ਪੱਗ, ਪਗੜੀ, ਪਾਗ, ਪਗਰੀ, ਦਸਤਾਰ ਚੀਰਾ ਸੱਭ ਦਾ ਅਰਥ ਇੱਕੋ ਹੀ ਹੈ ਜੋ ਹਿੰਦੂ, ਰਾਜਪੂਤ, ਮੁਸਲਮਾਨ ਅਤੇ ਸਿੱਖ ਧਰਮ ਦੇ ਲੋਕਾਂ ਵਿਚ ਪੱਗ ਬੰਨ੍ਹਣ ਦਾ ਰਿਵਾਜ ਆਮ ਸੀ । ਅਜੇ ਵੀ ਕਈ ਪੁਰਾਣੇ ਹਿੰਦੂ ਅਤੇ ਮੁਸਲਿਮ ਲੋਕ ਪੱਗ ਬੰਨ੍ਹਦੇ ਹਨ ਪਰ ਸਿੱਖ ਧਰਮ ਵਿਚ ਪੱਗ ਇੱਕ ਵਿਸ਼ੇਸ਼ ਧਾਰਮਿਕ ਚਿੰਨ ਹੈ । ਪੱਗ ਸਿੱਖ ਦੀ ਨਵੇਕਲੀ ਪਛਾਣ ਦਾ ਪ੍ਰਤੀਕ ਹੈ । ਜਦੋਂ ਕਿ ਰਾਜਸਥਾਨ ਦੀ ਪੱਗ ਉਥੋਂ ਦੇ ਬਸ਼ਿੰਦਿਆਂ ਦੇ ਪਹਿਰਾਵੇ ਵਿਚ ਸ਼ਾਮਿਲ ਹੈ, ਜੋ ਰੰਗ ਬਰੰਗੀ, ਜਾਂ ਛਾਪੇ ਦਾਰ ਮਲਮਲ ਵਿਚ ਵੱਟ ਚਾੜ੍ਹ ਕੇ ਬੰਨ੍ਹੀ ਜਾਂਦੀ ਹੈ । ਇਸ ਪੱਗ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ । ਸਿੱਖ ਕੌਮ ਵਿਚ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘਾਂ ਦੀ ਦੁਮਾਲੇ ਅਤੇ ਅਨੇਕਾਂ ਸ਼ਸਤਰਾਂ ਨਾਲ ਨੀਲੇ, ਕੇਸਰੀ ਅਤੇ ਪੀਲੇ ਰੰਗਾਂ ਵਾਲੀ ਦਸਤਾਰ ਦਾ ਕੋਈ ਜੁਆਬ ਨਹੀਂ, ਇਨ੍ਹਾਂ ਦੀ ਭਾਰੀ ਭਰਕਮ ਪੱਗ ਦੀ ਲੰਬਾਈ ਦੀ ਵੀ ਕੋਈ ਹੱਦ ਨਹੀਂ ।
ਸਿੱਖ ਧਰਮ ਵਿਚ ਪੱਗ ਲਈ ਲਗਭਗ ਸਾਰੇ ਰੰਗ ਹੁੰਦੇ ਹਨ । ਪਰ ਨੀਲਾ, ਕਾਲਾ, ਪੀਲਾ, ਕੇਸਰੀ ਰੰਗ ਆਮ ਤੌਰ ਤੇ ਧਾਰਮਿਕ ਅਤੇ ਧਰਮ ਦੇ ਪ੍ਰਚਾਰਿਕ ਲੋਕ ਬੰਨ੍ਹਦੇ ਹਨ । ਚਿੱਟੇ ਰੰਗ ਦੀ ਪੱਗ ਬਜ਼ੁਰਗੀ ਅਤੇ ਸਿਆਣਪ ਦੀ ਪ੍ਰਤੀਕ ਹੈ । ਦਸਤਾਰ ਬਾਰੇ ਕਈ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਵਿਚ ਵੀ ਮਿਲਦੇ ਹਨ । ਸਿਰ ਤੇ ਕੇਸ ਹੋਣ ਤਾਂ ਪੱਗ ਛੇਤੀ ਅਤੇ ਸੁੰਦਰ ਬੱਝਦੀ ਹੈ । ਇਸ ਨੂੰ ਪਾਇਆ ਨਹੀਂ ਸਗੋਂ ਬੜੀ ਤਰਤੀਬ ਨਾਲ ਸਿਰ ‘ਤੇ ਬੰਨ੍ਹਿਆ ਜਾਂਦਾ ਹੈ । ਹਰ ਗੁਰਸਿੱਖ ਨੂੰ ਰੋਜ਼ਾਨਾ ਨਵੇਂ ਸਿਰਿਓਂ ਪੱਗ ਬੰਨ੍ਹਣ ਦਾ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ।
ਫੌਜ ਵਿਚ ਵੀ ਸਿੱਖ ਫੌਜੀਆਂ ਲਈ ਪੱਗ ਬੰਨ੍ਹਣੀ ਜ਼ਰੂਰੀ ਹੈ । ਉਨ੍ਹਾਂ ਨੂੰ ਫੌਜ ਦੀ ਟ੍ਰੇਨਿੰਗ ਦੇ ਨਾਲ ਨਾਲ ਪੱਗ ਬੰਨ੍ਹਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ।ਹਰ ਉਮਰ ਦੇ ਸਿੱਖ ਵੱਖਰੇ ਵੱਖਰੇ ਢੰਗਾਂ ਨਾਲ ਪੱਗ ਬੰਨ੍ਹਦੇ ਹਨ । ਸਿੱਖ ਨੌਜਵਾਨਾਂ ਵਿਚ ਵੱਖਰੇ ਵੱਖਰੇ ਰੰਗਾਂ ਅਤੇ ਢੰਗਾਂ ਨਾਲ ਬੱਧੀ ਪੱਗ, ਉਨ੍ਹਾਂ ਦੀ ਸ਼ਾਨ ਅਤੇ ਖਿੱਚ ਦਾ ਕਾਰਣ ਬਣਦੀ ਹੈ । ਪੰਜਾਬੀ ਸਭਿਆਚਾਰ ਵਿਚ ਪੱਗ ਦੀ ਸ਼ਾਨ ਸੁੰਦਰਤਾ ਦਰਸਾਉਂਦੇ ਬੜੇ ਮਸ਼ਹੂਰ ਗੀਤ ਵੀ ਸੁਣਨ ਨੂੰ ਮਿਲਦੇ ਹਨ ।ਪੱਗ ਬੰਨ੍ਹਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿਸ਼ਤੀ ਪੱਗ, ਗੋਲ ਪੱਗ, ਚੁੰਝ ਵਾਲੀ ਪੱਗ, ਪੋਚਵੀਂ ਪੱਗ, ਠੁੱਡ ਵਾਲੀ ਪੱਗ, ਪੇਚਦਾਰ ਪੱਗ, ਤੁਰਲੇ ਵਾਲੀ ਪੱਗ, ਪਿੱਛੇ ਲੜ ਛੱਡ ਕੇ ਬੰਨ੍ਹੀ ਪੱਗ, ਪਟਿਆਲੇ ਸ਼ਾਹੀ ਪੱਗ ਆਦਿ । ਪਹਿਲਾਂ ਪਹਿਲ ਲੋਕ ਪੱਗ ਲਲਾਰੀ ਕੋਲੋਂ ਰੰਗਵਾ ਕੇ ਕਲਫ (ਭਾਵ ਮਾਇਆ) ਲਗਵਾ ਕੇ ਬੰਨ੍ਹਦੇ ਸਨ । ਅੱਜਕਲ ਹਰ ਰੰਗ ਵਿਚ ਰੰਗੀਆਂ ਰੰਗਾਈਆਂ ਪੱਗਾਂ ਆਮ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਕਲਫ ਆਦਿ ਲਾਉਣ ਦੀ ਲੋੜ ਨਹੀਂ ਹੁੰਦੀ । ਅੱਜਕਲ ਪੱਗ ਨੂੰ ਪੀਕੋ ਕਰਵਾ ਕੇ ਬੰਨ੍ਹਿਆ ਜਾਂਦਾ ਹੈ, ਜਿਸ ਨਾਲ ਪੱਗ ਦਾ ਅਖੀਰਲਾ ਲੜ ਪਤਲਾ ਹੋਣ ਕਰਕੇ ਪੱਗ ਬਹੁਤ ਸੁੰਦਰ ਬੱਝਦੀ ਹੈ ।
ਸਾਡੇ ਸਮਾਜ ਵਿਚ ਪੱਗ ਨੂੰ ਇੱਜ਼ਤ, ਆਨ, ਸ਼ਾਨ, ਆਬਰੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਜੇ ਕਿਸੇ ਘਰ ਦਾ ਕੋਈ ਜੀਅ ਮਾੜਾ ਕੰਮ ਕਰਦਾ ਹੈ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਨੇ ਤਾਂ ਸਾਡੀ ਪੱਗ ਹੀ ਪੈਰਾਂ ਹੇਠ ਰੋਲ ਦਿੱਤੀ ਹੈ । ਪੱਗ ਦੋਸਤੀ ਤੇ ਪੱਗ ਵੱਟ ਭਰਾ ਦਾ ਅਹਿਦ ਲੈਣ ਦੇ ਵੀ ਕੰਮ ਆਉਂਦੀ ਹੈ । ਦੋਸਤੀ ਜਾਂ ਪੱਗ ਵੱਟ ਭਰਾ ਬਣਨ ਵੇਲੇ ਦੋਵੇਂ ਹੀ ਇੱਕ ਦੂਜੇ ਨਾਲ ਪੱਗਾਂ ਵਟਾ ਕੇ ਪੱਗ ਵੱਟ ਭਰਾ ਹੋਣ ਦਾ ਅਹਿਦ ਕਰਦੇ ਹਨ । ਪੱਗ ਜ਼ਿੰਮੇਵਾਰੀ ਦਾ ਪ੍ਰਤੀਕ ਹੈ । ਜਦੋਂ ਵੀ ਕਿਸੇ ਘਰ ਜਾਂ ਕਿਸੇ ਜਾਂ ਸੰਪ੍ਰਦਾਇ ਦਾ ਵੱਡਾ ਆਦਮੀ ਗੁਜ਼ਰ ਜਾਂਦਾ ਹੈ ਤਾਂ ਸਾਰੀ ਬਰਾਦਰੀ, ਰਿਸ਼ਤੇਦਾਰ ਇਕੱਠੇ ਹੋ ਕੇ, ਗੁਜ਼ਰਨ ਵਾਲੇ ਤੋਂ ਅਗਲੇ ਵੱਡੇ ਦੇ ਸਿਰ ਤੇ ਪੱਗ ਬੰਨ੍ਹਾ ਕੇ ਉਸ ਨੂੰ ਸਾਰੀ ਜ਼ਿੰਮੇਦਾਰੀ ਸੌਂਪਦੇ ਹਨ । ਪਰ ਅੱਜ ਕੱਲ ਨਵੀਂ ਪੀੜ੍ਹੀ ਵਿਦੇਸ਼ ਜਾਣ ਦੀ ਹੋੜ ਕਾਰਣ ਅਤੇ ਖਾਸ ਕਰਕੇ ਪੰਜਾਬ ਵਿਚ ਨਸ਼ਿਆਂ ਦੀਆਂ ਵਹਿੰਦੀਆਂ ਨਦੀਆਂ ਕਾਰਣ ਅਤੇ ਕੁਝ ਸਾਡੇ ਸਿੱਖ ਧਰਮ ਵਿਚ ਪ੍ਰਚਾਰ ਦੀ ਘਾਟ ਕਾਰਣ ਸਿੱਖ ਨੌਜਵਾਨ ਸਿੱਖੀ ਤੋਂ ਦੂਰ ਹੋ ਕੇ ਕੇਸ ਕਤਲ ਕਰਵਾ ਕੇ ਪੱਗ ਬੰਨ੍ਹਣ ਨੂੰ ਐਵੇਂ ਭਾਰ ਜਿਹਾ ਮਹਿਸੂਸ ਕਰਦੇ ਹਨ ਅਤੇ ਗੁਰੂ ਕਲਗੀ ਪਾਤਸ਼ਾਹ ਦੀ ਬਖਸ਼ੀ ਹੋਈ ਬਹੁਮੁੱਲੀ ਦਾਤ ਤੋਂ ਮੁਨਕਰ ਹੋ ਕੇ ਸਿੱਖੀ ਤੋਂ ਦੂਰ ਹੋ ਰਹੇ ਹਨ । ਜੋ ਕਿ ਸਿੱਖ ਕੌਮ ਵਾਸਤੇ ਚਿੰਤਾਜਨਕ ਮਸਲਾ ਬਣਿਆ ਹੋਇਆ ਹੈ ।ਏਅਰਪੋਰਟਾਂ ਤੇ ਸਿੱਖਾਂ ਦੀਆਂ ਪੱਗਾਂ ਖੁਲਵਾ ਕੇ ਤਲਾਸ਼ੀ ਲੈਣ ਦਾ ਮਸਲਾ ਵੀ ਸਿੱਖ ਕੌਮ ਲਈ ਇਕ ਅਹਿਮ ਮਸਲਾ ਬਣਿਆ ਹਇਆ ਹੈ । ਮੁਕਦੀ ਗੱਲ ਹੋਰਨਾਂ ਧਰਮਾਂ ਵਾਸਤੇ ਪੱਗ ਬੇਸ਼ੱਕ ਲਿਬਾਸ ਵਿਚ ਸ਼ਾਮਿਲ ਹੋਵੇ ਪਰ ਸਿੱਖ ਧਰਮ ਵਿਚ ਪੱਗ ਇੱਕ ਧਾਰਮਿਕ ਚਿੰਨ੍ਹ ਹੋਣ ਕਰਕੇ ਹਰ ਸਿੱਖ ਦੀ ਵਿਲੱਖਣ ਅਤੇ ਵੱਖਰੀ ਪਛਾਣ ਹੈ । ਜਿਸ ਦੀ ਹਰ ਪੱਖੋਂ ਸੰਭਾਲ ਕਰਨੀ ਹਰ ਸਿੱਖ ਦਾ ਫਰਜ਼ ਬਣਦਾ ਹੈ ।
****