ਕਲਮ-ਕਾਰੋ, ਮੁਆਫ਼ ਕਰਨਾ ਯਾਰੋ..........ਲੇਖ / ਤਰਲੋਚਨ ਸਿੰਘ ਦੁਪਾਲਪੁਰ

ਕਵੀਆਂ, ਲਿਖਾਰੀਆਂ ਜਾਂ ਕਾਲਮ-ਨਵੀਸਾਂ ਨੂੰ ਪਾਠਕਾਂ ਦੇ ਹੁੰਗਾਰੇ ਦੀ ਇਉਂ ਤਾਂਘ ਰਹਿੰਦੀ ਹੈ, ਜਿਵੇਂ ਖੇਤੋਂ ਹਲ ਵਾਹ ਕੇ ਘਰੇ ਮੁੜੇ ਕਾਮੇ ਮਰਦ ਆਪਣੀਆਂ ਸੁਆਣੀਆਂ ਕੋਲੋਂ ਘਿਉ-ਦੁੱਧ ਦੀ ਆਸ ਰੱਖਦੇ ਹਨ। ਜਾਂ ਇਉਂ ਕਹਿ ਲਉ ਕਿ ਜਿਵੇਂ ਅਖਾੜੇ ਵਿੱਚ ਕੁਸ਼ਤੀ ਲੜ ਰਹੇ ਪਹਿਲਵਾਨਾਂ ਨੂੰ ਆਲੇ-ਦੁਆਲੇ ਖੜੇ ਦਰਸਕਾਂ ਦੀਆਂ ਜੋਸ਼ੀਲੀਆਂ ਹੱਲਾ ਸ਼ੇਰੀਆਂ ਹੋਰ ਵਾਧੂ ਜੋਰ ਲਾਉਣ ਲਈ ਪ੍ਰੇਰਨਾਂ ਦਿੰਦੀਆਂ ਹਨ। ਇਵੇ ਹੀ ਕਲਮ-ਕਾਰਾਂ ਨੂੰ ਪਾਠਕਾਂ ਦੀ ਸਾਬਾਸ਼ ਗਜ਼ਾ ਵਾਂਗ ਲਗਦੀ ਹੈ। ਲਿਖਣ ਵੇਲੇ ਬੇਸ਼ੱਕ ਹਰ ਲੇਖਕ ਦੇ ਮਨ ਵਿੱਚ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਦੀ ਲੋਚਾ ਹੁੰਦੀ ਹੈ,ਪਰ ਇਸ ਦੇ ਨਾਲ ਨਾਲ ਪਾਠਕਾਂ ਦੇ ਪ੍ਰਤੀਕਰਮ ਜਾਨਣ ਦੀ ਰੀਝ ਵੀ ਇਸ ਚਾਹਤ ਵਿੱਚ ਸ਼ਾਮਲ ਹੋ ਜਾਂਦੀ ਹੈ। ਪੁਰਾਣੇ ਵੇਲਿਆਂ ਵਿੱਚ ਲੇਖਕਾਂ ਨਾਲ ਰਾਬਤਾ ਬਣਾਉਣ ਦੇ ਆਮ ਤੌਰ ਤੇ ਦੋ ਹੀ ਵਸੀਲੇ ਹੁੰਦੇ ਸਨ। ਕਿਸੇ ਦੂਰ ਦੁਰਾਡੇ ਦੇ ਲੇਖਕ ਨਾਲ ਖ਼ਤੋ-ਖ਼ਤਾਬਤ ਨਾਲ ਲਿੰਕ ਜੋੜਿਆ ਜਾਂਦਾ ਅਤੇ ਨੇੜੇ-ਤੇੜੇ ਦੇ ਲੇਖਕ ਨੂੰ ਨਿੱਜੀ ਰੂਪ ਵਿੱਚ ਮਿਲ ਲਿਆ ਜਾਂਦਾ ਸੀ। ਸੰਚਾਰ ਸਾਧਨਾਂ ਵਿੱਚ ਆਈ ਹਨੇਰੀ ਵਰਗੀ ਤਬਦੀਲੀ ਨੇ ਇਹ ਕੰਮ ਸੌਖਾ ਅਤੇ ਸਸਤਾ ਵੀ ਕਰ ਦਿੱਤਾ ਹੈ। ਕੋਈ ਰਚਨਾਂ ਪੜ੍ਹਦਿਆਂ ਸਾਰ ਡਾਇਲ ਘੁਮਾਇਆ, ਮਨਪਸੰਦ ਲੇਖਕਾਂ ਨਾਲ ਸਪੰਰਕ ਜੁੜ ਗਿਆ, ਜਾਂ ਪਲਾਂ ਛਿਣਾਂ ਵਿੱਚ 'ਈ ਮੇਲ' ਰਾਹੀਂ ਆਪਣੇ ਵਿਚਾਰ ਲੇਖਕ ਤੱਕ ਪਹੁੰਚਦੇ ਕਰ ਦਿੱਤੇ,ਪਰ ਹਾਲੇ ਵੀ ਧੰਨ ਹਨ ਉਹ ਗਹਿਰ-ਗੰਭੀਰ ਪਾਠਕ, ਜਿਹੜੇ ਦੁੱਧ-ਚਿੱਟੇ ਸਫਿਆਂ ਉੱਪਰ ਆਪਣੇ ਮਨ ਦੀ ਇਬਾਰਤ ਹੱਥੀਂ ਲਿਖ ਕੇ ਲਿਖਾਰੀਆਂ ਤੱਕ ਪਹੁੰਚਾਉਦੇ ਹਨ। ਇਹਨਾਂ ਪਾਠਕਾਂ ਦੇ ਦਿਲਾਂ ਅੰਦਰ ਸ਼ਾਇਦ ਦੇਹਰਾਦੂਨ ਵਾਲੇ ਸ਼ਾਇਰ ਗੁਰਦੀਪ ਦੇ ਇਹ ਬੋਲ ਤੁਣਕੇ ਮਾਰਦੇ ਰਹਿੰਦੇ ਹੋਣ:
 
