"ਸ਼ਬਦ ਸਾਂਝ" ਦਾ ਇਹ ਅੰਕ ਸਾਡੇ ਹਰਮਨ ਪਿਆਰੇ
ਡਾ.ਅਸ਼ੋਕ ਦੀ ਯਾਦ ਨੂੰ ਸਮਰਪਿਤ ਹੈ
ਜੋ ਮਿਤੀ 10.08.09 ਨੂੰ ਸਦੀਵੀ ਵਿਛੋੜਾ ਦੇ ਗਏ



ਫ਼ਰੀਦਾ ਦਰਿਆ ਕੰਢੈ ਬਗਲਾ ਬੈਠਾ ਕੇਲ ਕਰੇ
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ।।
-- ਬਾਬਾ ਸ਼ੇਖ਼ ਫ਼ਰੀਦ ਜੀ ।


ਕਲਾਮ ਬਾਬਾ ਬੁੱਲ੍ਹੇ ਸ਼ਾਹ ਜੀ

ਇਕ ਹੱਸ ਹੱਸ ਗੱਲਾਂ ਕਰਦੀਆਂ, ਇਕ ਰੋਂਦੀਆਂ ਧੋਂਦੀਆਂ ਮਰਦੀਆਂ
ਕਹੋ ਫੁੱਲ ਬਸੰਤੀ ਬਹਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਨਾਤ੍ਹੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ
ਭਾ ਲਈਏ ਹਾਰ ਸਿ਼ੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਕਮਲ਼ੀ ਕੀਤੀ ਦੂਤੀਆਂ, ਦੁੱਖ ਘੇਰ ਚੁਫੇਰੇ ਲੀਤੀਆਂ
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਬੁੱਲ੍ਹਾ ਸ਼ੁਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ਼ ਲਾਇਆ
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ




ਡਾ. ਅਸ਼ੋਕ ਕੁਮਾਰ



“ਮਰ ਕੇ ਵੀ ਜ਼ਰਖੇ਼ਜ਼ ਦਿਲਾਂ ਦੀ ਮਿੱਟੀ ਦੇ ਵਿਚ ਉੱਗ ਪਿਆ ਹਾਂ
ਭੋਰਾ ਸੱਚ ਨਹੀਂ ਹੈ ਮੇਰੀ ਮੌਤ ਦੀਆਂ ਅਫ਼ਵਾਹਾਂ ਅੰਦਰ “
--ਜਸਵਿੰਦਰ

