ਭਾਰਤ ਮਾਤਾ ਦਾ ਸਚਾ ਸੁਚਾ ਸਪੂਤ ਸ਼ਹੀਦੇ ਆਜ਼ਮ ਸ: ਭਗਤ ਸਿੰਘ .......... ਲੇਖ਼ / ਮੁਹਿੰਦਰ ਸਿੰਘ ਘੱਗ


“ ਸ਼ਹੀਦੇ ਮਰਦਾਂ ਕੇ ਜਿਸਮ ਸੇ ਜੋ ਖੂਨ ਨਿਕਲੇ ਉਸਕੇ ਹਰ ਕਤਰਾ ਸੇ ਭਗਤ ਸਿੰਘ ਔਰ ਦਤ ਨਿਕਲੇ “

ਹਰ ਪਲ ਝੱਪਕਣ ਜਿਨੇ ਸਮੇਂ ਅੰਦਰ ਸੰਜੋਗ ਵਿਯੋਗ ਦੇ ਡਰਾਮੇ ਅਧੀਨ ਕਿਸੇ ਦੀ ਆਮਦ ਹੋ ਰਹੀ ਹੈ ਅਤੇ ਕੋਈ ਰੁਖਸਤ ਹੋ ਰਿਹਾ ਹੈ । ਏਸੇ ਆਵਾਗਵਨ ਦੇ ਚਕਰ ਦੌਰਾਨ ਕੁਝ ਰੂਹਾਂ ਐਸੀਆਂ ਆਂਊਂਦੀਆਂ ਹਨ ਜੋ ਸਮੇਂ ਦੀ ਬਰੇਤੀ ਤੇ ਆਪਣੀ ਪੈੜ ਚਿਨ ਇਨੀ ਡੂੰਘੀ ਉਕਰ ਜਾਂਦੀਆਂ ਹਨ ਕਿ ਸਮੇਂ ਦੇ ਵਾ ਵਰੋਲੇ ਉਹਨਾਂ ਨੂੰ ਮਿਟਾ ਨਹੀਂ ਸਕਦੇ। ਕਿਸੇ ਕਵੀ ਦੀਆਂ ਇਹ ਦੋ ਲਾਈਂਨਾਂ ਇਹਨਾਂ ਬਹਾਦਰਾਂ ਦੀ ਰੂਪ ਰੇਖਾ ਉਲੀਕਦੀਆਂ ਹਨ।


ਐਸੇ ਪੁਤ ਨਾ ਜਣਦੀਆਂ ਰੋਜ ਮਾਮਾਂ ਜੇਹੜੇ ਕੌਮਾਂ ਦੀ ਬਦਲ ਤਕਦੀਰ ਦਿੰਦੇ
ਚੂਨਾਂ ਪੀਸ ਕੇ ਰਾਹ ਦੇ ਰੋੜਿਆਂ ਦਾ ਰੱੜਕ ਉਹਨਾਂ ਦੀ ਕੱਢ ਅਖੀਰ ਦਿੰਦੇ

28 ਸਤੰਬਰ 1907 ਨੂੰ ਜਿਸ ਬਾਲ ਨੇ ਲੰਬੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਹੋਈ ਭਾਰਤ ਦੀ ਧਰਤੀ ਤੇ ਜਦ ਪਹਿਲਾ ਸਵਾਸ ਲਿਆ ਤਾਂ ਕਿਸੇ ਨੂੰ ਇਸ ਗਲ ਦਾ ਕਿਆਸ ਵੀ ਨਹੀਂ ਸੀ ਕਿ ਉਹ ਭਗਤ ਸਿੰਘ ਨਾਂ ਦਾ ਬਾਲਕ 24 ਸਾਲ ਤੋਂ ਵੀ ਘਟ ਉਮਰ ਵਿਚ ਭਾਰਤ ਮਾਂ ਦੀ ਆਜ਼ਾਦੀ ਦੇ ਘੋਲ ਵਿਚ ਸ਼ਹਾਦਤ ਪਾ ਕੇ ਇਡਾ ਕਦਆਵਰ ਹੋ ਜਾਵੇਗਾ ਕਿ ਵਡੇ ਵਡੇ ਮਹਾਂਰਥੀ ਉਸ ਅਗੇ ਬੌਨੇ ਲਗਣ ਲਗ ਜਾਣਗੇ ।ਕੁਝ ਮਸਖਰੇ ਲੇਖਕ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅਤੰਕਵਾਦੀ ਆਖ ਕੇ ਉਸ ਦੀ ਸ਼ਾਹਾਦਤ ਨੂੰ ਜਦ ਛੁਟਿਆਉਂਣ ਦਾ ਯਤਨ ਕਰਦੇ ਹਨ ਤਾਂ ਖੁਦ ਮਸਖਰੀ ਦਾ ਪਾਤਰ ਬਣ ਕੇ ਰਹਿ ਜਾਂਦੇ ਹਨ । ਸ਼ਹੀਦੇ ਆਜ਼ਮ ਭਗਤ ਸਿੰਘ ਕਿਸੇ ਇਕ ਪਾਰਟੀ ਜਾਂ ਇਕ ਧਰਮ ਦੀ ਮਲਕੀਅਤ ਤੋਂ ਬਹੁਤ ਉਚਾ ਉਠਕੇ ਸਾਰੇ ਦੇਸ਼ ਦਾ ਸਾਂਝਾ ਸ਼ਹੀਦ ਬਣ ਚੁਕਾ ਹੈ ।ਉੁਸ ਮਹਾਨ ਹਸਤੀ ਦੇ ਜਨਮ ਦਿਨ ਤੇ ਮਨੁਖਤਾ ਦਾ ਕਲਿਆਣ ਲਈ ਉਸ ਦੇ ਉਦੇਸ਼ਾਂ ਨੂੰ ਪਰਚਾਰਨ ਅਤੇ ਅਪਨਾਉਣ ਦੀ ਲੋੜ ਹੈ ।





ਲਿਖਾਰੀ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਚਾਰ ਲੇਖ ਛਪੇ ਹਨ । ਸਾਰੇ ਲੇਖਾਂ ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ ।
ਪਹਿਲਾ ਲੇਖ ( ਬੋਲ ਐ ਲਹੂ ਕੀ ਧਾਰ ) ਡਾ:ਗੁਰਦਿਆਲ ਸਿੰਘ ਰਾਏ ਹੋਰਾਂ ਦਾ ਜੋ ਲੇਖ 1959 ਦੀ ਅਜੀਤ ਵਿਚ ਛਪਿਆ ਸੀ ਉਸ ਦੀ ਕਾਪੀ ਹੈ ।
ਇਸ ਲੇਖ ਵਿਚ ਸਾਂਡਰਸ ਦੀ ਮੌਤ ਤੋਂ ਅਗੇ ਕੀ ਹੋਇਆ ਦਾ ਬਿਰਤਾਂਤ ਹੈ । ਸਾਂਡਰਸ ਅਤੇ ਸਕਾਟ ਦੋਵਾਂ ਨੂੰ ਹੀ ਲਾਲਾ ਲਾਜਪਤ ਰਾਏ ਤੇ ਲਾਠੀਆਂ ਬਰਸਾਉਣ ਦਾ ਦੋਸ਼ੀ ਮੰਨਦਿਆਂ ( ਜਿਸ ਕਾਰਨ ਉਹ ਸ਼ਹਾਦਤ ਦਾ ਜਾਂਮ ਪੀ ਗਏ )ਦੋਵਾਂ ਨੂੰ ਹੀ ਮਾਰ ਮੁਕਾਉਣ ਦਾ ਪਰੋਗਰਾਮ ਉਲੀਕਿਆ ਗਿਆ। ਦੋਵਾਂ ਨੂੰ ਮਾਰ ਮੁਕਾੳਂੁਣਾਂ ਸਿਰਫ ਬਦਲੇ ਦੀ ਭਾਵਨਾ ਹੀ ਨਹੀਂ ਸੀ ਇਹ ਤਾਂ ਜਾਬਰ ਅੰਗਰੇਜ਼ ਹਕੂਮਤ ਨੂੰ ਕੰਨ ਕਰਨ ਲਈ ਸੀ ਕਿ ਅਸੀਂ ਇਟ ਦਾ ਜਵਾਬ ਪੱਥਰ ਨਾਲ ਵੀ ਦੇਣਾ ਜਾਂਣਦੇ ਹਾਂ।

ਸਾਂਡਰਸ ਦੇ ਮਰਨ ਉਪਰੰਤ ਇਕ ਮੁਸ਼ਕਲ ਪੇਸ਼ ਆ ਗਈ ਸੀ ਪਹਿਚਾਣ ਵਿਚ ਇਕ ਪੱਗੜੀ ਵਾਲੇ ਸਿਖ ਦਾ ਨਾਂ ਆ ਰਿਹਾ ਸੀ । ਸ: ਭਗਤ ਸਿੰਘ ਨੂੰ ਲਾਹੌਰ ਤੋਂ ਬਾਹਰ ਕੰਢਣ ਲਈ ਜੋ ਸਕੀਮ ਉਲੀਕੀ ਗਈ ਉਸ ਲਈ ਇਹਨਾਂ ਜੁਝਾਰੂਆਂ ਦੀ ਦਾਦ ਦੇਣੀ ਬਣਦੀ ਹੈ । ਦੁਰਗਾ ਭਾਬੀ ਨੂੰ ਪਾਉਡਰ ਲਾ ਕੇ ਅੰਗਰੇਜ਼ੀ ਗਾਉਣ ਪਾ ਕੇ ਮੇਮ ਬਣਾਉਣ ਵਿਚ ਸਿਰਫ ਉਸ ਦੀ ਰਜ਼ਾਮੰਦੀ ਦੀ ਲੋੜ ਸੀ ਕਿਸੇ ਕਿਸਮ ਦੀ ਅਨਹੋਣੀ ਵੀ ਵਾਪਰ ਸਕਦੀ ਸੀ ਪਰ ਭਗਤ ਸਿੰਘ ਨੂੰ ਲਾਹੋਰ ਤੋਂ ਬਾਹਰ ਲਿਜਾਣ ਲਈ ਖਤਰਿਆਂ ਦੀ ਪਰਵਾਹ ਨਾਂ ਕਰਦਿਆਂ ਹੋਇਆਂ ਬਗੈਰ ਕਿਸੇ ਆਪਣੇ ਸੁਆਰਥ ਦੇ ਭਾਰਤ ਮਾਂ ਦੀ ਸਪੁਤ੍ਰੀ ਦੁਰਗਾ ਭਾਬੀ ਨੇ ਹਾਂ ਕਰ ਦਿਤੀ । ਭਗਤ ਸਿੰਘ ਨੂੰ ਅੰਗਰੇਜ਼ ਅਫਸਰ ਦਾ ਰੂਪ ਅਖਤਿਆਰ ਕਰਨ ਲਈ ਆਪਣੇ ਕੇਸ ਕਟਵਾਉਂਣੇ ਪਏ ਉਸਨੂੰ ਆਪਣੀ ਪਹਿਚਾਨ ਬਦਲਣ ਲਗਿਆਂ ਜੋ ਦੁਖ ਹੋਇਆ ਹੋਵਿਗਾ ਉਸ ਦਾ ਬਿਆਨ ਕਰਨਾ ਬੜਾ ਮੁਸ਼ਕਲ ਹੈ । ਇਸ ਤੋਂ ਅਗੇ ਭਗਤ ਸਿੰਘ ਦੀ ਪਹਿਚਾਣ ਪਗੜੀ ਦੀ ਬਜਾਏ ਅੰਗਰੇਜ਼ੀ ਟੋਪ ਨਾਲ ਬਣ ਜਾਂਦੀ ਹੈ ।ਅਜ ਭਗਤ ਸਿੰਘ ਦੀ ਟੋਪ ਵਾਲੀ ਫੋਟੋ ਹੀ ਚਲਦੀ ਹੈ ਅਤੇ ਉਸ ਦੇ ਸਿਖ ਹੋਣ ਤੇ ਕਈ ਲੇਖਕ ਸਵਾਲੀਆ ਚਿੰਨ ਲਾ ਦਿੰਦੇ ਹਨ ।ਵਡੀ ਗਲ ਇਹ ਹੈ ਕਿ ਉਹ ਆਪਣੀ ਸਕੀਮ ਵਿਚ ਸਫਲ ਰਹੇ ਭਗਤ ਸਿੰਘ ਇਕ ਅੰਗਰੇਜ਼ ਅਫਸਰ ਦੇ ਰੂਪ ਵਿਚ ਲਖਨਊ ਪੁਜ ਗਿਆ।
ਅਣਖੀ ਜਦ ਮੌਤ ਨੂੰ ਪਾਉਂਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਦੀਆਂ ਹਨ ।

ਮੈਂ ਸਿਰਫ ਭਗਤ ਸਿੰਘ ਦੀ ਬਦਲਦੀ ਪਹਿਚਾਣ ਦੀ ਗਲ ਕਰਨੀ ਸੀ ਡ: ਗੁਰਦਿਆਲ ਸਿੰਘ ਰਾਏ ਹੋਰਾਂ ਦਾ ਬਾਕੀ ਦਾ ਸਾਰਾ ਲੇਖ ਬਹੁਤ ਹੀ ਜਾਣਕਾਰੀ ਭਰਪੂਰ ਹੈ ਉਹਨਾਂ ਦੇ ਲੇਖ ਦੇ ਆਖੀਰ ਵਿਚ ਲਿਖੀ ਕਵਿਤਾ ਨੇ ਸ ਭਗਤ ਸਿੰਘ ਵਾਰੇ ਮੇਰੀ ਜਾਣਕਾਰੀ ਵਿਚ ਵਾਧਾ ਕੀਤਾ ਹੈ । ਮੈਂ ਉਹਨਾਂ ਦਾ ਮਸ਼ਕੂਰ ਰਹਾਂਗਾ।

ਦੂਸਰਾ ਲੇਖ (ਮਨੁਖਤਾ ਦਾ ਆਸ਼ਕ ਸ: ਭਗਤ ਸਿੰਘ ) ਐਡੰਿੰਮੰਟਨ ਕੈਨੇਡਾ ਤੋਂ ਦਲਜੀਤ ਸਿੰਘ ਹੋਰਾਂ ਦਾ ਹੈ।
ਦਲਜੀਤ ਸਿੰਘ ਜੀ ਨੇ ਆਪਣੇ ਲੇਖ ਵਿਚ ਭਗਤ ਸਿੰਘ ਦੀ ਸੋਚ ਨੂੰ ਬੜੀ ਸੁਲਝੀ ਹੋਈ ਬੋਲੀ ਵਿਚ ਪੇਸ਼ ਕੀਤਾ ਹੈ । ਦਲਜੀਤ ਸਿੰਘ ਜੀ ਨੇ ਭਗਤ ਸਿੰਘ ਜੀ ਦੇ ਪਿਤਾ ਸ: ਕਿਸ਼ਨ ਸਿੰਘ ,ਉਸਦੇ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਦਾ ਸਭੰਧ ਗਦਰ ਪਾਰਟੀ ਨਾਲ ਦਸ ਕੇ ਗਦਰ ਪਾਰਟੀ ਲੈਹਰ ਨੂੰ ਇਕ ਵਡਾ ਹੁੰਘਾਰਾ ਦਿਤਾ ਹੈ ।ਗਦਰ ਪਾਰਟੀ ਵਾਲੇ ਆਪਣੇ ਮਨਸੂਬੇ ਵਿਚ ਪਹਿਲੀ ਵਾਰ ਭਾਵੇਂ ਸਫਲ ਨਹੀਂ ਹੋ ਸਕੇ ਪਰ ਉਹਨਾਂ ਨੇ ਫੌਜ ਵਿਚ ਘੁਸ ਪੇਠ ਕਰਨੀ ਨਹੀਂ ਛਡੀ ,ਉਸ ਘੁਸ ਪੇਠ ਦਾ ਹੀ ਨਤੀਜਾ ਕੁਝ ਫੋਜੀਆਂ ਨੇ ਬੰਬਈ ਬੰਦਰਗਾਹ ਤੇ ਜਹਾਜ ਚੜ੍ਹਨੋ ਨਾਂਹ ਕੀਤੀ ਸੀ , ਜਨਰਲ ਮੋਹਣ ਸਿੰਘ ਦੀ ਅਗਵਾਈ ਵਿਚ ਇੰਡੀਅਨ ਨੈਸ਼ਨਲ ਆਰਮੀ ਦਾ ਗੱਠਨ ਜਿਸ ਦੀ ਬਾਗ ਡੋਰ ਬਾਅਦ ਵਿਚ ਸੁਭਾਸ਼ ਚੰਦਰ ਬੋਸ ਨੇ ਸੰਭਾਲੀ ,ਉਸਤੋਂ ਉਪਰੰਤ 1946 ਵਿਚ ਫੋਜ ਦੀਆਂ ਤਿਨਾਂ ਕਮਾਂਡਸ ਵਲੋਂ ਬਗਾਵਤ ਇਹ ਗਦਰ ਪਾਰਟੀ ਵਲੋਂ ਬੀਜਿਅ ਬੀਜ ਹੀ ਉਂਗਰ ਰਿਹਾ ਸੀ ਇਹਨਾਂ ਸਾਰੀਆਂ ਘਟਨਾਵਾਂ ਨੇ ਹਕੂਮਤ ਅੰਗਰੇਜ਼ੀ ਨੂੰ ਹਥਾਂ ਪੈਰਾਂ ਦੀ ਪਾ ਦਿਤੀ । ਅੰਗਰੇਜ਼ ਹਕੂਮਤ ਨੇ ਵਕਤ ਦੀ ਨਜ਼ਾਕਤ ਦੇਖ ਕੇ 15 ਅਗਸਤ 1947 ਨੂੰ ਆਪਣੇ ਚਹੇਤਿਆਂ ਦੇ ਹਥ ਹਕੂਮਤ ਦੀ ਵਾਗ ਡੋਰ ਸੰਭਾਲ ਦਿਤੀ ।ਵਡੀ ਗਿਣਤੀ ਵਿਚ ਆਜ਼ਾਦੀ ਦੇ ਘੁਲਾਟੀਏ ਉਦੋਂ ਤਕ ਜ੍ਹੇਲੀਂ ਡਕੇ ਰਹੇ ਜਦ ਤਕ ਕਾਂਗਰਸ ਨੇ ਦੇਸ਼ ਦੀ ਹਕੂਮਤ ਤੇ ਪੂਰੀ ਤਰਾਂ ਕਾਬੂ ਨਹੀਂ ਪਾ ਲਿਆ। ਯੂ.ਪੀ . ਵਿਚ ਨੈਹਰੂ ਪ੍ਰਿਵਾਰ ਦੀ ਭੱਲ ਬਣੀ ਹੋਈ ਸੀ ਉਸ ਨੂੰ ਇਡਾ ਵੱਡਾ ਸੂਬਾ ਬਣਾ ਧਰਿਆ ਕਿ ਉਥੋਂ ਚੋਣ ਜਿਤ ਕੇ ਆਏ ਐਮ. ਪੀ. ‘ਜ਼ ਦੀ ਗਿਣਤੀ ਸਾਰੇ ਭਾਰਤ ਤੇ ਭਾਰੂ ਰਹੀ ।ਅੰਗਰੇਜ਼ਾ ਦਾ ਐਹਸਾਨ ਮੋੜਨ ਲਈ ਲੈਂਡ ਸੀਲੰਗ ਐਕਟ ਵਿਚ ਅੰਗਰੇਜ਼ਾ ਦੀ ਮਲਕੀਅਤ ਵਾਲੇ ਟੀ ਗਾਰਡਨਸ ਸ਼ਾਮਲ ਨਹੀਂ ਸਨ ।ਭਗਤ ਸਿੰਘ ਹੋਰਾਂ ਦਾ ਸੁਪਨਾਂ ਦੋ ਟਕੇ ਦੀ ਗਾਂਧੀ ਟੋਪੀ ਅਤੇ ਨੈਹਰੂ ਜੈਕਟ ਨੇ ਢਕਾਰ ਲਿਆ ।ਜਿਸ ਮਨੁਖਤਾ ਦੀ ਗਲ ਭਗਤ ਸਿੰਘ ਕਰਦਾ ਸੀ ਉਹ ਅਜ ਵੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਦੁਖ ਭੋਗ ਰਹੀ ਹੈ ।ਹਕੂਮਤਾਂ ਦੀ ਬਾਗ ਡੋਰ ਅਜ ਕਲ ਖੁਫੀਆ ਏਜੰਸੀਆ ਦੇ ਹਥ ਹਨ । ਭਾਰਤ ਦੀ ਖੁਫੀਆ ਏਜੰਸੀ ਅਤੇ ਪਾਕਸਤਾਨ ਦੀ ਖੁਫੀਆ ਏਜੰਸੀ ਆਪਣੇ ਆਪਣੇ ਮੁਲਕ ਦੀ ਬਾਗ ਡੋਰ ਸੰਭਾਲੀ ਬੈਠੀਆਂ ਹਨ । ਇਰਾਕ ਦੀ ਜੰਗ ਨੂੰ ਸਹੀ ਸਿਧ ਕਰਨ ਵਿਚ ਅਮਰੀਕਾ ਦੀ ਸੀ .ਆਈ .ਏ ਦੀ ਭੂਮਕਾ ਵੀ ਕਿਸੇ ਪਾਸੋਂ ਲੁਕੀ ਛਿਪੀ ਨਹੀਂ ।
ਦਲਜੀਤ ਸਿਂਘ ਹੋਰਾਂ ਨੇ ਜੋ ਭਗਤ ਸਿੰਘ ਦੀ ਡਾਇਰੀ ਦੀਆਂ ਕੁਝ ਲਾਈਨਾਂ ਪੇਸ਼ ਕੀਤੀਆਂ ਹਨ ਮੈ ਉਹੇਨਾਂ ਨੂੰ ਦੁਬਾਰਾ ਲਿਖਣ ਦੀ ਇਜਾਜ਼ਤ ਚਾਹਾਂਗਾ ।

“ਜ਼ਿੰਦਗੀ ਦਾ ਨਿਸ਼ਾਨਾ ਹੁਣ ਮਨ ਨੂੰ ਕੰਟਰੋਲ ਕਰਨ ਦਾ ਨਹੀਂ ,ਪਰੰਤੂ ਇਸ ਦਾ ਇਕ ਸੁਰ ਵਿਕਾਸ ਕਰਨਾਂ ਹੈ । ਹੁਣ ਤੋਂ ਬਾਅਦ ਦਾ ਨਿਸ਼ਾਨਾ ਮੁਕਤੀ ਪਰਾਪਤ ਕਰਨਾਂ ਨਹੀਂ ,ਪਰੰਤੂ ਏਥੇ ਥਲੇ ਉਸ ਦੀ ਪੂਰਨ ਵਰਤੋਂ ਕਰਨੀ ਹੈ । ਸਿਰਫ ਸੱਚ ,ਸੁੰਦਰ ਅਛਾਈ ਹੀ ਪਰਾਪਤ ਨਹੀਂ ਕਰਨੀਆਂ ਬਲਕਿ ਵਾਸਤਵ ਜ਼ਿੰਦਗੀ ਵਿਚ ਵੀ ਵਰਤੋਂ ਵਿਚ ਲਿਆਉਣਾ ਹੈ । ਵਿਕਾਸ ਸਿਰਫ ਕੁਝ ਲੋਕਾਂ ਦੇ ਸਰੇਸ਼ਟ ਬਣਨ ਵਿਚ ਨਹੀਂ ਪਰੰਤੂ ਇਹ ਲੋਕ ਰਾਜ ਵਿਚ ਵਿਕਸਤ ਹੋਣ ਵਿਚ ਹੈ ।ਜਾਂ ਵਿਸ਼ਵਚਾਰਾ ਸਿਰਫ ਇਸ ਢੰਗ ਨਾਲ ਪ੍ਰਾਪਤ ਹੋ ਸਕਦਾ ਹੈ ਜਦੋਂ ਸਮਾਜੀ , ਰਾਜਸੀ ਅਤੇ ਵਿਅਕਤੀ ਗਤ ਜ਼ਿੰਦਗੀ ਨੂੰ ਵਿਕਾਸ ਕਰਨ ਲਈ ਬਰਾਬਰ ਮੌਕੇ ਹਾਸਲ ਹੋਣਗੇ ।“ ਮੈਨੂੰ ਇਹ ਸਤਰਾਂ ਪੜ੍ਹ ਕੇ ਇਦਾਂ ਲਗਾ ਜਿਵੇਂ ਮੈੰ ਸਿਖੀ ਦੇ ਵਿਧਾਨ ਗੂੁਰੁ ਗਰੰਥ ਸਾਹਿਬ ਵਿਚੋਂ ਨਸੀਹਤ ਲੈ ਰਿਹਾ ਹੋਵਾਂ।

ਗੁਰੂ ਸਾਹਿਬਾਨ ਨੇ ਆਪਣਾ ਆਪ ਪਛਾਨਣ ਲਈ ਪਰੇਰਿਆ ।ਜਨਸਾਧਾਰਨ ਨੂੰ ਮਾਣ ਸਤਕਾਰ ਦਿਤਾ । ਗੁਰੂ ਸਾਹਿਬਾਨ ਵਲੋਂ ਨਵੇਂ ਸ਼ਹਿਰ ਬਸਾਉਣ ਨਾਲ ਲੋਕਾਂ ਦਾ ਆਤਮਕ ਵਿਸ਼ਵਾਸ਼ ਵਧਿਆ ਅਤੇ ਆਰਥਕ ਵਿਕਾਸ ਹੋਇਆ । ਲੋਕਾਂ ਵਿਚ ਬਰਾਬਰੀ ਅਤੇ ਪ੍ਰੇਮ ਪਿਆਰ ਨਾਲ ਰਹਿਣ ਦਾ ਬੀਜ ਬੀਜਿਆ । ਬਾਅਦ ਵਿਚ ਕਾਰਲਮਾਰਕਸ ਵੀ ਬਰਾਬਰੀ ਦੀ ਗਲ ਤਾਂ ਕਰਦਾ ਹੈ ਪਰ ਉਸ ਵਿਚ ਅਧਿਆਤਮਕ ਪਖ ਨਾਂ ਹੋਣ ਕਰਕੇ ਜਦ ਉਸ ਫਿਲਾਸਫੀ ਨੂੰ ਲਾਗੂ ਕੀਤਾ ਗਿਆ ਤਾਂ ਬਾਈਬਲ ਵਿਚਲਾ ਹਜ਼ਰਤ ਮੂਸਾ ਅਤੇ ਗੀਤਾ ਵਿਚਲਾ ਭਗਵਾਨ ਕ੍ਰਿਸ਼ਨ ਪਰਗਟ ਹੋ ਗਏ ( ਤੁਹਾਡਾ ਕੋਈ ਮਾਂ ਨਹੀਂ ਬਾਪ ਨਹੀਂ ਕੋਈ ਰਿਸ਼ਤੇਦਾਰ ਨਹੀਂ ਜੋ ਤੁਹਾਡੀ ਗਲ ਨਹੀਂ ਮੱਨਦਾ ਉਸਨੂੰ ਤੇਗ ਦੇ ਸਪੁਰਦ ਕਰ ਦਿਓ )। ਹਜ਼ਰਤ ਮੂਸਾ ਦੇ ਕੈਂਪ ਵਿਚ 3500 ਸੋ ਬੰਦੇਆਂ ਦਾ ਕਤਲ ਹੋਇਆ ਦਸਿਆ ਜਾਂਦਾ ਹੈ ਅਤੇ ਮਹਾਂਭਾਰਤ ਵਾਲੈ ਕੁਰੂ ਕਸ਼ੇਤਰ ਦੀ ਧਰਤੀ ਨੂੰ ਲਹੂ ਰੰਗੀ ਹੋਈ ਦਸਦੇ ਹਨ ।ਵੋਲਟਕ ਅੰਦੋਲਨ ਵਿਚ ਵੀ ਬਹੁਤ ਵਡੀ ਗਿਣਤੀ ਤੇਗ ਸਪੁਰਦ ਕੀਤੀ ਗਈ । ਭਾਰਤ ਦੀ ਜੰਗੇ ਆਜ਼ਾਦੀ ਵਿਚ ਸਿਖ ਕੋਮ ਦਾ ਇਕ ਬਹੁਤ ਵਡਾ ਯੋਗਦਾਨ ਹੈ । ਸਿਖ ਗੁਰੂਆਂ ਨੇ ਸਾਡੀ ਆਤਮਾਂ ਨੂੰ ਹਲੂਣਿਆਂ ਸੀ ਜਿਸਦਾ ਜ਼ਿਕਰ ਡਾਕਟਰ ਮੁਹਮਦ ਇਕਬਾਲ ਕਰਦਾ ਹੈ ।

ਫਿਰ ਉਠੀ ਤੋਹੀਦ ਕੀ ਆਵਾਜ਼ ਇਕ ਪੰਜਾਬ ਸੇ ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ ।

ਪਰ ਅਫਸੋਸ ਇਸ ਗਲ ਦਾ ਹੈ ਕਿ ਲੋਕ ਤਾਂ ਸਾਡੀ ਗਲ ਸੁਣਨੀ ਚਾਹੁੰਦੇ ਸਨ ਪਰ ਅਸੀਂ ਸਿਖ ਅਸੂਲਾਂ ਨੂੰ ਛਿਕੇ ਟੰਗ ਕੇ ਖੁਦਗਰਜ਼ ਮਤਲਬੀ ਅਤੇ ਭੇਖਧਾਰੀ ਬਣ ਗਏ ਹਾਂ ।ਸੰਗਤ ਧੜਿਆਂ ਵਿਚ ਵੰਡੀ ਪਈ ਹੈ । ਖੁੰਬਾਂ ਵਾਂਗ ਸਾਧਾਂ ਦੇ ਡੇਰੇ ਪ੍ਰੱਗਟ ਹੋ ਰਹੇ ਹਨ । ਡੇਰਿਆਂ ਵਿਚ ਹਰ ਕਿਸਮ ਦਾ ਵਿਭਚਾਰ ਹੋ ਰਿਹਾ ਹੈ ।ਹੇਠ ਲਿਖਿਆ ਸ਼ੈਅਰ ਸਾਡੇ ਤੇ ਇਨ ਬਿਨ ਢੁਕਦਾ ਹੈ।

“ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ “

ਦਲਜੀਤ ਹੋਰਾਂ ਦਾ ਲੋਕਾਈ ਦਾ ਦਿਸ਼ਾ ਹੀਣ ਹੋਣ ਦਾ ਜ਼ਿਕਰ ਸਹੀ ਹੈ ਸਾਡੀ ਨਵੀਂ ਪੀਹੜੀ ਨਸ਼ਿਆਂ ਵਿਚ ਗੁਲਤਾਨ ਹੈ । ਅਸ਼ਲੀਲਤਾ ਅਤੇ ਨੰਗੇਜ ਨੇ ਸਾਨੂੰ ਕਾਮੀ ਬਣਾ ਦਿਤਾ ਹੈ ।ਇਸ ਬਿਗੜਦੀ ਦਿਸ਼ਾ ਨੂੰ ਦੇਖ ਕੇ ਗੁਰਚਰਨ ਬੱਧਣ ਲਿਖਦਾ ਹੈ ।

ਗੀਤਾਂ ਨੂੰ ਵੀ ਚਾਹੀਦੇ ਪੁਆਣੇ ਕੱਪੜੇ, ਹੋਣ ਭਾਵੇਂ ਨਵੇਂ ਜਾਂ ਪੁਰਾਣੇ ਕੱਪੜੇ ।
ਸੁਹਣੇ ਬੋਲ ਘਰਾਂ’ ਚ ਵੱਜਣ ਵਾਸਤੇ , ਚਾਹੀਦੀ ਸ਼ਰਮ ਹੈ ਕੱਜਣ ਵਾਸਤੇ ।

ਉਸ ਤੋਂ ਅਗਲਿਆਂ ਬੰਦਾਂ ਵਿਚ ਉਹ ਇਕ ਸਵਾਲ ਖੜਾ ਕਰਦਾ ਹੈ ।

ਅੱਜ ਨਗਨ ਸ਼ਾਇਰੀ ਹੋ ਰਹੀ ਇਹਦਾ ਚੀਰ ਹਰਨ ਹੋ ਰਿਹਾ,
ਗੀਤਾਂ ਨੂੰ ਗੋਤੇ ਪੈ ਰਹੇ ਨੇ ਕਵਿਤਾ ਦਾ ਮਰਨ ਹੋ ਰਿਹਾ ।

