ਖੂਹ ਸਾਡੇ ਸਭਿਆਚਾਰ ਅਤੇ ਜਿ਼ੰਦਗੀ ਦਾ ਕਦੇ ਇੱਕ ਅਹਿਮ ਹਿੱਸਾ ਹੋਇਆ ਕਰਦਾ ਸੀ । ਜਿੱਥੇ ਖੂਹ ਨਾਲ ਜੱਟ ਦਾ ਅਟੁੱਟ ਰਿਸ਼ਤਾ ਸੀ ਉੱਥੇ ਘਰ ਦੀਆਂ ਸੁਆਣੀਆਂ ਦਾ ਵੀ ਖੂਹ ਨਾਲ ਬੜਾ ਮੋਹ ਵਾਲਾ ਸੰਬੰਧ ਹੁੰਦਾ ਸੀ । ਸੁਆਣੀਆਂ ਜਦੋਂ ਖੂਹ ਤੇ ਪਾਣੀ ਭਰਨ ਜਾਇਆ ਕਰਦੀਆਂ ਸਨ ਤਾਂ ਕਈ ਆਪਸ ਵਿੱਚ ਪਾਣੀ ਦੇ ਘੜੇ ਸਿਰ ਤੇ ਚੁੱਕਣ ਲਈ ਸ਼ਰਤ ਲਾ ਲਿਆ ਕਰਦੀਆਂ ਸਨ ਕਿ ਕਿਹੜੀ ਸੁਆਣੀ ਇੱਕ ਤੋਂ ਵੱਧ ਪਾਣੀ ਦੇ ਭਰੇ ਘੜੇ ਸਿਰ ਤੇ ਚੁੱਕ ਸਕਦੀ ਹੈ । ਕੋਈ ਤਕੜੇ ਜੱਸੇ ਵਾਲੀ ਦੋ ਜਾਂ ਤਿੰਨ ਤੱਕ ਘੜੇ ਚੁੱਕ ਕੇ ਆਪਣੀ ਤਾਕਤ ਦਾ ਲੋਹਾ ਆਪਣੀਆਂ ਸਹੇਲੀਆਂ ਤੇ ਜਮਾਉਂਦੀ ਹੁੰਦੀ ਸੀ ।ਇਸੇ ਤਰਾਂ ਹਾਸੇ ਠੱਠੇ ਦੇ ਮਾਹੌਲ ਵਿੱਚ ਸੁਆਣੀਆਂ ਆਪਣਾ ਵਕਤ ਗੁਜ਼ਾਰਦੀਆਂ ਸਨ ਤੇ ਕਈ ਤਰਾਂ ਦੇ ਗੀਤਾਂ, ਤੱਥਾਂ ਤੇ ਟੋਟਕਿਆਂ ਨੂੰ ਜਨਮ ਦਿੰਦੀਆਂ ਸਨ ਜੋ ਬਾਅਦ ਵਿੱਚ ਹੌਲੀ ਹੌਲੀ ਲੋਕ ਗੀਤਾਂ ਦਾ ਰੂਪ ਧਾਰਨ ਕਰ ਜਾਂਦੇ ਸਨ । ਬੇਸ਼ੱਕ ਵਿਗਿਆਨਕ ਯੁੱਗ ਦੇ ਕਾਰਨ ਖੂਹ ਖਤਮ ਹੋ ਚੁੱਕੇ ਹਨ । ਜੱਟ ਜਿ਼ਮੀਦਾਰ ਸਿੰਚਾਈ ਵਾਸਤੇ ਸਬਮਰਸੀਬਲ ਮੋਟਰਾਂ ਦੀ ਵਰਤੋਂ ਕਰਦੇ ਹਨ ਤੇ ਸੁਆਣੀਆਂ ਅੱਜ ਕੱਲ ਪਾਣੀ ਲਈ ਟੂਟੀ ਦੀ ਵਰਤੋਂ ਕਰਦੀਆਂ ਹਨ । ਹੁਣ ਤਾਂ ਵਿਚਾਰਾ ਨਲਕਾ ਵੀ ਕਿਸੇ ਕਿਸੇ ਘਰ‘ਚ ਲੱਭਦਾ ਹੈ। ਕੁਝ ਸਾਲਾਂ ਬਾਅਦ ਅਜਾਇਬ ਘਰਾਂ ਵਿੱਚੋਂ ਹੀ ਲੱਭੇਗਾ । ਸੋ ਗੱਲ ਕਰਦੇ ਸੀ ਖੂਹ ਦੀ ਪੰਜਾਬ ਵਿੱਚ ਹੁਣ ਖੂਹ ਸਿਰਫ ਬਲਦਾਂ ਦੀਆਂ ਦੌੜਾਂ ਲਈ ਹੀ ਵਰਤੇ ਜਾਦੇ ਹਨ । ਜੋ ਕਿ ਇੱਕ ਸਭਿਆਚਾਰਕ ਖੇਡ ਦਾ ਰੂਪ ਧਾਰਨ ਕਰ ਚੁਕਿਆ ਹੈ । ਖੂਹਾਂ ਦੀ ਵਿਰਾਸਤ ਨੂੰ ਸਾਂਭਣ ਦਾ ਇਹ ਵੀ ਇੱਕ ਬਹੁਤ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ । ਜਿਨਾਂ ਜਿਨਾਂ ਪਿੰਡਾਂ ਜਾਂ ਮੇਲਿਆਂ ਆਦਿ ਵਿੱਚ ਇਹ ਦੌੜਾਂ ਕਰਵਾਈਆਂ ਜਾਂਦੀਆਂ ਹਨ ਉਹਨਾਂ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ।
‘ਸੁਪਨਾ ਹੋ ਗਿਐਂ ਯਾਰਾ
ਖੂਹ ਦੇ ਚੱਕ ਵਾਂਗੂੰ’
‘ ਖੂਹਾਂ ਟੋਬਿਆਂ ਤੋਂ ਮਿਲਣੋਂ ਰਹਿ ਗਏ
ਚੰਦਰੇ ਲਵਾ ਲਏ ਨਲਕੇ’
ਖੂਹ ਦੇ ਬਾਰੇ ਲਿਖਣ ਤੋਂ ਪਹਿਲਾਂ ਮੈਂ ਖੂਹ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਜਰੂਰ ਦੇ ਦੇਣੀ ਚਾਹੁੰਦਾ ਹਾਂ ਕਿ ਖੂਹ ਦੇ ਜਰੂਰੀ ਅੰਗ ਕੀ ਹੁੰਦੇ ਸਨ । ਖੂਹ ਨੂੰ ਬਣਾਉਣ ਦਾ ਕੰਮ ਦਾ ਭਾਵ ਉਸਾਰੀ ਦਾ ਕੰਮ ਕਰਨ ਵਾਲਿਆਂ ਨੂੰ ਟੋਬੇ ਕਿਹਾ ਜਾਂਦਾ ਸੀ ਤੇ ਇਹ ਖੂਹ ਦੀ ਉਸਾਰੀ ਕਰਦੇ ਸਮੇਂ ਜਦੋਂ ਖੂਹ ਨੂੰ ਡੂੰਘਾਈ ਤੇ ਲੈ ਕੇ ਜਾਂਦੇ ਸਨ ਤਾਂ ਪੱਤਣ ਤੇ ਜਾ ਕੇ ਪਾਣੀ ਵਿੱਚ ਟੁੱਬੀ ਲਾਉਂਦੇ ਸਨ ਅਤੇ ਖੂਹ ਦੇ ਪੈਰਾਂ ਵਿੱਚੋਂ ਰੇਤਾ ਕੱਢਦੇ ਹੁੰਦੇ ਸਨ ਜਿਸ ਨਾਲ ਖੂਹ ਜੋ ਕਿ ਇੱਕ ਖਾਸ ਕਿਸਮ ਦੇ ਸੀਮੈਂਟ ਦੇ ਲੈਂਟਰ ਤੇ ਖੜਾ ਹੁੰਦਾ ਸੀ ਜਿਸ ਨੂੰ ਗੰਡ ਕਿਹਾ ਜਾਦਾ ਸੀ । ਪੈਰਾਂ ਥੱਲਿਉਂ ਰੇਤਾ ਕੱਢਣ ਨਾਲ ਖੂਹ ਹੌਲੀ ਹੌਲੀ ਥੱਲੇ ਨੂੰ ਖਿਸਕਦਾ ਹੁੰਦਾ ਸੀ । ਉਪਰੋਂ ਹੋਰ ਉਸਾਰੀ ਕਰੀ ਜਾਣੀ ਤੇ ਸੁੱਕਣ ਤੋਂ ਬਾਅਦ ਇਹ ਟੋਬੇ 15-20 ਮਿੰਟ ਪਾਣੀ ਵਿੱਚ ਰਹਿ ਕੇ ਇਸੇ ਤਰਾਂ ਰੇਤਾ ਕੱਢਦੇ ਰਹਿੰਦੇ ਸਨ ਤੇ ਖੂਹ ਡੂੰਘਾ ਹੋਈ ਜਾਂਦਾ ਸੀ । ਬੇਸ਼ੱਕ ਇਹ ਕੰਮ ਜ਼ੋਖਮ ਭਰਪੂਰ ਹੁੰਦਾ ਸੀ ਪਰ ਟੋਬੇ ਇਹ ਕੰਮ ਬੜੇ ਸ਼ੌਂਕ ਨਾਲ ਕਰਦੇ ਹੁੰਦੇ ਸਨ । ਖੂਹ ਦੀ ਉਸਾਰੀ ਤੋਂ ਬਾਅਦ ਖੂਹ ਵਿੱਚ ਬਾਕੀ ਸਾਰਾ ਸਾਜੋ ਸਮਾਨ ਫਿੱਟ ਕੀਤਾ ਜਾਦਾ ਸੀ । ਪਹਿਲੀ ਵਾਰ ਪਾਣੀ ਬਾਹਰ ਆਉਣ ਤੇ ਖਵਾਜੇ ਭਾਵ ਪਾਣੀ ਦੇ ਦੇਵਤੇ ਦੇ ਨਾਂ ਤੇ ਦਲੀਆ ਬਣਾ ਕੇ ਵੰਡਿਆ ਜਾਦਾ ਸੀ ਤੇ ਲੰਬਾ ਸਮਾਂ ਖੂਹ ਚੱਲਣ ਦੀ ਬੇਨਤੀ ਕੀਤੀ ਜਾਦੀ ਸੀ। ਜੇਕਰ ਖੂਹ ਦੇ ਪਾਣੀ ਦਾ ਸਵਾਦ ਮਿੱਠਾ ਹੋਣਾ ਤਾਂ ਸਾਰੇ ਪਾਸੇ ਚਰਚਾ ਹੁੰਦੀ ਸੀ ਅਤੇ ਜਿ਼ਆਦਾ ਫ਼ਸਲ ਹੋਣ ਦਾ ਅਨੁਮਾਨ ਲਾਇਆ ਜਾਦਾ ਸੀ । ਖੂਹ ਦੇ ਉੱਪਰ ਵਾਲੇ ਹਿੱਸੇ ਨੂੰ ਖੂਹ ਦੀ ਮੌਣ ਜਾਂ ਮਣ ਕਿਹਾ ਜਾਂਦਾ ਸੀ । ਜੋ ਕਿ ਥੋੜੀ ਜਿਹੀ ਉੱਚੀ ਕਰਕੇ ਉਸਾਰੀ ਹੁੰਦੀ ਸੀ ਕਿ ਕੋਈ ਜਾਨਵਰ ਜਾਂ ਪਸ਼ੂ ਡੰਗਰ ਖੂਹ ਵਿੱਚ ਨਾ ਡਿੱਗ ਸਕੇ । ਖੂਹ ਦੀਆ ਟਿੰਡਾਂ ਪਹਿਲਾਂ ਮਿੱਟੀ ਦੀਆਂ ਹੁੰਦੀਆਂ ਸਨ ਜਿਨਾਂ ਨੂੰ ਮਿੱਟੀ ਦੇ ਭਾਡੇ ਬਣਾਉਣ ਵਾਲੇ ਘੁਮਿਆਰ ਬਣਾਇਆ ਕਰਦੇ ਸਨ । ਪਰ ਬਾਅਦ ਵਿੱਚ ਸਾਡੇ ਦੇਖਣ ਸਮੇਂ ਲੋਹੇ ਦੀਆਂ ਹੀ ਹੁੰਦੀਆਂ ਸਨ । ਇਹ ਟਿੰਡਾਂ ਇਕ ਖਾਸ ਕਿਸਮ ਦੀ ਮਾਲ੍ਹ ਦੇ ਰੂਪ ਵਿੱਚ ਇੱਕ ਚੱਕਰੇ ਦੁਆਲੇ ਘੁੰਮਦੀਆਂ ਹੁੰਦੀਆਂ ਸਨ ਤੇ ਖੂਹ ਵਿੱਚੋ ਪਾਣੀ ਲੈ ਕੇ ਪਾਰਛੇ ਵਿੱਚ ਡੋਲਦੀਆਂ ਹੁੰਦੀਆਂ ਸਨ ਇਹ ਪਾਣੀ ਇਕ ਖਾਲ ਰਾਹੀਂ ਖੇਤਾਂ ਨੂੰ ਜਾਂਦਾ ਹੁੰਦਾ ਸੀ । ਇਸ ਮਾਲ ਨੂੰ ਘੁਮਾਉਣ ਲਈ ਬਲਦਾਂ ਦੀ ਜੋੜੀ ਨੂੰ ਪੰਜਾਲੀ ਦੁਆਰਾ ਗਾਧੀ ਨਾਲ ਜੋੜਿਆ ਜਾਂਦਾ ਸੀ ਤੇ ਬਲਦ ਪੈੜ ਵਿੱਚ ਘੁੰਮਦੇ ਸਨ । ਦੱਸਦੇ ਹਨ ਕਿ ਜਦੋਂ ਕੱਪੜੇ ਧੋਣ ਵਾਲਾ ਸਾਬਣ ਨਹੀਂ ਹੁੰਦਾ ਸੀ ਉਦੋਂ ਬਲਦਾਂ ਦੀ ਪੈੜ ਵਿਚਲੀ ਧੁੱਦਲ ਭਾਵ ਮਿੱਟੀ ਨਾਲ ਸੁਆਣੀਆਂ ਕੱਪੜੇ ਧੋਂਦੀਆਂ ਹੁੰਦੀਆਂ ਸਨ । ਗਾਧੀ (ਕਈ ਗਾਟੀ ਵੀ ਕਹਿੰਦੇ ਸਨ) ਜੋ ਬੂੜੀਏ ਨੂੰ ਘੁਮਾਉਂਦੀ ਸੀ । ਇਸ ਗਾਧੀ ਤੇ ਬਹਿ ਕੇ ਹੱਕਣ ਦਾ ਸੁਭਾਗ ਵੀ ਸਾਰਿਆਂ ਨੂੰ ਨਹੀਂ ਮਿਲਦਾ ਹੁੰਦਾ ਸੀ । ਕਈ ਵਾਰ ਕਈਆਂ ਨੇ ਆਪਣੇ ਪਿਉ ਜਾਂ ਬਾਬੇ ਨਾਲ ਗਾਧੀ ਤੇ ਝੂਟੇ ਲੈਣ ਲਈ ਸਾਰਾ ਸਾਰਾ ਦਿਨ ਖੇਤੀਂ ਰਹਿਣਾ ਅਤੇ ਇਸੇ ਤਰਾਂ ਹੌਲੀ ਹੌਲੀ ਜਿ਼ਮੀਦਾਰੀ ਦੇ ਦਾਅ ਪੇਚ ਸਿੱਖ ਲੈਣੇ । ਤੇ ਬੂੜੀਆ ਨਾਲ ਦੇ ਬੂੜੀਏ ਨੂੰ ਘੁਮਾਉਂਦਾ ਸੀ ਜੋ ਲੱਠ ਦੁਆਰਾ ਖੂਹ ਦੇ ਜੰਗਲੇ ਨੂੰ ਘੁਮਾਉਂਦਾ ਸੀ । ਇਸੇ ਜੰਗਲੇ ਤੇ ਹੀ ਖੂਹ ਦੀ ਮਾ਼ਲ ਭਾਵ ਟਿੰਡਾਂ ਗਿੜਦੀਆਂ ਸਨ । ਜਿਸ ਨੂੰ ਕਈ ਲੋਕ ਮੱਕੜਾ ਆਖਦੇ ਸੀ, ਕਈ ਚੱਕਲਾ ਵੀ ਆਖਦੇ ਸਨ । ਬੂੜੀਏ ਦੇ ਨਾਲ ਇੱਕ ਖਾਸ ਕਿਸਮ ਦਾ ਦੰਦਾ ਲਗਾਇਆ ਹੁੰਦਾ ਸੀ ਜਿਸ ਨੂੰ “ਕੁੱਤਾ” ਆਖਦੇ ਸਨ । ਕੁੱਤੇ ਦੀ ਟਿਕ ਟਿਕ ਬੜੀ ਦੂਰ ਤੱਕ ਸੁਣਦੀ ਹੁੰਦੀ ਸੀ । ਜਿਸ ਤੋਂ ਨੱਕੇ ਮੋੜਦੇ ਨਾਕੀ ਨੂੰ ਖੂਹ ਦੇ ਚੱਲਦੇ ਹੋਣਦਾ ਪਤਾ ਲੱਗਦਾ ਰਹਿੰਦਾ ਸੀ । ਇਕ ਹੋਰ ਖਾਸ ਕੰਮ ਜੋ ਕੁੱਤਾ ਕਰਦਾ ਸੀ ਉਹ ਖੂਹ ਨੂੰ ਪੁੱਠਾ ਗਿੜਨ ਤੋਂ ਰੋਕ ਕੇ ਰੱਖਦਾ ਸੀ । ਜਿਸ ਨਾਲ ਖੂਹ ਦੀਆਂ ਟਿੰਡਾ ਦਾ ਟੁੱਟਣਾ ਜਾਂ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ ਸੀ । ਇਸ ਕਰਕੇ ਖੂਹ ਦਾ ਕੁੱਤਾ ਬੇਸ਼ੱਕ ਇੱਕ ਨਿੱਕਾ ਜਿਹਾ ਦੰਦਾ ਸੀ ਪਰ ਖੂਹ ਦਾ ਇੱਕ ਬਹੁਤ ਮਹੱਤਵ ਪੂਰਨ ਅੰਗ ਸੀ ।
ਖੂਹ ਦੀ ਮਹੱਤਤਾ ਇੰਨੀ ਜਿ਼ਆਦਾ ਹੁੰਦੀ ਸੀ ਕਿ ਹਰ ਪਿੰਡ ਵਿੱਚ ਇੱਕ ਖੂਹ ਸਭ ਦਾ ਸਾਂਝਾ ਹੁੰਦਾ ਸੀ ਤੇ ਬਾਕੀ ਖੇਤੀ ਲਈ ਆਪਣੀ ਹੈਸੀਅਤ ਮੁਤਾਬਿਕ ਖੂਹ ਬਣਾਏ ਜਾਦੇ ਸਨ । ਜੇਕਰ ਖੂਹ ਦਾ ਪਿਛੋਕੜ ਦੇਖੀਏ ਤਾਂ ਮੇਰੇ ਖਿਆਲ ਮੁਤਾਬਿਕ ਖੂਹ ਸਾਡੀ ਸਭਿਅਤਾ ਦੇ ਬਹੁਤ ਨੇੜੇ ਹੋ ਕੇ ਚੱਲਣ ਵਾਲਾ ਇੱਕ ਮੁੱਖ ਅੰਗ ਸੀ । ਤਾਂਹੀਂ ਤਾਂ ਖੂਹ ਤੇ ਅਨੇਕਾਂ ਲੋਕ ਗੀਤ ਪ੍ਰਚਲਿਤ ਹਨ । ‘ਮਲਕੀ ਕੀਮਾ’ ਦੀ ਮਸ਼ਹੂਰ ਪ੍ਰੇਮ ਗਾਥਾ ਵੀ ਇੱਕ ਖੂਹ ਤੋਂ ਹੀ ਸੁ਼ਰੂ ਹੋਈ । ਜਿਸ ਨੂੰ ਅੱਜ ਵੀ ਲੋਕ ਗੀਤਾਂ ਵਿੱਚ ਗਾਇਆ ਜਾਂਦਾ ਹੈ –
“ਮਲਕੀ ਖੂਹ ਦੇ ੳਤੇ ਭਰਦੀ ਪਈ ਸੀ ਪਾਣੀ,
ਕੀਮੇ ਕੋਲ ਆ ਕੇ ਬੇਨਤੀ ਗੁਜ਼ਾਰੀ।”
ਖੂਹ ਨੂੰ ਅਧਾਰ ਬਣਾ ਕੇ ਕਈ ਪ੍ਰਕਾਰ ਦੀਆਂ ਬਾਤਾਂ ਵੀ ਮਸ਼ਹੂਰ ਹਨ ਜੋ ਕਿ ਬੱਚੇ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੋਂ ਬੜੇ ਚਾਅ ਨਾਲ ਸੁਣਦੇ ਹੁੰਦੇ ਸਨ । ਬੱਚੇ ਬਾਤਾਂ ਸੁਣਦੇ ਸੁਣਦੇ ਹੀ ਸੌਂ ਜਾਇਆ ਕਰਦੇ ਸਨ ਜਿਵੇ-
ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ,
ਆਉਣ ਕੂੰਜਾਂ ਦੇਣ ਬੱਚੇ ਪਾਉਣ ਫੇਰੀ, ਨਦੀ ਨ੍ਹਾਉਣ ਚੱਲੀਆਂ
ਰਾਹੇ ਰਾਹੇ ਜਾਨੀਂ ਆਂ ਰਾਹ ਦੇ ਵਿੱਚ ਡੱਬਾ
ਮੈਂ ਉਹਨੂੰ ਚੁੱਕ ਨਾ ਸਕਾਂ ਹਾਏ ਉਏ ਮੇਰਿਆ ਰੱਬਾ
ਜਾਂ
ਰੜੇ ਮੈਦਾਨ ਵਿੱਚ ਪਾਣੀ ਦਾ ਡੱਬਾ
ਚੁੱਕ ਨੀ ਹੁੰਦਾ, ਚੁਕਾ ਦੇ ਰੱਬਾ
ਖੂਹ ਦੇ ਕੁੱਤੇ ਬਾਰੇ ਬਾਤ ਇੰਝ ਸੀ-
ਨਿੱਕਾ ਜਿਹਾ ਕਾਕਾ ਟੈਂ ਟੈਂ ਕਰਦਾ,
ਭਾਰ ਚੁਕਾਇਆ ਤਾਂ ਚੁੱਪ ਕਰਦਾ
ਚਾਲੀ ਚੋਰ ਇੱਕ ਸਿਪਾਹੀ
ਸਾਰਿਆ ਦੇ ਇੱਕ ਇੱਕ ਟਿਕਾਈ’
