ਦਿਨੋਂ ਦਿਨ ਨਿਵਾਣਾਂ ਵੱਲ ਜਾ ਰਿਹਾ ਹੈ ਪੰਜਾਬ……… ਲੇਖ / ਖੁਸ਼ਪ੍ਰੀਤ ਸੁਨਾਮ (ਮੈਲਬੋਰਨ)

ਕੋਈ ਵੀ ਸਰਕਾਰ ਨਹੀ ਬਣ ਸਕੀ ਲੋਕਾਂ ਦੇ ਦੁੱਖਾਂ ਦੀ ਦਾਰੂ।

ਪੰਜਾਬ ਦੇ ਲੋਕਾਂ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਦੂਜੀ ਵਾਰ ਸੱਤਾ ਵਿੱਚ ਲਿਆ ਕੇ ਪੰਜਾਬ ਵਿੱਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।ਲੋਕਾਂ ਦੀ ਇਸ ਸੋਚ ਪਿੱਛੇ ਅਕਾਲੀ ਦਲ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਇੱਕ ਲੰਮਾ ਇਤਿਹਾਸ ਹੈ।ਲੋਕਾਂ ਨੂੰ ਲਗਦਾ ਸੀ ਕਿ ਸ਼ਾਇਦ ਇਸ ਵਾਰ ਨਵੀਂ ਸਰਕਾਰ ਆਪਣੇ ਕੀਤੇ ਵਾਅਦਿਆਂ ਦੇ ਅਨੁਸਾਰ ਉਨ੍ਹਾਂ ਦੇ ਦੁੱਖਾਂ ਦਰਦਾਂ ਦੀ ਕੋਈ ਦਾਰੂ ਬਣੇਗੀ।ਪੰਜਾਬ ਦੀ ਜਨਤਾ ਨੂੰ ਜਾਪਦਾ ਸੀ ਕਿ ਇਸ ਵਾਰ ਉਨਾਂ ਦੇ ਸੁਪਨਿਆਂ ਨੂੰ ਬੂਰ ਜ਼ਰੂਰ ਪਵੇਗਾ।ਪੰਜਾਬ ਦੇ ਲੋਕਾਂ ਨੇ ਜਿਸ ਆਸ ਨਾਲ ਸਰਕਾਰ ਚੁਣੀ  ਤਾਂ ਉਨਾਂ ਨੂੰ ਆਪਣੀਆਂ  ਆਸਾਂ ਪੂਰੀਆਂ ਹੋਣ ਦੀ ਉਡੀਕ ਸੀ।ਇਸ ਲਈ ਲੋਕਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਵਾਅਦਿਆਂ ‘ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਦੁਬਾਰਾ ਸੱਤਾ ਸੌਂਪ ਦਿੱਤੀ। ਸਰਕਾਰ ਵਲੋਂ ਸੱਤਾ ਸੰਭਾਲਣ ਦੇ ਤਰੰਤ ਬਾਅਦ ਹੀ ਲੋਕਾਂ ਦੀ ਭਲਾਈ ਲਈ ਜਿਵੇਂ ਵੱਡੇ ਵੱਡੇ ਐਲਾਨ ਕੀਤੇ ਸਨ, ਉਸ ਤੋ ਲੋਕਾਂ  ਨੂੰ ਜਾਪਿਆ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ੳਹਨਾਂ ਦੇ ਵਿਹੜਿਆਂ ਵਿੱਚ ਵੀ ਖੁਸ਼ੀਆਂ ਖੇੜੇ ਹੋਣਗੇ ਪਰੰਤੂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਲੋਕਾਂ ਵਲੋਂ ਦੇਖੇ ਸੁਪਨੇ  ਚਕਨਾਚੂਰ ਹੰਦੇ ਦਿਖਾਈ ਦੇ ਰਹੇ ਹਨ ਅਤੇ ਸਰਕਾਰ ਵਲੋਂ ਆਪਣਾ ਰੰਗ ਦਿਖਾਉਣਾ ਸੂਰੁ ਹੋ ਗਿਆ ਹੈ ਅਤੇ ਛੇਤੀ ਹੀ ਪੰਜਾਬ ਦੀ ਜਨਤਾ ਨੂੰ ਇਹ ਅਹਿਸਾਸ ਹੋ ਹਿਆ ਹੈ ਕਿ ਸਰਕਾਰ ਦੇ ਬਦਲਣ ਜਾਂ ਨਾ ਬਦਲਣ ਨਾਲ ਉਨ੍ਹਾਂ ਦੀਆਂ ਤਕਦੀਰਾਂ ਨਹੀਂ ਬਦਲਣ ਲੱਗੀਆਂ।

ਜੇਕਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਇੱਕ ਪੰਛੀ ਝਾਤ ਮਾਰੀ ਜਾਵੇ ਤਾਂ ਕਈ ਨਵੀਆਂ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਪੰਜਾਬ ਇਸ ਸਮੇਂ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਪੰਜਾਬ ਵਿੱਚ ਵਿੱਤੀ ਐਮਰਜੈਂਸੀ ਲੱਗੀ ਹੋਈ ਹੈ। ਹਰ ਤਰ੍ਹਾਂ ਦੀਆਂ ਅਦਾਇਗੀਆਂ ਬੰਦ ਕਰ ਦਿੱਤੀਆਂ ਗਈਆਂ ਹਨ।ਖਜ਼ਾਨਿਆਂ ਵਿੱਚ ਮੌਖਿਕ ਤੌਰ ‘ਤੇ ਅਦਾਇਗੀ ਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਅਨੇਕਾਂ ਬਿੱਲ, ਸੇਵਾ ਮਕਤ ਮੁਲਾਜ਼ਮਾਂ ਦੀਆਂ ਅਦਾਇਗੀਆਂ ਰੋਕ ਦਿੱਤੀਆ ਗਈਆਂ ਹਨ ਅਤੇ ਇਸ ਦੇ ਨਾਲ ਸਾਰੇ ਵਿਭਾਗਾਂ ਨੂੰ ਆਪਣੇ-ਆਪਣੇ ਖਰਚਿਆਂ ਵਿੱਚ ਕਟੌਤੀ ਕਰਨ ਨੂੰ ਵੀ ਕਿਹਾ ਗਿਆ ਹੈ।ਪਰ ਦੂਜੇ ਪਾਸੇ ਇਹ ਕਟੌਤੀ ਸਰਕਾਰ ਦੇ ਵਜ਼ੀਰਾਂ ਉਪਰ ਲਾਗੂ ਨਹੀਂ ਹੰਦੀ। ਕੋਈ ਵੀ ਸਮਾਂ ਹੋਵੇ ਉਨਾਂ ਦੇ ਹਰ ਵੇਲੇ ਠਾਠ ਹੀ ਹੰਦੇ ਹਨ।ਬੀਤੇ ਦਿਨੀਂ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ “ਔਡੀ” ਗੱਡੀ ਦੀ ਮੰਗ ਕੀਤੀ, ਉਥੇ ਹੀ ਪਾਰਲੀਮਾਨੀ ਸਕੱਤਰਾਂ ਨੇ ਇਨੋਵਾ ਗੱਡੀਆਂ ਦੀ ਮੰਗ ਕੀਤੀ ਹੈ । ਹਾਲਾਂਕਿ ਇਨ੍ਹਾਂ ਪਾਰਲੀਮਾਨੀ ਸਕੱਤਰਾਂ ਕੋਲ ਸੰਵਿਧਾਨਿਕ ਤੌਰ ‘ਤੇ ਕੋਈ ਵੀ ਸ਼ਕਤੀ ਨਹੀਂ ਹੰਦੀ ਅਤੇ ਇਹ ਸਿਰਫ ਤੇ ਸਿਰਫ ਖਜ਼ਾਨੇ ‘ਤੇ ਬੋਝ ਹੀ ਪਾਇਆ ਹੋਇਆ ਹੈ, ਉਹ ਵੀ ਆਪਣੀ ਕੁਰਸੀ ਬਚਾਉਣ ਲਈ। ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਪੰਜਾਬ ਸਰਕਾਰ ਆਪਣਾ ਹੈਲੀਕਾਪਟਰ ਵੀ ਖਰੀਦਣ ਜਾ ਰਹੀ ਹੈ।ਸਰਕਾਰ ਵਾਅਦੇ ਜ਼ਰੂਰ ਪੁਗਾ ਰਹੀ ਪਰ ਇਸ ਵਿੱਚ ਫਰਕ ਇੰਨ੍ਹਾਂ ਹੈ ਕਿ ਉਹ ਵਾਅਦੇ ਆਪਣੇ ਵਜ਼ੀਰਾਂ ਨਾਲ ਹਨ।