ਉਬਾਮਾ ਬਨਾਮ ਉਸਾਮਾ......... ਲੇਖ / ਚਰਨਜੀਤ ਸਿੰਘ ਪੰਨੂ


ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ, ਉਸ ਨੇ ਤਾਂ ਆਖਰ ਟੋਕੇ ਅੱਗੇ ਜਾਣਾ ਹੀ ਹੈ। ਦਹਿਸ਼ਤਗਰਦ ਦੀ ਵੀ ਬਿਲਕੁੱਲ ਅਜਿਹੀ ਹੀ ਇਕ ਜੂਨ ਹੈ, ਜਿਸ ਨੇ ਅਵੇਰੇ ਸਵੇਰੇ ਇਨਸਾਫ ਦੇ ਢਹੇ ਚੜ੍ਹ ਜਾਣਾ ਹੈ। ਉਸਾਮਾ ਬਿਨ ਲਾਦੇਨ ਦੇ ਢਹੇ ਜਾਣ ਤੇ ਇਹ ਅਟੱਲ ਸਚਾਈ ਉਜਾਗਰ ਹੋ ਗਈ ਹੈ। ਰਾਵਣ ਵਾਂਗ ਇਹ ਵੀ ਜੋ ਆਦਮ ਬੋ ਆਦਮ ਬੋ ਕਰਦਾ ਆਪਣਾ ਕਾਲ ਹੱਥ ਵਿੱਚ ਫੜੀ ਫਿਰਦਾ ਦੁਨੀਆਂ ਨੂੰ ਲਲਕਾਰਦਾ ਗਦਰ ਮਚਾ ਰਿਹਾ ਸੀ, ਆਖਰ ਮਾਰਿਆ ਗਿਆ। ਇੰਤਹਾਪਸੰਦ ਇਤਿਹਾਸ ਦੇ ਪੰਨਿਆਂ ਉਤੇ ਕਤਲੋਗਾਰਦ ਅਤੇ ਨਫ਼ਰਤ ਦੀ ਇਬਾਰਤ ਲਿਖਣਾ ਚਾਹੁੰਦੇ ਹਨ ਤੇ ਲਿਖਦੇ ਆਏ ਹਨ, ਜੋ ਇਨਸਾਫ ਪਸੰਦ ਸ਼ਹਿਰੀਆਂ ਦੇ ਜਿ਼ਹਨ ਵਿੱਚ ਨਹੀਂ ਉਤਰਦੀ। ਇਸ ਵਖਰੇਵੇਂ ਕਰਕੇ ਸਰਕਾਰਾਂ ਜਿਨ੍ਹਾਂ ਦਾ ਕੰਮ ਜਨਤਾ ਦੀ ਜਾਨ ਮਾਲ ਦੀ ਰਾਖੀ ਕਰਨਾ ਹੈ, ਅੱਤਵਾਦੀ ਵੱਖਵਾਦੀ ਧਾੜਵੀ ਜੋ ਮਰਜੀ ਕਹਿ ਲਓ, ਵਿਚਾਲੇ ਲੁਕਣਮੀਚੀ ਸ਼ੁਰੂ ਹੋ ਜਾਂਦੀ ਹੈ। ਸਰਕਾਰਾਂ ਦਾ ਕੰਮ ਰਾਇਆ ਦੀ ਰਖਵਾਲੀ ਕਰਨਾ ਹੁੰਦਾ ਹੈ, ਜਦ ਕਿ ਅੱਤਵਾਦੀ ਸਖਸ਼ ਜਨਤਾ ਵਿੱਚ ਧਮਾਕੇ ਕਰਕੇ ਡਰ ਸਹਿਮ ਪੈਦਾ ਕਰਨ ਵਿੱਚ ਮਸਰੂਫ ਰਹਿੰਦੇ ਹਨ। ਇਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਭੇਜੇ ਹੋਏ ਜੇਹਾਦੀ ਗਰਦਾਨਦੇ ਵਿਹਲੇ ਸਮੇਂ ਪਾਠ ਪੂਜਾ ਕਰਦੇ ਵੀ ਵੇਖੇ ਸੁਣੇ ਗਏ ਹਨ। ਆਪ ਸ਼ਾਹੀ ਠਾਠ ਬਾਠ ਦਾ ਜੀਵਨ ਜਿਉਂਦੇ ਹਨ ਤੇ ਹੋਰਾਂ ਮਾਸੂਮਾਂ ਨੂੰ ਗੁਮਰਾਹ ਕਰਕੇ ਮਨੁੱਖੀ ਬੰਬ ਬਣਾ ਕੇ ਮਰ ਮਿਟਣ ਲਈ ਉਕਸਾਉਂਦੇ ਲਲਕਾਰਦੇ ਹਨ। ਛੋਟੇ ਛੋਟੇ ਬੱਚੇ, ਕੁੜੀਆਂ, ਮੁੰਡਿਆਂ ਦੀਆ ਅਣਭੋਲ ਕੱਚੀਆਂ ਮਾਨਸਿਕ ਭਾਵਨਾਵਾਂ ਝੰਜੋੜ ਭੜਕਾ ਕੇ, ਬਲਖ ਬੁਖਾਰੇ ਦਿਖਾ ਕੇ ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਦੇ ਕੇ ਉਨ੍ਹਾਂ ਦੀ ਝੋਲੀ ਬੰਬ ਥੰਮਾ ਦਿੰਦੇ ਹਨ। ਮਾਸੂਮ ਜਿਹੀ ਕਮਰ ਨਾਲ ਬਰੂਦ ਬੰਨ੍ਹ ਕੇ ਸਕੂਲ, ਕਾਲਜ, ਹਸਪਤਾਲ ਜਾਂ ਭੀੜ ਭੜੱਕੇ ਵਾਲੀ ਥਾਂ ਖਲਿਆਰ ਕੇ ਹੱਸਦੇ ਰੀਮੋਟ ਨਾਲ ਉਡਾ ਦਿੰਦੇ ਹਨ। ਸੱਪ ਜਦ ਸੜਕਾਂ ਤੇ ਉੱਤਰ ਆਉਂਦੇ ਹਨ ਜਾਂ ਜਦ ਕੀੜਿਆਂ ਨੂੰ ਖੰਭ ਨਿਕਲ ਆਉਂਦੇ ਹਨ ਤਾਂ ਉਨ੍ਹਾਂ ਦੀ ਮੌਤ ਨੇੜੇ ਹੈ। ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਤੇ ਅੱਤਵਾਦ ਦਾ ਪੂਰ ਭਰ ਕੇ ਡੁੱਬਦਾ ਹੈ। ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਹਰ ਇਕ ਨੂੰ ਆਣੇ ਕੀਤੇ ਦਾ ਫਲ ਭੁਗਤਣਾ ਪੈਣਾ ਹੈ। ਗਿਆਰਾਂ ਨਵੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਤੇ ਹਮਲਾ ਕਰਵਾ ਕੇ ਤਬਾਹੀ ਮਚਾਉਣ ਪਿੱਛੇ ਮੁੱਖ ਸੰਚਾਲਕ ਉਸਾਮਾ ਬਿਨ ਲਾਦੇਨ ਨੂੰ ਮਾਰ ਕੇ ਉਸ ਬਰਬਾਦੀ ਤੇ ਹਜ਼ਾਰਾਂ ਬੇਗੁਨਾਹਾਂ/ਮੌਤਾਂ ਦਾ ਬਦਲਾ ਲੈ ਕੇ ਇਨਸਾਫ ਕਰ ਦਿੱਤਾ ਗਿਆ ਹੈ। ਅਮਰੀਕਾ ਭਰ ਤੇ ਪੂਰੇ ਜਹਾਨ ਵਿੱਚ ਇਸ ਬਾਰੇ ਜੇਤੂ ਖੁਸ਼ੀਆਂ ਮਨਾਈਆਂ ਗਈਆਂ। ਬਰਾਕ ਉਬਾਮਾ ਨੇ ਇਸ ਆਪਣੀ ਪ੍ਰਾਪਤੀ ਨਾਲ ਇਕੇਰਾਂ ਕੁੱਲ ਦੁਨੀਆਂ ਤੇ ਆਪਣੀ ਪੈਂਠ ਬਿਠਾ ਲਈ ਹੈ।

