15 ਅਗਸਤ 1947 ਅਤੇ ਸਿਖ.......... ਲੇਖ਼ / ਮੁਹਿੰਦਰ ਸਿੰਗ ਘੱਗ


ਚੌਦਾਂ ਅਗਸਤ 1947 ਵਾਲੇ ਦਿਨ ਸੂਰਜ ਦਾ ਰਥ ਸਦੀਆਂ ਤੋਂ ਚਲੇ ਆਉਂਦੇ ਪਰੋਗਰਾਮ ਅਨੁਸਾਰ ਜਦ ਸਰਕਦਾ ਸਰਕਦਾ ਪੱਛਮ ਵਿਚ ਅਲੋਪ ਹੋ ਗਿਆ ਤਾਂ ਭਾਰਤ ਦੀ ਬਹੁਗਿਣਤੀ ਵੀ ਹਰ ਰੋਜ਼ ਵਾਂਗ ਆਪਣੀ ਪਿਆਰੀ ਲੇਲਾ ( ਰਾਤ ਰਾਣੀ ) ਦੀ ਗੋਦ ਵਿਚ ਜਾ ਬਿਰਾਜਮਾਨ ਹੋਈ। ਸਦੀਆਂ ਤੋਂ ਗੁਲਾਮੀ ਦਾ ਜੂਲਾ ਚੁੱਕੀ ਫਿਰਦੀ ਬਹੁਗਿਣਤੀ ਦੇ ਕੱਨਾਂ ( ਬਲਦ ਦੀ ਗਰਦਨ ਤੇ ਲੱਗਾ ਲਾਗਾ ) ਪੈਣ ਕਾਰਨ ਉਸ ਨੂੰ ਗੁਲਾਮੀ ਅਜ਼ਾਦੀ ਦੀ ਕੋਈ ਸਾਰ ਹੀ ਨਹੀਂ ਸੀ। ਰਾਜਾ , ਜਿ਼ਮੀਂਦਾਰ, ਉਚ ਜ਼ਾਤੀ ਦੇ ਠਾਕਰ ਲੋਗ ਹੀ ਉਸ ਲਈ ਅਨ ਦਾਤਾ ਸਨ। ਆਮ ਲੋਕ ਉਹਨਾਂ ਅਗੇ ਉਚਾ ਨਹੀਂ ਸਨ ਬੈਠ ਸਕਦੇ ਉਹਨਾਂ ਸਾਹਵੇਂ ਧਰਤੀ ਤੇ ਬੈਠ ਕੇ ਆਖਦੇ ਆਪ ਤੋ ਹਮਾਰੇ ਲੀਏ ਭਗਵਨ ਹੈਂ। ਵਰਣ ਵੰਡ ਦਾ ਸਿ਼ਕੰਜਾ ਸਮਾਜ ਨੂੰ ਨਿੱਸਲ ਕਰੀ ਜਾ ਰਿਹਾ ਸੀ। ਚੌਦਾਂ ਅਗਸਤ 1947, ਬਾਰਾਂ ਵਜੇ ਰਾਤ ਨੂੰ ਹੋਣ ਵਾਲੀ ਤਬਦੀਲੀ ਨਾਲ ਜਨਸਾਧਾਰਨ ਨੂੰ ਕੋਈ ਵਾਸਤਾ ਨਹੀਂ ਸੀ।

ਚੌਦਾਂ ਅਗਸਤ ਦੀ ਰਾਤ ਨੂੰ 12 ਵਜੇ ਘੜੀ ਦੀਆਂ ਦੋਨੋ ਸੂਈਆਂ ਜਦ ਨੰਬਰ ਬਾਰਾਂ ਤੇ ਇਕੱਠੀਆਂ ਹੋਈਆਂ ਤਾਂ ਲਾਲ ਕਿਲ੍ਹੇ ਦੇ ਫਲੈਗ ਪੋਸਟ ਤੋਂ ਯੂਨੀਅਨ ਜੈਕ ਉਤਾਰ ਲਿਆ ਗਿਆ। ਕੁਝ ਹੀ ਮਿੰਟਾਂ ਵਿਚ ਯੂਨੀਅਨ ਜੈਕ ਦੀ ਥ੍ਹਾਂ ਤਰੰਗਾ ਲੈਹਰਾਉਣ ਲੱਗਾ। ਭਾਰਤ ਦੀ ਜਾਗਦੀ ਵਸੋਂ ਨੇ ਪੰਡਤ ਜਵਾਹਰ ਲਾਲ ਨੈਹਰੂ ਜੀ ਦਾ ਭਾਸ਼ਨ ਸੁਣਿਆਂ। ਸਚ ਹੀ ਤਾਂ ਆਖਿਆ ਸੀ ਪੰਡਤ ਜੀ ਨੇ “ ਅਜ ਵਰਗੀ ਤਬਦੀਲੀ ਭਾਗਾਂ ਵਾਲਿਆਂ ਦੇ ਹਿਸੇ ਆਊਂਦੀ ਹੈ।” ਸਭ ਤੋਂ ਵੱਡੀ ਤਬਦੀਲੀ ਤਾਂ ਪੰਡਤ ਜੀ ਦੇ ਜੀਵਨ ਵਿਚ ਆਈ ਸੀ, ਇਕ ਗੁਲਾਮ ਹੁਣ ਤਾਜਦਾਰ ਹੋ ਗਿਆ ਸੀ, ਉਸਨੂੰ ਗਿਰਫਤਾਰ ਕਰਨ ਵਾਲੀ ਪੁਲੀਸ ਹੁਣ ਉਸ ਦੀ ਤਾਬਿਆਦਾਰੀ ਵਿਚ ਹਾਜ਼ਰ ਹੋ ਗਈ ਸੀ।

ਭਾਰਤੀ ਫੌਜੀ ਜਾਗ ਰਹੇ ਸਨ। ਭਾਰਤ ਦੀ ਪੁਲਸ ਜਾਗ ਰਹੀ ਸੀ। ਭਾਰਤ ਦੀ ਅਫਸਰ ਸ਼ਾਹੀ ਜਾਗ ਰਹੀ ਸੀ। ਉਹ ਸਮਝਦੇ ਸਨ ਕਿ ਫਰੰਗੀ ਰਾਜ ਜਾਣ ਨਾਲ ਫਰੰਗੀ ਅਫਸਰਾਂ ਦੀ ਹੂਤ ਹਾਤ ਵੀ ਜਾਂਦੀ ਲਗੇ ਗੀ। ਉਹਨਾ ਦੇ ਸਵੈਮਾਨ ਨੂੰ ਚੋਟ ਮਾਰਨ ਵਾਲਾ ਸਦਾ ਲਈ ਚਲਾ ਜਾਵੇਗਾ। ਉਹਨਾਂ ਵਿਚਾਰਿਆਂ ਨੂੰ ਇਹ ਗਿਆਨ ਥੋਹੜਾ ਸੀ ਕਿ ਹਕੂਮਤ ਦੀ ਵਾਗ ਡੋਰ ਸੰਭਾਲਣ ਵਾਲੇ ਸਿਆਸੀ ਆਗੂ ਇਹੋ ਜਿਹੀ ਭਰਿਸ਼ਟ ਸਰਕਾਰ ਦਾ ਗੱਠਨ ਕਰਨਗੇ ਕਿ ਹਰ ਕੋਈ ਪੁਕਾਰ ਉਠੇਗਾ ਅਗੇ ਨਾਲੋਂ ਪਿਛਾ ਭਲਾ।