ਆਉਣ ਵਾਲੇ ਦਿਨਾਂ  ਵਿੱਚ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਨੂੰ ਇੱਕ ਵੱਡਾ ਤੋਹਫਾ ਟੈਕਸਾਂ ਦੇ ਰੂਪ ਵਿੱਚ ਦੇਣ ਜਾ ਰਹੀ ਹੈ। ਕਈ ਹਜ਼ਾਰ ਕਰੋੜ ਦੇ ਟੈਕਸਾਂ ਦੇ ਨਾਲ ਹਾਊਸ ਟੈਕਸਾਂ ਦੀ ਥਾਂ ਪ੍ਰਾਪਰਟੀ ਟੈਕਸ,ਵੈਟ ਵਿੱਚ ਵਾਧਾ ਤੇ ਕਈ ਹੋਰ ਨਵੈ ਟੈਕਸ ਲੋਕਾਂ ਦਾ ਸੁਆਗਤ ਕਰਨ ਨੂੰ ਤਿਆਰ ਬਰ ਤਿਆਰ ਖੜੇ ਹਨ। ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਅਨੁਸਾਰ ਆਟਾ ਦਾਲ ਸਕੀਮ, ਮਿੱਡ ਡੇ ਮੀਲ, ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਆਦਿ ਕਿਧਰੇ ਗੁਆਚ ਹੀ ਗਏ ਹਨ।ਪੰਜਾਬ ਵਿੱਚ ਬਿਜਲੀ ਤੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋਇਆ ਪਿਆ ਹੈ। ਉਸ ਬਾਬਤ ਵੀ ਪੰਜਾਬ ਵਿੱਚ ਐਮਰਜੈਂਸੀ ਲੱਗ ਚੁੱਕੀ ਹੈ।ਬਾਰਿਸ਼ ਨਾ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਸੰਕਟ ਖੜਾ ਹੋ ਗਿਆ ਹੈ, ਉਥੇ ਹੀ ਅੱਤ ਦੀ ਗਰਮੀ ਵਿੱਚ ਬਿਜਲੀ ਦੇ ਵੱਡੇ ਕੱਟਾਂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।ਅੱਜ ਤੋ ਪੰਜ ਸਾਲ ਪਹਿਲਾਂ ਵੀ ਇਨਾਂ ਪਾਰਟੀਆਂ ਦੇ ਆਗੂਆਂ ਵਲੋਂ ਆਉਂਦੇ ਦੋ ਸਾਲਾਂ ਤੱਕ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਨਾਉਣ ਦਾ ਵਾਅਦਾ ਕਰਕੇ ਵੋਟਾਂ ਲਈਆਂ ਸਨ।ਪਰ ਇਹ ਵਾਅਦਾ ਪੂਰਾ ਨਾ ਹੋਇਆ ਸਾਡੇ ਵੋਟਰਾਂ ਦੀ ਯਾਦ ਸ਼ਕਤੀ ਘੱਟ ਹੋਣ ਕਾਰਨ ਇਸ ਵਾਰ ਫੇਰ ਉਹੀ ਵਾਅਦਾ ਦੋਹਰਾ ਕੇ ਵੋਟਾਂ ਵਟੋਰ ਕੇ ਲੈ ਗਏ ਤੇ ਜਨਤਾ ਵੀ ਲੋਕ ਲੁਭਾਊ ਵਾਅਦਿਆਂ ਵਿੱਚ ਆ ਕੇ ਸਾਰੀ ਦੀ ਸਾਰੀ ਉਲਰ ਗਈ । ਸਿੱਟਾ… ਅਸੀਂ ਹੁਣ ਬਿਜਲੀ ਕਿਥੋਂ ਲਿਆਈਏ ਕਹਿ ਕੇ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ।
