ਸਰਦਾਰ ਅਜਮੇਰ ਸਿੰਘ ਵਲੋਂ ਭਗਤ ਸਿੰਘ ਦੀ ਸ਼ਹਾਦਤ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕਿਉਂ........... ਲੇਖ / ਮੁਹਿੰਦਰ ਸਿੰਘ ਘੱਗ

ਸਤੰਬਰ 28 1907 ਨੂੰ ਭਗਤ ਸਿੰਘ ਨੇ ਬਾਲਰੂਪ ਵਿਚ ਗੁਲਾਮ ਹਿੰਦੋਸਤਾਨ ਵਿਚ ਪਹਿਲਾ ਸਵਾਸ ਲਿਆ। 23 ਸਾਲ ਦੀ ਛੋਟੀ ਉਮਰੇ ਹੀ ਭਾਰਤ ਦੇਸ਼ ਨੂੰ ਅੰਗਰੇਜ਼ੀ ਸਰਕਾਰ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ, ਜਦੋ ਜਹਿਦ ਕਰਦਾ ਹੋਇਆ ਜਾਮ-ਏ-ਸ਼ਹਾਦਤ ਪੀ ਕੇ ਸਦਾ ਲਈ ਅਮਰ ਹੋ ਗਿਆ। ਅਣਵੰਡੇ ਦੇਸ਼ ਦੇ ਨੌਜਵਾਨਾਂ ਲਈ ਉਹ ਰਾਹ ਦਰਸੇਤਾ ਬਣ ਗਿਆ । ਲੋਕਾਈ ਨੇ ਉਸ ਦੀ ਸੋਚ ਉਸ ਦੀ ਲਗਨ ਉਸਦੀ ਦ੍ਰਿੜਤਾ ਤੋਂ ਮੁਤਾਸਰ ਹੋ ਕੇ ਉਸਨੂੰ ਸ਼ਹੀਦ-ਏ- ਆਜ਼ਮ ਵਜੋਂ ਆਪਣੇ ਮਨਾਂ ਵਿਚ ਵਸਾ ਲਿਆ। 81 ਸਾਲ ਬੀਤਣ ਤੇ ਵੀ ਉਸ ਦੀ ਮਕਬੂਲੀਅਤ ਵਿਚ ਕੋਈ ਫਰਕ ਨਹੀਂ ਪਿਆ। ਸਤੰਬਰ ਵਿਚ ਜਦ ਵੱਡੇ ਪੱਧਰ ਤੇ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਨਜਰ ਟਪਾਰ ਲਈ ਸਰਦਾਰ ਅਜਮੇਰ ਸਿੰਘ ਅਕਤੂਬਰ ਦੇ ਮਹੀਨੇ ਆਪਣੇ ਵਿਚਾਰਾਂ ਦੀ ਕਾਲੀ ਤੌੜੀ ਟੰਗਦਾ ਹੈ, ਧੰਨਵਾਦ।
ਪਹਿਲਾਂ ਅਕਤੂਬਰ 2010 ਨੂੰ ਗੁਰੂ ਕਾਂਸ਼ੀ ਦਮਦਮਾ ਸਾਹਿਬ ਵਿਖੇ ਯੂ. ਜੀ. ਸੀ. ਦੁਆਰਾ ਕਰਵਾਏ ਸੈਮੀਨਾਰ ਵਿਚ ਪਰਚਾ ਪੇਸ਼ ਕਰਕੇ ਸਰਦਾਰ ਅਜਮੇਰ ਸਿੰਘ ਨੇ ਭਗਤ ਸਿੰਘ ਦੀ ਸੋਚ ਅਤੇ ਸ਼ਹਾਦਤ ਨੂੰ ਛੁਟਿਆਉਣ ਦਾ ਯਤਨ ਕੀਤਾ ਅਤੇ ਫੇਰ ਅਕਤੂਬਰ 2012 ਨੁੰ ਸਰਦਾਰ ਅਜਮੇਰ ਸਿੰਘ ਨੇ ਸਿ਼ਕਾਗੋ ਦੇ ਗੁਰਦਵਾਰਾ ਪੈਲਾਟਾਈਨ ਵਿਖੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਕਹਿਣਾ ਠੀਕ ਨਹੀਂ। ਖਿਆਲਾਤ ਦੀ  ਆਜ਼ਾਦੀ ਹਰ ਇਕ ਦਾ ਹੱਕ ਹੈ ਪਰ ਦਲੀਲ ਰਹਿਤ ਵਿਚਾਰ ਸਿਰਫ ਹਸਦ ਜਾਂ ਮਨ ਦੀ ਭੜਾਸ ਹੋ ਨਿਬੜਦਾ ਹੈ।
ਬਾਬੇ ਨਾਨਕ ਵਲੋਂ ਦਰਸਾਏ ਰਾਹ ਕੁਝ ਸੁਣੀਏ ਕੁਝ ਕਹੀਏ ਦਾ ਧਾਰਨੀ ਹੁੰਦਾ ਹੋਇਆ ਮੈਂ ਆਪਣੇ ਵਿਚਾਰ ਪਾਠਕਾਂ ਦੀ ਸਥ ਵਿਚ ਰਖਣ ਦੀ ਇਜਾਜ਼ਤ ਚਾਹਾਂਗਾ, ਪਰਖ ਪਾਠਕਾਂ ਨੇ ਕਰਨੀ ਹੈ। ਅਕਤੂਬਰ 2012 ਨੂੰ ਗੁਰਦਵਾਰਾ ਪੈਲਾਟਾਈਨ ਸਿ਼ਕਾਗੋ (ਅਮਰੀਕਾ) ਦੀ ਸੰਗਤ ਨੂੰ ਸੰਬੋਧਨ ਹੁੰਦਿਆਂ ਸਰਦਾਰ ਅਜਮੇਰ ਸਿੰਘ ਨੇ ਦਲੀਲ ਦਿੰਦਿਆਂ ਆਖਿਆ “ ਉਸ ( ਭਗਤ ਸਿੰਘ ) ਨੁੰ ਸ਼ਹੀਦ-ਏ-ਆਜ਼ਮ  ਕਹਿਣਾ ਸਹੀ ਨਹੀਂ , ਕਿਊਂਕਿ ਸਿੱਖ ਪੰਥ ਵਿਚ ਸ਼ਹੀਦ-ਏ-ਆਜ਼ਮ ਸਿਰਫ ਗੁਰੂ ਅਰਜਨ ਦੇਵ ਜੀ ਹਨ। )
ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ 1606 ਈਸਵੀ ਵਿਚ  ਸ਼ਹੀਦ ਕਰ ਦਿਤਾ ਜਾਂਦਾ ਹੈ ਅਤੇ 1931 ਵਿਚ ਭਗਤ ਸਿੰਘ ਦੀ ਸ਼ਹੀਦੀ ਦੀ ਜਿੰ਼ਮੇਵਾਰ ਹਕੂਮਤ ਬਰਤਾਨੀਆ ਹੈ। ਦੋਵੇਂ  ਸ਼ਹਾਦਤਾਂ ਆਪਣੇ ਆਪ ਵਿਚ ਜ਼ਾਲਮ ਸਰਕਾਂਰ  ਨਾਲ ਜੂਝਦਿਆਂ ਹੋਈਆਂ ਹਨ । ਦੋਵਾਂ ਵਿਚ ਕਿਤੇ ਵੀ ਆਪਣਾ ਮੁਫਾਦ ਨਜ਼ਰ ਨਹੀਂ ਆਉਂਦਾ।
1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਜਿੰਦਗੀ ਅਤੇ ਮੌਤ ਵਿਚ ਲਟਕਾ ਕੇ ਅੰਤਾਂ ਦੇ ਤਸੀਹੇ ਦਿਤੇ ਗਏ।
ਉਮਦਤ-ਤਵਾਰੀਖ ਦਾ ਲਿਖਾਰੀ ਲਿਖਦਾ ਹੈ।
“ਕਲਮ ਤਹਿਰੀਰੇ ਆਂ ਖ਼ੂੰ ਫਿ਼ਸ਼ਾ, ਵ ਦੀਦਹ ਗਿਰਿਆਂ ਵ ਦਿਲ ਬਿਰਿਯਾਂ’ ਵ ਜਾਨ ਹੈਰਾਂ ਮੇ ਬਾਸ਼ਦ।”
ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ। ਵੱਧਦੇ ਤਸੀਹੇ ਗੁਰੂੁ ਮਹਾਰਾਜ ਨੂੰ ਡੁਲਾ ਨਾ ਸਕੇ। ਗੁਰੂ ਮਹਾਰਾਜ ਦੇ ਮੁਖਾਰਬਿੰਦ ਚੋਂ “ਤੇਰਾ ਭਾਣਾ ਮੀਠਾ ਲਾਗੇ” ਸ਼ਬਦ ਅੱਗੇ ਜ਼ਾਲਮ ਹਾਰ ਗਿਆ। ਗੁਰੂ ਜੀ ਦੀ ਸ਼ਹਾਦਤ ਨੇ ਸਿੱਖ ਮਨਾਂ ਅੰਦਰ ਕੁਰਬਾਨੀ ਦੇ ਜਜ਼ਬੇ ਨੂੰ ਜਨਮ ਦਿਤਾ। ਸਿੱਖਾਂ ਦਾ ਦਿਲੋ ਦਿਮਾਗ ਮੌਤ ਤੋਂ ਭੈ ਰਹਿਤ ਹੋ ਗਿਆ। ਕਮਜ਼ੋਰ ਅਤੇ ਲਤਾੜੇ ਜਾਂਦੇ ਲੋਕਾਂ ਦੇ ਹੱਕਾਂ ਲਈ ਗੁਰੂ ਜੀ ਦੇ ਸਿੱਖ ਆਪਣੀ ਜਾਨ ਦੀ ਬਾਜ਼ੀ ਲਾਉਣ ਲਗ ਪਏ। ਸਿੱਖ ਜਗਤ ਵਿਚ ਗੁਰੂ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਨਾਲ ਜਾਣਿਆ ਗਿਆ। ਭਾਰਤ ਵਰਸ਼ ਨੂੰ ਅੰਗਰੇਜ਼ ਸਰਕਾਰ ਦੇ ਚੁੰਗਲ ਚੋਂ ਆਜ਼ਾਦ ਕਰਾਉਣ ਲਈ ਭਗਤ ਸਿੰਘ ਨੇ ਜੋ  ਸ਼ਹਾਦਤ ਦਾ ਰਾਹ ਚੁਣਿਆ, ਉਸ ਦੀ ਆਪਣੀ ਇਕ ਵਿਲੱਖਣਤਾ ਹੈ । ਅਦਾਲਤ ਵਿਚ ਦਿਤੇ ਬਿਆਨਾਂ ਨੇ ਦੇਸ਼ ਭਰ ਦੇ ਨੌਜਵਾਨਾਂ ਦੇ ਮਨਾਂ ਵਿਚ ਆਜ਼ਾਦੀ ਦੀ ਚਿਣਗ ਲਾ ਦਿਤੀ। ਹਰ ਜ਼ਬਾਨ ਤੇ ਭਗਤ ਸਿੰਘ ਦਾ ਚੜ੍ਹ ਗਿਆ। 
