ਵਿੱਦਿਆ ਦੇ ਪ੍ਰਸੰਗ 'ਚ ਪੱਤਰਕਾਰੀ ਦੀ ਭੂਮਿਕਾ.......... ਲੇਖ / ਸ਼ਾਮ ਸਿੰਘ 'ਅੰਗ ਸੰਗ'

ਵਿੱਦਿਆ ਤੀਜਾ ਨੇਤਰ ਹੈ ਜਿਹੜਾ ਦੂਰ ਦਿਸਹੱਦਿਆਂ ਅਤੇ ਉਨ੍ਹਾਂ ਤੋਂ ਪਾਰ ਦੇਖ ਸਕਦਾ ਹੈ। ਆਪਣੇ ਨੇਤਰਾਂ ਨਾਲ ਦੇਖਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਜਿਸ ਕਰਕੇ ਹੀ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਰ ਲੱਗਦੀ ਹੈ ਅਤੇ ਪਛਾਣ ਹੁੰਦੀ ਹੈ। ਵਿੱਦਿਆ ਨਾਲ ਹਾਸਲ ਹੁੰਦੀ ਸੂਝ-ਬੂਝ ਦਾ ਨੇਤਰ ਆਲੇ-ਦੁਆਲੇ ਦੀ ਗਹਿਰਾਈ ਵੱਲ ਲਿਜਾਂਦਾ ਹੈ ਜਿਸ ਨਾਲ ਹੀ ਮਨੁੱਖ ਦੀ ਸਮਝ ਬਣਦੀ ਹੈ ਅਤੇ ਬੁੱਧ-ਵਿਵੇਕ ਦਾ ਜਨਮ ਹੁੰਦਾ ਹੈ।


ਜਿਸ ਤਰ੍ਹਾਂ ਸਮਾਜ ਦੇ ਆਮ ਪ੍ਰਸੰਗਾਂ ਵਿਚ ਅੱਖਾਂ ਬਿਨਾਂ ਕੰਮ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਉਨ੍ਹਾਂ ਅੱਖਾਂ / ਨੇਤਰਾਂ ਦੀ ਵੀ ਬਹੁਤ ਜ਼ਰੂਰਤ ਹੈ ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿਚ ਝਾਕਿਆ ਜਾ ਸਕੇ। ਪੱਤਰਕਾਰੀ ਇਨ੍ਹਾਂ ਨੇਤਰਾਂ 'ਚੋਂ ਹੀ ਇਕ ਨੇਤਰ ਹੈ ਜਿਹੜਾ ਸਮਾਜ ਵਿਚ ਹੋ ਰਹੇ ਚੰਗੇ ਮਾੜੇ ਕਾਰਜਾਂ ਦਾ ਨੋਟਿਸ ਲੈਂਦਾ ਹੈ। ਲੋੜ ਪੈਣ ਵੇਲੇ ਉਨ੍ਹਾਂ 'ਤੇ ਸਟੀਕ ਟਿੱਪਣੀਆਂ ਵੀ ਕਰਦਾ ਹੈ।


ਜਿਹੜੇ ਪੱਤਰਕਾਰ ਜਾਗਦੇ ਅਤੇ ਜਗਦੇ ਹੋਣ ਉਨ੍ਹਾਂ ਦੀਆਂ ਲਿਖਤਾਂ ਵਿਚ ਸਹੀ ਜਾਣਕਾਰੀ ਵੀ ਹੁੰਦੀ ਹੈ ਅਤੇ ਗਹਿਰਾ ਗਿਆਨ ਵੀ, ਜਿਨ੍ਹਾਂ ਦੀ ਮਦਦ ਨਾਲ ਵੀ ਉਹ ਵਿੱਦਿਆ ਦੇ ਖੇਤਰ ਵਿਚਲੀਆਂ ਪਰਤਾਂ ਵਿਚ ਝਾਕ ਕੇ ਉਸ ਕੁਝ ਦਾ ਪਤਾ ਲਗਾਉਂਦੇ ਹਨ ਜਿਸ ਦਾ ਪਤਾ ਲੱਗਣਾ ਅਸਾਨ ਨਹੀਂ ਹੁੰਦਾ। ਉਹ ਆਪਣੇ ਭਰੋਸੇਯੋਗ ਸੂਰਤਾਂ ਰਾਹੀਂ ਅਜਿਹਾ ਕੁਝ ਵੀ ਬਾਹਰ ਲੈ ਆਉਂਦੇ ਹਨ ਜਿਹੜਾ ਸਮਾਜ ਵਾਸਤੇ ਖਤਰਨਾਕ ਤੇ ਨੁਕਸਾਨਦੇਹ ਹੁੰਦਾ ਹੈ।
ਕਦੇ ਵਕਤ ਹੁੰਦਾ ਸੀ ਜਦ ਵਿੱਦਿਆ ਹਾਸਲ ਕਰਨਾ ਹਰ ਇਕ ਦਾ ਹੱਕ ਨਹੀਂ ਸੀ ਹੁੰਦਾ। ਨਿਹੱਕੇ ਲੋਕਾਂ ਨੂੰ ਇਸ ਜ਼ਰੂਰੀ ਹੱਕ ਤੋਂ ਮਹਿਰੂਮ ਰੱਖਿਆ ਜਾਂਦਾ ਸੀ। ਇਹ ਬੜਾ ਵੱਡਾ ਪਾਪ ਸੀ, ਬੜਾ ਵੱਡਾ ਧੱਕਾ ਸੀ ਜੋ ਇਸ ਧਰਤੀ ਦੇ ਬਾਸ਼ਿੰਦੇ ਹੀ ਆਪਣੇ ਸਾਥੀ ਬਾਸ਼ਿੰਦਿਆਂ ਨਾਲ ਕਰਦੇ ਰਹੇ। ਇਹ ਸਭ ਸੁਚੇਤ ਪੱਧਰ 'ਤੇ ਕੀਤਾ ਜਾਂਦਾ ਸੀ ਤਾਂ ਕਿ ਵਿੱਦਿਆ 'ਤੇ ਛਾਏ ਵਰਗਾਂ ਵੱਲੋਂ ਆਪੇ ਹਾਸਲ ਕੀਤੇ ਅਧਿਕਾਰ ਨੂੰ ਕੋਈ ਖਤਰਾ ਮਹਿਸੂਸ ਨਾ ਹੋਵੇ, ਕੋਈ ਖੋਹ ਨਾ ਲਵੇ। ਕੁਝ ਇਕ ਵਰਗ ਹੀ ਵਿੱਦਿਆ ਹਾਸਲ ਕਰਨ ਦੀ ਬਖਸ਼ਿਸ਼ ਦੇ ਪਾਤਰ ਹੁੰਦੇ ਸਨ, ਬਾਕੀਆਂ ਨੂੰ ਹਨੇਰੇ ਦਾ ਪਾਤਰ ਬਣਨ ਲਈ ਛੱਡ ਦਿੱਤਾ ਜਾਂਦਾ ਹੈ।

ਸਮੇਂ ਨੇ ਕਰਵਟ ਬਦਲੀ ਤਾਂ ਅਜੋਕੇ ਸਮੇਂ 'ਚ ਅਗਿਆਨ ਦਾ ਹਨੇਰਾ ਹੁਣ ਛਾਇਆ ਨਹੀਂ ਰਹਿ ਸਕਦਾ ਕਿਉਂਕਿ ਅੱਜ ਦੇ ਪੱਤਰਕਾਰ ਦੀ ਬਾਜ਼ ਅੱਖ ਵਿੱਦਿਆ ਦੇ ਖੇਤਰ 'ਤੇ ਵੀ ਨਿਰੰਤਰ ਤਣੀ ਰਹਿੰਦੀ ਹੈ ਜਿਸ ਕਾਰਨ ਵਿੱਦਿਆ ਦੇ ਖੇਤਰ ਦੀਆਂ ਖੁੱਲ੍ਹਾਂ ਅਤੇ ਆਜ਼ਾਦੀ 'ਤੇ ਜਦ ਵੀ ਕੋਈ ਆਂਚ ਆਉਂਦੀ ਹੈ ਤਾਂ ਪੱਤਰਕਾਰੀ ਦੀ ਪਹਿਰੇਦਾਰੀ ਇਸ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਲਿਆਉਣ ਤੋਂ ਜ਼ਰਾ ਮਾਤਰ ਵੀ ਗੁਰੇਜ਼ ਨਹੀਂ ਕਰਦੀ।
ਵਿੱਦਿਆ ਦੇ ਰਹਿਬਰ ਅਧਿਆਪਕ ਵਰਗ ਦਾ ਕੋਈ ਮੈਂਬਰ ਕਿਤੇ ਕੋਈ ਵੱਡੀ ਗਲਤੀ ਕਰਦਾ ਹੈ ਤਾਂ ਪੱਤਰਕਾਰੀ ਨਿਡਰ ਹੋ ਕੇ ਉਸ ਦੇ ਪਾਜ ਉਘਾੜਦੀ ਹੈ ਅਤੇ ਦੋਸ਼ੀਆਂ ਨੂੰ ਨੰਗੇ ਕਰਕੇ ਕਟਹਿਰੇ 'ਚ ਖੜ੍ਹਾ ਕਰਨ ਤਕ ਚਲੇ ਜਾਂਦੀ ਹੈ ਜਿਨ੍ਹਾਂ ਨੂੰ ਅਦਾਲਤਾਂ ਵੀ ਆਸਾਨੀ ਨਾਲ ਬਚਾਉਣ ਵਿਚ ਸਫਲ ਨਹੀਂ ਹੋ ਸਕਦੀਆਂ। ਇਸ ਨੇ ਦੂਜਿਆਂ ਨੂੰ ਗਲਤੀਆਂ ਕਰਨ ਤੋਂ ਰੋਕਣਾ ਹੁੰਦਾ ਹੈ, ਜੇ ਉਹ ਅਧਿਆਪਕ ਖੁਦ ਹੀ ਛੋਟੀ ਗਲਤੀ ਵੀ ਕਰੇ ਤਾਂ ਉਸ ਦਾ ਅਸਰ ਸਮਾਜ 'ਤੇ ਬਹੁਤ ਵੱਡਾ ਹੁੰਦਾ ਹੈ। ਇਸ ਲਈ ਉਸ ਦੀ ਛੋਟੀ ਗਲਤੀ ਵੀ ਵੱਡੀ ਸਜ਼ਾ ਦੀ ਭਾਗੀ ਹੁੰਦੀ ਹੈ।

ਪੱਤਰਕਾਰੀ ਨੇ ਦੇਸ਼ ਭਰ 'ਚ ਅਧਿਆਪਕਾਂ ਨਾਲ ਸਬੰਧਤ ਕਾਰਿਆਂ ਨੂੰ ਅਖਬਾਰਾਂ ਦੇ ਸਫਿਆਂ 'ਤੇ ਛਾਪਿਆ ਅਤੇ ਚੈਨਲਾਂ ਨੇ ਆਪਣੀਆਂ ਸਕਰੀਨਾਂ 'ਤੇ ਦਿਖਾਇਆ। ਅਜਿਹਾ ਹੋਣ ਨਾਲ ਦੂਜਿਆਂ ਨੂੰ ਜ਼ਰੂਰ ਕੰਨ ਹੋਏ ਹੋਣਗੇ ਜਿਸ ਦੇ ਫਲਸਰੂਪ ਅਜਿਹੀਆਂ ਘਟਨਾਵਾਂ ਵਿਚ ਕਮੀ ਹੋਈ। ਜੇ ਕਿਤੇ ਪੱਤਰਕਾਰੀ ਅਜਿਹੇ ਵਰਤਾਰਿਆਂ ਨੂੰ ਨਜ਼ਰਅੰਦਾਜ਼ ਕਰਦੀ ਰਹਿੰਦੀ ਤਾਂ ਇਨ੍ਹਾਂ ਵਿਚ ਵਾਧੇ ਨੂੰ ਰੋਕਿਆ ਨਹੀਂ ਸੀ ਜਾ ਸਕਦਾ।
ਭਾਰਤੀ ਸੰਵਿਧਾਨ ਮੁਤਾਬਕ ੧੪ ਸਾਲ ਤਕ ਦੇ ਬਾਲਾਂ ਨੂੰ ਮੁਫਤ ਵਿੱਦਿਆ ਦਿੱਤੇ ਜਾਣ ਦੇ ਅਧਿਕਾਰ ਦੀ ਜਾਣਕਾਰੀ ਨਹੀਂ। ਸ਼ਾਇਦ ਬਹੁਤਿਆਂ ਦੇ ਮਾਪਿਆਂ ਨੂੰ ਵੀ ਨਹੀਂ। ਅਜਿਹਾ ਕੰਮ ਵੀ ਇਹ ਪੱਤਰਕਾਰੀ ਹੀ ਕਰਦੀ ਹੈ। ਜਦ ਸਰਕਾਰਾਂ ਇਸ ਸਬੰਧੀ ਬਣੇ ਕਾਨੂੰਨਾਂ 'ਤੇ ਅਮਲ ਕਰਨ 'ਚ ਆਨਾਕਾਨੀ ਕਰਦੀਆਂ ਹਨ ਤਦ ਪੱਤਰਕਾਰੀ ਇਸ ਅਧਿਕਾਰ ਦੀ ਹਮਾਇਤ ਵਿਚ ਆਵਾਜ਼ ਬੁਲੰਦ ਕਰਦੀ ਹੈ ਤਾਂ ਸਰਕਾਰਾਂ ਨੂੰ ਆਪਣੀ ਲੰਮੀ ਅਤੇ ਗਹਿਰੀ ਨੀਂਦ ਵਿਚੋਂ ਜਾਗਣਾ ਪੈਂਦਾ ਹੈ ਅਤੇ ਹੱਕਦਾਰਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦੇਣ ਦੇ ਬੰਦ ਦੁਆਰ ਖੋਲ੍ਹਣੇ ਪੈਂਦੇ ਹਨ। ਅਜਿਹਾ ਹੋਣ ਦੇ ਬਾਵਜੂਦ ਲੱਖਾਂ ਨਹੀਂ ਕਰੋੜਾਂ ਬੱਚੇ ਵਿੱਦਿਆ ਦਾ ਹੱਕ ਹਾਸਲ ਕਰਨ ਤੋਂ ਵਿਰਵੇ ਰਹਿ ਜਾਂਦੇ ਹਨ। ਇਸ ਦਾ ਕਾਰਨ ਅਗਿਆਨ ਵੀ ਹੈ ਅਤੇ ਸਰਕਾਰੀ ਕਾਨੂੰਨ (ਸਿੱਖਿਆ ਦਾ ਅਧਿਕਾਰ-੨੦੦੯) ਵਿਚ ਰਹਿ ਗਈਆਂ ਚੋਰ ਮੋਰੀਆਂ ਦਾ ਵੀ। ਵਿੱਦਿਆ ਦੇਣ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ 'ਤੇ ਛੱਡ ਦਿੱਤੀ ਗਈ ਹੈ, ਉਹ ਲਾਗੂ ਕਰਨ ਜਾਂ ਫੇਰ ਨਾ ਕਰਨ। ਦੇਸ਼ ਦੇ ਦਸ ਹਜ਼ਾਰ ਸਕੂਲਾਂ ਵਿਚ ਅਧਿਆਪਕ ਹੀ ਨਹੀਂ ਅਤੇ ਹਜ਼ਾਰਾਂ ਸਕੂਲਾਂ ਵਿਚ ਇਕ ਇਕ ਅਧਿਆਪਕ ਹੈ ਜਿਨ੍ਹਾਂ ਤੋਂ ਚੰਗੇ ਨਤੀਜਿਆਂ ਦੀ ਆਸ ਹੀ ਨਹੀਂ ਰੱਖੀ ਜਾ ਸਕਦੀ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਏਨੀ ਤਰਸਯੋਗ ਹੈ ਕਿ ਉਨ੍ਹਾਂ ਵਿਚ ਸਿਰਫ ਗਰੀਬ-ਗੁਰਬੇ ਦੇ ਬੱਚੇ ਹੀ ਰਹਿ ਗਏ ਹਨ ਜਿਨ੍ਹਾਂ ਵਿਚ ਵਿੱਦਿਆ ਨਹੀਂ ਵਿੱਦਿਆ ਦੇ ਨਾਂ 'ਤੇ ਵੱਡਾ ਅਡੰਬਰ ਹੋ ਰਿਹਾ ਹੈ। ਇਸ ਬਾਰੇ ਪੱਤਰਕਾਰੀ ਵਿਚ ਅਕਸਰ ਗੱਲ ਛਿੜੀ ਰਹਿੰਦੀ ਹੈ ਪਰ ਅਫਸੋਸ ਕਿ ਸਰਕਾਰੀ ਅਧਿਕਾਰੀ ਜਾਗਰੂਕ ਨਹੀਂ ਹੁੰਦੇ ਜਿਸ ਕਾਰਨ ਮੁੱਦਿਆਂ 'ਤੇ ਸਮੇਂ ਦੀ ਧੂੜ ਪੈਂਦੀ ਰਹਿੰਦੀ ਹੈ ਜਿਸ ਨੂੰ ਕਦੇ ਝਾੜਨ ਤਕ ਵੀ ਨਹੀਂ ਸੋਚਿਆ ਜਾਂਦਾ। ਸਿਹਤ ਅਤੇ ਸਿੱਖਿਆ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ ਲੱਗਦੇ ਜਿਸ ਕਰਕੇ ਵਿੱਦਿਆ ਨਾਲ ਸਬੰਧਤ ਮੁੱਦੇ ਅਤੇ ਮਸਲੇ ਹਵਾ ਵਿਚ ਹੀ ਲਟਕਦੇ ਰਹਿ ਜਾਂਦੇ ਹਨ।

ਕਈ ਵਾਰ ਅਕਾਦਮਿਕ ਖੇਤਰਾਂ ਵਿਚ ਖੋਜਾਰਥੀ / ਅਧਿਆਪਕ ਖੋਜ ਕਰਦਿਆਂ ਦੂਜਿਆਂ ਦੇ ਕੀਤੇ ਮੌਲਿਕ ਕੰਮਾਂ ਦੀ ਚੋਰੀ ਕਰਦੇ ਹਨ ਤਾਂ ਪੱਤਰਕਾਰੀ ਦੀ ਖੁੱਲ੍ਹੀ ਅੱਖ ਉਸ ਚੋਰੀ ਨੂੰ ਅਜਿਹਾ ਫੜਦੀ ਹੈ ਕਿ ਚੋਰ ਨਸ਼ਰ ਹੋਏ ਬਿਨਾਂ ਨਹੀਂ ਰਹਿੰਦਾ ਅਤੇ ਨਕਲ ਵਾਲੀ ਨਕਲੀ ਖੋਜ ਜਨਮ ਧਾਰਨ ਤੋਂ ਪਹਿਲਾਂ ਹੀ ਦਮ ਤੋੜ ਜਾਂਦੀ ਹੈ। ਬੌਧਿਕ ਚੋਰੀ ਦੇ ਕੇਸ ਬੜੀ ਵਾਰ ਪੱਤਰਕਾਰੀ ਦੇ ਹੱਥ ਲੱਗੇ, ਜਿਸ ਕਾਰਨ ਦੋਸ਼ੀਆਂ ਨੂੰ ਸਜ਼ਾ ਦੇ ਭਾਗੀ ਬਣਨਾ ਪਿਆ। ਅਜਿਹਾ ਕਰਦਿਆਂ ਕਈ ਵਾਰ ਪੱਤਰਕਾਰਾਂ ਨੂੰ ਧਮਕੀਆਂ / ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪੱਤਰਕਾਰੀ ਦੀ ਸ਼ਾਨ ਅਤੇ ਮਰਿਆਦਾ ਰੱਖਣ ਲਈ ਉਹ ਨਿਡਰਤਾ ਅਤੇ ਹੌਸਲੇ ਨਾਲ ਮੈਦਾਨ ਵਿਚ ਨਿੱਤਰਦੇ ਰਹਿੰਦੇ ਹਨ।

ਇਸ ਗੱਲ ਦਾ ਵੀ ਨੋਟਿਸ ਲੈਣਾ ਬਣਦਾ ਹੈ ਕਿ ਵਿੱਦਿਆ ਦੇ ਖੇਤਰ ਵਿਚ ਕਈ ਤਰ੍ਹਾਂ ਦੀਆਂ ਵੰਡੀਆਂ ਪਾ ਦਿੱਤੀਆਂ ਗਈਆਂ ਹਨ। ਵਿੱਦਿਆ ਨੂੰ ਵਪਾਰ ਬਣਾ ਦਿੱਤਾ ਗਿਆ ਹੈ। ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਭੱਜ ਕੇ ਸਰਕਾਰ ਨੇ ਇਸ ਨੂੰ ਨਿੱਜੀ ਹੱਥਾਂ ਵਿਚ ਦੇ ਕੇ ਏਨੀ ਮਹਿੰਗੀ ਕਰ ਦਿੱਤਾ ਹੈ ਕਿ ਐਰਾ-ਗੈਰਾ ਤਾਂ ਇਸ ਦੇ ਵਿਸ਼ੇਸ਼ ਦਾਇਰਿਆਂ ਵਿਚ ਦਾਖਲ ਹੀ ਨਹੀਂ ਹੋ ਸਕਦਾ। ਕੇਵਲ ਸਰਦੇ ਪੁੱਜਦੇ ਹੀ ਚੰਗੀ ਅਤੇ ਮਿਆਰੀ ਵਿੱਦਿਆ ਹਾਸਲ ਕਰਨ ਦੇ ਸਮਰੱਥ ਰਹਿ ਗਏ ਹਨ। ਤਥਾਕਥਿਤ ਉੱਚ-ਮਿਆਰੀ ਸਕੂਲਾਂ ਵਿਚ ਆਪਣੀ ਹੀ ਮਾਂ ਬੋਲੀ ਨੂੰ ਥਾਂ ਨਹੀਂ ਦਿੱਤੀ ਜਾ ਰਹੀ ਸਗੋਂ ਮਾਂ ਬੋਲੀ ਵਿਚ ਬੋਲਣ 'ਤੇ ਪਾਬੰਦੀ ਲਾਈ ਜਾਂਦੀ ਹੈ। ਸ਼ਾਇਦ ਇਹ ਸਾਨੂੰ ਪਤਾ ਨਾ ਲਗਦਾ ਜੇ ਪੱਤਰਕਾਰੀ ਇਸ ਸਬੰਧੀ ਸੱਚ ਉਜਾਗਰ ਨਾ ਕਰਦੀ।

ਜਦ ਵਿੱਦਿਆ ਦਾ ਅਧਿਕਾਰ ਸਭ ਨੂੰ ਹੈ ਅਤੇ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ ਤਾਂ ਵਿੱਦਿਆ ਦੇ ਖੇਤਰ 'ਚ ਇਕਸਾਰਤਾ ਕਿਉਂ ਨਹੀਂ ਲਿਆਈ ਜਾਂਦੀ। ਸਭ ਨੂੰ ਇੱਕੋ ਜਿਹੀ ਇੱਕੋ ਪੱਧਰ 'ਤੇ ਵਿੱਦਿਆ ਕਿਉਂ ਨਹੀਂ ਦਿੱਤੀ ਜਾਂਦੀ ਅਤੇ ਕਿਉਂ ਉੱਚ-ਮਿਆਰੀ ਸਕੂਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਕੁਝ ਸਵਾਲ ਹਨ ਜਿਨ੍ਹਾਂ ਬਾਰੇ ਦੇਸ਼ ਦੇ ਵਾਸੀਆਂ ਨੂੰ ਪੱਤਰਕਾਰੀ ਜਾਣਕਾਰੀ ਦਿੰਦੀ ਰਹਿੰਦੀ ਹੈ ਤਾਂ ਕਿ ਉਹ ਇਸ ਸਬੰਧੀ ਜਾਗਰੂਕ ਹੋ ਕੇ ਉਨ੍ਹਾਂ ਲੋਕਾਂ ਦੇ ਸੰਘਰਸ਼ ਵਿਚ ਸ਼ਾਮਲ ਹੋ ਸਕਣ ਜਿਹੜੇ ਵਿੱਦਿਆ ਦੀ ਇਕਸਾਰਤਾ ਅਤੇ ਇਕਸੁਰਤਾ ਲਈ ਲਾਮਬੰਦ ਹੋਣ ਦੀਆਂ ਜੁਗਤਾਂ ਘੜਦੇ ਰਹਿੰਦੇ ਹਨ। ਚੇਤੰਨ ਮਨੁੱਖਾਂ ਨੂੰ ਹਾਕਮਾਂ ਦੀਆਂ ਚਾਲਾਂ, ਕੁਚਾਲਾਂ ਅਤੇ ਤਰਕੀਬਾਂ ਦਾ ਪਤਾ ਹੁੰਦਾ ਹੈ ਅਤੇ ਉਹ ਹੀ ਦੂਜਿਆਂ ਵਿਚ ਇਸ ਦੀ ਦੱਸ ਪਾਉਣ ਦਾ ਕੰਮ ਕਰਦੇ ਹਨ।
ਵਿੱਦਿਅਕ ਖੇਤਰ ਵਿਚ ਦਾਖਲਿਆਂ ਸਮੇਂ ਕਈ ਵਾਰ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ ਜਾਂਦਾ ਹੈ, ਅਕਾਦਮਿਕ ਘਪਲੇ ਕੀਤੇ ਜਾਂਦੇ ਹਨ, ਇਮਤਿਹਾਨਾਂ ਵਿਚ ਨਕਲ ਕਰਨ ਦਾ ਮਾਮਲਾ ਵੀ ਇਕ ਲਾਇਲਾਜ ਬਿਮਾਰੀ ਹੈ। ਕਾਲਜਾਂ ਨੂੰ ਮਾਨਤਾ ਦੇਣ ਸਮੇਂ ਚੱਲਦੀਆਂ ਵੱਢੀਆਂ ਕਿਸੇ ਅੱਖ ਤੋਂ ਛੁਪੀਆਂ ਨਹੀਂ ਰਹਿ ਗਈਆਂ ਅਤੇ ਵਿੱਦਿਅਕ ਅਦਾਰਿਆਂ 'ਚ ਸਿਆਸਤ ਦੀ ਖੁੱਲ੍ਹ ਖੇਡ ਨੇ ਅਜਿਹੀ ਧੁੰਦ ਖਿਲਾਰ ਦਿੱਤੀ ਹੈ ਜਿਸ ਨੂੰ ਖਤਮ ਕਰਨਾ ਆਸਾਨ ਨਹੀਂ ਰਹਿ ਗਿਆ। ਨਤੀਜਿਆਂ ਦਾ ਗਲਤ ਛਾਪਣਾ, ਤਰੱਕੀਆਂ 'ਚ ਭਾਈ-ਭਤੀਜਾਵਾਦ, ਨੌਕਰੀਆਂ ਦੇਣ 'ਚ ਕੇਵਲ ਸਿਫਾਰਸ਼ਾਂ ਦਾ ਬੋਲਬਾਲਾ ਅਤੇ ਹੋਰ ਕਈ ਕਿਸਮ ਦੇ ਘਪਲਿਆਂ ਨੇ ਵਿੱਦਿਅਕ ਖੇਤਰ ਨੂੰ ਵੀ ਚਾਨਣ ਵੰਡਣ ਜੋਗਾ ਨਹੀਂ ਛੱਡਿਆ। ਇਹ ਗੱਲਾਂ ਜਦ ਪੱਤਰਕਾਰੀ ਸਾਹਮਣੇ ਲਿਆਉਂਦੀ ਹੈ ਤਾਂ ਆਮ ਬੰਦਾ ਹੈਰਾਨ ਹੋ ਕੇ ਰਹਿ ਜਾਂਦਾ ਹੈ। ਸਾਹਮਣੇ ਉਹੀ ਪੱਤਰਕਾਰ ਲਿਆਉਦੇ ਹਨ ਜਿਹੜੇ ਨਿਡਰ ਅਤੇ ਨਿਧੜਕ ਹੋਣ ਅਤੇ ਜਿਨ੍ਹਾਂ ਨੂੰ ਦੇਸ਼ ਦੀ ਤਰੱਕੀ ਦਾ ਫਿਕਰ ਹੋਵੇ। ਜਿਹੜੀ ਪੱਤਰਕਾਰੀ ਅਜਿਹੇ ਕੋਹਝ ਨੂੰ ਨੰਗਿਆ ਕਰਦੀ ਹੈ, ਉਹ ਆਪਣੀ ਜ਼ਿਮੇਵਾਰੀ ਨਿਭਾਅ ਰਹੀ ਹੁੰਦੀ ਹੈ।

ਕੁੱਲ ਮਿਲਾ ਕੇ ਆਖਿਆ ਜਾ ਸਕਦਾ ਹੈ ਕਿ ਜੇ ਪੱਤਰਕਾਰੀ ਵਿੱਦਿਆ ਦੇ ਖੇਤਰ ਵਿਚ ਆਪਣੀ ਬਣਦੀ ਜ਼ਰੂਰੀ ਭੂਮਿਕਾ ਨਿਭਾਵੇ ਤਾਂ ਰੌਸ਼ਨੀ ਫੈਲੇਗੀ ਅਤੇ ਹਨੇਰਾ ਆਪਣੇ ਪੈਰ ਨਹੀਂ ਜਮਾ ਸਕੇਗਾ, ਅਗਿਆਨ ਟਿਕ ਨਹੀਂ ਸਕੇਗਾ ਅਤੇ ਭ੍ਰਿਸ਼ਟਾਚਾਰ ਨੂੰ ਜਗ੍ਹਾ ਹੀ ਨਹੀਂ ਮਿਲ ਸਕੇਗੀ। ਵਿੱਦਿਆ ਦੇ ਖੇਤਰ ਵਿਚ ਨਿਭਾਈ ਸਹੀ ਭੂਮਿਕਾ ਨਾਲ ਪੱਤਰਕਾਰੀ ਸਾਰੇ ਖੇਤਰਾਂ ਤਕ ਖੁਦ ਬਖੁਦ ਪਹੁੰਚ ਜਾਵੇਗੀ ਅਤੇ ਨਾਮਣਾ ਖੱਟਣ ਤੋਂ ਪਿੱਛੇ ਨਹੀਂ ਰਹੇਗੀ। 

****

ਮਾਂ -ਪਿਉ ਨਾਲ ਵੀ ਥੋੜਾ ਜਿਹਾ ਇਨਸਾਫ ਹੋਣਾ ਚਾਹੀਦਾ .......... ਲੇਖ / ਮੁਖਤਿਆਰ ਸਿੰਘ

ਮਾਮਲਾ ਇੱਜਤ ਦੇ ਨਾਂ ਤੇ ਹੁੰਦੇ ਕਤਲਾਂ ਦਾ

ਪਿਛਲੇ ਕੁਝ ਸਮੇਂ ਤੋਂ ਇੱਜਤ ਲਈ ਹੁੰਦੇ ਕਤਲਾਂ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਾਂ ਹੀ ਪੰਚਾਇਤਾਂ ਦੇ ਸਖਤ ਫੁਰਮਾਨਾਂ ਨਾਲ ਪ੍ਰੇਮ ਵਿਆਹ ਰੁਕਣ ਦਾ ਨਾਂ ਲੈ ਰਹੇ ਹਨ ਤੇ ਨਾਂ ਹੀ ਸਰਕਾਰ ਅਤੇ ਕੋਰਟਾਂ ਦੇ ਸਖਤ ਕਨੂੰਨਾਂ ਨਾਲ ਕਤਲ ਰੁਕਣ ਦਾ ਨਾਂ ਲੈ ਰਹੇ ਹਨ। ਇਸ ਨਾਂ ਰੁਕਣ ਵਾਲੇ ਦੁਖਾਂਤ ਦਾ ਕਾਰਨ ਕੀ ਹੈ? ਸਾਡੇ ਸਮੁੱਚੇ ਸਿਸਟਮ ਵਿੱਚ ਨੁਕਸ ਕਿੱਥੇ ਹੈ ਜਿਸ ਕਾਰਨ ਆਪਣੇ ਲਾਡਾਂ ਨਾਲ ਪਾਲੇ ਬੱਚਿਆਂ ਨੂੰ ਆਪਣੇ ਹੱਥੀਂ ਕਤਲ ਕਰਨ ਦੀ ਨੌਬਤ ਆ ਰਹੀ ਹੈ।

ਜੇ ਆਪਾਂ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਵਰਤਾਰਾ ਹੀਰ ਰਾਝੇਂ, ਮਿਰਜਾ ਸਹਿਬਾਂ ਤੋਂ ਵੀ ਪਹਿਲਾਂ ਦਾ ਚਲਦਾ ਆ ਰਿਹਾ ਹੈ। ਪਰ ਅੱਜ ਦੀ ਯੁਵਾ ਪੀੜੀ ਪੱਛਮੀਂ ਕਲਚਰ ਤੋਂ ਵੱਧ ਪ੍ਰਭਾਵ ਕਬੂਲ ਰਹੀ ਹੋਣ ਕਾਰਨ ਇਸ ਪਾਸੇ ਨੂੰ ਜਿਆਦਾ ਉਲਾਰ ਹੋ ਰਹੀ ਹੈ। ਪਰ ਪੱਛਮੀਂ ਮੁਲਕਾਂ ਦੇ ਅਤੇ ਸਾਡੇ ਦੇਸ਼ ਦੇ ਸਿਸਟਮ ਦਾ ਬਹੁਤ ਜਿਆਦਾ ਅੰਤਰ ਹੈ। ਉੱਥੇ ਜਿੰਦਗੀ ਦੇ ਹਰ ਪੜਾਅ ਤੇ ਹਰ ਨਾਗਰਿਕ ਸੁਤੰਤਰ ਤੇ ਸੁਰੱਖਿਅਤ ਹੈ ਕਿਸੇ ਨੂੰ ਕਿਸੇ ਦੂਸਰੇ ਨਾਲ ਕੋਈ ਲੈਣਾ ਦੇਣਾ ਲਹੀਂ ਹੈ। ਬਚਪਨ ਵਿੱਚ ਪਾਲਣ ਪੋਸ਼ਣ ਤੇ ਪੜ੍ਹਾਈ ਦਾ ਖਰਚਾ ਸਰਕਾਰ ਦਾ ਹੈ। ਉਸ ਤੋਂ ਬਾਅਦ ਨੌਕਰੀ ਜਾਂ ਬੇਰੁਜਗਾਰੀ ਭੱਤਾ ਸਰਕਾਰ ਦਿੰਦੀ ਹੈ। ਬੁਢਾਪੇ ਵਿੱਚ ਸਾਂਭ ਸੰਭਾਲ ਤੇ ਇਲਾਜ ਦਾ ਖਰਚਾ ਵੀ ਸਰਕਾਰ ਦਿੰਦੀ ਹੈ ਅਤੇ ਉਹ ਲੋਕ ਵਰਤਮਾਨ ਵਿੱਚ ਜਿਉਂਦੇ ਹਨ, ਉੱਥੇ ਕੋਈ ਕਿਸੇ ਨਾਲ ਵਿਆਹ ਕਰੇ, ਕੋਈ ਕਿਸੇ ਨੂੰ ਤਲਾਕ ਦੇਵੇ, ਜਿਸ ਦਾ ਕਿਸੇ ਦੂਜੇ ਨੂੰ ਕੋਈ ਲੈਣਾ ਦੇਣਾ ਨਹੀਂ। ਪਰ ਦੂਜੇ ਪਾਸੇ ਅਸੀ ਅਤੀਤ ਦੇ ਝੋਰਿਆਂ ਤੇ ਭਵਿੱਖ ਦੇ ਫਿਕਰਾਂ ਵਿੱਚ ਜੀ ਰਹੇ ਹਾਂ। ਸਾਡਾ ਦੇਸ਼ ਸਯੁਕਤ ਪਰਿਵਾਰਾਂ ਦਾ ਦੇਸ਼ ਹੈ ਇੱਥੇ ਜਿਆਦਾਤਰ ਲੋਕ ਜਿਉਣ ਲਈ ਇੱਕ ਦੂਜੇ ਤੇ ਨਿਰਭਰ ਹਨ। ਬਚਪਨ ਵਿੱਚ ਬੱਚਿਆਂ ਨੂੰ ਮਾਪਿਆਂ ਦੇ ਹੱਥਾਂ ਵੱਲ ਵੇਖ ਕੇ ਜਿਉਣਾ ਪੈਦਾਂ ਹੈ ਅਤੇ ਬੁਢਾਪੇ ਵਿੱਚ ਬੰਦੇ ਨੂੰ ਉਹਨਾਂ ਹੀ ਬੱਚਿਆਂ ਤੋਂ ਆਪਣੇ ਸਾਂਭ ਸੰਭਾਲ ਤੋ ਡੰਗੋਰੀ ਬਨਣ ਦੀ ਆਸ ਹੁੰਦੀ ਹੈ। ਇਹ ਗੱਲ ਸਾਡੇ ਲੋਕਾਂ ਦੇ ਜਿਹਨ ਵਿੱਚ ਬੁਰੀ ਤਰਾਂ ਘਰ ਕਰ ਚੁੱਕੀ ਹੈ ਕਿ ਸਾਡੇ ਬੱਚੇ ਸਾਡੇ ਆਗਿਆਕਾਰ ਹੋਣ ਤੇ ਤਾਂ ਹੀ ਸਾਡੇ ਬੁਢਾਪੇ ਦੇ ਦਿਨ ਸੁਖਾਲੇ ਨਿੱਕਲ ਸਕਣ ਇਸ ਲਈ ਉਹ ਕਈ ਵਾਰ, ਖਾਸ ਕਰਕੇ ਇੱਜਤ ਅਣਖ ਵਰਗੇ ਮਾਮਲੇ ਤੇ ਸਖਤ ਕਦਮ ਵੀ ਚੁੱਕ ਲੈਦੈਂ ਹਨ ਅਤੇ ਬੁਢਾਪਾ ਜੇਲ ਵਿੱਚ ਹੀ ਰੁਲ ਜਾਦਾਂ ਹੈ।
ਮੈਂ ਇੱਥੇ ਇੱਜਤ ਅਣਖ ਦੇ ਨਾਂ ਤੇ ਕੀਤਾ ਜਾਦੇ ਕਤਲਾਂ ਨੂੰ ਜਾਇਜ ਠਹਿਰਾਉਣ ਦੀ ਕੋਸਿਸ਼ ਬਿੱਲਕੁਲ ਨਹੀਂ ਕਰ ਰਿਹਾ। ਕਿਸੇ ਨੂੰ ਜਾਨੋਂ ਮਾਰਨ ਨਾਲੋਂ ਮਨੋਂ ਮਾਰ ਦੇਣਾ ਸੌ ਗੁਣਾ ਜਿਆਦਾ ਬਿਹਤਰ ਹੈ। ਜੇ ਪ੍ਰਮਾਤਮਾਂ ਨੇ ਸਾਨੂੰ ਕਿਸੇ ਨੂੰ ਜਿੰਦਗੀ ਦੇਣ ਦਾ ਹੱਕ ਨਹੀਂ ਦਿੱਤਾ ਫਿਰ ਕਿਸੇ ਤੋਂ ਜਿੰਦਗੀ ਖੋਹਣ ਦਾ ਹੱਕ ਵੀ ਨਹੀਂ ਹੋਣਾ ਚਾਹੀਦਾ,ਖਾਸ ਕਰਕੇ ਜਦ ਵਿਚਾਰਾਂ ਦੇ ਵਖਰੇਵੇਂ ਦੀ ਗੱਲ ਹੋਵੇ, ਉੱਥੇ ਤਾਂ ਇਹ ਹੋਰ ਵੀ ਮਾੜੀ ਗੱਲ ਹੈ। ਪਰ ਇੱਥੇ ਨੌਜਵਾਨ ਵਰਗ ਉੱਪਰ ਵੀ ਕੱਝ ਜਿੰਮੇਵਾਰੀ ਆਉਂਦੀ ਹੈ ਅਤੇ ਇਸ ਮਸਲੇ ਤੇ ਸੰਜੀਦਾ ਹੋਣ ਦੀ ਜਰੂਰਤ ਹੈ,ਉਹਨਾਂ ਨੂੰ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ। ਆਪਣਾ ਬਚਪਨ ਕਦੇ ਵੀ ਭਲਾਉਣਾ ਨਹੀਂ ਚਾਹੀਦਾ ਕਿ ਕਿਵੇਂ ਉਹਨਾਂ ਦੇ ਮਾਂ ਬਾਪ ਨੇ ਉਹਨਾਂ ਲਈ ਤੰਗੀਆਂ ਤੁਰਸ਼ੀਆਂ ਝੱਲ ਕੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਕਿਵੇਂ ਸਖਤ ਮਿਹਨਤਾਂ ਕਰਕੇ, ਗਹਿਣੇ ਗੱਟੇ ਵੇਚ ਕੇ ਉਹਨਾਂ ਦੀਆਂ ਕਾਲਜਾਂ ਦੀਆਂ ਫੀਸਾਂ ਭਰੀਆਂ, ਉਹਨਾਂ ਨੂੰ ਵੀ ਤੁਹਾਡੇ ਤੋਂ ਕੋਈ ਆਸ ਹੈ, ਉਹ ਵੀ ਤੁਹਾਡੇ ਤੋਂ ਪਿਆਰ ਬਦਲੇ ਪਿਆਰ ਹੀ ਮੰਗਦੇ ਹਨ। ਪਿਆਰ ਵਿਆਹ ਵਰਗੇ ਮਸਲਿਆਂ ਵਿੱਚ ਧੀਰਜ ਅਤੇ ਸੰਜਮ ਤੋਂ ਕੰਮ ਲੈ ਕੇ ਪਹਿਲਾਂ ਆਪਣੇ ਪੈਰਾਂ ਉੱਪਰ ਖੜੇ ਹੋਣ ਅਤੇ ਜਿੰਨੇ ਪਿਆਰ ਨਾਲ ਆਪਣੇ ਸਾਥੀ ਨੂੰ ਵਿਆਹ ਲਈ ਰਜਾਮੰਦ ਕੀਤਾ ਹੈ ਉਨੇ ਪਿਆਰ ਨਾਲ ਹੀ ਆਪਣੇ ਮਾਂ ਬਾਪ ਨੂੰ ਮਨਾਉਣ ਦੀ ਕੋਸਿਸ਼ ਕਰਨ । ਇਹ ਨਹੀਂ ਕਿ ਨਿੱਕੀ ਜਿਹੀ ਗੱਲ ਤੇ ਜਜਬਾਤੀ ਹੋ ਕੇ ,ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਤੇ ਮਾਂ ਬਾਪ ਦੀਆਂ ਸੱਧਰਾਂ ਨੂੰ ਪੈਰਾਂ ਹੋਠ ਰੋਲ ਕੇ ਘਰੋਂ ਭੱਜ ਜਾਣ ਅਤੇ ਜਿੰਨਾਂ ਮਾਪਿਆਂ ਨੇ ਕਦੇ ਚਾਵਾਂ ਤੇ ਲਾਡਾਂ ਨਾਲ ਪਾਲ ਕੇ ਕਿਸੇ ਉੱਚੇ ਅਹੁਦਿਆਂ ਤੇ ਪਹੁੰਚਾਉਣ ਦੇ ਸੁਪਨੇ ਮਨਾਂ ਵਿੱਚ ਸੰਜੋਏ ਸਨ ਉਹਨਾਂ ਖਿਲਾਫ ਹੀ ਥਾਣਿਆਂ ਤੇ ਕੋਰਟਾਂ ਵਿੱਚ ਦਰਖਾਸਤਾਂ ਦੇ ਕੇ ਸੁਰੱਖਿਆ ਮੰਗਦੇ ਫਿਰਨ। ਇਹੀ ਟਕਰਾਅ ਬਾਅਦ ਵਿੱਚ ਜਾ ਕੇ ਕਤਲਾਂ ਦਾ ਕਾਰਨ ਬਣਦਾ ਹੈ।
ਲਵ ਮੈਰਿਜਾਂ ਨਾਲ ਕੁਝ ਅਲਾਮਤਾਂ ਵੀ ਪੈਦਾ ਹੋ ਰਹੀਆਂ ਹਨ। ਵਿਆਹਾਂ ਦੇ ਨਾਂ ਤੇ ਚਲਾਕ ਤੇ ਆਵਾਰਾ ਕਿਸਮ ਦੇ ਲੜਕੇ ਲੜਕੀਆਂ ਦਾ ਜਿਸਮਾਨੀ ਤੇ ਆਰਥਿਕ ਸੋਸ਼ਣ ਵੀ ਕਰਦੇ ਹਨ। ਕਈਆਂ ਦੀ ਨਿਗ੍ਹਾ ਤਾਂ ਉਹਨਾਂ ਦੇ ਮਾਂ ਬਾਪ ਦੀ ਪ੍ਰਾਪਰਟੀ ਤੇ ਹੁੰਦੀ ਹੈ ਜਾਂ ਵਿਦੇਸਾਂ ਵਿੱਚ ਜਾ ਕੇ ਵੱਸਣ ਦੀ ਲਾਲਸਾ ਹੁੰਦੀ ਹੈ। ਆਪਣਾ ਮਤਲਬ ਨਿੱਕਲ ਜਾਣ ਤੇ ਉਹ ਸਭ ਕੁਝ ਛੱਡ ਜਾਦੇਂ ਹਨ ਅਤੇ ਮਾਪਿਆਂ ਨੂੰ ਨਮੋਸ਼ੀ ਝੱਲਣੀ ਪੈਦੀਂ ਹੈ। ਅਣਖ ਪਿੱਛੇ ਹੋਏ ਕਤਲ ਦੀ ਹਰ ਖਬਰ ਤਾਂ ਮੀਡੀਏ ਵਿੱਚ ਨਸ਼ਰ ਹਣੋ ਤੇ ਸਰਕਾਰਾਂ ਤੇ ਕੋਰਟਾਂ ਨੋਟਿਸ ਲੈ ਲੇਦੀਆਂ ਹਨ, ਪਰ ਅਜਿਹੀਆਂ ਖਬਰਾਂ ਵਿੱਚੇ ਹੀ ਬਦਨਾਮੀ ਦੇ ਡਰੋਂ ਦਬ ਦਬਾਅ ਜਾਦੀਆਂ ਹਨ। ਵਿਆਹ ਦਾ ਝਾਸਾਂ ਦੇ ਕੇ ਸਾਲਾਂ ਬੱਧੀ ਬਲਾਤਕਾਰ ਵਰਗੀਆਂ ਖਬਰਾਂ ਜੋ ਅਕਸਰ ਦੇਖਣ ਨੂੰ ਮਿਲ ਜਾਦੀਆਂ ਹਨ ਤੇ ਇਹ ਲਵ ਮੈਰਿਜ ਕਲਚਰ ਦੀ ਹੀ ਦੇਣ ਹਨ । ਜਿੰਨਾਂ ਬਾਰੇ ਆਪਣੀ ਔਲਾਦ ਨੂੰ ਸੁਚੇਤ ਕਰਨਾ ਤੇ ਰੋਕਣਾ ਮਾਂ ਬਾਪ ਦਾ ਹੱਕ ਹੈ।
ਸਾਡੀਆਂ ਸਰਕਾਰਾਂ ਤੇ ਅਦਾਲਤਾਂ ਇਸ ਮਸਲੇ ਤੇ ਇੱਕ ਪਾਸੜ ਸਟੈਂਡ ਲੈਕੇ ਬਲਦੀ ਤੇ ਤੇਲ ਦਾ ਕੰਮ ਕਰ ਰਹੀਆਂ ਹਨ। ਪ੍ਰੇਮੀ ਜੋੜਿਆਂ ਨੂੰ ਸਰਕਾਰੀ ਰੈਸਟ ਹਾਊਸਾਂ ਵਿੱਚ ਪਨਾਹ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਦੋ ਬਾਲਿਗਾਂ ਦਾ ਆਪਣੀ ਮਰਜੀ ਨਾਲ ਵਿਆਹ ਕਰਵਾਉਣਾ ਕਨੂੰਨੀ ਹੱਕ ਹੈ,ਪਰ ਹੋਰ ਵੀ ਸਾਰੇ ਦੇਸ਼ ਦੇ ਨਾਗਰਿਕਾਂ ਦੇ ਕਨੂੰਨੀ ਹੱਕ ਕਿੰਨੇ ਕੁ ਸੁਰੱਖਿਅਤ ਹਨ। ਕੀ ਸਿਰਫ ਲਵ ਮੈਰਿਜਾਂ ਨਾਲ ਹੀ ਜਾਤ ਪਾਤ ਨੂੰ ਠੱਲ ਪੈ ਸਕਦੀ ਹੈ? ਕੀ ਸਿਰਫ ਸਾਡੇ ਦੇਸ਼ ਦੀ ਮੁੱਖ ਸਮੱਸਿਆ ਲਵ ਮੈਰਿਜ ਹੀ ਹੈ ? ਕੀ ਇਸ ਨਾਲ ਹੀ ਦੇਸ਼ ਵਿੱਚ ਕੋਈ ਕ੍ਰਾਤੀਂ ਆ ਜਾਵੇਗੀ? ਨਹੀਂ…..। ਸਾਡੀਆਂ ਹੋਰ ਵੀ ਸਮੱਸਿਆਵਾਂ ਹਨ। ਜਾਨ ਮਾਲ ਦੀ ਸੁਰੱਖਿਆ ਸਿਰਫ ਪ੍ਰੇਮੀ ਜੋੜਿਆਂ ਦੀ ਹੀ ਨਹੀਂ, ਸਭ ਦੀ ਹੋਣੀ ਚਾਹੀਦੀ ਹੈ। ਅੱਜ ਕਿੰਨੇ ਕਿਸਾਨ ਦੇਸ਼ ਦੇ ਅੰਨ ਭੰਡਾਰ ਭਰ ਕੇ ਆਪ ਕਰਜੇ ਦੇ ਮਾਰੇ ਖੁਦਕੁਸ਼ੀਆਂ ਕਰ ਰਹੇ ਹਨ, ਬੇਰੋਜਗਾਰ ਟੈਕੀਆਂ ਤੇ ਚੜ• ਕੇ ਤੇਲ ਪਾ ਕੇ ਅੱਗਾਂ ਲਗਾ ਰਹੇ ਹਨ, ਦਿਨ ਦਿਹਾੜੇ ਬਲਾਤਕਾਰ ਕਰ ਕੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ, ਧੀਆਂ ਨੂੰ ਕੁੱਖ ਵਿੱਚ ਜੰਮਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ, ਕਿੰਨੇ ਲੋਕ ਪੋਹ ਮਾਘ ਦੀਆਂ ਠਰੀਆਂ ਰਾਤਾਂ ਵਿੱਚ ਫੁੱਟਪਾਥਾਂ ਤੇ ਸੌਦੇ ਹਨ, ਕਿੰਨੇ ਬਜੁਰਗ ਬੁਢਾਪੇ ਵਿੱਚ ਇਲਾਜ ਦੇ ਖੁਣੋ ਮਰ ਰਹੇ ਹਨ। ਕੀ ਇਹ ਸਾਰੇ ਕਿਸੇ ਹੋਰ ਗ੍ਰਹਿ ਤੋਂ ਆਏ ਹਨ? ਜਾਂ ਇਸ ਦੇਸ਼ ਦੇ ਨਾਗਰਿਕ ਨਹੀਂ ਹਨ? ਕੀ ਧੀਆਂ ਪੁੱਤਾਂ ਹੱਥੋਂ ਜਮੀਨ ਜਾਇਦਾਦਾਂ ਖੁਹਾ ਚੁੱਕੇ, ਰੁਲ ਰਹੇ ਬਜੁਰਗਾਂ ਨੂੰ ਸਰਕਾਰੀ ਰੈਸਟ ਹਾਊਸਾਂ ਵਿੱਚ ਥਾਂ ਨਹੀਂ ਮਿਲ ਸਕਦੀ? ਕੀ ਫੁੱਟਪਾਥਾਂ ਤੇ ਰੁਲ ਰਹੇ ਇਸੇ ਦੇਸ਼ ਦੇ ਨਾਗਰਿਕਾਂ ਨੂੰ ਰਹਿਣ ਲਈ ਇੱਕ ਕੁੱਲੀ ਵੀ ਨਹੀਂ ਮਿਲ ਸਕਦੀ? ਉਪਰੋਕਤ ਮਸਲਿਆਂ ਉੱਪਰ ਸਾਡੀਆਂ ਸਰਕਾਰਾਂ ਤੇ ਉੱਚ ਅਦਾਲਤਾਂ ਸ਼ਖਤ ਸਟੈਂਡ ਕਿਉਂ ਨਹੀਂ ਲੈ ਰਹੀਆਂ?
ਕਤਲ ਤਾਂ ਅਕਸਰ ਕਤਲ ਹੀ ਹੈ, ਭਾਵੇਂ ਕਤਲ ਦਾ ਕਾਰਨ ਕੁੱਝ ਵੀ ਹੋਵੇ ਜਿਸ ਦੀ ਸਜਾ ਕਾਤਲ ਨੂੰ ਅਵੱਛ ਮਿਲਣੀ ਚਾਹੀਦੀ ਹੈ, ਪਰ ਅੱਜ ਤੋਂ 25 ਸਾਲ ਪਹਿਲਾਂ ਦੇਸ਼ ਦੀ ਰਾਜਧਾਨੀ ਵਿੱਚ ਗਲਾਂ ਵਿੱਚ ਟਾਇਰ ਪਾ ਕੇ ਅੱਗਾਂ ਲਾ ਕੇ ਕਤਲ ਕੀਤੇ ਹਜਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਅਜੇ ਤੱਕ ਸਜਾ ਨਾ ਮਿਲਣਾ ਕਨੂੰਨ ਨਾਲ ਮਜਾਕ ਨਹੀਂ ਹੈ ਤਾਂ ਹੋਰ ਕੀ ਹੈ। ਦੇਸ਼ ਦੀ ਜਨਤਾਂ ਤੋਂ ਟੈਕਸਾਂ ਦੇ ਰੂਪ ਵਿੱਚ ਇੱਕਠਾ ਹੇਇਆ ਪੈਸਾ, ਜਿਸ ਨੂੰ ਸਾਡੇ ਨੇਤਾ ਜੀ ਅਰਬਾਂ ਖਰਬਾਂ ਦੇ ਬਿਸਾਬ ਨਾਲ ਡਕਾਰ ਕੇ ਕਦੇ ਕਿਸੇ ਦਾ ਵਾਲ ਵਿੰਗਾ ਤੱਕ ਨਹੀਂ ਹੋਇਆ ਸਗੋਂ ਅੱਜ ਵੀ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ, ਉਸ ਦੇਸ਼ ਦੇ ਨਾਗਰਿਕਾਂ ਤੋਂ ਕਨੂੰਨ ਦੇ ਪਾਲਣ ਕਰਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਸੋ ਅੱਜ ਲੋੜ ਹੈ ਸਾਰੇ ਗਲ ਸੜ ਚੁੱਕੇ ਤੇ ਭ੍ਰਿਸ਼ਟ ਹੋ ਚੁੱਕੇ ਸਿਸਟਮ ਨੂੰ ਬਦਲਣ ਦੀ। ਜਦ ਵਿਕਸਤ ਦੇਸ਼ਾਂ ਵਾਂਗ ਇਸ ਦੇਸ਼ ਦਾ ਹਰ ਨਾਗਰਿਕ ਸੁਤੰਤਰ ਤੇ ਆਤਮ ਨਿਰਭਰ ਹੋਵੇਗਾ ਤੇ ਹਰ ਇੱਕ ਨੂੰ ਨਿਆਂ ਮਿਲੇਗਾ ਤਾਂ ਅਜਿਹੀਆਂ ਸਮੱਸਿਆਵਾਂ ਤਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ। 
****
ਮੋਬਾਇਲ : 94175-17655
Email-mspakho@gmail.com 

'ਫੇਸ ਬੁੱਕ ਛਡਾਓ ਕੈਂਪ'........... ਲੇਖ / ਮਿੰਟੂ ਬਰਾੜ, ਐਡੀਲੇਡ (ਆਸਟ੍ਰੇਲੀਆ)

ਬਾਬਾ ਆਦਮ ਤੋਂ ਲੈ ਕੇ ਹੁਣ ਤਕ ਵਕਤ ਤੋਂ ਅਗਾਂਹ ਦੀ ਸੋਚਣਾ ਇਨਸਾਨੀ ਫ਼ਿਤਰਤ ਰਹੀ ਹੈ। ਆਧੁਨਿਕਤਾ ਦਾ ਜੋ ਨਜ਼ਾਰਾ ਅੱਜ ਅਸੀਂ ਚਖ ਰਹੇ ਹਾਂ ਇਹ ਉਸੇ ਫ਼ਿਤਰਤ ਦਾ ਹੀ ਨਤੀਜਾ ਹੈ। ਸੋਚ ਕੇ ਦੇਖੋ, ਜੇ ਇਨਸਾਨੀ ਸੋਚ ਅਜਿਹੀ ਨਾ ਹੁੰਦੀ ਤਾਂ ਅਸੀਂ ਹਾਲੇ ਘਾਹ-ਫੂਸ ਹੀ ਖਾ ਰਹੇ ਹੁੰਦੇ। ਇਸ ਸੋਚ ਨੇ ਜਿੱਥੇ ਇਕ ਪਾਸੇ ਸਾਨੂੰ ਤੜਕੇ ਲਾ ਕੇ ਖਾਣ, ਤਹਿਜ਼ੀਬ ਨਾਲ਼ ਪਹਿਨਣ ਤੇ ਠਾਠ ਨਾਲ਼ ਰਹਿਣ ਦੀ ਜਾਚ ਸਿਖਾਈ ਹੈ, ਉੱਥੇ ਸਾਰੀ ਦੁਨੀਆ ਨੂੰ ਸਮੇਟ ਕੇ ਸਾਡੀ ਜੇਬ ਵਿੱਚ ਵੀ ਪਾ ਦਿੱਤਾ ਹੈ। ਪਰ ਦੂਜੇ ਪਾਸੇ ਇਸ ਲਈ ਜੋ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ ਉਹ ਵੀ ਸ਼ਬਦਾਂ ਵਿੱਚ ਆਉਣ ਵਾਲੀ ਨਹੀਂ ਹੈ। ਇਸ ਆਧੁਨਿਕਤਾ ਨਾਲ ਜੋ ਕੁਝ ਅਸੀਂ ਪਾਇਆ, ਉਹ ਤਾਂ ਜੱਗ ਜ਼ਾਹਰ ਹੈ ਹੀ, ਪਰ ਜੋ ਅਸੀਂ ਖੋਇਆ ਉਸ ਬਾਰੇ ਜਾਣਦੇ ਹੋਏ ਵੀ ਜਾਣਨਾ ਨਹੀਂ ਚਾਹੁੰਦੇ। ਭਾਵੇਂ ਮੈਂ ਵੀ ਇਸ ਆਧੁਨਿਕਤਾ ਦਾ ਸ਼ਿਕਾਰ ਹਾਂ ਅਤੇ ਦਿਲੋਂ ਇਸ ਨੂੰ ਬੁਰਾ ਵੀ ਨਹੀਂ ਮੰਨਦਾ। ਪਰ ਜਦੋਂ ਇਸ ਆਧੁਨਿਕਤਾ ਦਾ ਦੂਜਾ ਪਾਸਾ ਦੇਖਦਾ ਹਾਂ ਤਾਂ ਇਹੀ ਸੋਚ ਮਨ ਵਿੱਚ ਆਉਂਦੀ ਹੈ ਕਿ ਸਮੇਂ ਨਾਲ ਬਦਲਾਓ ਤਾਂ ਕੁਦਰਤ ਦਾ ਅਸੂਲ ਅਤੇ ਵਕਤ ਦੀ ਲੋੜ ਹੁੰਦਾ ਹੈ। ਪਰ ਜੇ ਇਹ ਸਭ ਕੁੱਝ ਇੱਕ ਲਿਮਿਟ 'ਚ ਰਹਿ ਕੇ ਹੁੰਦਾ ਤਾਂ ਜਿਆਦਾ ਚੰਗਾ ਸੀ।