ਹਲ਼.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”


          ਹਲ਼  ਪੰਜਾਬੀ ਕਿਸਾਨੀ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹੁੰਦਾ  ਸੀ । ਹਲ਼ ਤੋਂ ਬਿਨਾ ਜ਼ਮੀਨ ਵਾਹੁਣੀ ਨਾਮੁਮਕਿਨ ਹੈ ਤੇ  ਬਿਨਾਂ ਜ਼ਮੀਨ ਵਾਹੇ ਫ਼ਸਲ ਉਗਾਉਣੀ  ਨਾਮੁਮਕਿਨ ਹੈ । ਜੇਕਰ ਹਲ ਨੂੰ  ਕਿਸਾਨੀ ਦਾ ਧੁਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸੇ ਕਰਕੇ ਹੀ ਇਹ ਅਖਾਣ ਬਹੁਤ ਮਸ਼ਹੂਰ ਹੁੰਦਾ ਸੀ 
“ਜ਼ਮੀਨ ਵਾਹਿਆਂ ਫਸਲ਼ ਗਾਹਿਆਂ”

       ਹਲ਼ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਇੱਕ ਪੇਂਡੂ ਕਿਸਾਨ ਦਾ ਚੇਤਾ ਆ ਗਿਆ ਜੋ ਕਿ ਹੁਣ ਤੱਕ ਹਲ਼ ਨਾਲ ਵਾਹੀ ਕਰਦਾ ਰਿਹਾ ਹੈ । ਉਸ ਦੀ ਇੱਕ ਸਿਫ਼ਤ ਹੁੰਦੀ ਸੀ ਕਿ ਉਹ ਕਿੱਲੇ ਡੇਢ ਦੀ ਵਾਟ ਤੱਕ ਨੱਕ ਦੀ ਸੇਧ ਤੇ ਹੀ ਸਿੱਧਾ ਹਲ਼ ਚਲਾੳਂਦਾ ਹੁੰਦਾ ਸੀ ਕਿਤੋਂ ਵੀ ਕੋਈ ਵਿੰਗ ਟੇਡ ਨਜ਼ਰ ਨਹੀਂ ਆਉਂਦੀ ਸੀ । ਜਿਸਤੋਂ ਭਾਵ ਹੈ ਕਿ ਹਲ਼ ਚਲਾਉਣਾ ਵੀ ਇੱਕ ਕਲਾ ਹੈ । ਨਹੀਂ ਤਾਂ ਅਨਜਾਣ ਬੰਦਾ ਬਲਦਾਂ ਦੇ ਗਿੱਟੇ ਹੀ ਜ਼ਖਮੀ ਕਰੀ ਰੱਖੇ । ਹਲ਼ ਵੀ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਕਿ ਜਮੀਨ ਵਹੁਣ ਲਈ ਹਲ ਆਮ ਕਿਸਮ ਦਾ ਹੁੰਦਾ ਹੈ,ਜਿਸ ਨਾਲ ਜ਼ਮੀਨ ਨੂੰ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ ।  ਬਿਜਾਈ ਲਈ ਹਲ਼ ਲੱਕੜ ਦਾ ਬਣਾਇਆ ਜਾਂਦਾ ਸੀ ਜੋ ਕਿ ਬਹੁਤਾ ਡੂੰਘਾ ਨਹੀਂ ਜਾ ਸਕਦਾ ਅਤੇ ਸਿਰਫ ਤਿਆਰ ਜ਼ਮੀਨ ਵਿੱਚ ਹੀ ਚਲਾਇਆ ਜਾ ਸਕਦਾ ਸੀ ਜਿਸ ਨਾਲ ਪੋਰ ਬੰਨ ਕੇ ਹਾਲੀ਼ ਗਲ ਵਿੱਚ ਬੀਜ ਦੀ ਝੋਲੀ ਪਾਕੇ ਨਾਲ ਨਾਲ ਬੀਜ ਵੀ ਕੇਰਦਾ ਹੁੰਦਾ ਸੀ ਤੇ ਹਲ਼ ਵੀ ਚਲਾੳਂਦਾ ਹੁੰਦਾ ਸੀ ।  ਅਤੇ ਇੱਕ ਹਲ਼ ਉਲਟਾਂਵਾ ਹਲ ਜੋ ਕਿ ਜ਼ਮੀਨ ਨੁੰ ਪਲਟਣ ਲਈ ਚਲਾਇਆ ਜਾਦਾ ਸੀ । ਜਿਸ ਵਾਸਤੇ ਤਕੜੇ ਬਲਦਾਂ ਦਾ ਹੋਣਾ ਬਹੁਤ ਜ਼ਰੂਰੀ ਸੀ । ਅੱਜ ਇਨਾਂ ਹਲ਼ਾਂ ਦੀ ਜਗਾ

ਯੋਗ ਗੁਰੂ ਬਾਬਾ ਰਾਮ ਦੇਵ ਦੀ ਵੀ ਗੁਰੂ ਨਿਕਲੀ ਦਿੱਲੀ ਹਕੂਮਤ......... ਤਿਰਛੀ ਨਜ਼ਰ / ਬਲਜੀਤ ਬੱਲੀ


ਭ੍ਰਿਸ਼ਟਾਚਾਰ  ਤੇ ਕਾਲਾ ਧਨ ਭਾਰਤੀ ਰਾਜਨੀਤੀ ਦਾ ਮੁਖ ਏਜੰਡਾ ਬਣਿਆ  
                         
ਪੰਜਾਬੀ  ਦੇ ਨਾਮਵਰ ਤੇ ਸੁਲਝੇ ਹੋਏ ਪੱਤਰਕਾਰ ਵਜੋਂ ਦਹਾਕਿਆਂ ਬੱਧੀ ਨਾਮਣਾ ਖੱਟ ਕੇ ਸੁਰਗਵਾਸ ਹੋਏ ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਵਿਚ ਇੱਕ ਹਫ਼ਤਾਵਾਰੀ ਕਾਲਮ ਲਿਖਿਆ ਕਰਦੇ ਸਨ-ਜਗਤ ਤਮਾਸ਼ਾ। ਮੈਂ ਉਸ ਦਾ ਲਗਾਤਾਰ ਪਾਠਕ ਸਾਂ। ਬਹੁਤ ਖ਼ੂਬਸੂਰਤ ਸ਼ਬਦਾਵਲੀ ਵਿਚ ਉਹ ਆਂਮ ਲੋਕਾਂ ਦੇ ਦੁੱਖ- ਦਰਦਾਂ ਦੀ ਬਾਤ ਪਾਇਆ ਕਰਦੇ ਸਨ। ਬਾਰ੍ਹਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ । ਪੰਜਾਬ ਜਿਸ ਸ਼ਖ਼ਸੀਅਤ ਨੂੰ ਉਹ ਆਪਣਾ ਆਦਰਸ਼ ਅਤੇ ਗੁਰੂ ਮੰਨਦਾ ਸਨ,ਉਸ ਨੇ ਇੱਕ,ਅਜਿਹਾ ਰੋਲ ਅਖ਼ਤਿਆਰ ਕੀਤਾ ਅਤੇ ਇਕ ਅਜਿਹਾ ਅਹੁਦਾ ਹਾਸਲ ਕਰ ਲਿਆ ਜੋ ਉਸ ਦੀ ਦੇਵ-ਕੱਦ  ਹਸਤੀ ਦੇ ਮੇਚ ਦਾ ਨਹੀਂ ਸੀ ਅਤੇ ਅਤੇ ਦੁਨਿਆਵੀ ਲਾਲਸਾ ਵੱਲ ਸੰਕੇਤ ਕਰਦਾ ਸੀ। ਇਕ ਸੰਵੇਦਨਸ਼ੀਲ  ਇਨਸਾਨ ਵਜੋਂ ਦਲਬੀਰ ਨੂੰ  ਇਸ ਦਾ  ਬੇਹੱਦ ਸਦਮਾ ਪੁੱਜਾ ਸੀ।ਇਸ ਘਟਨਾ ਤੋਂ ਬਾਅਦ ਲਿਖੇ  ਆਪਣੇ ਹਫਤਾਵਾਰੀ  ਕਾਲਮ ਦੀ ਸ਼ੁਰੂਆਤ ਉਸ ਨੇ ਇੰਝ ਕੀਤੀ ਸੀ-‘‘ ਜਦੋਂ ਰੱਬ ਧਰਤੀ ਤੇ ਉੱਤਰ ਆਉਂਦਾ ਹੈ ਤਾਂ ਉਹ ਬੰਦਾ ਹੋ ਜਾਂਦੈ। ਉਸ ਵਿਚ ਬੰਦੇ ਵਾਲੇ ਸਾਰੇ ਗੁਣ- ਔਗੁਣ ਆ ਜਾਂਦੇ ਨੇ। ਉਹ ਵੀ ਉਨ੍ਹਾਂ ਦੁਨਿਆਵੀ ਲਾਲਸਾਵਾਂ ਦਾ ਸੰਭਾਵੀ ਸ਼ਿਕਾਰ ਹੋ ਜਾਂਦੈ । ਇਸਦੇ ਨਾਲ ਹੀ ਉਹ ਫਿਰ ਇਹ ਕਿਵੇਂ ਆਸ ਰੱਖ ਸਕਦੈ ਕਿ ਬਾਕੀ ਬੰਦੇ ਉਸ ਨੂੰ ਦੇਵਤਾ ਸਮਝਣਗੇ-ਉਸ ਨਾਲ ਵਿਹਾਰ ਵੀ ਆਮ ਮਨੁੱਖ ਵਰਗਾ ਹੀ ਹੋਵੇਗਾ।‘‘ ਉੁਸ ਸੁਰਗਵਾਸੀ ਆਤਮਾ  ਦਾ ਤਰਕ ਇਹ ਸੀ ਕਿ ਜਦੋਂ ਕੋਈ ਜਣਾ ਇੱਕ  ਜਾਂ ਦੂਜੀ ਧਿਰ ਬਣ ਜਾਂਦਾ ਹੈ ਜਾਂ ਕਿਸੇ ਇੱਕ ਧਿਰ ਨਾਲ ਜੁੜ ਜਾਂਦਾ ਹੈ ਤਾਂ  ਸੁਭਾਵਕ ਹੀ ਉਸ ਦੀ ਸਰਵਪ੍ਰਵਾਨਤਾ  ਨਹੀਂ ਰਹਿੰਦੀ। ਤੇ ਫਿਰ ਦੂਜੀ ਧਿਰ ਜਾ ਹੋਰ ਲੋਕ ਅਜਿਹੀ ਕਿਸੀ ਵੀ ਹਸਤੀ ਨੂੰ ਕਿਓਂ ਬਖ਼ਸ਼ਣਗੇ।

 

ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ ॥2॥.......... ਲੇਖ / ਮਨਜੀਤ ਸਿੰਘ ਔਜਲਾ