ਅਣਵੰਡੇ ਭਾਰਤ ਦੇ ਲੋਕਾਂ ਲਈ ਉਹ ਰਾਹ ਦਰਸੇਤਾ ਬਣ ਗਿਆ । ਭਾਰਤ ਵਾਸੀਆਂ ਨੇ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਕਹਿ ਕੇ ਨਿਵਾਜਿਆ। ਭਗਤ ਸਿੰਘ ਦੀ ਕੁਰਬਾਨੀ ਨੂੰ ਛੁਟਿਆਉਣ ਲਈ ਅਜਮੇਰ ਸਿੰਘ ਹੀ ਨਹੀਂ  ਸਮੇਂ ਸਮੇਂ ਇਕਾ ਦੁਕਾ  ਹੋਰਨਾਂ ਨੇ ਵੀ ਯਤਨ ਕੀਤਾ ਪਰ ਭਗਤ ਸਿੰਘ ਦੀ ਮਕਬੂਲੀਅਤ ਵਿਚ ਕੋਈ ਫਰਕ ਨਹੀਂ ਆਇਆ। ਸਦੀਆਂ ਤੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਜਾਣਿਆ ਜਾਂਦਾ ਹੈ ਅਤੇ ਭਗਤ ਸਿੰਘ ਲਈ ਸ਼ਬਦ ਸ਼ਹੀਦ-ਏ-ਆਜ਼ਮ ਵਰਤਿਆ ਗਿਆ ਹੈ।
ਇਕ ਸ਼ਬਦ ਹੈ ਸਰਤਾਜ (ਸਭ ਤੋਂ ਵੱਡਾ), ਦੂਸਰਾ ਹੈ ਆਜ਼ਮ (ਵਡਾ)। ਸਰਤਾਜ ਸ਼ਬਦ ਸਭ ਤੋਂ ਵਡੇ ਲਈ ਵਰਤਿਆ ਜਾਂਦਾ ਹੈ  ਅਤੇ ਆਜ਼ਮ ਦੀ ਵਰਤੋਂ ਕਿਸੇ ਦੇ ਰੁਤਬੇ ਨੁੰ ਵੱਡਤ ਦੇਣ ਲਈ ਵਰਤਿਆ ਜਾਂਦਾ ਹੈ ਜਿਵੇਂ ਵਜ਼ੀਰ ਨੂੰ ਵਜ਼ੀਰੇ ਆਜ਼ਮ ਕਹਿਣ ਨਾਲ ਉਹ ਵਡਾ ਵਜ਼ੀਰ ਤਾਂ ਬਣ ਜਾਂਦਾ ਹੈ ਪਰ ਸਰਤਾਜ ਦੀ ਬਰਾਬਰੀ ਨਹੀਂ ਕਰ ਸਕਦਾ। ਸਰਦਾਰ ਅਜਮੇਰ ਸਿੰਘ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ-ਏ-ਆਜ਼ਮ ਆਖ ਕੇ  ਵਡਿਆਉਂਦਾ ਨਹੀਂ, ਬਲਕਿ ਛੁਟਿਆਉਂਦਾ ਹੈ ।  ਆਪਣੇ ਆਪ ਨੂੰ ਸਿੱਖ ਵਿਦਵਾਨ ਇਤਿਹਾਸਕਾਰ ਵਲੋਂ ਸਥਾਪਿਤ ਕਰ ਰਿਹਾ ਸਰਦਾਰ ਅਜਮੇਰ ਸਿੰਘ ਜਾਣੇ ਅਨਜਾਣੇ ਵਿਚ ਦੋ ਸ਼ਹਾਦਤਾਂ ਨੂੰ ਰਲ-ਗਡ ਕਰਦਾ ਹੈ ਇਸ ਤਰਾਂ ਉਹ ਸਿੱਖ ਜਗਤ ਦਾ ਨਿਰਾਦਰ ਤਾਂ ਕਰਦਾ ਹੀ ਹੈ, ਨਾਲ ਨਾਲ ਆਪਣੇ ਆਪ ਨੂੰ ਵੀ ਅਨਾੜੀ ਸਾਬਤ ਕਰਦਾ ਹੈ।
ਗੁਰਦਵਾਰਾ  ਪੈਲਾਟਾਈਨ ਵਿਖੇ ਸਰਦਾਰ ਅਜਮੇਰ  ਸ਼ਹਾਦਤ ਦੀ ਵਿਆਖਿਆ ਕਰਦਾ ਆਖਦਾ ਹੈ  (ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖੀ ਵਿਚ ਸ਼ਹੀਦੀ ਦਾ ਸੰਕਲਪ ਬਿਲਕੁਲ ਨਿਆਰਾ ਹੈ। ਸਿੱਖ ਧਰਮ ਪੂਰੀ ਕਾਇਨਾਤ ਦੀ ਗੱਲ ਕਰਦਾ ਹੈ, ਕਿਸੇ ਦੇਸ਼ ਜਾਂ ਖਿੱਤੇ ਦੀ ਨਹੀਂ । ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ‘ਤੇਰਾ ਭਾਣਾ ਮੀਠਾ ਲਾਗੇ’ ਕਹਿੰਦਿਆਂ ਇਸ ਕਾਇਨਾਤ ਵਿਚ ਹਰ ਇਕ ਦੇ ਜੀਣ-ਥੀਣ ਦੇ ਬਰਾਬਰ ਦੇ ਹੱਕ ਤੇ ਪਹਿਰਾ ਦਿੰਦਿਆਂ ਰੱਬੀ ਰਜ਼ਾ ਨੁੰ ਮੰਨਦਿਆਂ ਦਿੱਤੀ ਸੀ। ਸਿੱਖ ਧਰਮ ਹੋਰ ਸਭ ਧਰਮਾਂ-ਵਿਸ਼ਵਾਸ਼ਾ ਤੋਂ ਨਿਆਰਾ ਹੈ । ਜਦੋਂ ਪੱਛਮੀ ਵਿਦਵਾਨ ਸਿੱਖ ਸ਼ਹੀਦੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦੀਆਂ ਆਖਦੇ ਹਨ ਤਾਂ ਇਹ ਸਾਡੇ ਸ਼ਹੀਦਾਂ ਨਾਲ ਅਨਿਆਂ ਹੁੰਦਾ ਹੈ। ਪੱਛਮੀ ਵਿਚਾਰਧਾਰਾ ਅਨੁਸਾਰ ਮਨੁੱਖ ਆਪਣੇ ਦੇਸ਼ ਕਾਲ ਤੱਕ ਸੀਮਤ ਹੈ ਜਦੋਂ ਕਿ ਸਿੱਖ ਧਰਮ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ । ਸ਼ਹੀਦ ਭਗਤ ਸਿੰਘ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਭਗਤ ਸਿੰਘ ਨੇ ਸ਼ਹੀਦੀ ਭਾਰਤ ਦੇਸ਼ ਦੀ ਆਜ਼ਾਦੀ ਲਈ ਦਿੱਤੀ ਨਾ ਕਿ ਸਰਬੱਤ ਦੇ ਭਲੇ ਲਈ।)
