Showing posts with label ਖੁਸ਼ਪ੍ਰੀਤ ਸਿੰਘ. Show all posts
Showing posts with label ਖੁਸ਼ਪ੍ਰੀਤ ਸਿੰਘ. Show all posts

ਪੱਤਰਕਾਰਾਂ ਦਾ ਕੀ ਐ ਇਹ ਤਾਂ……… ਲੇਖ / ਖੁਸ਼ਪ੍ਰੀਤ ਸੁਨਾਮ

ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਪ੍ਰਸਿੱਧ ਗਾਇਕ ਦੇ ਸ਼ੋਅ ਵਿੱਚ ਸ਼ਾਮਲ ਹੋਣਾ ਸੀ।ਪੱਤਰਕਾਰਾਂ ਨੂੰ ਪ੍ਰੋਗਰਾਮ ਦੀ ਕਵਰੇਜ਼ ਲਈ ਵਿਸੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ। ਅਸੀ ਤਿੰਨ ਚਾਰ ਜਣੇ ਜੋ ਵੱਖੋ ਵੱਖ ਅਦਾਰਿਆਂ ਲਈ ਸ਼ੌਂਕੀਆ ਤੌਰ ‘ਤੇ ਪੱਤਰਕਾਰੀ ਨਾਲ਼ ਜੁੜੇ ਹੋਏ ਹਾਂ, ਨੇ ਪ੍ਰੋਗਰਾਮ ਵਾਲੇ ਹਾਲ ਦੇ ਬਾਹਰ ਮਿਲਣਾ ਨਿਯਤ ਕੀਤਾ ਹੋਇਆ ਸੀ। ਦੂਜੇ ਦੋਸਤਾਂ ਦੇ ਟ੍ਰੈਫਿਕ ਵਿੱਚ ਫਸ ਜਾਣ ਕਾਰਣ ਮੈਂ ਪਹਿਲਾਂ ਪਹੰਚ ਗਿਆ ਅਤੇ ਹਾਲ ਦੇ ਬਾਹਰ ਬਣੇ ਕੌਰੀਡੋਰ ਵਿੱਚ ੳਹਨਾਂ ਦਾ ਇੰਤਜ਼ਾਰ ਕਰਨ ਲੱਗਾ। ਆਪਣੇ ਮਹਿਬੂਬ ਗਾਇਕ ਨੂੰ ਸੁਨਣ ਲਈ ਉਸਦੇ ਪ੍ਰਸ਼ੰਸਕ ਵਹੀਰਾਂ ਘੱਤ ਕੇ ਪਹੰਚ ਰਹੇ ਸਨ। ਉਸੇ ਥਾਂ ‘ਤੇ ਮੇਰੇ ਪਿਛੇ ਦੋ ਸੱਜਣ ਆਪਸ ਵਿੱਚ ਗੱਲਾਂ ਕਰ ਰਹੇ ਸਨ। ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਪੱਤਰਕਾਰਾਂ ਬਾਰੇ ਸੀ। ਕਿੳਂਕਿ ਉਹਨਾਂ ਨੂੰ ਮੇਰੇ ਪੱਤਰਕਾਰ ਹੋਣ ਬਾਰ ਪਤਾ ਨਹੀ ਸੀ। ਇਸ ਲਈ ਉਹ ਬੇਝਿਜਕ ਜੋ ਕੇ ਗੱਲਬਾਤ ਕਰ ਰਹੇ ਸਨ। ਪਹਿਲਾ ਵਿਅਕਤੀ ਬੋਲਿਆ;
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।

ਦਿਨੋਂ ਦਿਨ ਨਿਵਾਣਾਂ ਵੱਲ ਜਾ ਰਿਹਾ ਹੈ ਪੰਜਾਬ……… ਲੇਖ / ਖੁਸ਼ਪ੍ਰੀਤ ਸੁਨਾਮ (ਮੈਲਬੋਰਨ)

ਕੋਈ ਵੀ ਸਰਕਾਰ ਨਹੀ ਬਣ ਸਕੀ ਲੋਕਾਂ ਦੇ ਦੁੱਖਾਂ ਦੀ ਦਾਰੂ।

ਪੰਜਾਬ ਦੇ ਲੋਕਾਂ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਦੂਜੀ ਵਾਰ ਸੱਤਾ ਵਿੱਚ ਲਿਆ ਕੇ ਪੰਜਾਬ ਵਿੱਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।ਲੋਕਾਂ ਦੀ ਇਸ ਸੋਚ ਪਿੱਛੇ ਅਕਾਲੀ ਦਲ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਇੱਕ ਲੰਮਾ ਇਤਿਹਾਸ ਹੈ।ਲੋਕਾਂ ਨੂੰ ਲਗਦਾ ਸੀ ਕਿ ਸ਼ਾਇਦ ਇਸ ਵਾਰ ਨਵੀਂ ਸਰਕਾਰ ਆਪਣੇ ਕੀਤੇ ਵਾਅਦਿਆਂ ਦੇ ਅਨੁਸਾਰ ਉਨ੍ਹਾਂ ਦੇ ਦੁੱਖਾਂ ਦਰਦਾਂ ਦੀ ਕੋਈ ਦਾਰੂ ਬਣੇਗੀ।ਪੰਜਾਬ ਦੀ ਜਨਤਾ ਨੂੰ ਜਾਪਦਾ ਸੀ ਕਿ ਇਸ ਵਾਰ ਉਨਾਂ ਦੇ ਸੁਪਨਿਆਂ ਨੂੰ ਬੂਰ ਜ਼ਰੂਰ ਪਵੇਗਾ।ਪੰਜਾਬ ਦੇ ਲੋਕਾਂ ਨੇ ਜਿਸ ਆਸ ਨਾਲ ਸਰਕਾਰ ਚੁਣੀ  ਤਾਂ ਉਨਾਂ ਨੂੰ ਆਪਣੀਆਂ  ਆਸਾਂ ਪੂਰੀਆਂ ਹੋਣ ਦੀ ਉਡੀਕ ਸੀ।ਇਸ ਲਈ ਲੋਕਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਵਾਅਦਿਆਂ ‘ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਦੁਬਾਰਾ ਸੱਤਾ ਸੌਂਪ ਦਿੱਤੀ। ਸਰਕਾਰ ਵਲੋਂ ਸੱਤਾ ਸੰਭਾਲਣ ਦੇ ਤਰੰਤ ਬਾਅਦ ਹੀ ਲੋਕਾਂ ਦੀ ਭਲਾਈ ਲਈ ਜਿਵੇਂ ਵੱਡੇ ਵੱਡੇ ਐਲਾਨ ਕੀਤੇ ਸਨ, ਉਸ ਤੋ ਲੋਕਾਂ  ਨੂੰ ਜਾਪਿਆ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ੳਹਨਾਂ ਦੇ ਵਿਹੜਿਆਂ ਵਿੱਚ ਵੀ ਖੁਸ਼ੀਆਂ ਖੇੜੇ ਹੋਣਗੇ ਪਰੰਤੂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਲੋਕਾਂ ਵਲੋਂ ਦੇਖੇ ਸੁਪਨੇ  ਚਕਨਾਚੂਰ ਹੰਦੇ ਦਿਖਾਈ ਦੇ ਰਹੇ ਹਨ ਅਤੇ ਸਰਕਾਰ ਵਲੋਂ ਆਪਣਾ ਰੰਗ ਦਿਖਾਉਣਾ ਸੂਰੁ ਹੋ ਗਿਆ ਹੈ ਅਤੇ ਛੇਤੀ ਹੀ ਪੰਜਾਬ ਦੀ ਜਨਤਾ ਨੂੰ ਇਹ ਅਹਿਸਾਸ ਹੋ ਹਿਆ ਹੈ ਕਿ ਸਰਕਾਰ ਦੇ ਬਦਲਣ ਜਾਂ ਨਾ ਬਦਲਣ ਨਾਲ ਉਨ੍ਹਾਂ ਦੀਆਂ ਤਕਦੀਰਾਂ ਨਹੀਂ ਬਦਲਣ ਲੱਗੀਆਂ।

