ਇਨ੍ਹਾਂ
ਦਿਨ੍ਹਾਂ ਵਿੱਚ ਫਿਜ਼ਾ ਦੁਸਹਿਰੇ-ਦੀਵਾਲੀ ਦੇ ਜ਼ਸ਼ਨਾਂ ਨਾਲ ਗੜੁੱਚ ਹੈ । ਇਤਿਹਾਸ-ਮਿਥਿਹਾਸ
ਦੀ ਇਕ ਚਿਰੋਕੀ ਘਟਨਾ ਮਨੁੱਖ ਨੂੰ ਚੰਗੇਰਾ ਬਨਾਉਣ ਲਈ ਦੇ ਮੰਤਵ ਨਾਲ ਕਲਮਬੱਧ ਹੋਈ ਅਤੇ
ਅਜੇ ਵੀ ਜੀਵਤ ਹੈ । ਆਉਂਦਾ ਭਵਿੱਖ ਵੀ ਇਸ ਨੂੰ ਤੱਥ ਇਤਿਹਾਸ ਮੰਨ ਕੇ ਤੁਰਦਾ , ਉਨ੍ਹਾਂ
ਸਾਰੀਆਂ ਰਸਮਾਂ ਦੇ ਅੰਗ ਸੰਗ ਹੋ ਕੇ ਤੁਰਦਾ ਰਹੇਗਾ , ਜਿਹੜੀਆਂ ਇਨ੍ਹਾਂ ਦਿਨਾਂ ਦ
ਅਹਿਮੀਅਤ ਨੂੰ ਹੋਰਨਾਂ ਦਿਨਾਂ ਤਿਓਹਾਰਾਂ ਤੋਂ ਵਖਰਾਉਂਦਿਆਂ ਹਨ । ਉਨ੍ਹਾਂ ਵਿਚੋਂ ਅਹਿਮ
ਹੈ ਬੁਰਾਈ ਦੇ ਪੁਤਲੇ ਸਾੜਨਾ ਤੇ ਚੰਗਿਆਈ ਦੀ ਆਮਦ ਲਈ ਦੀਪਮਾਲਾ ਕਰਨਾ ,ਪਟਾਕੇ ਚਲਾਉਣਾ ।
ਇਸ ਰਸਮ ਨੂੰ ਫਿਊਡਲ ਦੇ ਸਰਦਾਰੀ ਯੁੱਗ ਨਾਲੋਂ ਵੀ ਅੱਜ ਦੇ ਪੂੰਜੀ ਪਾਸਾਰ ਨੇ ਵਿਕਰਾਲ
ਰੂਪ ਤੱਕ ਅਪਨਾ ਲਿਆ ਹੈ । ਇਸ ਰੂਪ ਵਿਚ ਸ਼ਰਧਾ ਨਾਲੋਂ ਵਿਖਾਵਾ ਰਸਮ ਦੀ ਰੂਹ ਪੂਰਤੀ
ਨਾਲੋਂ ਕਈਆਂ ਹਾਲਤਾਂ ਵਿੱਚ ਤਾਂ ਘਾਤਕ ਵੀ ਸਿੱਧ ਹੋਣ ਤੱਕ ਚਲਿਆ ਜਾਂਦਾ ਹੈ । ਇਕ ਪਾਸੇ
ਧੰਨ ਦਾ ਅਫ਼ਸੋਸ ਦਾਇਕ ਪ੍ਰਦਰਸ਼ਨ ,ਦੂਜੇ ਪਾਸੇ ਵਾਤਾਵਰਨ ਦਾ ਪ੍ਰਦੂਸ਼ਨ । ਇਹ ਦੋਨੋਂ
ਵਰਤਾਰੇ ਰੋਜ਼ੀ ਰੋਟੀ ਲਈ ਆਤੁਰ ਦੇਸ਼ ਦੇ ਕਈ ਕਰੋੜ ਲੋਕਾਂ ਨੂੰ ਹੋਰ ਵੀ ਡੂੰਘੀ ਚਿੰਤਾ ‘ਚ
ਡੋਬ ਦਿੰਦੇ ਹਨ । ਇਕ ਸਰਵੇਖਣ ਅਨੁਸਾਰ ਦੀਵਾਲੀ ਨੂੰ ਮੁਲਕ ਭਰ ਵਿੱਚ 50 ਅਰਬ ਰੁਪਏ ਦੇ
