ਦੁਰਘਟਨਾਵਾਂ ਤੇ ਜਜ਼ਬਾਤ.......... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਅਚਾਨਕ ਮੈਨੂੰ ਆਸਟ੍ਰੇਲੀਆ ਦੇ ਟ੍ਰੈਫਿਕ ਦੇ ਨਿਯਮ ਬੜੇ ਪਿਆਰੇ ਜਾਪਣ ਲੱਗ ਪਏ ਨੇ । ਹੁਣ ਤੱਕ ਇਸੇ ਲਈ ਅੰਦਰੋ-ਅੰਦਰੀ ਕੁੜਦਾ ਰਿਹਾ ਕਿ 1000 ਡਾਲਰ ਭਾਵ ਕਰੀਬ ਪੈਂਤੀ-ਚਾਲੀ ਹਜ਼ਾਰ ਰੁਪਏ ਕੇਵਲ ਕਾਰ ਚਲਾਉਣ ਦੀ ਟ੍ਰੇਨਿੰਗ ਆਦਿ ਤੇ ਖ਼ਰਚ ਕਰਨ ਦੇ ਬਾਵਜੂਦ ਮੇਰਾ ਲਾਇਸੈਂਸ ਨਹੀਂ ਬਣਿਆ । ਏਨਾ ਕੁ ਸਖ਼ਤ ਕਾਨੂੰਨ ਹੈ ਕਿ ਜ਼ਰਾ ਜਿੰਨੀ ਗਲਤੀ ਹੋਣ ਤੇ ਟਿਕਟ (ਜੁਰਮਾਨਾ ਪਰਚੀ) ਘਰ ਆ ਜਾਂਦੀ ਹੈ । ਦੁਰਘਟਨਾਵਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਗਿਣਤੀ ‘ਚ ਹੀ ਨਹੀਂ ਆਉਂਦੀ । ਦਸਾਂ ਮਹੀਨਿਆਂ ‘ਚ ਇੱਕ ਵੀ ਅਜਿਹੀ ਦੁਰਘਟਨਾ ਬਾਰੇ ਨਹੀਂ ਪੜ੍ਹਿਆ/ਸੁਣਿਆ ਕਿ ਕਿਸੇ ਦੀ ਮੌਤ ਹੋਈ ਹੋਵੇ । ਅਜਿਹਾ ਨਹੀਂ ਹੈ ਕਿ ਹਰ ਜਗ੍ਹਾ ਪੁਲਿਸ ਮੁਲਾਜ਼ਮ ਜਾਂ ਟ੍ਰੈਫਿਕ ਮਹਿਕਮੇ ਦੇ ਅਫ਼ਸਰ ਮੌਜੂਦ ਰਹਿੰਦੇ ਹੋਣ, ਆਮ ਜਨਤਾ ਹੀ ਆਪਣਾ ਇਤਨਾ ਕੁ ਫ਼ਰਜ਼ ਸਮਝਦੀ ਹੈ ਕਿ ਕਿਸੇ ਨੂੰ ਕੋਈ ਸਿ਼ਕਾਇਤ ਦਾ ਮੌਕਾ ਨਹੀਂ ਮਿਲਦਾ । ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਵਤਨ ‘ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ । ਪੰਜਾਬ ‘ਚ ਰਹਿੰਦਿਆਂ ਇਹ ਵੀ ਪਤਾ ਨਹੀਂ ਸੀ ਕਿ ਫਰੀਦਕੋਟੋਂ ਲੁਧਿਆਣੇ ਜਾਂ ਬਠਿੰਡੇ ਜਾਣ ਲਈ ਕਿੰਨੀ ਸਪੀਡ ਤੇ ਜਾਣਾ ਚਾਹੀਦਾ ਹੈ । ਹੁਣ ਵੀ ਨਹੀਂ ਪਤਾ, ਕਿਉਂ ਜੋ ਕਿਸੇ ਵੀ ਸੜਕ ਤੇ ਸਪੀਡ ਦੇ ਬੋਰਡ ਹੀ ਨਹੀਂ ਲੱਗੇ ਹੋਏ । ਕੋਈ ਪਤਾ ਨਹੀਂ ਸੜਕ ਤੇ ਚੱਲਦਿਆਂ ਕਦੋਂ ਕਿਹੜੇ ਪਾਸਿਓਂ ਕੀ ਸਾਹਮਣੇ ਆ ਜਾਵੇ । ਲਾਇਸੈਂਸ ਬਨਵਾਉਣ ਲਈ ਸੰਬੰਧਿਤ ਦਫ਼ਤਰ ਵੀ ਜਾਣ ਦੀ ਲੋੜ ਨਹੀਂ ਜਾਪਦੀ । ਹਰ ਸ਼ਹਿਰ ‘ਚ ਏਜੰਟ ਮੌਜੂਦ ਨੇ, ਸੌ-ਦੋ ਸੌ ਰੁਪਏ ਫਾਲਤੂ ਦਿਓ ਚਾਹੇ “ਰਾਕਟ” ਦਾ ਲਾਇਸੈਂਸ ਬਣਵਾ ਲਓ । ਪੰਦਰਾਂ-ਸੋਲਾਂ ਸਾਲਾਂ ਦੇ ਛੋਹਰ ਸਕੂਟਰ-ਮੋਟਰ ਸਾਇਕਲ ਚਲਾਈ ਫਿਰਦੇ ਨੇ, ਪਿੰਡਾਂ ‘ਚ ਟਰੈਕਟਰ ਘੁਕਾਈ ਫਿਰਦੇ ਨੇ । “ਟਾਰਗੈਟ” ਪੂਰੇ ਕਰਨ ਲਈ ਸਕੂਟਰ-ਮੋਟਰ ਸਾਇਕਲਾਂ ਦੇ ਚਲਾਨ ਕੱਟਣ ਲਈ ਹਰ ਗਲੀ ਦੀ ਨੁੱਕੜ ਤੇ ਅੱਠ ਜਣੇ ਖੜ੍ਹ ਜਾਂਦੇ ਨੇ । ਮੋਟਰਾਂ ਵਾਲੇ ਸਰਦਾਰਾਂ ਜਾਂ ਸ਼ਾਹੂਕਾਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ । ਟਰੱਕ-ਟਰਾਲੀਆਂ ਓਵਰ ਲੋਡ, ਕੀ ਸਾਰੀ ਸੜਕ ਘੇਰੀ ਜਾਂਦੀ ਟਰਾਲੀ ਜਾਂ ਟਰੱਕ ਕਿਸੇ ਨੂੰ ਨਜ਼ਰ ਨਹੀਂ ਆਉਂਦਾ ? ਇਹ ਨਹੀਂ ਕਿ ਇਨ੍ਹਾਂ ਗੱਲਾਂ ਜਾਂ ਬੇ-ਨਿਯਮੀਆਂ ਦਾ ਕਿਸੇ ਨੂੰ ਪਤਾ ਨਹੀਂ ਹੋਵੇਗਾ, ਰੌਲਾ ਤਾਂ ਬਿੱਲੀ ਦੇ ਗਲ਼ ਟੱਲੀ ਬੰਨਣ ਦਾ ਹੈ, ਕੌਣ ਬੰਨੇ ? ਜਾਪਦਾ ਹੈ, ਹਮਾਮ ‘ਚ ਸਾਰੇ ਨੰਗੇ ਨੇ ।