ਕੌਮੀ ਏਕਤਾ ਦਾ ਪ੍ਰਤੀਕ ਮਹਾਨ ਸ਼ਹੀਦ ਰਾਮ ਮੁਹੰਮਦ ਸਿੰਘ ਅਜ਼ਾਦ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ

ਅਭੀ ਤੱਕ ਪੂਰੇ ਨਹੀਂ ਹੂਏ ਸ਼ਹੀਦੋਂ ਕੇ ਸਪਨੇ
ਮਜ਼ਾ ਆਏਗਾ ਜਬ ਅਪਣਾ ਰਾਜ ਦੇਖੇਂਗੇ
ਕਿ ਆਪਣੀ ਹੀ ਜ਼ਮੀ ਹੋਗੀ ਆਪਨਾ ਹੀ ਆਸਮਾ ਹੋਗਾ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ

ਇਹ ਸਤਰਾਂ ਇਨਕਲਾਬੀ ਲਹਿਰ ਦੇ ਮਹਾਨ ਯੋਧੇ ਅਤੇ ਸ਼ਾਇਰ ਰਾਮ ਪ੍ਰਸ਼ਾਦ ਬਿਸਮਲ ਦੁਆਰਾ ਲਿਖੀਆਂ ਗਈਆਂ ਹਨ। ਇਹ ਸਤਰਾਂ ਆਜ਼ਾਦੀ ਦੇ ਸੰਘਰਸ਼ ਦੌਰਾਨ ਇਸ ਲਹਿਰ ਦੇ ਮਹਾਨ ਸ਼ਹੀਦਾਂ ਵਲੋਂ ਦੇਸ਼ ਦੇ ਭਵਿੱਖ ਲਈ ਦੇਖੇ ਗਏ ਸੁਪਨਿਆਂ ਦਾ ਝਲਕਾਰਾ ਪੇਸ਼ ਕਰਦੀਆਂ ਹਨ। ਦੇਸ਼ ਦੇ ਬਹੁਤ ਸਾਰੇ ਕੌਮੀ ਸ਼ਹੀਦਾਂ ਨੇ ਆਜ਼ਾਦੀ ਦੀ ਲਹਿਰ ਦੌਰਾਨ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ, ਦੇਸ਼ ਵਿੱਚ ਆਜ਼ਾਦੀ ਸੰਘਰਸ਼ ਦੇ ਦੀਵੇ ਨੂੰ ਬਲਦਾ ਰਖਿਆ। ਇੰਨ੍ਹਾਂ ਮਹਾਨ ਸ਼ਹੀਦਾਂ ਨੇ ਜਾਤ, ਧਰਮ, ਭਾਸ਼ਾ ਅਤੇ ਪ੍ਰਾਂਤਾਂ ਦੇ ਮਸਲੇ ਤੋਂ ਉਪਰ ਉਠ, ਇਕ ਮੁੱਠ ਹੋ ਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਨਮੱਤਾ ਯੋਗਦਾਨ ਪਾਇਆ ਅਤੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿਸ ਵਿਚ ਮਨੁੱਖ ਤੋਂ ਮਨੁੱਖ ਦੀ ਲੁੱਟ ਖਸੁੱਟ ਨਹੀ ਹੋਵੇਗੀ । ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਦੇ ਹਰੇਕ ਬਸ਼ਿੰਦੇ ਨੂੰ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਮੁੱਢਲੀਆਂ ਸਹੂਲਤਾਂ ਨਸੀਬ ਹੋਣਗੀਆਂ ਅਤੇ ਹਰ ਤਰ੍ਹਾਂ ਦਾ ਵਿਤਕਰਾ ਖਤਮ ਕੀਤਾ ਜਾਵੇਗਾ। ਭਾਰਤ ਦੇ ਲੋਕਾਂ ਨੂੰ ਅਜਿਹਾ ਸੁਨਹਿਰਾ ਭਵਿੱਖ ਪ੍ਰਦਾਨ ਕਰਨ ਲਈ ਸਾਡੇ ਸ਼ਹੀਦਾਂ ਨੇ ਆਪਣਾ ਵਰਤਮਾਨ ਕੁਰਬਾਨ ਕਰ ਦਿੱਤਾ। ਇਨਾਂ ਮਹਾਨ ਸ਼ਹੀਦਾਂ ਵਿਚੋਂ ਇੱਕ ਸੀ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ।

ਕੀ ਟੈਕਸੀ ਡਰਾਈਵਰ ਬੰਦੇ ਨਹੀ ਹੁੰਦੇ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੌਰਨ)l

ਸੌਖੀ ਨਹੀਂ ਡਰਾਈਵਰੀ ਯਾਰੋ, ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁਕਣੇ

ਉਪਰੋਕਤ ਸਿਰਲੇਖ ਪੜ੍ਹ ਕੇ ਪਾਠਕਾਂ ਦੇ ਮਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਖਿਆਲ ਸੁਭਾਵਿਕ ਹੀ ਉੱਠ ਰਹੇ ਹੋਣਗੇ। ਪਰੰਤੂ ਪਿਛਲੇ ਦਿਨੀ ਮੈਲਬੌਰਨ (ਆਸਟ੍ਰੇਲੀਆ) ਦੇ ਕੁਝ ਟੈਕਸੀ ਡਰਾਈਵਰਾਂ ਨਾਲ ਜੋ ਕੁਝ ਹੋਇਆ ਸੱਚਮੁਚ ਹੀ ਦਿਲ ਨੂੰ ਦਹਿਲਾਉਣ ਵਾਲਾ ਕਾਰਾ ਸੀ। ਇਸ ਘਟਨਾ ਤੋਂ ਬਾਅਦ ਤਾਂ ਇੰਝ ਹੀ ਲੱਗਣ ਲੱਗਿਆ ਹੈ ਕਿ ਇਥੇ ਟੈਕਸੀ ਡਰਾਈਵਰਾਂ ਦੀ ਸੱਚਮੁੱਚ ਹੀ ਕੋਈ ਪੁੱਛ ਪ੍ਰਤੀਤ ਨਹੀ ਹੈ। ਕਿਉਂਕਿ ਜਦੋਂ ਵੀ ਕਿਸੇ ਦਾ ਦਿਲ ਚਾਹੇ ਟੈਕਸੀ ਡਰਾਈਵਰਾਂ ਨਾਲ ਧੱਕਾ ਕਰ ਜਾਂਦਾ ਹੈ। ਟੈਕਸੀ ਡਰਾਈਵਰਾਂ ਨਾਲ ਵਾਪਰੀਆਂ ਇਹ ਘਟਨਾਵਾਂ ਕੋਈ ਨਵੀਆਂ ਨਹੀ ਹਨ। ਪਰੰਤੂ ਹੁਣ ਦਿਨੋਂ-ਦਿਨ ਇਹਨਾਂ ਨੂੰ ਅੰਜ਼ਾਮ ਦੇਣ ਦੇ ਤਰੀਕਿਆਂ ਦੇ ਵਿੱਚ ਫਰਕ ਆ ਰਿਹਾ ਹੈ, ਉਥੇ ਹੀ ਇਹੋ ਜਿਹੋ ਜਿਹੇ ਕਾਰਾ ਕਰਨ ਵਾਲਿਆਂ ਦੇ ਹੌਸਲੇ ਵੀ ਬੁਲੰਦ ਹੁੰਦੇ ਜਾ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਟੈਕਸੀ ਡਰਾਈਵਰ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਕਿਉਂਕਿ ਪਹਿਲ ਸਵਾਰੀ ਜਾਂ ਸ਼ਿਕਾਇਤ ਕਰਤਾ ਨੂੰ  ਮਿਲਦੀ ਹੈ ਤੇ ਪੁਲਿਸ ਵੀ ਟੈਕਸੀ ਡਰਾਈਵਰਾਂ ਵਲੋਂ ਕੀਤੀਆਂ ਜ਼ਿਆਦਾਤਰ ਸ਼ਿਕਾਇਤਾਂ ਨੂੰ ਕੱਚੇ ਹੀ ਜਮਾ ਜਾਂਦੀ ਹੈ ਤੇ ਕੋਈ ਐਕਸ਼ਨ ਨਹੀਂ ਲੈਂਦੀ। ਟੈਕਸੀ ਡਰਾਈਵਰਾਂ ਨਾਲ ਗਾਲੀ ਗਲੋਚ ਦੀਆਂ ਘਟਨਾਵਾਂ ਜਾਂ ਕਿਰਾਇਆ ਲੈ ਕੇ ਭੱਜਣਾ ਇਹ ਜ਼ਿਆਦਾ ਹੁੰਦਾ ਸੀ । ਘਰ ਪਿੱਛੇ ਸੱਦ ਕੇ ਜਾਂ ਕਿਸੇ ਸੁੰਨਸਾਨ ਗਲੀ ਵਿੱਚ ਰਾਤ ਨੂੰ ਗੱਡੀ ਸੱਦ ਕੇ ਚਾਕੂ ਦੀ ਨੋਕ ਤੇ ਪੈਸੇ ਲੁੱਟਣ ਦਾ ਪ੍ਰਚਲਨ ਵਧਿਆ, ਪਰੰਤੂ ਮੀਡੀਆ ਵਿੱਚ ਇਹ ਗੱਲਾਂ ਆਉਣ ਕਰਕੇ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ। ਟੈਕਸੀਆਂ ਵਾਲਿਆਂ ਉੱਪਰ ਆਂਡੇ ਜਾਂ ਪੱਥਰ ਸੁੱਟਣਾ ਤਾਂ ਆਮ ਜਿਹੀ ਗੱਲ ਬਣ ਗਈ ਹੈ। ਖਾਸ ਕਰ “ਵੀਕਐਂਡ” ‘ਤੇ ਤਾਂ ਅਕਸਰ ਹੀ ਬੇਸ ਵਲੋਂ ਮੈਸੇਜ ਖੜਕਦਾ ਹੀ ਰਹਿੰਦਾ ਹੈ ਕਿ ਫਲਾਣੀ ਸੜਕ ‘ਤੇ ਨਾਂ ਜਾਇਓ, ਉਥੇ ਮੁੰਡੇ ਪੱਥਰ ਜਾਂ ਆਂਡੇ ਸੁੱਟ ਰਹੇ ਹਨ। ਪਰੰਤੂ ਕਿਸੇ ਨੇ ਇਸ ਗੱਲ ਵਲ ਧਿਆਨ ਅੱਜ ਤੱਕ ਨਹੀਂ ਦਿੱਤਾ ਕਿ ਇਹਨਾਂ ਘਟਨਾਵਾਂ ਨੂੰ ਰੋਕਿਆ ਕਿਵੇਂ ਜਾਵੇ। ਇਹ ਘਟਨਾਵਾਂ ਘਟਣ ਦੀ ਬਜਾਏ ਨਿੱਤ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਪਿਛਲੇ ਦਿਨੀਂ ਜੋ ਇੱਕ ਵੱਡੀ ਘਟਨਾ ਟੈਕਸੀ ਡਰਾਈਵਰਾਂ ਨਾਲ ਵਾਪਰੀ, ਉਸ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਹੁਣ ਇਥੋਂ ਦੇ ਨਸ਼ੇੜੀ ਕਿਸਮ ਦੇ ਨੌਜਵਾਨਾਂ ਜੋ ਕਿ ਆਪਣੇ ਨਸ਼ੇ ਦੀ  ਪੂਰਤੀ ਲਈ ਕੁਝ ਵੀ ਕਰ ਸਕਦੇ ਹਨ। ਜਿੰਨ੍ਹਾਂ ਨੇ ਸ਼ਰੇਆਮ ਸੜਕ ਤੇ ਜਾਂਦੀਆਂ ਟੈਕਸੀਆਂ ਨੂੰ ਜਬਰਨ ਰੋਕ ਕੇ ਗੱਡੀਆਂ ਦਾ ਨੁਕਸਾਨ ਕੀਤਾ ਉਥੇ ਹੀ ਡਰਾਈਵਰਾਂ ਨੂੰ ਵੀ ਲੁੱਟਿਆ ਤੇ ਕੁੱਟਿਆ ਤੇ ਕੁਝ ਇੱਕ ਡਰਾਈਵਰਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵੀ ਦਾਖਲ  ਕਰਵਾਉਣਾ ਪਿਆ।

ਭਾਰਤ ਵਿੱਚ ਦਿਨੋ–ਦਿਨ ਵੱਧਦੇ ਜਾ ਰਹੇ ਸੜਕ ਹਾਦਸੇ ਇੱਕ ਚਿੰਤਾ ਦਾ ਵਿਸ਼ਾ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ

ਭਾਰਤ ਦੀਆਂ ਸੜਕਾਂ ਤੇ ਦੁਰਘਟਨਾ ਅਤੇ ਮੌਤ ਇਕ ਆਮ ਜਿਹੀ ਗੱਲ ਬਣ ਗਈ ਹੈ । ਹਰ ਰੋਜ਼ ਸਵੇਰੇ ਉਠਦਿਆਂ ਹੀ ਜਦੋਂ ਸਾਡੀ ਨਜ਼ਰ ਅਖਬਾਰ ਦੀ ਸੁਰਖੀਆਂ ਤੇ ਜਾਂਦੀ ਹੈ ਤਾਂ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਸੜਕ ਹਾਦਸਿਆਂ ਵਿੱਚ ਕੁਝ ਲੋਕਾਂ ਦੀ ਜਾਨ ਨਾ ਗਈ ਹੋਵੇ ਜਾਂ ਕੁਝ ਲੋਕ ਇਹਨਾਂ ਹਾਦਸਿਆਂ ਦੌਰਾਨ ਗੰਭੀਰ ਜ਼ਖਮੀ ਨਾ ਹੋਏ ਹੋਣ। ਸਾਡੇ ਦੇਸ਼ ਦੀਆਂ ਸੜਕਾਂ ਇਸ ਵੇਲੇ ਖੂਨੀ ਰੂਪ ਧਾਰ ਚੁੱਕੀਆਂ ਹਨ ਅਤੇ ਹਰ ਰੋਜ ਕਿੰਨੇ ਹੀ ਨਿਰਦੋਸ਼ ਲੋਕਾਂ ਦਾ ਖੂਨ ਭਾਰਤ ਦੀਆਂ ਸੜਕਾਂ ਉਪਰ ਡੁੱਲਦਾ ਹੈ, ਪਰੰਤੂ ਫੇਰ ਵੀ ਇਹਨਾਂ ਖੂਨੀ ਸੜਕਾਂ ਦੀ ਪਿਆਸ ਨਹੀਂ ਬੁਝਦੀ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਵੱਡੀ ਤੋਂ ਵੱਡੀ ਲੜਾਈ ਵਿੱਚ ਇੰਨੇ ਲੋਕ ਨਹੀਂ ਮਰੇ ਹੋਣਗੇ, ਜਿੰਨੇ ਸੜਕ ਹਾਦਸਿਆਂ ਵਿੱਚ ਲੋਕਾਂ ਦੀ ਜਿੰਦਗੀ ਜਾ ਰਹੀ ਹੈ । ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੀ ਚਲਿਆ ਆ ਰਿਹਾ ਹੈ ।

ਕੁਝ ਮੁੱਦੇ ਜੋ ਰਾਜਸੀ ਪਾਰਟੀਆਂ ਵਲੋਂ ਵਿਚਾਰੇ ਹੀ ਨਹੀਂ ਗਏ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ (ਮੈਲਬੋਰਨ)