ਮੇਰਾ ਇਹ ਲੇਖ ਲਿਖਣ ਦੇ ਸਬੱਬ ਦਾ ਕਾਰਨ ਸੁਣ ਲਵੋ; ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਮਾਤਾ ਜੀ ਮੇਰੇ ਕੋਲ ਐਡੀਲੇਡ ਆਏ ਹੋਏ ਹਨ। ਮੈਲਬਾਰਨ ਰਹਿੰਦਾ ਮੇਰਾ ਭਾਣਜਾ ਮਾਨਵ ਆਪਣੀ ਨਾਨੀ ਨੂੰ ਮਿਲਣ ਦੋ ਦਿਨਾਂ ਲਈ ਐਡੀਲੇਡ ਆਇਆ। ਜਦੋਂ ਮੈਂ ਐਡੀਲੇਡ ਵਿੱਚ ਲੱਗੇ ਇਕ ਖ਼ੂਨਦਾਨ ਕੈਂਪ ਵਿੱਚੋਂ ਘਰ ਆਇਆ ਤਾਂ ਇਕ ਸੋਫ਼ੇ ਤੇ ਮੇਰਾ ਬੇਟਾ ਅਨਮੋਲ ਤੇ ਦੂਜੇ ਤੇ ਭਾਣਜਾ ਮਾਨਵ ਆਪੋ ਆਪਣੇ ਲੈਪਟਾਪ ਉੱਤੇ ਮਗਨ ਹੋਏ ਬੈਠੇ ਸਨ। ਮੈਨੂੰ ਦੇਖ ਕੇ ਮਾਨਵ ਕਹਿੰਦਾ ਮਾਮਾ ਜੀ ਇੰਡੀਆ ਤਾਂ ਤੁਹਾਡਾ ਸਹਾਰਾ ਕਲੱਬ ਖ਼ੂਨਦਾਨ ਦੇ ਨਾਲ ਨਾਲ ਨਸ਼ੇ ਛਡਾਊ ਕੈਂਪ ਵੀ ਲਾਉਂਦਾ ਹੁੰਦਾ ਸੀ, ਇਥੇ ਅਜ ਕਲ ਕੀ ਚੱਲ ਰਿਹਾ? ਉਸ ਦੇ ਲੈਪਟਾਪ ਤੇ ਫੇਸ ਬੁੱਕ ਦੇ ਖੁਲ੍ਹੇ ਪੇਜ ਨੂੰ ਦੇਖ ਕੇ ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਕਿ ਬੇਟਾ ਹੁਣ ਤਾਂ ਨਸ਼ੇ ਵੀ ਬਦਲ ਗਏ ਹਨ ਤੇ ਕੈਂਪ ਵੀ ਬਦਲਣੇ ਪੈਣੇ ਹਨ। ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ''ਫੇਸ ਬੁੱਕ ਛਡਾਓ ਕੈਂਪ'' ਲੱਗੇ ਦੇਖੋਗੇ। ਮੂਹਰੋਂ ਉਹ ਕਹਿੰਦਾ ਮਾਮਾ ਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਕੈਂਪ 'ਚ ਭਰਤੀ ਕਰਵਾਉਣਾ ਪਉ! ਮੈਂ ਕਿਹਾ, ਤਾਂ ਹੀ ਤਾਂ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਮੇਰੇ ਜਿਹਾ ਬੰਦਾ, ਜਿਸ ਨੂੰ ਕਦੇ ਚਾਹ ਦੀ ਭਲ੍ਹ ਨਹੀਂ ਸੀ ਆਈ, ਪਰ ਅਜ-ਕਲ ਜੇ ਫੇਸ ਬੁੱਕ, ਟਵਿਟਰ ਜਾਂ ਫੇਰ ਆਰਕੁਟ ਨੂੰ ਦਿਨ ਚ ਪੰਜ-ਸਤ ਬਾਰ ਖੋਲ੍ਹ ਕੇ ਨਾਂ ਵੇਖ ਲਵਾਂ ਤਾਂ ਸਰੀਰ ਨੂੰ ਤੋੜ ਜਿਹੀ ਲੱਗੀ ਰਹਿੰਦੀ ਹੈ।
ਕਹਿੰਦੇ ਹਨ ਕਿ ਹੱਦ ਚ ਰਹਿ ਕੇ ਕੀਤਾ ਨਸ਼ਾ ਦਵਾਈ ਦਾ ਕੰਮ ਕਰਦਾ ਹੈ। ਪਰ ਜਦੋਂ ਕਿਸੇ ਨਸ਼ੇ ਦੀ ਵਰਤੋਂ ਬੇਹਿਸਾਬ ਹੋਣ ਲਗ ਪਏ ਤਾਂ ਉਹ ਨਸ਼ੇ ਕਰਨ ਵਾਲੇ ਦੇ ਨਾਲ ਨਾਲ ਉਸ ਦੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮੁੱਢ ਕਦੀਮੀ ਨਸ਼ੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹੇ ਹਨ। ਸਾਡਾ ਸਮਾਜ ਇਸ ਖ਼ਿਲਾਫ਼ ਲੜਾਈ ਵੀ ਲੜਦਾ ਰਿਹਾ ਹੈ ਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੇਲੇ ਵੇਲੇ ਸਿਰ ਨਸ਼ਾ ਛਡਾਓ ਕੈਂਪ ਲੱਗਾ ਕੇ ਇਹਨਾਂ ਨਸ਼ਿਆਂ ਤੋਂ ਨਸ਼ੇੜੀਆਂ ਦਾ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਪਰ ਹੁਣ ਤਾਂ ਗੰਗਾ ਉਲਟ ਵਗ ਪਈ ਹੈ। ਅੱਗੇ ਅਨਪੜ੍ਹ ਲੋਕ ਹੀ ਨਸ਼ਿਆਂ ਦੇ ਸ਼ਿਕਾਰ ਹੁੰਦੇ ਸਨ 'ਤੇ ਪੜ੍ਹੇ ਲਿਖੇ ਲੋਕ ਕੈਂਪ ਲਾ ਕੇ ਜਾਂ ਸਮਝਾ ਬੁਝਾ ਕੇ ਨਸ਼ੇ ਛੁਡਾਉਣ ਦੀ ਕੋਸ਼ਿਸ਼ ਕਰਦੇ ਸਨ। ਹੁਣ ਤਾਂ ਡਾਕਟਰ ਹੀ ਮਰੀਜ਼ ਬਣ ਗਏ ਹਨ, ਇਲਾਜ ਕੋਣ ਕਰੂ ? 
ਫੇਸ ਬੁੱਕ ਦਾ ਸ਼ਿਕਾਰ ਚੜ੍ਹਦੀ ਜਵਾਨੀ ਦੇ ਨਾਲ ਨਾਲ ਵੱਡੇ-ਵੱਡੇ ਫ਼ਨਕਾਰ, ਲੀਡਰ, ਕ੍ਰਿਕਟਰ, ਬਿਜ਼ਨਸਮੈਨ, ਘਰੇਲੂ ਗ੍ਰਹਿਣੀਆਂ ਤੋਂ ਲੈ ਕੇ ਪੇਂਡੂ ਲੋਕ ਤਕ ਵੀ ਹੋ ਗਏ ਹਨ। ਹੁਣ ਦੇਖੋ ! ਇਹ ਵੱਡੇ ਲੋਕ ਤਾਂ ਇਸ ਦਾ ਖ਼ੂਬ ਫ਼ਾਇਦਾ ਉਠਾ ਰਹੇ ਹਨ। ਕੋਈ ਆਪਣਾ ਫੈਨ ਸਰਕਲ ਵਧਾ ਰਿਹਾ, ਕੋਈ ਆਪਣਾ ਬਿਜਨੈੱਸ ਤੇ ਕੋਈ ਜਨਤਕ ਆਧਾਰ । ਜੇ ਕੋਈ ਕੁੱਝ ਗੁਆ ਰਿਹਾ ਹੈ ਤਾਂ ਉਹ ਹੈ; ਸਾਡਾ ਨੌਜਵਾਨ ਵਰਗ! ਜਿਸ ਵਿੱਚੋਂ ਅਸੀਂ ਆਪਣੇ ਆਉਣ ਵਾਲੇ ਕੱਲ੍ਹ ਦੇ ਦਰਸ਼ਨ ਕਰ ਰਹੇ ਹਾਂ। ਸਾਡਾ ਕੱਲ੍ਹ ਤਾਂ ਅੱਜ ਸ਼ੇਰੋ-ਸ਼ਾਇਰੀ ਵਿੱਚ ਮਸਤ ਹੈ। ਹਾਂ ! ਇਕ ਗਲ ਜਰੂਰ ਦੇਖਣ ਨੂੰ ਮਿਲੀ ਹੈ, ਉਹ ਇਹ ਕਿ ਅਜ ਫੇਸ ਬੁੱਕ ਨੇ ਘਰ ਘਰ ਗਾਲਬ ਪੈਦਾ ਕਰ ਦਿੱਤੇ ਹਨ। ਭਾਵੇਂ ਇਕ ਉਸਾਰੂ ਸਮਾਜ ਦੀ ਸਿਰਜਣਾ ਲਈ ਵੇਲ਼ੇ-ਵੇਲ਼ੇ ਸਿਰ ਗਾਲਬ ਪੈਦਾ ਹੋਣੇ ਵੀ ਲਾਜ਼ਮੀ ਹਨ। ਪਰ ਜੇ ਸਾਰੇ ਹੀ ਗਾਲਬ ਬਣ ਗਏ ਤਾਂ ਅਸੀਂ ਅਬਦੁਲ ਕਲਾਮ ਤੇ ਮਨਮੋਹਨ ਸਿੰਘ ਕਿੱਥੋਂ ਲਿਆਵਾਂਗੇ। ਹੋਰ ਸੁਣ ਲਵੋ; ਕਈ ਤਾਂ ਮੇਰੇ ਜਿਹੇ ਫੇਸਬੁੱਕ 'ਤੇ ਹੋਰ ਸ਼ਾਇਰਾਂ ਦੇ ਸ਼ੇਅਰ ਆਪਣੇ ਨਾਮ ਕਰਕੇ ਵਾਹ-ਵਾਹ ਖੱਟ ਲੈਂਦੇ ਹਨ 'ਤੇ ਕਈ ਤ੍ਰਿਲੋਕ ਸਿੰਘ ਜੱਜ ਵਰਗੇ ਆਪਣੀ ਕਲਾ ਦਾ ਘਾਣ ਹੁੰਦਾ ਦੇਖਣ ਜੋਗੇ ਰਹਿ ਜਾਂਦੇ ਹਨ।
ਹੁਣ ਸਾਡੇ ਪੰਜਾਬੀ ਗੀਤਕਾਰਾਂ ਦੀ ਵੀ ਸੁਣ ਲਵੋ। ਇਹਨਾਂ ਦੇ ਵੀ ਵਾਰੇ ਵਾਰੇ ਜਾਈਏ, ਜਿਹੜੇ ਸਦਾ ਹੀ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਦੇ ਹਨ। ਜਦੋਂ ਮਰਜ਼ੀ ਪੰਜਾਬੀ ਟੀ.ਵੀ. ਚੈਨਲ ਚਲਾ ਕੇ ਦੇਖ ਲਵੋ, ਹਰ ਦੂਜੇ ਤੀਜੇ ਗਾਣੇ ਚ ਫੇਸ ਬੁੱਕ ਦਾ ਜ਼ਿਕਰ ਆ ਹੀ ਜਾਂਦਾ ਹੈ। ਆਵੇ ਵੀ ਕਿਉਂ ਨਾ, ਜਦੋਂ ਸਾਰੀ ਦੁਨੀਆਂ ਤਰੱਕੀ ਕਰ ਰਹੀ ਹੈ ਤਾਂ ਇਹ ਪਿੱਛੇ ਕਿਉਂ ਰਹਿਣ । ਇਨ੍ਹਾਂ ਨੇ ਸਾਡੀ ਨਵੀਂ ਪੀੜ੍ਹੀ ਨੂੰ ਕੋਈ ''ਸਹੀ ਦਿਸ਼ਾ'' ਵੀ ਤਾਂ ਦੇਣੀ ਹੁੰਦੀ ਹੈ । ਕੱਲ੍ਹ ਹੀ ਟੀ.ਵੀ. ਤੇ ਇਕ ਗੀਤ ਵੱਜ ਰਿਹਾ ਸੀ ਕਿ 'ਮੁੰਡਾ ਫੇਸ ਬੁੱਕ ਉੱਤੇ ਫਿਰਦਾ ਪਟੋਲੇ ਭਾਲਦਾ'। ਹੁਣ ਤੁਸੀਂ ਦੱਸੋ ਜੇ ਇਹ ਗੀਤਕਾਰ ਵੀਰ ਗੀਤ ਨਾ ਲਿਖਦੇ ਤੇ ਇਹ ਗਾਇਕ ਵੀਰ ਨਾ ਗਾਉਂਦੇ ਤਾਂ ਸਾਡੇ ਪੇਂਡੂ ਮੁੰਡਿਆਂ ਨੂੰ ਕੀ ਪਤਾ ਲੱਗਣਾ ਸੀ ਕਿ ਫੇਸ ਬੁੱਕ ਤੇ ਵੀ ਪਟੋਲੇ ਮਿਲ ਜਾਂਦੇ ਹਨ। ਉਹਨਾਂ ਦਾ ਤਾਂ ਅਨਜਾਣ ਪੁਣੇ ਚ ਹੀ ਨੁਕਸਾਨ ਹੋ ਜਾਣਾ ਸੀ ਤੇ ਸ਼ਾਇਦ ਇਸ ਗੀਤ ਦੀ ਅਣਹੋਂਦ 'ਚ ਸੱਭਿਆਚਾਰ ਤੇ ਸਾਹਿਤ ਦੀ ਸੇਵਾ ਦਾ ਇੱਕ ਪੰਨਾ ਵੀ ਘੱਟ ਰਹਿ ਜਾਣਾ ਸੀ।
ਲਗਦੇ ਹੱਥ ਮੇਰੇ ਇਕ ਮਿੱਤਰ ਦੀ ਸੁਣ ਲਵੋ। ਬਚਪਨ ਤੋਂ ਹੀ ਕੁੱਝ ਵੱਖਰੇ ਸੁਭਾਅ ਦਾ ਮਾਲਕ ਮੇਰਾ ਇਹ ਦੋਸਤ ਸਦਾ ਹੀ ਮੂਹਰੇ ਚੱਲਣ 'ਚ ਵਿਸ਼ਵਾਸ ਕਰਦਾ ਸੀ। ਭਾਵੇਂ ਉਹ ਪੜ੍ਹਾਈ ਹੁੰਦੀ ਤੇ ਭਾਵੇਂ ਐੱਨ.ਸੀ.ਸੀ. ਜਾਂ ਕੋਈ ਖੇਡ ਉਹ ਸਾਡੇ ਤੋਂ ਦੋ ਕਦਮ ਮੂਹਰੇ ਹੀ ਰਿਹਾ । ਪਰ ਪਿਛਲੇ ਸਾਲ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਯਾਰ ਇੰਟਰਨੈੱਟ ਲਗਵਾ ਲੈ, ਕੋਈ ਦੁਨੀਆਦਾਰੀ ਲਈ ਵੀ ਵਕਤ ਕੱਢ ਲਿਆ ਕਰ, ਸਾਰਾ ਦਿਨ ਕਬੀਲਦਾਰੀ ਚ ਹੀ ਫਸਿਆ ਰਹਿਣਾ। ਮੈਂ ਉਸ ਨੂੰ ਇਹ ਮੱਤਾਂ ਦਿੰਦਾ ਆਪਣਾ ਬਚਪਨ ਦਾ ਕਰਜ਼ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੁਣ ਅਸੀਂ ਉਹ ਨਹੀਂ ਰਹਿ ਗਏ ਜਿਹੜੇ ਹਰ ਖੇਤਰ ਚ ਰਣਜੀਤ ਸਿੰਘ ਤੋਂ ਪਿੱਛੇ ਰਹਿ ਜਾਂਦੇ ਸੀ । ਮੇਰੀਆਂ ਇਹਨਾਂ ਗੱਲਾਂ ਨੇ ਫੇਰ ਉਸ ਅੰਦਰਲਾ ਕੁਝ ਕਰ ਗੁਜ਼ਰਨ ਦਾ ਜਜ਼ਬਾ ਜਗਾ ਦਿਤਾ। ਦੂਜੇ ਦਿਨ ਹੀ ਰਣਜੀਤ ਸਿਓਂ ਨੇ ਕਰ ਦਿਤਾ ਨੈੱਟ ਅਪਲਾਈ ਤੇ ਅਸੀਂ ਚੌੜੇ ਹੋ ਕੇ ਉਸ ਨੂੰ ਨੈੱਟ ਦਾ ਊੜਾ ਆੜਾ ਸਿਖਾਉਣ ਲਗ ਪਏ। ਕੁੱਝ ਕੁ ਦਿਨਾਂ ਬਾਅਦ ਜਦੋਂ ਮੈਂ ਮੁੜ ਆਸਟ੍ਰੇਲੀਆ ਆ ਗਿਆ ਤਾਂ ਮੇਰੀ ਫੇਰ ਫੂਕ ਜਿਹੀ ਨਿਕਲ ਗਈ ਜਦੋਂ ਮੈਂ ਰਣਜੀਤ ਸਿੰਘ ਨੂੰ ਫੇਰ ਆਪਣੇ ਨਾਲੋਂ ਦੋ ਕਦਮ ਮੂਹਰੇ ਖੜਾ ਦੇਖਿਆ। ਹੋਇਆ ਕੀ ਕਿ ਹੁਣ ਹਰ ਰੋਜ਼ ਉਸ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦੈ ਕਿਉਂਂਕਿ ਜਨਾਬ ਹੋਰੀਂ ਤੜਕੇ ਨਿਰਣੇ ਕਾਲਜੇ ਆ ਕੰਪਿਊਟਰ 'ਤੇ ਬਹਿੰਦੇ ਨੇ ਤੇ ਫੇਸ ਬੁੱਕ ਤੇ ਸਾਰਿਆਂ ਨੂੰ ਸੰਵਾ ਕੇ ਪੈਂਦੇ ਹਨ। ਇਕ ਦਿਨ ਜਦ ਮੈਂ ਉਸ ਨੂੰ ਕਿਹਾ ਕਿ ਚੰਗਾ ਯਾਰ ''ਗੁੱਡ ਨਾਈਟ'' ! ਹੁਣ ਤਾਂ ਸਾਡੇ ਰਾਤ ਹੋ ਗਈਂ, ਤੜਕੇ ਜੌਬ 'ਤੇ ਵੀ ਜਾਣੈ, ਇਸ ਲਈ ਕੱਲ ਮਿਲਾਂਗੇ ! ਉਹ ਕਹਿੰਦਾ ਬਸ ਦਸ ਕੁ ਮਿੰਟ ਰੁਕ ਜਾ ਏਨੇ ਨੂੰ ਅਮਰੀਕਾ ਚ ਦਿਨ ਚੜ੍ਹ ਜਾਊ ਤਾਂ ਉਥੋਂ ਦਾ ਕੋਈ 'ਸਖਾ-ਮਿੱਤਰ' ਆਨ ਲਾਈਨ ਆ ਜਾਊ! 
ਆਧੁਨਿਕਤਾ ਦਾ ਇਕ ਹੋਰ ਨਜ਼ਾਰਾ ਸੁਣ ਲਓ। ਜਦੋਂ ਦੀ ਮੋਬਾਈਲ ਕ੍ਰਾਂਤੀ ਆਈ ਹੈ ਉਦੋਂ ਤੋਂ ਜੇ ਕੁੱਝ ਸਭ ਤੋਂ ਸੌਖਾ ਹੋਇਆ ਹੈ ਤਾਂ ਉਹ ਹੈ ਆਸ਼ਕੀ। ਭਾਵੇਂ ਆਸ਼ਕੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਅੱਜ ਜਿੰਨੀ ਸੌਖੀ ਕਦੇ ਹੈ ਹੀ ਨਹੀਂ ਸੀ। ਪਹਿਲਾਂ ਚਿੱਠੀ ਤਾਂ ਲਿਖ ਲੈਂਦੇ ਸੀ ਪਰ ਉਹ ਟਿਕਾਣੇ ਤੇ ਪਹੁੰਚਾਉਣ ਲਈ ਕਈ-ਕਈ ਦਿਨ ਲੱਗ ਜਾਂਦੇ । ਕਈ ਵਾਰੀ ਤਾਂ ਚਿੱਠੀ ਜੇਬ ਵਿੱਚ ਪਈ-ਪਈ ਹੀ ਮੁੜ੍ਹਕੇ ਨਾਲ ਪਾਟ ਜਾਂਦੀ, ਕਿਉਂ ਜੋ 'ਕੱਲੇ ਨੂੰ 'ਕੱਲੀ ਨਾ ਟੱਕਰਦੀ। ਆਧੁਨਿਕ ਜਾਂ ਇੰਝ ਕਹਿ ਲਵੋ ਕਿ ਮਾਡਰਨ ਸਮੇਂ 'ਚ ਜੋ ਕੁਝ ਵਾਪਰ ਰਿਹਾ ਹੈ, ਉਸ ਦੇ ਵਿਸਥਾਰ 'ਚ ਜਾਣ ਦੀ ਬਜਾਏ, ਆਪ ਜੀ ਨਾਲ਼ ਇੱਕ ਵਾਕਿਆ ਸਾਂਝਾ ਕਰਦਾ ਹਾਂ। ਪੰਜਾਬ ਗਿਆ, ਇੱਕ ਦਿਨ ਮੈਂ ਆਪਣੇ ਪਿੰਡ ਤਾਏ ਦੇ ਪੁੱਤ ਨੂੰ ਮਿਲਣ ਗਿਆ ਤਾਂ ਟੱਬਰ-ਟੀਰ ਦੀ ਸੁੱਖ-ਸਾਂਦ ਕਰਦਿਆਂ ਉਹ ਕਹਿੰਦਾ ਹੋਰ ਤਾਂ ਸਭ ਠੀਕ ਹੈ ਪਰ ਤੇਰੇ ਭਤੀਜ ਨੂੰ ਰਾਤ ਨੂੰ ਸੁੱਤੇ ਪਏ ਨੂੰ ਬੋਲਣ ਦੀ ਬਿਮਾਰੀ ਆ। ਹੈਰਾਨ ਹੁੰਦਿਆਂ ਮੈਂ ਉਸਨੂੰ ਕੁਝ ਸਵਾਲ ਪੁੱਛੇ ਤਾਂ ਅੰਦਾਜਾ ਹੋ ਗਿਆ ਕਿ 1960 ਤੋਂ ਪਹਿਲਾਂ ਜੰਮਿਆ ਮੇਰਾ ਇਹ ਵੀਰ ਕੀ ਜਾਣੇ ਮੋਬਾਈਲ ਪਲਾਨ ਬਾਰੇ ਕਿ ਦਸ ਵਜੇ ਤੋਂ ਬਾਅਦ ਫ੍ਰੀ ਕਾਲਾਂ ਕਿਵੇਂ ਨੌਜਵਾਨਾਂ ਨੂੰ ਸੁੱਤੇ ਪਏ ਬੋਲਣ ਲਾ ਦਿੰਦੀਆਂ ਹਨ? ਮੈਂ ਇਸ ਕਸੂਤੀ ਬਿਮਾਰੀ ਦਾ ਦਿਲਾਸਾ ਦਿੰਦਿਆਂ ਆਪਣੇ ਵੱਡੇ ਭਾਈ ਨੂੰ ਕਿਹਾ ਕਿ ਸ਼ੁਕਰ ਹੈ ਇਹ ਇਕੱਲਾ ਬੋਲਦਾ ਹੀ ਆ, ਨਹੀਂ ਤਾਂ ਅੱਜ ਕਲ ਦੀ ਪੀੜ੍ਹੀ ਅੱਧੀ ਰਾਤ ਨੂੰ ਨੀਂਦ 'ਚ ਤੁਰ ਵੀ ਪੈਂਦੀ ਆ।
ਮੇਰਾ ਆਪਣੇ ਵੀਰ ਨੂੰ 1960 ਤੋਂ ਪਹਿਲਾਂ ਜੰਮਿਆ ਲਿਖਣਾ ਦਾ ਕਾਰਨ ਇਹ ਹੈ ਕਿ ਜੋ ਗੱਲਾਂ ਅੱਜ ਵਾਪਰ ਰਹੀਆਂ ਉਹ ਸੱਠਵਿਆਂ ਦੇ ਦਹਾਕੇ ਤੋਂ ਪਹਿਲਾਂ ਜੰਮਿਆਂ ਦੇ ਹਿਸਾਬ ਕਿਤਾਬ ਤੋਂ ਬਾਹਰ ਦੀਆਂ ਹਨ ਤੇ ਜੋ ਕੁੱਝ ਉਹਨਾਂ ਨੇ ਭੋਗਿਆ ਅੱਜ ਦੀ ਨੌਜਵਾਨ ਪੀੜ੍ਹੀ ਉਸ ਤੋਂ ਅਨਜਾਣ ਹੈ। 1960 ਤੋਂ ਪਹਿਲਾਂ ਜੰਮੇ ਲੋਕਾਂ ਲਈ ਮੇਰੀ ਅਜਿਹੀ ਸੋਚ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੰਜੋਗਵਸ ਮੈਂ ਉਸ ਸਮੇਂ ਦਾ ਹਾਣੀ ਹਾਂ, ਜਿਸ ਨੇ ਗੱਡਿਆਂ ਤੋਂ ਲੈ ਕੇ ਗੱਡੀਆਂ ਤੱਕ, ਸਲੇਟਾਂ ਤੇ ਫੱਟੀਆਂ ਤੋਂ ਆਈ ਪੈਡ ਤੱਕ, ਭਾਫ਼ ਵਾਲੇ ਇੰਜਣਾਂ ਤੋਂ ਮੈਟਰੋ ਟ੍ਰੇਨ ਤੱਕ, ਬਾਜ਼ੀਗਰਾਂ ਵੱਲੋਂ ਪਾਈ ਜਾਂਦੀ ਬਾਜੀ ਤੋਂ ਅੱਜ ਕਲ ਦੇ ਸਟੰਟ ਸ਼ੋਅ ਤਕ, ਪਿੰਡ ਦੇ ਕੱਲਰਾਂ ਵਿੱਚ ਲਗਦੀਆਂ ਤੀਆਂ ਤੋਂ ਪੱਬਾਂ ਵਿੱਚ ਪੈਂਦੇ ਧਮਾਲਾਂ ਤਕ, ਗੁੱਲੀ-ਡੰਡੇ ਤੋਂ ਲੈ ਕੇ ਪਲੇਅ ਸਟੇਸ਼ਨ ਤੱਕ, ਡਾਕ ਖਾਨੇ 'ਚ ਟਿੱਕ-ਟਿੱਕ ਕਰਕੇ ਆਉਂਦੀ ਤਾਰ ਤੋਂ ਇਨਸਟੰਟ ਮੈਸਜ਼ ਤੱਕ, ਬਰੰਗ ਚਿੱਠੀਆਂ ਤੋਂ ਈ-ਮੇਲ ਤੱਕ, ਊਠਾਂ ਨਾਲ ਗਾਹ ਗਾਹੁਣ ਤੋਂ ਲੈ ਕੇ ਕੰਬਾਈਨਾਂ ਤਕ, ਤੁਕ-ਤੁਕ ਵਾਲੇ ਇੰਜਣਾਂ ਤੋਂ ਲੈ ਕੇ ਟਰਬੋ ਇੰਜਣਾਂ ਤੱਕ, ਭੱਠੀ ਤੋਂ ਭੁਨਾਏ ਦਾਣੇ ਤੇ ਘਰਦੇ ਬਣੇ ਮਰੁੰਡਿਆਂ ਤੋਂ ਲੈ ਕੇ ਪੀਜ਼ਾ ਬਰਗਰਾਂ ਤੱਕ, ਹਲਟਾਂ ਨਾਲ ਪਾਣੀ ਲਾਉਣ ਤੋਂ ਲੈ ਕੇ ਸੰਬਰਸੀਬਲ ਮੋਟਰਾਂ ਤੱਕ, ਹਰਕੁਲੀਸ ਦੇ ਸਾਈਕਲ ਤੋਂ ਲੈ ਕੇ ਹੋਂਡਾ ਦੇ ਚਾਰ ਸਿਲੰਡਰ ਮੋਟਰ ਬਾਇਕ ਤੱਕ, ਮਰਫੀ ਦੇ ਰੇਡੀਓ ਤੋਂ ਲੈ ਕੇ ਡਿਜੀਟਲ ਰੇਡੀਓ ਤੱਕ, ਬਲੈਕ ਐਂਡ ਵਾਈਟ ਟੀ.ਵੀ. ਤੋਂ ਲੈ ਕੇ ਐੱਲ.ਸੀ.ਡੀ. ਅਤੇ ਲਿੱਡ ਟੀ.ਵੀ. ਤੱਕ, ਇਕੱਲੇ ਦੂਰਦਰਸ਼ਨ ਤੋਂ ਲੈ ਕੇ ਸੈਂਕੜੇ ਪੇਅ ਟੀ.ਵੀ. ਤੱਕ, ਪੱਥਰ ਦੇ ਤਵੇ (ਐੱਲ.ਪੀ. ਰਿਕਾਰਡ) ਤੇ ਵੀ.ਸੀ.ਆਰ. ਤੋਂ ਲੈ ਕੇ ਬਲ਼ੂ ਰੇ ਡਿਸਕ ਤੱਕ, ਦਾ ਵਕਤ ਹੰਢਾਇਆ ਹੈ।
ਇਹ ਦੋ ਯੁਗਾਂ ਨੂੰ ਮਾਣਨ ਦਾ ਸੁਭਾਗ ਬਸ 1960 ਤੋਂ ਲੈ ਕੇ 1980 ਤਕ ਦੇ ਵਕਤ 'ਚ ਜਨਮ ਲੈਣ ਵਾਲਿਆਂ ਦੇ ਹਿੱਸੇ ਹੀ ਆਇਆ ਹੈ। ਕਿਉਂਕਿ ਜਿਨ੍ਹਾਂ ਦਾ ਜਨਮ 1960 ਤੋਂ ਪਹਿਲਾਂ ਦਾ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਹਾਈਟੈਕ ਜ਼ਮਾਨਾ ਸਮਝੋਂ ਬਾਹਰ ਹੈ। ਭਾਵੇਂ ਉਹ ਇਸ ਜ਼ਮਾਨੇ ਵਿੱਚ ਵਿਚਰ ਤਾਂ ਰਹੇ ਹਨ ਪਰ ਉਹਨਾਂ ਨੂੰ ਇਹ ਚੀਜ਼ਾਂ ਦੇਖਣਾ ਤੇ ਵਰਤਣਾ ਇਕ ਮਜਬੂਰੀ ਜਿਹੀ ਲੱਗਦਾ ਹੈ। ਉਦਾਹਰਣ ਦੇ ਤੌਰ ਤੇ ਜੇ ਕੋਈ ਪੁਰਾਣਾ ਬੰਦਾ ਮੋਬਾਈਲ ਵਰਤ ਵੀ ਰਿਹਾ ਹੈ ਤਾਂ ਉਹ ਉਸ ਦੇ ਗਿਣਤੀ ਦੇ ਬਟਨ ਦੱਬਣ ਹੀ ਜਾਣਦਾ ਕਿ ਕਿਵੇਂ ਕਿਸੇ ਦਾ ਫ਼ੋਨ ਸੁਣੀਦਾ ਤੇ ਕਿਵੇਂ ਕਰੀ ਦਾ ਹੈ। ਉਸ ਨੂੰ 3ਗ ਜਾਂ 4ਗ ਆਦਿ ਤੱਕ ਕੋਈ ਵਾ ਵਾਸਤਾ ਨਹੀਂ ਹੁੰਦਾ। ਦੂਜਾ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਲੋਕਾਂ ਨੂੰ ਹਾਲੇ ਉਹੀ ਪੁਰਾਣਾ ਕਲਚਰ ਹੀ ਚੰਗਾ ਲਗਦਾ ਹੈ। ਜਿਹੜੇ ਲੋਕੀ ਇਸ ਦੁਨੀਆਂ ਤੇ 1960 ਤੋਂ ਬਾਅਦ ਆਏ ਹਨ, ਉਹਨਾਂ ਜਦੋਂ ਨੂੰ ਸੂਰਤ ਸੰਭਾਲੀ ਉਦੋਂ ਨੂੰ ਗੱਡਿਆਂ ਦਾ ਦੌਰ ਬੀਤੇ ਸਮੇਂ ਦੀ ਗਲ ਹੋ ਚੁੱਕਿਆ ਸੀ। ਸੋ ਉਹ ਕੀ ਜਾਣਨ ਕੀ ਆਥਣ ਵੇਲੇ ਕਿਸੇ ਖੇਤੋਂ ਆਉਂਦੇ ਊਠ ਦੇ ਲੱਦੇ ਵਿੱਚੋਂ ਗੰਨਾ ਖਿੱਚ ਕੇ ਚੂਪਣ ਦਾ ਕੀ ਸੁਆਦ ਹੁੰਦਾ ਸੀ। ਸੋ 1960 ਤੋਂ 1980 ਵਿਚਾਲੇ ਜਨਮ ਲੈਣ ਵਾਲਿਆਂ ਦੇ ਹਿੱਸੇ ਦੋ ਯੁੱਗ ਭੋਗਣ ਨੂੰ ਮਿਲੇ ਹਨ। ਇਹਨਾਂ ਕਰਮਾਂ ਵਾਲਿਆਂ ਵਿੱਚ ਮੇਰਾ ਵੀ ਨਾਂ ਆਉਂਦਾ ਹੈ।
ਅਸਲੀ ਮੁੱਦੇ 'ਤੇ ਆਉਂਦੇ ਹਾਂ ਕਿ ਇਸ ਆਧੁਨਿਕਤਾ ਨਾਲ ਅਸੀਂ ਇਹੋ ਜਿਹਾ ਕੀ ਗੁਆ ਲਿਆ ਹੈ, ਜਿਸ ਬਾਰੇ ਚਿੰਤਾ ਕਰੀਏ? ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਵਾਰੀ ਵਕਤ ਦੀ, ਭਾਵੇਂ ਅਜ ਅਸੀਂ ਲੱਖ ਐਡਵਾਂਸ ਹੋ ਗਏ ਹੋਈਏ, ਭਾਵੇਂ ਦਿਨਾਂ ਦਾ ਕੰਮ ਹੁਣ ਕੁੱਝ ਮਿੰਟਾਂ ਵਿੱਚ ਹੋ ਜਾਂਦਾ ਹੋਵੇ। ਪਰ ਫੇਰ ਵੀ ਪਤਾ ਨਹੀਂ ਕਿਉਂ ਅੱਜ ਕਿਸੇ ਕੋਲ ਵੀ ਵਕਤ ਨਹੀਂ ਹੈ। ਭਾਵੇਂ ਇਹ ਸਿਧਾਂਤਕ ਤੌਰ ਤੇ ਗਲ ਹਾਸੋਹੀਣੀ ਲਗਦੀ ਹੈ ਕਿ ਸਦੀਆਂ ਤੋਂ ਦਿਨ 24 ਘੰਟੇ ਦਾ ਹੀ ਚਲਿਆ ਆ ਰਿਹਾ, ਫੇਰ ਹੁਣ ਸਾਡੇ ਕੋਲ ਵਕਤ ਕਿਉਂ ਨਹੀਂ ਹੈ? ਕਦੇ ਉਹ ਵੀ ਯੁੱਗ ਸੀ ਜਦੋਂ ਘਰ ਆਇਆ ਪ੍ਰਾਹੁਣਾ ਪਤਾ ਨਹੀਂ ਕਿੰਨੇ ਕਿੰਨੇ ਦਿਨ ਬਿਨਾਂ ਕਿਸੇ ਕੰਮ ਦੇ ਟਿਕਿਆ ਰਹਿੰਦਾ ਸੀ ਤੇ ਇੱਧਰ ਅਜ ਦੇ ਪ੍ਰਾਹੁਣੇ ਦੀ ਸੁਣ ਲਵੋ ਪਹਿਲੀ ਗਲ ਤਾਂ ਬਿਨਾਂ ਕਿਸੇ ਕੰਮ ਕਾਜ ਦੇ ਕੋਈ ਕਿਸੇ ਦੇ ਜਾਂਦਾ ਹੀ ਨਹੀਂ। ਜੇ ਕਿਸੇ ਮਜਬੂਰੀ ਵਸ ਕਿਸੇ ਦੇ ਘਰ ਜਾਣਾ ਵੀ ਪੈ ਜਾਵੇ ਤਾਂ ਆਉਣ ਤੋਂ ਪਹਿਲਾਂ ਜਾਣ ਦੀਆਂ ਗੱਲਾਂ ਹੋਣ ਲਗ ਪੈਂਦੀਆਂ ਹਨ, ਜੇ ਮਹਿਮਾਨ ਕਾਹਲ ਨਾ ਦਿਖਾਵੇ ਤਾਂ ਮੇਜ਼ਬਾਨ ਆਪਣੀਆਂ ਮਜਬੂਰੀਆਂ ਸੁਣਾਉਣ ਲਗ ਪੈਂਦਾ ਹੈ। ਚਲੋ ਮੰਨ ਲੈਂਦੇ ਹਾਂ ਕੋਈ ਕਿਸੇ ਦੇ ਘਰ ਦੋ ਘੰਟੇ ਆ ਵੀ ਗਿਆ ਤਾਂ ਤੁਸੀ ਉਸ ਦੋ ਘੰਟਿਆਂ ਦਾ ਲੇਖਾ ਜੋਖਾ ਨੋਟ ਕਰ ਕੇ ਦੇਖ ਲਓ, ਉਸ ਵਕਤ ਦੌਰਾਨ ਕਿੰਨਾ ਚਿਰ ਉਹ ਮਾਨਸਿਕ ਤੌਰ ਤੇ ਆਪਣੇ ਮੇਜ਼ਬਾਨ ਦੇ ਘਰ ਹਾਜ਼ਰ ਸੀ? ਇਕੱਲਾ ਸਰੀਰ ਹੀ ਹਾਜ਼ਰ ਹੁੰਦਾ ਹੈ ਕਿਉਂਕਿ ਦਿਮਾਗ਼ ਤਾਂ ਹੱਥ ਚ ਫੜੇ ਮੋਬਾਈਲ ਚ ਅਟਕਿਆ ਪਿਆ ਹੁੰਦਾ ਹੈ।
ਅੱਗੇ ਵਿਆਹ ਮੰਗਣੇ ਤੇ ਮਹੀਨਾ ਭਰ ਰੌਣਕਾਂ ਲਗਦੀਆਂ ਸਨ। ਨਾਨਕਾ ਮੇਲ ਟਰੰਕ ਭਰ ਭਰ ਕੇ ਲਿਆਉਂਦਾ ਸੀ ਪਰ ਅੱਜ ਕਲ 11 ਵਜੇ ਜੰਞ ਆਉਂਦੀ ਹੈ 'ਤੇ ਨਾਨਕਿਆਂ ਦੇ ਹਾਲੇ ਮੋਬਾਈਲ ਹੀ ਆਉਂਦੇ ਹਨ ਕਿ ਜੇ ਜੰਞ ਆ ਗਈ ਤਾਂ ਅਸੀਂ ਵੀ ਆ ਜਾਂਦੇ ਆਂ! ਇਹ ਤਾਂ ਚਲੋ ਫੇਰ ਵੀ ਹਜ਼ਮ ਹੋਣ ਵਾਲੀ ਗਲ ਹੈ। ਹੱਦ ਤਾਂ ਉਸ ਵਕਤ ਹੋ ਜਾਂਦੀ ਹੈ ਜਦੋਂ ਵਿਆਹ ਜਿਹੇ ਪਵਿੱਤਰ ਰਿਸ਼ਤੇ ਵੀ ਅੱਜ ਕਲ ਆਨ ਲਾਈਨ ਹੀ ਨੇਪਰੇ ਚੜ੍ਹ ਜਾਂਦੇ ਹਨ।
ਇਹ ਤਾਂ ਕੁਝ ਕੁ ਹੀ ਉਦਾਹਰਣਾਂ ਹਨ। ਤੁਸੀ ਆਪਣੇ ਆਲੇ ਦੁਆਲੇ ਜਦੋਂ ਮਰਜ਼ੀ ਝਾਤ ਮਾਰ ਕੇ ਵੇਖ ਲਿਉ, ਚਲਦੀ ਬੱਸ ਹੋਵੇ ਜਾਂ ਗੱਡੀ, ਹਰ ਇੱਕ ਦਾ ਬਸ ਸਰੀਰ ਹੀ ਸਫ਼ਰ ਕਰ ਰਿਹਾ ਹੁੰਦਾ ਹੈ। ਚੇਤਨਾ ਤਾਂ ਕਿਤੇ ਹੋਰ ਹੀ ਘੁੰਮਣ ਘੇਰੀਆਂ ਵਿੱਚ ਭਟਕਦੀ ਫਿਰਦੀ ਹੁੰਦੀ ਹੈ। ਤਾਂ ਹੀਂ ਤਾਂ ਪਿਛਲੇ ਯੁੱਗ 'ਚ ਗੱਡੇ ਤੇ ਚੜ੍ਹ ਕੇ ਵੀ ਝੂਟਾ ਆ ਜਾਂਦਾ ਸੀ ਜੋ ਅਜ ਕਲ ਬਹੁ-ਲੱਖੀਆਂ ਗੱਡੀਆਂ ਤੇ ਨਹੀਂ ਆਉਂਦਾ। ਇਸ ਦਾ ਸਿੱਧਾ ਤੇ ਸਾਫ਼ ਸੁਥਰਾ ਇਕ ਹੀ ਕਾਰਨ ਹੈ ਕਿ ਝੂਟਿਆਂ ਦਾ ਆਨੰਦ ਕਦੇ ਸਰੀਰਾਂ ਨੂੰ ਨਹੀਂ ਆਉਂਦਾ ਇਹ ਤਾਂ ਅੰਦਰਲੀ ਰੂਹ ਹੀ ਮਾਣ ਸਕਦੀ ਹੈ, ਜੋ ਅੱਜ ਦੇ ਇਸ ਮਸ਼ੀਨੀ ਇਨਸਾਨ ਦੇ ਆਪਣੇ ਵਸ ਵਿੱਚ ਨਹੀਂ ਰਹੀ।
ਦੂਜਾ ਨੰਬਰ ਸਕੂਨ ਦਾ ਆਉਂਦਾ ਹੈ। ਇਸ ਗਲ ਤੋਂ ਸ਼ਾਇਦ ਹੀ ਕੋਈ ਮੁਨਕਰ ਹੋਵੇਗਾ ਕਿ ਜੋ ਸਕੂਨ ਪੁਰਾਣੇ ਯੁੱਗ 'ਚ ਮਿਲਦਾ ਸੀ ਉਹ ਅੱਜ ਕਲ ਕਿਤੇ ਦੇਖਣ ਨੂੰ ਨਹੀਂ ਮਿਲਦਾ। ਮੇਰੇ ਹਾਲੇ ਯਾਦ ਹੈ ਉਹ ਦਿਨ ਜਦੋਂ ਬਚਪਨ ਦੇ ਇਕ ਮਿੱਤਰ ਦੇ ਵਿਦੇਸ਼ ਚਲੇ ਜਾਣ ਪਿਛੋਂ ਉਸ ਨੂੰ ਚਿੱਠੀ ਪਾਉਣੀ! ਜੋ ਵੀਹ ਦਿਨਾਂ ਚ ਉਸ ਨੂੰ ਮਿਲਣੀ ਤੇ ਉਸ ਦਾ ਜਵਾਬ ਆਉਂਦੇ ਆਉਂਦੇ ਦੋ ਮਹੀਨੇ ਲੰਘ ਜਾਣੇ। ਪਰ ਲੰਬੇ ਇੰਤਜ਼ਾਰ ਤੋਂ ਬਾਅਦ ਮਿਲੀ ਉਹ ਚਿੱਠੀ ਪੜ੍ਹ ਕੇ ਜੋ ਸਕੂਨ ਮਿਲਦਾ ਸੀ ਉਹ ਹੁਣ ਕਦੇ ਮਿੰਟਾਂ ਸਕਿੰਟਾਂ ਵਿੱਚ ਮਿਲਦੀ ਈ ਮੇਲ ਨਾਲ ਨਹੀਂ ਮਿਲਦਾ।
ਇਸ ਹਾਈਟੈਕ ਜ਼ਮਾਨੇ ਵਿੱਚ ਘਰਾਂ ਦੀ ਥਾਂ ਮਕਾਨਾਂ ਨੇ ਲੈ ਲਈ ਹੈ। ਅੱਗੇ ਘਰਾਂ ਵਿੱਚੋਂ ਜੋ ਕਿਲਕਾਰੀਆਂ ਗੂੰਜਦੀਆਂ ਸਨ, ਉਹ ਹੁਣ ਕਿਧਰੇ ਗ਼ਾਇਬ ਹੋ ਗਈਆਂ ਹਨ। ਅੱਗੇ ਘਰ ਵਿੱਚ ਜਿੰਨੇ ਜੀਅ ਹੁੰਦੇ ਸਨ, ਉਹ ਸਾਰੇ ਦੇ ਸਾਰੇ ਇਕੱਠੇ ਬਹਿੰਦੇ ਹੁੰਦੇ ਸੀ। ਅੱਜ ਦੇ ਮਕਾਨਾਂ ਵਿੱਚ ਹਰ ਕੋਈ ਆਪੋ ਆਪਣੇ ਕਮਰੇ ਵਿੱਚ ਬੈਠਾ ਭਾਵੇਂ ਨੈੱਟ ਰਾਹੀਂ ਦੁਨੀਆਂ ਭਰ ਨਾਲ ਜੁੜਿਆ ਹੋਵੇ, ਪਰ ਆਪਣੇ ਪਰਿਵਾਰ ਵਿੱਚ ਇਕ ਦੂਜੇ ਤੋਂ ਕੋਹਾਂ ਦੂਰ ਹੁੰਦੇ ਹਨ। ਅੱਜ ਕਲ ਘਰ ਦਾ ਇਕ ਜੀਅ ਫੇਸ ਬੁੱਕ ਤੇ ਹੁੰਦਾ, ਦੂਜਾ ਆਰਕੁਟ 'ਤੇ ਤੀਜਾ ਯਾਹੂ ਤੇ ਦੁਨੀਆਂ ਭਰ ਦੀਆਂ ਸੈਰਾਂ ਕਰ ਰਹੇ ਹੁੰਦੇ ਹਨ। ਟੱਬਰ ਦੇ ਰਹਿੰਦੇ ਖੂੰਹਦੇ ਜੀਅ ਟੈਲੀਵਿਜ਼ਨ ਨੇ ਸਾਂਭੇ ਹੁੰਦੇ ਹਨ। ਅੱਜ ਕਲ ਦੇ ਨਿਆਣੇ ਮੈਦਾਨੀ ਖੇਡਾਂ ਨਾਲੋਂ ਪਲੇਅ ਸਟੇਸ਼ਨ ਨੂੰ ਪਹਿਲ ਦਿੰਦੇ ਹਨ। ਹੁਣ ਤਾਂ ਆਲਮ ਇਹ ਹੈ ਕਿ ਸਰੀਰਕ ਕਸਰਤ ਵੀ ਵੀ-ਫ਼ਿੱਟ ਜਿਹੀਆਂ ਖੇਡਾਂ ਨਾਲ ਟੀ.ਵੀ. ਮੂਹਰੇ ਬਹਿ ਕੇ ਹੀ ਕਰ ਲੈਂਦੇ ਹਨ ।
ਜਿਥੇ ਇਸ ਆਧੁਨਿਕਤਾ ਨੇ ਸਾਨੂੰ ਆਰਾਮ ਪਸੰਦ ਬਣਾ ਦਿਤਾ ਹੈ ਉੱਥੇ ਅਸੀਂ ਹੁਣ ਇਸ ਆਧੁਨਿਕਤਾ ਤੇ ਇੰਨਾ ਕੁ ਨਿਰਭਰ ਹੋ ਗਏ ਹਾਂ ਕਿ ਬਿਨਾਂ ਆਧੁਨਿਕ ਯੰਤਰਾਂ ਦੇ ਅਪਾਹਿਜਤਾ ਜਿਹੀ ਮਹਿਸੂਸ ਹੁੰਦੀ ਹੈ। ਕੋਈ ਯੁੱਗ ਸੀ ਡੇਢਾ ਤੇ ਢਾਈਆ ਦੇ ਪਹਾੜੇ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਬਿਨਾਂ ਕੈਲਕੂਲੇਟਰ ਦੇ ਮਜਾਲ ਕੀ ਹੈ ਕਿ ਅਸੀਂ ਅੱਠੋਂ ਨੌਂਈਂ ਬਹੱਤਰ ਦਸ ਸਕੀਏ। ਪਹਿਲਾਂ ਸਾਰੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਦੇ ਫ਼ੋਨ ਨੰਬਰ ਮੂੰਹ-ਜ਼ਬਾਨੀ ਯਾਦ ਹੁੰਦੇ ਸਨ। ਪਰ ਹੁਣ ਸੁਣ ਲਵੋ ਇੱਕ ਦਿਨ ਮੇਰੇ ਮੋਬਾਈਲ ਦੀ ਸਕਰੀਨ ਟੁੱਟ ਗਈ ਤੇ ਮੈਨੂੰ ਆਪਣੇ ਘਰੇ ਫ਼ੋਨ ਕਰਨ ਲਈ ਵੀਹ ਮਿੰਟ ਸੋਚਣਾ ਪਿਆ। ਇਹ ਅਪਾਹਿਜਤਾ ਨਹੀਂ ਤਾਂ ਹੋਰ ਕੀ ਹੈ? 
ਦੋਸਤੋ! ਬਸ ਬਹੁਤ ਨਿਭਾ ਦਿਤਾ ਫਰਜ਼ ਆਪਣਾ ਲਿਖਾਰੀ ਹੋਣ ਦਾ! ਬਹੁਤ ਨਫ਼ੇ ਨੁਕਸਾਨ ਗਿਣਾ ਦਿੱਤੇ ਆਧੁਨਿਕਤਾ ਦੇ! ਪਰ ਯਾਰ ਅਸਲੀ ਦਿਲ ਦੀ ਗਲ ਦਸਾਂ? ਇਸ ਆਧੁਨਿਕਤਾ ਦਾ ਆਨੰਦ ਮਾਨਣ ਦਾ ਆਨੰਦ ਆਪਣਾ ਹੀ ਹੈ । ਕੰਪਿਊਟਰ 'ਤੇ ਬੈਠੀਏ ਤਾਂ ਸਕਿੰਟਾਂ 'ਚ ਦੁਨੀਆਂ ਦੀ ਸੈਰ ਕਰ ਲਈਦੀ ਹੈ । ਜੇਕਰ ਫੇਸ ਬੁੱਕ ਦੀ ਗੱਲ ਕਰੀਏ ਤਾਂ ਬਾਈ ਯਾਰ ! ਸਾਲੀ ਫੇਸ ਬੁੱਕ ਹੈ ਤਾਂ ਵਧੀਆ ਚੀਜ, ਜੀ ਜਿਹਾ ਲਵਾਈ ਰੱਖਦੀ ਆ। ਕੋਈ ਨਾ ਜੇ ਪਾਣੀ ਪੁਲਾਂ ਦੇ ਉੱਤੋਂ ਦੀ ਵਗਦਾ ਦਿਸਿਆ ਤਾਂ ਆਪਾਂ ਵੀ ਹੋ ਜਾਵਾਂਗੇ ''ਫੇਸ ਬੁੱਕ ਛਡਾਓ ਕੈਂਪ'' ਚ ਦਾਖ਼ਲ! ਫ਼ਿਲਹਾਲ ਤਾਂ ਯਾਰ ਮੈਨੂੰ ਵੀ ਜੁਆਇਨ ਕਰ ਲਿਉ! ਉਂਝ ਤਾਂ ਆਪਣੀ ਇਕ ਦੋ ਨੰਬਰ ਦੀ ਆਈ.ਡੀ. ਵੀ ਹੈਗੀ, ਪਰ ਤੁਸੀ ਮੈਨੂੰ 'ਮਿੰਟੂ ਬਰਾੜ' ਵਾਲੇ ਅਕਾਉਂਟ ਤੇ ਹੀ ਐਡ ਕਰ ਲਿਉ । ਚੰਗਾ ਫਿਰ, ਰੱਬ ਰਾਖਾ। 
****
mintubrar@gmail.com