ਇਹ ਮਸ਼ੀਨਾਂ ਦੀ ਕਲਾ ਨੇ ਜਾਨੇ ਮਨ,                                                                
ਦਿਲ ਦੀ ਕਹਿ ਸਕਦੇ ਨਹੀਂ ਅੱਖਰ ਨਵੇਂ।                                                                 
 
ਚਲੋ ਖੈਰ, ਸਿਲਸਿਲਾ ਅਗਾਂਹ ਤੋਰੀਏ।ਇੱਕ ਦਿਨ ਮੈਂ ਮਸ਼ੀਨੀਂ ਕਲਾ ਨਾਲ ਲਿਖੇ ਹੋਏ ਹਰਫਾਂ ਦੁਆਰਾ ਸਿ਼ੰਗਾਰੇ ਸੁਨੇਹਿਆਂ ਦਾ ਅਦਾਨ- ਪ੍ਰਦਾਨ ਕਰਨ ਵਾਲਾ ਸਿਸਟਮ, ਭਾਵ ਆਪਣੀ 'ਈ-ਮੇਲ' ਚੈੱਕ ਕਰਨ ਬੈਠਾ। ਇੱਕਦਮ ਮੇਰੀ ਨਜ਼ਰ ਪੰਜਾਬੀ ਵਿੱਚ ਲਿਖੇ ਹੋਏ ਸ਼ਬਦ' ਨਿਹਾਲ ਸਿੰਘ ਵਾਲਾ' ਉੱਤੇ ਜਾ ਪਈ । ਇਹ ‘ਮੇਲ’ ਪੰਜਾਬ ਦੇ ਮਾਲਵਾ ਇਲਾਕੇ ਦੇ ਇਕ ਮਸ਼ਹੂਰ ਕਸਬੇ ਤੋਂ ਰੋਜ਼ਾਨਾਂ"ਨਵਾਂ ਜਮਾਨਾਂ" ਅਖਬਾਰ ਦੇ ਪੱਤਰਕਾਰ ਦੀ ਸੀ । ਆਪਣਾਂ ਹੀ ਅਖ਼ਬਾਰੀ ਭਾਈਚਾਰਾ ਹੋਣ ਕਰਕੇ ਫਟਾ-ਫਟ ਵੱਡੀ ਉਤਸੁਕਤਾ ਨਾਲ 'ਈ-ਖਤ’ ਪੜ੍ਹਨਾਂ ਸ਼ੁਰੂ ਕੀਤਾ।ਸ਼ਬਦ ਭਾਵੇ ਸੰਕੋਚਵੇਂ ਹੀ ਸਨ, ਪਰ ਬਾ-ਕਮਾਲ ਸ਼ਬਦ-ਚੋਣ ਦੀ ਸੂਝ ਰੱਖਣ ਵਾਲੇ ਪੱਤਰਕਾਰ ਵੀਰ ਨੇ ਮੇਰੀਆਂ ਲਿਖਤਾਂ ਦੀ ਭਰਵੀ ਸ਼ਲਾਘਾ ਕੀਤੀ ਹੋਈ ਸੀ। ਉਸ ਦੀ ਲਿਖਤ ਦੱਸ ਰਹੀ ਸੀ ਕਿ ਉਹ ਕੋਈ ਮੱਝਾਂ-ਗਾਈਆਂ ਦੀਆਂ ਜਾਂ ਘਰ ਤੋਂ ਭੱਜੇ ਪ੍ਰੇਮੀਂ ਜੋੜਿਆਂ ਦੀਆਂ ਟੁੱਚਲ ਜਿਹੀਆਂ ਖ਼ਬਰਾਂ ਬਣਾਉਣ ਵਾਲਾ ਪੱਤਰਕਾਰ ਨਹੀਂ ਹੈ,ਸਗੋਂ ਸਾਹਿਤਕ ਮੱਸ ਰੱਖਣ ਵਾਲਾ ਚੇਤੱਨ ਕਲਮ-ਕਾਰ ਹੈ।
 