ਅੱਜ ਲੱਚਰਤਾ ਦੀ ਦੇਸ਼ ਦੇ ਹਰ ਕੋਣੇ ਤੇ ਭਰਮਾਰ ਹੈ ।
ਦਸੋ ਖਾਂ ਦੇਸ ਵਾਸੀਓ ਇਹਦਾ ਕੌਣ ਜ਼ੁਮੇਵਾਰ ਹੈ ।

ਸਾਮਰਾਜ ਵਾਦ ਅਤੇ ਸਮਾਜਵਾਦ ਦੇ ਦੋ ਤਾਕਤਵਰ ਦੈਂਤ ਸਾਰੇ ਸੰਸਾਰ ਵਿਚ ਜਨਸਾਧਾਰਨ ਦਾ ਘਾਣ ਬੱਚਾ ਪੀੜੀ ਜਾ ਰਹੇ ਹਨ । ਸਾਮਰਾਜ ਵਾਦ ਵਿਚ ਲੋਕਤੰਤਰ ਦੇ ਨਾਂ ਥੱਲੇ ਪੈਸੇ ਦੇ ਜ਼ੋਰ ਪ੍ਰਚਾਰ ਦੀ ਘੁੱਟੀ ਪੱਲਾ ਕੇ ਵੋਟਾਂ ਹਥਿਆ ਲਈਆਂ ਜਾਂਦੀਆਂ ਹਨ ਅਤੇ ਸਮਾਜਵਾਦ ਵਿਚ ਡੰਡਾ ਪ੍ਰਧਾਨ ਹੈ ।
ਦੋਹਾਂ ਵਾਦਾਂ ਵਿਚ ਚੰਦ ਲੋਗਾਂ ਦਾ ਹੀ ਬੋਲ ਬਾਲਾ ਹੈ । ਸਰਕਾਰੀ ਖਜ਼ਾਨਾਂ ਹਾਕਮ ਜਮਾਤ ਦੀ ਅਜਾਰਦਾਰੀ ਬਣ ਕੇ ਰਹਿ ਗਿਆ ਹੈ । ਬਗੈਰ ਜੰਤਾ ਦੇ ਜਾਗਿਆਂ ਭਗਤ ਸਿੰਘ ਦਾ ਸੁਪਨਾ ਅਧੂਰਾ ਹੀ ਰਹੇ ਗਾ । ਕਲਮਾਂ ਵਾਲਿਓ ਕਲਮਾਂ ਚੁਕੋ

ਜ਼ੁਲਮ ਜਬਰ ਨੂੰ ਠਲ ਪੈ ਜਾਂਦੀ ਜਦ ਵੀ ਜੰਤਾ ਜਾਗੇ
ਜੰਤਾ ਹੀ ਘੱਗ ਜਗਾਉਣੀ ਔਖੀ ਲੋਕੀਂ ਯਾਰ ਪਿੱਟਣ ਛਜ ਉਹਲੇ।

ਤੀਸਰਾ ਲੇਖ ( ਸ਼ਹੀਦ ਭਗਤ ਸਿੰਘ- ‐ਇਕ ਇਨਕਲਾਬ ) ਸ: ਸੁਰਜੀਤ ਸਿੰਘ ਜੀਤ ਹੋਰਾਂ ਦੀ ਕਲਮ ਦੀ ਦੇਣ ਹੈ ।
ਸੁਰਜੀਤ ਜੀ ਨੇ ਇਕ ਲੇਖ ਦੇ ਸ਼ੂਰਆਤ ਵਿਚ ਹੀ ਇਕ ਬੜੇ ਮਾਰਕੇ ਦੀ ਗਲ ਕਹੀ ਹੈ । ਸਮਾਜਵਾਦ ਦਾ ਨਾਂ ਸੁਣ ਕੇ ਇਕ ਧਾਰਮਕ ਲੇਖਕ ਨੂੰ ਜ਼ੁਕਾਮ ਹੋ ਜਾਂਦਾ ਹੈ । ਅਤੇ ਜੇ ਕਿਤੇ ਧਰਮ ਦਾਂ ਨਾਂ ਲੈ ਦਿਓ ਤਾਂ ਕਾਮਰੇਡੀ ਸੋਚ ਵਾਲਿਆਂ ਨੂੰ ਨਿਛਾਂ ਆਉਣ ਲਗ ਜਾਨੀਆਂ ਹਨ । ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਹੀਏ ਦੀ ਗਲ ਕਰਨ ਲਗਿਆਂ ਕੋਈ ਪਾਬੰਦੀ ਨਹੀਂ ਸੀ ਲਾਈ ਕਿਸ ਨਾਲ ਗਲ ਕਰਨੀ ਹੈ ਕਿਸ ਨਾਲ ਨਹੀਂ ।ਬਾਬੇ ਨਾਨਕ ਦੇ ਦਰਸਾਏ ਮਾਰਗ ਤੇ ਚਲਣਾ ਹੈ ਤਾਂ ਸਾਨੂੰ ਸੌੜੀ ਸੋਚ ਵਗਾਹ ਮਾਰਨੀ ਹੋਵੇਗੀ ।

ਸੁਰਜੀਤ ਸਿੰਘ ਹੋਰਾਂ ਆਪਣੇ ਸਾਰੇ ਲੇਖ ਵਿਚ ਦਲੀਲ ਦਾ ਪਲਾ ਨਹੀਂ ਛਡਿਆ ਬੜੀ ਮੇਹਨਤ ਕੀਤੀ ਹੈ । ਕੁਝ ਗਲਾਂ ਮੈਂ ਆਪਣੇ ਤਜੱਰਬੇ ਤੋਂ ਸਾਂਝੀਆਂ ਕਰਾਂਗਾ । ਸਾਡੇ ਨਾਨੀ ਜੀ ਅਤੇ ਸ: ਭਗਤ ਸਿੰਘ ਦੇ ਮਾਤਾ ਜੀ ਦੀ ਇਕ ਰਿਸ਼ਤੇ ਕਾਰਨ ਸਾਂਝ ਸੀ । ਇਕ ਦੁੂਸਰੇ ਦੇ ਦਿਨ ਵਿਹਾਰ ਤੇ ਆਉਣੀ ਜਾਣੀ ਵੀ ਸੀ । ਮੇਰਾ ਜਨਮ ਬੱਰਮਾਂ ਦਾ ਹੈ ਮੈਂ ਕੋਈ ਛੇ ਸਾਲ ਦਾ ਹੋਵਾਂਗਾ ਜਦ ਮੈਂ ਪਹਿਲੀ ਵਾਰ ਬੱਰਮਾਂ ਤੋ ਆ ਕੇ ਆਪਣੇ ਨਾਨਕੀ ਗਿਆ ਮੇਰੇ ਨਾਨੀ ਜੀ ਨੇ ਮੈਨੂੰ ਗੋਦ ਵਿਚ ਲੈ ਮੇਰਾ ਮੂੰਹ ਚੁੰਮਿਆ ਮੇਰੀ ਢੁੂਹੀ ਤੇ ਹਥ ਫੇਰਿਆ ਫੇਰ ਅੰਗਰੇਜ਼ੀ ਹਕੂਮਤੇ ਤੇਰਾ ਕੱਖ ਨਾ ਰਹੇ ਆਖ ਕੇ ਰੋਣ ਲਗ ਪਏ ਮੈਨੂੰ ਕੁਝ ਸੱਮਝ ਨਾਂ ਆਈ । ਮੇਰੀ ਮਾਤਾ ਜੀ ਨੇ ਕੁਝ ਸਾਲਾਂ ਬਾਅਦ ਮੈਨੂੰ ਸਮਝਾਇਆ ਕਿ ਮੇਰੇ ਨਾਨੀ ਜੀ ਭਗਤ ਸਿੰਘ ਦੀ ਯਾਦ ਨੂੰ ਨਹੀਂ ਭੁਲਾ ਸਕੇ ਜਦ ਕਿਸੇ ਬਚੇ ਨੂੰ ਗੋਦ ਵਿਚ ਲੈਂਦੇ ਹਨ ਤਾਂ ਭਗਤ ਸਿੰਘ ਦੇ ਮੋਹ ਵਿਚ ਬੇਹਬਲ ਹੋ ਕੇ ਇਸੇ ਤਰਾਂ ਭਾਵਕ ਹੋ ਜਾਂਦੇ ਹਨ ।

ਮੇਰੇ ਮਾਤਾ ਜੀ ਬਰਮਾਂ ਨੂੰ ਚਲੇ ਗਏ ਅਤੇ ਮੈਂ ਆਪਣੀ ਵਡੀ ਭੈਣ ਦੇ ਘਰ ਕੁਠਾਰ ਰਹਿਣ ਲਗ ਪਿਆ । ਉਹ ਸਾਰਾ ਪ੍ਰਿਵਾਰ ਦੇਸ਼ ਭਗਤੀ ਵਿਚ ਰੰਗਿਆ ਹੋਇਆ ਸੀ ਅਤੇ ਕਾਂਗਰਸ ਦੇ ਸਰਕਰਦਾ ਮੈਂਬਰ ਸਨ ਕੁਠਾਰ ਵਿਚੋਂ ਹੋਰ ਬਹੁਤ ਸਾਰੇ ਆਦਮਪੁਰ ਖਦਰ ਭੰਡਾਰ ਵਿਚ ਇਕਠੇ ਚਰਖਾ ਕਤਣ ਵੀ ਜਾਇਆ ਕਰਦੇ ਸਨ ।ਇਕ ਦਿਨ ਮੈਂ ਇਕ ਆਲਾ ਫੋਲਿਆ ਤਾਂ ਮੇਰੇ ਹਥ ਇਕ ਕਿਸਾ ਆ ਗਿਆ ਜੋ ਰਮਤੇ ਨੇ ਭਗਤ ਸਿੰਘ ਬਾਰੇ
ਲਿਖਿਆ ਹੋਇਆ ਸੀ ਉਹ ਕਿਸਾ ਸਰਕਾਰ ਨੇ ਬੈਨ ਕੀਤਾ ਹੋਇਆ ਸੀ ਮੇਰੇ ਭੈਣ ਦੀ ਸਸ ਨੇ ਮੇਰੇ ਪਾਸੋਂ ਕਿਸਾ ਲੈ ਕੇ ਕਿਤੇ ਹੋਰ ਛੁਪਾ ਦਿਤਾ। ਕੁਝ ਲਾਈਨਾ ਹਾਲੇ ਤਕ ਯਾਦ ਹਨ।

ਸਾਈਮਨ ਸੋਚਦਾ ਕੁਰਸੀਆਂ ਹੇਠ ਬੈਠਾ ਕਿਥੇ ਮਾਰਿਆ ਘੇਰ ਖੁਦਾ ਮੈਨੂੰ ,ਠੰਢੀ ਹਵਾ ਇੰਗਲੈਂਡ ਦੀ ਫਕਦੇ ਨੂੰ ਭਾਵੀ ਟੱਬਰੋਂ ਕੀਤਾ ਜੁਦਾ ਮੈਨੂੰ
ਹਾਏ ਮੇਂਮ ਸਾਹਿਬਾ ਵੇਲੇ ਅੰਤ ਦੇ ਆ ਤੂੰ ਵੀ ਦੇਖ ਲਮੈਂ ਜਾਂਦੇ ਰਾਹ ਮੈਨੂੰ ਮੇਰੇ ਬਚਿਓ ਬਾਪੂ ਜੀ ਚਲਿਆ ਏ ਰਿਹਾ ਨਿਤ ਪਿਆਰ ਦਾ ਚਾ ਮੈਨੂੰ

ਮੁਕਦਮੇ ਦੋਰਾਨ

ਮੈਮੋਰੀਅਲ ਲੋਕਾਂ ਨੇ ਬਹੁਤ ਭੇਜੇ ਭਗਤ ਸਿੰਘ ਨੂੰ ਫਾਂਸੀ ਤੇ ਚਾੜ੍ਹਿਓ ਨਾ ਸਾਡੇ ਸੜਦਿਆਂ ਦਿਲਾਂ ਨੂੰ ਹੋਰ ਰਮਤਾ ਤੇਲ ਮਿਟੀ ਦਾ ਪਾ ਕੇ ਸਾੜਿਓ ਨਾ ।

ਸਾਰੇ ਦੇਸ਼ ਵਿਚ ਹਾ ਹਾ ਕਾਰ ਮਚੀ ਹੋਈ ਸੀ ਪਰ ਗਾਂਧੀ ਜੀ ਨੇ ਇਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸਿਰ ਫਿਰੇ ਆਖ ਕੇ ਹੀ ਸਾਰ ਲਿਆ ਸੀ । ਸ਼ਰੀਕ ਉਜੜੇ ਤੇ ਵੇਹੜਾ ਮੌਕਲਾ ਦਾ ਮੁਹਾਵਰਾ ਗਾਂਧੀ ਜੀ ਵਰਗਿਆਂ ਤੇ ਬੜਾ ਢੁੱਕਦਾ ਹੈ ।
ਮੇਰੇ ਬੈਹਨੋਈ ਦੇ ਵਡੇ ਭਰਾ ਸ: ਬਖਸ਼ੀਸ਼ ਸਿੰਘ ਨੇ ਸ਼ਾਦੀ ਨਹੀਂ ਸੀ ਕਰਵਾਈ ਉਹ ਜਾਂ ਤਾਂ ਜੇਲ ਵਿਚ ਹੁੰਦਾ ਸੀ ਜਾਂ ਅੰਡਰ ਗਰਾਊਂਡ ਬਾਅਦ ਵਿਚ ਹਜ਼ਾਰਾ ਸਿੰਘ ਬਬਰ ਮੰਡੇਰਾਂ ਵਾਲਿਆਂ ਦੀ ਸਪੁਤ੍ਰੀ ਸਰਦਾਰਨੀ ਪਰੀਤਮ ਕੋਰ ਮੇਰੀ ਭੈਣ ਦੀ ਜਠਾਣੀ ਬਣ ਕੇ ਆ ਗਈ ਤਾਂ ਹਜ਼ਾਰਾ ਸਿੰਘ ਬਬਰ ਨਾਲ ਵੀ ਮਿਲਣ ਦਾ ਸੁਭਾਗ ਪਰਾਪਤ ਹੋਇਆ । ਇਹ ਗਲਾਂ ਦਸਣ ਦਾ ਮੇਰਾ ਭਾਵ ਹੈ ਕਿ ਜੋ ਕੁਝ ਮੈਂ ਉਹਨਾਂ ਪਾਸੋਂ ਸੁਣਿਆਂ ਤੁਹਾਡੇ ਨਾਲ ਸਾਂਝਾ ਕਰ ਸਕਾਂ ।