15 ਅਗਸਟ 1947 ਤਕ ਕੁਝ ਭਾਰਤੀਆਂ ਦੀਆਂ ਬੇੜੀਆਂ ਅਤੇ ਕੜੀਆਂ ਪਤਲੀਆਂ ਸਨ (ਗਾਂਧੀ ਜੀ ਨੂੰ ਤਾਂ ਸਰਕਾਰੀ ਮਹਿਮਾਨ ਦੀ ਤਰਾਂ ਸਰ ਆਗਾ ਖਾਨ ਦੀ ਕੋਠੀ ਵਿਚ ਨਜ਼ਰਬੰਦ ਰਖਿਆਂ ਜਾਂਦਾ ਸੀ) ਅਤੇ ਮੋਟੀਆਂ ਬੇੜੀਆਂ ਵਾਲਿਆਂ ਲਈ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਸਨ। ਗਾਂਧੀ ਜੀ ਦੀ ਭਾਗਾਂ ਵਾਲੀ ਬਕਰੀ ਦੇ ਖਾਣ ਲਈ ਅੰਗੂਰ ਮਿਲਦੇ ਸਨ ਜਦ ਕਿ ਮੋਟੀ ਬੇੜੀਆਂ ਵਾਲਿਆਂ ਲਈ ਘੱਟੀਆ ਖੋਰਾਕ, ਜੇਹਲਰਾਂ ਦਾ ਤੱਸ਼ਦਦ, ਖਾਣ ਪੀਣ ਉਠਣ ਬੈਠਣ ਅਤੇ ਟਟੀ ਪੈਸ਼ਾਬ ਸਭ ਕਾਸੇ ਲਈ ਇਕੋ ਕਮਰਾ। ਫੇਰ ਵੀ ਉਹ ਸੀ ਨਾ ਕਰਦੇ, ਉਠਦੇ ਬੈਠਦੇ ਗੁਲਾਮੀ ਦਾ ਜੂਲਾ ਵਗ੍ਹਾ ਮਾਰਨ ਦਾ ਹੀ ਸੁਪਨਾ ਸਾਕਾਰ ਕਰਨ ਲਈ ਆਪਣੀ ਜਾਨ ਜਾਇਦਾਦ ਸਭ ਦਾਅ ਤੇ ਲਾਈ ਬੈਠੇੈ ਸਨ। ਜਾਗਦੇ ਉਹ ਆਜ਼ਾਦੀ ਲਈ ਜੂਝਦੇ ਸਨ ਅਤੇ ਸੌਂਦੇ ਤਾਂ ਆਜ਼ਾਦੀ ਦਾ ਸੁਪਨਾ ਲੈਂਦੇ ਸਨ ( ਰਾਤੀਂ ਸੁਤੇ ਪਏ ਮੈਨੂੰ ਇਕ ਖੁਆਬ ਆ ਗਿਆ ਭਜੇ ਜਾਣ ਫਰੰਗੀ ਇਨਕਲਾਬ ਆ ਗਿਆ)

ਆਖਰ 15 ਅਗਸਤ 1947 ਨੂੰ ਜਦ ਇਨਕਲਾਬ ਆਇਆ ਤਾਂ ਉਸ ਨੂੰ ਲਿਆਉਣ ਲਈ ਸੰਘ੍ਹਰਸ਼ ਕਰਨ ਵਾਲੇ ਤਾਂ ਜੇਹਲਾਂ ਵਿਚ ਡੱਕੇ ਹੋਏ ਸਨ ਅਤੇ ਬਰਤਾਨੀਆਂ ਸਰਕਾਰ ਆਪਣੇ ਚੁਣੇ ਚਹੇਤੇ ਆਗੂਆਂ ਹਥ ਹਕੂਮਤ ਦੀ ਵਾਗ ਡੋਰ ਸੰਭਾਲ ਰਹੀ ਸੀ। ਜਦ ਤਕ ਨੈਹਰੂ ਸਰਕਾਰ ਪੂਰੀ ਤਰਾਂ ਕਾਬਜ਼ ਨਹੀਂ ਹੋਈ ਆਜ਼ਾਦੀ ਲਈ ਆਪਾ ਵਾਰਨ ਵਾਲੇ ਜੇਹਲਾਂ ਵਿਚ ਹੀ ਡਕੇ ਰਹੇ। ਮਹਾਤਮਾਂ ਗਾਂਧੀ ਦੇ ਕਤਲ ਉਪਰੰਤ 1948 ਵਿਚ ਰਾਸ਼ਟਰੀਆ ਸੋਇਮ ਸੇਵਕ ਸੰਗ ਨੂੰ ਬੈੇਨ ਕਰ ਦਿਤਾ ਗਿਆ। ਉਸੇ ਰਾਤ ਹਰ ਸੜਕ ਤੇ ਕੁਝ ਕੁਝ ਫਾਸਲੇ ਤੇ ਚਿਟੇ ਪੇਂਟ ਨਾਲ ਲਿਖਿਆ ਗਿਆ ( ਜੇ ਫਾਰ ਜਸਟਸ ਟੂ ਆਰ ਐਸ ਐਸ ) ਅਤੇ ਕੰਧਾ ਤੇ ਪੋਸਟਰ ਲਗਾ ਦਿਤੇ ਗਏ। ਇਸ ਤੋਂ ਸਾਫ ਜ਼ਾਹਰ ਹੁੰਦਾ ਸੀ ਕਿ ਸੰਗ ਵਾਲੇ ਕਿਨੇ ਆਰਗਨਾਇਜ਼ ਸਨ। ਜਿਸ ਗੱਲ ਤੋਂ ਕਾਂਗਰਸ ਡਰਦੀ ਸੀ ਉਹ ਅਜ ਸਾਕਾਰ ਹੋ ਗਈ ਹੈ। ਬੀ ਜੇ ਪੀ ਕਾਂਗਰਸ ਨੁੰ ਚੈਲਂਜ ਕਰਨ ਦੇ ਕਾਬਲ ਹੋ ਗਈ ਹੈ।

ਭਾਰਤ ਨੂੰ ਆਜ਼ਾਦ ਕਰਨਾ ਬਰਤਾਨਵੀ ਸਰਕਾਰ ਦੀ ਮਜਬੂਰੀ ਸੀ। ਦੂਜੀ ਆਲਮੀ ਜੰਗ ਕਾਰਨ ਬਰਤਾਨੀਆਂ ਦੀ ਆਰਥਕ ਹਾਲਤ ਬੇਹਦ ਪਤਲੀ ਹੋ ਗਈ ਸੀ। 1946 ਵਿਚ ਨੇਵੀ ਵਿਚ ਹੋਈ ਬਗਾਵਤ ਕਾਰਨ ਬਰਤਾਨਵੀ ਹਾਕਮਾਂ ਦੇ ਮਨ ਵਿਚ ਹਿੰਦੋਸਤਾਨੀ ਫੌਜ ਬਾਰੇ ਇਕ ਸ਼ੰਕਾ ਉਤਪਨ ਹੋ ਗਿਆ ਸੀ ਕਿ ਕਦੇ ਵੀ ਆਜ਼ਦ ਹਿੰਦ ਫੌਜ ਵਰਗਾ ਗਠਨ ਹੋ ਸਕਦਾ ਹੈ। ਇਸੇ ਲਈ ਕਿਸੇ ਦਬਾ ਥਲੇ ਮੁਲਕ ਛਡਣ ਦੀ ਬਜਾਏ ਆਪਣੇ ਚਹੇਤਿਆਂ ਹਥ ਹਕੂਮਤ ਦੀ ਵਾਗ ਡੋਰ ਸੰਭਾਲਣ ਨੂੰ ਹੀ ਭਲਾ ਸਮਝਿਆ।

