ਪੱਤਰਕਾਰਾਂ ਦਾ ਕੀ ਐ ਇਹ ਤਾਂ……… ਲੇਖ / ਖੁਸ਼ਪ੍ਰੀਤ ਸੁਨਾਮ

ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਪ੍ਰਸਿੱਧ ਗਾਇਕ ਦੇ ਸ਼ੋਅ ਵਿੱਚ ਸ਼ਾਮਲ ਹੋਣਾ ਸੀ।ਪੱਤਰਕਾਰਾਂ ਨੂੰ ਪ੍ਰੋਗਰਾਮ ਦੀ ਕਵਰੇਜ਼ ਲਈ ਵਿਸੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ। ਅਸੀ ਤਿੰਨ ਚਾਰ ਜਣੇ ਜੋ ਵੱਖੋ ਵੱਖ ਅਦਾਰਿਆਂ ਲਈ ਸ਼ੌਂਕੀਆ ਤੌਰ ‘ਤੇ ਪੱਤਰਕਾਰੀ ਨਾਲ਼ ਜੁੜੇ ਹੋਏ ਹਾਂ, ਨੇ ਪ੍ਰੋਗਰਾਮ ਵਾਲੇ ਹਾਲ ਦੇ ਬਾਹਰ ਮਿਲਣਾ ਨਿਯਤ ਕੀਤਾ ਹੋਇਆ ਸੀ। ਦੂਜੇ ਦੋਸਤਾਂ ਦੇ ਟ੍ਰੈਫਿਕ ਵਿੱਚ ਫਸ ਜਾਣ ਕਾਰਣ ਮੈਂ ਪਹਿਲਾਂ ਪਹੰਚ ਗਿਆ ਅਤੇ ਹਾਲ ਦੇ ਬਾਹਰ ਬਣੇ ਕੌਰੀਡੋਰ ਵਿੱਚ ੳਹਨਾਂ ਦਾ ਇੰਤਜ਼ਾਰ ਕਰਨ ਲੱਗਾ। ਆਪਣੇ ਮਹਿਬੂਬ ਗਾਇਕ ਨੂੰ ਸੁਨਣ ਲਈ ਉਸਦੇ ਪ੍ਰਸ਼ੰਸਕ ਵਹੀਰਾਂ ਘੱਤ ਕੇ ਪਹੰਚ ਰਹੇ ਸਨ। ਉਸੇ ਥਾਂ ‘ਤੇ ਮੇਰੇ ਪਿਛੇ ਦੋ ਸੱਜਣ ਆਪਸ ਵਿੱਚ ਗੱਲਾਂ ਕਰ ਰਹੇ ਸਨ। ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਪੱਤਰਕਾਰਾਂ ਬਾਰੇ ਸੀ। ਕਿੳਂਕਿ ਉਹਨਾਂ ਨੂੰ ਮੇਰੇ ਪੱਤਰਕਾਰ ਹੋਣ ਬਾਰ ਪਤਾ ਨਹੀ ਸੀ। ਇਸ ਲਈ ਉਹ ਬੇਝਿਜਕ ਜੋ ਕੇ ਗੱਲਬਾਤ ਕਰ ਰਹੇ ਸਨ। ਪਹਿਲਾ ਵਿਅਕਤੀ ਬੋਲਿਆ;
“ਯਾਰ ! ਅੱਜ ਤਾਂ ਇਥੇ ਪੱਤਰਕਾਰਾਂ ਦੀ ਪੂਰੀ ਫੌਜ ਪਹੁੰਚਣੀ ਹੈ
“ਇਸ ਵਿੱਚ ਕੀ ਵੱਡੀ ਗੱਲ ਐ, ਪੱਤਰਕਾਰਾਂ ਦਾ ਕੀ ਐ… ? ਇਹ ਤਾਂ ਚਾਹ ਦੇ ਕੱਪ ਦੀ ਮਾਰ ਨੇ ਜਾਂ ਫੇਰ ਪ੍ਰੋਗਰਾਮ ਦੀ ਟਿਕਟ ਤੇ ਪਹੰਚ ਜਾਂਦੇ ਹਨ”, ਦੂਸਰੇ ਨੇ ਉਤਰ ਦਿੱਤਾ।
