ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ – ਸ਼ਮੀ ਜਲੰਧਰੀ.......... ਲੇਖ਼ / ਰਿਸ਼ੀ ਗੁਲਾਟੀ


ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚੱਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ (ਚਿੱਕੜ) ਵਿੱਚ ਦੀ ਗੱਡਾ ਲੈ ਕੇ ਜਾਣ ਨਾਲ਼ ਹੀ ਹੁੰਦੀ ਹੈ । ਬਿਲਕੁੱਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ ਕੰਪਨੀ “5 ਰਿਵਰਜ਼ ਇੰਟਰਟੇਨਮੈਂਟ ਇਨਕੌਰਪੋਰੇਸ਼ਨ” ਨੇ । ਐਡੀਲੇਡ (ਆਸਟ੍ਰੇਲੀਆ) ਵਾਸੀ ਸ਼ਾਇਰ ਸ਼ਮੀ ਜਲੰਧਰੀ ਦੇ ਲਿਖੇ ਤੇ ਅੰਤਰਰਾਸ਼ਟਰੀ ਪੱਧਰ ਦੇ ਅੱਠ ਗਾਇਕਾਂ ਦੇ ਨਾਲ ਸਜੀ ਹੋਈ ਐਲਬਮ “ਜਾਗੋ – ਵੇਕਅਪ” ਵਿੱਚ ਕੁੱਲ ਸੱਤ ਗੀਤ ਹਨ ਜੋ ਕਿ ਸੁੱਤੇ ਹੋਏ ਲੋਕਾਂ ਨੂੰ ਨਵੀਂ ਸੇਧ ਤੇ ਨਵੀਂ ਦਿਸ਼ਾ ਦੇਣ ਲਈ ਲਿਖੇ ਤੇ ਗਾਏ ਗਏ ਹਨ । ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਰੋਮਾਂਟਿਕ ਤੇ ਲੱਚਰਤਾ ਭਰੇ ਗੀਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਅਜਿਹੇ ਸਮੇਂ ਸਿਰਫ਼ ਤੇ ਸਿਰਫ਼ ਸੱਭਿਆਚਾਰਕ ਗੀਤਾਂ ਦੀ ਐਲਬਮ ਪੇਸ਼ ਕਰਨਾ ਸੰਗੀਤ ਕੰਪਨੀਆਂ ਲਈ ਚੁਣੌਤੀ ਭਰਿਆ ਕੰਮ ਹੈ, ਪਰ ਸਮਾਜ ਵਿੱਚ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਇਸ ਸੰਗੀਤ ਕੰਪਨੀ ਨੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ । ਸ਼ਮੀ ਅਨੁਸਾਰ ਇਸ ਸੀ.ਡੀ. ਦੇ ਸਾਰੇ ਗੀਤਾਂ ਵਿੱਚ ਸਮਾਜ ਨੂੰ ਅਲੱਗ-ਅਲੱਗ ਕੁਰੀਤੀਆਂ ਤੋਂ ਖ਼ਬਰਦਾਰ ਹੋਣ ਲਈ “ਜਾਗੋ” ਦਾ ਹੋਕਾ ਦਿੱਤਾ ਗਿਆ ਹੈ । ਇਸ ਐਲਬਮ ਦੇ ਗੀਤਾਂ ਵਿੱਚ ਨਿਘਰ ਰਹੇ ਰਿਸ਼ਤਿਆਂ, ਭਰੂਣ ਹੱਤਿਆ, ਨਸਿ਼ਆਂ, ਗ਼ਰੀਬੀ, ਭੁੱਖਮਰੀ ਤੇ ਧਰਮਾਂ ਦੀ ਜੰਗ ਆਦਿ ਮਸਲਿਆਂ ਨੂੰ ਲੈ ਕੇ ਸਮਾਜਿਕ ਚੇਤਨਾ ਜਗਾਉਣ ਦੀ ਕੋਸਿ਼ਸ਼ ਕੀਤੀ ਗਈ ਹੈ । 



