ਗੁਰਦਾਸ ਮਾਨ ਨੂੰ ਪੂਰੀ ਦੁਨੀਆਂ ਵਿੱਚ ਚਾਹੁਣ ਵਾਲਿਆਂ ਵਾਂਗ ਮੈਂ ਵੀ ਮਾਨ ਸਾਹਿਬ ਦੀ ਨਵੀਂ ਆਈ ਟੇਪ ‘ਜੋਗੀਆ’ ਸੁਣ ਰਿਹਾ ਸੀ। ਹਰ ਗੀਤ ਨੂੰ ਹੁਣ ਤੱਕ ਲੱਗਭੱਗ 10-12 ਵਾਰ ਸੁਣ ਚੁੱਕਾ ਹੋਵਾਂਗਾ। ਪਰ ਇਸ ਟੇਪ ਵਿਚਲਾ ਇੱਕ ਗੀਤ “ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ” ਵਾਰ ਵਾਰ ਪਤਾ ਨਹੀਂ ਕਿਉਂ ਦਿਮਾਗ ਵਿੱਚ ਆ ਰਿਹਾ ਸੀ। ਸ਼ਾਇਦ ਇਸ ਗੀਤ ਦੇ ਬੋਲ ਆਮ ਗੀਤਾਂ ਤੋਂ ਹਟਕੇ ਹਨ। ਅਜੇ ਕੁੱਝ ਦਿਨ ਪਹਿਲਾਂ ਹੀ ਤਾਂ ਇੰਟਰਨੈੱਟ ਤੋਂ ਇਸ ਗੀਤ ਸੰਬੰਧੀ ਇੱਕ ਖਬਰ ਜਿਹੀ ਪੜ੍ਹੀ ਸੀ। ਕੁੱਝ ਦੋਸਤਾਂ ਮਿਤਰਾਂ ਨੇਂ ਵੀ ਇਸ ਗੀਤ ਪ੍ਰਤੀ ਆਪਣੇਂ ਰੋਸ ਭਰੇ ਪ੍ਰਤੀਕਰਮ ਜਾਹਿਰ ਕੀਤੇ ਹੋਏ ਸਨ।ਉਸ ਪ੍ਰਤੀਕਰਮ ਨੂੰ ਦਿਮਾਗ ਵਿਚ ਰੱਖ ਕੇ ਅਤੇ ਇਸ ਗੀਤ ਸੰਬੰਧੀ ਅਜਿਹੀ ਖਬਰ ਪੜ ਕੇ ਯਕੀਨ ਤਾਂ ਨਹੀਂ ਆ ਰਿਹਾ ਸੀ ਕਿ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲ਼ਿਖਣ/ਗਾਉਣ ਵਾਲੇ ਗੁਰਦਾਸ ਮਾਨ ਦੀ ਇਸ ਗੀਤ ਨੂੰ ਲਿਖ ਗਾਉਣ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ। ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਐਨੀਂ ਨਿਮਰਤਾ, ਹਲੀਮੀਂ, ਸ਼ਹਿਣਸ਼ੀਲਤਾ ਰੱਖਣ ਵਾਲਾ ਸ਼ਖਸ਼ ਇਸ ਤਰਾਂ ਦੇ ਗੀਤ ਗਾ ਸਕਦਾ ਹੈ। ਇੰਟਰਨੈੱਟ ਦੇ ਜਰੀਏ ਕਾਫੀ ਲੋਕਾਂ ਨੇਂ ਥੋੜੇ ਲੁਕਵੇਂ ਜਿਹੇ ਰੂਪ ਵਿੱਚ ਇਸ ਗੀਤ ਤੇ ਆਪਣਾਂ ਰੋਸ ਭਰਿਆ ਪ੍ਰਤੀਕਰਮ ਜਾਹਿਰ ਕੀਤਾ ਹੈ। ਅਜੇ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਕਿ ਅਖਬਾਰਾਂ ਵਿੱਚ ਗੁਰਦਾਸ ਮਾਨ ਦੇ ਸੰਬੰਧ ਵਿੱਚ ਇਕ ਖਬਰ ਚਰਚਾ ਦਾ ਵਿਸ਼ਾ ਬਣੀ ਸੀ ਕਿ ਗੁਰਦਾਸ ਮਾਨ ਨੇਂ ਸਿਰਸੇ (ਹਰਿਆਣੇ) ਸੱਚੇ ਸੌਦੇ ਵਾਲੇ ਸਾਧ ਦੇ ਡੇਰੇ ਵਿੱਚ ਸਾਧ ਦੇ ਨਿੱਜੀ ਸੱਦੇ ‘ਤੇ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਵਿੱਚ ਉਸਨੇਂ ਲਗਾਤਾਰ ਤਿੰਨ ਘੰਟੇਂ ਗਾ ਕੇ ਸਾਧ ਨੂੰ ਅਤੇ ਉਸਦੇ ਚੇਲਿਆਂ ਨੂੰ ਨਾਲ ਨਚਾਇਆ। ਵਾਰ ਵਾਰ ਸਟੇਜ ਤੋਂ ਗੁਰਦਾਸ ਮਾਨ ਸਾਧ ਦੀਆਂ ਤਾਰੀਫਾਂ ਦੇ ਪੁਲ ਬੰਨ ਰਿਹਾ ਸੀ। ਇਹ ਪ੍ਰੋਗਰਾਮ ਗੁਪਤ ਰੱਖਿਆ ਗਿਆ ਸੀ, ਕਿਸੇ ਨੂੰ ਵੀ ਗੁਰਦਾਸ ਮਾਨ ਦੀ ਫੋਟੋ ਖਿੱਚਣ ਦੀ ਜਾਂ ਵੀਡੀਓ ਬਣਾਉਣ ਦੀ ਇਜਾਜਤ ਨਹੀਂ ਦਿੱਤੀ ਗਈ ਸੀ। ਪਰ ਕਈ ਸੂਹੀਏ ਪੱਤਰਕਾਰਾਂ ਨੇ ਖਬਰ ਕੱਢ ਲਿਆਂਦੀ ਅਤੇ ਅਖਬਾਰਾਂ ਵਿੱਚ ਛਪਵਾ ਦਿੱਤੀ। ਸਿਰਸੇ ਵਾਲੇ ਸੌਦੇ ਸਾਧ ਨਾਲ ਸਿੱਖ ਜਥੇਬੰਦੀਆਂ ਦੇ ਕਈ ਸਾਲਾਂ ਤੋਂ ਚਲਦੇ ਆ ਰਹੇ ਵਿਵਾਦ ਦੇ ਮੱਦੇਨਜਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਸ ਗੱਲ ਤੇ ਇਤਰਾਜ ਪ੍ਰਗਟ ਵੀ ਕੀਤਾ ਕਿ ਸਭ ਕੁੱਝ ਜਾਣਦੇ ਹੋਏ ਵੀ ਸਿਰਫ ਪੈਸਿਆਂ ਦੀ ਖਾਤਿਰ ਗੁਰਦਾਸ ਮਾਨ ਨੂੰ ਡੇਰੇ ਵਿੱਚ ਨਹੀਂ ਜਾਣਾਂ ਚਾਹੀਦਾ ਸੀ । ਕਈ ਪੱਤਰਕਾਰਾਂ ਨੇ ਭਿੰਨ ਭਿੰਨ ਮਿਲਣੀਆਂ ਵਿੱਚ ਗੁਰਦਾਸ ਮਾਨ ਨੂੰ ਜਦ ਇਸ ਗੱਲ ਬਾਰੇ ਸਵਾਲ ਕੀਤੇ ਤਾਂ ਮਾਨ ਸਾਹਿਬ ਹੱਸ ਕੇ ਗੱਲ ਨੂੰ ਟਾਲ ਗਏ। ਕਈ ਜਥੇਬੰਦੀਆਂ ਵੀ ਸ਼ਾਇਦ ਸਿਆਸੀ ਘੁਰਕੀ ਤੋਂ ਡਰ ਕੇ ਗੱਲ ਨੂੰ ਵਿੱਚੇ ਦੱਬ ਦਬਾ ਗਈਆਂ। ਖੈਰ ਨਵੰਬਰ 2010 ਵਿੱਚ ਗੁਰਦਾਸ ਮਾਨ ਅਮਰੀਕਾ ਵਿੱਚ ਸ਼ੋਅ ਕਰ ਰਿਹਾ ਸੀ।