ਜੰਗੇ ਆਜ਼ਾਦੀ ਦੌਰਾਨ ਸਭ ਦੀ ਇਕੋ ਸੋਚ ਸੀ ਕਿ ਆਜ਼ਾਦੀ ਮਿਲਣ ਉਪਰੰਤ ਹਕੂਮਤ ਬਰਤਾਨੀਆਂ ਦੀ ਲੁਟ ਖਸੁਟ ਬੰਦ ਹੋ ਜਾਵੇਗੀ। ਭਾਰਤ ਵਾਸੀ ਆਪਣੀ ਤਕਦੀਰ ਦਾ ਫੈਸਲਾ ਆਪ ਕਰਨਗੇ। ਇਬਰਾਹੀਮ ਲਿੰਕਨ ਲੋਕਤੰਤਰ ਦੇ ਬੁਨਿਆਦੀ ਅਸੂਲਾਂ ਦੀ ਗ‘ਲ ਕਰਦਾ ਹੋਇਆ ਆਖਦਾ ਹੈ( ਕੋਈ ਵੀ ਇਨਸਾਨ ਇੱਡਾ ਵਧੀਆ ਜਾਂ ਸਿਆਣਾ ਨਹੀਂ ਜੋ ਦੂਸਰੇ ਦੀ ਮਰਜ਼ੀ ਤੋਂ ਬਗੈਰ ਹੀ ਉਸ ਤੇ ਰਾਜ ਕਰੇ ) ਆਜ਼ਾਦੀ ਦੇ ਘੁਲਾਟੀਆਂ ਦਾ ਵੀ ਇਹੋ ਸੁਪਨਾਂ ਸੀ ਕਿ ਆਜਾ਼ਦੀ ਮਿਲਣ ਉਪਰੰਤ ਰਲ ਮਿਲ ਕੇ ਇਕ ਐਸੀ ਸਰਕਾਰ ਬਣਾਈ ਜਾਵੇਗੀ ਜੋ ਬਗੈਰ ਕਿਸੇ ਵਿਤਕਰੇ ਦੇ ਹਰ ਬਸ਼ਰ ਦੀ ਜਾਨ ਮਾਲ ਦੀ ਰਾਖੀ ਕਰੇਗੀ।ਸਰਕਾਰ ਜਰਾਇਮ ਤੇ ਕਾੱਬੂ ਪਾਏਗੀ ਅਤੇ ਬਾਹਰੀ ਹਮਲਾਆਵਰਾਂ ਤੋਂ ਦੇਸ਼ ਦੀ ਰਖਿਆ ਕਰੇਗੀ। ਲੋਕਾਂ ਦੇ ਧਰਮ ਅਤੇ ਵਿਚਾਰਾਂ ਤੇ ਸਰਕਾਰ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਕਰੇਗੀ। ਦੇਸ਼ ਦਾ ਹਰ ਬਸ਼ਰ ਸ਼ਖਸ਼ੀ ਆਜ਼ਾਦੀ ਦਾ ਨਿਘ ਮਾਣ ਸਕੇਗਾ। ਆਜ਼ਦੀ ਦੇ ਸੰਘਰਸ਼ ਦੌਰਾਨ ਪੰਡਤ ਨੈਹਰੂ ਜੰਨਤਾ ਨਾਲ ਇਹੋ ਇਕਰਾਰ ਕਰਦੇ ਆਏ ਸਨ ਪਰ ਹਕੂਮਤ ਹਥ ਆਉਂਦਿਆਂ ਹੀ ਸਾਰੇ ਇਕਰਾਰ ਫਿਕੇ ਪੈ ਗਏ। 15 ਅਗਸਤ 1947 ਤੋਂ ਬਾਅਦ ਕੋਟ ਪੈਂਟ ਟਾਈ ਦੀ ਥ੍ਹਾਂ ਕੁੜਤਾ ਪਾਜਾਮਾਂ ਅਤੇ ਨੈਹਰੂ ਜੈਕਟ ਆ ਗਏ। ਅੰਗਰੇਜ਼ੀ ਟੋਪ ਦੀ ਜਗ੍ਹਾ ਦੋ ਟਕੇ ਦੀ ਗਾਂਧੀ ਟੋਪੀ ਨੇ ਸੰਭਾਲ ਲਈ। ਇਸ ਬਾਣੇ ਨੂੰ ਕਾਂਗਰਸੀ ਲੀਡਰਾਂ ਨੇ ਹੇਰਾ ਫੇਰੀ, ਲੁਟ ਖਸੁਟ ਅਤੇ ਧਾਦਲੀ ਲਈ ਪਰਮਿਟ ਵਾਂਗ ਵਰਤਿਆ। ਲੋਕੀਂ ਦਬੀ ਜ਼ਬਾਨ ਆਖ ਰਹੇ ਸਨ ( ਅਸੀਂ ਚਾਹੰਦੇ ਹਾਂ ਇਸ ਗੌਰਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ ਇਸ ਥਰੀ ਨੌਟ ਥਰੀ ਦੀ ਟੋਪੀ ਤੇ ਲਾਸੰਸ ਲਗਾਉਣਾ ਚਾਹੀਦਾ )।