ਗੱਲ ਸ਼ੁਰੂ ਕੀਤੀ ਸੀ ਟ੍ਰੈਫਿਕ ਨਿਯਮ ਪਿਆਰੇ ਲੱਗਣ ਦੀ । ਕਾਰਣ ? ਐਕਸੀਡੈਂਟਾਂ ‘ਚ ਉੱਪਰੋ ਥੱਲੀ ਦੋ ਮੌਤਾਂ । ਉਂਝ ਤਾਂ ਵਤਨ ‘ਚ ਰੋਜ਼ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਪਰ ਇਸ ਵਾਰ ਸੇਕ ਆਪਣੇ ਹੱਡਾਂ ਨੂੰ ਲੱਗਣ ਕਰਕੇ ਤੜਪ ਕੁਝ ਜਿ਼ਆਦਾ ਹੀ ਮਹਿਸੂਸ ਹੋ ਰਹੀ ਹੈ । ਮੇਰੇ ਸ਼ਾਇਰ ਦੋਸਤ ਸੁਨੀਲ ਚੰਦਿਆਣਵੀ ਦਾ ਛੋਟਾ ਵੀਰ ਡਾਕਟਰ ਅਸ਼ੋਕ ਸੜਕ ਦੁਰਘਟਨਾ ‘ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਅਲਵਿਦਾ ਕਹਿ ਗਿਆ ਜਾਂ ਕਿਸੇ ਚੰਦਰੇ ਨੇ ਅਲਵਿਦਾ ਕਹਾ ਦਿੱਤਾ ? ਕਿਸੇ ਦੀ ਗ਼ਲਤੀ ਨੇ ਸਾਡੇ ਕੋਲੋਂ ਇੱਕ ਨਰਮ ਦਿਲ, ਸੂਝਵਾਨ ਤੇ ਇਨਸਾਨੀਅਤ ਨਾਲ਼ ਭਰਪੂਰ ਜਿੰਦਾਦਿਲ ਇਨਸਾਨ ਹਮੇਸ਼ਾ-ਹਮੇਸ਼ਾ ਲਈ ਖੋਹ ਲਿਆ । ਅਸੋ਼ਕ ਵਿੱਦਿਅਕ ਤੌਰ ਤੇ ਬਹੁਤ ਅਮੀਰ ਇਨਸਾਨ ਸੀ । ਉਸਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਬਾਇਓ ਫਿਜਿ਼ਕਸ ਵਿਸ਼ੇ ਵਿੱਚ ਪੀ.ਐਚ.ਡੀ. ਕੀਤੀ । ਸਮਾਜ ਨੂੰ ਸਾਇੰਸ ਦੇ ਖੇਤਰ ਵਿੱਚ ਅਸ਼ੋਕ ਤੋਂ ਬੜੀਆਂ ਉਮੀਦਾਂ ਸਨ । ਅਜੇ ਕੁਝ ਮਹੀਨੇ ਪਹਿਲਾਂ ਹੀ ਉਸਨੇ ਸ਼ਾਉਲੀ ਨੂੰ਼ ਆਪਣਾ ਜੀਵਨ ਸਾਥੀ ਚੁਣਿਆ ਸੀ ।

ਆਹ ਅਸ਼ੋਕ ! ਸ਼ਾਉਲੀ ਦੇ ਦਿਲ ਦਾ ਦਰਦ ਬਰਦਾਸ਼ਤ ਤੋਂ ਬਾਹਰ ਹੈ ਯਾਰ ! ਮੈਂ ਤਾਂ ਸੁਨੀਲ ਨੂੰ ਉਂਝ ਹੀ ਫੋਨ ਕੀਤਾ ਸੀ, ਪਰ ਤੇਰੇ ਜਾਣ ਦੀ ਮਨਹੂਸ ਖ਼ਬਰ ਨੇ ਅਤਿਅੰਤ ਦਰਦ ਦੇ ਸਾਗਰ ਵਿੱਚ ਡੁਬੋ ਦਿੱਤਾ । ਕੁਝ ਮਹੀਨੇ ਪਹਿਲਾਂ ਹੀ ਤਾਂ ਸੁਨੀਲ ਨੇ ਕਿੰਨੇ ਚਾਵਾਂ ਤੇ ਮਲ੍ਹਾਰਾਂ ਨਾਲ਼ ਤੇਰੇ ਵਿਆਹ ਦਾ ਹਾਲ ਫੋਨ ਤੇ ਦੱਸਿਆ ਸੀ,