ਜਦੋਂ ਜਾਗੋ ਉਦੋਂ ਸਵੇਰਾ
ਭੱਜ ਜਾਏ ਘੋਰ ਹਨ੍ਹੇਰਾ
ਰੋਸ਼ਨ ਕਰਕੇ ਮਨ ਆਪਣੇ
ਦੁਨੀਆਂ ਰੁਸ਼ਨਾ ਦੇਈਏ
ਜਾਗੋ ! ਜਾਗੋ !! ਬਈ
ਇਹ ਰਾਤ ਮੁਕਾ ਦੇਈਏ

ਪੰਜਾਬ ਭਰੂਣ ਹੱਤਿਆ ਦੇ ਮਾਮਲੇ ‘ਚ ਸਭ ਰਿਕਾਰਡ ਮਾਤ ਪਾ ਰਿਹਾ ਹੈ । ਸ਼ਾਇਰ ਸ਼ਮੀ ਜਲੰਧਰੀ ਦੇ ਭਰੂਣ ਹੱਤਿਆ ਸੰਬੰਧੀ ਹੌਕਿਆਂ ਨੂੰ ਗਾਇਕਾ ਅਰਸ਼ਦੀਪ ਕੌਰ ਨੇ ਜਨਮਦਾਤੀ ਨੂੰ ਭਰੂਣ ਹੱਤਿਆ ਦਾ ਸਿੱਧਾ ਜਿੰਮੇਵਾਰ ਠਹਿਰਾਉਂਦਿਆਂ ਆਪਣੀ ਦਰਦ ਭਰੀ ਆਵਾਜ਼ ‘ਚ ਗਾਇਆ ਹੈ:

ਮੈਨੂੰ ਕੁੱਖ ਵਿੱਚ ਮਾਰਨ ਵਾਲੀਏ
ਤੈਨੂੰ ਮਾਂ ਕਹਾਂ ਕਿ ਨਾ
ਮਾਂ ਸੰਘਣੇ ਰੁੱਖ ਵਰਗੀ ਹੁੰਦੀ
ਤੂੰ ਤੇ ਉੱਜੜੀ ਛਾਂ

ਇਸ ਸੀ.ਡੀ. ਦੇ ਗੀਤਾਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਹਿੰਦੁਸਤਾਨੀ ਸਾਜ਼ਾਂ ਜਿਵੇਂ ਕਿ ਤੂੰਬੀ, ਢੋਲਕੀ, ਹਾਰਮੋਨੀਅਮ, ਡੱਫ, ਸਾਰੰਗੀ, ਰਬਾਬ ਆਦਿ ਦਾ ਇਸਤੇਮਾਲ ਕੀਤਾ ਗਿਆ ਹੈ । ਸ਼ਮੀ ਨੇ ਹੋਰ ਸਮਾਜਿਕ ਸਮੱਸਿਆਵਾਂ ਦੇ ਨਾਲ਼-ਨਾਲ਼ ਅਜੋਕੇ ਸਮਾਜ ਵਿੱਚ ਨਿਘਰ ਰਹੇ ਰਿਸ਼ਤਿਆਂ ਬਾਰੇ ਤੇ ਪਰਿਵਾਰਾਂ ‘ਚ ਘਟਦੇ ਜਾ ਰਹੇ ਪਿਆਰ ਨੂੰ ਬਰਕਰਾਰ ਰੱਖਣ ਲਈ ਹੋਕਰਾ ਦਿੱਤਾ ਹੈ । ਗੀਤ ਵਿੱਚ ਜ਼ਮੀਨਾਂ ਦੀ ਬਜਾਏ ਦੁੱਖ-ਸੁੱਖ ਤੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੱਤਾ ਗਿਆ ਹੈ । ਇਸ ਗੀਤ ਨੂੰ ਹਰਪ੍ਰੀਤ ਤੇ ਹੈਰੀ ਪੁੰਨੂੰ ਨੇ ਆਪਣੀ ਖੂਬਸੂਰਤ ਆਵਾਜ਼ ਨਾਲ਼ ਸਿ਼ੰਗਾਰਿਆ ਹੈ । ਗੀਤ ਦੇ ਬੋਲਾਂ ‘ਚ ਭਰਾਵਾਂ ਪ੍ਰਤੀ ਅੰਤਾਂ ਦੀ ਮੁਹੱਬਤ ਝਲਕਦੀ ਨਜ਼ਰ ਆਉਂਦੀ ਹੈ ।

