ਸਿ਼ਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ..../ ਪੁਸਤਕ ਰਿਲੀਜ਼ / ਮਨਦੀਪ ਖੁਰਮੀ
ਪ੍ਰਕਾਸ਼ਕ- ਲਾਹੌਰ ਬੁੱਕ ਸ਼ਾਪ ਲੁਧਿਆਣਾ
ਪੰਨੇ- 304
ਮੁੱਲ- 200 ਰੁਪਏ (ਸਜਿਲਦ)
ਕਿਸੇ ਨਵੇਂ ਜੰਮੇ ਬਾਲ ਦਾ ਨਾਮਕਰਨ ਕਰਨਾ ਜਾਂ ਪਾਲਣ ਪੋਸ਼ਣ ਕਰਨਾ ਅਜੇ ਆਸਾਨ ਹੁੰਦੈ ਪਰ ਉਸ ਬੱਚੇ ਨੂੰ ਜੱਗ ਦਿਖਾਉਣ ਵਾਲੀ ਮਾਂ ਹੀ ਜਾਣਦੀ ਹੁੰਦੀ ਹੈ ਕਿ ਉਸਨੇ ਕਿਹੜੀਆਂ ਕਿਹੜੀਆਂ ਪੀੜ੍ਹਾਂ ਜਰੀਆਂ ਹੁੰਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਹੀ ਕਿਸੇ ਰਚਨਾ ਨੂੰ ਪਾਠਕ ਬੇਸ਼ੱਕ ਪਹਿਲੀ ਨਜ਼ਰੇ ਹੀ ਨੱਕ- ਬੁੱਲ੍ਹ ਮਾਰ ਕੇ ਪਾਸੇ ਕਰ ਦੇਣ ਪਰ ਉਸ ਰਚਨਾਕਾਰ ਨੂੰ ਹੀ ਪਤਾ ਹੁੰਦੈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਰਚਨਾ ਵਿਚਲੇ ਹਰ ਪਾਤਰ ਦੀ ਥਾਂ ਜੀਵਿਆ ਹੁੰਦਾ ਹੈ। ਕਿਹੜੇ ਹਾਲਾਤ ਆਪਣੇ ਮਨ ਉੱਪਰ ਹੰਢਾਏ ਹੁੰਦੇ ਹਨ। ਹਾਲਾਤਾਂ ਦੀ ਘੁਲਾੜ੍ਹੀ ਥਾਂਈਂ ਆਪਣਾ ਆਪ ਲੰਘਾ ਕੇ ਜੋ ‘ਰਸ’ ਨਿਕਲਦੈ, ਉਹ ਹੀ ਉਸ ਲੇਖਕ ਦੀ ਕਲਾ ਦਾ ਅਸਲ ਨਿਚੋੜ ਹੁੰਦੈ। ਲੇਖਕ ਇੱਕ ‘ਮਰਜੀਵੜਾ’ ਹੁੰਦੈ ਜੋ ਪਲ ਪਲ ਮਰ- ਮਰ ਜਿਉਂਦਾ ਹੈ.... ਜਿਉਂਦਾ ਵੀ ਹੈ ਫਿਰ ਮਰਨ ਲਈ।
