ਸਮਾਜ ਵਿੱਚ ਚੱਲ ਰਹੀਆਂ ਗਲਤ ਰੀਤਾਂ ਨੂੰ ਬਦਲਣ ਜਾਂ ਖਤਮ ਕਰਨ ਦੀ ਗੱਲ ਤਾਂ ਅਸੀਂ ਸਾਰੇ ਹੀ ਕਰਦੇ ਹਾਂ। ਪਰ ਉਹਨਾਂ ਨੂੰ ਬਦਲਣ ਵਿੱਚ ਆਪਾਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ ਇਹ ਸਾਰਿਆਂ ਨੂੰ ਪਤਾ ਹੀ ਹੈ, ਕੋਈ ਦੱਸਣ ਦੀ ਲੋੜ ਨਹੀਂ। ਸਿਆਣੇ ਕਹਿੰਦੇ ਨੇ ਕਿ ਜੇ ਕੋਈ ਕਾਰਜ ਕਰਨ ਲੱਗਿਆਂ ਨੀਅਤ ਵਿੱਚ ਖੋਟ ਰੱਖੀਏ ਤਾਂ ਉਹ ਕਾਰਜ ਕਦੇ ਸਿਰੇ ਨਹੀਂ ਚੜ੍ਹਦਾ ਹੁੰ਼ਦਾ।
ਜੇ ਗੱਲ ਕਰੀਏ ਦਾਜ ਵਰਗੀ ਲਾਹਨਤ ਦੀ ਰੀਤ ਦੀ ਕਿ ਇਸ ਨੂੰ ਖਤਮ ਕਰਨ ਲਈ ਕਿੰਨਾ ਇਸ ਦੇ ਖਿਲਾਫ ਲਿਖਿਆ ਗਿਆ, ਕਿੰਨਾ ਪ੍ਰਚਾਰ ਇਸ ਦੇ ਖਿਲਾਫ ਹੋਇਆ। ਪਰ ਫਿਰ ਵੀ ਇਸ ਦੇ ਖਤਮ ਹੋਣ ਦੀ ਗੱਲ ਤਾਂ ਦੂਰ, ਇਹ ਘਟੀ ਵੀ ਨਹੀਂ, ਸਗੋਂ ਵਧੀ ਹੀ ਹੈ। ਇਸ ਦਾ ਮਤਲਬ ਸਾਡੀ ਨੀਅਤ ਵਿੱਚ ਜ਼ਰੂਰ ਖੋਟ ਹੈ। ਕਿਉਂਕਿ ਜੇ ਕੋਈ ਲੇਖ਼ਕ ਕਿਸੇ ਗੱਲ ਦੇ ਖਿਲਾਫ ਲਿਖਦਾ ਹੈ ਜਾਂ ਕੋਈ ਪ੍ਰਚਾਰਕ ਕਿਸੇ ਗੱਲ ਖਿਲਾਫ ਪ੍ਰਚਾਰ ਕਰਦਾ ਹੈ, ਪਰ ਖੁਦ ਉਸ ਗੱਲ ਤੇ ਪਹਿਰਾ ਨਹੀਂ ਦਿੰਦਾ ਜਿਹੜੀ ਗੱਲ ਉਹ ਲਿਖ ਰਿਹਾ ਹੁੰਦਾ ਹੈ ਜਾਂ ਕਹਿ ਰਿਹਾ ਹੁੰਦਾ ਹੈ ਤਾਂ ਪੜ੍ਹਨ ਜਾਂ ਸੁਨਣ ਵਾਲਾ ਵੀ ਉਸਦਾ ਬਹੁਤਾ ਅਸਰ ਨਹੀਂ ਕਬੂਲਦਾ।
ਸਾਨੂੰ ਇੱਕ ਵਾਰ ਸਾਡੇ ਮਾਸਟਰ ਨੇ ਗੱਲ ਸੁਣਾਈ ਸੀ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਸੁਣੀ ਹੀ ਹੋਵੇਗੀ ਕਿ ਇੱਕ ਮੁੰਡਾ ਬਹੁਤ ਜਿਆਦਾ ਗੁੜ ਖਾਂਦਾ ਸੀ, ਉਸਦੀ ਮਾਂ ਉਸ ਨੂੰ ਬਥੇਰਾ ਹਟਾਇਆ ਕਰੇ ਕਿ ਐਨਾ ਗੁੜ ਨਹੀਂ ਖਾਈਦਾ ਹੁੰਦਾ ਪਰ ਉਹ ਮਾਂ ਦੀ ਗੱਲ ਅਣਸੁਣੀ ਕਰ ਦਿਆ ਕਰੇ। ਮਾਂ ਬੜੀ ਦੁਖੀ ਕਿ ਇਸ ਨੂੰ ਕਿਸ ਤਰਾਂ ਹਟਾਇਆ ਜਾਵੇ। ਉਸ ਪਿੰਡ ਵਿੱਚ ਇੱਕ ਸਾਧ ਰਹਿੰਦਾ ਸੀ ਸਾਰਾ ਪਿੰਡ ਉਸਦਾ ਬੜਾ ਸਤਿਕਾਰ ਕਰਦਾ ਸੀ। ਮਾਂ ਨੇ ਇੱਕ ਦਿਨ ਸੋਚਿਆ ਕਿਉਂ ਨਾ ਇਹਨੂੰ ਡੇਰੇ ਲੈਕੇ ਜਾਵਾਂ ਸ਼ਾਇਦ ਬਾਬੇ ਦੀ ਗੱਲ ਮੰਨ ਲਵੇ। ਜਦੋਂ ਉਹ ਬੱਚੇ ਨੂੰ ਲੈਕੇ ਡੇਰੇ ਪਹੁੰਚੀ , ਸਾਧ ਨੇ ਪੁਛਿਆ ''ਹਾਂ ਭਾਈ ਕੀ ਸਮੱਸਿਆ'', ਤਾਂ ਮਾਂ ਕਹਿਣ ਲੱਗੀ ''ਬਾਬਾ ਜੀ ਮੇਰਾ ਮੁੰਡਾ ਗੁੜ ਬਹੁਤ ਖਾਂਦਾ, ਇਹਨੂੰ ਕਹੋ ਕਿ ਗੁੜ ਨਾ ਖਾਇਆ ਕਰੇ।'' ਸਾਧ ਕਹਿੰਦਾ ''ਭਾਈ ਤੂੰ ਇਹਨੂੰ ਪੰਦਰਾਂ ਕੁ ਦਿਨ ਬਾਅਦ ਮੇਰੇ ਕੋਲ ਲੈ ਕੇ ਆਈਂ।’’ਮਾਂ ਸਤਿ ਬਚਨ ਕਹਿ ਕੇ ਮੁੰਡੇ ਨੂੰ ਨਾਲ ਲੈ ਕੇ ਘਰ ਵਾਪਿਸ ਆ ਗਈ ਤੇ ਪੰਦਰਾਂ ਕੁ ਦਿਨਾਂ ਬਾਅਦ ਫਿਰ ਵਾਪਿਸ ਸਾਧ ਕੋਲ ਚਲੀ ਗਈ। ਸਾਧ ਨੇ ਮੁੰਡੇ ਨੂੰ ਕੋਲ ਬੁਲਾਇਆ ਤੇ ਕਹਿੰਦਾ ''ਬੱਚਾ ਅੱਜ ਤੋਂ ਤੂੰ ਗੁੜ ਖਾਣਾ ਛੱਡ ਦੇ।'' ਮਾਂ ਸੁਣਕੇ ਹੈਰਾਨ ਜਿਹੀ ਹੋਕੇ ਕਹਿਣ ਲੱਗੀ ''ਬਾਬਾ ਜੀ ਆਹ ਗੱਲ ਤਾਂ ਤੁਸੀਂ ਪੰਦਰਾਂ ਦਿਨ ਪਹਿਲਾਂ ਵੀ ਕਹਿ ਸਕਦੇ ਸੀ ਉਸ ਦਿਨ ਕਿਉਂ ਨਾ ਕਹੀ।'' ਸਾਧ ਕਹਿੰਦਾ ''ਭਾਈ ਓਹਦੋਂ ਮੈਂ ਇਹਨੂੰ ਕਿਵੇਂ ਗੁੜ ਛੱਡਣ ਲਈ ਕਹਿ ਦਿੰਦਾ, ਓਹਦੋਂ ਤਾਂ ਮੈਂ ਆਪ ਬਥੇਰਾ ਖਾਂਦਾ ਸੀ।'' ਉਸ ਦਿਨ ਤੋਂ ਮੁੰਡੇ ਨੇ ਸਾਧ ਦੇ ਕਹਿਣ ‘ਤੇ ਗੁੜ ਖਾਣਾ ਛੱਡ ਦਿੱਤਾ। ਤਾਂਹੀ ਤਾਂ ਕਹਿੰਦੇ ਨੇ ਜੇ ਕਹਿਣੀ ਕਰਨੀ ਇੱਕ ਹੋਵੇ ਤਾਂ ਹੀ ਅਸਰ ਹੁੰਦਾ ਏ।
ਦਾਜ਼ ਦੀ ਰੀਤ ਘਟਣ ਦੀ ਥਾਂ ਵਧਣ ਦਾ ਕਾਰਨ ਸਾਡੀ ਕਹਿਣੀ ਤੇ ਕਰਨੀ ਦਾ ਇੱਕ ਨਾ ਹੋਣਾ ਹੈ। ਅਸੀਂ ਕਹਿੰਦੇ ਕੁਝ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ। ਹੁਣ ਤੱਕ ਤਾਂ ਇਹੋ ਸੁਣਦੇ ਸੀ ਕਿ ਮੁੰਡੇ ਵਾਲੇ ਦਾਜ਼ ਮੰਗਦੇ ਨੇ ਪਰ ਹੁਣ ਤਾਂ ਕੁੜੀ ਵਾਲੇ ਵੀ ਦਾਜ਼ ਮੰਗਦੇ ਨੇ। ਪਰ ਨਹੀਂ, ਜੇ ਗੱਲ ਨੂੰ ਥੋੜਾ ਸਪੱਸ਼ਟ ਕਰ ਲਈਏ ਕਿ ਦਾਜ਼ ਨਾ ਸਾਰੇ ਮੁੰਡੇ ਵਾਲੇ ਲੈਂਦੇ ਹਨ ਤੇ ਨਾ ਸਾਰੇ ਕੁੜੀ ਵਾਲੇ। ਦਾਜ਼ ਸਿਰਫ ਲਾਲਚੀ ਪਰਿਵਾਰ ਹੀ ਲੈਂਦੇ ਹਨ ਫੇਰ ਚਾਹੇ ਉਹ ਮੁੰਡੇ ਦੇ ਵਿਆਹ ਮੌਕੇ ਹੋਵੇ, ਚਾਹੇ ਕੁੜੀ ਦੇ ਵਿਆਹ ਮੌਕੇ ਕੀ ਫਰਕ ਪੈਂਦਾ। ਮੁੰਡੇ ਵਾਲਿਆਂ ਦੇ ਦਾਜ਼ ਲੈਣ ਦੀਆਂ ਗੱਲਾਂ ਤਾਂ ਆਮ ਹੀ ਪੜ੍ਹੀਆਂ ਤੇ ਸੁਣੀਆਂ ਜਾਂਦੀਆਂ ਹਨ। ਪਰ ਮੈਂ ਗੱਲ ਦੋਵਾਂ ਪਾਸਿਆਂ ਦੀ ਕਰਾਂਗਾ, ਕਿਉਂਕਿ ਹੁਣ ਤਾਂ ਜ਼ਮਾਨਾ ਬਦਲ ਗਿਆ ਏ। ਬਦਲਿਆ ਵੀ ਕਾਹਦਾ, ਉਹੀ ਸੋਚ, ਉਹੀ ਭੈੜੀਆਂ ਰੀਤਾਂ ਬਸ ਥੋੜ੍ਹਾ ਉਲਟ-ਪੁਲਟ ਜਿਹਾ ਹੋ ਗਿਆ। ਕਈ ਸਾਲ ਹੋ ਗਏ ਗੀਤਕਾਰ ਬੰਤ ਰਾਮਪੁਰੇ ਵਾਲੇ ਦਾ ਲਿਖਿਆ ਗੀਤ, ਗਾਇਕ ਸਰਦੂਲ ਸਿਕੰਦਰ ਨੇ ਗਾਇਆ ਸੀ “ਬੰਨ ਸਿਹਰੇ ਆਇਆ ਕਰਨਗੀਆਂ, ਮੁੰਡਿਆਂ ਨੂੰ ਕੁੜੀਆਂ ਵਿਆਹੁਣ ਲਈ” ਜਿਸ ਵਿੱਚ ਉਸਨੇ ਜਿ਼ਕਰ ਕੀਤਾ ਸੀ ਕਿ ਮੁੰਡਿਆਂ ਦੀ ਥਾਂ ਕੁੜੀਆਂ ਦਾਜ਼ ਲਿਆ ਕਰਨਗੀਆਂ ਵਗੈਰਾ……। ਜੋ ਹੁਣ ਕਿਸੇ ਹੱਦ ਤੱਕ ਸੱਚ ਹੋ ਚੁੱਕਾ ਹੇੈ। ਮੈਂ ਕੁਝ ਦੋਸਤਾਂ ਤੋਂ ਸੁਣੀਆਂ ਅਤੇ ਕੁਝ ਮੇਰੇ ਆਸੇ ਪਾਸੇ ਵਾਪਰੀਆਂ ਘਟਨਾਵਾਂ ਦਾ ਜਿ਼ਕਰ ਕਰਨਾ ਚਾਹਾਂਗਾ, ਜਿੰਨ੍ਹਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਕੁ ਸਾਫ ਨੀਅਤ ਨਾਲ ਦਾਜ਼ ਦੀ ਲਾਹਨਤ ਨੂੰ ਖਤਮ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਜੇ ਕੁੜੀਆਂ ਦੇ ਵਿਆਹੁਣ ਆਉਣ ਦੀ ਗੱਲ ਕਰੀਏ, ਇਹ ਗੱਲ ਤਾਂ ਹੁਣ ਆਮ ਹੀ ਹੋ ਗਈ ਹੈ। ਕਿਉਂਕਿ ਜਿਹੜੀ ਕੁੜੀ ਬਾਹਰਲੇ ਮੁਲਕ ਤੋਂ ਵਿਆਹ ਕਰਵਾਉਣ ਜਾਂਦੀ ਹੈ। ਉਹ ਇੱਕ ਤਰਾਂ ਮੁੰਡੇ ਨੂੰ ਵਿਆਹੁਣ ਹੀ ਤਾਂ ਜਾਂਦੀ ਹੈ ਤੇ ਵਿਆਹਕੇ ਆਪਣੇ ਨਾਲ ਹੀ ਲੈ ਜਾਂਦੀ ਹੈ। ਬਾਹਰੋਂ ਆਈਆਂ ਕੁੜੀਆਂ ਦੀ ਗੱਲ ਤਾਂ ਇੱਕ ਪਾਸੇ ਜਿਹੜੀਆਂ ਪੰਜਾਬ 'ਚ ਰਹਿੰਦੀਆਂ ਨੇ ਉਹ ਵੀ ਵਿਆਹੁਣ ਜਾਂਦੀਆ ਨੇ ਤੇ ਵਿਆਹ ਦਾ ਖਰਚਾ ਮੁੰਡੇ ਵਾਲੇ ਕਰਦੇ ਨੇ। ਇਹ ਉਹ ਕੁੜੀਆਂ ਨੇ ਜਿਹੜੀਆਂ ਆਈਲੈਟਸ ਕਰਦੀਆਂ ਹਨ। ਜਿਸ ਨਾਲ ਉਹ ਪੜ੍ਹਾਈ ਦੇ ਆਧਾਰ ਉੱਤੇ ਆਸਟ੍ਰੇਲੀਆ ਜਾਂ ਇਗਲੈਂਡ ਵਰਗੇ ਮੁਲਕਾਂ ਵਿੱਚ ਆਪਣੇ ਘਰ ਵਾਲੇ ਨੂੰ ਵੀ ਨਾਲ ਲਿਜਾ ਸਕਦੀਆਂ ਹਨ। ਪਿੱਛੇ ਜਿਹੇ ਇਸ ਕਿਸਮ ਦੇ ਵੀਜ਼ੇ ਲਾਉਣ ‘ਤੇ ਰੋਕ ਵੀ ਲੱਗੀ। ਪਰ ਕੋਈ ਫਰਕ ਨਹੀਂ ਪਿਆ ਜੇ ਇੱਕ ਦੇਸ਼ ਨੇ ਰੋਕ ਲਾਈ ਤਾਂ ਦੂਜੇ ਨੇ ਰਾਹ ਖੋਲ ਦਿੱਤੇ। ਇਹ ਕੁੜੀਆਂ ਜਿਉਂ ਹੀ ਆਈਲੈਟਸ ਦਾ ਟੈਸਟ ਪਾਸ ਕਰਦੀਆਂ ਹਨ ਨਾਲ ਲਗਦੇ ਹੀ ਅਖ਼ਬਾਰ ਵਿੱਚ ਇਸ਼ਤਿਹਾਰ ਛਪ ਜਾਂਦਾ ਹੈ ਕਿ ਆਈਲੈਟਸ ਪਾਸ ਕੁੜੀ ਲਈ ਵਰ(ਮੁੰਡੇ) ਦੀ ਲੋੜ ਹੈ। ਵਿਦੇਸ਼ ਜਾਣ ਦੇ ਚਾਹਵਾਨ ਸਪੰਰਕ ਕਰ ਸਕਦੇ ਹਨ। ਬਸ ਫਿਰ ਦੂਜੇ ਦਿਨ ਫੋਨ ਤੇ ਫੋਨ ਖੜਕਣ ਲੱਗ ਜਾਂਦੇ ਹਨ। ਕੁੜੀ ਨੂੰ ਮੁੰਡਿਆਂ ਦੀਆਂ ਫੋਟੋਂਆਂ ਵਿਖਾਈਆਂ ਜਾਂਦੀਆਂ ਹਨ। ਇਸ ਤਰਾਂ ਕੁੜੀ ਆਪਣੀ ਪਸੰਦ ਦਾ ਮੁੰਡਾ ਚੁਣ ਲੈਂਦੀ ਹੈ। ਵਿਆਹ ਦਾ ਖ਼ਰਚ ਤੇ ਵਿਦੇਸ਼ ਜਾਣ ਦਾ ਖ਼ਰਚ ਮੁੰਡੇ ਵਾਲਿਆਂ ਤੋਂ ਕਰਵਾਇਆ ਜਾਂਦਾ ਹੈ। ਕਈ ਪਰਿਵਾਰ ਖ਼ਰਚ ਰਲ੍ਹ ਮਿਲ੍ਹ ਕੇ ਕਰ ਲੈਂਦੇ ਹਨ, ਪਰ ਸਭ੍ਹ ਨੂੰ ਪਤਾ ਕਿ ਹੱਥ ਆਇਆ ਮੌਕਾ ਕੌਣ ਜਾਣ ਦਿੰਦਾ। ਇਸ ਤਰਾਂ ਕੁੜੀ ਮੁੰਡੇ ਨੂੰ ਵਿਆਹਕੇ ਆਪਣੇ ਨਾਲ ਵਿਦੇਸ਼ ਲੈ ਜਾਂਦੀ ਹੈ। ਹੁਣ ਮੁੰਡੇ ਵਾਲਿਆਂ ਵੱਲੋਂ ਕੀਤੇ ਖਰਚ ਨੂੰ ਚਾਹੇ ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲਿਆਂ ਨੂੰ ਦਿੱਤਾ ਦਾਜ਼ ਕਹਿ ਲਵੋ ਜਾਂ ਜ਼ਮਾਨੇ ਦੀ ਪੁੱਠੀ ਰੀਤ ਕਹਿ ਲਵੋ, ਪਰ ਮੇਰੇ ਖਿ਼ਆਲ 'ਚ ਮੁੰਡੇ ਵਾਲਿਆਂ ਨੇ ਜਿ਼ਆਦਾ ਪੈਸੈ ਕਮਾਉਣ ਦੇ ਲਾਲਚ ਵਿੱਚ ਥੋੜੇ ਜਿਹੇ ਪੈਸੈ ਖਰਚ ਕੀਤੇ ਹਨ। ਜਿਵੇਂ ਕਈ ਵਾਰ ਕੁੜੀ ਵਾਲੇ ਬਾਹਰੋਂ ਆਏ ਮੁੰਡੇ ਨਾਲ ਕੁੜੀ ਵਿਆਹੁਣ ਲਈ ਆਪਣੀ ਹੈਸੀਅਤ ਤੋਂ ਵੱਧ ਖਰਚ ਇਹ ਸੋਚਕੇ ਕਰ ਦਿੰਦੇ ਹਨ ਕਿ ਕੱਲ ਨੂੰ ਉਹ ਆਪ ਵੀ ਬਾਹਰ ਚਲੇ ਜਾਣਗੇ ਤੇ ਸਾਰੀਆਂ ਕਸਰਾਂ ਕੱਢ ਲੈਣਗੇ। ਜਿਹੜੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਉਹਨਾਂ ਨੂੰ ਤਾਂ ਦਿੱਤਾ ਹੋਇਆ ਦਾਜ਼ ਭੁੱਲ ਜਾਂਦਾ ਹੈ। ਪਰ ਜਿਹੜੇ ਕਾਮਯਾਬ ਨਹੀਂ ਹੁੰਦੇ ਉਹ ਮੁੰਡੇ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ “ਕਿੱਥੇ ਦਾਜ਼ ਦੇ ਲੋਭੀਆਂ ਨਾਲ ਵਾਹ ਪਾਅ ਲਿਆ, ਸਾਲਿਆਂ ਨੇ ਕੰਗਾਲ ਕਰਕੇ ਧਰਤੇ।” ਂਨੀਅਤ ਆਪਣੀ ਖੋਟੀ ਤੇ ਦੋਸ਼ ਦੂਜੇ ਨੂੰ।
ਮੈਨੂੰ ਇੱਕ ਵਾਰ ਕਿਸੇ ਨੇ ਗੱਲ ਸੁਣਾਈ ਕਿ ਉਹਦਾ ਇੱਕ ਦੋਸਤ ਉਹਦੇ ਕੋਲ ਆਇਆ ਤੇ ਉਹਨੂੰ ਪੁੱਛਣ ਲੱਗਾ “ਬਾਈ ਫਲਾਣੇ ਪਿੰਡ 'ਚ ਤੇਰੀ ਕੋਈ ਜਾਣ ਪਹਿਚਾਣ ਵਾਲਾ ਹੈਗਾ?” ਕਹਿੰਦਾ ਮੈਂ ਕਿਹਾ “ਜਾਣ ਪਹਿਚਾਣ ਵਾਲੇ ਤਾਂ ਵਥੇਰੇ ਆ। ਪਰ ਤੈਨੂੰ ਕੀ ਕੰਮ ਪੈ ਗਿਆ ਉੱਥੇ?” ਕਹਿੰਦਾ “ਬਾਈ ਛੋਟੇ ਭਰਾ ਦੇ ਰਿਸ਼ਤੇ ਲਈ ਜਾਣਾ। ਅਖ਼ਬਾਰ 'ਚ ਇਸ਼ਤਿਹਾਰ ਛਪਿਆ ਸੀ ਕਿ ਉਸ ਪਿੰਡ 'ਚ ਕੋਈ ਪਰਿਵਾਰ ਕਨੇਡਾ ਤੋਂ ਆਪਣੀ ਕੁੜੀ ਦਾ ਵਿਆਹ ਕਰਨ ਆਇਆ ਹੋਇਆ। ਆਪਾਂ ਪਿੰਡ ਦੇ ਕਿਸੇ ਜਾਣ ਪਹਿਚਾਣ ਵਾਲੇ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਜਾਣਾ ਆਪ ਸਿੱਧੇ ਜਾਂਦੇ ਚੰਗੇ ਨਹੀਂ ਲੱਗਦੇ।” ਫੇਰ ਉਹ ਉਸ ਪਿੰਡ ਚਲੇ ਗਏ ਤੇ ਪਿੰਡ ਚੋਂ ਕਿਸੇ ਜਾਣ ਪਹਿਚਾਣ ਵਾਲੇ ਨੂੰ ਲੈ ਕੇ ਕੁੜੀ ਵਾਲਿਆਂ ਦੇ ਘਰ ਚਲੇ ਗਏ। ਜਦੋਂ ਕੁੜੀ ਵਾਲਿਆਂ ਨਾਲ ਜਾ ਕੇ ਗੱਲ ਕੀਤੀ ਤਾਂ ਉਹਨਾਂ ਸਾਫ-ਸਾਫ ਕਹਿ ਦਿੱਤਾ ਕਿ ਰਿਸ਼ਤਿਆਂ ਵਾਲੇ ਤਾਂ ਬਹੁਤ ਆਉਂਦੇ ਆ, ਪਰ ਸਾਡੀ ਇੱਕ ਸ਼ਰਤ ਹੈ ਕਿ ਮੁੰਡੇ ਵਾਲਿਆਂ ਨੂੰ ਵਿਆਹ ਤੋਂ ਪਹਿਲਾਂ ਕੁੜੀ ਦੇ ਨਾਂ ਪੰਜ ਕਿੱਲੇ ਜਮੀਨ ਲਵਾਉਣੀ ਪਵੇਗੀ ਤੇ ਵਿਆਹ ਮੌਕੇ ਵੀਹ ਲੱਖ ਨਗਦ ਦੇਣਾ ਪਵੇਗਾ। ਇੰਨ੍ਹੀ ਗੱਲ ਸੁਣਕੇ ਉਹ ਸੋਚਕੇ ਦੱਸਾਂਗੇ ਕਹਿਕੇ ਵਾਪਿਸ ਆ ਗਏ। ਬਾਹਰ ਆ ਕੇ ਉਸਦਾ ਦੋਸਤ ਕਹਿਣ ਲੱਗਾ “ਯਾਰ ਵੀਹ ਲੱਖ ਦਾ ਤਾਂ ਇੰਤਜ਼ਾਮ ਕਰ ਲਵਾਂਗੇ। ਪਰ ਜਮੀਨ ਵਾਲੀ ਗੱਲ ਮੁਸ਼ਕਿਲ ਆ।” ਹਾਲਾਂਕਿ ਮੁੰਡੇ ਵਾਲੇ ਚੰਗੀ ਜਮੀਨ-ਜਾਇਦਾਦ ਦੇ ਮਾਲਕ ਸਨ ਤੇ ਉਹਨਾਂ ਦਾ ਵਧੀਆ ਕਾਰੋਬਾਰ ਸੀ। ਪਰ ਫਿਰ ਵੀ ਬਾਹਰ ਜਾਣ ਦੇ ਲਾਲਚ 'ਚ ਵੀਹ ਲੱਖ ਦਾਜ਼ 'ਚ ਦੇਣ ਨੂੰ ਤਿਆਰ ਸਨ। ਬਸ ਜਮੀਨ ਦੇ ਨਾਂ ਤੇ ਜੱਟਪੁਣਾ ਜਾਗ ਪਿਆ ਤੇ ਗੱਲ ਵਿੱਚ ਹੀ ਰਹਿ ਗਈ। ਨਹੀਂ ਤਾਂ ਵੀਹ ਲੱਖ ਕੁੜੀ ਵਾਲਿਆਂ ਦੀ ਝੋਲ੍ਹੀ ਪਾ ਕੇ ਮੁੰਡਾ ਜਹਾਜ਼ 'ਚ ਬਿਠਾਕੇ ਸਹੁਰੀਂ ਤੋਰ ਦੇਣਾ ਸੀ। ਇਹ ਤਾਂ ਗੱਲਾਂ ਸੀ ਬਾਹਰੋਂ ਆਏ ਜਾਂ ਬਾਹਰ ਜਾਣ ਦੇ ਚਾਹਵਾਨਾਂ ਦੀਆਂ ਕਿ ਕਿਵੇਂ ਆਪਣੀ ਲਾਲਚੀ ਨੀਅਤ ਅਨੁਸਾਰ ਦਾਜ਼ ਦਾ ਲੈਣ ਦੇਣ ਕਰਦੇ ਹਨ। ਜਿਹੜੇ ਵਿਆਹ ਉੱਥੇ(ਭਾਰਤ)ਰਹਿਣ ਵਾਲਿਆਂ ਦੇ ਹੁੰਦੇ ਹਨ ਉਹਨਾਂ ਵਿੱਚ ਵੀ ਕਈ ਲੋਕ ਦਾਜ਼ ਮੰਗਕੇ ਲੈਂਦੇ ਹਨ ਤੇ ਕਈ ਆਪਣੀ ਮਰਜ਼ੀ ਨਾਲ ਹੀ ਦੇ ਦੇਂਦੇ ਹਨ। ਬਹੁਤੇ ਲੋਕ ਉਹ ਨੇ ਜਿਹੜੇ ਸੋਚਦੇ ਨੇ ਕਿ ਜੇ ਬਹੂ ਦਾਜ਼ ਨਾ ਲੈ ਕੇ ਆਈ ਜਾਂ ਕੁੜੀ ਨੂੰ ਦਾਜ਼ ਨਾ ਦਿੱਤਾ ਤਾਂ ਸ਼ਰੀਕੇ ਵਿੱਚ ਨੱਕ ਵੱਡਿਆ ਜਾਏਗਾ। ਇਹਨਾਂ ਲੋਕਾਂ ਲਈ ਬਾਈ ਜੱਗੀ ਕੁੱਸਾ ਨੇ ਆਪਣੇ ਆਰਟੀਕਲ ਵਿੱਚ ਬੜੀ ਵਧੀਆ ਗੱਲ ਲਿਖੀ ਸੀ ਕਿ “ਇਹਨਾਂ ਲੋਕਾਂ ਦੇ ਨੱਕ ਦੀ ਥਾਂ ਹਾਥੀ ਦੀ ਸੁੰਢ ਲੱਗੀ ਹੋਣੀ ਚਾਹੀਦੀ ਆ, ਤਾਂ ਕਿ ਜੇ ਇਹਨਾਂ ਨੂੰ ਤਿੰਨ, ਚਾਰ ਵਿਆਹ ਕਰਨੇ ਪੈ ਜਾਣ ਤੇ ਹਰ ਵਿਆਹ ਮੌਕੇ ਚਾਰ ਉੰਗਲਾਂ ਵੱਡ ਵੀ ਹੋਜੇ ਤਾਂ ਵੀ ਸਾਹ ਲੈਣ ਜੋਗੇ ਤਾਂ ਰਹਿ ਜਾਣਗੇ।” ਇਸ ਤਰਾਂ ਸ਼ਇਦ ਦਾਜ਼ ਨੂੰ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਵੀ ਪਾ ਸਕਣ।
ਜੇ ਗੱਲ ਕਰੀਏ ਕੁੜੀਆਂ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ਼ ਲਈ ਤੰਗ ਕਰਨ ਦੀ ਤੇ ਬੇਵੱਸ ਮਾਪਿਆਂ ਦੀ
ਜਿੰਨ੍ਹਾਂ ਦੀਆਂ ਧੀਆਂ ਦਾਜ਼ ਦੀ ਬਲੀ ਚੜ੍ਹਦੀਆਂ ਨੇ ਤੇ ਉਹ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ। ਇਹਨਾਂ ਹਾਲਾਤਾਂ ਦਾ ਜਿੰ਼ਮੇਵਾਰ ਜਿ਼ਆਦਾਤਰ ਵਿਚੋਲਾ ਹੀ ਹੁੰਦਾ ਹੈ। ਜਿਹੜਾ ਦੋਨੋਂ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਕੀਤੀ ਮੰਗ ਦਾ ਪਹਿਲਾਂ ਖੁੱਲ ਕੇ ਜਿ਼ਕਰ ਨਹੀਂ ਕਰਦਾ ਪਰ ਬਾਅਦ 'ਚ ਵਿਆਹ ਦੇ ਦਿਨ ਪੱਕੇ ਹੋਣ ‘ਤੇ ਹੌਲੀ-ਹੌਲੀ ਮੰਗਾਂ ਗਿਨਾੳੇੁਣ ਲੱਗ ਪੈਂਦਾ ਹੈ। ਇਸ ਹਾਲਤ ਵਿੱਚ ਕੁੜੀ ਵਾਲੇ ਬੇਇਜਤੀ ਦੇ ਡਰੋਂ ਵਿਆਹ ਵੀ ਨਹੀਂ ਤੋੜ ਸਕਦੇ ਤੇ ਦਾਜ਼ ਦੇਣ ਤੋਂ ਵੀ ਅਸਮਰੱਥ ਹੁੰਦੇ ਹਨ। ਉਹ ਜਿੰਨ੍ਹਾਂ ਵੱਧ ਤੋਂ ਵੱਧ ਹੋ ਸਕਦਾ ਕਰ ਦਿੰਦੇ ਹਨ ਤੇ ਬਾਅਦ 'ਚ ਲਾਲਚੀ ਸਹੁਰਾ ਪਰਿਵਾਰ ਕੁੜੀ ਨੂੰ ਹੋਰ ਦਾਜ਼ ਲਿਆਉਣ ਲਈ ਤੰਗ ਕਰਦਾ ਰਹਿੰਦਾ ਹੈ ਤੇ ਇੱਕ ਦਿਨ ਦਾਜ਼ ਦੀ ਬਲੀ ਚਾੜ ਦਿੱਤੀ ਜਾਂਦੀ ਹੈ ਜਾਂ ਵਿਚਾਰੀ ਇੰਨੀ ਦੁਖੀ ਹੋ ਜਾਂਦੀ ਹੈ ਕਿ ਪਲ-ਪਲ ਮਰਨ ਨਾਲੋਂ ਇੱਕ ਵਾਰ ਹੀ ਮਰ ਜਾਣਾ ਚਾਹੁੰਦੀ ਹੈ ਤੇ ਆਤਮ ਹੱਤਿਆ ਕਰ ਲੈਂਦੀ ਹੈ। ਸਿਆਣੇ ਕਹਿੰਦੇ ਨੇ ਕਿ ਬੰਦੇ ਦਾ ਢਿੱਡ ਤਾਂ ਭਰ ਜਾਂਦਾ ਪਰ ਚੰਦਰੀ ਨੀਅਤ ਕਦੇ ਨਹੀਂ ਭਰਦੀ। ਇਹਨਾਂ ਲੋਕਾਂ ਨੂੰ ਜਿੰਨਾ ਮਿਲ ਜਾਏ ਥੋੜਾ ਹੀ ਥੋੜਾ। ਪਰ ਕਸਾਈ ਇਹ ਨਹੀਂ ਸੋਚਦੇ ਕਿ ਇੱਕ ਜਾਨ ਜਿ਼ਆਦਾ ਕੀਮਤੀ ਆ ਜਾਂ ਸਮਾਨ। ਵਿਚੋਲੇ ਦਾ ਕੀ ਆ ਮੁੰਦਰੀ ਪਵਾ ਕੇ ਪਾਸੇ ਹੋ ਜਾਂਦਾ ਨਾਲੇ ਆਖੀ ਜਾਊ ਅੱਜ ਦਾ ਦਿਨ ਆ ਬਾਅਦ 'ਚ ਸਾਨੂੰ ਕੀਹਨੇ ਪੁੱਛਣਾ, ਬਾਅਦ 'ਚ ਤਾਂ ਵਿਚੋਲੇ ਦੇ ਛਿੱਤਰ ਹੀ ਪੈਂਦੇ ਹੁੰਦੇ ਆ……ਹੁਣ ਜੇ ਛਿੱਤਰ ਖਾਣ ਵਾਲੇ ਕੰਮ ਕਰਨੇ ਆਂ ਤਾਂ ਛਿੱਤਰ ਹੀ ਪੈਣਗੈ ਹੋਰ ਅਗਲਾ ਥੋਡੀ ਆਰਤੀ ਉਤਾਰੂਗਾ।
ਮੈਨੂੰ ਇੱਕ ਵਾਕਿਆ ਚੇਤੇ ਆ ਗਿਆ ਕਿ ਇੱਕ ਬਜ਼ੁਰਗ ਆਪਣੀ ਕੁੜੀ ਦਾ ਰਿਸ਼ਤਾ ਪੱਕਾ ਕਰਕੇ ਆਇਆ ਤੇ ਜਦੋਂ ਘਰਦਿਆਂ ਨੇ ਮੁੰਡੇ ਤੇ ਮੁੰਡੇ ਦੇ ਪਰਿਵਾਰ ਵਾਰੇ ਪੁੱਛਿਆ ਤਾਂ ਕਹਿੰਦਾ “ਸਭ ਠੀਕ-ਠਾਕ ਹੈ, ਮੁੰਡਾ ਵੀ ਸੋਹਣਾ, ਪਰਿਵਾਰ ਵੀ ਵਧੀਆ ਬਸ ਮੁੰਡੇ ਦੀ ਭਿੱਟ-ਭਿੱਟੀਏ ਦੀ ਮੰਗ ਆ।” ਹੁਣ ਸਾਲਾ ਭਿੱਟ-ਭਿੱਟੀਆ ਰਹੱਸ ਬਣਿਆ ਹੋਇਆ ਸੀ। ਨਾ ਪਤਾ ਲੱਗੇ ਬਈ ਸਕੂਟਰ ਮੰਗਿਆ ਕਿ ਮੋਟਰਸਾਇਕਲ ਕਿਉਂਕਿ ਓਹਦੋਂ ਕ ਦਾਜ਼ 'ਚ ਏਹੀ ਦੇਣ ਦਾ ਰਿਵਾਜ਼ ਚੱਲਿਆ ਹੋਇਆ ਸੀ। ਬਜੁ਼ਰਗ ਨੇ ਤਾਂ ਕਦੇ ਸਾਇਕਲ ਵੀ ਨਹੀਂ ਸੀ ਚਲਾਇਆ ਉਹਨੂੰ ਆਉਂਦੇ-ਆਉਂਦੇ ਖਿਆਲ ਭੁੱਲ ਗਿਆ ਕਿ ਕੀ ਮੰਗਿਆ। ਖ਼ੈਰ ਉਹਨਾਂ ਦਾਜ਼ 'ਚ ਦੇਣ ਲਈ ਸਕੂਟਰ ਲੈ ਆਂਦਾ। ਜਦੋਂ ਆਨੰਦ ਕਾਰਜਾਂ ਮੌਕੇ ਦਾਜ਼ ਦੀ ਲਿਸਟ ਪੜ੍ਹ ਕੇ ਸੁਣਾਈ ਜਾਣ ਲੱਗੀ ਤਾਂ ਪ੍ਰਾਹੁਣਾ ਰੌਲਾ ਪਾ ਕੇ ਬਹਿ ਗਿਆ ਕਿ ਮੈਂ ਤਾਂ ਮੋਟਰਸਾਇਕਲ ਨੂੰ ਆਖਿਆ ਸੀ ਮੈਂ ਨੀ ਸਕੂਟਰ ਲੈ ਕੇ ਜਾਣਾ ਮੈਨੂੰ ਤਾਂ ਮੋਟਰਸਾਇਕਲ ਚਾਹੀਦਾ। ਕੁੜੀ ਦਾ ਮਾਮਾ ਥੋੜਾ ਅੜਬ ਸੁਭਾਅ ਦਾ ਸੀ ਕਹਿੰਦਾ “ਦਬੱਲੋ ਏਹਨੂੰ ਸਣੇ ਬਰਾਤ ਅੱਜ ਮੋਟਰਸਾਕਿਲ ਮੰਗਦਾ ਕੱਲ ਨੂੰ ਕੁਝ ਹੋਰ ਮੰਗੂ।” ਪਰ ਸਾਊ ਸੁਭਾਅ ਦੇ ਬਜ਼ੁਰਗ ਨੇ ਦਰ ਆਈ ਬਰਾਤ ਨਾ ਮੋੜੀ ਕਹਿੰਦਾ “ਇਸ ਵਿੱਚ ਸਭ ਦੀ ਬੇਇਜਤੀ ਹੋ ਜਾਵੇਗੀ।” ਉਹਨੇ ਮੁੰਡੇ ਵਾਲਿਆਂ ਤੋਂ ਹਫਤੇ ਦਾ ਟਾਇਮ ਲੈ ਕੇ ਡੋਲ੍ਹੀ ਤੋਰ ਦਿੱਤੀ। ਫੇਰ ਨਵਾਂ ਸਕੂਟਰ ਘਾਟਾ ਪਾ ਕੇ ਵੇਚਿਆ ਤੇ ਮੋਟਰਸਾਇਕਲ ਖ੍ਰੀਦ ਕੇ ਕੁੜੀ ਦੇ ਸਹੁਰੇ ਘਰ ਪਹੁੰਚਦਾ ਕੀਤਾ। ਹੁਣ ਦੱਸੋ ਜਿਹੜਾ ਬੰਦਾ ਏਨੇ ਇਕੱਠ ਵਿੱਚ ਸ਼ਰੇਆਮ ਮੰਗ ਕਰ ਸਕਦਾ ਉਹ ਬਾਅਦ ਵਿੱਚ ਕਿਵੇਂ ਨਹੀਂ ਮੰਗੇਗਾ। ਨਾਲੇ ਕੁੜੀ ਦਾ ਦਿਲ ਉਸ ਬੰਦੇ ਨਾਲ ਕਿੰਨ੍ਹਾਂ ਕੁ ਮਿਲਿਆ ਹੋਵੇਗਾ ਜੀਹਨੇ ਉਹਦੇ ਪਿਉ ਨੂੰ ਮਜ਼ਬੂਰ ਕਰਕੇ ਆਪਣੀ ਮੰਗ ਮੰਨਵਾਈ। ਜਦੋਂ ਕੋਈ ਰਿਸ਼ਤਾ, ਇੱਕ ਰਿਸ਼ਤੇ ਵਾਂਗ ਨਹੀਂ ਬਲਕਿ ਇੱਕ ਸੌਦੇ ਵਾਂਗ ਹੋਵੇ ਤਾਂ ਪਿਆਰ ਥਾਂ ਦੀ ਨਫ਼ਰਤ ਲੈ ਲੈਂਦੀ ਹੈ। ਇਸ ਤਰ੍ਹਾਂ ਦੂਰੀਆਂ ਘਟਣ ਦੀ ਵਜਾਏ ਵਧਦੀਆਂ ਹੀ ਜਾਂਦੀਆ ਹਨ ਅਤੇ ਇਹੋ ਜਿਹੇ ਰਿਸ਼ਤੇ ਦੀ ਕੋਈ ਬੁਨਿਆਦ ਨਹੀਂ ਹੁੰਦੀ ਇਹ ਕਦੇ ਵੀ ਟੁੱਟ ਸਕਦਾ ਹੈ।
ਗੱਲਾਂ ਤਾਂ ਹੋਰ ਵੀ ਬੜੀਆਂ ਪਰ ਅਸਲ ਗੱਲ ਤਾਂ ਇਹ ਆ ਕਿ ਹੁਣ ਇਸ ਲਾਹਨਤ ਦਾ ਸਿ਼ਕਾਰ ਹਰ ਕੋਈ ਹੋ ਚੁੱਕਿਆ ਚਾਹੇ ਉਹ ਗਰੀਬ ਹੋਵੇ, ਚਾਹੇ ਅਮੀਰ ਤੇ ਚਾਹੇ ਮੱਧ ਵਰਗ ਨਾਲ ਸਵੰਧਤ ਹੋਵੇ। ਬਸ ਫਰਕ ਏਨ੍ਹਾਂ ਕਿ ਗਰੀਬ ਦੀ ਮੰਗ ਹਜ਼ਾਰਾਂ 'ਚ ਹੈ, ਮੱਧ ਵਰਗ ਦੀ ਲੱਖਾਂ ਵਿੱਚ ਤੇ ਅਮੀਰਾਂ ਦੀ ਕਰੋੜਾਂ ਵਿੱਚ। ਮੇਰੀ ਸੋਚ ਮੁਤਾਬਿਕ ਦਾਜ਼ ਦੀ ਰੀਤ ਖ਼ਤਮ ਕਰਨ ਲਈ ਪਹਿਲੀ ਲੋੜ ਤਾਂ ਹੈ ਕਿ ਮੰਗਤੇ ਬਨਣਾ ਛੱਡਿਆ ਜਾਵੇ। ਕਿਸੇ ਦੇ ਦਿੱਤਿਆਂ ਕੋਈ ਬਹੁਤਾ ਅਮੀਰ ਨਹੀਂ ਹੋ ਜਾਂਦਾ। ਨਾ ਹੀ ਮਿਲੇ ਦਾਜ਼ ਨਾਲ ਸਾਰੀ ਜਿ਼ੰਦਗੀ ਗੁਜ਼ਾਰਾ ਹੁੰਦਾ। ਆਪਣੀ ਮਿਹਨਤ ਦੀ ਕਮਾਈ ਨਾਲ ਗੁਜਾਰਾ ਕਰਨਾ ਸਿੱਖੀਏ। ਦੂਜਾ ਮੂੰਹੋਂ ਮੰਗਕੇ ਦਾਜ਼ ਲੈਣ ਵਾਲਿਆਂ ਨਾਲ ਕਦੇ ਰਿਸ਼ਤਾ ਨਾ ਜੋੜਿਆ ਜਾਵੇ ਅਤੇ ਆਪਣਾ ਉੱਲੂ ਸਿੱਧਾ ਕਰਨ ਲਈ ਐਵੇਂ ਦਾਜ਼ ਨਾ ਦਿੱਤਾ ਜਾਵੇ। ਜੇ ਇਹਨਾਂ ਗੱਲਾਂ 'ਤੇ ਪਹਿਰਾ ਨਹੀਂ ਦੇ ਸਕਦੇ, ਫੇਰ ਜਿੰਨ੍ਹਾਂ ਮਰਜ਼ੀ ਰੌਲ੍ਹਾ ਪਾਈ ਜਾਈਏ ਇਹ ਰੀਤ ਕਦੇ ਖ਼ਤਮ ਨਹੀਂ ਹੋਣ ਲੱਗੀ। ਕਦੇ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਕਦੇ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਕੋਸਦੇ ਹੀ ਰਹਿਣਗੇ। ਮੁੱਕਦੀ ਗੱਲ ਲਾਲਚੀ ਕੁੱਤੇ ਮਾਸੂਮਾਂ ਦਾ ਮਾਸ ਨੋਚਦੇ ਹੀ ਰਹਿਣਗੇ।