ਹੁਣ ਗੱਲ ਜੇਕਰ ਪੰਜਾਬ ਦੇ ਪਾਣੀਆਂ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਧੇਰੇ ਇਲਾਕਿਆਂ ਪਾਣੀ ਪੂਰੀ ਤਰ੍ਹਾਂ ਪਲੀਤ ਹੋ ਚੁਕੇ ਹਨ।ਦੂਸ਼ਿਤ ਪਾਣੀ ਪੀਣ ਕਾਰਨ ਜਿਥੇ ਲੋਕ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ, ਉਥੇ ਹੀ ਪਾਣੀ ਦੀ ਖਰਾਬੀ ਦੇ ਕਾਰਨ ਨਵਜੰਮੇ ਬੱਚੇ “ਅਸਧਾਰਨ” ਪੈਦਾ ਹੋ ਰਹੇ ਹਨ।ਹੁਣ ਗੱਲ ਜਿੱਥੇ ਵਾਤਾਵਰਨ ਦੀ ਆਉਂਦੀ ਹੈ ਤਾਂ ਇਸ ਵਿੱਚ ਨਿਰਾ ਪੂਰਾ ਕਸੂਰ ਸਰਕਾਰ ਦਾ ਵੀ ਨਹੀਂ ਹੈ, ਸਾਡੀਆਂ ਆਪਣੀਆਂ ਗਲਤੀਆਂ ਕਾਰਨ ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ।ਆਪਣੇ ਫਾਇਦੇ ਦੇ ਕਾਰਨ ਦਰੱਖਤਾਂ ਦੀ ਬਲੀ ਲੈ ਕੇ ਹੁਣ ਅਸੀਂ ਮੀਂਹ ਪੈਣ ਦੀ ਕਾਮਨਾ ਕਰਦੇ ਹਾਂ।ਸਰਕਾਰ ਦਾ ਕੂਸੂਰ ਇਹ ਹੈ ਕਿ ਇਸ ਨੂੰ ਰੋਕਣ ਬਾਬਤ ਕੋਈ ਕਾਨੂੰਨ ਪੰਜਾਬ ਸਰਕਾਰ ਕੋਲ ਨਹੀਂ ਹੈ । ਜੇ ਹੈ ਵੀ ਤਾਂ ਵੋਟ ਬੈਂਕ ਟੁੱਟਣ ਦੇ ਡਰੋਂ ਇਸ ਦੀ ਪਾਲਣਾ ਨਹੀ ਕੀਤੀ ਜਾਂਦੀ।ਪੰਜਾਬ ਵਿੱਚੋਂ ਬਿਜਲੀ ਦੀ ਘਾਟ ਤੇ ਮੋਟੇ ਟੈਕਸਾਂ ਕਾਰਨ ਇੰਡਸਟਰੀ ਪਲਾਇਨ ਕਰ ਰਹੀ ਹੈ।ਪੰਜਾਬ ਸਰਕਾਰ ਕੋਲ ਆਮਦਨ ਦੇ ਸਾਧਨ ਘਟਣ ਕਾਰਨ ਟੈਕਸਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇੱਕ ਅਨੁਮਾਨ ਮੁਤਾਬਕ 6 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ। ਕੈਬਿਨਟ ਦੀ ਮੀਟਿੰਗ ਵਿਚ ਵੀ ਇਹ ਗੱਲ ਵਿਚਾਰੀ ਗਈ ਸੀ ਕਿ ਮੁਫਤ ਬਿਜਲੀ ਸਿਰਫ ਛੋਟੇ ਕਿਸਾਨਾਂ ਨੂੰ ਦਿੱਤੀ ਜਾਵੇ ਪਰ ਅਜੇ ਵੀ ਵੋਟ ਬੈਂਕ ਦੇ ਕਾਰਨ ਕੋਈ ਨਿਰਣਾ ਨਹੀਂ ਹੋ ਪਾਇਆ ਹੈ ।ਇਸ ਸਬਸਿਡੀ ਦਾ ਬੋਝ ਆਮ ਆਦਮੀ ਉਤੇ ਮਹਿੰਗੀ ਬਿਜਲੀ ਅਤੇ ਟੈਕਸਾਂ ਦੇ ਰੂਪ ਵਿੱਚ ਭਾਰ ਹੋਰ ਵਧਾ ਦਿੱਤਾ ਜਾਂਦਾ ਹੈ।

