ਵਿਸ਼ਾ ਵਿਹੂਣੀਆਂ ਪੰਜਾਬੀ ਫ਼ਿਲਮਾਂ, ਪੰਜਾਬੀ ਸਿਨੇਮਾਂ ਵਾਸਤੇ ਸਰਾਪ.......... ਲੇਖ਼ /ਜਰਨੈਲ ਘੁਮਾਣ

ਪੰਜਾਬੀ ਸਿਨੇਮਾ ਦੀ ਇਹ ਹਮੇਸ਼ਾ ਤਰਾਸ਼ਦੀ ਰਹੀ ਹੈ ਕਿ ਇਸਨੇ ਪੰਜਾਬ ਦੇ ਸਿਨੇਮਾ ਮਾਲਿਕਾ ਨੂੰ ਕਦੇ ਵੀ ਨਿਰੰਤਰ ਅਜਿਹੀਆਂ ਪੰਜਾਬੀ ਫ਼ਿਲਮਾ ਨਹੀਂ ਦਿੱਤੀਆਂ ਜਿਸ ਫ਼ਿਲਮ ਨੂੰ ਲਗਾਕੇ ਉਹ ਮਹੀਨਾ ਦੋ ਮਹੀਨੇ ਜਾਂ ਪੱਚੀ-ਪੰਜਾਹ ਹਫ਼ਤੇ ਆਰਾਮ ਨਾਲ ਬੈਠ ਪਿੰਡਾਂ ਵਿੱਚੋ ਭਰ ਭਰ ਆਉਂਦੀਆਂ ਦਰਸ਼ਕਾ ਦੀਆਂ ਟਰਾਲੀਆਂ ਵੇਂਹਦੇ ਰਹਿਣ ਅਤੇ ਜੇਕਰ ਉਸਨੂੰ ਕੋਈ ਹਿੰਦੀ ਫ਼ਿਲਮ ਡਿਸਟ੍ਰੀਬਿਊਟਰ ਆਪਣੀ ਫ਼ਿਲਮ ਰਲੀਜ਼ ਕਰਨ ਬਾਰੇ ਫੋਨ ਕਰੇ ਤਾਂ ਉਹ ਅੱਗੋਂ ਫਖਰ ਨਾਲ ਕਹਿ ਸਕਣ ਕਿ ;

'ਮੁਆਫ਼ ਕਰਨਾ ਜੀ ਮੇਰੇ ਸਿਨੇਮੇ ਵਿੱਚ ਪੰਦਰਾਂ ਹਫ਼ਤਿਆਂ ਤੋਂ ਪੰਜਾਬੀ ਫ਼ਿਲਮ ਹਾਊਸ ਫੁੱਲ ਜਾ ਰਹੀ ਹੈ ਅਤੇ ਇਸਦੇ ਸਿਲਵਰ ਜੁਬਲੀ ਹੋਣ ਦੀ ਪੂਰੀ ਸੰਭਾਵਨਾ ਹੈ ਸੋ ਮੈਂ ਇਸਨੂੰ ਉਤਾਰਕੇ ,ਤੁਹਾਡੀ ਆ ਰਹੀ ਨਵੀਂ ਹਿੰਦੀ ਫ਼ਿਲਮ ਨਹੀਂ ਲਗਾ ਸਕਦਾ'
ਅੱਜਕੱਲ• ਬਣ ਰਹੀਆਂ ਜ਼ਿਆਦਾਤਰ ਪੰਜਾਬੀ ਫ਼ਿਲਮਾ ਸਿਨੇਮਾ ਮਾਲਕਾਂ ਨੂੰ ਇਸ ਕਦਰ ਵਪਾਰ ਕਰਵਾਉਂਦੀਆਂ ਹਨ ਕਿ ਵਿਚਾਰੇ ਸਿਨੇਮੇ ਵਾਲਿਆਂ ਨੂੰ ਸ਼ੁਕਰਵਾਰ ਵਾਲੇ ਦਿਨ ਹੀ ਸ਼ਾਮ ਨੂੰ , ਪੰਜਾਬੀ ਫ਼ਿਲਮ ਦੀ ਅਸਫ਼ਲਤਾ ਕਰਕੇ ,ਖਾਲੀ ਪਿਆ ਹਾਲ ਵੇਖ ਅਗਲੇ ਦਿਨ ਵਾਸਤੇ ਕੋਈ 'ਮਿਠੁਨ ਚੱਕਰਵਰਤੀ ਦੀ'ਪੁਰਾਣੀ ਹਿੰਦੀ ਫ਼ਿਲਮ ਦਾ ਇੰਤਜ਼ਾਮ ਰਾਤੋਰਾਤ ਕਰਨਾ ਪੈਂਦਾ ਹੈ । ਕਈ ਪੰਜਾਬੀ ਫਿਲਮਾਂ ਇਸ ਕਦਰ ਡੁੱਬ ਜਾਂਦੀਆਂ ਹਨ ਕਿ ਸਿਨੇਮਾ ਹਾਲ ਵਿੱਚ ਪੰਜ ਸੱਤ ਬੰਦੇ ਹੀ ਫ਼ਿਲਮ ਵੇਖਣ ਆਉਂਦੇ ਹਨ ।ਇਹਨਾਂ ਫ਼ਿਲਮਾਂ ਦਾ ਲੇਖਾ ਜੋਖਾ ਕਰਨ ਵੇਲੇ ਫ਼ਿਲਮ ਕਿੰਨੇ ਹਫਤੇ ਚੱਲੀ ਵਾਲਾ ਫਾਰਮੂਲਾ ਨਹੀਂ ਸਗੋਂ ਇਸ ਗੱਲ ਤੋਂ ਕਰਨਾ ਪੈਂਦਾ ਹੈ ਕਿ ਕਿੰਨੇ ਬੰਦੇ ਕਿਹੜੀ ਫ਼ਿਲਮ ਦਾ ਸ਼ੋਅ ਵੇਖਣ ਆਏ ਸਨ , ਪੰਜ - ਪੰਜ ਜਾਂ ਅੱਠ - ਅੱਠ ।
ਪੰਜਾਬੀ ਫ਼ਿਲਮਾਂ ਦੀ ਹੋ ਰਹੀ ਇਸ ਦੁਰਗਤ ਦੇ ਜਿੰਮੇਵਾਰ ਕੌਣ ਹਨ ? 
ਲੋਕ ਜਾਂ ਫਿਲਮਸਾਜ਼ ।

ਚੰਗੇ ਵਿਸ਼ੇ ਉਪਰ ਬਣੀਆਂ ਪੰਜਾਬੀ ਫ਼ਿਲਮਾਂ ਨੂੰ ਕਦੇ ਇਹ ਦਿਨ ਨਹੀਂ ਵੇਖਣੇ ਪਏ ਬਸ਼ਰਤੇ ਉਸ ਫ਼ਿਲਮ ਵਿੱਚ ਕੋਈ ਤਕਨੀਕੀ ਜਾਂ ਆਰਟਿਸਟਕ ਸਮਝੌਤਾ ਨਾ ਕੀਤਾ ਗਿਆ ਹੋਵੇ । 
ਬਿਨਾ ਸ਼ੱਕ ਫ਼ਿਲਮ ਬਣਾਉਣਾ ਇੱਕ ਟੀਮ ਵਰਕ ਹੈ । ਜੇਕਰ ਕਿਤੇ ਨਾਲ ਸਬੰਧਤ ਹੁਨਰਮੰਦ ਲੋਕਾਂ ਦੀ ਟੀਮ ਫ਼ਿਲਮ ਬਣਾਵੇ ਤਾਂ ਉਸ ਟੀਮ ਦੇ ਲੋਕਾਂ, ਸਿਨੇਮਾਂ ਮਾਲਿਕਾਂ ਅਤੇ ਦਰਸ਼ਕਾ ਨੂੰ ਨਾਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ।

ਇਸ ਗੱਲ ਨੂੰ ਕੁੱਝ ਵਰੇ• ਪਹਿਲਾਂ ਗੁਰਦਾਸ ਮਾਨ ਦੀ ਫ਼ਿਲਮ 'ਸ਼ਹੀਦੇ ਮਹੱਬਤ ਬੂਟਾ ਸਿੰਘ' ਅਤੇ ਉੱਘੇ ਕੈਮਰਾਮੈਨ ਮਨਮੋਹਨ ਸਿੰਘ -ਹਰਭਜਨ ਮਾਨ ਦੀ ਟੀਮ ਦੁਆਰਾ ਬਣਾਈ ਗਈ ਪਲੇਠੀ ਫ਼ਿਲਮ 'ਜੀ ਆਇਆ ਨੂੰ' ਨੇ ਸਾਬਤ ਕਰ ਵਿਖਾਇਆ ਸੀ । ਉਸਤੋਂ ਪਹਿਲਾਂ ਪੰਜਾਬੀ ਸਿਨੇਮਾ ਕਾਫ਼ੀ ਅਰਸੇ ਤੋਂ ਨਾਮੋਸ਼ੀ ਦੇ ਭਿਆਨਕ ਦੌਰ ਵਿੱਚੋਂ ਗੁਜ਼ਰ ਰਿਹਾ ਸੀ । ਇਹਨਾਂ ਫ਼ਿਲਮਾਂ ਨੇ ਪੂਰੀ ਦੁਨੀਆਂ ਵਿੱਚ ਪੰਜਾਬੀ ਫ਼ਿਲਮਾਂ ਦੀ ਗੁਆਚ ਚੁੱਕੀ ਸਾਖ਼ ਨੂੰ ਬਹਾਲ ਕਰਨ ਦਾ ਸਲਾਘਾਂਯੋਗ ਕੰਮ ਕੀਤਾ ਸੀ ।ਪੰਜਾਬੀ ਫ਼ਿਲਮ ਇੱਕੋ ਸਮੇਂ ਬਾਰਾਂ ਤੇਰਾਂ ਸਿਨੇਮਾਂ ਘਰਾਂ ਤੋਂ ਵਧਕੇ ਪੰਜਾਹ ਸੱਠ ਸਿਨੇਮਾਂ ਘਰਾਂ ਵਿੱਚ ਪ੍ਰਦਰਸ਼ਿਤ ਹੋਣ ਲੱਗੀ ਸੀ ਅਤੇ ਫਿਲਮਾਂ ਦੁਨੀਆਂ ਦੇ ਦਰਜਨਾਂ ਮੁਲਕਾਂ ਦੇ ਸਿਨੇਮਿਆਂ ਵਿੱਚ ਭੀੜ ਜੁਟਾਉਣ ਵਿੱਚ ਕਾਮਯਾਬ ਹੋਈਆਂ ਸਨ ।ਹਿੰਦੀ ਫ਼ਿਲਮਾਂ ਦੀ ਰਲੀਜ਼ ਪੰਜਾਬੀ ਫ਼ਿਲਮ ਦੀ ਰਲੀਜ਼ ਮਿਤੀ ਟਾਲਕੇ ਹੋਣ ਲੱਗੀ ਸੀ । ਜੋ ਸਾਡੇ ਸਭ ਵਾਸਤੇ ਫਖ਼ਰ ਵਾਲੀ ਗੱਲ ਸੀ ।
ਜਦੋਂ ਜਦੋਂ ਪੰਜਾਬੀ ਫ਼ਿਲਮਾਂ ਨੇ ਵਪਾਰਕ ਪੱਖੋਂ ਜਿੱਤ ਦੇ ਝੰਡੇ ਗੱਡੇ ਤਾਂ ਖੁਸ਼ੀ ਵਿੱਚ ਵੱਜਦੇ ਢੋਲਾਂ ਦੀ ਆਵਾਜ਼ ਨਾਲ ਚਿਰਾਂ ਤੋਂ ਥੱਕ ਹਾਰ ਘੂਕ ਸੁੱਤੇ 'ਅਖੌਤੀ ਪੰਜਾਬੀ ਫ਼ਿਲਮਸਾਜ਼' ਜਾਗ ਪਏ । ਉਹਨਾਂ ਨੂੰ ਲੱਗਣ ਲੱਗਾ ਕਿ ;
'ਹੁਣ ਅਸੀਂ ਵੀ ਪਿੱਛੇ ਕਿਉਂ ਹਟੀਏ , ਪੰਜਾਬੀ ਫ਼ਿਲਮ ਵਪਾਰਕ ਰੂਪੀ ਗੰਗਾਂ ਦੀਆਂ ਤੇਜ਼ੀਆਂ ਵਿੱਚ ਅਸੀਂ ਵੀ ਗੋਤਾ ਕਿਉਂ ਨਾ ਲਾਈਏ'
ਸੋ ਧੜਾ ਧੜ ਪੰਜਾਬੀ ਫ਼ਿਲਮਾਂ ਬਣਨ ਲੱਗਦੀਆਂ ਹਨ ਜੋ ਦਰਸ਼ਕ ਪੰਜਾਬੀ ਫ਼ਿਲਮਾਂ ਵੱਲ ਮੁੜੇ ਸਨ ਉਹ ਇਹਨਾਂ ਕੱਚਘਰੜ ਫ਼ਿਲਮਾ ਨੂੰ ਵੇਖ ਫਿਰ ਗਾਲਾ ਕੱਢਦੇ ਕੱਢਦੇ ਫ਼ਿਲਮ ਦੇ ਅੱਧ ਵਿਚਕਾਰੋ ਉੱਠ ਬਾਹਰ ਆਉਣ ਲੱਗ ਪੈਂਦੇ ਹਨ ।
ਇਹ ਸਿਲਸਲਾ ਲਗਾਤਾਰ ਚੱਲਦਾ ਆ ਰਿਹਾ ਹੈ ।
ਪੰਜਾਬੀ ਫ਼ਿਲਮਾ ਦਰਸ਼ਕ ਦੀ ਕਸੌਟੀ ਤੇ ਆਖਿਰ ਕਿਉਂ ਖਰਾ ਨਹੀਂ ਉਤਰ ਪਾਉਂਦੀਆਂ ?
ਕੀ ਨਹੀਂ ਹੁੰਦਾ ਪੰਜਾਬੀ ਫ਼ਿਲਮ ਵਿੱਚ ਤਾਂ ਜੋ ਦੋ ਸਵਾ ਦੋ ਘੰਟੇ ਆਦਮੀ ਬਾਹਰਲਾ ਸੰਸਾਰ ਭੁੱਲ ਕੇ ਸਿਰਫ ਸਿਨੇਮਾ ਹਾਲ ਦਾ ਹੀ ਬਣ ਕੇ ਰਹਿ ਜਾਵੇ ।
ਪੰਜਾਬੀ ਫ਼ਿਲਮਾਂ ਵਿੱਚੋਂ ਬਹੁਤੀਆਂ ਫ਼ਿਲਮਾਂ ਵਿਸ਼ੇ ਤੋਂ ਵਿਹੂਣੀਆਂ ਹੁੰਦੀਆਂ ਹਨ । ਕਈ ਫ਼ਿਲਮਸਾਜ਼ ਘਟੀਆ ਪੱਧਰ ਦੀ ਕਾਮੇਡੀ ਜਾਂ ਨਾਟਕਾ ਵਰਗੀਆਂ ਕਹਾਣੀਆਂ ਨੂੰ ਪੰਜਾਬੀ ਦਰਸ਼ਕ ਦੀ ਪਸੰਦ ਸਮਝਣ ਦੀ ਭੁੱਲ ਕਰ ਬੈਠਦੇ ਹਨ । ਪੰਜਾਬੀ ਫ਼ਿਲਮ ਵਿੱਚ ਅਣਗਿਣਤ ਸਮਝੌਤੇ ਠੋਸੇ ਗਏ ਸਾਫ਼ ਸਾਫ਼ ਨਜ਼ਰ ਆਉਂਦੇ ਹੁੰਦੇ ਹਨ ।

ਕਿਤੇ ਕਹਾਣੀ , ਕਿਤੇ ਗੀਤ ,ਕਿਤੇ ਹੀਰੋ ,ਕਿਤੇ ਹੀਰੋਇਨ,ਕਿਤੇ ਡਾਇਰੈਟਰ ,ਕਿਤੇ ਕੁਆਲਟੀ ਪੰਜਾਬੀ ਫ਼ਿਲਮ ਨੂੰ ਡੋਬਣ ਦਾ ਵਧੀਆਂ ਰੋਲ ਅਦਾ ਕਰਦੇ ਹਨ । ਘਸੇ ਪਿਟੇ ਬਾਬੇ ਆਦਮ ਦੇ ਜ਼ਮਾਨੇ ਵਾਲੇ ਡਾਈਲਾਗ਼ ਦਰਸ਼ਕਾਂ ਨੂੰ ਕੰਨਾ ਵਿੱਚ ਉਂਗਲਾ ਪਾਉਣ ਵਾਸਤੇ ਮਜਬੂਰ ਕਰ ਦਿੰਦੇ ਹਨ । ਗਾਇਕਾ ਤੋਂ ਐਕਟਰ ਬਣੇ ਅਤੇ ਖ਼ੁਦ ਨਿਰਮਾਤਾ , ਨਿਰਦੇਸ਼ਕ, ਕਹਾਣੀਕਾਰ , ਸੰਗੀਤਕਾਰ ਆਦਿ ਸਾਰੇ ਕਰੈਡਿੱਟ ਇੱਕੋ ਨਾਂ ਨਾਲ ਲਿਖਵਾਉਣ ਦੀ ਹੋੜ ਨੇ, ਪੰਜਾਬੀ ਫ਼ਿਲਮਾਂ ਦਾ ਬੇੜਾ ਹੋਰ ਵੀ ਗਰਕ ਕਰ ਦਿੱਤਾ ਹੈ ।
ਗੀਤਕਾਰ ਕਹਾਣੀਕਾਰ ਬਣ ਬੈਠਦੇ ਹਨ ਅਤੇ ਕਹਾਣੀਕਾਰ ਗੀਤਕਾਰ । ਚਾਰ ਪੰਜ ਹਿੰਦੀ ਪੰਜਾਬੀ ਫ਼ਿਲਮਾ ਵਿੱਚੋਂ ਜੋੜ ਤੋੜ ਕਰਕੇ ਨਵੀਂ ਕਹਾਣੀ ਨੂੰ ਜਨਮ ਦੇ ਦਿੱਤਾ ਜਾਂਦਾ ਹੈ । ਕਈ ਫ਼ਿਲਮਸਾਜ਼ ਤਾਂ ਜੋੜ ਤੋੜ ਦੀ ਮਿਹਨਤ ਕਰਨ ਨੂੰ ਵੀ ਬਕਵਾਸ ਕਹਿ ਕੇ, ਕਿਸੇ ਪਾਕਿਸਤਾਨੀ ਫ਼ਿਲਮ ਅਤੇ ਸੱਤ ਅੱਠ ਪਾਕਿਸਤਾਨੀ ਗਾਣਿਆ ਨੂੰ ਕਾਪੀ ਕਰਕੇ ਹੀ ਨਵੀਂ ਨਕੋਰ ਫ਼ਿਲਮ ਤਿਆਰ ਕਰ ਲੈਣ ਦਾ ਭੁਲੇਖਾ ਪਾਲ ਬੈਠਦੇ ਹਨ ।
ਅਜਿਹਾ ਕਰਨ ਵੇਲੇ ਸ਼ਾਇਦ ਇਹ ਫ਼ਿਲਮਸਾਜ਼ ਭੁੱਲ ਜਾਂਦੇ ਹੋਣ ਕਿ ਅੱਜ ਕੱਲ• ਦਰਸ਼ਕ ਨੂੰ ਸਭ ਗਿਆਨ ਹੋ ਗਿਆ ਹੈ । ਹੁਣ ਦਰਸ਼ਕ ਵੀ ਇੰਟਰਨੈਟ ਜਾਂ ਵੀਡੀਓ ਸੀ.ਡੀ. ਵੇਖ ਸਭ ਕੁੱਝ ਸਮਝ ਚੁੱਕਾ ਹੈ ਕਿ :
ਕੀ ਪਾਕਿਸਤਾਨੀ ਹੈ ਅਤੇ ਕੀ ਹਿੰਦੋਸਤਾਨੀ । 

ਪੰਜਾਬ ਦੇ ਸਭਿਆਚਾਰ ਦਾ ਦਾਇਰਾ ਇੱਕ ਵਿਸ਼ਾਲ ਸਮੁੰਦਰ ਵਰਗਾ ਹੈ ਇੱਥੇ ਫ਼ਿਲਮ ਬਣਾਉਂਣ ਵਾਸਤੇ ਵਿਸ਼ੇ ਦੀ ਕੋਈ ਕਮੀ ਨਹੀਂ । ਇਹਨਾਂ ਫ਼ਿਲਮਸਾਜ਼ਾਂ ਨੂੰ ਉਹਨਾਂ ਲੋਕਾਂ ਨਾਲ ਸਬੰਧਤ ਵਿਸ਼ੇ ਜਾਂ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨਜ਼ਰੀ ਨਹੀਂ ਪੈਂਦੀਆਂ 
ਜਿਹਨਾਂ ਲੋਕਾਂ ਨੂੰ ਫ਼ਿਲਮ ਵਿਖਾਕੇ ਇਹ ਆਪਣੇ ਲੱਗੇ ਪੈਸੇ ਦੀ ਵਸੂਲੀ ਅਤੇ ਮੋਟਾ ਮੁਨਾਫ਼ਾ ਬਟੋਰਨਾ ਲੋਚਦੇ ਹਨ ।ਜ਼ਿਆਦਾਤਰ ਪੰਜਾਬੀ ਫ਼ਿਲਮਾਂ ਪੰਜਾਬੋਂ ਦੂਰ ਬੈਠ, ਫਾਇਵ ਸਟਾਰ ਹੋਟਲਾਂ ਦੇ ਏ.ਸੀ. ਕਮਰਿਆਂ ਵਿੱਚੋਂ ਲਿਖਕੇ ਅਤੇ ਲੱਚਰ ਕਾਮੇਡੀ ਦੇ ਨਾਲ ਨਾਲ ਅਸ਼ਲੀਲ ਡਾਂਸਰਾਂ ਵਾਲਾ ਬੰਬਈਆ ਮਸਾਲਾ ਪਰੋਸ ਕੇ , ਹੀਰੋਇਨ ਆਦਿ ਦੇ ਬੇਤੁਕੇ ਸਮਝੌਤਿਆਂ ਨਾਲ ਲੈਸ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਥੋਪ ਦਿੱਤੀਆਂ ਜਾਂਦੀਆਂ ਹਨ ਜੋ ਪੰਜਾਬੀ ਦਰਸ਼ਕਾਂ ਨੂੰ ਉੱਕਾ ਹੀ ਹਜ਼ਮ ਨਹੀਂ ਹੁੰਦੀਆਂ ।
ਚੰਗੇ ਫ਼ਿਲਮਸਾਜ਼ਾਂ ਨੇ ਚੰਗੇ ਵਿਸ਼ਿਆਂ ਨੂੰ ਲੈ ਕੇ ਜਦੋਂ ਜਦੋਂ ਪ੍ਰੀਵਾਰਕ ਅਤੇ ਦਿਸ਼ਾ ਪ੍ਰਦਾਨ ਕਰਦੀਆਂ ਫ਼ਿਲਮਾਂ ਬਣਾਈਆਂ ਤਾਂ ਲੋਕਾਂ ਨੇ ਉਹਨਾਂ ਫ਼ਿਲਮਾਂ ਨੂੰ ਵੇਖਣ ਵਾਸਤੇ ਸਿਨੇਮਾਘਰਾਂ ਦੀਆਂ ਤਾਕੀਆਂ ਤੱਕ ਤੋੜ ਦਿੱਤੀਆਂ । ਪੰਜਾਬੀ ਦਰਸ਼ਕ ਕੀ ਚਾਹੁੰਦਾ ਹੈ ਇਸ ਗੱਲ ਦਾ ਪ੍ਰਮਾਣ ਵੀ ਨਾਲੋ ਨਾਲ ਦੇ ਦਿੱਤਾ ।
ਬੱਬੂ ਮਾਨ ਅਤੇ ਭਗਵੰਤ ਮਾਨ ਦੀ ਫ਼ਿਲਮ 'ਏਕਮ' ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ।