ਭਾਰਤ ਆਜ਼ਾਦ ਤਾਂ ਹੋ ਗਿਆ ਪਰ ਹਾਕਮ ਜਮਾਤ ਵਿਚੋਂ ਸਦੀਆਂ ਦੀ ਗੁਲਾਮੀ ਦੀ ਜ਼ਹਿਨੀਅਤ ਨਾ ਗਈ ਜਿਵੇਂ ਹਰ ਔਰਤ ਸਸ ਬਣ ਕੇ ਨੂੰਹ ਨਾਲ ਉਹੋ ਵਿਹਾਰ ਕਰਦੀ ਹੈ ਜੋ ਉਸ ਦੀ ਸਸ ਉਸ ਨਾਲ ਕਰਿਆ ਕਰਦੀ ਸੀ ਠੀਕ ਉਸੇ ਤਰਾਂ ਹਕੂਮਤ ਦੀ ਕੁਰਸੀ ਤੇ ਬੈਠਣ ਵਾਲਿਆਂ ਕੀਤਾ। ਪੰਜਾਬੀਆਂ ਨੂੰ ਖਾਸ ਕਰ ਸਿਖਾਂ ਨੂੰ ਆਜ਼ਾਦੀ ਦਾ ਨਿਘ ਮਾਨਣ ਦਾ ਅਵਸਰ ਦੇਣ ਦੇ ਇਕਰਾਰ ਨੂੰ ਛਿਕੇ ਟੰਗ ਕੇ ਗੁਲਾਮੀ ਦਾ ਐਹਸਾਸ ਕਰਾਉਣਾ ਸ਼ੁਰੂ ਕਰ ਦਿਤਾ। ਆਜ਼ਦੀ ਤੋਂ ਪਹਿਲਾਂ ਗਾਂਧੀ ਜੀ ਨੇ ਚਾਂਦਨੀ ਚੌਕ ਗੁਰਦਵਾਰੇ ਵਿਚ ਆਪਣੇ ਭਾਸ਼ਨ ਦੌਰਾਨ ਆਖਿਆ ਸੀ ਕਿ ਸਿਖਾਂ ਨਾਲ ਪੂਰਾ ਇਨਸਾਫ ਹੋਵੇਗਾ। ਅਗਰ ਕਾਂਗਰਸ ਬੇਇਨਸਾਫੀ ਕਰੇਗੀ ਤਾਂ ਸਿਖਾਂ ਪਾਸ ਆਪਣਾ ਹੱਕ ਹਾਸਲ ਕਰਨ ਲਈ ਕਿਰਪਾਨ ਹੈ। ਆਪਣੇ ਆਪ ਨੂੰ ਆਹਿੰਸਾ ਦਾ ਮਸੀਹਾ ਕਹਾਊਣ ਵਾਲਾ ਤਲਵਾਰ ਚੁੱਕਣ ਦੀ ਗੱਲ ਕਰੇ ਤਾਂ ਸਮਝ ਲੈਣਾ ਚਾਹੀਦਾ ਸੀ ਕਿ ਦਾਲ ਵਿਚ ਕੁਝ ਕਾਲਾ ਹੈ ਪਰ ਸਾਡੇ ਵਿਚੋਂ ਹੀ ਕੁਝ ਜ਼ਰ-ਖਰੀਦ ਆਗੂ ਜੈਕਾਰਿਆਂ ਦੀ ਗੂੰਜ ਵਿਚ ਸਭ ਕੁਝ ਲੁਕਾ ਦਿੰਦੇ ਹਨ। ਐਨੇ ਸਾਲ ਬੀਤਣ ਬਾਅਦ ਏਨਾ ਨੁਕਸਾਨ ਕਰਵਾ ਕੇ ਵੀ ਸਿਖ ਕੌਮ ਆਪਣੇ ਵਿਚੋਂ ਗਦਾਰ ਆਗੂਆਂ ਨੂੰ ਨਖੇੜ ਨਹੀਂ ਸਕੀ। ਇਸੇ ਤਰਾਂ ਪੰਡਤ ਜੀ ਨੇ ਵੀ ਸਿਖਾਂ ਨੂੰ ਇਕ ਵਿਸਵਾਸ ਦਵਾਇਆ ਸੀ ਕਿ ਮੁਲਕ ਦੇ ਸ਼ਮਾਲ ਮਗਰਬ ਵਿਚ ਇਕ ਐਸਾ ਖਿਤਾ ਬਣਾ ਦਿਤਾ ਜਾਵੇਗਾ ਜਿਥੇ ਦੇਸ਼ ਦੀ ਬਹਾਦਰ ਸਿਖ ਕੌਮ ਆਜ਼ਾਦੀ ਦਾ ਨਿਘ ਮਾਣ ਸਕੇ। ਹਕੂਮਤ ਦੀ ਵਾਗ-ਡੋਰ ਸੰਭਾਲਦਿਆਂ ਸਭ ਤੋਂ ਪਹਿਲਾ ਤੋਹਫਾ ਜੋ ਨੈਹਰੂ ਸਰਕਾਰ ਨੇ ਆਜ਼ਦੀ ਦੇ ਘੋਲ ਵਿਚ ਵਿਤੋਂ ਬਾਹਰ ਕੁਰਬਾਨੀਆਂ ਕਰਨ ਵਾਲੀ ਸਿਖ ਕੌਮ ਨੂੰ ਦਿਤਾ ਉਹ ਸੀ ਕਿਰਪਾਨ ਤੇ ਪਾਬੰਦੀ। ਮਾਸਟਰ ਤਾਰਾ ਸਿੰਘ ਜੀ ਬੜੇ ਹੱਮੇਂ ਨਾਲ ਪੰਡਤ ਜੀ ਨਾਲ ਗੱਲ ਬਾਤ ਕਰਨ ਤੁਰ ਗਏ ਪਰ ਦਿਲੀ ਪੁਜਣ ਤੋਂ ਪਹਿਲਾਂ ਹੀ ਗਿਰਫਤਾਰ ਕਰ ਲਏ ਗਏ। ਵਕਤ ਮਿਲਣ ਤੇ ਜਦ ਪੰਡਤ ਜੀ ਨੂੰ ਅਤੇ ਗ੍ਰੈਹ ਮੰਤਰੀ ਪਟੇਲ ਜੀ ਨੂੰ ਮਿਲ ਕੇ ਕੀਤੇ ਇਕਰਾਰਾਂ ਦਾ ਚੇਤਾ ਕਰਵਾਇਆ ਤਾਂ ਜਵਾਬ ਮਿਲਿਆ ਸੀ ( ਅਬ ਵਕਤ ਬਦਲ ਚੁਕਾ ਹੈ ਮਾਸਟਰ ਜੀ ) ਸਿਰਫ ਇਨਾਂ ਕਹਿਣਾ ਹੀ ਬਾਕੀ ਸੀ ਕਿ ਵਾਹ ਭਈ ਸਿਖੋ ਤੁਮ ਲੋਗੋਂ ਨੇ ਇਤਹਾਸ ਸੇ ਕੁਝ ਨਹੀਂ ਸੀਖਾ ਤੋ ਹਮਾਰਾ ਕਿਆ ਕਸੂਰ, ਹਮਾਰੇ ਬਜ਼ੁਰਗ ਤੋ ਆਟੇ ਕੀ ਗਊ ਬਨਾ ਕਰ ਖਾਈ ਹੂਈ ਕਸਮੇਂ ਤੋੜਨੇ ਮੇਂ ਮਾਹਰ ਥੇ ਹਮ ਨੇ ਤੋ ਸਿਰਫ ਬਾਤੋਂ ਕੇ ਗੁਲਗੁਲੇ ਪਕਾਏ ਥੇ ਤੁਮ ਉਨ ਬਾਤੋਂ ਪਰ ਇਤਮਾਦ ਲੇ ਆਏ ਤੋ ਹਮ ਕਿਆ ਕਰੇਂ। 

ਮੈਬੰਰ ਪਾਰਲੀਮੈਂਟ ਠਾਕਰ ਹੁਕਮ ਸਿੰਘ ਹੀ ਨਹੀਂ ਪੂਰੀ ਦੀ ਪੂਰੀ ਨੈਹਰੂ ਸਰਕਾਰ ਇਸ ਗੱਲ ਤੇ ਤੁਲੀ ਹੋਈ ਸੀ ਕਿ ਸਿਖਾਂ ਤੇ ਜਰਾਇਮ ਪੇਸ਼ਾ ਦਾ ਲੇਬਲ ਲਾ ਕੇ ਇਸ ਨੂੰ ਕੁੱਚਲ ਦਿਤਾ ਜਾਵੇ। ਸਪੋਕਸਮੈਨ ਅਖਬਾਰ ਨੇ ਇਸ ਦੇ ਉਤਰ ਵਿਚ ਲਿਖਿਆ ਸੀ ਕਿ ਚੰਬਲ ਘਾਟੀ ਵਿਚ ਜਿਨੇ ਡਾਕੂ ਪਲਦੇ ਹਨ ਜਿ਼ਆਦਾ ਤਰ ਠਾਕਰ ਹੀ ਹੁੰਦੇ ਹਨ। ਡਾਕੂ ਠਾਕਰ ਭੂਪਤ ਸਿੰਘ ਦੇ ਗਰੋਹ ਨੂੰ ਕਾਬੂ ਕਰਨ ਲਈ ਵਿਢੀਆਂ ਮੁਹਿਮਾਂ ਤੇ ਸਰਕਾਰ ਨੂੰ ਬੇ ਬਹਾ ਖਰਚਾ ਕਰਨਾ ਪੈਂਦਾ ਹੈ ਜਦ ਕਿ ਸਿਖ ਕੌਮ ਅਮਨ ਅਮਾਨ ਨਾਲ ਨਿਰਬਾਹ ਕਰ ਰਹੀ ਹੈ। ਕੀ ਠਾਕਰ ਹੁਕਮ ਸਿੰਘ ਜੀ ਇਹ ਮੰਨਣ ਨੂੰ ਤਿਆਰ ਹਨ ਕਿ ਉਹ ਵੀ ਠਾਕਰ ਬਰਾਦਰੀ ਵਿਚੋਂ ਹੁੰਦੇ ਹੋਏ ਡਾਕੂਆਂ ਦੇ ਭਾਈਵਾਲ ਹਨ। ਜੇ ਉਹਨਾਂ ਦਾ ਉਤਰ ਨਹੀਂ ਵਿਚ ਹੈ ਤਾਂ ਫੇਰ ਪੁਰ ਅਮਨ ਸਿਖ ਕੌਮ ਨੂੰ ਕਿਸ ਬਿਨਾ ਤੇ ਜਰਾਇਮ ਪੇਸ਼ਾ ਆਖ ਰਹੇ ਹਨ।