ਹਰ ਰਿਸ਼ਤਾ ਰਹੇ ਜੋ ਹੱਸਦਾ, ਹਰ ਬੰਦਾ ਰਹੇ ਜੋ ਵੱਸਦਾ
ਵੱਸਦੀ ਰਹੇ ਇਹ ਧਰਤੀ ਸਾਡੀ, ਵੱਸਦਾ ਰਹੇ ਸੰਸਾਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਭਾਈ ਭਰਾਵਾਂ ਦੀਆਂ ਬਾਹਵਾਂ ਹੁੰਦੇ, ਜੱਗ ਸਾਰਾ ਕਹਿੰਦਾ
ਔਖੇ ਵੇਲੇ ਬਾਝ ਭਰਾਵਾਂ, ਸਾਰ ਨਾ ਕੋਈ ਲੈਂਦਾ
ਇੱਕ ਦੂਜੇ ਲਈ ਜਾਨ ਦੇਣ ਲਈ, ਰਹੀਏ ਸਦਾ ਤਿਆਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਅਲੱਗ ਅਲੱਗ ਬੁਰਾਈਆਂ ਵਿਰੁੱਧ ਚੱਲ ਰਹੀ ਕਲਮੀ ਜੰਗ ਨੂੰ ਗੀਤਾਂ ਰਾਹੀਂ ਹੋਰ ਤੇਜ਼ ਕਰਨ ਦਾ ਇਹ ਇੱਕ ਵੱਖਰਾ ਤੇ ਨਵਾਂ ਆਈਡਿਆ ਹੈ । ਮੌਜੂਦਾ ਸਮੇਂ ‘ਚ ਪੰਜਾਬ ਦੀ ਸਭ ਤੋਂ ਵੱਡੀ ਬੁਰਾਈ ਨਸ਼ੇ ਹਨ । ਜੇਕਰ ਇਹ ਕਿਹਾ ਜਾਵੇ ਕਿ ਇਸ ਸਮੇਂ ਪੰਜਾਬ ‘ਚ ਨਸਿ਼ਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਸ਼ਾਇਰ ਨੂੰ ਪੰਜ ਦਰਿਆਵਾਂ ਦੇ ਵਹਿਣ ਦੇ ਮੁਕਾਬਲੇ ਇਸ ਛੇਵੇਂ ਦਰਿਆ ਦਰਿਆ ਦਾ ਵਹਿਣ ਜਿ਼ਆਦਾ ਭਾਰੂ ਤੇ ਮਾਰੂ ਹੋ ਗਿਆ ਜਾਪਦਾ ਹੈ ।

ਪੰਜ ਦਰਿਆਵਾਂ ਦਾ ਪਾਣੀ ਸੁੱਕ ਚੱਲਾ ਏ
ਨਸਿ਼ਆਂ ‘ਚ ਸਾਡਾ ਪੰਜਾਬ ਮੁੱਕ ਚੱਲਾ ਏ

ਜਿੱਥੇ ਹੁਣ ਨਸਿ਼ਆਂ ਦੇ ਚੋਅ ਚੱਲ ਪਏ ਨੇ
ਗੱਭਰੂ ਪੰਜਾਬੀਆਂ ਦੇ ਸਿਵੇ ਬਲ ਪਏ ਨੇ
ਗਿੱਧੇ ਭੰਗੜੇ ਦਾ ਹੁਣ ਦਮ ਘੁੱਟ ਚੱਲਾ ਏ
ਨਸਿ਼ਆਂ ‘ਚ ਸਾਰਾ ਪੰਜਾਬ ਮੁੱਕ ਚੱਲਾ ਏ