ਭਗਤ ਸਿੰਘ ਦੇ ਮਾਤਾ ਜੀ ਗੁਰੂੁ ਸਾਹਿਬਾਨ ਦੇ ਮਿਸ਼ਨ ਤੋਂ ਪੂਰੇ ਸੁਚੇਤ ਸਨ । ਅਜੀਤ ਸਿੰਘ ਜੀ ਦੀ ਧਰਮ ਪਤਨੀ ਬਾਰੇ ਮੇਰੇ ਨਾਨੀ ਜੀ ਦਸਦੇ ਸਨ ਕਿ ਘਰ ਵਿਚ ਨਿਤ ਨੇਮ ਦੀ ਜ਼ਿਮੇਵਾਰੀ ਉਸ ਦੀ ਸੀ ।ਹਜ਼ਾਰਾ ਸਿੰਘ ਬਬਰ ਵੀ ਭਗਤ ਸਿੰਘ ਨੂੰ ਜ੍ਹੇਲ ਦੋਰਾਨ ਮਿਲਿਆ ਸੀ ਉਹਨਾਂ ਦੇ ਦਸਣ ਮੁਤਾਬਕ ਰਣਧੀਰ ਸਿੰਘ ਅਤੇ ਭਗਤ ਸਿੰਘ ਇਕ ਦੂਸਰੇ ਦੀ ਗਲ ਬੜੇ ਧਿਆਨ ਨਾਲ ਸੁਣਦੇ ਸਨ ਰਣਧੀਰ ਸਿੰਘ ਭਗਤ ਸਿੰਘ ਨਾਲ ਬੇਹਦ ਪਿਆਰ ਕਰਦੇ ਸਨ ਅਤੇ ਭਗਤ ਸਿੰਘ ਵੀ ਰਣਧੀਰ ਸਿੰਘ ਹੋਰਾਂ ਦਾ ਬਹੁਤ ਸਤਕਾਰ ਕਰਦਾ ਸੀ ।ਰਣਧੀਰ ਸਿੰਘ ਹੋਰਾਂ ਵਿਚ ਆਪਣੀ ਗਲ ਸਮਝਾਉਣ ਦੀ ਸਮਰੱਥਾ ਸੀ । ਅਤੇ ਭਗਤ ਸਿੰਘ ਪਾਸ ਸੁਣਨ ਸਮਰੱਥਾ । ਉਹ ਇਹ ਵੀ ਦਸਦੇ ਸਨ ਕਿ ਭਗਤ ਸਿੰਘ ਦੀ ਕੇਸ ਕਟਾਉਣ ਦੀ ਮਜਬੂਰੀ ਨਾਲ ਰਣਧੀਰ ਸਿੰਘ ਸੈਹਮਤ ਸਨ। ਭਗਤ ਸਿੰਘ ਨੇ ਅਗੋਂ ਤੋਂ ਕੇਸ ਨਾਂ ਕਟਾਉਣ ਦੀ ਗਲ ਮਨ ਵੀ ਲਈ ਸੀ ।ਕਈ ਦਫਾ ਜਦ ਬਬਰ ਹਜ਼ਾਰਾ ਸਿੰਘ ਦੀ ਕਹੀ ਗਲ (ਗਾਂਧੀ, ਨੈਹਰੂ ਹੋਰਾਂ ਦਾ ਗਰੁਪ ਉਪਰੋਂ ਕੁਝ ਹੋਰ ਨੇ ਅਤੇ ਅੰਦਰੋਂ ਕੁਝ ਹੋਰ ਨੇ । ਇਹਨਾ ਦਾ ਇਤਬਾਰ ਕਰਨ ਵਾਲੇ ਜਦ ਹੋਸ਼ ਵਿਚ ਆਉਣਗੇ ਤਾਂ ਵੇਲਾ ਬੀਤ ਚੁਕਾ ਹੋਵੇਗਾ । ਫੇਰ ਵੇਲਾ ਵਕਤ ਬਹਾਇਆਂ ਕੀ ਬਣਦਾ ਹੈ ਪਛਤਾਇਆਂ ਵਾਲੀ ਗਲ ਹੋਵੇਗੀ ) ਚੇਤੇ ਆ ਜਾਂਦੀ ਹੈ ਤਾਂ ਸੋਚੀਂ ਪੈ ਜਾਂਦਾਂ ਹਾਂ ਉਸ ਵਕਤ ਇਹਨਾਂ ਆਗੂਆਂ ਦੀ ਸੋਚ ਤੇ ਕਿੰਤੂ ਕਰਨ ਵਾਲੇ ਤਾਂ ਸਨ ।ਪਰ ਅਜ ਦੇ ਡੇਰੇ ਦਾਰ ਸਾਧਾਂ ਵਾਂਗ ਗਾਂਧੀ ਜੀ ਦੇ ਮਹਾਤਮਾਂ ਪੁਣੇ ਦਾ ਢੌਂਗ ਸਭ ਤੇ ਭਾਰੂ ਹੋ ਨਿਬੜਦਾ ਸੀ ।ਮੈਂ ਸੁਰਜੀਤ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੀ ਕਲਮ ਰੁਕਣ ਨਾਲ ਨੁਕਸਾਨ ਹੀ ਹੋਇਆ ਹੋਵੇਗਾ ਫਾਇਦਾ ਨਹੀਂ ਹੁਣ ਅਗੇ ਤੋਂ ਇਸ ਦੀ ਰਫਤਾਰ ਨੂੰ ਮਂਧਮ ਨਾ ਪੈਣ ਦਿਓ ।

ਚੌਥਾ ਲੇਖ ( ਸ਼ਹੀਦ ਭਗਤ ਸਿੰਘ ਨਾਸਤਕ ਸੀ ) ਸੁਖਦੇਵ ਸਿੱਧੂ ਹੋਰਾਂ ਨੇ ਕੁਝ ਕਿਤਾਬੀ ਵੇਰਵਿਆਂ ਦੇ ਆਧਾਰ ਤੇ ਲਿਖਿਆ ਹੈ ।
ਸਿੱਧੂ ਹੋਰਾਂ ਨੇ ਪਹਿਲੇ ਪੈਹਰੇ ਵਿਚ ਜੋ ਗਲ ਆਖੀ ਹੈ ।ਕਿ ਭਗਤ ਸਿੰਘ ਦੀ ਵਿਚਾਰਧਾਰਾ ਦੀ ਐਹਮੀਅਤ ਬਾਰੇ ਲੋਕਾਂ ਨੂੰ ਓਨੀ ਜਾਣਕਾਰੀ ਨਹੀਂ ਹੈ ।
ਉਹਨਾਂ ਦਾ ਇਹ ਵਿਚਾਰ ਸੋਨੇ ਵਰਗਾ ਖਰਾ ਹੈ । ਪਰ ਜਿਊਂ ਜਿਊਂ ਲੇਖ ਅਗੇ ਤੁਰਦਾ ਗਿਆ ਨਾਲ ਨਾਲ ਇਹ ਵੀ ਗਲ ਸਾਫ ਹੁੰਦੀ ਗਈ ਕਿ ਸਿਂਧੁ ਜੀ ਤਾਂ ਵਾਰੀਆਂ ਲਾਹੁਣ ਵਾਲੀ ਖੇਡ ਖੇਡ ਰਹੇ ਹਨ । ਉਹਨਾਂ ਨੇ ਪੂਰਾ ਤਾਣ ਸਿਰਫ ਇਸ ਗਲ ਨੂੰ ਸਿਧ ਕਰਨ ਤੇ ਲਾਇਆ ਕਿ ਭਗਤ ਸਿੰਘ ਸਿਖ ਨਹੀਂ ਸੀ ।ਊੁਧਮ ਸਿੰਘ ਸਿਖ ਨਹੀਂ ਸੀ ਕਰਤਾਰ ਸਿੰਘ ਸਰਾਭਾ ਸਿਖ ਨਹੀਂ ਸੀ । ਕਈ ਵੇਰ ਤਾਂ ਕਈ ਲੇਖਕ ਸਿਰਫ ਸਿਖਾਂ ਨੂੰ ਛੁਟਿਆਉਣ ਲਈ ਗਦਰੀ ਬਾਬਿਆਂ ਨੂੰ ਵੀ ਕਾਮਰੇਡ ਬਣਾ ਧਰਦੇ ਹਨ ਜਦ ਕਿ ਗਦਰੀ ਬਾਬਿਆਂ ਦੀ ਬੁਹ ਗਿਣਤੀ ਅਮ੍ਰਤਧਾਰੀ ਸਿਖ ਸਨ ਗਦਰ ਪਾਰਟੀ ਦਾ ਵਾਈਸ ਪਰਧਾਨ ਬਰਕਤਉਲਾ ਇਕ ਮੌਲਵੀ ਸੀ।ਗਦਰ ਪਾਰਟੀ ਵਿਚ ਸਿਖਾਂ ਦੀ ਬੁਹ ਗਿਣਤੀ ਹੋਣ ਦੇ ਬਾਵਜੂਦ ਉਹਨਾਂ ਦਾ ਨਿਸ਼ਾਨਾ ਧਰਮ ਪਰਚਾਰ ਕਰਨਾ ਨਹੀਂ ਸੀ ਨਾਂ ਹੀ ਕੋਈ ਗੁਰਦਵਾਰਾ ਉਸਾਰਨ ਦਾ ਪਰੋਗਰਾਮ ਸੀ ਉਹ ਤਾਂ ਦੇਸ਼ ਦੇ ਸਚੇ ਸਪੂਤ ਦੇਸ਼ ਭਗਤ, ਆਜ਼ਾਦੀ ਦੇ ਪਰਵਾਨੇ ਸਨ ।

ਜੇ ਭਗਤ ਸਿੰਘ ਸਿਖ ਨਹੀਂ ਸੀ ਤਾਂ ਕੋਣ ਸੀ । ਇਸ ਸਵਾਲ ਦਾ ਉਤਰ ਤਾਂ ਸਿੱਧੂ ਹੋਰਾਂ ਦੇ ਲੇਖ ਚੋ ਹੀ ਲਭ ਜਾਂਦਾ ਹੈ । ਉਹ ਲਿਖਦੇ ਹਨ ( ੳਹਨਾਂ ਦਾ ਬਾਬਾ ਅਰਜਣ ਸਿੰਘ ਆਰੀਆ ਸਮਾਜੀ ਪਰਭਾਵ ਹੇਠ ਆ ਕੇ ਅੰਧ ਵਿਸ਼ਵਾਸ਼ , ਛੂਤ ਛਾਤ ਤੋਂ ਮੁਕਤ ਹੋ ਗਿਆ ਸੀ )। ਆਰੀਆ ਸਮਾਜ ਦਾ ਗੱਠਨ ਪੰਜਾਬ ਵਿਚ 1875,1877 ਦੌਰਾਨ ਹੋਇਆ। ਅਤੇ ਗੁਰੂ ਕਾਲ ਦਾ ਸਮਾਂ ਹੈ 1469 ਤੋਂ 1708 ਤਕ ।ਇਸ ਤੋਂ ਸਾਫ ਹੋ ਜਾਂਦਾ ਹੈ ਕਿ ਪੰਜਾਬ ਵਿਚ ਛੂਤ ਛਾਤ ਅਤੇ ਵਰਣ ਵੰਡ ਦੇ ਖਿਲਾਫ ਬਿਗਲ ਆਰੀਆ ਸਮਾਜ ਦੇ ਗਠਨ ਤੋਂ 407 ਸਾਲ ਪਹਿਲਾਂ ਬਜ ਚੁਕਾ ਸੀ । ਗੁਰੂ ਬਾਬਾ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਮੁਹਿਮ ਨੂੰ 9 ਗੁਰੂ ਸਾਹਿਬਾਨ ਨੇ ਅਮਲੀ ਜਾਮਾਂ ਪਹਿਨਾਇਆ ਸਾਂਝਾ ਲੰਗਰ ਸਾਂਝਾ ਗਰੰਥ ਸਾਂਝਾ ਮੰਦਰ ਇਥੋ ਤਕ ਕੇ ਖਾਲਸੇ ਦੀ ਸੁਪਰੀਮ ਬੋਡੀ ਪੰਜ ਪਿਆਰੇ ਵੀ ਪੰਜਾਂ ਜਾਤੀਆਂ ਵਿਚੋਂ ਪੰਜਾਂ ਦਿਸ਼ਾਵਾਂ ਵਿਚੋ ਲਏ ਗਏ । ਸ: ਅਰਜਣ ਸਿੰਘ ਹੋਰ ਬਹੁਤ ਸਾਰੇ ਪੰਜਾਬੀਆਂ ਸਮੇਤ ਸਿਖ ਫਿਲਾਸਫੀ ਅਪਨਾ ਕੇ ਜ਼ਾਤ ਪਾਤ ਅਤੇ ਛੂਤ ਛਾਤ ਦੇ ਕੋਹੜ ਤੋਂ ਤਾਂ ਛੁਟਕਾਰਾ ਪਾ ਚੁਕੇ ਸਨ ਪਰ ਬਰਾਹਮਣ ਦੇ ਚੁੰਗਲ ਚੋਂ ਹਾਲੇ ਪੂਰੀ ਤਰਾਂ ਨਹੀਂ ਨਿਕਲ ਸਕੇ ਸਨ । ਹਰ ਨਗਰ ਨੇ ਘਟੋ ਘਟ ਇਕ ਟੱਬਰ ਐਸਾ ਬਸਾਇਆ ਹੋਇਆ ਸੀ ਜਿਸ ਨੂੰ ਮਿਸਰ (ਮਿਸਰ ਤੋਂ ਆਏ ਹੋਏ ) ਕਿਹਾ ਜਾਂਦਾ ਸੀ । ਚੰਗੇ ਮੰਦੇ ਮਹੂਰਤ ਸ਼ਗਨ ਅਪਸ਼ਗਨ ਕੂੰਡਲੀਆਂ ਦੇ ਮੇਲ ਇਥੋਂ ਤਕ ਕੇ ਨਗਰ ਨਿਵਾਸੀ ਫਸਲ ਬੀਜਣ ਵੇਲੇ ਵੀ ਪੰਡਤ ਤੋਂ ਪੁਛਣ ਜਾਇਆ ਕਰਦੇ ਸਨ। ਸਿਖ ਰਾਜ ਦੇ ਖਤਮ ਹੋਣ ਨਾਲ ਸਿਖ ਪੰਥ ਨੂੰ ਬੁਹਤ ਵਡਾ ਧਕਾ ਲਗਾ ਸਿਖਾਂ ਦੇ ਧਾਰਮਕ ਅਸਥਾਂਨਾ ਤੇ ਮਹੰਤ ਕਾਬਜ਼ ਹੋ ਗਏ ਹਰਮੰਦਰ ਸਾਹਿਬ ਦੀਆਂ ਪਰਕਰਮਾਂ ਵਿਚ ਵੀ ਮੂਰਤੀਆਂ ਸਥਾਪਤ ਕਰ ਦਿਤੀਆਂ ਗਈਆਂ ਇਹਨਾਂ ਹਾਲਾਤ ਵਿਚ ਸਿਖ ਧਰਮ ਨੂੰ ਅਪਨਾਉਣ ਵਾਲੇ ਬਹੁਤ ਸਾਰੇ ਪ੍ਰਿਵਾਰ ਇਕ ਅਧੋ ਗਤੀ ਵਿਚ ਗੁਜ਼ਰ ਰਹੇ ਸਨ ਉਹਨਾਂ ਨੇ ਇਕ ਸਨਾਤਨ ਸਿਖ ਸਮਾਜ ਦੀ ਸਥਾਪਨਾ ਕੀਤੀ ਅਗਰ ਭਗਤ ਸਿੰਘ ਦੇ ਭਧਨ ਹੋਏ ਹਨ ਤਾਂ ਉਸ ਦਾਂ ਵੀ ਇਹੋ ਕਾਰਨ ਸੀ ।

ਆਰੀਆ ਸਾਮਾਜ ਵਾਲੇ ਵੇਦਾਂਤੀ ਮਤ ਦਾ ਪਰਚਾਰ ਕਰ ਰਹੇ ਸਨ । ਸਿਖ ਧਰਮ ਤੇ ਤੇਹਰਾ ਹਮਲਾ ਸੀ ਇਕ ਸੀ ਇਸਲਾਮੀ ਮੁਲਾਣਿਆਂ ਵਲੋਂ ਦੂਜਾ ਸੀ ਕ੍ਰਿਸ਼ਚੀਅਨ ਪਾਦਰੀਆਂ ਵਲੋਂ ਅਤੇ ਤੀਜਾ ਅਤੇ ਸਭ ਤੋਂ ਖਤਰਨਾਕ ਹਮਲਾ ਸੀ ਆਰੀਆ ਸਮਾਜ ਵਲੋਂ ।ਨਾਲ ਹੀ ਮੈਂ ਇਹ ਵੀ ਦਸ ਦੇਣਾ ਚਾਹਾਂਗਾ ਕਿ ਕੁਝ ਸੂਝਵਾਨ ਆਰੀਆਂ ਸਮਾਜ ਵਾਲਿਆਂ ਨੇ ਸਿਖ ਫਿਲਾਸਫੀ ਪੜ੍ਹਨ ਉਪਰੰਤ ਸਿਖ ਗੁਰੂ ਸਾਹਿਬਾਨ ਅਤੇ ਗੁਰੂ ਗਰੰਥ ਸਾਹਿਬ ਦੇ ਪਰਚਾਰ ਨੂੰ ਬੰਧਨ ਮੁਕਤ ਕਿਹਾ ਅਤੇ ਪਰਚਾਰਿਆ । ਦੋਲਤ ਰਾਮ ਆਪਣੀ 1932 ਵਿਚ ਛਪੀ ਕਿਤਾਬ ਵਿਚ ਗੁਰੂ ਗੋਬਿੰਦ ਸਿੰਘ ਦੀ ਤੁਲਨਾਂ ਕਰਦਾ ਉਹ ਗੁਰੂ ਗੋਬਿੰਦ ਸਿੰਘ ਨੂੰ ਸਚਾ ਦੇਸ਼ ਭਗਤ ਲਿਖਦਾ ਹੈ । ਸਨ 1902 ਵਿਚ ਚੀਫ ਖਾਲਸਾ ਦੀਵਾਨ ਹੌਂਦ ਵਿਚ ਆਉਣ ਨਾਲ ਸਿਖ ਪੰਥ ਕੁਝ ਸੰਭਲ ਸਕਿਆ ਚੀਫ ਖਾਲਸਾ ਦੀਵਾਨ ਸੋਸਾਇਟੀ ਨੇ ਅਨੰਦ ਮੈਰਜ ਐਕਟ 1905 ਪਾਸ ਕਰਵਾਇਆ ਫੇਰ ਵੀ ਬਹੁਤ ਦੇਰ ਤਕ ੰਿਪਡਾਂ ਵਿਚ ਵੇਦਕ ਰੀਤਾਂ ਨਾਲ ਵਿਆਹ ਸ਼ਾਦੀਆਂ ਹੁੰਦੇ ਰਹੇ ।