ਇੱਕ ਦੀਪਕ ਜਿਸ ਨੂੰ ਹਨ੍ਹੇਰਾ ਨਿਗਲ਼ ਗਿਆ.......... ਲੇਖ਼ / ਸੁਨੀਲ ਚੰਦਿਆਣਵੀ

ਇਹ ਕੋਈ ਵੇਲ਼ਾ ਸੀ ਉਸ ਦੇ ਜਾਣ ਦਾ...??? ਅਜੇ ਤਾਂ ਉਸਦੀ ਨਵ ਵਿਆਹੁਤਾ ਦੇ ਚੂੜੇ ਦਾ ਰੰਗ ਵੀ ਫਿੱਕਾ ਨਹੀਂ ਸੀ ਪਿਆ... ਅਜੇ ਤਾਂ ਉਸਦੀ ਮਹਿੰਦੀ ਦੀ ਖੁਸ਼ਬੋ ਨਹੀਂ ਸੀ ਮੁੱਕੀ... ਉਸਦੇ ਚਾਵਾਂ ਸੱਧਰਾਂ ਦੀ ਗਠੜੀ ਨਹੀਂ ਸੀ ਖੁੱਲ੍ਹੀ... ਅਜੇ ਤਾਂ ਉਸ ਨਵ-ਵਿਆਹੁਤਾ ਨੇ ਉਸਨੂੰ ਜੀਅ ਭਰ ਕੇ ਤੱਕਿਆ ਵੀ ਨਹੀਂ ਸੀ। ਅਜੇ ਤਾਂ ਉਸ ਦੇ ਵਿਆਹ ਦੇ ਚਾਵਾਂ ਤੇ ਖੁਸ਼ੀਆਂ ਵੀ ਨਹੀਂ ਸਨ ਮੁੱਕੀਆਂ...ਅਜੇ ਤਾਂ ਮਾਂ-ਬਾਪ ਨੇ ਸਜਾਏ ਸੁਪਨਿਆਂ ਦੇ ਵਿਹੜੇ ਕਦਮ ਵੀ ਨਹੀਂ ਸੀ ਧਰਿਆ... ਅਜੇ ਤਾਂ ਪਰਿਵਾਰ ਦੀਆਂ ਆਸਾਂ ਦੇ ਇਸ ਬੂਟੇ ਨੇ ਛਾਂ ਦੇਣੀ ਸ਼ਰੂ ਕਰਨੀ ਸੀ... ਅਜੇ ਤਾਂ ਦਾਦੀ ਨੇ ਉਸ ‘ਚੋਂ ਆਪਣੀਆਂ ਜਵਾਨੀ ‘ਚ ਗੁਆਚੀਆਂ ਖੁਸ਼ਆਂ ਲੱਭਣੀਆਂ ਸਨ... ਅਜੇ ਤਾਂ ਭਰਾਵਾਂ ਨੇ ਉਸ ‘ਚੋਂ ਅਪਣੇ ਭਵਿੱਖ ਦੇ ਨਜ਼ਾਰੇ ਤੱਕਣੇ ਸਨ...ਅਜੇ ਤਾਂ ਸਮਾਜ ਨੂੰ ਉਸ ਨੇ ਬੜਾ ਕੁਝ ਦੇਣਾ ਸੀ... ਅਜੇ ਤਾਂ ਪਿੰਡ ਵਾਸੀਆਂ ਦਾ ਸੀਨਾ ਮਾਣ ਨਾਲ਼ ਹੋਰ ਫੁੱਲਣਾ ਸੀ... ਅਜੇ ਤਾਂ ਪਤਾ ਨਹੀਂ ਹੋਰ ਕਿੰਨੇ ਹੀ ਬਿਖਰੇ ਘਰਾਂ ਨੂੰ ਉਸਨੇ ਰੌਣਕ ਬਖ਼ਸ਼ਣੀ ਸੀ... ਅਜੇ ਤਾਂ ਪਤਾ ਨਹੀਂ ਕਿੰਨੇ ਹੀ ਖੁ਼ਦਕਸ਼ੀ ਕਰਨ ਜਾ ਰਹਿਆਂ ਨੂੰ ਉਸਨੇ ਜਿ਼ੰਦਗੀ ਦੇ ਜਸ਼ਨ ਬਖਸ਼ਣੇ ਸਨ...ਅਜੇ ਤਾਂ ਉਸਨੇ ਸਾਇੰਸ ਦੇ ਅੰਬਰ ‘ਤੇ ਸਿਤਾਰਾ ਬਣ ਦੇਸ਼ ਵਿਦੇਸ਼ ‘ਚ ਧਰੂ ਵਾਂਗ ਚਮਕਣਾ ਸੀ... ਅਜੇ ਤਾਂ ਇਸ ਲਾਟ ਨੇ ਭਾਂਬੜ ਬਣ ਫਿ਼ਜ਼ਾ ਨੂੰ ਰੁਸ਼ਨਾਉਣਾ ਅਤੇ ਗਰਮਾਉਣਾ ਸੀ... ਅਜੇ ਤਾਂ ਪਤਾ ਨਹੀਂ ਇਸ ਭਰ ਵਗਦੇ ਦਰਿਆ ਨੇ ਕਿੰਨੇ ਹੀ ਥਲਾਂ ਨੂੰ ਤਰ ਕਰਨਾ ਸੀ, ਕਿੰਨੇ ਜੀਵਾਂ ਦੀ ਪਿਆਸ ਬੁਝਾਉਣੀ ਸੀ, ਕਿੰਨੀਆਂ ਨਜ਼ਰਾਂ ਨੂੰ ਸਕੂਨ ਦੇਣਾ ਸੀ, ਤੇ ਕਿੰਨੇ ਦਿਲਾਂ ਨੂੰ ਹੁਲਾਸ ਦੇਣਾ ਸੀ, ਤੇ ਕਿੰਨੇ ਹੋਰ ਦਰਿਆ ਪੈਦਾ ਕਰਨੇ ਸਨ ਤੇ ਕਿੰਨੀ ਵਿਸ਼ਾਲਤਾ ਹਾਸਲ ਕਰਨੀ ਸੀ, ਤੇ... ਤੇ....
ਭਾਵੇਂ ਪਤੈ ਕਿ ਉਹ ਮੁਸਕੁਰਾਹਟ ਫਿਰ ਨਹੀਂ ਮਾਣੀ ਜਾਣੀ, ਪਰ ਨਜ਼ਰ ਬੇਤਾਬ ਹੈ ... ਭਾਵੇਂ ਪਤੈ ਕਿ ਉਹ ਰਸੀਲੇ ਬੋਲ ਹੁਣ ਨਹੀਂ ਮਿਲਣੇ ਸੁਣਨ ਨੂੰ, ਪਰ ਕੰਨ ਬੇਚੈਨ ਨੇ … ਭਾਵੇਂ ਪਤੈ ਕਿ ਉੇਹ ਨਿੱਘ ਤੇ ਖਿੱਚ ਭਰੀ ਗਲਵਕੜੀ ਫਿਰ ਕਦੇ ਨਹੀਂ ਮਿਲਣੀ, ਪਰ ਬਾਹਾਂ ਤਾਂਘ ‘ਚ ਨੇ… ਭਾਵੇਂ ਪਤੈ ਕਿ ਉਹ ਦਿਲ ‘ਚ ਤਰੰਗ ਪੈਦਾ ਕਰਨ ਵਾਲ਼ੀ ਹੱਥ ਘੁੱਟਣੀ ਨਹੀਂ ਮਿਲਣੀ,ਪਰ ਹੱਥ ਤਰਸਦੇ ਨੇ…ਭਾਵੇਂ ਪਤੈ ਕਿ ਉਹ ਮਸਤ ਤੇ ਦਿਲ ਟੁੰਬਣੀ ਤੋਰ ਨਹੀਂ ਦਿਸਣੀ, ਪਰ ਰਾਹ ਉਤਸੁਕਤ ਨੇ…ਭਾਵੇਂ ਪਤੈ ਕਿ ਉਹ ਹਾਸੇ ਦੀ ਟੁਣਕਾਰ ਤੇ ਬੋਲਾਂ ਦੀ ਮਹਿਕ ਨਹੀਂ ਮਿਲਣੀ, ਮਹਿਫਿ਼ਲਾਂ ਇੰਤਜ਼ਾਰ ‘ਚ ਨੇ… ਭਾਵੇਂ ਪਤੈ ਕਿ ਉਸਦੀ ਮਸਤੀ, ਹਾਸਾ, ਰੌਣਕ ਨਹੀਂ ਮਿਲਣੀ ਪਰ ਘਰ ਦੀਆਂ ਕੰਧਾਂ ਤਾਂਘਦੀਆਂ ਨੇ… ਭਾਵੇਂ ਪਤੈ ਕਿ ਉਸ ਹੁਣ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ, ਪਰ ਜ਼ਹਿਨ ‘ਚ ਵਾਰ ਸਵਾਲ ਉਠਦੇ ਨੇ…ਭਾਵੇਂ ਪਤੈ ਕਿ ਉਸ ਕਦੇ ਫੋਨ ਅਟੈਂਡ ਨਹੀਂ ਕਰਨਾ,ਪਰ ਵਾਰ ਵਾਰ ਹੱਥ ਫੋਨ ਵੱਲ ਜਾ ਰਹੇ ਨੇ… ਭਾਵੇਂ ਪਤੈ ਕਿ ਉਸ ਦਾ ਆਉਣਾ ਝੂਠ ਹੈ, ਪਰ ਜ਼ੁਬਾਨ ਨਿੱਤ ਵਾਜ ਮਾਰੇ ਬਿਨਾ ਨਹੀਂ ਰਹਿੰਦੀ…