ਪਟਾਕੇ ਚਲਾਏ ਗਏ । ਇਨ੍ਹਾਂ ਵਿਚੋਂ ਮੁੰਬਈ ਸ਼ਹਿਰ ਵਿਚ 7 ਅਰਬ ਰੁਪਏ ਅਤੇ ਦਿੱਲੀ ਸ਼ਹਿਰ
ਵਿੱਚ 5 ਅਰਬ ਰੁਪਏ ਦੇ ਖਪਤ ਹੋਈ । ਇਕ ਪਾਕ ਪਵਿੱਤਰ ਰਸਮ ਨਿਭਾ ਲਈ ਏਨਾ ਸਾਰਾ ਧੰਨ ਖਰਚ
ਕਰਨ ਵਾਲਿਆਂ ਵਿਚ ਸਭ ਵਰਗਾਂ ਦੇ ਲੋਕ ਸ਼ਾਮਲ ਸਨ । ਧੰਨ ਕੁਬੇਰ ਵੀ ਸ਼ਾਮਲ ਸਨ ਤੇ ਆਮ
ਸਾਧਨਹੀਣ ਲੋਕ ਵੀ । ਇਨ੍ਹਾਂ ਆਮ ਸਾਧਨਹੀਣ ਲੋਕਾਂ ਲਈ ਤਾਂ ਮਨ ਦਾ ਚਾਅ ਪੂਰਾ ਕਰਨ ਵਾਲੀ
ਗੱਲ ਹੀ ਸੀ , ਉੱਪਰਲਿਆਂ ਦੀ ਦੇਖਾ ਦੇਖੀ । ਵਰ੍ਹੇ ਛਿਮਾਹੀ ਪਿਛੋਂ ਕਿਧਰੇ ਪ੍ਰਸੰਨ ਚਿੱਤ
ਦਿੱਸਣ ਲਈ । ਪਰ ਪੂੰਜੀਕਾਰਾਂ , ਧੰਨ ਕੁਵੇਰਾਂ , ਉਤਪਾਦਨ ਵਸੀਲਿਆਂ ਤੇ ਕਾਬਜ਼ ਵਰਗਾਂ
ਸਾਹਮਣੇ ਉਦੇਸ਼ ਹੋਰ ਹੀ ਹੁੰਦੇ ਹਨ । ਹਰ ਵਰਗ ਵਾਂਗ ਉਨ੍ਹਾਂ ਵਰਗਾਂ ਦਾ ਮੰਤਵ ਕੇਵਲ ਦਿਲ
ਪ੍ਰਚਾਵਾ ਨਹੀਂ ਹੁੰਦਾ । ਮਹਿਜ਼ ਰਸਮ ਨਿਭਾਈ ਨਹੀਂ ਹੁੰਦੀ । ਇਨ੍ਹਾਂ ਦਾ ਮੰਤਵ ਸਾਧਾਰਨ
ਲੋਕਾਂ ਨੂੰ ਆਮ ਜਨਤਾ ਨੂੰ ਇਨ੍ਹਾਂ ਤਿਓਹਾਰਾਂ ਦੀ ਰਸਮ ਨਿਭਾਈ ਅੰਦਰ ਉਲਝਾਈ ਰੱਖਣਾ
ਹੁੰਦਾ ਹੈ । ਉਨ੍ਹਾਂ ਨੂੰ ਆਪਣੇ ਆਪੇ ਤੋਂ ਦੂਰ ਰੱਖਣਾ ਹੁੰਦਾ ਹੈ । ਇਉਂ ਉਹ ਕਰਦੇ ਵੀ
ਹਨ ਸਫ਼ਲਤਾ ਨਾਲ ।
ਇਸ
ਰਸਮ ਨਿਭਾਈ ਦਾ ਵੱਡਾ ਨੁਕਸਾਨੀ-ਪੱਖ ਵਾਤਾਵਰਨ ਨੂੰ ਗੰਧਲਾ ਤੇ ਪ੍ਰਦੂਸ਼ਤ ਕਰਨ ਦਾ ਵੀ
ਹੈ ਅਤੇ ਜਾਨੀ ਨੁਕਸਾਨ ਦਾ ਵੀ । ਇਹਨਾਂ ਪੁਰਬਾਂ ਨੂੰ ਜੀ ਆਇਆਂ ਕਹਿਣ ਲਈ ਜੇ ਇਕ ਕਈ
ਬੰਦੇ ਪਟਾਕਿਆਂ ਨਾਲ ਝੁਲਸੇ ਜਾਣ , ਕਈਆਂ ਦੀਆਂ ਅੱਖਾਂ ਨੁਕਸਾਨੀਆਂ ਜਾਣ ਤੇ ਕਈ ਜਾਣੇ
ਪਟਾਕਿਆਂ ਦੀ ਮਾਰ ਨਾਲ ਬਿਲਕੁਲ ਅੰਨ੍ਹੇ ਹੋ ਜਾਣ ਤਾਂ ਕੋਈ ਵੀ ਭੱਦਰ ਪੁਰਸ਼ ਇਸ ਰਸਮ ਦੇ
ਅਜੋਕੇ ਵਿਕਰਾਲ ਰੂਪ ਨੂੰ ਸਹੀ ਕਹਿਣ ਦਾ ਹੌਸਲਾ ਨਹੀਂ ਕਰੇਗਾ । ਅਜੋਕਾ ਸਮਾਂ ਇਸ ਰਸਮ
ਸਮੇਤ ਸਾਰੀਆਂ ਹੋਰਨਾਂ ਦੇ ਵਿਖਾਣਾਕਾਰੀ ਰੂਪ ਨੂੰ ਨਿਰੰਤਣ ਵਿਚ ਰੱਖਣ ਦੀ ਮੰਗ ਕਰਦਾ ਹੈ ।
ਅੱਜ ਦੇ ਸੂਝਵਾਨ ਮਨੁੱਖ ਲਈ ਇਸ ਦੀ ਪਹਿਲ ਕਰਨਾ ਬਿਲਕੁਲ ਹੀ ਕਠਨ ਨਹੀਂ , ਉਸ ਤੋਂ ਇਸ
ਦੀ ਆਸ ਉਮੀਦ ਰੱਖਣਾ ਬਿਲਕੁਲ ਅਨੁਵਾਰੀ ਹੈ । ਏਨ੍ਹਾਂ ਕੁ ਕਾਰਜ ਕਰਨਾ ਤਾਂ ਉਸ ਦੇ ਖੱਬੇ
ਹੱਥ ਦਾ ਕੰਮ ਹੀ ਸਮਝਿਆ ਜਾਣਾ ਚਾਹਿਦਾ ਹੈ । ਪਰ ਅੱਜ ਦੇ ਗਿਆਨਵਾਨ ਮਨੁੱਖ ਦੇ ਇਸ ਖੱਬੇ
ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨਾਲੋਂ ਸੱਜੇ ਹੱਥ ਨਾਲ ਕਰਨ ਵਾਲੇ ਵੀ ਢੇਰ ਸਾਰੇ ਕੰਮ
ਹਨ । ਇਨ੍ਹਾਂ ਦੁਸਹਿਰੇ ,ਦੀਵਾਲੀ ਦੇ ਪਵਿੱਤਰ ਸਮਝੇ ਜਾਂਦੇ ਦਿਨਾਂ ‘ਤੇ ਜਗਦੇ ਦੀਵਿਆਂ
ਦੀ ਲੋਅ ‘ਚ ਬੈਠ ਕੇ ,ਉਨ੍ਹਾਂ ਕੰਮਾਂ ਦੀ ਦੁਹਰਾਈ ਤੇ ਮੁੜ-ਦੁਹਰਾਈ ਕਰਨੀ ਵੀ ਬਹੁਤ
ਜਰੂਰੀ ਹੈ । ਇਹ ਕੰਮ ਹਨ – ਅਨਪੜ੍ਹਤਾ ਤੇ ਜਹਾਲਤ ਦੀ ਦਲਦਲ ‘ਚ ਫਸੀ ਦੇਸ਼ ਦੀ ਅੱਧਿਓਂ
ਵੱਧ ਲੋਕਾਈ ਦੀ ਬਾਂਹ ਫੜਨਾ । ਇਨ੍ਹਾਂ ਲੋਕਾਂ ਦੀ ਬਾਂਹ , ਸਾਡੀਆਂ ਪੱਛਮ ਦੀਆਂ ਪਿੱਛਲੱਗ