ਉਹਨਾਂ ਦਿਨਾਂ ਵਿੱਚ ਹੀ ਪੰਜਾਬ ਚੋਂ ਛਪਦੇ ਇੱਕ ਪ੍ਰਮੁੱਖ ਅਖਬਾਰ ਵਿੱਚ ਖਬਰ ਸਮੇਤ ਇਕ ਫੋਟੋ ਵੀ ਛਪੀ ਜਿਸ ਵਿੱਚ ਗੁਰਦਾਸ ਮਾਨ ਕਿਸੇ ‘ਗਿਆਰਵੀਂ ਵਾਲੇ ਬਾਬੇ ਦੇ ਪੈਰਾਂ ‘ਚ ਬੈਠਾ ਸੀ। ਉਹ ਫੋਟੋ ਦੇਖ ਕੇ ਮਾਨ ਸਹਿਬ ਦੇ ਚਾਹੁਣ ਵਾਲਿਆਂ ਨੂੰ ਵੀ ਥੋੜਾ ਦੁੱਖ ਹੋਇਆ ਸੀ ਕਿ ਅਸੀਂ ਤਾਂ ਖੁਦ ਆਪ ਮਾਨ ਸਹਿਬ ਵਰਗੀ ਸ਼ਖਸ਼ੀਅਤ ਨੂੰ ਰੱਬ ਵਰਗਾ ਦਰਜਾ ਦਿੰਦੇ ਹਾਂ, ਪਰ ਗੁਰਦਾਸ ਮਾਨ ਇੱਕ ਸਾਧਾਰਨ ਜਿਹੇ ਬੰਦੇ ਦੇ ਪੈਰਾਂ ‘ਤੇ ਝੁਕਿਆ ਬੈਠਾ ਹੈ। ਨਾਲ ਹੀ ਸਿੱਖ ਜਥੇਬੰਦੀਆਂ ਨੇਂ ਵੀ ਇਤਰਾਜ ਪ੍ਰਗਟ ਕੀਤਾ ਤੇ ਇਸ ਗੱਲ ਦਾ ਵਿਰੋਧ ਪ੍ਰਗਟ ਕਰਦੇ ਹੋਏ ਅਖਬਾਰੀ ਬਿਆਨ ਦਿੱਤੇ ਕੇ ਗੁਰਦਾਸ ਮਾਨ ਖੁਦ ਇੱਕ ਗੁਰਸਿੱਖ ਪਰਿਵਾਰ ਨਾਲ ਸੰਬੰਧਤ ਹੈ, ਸੋ ਉਸਨੂੰ ਅਜਿਹੇ ਕਰਮਕਾਂਡਾਂ ਵਿੱਚੋਂ ਨਿਕਲਕੇ ਵਾਹਿਗੁਰੂ ਦਾ ਓਟ ਆਸਰਾ ਹੀ ਲੈਣਾਂ ਚਾਹੀਦਾ ਹੈ, ਨਹੀਂ ਤਾਂ ਗੁਰਦਾਸ ਮਾਨ ਨੂੰ ਆਪਣਾਂ ਆਦਰਸ ਮੰਨਣ ਵਾਲੀ ਅਤੇ ਗੁਰਦਾਸ ਮਾਨ ਬਣਨਾਂ ਲੋਚਦੀ ਨਵੀਂ ਪੀੜ੍ਹੀ ਵੀ ਇਸੇ ਰਾਹ ਤੁਰ ਪਵੇਗੀ ‘ਤੇ ਇੰਝ ਦੇਹਧਾਰੀ ਸਾਧਾਂ ਸੰਤਾਂ ਨੂੰ ਹੱਲਾਸ਼ੇਰੀ ਮਿਲੇਗੀ। ਗੁਰਦਾਸ ਮਾਨ ਨੂੰ ਉਦੋਂ ਵੀ ਅਤੇ ਹੁਣ ਵਾਲੇ ਆਪਣੇਂ ਹੋ ਰਹੇ ਵਿਰੋਧ ਦੀ ਭਿਣਕ ਜਰੂਰ ਲੱਗੀ ਹੋਣੀਂ ਹੈ। ਸੋ ਹੁਣ ਆਈ ਉਸ ਦੀ ਟੇਪ ਵਿਚਲੇ ਗੀਤ ‘ਸਾਡੀ ਜਿਥੇ ਲੱਗੀ ਤੇ ਲੱਗੀ ਰਹਿਣ ਦੇ’ ਸੰਬੰਧ ਵਿੱਚ ਸਿੱਖ ਕੌਮ ਇਹ ਕਿਆਸ ਅਰਾਈਆਂ ਲਗਾ ਰਹੀ ਹੈ ਕਿ ਗੁਰਦਾਸ ਨੇਂ ਉਪਰੋਕਤ ਬਿਆਨ ਕੀਤੀਆਂ ਦੋਹਾਂ ਖਬਰਾਂ ਦੇ ਮੱਦੇਨਜਰ ਆਪਣੇਂ ਵਿਰੋਧੀਆਂ ‘ਤੇ ਕਰਾਰੀ ਚੋਟ ਕਰਦਿਆਂ ਗੀਤ ਦੇ ਰੂਪ ਵਿੱਚ ਜਵਾਬ ਦਿੱਤਾ ਹੈ ਕਿ ‘ਸਾਡੀ ਜਿਥੇ ਲੱਗੀ ਤੇ ਲੱਗੀ ਰਹਿਣ ਦੇ, ਲੋਕੀ ਕਹਿੰਦੇ ਠੱਗੀ ਹੈ ਤਾਂ ਠੱਗੀ ਰਹਿਣ ਦੇ”। ਹੁਣ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਗੁਰਦਾਸ ਦੇ ਸਿਰਸੇ ਵਾਲੇ ਡੇਰੇ ਜਾਂਣ ਵਾਲੀ ਅਤੇ ਗਿਆਰਵੀ ਵਾਲੇ ਸਾਧ ਦੇ ਚਰਨਾਂ ਚ ਸੀਸ ਨਿਵਾਉਣ ਦੀ ਖਬਰ ਦਾ ਪਤਾ ਹੈ ਤਾਂ ਸੁਭਾਵਿਕ ਹੀ ਇਸ ਨਵੇਂ ਗਾਏ ਗੀਤ ਦੀਆਂ ਸਤਰਾਂ
“ਸਾਈਆਂ ਦੇ ਵੀ ਜਾਂਦੇ ਆਂ,
ਬਾਬਿਆਂ ਦੇ ਜਾਂਦੇ ਆਂ ਤੇ ਮਾਈਆਂ ਦੇ ਵੀ ਜਾਂਦੇ ਆਂ,
ਤੇਰੀ ਹਉਮੇਂ ਵੱਡੀ ਏ ਤਾਂ ਵੱਡੀ ਰਹਿਣ ਦੇ,
ਸਾਡੀ ਜਿੱਥੇ ਲੱਗੀ ਏ ਤੇ ਲੱਗੀ ਰਹਿਣ ਦੇ”