ਜਿ਼ੰਦਗੀ ਨੂੰ ਮਾਣਨ ਦਾ ਚਾਅ ਉਸਦੇ ਰੋਮ-ਰੋਮ ਵਿਚ ਰਕਸ ਕਰਦਾ ਸੀ। ਹਰ ਦਿਨ, ਹਰ ਪਲ ਉਸ ਲਈ ਤਾਜ਼ਾ,ਨਵਾਂ ਤੇ ਉਤਸ਼ਾਹ ਭਰਪੂਰ ਸੀ। ਮਨੁੱਖਤਾ ਲਈ ਉਸ ਅੰਦਰ ਅਥਾਹ ਪਿਆਰ ਦਾ ਚਸ਼ਮਾ ਨਿਰੰਤਰ ਭਰ-ਭਰ ਵਗਦਾ ਸੀ। ਬਨਸਪਤੀ ਅਤੇ ਆਲ਼ੇ-ਦੁਆਲ਼ੇ ਪ੍ਰਤੀ ਉਸ ਅੰਦਰ ਬੜਾ ਮੋਹ ਸੀ, ਤੇਹ ਸੀ। ਵਗਦੀ ਪੌਣ ਚੜ੍ਹਦਾ-ਡੁੱਬਦਾ ਸੂਰਜ, ਬਰਸਾਤ ਦੀ ਕਿਣਮਿਣ, ਚਹਿਚਹਾਉਂਦੇ ਪੰਛੀ, ਲਹਿਰਾਉਂਦੀਆਂ ਫਸਲਾਂ, ਪੰਛੀਆਂ ਦੀਆਂ ਡਾਰਾਂ, ਚਲਦੇ ਖੂਹ ਦੀ ਟਿਕਟਿਕ, ਬੱਚਿਆਂ ਦੇ ਹਾਸੇ, ਚੀਕਾਂ, ਨੱਚਣਾ, ਮਸਤੀ, ਪਾਣੀ ਦਾ ਵਗਣਾ, ਅਜਨਬੀਆਂ ਦਾ ਮਿਲਣਾ, ਰਾਤ ਦਾ ਹਨ੍ਹੇਰਾ, ਦਿਨ ਦਾ ਚਾਨਣ, ਧੁੱਪ-ਛਾਂ, ਵਾਹੇ ਜਾਂਦੇ ਖੇਤ ਦੀ ਮਿੱਟੀ ਦੀ ਖੁ਼ਸ਼ਬੋ ਉਸਨੂੰ ਅਚੇਤ ਜਾਂ ਸੁਚੇਤ ਰੂਪ ਵਿਚ ਆਕਰਸਿ਼ਤ ਕਰਦੇ, ਰੋਮਾਂਚਿਤ ਕਰਦੇ ਤੇ ਉਸ ਅੰਦਰ ਇਕ ਅਜੀਬ ਹੁਲਾਸ ਪੈਦਾ ਕਰਦੇ ਸਨ। ਕੁਦਰਤ ਦੀ ਹਰ ਕਰੀਏਸ਼ਨ ਉਸ ਨੂੰ ਅਦਭੁੱਤ ਲਗਦੀ ਤੇ ਆਪਣੇ ਵੱਲ ਨੂੰ ਖਿੱਚਦੀ।
ਉਹ ਇਕ ਅਜਿਹਾ ਵਪਾਰੀ ਜੋ ਕੁਦਰਤ ਦੇ ਹਰ ਜ਼ੱਰੇ ਚੋਂ ਕੁਝ ਨਾ ਕੁਝ ਲੈਂਦਾ ਅਤੇ ਹਰ ਜੀਵ ਅਤੇ ਬਨਸਪਤੀ ਨੂੰ ਕੁਝ ਨਾ ਕੁਝ ਦੇਣਾ ਲੋਚਦਾ। ਹਰ ਚਿਹਰੇ ਤੇ ਰੌਣਕ ਚਾਹੁੰਦਾ ਤੇ ਹਰ ਉਦਾਸ ਚਿਹਰਾ ਉਸਨੂੰ ਸੋਚਣ ਲਈ ਮਜਬੂਰ ਕਰ ਜਾਂਦਾ ਤੇ ਉਹ ਉਸਦਾ ਸਹਾਰਾ ਬਣਨ ਲਈ ਤੜਪ ਉਠਦਾ। ਉਦਾਸ ਖੜ੍ਹੇ ਬ੍ਰਿਖ ਵੀ ਉਸ ਨੂੰ ਤੜਫਾ ਜਾਂਦੇ। ਉਹ ਤਾਂ ਕਣ-ਕਣ ਨੂੰ ਹੱਸਦਾ, ਨੱਚਦਾ ਦੇਖਣਾ ਚਾਹੁੰਦਾ, ਉਹ ਤਾਂ ਚਾਰੇ ਪਾਸੇ ਸੁੰਦਰਤਾ ਹੀ ਸੁੰਦਰਤਾ ਵੇਖਣਾ ਲੋਚਦਾ... । ਜੀਵਨ ਦਾ ਬਹੁਤ ਹਿੱਸਾ ਉਸਨੇ ਚੁਫੇਰੇ ਨੂੰ ਅਤੇ ਲੋਕਾਈ ਨੂੰ ਹੋਰ ਸੁੰਦਰ ਬਣਾਉਣ ਹਿਤ ਲਗਾਇਆ ਵੀ...।
ਉਹ ਜਿਸ ਨੂੰ ਵੀ ਮਿਲਿਆ ਉਸਦੇ ਹੀ ਹਿਰਦੇ ਤੇ ਗਹਿਰੀ ਛਾਪ ਛੱਡਦਾ ਗਿਆ। ਉਹ ਜਿੱਥੇ ਜਿੱਥੇ ਗਿਆ ਤੇ ਜਿੱਥੇ ਜਿੱਥੇ ਰਿਹਾ ਅਨੇਕਾਂ ਹੀ ਗਹਿਰੀਆਂ ਦੋਸਤੀਆਂ ਦੇ ਮਹਿਲ ਉਸਾਰ ਆਇਆ, ਰਿਸ਼ਤੇ ਮੋਹ ਵਾਲ ੇਪਰਿਵਾਰਿਕ ਤੇ ਸਦੀਵੀ ਬਣਾ ਆਇਆ। ਅਨੇਕਾਂ ਸ਼ਹਿਰਾਂ ਵਿਚ ਉਸਦੇ ਅਨੇਕਾਂ ਜਾਨੋਂ ਪਿਆਰੇ ਦੋਸਤ ਉਸਨੂੰ ਦਿਲ ਜਾਨ ਤੋਂ ਚਾਹੁਣ ਵਾਲੇ਼ ਹਨ। ਬਹੁਤ ਸਾਰੇ ਦੋਸਤ ਅਤੇ ਬਹੁਤ ਹੋਰ ਲੋਕ ਉਸਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ। ਹਰ ਇਕ ਦੀ ਜਿੰ਼ਦਗੀ ਨੂੰ ਸ਼ਾਨਦਾਰ ਦੇਖਣ ਦੀ ਇੱਛਾ ਰੱਖਣ ਵਾਲ਼ਾ ਇਹ ਸ਼ਖਸ ਸੱਭ ਨੂੰ ਦਿਲੋਂ ਸੁਝਾਅ ਦਿੰਦਾ ਸੀ।
ਹਰ ਇਕ ਦੀ ਖੁਸੀ਼ ਅਤੇ ਹਰ ਇਕ ਦਾ ਭਲਾ ਚਾਹੁਣ ਵਾਲ਼ਾ ਇਹ ਸ਼ਖਸ ਜੋ ਲੋਕਾਈ ਸਮਾਜ ਅਤੇ ਦੇਸ਼ ਦੇ ਭਲੇ ਲਈ ਉਤਾਵਲਾ ਸੀ। ਜਿਸਨੇ ਕੈਂਸਰ ਵਰਗੀ ਬੀਮਾਰੀ ਤੇ ਖੋਜ ਕੀਤੀ ਅਤੇ ਆਉਣ ਵਾਲ਼ੇ ਦਿਨਾਂ ਵਿਚ ਸਾਇੰਸ ਅਤੇ ਸਮਾਜ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣਾ ਸੀ, ਇਸ ਗੰਦੇ ਸਿਸਟਮ ਦੀ ਭੇਟ ਚੜ੍ਹ ਗਿਆ ਤੇ ਮਾਮੂਲੀ ਸ਼ਰਾਬੀਆਂ ਹਥੋਂ ਸੜਕ ਦੁਰਘਟਨਾ ਵਿਚ ਆਪਣੀ ਬੇਸ਼ਕੀਮਤੀ ਜਾਨ ਗੁਆ ਬੈਠਾ।
ਉਸਦੀ ਯਾਦ ਵਾਰ ਵਾਰ ਅੱਖਾਂ ਨੂੰ ਨਮ ਕਰ ਜਾਂਦੀ ਹੈ। ਵਾਰ ਵਾਰ ਦਿਲ ਤੜਪ ਉਠਦਾ ਹੈ ਉਸਨੂੰ ਘੜੀ ਭਰ ਦੇਖਣ ਨੂੰ। ਜਿਸ ਨਾਲ਼ ਗੱਲ ਕੀਤੇ ਬਿਨਾ ਦਿਹਾੜੀ ਨਹੀਂ ਸੀ ਲੰਘਦੀ ਹੁਣ ਉਮਰ ਲੰਘਾਉਣੀ ਪੈ ਰਹੀ ਹੈ। ਮੇਰੇ ਵਾਂਗ ਪਤਾ ਨਹੀਂ ਕਿੰਨੇ ਕੁ ਸੱਜਣ ਉਸ ਤੇ ਨਿਰਭਰ ਹੋ ਚੁੱਕੇ ਹੋਣਗੇ। ਚੜ੍ਹਦਾ ਸੂਰਜ ਉਸ ਦੀ ਯਾਦ ਦਿਲਾਉਂਦਾ ਏ, ਗਹਿਰੀ ਰਾਤ ਉਸ ਦਾ ਚੇਤਾ ਦਿਵਾਉਂਦੀ ਏ। ਉਸਦੀ ਯਾਦ ਸਾਡੇ ਕਦਮਾਂ ਨੂੰ ਤੇਜ਼ ਕਰੇਗੀ... ਉਸਦੀ ਯਾਦ ਸੋਚਾਂ ਵਿਚ ਉਜਾਲਾ ਭਰਦੀ ਰਹੇਗੀ...ਉਸਦੀ ਯਾਦ ਜਿ਼ੰਦਗੀ ਵਿਚ ਉਤਸ਼ਾਹ ਤੇ ਜਿ਼ੰਦਾਦਿਲੀ ਭਰਦੀ ਰਹੇਗੀ...ਉਸਦੀ ਯਾਦ ਪਲ ਪਲ ਸਾਡੇ ਨਾਲ਼ ਰਹੇਗੀ... ਉਸਦੀ ਯਾਦ ਅਮਰ ਰਹੇਗੀ... ਸਾਡਾ ਇਹ ਲਾਡਲਾ ਸਾਡੇ ਦਿਲਾਂ ਵਿਚ ਜਿ਼ੰਦਾ ਹੈ...ਹਮੇਸ਼ਾ ਲਈ ਅਮਰ ਹੈ...

ਇਕ ਕਲੀ ਜੋ ਖਿੜਨ ਤੋਂ ਪਹਿਲਾਂ ਮਸਲ ਦਿੱਤੀ ਗਈ.......... ਲੇਖ਼ / ਗੁਰਦਿਆਲ ਭੱਟੀ

ਕਾਲ਼ਜੇ ‘ਚੋਂ ਰੱਗ ਭਰਿਆ ਗਿਆ ਜਦੋਂ ਵੀਰ ਅਸ਼ੋਕ ਦੀ ਮੌਤ ਦੀ ਖ਼ਬਰ ਸੁਣੀ। ਅਸੋ਼ਕ ਭਾਵੇਂ ਡੀ.ਟੀ.ਐਫ. ਅਤੇ ਡੀ.ਈ.ਐਫ. ਦੇ ਸਰਗਰਮ ਵਰਕਰ ਅਤੇ ਕਵੀ ਸੁਨੀਲ ਚੰਦਿਆਣਵੀ ਦੇ ਛੋਟੇ ਵੀਰ ਸਨ । ਪਰ ਆਪਣੇ ਸੁਭਾਅ ਸਦਕਾ ਉਹ ਸੁਨੀਲ ਨਾਲੋ਼ ਵੀ ਵੱਧ ਆਪਣਾ ਲੱਗਦਾ ਸੀ। ਅਤਿਅੰਤ ਪਛੜੇ ਇਲਾਕੇ ਅਤੇ ਸਾਧਾਰਨ ਪਰਿਵਾਰ ਵਿਚੋਂ ਪੈਦਾ ਹੋ ਕੇ ਅਸ਼ੋਕ ਨੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਬਲਾਚੌਰ ਤਹਿਸੀਲ ਦੇ ਪਿੰਡ ਚੰਦਿਆਣੀ ਕਲਾਂ ਵਿਖੇ ਰਿਟਾਇਰਡ ਸੂਬੇਦਾਰ ਸ਼੍ਰੀ ਆਤਮਾ ਰਾਮ ਦੇ ਘਰ ਮਾਤਾ ਪਰਕਾਸ਼ ਦੇਵੀ ਦੀ ਕੁੱਖੋਂ 27.01.1977 ਨੂੰ ਜਨਮ ਲਿਆ। ਅਸ਼ੋਕ ਚਾਰ ਭੈਣਾਂ ਭਰਾਵਾਂ ਵਿਚੋਂ ਸੱਭ ਤੋਂ ਛੋਟਾ ਸੀ। ਉਸਨੇ ਪ੍ਰਾਇਮਰੀ ਤੱਕ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ । +2 ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ਼ ਤੋਂ ਅਤੇ ਬੀ.ਐਸ.ਸੀ. ਸਾਇੰਸ ਕਾਲਜ ਜਗਰਾਓਂ ਤੋਂ ਪ੍ਰਾਪਤ ਕੀਤੀ। ਉਸ ਨੇ ਐਮ.ਐਸ.ਸੀ. ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਤੋਂ ਕੀਤੀ । ਇਸ ਤੋਂ ਬਾਦ ਅਸ਼ੋਕ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਪੀ.ਐਚ.ਡੀ (ਬਾਇਓ ਫਿਜਿ਼ਕਸ) ਕੀਤੀ। ਆਪਣੀ ਪੀ.ਐਚ.ਡੀ. ਦੌਰਾਨ ਕਲਕੱਤੇ ਦੀ ਇਕ ਸੁਹਿਰਦ ਲੜਕੀ ਸ਼ਾਉਲੀ ਨਾਲ ਜਿ਼ੰਦਗੀ ਦੀ ਸਾਂਝ ਸਥਾਪਤ ਕਰਨ ਦਾ ਫੈਸਲਾ ਕਰ ਲਿਆ। ਅਸ਼ੋਕ ਅਤੇ ਸ਼ਾਉਲੀ ਦਾ ਇਹ ਫੈਸਲਾ ਅਪਣੇ ਆਪ ਵਿਚ ਇਕ ਇਨਕਲਾਬੀ ਕਦਮ ਹੈ। ਆਪਣੀਆਂ ਸਾਰੀਆਂ ਗੈਰ ਵਿਗਿਆਨਕ ਅਤੇ ਗੈ਼ਰ ਸਮਾਜਿਕ ਸੀਮਾਵਾਂ ਨੂੰ ਤੋੜਦੇ ਹੋਏ ਸਿਰਫ ਆਪਸੀ ਸਮਝ ਦੇ ਆਧਾਰ ‘ਤੇ ਹੋਏ ਇਸ ਫੈਸਲੇ ਨੂੰ ਇਨਕਲਾਬੀ ਹੀ ਆਖਿਆ ਜਾ ਸਕਦਾ ਹੈ। ਸ਼ਾਉਲੀ ਇਕ ਗਜ਼ਟਿਡ ਅਫ਼ਸਰ ਦੀ ਧੀ ਹੋਣ ਦੇ ਬਾਵਜੂਦ ਅਸ਼ੋਕ ਵਰਗੇ ਸੁਹਿਰਦ ਅਤੇ ਈਮਾਨਦਾਰ ਮਨੁੱਖ ਦੀ ਜੀਵਨ ਸਾਥਣ ਬਣ ਗਈ ।
ਪਰ ਦਿਲ ਉਦੋਂ ਸੁੰਨ ਹੋ ਗਿਆ ਜਦੋ ਇਸ ਜੋੜੇ ਦੀ ਜਿ਼ੰਦਗੀ ਨੂੰ ਇਸ ਜ਼ਾਲਿਮ ਵਿਵਸਥਾ ਨੇ ਪੂਰ ਨਾ ਚੜ੍ਹਨ ਦਿੱਤਾ। 9 ਅਗਸਤ ਦੀ ਸ਼ਾਮ ਨੂੰ ਅਸ਼ੋਕ ਬਲਾਚੌਰ ਤੋਂ ਵਾਪਿਸ ਪਿੰਡ ਆ ਰਿਹਾ ਸੀ ਤਾਂ ਟਾਟਾ ਸੂਮੋ ‘ਤੇ ਸਵਾਰ ਤਿੰਨ ਦਰਿੰਦਿਆਂ ਨੇ ਸਾਡਾ ਇਹ ਹੀਰਾ ਦਰੜ ਦਿੱਤਾ । ਇਹ ਦਰਿੰਦੇ ਸਾਰੇ ਦਿਨ ਦੇ ਸ਼ਰਾਬੀ ਫਿਰਦੇ ਸਨ ਅਤੇ ਪਹਿਲਾਂ ਵੀ ਕਈਆਂ ਨਾਲ਼ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਸੀ। ਮੌਕਾ ਦੇਖਣ ਤੇ ਪਤਾ ਲੱਗਦਾ ਹੈ ਕਿ ਅਸ਼ੋਕ ਬਿਲਕੁਲ ਖੱਬੇ ਜਾ ਕੇ ਸੜਕ ਤੋਂ ਥੱਲੇ ਉਤਰ ਗਿਆ ਪਰ ਇਨ੍ਹਾਂ ਆਦਮਖੋਰਾਂ ਨੇ ਉਥੇ ਜਾ ਕੇ ਵੀ ਉਸਨੂੰ ਨਾ ਬਖਸਿ਼ਆ। ਇਸ ਮਨਹੂਸ ਖ਼ਬਰ ਨੇ ਸਾਰੇ ਇਲਾਕੇ ਨੂੰ ਸੁੰਨ ਕਰ ਦਿੱਤਾ । ਪਰਿਵਾਰ ਦੀਆਂ ਆਸਾਂ ਦਾ ਬੂਟਾ ਕੁਚਲ ਦਿੱਤਾ। ਸੁਨੀਲ ਚੰਦਿਆਣਵੀ ਜਿਸਨੇ ਅਸ਼ੋਕ ਨੂੰ ਅਪਣੀ ਜਿ਼ੰਦਗੀ ਦਾ ਉਦੇਸ਼ ਹੀ ਬਣਾ ਲਿਆ ਸੀ, ਦੀ ਜਿ਼ੰਦਗੀ ਉਦੇਸ਼ ਰਹਿਤ ਬਣ ਗਈ। ਅਸ਼ੋਕ ਸਾਰੇ ਭੈਣਾਂ ਭਰਾਵਾਂ, ਦੋਸਤਾਂ-ਮਿੱਤਰਾਂ ਨੂੰ ਦੁੱਖ ਦੇ ਡੂੰਘੇ ਸਮੁੰਦਰ ਵਿਚ ਸੁੱਟ ਗਿਆ। ਸ਼ਾਉਲੀ ਦੀਆਂ ਉਮੀਦਾਂ ਦਾ ਮਹਿਲ ਖੰਡਰ ਬਣ ਗਿਆ। ਸ਼ਾਉਲੀ ਨੂੰ ਆਪਣੀ ਜਿ਼ੰਦਗੀ ਨੂੰ ਦੁਬਾਰਾ ਸੁ਼ਰੂ ਕਰਨ ਲਈ ਉਸ ਹੌਸਲੇ ਦੀ ਲੋੜ ਪਵੇਗੀ ਜਿਸ ਹੌਸਲੇ ਨਾਲ਼ ਉਨ੍ਹਾਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਸੁਪਨਿਆਂ ਲਈ ਜਿਉਣਾ ਪਏਗਾ ਜੋ ਇਕੱਠਿਆਂ ਨੇ ਲਏ ਸਨ ।
18 ਅਗਸਤ ਨੂੰ ਅਸ਼ੋਕ ਦੀ ਅੰਤਿਮ ਅਰਦਾਸ ਵਿਚ ਹਜ਼ਾਰਾਂ ਮਨੁੱਖਾਂ ਦਾ ਇਕੱਠ ਉਸਦੇ ਇਕ ਸਮਾਜਿਕ ਮਨੁੱਖ ਹੋਣ ਦੀ ਸ਼ਾਹਦੀ ਭਰਦਾ ਸੀ। ਉਸਦੀ ਅੰਤਿਮ ਅਰਦਾਸ ਵਿਚ ਅੰਤਰ-ਰਾਸ਼ਟਰੀ ਭੰਗੜਾ ਕੋਚ ਸ. ਗੁਰਚਰਨ ਸਿੰਘ (ਫ਼ਰੀਦਕੋੇਟ) ਨੇ ਦੱਸਿਆ ਕਿ ਅਸ਼ੋਕ ਵਿਚ ਬੰਦੇ ਨੂੰ ਮੋਹ ਲੈਣ ਦੀ ਅਥਾਹ ਸਮਰਥਾ ਸੀ। ਉਨ੍ਹਾਂ ਦੱਸਿਆ ਕਿ ਅਸ਼ੋਕ ਨੇ ਕੰਢੀ ਏਰੀਏ ਦੇ ਗਰੀਬ ਬੱਚਿਆਂ ਲਈ ਇਕ ਵਿਦਿਅਕ ਸੁਸਾਇਟੀ ਬਣਾਈ ਸੀ। ਅਸ਼ੋਕ ਨੇ ਇਕ ਖੂਨਦਾਨ ਸੁਸਾਇਟੀ ਵੀ ਬਣਾਈ ਸੀ ਜਿਥੇ ਹਰ ਵਰਗ ਦੇ ਖੁਨ ਮਿਲਣ ਦੀ ਵਿਵਸਥਾ ਕਰ ਰਿਹਾ ਸੀ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਸਾਥੀ ਭੁਪਿੰਦਰ ਸਿੰਘ ਵੜੈਚ ਨੇ ਅਸ਼ੋਕ ਨੂੰ ਸ਼ਰਧਾਂਜਲੀ ਅਰਪਨ ਕਰਦੇ ਹੋਏ ਦੱਸਿਆ ਕਿ ਅਸ਼ੋਕ ਸਾਡਾ ‘ਆਪਣਾ’ ਹੋਣ ਕਰਕੇ ਅਸੀਂ ਦੁੱਖ ਦੇ ਸਮੁੰਦਰ ਵਿਚ ਡੁੱਬੇ ਹੋਏ ਹਾਂ । ਪਰ ਸੈਂਕੜੇ ਅਜਿਹੇ ਹੀਰੋ ਇਹ ਜ਼ਾਲਿਮ ਢਾਂਚਾ ਸਾਥੋਂ ਰੋਜ਼ਾਨਾ ਖੋਹ ਰਿਹਾ ਹੈ। ਇਥੇ ਹਰ ਰੋਜ਼ ਹਜ਼ਾਰਾਂ ਦਰਿੰਦੇ ਬਿਨਾਂ ਲੋੜ ਤੋਂ ਸਿਰਫ਼ ਐਸ਼ ਪ੍ਰਸਤੀ ਲਈ ਮੋਟਰ ਕਾਰਾਂ ਭਜਾਈ ਫਿਰਦੇ ਹਨ। ਉਨ੍ਹਾਂ ਅਸ਼ੋਕ ਦੇ ਕਾਤਲਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਥੋਂ ਦੀ ਪੁਲਿਸ ਦੋਸੀ਼ਆਂ ਨੂੰ ਫੜਨ ਵਿਚ ਆਨਾਕਾਨੀ ਕਰ ਰਹੀ ਹੈ। ਇੱਥੋਂ ਦੇ ਭ੍ਰਿਸ਼ਟ ਰਾਜਨੀਤਕ ਆਗੂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਅਸ਼ੋਕ ਦੇ ਕਾਤਲਾਂ ਵਾਂਗ ਹੀ ਹਰ ਥਾਂ ਕਾਤਲਾਂ ਦੀ ਮੱਦਦ ਕਰਦੇ ਹਨ। ਸਾਥੀ ਵੜੈਚ ਨੇ ਕਿਹਾ ਕਿ ਅਸ਼ੋਕ ਦੀ ਮੌਤ ਨੂੰ ਸਿਰਫ਼ ਭਾਣਾ ਜਾਂ ਸਵਾਸਾਂ ਦੀ ਪੂੰਜੀ ਨਹੀਂ ਮੰਨਿਆ ਜਾ ਸਕਦਾ। ਇਹ ਸਾਧਾਰਨ ਮੌਤ ਨਹੀਂ ਸਗੋਂ ਲੁਟੇਰੇ ਢਾਂਚੇ ਵਲੋਂ ਕੀਤਾ ਗਿਆ ਇਕ ‘ਕਤਲ’ ਹੈ। ਸਾਥੀ ਵੜੈਚ ਨੈ ਦੱਸਿਆ ਕਿ 12 ਸਤੰਬਰ ਨੂੰ ਅਸ਼ੋਕ ਨੇ ਜਰਮਨੀ ਜਾਣਾ ਸੀ ਜਿਥੇ ਉਸਨੇ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਸਬੰਧੀ ਕਾਨਫਰੰਸ ‘ਤੇ ਉਸਨੇ ਆਪਣਾ ਖੋਜ ਪੱਤਰ ਪੜ੍ਹਨਾ ਸੀ। ਅਸ਼ੋਕ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਸਨੂੰ ਯੂ.ਐਸ. ਤੋਂ ਅਜਿਹਾ ਹੀ ਇਕ ਬੁਲਾਵਾ ਆਇਆ ਸੀ। ਉਨ੍ਹਾਂ ਸੱਦਾ ਦਿੱਤਾ ਕਿ ਅਸ਼ੋਕ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਆਉ ਇਕੱਠੇ ਹੋਈਏ ਅਤੇ ਇਸ ਜ਼ਾਲਿਮ ਢਾਂਚੇ ਨੂੰ ਬਦਲੀਏ।



