“ਕਾਲੇ ਪੀਲੀਏ” ਦੇ ਸਿਕਾਰ ਅਖੌਤੀ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਬਣਾਇਆ ਬਿਜ਼ਨਸ਼.......... ਲੇਖ / ਮਿੰਟੂ ਖੁਰਮੀ ਹਿੰਮਤਪੁਰਾ

ਪੱਤਰਕਾਰੀ ਦੇ ਇਤਿਹਾਸ 'ਤੇ ਸਰਸਰੀ ਜਿਹੀ ਨਜ਼ਰ ਵੀ ਮਾਰੀ ਜਾਵੇ ਤਾਂ ਪਤਾ ਚਲਦੈ ਕਿ ਕਿਸੇ ਸਵੱਛ ਸੋਚ ਨੂੰ ਮੁੱਖ ਰੱਖ ਕੇ ਕੀਤੀ ਪੱਤਰਕਾਰੀ ਯੁੱਗ ਪਲਟਾਊ ਸਾਬਤ ਹੋ ਸਕਦੀ ਹੈ ਪਰ ਜੇਕਰ ਉਸੇ ਪੱਤਰਕਾਰੀ ਨੂੰ ਜੁਗਾੜ ਲਾਉਣ ਲਈ ਵਰਤਿਆ ਜਾਵੇ ਤਾਂ ਉਹ ਲੋਕਾਂ ਲਈ ਤਾਂ ਘਾਤਕ ਹੋ ਹੀ ਨਿੱਬੜਦੀ ਹੈ ਸਗੋਂ ਲੋਕਤੰਤਰ ਦਾ ਚੌਥਾ ਥੰਮ੍ਹ ਜਾਣੀ ਜਾਂਦੀ ਪੱਤਰਕਾਰਤਾ ਦੇ ਨੀਂਹ 'ਚ ਵੀ ਰੇਹੀ ਦਾ ਕੰਮ ਕਰਦੀ ਨਜ਼ਰ ਆਉਂਦੀ ਹੈ। ਇਸ ਖੇਤਰ ਵਿੱਚ ਜਿੱਥੇ ਸੁਹਿਰਦ ਸੋਚ ਦੇ ਮਾਲਕ ਲੋਕਾਂ ਦੀ ਸ਼ਮੂਲੀਅਤ ਪੱਤਰਕਾਰਤਾ ਨੂੰ ਸ਼ਰਮਸ਼ਾਰ ਹੋਣ ਤੋਂ ਬਚਾਉਂਦੀ ਹੈ ਉਥੇ ਕੁਝ 'ਬੇ-ਸੋਚੇ' ਸਿਰਫ਼ ਪੈਸੇ ਦੇ ਪੁੱਤ ਬਣਕੇ ਪੱਤਰਕਾਰੀ ਜਿਹੀ ਪਾਕ ਪਵਿੱਤਰ ਸੇਵਾ ਨਾਲ ਧ੍ਰੋਹ ਕਮਾਉਂਦੇ ਲੋਕਾਂ ਕਾਰਨ ਇਸ ਕਿੱਤੇ ਨੂੰ ਜਗ੍ਹਾ ਜਗ੍ਹਾ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਮਾਮਲੇ ਨੂੰ ਘੋਖਣ ਲਈ ਆਸੇ ਪਾਸੇ ਨਜ਼ਰ ਮਾਰਨੀ ਸ਼ੁਰੂ ਕੀਤੀ ਤਾਂ ਇਹ ਤੱਥ ਸਾਹਮਣੇ ਆਏ ਕਿ ਜਿਆਦਾਤਰ ਵੀਰ ਇਸ ਕਿੱਤੇ ਨਾਲ ਉਹ ਜੁੜੇ ਹੋਏ ਹਨ ਜਿਹਨਾਂ ਨੇ ਜਾਂ ਤਾਂ ਆਪਣੇ ਕਿੱਤੇ ਦਾ 'ਖੁਦ' ਪ੍ਰਚਾਰ ਕਰਨਾ ਹੈ ਜਾਂ ਸਰਕਾਰੇ ਦਰਬਾਰੇ ਧੌਂਸ ਜਮਾਉਣੀ ਹੁੰਦੀ ਹੈ। ਜਦੋਂਕਿ ਨਿਰਸਵਾਰਥ ਕੰਮ ਕਰਨ ਵਾਲੇ ਵੀਰ ਇਹਨਾਂ ਦੋਵੇਂ ਅਮਲਾਂ ਤੋਂ ਦੂਰ ਰਹਿੰਦੇ ਹਨ।