ਕਹਿਣ ਨੂੰ ਤਾਂ ਕਲਮ ਨਾਲ ਮੇਰੇ ਵਰਗਾ ਕੱਚ ਘਰੜ ਵੀ ਅੱਖਰ ਝਰੀਟ ਸਕਦੈ ਪਰ ਕਲਮ ਦੀ ਖੇਤੀ ਕਰਨ ਲੱਗਿਆਂ ਬੇਬਾਕੀ, ਸੱਚ ਅਤੇ ਦਲੇਰੀ ਵੀ ਲੇਖਕ ਦੇ ਜਿਹਨ ਦਾ ਹਿੱਸਾ ਹੋਣੀ ਮੰਨੀ ਜਾਂਦੀ ਹੈ ਤਾਂ ਹੀ ਰਚਨਾ ਚਿਰ ਸਦੀਵੀ ਲੋਕ ਮਨਾਂ ‘ਤੇ ਰਾਜ ਕਰ ਸਕਦੀ ਹੈ। ਅਜੋਕੀ ਨਾਵਲਕਾਰੀ ‘ਤੇ ਪੰਛੀ ਝਾਤ ਮਾਰੀਏ ਤਾਂ ਸਿ਼ਵਚਰਨ ਜੱਗੀ ਕੁੱਸਾ ਰੋਹੀਆਂ ‘ਚ ਖੜ੍ਹੇ ਜੰਡ ਦੇ ਰੁੱਖ ਵਾਂਗ ‘ਕੱਲਾ ਹੀ ਨਜ਼ਰੀਂ ਪੈਂਦਾ ਹੈ ਜਿਸਨੇ ਸਮਾਜ ਦੀਆਂ ਹਨੇਰੀਆਂ ਕੁੰਦਰਾਂ ‘ਚ ਪਏ ਵਿਸਿ਼ਆਂ ਨੂੰ ਆਪਣੇ ਨਾਵਲਾਂ ਦਾ ਆਧਾਰ ਬਣਾਇਆ ਹੈ। ਬੇਸ਼ੱਕ ਉਹ ‘ਤਰਕਸ਼ ਟੰਗਿਆ ਜੰਡ’ ਨਾਵਲ ਵਿੱਚ ਪੰਜਾਬ ਦੀ ਨੌਜਵਾਨੀ ਦਾ ਬੇਰੁਜ਼ਗਾਰੀ ਹੱਥੋਂ ਤੰਗ ਆ ਕੇ ਵਿਦੇਸ਼ਾਂ ਨੂੰ ਕੂਚ ਕਰਦਿਆਂ ਗਲਤ ਏਜੰਟਾਂ ਹੱਥੇ ਚੜ੍ਹਨ ਦੀ ਗੱਲ ਹੋਵੇ ਜਾਂ ਫਿਰ ‘ਪੁਰਜਾ ਪੁਰਜਾ ਕਟਿ ਮਰੈ’ ਨਾਵਲ ਵਿੱਚ ਪੰਜਾਬ ਅੰਦਰ ਵਗੀ ਅੱਤਵਾਦ ਦੀ ਹਨੇਰੀ ਵੇਲੇ ਮੌਤ ਦੀ ਗੋਦੀ ਚੜ੍ਹੇ ਮਾਵਾਂ ਦੇ ਪੁੱਤਾਂ ਦੀ ਕਹਾਣੀ ਹੋਵੇ। ਸਿ਼ਵਚਰਨ ਜੱਗੀ ਕੁੱਸਾ ਕੋਲ ਇੱਕ ਜਾਦੂ ਹੀ ਕਹਿ ਲਵੋ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸ਼ਬਦ ਜੱਗੀ ਦੀ ਕਲਮ ਦੀ ਨੋਕ ਦੇ ਅੱਗੇ ਅੱਗੇ ਅਠਖੇਲੀਆਂ ਕਰਦੇ ਆਪਣੇ ਆਪ ਉੱਕਰੇ ਜਾਂਦੇ ਹਨ। ਛੇਵੀਂ ਜਮਾਤ ਤੋਂ ਦਸਵੀਂ ਤੱਕ ਪ੍ਰਾਪਤ ਕੀਤੀ ਗੁਰਬਾਣੀ ਦੀ ਸੰਥਿਆ ਦਾ ਪ੍ਰਭਾਵ ਵੀ ਜੱਗੀ ਦੇ ਨਾਵਲਾਂ ‘ਚੋਂ ਗੁਰਬਾਣੀ ਦੇ ਹਵਾਲਿਆਂ ਦੇ ਰੂਪ ਵਿੱਚ ਮਿਲਣਾ ਇਹੀ ਦਰਸਾਉਂਦਾ ਹੈ ਕਿ ਜੱਗੀ ਅੱਖਾਂ ਮੀਚ ਕੇ ਹੀ ਨਾਵਲ ਸਿਰਜਣਾ ਨਹੀਂ ਕਰਦਾ ਸਗੋਂ ਆਪਣੇ ਅਧਿਐਨ ਦਾ ਸਾਰਾ ਨਿਚੋੜ ਵੀ ਨਾਵਲ ਦੀ ਗੋਂਦ ਵਿੱਚ ਪਾ ਦਿੰਦਾ ਹੈ ਜਿਸ ਦੇ ਸਿੱਟੇ ਵਜੋਂ ਹੀ ਉਸਦਾ ਹਰ ਨਾਵਲ ਇੱਕ ਫਿਲਮ ਵਾਂਗ ਰੌਚਕਤਾ ਹਾਸਲ ਕਰ ਜਾਂਦਾ ਹੈ, ਵਿਅੰਗ ਹਾਸੇ ਬਿਖੇਰਦਾ ਹੈ ਅਤੇ ਪਾਠਕ ਵੀ ਆਪਣੇ ਆਪ ਨੂੰ ਨਾਵਲ ਦੇ ਹਰ ਪਾਤਰ ਦੀ ਥਾਂ ਵਿਚਰਦਾ ਮਹਿਸੂਸ ਕਰਦਾ ਹੈ। ਪ੍ਰਮਾਤਮਾ ਵਿੱਚ ਅਥਾਹ ਵਿਸ਼ਵਾਸ਼ ਰੱਖਣ ਵਾਲੇ ਜੱਗੀ ਕੁੱਸਾ ਦਾ ਤਕੀਆ ਕਲਾਮ ਹੀ ‘ਗੁਰੂ ਕਿਰਪਾ’ ਹੈ। ਉਸਦੇ ਆਪਣੇ ਸ਼ਬਦਾਂ ਵਿੱਚ ਹੀ ਕਿ “ਗੁਰੂ ਕਿਰਪਾ ਹੀ ਹੈ, ਇਸ ਨੂੰ ਹੋਰ ਕੀ ਕਹਾਂ? ਕਿਉਂਕਿ ਉਹ ‘ਜੱਗਾ’ ਜਿਸਨੂੰ ਦਸਵੀਂ ਜਮਾਤ ਵਿੱਚ ਵੀ ਜ਼ੁਰਮਾਨਾ ਮੁਆਫ ਕਰਵਾਉਣ ਦੀ ਅਰਜ਼ੀ ਲਿਖਣੀ ਐਵਰੈਸਟ ਚੋਟੀ ਸਰ ਕਰਨ ਵਾਂਗ ਲਗਦੀ ਸੀ, ਉਸਤੋਂ ਦੋ ਦਰਜਨ ਦੇ ਲਗਭਗ ਕਿਤਾਬਾਂ ਲਿਖਵਾ ਕੇ ਸਿ਼ਵਚਰਨ ਜੱਗੀ ਕੁੱਸਾ ਬਣਾ ਦਿੱਤੈ।”
ਹਥਲੇ ਨਾਵਲ ‘ਸੱਜਰੀ ਪੈੜ ਦਾ ਰੇਤਾ’ ਅਤੇ ਬੀਤੇ ਸਮੇਂ ‘ਚ ਪਾਠਕਾਂ ਦੀ ਸਵੱਲੀ ਨਜ਼ਰ ਦੇ ਰੂਬਰੂ ਹੋ ਚੁੱਕੇ ਨਾਵਲਾਂ ਦੇ ਸੰਦਰਭ ਵਿੱਚ ਇੱਕ ਗੱਲ ਜਰੂਰ ਸਾਹਮਣੇ ਆਉਂਦੀ ਹੈ ਕਿ ਜੱਗੀ ਨੇ ਆਪਣੇ ਨਾਵਲਾਂ ਨੂੰ ਗੱਡੇ ਜਿੰਨਾ ਭਾਰਾ ਬਣਾ ਕੇ ਪਾਠਕਾਂ ਦੇ ਦਿਮਾਗਾਂ ‘ਤੇ ਲੱਦਿਆ ਨਹੀਂ ਸਗੋਂ ਲੋੜ ਪੈਣ ‘ਤੇ ਵਿਅੰਗ ਭਰਪੂਰ ਸ਼ੈਲੀ ਦੀ ਵਰਤੋਂ ਕਰਕੇ ਪਾਠਕਾਂ ਨੂੰ ਹਾਸਿਆਂ ਦਾ ‘ਟਾਨਿਕ’ ਵੀ ਬੁੱਕ ਭਰ ਭਰ ਦਿੱਤਾ ਹੈ। ‘ਸੱਜਰੀ ਪੈੜ ਦਾ ਰੇਤਾ’ ਨਾਵਲ ਇੱਕ ਪੇਂਡੂ ਮਾਹੌਲ ‘ਚ ਜੰਮੀ ਜਾਈ ਪਰ ਇੰਗਲੈਂਡ ਦੀ ਧਰਤੀ ‘ਤੇ ਵਿਚਰਦੀ ਉਸ ਸਿੱਖ ਪੰਜਾਬਣ ਲੜਕੀ ਦੇ ਜੀਵਨ ਦਾ ਦੁਖਾਂਤ ਪੇਸ਼ ਕਰਦਾ ਹੈ ਜੋ ਆਪਣੇ ਜੰਮਣਦਾਤਿਆਂ ਦਾ ਮੋਹ ਤੋੜ ਕੇ ਇੱਕ ‘ਅਣਜਾਣ’ ਮੁਸਲਿਮ ਲੜਕੇ ਦੇ ਪ੍ਰੇਮ ‘ਚ ਪਾਗਲ ਹੋ ਜਾਂਦੀ ਹੈ। ਉਸ ਲੜਕੇ ਦੇ ਮਾਪਿਆਂ ਦੀ ਹੱਲਾਸ਼ੇਰੀ ‘ਤੇ ਹੀ ਉਸ ਨਾਲ ‘ਵਿਆਹ’ ਕਰਵਾਉਣ ਪਾਕਿਸਤਾਨ ਚਲੀ ਜਾਂਦੀ ਹੈ। ਉੱਥੇ ਜਾ ਕੇ ਆਪਣੇ ਪ੍ਰੇਮੀ ਦੀ ਬੇਵਫਾਈ ਦਾ ਖਮਿਆਜ਼ਾ ਭੁਗਤਦੀ ਉਕਤ ਲੜਕੀ ਦਾ ‘ਕੋਠੇ’ ਦੇ ਨਰਕ ਵਰਗੇ ਜੀਵਨ ਦਾ ਜੋ ਰੂਪ ਜੱਗੀ ਨੇ ਚਿਤਰਿਆ ਹੈ..... ਕਾਬਲੇ-ਤਾਰੀਫ ਹੈ। ਇਹ ਸਤਰਾਂ ਲਿਖਦਿਆਂ ਇਹ ਕਹਿਣਾ ਜਰੂਰੀ ਹੋਵੇਗਾ ਕਿ ਜੱਗੀ ਦਾ ਇਹ ਵਿਸ਼ਾ ਕਲਪਨਾ ਉਡਾਰੀ ਨਹੀਂ ਕਿਉਂਕਿ ਇਸ ਤਰ੍ਹਾਂ ਦੀ ਹੀ ‘ਕੁਹਾੜੀ ਉੱਪਰ ਪੈਰ ਮਾਰਨ’ ਵਰਗੀ ਸੱਚੀ ਘਟਨਾ ਵੀ ਸੁਣ ਚੁੱਕਾ ਹਾਂ ਕਿ ਕਿਵੇਂ ਇੱਕ ਪੰਜਾਬਣ ਮਾਪਿਆਂ ਦਾ ਪਿਆਰ ਭੁਲਾ ਕੇ ਇੱਕ ਬੇਗਾਨੇ ਦੇ ‘ਪਿਆਰ’ ‘ਚ ਉਲਝ ਕੇ ਅੱਜ ਕੱਲ੍ਹ ਅਰਬ ਮੁਲਕ ‘ਚ ਸ਼ੇਖਾਂ ਨੂੰ ‘ਖੁਸ਼’ ਕਰਨ ਵਾਲੇ ਕਿੱਤੇ ‘ਚ ਫਸੀ ਹੋਈ ਆਪਣੀ ਨਾ-ਬਖਸ਼ਣਯੋਗ ਗਲਤੀ ‘ਤੇ ਪਛਤਾਵਾ ਕਰਦੀ ਨਰਕ ਵਰਗੀ ਜਿ਼ੰਦਗੀ ਜੀਅ ਰਹੀ ਹੈ। ਇਸਦੇ ਨਾਲ ਨਾਲ ਹੀ ਜੱਗੀ ਧਰਮਾਂ ਦੇ ਨਾਂ ‘ਤੇ ਫੈਲੀ ਨਫਰਤ ਦੀ ਆੜ ‘ਚ ਜਿ਼ੰਦਗੀਆਂ ਨੂੰ ਸ਼ਮਸ਼ਾਨਘਾਟਾਂ ਦਾ ਮੁਹਤਾਜ ਕਰਨ ਵਰਗੀਆਂ ਕੋਝੀਆਂ ਹਰਕਤਾਂ ਦੀ ਹੂਬਹੂ ਤਸਵੀਰ ਪੇਸ਼ ਕਰਨ ‘ਚ ਬੇਹੱਦ ਸਫਲ ਰਿਹਾ ਹੈ। ‘ਸੱਜਰੀ ਪੈੜ ਦਾ ਰੇਤਾ’ ਵਿੱਚ ਰਾਹ ਤੋਂ ਭਟਕੀ ਪੰਜਾਬਣ ਕੁੜੀ ਦੇ ਜੀਵਨ ਦੀ ਕਿਸ਼ਤੀ ਕਿਵੇਂ ਕਿਨਾਰੇ ਲਗਦੀ ਹੈ? ਤੇ ਉਹ ਆਪਣੀ ਬੱਜਰ ਗਲਤੀ ਦਾ ਖਮਿਆਜਾ ਭੁਗਤ ਕੇ ਆਪਣੇ ‘ਨਿਰਸੁਆਰਥ ਪਿਆਰ’ ਕਰਨ ਵਾਲੇ ਮਾਪਿਆਂ ਕੋਲ ਕਿਹੜੇ ਹਾਲਾਤਾਂ ‘ਚ ਵਾਪਸ ਪੁੱਜਦੀ ਹੈ? ਇਹਨਾਂ ਸਵਾਲਾਂ ਦਾ ਜੁਆਬ ‘ਸੱਜਰੀ ਪੈੜ ਦਾ ਰੇਤਾ’ ਨਾਵਲ ਪੜ੍ਹਿਆਂ ਹੀ ਮਿਲ ਸਕਦਾ ਹੈ। ਇੱਕ ਸਫਲ ਨਾਵਲ ਲਈ ਪਾਤਰ ਚਿਤਰਣ ਵੀ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਸ਼ਬਦਾਂ ਰਾਹੀਂ ਸਿਰਜੇ ਪਾਤਰਾਂ ਦੇ ਸੁਭਾਅ, ਉਹਨਾਂ ਦੇ ਚਿਹਰੇ-ਮੁਹਰੇ ਜਦ ਉਹਨਾਂ ਦੇ ਵਾਰਤਾਲਾਪ ਨਾਲ ਮੇਲ ਖਾਂਦੇ ਜਾਪਣ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਨਾਵਲ ਇੱਕ ਫਿਲਮ ਵਾਂਗ ਪਾਠਕ ਅੱਗੇ ਘਟਨਾਵਾਂ, ਪਾਤਰਾਂ ਆਦਿ ਨੂੰ ਰੂਪਮਾਨ ਕਰਨ ਵਿੱਚ ਸੌ ਬਟਾ ਸੌ ਨੰਬਰ ਲੈ ਗਿਆ ਹੈ। ਪੰਜਾਬੀ ਨਾਵਲਕਾਰੀ ਵਿੱਚ ਧਰੂ ਤਾਰੇ ਵਾਂਗ ਚਮਕਾਂ ਮਾਰ ਰਹੇ ਜੱਗੀ ਨੂੰ ਉਸਦੀ ਇਸ ‘ਸੱਜਰੀ ਪੈੜ’ ਲਈ ਮੁਬਾਰਕਾਂ...... ਉਮੀਦ ਹੈ ਕਿ ਇਸ ਪੈੜ ਦਾ ‘ਰੇਤਾ’ ਸਾਂਭਣਯੋਗ ਜਰੂਰ ਬਣੇਗਾ।
ਨੋਟ:- ਜੱਗੀ ਕੁੱਸਾ ਦਾ ਇਹ ਨਾਵਲ ਮੰਗਵਾਉਣ ਲਈ ਗੀਤਕਾਰ ਗੋਲੂ ਕਾਲੇਕੇ ਨਾਲ 0091 98553 89922 'ਤੇ ਸੰਪਰਕ ਕੀਤਾ ਜਾ ਸਕਦਾ ਹੈ।