ਭਗਤ ਸਿੰਘ ਦੇ ਪਿਤਾ ਜੀ ਸ: ਕਿਸ਼ਨ ਸਿੰਘ ਆਰੀਆ ਸਮਾਜ ਨੂੰ ਤਿਆਗ ਚੁਕੇ ਸਨ ਪਰ ਇਹਨਾਂ ਦੀ ਅਲ ਆਰੀਆ ਸਮਾਜੀਏ ਪੈ ਚੁਕੀ ਸੀ ਭਗਤ ਸਿੰਘ ਨੇ ਕੇਸ ਰਖੇ ਪਗੜੀ ਬਧੀ ਹਾਂ ਅਗਰ ਉਸਨੂੰ ਮੋਰਚਿਆ ਵੇਲੇ ਚਾਹ ਪਾਣੀ ਦੀ ਸੇਵਾ ਕਰਦੇ ਦਿਖਾਲਦੇ ਹਨ ਇਸ ਵਿਚ ਬੁਰਾਈ ਵੀ ਕੀ ਹੈ ਭਗਤ ਸਿੰਘ ਹਰ ਉਸ ਲੜਾਈ ਲਈ ਤਿਆਰ ਸੀ ਜੋ ਅੰਗਰੇਜ਼ ਹਕੂਮਤ ਦੇ ਖਿਲਾਫ ਲੜੀ ਜਾ ਰਹੀ ਸੀ ਗੁਰਦਵਾਰਿਆਂ ਨੂੰ ਅੰਗਰੇਜ਼ ਪਿਠੂ ਮਹੰਤਾਂ ਤੋ ਆਜ਼ਾਦ ਕਰਵਾਉਣਾ ਵੀ ਜੰਗੇ ਆਜ਼ਾਦੀ ਦਾ ਹੀ ਇਕ ਹਿਸਾ ਸੀ ਪੰਡਤ ਜਵਾਹਰ ਲਾਲ ਨੈਹਰੂ ਨੇ ਖੁਦ ਜੈਤੋ ਦੇ ਮੋਰਚੇ ਦੌਰਾਨ ਜੇਲ ਕਟੀ ਹੈ । ਗੁਰਦਵਾਰਿਆਂ ਦੀ ਜੰਗ ਜਿਤਣ ਤੇ ਮਹਾਤਮਾਂ ਗਾਂਧੀ ਨੇ ਸਿਖਾਂ ਨੂੰ ਵਧਾਈ ਦਿੰਦੇ ਆਖਿਆ ਸੀ ਕਿ ਸਿਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿਤ ਲਈ ਹੈ ।


ਆਰੀਆ ਸਮਾਜ ਬਣਾਉਣ ਦਾ ਸੁਪਨਾਂ ਸੁਆਮੀ ਦਇਆ ਨੰਦਾ ਨੇ 1869 ਵਿਚ ਲਿਆ ਸੀ ਉਸਦਾ ਮਕਸਦ ਦੇਸ਼ ਵਿਚ ਕੁਝ ਸਕੂਲ ਬਣਾ ਕੇ ਵੇਦਕ ਧਰਮ ਦੇ ਪਰਚਾਰਕ ਤਿਆਰ ਕਰਨਾ ਸੀ ਉਸਨੇ ਗੁਜਰਾਤ ਵਿਚ ਕੁਝ ਸਕੂਲ ਬਣਾਏ ਵੀ ਪਰ ਉਹ ਮਾਇਕ ਥੁੜੋਂ ਛੇਤੀ ਹੀ ਬੰਦ ਹੋ ਗਏ ਪਰ ਉਸਨੇ ਹਿੰਮਤ ਨਹੀਂ ਹਾਰੀ ਆਖੀਰ ਆਰੀਆ ਸਮਾਜ ਬਣਾਉਣ ਵਿਚ ਸਫਲ ਹੋ ਗਿਆ ਅਤੇ ਸਕੂਲ ਵੀ ਬਣ ਗਏ ।ਡੀ. ਏੇ. ਵੀ. ਕਾਲਜ ਦੇ ਕਰਤਾ ਧਰਤਾ ਵੀ ਆਰੀਆ ਸਮਾਜ ਸੀ ਉਥੇ ਪੜ੍ਹਨ ਵਾਲਿਆਂ ਨੂੰ ਗਾਇਤਰੀ ਦਾ ਪਾਠ ਅਤੇ ਹੋਰ ਵੇਦਕ ਰਸਮਾਂ ਵੀ ਸਿਖਾਈਆਂ ਜਾਂਦੀਆਂ ਸਨ ।

ਅਜ਼ਾਦੀ ਤੋਂ ਬਾਅਦ ਕਾਮਰੇਡਾਂ ਨੇ ਕਿਸਾਨੀ ਨੂੰ ਮੁਖ ਰਖਕੇ ਇਕ ਮੋਰਚਾ ਲਾਇਆ । ਪੰਜਾਬ ਦੇ ਲੋਕਾਂ ਨੂੰ ਨਾਲ ਰਲਾਉਣ ਲਈ ਗੁਮਰਾਹ ਕੁਨ ਪਰਚਾਰ ਸ਼ੁਰੂ ਕੀਤਾ ਆਖਣ ਪਾਣੀ ਵਿਚੋਂ ਬਿਜਲੀ ਤਾਂ ਭਾਖੜਾ ਡੈਮ ਤੇ ਕਢ ਲਈ ਅਤੇ ਆਹ ਫੋਕਾ ਪਾਣੀ ਪੰਜਾਬ ਦੇ ਕਿਰਸਾਨਾ ਨੂੰ ਦਿਤਾ ਜਾ ਰਿਹਾ ਹੈ । ਜਿਸ ਦਾ ਫਸਲਾਂ ਨੂੰ ਉਕਾ ਕੋਈ ਫਾਇਦਾ ਨਹੀਂ । ਕੀ ਭਗਤ ਸਿੰਘ ਨੂੰ ਕਾਮਰੇਡਾਂ ਦੀ ਸਫਾਂ ਵਿਚ ਖੜਿਆਂ ਕਰਨ ਵਾਲੇ ਉਸ ਦੇ ਹੁੰਦੇ ਹੋਇਆਂ ਇਹੋ ਜਿਹਾ ਭਦਾ ਮਜ਼ਾਕ ਕਰ ਸਕਦੇ ਸਨ ।

ਜੇ ਭਗਤ ਸਿੰਘ ਨੇ ਚੀਫ ਵਾਰਡਨ ਦੇ ਕਹੇ ਤੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਤਾਂ ਉਸ ਨੂੰ ਸਿਖੀ ਚੋਂ ਖਾਰਜ ਕਰ ਦੇਣ ਵਾਲੇ ਭਗਤ ਸਿੰਘ ਨਾਲ ਇਨਸਾਫ ਨਹੀਂ ਕਰ ਰਹੇ । ਉਸ ਦੇ ਇਸ਼ਟ ਦੇਵ ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਚਾਰ ਸਾਹਿਬਜ਼ਾਦੇ ਜੇ ਹਸਦੇ ਹਸਦੇ ਆਜ਼ਾਦੀ ਲਈ ਜਾਂਨਾ ਵਾਰ ਸਕਦੇ ਹਨ ਤਾਂ ਊਧਮ ਸਿੰਘ ,ਕਰਤਾਰ ਸਿੰਘ ਅਤੇ ਭਗਤ ਸਿੰਘ ਕਿਊਂ ਪਿਛੇ ਰਹਿੰਦੇ । ਉਹਨਾਂ ਸੂਰਮਿਆਂ ਨੇ ਗੁਰੂ ਦਰਸਾਏ ਰਾਹ ਤੇ ਚਲ ਕੇ ਇਹ ਸਾਬਤ ਕਰ ਦਿਖਾਇਆ ਕਿ ਸਿਖ ਧਰਮ ਦਾ ਧੁਰਾ ਮਿਥਹਾਸ ਨਹੀਂ ਗੁਰੂ ਦੇ ਸਿਖ ਇਤਹਾਸ ਸਿਰਜਦੇ ਹਨ ਅਤੇ ਸਿਰਜਦੇ ਰਹਿਣਗੇ ।

ਸਿੱਧੂ ਹੋਰਾਂ ਕਰਤਾਰ ਸਿੰਘ ਦੇ ਸਿਰ ਤੇ ਪਗ ਬਨਣ ਦੀ ਗਲ ਕੀਤੀ ਹੈ ।ਕਿਸੇ ਨੂੰ ਪਗ ਭੇਟ ਕਰਨਾਂ ਉਸਦੀ ਇਜ਼ਤ ਕਰਨਾ ਹੈ । ਪਗ ਬਨਣ ਨਾਲ ਕੋਈ ਸਿਖ ਨਹੀਂ ਹੋ ਜਾਂਦਾ ਪਗ ਮੁਸਲਮਾਨ ਵੀ ਬਨ੍ਹਦੇ ਹਨ ਅਤੇ ਹਿੰਦੂ ਵੀ । ਪਗ ਦਾ ਜ਼ਿਕਰ ਬਾਈਬਲ ਵਿਚ ਵੀ ਆਉਂਦਾ ਹੈ ਕਿ ਰਬ ਨੇ ਹਜ਼ਰਤ ਮੂਸਾ ਨੂੰ ਹਦਾਇਤ ਕੀਤੀ ਕਿ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਕਪੜੇ ਦਾ ਜਾਂਗੀਆ ਕਪੜੇ ਦਾ ਕੋਟ ਅਤੇ ਕਪੜੇ ਦੀ ਪਗ ਬੱਨਣ ਉਪਰੰਤ ਹੀ ਮੰਦਰ ਵਿਚ ਆਵੇ


ਉਸ ਤੋਂ ਅਗਲਾ ਸਵਾਲ ਊਧਮ ਸਿੰਘ ਤੇ ਉਠਾਇਆ ਹੈ ਕਿ ਉਸ ਦੇ ਸਾਮਾਨ ਵਿਚੋਂ ਸਿਗਰਟਾਂ ਵੀ ਨਿਕਲੀਆਂ ਸਨ । ਭੋਲੇ ਬਾਦਸ਼ਾਹੋ ਉਸ ਦੇ ਮਿਸ਼ਨ ਵਲ ਜ਼ਰਾ ਧਿਆਨ ਮਾਰੋ ਕਿਡਾ ਕਠਨ ਮਿਸ਼ਨ ਸੀ ।ਉਸ ਨੂੰ ਸਫਲ ਕਰਨ ਲਈ ਉਸ ਨੇ ਕੀ ਕੀ ਪਾਪੜ ਵੇਲੇ ਹੋਣਗੇ । ਇਕ ਪਾਸੇ ਤਾਕਤਵਰ ਹਕੂਮਤ ਬਰਤਾਨੀਆਂ ਦੀ ਸੀ. ਆਈ. ਡੀ. ਦੂਜੇ ਪਾਸੇ ਉਹ ਕਲ ਮੁਕਲਾ ਫੇਰ ਵੀ ਉਹ ਆਪਣੇ ਪਰੋਗਰਾਮ ਵਿਚ ਸਫਲ ਹੋ ਗਿਆ ਜਦਕਿ ਅਜ ਸਾਡੇ ਬਹੁਤ ਸਾਰੇ ਨੋਜਵਾਨ ਤਾਂ ਗੋਰੀਆਂ ਦੀ ਕੰਪਨੀ ਲਈ ਹੀ ਬਾਰਾਂ ਵਿਚ ਜਾ ਕੇ ਸਿਗਰਟ ਦੇ ਸੂਟੇ ਲਾ ਲੈਂਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿਖਾਂ ਨੂੰ ਸੰਸਕ੍ਰਿਤ ਦੀ ਵਿਦਿਆ ਪਰਾਪਤ ਕਰਨ ਲਈ ਕਾਸ਼ੀ ਭੇਜਿਆ ਸੀ ।ਜੇ ਭਗਤ ਸਿੰਘ ਲੈਨਨ ਜਾਂ ਕਾਰਲਮਾਰਕਸ ਜਾਂ ਹੋਰ ਦੇਸ਼ਾਂ ਦੀ ਆਜ਼ਾਦੀ ਦੀ ਜਦੋ ਜਹਿਦ ਦੀ ਜਾਣਕਾਰੀ ਕਰਨੀ ਚਾਹੁੰਦਾ ਸੀ ਤਾਂ ਉਹ ਆਪਣੇ ਗੁਰੂ ਦਾ ਹੁਕਮ ਹੀ ਤਾਂ ਬਜਾ ਰਿਹਾ ਸੀ ਭੇਖਧਾਰੀਆਂ ਦੀ ਕਤਾਰ ਵਿਚ ਉਹ ਆਪਣੇ ਆਪ ਨੂੰ ਖੜਾ ਕਰਨ ਦੀ ਬਜਾਏ ਜੇ ਉਸਨੇ ਆਪਣੇ ਆਪ ਨੂੰ ਨਾਸਤਕ ਕੈਹ ਦਿਤਾ ਤਾਂ ਕੀ ਲੋਹੜਾ ਆ ਗਿਆ । ਇਨਸਾਨੀ ਜੀਵਨ ਨੂੰ ਖੁਸ਼ਗਵਾਰ ਬਣਾਉਣ ਅਤੇ ਸੰਸਾਰ ਭਰ ਵਿਚ ਜੋ ਉਨਤੀ ਹੋਈ ਹੈ ਉਸ ਵਿਚ ਧਰਮ ਦਾ ਬਹੁਤ ਵਡਾ ਯੋਗਦਾਨ ਹੈ ।