ਸੁਣੀਂ ਮਾਲਕਾ! ਮੇਰੀ ਕੂਕ ਪਪੀਹੇ ਵਾਲੀ.......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਗੁਰੂ ਜੀ ਬੜੇ ਚਿਰ ਦਾ ਦਿਲ ਕਰਦਾ ਸੀ ਕਿ ਤੁਹਾਨੂੰ ਮੇਰਾ ਮਤਲਬ ਕਿ ਪ੍ਰਿਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਵਦੇ ਦਿਲ 'ਚ ਉੱਠਦੇ ਉਬਾਲ ਲਿਖ ਕੇ ਚਿੱਠੀ ਪਾਈ ਜਾਵੇ। ਤੁਹਾਡਾ ਕਮਅਕਲ ਪੁੱਤ ਕੁੱਝ ਲਿਖਣ ਤੋਂ ਪਹਿਲਾਂ ਹੀ ਮਾਫ਼ੀ ਦਾ ਚਾਹਵਾਨ ਹੈ ਸੋ ਤੁਸੀਂ ਵੀ ਪਹਿਲਾਂ ਹੀ ਮਾਫ਼ ਕਰ ਦਿਓ। ਤੁਹਾਨੂੰ ਤਾਂ ਪਤਾ ਹੀ ਐ ਕਿ ਜਿਵੇਂ ਲੋਕ ਤੁਹਾਡੇ ਨਾਂ 'ਤੇ ਇੱਕ ਰੁਪਈਆ ਮੱਥਾ ਟੇਕ ਕੇ 'ਬਾਹਲਾ ਬਾਹਲਾ ਦੇਈਂ' ਦੀ ਮੰਗ ਰੱਖ ਦਿੰਦੇ ਨੇ... ਪਰ ਮੈਂ ਤਾਂ ਕਦੇ ਅਜਿਹੀ ਮੰਗ ਵੀ ਨਹੀਂ ਰੱਖੀ ਜੋ ਮੇਰੀ ਔਕਾਤ ਤੋਂ ਵੱਧ ਹੋਵੇ। ਕਈ ਤਾਂ ਐਸੇ ਵੀ ਹਨ ਜੋ ਪੰਜ ਟੇਕ ਕੇ ਦਸ ਚੁੱਕ ਲੈਂਦੇ ਹਨ। ਪਰ ਅੱਜ ਜੇ ਕੁੱਝ ਮੰਗ ਰਿਹਾ ਹਾਂ ਤਾਂ ਮਾਫ਼ੀ ਹੀ ਮੰਗ ਰਿਹਾ ਹਾਂ। ਉਮੀਦ ਹੀ ਨਹੀਂ ਯਕੀਨ ਵੀ ਹੈ ਕਿ ਮਾਫ਼ ਕਰਨ ਦੇ ਨਾਲ ਨਾਲ ਮੇਰੀ ਇਹ ਚਿੱਠੀ ਪੜ੍ਹ ਕੇ ਕੋਈ ਮੱਤ ਵੀ ਜਰੂਰ ਦੇਵੋਗੇ ਅਤੇ ਅੱਗੇ ਤੋਂ ਬੁੱਧੀ- ਬਲ ਬਖਸ਼ੋਗੇ। 
ਗੁਰੂ ਜੀ,
ਸਕੂਲ 'ਚ ਪੜ੍ਹਦਿਆਂ ਮਾਸਟਰਾਂ ਨੇ ਪੜ੍ਹਾਇਆ ਸੀ ਕਿ ਜਦੋਂ ਪਾਧ੍ਹਾ ਤੁਹਾਨੂੰ ਪੜ੍ਹਾਉਣ ਲੱਗਾ ਤਾਂ ਤੁਸੀਂ ੴ ਲਿਖ ਦਿੱਤਾ ਸੀ। ਇਹ ਤੁਹਾਡੇ ਵੱਲੋਂ ਲੋਕਾਈ ਨੂੰ ਦਿੱਤਾ ਸੁਨੇਹਾ ਸੀ ਕਿ ਤੁਸੀਂ ਆਪਣੇ ਹੱਥੋਂ ਪਹਿਲਾ ਅੱਖਰ ਹੀ ਗੁਰਮੁਖੀ ਦਾ ਲਿਖਿਆ ਸੀ ਪਰ ਗੁਰੂ ਜੀ ਹੁਣ ਤਾਂ ਲੋਕ 'ਅੰਗਜਾਬੀ' ਹੋ ਗਏ ਨੇ ਕਿਉਂਕਿ ਤੁਹਾਡੇ ਜਨਮਦਿਨ ਦੀਆਂ ਵਧਾਈਆਂ ਵੀ 'ਹੈਪੀ ਗੁਰਪੁਰਬ' ਕਹਿ ਕੇ ਦੇਣ ਦੇ ਆਦੀ ਹੋ ਗਏ ਨੇ। ਸਾਡੇ ਬੱਚਿਆਂ ਨੂੰ ਤਾਂ ਅਸੀਂ ਅਜੇ ਵੀ ਦੀਵਾਲੀ ਵਾਲੇ ਦਿਨ ਵਰਜਦਿਆਂ ਇਹੀ ਆਖਦੇ ਆਂ, "ਕੰਜਰੋ, ਸਾਰੇ ਭੜਾਕੇ ਅੱਜ ਈ ਨਾ ਮੁਕਾ ਲਿਓ, ਗੁਰਪੁਰਬ ਵਾਸਤੇ ਵੀ ਬਚਾ ਲਿਓ।" ਪਤਾ ਨਹੀਂ ਲੱਗ ਰਿਹਾ ਕਿ ਇਹ ਤੁਹਾਡੇ ਜਨਮਦਿਨ ਦੀ ਖੁਸ਼ੀ ਹੁੰਦੀ ਐ ਕਿ ਭੇਡ-ਚਾਲ। ਇਉਂ ਲਗਦੈ ਕਿ ਅਸੀਂ ਤਾਂ ਤੁਹਾਡੀਆਂ ਸਿੱਖਿਆਵਾਂ 'ਤੇ ਹੀ ਗੋਹਾ ਮਿੱਟੀ ਦਾ ਪੋਚਾ ਫੇਰ ਦਿੱਤੈ। ਗੁਰੂ ਜੀ ਅਸੀਂ ਤਾਂ ਤੁਹਾਡੀ ਕਿਸੇ ਸਿੱਖਿਆ 'ਤੇ ਮੂਲੋਂ ਹੀ ਅਮਲ ਨਹੀਂ ਕੀਤਾ। ਜੋ ਕੁਝ ਤੁਸੀਂ ਸਾਡੇ ਅਗਾਊਂ ਜੀਵਨ ਨੂੰ ਸੌਖਿਆਂ ਕਰਨ ਲਈ ਉੱਚਰਿਆ ਸੀ ਅਸੀਂ ਤਾਂ ਓਹ ਸਿਰਫ਼ ਤੇ ਸਿਰਫ਼ ਕਾਗਜ਼ਾਂ ਦਾ ਮੁਹਤਾਜ ਬਣਾ ਕੇ ਰੱਖ ਦਿੱਤੈ। ਹਾਂ ਜੀ, ਕਾਗਜ਼ਾਂ ਦਾ ਮੁਹਤਾਜ ਹੀ ਹੋਇਆ, ਜਦੋਂ ਅਮਲ ਹੀ ਨਹੀਂ ਕਰਨਾ। ਤੁਹਾਡੀ ਦੂਰਦਰਸ਼ੀ ਸੋਚ ਹੀ ਸੀ ਕਿ 
"ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" (ਪੰਨਾ 473) 
ਪਰ ਗੁਰੂ ਜੀ ਅਸੀਂ ਤਾਂ ਆਪਣੇ ਹੀ ਮੂਲ ਭਾਵ ਕੁੜੀ ਨੂੰ ਮਾਰਨ ਦੇ ਰਾਹ ਤੁਰੇ ਹੋਏ ਹਾਂ। ਜਿਸ ਕੁੜੀ ਨੂੰ ਤੁਸੀਂ ਵਡਿਆਇਆ ਹੈ, ਉਸਨੂੰ ਤਾਂ ਤੁਹਾਡੇ ਪੈਰੋਕਾਰ ਪੱਥਰ ਦੱਸ ਕੇ ਕੁੱਖ 'ਚ ਹੀ ਓਹਦੀ ਕਬਰ ਬਣਾ ਦਿੰਦੇ ਹਨ। ਤੁਹਾਡਾ ਤਾਂ ਸੁਨੇਹਾ ਹੀ ਇਹ ਸੀ ਕਿ ਨਰ ਤੇ ਮਾਦਾ ਇਸ ਦੁਨਿਆਵੀ ਗੱਡੇ ਦੇ ਦੋ ਪਹੀਏ ਹਨ ਪਰ ਅਸੀਂ ਤਾਂ ਮਾਦਾ ਰੂਪੀ ਪਹੀਏ ਦੀਆਂ ਖਲਪਾੜਾਂ ਕਰ ਦਿੱਤੀਆਂ ਹਨ ਫਿਰ ਅਸੀਂ ਕਿਹੜੇ ਸੁਖਾਵੇਂ ਸਫ਼ਰ ਦੀ ਆਸ ਰੱਖਾਂਗੇ। ਹੁਣ ਤਾਂ ਥਾਂ ਥਾਂ ਇਹੀ ਲਿਖਿਆ ਪੜ੍ਹੋਗੇ ਕਿ "ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ।" ਇਹਦਾ ਮਤਲਬ ਤਾਂ ਇਹੀ ਐ ਕਿ ਅਸੀਂ ਪਹਿਲਾਂ ਟੈਸਟ ਕਰਦੇ ਸੀ ਪਰ ਹੁਣ ਨਹੀਂ ਕਰਦੇ.... ਇਹ ਹੈ ਇਸ ਧਰਤੀ ਦੇ ਜੀਵਾਂ 'ਚੋਂ ਸਭ ਤੋਂ ਉੱਤਮ ਬੁੱਧੀ ਦੇ ਮਾਲਕ ਮਨੁੱਖ ਦੀ ਕਰਤੂਤ ਕਿ ਉਸਨੂੰ ਮਾੜੇ ਪਾਸਿਉਂ ਮੋੜਨ ਲਈ ਕਾਨੂੰਨ ਰੂਪੀ ਡਾਂਗਾਂ ਵਾਲੇ ਰਸਤੇ 'ਚ ਖੜ੍ਹਾਏ ਜਾਂਦੇ ਹਨ। ਗੁਰੂ ਜੀ ਮੈਨੂੰ ਤਾਂ ਲਗਦੈ ਕਿ ਕੁੱਤਾ ਵੀ ਮਨੁੱਖ ਤੋਂ ਵਧੇਰੇ ਸਮਝਦਾਰ ਐ ਕਿਉਂਕਿ ਮੈਂ ਤਾਂ ਕਦੇ ਕਿਸੇ ਕੁੱਤੇ ਨੂੰ ਆਵਦੀ ਔਲਾਦ ਨੂੰ ਕੁੱਖ 'ਚ ਕਤਲ ਕਰਦਿਆਂ ਨਹੀਂ ਦੇਖਿਆ? ਫਿਰ ਬੰਦਾ ਤਾਂ ਕੁੱਤੇ ਤੋਂ ਵੀ ਭੈੜਾ ਹੋਇਆ ਕਿ ਨਹੀਂ? ਇੱਕ ਬੰਦਾ ਦੂਜੇ ਨੂੰ ਗਾਲ੍ਹ ਕੱਢਣ ਲੱਗਾ ਆਮ ਹੀ ਕਹਿ ਦਿੰਦਾ ਸੀ 'ਓਏ ਕੁੱਤੇ ਦਿਆ ਪੁੱਤਾ'.... ਪਰ ਹੁਣ ਕੁੱਤਿਆਂ ਤੋਂ ਵੀ ਭੈੜੀਆਂ ਕਰਤੂਤਾਂ ਦੇਖਕੇ ਕੁੱਤੇ ਇੱਕ ਦੂਜੇ ਨੂੰ ਗਾਲ੍ਹ ਕੱਢਣ ਲੱਗੇ ਕਹਿੰਦੇ ਹੋਣਗੇ 'ਓਏ ਬੰਦੇ ਦਿਆ ਪੁੱਤਾ'। 
ਗੁਰੂ ਜੀ, ਕੀ ਕਹਾਂ? ਤੁਸੀਂ ਹੀ ਦੱਸੋ ਕਿ ਤੁਸੀਂ ਤਾਂ ਮਨੁੱਖ ਨੂੰ ਹੀ ਉੱਤਮ ਮੰਨਿਆ ਸੀ। ਨੀਵਾਂ ਰਹਿਣ ਨੂੰ ਹੀ ਚੰਗਾ ਜੀਵਨ ਕਿਹਾ ਸੀ।
"ਨੀਚਾ ਅੰਦਰਿ ਨੀਚ ਜਾਤਿ ਨੀਚੀਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੇ ਨਦਰਿ ਤੇਰੀ ਬਖਸ਼ੀਸ।।" (ਪੰਨਾ 15)
ਕਹਿਣ ਨੂੰ ਹੀ ਲੋਕ ਆਪਣੇ ਆਪ ਨੂੰ ਧਾਰਮਿਕ ਖਿਆਲਾਂ ਦੇ ਹੋਣ ਦਾ ਢੌਂਗ ਕਰਦੇ ਨੇ ਪਰ ਜਾਤੀਵਾਦ ਤਾਂ ਦਿਮਾਗਾਂ 'ਚ ਤੁੰਨ ਤੁੰਨ ਕੇ ਭਰਿਆ ਪਿਐ। ਹੁਣ ਤਾਂ ਹਰ ਗਾਣੇ-ਰਕਾਟ 'ਚੋਂ ਵੀ ਜਾਤੀਵਾਦ ਦੀ ਬੋਅ ਆਉਣ ਲੱਗ ਗਈ ਐ। ਅੱਗੇ ਤਾਂ ਗੀਤ ਹੁੰਦੇ ਸੀ ਕਿ 'ਜੱਟ ਬੰਦੇ ਵੱਢ ਦਿੰਦੈ', 'ਜੱਟ ਕਿਸੇ ਨੂੰ ਖੰਘਣ ਨੀ ਦਿੰਦਾ', 'ਜੱਟ ਡਾਂਗ ਦੇ ਸਿਰ 'ਤੇ ਜਿਉਂਦਾ' ਵਗੈਰਾ ਵਗੈਰਾ। ਪਰ ਹੁਣ ਤਾਂ ਇਸੇ ਲੜੀ ਤਹਿਤ ਹੀ ਗੀਤ ਸੁਣ ਸਕਦੇ ਹੋ ਕਿ 'ਅਣਖੀ ਪੁੱਤ ਚਮਾਰਾਂ ਦੇ' ਦੇਖਦੇ ਜਾਓ.. ਹੁਣ ਤਾਂ ਬਾਕੀ ਜਾਤਾਂ ਵੀ ਮੁੱਠੀਆਂ 'ਚ ਥੁੱਕੀ ਬੈਠੀਆਂ ਹੋਣਗੀਆਂ ਆਪੋ ਆਪਣੀ ਆਪ ਹੀ ਬੱਲੇ ਬੱਲੇ ਕਰਵਾਉਣ ਨੂੰ। ਗੁਰੁ ਜੀ ਤੁਹਾਨੂੰ ਤਾਂ ਪਤਾ ਹੀ ਐ ਕਿ ਇਹਨਾਂ ਜਾਤਾ ਨਾਲ ਸੰਬੰਧਤ ਲੋਕਾਂ ਦੀ ਜੂਨ ਕੀ ਐ? ਬੱਲੇ ਬੱਲੇ ਤਾਂ ਕੁੱਝ ਕੁ ਉਤਲਿਆਂ ਦੇ ਹਿੱਸੇ ਆਉਂਦੀ ਐ, ਵਿਚਾਰੇ ਦਿਨੇ ਕਮਾ ਕੇ ਰਾਤ ਨੂੰ ਖਾਣ ਵਾਲੇ ਕਿਵੇਂ ਲਲਕਾਰੇ ਕਦੋਂ ਮਾਰਦੇ ਹਨ? ਇਹਨਾਂ ਭੋਲੇ ਪੰਛੀਆਂ ਨੂੰ ਕੌਣ ਸਮਝਾਵੇ ਕਿ 
"ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ।।
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। (ਪੰਨਾ 1128)
ਇਹਨਾਂ ਘੁੰਮਣ-ਘੇਰੀਆਂ 'ਚ ਫਸੇ ਲੋਕਾਂ ਦਾ ਵੀ ਕੋਈ ਕਸੂਰ ਨਹੀਂ। ਓਹ ਤਾ ਵਿਚਾਰੇ ਬੰਸਰੀਆਂ ਵਰਗੇ ਬਣੇ ਪਏ ਆ, ਜਿਹੋ ਜਿਹੀ ਫੂਕ ਵਜਦੀ ਐ.. ਓਹੋ ਜਿਹੀ 'ਵਾਜ ਕੱਢ ਦਿੰਦੇ ਆ। ਇਹਤਾਂ ਤੁਹਾਡਾ ਵਡੱਪਣ ਸੀ ਕਿ ਗੁਰਿਆਈ 'ਆਪਣੇ ਘਰ' ਹੀ ਨਹੀਂ ਰੱਖੀ ਜਦੋਂ ਕਿ ਹੁਣ ਤਾਂ ਕਰਜਈ ਦਾ ਪੁੱਤ ਕਰਜਈ ਜੰਮਦੈ ਤੇ ਰਾਜੇ ਦਾ ਪੁੱਤ ਰਾਜਾ। ਹੁਣ ਤਾਂ ਓਹੀ ਹਾਲਾਤ ਬਣੇ ਪਏ ਆ ਕਿ
"ਅੰਨੀ ਕੋ ਬੋਲਾ ਘੜੀਸੈ
ਨਾ ਉਸ ਸੁਣੈ ਨਾ ਉਸ ਦੀਸੈ।।" 
ਸਿਆਸਤ ਦੇ ਨਾਂ 'ਤੇ ਅੰਨ੍ਹੀ ਮਚਾਈ ਪਈ ਐ, ਦੁਖੀਆਂ ਦਾ ਦਰਦਮੰਦ ਬਨਣ ਲਈ ਕੋਈ ਬਾਂਹ ਨਹੀਂ ਵਧਾਉਂਦਾ। ਸਗੋਂ ਦੁਖੀਆਂ ਵੱਲੋਂ ਵਧਾਈਆਂ ਬਾਹਾਂ ਖਾਣ ਨੂੰ ਆਉਂਦੈ ਹਰ ਕੋਈ। ਜਿਹਨਾਂ ਨੇ ਆਗੂ ਬਣ ਕੇ ਦੂਜਿਆਂ ਨੂੰ ਰਾਹ ਦੱਸਣੇ ਨੇ, ਓਹ ਤਾਂ ਖੁਦ ਕਿਸਮਤ ਪੁੜੀਆਂ ਦੇ ਗਰਭ 'ਚੋਂ ਜਨਮਦੇ ਨੇ। ਗੁਰੂ ਜੀ, ਸ਼ੁਕਰ ਕਰੋ ਕਿ ਪਾਕਿਸਤਾਨ ਵਾਲਿਆਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਆਵਦੇ ਹੱਥਾਂ 'ਚ ਹੀ ਲੈ ਲਿਐ ਤੇ ਪੰਜਾਬ ਵਾਲਿਆਂ ਦੀ ਘੁੱਗੀ ਨੀ ਖੰਘਣ ਦਿੱਤੀ, ਨਹੀਂ ਤਾਂ ਓਥੇ ਵੀ ਹੁਣ ਵਾਂਗੂੰ 'ਵਿਰੋਧੀਆਂ' ਲਈ ਹੋਰ ਤੇ 'ਆਪਣਿਆਂ' ਲਈ ਹੋਰ ਹੁਕਮਨਾਮੇ ਹੋਣੇ ਸੀ। ਗੁਰੂ ਜੀ ਤੁਸੀਂ ਵੀ ਬਹੁਤ ਵੱਡੇ ਸਬਰ ਦੇ ਮਾਲਕ ਹੋ, ਪੰਜਾਬ 'ਚ ਤਾਂ ਤੁਹਾਡੀਆਂ ਸਾਖੀਆਂ ਸੁਣਾ ਸੁਣਾ ਕੇ 'ਬਾਬੇ' ਕਰੋੜਪਤੀ ਬਣੇ ਬੈਠੇ ਹਨ ਤੇ ਜੇ ਵਿਦੇਸ਼ ਦੇ ਜਾਦੂ ਮੰਤਰਾਂ ਵਾਲਿਆਂ ਦਾ ਪ੍ਰਚਾਰ ਦੇਖੀਏ ਤਾਂ ਕਈ ਐਸੇ ਵੀ ਹਨ ਜੋ ਅਖ਼ਬਾਰਾਂ ਰਾਹੀਂ 'ਸ੍ਰੀ ਨਨਕਾਣਾ ਸਾਹਿਬ ਤੇ ਤੁਹਾਡੀ ਜਨਮ ਭੂਮੀ' ਦਾ ਨਾਂ ਵਰਤ ਕੇ ਆਵਦੇ ਜਾਦੂ ਰਾਹੀਂ ਲੋਕਾਂ ਦੇ ਧੱਫੜ ਪਾ ਰਹੇ ਨੇ।
"ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੇ।। (ਪੰਨਾ 767)
ਗੁਰੂ ਜੀ ਕਹਿੰਦੇ ਨੇ ਕਿ 'ਕਲਮ ਤਲਵਾਰ ਨਾਲੋਂ ਵੀ ਤਿੱਖੀ ਹੁੰਦੀ ਐ।' ਪਰ ਤਿੱਖੀ ਦਾ ਫਾਇਦਾ ਵੀ ਫੇਰ ਈ ਐ ਨਾ ਜੇ ਚਲਾਉਣੀ ਆਉਂਦੀ ਹੋਵੇ। ਕਲਮ ਦੀ ਨੋਕ 'ਚੋਂ ਨਿੱਕਲੇ ਲਫ਼ਜ਼ ਵੱਡਿਆਂ ਵੱਡਿਆਂ ਦਾ ਪੱਥਰ ਦਿਲ ਪਿਘਲਾਉਣ ਦੀ ਸਮਰੱਥਾ ਰੱਖਦੇ ਹਨ। ਤੁਹਾਡੀ ਕਲਮਕਾਰੀ ਅੱਗੇ ਤਾਂ ਪੱਤਰਕਾਰ, ਸੰਪਾਦਕ, ਲੇਖਕ ਵਰਗੇ ਸ਼ਬਦ ਵੀ ਬੌਣੇ ਜਿਹੇ ਲੱਗਣ ਲਗਦੇ ਹਨ। ਮੌਕੇ ਦੀ ਸਰਕਾਰ ਖਿਲਾਫ ਲਿਖਣਾ ਵੀ ਵੱਡੇ ਜ਼ੇਰੇ ਦਾ ਕੰਮ ਹੁੰਦੈ ਤਾਂ ਹੀ ਤਾਂ ਤੁਸੀਂ 
"ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।" (ਪੰਨਾ 722) 
ਕਹਿਣ ਲੱਗਿਆਂ ਕਿਸੇ ਨਾਢੂ ਖਾਂ ਦਾ ਭੈਅ ਨਹੀਂ ਮੰਨਿਆ ਸੀ। ਲੋਕਾਂ ਦੀਆਂ ਸਮੱਸਿਆਵਾਂ ਨੂੰ ਰਾਜਿਆਂ ਅੱਗੇ ਕਲਮ ਰਾਹੀਂ ਪੇਸ਼ ਕਰਨ ਵਾਲਿਆਂ ਨੂੰ ਹੁਣ 'ਪੱਤਰਕਾਰ' ਕਿਹਾ ਜਾਂਦੈ ਗੁਰੂ ਜੀ। ਪਰ ਬਥੇਰੇ ਐਸੇ ਟੱਕਰ ਜਾਣਗੇ ਜੋ ਭੁੱਖ ਨੂੰ ਢੁੱਡਾਂ ਮਾਰਦੇ ਹੀ ਐਸ ਰਾਹ ਤੁਰਪੇ, ਲੋਕਾਂ ਦੇ ਦੁੱਖ ਦਰਦ ਤਾਂ ਇੱਕ ਪਾਸੇ ਰਹਿਗੇ ਵਿਚਾਰਿਆਂ ਨੂੰ ਆਪਾ ਧਾਪੀ ਪਈ ਹੋਈ ਆ। ਤੁਹਾਡੀ ਬੇਬਾਕੀ ਅੱਗੇ ਆਵਦੇ ਆਪ ਨੂੰ ਪੱਤਰਕਾਰ ਅਖਵਾਉਣ ਵਾਲੇ "ਪੱਤਰ-ਕਾਰ" ਤਾਂ ਕੀ "ਪੱਤਰ-ਸਾਈਕਲ" ਅਖਵਾਉਣ ਦੇ ਹੱਕਦਾਰ ਵੀ ਨਹੀਂ ਜਾਪਦੇ। ਗੁਰੂ ਜੀ ਜਦੋਂ ਕਲਮਾਂ ਵਿਕਾਊ ਹੋ ਜਾਣ ਜਾਂ ਹੀਂਜੜਿਆਂ ਵਾਂਗੂੰ ਘੱਗਰੀਆਂ ਪਾ ਕੇ ਠੁਮਕੇ ਲਾਉਂਦੀਆਂ ਫਿਰਨ ਤਾਂ ਫਿਰ ਲੋਕਾਂ ਲਈ ਸੱਚ ਲਿਖਣ ਦੀ ਕੀ ਆਸ ਰੱਖੀ ਜਾ ਸਕਦੀ ਐ? ਹੁਣ ਤਾਂ ਇਹ ਹਾਲ ਹੋਇਆ ਪਿਐ ਕਿ ਵਿਚਾਰੇ "ਪੱਤਰ-ਸੈਕਲ" ਰਾਜਭਾਗ ਬਦਲਦਿਆਂ ਹੀ ਆਪਣੀਆਂ ਕਲਮਾਂ ਦੀਆਂ ਨਿੱਭਾਂ ਬਦਲ ਲੈਂਦੇ ਨੇ। ਪੁੱਛੋ ਨਾ ਗੁਰੂ ਜੀ, ਚੁੱਪ ਈ ਭਲੀ ਆ। ਗੱਲਾਂ ਤਾਂ ਬਹੁਤ ਸੀ ਲਿਖਣ ਵਾਲੀਆਂ.... ਪਰ ਕੀ ਕਰਾਂ ਜੀ... ਸਵੇਰੇ ਕੰਮ 'ਤੇ ਵੀ ਜਾਣੈ... ਜਿਹੜੀਆਂ ਲਿਖਣ ਵੱਲੋਂ ਰਹਿ ਗਈਆਂ, ਤੁਹਾਨੂੰ ਪਤਾ ਹੀ ਹਨ। ਬਸ ਗੁਰੂ ਜੀ ਕੋਈ ਐਸਾ ਬਾਨਣੂੰ ਬੰਨ੍ਹ ਦਿਉ ਕਿ ਸਾਰੇ ਉੱਲੂ ਉੱਡ ਜਾਣ ਕਿਉਂਕਿ
"ਏਕ ਹੀ ਉੱਲੂ ਕਾਫੀ ਥਾ, ਬਰਬਾਦ ਗੁਲਸਿਤਾਂ ਕਰਨੇ ਕੋ,
ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮ-ਏ-ਗੁਲਸਿਤਾਂ ਕਿਆ ਹੋਗਾ?"
ਬਹੁਤ ਹੀ ਆਦਰ ਸਤਿਕਾਰ ਸਹਿਤ,
ਤੁਹਾਡਾ ਕਮਅਕਲ ਪੁੱਤ,
ਮਨਦੀਪ ਖੁਰਮੀ ਹਿੰਮਤਪੁਰਾ।
****
ਮੋਬਾ: 0044 75191 12312




