ਜਿੰਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ।
ਮਤੁ ਸ਼ਰਮਿੰਦਾ ਹੋਵਹੀ ਸਾਈਂ ਦੇ ਦਰਬਾਰਿ।।
--ਬਾਬਾ ਸ਼ੇਖ਼ ਫ਼ਰੀਦ ਜੀ


ਕਲਾਮ ਬੁੱਲ੍ਹੇ ਸ਼ਾਹ

ਅਬ ਹਮ ਗੁੰਮ ਹੂਏ, ਪਰੇਮ ਨਗਰ ਕੇ ਸ਼ਹਿਰ
ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ

ਖ਼ੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖੈਰ
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ?

ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ....



ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ.......... ਲੇਖ / ਗੁਰਭਜਨ ਗਿੱਲ

ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਕੰਧਾਂ ਕੋਠੇ ਟੱਪ ਗਿਆ ਹੈ, ਸ਼ਾਮਾਂ ਵੇਲੇ ਪੰਜਾਬ ਦਾ ਕੋਈ ਪਿੰਡ, ਸ਼ਹਿਰ ਜਾਂ ਕਸਬਾ ਅਜਿਹਾ ਨਹੀਂ ਹੁੰਦਾ ਜਿਥੇ ਚੜ੍ਹਦੀ ਜਵਾਨੀ ਨੂੰ ਨਸ਼ੇ ਦੀ ਲੋਰ ਵਿਚ ਕੰਧਾਂ ਵੀ ਭਾਬੀਆਂ ਵਾਂਗ ਨਹੀਂ ਦਿਸਦੀਆਂ। ਪਹਿਲਾਂ ਪਹਿਲ ਸ਼ਰਾਬੀ ਪਛਾਣੇ ਜਾਂਦੇ ਸਨ ਪਰ ਹੁਣ ਨਵੇਂ ਰਸਾਇਣਕ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਅੰਦਰ ਸਿਉਂਕ ਵਾਂਗ ਖਾ ਲਿਆ ਹੈ। ਨਸ਼ਾ ਮਹਿੰਗਾ ਹੋਣ ਕਰਕੇ ਘਰਾਂ ਨੂੰ ਵੀ ਸਿਉਂਕ ਲੱਗ ਗਈ ਹੈ। ਨੌਜਵਾਨ ਉਪ–ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਪੰਜਾਬ ਦੇ ਪੁਲਿਸ ਮੁਖੀ ਸ: ਪਰਮਦੀਪ ਸਿੰਘ ਗਿੱਲ ਦੇ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਇਸ ਖੋਰੇ ਤੋਂ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਸੁਚੇਤ ਕਰਦਿਆਂ ਵੰਗਾਰ ਕੇ ਆਖਿਆ ਸੀ ਕਿ ਨਸ਼ਿਆਂ ਦੀ ਅੰਨ੍ਹੀ ਤਜਾਰਤ ਦਾ ਮੂੰਹ ਮੋੜੋ। ਹੋ ਸਕਦਾ ਹੈ ਬਾਕੀ ਜ਼ਿਲ੍ਹਿਆਂ ਵਿਚ ਵੀ ਨਸ਼ਿਆਂ ਦੇ ਖਿਲਾਫ ਕੋਈ ਕਾਰਜ ਨੀਤੀ ਤਿਆਰ ਹੋਈ ਹੋਵੇ ਪਰ ਜਗਰਾਉਂ ਸਥਿਤ ਪੁਲਿਸ ਜਿਲ੍ਹੇ ਦੇ ਮੁਖੀ ਹਰਿੰਦਰ ਸਿੰਘ ਚਾਹਲ ਨੇ ਸੰਤ ਮਹਾਤਮਾ ਅੱਗੇ ਲਾ ਕੇ ਲੋਕ ਚੇਤਨਾ ਲਹਿਰ ਰਾਹੀਂ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ ਹੈ। ਚੰਗੀ ਕਿਸਮਤ ਨੂੰ ਇਸ ਇਲਾਕੇ ਵਿਚ ਨਾਨਕਸਰ ਸੰਪਰਦਾਇ ਦਾ ਹੈੱਡਕਵਾਟਰ ਹੈ ਅਤੇ ਨਸ਼ਿਆਂ ਖਿਲਾਫ ਮੁਹਿੰਮ ਦਾ ਆਰੰਭ ਵੀ ਉਨ੍ਹਾਂ ਨੇ ਏਥੋਂ ਹੀ ਕੀਤਾ ਹੈ। ਸਾਧਾਂ ਸੰਤਾਂ ਦੀ ਗੱਲ ਪੰਜਾਬ ਵਾਲੇ ਅੱਜਕਲ੍ਹ ਸਭ ਤੋਂ ਵੱਧ ਮੰਨਦੇ ਹਨ। ਇਸ ਵਿਧੀ ਦੇ ਨਾਲ–ਨਾਲ ਉਨ੍ਹਾਂ ਨੇ ਪਿੰਡਾਂ ਦੀਆਂ ਨੌਜਵਾਨ ਖੇਡ ਕਲੱਬਾਂ ਨੂੰ ਵੀ ਸੰਗਠਿਤ ਕੀਤਾ ਹੈ। ਇਸੇ ਜ਼ਿਲ੍ਹੇ ਵਿਚ ਨਸ਼ਿਆਂ ਦੇ ਖਿਲਾਫ ਪੁਸਤਕ ਲਿਖਣ ਵਾਲੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ ਅਤੇ ਪੰਜਾਬ ਦੀ ਜਵਾਨੀ ਨੂੰ ਪੂਰੇ ਪੰਜਾਬ ਅੰਦਰ ਸੰਗਠਿਤ ਕਰਨ ਵਾਲੇ ਉਪ ਪੁਲਿਸ ਕਪਤਾਨ ਪ੍ਰਿਥੀਪਾਲ ਸਿੰਘ ਬਟਾਲਾ ਦੀ ਹਾਜ਼ਰੀ ਸੋਨੇ ਤੇ ਸੁਹਾਗੇ ਵਾਂਗ ਗਿਣੀ ਜਾ ਸਕਦੀ ਹੈ। ਜੇਕਰ ਸਿਰਫ ਜਗਰਾਉਂ ਜ਼ਿਲ੍ਹਾ ਹੀ ਸੰਭਾਲ ਲਿਆ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਸਪਲਾਈ ਲਾਈਨ ਦਾ ਲੱਕ ਤੋੜਿਆ ਜਾ ਸਕਦਾ ਹੈ। ਰਾਜਸਥਾਨ ਅਤੇ ਫਿਰੋਜ਼ਪੁਰ ਸਰਹੱਦ ਵਾਲੇ ਪਾਸਿਉਂ ਆਉਂਦੇ ਨਸ਼ੀਲੇ ਪਦਾਰਥਾਂ ਨੂੰ ਠੱਲ੍ਹ ਪਾਉਣ ਲਈ ਜਗਰਾਉਂ ਦੀ ਹਸਤੀ ਪ੍ਰਮੁਖ ਬਣ ਸਕਦੀ ਹੈ। 30 ਅਕਤੂਬਰ ਨੂੰ ਇਸ ਮੁਹਿੰਮ ਦਾ ਨਾਨਕਸਰ ਵਿਚ ਸ਼ੁਭ ਆਰੰਭ ਕੀਤਾ ਜਾਣਾ ਹੈ। ਆਪਣੀ ਸ਼ਬਦ ਪੂੰਜੀ ਲੈ ਕੇ ਲਿਖਾਰੀ, ਗਾਇਕ, ਸਭਿਆਚਾਰਕ ਕਾਮੇ ਅਤ ਸਿੱਖਿਆ ਸਾਸ਼ਤਰੀ ਵੀ ਉਥੇ ਪਹੁੰਚਣਗੇ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਸ ਵੱਡੀ ਮੁਹਿੰਮ ਨੂੰ ਤੋਰਨ ਵਿਚ ਸਾਰੀਆਂ ਧਿਰਾਂ ਸਿਰ ਜੋੜਦੀਆਂ ਹਨ ਜਾਂ ਆਪੋ ਆਪਣੀ ਤੂਤੀ ਹੀ ਵਜਾਉਂਦੀਆਂ ਹਨ। ਜੇਕਰ ਸਾਰੀਆਂ ਧਿਰਾਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਸਿਰ ਜੋੜ ਕੇ ਤੁਰ ਪੈਣ ਤਾਂ ਕੋਈ ਔਖੀ ਗੱਲ ਨਹੀਂ ਕਿ ਨਸ਼ਿਆਂ ਦੇ ਹੜ੍ਹ ਨੂੰ ਲੋਕ ਡੈਮ ਬਣ ਕੇ ਠੱਲ੍ਹ ਨਾ ਪਾ ਸਕਣ। ਨਸ਼ੀਲੇ ਪਦਾਰਥਾਂ ਦਾ ਵਣਜ ਕਰਦਿਆਂ ਲੋਕਾਂ ਨੂੰ ਪਛਾਨਣ ਅਤੇ ਦੁਰਕਾਰਨ ਨਾਲ ਹੀ ਅੱਧਾ ਕੰਮ ਮੁੱਕ ਸਕਦਾ ਹੈ।
ਨਸ਼ਿਆਂ ਦੇ ਹੜ੍ਹ ਵਿਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ ਅਧਿਕਾਰਤ ਦੁਕਾਨਾਂ ਤੇ ਅਤੇ ਕਿਤੇ ਚੋਰੀ ਛਿਪੇ। ਸ਼ਰਾਬ ਤੋਂ ਬਿਨਾਂ ਬਾਕੀ ਸਾਰੇ ਹੀ ਨਸ਼ੇ ਪੰਜਾਬ ਵਿਚ ਵੇਚਣ ਤੇ ਪਾਬੰਦੀ ਹੈ ਪਰ ਹਕੀਕਤਾਂ ਕੁਝ ਹੋਰ ਹਨ। ਵੱਡਿਆਂ ਸ਼ਹਿਰਾਂ ਦੇ ਚੌਂਕ ਚੁਰਸਤੇ, ਪਾਨ ਵੇਚਣ ਵਾਲਿਆਂ ਦੇ ਖੋਖਿਆਂ ਬਹਾਨੇ ਜ਼ਰਦਾ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਨੇ ਮੱਲੇ ਹੋਏ ਹਨ। ਸਚ ਤਾਂ ਇਹ ਹੈ ਕਿ ਪੰਜਾਬ ਦੀ ਜਵਾਨੀ ਨੇ ਤਾਂ ਇਸ ਹੜ੍ਹ ਵਿਚ ਰੁੜ੍ਹਨਾ ਹੀ ਸੀ, ਬੱਚੇ ਵੀ ਜਵਾਨੀ ਦੀ ਦਹਿਲੀਜ਼ ਟਪਣ ਤੋਂ ਪਹਿਲਾਂ ਹੀ ਇਨ੍ਹਾਂ ਵਹਿਬਤਾਂ ਦਾ ਸ਼ਿਕਾਰ ਹੋ ਰਹੇ ਹਨ। ਫਿਕਰਮੰਦੀ ਦੀ ਘੜੀ ਹੈ। ਸਰਕਾਰ, ਸਮਾਜ, ਧਾਰਮਿਕ ਜਥੇਬੰਦੀਆਂ, ਖੇਡ ਕਲੱਬਾਂ, ਸਾਹਿਤ ਸਭਾਵਾਂ ਅਤੇ ਮੁਹੱਲਿਆਂ ਦੀਆਂ ਵਿਕਾਸ ਸਭਾ ਸੁਸਾਇਟੀਆਂ ਇਸ ਨਸ਼ੀਲੇ ਹੜ੍ਹ ਦੇ ਪਾਣੀ ਨੂੰ ਠੱਲ੍ਹ ਪਾ ਸਕਦੀਆਂ ਹਨ।
ਅੰਕੜੇ ਦੱਸਦੇ ਹਨ ਕਿ ਜਿਸ ਤੰਬਾਕੂ ਨੂੰ ਦੁਨੀਆਂ ਦਾ ਕੋਈ ਵੀ ਧਰਮ ਵਰਤਣਯੋਗ ਵਸਤੂ ਨਹੀਂ ਮੰਨਦਾ ਅਤੇ ਜਿਸ ਦੇ ਖਿਲਾਫ ਸਿਹਤ ਸੰਗਠਨ ਦੀਆਂ ਕੋਸ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹਨ ਹਰ ਵਰ੍ਹੇ 40 ਲੱਖ ਜਾਨਾਂ ਦਾ ਖੌ ਬਣਦਾ ਹੈ। ਅੰਦਾਜ਼ਨ ਰੋਜ਼ਾਨਾ ਗਿਆਰਾਂ ਹਜ਼ਾਰ ਬੰਦੇ ਸਮੇਂ ਅਤੇ ਔਰਤਾਂ ਸਿਵਿਆਂ ਦੇ ਰਾਹ ਪੈਂਦੇ ਹਨ। ਜੇਕਰ ਇਹੀ ਹਵਾ ਵਗਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਸੰਨ 2020 ਤਕ 70 ਲੱਖ ਜਾਨਾਂ ਹਰ ਵਰ੍ਹੇ ਮੌਤ ਦੀ ਭੇਟਾ ਚੜਿਆ ਕਰਨਗੀਆਂ ਤੰਬਾਕੂ ਨੂੰ ਆਦਮੀ ਨਹੀਂ ਪੀਂਦਾ, ਤੰਬਾਕੂ ਆਦਮੀ ਨੂੰ ਪੀਂਦਾ ਹੈ। ਇਸ ਇਕੱਲੇ ਦੁਸ਼ਮਣ ਕਾਰਨ 30 ਜਾਨ ਲੇਵਾ ਬੀਮਾਰੀਆਂ ਮਨੁੱਖੀ ਸਰੀਰ ਨੂੰ ਚਿੰਬੜਦੀਆਂ ਹਨ। ਫੇਫੜਿਆਂ ਦੇ ਕੈਂਸਰ ਤੋਂ ਲੈ ਕੇ ਗਲੇ ਦੇ ਕੈਂਸਰ ਤੀਕ। ਇਹ ਵੀ ਅੰਕੜੇ ਬੋਲਦੇ ਹਨ ਕਿ ਤੰਬਾਕੂ ਦੀ ਵਿਕਰੀ ਤੋਂ ਸਰਕਾਰ ਨੂੰ ਸਾਲਾਨਾ ਕਮਾਈ ਸਿਰਫ 6 ਹਜ਼ਾਰ ਕਰੋੜ ਰੁਪਏ ਹੁੰਦੀ ਹੈ ਜਦ ਕਿ ਇਸ ਤੋਂ ਪੈਦਾ ਹੁੰਦੀਆਂ 30 ਬੀਮਾਰੀਆਂ ਕਾਰਨ 37 ਹਜ਼ਾਰ ਕਰੋੜ ਰੁਪਏ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਬਹੁ–ਕੌਮੀ ਕੰਪਨੀਆਂ ਦੀਆਂ ਦਵਾਈਆਂ ਅਤੇ ਹਸਪਤਾਲਾਂ ਦੀ ਜੇਬ ਵਿਚ ਪੈ ਜਾਂਦੇ ਹਨ। ਕੀ ਇਹ ਗੱਲ ਰਾਜ ਕਰਦੀਆਂ ਧਿਰਾਂ ਨੂੰ ਸਮਝ ਹੀ ਨਹੀਂ ਆਉਂਦੀ ਜਾਂ ਉਹ ਸਮਝਣ ਦਾ ਯਤਨ ਹੀ ਨਹੀਂ ਕਰਨਾ ਚਾਹੁੰਦੀਆਂ। ਹੁਣ ਸ਼ੁਕਰ ਹੈ ਕਿ ਕੇਂਦਰੀ ਸਰਕਾਰ ਨੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਤੇ ਪਾਬੰਦੀ ਲਾ ਦਿੱਤੀ ਹੈ ਪਰ ਹੁੱਕੇ ਤੋਂ ਹੋਣ ਵਾਲੇ ਨੁਕਸਾਨ ਨੂੰ ਕੌਣ ਨੱਥ ਪਾਵੇਗਾ। ਹੁੱਕੇ ਦੀ ਗੁੜ ਗੁੜ ਵੀ ਅਨੇਕਾਂ ਗੰਭੀਰ ਰੋਗਾਂ ਦੀ ਮਾਂ ਹੈ।
ਤੰਬਾਕੂ ਇਸ ਧਰਤੀ ਦਾ ਪੌਦਾ ਨਹੀਂ। ਜਹਾਂਗੀਰ ਦੇ ਰਾਜਕਾਲ ਵੇਲੇ ਇਹ ਨਾ–ਮੁਰਾਦ ਪੌਦਾ ਪੰਜਾਬ ਦੀ ਧਰਤੀ ਤੇ ਪੁ¤ਜਾ ਸੀ। ਤੁਜ਼ਕੇ ਜਹਾਂਗੀਰੀ ਵਿਚ ਇਸ ਦਾ ਪਹਿਲੀ ਵਾਰ ਵਰਨਣ ਹੋਇਆ ਹੈ। ਗੁਰਬਾਣੀ ਵਿਚ ਵੀ ਤੰਬਾਕੀ ਦੇ ਸੇਵਨ ਨੂੰ ਰੱਜ ਕੇ ਨਿੰਦਿਆ ਗਿਆ ਹੈ।
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰਿ ਹਰਿ ਕਦੇ ਨਾ ਚੇਤਿਓ ਜਮਿ ਪਕੜਿ ਚਲਾਈਆ।। (ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੰਕ 726)
ਸਿੱਖ ਇਤਿਹਾਸ ਵਿਚ ਇੱਕ ਪ੍ਰਮਾਣ ਵਾਰ–ਵਾਰ ਆਉਂਦਾ ਹੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤੰਬਾਕੂ ਦਾ ਖੇਤ ਸਾਹਮਣੇ ਵੇਖ ਕੇ ਉਸ ਵਿਚ ਪੈਰ ਪਾਉਣੋਂ ਅਟਕ ਗਿਆ ਸੀ। ਜਦ ਖੇਤ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਬਖਸ਼ਿਸ਼ ਲਈ ਅਰਦਾਸ ਕੀਤੀ ਤਾਂ ਉਨ੍ਹਾਂ ਨੇ ਉਸ ਤੰਬਾਕੂ ਦੀ ਖੇਤੀ ਕਰਨ ਤੋਂ ਵਰਜਿਆ। ਇਸ ਵਿਚ ਲੁਕਿਆ ਇਸ਼ਾਰਾ ਸਮਝਣ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿਹਤਮੰਦ ਸ਼ਕਤੀਸ਼ਾਲੀ ਪੰਥ ਦੀ ਸਿਰਜਣਾ ਕਰਨ ਵੇਲੇ ਨਸ਼ਾ ਰਹਿਤ ਸਮਾਜ ਦਾ ਸੁਪਨਾ ਲਿਆ ਸੀ ਪਰ ਅੱਜ ਅਸੀਂ ਕਿੱਧਰ ਨੂੰ ਤੁਰ ਪਏ ਹਾਂ ?
ਪੰਜਾਬ ਵਿਚ ਵੱਸਦੇ ਸਿੱਖ ਪਰਿਵਾਰਾਂ ਵਿਚ ਇਹ ਕੋਹੜ ਪਹਿਲਾਂ ਬਹੁਤ ਘੱਟ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਨਵੇਂ ਨਵੇਂ ਨਾਵਾਂ ਹੇਠ ਵਿਕ ਰਿਹਾ ਇਹ ਜ਼ਹਿਰ ਰੁਤਬੇ ਦੀ ਨਿਸ਼ਾਨੀ ਬਣ ਗਿਆ ਹੈ। ਤੰਬਾਕੂ ਕੰਪਨੀਆਂ ਦੇ ਦਿਲਕਸ਼ ਇਸ਼ਤਿਹਾਰ ਅਤੇ ਟੈਲੀਵੀਜ਼ਨ ਤੇ ਕੀਤੀਆਂ ਮਸ਼ਹੂਰੀਆਂ ਕ¤ਚੀ ਉਮਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇੱਕ ਅੰਦਾਜ਼ੇ ਅਨੁਸਾਰ ਇਹ ਤੰਬਾਕੂ ਕੰਪਨੀਆਂ ਭਾਰਤ ਵਿਚ ਹਰ ਰੋਜ਼ ਗਿਆਰਾਂ ਹਜ਼ਾਰ ਨਵੇਂ ਗਾਹਕ ਲੱਭਦੀਆਂ ਹਨ ਕਿਉਂਕਿ ਉਹ ਇਸ ਗੱਲ ਤੋਂ ਭਲੀਭਾਂਤ ਵਾਕਫ ਹਨ ਕਿ ਪੁਰਾਣੇ ਗਾਹਕ ਤੰਬਾਕੂ ਖਾ ਪੀ ਕੇ ਨਾਲੋਂ–ਨਾਲ ਤੇਜ਼ ਰਫਤਾਰ ਨਾਲ ਮਰ ਵੀ ਤਾਂ ਰਹੇ ਹਨ। ਇਹ ਗੱਲ ਵੀ ਕਿਸੇ ਤੋਂ ਲੁਕੀ–ਛਿਪੀ ਨਹੀਂ ਕਿ ਗੁਟਕਾ, ਜ਼ਰਦਾ ਅਤੇ ਤੰਬਾਕੂ ਨਸ਼ਿਆਂ ਦੀ ਡਿਓੜੀ ਹੈ ਅਤੇ ਇਸ ਤੋਂ ਅੱਗੇ ਵਧ ਕੇ ਭਵਿੱਖ ਦੇ ਨਸ਼ਈ ਬਣਨ ਦੀ ਪੂਰਨ ਸੰਭਾਵਨਾ ਹੈ। ਅਨੇਕਾਂ ਸਮਾਜਕ ਸੰਸਥਾਵਾਂ ਵੱਲੋਂ ਇਸ ਕਹਿਰੀ ਜ਼ਹਿਰ ਦੇ ਖਿਲਾਫ ਬੜਾ ਜ਼ੋਰਦਾਰ ਪ੍ਰਚਾਰ ਅਤੇ ਪ੍ਰਸਾਰ ਕਾਰਜ ਕੀਤਾ ਜਾ ਰਿਹਾ ਹੈ ਪਰ ਇਸ ਲਹਿਰ ਨੂੰ ਸਰਬ–ਧਰਮ ਮੰਨਣ ਵਾਲਿਆਂ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਨਸ਼ਾ ਵਿਰੋਧੀ ਕਾਫਲਾ ਹੀ ਮਾਨਵ ਹਿਤੈਸ਼ੀ ਹੋਣ ਦਾ ਹੱਕ ਰੱਖੂ ਦਾ ਹੈ। ਇਹ ਗੱਲ ਵੀ ਵਿਗਿਆਨੀ ਹੀ ਦੱਸਦੇ ਹਨ ਕਿ ਲੁਧਿਆਣੇ ਵਰਗੇ ਧੂੰਆਂਧਾਰ ਸ਼ਹਿਰ ਦਾ ਧੂੰਆਂ ਵੀ ਤੰਬਾਕੂ ਦੇ ਧੂੰਏਂ ਨਾਲੋਂ 20ਵਾਂ ਹਿੱਸਾ ਘੱਟ ਖਤਰਨਾਕ ਹੈ। ਜੇਕਰ ਅਸੀਂ ਇਸ ਗੱਲ ਨੂੰ ਸਮਝਦੇ ਅਤੇ ਜਾਣਦੇ ਹਾਂ ਤਾਂ ਇਸ ਦੇ ਖਿਲਾਫ ਲੋਕ ਲਾਮਬੰਦੀ ਕਰਨ ਲਈ ਕਿਉ ਨਹੀਂ ਤੁਰਦੇ? ਤੰਬਾਕੂ ਦੇ ਖਿਲਾਫ ਸਿਰਫ ਪ੍ਰਚਾਰ ਹੀ ਨਹੀਂ ਸਗੋਂ ਪ੍ਰੇਰਨਾ ਕੇਂਦਰ ਖੋਲ ਕੇ ਅਣਭੋਲ ਜਵਾਨੀਆਂ ਨੂੰ ਸਿੱਖਿਅਤ ਕਰਨ ਦੀ ਵੀ ਜ਼ਰੂਰਤ ਹੈ। ਸਕੂਲਾਂ, ਕਾਲਜਾਂ, ਧਰਮ ਅਸਥਾਨਾਂ, ਸਮਾਜਿਕ ਭਲਾਈ ਕੇਂਦਰਾਂ, ਸਰਕਾਰੀ ਦਫਤਰਾਂ, ਬਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਵਿਕ ਰਹੇ ਇਸ ਜ਼ਹਿਰ ਦੇ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ।
ਤੰਬਾਕੂ ਦੇ ਖਿਲਾਫ ਹਰ ਵਰ੍ਹੇ ਵਿਸ਼ਵ ਪਧਰ ਤੇ ਇਕ ਦਿਹਾੜਾ ਨਿਸ਼ਚਿਤ ਹੈ। 31 ਮਈ ਦੇ ਦਿਨ ਇਸ ਦੇ ਖਿਲਾਫ ਬੜੀਆਂ ਤਕਰੀਰਾਂ ਹੁੰਦੀਆਂ ਹਨ। ਬੈਨਰ ਚੁੱਕ ਕੇ ਤਸਵੀਰਾਂ ਖਿਚਵਾਈਆਂ ਜਾਂਦੀਆਂ ਹਨ। ਅਖਬਾਰਾਂ ਦੇ ਕਾਲਮ ਇਸ ਦਿਨ ਬਹੁਤ ਕੁਝ ਬੋਲਦੇ ਹਨ ਪਰ ਕਹਾਣੀ ਉਥੇ ਦੀ ਉਥੇ ਹੀ ਅਟਕੀ ਹੋਈ ਹੈ। ਕੋਈ ਵੀ ਤੰਬਾਕ ਵੇਚਦਾ ਖੋਖਾ ਇਕ ਇੰਚ ਵੀ ਅੱਗੇ ਪਿੱਛੇ ਨਹੀਂ ਹੁੰਦਾ। ਆਖਰ ਅਸੀਂ ਸਾਰੇ ਜਣੇ ਕਿਸ ਨੂੰ ਧੋਖਾ ਦੇ ਰਹੇ ਹਾਂ, ਸਿਰਫ ਆਪਣੇ ਆਪ ਨੂੰ । ਤੰਬਾਕੂ ਪੀਣ ਵਾਲਾ ਵਿਅਕਤੀ ਹੀ ਸਿਰਫ ਇਸ ਦੇ ਮਾਰੂ ਅਸਰ ਤੋਂ ਪੀੜਤ ਨਹੀਂ ਹੁੰਦਾ ਸਗੋਂ ਇਸ ਦੇ ਧੂੰਏਂ ਵਿਚ ਸ਼ਾਮਲ ਜ਼ਹਿਰੀਲੇ ਕਣ ਕਿਸੇ ਕੋਲੋਂ ਲੰਘਦੇ ਆਦਮੀ ਨੂੰ ਵੀ ਬੀਮਾਰੀ ਦਾ ਤੋਹਫਾ ਦੇ ਸਕਦੇ ਹਨ। ਇਹ ਗੱਲ ਸਾਰੇ ਹੀ ਜਾਣਦੇ ਹਨ ਕਿ ਇਸ ਤੰਕਾਬੂਨੋਸ਼ੀ ਕਾਰਨ ਹਰ ਵਰ੍ਹੇ ਕਿੰਨੇ ਘਰਾਂ ਦੇ ਸੁਹਾਗ ਉਜੜਦੇ ਹਨ ਬੱਚੇ ਅਨਾਥ ਹੁੰਦੇ ਹਨ ਪਰ ਸਾਡੀ ਢੀਠਤਾਈ ਦੀ ਹੱਦ ਇਹ ਹੈ ਕਿ ਤੰਬਾਕੂ ਪੀ ਪੀ ਕੇ ਫੇਫੜੇ ਦਾ ਕੈਂਸਰ ਕਰਵਾ ਕੇ ਮਰੇ ਆਦਮੀ ਦੀ ਮਾਤਮ ਪੁਰਸੀ ਵੇਲੇ ਵੀ ਸਾਡੇ ਮੂੰਹੋਂ ਸੱਚ ਨਹੀਂ ਨਿਕਲਦਾ ਕਿ ਇਹ ਭੱਦਰ ਪੁਰਸ਼ ਕਿਸ ਕਰਤੂਤ ਕਰਕੇ ਮਰਿਆ ਹੈ। ਸਗੋਂ ਇਹੀ ਆਖਦੇ ਹਾਂ ਕਿ ਇਸ ਦੀ ਕਿਸਮਤ ਵਿਚ ਹੀ ਥੋੜ੍ਹੀ ਉਮਰ ਲਿਖੀ ਹੋਈ ਸੀ। ਇਹ ਕਦੇ ਨਹੀਂ ਆਖਦੇ ਕਿ ਤੰਬਾਕੂ ਇਸ ਦੀ ਉਮਰ ਨੂੰ ਹਰ ਰੋਜ਼ ਘਟਾਈ ਗਿਆ ਜਿਸ ਲਈ ਮਰਨ ਵਾਲਾ ਵਿਅਕਤੀ ਇਕੱਲਾ ਜ਼ਿੰਮੇਂਵਾਰ ਨਹੀਂ ਸਗੋਂ ਅਸੀਂ ਸਾਰੇ ਹੀ ਉਸ ਦੇ ਕਾਤਲ ਹਾਂ ਜਿਨ੍ਹਾਂ ਨੇ ਨਸ਼ਾ ਰਹਿਤ ਸਮਾਜ ਸਿਰਜਣ ਵਿਚ ਦੇਰੀ ਕੀਤੀ ਹੈ। ਕਈ ਕਾਹਲੇ ਲੋਕ ਇਹ ਵੀ ਆਖਦੇ ਹਨ ਕਿ ਨਸ਼ਿਆਂ ਦੇ ਖਿਲਾਫ ਕਾਨੂੰਨ ਨੂੰ ਸਖਤੀ ਵਰਤਣੀ ਚਾਹੀਦੀ ਹੈ ਪਰ ਅਜਿਹਾ ਆਖ ਕੇ ਅਸੀਂ ਆਪਣੀ ਜਿੰਮੇਂਵਾਰੀ ਤੋਂ ਭੱਜਦੇ ਹਾਂ। ਕਾਨੂੰਨ ਦੀ ਸਖਤੀ ਇੱਕ ਪਹਿਲੂ ਹੈ ਬਾਕੀ ਜ਼ਿੰਮੇਂਵਾਰੀ ਸਮਾਜ ਦੇ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਇਸ ਭਿਆਨਕ ਨਸ਼ੇ ਦੀ ਭਿਆਨਕਤਾ ਬਾਰੇ ਚੇਤਨਾ ਹੈ। ਕਾਨੂੰਨੀ ਸਖਤੀ ਤੀਕ ਨੌਬਤ ਹੀ ਕਿਉਂ ਆਵੇ?
ਇਹ ਗੱਲ ਸਾਡੇ ਲੋਕ ਗੀਤਾਂ ਵਿਚ ਵੀ ਵਾਰ–ਵਾਰ ਆਈ ਹੈ ਕਿ ਨਸ਼ਿਆਂ ਨੇ ਲਖਾਂ ਘਰਾਂ ਗਾਲ੍ਹੇ ਹਨ ਅਤੇ ਨਸ਼ਿਆਂ ਦੀ ਬਰਬਾਦੀ ਨਾਲ ਵਸਦੇ ਰਸਦੇ ਘਰ ਉਜਾੜ ਬੀਆ–ਬਾਨ ਬਣ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਰਾਬ ਵਰਗੇ ਨਸ਼ੇ ਦਾ ਸੂਬਿਆਂ ਦੀ ਆਰਥਿਕਤਾ ਲਈ ਮੁੱਖ ਕਮਾਈ ਸਾਧਨ ਬਣ ਜਾਣਾ ਵੀ ਅਫਸੋਸਨਾਕ ਪਹਿਲੂ ਹੈ। ਤੁਸੀਂ ਆਪ ਸੋਚੋ ਜਿਸ ਸ਼ਰਾਬ ਦੀ ਕਮਾਈ ਨਾਲ ਸੂਬਿਆਂ ਦਾ ਰਾਜ ਪ੍ਰਬੰਧ ਚੱਲ ਰਿਹਾ ਹੋਵੇ ਉਥੇ ਨਸ਼ਾਬੰਦੀ ਦਾ ਸੁਪਨਾ ਕਿਵੇਂ ਲਿਆ ਜਾ ਸਕਦਾ ਹੈ। ਅਸੀਂ ਆਪਣੇ ਲੋਕਾਂ ਨੂੰ ਇਸ ਹੱਦ ਤ¤ਕ ਨਸ਼ਿਆਂ ਦਾ ਗੁਲਾਮ ਬਣਾ ਲਿਆ ਹੈ ਕਿ ਨਸ਼ਾ ਨਾ ਮਿਲਣ ਦੀ ਸੂਰਤ ਵਿਚ ਉਹ ਕੁਝ ਵੀ ਕਰ ਸਕਦੇ ਹਨ। ਗੁਆਂਢੀ ਰਾਜ ਹਰਿਆਣਾ ਵਿਚ ਕੁਝ ਸਮੇਂ ਲਈ ਕੀਤੀ ਨਸ਼ਾਬੰਦੀ ਨੇ ਜਿਥੇ ਇਸ ਸੁਪਨੇ ਦੇ ਸੁਪਨਕਾਰ ਨੂੰ ਰਾਜ ਗੱਦੀ ਤੋਂ ਲਾਂਭੇ ਹਟਾਇਆ ਉਥੇ ਕਰੋੜਾਂ ਰੁਪਏ ਦੀ ਸ਼ਰਾਬ ਨਜ਼ਾਇਜ਼ ਰੂਪ ਵਿਚ ਵਿਕਣ ਦਾ ਵੀ ਉਲਾਂਭਾ ਖੱਟਿਆ। ਸਾਡੇ ਹੁਕਮਰਾਨ ਭਾਵੇਂ ਕਿਸੇ ਵੀ ਸਿਆਸੀ ਰੰਗ ਦੇ ਹੋਣ, ਹੁਣ ਕਦੇ ਵੀ ਇਹ ਖਤਰਾ ਮੁੱਲ ਨਹੀਂ ਲੈਣਗੇ ਕਿ ਨਸ਼ਾਬੰਦੀ ਕਰਕੇ ਰਾਜ ਭਾਗ ਨੂੰ ਹੱਥੋਂ ਛੱਡਿਆ ਜਾਵੇ, ਜਵਾਨੀ ਭਾਵੇਂ ਤਬਾਹ ਹੋ ਜਾਵੇ। ਇਕ ਗੀਤ ਸੁਣਿਆ ਸੀ।
ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ।
ਪਰ ਹੁਣ ਇਹ ਗੱਲ ਸਿਰਫ ਗੀਤਾਂ ਵਿਚ ਹੀ ਸੱਚ ਲੱਗਦੀ ਹੈ ਕਿਉਂਕਿ ਹੁਣ ਸ਼ਰਾਬੀਆਂ ਨੂੰ ਠੇਕਾ ਪੁੱਛਣ ਦੀ ਲੋੜ ਨਹੀਂ, ਹਰ ਚੌਂਕ ਵਿਚ ਹੀ ਠੇਕਾ ਹੈ। ਉਸ ਤੋਂ ਬਚ ਕੇ ਕੋਈ ਵੀ ਸ਼ਰਾਬੀ ਘਰ ਕਿਵੇਂ ਸੁੱਕਾ ਪਹੁੰਚ ਸਕਦਾ ਹੈ। ਪਿਛਲੇ ਦਿਨੀਂ ਲੰਮਾ ਸਮਾਂ ਸ਼ਰਾਬ ਪੀ ਕੇ ਗੁਰਦਿਆਂ ਦੀ ਬੀਮਾਰੀ ਸਹੇੜੀ ਬੈਠੇ ਇੱਕ ਸੱਜਣ ਨੇ ਬੜੇ ਕਸ਼ਟ ਨਾਲ ਇਹ ਗੱਲ ਦੱਸੀ ਕਿ ਸ਼ਰਾਬ ਦਾ ਠੇਕਾ ਜੇ ਘਰ ਦੇ ਨੇੜੇ ਨਾ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਹੁੰਦੀ।
ਦੱਸ ਨੀ ਸ਼ਰਾਬ ਦੀਏ ਬੋਤਲੇ ਕਮੀਨੀਏ,
ਮੈਂ ਤੈਨੂੰ ਪੀਂਦਾ ਹਾਂ ਜਾਂ ਤੂੰ ਮੈਨੂੰ ਪੀਨੀ ਏਂ।
ਇਹ ਗੱਲ ਵਿਚਾਰਨ ਵਾਲੀ ਹੈ ਕਿ ਅਸੀਂ ਕਿੰਨਾ ਕੁ ਚਿਰ ਇਸ ਨਸ਼ੇ ਦੀ ਵਿਕਰੀ ਕਰ–ਕਰ ਕੇ ਰਾਜ ਪ੍ਰਬੰਧ ਦੀਆਂ ਜਰਜਰੀਆਂ ਕੋਠੜੀਆਂ ਨੂੰ ਠੁੰਮਣਾ ਦੇਈ ਰੱਖਾਂਗੇ। ਅਖੀਰ ਸਾਨੂੰ ਆਪਣੇ ਨਿਜ਼ਾਮ ਦੀ ਛੱਤ ਹੇਠਾਂ ਪਾਏਦਾਰ ਆਰਥਿਕ ਕੰਧਾਂ ਦੀ ਉਸਾਰੀ ਕਰਨੀ ਪਵੇਗੀ।
ਇਹ ਗੱਲ ਵੀ ਵਿਚਾਰ ਮੰਗਦੀ ਹੈ ਕਿ ਅਸੀਂ ਨਸ਼ਿਆਂ ਨੂੰ ਕਿਸੇ ਖੁਸ਼ੀ ਨੂੰ ਮਨਾਉਣ ਜਾਂ ਗਮੀ ਨੂੰ ਦੂਰ ਕਰਨ ਦਾ ਵਸੀਲਾ ਕਿਉਂ ਬਣਾਇਆ ਹੈ? ਕੀ ਅਸੀਂ ਇਸ ਗੁਲਾਮੀ ਤੋਂ ਮੁਕਤ ਨਹੀਂ ਹੋ ਸਕਦੇ। ਸਾਨੂੰ ਇਹ ਵਿਚਾਰਨਾ ਪਵੇਗਾ ਕਿ ਆਪਣੇ ਘਰਾਂ ਵਿਚ ਸ਼ਰਾਬ ਰੁਤਬੇ ਦੀ ਬੁਲੰਦੀ ਦਾ ਸਬੂਤ ਬਣ ਕੇ ਪੇਸ਼ ਨਾ ਹੋਵੇ ਸਗੋਂ ਇਸ ਨੂੰ ਇਕ ਮਾਨਸਿਕ ਕਮਜ਼ੋਰੀ ਸਮਝ ਕੇ ਪਛਾਣਿਆ ਜਾਵੇ।
ਕੋਈ ਸਮਾਂ ਸੀ ਜਦ ਸ਼ਰਾਬ ਪੀਣ ਵਾਲਾ ਆਦਮੀ ਆਪਣੇ ਘਰ ਮੂੰਹ ਘੁੱਟ ਕੇ ਵੜਦਾ ਸੀ ਕਿ ਕਿਤੇ ਮੇਰੀ ਪਤਨੀ, ਜਵਾਨ ਪੁੱਤਰ ਜਾਂ ਮੁਟਿਆਰ ਧੀ ਨੂੰ ਇਸ ਦੀ ਬਦਬੂ ਨਾ ਆ ਜਾਵੇ। ਪਰ ਹੁਣ ਘਰ ਆਏ ਮਹਿਮਾਨ ਦੀ ਉਡੀਕ ਕਈ ਵਾਰ ਸਿਰਫ ਏਸ ਵਾਸਤੇ ਕੀਤੀ ਜਾਂਦੀ ਹੈ ਕਿ ਕੋਈ ਮਹਿਮਾਨ ਆ ਜਾਵੇ ਘੜੀ ਬੈਠਾਂਗੇ, ਪੀਵਾਂਗੇ। ਬਹੁਤ ਸਾਰੇ ਨਵੇਂ ਅਮੀਰ ਹੋਏ ਸ਼ਹਿਰੀ ਘਰਾਂ ਵਿਚ ਜਿਥੇ ਪੂਜਾ ਸਥਾਨਾਂ ਦੀਆਂ ਉਸਾਰੀਆਂ ਵੀ ਜ਼ੋਰਾਂ ਤੇ ਹਨ ਉਨ੍ਹਾਂ ਹੀ ਘਰਾਂ ਵਿਚ ਬਹੁਤ ਥਾਈਂ ਸ਼ਰਾਬ ਦੇ ਲੁਕਵੇਂ ਪ੍ਰਬੰਧ ਕੀਤੇ ਹੋਏ ਮੈਂ ਖੁਦ ਵੇਖੇ ਹਨ। ਕਿਸੇ ਨੇ ਨਹਾਉਣ ਵਾਲੇ ਗੁਸਲਖਾਨੇ ਦੀ ਟਂਕੀ ਵਿਚ ਬੋਤਲ ਲੁਕਾਈ ਹੋਈ ਹੈ ਕਿਸੇ ਨੇ ਕਿਤਾਬਾਂ ਵਾਲੀ ਅਲਮਾਰੀ ਦੇ ਪਿਛਵਾੜੇ ਲੁਕਵੇਂ ਖਾਨੇ ਬਣਾਏ ਹੋਏ ਨੇ। ਕੀ ਅਸੀਂ ਇਸ ਦੋਗਲੀ ਜ਼ਿੰਦਗੀ ਤੋਂ ਮੁਕਤ ਨਹੀਂ ਹੋ ਸਕਦੇ? ਅਸਲ ਵਿਚ ਉਸ ਭਟਕਣ ਤੋਂ ਮੁਕਤੀ ਦੀ ਲੋੜ ਹੈ ਜੋ ਸਾਨੂੰ ਆਪਣੇ ਆਪ ਦੇ ਰੂ–ਬ–ਰੂ ਨਹੀਂ ਹੋਣ ਦਿੰਦੀ। ਹਮੇਸ਼ਾਂ ਅਸੀਂ ਕਿਸੇ ਹੋਰ ਥਾਂ ਜਾਂ ਨਸ਼ੇ ਤੋਂ ਹੀ ਦੁੱਖਾਂ ਦੀ ਦਵਾਈ ਮੰਗਦੇ ਹਾਂ। ਇਹ ਗੱਲ ਭਾਵੇਂ ਤੁਹਾਨੂੰ ਕੌੜੀ ਲੱਗੇ ਪਰ ਇਹ ਹਜ਼ਮ ਕਰਨੀ ਹੀ ਪਵੇਗੀ ਕਿ ਜਿੰਨਾ ਚਿਰ ਨਸ਼ਾ ਕਰਨ ਵਾਲੇ ਪੁੱਤਰ, ਬਾਪ ਜਾਂ ਪਤੀ ਨੂੰ ਔਰਤ ਨੱਥ ਨਹੀਂ ਪਾਉਂਦੀ ਉਨ੍ਹਾਂ ਚਿਰ ਇਸ ਕੋਹੜ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ। ਜੇਕਰ ਪੰਜਾਬ ਦੀਆਂ ਔਰਤਾਂ ਹੀ ਇਕੱਠੀਆਂ ਹੋਣ ਦੀ ਥਾਂ ਆਪੋ ਆਪਣੇ ਘਰੀਂ ਸ਼ਰਾਬਬੰਦੀ ਦਾ ਬਿਗਲ ਵਜਾ ਦੇਣ ਤਾਂ 50 ਫੀ ਸਦੀ ਨਸ਼ਾਬੰਦੀ ਇਕ ਰਾਤ ਵਿਚ ਹੀ ਸੰਭਵ ਹੈ। ਬਦੇਸ਼ਾਂ ਵਿਚ ਪੰਜਾਬੀ ਭਰਾ ਆਪਣੀਆਂ ਪਤਨੀਆਂ ਨੂੰ ਪਾਰਟੀਆਂ ’ਚ ਜ਼ਰੂਰ ਲੈ ਕੇ ਜਾਂਦੇ ਨੇ। ਕਾਰਨ ਇਹ ਨਹੀਂ ਕਿ ਸਤਿਕਾਰ ਹੈ, ਸਗੋਂ ਇਹ ਹੈ ਕਿ ਪਾਰਟੀ ਮਗਰੋਂ ਸ਼ਰਾਬੀ ਪਤੀ ਨੂੰ ਕਾਰ ਤੇ ਲੱਦ ਕੇ ਵੀ ਵਾਪਸ ਘਰ ਲਿਆਉਣਾ ਹੈ। ਸ਼ਰਾਬ ਪੀ ਕੇ ਕਾਰ ਚਲਾਉਣ ਦੀ ਮਨਾਹੀ ਹੋਣ ਕਾਰਨ ਪੰਜਾਬੀ ਵੀਰਾਂ ਨੇ ਇਹ ਰਾਹ ਕੱਢ ਲਿਐ। ਨਸ਼ੇ ਵਿਚ ਗਲਤਾਨ ਆਦਮੀ ਆਪਣੇ ਘਰਾਂ ਨੂੰ ਨਰਕ ਬਣਾ ਕੇ ਇਸ ਜੀਵਨ ਜਾਚ ਦੇ ਚੱਕਰਵਿਊ ਵਿਚੋਂ ਨਿਕਲਣ ਦੇ ਸਮਰੱਥ ਨਹੀਂ ਰਹਿੰਦੇ। ਇਸ ਚੱਕਰਵਿਊ ਨੂੰ ਤੋੜਨਾ ਧਾਰਮਿਕ ਜਥੇਬੰਦੀਆਂ, ਸਹਿਤ ਚੇਤਨਾ ਕੇਂਦਰਾਂ ਅਤੇ ਸਮਾਜਿਕ ਵਿਕਾਸ ਜਥੇਬੰਦੀਆਂ ਦਾ ਫਰਜ਼ ਹੈ।
ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਅਤੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਲੱਗੇ ਪੰਜਾਬੀਆਂ ਰਾਹੀਂ ਜ਼ਰਦਾ, ਅਫੀਮ, ਭੰਗ ਅਤੇ ਪੋਸਤ ਦੇ ਨਸ਼ੇ ਆਏ ਹਨ। ਪਹਿਲਾਂ ਸਿਰਫ ਟਰਾਂਸਪੋਰਟ ਦੇ ਕਾਰੋਬਾਰ ਵਿਚ ਕੰਮ ਕਰਦੇ ਡਰਾਈਵਰ ਖਲਾਸੀ ਅਤੇ ਹੋਰ ਸਹਾਇਕ ਮਜ਼ਦੂਰ ਵਰਗ ਦੇ ਲੋਕ ਹੀ ਇਸ ਤੋਂ ਪੀੜਤ ਸਨ। ਪਰ ਹੁਣ ਪਿੰਡ–ਪਿੰਡ, ਸ਼ਹਿਰ–ਸ਼ਹਿਰ ਆਏ ਪ੍ਰਵਾਸੀ ਮਜ਼ਦੂਰ ਇੰਨੀ ਗਿਣਤੀ ਵਿਚ ਪੰਜਾਬ ਅੰਦਰ ਵੱਸ ਗਏ ਹਨ ਕਿ ਉਨ੍ਹਾਂ ਦੀ ਨਸ਼ਾ ਪੂਰਤੀ ਲਈ ਨਸ਼ਿਆਂ ਦੀਆਂ ਨਵੀਆਂ ਮੰਡੀਆਂ ਵੀ ਵਿਕਸਤ ਹੋ ਗਈਆਂ ਹਨ। ਤਲੀ ਤੇ ਮਲ ਕੇ ਬੁੱਲਾਂ ਹੇਠ ਰੱਖਣ ਵਾਲਾ ਜ਼ਰਦਾ ਪਿੰਡ–ਪਿੰਡ ਵਿਕ ਰਿਹਾ ਹੈ। ਬੜੇ ਦਿਲਕਸ਼ ਨਾਵਾਂ ਤੇ ਪੁੜੀਆਂ ਵਿਚ ਵਿਕਦੇ ਇਸ ਜ਼ਹਿਰ ਦੇ ਦਰਸ਼ਨ ਤੁਸੀਂ ਅਕਸਰ ਕਰਦੇ ਹੋਵੇਗੇ। ਪਰ ਕਿਸੇ ਕੈਂਸਰ ਹਸਪਤਾਲ ਵਿਚ ਪਏ ਦੰਦਾਂ ਅਤੇ ਜਬਾੜੇ ਦੇ ਕੈਂਸਰ ਵਾਲੇ ਰੋਗੀ ਨੂੰ ਪੁੱਛਿਓ ਉਸ ਨੂੰ ਇਹ ਸੁਗਾਤ ਕਿਥੋਂ ਮਿਲੀ ਹੈ ਉਹ ਆਪੇ ਹੀ ਇਨ੍ਹਾਂ ਪੁੜੀਆਂ ਦਾ ਸਿਰਨਾਵਾਂ ਦੱਸ ਦੇਵੇਗਾ।
ਸਾਡੇ ਸੁ¤ਤਿਆਂ ਸੁ¤ਤਿਆਂ ਨਸ਼ਿਆਂ ਦੇ ਹੜ੍ਹ ਦਾ ਪਾਣੀ ਸਾਡੇ ਘਰਾਂ ਦੀਆਂ ਕੰਧਾਂ ਤੋੜ ਕੇ ਅੰਦਰ ਆ ਵੜਿਆ ਹੈ ਪਰ ਅਸੀਂ ਅਜੇ ਵੀ ਘੂਕ ਸੁ¤ਤੇ ਪਏ ਹਾਂ। ਸਾਨੂੰ 365 ਦਿਨਾਂ ਵਿਚੋਂ ਸਿਰਫ ਇਕੋ ਦਿਨ ਮਾਰੀ ਆਵਾਜ਼ ਕਦੇ ਨਹੀਂ ਜਗਾ ਸਕਦੀ। ਸਾਨੂੰ ਹਰ ਪਲ, ਹਰ ਦਿਨ ਇਸ ਨਸ਼ੀਲੇ ਨਿਜ਼ਾਮ ਦੇ ਖਿਲਾਫ ਬੋਲਣਾ ਪਵੇਗਾ, ਜਾਗਣਾ ਪਵੇਗਾ ਅਤੇ ਇਹ ਨਸ਼ੀਲਾ ਹੜ੍ਹ ਰੋਕਣਾ ਪਵੇਗਾ।
ਅੱਜ ਸਮਾਂ ਕਿਸੇ ਇਕ ਧਿਰ ਤੇ ਇਲਜ਼ਾਮ ਲਗਾਉਣ ਦਾ ਨਹੀਂ, ਸੋਚਣ ਦਾ ਵੇਲਾ ਹੈ ਕਿ ਪੰਜਾਬ ਦਾ ਮਿਹਨਤੀ ਹੱਥ, ਸੋਚਵਾਨ ਦਿਮਾਗ ਰੋਸ਼ਨ ਭਵਿੱਖ ਕਿਵੇਂ ਬਚਾਉਣਾ ਹੈ। ਇਸ ਕੰਮ ਲਈ ਨਸ਼ੇ ਦੇ ਜਾਇਜ਼, ਨਜ਼ਾਇਜ ਕਾਰੋਬਾਰ ਵਿਚ ਲੱਗੇ ਵਿਅਕਤੀਆਂ, ਸਮੂਹਾਂ ਅਤੇ ਵਿਭਾਗਾਂ ਨੂੰ ਇਸ ਨਿਜ਼ਾਮ ਦੀ ਭਿਆਨਕਤਾ ਬਾਰੇ ਚੇਤਨਾ ਤਾਂ ਹੈ ਪਰ ਇਸ ਦੇ ਦੂਰ ਰਸ ਸਿੱਟਿਆਂ ਦੀ ਸੋਝੀ ਨਹੀਂ, ਸ਼ਾਇਦ ਇਸੇ ਕਰਕੇ ਸੱਤਾਵਾਨ ਲੋਕ ਬਹੁ–ਗਿਣਤੀ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਆਪਣੇ ਸਾਧਨ ਲਗਾ ਰਹੇ ਹਨ। ਉਤਪਾਦਕ ਸ਼ਕਤੀਆਂ ਦਿਨੋ ਦਿਨ ਕਮਜ਼ੋਰ ਹੋ ਰਹੀਆਂ ਹਨ। ਜੇਕਰ ਨਸ਼ਿਆਂ ਦੇ ਕਾਰੋਬਾਰ ਵਿਚ ਲੱਗਿਆ ਸਰਮਾਇਆ ਨਵੇਂ ਉਦਯੋਗਾਂ ਅਤੇ ਕਾਰੋਬਾਰਾਂ ਵਿਚ ਲੱਗੇ ਤਾਂ ਕਿੰਨੇ ਵਿਹਲੇ ਹੱਥਾਂ ਨੂੰ ਰੋਜ਼ਗਾਰ ਮੁਹੱਈਆ ਹੋ ਸਕਦਾ ਹੈ। ਪਰ ਹੁਣ ਬੇਰੁਜ਼ਗਾਰੀ ਅਤੇ ਅਸੁਰ¤ਖਿਅਤ ਭਵਿੱਖ ਦਾ ਭੈ ਸਾਡੀ ਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਤੋਰ ਕੇ ਹੋਰ ਵੀ ਤਬਾਹੀ ਵਾਲੇ ਪਾਸੇ ਲਿਜਾ ਰਿਹਾ ਹੈ। ਇਸ ਕੰਮ ਵਿਚ ਸੰਚਾਰ ਮਾਧਿਅਮ ਵੀ ਬੜਾ ਮਾੜਾ ਰੋਲ ਅਦਾ ਕਰ ਰਹੇ ਹਨ। ਫਿਲਮਾਂ, ਟੈਲੀ ਸੀਰੀਅਲ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਮ ਹੇਠ ਹੋ ਰਿਹਾ ਵਣਜ–ਵਪਾਰ ਸ਼ਰਾਬ ਦੇ ਦਖਲ ਨੂੰ ਘੱਟ ਕਰਨ ਦੀ ਥਾਂ ਵਧਾ ਰਿਹਾ ਹੈ। ਸ਼ਰਾਬ ਦੀ ਮਹਿਮਾ ਵਾਲੇ ਗੀਤਾਂ ਤੇ ਪਾਬੰਦੀ ਸਮੇਂ ਦੀ ਲੋੜ ਹੈ। ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਮਾਡਲ ਨੂੰ ਆਪਣੇ ਘਰ ਵਿਚ ਉਸਾਰ ਕੇ ਵੇਖੋ ! ਮੰਜੇ ਤੇ ਚੌੜਾ ਹੋ ਕੇ ਪਏ ਸ਼ਰਾਬੀ ਪੁੱਤਰ ਜਾਂ ਪਤੀ ਨੰ ਕਿੰਨਾ ਕੁ ਚਿਰ ਸਹਿਣ ਕਰੋਗੇ? ਇਹੋ ਜੇ ਗੈਰ ਜ਼ਿੰਮੇਂਵਾਰ ਗੀਤ ਸਾਡੀ ਮਾਨਸਿਕਤਾ ਨੂੰ ਪਲੀਤ ਕਰਦੇ ਹਨ। ਨਸ਼ੇ ਨੂੰ ਲਾਹਣਤ ਵਾਲੇ ਗੀਤ ਹੀ ਅੱਜ ਸਾਡੀ ਲੋੜ ਹਨ। ਸ਼ਰਾਬ ਦੀਆਂ ਬਹੁ–ਕੌਮੀ ਕੰਪਨੀਆਂ ਨੰਗੇਜ਼ ਦੇ ਸਹਾਰੇ ਸਾਡੇ ਘਰਾਂ ਵਿਚ ਅਜਿਹਾ ਕੁਝ ਬੀਜ ਰਹੀਆਂ ਹਨ ਜਿਸ ਦਾ ਫਲ ਤਬਾਹੀ ਦੇ ਰੂਪ ਵਿਚ ਸਾਨੂੰ ਹੀ ਵੱਢਣਾ ਪਵੇਗਾ। ਇਸ ਘੜੀ ਮੈਂ ਸਿਰਫ ਇਹੀ ਕਹਾਂਗਾ ਕਿ ਨਸ਼ਿਆਂ ਦੇ ਖਿਲਾਫ ਸਿਹਤਮੰਦ ਸਮਾਜ ਸਿਰਜਣ ਲਈ ਆਓ ਜਾਗੀਏ, ਉਠੀਏ ਅਤੇ ਕਾਫਲਾ ਬਣੀਏ।
ਜਦੋਂ ਮਾਵਾਂ, ਧੀਆਂ, ਪਤਨੀਆਂ ਆਪਣੇ ਘਰਾਂ ਵਿਚ ਨਸ਼ੀਲੀਆਂ ਬੋਤਲਾਂ ਦਾ ਦਾਖਲਾ ਬੰਦ ਕਰਨਗੀਆਂ ਜਾਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਬਦਬੂ ਨੂੰ ਨਫਰਤ ਕਰਨਗੀਆਂ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਦਾ ਗੱਭਰੂ ਨਸ਼ਾ ਤਿਆਗ ਕੇ ਸਹੀ ਰਸਤੇ ਉਪਰ ਤੁਰੇਗਾ। ਅਸੀਂ ਰਲ ਕੇ ਉਹ ਨਿਜ਼ਾਮ ਸਿਰਜਣਾ ਹੈ ਜਿਸ ਵਿਚ ਨਸ਼ਿਆਂ ਦੀ ਵਰਤੋਂ ਕੁਰਹਿਤ ਹੋਵੇ। ਧਰਮ ਸਥਾਨਾਂ, ਖੇਡਾਂ ਅਖਾੜਿਆਂ, ਸਭਿਆਚਾਰਕ ਸੱਥਾਂ, ਮਿੱਤਰ ਮਿਲਣੀਆਂ, ਸਾਹਿਤ ਸਭਾਵਾਂ ਅਤੇ ਟਰੇਡ ਯੂਨੀਅਨ ਮੀਟਿੰਗਾਂ ਵਿਚ ਇਹ ਗੱਲ ਸਾਨੂੰ ਸਾਰਿਆਂ ਨੂੰ ਮੁੱਖ ਮੁੱਦੇ ਦੇ ਤੌਰ ਤੇ ਵਿਚਾਰਨੀ ਪਵੇਗੀ ਕਿ ਜੇਕਰ ਨਸ਼ਿਆਂ ਦੇ ਪਿਆਲੇ ਵਿਚ ਪੰਜਾਬ ਹੋਰ ਕੁਝ ਚਿਰ ਡੁੱਬਿਆ ਰਿਹਾ ਤਾਂ ਅਸੀਂ ਖੁਦ ਕਿਵੇਂ ਜੀਵਾਂਗੇ। ਇਹ ਗੱਲ ਸਾਨੂੰ ਸਿਰਫ ਆਪਣੇ ਪਰਿਵਾਰ ਤਕ ਹੀ ਨਹੀਂ ਸਗੋਂ ਕੁੱਲ ਸੰਸਾਰ ਤੱਕ ਲੈ ਕੇ ਜਾਣੀ ਪਵੇਗੀ ਕਿ ਨਸ਼ਿਆਂ ਦੀ ਖੁਮਾਰੀ ਸਾਡੇ ਭਵਿੱਖ ਦੀ ਖੁਆਰੀ ਬਣ ਸਕਦੀ ਹੈ। ਜ਼ਿੰਦਗੀ ਦੇ ਸੁਹਜਵੰਤੇ ਰੂਪ ਦੀ ਉਸਾਰੀ ਲਈ ਘਰ ਘਰ ਮਹਿਕਦੀ ਫੁੱਲਾਂ ਦੀ ਕਿਆਰੀ ਲਈ, ਪੰਜਾਬ ਦੀ ਚੰਗੀ ਉਸਾਰੀ ਲਈ, ਆਓ ਨਸ਼ਿਆਂ ਨੂੰ ਇਸ ਧਰਤੀ ਤੋਂ ਦੂਰ ਭਜਾਈਏ, ਖੁਦ ਵੀ ਸਮਝੀਏ, ਹੋਰਨਾਂ ਨੂੰ ਵੀ ਸਮਝਾਈਏ।