ਪ੍ਰਸੰਸਾ ਤਾਂ ਭਾਵੇਂ ਕੋਈ ਵੀ ਕਰੇ, ਹਰੇਕ ਨੂੰ ਮਿਸ਼ਰੀ ਚੂਸਣ ਜਿਹਾ ਸੁਆਦ ਦਿੰਦੀ ਹੈ,ਪਰ ਜਦੋਂ ਕਿਸੇ ਕਾਲਮ-ਨਵੀਸ ਦੀ ਸੱਤ ਸਮੁੰਦਰੋਂ ਪਾਰ ਬੈਠਾ ਕੋਈ ਦੂਸਰਾ ਕਲਮੀਂ ਯੋਧਾ ਪਿੱਠ ਥਾਪੜੇ,ਤਦ ਸ਼ੋਭਾ ਸੁਣਨ ਵਾਲੇ ਦਾ ਗਦਗਦ ਹੋਣਾਂ ਸੁਭਾਵਿਕ ਹੈ। ਸੋ ਨਿਹਾਲ ਸਿੰਘ ਵਾਲਾ ਤੋਂ ਆਈ ‘ਈ-ਮੇਲ’ ਚਾਈਂ- ਚਾਈ ਪੜ੍ਹੀ। ਅਖੀਰ 'ਚ' ਭੇਜਣ ਵਾਲੇ ਦਾ ਫੋਨ ਨੰਬਰ ਦੇਖ ਕੇ ਮੋੜਵੀ ਕਾਲ ਕਰ ਲਈ ।
ਮੇਰਾ ਫੋਨ ਸੁਣਕੇ ਨਿਹਾਲ ਸਿੰਘ ਵਾਲੇ ਦਾ ਮਿੱਤਰ ਏਨਾਂ ਨਿਹਾਲ ਹੋਇਆ ਕਿ ਜਿਹੜੇ ਅਲਫਾਜ਼ ਉਸਨੇ ਮੇਰੀਆਂ ਲਿਖਤਾਂ ਪ੍ਰਤੀ ਕਹੇ ਮੈਂ ਦੁਹਰਾਉਣਾਂ ਨਹੀ ਚਾਹੁੰਦਾ। ਕਿਉਕਿ ਆਪਣੇ ਮੂੰਹੋਂ ਮਿੱਠੂ ਬਣਨ ਵਾਲੇ ‘ਲੇਬਲ’ ਤੋਂ ਡਰਨਾਂ ਹੀ ਚੰਗਾ ਹੈ। ਉਸ ਵੀਰ ਦੇ ਨਾਂਮ ਨਾਲ ਲੱਗੇ "ਖੁਰਮੀਂ" ਤੇ "ਹਿੰਮਤਪੁਰਾ" ਦੇ ਦੋ ਸ਼ਬਦ ਪੜ੍ਹ ਕੇ ਮੈਨੂੰ ਇਗਲੈਂਡ ਰਹਿੰਦਾ ਤੇ ਆਪਣੇ ਪਿੰਡ ਦੇ ਨਾਮ ਤੇ ਪੰਜਾਬੀ ਅਖਬਾਰਾਂ ਦੇ ਸੰਗ੍ਰਹਿ ਵਜੋਂ ਜਾਣੀ ਜਾਦੀ "ਹਿੰਮਤਪੁਰਾ ਡੌਟ ਕੌਮ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟਿਆ ਪੱਤਰਕਾਰ ਲੇਖਕ ਮਨਦੀਪ ਖੁਰਮੀਂ ਯਾਦ ਆ ਗਿਆ। ਉਸ ਦੀਆਂ ਲੱਚਰ ਗਾਇਕਾਂ ਖਿਲਾਫ਼ ਲਿਖੀਆਂ ਰਚਨਾਵਾ ਨੂੰ ਚੇਤੇ ਕਰਦਿਆਂ ਮੈ ਹਿੰਮਤਪੁਰੀਏ ਮਿੱਤਰ ਨੂੰ ਇਹ ਪੁਛਿਆ ਕਿ "ਯੂ ਕੇ ਰਹਿੰਦਾ ਮਨਦੀਪ ਖੁਰਮੀਂ ਵੀ ਤੁਹਾਡੇ ਪਿੰਡ ਦਾ ਹੀ ਹੈ?"
 