ਸਰਕਾਰਾਂ ਨੇ ਉਕਾ ਹੀ ਛੱਡ ਦਿੱਤੀ ਹੈ । ਕਲਿਆਣੀਕਾਰੀ ਰਾਜ ਦੀ ਸਥਾਪਨਾ ਦੀ ਸੌਂਹ ਖਾ ਕੇ
, ਇਨ੍ਹਾਂ ਵਿਦਿਆ ਤੇ ਸਿਹਤ ਵਰਗੇ ਮੁੱਢਲੇ ਮੁੱਦੇ ਨਿੱਜੀ ਹੱਥ ਵਿੱਚ ਸੌਂਪ ਦਿੱਤੇ ਹਨ ।
ਨਿੱਜੀ ਹੱਥਾਂ ਦਾ ਸਾਰਾ ਕਾਰਵਿਹਾਰ ਵਿਓਪਾਰ ਮੁਖੀ ਹੈ , ਮੁਨਾਫਾ ਮੁੱਖੀ ਹੈ ਤੇ ਮੁਨਾਫਾ
ਮੁੱਖੀ ਹਿੱਤ ਕਦੀ ਵੀ ਲੋਕ ਹਿਤੂ ਨਹੀਂ ਹੋ ਸਕਦਾ । ਆਮ ਮਨੁੱਖ ਦਾ ਦਰਦ –ਦੁੱਖ ਉਨ੍ਹਾਂ
ਲਈ ਕੋਈ ਅਰਥ ਨਹੀਂ ਰੱਖਦਾ । ਭੁੱਖਮਰੀ , ਗਰੀਬੀ ਤੇ ਬਿਮਾਰੀ ਨਾਲ ਤੜਫ਼ਦੇ ਕਰੋੜਾਂ ਲੋਕ
,ਉਨ੍ਹਾਂ ਲਈ ਕੋਈ ਸਿਰਦਰਦੀ ਨਹੀਂ ਬਣਦੇ । ਇੱਕ ਸ਼ੈਲੀ ਅੱਜ ਦੇ ਦੀਵਿਆਂ ਦੀ ਜਗਮਗਾਹਟ ਤੋਂ
ਵੀ ਪ੍ਰਾਪਤ ਕਰਨੀ ਹੈ । ਅਸੀਂ ਭਾਰਤ ਵਰਸ਼ ਦੀ ਯੁੱਗਾਂ ਪੁਰਾਣੀ ਤੰਦਰੁਸਤ ਸੱਭਿਆਚਾਰ ਦੇ
ਹਮਲੇ ਤੋਂ ਵੀ ਬੱਚਦਾ ਕਰਨਾ ਹੈ । ਇਸ ਹਮਲੇ ਨੇ ਸਾਡੇ ਰਿਸ਼ਤੇ, ਸਾਡੀ ਬੋਲੀਆਂ , ਸਾਡੇ
ਘਰ-ਪਰਿਵਾਰ ਸਭ ਕੁਝ ਖੋਹ-ਖਿੰਡ ਦਿੱਤੇ ਹਨ । ਇਹ ਹੋਰ ਤੀਲਾ-ਤੀਲਾ ਹੋਣ ਤੋਂ ਬਚੇ ਰਹਿਣ ,
ਇਸ ਲਈ ਸਬੰਧੀ ਸੁਚੇਤ ਹੋਣਾ ਹੈ ਅਸੀਂ ਅਤੇ ਸਭ ਤੋਂ ਬਚੇ ਰਹਿਣ , ਇਸ ਸਬੰਧੀ ਸੁਚੇਤ
ਹੋਣਾ ਪੈਣਾ ਹੈ ਅਸੀਂ ਅਤੇ ਸਭ ਤੋਂ ਜ਼ਰੂਰੀ ਤੇ ਅਹਿਮ ਮਸਲਾ ਜੋ ਸਾਨੂੰ ਦਰਪੇਸ਼ ਹੈ , ਉਹ
ਸਾਨੂੰ ਮਨੁੱਖਾਂ ਨੂੰ , ਮਨੁੱਖੀ ਭਾਈਚਾਰੇ ਨੂੰ ਇੱਕ ਦੂਜੇ ਤੋਂ ਵੱਖ ਕਰਨ ਦੀਆਂ ਸਾਜਿਸ਼ਾਂ