ਅਜਿਹੇ ਵੀਰ ਵੀ ਪ੍ਰਕਾਸ਼ ਵਿੱਚ ਆਏ ਹਨ ਜਿਹਨਾਂ ਨੇ ਆਪਣੇ ਬਿਜ਼ਨਸਾਂ ਦੀ ਖਬਰਾਂ ਰਾਹੀਂ ਹੀ ਬੱਲੇ ਬੱਲੇ ਕਰਵਾਉਣ ਲਈ ਪੱਕੀ ਗੰਢ-ਸੰਢ ਕੀਤੀ ਹੋਈ ਜਾਪਦੀ ਹੈ। ਕਿਉਂਕਿ ਹਰ ਰੋਜ਼ ਇਕੋ ਹੀ ਅਦਾਰੇ ਜਾਂ ਵਿਅਕਤੀ ਵਿਸ਼ੇਸ਼ ਦੀਆਂ 'ਪੰਪ-ਮਾਰੂ' ਖਬਰਾਂ ਕਾਰਨ ਲੋਕਾਂ ਵਿੱਚ ਆਮ ਹੀ ਚਰਚਾ ਬਣੀ ਹੋਈ ਹੈ ਕਿ ਉਕਤ ਪੱਤਰਕਾਰਾਂ ਨੂੰ ਹੋਰ ਖਬਰਾਂ ਹੀ ਨਜ਼ਰ ਕਿਉ ਨਹੀਂ ਆਉਂਦੀਆਂ? ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਪੱਤਰਕਾਰੀ ਦਾ ਮਕਸਦ ਲੋਕ ਸਮੱਸਿਆਵਾਂ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਾਹਮਣੇ ਲਿਆਉਣਾ ਹੁੰਦਾ ਹੈ ਅਤੇ ਜੇਕਰ ਅਧਿਕਾਰੀ ਆਪਣੇ ਫਰਜ਼ਾਂ ਤੋਂ ਮੁਨਕਰ ਹੁੰਦਾ ਹੈ ਤਾਂ ਪੱਤਰਕਾਰ ਖਬਰ ਰਾਹੀਂ ਅਧਿਕਾਰੀਆਂ ਨੂੰ ਉਹਨਾਂ ਦੇ ਕਾਰਜਾਂ ਤੋਂ ਜਾਣੂੰ ਵੀ ਕਰਵਾਉਂਦਾ ਹੈ। ਅੱਜਕੱਲ੍ਹ ਅਜਿਹੇ ਪੱਤਰਕਾਰਾਂ ਦੀ ਵੀ ਭਰਮਾਰ ਹੈ ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਧਿਕਾਰੀਆਂ ਸਿਰੋਂ ਪਲਦੇ ਹਨ। ਉਹਨਾਂ ਪੱਤਰਕਾਰਾਂ ਤੋਂ ਲੋਕ ਸਮੱਸਿਆਵਾਂ ਨਾਲ ਜੁੜੀਆਂ ਖਬਰਾਂ ਦੀ ਝਾਕ ਕਿੱਥੋਂ ਰੱਖੀ ਜਾ ਸਕਦੀ ਹੈ ਜੋ ਦਫਤਰਾਂ ਦੇ ਬਾਹਰ ਬੈਠੇ ਨਾਂ-ਬਦਲੀ, ਬੇਦਖਲੀ ਦੇ ਇਸ਼ਤਿਹਾਰਾਂ ਵੱਲ ਝਾਕੀ ਜਾਂਦੇ ਰਹਿੰਦੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜੋ ਅਮਲ ਦੇਖਣ ਨੂੰ ਮਿਲਿਆ, ਉਹ ਆਪਣੇ ਆਪ ਵਿੱਚ ਹੈਰਾਨ ਕਰ ਦੇਣ ਵਾਲਾ ਸੀ। ਜਿੱਥੇ ਅਖਬਾਰਾਂ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਇਸ਼ਤਿਹਾਰਾਂ ਨੂੰ ਖਬਰਾਂ ਦਾ ਰੂਪ ਦੇ ਕੇ ਥੁੱਕ ਲਾਉਣ ਦਾ ਮਾਮਲਾ ਚਰਚਾ 'ਚ ਰਿਹਾ ਉੱਥੇ ਉਹ ਪੱਤਰਕਾਰ ਵੀ ਚੰਗੀ ਖੱਟੀ ਖੱਟ ਗਏ ਜਿਹਨਾਂ ਨੇ ਆਪਣੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਵਾਂ 'ਤੇ ਵੀ ਵੱਖ ਵੱਖ ਅਖਬਾਰਾਂ ਦੇ ਸ਼ਨਾਖਤੀ ਕਾਰਡ ਲਏ ਹੋਏ ਸਨ। ਕਿਉਂਕਿ ਉਮੀਦਵਾਰਾਂ ਨੂੰ ਇੱਕੋ ਛੱਤ ਹੇਠ ਕਈ ਕਈ ਅਖ਼ਬਾਰਾਂ ਦੀਆਂ ਖ਼ਬਰਾਂ ਲਗਾਉਣ ਦਾ ਭਰੋਸਾ ਜੋ ਦਿਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਇੱਕ ਵੀਰ ਨੇ ਚੋਣਾਂ ਨਾਲ ਰਲਵਾਂ ਮਿਲਵਾਂ ਨਾਂ ਰੱਖ ਕੇ ਬਣਾਈ ਆਪਣੀ ਨਿੱਜੀ ਵੈੱਬਸਾਈਟ ਰਾਹੀਂ ਇੱਕ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਵੀ ਜਿਤਾਇਆ ਦਿਖਾਇਆ ਗਿਆ ਸੀ ਅਤੇ ਉਮੀਦਵਾਰਾਂ ਨੂੰ ਚੰਗਾ ਥੁੱਕ ਲਾਇਆ ਸੀ। ਪਰ ਚੋਣਾਂ ਲੰਘੀਆਂ ਤਾਂ ਬਾਦ ਵਿੱਚ ਇਸ ਵੈੱਬਸਾਈਟ ਦੀਆਂ ਸਰਗਰਮੀਆਂ ਵੀ ਸ਼ਾਂਤ ਹੋ ਗਈਆਂ ਜਾਪਦੀਆਂ ਹਨ।
ਹੁਣ ਇਸੇ ਅਮਲ ਦੀ ਲੜੀ ਤਹਿਤ ਲੋਕ ਸਭਾ ਚੋਣਾਂ ਸੰਬੰਧੀ ਵੀ ਪੱਤਰਕਾਰਤਾ ਦੇ ਖੇਤਰ ਵਿੱਚ ਏਕਾਧਿਕਾਰ ਬਨਾਉਣ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਤਾਂ ਜੋ ਆਪਣੀ 'ਮਰਜ਼ੀ' ਦੇ ਉਮੀਦਵਾਰ ਦੇ ਹੱਕ 'ਚ ਬੋਲਿਆ ਜਾ ਸਕੇ ਜਾਂ ਫਿਰ ਜਿਸਦਾ 'ਪੱਲੜਾ' ਭਾਰੀ ਹੋਵੇ ਤੇ ਜਾਂ ਜਿਸ ਵੱਲੋਂ ਵਧੇਰੇ "ਖਿੱਲਾਂ" ਪਾਈਆਂ ਜਾਣ। ਸ਼ਕਰਗੰਜ ਦੇ ਨਾਂ ਤੇ ਵਸਦੀ ਨਗਰੀ ‘ਚ ਤਾਂ ਇੱਕ ਅਜਿਹਾ ਸਰਕਾਰੀ ਪੱਤਰਕਾਰ ਵੀ ਅੰਤਾਂ ਦਾ ਸਰਗਰਮ ਹੈ ਜਿਸਨੇ ਆਪਣੇ ਨਾਮ ਨਾਲ ਹੂਬਹੂ ਰਲਵਾਂ ਮਿਲਵਾਂ ਨਾਮ ਹੋਣ ਕਰਕੇ ਆਪਣੀ ਪਤਨੀ ਦੇ ਨਾਂ ‘ਤੇ ਪੱਤਰਕਾਰੀ ਕਰ ਰਿਹਾ ਹੈ ਜਦੋਂਕਿ ਸ੍ਰੀਮਾਨ ਜੀ ਖੁਦ ਸਰਕਾਰੀ ਮੁਲਾਜ਼ਮ ਹਨ। ਪੱਤਰਕਾਰੀ ਜਿਹੀ ਸੁੱਚੀ ਸੱਚੀ ਸੇਵਾ ਦੇ ਨਾਂ ਨੂੰ ਕਲੰਕ ਲਾਉਂਦਾ ਇੱਕ ਅਜਿਹਾ ਪਰਿਵਾਰ ਵੀ ਪ੍ਰਕਾਸ਼ ‘ਚ ਆਇਆ ਹੈ ਜਿਸਦੇ ਔਰਤਾਂ ਸਮੇਤ ਪਰਿਵਾਰਕ ਮੈਂਬਰ ਹੀ ਅਖੌਤੀ ਪੱਤਰਕਾਰਤਾ ਦੀ ‘ਸੇਵਾ’ ਕਰ ਰਹੇ ਹਨ। ਕੋਈ ਹੋਰ ਕੰਮ ਕਿੱਤਾ ਨਾ ਕਰਦੇ ਹੋਏ ਪਰ ਸ਼ਾਹੀ ਜਿ਼ੰਦਗੀ ਬਤੀਤ ਕਰਦੇ ਪੱਤਰਕਾਰਾਂ ਦੇ ਕਮਾਈ ਸਾਧਨਾਂ ਦੀ ਇਮਾਨਦਾਰੀ ਨਾਲ ਜਾਂਚ ਹੋ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ ਕਿ “ਖਿੱਲਾਂ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ” ਦਾ ਮੁਹਾਵਰਾ ਅਸਲ ਵਿੱਚ ਕਿੰਨਾਂ ਉੱਪਰ ਠੀਕ ਲਗਦਾ ਹੈ। ਇਸ ਖੇਤਰ ਨਾਲ ਜੁੜੇ ਜੁਗਾੜੂ "ਕਾਲੇ ਪੀਲੀਏ" ਦੇ ਮਾਰੇ ਅਖੌਤੀ ਪੱਤਰਕਾਰਾਂ ਵਿੱਚ ਅਖ਼ਬਾਰਾਂ ਦੇ ਸ਼ਨਾਖਤੀ ਕਾਰਡ ਹਾਸਲ ਕਰਨ ਦੀ ਅਜਿਹੀ ਅੰਨ੍ਹੀ ਦੌੜ ਲੱਗੀ ਹੋਈ ਹੈ ਕਿ ਉਹ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਦੇ ਨਜ਼ਰ ਆ ਰਹੇ ਹਨ ਇੱਕ ਭਾਈ ਸਾਹਿਬ ਜੋ ਕਿਸੇ ਸੰਪਰਦਾਇ ਨਾਲ ਸਬੰਧਤ ਉਹਨਾਂ ਮੁਤਾਬਿਕ ਕਹਿਣ ਨੂੰ ਅਖਬਾਰ ਦੇ ਅਖੌਤੀ ਪੱਤਰਕਾਰ ਸਾਹਿਬ ਹਨ, ਜਿੰਨ੍ਹਾਂ ਨੇ 2 ਕੁ ਸਾਲ ਪਹਿਲਾਂ ਹੋਈਆਂ ਚੋਣਾਂ ਵਿੱਚ ਚੰਗਾ ਜੁਗਾੜ ਲਾ ਕੇ ਖੂਬ ਕਮਾਈ ਕੀਤੀ ਸੀ। ਅੱਜ ਕੱਲ ਫਿਰ ਤੋਂ ਆਪਣੇ ਕਿੱਤੇ ਨੂੰ ਵਿਸਥਾਰ ਦੇਣ ਲਈ ਅਤੇ ਆਪਣੇ ਸਾਮਰਾਜ ਵਿੱਚ ਹੋਰ ਇਲਾਕੇ ਸ਼ਾਮਿਲ ਕਰਕੇ ਪੈਸੇ ਕਮਾਉਣ ਲਈ ਆਪਣੀ ਪਤਨੀ ਅਤੇ ਆਪਣੇ ਯਾਰਾਂ ਦੋਸਤਾਂ ਦੇ ਨਾਂ ਤੇ ਚੋਣਾਂ ਤੋਂ ਸਾਲ ਪਹਿਲਾਂ ਹੀ ਵੱਖ ਵੱਖ ਸਟੇਸ਼ਨ ਆਪਣੇ ਏਕਾ ਅਧਿਕਾਰ ਵਿੱਚ ਕਰਨ ਤੇ ਲੱਗੇ ਹੋਏ ਹਨ। ਇਹਨਾਂ ਦੇ ਇਹਨਾਂ ਕਾਰਨਾਮਿਆਂ ਕਾਰਨ ਜਿੱਥੇ ਇਮਾਨਦਾਰ ਪੱਤਰਕਾਰੀ ਕਰਨ ਵਾਲੇ ਸੱਜਣਾਂ ਦਾ ਅਪਮਾਨ ਹੁੰਦਾ ਹੈ, ਉੱਥੇ ਇਹਨਾਂ ਅਖੌਤੀ ਪੱਤਰਕਾਰਾਂ ਦੇ ਗੰਦੇ ਮਨਸੂਬਿਆਂ ਨੂੰ ਜਾਣੇ ਅਣਜਾਣੇ ਅੰਜ਼ਾਮ ਦੇਣ ਵਾਲੇ ਅਖਬਾਰਾਂ ਦੀ ਵੀ ਮਿੱਟੀ ਪਲੀਤ ਹੁੰਦੀ ਨਜ਼ਰ ਆ ਰਹੀ ਹੈ।
ਅਖੌਤੀ ਪੱਤਰਕਾਰਾਂ ਦੀ ਇਸ ਪਵਿੱਤਰ ਪੇਸ਼ੇ ਵਿੱਚੋਂ ਪੈਸੇ ਕਮਾਉਣ ਦੀ ਲੱਗੀ ਅੰਨ੍ਹੀ ਦੌੜ ਕਾਰਨ ਆਮ ਲੋਕ ਪਿੱਠ ਪਿੱਛੇ ਇਹਨਾਂ ਜੁਗਾੜੂ ਪੱਤਰਕਾਰਾਂ ਨੂੰ ਵੀ 'ਪੱਤਰ-ਸੈਕਲ' ਦੇ ਨਾਂ ਨਾਲ ਸੱਦਦੇ ਹਨ। ਬੇਸ਼ੱਕ ਇਹ ਅਮਲ ਕੋਈ ਨਵਾਂ ਨਹੀਂ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਉਕਤ ‘ਪੱਤਰ-ਸੈਕਲ’ ਸਾਇਕਲਾਂ ਤੋਂ ਸਫ਼ਰ ਤਹਿ ਕਰਦੇ ਹੋਏ ਕਾਰਾਂ ਤੇ ਚੜ੍ਹ ਕੇ  ਭਵਿੱਖ ਵਿੱਚ ਲੋਕਤੰਤਰ ਦੇ ਚੌਥੇ ਥੰਮ ਦੇ ਅਖੌਤੀ ਸਵੱਛ ‘ਪੱਤਰ-ਕਾਰ’ ਬਣਦੇ ਹਨ। ਜਿੰਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਇਹ ਸਭ ਜਾਣਦੇ ਹੀ ਹਨ।
****