ਸਰਦਾਰ ਅਜਮੇਰ ਸਿੰਘ ਦਾ ਇਹ ਬਿਆਨ ਵੀ ਉਸ ਦੀ ਲਿਖਤਾਂ ਵਾਂਗ ਹੀ ਆਪਾ ਵਿਰੋਧੀ ਹੈ। ਆਓ ਦੇਖੀਏ ਉਹ ਕਿਦਾਂ?  ਗੁਰੂ ਤੇਗ ਬਹਾਦਰ ਜੀ ਨੇ ਆਪ ਜਨੇਊ ਪਹਿਨਿਆ ਨਹੀਂ ਅਤੇ ਦੂਸਰੇ ਦੇ ਜਬਰੀ ਜਨੇਊ ਲਹਿਣ ਤੇ ਇਤਰਾਜ਼ ਵਜੋਂ ਚਾਂਦਨੀ ਚੌਕ ਦਿੱਲੀ ਵਿਚ ਜੀਵਨ ਬਲੀਦਾਨ ਕੀਤਾ । ਗੁਰੂ ਗੋਬਿੰਦ ਸਿੰਘ ਜੀ ਉਸ ਕੁਰਬਾਨੀ ਨੂੰ ਮਨੁੱਖੀ ਅਧਿਕਾਰਾਂ ਲਈ ਦਿਤੀ ਕੁਰਬਾਨੀ ਗਿਣਦੇ ਹਨ, “ਤਿਲਕ ਜੰਵੂ ਰਾਖਾ ਪ੍ਰਭ ਤਾ ਕਾ। ਕੀਨੋ ਬਡੋ ਕਲੂ ਮੇਂ ਸਾਕਾ।” ਸਰਦਾਰ ਅਜਮੇਰ ਸਿੰਘ ਗੁਰੂੁ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਜੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਦਿਤੀ ਕੁਰਬਾਨੀ ਨਹੀਂ ਗਿਣਦਾ ਤਾਂ ਜਾਂ ਤਾਂ ਸਰਦਾਰ ਅਜਮੇਰ ਸਿੰਘ ਨੇ ਗੁਰ ਇਤਿਹਾਸ ਪੜ੍ਹਿਆ ਹੀ ਨਹੀਂ ਜਾਂ ਫੇਰ ਉਹ ਗੁਰੂ  ਗੋਬਿੰਦ ਸਿੰਘ ਜੀ ਦੇ ਵਿਚਾਰਾਂ ਨਾਲ ਸਹਿਮਤ ਨਹੀਂ। ਸ਼ਹਾਦਤ ਦੇ ਜਿਸ ਚੌਖਟੇ ਦੀ ਗੱਲ ਸਰਦਾਰ ਅਜਮੇਰ ਸਿੰਘ ਕਰ ਰਿਹਾ ਹੈ, ਜ਼ਰਾ ਦਲੀਲ ਦੇ ਕੇ ਪੁਰਾਤਨ ਅਤੇ ਅੱਜ ਦੀਆਂ ਸਿੱਖ ਸ਼ਹਾਦਤਾਂ ਨੂੰ ਉਸ ਵਿਚ ਫਿੱਟ ਕਰਕੇ ਦਿਖਾਲਣ ਦਾ ਯਤਨ ਕਰ ਕੇ ਦਿਖਾਵੇ, ਸਿੱਖ ਜਗਤ ਉਡੀਕ ਕਰੇਗਾ ।  ਜੋ ਵਾਕਿਆ ਦੁਹਰਾਇਆ ਜਾ ਸਕੇ  ਉਹ ਇਤਿਹਾਸ ਹੈ ਜਿਹੜਾ ਨਹੀਂ ਦੁਹਰਾਇਆ ਜਾ ਸਕਦਾ, ਉਹ ਮਿਥਿਹਾਸ ਬਣ ਜਾਂਦਾ ਹੈ। ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ, ਸਰਦਾਰ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੁਰਾਤਨ ਇਤਿਹਾਸ ਨੂੰ ਦੁਹਰਾ ਕਿ ਇਹ ਸਾਬਤ ਕਰ ਦਿਤਾ ਹੈ ਕਿ ਸਿੱਖ ਕੌਮ ਵਿਚ ਹਾਲੇ ਵੀ ਸੂਰਵੀਰ ਯੋਧੇ ਹਨ ਅਤੇ ਅਗਾਹਾਂ ਨੂੰ ਵੀ ਪੈਦਾ ਹੁੰਦੇ ਰਹਿਣਗੇ ਜੋ ਆਪਣੇ ਪੂੁਜ ਅਸਥਾਨਾਂ ਦੀ  ਪਵਿਤ੍ਰਤਾ ਭੰਗ ਕਰਨ ਵਾਲਿਆਂ ਨੂੰ ਨਹੀਂ ਬਖਸ਼ਦੇ। ਉਪਰੋਕਤ ਸਿੰਘਾਂ ਨੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਦੀਪ ਸਿੰਘ ਦੇ ਨਕਸ਼ੇ-ਕਦਮ ਤੇ ਚਲਦਿਆਂ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲਿਆਂ ਤੋਂ ਬਦਲਾ ਲਿਆ ਸੀ। ਪਾਠਕ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਬਾਰੇ ਵੀ ਤੁਹਾਡੇ ਵਿਚਾਰ ਜਾਨਣਾ ਚਾਹੁਣਗੇ।