ਟੋਟੇ ਟੋਟੇ.......... ਮੁਹਿੰਦਰ ਸਿੰਘ ਘੱਗ

ਏਕ ਪਿਤਾ ਦੀ ਤੂੰ ਭਰਦਾ ਸੀ ਸਾਖੀ ਮਾਨਵ ਕੀ ਜ਼ਾਤ ਤੂੰ ਇਕੋ ਸੀ ਆਖੀ
ਭਾਈ ਨਾਲੋਂ ਭਾਈ ਅੱਜ ਵੰਡਿਆ ਪਿਆ ਹੈ ਮਾਨਵਤਾ ਬਿਚਾਰੀ ਹੋਈ ਟੋਟੇ ਟੋਟੇ

ਕਿਤੇ ਧੋਤੀ ਟੋਪੀ ਕਛਹਿਰੇ ਦਾ ਝਗੜਾ ਹਕ ਮੰਗਿਆਂ ਮਿਲਦਾ ਮੁਦਗਰ ਦਾ ਰਗੜਾ
ਖੇਤੀ ਲੁੱਟੀ ਜਾਂਦੇ ਨੇ ਖੇਤਾਂ ਦੇ ਰਾਖੇ ਇਨਸਾਫ ਦੀ ਤਕੜੀ ਹੋ ਰਹੀ ਟੋਟੇ ਟੋਟੇ

ਕੋਈ ਮਸਜਿਦ ਪਿਆ ਢਾਵੇ ਮੰਦਰ ਕੋਈ ਸਾੜੇ ਚਰਚਾਂ ਨੂੰ ਅੱਗਾਂ ਗੋਲੀ ਗੁਰਦਵਾਰੇ

ਖੁਦਾ ਦੀ ਵੀ ਮਾਨਵ ਨੇ ਵੰਡ ਐਸੀ ਪਾਈ ਖੁਦਾ ਦੀ ਖੁਦਾਈ ਵੀ ਹੋਈ ਟੋਟੇ ਟੋਟੇ

ਕੰਨਾਂ ਵਿਚ ਲੋਕਾਂ ਦੇ ਮਾਰਕੇ ਫੂਕਾਂ ਜੰਨਤਾ ਨੂੰ ਬੁੱਧੂ ਬਣਾਵਣ ਇਹ ਬਾਬੇ
ਭਰਮਾਂ ਤੇ ਵੈਹਮਾ ਵਿਚ ਐਸਾ ਜਕੜਦੇ ਕਿ ਸੋਝੀ ਬਚਾਰੀ ਵੀ ਹੋਈ ਟੋਟੇ ਟੋਟੇ

ਗੁਰਦਵਾਰਾ ਤਾਂ ਹੈ ਗੁਰੂ ਦਾ ਦਵਾਰਾ ਬਣਦਾ ਕਿਊਂ ਜਾਂਦਾ ਇਹ ਜੰਗ ਦਾ ਅਖਾੜਾ
ਧੱੜੇ ਬਾਜ ਐਸੀ ਕਲਾ ਵਰਤਾਵੇ ਪਲਾਂ ਵਿਚ ਸੰਗਤ ਫਿਰੇ ਹੋਈ ਟੋਟੇ ਟੋਟੇ

ਤੇਰੇ ਪੰਥ ਵਿਚ ਅੱਜ ਮਰਿਆਦਾ ਦਾ ਰੌਲਾ ਧੂਫਾਂ ਦਾ ਰੌਲਾ ਧੂਫੀਆਂ ਦਾ ਹੈ ਰੌਲਾ
ਡੇਡ੍ਹ ਇਟ ਦੀ ਮਸਜਿਦ ਹੈ ਹਰ ਇਕ ਬਣਾਈ ਮਰਿਆਦਾ ਵੀ ਫਿਰਦੀ ਹੋਈ ਟੋਟ ਟੋਟੇ

ਜਿਹਨਾਂ ਲਈ ਅੱਕ ਦੇ ਡੋਡੇ ਸੀ ਖਾਧੇ ਜਿਹਨਾਂ ਤੇ ਵਾਰੇ ਜਿਗਰ ਦੇ ਸੀ ਟੋਟੇ
ਜੇ ਆ ਕੇ ਤੱਕੇਂ ਗਾ ਤਾਂ ਫਟ ਜਾਊ ਕਲੇਜਾ ਪੰਥ ਦੀ ਢੇਰੀ ਹੋਈ ਟੋਟੇ ਟੋਟੇ


ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ...... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

“ਤੂੰ ਜ਼ਰੂਰੀ ਮੇਰੇ ਖੋਸੜੇ ਪਵਾਉਣੇ ਐਂ ?” ਮੈਂ ਕਿਹਾ ।

“ਖੋਸੜੇ ਪੈਣ ਵਾਲੀ ਕੀ ਗੱਲ ਐ ? ਸੱਚ ਦੀ ਗੱਲ ਕਰਨੀ ਤੇ ਸਚਾਈ ‘ਤੇ ਪਹਿਰਾ ਦੇਣਾ ਆਪਣਾ ਸਭ ਦਾ ਫ਼ਰਜ਼ ਬਣਦਾ ਹੈ ।” ਮੇਰੇ ਦਿਲ ਦੀ ਆਵਾਜ਼ ਸੀ ।

“ਬਾਈ ਜੀ ! ਸਿਆਣਿਆਂ ਨੇ ਕਿਹਾ ਕਿ ‘ਜਾਂਦੀਏ ਬਲਾਏ ਦੁਪਹਿਰਾ ਕੱਟ ਜਾ’ ਕਦੇ ਨਾ ਕਹੀਏ ।”

“ਪਰ ਇਹ ਦੁੱਖ ਤਾਂ ਮੇਰੇ ਬਰਦਾਸ਼ਤ ਤੋਂ ਬਾਹਰ ਹੈ ।”

“ਧਰਮ ਦੇ ਮਸਲੇ ‘ਚ ਕਦੇ ਦਖ਼ਲ ਨਹੀਂ ਦੇਣਾ ਚਾਹੀਦਾ, ਮੈਂ ਤਾਂ ਫਿਰ ਹਿੰਦੂ ਪਰਿਵਾਰ ‘ਚ ਜੰਮਿਆਂ ਹਾਂ, ਮੈਨੂੰ ਤਾਂ ਊਂ ਈ ਕਿਸੇ ਨੇ ਨਹੀਂ ਬਖ਼ਸ਼ਣਾ ।”


“ਇੱਕ ਗੱਲ ਦੱਸ, ਕੀ ਤੂੰ ਕਦੇ ਗੁਰਦੁਆਰਾ ਸਾਹਿਬ ਨਹੀਂ ਗਿਆ ? ਕਦੇ ਧੁਰ ਕੀ ਬਾਣੀ ਦਾ ਪਾਠ ਨਹੀਂ ਕੀਤਾ ?”