ਸਿੱਖੀ ਦਾ ਬੂਟਾ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਸਮੇਂ ਹੀ ਲਗ ਗਿਆ ਸੀ ਅਤੇ ਸਚ ਦਾ ਪਰਚਾਰ ਵੀ ਆਰੰਭ ਹੋ ਗਿਆ ਸੀ ਫਿਰ ਵੀ ਮਾਤਲੋਕੀ ਜੀਵਾਂ ਨੂੰ ਸਚ ਦਾ ਪਾਠ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਸਹਿਬਾਨ ਨੇ 239 ਸਾਲ ਤਕ ਕੰਠ ਕਰਵਾਇਆ। ਇਥੇ ਹੀ ਬਸ ਨਹੀਂ 1708 ਈਸਵੀ (ਸੰਮਤ 1765), ਜਦੋਂ ਦਸਵੇਂ ਜਾਮੇਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਕੇ ਗੁਰੂ ਗਰੰਥ ਸਹਿਬ ਨੂੰ ਸਦੀਵ ਕਾਲ ਲਈ ਸਿੱਖਾਂ ਦਾ ਗੁਰੂ ਥਾਪ ਦਿਤਾ ਅਤੇ ਫੁਰਮਾਣ ਕੀਤਾ, “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਉਸ ਦਿਨ ਤੋਂ ਅਜ ਤਕ ਹਰ ਇਨਸਾਨ ਜੋ ਆਪਣੇ ਆਪ ਨੂੰ ਸਿਖ ਅਖਵਾਉਂਦਾ ਹੈ, ਗੁਰੂ ਘਰ ਜਾਕੇ ਗੁਰੂ ਗ੍ਰੰਥ ਸਹਿਬ ਅਗੇ ਨੱਤ-ਮਸਤਕ ਹੁੰਦਾ ਹੈ ਅਤੇ ਰਾਗੀ ਜਥੇ ਦਾ ਕੀਰਤਨ ਪੁਰੀ ਸ਼ਰਧਾ ਨਾਲ ਸੁਣ ਕੇ ਉਸ ਉਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਅਜਿਹੇ ਸਿੱਖ ਦੇ ਦਿਮਾਗ ਵਿਚ ਇਹ ਸੋਚ ਕਤੱਈ ਨਹੀਂ ਆ ਸਕਦੀ ਕਿ ਇਹ ਰਾਗੀ ਸਿੰਘ ਜੋ ਇਤਨੇ ਪਿਆਰ ਅਤੇ ਸ਼ਰਧਾ ਨਾਲ ਸੰਗਤ ਨੂੰ ਗੁਰਬਾਣੀ ਦੇ ਲੜ ਲਗਣ ਦੀ ਪ੍ਰੇਰਨਾਂ ਕਰਦੇ ਹਨ, ਖੁਦ ਆਪ ਸਿੱਖੀ ਤੋਂ ਬਹੁਤ ਦੂਰ ਹੋਣਗੇ ਅਤੇ ਇਨ੍ਹਾਂ ਦੇ ਜੀਵਨ ਵਿਚ ਵੀ ਕੋਈ ਤਰੁਟੀ ਹੋਵੇਗੀ ਜਾਂ ਆ ਸਕਦੀ ਹੈ।

ਚੱਕੀ……… ਲੇਖ / ਰਵੇਲ ਸਿੰਘ ਇਟਲੀ



ਸਾਡੇ ਪੰਜਾਬ ਦਾ ਪੁਰਾਣਾ ਕੀਮਤੀ ਵਿਰਸਾ, ਸੱਭਿਆਚਾਰ ਲੋਕ ਗੀਤ, ਲੋਕ ਕਾਵਿ ਕਿੱਸੇ, ਬੋਲੀਆਂ, ਗਿੱਧਾ, ਭੰਗੜਾ, ਢੋਲੇ, ਮਾਹੀਆ, ਕਿੱਸਾ ਮਿਰਜ਼ਾ ਸਾਹਿਬਾਂ, ਹੀਰ ਵਾਰਿਸ ਸ਼ਾਹ, ਸੂਫੀ ਫਕੀਰਾਂ ਦੇ ਮਸਤੀ ਦੇ ਰੰਗ ਵਿਚ ਰੰਗੇ ਬੋਲ, ਕਾਫੀਆਂ ਅਤੇ ਇਲਾਹੀ ਰੰਗ ਵਿਚ ਮਖਮੂਰ ਗੁਰਬਾਣੀ ਦਾ ਭੰਡਾਰ ਜਿਸ ਸੁਚੱਜੇ ਢੰਗ ਨਾਲ ਸਾਂਭਿਆ ਪਿਆ ਹੈ । ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਜਿੱਥੇ ਸਾਡੇ ਕਿਰਸਾਣੀ ਦੇ ਕਈ ਪ੍ਰਕਾਰ ਦੇ ਪੁਰਾਣੇ ਸੰਦ ਜਿਵੇਂ, ਰੰਬਾ, ਖੁਰਪਾ, ਪੰਜਾਲੀ, ਸੁਹਾਗਾ, ਵੱਟਾਂ ਪਾਉਣ ਵਾਲਾ ਜੰਦਰਾ, ਕਰੰਡੀ, ਕਹੀ, ਕਮਾਦ ਛਿੱਲਣ ਵਾਲੀ ਪੜਛੀ, ਫਾਲਾ, ਹੱਲੜ ਅਦਿ ਤੇ ਹੋਰ ਕਈ ਸੰਦਾਂ ਦੇ ਨਾਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਜਾਪਦੇ ਹਨ । ਇਸੇ ਤਰ੍ਹਾਂ ਹੀ ਆਮ ਘਰਾਂ ਵਿਚ ਰੋਟੀ ਟੁੱਕ ਤਿਆਰ ਕਰਨ ਦੀ ਮੁੱਖ ਖੁਰਾਕ ਆਟਾ ਪੀਹਣ ਵਾਲੀ ਚੱਕੀ ਦਾ ਨਾਮ ਵੀ ਦਿਨੋ ਲੋਕਾਂ ਦੀ ਜਾਣਕਾਰੀ ਵਿਚੋਂ ਨਿਕਲਦਾ ਜਾ ਰਿਹਾ ਜਾਪਦਾ ਹੈ ।ਇਸ ਦੇ ਨਾਲ ਨਾਲ ਇਸ ਮੰਤਵ ਲਈ ਆਟਾ ਪੀਹਣ ਦੇ ਹੋਰ ਸਾਧਨ ਖਰਾਸ ਅਤੇ ਘਰਾਟ ਦਾ ਨਾਮ ਵੀ ਆਉਂਦਾ ਹੈ ।ਕਿਉਂ ਜੋ ਮਸ਼ੀਨੀ ਯੁੱਗ ਵਿਚ ਹੁਣ ਇਨ੍ਹਾਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ  ਆਉਣ ਕਾਰਣ, ਇਸ ਕੰਮ ਵਿਚ ਅਸਾਨੀ ਹੋ ਜਾਣ ਕਾਰਨ ਹੱਥ ਚੱਕੀ ਦੀ ਜਾਣਕਾਰੀ ਵੀ ਹੁਣ ਦਿਨੋਂ ਦਿਨ ਘਟਦੀ ਨਜ਼ਰ ਆਉਂਦੀ ਜਾਪਦੀ ਹੈ, ਪਰ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੀ ਪੁਰਾਣੀ ਸੱਭਿਅਤਾ ਨੂੰ ਹੋਰ ਪੱਖਾਂ ਤੋਂ ਹਰ ਪਖੋਂ ਸੰਭਾਲਣਾ । 