ਦੁਰਘਟਨਾਵਾਂ ਤੇ ਜਜ਼ਬਾਤ.......... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਅਚਾਨਕ ਮੈਨੂੰ ਆਸਟ੍ਰੇਲੀਆ ਦੇ ਟ੍ਰੈਫਿਕ ਦੇ ਨਿਯਮ ਬੜੇ ਪਿਆਰੇ ਜਾਪਣ ਲੱਗ ਪਏ ਨੇ । ਹੁਣ ਤੱਕ ਇਸੇ ਲਈ ਅੰਦਰੋ-ਅੰਦਰੀ ਕੁੜਦਾ ਰਿਹਾ ਕਿ 1000 ਡਾਲਰ ਭਾਵ ਕਰੀਬ ਪੈਂਤੀ-ਚਾਲੀ ਹਜ਼ਾਰ ਰੁਪਏ ਕੇਵਲ ਕਾਰ ਚਲਾਉਣ ਦੀ ਟ੍ਰੇਨਿੰਗ ਆਦਿ ਤੇ ਖ਼ਰਚ ਕਰਨ ਦੇ ਬਾਵਜੂਦ ਮੇਰਾ ਲਾਇਸੈਂਸ ਨਹੀਂ ਬਣਿਆ । ਏਨਾ ਕੁ ਸਖ਼ਤ ਕਾਨੂੰਨ ਹੈ ਕਿ ਜ਼ਰਾ ਜਿੰਨੀ ਗਲਤੀ ਹੋਣ ਤੇ ਟਿਕਟ (ਜੁਰਮਾਨਾ ਪਰਚੀ) ਘਰ ਆ ਜਾਂਦੀ ਹੈ । ਦੁਰਘਟਨਾਵਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਗਿਣਤੀ ‘ਚ ਹੀ ਨਹੀਂ ਆਉਂਦੀ । ਦਸਾਂ ਮਹੀਨਿਆਂ ‘ਚ ਇੱਕ ਵੀ ਅਜਿਹੀ ਦੁਰਘਟਨਾ ਬਾਰੇ ਨਹੀਂ ਪੜ੍ਹਿਆ/ਸੁਣਿਆ ਕਿ ਕਿਸੇ ਦੀ ਮੌਤ ਹੋਈ ਹੋਵੇ । ਅਜਿਹਾ ਨਹੀਂ ਹੈ ਕਿ ਹਰ ਜਗ੍ਹਾ ਪੁਲਿਸ ਮੁਲਾਜ਼ਮ ਜਾਂ ਟ੍ਰੈਫਿਕ ਮਹਿਕਮੇ ਦੇ ਅਫ਼ਸਰ ਮੌਜੂਦ ਰਹਿੰਦੇ ਹੋਣ, ਆਮ ਜਨਤਾ ਹੀ ਆਪਣਾ ਇਤਨਾ ਕੁ ਫ਼ਰਜ਼ ਸਮਝਦੀ ਹੈ ਕਿ ਕਿਸੇ ਨੂੰ ਕੋਈ ਸਿ਼ਕਾਇਤ ਦਾ ਮੌਕਾ ਨਹੀਂ ਮਿਲਦਾ । ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਵਤਨ ‘ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ । ਪੰਜਾਬ ‘ਚ ਰਹਿੰਦਿਆਂ ਇਹ ਵੀ ਪਤਾ ਨਹੀਂ ਸੀ ਕਿ ਫਰੀਦਕੋਟੋਂ ਲੁਧਿਆਣੇ ਜਾਂ ਬਠਿੰਡੇ ਜਾਣ ਲਈ ਕਿੰਨੀ ਸਪੀਡ ਤੇ ਜਾਣਾ ਚਾਹੀਦਾ ਹੈ । ਹੁਣ ਵੀ ਨਹੀਂ ਪਤਾ, ਕਿਉਂ ਜੋ ਕਿਸੇ ਵੀ ਸੜਕ ਤੇ ਸਪੀਡ ਦੇ ਬੋਰਡ ਹੀ ਨਹੀਂ ਲੱਗੇ ਹੋਏ । ਕੋਈ ਪਤਾ ਨਹੀਂ ਸੜਕ ਤੇ ਚੱਲਦਿਆਂ ਕਦੋਂ ਕਿਹੜੇ ਪਾਸਿਓਂ ਕੀ ਸਾਹਮਣੇ ਆ ਜਾਵੇ । ਲਾਇਸੈਂਸ ਬਨਵਾਉਣ ਲਈ ਸੰਬੰਧਿਤ ਦਫ਼ਤਰ ਵੀ ਜਾਣ ਦੀ ਲੋੜ ਨਹੀਂ ਜਾਪਦੀ । ਹਰ ਸ਼ਹਿਰ ‘ਚ ਏਜੰਟ ਮੌਜੂਦ ਨੇ, ਸੌ-ਦੋ ਸੌ ਰੁਪਏ ਫਾਲਤੂ ਦਿਓ ਚਾਹੇ “ਰਾਕਟ” ਦਾ ਲਾਇਸੈਂਸ ਬਣਵਾ ਲਓ । ਪੰਦਰਾਂ-ਸੋਲਾਂ ਸਾਲਾਂ ਦੇ ਛੋਹਰ ਸਕੂਟਰ-ਮੋਟਰ ਸਾਇਕਲ ਚਲਾਈ ਫਿਰਦੇ ਨੇ, ਪਿੰਡਾਂ ‘ਚ ਟਰੈਕਟਰ ਘੁਕਾਈ ਫਿਰਦੇ ਨੇ । “ਟਾਰਗੈਟ” ਪੂਰੇ ਕਰਨ ਲਈ ਸਕੂਟਰ-ਮੋਟਰ ਸਾਇਕਲਾਂ ਦੇ ਚਲਾਨ ਕੱਟਣ ਲਈ ਹਰ ਗਲੀ ਦੀ ਨੁੱਕੜ ਤੇ ਅੱਠ ਜਣੇ ਖੜ੍ਹ ਜਾਂਦੇ ਨੇ । ਮੋਟਰਾਂ ਵਾਲੇ ਸਰਦਾਰਾਂ ਜਾਂ ਸ਼ਾਹੂਕਾਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ । ਟਰੱਕ-ਟਰਾਲੀਆਂ ਓਵਰ ਲੋਡ, ਕੀ ਸਾਰੀ ਸੜਕ ਘੇਰੀ ਜਾਂਦੀ ਟਰਾਲੀ ਜਾਂ ਟਰੱਕ ਕਿਸੇ ਨੂੰ ਨਜ਼ਰ ਨਹੀਂ ਆਉਂਦਾ ? ਇਹ ਨਹੀਂ ਕਿ ਇਨ੍ਹਾਂ ਗੱਲਾਂ ਜਾਂ ਬੇ-ਨਿਯਮੀਆਂ ਦਾ ਕਿਸੇ ਨੂੰ ਪਤਾ ਨਹੀਂ ਹੋਵੇਗਾ, ਰੌਲਾ ਤਾਂ ਬਿੱਲੀ ਦੇ ਗਲ਼ ਟੱਲੀ ਬੰਨਣ ਦਾ ਹੈ, ਕੌਣ ਬੰਨੇ ? ਜਾਪਦਾ ਹੈ, ਹਮਾਮ ‘ਚ ਸਾਰੇ ਨੰਗੇ ਨੇ ।