“ਗੁਰਦੁਆਰਾ ਸਾਹਿਬ ਵੀ ਜਾਂਦਾ ਹਾਂ ਤੇ ਪਾਠ ਵੀ ਕੀਤਾ ਹੈ, ਫੇਰ ?”

“ਯਾਦ ਕਰ ਜਦ ਤੂੰ ਚੌਥੀ-ਪੰਜਵੀਂ ਜਮਾਤ ‘ਚ ਪੜ੍ਹਦਾ ਸੀ, ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚ ਪਹਿਲੀ ਵਾਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਸੀ ਤਾਂ ਤੇਰੇ ਦਾਦਾ ਜੀ ਨੇ ਅਰਦਾਸ ਕਰਵਾਈ ਸੀ ।”

“ਉਹ ਤਾਂ ਯਾਦ ਹੈ, ਪਰ ਨਾਲ਼ ਇਹ ਵੀ ਯਾਦ ਹੈ ਕਿ ਜਿੰਮੀਦਾਰਾਂ ਦੇ ਇੱਕ ਮੁੰਡੇ ਨੇ ਹਿੰਦੂਆਂ ਦਾ ਮੁੰਡਾ ਹੋ ਕੇ ਪਾਠ ਕਰਨ ‘ਤੇ ਟੋਕ ਵੀ ਤਾਂ ਕੀਤੀ ਸੀ, ਜਿਸ ਕਰਕੇ ਮੇਰੀ ਜਿ਼ੰਦਗੀ ਪੂਰਨ ਰੂਪ ਵਿੱਚ ਬਦਲ ਗਈ । ਬਚਪਨ ਵਿੱਚ ਜੇਕਰ ਇਹ ਘਟਨਾ ਨਾ ਹੁੰਦੀ ਤਾਂ ਸ਼ਾਇਦ ਅੱਜ ਕਲੀਨ ਸ਼ੇਵ ਹੋਣ ਦੀ ਥਾਂ ਗੁਰਸਿੱਖ ਹੁੰਦਾ ।”

“ਜੋ ਮਰਜ਼ੀ ਬਹਾਨੇ ਮਾਰੀ ਜਾ, ਤੈਨੂੰ ਇਹ ਲੇਖ਼ ਲਿਖਣਾ ਹੀ ਪੈਣਾ । ਆਖਿਰ ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਆਪਣੇ ਹੀ ਭੈਣਾਂ-ਭਰਾ ਹਨ । ਜਦ ਇੱਥੇ ਰਹਿਣਾ ਹੈ ਤਾਂ ਇਨ੍ਹਾਂ ਨੂੰ ਹੀ ਆਪਣਾ ਸਮਝ ।” ਮੇਰੇ ਦਿਲ ‘ਚੋਂ ਆਵਾਜ਼ ਆਈ ।

“ਮੈਂ ਸਾਰੀਆਂ ਗੱਲਾਂ ਨਾਲ਼ ਸਹਿਮਤ ਹਾਂ, ਪਰ ਬਾਈ ਮੇਰਿਆ ! ਧਰਮ ਦੇ ਮਾਮਲੇ ‘ਚ ਕੋਈ ਵੀ ਗੱਲ ਕਹਿਣ ਤੋਂ ਸਾਨੂੰ ਗੁਰੇਜ਼ ਕਰਨਾ ਬਿਹਤਰ ਹੈ ।”

“ਯਾਰ ! ਮੈਂ ਅਤਿਅੰਤ ਦਰਦ ਨਾਲ਼ ਭਰਿਆ ਪਿਆ ਹਾਂ । ਸਾਡੀਆਂ ਪੰਜਾਬੀ ਕੁੜੀਆਂ ਅਜਿਹੀਆਂ ਪੋਸ਼ਾਕਾਂ ਪਹਿਨ ਕੇ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਕਿ ਉਨ੍ਹਾਂ ਦਾ ਅੰਗ-ਅੰਗ ਬਾਹਰ ਆਉਣ ਨੂੰ ਕਾਹਲਾ ਹੁੰਦਾ ਹੈ । ਇਉਂ ਲੱਗਦੈ, ਜਿਵੇਂ ਫੈਸ਼ਨ ਪਰੇਡ ਹੋ ਰਹੀ ਹੋਵੇ । ਮੈਂ ਕੀਕਣ ਬਰਦਾਸ਼ਤ ਕਰਾਂ ? ਭਾਈ ਬੀਬਾ ! ਮੰਨਿਆ ਕਿ ਤੁਸੀਂ ਬੜੇ ਵਿਕਸਤ ਮੁਲਕ ‘ਚ ਰਹਿੰਦੀਆਂ ਹੋ, ਤੁਹਾਡੀ ਸੋਚ ਬੜੀ ਅਗਾਂਹਵਧੂ ਹੈ, ਆਪਣੀ ਮਰਜ਼ੀ ਦੀਆਂ ਖੁਦ ਮਾਲਕ ਹੋ ਤੇ ਹਰ ਇੱਕ ਨੂੰ ਪੂਰਨ ਆਜ਼ਾਦੀ ਹੈ, ਪਰ ਮਰਿਆਦਾ ਦਾ ਵੀ ਤਾਂ ਕੋਈ ਮਹੱਤਵ ਹੁੰਦਾ ਹੈ । ਬਾਕੀ ਭਾਈ, ਗੁਰੂਘਰ ‘ਚ ਤੁਹਾਡੇ ਵਰਗੀਆਂ ਏਨੀਆਂ ਅਗਾਂਹਵਧੂ ਹੋਣ ਨਾਲੋਂ ਤਾਂ ਅਸੀਂ ਪਿਛਾਂਹਵਧੂ ਹੀ ਚੰਗੇ ।”

“ਚੁੱਪ ਕਰ ! ਸਾਲਾ ਅਤਿਅੰਤ ਦਰਦ ਦਾ ! ਆਪ ਵੀ ਮਰੇਂਗਾ, ਨਾਲੇ ਮੈਨੂੰ ਮਰਵਾਏਂਗਾ । ਐਵੀਂ ਨਾ ਕਿਸੇ ਨੂੰ ਕਹੀ ਜਾ । ਗੱਲ ਉਹ ਕਰੀਏ ਜੋ ਅੱਖੀਂ ਦੇਖੀ ਹੋਵੇ ।” ਮੈਨੂੰ ਆਪਣੇ ਦਿਲ ਦੀ ਸੋਚ ਤੋਂ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ । ਮੈਂ ਸ਼ੁਰੂ ਤੋਂ ਹੀ ਧਰਮ ਦੇ ਮਾਮਲੇ ‘ਤੇ ਕਲ਼ਮ ਚਲਾਉਣ ਤੋਂ ਗੁਰੇਜ਼ ਕੀਤੀ ਹੈ, ਪਰ ਮੇਰਾ ਦਿਲ ਅੱਜ ਤੜਕੇ ਤੋਂ ਹੀ ਮਗਰ ਪਿਆ ਹੋਇਆ ਹੈ ਕਿ ਇਸ ਫੈਸ਼ਨ ਪਰੇਡ ਦੇ ਮਾਮਲੇ ਤੇ ਕੁਝ ਲਿਖਾਂ । ਅਸਲ ‘ਚ ਇੱਕ ਪਾਠਕ ਬੀਬੀ ਦਾ ਫ਼ੋਨ ਆਇਆ ਸੀ, ਲਗਦਾ ਹੈ ਉਹ ਵੀ ਮੇਰੇ ਦਿਲ ਵਾਂਗ ਭਾਵੁਕ ਕਿਸਮ ਦੀ ਹੈ । ਉਹਦਾ ਤੇ ਉਹਦੇ ਪਰਿਵਾਰ ਦਾ ਦਿਲ ਵੀ ਮੇਰੇ ਦਿਲ ਵਾਂਗ ਇਨ੍ਹਾਂ ਗੱਲਾਂ ਕਾਰਨ ਦਰਦ ਨਾਲ਼ ਭਰਿਆ ਪਿਆ ਹੈ । ਉਸਨੇ ਤਾਂ ਆਪਣੇ ਦਿਲ ਦੀ ਭੜਾਸ ਕੱਢ ਲਈ, ਪਰ ਮੇਰਾ ਦਿਲ ਇਹ ਗੱਲਾਂ ‘ਦਿਲ’ ਨੂੰ ਲਾ ਬੈਠਾ ਤੇ ਹੁਣ ਮੇਰੇ ਨਾਲ਼ ਇਸ ਮਾਮਲੇ ‘ਤੇ ਲੇਖ਼ ਲਿਖਣ ਦੀ ਜਿ਼ੱਦ ਕਰੀ ਜਾਂਦਾ ਹੈ । ਮੈਂ ਵੀ ਧਾਰ ਰੱਖੀ ਹੈ, ਇਹ ਜੋ ਮਰਜ਼ੀ ਕਹੀ ਜਾਵੇ, ਮੈਂ ਇਹਦੀ ਕਹੀ ਨਹੀਂ ਮੰਨਣੀ ।

“ਬਾਹਲਾ ਭੋਲਾ ਨਾ ਬਣ, ਜਦ ਤੂੰ ਮੈਲਬੌਰਨ ਰਹਿੰਦਿਆਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ, ਤਾਂ ਮੇਰੇ ਨਾਲ਼ ਕੀ ਕਲਪਦਾ ਰਹਿੰਦਾ ਸੀ ? ਤੂੰ ਆਹੀ ਕੁਛ ਮੈਨੂੰ ਕਹਿੰਦਾ ਹੁੰਦਾ ਸੀ, ਜੋ ਅੱਜ ਮੈਂ ਤੈਨੂੰ ਕਹੀ ਜਾਂਦਾ ਹਾਂ ।”

“ਨਹੀਂ, ਨਾ ਤਾਂ ਮੈਂ ਕੁਛ ਦੇਖਿਆ ਤੇ ਨਾ ਤੈਨੂੰ ਕਦੇ ਕੁਛ ਕਿਹਾ । ਐਵੇਂ ਨਾ ਜ਼ਬਰਦਸਤੀ ਦਾ ਗਵਾਹ ਬਣਾਈ ਜਾ । ਮੈਲਬੌਰਨ ਗੁਰਦੁਆਰਾ ਸਾਹਿਬ ਗਿਆਂ ਨੂੰ ਹੁਣ ਤਾਂ ਅੱਠ-ਨੌਂ ਮਹੀਨੇ ਬੀਤ ਗਏ ਨੇ, ਮੈਨੂੰ ਤਾਂ ਰਾਤ ਖਾਧੀ ਰੋਟੀ ਯਾਦ ਨਹੀਂ ਰਹਿੰਦੀ ਕਿ ਕਾਹਦੇ ਨਾਲ਼ ਖਾਧੀ ਸੀ, ਤੂੰ ਨੌਂ ਮਹੀਨੇ ਪੁਰਾਣੀਆਂ ਗੱਲਾਂ ਤਾਜ਼ਾ ਕਰਵਾਉਣ ਲੱਗਾ ਏਂ ।”

“ਕੀ ਯਾਰ ! ਤੈਨੂੰ ਕੁਛ ਵੀ ਯਾਦ ਨਹੀਂ ਰਹਿੰਦਾ । ਤੂੰ ਐਤਵਾਰ ਵਾਲੇ ਦਿਨ ਜਾਇਆ ਤਾਂ ਕਰਦਾ ਸੀ, .....”

“ਕਿਉਂ ਸਾਲਿਆ, ਮਰਵਾਉਣ ਦਾ ਲੱਕ ਬੰਨਿਐਂ ? ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ? ਪਿਉ ਮੇਰਿਆ ਮੈਨੂੰ ਸਭ ਯਾਦ ਐ, ਵਾਸਤਾ ਈ ਰੱਬ ਦਾ, ਹੁਣ ਨਾਮ ਨਾ ਲਈਂ ਕਿ ਕਿਹੜੇ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ।” ਮੈਂ ਫਟਾਫਟ ਆਪਣੇ ਦਿਲ ਦਾ ਮੂੰਹ ਘੁੱਟਿਆ ।

“ਮੇਰਾ ਮੂੰਹ ਕੀ ਘੁੱਟਦੈਂ ? ਮੂੰਹ ਘੁੱਟ ਉਨ੍ਹਾਂ ਦੇ, ਅਜਿਹੀਆਂ ਕੁਰੀਤੀਆਂ ਰੋਕਦੇ ਨਹੀਂ, ਜੋ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਮੈਂਬਰੀਆਂ ਲਈ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਕਰਦੇ ਤੇ ਲੜਦੇ ਨੇ ਤੇ ਅਜਿਹਾ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਰੱਖਦੇ ਨੇ ।”

“.......” ਮੈਂ ਕੀ ਕਹਿੰਦਾ, ਮੇਰਾ ਦਿਲ ਤਾਂ ਕੁਝ ਜਿ਼ਆਦਾ ਹੀ ਭਾਵੁਕ ਹੋ ਰਿਹਾ ਸੀ ।

“ਐਡੀਲੇਡ ਦਾ ਯਾਦ ਨਹੀਂ, ਲੰਗਰ ਵੇਲੇ ਕਿਵੇਂ ਜਨਤਾ ਧੱਕੋ-ਧੱਕੀ ਹੋਈ ਜਾਂਦੀ ਸੀ । ਦੇ ਧੱਕੇ ‘ਤੇ ਧੱਕਾ, ਦੇ ਧੱਕੇ ‘ਤੇ ਧੱਕਾ ।”

“ਯਾਰ ! ਤੇਰਾ ਵੀ ਪਤਾ ਨਹੀਂ ਲੱਗਦਾ, ਕਦੋਂ ਕੀ ਗੱਲ ਕਰ ਜਾਨੈਂ । ਕਿੱਥੇ ਫੈਸ਼ਨ ਪਰੇਡ, ਕਿੱਥੇ ਪ੍ਰਧਾਨਗੀ ਤੇ ਕਿੱਥੇ ਲੰਗਰ ? ਬਾਕੀ ਜਦੋਂ ਅੱਗੇ ਖੜ੍ਹੇ ਸੇਵਾਦਾਰ ਕੁਝ ਖਾਸ ਬੰਦਿਆਂ ਨੂੰ ਸਾਰੀ ਭੀੜ ‘ਚੋਂ ਅੰਦਰ ਲੈ ਜਾਂਦੇ ਐ ਤਾਂ ਜੇ ਕਿਸੇ ਨੇ ਮਾੜਾ ਮੋਟਾ ਧੱਕਾ ਦੇ ਦਿੱਤਾ ਤਾਂ ਕੀ ਹੋਇਆ ? ਨਾਲ਼ੇ ਏਨੀਆਂ ਨਿੱਕੀਆਂ ਗੱਲਾਂ ਬਾਈ ਜੀ, ਆਪਣੇ ਤਾਂ ਯਾਦ ਰਹਿੰਦੀਆਂ ਨਹੀਂ, ਜਿੰਨੀਆਂ ਤੂੰ ਕਰਦੈਂ । ਹੁਣ ਇਹ ਨਾ ਪੁੱਛ ਲਈਂ ਪਈ, ਉਹ ਕਿਹੜਾ ਸੇਵਾਦਾਰ ਸੀ ? ਮੈਂ ਤਾਂ ਇੱਕ ਵਾਰੀ ਹੀ ਉੱਥੇ ਕਿਸੇ ਨਾਲ ਗਿਆ ਸੀ, ਉਹ ਵੀ ਬੜੇ ਮਹੀਨੇ ਹੋ ਗਏ । ਮੈਨੂੰ ਤਾਂ ਰਸਤਾ ਵੀ ਯਾਦ ਨਹੀਂ ।”

“ਹੁਣ ਇਹ ਨਾ ਕਹੀਂ ਪਈ, ਐਡੀਲੇਡ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਬਾਰੇ ਨਹੀਂ ਸੁਣਿਆ, ਜਿੱਥੇ ਸੰਗਤਾਂ ਕੁਰਸੀਆਂ-ਮੇਜ਼ਾਂ ਤੇ ਬਹਿ ਕੇ ਲੰਗਰ ਛਕਦੀਆਂ ਨੇ । ਸਾਰੀ ਉਮਰ ਆਪਾਂ ਤਾਂ ਇਹੀ ਕਹਿੰਦੇ-ਸੁਣਦੇ ਰਹੇ ‘ਪ੍ਰਸ਼ਾਦਾ ਵਾਹਿਗੁਰੂ ਜੀ ! ਦਾਲ ਵਾਹਿਗੁਰੂ ਜੀ !!’ ਸੁਣਿਐ, ਉੱਥੇ ਕਹਿੰਦੇ ਐ ‘ਲਿਟਲ ਬਿਟ ਮੋਰ ! ਲਿਟਲ ਬਿਟ ਮੋਰ !!’

“ਨਾ ! ਚੁੱਪ !! ਗ਼ਲਤ ਗੱਲ !!! ਇਸ ਵਿਸ਼ੇ ‘ਤੇ ਆਪਾਂ ਬਿਲਕੁੱਲ ਈ ਗੱਲ ਨਹੀਂ ਕਰਨੀ । ਸੁਣੀ-ਸੁਣਾਈ ਗੱਲ ‘ਤੇ ਟਿੱਪਣੀ ਕਰਨੀ ਆਪਣੇ ਅਸੂਲਾਂ ਦੇ ਖਿਲਾਫ਼ ਹੈ । ਜਦੋਂ ਤੱਕ ਗੱਲ ਦਾ ਪੂਰਾ ਪਤਾ ਨਾ ਹੋਵੇ, ਆਪਾਂ ਨਹੀਂ ਬੋਲਦੇ । ਆਪਾਂ ਕਦੀ ਉੱਥੇ ਗਏ ਨਹੀਂ, ਕੁਝ ਦੇਖਿਆ ਨਹੀਂ, ਮੇਜ਼ਾਂ ‘ਤੇ ਲੰਗਰ ਛਕਾਉਣ ਦਾ ਕਿਸੇ ਨੂੰ ਕਾਰਨ ਪੁੱਛਿਆ ਨਹੀਂ । ਹੋ ਸਕਦੈ ਉੱਥੋਂ ਦੀ ਕੋਈ ਪ੍ਰੰਪਰਾ ਹੋਵੇ ।” ਮੈਂ ਸੁਣੀ-ਸੁਣਾਈ ਗੱਲ ‘ਤੇ ਕੁਝ ਵੀ ਬੋਲਣ ਤੋਂ ਸਾਫ਼ ਮੁੱਕਰ ਗਿਆ । ਗੱਲ ਵੀ ਠੀਕ ਹੈ, ਆਪਾਂ ਨੂੰ ਹਰ ਜਗ੍ਹਾ ਦੀਆਂ ਪ੍ਰੰਪਰਾਵਾਂ ਜਾਂ ਇਤਿਹਾਸ ਦਾ ਕੀ ਪਤਾ ? ਜਦੋਂ ਕਦੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਮਾਂ ‘ਚ ਹੋਏ, ਉਦੋਂ ਆਪਣੇ ਦਿਲ ਦੀ ਤਸੱਲੀ ਵੀ ਕਰਵਾ ਦੇਵਾਂਗੇ, ਪਰ ਹੁਣ ਕੋਈ ਗੱਲ ਨਹੀਂ ਕਰਨੀਂ, ਨਾ ਬਈ, ਉੱਕਾ ਈ ਨਹੀਂ, ਉਂਹੂੰ !

“ਚੱਲ, ਇਸ ਗੱਲ ਨੂੰ ਏਥੇ ਹੀ ਛੱਡ ਦਿੰਨੇ ਐਂ ਪਈ ਸੁਣੀ ਸੁਣਾਈ ਗੱਲ ਐ, ਜਦੋਂ ਅੱਖੀਂ ਦੇਖਾਂਗੇ, ਫੇਰ ਸਹੀ । ਪਰ ਇੱਕ ਸੁਆਲ ਜ਼ਰੂਰ ਪ੍ਰੇਸ਼ਾਨ ਕਰਦੈ, ਪਈ ਗੁਰੂ ਸਾਹਿਬ ਨੇ ਹਰੇਕ ਨੂੰ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦਾ ਉਪਦੇਸ਼ ਦਿੱਤਾ ਸੀ, ਹੁਣ ਇਹ ਮੇਜ਼-ਕੁਰਸੀਆਂ ਕਿੱਥੋਂ ਆ ਗਏ ? ਪਤਾ ਨਹੀਂ ਇਹ ਗੱਲ ਸੱਚ ਐ ਕਿ ਝੂਠ ਪਰ ਸਿਆਣੇ ਕਹਿੰਦੇ ਐ, ਧੂੰਆਂ ਹਮੇਸ਼ਾਂ ਉੱਥੇ ਹੁੰਦੈ ਜਿੱਥੇ ਅੱਗ ਹੋਵੇ ।”

ਮੈਂ ਸੋਚਦਾਂ ਭਾਵੁਕਤਾ ਕੰਮ ਵਿਗਾੜ ਦਿੰਦੀ ਹੈ । ਮੇਰਾ ਦਿਲ ਤਾਂ ਏਨਾ ਭਾਵੁਕ ਐ ਪਈ ਇੱਕ ਵਾਰੀ ਤਾਂ ਮੈਨੂੰ ਬਰਬਾਦ ਕਰ ਚੁੱਕਿਐ, ਹੁਣ ਨਹੀਂ ਮੈਂ ਇਹਦੇ ਕਹੇ ਲੱਗਣ ਵਾਲਾ । ਹੋਇਆ ਕੀ, ਪਈ ਕਰੀਬ ਨੌਂ-ਦਸ ਸਾਲ ਪਹਿਲਾਂ ਦੀ ਗੱਲ ਐ । ਇੱਕ ਭਲਵਾਨ ਨੂੰ ਯਾਰ ਬਣਾ ਲਿਆ । ਉਹਦੇ ਮਗਰ ਲੱਗ ਕੇ ਕਰਜ਼ਾ ਚੁੱਕ ਕੇ ਹੈਲਥ ਕਲੱਬ ਖੋਲ ਲਿਆ । ਆਪ ਨੂੰ ਭਲਵਾਨੀ ਬਾਰੇ ਕੋਈ ਜਾਣਕਾਰੀ ਨਹੀਂ ਸੀ । ਅਗਲੇ ਨੇ ਅਜਿਹੀਆਂ ਭੁਆਟਣੀਆਂ ਖੁਆਈਆਂ ਕਿ ਆਖਰ ਨਤੀਜਾ ਇਹ ਨਿੱਕਲਿਆ ਕਿ ਘਰ ਵੀ ਵਿਕ ਗਿਆ ਤੇ ਕੰਮ ਕਾਜ ਵੀ । ਮੈਂ ਤਾਂ ਜੀ, ਸੜਕ ‘ਤੇ ਆ ਗਿਆ । ਦਿਲ ਦਾ ਕੀ ਐ, ਅਖੇ ਜੀ ‘ਹਮਾਰਾ ਦੋਸਤ ਹੈ !’ ਇਹ ਗੱਲ ਵੱਖਰੀ ਐ ਪਈ ਸੱਚੇ ਪਾਤਸ਼ਾਹ ਨੇ ਦਇਆ ਮਿਹਰ ਕੀਤੀ ਤੇ ਖਤਾਨਾਂ ‘ਚ ਪਈ ਗੱਡੀ ਨੂੰ ਮੁੜ ਪਟੜੀ ‘ਤੇ ਲੈ ਆਂਦਾ । ਇਹ ਦਿਲ ਅਜੇ ਕਿਹੜਾ ਟਿਕਦੈ ? ਪਈ ਤੂੰ ਪ੍ਰਦੇਸਾਂ ‘ਚ ਆਇਐਂ, ਚੁੱਪ ਕਰਕੇ ਆਪਣੀ ਕਿਰਤ ਕਰ ਤੇ ਭਵਿੱਖ ਬਾਰੇ ਸੋਚ । ਹੁਣ ਦੁਨੀਆਂ ‘ਤੇ ਮਾੜੀ ਮੋਟੀ “ਗੜਬੜੇਸ਼ਨ” ਤਾਂ ਚੱਲਦੀ ਹੀ ਐ, ਇਹ ਆਲਾ ਦੁਆਲਾ ਵੇਖ ਨਾਲ਼ੇ ਆਪ ਦੁਖੀ ਹੁੰਦਾ ਰਹਿੰਦੈ, ਨਾਲ਼ੇ ਮੈਨੂੰ ਵੰਝ ‘ਤੇ ਚੜ੍ਹਾ ਰੱਖਿਐ ।

“ਨਾਲ਼ ਬਾਬਿਆਂ ਦੀਆਂ ਕਾਰਸਤਾਨੀਆਂ ਬਾਰੇ ਵੀ ਲਿਖਣਾ ਏ ।” ਮੇਰੇ ਦਿਲ ਨੇ ਨਵਾਂ ਪੱਤਾ ਸੁੱਟਦਿਆਂ ਕਿਹਾ ।

“ਬਾਬੇ ਤਾਂ ਬਖ਼ਸ਼ ਦੇ ਯਾਰ ! ਉਹ ਤਾਂ ਰੱਬ ਦੀ ਭਗਤੀ ਤੇ ਉਹਦੇ ਮਿਲਣ ਦਾ ਰਸਤਾ ਦੱਸਦੇ ਨੇ । ਊਂ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ।”

“ਤੈਨੂੰ ਦੱਸ ‘ਤਾ ਹੋਊ ਕੋਈ ਰਸਤਾ । ਦੁਨੀਆਂ ਨੂੰ ਤਾਂ ਲੁੱਟਣ ਨੂੰ ਪਏ ਹੋਏ ਨੇ । ਟੈਲੀਵੀਜ਼ਨ ‘ਤੇ ਦਰਜਨਾਂ ਦੇ ਹਿਸਾਬ ਨਾਲ਼ ਬਾਬੇ ਆਪਣੇ ਪ੍ਰਵਚਨ ਦਿੰਦੇ ਨੇ । ਕਈ ਤਾਂ ਚੁਟਕਲੇ ਵੀ ਸੁਣਾਉਂਦੇ ਨੇ ਤੇ ਕਈਆਂ ਦੇ ਸਤਿਸੰਗ ‘ਚ ਡਿਸਕੋ-ਡਾਂਸ ਵੀ ਹੁੰਦੈ ।”

“ਓ....! ਡਿਸਕੋ-ਡਾਂਸ ਨਹੀਂ, ਸੰਗਤਾਂ ਭਜਨ ਸੁਣਕੇ ਆਨੰਦ ਵਿਭੋਰ ਹੋ ਕੇ ਨੱਚਦੀਆਂ ਨੇ ।”
“ਭਜਨ ਸੁਣਕੇ ਪਤਾ ਨਹੀਂ ਡਿਸਕੋ-ਡਾਂਸ... ਸੌਰੀ, ਨਾਚ ਪਤਾ ਨਹੀਂ ਕਿਵੇਂ ਹੋ ਜਾਂਦਾ ਹੈ । ਆਪਾਂ ਕਿੰਨੀ ਵਾਰੀ ਕੱਠਿਆਂ ਸ਼ਬਦ-ਕੀਰਤਨ ਸਰਵਣ ਕੀਤਾ, ਆਪਣਾ ਮਨ ਤਾਂ ਆਨੰਦ ਦੀ ਰੌਂਅ ‘ਚ ਵਹਿ ਜਾਂਦੈ, ਬਾਣੀ ਨਾਲ਼ ਜੁੜ ਜਾਂਦੈ । ਹੋ ਸਕਦੈ ਲੋਕ ਤਾਂ ਨੱਚਦੇ ਹੋਣ, ਪਈ ਟੈਲੀਵੀਜ਼ਨ ਵਾਲੇ ਕੈਮਰਾ ਨੱਚਣ ਵਾਲੇ ‘ਤੇ ਰੱਖਣਗੇ ਤੇ ਲੋਕ ਦੇਖਣਗੇ ।”

“ਚੱਲ ਕੋਈ ਨਾ.....!” ਮੈਂ ਦਿਲ ਦੀ ਗੱਲ ‘ਤੇ ਮਿੱਟੀ ਪਾਉਣ ਦੀ ਕੋਸਿ਼ਸ਼ ਕੀਤੀ ।

“ਯਾਰ ਗੁਲਾਟੀ ! ਇੱਕ ਗੱਲ ਤਾਂ ਦੱਸ । ਇਹ ਬਾਬੇ ਕੇਵਲ ਮੀਟ ਤੇ ਸ਼ਰਾਬ ਨੂੰ ਹੀ ਕਿਉਂ ਮਨ੍ਹਾਂ ਕਰਦੇ ਨੇ ? ਬਾਕੀ ਨਸਿ਼ਆਂ ਦਾ ਏਨਾਂ ਵੱਡਾ ਦਰਿਆ ਪੰਜਾਬ ‘ਚ ਵਗਣ ਡਿਹਾ ਏ, ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਲੱਗ ਚੁੱਕੇ ਨੇ ਤੇ ਦਿਨ-ਬ-ਦਿਨ ਖੋਖਲਾ ਕਰੀ ਜਾਂਦੇ ਨੇ । ਉਨ੍ਹਾਂ ਨੂੰ ਕੋਈ ਨਹੀਂ ਰੋਕਦਾ । ਹੋਰ ਤਾਂ ਹੋਰ, ਮੁੰਡ੍ਹੀਰ ਬਰੈੱਡ ‘ਤੇ ਆਇਓਡੈਕਸ ਲਾ ਲਾ ਕੇ ਹੀ ਖਾਈ ਜਾਂਦੀ ਹੈ । ਬੂਟ ਪਾਲਸ਼ਾਂ ਸੁੰਘੀ ਜਾਂਦੀ ਹੈ । ਮੈਂ ਤਾਂ ਇੱਥੋਂ ਤੱਕ ਸੁਣਿਐਂ ਕਿ “ਨੌਜਵਾਨ” ਕਿਰਲੀ ਦੀ ਪੂਛ ਵੀ ਜੁਗਾੜ ਕਰਕੇ ਖਾ ਜਾਂਦੇ ਐ । ਆਪਾਂ ਅੱਡ-ਅੱਡ ਬਾਬਿਆਂ ਦੀਆਂ ਗੱਲਾਂ...”

