ਰਿਸ਼ਤੇ ਕੀ ਹਨ? ਕੀ ਇਨ੍ਹਾਂ ਨੂੰ ਨਿਭਾਉਣਾ ਬਹੁਤ ਸੌਖਾ ਹੁੰਦਾ ਹੈ? ................................ ਰਿਸ਼ਤੇ ਕੁੱਝ ਖੂਨ ਦੇ ਹੁੰਦੇ ਹਨ ਜੋ ਸਾਨੂੰ ਜਨਮ ਤੋਂ ਹੀ ਵਿਰਾਸਤ ਵਿੱਚ ਮਿਲਦੇ ਹਨ ਜਿਵੇਂ ਕਿ ਦਾਦਾ-ਦਾਦੀ, ਮਾਂ-ਪਿਓ, ਭੈਣ-ਭਰਾ, ਚਾਚੇ-ਤਾਏ, ਭੂਆ-ਫੁੱਫੜ, ਮਾਮੇ ਆਦਿ ਅਤੇ ਕੁੱਝ ਰਿਸ਼ਤੇ ਅਸੀਂ ਖੁਦ ਬਣਾਉਂਦੇ ਹਾਂ, ਜਿਵੇਂ ਕਿ ਪਤੀ-ਪਤਨੀ ਦਾ ਰਿਸ਼ਤਾ, ਦੋਸਤ ਜਾਂ ਕੋਈ ਧਰਮ ਦੇ ਭੈਣ-ਭਰਾ ਦਾ ਰਿਸ਼ਤਾ ਜੋ ਅਸੀਂ ਆਪਣੀ ਮਰਜ਼ੀ ਨਾਲ ਚੁਣਿਆ ਹੁੰਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ ਕਈ ਵਾਰ ਕਿਸੇ ਮਜ਼ਬੂਰੀ ਨਾਲ ਨਿਭਾਉਂਦੇ ਹਾਂ ਅਤੇ ਕਈ ਵਾਰ ਇਨਸਾਨੀਅਤ ਦਾ ਫਰਜ਼ ਸਮਝ ਕੇ। ਓਹ ਵੀ ਰਿਸ਼ਤੇ ਹੀ ਸਨ ਜਿਨ੍ਹਾਂ ਨੂੰ ਨਿਭਾਉਣ ਦੀ ਖਾਤਿਰ ਭਗਵਾਨ ਸ੍ਰੀ ਰਾਮ ਜੀ ਸਾਰਾ ਰਾਜ ਛੱਡ ਕੇ ਚੌਦਾਂ ਸਾਲ ਦੇ ਬਨਵਾਸ ਲਈ ਚਲੇ ਗਏ ਸਨ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦਰੌਪਤੀ ਦੀ ਇੱਕ ਪੁਕਾਰ ਸੁਣਕੇ ਭਰੀ ਸਭਾ ਵਿੱਚ ਉਸਦੀ ਇੱਜ਼ਤ ਬਚਾਉਣ ਲਈ ਪਹੁੰਚ ਗਏ ਸਨ ਤੇ ਉਸਨੂੰ ਨਿਰਵਸਤਰ ਹੋਣ ਤੋਂ ਬਚਾਇਆ ਅਤੇ ਇਕਲੱਵਿਆ ਨੇ ਆਪਣਾ ਗੁਰੂ ਚੇਲੇ ਦਾ ਰਿਸ਼ਤਾ ਨਿਭਾਉਣ ਲਈ ਸ੍ਰੀ ਦਰੋਣਾਅਚਾਰੀਆ ਜੀ ਨੂੰ ਆਪਣਾ ਅੰਗੂਠਾ ਵੱਢ ਕੇ ਦੇ ਦਿੱਤਾ ਸੀ।
ਰਿਸ਼ਤਾ ਇੱਕ ਇਹੋ ਜਿਹਾ ਸ਼ਬਦ ਹੈ ਜਿਹੜਾ ਵੇਖਣ ਨੂੰ ਭਾਵੇਂ ਛੋਟਾ ਲਗਦਾ ਹੈ ਪਰ ਇਸਦਾ ਅਰਥ ਬਹੁਤ ਵੱਡਾ ਹੈ। ਅੱਜ ਦੇ ਤੇਜ਼ ਰਫਤਾਰ ਜ਼ਮਾਨੇ ਵਿੱਚ ਇਨ੍ਹਾਂ ਰਿਸ਼ਤਿਆਂ ਦੇ ਸ਼ਾਇਦ ਅਰਥ ਹੀ ਬਦਲ ਗਏ ਹਨ, ਇਨ੍ਹਾਂ ਦੀਆਂ ਕਦਰਾਂ ਦਿਨੋ ਦਿਨ ਘਟਦੀਆਂ ਜਾ ਰਹੀਆਂ ਹਨ। ਕੀ ਕਾਰਨ ਹੋ ਸਕਦੇ ਹਨ ਰਿਸ਼ਤਿਆਂ ਦੀਆਂ ਕਦਰਾਂ ਘਟਣ ਦੇ? ਕੀ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਰਿਸ਼ਤਿਆਂ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਕਰਵਾਉਂਦੇ, ਕਿ ਕਿਸ ਰਿਸ਼ਤੇ ਦੀ ਕੀ ਮਹੱਤਤਾ ਹੈ? ਜਾਂ ਇਹ ਅਗਾਂਹਵਧੂ ਸਮਾਜ ਜੋ ਸਾਰੇ ਰਿਸ਼ਤਿਆਂ ਨੂੰ ਭੁਲਾ ਕੇ ਸਿਰਫ ਬੁਆਏ-ਫਰੈਂਡ ਜਾਂ ਗਰਲ-ਫਰੈਂਡ ਦੇ ਰਿਸ਼ਤੇ ਨੂੰ ਹੀ ਆਪਣਾ ਧਰਮ ਸਮਝਦਾ ਹੈ? ਸ਼ਾਇਦ ਬੇ-ਰੁਜ਼ਗਾਰੀ ਵੀ ਇੱਕ ਅਹਿਮ ਕਾਰਨ ਹੋ ਸਕਦੀ ਹੈ।
ਪੁਰਾਣੇ ਸਮੇਂ ਵਿੱਚ ਮਾਂ-ਪਿਓ ਆਪਣੇ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਬਿਤਾਉਣ ਲਈ ਆਪਣੇ ਉਹਨਾਂ ਨੂੰ ਨਾਨਕੇ ਘਰ, ਭੂਆ ਕੋਲ ਜਾਂ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਭੇਜ ਦਿੰਦੇ ਸਨ ਤਾਂ ਕਿ ਉਸ ਨੂੰ ਰਿਸ਼ਤਿਆਂ ਦੀ ਕੁੱਝ ਸਮਝ ਲੱਗੇ, ਕਿ ਮਾਮੇ ਦਾ, ਭੂਆ ਦਾ ਅਤੇ ਹੋਰ ਰਿਸ਼ਤਿਆਂ ਦਾ ਜ਼ਿੰਦਗੀ ਵਿੱਚ ਕੀ ਮਹੱਤਵ ਹੈ। ਪਰ ਅੱਜ ਕੱਲ ਮਾਂ-ਪਿਓ ਬਜਾਏ ਇਸ ਦੇ ਕਿ ਰਿਸ਼ਤੇ ਨਾਤਿਆਂ ਤੋਂ ਜਾਣੂ ਕਰਵਾਉਣ, ਆਪਣੇ ਬੱਚਿਆਂ ਨੂੰ ਕਿਸੇ ਪਹਾੜੀ ਏਰੀਐ ਤੋਂ ਜਾਣੂ ਕਰਵਾਉਣਾ ਜਿਆਦਾ ਚੰਗਾ ਸਮਝਦੇ ਹਨ ਅਤੇ ਛੁੱਟੀਆਂ ਬਿਤਾਉਣ ਲਈ ਮਸੂਰੀ, ਸ਼ਿਮਲਾ ਜਾਂ ਕੁੱਲੂ-ਮਨਾਲੀ ਚਲੇ ਜਾਂਦੇ ਹਨ। ਹਰ ਮਾਂ-ਪਿਓ ਆਪਣੇ ਬੱਚਿਆਂ ਨੂੰ ਪੜ੍ਹਾਈ ਦੀ ਚੰਗੀ ਸਿੱਖਿਆ ਦੇਣੀ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਕਰਦੇ ਹਨ ਪਰ ਕਦੀ ਵੀ ਉਨ੍ਹਾਂ ਨੂੰ ਰਿਸ਼ਤਿਆਂ ਤੋਂ ਜਾਣੂ ਕਰਵਾਉਣ ਦੀ ਕੋਸਿਸ਼ ਨਹੀਂ ਕਰਦੇ।
ਮੇਰੇ ਮਾਂ-ਪਿਓ ਨੇ ਮੈਨੂੰ ਬਚਪਨ ਕੁੱਝ ਕੁ ਰਿਸ਼ਤਿਆਂ ਦੇ ਅਰਥ ਸਮਝਾਏ ਸਨ ਕਿ ਮਾਮਾ ਕੀ ਹੈ, ਦੋ ਮਾਵਾਂ ਜਿੰਨਾਂ ਪਿਆਰ ਹੁੰਦਾ ਹੈ ਮਾਮੇ ਵਿੱਚ, ਮਾਂ ਮਾਂ (ਮਾਮਾ) ਅਤੇ ਮਾਸੀ (ਮਾਂ ਜੈਸੀ) ਮਾਂ ਵਰਗੀ, ਭੂਆ ਕਹਿਣ ਤੇ ਬੁੱਲਾਂ ਦਾ ਜੁੜਨਾ, ਫੁੱਫੜ ਕਹਿਣ ਨਾਲ ਪਿਆਰ ਵਿੱਚ ਮੂੰਹ ਭਰ ਜਾਣਾ ਅਤੇ ਚਾਚਾ ਕਹਿਣ ਨਾਲ ਚਾਅ ਦਾ ਦੁੱਗਣਾ ਹੋ ਜਾਣਾ ਆਦਿ ਪਰ ਅੱਜ ਕੱਲ ਇਹ ਸਾਰੇ ਰਿਸ਼ਤੇ ਸਿਰਫ ਅੰਕਲ ਤੇ ਆਂਟੀ ਦੀ ਵਲਗਣ ਵਿੱਚ ਹੀ ਕੈਦ ਹੋ ਕੇ ਰਹਿ ਗਏ। ਪਿਓ ਅਤੇ ਬਾਪੂ ਦੀ ਜਗ੍ਹਾ ਡੈਡੀ, ਡੈਡ, ਡੀ, ਪਾਪਾ ਤੇ ਹੌਲ੍ਹੀ ਹੌਲ੍ਹੀ ਘਟ ਕੇ ਪਾ ਤੇ ਆ ਗਈ, ਭੈਣ ਦੀ ਜਗ੍ਹਾ ਦੀਦੀ ਤੇ ਹੁਣ ਸਿਰਫ “ਦੀ”.., ਵੀਰ ਦੀ ਜਗ੍ਹਾ “ਬਰੋ” ਅਤੇ ਮਾਂ ਦੀ ਜਗ੍ਹਾਂ ਮੌਮ, ਮੰਮ ਅਤੇ ਮੰਮੀ ਜਿਸਦਾ ਕਿਸੇ ਮੁਲਕ ਦੀ ਭਾਸ਼ਾ ਵਿੱਚ ਅਰਥ ਸ਼ਾਇਦ ਲਾਸ਼ ਹੈ। ਮਾਂ... ਜਿਸਦੇ ਪੈਰਾਂ ਵਿੱਚ ਸਵਰਗ ਹੈ, ਰੱਬ ਦਾ ਦੂਸਰਾ ਰੂਪ ਹੈ। ਜਿੱਥੇ ਮਾਂ ਸ਼ਬਦ ਦਾ ਅਰਥ ਕਿੰਨੇ ਹੀ ਲੇਖਕਾਂ, ਕਵੀਆਂ ਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ ਪਰ ਅਜੇ ਵੀ ਇਸ ਨੂੰ ਅਧੂਰਾ ਹੀ ਸਮਝਦੇ ਹਨ। ਉੱਥੇ ਹੀ ਸਾਡੇ ਅਗਾਂਹਵਧੂ ਸਮਾਜ ਨੇ ਮਾਂ ਸ਼ਬਦ ਨੂੰ ਲਾਸ਼ ਵਰਗੇ ਸ਼ਬਦ ਮੰਮੀ ਨਾਲ ਜੋੜ ਦਿੱਤਾ ਹੈ।
ਸਾਡੇ ਰਿਸ਼ਤਿਆਂ ਵਿੱਚ ਗੋਤ ਦੀ ਵੀ ਅਹਿਮ ਭੂਮਿਕਾ ਹੈ ਜਦੋਂ ਕੋਈ ਇੱਕੋ ਗੋਤ ਦੇ ਦੋ ਇਨਸਾਨ ਮਿਲ ਜਾਂਦੇ ਤਾਂ ਗੋਤੀ ਭਰਾ ਸਮਝਦੇ ਸੀ। ਅਤੇ ਪੁਰਾਣੇ ਸਮੇਂ ਵਿੱਚ ਜਦੋਂ ਕਦੀ ਕਿਸੇ ਮੁੰਡੇ ਕੁੜੀ ਦੇ ਵਿਆਹ ਦੀ ਗੱਲ ਤੋਰੀ ਜਾਂਦੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਨਾਨਕੇ, ਦਾਦਕੇ ਅਤੇ ਭੂਆ ਦੇ ਸਹੁਰਿਆਂ ਤੱਕ ਦੇ ਗੋਤ ਮਿਲਾਏ ਜਾਂਦੇ ਸਨ, ਜੇ ਕਿਸੇ ਦਾ ਵੀ ਗੋਤ ਮੇਲ ਖਾ ਜਾਂਦਾ ਤਾਂ ਓਹ ਰਿਸ਼ਤਾ ਨਹੀਂ ਸੀ ਹੁੰਦਾ। ਪਰ ਹੁਣ ਰਿਸ਼ਤਿਆਂ ਵਿੱਚ ਏਨੀਂ ਗਿਰਾਵਟ ਆ ਚੁੱਕੀ ਹੈ ਕਿ ਅੱਜ ਕੱਲ ਦੇ ਕੁੱਝ ਮੁੰਡੇ ਕੁੜੀਆਂ ਤਾਂ ਆਪਣੀਆਂ ਹੀ ਸਕੀਆਂ ਰਿਸ਼ਤੇਦਾਰੀਆਂ ਵਿੱਚ ਲਗਦੇ ਭੈਣ ਭਰਾਵਾਂ ਨਾਲ ਵਿਆਹ ਕਰਵਾਈ ਜਾਂਦੇ ਹਨ।
ਬੇ-ਸ਼ੱਕ ਰਿਸ਼ਤਿਆਂ ਦੇ ਘਟਦੇ ਜਾ ਰਹੇ ਦਾਇਰੇ ਦੇ ਹੋਰ ਵੀ ਬਹੁਤ ਸਾਰੇ ਕਾਰਨ ਰਹੇ ਹੋਣਗੇ, ਪਰ ਕਿਤੇ ਨਾ ਕਿਤੇ ਬੇ-ਰੁਜ਼ਗਾਰੀ ਵੀ ਰਿਸ਼ਤਿਆਂ ਦੇ ਘਾਣ ਦੀ ਜਿੰਮੇਵਾਰ ਹੈ। ਅੱਜ ਹਜਾਰਾਂ ਹੀ ਮੇਰੇ ਪੜ੍ਹੇ-ਲਿਖੇ ਨੌਜਵਾਨ ਭੈਣ ਭਰਾ ਬੇ-ਰੁਜ਼ਗਾਰੀ ਦੇ ਝੰਬੇ ਆਪਣਾ ਘਰ ਤੇ ਮਾਂ-ਪਿਓ ਛੱਡਕੇ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਨ ਲਈ ਮਜਬੂਰ ਹਨ। ਪਰ ਕੁੱਝ ਕਮਅਕਲ ਲੋਕ ਜੋ ਆਪਣੀ ਪੜ੍ਹਾਈ ਜਾਂ ਕਾਬਲੀਅਤ ਦੇ ਦਮ ਤੇ ਵਿਦੇਸ਼ ਨਹੀਂ ਜਾ ਸਕਦੇ ਉਹ ਆਪਣੇ ਹੀ ਕਿਸੇ ਨਾ ਕਿਸ ਸਾਕੇ-ਸੰਬੰਧੀ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾ ਰਹੇ ਹਨ। ਇਹ ਗੱਲਾਂ ਹੁਣ ਆਮ ਹੀ ਸਾਹਮਣੇ ਆ ਰਹੀਆਂ ਹਨ ਕਿ ਕਿਸੇ ਨੇ ਮਾਮੇ ਦੀ ਲੜਕੀ ਨਾਲ, ਕਿਸੇ ਨੇ ਚਾਚੇ ਦੇ ਲੜਕੇ ਨਾਲ ਵਿਦੇਸ਼ ਜਾਣ ਲਈ ਵਿਆਹ ਕਰਵਾ ਲਿਆ ਹੈ। ਕੁੱਝ ਕੁ ਹੈਵਾਨਾਂ ਨੇ ਤਾਂ, (ਸ਼ਾਇਦ ਉਨ੍ਹਾਂ ਨੂੰ ਇਨਸਾਨ ਕਹਿਣਾਂ ਇਨਸਾਨੀਅਤ ਦੀ ਬੇ-ਇੱਜ਼ਤੀ ਕਰਨਾ ਹੈ) ਵਿਦੇਸ਼ ਜਾਣ ਦੇ ਲਾਲਚ ਵਿੱਚ ਆਪਣੀਆਂ ਹੀ ਸਕੀਆਂ ਧੀਆਂ-ਭੈਣਾਂ ਨਾਲ ਲਾਵਾਂ ਲੈ ਲਈਆਂ।
ਪਤੀ-ਪਤਨੀ ਦਾ ਰਿਸ਼ਤਾ ਉਹ ਪਵਿੱਤਰ ਰਿਸ਼ਤਾ ਹੈ ਜਿਸ ਨਾਲ ਜੱਗ ਦੀ ਉਤਪਤੀ ਦਾ ਸਵਾਲ ਜੁੜਿਆ ਹੋਇਆ ਹੈ। ਜੇਕਰ ਇਸ ਰਿਸ਼ਤੇ ਨੂੰ ਸਮਾਜਿਕ ਮਾਨਤਾ ਨਾਂ ਹੁੰਦੀ ਤਾਂ ਇਨਸਾਨਾਂ ਅਤੇ ਪਸ਼ੂਆਂ ਵਿੱਚ ਕੋਈ ਫਰਕ ਨਹੀਂ ਰਹਿਣਾ ਸੀ ਪਰ ਪੈਸੇ ਦੀ ਭੁੱਖ ਨੇ ਡਾਲਰ ਜਾਂ ਪੌਂਡ ਇਕੱਠੇ ਕਰਨ ਦੀ ਦੌੜ ਵਿੱਚ ਜਿੰਨਾ ਇਸ ਰਿਸ਼ਤੇ ਦਾ ਘਾਣ ਹੋਇਆ ਹੈ ਸ਼ਾਇਦ ਹੋਰ ਕਿਸੇ ਰਿਸ਼ਤੇ ਦਾ ਨਾ ਹੋਇਆ ਹੋਵੇ ਕਿਉਂਕਿ ਵਿਦੇਸ਼ ਵਸਣ ਦੀ ਅੰਨ੍ਹੀਂ ਦੌੜ ਵਿੱਚ ਸਾਡੇ ਪੰਜਾਬੀਆਂ ਨੇ ਜੋ ਢੰਗ ਤਰੀਕੇ ਅਪਣਾਏ ਹਨ ਉਹ ਸਾਡਾ ਸਿਰ ਨੀਵਾਂ ਕਰਨ ਲਈ ਕਾਫੀ ਹਨ। ਜਿਸ ਬਾਣੀ ਨੂੰ ਅਸੀਂ ਆਪਣੇ ਜੀਵਨ ਦਾ ਧੁਰਾ ਮੰਨਦੇ ਹਾਂ ਉਸੇ ਸ਼ਬਦ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁੱਝ ਪਿਉ ਆਪਣੀਆਂ ਧੀਆਂ ਨਾਲ ਅਤੇ ਭਰਾ ਆਪਣੀਆਂ ਭੈਣਾਂ ਨਾਲ ਹੀ ਲਾਵਾਂ ਲੈ ਕੇ ਵਿਦੇਸ਼ੀਂ ਜਾ ਵਸੇ ਹਨ। “ਜਰਾ ਠੰਡੇ ਦਿਮਾਗ ਨਾਲ ਸੋਚਕੇ ਵੇਖੋ ਕਿ ਇਨਸਾਨੀ ਰਿਸ਼ਤਿਆਂ ਅਤੇ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਦਾ ਇਸ ਤੋਂ ਦਰਦਨਾਕ ਕਤਲ ਕੀ ਹੋ ਸਕਦਾ ਹੈ...........?”
ਅਸੀਂ ਪੰਜਾਬੀ ਹਾਂ ਸਾਡੀ ਜੱਗ ਤੇ ਰਿਸ਼ਤਿਆਂ ਨੂੰ ਨਿਭਾਉਣ ਦੀ ਮਿਸਾਲ ਦਿੱਤੀ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਪੱਗ ਵਟਾ ਕੇ ਭਰਾ ਬਣਾਉਂਦੇ ਅਤੇ ਉਸੇ ਰਿਸ਼ਤੇ ਨੂੰ ਨਿਭਾਉਣ ਦੀ ਖਾਤਿਰ ਕੁਰਬਾਨ ਤੱਕ ਹੋ ਜਾਂਦੇ ਸੀ। ਜੇ ਕਿਸੇ ਲੜਕੀ ਨੂੰ ਧਰਮ ਦੀ ਭੈਣ ਮੰਨ ਲਿਆ ਤਾਂ ਮਰਦੇ ਦਮ ਤੱਕ ਉਸ ਰਿਸ਼ਤੇ ਨੂੰ ਨਿਭਾਉਂਦੇ ਸੀ। ਆਪਣੇ ਪਿੰਡ ਦੀ ਧੀ-ਭੈਣ ਨੂੰ ਆਪਣੀ ਇੱਜ਼ਤ ਸਮਝਿਆ ਜਾਂਦਾ ਸੀ। ਜੇ ਕਿਸੇ ਪਿੰਡ ਦੀ ਧੀ-ਭੈਣ ਤੇ ਕੋਈ ਅਨਹੋਣੀ ਘਟਨਾ ਵਾਪਰ ਜਾਂਦੀ ਤਾਂ ਸਾਰਾ ਪਿੰਡ ਉਸ ਦੀ ਮਦਦ ਲਈ ਆ ਜਾਂਦਾ ਸੀ ਅਤੇ ਜੇ ਕੋਈ ਵੈਲੀ ਪਿੰਡ ਦੀ ਧੀ-ਭੈਣ ਵੱਲ ਬੁਰੀ ਅੱਖ ਰੱਖਣ ਦੀ ਹਿੰਮਤ ਵੀ ਕਰਦਾ ਤਾਂ ਉਸ ਨੂੰ ਪਿੰਡ ਵਾਲੇ ਹੀ ਸਬਕ ਸਿਖਾ ਦਿੰਦੇ ਸਨ। ਪਰ ਅੱਜ-ਕੱਲ ਪਿੰਡ ਦੀ ਹੀ ਕੁੜੀ ਜਾਂ ਮੁੰਡੇ ਨੂੰ ਬੁਆਏ-ਫਰੈਂਡ ਜਾਂ ਗਰਲ-ਫਰੈਂਡ ਬਣਾਇਆ ਜਾਂਦਾ ਹੈ। “ਜਿਉਣਾ ਮੌੜ ਇੱਕ ਡਾਕੂ ਸੀ”, ਪੁਲਿਸ ਨੇ ਉਸਦੇ ਸਿਰ ਇਨਾਮ ਵੀ ਰੱਖੇ ਹੋਏ ਸਨ ਪਰ ਉਸ ਨੇ ਫਿਰ ਵੀ ਆਪਣੀ ਧਰਮ ਦੀ ਬਣਾਈ ਹੋਈ ਭੈਣ ਨਾਲ ਕੀਤਾ ਵਾਅਦਾ ਕਿ ਤੇਰੇ ਵਿਆਹ ਤੇ ਜਰੂਰ ਆਂਵਾਗਾ, ਨੂੰ ਨਿਭਾਉਣ ਲਈ ਪੁਲਿਸ ਦੇ ਪਹਿਰੇ ਦੇ ਬਾਵਜੂਦ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ, ਆਪਣੀ ਮੂੰਹ-ਬੋਲੀ ਭੈਣ ਦੇ ਵਿਆਹ ਤੇ ਆ ਕੇ ਉਸਨੂੰ ਸ਼ਗਨ ਦਿੱਤਾ ਅਤੇ ਆਪਣੇ ਭਰਾ-ਭੈਣ ਦੇ ਰਿਸ਼ਤੇ ਨੂੰ ਨਿਭਾਇਆ।
ਜਿੱਥੇ ਪੁਰਾਣੇ ਸਮੇਂ ਵਿੱਚ ਭਰਾ ਆਪਣੀਆਂ ਭੈਣਾਂ ਨੂੰ ਤੀਆਂ ਦੇ ਤਿਉਹਾਰ ਦਾ ਸੰਧਾਰਾ ਦੇਣ ਜਾਂਦੇ ਸੀ ਤੇ ਭੈਣਾਂ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਉੱਥੇ ਅੱਜ ਕਲ ਵੈਲਨਟਾਈਨ-ਡੇ ਤੇ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਕੋਈ ਫੁੱਲ ਜਾਂ ਉਪਹਾਰ ਦੇਣਾ ਹੀ ਆਪਣਾ ਅਸਲੀ ਫਰਜ਼ ਸਮਝਦੇ ਹਨ । ਉਹ ਰੱਖੜੀ ਦੇ ਤਿਉਹਾਰ ਦੀ ਤਰੀਕ ਤਾਂ ਭੁੱਲ ਸਕਦੇ ਹਨ ਪਰ ਵੈਲਨਟਾਈਨਸ-ਡੇ ਦੀ ਤਰੀਕ ਕਦੀ ਨਹੀਂ ਭੁੱਲਦੇ। ਰੱਖੜੀ ਬਨਾਉਣਾ ਭੁੱਲ ਸਕਦੇ ਹਨ ਪਰ ਕਿਸੇ ਕੁੜੀ ਤੋਂ ਫਰੈਂਡਸ਼ਿੱਪ-ਬੈਂਡ ਬਨਾਉਣਾ ਕਦੀ ਨਹਂੀ ਭੁੱਲਦੇ। ਰੱਬ ਦਾ ਰੂਪ ਆਪਣੀ ਮਾਂ ਨੂੰ ਕਦੀ ਬਿਮਾਰ ਹੋਣ ਤੇ ਭਾਵੇਂ ਦਵਾਈ ਦਵਾਉਣਾ ਭੁੱਲ ਜਾਣ ਪਰ ਆਪਣੀ ਗਰਲ-ਫਰੈਂਡ ਜਾਂ ਬੁਆਏ-ਫਰੈਂਡ ਦੇ ਜਨਮ ਦਿਨ ਤੇ ਤੋਹਫਾ ਦੇਣਾ ਨਹੀਂ ਭੁੱਲਦੇ।