ਕੱਤਕ ਜਾਂ ਵਿਸਾਖ ਕਸੌਟੀ ਤੇ.......... ਲੇਖ / ਮੁਹਿੰਦਰ ਸਿੰਘ ਘੱਗ



ਦੀਵਾਲੀ ਤੋਂ ਦੂਜੀ ਰਾਤ ਹੀ ਜਦ ਇਕ ਕਾਤਰ ਦੇ ਰੂਪ ਵਿਚ ਚੰਦਰਮਾਂ ਪੱਛਮ ਵਿਚ ਜਿਥੇ ਧਰਤਿ ਅਕਾਸ਼ ਮਿਲਦੇ ਲਗਦੇ ਹਨ ਦਿਖਾਈ ਦਿੰਦਾ ਹੈ ਤਾਂ ਕੱਤਕ ਸ਼ੁਦੀ ਦਾ ਅਰੰਭ ਹੋ ਜਾਂਦਾ ਹੈ . ਹਰ ਰੋਜ ਚੰਦਰਮਾ ਦੀ ਹਾਜ਼ਰੀ ਵਧਦੀ ਵਧਦੀ ਇਕ ਦਿਨ ਜਦ ਉਹ ਪੂਰਨ ਰੂਪ ਵਿੱਚ ਢਲਦੇ ਸੂਰਜ ਤੋਂ ਲੈ ਕੇ ਦੂਸਰੇ ਦਿਨ ਚੜਦੇ ਸੂਰਜ ਤਕ ਸਾਰੀ ਰਾਤ ਚਾਨਣ ਹੀ ਚਾਨਣ ਬਖੇਰ ਦਿੰਦੀ ਹੈ ਤਾਂ ਨਾਨਕ ਨਾਮ ਲੇਵਾ ਹੀ ਨਹੀਂ ਸੰਸਾਰ ਦੇ ਹੋਰ ਸੂਝਵਾਨ ਲੋਕ ਵੀ ਇਸ ਆਸ ਨਾਲ ਖੁਸ਼ੀ ਮਨਾਉਂਦੇ ਹਨ ਕਿ ਇਸ ਪੂਰਨ ਚੰਦਰਮਾਂ ਦੀ ਰਾਤ ਨੂੰ ਪਰਗਟ ਹੋ ਕੇ ਇਕ ਮਹਾਨ ਸ਼ਕਤੀ ਨੇ ਸੰਸਾਰ ਨੂੰ ਜੋ ਅਮਨ ਸੁਨੇਹਾ ਦਿਤਾ ਸੀ ਕਿਤੇ ਝਗੜਾਲੂ ਬਿਰਤੀ ਵਾਲਿਆਂ ਨੂੰ ਵੀ ਮਿਲਵੇ ਕੀ ਮੈਹਮਾਂ ਦੀ ਸੋਝੀ ਆ ਜਾਏ ਤਾਂ ਇਸ ਸੜਦੇ ਬਲਦੇ ਸੰਸਾਰ ਵਿੱਚ ਕੁਝ ਸ਼ਾਂਤੀ ਪਰਤ ਆਵੇ। ਪਰ ਜਦ ਸਾਡੇ ਵਿਦਵਾਨਾਂ ਵਲੋਂ ਪੈਦਾ ਕੀਤਾ ਹੋਇਆ ਕੱਤਕ ਵਿਸਾਖ ਦਾ ਵਾਵਰੋਲਾ ਦੇਖਦਾ ਹਾਂ ਤਾਂ ਦਿਲ ਦਹਿਲ ਜਾਂਦਾ ਹੈ ਕਿ ਜੇ ਇਦਾਂ ਹੀ ਚਲਦਾ ਰਿਹਾ ਤਾਂ ਸਿਖ ਸੰਗਰਾਂਦ ਅਤੇ ਹਿੰਦੂ ਸੰਗਰਾਂਦ ਦੀ ਤਰ੍ਹਾਂ ਕਿਤੇ ਸਾਂਝੇ ਗੁਰੂ ਦੀਆਂ ਵੀ ਵੰਡੀਆਂ ਨਾ ਪਾ ਦੇਣ । ਰੱਬ ਖੈਰ ਕਰੇ।

ਜੀਵਨ ਦੇ ਸਫਰ ਵਿਚ ਅਠਵੇਂ ਦਹਾਕੇ ਦੀ ਬਰੂਹਾਂ ਤੇ ਖੜਾ ਜਦ ਬਚਪਨ ਵਲ ਝਾਤ ਮਾਰਦਾ ਹਾਂ ਤਾਂ ਇਕ ਅਤੀਅੰਤ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਵੀ ਦਿਨ ਸਨ ਜਦ ਬਗੈਰ ਧਾਰਮਕ ਅਤੇ ਜ਼ਾਤੀ ਭਿਨ ਭੇਦ ਦੇ ਅਸੀਂ ਬਚੇ ਵੀ ਇਸ ਖੁਸ਼ੀਆਂ ਭਰੇ ਦਿਨ ਦੀ ਉਡੀਕ ਕਰਦੇ ਸਾਂ।
‘ਉਹ ਨਰੈਣਿਆਂ, ਤੈਨੂੰ ਪਤਾ ਦੋ ਦਿਨਾ ਨੂੰ ਬਾਬੇ ਵਾਗੁਰੂ ( ਵਾਹਿਗੁਰੂ ) ਦਾ ਗੁਪੁਰਬ ਆ ( ਗੁਰਪੁਰਬ) ਚੰਗੀ ਤਰਾਂ ਨ੍ਹਾ ਕੇ ਨਵਾ ਝਗਾ ਪਾ ਕੇ ਆਮੀਂ। ‘ਮੇਰੀ ਬੇਬੇ ਕਹਿੰਦੀ ਸੀ ਐੈਤਕੀ ਤੈਨੂੰ ਡਬੀਦਾਰ ਖੱਦਰ ਦਾ ਝੱਗਾ ਬਣਾ ਕੇ ਦੇਣਾ।.‘ ਨਰੈਣੇ ਕਿਹਾ.‘ ਕੀਮਿਆਂ ਐੈਮੇਂ ਘਰ ਹੀ ਨਾ ਬੈਠਾ ਰਹੀਂ ਤੂੰ ਵੀ ਚੰਗੇ ਕਪੜੇ ਪਾ ਕੇ ਆਮੀਂ‘ ਆਊਂ ਕਿਊਂ ਨਾ, ਜਦ ਆਪਾਂ ਸਾਰੇ ਕਠੇ ਬੈਠਕੇ ਵਾਗੁਰੂ ਵਾਗੁਰੂ ਕਰਾਂਗੇ ਤਾਂ ਭਾਈ ਖੁਸ਼ ਹੋ ਕੇ ਚੰਗਾ ਕੜਾਹ ਦਿਊ.‘ ਇਹ ਸੁਣ ਕੇ ਸਾਰੇ ਹੱਸ ਪਏ। ਅਸੀਂ ਖੁਸ਼ ਹੁੰਦੇ ਸਾਂ ਸਾਨੂੰ ਨਵੇਂ ਕਪੜੇ ਮਿਲਦੇ ਸਨ ਕੜਾਹ-ਪਰਸ਼ਾਦ ਮਿਲਦਾ ਸੀ। ਅਜ ਬਲਡ ਪਰੈਸ਼ਰ, ਸ਼ੂਗਰ ਨੇ ਜਾਨ ਕਢ ਦਿਤੀ ਹੈ ਅਗਾ ਨੇੜੇ ਆਉਂਦਾ ਦੇਖ ਅੰਗੂਠੇ ਅਤੇ ਨਾਲ ਦੀਆਂ ਦੋ ਉਂਗਲਾਂ ਦਾ ਯੂ ਜਿਹਾ ਬਣਾ ਕੇ ਪਰਸ਼ਾਦ ਵਰਤਾਉਂਣ ਵਾਲੇ ਨੂੰ ਸਵਾਏ ਗਫੇ ਦੀ ਬੇਨਤੀ ਕਰਦੇ ਹਾਂ। ਪਰ ਬਚੇ ਅਜ ਵੀ ਕੜਾਹ ਪਰਸ਼ਾਦ ਲੈ ਕੇ ਨਿਹਾਲ ਨਿਹਾਲ ਹੋ ਜਾਂਦੇ ਹਨ. ਦੀਵਾਲੀ ਦੀ ਰਾਤ ਵੀ ਖੁਸ਼ੀਆਂ ਭਰੀ ਜ਼ਰੂਰ ਹੁੰਦੀ ਸੀ, ਵਿਤ ਅਨੁਸਾਰ ਮਾਂ ਬਾਪ ਮਠਿਆਈ ਵੀ ਖਰੀਦਦੇ ਸਨ ਪਰ ਬਚਿਆ ਲਈ ਖਾਸ ਕਰ ਜੇਠੇ ਬਚੇ ਲਈ ਤਾਂ ਕੈਦ ਹੁੰਦੀ ਸੀ। ਟੂਣੇ ਟਪਰੇ ਤੋਂ ਡਰਦਿਆਂ ਮਾਵਾਂ ਆਪਣੇ ਬਚਿਆਂ ਨੂੰ ਘਰੋਂ ਬਾਹਰ ਨਹੀਂ ਸਨ ਜਾਣ ਦਿੰਦੀਆਂ। ਦੁਜੇ ਦਿਨ ਸਵੇਰ ਨੂੰ ਕੁਝ ਘੁਸਰ ਮੁਸਰ ਚਲਦੀ , ਕਿ ਫਲਾਣੇ ਬਚੇ ਦੇ ਵਾਲਾਂ ਦੀ ਇਕ ਲਿਟ ਕਿਸੇ ਨੇ ਕਟ ਲਈ ਬਚਾ ਭਾਵੇਂ ਜਿ਼ਆਦਾ ਖਾਣ ਕਰਕੇ ਬੋਝ ਨਾਲ ਬੀਮਾਰ ਹੋਇਆ ਹੋਵੇ ਪਰ ਸਮਝਿਆ ਇਹੋ ਜਾਂਦਾ ਸੀ ਕਿ ਕਿਸੇ ਨੇ ਟੂਣਾ ਕਰ ਦਿਤਾ ਹੈ। ਇਸਦੇ ਉਲਟ ਗੁਰਪੁਰਬ ਵਾਲੇ ਦਿਨ ਬਚਿਆਂ ਤੇ ਕੋਈ ਪਾਬੰਦੀ ਨਹੀਂ ਸੀ ਹੁੰਦੀ। ਇਸੇ ਲਈ ਉਹ ਦੀਵਾਲੀ ਨਾਲੋਂ ਗੁਰਪੁਰਬ ਨੂੰ ਤੀਬਰਤਾ ਨਾਲ ਉਡੀਕਦੇ ਸਨ। ਅਜ ਸਮਾਂ ਬਦਲ ਗਿਆਂ ਹੈ . ਪੱਛਮੀ ਗਲਬਾ ਦਿਨ ਬਦਿਨ ਭਾਰੂ ਹੋ ਰਿਹਾ ਹੈ। ਅਜ ਦੇ ਬਚਿਆਂ ਲਈ ਤਾਂ ਕਰਿਸਮਸ ਹੀ ਸਭ ਕੁਝ ਹੋ ਨਿਬੜੀ ਹੈ। ਗੂਰਪੁਰਬ ਤਾਂ ਹੁਣ ਇਕ ਸੋਸ਼ਲ ਰਸਮ ਬਣਦਾ ਜਾ ਰਿਹਾ ਹੈ।
ਇੰਝ ਲਗਦਾ ਹੈ ਜਿਵੇਂ ਸਿਖ ਕੌਮ ਵਿਚ ਵਿਦਵਾਨਾਂ ਦਾ ਹੜ ਆ ਗਿਆ ਹੋਵੇ ਅਤੇ ਹਰ ਕੋਈ ਦੀਵਾਲੀ ਨੂੰ ਵਰਤੀ ਜਾਂਦੀ ਚਕੂੰਦਰ ਵਾਂਗ ਬਗੈਰ ਸਬੂਤਾਂ ਤੋਂ ਹੀ ਕੋਈ ਨਾ ਕੋਈ ਸ਼ੋਸ਼ਾ ਛਡ ਕੇ ਆਪਣੀ ਹਾਜ਼ਰੀ ਲਵਾਉਣੀ ਚਾਹੁੰਦਾ ਹੋਵੇ। ਰਾਗਮਾਲਾ ਗੁਰਬਾਣੀ ਦਾ ਹਿਸਾ ਹੈ ਜਾਂ ਨਹੀਂ, ਦਸਮ ਗਰੰਥ ਬਾਰੇ ਰਾਮ ਰੌਲਾ, ਅਰਦਾਸ ਤੇ ਕਿੰਤੂ ਪਰੰਤੂ , ਪੁਰੇਵਾਲ ਕੈਲੰਡਰ (ਬਾਬਾ ਨਾਨਕ ਤਾਂ ਜਗਤ ਨੂੰ ਇੱਕਠਿਆਂ ਕੀਤਾ ਸੀ ਇਸ ਕੈਲੰਡਰ ਕਾਰਨ ਦੋਫਾੜ ਹੋਏ ਹਾਂ ਇਸ ਲਈ ਇਸ ਕੈਲੰਡਰ ਨੂੰ ਨਾਨਕ ਸ਼ਾਹੀ ਕੈਲੰਡਰ ਕੈਹਣ ਤੋਂ ਕੁਝ ਝਿਜਕ ਮਹਿਸੂਸ ਹੋਈ ਹੈ) ਅਤੇ ਕੋਈ ਸੌ ਸਾਲ ਤੋਂ ਬਾਬੇ ਨਾਨਕ ਦੇ ਆਗਮਨ ਦਿਵਸ ਕੱਤਕ ਜਾਂ ਵਿਸਾਖ ਬਾਰੇ ਚਲ ਰਹੇ ਵਿਵਾਦ ਨੂੰ ਮਿਸ਼ਨਰੀ ਸਕੂਲ ਵਾਲੇ ਅਜ ਵੀ ਜੀਵਤ ਰਖਣ ਲਈ ਬਿਆਨਾਂ ਦੇ ਕੁਸ਼ਤੇ ਛਕਾਉਂਦੇ ਰਹਿੰਦੇ ਹਨ । ਅਫਸੋਸ ਇਸ ਗੱਲ ਦਾ ਹੈ ਕਿ ਕੌਮ ਖੇਰੂੰ ਖੇਰੂੰ ਹੋ ਰਹੀ ਹੈ ਅਤੇ ਅਸੀਂ ਹਾਂ ਕਿ ਮੋੜਾ ਪਾਉਂਣ ਦਾ ਨਾਂ ਹੀ ਨਹੀਂ ਲੈਂਦੇ। . “ਕੱਤਕ ਜਾਂ ਵਿਸਾਖ ਕਸੋਟੀ ਤੇ “ ਦੇ ਸਿਰਲੇਖ ਨਾਲ ਇਸ ਵਿਸ਼ੇ ਤੇ ਕੁਝ ਦਲੀਲਾਂ ਪਾਠਕਾਂ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ, ਸਚ ਝੂਠ ਦਾ ਨਿਸਤਾਰਾ ਪਾਠਕਾਂ ਨੇ ਕਰਨਾ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਬਾਲੇ ਜੀ ਦੀਆਂ ਬਾਬੇ ਨਾਨਕ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਉਦਾਸੀਆਂ ਸਮੇ ਲਿਖੀ ਪੁਸਤਕ ਅਨੁਸਾਰ ਲਿਖਵਾਈ। ਉਸ ਜਨਮ ਸਾਖੀ ਵਿਚ ਜਨਮ ਪਤਰੇ ਦੇ ਅਧਾਰ ਤੇ ਗੁਰੂ ਬਾਬੇ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 ਮੁਤਾਬਕ ਸੰਨ 1469 ਈ: ਦਰਜ ਹੈ।

ਉਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਦਾ ਸਲੋਕ ਕਰਦਾ ਹੈ।
“ ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ.
ਅਉਸਰ ਅਭੀਚ ਬਹੁ ਨਾਇਕ ਕੇ ਨਾਇਕਾ ਹੈਵ,
ਰੂਪ ਗੁਣ ਜੋਬਨ ਸਿ਼ੰਗਾਰ ਅਧੀਕਾਰੀ ਹੈ.
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ,
ਸੁੰਪਦਾ ਸਮਗਰੀ ਸੁਖ ਸਹਿਜ ਸੁੰਚਾਰੀ ਹੈ.
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ,
ਜੀਵਨ ਜਨਮ ਧੀਨ ਪ੍ਰੀਤਮ ਪਿਆਰੈ ਹੈ॥”
ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੂਜੀ ਸਾਖੀ ਮਿਹਰਬਾਨ ਲਿਖਦਾ ਹੈ। ਮਿਹਰਬਾਨ ਵਾਲੀ ਜਨਮਸਾਖੀ ਵਿਚ ਜਨਮ ਮਿਤੀ ਵਿਸਾਖ ਸ਼ੁਦੀ ਤੀਜ ਹੈ। ( ਭਾਈ ਕਾਨ੍ਹ ਸਿੰਘ ਨਾਭਾ ਵਾਲਿਆਂ ਦੇ ਮਹਾਨਕੋਸ਼ ਵਿਚ ਮਿਹਰਬਾਨ ਦੀ ਪਛਾਣ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਬਾਬਾ ਪ੍ਰਿਥੀਚੰਦ ਦੇ ਪੁਤ੍ਰ ਵਜੋਂ ਕੀਤੀ ਗਈ ਹੈ. “ਬਾਬਾ ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ, ਜਿਸ ਨੇ ਵੀ ਪਿਤਾ ਵਾਂਗ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ , ਜਿਸ ਵਿਚ ਬਹੁਤ ਬਾਤਾਂ ਗੁਰਮਤ ਵਿਰੁਧ ਹਨ.“ ਇਥੇ ਹੀ ਵਸ ਨਹੀਂ ਮਿਹਰਬਾਨ ਨੇ ਆਪਣੇ ਆਪ ਨੂੰ ਗੁਰੂ ਕਹਾਉੁਣ ਦਾ ਵੀ ਯਤਨ ਕੀਤਾ ਹੈ “ਦੀਨ ਦਿਯਾਲ ਸਰਨਿਕ ਸੂਰਾ॥ ਗੁਰੂ ਮਿਹਰਬਾਨੁ ਸਚੁ ਭਗਿਤ ਕਮਾਈ॥” 
ਬਾਕੀ ਸਾਰੇ ਲੇਖਕ ਗੁਰੂ ਬਾਬੇ ਦਾ ਜਨਮ ਦਿਨ ਚਾਹੇ ਕੱਤਕ ਸੂਦੀ ਪੂਰਨਮਾਸ਼ੀ ਮੰਨਦੇ ਹਨ ਜਾਂ ਵਿਸਾਖ ਸ਼ੂਦੀ ਤੀਜ ਇਹਨਾਂ ਦੋ ਜਨਮ ਸਾਖੀਆਂ ਤੋਂ ਪਰਭਾਵਤ ਹੋ ਕੇ ਹੀ ਼ਿਲਖਦੇ ਹਨ। ਕਿਸੇ ਵੀ ਹੋਰ ਗਰੰਥ ਦਾ ਜਿ਼ਕਰ ਕੀਤੇ ਬਗੈਰ, ਮੈਂ ਪੂਰੀ ਤਰ੍ਹਾਂ ਨਿਰਪਖ ਹੋ ਕੇ ਆਪਣੀ ਖੋਜ ਦਾ ਵਿਸ਼ਾ ਇਨਹਾਂ ਦੋਵਾਂ ਸਾਖੀਆਂ ਤੇ ਹੀ ਸੀਮਤ ਰਖਾਂਗਾ
ਜਿਥੋਂ ਤਕ ਮੈਂ ਜਾਣਿਆ ਹੈ ਦੋਵਾਂ ਸਾਖੀਆਂ ਵਿਚ ਇਕ ਸਾਂਝੀ ਕੜੀ ਹੈ। ਮੇਰੀ ਕੌਮ ਪਾਸ ਉਚ ਕੋਟੀ ਦੇ ਵਿਦਵਾਨ ਹਨ ਪਰ ਅਫਸੋਸ ਕਿਸੇ ਨੇ ਵੀ ਇਨਹਾਂ ਸਾਖੀਆਂ ਨੂੰ ਨਿਰਪਖ ਹੋ ਕੇ ਵਿਚਾਰਨ ਦੀ ਜ਼ਹਿਮਤ ਹੀ ਨਹੀਂ ਉਠਾਈ। ਜੇ ਕਿਤੇ ਉਸ ਸਾਂਝੀ ਕੜੀ ਵਲ ਧਿਆਨ ਦਿਤਾ ਜਾਂਦਾ ਤਾਂ ਇਡਾ ਬਖੇੜਾ ਹੀ ਨਹੀਂ ਸੀ ਖੜਾ ਹੋਣਾ। ਪਰ ਕੋਣ ਕਰੇ ਜੀ ਇਡਾ ਝਮੇਲਾ , ਕਿਸ ਪਾਸ ਸਮਾਂ ਹੈ। ਜੋ ਇਕ ਨੇ ਲਿਖ ਦਿਤਾ ਬਾਕੀਆਂ ਨੇ ਜੈਕਾਰੇ ਛਡਦਿਆਂ ਨੇ ਪੱਕੀ ਸੜਕ ਬਣਾ ਧਰੀ। 
ਇਸ ਸਾਂਝੀ ਕੜੀ ਦੀ ਗੁੱਥੀ ਸੁਲਝਾਉਣ ਲਈ ਬਚਿਤ੍ਰ ਨਾਟਕ ਵਿਚ ਦਰਜ ਹੇਠ ਲਿਖੀਆਂ ਲਾਈਨਾਂ ਸਹਾਈ ਹੋਣ ਗੀਆਂ।
“ ਮੁਰ ਪਿਤ ਪੁਰਬ ਕੀ ਆਸ ਪਿਯਾਨਾ॥ ਭਾਂਤ ਭਾਂਤ ਕੇ ਤੀਰਥ ਨਾਨਾ॥ ਜਬ ਹੀ ਜਾਤ ਤ੍ਰਿਬੈਣੀ ਭਯੇ॥ ਪੁੰਨ ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸ਼ਹਿਰ ਵਿਖੇ ਭਵ ਲਯੋ॥”
ਇਸ ਬੰਦ ਦੀ ਰੌਸ਼ਨੀ ਵਿਚ ਮੈਂ ਵਖ ਵਖ ਧਰਮਾਂ ਅਤੇ ਅਜ ਦੀ ਟੈਕਨੋਲਜੀ ਦੇ ਅਧਾਰ ਤੇ ਹੀ ਵਿਚਾਰ ਪੇਸ਼ ਕਰਾਂਗਾ। ਇਬਰਾਨ ਮਤ ਵਾਲੇ ( ਕ੍ਰਸਿ਼ਚੀਅਨ, ਜੂਡੇਇਜ਼ਮ ਅਤੇ ਇਸਲਾਮ) ਤਾਂ ਬਚੇ ਦੇ ਨਿਮਣ ਨੂੰ ਹੀ ਜਨਮ ਸਮਝਦੇ ਹਨ ਅਤੇ ਨਿਮਣ ਤੋਂ ਜਨਮ ਤਕ ਕਿਸੇ ਵੇਲੇ ਵੀ ਗਰਭਪਾਤ ਕਰਨ ਨੂੰ ਗੁਨਾਹ ਸਮਝਿਆ ਜਾਂਦਾ ਹੈ। ਪਰੋ ਚੋਇਸ( ਜੋ ਗਰਭਪਾਤ ਦੇ ਹਕ ਵਿਚ ਹਨ)ਅਤੇ ਪਰੋ ਲਾਈਫ ( ਜੋ ਗਰਭਪਾਤ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਹਾਮੀ ਹਨ) ਦੀ ਖਿਚੋਤਾਣ ਵਿਚ ਜਦ ਕਾਨੂੰਨ ਨੇ ਦਖਲ ਅੰਦਾਜ਼ੀ ਕੀਤੀ ਤਾਂ ਇਹਨਾਂ ਧਰਮਾਂ ਦੇ ਆਊਆਂ ਨੂੰ ਵੀ ਕੁਝ ਲੱਚਕ ਦਿਖਾਉੁਣੀ ਪਈ. ਇਹਨਾ ਨੇ ਦਲੀਲ ਦਿਤੀ ਕਿ ਜਦ ਜਿਸਮ ਵਿੱਚ ਖੂਨ ਚੱਲਣ ਲੱਗ ਜਾਵੇ ਉਸ ਵੇਲੇ ਦਾ ਗਰਭਪਾਤ ਜੁਰਮ ਗਿਣਿਆ ਜਾਣਾ ਚਾਹੀਦਾ ਹੈ (ਬਾਈਬਲ ਵਿਚ ਖੂਨ ਦਾ ਡੋਲਣਾ ਭਾਵ ਕਿਸੇ ਨੂੰ ਕਤਲ ਕਰ ਦੇਣਾ ਬੱਜਰ ਗੁਨਾਹ ਹੈ। ਨਿਮਣ ਤੋਂ ਕੋਈ ਵੀਹ ਦਿਨ ਅੰਦਰ ਖੂਨ ਬਣਨਾਂ ਸ਼ੁਰੂ ਹੋ ਜਾਂਦਾ ਹੈ, ਪਰ ਮਨੁਖੀ ਬਚੇ ਵਰਗੀ ਹਾਲੇ ਕੋਈ ਗੱਲ ਨਹੀਂ ਹੁੰਦੀ. ਸੋ ਉਹਨਾਂ ਦੀ ਦਲੀਲ ਕਾਨੂੰਨ ਨੇ ਨਕਾਰ ਦਿਤੀ।
ਦਸ ਹਫਤਿਆਂ ਦਾ ਗਰਭ ਕੁਝ ਕੁਝ ਮਨੁਖੀ ਬਚੇ ਵਰਗਾ ਲੱਗਣ ਲੱਗ ਜਾਂਦਾ ਹੈ। ਉਸ ਦੇ ਅੰਦਰ ਦਿਲ ਵੀ ਧੜਕਦਾ ਹੈ ਲੜਕੇ ਲੜਕੀ ਦੀ ਪਛਾਣ ਵੀ ਹੋ ਸਕਦੀ ਹੈ ਪਰ ਹਾਲੇ ਵੀ ਕੁਝ ਕਮੀਆਂ ਹਨ ਜੋ ਕੋਈ ਤੇਰਾਂ ਹਫਤਿਆਂ ਵਿਚ ਪੂਰੀਆਂ ਹੋ ਜਾਂਦੀਆਂ ਹਨ। ਇਥੋਂ ਤਕ ਕਾਨੂੰਨ ਗਰਭਪਾਤ ਨੂੰ ਜੁਰਮ ਨਹੀਂ ਗਿਣਦਾ।
ਇਸ ਤੋਂ ਅਗਲੀ ਗੱਲ ਧਿਆਨ ਮੰਗਦੀ ਹੈ ਮਕਾਨ ਤਿਆਰ ਹੋ ਚੁੱਕਾ ਹੈ, ਬਿਜਲੀ ਦਾ ਕੁਨੈਕਸ਼ਨ ਵੀ ਮਿਲ ਚੁੱਕਾ ਹੈ। ( ਭਾਵ ਦਿਲ ਧੜਕਦਾ ਹੈ) ਠੰਡੇ ਗਰਮ ਪਾਣੀ ਦਾ ਵੀ ਪ੍ਰਬੰਧ ਹੋ ਚੁੱਕਾ ਹੈ ( ਖੂਨ ਦੌਰਾ ਕਰ ਰਿਹਾ ਹੈ) ਅੰਦਰ ਬਾਹਰ ਦੀ ਸਜਾਵਟ ਮੁਕੰਮਲ ਹੋ ਚੁਕੀ ਹੈ ( ਲਿੰਗ ਤੋਂ ਲੈ ਕੇ ਹਥ ਰੇਖਾ ਤਕ ਦੇਖੀਆਂ ਜਾ ਸਕਦੀਆਂ ਹਨ) ਹੁਣ ਕਮੀ ਹੈ ਤਾਂ ਸਿਰਫ ਕਿਸੇ ਆਤਮਾਂ ਦੀ ਜਿਸ ਨੇ ਉਸ ਵਜੂਦ ਵਿਚ ਪ੍ਰਵੇਸ਼ ਕਰਨਾ ਹੈ ( ਮਾਲਕ ਮਕਾਨ ) ਜਿਸ ਤਰਾ ਮੈਂ ਉਪਰ ਲਿਖ ਆਇਆ ਹਾਂ ਕਿ ਤੇਰਾਂ ਹਫਤੇ ਦਾ ਗਰਭ ਬਚੇ ਦੇ ਵਜੂਦ ਨੂੰ ਹਰ ਪੱਖੌਂ ਮੁਕੱਮਲ ਕਰ ਚੁੱਕਾ ਹੈ। ਚੌਦਵੇਂ ਹਫਤੇ ਕਿਸੇ ਵੇਲੇ ਵੀ ਕੋਈ ਆਤਮਾਂ ਜਦ ਉਸ ਚੋਲੇ ਨੂੰ ਅਪਨਾ ਲੈਂਦੀ ਹੈ ਤਾਂ ਉਸ ਆਤਮਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਚਿਤ੍ਰ ਨਾਟਕ ਵਿਚ ਇਸ ਹੀ ਸਮੇਂ ਦਾ ਜਿ਼ਕਰ ਹੈ ( ਤਹੀ ਪ੍ਰਕਾਸ਼ ਹਮਾਰਾ ਭਯੋ) ਮਿਹਰਬਾਨ ਵਾਲੀ ਜਨਮ ਸਾਖੀ ਵੀ ਜਦ ਵਿਸਾਖ ਸ਼ੁਦੀ ਤੀਜ ਦੀ ਗੱਲ ਕਰਦੀ ਹੈ ਤਾਂ ਇਸੇ ਪਰਕਾਸ਼ ਦੀ ਗੱਲ ਕਰਦੀ ਹੈ। ਪੁਰਾਣੇ ਸਮੇਆਂ ਵਿਚ ਬਚੇ ਦੀ ਪੇਟ ਵਿਚ ਪਹਿਲੀ ਹਿਲਜੁਲ ਤੇ ਹੀ ਗਰਭ ਗਿਣਿਆ ਜਾਂਦਾ ਸੀ। ਜੇ ਚੌਦਵੇਂ ਹਫਤੇ ਕੋਈ ਆਤਮਾਂ ਉਸ ਜਾਂਮੇ ਵਿਚ ਪ੍ਰਵੇਸ਼ ਨਾ ਕਰੇ ਤਾਂ ਕੁਦਰਤ ਰਾਣੀ ਉਸ ਵਜੂਦ ਨੂੰ ਨਕਾਰ ਦਿੰਦੀ ਹੈ,ਜਿਸ ਨੂੰ ਸਾਦੀ ਬੋਲੀ ਵਿਚ ਗਰਭ ਗਿਰ ਗਿਆ ਕਿਹਾ ਜਾਂਦਾ ਹੈ।
ਯੂ. ਐਨ .ਓ . ਵੀ ਪੰਦਰਾਂ ਹਫਤੇ ਦੇ ਬਾਅਦ ਗਰਭਪਾਤ ਨੂੰ ਸਹੀ ਨਹੀਂ ਮਨਦੀ।
ਹੁਣ ਦੇਖਣਾ ਹੈ ਕਿ ਕੀ ਇਹ ਦਲੀਲ ਗਣਿਤ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ।
ਪਰਕਾਸ਼ ਤਕ ਚੌਦਾਂ ਹਫਤੇ ਗਿਣੀਏ ਤਾਂ 98 ਦਿਨ ਹੋਏ। ਵਿਸਾਖ ਸ਼ੁਦੀ ਤੀਜ ਤੋਂ ਕੱਤਕ ਸ਼ੁਦੀ ਪੂਰਨਮਾਸ਼ੀ ਤਕ ਕੁਲ ਦਿਨ ਬਣਦੇ ਹਨ 186। 186+ 98 ਜਮਾ ਕਰੀਏ ਤਾਂ ਕੁਲ ਦਿਨ ਹੋਏ 284। 30 ਦਿਨ ਦਾ ਮਹੀਨਾ ਗਿਣੀਏ ਤਾਂ ਨਿਮਣ ਤੋਂ ਲੈ ਕੇ ਜਨਮ ਤਕ 9 ਮਹੀਨੇ ਅਤੇ 14 ਦਿਨ ਬਣੇ, ਜੋ ਗਰਭ ਕਿਰਿਆ ਮੁਕੱਮਲ ਹੋਣ ਲਈ ਬਿਲਕੁਲ ਸਹੀ ਹਨ। ਇਸ ਤੋਂ ਸਿਧ ਹੁੰਦਾ ਹੈ ਕਿ ਮਿਹਰਬਾਨ ਵਿਸਾਖ ਸ਼ੁਦੀ ਤੀਜ ਨੁੰ ਪਰਕਾਸ਼ ਦੀ ਗੱਲ ਕਰਦਾ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਵਰਤਿਆ ਜਨਮ ਪਤਰਾ ਕੱਤਕ ਸ਼ੂਦੀ ਪੂਰਨਮਾਸ਼ੀ ਨੂੰ ਜਨਮ ਦੀ ਸਹੀ ਭਰਦਾ ਹੈ।
ਪੁਰਾਤਨ ਗਰੰਥਾਂ ਵਿਚ ਬਾਬੇ ਨਾਨਕ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਸੰਮਤ 1526 ਮੁਤਾਬਕ 1469 ਈ: ਹੈ ਅਤੇ ਜੋਤੀ ਜੋਤਿ ਸਮਾਉਣ ਦੀ ਮਿਤੀ ਅਸੂ ਵਦੀ ਦਸ ਸੰਮਤ 1596 ਮੁਤਾਬਕ 1539 ਈ:ਹੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ.
“ ਉਰਜ ਮਾਸ ਕੀ ਪੂਰਨਮਾਸ਼ੀ ਹਰਕੀਰਤ ਸੋ ਜੌਨ ਪਰਕਾਸ਼ੀ ॥20॥ 
ਸੰਬਤ ਨੌ ਖਟ ਸਹਸ ਛਬੀਸਾ ਭੋ ਅਵਤਾਰ ਪਰਗਟ ਜਗਦੀਸਾ” 
ਅਰਥ, ਸੰਮਤ 1526 ਬਿਕ੍ਰਮੀ ਕੱਤਕ ਸ਼ੁਦੀ ਪੂਰਨਮਾਸ਼ੀ ਵਾਲੇ ਦਿਨ ਸਤਗੁਰਾਂ ਨੇ ਅਵਤਾਰ ਧਾਰਿਆ।
ਉਸ ਤੋਂ ਅਗਲੀ ਲਾਈਨ ਹੈ “ ਭਯੋ ਅਚਾਨਕ ਸਭਿਨਿ ਉਛਾਹਾ॥7॥ 
ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ ਸਪਤ ਦਿਨ ਪਰਵਾਨ ॥ ਪਾਤਸ਼ਾਹੀ ਸਰੀ ਪਰਭ ਕਰੀ॥90॥ 
ਸੰਮਤ ਪੰਦਰਾ ਸੈ ਅਧਕ ਛਨਵਾ ਅਸੂਜ ਵਦੀ ਦਸਵੀਂ ਵਿਖੈ ਸਚਖੰਡ ਪਰਸਥਾਨ॥
ਭਾਵ, ਭਾਈ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਜਿ਼ਕਰ ਕਰਦੇ ਹੋਏ ਲਿਖਦੇ ਹਨ ਸੰਮਤ ਸੱਤਰ ਪਛਾਨ। ਪਛਾਨ ਅਤੇ ਉਸਤੋਂ ਅਗੇ ਪ੍ਰਵਾਨ ਸ਼ਬਦ ਦੀ ਵਰਤੋਂ ਕਰਦੇ ਹਨ। ਪਛਾਨ ਸ਼ਬਦ ਦੀ ਵਰਤੋਂ ਕਰਕੇ ਭਾਈ ਸਾਹਿਬ ਬਾਬੇ ਨਾਨਕ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਆਖਦੇ ਹਨ। ਅਗੋਂ ਆਖਦੇ ਹਨ ਸਪਤ ਦਿਨ ਪਰਵਾਨ ਨਾਲ ਸਤ ਦਿਨਾਂ ਤੇ ਮੋਹਰ ਲਾ ਦਿੰਦੇ ਹਨ। ਇਸ ਤਰ੍ਹਾਂ ਭਾਈ ਸਾਹਿਬ ਦਸ ਰਹੇ ਹਨ ਕਿ ਬਾਬਾ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਸੀ ਕਿ ਪੰਜ ਮਹੀਨੇ ਸਤ ਦਿਨ ਬੀਤਿਆਂ ਬਾਬਾ ਨਾਨਕ ਜੀ ਜੋਤੀ ਜੋਤ ਸਮਾਂ ਗਏ।
ਭਾਈ ਸੰਤੋਖ ਸਿੰਘ ਜੀ ਖਾਲਸਈ ਕੈਲੰਡਰ ਜੋ ਵਿਸਾਖ ਤੋਂ ਸੁਰੂ ਹੁੰਦਾ ਹੈ ਨੂੰ ਆਪਣੀ ਗਿਣਤੀ ਦਾ ਧੁਰਾ ਬਣਾ ਰਹੇ ਹਨ. ਵਿਸਾਖ, ਜੇਠ ,ਹਾੜ ,ਸਾਵਨ ਭਾਦੋਂ ਪੰਜ ਮਹੀਨੇ ਹੋ ਗਏ ਅਸੂ ਵਦੀ ਦਸਵੀਂ ਅਸੂ ਸਤ ਨੂੰ ਪੈਂਦੀ ਹੈ. ਇਸ ਤਰਾਂ ਪੰਜ ਮਹੀਨੇ ਸਤ ਦਿਨ ਬਣ ਜਾਂਦੇ ਹਨ। ਵਿਸ਼ਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਭਾਈ ਸੰਤੋਖ ਸਿੰਘ ਜੀ ਦੀ ਲਿ਼ਖਤ ਦੇ ਗੱਲਤ ਅਰਥ ਕਰ ਕੇ ਬਾਬਾ ਜੀ ਦੀ ਆਯੂ 70 ਸਾਲ 5 ਮਹੀਨੇ ਅਤੇ ਸਤ ਦਿਨ ਮਿਥਦੇ ਹਨ। ਵਿਸਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਈ: ਸੰਨ ਮੁਤਾਬਕ 15 ਅਪਰੈਲ 1469 ਨੂੰ ਜਨਮ ਮਿਤੀ ਅਤੇ 7 ਸਤੰਬਰ 1539 ਨੂੰ ਜੋਤੀ ਜੋਤ ਸਮਾਉਣ ਦੀ ਮਿਤੀ ਮਨਦੇ ਹਨ ਦੇਖੋ ( ਪ੍ਰਿਸੀਪਲ ਸਤਵੀਰ ਸਿੰਘ , ਸਾਡਾ ਇਤਹਾਸ) ਜੇ ਦਿਨ ਗਿਣੀਏ ਤਾਂ ਬਾਬਾ ਜੀ ਦੀ ਆਯੂ 70 ਸਾਲ ਪੰਜ ਮਹੀਨੇ ਸਤ ਦਿਨ ਦੀ ਗਣਿਤ ਤੇ ਪੂਰੀ ਨਹੀਂ ਉੁਤਰਦੀ। ਇਸ ਤਰ੍ਹਾਂ ਵਿਸਾਖ ਸ਼ੁਦੀ ਤੀਜ ਦਾ ਆਗਮਨ ਦਿਵਸ ਸ਼ਕ ਦੇ ਘੇਰੇ ਵਿਚ ਆ ਜਾਦਾ ਹੈ । ਇਸ ਕਰਕੇ ਹਰ ਸੂਝਵਾਨ ਪੁਰਖ ਵਿਸਾਖ ਸ਼ੁਦੀ ਤੀਜ ਦੀ ਜਨਮ ਮਿਤੀ ਮਨਣ ਤੋਂ ਹਿਚਕਚਾਏ ਗਾ।
ਦਲੀਲ ਦਿਤੀ ਜਾਂਦੀ ਹੈ ਕਿ ਕਰਮ ਸਿੰਘ ਹਿਸਟੋਰੀਅਨ ਅਤੇ ਆਪਣੇ ਆਪ ਨੂੰ ਕੈਲੰਡਰ ਦਾ ਮਾਹਰ ਦਸਣ ਵਾਲੇ ਪਾਲ ਸਿੰਘ ਪੁਰੇ ਵਾਲ ਨੇ ਕੱਤਕ ਸ਼ੁਦੀ ਪੂਰਨਮਾਸ਼ੀ ਦੇ ਆਗਮਨ ਦਿਵਸ ਨੂੰ ਨਕਾਰ ਦਿਤਾ ਹੈ। 
ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਕਰਦੇ ਹਾਂ। ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ “ ਕੱਤਕ ਜਾਂ ਵਿਸਾਖ ਦੇ ਅਖੀਰ ਵਿਚ ਲਿਖਦਾ ਹੈ “ਪਾਠਕ ਜੀ! ਜੋ ਕੁਝ ਮੈਂ ਕਹਿਣਾ ਸੀ ਆਪ ਦੀ ਸੇਵਾ ਵਿਚ ਕਹਿ ਦਿਤਾ ਹੈ, ਆਸ਼ਾ ਹੈ ਕਿ ਆਪ ਜੀ ਨਿਰਪੱਖ ਹੋ ਕੇ ਇਸ ਲੇਖ ਨੂੰ ਦੇਖੋਗੇ ਅਤੇ ਵਿਚਾਰੋਗੇ ਕਿ ਇਸ ਵਿਚ ਕਿਥੋਂ ਤਕ ਸਚਾਈ ਹੈ ਅਤੇ ਕਿਥੋਂ ਤਕ ਕਚਿ ਲਿਖਿਆ ਹੈ , ਸਚ ਹੀ ਸਚ ਹੈ, ਪਰ ਇਹ ਮੈਂ ਆਪ ਜੀ ਨੂੰ ਨਿਸਚਾ ਕਰਵਾਉਂਦਾ ਹਾਂ ਕਿ ਜੋ ਕੁਝ ਮੈਂ ਲਿਖਿਆ ਹੈ ਆਪਣੇ ਵਲੋਂ ਸੋਚ ਕੇ ਲਿਖਿਆ ਹੈ ਕਿਤੇ ਵੀ ਇਹ ਯਤਨ ਨਹੀ ਕੀਤਾ ਕਿ ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਨਾਲ ਸਚੀ ਗੱਲ ਨੂੰ ਝੂਠੀ ਸਿਧ ਕਰਾਂ ਮੈਨੂ ਵਿਸਾਖ ਸੁਦੀ ਤੀਜ ਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ ਜਿਸ ਗੱਲ ਨੂੰ ਮੈਂ ਸਚ ਸਮਝਦਾ ਹਾਂ ਉਹੀ ਆਪ ਨੂੰ ਦੱਸੀ ਹੈ। ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋ ਕੇ ਨਿਰਪੱਖ ਵਿਚਾਰ ਕਰੋਗੇ।” 
ਕਰਮ ਸਿੰਘ ਹਿਸਟੋਰੀਅਨ ਨੇ ਨਿਰਪਖ ਵਿਚਾਰ ਕਰਨ ਲਈ ਕਿਹਾ ਹੈ। ਬਸ ਕੌਣ ਮਗਜ਼-ਮਾਰੀ ਕਰੇ ਜੀ! ਜੋ ਕੁਝ ਲਿਖਿਆ ਗਿਆ ਸਚ ਹੀ ਹੋਣਾ। ਇਸ ਤਰਾਂ ਕਿਸੇ ਦੀ ਕਹੀ ਲਿਖਤ ਦਾ ਪਰਮਾਣ ਦੇਣਾ ਬਗੈਰ ਪੜ੍ਹਿਓਂ ਕਿਸੇ ਦਸਤਾਵੇਜ਼ ਤੇ ਹਸਤਾਖਸ਼ਰ ਕਰਨ ਦੇ ਬਰਾਬਰ ਹੁੰਦਾ ਹੈ।
ਵੀਰ ਪਾਲ ਸਿੰਘ ਪੁਰੇਵਾਲ ਦੀ ਗੱਲ ਕਰਨ ਵਾਲੇ ਪੁਰੇਵਾਲ ਜੀ ਦਾ ਸਿਖ ਕੋਲੀਸ਼ਨ’ਤੇ ਲਿਖਿਆ ਲੇਖ “ਬਰਥ ਡੇ ਗੁਰੂ ਨਾਨਕ ਸਾਹਿਬ “ ਪੜ੍ਹਨ ਦੀ ਜ਼ਰੂਰ ਖੇਚਲ ਕਰਨ। ਜੇ ਆਪ ਨਹੀਂ ਤਾਂ ਕਿਸੇ ਕੈਲੰਡਰ ਦੇ ਵਿਦਵਾਨ ਤੋਂ ਰਾਏ ਲੈ ਲੈਣ ਤਾਂ ਵੀਰ ਪੁਰੇਵਾਲ ਨੇ ਜਿਸ ਤਰਾਂ ਤਿਨ ਚਾਰ ਕੈਲੰਡਰਾਂ ਦੀ ਖਿਚੜੀ ਬਣਾ ਕੇ ਈਸ਼ਰ ਸਿੰਘ ਨਾਰਾ ਦੇ ਲੇਖ ਵਿਸਾਖ ਨਹੀਂ ਕੱਤਕ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ ਉਸ ਦਾ ਨਿਤਾਰਾ ਵੀ ਹੋ ਜਾਵੇਗਾ ਅਤੇ ਨਾਲ ਹੀ ਇਹ ਵੀ ਸਾਬਤ ਹੋ ਜਾਵੇਗਾ ਕਿ ਕੀ ਵੀਰ ਪੁਰੇਵੱਲ ਸਚੀਂ ਮੁਚੀਂ ਕੈਲੰਡਰ ਦੀ ਜਾਣਕਾਰੀ ਰਖਦਾ ਹੈ ਜਾਂ ਸੰਗਰਾਂਦ ਦੇ ਦਿਨ ਅਗੇ ਪਿਛੇ ਕਰਕੇ ਹਿੰਦੂ ਸੰਗਰਾਂਦ ਅਤੇ ਸਿਖ ਸੰਗਰਾਂਦ ਤਕ ਹੀ ਉੁਸ ਦੀ ਸੋਚ ਹੈ। 
ਵੀਰ ਪੁਰੇਵਾਲ ਤਾਂ ਵਿਸਾਖ ਸ਼ੁਦੀ ਤੀਜ ਨੂੰ ਵੀ ਨਿਕਾਰਦਾ ਹੈ। ਉਸ ਦੀ ਗਣਤ ਅਨੁਸਾਰ ਜੋਤੀ ਜੋਤ ਸਮਾਉਣ ਦਾ ਦਿਨ ਅਸੂ 8 ਹੈ ਅਤੇ 70 ਸਾਲ 5 ਮਹੀਨੇ 7 ਦਿਨ ਪੂਰੇ ਕਰਨ ਲਈ ਉਹ ਪਿਛਲ ਖੁਰੀ ਤੁਰਦਾ ਹੈ ਅਤੇ ਵਿਸਾਖ ਪਹਿਲੀ ਨੂੰ ਗੁਰੂ ਮਹਾਰਾਜ ਦਾ ਜਨਮ ਅੰਗਦਾ ਹੈ ਅਤੇ ਨਾਲ ਇਹ ਵੀ ਲਿਖਦਾ ਹੈ ਕਿ ਉਸ ਦਿਨ ਪੂਰਨਮਾਸ਼ੀ ਸੀ। ਗੁਰੂ ਨਾਨਕ ਦੇਵ ਜੀ ਦਾ ਪੁਰਵ ਵਿਸਾਖੀ ਤੇ ਮਨਾਉਣ ਲਈ ਪਰੇਰਦਾ ਹੈ। ਮੂਲ ਮੁਦਾ ਗੁਰ ਨਾਨਕ ਦੇਵ ਜੀ ਦੱ ਗੁਰਪੁਰਬ ਅਤੇ ਵਿਸਾਖੀ ਨੂੰ ਰਲਗਢ ਕਰਨਾ ਹੈ। ਮੇਰੇ ਵੀਰੋ ਅਗਰ ਇਸੇ ਤਰਾਂ ਚਲਦਾ ਰਿਹਾ ਤਾਂ ਅੱਧੀ ਸਿਖ ਕੌਮ ਵਿਸਾਖੀ ਮਨਾਇਆ ਕਰੇਗੀ ਅਤੇ ਅੱਧੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ। ਹੋਲੀ ਹੋਲੀ ਸਿਖ ਕੌਮ ਵਿਸਾਖੀ ਦੇ ਦਿਨ ਤੋਂ ਦੂਰ ਹੁੰਦੀ ਹੁੰਦੀ ਖਾਲਸੇ ਦੀ ਸਿਰਜਣਾ ਦਿਵਸ ਨੂੰ ਵੀ ਵਿਸਾਰ ਦੇਵੇਗੀ। ਮਹਾਤਮਾਂ ਗਾਂਧੀ ਨੇ ਚਰਖਾ ਫੜਾ ਕੇ ਜੋ ਮਰਦਾਂ ਦਾ ਬਾਹੂ ਬਲ ਕਮਜ਼ੋਰ ਕਰਨ ਦਾ ਯਤਨ ਕੀਤਾ ਸੀ ਸਾਡੇ ਵਿਦਵਾਨ ਵਿਸਾਖੀ ਅਤੇ ਗੁਰੂ ਬਾਬਾ ਨਾਨਕ ਦੇਵ ਜੀ ਦਾ ਗੁਰਪੁਰਬ ਰਲਗਢ ਕਰਕੇ ਖਾਲਸਾ ਕੌਮ ਦੀ ਆਨ ਸ਼ਾਨ ਨੂੰ ਸਟ ਮਾਰਨਗੇ।
ਸਿਖ ਕੌਮ ਵਿਚ ਲੇਖਕਾਂ ਦੀ ਕੋਈ ਕਮੀ ਨਹੀਂ, ਕਮੀ ਹੈ ਇਤਹਾਸ ਦੀ ਖੋਜ ਕਰਨ ਵਾਲਿਆਂ ਦੀ। ਜਿਸ ਦੇ ਨਾਂ ਨਾਲ ਡਾਕਟਰ ਜਾਂ ਪ੍ਰਿਨਸੀਪਲ ਜਾਂ ਕੋਈ ਹੋਰ ਉਪਾਧੀ ਲਗੀ ਹੋਈ ਹੋਵੇ ਉਸ ਬਾਰੇ ਕੋਈ ਟਿਪਣੀ ਨਹੀਂ ਕਰਦਾ , ਸਭ ਸਚ ਮੰਨ ਲਿਆ ਜਾਂਦਾ ਹੈ. ਪੜ੍ਹਨ ਗੁੜ੍ਹਨ ਵਾਲਿਆਂ ਦੀ ਕਮੀ ਹੋਣ ਕਾਰਨ ਜਿਸ ਦਾ ਜੋ ਜੀ ਚਾਹਿਆ ਲਿਖ ਮਾਰਦਾ ਹੈ।
ਮੇਰੈ ਮਿਸ਼ਨਰੀ ਵੀਰ ਅਜ ਕਲ ਮਸ਼ੀਨਰੀ ਬਣ ਗਏ ਹਨ। ਵਿਸ਼ਾ ਕੋਈ ਵੀ ਹੋਵੇ ਬਾਬੇ ਨਾਨਕ ਦੇ ਜਨਮ ਉਤਸਵ ਵਿਸਾਖ ਸ਼ੁਦੀ ਤੀਜ ਦਾ ਤੋੜਾ ਜ਼ਰੂਰ ਝਾੜ ਦੇਣਗੇ। ਇਤਹਾਸ ਵਿਚ ਬਗੈਰ ਸਿਰ ਪੈਰ ਤੋਂ ਲਿਖਿਆ ਸ਼ੰਕਾ ਦਾ ਬੀਜ ਬੀਜ ਦੇਣ ਦੇ ਬਰਾਬਰ ਜਾਂਦਾ ਹੈ। ਰਵਿਊ ਕਰਨ ਵਾਲੇ ਪਗ ਵਟ ਭਰਾ ਬਣ ਜਾਂਦੇ ਹਨ ਹੌਲੀ ਹੌਲੀ ਉਹ ਬਿਗਾੜਿਆ ਹੋਇਆ ਇਤਹਾਸ ਹੀ ਇਤਹਾਸ ਹੋ ਨਿਬੜਦਾ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਆਓ ਇਸ ਸਾਲ ਬਾਬੇ ਨਾਨਕ ਦੇ ਪਵਿਤ੍ਰ ਗੁਰਪੁਰਬ ਤੇ ਪ੍ਰਣ ਕਰੀਏ ਕਿ ਖੌਹਰੀ ਬੋਲੀ ਨਹੀਂ ਵਰਤਾਂ ਗੇ ਦੁੂਸਰੇ ਦੇ ਵਿਚਾਰ ਵੀ ਬੜੇ ਤੱਹਮਲ ਨਾਲ ਸੁਣਾਗੇ ਅਤੇ ਕੌਮ ਨੂੰ ਖੇਰੂੰ ਖੇਰੂੰ ਹੋਣ ਤੋ ਬਚਾਵਾਂਗੇ, ਫੇਰ ਯਕੀਨ ਜਾਨਣਾ ਖਾਲਸਤਾਨ ਤੁਹਾਡੇ ਕੱਦਮ ਚੁੱਮਣ ਨੂੰ ਬੇਹਬਲ ਹੋ ਉੁਠੇਗਾ। ਅੰਤ ਵਿਚ ਸਾਰੇ ਸੰਸਾਰ ਨੂੰ ਬਾਬਾ ਨਾਨਕ ਦੇ ਗੁਰ-ਪੁਰਬ ਦੀ ਲਖ ਲਖ ਵਧਾਈ ਦਿੰਦਾ ਹਾਂ।

****

ਸ਼ਹਿਰੀ ਖੇਤਰਾਂ ਵਿਚ ਪੰਜਾਬੀ ਜ਼ੁਬਾਨ ਦੀ ਹੋ ਰਹੀ ਬੇਕਦਰੀ : ਚਿੰਤਾ ਦਾ ਵਿਸ਼ਾ.......... ਲੇਖ / ਨਿਸ਼ਾਨ ਸਿੰਘ ਰਾਠੌਰ

ਪੰਜਾਬੀ ਸਾਹਿਤਿਕ ਹਲਕਿਆਂ ਵਿਚ ਇਹ ਕਹਾਵਤ ਬੜੀ ਮਸ਼ਹੂਰ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ, “ਜਾ ਤੇਰੀ ਉੱਮਰ ਲੋਕਗੀਤ ਜਿੰਨੀ ਹੋਵੇ।” ਅਤੇ ਜੇਕਰ ਬਦਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ, “ਜਾ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ।”
ਲੋਕਗੀਤ ਕਦੇ ਮਰਦੇ ਨਹੀਂ ਬਲਕਿ ਹਮੇਸ਼ਾ ਲੋਕ ਮਨਾਂ ਵਿਚ ਜਿਉਂਦੇ ਰਹਿੰਦੇ ਹਨ ਅਤੇ ਦੁਜੇ ਪਾਸੇ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ ਉਹ ਜਿਉਂਦਿਆਂ ਜੀਅ ਹੀ ਮਰਿਆਂ ਬਰਾਬਰ ਹੁੰਦਾ ਹੈ।