"ਮੇਰਾ ਈ ਛੋਟਾ ਵੀਰ ਏ ਜੀ ਉਹ"
 
ਇਹ ਜਵਾਬ ਸੁਣ ਕੇ ਮੇਰਾ ਹਾਸਾ ਛੁੱਟ ਪਿਆ। ਬੜੀਆਂ ਬਰੇਕਾਂ ਲਾਈਆਂ,ਪਰ ਮੈਨੂੰ ਲਗਦਾ ਕਿ ਫ਼ੋਨ ਸੁਣਦੇ ਨੌਜਵਾਨ ਨੂੰ ਜਰੂਰ ਸ਼ੱਕ ਪੈ ਗਈ ਹੋਵੇਗੀ ਕਿ ਅਜਿਹੀ ਕਿਹੜੀ ਗੱਲ ਹੋਈ? ਕਿ ਫੋਨ ਤੇ ਗੱਲ ਕਰਨ ਵਾਲਾ ਹੱਸਣ ਲੱਗ ਪਿਆ?
 
ਅੰਗਰੇਜੀ ਭਾਸ਼ਾ ਵਿੱਚ ਇਸੇ ਨੂੰ ‘ਬਾਡੀ ਲੈਗੂਏਜ 'ਕਹਿੰਦੇ ਹਨ,ਜੋ ਸਿਰਫ ਆਹਮੋ - ਸਾਹਮਣੇ ਬੈਠਿਆਂ ਹੀ ਪੜ੍ਹੀ ਜਾ ਸਕਦੀ ਹੈ। ਜੇ ਉਹ ਮੇਰੇ ਸਾਹਮਣੇ ਬੈਠਾ ਹੁੰਦਾ ਤਾਂ ਜ਼ਰੂਰ ਮੇਰੀਆਂ ਖਿੜੀਆਂ ਵਾਛਾਂ ਦੇਖ ਕੇ ਹੱਸਣ ਦਾ ਕਾਰਨ ਪੁੱਛਦਾ। ਸਰੀਰ ਦੀ ਬਣਤਰ ਵੀ ਕਿੰਨੀ ਅਜੀਬ ਹੈ। ਬੁੱਲ ਕੁਝ ਹੋਰ ਕਹਿੰਦੇ ਹਨ ਪਰ ਧੁਰ ਅੰਦਰ ਕੁੱਝ ਹੋਰ ਚੱਲ ਰਿਹਾ ਹੁੰਦਾ ਹੈ।ਗੁਰਬਾਣੀ ਦੀ ਇੱਕ ਪੰਕਤੀ ਹੈ'ਜੋ ਜੀ ਹੋਇ ਸੋ ਉਗਵੈ ਮੂਹ ਕਾ ਕਹਿਆ ਵਾਉ' ਮੂੰਹ ਚੋ ਨਿੱਕਲ ਰਹੀਆਂ ਗੱਲਾਂ ਜਰੂਰੀ ਨਹੀ ਕਿ ਹਿਰਦੇ ਵਿੱਚੋਂ ਉੱਗ ਰਹੇ ਵਿਚਾਰਾਂ ਦੇ ਅਨੁਕੂਲ ਹੋਣ। ਸੋ ਫ਼ੋਨ ਤੇ ਗੱਲ ਕਰਦਿਆਂ ਹਿੰਮਤਪੁਰੀਏ ਖੁਰਮੀਂ ਦਾ ਇੰਗਲੈਂਡ ਵਾਲੇ ਖੁਰਮੀ ਦਾ ਸਕਾ ਭਰਾ ਹੋਣਾਂ ਸੁਣ ਕੇ ਮੇਰੇ ਹਿਰਦੇ ਵਿੱਚ ਅਜਿਹਾ ਕੀ ਆ ਗਿਆ ਕਿ ਮੈਂ ਆਪਣੇ ਹਾਸੇ ‘ਤੇ ਕੰਟਰੋਲ ਨਾ ਕਰ ਸਕਿਆ? ਲਉ, ਉਸ ਵੇਲੇ ਜੋ ਦ੍ਰਿਸ਼ ਮੇਰੇ ਧੁਰ ਅੰਦਰ ਮੂਰਤੀ ਮਾਨ ਹੋ ਗਿਆ ਸੀ , ਪਾਠਕਾਂ ਦੇ ਮਨੋਰੰਜ਼ਨ ਹਿੱਤ ਏਥੇ ਵਰਨਣ ਕਰ ਰਿਹਾਂ ਹਾਂ। ਤਾਂ ਕਿ ਇਹ ਲੇਖ ਪੜ੍ਹਨ ਵਾਲੇ ਪਾਠਕ ਮੇਰੇ ਹੱਸਣ ਨੂੰ ਅਹਿਮਕਾਨਾਂ ਹਰਕਤ ਨਾਂ ਸਮਝ ਬੈਠਣ।
 
ਸ਼੍ਰੋਮਣੀਂ ਕਮੇਟੀ ਮੈਂਬਰ ਦੇ ਫਰਜ਼ ਨਿਭਾਉਦਿਆਂ ਮੈਂ ਇੱਕ ਇਤਿਹਾਸਕ ਗੁਰਦੁਆਰੇ ਦੀ ਜਾਇਦਾਦ- ਸਬ ਕਮੇਟੀ ਦੀ ਮੀਟਿੰਗ ਵਿੱਚ ਬੈਠਾ ਸਾਂ।ਦੋ ਚਾਰ ਹੋਰ ਮੈਂਬਰ ਸਹਿਬਾਨ ਤੇ ਉਸ ਗੁਰਦੁਆਰੇ ਦਾ ਸਟਾਫ ਉੱਥੇ ਮੌਜੂਦ ਸੀ।ਉਸ ਸਟਾਫ ਵਿੱਚ ਉੱਥੇ ਸੇਵਾ ਨਿਭਾ ਰਿਹਾ ਇੱਕ ਕਥਾ-ਵਾਚਕ ਵੀ ਮੌਜੂਦ ਸੀ। ਇਸ ਨੇ ਆਪਣੀ ਲਿਖੀ ਹੋਈ ਇੱਕ ਕਿਤਾਬ ਮੈਨੂੰ ਪਿਛਲੀ ਮੀਟਿੰਗ ਵੇਲੇ ਦੀ ਪੜ੍ਹਨ ਲਈ ਦਿੱਤੀ ਹੋਈ ਸੀ। ਸੋ ਮੀਟਿੰਗ ਖਤਮ ਹੋਣ ਤੋਂ ਬਾਅਦ ਮੈਂ ਬੈਗ ਵਿੱਚੋਂ ਉਸ ਕਥਾ-ਵਾਚਕ ਦੀ ਕਿਤਾਬ ਵਾਪਿਸ ਕਰਦਿਆਂ ਸ਼ਲਾਘਾ ਵਜੋਂ ਉਸ ਨੂੰ ਕਿਹਾ ਕਿ " ਭਾਈ ਸਾਹਿਬ ਤੁਸੀਂ ਕਥਾ- ਵਿਆਖਿਆ ਵੀ ਵਧੀਆ ਕਰਦੇ ਹੋਂ ਅਤੇ ਤੁਹਾਡੀ ਲਿਖਤ ਵੀ ਬੜੀ ਸੋਹਣੀ ਅਤੇ ਵਜ਼ਨ ਦਾਰ ਹੈ, ਤੁਸੀਂ ਹੋਰ ਵੀ ਵਧੀਆ ਲਿਖੋ।ਮੈਂ ਇਹ ਕਾਮਨਾ ਕਰਦਾ ਹਾਂ।
 