“ਫਰੈਂਡ” ਜਿਸਦਾ ਮਤਲਬ ਹੈ ਕਿ ਦੋਸਤ, “ਦੋਸਤੀ” ਤਾਂ ਉਹ ਪਵਿੱਤਰ ਰਿਸ਼ਤਾ ਹੈ ਜਿਸਦਾ ਦਰਜਾ ਸਕੇ ਭਰਾ ਦੀ ਰਿਸ਼ਤੇਦਾਰੀ ਤੋਂ ਵੀ ਜਿਆਦਾ ਹੈ। ਪਰ ਕੁੱਝ ਕੁ ਨਾ ਸਮਝ ਮੁੰਡੇ ਕੁੜੀਆਂ ਨੇ ਇਸ ਰਿਸ਼ਤੇ ਦੇ ਅਰਥ ਹੀ ਬਦਲ ਦਿੱਤੇ। ਦੋਸਤ ਬਨਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਦੋਸਤੀ ਦੀ ਆੜ ਵਿੱਚ ਰਿਸ਼ਤਿਆਂ ਦਾ ਘਾਣ ਕਰਨਾ ਮਾੜੀ ਗੱਲ ਹੈ। ਅੱਜ-ਕੱਲ ਦੇ ਕੁੱਝ ਨੌਜਵਾਨ ਮੁੰਡੇ ਸਿਰਫ ਦੋਸਤੀ ਉੱਥੇ ਲਾਉਂਦੇ ਹਨ ਜਿਸ ਕੋਲ ਕੋਈ ਵਧੀਆ ਕਾਰ ਜਾਂ ਮੋਟਰਸਾਈਕਲ ਹੋਵੇ ਅਤੇ ਜਾਂ ਫਿਰ ਉਸਦੇ ਘਰ ਕੋਈ ਨੌਜਵਾਨ ਭੈਣ ਹੋਵੇ। ਇਹੋ ਜਿਹੇ ਘਟੀਆ ਲੋਕਾਂ ਨੇ ਹੀ ਸਾਡੇ ਸਮਾਜ ਅਤੇ ਰਿਸ਼ਤਿਆਂ ਨੂੰ ਗੰਦਲ੍ਹਾ ਕੀਤਾ ਹੋਇਆ ਹੈ।
ਕੌਣ ਜਿੰਮੇਵਾਰ ਹੈ ਇੰਨ੍ਹਾਂ ਹੋ ਰਹੇ ਰਿਸ਼ਤਿਆਂ ਦੇ ਘਾਣ ਦਾ?.......... ਅਸੀਂ ਖੁਦ, ਜੋ ਲੋਕ ਸਵੇਰੇ ਚਾਹ ਦੀ ਪਿਆਲੀ ਨਾਲ ਅਖਬਾਰ ਦੀਆਂ ਖਬਰਾਂ ਪੜ੍ਹਦੇ ਹਨ ਕਿ ਕਿਸ ਦੀ ਕੁੜੀ ਦੀ ਇੱਜਤ ਲੁੱਟੀ ਗਈ, ਕਿਸਦੇ ਘਰ ਦੀ ਇੱਜ਼ਤ ਅੱਜ ਕਿਸੇ ਨਾਲ ਭੱਜ ਕੇ ਵਿਆਹ ਕਰਵਾ ਗਈ? ਖਬਰ ਪੜ੍ਹਨ ਤੋਂ ਬਾਅਦ ਥੋੜਾ ਜਿਹਾ ਉੱਪਰਲੇ ਮਨੋਂ ਅਫਸੋਸ ਜਿਹਾ ਮਨਾ ਕੇ ਅਤੇ ਬਸ ਇੱਕ ਠੰਡਾ ਜਿਹਾ ਹੌਂਕਾ ਲੈਂਦੇ ਹੋਏ ਆਖ ਦੇਣਾ ਕਿ ਘੋਰ ਕਲਯੁਗ ਆ ਗਿਆ...., ਬਈ ਹੁਣ ਤਾਂ ਰੱਬ ਈ ਰਾਖਾ ਹੈ ਦੁਨੀਆਂ ਦਾ....। “ਰੱਬ ਇਸ ਲਈ ਕਿਉਂ ਜਿੰਮੇਵਾਰ ਹੈ”? ਰੱਬ ਨੇ ਸਾਰੀਆਂ ਜੀਵ ਜ਼ਾਤੀਆਂ ਵਿੱਚੋਂ ਸਿਰਫ ਮਨੁੱਖ ਨੂੰ ਹੀ ਸੋਚਣ-ਸਮਝਣ ਦੀ ਸ਼ਕਤੀ ਦਿੱਤੀ ਹੈ। ਪਰ ਅਸੀਂ ਕਦੀ ਇਹ ਸਮਝਣ ਦੀ ਕੋਸ਼ਿਸ ਨਹੀਂ ਕੀਤੀ ਕਿ ਇਸ ਸਭ ਲਈ ਅਸੀਂ ਖੁਦ ਜਿੰਮੇਵਾਰ ਹਾਂ ਰੱਬ ਨੂੰ ਤਾਂ ਓਦਾਂ ਹੀ ਉਲਾਂਭਾ ਮਾਰਦੇ ਰਹਿੰਦੇ ਹਾਂ। ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਉੱਤੇ ਤਾਂ ਲੱਖਾਂ ਰੁਪਏ ਖਰਚ ਦਿੰਦੇ ਹਾਂ ਪਰ ਕਦੀ ਆਪਣੇ ਰਿਸ਼ਤੇ-ਨਾਤਿਆਂ ਆੇ ਰੀਤ-ਰਿਵਾਜਾਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ ਨਹੀਂ ਕਰਦੇ ਜੋ ਕਿ ਸਭ ਤੋਂ ਜਰੂਰੀ ਪੜ੍ਹਾਈ ਹੈ।