ਤੋਂ ਚੁੰਕਨੇ ਰਹਿ ਕੇ । ਇਸ ਉਪੱਦਰ ਦੀ ਪਿੱਠ-ਭੂਮੀ ‘ਚ ਕਾਰਜ਼ਸ਼ੀਲ ਯਤਨਾਂ-ਯੋਜਨਾਵਾਂ ਨੂੰ
ਨਾਕਾਮ ਕਰਨਾ ਹੈ । ਇਹ ਯਤਨ –ਯੋਜਨਾਵਾਂ ਕੁਝ ਇੱਕ ਰਾਜ-ਹਿਰਸੀ ‘ਰਾਵਨਾਂ’ ਦੇ ਸਿਰਾਂ ਦੀ
ਕਾਢ ਹੁੰਦੀਆਂ ਹਨ । ਉਹ ਕਾਢਕਾਰ ਕਦੀ ਜਾਤ , ਕਦੀ ਸੂਬੇ ,ਕਦੀ ਬੋਲੀ ,ਕਦੀ ਰੰਗ-ਨਸਲ ਤੇ
ਬਹੁਤਾ ਕਰਕੇ ਧਰਮ ਦੇ ਨਾਂ ‘ਤੇ ਜਨਸਧਾਰਨ ਨੂੰ ਵਰਗਲ ਲੈਂਦੇ ਹਨ । ਚੂੰਕਿ ਧਰਮ ਆਮ
ਲੋਕਾਂ ਦੀਆਂ ਨਜ਼ਰਾਂ ਵਿੱਚ ਸੱਚਾਈ ਹੈ , ਪਰ ਉਨ੍ਹਾਂ ਰਾਜ-ਹਿਰਸੀਆਂ ਦੀਆਂ ਨਜ਼ਰਾਂ ਵਿਚ ਇਕ
ਲਾਭਕਾਰੀ ਚੀਜ਼ ਹੁੰਦੀ ਹੈ । ਉਹ ਇਸ ਲਾਭਕਾਰੀ ਚੀਜ਼ ਦਾ ਪੂਰਾ ਲਾਹਾ ਲੈਂਦੇ ਹਨ । ਆਮ ਲੋਕ
ਆਪਣੇ ਆਪਣੇ ਸੱਚ ਨਾਲ ਬੱਝੇ ਹੋਣ ਕਰਕੇ ਇਕ –ਦੂਜੇ ਦਾ ਖੂਨ ਖ਼ਰਾਬਾ ਕਰਨ ਤੱਕ ਵੀ ਵਗਰਲਾ
ਲਏ ਜਾਂਦੇ ਹਨ । ਇਸ ਆਦਿ-ਜੁਗਾਦੀ ਸੱਚ ਨੇ ਹੁਣ ਤੱਕ ਬੜਾ ਨੁਕਸਾਨ ਕੀਤਾ ਹੈ ਸਾਡਾ ।
ਅੱਗੇ ਤੋਂ ਇਹ ਨੁਕਸਾਨ ਨਾ ਹੋਏ , ਇਹ ਤਿਓਹਾਰ ਇਸ ਹਲਫ਼ਨਾਮੇ ਦੀ ਮੰਗ ਕਰਦੇ ਹਨ ।
ਇਨ੍ਹਾਂ ਤਿਓਹਾਰਾਂ ਦੀਆਂ ਜਗਮਗ-ਜਗਮਗ ਕਰਦੀਆਂ ਰੌਸ਼ਨੀਆਂ ਸਾਡੇ ਸਭਨਾਂ ਅੰਦਰ ਇਕ ਤਰ੍ਹਾਂ
ਦੇ ਉਦਮ , ਇਕ ਤਰ੍ਹਾਂ ਦੇ ਵਿਵੇਕ ਦੀ ਮੰਗ ਕਰਦੀਆਂ ਹਨ । ਗਰੜ ਪੁਰਾਣ ਅਨੁਸਾਰ ਗਿਆਨ ਤੇ
ਵਿਵੇਕ ਜ਼ਿੰਦਗੀ ਲਈ ਦੋਵੇਂ ਜ਼ਰੂਰੀ ਹਨ । ਗਿਆਨ ਕਰਮ ਤੋਂ ਪ੍ਰਾਪਤ ਹੁੰਦਾ ਹੈ ਅਤੇ ਵਿਵੇਕ