ਅਰਥ ਇਹੀ ਕੱਢੇਗਾ ਕਿ ਮਾਨ ਸਾਹਿਬ ਨੇਂ ਆਪਣਾਂ ਵਿਰੋਧ ਕਰਨ ਵਾਲਿਆਂ ਨੂੰ ਟਿੱਚਰ ਦੇ ਰੂਪ ਵਿੱਚ ਇਹੀ ਕਿਹਾ ਹੈ ਕਿ ਮੈਂ ਤਾਂ ਇਹਨਾਂ ਬਾਬਿਆਂ, ਪੀਰਾਂ ਫਕੀਰਾਂ, ਦੇਹਧਾਰੀਆਂ ਦੇ ਜਾਊਗਾ, ਤੁਹਾਨੂੰ ਕੀ? ਇਸੇ ਐਲਬਮ ਦਾ ਇਕ ਹੋਰ ਗੀਤ “ਕਮਾਲ ਹੋ ਗਿਆ,ਸਾਂਈ ਜੀ ਬੈਠੇ ਨਾਲ” ਵੀ ਅਜਿਹੀ ਚਰਚਾ ਦਾ ਵਿਸ਼ਾ ਹੈ। ਕੋਈ ਸ਼ੱਕ ਨਹੀਂ ਕਿ ਗੁਰਦਾਸ ਮਾਨ ਇੱਕ ਸਤਿਕਾਰ ਯੋਗ ਹਸਤੀ ਹੈ। ਫਨਕਾਰ ਸਭ ਦੇ ਸਾਂਝੇ ਹੁੰਦੇ ਹਨ। ਕਿਤੇ ਵੀ ਜਾ ਸਕਦੇ ਹਨ। ਪਰ ਆਪਣੇਂ ਗੀਤ ਰਾਹੀ ਇਸ ਤਰਾਂ ਦੀ ਗੱਲ ਕਰਨੀਂ ਸਭ ਦੇ ਛੇਤੀ ਕੀਤੇ ਹਜਮ ਨਹੀਂ ਹੁੰਦੀ। ਇਸਦੇ ਸੰਬੰਧ ਵਿੱਚ ਹੀ ਇਕ ਹੋਰ ਘਟਨਾਂ ਨੂੰ ਉਦਾਹਰਣ ਦੇ ਰੂਪ ਵਿੱਚ ਜਿਕਰ ਕਰਨਾਂ ਚਾਹਾਂਗਾ। ਗੱਲ ਉਹਨਾਂ ਦਿਨਾਂ ਦੀ ਹੈ ਜਦ ਇੱਕ ਗੀਤ ਸੁਪਰ ਹਿੱਟ ਹੋ ਜਾਂਣ ਨਾਲ ਦਲੇਰ ਮਹਿੰਦੀ ਦੀ ਰਾਤੋ ਰਾਤ ਗੁੱਡੀ ਚੜੀ ਸੀ। ਚਾਰੇ ਪਾਸੇ ਦਲੇਰ ਮਹਿੰਦੀ ਦੇ ਗਾਏ ਗੀਤ “ਕੰਜਰੀ ਕਲੋਲ ਕਰਦੀ, ਬੋਲੋ ਤਾਰਾ ਰਾਰਾ’ ਦੀ ਹੀ ਚਰਚਾ ਸੀ, ਅਖਬਾਰ, ਰਸਾਲੇ ਉਸਦੀਆਂ ਤਾਰੀਫਾਂ ਦੇ ਪੁਲ ਬੰਨ ਰਹੇ ਸਨ, ਮਹਿੰਦੀ ਦੀਆਂ ਇੰਟਰਵਿਊ ਛਪ ਰਹੀਆਂ ਸਨ। ਹਰ ਕੋਈ ਮਹਿੰਦੀ ਦੀ ਤਰੀਫ ਕਰ ਰਿਹਾ ਸੀ ਦਲੇਰ ਮਹਿੰਦੀ ਨੇਂ ਪੰਜਾਬੀ ਜੁਬਾਨ ਨੂੰ ਪੌਪ ਗਾਇਕੀ ਰਾਹੀਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ ਹੈ। ਉਹਨਾਂ ਦਿਨਾਂ ਵਿੱਚ ਹੀ ਇੱਕ ਮੁਲਾਕਾਤ ਦੌਰਾਨ ਕਿਸੇ ਪੱਤਰਕਾਰ ਨੇਂ ਦਲੇਰ ਮਹਿੰਦੀ ਤੋਂ ਇਹ ਸਵਾਲ ਪੁੱਛ ਲਿਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਿਰਫ ਤੁਸੀਂ ਹੀ ਪੰਜਾਬੀ ਬੋਲੀ ਨੂੰ ਦੁਨੀਆਂ ਦੇ ਕੋਨੇਂ ਕੋਨੇਂ ਵਿੱਚ ਪਹੁੰਚਾਇਆ ਹੈ ਜਦਕਿ ਤੁਹਾਡੇ ਤੋਂ ਪਹਿਲਾਂ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰ ਰਿਹਾ ਹੈ। ਤਾਜੀ ਤਾਜੀ ਮਿਲੀ ਸੋਹਰਤ ਦੇ ਨਸ਼ੇ ਵਿੱਚ ਦਲੇਰ ਮਹਿੰਦੀ ਨੇਂ ਗੁਰਦਾਸ ਮਾਨ ਨੂੰ ਚੈਲਿੰਜ ਕਰ ਦਿੱਤਾ ਕਿ ਗੁਰਦਾਸ ਮਾਨ ਮੇਰੇ ਵਾਂਗ ਤਾਨਪੁਰੇ (ਇੱਕ ਸੰਗੀਤਕ ਸਾਜ) ਨਾਲ ਰਿਆਜ ਕਰਕੇ ਦਿਖਾਵੇ। ਮਹਿੰਦੀ ਦੇ ਕਹਿਣ ਤੋਂ ਭਾਵ ਸੀ ਕਿ ਉਸਨੂੰ ਭਾਰਤੀ ਸ਼ਾਸ਼ਤਰੀ ਸੰਗੀਤ ਦੀ ਚੋਖੀ ਸਮਝ ਹੈ ਜਦ ਕਿ ਗੁਰਦਾਸ ਮਾਨ ਸਿੱਧੀ ਪੰਜਾਬੀ ਗਾਇਕੀ ਹੀ ਗਾਉਂਦਾ ਹੈ। ਖਬਰ ਅਖਬਾਰਾਂ ਵਿੱਚ ਛਪ ਗਈ। ਗੁਰਦਾਸ ਮਾਨ ਨੇ ਵੀ ਪੜ੍ਹੀ ਹੋਣੀ ਐਂ। ਇਸ ਘਟਨਾਂ ਤੋਂ ਪੂਰੇ ਇੱਕ ਮਹੀਨੇਂ ਬਾਦ ਜਲੰਧਰ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਗੁਰਦਾਸ ਨੇਂ ਇੱਕ ਗੀਤ ਗਾਇਆ ਜਿਸਦੇ ਬੋਲ ਸਨ “ਹੁਣ ਤੈਨੂੰ ਕੀ ਆਖਾਂ, ਫੇਲ ਕਹਾਂ ਕਿ ਤੈਨੂੰ ਪਾਸ”। ਇਸ ਗੀਤ ਦੀ ਇੱਕ ਲਾਈਨ ਸੀ ਕਿ
“ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੱਜਰੀ (ਡਫਲੀ),
ਕਿੰਨਾਂ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ,
ਅਸੀਂ ਹੁੰਨੇਂ ਆਂ ਗੁਰਾਂ ਦੇ ਦਾਸ,
ਹੁਣ ਤੈਨੂੰ ਕੀ ਆਖਾਂ,
ਫੇਲ ਕਹਾਂ ਕਿ ਤੈਨੂੰ ਪਾਸ?”
ਜਿਸ ਵਿੱਚ ਸਿੱਧਾ ਨਿਸ਼ਾਨਾਂ ਦਲੇਰ ਮਹਿੰਦੀ ਵੱਲ ਸੇਧਿਆ ਹੋਇਆ ਸੀ। ਜਦ ਗੁਰਦਾਸ ਮਾਨ ਤੋਂ ਇਸ ਗੱਲ ਦੀ ਪੁਸ਼ਟੀ ਲਈ ਇੱਕ ਪੱਤਰਕਾਰ ਨੇਂ ਇਸ ਗੀਤ ਦੇ ਸੰਬੰਧ ਵਿੱਚ ਸਵਾਲ ਪੁੱਛਿਆ ਤਾਂ ਮਾਨ ਸਹਿਬ ਨੇਂ ਫਿਰ ਗੱਲ ਨੂੰ ਹੱਸ ਕੇ ਟਾਲ ਦਿੱਤਾ। ਕੋਈ ਸ਼ੱਕ ਨਹੀਂ ਕਿ ਮਾਨ ਸਹਿਬ ਨੇਂ ਅਣਗਿਣਤ ਗੀਤ ਗਾਏ ਹਨ ਜਿਨ੍ਹਾਂ ਦਾ ਵਿਸ਼ਾ ਸਮਾਜ ਨੂੰ ਸੇਧ ਦੇਣ ਵਾਲਾ ਹੀ ਹੁੰਦਾ ਹੈ ਅਤੇ ਗੀਤਾਂ ਵਿੱਚੋਂ ਰੁਹਾਨੀਅਤ ਦਾ ਰੰਗ ਵੀ ਝਲਕ ਰਿਹਾ ਹੁੰਦਾ ਹੈ। ਬੂਟ ਪਾਲਿਸ਼ਾਂ’ ਗੀਤ ਵਿੱਚ ਜਿੱਥੇ ਮਾਨ ਸਹਿਬ ਨੇਂ ਨਵੀਂ ਪੀੜ੍ਹੀ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੱਤੀ ਹੈ ੳੱਥੇ ਉਸਨੇਂ ਕੁੜੀਏ’ ਗੀਤ ਰਾਹੀਂ ਸਮਾਜ ਵਿੱਚ ਖੋਹੇ ਜਾ ਰਹੇ ਔਰਤ ਦੇ ਹੱਕਾਂ ਦੀ ਗੱਲ ਵੀ ਕੀਤੀ ਹੈ। ਮਾਨ ਸਹਿਬ ਦੇ ਗੀਤ ਸੁਣਕੇ ਕਈ ਵਾਰ ਤਾਂ ਲੱਗਦਾ ਹੈ ਕਿ ਪੂਰੀ ਪੰਜਾਬੀਅਤ ਦਾ ਦਰਦ ਕੇਵਲ ਗੁਰਦਾਸ ਮਾਨ ਦੇ ਹਿੱਸੇ ਹੀ ਆਇਆ ਹੈ। ਗੁਰਦਾਸ ਮਾਨ ਇੱਕ ਕਾਮਯਾਬ ਗਾਇਕ ਹੀ ਨਹੀਂ ਬਲਕਿ ਇਕ ਜਿੰਮੇਂਵਾਰ ਸਮਾਜ ਸੁਧਾਰਕ, ਚਿੰਤਕ ਅਦਬੀ ਸ਼ਖਸ਼ੀਅਤ ਵੀ ਹੈ। ਪਰ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਫਿਰ ਗੁਰਦਾਸ ਨੂੰ ਅਜਿਹੇ ਵਿਵਾਦ ਖੜਾ ਕਰਨ ਵਾਲੇ ਗੀਤ ਲਿਖਣ ਗਾਉਣ ਦੀ ਕੀ ਲੋੜ ਹੈ? ਹਰ ਫਨਕਾਰ ਦੀ ਇੱਕ ਸਮਾਜਿਕ ਅਤੇ ਇੱਕ ਨਿੱਜੀ ਜਿੰਦਗੀ ਹੁੰਦੀ ਹੈ। ਗੁਰਦਾਸ ਮਾਨ ਦੀ ਨਿੱਜੀ ਜਿੰਦਗੀ ਵੀ ਉਸਨੂੰ ਕਈ ਸਾਧਾਂ ਸੰਤਾਂ ਨਾਲ ਜੋੜਦੀ ਹੈ, ਇਸ ਗੱਲ ਦਾ ਵਰਣਨ ਉਸਨੇਂ ਆਪਣੇਂ ਕਈ ਗੀਤਾਂ ਵਿੱਚ ਕੀਤਾ ਹੈ। ‘ਇਸ਼ਕ ਦਾ ਗਿੱਧਾ ਪੈਂਦਾ” ਗੀਤ ਤਾਂ ਪੂਰਾ ਹੀ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਜਿਸ ਵਿੱਚ ਗੁਰਦਾਸ ਮਾਨ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਗੱਲ ਕਰਦਾ ਹੈ ਪਰ ਇਸੇ ਗੀਤ ਵਿੱਚ ਹੀ ਉਹ ਕਹਿੰਦਾ ਹੈ ਕਿ
“ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮੁਰਾਦਾਂ ਵਾਲਾ,
ਦਾਤਾ ਸਹਿਬ ਮੰਡਾਲੀ ਦੇ ਵਿੱਚ ਰੁਤਵਾ ਖਾਸ ਨਿਰਾਲਾ,
ਚਿੰਤਾ ਭਗਤ ਮਿਟਾਵੇ ਚਿੰਤਾ ਬਾਬਾ ਰੁੜਕੇ ਵਾਲਾ,
ਮਾਨਾਂ ਮੁਰਸ਼ਦ ਲੋਕਾਂ ਦਾ ਘਰ ਲੱਭਦਾ ਨਹੀਂ ਸੁਖਾਲਾ,
ਮਰ ਜਾਣੇਂ ਨੂੰ ਮਾਣ ਬਖਸ ਕੇ ਲਾਧੀ ਸ਼ਾਹ ਇਹ ਕਹਿੰਦਾ,
ਤੇਰੇ ਇਸ਼ਕ ਦਾ ਗਿੱਧਾ ਪੈਂਦਾ”।
ਕਦੇ ਨਕੋਦਰ ਵਾਲੇ ਪੀਰ, ਕਦੇ ਲਾਧੀ ਸਾਹ ਅਤੇ ਕਦੇ ਇੱਕ ਹੋਰ ਦੇਹਧਾਰੀ ਗੁਰੁ ਦੀ ਗੱਲ ਕਰਦਾ ਹੈ ਜਿਹੜਾ ਸਾਧ ਜਾਅਲੀ ਕਰੰਸੀ ਦਾ ਧੰਧਾ ਕਰਦਾ ਪੁਲਿਸ ਦੇ ਅੜਿੱਕੇ ਆ ਗਿਆ ਸੀ। ਕਦੇ ਗੁਰਦਾਸ ਇਸ ਸਾਧ ਦੇ ਡੇਰੇ ‘ਤੇ ਜਾ ਕੇ ਅਖਾੜਾ ਲਾਉਂਦਾ ਰਿਹਾ ਹੈ ਅਤੇ ਇਹ ਸਾਧ ਸਟੇਜ ‘ਤੇ ਬੀੜੀਆਂ ਸਿਗਰਟਾਂ ਪੀਂਦਾ ਹੋਇਆ ਨਾਲ ਸਟੇਜ ‘ਤੇ ਕਮਲ ਕੁੱਟਦਾ ਨਜਰ ਆਉਂਦਾ ਸੀ। ਜਦ ਫਿਰ ਗੁਰਦਾਸ ਮਾਨ ਤੋਂ ਇਸ ਜਾਅਲਸਾਜੀ ਸਾਧ ਨਾਲ ਸੰਬੰਧਾਂ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਮਾਨ ਸਹਿਬ ਨੇਂ ਫਿਰ ਇੱਕ ਗੀਤ ਰਾਹੀ ਜਵਾਬ ਦਿੱਤਾ ਸੀ ਕਿ “ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ,ਬਹਿਕੇ ਆਪਣੀਂ ਨਬੇੜ ਤੈਨੂੰ ਹੋਰ ਨਾਲ ਕੀ?”
ਸੰਨ 2001 ਦੀ ਗੱਲ ਹੈ ਜਦ ਇੱਕ ਐਕਸੀਡੈਂਟ ਵਿੱਚ ਗੁਰਦਾਸ ਮਾਨ ਗੰਭੀਰ ਰੂਪ ਵਿੱਚ ਜਖਮੀਂ ਹੋਇਆ ਸੀ ਅਤੇ ਮਾਨ ਸਹਿਬ ਦੇ ਡਰਾਈਵਰ ਤੇਜਪਾਲ ਦੀ ਉਸ ਹਾਦਸੇ ਵਿੱਚ ਮੌਤ ਹੋ ਗਈ ਸੀ। ਥੋੜਾ ਠੀਕ ਹੋਣ ਤੋਂ ਬਾਅਦ ਉਸਨੇਂ ਫਿਰ ਜਲੰਧਰ ਨੇੜਲੇ ਇੱਕ ਸਾਧ ਦੇ ਡੇਰੇ ਜਾ ਅਖਾੜਾ ਲਗਾਇਆ ਅਤੇ ਵਾਰੀ ਵਾਰੀ ਸਟੇਜ ਤੋਂ ਐਲਾਨ ਕਰ ਰਿਹਾ ਸੀ ਕਿ ਡੇਰੇ ਦੇ ਸਾਈਆਂ ਦੀ ਕਿਰਪਾ ਸਦਕਾ ਹੀ ਉਸਦੀ ਜਾਨ ਬਚੀ ਹੈ। ਜਿਕਰਯੋਗ ਹੈ ਕਿ ਮਾਨ ਸਹਿਬ ਦਾ ਐਕਸੀਡੈਂਟ ਵੀ ਉਦੋ ਹੋਇਆਂ ਹਦ ਉਹ ਚੰਡੀਗੜ੍ਹ ਤੋਂ ਇਸੇ ਸਾਧ ਦੇ ਡੇਰੇ ‘ਤੇ ਜਾ ਰਹੇ ਸਨ। ਗੁਰਦਾਸ ਮਾਨ ਨੂੰ ਸੁਣਨ ਵਾਲੇ ਹਰ ਫਿਰਕੇ ਦੇ ਲੋਕ ਹਨ ਜੋ ਉਸ ਨੂੰ ਦਿਲੋਂ ਮੁਹੱਬਤ ਕਰਦੇ ਹਨ। ਫਿਰ ਹੁਣ ਗੁਰਦਾਸ ਮਾਨ ਸਹਿਬ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਹਰ ਫਿਰਕੇ ਦੇ ਲੋਕਾਂ ਨੂੰ ਆਪਣੇਂ ਆਪਣੇਂ ਧਰਮ ਵਿੱਚ ਅਕੀਦੇ ਨੂੰ ਹੋਰ ਪ੍ਰਪੱਕ ਕਰਨ ਲਈ ਯਤਨ ਕਰੇ। ਫਿਰ ਕੋਈ ਨਹੀਂ ਆਖ ਸਕਦਾ ਕਿ ਮਾਨ ਸਹਿਬ ਨੇਂ ਹਿੰਦੂਆਂ ਲਈ,ਸਿੱਖਾਂ ਲਈ ਜਾਂ ਮੁਸਲਿਮ ਫਿਰਕੇ ਦੇ ਲੋਕਾਂ ਲਈ ਗਾਣਾਂ ਕਿਉਂ ਗਾਇਆ ਹੈ। ਸੰਨ 2000 ਵਿੱਚ ਮਾਨ ਸਹਿਬ ਦੀ ਇੱਕ ਟੇਪ ਆਈ ਸੀ ‘ਪਿਆਰ ਕਰ ਲੈ’। ਇਸਦੇ ਇੱਕ ਗੀਤ “ਜੱਟ ਰਿਸਕੀ ਆਫਟਰ ਵਿਸਕੀ” ਨੇਂ ਵੀ ਬਿਖੇੜਾ ਖੜਾ ਕਰ ਦਿੱਤਾ ਸੀ। ਦਰਅਸਲ ਇਸ ਗੀਤ ਵਿੱਚ ਮਾਨ ਸਹਿਬ ਨੇਂ ਸ਼ਿਵਜੀ ਮਹਾਰਾਜ ਨੂੰ ਮਾਤਾ ਪਾਰਬਤੀ ਦੇ ਸੰਬੰਧ ਵਿੱਚ ਥੋੜਾ ਖੁੱਲ ਕੇ ਇੱਕ ਸਤਰ ਗਾਈ ਸੀ ਕਿ “ਦੱਸ ਉਏ ਲੁੱਚਿਆ ਸਾਧਾ ਤੀਵੀਂ ਕਿਵੇਂ ਫਸਾਈ ਹੈ”। ਹਿੰਦੂ ਤਬਕੇ ਦੇ ਲੋਕਾਂ ਨੇਂ ਗੁਰਦਾਸ ਮਾਨ ਨੂੰ ਘੇਰ ਲਿਆ। ਥਾਂ ਥਾਂ ‘ਤੇ ਵਿਰੋਧ ਹੋਣ ਲੱਗਾ। ਮਾਮਲਾ ਐਂਨਾਂ ਤੂਲ ਫੜ ਗਿਆ ਕਿ ਉਸ ਕੈਸੇਟ ਕੰਪਨੀਂ ਨੂੰ ਰਾਤੋ ਰਾਤ ਮਾਰਕੀਟ ਵਿੱਚੋਂ ਉਹ ਕੈਸੇਟ ਚੁਕਵਾਉਣੀਂ ਪਈ ਅਤੇ ਗੀਤ ਵਿਚੋਂ ਇਹ ਸਤਰਾਂ ਕੱਟ ਕੇ ਨਵੇਂ ਸਿਰਿਓ ਟੇਪ ਮਾਰਕੀਟ ਵਿੱਚ ਭੇਜੀ ‘ਤੇ ਮਾਨ ਸਹਿਬ ਨੇਂ ਵੀ ਮੁਆਫੀ ਮੰਗੀ। ਮਾਨ ਸਹਿਬ ਨੇਂ ਕਦੇ “ਉੱਚਾ ਦਰ ਬਾਬੇ ਨਾਨਕ ਦਾ” ਵਰਗੀ ਫਿਲਮ ਬਣਾ ਕੇ ਸ਼ਾਬਾਸ਼ ਖੱਟੀ ਸੀ ਜਿਸ ਵਿੱਚ ਇੱਕ ਗੁਰਸਿੱਖ ਬੰਦੇ ਦਾ ਪਰਮਾਤਮਾਂ ਵਿੱਚ ਅਥਾਹ ਵਿਸ਼ਵਾਸ਼ ਦਾ ਪ੍ਰਗਟਾਵਾ ਦਿਖਾਇਆ ਗਿਆ ਸੀ ‘ਤੇ ਫਿਰ “ਸਰਬੰਸਦਾਨੀਆਂ ਵੇ ਦੇਣਾਂ ਕੌਂਣ ਦਿਊਗਾ ਤੇਰਾ” ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਬਾਤ ਪਾਉਂਦਾ ਗੀਤ ਗਾ ਕੇ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਂਮ ਦੀ ਵਾਹ ਵਾਹ ਪ੍ਰਾਪਤ ਕੀਤੀ ਸੀ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਮਾਨ ਸਹਿਬ ਨੂੰ ਧਰਮ ਦੇ ਮਾਮਲਿਆਂ ਵਾਲੇ ਵਿਵਾਦਾਂ ਵਿੱਚ ਉਲਝਣ ਦੀ ਕੀ ਲੋੜ ਹੈ? ਇਹ ਗੱਲ ਵੀ ਮੰਨਣਯੋਗ ਨਹੀਂ ਕਿ ਗੁਰਦਾਸ ਮਾਨ ਸਿਰਫ ਸੁਰਖੀਆਂ ਵਿੱਚ ਰਹਿਣ ਲਈ ਅਜਿਹੇ ਵਿਵਾਦ ਖੜਾ ਕਰਨ ਵਾਲੇ ਗੀਤ ਗਾਉਂਦਾ ਹੈ ਕਿਉਂਕਿ ਗੁਰਦਾਸ ਦੀ ਸਾਧਾਰਨ ਲਹਿਜੇ ਵਿੱਚ ਆਖੀ ਹੋਈ ਗੱਲ ਵੀ ਸਰਬ ਪ੍ਰਵਾਨਿਤ ਹੁੰਦੀ ਹੈ। ਬੱਚੇ ਤੋਂ ਲੈ ਕੇ ਬਜੁਰਗਾਂ ਤੱਕ ਉਸਦੇ ਫੈਨ ਹਨ, ਇਸ ਗੱਲ ਦਾ ਮਾਨ ਸਹਿਬ ਨੂੰ ਵੀ ਪਤਾ ਹੈ। ਫਿਰ ਇਸ ਤਰਾਂ ਦਾ ਗੈਰ ਜਿੰਮੇਂਵਾਰੀ ਵਾਲਾ ਕੰਮ ਕਰਨਾਂ ਮਾਨ ਸਹਿਬ ਜਿਹੀ ਹਸਤੀ ਨੂੰ ਸ਼ੋਭਾ ਨਹੀਂ ਦਿੰਦਾ। ਗੁਰਦਾਸ ਮਾਨ ਦੀ ਗਾਇਕੀ ਦੇ ਸਫਰ ਦੇ ਮੁੱਢਲੇ ਦਿਨਾਂ ਵਿੱਚ ਮਾਨ ਸਹਿਬ ਨੇਂ ਇੱਕ ਗੀਤ ਗਾਇਆ ਸੀ ਜੋ ਬਹੁਤ ਮਕਬੂਲ ਹੋਇਆ ਸੀ ਗੀਤ ਦੇ ਬੋਲ ਸਨ “ਮਸਤੀ ਮਨਾ ਮਹਿਖਾਨੇਂ ਆ” ਜੇਕਰ ਇਸ ਗੀਤ ਦੇ ਅਰਥਾਂ ਨੂੰ ਡੁੰਘਾਈ ਨਾਲ ਸਮਝਿਆ ਜਾਵੇ ਤਾਂ ਇਹ ਗੀਤ ਇੱਕ ਇਨਸਾਨ ਨੂੰ ਮਸਤ ਮੌਲਾ ਹੋ ਕੇ ਜਿੰਦਗੀ ਬਸ਼ਰ ਕਰਨ ਦਾ ਸੰਦੇਸ਼ ਦੇਣ ਵਾਲਾ ਸੀ। ਪਰ ਇਸ ਗੀਤ ਦੀ ਇੱਕ ਸਤਰ ਵਿੱਚ ਵੀ ਇਨਸਾਨ ਨੂੰ ਮੰਦਿਰ ਮਸਜਿਦ ਜਾਂ ਗੁਰੂਦੁਆਰੇ ਜਾਂਣ ਦੀ ਬਜਾਏ ਸ਼ਰਾਬਖਾਨੇ ਆਉਂਣ ਦੀ ਤਾਕੀਦ ਕੀਤੀ ਗਈ ਸੀ। ਸੋ ਉਹਨਾਂ ਸਮਿਆਂ ਵਿੱਚ ਵੀ ਕਈ ਧਾਰਮਿਕ ਜਥੇਬੰਦੀਆਂ ਨੇਂ ਮਾਨ ਸਹਿਬ ਦੇ ਇਸ ਗੀਤ ‘ਤੇ ਇਤਰਾਜ ਦਾ ਪ੍ਰਗਟਾਵਾ ਕੀਤਾ ਸੀ ਕਿ ਗੁਰਦਾਸ ਮਾਨ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਲੜ ਲੱਗਣ ਲਈ ਪ੍ਰੇਰਤ ਕਰ ਰਿਹਾ ਹੈ। ਪਰ ਉਹਨਾਂ ਟਾਈਮਾਂ ਵਿੱਚ ਮੀਡੀਏ ਦਾ ਇੰਨਾਂ ਪਾਸਾਰ ਨਾਂ ਹੋਣ ਕਰਕੇ ਦੋ ਚਾਰ ਦਿਨਾਂ ਵਿੱਚ ਹੀ ਗੱਲ ਆਈ ਗਈ ਹੋ ਗਈ। ਗੀਤਾਂ ਤੋਂ ਛੁੱਟ ਗੁਰਦਾਸ ਮਾਨ ਨੇਂ ਆਪਣੀਆਂ ਇੰਟਰਵਿੳਆਂ ਵਿੱਚ ਵੀ ਅਜਿਹੇ ਦੇਹਧਾਰੀ ਗੁਰੂਆਂ ਜਾਂ ਡੇਰਿਆਂ ਦੀ ਕਾਫੀ ਵਾਰੀ ਗੱਲ ਹੀ ਨਹੀਂ ਕੀਤੀ ਬਲਕਿ ਇਹਨਾਂ ਦੇ ਸਾਧਾਂ ਸੰਤਾਂ ਦੀ ਪ੍ਰਸੰਸਾ ਵੀ ਕੀਤੀ ਹੈ। ਮਾਨ ਸਹਿਬ ਅਕਸਰ ਕਹਿੰਦੇ ਹਨ ਕਿ ਇਸ ਮੁਕਾਮ ‘ਤੇ ਪਹੁੰਚਣ ਲਈ ਉਹਨਾਂ ‘ਤੇ ਫਲਾਣੇਂ ਸਾਈਂ ਦੀ ਕਿਰਪਾ ਹੈ। ਗੁਰਦਾਸ ਮਾਨ ਦੇ ਪੀਰਾਂ ਦਰਗਾਹਾਂ ਜਾਂ ਡੇਰਿਆਂ ‘ਤੇ ਅਖਾੜੇ ਲਾਉਣ ਦੀਆਂ, ਸਾਧਾਂ ਨੂੰ ਨਾਲ ਨਚਾਉਣ ਦੀਆਂ, ਸਾਧਾਂ ਦੁਆਰਾ ਆਪਣੇਂ ਸਿਰ ਉਤੋਂ ਨੋਟਾਂ ਦੀਆਂ ਭਰੀਆਂ ਬੋਰੀਆਂ ਦਾ ਮੀਹ ਵਰਾਉਣ ਦੀਆਂ ਵੀਡੀਓਜ ਯੂ ਟਿਊਬ ‘ਤੇ ਆਮ ਦੇਖੀਆਂ ਜਾ ਸਕਦੀਆਂ ਹਨ। ਕੋਈ ਸ਼ੱਕ ਨਹੀਂ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਜੋ ਯੋਗਦਾਨ ਮਾਨ ਸਹਿਬ ਨੇਂ ਪਾਇਆ ਹੈ, ਉਸ ਲਈ ਪੂਰੀ ਪੰਜਾਬੀਅਤ ਹਮੇਸ਼ਾਂ ਮਾਨ ਸਹਿਬ ਦੀ ਰਿਣੀਂ ਰਹੇਗੀ। ਆਪਣੀਂ ਅਰਥ ਭਰਪੂਰ ਸ਼ਾਇਰੀ ਅਤੇ ਸੁਰੀਲੀ ਗਾਇਕੀ ਸਦਕਾ ਜੋ ਮੁਕਾਮ ਗੁਰਦਾਸ ਮਾਨ ਨੂੰ ਹਾਸਿਲ ਹੈ, ਹਰ ਇੱਕ ਨੂੰ ਅਜਿਹਾ ਮੁਕਾਮ ਹਾਸਿਲ ਕਰਨਾਂ ਮੁਸਕਿਲ ਹੀ ਨਹੀ ਬਲਕਿ ਅਸੰਭਵ ਹੈ। ਪਰ ਅਜਿਹੇ ਮੁਕਾਮ ‘ਤੇ ਪਹੁੰਚ ਕੇ ਇੱਕ ਜਿੰਮੇਂਵਾਰ ਫਨਕਾਰ ਦੀ ਜਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਕਿਤੇ ਉਸ ਦੇ ਗਾਏ ਕਿਸੇ ਗੀਤ ਕਾਰਨ ਫਿਰਕੂਪੁਣਾਂ ਤਾਂ ਨਹੀਂ ਵਧ ਰਿਹਾ। ਗੁਰਦਾਸ ਮਾਨ ਅੱਜ ਦੀ ਤਰੀਕ ਵਿੱਚ ਆਪਣੇਂ ਇੱਕ ਪ੍ਰੋਗਰਾਮ ਦਾ ਚਾਰ ਲੱਖ ਦੇ ਕਰੀਬ ਰੁਪਈਆਂ ਵਸੂਲਦਾ ਹੈ। ਜੋ ਆਮ ਆਦਮੀਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ ਕਿ ਮਾਨ ਸਹਿਬ ਨੂੰ ਆਪਣੇਂ ਕਿਸੇ ਫੰਕਸ਼ਨ ‘ਤੇ ਬੁਲਾ ਸਕੇ। ਸੋ ਉਸਦੇ ਚਾਹੁਣ ਵਾਲੇ ਦੂਰ ਦੁਰਾਡੇ ਜਾ ਕੇ ਵੀ ਮਾਨ ਸਹਿਬ ਨੂੰ ਸੁਣਨ ਲਈ ਉਤਾਵਲੇ ਹੁੰਦੇ ਹਨ। ਸੋ ਹੁਣ ਜੇਕਰ ਕੋਈ ਮਾੜਾ ਮੋਟਾ ਕਲਾਕਾਰ ਅਜਿਹੀ ਗੱਲ ਕਰੇ ਤਾਂ ਲੋਕ ਸ਼ਾਇਦ ਉਸਦੀ ਗੱਲ ਵੱਲ ਬਹੁਤਾ ਧਿਆਨ ਨਾਂ ਦੇਣ। ਪਰ ਗੁਰਦਾਸ ਮਾਨ ਜਿਹੀ ਹਸਤੀ ਦੇ ਮੂੰਹੋਂ ਨਿੱਕਲੀ ਇੱਕ ਇੱਕ ਗੱਲ ਲੋਕਾਂ ਦੇ ਧੁਰ ਅੰਦਰ ਤੱਕ ਅਸਰ ਕਰਦੀ ਹੈ। ਮੈ ਨਹੀ ਕਹਿੰਦਾ ਕਿ ਗੁਰਦਾਸ ਮਾਨ ਸਿਰਫ ਸਿੱਖ ਧਰਮ ਦੇ ਹੀ ਸੋਹਿਲੇ ਗਾਵੇ ਜਾਂ ਆਪਣੀ ਨਿੱਜੀ ਜਿੰਦਗੀ ਵਿੱਚ ਅਜਿਹੇ ਸਾਧ ਫਕੀਰਾਂ ਦੇ ਨਾਂ ਜਾਵੇ। ਪਰ ਇੰਨੀਂ ਕੁ ਗੁਜਾਰਿਸ਼ ਜਰੂਰ ਹੈ ਕਿ ਆਪਣੀਂ ਨਿੱਜੀ ਜਿੰਦਗੀ ਦਾ ਅਸਰ ਆਪਣੇਂ ਚਾਹੁਣ ਵਾਲਿਆ ‘ਤੇ ਨਾਂ ਪੈਂਣ ਦੇਵੇ। ਮਾਨ ਸਹਿਬ ਦੀ ਨਿੱਜੀ ਜਿੰਦਗੀ ਦੇ ਨੇੜੇ ਵਿਚਰਨ ਵਾਲੇ ਲੋਕ ਤਾਂ ਇੱਥੋ ਤੱਕ ਕਹਿੰਦੇ ਸੁਣੇਂ ਗਏ ਹਨ ਕਿ ਗੁਰਦਾਸ ਮਾਨ ਸਿਰਫ ਸਟੇਜ ‘ਤੇ ਹੀ ਹਲੀਮੀਂ ਨਿਮਰਤਾ ਦਾ ਪ੍ਰਗਟਾਵਾ ਕਰਦਾ ਹੈ ਜਦੋਂਕਿ ਨਿੱਜੀ ਜਿੰਗਦੀ ਵਿੱਚ ਉਹ ਘੁਮੰਡੀ ਅਤੇ ਪੈਸੇ ਦਾ ਪੁੱਤ ਹੈ। ਉਦਾਹਰਣ ਵੀ ਦਿੰਦੇ ਸੁਣੇਂ ਹਨ ਕਿ ਗੁਰਦਾਸ ਮਾਨ ਆਪਣੇਂ ਪਿਓ ਦੀ ਮੌਤ ਸਮੇਂ ਆਪਣੇਂ ਪਿਓ ਦੀ ਚਿਤਾ ਨੂੰ ਅਗਨੀਂ ਦੇਣ ਦੀ ਬਜਾਏ ਅਮਰੀਕਾ ਸ਼ੋਅ ਕਰਨ ਤੁਰ ਗਿਆ ਸੀ। ਆਪਣੇਂ ਸ਼ਹਿਰ ਗਿਦੜਬਾਹੇ ਦੇ ਲੋਕਾਂ ਨਾਲ ਖਫਾ ਹੋ ਕੇ ਮਾਨ ਸਾਹਿਬ ਨੇਂ ਇੱਕ ਵਾਰ ਭਵਿੱਖ ਵਿੱਚ ਗਿਦੜਬਾਹੇ ਅਖਾੜਾ ਨਾਂ ਲਾਉਣ ਦੀ ਸੌਹ ਵੀ ਖਾਧੀ ਸੀ।ਪਰ ਕਰੀਬ ਬਾਰਾਂ ਸਾਲ ਬਾਅਦ ਅਕਾਲੀ ਦਲ ਦੀ ਸਟੇਜ ਤੋਂ 2010 ਵਿਚ ਆਪਣੇਂ ਸ਼ਹਿਰ ਵਿਖੇ ਲੋਕਾਂ ਦੇ ਰੁਬਰੂ ਹੋਇਆ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਛੁੱਟ ਕਈ ਵਾਰੀ ਗੁਰਦਾਸ ਮਾਨ ‘ਤੇ ਇਹ ਦੋਸ਼ ਵੀ ਲੱਗਦੇ ਆਏ ਹਨ ਕਿ ਗੁਰਦਾਸ ਮਾਨ ਨੇਂ ਪੁਰਾਣੇਂ ਸ਼ਾਇਰਾਂ ਦੇ ਗੀਤਾਂ ਨੂੰ ਤੋੜ ਪਰੋੜ ਕੇ ਆਪਣੇਂ ਨਾਂ ਹੇਠ ਪੇਸ਼ ਕੀਤਾ ਹੈ ਜਿੰਨ੍ਹਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਸੰਨ 1988 ਵਿੱਚ ਮੁੰਬਈ ਵਿੱਚ ਹੋਏ ਇੱਕ ਕਨਸਰਟ ਵਿੱਚ ਮਾਨ ਸਹਿਬ ਨੇਂ ਸ਼ਿਵ ਦੇ ਗੀਤ ‘ਸ਼ਿਕਰਾ ਯਾਰ” ਦੀਆਂ ਸਤਰਾਂ ਨੂੰ ਇੰਝ ਗਾਇਆ ਸੀ ਕਿ ,
ਸਈਓ ਨੀਂ ਇੱਕ ਭੁੱਲ ਮੈਥੋਂ ਹੋਈ,
ਜਿਹੜਾ ਪੰਛੀ ਯਾਰ ਬਣਾਇਆ,
ਇੱਕ ਉੱਡਣੀਂ ਨੀਂ ਉਹ ਐਸੀ ਉੱਡਿਆ
ਉਹਨੇ ਮੁੜ ਨਾਂ ਫੇਰਾ ਪਾਇਆ”।
ਇੱਕ ਵਾਰ ਖਬਰ ਪੜੀ ਸੀ ਕਿ ਮਾਨ ਸਹਿਬ ਨੇਂ ਪਾਕਿਸਤਾਨੀ ਗੀਤਾਂ ਦੇ ਮੁੱਖੜੇ ਅਤੇ ਤਰਜਾਂ ਚੋਰੀ ਕਰਕੇ ਆਪਣੇਂ ਗੀਤਾਂ ਵਿੱਚ ਸ਼ਾਮਿਲ ਕੀਤੀਆਂ ਹਨ ਜਿੰਨਾਂ ਦੀ ਉਦਾਹਰਣ ਮਾਨ ਸਹਿਬ ਦੇ ਕਈ ਗੀਤਾਂ ਜਿਵੇਂ “ਤੇਰੀ ਮਸਤ ਮਸਤ ਨਜਰੋਂ ਮੇਂ ਖੋ ਜਾਊ”, “ਯੇ ਕੇਸੀ ਕਸਕ ਤੂੰਨੇ ਮੇਰੇ ਦਿਲ ਮੇਂ ਜਗਾ ਦੀ ਹੈ”, “ਜਾਦੂਗਰੀਆਂ ਕਰਦੀ ਹੈ ਸਾਡੇ ਨਾਲ”, “ਲੈ ਓ ਯਾਰ ਹਵਾਲੇ ਤੇਰੇ” ਆਦਿ ਵਿੱਚ ਸੁਣਨ ਨੂੰ ਮਿਲਦੀ ਹੈ। ਕੋਲੈਬੋਰੇਸ਼ਨ ਵਾਲੇ ਗੀਤ ਜਿਸ ਵਿੱਚ ਪਾਸਿਤਾਨੀਂ ਸਿੰਗਰ ਅਬਰਾਰ ਉੱਲ ਹੱਕ ਅਤੇ ਸੁੱਖਸ਼ਿੰਦਰ ਸ਼ਿੰਦੇ ਨੇਂ ਗੁਰਦਾਸ ਮਾਨ ਨਾਲ ਗਾਇਆ ਸੀ, ਇਸ ਗੀਤ ਦੇ ਸ਼ੁਰੂ ਵਿੱਚ ਮਾਨ ਸਹਿਬ ਨੇਂ ਜੋ ਹੀਰ ਦਾ ਮੁਖੜਾ ਗਾਇਆ ਹੈ