ਬਰਤਾਨੀਆਂ ਸਰਕਾਰ ਤੇ ਇਹ ਦੋਸ਼ ਲਾਇਆ ਜਾਂਦਾ ਸੀ ਕਿ ਉਸ ਨੇ ਸੂਬਿਆਂ ਦੀ ਰੂਪ ਰੇਖਾ ਇਸ ਢੰਗ ਨਾਲ ਉਲੀਕੀ ਹੋਈ ਸੀ ਕਿ ਇਕ ਇਕ ਸੂਬੇ ਵਿਚ ਦੋ ਤਿਨ ਭਾਸ਼ਵਾਂ ਬੋਲੀਆਂ ਜਾਂਦੀਆਂ ਸਨ। ਨੈਹਰੂ ਸਰਕਾਰ ਨੇ ਬਾਕੀ ਸੂਬੇ ਤਾਂ ਭਾਸ਼ਾ ਦੇ ਆਧਾਰ ਤੇ ਬਣਾ ਦਿਤੇ ਪਰ ਪੰਜਾਬੀ ਸੂਬੇ ਨੂੰ ਬਣਾਉਣ ਤੋਂ ਇਨਕਾਰ ਕਰ ਦਿਤਾ। ਵਡਾ ਕਾਰਨ ਪੰਜਾਬੀ ਬੋਲੀ ਅਤੇ ਵਿਰਸੇ ਨੂੰ ਨੇਸਤੋ ਨਾਬੂਦ ਕਰਨਾ ਸੀ। ਬੋਲੀ ਵਿਰਸੇ ਨਾਲੋਂ ਟੁਟੀਆਂ ਕੌਮਾਂ ਮਿਟ ਜਾਂਦੀਆਂ ਹਨ। ਪੰਜਾਬੀਆਂ ਨੂੰ ਖਾਸ ਕਰ ਸਿਖਾਂ ਨੁੰ ਆਪਣੇ ਵਡਮੁਲੇ ਵਿਰਸੇ ਨਾਲੋਂ ਤੋੜਨਾ ਹੀ ਨੈਹਰੂ ਸਰਕਾਰ ਦਾ ਮਿਸ਼ਨ ਸੀ। ਪੰਜਾਬੀ ਸੂਬਾ ਬਣਾਉਣ ਲਈ ਮੋਰਚਾ ਲਗਿਆ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਸੂਬੇ ਦੀ ਮੰਗ ਕਰਨ ਵਾਲਿਆਂ ਨੂੰ ਜ੍ਹੇਲਾਂ ਵਿਚ ਡਕ ਦਿਤਾ ਗਿਆ। ਪੰਜਾਬੀ ਮੋਰਚਾ ਲਗਾ ਹੋਇਆ ਸੀ ਪੰਡਤ ਨੈਹਰੂ ਇਕ ਵੇਰ ਬਾਜ ਪੁਰ ( ਯੂਪੀ ) ਗਿਆ ਜਦ ਤਕਰੀਰ ਕਰਨ ਲੱਗਾ ਤਾਂ ਪੰਡਾਲ ਵਿਚੋਂ ਪੰਜਾਬੀ ਸੂਬਾ ਜਿੰਦਾ ਬਾਦ ਦੇ ਨਾਹਰੇ ਗੂੰਜਣ ਲਗੇ ਤਾਂ ਪੰਡਤ ਜੀ ਸੁਭਾ ਅਨੁਸਾਰ ਅੱਗ ਬਗੋਲਾ ਹੋ ਕੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹਏ ਆਖਣ ਲਗੇ ‘ ਬਦਤਮੀਜ਼ ਕਹੀਂ ਕੇ ਨਿਕਲ ਜਾਓ ਜਹਾਂ ਸੇ।’ ਛੇਤੀਂ ਹੀ ਨੈਨੀਤਾਲ ਜਿ਼ਲੇ ਵਿਚੋਂ ਪੰਜਾਬੀਆਂ ਨੂੰ ਕੱਢਣ ਦੀ ਮੁਹਿਮ ਚਲ ਪਈ। ਪੰਜਾਬੀਆਂ ਨੂੰ ਫਾਰਮਾਂ ਵਿਚੋਂ ਕੱਢ ਕੇ ਕੈਂਪਾਂ ਵਿਚ ਡਕ ਦਿਤਾ ਗਿਆ। ਪੰਜਾਬੀ ਸਰਦਾਰ ਪਰਤਾਪ ਸਿੰਘ ਕੈਰੋਂ ਪਾਸ ਫਰਿਆਦੀ ਹੋਏ। ਵੈਸਾਖੀ ਦੇ ਮੌਕੇ ਤੇ ਸਰਦਾਰ ਪਰਤਾਪ ਸਿੰਘ ਕੈਰੋਂ ਪੀਲੀਭੀਤ ਆਇਆ ਪੰਜਾਬੀਆਂ ਦੇ ਦੁਖ ਸੁਣੇ ਫੇਰ ਨੈਨੀਤਾਲ ਦਾ ਦੌਰਾ ਕੀਤਾ। ਸਰਦਾਰ ਪਰਤਾਪ ਸਿੰਘ ਕੈਰੋਂ ਦੀ ਹਿਕਮਤ ਅਮਲੀ ਕੰਮ ਆਈ ਪੰਜਾਬੀਆਂ ਦਾ ਮੁੜ ਬਸੇਬਾ ਹੋ ਗਿਆ। ਦੁਬਾਰਾ 2006 ਵਿਚ ਨੈਨਤਿਾਲ ਜਿ਼ਲੇ ਵਿਚ ਪੰਜਾਬੀ ਫਾਰਮਰਾਂ ਤੇ ਪੁਲੀਸ ਦਾ ਅਤਿਆਚਾਰ ਦੁਨੀਆਂ ਨੇ ਟੈਲੀਵੀਜ਼ਨ ਤੇ ਦੇਖਿਆ ਹੈ। ਮੈਂ ਖੁਦ ਦਸ ਸਾਲ ਯੂਪੀ ਵਿਚ ਫਾਰਮ ਕੀਤੀ ਹੈ ਜ਼ਮੀਨ ਆਬਾਦ ਕਰਨ ਲਗਿਆਂ ਜਿਦਾਂ ਸਪਾਂ ਦੀਆਂ ਸਿਰੀਆਂ ਮਿੱਧਣੀਆਂ ਪੈਂਦੀਆਂ ਹਨ ਉਹ ਇਕ ਲੰਬੀ ਦਾਸਤਾਨ ਹੈ।

