹੈ,- ਲੱਜਾ, ਮੇਰਾ ਬਚਪਨ, ਉਤਾਲ ਹਵਾ, ਦਿਖੰਡਿਤ ਅਤੇ ਸਾਰਾ ਅੰਧਕਾਰ। ਧਰਮ ਦੀ ਨਿੰਦਿਆ ਕਰਨ ਦੇ ਬਾਵਜੂਦ ਰਸ਼ਦੀ ਕਿਸੇ ਵੀ ਧਰਮ-ਨਿਰਪੱਖ ਮਨੁੱਖੀ ਅਧਿਕਾਰ ਸੰਗਠਨ ਨਾਲ ਨਹੀਂ ਜੁੜੇ ਹੋਏ, ਮੈਂ ਸਰਗਰਮੀ ਨਾਲ ਜੁੜੀ ਹੋਈ ਹਾਂ।
ਉਹ ਵਿਅਕਤੀਗਤ ਜੀਵਨ ਵਿਚ ਅਤਿਅੰਤ ਸਾਮੰਤਵਾਦੀ (ਜਗੀਰੂ) ਹਨ। ਮੈਂ ਉਨ੍ਹਾਂ ਦੇ ਉਲਟ ਹਾਂ। ਰਸ਼ਦੀ ਇਕ ਤੋਂ ਬਾਅਦ ਇਕ ਲੜਕੀਆਂ ਨੂੰ ਪਕੜਦੇ , ਉਨ੍ਹਾਂ ਨੂੰ ਭੋਗਦੇ ਅਤੇ ਫੇਰ ਛੱਡ ਦਿੰਦੇ ਹਨ। ਬੁੱਢੀ ਉਮਰ ਵਿਚ ਉਨ੍ਹਾਂ ਦੀ ਇਸ ਕਾਮੁਕਤਾ (ਯੌਨ ਇੱਛਾ) ਨੂੰ ਕੋਈ ਬੁਢਾਪੇ ਦੇ ਸੁਪਨੇ ਵਜੋਂ ਨਹੀਂ ਦੇਖਦਾ ਸਗੋਂ ਉਸਨੂੰ ਵਧੇਰੇ ਸਮਰੱਥ, ਖੁਬਸੂਰਤ, ਪ੍ਰੇਮੀ ਦੇ ਰੂਪ ਵਿਚ ਸਨਮਾਨ ਦਿੱਤਾ ਜਾਂਦਾ ਹੈ ਅਤੇ ਬਹੁਤੇ ਮਰਦਾਂ ਵਾਸਤੇ ਉਹ ਈਰਖਾ ਦਾ ਵਿਸ਼ਾ ਬਣੇ ਹੋਏ ਹਨ। ਜਦੋਂ ਕਿ ਇਸ ਪਾਸੇ ਮਰਦ ਸਾਥੀ ਤੋਂ ਬਿਨਾਂ ਜੀਵਨ ਗੁਜ਼ਾਰਦੇ ਰਹਿਣ ਦੇ ਬਾਵਜੂਦ ਮੇਰੀ ਕਾਮੁਕਤਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿੱਸੇ ਕਹਾਣੀਆਂ ਲਿਖੇ ਜਾਂਦੇ ਹਨ। ਮੈਨੂੰ ਵੇਸਵਾ ਅਤੇ ਵਿਗੜੀ ਹੋਈ ਔਰਤ ਦੱਸਣ ਵਾਲ਼ਿਆਂ ਦਾ ਵੀ ਕੋਈ ਘਾਟਾ ਨਹੀਂ ਹੈ।
ਮਰਦ ਯੌਨ ਜੀਵਨ ਦਾ ਆਨੰਦ ਲੈ ਸਕਦਾ ਹੈ। ਪਰ ਔਰਤ ਜਦੋਂ ਅਜਿਹਾ ਕਰਦੀ ਹੈ ਜਾਂ ਕਰਨ ਦੇ ਅਧਿਕਾਰ ਦੀ ਗੱਲ ਕਰਦੀ, ਲਿਖਦੀ ਹੈ ਤਾਂ ਉਹ “ਵੇਸਵਾ” ਹੈ। ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਹੈ ਤਾਂ ਲੋਕਾਂ ਦੀ ਨਿੰਦਿਆ ਸੁਣਦੀ ਆ ਰਹੀ ਹਾਂ। ਔਰਤ ਦੀ ਯੌਨ ਅਜਾਦੀ ਦਾ ਸਵਾਲ ਉਠਾ ਕੇ ਜਿਵੇਂ ਮੈਂ ਸਮਾਜ ਦੇ ਬਾਰਾਂ ਬਜਾ ਦਿੱਤੇ ਹੋਣ। ਰਸ਼ਦੀ ਅਤੇ ਮੇਰੇ ਵਿਚਕਾਰ ਇਕ ਹੋਰ ਅਜੀਬ ਸਮਾਨਤਾ ਜਾਂ ਅਸਮਾਨਤਾ ਇਹ ਹੈ ਕਿ ਜਿਹੜੇ ਰਸ਼ਦੀ ਨੂੰ ਚੰਗਾ ਲੇਖਕ ਮੰਨਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਉਨ੍ਹਾਂ ਦੀਆਂ ਲਿਖਤਾਂ ਨਹੀਂ ਪੜ੍ਹੀਆਂ ਹੋਈਆਂ ਅਤੇ ਜੋ ਲੋਕ ਮੈਨੂੰ ਖਰਾਬ ਲੇਖਕ ਮੰਨਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਮੇਰਾ ਲਿਖਿਆ ਪੜ੍ਹਿਆ ਹੀ ਨਹੀਂ।
ਰਸ਼ਦੀ ਨਾਲ 1993 ਤੋਂ ਮੇਰਾ ਨਾਮ ਜੋੜਿਆ ਜਾ ਰਿਹਾ ਹੈ। ਇਰਾਨ ਵਲੋਂ ਫਤਵਾ ਜਾਰੀ ਹੋਣ ਤੋਂ ਬਾਅਦ ਰਸ਼ਦੀ ਇਕ ਬਹੁਤ ਵੱਡਾ ਨਾਮ ਹੋ ਗਿਆ ਸੀ। ਜਦੋਂ ਕਿ ਮੇਰੇ ਸਿਰ ਦੀ ਕੀਮਤ ਐਲਾਨੇ ਜਾਣ ਤੋਂ ਬਾਅਦ ਬੰਗਲਾ ਦੇਸ਼ ਅਤੇ ਭਾਰਤ ਦੀ ਸੀਮਾ ਨੇੜਲੇ ਕੁੱਝ ਲੋਕਾਂ ਨੇ ਮੇਰਾ ਨਾਮ ਜਾਣਿਆ। ਜਿਸ ਸਮੇਂ ਬੰਗਲਾ ਦੇਸ਼ ਵਿਚ ਮੈਂ ਨਜ਼ਰਬੰਦ ਸਥਿਤੀ ਵਿਚ ਸੀ ਉਸ ਵਕਤ ਮੇਰੇ ਹੱਕ ਵਿਚ ਖੁੱਲ੍ਹਾ ਖ਼ਤ ਲਿਖ ਕੇ ਅੰਦੋਲਨ ਚਲਾਉਣ ਵਾਲੇ ਯੂਰਪੀ ਲੇਖਕਾਂ ਵਿਚ ਰਸ਼ਦੀ ਵੀ ਸ਼ਾਮਲ ਸਨ। ਪਰਵਾਸ ਦੇ ਦੌਰਾਨ ਜਰਮਨੀ ਦੀ ਇਕ ਪੱਤ੍ਰਿਕਾ ਵਿਚ ਛਪੇ ਮੇਰੇ ਬਿਆਨ ਪੜ੍ਹਕੇ ਉਹ ਭੜਕ ਉੱਠੇ। ਉਸ ਪੱਤ੍ਰਿਕਾ ਵਿਚ ਮੈਂ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਜੇ ਫਤਵੇ ਦੇ ਡਰ ਤੋਂ ਰਸ਼ਦੀ ਨੇ ਮਾਫੀ ਮੰਗੀ ਹੈ ਤਾਂ ਇਹ ਉਸਦੀ ਕਾਇਰਤਾ ਹੈ।
ਫਿਲਹਾਲ ਰਸ਼ਦੀ ਨਿਊਯਾਰਕ ਸ਼ਹਿਰ ਵਿਚ ਰਹਿੰਦੇ ਹਨ, ਮੈਂ ਵੀ ਉੱਥੇ ਹੀ ਰਹਿੰਦੀ ਹਾਂ। ਫੇਰ ਸਾਡੇ ਦੋਹਾਂ ਵਿਚਕਾਰ ਮੁਲਾਕਾਤ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਅਮਰੀਕੀ ਲੇਖਕਾਂ, ਕਵੀਆਂ ਦੇ ਵੱਡੇ ਸੰਗਠਨ ਪੈਨ ਕਲੱਬ ਦੇ ਪ੍ਰਧਾਨ ਹਨ। ਦੋ ਸਾਲ ਪਹਿਲਾਂ ਪੈਨ ਕਲੱਬ ਵਲੋਂ ਲਿਖਣ ਦੀ ਅਜਾਦੀ ਨੂੰ ਲੈ ਕੇ ਕਾਫੀ ਵੱਡਾ ਇਕੱਠ ਹੋਇਆ ਸੀ। ਉਸ ਵਿਚ ਏਸ਼ੀਆ, ਅਫਰੀਕਾ ਦੇ ਬਹੁਤ ਸਾਰੇ ਲੇਖਕ ਇਕੱਠੇ ਹੋਏ ਸਨ, ਸਾਰੇ ਹੀ ਅਣਜਾਣੇ।
ਸਲਮਾਨ ਰਸ਼ਦੀ ਜਾਣਦੇ ਹਨ ਕਿ ਮੈਂ ਭਾਰਤ ਵਿਚੋਂ ਕੱਢੇ ਜਾਣ ਤੋਂ ਬਾਅਦ ਉੱਥੇ ਆਈ ਹਾਂ। ਮੇਰੀ ਲਿਖਣ ਦੀ ਅਜਾਦੀ ਉੱਤੇ ਹਮਲੇ ਹੋਏ ਹਨ ਉਸਦੇ ਪਿੱਛੇ ਨਫਰਤ ਅਤੇ ਅਵਿਸ਼ਵਾਸ ਹੈ। ਬੰਗਲਾ ਦੇਸ਼ ਵਿਚ ਮੇਰੀਆਂ ਸਾਰੀਆਂ ਕਿਤਾਬਾਂ ਸਮਾਜਿਕ ਭਾਵ ਤੋਂ ਨਹੀਂ ਸਰਕਾਰੀ ਤੌਰ ’ਤੇ ਪਾਬੰਦੀਸ਼ੁਦਾ ਹਨ। ਸਿਰਫ ਬੰਗਲਾਦੇਸ਼ ਤੋਂ ਹੀ ਨਹੀਂ ਪੱਛਮੀ ਬੰਗਾਲ ਤੋਂ ਵੀ ਮੈਨੂੰ ਕੱਢਿਆ ਜਾ ਚੁੱਕਾ ਹੈ। ਇੰਨਾ ਹੀ ਨਹੀਂ ਦੇਸ਼ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਸਾਢੇ ਸੱਤ ਮਹੀਨੇ ਤੱਕ ਮੈਨੂੰ ਕੋਲਕਤਾ ਅਤੇ ਦਿੱਲੀ ਵਿਖੇ ਨਜ਼ਰਬੰਦੀ ਦੀ ਹਾਲਤ ਵਿਚ ਰੱਖਿਆ ਗਿਆ ਪਰ ਮੇਰੇ ਇਤਿਹਾਸ ਨੂੰ ਧੋਖੇ, ਧੱਕੇ ਅਤੇ ਚਤਰਾਈ ਨਾਲ ਅਸਵੀਕਾਰ ਕਰਦੇ ਹੋਏ ਸਲਮਾਨ ਰਸ਼ਦੀ ਲੇਖਕ ਦੀ ਅਜਾਦੀ ਦਾ ਉਤਸਵ ਮਨਾ ਰਹੇ ਹਨ।