ਮੇਰੇ ਭੈਣੋਂ ਤੇ ਭਰਾਵੋ ਇੱਕ ਵਾਰ ਆਪਣੀ ਮੰਮੀ ਜਾਂ ਮੌਮ ਨੂੰ “ਮਾਂ” ਸ਼ਬਦ ਨਾਲ ਪੁਕਾਰ ਕੇ ਤਾਂ ਵੇਖੋ.... ਫਿਰ ਪਤਾ ਲੱਗੇਗਾ ਕਿ ਮਾਂ ਦਾ ਰਿਸ਼ਤਾ ਕਿਸਨੂੰ ਆਖਦੇ ਨੇ। “ਮਾਂ” ਸ਼ਬਦ ਬੋਲਦਿਆਂ ਹੀ ਜੁਬਾਨ ਪਵਿੱਤਰ ਹੋ ਜਾਂਦੀ ਏ, “ਮਾਂ” ਸ਼ਬਦ ਸੁਣਦਿਆਂ ਹੀ ਮਾਂ ਦੇ ਕਲੇਜੇ ਠੰਡ ਪੈ ਜਾਂਦੀ ਹੈ। ਜਿਸ ਤਰ੍ਹਾਂ ਹਰ ਮਜਬੂਤ ਮਕਾਨ ਦੀ ਮਜਬੂਤੀ ਉਸਦੀ ਨੀਂਹ ਤੋਂ ਪਹਿਚਾਣੀ ਜਾਂਦੀ ਹੈ, ਉਸੇ ਤਰ੍ਹਾਂ ਹਰ ਮਜਬੂਤ ਪਰਿਵਾਰ ਦੀ ਪਹਿਚਾਣ ਉਸ ਦੇ ਬਜ਼ੁਰਗਾਂ ਤੋਂ ਹੁੰਦੀ ਹੈ। ਇਸ ਲਈ ਆਪਣੇ ਬਜ਼ੁਰਗਾਂ ਨੂੰ, ਦਾਦਾ-ਦਾਦੀ ਨੂੰ ਕਦੀ ਨਾਂ ਭੁੱਲੋ, ਕਦੀ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਸਮੇਂ ਦੀਆਂ ਗੱਲਾਂ ਸੁਣੋ ਤੇ ਉਹਨਾਂ ਦੇ ਜ਼ਜਬਾਤਾਂ ਨੂੰ ਸਮਝੋ, ਨਾ ਕਿ ਉਹਨਾਂ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਤੇ ਇੱਕ ਸੋਟੀ ਅਤੇ ਮੰਜੇ ਦੇ ਸਹਾਰੇ ਘਰ ਦੇ ਪਿਛਲੇ ਪਾਸੇ ਕਿਸੇ ਕੋਠੜੀ ਵਿੱਚ ਆਪਣੀ ਮੌਤ ਦੇ ਇੰਤਜਾਰ ਵਿੱਚ ਇਕੱਲੇ ਛੱਡੋ...............।
ਜੇ ਛੱਡਣਾਂ ਹੀ ਹੈ ਤਾਂ ਉਹਨਾਂ ਰੀਤ-ਰਿਵਾਜਾਂ ਨੂੰ ਛੱਡੋ ਜੋ ਕੁੱਝ ਕੁ ਲੋਕਾਂ ਨੇ ਸਾਡੇ ਸਮਾਜ ਨੂੰ ਗੰਧਲਾ ਕਰਨ ਲਈ ਚਲਾਏ ਹੋਏ ਹਨ ਅਤੇ ਆਪਣੇ ਸਹੀ ਰੀਤ-ਰਿਵਾਜਾਂ ਅਤੇ ਰਿਸ਼ਤਿਆਂ ਨੂੰ ਪਹਿਚਾਣੋ ‘ਤੇ ਅਪਣਾਓ। ਮੁਕਤ ਕਰ ਦਿਓ ਆਪਣੇ ਦਾਦਾ-ਦਾਦੀ, ਮਾਂ-ਪਿਓ, ਭੈਣ-ਭਰਾ, ਮਾਮਾ-ਮਾਮੀ, ਚਾਚਾ-ਚਾਚੀ ਜਿਹੇ ਪਵਿੱਤਰ ਰਿਸ਼ਤਿਆਂ ਨੂੰ ਇਹ ਡੈਡ, ਪਾ, ਮੌਮ, ਮੰਮ ਅਤੇ ਅੰਕਲ, ਅੰਟੀ ਦੀ ਕੈਦ ‘ਚੋਂ।
****