ਅਨੁਭਵ ਗਿਆਨ; ਸਵੈ ਪੜਚੋਲ ’ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈ, ਜੋ ਮਨ ’ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨ; ਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ’ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾ, ਨਹੀਂ ਤਾਂ ਮਿਸਾਲ ਕਿਵੇਂ ਬਣੇਗਾ; ਜਿਵੇਂ ਕਿ ਗੁਰਬਾਣੀ ’ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈ, ਨਾ ਰੱਦ।
ਭਾਰਤ ’ਚ ਦੋ ਤਰ੍ਹਾਂ ਦੇ ਰਾਜਿਆਂ ਨੂੰ ਦੇਵਤੇ ਕਿਹਾ ਗਿਆ (ੳ). ਆਰੀਅਨ ਰਾਜੇ; ਜਿਵੇਂ ਇੰਦਰ, ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ। ਇਨ੍ਹਾਂ ਦਾ ਇਲਾਕਾ ਉੱਤਰ ਭਾਰਤ ਹੈ। (ਅ). ਦਰਾਵੜਾਂ ਰਾਜਿਆਂ ’ਚੋਂ ਆਰੀਅਨ ਦਾ ਸਿੱਧੇ ਜਾਂ ਅਸਿੱਧੇ ਸਾਥ ਦੇਣ ਵਾਲ਼ੇ; ਜਿਵੇਂ ਕ੍ਰਿਸ਼ਨ, ਪ੍ਰਹਿਲਾਦ, ਧ੍ਰੂ, ਵਿਭਿਖਣ (ਭਭੀਸਣ) ਆਦਿ। ਇਨ੍ਹਾਂ ਦਾ ਇਲਾਕਾ ਮੱਧ ਅਤੇ ਦੱਖਣ ਭਾਰਤ ਹੈ। ਗੁਰਬਾਣੀ ਦੇ ਹੇਠਲੇ ਵਾਕ ਵਿਚਾਰਨਯੋਗ ਹਨ :
(ੳ). ਕਰਉ ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ? ਕਿਉ ਛਲੀਐ ? ਜੇ ਬਲਿ ਰੂਪੁ ਪਛਾਨੈ ॥ (ਮਹਲਾ ੧/੧੩੪੪) ਅਰਥ : ਵਿਸ਼ਨੂੰ ਨੇ ਬੌਣਾ ਰੂਪ ਧਾਰ ਰਾਜਾ ਬਲਿ ਤੋਂ ਕੁਟੀਆ ਬਣਾਨ ਲਈ ਢਾਈ ਕਰਮ ਜ਼ਮੀਨ ਮੰਗੀ। ਦਾਨ ਮਿਲਣ ਉਪਰੰਤ ਵੱਡਾ ਰੂਪ ਧਾਰ ਢਾਈ ਕਰਮਾਂ ’ਚ ਸਾਰੀ ਧਰਤੀ ਨਾਪ ਲਈ। ਰਾਜਾ ਬਲਿ ਨੂੰ ਆਪ ਪਾਤਾਲ ’ਚ ਰਹਿਣਾ ਪਿਆ। ਕੀ ਇਸ ਛਲ਼-ਕਪਟ ਨੂੰ ਗੁਰਮਤਿ ਕਹਿ ਸਕਦੇ ਹਾਂ ? ਜਵਾਬ : ਨਹੀਂ। ਇੱਥੇ ਰੂਹਾਨੀਅਤ ਨੁਕਤਾ ਹੈ ‘ਭਰਮ ਭੁਲੇਖਾ’। ਭਰਮ; ਇੱਕ ਦੁਬਿਧਾ ਹੈ। ਇਸ ’ਚ ਕੀਤੀ ਭਗਤੀ ਦੁੱਖੀ ਕਰਦੀ ਹੈ ਭਾਵ ਸਫਲ ਨਹੀਂ ਹੁੰਦੀ; ਜਿਵੇਂ ਦਾਨੀ ਰਾਜੇ ਬਲਿ ਦੀ ਭਗਤੀ; ਪਾਤਾਲ ’ਚ ਉਹ ਖ਼ੁਸ਼ੀ ਨਾਲ਼ ਨਹੀਂ ਗਿਆ ਬਲਕਿ ਵਿਸ਼ਨੂੰ ਨੇ ਦੋ ਕਰਮਾਂ ’ਚ ਸਾਰੀ ਧਰਤੀ ਨਾਪ ਲਈ ਤੇ ਅੱਧੀ ਕਰਮ, ਹੋਰ ਪੂਰੀ ਕਰਨ ਲਈ ਕਿਹਾ ਤਾਂ ਬਲਿ ਨੇ ਵਿਸ਼ਨੂੰ ਨੂੰ ਕਿਹਾ ਕਿ ਅੱਧੀ ਕਰਮ ਮੇਰੇ ਸਿਰ ’ਤੇ ਰੱਖ ਲਓ, ਜਿਸ ਦੇ ਦਬਾਅ ਨਾਲ਼ ਉਹ ਪਾਤਾਲ ’ਚ ਚਲਾ ਗਿਆ ਯਾਨੀ ਕਿ ਭਰਮ ’ਚ ਭਗਤੀ ਕਰਦਿਆਂ ਭੀ ਬੰਦਾ ਦੁੱਖੀ ਰਹਿੰਦਾ ਹੈ ਜਦਕਿ ਸਚਖੰਡ ਵਿਖੇ ਵਿਰਾਜਮਾਨ ਰੌਸ਼ਨ ਦਿਮਾਗ਼ ਭਗਤ ਕਦੇ ਛਲ਼-ਕਪਟ ਦਾ ਸ਼ਿਕਾਰ ਨਹੀਂ ਹੁੰਦਾ; ਜਿਵੇਂ ਕਿ 37ਵੀਂ ਪਉੜੀ (ਸਚਖੰਡ) ’ਚ ਬਿਆਨ ਕੀਤੈ ‘‘ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ.. ॥੩੭॥’’
(ਅ). ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥ (ਮਹਲਾ ੫/੯੯੯) ਭਾਵ 5 ਸਾਲ ਦੇ ਧ੍ਰੂ ਨੇ ਭਗਤੀ ਕਰ ਵਿਸ਼ਨੂੰ ਤੋਂ ਅਮਰ ਪਦਵੀ ਪਾ ਲਈ ਤੇ 36000 ਸਾਲ ਰਾਜ ਕੀਤਾ ਯਾਨੀ ਕਿ ਦੱਖਣ ਭਾਰਤ ਦੇ ਦਰਾਵੜ ਰਾਜੇ (ਧਰੂ) ਨੂੰ ਉੱਤਰ ਭਾਰਤ ਦੇ ਆਰੀਅਨ ਰਾਜੇ (ਵਿਸ਼ਨੂੰ) ਨੇ ਵਰ ਦਿੱਤਾ, ਜੋ ਇੰਦਰ ਦਾ ਭਰਾ ਹੈ, ਜਿਸ ਦੀ ਮਹਿਮਾ ਗਾਉਂਦਾ ਹੈ ਹਿੰਦੂਆਂ ਦਾ ਸਭ ਤੋਂ ਪੁਰਾਣਾ ਗ੍ਰੰਥ ‘ਰਿਗ ਵੇਦ’। ਭਗਤ ਕਬੀਰ ਜੀ ਦੇ ਭੀ ਵਚਨ ਹਨ ‘‘ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥’’ (ਭਗਤ ਕਬੀਰ/੩੩੭) ਇਸ ਵਾਕ ਦਾ ਸ਼ਬਦ ‘ਜੈਸੇ’, ਸਾਬਤ ਕਰਦਾ ਹੈ ਕਿ ਇਹ ਮਿਸਾਲ ਹੈ, ਨਾ ਕਿ ਗੁਰਮਤਿ ਦਾ ਕੋਈ ਨੁਕਤਾ। ਕਬੀਰ ਜੀ ਇਹ ਹਵਾਲਾ ‘ਭਾਗਵਤ ਅਤੇ ਵਿਸ਼ਨੂੰ ਪੁਰਾਣ ਦੀ ਲਿਖਤ ’ਚੋਂ ਦੇ ਰਹੇ ਹਨ, ਜਿਨ੍ਹਾਂ ਬਾਬਤ ਉਨ੍ਹਾਂ ਖ਼ੁਦ ਕਿਹਾ ‘‘ਬੇਦ ਪੁਰਾਨ ਪੜੇ ਕਾ ਕਿਆ ਗੁਨੁ (ਲਾਭ) ? ਖਰ (ਖੋਤੇ) ਚੰਦਨ ਜਸ (ਜੈਸੇ) ਭਾਰਾ ॥ ਰਾਮ ਨਾਮ ਕੀ ਗਤਿ ਨਹੀ ਜਾਨੀ; ਕੈਸੇ ਉਤਰਸਿ ਪਾਰਾ ?॥’’ (ਭਗਤ ਕਬੀਰ/੧੧੦੩) ਅਤੇ ‘‘ਪੰਡਿਤ ਜਨ ਮਾਤੇ (ਘਮੰਡੀ ਬਣੇ) ਪੜਿ੍ (ਕੇ) ਪੁਰਾਨ ॥’’ (ਭਗਤ ਕਬੀਰ/੧੧੯੩) ਭਾਵ ਕਬੀਰ ਜੀ ਮੁਤਾਬਕ ਪੁਰਾਣ; ਰਾਮ ਦੇ ਨਾਮ ਬਾਰੇ ਸੂਝ ਨਹੀਂ ਦਿੰਦੇ ਤਾਂ ਤੇ ‘‘ਰਾਮ ਜਪਉ ਜੀਅ ਐਸੇ ਐਸੇ ॥’’ ਵਾਕ ’ਚ ਹਿੰਦੂ ਸਮਾਜ ਨੂੰ ਅਸਲ ਸੱਚ ਨਾਲ਼ ਜੋੜਨ ਲਈ ਇਸ ਕੱਚ ਦਾ ਸਹਾਰਾ ਲਿਐ, ਜੋ ਉਨ੍ਹਾਂ ਅੰਦਰ ਸ਼ਰਧਾ ਬਣਾ ਚੁੱਕਾ ਸੀ, ਨਾ ਕਿ ਸਾਬਤ ਕੀਤੈ ਕਿ ਧ੍ਰੂ ਤੇ ਪ੍ਰਹਿਲਾਦ ਨੇ ਨਾਮ ਜਪਿਐ।