ਉਨ੍ਹਾਂ ਦੀ ਗੱਲਬਾਤ ਸੁਣ ਕੇ ਮੈਨੂੰ ਇੱਕ ਝਟਕਾ ਜਿਹਾ ਲੱਗਾ। ਮੈਥੋਂ ਉਤੇ ਜਿਆਦਾ ਸਮਾਂ ਖੜਿਆ ਨਾ ਗਿਆ।ਮੈਂ ਆਪਣੇ ਦੋਸਤਾਂ ਦਾ ਇੰਤਜਾਰ ਕਰ ਰਿਹਾ ਸੀ ਤੇ ਦੂਜੇ ਪਾਸੇ ਉਹ ਸੱਜਣਾਂ ਦੇ ਬੋਲ ਵਾਰੀ ਵਾਰੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਸਨ।ਪੱਤਰਕਾਰਾਂ ਦਾ ਕੀ ਐ ਇਹ ਤਾਂ…
ਇਹ ਗੱਲ ਜੋ ਇਨਾਂ ਸੱਜਣਾਂ ਨੇ ਆਪਣੀ ਗੱਲਬਾਤ ਦੌਰਾਨ ਕਹੀ, ਇਹ ਕੋਈ ਨਵੀਂ ਗੱਲ ਨਹੀਂ ਸੀ, ਅਕਸਰ ਇਹ ਗੱਲਾਂ ਸੁਨਣ ਨੂੰ ਮਿਲਦੀਆਂ ਨੇ। ਪਰ ਇਸ ਧਰਤੀ ‘ਤੇ ਆ ਕੇ ਇਹ ਉਮੀਦ ਕੀਤੀ ਨਹੀਂ ਸੀ। ਮੈਂ ਵਾਰ ਵਾਰ ਇਹ ਗੱਲ ਸੋਚ ਰਿਹਾ ਸੀ ਕਿ ਇਸ ਖੇਤਰ ਵਿੱਚ ਕੁਝ ਗਲਤ ਲੋਕਾਂ ਦੀ ਆਵਾਜਾਈ ਕਾਰਨ ਬਦਨਾਮੀ ਸਾਰਿਆਂ ਨੂੰ ਝੱਲਣੀ ਪੈਂਦੀ ਐ। ਕਿਉਂਕਿ ਹਣ ਤੱਕ ਦਾ ਇਸ ਖੇਤਰ ਵਿੱਚ ਕੀਤੇ ਕੰਮ ਕਰਨ ਦਾ ਤਜਰਬਾ ਇਹੋ ਕਹਿੰਦਾ ਸੀ ਕਿ ਲੋਕ ਸਭ ਨੂੰ ਇਕੋ ਤੱਕੜੀ ਵਿੱਚ ਤੋਲਦੇ ਨੇ। ਗੱਲ ਫੇਰ ਉਥੇ ਆ ਕੇ ਹੀ ਰੁਕ ਗਈ। ਇੱਥੇ ਆ ਕੇ ਕੀ ਲੋੜ ਪਈ ਸੀ, ਇਸ ਕੰਮ ਵਿੱਚ ਪੈਣ ਦੀ ? ਆਪਣਾ ਕੰਮ ਵੀ ਛੱਡੋ ਤੇ ਲੋਕਾਂ ਦੀ ਵੀ ਸੁਣੋ। ਹੋਰਨਾਂ ਵਾਂਗ ਵਧੀਆ ਕਮਾ ਖਾ ਰਹੇ ਸੀ ਪਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੰਦਾ। ਹੁਣ ਜੇ ਕਿਸੇ ਨੂੰ ਗਾਉਣ ਦਾ ਸ਼ੌਂਕ ਸੀ, ਉਸਨੇ ਇਥੇ ਆ ਕੇ ਵੀ ਗਾਉਣਾ ਜਾਰੀ ਰੱਖਿਆ ਹੋਇਆ ਹੈ, ਕੋਈ ਸ਼ੌਂਕ ਵਜੋਂ ਢੋਲ ਵਜਾ ਰਿਹਾ ਹੈ । ਹਰ ਕੋਈ ਆਪਣਾ ਸ਼ੌਂਕ ਪੁਗਾ ਰਿਹਾ ਹੈ। ਸਾਡੇ ਵਰਗੇ ਕੁਝ ਸਿਰਫਿਰਿਆਂ ਨੂੰ ਲਿਖਣ ਦਾ ਸ਼ੌਂਕ ਸੀ, ਸੋ ਅਸੀਂ ਵੀ ਜੋ ਮਨ ਵਿੱਚ ਆਉਂਦਾ ਝਰੀਟਦੇ ਰਹਿੰਦੇ। ਇਥੇ ਆਉਣ ਦੇ ਕੁਝ ਮਹੀਨੇ ਬਾਅਦ ਹੀ ਭਾਜੀ ਤਸਵਿੰਦਰ ਹੋਰਾਂ ਨਾਲ ਮੇਲ ਹੋਇਆ । ਮਹੀਨੇ ਬਾਅਦ ਇੱਕ ਅੱਧਾ ਲੇਖ ਲਿਖ ਕੇ ਆਪਣਾ ਚਾਅ ਵੀ ਪੂਰਾ ਕਰ ਲੈਂਦੇ । ਇਸ ਸਮੇਂ ਦੌਰਾਨ ਸਿੱਧੇ ਤੌਰ ‘ਤੇ ਕਿਸੇ ਨਾਲ ਵਾਹ ਵਾਸਤਾ ਨਹੀਂ ਸੀ ਪਿਆ। ਪੰਜਾਬ ਰਹਿੰਦੇ ਕਈ ਚੈਨਲਾਂ ਅਤੇ ਅਖਬਾਰਾਂ ਵਿੱਚ ਕੰਮ ਕੀਤਾ ਸੀ ਅਤੇ ਇਥੇ ਆਉਣ ਤੋਂ ਪਹਿਲਾਂ ਇਹੋ ਸੋਚਿਆ ਸੀ ਕਿ ਮੁੜ ਸਰਗਰਮ ਪੱਤਰਕਾਰੀ ਦੇ ਖੇਤਰ ਵਿੱਚ ਨਹੀਂ ਪੈਣਾ। ਪਰ ਨਾਲ ਦੇ ਬੇਲੀਆਂ ਦੇ ਕਹਿਣ ‘ਤੇ ਮੁੜ ਅਖਬਾਰ ਜੁਆਇਨ ਕਰਨ ਦਾ ਮਨ ਬਣਾ ਲਿਆ। ਸੋਚਿਆ ਸੀ ਕਿ ਆਪਣੀ ਕਲਮ ਰਾਹੀਂ ਇਥੋਂ ਦੇ ਪੌਣ-ਪਾਣੀ, ਸੱਭਿਆਚਾਰ ਅਤੇ ਹੋਰ ਰੰਗਾਂ ਦਾ ਵਰਨਣ ਕਰਿਆ ਕਰਾਂਗੇ। ਜਦੋਂ ਮੈਂ ਅਖਬਾਰ ਜੁਆਇਨ ਕੀਤਾ, ਉਸ ਸਮੇਂ ਪੂਰੇ ਆਸਟ੍ਰੇਲੀਆ ਵਿੱਚ ਪੰਜਾਬੀ ਗਾਇਕਾਂ ਦੇ ਸ਼ੋਅ ਹੋ ਰਹੇ ਸਨ ਅਤੇ ਪੰਜਾਬੀ ਫਿਲਮਾਂ ਵੀ ਧੜਾਧੜ ਰਿਲੀਜ਼ ਹੋ ਰਹੀਆਂ ਸਨ। ਮੇਰੇ ਤੋ ਪਹਿਲਾਂ ਵੀ ਲਈ ਕਈ ਸੱਜਣ ਇਹ ਸੇਵਾ ਵੱਖੋ ਵੱਖ ਅਦਾਰਿਆਂ ਲਈ ਨਿਭਾ ਰਹੇ ਸਨ।                                                                  
ਅਖਬਾਰਾਂ ਦਾ ਵੀ ਇਹੋ ਮਨੋਰਥ ਹੰਦਾ ਹੈ ਕਿ ਪੱਤਰਕਾਰ ਦੇ ਰਾਹੀਂ ਵੱਧ ਤੋ ਵੱਧ ਬਿਜ਼ਨਸ ਕੀਤਾ ਜਾਵੇ ਪਰ ਪੱਤਰਕਾਰ ਨੂੰ ਕੁਝ ਦੇਣ ਦੇ ਮਾਮਲੇ ਵਿੱਚ ਅਖਬਾਰਾਂ ਵੀ ਪਾਸਾ ਵੱਟ ਜਾਂਦੀਆ ਹਨ । ਜਿਵੇਂ ਕਹਿੰਦੇ ਨੇ ਚੜ੍ਹਦੇ ਸੂਰਜ ਨੂੰ ਸਲਾਮ, ਕੁਝ ਕੁ ਦਿਨਾਂ ਵਿੱਚ ਹੀ ਮੋਬਾਇਲ ‘ਤੇ ਘੰਟੀਆਂ ਵੱਜਣੀਆਂ ਸੁਰੂ ਹੋ ਗਈਆਂ। ਕੋਈ ਪ੍ਰੈਸ ਕਾਨਫਰੰਸ ਲਈ ਸੱਦਾ ਭੇਜ ਰਿਹਾ ਸੀ ਤੇ ਕੋਈ ਫਿਲਮ ਦੇਖਣ ਲਈ ਤੇ ਕੋਈ ਸ਼ੋਅ ਦੇਖਣ ਲਈ। ਸਭ ਦਾ ਮੰਤਵ ਇਕੋ ਹੰਦਾ ਸੀ ਅਖਬਾਰ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਫੋਟੋ ਲਵਾਉਣੀ ਜਾਂ ਨਾਂ ਪਵਾਉਣਾ। ਹਾਲਾਂਕਿ ਆਸਟਰੇਲੀਆ ਵਿੱਚ ਕਾਫੀ ਗਿਣਤੀ ਵਿੱਚ ਪੰਜਾਬੀ, ਹਿੰਦੀ ਅਖਬਾਰ ਛਪਦੇ ਹਨ। ਪਰ ਜਦੋਂ ਦੇ ਪੰਜਾਬ ਦੇ ਸਾਰੇ ਅਖਬਾਰ ਆਨਲਾਈਨ ਪੜ੍ਹੇ ਜਾਣ ਲੱਗੇ, ਹਰ ਇਕ ਦੇ ਮਨ ਵਿੱਚ ਇਹੋ ਸੀ ਉਸ ਦੇ ਪਰਿਵਾਰ ਵਾਲੇ, ਰਿਸ਼ਤੇਦਾਰ ਉਸਦੀ ਫੋਟੋ ਦੇਖਣ, ਉਸਦੀ ਚੜ੍ਹਤ ਨੂੰ ਦੇਖਣ। ਕਈ ਵਾਰ ਜਦੋਂ ਕਈ ਸੱਜਣ ਫੋਨ ਕਰਦੇ ਨੇ, ਬਹੁਤ ਅਜੀਬ ਜਿਹੀਆਂ ਗੱਲਾਂ ਕਰ ਦਿੰਦੇ ਹਨ, ਕੋਈ ਕਹਿੰਦਾ ਜੀ ਰੋਟੀ ਵੀ ਖੁਆਵਾਂਗੇ, ਕੋਈ ਕਹਿੰਦਾ ਚਾਹ ਪਕੌੜੇ ਵੀ ਮਿਲਣਗੇ ਅਤੇ ਇਕ ਦਿਨ ਇਕ ਸੱਜਣ ਦਾ ਮੈਨੂੰ ਫੋਨ ਆਇਆ ਤੇ ਕਹਿਣ ਲੱਗਾ ਫਲਾਣੀ ਥਾਵੇਂ ਪ੍ਰੈਸ ਕਾਨਫਰੰਸ ਐ ਪਰ ਅਸੀਂ ਸ਼ਰਾਬ ਕੋਈ ਨੀ ਪਿਆੳਣੀ। ਮੈਨੂੰ ਬੜੀ ਹੈਰਾਨੀ ਹੋਈ ਕਿ ਇਹ ਬਾਈ ਕਹਿ ਕੀ ਗਿਆ। ਨਾਲ ਦੇ ਬੇਲੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਥੇ ਵੀ ਕੁਝ ਵਪਾਰੀ ਲੋਕਾਂ ਨੇ ਪੱਤਰਕਾਰੀ ਨੂੰ ਹਥਿਆਰ ਬਣਾ ਕੇ ਰਖਿਆ ਹੋਇਆ ਹੈ ਅਤੇ ਮਨ ਆਈਆਂ ਕਰ ਰਹੇ ਹਨ। ਜਿਸ ਕਾਰਨ ਬਦਨਾਮੀ ਸਭ ਨੂੰ ਝੱਲਣੀ ਪੈਂਦੀ ਹੈ। ਮੈਂ ਬੜਾ ਹੈਰਾਨ ਹੋਇਆ ਕਿ ਪੰਜਾਬ ‘ਚ ਤਾਂ  ਦਿਨੋ ਦਿਨ ਵੱਧ ਰਹੀ ਪੀਲੀ ਪੱਤਰਕਾਰੀ ਕਾਰਣ ਇਹ ਪੇਸ਼ਾ ਪਹਿਲਾਂ ਹੀ ਬਦਨਾਮ ਹੋ ਚੁੱਕਿਆ ਹੈ ਅਤੇ ਹੁਣ ਇਥੇ ਵੀ ? ਅਸਲ ਵਿੱਚ ਜੋ ਮੁਕਦੀ ਗੱਲ ਇਹ ਹੈ ਕਿ ਇੱਥੇ ਹਰ ਕੋਈ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਦੂਜੇ ਨੂੰ ਵਰਤਦਾ ਹੈ। ਫੇਰ ਤੂੰ ਕੌਣ ਤੇ ਮੈਂ ਕੌਣ ?
ਲੳ ! ਹੁਣ ਸ਼ੋਅ ਕਰਾਉਣ ਵਾਲਿਆਂ ਦੀ ਵੀ ਸੁਣ ਲਉ। ਮੈਂ ਲੋਕਾਂ ਵਾਂਗ ਸਾਰਿਆਂ ਨੂੰ ਇਕੋ ਤਕੜੀ ਵਿੱਚ ਨਹੀਂ ਤੋਲਦਾ। ਕੁਝ ਕੁ ਸੱਜਣਾਂ ਨੂੰ ਅਕਸਰ ਪ੍ਰੈਸ ਕਾਨਫਰੰਸਾਂ ਜਾਂ ਸ਼ੋਅ ਤੋਂ ਪਹਿਲਾਂ ਅਕਸਰ ਕਹਿੰਦੇ ਸੁਣਿਆ ਹੈ ਕਿ ਅਸੀਂ ਤਾਂ ਇਹ ਸ਼ੋਅ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਲਈ ਕਰਾ ਰਹੇ ਹਾਂ। ਪਰੰਤੂ ਜਦੋਂ ਸਟੇਜ ‘ਤੇ ਗਾਇਕ ਪੰਜਾਬੀ ਵਿੱਚ ਲੱਚਰ ਗੀਤ ਸੁਣਾਉਂਦੇ ਨੇ। ਉਦੋਂ ਇਹ ਕੁਝ ਨਹੀਂ ਬੋਲਦੇ। ਕਿਉਂਕਿ ਇਹ ਸ਼ੋਅ ਕਰਾਉਣ ਦਾ ਧੰਦਾ ਸੁਖਾਲੇ ਤਰੀਕੇ ਨਾਲ ਪੈਸੇ ਕਮਾੳਣ ਦਾ ਜ਼ਰੀਆ ਬਣ ਚੁੱਕਿਆ ਹੈ ਤੇ ਸਾਡੇ ਵਰਗੇ ਇਨਾਂ ਨੂੰ ਮਾਂ ਬੋਲੀ ਦੇ ਸੱਚੇ ਸੇਵਕ ਗਰਦਾਨੀ ਜਾਂਦੇ ਨੇ। ਜੇ ਸਾਡੇ ਵਿਚੋਂ ਕੋਈ ਰੁਝਂੇਵੇ ਕਾਰਨ ਪ੍ਰੋਗਰਾਮ ਜਾਂ ਪ੍ਰੈਸ ਕਾਨਫਰੰਸ ਵਿੱਚ ਨਾ ਜਾ ਸਕੇ ਤਾਂ ਕਹਿੰਦੇ ਨੇ ਪੱਤਰਕਾਰਾਂ ਦਾ ਦਿਮਾਗ ਖਰਾਬ ਹੋ ਗਿਆ ਹੈ । ਜੇ ਚਲੇ ਜਾਣ ਤਾਂ ਕਹਿੰਦੇ ਨੇ ਇਹ ਤਾਂ ਟਿਕਟਾਂ ਦੇ ਭੁੱਖੇ ਨੇ, ਜਿਥੇ ਮਰਜ਼ੀ ਸੱਦ ਲਉ ਇਹਨਾਂ ਨੂੰ। ਸਾਡੇ ਵਰਗੇ ਵੀ ਸ਼ੋਅ ‘ਤੇ ਜਾ ਕੇ ਅੱਖਾਂ ‘ਤੇ ਪੱਟੀ ਬੰਨ ਲੈਂਦੇ ਨੇ। ਸ਼ੋਅ ਚਾਹੇ ਪੂਰੀ ਤਰਾਂ ਫਲਾਪ ਹੋਇਆ ਹੋਵੇ, ਫੇਰ ਵੀ ਲਿਖ ਦੇਈਦਾ, ਜੀ ਫਲਾਣਾ ਸ਼ੋਅ ਯਾਦਗਾਰੀ ਹੋ ਨਿਬੜਿਆ ਜਾਂ ਫਲਾਣੇ ਗਾਇਕ ਨੇ ਸਰੋਤੇ ਕੀਲੇ। ਹਾਲ ਵਿੱਚ ਭਾਵੇਂ ਗਿਣਤੀ ਦੇ ਲੋਕ ਹੋਣ, ਫੇਰ ਵੀ ਲਿਖ ਦੇਈਦਾ ਕਿ ਖਚਾਖਚ ਭਰੇ ਹਾਲ ਵਿੱਚ ਫਲਾਣੇ ਗਾਇਕ ਨੇ ਕੀਤਾ ਦਰਸ਼ਕਾਂ ਦਾ ਮਨੋਰੰਜਨ। ਅਖਬਾਰਾਂ ਪੱਤਰਕਾਰ ਤੋਂ ਹਰ ਵੇਲੇ ਬਿਜ਼ਨਸ ਦੀ ਆਸ ਰੱਖਦੀਆਂ ਹਨ ਪਰ ਸਾਡੇ ਵਰਗੇ ਆਪਣੇ ਕੰਮ ਛੱਡ ਕੇ ਇਹਨਾਂ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਇਸ ਵਿੱਚ ਨਿਰਾ ਕਸੂਰ ਸ਼ੋਅ ਦੇ ਪ੍ਰਬੰਧਕਾਂ ਦਾ ਵੀ ਨਹੀਂ । ਕੁਝ ਲੋਕ ਪੱਤਰਕਾਰੀ ਨੂੰ ਢਾਲ ਬਣਾ ਕੇ ਮਨ ਆਇਆ ਕਰਦੇ ਹਨ, ਰੋਅਬ ਪਾਉਂਦੇ ਹਨ । ਉਨਾਂ ਖਿਲਾਫ ਪੁੱਠੀ ਖਬਰ ਲਗਾਉਣ ਦੀ ਧਮਕੀ ਤੱਕ ਵੀ ਦੇ ਦਿੰਦੇ ਹਨ ਅਤੇ ਕਈ ਵਾਰ ਪੂਰੇ ਪਰਿਵਾਰ ਜਾਂ ਆਪਣੇ ਦੋਸਤਾਂ ਤੱਕ ਦੀਆਂ ਟਿਕਟਾਂ ਦੀ ਮੰਗ ਕਰ ਦਿੰਦੇ ਹਨ। ਅਜਿਹੇ ਵਿੱਚ ਪ੍ਰਬੰਧਕ ਵੀ ਕੀ ਕਰਨ ?
ਇਕ ਪ੍ਰੈਸ ਕਾਨਫਰੰਸ ‘ਤੇ ਜਾਣ ਲਈ ਪਲਿਉਂ ਖਰਚ ਕਰ ਕੇ ਕਈ ਵਾਰ ਦੂਰ ਦੁਰਾਡੇ ਜਾਣਾ ਪੈਂਦਾ ਹੈ ਤੇ ਅੱਗੋਂ ਘੰਟਿਆਂ ਬੱਧੀ ਗਾਇਕਾਂ ਦਾ ਇੰਤਜ਼ਾਰ ਜੋ ਕਰਨਾ ਪੈਂਦਾ ਹੈ, ਸੋ ਅਲੱਗ। ਕਈ ਸੱਜਣ ਤਾਂ ਇੱਦਾਂ ਦੇ ਵੀ ਮਿਲਦੇ ਨੇ ਕਿ ਗਾਇਕ ਸਾਬ ਤੋਂ ਫਲਾਣਾ ਸਵਾਲ ਨਾ ਪੁਛਿਉ। ਫੇਰ ਕਹਿੰਦੇ ਜੀ ਅੱਜ ਕੱਲ ਦਾ ਮੀਡੀਆ ਸੱਚਾ ਨਹੀਂ ਰਿਹਾ। ਫੇਰ ਅਗਲਾ ਜੋ ਕਹੂ ਉਹੀ ਲਿਖਣਾ ਪਊ। ਸਾਡੇ ਵਰਗਿਆਂ ਨੂੰ ਇਕ ਦਿਹਾੜੀ ਫੁਟਣ ਦਾ ਡਰ ਸਤਾ ਰਿਹਾ ਹੰਦਾ ਹੈ, ਉਤੋ ਸਮਾਂ ਕੱਢ ਕੇ ਖਬਰ ਲਿਖੋ। ਖਬਰ ਭੇਜਣ ਤੋਂ ਬਾਅਦ ਸਾਡਾ ਕੰਮ ਖਤਮ ਹੋ ਜਾਂਦਾ ਹੈ। ਅਗੋਂ ਉਸ ਨੂੰ ਲਾਉਣਾ ਜਾਂ ਨਾ ਲਾਉਣਾ ਜਾਂ ਸੋਧ ਕਰ ਕੇ ਲਾਉਣਾ ਅਦਾਰੇ ਦੀ ਮਰਜ਼ੀ ਹੰਦੀ ਪਰ ਲੱਗਣ ਤੋਂ ਬਾਅਦ ਸਾਡੇ ਵਰਗੇ ਧੰਨਵਾਦ ਸੁਨਣ ਲਈ ਫੋਨ ਚੁਕਦੇ ਹਨ ਅਤੇ ਅਗੋਂ ਇਹੋ ਸੁਨਣ ਨੂੰ ਮਿਲਦਾ ਕਿ ਫਲਾਣੇ ਫਲਾਣੇ ਦਾ ਨਾਂ ਕਟਤਾ । ਫੋਟੋ ਨੀ ਲੱਗੀ ਜਾਂ ਖਬਰ ਛੋਟੀ ਜਿਹੀ ਲਗਾ ਦਿੱਤੀ। ਜਦੋਂ ਸਾਡੇ ਵਰਗਿਆਂ ਨੂੰ ਲੋੜ ਪੈਦੀ ਤਾਂ ਕਈ ਸੱਜਣ ਲੋਕਲ ਹੋਣ ਦੇ ਬਾਬਜੂਦ ਕਹਿ ਦਿੰਦੇ ਨੇ ਮੈਂ ਬਾਹਰ ਆ ਜਾਂ ਕਈ ਸੱਜਣ ਫੋਨ ਚੁਕਣਾ ਪਸੰਦ ਹੀ ਨਹੀਂ ਕਰਦੇ। ਸ਼ੋਅ ਕਰਾੳਣ ਵਾਲੇ ਹਜ਼ਾਰਾਂ ਡਾਲਰ ਕਲਾਕਾਰ ਨੂੰ ਦਿੰਦੇ ਹਨ। ਹਜ਼ਾਰਾਂ ਡਾਲਰ ਖਰਚ ਕੇ ਵੱਡੇ ਵੱਡੇ ਹਾਲ ਬੁੱਕ ਕੀਤੇ ਜਾਂਦੇ ਨੇ, ਐਡ ਕੀਤੀ ਜਾਂਦੀ ਹੈ। ਅਖਬਾਰ ਵਿੱਚ ਐਡ ਦੇਣ ਦੇ ਨਾਂ ਤੇ ਕਈ ਸੱਜਣ ਕਹਿ ਦਿੰਦੇ ਨੇ ਅਖਬਾਰ ਕੌਣ ਪੜ੍ਹਦਾ ? ਅੱਜ ਕਲ ਤਾਂ ਸੋਸ਼ਲ ਵੈਬਸਾਈਟ ਦਾ ਜ਼ਮਾਨਾ ਹੈ । ਉਸ ਵੇਲੇ ਤਾਂ ਮੇਰੇ ਵਰਗਾ ਚੁੱਪ ਹੋ ਜਾਂਦਾ। ਪਰ ਹਕੀਕਤ ਤਾਂ ਇਹੋ ਹੈ ਅਸੀਂ ਜਿਥੋਂ ਆਏ ਹਾਂ ਉਥੇ ਅੱਜ ਵੀ ਲੋਕ  ਘੰਟਿਆਂ ਬੱਧੀ ਬਿਜਲੀ ਦੀ ਉਡੀਕ ਕਰਦੇ ਹਨ ਤੇ ਇਕ ਪਿੰਡ ਦੀ ਸੱਥ ਵਿੱਚ ਬੈਠੇ ਲੋਕਾਂ ਦਾ ਅੱਜ ਵੀ ਅਖਬਾਰ ਹੀ ਇਕ ਮਾਤਰ ਸਹਾਰਾ ਹੰਦਾ ਹੈ।
ਹੁਣ ਜੇ ਗੱਲ ਇਥੋ ਦੇ ਲੋਕਲ ਅਖਬਾਰਾਂ ਦੀ ਕੀਤੀ ਜਾਵੇ ਤਾਂ ਮੇਰੇ ਹਿਸਾਬ ਨਾਲ ਪੰਜਾਬੀ ਮਾਂ ਬੋਲੀ ਦੇ ਸੱਚੇ ਸੇਵਕ ਤਾਂ ਇਹ ਲੋਕ ਨੇ ਜੋ ਪੰਜਾਬੀ ਘਰ ਘਰ ਪਹੰਚਾ ਰਹੇ ਹਨ। ਸਾਡੇ ਲੋਕਾਂ ਦੀ ਫਿਤਰਤ ਹੈ ਕਿ ਖਰੀਦ ਕੇ ਅਖਬਾਰ ਨਹੀਂ ਪੜ੍ਹਦੇ, ਕਿਤਾਬ ਖਰੀਦਣਾ ਤਾਂ ਬਹੁਤ ਦੂਰ ਦੀ ਗੱਲ ਹੈ। ਪੰਜਾਬ ਵਿੱਚ ਜੇ ਆਪਾਂ ਇਕ ਵਾਰ ਅਖਬਾਰ ਲੈ ਕੇ ਬਸ ਵਿੱਚ ਸਫਰ ਕਰਦੇ ਹੋਈਏ ਤਾਂ ਤੁਹਾਡੇ ਉਤਰਣ ਤੱਕ ਦੌਰਾਨ ਤੁਹਾਨੂੰ ਤੁਹਾਡਾ ਅਖਬਾਰ ਪੂਰਾ ਵਾਪਸ ਨਹੀ ਮਿਲੇਗਾ। ਉਹੀ ਕੰਮ ਇਥੇ ਹੈ। ਸ਼ੋਅ ਦੇਖਣ ਲਈ ਮਹਿੰਗੇ ਭਾਅ ਦੀ ਟਿਕਟ ਖਰੀਦ ਸਕਦੇ ਹਨ। ਪਰ ਕੁਝ ਕੁ ਡਾਲਰ ਉਸ ਪੰਜਾਬੀ ਮਾਂ ਬੋਲੀ ਦੇ ਸੇਵਕਾਂ ਦੇ ਹਿੱਸੇ ਨਹੀਂ ਪਾ ਸਕਦੇ। ਜੋ ਕਿ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਕੇ ਆਪਣਾ ਇਹ ਅਖਬਾਰ ਚਾਲੂ ਰੱਖਦੇ ਹਨ। ਕਈ ਪ੍ਰਬੰਧਕ ਇਹਨਾਂ ਅਖਬਾਰਾਂ ਵਿੱਚ ਵੀ ਐਡ ਦੇ ਕੇ ਮੂੰਹ ਫੇਰ ਲੈਂਦੇ ਹਨ ਤੇ ਅਖਬਾਰ ਵਾਲਿਆਂ ਨੂੰ ਆਪਣੇ ਪੈਸੇ ਕਢਾਉਣ ਲਈ ਕਾਨੂੰਨੀ ਤਰੀਕਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਭਾਵੇਂ ਕਿ ਇਹ ਉਹਨਾਂ ਦਾ ਬਿਜ਼ਨਸ ਹੈ ਪਰ ਕਿਸੇ ਤੋਂ ਇਕ ਪੈਸਾ ਲਏ ਬਿਨਾਂ ਅਖਬਾਰ ਘਰ ਪਹੁੰਚਦਾ ਕਰਦੇ ਹਨ, ਜੋ ਕਿ ਕਾਬਿਲ ਏ ਤਾਰੀਫ ਹੈ। ਇਸ ਲੇਖ ਦਾ ਮੰਤਵ ਕਿਸੇ ਵਿਅਕਤੀ ਵਿਸੇਸ਼ ਤੇ ਟਿੱਪਣੀ ਕਰਨਾ ਅਤੇ ਨਾ ਹੀ ਕਿਸੇ ਵਿਵਾਦ ਨੂੰ ਜਨਮ ਦੇਣਾ ਹੈ। ਸਗੋਂ ਇਹ ਦੱਸਣਾ ਹੈ ਕਿ ਇਸ ਖੇਤਰ ਵਿੱਚ ਆਏ ਕੁਝ ਗਲਤ ਲੋਕਾਂ ਦੀਆਂ ਗਲਤ ਹਰਕਤਾਂ ਕਾਰਨ ਸਾਰਿਆਂ ਨੁੰ ਇਕੋ ਤੱਕੜੀ ਵਿਚ ਤੋਲਣ ਤੋ ਗੁਰੇਜ਼ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਇਹ ਸੰਬੰਧ ਸੁਖਾਵੇਂ ਮਾਹੌਲ ਵਿੱਚ ਚਲਦੇ ਰਹਿਣ। ਇੰਨਾਂ ਕੁਝ ਹੋਣ ਦੇ ਬਾਵਜੂਦ ਵੀ ਘਰ ਫੂਕ ਕੇ ਤਮਾਸ਼ਾ ਦੇਖ ਰਹੇ ਹਨ । ਤੇ ਵਿਚਾਰੇ ਪੱਤਰਕਾਰ… ਪੱਤਰਕਾਰਾਂ ਦਾ ਕੀ ਐ ਇਹ ਤਾਂ…?
 
****