ਕਹਿੰਦੇ ਹਨ ਕਿ ਇਕ ਭਾਸ਼ਾ ਮਾਹਿਰ ਵਿਅਕਤੀ ਕਈ ਭਾਸ਼ਾਵਾਂ ਨੂੰ ਇਤਨੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਕਿ ਕਿਸੇ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਸੀ ਕਿ ਇਹ ਵਿਅਕਤੀ ਜਿਹੜੀ ਬੋਲੀ ਬੋਲ ਰਿਹਾ ਹੈ ਉਹ ਇਸ ਦੀ ਮਾਂ ਬੋਲੀ ਨਹੀਂ। ਇਸ ਦੇ ਨਾਲ ਹੀ ਕੋਈ ਵਿਅਕਤੀ ਇਹ ਨਹੀਂ ਸੀ ਦੱਸ ਸਕਦਾ ਕਿ ਇਸ ਦੀ ਮਾਤ ਭਾਸ਼ਾ ਕਿਹੜੀ ਹੈ?
ਇਕ ਵਾਰੀਂ ਉਸ ਵਿਅਕਤੀ ਦੀ ਸ਼ਰਤ ਲੱਗ ਗਈ ਕਿ ਜਿਹੜਾ ਵਿਅਕਤੀ ਮੇਰੀ ਮਾਤ ਭਾਸ਼ਾ ਦੱਸ ਦੇਵੇਗਾ ਮੈਂ ਉਸ ਨੂੰ 5,000 ਰੁਪਏ ਇਨਾਮ ਵੱਜੋਂ ਦੇਵਾਂਗਾ। ਉਸ ਦੀ ਮਾਤ ਭਾਸ਼ਾ ਦਾ ਪਤਾ ਲਗਾਉਣ ਲਈ ਕਈ ਵਿਅਕਤੀ ਆਏ ਪਰ ਸਾਰੇ ਹੀ ਹਾਰ ਕੇ ਚਲੇ ਗਏ ਕਿਉਂਕਿ ਉਸ ਵਿਅਕਤੀ ਨੂੰ ਦੂਜੀਆਂ ਭਾਸ਼ਾਵਾਂ ਵਿਚ ਇਤਨੀ ਮੁਹਾਰਤ ਹਾਸਲ ਸੀ ਕਿ ਇਹ ਪਤਾ ਨਹੀਂ ਸੀ ਲੱਗ ਸਕਦਾ ਕਿ ਇਸ ਦੀ ਮਾਤ ਭਾਸ਼ਾ ਕਿਹੜੀ ਹੈ?
ਕਈ ਦਿਨਾਂ ਬਾਅਦ ਇਕ ਵਿਅਕਤੀ ਉਸ ਕੋਲ ਆਇਆ ਤੇ ਕਹਿਣ ਲੱਗਾ, “ ਮੈਂ ਪਤਾ ਲਗਾ ਸਕਦਾ ਹਾਂ ਕਿ ਤੁਹਾਡੀ ਮਾਤ ਭਾਸ਼ਾ ਕਿਹੜੀ ਹੈ?”
ਭਾਸ਼ਾ ਮਾਹਿਰ ਵਿਅਕਤੀ ਨੇ ਕਿਹਾ, “ ਠੀਕ ਹੈ ਜੇ ਤੂੰ ਪਤਾ ਲਗਾ ਦੇਵੇਂ ਤਾਂ ਮੈਂ ਤੈਨੂੰ 5,000 ਰੁਪਏ ਇਨਾਮ ਵੱਜੋਂ ਦੇ ਦੇਵਾਂਗਾ।”
ਉਸ ਵਿਅਕਤੀ ਨੇ ਭਾਸ਼ਾ ਮਾਹਿਰ ਵਿਅਕਤੀ ਨੂੰ ਕਿਹਾ, “ ਤੁਸੀਂ ਕੁੱਝ ਦਿਨ ਮੇਰੇ ਨਾਲ ਮੇਰੇ ਘਰ ਰਹੋ ਤਾਂ ਮੈਂ ਪਤਾ ਲਗਾ ਲਵਾਂਗਾ ਕਿ ਤੁਹਾਡੀ ਮਾਂ ਬੋਲੀ ਕਿਹੜੀ ਹੈ?”
ਭਾਸ਼ਾ ਮਾਹਿਰ ਨੇ ਕਿਹਾ, “ ਠੀਕ ਏ।”
ਇਸ ਤਰ੍ਹਾਂ ਉਹ ਭਾਸ਼ਾ ਮਾਹਰ ਵਿਅਕਤੀ ਉਸ ਵਿਅਕਤੀ ਦੇ ਘਰ ਰਹਿਣ ਲਈ ਚਲਾ ਗਿਆ। ਅਜੇ ਇਕ ਦੋ ਦਿਨ ਹੀ ਹੋਏ ਸਨ ਕਿ ਇਕ ਦਿਨ ਦੁਪਹਿਰ ਨੂੰ ਭਾਸ਼ਾ ਮਾਹਿਰ ਵਿਅਕਤੀ ਆਰਾਮ ਨਾਲ ਮੰਜੀ ਤੇ ਸੁੱਤਾ ਹੋਇਆ ਸੀ ਕਿ ਅਚਾਨਕ ਦੂਜੇ ਵਿਅਕਤੀ ਨੇ ਆ ਕੇ ਠੰਡੇ ਪਾਣੀ ਦੀ ਬਾਲਟੀ ਉਸ ਭਾਸ਼ਾ ਮਾਹਿਰ ਉੱਪਰ ਪਾ ਦਿੱਤੀ। ਭਾਸ਼ਾ ਮਾਹਿਰ ਅਚਾਨਕ ਉੱਠਿਆ ਤੇ ਬੋਲਿਆ, “ਹਾਏ ਮਾਂ ਮਾਰ’ਤਾ।” ਕੋਲ ਖੜੇ ਦੂਜੇ ਵਿਅਕਤੀ ਨੇ ਝੱਟ ਕਿਹਾ, “ ਤੁਹਾਡੀ ਮਾਤ ਭਾਸ਼ਾ ਪੰਜਾਬੀ ਹੈ।”
ਭਾਸ਼ਾ ਮਾਹਿਰ ਹੈਰਾਨ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੇਰੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਦੂਜਾ ਵਿਅਕਤੀ ਕਹਿਣ ਲੱਗਾ, “ ਬੰਦਾ ਜਿਤਨਾ ਮਰਜ਼ੀ ਗਿਆਨਵਾਨ ਹੋਵੇ ਪਰ ਜਦੋਂ ਉਹ ਅਚਨਚੇਤ ਬੋਲਦਾ ਹੈ ਜਾਂ ਜਦੋਂ ਕੋਈ ਵੱਡੀ ਮੁਸੀਬਤ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਆਪਣੀ ਮਾਂ ਯਾਦ ਆਉਂਦੀ ਹੈ ਅਤੇ ਮਾਂ ਨੂੰ ਯਾਦ ਕਰਨ ਲਈ ਉਹ ਉਸੇ ਭਾਸ਼ਾ ਦਾ ਪ੍ਰਯੋਗ ਕਰਦਾ ਹੈ ਜੋ ਉਸ ਨੇ ਆਪਣੀ ਮਾਂ ਤੋਂ ਸਿੱਖੀ ਹੁੰਦੀ ਹੈ ਅਤੇ ਜਿਹੜੀ ਭਾਸ਼ਾ ਮਾਂ ਕੋਲੋਂ ਸਿੱਖੀ ਹੁੰਦੀ ਹੈ ਉਹ ਹੀ ਉਸ ਇਨਸਾਨ ਦੀ ਮਾਤ ਭਾਸ਼ਾ ਹੁੰਦੀ ਹੈ।”
ਇਸ ਤਰ੍ਹਾਂ ਉੱਪਰ ਪੇਸ਼ ਕੀਤੀ ਗਈ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਾਤ ਭਾਸ਼ਾ ਸਾਡੇ ਅੰਤਰਮਨ ਵਿਚ ਵੱਸੀ ਹੋਈ ਹੈ। ਇਸ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਜੇ ਪੰਜਾਬੀ ਮਾਂਵਾਂ ਹੀ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਨਾਲ ਨਾ ਜੋੜਨ ਤਾਂ ਬੱਚੇ ਨੇ ਮਾਤ ਭਾਸ਼ਾ ਹਿੰਦੀ ਜਾਂ ਅੰਗ੍ਰੇਜ਼ੀ ਨੂੰ ਹੀ ਸਮਝਣਾ ਹੈ। ਉਸ ਬੱਚੇ ਨੂੰ ਪੰਜਾਬੀ ਜ਼ੁਬਾਨ ਨਾਲ ਮੌਹ ਕਿਸ ਤਰ੍ਹਾਂ ਹੋ ਸਕਦਾ ਹੈ ਜਿਸ ਦੀ ਮਾਂ ਨੇ ਕਦੇ ਉਸ ਨਾਲ ਪੰਜਾਬੀ ਵਿਚ ਗੱਲ ਹੀ ਨਹੀਂ ਕੀਤੀ?
ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਲੋਕ ਵੱਡੀ ਗਿਣਤੀ ਵਿਚ ਵੱਸਦੇ ਹਨ। ਮੌਜੂਦਾ ਸਮੇਂ ਵਿਚ ਪੰਜਾਬ ਦੇ ਨਾਲ ਹੀ ਦੂਜੇ ਸੂਬਿਆਂ ਦੇ ਸ਼ਹਿਰੀ ਖੇਤਰਾਂ ਵਿਚ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲੋਂ ਤੋੜਿਆ ਜਾ ਰਿਹਾ ਹੈ। ਇਸ ਲਈ ਸਾਡਾ ਘਰੇਲੂ ਮਾਹੌਲ ਅਤੇ ਸਕੂਲੀ ਸਿੱਖਿਆ ਜ਼ਿੰਮੇਵਾਰ ਹਨ। ਖਾਸ ਗੱਲ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਦੀ ਪੜਾਈ ਨਹੀਂ ਹੋ ਰਹੀ ਬਲਕਿ ਹੁਣ ਤਾਂ ਪੰਜਾਬੀ ਘਰਾਂ ਵਿਚ ਵੀ ਬੱਚਿਆਂ ਨਾਲ ਹਿੰਦੀ ਜਾਂ ਅੰਗ੍ਰੇਜ਼ੀ ਵਿਚ ਹੀ ਗੱਲਬਾਤ ਕੀਤੀ ਜਾਂਦੀ ਹੈ।
ਹਰਿਆਣਾ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਸਿੱਖ ਅਤੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਲਿਖਣੀ’ਤੇ ਬੜੀ ਦੂਰ ਦੀ ਗੱਲ ਪੜਣੀ ਵੀ ਨਹੀਂ ਆਉਂਦੀ। ਆਮਤੋਰ ਦੇ ਦੇਖਿਆ ਜਾਂਦਾ ਹੈ ਕਿ ਘਰ ਵਿਚ ਬਜ਼ੁਰਗਾਂ ਨੁੰ ਛੱਡ ਕੇ ਬਾਕੀ ਕਿਸੇ ਜੀਅ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਘਰ ਵਿਚ ਆਪਸੀ ਗੱਲਬਾਤ ਹਿੰਦੀ ਵਿਚ ਹੁੰਦੀ ਹੈ ਹੋਰ ਤਾਂ ਹੋਰ ਗੁਰਬਾਣੀ ਦਾ ਪਾਠ ਕਰਨ ਲਈ ਹਿੰਦੀ ਦੇ ਗੁਟਕਿਆਂ ਦੀ ਮੰਗ ਅੱਜ-ਕੱਲ ਵਧੇਰੇ ਹੋਣ ਲੱਗ ਪਈ ਹੈ।
ਪਤਾ ਨਹੀਂ ਲੋਕ ਕਿਸ ਸ਼ਾਨ ਖ਼ਾਤਰ ਪੰਜਾਬੀ ਜ਼ੁਬਾਨ ਦਾ ਗਲ੍ਹਾ ਘੁੱਟ ਰਹੇ ਹਨ। ਜੇ ਅਸੀਂ ਉਸ ਘਰ ਪੈਦਾ ਹੋਏ ਹਾਂ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਫਿਰ ਸਾਨੂੰ ਪੰਜਾਬੀ ਬੋਲਣ ਜਾਂ ਲਿਖਣ ਵਿਚ ਸ਼ਰਮ ਕਿਸ ਗੱਲ ਦੀ ਹੈ? ਸਾਨੂੰ ਤਾਂ ਆਪਣੇ ਪੰਜਾਬੀ ਹੋਣ ਤੇ ਮਾਣ ਕਰਨਾ ਚਾਹੀਦਾ ਹੈ।
ਇਕ ਅਹਿਮ ਗੱਲ ਹੋਰ ਕਿ ਵਿਅਕਤੀ ਲਈ ਦੂਜੀਆਂ ਭਾਸ਼ਾਵਾਂ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ ਪਰ ਜੇ ਆਪਾਂ ਪੰਜਾਬੀ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਹੀ ਭੁੱਲ ਗਏ ਤਾਂ ਫਿਰ ਉਹ ਗੱਲ ਹੋਵੇਗੀ ਕਿ, “ਕਾਂ ਚਲਿਆ ਹੰਸ ਦੀ ਚਾਲ ਅਤੇ ਆਪਣੀ ਵੀ ਭੁੱਲ ਬੈਠਾ।”
ਆਪਣੀ ਜ਼ੁਬਾਨ ਵਿਚ ਆਪਣਾ ਇਤਿਹਾਸ, ਸਭਿਆਚਾਰ, ਸੰਸਕ੍ਰਿਤੀ, ਕਾਰ-ਵਿਹਾਰ, ਸਾਹਿਤ ਅਤੇ ਰਹਿਣ-ਸਹਿਣ ਦੇ ਢੰਗ ਦਾ ਗਿਆਨ ਪ੍ਰਾਪਤ ਕਰਨਾ ਬੜਾ ਸੁਖਾਲਾ ਹੁੰਦਾ ਹੈ ਬਜਾਏ ਦੂਜੀਆਂ ਭਾਸ਼ਾਵਾਂ ਦੇ ਪਰ ਅਫ਼ਸੋਸ ਇਹ ਗੱਲ ਸਾਡੀ ਸਮਝ ਵਿਚ ਨਹੀਂ ਆ ਰਹੀ। ਅੱਜ ਸਾਡੇ ਵਿਚ ਅੰਗ੍ਰੇਜ਼ ਬਨਣ ਦੀ ਹੋੜ ਲੱਗੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਭਾਵੇਂ ਬੋਲਣ ਜਾਂ ਨਾ ਬੋਲਣ ਪਰ ਅੰਗ੍ਰੇਜ਼ੀ ਵਧੀਆ ਅਤੇ ਫਰਾਟੇਦਾਰ ਢੰਗ ਨਾਲ ਬੋਲਣ। ਅਸੀਂ ਧੜਾਧੜ ਹਿੰਦੀ ਅਤੇ ਅੰਗ੍ਰੇਜ਼ੀ ਦੇ ਪ੍ਰਸ਼ੰਸਕ ਬਣਦੇ ਜਾ ਰਹੇ ਹਨ। 
ਅੱਜ ਲੋੜ ਹੈ ਮਾਤਾਵਾਂ ਨੂੰ ਆਪਣੀ ਜਿ਼ਮੇਵਾਰੀ ਸੰਭਾਲਣ ਦੀ ਅਤੇ ਪੰਜਾਬੀ ਜ਼ੁਬਾਨ ਦੇ ਵਿਕਾਸ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਦੀ। ਜੇਕਰ ਅਜੋਕੇ ਸਮੇਂ ਪੰਜਾਬੀ ਮਾਂਵਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਾ ਨਿਭਾਇਆ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਬੱਚੇ ਪੰਜਾਬੀ ਭਾਸ਼ਾ ਤੋਂ ਹੀ ਅਣਜਾਨ ਬਣ ਜਾਣਗੇ ਅਤੇ ਇਸ ਦੀ ਜ਼ਿੰਮੇਵਾਰੀ ਖਾਸਕਰ ਕਰਕੇ ਮਾਤਾਵਾਂ ਦੀ ਹੋਵੇਗੀ।
ਮਾਤਾਵਾਂ ਦੇ ਨਾਲ-ਨਾਲ ਘਰ ਦੇ ਦੂਜੇ ਮੈਂਬਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਾਲ ਨਿਆਂ ਕਰਨਾ ਪਵੇਗਾ। ਘਰ ਵਿਚ ਜਦੋਂ ਪਤੀ ਆਪਣੀ ਪਤਨੀ ਨਾਲ ਪੰਜਾਬੀ ਵਿਚ ਗੱਲਬਾਤ ਕਰੇਗਾ ਤਾਂ ਬੱਚਾ ਖ਼ੁਦ ਹੀ ਆਪਣੇ ਪਿਤਾ ਦੀ ਨਕਲ ਕਰੇਗਾ ਅਤੇ ਪੰਜਾਬੀ ਬੋਲੇਗਾ। ਪਰ ਜੇ ਪਤੀ-ਪਤਨੀ ਆਪਸ ਵਿਚ ਹੀ ਹਿੰਦੀ ਜਾਂ ਅੰਗ੍ਰੇਜ਼ੀ ਵਿਚ ਗੱਲਬਾਤ ਕਰਨਗੇ ਤਾਂ ਬੱਚੇ ਨੇ ਤਾਂ ਆਪੇ ਹੀ ਅੰਗ੍ਰੇਜ਼ ਬਣਨਾ ਹੈ। ਇਸ ਵਿਚ ਕਿਸੇ ਹੋਰ ਨੂੰ ਦੋਸ਼ੀ ਕਿਸ ਤਰ੍ਹਾਂ ਠਹਿਰਾਇਆ ਜਾ ਸਕਦਾ ਹੈ? 
ਬੱਚਿਆਂ ਨੂੰ ਮਾਤ-ਭਾਸ਼ਾ ਨਾਲ ਜੋੜੀ ਰੱਖਣਾ ਅਤੇ ਉਹਨਾਂ ਨੂੰ ਪੰਜਾਬੀ ਸਾਹਿਤ ਦੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਦੇਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਘਰ ਵਿਚ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਪੰਜਾਬੀ ਸੰਗੀਤ, ਪੰਜਾਬੀ ਸਾਹਿਤ, ਸਭਿਆਚਾਰ ਅਤੇ ਪ੍ਰਾਚੀਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਘਰ ਵਿਚ ਅੰਗ੍ਰੇਜ਼ੀ/ਹਿੰਦੀ ਅਖ਼ਬਾਰਾਂ ਦੇ ਨਾਲ-ਨਾਲ ਪੰਜਾਬੀ ਅਖ਼ਬਾਰ ਵੀ ਲਗਵਾਉਣੇ ਚਾਹੀਦੇ ਹਨ।
ਪੰਜਾਬੀ ਜ਼ੁਬਾਨ ਨੂੰ ਉਤਸ਼ਾਹਤ ਕਰਨ ਹਿੱਤ ਘਰਾਂ ਵਿਚ ਪੰਜਾਬੀ ਸਾਹਿਤਿਕ ਅਤੇ ਧਾਰਮਿਕ ਰਸਾਲੇ ਲਗਵਾਉਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਪੰਜਾਬੀ ਅਖ਼ਬਾਰ/ਰਸਾਲੇ ਪੜ੍ਹਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿ ਸਕਣ।
ਸ਼ਾਲਾ... ਰੱਬ ਮਿਹਰ ਕਰੇ। ਸਾਡੀ ਮਾਤ ਭਾਸ਼ਾ ਪੰਜਾਬੀ ਦਿਨੋ-ਦਿਨ ਬੁਲੰਦੀਆਂ ਨੂੰ ਛੂਹੇ ਅਤੇ ਸਾਡੇ ਨਾਲ-ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਹੋਣ ਤੇ ਮਾਣ ਕਰ ਸਕਣ। ਇਹੀ ਅਰਦਾਸ ਹੈ ਮੇਰੀ...।
_________________________________________________________
ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਸ਼ਕਸ਼ੇਤਰ।
ਮੋਬਾਈਲ ਨੰਬਰ +91 80161 14698

ਭਾਵਪੂਰਤ ਕਵਿਤਾ ਅਸਰ ਵੀ ਕਰਦੀ ਹੈ.......... ਲੇਖ / ਕੇਹਰ ਸ਼ਰੀਫ਼


ਕਿਸੇ ਵੀ ਵਿਸ਼ੇ ਸਬੰਧੀ ਦੂਸਰਿਆਂ ਨਾਲ ਸੰਵਾਦ ਰਚਾਉਣ ਸਮੇਂ ਕਵਿਤਾ ਕਾਫੀ ਅਸਰਦਾਰ ਸੰਚਾਰ ਸਾਧਨ ਹੈ। ਕਵਿਤਾ ਜੇ ਲੈਅ-ਬਧ ਲਿਖੀ ਗਈ ਹੋਵੇ ਤਾਂ ਪੇਸ਼ ਕਰਨ ਸਮੇਂ ਸਰੋਤੇ-ਪਾਠਕ ਨੂੰ ਹੋਰ ਵੀ ਵੱਧ ਪ੍ਰਭਾਵਿਤ ਕਰਦੀ ਹੈ, ਆਪਣਾ ਅਸਰ ਵੀ ਵੱਧ ਛੱਡਦੀ ਹੈ। ਜਦੋਂ ਅਸੀਂ ਸਦੀਆਂ ਪਹਿਲਾਂ ਦੇ ਸਮਿਆਂ ਵੱਲ ਨਿਗਾਹ ਮਾਰਦੇ ਹਾਂ ਤਾਂ ਨਜ਼ਰੀਂ ਪੈਂਦਾ ਹੈ ਕਿ ਪਹਿਲੀਆਂ ਰਚਨਾਵਾਂ ਵੇਦ-ਗ੍ਰੰਥ ਆਦਿ ਸਭ ਕਵਿਤਾ ਰਾਹੀਂ ਹੀ ਲਿਖੇ ਗਏ। ਰਿਸ਼ੀਆਂ, ਸੰਤਾਂ, ਭਗਤਾਂ ਤੇ ਗੁਰੂਆਂ ਨੇ ਆਪਣਾ ਸੰਦੇਸ਼-ਸੁਨੇਹਾ ਲੋਕਾਂ ਨੂੰ ਦੇਣ ਵਾਸਤੇ ਜਿ਼ੰਦਗੀ ਦੇ ਫਲਸਫੇ ਨੂੰ ਗਾ ਕੇ ਹੀ ਲੋਕਾਂ ਨਾਲ ਸਾਂਝਾ ਕੀਤਾ। ਹੋਰ ਕਾਰਨਾਂ ਦੇ ਨਾਲ ਉਸ ਵੇਲੇ ਇਸ ਤਰ੍ਹਾਂ ਹੀ ਸੰਭਵ ਹੋ ਸਕਦਾ ਸੀ। ਛਾਪੇਖਾਨੇ ਦਾ ਨਾ ਹੋਣਾ, ਜਨਤਾ ਦੇ ਪੜ੍ਹੇ-ਲਿਖੇ ਹੋਣ ਦੀ ਘਾਟ ਇਸ ਰਸਤੇ ਦੀ ਹੀ ਮੰਗ ਕਰਦੇ ਸਨ। ਸਮੇਂ ਦੀ ਸਾਰ ਰੱਖਣ ਵਾਲਿਆਂ ਨੇ ਇਹ ਹੀ ਰਾਹ ਅਪਣਾਇਆ ਤੇ ਉਹ ਵੇਲੇ ਦੀ ਨਬਜ਼ ’ਤੇ ਹੱਥ ਰੱਖਣ ਵਿਚ ਕਾਮਯਾਬ ਹੋਏ।

ਉਂਜ ਤਾਂ ਇੱਥੇ ਇਹ ਸਵਾਲ ਵੀ ਪੈਦਾ ਹੋ ਸਕਦਾ ਹੈ ਕਿ ਲੈਅ-ਬਧ ਕਵਿਤਾ ਨੂੰ ਤਾਂ ਸੰਗੀਤ ਦੇ ਸਹਾਰੇ ਹੀ ਗਾਇਆ ਜਾ ਸਕਦਾ ਹੈ। ਫੇਰ ਸਵਾਲਾਂ ’ਚੋਂ ਸਵਾਲ ਜੰਮਣ ਵਾਲਾ ਸਿਲਸਿਲਾ ਸ਼ੁਰੂ ਹੋਵੇਗਾ ਕਵਿਤਾ ਪਹਿਲਾਂ ਕਿ ਸੰਗੀਤ? ਕਿਉਂਕਿ ਭਜਨ-ਕੀਰਤਨ ਕਰਨ ਵੇਲੇ ਉਨ੍ਹਾਂ ਰਚਨਾਵਾਂ ਨਾਲ ਸਬੰਧਤ ਰਾਗਾਂ ਦੀ ਜਾਣਕਾਰੀ ਹੀ ਨਹੀਂ ਸਗੋਂ ਮੁਹਾਰਤ ਜਰੂਰੀ ਹੈ। ਇਸ ਸਵਾਲ ਨੁੰ ਬਹੁਤਾ ਰਿੜਕਣ ਨਾਲ ਤਾਂ ਬੰਦਾ ਮੁਰਗੀ ਪਹਿਲਾਂ ਕਿ ਆਂਡਾ ਵਾਲੇ ਗੋਲ-ਦਾਇਰੇ ਵਿਚ ਹੀ ਫਸਿਆ ਰਹੇਗਾ। ਖੈ਼ਰ ........

ਪਿਛਲੇ ਸਮੇਂ ਵਿਚ ਆਪਣੇ ਸਾਹਿਤਕ ਦਾਇਰਿਆਂ ਅੰਦਰ ਨਾ ਸਮਝ ਆਉਣ ਵਾਲੀ ਵਾਰਤਕ ਨੁਮਾ ਖੁੱਲ੍ਹੀ ਕਵਿਤਾ ਲਿਖਣ ਦਾ ਰਿਵਾਜ ਪੈ ਗਿਆ ਸੀ। ਜੇ ਕਿਸੇ ਨੂੰ ਸਮਝ ਆ ਜਾਵੇ ਤਾਂ ਉਹ ਆਮ ਜਹੀ ਗੱਲ / ਕਵਿਤਾ ਗਿਣੀ ਜਾਣ ਲੱਗੀ ਸੀ। ਜੇ ਕੋਈ ਗਾ ਕੇ ਆਪਣਾ ਕਲਾਮ ਪੇਸ਼ ਕਰਦਾ ਤਾਂ ਉਹ ਚੰਗਾ ਕਵੀ ਗਿਣਿਆ ਜਾਣ ਲੱਗਾ ਸੀ। ਕਈ ਵਾਰ ਗਵੱਈਏ ਨੂੰ ਵੀ ਲੋਕ ਕਵੀ ਹੀ ਕਹੀ ਜਾਂਦੇ ਹਨ। ਗਾਉਣ ਵਾਲੀ ਚੰਗੀ ਅਵਾਜ਼ ਹੋਣੀ ਜਾਂ ਲਿਖਣ ਵਾਲੀ ਚੰਗੀ ਸੂਝ ਹੋਣੀ ਦੋ ਵੱਖਰੇ ਪਹਿਲੂ ਹਨ। ਇਹ ਵਕਤਾਂ ਦੀਆਂ ਮਜਬੂਰੀਆਂ ਹੀ ਹੋ ਸਕਦੀਆਂ ਹਨ ਕਿ ਲਿਹਾਜ਼ਦਾਰੀ ਵਸ ਕਈ ਵਾਰ ਅਸੀਂ ਉਨ੍ਹਾਂ ਨੂੰ ਵੀ ਜਿਹੜੇ ਇਨ੍ਹਾਂ ਦੇ ਲਾਇਕ ਨਹੀਂ ਵੀ ਹੁੰਦੇ ਖਾਹਮਖਾਹ ਹੀ ਬੇਲੋੜੀਆਂ ਤੇ ਗੈਰ-ਜਰੂਰੀ ਸਿਫਤਾਂ ਦਾ ਪ੍ਰਸ਼ਾਦ ਵੰਡਣ ਤੁਰ ਪੈਂਦੇ ਹਾਂ, ਸਿਫਤਾਂ ਸੁਣਨ ਵਾਲਾ ਅੰਦਰ ਝਾਤੀ ਮਾਰਨ ਦੀ ਥਾਵੇਂ ਫੇਰ ਸਿਫਤਾਂ ਵਾਲੇ ਬਾਂਸ ਤੋਂ ਥੱਲੇ ਨਹੀਂ ਉਤਰਦਾ। ਪੰਜਾਬੀ ਦੇ ਸਾਹਿਤਕ ਦਾਇਰਿਆਂ ਵਿਚ ਲੋਕ ਪੱਖੀ ਜਥੇਬੰਦੀਆਂ / ਗਰੁੱਪਾਂ, ਪਾਰਟੀਆਂ ਨੇ ਆਪਣੇ ਪ੍ਰਚਾਰ ਹਿਤ, ਲੋਕਾਈ ਦੇ ਦੁੱਖ-ਦਰਦ, ਤਕਲੀਫਾਂ ਤੇ ਮਸਲਿਆਂ ਨੂੰ ਆਮ ਜਨਤਾ ਦੇ ਸਮਝ ਆਉਣ ਵਾਲੀ ਲੋਕ-ਮੁਹਾਵਰੇ ਮੁਖੀ ਕਵਿਤਾ ਦਾ ਹੀ ਆਸਰਾ ਲਿਆ, ਜਿਸ ਨਾਲ ਉਹ ਕੁੱਝ ਕਾਮਯਾਬ ਵੀ ਹੁੰਦੇ ਰਹੇ। 

ਕਈ ਵਾਰ ਗੈਰ-ਸਾਹਿਤਕ ਮਹਿਫਲਾਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਤੋਂ ਬਾਅਦ ਸੋਚਣ ਲਈ ਮਜਬੂਰ ਹੋ ਜਾਣਾ ਪੈਂਦਾ ਹੈ ਕਿ ਕੀ ਸੱਚਮੁੱਚ ਹੀ ਕਵਿਤਾ ਅਸਰ ਕਰਦੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਪਾਬਲੋ ਨਰੂਦਾ, ਨਾਜਿ਼ਮ ਹਿਕਮਤ, ਫੈਜ਼ ਅਹਿਮਦ ਫੈਜ਼, ਉਸਤਾਦ ਦਾਮਨ, ਹਬੀਬ ਜਾਲਿਬ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਆਦਿ ਹੋਰ ਬਹੁਤ ਸਾਰਿਆਂ ਨੂੰ ਜਬਰ ਭਰੀਆਂ ਜੇਲਬੰਦੀਆਂ ਕਿਉਂ ਝੱਲਣੀਆਂ ਪੈਂਦੀਆਂ? ਹੱਕ ਸੱਚ ਲਈ ਕਵਿਤਾ ਦੇ ਆਸਰੇ ਲੜਨ ਵਾਲੇ ਬੈਂਜਾਮਿਨ ਨੂੰ ਫਾਂਸੀ ਕਿਉਂ ਲਾਇਆ ਜਾਂਦਾ? ਕਿਉਂ ਕਤਲ ਕੀਤਾ ਜਾਂਦਾ ਹਨੇਰਿਆਂ ਨੂੰ ਦੁਰਕਾਰਦੀ ਅਤੇ ਸੱਚ ਭਰੀ ਕਵਿਤਾ ਸਿਰਜਦੇ ਪੰਜਾਬੀ ਕਵੀ ਪਾਸ਼ ਨੂੰ? ਬਦੀ ਤੇ ਹਨੇਰੇ ਦੀਆਂ ਮੁਹਰੈਲ ਤਾਕਤਾਂ ਜਦੋਂ ਸੱਚ ਦਾ ਤੇ ਕਵਿਤਾ ਦਾ ਮੁਕਾਬਲਾ ਕਰਨ ਜੋਗੀਆਂ ਨਹੀਂ ਹੁੰਦੀਆਂ ਤਾਂ ਉਹ ਕਵਿਤਾ ਦੇ ਰਚਣਹਾਰੇ ਨੂੰ ਮਾਰ ਮੁਕਾਉਣ ਦਾ ਕੋਝਾ ਤੇ ਅਸੱਭਿਅਕ ਕਾਰਾ ਕਰਦੀਆਂ ਹਨ। ਜਿਸ ਨਾਲ ਉਹ ਆਪਣੇ ਹੀ ਮੱਥੇ ਬਦਨਾਮੀ ਦਾ ਦਾਗ ਲੁਆਂਦੀਆਂ ਹਨ। ਇਹ ਚਿੱਟੇ ਚਾਨਣ ਵਰਗਾ ਸੱਚ ਹੈ ਕਵੀ ਨੂੰ ਤਾਂ ਉਹ ਕਤਲ ਕਰ ਸਕਦੇ ਹਨ ਪਰ ਕਵਿਤਾ ਨੂੰ ਕਦੇ ਵੀ ਕਤਲ ਨਹੀਂ ਕੀਤਾ ਜਾ ਸਕਦਾ, ਕਵਿਤਾ ਕਤਲ ਹੁੰਦੀ ਹੀ ਨਹੀਂ। ਫਾਂਸੀ ਲਾਇਆਂ ਤੇ ਕਤਲ ਕੀਤੇ ਗਿਆਂ ਦੀ ਕਵਿਤਾ ਅੱਜ ਵੀ ਜੀਊਂਦੀ ਹੈ। ਕਾਤਲ ਹਮੇਸ਼ਾਂ ਲਾਅਨਤਾਂ ਦੇ ਹੀ ਹੱਕਦਾਰ ਹੁੰਦੇ ਹਨ।

ਘਟਨਾ ਮੇਰੇ ਚੇਤਿਆਂ ਵਿਚ ਉੱਭਰ ਰਹੀ ਹੈ ਕਿ ਕੁੱਝ ਦੋਸਤ ਮੇਰੇ ਘਰ ਆਏ । ਰਾਤੀਂ ਬੈਠੇ- ਘਰ, ਸਮਾਜ, ਸਾਹਿਤ ਤੇ ਸੰਸਾਰ ਦੀਆਂ ਗੱਲਾਂ ਹੋਣ ਲੱਗੀਆਂ। ਅਜੋਕੇ ਸਮੇਂ ਵਿਚਲੇ ਦੁਬਿਧਾ ਭਰੇ ਸਵਾਲ ਸਾਡੇ ਦਰਮਿਆਨ ਵਿਚਰਨ ਲੱਗੇ। ਆਖਰ ਬਹਿਸ ਦਾ ਨੁਕਤਾ ਭਟਕਣ ਤੇ ਆ ਟਿਕਿਆ। ਜਿਵੇਂ ਪੱਛਮੀ ਸਮਾਜ ਦਾ ਇਹ ਹੁਣ ਮੁੱਖ ਨੁਕਤਾ ਹੈ ਤਾਂ ਅਸਰ ਆਪਣੇ ’ਤੇ ਵੀ ਹੋਣ ਲੱਗ ਪਿਆ ਹੈ। ਬਹਿਸ ਇਸ ਗੱਲ ਤੇ ਹੋ ਰਹੀ ਸੀ ਕਿ ਜਦੋਂ ਮਨੁੱਖ ਤੰਦਰੁਸਤ ਹੋਵੇ, ਮਾਇਕ ਪੱਖੋਂ, ਸਮਾਜਿਕ ਤੇ ਪਰਿਵਾਰਕ ਪੱਖੋਂ ਵੀ ਸਥਿਤੀ ਫਿਕਰ ਵਾਲੀ ਨਾ ਹੋਵੇ ਸਗੋਂ ਚਿੰਤਾ ਰਹਿਤ ਹੋਵੇ ਫੇਰ ਵੀ ਮਨ ਟਿਕਾਉ ਵਾਲੀ ਸਥਿਤੀ ਵਿਚ ਕਿਉਂ ਨਹੀਂ ਰਹਿੰਦਾ? ਭਟਕਣ ਖਹਿੜਾ ਹੀ ਕਿਉਂ ਨਹੀਂ ਛੱਡਦੀ? ਲੱਗਭੱਗ ਸਾਰੀ ਹੀ ਰਾਤ ਅਸੀਂ ਬੈਠੇ ਗੱਲਾਂ / ਵਿਚਾਰਾਂ ਕਰਦੇ ਰਹੇ। ਦਲੀਲਾਂ ਨਾਲ ਨੁਕਤੇ ਦੁਆਲੇ ਘੁੰਮਦੇ ਤੇ ਮਸਲੇ ਨੂੰ ਸਾਫ ਕਰਨ ਦਾ ਜਤਨ ਕਰਦੇ ਰਹੇ। ਤੜਕੇ ਨੂੰ ਬਿਨਾਂ ਬਹਿਸ ਮੁਕਾਏ ਸੌਂ ਗਏ।

ਸਵੇਰੇ ਉਠਦਿਆਂ ਚਾਹ ਦੇ ਨਾਲ ਹੀ ਸਿਆਸਤ ਦੀਆਂ, ਅਖਬਾਰਾਂ ਤੇ ਕਿਤਾਬਾਂ ਦੀਆਂ ਗੱਲਾਂ ਫੇਰ ਛਿੜ ਪਈਆਂ। ਗੱਲ ਫੇਰ ਕਿਸੇ ਤਰ੍ਹਾਂ ਭਟਕਣ ’ਤੇ ਆ ਗਈ। ਸਬੱਬ ਨਾਲ ਹੀ ਮੈਂ ਉਨ੍ਹਾਂ ਨੂੰ ਸਵਿਟਜ਼ਰਲੈਂਡ ਵਸਦੇ ਪੰਜਾਬੀ ਕਵੀ ਦੇਵ ਦੀ ਚੋਣਵੀਂ ਕਵਿਤਾ ਦੀ ਕਿਤਾਬ ਵਿਖਾਉਣ ਲੱਗ ਪਿਆ। ਇਕ ਦੋਸਤ ਨੇ ਕਿਤਾਬ ਪੜਕੇ ਕੁੱਝ ਵਰਕੇ ਪਲਟੇ ਤੇ ਕਹਿਣ ਲੱਗਾ ‘ਲਉ ਬਈ! ਆਪਣਾ ਮਸਲਾ ਤਾਂ ਹੱਲ ਹੋ ਗਿਆ’ ਅਸੀਂ ਹੈਰਾਨ ਹੋਏ ਤੇ ਪੁਛਿਆ ‘ਕਿਹੜਾ ਮਸਲਾ’? ਕਹਿੰਦਾ ਅਸੀਂ ਸਾਰੀ ਰਾਤ ਖਾਹਮਖਾਹ ਹੀ ਸਿਰ ਮਾਰਦੇ ਰਹੇ ਅਖੇ ਭਟਕਣ ਕਿਵੇਂ ਦੂਰ ਹੋਵੇ। ਐਹ ਦੇਖੋ ਦੇਵ ਆਪਣੀ ਕਵਿਤਾ ਵਿਚ ਬਾਬੇ ਨਾਨਕ ਤੋਂ ਭਟਕਣ ਮੰਗਦਾ ਹੈ। ਸ਼ਾਇਦ ਅਸੀਂ ਅਜੇ ਇਥੋਂ ਤੱਕ ਸੋਚਣ ਵਾਲੀ ਅਵਸਥਾ ਤੱਕ ਪਹੁੰਚੇ ਹੀ ਨਹੀਂ। ਦੇਵ ਆਪਣੀ ਕਵਿਤਾ ਵਿਚ ਕਹਿੰਦਾ ਹੈ :

ਨਾਨਕ
ਉਹ ਕਿਹੜੀ ਮਹਾਂਭਟਕਣ ਸੀ ਤੇਰੇ ਅਨਥਕ ਕਦਮਾਂ ’ਚ
ਕਿ ਤੂੰ ਗਾਹਿਆ, ਯੁੱਗਾਂ , ਮਨੁੱਖਾਂ, ਸੋਚਾਂ ਦਾ 
ਚੱਪਾ ਚੱਪਾ
ਮੈਨੂੰ ਵੀ ਆਪਣੀ ਭਟਕਣ ਦੀ ਇਕ ਚਿਣਗ ਲਾ ਦੇ

ਇਹ ਸੁਣਕੇ ਅਸੀਂ ਸਾਰੇ ਹੀ ਹੈਰਾਨ ਹੋਏ ਕਿ ਜਿਹੜੇ ਨੁਕਤੇ ’ਤੇ ਅਸੀਂ ਬਹਿਸ ਕਰਦੇ ਰਹੇ। ਦਲੀਲਾਂ ਵਾਲੇ ਉਰਲ ਪਰਲ ਦੇ ਵਿਚਾਰਾਂ ਵਿਚ ਉਲਝੇ ਰਹੇ। ਕਵਿਤਾ ਦੀਆਂ ਕੁੱਝ ਸਤਰਾਂ ਹੀ ਉਸਨੂੰ ਹੱਲ ਕਰ ਗਈਆਂ। ਇਹ ਹੀ ਤਾਂ ਕਵਿਤਾ ਦੀ ਅਸਲ ਸ਼ਕਤੀ ਹੈ, ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਅਰਥਵਾਨ ਕਵਿਤਾ ਅਸਰ ਵੀ ਕਰਦੀ ਹੈ। 

ਇੱਥੋਂ ਹੀ ਪਤਾ ਲਗਦਾ ਹੈ ਕਿ ਲੋੜ ਤਾਂ ਕਿਸੇ ਸਿਰੇ ਨੂੰ ਫੜਨ ਦੀ ਹੁੰਦੀ ਹੈ, ਸਿਰਾ ਫੜਿਆ ਜਾਵੇ ਤਾਂ ਮਨੁੱਖ ਭਟਕਦਾ ਨਹੀਂ ਸਹਿਜ ਹੀ ਹੁੰਦਾ ਚਲਿਆ ਜਾਂਦਾ ਹੈ। ਇਹ ਸਿਰਾ ਫੜਨ ਵਾਸਤੇ ਚੇਤਨਾ ਦੇ ਵਿਹੜੇ ਪੈਰ ਪਾਉਣਾ ਪੈਂਦਾ ਹੈ। ਗਿਆਨ ਤੇ ਸੂਝ ਦਾ ਦੀਵਾ ਮੱਥੇ ਵਿਚ ਬਾਲਣਾ ਪੈਂਦਾ ਹੈ। ਵਿਚਾਰਾਂ ਅਤੇ ਸਥਿਤੀਆਂ ਨੂੰ ਦਲੀਲਾਂ ਨਾਲ ਰਿੜਕਣਾਂ ਪੈਂਦਾ ਹੈ, ਜਿਸ ਨਾਲ ਸਾਰਥਿਕਤਾ ਦੀ ਸੜਕੇ ਪਿਆ ਜਾ ਸਕਦਾ ਹੈ।

ਕਵੀ ਜਾਂ ਲੇਖਕ ਕੋਲ ਆਪਣੇ ਸਰੋਤੇ / ਪਾਠਕ ਨੂੰ ਉਂਗਲ ਲਾਉਣ ਵਾਲਾ ਵਿਸ਼ਾ, ਵਿਚਾਰ ਤੇ ਦਲੀਲ ਹੋਣ ਤਾਂ ਉਹ ਪ੍ਰਭਾਵਿਤ ਕਰਦੇ ਹਨ। ਦੇਵ ਆਪਣੀ ਇਕ ਹੋਰ ਕਵਿਤਾ ਵਿਚ ਇਹ ਵੀ ਤਾਂ ਕਹਿੰਦਾ ਹੈ :