ਕਲਾ ਲੈਨਨ ਦਾ ਜੀਵਨ ਪੜ੍ਹਨ ਨਾਲ ਜਾਂ ਕਾਰਲਮਾਰਕਸ ਦੀ ਫਿਲਾਸਫੀ ਪੜ੍ਹਨ ਨਾਲ ਭਗਤ ਸਿੰਘ ਤੇ ਕਾਮਰੇਡ ਹੋਣ ਦਾ ਲੇਬਲ ਲਾ ਦੇਣਾ ਵੀ ਉਸ ਨਾਲ ਬੇਇਨਸਾਫੀ ਹੈ ।ਧਰਮ ਨੂੰ ਵੀ ਇਕ ਕੋਟ ਨਾਂ ਸਮਝੋ ਕਿ ਜਿਸ ਨੇ ਪਾ ਲਿਆ ਉਹ ਧਰਮੀ ਹੋ ਗਿਆ ਜਾਂ ਉਚੀ ਉਚੀ ਮੰਤਰ ਜਾਂ ਕੋਈ ਪਾਠ ਕਰ ਲਿਆ ਉਹ ਧਰਮੀ ਹੋ ਗਿਆ।ਸਿਖ ਧਰਮ ਤਾਂ ਜੀਵਨ ਦੀ ਜਾਂਚ ਸਿਖਾਉਂਦਾ ਹੈ ਸਰਬਤ ਦੇ ਭਲੇ ਦੀ ਗਲ ਕਰਦਾ ਹੈ ਅਣਖ ਨਾਲ ਜੀਣਾ ਸਿਖਾਲਦਾ ਹੈ , ਸਿਖ ਧਰਮ ਸੰਗਤ ਦਾ ਧਰਮ ਹੈ ਇਕ ਇਕਲੇ ਦੀ ਮੁਕਤੀ ਦੀ ਇਸ ਵਿਚ ਕੋਈ ਥਾਂਹ ਨਹੀਂ ਬਲਕਿ ਸਮੁਚੇ ਸਮਾਜ ਦੇ ਕਲਿਆਂਣ ਦੀ ਗਲ ਕਰਦਾ ਹੈ ਉਸ ਕਲਿਆਣ ਲਈ ਸਭ ਤੋਂ ਪਹਿਲਾ ਸਬਕ ਉਦੱਮ ਹੈ ਵੰਡ ਛਕਣਾ ਹੈ ।
ਸ ਭਗਤ ਸਿੰਘ ਦੀ ਡਾਇਰੀ ਦੇ ਪੰਨੇ ਪੁਕਾਰ ਪੁਕਾਰ ਕੇ ਇਹੋ ਗਲ ਤਾਂ ਕਰ ਰਹੇ ਹਨ । ਭੇਖ ਧਾਰੀਆਂ ਨੂੰ ਸਮਝਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵੇਰ ਗਧੇ ਤੇ ਸ਼ੇਰ ਦੀ ਖਲ ਪੁਆ ਦਿਤੀ ਤਾਂ ਹਰ ਕੋਈ ਉਸ ਤੋਂ ਡਰ ਰਿਹਾ ਸੀ ਪਰ ਜਦ ਉਹ ਹੀਘੰਣ ਲਗਾ ਤਾਂ ਲੋਕਾਂ ਨੇ ਕੁਟ ਕੁਟ ਕੇ ਮਾਰ ਦਿਤਾ ।ਤਾਂ ਗੁਰੂ ਸਾਹਿਬ ਨੇ ਫੁਰਮਾਇਆ ਸੀ

“ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਡਾਲ ਨਰਕ ਮੇਂ ਦੀਨ ।“
ਅੰਤ ਵਿਚ ਮੈਂ ਸੁਖਦੇਵ ਜੀ ਅਗੇ ਬੇਨਤੀ ਕਰਾਂ ਗਾ ਕਿ ਅਗਲੀ ਵੇਰੀ ਜਦੋਂ ਕਲਮ ਚੁਕਣ ਤਾਂ ਆਪਣੇ ਮੁਦੇ ਨੂੰ ਕਿਸੇ ਇਕ ਗਰੁਪ ਦੀ ਐਨਕ ਵਿਚ ਦੀ ਨਾਂ ਦੇਖਣ। ਕਲਮ ਦਾ ਧਰਮ ਨਿਭਾਉਣ ਲਈ ਉਹਨਾਂ ਨੂੰ ਕੋਏਨ ਦੇ ਦੋਵੇਂ ਪਾਸੇ ਦੇਖਣੇ ਪੈਣਗੇ ।
ਘੱਗ ਵਿਕੀ ਹੋਈ ਕਲਮ ਨਾਂ ਚੰਗੀ ਫੋਕੀ ਸ਼ੋਹਰਤ ਕਰਦੀ
ਪਾਬੰਦੀਆਂ ਵਿਚ ਜਕੜੀ ਹੋਈ ਸਚ ਕੈਹਣ ਤੋਂ ਡਰਦੀ

ਰੁਕੀਆਂ ਕਲਮਾ ਵਿਕੀਆਂ ਕਲਮਾ ਪਾਬੰਦੀ ਵਿਚ ਜੱਕੜੀਆਂ ਕਲਮਾਂ
ਹੋਜਾਣ ਸਦਾ ਨਕਾਰਾ ਦੇਸ਼ ਕੌਮ ਦੀ ਬਣਤਰ ਵਿਚ,ਫੇਰ ਲੌੋਣ ਨਾਂ ਇਟਾਂ ਗਾਰਾ








ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ... ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ.......... ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ

ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ।।। ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ।।।।।ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ।।ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚੜ੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕੜਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ।
ਭਗਤ ਸਿੰਘ ਦੀ ਸੋਚ ਨਾਲ ਖਿਲਵਾੜ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋੜਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ।' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋੜ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾੜ੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫੜਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ

"ਲੋਹੜਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾੜਿਆਂ ਨਾਲ ਮਾੜੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।"

ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋੜ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ। ਜਦੋਂਕਿ ਲੋੜ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪੜ੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ।।।।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ "ਪਰਮਗੁਣੀ ਭਗਤ ਸਿੰਘ" ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ।। ਕਿਉਂ?
ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚੜ੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ। ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ " ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।" ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ......।