ਉਕਤ ਦੋਵੇਂ ਮਿਸਾਲਾਂ ’ਚ ਵਿਸ਼ਨੂੰ ਨੂੰ ਸਰਬ ਸ਼ਕਤੀਮਾਨ ਮੰਨਿਆ ਗਿਆ ਹੈ। ਗੁਰਬਾਣੀ ਪ੍ਰਤੀ ਸ਼ਰਧਾਵਾਨ ਕਹਿ ਸਕਦੈ ਕਿ ‘ਵਿਸ਼ਨੂੰ’ ਦਾ ਅਰਥ ਆਰੀਅਨ ਰਾਜਾ ਨਹੀਂ; ਨਿਰਾਕਾਰ ਰੱਬ ਹੈ, ਪਰ ਫਿਰ ਗੁਰਮਤਿ ਦੀ ਵਿਲੱਖਣਤਾ (ਜੋ ੴ ਦੇ ਅਰਥ ’ਚ ਹੈ) ਮਰਦੀ ਹੈ। ਜੇਕਰ ਧਰੂ-ਪ੍ਰਹਿਲਾਦ ਸਮੇਂ ਹੀ ਨਿਰਾਕਾਰ ਦੀ ਹੋਂਦ ਪ੍ਰਤੱਖ ਹੋ ਚੁੱਕੀ ਸੀ ਤਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਨੂੰ ਕਰਤਾ, ਧਰਤਾ, ਹਰਤਾ ਕਿਉਂ ਮੰਨਿਆ ਜਾਂਦਾ। ਸੋ ਨਿਰਾਕਾਰ ਦੇ ਵਜੂਦ ਨੂੰ ਗੁਰੂ ਨਾਨਕ ਜੀ ਨੇ ਪ੍ਰਗਟ ਕੀਤੈ, ਨਾ ਕਿ ਤਿੰਨ ਚਾਰ ਹਜ਼ਾਰ ਪਹਿਲਾਂ ਕਿਸੇ ਬ੍ਰਾਹਮਣ ਨੇ, ਤਾਂ ਜੋ ‘ਭਾਗਵਤ ਅਤੇ ਵਿਸ਼ਨੂੰ ਪੁਰਾਣ ਦੀਆਂ ਸਾਖੀਆਂ ’ਚ ਦਰਜ ਵਿਅਕਤੀ ਵਿਸ਼ੇਸ਼ ਨਾਂਵਾਂ ਨੂੰ ਗੁਰਮਤਿ ਅਨੁਸਾਰੀ ਉਲਥਾ ਲਈਏ, ਜਿਨ੍ਹਾਂ ਨੂੰ ਗੁਰਬਾਣੀ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਬਿਆਨ ਕਰਦੀ ਪਈ ਹੈ। ਸੋ ਇਹ ਸਭ ਮਿਸਾਲ ਮਾਤਰ ਹਨ, ਨਾ ਕਿ ਰੂਹਾਨੀਅਤ ਸਚਾਈ।
ਦਰਅਸਲ ਰੂਹਾਨੀਅਤ ਅਨੁਭਵ (ਯਾਨੀ ਕਿ ਗੁਰਮਤਿ) ’ਤੇ ਵਿਸ਼ਵਾਸ ਧਾਰ ਮਨਹਠ ਛੱਡਣਾ ਪੈਂਦਾ ਹੈ ਅਤੇ ਗਿਆਨ ਇੰਦ੍ਰੇ; ਬੌਧਿਕ ਗਿਆਨ ’ਤੇ ਭਰੋਸਾ ਕਰਾ ਮਨਹਠ ਜੀਵਤ ਰੱਖਣ ’ਚ ਮਦਦ ਕਰਦੇ ਹਨ ‘‘ਹੋਇ ਅਨੰਨਿ (ਸੰਨਿਆਸੀ), ਮਨਹਠ ਕੀ ਦ੍ਰਿੜਤਾ; ਆਪਸ ਕਉ ਜਾਨਾਤ ॥’’ (ਮਹਲਾ ੫/੪੯੬) ਸੁਰਤਿ ਨੂੰ ਉੱਚਾ ਚੁੱਕਣ ਲਈ ਸਵੈ ਪੜਚੋਲ ਜ਼ਰੂਰੀ ਹੈ, ਜੋ ਰੂਹਾਨੀਅਤ ਅਨੁਭਵ ਕਰਾਏਗਾ, ਨਾ ਕਿ ਦਿੱਤੀ ਕੋਈ ਮਿਸਾਲ, ਫਿਰ ਭੀ ਸਿੱਖ ਮਿਸਾਲ ਨੂੰ ਗੁਰਮਤਿ ਮੰਨਦੇ ਪਏ ਹਨ; ਜਿਵੇਂ ਕਿ ਗੁਰੂ ਜੀ ਦਾ ਅਨੁਭਵ/ਤਜਰਬਾ ਹੈ ਕਿ ਝੂਠੇ ਬੰਦੇ ਦਾ ਕਿਰਦਾਰ ਹੀ ਝੂਠਾ ਹੋ ਜਾਂਦਾ ਹੈ। ਮੂੰਹੋਂ ਵਾਰ-ਵਾਰ ਝੂਠ ਟਪਕਦੈ। ਬਾਹਰੋਂ ਸਰੀਰ ਧੋਤਿਆਂ ਇਹ ਬੰਦ ਨਹੀਂ ਹੋਣਾ। ਝੂਠ ਦੀ ਥਾਂ; ਮਨ ਅੰਦਰੋਂ ਸੱਚ ਨਾਲ਼ ਜੁੜਨਾ ਹੈ ਤਾਂ ਜੋ ਝੂਠ ਕਿਰਨਾ ਬੰਦ ਹੋਵੇ ‘‘ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥ (ਮਹਲਾ ੧/੪੭੨) ਪਰ ਇੱਥੇ ਮੂੰਹੋਂ ਕਿਰਦੇ ਝੂਠ ਬਾਰੇ ਦਿੱਤੀ ਮਿਸਾਲ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ ਨੂੰ ਹੀ ਗੁਰਮਤਿ ਸਮਝ ਔਰਤ; ਅਪਵਿੱਤਰ ਬਣਾ ਦਿੱਤੀ ਅਤੇ ਉਸ ਨਾਲ਼ ਜਤਾਈ ਹਮਦਰਦੀ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮਹਲਾ ੧/੪੭੩) ਛੁਪਾ ਲਈ।
ਬੌਧਿਕ ਗਿਆਨ ਕਿਸੇ ਨੂੰ ਸਵੈ ਪੜਚੋਲ ਨਹੀਂ ਕਰਾਉਂਦਾ ਕਿਉਂਕਿ ਇਹ; ਰੂਹਾਨੀਅਤ ਵਾਙ ਇੱਕ ਤਰਫ਼ਾ ਸਿਧਾਂਤ ਨਹੀਂ ਹੁੰਦਾ। ਰੂਹਾਨੀਅਤ ਦੇ ਪ੍ਰਸੰਗ ਮੁਤਾਬਕ ਇਹ; ਸੂਕਰ (ਸੂਰ) ਨੂੰ ਚੰਗਾ ਭੀ ਆਖਦੈ ‘‘ਕਬੀਰ ! ਸਾਕਤ ਤੇ (ਨਾਸਤਿਕ ਤੋਂ) ਸੂਕਰ ਭਲਾ; ਰਾਖੈ ਆਛਾ ਗਾਉ (ਗਾਂਉ)॥’’ (ਭਗਤ ਕਬੀਰ/੧੩੭੨) ਅਤੇ ਉਸ ਨੂੰ ਬੁਰਾ ਭੀ ਮੰਨਦੈ; ਜਿਵੇਂ ‘‘ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ (’ਚ)॥ ਜੈਸੇ ਸੂਕਰ ਸੁਆਨ; ਨਾਨਕ ! ਮਾਨੋ ਤਾਹਿ ਤਨੁ ॥’’ (ਮਹਲਾ ੯/੧੪੨੮)