ਕਵਿਤਾ ਸਥਾਪਤੀ ਨਹੀਂ
ਜਿਊਣ ਦਾ ਢੰਗ ਹੁੰਦੀ ਹੈ

ਪਾਠਕ ਚੰਗੀ ਕਵਿਤਾ ਦਾ ਅਨੰਦ ਹੀ ਨਹੀਂ ਮਾਣਦੇ ਜੇ ਜਿ਼ੰਦਗੀ ਨੂੰ ਪ੍ਰੇਰਨ ਵਾਲੀ, ਪ੍ਰਭਾਵਿਤ ਕਰਨ ਵਾਲੀ ਅਰਥ ਭਰਪੂਰ, ਮੁੱਲਵਾਨ ਕਵਿਤਾ ਹੋਵੇ ਤਾਂ ਉਸਦਾ ਅਸਰ ਵੀ ਕਬੂਲਦੇ ਹਨ। ਕਵੀ ਦੇ ਜੋੜੇ ਲਫ਼ਜ਼ਾਂ ਵਿਚ ਕਵਿਤਾ ਜਰੂਰ ਹੋਵੇ ਫੇਰ ਕਵਿਤਾ ਸੱਚਮੁਚ ਹੀ ਜਿਊਣ ਦਾ ਢੰਗ ਬਣ ਸਕਦੀ ਹੈ।

****

ਕਿਵੇਂ ਕਹਾਂ... ਦੀਵਾਲੀ ਦੀਆਂ ਮੁਬਾਰਕਾਂ.......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਕਹਿੰਦੇ ਹਨ ਕਿ 'ਜੀਹਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ।' ਜਿਸਨੇ ਵੀ ਇਸ ਕਹਾਵਤ ਦੀ ਘਾੜ੍ਹਤ ਘੜੀ ਹੋਵੇਗੀ, ਬੜੀ ਵੱਡੀ ਖੋਪੜੀ ਦਾ ਮਾਲਕ ਹੋਣੈ। ਕਿਉਂਕਿ ਉਸਦੇ ਦਿਮਾਗ ਦੀ ਉਪਜ, ਇਹ ਗੱਲ ਅੱਜ ਵੀ ਓਨੀ ਹੀ ਅਸਰਦਾਰ ਹੈ ਜਿੰਨੀ ਪਹਿਲਾਂ ਹੋਵੇਗੀ। ਦੀਵਾਲੀਆਂ, ਲੋਹੜੀਆਂ, ਵਿਸਾਖੀਆਂ ਵੀ ਓਹਨਾਂ ਲਈ ਹੀ ਮਾਅਨੇ ਰੱਖਦੀਆਂ ਹਨ ਜਿਹਨਾਂ ਦੀ ਕੋਠੀ ਦਾਣੇ ਹੁੰਦੇ ਹਨ। ਓਹਨਾਂ ਨੂੰ ਹੀ ਇਹੋ ਜਿਹੇ ਦਿਹਾੜਿਆਂ ਦਾ ਚਾਅ ਚੜ੍ਹਦਾ ਹੋਵੇਗਾ ਜਿਹਨਾਂ ਨੂੰ ਦੋ ਡੰਗ ਦੀ ਰੋਟੀ ਦਾ ਫਿਕਰ ਨਹੀਂ। ਦੀਵਾਲੀ ਦਾ ਜਿ਼ਕਰ ਹੁੰਦਿਆਂ ਹੀ ਜਿ਼ਹਨ ਵਿੱਚ ਦੀਵੇ ਜਗ-ਮਗ ਜਗ-ਮਗ ਕਰਨ ਲਗਦੇ ਹਨ। ਪਟਾਕਿਆਂ ਦੀ ਗੜਗੜਾਹਟ ਸੁਣਾਈ ਦੇਣ ਲਗਦੀ ਐ। ਕਦੇ ਛੋਟੇ ਹੁੰਦਿਆਂ ਤੋਂ ਹੀ ਤੋਤਾ-ਰਟਨੀ ਵਾਂਗ ਰਟਾਏ ਦੀਵਾਲੀ ਦੇ ਲੇਖ ਦੀਆਂ ਓਹ ਸਤਰਾਂ ਦਿਮਾਗ 'ਚ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਕਿ "ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋ ਕੇ ਪਰਤੇ ਸਨ ਤੇ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਭੋਗ ਕੇ ਅਯੁੱਧਿਆ ਵਾਪਸ ਪਰਤੇ ਸਨ। ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ 'ਚ ਹੀ ਲੋਕਾਂ ਨੇ ਦੀਪਮਾਲਾ ਕੀਤੀ ਸੀ ਤੇ ਇਸ ਤੋਂ ਬਾਦ ਹਿੰਦੂ ਇਸ ਦਿਨ ਨੂੰ ਦੀਪਾਵਲੀ ਜਾਂ ਦੀਵਾਲੀ ਦੇ ਨਾਂ ਨਾਲ ਤਿਉਹਾਰ ਵਜੋਂ ਮਨਾਉਣ ਲੱਗੇ, ਤੇ ਸਿੱਖ ਬੰਦੀ ਛੋੜ ਦਿਵਸ ਦੇ ਨਾਂ ਨਾਲ।" ਬਚਪਨ 'ਚ ਤਾਂ ਚਾਅ ਹੁੰਦਾ ਸੀ ਕਿ ਚਲੋ ਇਸ ਦਿਨ ਪਟਾਕੇ ਚਲਾਉਣ ਲਈ ਮਿਲਣਗੇ, ਮਿਠਾਈਆਂ ਖਾਣ ਲਈ, ਨਵੇਂ ਕੱਪੜੇ ਪਾਉਣ ਲਈ ਤੇ ਮਾਂ ਪਿਓ ਵੱਲੋਂ ਨਕਦ ਨਾਰਾਇਣ ਵੀ ਮਿਲੇਗਾ ਪਰ ਜਦੋਂ ਤੋਂ ਹੋਸ਼ ਜਿਹੀ ਸੰਭਲੀ ਹੈ ਤਾਂ ਦੀਵਾਲੀ ਦੇ ਅਰਥ ਹੀ ਬਦਲ ਜਿਹੇ ਗਏ ਲਗਦੇ ਹਨ। ਹੁਣ ਜਿਉਂ ਜਿਉਂ ਦੀਵਾਲੀ ਨੇੜੇ ਆਉਣ ਲਗਦੀ ਐ ਤਾਂ ਸੋਚਾਂ ਦਾ ਝੁਰਮਟ ਵਧਣ ਲਗਦੈ ਤੇ ਕਦੇ ਕਦੇ ਦਿਲ ਕਰਦੈ ਕਿ ਸ੍ਰੀ ਰਾਮ ਚੰਦਰ ਜੀ ਅੱਗੇ ਅਰਜੋਈਆਂ ਕਰਾਂ ਕਿ ਜਿਸ ਦਿਨ ਨੂੰ ਤੁਹਾਡੀ ਘਰ ਵਾਪਸੀ ਦੀ ਖੁਸ਼ੀ 'ਚ ਮਨਾਉਣਾ ਆਰੰਭ ਕੀਤਾ ਸੀ ਹੁਣ ਓਹ ਦਿਨ ਦੰਭ, ਪਾਖੰਡ ਜਾਂ ਵੱਡੀ ਮੱਛੀ ਵੱਲੋਂ ਛੋਟੀ ਮੱਛੀ ਨੂੰ 'ਹਲਾਲ' ਕਰਨ ਦੇ ਦਿਨ ਵਜੋਂ ਵਧੇਰੇ ਵਰਤਿਆ ਜਾ ਰਿਹੈ। ਤੁਸੀਂ ਤਾਂ ਆਪਣੇ ਪਿਉ ਦੇ ਇੱਕ ਬੋਲ 'ਤੇ ਹੀ ਮਤਰੇਈ ਮਾਂ ਦੀ ਜਿ਼ੱਦ ਪੁਗਾਉਣ, ਮਤਰੇਏ ਭਰਾ ਨੂੰ ਰਾਜਗੱਦੀ ਦਿਵਾਉਣ ਲਈ ਬਣਵਾਸ ਕਬੂਲ ਲਿਆ ਸੀ ਪਰ ਅੱਜ ਤੁਹਾਡੇ ਧਰਮ ਦੇ ਪੈਰੋਕਾਰ ਤਾਂ ਤੁਹਾਡੇ ਨਾਂ 'ਤੇ ਸਕੇ ਭਰਾ ਤੱਕ ਦਾ ਗਲਾ ਝਟਕਾਉਣ ਨੂੰ ਫੋਰਾ ਨਹੀਂ ਲਾਉਂਦੇ। ਜੇ ਤੁਸੀਂ ਵੀ ਜੁਗਾੜ ਲਾਊ ਤੇ ਲਾਲਚੀ ਬਿਰਤੀ ਦੇ ਮਾਲਕ ਹੁੰਦੇ ਤਾਂ ਕੀ ਲੋੜ ਪਈ ਸੀ ਕਿ ਪੈਰ ਪੈਰ 'ਤੇ ਹੁਕਮ ਮੰਨਣ ਵਾਲੇ ਸੇਵਕਾਂ ਦੀਆਂ ਡਾਰਾਂ ਛੱਡ ਕੇ ਜੰਗਲਾਂ ਦੀ ਖਾਕ ਛਾਣਦੇ ਫਿਰਦੇ। ਜੇ ਬਣਵਾਸ ਨਾ ਲੈਂਦੇ ਤਾਂ ਇੱਕ ਗੱਲ ਜਰੂਰ ਹੋਣੀ ਸੀ ਕਿ ਨਾ ਤੁਸੀ ਬਣਵਾਸ ਜਾਂਦੇ, ਨਾ ਕਿਸੇ ਸਰੂਪਨਖ਼ਾਂ ਦਾ ਨੱਕ ਵੱਢਿਆ ਜਾਂਦਾ। ਨਾ ਸੀਤਾ ਜੀ ਨੂੰ ਰਾਵਣ ਚੁੱਕ ਕੇ ਲਿਜਾਂਦਾ ਤੇ ਨਾ ਹੀ ਦਸਾਂ ਸਿਰਾਂ ਜਿੰਨੀ ਅਕਲ ਦਾ ਮਾਲਕ ਭਾਵ ਕਿ ਚਾਰ ਵੇਦਾਂ ਦਾ ਗਿਆਤਾ ਰਾਵਣ ਤੁਹਾਡੇ ਹੱਥੋਂ ਮਾਰਿਆ ਜਾਂਦਾ। ਨਾ ਦੀਵਾਲੀ ਦਾ ਦਿਨ ਤਿਉਹਾਰ ਬਣਦਾ.... ਤੇ ਨਾ...। ਦੋਸਤੋ ਮੈਂ ਤਾਂ ਰਾਮ ਚੰਦਰ ਜੀ ਨਾਲ ਗੱਲਾਂ ਕਰ ਰਿਹਾਂ ਤੁਸੀਂ ਐਵੇਂ ਹੀ ਮੁੱਠੀਆਂ 'ਚ ਨਾ ਥੁੱਕੀ ਫਿਰੋ ਕਿ ਆਹ ਬੰਦਾ ਬਿਨਾਂ ਵਜ੍ਹਾ ਹੀ ਇਤਿਹਾਸ ਨੂੰ ਪੁੱਠਾ ਗੇੜਾ ਦੇਈ ਜਾਂਦੈ। ਕਦੇ 'ਕੱਲੇ ਬੈਠ ਕੇ ਸੋਚ ਕੇ ਦੇਖਿਓ ਕਿ ਜੇ ਦੀਵਾਲੀ ਦਾ ਤਿਓਹਾਰ ਨਾ ਹੋਵੇ ਤਾਂ ਕੀ ਕੀ ਹੋਣੋਂ ਬਚ ਸਕਦੈ... ਜੇ ਖੁਦ ਦਿਮਾਗ 'ਤੇ ਜ਼ੋਰ ਨਹੀਂ ਪਾਉਣਾ ਤਾਂ ਲਓ ਸੁਣੋ...। ਜੇ ਦੀਵਾਲੀ ਦਾ ਤਿਉਹਾਰ ਨਾ ਹੁੰਦਾ, ਨਾ ਤਾਂ ਵੱਡੇ ਢਿੱਡਾਂ ਵਾਲੇ ਜਮ੍ਹਾਂਖੋਰਾਂ ਨੂੰ ਦੀਵਾਲੀ ਦੇ ਨੇੜੇ ਦੀਵਿਆਂ 'ਚ ਪਾਉਣ ਲਈ ਅੰਤਾਂ ਦਾ ਘਟੀਆ ਸਰ੍ਹੋਂ ਦਾ ਤੇਲ ਵੇਚਣ ਦੀ ਲੋੜ ਨਹੀਂ ਪੈਣੀ ਸੀ। ਨਾ ਹੀ ਵੱਡੇ ਮੁਨਾਫੇ ਦੀ ਝਾਕ 'ਚ ਹਲਵਾਈਆਂ ਨੂੰ ਜਾਅਲੀ ਖੋਏ, ਪਨੀਰ ਜਾਂ ਹੋਰ ਮਠਿਆਈਆਂ ਬਨਾਉਣ ਦੀ ਲੋੜ ਪੈਣੀ ਸੀ। ਜੇ ਹਲਵਾਈ ਇਸ ਰਾਹ ਨਾ ਤੁਰਦੇ ਤਾਂ ਸਿਹਤ ਅਧਿਕਾਰੀਆਂ ਨੂੰ ਵੀ ਮੇਜ ਹੇਠੋਂ ਦੀ ਮਿਲਦੀ ਮਾਇਆ ਨੂੰ ਬਰੇਕਾਂ ਲੱਗ ਜਾਣੀਆਂ ਸਨ। ਭਾਵੇਂ ਕਿ ਜਾਅਲੀ ਮਠਿਆਈਆਂ ਤਾਂ ਪੂਰਾ ਸਾਲ ਵਿਕਦੀਆਂ ਰਹਿੰਦੀਆਂ ਹਨ ਪਰ ਵਿਚਾਰੇ ਸਿਹਤ ਅਧਿਕਾਰੀ ਦੀਵਾਲੀ ਨੂੰ ਕੁੱਝ ਜਿਆਦਾ ਸਰਗਰਮ ਹੋ ਜਾਂਦੇ ਹਨ। ਨਾ ਮਿਲੀ ਭੁਗਤ ਨਾਲ ਜਾਅਲੀ ਮਠਿਆਈਆਂ ਵਿਕਦੀਆਂ, ਨਾ ਵਿਚਾਰੇ ਲੋਕ ਖਾਂਦੇ ਤੇ ਨਾ ਬਿਮਾਰ ਹੋ ਕੇ ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲਾਂ 'ਚ ਖੁਦ ਹਲਾਲ ਹੋਣ ਜਾਂਦੇ। ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲ ਇਸ ਕਰਕੇ ਲਿਖਿਐ ਕਿ ਸ੍ਰੀ ਰਾਮ ਚੰਦਰ ਜੀ ਦੇ ਭਰਾਤਾ ਦੇ ਨਾਂ 'ਤੇ ਬਣੇ ਭਾਰਤ 'ਚ ਸਰਕਾਰੀ ਨੌਕਰੀਆਂ 'ਤੇ ਬਿਰਾਜਮਾਨ ਜਿਆਦਾਤਰ ਡਾਕਟਰ ਸਾਹਿਬਾਨਾਂ ਨੇ ਆਪਣੇ ਆਪਣੇ ਪ੍ਰਾਈਵੇਟ ਹਸਪਤਾਲ ਵੀ ਬਣਾਏ ਹੋਏ ਹਨ। ਤਾਂ ਜੋ ਵਿਚਾਰੇ ਲੋਕਾਂ ਦਾ 'ਵਧੀਆ' ਇਲਾਜ਼ ਕੀਤਾ ਜਾ ਸਕੇ। ਜੇ ਦੀਵਾਲੀ ਨਾ ਹੁੰਦੀ ਤਾਂ... ਵੱਡੇ ਸਾਬ੍ਹਾਂ ਨੂੰ ਖੁਸ਼ ਕਰਨ ਲਈ ਤੋਹਫੇ ਦੇਣ ਦੀ ਲੋੜ ਵੀ ਨਹੀਂ ਸੀ ਪੈਣੀ। ਕਿਉਂਕਿ ਹੁਣ ਦੀਵਾਲੀ ਨੂੰ ਤੋਹਫਿਆਂ ਰਾਹੀਂ 'ਛਿੱਟੇ' ਮਾਰਨ ਲਈ ਵੀ ਵਧੇਰੇ ਵਰਤਿਆ ਜਾਂਦੈ। ਹੋਰ ਤਾਂ ਹੋਰ ਲੱਛਮੀ ਜਾਣੀਕਿ ਮਾਇਆ ਆਉਣ ਦੇ ਲਾਲਚ ‘ਚ ਲੋਕ ਘਰ ਦੇ ਬੂਹੇ ਤਾਂ ਖੋਲ੍ਹ ਦਿੰਦੇ ਹਨ ਪਰ ਜੂਏਬਾਜੀ ਜਾਂ ਫਿਰ ਦਾਰੂ ਪਿਆਲੇ ਜਰੀਏ ਪਤਾ ਹੀ ਨਹੀਂ ਕੀ ਕੀ ਲੁਟਾ ਬਹਿੰਦੇ ਹਨ। ਦੀਵਾਲੀ ਨਾ ਹੁੰਦੀ ਤਾਂ ਇਸ ਦਿਨ ਤੰਗੀਆਂ ਤੁਰਸੀਆਂ ਦੇ ਝੰਬੇ ਲੋਕਾਂ ਨੂੰ ਪਾਖੰਡੀ ਸਾਧਾਂ ਮਗਰ ਲੱਗ ਕੇ ਚੁਰਾਹਿਆਂ 'ਚ ਟੂਣੇ- ਟਾਮਣ ਕਰਨ ਦੀ ਵੀ ਲੋੜ ਨਹੀਂ ਸੀ ਪੈਣੀ। 

ਕਦੇ ਕਦੇ ਤਾਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਬੇਨਤੀਆਂ ਕਰਨ ਨੂੰ ਮਨ ਕਰ ਆਉਂਦੈ। ਬੜਾ ਮਨ ਕਰਦੈ ਕਿ ਗੁਰੂ ਜੀ ਨੂੰ ਕਹਾਂ ਕਿ ਚੰਗਾ ਹੋਇਆ ਕਿ ਲੋਕਾਂ ਨੇ ਖੂਹ ਖੁਦ ਹੀ ਪੂਰ ਦਿੱਤੇ, ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਰਕਾਰੀ ਸਕੂਲਾਂ ਦੀ ਬੁੱਕਤ ਨਹੀਂ ਰਹੀ, ਚੰਗਾ ਹੋਇਆ ਕਿ ਪਿੰਡਾਂ ਦੇ ਛੱਪੜ ਵੀ ਪਿੰਡਾਂ ਦਿਆਂ ਮੋਹਤਬਰਾਂ ਨੇ ਦੱਬ ਲਏ। ਮੈਂ 'ਚੰਗਾ ਹੋਇਆ' ਇਸ ਕਰਕੇ ਕਿਹੈ ਕਿਉਂਕਿ ਵਿਚਾਰੇ ਲੋਕ ਦੀਵਾਲੀ ਵਾਲੇ ਦਿਨ ਖੂਹ, ਸਕੂਲਾਂ ਜਾਂ ਛੱਪੜਾਂ ਦੇ ਕਿਨਾਰਿਆਂ 'ਤੇ ਵੀ ਦੀਵੇ ਜਗਾਉਂਦੇ ਸਨ ਕਿਉਂਕਿ ਸਕੂਲ ਵਿੱਦਿਆ ਵੰਡਦੇ ਸਨ, ਖੂਹ ਪਾਣੀ ਦਿੰਦੇ ਸਨ ਤੇ ਛੱਪੜ ਵੀ ਪਿੰਡਾਂ ਦੇ ਲੋਕਾਂ ਦੇ ਡੰਗਰ ਪਸ਼ੂ ਨਹਾਉਣ, ਸਣ ਦੱਬਣ ਜਾਂ ਘਰ ਲਿੱਪਣ ਲਈ ਚਿੱਕ ਦਿੰਦੇ ਸਨ। ਇਹੀ ਵਜ੍ਹਾ ਸੀ ਕਿ ਲੋਕ ਦੀਵਾਲੀ ਵਾਲੇ ਦਿਨ ਇਹਨਾਂ ਨੂੰ ਵੀ ਬਣਦਾ ਸਤਿਕਾਰ ਦੀਵੇ ਜਗਾ ਕੇ ਦਿੰਦੇ ਸਨ। ਪਰ ਹੁਣ ਤਾਂ ਇਹੀ ਕਹਿ ਸਕਦੇ ਆਂ ਕਿ ਮੋਹਤਬਰ ਲੋਕਾਂ ਤੇ ਸਰਕਾਰਾਂ ਨੂੰ ਲੋਕਾਂ ਦਾ ਜਿਆਦਾ ਫਿਕਰ ਸੀ ਕਿ ਜੇ ਸਕੂਲ, ਖੂਹ ਜਾ ਛੱਪੜ ਬਚ ਗਏ ਤਾਂ ਲੋਕ ਹਰ ਵਰ੍ਹੇ ਦੀਵੇ ਜਗਾਉਣਗੇ। ਫਿਰ ਪ੍ਰਦੂਸ਼ਣ ਹੋਵੇਗਾ ਤੇ ਲੋਕਾਂ ਨੂੰ ਸਾਹ ਆਦਿ ਦੀਆਂ ਬੀਮਾਰੀਆਂ ਘੇਰ ਲੈਣਗੀਆਂ। ਗੁਰੂ ਜੀ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਸ ਬਾਣੀ ਨੂੰ ਅਸੀਂ ਸਭ ਆਪਣੇ ਜੀਵਨ ਦਾ ਅਸਲ ਆਧਾਰ ਮੰਨਦੇ ਜਾਂ ਕਹਿੰਦੇ ਨਹੀਂ ਥੱਕਦੇ, ਉਸੇ ਬਾਣੀ ਦੀਆਂ ਸਿੱਖਿਆਵਾਂ ਤੋਂ ਮੁਨਕਰ ਹੋ ਕੇ ਅਸੀਂ ਸਭ ਇਸ ਦਿਨ ਹੀ ਪੂਰੇ ਸਾਲ ਜਿੰਨਾ ਪ੍ਰਦੂਸ਼ਣ ਫੈਲਾ ਦਿੰਦੇ ਹਾਂ ਦੀਵਿਆਂ ਜਾਂ ਪਟਾਕਿਆਂ ਨਾਲ ਗਰਦਾਗੋਰ ਕਰ ਕੇ। ਗੁਰਬਾਣੀ ਤਾਂ ਕੁਦਰਤ ਨੂੰ ਪਿਆਰਨ ਸਤਿਕਾਰਨ ਦਾ ਸੰਦੇਸ਼ ਦਿੰਦੀ ਐ ਪਰ ਅਸੀਂ ਆਮ ਲੋਕ ਤਾਂ ਕੀ ਸਿੱਖਾਂ ਦੀ ਸਰਵ-ਉੱਚ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮਣਾਂਮੂੰਹੀ ਮਾਇਆ ਕਿਸੇ ਗਰੀਬ ਗੁਰਬੇ ਦੀ ਮਦਦ ਕਰਨ ਨਾਲੋਂ ਪਟਾਕਿਆਂ ਜ਼ਰੀਏ ਫੂਕ ਕੇ ਹੀ ਖੁਸ਼ ਹੁੰਦੀ ਐ। ਓਹਨਾਂ ਨੂੰ ਤਾਂ ਇਸੇ ਗੱਲ ਦਾ ਹੀ ਝੱਲ ਸਾਹ ਨਹੀਂ ਲੈਣ ਦਿੰਦਾ ਕਿ "ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।" ਬੇਸ਼ੱਕ ਇੱਕ ਦੂਜੇ ਦੀ ਅਖ਼ਬਾਰਾਂ ਰਾਹੀਂ ਕੁੱਤ-ਪੋਹ ਤਾਂ ਕਰਦੇ ਰਹਿੰਦੇ ਹਨ ਪਰ ਕਦੇ ਕਿਸੇ ਜੱਥੇਦਾਰ ਨੇ ਅਜਿਹਾ ਹੁਕਮਨਾਮਾ ਜਾਰੀ ਨਹੀਂ ਕਰਵਾਇਆ ਕਿ ਸੰਗਤਾਂ ਨੂੰ ਇਹ ਸੇਧ ਦਿੱਤੀ ਜਾ ਸਕੇ ਕਿ ਦੀਵਾਲੀ ਪ੍ਰਦੂਸ਼ਣ ਮੁਕਤ ਵੀ ਹੋਣੀ ਚਾਹੀਦੀ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁਦਰਤ ਨਾਲ ਇੱਕ-ਮਿੱਕ ਹੋਣ ਦੀ ਸਿੱਖਿਆ ਨੂੰ ਅਮਲੀ ਜ਼ਾਮਾ ਪਹਿਨਾਇਆ ਜਾ ਸਕੇ। ਗੁਰੂ ਜੀ, ਜੱਥੇਦਾਰ ਵੀ ਕੀ ਕਰਨ ਵਿਚਾਰੇ.. ਓਹ ਤਾਂ ਖੁਦ ਬੰਦ ਲਿਫਾਫਿਆਂ 'ਚੋਂ ਨਿੱਕਲਦੇ ਹਨ। ਓਹਨਾਂ ਨੂੰ ਤਾਂ ਆਪਸ 'ਚ ਚੁੰਝ ਚਰਚਾ, ਸਰਨੇ ਜਾਂ ਝੀਂਡੇ ਤੋਂ ਬਿਨਾਂ ਦਿਸਦਾ ਹੀ ਕੁਛ ਨੀਂ। ਓਹਨਾਂ ਨੂੰ ਤਾਂ ਹੁਣ ਹਰਿਆਣੇ ਦੇ ਕਮਾਈ ਵਾਲੇ ਗੁਰਦੁਆਰੇ ਈ ਦਿਸਦੇ ਆ। ਐਸ ਦੀਵਾਲੀ ਨੂੰ ਤਾਂ ਗੁਰੂ ਜੀ ਇੱਕ ਹੋਰ ਹੀ ਵਾਕਿਆ ਵਰਤ ਗਿਆ। ਲਓ ਸੁਣੋ... ਰਾਮ ਨੂੰ ਤਾਂ ਆਵਦੇ ਮਤਰੇਏ ਭਰਾ ਨੂੰ ਗੱਦੀ ਦਿਵਾਉਣ ਲਈ ਬਣਵਾਸ ਮਿਲਿਆ ਸੀ ਪਰ ਪੰਜਾਬ ਦੇ ਲੋਕਾਂ ਸਿਰੋਂ ਕਰਜ਼ਾ ਉਤਾਰਨ ਦੀ ਕੋਸਿ਼ਸ਼ ਕਰਨ ਬਦਲੇ ਇੱਕ ਤਾਏ ਨੇ ਆਵਦੇ ਭਤੀਜੇ ਨੂੰ ਬਣਵਾਸ ਨਹੀਂ ਸਗੋਂ ਘਰੋਂ ਈ ਕੱਢਤਾ। ਓਹਨੇ ਤਾਂ ਕਿਸੇ ਸਰੂਪਨਖ਼ਾਂ ਦਾ ਨੱਕ ਵੀ ਨਹੀਂ ਸੀ ਵੱਢਿਆ ਸਗੋਂ ਅਕਾਲੀਆਂ ਦਾ ਨੱਕ 'ਵੱਡਾ' ਕਰਨ ਲਈ ਪੰਜਾਬ ਦੇ ਲੋਕਾਂ ਦੇ ਹੱਕ 'ਚ ਬੀੜਾ ਚੁੱਕਿਆ ਸੀ। ਜੇ ਉਹਨੂੰ ਘਰੋਂ ਨਾ ਕੱਢਿਆ ਜਾਂਦਾ ਤਾਂ ਸ਼ਾਇਦ ਓਹ ਲੋਕਾਂ ਸਿਰੋਂ ਐਨਾ ਕੁ ਕਰਜ਼ਾ ਮਾਫ ਕਰਵਾਉਣ 'ਚ ਕਾਮਯਾਬ ਹੋ ਜਾਂਦਾ ਜਿੰਨਾ ਸਾਡੀਆਂ ਅਗਲੀਆਂ ਤਿੰਨ ਪੀੜ੍ਹੀਆਂ ਵੀ ਨਹੀਂ ਲਾਹ ਸਕਦੀਆਂ। ਗੁਰੂ ਜੀ ਕੀ ਦੱਸਾਂ..? ਸਿਆਸਤ ਹੈ ਬੜੀ ਕੁੱਤੀ ਸ਼ੈਅ.. ਜੇ ਕਰਜ਼ਾ ਮਾਫ ਕਰਵਾਉਣ ਲਈ ਲੋਕਾਂ ਨੂੰ ਦਿੱਤਾ ਸਬਸਿਡੀਆਂ ਵਾਲਾ ਚੂਸਾ ਲੋਕਾਂ ਤੋਂ ਖੋਹ ਲਿਆ ਜਾਂਦਾ ਤਾਂ 'ਬੇਸਮਝ' ਲੋਕ 'ਕਾਲੀਆਂ ਨਾਲ ਰੁੱਸ ਜਾਣੇ ਸੀ। ਅਗਲੀ ਵਾਰ ਫੇਰ ਮੁੱਖ ਮੰਤਰੀ ਬਨਣ ਦੀ ਇੱਛਾ 'ਚ ਹੀ ਤਾਏ ਨੇ ਆਵਦਾ 'ਸਮਝਦਾਰ' ਭਤੀਜਾ ਭੁੰਜੇ ਲਾਹਤਾ। ਲੋਕ ਖਾਣ ਖਸਮਾਂ ਨੂੰ.. ਇਹਨਾਂ ਨੂੰ ਤਾਂ ਲਾਰਿਆਂ ਨਾਲ ਮਿਲੀਆਂ ਵੋਟਾਂ ਚਾਹੀਦੀਆਂ ਨੇ। ਤੁਸੀਂ ਤਾਂ ਆਪਣੇ 52 ਕਲੀਆਂ ਵਾਲੇ ਚੋਗੇ ਨਾਲ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾਉਣ ਵੇਲੇ ਨਾ ਤਾਂ ਕਿਸੇ ਦੀ ਜਾਤ ਦੇਖੀ ਸੀ ਨਾ ਗੋਤ ਪਰ ਆਪਣੇ ਆਪ ਨੂੰ ਤੁਹਾਡੇ ਪੈਰੋਕਾਰ ਹੋਣ ਦੀਆਂ ਡੀਂਗਾਂ ਮਾਰਨ ਵਾਲੇ ਤਾਂ 'ਸ਼ਰੀਕ ਉੱਜੜਿਆ, ਵੇਹੜਾ ਮੋਕਲਾ' ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹਨ। ਗੁਰੂ ਜੀ ਤੁਸੀਂ ਤਾਂ ਖੁਦ ਵੀ ਜਾਣੀ ਜਾਣ ਹੋ, ਕਿ ਗੁਰੂ ਕਾ ਲੰਗਰ ਵੀ ਇੱਕ ਸਿਆਸੀ ਧਿਰ ਵੱਲੋਂ ਵੋਟਾਂ ਇਕੱਠੀਆਂ ਕਰਨ ਲਈ ‘ਸਪਾਂਸਰ’ ਕੀਤਾ ਜਾਂਦੈ। ਹਰ ਦੂਜੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਹਨ ਕਿ ‘ਫਲਾਣੇ ਜਿਲ੍ਹੇ ਦੇ ਜੱਥੇਦਾਰ ਸਾਬ੍ਹ ਲੰਗਰ ‘ਚ ਮਟਰ ਕੱਢਦੇ ਹੋਏ।’ ਗੁਰੂ ਜੀ ਇੱਥੇ ਕੁ ਹੀ ਖੜ੍ਹੀ ਹੈ ਸਿੱਖੀ। ਸ਼ਾਇਦ ਇਸ ਦੀਵਾਲੀ ਨੂੰ ਵੀ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕੀਤੀਆਂ ਜਾਣਗੀਆਂ ਪਰ ਗੁਰੂ ਜੀ ਦਿਲ ‘ਤੇ ਹੱਥ ਰੱਖਕੇ ਕਹਿੰਨਾਂ ਕਿ ਸਰਬੱਤ ਦੇ ਭਲੇ ਵਾਲੀ ਦਿੱਲੀ ਬਹੁਤ ਦੂਰ ਹੈ ਸਗੋਂ ਆਮ ਲੋਕਾਂ ਤੋਂ ਤਾਂ ਖਿੱਚ ਖਿੱਚ ਕੇ ਹੋਰ ਵੀ ਦੂਰ ਕੀਤੀ ਜਾ ਰਹੀ ਹੈ। ਗੁਰੂ ਇੰਨੀ ਕੁ ਸੁਮੱਤ ਬਖਸ਼ੋ ਸਾਡੇ ਲਾਣੇ ਨੂੰ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਨਾਲੋਂ ਨਫਰਤ, ਲਾਲਚ ਜਾਂ ਬੇਵਕੂਫੀ ਦਾ ਹਨੇਰਾ ਆਪਣੇ ਖੋਪੜਾਂ ‘ਚੋਂ ਦੂਰ ਕਰਨ ਲਈ ਆਪਣੇ ਅੰਦਰ ਦੀਵੇ ਜਗਾਉਣ ਨਾ ਕਿ ਬਨੇਰਿਆਂ ‘ਤੇ। ਇਹ ਦੁੱਖ ਤੁਹਾਡੇ ਨਾਲ ਤੇ ਸ੍ਰੀ ਰਾਮ ਚੰਦਰ ਜੀ ਨਾਲ ਇਸ ਕਰਕੇ ਸਾਂਝੇ ਕੀਤੇ ਹਨ। ਹੁਣ ਤੁਸੀਂ ਹੀ ਦੱਸੋ ਕਿ ਤੰਗੀਆਂ ਤੁਰਸੀਆਂ ਨਾਲ ਜੂੰਡੋਜੂੰਡੀ ਹੁੰਦੇ ਲੋਕਾਂ ਨੂੰ ਕਿਵੇਂ ਕਹਾਂ... ਦੀਵਾਲੀ ਦੀਆਂ ਮੁਬਾਰਕਾਂ!
****
ਮੋ:- 0044 75191 12312