ਮੇਰੇ ਮੂੰਹੋਂ ਆਪਣੀ ਕਿਤਾਬ ਦੀ ਵਡਿਆਈ ਸੁਣ ਕੇ ਉਸ ਕਥਾ- ਵਾਚਕ ਨੇ ਕਿਹਾ ਕਿ ਸਿੰਘ ਸਾਹਿਬ ਇਹ ਤਾਂ ਕੁੱਝ ਵੀ ਨਹੀਂ, ਜੇਕਰ ਕਿਤੇ ਤੁਸੀਂ ਮੇਰੇ ਵੱਡੇ ਭਰਾ ਦੀ ਕਿਤਾਬ ਪੜ੍ਹ ਸਕੋਂ। ਉਸ ਦੀ ਲਿਖਣ ਸ਼ੈਲੀ ਦਾ ਤਾਂ ਕੋਈ ਜਵਾਬ ਹੀ ਨਹੀਂ ਐਡੀ ਵਿਦਵਤਾ, ਕਿ ਪੜ੍ਹਨ ਵਾਲਾ ਤਾਂ ਅਸ਼ ਅਸ਼ ਕਰ ਉਠਦਾ ਹੈ। ਅਗਲੀ ਮੀਟਿੰਗ ਵਿੱਚ ਮੈਂ ਤੁਹਾਨੂੰ ਉਹ ਕਿਤਾਬ ਦਿਆਂਗਾ।
 