ਗੁਰੂ ਗ੍ਰੰਥ ਸਾਹਿਬ; 35 ਰੂਹਾਨੀਅਤ ਮਹਾਂਪੁਰਸ਼ਾਂ ਦੁਆਰਾ ਸਵੈ ਪੜਚੋਲ ਕਰ ਦਰਜਨ ਤੋਂ ਵੱਧ ਭਾਸ਼ਾਵਾਂ ’ਚ ਲਿਖਿਆ ਵਿਅਕਤੀਗਤ ਤਜਰਬਾ (ਸ਼ਬਦ ਸੰਗ੍ਰਹਿ) ਹੈ, ਜਿਸ ਦਾ ਆਧਾਰ; ਇਹ ਨੁਕਤੇ ਹਨ, ਜੋ ਗੁਰਮਤਿ ਦੀ ਵਿਲੱਖਣਤਾ ਨੂੰ ਦਰਸਾਉਂਦੇ ਹਨ :
(1). ਰੱਬ; ਨਿਰਾਕਾਰ ਹੈ, ਅਦ੍ਰਿਸ਼ ਹੈ, ਸਦੀਵੀ ਸਥਿਰ ਹੈ, ਜੋਤਿ ਸਰੂਪ ਵਜੋਂ ਜ਼ਰਰੇ-ਜ਼ਰਰੇ ’ਚ ਮੌਜੂਦ ਹੈ ਤਾਹੀਓਂ ਸਭ ਦੇ ਦਿਲਾਂ ਤੋਂ ਜਾਣੂ ਹੈ। ਜੋਤਿ ਸਰੂਪ ਤੋਂ ਭਾਵ ਚੇਤਨ ਸੱਤਾ ਹੈ, ਆਤਮ ਪ੍ਰਕਾਸ਼ ਹੈ, ਅਦ੍ਰਿਸ਼ ਸ਼ਕਤੀ ਹੈ। ਉਸ ਨਾਲ਼ ਇਕ-ਮਿਕ ਹੋਇਆ ਸ਼ਖ਼ਸ/ਗੁਰੂ ਹੀ ਐਸੀ ਸੂਝ ਦਿੜ੍ਹਤਾ ਨਾਲ਼ ਪੈਰੋਕਾਰਾਂ (ਸਿੱਖਾਂ) ਅੰਦਰ ਭਰ ਸਕਦਾ ਹੈ।
(2). ਨਿਰਾਕਾਰ ਹੀ ਆਕਾਰ ਯਾਨੀ ਕਿ ਸ੍ਰਿਸ਼ਟੀ ਨੂੰ ਬਣਾਨ ਵਾਲ਼ਾ, ਪਾਲਣਹਾਰ ਅਤੇ ਨਾਸ਼ ਕਰਨ ਵਾਲ਼ਾ ਹੈ। ਪਾਲਣਹਾਰ ਤੋਂ ਭਾਵ ਕੇਵਲ ਸਮਾਜਿਕ ਲੋੜਾਂ ਦੇਣ ਤੱਕ ਨਹੀਂ ਬਲਕਿ ਗੁਰੂ ਰਾਹੀਂ ਆਪਣੀ ਮੌਜੂਦਗੀ ਅਤੇ ਸੁਭਾਅ ਦਾ ਅਹਿਸਾਸ ਕਰਵਾਉਣਾ ਭੀ ਹੈ।, ਨਾਸ਼ ਕਰਨ ਤੋਂ ਭਾਵ ਕੇਵਲ ਸਰੀਰਕ ਮੌਤ ਨਹੀਂ ਬਲਕਿ ਆਤਮਿਕ ਮੌਤ ਮਾਰਨਾ ਭੀ ਹੈ।
(3). ਆਕਾਰ ਯਾਨੀ ਕਿ ਜਗਤ ਰਚਨਾ; ਨਿਰਾਕਾਰ ਦੀ ਖੇਡ ਹੈ, ਮੌਜ ਹੈ, ਪਰ ਇਹ ਸਦੀਵੀ ਸਥਿਰ ਨਾ ਹੋਣ ਕਾਰਨ ਕਈ ਵਾਰ ਬਣੀ ਤੇ ਓਨੀ ਵਾਰ ਹੀ ਨਾਸ਼ ਹੋਈ। ਅਗਾਂਹ ਭੀ ਇਹ ਸਿਲਸਿਲਾ ਜਾਰੀ ਰਹੇਗਾ, ਜਿਸ ਨੂੰ ਕਿਆਮਤ ਭੀ ਕਿਹਾ ਜਾਂਦਾ ਹੈ।