ਹਾਲ ਹੀ ਵਿੱਚ ਸਿਨੇਮਾਂਘਰਾਂ ਵਿੱਚ ਪ੍ਰਸਰਸ਼ਿਤ ਹੋਈ ਜ਼ਿੰਮੀ ਸ਼ੇਰਗਿੱਲ , ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ 'ਮੇਲ ਕਰਾਦੇ ਰੱਬਾ' ਵੀ ਦਰਸ਼ਕਾਂ ਦੀ ਭੀੜ ਜੁਟਾਉਣ ਵਿੱਚ ਕਾਮਯਾਬ ਰਹੀ ਹੈ ਜਿਸਨੇ ਸਾਬਿਤ ਕਰ ਵਿਖ਼ਾਇਆ ਹੈ ਕਿ ਪੰਜਾਬੀ ਦਰਸ਼ਕ ਮਸਾਲਾ ਫ਼ਿਲਮਾਂ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦਾ ਹੈ ਬਸ਼ਰਤੇ ਉਸਦੇ ਫ਼ਿਲਮਆਂਕਣ ਵਿੱਚ ਦਰਸ਼ਕ ਨੂੰ ਆਪਣੇ ਨਾਲ ਜੋੜਕੇ ਰੱਖ਼ਣ ਦੀ ਤਾਕਤ ਹੋਵੇ ।
ਸਾਡੇ ਕੱਚਘਰੜ ਫ਼ਿਲਮਸਾਜ਼ ਇਸ ਗੱਲ ਨੂੰ ਵੀ ਸਮਝਣ ਦੀ ਬਜਾਏ ਫ਼ਿਲਮ ਦੀ ਕਾਮਯਾਬੀ ਦਾ ਸਿਹਰਾ ਕਿਸੇ ਹੋਰ ਗੱਲ ਨੂੰ ਦੇ ਦਿੰਦੇ ਹਨ । 
ਫ਼ਰਕ ਲੋਕਾਂ ਦੀ ਸੋਚ ਵਿੱਚ ਨਹੀਂ ਪਿਆ ਫਰਕ ਫ਼ਿਲਮਸਾਜ਼ਾਂ ਦੀ ਸੋਚ ਵਿੱਚ ਪਿਆ ਲਗਦਾ ਹੈ ਜੋ ਪੰਜਾਬੀ ਫ਼ਿਲਮ ਬਣਾਉਣ ਵੇਲੇ ਪੰਜਾਬ ਦੇ ਪਿੰਡਾਂ ਜਾਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਨਾ ਜਾਨਣ ਦੀ ਭੁੱਲ ਕਰਦੇ ਹਨ । 


ਮੇਰੇ ਖ਼ਿਆਲ ਵਿੱਚ ਕੁੱਝ ਕੁ ਪੰਜਾਬੀ ਫ਼ਿਲਮਸਾਜ਼ਾਂ ਨੂੰ ਆਪਣੇ ਸਮਕਾਲੀ ਫ਼ਿਲਮਸਾਜ਼ਾਂ ਦੀਆਂ ਸੁਪਰਹਿੱਟ ਰਹੀਆਂ ਪੰਜਾਬੀ ਫ਼ਿਲਮਾਂ ਤੋਂ ਸਬਕ ਲੈਣ ਦੀ ਚੋਖੀ ਲੋੜ ਹੈ । ਮੈਂਨੂੰ ਇਹ ਵੀ ਡਰ ਹੈ ਕਿ ਧੜ ਧੜ ਬਣ ਰਹੀਆਂ 'ਵਿਸ਼ੇ ਵਿਹੂਣੀਆਂ ਪੰਜਾਬੀ ਫ਼ਿਲਮਾਂ' ਪੰਜਾਬੀ ਸਿਨੇਮਾਂ ਵਾਸਤੇ ਮੁੜ ਤੋਂ ਸਰਾਪ ਨਾ ਬਣ ਜਾਣ ।
ਰੱਬ ਖੈਰ ਕਰੇ !