ਗ੍ਰਫਿਥ ਮੇਲਾ.......... ਲੇਖ / ਗੱਜਣਵਾਲਾ ਸੁਖਮਿੰਦਰ


ਪੰਜਾਬੋਂ ਚੱਲ ਕੇ ਮੈਲਬਰਨ ਵਿੱਚ ਅਜੇ ਦਾਖਲ ਹੋਣਾ ਹੀ ਸੀ ਕਿ ਜਹਾਜ਼ ਵਿੱਚ  ਗੱਲਾਂ ਚੱਲ ਰਹੀਆਂ ਸਨ ਐਡੀਲੇਡ ਦੀਆਂ ਸਿੱਖ ਖੇਡਾਂ ਬਹੁਤ ਹੀ ਲਭਾਉਣੀਆਂ ਰਹੀਆਂ ਤੇ 11-12 ਜੂਨ ਨੂੰ ‘ਜੂਨ ਚਰਾਸੀ’ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗ੍ਰਫਿਥ ‘ਚ ਹੋ ਰਹੀਆਂ ਖੇਡਾਂ ਵੀ ਵੇਖਣ ਵਾਲੀਆਂ ਹੁੰਦੀਆਂ ।
ਮੈਲਬਰਨ ਪਹੁੰਚੇ ਤਾਂ ਤੱਕਿਆ ਮੌਸਮ ਇਕ ਦਮ ਠੰਢਾ , ਬਹੁਤ ਹੀ ਤੰਗ ਕਰਨ ਵਾਲਾ ।ਕਦੇ ਧੁੱਪ ਕਦੇ ਮੀਂਹ । ਸਾਰਾ ਦਿਨ ਬੱਦਲਵਾਈ; ਘਰ ਬੈਠੇ ਬੰਦੇ ਨੂੰ ਉਦਾਸ ਕਰ ਦੇਣ ਵਾਲਾ ।ਮਿੰਟੂ ਬਰਾੜ ਨੇ ਉਦਾਸੀ ਦੂਰ ਕਰਨ ਲਈ ਹਰਮਨ ਰੇਡੀਓ ਨਾਲ ਮੁਲਾਕਾਤ ਕਰਵਾਈ  ਤੇ ਆਪ ਗੱਲਾਂ ਕੀਤੀਆਂ ।ਫਿਰ ਅਮਨਦੀਪ ਸਿੱਧੂ ਹੁਰਾਂ ਨਾਲ ਵੀ ਖੁੱਲ ਗੱਲਾਂ ਹੋਈਆਂ ਤੇ ਨੇੜਤਾ ਹੋਈ । ਪਰ ਮੈਲਬਰਨ ਦੀ ਉਦਾਸੀ ਅਜੇ ਕਾਇਮ ਸੀ । ਮਨ ‘ਚ  ਸੋਚਿਆ ਗ੍ਰਫਿਥ ਖੇਡ ਮੇਲੇ ਤੇ ਜਾਈਏ ਤਾਂ ਕੀਹਦੇ ਨਾਲ । ਤਾਂ ਪੱਤਰਕਾਰ ਭਾਈਚਾਰੇ ਚੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇਜ਼ਸਦੀਪ ਅਜ਼ਨੌਦਾ ਦਾ ਸਵਾਗਤੀ ਫੋਨ ਆਇਆ – ਬਾਈ ਜੀ ਤਿਆਰ ਰਹਿਉ ਆਪਾਂ ਗ੍ਰਫਿਥ ਖੇਡਾਂ ਤੇ ਜਾਣਾ ।ਬੱਸ ਫੇਰ ਕੀ ਮਾਨਸੇ ਦੇ ਬਹੁਤ ਹੀ ਸੁਚੱਜੇ ਲਾਈਫ਼ ਸਟਾਈਲ ਵਾਲੇ ਸੇਖੋਂ ਸ਼ਮਿੰਦਰ ਦੀ ਕੈਮਰੀ ਗੱਡੀ ਔਨ ਦਾ ਟਰੈਕ ਹੋ ਗਈ । ਇਕ ਹੋਰ ਖਮਾਣੋਂ ਦਾ ਮੱਲੀ ਜੋ ਪਹਿਲਾਂ ਘੋਨੇ ਮੂੰਹ ਸਿਰ ਵਾਲਾ ਸੀ ਪਤਾ ਨਹੀਂ ਉਸ ਨੂੰ ਦਾਤੇ ਨੇ ਕਿਵੇਂ ਸੁਮੱਤ ਬਖਸ਼ੀ  ਉਸ ਨੇ ਵੱਡਾ ਸਾਰ ਜੂੜਾ ਤੇ  ਵਿਸ਼ਾਲ ਦਾੜ੍ਹਾ ਪ੍ਰਕਾਸ਼ ਕਰ ਲਿਆ ਸੀ  ਉਸ ਨੇ ਅੱਜ ਹੀ  ਪੰਜਾਬੋਂ ਮੈਲਬੌਰਨ ਦੇ ਏਅਰਪੋਰਟ ਤੇ ਉੱਤਰਨਾ ਸੀ ।ਅਸੀਂ ਉਸ ਨੂੰ ਘਰੇ ਜਾਣ ਦੀ ਥਾਂ ਸਿੱਧਾ ਏਅਰਪੋਰਟ ਤੋਂ ਹੀ ਚੁੱਕ ਲਿਆ ਤੇ ਸਿਡਨੀ ਨੂੰ ਜਾਂਦੇ ਫਰੀ-ਵੇ ‘ਤੇ ਪੈ ਗਏ ।ਬਹੁਤ ਹੀ ਸੁੰਦਰ ਤਿੰਨ ਸੌ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ  ਬਹੁਤ ਹੀ ਪਿਆਰੇ ਕਸਬੇ ਐਲਬਰੀ ਪਹੁੰਚ ਗਏ ।ਉਥੇ ਤੇਜ਼ਸਦੀਪ ਜਰੂਰੀ ਕੰਮ ਆਇਆ