ਇਸ ਤੋਂ ਪਹਿਲਾਂ ਕਿ ਉਸ ਦੇ ਲੇਖ਼ਕ ਭਰਾ ਦੀ ਸੋਭਾ ਸੁਣ ਕੇ ਮੈਂ ਕੁੱਝ ਆਖਦਾ, ਉਸ ਕਥਾ-ਵਾਚਕ ਦੇ ਲਾਗੇ ਬੈਠਾ ਇੱਕ ਸੱਜਣ ਘੂਰੀ ਜਿਹੀ ਵੱਟ ਕੇ ਇਉਂ ਝਾਕਿਆ ਜਿਵੇਂ ਕੋਈ ਮਾਰ ਖੋਰੀ ਫੰਡਰ ਮੱਝ ਕਿਸੇ ਓਪਰੇ ਬੰਦੇ ਵੱਲ ਡੈਂਬਰਿਆਂ ਵਾਗੂ ਦੇਖਦੀ ਹੁੰਦੀ ਹੈ।
"ਬਾਬਿਓ ਥੋਡੇ ਘਰੇ ਰੋਟੀ ਵੀ ਪਕਦੀ ਐ ਕਿ ਨਹੀਂ?" ਉਹਦਾ ਇਹ ਬਦਤਮੀਜ਼ ਸਵਾਲ ਸੁਣ ਕੇ ਅਸੀਂ ਸਾਰੇ ਸੁੰਨ ਹੋਏ ਇੱਕ ਦੂਸਰੇ ਵਲ ਝਾਕਣ ਲੱਗ ਪਏ। ਸਾਨੂੰ ਸਾਰਿਆਂ ਨੂੰ ਹੈਰਾਨੀ ਹੋ ਰਹੀ ਸੀ ਕਿ ਇਹ ਬੇਮੌਕਾ ਸਵਾਲ ਕਥਾ- ਵਾਚਕ ਨੂੰ ਕਿਉ ਕੀਤਾ ਗਿਆ ਹੋਵੇਗਾ? ਉਹ ਵਿਚਾਰਾ ਮੂੰਹੋਂ ਤਾਂ ਕੁੱਝ ਨਾ ਬੋਲਿਆ, ਪਰ ਉਸ ਦੀਆਂ ਗੁਸੈ਼ਲ ਅੱਖਾਂ ਸਾਰੀ ਕਹਾਣੀ ਬਿਆਨ ਕਰ ਰਹੀਆ ਸਨ, ਉਸ ਨੇ ਜਿਉਂ ਹੀ ਲਾਲ ਹੋਈਆਂ ਅੱਖਾਂ ਸਵਾਲ ਕਰਨ ਵਾਲੇ ਵੱਲ ਕੀਤੀਆਂ, ਉਹ ਅੱਗੋਂ ਸਪਸਟੀਕਰਨ ਦੇਣ ਵਾਲਿਆਂ ਵਾਂਗ ਬੋਲਿਆ:
ਆ..........  ਹੋ ਤੂੰ ਵੀ ਕਿਤਾਬਾਂ ਲਿਖਦੈਂ , ਤੇਰਾ ਭਰਾ ਵੀ ਲਿਖ਼ਾਰੀ ਬਣਿਆਂ ਬੈਠਾ ਹੈ। ਤੁਸੀਂ ਸਾਰੇ ਟੱਬਰ ਨੇ ਹੀ ਵਿਹਲੜਾਂ ਵਾਲਾ ਕੰਮ ਫੜਿਆ ਹੋਇਐ। ਇਹ ਕਦੇ ਨੀਂ ਹੋਇਆ ਕਿ ਵਿਹਲੜ ਪਤੀਆਂ ਦੀਆਂ ਪਤਨੀਆਂ ਕਦੇ ਲੜਦੀਆਂ ਨਾਂ ਹੋਂਣ। ......ਤੇ ਜਿੱਥੇ ਲੜਾਈ ਹੋਵੇ, ਉੱਥੇ ਰੋਟੀ......? ਤਦੇ ਮੈਂ ਸ਼ੱਕ ਜਿਹੀ ਵਿੱਚ ਪੁੱਛਿਆ ਕਿ ਗਿਆਨੀਂ ਜੀ ਦੇ ਘਰ ਰੋਟੀ ਵੀ......।"
 
ਰਤਾ ਕੁ ਪਹਿਲਾਂ ਜਿਸ ਬੰਦੇ ਦੇ ਸਵਾਲ ਨੇ ਸਾਨੂੰ ਗੁੱਸਾ ਚੜ੍ਹਾ ਛੱਡਿਆ ਸੀ, ਉਸੇ ਸ੍ਰੀ ਮਾਨ ਦੀ ਤਨਜ਼ ਭਰੀ ਗੱਲ ਸੁਣ ਕੇ ਅਸੀਂ ਹੱਸ-ਹੱਸ ਕਮਲੇ ਹੋ ਗਏ।

ਮੈਨੂੰ ਲਗਦਾ ਨਹੀਂ ਕਿ ਹੁਣ ਇਹ ਦੱਸਣ ਦੀ ਲੋੜ ਰਹਿ ਗਈ ਹੋਵੇ ਕਿ ਪੰਜਾਬ ਵਾਲੇ ਖੁਰਮੀਂ ਨਾਲ ਫ਼ੋਨ ਤੇ ਗੱਲ ਕਰਦਿਆਂ ਮੈਨੂੰ ਚਾਣ-ਚੱਕ ਹਾਸਾ ਕਿਉਂ ਆਇਆ ਸੀ। ਪਾਠਕ ਇਹ ਵੀ ਸਮਝ ਗਏ ਹੋਣਗੇ ਕਿ 'ਘਰ ਫੂਕ ਤਮਾਸ਼ਾ ਦੇਖਣ' ਦੇ ਰਾਹ ਤੁਰੇ ਹੋਏ ਪੰਜਾਬੀ ਕਵੀਆਂ, ਲਿਖਾਰੀਆਂ,ਅਤੇ ਕਾਲਮ- ਨਵੀਸਾਂ ਬਾਰੇ ਆਮ ਲੋਕ ਕਿਹੋ ਜਿਹਾ ਨਜ਼ਰੀਆ ਰੱਖਦੇ ਹਨ!!
 
****