ਇਸੇ ਗੁਰਦਵਾਰੇ ਵਿਚ ਸਰਦਾਰ ਅਜਮੇਰ ਸਿੰਘ ਨੇ ਗਦਰੀ ਬਾਬਿਆਂ ਬਾਰੇ ਆਖਿਆ “ਗਦਰੀ ਬਾਬਿਆਂ ਨੇ ਵੀ ਲੜਨ ਮਰਨ ਦੀ ਪ੍ਰੇਰਨਾ ਇਤਿਹਾਸ ਤੋਂ ਲਈ। ਉਹ ਪਹਿਲਾਂ ਸਿੱਖ ਸਨ ਤੇ ਫੇਰ ਹੋਰ ਕੁਝ। ਉਨ੍ਹਾਂ ਇਸ ਗੱਲ ਤੇ ਇਤਰਾਜ਼ ਕੀਤਾ ਕਿ ਭਾਰਤੀ ਸਥਾਪਤੀ ਵਲੋਂ ਮੁੜ ਮੁੜ ਗਦਰੀ ਬਾਬਿਆਂ ਨੂੰ ਸਿਰਫ ਭਾਰਤੀ ਸਿੱਧ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।”
ਮੈਂ ਸਰਦਾਰ ਅਜਮੇਰ ਸਿੰਘ ਦੀ ਇਕ ਗੱਲ ਨਾਲ ਸਹਿਮਤ ਹਾਂ ਕਿ ਬਾਬਿਆਂ ਨੇ ਅਣਖ ਦਾ ਜੀਵਨ ਬਸਰ ਕਰਨ ਦੀ ਸਿੱਖਿਆ ਗੁਰੁ ਮਹਾਰਾਜ ਦੀ ਬਾਣੀ ‘ਚੋਂ ਲਈ। ਵਿਸ਼ਵਾ਼ਸ਼ ਵਲੋਂ ਉਹ ਗੁਰਸਿੱਖ ਸਨ, ਭਾਰਤ ਦੇ ਵਸਨੀਕ ਹੋਣ ਕਾਰਨ ਭਾਰਤੀ। ਭਾਰਤ ਵਰਸ਼ ਦੀ ਆਜ਼ਾਦੀ ਲਈ ਉਨ੍ਹਾਂ ਨੇ ਬੇ ਮਿਸਾਲ ਕੁਰਬਾਨੀ ਦਿਤੀ। ਗੁਰੂਆਂ ਦੇ ਦਰਸਾਏ ਰਾਹ ਤੇ ਚਲਣ ਕਾਰਨ ਉਨ੍ਹਾਂ ਦੀ ਸੋਚਣੀ ਬੜੀ ਵਿਸ਼ਾਲ  ਉਸੇ ਵਿਸ਼ਾਲ ਸੋਚਣੀ ਕਾਰਨ ਉਨ੍ਹਾਂ ਨੂੰ ਬਾਬਿਆਂ ਦੀ ਪਦਵੀ ਪ੍ਰਾਪਤ ਹੋਈ। ਸਰਦਾਰ ਅਜਮੇਰ ਸਿੰਘ ਅਤੇ ਕੁਝ ਹੋਰ ਪ੍ਰਚਾਰਕ ਅੱਜ ਬਾਬਿਆਂ ਨੂੰ ਆਪਣੀ ਸੌੜੀ ਬੁੱਕਲ ਵਿਚ ਲੈੇ ਕੇ ੳਨ੍ਹਾਂ ਦੀ ਕੁਰਬਾਨੀ ਨੂੰ ਵੀ ਛੁਟਿਆ ਰਹੇ ਹਨ, ਜੋ ਠੀਕ ਨਹੀਂ।
2010 ਵਿਚ ਗੁਰੂ ਕਾਸ਼ੀ ਦਮਦਮਾ ਸਾਹਿਬ ਵਿਚ ਸਰਦਾਰ ਅਜਮੇਰ ਸਿੰਘ ਨੇ ਭਗਤ ਸਿੰਘ ਨੂੰ  ਗਾਂਧੀ ਜੀ  ਵਾਂਗ ਹੀ ਰਾਸ਼ਟਰ ਵਾਦੀ ਆਖ ਕੇ ਨਿੰਦਿਆ ਸੀ। ਗਾਂਧੀ ਜੀ ਦਾ ਰਾਸ਼ਟਰ ਵਾਦ ਰਘੁਪਤੀ ਰਾਗਵ ਰਾਜਾ ਰਾਮ ਤਕ ਸੀਮਤ ਸੀ, ਉਸਨੂੰ ਪਾਉਣ ਵਿਚ ਉਹ ਸਫਲ ਵੀ ਹੋ ਗਿਆ। ਭਗਤ ਸਿੰਘ ਦਾ ਰਾਸ਼ਟਰਵਾਦ ਸਿੱਖ ਸਿਧਾਂਤਾਂ ਤੇ ਅਧਾਰਿਤ ਹੈ। ਗੁਰੂ ਨਾਨਕ ਜੀ ਨੇ ਬਿਖੜੇ ਪੈਂਡੇ ਝਾਗ ਕੇ ਚਾਰ ਉਦਾਸੀਆਂ ਦੌਰਾਨ ਦੇਸ਼ਾਂ ਵਿਦੇਸ਼ਾਂ ਦਾ ਗਮਨ ਕੀਤਾ।  