ਇਸ ਤੋਂ ਪਹਿਲਾਂ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਹਿ “ਗਮਾਂ ਦਾ ਸਫ਼ਰ” ਵੀ ਪਾਠਕਾਂ ਦੇ ਸਨਮੁੱਖ ਪੇਸ਼ ਹੋ ਚੁੱਕਾ ਹੈ । ਇਸ ਕਾਵਿ ਸੰਗ੍ਰਹਿ ਵਿੱਚ ਘਟ ਰਹੀ ਇਨਸਾਨੀਅਤ ਦਾ ਕੌੜਾ ਸੱਚ, ਪ੍ਰਦੇਸੀਆਂ ਦਾ ਆਪਣੀ ਮਿੱਟੀ ਪ੍ਰਤੀ ਮੋਹ, ਪਿਆਰ-ਮੁਹੱਬਤ ਦੀਆਂ ਬਾਤਾਂ, ਵਿਛੋੜੇ ਦਾ ਗ਼ਮ, ਤੇ ਹੋਰ ਵੀ ਕਈ ਰੰਗ ਹਨ ।

ਭਰਮਾਰ ਏ ਇਸ ਦੁਨੀਆਂ ‘ਤੇ ਬੇਗਾਨਿਆਂ ਦੀ ‘ਸ਼ਮੀ’,
ਕਿਸ ਨੂੰ ਕਹੀਏ ਆਪਣਾ ਕੋਈ ਆਪਣਾ ਨਾ ਰਿਹਾ ।
*
ਖੂਨ ਦਾ ਰੰਗ ਸਫ਼ੈਦ ਹੋ ਗਿਆ
ਵਫ਼ਾ ਦੀ ਗੜਵੀ ‘ਚ ਛੇਕ ਹੋ ਗਿਆ
ਮਤਲਬੀਆਂ ਦੀ ਹੈ ਸਿਖ਼ਰ-ਦੁਪਹਿਰ
ਦਿਲਾਂ ‘ਤੇ ਹੁਣ ਹਨੇਰ ਹੋ ਗਿਆ
ਹਰ ਕੋਈ ਬਣਨ ਲਈ ਸਭ ਤੋਂ ਉੱਚਾ
ਡਿੱਗਿਆਂ ਨੂੰ ਹੀ ਢਾਹ ਰਿਹਾ ।
*
ਇਹ ਰੱਕੜ ਧਰਤੀ ਨੂੰ ਵਾਹ ਕੇ,
ਕੋਈ ਫੁੱਲਾਂ ਨੂੰ ਉਗਾ ਦੇਵੋ
ਇਹ ਸਰਦ ਹੋਏ ਰਿਸ਼ਤਿਆਂ ਨੂੰ
ਕੋਈ ਪ੍ਰੇਮ ਦੇ ਨਾਲ਼ ਤਾਅ ਦੇਵੋ
ਮਾਂ ਹੁੰਦੀ ਏ ਸੰਘਣੇ ਰੁੱਖ ਵਰਗੀ
ਹਰ ਪੁੱਤਰ ਨੂੰ ਸਮਝਾ ਦੇਵੋ
*
ਤੇਰਾ ਬਿਰਹਾ ਮੈਨੂੰ ਮਣਸ ਕੇ
ਗ਼ਮ ਦੀ ਝੋਲੀ ਪਾ ਗਿਆ ਨੀ
ਤੇਰਾ ਦਿੱਤਾ ਹੋਇਆ ਵਕਤ ਮੈਨੂੰ
ਮੇਰੇ ਜੋੜੀਂ ਪਾਰਾ ਪਾ ਗਿਆ ਨੀ
*
ਨਫ਼ਰਤ, ਘਮੰਡ ਦੀਆਂ ਗਲੀਆਂ ਵਿੱਚ ਭਟਕ ਰਿਹਾ ਹਾਂ
ਇਨਸਾਨ ਹੋ ਕੇ ਵੀ ਮੈਂ, ਇਨਸਾਨੀਅਤ ਨੂੰ ਤਰਸ ਰਿਹਾ ਹਾਂ