ਗੱਲ ਸ਼ੁਰੂ ਕੀਤੀ ਸੀ ਟ੍ਰੈਫਿਕ ਨਿਯਮ ਪਿਆਰੇ ਲੱਗਣ ਦੀ । ਕਾਰਣ ? ਐਕਸੀਡੈਂਟਾਂ ‘ਚ ਉੱਪਰੋ ਥੱਲੀ ਦੋ ਮੌਤਾਂ । ਉਂਝ ਤਾਂ ਵਤਨ ‘ਚ ਰੋਜ਼ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਪਰ ਇਸ ਵਾਰ ਸੇਕ ਆਪਣੇ ਹੱਡਾਂ ਨੂੰ ਲੱਗਣ ਕਰਕੇ ਤੜਪ ਕੁਝ ਜਿ਼ਆਦਾ ਹੀ ਮਹਿਸੂਸ ਹੋ ਰਹੀ ਹੈ । ਮੇਰੇ ਸ਼ਾਇਰ ਦੋਸਤ ਸੁਨੀਲ ਚੰਦਿਆਣਵੀ ਦਾ ਛੋਟਾ ਵੀਰ ਡਾਕਟਰ ਅਸ਼ੋਕ ਸੜਕ ਦੁਰਘਟਨਾ ‘ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਅਲਵਿਦਾ ਕਹਿ ਗਿਆ ਜਾਂ ਕਿਸੇ ਚੰਦਰੇ ਨੇ ਅਲਵਿਦਾ ਕਹਾ ਦਿੱਤਾ ? ਕਿਸੇ ਦੀ ਗ਼ਲਤੀ ਨੇ ਸਾਡੇ ਕੋਲੋਂ ਇੱਕ ਨਰਮ ਦਿਲ, ਸੂਝਵਾਨ ਤੇ ਇਨਸਾਨੀਅਤ ਨਾਲ਼ ਭਰਪੂਰ ਜਿੰਦਾਦਿਲ ਇਨਸਾਨ ਹਮੇਸ਼ਾ-ਹਮੇਸ਼ਾ ਲਈ ਖੋਹ ਲਿਆ । ਅਸੋ਼ਕ ਵਿੱਦਿਅਕ ਤੌਰ ਤੇ ਬਹੁਤ ਅਮੀਰ ਇਨਸਾਨ ਸੀ । ਉਸਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਬਾਇਓ ਫਿਜਿ਼ਕਸ ਵਿਸ਼ੇ ਵਿੱਚ ਪੀ.ਐਚ.ਡੀ. ਕੀਤੀ । ਸਮਾਜ ਨੂੰ ਸਾਇੰਸ ਦੇ ਖੇਤਰ ਵਿੱਚ ਅਸ਼ੋਕ ਤੋਂ ਬੜੀਆਂ ਉਮੀਦਾਂ ਸਨ । ਅਜੇ ਕੁਝ ਮਹੀਨੇ ਪਹਿਲਾਂ ਹੀ ਉਸਨੇ ਸ਼ਾਉਲੀ ਨੂੰ਼ ਆਪਣਾ ਜੀਵਨ ਸਾਥੀ ਚੁਣਿਆ ਸੀ ।

ਆਹ ਅਸ਼ੋਕ ! ਸ਼ਾਉਲੀ ਦੇ ਦਿਲ ਦਾ ਦਰਦ ਬਰਦਾਸ਼ਤ ਤੋਂ ਬਾਹਰ ਹੈ ਯਾਰ ! ਮੈਂ ਤਾਂ ਸੁਨੀਲ ਨੂੰ ਉਂਝ ਹੀ ਫੋਨ ਕੀਤਾ ਸੀ, ਪਰ ਤੇਰੇ ਜਾਣ ਦੀ ਮਨਹੂਸ ਖ਼ਬਰ ਨੇ ਅਤਿਅੰਤ ਦਰਦ ਦੇ ਸਾਗਰ ਵਿੱਚ ਡੁਬੋ ਦਿੱਤਾ । ਕੁਝ ਮਹੀਨੇ ਪਹਿਲਾਂ ਹੀ ਤਾਂ ਸੁਨੀਲ ਨੇ ਕਿੰਨੇ ਚਾਵਾਂ ਤੇ ਮਲ੍ਹਾਰਾਂ ਨਾਲ਼ ਤੇਰੇ ਵਿਆਹ ਦਾ ਹਾਲ ਫੋਨ ਤੇ ਦੱਸਿਆ ਸੀ,

“ਬੜਾ ਇੰਜੁਆਏ ਕੀਤਾ ਯਾਰ ! ਅਸੋ਼ਕ ਦੇ ਵਿਆਹ ‘ਤੇ, ਅੱਧੀ-ਅੱਧੀ ਰਾਤ ਤੱਕ ਮਹਿਫਿ਼ਲ ਲੱਗਦੀ ਰਹੀ । ਫ਼ਲਾਣਾ ਕਵੀ ਸੀ, ਫ਼ਲਾਣਾ ਗੀਤਕਾਰ ਸੀ, ਫ਼ਲਾਣਾ ਗਾਇਕ ਸੀ ।”