1947 ਤੋਂ ਲੈ ਕੇ 1964 ਤਕ ਪੰਡਤ ਜਵਾਹਰ ਲਾਲ ਨੈਹਰੂ ਜੀ ਦੇਸ਼ ਦੇ ਪਰਧਾਨ ਮੰਤਰੀ ਰਹੇ ਇਨੇ ਸਾਲਾਂ ਵਿਚ ਬਗੈਰ ਕਿਸੇ ਪੰਜ ਸਾਲਾ ਯੋਜਨਾਂ ਦ ੇਭਰਿਸ਼ਟਾਚਾਰ ਦਾ ਬੋਲ ਬਾਲਾ ਦਿਨ ਬਦਿਨ ਵਧਿਆ। ਗਰੀਬ ਅਤੇ ਅਮੀਰ ਵਿਚ ਪਾੜਾ ਵੱਧਿਆ। ਕਾਂਗਰਸ ਦੇ ਵਕਾਰ ਨੂੰ ਧਕਾ ਲੱਗਾ। ਪੰਡਤ ਜੀ ਭਾਰਤ ਦੇ ਲੋਕਾਂ ਦਾ ਜੀਵਨ ਪਧਰ ਉੁਚਾ ਕਰਨ ਦੀ ਬਜਾਏ ਏਸ਼ੀਆ ਦੇ ਲੀਡਰ ਬਣਨ ਵਿਚ ਰੁਝੇ ਰਹੇ। ਹਿੰਦੀ ਚੀਨੀ ਭਾਈ ਭਾਈ ਦਾ ਨਾਹਰਾ ਖੂਨੀ ਹੋਲੀ ਵਿਚ ਨਿਬਿੜਿਆ।

ਪੰਡਤ ਜੀ ਦਾ ਪਰਧਾਨ ਮੰਤਰੀ ਹੁੰਦੇ ਹੋਏ ਹੀ ਅਕਾਲ ਚਲਾਣਾ ਕਰਨ ਕਾਰਨ ਕਾਂਗਰਸ ਵਿਚ ਪਰਧਾਨ ਮੰਤਰੀ ਦੀ ਕੁਰਸੀ ਲਈ ਯੁਧ ਛਿੜ ਪਿਆ। ਲ਼ਾਲ ਬਹਾਦਰ ਸ਼ਾਸਤਰੀ ਅਤੇ ਗੁਲਜ਼ਾਰੀਲਾਲ ਨੰਦਾ ਦੋ ਉਮੀਦਵਾਰ ਉਭਰ ਕੇ ਸਾਹਮਣੇ ਆਏ। ਸਰਦਾਰ ਪਰਤਾਪ ਸਿੰਘ ਕੈਰੋਂ ਲਾਲ ਬਹਾਦਰ ਸ਼ਾਸਤਰੀ ਜੀ ਲਈ ਪਰਚਾਰ ਕਰ ਰਹੇ ਸਨ ਅਖਵਾਰਾਂ ਵਿਚ ਕੈਰੋਂ ਸਾਹਿਬ ਦੇ ਬੜੇ ਬਾਦਲੀਲ ਆਰਟੀਕਲ ਛਪੇ। ਬਸ ਉਹ ਆਰਟੀਕਲ ਹੀ ਸਰਦਾਰ ਪਰਤਾਪ ਸਿੰਘ ਕੈਰੋਂ ਜੀ ਦੇ ਕਤਲ ਦਾ ਕਾਰਨ ਬਣੇ। ਲਾਲ ਬਹਾਦਰ ਸ਼ਾਸਤਰੀ ਜੀ ਨੇ ਕੁਝ ਸਮੇਂ ਲਈ ਦੇਸ਼ ਦੀ ਵਾਗ ਡੋਰ ਸੰਭਾਲੀ ਪਰ ਕੁਝ ਕਰ ਸਕਣ ਤੋਂ ਪਹਿਲਾਂ ਹੀ ਇਕ ਭੇਦ ਭਰੀ ਮੌਤ ਨਾਲ ਕਾਲੇ ਪਰਦੇ ਉਹਲੇ ਹੋ ਗਿਆ। ਇਨੇ ਕੁਰੱਪਟ ਦੇਸ਼ ਵਿਚ ਇਕ ਸ਼ਰੀਫ ਆਦਮੀ ਟਿਕ ਵੀ ਕਿਦਾਂ ਸਕਦਾ ਸੀ।

ਹੁਣ ਡਰਾਈਵਰ ਸੀਟ ਤੇ ਪੰਡਤ ਜੀ ਦੀੇ ਬੇਟੀ ਬੀਬੀ ਇੰਦਰਾ ਆਉਣ ਨਾਲ, ਭਾਰਤ ਨੈਹਰੂ ਪ੍ਰਿਵਾਰ ਦੀ ਜਦੀ ਜਗੀਰ ਬਣ ਕੇ ਰਹਿ ਗਿਆ। ਪੰਜਾਬੀ ਸੂਬੇ ਦੀ ਮੰਗ ਆਪਣੇ ਬਾਪ ਦੀ ਤਰਾਂ ਲਟਕਾਈ ਰਖੀ। ਇੰਦਰਾ ਜੀ ਦੇ ਕੁਝ ਸਮੇਂ ਰਾਜ ਭਾਗ ਤੋਂ ਦੂਰ ਹੋਣ ਨਾਲ ਗੁਲਜ਼ਾਰੀ ਲਾਲ ਨੰਦਾ ਜੀ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਖ ਕੇ ਪੰਜਾਬੀਆਂ ਨੁੰ ਇਕ ਲੰਗੜਾ ਪੰਜਾਬੀ ਸੂਬਾ ਬਣਾ ਦਿਤਾ। ਜੰਗਲਾਤ ਹਿਮਾਚਲ ਵਿਚ ਚਲੇ ਗਏ, ਇੰਡੱਸਟਰੀ ਹਰਿਆਣਾ ਪਾਸ ਚਲੀ ਗਈ ਬੇਟ ਦਾ ਇਲਾਕਾ ਅਤੇ ਲੈਫਟ ਰਾਈਟ ਕਰਨ ਨੂੰ ਪਾਕਸਤਾਨ ਨਾਲ ਲਗਦੀ ਸਰਹਦ ਪੰਜਾਬੀਆ ਦੇ ਹਿਸੇ ਆਈ। 1 ਨਵੰਬਰ 1966 ਨੂੰ ਪੰਜਾਬ ਪੁਰਗਠਨ ਐਕਟ ਦੀ ਧਾਰਾ 78,79 ਅਤੇ 80 ਨਾਲ ਹੈਡਵਰਕਸ ਅਤੇ ਪੰਜਾਬ ਦੇ ਦਰਿਆਈ ਪਾਣੀਆ ਦਾ ਹਕ ਵੀ ਕੇਂਦਰ ਨੇ ਸੰਭਾਲ ਲਿਆ। ਇਹ ਤਾਂ ਪੰਜਾਬੀਆਂ ਦੀ ਖਾਸ ਕਰ ਸਿਖਾਂ ਦੀ ਤਕਦੀਰ ਚੰਗੀ ਸੀ ਜੋ ਉਹ ਰੋਜ਼ੀ ਰੋਟੀ ਦੀ ਭਾਲ ਵਿਚ ਪਰਦੇਸਾਂ ਨੂੰ ਪਲਾਇਨ ਕਰ ਗਏ ਨਹੀਂ ਤਾਂ ਭਾਰਤ ਸਰਕਾਰ ਤਾ ਉਹਨਾਂ ਨੂੰ ਘੱਸਿਆਰੇ ਬਣਾਉਣ ਤੇ ਤੁਲੀ ਹੋਈ ਸੀ।