“ਕੈਸਿਟਾਂ ਅਤੇ ਸੀਡੀਆਂ ਦੇ ਰੂਪ ਵਿੱਚ ਬੋਲਦੀਆਂ, ਗਾਉਂਦੀਆਂ ਕਿਤਾਬਾਂ ਨਵੇਂ ਯੁਗ ਦੀ ਜ਼ਰੂਰਤ ਹਨ । ਸ਼ਮੀ ਜਲੰਧਰੀ ਦੀ ‘ਦਸਤਕ’ ਸਾਡੇ ਸਮੇਂ ਦੀ ਨਬਜ਼ ਹੈ, ਵੇਲੇ ਦੇ ਮਸਲਿਆਂ ਦਾ ਰੋਹ ਹੈ, ਸਾਡੇ ਕਰਮਾਂ ਅਤੇ ਸੋਚਾਂ ਲਈ ਵੰਗਾਰ ਹੈ । ਸ਼ਮੀ ਦੀਆਂ ਸਤਰਾਂ ਅਤੇ ਉਸ ਦੀ ਆਵਾਜ਼ ਵਿੱਚ ਜਿਹੜੀ ਸੁਲਗਣ ਹੈ, ਜਿਹੜਾ ਸੇਕ ਅਤੇ ਰੋਸ਼ਨੀ ਹੈ, ਮੈਂ ਉਸਦਾ ਸੁਆਗਤ ਕਰਦਾ ਹਾਂ ਤੇ ਚਾਹੁੰਦਾ ਹਾਂ ਪੰਜਾਬੀ ਵਿੱਚ ਇਸ ਤਰ੍ਹਾਂ ਦੇ ਸਿ਼ੱਦਤ ਭਰੇ ਕਾਰਜ ਕਰਨ ਵਾਲੇ ਹੋਰ ਚਿਹਰੇ ਵੀ ਨੁਮਾਇਆਂ ਹੋਣ ।” ਇਹ ਵਿਚਾਰ ਹਨ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੇ ਜਦ ਕਿ ਉਨ੍ਹਾਂ ਨੇ ਸ਼ਮੀ ਜਲੰਧਰੀ ਦੀ ਆਵਾਜ਼ ‘ਚ ਉਸਦੀਆਂ ਆਪਣੀਆਂ ਨਜ਼ਮਾਂ ਦੀ ਸੀ.ਡੀ. ਰਿਕਾਰਡਿੰਗ ਸੁਣੀ । ‘ਦਸਤਕ’ ਦੀ ਰਿਕਾਡਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਹ ਸੀ.ਡੀ. ਜਲਦੀ ਹੀ ਸਰੋਤਿਆਂ ਦੇ ਸਨਮੁੱਖ ਹੋਣ ਲਈ ਤਿਆਰ ਹੈ । ਸ਼ਮੀ ਦੀ ਸ਼ਾਇਰੀ ‘ਚ ਅਜੋਕੀਆਂ ਸਮਾਜਿਕ ਸਮੱਸਿਆਵਾਂ ਦਾ ਦਰਦ ਝਲਕਦਾ ਹੈ । ਉਹ ਧਰਮ ਦੇ ਨਾਮ ਤੇ ਹੋਰ ਰਹੇ ਦੰਗਿਆਂ, ਕਤਲੇਆਮਾਂ ਤੇ ਕੁਰਸੀਆਂ ਦੀ ਖੇਡ ਨੂੰ ਬੜੀ ਸਿ਼ੱਦਤ ਨਾਲ਼ ਮਹਿਸੂਸ ਕਰਦਾ ਹੈ ।

ਧਰਮਾਂ ਦੀ ਜੰਗ
ਜੋ ਕਦੇ ਨਾ ਮੁੱਕਣ ਵਾਲੀ
ਜਿੱਥੇ ਨਾ ਕੋਈ ਧਰਮ ਜਿੱਤਦਾ ਹੈ
ਨਾ ਕੋਈ ਹਾਰਦਾ ਹੈ
ਮਨੁੱਖ ਹੀ ਮਨੁੱਖ ਨੂੰ ਮਾਰਦਾ ਹੈ

ਸ਼ਾਇਰ ਦੀ ਕਲਮ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਅੱਤਿਆਚਾਰ ਦੇ ਦਰਦ ‘ਚ ਹਾਅ ਦਾ ਨਾਹਰਾ ਮਾਰਦੀ ਹੈ ।

ਮੈਨੂੰ ਅੱਜ ਵੀ ਯਾਦ ਹੈ
ਚੁਰਾਸੀ ਦਾ ਉਹ ਕਾਲਾ ਵਰ੍ਹਾ
ਦਿੱਲੀ ਦੇ ਦੰਗੇ
ਕੇਸਾਂ ਵਾਲੇ ਸਿਰ ਧੜਾਂ ਤੋਂ ਅਲੱਗ
ਨਫ਼ਰਤ ਦੀ ਅੱਗ
ਜਿਸ ਇਨਸਾਨ ਨੂੰ ਤਬਾਹ ਕਰ ਦਿੱਤਾ
ਇਨਸਾਨੀਅਤ ਨੂੰ ਸੁਆਹ ਕਰ ਦਿੱਤਾ

ਵਤਨ ਦੇ ਮੌਜੂਦਾ ਹਾਲਤ ਦੇਖ ਕੇ ਸ਼ਾਇਰ, ਸ਼ਹੀਦ ਭਗਤ ਸਿੰਘ ਦੇ ਦਿਲ ਦਾ ਦਰਦ ਆਪਣੀ ਕਲਮ ਨਾਲ ਇੰਝ ਮਹਿਸੂਸ ਕਰਦਾ ਹੈ :

ਮੈਂ ਅੱਜ ਵੀ ਜਦੋਂ ਹਿੰਦੁਸਤਾਨ ਵੇਖਦਾ ਹਾਂ
ਗੁਲਾਮੀ ਦੇ ਉਹੀ ਨਿਸ਼ਾਨ ਵੇਖਦਾ ਹਾਂ
ਖੌਲ ਉੱਠਦਾ ਹੈ ਮੇਰੀਆਂ ਰਗਾਂ ਦਾ ਲਹੂ
ਇਨਸਾਫ਼ ਲਈ ਤੜਫ਼ਦਾ ਜਦੋਂ ਇਨਸਾਨ ਵੇਖਦਾ ਹਾਂ
ਕੀ ਕਰਾਂ ਮੈਂ ਸ਼ਾਹੂਕਾਰਾਂ ਦੀ ਬੁਲੰਦੀ ਨੂੰ
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਵੇਖਦਾ ਹਾਂ

ਸ਼ਮੀ ਦੇ ਗੀਤਾਂ ਦੀ ਇੱਕ ਹੋਰ ਨਵੀਂ ਕੈਸਿਟ ਮਾਰਕਿਟ ‘ਚ ਆਉਣ ਲਈ ਤਿਆਰ ਹੈ । ਇਸਦੇ ਗੀਤ ਰਿਕਾਰਡ ਹੋ ਚੁੱਕੇ ਹਨ । ਇਸ ਤੋਂ ਇਲਾਵਾ ਇੱਕ ਨਵਾਂ ਕਾਵਿ ਸੰਗ੍ਰਹਿ ਵੀ ਛਪਾਈ ਅਧੀਨ ਹੈ । ਇਸ ਕਾਵਿ ਸੰਗ੍ਰਹਿ ‘ਚ ਸ਼ਾਇਰ ਨੇ ਪ੍ਰਦੇਸੀਆਂ ਦੇ ਦਰਦ ਬਾਰੇ ਜਿ਼ਕਰ ਕਰਦਿਆਂ ਲਿਖਿਆ ਹੈ :

ਦੁੱਖ ਪ੍ਰਦੇਸਾਂ ਦਾ ਜ਼ਹਿਰ ਵਾਗੂੰ ਹੁੰਦਾ ਹੈ
ਜੀਣਾ ਇੱਥੇ ਸਿਖਰ ਦੁਪਹਿਰ ਵਾਗੂੰ ਹੁੰਦਾ ਹੈ ।

ਸ਼ਾਇਰ ਆਜ਼ਾਦੀ ਦੇ ਇਤਨੇ ਵਰ੍ਹਿਆਂ ਬਾਦ ਵੀ ਗੁਲਾਮੀ ਦਾ ਅਹਿਸਾਸ ਕਰ ਰਿਹਾ ਹੈ । ਉਹ ਇਸ ਅਹਿਸਾਸ ਨੁੰ ਆਪਣੇ ਨਿਵੇਕਲੇ ਅੰਦਾਜ਼ ‘ਚ ਇੰਝ ਬਿਆਨ ਕਰਦਾ ਹੈ :

