ਅਮਨ ਦਾ ਦੂਤ ਜਾਂ ਲਾਸ਼ਾਂ ਦਾ ਵਪਾਰੀ ? ਅਲਫਰੈਡ ਬੇਰਨਹਾਰਡ ਨੋਬਲ.......... ਲੇਖ / ਜੋਗਿੰਦਰ ਬਾਠ ਹੌਲੈਡ

ਹਰ ਸਾਲ ਅਕਤੂਬਰ ਦੇ ਮਹੀਨੇ ਸਵੀਡਨ ਦੇ ਸ਼ਹਿਰ ਸਟੋਕਹੋਲਮ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਦੁਨੀਆਂ ਦਾ ਸਭ ਤੋ ਵੱਡਾ ਤੇ ਵੱਕਾਰੀ ਇਨਾਮ ‘ਨੋਬਲ ਪ੍ਰਾਈਜ਼’ ਦੇਣ ਦਾ ਐਲਾਨ ਕੀਤਾ ਜਾਂਦਾ ਹੈ। ਇਹ ਇਨਾਮ ਅਲਫ੍ਰੈਡ ਨੋਬਲ ਦੇ ਅਕਾਲ ਚਲਾਣੇ ਵਾਲੇ ਦਿਨ ਦਸ ਦਸੰਬਰ ਨੂੰ ਦਿੱਤਾ ਜਾਂਦਾ ਹੈ। ਇਹ ਇਨਾਮ ਦੁਨੀਆਂ ਭਰ ਵਿੱਚ ਸਭ ਤੋਂ ਵਕਾਰੀ ਇਨਾਮ ਹੈ, ਅਮਨ-ਅਮਾਨ ਅਤੇ ਸਿਆਣਪ ਦਾ ਵੀ ਪ੍ਰਤੀਕ ਹੈ। ਇਹ ਇਨਾਮ ਉਹਨਾਂ ਮਹਾਨ ਮਨੁੱਖਾਂ ਨੂੰ ਦਿੱਤਾ ਜਾਦਾ ਹੈ, ਜਿੰਨ੍ਹਾ ਦਾ ਕੁਲ ਲੋਕਾਈ ਦੇ ਭਲੇ ਲਈ ਕੋਈ ਕਾਢ ਜਾਂ ਜੰਗਾਂ ਯੁੱਧਾਂ ਦੇ ਖਿਲਾਫ਼ ਡਟ ਕੇ ਕੰਮ  ਕੰਮ ਕੀਤਾ ਹੁੰਦਾ ਹੈ । “ਅਮਨ ਤੇ ਜੰਗ” ਅਲਫਰੈਡ ਨੋਬਲ ਦੀ ਆਪਣੀ ਜਿੰਦਗੀ ‘ਚ ਕਿੰਨੇ ਕੁ ਮਹੱਤਵਪੂਰਨ ਸਨ, ਇਹ ਇੱਕ ਵੱਖਰਾ ਸਵਾਲ ਹੈ । ਆਉ ਜ਼ਰਾ ਸੋਚੀਏ, ਵੇਖੀਏ, ਪਰਖੀਏ, ਜੋਖੀਏ, ਤਾਂ ਸਹੀ, ਪਿਛਲੀ ਡੇਢ ਸਦੀ ਦੇ ਇਸ ਮਹਾਨ ਬੰਦੇ, ਤੇ ਆਪਣੀ ਵੀਹ ਸਾਲਾਂ ਦੀ ਜਵਾਨ ਫੁੱਲ ਵੇਚਣ ਵਾਲੀ ਮਾਲਣ ਪ੍ਰੇਮਿਕਾ ਨੂੰ ਤੀਹ ਤੀਹ ਪ੍ਰੇਮ ਪੱਤਰ ਦਿਹਾੜੀ ‘ਚ ਲਿਖਣ ਵਾਲੇ ਇਸ ਹਥਿਆਰਾਂ ਦੇ ਵਪਾਰੀ ਨੂੰ। ‘ਨੋਬਲ ਇਨਾਮ’ ਜੋ ਅੱਜ ਦੁਨੀਆਂ ਭਰ ਵਿੱਚ ਅਮਨ ਅਮਾਨ, ਸਿਆਣਪ ਅਤੇ ਸ਼ਾਂਤੀ ਦਾ ਪ੍ਰਤੀਕ ਹੈ, ਅਲਫਰੈਡ ਨੋਬਲ ਇਸ ਇਨਾਮ ਨੂੰ ਵਾਕਿਆ ਹੀ ਕਿਸੇ ਡੂੰਘੀ ਸੋਚ ਵਿਚਾਰ ਦੇ ਅਧੀਨ ਕਿਸੇ ਆਪਣੇ ਹੀ ਬਣਾਏ ਮਾਰੂ ਹਥਿਆਰਾਂ ਦੇ ਅਫਸੋਸ ਜਾਂ ਪਛਤਾਵੇ ਵਿੱਚ ਰੱਖ ਕੇ ਗਿਆ ਸੀ ਜਾਂ ਆਪਣੀ ਖੁੱਸੀ ਹੋਈ ਪਹਿਲੀ ਪ੍ਰੇਮਿਕਾ ਦੇ ਵਿਯੋਗ ਵਿੱਚ, ਜਿਸ ਨੂੰ ਉਹ ਮਰਦੇ ਦਮ ਤੱਕ ਆਪਣੇ ਵੱਲੋਂ ‘ਦੋ ਬਦਨ’ ਫਿਲਮ ਦੇ ਮਨੋਜ ਕੁਮਾਰ ਵਾਂਗ ਇੱਕ ਤਰਫ਼ਾ ਪ੍ਰੇਮ ਹੀ ਕਰਦਾ ਰਿਹਾ ਸੀ ? 
‘ਪ੍ਰੋਫੈਸਰ ਇਰਵਿਨ ਅਬਰਾਹਿਮ’ ਜੋ ਨੋਬਲ ਇਨਾਮ ਨੂੰ ਦੇਣ ਵਾਲੀ ਕਮੇਟੀ ਦਾ ਮੈਂਬਰ ਹੈ, ਅਲਫਰੈਡ ਨੋਬਲ ਬਾਰੇ ਉਸਦੇ ਵਿਚਾਰ ਇਸ ਤਰ੍ਹਾਂ ਹਨ, “ਹੋਰ ਜੋ ਮਰਜ਼ੀ ਤੁਸੀਂ ਇਸ ਮਿੱਥ ਨੂੰ (ਅਮਨ ਦੇ ਦੂਤ) ਪੱਕਾ ਕਰਨ ਲਈ ਕਹੀ ਜਾਵੋ, ਪਰ ਇਹ ਪੱਕੀ  ਗੱਲ ਹੈ ਕਿ ਅਲਫਰੈਡ ਨੋਬਲ ਇਸ ਇਨਾਮ ਨੂੰ ਕਿਸੇ ਪਛਤਾਵੇ ਜਾਂ ਆਤਮ ਗਿਲਾਨੀ ਵਿੱਚ ਰੱਖ ਗਿਆ ਹੈ । ਅਸਲ ਗੱਲ ਇਹ ਹੈ ਕਿ ਫਰਾਂਸ ਦੇ ਇਕ ਅਖਬਾਰ ਨੇ 1888 ਵਿੱਚ ਇਹ ਸੁਰਖੀ ਲਾ ਕੇ ਇੱਕ ਲੇਖ ਛਾਪਿਆ ਸੀ ‘ਲਾਸ਼ਾਂ ਦੇ ਵਪਾਰੀ ਦੀ ਮੌਤ’ ਤੇ ਇਸੇ ਹੀ ਸੁਰਖੀ ਵਾਲੇ ਗਜ਼ ਨਾਲ ਨੋਬਲ ਦਾ ਕਿਰਦਾਰ ਮਿਣ ਕੇ ਅਖਬਾਰ ਅੱਗੇ ਲਿਖਦਾ ਹੈ ‘ਅਲਫਰੈਡ ਨੋਬਲ (1833 - 1896), ਸਵੀਡਨ ਦਾ ਇਹ ਬਰੂਦ ਦਾ ਸੌਦਾਗਰ ਚੰਗੇ ਭਲੇ ਇਨਸਾਨਾਂ ਨੂੰ ਗਲੀਆਂ ਸੜੀਆਂ ਲਾਸ਼ਾਂ ‘ਚ ਤਬਦੀਲ ਕਰਨ ਦੇ ਹੁਨਰ ਨਾਲ ਹੀ ਅਮੀਰ ਬਣਿਆ ਹੈ। ਉਸ ਦੀ ਅਮੀਰੀ ਦਾ ਰਾਜ ਉਸ ਦੀਆਂ ਉਹਨਾਂ ਲੱਭਤਾਂ ਵਿੱਚ ਹੈ ਕਿ ਕਿਸ ਤਰ੍ਹਾਂ ਜਿੳਂੁਦੇ ਜਾਗਦੇ ਇਨਸਾਨਾਂ ਨੂੰ ਇਕ ਐਸੇ ਮਾਰੂ ਹਥਿਆਰ ਨਾਲ ਛੇਤੀ ਤੋਂ ਛੇਤੀ ਸਕਿੰਟਾਂ ਵਿੱਚ ਸੁਸਰੀ ਵਾਂਗ ਸੁਆਇਆ ਜਾ ਸਕੇ, ਜੋ ਹੁਣ ਤੱਕ ਉਸ ਤੋਂ ਪਹਿਲਾਂ ਨਹੀਂ ਲੱਭਿਆ ਗਿਆ ਸੀ। ਦੌਲਤ ਦੇ ਢੇਰ ਉਸ ਨੇ ਸਿਰਫ਼ ਮਨੁੱਖਤਾ ਦੇ ਭਲੇ ‘ਚ ਆਉਣ ਵਾਲੀਆ ਕਾਢਾਂ ਤੋਂ ਹੀ ਨਹੀਂ ਇਕੱਠੇ ਕੀਤੇ ਸਨ। ਵੱਡੇ ਪਹਾੜਾਂ ਦੀਆਂ ਚਟਾਨਾਂ ਨੂੰ ਤੋੜ ਕੇ ਸੜਕਾਂ, ਸੁਰੰਗਾਂ ਬਨਾਉਣ ਵਿਸਫੋਟ (ਡਾਇਨਾਮਾਇਟ) ਤੇ ਪੀਟਰੋ-ਕੈਮੀਕਲ ਦੇ ਨਾਲ਼ ਨਾਲ਼, ਉਸ ਨੇ ਆਪਣੇ ਭਰਾ ਨਾਲ ਰਲ ਕੇ ਸਾਰੀ ਦੁਨੀਆਂ ਵਿੱਚ 90 ਮਾਰੂ ਜੰਗੀ ਹਥਿਆਰਾਂ ਦੀਆਂ ਫੈਕਟਰੀਆਂ ਵੀ ਲਗਵਾਈਆਂ ਸਨ ।
ਪਰ ਇਸ ਖ਼ਬਰ ਨੂੰ ਲਿਖਣ ਵੇਲੇ ਫਰਾਂਸ ਦਾ ਇਹ ਅਖਬਾਰ ਇੱਕ ਗਲਤੀ ਕਰ ਗਿਆ ਸੀ। ਅਸਲ ਵਿਚ ‘ਕਾਨਾਸ’ ਵਿੱਚ ਛੁੱਟੀਆਂ ਦੌਰਾਨ ਹਾਦਸੇ ‘ਚ ਅਲਫਰੈਡ ਨੋਬਲ ਆਪ ਨਹੀਂ ਮਰਿਆ ਸੀ, ਉਹ ਮਰਨ ਵਾਲਾ ਉਸ ਦਾ ਭਰਾ ‘ਲੁਡਵਿਗ’ ਸੀ। ਜਿੳਂੁਦੇ ਜੀਅ ਆਪਣੇ ਮਰਨ ਦੀ ਖ਼ਬਰ ਪੜ੍ਹ ਕੇ ਅਤੇ ਅਖ਼ਬਾਰ ਦੀ ਉਹ ਸੁਰਖ਼ੀ ਵੇਖ ਕੇ ਸ਼ਾਇਦ ਕਿਸੇ ਨਮੋਸ਼ੀ ਦੀ ਵਜ੍ਹਾ ਕਰਕੇ ਹੀ ਉਸ ਨੇ ਅੱਜ ਦਾ ਇਹ  ਵੱਕਾਰੀ ਇਨਾਮ ਐਲਾਨਿਆ ਸੀ । ਇਹ ਦੋਸ਼ ਅਲਫਰੈਡ ਉੱਪਰ ਸਮਂੇ ਸਮਂੇ ਯੋਰਪ ਦੀਆਂ ਹੋਰ ਅਖ਼ਬਾਰਾਂ ਵੀ ਲਾਉਂਦੀਆਂ ਰਹੀਆਂ ਸਨ ਪ੍ਰੰਤੂ ਅਲਫਰੈਡ ਨੋਬਲ ਨੇ ਇਹਨਾਂ ਦੋਸ਼ਾਂ ਦਾ ਕਦੀ ਵੀ ਖੰਡਨ ਨਹੀਂ ਸੀ ਕੀਤਾ । ਉਸ ਨੂੰ ਹਮੇਸ਼ਾ ਕਿਸੇ ਖ਼ਾਸ ਲੌਬੀ ਵੱਲੋ ਸ਼ਾਜਸੀ ਰੂਪ ਵਿੱਚ ਅਮਨ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ ।  ਵਿਹਾਰ ਤੇ ਕਾਰੋਬਾਰ ਨੂੰ ਵੇਖ ਕੇ ਅਮਨ ਦੇ ਮਸੀਹੇ ਵਾਲੀ ਤਸ਼ਬੀਹ ਨੂੰ ਸੌਖਿਆ ਹੀ ਰੱਦ ਕੀਤਾ ਜਾ ਸਕਦਾ ਹੈ । 1894 ‘ਚ  ਅਲਫਰੈਡ ਨੋਬਲ ਨੇ ਸਵੀਡਨ ਦਾ ਇੱਕ ਲੋਹੇ ਦਾ ਕਾਰਖ਼ਾਨਾ ਜਿਸ ਦਾ ਨਾਂ ‘ਬੋਫਰਸ’ ਸੀ, ਖ਼ਰੀਦ ਲਿਆ (ਯਾਦ ਰਹੇ ਬੋਫਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭਾਰਤ ਦੇਸ਼ ‘ਚ ਕੌਣ ਨਹੀਂ ਜਾਣਦਾ) ਪਹਿਲਾਂ ਇਹ ਸਿਰਫ਼ ਤੇ ਸਿਰਫ਼ ਲੋਹੇ ਦਾ ਹੀ ਕਾਰਖ਼ਾਨਾ ਸੀ। ਇਸ ਸਧਾਰਨ ਲੋਹੇ ਦੇ ਕਾਰਖ਼ਾਨੇ ਨੂੰ  ‘ਅਲਫਰੈਡ ਨੋਬਲ’ ਨੇ ਆਪਣੀ ਦੇਖ ਰੇਖ ਹੇਠ  ਵਿੱਚ ਇਸ ਨੂੰ ਹਥਿਆਰਾਂ ਦੀ ਫੈਕਟਰੀ ਵਿਚ ਤਬਦੀਲ ਕੀਤਾ ਤੇ ਅਚਾਨਕ ਦਿਮਾਗ ਦੀਆਂ ਨਾੜੀਆਂ ਫਟਣ ਕਰਕੇ ਆਪਣੀ ਮੌਤ ਤੱਕ ਇਸ ਦਾ ਮਾਲਕ ਰਿਹਾ। ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਜਰਮਨੀ, ਫਰਾਂਸ ਤੇ ਇੰਗਲਂੈਡ ਦੀਆਂ ਫੌਜਾਂ ਏਸੇ ਬੋਫਰਜ਼ ਤੋ ਇਕ ਦੂਜੇ ਨੂੰ ਮਾਰਨ ਲਈ ਜੰਗੀ ਸਮਾਨ ਲਂੈਦੀਆਂ ਰਹੀਆਂ ਸਨ। ਨੋਬਲ ਕਮੇਟੀ ਦੀ ਵੈੱਬਸਾਈਟ ਉੱਪਰ ਅਲਫਰੈਡ ਨੂੰ ਸਾਇੰਸਦਾਨ, ਵਪਾਰੀ, ਲੇਖਕ ਤੇ ਖੋਜੀ ਜਿਹੀਆਂ ਉਪਾਧੀਆਂ ਨਾਲ ਸਨਮਾਨਿਆ ਗਿਆ ਹੈ। ਅਸਲ ਮਨੁੱਖਤਾ ਦਾ ਭਲਾ ਚਾਹੁਣ ਵਾਲਾ ਅਤੇ ਸ਼ਾਂਤੀ ਦਾ ਪੁਜਾਰੀ। ਪਹਿਲੀਆਂ ਚਾਰ ਕਲਗੀਆਂ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਹਨ । ਪਰੰਤੂ ਛੇਕੜਲੀ ਉਪਾਧੀ “ ਸ਼ਾਂਤੀ ਦਾ ਪੁਜਾਰੀ” ਉੱਪਰ ਵੱਡਾ ਪ੍ਰਸ਼ਨ ਚਿੰਨ ਲੱਗਦਾ ਹੈ। ਅਲਫਰੈਡ ਖੁਦ ਨੂੰ ਹਮੇਸ਼ਾ ਪਹਿਲੇ ਨੰਬਰ ਤੇ ਸਾ਼ਇੰਸ-ਦਾਨ ਹੀ ਮੰਨਦਾ ਹੈ ਨਾ ਕਿ ਹਥਿਆਰਾਂ ਦਾ ਵਪਾਰੀ।                              
ਅਸਲ ਵਿਚ ਹੈ ਕੀ ਸੀ ਉਹ ?