1978 ਦੀ ਵੈਸਾਖੀ ਤੋਂ ਸ਼ੁਰੂ ਹੋਇਆ ਨਿਰੰਕਾਰੀ ਕਾਂਡ ਅਕਾਲ ਤਖਤ ਤੇ ਭਾਰਤੀ ਫੋਜ ਵਲੋਂ ਸ਼ਰਮਨਾਕ ਹਮਲੇ ਦੇ ਰੂਪ ਵਿਚ ਸਾਹਮਣੇ ਆਇਆ। ਹਰਮੰਦਰ ਕੰਮਪਲੈਕਸ ਇਕ ਕਿਲ੍ਹੇ ਵਿਚ ਤਬਦੀਲ ਹੋਣ ਨਾਲ ਉਸ ਅਸਥਾਨ ਦੀ ਧਾਰਮਕ ਪਵਿਤੱਰਤਾ ਨੂੰ ਵੱਡੀ ਠੇਸ ਪੁਜੀ। ਅੰਦਰ ਬੈਠੇ ਐਲਾਨ ਕਰ ਰਹੇ ਸਨ ਕਿ ਉਹ ਹਰਮੰਦਰ ਦੀ ਪਵਿਤੱਰਤਾ ਨੂੰ ਭੰਗ ਨਹੀਂ ਹੋਣ ਦੇਣਗੇ। ਇੰਦਰਾ ਗਾਂਧੀ ਦੀ ਸਰਕਾਰ ਆਖ ਰਹੀ ਸੀ ਕਿ ਉਸ ਨੇ ਭੰਗ ਹੋਈ ਹਰਮੰਦਰ ਦੀ ਪਵਿਤੱਰਤਾ ਨੂੰ ਮੁੜ ਬਹਾਲ ਕਰਨਾ ਹੈ। ਭਾਰਤੀ ਫੌਜ ਦੀ ਗੋਲੀ ਬਾਹਰੋਂ ਅੰਦਰ ਵਲ ਜਾਂਦੀ ਸੀ ਅਤੇ ਜਵਾਬ ਵਿਚ ਪਵਿਤੱਰਤਾ ਦੀ ਰਾਖੀ ਕਰਨ ਵਾਲਿਆਂ ਦੀ ਗੋਲੀ ਬਾਹਰ ਵਲ ਆਉਂਦੀ ਸੀ ਦੋਵਾਂ ਦੀਆਂ ਗੋਲੀਆਂ ਪਵਿਤੱਰਤਾ ਵਿਚਾਰੀ ਨੂੰ ਛਨਣੀ ਛਨਣੀ ਕਰ ਰਹੀਆਂ ਸਨ। 4 ਜੂਨ 1984 ਨੂੰ ਵਰਤੇ ਸ਼ਰਮਨਾਕ ਦੁਖਾਂਤ ਤੋਂ ਵੀ ਸਿਖ ਆਗੂਆਂ ਨੇ ਸਿਆਸੀ ਲਾਹਾ ਹੀ ਲਿਆ। ਅਜ ਤਕ ਕਦੇ ਵੀ ਨਿਰਪੱਖ ਹੋ ਕੇ ਉਸ ਸ਼ਰਮਨਾਕ ਘਟਨਾ ਬਾਰੇ ਵਿਚਾਰ ਨਹੀਂ ਕੀਤੀ। ਅਤੇ ਨਾ ਕਦੇ ਕਰਨ ਦੀ ਉਮੀਦ ਹੈ, ਹਾਂ ਸਾਡਾ ਧਰਮ ਅਤੇ ਸਿਆਸਤ ਇਕਠੇ ਹਨ ਦੀ ਬੇਸੁਆਦ ਖਿਚੜੀ ਜਰੂਰ ਰਿਝਦੀ ਰਹੇਗੀ। ਪਰਦੇਸਾਂ ਵਿਚ ਆ ਕੇ ਵੀ ਅਸੀਂ ਕੁਝ ਨਹੀਂ ਸਿਖਿਆ । ਹਰ ਹਫਤੇ ਜਦ ਅਖਵਾਰ ਆਉਂਦੀ ਹੈ ਤਾਂ ਕਿਸੇ ਨਵੇਂ ਗੁਰੂ ਘਰ ਬਣਨ ਦੀ ਸੂਚਨਾ ਪੜ੍ਹਨ ਨੂੰ ਮਿਲਦੀ ਹੈ, ਦਾਨ ਲਈ ਅਪੀਲ ਹੁੰਦੀ ਹੈ। ਦੋ ਤਿਨ ਵਰਕ ਪਰਤਣ ਨਾਲ ਉਸੈ ਅਖਵਾਰ ਵਿਚ ਕਿਸੇ ਗੁਰਦਵਾਰੇ ਵਿਚ ਹੋਈ ਹਥੋ ਪਾਈ ਦਾ ਵਰਨਣ ਹੁੰਦਾ ਹੈ। ਵਕੀਲਾਂ ਦੀਆਂ ਝੋਲੀਆਂ ਭਰੀਆਂ ਜਾ ਰਹੀਆ ਹਨ ਆਪਣੀਆਂ ਦਾੜ੍ਹੀਆਂ ਵਕੀਲਾਂ ਅਤੇ ਜੱਜਾਂ ਦੇ ਹਥਾਂ ਵਿਚ ਫੜਾ ਕੇ ਆਖਦੇ ਹਾਂ ਝੱਟਕਾ ਜ਼ਰਾ ਆਹਿਸਤਾ ਮਾਰਨਾ। ਮੋੜ ਪੈਣ ਦੀ ਕੋਈ ਆਸ ਹੀ ਨਜ਼ਰ ਨਹੀਂ ਆਉਂਦੀ। ਆਪਣੀ ਇਸ ਖਿਚੋ ਤਾਣ ਦਾ ਦੋਸ਼ ਅਸੀਂ ਦੂਸਰਿਆਂ ਸਿਰ ਮੜ੍ਹ ਦਿੰਦੇ ਹਾਂ। ਸਾਨੂੰ ਨਾ ਤਾਂ ਕਾਂਗਰਸ ਤੋਂ ਕੋਈ ਖਤਰਾ ਹੈ ਨਾ ਹੀ ਜਨ ਸੰਘ ਸਾਡਾ ਕੁਝ ਵਿਗਾੜ ਸਕਦਾ ਹੈ ਦਰਅਸਲ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ ਵਾਲੀ ਗੱਲ ਬਣ ਚੁਕੀ ਹੈ ਜਿਸ ਬਾਰੇ ਵਿਚਾਰ ਕਰਨ ਦੀ ਲੋੜ ਹੈ।