ਉਹ ਜੋ ਚਾਹੁੰਦੇ ਹਨ ਕਰਦੇ ਹਨ। ਉਹਦੇ ਸੁਰੱਖਿਆ ਗਾਰਡਾਂ ਵਿਚੋਂ ਇਕ ਨੇ ਉਸਦੇ ਖਿਲਾਫ ਕਿਤਾਬ ਲਿਖੀ ਹੈ। ਉਹਨੇ ਪ੍ਰਕਾਸ਼ਕਾਂ ਨਾਲ ਗੱਲਬਾਤ ਕਰਕੇ ਉਸ ਨੂੰ ਨਾ ਛਪਣ ਦੇਣ ਦਾ ਪ੍ਰਬੰਧ ਕਰ ਲਿਆ ਹੈ। ਹਾਂ ! ਉਹ ਪੇਸ਼ਕਾਰੀ ਦੀ ਅਜਾਦੀ ਦਾ ਜਸ਼ਨ ਮਨਾ ਰਹੇ ਹਨ। ਉਹ ਸੱਠ ਪਾਰ ਕਰ ਚੁੱਕੇ ਹਨ ਪਰ ਲੜਕੀਆਂ ਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਹਨ ਤਾਂ ਉਨ੍ਹਾਂ ਨੂੰ ਕੋਈ ਬੁਰਾ ਨਹੀਂ ਕਹਿੰਦਾ। ਲੜਕੀਆਂ ਉਹਦੇ ’ਤੇ ਇਲਜ਼ਾਮ ਲਾ ਚੁੱਕੀਆਂ ਹਨ ਕਿ ਰਸ਼ਦੀ ਉਨ੍ਹਾਂ ਨੂੰ ਕਾਮੁਕ ਖਿਡੌਣੇ ਤੋਂ ਵੱਧ ਕੁੱਝ ਨਹੀਂ ਸਮਝਦੇ ਤਦ ਵੀ ਉਨ੍ਹਾਂ ਦੇ ਖਿਲਾਫ ਲੋਕਾਂ ਦੇ ਮਨਾਂ ਵਿਚ ਨਫਰਤ ਪੈਦਾ ਨਹੀਂ ਹੁੰਦੀ। ਇਸ ਪ੍ਰਚੰਡ ਮਰਦਵਾਦੀ ਲੇਖਕ ਦਾ ਖੂਬ ਨਾਮ ਹੈ, ਯਸ਼ ਹੈ। ਉਹਨੂੰ ਖੂਬ ਪ੍ਰਸਿੱਧੀ ਮਿਲ ਚੁੱਕੀ ਹੈ, ਪਰ ਹਕੀਕਤ ਇਹ ਹੈ ਕਿ ਇਕ ਫਤਵੇ ਨੂੰ ਛੱਡ ਕੇ ਉਸ ਨਾਲ ਮੇਰਾ ਕੋਈ ਮੇਲ ਨਹੀਂ ਹੈ।
ਪਿਛਲੇ ਲੱਗਭੱਗ ਦੋ ਸਾਲਾਂ ਤੋਂ ਇਕ ਹੋਰ ਵਿਅਕਤੀ ਨਾਲ ਮੇਰਾ ਨਾਮ ਜੋੜਿਆ ਜਾਣ ਲੱਗਾ ਹੈ, ਉਹ ਹਨ ਮਕਬੂਲ ਫਿਦਾ ਹੁਸੈਨ। ਉਹ ਵੱਡੇ ਚਿੱਤਰਕਾਰ ਹਨ। ਭਾਰਤ ਵਿਚ ਉਸਦੇ ਚਿੱਤਰ ਸਭ ਤੋਂ ਵੱਧ ਕੀਮਤ ’ਤੇ ਵਿਕਦੇ ਹਨ। ਬਹੁਤ ਸਾਰੇ ਲੋਕ ਉਸਨੂੰ ਭਾਰਤ ਦੇ ਨੰਬਰ ਇਕ ਚਿੱਤਰਕਾਰ ਦੇ ਰੂਪ ਵਿਚ ਵੇਖਦੇ ਹਨ। ਉਨ੍ਹਾਂ ਨੇ ਸਰਸਵਤੀ ਦੀ ਨੰਗੀ ਤਸਵੀਰ ਬਣਾ ਕੇ ਧਾਰਮਿਕ ਹਿੰਦੂ ਮਨ ’ਤੇ ਜ਼ਖ਼ਮ ਕੀਤਾ ਸੀ। ਹਿੰਦੂਆਂ ਨੇ ਉਸ ਦੇ ਚਿੱਤਰ ਨਸ਼ਟ ਕਰ ਦਿੱਤੇ। ਉਹਨੂੰ ਧਮਕੀ ਦਿੱਤੀ ਗਈ। ਉਹ ਦੇਸ਼ ਛੱਡਣ ਲਈ ਮਜਬੂਰ ਹੋਏ। ਮੈਂ ਰਚਨਾਕਾਰ ਦੀ ਅਜਾਦੀ ਵਿਚ ਸੌ ਫੀਸਦੀ ਵਿਸ਼ਵਾਸ ਰੱਖਦੀ ਹਾਂ। ਮੇਰਾ ਮੰਨਣਾ ਹੈ ਕਿ ਮਕਬੂਲ ਫਿਦਾ ਹੁਸੈਨ ਜੋ ਚਾਹੁੰਦੇ ਹਨ ਉਨ੍ਹਾਂ ਨੂੰ ਉਹ ਹੀ ਰਚਣ ਦੀ ਅਜਾਦੀ ਹੋਣੀ ਚਾਹੀਦੀ ਹੈ। ਇਸ ਪੱਖੋਂ ਉਨ੍ਹਾ ’ਤੇ ਅੱਤਿਆਚਾਰ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।