ਅਲਫਰੈਡ ਤੇ ਉਸ ਦੇ ਭਰਾ ਨੂੰ ਹਥਿਆਰਾਂ ਨਾਲ ਪਿਆਰ ਤਾ ਬਚਪਨ ਵਿੱਚ ਸਵੇਰ ਦੇ ਬਰੇਕ ਫਾਸਟ ਦੇ ‘ਦਲੀਏ’ ਵਿੱਚ ਰਲਾ ਕੇ ਹੀ ਪਿਉ ਨੇ ਅੰਦਰ  ਸੁੱਟ ਦਿੱਤਾ ਸੀ। ਸਮੁੰਦਰੀ ਮਾਈਨਾਂ ਦੇ ਜਨਮਦਾਤਾ ਇਮਾਨੂਇਲ ਨੋਬਲ ਨੇ ਵਿਖਾਵੇ ਲਈ ਖਾਲੀ ਸਮੁੰਦਰੀ ਜਹਾਜ਼ ਨੂੰ ਆਪਣੀਆਂ ਮਾਈਨਾਂ ਨਾਲ ਉਡਾੳਂੁਦਿਆਂ ‘ਰਸ਼ੀਅਨ ਜ਼ਾਰ’ ਦੇ ਸਾਹਮਣੇ ਆਪਣੇ ਪੁੱਤਰਾਂ ਦੀ ਕਾਬਲੀਅਤ ਦੀ ਫੜ੍ਹ ਮਾਰੀ ਸੀ ਅਤੇ ਨਾਲ ਗਿਆ ਤੇਰਾਂ ਸਾਲਾਂ ਦਾ ਅਲਫਰੈਡ ਜਹਾਜ਼ ਦੇ ਤੂੰਬੇ ਹਵਾ ਚ ਉਡਦੇ ਵੇਖ ਕੇ ਰੋਮਾਂਚਿਤ ਹੋ ਉੱਠਿਆ ਸੀ। ਇਹਨਾਂ ਹੀ ਸਮੁੰਦਰੀ ਮਾਈਨਾਂ ਦਾ ਸੋਧਿਆ ਹੋਇਆ ਰੂਪ ਕਰਿਮੀਅਨ ਵਾਰ ਵਿਚ ਬਹੁਤ ਹੀ ਕਾਰਗਰ ਹਥਿਆਰ ਸਾਬਤ ਹੋਇਆ ਸੀ। 20 ਸਾਲ ਦੀ ਉਮਰ ਵਿੱਚ ਅਲਫਰੈਡ ਨੋਬਲ ਕਿਸੇ ਨਵਂੇ ਤੇ ਹੋਰ ਵੀ ਸ਼ਕਤੀਸ਼ਾਲੀ ਵਿਸਫੋਟ ਨੂੰ ਲੱਭਣ ਦੇ ਤਜ਼ਰਬਿਆ ‘ਚ ਜੁੱਟ ਗਿਆ। ਭੜਾਕਾ ਪਾਊ ਬਰੂਦ ਨਾਲ ਉਸ ਨੂੰ ਜਨੂੰਨ ਦੀ ਹੱਦ ਤੱਕ ਮੋਹ ਸੀ। ਇਸ ਮੋਹ ਦੀ ਮਿਸਾਲ ਉਦੋਂ ਉਘੜਦੀ ਹੈ, ਜਦੋ ਉਹ ਆਪਣੇ ਪਿਉ ਦੀ ਫੈਕਟਰੀ ਵਿੱਚ ਕਿਸੇ ਵਿਸਫੋਟ ਉਪਰ ਤਜ਼ਰਬੇ ਕਰਦੇ ਸਮੇਂ ਆਪਣੇ  ਛੋਟੇ ਭਰਾ ਈਮੇਲ ਦੀ ਮੌਤ ਦਾ ਕਾਰਣ ਬਣਿਆ। ਤਜ਼ਰਬਿਆਂ ਦੌਰਾਨ ਵੱਧ ਘੱਟ ਵਿਸਫੋਟਕ ਸਮੱਗਰੀ ਪੈਣ ਨਾਲ ਫੈਕਟਰੀ ‘ਚ ਵੱਡਾ ਧਮਾਕਾ ਹੋਇਆ ਸੀ, ਜਿਸ ਵਿਚ ਈਮੇਲ ਤੂੰਬਾ ਤੂੰਬਾ ਹੋ ਕੇ  ੳੁੱਡ ਗਿਆ ਸੀ। ਭਾਈ ਨਾਲ ਵਾਪਰੇ ਇਸ ਭਿਆਨਕ ਹਾਦਸੇ ਨੇ ਵੀ ਉਸ ਦੇ ਬਰੂਦ ਪ੍ਰਤੀ ਮੋਹ ਨੂੰ ਮੱਠਾ ਨਹੀਂ ਕੀਤਾ । ਉਹ ਲਗਾਤਾਰ ਦੁਨੀਆਂ ਤੇ ਆਪਣਿਆਂ ਪਰਾਇਆਂ ਤੋ ਬੇ-ਖ਼ਬਰ ਆਪਣੀ ਖੋਜ ‘ਚ ਡੂੰਘੇ ਡੂੰਘਾ ਹੀ ਧੱਸਦਾ ਗਿਆ ਤੇ ਆਖਿਰ ਦੋ ਸਾਲਾਂ ਦੀ ਸਖ਼ਤ ਖੋਜ ਤੇ ਮਿਹਨਤ ਤੋਂ ਬਾਅਦ ਉਸ ਦੀ ਸਭ ਤੋਂ ਮਸ਼ਹੂਰ ਲੱਭਤ, ਜੋ ਉਸ ਨੇ ਲੱਭੀ ਸੀ ਉਹ ਸੀ ਡਾਇਨਾਮਾਇਟ । ਇਹ ਵਿਸਫੋਟ ਪਹਾੜਾਂ ਨੂੰ ਤੋੜਨ, ਸੁਰੰਗਾਂ ਬਨਾਉਣ ਲਈ ਬਹੁਤ ਹੀ ਕਾਰਗਰ ਹਥਿਆਰ ਸੀ। ਇਕ ਪਾਸੇ ਇਹਨਾਂ ਡਾਇਨਾਮਾਈਟਸ ਨਾਲ ਨਹਿਰ ਪਨਾਮਾ ਖੋਦੀ ਜਾ ਰਹੀ ਸੀ ਤੇ ਦੂਜੇ ਪਾਸੇ ਨਾਲੋ ਨਾਲ ਹਥਿਆਰ ਵਜੋਂ ਫਰਾਂਸ-ਪਰਸ਼ੀਆ ਦੀ ਜੰਗ ‘ਚ ਇਨਸਾਨਾਂ ਦੇ ਬੱਖੀਏ ਉਧੇੜਨ ਵਾਸਤੇ ਵਰਤਿਆ ਜਾ ਰਿਹਾ ਸੀ।                      
ਅਲਫਰੈਡ ਨੋਬਲ ਨੇ 355 ਲੱਭਤਾਂ ਆਪਣੇ ਨਾਂ ਪੇਟੈਂਟ ਕਰਵਾਈਆਂ। ਇਸ ਵਿਚ ਕੋਈ ਸੱ਼ਕ ਨਹੀ ਇਹਨਾਂ 355 ਵਿੱਚੋ ਬਹੁਤੀਆਂ ਲੱਭਤਾਂ ਖ਼ਤਰਨਾਕ ਨਹੀਂ ਸਨ ਜਿਵਂੇ ਬਿਜਲੀ ਦੇ ਨਵੇਂ ਬਲਬ ਤੇ ਬੈਟਰੀਆਂ ਆਦਿ । ਪਰ ਇਸ ਸਭ ਕਾਸੇ ਦੇ ਨਾਲੋ ਨਾਲ ਉਹ ਮਾਰੂ ਤੋਪਾਂ ਤੇ ਰਾਕੇਟ ਵੀ ਈਜ਼ਾਦ ਕਰਦਾ ਰਿਹਾ ਤੇ ਜੰਗਬਾਜ਼ਾਂ ਨੂੰ ਵੇਚਦਾ ਰਿਹਾ। 