ਅਨੁਭਵ ਤੋਂ । ਗਿਆਨ ਅਤੇ ਵਿਵੇਕ ਦੋ ਅੱਖਾਂ ਹਨ ਜੀਵਨ ਦੇ ਸੱਚ ਦੀਆਂ । ਇਹ ਅੱਖਾਂ ਨੇ
ਅਜੇ ਬੜੀ ਦੂਰ ਤੱਕ ਝਾਕਣਾ ਹੈ । ਆਪਣੀ ਛੱਤ ਤੋਂ ਲੈ ਕੇ ਪੁਲਾੜ ਤੱਕ ਦੀ ਘੋਖ਼ ਕਰਨੀ ਹੈ ।
ਸਾਡੀਆਂ ਇਨ੍ਹਾਂ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਾਲਾ-ਚਿੱਟਾ ਧੂੰਆਂ ਚੁੰਨੀਆਂ ਨਾ
ਕਰ ਦੇਵੇ । ਸਾਡੀ ਦੂਰ ਦਰਸ਼ੀ ਨਿਗਾਹ ਐਵੇਂ ਨਾ ਕਿਧਰੇ ਧੁਆਂਖੀ ਜਾਏ । ਇਹ ਕਿਧਰੇ ਚੰਗਿਆਈ
, ਬੁਰਾਈ ਦਾ ਫ਼ਰਕ ਲੱਭਣੋਂ ਆਪਹਜ ਨਾ ਹੋ ਜਾਏ ।
ਇਨ੍ਹਾਂ ਰੌਸ਼ਨੀਆਂ ਦੇ ਸਨਮੁੱਖ , ਇਨ੍ਹਾਂ ਚਿਰਾਗਾਂ ਦੇ ਰੂਬਰੂ ਅੱਜ ਸਾਡਾ ਇਹ ਵੀ ਹਲਫ਼ ਲੈਣਾ ਬਣਦਾ ਕਿ ਜੋ ਕੋਈ ਨਾਮ-ਨਿਹਾਦ ਚਿਰਾਗ ਇਵੇਂ ਕਰਦਾ ਹੈ , ਕੋਈ ਗੈਰ-ਪ੍ਰਸੰਗਤ ਲਾਟ ਛੱਡਦਾ ਹੈ ਤਾਂ ਉਸ ਨੂੰ ਬੁਝਾ ਦਿੱਤਾ ਹੀ ਜਾਣਾ ਚਾਹਿਦਾ । ਉਹ ‘ਚਿਰਾਗ’ ਭਾਵੇਂ ‘ਰਾਵਣ’ ਨਾਲੋਂ ਵੀ ਵੱਧ ਵਿਦਵਾਨ ਹੋਣ ਦਾ ਦਾਅਵਾ ਹੀ ਕਿਉਂ ਨਾ ਕਰਦਾ ਹੋਵੇ ।
****
ਇਨ੍ਹਾਂ ਰੌਸ਼ਨੀਆਂ ਦੇ ਸਨਮੁੱਖ , ਇਨ੍ਹਾਂ ਚਿਰਾਗਾਂ ਦੇ ਰੂਬਰੂ ਅੱਜ ਸਾਡਾ ਇਹ ਵੀ ਹਲਫ਼ ਲੈਣਾ ਬਣਦਾ ਕਿ ਜੋ ਕੋਈ ਨਾਮ-ਨਿਹਾਦ ਚਿਰਾਗ ਇਵੇਂ ਕਰਦਾ ਹੈ , ਕੋਈ ਗੈਰ-ਪ੍ਰਸੰਗਤ ਲਾਟ ਛੱਡਦਾ ਹੈ ਤਾਂ ਉਸ ਨੂੰ ਬੁਝਾ ਦਿੱਤਾ ਹੀ ਜਾਣਾ ਚਾਹਿਦਾ । ਉਹ ‘ਚਿਰਾਗ’ ਭਾਵੇਂ ‘ਰਾਵਣ’ ਨਾਲੋਂ ਵੀ ਵੱਧ ਵਿਦਵਾਨ ਹੋਣ ਦਾ ਦਾਅਵਾ ਹੀ ਕਿਉਂ ਨਾ ਕਰਦਾ ਹੋਵੇ ।
****