“ਬੜਾ ਇੰਜੁਆਏ ਕੀਤਾ ਯਾਰ ! ਅਸੋ਼ਕ ਦੇ ਵਿਆਹ ‘ਤੇ, ਅੱਧੀ-ਅੱਧੀ ਰਾਤ ਤੱਕ ਮਹਿਫਿ਼ਲ ਲੱਗਦੀ ਰਹੀ । ਫ਼ਲਾਣਾ ਕਵੀ ਸੀ, ਫ਼ਲਾਣਾ ਗੀਤਕਾਰ ਸੀ, ਫ਼ਲਾਣਾ ਗਾਇਕ ਸੀ ।”

ਪਰ ਅੱਜ, ਅੱਜ ਤਾਂ ਸੁਨੀਲ ਤੋਂ ਗੱਲ ਵੀ ਨਹੀਂ ਸੀ ਹੋ ਰਹੀ । ਮੈਂ ਵੀ ਕੀ ਕਹਿੰਦਾ ? ਹੌਸਲਾ ਰੱਖ ! ਹੌਸਲਾ ਰੱਖ ਕਹਿਣਾ ਸੌਖਾ ਹੈ । ਜਦ ਅਸੀਂ ਲੋਕ ਸਮੁੰਦਰੋਂ ਪਾਰ ਬੈਠੇ ਤੜਪ ਰਹੇ ਹਾਂ, ਤਾਂ ਸੁਨੀਲ ਦੀ ਤਾਂ ਗੋਦ ਵਿੱਚ ਤੂੰ ਖੇਡਿਆ ਹੋਵੇਂਗਾ, ਉਸਨੂੰ ਕਿਦਾਂ ਕਹਾਂ, “ਸੁਨੀਲ ਹੌਸਲਾ ਰੱਖ” । ਜਿਸ ਦੌਰ ‘ਚੋਂ ਤੇਰਾ ਪਰਿਵਾਰ ਗੁਜ਼ਰ ਰਿਹਾ ਹੈ, ਅਜਿਹੇ ਸਮੇਂ ਦੀ ਕਲਪਨਾ ਕਰਨਾ ਵੀ ਅਤਿਅੰਤ ਦੁਖਦਾਈ ਹੈ । ਚਾਹੇ ਤੈਨੂੰ ਮਿਲਣ ਦਾ ਕਦੀ ਮੌਕਾ ਨਹੀਂ ਮਿਲਿਆ ਤੇ ਤੇਰੇ ਵਿਆਹ ਤੋਂ ਪਹਿਲਾਂ ਹੀ ਵਤਨੋਂ ਆ ਗਿਆ ਸੀ, ਪਰ ਆਪਣੇ ਦੋਸਤ ਦਾ ਦਰਦ ਮੈਨੂੰ ਬਹੁਤ ਤੜਪਾ ਰਿਹਾ ਹੈ ਯਾਰ ! ਆਪਣੀ ਕਲਪਨਾ ਵਿੱਚ ਦੇਖ ਰਿਹਾ ਹਾਂ ਕਿ ਨਿੱਕੇ ਹੁੰਦਿਆਂ ਤੂੰ ਤੇ ਸੁਨੀਲ ਮੰਜੇ ਤੇ ਲੇਟੇ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹੋ । ਤੂੰ ਆਪਣੀ ਕਿਸੇ ਸ਼ਰਾਰਤ ਫੜੀ ਜਾਣ ਤੇ ਘਰ ਦਿਆਂ ਨੂੰ ਨਾ ਦੱਸਣ ਲਈ ਸੁਨੀਲ ਨੂੰ ਵਾਰ-ਵਾਰ ਕਹਿ ਰਿਹਾ ਹੈਂ, ਦੱਸਣਾ ਉਸ ਵੀ ਨਹੀਂ, ਪਰ ਸ਼ਰਾਰਤੀ ਮੁਸਕਾਨ ਨਾਲ਼ ਉਹ ਤੈਨੂੰ ਡਰਾ ਰਿਹਾ ਹੈ, ਤੂੰ ਡਰ ਰਿਹਾ ਹੈਂ ।

ਸਾਰੇ ਭਰਾ ਅਜਿਹੇ ਹੀ ਹੁੰਦੇ ਨੇ । ਜੇ ਕਿਸੇ ਨੂੰ ਫੁੱਲ ਦੀ ਵੀ ਲੱਗ ਜਾਵੇ ਤਾਂ ਬੜਾ ਦਰਦ ਹੁੰਦਾ ਹੈ । ਕੁਝ ਸਾਲ ਪਹਿਲਾਂ ਮੇਰਾ ਛੋਟਾ ਭਾਈ ਪ੍ਰੇਮ ਵੀ ਸੜਕ ਦੁਰਘਟਨਾ ‘ਚ ਆਪਣੀ ਸੱਜੀ ਅੱਖ ਦੀ ਰੋਸ਼ਨੀ ਗੁਆ ਬੈਠਾ । ਉਸਦੇ ਦਰਦ ਨੂੰ ਅਜੇ ਅੰਦਰੋ-ਅੰਦਰੀ ਹੰਢਾ ਰਿਹਾ ਸਾਂ ਕਿ ਫਰੀਦਕੋਟ ਵੱਡੇ ਭਰਾਵਾਂ ਵਰਗੇ ਦੋਸਤ ਸੁਰਿੰਦਰ ਭਾਰਤੀ ਤਿਵਾੜੀ ਦਾ ਚੜ੍ਹਦੀ ਉਮਰ ਦਾ ਪੁੱਤਰ ਤਰੁਣ ਭਾਰਤੀ ਸੜਕ ਦੁਰਘਟਨਾ ਵਿੱਚ ਚੱਲ ਵੱਸਿਆ । ਪੁੱਤਰ ਤਾਂ ਜੰਮਦੇ ਹੀ ਗੱਭਰੂ ਹੁੰਦੇ ਨੇ, ਤੇ ਤਰੁਣ ਦੇ ਪੈਰ ‘ਚ ਤਾਂ ਫਿਰ ਬਾਪ ਦੀ ਜੁੱਤੀ ਆਉਣ ਲੱਗ ਪਈ ਸੀ । ਕੀਕਣ ਭੁੱਲਾਂ, ਉਹਦੀ ਸ਼ਕਲ ਤੇ ਉਹਦੀਆਂ ਗੱਲਾਂ ? ਅਜੇ 10+2 ‘ਚ ਹੀ ਤਾਂ ਸੀ ਤੇ ਉਹ ਇੰਜੀਨੀਅਰ ਬਨਣ ਦੀ ਖੁਆਹਿਸ਼ ਰੱਖਦਾ ਸੀ । 16-17 ਸਾਲ ਦੀ ਉਮਰ ‘ਚ ਹੀ ਕੱਦ ਪੱਖੋਂ ਬਰਾਬਰ ਦਾ ਲੱਗਦਾ ਸੀ । ਅੱਜ ਤੱਕ ਉਸਦੇ ਦੁਨੀਆਂ ਤੋਂ ਜਾਣ ਦਾ ਵਿਸ਼ਵਾਸ ਨਹੀਂ ਹੋ ਰਿਹਾ, ਪਰ ਮੌਤ ਤਾਂ ਅਟੱਲ ਸਚਾਈ ਹੈ । ਅਜੇ ਕੁਝ ਵਰ੍ਹੇ ਪਹਿਲਾਂ ਹੀ ਤਾਂ ਉਸਦੇ ਮੰਮੀ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ਼ ਸਭ ਨੂੰ ਵਿਲਕਦਾ ਛੱਡ ਗਏ ਸਨ । ਮੇਰਾ ਕਲੇਜਾ ਚਾਕ-ਚਾਕ ਹੋ ਗਿਆ, ਜਦ ਭਾਰਤੀ ਜੀ ਨੇ ਫੋਨ ਤੇ ਕਿਹਾ ਸੀ...“ਰਿਸ਼ੀ ਤੇਰੀ ਕਵਿਤਾ ਦੀਆਂ ਲਾਈਨਾਂ ਬਦਲਣੀਆਂ ਪੈਣਗੀਆਂ ।” ਜਦ ਮੈਡਮ (ਭਾਬੀ ਜੀ) ਦੁਨੀਆਂ ਤੋਂ ਗਏ ਸਨ ਤਾਂ ਭਾਰਤੀ ਜੀ ਦੀ ਸੋਚ ਬਾਰੇ ਲਿਖਿਆ ਸੀ...