ਮਾਮਲਾ ਲੱਚਰ ਗੀਤਕਾਰੀ ਤੇ ਲੱਚਰ ਗਾਇਕੀ ਦਾ.... ਕੁੱਝ ਤਾਂ ਸੋਚੀਏ, ਕੁੱਝ ਤਾਂ ਕਰੀਏ.......... ਲੇਖ / ਕੇਹਰ ਸ਼ਰੀਫ਼


ਕਿਸੇ ਵੀ ਜ਼ੁਬਾਨ ਦਾ ਸਾਹਿਤ, ਉਹ ਕਿਸੇ ਵੀ ਵਿਧਾ ਵਿਚ ਹੋਵੇ ਸਾਹਿਤ ਨੂੰ ਅਮੀਰੀ ਬਖਸ਼ਦਾ ਹੈ। ਸਾਹਿਤ ਨੇ ਸਮਾਜ ਦੇ ਹਰ ਪੱਖ ਦਾ ਹਾਲ-ਹਵਾਲ ਕਲਾਤਮਿਕ ਪੱਧਰ ਤੇ ਸਿਰਜਣਾ ਹੁੰਦਾ ਹੈ। ਜਿਸ ਰਚਨਾ ਵਿਚ ਕਲਾਤਮਿਕਤਾ ਨਾ ਹੋਵੇ ਉਹ ਸੁਹਜ ਵਿਹੂਣੀ ਰਹਿ ਜਾਂਦੀ ਹੈ। ਅਜਿਹੀ ਰਚਨਾ ਮੁੱਲਹੀਣ ਹੋਣ ਦੇ ਨਾਲ ਹੀ ਚਿਰਜੀਵੀ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਸਮਾਜ ਨੂੰ ਕਿਸੇ ਕਿਸਮ ਦੀ ਕੋਈ ਸੇਧ ਦੇਣ ਦੇ ਯੋਗ ਹੁੰਦੀ ਹੈ। ਹਰ ਰਚਨਾਕਾਰ ਨੇ ਸਮਾਜ ਦੀ ਬਣਤਰ, ਸੁਭਾਅ ਅਤੇ ਰਵਾਇਤਾਂ ਦਾ ਖਿਆਲ ਵੀ ਰੱਖਣਾ ਹੁੰਦਾ ਹੈ ਅਤੇ ਸਮਾਜ ਅੰਦਰ ਸ਼ਰਮ-ਹਯਾ ਵਾਲੇ ਰਿਸ਼ਤਿਆਂ ਦਾ ਚਿਤ੍ਰਣ ਸਮੇਂ ਅਨੁਸਾਰ ਕਰਨਾ ਹੁੰਦਾ ਹੈ।

ਮੈਨੂੰ ਕੀ?.......... ਲੇਖ / ਮਿੰਟੂ ਬਰਾੜ


"ਮੈਨੂੰ ਕੀ" ਇਹ ਦੇਖਣ ਨੂੰ ਸਿਰਫ਼ ਦੋ ਸ਼ਬਦ ਲਗਦੇ ਹਨ। ਪਰ ਅਸਲ 'ਚ ਇਹਨਾਂ ਦੋ ਸ਼ਬਦਾਂ ਵਿਚ ਜਿੰਨੀ ਕੁ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹ ਇਕ ਘਰ ਤਾਂ ਕਿ ਪੂਰਾ ਮੁਲਕ ਤਬਾਹ ਕਰ ਸਕਦੀ ਹੈ। ਸੋਚਣ ਦੀ ਗਲ ਹੈ ਕਿ ਜੇ "ਮੈਨੂੰ ਕੀ" ਐਨੀ ਖ਼ਤਰਨਾਕ ਚੀਜ਼ ਹੈ ਤਾਂ ਫੇਰ ਕੋਈ ਇਸ ਦਾ ਕੁਝ ਕਰਦਾ ਕਿਉਂ ਨਹੀਂ? ਜੇਕਰ ਇਹੀ ਚਰਚਾ ਕਿਸੇ ਨਾਲ਼ ਕੀਤੀ ਜਾਏ ਕਿ ਇਹ ਦੋ ਸ਼ਬਦ ਦੇਸ਼ ਬਰਬਾਦ ਕਰ ਰਹੇ ਹਨ ਤਾਂ ਮੂਹਰਲੇ ਬੰਦੇ ਦਾ ਇਹੀ ਜਵਾਬ ਹੋਵੇਗਾ ਕਿ ਜਦੋਂ ਸਾਰਿਆਂ ਦਾ ਹੀ ਆਵਾ ਊਤਿਆ ਪਿਆ ਹੈ ਤਾਂ ਕੋਈ ਇਕੱਲਾ ਕੀ ਕਰ ਸਕਦਾ ਹੈ । ਸੋ "ਮੈਨੂੰ ਕੀ" ਜੋ ਹੋਈ ਜਾਂਦਾ, ਹੋਈ ਜਾਵੇ ਸਾਡੀ ਤਾਂ ਬਾਹਲ਼ੀ ਨਿੱਬੜ ਗਈ ਥੋੜ੍ਹੀ ਰਹਿ ਗਈ। ਇਹ ਗੱਲ ਖ਼ਾਸ ਕਰ ਮੇਰੀ ਜਨਮ ਭੂਮੀ ਯਾਨੀ ਕਿ ਹਿੰਦੁਸਤਾਨ ਨੂੰ ਸਹਿਜੇ-ਸਹਿਜੇ ਨਿਗਲ਼ ਰਹੀ ਹੈ। ਸ਼ੁਕਰ ਹੈ ! ਹਾਲੇ ਇਸ ਦਾ ਪ੍ਰਕੋਪ ਮੇਰੀ ਕਰਮ ਭੂਮੀ ਆਸਟ੍ਰੇਲੀਆ ਤੇ ਨਹੀਂ ਪਿਆ। 

ਛੜਿਆਂ ਦੀ ਪੈਲੀ ਵਿਚ ਢੱਟਾ ਚਰੈ.......... ਲੇਖ / ਜੋਗਿੰਦਰ ਬਾਠ ਹੌਲੈਂਡ


ਪਾਇਆ! ਨੀ ਰੋਹੀ ਵਾਲਾ ਜੰਡ ਵੱਢ ਕੇ
ਲੰਡੇ ਚਿੜੇ ਨੇ ਚੁਬਾਰਾ ਪਾਇਆ ਨੀ

ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਤਾਂ ਉਦੋਂ ਕਦੇ ਸਾਡੇ ਮੁਹੱਲੇ ਵਿਚ ਵਿਆਹ ਸ਼ਾਦੀ ਜਾਂ ਕੋਈ ਹੋਰ ਖੁਸ਼ੀ ਦਾ ਦਿਨ ਦਿਹਾਰ ਆਉਂਦਾ ਤਾਂ ਸ਼ਗਨ ਵਿਹਾਰ ਮਗਰੋਂ ਸਾਡੇ ਮੁਹੱਲੇ ਦੀਆਂ ਤ੍ਰੀਮਤਾ ਦਾ ਨੱਚਣ ਗਾਉਣ ਦਾ ਖਾੜਾ ਜ਼ਰੂਰ ਮਘਦਾ। ਵਿਆਹ ਤੋਂ ਪਹਿਲਾਂ ਤਾਂ ਵਿਆਹ ਵਾਲੇ ਘਰ ਜਦੋਂ ਮੁੰਡਾ ਜਾਂ ਕੁੜੀ ਸਾਹੇ ਬੱਧੇ ਜਾਂਦੇ ਤਾਂ ਲੰਮੀਆਂ ਹੇਕਾਂ ਵਾਲੇ ਸੁਹਾਗ ਗਾਏ ਜਾਂਦੇ। ਔਰਤਾਂ ਰੋਟੀ ਟੁੱਕ ਤੋਂ ਵਿਹਲੀਆਂ ਹੋ ਕੇ ਵਿਆਹ ਵਾਲੇ ਘਰ ਜੁੜ ਜਾਂਦੀਆਂ ਤੇ ਵਿਚ ਵਿਚ ਲੰਮੀਆਂ ਹੇਕਾਂ ਵਾਲੇ ਅਕਾਊ ਸੁਹਾਗਾਂ ਤੋਂ ਬਾਅਦ ਪਰਾਤ ਮੁਧੀ ਮਾਰ ਕੇ ਚਮਚੇ ਤੇ ਪਰਾਤ ਦੇ ਰਿਦਮ ਨਾਲ ਕੁਸ਼ ਸੁਰ ਤਾਲ ‘ਚ ਲੈਅਬੱਧ ਗੀਤ ਵੀ ਗਾਏ ਜਾਂਦੇ, ਜੋ ਸਾਨੂੰ ਨਿਆਣਿਆਂ ਨੂੰ ਬਹੁਤ ਹੀ ਸੁਰੀਲੇ ਤੇ ਧੂਅ ਪਾਉਣ ਵਾਲੇ ਲਗਦੇ। ਪਰ ਜਿਹੜਾ ਧਮੱਚੜ ਬਰਾਤ ਜਾਣ ਪਿਛੋਂ ਪੈਂਦਾ ਉਹ ਅਜੀਬ ਹੀ ਦਿਲਚਸਪ ਨਜ਼ਾਰਾ ਪੇਸ਼ ਕਰਦਾ ਸੀ। ਇਹ ਔਰਤਾਂ ਦਾ ਖਾੜਾ ਸਾਡੇ ਨਿਆਣਿਆਂ ਲਈ ਤਾਂ ਦਿਲਚਸਪ ਹੁੰਦਾ ਹੀ ਸੀ ਪਰ ਸਿਆਣੇ ਵੀ ਇਸ ਮੌਕੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਸਨ। ਜਿਹੜੇ ਰਿਸ਼ਤੇਦਾਰ ਵਿਆਹ ਸ਼ਾਦੀ ਵਿਚ ਬੰਦੇ ਬਹੁਤੇ ਹੋ ਜਾਣ ਕਾਰਣ ਬਰਾਤ ਨਾਲ ਨਾ ਲਿਜਾਣ ਕਰਕੇ ਗੁੱਸੇ ਗਿਲੇ ਹੁੰਦੇ ਸਨ ਉਨ੍ਹਾਂ ਦਾ ਗੁੱਸਾ ਗਿਲਾ ਵੀ ਇਨ੍ਹਾਂ ਔਰਤਾਂ ਦਾ ਰੰਗੀਲਾ ਅਖਾੜਾ ਵੇਖ ਕੇ ਕਾਫੂਰ ਹੋ ਜਾਂਦਾ। ਜਵਾਨ ਤੀਵੀਆਂ ਖੂਬ ਖ਼ਰੂਦ ਕਰਦੀਆਂ। ਜਵਾਈ ਭਾਈ ਦੀ ਤਾਂ ਹਿੰਮਤ ਹੀ ਨਹੀਂ ਸੀ ਪੈਂਦੀ ਕਿ ਉਹ ਖਾੜੇ ਦੇ ਲਾਗੇ ਚਾਗੇ ਵੀ ਖਲੋ ਜਾਵੇ, ਕੋਠਿਆਂ ਦੇ ਜੰਗਲਿਆਂ ਉਹਲੇ ਜਾਂ ਸ਼ਰਾਬੀ ਹੋਇਆ ਪਿੱਛਲੇ ਅੰਦਰ ਪਿਆ ਬੇਸ਼ਰਮ ਹੋਇਆ ਸਵਾਦ ਲੈਂਦਾ ਸੁਣੀ ਜਾਂਦਾ। ਮੱਛਰੀਆਂ ਔਰਤਾਂ ਗੀਤਾਂ, ਬੋਲੀਆਂ, ਅਖਾਣਾਂ ‘ਚ ਛਿਬੀਆ ਦੇ ਦੇ ਕੇ ਉਸ ਦੀ ਮਾਂ ਭੈਣ ਇਕ ਕਰ ਦਿੰਦੀਆਂ। ਔਰਤਾਂ ਤਿੰਨ-ਤਿੰਨ, ਚਾਰ-ਚਾਰ ਘੰਟੇ ਗਿੱਧੇ ਬੋਲੀਆਂ ਦੇ ਨਾਲ ਅੱਡੀਆਂ ਮਾਰ-ਮਾਰ ਕੇ ਵਿਆਹ ਵਾਲੇ ਘਰ ਦੇ ਵਿਹੜੇ ਨੂੰ ਗੁੰਨ੍ਹ ਕੇ ਰੱਖ ਦਿੰਦੀਆਂ।