1887 ਵਿਚ ਉਸ ਨੇ ਆਪਣੀ ਨਵੀ ਲੱਭਤ ਬਾਲਿਸਟਿਕ ਆਪਣੇ ਨਾਂ ਪੇਟੈਂਟ ਕਰਵਾਈ । ਇਹ ਤੋਪਾਂ ਤੇ ਰੌਂਦਾਂ ਦੇ ਵਿੱਚ ਵਰਤਣ ਵਾਲਾ ਧੂੰਆਂ ਰਹਿਤ ਬਹੁਤ ਹੀ ਆਹਲਾ ਦਰਜੇ ਦਾ ਬਰੂਦ ਸੀ। ਇਹ ਉਹ ਸਮਾਂ ਸੀ, ਜਦੋ ਉਸ ਨੇ ਫਰਾਂਸ ਦੀ ਸਰਕਾਰ ਤੋਂ ਚੋਰੀ ਹਥਿਆਰਾਂ ਦੀ ਇਕ ਫੈਕਟਰੀ ਇਟਲੀ ਵਿੱਚ ਵੀ ਲਾ ਲਈ ਸੀ ਤੇ ਉਹ ਫਰੈਂਚ ਸਰਕਾਰ ਦੇ ਗੁੱਸੇ ਦਾ ਸਿ਼ਕਾਰ ਹੋ ਗਿਆ ਸੀ। ਉਸ ਦੇ ਪੈਰਿਸ ਵਿਚਲੇ ਘਰ ਉਪਰ ਸਰਕਾਰੀ ਜਾਸੂਸਾਂ ਦੀ ਨਿਗਾਹ ਰਹਿਣ ਲੱਗੀ, ਕਿੳਂੁਕਿ ਫਰਾਂਸ ਸਰਕਾਰ ਉਸ ਨੂੰ ਦੂਸਰੇ ਦੁਸ਼ਮਣ ਮੁਲਖਾਂ ਦਾ ਜਾਸੂਸ ਸਮਝਣ ਲੱਗ ਪਈ ਸੀ। ਇੱਕ ਹਿਸਾਬ ਨਾਲ ਉਸ ਨੂੰ ਘਰ ਵਿਚ ਹੀ ਨਜ਼ਰਬੰਦ ਹੋ ਕੇ ਰਹਿਣਾ ਪੈ ਰਿਹਾ ਸੀ ਅਤੇ ਮਗਰਲਿਆਂ ਦਿਨਾਂ ‘ਚ ਉਹ ਘਰੋ ਬਾਹਰ ਵੀ ਨਾ ਨਿਕਲਦਾ ਤੇ ਹਮੇਸ਼ਾ ਆਪਣੀ ਪ੍ਰਯੋਗਸ਼ਾਲਾ ‘ਚ ਹੀ ਤੜਿਆ ਰਹਿੰਦਾ ਸੀ ।
ਅਲਫਰੈਡ ਨੋਬਲ ਦੇ ਛੇ ਵੱਡੇ ਬੰਗਲੇ ਸਨ । ਹਰ ਬੰਗਲੇ ਵਿਚ ਹੀ ਪ੍ਰਯੋਗਸ਼ਾਲਾ ਸੀ ਅਤੇ ਨਾਲ ਹੀ ਨਿਸ਼ਾਨੇ ਲਾਉਣ ਵਾਲੀ ਟਾਰਗੇਟ ਪੱਟੀ ਵੀ। ਇਹ ਉਸ ਦਾ ਸੌ਼ਕ ਸੀ। ਇਸ ਸਭ ਕਾਸੇ ਦੇ ਹੁੰਦਿਆਂ ਸੁੰਦਿਆਂ ਵੀ ਉਸ ਨੂੰ ਸਾਂਤੀ ਦਾ ਪੁਜਾਰੀ ਕਿਹਾ ਜਾਂਦਾ ਸੀ ਨਾ ਕਿ ਲਾਸ਼ਾਂ ਦਾ ਵਪਾਰੀ। ਅਸਲ ਵਿਚ ਉਹ ਆਪਾ ਵਿਰੋਧ ਦੀ ਬਿਮਾਰੀ ਦਾ ਸਿ਼ਕਾਰ ਸੀ। ਇੱਕੋ ਕਲਬੂਤ ਵਿੱਚ ਦੋ ਵੱਖੋ ਵੱਖੋ ਸੁਭਾਅ ਦੇ ਵਿਅਕਤੀਤਵ ਵੱਸਦੇ ਸਨ। ਉਹ ਇੱਕ ਬਹੁਤ ਹੀ  ਉਤਮ ਤੇ ਤਰੱਕੀ ਯਾਫ਼ਤਾ ਵਪਾਰੀ ਸੀ, ਪਰੰਤੂ ਆਪਣੇ ਆਪ ਨੂੰ ਹਮੇਸ਼ਾ ਘਾਟਾ ਖਾਧਾ ਤੇ ਹਾਰਿਆ ਜਵਾਰੀਆ ਦੱਸਦਾ ਸੀ। ਉਹ ਆਪਣੀ ਜਨਮ-ਭੂਮੀ ਸਵੀਡਨ ‘ਤੇ ਅੰਤਾਂ ਦਾ ਮਾਣ ਕਰਦਾ ਸੀ ਪਰ ਉਥੇ ਗਿਆ ਉਹ ਸਾਰੀ ਹਯਾਤੀ ਵਿੱਚ ਸਿਰਫ ਇੱਕ ਦੋ ਵਾਰ ਹੀ। ਉਹ ਹਮੇਸ਼ਾ ਹਰ ਥਾਂ ਆਪਣੇ ਆਪ ਨੂੰ ਹੁੱਬ ਕੇ ਸਾਇੰਸਦਾਨ ਹੀ ਦੱਸਦਾ ਸੀ, ਪਰੰਤੂ ਸਕੂਲ ਉਹ ਸਿਰਫ ਇੱਕ ਸਾਲ ਹੀ ਗਿਆ ਸੀ। ਉਤੋਂ ਸਿਤਮ ਦੀ ਗੱਲ ਇਹ ਕਿ ਉਹ ਇਕੋ ਹੀ ਆਦਮੀ ਆਪਣੇ ਆਪ ਵਿੱਚ ਜੰਗ ਤੇ ਅਮਨ ਨੂੰ ਵੀ ਰਲ੍ਹ-ਗੱਡ ਕਰੀ ਜਾ ਰਿਹਾ ਸੀ ਯਾਨੀ ਕਿ ਅੱਗਾ ਬੱਕਰੀ ਦਾ ਤੇ ਪਿੱਛਾ ਬਘਿਆੜ ਦਾ। ਹਥਿਆਰਾਂ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਨ ਵਾਲਾ ਅਲਫਰੈਡ ਅਮਨ ਲਈ ਜੂਝਦੀਆਂ ਜੱਥੇਬੰਦੀਆਂ ਦਾ ਮਂੈਬਰ ਵੀ ਸੀ ਉਹਨਾਂ ਨੂੰ ਫੰਡ ਮੁਹਈਆ ਵੀ ਕਰਦਾ ਤੇ ਕਰਵਾਉਂਦਾ ਸੀ। ਉਤੋ ਤੁਰਕੀ ਦਾ ਇਕ ਡਿਪਲੋਮੈਟ ਉਸ ਨੇ ਆਪਣਾ ਸੂਹੀਆ ਵੀ ਰੱਖ ਛੱਡਿਆ ਸੀ । ਜੋ ਇਹਨਾਂ ਅਮਨ ਸਥਾਪਤ ਕਰਨ ਵਾਲੀਆ ਜਥੇਬੰਦੀਆਂ ਦੀਆਂ ਗਤੀ ਵਿਧੀਆਂ ਦੀ ਜਾਣਕਾਰੀ  ਉਸ ਨੂੰ ਪਹਿਲਾਂ ਹੀ ਮੁਹਈਆ ਕਰਵਾਉਂਦਾ ਸੀ । ਇਸ ਸਭ ਕਾਸੇ ਤੋ ਇਹ ਸਿੱਧ ਹੁੰਦਾ ਹੈ ਕਿ ਅਮਨ ਲਈ ਅਲਫਰੈਡ ਨੋਬਲ ਦਾ ਪਿਆਰ ਸਿਰਫ ਇਕ ਢਕਵੰਜ ਤੋ ਵੱਧ ਕੁਝ ਵੀ ਨਹੀ ਸੀ ਅਤੇ ਉਸ ਵਲੋਂ ਰੱਖਿਆ ‘ਨੋਬਲ ਪ੍ਰਾਈਜ’ ਵੀ। ਪਰੰਤੂ ਫਿਰ ਵੀ ਪੱਛਮ ਦੀ ਇੱਕ ਖਾਸ ਲੌਬੀ ਸੰਸਾਰ ਵਿੱਚ ਇਹ ਪ੍ਰਚਾਰਨ ਲੱਗੀ ਹੋਈ ਹੈ ਕਿ ਐਲਫਰੈਡ ਨੋਬਲ ਨੂੰ ਆਪਣੇ ਹੀ ਬਣਾਏ ਹੋਏ ਮਹਾਂ-ਮਾਰੂ ਹਥਿਆਰਾਂ ਉੱਪਰ ਪਸ਼ਚਾਤਾਪ ਜਾਂ ਗਿਲਾਨੀ ਸੀ। ਉਸ ਨੇ ਇਹ ਇਨਾਮ ਇਸੇ ਹੀ ਅਫਸੋਸ ਤੇ ਗਿਲਾਨੀ ਵਿੱਚੋ ਕਿਆਸਿਆ ਸੀ ?
ਮਸ਼ਹੂਰ ਵਿਗਿਆਨੀ ਅਲਬਰਡ ਆਇਨਸਟਾਈਨ, ਜਿਸ ਨੇ 1925 ਵਿਚ ਇਹ ਇਨਾਮ ਹਾਸਲ ਕੀਤਾ ਸੀ, ਉਸ ਦੇ ਸ਼ਬਦਾ ‘ਚ;
“ਅਲਫਰੈਡ ਨੋਬਲ ਨੇ ਆਪਣੇ ਸਮਿਆਂ ਵਿੱਚ ਇਕ ਐਸਾ ਬਾਰੂਦੀ ਵਿਸਫੋਟ ਲੱਭਿਆ ਸੀ, ਜਿਸ ਦਾ ਕੋਈ ਸਾਨੀ ਨਹੀਂ ਸੀ । ਇਕ ਐਸਾ ਮਾਰੂ ਹਥਿਆਰ ਜਿਹੜਾ ਹੁਣ ਤੱਕ ਇਸ ਤੋਂ ਪਹਿਲਾਂ ਕਦੇ ਵੀ ਨਹੀ ਬਣਿਆ ਸੀ”।
ਸ਼ਾਇਦ ਇਸ ਮਾਰੂ ਲੱਭਤ ‘ਤੇ ਸ਼ਰਮਿੰਦਾ ਹੁੰਦਿਆਂ, ਆਪਣੀ ਆਤਮਾ ਨੂੰ ਢਾਰਸ ਦੇਣ ਲਈ ਹੀ ਉਸ ਨੇ ਇਹ ‘ਨੋਬਲ ਇਨਾਮ’ ਰੱਖਿਆ ਹੋਵੇ । ਉਹਨਾਂ ਲੋਕਾਂ ਲਈ, ਜੋ ਜਿੰਦਗੀਆਂ ਬਚਾਉਣ ਤੇ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੇ ਸਨ ਜਾਂ ਹਨ। ਅਲਫਰੈਡ ਨੋਬਲ ਦੀ ਵਸੀਅਤ ਵਿਚ ਵੀ ਇਹੋ ਲਿਖਿਆ ਹੈ। ਇਹ ਇਨਾਮ ਉਸ ਪ੍ਰਤਿਭਾ ਨੂੰ ਹਰ ਸਾਲ ਦਿੱਤਾ ਜਾਵੇ ਜਿਸ ਨੇ ਦੋ ਦੇਸ਼ਾਂ ਵਿੱਚ ਆਪਸੀ ਭਰੱਪਾ ਕਾਇਮ ਕਰਵਾਇਆ ਹੋਵੇ। ਫੌਜਾਂ ਅਤੇ ਹਥਿਆਰਾਂ ਵਿੱਚ ਕਮੀ ਲਿਆਂਦੀ ਹੋਵੇ ਤੇ ਦੋ ਦੁਸ਼ਮਣ ਦੇਸ਼ਾਂ ‘ਚ ਲੱਗੀ ਆਪਸੀ ਜੰਗ ਬੰਦ ਕਰਵਾਈ ਹੋਵੇ ਜਾਂ ਉਹਨਾਂ ‘ਚ ਸੁਲਾਹ ਸਫਾਈ ਦੀ ਚਾਰਾ ਜੋਈ ਕੀਤੀ ਹੋਵੇ। ਇਹ ਸ਼ਰਤਾਂ ਹਨ ਉਸ ਆਦਮੀ ਦੀਆਂ ‘ਨੋਬਲ ਪ੍ਰਾਈਜ’ ਹਾਸਲ ਕਰਨ ਲਈ, ਜੋ ਖੁਦ  ਕੈਮੀਕਲ, ਤੇਲ ਤੇ ਹਥਿਆਰਾਂ ਦੀ ਖ਼ਰੀਦੋ ਫਰੋਖ਼ਤ ‘ਚ ਅਰਬਾਂਪਤੀ ਬਣਿਆ ਹੋਵੇ।
ਅਲਫਰੈਡ ਨੋਬਲ ਬਹੁਤ ਘੱਟ ਲੋਕਾਂ ‘ਚ ਵਿਚਰਦਾ ਸੀ । ਉਹ ਬਹੁਤਾ ਆਪਣੀ ਪ੍ਰਯੋਗਸ਼ਾਲਾ ਵਿੱਚ ਰਹਿ ਕੇ ਖੁਸ਼ ਹੀ ਸੀ। ਤੇ ਘਰ ? ਜਿਥੇ ਉਸ ਦੀ ਪ੍ਰਯੋਗਸ਼ਾਲਾ। ਪ੍ਰਯੋਗਸ਼ਾਲਾਵਾਂ ਤਾਂ ਉਸ ਦੇ ਛੇਆਂ ਹੀ ਘਰਾਂ ਵਿੱਚ ਸਨ। ਉਹ ਕੰਮ ਤੇ ਘਰ ਨਾਲੋ ਨਾਲ ਹੀ ਚੁੱਕੀ ਫਿਰਦਾ ਸੀ। ਆਪਣੇ ਦੋਸਤਾਂ ਮਿੱਤਰਾਂ ‘ਚ ਉਹ ਯੋਰਪ ਦਾ ਅਮੀਰ ਦੋਸਤ ਕਰਕੇ ਜਾਣਿਆ ਜਾਂਦਾ ਸੀ। ਜਿਸ ਤਰ੍ਹਾਂ ਆਪਾਂ ਹਿੰਦੋਸਤਾਨੀ ਲੋਕ ਜਦੋਂ ਕੋਈ ਸਾਡੇ ਤੋਂ ਪੈਸੇ ਮੰਗੇ ਤਾਂ ਆਪਾਂ ਕਹਿ ਦਿੰਦੇ ਹਾਂ, “ਮੇਰੀ ਕਿਹੜਾ ਟਾਟੇ ਬਿਰਲੇ ਨਾਲ ਕੰਧ ਲਗਦੀ ਹੈ” ?  ਉਸੇ ਤਰ੍ਹਾਂ ਯੋਰਪ ਦੇ ਲੋਕਾਂ ਨੇ ਇਹ ਅਖਾਣ ਘੜ ਲਿਆ ਸੀ ਕਿ “ਮੈਂ ਕਿਹੜਾ ਅਲਫਰੈਡ ਨੋਬਲ ਹਾਂ ਜਾਂ ਮੇਰੇ ਬਾਗ ਚ ਕਿਹੜਾ ਨੋਬਲ ਪੈਸਿ਼ਆ ਦਾ ਰੁੱਖ ਲਾ ਗਿਆ ਹੈ” ? ਪਰੰਤੂ ਫਿਰ ਵੀ ਉਹ ਕਿਹੜੀ ਵਜ੍ਹਾ ਸੀ ? 1895 ‘ਚ ਮਰਨ ਤੋਂ ਪਹਿਲਾਂ ਉਹ ਆਪਣੀ ਵਸੀਅਤ ਵਿੱਚ ਇਹ ਲਿਖਵਾਉਣ ਲਈ ਮਜ਼ਬੂਰ ਹੋ ਗਿਆ ਕਿ ਉਸ ਦੀ ਜਾਇਦਾਦ ਮਨੁੱਖਤਾ ਦੇ ਭਲੇ ਲਈ ਵਰਤੋਂ ਵਿੱਚ ਲਿਆਂਦੀ ਜਾਵੇ । ਉਸ ਨੂੰ ਜਾਨਣ ਵਾਲੇ ਇਸ ਨੂੰ ਵੀ ਸ਼ੱਕ ਦੀ ਨਜ਼ਰ ਨਾਲ਼ ਵੇਖਦੇ ਹਨ। ਪ੍ਰੋਫੈਸਰ ਅਬਰਾਹਮ (ਨੋਬਲ ਕਮੇਟੀ ਦਾ ਮਂੈਬਰ) ਇਥੇ ਵੀ ਨਾਂਹ ‘ਚ ਹੀ ਸਿਰ ਮਾਰਦਾ ਹੈ ਅਤੇ ਆਖਦਾ ਹੈ;
“ਮੈਨੂੰ ਨਹੀਂ ਲਗਦਾ ਇਹ ਸਭ ਕੁਝ ਲਿਖਣ ਕਰਨ ਦੇ ਬਾਵਜੂਦ ਵੀ ਉਸ ਨੂੰ ਆਖਰੀ ਸਮੇਂ ਆਪਣੇ ਹੀ ਬਣਾਏ ਹੋਏ ਮਾਰੂ ਹਥਿਆਰਾਂ ੳੱਪਰ ਪਛਤਾਵਾ ਸੀ ‘ਤੇ ਉਹ ਆਪਣੇ ਆਪ ਨੂੰ ਕਸੂਰਵਾਰ ਮਹਿਸੂਸ ਕਰ ਰਿਹਾ ਸੀ”। ਨੋਬਲ ਕਮੇਟੀ ਦੀ ਵੈੱਬਸਾਈਟ ਉੱਪਰ ਵੀ ਘਚੋਲਾ ਹੀ ਹੈ ਕਿ ਵਾਕਿਆ ਹੀ ਉਸ ਦੀ ਸੋਚ ਦੁਨੀਆਂ ਦੇ ਅਮਨ ਅਮਾਨ ਨਾਲ ਨੱਥੀ ਸੀ।  ਕੋਈ ਕਹਿੰਦਾ ਹੈ ਉਸ ਵਿਚ ਮਨੁੱਖਤਾ ਨਾਲ ਪਿਆਰ ਬਚਪਨ ਤੋਂ ਹੀ ਸੀ। ਪਰੰਤੂ ਕੁਝ ਲੋਕ ਇੳਂੁ ਵੀ ਕਹਿੰਦੇ ਹਨ ਕਿ ਮਨੁੱਖਤਾ ਦੇ ਭਲੇ ਵਾਲੀ ਰੱਸੀ ਉਸ ਨੇ ਆਖਰੀ ਉਮਰੇ ਹੀ ਖਿੱਚੀ ਸੀ। ਬਹੁਤੇ ਰੋਮਾਂਟਿਕ ਲੋਕ ਇਸ ਗੱਲ ਦਾ ਫਤਵਾ ਵੀ ਦਿੰਦੇ ਸਨ ਤੇ ਪ੍ਰੇਮ ਪੁਜ਼ਾਰੀ ਲੋਕ ਇਸ ਵਿੱਚ ਯਕੀਨ ਵੀ ਕਰਦੇ ਸਨ ਕਿ ਪਿਆਰ ਵਿੱਚ ਖੀਵੇ ਹੋਏ ਅਲਫਰੈਡ ਨੋਬਲ ਨੂੰ ਤਦ ਹੀ ਪਤਾ ਲੱਗਿਆ ਕਿ ਦੁਨੀਆਂ ਕਿੰਨੀ ਖੁਬਸੂਰਤ ਹੈ। ਕੌਣ ਸੀ ਉਸ ਦਾ ਸਭ ਤੋ ਪਹਿਲਾ ਤੇ ਵੱਡਾ ਪਿਆਰ ? ਮੋਹਤਰਮਾ ਬੋਰੋਨੈਸ ਬੈਰਥਾ ਫੋਨ ਸੂਟਨਰ ਨੇ ਜਦੋਂ ਅਲਫਰੈਡ ਨੋਬਲ ਦੀ ਸੈਕਟਰੀ ਬਣਨ ਵਾਸਤੇ ਅਰਜ਼ੀ ਦਿੱਤੀ ਤਾਂ ਉਹ ਇੰਟਰਵਿਊ ਸਮਂੇ ਉਸ ਨੂੰ ਦੇਖਦਿਆਂ ਹੀ ਕੱਟੇ ਹੋਏ ਦਰੱਖਤ ਵਾਂਗ ਉਸ ਦੇ ਪੈਰਾਂ ‘ਚ ਢਹਿ ਪਿਆ।   
ਪਰ ਅਫਸੋਸ ! ਅਲਫਰੈਡ ਨੋਬਲ ਲਈ, ਕਿਉਂਕਿ ਬੈਰਥਾ ਪਹਿਲਾਂ ਹੀ ਕਿਸੇ ਹੋਰ ਨਾਲ ਮੰਗਣੀ ਕਰਵਾ ਚੁੱਕੀ ਸੀ ਪਰੰਤੂ ਫਿਰ ਵੀ ਉਹ ਦੋਵੇਂ ਅਲਫਰੈਡ ਦੇ ਮਰਨ ਤੱਕ ਇਕ ਦੂਸਰੇ ਦੇ ਕਲਮੀ ਮਿੱਤਰ ਬਣੇ ਰਹੇ। ਇਕ ਥਾਂ ਬੈਰਥਾ ਨੇ ਨੋਬਲ ਨੂੰ ਚਿੱਠੀ ਵਿਚ ਲਿਖਿਆ ਵੀ ਸੀ, ਜਦਂੋ ਉਹ ਆਪਣੀ ਵਸੀਅਤ ਬਨਾਉਣ ਵਿੱਚ ਰੁੱਝਿਆ ਹੋਇਆ ਸੀ, “ਮੈਨੂੰ ਨਹੀਂ ਪਤਾ ਜਿੰ਼ਦਗੀ ਵਿੱਚ ਮੈਂ ਵੀ ਉਹ ਕੁਝ ਆਪਣੀਆਂ ਅੱਖਾਂ ਨਾਲ ਵੇਖ ਸਕਾਂਗੀ ਕਿ ਨਹੀਂ, ਜੋ ਅਸੀਂ ਦੁਨੀਆਂ ਨੂੰ ਦੇ ਚੱਲੇ ਹਾਂ । ਨੋਬਲ ਤਾਂ ਚਲਾ ਗਿਆ ਰੱਬ ਦੇ ਘਰ ਪਰ ਬੈਰਥਾ ਜਿ਼ੳਂੁਦੀ ਰਹੀ। ਉਸ ਨੇ ਉਹ ਸਾਰਾ ਕੁਝ ਅੱਖੀਂ ਵੇਖ ਵੀ ਲਿਆ ਤੇ ਹਾਸਲ ਵੀ ਕਰ ਲਿਆ। 1905 ਇਸਵੀ ਵਿਚ ਅਮਨ ਦਾ ਪ੍ਰਤੀਕ ਇਹ ਨੋਬਲ ਇਨਾਮ ‘ਮੋਤਰਮਾ ਬੋਰੋਨੈਸ ਬੈਰਥਾ’ ਨੂੰ ਹੀ ਦਿੱਤਾ ਗਿਆ। ਇੱਕ ਇਨਾਮ ਜੋ ਇਕ ਤਰਫ਼ਾ ਪਿਆਰ ‘ਚ ਖੀਵੇ ਹੋਏ ਅਲਫਰੈਡ ਨੋਬਲ ਨੇ ਸ਼ਾਇਦ ੳਸੇ ਲਈ ਹੀ ਚਿਤਵਿਆ ਸੀ । ਲਾਸ਼ਾਂ ਦਾ ਇਹ ਸੌਦਾਗਰ ਪ੍ਰੇਮ  ਪੱਤਰ ਲਿਖਣ ਵਿਚ ਵੀ ਰਿਕਾਰਡ ਕਾਇਮ ਕਰ ਗਿਆ ਸੀ। ਬੈਰਥਾ ਵੱਲੋ ਨਾਂਹ ਕਰ ਦੇਣ ਤੇ ਇਹ ਟੁੱਟੇ ਦਿਲ ਵਾਲਾ ਆਸ਼ਕ ਇਸ਼ਕ ਦਾ ਬੁਖਾਰ ਠੰਢਾ ਕਰਨ ਲਈ ਇਕ ਹੋਰ ਵੀਹ ਸਾਲਾਂ ਦੀ ਜਵਾਨ ਫੁੱਲ ਵੇਚਣ ਵਾਲੀ ਮਾਲਣ ‘ਤੇ ਲੱਟੂ ਹੋ ਗਿਆ। ਸੋਫ਼ੀ ਹੈਸ ਨਾਂ ਦੀ ਇਸ ਗਰੀਬ ਮਾਲਣ ਨੂੰ ਰਿਝਾਉਣ ਵਾਸਤੇ ਇਹ ਅੱਧਖੜ ਆਸ਼ਕ ਦਿਹਾੜੀ ‘ਚ ਤੀਹ-ਤੀਹ ਪ੍ਰੇਮ ਪੱਤਰ ਲਿਖਣ ਲੱਗ ਪਿਆ। ਚਿੱਠੀ ਦੇ ਅਖ਼ੀਰ ਵਿੱਚ ਸੋਫ਼ੀ ਨੂੰ ਉਹ ਮੇਰੀ ਪਿਆਰੀ ‘ਨਿੱਕੋ’ ਲਿਖਦਾ ਸੀ ਅਤੇ ਨਾਲ ਹੀ ਆਪਣੇ ਆਪ ਨੂੰ ਤੇਰਾ ਪਿਆਰਾ ਭਾਲੂ ਲਿਖਦਾ। ਨਿੱਕੋ ਨੂੰ ਭਰਮਾਉਣ ‘ਤੇ ਆਪਣੇ ਵੱਸ ਵਿੱਚ ਕਰਨ ਲਈ ਅਲਫਰੈਡ ਉਸ ਨੂੰ ਮਹਿੰਗੇ ਤੋ ਮਹਿੰਗੇ ਤੋਹਫੇ ਖਰੀਦ ਕੇ ਦਿੰਦਾ। ਪਰਤੂੰ ਇਥੇ ਫਿਰ ਅਫਸੋਸ । ਕਿੳਂੁਕਿ ਨਿੱਕੋ ਉਸ ਨੂੰ ਘੱਟ ਹੀ ਚਾਹੁੰਦੀ ਸੀ । ਉਹ ਲਾਰੇ ਲਾ ਕੇ ਮਹਿੰਗੇ ਤੋਹਫੇ ਤੇ ਮਾਲ  ਬੱਤਾ ਤਾਂ ਅਲਫਰੈਡ ਤੋ ਮੁੱਛੀ  ਗਈ ਤੇ ਗਰਭਵਤੀ ਕਿਸੇ ਹੋਰ ਤੋਂ ਹੋ ਗਈ। ਅਲਫਰੈਡ ਨੋਬਲ ਦੀ ਮੌਤ ਤੋ ਬਾਅਦ ਜਦਂੋ ਇਹ ਪ੍ਰੇਮ ਪੱਤਰ ਉਸ ਨੇ ਦੁਨੀਆਂ ਨੂੰ ਵਿਖਾਉਣੇ ਚਾਹੇ ਤਾਂ ਅਲਫਰੈਡ ਨੋਬਲ ਦਾ ਇੱਕੋ ਇੱਕ ਦੋਸਤ ਤੇ ਸਹਾਇਕ ਰਗਨਾਰ ਸੋਲਮਾਨ, ਜੋ ਇਹਨਾਂ ਪ੍ਰੇਮ ਪੱਤਰਾਂ ਤੋਂ ਜਾਣੂ ਸੀ । ਉਸ ਨੇ ਮੂੰਹ ਮੰਗੀ ਕੀਮਤ ਦੇ ਕੇ ਸੋਫ਼ੀ ਹੈਸ ਯਾਨੀ ਕਿ ‘ਨਿੱਕੋ’ ਦੇ  ਪ੍ਰੇਮ ਪੱਤਰ ਖਰੀਦਣ ਦਾ ਪ੍ਰਸਤਾਵ ਰੱਖਿਆ । ਉਹ ਡਰਦਾ ਸੀ ਜੇਕਰ ਇਹ ਪ੍ਰੇਮ ਪੱਤਰ ਦੁਨੀਆਂ ਦੇ ਸਾਹਮਣੇ ਆ ਗਏ ਤਾਂ ਉਸ ਦੇ ਦੋਸਤ + ਮਾਲਕ ਦੇ ਵੱਡੇ ਨਾਂ ਨੂੰ ਧੱਬਾ ਲੱਗ ਸਕਦਾ ਹੈ। ਰਗਨਾਰ ਸੋਲਮਾਨ ਹੀ ਅਸਲ ਵਿੱਚ ਆਖਰੀ ਵਾਰਸ ਸੀ ਨੋਬਲ ਦੀ ਆਖਰੀ ਇੱਛਾ ਨੂੰ ਸਿਰੇ ਚੜ੍ਹਾਉਣ ਵਾਲਾ । ਅਲਫਰੈਡ ਨੋਬਲ ਨੂੰ ਵਕੀਲਾਂ ਤੇ ਜੱਜਾਂ ਤੋ ਸਖ਼ਤ ਨਫ਼ਰਤ ਸੀ, ਇਸੇ ਕਰਕੇ ਉਸ ਨੇ ਆਪਣੀ ਵਸੀਅਤ ਵੀ ਖੁਦ ਲਿਖੀ। ਵਕੀਲਾਂ ਨੂੰ ਅਲਫਰੈਡ ਨੋਬਲ ਨਫ਼ਰਤ ਨਾਲ ਕਾਕਰੌਚ ਜਾਂ ਉਸ ਨਾਲ ਮਿਲਦੇ ਜੁਲਦੇ ਕੀੜੇ ਮਕੌੜੇ ਹੀ ਗਰਦਾਨਦਾ ਸੀ। ਉਹਨਾਂ ਬਾਰੇ ਉਹ ਕਹਿੰਦਾ ਸੀ ਕਿ  ਇਸ ਲਾਣੇਂ ਕੋਲ ਸਿਰਫ ਇਕੋ ਹੀ ਹੁਨਰ ਹੈ ਕਿ ਇਹ ਆਪਣੀਆਂ ਦਲੀਲਾਂ ਨਾਲ ਸਿੱਧੀ ਲਕੀਰ ਨੂੰ ਵੀ ਟੇਢੀ ਸਿੱਧ ਕਰ ਸਕਦੇ ਹਨ। ਏਸੇ ਕਰਕੇ ਉਸ ਦੀ ਵਸੀਅਤ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਘਚੋਲੇ ਵਿੱਚ ਹੀ ਰਹੀਆ । ਉਸ ਦੀ  ਮੌਤ ਤੋ ਬਾਅਦ ਉਸ ਦੀ ਭਾਰੀ ਜਾਇਦਾਦ, ਜੋ ਉਸ ਸਮੇਂ ਇਕੱਤੀ ਮੀਲੀਅਨ ਕਰੋਨ (ਤਿੰਨ ਮਿਲੀਅਨ ਯੂਰੋ) ਦੇ ਕਰੀਬ ਸੀ, ਦਾ ਭਾਰੀ ਰੱਟਾ ਪਿਆ ਰਿਹਾ। ਹੁਣ ਤਾਂ ਇਹ ਜਾਇਦਾਦ (ਇੱਕ ਸੋ ਤਿੰਨ ਸਾਲ ਬਾਅਦ) 1650 ਮੀਲੀਅਨ ਕਰੋਨ (ਕਰੋਨ ਸਵੀਡਨ ਦਾ ਸਿੱਕਾ) ਤੋਂ ਵੀ ਵੱਧ ਹੋਵੇ ?
ਉਸ ਦੇ ਆਪਣੇ ਮੁਲਕ ਵਿੱਚ ਵੀ ਨੋਬਲ ਇਨਾਮ ਨੂੰ ਕੋਈ ਬਹੁਤੀ ਗੰਭੀਰਤਾ ਨਾਲ ਨਹੀ ਗੌਲਿਆ ਜਾਂਦਾ ਕਿਉਂਕਿ ਇਹ ਇਨਾਮ ਸੰਸਾਰ ਦੇ ਹਰ ਦੇਸ਼ ਦੇ ਬਾਸਿ਼ੰਦੇ ਵਾਸਤੇ ਰੱਖਿਆ ਗਿਆ ਹੈ, ਨਾ ਕਿ ਸਿਰਫ ਸਕੰਡੇਨੇਵੀਅਨ (ਸਵੀਡਨ, ਨਾਰਵੇ, ਫਿਨਲੈਂਡ) ਮੁਲਕਾਂ ਦੇ ਖੋਜਕਾਰਾਂ ਲਈ । ਸਵੀਡਨ ਦਾ ਰਾਜਾ (ੳਸਕਾਰ-11) ਵੀ ਗਾਹੇ ਬਗਾਹੇ ਇਸ ਇਨਾਮ ਉੱਪਰ ਸਖਤ ਟਿੱਪਣੀਆਂ ਕਰਦਾ ਰਹਿੰਦਾ ਸੀ। ਉਹ ਇਸ ਇਨਾਮ ਨੂੰ ਕਿਸੇ ਮੂਰਖ ਦਾ ਆਇਡੀਆ ਮੰਨਦਾ ਸੀ ਅਤੇ ਐਸ ਤਰ੍ਹਾਂ ਦੇ ਕਸੀਦੇ ਕੱਸਦਾ ਰਹਿੰਦਾ  ਸੀ, ਇਹ ਸਿਰਫ ਕਿਸੇ ਜਨਾਨੀ ਦੀ ਸ਼ਾਂਤੀ ਲਈ ਹੀ ਰੱਖਿਆ ਗਿਆ ਇਨਾਮ  ਹੈ। ਉਹ ਸਿੱਧੀ ਉਂਗਲ ਅਲਫਰੈਡ ਨੋਬਲ ਦੇ ਇਕ ਤਰਫਾ ਖੁੱਸੇ ਪਿਆਰ ਦੀ ਨਾਇਕਾ ਬੈਰਥਾ ਫਾਨ ਸ਼ੂਟਨਰ ਉੱਪਰ  ਹੀ ਰੱਖਦਾ ਸੀ। ਇਸ ਸਾਰੇ ਰੋਲ ਘਚੌਲੇ  ਤੇ ਵਿਰੋਧ ਦੇ ਬਾਵਜੂਦ ਵੀ ਇਹ ਨੋਬਲ ਇਨਾਮ ਅਲਫਰੈਡ ਦੀ ਮੌਤ ਤੋ ਬਾਅਦ ਦੇ ਪੰਜਾਂ ਸਾਲਾਂ ਵਿੱਚ  ਹਕੀਕਤ ਵਿੱਚ ਆ ਗਿਆ, ਅਲਫਰੈਡ ਨੋਬਲ ਦੇ ਪਿਆਰੇ ਭਤੀਜੇ ਇਮਾਨੁਅਲ ਅਤੇ ਉਸ ਦੇ ਇਕੋ ਇੱਕ  ਦੋਸਤ ਤੇ ਸਹਾਇਕ ਰਗਨਾਰ ਸੋਲਮਾਨ ਦੇ ਯਤਨਾਂ ਨਾਲ । ਰਗਮਾਰ ਸੋਲਮਾਨ ਵੈਸਟਨ ਫਿਲਮਾਂ ਦੇ ਹੀਰੋ ਵਾਂਗ ਡੱਬ ਵਿੱਚ ਗੋਲੀਆਂ ਨਾਲ ਭਰਿਆ ਪਿਸਤੌਲ ਅੜਾ ਕੇ ਘੋੜਿਆਂ ਵਾਲੀ ਬੱਘੀ ਵਿੱਚ ਅਲਫਰੈਡ ਨੋਬਲ ਦੀ ਕਰੋੜਾਂ ਦੀ ਜਾਇਦਾਦ ਫਰਾਂਸ ਤੋਂ ਸਮਗਲ ਕਰਕੇ ਸਵੀਡਨ ਲਿਆਉਣ ਵਿੱਚ ਕਾਮਯਾਬ ਹੋਇਆ ਸੀ।
ਅਖੀਰ 29 ਜੂਨ 1900 ਈਸਵੀ ਵਿੱਚ ਨੋਬਲ ਫਾਂਉਡੇਸ਼ਨ ਨੂੰ ਕਿੰਗ ੳਸਕਾਰ-11 ਦਾ  ਵੀ ਸਮਰਥਨ ਪ੍ਰਾਪਤ ਹੋ ਗਿਆ ਅਤੇ ਇੱਕ ਸਾਲ ਬਾਅਦ  ਇਹ ਇਨਾਮ ਦੇਣ-ਲੈਣ ਦੀ ਤਿਆਰੀ ਮੁੰਕਮਲ ਹੋ ਗਈ। ਉਦੋਂ ਦਾ ਹੀ ਦੁਨੀਆਂ ਦਾ ਇਹ ਵੱਕਾਰੀ ਇਨਾਮ ਅਲਫਰੈਡ ਨੋਬਲ ਦੀ ਇੱਛਾ ਮੁਤਾਬਕ ਵੰਡਿਆ ਜਾਣ ਲੱਗਾ। ਹਰ ਸਾਲ ਕਿਸੇ ਸਾਇੰਸਦਾਨ, ਖੋਜੀ, ਲਿਖਾਰੀ ਜਾਂ ਕਈਆਂ ਦੇ ਕਹਿਣ ਵਾਂਗ ਕਿਸੇ ਅਮਨ ਦੀ ਪ੍ਰਤੀਕ ਮਹਾਨ ਹਸਤੀ ਨੂੰ ਦਿੱਤਾ ਜਾਣ ਲੱਗਿਆ।                                          