ਪਰ ਅੱਜ, ਅੱਜ ਤਾਂ ਸੁਨੀਲ ਤੋਂ ਗੱਲ ਵੀ ਨਹੀਂ ਸੀ ਹੋ ਰਹੀ । ਮੈਂ ਵੀ ਕੀ ਕਹਿੰਦਾ ? ਹੌਸਲਾ ਰੱਖ ! ਹੌਸਲਾ ਰੱਖ ਕਹਿਣਾ ਸੌਖਾ ਹੈ । ਜਦ ਅਸੀਂ ਲੋਕ ਸਮੁੰਦਰੋਂ ਪਾਰ ਬੈਠੇ ਤੜਪ ਰਹੇ ਹਾਂ, ਤਾਂ ਸੁਨੀਲ ਦੀ ਤਾਂ ਗੋਦ ਵਿੱਚ ਤੂੰ ਖੇਡਿਆ ਹੋਵੇਂਗਾ, ਉਸਨੂੰ ਕਿਦਾਂ ਕਹਾਂ, “ਸੁਨੀਲ ਹੌਸਲਾ ਰੱਖ” । ਜਿਸ ਦੌਰ ‘ਚੋਂ ਤੇਰਾ ਪਰਿਵਾਰ ਗੁਜ਼ਰ ਰਿਹਾ ਹੈ, ਅਜਿਹੇ ਸਮੇਂ ਦੀ ਕਲਪਨਾ ਕਰਨਾ ਵੀ ਅਤਿਅੰਤ ਦੁਖਦਾਈ ਹੈ । ਚਾਹੇ ਤੈਨੂੰ ਮਿਲਣ ਦਾ ਕਦੀ ਮੌਕਾ ਨਹੀਂ ਮਿਲਿਆ ਤੇ ਤੇਰੇ ਵਿਆਹ ਤੋਂ ਪਹਿਲਾਂ ਹੀ ਵਤਨੋਂ ਆ ਗਿਆ ਸੀ, ਪਰ ਆਪਣੇ ਦੋਸਤ ਦਾ ਦਰਦ ਮੈਨੂੰ ਬਹੁਤ ਤੜਪਾ ਰਿਹਾ ਹੈ ਯਾਰ ! ਆਪਣੀ ਕਲਪਨਾ ਵਿੱਚ ਦੇਖ ਰਿਹਾ ਹਾਂ ਕਿ ਨਿੱਕੇ ਹੁੰਦਿਆਂ ਤੂੰ ਤੇ ਸੁਨੀਲ ਮੰਜੇ ਤੇ ਲੇਟੇ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹੋ । ਤੂੰ ਆਪਣੀ ਕਿਸੇ ਸ਼ਰਾਰਤ ਫੜੀ ਜਾਣ ਤੇ ਘਰ ਦਿਆਂ ਨੂੰ ਨਾ ਦੱਸਣ ਲਈ ਸੁਨੀਲ ਨੂੰ ਵਾਰ-ਵਾਰ ਕਹਿ ਰਿਹਾ ਹੈਂ, ਦੱਸਣਾ ਉਸ ਵੀ ਨਹੀਂ, ਪਰ ਸ਼ਰਾਰਤੀ ਮੁਸਕਾਨ ਨਾਲ਼ ਉਹ ਤੈਨੂੰ ਡਰਾ ਰਿਹਾ ਹੈ, ਤੂੰ ਡਰ ਰਿਹਾ ਹੈਂ ।

ਸਾਰੇ ਭਰਾ ਅਜਿਹੇ ਹੀ ਹੁੰਦੇ ਨੇ । ਜੇ ਕਿਸੇ ਨੂੰ ਫੁੱਲ ਦੀ ਵੀ ਲੱਗ ਜਾਵੇ ਤਾਂ ਬੜਾ ਦਰਦ ਹੁੰਦਾ ਹੈ । ਕੁਝ ਸਾਲ ਪਹਿਲਾਂ ਮੇਰਾ ਛੋਟਾ ਭਾਈ ਪ੍ਰੇਮ ਵੀ ਸੜਕ ਦੁਰਘਟਨਾ ‘ਚ ਆਪਣੀ ਸੱਜੀ ਅੱਖ ਦੀ ਰੋਸ਼ਨੀ ਗੁਆ ਬੈਠਾ । ਉਸਦੇ ਦਰਦ ਨੂੰ ਅਜੇ ਅੰਦਰੋ-ਅੰਦਰੀ ਹੰਢਾ ਰਿਹਾ ਸਾਂ ਕਿ ਫਰੀਦਕੋਟ ਵੱਡੇ ਭਰਾਵਾਂ ਵਰਗੇ ਦੋਸਤ ਸੁਰਿੰਦਰ ਭਾਰਤੀ ਤਿਵਾੜੀ ਦਾ ਚੜ੍ਹਦੀ ਉਮਰ ਦਾ ਪੁੱਤਰ ਤਰੁਣ ਭਾਰਤੀ ਸੜਕ ਦੁਰਘਟਨਾ ਵਿੱਚ ਚੱਲ ਵੱਸਿਆ । ਪੁੱਤਰ ਤਾਂ ਜੰਮਦੇ ਹੀ ਗੱਭਰੂ ਹੁੰਦੇ ਨੇ, ਤੇ ਤਰੁਣ ਦੇ ਪੈਰ ‘ਚ ਤਾਂ ਫਿਰ ਬਾਪ ਦੀ ਜੁੱਤੀ ਆਉਣ ਲੱਗ ਪਈ ਸੀ । ਕੀਕਣ ਭੁੱਲਾਂ, ਉਹਦੀ ਸ਼ਕਲ ਤੇ ਉਹਦੀਆਂ ਗੱਲਾਂ ? ਅਜੇ 10+2 ‘ਚ ਹੀ ਤਾਂ ਸੀ ਤੇ ਉਹ ਇੰਜੀਨੀਅਰ ਬਨਣ ਦੀ ਖੁਆਹਿਸ਼ ਰੱਖਦਾ ਸੀ । 16-17 ਸਾਲ ਦੀ ਉਮਰ ‘ਚ ਹੀ ਕੱਦ ਪੱਖੋਂ ਬਰਾਬਰ ਦਾ ਲੱਗਦਾ ਸੀ । ਅੱਜ ਤੱਕ ਉਸਦੇ ਦੁਨੀਆਂ ਤੋਂ ਜਾਣ ਦਾ ਵਿਸ਼ਵਾਸ ਨਹੀਂ ਹੋ ਰਿਹਾ, ਪਰ ਮੌਤ ਤਾਂ ਅਟੱਲ ਸਚਾਈ ਹੈ । ਅਜੇ ਕੁਝ ਵਰ੍ਹੇ ਪਹਿਲਾਂ ਹੀ ਤਾਂ ਉਸਦੇ ਮੰਮੀ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ਼ ਸਭ ਨੂੰ ਵਿਲਕਦਾ ਛੱਡ ਗਏ ਸਨ । ਮੇਰਾ ਕਲੇਜਾ ਚਾਕ-ਚਾਕ ਹੋ ਗਿਆ, ਜਦ ਭਾਰਤੀ ਜੀ ਨੇ ਫੋਨ ਤੇ ਕਿਹਾ ਸੀ...“ਰਿਸ਼ੀ ਤੇਰੀ ਕਵਿਤਾ ਦੀਆਂ ਲਾਈਨਾਂ ਬਦਲਣੀਆਂ ਪੈਣਗੀਆਂ ।” ਜਦ ਮੈਡਮ (ਭਾਬੀ ਜੀ) ਦੁਨੀਆਂ ਤੋਂ ਗਏ ਸਨ ਤਾਂ ਭਾਰਤੀ ਜੀ ਦੀ ਸੋਚ ਬਾਰੇ ਲਿਖਿਆ ਸੀ...