ਦੁਨੀਆ ਕਰੇ ਸਵਾਲ ਤੋ ਹਮ, ਕਿਆ ਜਵਾਬ ਦੇਂ……… ਲੇਖ / ਸੁਮਿਤ ਟੰਡਨ, ਆਸਟ੍ਰੇਲੀਆ

ਗੁਰਸ਼ਾਨ : ਬਚਪਨ ਦੀ ਫੁਲਵਾੜੀ ਵਿੱਚ ਖਿੜ ਰਿਹਾ ਨੰਨ੍ਹਾਂ ਗੁਲਾਬ, ਜਿਸ ਦੀਆਂ ਤੋਤਲੀਆਂ ਪੰਖੁੜੀਆਂ ‘ਚੋਂ ਹਾਲੇ ਮਾਂ ਸ਼ਬਦ ਵੀ ਸ਼ਾਇਦ ਪੂਰਨ ਰੂਪ ਵਿੱਚ ਵਿਕਸਿਤ ਨਹੀਂ ਸੀ ਹੋਇਆ ਕਿ ਸਮੇਂ ਦੇ ਰਾਕਸ਼ਸ ਨੇ ਉਸ ਨੂੰ ਖਿੜਨ ਤੋਂ ਪਹਿਲਾਂ ਹੀ ਮਿੱਧ ਕੇ ਰੱਖ ਦਿੱਤਾ । ਕਸੂਰ ਕੀ ਸੀ ਉਸ ਮਾਸੂਮ ਦਾ ? ਉੱਤਰ : ਕੋਈ ਵੀ ਨਹੀਂ ! ਇੱਕਲੌਤੀ ਔਲਾਦ ਦਾ ਬੇਵਜਾਹ ਮਾਰਿਆ ਜਾਣਾ ਮਾਂ-ਬਾਪ ਲਈ ਕਿੰਨਾ ਦੁਖਦਾਈ ਹੋ ਸਕਦਾ ਹੈ ਇਹ ਤਾਂ ਸਿਰਫ਼ ਹਾਲਾਤ ਨਜਿੱਠਣ ਵਾਲੇ ਜਾਂ ਹਾਲਾਤ ਨਜਿੱਠ ਚੁੱਕੇ ਮਾਪੇ ਹੀ ਜਾਣ ਸਕਦੇ ਹਨ । ਕੀ ਐਸੀ ਮੌਤ ਨੂੰ ਕਾਲ ਜਾਂ ਹੋਣੀ ਕਹਿ ਕੇ ਝੂਠੀ ਤਸੱਲੀ ਲਈ ਜਾ ਸਕਦਾ ਹੈ ? ਸ਼ਾਇਦ ਨਹੀਂ ! ਸਿਆਣੇ ਦੱਸਦੇ ਹਨ ਕਿ ਜਿਸ ਵਸਤੂ ਦਾ ਨਾ ਕੋਈ ਰੰਗ, ਨਾ ਜ਼ਾਤ, ਨਾ ਧਰਮ ਅਤੇ ਨਾ ਕੋਈ ਨਸਲ ਹੋਵੇ ਉਸ ਵਸਤੂ ਨੂੰ ਖੁਸ਼ਬੂ, ਮਹਿਕ ਜਾਂ ਹਵਾ ਮੰਨਿਆ ਜਾਂਦਾ ਹੈ । ਬਚਪਨ ਵੀ ਐਸੀ ਸ਼ੈਅ ਦਾ ਨਾਮ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦੇ ਕੋਈ ਅਲੰਕਾਰ ਅੰਕਿਤ ਨਹੀਂ ਹੁੰਦੇ ਫਿਰ ਭਲਾ ਐਸੇ ਗੁਲਫ਼ਾਮ (ਖ਼ਸ਼ਬੂ) ਨਾਲ ਕਿਸਦਾ ਵੈਰ ਹੋ ਸਕਦਾ ਸੀ, ਜਿਸ ਦੀ ਮਹਿਕ ਵਿੱਚ ਹਰ ਵੇਲੇ ਚੁਫੇਰਾ ਮਹਿਕਦਾ ਹੋਵੇ ? ਜਵਾਬ ਇਸ ਵੇਲੇ ਵੀ, ਸਿਰਫ਼ ਨਾਮੋਸ਼ੀ ਹੈ ।
ਦਰਿੰਦਗ਼ੀ ਦੀ ਹੱਦ ਪਾਰ ਕਰ ਰਹੀ ਇਨਸਾਨੀਅਤ ਨੇ ਗੁਰਸ਼ਾਨ ਕਾਂਡ ਨਾਲ ਇਨਸਾਨ ਨੂੰ ਹਰ ਨਜ਼ਰ ਵਿੱਚ ਨੀਵਾਂ ਕਰ ਕੇ ਰੱਖ ਦਿੱਤਾ ਹੈ। ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ ਤਾਂ ਖਿਜ਼ਾ ਵਿੱਚ ਵੀ ਫ਼ਿਜ਼ਾ ਭਰ ਦਿੰਦੀਆਂ ਹਨ । ਰੱਬ ਦਾ ਰੂਪ ਸਮਝੇ ਜਾਣ ਵਾਲੇ ਬੱਚੇ, ਜਿਨ੍ਹਾਂ ਦੀ ਨਜ਼ਰ ਵਿੱਚ ਸੱਭ ਆਪਣੇ ਹੀ ਆਪਣੇ ਸਮਾਏ ਹੁੰਦੇ ਹਨ ਉਹਨਾਂ ਨੂੰ ਕੀ ਪਤਾ ਜਿਸ ਅੰਕਲ ਦੀ ਉਹ ਉੰਗਲੀ ਫੜ ਕੇ ਤੁਰਨਾ ਸਿੱਖ ਰਹੇ ਹਨ ਉਹੀ ਅੰਕਲ ਉਹਨਾਂ ਦੇ ਕਦਮ ਜ਼ਿੰਦਗ਼ੀ ਤੋਂ ਪਰ੍ਹਾਂ ਮੌਤ ਦੇ ਰਾਹ ਵੱਲ ਲਿਜਾ ਰਿਹਾ ਹੈ ? ਬੱਚਿਆਂ ਲਈ ਤਾਂ ਜ਼ਿੰਦਗ਼ੀ ਅਤੇ ਮੌਤ ਬੇ- ਮਾਅਨੇ ਹੁੰਦੀ ਹੈ, ਜਿਨ੍ਹਾਂ ਨੂੰ ਮੰਮੀ ਪਾਪਾ ਦੇ ਨਾ ਤੋਂ ਬਿਨਾ ਹੋਰ ਕਿਸੇ ਮਿਠਾਸ ਦਾ ਅਨੁਭਵ ਹੀ ਨਹੀਂ ਹੁੰਦਾ । ਐਸੀ ਹੀ ਦਿਸ਼ਾ ਵਿੱਚੋਂ ਗੁਜ਼ਰ ਰਿਹਾ ਗੁਰਸ਼ਾਨ ਜ਼ਿੰਦਗ਼ੀ ਦੇ ਮੌੜ ‘ਤੇ ਉਸ ਵੇਲੇ ਦਿਸ਼ਾਹੀਣ ਹੋ ਗਿਆ ਜਦੋਂ ਉਸਦੇ ਮੰਮੀ ਪਾਪਾ ਨੇ ਉਸ ਤੋਂ ਇੱਕ ਪਲ ਲਈ ਮੂੰਹ ਮੋੜਿਆ । ਕਾਰਨ ਭਾਵੇਂ ਕੋਈ ਵੀ ਸਾਬਤ ਹੋਣ ? ਪਰ ਉਸ ਅਣਹੋਣੀ ਨੇ ਇੱਕ ਵਾਰ ਤਾਂ ਸੱਬ ਨੂੰ ਹਲੂਣ ਕੇ ਰੱਖ ਦਿੱਤਾ । ਕਿਸੇ ਮਾਸੂਮ ਨੂੰ ਕਾਰ ਦੇ ਬੂਟ ਵਿੱਚ ਤਿੰਨ ਘੰਟੇ ਤੱਕ ਲੈ ਕੇ ਸੜਕਾਂ ‘ਤੇ ਫਿਰੀ ਜਾਣਾ ਤੇ ਨੀਮ ਬੇਹੋਸ਼ੀ ਦੀ ਹਾਲਤ ਜਾਂ ਸਦਾ ਦੀ ਲੰਮੀ ਨੀਂਦ ਸੌਂ ਚੁੱਕੇ ਬਾਲਕ ਨੂੰ ਝਾੜੀਆਂ ਉਹਲੇ ਸੁੱਟ ਦੇਣਾ, ਕਿੰਨੀ ਘਟੀਆ ਗੱਲ ਜਾਪਦੀ ਹੈ, ਉਸ ਪੰਜਾਬੀ ਦੀ । ਉਸ ਵੇਲੇ ਉਸ ਵਿਅਕਤੀ ਦੇ ਦਿਮਾਗ਼ ਅੰਦਰ ਕੀ ਉਪਜ ਰਿਹਾ ਸੀ, ਜਿਸ ਕਾਰਨ ਉਸਨੇ ਐਸਾ ਕਦਮ ਪੁੱਟਿਆ ਇਹ ਤਾਂ ਮਨੋਵਿਗਿਆਨਕ ਮਾਹਰ ਜਾਂ ਸਮਾਂ ਹੀ ਦੱਸ ਸਕੇਗਾ ? ਪਰ ਜੋ ਦਾਗ਼ ਅੱਜ ਇਨਸਾਨੀਅਤ ਦੇ ਦਾਮਨ ਉੱਤੇ ਲੱਗ ਚੁੱਕੇ ਹਨ ਉਨ੍ਹਾਂ ਨੂੰ ਮਿਟਾਵੇ ਕੌਣ ?
ਆਸਟ੍ਰੇਲੀਆ ਵਿੱਚ ਦਿਨੋ-ਦਿਨ ਵਧੀ ਪੰਜਾਬੀਆਂ ਦੀ ਤਾਦਾਦ ਨੇ (ਹੋਰ ਵੀ ਬਹੁਤ ਨਸਲਾਂ ਇਸ ਦੇਸ਼ ਵਿੱਚ ਆਈਆਂ ਹਨ ਪਰ ਘਟਨਾ ਦਾ ਜ਼ਿਕਰ ਸਿਰਫ਼ ਇਨ੍ਹਾਂ ਲੋਕਾਂ ਨਾਲ ਹੀ ਸੰਬੰਧਿਤ ਹੈ) ਜਿੱਥੇ ਇਸ ਦੇਸ਼ ਨੂੰ ਪੈਸਾ, ਸੱਭਿਅਤਾ ਅਤੇ ਭਾਈਚਾਰੇ ਨਾਲ ਮੇਲ ਕਰਵਾਇਆ, ੳੁੱਥੇ ਕੁੱਝ ਐਸੇ ਅੰਸ਼ ਵੀ ਮੁਹੱਈਆ ਕਰਵਾਏ ਜਿਹੜੇ ਸ਼ਾਇਦ ਨਾ ਤਾਂ ਸਮਾਜ ਲਈ ਲੋੜੀਂਦੇ ਸੰਨ ਅਤੇ ਨਾ ਹੀ ਦੇਸ਼ ਲਈ ਜ਼ਰੂਰਤਮੰਦ । ਸਦਾ ਸੁਰਖ਼ੀਆਂ ਵਿੱਚ ਰਹਿਣ ਵਾਲੀ ਪੰਜਾਬੀ ਕੌਮ ਕਿੱਥੇ ਤਾਂ ਆਪਣੀਆਂ ਸੂਰਮਗਤੀਆਂ ਕਾਰਨ ਜਾਂ ਅਣਥੱਕ ਮਿਸਾਲਾਂ ਕਾਰਨ ਚਰਚਾ ਦਾ ਵਿਸ਼ਾ ਬਣਦੀ ਸੀ ਅਤੇ ਕਿੱਥੇ ਅੱਜ ਝੂਠ, ਕੰਮਚੋਰੀ, ਠੱਗੀਆਂ, ਬੇ-ਈਮਾਨੀਆਂ, ਦਗ਼ਾਬਾਜ਼ੀਆਂ ਜਾਂ ਕਤਲਾਂ ਦੀ ਸ਼੍ਰੇਣੀ ਵਿੱਚ ਮੂਹਰੇ ਆਉਣ ਕਾਰਨ ਚਰਚਾ ਵਿੱਚ ਆ ਰਹੀ ਹੈ। ਇਹ ਕੁੱਝ 1-2% ਲੋਕ ਹੀ ਅਜਿਹੇ ਹੁੰਦੇ ਹਨ ਜੋ ਸਾਫ਼ ਪਾਣੀ ਨੂੰ ਗੰਧਲਾ ਕਰਨ ਦੀ ਹਿੰਮਤ ਰੱਖਦੇ ਹਨ । ਬਾਕੀ 98% ਲੋਕ ਦੇਸ਼ ਬਾਰੇ, ਸਮਾਜ ਬਾਰੇ, ਪਰਿਵਾਰ ਬਾਰੇ ਜਾਂ ਫਿਰ ਆਪਣੇ ਬੋਰ ਸੋਚ ਕੇ ਕੰਮ ਕਰਦੇ ਹਨ । ਜਿਨ੍ਹਾਂ ਨੂੰ ਸਮਾਜ ਦਾ ਡਰ ਜਾਂ ਆਪਣੇ ਆਪ ਦੇ ਰੁਤਬੇ ਦਾ ਭੋਰਾ ਫਿਕਰ ਹੁੰਦਾ ਹੈ । ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਸਮਾਜ ਨਾ ਦੀ ਕੋਈ ਵਸਤੂ ਨਹੀਂ ਹੁੰਦੀ, ਅਤੇ ਜੋ ਚਿੱਤ ਆਉਂਦੀ ਕਰ ਜਾਂਦੇ ਹਨ। ਜਿਸ ਦੇ ਨਤੀਜੇ ਬਾਅਦ ਵਿੱਚ ਪੂਰੀ ਕੌਮ ਨੂੰ ਭੁਗਤਣੇ ਪੈਂਦੇ ਹਨ । ਇਸ ਵਾਰ ਦਾ ਖ਼ਮਿਆਜ਼ਾ ਸ਼ਾਇਦ ਹਰੇਕ ਪੰਜਾਬੀ ਨੂੰ ਸਹਿਨ ਕਰਨਾ ਪਿਆ ? ਜਿਵੇਂ ਨੌਕਰੀ ਕਰਦੇ ਸਮੇਂ ਮੈਨੂੰ ਆਪਣੇ ਸਹਿਕਰਮੀ ਨੇ ਭਾਵੇਂ ਮਖੌਲ ਵਿੱਚ ਹੀ ਸਹੀ ਪਰ ਐਸੀ ਫੇਟ ਮਾਰੀ ਕਿ ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ, ਉਸਦਾ ਵਿਅੰਗ ਸੀ : “ਹੂ ਕਿਲਡ ਦੈਟ ਟੋਡਲਰ ? .... ਵੁਡਨ’ਟ ਬੀ ਯੂ ! ਸ਼ੇਮ ਆਨ ਯੂਅਰ ਕਮਿਊਨਿਟੀ …..!” ਹੁਣ ਜੇਕਰ ਅਜਿਹਾ ਕੁੱਝ ਤੁਹਾਡੇ ਨਾਲ ਵੀ ਵਾਪਰਿਆ ਹੋਵੇ ਤਾਂ ਉਸ ਵੇਲੇ ਤੁਸੀਂ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਹੋਵੇਗਾ, ਸ਼ਾਇਦ ਵਰਣਨ ਕਰਨ ਦੀ ਲੋੜ ਨਹੀਂ ਜਾਪਦੀ !
ਲੋਕ ਦਿਖਾਵਾ ਅੱਜ ਸਾਡੀ ਕੌਮ ਦਾ ਮੁੱਖ ਗਹਿਣਾ ਬਣਦਾ ਜਾ ਰਿਹਾ ਹੈ, ਜਿਸ ਲਈ ਹਰ ਆਮ ਆਦਮੀ ਵਿੱਥ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ੳੁੱਚਾ ਦਰਸਾਉਣ ਦੀ ਦੌੜ ‘ਚ ਗਵਾਚਿਆ ਫਿਰ ਰਿਹਾ ਹੈ। ਇਸ ਗੱਲ ਦਾ ਲੇਖ ਨਾਲ ਸੰਬੰਧ ਇਸ ਲਈ ਹੈ ਕਿਊਂਕਿ ਸਾਡੀ ਹੀ ਇੱਕ ਕੌਮ ਐਸੀ ਹੈ ਜਿਸਨੂੰ ਸ਼ੇਖੀਆਂ ਮਾਰਨ ਦੀ ਆਦਤ ਹੈ, ਭਾਵੇਂ ਆਸਟ੍ਰੇਲੀਆ ਇੱਕ ਮਿਹਨਤਕਸ਼ ਅਤੇ ਅਮਨਪਸੰਦ ਲੋਕਾਂ ਦਾ ਦੇਸ਼ ਹੈ, ਇਸ ਲਈ ਲੋਕ ਦਿਖਾਵੇ ਦੀਆਂ ਰੀਤਾਂ ਦਾ ਨਾ ਤਾਂ ਇੱਥੇ ਜ਼ਿਆਦਾ ਕਿਸੇ ‘ਤੇ ਅਸਰ ਹੈ ਅਤੇ ਨਾ ਹੀ ਕੋਈ ਫ਼ਖ਼ਰ ਮਹਿਸੂਸ ਕਰਦਾ ਹੈ ਪਰ ਅਸੀਂ ਪਿੱਛੇ ਰਹਿਣ ਵਾਲੇ ਨਹੀਂ ਹਾਂ ਨਾ ! ਇਸ ਦਿਖਾਵੇ ਦੀ ਦੌੜ ਵਿੱਚ ਇਹ ਵੀ ਭੁੱਲਦੇ ਜਾ ਰਹੇ ਹਾਂ ਕਿ ਕਿਹੜੀਆਂ ਵਸਤਾਂ ਦਿਖਾਵਾ ਕਰਨ ਦੇ ਯੋਗ ਹਨ ਅਤੇ ਕਿਹੜੀਆਂ ਨਹੀਂ । ਇੱਕ ਛੋਟੀ ਜਹੀ ਮਿਸਾਲ ਵਜੋਂ ਅਸੀਂ ਦੇਖ ਸਕਦੇ ਹਾਂ ਕਿ : ‘ਅੱਜ ਦੇ ਪੰਜਾਬੀਆਂ ਨੂੰ ਸਿੱਖੀ ਵਿਰਾਸਤ ਵਿੱਚ ਮਿਲੀ ਦੇਣ ਹੈ, ਜਿਸ ਦੇ ਸਿਧਾਤਾਂ ਦਾ ਸਾਨੂੰ ਪੂਰਨ ਰੂਪ ਵਿੱਚ ਪਾਲਣ ਕਰਨਾ ਚਾਹੀਦਾ ਹੈ । ਗੁਰੂਮਹਾਰਾਜ ਵਲੋਂ ਬਖ਼ਸ਼ੇ ਚਿੰਨ੍ਹ ਸਿੰਘਾਂ ਲਈ ਇੱਕ ਲਾਸਾਨੀ ਦੇਣ ਅਤੇ ਵਿਲੱਖਣ ਪਹਿਚਾਣ ਹਨ । ਹੁਣ ਇਨ੍ਹਾਂ ਚਿੰਨ੍ਹਾਂ ਨੂੰ (ਖ਼ਾਸਕਰ ਖੰਡਾ) ਕਾਰਾਂ ਦੇ ਸ਼ੀਸ਼ਿਆਂ ਤੇ ਛਪਵਾ ਕੇ ਜਾਂ ਮੋਟਰਸਾਇਕਲਾਂ ਦੇ ਸਾਇਲੈਂਸਰਾਂ ਜਾਂ ਨੰਬਰ ਪਲੇਟਾਂ ‘ਤੇ ਚਿਪਕਾ ਕੇ ਇੱਕ ਤਾਂ ਜਿੱਥੇ ਪਾਕ ਪਵਿੱਤਰ ਚਿੰਨ੍ਹਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ ਉੱਥੇ ਇਹ ਚਿੰਨ੍ਹ ਹੋਰ ਲੋਕਾਂ ਲਈ ਧਾਰਮਿਕ ਨਿਸ਼ਾਨੀ ਨਹੀਂ ਸਗੋਂ ਕਿਸੇ ਗੈਂਗ ਜਾਂ ਗਿਰੋਹ ਦੀ ਛਵੀ ਦਰਸਾਉਣ ਲਈ ਮਜਬੂਰ ਕਰਦੇ ਹਨ, ੳਨ੍ਹਾਂ ਨੂੰ ਕੀ ਪਤਾ ਕਿ ਇਹ ਚਿੰਨ੍ਹ ਸਾਡੇ ਲਈ ਕੀ ਮਾਅਨੇ ਰੱਕਦੇ ਹਨ ? ਕੀ ਅਜਿਹੇ ਚਿੰਨ੍ਹ ਜਿਨ੍ਹਾਂ ਲਈ ਦਸ ਗੁਰੂਆਂ ਨੇ ਆਪੇ ਅਤੇ ਮਾਪੇ ਵਾਰ ਕੇ ਸਾਨੂੰ ਵਿਲੱਖਣ ਪਹਿਚਾਣ ਦਿੱਤੀ ਅਤੇ ਅਸੀਂ ਉਨ੍ਹਾਂ ਦਾ ਐਨਾ ਛੋਟਾ ਮੁੱਲ ਪਵਾਈਏ, ਜਾਇਜ਼ ਕਹਾਉਂਦਾ ਹੈ ? ਜਵਾਬ ਪਾਠਕ ਆਪਣੇ ਦਿਲ ‘ਤੇ ਹੱਥ ਰੱਖ ਕੇ ਆਪ ਭਾਲ ਸਕਦੇ ਹਨ । ਇੱਕ ਤਾਂ ਜਿੱਥੇ ਅਜਿਹੀਆਂ ਗੱਲਾਂ ਸਾਨੂੰ ਆਸਟ੍ਰੇਲੀਅਨ ਸਮਾਜ ਵਿੱਚ ਦੂਸਰਿਆਂ ਨਾਲੋਂ ਜ਼ਿਆਦਾ ਹੋਛੇ ਸਿੱਧ ਕਰਦੀਆਂ ਹਨ ਅਤੇ ਉੱਥੇ ਹੋਰ ਨਸਲਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਵੀ ਸਥਾਪਿਤ ਕਰਦੀਆਂ ਹਨ, ਜਿਸ ਨਾਲ ਸਹਿਜੇ ਹੀ ਮਨੁੱਖਤਾ ਵਿੱਚ ਫਰਕ ਅਤੇ ਨਸਲੀ ਟਿੱਪਣੀਆਂ ਨੂੰ ਹੁੰਗਾਰਾ ਮਿਲਣਾ ਸੁਭਾਵਿਕ ਹੈ । ਇੱਥੇ ਇਹ ਗੱਲ ਸਾਂਝੀ ਕਰਨ ਦਾ ਮਤਲਬ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ, ਸਗੋਂ ਆਪਣਿਆਂ ਨੂੰ ਆਉਣ ਵਾਲੀਆਂ ਅਲਾਮਤਾਂ ਤੋਂ ਚੌਕੰਨਾ ਕਰਨਾ ਹੈ ।
ਪੰਜਾਬੀ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ ਪਰ ਪੰਜਾਬੀਅਤ ਦਾ ਆਪਣੇ ਹੱਥੀਂ ਘਾਣ ਕਰਨਾ ਵੀ ਤਾਂ ਅਪਮਾਨ ਵਾਲੀ ਗੱਲ ਹੈ। ਅਸੀਂ ਸਾਰੇ ਹੀ ਦੇਖ ਰਹੇ ਹਾਂ ਕਿ ਪਿਛਲੇ ਕੁੱਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਵਾਪਰੀਆਂ ਨਿੰਦਕ ਘਟਨਾਵਾਂ ਵਿੱਚ (ਵਿਸ਼ੇ ਭਾਵੇਂ ਕੋਈ ਲੈ ਲਓ) ਪੰਜਾਬੀਆਂ ਦੇ ਚਿਹਰੇ ਸਾਹਮਣੇ ਆ ਰਹੇ ਹਨ, ਜੋ ਕਿ ਸ਼ਰਮਨਾਕ ਗੱਲ ਹੈ । ਅਤੇ ਹੁਣ ਸੱਭ ਤੋਂ ਜ਼ਿਆਦਾ ਨਿੰਦਣਯੋਗ ਕਰਤੂਤ ਨੇ ਪੰਜਾਬੀ ਕੌਮ ਨੂੰ ਇੱਕ ਨਵਾਂ ਨਾਮ ਪ੍ਰਦਾਨ ਕਰ ਦਿੱਤਾ ਹੈ ਕਿ “ਮਾਸੂਮ ਬੱਚਿਆਂ ਦੇ ਕਾਤਲਾਂ ਦੀ ਕੌਮ” ! ਇਹ ਵੀ ਸੱਭ ਜਾਣਦੇ ਹਨ ਕਿ ਜਾਨਵਰ ਵੀ ਬੱਚੇ ਅਤੇ ਵੱਡੇ ਵਿੱਚ ਫ਼ਰਕ ਸਮਝਦੇ ਹਨ, ਫਿਰ ਇਨਸਾਨ ਦੀ ਐਸੀ ਦਰਿੰਦਗ਼ੀ ਦਾ ਕੀ ਰਾਜ਼ ਹੈ ? ਗੁਰਸ਼ਾਨ ਹਾਦਸੇ ਨਾਲ ਜਿੱਥੇ ਉਸਦੇ ਮਾਪਿਆਂ ਨੂੰ ਨਾ ਪੂਰਾ ਹੋਣਾ ਘਾਟਾ ਪਿਆ ਹੈ ਉੱਥੇ ਪੂਰੀ ਪੰਜਾਬੀ ਕੌਮ ਨੂੰ ਨਿਮੋਝੂਣਾ ਮਹਿਸੂਸ ਕਰਨਾ ਪੈ ਰਿਹਾ ਹੈ ।ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਭ ਤੋਂ ਪਹਿਲਾਂ ਪ੍ਰਮਾਤਮਾ ਸਾਡੀ ਕੌਮ ਨੂੰ ਸਮੁੱਤ ਬਖ਼ਸ਼ੇ ਅਤੇ ਦੁਨੀਆ ਵਿੱਚ ਚੰਗਾ ਮੁਕਾਮ ਹਾਸਿਲ ਕਰਨ ਲਈ ਬਲ ਬਖ਼ਸ਼ੇ ਅਤੇ ਫਿਰ ਗੁਰਸ਼ਾਨ ਜਹੇ ਨਰਗਸੀ ਫੁੱਲ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ । ਦੁਨੀਆ ਦੇ ਇਤਿਹਾਸ ਵਿੱਚ ਪੰਜਾਬੀ ਲੋਕ ਸਦਾ ਚੰਗੀ ਕੌਮ ਬਣ ਕੇ ਉੱਭਰਨ ਨਾ ਕਿ ਕਾਤਲਾਂ ਜਾਂ ਦਗ਼ਾਬਾਜਾਂ ਦੀ ਕੌਮ ਬਣਕੇ ।