ਜਦੋਂ ਹੁਸੈਨ ਵਰਗੇ ਵੱਡੇ ਚਿੱਤਰਕਾਰ ਨਾਲ ਮੇਰੇ ਵਰਗੇ ਇਕ ਛੋਟੇ ਇਨਸਾਨ ਦਾ ਨਾਮ ਜੋੜਿਆ ਜਾਂਦਾ ਹੈ ਤਾਂ ਮੈਂ ਬੇਚੈਨੀ ਮਹਿਸੂਸ ਕਰਦੀ ਹਾਂ। ਇਸ ਕਰਕੇ ਕਿ ਛੋਟੀ ਹੋਣ ਦੇ ਬਾਵਜੂਦ ਮੈਂ ਆਪਣੇ ਆਦਰਸ਼ਾਂ ਨੂੰ ਬਹੁਤ ਮੁੱਲਵਾਨ ਮੰਨਦੀ ਹਾਂ। ਮੇਰੇ ਆਦਰਸ਼ਾਂ ਦੀ ਤੁਲਨਾ ਕਿਸੇ ਦੂਸਰੇ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ ਭਾਵੇਂ ਕਿ ਉਹ ਇਸ ਦੁਨੀਆਂ ਦਾ ਕਿੰਨਾਂ ਹੀ ਪ੍ਰਸਿੱਧ ਵਿਅਕਤੀ ਕਿਉਂ ਨਾ ਹੋਵੇ, ਉਸ ਦੇ ਪ੍ਰਤੀ ਮੇਰੇ ਮਨ ਵਿਚ ਕੋਈ ਪੱਖਪਾਤ ਪੈਦਾ ਨਹੀਂ ਹੁੰਦਾ। ਉਹਦੇ ਨਾਲ ਮੇਰਾ ਨਾਮ ਲਿਆ ਜਾਂਦਾ ਹੈ ਤਾਂ ਮੈਂ ਸਨਮਾਨਿਤ ਨਹੀਂ ਹੁੰਦੀ।
ਹੁਸੈਨ ਵਲੋਂ ਸਰਸਵਤੀ ਦੀ ਨੰਗੀ ਤਸਵੀਰ ਬਣਾਉਣ ਨੂੰ ਲੈ ਕੇ ਭਾਰਤ ਵਿਚ ਵਿਵਾਦ ਸ਼ੁਰੂ ਹੋਇਆ ਤਾਂ ਸੁਭਾਵਿਕ ਰੂਪ ਵਿਚ ਮੈਂ ਚਿੱਤਰਕਾਰ ਦੀ ਅਜਾਦੀ ਦੇ ਹੱਕ ਵਿਚ ਸੀ। ਮੁਸਲਮਾਨਾਂ ਵਿਚ ਨਾਸਤਕਾਂ ਦੀ ਗਿਣਤੀ ਬਹੁਤ ਥੋੜੀ ਹੈ। ਮੈਂ ਮਕਬੂਲ ਫਿਦਾ ਹੁਸੈਨ ਦੇ ਚਿੱਤਰਾਂ ਨੂੰ ਹਰ ਜਗ੍ਹਾ ਤੋਂ ਲੱਭ ਕੇ ਦੇਖਣ ਦੀ ਕੋਸਿ਼ਸ਼ ਕੀਤੀ ਕਿ ਹਿੰਦੂ ਧਰਮ ਤੋਂ ਬਿਨਾ ਕਿਸੇ ਹੋਰ ਧਰਮ ਖਾਸ ਕਰ ਆਪਣੇ ਧਰਮ ਇਸਲਾਮ ਨੂੰ ਲੈ ਕੇ ਉਨ੍ਹਾਂ ਨੇ ਕੋਈ ਵਿਅੰਗ ਕੀਤਾ ਹੈ ਕਿ ਨਹੀਂ। ਪਰ, ਦੇਖਿਆ ਕਿ ਬਿਲਕੁੱਲ ਨਹੀਂ ਕੀਤਾ ਪਰ ਉਹ ਕੈਨਵਸ ’ਤੇ ਅਰਬੀ ਵਿਚ ਲਫ਼ਜ਼ ਅੱਲਾਹ ਲਿਖਦੇ ਹਨ। ਮੈਂ ਇਹ ਵੀ ਸਪਸ਼ਟ ਰੂਪ ਵਿਚ ਦੇਖਿਆ ਕਿ ਉਨ੍ਹਾਂ ਦੀ ਇਸਲਾਮ ਦੇ ਪ੍ਰਤੀ ਡੂੰਘੀ ਸ਼ਰਧਾ ਅਤੇ ਵਿਸ਼ਵਾਸ ਹੈ। ਇਸਲਾਮ ਤੋਂ ਬਿਨਾ ਕਿਸੇ ਦੂਸਰੇ ਧਰਮ ਵਿਚ ਉਹ ਵਿਸ਼ਵਾਸ ਨਹੀਂ ਕਰਦੇ। ਹਿੰਦੂਤਵ ਵੱਲ ਅਵਿਸ਼ਵਾਸ ਦੇ ਚਲਦਿਆਂ ਹੀ ਉਨ੍ਹਾਂ ਨੇ ਲੱਛਮੀ ਅਤੇ ਸਰਸਵਤੀ ਨੂੰ ਨੰਗਿਆਂ ਚਿੱਤਰਿਆ। ਕੀ ਉਹ ਮੁਹੰਮਦ ਨੂੰ ਨੰਗਿਆਂ ਚਿਤਰ ਸਕਦੇ ਹਨ? ਮੈਨੂੰ ਯਕੀਨ ਹੈ ਨਹੀਂ ਕਰ ਸਕਦੇ। ਮੈਨੂੰ ਕਿਸੇ ਵੀ ਧਰਮ ਦੇ ਦੇਵੀ-ਦੇਵਤੇ ਜਾਂ ਪੈਗੰਬਰ ਬਗੈਰਾ ਨੂੰ ਨੰਗਾ ਚਿਤਰਨ ਵਿਚ ਕੋਈ ਹਿਚਕਚਾਹਟ ਨਹੀਂ ਹੈ।
ਦੁਨੀਆਂ ਦੇ ਹਰ ਧਰਮ ਪ੍ਰਤੀ ਮੇਰੇ ਮਨ ਵਿਚ ਬਰਾਬਰ ਦਾ ਅਵਿਸ਼ਵਾਸ ਹੈ। ਮੈਂ ਕਿਸੇ ਧਰਮ ਨੂੰ ਉੱਪਰ ਰੱਖ ਕੇ ਦੂਸਰੇ ਨਾਲ ਨਫਰਤ ਪ੍ਰਗਟ ਕਰਨ, ਕਿਸੇ ਵੱਲ ਲਗਾਉ ਜਾਂ ਵਿਸ਼ਵਾਸ ਵਿਖਾਉਣ ਦੀ ਕੋਸਿ਼ਸ਼ ਨਹੀਂ ਕਰਦੀ।
ਹੁਸੈਨ ਵੀ ਉਨ੍ਹਾਂ ਧਾਰਮਿਕ ਲੋਕਾਂ ਵਾਂਗ ਹਨ ਜੋ ਆਪਣੇ ਧਰਮ ਵਿਚ ਤਾਂ ਵਿਸ਼ਵਾਸ ਰੱਖਦੇ ਹਨ ਪਰ ਦੂਜੇ ਲੋਕਾਂ ਵਲੋਂ ਉਨ੍ਹਾਂ ਦੇ ਧਰਮ ਵਿਚ ਵਿਸ਼ਵਾਸ ਕਰਨ ਦੀ ਨਿੰਦਿਆ ਕਰਦੇ ਹਨ। ਫਿਦਾ ਹੁਸੈਨ ਨਾਲ ਮੇਰਾ ਨਾਮ ਲਿਆ ਜਾਂਦਾ ਹੈ ਕਿੱਥੇ ਉਹ ਵਿਸ਼ਾਲ ਵੱਡਾ ਦਰੱਖਤ ਅਤੇ ਕਿੱਥੇ ਮੈਂ ਛੋਟਾ ਜਿਹਾ ਤਿਣਕਾ। ਦੋਹਾਂ ਵਿਚ ਕੀ ਮੇਲ਼। ਕਿੱਥੇ ਮੈਂ ਨਾਸਤਿਕ ਅਤੇ ਕਿੱਥੇ ਉਹ ਆਸਤਿਕ ਨਾ ਸਹੀ ਪਰ ਆਪਣੇ ਰੱਬ ਪ੍ਰਤੀ ਤਾਂ ਆਸਤਿਕ ਹੈ।