“ਗੱਲਾਂ ਨਹੀਂ ਸਤਿਸੰਗ ।”

“ਆਹੋ ਸਤਿਸੰਗ ਹੀ ਸਹੀ । ਆਪਾਂ ਏਨੇ ਸਤਿਸੰਗ ਸੁਣੇ ਨੇ ਪਰ ਇਹ ਨਹੀਂ ਸੁਣਿਆ ਕਿ ਕਿਸੇ ਬਾਬੇ ਨੇ ਡਰੱਗਜ਼ ਜਾਂ ਬੀੜੀਆਂ-ਸਿਗਰਟਾਂ ਤੇ ਪਾਬੰਦੀ ਲਾਈ ਹੋਵੇ । ਇਹ ਕਹਿੰਦੇ ਹੋਣ ਪਈ ਜੇ ਕਿਸੇ ਨੇ ਬੀੜੀ-ਸਿਗਰਟ ਪੀਤੀ ਤਾਂ ਉਸਨੂੰ ਵੀ ਨਰਕ ਦਾ ਭਾਗੀ ਬਣਨਾ ਪਊ ਜਾਂ ਉਸਨੂੰ ਨਾਮ-ਦਾਨ ਦੀ ਬਖਸਿ਼ਸ਼ ਨਹੀਂ ਹੋਣੀ, ਜੋ ਕਿਸੇ ਵੀ ਪ੍ਰਕਾਰ ਦਾ ਨਸ਼ਈ ਹੈ । ਬੀੜੀਆਂ ਪੀਣ ਵਾਲਾ ਆਪਣੇ ਫੇਫੜੇ ਤਾਂ ਫੂਕਦਾ ਹੀ ਹੈ, ਨਾਲ਼ ਦਿਆਂ ਨੂੰ ਬਿਮਾਰੀਆਂ ਮੁਫ਼ਤ ‘ਚ ਹੀ ਦੇਈ ਜਾਂਦੈ, ਨਾਲ਼ੇ ਉਨ੍ਹਾਂ ਦਾ ਸਾਹ ਲੈਣਾ ਔਖਾ ਕਰੀ ਰੱਖਦੈ । ਆਹ ਆਸਟ੍ਰੇਲੀਆ ‘ਚ ਦੇਖ ਲੈ, ਕੋਈ ਛੱਤ ਥੱਲੇ ਸਿਗਰਟ ਨਹੀਂ ਪੀ ਸਕਦਾ ਤੇ ਸਾਡੇ ਮੁਲਕ ‘ਚ ਧੂੰਆਂ ਅਗਲੇ ਦੇ ਮੂੰਹ ‘ਤੇ ਮਾਰਦੇ ਨੇ । ਕੋਈ ਕਾਇਦਾ ਕਾਨੂੰਨ ਹੀ ਨਹੀਂ । ਸ਼ਹਿਰਾਂ ‘ਚ ਸੇਠ ਸਾਹਿਬ ਹੋਰੀਂ ਤਾਂ ਗੁਟਕੇ ਹੀ ਚੱਬੀ ਜਾਂਦੇ ਐ । ਲਾਲਿਆਂ ਦੇ ਛੋਹਰਾਂ ਦੇ ਦੰਦ ਲਾਲ-ਕਾਲੇ ਹੋਏ ਪਏ ਹੁੰਦੇ ਐ । ਜਦੋਂ ਉਬਾਸੀ ਲੈਣ ਲਈ ਮੂੰਹ ਖੋਲਦੇ ਐ ਤਾਂ ਕੁਇੰਟਲਾਂ ਦੇ ਹਿਸਾਬ ਨਾਲ਼ ਮੁਸ਼ਕ ਬਾਹਰ ਨੂੰ ਆਉਂਦੈ ਤੇ ਵੇਖਣ ਨੂੰ ਜਾਪਦੈ ਜਿਵੇਂ ਨਰਕ ਦਾ ਦਰਵਾਜ਼ਾ ਵੀ ਅਜਿਹਾ ਗੰਦਾ ਹੀ ਹੋਵੇਗਾ । ਪਿੰਡਾਂ ‘ਚ ਜ਼ਰਦਾ ਬੁੱਲਾਂ ਥੱਲੇ ਨੱਪੀ ਰੱਖਦੇ ਨੇ ਤੇ ਸ਼ਹਿਰਾਂ ‘ਚ ਗੁਟਕੇ । ਗੁਟਕੇ ਕਹਿ ਲਵੋ ਜਾਂ ਮਾਡਰਨ ਜ਼ਰਦਾ, ਗੱਲ ਤਾਂ ਇੱਕੋ ਹੀ ਹੈ । ਆਹ ਦੇਖ ਲੈ, ਕਿੰਨੇ ਬੰਦੇ ਗੋਲੀਆਂ ਖਾ ਕੇ ਹੀ ਲਿਟੀ ਜਾਂਦੇ ਰਹਿੰਦੇ ਨੇ, ਪਰ ਕੀ ਮਜਾਲ ਐ ਕਿ ਬਾਬੇ ਕਹਿ ਦੇਣ ਕਿ ਇਹ ਨਸ਼ੇ ਵੀ ਮਾੜੇ ਹੁੰਦੇ ਨੇ ।” ਮੇਰਾ ਦਿਲ ਸ਼ਾਇਦ ਬਾਬਿਆਂ ਦੇ ਨਾਲ਼-ਨਾਲ਼ ਪੰਜਾਬ ਦੀ ਰੁਲ ਰਹੀ ਜਵਾਨੀ ‘ਤੇ ਵੀ ਡਾਹਢਾ ਦੁਖੀ ਸੀ ।

“ਜੇ ਤੂੰ ਵੱਡਾ ਸਤਿਯੁਗੀ ਹੈ ਤਾਂ ਹੁਣ ਬਾਬੇ ਆਪਣੀ ਹੱਟੀ ਥੋੜੀ ਬੰਦ ਕਰ ਦੇਣ ?”

“ਕੀ ਮਤਲਬ ?” ਗੱਲ ਮੇਰੇ ਦਿਲ ਦੇ ਪੱਲੇ ਨਹੀਂ ਪਈ ਲੱਗਦੀ ਸੀ ।

“ਮਤਲਬ ਇਹ ਕਿ ਜੇ ਬਾਬੇ ਸਾਰੇ ਨਸ਼ੇ ਬੰਦ ਕਰਵਾਉਣ ਦੀ ਕੋਸਿ਼ਸ਼ ਕਰਨਗੇ ਤਾਂ ਉਹਨਾਂ ਦੇ ਸਤਿਸੰਗਾਂ ‘ਚ ਕੌਣ ਜਾਊ ? ਨਾਲ਼ੇ ਬਹੁਗਿਣਤੀ ਤਾਂ ਅਜਿਹੇ ਲੋਕਾਂ ਦੀ ਹੈ, ਜੋ ਸ਼ਰਾਬ ਤੋਂ ਬਿਨ੍ਹਾਂ ਕੋਈ ਹੋਰ ਨਸ਼ੇ ਕਰਦੇ ਨੇ । ਹੁਣ ਤੇਰੇ ਖਿਆਲ ‘ਚ ਮੈਂ ਬਾਬਿਆਂ ਦੇ ਖਿਲਾਫ਼ ਲਿਖ ਦਿਆਂ, ਨਾ ਬਈ ਨਾ, ਹੋ ਹੀ ਨਹੀਂ ਸਕਦਾ ।”

“ਭਾਈ ਸਾਹਿਬ ! ਬਾਬੇ ਵੀ ਤਾਂ ਇਨਸਾਨ ਨੇ, ਤੇ ਇਨਸਾਨ ਗਲਤੀਆਂ ਦਾ ਪੁਤਲਾ ਹੈ । ਕੰਪਿਊਟਰ ਚਲਾ ਕੇ ਯੂ-ਟਿਊਬ ‘ਤੇ ਦੇਖ ਲੈ ਜਾਂ ਅਖ਼ਬਾਰਾਂ ਪੜ੍ਹ ਲਿਆ ਕਰ । ਬਾਬੇ ਸੰਗਤਾਂ ਸਾਹਮਣੇ ਮੁੱਛਾਂ ਨੂੰ ਵੱਟ ਚਾੜ੍ਹਦੇ ਨੇ, ਹੈਪੀ ਬਰਥਡੇ ਮਨਾਉਂਦੇ ਨੇ, ਆਪਣੇ ਪ੍ਰਵਚਨ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵੋਤਮ ਦੱਸਦੇ ਨੇ, ਤੇ ਮੁੜ ਆਪ ਹੀ ਸੰਗਤਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ । ਉਹ ਠੀਕ ਹੈ ? ਚੜ੍ਹਦੀ ਉਮਰ ਦੇ ਨੌਜਵਾਨ ਵੀ ਬਾਬੇ ਬਣਨ ਲੱਗ ਪਏ ਨੇ । ਇਨ੍ਹਾਂ ਨੇ ਤਾਂ ‘ਬਾਬਾ’ ਸ਼ਬਦ ਦੀ ਮਹਿਮਾ ਨੂੰ ਹੀ ਰੋਲ ਕੇ ਰੱਖ ਦਿੱਤਾ ਹੈ । ਆਪਣੇ ਦਾਦੇ-ਦਾਦੀ ਦੀ ਉਮਰ ਦੇ ਬਜ਼ੁਰਗਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ । ਨਾ ਤਾਂ ਪੈਰੀਂ ਹੱਥ ਲਾਉਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਤੇ ਨਾ ਲਗਵਾਉਣ ਵਾਲਿਆਂ ਨੂੰ । ਅੱਧਾ ਬੇੜਾ ਤਾਂ ਅਜਿਹੇ ਅਨਪੜ੍ਹ ਮਾਈਆਂ-ਬਾਪੂਆਂ ਨੇ ਗ਼ਰਕ ਕਰ ਰੱਖਿਆ ਹੈ, ਜਿਹੜੇ ਚੰਗੇ ਭਲੇ ਨੌਜਵਾਨਾਂ ਨੂੰ ਰੱਬ ਦਾ ਦਰਜਾ ਦਿੱਤੀ ਜਾਂਦੇ ਨੇ । ਕਈ ਬਾਬੇ ਤਾਂ ਮੁਟਿਆਰਾਂ ਨਾਲ਼ ਚੋਹਲ-ਮੋਹਲ ਕਰਦੇ ਨੇ । ਕਈਆਂ ‘ਤੇ ਕੇਸ ਚੱਲੀ ਜਾਂਦੇ ਐ ਤੇ ਬਾਬੇ ਹੋਰੀਂ ਤਰੀਕਾਂ ਭੁਗਤਣ ਕਚਿਹਰੀ ‘ਚ ਜਾਂਦੇ ਨੇ । ਕਈਆਂ ਨੇ ਬਾਡੀਗਾਰਡ ਨਾਲ਼ ਰੱਖੇ ਨੇ । ਇਹ ਬਾਡੀਗਾਰਡ ਜਮਦੂਤਾਂ ਤੋਂ ਬਚਾਉਣ ਲਈ ਨੇ ਕਿ ਸੰਗਤ ਤੋਂ, ਇਹ ਸਮਝ ਨਹੀਂ ਆਈ ।”

“ਤੂੰ ਤਾਂ ਯਾਰ ! ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਿਐਂ, ਹੁਣ ਜਿਹੜੇ ਸਤਿਸੰਗ ਕਰਦੇ ਨੇ, ਪ੍ਰਵਚਨ ਕਰਦੇ ਨੇ, ਜਿੰਨਾਂ ਮਗਰ ਏਨੀ ਦੁਨੀਆਂ ਲੱਗਦੀ ਹੈ, ਉਨ੍ਹਾਂ ਦੀ ਕੋਈ ਵੀ ਗੱਲ ਜਾਂ ਉਨ੍ਹਾਂ ਦੁਆਰਾ ਕੀਤਾ ਗਿਆ ਕੋਈ ਵੀ ਕੰਮ ਗ਼ਲਤ ਥੋੜ੍ਹੀ ਹੋਵੇਗਾ ।” ਮੈਂ ਕਿਹਾ ।

“ਹਾਂ ਭਾਈ ! ਗੱਲ ਤਾਂ ਕਦੇ ਤੇਰੀ ਵੀ ਜਚਦੀ ਹੈ, ਬਾਬੇ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ, ਬਾਬੇ ਜੋ ਹੋਏ । ਆਖਿਰ ਉਨ੍ਹਾਂ ਅੰਦਰ ਵੀ ਤਾਂ ਦਿਲ ਹੈ, ਕਦੇ ਤਾਂ ਮਿੱਠਾ ਖਾਣ ਵਾਲੇ ਦਾ ਮਨ ਕਰਾਰਾ ਖਾਣ ਨੂੰ ਕਰ ਹੀ ਆਉਂਦੈ । ਇੱਕ ਗੱਲ ਹੋਰ ਹੈ ਕਿ ਆਪਣੀ ਜਨਤਾ ਤਾਂ ਮਿਰਚਾਂ ਨਾਲ਼ ਸੁੱਕੀ ਰੋਟੀ ਖਾ ਕੇ ਵੀ ਦੇਸ਼ ਦੀ ਜਨਸੰਖਿਆ ਦਾ ਗ੍ਰਾਫ਼ ਉਤਾਂਹ ਵੱਲ ਚੁੱਕੀ ਤੁਰੀ ਜਾਂਦੀ ਹੈ ਤੇ ਬਾਬੇ ਤਾਂ ਫੇਰ ਕਾਜੂ-ਬਦਾਮ ਤੇ ਹੋਰ ਭਾਂਤ-ਭਾਂਤ ਦੇ ਛੱਤੀ ਪਦਾਰਥ ਖਾਂਦੇ-ਪੀਂਦੇ ਨੇ । ਹੁਣ ਜਿਹੜੀ ਤਾਕਤ ਵੰਨ-ਸੁਵੰਨੀ ਦੇ ਦੇਸੀ ਘਿਉ ਵਾਲੇ ਖਾਣੇ ‘ਚ ਹੁੰਦੀ ਹੈ, ਉਹ ਵੀ ਤਾਂ ਅੰਦਰ ਜਾ ਕੇ ਥਾਪੀਆਂ ਮਾਰਦੀ ਹੈ । ਬਾਕੀ ਸਿਆਣੇ ਵੀ ਕਹਿੰਦੇ ਨੇ ਪਈ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ । ਕਈ ਬਾਬੇ ਤਾਂ ਚਾਂਦੀ ਦੇ ਬਰਤਨਾਂ ‘ਚ ਰੋਟੀ ਖਾਂਦੇ ਹਨ ਤੇ ਸੰਗਤਾਂ ਦੁਆਰਾ ਦਿੱਤੇ ਗਏ ਤੋਹਫਿ਼ਆਂ ਤੇ ਵੀ ਨੱਕ-ਬੁੱਲ੍ਹ ਕੱਢਦੇ ਹਨ । ਚੱਲ ਇੱਕ ਗੱਲ ਤਾਂ ਦੱਸ, ਪਈ ਬਾਬੇ ਆਪਣੀ ਗੱਦੀ ਕਿਸੇ ਬਾਹਰਲੇ ਨੂੰ ਕਿਉਂ ਨਹੀਂ ਦਿੰਦੇ, ਆਪਣੇ ਪਰਿਵਾਰ ‘ਚ ਹੀ ਕਿਉਂ ਘੁਕਾਈ ਫਿਰਦੇ ਨੇ ?” ਦਿਲ ਵਿਅੰਗ ਨਾਲ਼ ਮੇਰੀ ਹਾਮੀ ਓਟ ਕੇ ਮੁੜ ਰੰਗ ਦਾ ਪੱਤਾ ਸੁੱਟ ਗਿਆ ।

“ਮੈਨੂੰ ਤਾਂ ਪਤਾ ਨਹੀਂ, ਤੇ ਨਾ ਹੀ ਮੇਰੇ ਪਰਿਵਾਰ ਜਾਂ ਰਿਸ਼ਤੇਦਾਰੀ ‘ਚ ਕੋਈ ਅਰਬਪਤੀ ਬਾਬਾ ਹੈ ।”

“ਆੜੀ ! ਤੂੰ ਪੜ੍ਹਿਆ ਲਿਖਿਆ ਬੰਦਾ ਹੈਂ, ਵੀਰ ਬਣਕੇ ਇੱਕ ਗੱਲ ਤਾਂ ਸਮਝਾ, ਬਈ ਇਨ੍ਹਾਂ ਨੂੰ ਬਾਬੇ ਬਨਣ ਦੀ ਕੀ ਲੋੜ ਪਈ ਐ ? ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਹਮੇਸ਼ਾ ਦਸਾਂ ਨੌਹਆਂ ਦੀ ਕਿਰਤ ‘ਤੇ ਜ਼ੋਰ ਦਿੱਤਾ । ਇਹ ਬਾਬੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਆਮ ਲੋਕਾਂ ਤੱਕ ਤਾਂ ਪਹੁੰਚਾਉਦੇ ਨੇ, ਜਿਸ ‘ਚ ਕਿਰਤ ਕਮਾਈ ਦਾ ਵੀ ਜਿ਼ਕਰ ਹੁੰਦਾ ਹੈ । ਪਰ ਆਪ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੇ !”

“ਗੱਲ ਬਿਲਕੁੱਲ ਸਾਫ਼ ਹੈ । ਦੁਨੀਆਂ ‘ਤੇ ਅੱਜ ਦੀ ਤਾਰੀਖ ‘ਚ ਅਸਲ ਮਸਲਾ ਪੈਸੇ ਦਾ ਹੈ । ਜੇਕਰ ਪੈਸਾ ਹੈ ਤਾਂ ਸਭ ਹੈ, ਰਿਸ਼ਤੇਦਾਰ, ਯਾਰ-ਦੋਸਤ, ਦੁਨਿਆਵੀ ਸੁੱਖ ਸਹੂਲਤਾਂ ਆਦਿ । ਜੇਕਰ ਕੰਮ ਕੀਤੇ ਬਿਨਾਂ ਸਭ ਮਸਲੇ ਹੱਲ ਹੋਣ ਤੇ ਜੈ-ਜੈਕਾਰ ਮੁਫ਼ਤ ਦੀ, ਤਾਂ ਕੌਣ ਛੱਡਣਾ ਚਾਹੇਗਾ ?” ਮੈਂ ਕਿਸੇ ਚੰਗੇ ਲੀਡਰ ਵਾਂਗ ਗੋਲ-ਮੋਲ ਜਿਹਾ ਜੁਆਬ ਦੇ ਦਿੱਤਾ ।

“ਆਹੋ ! ਗੱਲ ਤੇਰੀ ਸੋਲਾਂ ਆਨੇ ਸੱਚ ਹੈ । ਕਿਤੇ ਲਾਏ ਹੁੰਦੇ ਆਸਟ੍ਰੇਲੀਆ ਦੇ ਬਾਗ਼ਾਂ ‘ਚ ਸੰਤਰੇ ਤੋੜਨ ‘ਤੇ, ਮੁੜ ਲੱਗਦਾ ਪਤਾ ਦਸਾਂ ਨੌਹਆਂ ਦੀ ਕਿਰਤ ਕਮਾਈ ਕਿੱਦਾਂ ਹੁੰਦੀ ਹੈ । ਆਹ ਦੇਖ ਲੈ ਜਿੰਨੇ ਪਾੜ੍ਹੇ ਬਾਗ਼ਾਂ ‘ਚ ਕੰਮ ਕਰਦੇ ਨੇ ਸਭ ਵੀਹਾਂ ਨੌਹਾਂ ਦੀ ਕਿਰਤ ਕਰਦੇ ਨੇ । ਅਸਲ....”

“ਵੀਹਾਂ ਨੌਹਾਂ ਦੀ ਕਿਰਤ !!!! ਇਹ ਕੀ ਹੁੰਦੀ ਹੈ ? ਮੈਂ ਤਾਂ ਪਹਿਲੀ ਵਾਰੀ ਸੁਣਿਐ । ਅੱਜ ਤੱਕ ਤਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਬਾਰੇ ਹੀ ਪਤਾ ਸੀ ।” ਮੈਂ ਤਾਂ ਘੋਰ ਹੈਰਾਨੀ ‘ਚ ਪੈ ਗਿਆ ।

“ਨਿੱਕੀ ਜਿਹੀ ਤਾਂ ਗੱਲ ਹੈ, ਬਾਗ਼ਾਂ ‘ਚ ਫਲ ਤੋੜਨ ਲਈ ਪੌੜੀ ‘ਤੇ ਚੜ੍ਹਨਾ ਪੈਂਦਾ ਹੈ, ਕਈ ਵਾਰੀ ਤਾਂ ਪੌੜੀ ਵੀ ਦਸ-ਬਾਰਾਂ ਫੁੱਟ ਉੱਚੀ ਹੁੰਦੀ ਹੈ । ਜਦੋਂ ਸਾਰੀ ਦਿਹਾੜੀ ਨਾਨ-ਸਟਾਪ ਚੜ੍ਹ-ਲੱਥ ਕਰੀ ਜਾਣੀ ਹੈ ਤਾਂ ਲੱਤਾਂ ਤੇ ਪੈਰ ਕਿੰਨੇ ਦੁਖਦੇ ਨੇ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ । ਹੁਣ ਦਸ ਨੌਂਹ ਹੋ ਗਏ ਪੈਰਾਂ ਦੇ ਤੇ ਦਸ ਹੋ ਗਏ ਹੱਥਾਂ ਦੇ ।” ਮੇਰੇ ਦਿਲ ਨੇ ਮੇਰੀ ਸ਼ੰਕਾ ਦਾ ਨਿਵਾਰਣ ਕਰਦਿਆਂ ਕਿਹਾ ।

“ਆਪਾਂ ਗੱਲ ਕਰ ਰਹੇ ਸੀ ਬਾਬਿਆਂ ਦੀ, ਅਸਲ ‘ਚ ਇਨ੍ਹਾਂ ਦੀ ਕਾਹਦੀ ਗ਼ਲਤੀ ਹੈ, ਜਨਤਾ ਨੇ ਸਿਰ ਹੀ ਚੜ੍ਹਾ ਰੱਖੇ ਨੇ । ਜਨਤਾ ਜਦੋਂ ਸਾਰੀ ਦਿਹਾੜੀ ਖੱਪ ਕੇ ਕੀਤੀ ਗਾੜ੍ਹੇ ਖੂਨ-ਪਸੀਨੇ ਦੀ ਕਮਾਈ ਦੇ ਮੱਥੇ ਟੇਕਦੀ ਐ, ਤਾਂ ਬਾਬੇ ਕਿਉਂ ਨਾਂਹ ਕਰਨ ? ਜੇਕਰ ਜਨਤਾ ਨੂੰ ਹੀ ਆਪਣੀ ਕਮਾਈ ਦਾ ਦਰਦ ਨਹੀਂ ਤਾਂ ਬਾਬਿਆਂ ਦੀ ਮੱਤ ਥੋੜ੍ਹਾ ਮਾਰੀ ਐ, ਪਈ ਚੜ੍ਹਾਵੇ ਤੋਂ ਨਾਂਹ ਕਰਨਗੇ । ਊਂ ਤਾਂ ਬਾਬੇ ਕਾਮ, ਕ੍ਰੋਧ, ਲੋਭ, ਮੋਹ ਆਦਿ ਤੋਂ ਦੂਰ ਰਹਿਣ ਦੇ ਪ੍ਰਵਚਨ ਕਰਦੇ ਨੇ, ਪਰ ਆਪ ਇਨ੍ਹਾਂ ਤੇ ਕਾਬੂ ਪਾ ਨਹੀਂ ਸਕੇ । ਆਹ, ਨਵੀਂ ਘਟਨਾ ਹੀ ਦੇਖ ਲੈ । ਬੱਬੂ ਮਾਨ ਨੇ ਇੱਕ ਗੀਤ ਗਾਇਆ, ਉਸਦੇ ਵਿਰੋਧ ‘ਚ ਇੱਕ ਬਾਬੇ ਨੇ ਆਪਣੇ ਦੀਵਾਨ ‘ਚ ਟਿੱਪਣੀ ਕੀਤੀ । ਟਿੱਪਣੀ ਕਹੀ ਤਾਂ ਕੀ ਕਹੀ ? ਵੱਡਾ ਸਾਰਾ ਟਿੱਪਣਾ ਕੀਤਾ । ਬਾਬੇ ਦੇ ਦਿਲ ‘ਚ ਮਘਦੇ ਅੰਗਿਆਰ ਉਹਦੀ ਜ਼ੁਬਾਨ ਰਾਹੀਂ ਬਾਹਰ ਆ ਰਹੇ ਸਨ । ਆਹ ਤਾਂ ਬਾਬਿਆਂ ਦਾ ਹੈ, ਕ੍ਰੋਧ ਤੇ ਕਾਬੂ । ਬਾਬਾ ਕਹਿੰਦਾ, ਜੇ ਕੋਈ ਸਾਬਤ ਸੂਰਤ ਗੱਲ ਕਰੇ ਤਾਂ ਕਰੇ, ਪਰ ਰੋਡੇ ਭੋਡੇ ਵੀ ਪੰਥਕ ਜਥੇਬੰਦੀਆਂ ‘ਤੇ ਗੱਲਾਂ ਕਰਦੇ ਨੇ । ਇਸਦਾ ਮਤਲਬ ਤਾਂ ਇਹ ਹੋਇਆ ਕਿ ਜੇਕਰ ਕੋਈ ਸਾਬਤ ਸੂਰਤ ਨਹੀਂ ਹੈ ਤਾਂ ਉਸਨੂੰ ਬੁਰਾਈ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਕੋਈ ਹੱਕ ਨਹੀਂ । ਬੱਬੂ ਮਾਨ ਨੇ ਤਾਂ ਪਾਖੰਡੀਆਂ ਦੇ ਖਿਲਾਫ਼ ਗੱਲ ਕੀਤੀ ਸੀ, ਕਿਸੇ ਦਾ ਨਾਮ ਤਾਂ ਨਹੀਂ ਲਿਆ ਸੀ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿਉਂ ਬੁਰਾ ਲੱਗ ਗਿਆ । ਕਿਤੇ ਸਿਆਣਿਆਂ ਦੀ ‘ਚੋਰ ਦੀ ਦਾੜ੍ਹੀ ‘ਚ ਡੱਕਾ’ ਵਾਲੀ ਗੱਲ ਸੱਚ ਤਾਂ ਨਹੀਂ ?” ਦਿਲ ਨੂੰ ਬਾਬਿਆਂ ਤੇ ਸਚਮੁੱਚ ਗੁੱਸਾ ਆਉਣ ਲੱਗ ਪਿਆ ਸੀ ।

“ਕਿਸੇ ਨੇ ਇੱਕ ਚੁਟਕਲਾ ਸੁਣਾਇਆ । ਪਈ ਇੱਕ ਬਾਬਾ ਕਹੇ ਕਿ ਮੈਂ ਕ੍ਰੋਧ ਨੂੰ ਜਿੱਤ ਲਿਆ ਹੈ । ਇੱਕ ਸ਼ਰਧਾਲੂ ਨੇ ਪੁੱਛਿਆ ‘ਬਾਬਾ ਜੀ ! ਕੀ ਤੁਹਾਨੂੰ ਸੱਚਮੁੱਚ ਗੁੱਸਾ ਨਹੀਂ ਆਉਂਦਾ ?” ਬਾਬਾ ਬੋਲਿਆ ‘ਹਾਂ ਪੁੱਤਰ ! ਮੈਨੂੰ ਕਦੀ ਗੁੱਸਾ ਨਹੀਂ ਆਉਂਦਾ ।’ ਸ਼ਰਧਾਲੂ ਨੇ ਚਾਰ ਕੁ ਵਾਰੀ ਫਿਰ ਉਹੀ ਸਵਾਲ ਪੁੱਛਿਆ । ਬਾਬਾ ਮੱਥੇ ਤਿਊੜੀਆਂ ਪਾ ਕੇ ਬੋਲਿਆ ‘ਕਾਕਾ ! ਤੈਨੂੰ ਅਜੇ ਤੱਕ ਸਮਝ ਨਹੀਂ ਆਈ, ਮੈਨੂੰ ਗੁੱਸਾ ਨਹੀਂ ਆਉਂਦਾ । ਪੰਦਰਾਂ ਕੁ ਮਿੰਟ ਪਿੱਛੋਂ ਸ਼ਰਧਾਲੂ ਨੇ ਫਿਰ ਉਹੀ ਸਵਾਲ ਕਰ ਦਿੱਤਾ । ਬਾਬੇ ਨੇ ਆਪਣੀ ਖੂੰਡੀ ਸ਼ਰਧਾਲੂ ਦੇ ਕੱਢ ਮਾਰੀ ਤੇ ਕਿਹਾ ‘ਭੈਣ ਦਿਆ **** ! ਤੈਨੂੰ ਕਿੰਨੀ ਵਾਰ ਦੱਸਾਂ ਕਿ ਮੈਨੂੰ ਗੁੱਸਾ ਕਦੀ ਨਹੀਂ ਆਉਂਦਾ ।” ਮੈਂ ਵੀ ਲੱਗਦੇ ਹੱਥ ਆਪਣੇ ਦਿਲ ਨੂੰ ਕਹਾਣੀ ਸੁਣਾ ਦਿੱਤੀ ।

“ਓ ਤੂੰ ਛੱਡ ਗੁੱਸੇ ਦੀਆਂ ਗੱਲਾਂ, ਅੱਗੇ ਸੁਣ । ਹੁਣ ਕਾਮ ਬਾਰੇ ਤਾਂ ਮੈਂ ਕੀ ਕਹਾਂ, ਅਖ਼ਬਾਰਾਂ ਨੇ ਹੀ ਬੜਾ ਕੁਝ ਕਹਿ ਦਿੱਤਾ । ਮੋਹ ਦੀ ਗੱਲ ਸੁਣ ਲੈ, ਬਾਬੇ ਊਂ ਤਾਂ ਕਹੀ ਜਾਂਦੇ ਨੇ ਪਈ ਕੋਈ ਕਿਸੇ ਦਾ ਪੁੱਤਰ ਨਹੀਂ, ਕੋਈ ਕਿਸੇ ਦੀ ਧੀ ਨਹੀਂ । ਸਭ ਲੈਣੀ-ਦੇਣੀ ਦੇ ਸੰਬੰਧ ਹਨ । ਭਲਾ ਪੁੱਛਣ ਵਾਲਾ ਹੋਵੇ ਕਿ ਆਪਣੇ ਧੀਆਂ-ਪੁੱਤਰ ਤਾਂ ਤੁਹਾਨੂੰ ਬੜੇ ਪਿਆਰੇ ਨੇ । ਤੁਹਾਨੂੰ ਤਾਂ ਪੂਰਾ ਗਿਆਨ ਹੈ, ਕਰੋ ਆਪਣੇ ਲੈਣੀ-ਦੇਣੀ ਦੇ ਸੰਬੰਧ ਖ਼ਤਮ ਤਾਂ ਜੋ ਜਨਤਾ ਵੀ ਤੁਹਾਡੇ ਮਗਰ ਲੱਗ ਸਕੇ । ਆਪ ਤਾਂ ਗ੍ਰਹਿਸਥ ਜੀਵਨ ਵੀ ਭੋਗ ਲਿਆ, ਜੁਆਕ ਵੀ ਜੰਮ ਲਏ । ਹੁਣ ਸਾਡੀ ਵਾਰੀ ਆਈ ਤਾਂ ਘੁੱਗੂ ਰੋ ਪਿਆ ! ਬੱਲੇ ਓਏ ਵੱਡੇ ਚਲਾਕਾਂ ਦੇ !! ਬਾਕੀ ਗੱਲ ਰਹੀ ਲੋਭ ਦੀ, ਉਹ ਵੀ ਸੁਣ ਲੈ । ਬਾਬੇ ਦਾਅਵੇ ਕਰਦੇ ਨੇ ਕਿ ਸਾਡੇ ਏਨੇ ਲੱਖ ਚੇਲੇ ਨੇ, ਮਾੜੀ ਜਿਹੀ ਕਰ ਖਾਂ ਗੁਣਾ ! ਜੇ ਇੱਕ ਚੇਲਾ ਸਾਲ ‘ਚ ਇੱਕ ਵਾਰੀ ਹੀ ਬਾਬੇ ਦੇ ਦਰਸ਼ਨ ਕਰਨ ਜਾਵੇ ਤੇ ਘੱਟੋ-ਘੱਟ ਦਸ ਰੁਪਏ ਮੱਥਾ ਟੇਕੇ ਤਾਂ ਗਿਣ ਲੈ ਸਿਫ਼ਰਾਂ, ਕਿੰਨੇ ਕੁ ਰੁਪਏ ਬਾਬੇ ਦੀ ਮੱਥਾ ਟਿਕਾਈ ਹੀ ਬਣ ਗਏ । ਹੁਣ ਜੇ ਜਨਤਾ ਆਪਣੀ ਹੱਡ-ਭੰਨਵੀਂ ਕਮਾਈ ‘ਚੋਂ ਕਰੋੜਾਂ ਰੁਪਏ ਬਾਬਿਆਂ ਨੂੰ ਹੀ ਸਲਾਨਾ ਦੇਈ ਜਾਂਦੀ ਐ ਤਾਂ ਬਾਬੇ ਨਵੀਨਤਮ ਕਾਰ ਕਾਲੇ ਰੰਗ ਦੀ ‘ਔਡੀ’ ਤਾਂ ਰੱਖਣਗੇ ਹੀ । ਬਾਕੀ ਦੁਨਿਆਵੀ ਸਹੂਲਤਾਂ ਮੋਬਾਇਲ, ਏਅਰ ਕੰਡੀਸ਼ਨਰ, ਕੰਪਿਊਟਰ, ਫਰਿੱਜ, ਟੈਲੀਵੀਜ਼ਨ ਤੇ ਹੋਰ ਸੁੱਖ ਸਹੂਲਤਾਂ ਤਾਂ ਪੈਸੇ ਨਾਲ਼ ਆ ਹੀ ਜਾਂਦੀਆਂ ਨੇ । ਇੰਕਮਟੈਕਸ ਵਾਲੇ ਵੀ ਛੋਟੇ ਦੁਕਾਨਦਾਰਾਂ ਦੇ ਸਿ਼ਕੰਜੇ ਕੱਸਣ ਵਾਲੇ ਹੀ ਹਨ, ਕਰੋੜਾਂ ਦੀ ਪ੍ਰਾਪਰਟੀ ਬਾਬਿਆਂ ਦੇ ਕੋਲ ਹੈ, ਕਦੀ ਨਹੀਂ ਸੁਣਿਆ ਕਿ ਕਿਸੇ ਬਾਬੇ ਦੀ ਇਨਕੁਆਰੀ ਹੋਈ ਹੋਵੇ । ਜੇ ਕਿਸੇ ਨੂੰ ਪੁੱਛ ਲਿਆ ਤਾਂ ‘ਦਾਨ’ ਵਾਲੀ ਮੋਰੀ ਥਾਣੀ ਸਭ ਨਿੱਕਲ ਜਾਣਗੇ ।” ਮੇਰੇ ਦਿਲ ਨੇ ਲੰਬਾ ਚੌੜਾ ਭਾਸ਼ਣ ਝਾੜ ਦਿੱਤਾ । ਹੁਣ ਮੈਂ ਆਪਣੇ ਮੂੰਹੋਂ ਕੋਈ ਗੱਲ ਕੱਢ ਕੇ ਜਾਂ ਕੋਈ ਟਿੱਪਣੀ ਕਰਕੇ “ਗੁਨਾਹਗਾਰ” ਥੋੜੀ ਬਣਨਾ ਸੀ, ਸੋ ਮੈਂ ਚੁੱਪ ਰਹਿਣ ‘ਚ ਭਲਾਈ ਸਮਝੀ । ਇੱਥੇ ਆਸਟ੍ਰੇਲੀਆ ਯੂਨਿਟਾਂ (ਘਰਾਂ) ‘ਚ ਮੁੰਡੇ ਅਕਸਰ ਹੀ ਮਹਿਫਿ਼ਲ ਲਗਾਈ ਰੱਖਦੇ ਨੇ । ਅੱਜ ਵੀ ਕਈ ਆਂਢੀ-ਗੁਆਂਢੀ ‘ਕੱਠੇ ਹੋਏ ਬੈਠੇ ਸੀ । ਕੁਦਰਤੀ ਬਾਬਿਆਂ ਤੇ ਚਰਚਾ ਹੋਣ ਲੱਗ ਪਈ ।

“ਗੱਲ ਇਉਂ ਐ, ਬਾਈ ਸਿਆਂ ! ਪਈ ਬਾਬਾ ਬੱਬੂ ਮਾਨ ਦੇ ਖਿਲਾਫ਼ ਕਿਉਂ ਬੋਲਿਆ, ਭਲਾ ਉਹਦਾ ਕਿਹੜਾ ਗੀਤ ‘ਚ ਨਾਮ ਲਿਆ ਸੀ ।”

“ਆਹੋ ! ਟੈਲੀਵੀਜ਼ਨ ਆਲੇ ਕਹੀ ਜਾਂਦੇ ਸੀ ਕਿ ਬਾਬੇ ਆਪ ਤਾਂ ਧਰਮ ਦਾ ਪ੍ਰਚਾਰ ਕਰਨ ਦੀ ਆੜ ‘ਚ ਐਸ਼ੋ-ਆਰਾਮ ਦੀ ਜਿੰਦਗੀ ਜਿਉਂਦੇ ਨੇ । ਮੈਂ ਯੂ-ਟਿਊਬ ‘ਤੇ ਦੇਖਿਆ ਸੀ ।”

“ਸਹੀ ਕਹਿੰਦੇ, ਕਿਹੜਾ ਝੂਠ ਐ ?”

“ਬਾਬਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਸਾਰੀ ਦੁਨੀਆਂ ਤੁਰਦੀ ਸੀ, ਗੁਰੂ ਸਾਹਿਬ ਵੀ ਤੁਰਦੇ ਸਨ । ਕਦੇ ਘੋੜਿਆਂ ਦਾ ਜ਼ਮਾਨਾ ਆ ਗਿਆ, ਕਦੇ ਰੱਥਾਂ ਦਾ ਜ਼ਮਾਨਾ ਆ ਗਿਆ, ਕਦੇ ਗੱਡੀਆਂ ਦਾ ਵੇਲਾ ਆ ਗਿਆ । ਸੁਣਨ ਵਾਲੇ ਤਾਂ ਗੱਡੀਆਂ ਤੇ ਆਉਣਗੇ ਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਜਾਣ, ਇਹ ਕਿਵੇਂ ਹੋ ਸਕਦੈ ?”

“ਪ੍ਰਚਾਰ ਕਰਨ ਨੂੰ ‘ਔਡੀ’ ਰੱਖਣੀ ਜ਼ਰੂਰੀ ਹੈ ਕੀ ? ਛੋਟੀ ਗੱਡੀ ਜਿਵੇਂ ਕਿ ਮਰੂਤੀ-ਮਰਾਤੀ ਵੀ ਤਾਂ ਰੱਖੀ ਜਾ ਸਕਦੀ ਹੈ ।”

“ਜੇ ਬਾਬੇ ਮਰੂਤੀ ‘ਚ ਆਉਣਗੇ ਤਾਂ ਲੋਕ ਕਹਿਣਗੇ ਛੋਟੇ ਬਾਬੇ ਆ ਗਏ, ਵੱਡੀ ਗੱਡੀ ਨਾਲ਼ ਸੰਗਤਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ ।” ‘ਤੇ ਯੂਨਿਟ ‘ਚ ਹਾਸੜ ਮੱਚ ਗਈ । 40-45 ਡਿਗਰੀ ਤਾਪਮਾਨ ‘ਚ ਖੇਤਾਂ ‘ਚ ਕੰਮ ਕਰਕੇ ਭੰਨੀ ਪਈ ਮੁੰਡ੍ਹੀਰ ਨੂੰ ਗੱਲਬਾਤ ਕਰਨ ਦਾ ਕੋਈ ਅਜਿਹਾ ਵਿਸ਼ਾ ਮਿਲਦਾ ਰਹੇ ਤਾਂ ਭਿਆਨਕ ਗਰਮੀ ਦੇ ਬਾਵਜੂਦ ਉਹ ਆਪਣੇ ‘ਵਡਮੁੱਲੇ ਵਿਚਾਰ’ ਪ੍ਰਗਟ ਕਰਕੇ ਤਰੋ-ਤਾਜ਼ਾ ਰਹਿੰਦੇ ਨੇ । ਇਸ ਮਸਲੇ ਦਾ ਕੀ ਅੰਤ ਹੋਵੇਗਾ ਇਹ ਤਾਂ ਅਜੇ ਭਵਿੱਖ ਦੇ ਗਰਭ ‘ਚ ਹੈ ਪਰ ਮੈਂ ਆਪਣੇ ਦਿਲ ਨੂੰ ਸਮਝਾਉਣ ਤੇ ਲੱਗਾ ਹੋਇਆ ਸਾਂ ।

“ਆਪਾਂ ਕੀ ਕਰ ਸਕਦੇ ਹਾਂ, ਦਿਲਾ ਮੇਰਿਆ ? ਜਦੋਂ ਬਾਬਿਆਂ ਦੇ ਮਗਰ ਲੱਗਣ ਵਾਲੇ ਲੋਕਾਂ ਦੀ ਤਾਦਾਦ ਲੱਖਾਂ ‘ਚ ਹੈ ਤਾਂ ਤੇਰੇ ਵਰਗਿਆਂ ਦੀ ਆਵਾਜ਼ ਕੀਹਨੇ ਸੁਣਨੀ ਐ ? ਦੜ ਵੱਟ ਜ਼ਮਾਨਾ ਕੱਟ ਵਾਲਾ ਹਿਸਾਬ ਠੀਕ ਹੈ । ਇੱਕ ਗੱਲ ਤੂੰ ਵੀ ਦੱਸ ਕਿ ਬੱਬੂ ਮਾਨ ਕਿਹੜਾ ਭਲਾ ਹੈ ? ਹੋਰ ਨਸਿ਼ਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਫ਼ਲਤਾ ਦਾ ਨਸ਼ਾ ਉਸਦੇ ਦਿਮਾਗ ਤੇ ਇਸ ਕਦਰ ਹਾਵੀ ਹੋਇਆ ਹੈ ਕਿ ਉਸਨੂੰ ਚੰਗੇ ਮਾੜੇ ਦੀ ਪਹਿਚਾਣ ਹੀ ਨਹੀਂ ਰਹੀ । ਸਟੇਜ ‘ਤੇ ਖੜ੍ਹਾ ਹੋ ਕੇ ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦਾ ।”

“ਮੈਂ ਕਿਹੜਾ ਬੱਬੂ ਮਾਨ ਦੀ ਪੱਖ ਲੈ ਰਿਹਾ ਹਾਂ ? ਇੱਕ ਬੰਦੇ ਨੇ ਉਸਦੀ ਗ਼ਲਤ ਆਲੋਚਨਾ ਕੀਤੀ, ਮੈਂ ਤਾਂ ਕੇਵਲ ਗ਼ਲਤ ਨੂੰ ਗ਼ਲਤ ਕਿਹਾ ਹੈ । ਨਥਿੰਗ ਮੋਰ....! ਮੈਂ ਕਦੋਂ ਕਿਹਾ ਕਿ ਇਹ ਗਾਇਕ ਚੁਆਵੇਂ ਦੁੱਧ ਦਾ ਧੋਤਾ ਹੈ ?” ਮੇਰਾ ਦਿਲ ਆਪਣਾ ਬਚਾਅ ਕਰਨ ‘ਚ ਪੂਰੀ ਤਰ੍ਹਾਂ ਕਾਮਯਾਬ ਸੀ ।

“ਆਹ ਪਿੱਛੇ ਜਿਹੇ ਕਿਸੇ ਨੇ ਵਿਆਨਾ ‘ਚ ਬਾਬਾ ਮਾਰ ਦਿੱਤਾ ਤਾਂ ਲੋਕਾਂ ਨੇ ਪੰਜਾਬ ‘ਚ ਹਜ਼ਾਰਾਂ ਕਰੋੜ ਰੁਪਇਆਂ ਦੀ ਜਾਇਦਾਦ ਫੂਕ ਦਿੱਤੀ । ਕਿੱਥੇ ਪੰਜਾਬ ਕਿੱਥੇ ਵਿਆਨਾ । ਭਲਾ ਕੋਈ ਪੁੱਛਣ ਵਾਲਾ ਹੋਵੇ ਜੇ ਬਾਹਲਾ ਹੀ ਗੁੱਸਾ ਆਉਂਦੈ ਤਾਂ ਲੈ ਕੇ ਵੀਜ਼ਾ ਵਿਆਨਾ ਦਾ, ਜਾ ਕੇ ਕੱਟਾ-ਕੱਟੀ ਕੱਢ ਲਵੋ । ਆਪਣੇ ਵਾਰੀ ਲੋਕਾਂ ਦਾ ਇਹ ਹਾਲ ਹੈ ਕਿ ਜੇ ਖੰਘਾਰ ਵੀ ਸੁੱਟਣਾ ਹੋਵੇ ਤਾਂ ਉਹ ਵੀ ਆਪਣੀ ਕੁਕੜੀ ਅੱਗੇ ਸੁੱਟਣਗੇ ਤੇ ਬੇਗਾਨੀ (?) ਜਾਇਦਾਦ ਦਾ ਕੋਈ ਮੁੱਲ ਨਹੀਂ ? ਵੇਖ ਖਾਂ ! ਕਿੰਨੇ ਸਿਆਣੇ ਲੋਕ ਨੇ ਆਪਣੇ ਮੁਲਕ ਦੇ, ਕਾਂਡ ਕਿੱਥੇ ਹੋਇਆ ਤੇ ਸਾੜ-ਫੂਕ ਤੇ ਦੰਗੇ ਕਰਨ ਲੱਗ ਪਏ ਆਪਣੇ ਘਰ ‘ਚ । ਸ਼ਰਮ ਨਹੀਂ ਆਉਂਦੀ । ਉਹੋ ਜਿਹੀ ਸਰਕਾਰ, ਬੱਸ ਤਮਾਸ਼ਾ ਹੀ ਦੇਖਣ ਜੋਕਰੀ ਹੈ । ਭਾਵੇਂ ਜਿੰਨੇ ਮਰਜ਼ੀ ਦੰਗੇ ਹੋਈ ਜਾਣ, ਜਿੰਨੀ ਮਰਜ਼ੀ ਸਾੜ-ਫੂਕ ਹੋਈ ਜਾਏ, ਕਿਸੇ ਨੂੰ ਕੁਝ ਕਹਿਣਾ ਨਹੀਂ । ਜੇ ਮੁਲਕ ਦੀ ਬੇੜੀ ਬਹਿੰਦੀ ਹੈ, ਤਾਂ ਬਹਿ ਜਾਵੇ ਪਰ ਵੋਟ ਬੈਂਕ ਨੂੰ ਆਂਚ ਨਾ ਆਵੇ ।”

“ਦਿਲਾ ਮੇਰਿਆ ! ਕਿਉਂ ਅੰਤਰ-ਰਾਸ਼ਟਰੀ ਦੁੱਖ ਆਪਣੇ ਆਪ ਨੂੰ ਲਾਈ ਬੈਠਾ ਏਂ ? ਜੇ ਆਪਣੇ ਹਮਵਤਨਾਂ ‘ਚ ਏਨੀ ਹੀ ਦੇਸ਼ਭਗਤੀ ਦੀ ਭਾਵਨਾ ਹੁੰਦੀ ਤਾਂ ਇਹ ਮੁਲਕ ਦੁਨੀਆਂ ਦਾ ਸਭ ਤੋਂ ਅਮੀਰ ਮੁਲਕ ਹੋਣਾ ਸੀ । ਕੁਦਰਤ ਨੇ ਏਨੀਆਂ ਨਿਆਮਤਾਂ ਬਖ਼ਸ਼ੀਆਂ ਨੇ ਭਾਰਤ ਨੂੰ, ਚੰਗਾ ਪੌਣ-ਪਾਣੀ, ਉਪਜਾਊ ਧਰਤੀ, ਫਲਾਂ ਦੇ ਬਗੀਚੇ, ਜੰਗਲ, ਪਹਾੜ, ਸਮੁੰਦਰ, ਵੱਖ-ਵੱਖ ਧਾਤਾਂ ਦੀਆਂ ਖਦਾਨਾਂ ਤੇ ਪਤਾ ਨਹੀਂ ਹੋਰ ਕੀ ਕੁਝ । ਪਰ ਕੀ ਕੋਈ ਫਾਇਦਾ ਹੋ ਰਿਹਾ ਹੈ ? ਜੇਕਰ ਚਾਲੀ ਪੈਸੇ ਫਾਇਦਾ ਹੁੰਦਾ ਹੈ ਤਾਂ ਰੁਪਈਏ ਦਾ ਨੁਕਸਾਨ ਲੋਕ ਆਪਣਾ ਗੁੱਸਾ ਸ਼ਾਂਤ ਕਰਨ ‘ਚ ਹੀ ਕਰ ਦਿੰਦੇ ਨੇ । ਰਾਜਨੀਤੀ ਦੀ ਗੱਲ ਕਰ ਲਵੋ, ਜੇ ਸੱਤਾਧਾਰੀ ਪਾਰਟੀ ‘ਚ ਕਿਸੇ ਦੇ ਕੁੱਤੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਬਿਆਨ ਦਿੰਦੇ ਨੇ ‘ਇਸ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ ।’ ਜੇਕਰ ਵਿਰੋਧੀ ਧਿਰ ‘ਚ ਕਿਸੇ ਦੀ ਬਿੱਲੀ ਨੂੰ ਨਜ਼ਲਾ ਹੋ ਜਾਂਦਾ ਹੈ ਤਾਂ ਉਹ ਸੱਤਾਧਾਰੀ ਪਾਰਟੀ ‘ਤੇ ਇਲਜ਼ਾਮ ਲਗਾ ਦਿੰਦੀ ਹੈ ਤੇ ਅਸਤੀਫਿ਼ਆਂ ਦੀ ਮੰਗ ਕਰਦੀ ਹੈ । ਲੀਡਰਾਂ ਮਗਰ ਲੱਗ ਕੇ ਜਨਤਾ ਇੱਕ-ਦੂਜੇ ਨਾਲ਼ ਲੜੀ ਜਾਂਦੀ ਹੈ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਆਪਸ ‘ਚ ਰਿਸ਼ਤੇਦਾਰੀਆਂ ਨੇ । ਉਹੋ ਜਿਹੀ ਜਨਤਾ ਹੈ, ਬਿਨਾਂ ਕਿਸੇ ਸੋਚ-ਵਿਚਾਰ ਲੀਡਰਾਂ ਦੇ ਮਗਰ ਲੱਗ ਤੁਰਦੀ ਹੈ । ਲੀਡਰ ਕਹਿੰਦਾ ਹੈ, ‘ਜਨਤਾ ਨੀ ਜਨਤਾ ਤੇਰਾ ਕੰਨ ਕੁੱਤਾ ਲੈ ਗਿਆ ।’ ਧੰਨ ਹੈ ਜਨਤਾ ! ਸ਼ੀਸ਼ਾ ਵੇਖ ਕੇ ਜਾਂ ਹੱਥ ਲਾ ਕੇ ਚੈੱਕ ਨਹੀਂ ਕਰਨਾ ਕਿ ਕੰਨ ਹੈ ਜਾਂ ਨਹੀਂ, ਬੱਸ ਕੁੱਤੇ ਮਗਰ ਸ਼ੂਟ ਵੱਟ ਲੈਣੀ ਹੈ । ਜਾਪਦਾ ਹੈ, ਕਿਸੇ ਦੀ ਆਪਣੀ ਸੋਚ ਹੀ ਨਹੀਂ, ਸਭ ਦੀ ਸੋਚ ਲੀਡਰ ਜਾਂ ਪਾਰਟੀ ਲੈਵਲ ਤੇ ਹੀ ਚੱਲਦੀ ਹੈ । ਜੋ ਪਾਰਟੀ ਨੇ ਕਹਿ ਦਿੱਤਾ, ਸੱਚ ਹੈ । ਭਲਿਓਮਾਣਸੋ ! ਘੱਟੋ-ਘੱਟ ਕਿਸੇ ਵੀ ਗੱਲ ਨੂੰ ‘ਆਪਣੀ ਨਿੱਜੀ ਸੋਚ’ ਅਨੁਸਾਰ ਤਰਕ ਦੀ ਕਸਵੱਟੀ ‘ਤੇ ਪਰਖ ਤਾਂ ਲਵੋ । ਫੈਸਲਾ ਜੋ ਮਰਜ਼ੀ ਲਈ ਜਾਇਓ ।”

“ਇੱਕ ਆਈਡੀਆ ਆਇਆ ਗੁਲਾਟੀ, ਜੇ ਮੰਨ ਲਵੇਂ ! ਸੌਂਹ ਖਾ ਕੇ ਕਹਿਨਾਂ, ਆਪਣੀਆਂ ਪੌਂ-ਬਾਰਾਂ ਹੋ ਜਾਣਗੀਆਂ ।” ਮੇਰੇ ਦਿਲ ਦੇ ਦਿਮਾਗ ਵੀ ਹੈ, ਜੋ ਆਈਡੀਆ ਆ ਗਿਆ, ਸੋਚ ਕੇ ਮੈਂ ਹੈਰਾਨ ਵੀ ਕਾਫ਼ੀ ਹੋਇਆ । ਪਰ ਭਾਈ ! ਕਲਯੁੱਗ ਹੈ, ਸਭ ਸੰਭਵ ਹੈ ।

“ਚੱਲ ! ਤੂੰ ਉਹ ਵੀ ਆਉਣ ਦੇ ।”

“ਇਉਂ ਕਰ, ਮਿਹਨਤ ਤਾਂ ਕੋਈ ਕਰਨੀ ਨਹੀਂ । ਇੱਥੇ ਆਸਟ੍ਰੇਲੀਆ ‘ਚ ਫਲ ਕਾਫ਼ੀ ਸਸਤਾ ਹੈ । ਬੱਸ ਫਲਾਂ ਨੂੰ ਗੇੜਾ ਦੇਣਾ ਸ਼ੁਰੂ ਕਰ ਦੇ । ਬੱਸ ! ਸੇਬ ਤੇ ਟਮਾਟਰ ਹੀ ਖਾਈ ਜਾਇਆ ਕਰ । ਡਾਲਰ ਦੇ ਕਿਲੋ ਸੇਬ ਤੇ ਡੇਢ ਡਾਲਰ ਦੇ ਕਿਲੋ ਟਮਾਟਰ ਮਿਲੀ ਜਾਂਦੇ ਨੇ । ਸਾਲ ਕੁ ਸੇਬ ਤੇ ਟਮਾਟਰ ਖਾ-ਖਾ ਕੇ ਜਦੋਂ ਗੱਲ੍ਹਾਂ ਹੋ ਗਈਆਂ ਟਮਾਟਰ ਅਰਗੀਆਂ ਲਾਲ, ਬਾਈ ਸਿਆਂ ਚੁੱਪ ਕਰਕੇ ਪੰਜਾਬ ਜਾ ਕੇ ਬਾਬਾ ਬਣ ਜਾ । ਤੇਰੀ ਤਾਂ ਕਦਰ ਵੀ ਬਾਹਲੀ ਹੋਊ, ਕਿਉਂ ‘ਬਾਹਰਲਾ ਬਾਬਾ’ ਜੋ ਹੋਏਂਗਾ । ਬਾਕੀ ਨਾਮ ਦੀ ਵੀ ਸੌਖ ਹੈ, ‘ਰਿਸ਼ੀ’ ਤਾਂ ਤੂੰ ਪਹਿਲਾਂ ਹੀ ਹੈਂ, ਮੂਹਰੇ 108, 1008 ਜਾਂ ਜਿੰਨੇ ਮਰਜ਼ੀ ਅੱਠ ਲਾ ਲਈਂ ।” ਸਕੀਮ ਸੁਣਕੇ ਤਾਂ ਦਿਲ ਤੋਂ ਬਲਿਹਾਰੀ ਜਾਣ ਨੂੰ ਮਨ ਹੋ ਗਿਆ, ਕਿਉਂ ਜੋ ਮੈਨੂੰ ਮਰਵਾਉਣ ਦੇ ਇੰਨੇ ਕੁ ਪ੍ਰਬੰਧ ਕਾਫ਼ੀ ਸਨ ।

“ਮੈਂ ਤੈਨੂੰ ਏਨੀ ਵਧੀਆ ਸਕੀਮ ਦੱਸੀ ਹੈ, ਹੁਣ ਤਾਂ ਮੇਰਾ ਲੇਖ਼ ਲਿਖ ਦੇਵੇਂਗਾ ਨਾ ?” ਦਿਲ ਮੁੜ-ਘੁੜ ਕੇ ਪੁਰਾਣੀ ਗੱਲ ‘ਤੇ ਆ ਗਿਆ ।

“ਨਾ ਬਿਲਕੁੱਲ ਨਹੀਂ, ਹੋਰ ਜੋ ਮਰਜ਼ੀ ਗੱਲਾਂ ਕਰੀ ਜਾ ਪਰ ਇਹ ਗੱਲ ਝੂਠੀ ।”

“ਗੱਲ ਸੁਣ ਬਾਈ ਸਿਆਂ, ਜਾਂ ਤਾਂ ਬੰਦਾ ਬਣਕੇ ਮੇਰਾ ਲੇਖ਼ ਲਿਖ ਦੇ, ਨਹੀਂ ਤਾਂ ਮੈਂ ਤੇਰੇ ਸਿਸਟਮ ‘ਚ ਐਸਾ ਪੰਗਾ ਪਾਊਂ ਕਿ ਜਿਹੜੀ ਸਲੂਣੀ ਦਾਲ ਸਬਜ਼ੀ ਇੱਕ ਵਾਰੀ ਬਣਾ ਕੇ ਦੋ-ਤਿੰਨ ਦਿਹਾੜੀਆਂ ਟਪਾ ਲੈਂਦੈਂ, ਉਹਦੀ ਜਗ੍ਹਾ ਤੇ ਉਬਲੀਆਂ ਸਬਜ਼ੀਆਂ ਖਾਣੀਆਂ ਪੈਣਗੀਆਂ ਤੇ ਉਹ ਵੀ ਤਾਜ਼ੀਆਂ ਉਬਾਲ ਕੇ । ਹੁਣ ਇਹ ਦੇਖ ਲੈ ਪਈ ਥੱਕਿਆ ਹਾਰਿਆ ਕੰਮ ਤੋਂ ਆਉਂਦੈਂ ਤੇ ਜੇ ਆਉਂਦਿਆਂ ਫਰਿੱਜ ‘ਚੋਂ ਬੇਹਾ-ਤਰਬੇਹਾ ਕੱਢ ਕੇ ਖਾਣ ਦੀ ਬਜਾਏ, ਰੋਜ਼ ਈ ਤਾਜ਼ੀਆਂ ਸਬਜ਼ੀਆਂ ਉਬਾਲ ਕੇ ਫਿੱਕੀਆਂ ਬਿਨਾਂ ਤੜਕੇ ਤੋਂ ਖਾਣੀਆਂ ਪੈ ਗਈਆਂ ਤਾਂ ਤੇਰਾ ਬਣੂ ਕੀ ?” ਮੇਰਾ ਦਿਲ ਗੱਲਬਾਤ ਦਾ ਵਿਸ਼ਾ ਬਦਲਦਿਆਂ ਲੱਗਭੱਗ ਧਮਕੀ ‘ਤੇ ਉਤਰ ਆਇਆ ।

“ਵੇ ਗੱਲ ਸੁਣ ਦਿਲਾ ਫਿਲਾ ਜਿਆ, ਰੌਲਾ ਤੇਰਾ ਇਹਦੇ ਨਾਲ਼ ਐ, ਮੇਰਾ ਟੇਸਟ ਕਿਉਂ ਖ਼ਰਾਬ ਕਰਦੈਂ ? ਵੀਰ ਮੇਰਿਆ ! ਮੈਂ ਬੇਹੀਆਂ-ਤਰਬੇਹੀਆਂ ਤੇ ਠੰਢੀਆਂ ਤਾਂ ਰਾਜ਼ੀ ਐਂ, ਪਰ ਜੇ ਤੂੰ ਕਹੇਂ ਉਬਲੀਆਂ ? ਤਾਂ ਗੱਲ ਬਿਲਕੁੱਲ ਈ ਝੂਠੀ ਐ ।” ਮੇਰੀ ਜੀਭ ਜੋ ਕਾਫ਼ੀ ਟਾਈਮ ਦੀ ਸਾਡੀ ਬਹਿਸ ਸੁਣੀ ਜਾ ਰਹੀ ਸੀ, ਨੂੰ ਆਪਣਾ ਤੌਖਲਾ ਉੱਠਿਆ ।

“ਗੱਲ ਸੁਣ ਬੀਬੀ । ਮੇਰਾ ਪਾਰਾ ਅੱਜ ਬੜਾ ਚੜ੍ਹਿਐ ਵਿਐ । ਤੂੰ ਦਖ਼ਲ ਅੰਦਾਜ਼ੀ ਨਾ ਕਰ ਤਾਂ ਹੀ ਚੰਗਾ ।” ਦਿਲ ਜਾਪਦੈ, ਦੁਨਿਆਵੀ ਬੇ-ਹੁਰਮਤੀਆਂ ਤੋਂ ਸੱਚੀਂਮੁੱਚੀ ਸੀਰੀਅਸ ਹੋਇਆ ਬੈਠਾ ਸੀ ।

“ਵੇ ਮੈਂ ਤੈਥੋਂ ਕੀ ਟਿੰਡੀਆਂ ਲੈਣੀਐਂ ? ਬੱਸ ! ਮੇਰੇ ਕੰਮ ‘ਚ ਟੰਗ ਅੜਾਉਣ ਦੀ ਲੋੜ ਨਹੀਂ । ਜੇ ਬਾਹਲਾ ਔਖੈਂ ਤਾਂ ਗੁਲਾਟੀ ਨੂੰ ਪੇਪਰਾਂ ਚੋਂ ਫੇਲ੍ਹ ਕਰ ਦੇ । ਆਪਣੀਆਂ ਗ਼ਲਤੀਆਂ ਦਾ ਫ਼ਲ ਆਪੇ ਭੁਗਤੂ ।” ਜੀਭ ਵੀ ਆਪਣੇ ਸੁਆਦਾਂ ਪਿੱਛੇ ਮੇਰੇ ਨਿਮਾਣੇ ਦੇ ਖਿਲਾਫ਼ ਵੋਟ ਭੁਗਤਾ ਗਈ ।

“ਓ ਸਹੁਰੀ ਦੀਏ ! ਪੇਪਰਾਂ ਚੋਂ ਫੇਲ੍ਹ ਨਹੀਂ, ਦਿਲ ਫੇਲ੍ਹ ਹੁੰਦੈ ਬੰਦੇ ਦਾ । ਜੇ ਦਿਲ ਹੀ ਫੇਲ੍ਹ ਹੋ ਗਿਆ ਤਾਂ ਨਾ ਗੁਲਾਟੀ, ਨਾ ਉਹਦਾ ਦਿਲ, ਨਾ ਤੂੰ ਤੇ ਨਾ ਮੈਂ । ਸਹੁਰੀ ਦੀਏ ! ਗੱਲ ਤਾਂ ਚੱਜ ਦੀ ਕਰ ਲੈ, ਇੱਕ ਆਵਦੇ ਸੁਆਦ ਪਿੱਛੇ ਸਾਰੀ ਹਕੂਮਤ ਬਦਲਣ ਨੂੰ ਫਿਰਦੀ ਐਂ ।” ਜੀਭ ਦੀ ਗੱਲ ਸੁਣਕੇ ਮੇਰੇ ਫੇਫੜਿਆਂ ਨੂੰ ਸ਼ਾਇਦ ਆਪਣਾ ਸਾਹ ਬੰਦ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ ।

“ਤੂੰ ਦੱਸ ਖ਼ਸਮਾਂ ! ਕੀ ਚਾਹੁੰਨੈਂ ? ਆਪਣੀ ਭੜਾਸ ਮੇਰੇ ਕੋਲ ਕੱਢ ਲੈ, ਪਰ ਵਾਸਤਾ ਈ ਰੱਬ ਦਾ, ਹੌਲੀ ਬੋਲੀਂ ਮੇਰਾ ਵੀਰ । ਮੈਂ ਤੇਰੀਆਂ ਗੱਲਾਂ ਨੂੰ ਆਪਣੇ ਹਿਸਾਬ ਨਾਲ਼ ਸੋਚ ਕੇ ਦੇਖੂੰ, ਇਹ ਵਾਅਦਾ ਰਿਹਾ ਕਿ ਜੇ ਲਿਖਣਾ ਮੁਨਾਸਿਬ ਲੱਗਾ ਤਾਂ ਜ਼ਰੂਰ ਲਿਖੂੰ, ਨਹੀਂ ਤਾਂ ਬਾਈ ਸਿਆਂ, ਤੂੰ ਸਿੱਧਾ ਰਹਿ ਜਾਂ ਟੇਢਾ ਹੋ, ਮੈਂ ਪੰਗਾ ਨਹੀਂ ਲੈ ਸਕਦਾ । ਮੈਂ ਨਿਆਣੇ ਪਾਲਣੇ ਨੇ, ਤੇਰੇ ਮਗਰ ਲੱਗ ਕੇ ਸਚਾਈ ਤੇ ਪਹਿਰਾ ਦੇਣ ਦੇ ਚੱਕਰ ‘ਚ ਆਪਣਾ ਕੂੰਡਾ ਨਹੀਂ ਕਰਵਾਉਣਾ । ਮੇਰੇ ਕੋਈ ਪੰਜਾਬ ‘ਚ ਕਿੱਲੇ ਨਹੀਂ ਪਏ, ਕਿ ਬੇਟੀਆਂ ਦਾ ਭਵਿੱਖ ਸੁਰੱਖਿਅਤ ਹੈ, ਮੈਂ ਤਾਂ ਮਿਹਨਤ ਕਰਕੇ ਹੀ ਬੱਚੇ ਪਾਲਣੇ ਨੇ । ਚੱਲ ! ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਲੈਨੈਂ, ਮੁੜ ਠੰਢੇ ਮਤੇ ਨਾਲ਼ ਸੁਣ ਕੇ ਫੈਸਲਾ ਕਰੂੰ ਕਿ ਲੇਖ਼ ਲਿਖਣਾ ਜਾਂ ਨਹੀਂ ।” ਮੈਂ ਆਪਣੇ ਦਿਲ ਨੂੰ ਲੇਖ਼ ਲਿਖਣ ਦੀ ਝੂਠੀ ਤਸੱਲੀ ਦਿੰਦਿਆਂ ਕਿਹਾ ਤੇ ਕੈਸਟ ਰਿਕਾਰਡਰ ਬੈਗ ‘ਚੋਂ ਕੱਢ ਕੇ ਦਿਲ ਦੇ ਮੂੰਹ ਕੋਲੇ ਕਰ ਦਿੱਤਾ ।

“ਤੈਨੂੰ ਪੰਜਾਬ ਰਹਿੰਦਿਆਂ ਕਿੰਨੀ ਵਾਰੀ ਲੋਕਾਂ ਨੇ ਮੱਤ ਦਿੱਤੀ ਸੀ ਕਿ ਮਾੜੀ ਜਿਹੀ ‘ਉਂਗਲ ਟੇਢੀ’ ਕਰ ਲੈ, ਜੇ ਮੰਨ ਲੈਂਦਾ ਤਾਂ ਏਨਾ ਔਖਾ ਤਾਂ ਨਾ ਹੁੰਦਾ । ਪੰਜਾਬ ‘ਚ ਹੀ ਆਸਟ੍ਰੇਲੀਆ ਹੋਣਾ ਸੀ । ਓਦੋਂ ਤਾਂ ਕੇਰਾਂ ਈ ਰਾਜਾ ਹਰੀਸ਼ਚੰਦਰ ਬਣਦਾ ਸੀ । ਹੁਣ ਭੁਗਤ । ਨਾਲੇ਼ ਖੇਤਾਂ ‘ਚ ਸਾਰੀ ਦਿਹਾੜੀ ਧੁੱਪੇ ਮੱਚਦੈਂ, ਨਾਲ਼ੇ ਬੱਚਿਆਂ ਤੋਂ ਅੱਡ ਹੋ ਕੇ ਬਨਵਾਸ ਭੁਗਤੀ ਜਾਂਦੈਂ ।”

“ਤਾਂ ਕੀ ਹੋਇਆ ? ਜੇ ਮੇਰੀ ਕਿਸਮਤ ‘ਚ ਇਹੀ ਕੁਛ ਐ ਤਾਂ ਇੰਝ ਹੀ ਸਹੀ । ਨਾਲ਼ੇ ਖੇਤਾਂ ‘ਚ ਕੰਮ ਕਰਨ ਦਾ ਕੀ ਮਿਹਣਾ ਐ ? ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਸਾਨੂੰ ਦਸਾਂ ਨੌਹਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਤੇ ਖੁਦ ਆਪਣੇ ਮੁਬਾਰਕ ਹੱਥਾਂ ਨਾਲ਼ ਖੇਤੀ ਕੀਤੀ ਸੀ । ਮੈਂ ਤਾਂ ਬਾਈ ਸਿਆਂ, ਪੰਜਾਬ ਰਹਿੰਦਿਆਂ ਵੀ ਹਮੇਸ਼ਾਂ ਮਿਹਨਤ ਤੇ ਲਗ਼ਨ ਨਾਲ ਹੀ ਕੰਮ ਕੀਤਾ, ਚਾਹੇ ਨੌਕਰੀ ਸੀ ਜਾਂ ਆਪਣਾ ਕੰਮ, ਤੇ ਹੁਣ ਵੀ ਦਸਾਂ ਨੌਹਆਂ ਦੀ ਕਿਰਤ ਕਰ ਰਿਹਾ ਹਾਂ, ਜਿਸ ਸੱਚੀ ਸਰਕਾਰ ਦੇ ਉਪਦੇਸ਼ ਤੇ ਚੱਲਦਾ ਹਾਂ, ਜ਼ਰੂਰ ਰੰਗ ਭਾਗ ਲਾਊਗੀ ।” ਮੈਂ ਆਪਣੀ ਮਿਹਨਤ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ।

“ਮੈਂ ਭੁੱਲਿਆਂ ਤੈਨੂੰ ਵੱਡੇ ਖੇਤਾਂ ‘ਚ ਕੰਮ ਕਰਕੇ ਮਾਣ ਮਹਿਸੂਸ ਕਰਨ ਵਾਲੇ ਨੂੰ, ਸਾਰਾ ਦਿਨ ਮੇਰੇ ਕੋਲ ਰੋਂਦਾ ਰਹਿੰਨੈ ਪਈ ਕਿੱਥੇ ਫਸ ਗਿਆ, ਹੁਣ ਫੋਕੀਆਂ ਟਾਹਰਾਂ ਨਾ ਮਾਰ । ਫਸੀ ਨੂੰ ਫਟਕਣ ਕੇਹੀ ਵਾਲੀ ਗੱਲ ਐ, ਤਾਂ ਕਰਦੈਂ । ਪੰਜਾਬ ਦੇ ਖੇਤਾਂ ‘ਚ ਕੰਮ ਤਾਂ ਖੇਤਾਂ ਦੇ ਮਾਲਕ ਨਹੀਂ ਕਰਦੇ । ਉਹ ਵੀ ਕੰਨਾਂ ‘ਚ ਮੁਰਕੀਆਂ ਪਾ ਕੇ ਤੇ ਜ਼ਰਦਾ ਉਤਲੇ ਬੁੱਲ ਥੱਲੇ ਲਾ ਕੇ ਖ਼ਾਲ ‘ਤੇ ਖੜ੍ਹੇ ਥੁੱਕੀ ਜਾਂਦੇ ਐ । ਅਨਪੜ੍ਹ ਬੁੜ੍ਹੇ ਵਿਚਾਰੇ ਨੇ ਮਿੱਟੀ ਨਾਲ਼ ਮਿੱਟੀ ਹੋ ਕੇ ਸਾਰੀ ਉਮਰ ਕੱਢ ਦਿੱਤੀ ਹੁੰਦੀ ਐ, ਤੇ ਇਹ ਨਵਾਬਜ਼ਾਦੇ ਚੰਡੀਗੜ੍ਹ ਯੂਨੀਵਰਸਿਟੀ ‘ਚ ਦਾਖ਼ਲਾ ਲੈ ਕੇ ਸਾਰਾ ਦਿਨ ਸਤਾਰਾਂ ਸੈਕਟਰ ‘ਚ ਕੱਢ ਦਿੰਦੇ ਨੇ । ਜਦੋਂ ਪਿੰਡ ਜਾਂਦੇ ਐ ਤਾਂ ‘ਬਾਈ ਸਤਾਰਾਂ ‘ਚ ਆਹ, ਸਤਾਰਾਂ ‘ਚ ਔਹ’ ਦੀਆਂ ਫੋਕੀਆਂ ਛੱਡੀ ਜਾਂਦੇ ਐ । ਬੱਸ ਆਹੀ ਕੰਮ ਐ ।”

“ਹੀ ਹੀ ਹੀ, ਤੇਰੀ ਜਰਨਲ ਨੌਲਜ ਬੜੀ ਕਮਜ਼ੋਰ ਐ ਯਾਰ, ਇਹ ਮੁੰਡੇ ਪੰਜਾਬ ਰਹਿੰਦੇ ਕੰਮ ਨਹੀਂ ਸੀ ਕਰਦੇ, ਹੁਣ ਤਾਂ ਕਰਦੇ ਐ । ਜੇ ਮੇਰਾ ਯਕੀਨ ਕਰੇਂ ਤਾਂ ਤੀਹ-ਤੀਹ ਕਿੱਲਿਆਂ ਦੇ ਵਾਰਿਸ ਮੈਂ ਆਪ ਦੇਖੇ ਐ, ਆਸਟ੍ਰੇਲੀਆ ਦੇ ਖੇਤਾਂ ‘ਚ ਕੰਮ ਕਰਦੇ ਤੇ ਕੰਮ ਕਰਨ ਲਈ ਮਿੰਨਤਾਂ ਕਰਦੇ । ਏਨੇ ਅਸੀਲ ਮੁੰਡੇ ਐ, ਪਈ ਖੇਤਾਂ ਦੇ ਮਾਲਕ ਸਿੱਧਾ ਕਹੀ ਜਾਂਦੇ ਐ ਪਈ ਕਾਕਾ ਜੀ, ਕੰਮ ਹੈ ਨਹੀਂ । ਪਰ ਇਹ ਏਨੀ ਨਿਮਰਤਾ ਦੇ ਪੁਜਾਰੀ ਨੇ ਕਿ ਅਗਲੇ ਦਿਨ ਫੇਰ ਉਹਦੇ ਬੂਹੇ ਜਾ ਖੜ੍ਹਦੇ ਨੇ । ਅਗਲੇ ਦੇ ਕਹੇ ਦਾ ਭੋਰਾ ਗੁੱਸਾ ਨਹੀਂ ਕਰਦੇ, ਜਵਾਂ ਹੀ ਨਹੀਂ ਬੋਲਦੇ । ਹਾਂ ! ਜਦੋਂ ਘਰੇ ਆ ਜਾਂਦੇ ਐ, ਆਪਸ ‘ਚ ਜਿਵੇਂ ਮਰਜ਼ੀ ਖੁੱਲ ਕੇ ਗੱਲ-ਬਾਤ ਕਰੀ ਜਾਣ ।” ਮੈਂ ਹੱਸਦਿਆਂ ਆਪਣੇ ਹਮ ਵਤਨਾਂ ਦਾ ਪੱਖ ਲਿਆ ।

“ਖੁੱਲ ਕੇ ਗੱਲ-ਬਾਤ ? ਘੋੜੇ ਵੇਚ ਕੇ ਤਾਂ ਸੌਂਦੈਂ ਤੂੰ ? ਤਿੰਨ ਵਾਰੀ ਤਾਂ ਪੁਲਿਸ ਆਪਣੇ ਮੁਹੱਲੇ ‘ਚ ਆ ਚੁੱਕੀ ਐ, ਜਦੋਂ ਗੋਰਿਆਂ ਨੇ ਪੁਲਿਸ ਨੂੰ ਫ਼ੋਨ ਕੀਤਾ ਸੀ ਕਿ ਇੰਡੀਅਨ ਅੱਧੀ ਰਾਤ ਨੂੰ ਖ਼ਰੂਦ ਪਾਈ ਜਾਂਦੇ ਐ, ਨਾ ਸੌਂਦੇ ਐ - ਨਾ ਸੌਣ ਦਿੰਦੇ ਐ ।” ਮੇਰਾ ਦਿਲ ਤਾਂ ਖ਼ਾਸਾ ਹੀ ਦੁਖੀ ਲੱਗਦਾ ਸੀ, ਜੋ ਗਲੋਟੇ ਵਾਂਗ ਉਧੜੀ ਜਾਂਦਾ ਸੀ । ਪਰ ਕੋਈ ਨਾ, ਕਰ ਲੈਣ ਦਿਉ ਇਹਨੂੰ ਆਪਣਾ ਚਿੱਤ ਹਲਕਾ, ਮੈਂ ਕਿਹੜਾ ਇਹਦੇ ਆਖੇ ਲੇਖ਼ ਲਿਖੀ ਬੈਠੈਂ ? ਜਦੋਂ ਭੜਾਸ ਨਿੱਕਲ ਗਈ ਤਾਂ ਆਪੇ ਟਿਕ ਕੇ ਬੈਠ ਜਾਊ ।

“ਚੱਲ ਕੋਈ ਨਾ, ਖਾਧੀ ਪੀਤੀ ‘ਚ ਮਾੜਾ ਮੋਟਾ ਤਾਂ ਚੱਲਦਾ ਈ ਐ । ਨਾਲ਼ੇ ਹਾਸੇ-ਖੇਡੇ ਤਾਂ ਪੰਜਾਬੀਆਂ ਦੀ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਪਹਿਚਾਣ ਐ ।”

“ਤੂੰ ਦਾਰੂ ਪੀ ਕੇ ਖੱਪ ਪਾਉਣ ਨੂੰ ਹਾਸਾ-ਖੇਡਾ ਕਹਿੰਨੈਂ ? ਸਹੁਰੀ ਦੇ ‘ਠਾਰਾਂ-‘ਠਾਰਾਂ ਉੱਨੀ-ਉੱਨੀ ਸਾਲ ਦੇ ਛੋਹਰ ਐ, ਇੱਥੇ ਪੜ੍ਹਨ ਆਏ ਐ ਕਿ ਦਾਰੂ ਪੀਣ । ਪੰਜਾਬ ਰਹਿੰਦਿਆਂ ਫੇਰ ਘਰ ਦਿਆਂ ਦੀ ਮਾੜੀ-ਮੋਟੀ ਸ਼ਰਮ ਸੀ । ਹੁਣ ਨਾ ਕੋਈ ਦੇਖਣ ਵਾਲਾ, ਨਾ ਕੋਈ ਟੋਕਣ ਵਾਲਾ । ਜਦ ਆਸਟ੍ਰੇਲੀਅਨ ਅੰਗੂਰਾਂ ਦੀ ਵਾਈਨ ਸਿਰ ਨੂੰ ਚੜ੍ਹਦੀ ਐ ਤਾਂ ਖਰੂਦ ਪਾਉਂਦੇ ਐ ।”

“ਚੱਲ ਕੋਈ ਨਾ ਕਿਹੜਾ ਸਾਰੇ ਪੀਂਦੇ ਐ, ਤੇ ਕਿਹੜਾ ਰੋਜ਼ ਪੀਂਦੇ ਐ । ਆਟੇ ‘ਚ ਮਾੜਾ ਮੋਟਾ ਲੂਣ ਤਾਂ ਚੱਲ ਈ ਜਾਂਦੈ ।” ਮੈਂ ਆਪਣੇ ਪੰਜਾਬੀ ਭਰਾਵਾਂ ਦਾ ਹੀ ਪੱਖ ਪੂਰਿਆ ।

“ਉਸ ਭੂੰਡ ਆਸ਼ਕ ਬਾਰੇ ਕੀ ਕਹੇਂਗਾ, ਜਿਹੜਾ ਪੰਜਾਬਣ ਨੂੰ ਬੱਸ ‘ਚ ‘ਕੱਲੀ ਦੇਖ ਕੇ ਕਹਿੰਦੇ ‘ਦੇਸਣ ਐ ਯਾਰ !” ਮੇਰਾ ਦਿਲ ਤਾਂ ਲੱਗਦਾ, ਸਾਰੇ ਮੇਚੇ ਲੈਣ ਤੇ ਤੁਲਿਆ ਪਿਆ ਸੀ ।

“ਅਸ਼ਕੇ ਓਏ ਯਾਰ ! ਉਸ ਮੁਟਿਆਰ ਦੇ । ‘ਕੇਰਾਂ ਤਾਂ ਸੁਆਦ ਲਿਆ ‘ਤਾ । ਮੇਰੇ ਪਿਆਰੇ ਪੰਜਾਬ ਦੀ ਧੀ ਕਹਿੰਦੀ ‘ਮੇਰਾ ਪਿਉ ਵੀ ਦੇਸੀ ਐ ਤੇ ਮਾਂ ਵੀ, ਇਸ ਲਈ ਮੈਂ ਦੇਸਣ ਆਂ । ਪਰ ਤੂੰ ਦੱਸ ਪਈ ਤੇਰਾ ਪਿਉ ਗੋਰਾ ਐ ਕਿ ਤੇਰੀ ਮਾਂ ? ਤੇ ਤੂੰ ਦੇਸੀ ਕਿਵੇਂ ਜੰਮ ਪਿਆ ? ਉਹਨੇ ਆਪਣੇ ਪੰਜਾਬਣ ਹੋਣ ‘ਤੇ ਮਾਣ ਕੀਤਾ ਤੇ ਜੀਹਨੇ ਗ਼ਲਤ ਬੋਲਿਆ ਸੀ, ਉਹਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ । ਪਰ ਇਸ ਗੱਲ ‘ਚ ਤੇਰਾ ਢਿੱਡ ਕਿਉਂ ਦੁਖਣ ਲੱਗ ਪਿਆ ।” ਮੈਨੂੰ ਆਪਣੇ ਦਿਲ ਤੇ ਖਿਝ ਆਉਣ ਲੱਗ ਪਈ ।

“ਅਗਲੀ ਗੱਲ ਤਾਂ ਤੂੰ ਵੀ ਬਥੇਰਾ ਪਿੱਟਦਾ ਰਹਿੰਨੈ, ਮੈਨੂੰ ਕਿਹੜਾ ਤੇਰਾ ਪਤਾ ਨਹੀਂ ਕਿ ਲੋਕਾਂ ‘ਚ ਕੀ ਕੀ ਗੱਲਾਂ ਕਰਦਾ ਰਹਿੰਨੈਂ ।” ਸੁਣ ਕੇ ਜਾਪਿਆ ਕਿ ਦਿਲ ਦੇ ਪੱਤਿਆਂ ‘ਚ ਸਾਰੀਆਂ ਹੀ ਫੋਟੂਆਂ ਆਈਆਂ ਸਨ, ਤੇ ਮੇਰੇ ਪੱਲੇ ਕੇਵਲ ਦੁੱਕੀਆਂ ਤਿੱਕੀਆਂ ਹੀ ਸਨ ।

“ਜਿੱਥੇ ਇਨ੍ਹਾਂ ਚਿਰ ਤੈਨੂੰ ਬਰਦਾਸ਼ਤ ਕਰਦਿਆਂ ਹੋ ਗਿਆ, ਇਹ ਕਾਹਨੂੰ ਚਿੱਤ ‘ਚ ਰੱਖਦੈਂ ? ਆਉਣ ਦੇ ।” ਮੈਨੂੰ ਵੀ ਅੰਦਰ ਖਾਤੇ ਕਿਸੇ ਗੱਲ ਦਾ ਹੌਸਲਾ ਸੀ । ਨਹੀਂ ਤਾਂ ਕਿੱਥੇ ਦਿਲ ਦੇ ਸਾਹਮਣੇ ਆਕੜ ਆ ਸਕਦੀ ਹੈ ?

“ਆਹ ਜਿਹੜਾ ਬੱਸਾਂ-ਟਰੇਨਾਂ ‘ਚ ਮੋਬਾਇਲਾਂ ‘ਤੇ ਉੱਚੀ-ਉੱਚੀ ਗਾਣੇ ਲਾਈ ਰੱਖਦੇ ਐ । ਉਹਦੇ ਬਾਰੇ ਸਰਕਾਰ ਦਾ ਕੀ ਖਿਆਲ ਐ ?” ਦਿਲ ਨੇ ਮੇਰੇ ਤੇ ਇਉਂ ਵਿਅੰਗ ਕੀਤਾ ਜਿਵੇਂ ਚਮਕੀਲੇ ਤੇ ਮਿਸ ਪੂਜਾ ਨੂੰ ਮੈਂ ਹੀ ਆਪਣੇ ਮੋਬਾਇਲ ‘ਤੇ ਗਾਉਣ ਦਾ ਠੇਕਾ ਦੇ ਰੱਖਿਆ ਸੀ ।

“ਯਾਰ ! ਇਸ ਮਸਲੇ ਤੇ ਤਾਂ ਮੈਂ ਵੀ ਤੇਰੇ ਨਾਲ਼ ਰਾਜੀ ਐਂ । ਹੁਣ ਤਾਂ ਗੀਤਾਂ ਦਾ ਕੋਈ ਮਿਆਰ ਰਿਹਾ ਹੀ ਨਹੀਂ । ਪੰਜਾਬ ਰਹਿੰਦਿਆਂ ਮੈਨੂੰ ਤਾਂ ਯਾਦ ਨਹੀਂ ਕਿ ਟੈਲੀਵੀਜ਼ਨ ‘ਤੇ ਕਦੇ ਗੀਤ ਚਲਾਉਣ ਵਾਲੇ ਚੈਨਲ ਚਲਾਏ ਹੋਣ । ਨਿਆਣੇ ਕਾਰਟੂਨ ਦੇਖਦੇ ਸੀ ਤੇ ਆਪ ਖ਼ਬਰਾਂ ਲਾਈ ਰੱਖੀਦੀਆਂ ਸੀ ।”

“ਜਦੋਂ ਕੱਲਾ ਹੁੰਦਾ ਸੀ, ਉਦੋਂ ਤਾਂ ਚਿੱਤ ਕਰਾਰਾ ਕਰਦਾ ਈ ਹੋਏਂਗਾ ? ਮੈਨੂੰ ਪਤੈ, ਪੰਜਾਬੀ ਗੀਤਾਂ ਦੇ ਵੀਡੀਉ ਵੀ ਜ਼ਾਇਕੇਦਾਰ ਹੁੰਦੇ ਐ । ਹੁਣ ਬੋਲ... ਬੋਲ... ਆ ਗਿਆ ਨਾ ਊਠ ਪਹਾੜ ਦੇ ਥੱਲੇ ?” ਮੇਰੇ ਦਿਲ ਨੇ ਖ਼ਚਰੀ ਜਿਹੀ ਮੁਸਕਾਨ ਨਾਲ਼ ਕਿਹਾ ।

“ਦਾਦੇ ਮਘੌਣਿਆਂ ! ਮੈਂ ਤਾਂ ਉਦੋਂ ਵੀ ਕਾਰਟੂਨ ਜਾਂ ਫਿਲਮ ਲਾ ਲੈਂਦਾ ਸੀ, ਤੈਨੂੰ ਪਤਾ ਤਾਂ ਹੈ ਕਾਰਟੂਨ ਮੈਨੂੰ ਅੱਜ ਵੀ ਪਸੰਦ ਨੇ ।” ਮੈਂ ਬਚਾਅ ਪੱਖ ਵਾਲੇ ਪਾਸੇ ਹੋ ਗਿਆ ਜਾਪਦਾ ਸਾਂ ।

“ਊਂ ਗੁਲਾਟੀ ਯਾਰ ! ਇੱਕ ਗੱਲ ਤਾਂ ਹੈ ਪਈ ਅੱਜ ਦੇ ਗਾਇਕਾਂ ਨੇ ਮਾਂ-ਬੋਲੀ ਦੀ ਚੰਗੀ ਮਿੱਟੀ ਪਲੀਤ ਕੀਤੀ ਹੈ । ਕਹਿੰਦੇ ਨੇ ਪਈ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ । ਸੁਆਦ ਤਾਂ ਆਵੇ ਜੇ ਗੀਤਕਾਰ ਜਾਂ ਗਾਇਕ ਮਾਂ-ਬੋਲੀ ਦੀ ਕੀਤੀ ਸੇਵਾ ਬਾਰੇ, ਜਨਮਦਾਤੀ ਮਾਂ ਨੂੰ ਵੀ ਚਾਰ ਟੱਪੇ ਸੁਨਾਉਣ । ਇਹਨਾਂ ਦੇ ਗੀਤ ਸੁਣਕੇ ਲੱਗਦਾ ਹੈ ਕਿ ਜੱਟ ਤਾਂ ਜੰਮੇ ਹੀ ਗੁੰਡਾਗਰਦੀ ਤੇ ਬਦਮਾਸ਼ੀਆਂ ਕਰਨ ਨੂੰ ਨੇ । ਮੰਨਿਆ ਕਿ ਮਾੜੀ ਮੋਟੀ ਕਮੀ ਹਰ ਜਗ੍ਹਾ, ਹਰ ਇਨਸਾਨ ‘ਚ ਹੋ ਸਕਦੀ ਹੈ ਪਰ ਗੀਤ ਸੁਣਕੇ ਤਾਂ ਲੱਗਦਾ ਹੈ ਕਿ ਕਬਜ਼ੇ ਲੈਣੇ, ਡਾਂਗਾਂ-ਤਲਵਾਰਾਂ ਚਲਾਉਣਾ, ਜੇਲ੍ਹ-ਕਚਿਹਰੀ ਤੇ ਦਾਰੂ, ਬੱਸ ਇਹੀ ਕੁਝ ਪੰਜਾਬੀਆਂ ਦੇ ਹਿੱਸੇ ਆਇਆ ਹੈ । ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਪੰਜਾਬ ‘ਚ ਅੱਧੇ ਤੋਂ ਵੱਧ ਉੱਚ ਅਹੁਦਿਆਂ ਤੇ ਜੱਟਾਂ ਦੇ ਪੁੱਤਰ ਬਿਰਾਜਮਾਨ ਨੇ । ਗੀਤਾਂ ਮੁਤਾਬਿਕ ਸਕੂਲ ਤੇ ਕਾਲਜ ਆਸ਼ਕੀ ਦੇ ਅੱਡੇ ਬਣੇ ਨੇ, ਜਦ ਕਿ ਅਸੀਂ ਸਕੂਲਾਂ ਕਾਲਜਾਂ ਨੂੰ ਵਿੱਦਿਆ ਦਾ ਮੰਦਰ ਕਹਿੰਦੇ ਹਾਂ । ਜੇ ਸਕੂਲ-ਕਾਲਜ ਆਸ਼ਕੀ ਦੇ ਅੱਡੇ ਨੇ ਤਾਂ ਕੀ ਅਜਿਹੇ ਗਾਇਕਾਂ ਤੇ ਗੀਤਕਾਰਾਂ ਨੇ ਆਪਣੀਆਂ ਧੀਆਂ-ਭੈਣਾਂ ਘਰੇ ਟਿਊਸ਼ਨ ਲਾ ਕੇ ਪੜ੍ਹਾਈਆਂ ਨੇ ? ਜਾਂਦੀਆਂ ਤਾਂ ਬਾਈ ਜੀ, ਉਹ ਵੀ ਉਸੇ ਆਸ਼ਕੀ ਦੇ ਅੱਡੇ ‘ਤੇ ਪੜ੍ਹਨ ਨੇ, ਜਿੰਨਾਂ ਦਾ ਜਿ਼ਕਰ ਉਹ ਗੀਤਾਂ ‘ਚ ਕਰਦੇ ਨੇ । ਗਾਇਕਾਂ ਤੇ ਗੀਤਕਾਰਾਂ ਦਾ ਕੀ ਐ ? ਉਹ ਤਾਂ ਆਪਣਾ ਤੋਰੀ-ਫੁਲਕਾ ਚਲਾਉਣ ਲਈ ਮਿੱਠੀ ਮਾਂ-ਬੋਲੀ ਦੀ ਮਿੱਟੀ ਪਲੀਤ ਕਰਨ ‘ਤੇ ਤੁਲੇ ਹੋਏ ਨੇ । ਕਾਲਜਾਂ ਦੀ ਬੇੜੀ ‘ਚ ਵੱਟੇ ਪਾਉਣ ‘ਚ ਤਾਂ ਮਿਸ ਪੂਜਾ ਦਾ ਭਰਪੂਰ ਯੋਗਦਾਨ ਹੈ, ਜੋ ਕਿ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਇਹਦੇ ਗੀਤਾਂ ਤੇ ਸਾਥੀ ਗਾਇਕਾਂ ਦਾ ਤਾਂ ਉੱਕਾ ਹੀ ਕੋਈ ਮਿਆਰ ਹੀ ਨਹੀਂ । ਮਿਸ ਪੂਜਾ ਨਾਲੋਂ ਤਾਂ ਆਲੂ ਈ ਚੰਗੇ ਨੇ । ਕੋਈ ਸਬਜ਼ੀ ਤਾਂ ਹੈ ਜਿਸ ‘ਚ ਆਲੂ ਨਹੀਂ ਪੈਂਦੇ, ਜਿਵੇਂ ਕਿ ਟਿੰਡੋ, ਪੇਠਾ, ਕੱਦੂ, ਅੱਲਾਂ, ਭਿੰਡੀ, ਤੋਰੀ... । ਪਰ ਇਹ ਤਾਂ ਹਰੇਕ ਨਾਲ਼ ਹੀ ਗਾਉਂਦੀ ਫਿਰਦੀ ਹੈ, ਭਾਵੇਂ ਉਸਨੂੰ ਗਾਉਣਾ ਆਵੇ ਜਾਂ ਨਾ ਆਵੇ । ਠੀਕ ਹੈ ਕਿ ਰੱਬ ਨੇ ਚੰਗੀ ਆਵਾਜ਼ ਦਿੱਤੀ ਹੈ ਪਰ ਉਸਦਾ ਇਸਤੇਮਾਲ ਕਰਨਾ ਤਾਂ ਆਪਣੇ ਹੀ ਵੱਸ ਹੈ । ਇਹ ਕੀ ਗੱਲ ਬਣੀ ਕਿ ਗੀਤ ਦੇ ਬੋਲ ਜਾਂ ਅਰਥ ਨਹੀਂ ਦੇਖਣੇ, ਗਾਇਕ ਨਹੀਂ ਦੇਖਣਾ ਤੇ ਚੱਕ ਕੇ ਉਸ ਨਾਲ਼ ਕੈਸਿਟ ਰਿਕਾਰਡ ਕਰਵਾ ਦੇਣੀ । ਆਪਣੇ ਸੂਰਮੇ ਵੀ... ਬੱਸ ਘਰ ਦਿਆਂ ਨੂੰ ਸੂਲੀ ਟੰਗ ਕੇ ਕੈਸਟ ਕੱਢ, ਜਣੇ ਖਣੇ ਨੂੰ “ਪਿਆਰ ਤੇ ਸਤਿਕਾਰ ਸਹਿਤ ਭੇਂਟ” ਕਰਦੇ ਨੇ, ਚਾਹੇ ਕੋਈ ਸੁਣੇ ਜਾਂ ਨਾ ।” ਮੇਰੇ ਦਿਲ ਦਾ, ਲੱਗਦਾ ਬੋਝ ਘਟਣਾ ਸ਼ੁਰੂ ਹੋ ਗਿਆ ਸੀ, ਤਾਂ ਹੀ ਝਈਆਂ ਲੈ ਲੈ ਕੇ ਪੈਣ ਦੀ ਬਜਾਏ ਠਰੰਮੇ ਨਾਲ਼ ਗੱਲ ਕਰ ਰਿਹਾ ਸੀ ।