ਪੰਜਾਬ ਵਿੱਚ ਨਸ਼ਿਆਂ ਨੇ ਜਵਾਨੀਆਂ ਗਾਲ ਦਿੱਤੀਆਂ ਹਨ।ਪੜ੍ਹੇ ਲਿਖੇ ਨੌਜਵਾਨ ਡਿਗਰੀਆਂ ਹੱਥਾਂ ਵਿੱਚ ਫੜੀ ਸਰਕਾਰ ਵੱਲ ਦੇਖ ਰਹੇ ਹਨ ਅਤੇ ਨੌਕਰੀਆਂ ਨਾਂ ਮਿਲਣ ਨਾ ਕਾਰਨ ਜਿੱਥੇ ਅਪਣਾ ਮਾਨਸਿਕ ਸੰਤੁਲਨ ਗੁਆ ਰਹੇ ਹਨ, ਉਥੇ ਹੀ ਨਸ਼ਿਆਂ ਦੇ ਲੜ ਲਗ ਕੇ ਗਲਤ ਕੰਮਾਂ ਨੂੰ ਵੀ ਅੰਜਾਮ ਦੇ ਰਹੇ ਹਨ।ਹਾਲਾਤ ਇਹ ਹਨ ਕਿ ਵੱਡੇ ਕੰਮ ਨੂੰ ਹੱਥ ਨਹੀਂ ਪੈਂਦਾ ਤੇ ਛੋਟਾ ਕਰਨਾ ਨਹੀਂ।ਹਰ ਹੀਲੇ ਵਿਦੇਸ਼ ਜਾਣ ਦੀ ਲਾਲਸਾ ਕਾਰਨ ਏਜੰਟਾਂ ਹੱਥੋਂ ਲੁਟ ਹੋ ਰਹੇ ਹਨ।ਦਿਨੋਂ ਦਿਨ ਵੱਧ ਰਹੀ ਮਹਿੰਗਾਈ ਅਤੇ ਚੀਜ਼ਾਂ ਦੇ ਰੇਟ ਅਸਮਾਨੀਂ ਛੂਹਣ ਨਾਲ ਆਮ ਆਦਮੀ ਦਾ ਜਿੱਥੇ ਕਚੂੰਮਰ ਨਿਕਲ ਗਿਆ ਹੈ, ਉਥੇ ਹੀ ਇਸ ਮਹਿੰਗਾਈ ਨੇ ਗਰੀਬ ਦੇ ਹੱਥੋਂ ਦੋ ਵੇਲੇ ਦੀ ਰੋਟੀ ਵੀ ਖੋਹ ਲਈ ਹੈ । ਦਾਲ ਅਤੇ ਰੋਟੀ ਇੱਕ ਗਰੀਬ ਤੋਂ ਹੁੰਦੀ ਜਾ ਰਹੀ ਹੈ।ਅਮੀਰ ਅਤੇ ਗਰੀਬ ਦਾ ਪਾੜਾ ਜਿਥੇ ਵਧਦਾ ਜਾ ਰਿਹਾ ਹੈ, ਉਥੇ ਹੀ ਮੱਧਵਰਗੀ ਵਰਗ ਚੱਕੀ ਦੇ ਪੁੜਾਂ ਹੇਠ ਆਇਆ ਹੋਇਆ ਹੈ।ਪੰਜਾਬ ਵਿੱਚ ਸਿਹਤ ਸਹੂਲਤਾਂ ਦਾ ਮੰਦਾ ਹਾਲ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਧੁਨਿਕ ਉਪਕਰਣ ਨਾ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਭਾਅ ਦਾ ਇਲਾਜ ਕਰਾੳਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਗਰੀਬ ਲੋਕ ਮਹਿੰਗਾ ਇਲਾਜ ਨਾ ਕਰਾਉਣ ਕਾਰਨ ਬਿਨਾਂ ਇਲਾਜ ਤੋਂ ਦਮ ਤੋੜ ਰਹੇ ਹਨ।ਅਮਨ ਕਾਨੂੰਨ ਦੀ ਸਥਿਤੀ ਵੀ ਕੋਈ ਇੰਨੀ ਚੰਗੀ ਨਹੀ ਹੇੈ।ਦਿਨ ਦਿਹਾੜੇ ਲੁੱਟਾ ਖੋਹਾਂ ਅਤੇ ਕਤਲ ਕਰਨੇ ਤਾਂ ਆਮ ਜਿਹੀ ਗੱਲ ਹੋ ਰਹੀ ਹੈ।ਕੋਈ ਟਰੈਫਿਕ ਰੂਲ ਨਾ ਹੋਣ ਕਾਰਨ ਲੋਕ ਆਪਣੀ ਮਨਮਰਜੀ ਨਾਲ ਸੜਕਾਂ ਤੇ ਉਤਰਦੇ ਹਨ ਜਿਸ ਕਾਰਨ ਨਿਤ ਦਿਨ ਵਧ ਰਹੇ ਸੜਕੀਂ ਹਾਦਸਿਆਂ ਕਾਰਨ ਜਿੱਥੇ ਮਨੱਖੀ ਜਾਨਾਂ ਅਜਾਈਂ ਜਾ ਰਹੀਆਂ ਹਨ ਅਤੇ ਹੀ ਅਨੇਕਾਂ ਹੀ ਲੋਕ ਇੰਨ੍ਹਾਂ ਸੜਕੀ ਹਾਦਸਿਆਂ ਵਿੱਚ ਅਪਾਹਜ ਹੋ ਚੁਕੇ ਹਨ।

ਸਰਕਾਰ ਦਾ ਇਹ ਫਰਜ਼ ਹੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਚੰਗੀਆਂ ਸੇਵਾਵਾਂ ਦੇਵੇ ਅਤੇ ੳਨਾਂ ਦੇ ਦੁੱਖ ਦਰਦਾਂ ਨੂੰ ਸੁਣ ਕੇ ਉਸ ਬਾਬਤ ਫੌਰੀ ਕਾਰਵਾਈ ਕਰੇ।ਪਰੰਤ ਪੰਜਾਬ ਦੀ ਹਾਲਤ ਇੰਨੀ ਜਿਆਦਾ ਵਿਗੜ ਚੁਕੀ ਹੈ ਕਿ ਇਸ ਦੇ ਮਰਜ਼ ਦਾ ਇਲਾਜ ਨਹੀਂ ਨਿਕਲ ਰਿਹਾ।ਪੰਜਾਬ ਨੂੰ ਚੰਗੇ ਰਹਿਬਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ।ਇਸ ਸਮੇਂ ਕੋਈ ਅਜਿਹਾ ਮਲਾਹ ਨਹੀਂ ਹੈ ਜੋ ਪੰਜਾਬ ਦੀ ਡੁੱਬਦੀ ਬੇੜੀ ਨੂੰ ਪਾਰ ਲਿਜਾ ਸਕੇ।ਵਿਦੇਸ਼ੀ ਜਰਵਾਣਿਆਂ ਅੱਗੇ ਹਿੱਕਾਂ ਡਾਹ ਕੇ ਖਲੋਣ ਵਾਲੇ ਪੰਜਾਬੀ ਅੱਜ ਆਪਣਿਆਂ ਹੱਥੋਂ ਹੀ ਹਾਰ ਰਹੇ ਹਨ।ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇ ਪੰਜਾਬ ਨੂੰ ਕਿਸੇ ਦੀ ਨਜ਼ਰ ਲਗ ਗਈ ਹੋਵੇ। ਪੰਜਾਬ ਅਤੇ ਪੰਜਾਬੀਆਂ ਦੇ ਦਰਦ ਨੂੰ ਜੇਕਰ ਦੋ ਲਾਇਨਾਂ ਵਿੱਚ ਬਿਆਨ ਕਰਨਾ ਹੋਵੇ ਤਾਂ ਸੁਰਜੀਤ ਪਾਤਰ ਸਾਹਿਬ ਦੀਆਂ ਲਿਖੀਆਂ ਸਤਰਾਂ ਬੜੀਆਂ ਢੁਕਦੀਆਂ ਹਨ…

“ਕਿ ਔੜ ਜੇਕਰ ਇੱਦਾਂ ਹੀ ਜਾਰੀ ਰਹੀ, ਤਾਂ ਰੂਹਾਂ ਤੇਹਾਂ ਦੇ ਮਸਲੇ ਵੀ ਮੁੱਕ ਜਾਣਗੇ,
ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ, ਇਥੇ ਨੈਣਾਂ ਦੇ ਪਾਣੀ ਵੀ ਮੁੱਕ ਜਾਣਗੇ”।

ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਹਰ ਵੇਲੇ ਆਪਣੇ ਰੰਗਲੇ ਪੰਜਾਬ ਬਾਰੇ ਸੋਚਦੇ ਰਹਿੰਦੇ ਹਨ ਪਰੰਤੂ ਅਜਿਹੀਆਂ ਗੱਲਾਂ ਸੁਣ-ਪੜ੍ਹ ਕੇ ਮਨ ਨੂੰ ਬਹੁਤ ਠੇਸ ਪਹੁੰਚਦੀ।ਅੱਜ ਭਾਂਵੇ ਪੰਜਾਬ ਅਨੇਕਾਂ ਮੁਲਕਾਂ ਵਿੱਚ ਫੈਲ਼ ਚੁੱਕਾ ਹੈ ਪਰ ਇੰਨੀ ਦੂਰ ਬੈਠਿਆਂ ਵੀ ਉਹਨਾਂ ਦਾ ਦਿਲ ਇਸੇ ਪੰਜਾਬ ਲਈ ਧੜਕਦਾ ਹੈ ਅਤੇ ਹਰ ਵੇਲੇ ਮੋਜੂਦਾ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਲਈ ਦਿਲੀ ਕਾਮਨਾ ਵੀ ਕਰਦੇ ਰਹਿੰਦੇ ਹਨ।

****