“ਕਦੇ ਨਾਂ ਰਾਂਝਾਂ ਕੰਨ ਪੜਵਾਉਂਦਾ
ਜੇ ਹੀਰ ਖਵਾਉਦੀ ਚੂਰੀ ਨਾਂ,
ਇਸ਼ਕ ਨੇਂ ਮਾਨਾਂ ਡੁੱਬ ਜਾਣਾਂ ਸੀ
ਜੇ ਆਸ਼ਕ ਚੜਦੇ ਸੂਲੀ ਨਾਂ”
ਵੀ ਨੱਬੇਂ ਵੇ ਦਹਾਕੇ ਵਿੱਚ ਕਲੀਆ ਗਾਉਂਣ ਵਾਲੇ ਸੁਰਿੰਦਰ ਛਿੰਦੇ ਨੇ ਆਪਣੇਂ ਗਾਏ ਮਿਰਜੇ ਵਿੱਚ ਰਿਕਾਰਡ ਕਰਵਾਇਆ ਹੋਇਆ ਹੈ ਜੋ ਕਿ ਕਿਸੇ ਅਗਿਆਤ ਸ਼ਾਇਰ ਦਾ ਲਿਖਿਆ ਹੋਇਆ ਹੈ। ਖੈਰ ਜੋ ਵੀ ਹੈ ਗੁਰਦਾਸ ਮਾਨ ਨੂੰ ਚਾਹੁਣ ਵਾਲਿਆਂ ਦੀ ਵੀ ਕਮੀਂ ਨਹੀਂ ਹੈ। ਹੋ ਸਕਦੈ ਕਿ ਇਹਨਾਂ ਲਿਖੀਆਂ ਹੋਈਆਂ ਗੱਲਾਂ ਨਾਲ ਬਹੁਤੇ ਪਾਠਕ ਜਾਂ ਮਾਨ ਸਹਿਬ ਦੇ ਸਰੋਤੇ ਮੇਰੇ ਨਾਲ ਨਾ ਸਹਿਮਤ ਹੋਣ। ਪਰ ਕਿਸੇ ਵੀ ਸਮਾਜ ਦੀ ਸਿਰਜਣਾਂ ਵਿੱਚ ਜਾਂ ਸਮਾਜ ਨੂੰ ਕਿਸੇ ਨਵੀਂ ਦਿਸ਼ਾ ਵੱਲ ਮੋੜਾ ਦੇਣ ਲਈ ਸਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਹੁਣ ਜੇਕਰ ਮਾਨ ਸਹਿਬ ਵਰਗਾ ਬੰਦਾ ਆਪਣੇਂ ਆਦਰਸ਼ਵਾਦੀ ਅਸੂਲਾਂ ਤੋਂ ਹਟ ਕੇ ਗੱਲ ਕਰਦਾ ਹੈ ਤਾਂ ਸੁਭਾਵਿਕ ਹੈ ਕਿ ਮਾਨ ਸਹਿਬ ਨੂੰ ਆਪਣਾਂ ਆਦਰਸ਼ ਮੰਨਣ ਵਾਲੇ ਲੋਕ ਵੀ ਮਾਨ ਸਹਿਬ ਦੀ ਨਕਲ ਕਰਦੇ ਹੋਏ ਸਮਾਜ ਨੂੰ ਗਲਤ ਪਾਸੇ ਲੈ ਜਾਂਣ ਵਾਲੇ ਲੋਕਾਂ ਦੀ ਭੀੜ ਦਾ ਹਿੱਸਾ ਬਣ ਜਾਣਗੇ। ਅੱਜ ਜਦੋਂ ਪੰਜਾਬ ਦੀ ਸਮਾਜਿਕ, ਰਾਜਨੀਤਿਕ ਅਤੇ ਧਾਰਮਿੱਕ ਅਵਸ਼ਥਾ ਤਰਸਯੋਗ ਬਣੀਂ ਹੋਈ ਹੈ ਤਾਂ ਅਜਿਹੇ ਸਮੇਂ ਇੱਕ ਮਾਨ ਸਹਿਬ ਵਰਗੀ ਉੱਚੀ ਸ਼ਖਸ਼ੀਅਤ ਵਲੋਂ ਚੁੱਕਿਆ ਗਿਆ ਇੱਕ ਵੀ ਗਲਤ ਕਦਮ ਸਮਾਜ ਦੀ ਮਾਲਾ ਨੂੰ ਮਣਕੇ ਮਣਕੇ ਕਰ ਸਕਦਾ ਹੈ। ਇਸ ਲੇਖ ਲਿਖਣ ਪਿੱਛੇ ਮਾਨ ਸਹਿਬ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਬਲਕਿ ਮੈਂ ਤਾਂ ਖੁਦ ਉਹਨਾਂ ਦਾ ਇੱਕ ਵੱਡਾ ਸ਼ੁਭਚਿੰਤਕ ਹਾਂ। ਕਈ ਵਾਰੀ ਪੁਲਿਸ ਦੇ ਧੌਲ ਧੱਫੇ ਖਾ ਕੇ ਵੀ ਮਾਣ ਸਹਿਬ ਨੂੰ ਸੁਣਿਆਂ ਹੈ। ਪੰਜਾਬੀ ਯੂਨੀਵਰਸਿਟੀ ਪੜਦਿਆਂ ਯੂਨੀਵਰਸਿਟੀ ਵਿੱਚ ਖੁਦ ਮਾਨ ਸਹਿਬ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਿੱਚ ਮੋਹਰੀ ਰਿਹਾ ਹਾਂ। ਮੇਰੇ ਸ਼ਹਿਰ ਦੇ ਬਸ਼ਿੰਦੇ ਅਤੇ ਮਾਨ ਸਹਿਬ ਦੇ ਪੁਰਾਣੇਂ ਸਾਥੀ ਅਤੇ ਸਾਜੀ ਭੋਲੇ ਨਾਲ ਗੂੜੀ ਸਾਂਝ ਦਾ ਲਾਹਾ ਲੈਦਿਆਂ ਭੋਲੇ ਰਾਹੀ ਮਾਨ ਸਹਿਬ ਨੂੰ ਕਈ ਵਾਰ ਨਿੱਜੀ ਤੌਰ ਵੀ ਮਿਲਿਆ ਹਾਂ। ਆਖਿਰ ਗੱਲ ਤਾਂ ਇੰਨੀਂ ਕੁ ਹੈ ਕਿ ਲੋਕ ਆਵਾਜ ਬਣੇਂ ਗੁਰਦਾਸ ਮਾਨ ਵਰਗੇ ਚੋਟੀ ਦੇ ਫਨਕਾਰ ਨੂੰ ਸਮੇਂ ਦੀ ਨਜਾਕਤ ਪਛਾਣਦੇ ਹੋਏ ਅਜਿਹੇ ਵਿਵਾਦਾ ਤੋਂ ਦੂਰ ਹੀ ਰਹਿਣਾਂ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਚਾਹੁਣ ਵਾਲਿਆਂ ਦੇ ਦਿਲ ਵਿੱਚ ਮਾਨ ਸਹਿਬ ਪ੍ਰਤੀ ਪਿਆਰ ਅਤੇ ਸਤਿਕਾਰ ਵਿੱਚ ਹੋਰ ਵੀ ਵਾਧਾ ਹੋ ਸਕੇ।
****
ਫੋਨ-0434288301