ਪੱਤਝੜ ਦੇ ਬਾਦ ਵੀ ਪੱਤੇ ਨੇ ਜ਼ਰਦ ਜ਼ਰਦ,
ਹਰ ਟਹਿਣੀ ਉੱਤੇ ਪਈ ਹੋਈ ਗਰਦ ਹੀ ਗਰਦ ।
ਕ੍ਰਾਂਤੀ ਦੀ ਗੱਲ ਹੁਣ ਕੌਣ ਕਰੇ ਬੇਚਾਰਾ,
ਅਬਲਾ ਦੇ ਵਾਂਗੂੰ ਇਥੇ ਲਾਚਾਰ ਨੇ ਮਰਦ ।

ਪੰਜਾਬ ਨੂੰ ਘੁਣ ਵਾਂਗ ਲੱਗੇ ਅਖੌਤੀ ਬਾਬਿਆਂ ਦੇ ਢੋਂਗ ਵੀ ਸ਼ਮੀ ਦੀ ਕਲਮ ਤੋਂ ਅਣਛੂਹੇ ਨਹੀਂ ਰਹੇ :

ਆਦਮੀ ਦਾ ਲਹੂ ਡੀਕ ਲਾ ਕੇ ਪੀਣ ਵਾਲਾ
ਜਾਨਵਰਾਂ ਦੇ ਮਾਸ ਤੋਂ ਜੋ ਰਿਹਾ ਹੈ ਵਰਜ਼

ਸ਼ਮੀ ਨੇ ਪ੍ਰਦੇਸਾਂ ‘ਚ ਹੋਇਆਂ ਰਹਿੰਦਿਆਂ ਵੀ ਆਪਣੇ ਮੁਲਕ ਦੇ ਲੋਕਾਂ ਤੇ ਮਜ਼ਲੂਮਾਂ ਦੇ ਦਰਦ ਨੂੰ ਮਹਿਸੂਸ ਕੀਤਾ । ਇਸੇ ਲਈ ਉਹ ਆਪਣੀ ਨਜ਼ਮ ਦੇ ਆਖਰੀ ਬੰਦ ‘ਚ ਲਿਖਦਾ ਹੈ :

ਮੁੱਕ ਜਾਣਾ ਦੋਸਤਾਂ ਤੇ ਦੁਸ਼ਮਣਾਂ ਨੇ ਵੀ
ਮੁਕਣੀ ਨਹੀਂ ਹੈ ਸ਼ਮੀ ਮਜ਼ਲੂਮ ਦੀ ਅਰਜ਼

ਨਿਘਾਰ ਭਰੇ ਸਮੇਂ ‘ਚ ਸਭ ਨੂੰ ਸੰਭਲਣ ਲਈ ਹੋਕਾ ਦੇਣ ਵਾਲੇ ਕਾਵਿ ਸੰਗ੍ਰਹਿਾਂ ਤੇ ਗੀਤਾਂ ਰਾਹੀਂ ਸ਼ਾਇਰ ਸ਼ਮੀ ਜਲੰਧਰੀ ਨੇ ਵਾਕਿਆ ਹੀ ਦਲੇਰੀ ਭਰਿਆ ਕਦਮ ਚੁੱਕਿਆ ਹੈ । ਆਸ ਹੈ ਕਿ ਉਸਦੇ ਕਾਵਿ ਸੰਗ੍ਰਹਿਾਂ ਤੇ ਸੀ.ਡੀ. ਨੂੰ ਸਰੋਤਿਆਂ ਤੇ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ, ਜਿਸ ਨਾਲ਼ ਸ਼ਾਇਰ ਆਪਣੀ ਬੇ-ਖੌਫ਼ ਤੇ ਨਿਧੜਕ ਕਲਮ ਰਾਹੀਂ ਮਾਂ-ਬੋਲੀ ਦੀ ਸੇਵਾ ਕਰਨ ਦੇ ਨਾਲ਼-ਨਾਲ਼ ਪੰਜਾਬੀ ਸਮਾਜ ਨੂੰ ਇੱਕ ਨਵੀਂ ਤੇ ਸਿਹਤਮੰਦ ਸੇਧ ਦੇਣ ‘ਚ ਕਾਮਯਾਬ ਰਹੇਗਾ ।

ਆਮੀਨ !