“ਹਾਂ ਬਈ ! ਪਰ ਆਪਣੇ ਕੋਲ ਕੋਈ ਹੱਲ ਵੀ ਤਾਂ ਨਹੀਂ । ਆਪਾਂ ਤਾਂ ਆਪਣੇ ਹੀ ਭਰਾਵਾਂ ਨੂੰ ਅਪੀਲ ਕਹਿ ਲਵੋ ਜਾਂ ਸਮਝਾਉਣਾ ਕਹਿ ਲਵੋ, ਪਈ ਨਿੱਕੇ ਵੀਰੋ ! ਤੁਸੀਂ ਸੰਗੀਤ ਨੂੰ ਪਿਆਰ ਕਰਦੇ ਹੋ, ਬੜੀ ਵਧੀਆ ਗੱਲ ਹੈ । ਸੁਣੋ... ਜੰਮ ਜੰਮ ਸੁਣੋ... ਪਰ ਸੁਣੋ ਉਹ ਜੋ ਹੋਰਾਂ ਨੂੰ ਵੀ ਚੰਗਾ ਲੱਗੇ । ਜ਼ਰਾ ਵਿਚਾਰ ਕਰੋ, ਗੀਤਾਂ ਦੇ ਬੋਲਾਂ ਤੇ ਗੌਰ ਕਰੋ... ਇਹ ਸ਼ਬਦ ਸਾਨੂੰ ਕੀ ਸੁਨੇਹਾ ਦਿੰਦੇ ਨੇ । ਕੀ ਤੁਸੀਂ ਚਾਹੋਗੇ ਕਿ ਤੁਹਾਡਾ ਪਰਿਵਾਰ ਵੀ ਅਜਿਹੇ ਬੇਹੁਦਾ ਤੇ ਲੱਚਰ ਗੀਤ ਸੁਣੇ, ਜੇ ਹਾਂ ਤਾਂ ‘ਚੂਕੀ ਜਾਓ ਫੱਟਾ !’ ਗੋਰੇ-ਗੋਰੀਆਂ ਨੂੰ ਤਾਂ ਇਹ ਗੀਤ ਸਮਝ ਨਹੀਂ ਆਉਂਦੇ । ਸ਼ਰਮ ਨਾਲ਼ ਤਾਂ ਪੰਜਾਬੀ ਕੁੜੀਆਂ ਹੀ ਪਾਣੀ-ਪਾਣੀ ਹੁੰਦੀਆਂ ਨੇ, ਤੇ ਧੀਆਂ-ਭੈਣਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ । ਪ੍ਰੇਸ਼ਾਨ ਗੋਰੇ ਵੀ ਹੁੰਦੇ ਨੇ, ਕਿਉਂ ਜੋ ਇਹ ਗੱਲਾਂ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ । ਸਾਡੇ ‘ਚੋਂ ਕੁਝ ਕੁ ਅਜਿਹੇ ਮਨਚਲੇ ਨੌਜਵਾਨਾਂ ਦੀ ਵਜ੍ਹਾ ਨਾਲ਼ ਸਾਰੀ ਕੌਮ ਨੂੰ ਨੀਵਾਂ ਦੇਖਣਾ ਪਵੇ, ਸ਼ਾਲਾ ! ਅਜਿਹਾ ਦਿਨ ਨਾ ਹੀ ਆਵੇ । ਜੇਕਰ ਕੋਈ ਅਜਿਹਾ ਮਨਚਲਾ ਦੇਖਦੇ ਹੋ ਤਾਂ ਉਸਨੂੰ ਸੁਧਾਰਨਾ ਵੀ ਤਾਂ ਆਪਾਂ ਹੀ ਹੈ । ਵਿਗੜਿਆਂ ਤਿਗੜਿਆਂ ਨੂੰ ਸਿੱਧੇ ਰਾਹ ਪਾਉਣ ਦਾ ਰਸਤਾ ਵੀ ਮੈਂ ਥੋੜ੍ਹੀ ਦੱਸਣਾ, ਖੁਦ ਹੀ ਸਮਝਦਾਰ ਹੋ ਯਾਰ !” ਮੈਂ ਸ਼ਤ-ਪ੍ਰਤੀਸ਼ਤ ਆਪਣੇ ਦਿਲ ਦੇ ਨਾਲ਼ ਸਹਿਮਤ ਸਾਂ ।

“ਇੱਕ ਗੱਲ ਹੋਰ ਕਹਿ ਦੇ ਆਪਣੇ ਪੰਜਾਬੀ ਭਰਾਵਾਂ ਨੂੰ....” ਮੇਰੇ ਦਿਲ ਨੇ ‘ਭਰਾਵਾਂ’ ਸ਼ਬਦ ਤੇ ਖ਼ਾਸਾ ਹੀ ਜ਼ੋਰ ਪਾਇਆ ਸੀ ।

“ਚੱਲ ਉਹ ਵੀ ਆਉਣ ਦੇ....”

“ਕਹਿ ਦੇ ਪਈ, ਸੁਪਰ-ਸਟੋਰਾਂ ‘ਚ ਚੀਜ਼ ਲੈਣ ਉਨ੍ਹੇ ਕੁ ਜਣੇ ਜਾਣ, ਜਿਨੇਂ ਜ਼ਰੂਰੀ ਨੇ । ਐਵੀਂ ਨਾ ਇੱਕ ਬਰੈੱਡ ਲੈਣ ਲਈ ਸਾਰਾ ਲਾਣਾ ਤੁਰ ਪਿਆ ਕਰੇ । ਨਾਲ਼ੇ ਥੈਂਕਯੂ, ਸੌਰੀ ਵਗੈਰਾ ਕਹਿਣ ਦੀ ਆਦਤ ਪਾ ਲੈਣ ਤਾਂ ਜੋ ਗੋਰਿਆਂ ਨੂੰ ਲੱਗੇ ਪਈ ਸਾਡੀ ਤਹਿਜ਼ੀਬ ਵੀ ਅਮੀਰ ਹੈ ।”

“ਠੀਕ ਐ ਜੀ, ਕਹਿ ਦਿਆਂਗੇ ।”

“ਆਪਸ ਵਿੱਚ ਅੰਗ੍ਰੇਜ਼ੀ ਵੀ ਬੋਲਣੀ ਸ਼ੁਰੂ ਕਰ ਦੇਣ ਤਾਂ ਜੋ ਇੱਥੇ ਬੇਗਾਨੇ ਮੁਲਕਾਂ ‘ਚ ਰਹਿਣ ਸਹਿਣ ਦੀ ਤੇ ਗੱਲਬਾਤ ਕਰਨ ‘ਚ ਕੋਈ ਦਿੱਕਤ ਨਾ ਆਵੇ, ਕੋਈ ਮਾੜਾ ਮੋਟਾ ਚੱਜ ਦਾ ਕੰਮ ਵੀ ਤਾਂ ਹੀ ਮਿਲੂ ਜੇ ਅੰਗ੍ਰੇਜ਼ੀ ਵਧੀਆ ਆਉਂਦੀ ਹੋਊ, ਨਹੀਂ ਤਾਂ ਤੇਰੇ ਵਾਂਗੂੰ ਖੇਤਾਂ ‘ਚ ਧੱਕੇ ਖਾਂਦੇ ਫਿਰਨਗੇ ।”

“ਤੂੰ ਯਾਰ ਮਿੰਟ ਕੁ ਪਿੱਛੋਂ ਮੇਰੇ ਤੇ ਸੂਈ ਕਿਉਂ ਟਿਕਾ ਲੈਂਦੈ ? ਮੇਰੀ ਤਾਂ ਸੀ ਕਿਸਮਤ ਖੋਟੀ, ਤਾਂ ਚੰਗਾ ਭਲਾ ਕੰਮ ਛੱਡ ਕੇ ਇੱਥੇ ਆ ਗਿਆ, ਤੂੰ ਦੱਸ ਮੇਰੇ ਤੋਂ ਕੀ ਦੱਖੂ-ਦਾਣਾ ਲੈਣੈਂ ?” ਮੈਨੂੰ ਆਪਣੇ ਦਿਲ ਤੇ ਗੁੱਸਾ ਆ ਗਿਆ ਸੀ ।

“ਤੂੰ ਤਾਂ ਨਰਾਜ਼ ਹੋਣ ਲੱਗ ਪੈਦੈਂ ਯਾਰ ! ਰੌਲਾ ਇੱਕ ਹੋਰ ਵੀ ਐ ਪਈ ਸਾਲ-ਦੋ ਸਾਲ ਤੋਂ ਇੱਥੇ ਆਏ ਸਭ ਭਾਰਤੀ ਏਥੇ ਮਜ਼ਦੂਰੀਆਂ ਤੇ ਸਫ਼ਾਈਆਂ ਕਰਦੇ ਨੇ ਜਾਂ ਹੋਟਲਾਂ ‘ਚ ਭਾਂਡੇ ਮਾਂਜਣ ਦੇ ਕੰਮ ‘ਤੇ......”

“ਭਾਂਡੇ ਮਾਂਜਣ ਨਹੀਂ... ਡਿਸ਼ ਵਾਸਿੰ਼ਗ ਜਾਂ ਕਿਚਨ ਹੈਂਡ ਕਹਿ” ਮੈਂ ਆਪਣੇ ਦਿਲ ਨੂੰ ਦਬਕਾ ਮਾਰਿਆ ।

“ਸੌਰੀ.... ਡਿਸ਼ ਵਾਸਿ਼ੰਗ ਦੇ ਕੰਮ ‘ਤੇ ਲੱਗੇ ਨੇ । ਜਦੋਂ ਪਿੰਡ ਫ਼ੋਨ ਕਰਦੇ ਨੇ ਤਾਂ ਇੰਝ ਗੱਲ ਕਰਦੇ ਨੇ ਜਿਵੇਂ ਕੁਰਸੀ ਤੇ ਬੈਠੇ ਹੋਣ । ਫੋ਼ਨ ਕਰਦਿਆਂ ਨਾਲ਼ ਦੇ ਨੂੰ ਅੱਖ ਮਾਰ-ਮਾਰ ਕੇ ਟਾਹਰਾਂ ਮਾਰੀ ਜਾਂਦੇ ਐ ਤੇ ਪੰਜਾਬ ਬੈਠਾ ਫੋਨ ਸੁਣਨ ਵਾਲਾ ਇਹ ਸੋਚਦਾ ਹੈ ਕਿ ਪ੍ਰਦੇਸਾਂ ‘ਚ ਐਸ਼ਾਂ ਨੇ । ਉਹ ਵੀ ਜਹਾਜ਼ ਚੜ੍ਹਨ ਲਈ ਘਰ ਦਿਆਂ ਦੇ ਕਿੱਲਿਆਂ ਲਈ ਖ਼ਤਰਾ ਬਣ ਜਾਂਦਾ ਹੈ, ਜਾਂ ਉਨ੍ਹਾਂ ਦੀਆਂ ਬੋਦੀਆਂ ਕਰਜ਼ੇ ਨਾਲ਼ ਬੰਨਵਾ ਦਿੰਦਾ ਹੈ । ਨਾਲ਼ ਜਿਹੜੀਆਂ ‘ਔਰਕੁਟ’ ਤੇ ਫੋਟੋ ਲਾਈਆਂ ਹੁੰਦੀਆਂ ਨੇ ਉਹ ਅੱਡ ਪੰਜਾਬ ਬੈਠਿਆਂ ਦਾ ਚਿੱਤ ਘਾਊਂ-ਮਾਊਂ ਕਰਦੀਆਂ ਨੇ । ਮੇਰਾ ਮਤਲਬ ਤਾਂ ਸਿਰਫ਼ ਏਨ੍ਹਾਂ ਕੁ ਹੈ ਪਈ ਵਤਨ ਬੈਠਿਆਂ ਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ਼ ਲੁਭਾਉਣ ਦੀ ਬਜਾਏ ਸਚਾਈ ਦੱਸਿਆ ਕਰਨ । ‘ਆਖਣੇ ਕਿੰਦੀ ਅੰਕਲ ਦੇ’ ਮੂੰਗਫਲੀ ਖਾ ਕੇ ਬਦਾਮਾਂ ਦੇ ਪੱਦ ਮਾਰਨ ਦਾ ਕੋਈ ਲਾਭ ਨਹੀਂ ।”

“ਹੋਰ ਕੀ ਚਾਹੁੰਨੈ ਤੂੰ ?” ਮੇਰਾ ਪਾਰਾ ਹਾਈ ਲੈਵਲ ਵੱਲ ਜਾ ਰਿਹਾ ਸੀ ।

“ਚੱਲ ਬਾਈ ਬਣਕੇ ਗੁੱਸਾ ਨਾ ਕਰ, ਤੇਰੀ ਰਿਕਾਰਡ ਹੋ ਰਹੀ ਕੈਸਟ ਵੀ ਮੁੱਕਣ ਵਾਲੀ ਹੋਣੀ ਐ । ਬੱਸ ਇੱਕ ਆਖ਼ਰੀ ਗੱਲ ਆਪਣੇ ਭਾਰਤੀ ਮੀਡੀਆ ਨੂੰ ਕਹਿ ਦੇਈਂ ਬਾਈ ਬਣਕੇ ।” ਮੇਰਾ ਦਿਲ ਤਾਂ ਦੀ ਲੱਗਦੈ, ਸਾਰੀ ਭੜਾਸ ਨਿੱਕਲ ਗਈ ਸੀ, ਤਾਂ ਹੀ ਪਾਣੀ ਬਣਿਆ ਤੁਰਿਆ ਆਉਂਦਾ ਸੀ ।

“ਚੱਲ ਦੱਸ ।”

“ਕਹਿ ਦੇਈਂ ਬਾਈ ਜੀ, ਜੇ ਕਦੇ ਆਸਟ੍ਰੇਲੀਆ ‘ਚ ਕਦੇ ਕੋਈ ਊਚ-ਨੀਚ ਹੋ ਜਾਂਦੀ ਐ ਤਾਂ ਬਾਈ ਬਣਕੇ ਉਸ ਮਾਮਲੇ ਨੂੰ ਏਨੀ ਤੂਲ ਨਾ ਦਿਆ ਕਰੋ । ਲੁੱਟਾਂ-ਖੋਹਾਂ, ਮਾਰ-ਕੁੱਟ, ਕਤਲ ਆਦਿ ਆਸਟ੍ਰੇਲੀਆ ਨਾਲੋਂ ਬਾਹਲੇ ਆਪਣੇ ਮੁਲਕ ‘ਚ ਹੁੰਦੇ ਐ । ਜੇ ਕੋਈ ਪੰਜਾਬੀ ਭਰਾ ਕਿਸੇ ਨਸ਼ੇੜੀ ਦੇ ਧੱਕੇ ਚੜ੍ਹ ਜਾਂਦਾ ਹੈ ਜਾਂ ਕਿਸੇ ਨਾਲ਼ ਕੋਈ ਮਾੜਾ ਮੋਟਾ ਧੱਕਾ ਹੋ ਵੀ ਜਾਂਦਾ ਹੈ ਤਾਂ ਮਾਮਲੇ ਨੂੰ ਨਸਲਵਾਦ ਦਾ ਨਾਮ ਦੇ ਕੇ ਨਾ ਉਛਾਲੋ । ਸਾਡੇ ਘਰ ਦਿਆਂ ਦੇ ਸਾਹ ਥੋਡੇ ਚੈਨਲਾਂ ਦੀਆਂ ਖਬਰਾਂ ਦੇਖ-ਦੇਖ ਕੇ ਈ ਸੁੱਕੇ ਰਹਿੰਦੇ ਨੇ । ਰਿਸ਼ਤੇਦਾਰ ਅੱਡ ਟੈਲੀਵੀਜ਼ਨ ਦੇਖਕੇ ਘਰ ਦਿਆਂ ਨੂੰ ਫੋਨ ਕਰਦੇ ਨੇ ਕਿ ਭਾਈ ਨਿਆਣੇ ਠੀਕ-ਠਾਕ ਨੇ ? ਤੰਗੀਆਂ ਤਕਲੀਫ਼ਾਂ ਤਾਂ ਜਿੰਦਗੀ ਦਾ ਹਿੱਸਾ ਨੇ ਤੇ ਬਾਕੀ ਹਾਲ ਦੀ ਘੜੀ ਤਾਂ ਸਾਡੇ ‘ਤੇ ਰੱਬ ਦੀ ਬੜੀ ਮਿਹਰ ਹੈ । ਕਮੀਆਂ ਪੇਸ਼ੀਆਂ ਹਰ ਕਿਸੇ ‘ਚ ਹੁੰਦੀਆਂ ਨੇ, ਆਪਣੇ ਬੰਦਿਆਂ ‘ਚ ਵੀ ਨੇ, ਪਰ ਥੋਡੀਆਂ ਖ਼ਬਰਾਂ ਕਰਕੇ ਆਸਟ੍ਰੇਲੀਆਈ ਮੀਡੀਆ ਨੇ ਜੇ ਕਿਤੇ ਇਹਨਾਂ ਦੀਆਂ ਕਮੀਆਂ-ਪੇਸ਼ੀਆਂ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਇੱਥੇ ਪੜ੍ਹਨ ਆਏ ਜ਼ਰੂਰ ਹੀ ਪ੍ਰੇਸ਼ਾਨੀ ‘ਚ ਆ ਸਕਦੇ ਹਾਂ । ਥੋਡੀਆਂ ਖਬਰਾਂ ਦੇਖ/ਪੜ੍ਹ ਕੇ ਭਾਰਤ ‘ਚ ਵਿਹਲੀ ਜਨਤਾ ਮੁਜ਼ਾਹਰੇ ਕਰਦੀ ਹੈ, ਤੋੜ-ਭੰਨ ਤੇ ਸਾੜ-ਫੂਕ ਕਰਦੀ ਹੈ । ਲੋਕਾਂ ਦੀ ਉਤੇਜਨਾ ਨਾਲ਼ ਥੋਡੀ ਤਾਂ ਟੀ.ਆਰ.ਪੀ. ਪਤਾ ਨਹੀਂ ਵਧਦੀ ਹੈ ਕਿ ਨਹੀਂ ਪਰ ਸਾਡੇ ਮੁਲਕ ਦਾ ਨੁਕਸਾਨ ਜ਼ਰੂਰ ਹੁੰਦਾ ਹੈ । ਬੱਸ ! ਤੁਸੀਂ ਟੋਏ ‘ਚ ਡਿੱਗਿਆ ਕੋਈ ‘ਪ੍ਰਿੰਸ’ ਅਰਗਾ ਹੀ ਲੱਭੀ ਰੱਖਿਆ ਕਰੋ, ਨਾਲ਼ੇ ਤਾਂ ਅਗਲੇ ਦੀ ਜੂਨ ਸੁਧਰ ਜਾਊ ਤੇ ਨਾਲ਼ੇ ਥੋਡੇ ਚੈਨਲਾਂ ਨੂੰ ਚੌਵੀ ਘੰਟੇ ਲਈ ਖ਼ਬਰ ਮਿਲ ਜਾਊ । ਜਿਥੋਂ ਤੱਕ ਨਸਲਵਾਦ ਦਾ ਸੰਬੰਧ ਹੈ, ਆਪਣੇ ਮੰਜੇ ਥੱਲੇ ਸੋਟਾ ਫੇਰ ਕੇ ਦੇਖੋ, ਪਤਾ ਲੱਗ ਜਾਊ ਆਪਾਂ ਕਿੰਨੇ ਕੁ ਦੁੱਧ ਦੇ ਧੋਤੇ ਹਾਂ । ਦੋ ਮਹੀਨੇ ਪਹਿਲਾਂ ਸਾਰੀ ਦੁਨੀਆਂ ‘ਚ ਨਸਲਵਾਦ-ਨਸਲਵਾਦ ਦੇ ਢਿੰਡੋਰੇ ਪਿੱਟ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਤੇ ਬਦਨਾਮ ਕਰ ਦਿੱਤਾ । ਹੁਣ ਕਿਉਂ ਸ਼ਾਂਤੀ ਹੈ ? ਕਿੱਥੇ ਹੈ ਨਸਲਵਾਦ ? ਪਹਿਲਾਂ ਵੀ ਇੱਕਾ-ਦੁੱਕਾ ਘਟਨਾਵਾਂ ਹੁੰਦੀਆਂ ਸੀ, ਹੁਣ ਵੀ ਹੁੰਦੀਆਂ ਨੇ । ਪਰ ਬਾਈ ਜੀ ! ਵਾਰੇ-ਵਾਰੇ ਜਾਈਏ ਥੋਡੇ ਤੋਂ, ਖੰਡ ਤੋਂ ਖੰਡ ਦੇ ਖਿਡੌਣੇ ਬਨਾਉਣੇ ਤਾਂ ਕੋਈ ਥੋਡੇ ਤੋਂ ਸਿੱਖੇ ।”

ਮੇਰੇ ਦਿਲ ਨੇ ਅਜਿਹੀ ਗੱਲ ਕਰ ਦਿੱਤੀ, ਜਿਸ ਨਾਲ਼ ਮੈਂ ਸ਼ਤ-ਪ੍ਰਤੀਸ਼ਤ ਸਹਿਮਤ ਹਾਂ । ਪਿੱਛੇ ਜਿਹੇ ਮੈਂ ਪੰਜਾਬ ‘ਚ ਘਰੇ ਫੋਨ ਲਗਾ ਰਿਹਾ ਸਾਂ, ਕੁਦਰਤੀਂ ਗ਼ਲਤ ਨੰਬਰ ਲੱਗ ਗਿਆ । ਅੱਗੋਂ ਫਿਰੋਜ਼ਪੁਰ ਏਰੀਏ ਦਾ ਕੋਈ ਜਿੰਮੀਦਾਰ ਭਰਾ ਬੋਲਦਾ ਸੀ । ਆਸਟ੍ਰੇਲੀਆ ਬਾਰੇ ਪੁੱਛਣ ਲੱਗ ਪਿਆ, ਮੈਂ ਵੀ ਸੋਚਿਆ ਚਲੋ ਕੋਈ ਨਾ, ਦੋ ਚਾਰ ਮਿੰਟ ਗੱਲ ਕਰਨ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਕਿ ਅੰਤਰ-ਰਾਸ਼ਟਰੀ ਕਾਲ ਦਾ ਖ਼ਰਚ ਪੈ ਰਿਹਾ ਸੀ । ਕਾਫ਼ੀ ਗੱਲਾਂ ਕਰਕੇ ਉਸ ਬਾਈ ਨੇ ਆਖਿ਼ਰ ‘ਲਿੱਦ’ ਕਰ ਹੀ ਦਿੱਤੀ । ਪੁੱਛਦਾ... ‘ਬਾਈ ਜੀ ! ਥੋਡੇ ਨਾਲ਼ ਗੋਰੇ ਭਈਆਂ ਵਾਲਾ ਵਿਹਾਰ ਕਰਦੇ ਐ ਕਿ ਬਚੇ ਐ ?’ ਉਸਨੇ ਤਾਂ ਸ਼ਾਇਦ ਸੁਭਾਇਕੀ ਹੀ ਪੁੱਛਿਆ ਸੀ ਪਰ ਜੇ ਗੰਭੀਰਤਾ ਨਾਲ਼ ਸੋਚਿਆ ਜਾਵੇ ਤਾਂ ਇਸ ਨਿੱਕੀ ਜਿਹੀ ਗੱਲ ਤੋਂ ਪੰਜਾਬੀਆਂ ਦੇ ਅਚੇਤ ਮਨਾਂ ‘ਚ ਭਈਆਂ ਪ੍ਰਤੀ ਵਿਵਹਾਰ ਜਾਂ ਸੋਚ ਬਾਰੇ ਪਤਾ ਚਲਦਾ ਹੈ । ਕੀ ਇਹ ਗੱਲਾਂ ਨਸਲਵਾਦ ਦਾ ਹਿੱਸਾ ਨਹੀਂ ? ਇਹ ਵਿਸ਼ਾ ਗੰਭੀਰਤਾ ਨਾਲ਼ ਸੋਚਣ ਵਾਲਾ ਹੈ । ਇੱਥੇ ਆਸਟ੍ਰੇਲੀਆ ‘ਚ ਪੁਰਾਣੇ ਵਸਦੇ ਪੰਜਾਬੀਆਂ ‘ਚੋਂ ਕੁਝ ਕੁ ਵਿਦਿਆਰਥੀਆਂ ਨਾਲ਼ ਭੱਦਾ ਵਿਵਹਾਰ ਕਰਦੇ ਹਨ । “ਸਟੂਡੈਂਟ” ਸ਼ਬਦ ਇੰਝ ਪੁਕਾਰਦੇ ਹਨ, ਜਿਵੇਂ ਸਟੂਡੈਂਟ ਪੜ੍ਹੇ ਲਿਖੇ ਨੌਜਵਾਨ ਨਹੀਂ ਸਗੋਂ “ਅਛੂਤਾਂ ਦਾ ਤਬਕਾ” ਹੈ । ਜਾਪਦਾ ਹੈ ਕਿ ਉਹ ਲੋਕ ਸਾਡੇ ਇੱਥੇ ਆਉਣ ਤੇ ਖੁਸ਼ ਨਹੀਂ ਹਨ । ਕਾਰਨ ??? ਪਤਾ ਨਹੀਂ । ਕੁਝ ਦਿਨ ਹੋਏ ਗੁਰਦੁਆਰਾ ਸਾਹਿਬ ‘ਚ ਅਖੰਡ ਪਾਠ ਦਾ ਪ੍ਰਕਾਸ਼ ਹੋਇਆ ਸੀ । ਮੈਂ ਵੀ ਪੁਰਾਣੇ ਪੰਜਾਬੀਆਂ ‘ਚ ਜਾ ਬੈਠਾ, ਪਰ ਜਾਪਦਾ ਹੈ ਕਿ ਉਨ੍ਹਾਂ ‘ਚ ਬੈਠਣ ਦੀ ਗੁਸਤਾਖ਼ੀ, ਮੈਂ ਆਪਣੀ “ਔਕਾਤ ਤੋਂ ਬਾਹਰ ਜਾ ਕੇ” ਕੀਤੀ ਸੀ । ਇੱਕ ਬਾਈ ਜੀ ਨੇ ਗੱਲਾਂ ਹੀ ਗੱਲਾਂ ‘ਚ ਮੇਰੀ “ਰੇਲ” ਬਨਾਉਣੀ ਸ਼ੁਰੂ ਕਰ ਦਿੱਤੀ । ਪਹਿਲਾਂ ਤਾਂ ਮੈਂ ਉਸਦੀ ਗੱਲ ਨੂੰ ਮਜ਼ਾਕ ਸਮਝਿਆ ਪਰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਤਾਂ ਸਟੂਡੈਂਟ ਤਬਕੇ ‘ਚੋਂ ਹੋਣ ਕਰਕੇ ਮੇਰੇ ਨਾਲ਼ ਅਜਿਹਾ ਭੱਦਾ ਵਿਵਹਾਰ ਕਰ ਰਿਹਾ ਸੀ । ਅੱਗ ਤਾਂ ਬੜੀ ਚੜ੍ਹੀ ਪਰ ਆਪਣੇ ਆਪ ਤੇ ਕੰਟਰੌਲ ਰਖਣ ‘ਚ ਕਾਮਯਾਬ ਰਿਹਾ, ਇਹੀ ਸੋਚ ਕੇ ਕਿ “ਸਿਆਣੀ” ਉਮਰ ਦਾ ਹੈ, ਧੌਲਿਆਂ ਵਾਲਾ ਹੈ । ਮੰਨਿਆਂ ਕਿ ਅਸੀਂ ਸਟੂਡੈਂਟ ਵੀਜ਼ੇ ਤੇ ਆਏ ਹਾਂ ਪਰ ਨਾ ਤਾਂ ਅਸੀਂ ਜਹਾਜ਼ ਦੀ ਪੂਛ ਤੇ ਬੈਠ ਕੇ ਆਏ ਹਾਂ ਤੇ ਨਾ ਹੀ ਗ਼ੈਰ ਕਾਨੂੰਨੀ ਤੌਰ ‘ਤੇ । ਨਾ ਹੀ ਅਨਪੜ੍ਹ ਢੱਗੇ ਹਾਂ ਕਿ ਜਿਵੇਂ ਮਰਜ਼ੀ ਹੱਕੀ ਚੱਲੋ ।

ਖ਼ੈਰ ! ਇਸ ਸਮੇਂ ਤਾਂ ਮੈਂ ਆਪਣੇ ਦਿਲ ਦੀਆਂ ਸੁਨਣ ਲੱਗਾ ਹੋਇਆ ਸਾਂ ।

“ਯਾਰ ! ਤੂੰ ਤਾਂ ਵਾਕਿਆ ਹੀ ਸਹੀ ਗੱਲਾਂ ਕਰਨ ਲੱਗ ਪਿਐਂ । ਮੈਂ ਤੇਰੇ ਨਾਲ਼ ਸੌ ਪ੍ਰਤੀਸ਼ਤ ਸਹਿਮਤ ਹਾਂ ਤੇ ਲੇਖ਼ ਲਿਖਣ ਲਈ ਤਿਆਰ ਵੀ, ਪਰ ਜਿਹੜੀਆਂ ਗੱਲਾਂ ਤੂੰ ਸ਼ੁਰੂ ਕੀਤੀਆਂ ਸੀ, ਉਹ ਲਿਖਣ ਦੇ ਮੈਂ ਹੱਕ ‘ਚ ਨਹੀਂ, ਕਿਉਂ ਜੋ ਉਹ ਸਿਆਣਿਆਂ-ਬਿਆਣਿਆਂ ਦੇ ਕਰਨ ਦੀਆਂ ਗੱਲਾਂ ਹਨ, ਆਪਣੇ ਨਹੀਂ । ਇਸ ਲਈ ਬਾਈ ਜੀ ਤੇਰੀਆਂ ਗੱਲਾਂ ਰਿਕਾਰਡ ਕਰਨ ਲਈ ਮੈਂ ਰਿਕਾਰਡਰ ਤਾਂ ਜ਼ਰੂਰ ਚਲਾਇਆ ਪਰ ਮੁਆਫ਼ ਕਰੀਂ ਯਾਰਾ ! ਉਹਦੇ ‘ਚ ਸੈੱਲ ਤਾਂ ਹੈ ਹੀ ਨਹੀਂ । ਸੋ, ਤੇਰੀਆਂ ਗੱਲਾਂ ਰਿਕਾਰਡ ਨਹੀਂ ਹੋਈਆਂ ਤੇ ਜਦ ਮੇਰੇ ਕੋਲ਼ ਤੇਰੇ ਵਿਚਾਰ ਹੀ ਰਿਕਾਰਡ ਨਹੀਂ ਹੋਏ ਤਾਂ ਲੇਖ਼ ਲਿਖੂੰ ਕਿਵੇਂ ।” ਮੈਂ ਆਪਣੇ ਦਿਲ ਨੂੰ ਸ਼ਾਂਤ ਮੂਡ ‘ਚ ਦੇਖਕੇ ਸਚਾਈ ਬਿਆਨ ਕਰ ਦਿੱਤੀ ।

“ਜਾ ਉਏ ਸਹੁਰੀ ਦਿਆ ! ਮੈਨੂੰ ਬੇਵਕੂਫ਼ ਹੀ ਬਣਾਈ ਗਿਆ । ਮੇਰਾ ਸਾਰਾ ਜ਼ੋਰ ਲੱਗ ਗਿਆ ਤੇ ਤੂੰ ਰਿਕਾਰਡ ਹੀ ਕੁਝ ਨਹੀਂ ਕੀਤਾ । ਆਖ਼ਰ ਮਹਾਜਨਾਂ ਵਾਲਾ ਦਿਲ ਹੀ ਪਾਇਆ ਨਾ । ਥੋੜਾ ਦਲੇਰ ਬਣ । ਜੇ ਕੁਝ ਯਾਦ ਰਿਹਾ ਹੈ ਤਾਂ ਲਿਖ ਦੇਈਂ ਨਹੀਂ ਤਾਂ ਭਾਈ ਕੋਈ ਹੱਲ ਹੀ ਨਹੀਂ ।” ਮੈਂ ਖੁਸ਼ ਸੀ ਕਿ ਮੇਰੇ ਦਿਲ ਨੂੰ ਸਚਾਈ ਸੁਣਕੇ ਗੁੱਸਾ ਨਹੀਂ ਸੀ ਆਇਆ ਪਰ ਉਹ ਮੇਰੇ ‘ਤੇ “ਤਵਾ” ਤਾਂ ਲਾ ਹੀ ਗਿਆ ਸੀ ।

“ਚੱਲ ਬਾਈ ! ਇਸੇ ਨੂੰ ਮੇਰੀ ਕਮਜ਼ੋਰੀ ਸਮਝ ਜਾਂ ਜੋ ਮਰਜ਼ੀ, ਮੈਂ ਤਾਂ ਬਈ ਸਿਆਣੇ ਬੰਦਿਆਂ ਦੀਆਂ ਕਰਨ ਵਾਲੀਆਂ ਗੱਲਾਂ ਤੋਂ ਖ਼ੁਦ ਨੂੰ ਦੂਰ ਰੱਖਣਾ ਹੀ ਬਿਹਤਰ ਸਮਝਦਾ ਹਾਂ । ਜਿ਼ੰਦਗੀ ‘ਚ ਕਦੇ ਜੇ ਮੇਰੀ ਹਿੰਮਤ ਨੇ ਸਾਥ ਦਿੱਤਾ ਤਾਂ ਕੌਮ ਦੇ ਆਗੂਆਂ ਸਾਹਮਣੇ ਤੇਰੀ ਸੋਚ ਨੂੰ ਰੱਖ ਦਿਆਂਗਾ, ਬਾਕੀ ਉਹ ਜੋ ਕਰਨਗੇ, ਸ਼ਾਇਦ ਸਹੀ ਹੀ ਕਰਨਗੇ ।” ਮੈਂ ਅਸਲ ਹਾਲਤ ਨੂੰ ਆਪਣੇ ਦਿਲ ਦੇ ਸਾਹਮਣੇ ਰੱਖਦਿਆਂ ਕਿਹਾ ।

“ਦਿਲ ਬਾਈ ! ਤੂੰ ਏਨੀਆਂ ਗੱਲਾਂ ਕੀਤੀਆਂ, ਆਪਣੇ ਅੰਦਰ ਦਾ ਇੱਕ ਦੁੱਖ ਮੈਂ ਵੀ ਤੇਰੇ ਨਾਲ਼ ਫਿਰੋਲ ਲਵਾਂ ?” ਮੈਂ ਪੁੱਛਿਆ ।

“ਹਾਂ... ਹਾਂ... ਦੱਸ ਕੀ ਕਹਿਣਾ ਚਾਹੁੰਦਾ ਏਂ ।”

“ਮੇਰੇ ਮਨ ‘ਚ ਤਾਂ ਯਾਰ, ‘84 ਵਾਲਾ ਕਿੱਲ ਹੀ ਠੁੱਕਿਆ ਪਿਆ ਹੈ । ਜੋ ਹੋ ਗਿਆ, ਉਸਦਾ ਇਲਾਜ ਤਾਂ ਕਿਸੇ ਕੋਲ ਵੀ ਨਹੀਂ ਪਰ ਜੇਕਰ ਪੀੜਿਤਾਂ ਨੂੰ ਸਿਰਫ਼ ਇਨਸਾਫ਼ ਹੀ ਮਿਲ ਜਾਂਦਾ, ਤਾਂ ਵੀ ਜ਼ਖ਼ਮਾਂ ਤੇ ਮਾੜੀ-ਮੋਟੀ ਮਰਹਮ ਤਾਂ ਰੱਖੀ ਜਾਂਦੀ । ਸਾਡੇ ਪ੍ਰਧਾਨ ਮੰਤਰੀ ਸਿੱਖ ਹੋਣ ਦੇ ਬਾਵਜੂਦ ਅੱਜ ਤੱਕ ਕੁਝ ਨਾ ਹੋ ਪਾਇਆ । ਤੇ ਹੁਣ ਤਾਂ ਉਮੀਦ ਵੀ ਮਨਫ਼ੀ ਹੁੰਦੀ ਜਾਂਦੀ ਹੈ । ਕੇਵਲ ਹੀ ਅਰਦਾਸ ਕਰ ਸਕਦਾ ਹਾਂ ਕਿ ਹੇ ਸੱਚੇ ਪਾਤਸ਼ਾਹ ! ਮੇਰੇ ਦੇਸ਼ ਦੇ ਆਗੂਆਂ ਨੂੰ ਬੁੱਧੀ ਬਖ਼ਸ਼ ਤਾਂ ਜੋ ਉਹ ਕੁਰਸੀ ਦੇ ਮੋਹ ਤੋਂ ਅੱਗੇ ਵਧ ਕੇ ਜਨਤਾ ਦੇ ਦੁੱਖ-ਦਰਦ ਨੂੰ ਮਹਿਸੂਸ ਕਰ ਸਕਣ ।”

“ਹਾਂ ! ਮੈਂ ਵੀ ਤੇਰੇ ਨਾਲ਼ ਇਸ ਅਰਦਾਸ ਵਿੱਚ ਸ਼ਾਮਲ ਹਾਂ । ਸੱਚੀ ਸਰਕਾਰ ਪੀੜਿਤਾਂ ਨੂੰ ਵੀ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੇ ਇੱਕ ਬੇਨਤੀ ਹੋਰ ਹੈ, ਹੇ ਸੱਚੇ ਪਾਤਸ਼ਾਹ ! ਭਾਰਤ ਦੀ ਧਰਤੀ ਤੇ ਖੁੰਭਾਂ ਵਾਂਗੂੰ ਉੱਗੇ ਬਾਬਿਆਂ ਨੂੰ ਵੀ ਸੁਮੱਤ ਬਖ਼ਸ਼ ਤਾਂ ਜੋ ਇਹ ਵੀ ਵਿਹਲੀਆਂ ਖਾਣ ਦੀ ਬਜਾਏ ਕਿਰਤ ਕਮਾਈ ਕਰਕੇ ਰੋਟੀ ਖਾਣ ‘ਚ ਯਕੀਨ ਕਰਨ ।”

“.....” ਮੇਰਾ ਦਿਲ ਗੱਲ ਖ਼ਤਮ ਕਰਦਿਆਂ ਮੁੜ ਬਾਬਿਆਂ ਤੇ ਆ ਗਿਆ, ਸੋ ਮੈਂ ਚੁੱਪ ਰਹਿਣਾ ਮੁਨਾਸਿਬ ਸਮਝਿਆ ।

“ਚੰਗਾ ਯਾਰ ! ਮੇਰਾ ਵੀ ਵਾਹਵਾ ਜ਼ੋਰ ਲੱਗ ਗਿਆ, ਤੇ ਤੂੰ ਵੀ ਕਾਫ਼ੀ ਪ੍ਰੇਸ਼ਾਨ ਹੋ ਗਿਆ ਹੋਏਂਗਾ, ਮੇਰੀਆਂ ਗੱਲਾਂ ਤੋਂ । ਬੋਝ ਲਾਹ ਤੇ ਭੋਰਾ ਆਰਾਮ ਕਰ ਲੈ । ਪਰ ਇੱਕ ਗੱਲ ਤਾਂ ਮੰਨ ਲੈ ਕਿ ਮੇਰੀਆਂ ਗੱਲਾਂ ਹੈਗੀਆਂ ਸੀ, ਸਾਰੀਆਂ ਖ਼ਰੀਆਂ ।” ਆਖਿ਼ਰ ਮੇਰੇ ਦਿਲ ਨੂੰ ਮੇਰੇ ਤੇ ਰਹਿਮ ਆ ਹੀ ਗਿਆ ਸੀ ।

“ਚੱਲ ਛੱਡ ਯਾਰ ! ਫੇਰ ਕਦੇ ਗੱਲ ਕਰਾਂਗੇ ।” ਮੇਰੇ ਦਿਲ ਦੀਆਂ ਗੱਲਾਂ ਪਤਾ ਨਹੀਂ ਸਹੀ ਸਨ ਕਿ ਨਹੀਂ, ਪਰ ਮੈਂ ਆਪਣੀ ਜਾਨ ਬਚਾ ਲਈ ਸੀ, ਆਪਣੇ ਦਿਲ ਨੂੰ ਬੇਵਕੂਫ਼ ਬਣਾ ਕੇ, ਤੇ ਪ੍ਰੇਸ਼ਾਨੀ ਤੋਂ ਮੁਕਤ ਵੀ ਹੋ ਗਿਆ ਸਾਂ ਕਿ ਹੁਣ ਲੇਖ਼ ਨਹੀਂ ਲਿਖਣਾ ਪਵੇਗਾ ।

***

ਸਿ਼ਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ..../ ਪੁਸਤਕ ਰਿਲੀਜ਼ / ਮਨਦੀਪ ਖੁਰਮੀ


ਪ੍ਰਕਾਸ਼ਕ- ਲਾਹੌਰ ਬੁੱਕ ਸ਼ਾਪ ਲੁਧਿਆਣਾ
ਪੰਨੇ- 304
ਮੁੱਲ- 200 ਰੁਪਏ (ਸਜਿਲਦ)

ਕਿਸੇ ਨਵੇਂ ਜੰਮੇ ਬਾਲ ਦਾ ਨਾਮਕਰਨ ਕਰਨਾ ਜਾਂ ਪਾਲਣ ਪੋਸ਼ਣ ਕਰਨਾ ਅਜੇ ਆਸਾਨ ਹੁੰਦੈ ਪਰ ਉਸ ਬੱਚੇ ਨੂੰ ਜੱਗ ਦਿਖਾਉਣ ਵਾਲੀ ਮਾਂ ਹੀ ਜਾਣਦੀ ਹੁੰਦੀ ਹੈ ਕਿ ਉਸਨੇ ਕਿਹੜੀਆਂ ਕਿਹੜੀਆਂ ਪੀੜ੍ਹਾਂ ਜਰੀਆਂ ਹੁੰਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਹੀ ਕਿਸੇ ਰਚਨਾ ਨੂੰ ਪਾਠਕ ਬੇਸ਼ੱਕ ਪਹਿਲੀ ਨਜ਼ਰੇ ਹੀ ਨੱਕ- ਬੁੱਲ੍ਹ ਮਾਰ ਕੇ ਪਾਸੇ ਕਰ ਦੇਣ ਪਰ ਉਸ ਰਚਨਾਕਾਰ ਨੂੰ ਹੀ ਪਤਾ ਹੁੰਦੈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਰਚਨਾ ਵਿਚਲੇ ਹਰ ਪਾਤਰ ਦੀ ਥਾਂ ਜੀਵਿਆ ਹੁੰਦਾ ਹੈ। ਕਿਹੜੇ ਹਾਲਾਤ ਆਪਣੇ ਮਨ ਉੱਪਰ ਹੰਢਾਏ ਹੁੰਦੇ ਹਨ। ਹਾਲਾਤਾਂ ਦੀ ਘੁਲਾੜ੍ਹੀ ਥਾਂਈਂ ਆਪਣਾ ਆਪ ਲੰਘਾ ਕੇ ਜੋ ‘ਰਸ’ ਨਿਕਲਦੈ, ਉਹ ਹੀ ਉਸ ਲੇਖਕ ਦੀ ਕਲਾ ਦਾ ਅਸਲ ਨਿਚੋੜ ਹੁੰਦੈ। ਲੇਖਕ ਇੱਕ ‘ਮਰਜੀਵੜਾ’ ਹੁੰਦੈ ਜੋ ਪਲ ਪਲ ਮਰ- ਮਰ ਜਿਉਂਦਾ ਹੈ.... ਜਿਉਂਦਾ ਵੀ ਹੈ ਫਿਰ ਮਰਨ ਲਈ।
ਕਹਿਣ ਨੂੰ ਤਾਂ ਕਲਮ ਨਾਲ ਮੇਰੇ ਵਰਗਾ ਕੱਚ ਘਰੜ ਵੀ ਅੱਖਰ ਝਰੀਟ ਸਕਦੈ ਪਰ ਕਲਮ ਦੀ ਖੇਤੀ ਕਰਨ ਲੱਗਿਆਂ ਬੇਬਾਕੀ, ਸੱਚ ਅਤੇ ਦਲੇਰੀ ਵੀ ਲੇਖਕ ਦੇ ਜਿਹਨ ਦਾ ਹਿੱਸਾ ਹੋਣੀ ਮੰਨੀ ਜਾਂਦੀ ਹੈ ਤਾਂ ਹੀ ਰਚਨਾ ਚਿਰ ਸਦੀਵੀ ਲੋਕ ਮਨਾਂ ‘ਤੇ ਰਾਜ ਕਰ ਸਕਦੀ ਹੈ। ਅਜੋਕੀ ਨਾਵਲਕਾਰੀ ‘ਤੇ ਪੰਛੀ ਝਾਤ ਮਾਰੀਏ ਤਾਂ ਸਿ਼ਵਚਰਨ ਜੱਗੀ ਕੁੱਸਾ ਰੋਹੀਆਂ ‘ਚ ਖੜ੍ਹੇ ਜੰਡ ਦੇ ਰੁੱਖ ਵਾਂਗ ‘ਕੱਲਾ ਹੀ ਨਜ਼ਰੀਂ ਪੈਂਦਾ ਹੈ ਜਿਸਨੇ ਸਮਾਜ ਦੀਆਂ ਹਨੇਰੀਆਂ ਕੁੰਦਰਾਂ ‘ਚ ਪਏ ਵਿਸਿ਼ਆਂ ਨੂੰ ਆਪਣੇ ਨਾਵਲਾਂ ਦਾ ਆਧਾਰ ਬਣਾਇਆ ਹੈ। ਬੇਸ਼ੱਕ ਉਹ ‘ਤਰਕਸ਼ ਟੰਗਿਆ ਜੰਡ’ ਨਾਵਲ ਵਿੱਚ ਪੰਜਾਬ ਦੀ ਨੌਜਵਾਨੀ ਦਾ ਬੇਰੁਜ਼ਗਾਰੀ ਹੱਥੋਂ ਤੰਗ ਆ ਕੇ ਵਿਦੇਸ਼ਾਂ ਨੂੰ ਕੂਚ ਕਰਦਿਆਂ ਗਲਤ ਏਜੰਟਾਂ ਹੱਥੇ ਚੜ੍ਹਨ ਦੀ ਗੱਲ ਹੋਵੇ ਜਾਂ ਫਿਰ ‘ਪੁਰਜਾ ਪੁਰਜਾ ਕਟਿ ਮਰੈ’ ਨਾਵਲ ਵਿੱਚ ਪੰਜਾਬ ਅੰਦਰ ਵਗੀ ਅੱਤਵਾਦ ਦੀ ਹਨੇਰੀ ਵੇਲੇ ਮੌਤ ਦੀ ਗੋਦੀ ਚੜ੍ਹੇ ਮਾਵਾਂ ਦੇ ਪੁੱਤਾਂ ਦੀ ਕਹਾਣੀ ਹੋਵੇ। ਸਿ਼ਵਚਰਨ ਜੱਗੀ ਕੁੱਸਾ ਕੋਲ ਇੱਕ ਜਾਦੂ ਹੀ ਕਹਿ ਲਵੋ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸ਼ਬਦ ਜੱਗੀ ਦੀ ਕਲਮ ਦੀ ਨੋਕ ਦੇ ਅੱਗੇ ਅੱਗੇ ਅਠਖੇਲੀਆਂ ਕਰਦੇ ਆਪਣੇ ਆਪ ਉੱਕਰੇ ਜਾਂਦੇ ਹਨ। ਛੇਵੀਂ ਜਮਾਤ ਤੋਂ ਦਸਵੀਂ ਤੱਕ ਪ੍ਰਾਪਤ ਕੀਤੀ ਗੁਰਬਾਣੀ ਦੀ ਸੰਥਿਆ ਦਾ ਪ੍ਰਭਾਵ ਵੀ ਜੱਗੀ ਦੇ ਨਾਵਲਾਂ ‘ਚੋਂ ਗੁਰਬਾਣੀ ਦੇ ਹਵਾਲਿਆਂ ਦੇ ਰੂਪ ਵਿੱਚ ਮਿਲਣਾ ਇਹੀ ਦਰਸਾਉਂਦਾ ਹੈ ਕਿ ਜੱਗੀ ਅੱਖਾਂ ਮੀਚ ਕੇ ਹੀ ਨਾਵਲ ਸਿਰਜਣਾ ਨਹੀਂ ਕਰਦਾ ਸਗੋਂ ਆਪਣੇ ਅਧਿਐਨ ਦਾ ਸਾਰਾ ਨਿਚੋੜ ਵੀ ਨਾਵਲ ਦੀ ਗੋਂਦ ਵਿੱਚ ਪਾ ਦਿੰਦਾ ਹੈ ਜਿਸ ਦੇ ਸਿੱਟੇ ਵਜੋਂ ਹੀ ਉਸਦਾ ਹਰ ਨਾਵਲ ਇੱਕ ਫਿਲਮ ਵਾਂਗ ਰੌਚਕਤਾ ਹਾਸਲ ਕਰ ਜਾਂਦਾ ਹੈ, ਵਿਅੰਗ ਹਾਸੇ ਬਿਖੇਰਦਾ ਹੈ ਅਤੇ ਪਾਠਕ ਵੀ ਆਪਣੇ ਆਪ ਨੂੰ ਨਾਵਲ ਦੇ ਹਰ ਪਾਤਰ ਦੀ ਥਾਂ ਵਿਚਰਦਾ ਮਹਿਸੂਸ ਕਰਦਾ ਹੈ। ਪ੍ਰਮਾਤਮਾ ਵਿੱਚ ਅਥਾਹ ਵਿਸ਼ਵਾਸ਼ ਰੱਖਣ ਵਾਲੇ ਜੱਗੀ ਕੁੱਸਾ ਦਾ ਤਕੀਆ ਕਲਾਮ ਹੀ ‘ਗੁਰੂ ਕਿਰਪਾ’ ਹੈ। ਉਸਦੇ ਆਪਣੇ ਸ਼ਬਦਾਂ ਵਿੱਚ ਹੀ ਕਿ “ਗੁਰੂ ਕਿਰਪਾ ਹੀ ਹੈ, ਇਸ ਨੂੰ ਹੋਰ ਕੀ ਕਹਾਂ? ਕਿਉਂਕਿ ਉਹ ‘ਜੱਗਾ’ ਜਿਸਨੂੰ ਦਸਵੀਂ ਜਮਾਤ ਵਿੱਚ ਵੀ ਜ਼ੁਰਮਾਨਾ ਮੁਆਫ ਕਰਵਾਉਣ ਦੀ ਅਰਜ਼ੀ ਲਿਖਣੀ ਐਵਰੈਸਟ ਚੋਟੀ ਸਰ ਕਰਨ ਵਾਂਗ ਲਗਦੀ ਸੀ, ਉਸਤੋਂ ਦੋ ਦਰਜਨ ਦੇ ਲਗਭਗ ਕਿਤਾਬਾਂ ਲਿਖਵਾ ਕੇ ਸਿ਼ਵਚਰਨ ਜੱਗੀ ਕੁੱਸਾ ਬਣਾ ਦਿੱਤੈ।”
ਹਥਲੇ ਨਾਵਲ ‘ਸੱਜਰੀ ਪੈੜ ਦਾ ਰੇਤਾ’ ਅਤੇ ਬੀਤੇ ਸਮੇਂ ‘ਚ ਪਾਠਕਾਂ ਦੀ ਸਵੱਲੀ ਨਜ਼ਰ ਦੇ ਰੂਬਰੂ ਹੋ ਚੁੱਕੇ ਨਾਵਲਾਂ ਦੇ ਸੰਦਰਭ ਵਿੱਚ ਇੱਕ ਗੱਲ ਜਰੂਰ ਸਾਹਮਣੇ ਆਉਂਦੀ ਹੈ ਕਿ ਜੱਗੀ ਨੇ ਆਪਣੇ ਨਾਵਲਾਂ ਨੂੰ ਗੱਡੇ ਜਿੰਨਾ ਭਾਰਾ ਬਣਾ ਕੇ ਪਾਠਕਾਂ ਦੇ ਦਿਮਾਗਾਂ ‘ਤੇ ਲੱਦਿਆ ਨਹੀਂ ਸਗੋਂ ਲੋੜ ਪੈਣ ‘ਤੇ ਵਿਅੰਗ ਭਰਪੂਰ ਸ਼ੈਲੀ ਦੀ ਵਰਤੋਂ ਕਰਕੇ ਪਾਠਕਾਂ ਨੂੰ ਹਾਸਿਆਂ ਦਾ ‘ਟਾਨਿਕ’ ਵੀ ਬੁੱਕ ਭਰ ਭਰ ਦਿੱਤਾ ਹੈ। ‘ਸੱਜਰੀ ਪੈੜ ਦਾ ਰੇਤਾ’ ਨਾਵਲ ਇੱਕ ਪੇਂਡੂ ਮਾਹੌਲ ‘ਚ ਜੰਮੀ ਜਾਈ ਪਰ ਇੰਗਲੈਂਡ ਦੀ ਧਰਤੀ ‘ਤੇ ਵਿਚਰਦੀ ਉਸ ਸਿੱਖ ਪੰਜਾਬਣ ਲੜਕੀ ਦੇ ਜੀਵਨ ਦਾ ਦੁਖਾਂਤ ਪੇਸ਼ ਕਰਦਾ ਹੈ ਜੋ ਆਪਣੇ ਜੰਮਣਦਾਤਿਆਂ ਦਾ ਮੋਹ ਤੋੜ ਕੇ ਇੱਕ ‘ਅਣਜਾਣ’ ਮੁਸਲਿਮ ਲੜਕੇ ਦੇ ਪ੍ਰੇਮ ‘ਚ ਪਾਗਲ ਹੋ ਜਾਂਦੀ ਹੈ। ਉਸ ਲੜਕੇ ਦੇ ਮਾਪਿਆਂ ਦੀ ਹੱਲਾਸ਼ੇਰੀ ‘ਤੇ ਹੀ ਉਸ ਨਾਲ ‘ਵਿਆਹ’ ਕਰਵਾਉਣ ਪਾਕਿਸਤਾਨ ਚਲੀ ਜਾਂਦੀ ਹੈ। ਉੱਥੇ ਜਾ ਕੇ ਆਪਣੇ ਪ੍ਰੇਮੀ ਦੀ ਬੇਵਫਾਈ ਦਾ ਖਮਿਆਜ਼ਾ ਭੁਗਤਦੀ ਉਕਤ ਲੜਕੀ ਦਾ ‘ਕੋਠੇ’ ਦੇ ਨਰਕ ਵਰਗੇ ਜੀਵਨ ਦਾ ਜੋ ਰੂਪ ਜੱਗੀ ਨੇ ਚਿਤਰਿਆ ਹੈ..... ਕਾਬਲੇ-ਤਾਰੀਫ ਹੈ। ਇਹ ਸਤਰਾਂ ਲਿਖਦਿਆਂ ਇਹ ਕਹਿਣਾ ਜਰੂਰੀ ਹੋਵੇਗਾ ਕਿ ਜੱਗੀ ਦਾ ਇਹ ਵਿਸ਼ਾ ਕਲਪਨਾ ਉਡਾਰੀ ਨਹੀਂ ਕਿਉਂਕਿ ਇਸ ਤਰ੍ਹਾਂ ਦੀ ਹੀ ‘ਕੁਹਾੜੀ ਉੱਪਰ ਪੈਰ ਮਾਰਨ’ ਵਰਗੀ ਸੱਚੀ ਘਟਨਾ ਵੀ ਸੁਣ ਚੁੱਕਾ ਹਾਂ ਕਿ ਕਿਵੇਂ ਇੱਕ ਪੰਜਾਬਣ ਮਾਪਿਆਂ ਦਾ ਪਿਆਰ ਭੁਲਾ ਕੇ ਇੱਕ ਬੇਗਾਨੇ ਦੇ ‘ਪਿਆਰ’ ‘ਚ ਉਲਝ ਕੇ ਅੱਜ ਕੱਲ੍ਹ ਅਰਬ ਮੁਲਕ ‘ਚ ਸ਼ੇਖਾਂ ਨੂੰ ‘ਖੁਸ਼’ ਕਰਨ ਵਾਲੇ ਕਿੱਤੇ ‘ਚ ਫਸੀ ਹੋਈ ਆਪਣੀ ਨਾ-ਬਖਸ਼ਣਯੋਗ ਗਲਤੀ ‘ਤੇ ਪਛਤਾਵਾ ਕਰਦੀ ਨਰਕ ਵਰਗੀ ਜਿ਼ੰਦਗੀ ਜੀਅ ਰਹੀ ਹੈ। ਇਸਦੇ ਨਾਲ ਨਾਲ ਹੀ ਜੱਗੀ ਧਰਮਾਂ ਦੇ ਨਾਂ ‘ਤੇ ਫੈਲੀ ਨਫਰਤ ਦੀ ਆੜ ‘ਚ ਜਿ਼ੰਦਗੀਆਂ ਨੂੰ ਸ਼ਮਸ਼ਾਨਘਾਟਾਂ ਦਾ ਮੁਹਤਾਜ ਕਰਨ ਵਰਗੀਆਂ ਕੋਝੀਆਂ ਹਰਕਤਾਂ ਦੀ ਹੂਬਹੂ ਤਸਵੀਰ ਪੇਸ਼ ਕਰਨ ‘ਚ ਬੇਹੱਦ ਸਫਲ ਰਿਹਾ ਹੈ। ‘ਸੱਜਰੀ ਪੈੜ ਦਾ ਰੇਤਾ’ ਵਿੱਚ ਰਾਹ ਤੋਂ ਭਟਕੀ ਪੰਜਾਬਣ ਕੁੜੀ ਦੇ ਜੀਵਨ ਦੀ ਕਿਸ਼ਤੀ ਕਿਵੇਂ ਕਿਨਾਰੇ ਲਗਦੀ ਹੈ? ਤੇ ਉਹ ਆਪਣੀ ਬੱਜਰ ਗਲਤੀ ਦਾ ਖਮਿਆਜਾ ਭੁਗਤ ਕੇ ਆਪਣੇ ‘ਨਿਰਸੁਆਰਥ ਪਿਆਰ’ ਕਰਨ ਵਾਲੇ ਮਾਪਿਆਂ ਕੋਲ ਕਿਹੜੇ ਹਾਲਾਤਾਂ ‘ਚ ਵਾਪਸ ਪੁੱਜਦੀ ਹੈ? ਇਹਨਾਂ ਸਵਾਲਾਂ ਦਾ ਜੁਆਬ ‘ਸੱਜਰੀ ਪੈੜ ਦਾ ਰੇਤਾ’ ਨਾਵਲ ਪੜ੍ਹਿਆਂ ਹੀ ਮਿਲ ਸਕਦਾ ਹੈ। ਇੱਕ ਸਫਲ ਨਾਵਲ ਲਈ ਪਾਤਰ ਚਿਤਰਣ ਵੀ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਸ਼ਬਦਾਂ ਰਾਹੀਂ ਸਿਰਜੇ ਪਾਤਰਾਂ ਦੇ ਸੁਭਾਅ, ਉਹਨਾਂ ਦੇ ਚਿਹਰੇ-ਮੁਹਰੇ ਜਦ ਉਹਨਾਂ ਦੇ ਵਾਰਤਾਲਾਪ ਨਾਲ ਮੇਲ ਖਾਂਦੇ ਜਾਪਣ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਨਾਵਲ ਇੱਕ ਫਿਲਮ ਵਾਂਗ ਪਾਠਕ ਅੱਗੇ ਘਟਨਾਵਾਂ, ਪਾਤਰਾਂ ਆਦਿ ਨੂੰ ਰੂਪਮਾਨ ਕਰਨ ਵਿੱਚ ਸੌ ਬਟਾ ਸੌ ਨੰਬਰ ਲੈ ਗਿਆ ਹੈ। ਪੰਜਾਬੀ ਨਾਵਲਕਾਰੀ ਵਿੱਚ ਧਰੂ ਤਾਰੇ ਵਾਂਗ ਚਮਕਾਂ ਮਾਰ ਰਹੇ ਜੱਗੀ ਨੂੰ ਉਸਦੀ ਇਸ ‘ਸੱਜਰੀ ਪੈੜ’ ਲਈ ਮੁਬਾਰਕਾਂ...... ਉਮੀਦ ਹੈ ਕਿ ਇਸ ਪੈੜ ਦਾ ‘ਰੇਤਾ’ ਸਾਂਭਣਯੋਗ ਜਰੂਰ ਬਣੇਗਾ।

ਨੋਟ:- ਜੱਗੀ ਕੁੱਸਾ ਦਾ ਇਹ ਨਾਵਲ ਮੰਗਵਾਉਣ ਲਈ ਗੀਤਕਾਰ ਗੋਲੂ ਕਾਲੇਕੇ ਨਾਲ 0091 98553 89922 'ਤੇ ਸੰਪਰਕ ਕੀਤਾ ਜਾ ਸਕਦਾ ਹੈ।