ਅਲਵਿਦਾ ਗੁਰਸ਼ਾਨ !......... ਲੇਖ਼ / ਰਿਸ਼ੀ ਗੁਲਾਟੀ


ਘਟੀਆ ਤੇ ਸੌੜੀ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਸਿਰਫ਼ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਬਿਨਾਂ ਕਿਸੇ ਕਸੂਰ ਦੇ ਕਤਲ ਕਰ ਦਿੱਤਾ ਜਾਏ । ਘਟੀਆ ਸੋਚ ਨੇ ਇੱਕ ਅਜਿਹੇ ਫੁੱਲ ਨੂੰ ਕੁਚਲ ਦਿੱਤਾ, ਜੋ ਕਿ ਵੱਡਾ ਹੋ ਕੇ ਪਤਾ ਨਹੀਂ ਕੀ ਕੀ ਕਰ ਸਕਦਾ ਸੀ । ਸ਼ਾਇਦ ਕਾਤਲ ਨੇ ਸਮੁੱਚੇ ਭਾਈਚਾਰੇ ਤੋਂ ਇੱਕ ਅਜਿਹਾ ਡਾਕਟਰ ਖੋਹ ਲਿਆ, ਜਿਸਨੇ ਵੱਡਿਆਂ ਹੋ ਕੇ ਅਣਗਿਣਤ ਦੁਖਿਆਰਿਆਂ ਨੂੰ ਰਾਹਤ ਪਹੁੰਚਾਉਣੀ ਹੋਵੇ ਜਾਂ ਇੱਕ ਸਾਇੰਸਦਾਨ ਜਾਂ ਇੰਜੀਨੀਅਰ ਤੇ ਯਕੀਨਨ ਇੱਕ ਮਾਂ ਤੋਂ ਉਸਦੇ ਜਿਗਰ ਦਾ ਟੁਕੜਾ ਤੇ ਇੱਕ ਬਾਪ ਤੋਂ ਉਸਦੇ ਭਵਿੱਖ ਦਾ ਆਸਰਾ । ਉਹ ਮਾਸੂਮ ਗੁਰਸ਼ਾਨ ਜਿਸਨੂੰ ਅਜੇ ਤੱਕ ਆਸਟ੍ਰੇਲੀਆ ਤੇ ਭਾਰਤ ਸ਼ਬਦਾਂ ਦਾ ਫ਼ਰਕ ਵੀ ਨਹੀਂ ਪਤਾ ਸੀ । ਉਹ ਤਾਂ ਕੇਵਲ ਮੰਮੀ ਜਾਂ ਪਾਪਾ ਹੀ ਕਹਿ ਸਕਦਾ ਸੀ ਜਾਂ ਕਹਿ ਸਕਦਾ ਸੀ “ਮੰਮਾ ਦੁਦੂ”, “ਮੰਮਾ ਭੁੱਖੀ ਲੱਗੀ ਐ” ।
ਅਜੇ ਤਾਂ ਉਹ ਆਪਣੇ ਪਾਪਾ ਨਾਲ਼ ਰਿਹਾੜ ਕਰਨ ਜੋਗਾ ਵੀ ਨਹੀਂ ਸੀ ਕਿ ਮੈਂ ਆਹ ਚੀਜ਼ ਲੈਣੀ ਹੈ ਜਾਂ ਔਹ ਚੀਜ਼ ਲੈਣੀ ਹੈ । ਅਜੇ ਤਾਂ ਉਹ ਸੁਪਰ ਸਟੋਰਾਂ ‘ਚ ਖਿਡੌਣੇ ਲੈਣ ਦੀ ਜਿ਼ੱਦ ਕਰਨ ਲਈ ਫ਼ਰਸ਼ ਤੇ ਲਿਟਣ ਜੋਗਾ ਵੀ ਨਹੀਂ ਸੀ ਹੋਇਆ ਕਿ ਉਸਨੂੰ ਪਹਿਲਾਂ ਹੀ ਤਾਬੂਤ ‘ਚ ਲਿਟਾ ਦਿੱਤਾ ਗਿਆ ।






ਆਹ ! ਗੁਰਸ਼ਾਨ !! ਪੁੱਤਰ, ਕਿਹੀ ਚੰਦਰੀ ਕਿਸਮਤ ਲੈ ਕੇ ਪੈਦਾ ਹੋਇਆ ਸੀ ? ਤੇਰੇ ਮੰਮੀ ਪਾਪਾ ਨੂੰ ਕਿੰਨੀਆਂ ਉਮੀਦਾਂ ਸਨ ? ਉਨ੍ਹਾਂ ਤੇਰੇ ਸੁਨਿਹਰੇ ਭਵਿੱਖ ਲਈ ਕਿੰਨੇ ਸੁਪਨੇ ਸਜਾਏ ਹੋਣਗੇ । ਅਜੇ ਤਾਂ ਤੂੰ ਆਪਣੇ ਮੰਮੀ ਪਾਪਾ ਦੀ ਝਿੜਕ ਵੀ ਨਹੀਂ ਸੁਣੀ ਹੋਵੇਗੀ, ਜੇ ਸੁਣੀ ਤਾਂ ਸਮਝ ਨਹੀਂ ਆਈ ਹੋਵੇਗੀ ਕਿ ਕੀ ਕਹਿ ਰਹੇ ਨੇ । ਤੂੰ ਤਾਂ ਉਨ੍ਹਾਂ ਦੀ ਝਿੜਕ ਦਾ ਜੁਆਬ ਆਪਣੀ ਪਿਆਰੀ ਜਿਹੀ ਮੁਸਕਾਨ ਨਾਲ਼ ਦਿੱਤਾ ਹੋਵੇਗਾ । ਤੂੰ ਇੱਥੇ ਕਿਉਂ ਆ ਗਿਆ ? ਕਾਸ਼ ! ਜਦੋਂ ਤੂੰ ਆਇਆ ਸੀ, ਤੂੰ ਜਹਾਜ਼ ਤੋਂ ਲੇਟ ਹੋ ਜਾਂਦਾ । ਤੈਨੂੰ ਏਅਰਪੋਰਟ ਛੱਡਣ ਆਈ ਗੱਡੀ ਪੰਕਚਰ ਹੋ ਜਾਂਦੀ । ਤੇਰੇ ਵੀਜ਼ੇ ਦੇ ਕਾਗਜ਼ਾਤ ‘ਚ ਨੁਕਸ ਨਿੱਕਲ ਆਉਂਦਾ । ਚਾਹੇ ਮੈਂ ਤੈਨੂੰ ਜਿੰਦਗੀ ‘ਚ ਕਦੇ ਦੇਖਿਆ ਨਹੀਂ, ਤੂੰ ਮੇਰਾ ਕੁਝ ਵੀ ਨਹੀਂ ਪਰ ਅੱਜ ਹਰ ਕਿਸੇ ਨੂੰ ਇਹੀ ਜਾਪ ਰਿਹਾ ਹੈ ਜਿਵੇਂ ਉਸੇ ਦੀ ਕੋਈ ਨਿੱਜੀ ਚੀਜ਼ ਗੁਆਚ ਗਈ ਹੈ । ਮੈਂ ਤਾਂ ਕੀ, ਹਰ ਦਿਲ ਅੱਜ ਤੇਰੇ ਲਈ ਦੁਖੀ ਹੈ । ਤੇਰੇ ਬਾਰੇ ਲਿਖਦੀ ਹੋਈ ਮੇਰੀ ਕਲਮ ਖੂਨ ਦੇ ਹੰਝੂ ਰੋ ਰਹੀ ਹੈ ।
ਕਾਤਲ ਨੇ ਤਾਂ ਜੱਗੋਂ ਤੇਰ੍ਹਵੀਂ ਕਰ ਵਿਖਾਈ । ਆਖਿਰ ਇੱਕ ਮਾਸੂਮ ਬੱਚੇ ਦੀ ਕਿਸੇ ਨਾਲ਼ ਕੀ ਦੁਸ਼ਮਣੀ ਹੋ ਸਕਦੀ ਹੈ ? ਉਹ ਖ਼ੁਦ ਵੀ ਤਾਂ ਇੱਕ ਮਾਸੂਮ ਬੱਚੀ ਦਾ ਬਾਪ ਹੈ । ਉਸਨੇ ਇਹ ਕਾਰਾ ਕਰਦੇ ਸਮੇਂ ਇੱਕ ਪਲ ਲਈ ਵੀ ਅੰਜਾਮ ਨਹੀਂ ਸੋਚਿਆ । ਉਸਨੇ ਕੇਵਲ ਗੁਰਸ਼ਾਨ ਦੀ ਜਾਨ ਹੀ ਨਹੀਂ ਲਈ ਬਲਕਿ ਚਾਰ ਪਰਿਵਾਰਾਂ ਨੂੰ ਜਿਉਂਦੇ ਜੀ ਸੂਲੀ ਚਾੜ੍ਹ ਦਿੱਤਾ ਹੈ । ਗੁਰਸ਼ਾਨ ਦੇ ਨਾਨਕੇ ਦਾਦਕੇ ਤੇ ਆਪਣੀ ਮਾਸੂਮ ਬੱਚੀ ਦੇ ਨਾਨਕੇ ਦਾਦਕੇ । ਨਤੀਜਾ ਕੀ ? ਇਨ੍ਹਾਂ ਮੀਆਂ-ਬੀਵੀ ਦਾ ਤਾਂ ਜੋ ਹੋਵੇਗਾ, ਉਹ ਭਵਿੱਖ ਦੇ ਗਰਭ ‘ਚ ਹੈ ਪ੍ਰੰਤੂ ਉਸਨੇ ਆਪਣੀ ਬੱਚੀ ਤੋਂ ਮਾਂ-ਬਾਪ ਦਾ ਸਾਇਆ ਜ਼ਰੂਰ ਖੋਹ ਲਿਆ । ਅਕਸਰ ਦੇਖਣ ‘ਚ ਆਇਆ ਹੈ ਕਿ ਅਸੀਂ ਕਿਸੇ ਵੀ ਬੱਚੇ ਨੂੰ ਉਂਝ ਹੀ, ਬਿਨਾਂ ਕਿਸੇ ਜਾਣ ਪਹਿਚਾਣ ਤੋਂ ਵੀ ਬੁਲਾਉਣ ਦਾ ਯਤਨ ਕਰਦੇ ਹਾਂ, ਉਸਨੂੰ ਆਪਣਾ ਮੂੰਹ ਵਿੰਗਾ-ਟੇਢਾ ਕਰਕੇ ਹਸਾਉਣ ਦਾ ਯਤਨ ਕਰਦੇ ਹਾਂ । ਜੇਕਰ ਕਿਸੇ ਦੇ ਘਰ ਦੋ ਘੰਟੇ ਬੈਠਣ ਦਾ ਮੌਕਾ ਮਿਲੇ ਤਾਂ ਬੱਚਾ ਆਪਣੀ ਗੋਦ ‘ਚ ਲੈਣ ਤੇ ਉਸ ਨਾਲ਼ ਤੋਤਲੀਆਂ ਗੱਲਾਂ ਕਰਨ ਦਾ ਯਤਨ ਵੀ ਕਰਦੇ ਹਾਂ । ਇਸ ਸਖ਼ਸ਼ ਨੇ ਤਾਂ ਦਰਿੰਦਗੀ ਦੀਆਂ ਸਭ ਹੱਦਾਂ ਬੰਨੇ ਹੀ ਪਾਰ ਕਰ ਦਿੱਤੇ । ਇੱਕੋ ਘਰ ‘ਚ ਰਹਿਣ ਦੇ ਬਾਵਜੂਦ ਉਸਨੇ ਆਪਣੇ ਪੁੱਤਰ ਦੀ ਉਮਰ ਦੇ ਬੱਚੇ ਨੂੰ ਦੁਨੀਆਂ ਤੋਂ ਵਿਦਾ ਕਰ ਦਿੱਤਾ । ਅਫਸੋਸ ! ਅਫਸੋਸ !! ਅਫਸੋਸ !!! ਬੇਰਹਿਮ ਆਦਮੀ, ਕੀ ਤੂੰ ਇਨਸਾਨ ਕਹਾਉਣ ਦੇ ਵੀ ਕਾਬਿਲ ਹੈਂ ? ਜਿੰਦਗੀ ‘ਚ ਕਦੀ ਟਾਈਮ ਮਿਲੇ ਤਾਂ ਦਿਲ ਤੇ ਹੱਥ ਰੱਖਕੇ ਆਪਣੇ ਕੀਤੇ ਕਾਰੇ ਬਾਰੇ ਸੋਚੀਂ । ਕੀ ਕਰ ਬੈਠਾ ਹੈਂ ? ਤੈਨੂੰ ਜ਼ਮਾਨਤ ਮੰਗਣ ਦੀ ਬਜਾਏ ਪ੍ਰਮਾਤਮਾ ਦੇ ਦਰ ਤੋਂ ਸਜ਼ਾ ਮੰਗਣੀ ਚਾਹੀਦੀ ਸੀ ਤਾਂ ਜੋ ਤੇਰੇ ਗੁਨਾਹਾਂ ਦਾ ਬੋਝ ਕੁਝ ਹਲਕਾ ਹੋ ਸਕਦਾ ਪਰ ਤੂੰ ਤਾਂ..... ।
ਛੱਡ ਯਾਰ ! ਕੁਝ ਬਦਨਸੀਬ ਲੋਕ ਨਫ਼ਰਤ ਦੇ ਕਾਬਿਲ ਵੀ ਨਹੀਂ ਹੁੰਦੇ, ਤੂੰ ਉਨ੍ਹਾਂ ‘ਚੋਂ ਇੱਕ ਹੈਂ ।
ਅੱਛਾ ਗੁਰਸ਼ਾਨ ! ਅਲਵਿਦਾ ਬੱਚੇ ! ਸਾਡੇ ਵਤਨ ‘ਚ ਅਜਿਹੀ ਚੰਦਰੀ ਘੜੀ ‘ਚ ਦਿਲ ਨੂੰ ਦਿਲਾਸਾ ਦੇਣ ਲਈ ਇਹ ਹੀ ਕਿਹਾ ਜਾਂਦਾ ਹੈ ਕਿ “ਹੋਣੀ” ਇਸੇ ਤਰ੍ਹਾਂ ਹੀ ਲਿਖੀ ਸੀ । ਤੂੰ ਤਾਂ ਵਤਨ ਵਾਪਸ ਚੱਲਿਆ ਸੀ ਪਰ ਤੈਨੂੰ ਆਸਟ੍ਰੇਲੀਆ ਦੀ ਧਰਤੀ ਨੇ ਆਪਣੀ ਗੋਦ ‘ਚ ਸਾਂਭਣਾ ਸੀ, ਸੋ ਕਿਸ ਤਰ੍ਹਾਂ ਵਾਪਸ ਜਾਂਦਾ ?
ਹਰਜੀਤ ! ਬੱਚੇ ਸਭ ਨੂੰ ਪਿਆਰੇ ਹੁੰਦੇ ਹਨ । ਸਭ ਦੇ ਜਿਗਰ ਦਾ ਟੁਕੜਾ ਹੁੰਦੇ ਹਨ । ਗੁਰਸ਼ਾਨ ਵੀ ਅਜਿਹਾ ਹੀ ਪਿਆਰਾ ਬੱਚਾ ਸੀ । ਪਰ ਉਸਨੂੰ ਪਰਮਪਿਤਾ ਪ੍ਰਮਾਤਮਾ ਵੀ ਬਹੁਤ ਪਿਆਰ ਕਰਦੇ ਸਨ । ਸ਼ਾਇਦ ਸਾਡੇ ਸਭ ਨਾਲੋਂ ਜਿ਼ਆਦਾ । ਇਸੇ ਲਈ ਉਨ੍ਹਾਂ ਨੇ ਗੁਰਸ਼ਾਨ ਨੂੰ ਆਪਣੀ ਪਵਿੱਤਰ ਗੋਦ ‘ਚ ਲੈ ਲਿਆ ਹੈ । ਇਸ ਦੁੱਖ ਦੀ ਘੜੀ ‘ਚ ਸਮੂਹ ਪੰਜਾਬੀ ਭਾਈਚਾਰਾ ਤੁਹਾਡੇ ਲਈ ਅਰਦਾਸ ਕਰਦਾ ਹੈ । ਅਸੀਂ ਸਭ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ ਕਰਦੇ ਹਾਂ ਕਿ ਸਭ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬਲ ਬਖ਼ਸ਼ੇ ਤੇ ਗੁਰਸ਼ਾਨ ਨੂੰ ਨਵੇਂ ਰੂਪ ‘ਚ ਤੁਹਾਡੇ ਕੋਲ ਵਾਪਿਸ ਭੇਜਣ ਦੀ ਦਇਆ ਮਿਹਰ ਕਰੇ ।