ਪੰਜਾਬ ਵਿਧਾਨ ਸਭਾ ਚੋਣਾਂ ਦੇ ਸਾਂਤੀਪੂਰਣ ਤਰੀਕੇ ਨਾਲ ਨਿਬੜ ਜਾਣ ਪਿੱਛੋਂ ਹੁਣ ਸਭ ਦੀਆਂ ਨਜ਼ਰਾਂ 6 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਉਪਰ ਲੱਗੀਆਂ ਹੋਈਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੰਨ੍ਹਾਂ ਚੋਣਾਂ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਵਲੋਂ ਜਨਤਾ ਨੂੰ ਆਪੋ-ਆਪਣੇ ਤਰੀਕੇ ਨਾਲ ਸਬਜ਼ਬਾਗ ਦਿਖਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਰਾਜਸੀ ਪਾਰਟੀਆਂ ਵਲੋਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵੱਖ-ਵੱਖ ਮੁੱਦਿਆਂ ਨੂੰ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਵਾਂਗ ਪਰੋਸਣ ਦਾ ਯਤਨ ਕੀਤਾ ਗਿਆ। ਇਹ ਤਾਂ ਸਭ ਹੀ ਜਾਣਦੇ ਹਨ ਕਿ ਰਾਜਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਕਿੰਨੇ ਕੁ ਸਾਰਥਕ ਹੁੰਦੇ ਹਨ। ਜੇਕਰ ਇਹਨਾਂ ਨੂੰ ਲੋਕ ਲੁਭਾਊ ਦਸਤਾਵੇਜ਼ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਜਦੋਂ ਕੋਈ ਪਾਰਟੀ ਸੱਤਾ ਉਤੇ ਕਾਬਜ਼ ਹੋ ਜਾਂਦੀ ਹੈ ਤਾਂ ਉਹ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਦੀ ਹੈ। ਜੇਕਰ ਪਾਰਟੀਆਂ ਦੇ ਚੋਣ-ਮਨੋਰਥ ਪੱਤਰਾਂ ਦੀ ਹੀ ਗੱਲ ਲੈ ਲਈ ਜਾਵੇ ਤਾਂ ਕਈ ਅਜਿਹੇ ਸੰਵੇਦਨਸ਼ੀਲ ਮੁੱਦੇ ਹਨ, ਜਿਨ੍ਹਾਂ ਨੂੰ ਪਾਰਟੀਆਂ ਜਾਂ ਤਾਂ ਸ਼ਾਮਲ ਹੀ ਨਹੀਂ ਕਰਦੀਆਂ ਅਤੇ ਕਿਤੇ ਭੁੱਲ-ਭੁਲੇਖੇ ਕੁਝ ਮੁੱਦਿਆਂ  ਨੂੰ ਸ਼ਾਮਲ ਕਰ ਵੀ ਲਿਆ ਜਾਂਦਾ ਹੈ ਤਾਂ ਸਰਕਾਰ ਬਨਣ ਤੇ ਇਨ੍ਹਾਂ ਵੱਲ ਕੋਈ ਖਾਸ ਤਵੱਜੋ ਨਹੀਂ ਦਿੱਤੀ ਜਾਂਦੀ। ਲੰਘੀਆਂ ਚੋਣਾਂ ਵਿੱਚ ਕਿਸੇ ਪਾਰਟੀ ਨੇ 100 ਦਿਨ ਦਾ ਏਜੰਡਾ ਦਿੱਤਾ ਤੇ ਵੀ.ਆਈ.ਪੀ. ਕਲਚਰ ਖਤਮ ਕਰਨ ਦੀ ਗੱਲ ਕਹੀ। ਕਿਸੇ ਪਾਰਟੀ ਨੇ ਇੱਕ ਰੁਪਏ ਕਿਲੋ ਆਟਾ ਤੇ ਕਿਸੇ ਪਾਰਟੀ ਨੇ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਹੀ। ਪਰੰਤੂ ਇਨ੍ਹਾਂ ਮੁੱਦਿਆਂ ਵਿੱਚ ਕਿਸੇ ਵੀ ਪਾਰਟੀ ਨੇ ਆਮ ਆਦਮੀ ਦੀ ਗੱਲ ਨਹੀਂ ਕੀਤੀ।

ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ

ਭਗਵੰਤ ਮਾਨ ਨੂੰ ਹੁਣ ਤੱਕ ਲੋਕ ਕਾਮੇਡੀ ਕਲਾਕਾਰ ਵਜੋਂ ਹੀ ਜਾਣਦੇ ਰਹੇ ਹਨ। ਸਟੇਜ ਉਤੋਂ ਉਸਦਾ ਬੋਲਣ ਦਾ ਅੰਦਾਜ਼, ਵੱਖ–ਵੱਖ ਸਰਕਾਰੀ ਵਿਭਾਗਾਂ ਉੱਤੇ ਕੀਤੇ ਵਿਅੰਗ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਹਨ । ਭਾਵੇ ਉਸਦੇ ਹਰੇਕ ਵਿਅੰਗ ਵਿੱਚ ਕੋਈ ਨਾ ਕੋਈ ਗੰਭੀਰ ਸਨੇਹਾ ਵੀ ਹੁੰਦਾ ਸੀ, ਪਰੰਤੂ ਜ਼ਿਆਦਾਤਰ ਲੋਕ ਉਸਦੀ ਕਾਮੇਡੀ ਨੂੰ ਹਲਕੇ ਫੁਲਕੇ ਹਾਸੇ  ਤੇ ਮਜ਼ਾਕ ਵਜੋਂ ਹੀ ਲੈਂਦੇ ਰਹੇ । ਪਰੰਤੂ ਘੱਟ ਲੋਕ ਕੀ ਜਾਣਦੇ ਹਨ ਕਿ ਇਹ ਹਾਸਿਆਂ ਦਾ ਬਾਦਸ਼ਾਹ ਲੋਕਾਂ ਦੇ ਦਰਦ ਨੂੰ ਦਿਲ ਵਿੱਚ ਸਮੋ ਕੇ ਰੱਖੀ ਬੈਠਾ ਹੈ । ਪੰਜਾਬ ਦੀ ਬਦ ਤੋ ਬਦਤਰ ਹੁੰਦੀ ਜਾ ਰਹੀ ਹਾਲਤ, ਗਰੀਬੀ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਲੋਕ ਅਤੇ ਖੁਦਕੁਸ਼ੀਆਂ ਕਰਦੇ ਕਿਸਾਨਾਂ ਦੇ ਘਰਾਂ ਵਿੱਚ ਪੈਂਦੇ ਵੈਣਾਂ ਨੇ ਉਸਦੀ ਰਾਤਾਂ ਦੀ ਨੀਂਦ ਉਚਾਟ ਕਰ ਦਿੱਤੀ। ਉਸਨੇ ਬੀੜਾ ਚੁੱਕਿਆ ਲੋਕਾਂ ਦੇ ਦੁੱਖ ਉੱਤੇ ਮਲ੍ਹਮ ਲਾਉਣ ਦਾ । ਉਸਦੇ ਅੰਦਰ ਧੁਖ ਰਹੀ ਇਸ ਚਿੰਤਾ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਪਾਰਟੀ ਦਾ ਦਾ ਗਠਨ ਕਰਕੇ ਪੰਜਾਬ ਦੇ ਧਨ ਕੁਬੇਰ ਲੀਡਰਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਭਗਵੰਤ ਮਾਨ ਨੇ ਆਪਣੇ ਸੁਨਹਿਰੀ ਕੈਰੀਅਰ ਨੂੰ ਦਾਅ ਤੇ ਲਗਾ ਕੇ ਲੋਕਾਂ ਦੇ ਦਰਾਂ ਉਤੇ ਜਾਣ ਦਾ ਫੈਸਲਾ ਕਰ ਲਿਆ ।