84 ਦੇ ਦੰਗਿਆਂ ਵਿਚ ਦਿਲੀ ਕਾਨਪੁਰ ਅਤੇ ਹੋਰ ਕਈ ਸ਼ਹਿਰਾਂ ਵਿਚ ਸ਼ਰਮਨਾਕ ਤਾਂਡਵਨਾਚ ਦੇ ਦੋਸ਼ੀ ਰਾਜ ਭਾਗ ਦੀਆਂ ਕੁਰਸੀਆਂ ਦਾ ਅਨੰਦ ਮਾਣ ਰਹੇ ਹਨ ਜਦ ਕਿ ਚੋਥਾ ਹਿਸਾ ਸਦੀ ਬੀਤ ਜਾਣ ਤੇ ਵੀ ਮਜ਼ਲੂਮਾਂ ਦੀ ਕੋਈ ਸੁਣਵਾਈ ਨਹੀਂ। ਪੰਜਾਬ ਦੀ ਜੁਆਨੀ ਜੇਹਲ ਦੀਆਂ ਕਾਲ ਕੋਠੜੀਆਂ ਵਿਚ ਡੱਕੀ ਬਗੀ ( ਬਾਲ ਚਿੱਟੇ ਹੋ ਜਾਣੇ ) ਹੋ ਗਈ ਹੈ। ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ। ਮਨੂੰ ਸਿਮਰਤੀ ਵਿਚ ਜੋ ਦਲਤਾਂ ਨਾਲ ਸਲੂਕ ਕਰਨ ਲਈ ਦਰਜ ਹੈ ਅਜ ਸਿਖ ਕੌਮ ਨਾਲ ਉਹੀ ਕੁਝ ਹੋ ਰਿਹਾ ਹੈ। ਇਕਠੇ ਹੋਣ ਦੀ ਬਜਾਏ ਅਸੀਂ ਦਿਨ ਬਦਿਨ ਵੰਡੇ ਜਾ ਰਹੇ ਹਾਂ। ਗੁਰੂ ਬਾਬਾ ਨਾਨਕ ਦਾ ਆਦਰਸ਼ ‘ ਨੀਚਾਂ ਅੰਦਰ ਨੀਚ ਜ਼ਾਤ ਨੀਚੀ ਹੋਂ ਅਤ ਨੀਚ ‘ ਦੇ ਆਦਰਸ਼ ਨਾਲ ਸਾਡੀ ਜਨਸੰਖਿਆ ਵਿਚ ਵਾਧਾ ਹੁੰਦਾ ਹੈ ਪਰ ਅਜ ਸਾਡੇ ਆਪਸੀ ਵਿਉਹਾਰ ਕਾਰਨ ਦਲਿਤ ਭਾਈ ਚਾਰਾ ਸਾਥੋਂ ਦੁਰ ਹੁੰਦਾ ਜਾ ਰਿਹਾ ਹੈ। ਮਰਿਆਦਾ ਦਾ ਹਊਆ ਸਾਨੂੰ ਲੀਰੋ ਲੀਰ ਕਰੀ ਜਾ ਰਿਹਾ ਹੈ ਉਪਰੋਂ ਮੇਰੇ ਵੀਰ ਪੁਰੇਵਾਲ ਵਲੋਂ ਕੈਲੰਡਰ ਦਾ ਐਸਾ ਕਲੰਦਰ ਪੈਦਾ ਹੋਇਆ ਹੈ ਕਿ ਸਿਖ ਕੌਮ ਦੀ ਰਹਿੰਦੀ ਖੁਹਿੰਦੀ ਸਾਂਝ ਨੂੰ ਵੀ ਖੋਰਾ ਲਗ ਰਿਹਾ ਹੈ। ਪੰਜਾਬ ਦੀ ਜੁਆਨੀ ਪਰਦੇਸਾਂ ਵਲ ਨੂੰ ਭੱਜੀ ਜਾ ਰਹੀ ਹੈ। ਬਿਹਾਰ ਅਤੇ ਹੋਰ ਸੂਬਿਆਂ ਤੋਂ ਕਾਮੇ ਆ ਕੇ ਪੰਜਾਬ ਵਿਚ ਵਸ ਰਹੇ ਹਨ। ਪੰਜਾਬ ਵਿਚ ਹੀ ਪੰਜਾਬੀਆਂ ਨੂੰ ਅਕਲੀਅਤ ਹੋਣ ਲਈ ਜਿ਼ਆਦਾ ਸਮਾਂ ਨਹੀਂ ਲਗਣਾ।

ਹਰ ਯੁਗ ਦਾ ਆਪਣਾ ਹਥਿਆਰ ਹੁੰਦਾ ਹੈ। ਅਜ ਦੇ ਯੁਗ ਦਾ ਹਥਿਆਰ ਹੈ ਲੋਕ ਰਾਏ। ਨਂਾਹਰੇ ਮੁਜ਼ਾਹਰੇ ਚੱਕਾ ਜਾਮ ਘੇਰਾਓ ਇਹ ਸਭ ਕੁਝ ਲੋਕਾਈ ਦੀਆਂ ਤਕਲੀਫਾਂ ਵਿਚ ਵਾਧਾ ਕਰਦਾ ਹੈ। ਚੰਗੇ ਭਵਿਖ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤ ਜ਼ਰੂਰੀ ਹੈ। ਭੁਕੀ ਅਤੇ ਨਸ਼ੇ ਤੇ ਭੁਗਤਣ ਵਾਲੀਆਂ ਵੋਟਾਂ ਨਾਲ ਕੋਈ ਤਬਦੀਲੀ ਨਹੀਂ ਆ ਸਕਦੀ।
ਪਹਿਲਾ ਕਦਮ ਹੈ ਸਿਆਸਤ ਅਤੇ ਧਰਮ ਨੂੰ ਵਖਰਾ ਵਖਰਾ ਕੀਤਾ ਜਾਵੇ। ਦੂਸਰਾ ਦਲਤ ਭਾਈਚਾਰੇ ਨਾਲ ਜੋ ਇਖਤਲਾਫ ਹੈ ਉਹ ਗੱਲਬਾਤ ਨਾਲ ਦੂਰ ਕੀਤੇ ਜਾਣ। ਤੀਸਰਾ ਭਈਆ ਹੁਣ ਪੰਜਾਬ ਦਾ ਵਸਨੀਕ ਹੈ ਉਸ ਨਾਲ ਨਫਰਤ ਕਰਨ ਦੀ ਬਜਾਏ ਉਸਨੂੰ ਆਪਣੇ ਨਾਲ ਜੋੜੋ ਉਸ ਨੂੰ ਇਹ ਐਹਸਾਸ ਹੋ ਜਾਏ ਕਿ ਪੰਜਾਬ ਦੀ ਭਲਾਈ ਨਾਲ ਉਸਦੀ ਭਲਾਈ ਵੀ ਜੁੜੀ ਹੋਈ ਹੈ। ਦਿਖਾਵੇ ਦੀ ਸਿਖੀ ਤੇ ਜ਼ੋਰ ਦੇਣ ਦੀ ਬਜਾਏ ਹਰ ਸਿਖ ਗੁਰੂ ਮਹਾਰਾਜ ਵਲੋਂ ਦਰਸਾਈ ਸਾਂਝ ‘ ਮਾਨਵ ਕੀ ਜ਼ਾਤ ਸਭੈ ਏਕ ਹੀ ਪਹਿਚਾਨਵੋ’ ਦਾ ਅਲਮਬਰਦਾਰ ਬਣੇ’ ਪੰਜਾਬ ਦਾ ਰਾਜ ਭਾਗ ਸਾਂਝੀਵਾਲਤਾ ਦੀ ਨੀਹਾਂ ਤੇ ਉਸਰੇ। ਬਸ ਉਹੀ ਖਾਲਸਤਾਨ ਹੈ। ਇਹ ਕੰਮ ਤਦ ਹੀ ਹੋ ਸਕਦਾ ਹੈ ਜੇ ਜੰਨਸਾਧਾਰਨ ਮੋਢੇ ਨਾਲ ਮੌਢਾ ਲਾ ਕੇ ਨਾਲ ਤੁਰੇਗਾ। ਨੇਕ ਇਰਾਦੇ ਵਾਲੇ ਮੰਜਲ਼ ਤੇ ਪੁਜ ਹੀ ਜਾਂਦੇ ਨੇ।
‘ ਇਰਾਦੇ ਨੇਕ ਹੋਂ ਤੋ ਮੰਜ਼ਲ ਚਲ ਕੇ ਆਤੀ ਹੈ ਸਮੁੰਦਰ ਰਾਹ ਦੇਤੇ ਹੈਂ ਚੱਟਾਨੇ ਥਰਥਰਾਤੀ ਹੈਂ ‘

***