“ਤਨੂੰ-ਵਨੂੰ ਜ਼ਿੰਦਗੀ ਦਾ ਸਿਖਰ ਛੋਹਣਗੇ, ਮੈਂ ਵਾਅਦਾ ਕਰਦਾ ਹਾਂ,
ਤੇਰੇ ਸੁਪਨੇ ਪੂਰੇ ਹੋਣਗੇ, ਮੈਂ ਵਾਅਦਾ ਕਰਦਾ ਹਾਂ”

ਭਾਰਤੀ ਜੀ ਕਹਿ ਰਹੇ ਸਨ ਕਿ ਉਹ ਤਨੂੰ (ਤਰੁਣ) ਨੂੰ ਜਿੰਦਗੀ ਦੀਆਂ ਉਚਾਈਆਂ ਤੇ ਕਿਦਾਂ ਪਹੁੰਚਾਉਣ, ਜਦ ਕਿ ਉਹ ਏਨੀ ਉਚਾਈ ਤੇ ਜਾ ਪੁੱਜਾ ਹੈ ਕਿ ਸਾਡੀ ਆਵਾਜ਼ ਦੀ ਸੀਮਾ ਤੋਂ ਬਾਹਰ ਜਾ ਚੁੱਕਾ ਹੈ । ਮੈਡਮ ਪਹਿਲਾਂ ਹੀ ਸਾਥ ਛੱਡ ਗਏ । ਸਭ ਨੇ ਹੌਸਲਾ ਦਿੱਤਾ “ਆਪਣੇ ਪੁੱਤਰਾਂ ਤਰੁਣ ਤੇ ਵਰੁਣ ਦੇ ਭਵਿੱਖ ਵੱਲ ਧਿਆਨ ਦਿਓ ।” ਭਾਰਤੀ ਜੀ ਨੇ ਕਲੇਜੇ ‘ਤੇ ਪੱਥਰ ਧਰ ਕੇ, ਆਪਣਾ ਦਰਦ ਦਿਲ ‘ਚ ਹੀ ਦਬਾ ਕੇ, ਦੋਹਾਂ ਦੇ ਭਵਿੱਖ ਨੂੰ ਸੰਵਾਰਣ ਨੂੰ ਹੀ ਆਪਣੀ ਜਿੰਦਗੀ ਦਾ ਨਿਸ਼ਾਨਾ ਬਣਾ ਲਿਆ । ਹੁਣ ਵੱਡੇ ਪੁੱਤਰ ਵਰੁਣ ਭਾਰਤੀ ਵੱਲੋਂ ਕੁਝ ਠੰਢਕ ਮਿਲਣ ਦੀ ਆਸ ਜਾਗੀ ਸੀ ਕਿ ਉਸਦੇ ਚਾਰਟਰਡ ਆਕਊਂਟੈਂਟ ਬਣਨ ‘ਚ ਥੋੜਾ ਹੀ ਸਮਾਂ ਰਹਿ ਗਿਆ ਤਾਂ ਇਹ ਭਾਣਾ ਵਰਤ ਗਿਆ । ਭਾਰਤੀ ਜੀ ਦੇ ਵਿਹੜੇ ‘ਚ ਚੰਦਰੀ ਮੌਤ ਦੀਆਂ ਪੈੜਾਂ ਸਾਲਾਂ ਬਾਅਦ ਮਸਾਂ ਧੁੰਦਲੀਆਂ ਪੈਣੀਆਂ ਸ਼ੁਰੂ ਹੋਈਆਂ ਸਨ ਕਿ ਮੁੜ..... । ਹੁਣ ਭਾਰਤੀ ਜੀ ਤੇ ਵਰੁਣ ਦੋਵੇਂ ਪਿਉ-ਪੁੱਤ ਇੱਕ ਦੂਜੇ ਤੋਂ ਲੁਕਾ ਕੇ ਖੂਨ ਦੇ ਹੰਝੂ ਰੋਂਦੇ ਨੇ, ਇੱਕ ਦੂਜੇ ਨੂੰ ਦਿਲਾਸਾ ਦਿੰਦੇ ਨੇ ਤੇ ਪਤਾ ਵੀ ਦੋਹਾਂ ਨੂੰ ਹੈ ਕਿ ਦਿਲਾਸੇ ਫੋਕੇ ਹਨ ।