ਮਾਂ ਅਤੇ ਮਿੱਟੀ ਦੀ ਖਿੱਚ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ

ਹਰ ਮਿੱਟੀ ਦੀ ਇੱਕ ਫਿਤਰਤ ਹੁੰਦੀ ਹੈ ਕਿ ਉਹ ਆਪਣੇ ਜਾਇਆਂ  ਨੂੰ ਆਪਣੀ ਗੋਦ ਵਿੱਚ ਜਕੜ ਕੇ ਰੱਖਦੀ ਹੈ। ਫਿਰ ਚਾਹੇ ਕੋਈ ਪੌਦਾ ਹੋਵੇ ਜਾਂ ਇਨਸਾਨ ਆਪਣੀ ਮਿੱਟੀ ਤੋਂ ਟੁੱਟ ਕੇ ਕੋਈ ਵੀ ਜਿਆਦਾ ਦੇਰ ਤੱਕ ਜਿਉਂਦਾ ਨਹੀਂ ਰਹਿ ਸਕਦਾ, ਸਗੋਂ ਮਿੱਟੀ ਤੋਂ ਜੁੱਦਾ ਹੋ ਕੇ ਪੌਦਾ ਜਾਂ ਇਨਸਾਨ ਪਹਿਲਾਂ ਮੁਰਝਾ ਜਾਂਦਾ ਹੈ ਅਤੇ ਫੇਰ ਸੁੱਕ ਸੜ ਕੇ ਮਿੱਟੀ ਵਿੱਚ ਹੀ ਮਲੀਨ ਹੋ ਜਾਂਦਾ ਹੈ। ਰੁੱਖ ਚਾਹੇ ਕਿੰਨਾ ਵੀ ਉਚਾ ਕਿਉਂ ਨਾ ਹੋਵੇ ਉਸ ਦੀਆਂ ਜੜ੍ਹਾਂ ਹਮੇਸ਼ਾ ਜਮੀਨ ਵਿੱਚ ਹੀ ਰਹਿੰਦੀਆਂ ਹਨ। ਉਵੇਂ ਇਨਸਾਨ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ ਆਪਣੀ ਮਾਂ ਅਤੇ ਮਿੱਟੀ ਤੋਂ ਦੂਰ ਨਹੀਂ ਹੋ ਸਕਦਾ। ਉਸ ਦਾ ਦਿਲ ਹਮੇਸ਼ਾ ਹੀ ਆਪਣੀ ਜੰਮਣ ਭੂਮੀ ਲਈ ਧੜਕਦਾ ਹੈ। ਉਸਨੂੰ ਸੁਪਨਿਆਂ ਵਿੱਚ ਵੀ ਆਪਣੀ ਮਾਂ ਦੀਆਂ ਹਾਕਾਂ ਵਜਦੀਆਂ ਸੁਣਦੀਆਂ ਹਨ। ਮਾਂ ਦੇ  ਹੱਥਾਂ ਦੀਆਂ ਪੱਕੀਆਂ ਰੋਟੀਆਂ 36  ਕਿਸਮ ਦੇ ਭੋਜਨ ਤੋਂ ਵੀ ਵਧੀਆ ਲਗਦੀਆਂ ਹਨ। ਜਿਨ੍ਹਾਂ ਕੋਈ ਆਪਣੀ ਜੰਮਣ ਭੂੰਮੀ ਤੋਂ ਦੂਰ ਹੁੰਦਾ ਹੈ। ਉਨੀ ਹੀ ਸ਼ਿਦਤ ਉਸਦੇ ਦਿਲ ਵਿੱਚ ਉਸ ਪ੍ਰਤੀ ਵਧਦੀ ਜਾਂਦੀ ਹੈ। ਇੱਕ ਹਸਰਤ ਉਸ ਦੇ ਦਿਲ ਵਿੱਚ ਹਮੇਸ਼ਾ ਹੀ ਪਲਦੀ ਰਹਿੰਦੀ ਹੈ ਕਿ ਕਾਸ਼ ! ਉਹ ਇੱਕ ਪੰਛੀ ਬਣ ਜਾਵੇ ਉਸ ਦੇ ਪਰ ਨਿਕਲ ਆਉਣ ਤਾਂ ਕਿ ਉਹ ਝੱਟ ਉਡ ਕੇ ਆਪਣੇ ਵਤਨ ਪਹੁੰਚ ਜਾਵੇ ਅਤੇ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਸਕੇ।

ਇਹ ਕੈਸੀ ਰੁੱਤ ਆਈ.......... ਲੇਖ਼ / ਖੁਸ਼ਪ੍ਰੀਤ ਸਿੰਘ (ਆਸਟ੍ਰੇਲੀਆ)


ਕੀ ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ?

ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗਾਣੇ ''ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀਦਾ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ..‘ ਦੀਆਂ ਸਤਰਾਂ ਭਾਰਤੀ ਲੋਕਾਂ ਖਾਸ ਕਰਕੇ ਪੰਜਾਬੀਆਂ ਦੇ ਸਰਬੱਤ ਦੇ ਭਲੇ ਬਾਰੇ ਸੁਭਾਅ ਨੂੰ ਉਜਾਗਰ ਕਰਦੀਆਂ ਹਨ। ਭਾਰਤੀ ਲੋਕ ਜਿਹੜੇ ਵੀ ਦੇਸ਼ ਵਿਚ ਗਏ, ਨਾ ਸਿਰਫ ਉਹਨਾਂ ਦੇਸ਼ਾਂ ਨੂੰ ਆਪਣਾ ਹੀ ਸਮਝਿਆ ਸਗੋਂ ਉਹਨਾਂ ਦੇਸ਼ਾਂ ਦੀ ਤਰੱਕੀ ਦੇ ਲਈ ਆਪਣਾ ਖੂਨ ਪਸੀਨਾ ਵਹਾਇਆ ਅਤੇ ਉਥੋਂ ਦੀ ਮਿੱਟੀ ਨੂੰ ਸੋਨੇ ਵਿਚ ਬਦਲ ਦਿੱਤਾ। ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ, ਜਿੱਥੇ ਭਾਰਤੀਆਂ ਦੇ ਮਿਹਨਤੀ ਹੱਥਾਂ ਨੇ ਆਪਣੀ ਕਰਾਮਾਤ ਨਾ ਦਿਖਾਈ ਹੋਵੇ। ਇਸ ਤਰ੍ਹਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਸਾਖ ਵਿਦੇਸ਼ਾਂ ਵਿਚ ਇਕ ਮਿਹਨਤੀ ਅਤੇ ਵਫ਼ਾਦਾਰ ਕੌਮ ਵਜੋਂ ਸਥਾਪਤ ਹੋਈ, ਪ੍ਰੰਤੂ ਕੁਝ ਸਮੇਂ ਦੌਰਾਨ ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੇ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋ ਕੇ ਅਜਿਹੇ ਕਾਰੇ ਕੀਤੇ ਹਨ, ਜਿਸ ਨਾਲ ਨਾ ਸਿਰਫ ਆਸਟ੍ਰੇਲੀਆ ਵਿਚ ਭਾਰਤੀ ਲੋਕਾਂ ਦੇ ਅਕਸ ਨੂੰ ਢਾਅ ਲੱਗੀ ਹੈ, ਸਗੋਂ ਭਾਰਤ ਸਰਕਾਰ ਤੇ ਆਸਟ੍ਰੇਲੀਆ ਸਰਕਾਰ ਦੇ ਆਪਸੀ ਸੰਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ। ਭਾਵੇਂ ਪਹਿਲਾਂ ਸਾਡੇ ਪੰਜਾਬੀ ਐਨ. ਆਰ.ਆਈਜ਼ ਨੇ ਭਾਰਤ ਵਿਚ ਕਈ-ਕਈ ਕੁੜੀਆਂ ਨਾਲ ਵਿਆਹ ਕਰਵਾਉਣ ਅਤੇ ਪੈਸਾ ਕਮਾਉਣ ਲਈ ਕਬੂਤਰਬਾਜ਼ੀ ਦੇ ਜਾਇਜ਼-ਨਜਾਇਜ਼ ਕਿੱਸੇ ਪਹਿਲਾਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ਪ੍ਰੰਤੂ ਪਿਛਲੇ ਦਿਨਾਂ ਦੌਰਾਨ ਆਸਟ੍ਰੇਲੀਆ ਵਿਚ ਨਿਰੰਤਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਵਿਚ ਜਿਸ ਤਰ੍ਹਾਂ ਹਿੰਦੁਸਤਾਨੀਆਂ ਖਾਸ ਕਰਕੇ ਪੰਜਾਬੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਉਸ ਨਾਲ ਸਾਡੇ ਦੇਸ਼ ਦੇ ਲੋਕਾਂ ਨੇ ਇਖਲਾਕੀ ਗਿਰਾਵਟ ਦੀਆਂ ਨੀਵਾਣਾਂ ਦੇ ਸਾਰੇ ਹੱਦ ਬੰਨ੍ਹੇ ਪਾਰ ਕਰ ਦਿੱਤੇ ਹਨ। ਇਸ ਤਰ੍ਹਾਂ ਸਾਡੇ ਦੇਸ਼ ਦੇ ਲੋਕ ਖਾਸ ਕਰਕੇ ਸਾਡੇ ਪੰਜਾਬੀ ਇੱਥੇ ਆ ਕੇ ''ਭਰਾ ਮਾਰੂ ਜੰਗ‘‘ ਵਿਚ ਉਲਝੇ ਹੋਏ ਹਨ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਵਿਚ ਵੱਸਦੇ ਭਾਰਤੀਆਂ ਦੇ ਇਤਿਹਾਸ ਦਾ ਇਹ ਸਭ ਤੋਂ ਕਾਲਾ ਦੌਰ ਸਾਬਤ ਹੋ ਰਿਹਾ ਹੈ।
ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਆਸਟ੍ਰੇਲੀਆ ਇਕ ਮਲਟੀ-ਕਲਚਰਲ ਦੇਸ਼ ਹੈ, ਜਿੱਥੇ ਵੱਖੋ-ਵੱਖ ਮੁਲਕਾਂ ਤੋਂ ਆ ਕੇ ਲੋਕ ਵੱਸੇ ਹੋਏ ਹਨ। ਪੂਰੇ ਵਿਸ਼ਵ ਵਿਚ ਆਸਟ੍ਰੇਲੀਆ ਦੀ ਗਿਣਤੀ ਸ਼ਾਂਤ ਮੁਲਕ ਵਜੋਂ ਕੀਤੀ ਜਾਂਦੀ ਹੈ, ਜਿਸ ਕਾਰਨ ਹਰ ਕੋਈ ਇੱਥੇ ਆ ਕੇ ਰਹਿਣ ਨੂੰ ਤਰਜੀਹ ਦਿੰਦਾ ਹੈ। ਅੱਜ ਤੋਂ ਅੱਠ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਭਾਰਤੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਸੀ, ਪ੍ਰੰਤੂ ਜਿਉਂ ਹੀ ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਤਾਂ ਭਾਰਤੀ ਨੌਜਵਾਨ ਮੁੰਡੇ, ਕੁੜੀਆਂ ਦਾ ਇਕ ਤਰ੍ਹਾਂ ਨਾਲ ਹੜ੍ਹ ਹੀ ਆ ਗਿਆ। ਭਾਰਤੀ ਵਿਦਿਆਰਥੀਆਂ ਦੀ ਆਮਦ ਨਾਲ ਜਿੱਥੇ ਆਸਟ੍ਰੇਲੀਆ ਦੀ ਆਰਥਿਕ ਸਥਿਤੀ ਨੂੰ ਬਲ ਮਿਲਿਆ, ਉਥੇ ਹੀ ਕਾਰੋਬਾਰੀ ਸਥਿਤੀ ਵੀ ਮਜ਼ਬੂਤ ਹੋਈ। ਇਹ ਵੀ ਜੱਗ ਜ਼ਾਹਿਰ ਹੈ ਕਿ ਭਾਰਤੀ ਜਿੱਥੇ ਵੀ ਜਾਂਦੇ ਹਨ, ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ ਅਤੇ ਇਹੋ ਕਾਰਨ ਸੀ ਕਿ ਆਸਟ੍ਰੇਲੀਆ ਦੇ ਹਰੇਕ ਕਾਰੋਬਾਰ ਵਿਚ ਭਾਰਤੀਆਂ ਦੀ ਸ਼ਮੂਲੀਅਤ ਵਧਣ ਲੱਗੀ ਤੇ ਮਿਹਨਤੀ ਸੁਭਾਅ ਕਾਰਨ ਹਰ ਕਿਤੇ ਭਾਰਤੀਆਂ ਨੂੰ ਵਧੀਆ ਮਾਣ ਸਨਮਾਨ ਮਿਲਿਆ। ਸਮੇਂ ਦੇ ਚਲਦਿਆਂ ਜਿੱਥੇ ਭਾਰਤੀ ਮਿਹਨਤੀ ਸੁਭਾਅ ਕਰਕੇ ਹਰਮਨ ਪਿਆਰੇ ਹੋ ਗਏ, ਸਮੇਂ ਦੇ ਚਲਦਿਆਂ ਭਾਰਤੀਆਂ ਉਪਰ ਹਮਲਿਆਂ ਦਾ ਦੌਰ ਸ਼ੁਰੂ ਹੋਇਆ, ਅਤੇ ਇਹਨਾਂ ਹਮਲਿਆਂ ਨੂੰ ਨਸਲੀ ਹਮਲੇ ਕਰਾਰ ਦਿੱਤਾ ਗਿਆ ਤੇ ਕਾਫ਼ੀ ਹੱਦ ਤੱਕ ਇਹ ਗੱਲਾਂ ਸਹੀ ਵੀ ਸਾਬਤ ਹੋਈਆਂ ਤੇ ਸਰਕਾਰ ਤੇ ਨੁਮਾਇੰਦਿਆਂ ਨੇ ਇਹ ਗੱਲ ਮੰਨੀ ਕਿ ਭਾਰਤੀਆਂ ਉਪਰ ਹੋਏ ਹਮਲੇ ਨਸਲੀ ਹਨ। ਜਿਸ ਕਾਰਨ ਆਸਟ੍ਰੇਲੀਆ ਦੇ ਲੋਕਾਂ ਦੀ ਭਾਰਤੀਆਂ ਪ੍ਰਤੀ ਹਮਦਰਦੀ ਵਧਣ ਲੱਗੀ ਅਤੇ ਭਾਰਤੀ ਮੀਡੀਏ ਨੇ ਆਸਟ੍ਰੇਲੀਆ ਸਰਕਾਰ ਨੂੰ ਦੋਵੇਂ ਹੱਥੋਂ ਲਿਆ। ਅਖ਼ਬਾਰਾਂ ਵਿਚ ਵੱਡੀਆਂ-ਵੱਡੀਆਂ ਖ਼ਬਰਾਂ ਛਾਪ ਕੇ ਚੈਨਲਾਂ ਵਿਚ ਖੌਫ਼ਨਾਕ ਤਰੀਕੇ ਨਾਲ ਖ਼ਬਰਾਂ ਦਿਖਾ ਕੇ ਆਸਟ੍ਰੇਲੀਆਈ ਲੋਕਾਂ ਨੂੰ ਹਿੰਸਕ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਿੱਟੇ ਵਜੋਂ ਭਾਰਤੀ ਵਿਦਿਆਰਥੀਆਂ ਨੇ ਰੋਸ ਰੈਲੀਆਂ ਕੱਢੀਆਂ ਤੇ ਇਹਨਾਂ ਰੈਲੀਆਂ ਦੌਰਾਨ ਭੰਨ-ਤੋੜ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ। ਕੋਈ ਵੀ ਸ਼ਾਂਤ ਮੁਲਕ ਦੇ ਵਾਸੀ ਇਹ ਕਦੀ ਵੀ ਨਹੀਂ ਚਾਹੁੰਣਗੇ ਕਿ ਉਹਨਾਂ ਦੇ ਦੇਸ਼ ਵਿਚ ਕੋਈ ਬਾਹਰੀ ਲੋਕ ਆ ਕੇ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦੇਣ ਤੇ ਉਹਨਾਂ ਦੀ ਸ਼ਾਂਤੀ ਭੰਗ ਹੋਵੇ। ਸਮੇਂ ਦੇ ਨਾਲ ਆਸਟ੍ਰੇਲੀਆਈ ਲੋਕ ਭਾਰਤੀਆਂ ਤੋਂ ਕਿਨਾਰਾ ਕਰਨ ਲੱਗ ਪਏ ਜੋ ਕਿ ਭਾਰਤੀਆਂ ਦੇ ਅਕਸ ਲਈ ਇਕ ਸ਼ਰਮ ਵਾਲੀ ਗੱਲ ਸੀ। ਖ਼ਬਰਾਂ ਦਾ ਪਿੜ ਇਕ ਵਾਰ ਭਖਿਆ ਜਦੋਂ ਇਕ ਸੜੀ ਹੋਈ ਲਾਸ਼ ਪੁਲਿਸ ਨੂੰ ਗ੍ਰਿਫਥ ਵਿਖੇ ਮਿਲੀ। ਭਾਰਤੀਆਂ ਵਿਚ ਫਿਰ ਰੋਸ ਦੀ ਲਹਿਰ ਦੌੜ ਗਈ ਤੇ ਇਸਨੂੰ ਨਸਲੀ ਹਮਲਾ ਕਰਾਰ ਦਿੱਤਾ ਗਿਆ, ਪ੍ਰੰਤੂ ਆਸਟ੍ਰੇਲੀਆ ਸਰਕਾਰ ਦੇ ਭਾਰਤੀਆਂ ਦੇ ਕੇਸਾਂ ਨੂੰ ਗੰਭੀਰਤਾ ਲੈਣ ਕਾਰਨ ਜਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤਾਂ ਸਾਡੇ ਆਪਣਿਆਂ ਵੱਲੋਂ ਕੀਤੀਆਂ ਹਰਕਤਾਂ ਨਾਲ ਸਾਰੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪਿਆ ਕਿਉਂਕਿ ਦੋਸ਼ੀ ਖੁਦ ਸਾਡੇ ਆਪਣੇ ਸਨ। ਉਸ ਤੋਂ ਬਾਅਦ ਉਪਰੋ ਥਲੀ ਕਤਲਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿਚ ਨਿਤਿਨ ਗਰਗ ਜਿਸ ਦੇ ਕਤਲ ਦੇ ਕੇਸ ਦੀ ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਪਰਥ ਵਿਚ ਕਤਲ ਕੀਤੇ ਦੋ ਸਕੇ ਭਰਾਵਾਂ ਦਾ ਕਤਲ, ਉਹਨਾਂ ਦੇ ਦੋਸਤ ਨੇ ਹੀ ਕੀਤਾ। ਉਸ ਤੋਂ ਬਾਅਦ ਜੋ ਸਭ ਤੋਂ ਦਿਲ ਕੰਬਾਊ ਘਟਨਾ, ਜਿਸਨੇ ਕਿ ਸਭ ਨੂੰ ਸ਼ਰਮ ਲਈ ਮਜਬੂਰ ਕਰ ਦਿੱਤਾ ਕਿ ਕੋਈ ਇੰਨੀ ਗਿਰੀ ਹੋਈ ਹਰਕਤ ਕਰਨ ਲਈ ਕਿੱਥੇ ਤੱਕ ਜਾ ਸਕਦਾ ਹੈ। ਛੋਟੇ ਬੱਚੇ ਗੁਰਸ਼ਾਨ ਦੇ ਕਤਲ ਵਿਚ ਵੀ ਉਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਦੀ ਸ਼ਮੂਲੀਅਤ ਨੇ ਭਾਰਤੀ ਭਾਈਚਾਰੇ ਨੂੰ ਪਾਣੀ-ਪਾਣੀ ਕਰ ਦਿੱਤਾ ਤੇ ਕਿਸੇ ਅੱਗੇ ਬੋਲਣ ਜੋਗਾ ਨਹੀਂ ਛੱਡਿਆ। ਭਾਵੇਂ ਇਨ੍ਹਾਂ ਕਤਲਾਂ ਪਿੱਛੇ ਕਾਰਨ ਕੋਈ ਵੀ ਸੀ ਪਰ ਇਸ ਕਾਰਨ ਇਨ੍ਹਾਂ ਦੇ ਪਰਿਵਾਰਾਂ ਨੂੰ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੂਰਾ ਭਾਰਤੀ ਭਾਈਚਾਰਾ ਆਪਣੇ ਆਪ ਨੂੰ ਹੀਣਾ ਮਹਿਸੂਸ ਕਰ ਰਿਹਾ ਹੈ। ਕੁਝ ਲੋਕਾਂ ਦੀ ਕਰਨੀ ਦੇ ਕਾਰਨ ਭੁਗਤਣੀ ਸਾਰਿਆਂ ਨੂੰ ਪੈ ਸਕਦੀ ਹੈ। ਇਨ੍ਹਾਂ ਸਾਰਿਆਂ ਕੇਸਾਂ ਵਿਚ ਜਿੱਥੇ ਦੋਵੇਂ ਦੇਸ਼ਾਂ ਦੇ ਵਕਾਰ ਦਾਅ ‘ਤੇ ਲੱਗੇ ਹੋਏ ਸਨ, ਉਥੇ ਭਾਰਤੀ ਮੀਡੀਆ ਹੁਣ ਕੁਝ ਨਹੀਂ ਸੀ ਬੋਲ ਰਿਹਾ। ਹੋਰ ਤਾਂ ਹੋਰ ਇੰਨਾ ਕੁਝ ਹੋਣ ਦੇ ਬਾਵਜੂਦ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਲੋਕ ਦਿਲ ਖੋਲ੍ਹ ਕੇ ਅਜਿਹੇ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿਵੇਂ ਕਿ ਪਿਛਲੇ ਦਿਨੀਂ ਇਕ ਭਾਰਤੀ ਨੌਜਵਾਨ ਵੱਲੋਂ ਚੰਦ ਕੁ ਡਾਲਰਾਂ ਦੇ ਲਾਲਚ ਵਿਚ ਜਿੱਥੇ ਪਹਿਲਾਂ ਆਪਣੀ ਕਾਰ ਨੂੰ ਅੱਗ ਲਗਾਈ ਤੇ ਆਪਣੇ ਆਪ ਨੂੰ ਅੱਗ ਲਗਾਈ ਤਾਂ ਕਿ ਮਾਮਲਾ ਪੂਰੀ ਤਰ੍ਹਾਂ ਨਸਲੀ ਵਿਖਾਇਆ ਜਾ ਸਕੇ। ਪ੍ਰੰਤੂ ਵਿਕਟੋਰੀਆ ਪੁਲਿਸ ਦੀ ਸੂਝ-ਬੂਝ ਨੇ ਜਿਸ ਤਰ੍ਹਾਂ ਇਸ ਕੇਸ ਨੂੰ ਖੋਲ੍ਹ ਕੇ ਸਾਹਮਣੇ ਰੱਖਿਆ ਤਾਂ ਭਾਰਤੀ ਖਾਸ ਕਰਕੇ ਪੰਜਾਬੀਆਂ ਤੋਂ ਸਭ ਦਾ ਵਿਸ਼ਵਾਸ ਹੀ ਜਾਂਦਾ ਰਿਹਾ। ਅੱਜ ਆਲਮ ਇਹ ਹੈ ਕਿ ਸਾਡੇ ਲੋਕ ਭਾਰਤ ਵਿਚੋਂ ਇੱਥੇ ਆ ਕੇ ਇੱਥੋਂ ਦੇ ਕਾਨੂੰਨਾਂ ਮੁਤਾਬਕ ਰਹਿਣਾ ਪਸੰਦ ਨਹੀਂ ਕਰਦੇ। ਮੰਨਿਆ ਕਿ ਇੱਥੋਂ ਦਾ ਕਾਨੂੰਨ ਸਖ਼ਤ ਨਹੀਂ ਹੈ ਪਰ ਇਹ ਮਾਰ ਕਿਸੇ ਹੋਰ ਪਾਸਿਉਂ ਵੀ ਪੈ ਸਕਦੀ ਹੈ। ਅੱਜਕਲ੍ਹ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਖਾਸ ਕਰਕੇ ਜੋ ਪੰਜਾਬੀਆਂ ਵੱਲੋਂ ਕਰਵਾਏ ਜਾਂਦੇ ਹਨ, ਬਹੁਤ ਹੀ ਘੱਟ ਨੇਪਰੇ ਚੜ੍ਹਦੇ ਹਨ। ਅਕਸਰ ਸਮਾਗਮਾਂ ਵਿਚ ਲੜਾਈਆਂ ਦੇਖਣ ਨੂੰ ਮਿਲਦੀਆਂ ਹਨ। ਕੋਈ ਵੀ ਪਰਿਵਾਰ ਵਾਲਾ ਬੰਦਾ ਆਪਣੇ ਪਰਿਵਾਰ ਨਾਲ ਕੋਈ ਫਿਲਮ ਜਾਂ ਸਭਿਆਚਾਰਕ ਮੇਲਾ ਦੇਖਣ ਤੋਂ ਕਤਰਾਉਂਦਾ ਹੈ। ਨਵੇਂ ਸਾਲ ਦੇ ਜਸ਼ਨਾਂ ਮੌਕੇ ਜਿੱਥੇ ਇੱਥੋਂ ਦੇ ਲੋਕਾਂ ਵੱਲੋਂ ਇਹ ਜਸ਼ਨ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਹਨ, ਉਥੇ ਹੀ ਸਾਡੇ ਬਹੁਤੇ ਨੌਜਵਾਨ ਸ਼ਰਾਬਾਂ ਪੀ ਕੇ ਇਹਨਾਂ ਜਸ਼ਨਾਂ ਵਿਚ ਰੰਗ ਵਿਚ ਭੰਗ ਪਾਉਂਦੇ ਅਕਸਰ ਦੇਖੇ ਜਾਂਦੇ ਹਨ। ਟਰੇਨਾਂ ਤੇ ਟਰਾਮਾਂ ਵਿਚ ਉਚੀ-ਉਚੀ ਆਵਾਜ਼ ਵਿਚ ਗਾਣੇ ਸੁਣਨਾ ਤੇ ਆਪਣੇ ਦੇਸ਼ ਦੀਆਂ ਕੁੜੀਆਂ ਨੂੰ ਹੀ ਫਬਤੀਆਂ ਕੱਸਣਾ, ਇਹੋ ਜਿਹੇ ਵਰਤਾਰੇ ਸਾਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਪਿੱਛੇ ਲੈ ਕੇ ਜਾ ਰਹੇ ਹਨ। ਅੱਜ ਸਾਡੇ ਭਾਰਤੀਆਂ ਦਾ ਅਕਸ ਇੱਥੇ ਇੰਨਾ ਵਿਗੜ ਚੁੱਕਾ ਹੈ ਕਿ ਕੋਈ ਵੀ ਬੈਂਕ ਭਾਰਤੀ ਨੂੰ ਕ੍ਰੈਡਿਟ ਕਾਰਡ ਦੇਣ ਸਮੇਂ ਤੇ ਲੋਨ ਲੈਣ ਸਮੇਂ ਸੌ-ਸੌ ਸੁਆਲ ਪੁੱਛਦਾ ਹੈ ਤੇ ਫਿਰ ਕਿਤੇ ਜਾ ਕੇ ਕੰਮ ਬਣਦਾ ਹੈ, ਕਿਉਂਕਿ ਸਾਡੇ ਲੋਕਾਂ ਨੇ ਇੱਥੋਂ ਦੀਆਂ ਸਹੂਲਤਾਂ ਦਾ ਨਾਜਾਇਜ਼ ਫਾਇਦਾ ਉਠਾ ਕੇ ਇਹਨਾਂ ਲੋਕਾਂ ਨੂੰ ਭਾਰਤੀਆਂ ਪ੍ਰਤੀ ਆਪਣੇ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਅੱਜ ਦੇ ਸਮੇਂ ਵਿਚ ਭਾਰਤ ਵਿਚ ਵੱਡੀਆਂ-ਵੱਡੀਆਂ ਡਿਗਰੀਆਂ ਕਰਕੇ ਵੀ ਨੌਕਰੀਆਂ ਨਹੀਂ ਮਿਲ ਰਹੀਆਂ। ਇੱਥੇ ਆ ਕੇ ਲੱਖਾਂ ਰੁਪਏ ਖਰਚ ਕੇ ਹਰ ਕੋਈ ਆਪਣਾ ਚੰਗਾ ਭਵਿੱਖ ਸਿਰਜਣ ਲਈ ਪਹੁੰਚਿਆ ਹੈ, ਪ੍ਰੰਤੂ ਕੁਝ ਕੁ ਮੁੱਠੀ ਭਰ ਲੋਕਾਂ ਦੀਆਂ ਮਾੜੀਆਂ ਹਰਕਤਾਂ ਕਰਨ ਕਰਕੇ ਸਵਾਲੀਆ ਨਿਸ਼ਾਨ ਸਾਰਿਆਂ ਦੇ ਭਵਿੱਖ ‘ਤੇ ਲੱਗਣ ਲਈ ਤਿਆਰ ਖੜ੍ਹਾ ਹੈ। ਵੀਜ਼ਾ ਨਿਯਮਾਂ ਵਿਚ ਨਿੱਤ ਹੋ ਰਹੀਆਂ ਤਬਦੀਲੀਆਂ ਨੇ ਵਿਦਿਆਰਥੀ ਵਰਗ ਨੂੰ ਪ੍ਰੇਸ਼ਾਨੀ ਦੇ ਰਾਹ ਪਾ ਦਿੱਤਾ ਹੈ ਅਤੇ ਹਰ ਕਿਸੇ ਨੂੰ ਆਪਣਾ ਭਵਿੱਖ ਡੁੱਬਦਾ ਨਜ਼ਰ ਆ ਰਿਹਾ ਹੈ।
ਉਪਰੋਕਤ ਚਰਚਾ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਅਤੇ ਆਪਣੀਆਂ ਆਪਹੁਦਰੀਆਂ ਤੇ ਰੋਕ ਨਾ ਲਗਾਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਵਿਦੇਸ਼ੀ ਧਰਤੀਆਂ, ਜਿੱਥੋਂ ਦੇ ਡਾਲਰਾਂ ਦੀ ਚਮਕ ਦਮਕ ਹਰ ਸਮੇਂ ਸਾਡੇ ਲੋਕਾਂ ਦੀਆਂ ਅੱਖਾਂ ਚੁੰਧਿਆਉਂਦੀ ਹੈ, ਉਹ ਹਮੇਸ਼ਾ ਹਮੇਸ਼ਾ ਲਈ ਆਪਣੇ ਦਰਵਾਜ਼ੇ ਸਾਡੇ ਲਈ ਬੰਦ
ਕਰ ਲੈਣਗੀਆਂ।
ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਨਾ ਸਗੋਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਭੁਗਤਣੀਆਂ ਪੈਣਗੀਆਂ ਬਲਕਿ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਘਾਲਣਾਵਾਂ ਵੀ ਅਜਾਈਂ ਚਲੀਆਂ ਜਾਣਗੀਆਂ ਤੇ ਸਾਡੀਆਂ ਇਨ੍ਹਾਂ ਗਲਤੀਆਂ ਲਈ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।
''ਐਸੇ ਦੌਰ ਵੀ ਦੇਖੇ ਹੈਂ, ਤਾਰੀਖ ਕੇ ਪੰਨੋਂ ਮੇਂ
ਲਮਹੋਂ ਨੇ ਖਤਾ ਕੀ ਔਰ ਸਦੀਔਂ ਨੇ
ਖ਼ਤਾ ਪਾਈ।‘‘

****