ਖੂਹ.........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’


ਖੂਹ ਸਾਡੇ ਸਭਿਆਚਾਰ ਅਤੇ ਜਿ਼ੰਦਗੀ ਦਾ ਕਦੇ ਇੱਕ ਅਹਿਮ ਹਿੱਸਾ ਹੋਇਆ ਕਰਦਾ ਸੀ । ਜਿੱਥੇ ਖੂਹ ਨਾਲ ਜੱਟ ਦਾ ਅਟੁੱਟ ਰਿਸ਼ਤਾ ਸੀ ਉੱਥੇ ਘਰ ਦੀਆਂ ਸੁਆਣੀਆਂ ਦਾ ਵੀ ਖੂਹ ਨਾਲ ਬੜਾ ਮੋਹ ਵਾਲਾ ਸੰਬੰਧ ਹੁੰਦਾ ਸੀ । ਸੁਆਣੀਆਂ ਜਦੋਂ ਖੂਹ ਤੇ ਪਾਣੀ ਭਰਨ ਜਾਇਆ ਕਰਦੀਆਂ ਸਨ ਤਾਂ ਕਈ ਆਪਸ ਵਿੱਚ ਪਾਣੀ ਦੇ ਘੜੇ ਸਿਰ ਤੇ ਚੁੱਕਣ ਲਈ ਸ਼ਰਤ ਲਾ ਲਿਆ ਕਰਦੀਆਂ ਸਨ ਕਿ ਕਿਹੜੀ ਸੁਆਣੀ ਇੱਕ ਤੋਂ ਵੱਧ  ਪਾਣੀ ਦੇ ਭਰੇ ਘੜੇ ਸਿਰ ਤੇ ਚੁੱਕ ਸਕਦੀ ਹੈ । ਕੋਈ ਤਕੜੇ ਜੱਸੇ ਵਾਲੀ ਦੋ ਜਾਂ ਤਿੰਨ ਤੱਕ ਘੜੇ ਚੁੱਕ ਕੇ ਆਪਣੀ ਤਾਕਤ ਦਾ ਲੋਹਾ ਆਪਣੀਆਂ ਸਹੇਲੀਆਂ ਤੇ ਜਮਾਉਂਦੀ ਹੁੰਦੀ ਸੀ ।ਇਸੇ ਤਰਾਂ  ਹਾਸੇ ਠੱਠੇ ਦੇ ਮਾਹੌਲ ਵਿੱਚ ਸੁਆਣੀਆਂ ਆਪਣਾ ਵਕਤ ਗੁਜ਼ਾਰਦੀਆਂ ਸਨ ਤੇ ਕਈ ਤਰਾਂ ਦੇ ਗੀਤਾਂ, ਤੱਥਾਂ ਤੇ ਟੋਟਕਿਆਂ ਨੂੰ ਜਨਮ ਦਿੰਦੀਆਂ ਸਨ ਜੋ ਬਾਅਦ ਵਿੱਚ ਹੌਲੀ ਹੌਲੀ ਲੋਕ ਗੀਤਾਂ ਦਾ ਰੂਪ ਧਾਰਨ ਕਰ ਜਾਂਦੇ ਸਨ । ਬੇਸ਼ੱਕ  ਵਿਗਿਆਨਕ ਯੁੱਗ ਦੇ ਕਾਰਨ ਖੂਹ ਖਤਮ ਹੋ ਚੁੱਕੇ ਹਨ । ਜੱਟ ਜਿ਼ਮੀਦਾਰ ਸਿੰਚਾਈ ਵਾਸਤੇ ਸਬਮਰਸੀਬਲ ਮੋਟਰਾਂ ਦੀ ਵਰਤੋਂ ਕਰਦੇ ਹਨ ਤੇ ਸੁਆਣੀਆਂ ਅੱਜ ਕੱਲ ਪਾਣੀ ਲਈ ਟੂਟੀ ਦੀ ਵਰਤੋਂ ਕਰਦੀਆਂ ਹਨ । ਹੁਣ ਤਾਂ ਵਿਚਾਰਾ ਨਲਕਾ ਵੀ ਕਿਸੇ ਕਿਸੇ ਘਰ

ਵਖਤੁ ਵਿਚਾਰੇ ਸੁ ਬੰਦਾ ਹੋਇ........ ਲੇਖ / ਗਿਆਨੀ ਅਮਰੀਕ ਸਿੰਘ


ਘੜੀ ਦੀਆਂ ਸੂਈਆਂ ਕਿਸੇ ਲਈ ਕਦੇ ਨਹੀਂ ਠਹਿਰਦੀਆਂ। ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ। ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮੇਂ ਦੇ ਨਾਲ ਚੱਲਣ ਤੋਂ ਹੋਈ ਬੇਪ੍ਰਵਾਹੀ ਕਿਸੇ ਮਨੁੱਖ ਦੇ ਜੀਵਨ ਦੀ ਦਿਸ਼ਾ ਨੂੰ ਪਲਟ ਕੇ ਰੱਖ ਦਿੰਦੀ ਹੈ ਅਤੇ ਫਿਰ ਉਸ ਸਮੇਂ ਮਨੁੱਖ ਕੋਲ ਸਿਵਾਏ ਪਛਤਾਵੇ ਦੇ ਹੋਰ ਕੋਈ ਚਾਰਾ ਨਹੀਂ ਰਹਿੰਦਾ।
ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ਼ ਹੈ ਜਿ ਜਿਹੜਾ ਵਿਅਕਤੀ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਹੈ ਉਹ ਜੀਵਨ ਦੇ ਇਮਤਿਹਾਨ ਵਿਚੋਂ ਪਾਸ ਹੋ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਆਪਣੇ ਆਪ ਨੂੰ ਸਮੇਂ ਮੁਤਾਬਕ ਨਹੀਂ ਢਾਲ ਪਾਉਂਦਾ ਉਹ ਜੀਵਨ ਵਿਚ ਕਦੇ ਕਾਮਯਾਬ ਨਹੀਂ ਹੋ ਪਾਉਂਦਾ।
‘ਵਖਤੁ ਵਿਚਾਰੇ ਸੁ ਬੰਦਾ ਹੋਇ।।’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ-84)