ਅੱਜ ਤੋਂ 600 ਸਾਲ ਪਹਿਲਾਂ ਹੀ ਗਲੋਬੋਲਾਈਜ਼ੇਸ਼ਨ ਵੱਲ ਸੰਕੇਤ ਕੀਤਾ। ਉੁਸ ਤੋਂ ਅਗੇ 9 ਜਾਮਿਆਂ ਵਿਚ ਹਰ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਿਸ਼ਨ ਤੇ ਪਹਿਰਾ ਦਿੰਦਿਆ ਹੋਇਆਂ ਦੂਰ ਦਰਾਡੇ ਤਕ ਪ੍ਰਚਾਰ ਕਰਕੇ ਬਰਾਬਰਤਾ ਦੇ ਅਧਾਰ ਤੇ ਸਮਾਜ ਸਾਜਣ ਦਾ ਯਤਨ ਕੀਤਾ। ਗੁਰੂ ਅਮਰਦਾਸ ਜੀ ਨੇ ਪੂਰੇ ਹਿੰਦੋਸਤਾਨ  ਵਿਚ ਪ੍ਰਚਾਰ ਕਰਨ ਲਈ  ਹਿੰਦੋਸਤਾਨ ਵਿਚ 22 ਮੰਜੀਆਂ ਸਥਾਪਤ ਕੀਤੀਆਂ। ਗੁਰੂ ਪੰਚਮ ਪਾਤਸ਼ਾਹ ਨੇ ਬਗੈਰ ਕਿਸੇ ਜਾਤੀ ਵਿਤਕਰੇ ਤਂੋ ਪੂਰੇ ਭਾਰਤ ਦੇ ਭਗਤਾਂ ਦੀ ਬਾਣੀ ਨੂੰ ਗੁਰੂੁ ਗਰੰਥ ਸਾਹਿਬ ਵਿਚ ਸ਼ਾਮਲ ਕਰਕੇ ਇਕ ਵੱਡ-ਅਕਾਰੇ ਸਮਾਜ ਦੀ ਉਸਾਰੀ ਵਲ ਇਕ ਹੋਰ ਪੁਲਾਂਘ ਪੁਟੀ। ਬਾਕੀ ਗੁਰੂੁ ਸਾਹਿਬਾਨ ਨੇ ਵੀ ਦੂਰ ਦੁਰੇਡੇ ਤਕ ਪ੍ਰਚਾਰ ਕੀਤਾ । ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਪੰਜ ਪਿਆਰਿਆਂ ਦੀ ਚੋਣ ਸਮੇਂ ਹਿੰਦੋਸਤਾਨ ਦੀ ਵੱਖ ਵੱਖ ਦਿਸ਼ਾਵਾਂ ਚੋਂ ਵੱਖ ਵੱਖ ਵਰਣਾਂ ਦੀ ਚੋਣ ਨੂੰ ਰਾਸ਼ਟਰ ਵਾਦ ਦਾ ਨਾਂ ਦਿਓਗੇ ਜਾਂ ਕੁਝ ਹੋਰ। ਭਗਤ ਸਿੰਘ ਵੀ ਗੁਰੂ ਗੋਬਿੰਦ ਦੇ ਦਰਸਾਏ ਰਾਹ ਤੇ ਚਲਿਆ ਸੀ। ਭਗਤ ਸਿੰਘ ਬਾਰੇ ਰਣਬੀਰ ਆਪਣੀ ਕਿਤਾਬ ਯੁਗ ਪੁਰਸ਼ ਵਿਚ ਲਿਖਦਾ ਹੈ ਕਿ ਦਸਮ ਪਾਤਸ਼ਾਹ ਭਗਤ ਸਿੰਘ ਲਈ ਆਦਰਸ਼ਕ ਮਹਾਂਪੁਰਸ਼ ਸਨ । ਮੈਂ ਭਗਤ ਸਿੰਘ ਨਾਲ ਪਿਆਰ ਕਰਦਾ ਸੀ, ਇਸ ਲਈ ਦਸਮ ਪਿਤਾ ਮੇਰੇ ਲਈ ਵੀ ਆਦਰਸ਼ਕ ਮਹਾਂਪੁਰਸ਼ ਬਣ ਗਏ ( ਯੁਗ ਪੁਰਸ਼ ਪੰਨਾਂ 71,72) ਦਸਮੇਸ਼ ਪਿਤਾ ਤੋਂ ਪ੍ਰਭਾਵਤ ਭਗਤ ਸਿੰਘ ਨੇ ਬਗੈਰ ਕਿਸੇ ਆਪਣੇ ਮਫਾਦ ਦੇ ਭਾਰਤ ਦੀ ਆਜ਼ਾਦੀ ਲਈ 23 ਸਾਲ ਦੀ ਉਮਰ ਵਿਚ  ਆਪਣਾ ਜੀਵਨ ਕੁਰਬਾਨ ਕਰ ਦਿਤਾ। ਦੂੁਸਰੇ ਦੀ ਕੁਰਬਾਨੀ ਨੂੰ ਛੁਟਿਆ ਕਿ ਕੋਈ ਬੜਾ ਨਹੀਂ ਬਣ ਸਕਦਾ ਬੜਾ ਬਣਨ ਲਈ ਕੁਝ ਕਰਨਾ ਪੈਂਦਾ ਹੈ।
ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਬਾਰੇ ਸਰਦਾਰ ਅਜਮੇਰ ਸਿੰਘ ਜੀ ਦੀਆਂ ਲਿਖੀਆਂ ਪੁਸਤਕਾਂ  ਦੀ ਚਰਚਾ ਛਿੜੀ ਤਾਂ ਮੈਂ ਇਕ ਦਿਨ ਆਪਣੇ ਦੋਸਤ ਰਿਟਾਇਰਡ ਮੇਜਰ ਗੁਰਮੁਖ ਸਿੰਘ (ਜੋ ਗੁਰ ਸਿੱਖ ਅਤੇ ਖੋਜੀ ਰੁਚੀ ਰਖਦਾ ਹੈ ਉਸਦੀ ਹਰ ਗੱਲ ਬੜੀ ਬਾਦਲੀਲ ਹੁੰਦੀ ਹੈ) ਦੀ ਰਾਏ ਜਾਨਣੀ ਚਾਹੀ ਤਾਂ ਉਹ ਆਖਣ ਲਗਾ ਪੁਲੀਸ ਵਾਲੇ ਕੇਸ ਦੀ ਤਫਤੀਸ਼ ਤੋਂ ਪਹਿਲਾਂ ਮੋਟਵ (ਕਾਰਨ) ਲੱਭਣ ਦਾ ਯਤਨ ਕਰਦੇ ਹਨ। ਸਰਦਾਰ ਅਜਮੇਰ ਸਿੰਘ ਲਿਖਤ ਤੋਂ ਇਹ ਸਾਫ ਝਲਕਦਾ ਹੈ ਕਿ ਉਸਨੇ ਛੇਤੀ ਸ਼ੋਹਰਤ ਹਾਸਲ ਕਰਨ ਲਈ ਨੌਜਵਾਨਾ ਦੀ ਭਾਵਨਾ ਦਾ ਆਸਰਾ ਲਿਆ ਹੈ। ਇਸ ਵਿਚ ਉਹ ਸਫਲ ਵੀ ਹੋ ਰਿਹਾ ਹੈ। ਕਮਿਊਨਿਸਟ ਸਟੱਡੀ ਸਰਕਲ ਵਾਂਗ ਪਾਠਕਾਂ ਨੂੰ ਇਕ ਪਾਸੜੀ ਗੱਲ ਦਸਦਾ ਹੈ। ਉਸਦੀਆਂ ਪੁਸਤਕਾਂ ਉਧਾਰੀਆਂ ਟੂਕਾਂ  ਅਤੇ ਆਪਾ ਵਿਰੋਧੀ ਵਿਚਾਰਾਂ ਨਾਲ ਲੋਥ ਪੋਥ ਹਨ। ਇਤਹਾਸ ਬਾਰੇ ਕੋਈ ਨਵੀਂ ਜਾਣਕਾਰੀ ਨਹੀਂ । ਆਪਣੇ ਲੇਖਾਂ ਵਿਚ ਸਰਦਾਰ ਅਜਮੇਰ ਸਿੰਘ ਗਾਇਬ ਹੈ। ਉਹ ਕਿਤੇ ਵੀ ਕੋਈ ਸੰਵਾਦ ਛੇੜਦਾ ਨਜ਼ਰ ਨਹੀਂ ਆਉਂਦਾ। ਘਟਨਾ ਘਟਨਾ ਨੂੰ ਜਨਮ ਦਿੰਦੀਆਂ ਹਨ । ਕੌਣ ਕੇਹੜੀ ਘਟਨਾ ਨੁੰ ਦਲੀਲ ਦਾ ਧੁਰਾ ਬਣਾ ਕੇ ਆਪਣਾ ਪੱਖ ਪੇਸ਼ ਕਰਦਾ ਹੈ। ਮੇਹਣੇ ਤਾਨਿਆਂ ਨੂੰ ਵਿਚਾਰ ਚਰਚਾ ਨਹੀਂ ਕਿਹਾ ਜਾਂਦਾ । ਮੇਰੀ ਰਾਏ ਮੁਤਾਬਕ ਤਾਂ ਉਹਨਾਂ ਕਿਤਾਬਾਂ ਤੇ ਇੰਨੇ ਲੇਖ ਲਿਖਣ ਦੀ ਲੋੜ ਹੀ ਨਹੀਂ ਸੀ । ਤੈਨੂੰ ਯਾਦ ਹੋਣਾ ਛੋਟੇ ਹੁੰਦਿਆਂ ਲੰਮੇਂ ਦਾਅ ਇੱਟਾਂ ਖੜੀਆਂ ਕਰਕੇ ਰੇਲ ਗੱਡੀ ਖੇਲ ਖੇਲਿਆ ਕਰਦੇ ਸੀ, ਇਕ ਇੱਟ ਨੂੰ ਠੋਕਰ ਮਾਰਨ ਨਾਲ ਸਾਰੀਆਂ ਡਿੱਗ ਜਾਂਦੀਆਂ ਸਨ। ਬਾਹਲੇ ਲੇਖਕ ਬਸ ਉਹੀ ਖੇਲ ਖੇਲ ਰਹੇ ਹਨ। ਹਰ ਲੇਖਕ ਠੋਕਰ ਮਾਰਨ ਲਈ ਆਪਣੀ ਮਨਮਰਜ਼ੀ ਦੀ ਘਟਨਾ ਦੀ ਚੋਣ ਕਰਦਾ ਹੈ। ਹਰਿਮੰਦਰ ਸਾਹਿਬ ਦੀ ਪਵਿਤ੍ਰਤਾ ਪਹਿਲਾਂ ਵੀ ਭੰਗ ਹੁੰਦੀ ਰਹੀ ਹੈ। ਮਸਾ ਰੰਘੜ ਵਲੋਂ ਹਰੀਮੰਦਰ ਸਾਹਿਬ ਦੀ ਪਵਿਤ੍ਰਤਾ ਭੰਗ ਕੀਤੀ ਗਈ ਤਾਂ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਉਸ ਨੂੰ ਰੋਕਣ ਲਈ ਬਾਹਰੋਂ ਆਉਂਦੇ ਹਨ। ਦੂਸਰੀ ਵੇਰ ਜਹਾਨ ਖਾਨ ਨੇ ਜਦ ਗੁਰੂੁ ਘਰ ਦੀ ਬੇਅਦਬੀ ਕੀਤੀ ਤਾਂ ਬਾਬਾ ਦੀਪ ਸਿਘ ਜੀ ਨੇ 75 ਸਾਲ ਦੀ ਉਮਰ ਵਿਚ ਹਰਿਮੰਦਰ ਸਾਹਿਬ ਦੀ ਲੜਾਈ ਵਿਚ ਸ਼ਹਾਦਤ ਪਾਈ ਬਾਬਾ ਦੀਪ ਸਿੰਘ ਜੀ ਵੀ ਬਾਹਰੋਂ ਆਏ ਸਨ। ਇੰਦਰਾ ਵਲੋਂ ਕੀਤੀ ਘਿਨਾਉਣੀ ਹਰਕਤ ਵੇਲੇ ਅਸੀਂ ਹਥਿਆਰਾਂ ਸਮੇਤ ਅੰਦਰ ਕਿਉਂ ਬੈਠੇ ਸੀ, ਇਸ ਬਾਰੇ ਸਰਦਾਰ ਅਜਮੇਰ ਸਿੰਘ ਚੁਪ ਹੈ । ਸਰਦਾਰ ਅਜਮੇਰ ਸਿੰਘ ਆਪਣੀਆਂ ਪੁਸਤਕਾਂ ਕਾਰਨ ਚਰਚਿਤ ਜ਼ਰੂਰ ਹੋਇਆ ਹੈ । ਸਿੱਖ ਵਿਦਵਾਨ ਬਣਨ ਲਈ ਉਸਨੂੰ ਸਿੱਖੀ ਸਿਧਾਂਤਾਂ ਦੀ ਖੋਜ ਕਰਨੀ ਪਏਗੀ ਅਤੇ ਇਤਿਹਾਸਕਾਰ ਬਣਨ ਲਈ ਉਸਨੂੰ ਨਿਰਪੱਖਤਾ ਦਾ ਲੜ ਫੜਨਾ ਪਵੇਗਾ।
ਫੌਜੀਆ ਸਰਦਾਰ ਅਜਮੇਰ ਸਿੰਘ ਭਗਤ ਸਿੰਘ ਬਾਰੇ ਜੋ ਲਿਖਦਾ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ?
“ਹੋ ਸਕਦਾ ਹੈ ਕਿ ਭਗਤ ਸਿੰਘ ਅਤੇ ਸਰਦਾਰ ਅਜਮੇਰ ਸਿੰਘ ਦੇ ਪੂੁਰਬਲਿਆਂ ਵਿਚ  ਕੋਈ ਅਨਬਣੀ ਹੋ ਗਈ ਹੋਵੇ, ਅੱਜ ਸਰਦਾਰ ਅਜਮੇਰ ਸਿੰਘ ਉਸੇ ਦਾ ਬਦਲਾ ਲੈ ਰਿਹਾ ਹੋਵੇ। ਜਾਂ ਸਰਦਾਰ ਅਜਮੇਰ ਸਿੰਘ ਹਸਦ ਕਾਰਨ ਭਗਤ ਸਿੰਘ ਦੀ ਸ਼ਹਾਦਤ ਨੂੰ  ਛੁਟਿਆਉਣ ਦਾ ਯਤਨ ਕਰ ਰਿਹਾ ਹੋਵੇ। ਬਗੈਰ ਦਲੀਲ ਤੋਂ ਕਿਸੇ ਸਥਾਪਿਤ ਵਾਕਿਆ ਨੂੰ ਬਦਲਣ ਦਾ ਯਤਨ ਕਰੀਏ ਤਾਂ ਆਪਣਾ ਹੋਛਾਪਨ ਹੀ ਜੱਗ ਜ਼ਾਹਿਰ ਹੁੰਦਾ ਹੈ। ਜਾਂ ਕੋਈ ਹੋਰ ਸੰਸਥਾ ਜਿਹਨਾਂ ਨੂੰ ਭਗਤ ਸਿੰਘ ਦੀ ਚੜ੍ਹਤ ਨਹੀਂ ਭਾਉਂਦੀ, ਉਹ ਸਰਦਾਰ ਅਜਮੇਰ ਸਿੰਘ ਦੀ ਵਰਤੋਂ ਕਰ ਰਹੇ ਹੋਣ। ਇਕ ਹੋਰ ਵਿਚਾਰ ਇਹ  ਵੀ ਹੈ ਕਿ ਸਵੇ ਸਜੇ ਆਗੂ ਹਮੇਸ਼ਾ  ਆਪਣੇ ਪੈਰੋਕਾਰਾਂ ਨੂੰ  ਆਪਣੀ ਸੋਚ ਦੇ ਦਾਇਰੇ ਵਿਚ ਰੱਖਣਾ ਚਾਹੁੰਦੇ ਹਨ। ਈਸਾ ਮਸੀਹ ਦੇ ਜਨਮ ਤਾਰੀਖ ਬਾਰੇ ਕੋਈ ਇਤਿਹਾਸਕ ਤੱਥ ਨਾ ਹੁੰਦਿਆਂ ਹੋਇਆਂ ਵੀ 25 ਦਸੰਬਰ ਨੂੰ ਕ੍ਰਿਸਮਸ ਮਨਾਊਣੀ,  ਛੁੱਟੀ ਸ਼ਨੀਵਾਰ ਨੂੰ ਕਰਨੀ ਚਾਹੀਦੀ ਜਾਂ ਐਤਵਾਰ ਨੂੰ ਇਹੋ ਜਿਹੇ ਬਹੁਤ ਸਾਰੇ ਤਰੀਕੇ ਜੋ ਆਗੂਆਂ ਨੇ ਆਪਣੇ ਪੈਰੋਕਾਂਰਾਂ ਨੂੰ ਕਾਬੂ ਰਖਣ ਲਈ ਵਰਤੇ ਹਨ। ਹੋ ਸਕਦਾ ਹੈ ਕਿ ਸਰਦਾਰ ਅਜਮੇਰ ਸਿੰਘ ਵੀ ਸਿੱਖ ਨੋਜਵਾਨਾਂ ਦੀ ਸੋਚ ਤੇ ਪਕੜ ਕਾਇਮ ਰਖਣ ਲਈ ਹੀ ਭਗਤ ਸਿੰਘ ਨੂੰ ਨਿੰਦਦਾ ਹੋਵੇ।  ਭਗਤ ਸਿੰਘ ਆਪਣੀ ਸੋਚ ਨੂੰ ਵਿਸ਼ਾਲ ਕਰਨ ਲਈ ਹਮੇਸ਼ਾ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਸੀ। ਖੈਰ ਕੁਝ ਵੀ ਹੋਵੇ, ਸਰਦਾਰ ਅਜਮੇਰ ਸਿੰਘ ਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨੀ ਚਾਹੀਦੀ। ਕਿਸੇ ਇਕ ਦੇ ਕਹੇ ਤੇ ਸਥਾਪਤ ਹੋਏ ਵਿਚਾਰ ਬਦਲੇ ਨਹੀਂ ਜਾਂਦੇ। ਦਿਨ ਬ ਦਿਨ ਸਾਰੇ ਸੰਸਾਰ ‘ਤੇ ਕੱਟੜਵਾਦ ਦਾ ਬੋਲ ਬਾਲਾ ਵਧ ਰਿਹਾ ਹੈ । ਅੱਜ ਲੋੜ ਹੈ ਕਿ ਕੋਈ ਸੂਰਮਾ ਉਠ ਕੇ ਉਸ ਵਧ ਰਹੇ ਕੱਟੜਵਾਦ ਨੂੰ ਨਕੇਲ ਪਾਵੇ।  ਸਰਦਾਰ ਅਜਮੇਰ ਸਿੰਘ ਆਪਣੀ ਸੂਝ ਸਿਆਣਪ ਨੂੰ ਵਧ ਰਹੇ ਹਿੰਦੂਤਵ ਨੂੰ ਨੱਥ ਪਾਉਣ ਲਈ ਵਰਤ ਕੇ ਮਨੁੱਖਤਾ ਤੇ ਇਕ ਵੱਡਾ ਅਹਿਸਾਨ ਕਰ ਸਕਦਾ ਹੈ।

****