ਬੜਾ ਔਖਾ ਹੈ ਇਹ ਫਂੈਸਲਾ ਕਰਨਾ, ਅਲਫਰੈਡ ਨੋਬਲ ਦੀ ਦੋਹਰੀ ਅਤੇ ਡਬਲ ਸਟੈਂਡਰਡ ਜਿੰਦਗੀ ਨੂੰ ਵੇਖਦਿਆਂ ਕਿ ਵਾਕਿਆ ਹੀ ਇਹ ਇਨਾਮ ਉਸ ਨੇ ਦੁਨੀਆਂ ਦੇ ਅਮਨ ਸ਼ਾਂਤੀ ਲਈ ਕਿਸੇ ਡੂੰਘੀ ਸੋਚ ਵਿਚਾਰ ਦੇ ਅਧੀਨ ਰੱਖਿਆ ਸੀ ਜਾਂ ਫਿਰ ਸਿਰਫ ਆਪਣੇ ਸੰਘੀਉਂ ਟੁੱਟੇ  ਇੱਕ ਤਰਫਾ ਪਿਆਰ ਦੇ ਗਮ ਵਿੱਚ ਆਪਣੀ ਪ੍ਰੇਮਕਾ ਬੈਰਥਾ ਫੋਨ ਸ਼ੁਟਨਰ ਨੂੰ ਰਿਝਾਉਣ ਜਾਂ ਮਨਾਉਣ ਲਈ। ਕਿਉਂਕਿ  ਜਦੋ ਉਹਨਾਂ ਦੀਆਂ ਪਹਿਲੀਆਂ ਹੀ ਮੁਲਾਕਾਤਾਂ ਸੁਰੂ ਹੋਈਆਂ ਸਨ ਤਾਂ ਉਹ ਉਸਨੂੰ ਦੱਸਦਾ ਹੁੰਦਾ ਸੀ ਕਿ ਕਿਸ ਤਰਾਂ ਮਸ਼ੀਨਾਂ ਜਾਂ ਮਟੀਰੀਅਲ ਦੁਨੀਆਂ ਦੀਆਂ ਸਾਰੀਆਂ ਜੰਗਾਂ ਨੂੰ ਖਤਮ ਕਰ ਸਕਦੇ ਹਨ। ਮਗਰੋਂ ਉਸ ਨੇ ਇੱਕ ਵਾਰ ਬੈਰਥਾ ਨੂੰ ਲਿਖਿਆ ਵੀ ਸੀ। ਹੋ ਸਕਦਾ ਹੈ ਮੇਰੇ ਵਿਸਫੋਟ ਅਤੇ ਹਥਿਆਰਾਂ ਦੇ ਕਾਰਖਾਨੇ ਦੁਨੀਆਂ ਦੀਆਂ ਸਾਰੀਆਂ ਜੰਗਾਂ ਨੂੰ ਤੇਰੇ ਅਮਨ ਦੇ ਸਮਝੌਤਿਆਂ ਤੋਂ ਪਹਿਲਾਂ ਹੀ ਖਤਮ ਕਰ ਦੇਣ । ਜਦੋਂ ਇਸ ਧਰਤੀ ਦੇ ਸਾਰੇ ਦੇਸ਼ਾਂ ਦੀਆਂ ਫੌਜਾਂ ਆਪਣੇ ਹੱਥਾਂ ਵਿੱਚ ਫੜ੍ਹੇ ਹੋਏ ਮੇਰੇ ਇਜ਼ਾਦ ਕੀਤੇ ਵਿਸਫੋਟ ਤੇ ਮਾਰੂ ਹਥਿਆਰ ਇਕ ਦੂਸਰੇ ਉੱਪਰ  ਸੁੱਟਣ ਲਈ ਤਿਆਰ ਹੋਣਗੇ। ਇਹ ਮੰਜਰ ਵੇਖ ਸੋਚ ਕੇ ਇਸ ਧਰਤੀ ਦੇ ਸਾਰੇ ਦੇਸ਼ ਆਪਣੀਆਂ ਫੌਜਾਂ ਨੂੰ ਲੜਣੋਂ ਹਟਾ ਲੈਣਗੇ ?
ਬੜੇ ਦੁੱਖ ਨਾਲ ਅਲਫਰੈਡ ਨੋਬਲ ਦੁਆਰਾ ਬੈਰਥ  ਨੂੰ ਮਾਰੀ  ਸੱਚ ਵਰਗੀ ਫੜ੍ਹ ਨੂੰ, ਹੁਣ ਦੇ ਸੰਧਰਭ ਵਿੱਚ ਦੁਨੀਆਂ ਦੇ ਸਾਹਮਣੇ ਰੱਖਣਾ ਅਤੇ ਵਿਚਾਰਣਾ ਪੈ ਰਿਹਾ ਹੈ । ਇੱਕ ਪਾਸੇ ਧੱਕੜ ਪ੍ਰਮਾਣੂ, ਜਿਵਾਣੂ, ਨਿਉਕਲੀਅਰੀ ਹਥਿਆਰਾਂ ਨਾਲ ਮਾਲਾਮਾਲ  ਮਹਾਂਸ਼ਕਤੀ ਅਮਰੀਕਾ ਅਤੇ ਦੂਜੇ ਪਾਸੇ (ਯੂ ਐਨ) ਤੀਜੇ ਪਾਸੇ ਇਰਾਨ, ਇਰਾਕ ਤੇ ਅਫਗਾਨਿਸਤਾਨ ਅਤੇ ਚੌਥਾ ਹੁਣ ਪਾਕਿਸਤਾਨ। ਪਰ ਨਾਲ ਇਹ ਵੀ ਹੈ ਕਿ ਹੁਣ ਇੱਕਵੀ ਸਦੀ ਹੈ ਅਤੇ ਅੱਜ ਦੇ ਸੰਸਾਰ ਉੱਪਰ ਹੂ ਬ ਹੂ ਅੱਜ ਤੋਂ ਸੌ ਸਾਲ ਪਹਿਲਾਂ ਵਾਲੇ ਫਾਰਮੁੱਲੇ ਫਿੱਟ ਨਹੀਂ ਹੋ ਸਕਦੇ। ਉਸੇ ਤਰ੍ਹਾਂ ਜਿਸ ਤਰਾਂ ਜੇ ਅੱਜ ਨਿਪੋਲੀਅਨ ਜਿਉਂਦਾ ਹੁੰਦਾ ਤਾਂ ਹੁਣ ਦੇ ਫਰਾਂਸ ਦੇ ਪ੍ਰਧਾਨ ਮੰਤਰੀ ਸਰਕੋਜੀ ਬਾਰੇ ਕਿਵੇ ਸੋਚਦਾ ? ਜਾਂ ਮਹਾਤਮਾ ਗਾਂਧੀ ਸੋਨੀਆਂ ਗਾਂਧੀ ਦੀ ਲੀਡਰਸਿ਼ਪ ਬਾਰੇ ਕੀ ਰਾਏ ਦਿੰਦਾ ? ਜੋ ਮਰਜ਼ੀ ਹੋਵੇ ਪਰ ਨੋਬਲ ਇਨਾਮ ਹਮੇਸ਼ਾਂ ਹੀ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ। ਜ਼ਰਾ ਉਹ ਵੰਨਗੀ ਤਾਂ ਵੇਖੋ ਜਿੰਨਾਂ-ਜਿੰਨਾਂ ਨੂੰ ਇਹ ਇਨਾਮ ਮਿਲਿਆ ਹੈ। ਹਾਵੀਕਨ, ਹੈਨਰੀ ਕਿੰਸਿਗਨ, ਸ਼ੀਮੋਨ ਪੇਰੇਸ, ਯਾਸਰ ਆਰਾਫਾਤ, ਬਰਾਕ ਉਬਾਮਾ। ਇਹ ਇਨਾਮ ਉਹੋ ਜਿਹਾ ਹੀ ਹੈ, ਜਿਹੋ ਜਿਹਾ ਅਲਫਰੈਡ ਨੋਬਲ ਦੀ ਕਬਰ  ‘ਤੇ ਲੱਗੇ ਪੱਥਰ ‘ਤੇ ਲਿਖਿਆ ਹੈ । ਇੱਕ ਵਿਰੋਧਾਭਾਸ ਡਬਲ ਸਟੈਂਡਰਡ ਵਾਲਾ ਮਨੁੱਖ ਜਿਹੜਾ ਇੱਕ ਹੱਥ ਵਿੱਚ ਜੰਗ ਅਤੇ ਦੂਸਰੇ ਹੱਥ ਵਿੱਚ ਅਮਨ ਫੜੀ ਫਿਰਦਾ ਸੀ।
****