ਫਿਦਾ ਹੁਸੈਨ ਨਾਲ ਮੇਰੀ ਇਕ ਹੀ ਸਮਾਨਤਾ ਹੈ। ਧਰਮੀ ਲੋਕਾਂ ਵਲੋਂ ਹਮਲਾਵਰ ਹੋ ਜਾਣ ਤੋਂ ਬਾਅਦ ਲੱਗਭੱਗ ਇਕੋ ਹੀ ਸਮੇਂ ਸਾਨੂੰ ਦੋਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਇਸ ਤੋਂ ਬਿਨਾ ਬਾਕੀ ਸਭ ਅਸਮਾਨਤਾ ਹੈ। ਪਹਿਲੀ ਅਸਮਾਨਤਾ ਤਾਂ ਇਹ ਹੀ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦੇਸ਼ ਛੱਡਿਆ ਹੈ, ਮੈਂ ਆਪਣੀ ਮਰਜ਼ੀ ਨਾਲ ਨਹੀਂ ਛੱਡਿਆ। ਫੇਰ ਮੈਨੂੰ ਆਪਣੇ ਕੋਲਕਤਾ ਵਾਲੇ ਘਰ ਤੋਂ ਹੀ ਨਹੀਂ ਸਮੁੱਚੇ ਭਾਰਤ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ ਕਿਸੇ ਕੱਟੜਪੰਥੀ ਨੇ ਨਹੀਂ ਖੁਦ ਸਰਕਾਰ ਨੇ ਮੈਨੂੰ ਬਾਹਰ ਕੱਢਿਆ। ਹੁਸੈਨ ਕੋਲ ਤਾਂ ਵਿਦੇਸ਼ ਵਿਚ ਰਹਿਣ ਲਈ ਆਪਣਾ ਘਰ ਹੈ, ਮੇਰਾ ਨਹੀਂ ਹੈ।
ਹੁਸੈਨ ਦੀ ਦੇਸ਼ ਵਾਪਸੀ ਲਈ ਸਰਕਾਰ ਪੂਰੀ ਕੋਸਿ਼ਸ਼ ਕਰ ਰਹੀ ਹੈ। ਮੈਨੂੰ ਤਾਂ ਨਾ ਭਾਰਤ ਸਰਕਾਰ ਵਾਪਸ ਪਰਤਣ ਦੇ ਰਹੀ ਹੈ ਨਾ ਬੰਗਲਾਦੇਸ਼ ਦੀ ਸਰਕਾਰ। ਭਾਰਤ ਵਿਚੋਂ ਕੱਢੇ ਜਾਣ ਤੋਂ ਬਾਅਦ ਮੈਂ ਜਿੰਨੀ ਵਾਰ ਵੀ ਉੱਥੇ ਵਾਪਸ ਜਾਣ ਦੀ ਕੋਸਿ਼ਸ਼ ਕੀਤੀ ਮੈਨੂੰ ਹੱਠਧਰਮੀ ਨਾਲ ਰੋਕ ਦਿੱਤਾ ਗਿਆ। ਹੁਸੈਨ ਤਾਂ ਇਕ ਧਰਮ ’ਤੇ ਹੀ ਵਿਅੰਗ ਕਰਦੇ ਹਨ ਮੈਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਿਆਂ ਦੁਨੀਆਂ ਦੇ ਸਾਰੇ ਧਰਮਾਂ ਵਿਚ ਵਰਨਣ ਕੀਤੇ ਗਏ ਔਰਤਾਂ ਦੇ ਵਿਰੋਧੀ ਸ਼ਲੋਕਾਂ ਦੀ ਆਲੋਚਨਾ ਕਰਦੀ ਹਾਂ। ਔਰਤਾਂ ਦੀ ਵਿਰੋਧੀ ਸੰਸਕ੍ਰਿਤੀ ਅਤੇ ਕਾਨੂੰਨ ਖਤਮ ਹੋਣੇ ਚਾਹੀਦੇ ਹਨ। ਜਦੋਂ ਧਰਮ ਦੀ ਆਲੋਚਨਾ ਕਰਦੀ ਹਾਂ ਤਾਂ ਸਾਰੇ ਧਰਮਾਂ ਦੀ ਕਰਦੀ ਹਾਂ। ਅਜਿਹਾ ਨਹੀਂ ਕਿ ਆਪਣੇ ਜਨਮ ਵਾਲੇ ਅਤੇ ਹੋਰਨਾਂ ਦੇ ਧਰਮ ਇਸਲਾਮ ਨੂੰ ਵੱਖ ਰੱਖਕੇ ਕਰਦੀ ਹਾਂ।