ਖੁਹ ਦੇ ਨਾਲ ਹੋਰ ਵੀ ਕਈ ਤਰਾਂ ਦੇ ਕਿੱਸੇ ਕਹਾਣੀਆਂ ਆਦਿ ਵੀ ਪ੍ਰਚਲਿਤ ਹਨ ਜਿਵੇਂ ਕਿ ਦੱਸਦੇ ਹਨ ਕਿ ਧੰਨਾ ਭਗਤ ਨੇ ਜਦੋਂ ਰੱਬ ਦੀ ਪ੍ਰਾਪਤੀ ਕੀਤੀ ਸੀ ਤਾਂ ਰੱਬ ਧੰਨੇ ਦੇ ਖੇਤਾਂ ਵਿੱਚ ਉਸ ਨਾਲ ਸਾਰਾ ਕੰਮ ਕਰਾਉਂਦਾ ਹੁੰਦਾ ਸੀ ਜਿਵੇਂ ਕਿ ਨੱਕੇ ਮੋੜਨੇ, ਖੂਹ ਹੱਕਣਾ ਆਦਿ ਮੁੱਖ ਸਨ । ਪੰਜਾਬੀ ਦੇ ਮਸ਼ਹੂਰ ਲੇਖਕ ਸੋਹਣ ਸਿੰਘ ਸੀਤਲ ਜੀ ਦਾ ਨਾਵਲ ‘ਤੂਤਾਂ ਵਾਲਾ ਖੂਹ’ ਵੀ ਬਹੁਤ ਮਸ਼ਹੂਰ ਹੋਇਆ ਸੀ । ਜਿਸ ਦੀ ਕਹਾਣੀ ਸੁਰੂ ਤੋਂ ਲੈ ਕੇ ਅੰਤ ਤੱਕ ਖੂਹ ਦੁਆਲੇ ਹੀ ਘੁੰਮਦੀ ਹੈ । ਬੇਸ਼ੱਕ ਖੂਹ ਸਾਡੇ ਖਾਸ ਕਰ ਜਿ਼ੰਮੀਦਾਰ ਭਾਈਚਾਰੇ ਦਾ ਇੱਕ ਅਟੁੱਟ ਅੰਗ ਹੁੰਦਾ ਸੀ ਪਰ ਸਮੇਂ ਦੇ ਨਾਲ ਨਾਲ ਇਹ ਸਾਡੇ ਤੋਂ ਬਹੁਤ ਦੂਰ ਜਾ ਚੁੱਕਾ ਹੈ ਅਤੇ ਹੁਣ ਤਾਂ ਬੱਸ ਕਿਤਾਬਾਂ ਜਾਂ ਅਜਾਇਬ ਘਰਾਂ ਦਾ ਇੱਕ ਸ਼ੋਅ ਪੀਸ ਬਣ ਕੇ ਰਹਿ ਗਿਆ ਹੈ । ਪਰ ਜੇਕਰ ਕਿਸੇ ਬਜ਼ੁਰਗ ਕੋਲੋਂ ਉਹਦੇ ਸਮੇਂ ਵਿੱਚ ਖੂਹ ਬਾਰੇ ਪੁੱਛੀਏ ਤਾਂ ਬਜ਼ੁਰਗ ਆਮ ਹੀ ਮੋਟਰਾਂ ਵੱਲ ਦੇਖ ਕੇ ਅਤੇ ਖੂਹ ਨੂੰ ਯਾਦ ਕਰਕੇ ਇੱਕ ਅਨੂਠੀ ਅਤੇ ਨਾ ਭੁੱਲਣਯੋਗ ਚੀਜ ਖੂਹ ਬਾਰੇ ਕਈ ਗੱਲਾਂ ਦਸਦੇ ਹੋਏ ਕਈ ਹੌਕੇ ਵੀ ਭਰ ਲਵੇਗਾ ਕਿੳਂਕਿ ਖੂਹ ਦਾ ਪਾਣੀ ਅੱਜ ਦੇ ਸ਼ਰਬਤਾਂ ਜੂਸਾਂ ਨਾਲੋਂ ਕਿਤੇ ਮਿੱਠਾ ਤੇ ਸੁਆਦਲਾ ਹੁੰਦਾ ਸੀ ।
****