“ਤਨੂੰ-ਵਨੂੰ ਜ਼ਿੰਦਗੀ ਦਾ ਸਿਖਰ ਛੋਹਣਗੇ, ਮੈਂ ਵਾਅਦਾ ਕਰਦਾ ਹਾਂ,
ਤੇਰੇ ਸੁਪਨੇ ਪੂਰੇ ਹੋਣਗੇ, ਮੈਂ ਵਾਅਦਾ ਕਰਦਾ ਹਾਂ”

ਭਾਰਤੀ ਜੀ ਕਹਿ ਰਹੇ ਸਨ ਕਿ ਉਹ ਤਨੂੰ (ਤਰੁਣ) ਨੂੰ ਜਿੰਦਗੀ ਦੀਆਂ ਉਚਾਈਆਂ ਤੇ ਕਿਦਾਂ ਪਹੁੰਚਾਉਣ, ਜਦ ਕਿ ਉਹ ਏਨੀ ਉਚਾਈ ਤੇ ਜਾ ਪੁੱਜਾ ਹੈ ਕਿ ਸਾਡੀ ਆਵਾਜ਼ ਦੀ ਸੀਮਾ ਤੋਂ ਬਾਹਰ ਜਾ ਚੁੱਕਾ ਹੈ । ਮੈਡਮ ਪਹਿਲਾਂ ਹੀ ਸਾਥ ਛੱਡ ਗਏ । ਸਭ ਨੇ ਹੌਸਲਾ ਦਿੱਤਾ “ਆਪਣੇ ਪੁੱਤਰਾਂ ਤਰੁਣ ਤੇ ਵਰੁਣ ਦੇ ਭਵਿੱਖ ਵੱਲ ਧਿਆਨ ਦਿਓ ।” ਭਾਰਤੀ ਜੀ ਨੇ ਕਲੇਜੇ ‘ਤੇ ਪੱਥਰ ਧਰ ਕੇ, ਆਪਣਾ ਦਰਦ ਦਿਲ ‘ਚ ਹੀ ਦਬਾ ਕੇ, ਦੋਹਾਂ ਦੇ ਭਵਿੱਖ ਨੂੰ ਸੰਵਾਰਣ ਨੂੰ ਹੀ ਆਪਣੀ ਜਿੰਦਗੀ ਦਾ ਨਿਸ਼ਾਨਾ ਬਣਾ ਲਿਆ । ਹੁਣ ਵੱਡੇ ਪੁੱਤਰ ਵਰੁਣ ਭਾਰਤੀ ਵੱਲੋਂ ਕੁਝ ਠੰਢਕ ਮਿਲਣ ਦੀ ਆਸ ਜਾਗੀ ਸੀ ਕਿ ਉਸਦੇ ਚਾਰਟਰਡ ਆਕਊਂਟੈਂਟ ਬਣਨ ‘ਚ ਥੋੜਾ ਹੀ ਸਮਾਂ ਰਹਿ ਗਿਆ ਤਾਂ ਇਹ ਭਾਣਾ ਵਰਤ ਗਿਆ । ਭਾਰਤੀ ਜੀ ਦੇ ਵਿਹੜੇ ‘ਚ ਚੰਦਰੀ ਮੌਤ ਦੀਆਂ ਪੈੜਾਂ ਸਾਲਾਂ ਬਾਅਦ ਮਸਾਂ ਧੁੰਦਲੀਆਂ ਪੈਣੀਆਂ ਸ਼ੁਰੂ ਹੋਈਆਂ ਸਨ ਕਿ ਮੁੜ..... । ਹੁਣ ਭਾਰਤੀ ਜੀ ਤੇ ਵਰੁਣ ਦੋਵੇਂ ਪਿਉ-ਪੁੱਤ ਇੱਕ ਦੂਜੇ ਤੋਂ ਲੁਕਾ ਕੇ ਖੂਨ ਦੇ ਹੰਝੂ ਰੋਂਦੇ ਨੇ, ਇੱਕ ਦੂਜੇ ਨੂੰ ਦਿਲਾਸਾ ਦਿੰਦੇ ਨੇ ਤੇ ਪਤਾ ਵੀ ਦੋਹਾਂ ਨੂੰ ਹੈ ਕਿ ਦਿਲਾਸੇ ਫੋਕੇ ਹਨ ।

ਜੋ ਕੋਈ ਵੀ ਸੜਕ ਤੇ ਚੱਲਦਾ ਹੈ, ਸੜਕ ਨੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਸਮਝ ਕੇ ਚੱਲਦਾ ਹੈ । ਕੀ ਕਹਿਣਾ ਜੇਕਰ 10-15 ਪ੍ਰਤੀਸ਼ਤ ਲੋਕਾਂ ਨੂੰ ਸੜਕ ਦੇ ਨਿਯਮਾਂ ਦੀ ਜਾਣਕਾਰੀ ਹੋਏ, ਨਹੀਂ ਤਾਂ ਜਿਸਨੂੰ ਗੇਅਰ ਪਾਉਣਾ ਤੇ ਰੇਸ ਨੱਪਣੀ ਆ ਗਈ, ਉਹੀ ਡਰਾਈਵਰ ਬਣ ਗਿਆ । ਏਨੀਆਂ ਕੁ ਦੁਰਘਟਨਾਵਾਂ ਰੋਜ਼ ਹੁੰਦੀਆਂ ਨੇ, ਜੇਕਰ ਸਭ ਖ਼ਬਰਾਂ ਛਪਣ ਲੱਗ ਪੈਣ ਤਾਂ ਅਖ਼ਬਾਰ ‘ਚ ਹੋਰ ਕੁਝ ਛਪੇਗਾ ਹੀ ਨਹੀਂ । ਦੁਰਘਟਨਾਵਾਂ ਦਾ ਜਿੰਮੇਵਾਰ ਕੌਣ ਹੈ ? ਉਹ ਲੋਕ, ਜੋ ਨਸ਼ੇ ‘ਚ ਟੁੱਲ ਹੋ ਕੇ ਡਰਾਈਵਿੰਗ ਕਰਦੇ ਨੇ ਜਾਂ ਪ੍ਰਸ਼ਾਸਨ ਜੋ ਕਿ ਅੱਖਾਂ ਤੇ ਪੱਟੀ ਬੰਨ੍ਹੀ, ਮੂਕ ਦਰਸ਼ਕ ਬਣਿਆ ਸਭ ਦੇਖ ਰਿਹਾ ਹੈ । ਦੁਰਘਟਨਾ ‘ਚ ਜਾਣ ਵਾਲੇ ਦਾ ਅਜੇ ਭੋਗ ਵੀ ਨਹੀਂ ਪਿਆ ਹੁੰਦਾ ਤੇ “ਕਾਤਲ” ਜ਼ਮਾਨਤ ਤੇ ਬਾਹਰ ਆ ਮੁੜ ਨਵੇਂ ਕਤਲ ਕਰਨ ਦੀ ਤਿਆਰੀ ‘ਚ ਹੁੰਦਾ ਹੈ । ਜੇਕਰ ਡਰਾਈਵਿੰਗ ਲਾਇਸੈਂਸ ਜ਼ਬਤ ਹੋ ਵੀ ਚੁੱਕਾ ਹੈ ਤਾਂ ਕੀ ਹੋਇਆ ? ਕਚਿਹਰੀ ‘ਚ ਬੈਠੇ ਏਜੰਟ ਕਿਹੜੇ ਮਰਜ਼ ਦੀ ਦਾਰੂ ਨੇ ? ਕਿਹੜਾ ਕਿਸੇ ਅਫ਼ਸਰ ਨੇ ਡਰਾਈਵਿੰਗ ਦਾ ਟੈਸਟ ਲੈਣਾ ਹੈ ? ਘਰ ਬੈਠੇ ਲਾਇਸੈਂਸ ਮੁੜ ਬਣ ਜਾਵੇਗਾ । ਪ੍ਰਸ਼ਾਸਨ ਨੂੰ ਤਾਂ ਇਹ ਸੁਆਲ ਕਰਨ ‘ਚ ਤਾਂ ਕੋਈ ਅਕਲਮੰਦੀ ਨਜ਼ਰ ਨਹੀਂ ਆਉਂਦੀ ਕਿ ਕੀ ਕਦੀ ਦੁਰਘਟਨਾਵਾਂ ਦੀ ਘਟਣ ਦੀ ਉਮੀਦ ਹੈ, ਖ਼ਤਮ ਹੋਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ, ਜਦ ਤੱਕ ਚਾਂਦੀ ਦੇ ਛਿੱਤਰ ਦਾ ਰਾਜ ਹੈ, ਤੇ ਇਸ ਰਾਜ ਦੀਆਂ ਸੀਮਾਵਾਂ ਘੱਟੋ-ਘੱਟ ਮੇਰੇ ਮਹਾਨ ਵਤਨ ‘ਚ ਤਾਂ ਦੂਰ ਦੂਰ ਤੱਕ ਫੈਲੀਆਂ ਨੇ ।
***