ਰਸ਼ਦੀ ਅਤੇ ਫਿਦਾ ਹੁਸੈਨ ਵਾਂਗ ਮੈਨੂੰ ਨਾਮ, ਪ੍ਰਸਿੱਧੀ ਅਤੇ ਵਿਸ਼ੇਸ਼ਤਾ ਪ੍ਰਾਪਤ ਨਹੀਂ। ਉਨ੍ਹਾਂ ਦੇ ਨਾਲ ਮੇਰਾ ਨਾਮ ਨਹੀਂ ਲਿਆ ਜਾਣਾ ਚਾਹੀਦਾ। ਜਿਸ ਤਰ੍ਹਾਂ ਲੰਮੇ ਸਮੇਂ ਤੱਕ ਮੈਂ ਧਾਰਮਿਕ ਕੱਟੜਵਾਦੀਆਂ ਅਤੇ ਤਾਕਤਵਰ ਸਰਕਾਰ ਦੇ ਅੱਤਿਆਚਾਰ ਸਹਿਣ ਕੀਤੇ ਹਨ ਉਹੋ ਜਿਹਾ ਇਨ੍ਹਾਂ ’ਚੋਂ ਕਿਸੇ ਨਹੀਂ ਝੱਲਿਆ। ਜਿਸ ਤਰ੍ਹਾਂ ਬੇ-ਘਰ ਹਾਲਤ ਵਿਚ ਬੇ-ਯਕੀਨੀ ਅਤੇ ਇਕੱਲਤਾ ਵਿਚ ਇਕੱਲੀ ਖੁਦ ਨੂੰ ਬਚਾਉਣ ਲਈ ਵਿਦੇਸ਼ ਵਿਚ ਰਹਿ ਕੇ ਦਿਨ ਪ੍ਰਤੀ ਦਿਨ ਸੰਘਰਸ਼ ਕਰਨਾ ਪੈ ਰਿਹਾ ਹੈ। ਜੇ ਕੋਈ ਨਾਲ ਹੈ ਤਾਂ ਉਹ ਮੇਰਾ ਆਦਰਸ਼ ਅਤੇ ਵਿਸ਼ਵਾਸ ਜਿਸਦੇ ਸਿਰੜ ਅਤੇ ਤਾਕਤ ਨਾਲ ਸੰਘਰਸ਼ ਕਰੀ ਜਾ ਰਹੀ ਹਾਂ। ਇਹ ਸਭ ਨਜ਼ਰ-ਅੰਦਾਜ਼ ਕਰਨ ਦੀ ਚੀਜ ਨਹੀਂ। ਰਸ਼ਦੀ ਅਤੇ ਹੁਸੈਨ ਨੂੰ ਇੰਨੀ ਦੱਖ ਭਰੀ ਸਥਿਤੀ ਵਿਚ ਕਦੇ ਦਿਨ ਨਹੀਂ ਗੁਜ਼ਾਰਨੇ ਪਏ।
ਉਨ੍ਹਾਂ ਦੋਹਾਂ ਦੀਆਂ ਰਚਨਾਵਾਂ ਦੇ ਪ੍ਰਤੀ ਅਥਾਹ ਸ਼ਰਧਾ ਰੱਖਦੇ ਹੋਏ ਕਹਿ ਰਹੀ ਹਾਂ ਕਿ ਇਨ੍ਹਾਂ ਦੋਹਾਂ ਮਰਦਾਂ ਨਾਲ ਇੱਕੋ ਪੱਧਰ ’ਤੇ ਮੇਰਾ ਨਾਮ ਰੱਖਣਾ ਠੀਕ ਨਹੀਂ ਹੈ। ਧਰਮ ਮੁਕਤ, ਨਫਰਤ ਤੋਂ ਮੁਕਤ, ਬਰਾਬਰੀ ਦੇ ਅਧਿਕਾਰਾਂ ਵਾਲੇ ਸਮਾਜ ਦੀ ਸਥਾਪਨਾ ਲਈ ਮੈਂ ਸੰਘਰਸ਼ ਕਰ ਰਹੀ ਹਾਂ ਜੇ ਉਹ ਕਿਸੇ ਨੂੰ ਵਿਖਾਈ ਨਹੀਂ ਦਿੰਦਾ ਤਾਂ ਉਹ ਭਾਵੇਂ ਕਿੰਨਾ ਵੱਡਾ ਰਚਨਾਕਾਰ ਕਿਉਂ ਨਾ ਹੋਵੇ ਮੇਰੇ ਆਦਰਸ਼ ਦੇ ਨੇੜੇ ਆਉਣ ਦੀ ਉਸ ਵਿਚ ਕੋਈ ਯੋਗਤਾ ਨਹੀਂ।
- ਜਨਸਤਾ ’ਚੋਂ ਧੰਨਵਾਦ ਸਹਿਤ