ਹਰ ਸਾਲ ਨਵੰਬਰ ਮਹੀਨਾ ਸ਼ੁਰੂ ਹੰਦੇ ਸਾਰ ਹੀ ਸਿੱਖ ਮਨਾਂ ਅੰਦਰ ਅਤੀਤ ਦੇ ਕਾਲੇ ਦਿਨਾਂ ਨੂੰ ਯਾਦ ਕਰਕੇ ਗੁੱਸੇ ਦੀ ਲਹਿਰ ਦੌੜ ਜਾਂਦੀ ਹੈ।ਗੁੱਸਾ ਹੋਵੇ ਵੀ ਕਿਉ ਨਾ ? 26 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਲੋਕਾਂ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਜਿਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਦੇ ਭਿਆਨਕ ਦੰਗਿਆਂ ਦਾ ਦਰਦ ਹੰਢਾਇਆ ਹੈ।ਇਸ ਨੂੰ ਦੰਗੇ ਕਹਿਣਾ ਵੀ ਸ਼ਾਇਦ ਗਲਤ ਹੋਵੇਗਾ । ਕਿਉਂਕਿ ਦੰਗੇ ਤਾਂ ਦੋਹਾਂ ਧਿਰਾਂ ਵਿਚਕਾਰ ਹੋਇਆ ਕਰਦੇ ਨੇ, ਇੱਥੇ ਤਾਂ ਕਹਿਰ ਕਰਨ ਵਾਲੀ ਇੱਕ ਹੀ ਧਿਰ ਸੀ । ਮੁਕਾਬਲਾ ਤਾਂ ਪੀੜ੍ਹਤ ਧਿਰ ਨੇ ਕੀਤਾ ਹੀ ਨਹੀਂ। ਕਾਤਲ ਅਜੇ ਵੀ ਬੇਲਗਾਮ ਘੁੰਮ ਰਹੇ ਨੇ, ਤੇ ਪੀੜ੍ਹਤ ਅਜੇ ਵੀ ਦਰ ਦਰ ਧੱਕੇ ਖਾਣ ਲਈ ਮਜਬੂਰ ਹਨ। ਭਵਿੱਖ ਵਿੱਚ ਵੀ ਕਿਸੇ ਇਨਸਾਫ ਪ੍ਰਾਪਤੀ ਦੀ ਮੰਜਿਲ ਅਜੇ ਬਹੁਤ ਦੂਰ ਜਾਪਦੀ ਹੈ। ਦੀਵਾਲੀ ਆਈ ਤੇ ਚਲੀ ਗਈ, ਪਰ ਜਿਨ੍ਹਾਂ ਦੀ ਜਿੰਦਗੀ ਵਿੱਚ ਹਨੇਰਾ ਸੀ, ਉਹ ਅਜੇ ਵੀ ਕਾਇਮ ਹੈ ਤੇ ਕਾਤਲ ਤੇ ਮੱਕਾਰ ਸਿਆਸਤਦਾਨ ਰੌਸ਼ਨੀਆਂ ਦੀ ਚਕਾਚੌਂਧ ‘ਚੋਂ ਅਜੇ ਤੱਕ ਵੀ ਬਾਹਰ ਨਹੀ ਨਿਕਲ ਸਕੇ।
ਇਹ ਠੀਕ ਹੈ ਕਿ ਅਤੀਤ ਦੇ ਕਾਲੇ ਹਨੇਰਿਆ ਨੂੰ ਫਰੋਲਣ ਤੇ ਭਾਵੇ ਅਜੇ ਤੱਕ ਪੀੜ੍ਹਤਾਂ ਨੂੰ ਕੁਝ ਵੀ ਹੱਥ ਨਹੀਂ ਲੱਗਿਆ । ਖਾਸ ਕਰਕੇ ਉਦੋਂ ਜਦੋ ਹਜਾਰਾਂ ਹੀ ਬੇਗੁਨਾਹਿਆਂ ਦੀ ਚੀਕਾਂ ਸਮੇਂ ਦੇ ਹਾਕਮਾਂ ਵੱਲੋ ਜ਼ੋਰ ਨਾਲ ਦਬਾ ਦਿੱਤੀਆਂ ਗਈਆਂ ਹੋਣ। ਅਜਿਹਾ ਹੀ ਕੁਝ 1984 ਵਿੱਚ ਵਾਪਰਿਆ। ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬੇਦੋਸ਼ੇ ਸਿੱਖਾਂ ਨੂੰ ਬੇਘਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 26 ਸਾਲ ਬੀਤ ਜਾਣ ਦੇ ਬਾਵਜੂਦ ਵੀ ਖਾਮੋਸ਼ ਤੇ ਲਾਚਾਰ ਅੱਖਾਂ ਅਜੇ ਤੱਕ ਇਨਸਾਫ ਪ੍ਰਾਪਤੀ ਦੀ ਰਾਹ ਤਲਾਸ਼ ਰਹੀਆਂ ਹਨ । ਉਨਾਂ ਵਿੱਚੋ ਅੱਥਰੂਆਂ ਦਾ ਵਗਣਾ ਨਿਰੰਤਰ ਜਾਰੀ ਹੈ ਤੇ ਕਈਆਂ ਦੇ ਅੱਥਰੂ ਪੂੰਝਣ ਵਾਲਾ ਵੀ ਸ਼ਾਇਦ ਕੋਈ ਨਹੀਂ ਬਚਿਆ । …ਤੇ ਕਈ ਇਨਸਾਫ ਨੂੰ ਉਡੀਕਦੇ ਇਸ ਫਾਨੀ ਸੰਸਾਰ ਨੂੰ ਹੀ ਅਲਵਿਦਾ ਆਖ ਗਏ। ਉਸ ਸਮੇਂ ਪੈਦਾ ਹੋਏ ਬੱਚੇ ਵੱਡੇ ਹੋ ਗਏ ਹਨ, ਪਰ ਹਾਕਮਾਂ ਦਾ ਇਨਸਾਫ ਦੇਣ ਤੋਂ ਟਾਲਾ ਵੱਟੀ ਰੱਖਣ ਦਾ ਤਰੀਕਾ ਅੱਜ ਵੀ ਉਹੀ ਹੈ, ਜੋ 1984 ਵੇਲੇ ਸੀ।