ਜੋ ਕੋਈ ਵੀ ਸੜਕ ਤੇ ਚੱਲਦਾ ਹੈ, ਸੜਕ ਨੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਸਮਝ ਕੇ ਚੱਲਦਾ ਹੈ । ਕੀ ਕਹਿਣਾ ਜੇਕਰ 10-15 ਪ੍ਰਤੀਸ਼ਤ ਲੋਕਾਂ ਨੂੰ ਸੜਕ ਦੇ ਨਿਯਮਾਂ ਦੀ ਜਾਣਕਾਰੀ ਹੋਏ, ਨਹੀਂ ਤਾਂ ਜਿਸਨੂੰ ਗੇਅਰ ਪਾਉਣਾ ਤੇ ਰੇਸ ਨੱਪਣੀ ਆ ਗਈ, ਉਹੀ ਡਰਾਈਵਰ ਬਣ ਗਿਆ । ਏਨੀਆਂ ਕੁ ਦੁਰਘਟਨਾਵਾਂ ਰੋਜ਼ ਹੁੰਦੀਆਂ ਨੇ, ਜੇਕਰ ਸਭ ਖ਼ਬਰਾਂ ਛਪਣ ਲੱਗ ਪੈਣ ਤਾਂ ਅਖ਼ਬਾਰ ‘ਚ ਹੋਰ ਕੁਝ ਛਪੇਗਾ ਹੀ ਨਹੀਂ । ਦੁਰਘਟਨਾਵਾਂ ਦਾ ਜਿੰਮੇਵਾਰ ਕੌਣ ਹੈ ? ਉਹ ਲੋਕ, ਜੋ ਨਸ਼ੇ ‘ਚ ਟੁੱਲ ਹੋ ਕੇ ਡਰਾਈਵਿੰਗ ਕਰਦੇ ਨੇ ਜਾਂ ਪ੍ਰਸ਼ਾਸਨ ਜੋ ਕਿ ਅੱਖਾਂ ਤੇ ਪੱਟੀ ਬੰਨ੍ਹੀ, ਮੂਕ ਦਰਸ਼ਕ ਬਣਿਆ ਸਭ ਦੇਖ ਰਿਹਾ ਹੈ । ਦੁਰਘਟਨਾ ‘ਚ ਜਾਣ ਵਾਲੇ ਦਾ ਅਜੇ ਭੋਗ ਵੀ ਨਹੀਂ ਪਿਆ ਹੁੰਦਾ ਤੇ “ਕਾਤਲ” ਜ਼ਮਾਨਤ ਤੇ ਬਾਹਰ ਆ ਮੁੜ ਨਵੇਂ ਕਤਲ ਕਰਨ ਦੀ ਤਿਆਰੀ ‘ਚ ਹੁੰਦਾ ਹੈ । ਜੇਕਰ ਡਰਾਈਵਿੰਗ ਲਾਇਸੈਂਸ ਜ਼ਬਤ ਹੋ ਵੀ ਚੁੱਕਾ ਹੈ ਤਾਂ ਕੀ ਹੋਇਆ ? ਕਚਿਹਰੀ ‘ਚ ਬੈਠੇ ਏਜੰਟ ਕਿਹੜੇ ਮਰਜ਼ ਦੀ ਦਾਰੂ ਨੇ ? ਕਿਹੜਾ ਕਿਸੇ ਅਫ਼ਸਰ ਨੇ ਡਰਾਈਵਿੰਗ ਦਾ ਟੈਸਟ ਲੈਣਾ ਹੈ ? ਘਰ ਬੈਠੇ ਲਾਇਸੈਂਸ ਮੁੜ ਬਣ ਜਾਵੇਗਾ । ਪ੍ਰਸ਼ਾਸਨ ਨੂੰ ਤਾਂ ਇਹ ਸੁਆਲ ਕਰਨ ‘ਚ ਤਾਂ ਕੋਈ ਅਕਲਮੰਦੀ ਨਜ਼ਰ ਨਹੀਂ ਆਉਂਦੀ ਕਿ ਕੀ ਕਦੀ ਦੁਰਘਟਨਾਵਾਂ ਦੀ ਘਟਣ ਦੀ ਉਮੀਦ ਹੈ, ਖ਼ਤਮ ਹੋਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ, ਜਦ ਤੱਕ ਚਾਂਦੀ ਦੇ ਛਿੱਤਰ ਦਾ ਰਾਜ ਹੈ, ਤੇ ਇਸ ਰਾਜ ਦੀਆਂ ਸੀਮਾਵਾਂ ਘੱਟੋ-ਘੱਟ ਮੇਰੇ ਮਹਾਨ ਵਤਨ ‘ਚ ਤਾਂ ਦੂਰ ਦੂਰ ਤੱਕ ਫੈਲੀਆਂ ਨੇ ।
***