(4). ਨਿਰਾਕਾਰ ਦੇ ਹੁਕਮ ’ਚ ਜੀਵ ਰਚਨਾ ਉਪਜਦੀ ਹੈ ਤੇ ਜੀਵਾਂ ਦੁਆਰਾ ਕੀਤੇ ਕਰਮ; ਭਾਗ/ਨਸੀਬ ਬਣਦੇ ਗਏ। ਇਸ ਭਾਗ ਮੁਤਾਬਕ ਰੱਬ ਦਾ ਹੁਕਮ ਅਤੇ ਹੁਕਮ ਮੁਤਾਬਕ ਭਾਗ ਰਚਨ ਵਾਲ਼ੇ ਰੱਬ ਨੂੰ ਸਮਝਣਾ ਹੀ ਆਪਣਾ ਭਾਗ ਮਿਟਾਉਣਾ ਹੈ, ਮੁਕਤ ਹੋਣਾ ਹੈ। ਮੁਕਤ ਹੋਇਆ ਮੁੜ ਆਪਣੇ ਸਰੋਤ ਨਿਰਾਕਾਰ ’ਚ ਲੀਨ ਹੋ ਜਾਂਦਾ ਹੈ। ਇਸ ਅਲੌਕਿਕ ਮਾਰਗ ’ਚ ਸਤਿਗੁਰੂ; ਪੈਰੋਕਾਰ ਦਾ ਭਰੋਸਾ ਨਹੀਂ ਟੁੱਟਣ ਦਿੰਦਾ, ਇਸ ਲਈ ਗੁਰੂ ਪਾਸੋਂ ‘ਭਰੋਸਾ ਦਾਨ’ ਮੰਗੀਦਾ ਹੈ। ਇਹੀ ਕਰਤਾਰ ਦੀ ਹੋਂਦ ਅਤੇ ਉਸ ਦੇ ਸੁਭਾਅ ਨੂੰ ਸਮਝਣ ਦਾ ਤਰੀਕਾ ਹੈ।
ਉਕਤ ਗੁਰਮਤਿ ਏਜੰਡਾ (ਫ਼ਲਸਫ਼ਾ) ਭਾਵੇਂ ਸੰਖੇਪ ਮਾਤਰ ਹੈ, ਪਰ ਇਸ ’ਤੇ ਭਰੋਸਾ ਕਰਨ ਅਤੇ ਹੂ-ਬਹੂ ਅਮਲ ’ਚ ਲਿਆਉਣ ਲਈ ਸਾਰੀ ਉਮਰ ਭੀ ਥੋੜ੍ਹੀ ਹੈ। ਇਸ ਦੇ ਪ੍ਰਚਾਰ-ਪ੍ਰਸਾਰ ਲਈ ਸਤਿਗੁਰੂ ਜੀ ਬਿਖੜੇ ਸੰਸਾਰਕ ਮਾਰਗ ’ਤੇ ਹਜ਼ਾਰਾਂ ਮੀਲ ਸਫ਼ਰ ਕਰਦੇ ਰਹੇ, ਪਰ ਸਿੱਖਾਂ ਅੰਦਰ ਉਪਜਦੇ ਇਨ੍ਹਾਂ ਗੁਰਮਤਿ ਨੁਕਤਿਆਂ ਬਾਰੇ ਸੰਦੇਹ, ਸਾਬਤ ਕਰਦੇ ਹਨ ਕਿ ਅਸੀਂ ਗੁਰਬਾਣੀ ਨੂੰ ਅਜੇ ਸਮਝ ਹੀ ਨਾ ਸਕੇ, ਇਸ ਦਾ ਪ੍ਰਚਾਰ-ਪ੍ਰਸਾਰ ਕਰਨਾ ਤਾਂ ਬਹੁਤ ਦੂਰ ਜਦਕਿ ਗੁਰਬਾਣੀ ਦੇ ਟੀਕੇ ਅਤੇ ਸ਼ਬਦ ਕੋਸ਼ ਸਾਡੀ ਮਦਦ ਕਰਦੇ ਪਏ ਹਨ। ਗੁਰਮਤਿ ਦੇ ਸਰੋਤ (ਨਿਰਾਕਾਰ) ਬਾਰੇ ਹੀ ਪਹਿਲਾ ਸੰਦੇਹ ਹੈ ਕਿ ਇਹ ਇੱਕ ਨਿਰਾਕਾਰ ਹੈ ਜਾਂ ਸਰਗੁਨ ਅਤੇ ਨਿਰਗੁਨ ਦੋ ਹਨ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ‘‘ਸਰਗੁਨ ਨਿਰਗੁਨ ਨਿਰੰਕਾਰ…॥’’ (ਸੁਖਮਨੀ/ਮਹਲਾ ੫/੨੯੦) ਸਰਗੁਨ ਤੋਂ ਭਾਵ ਹੈ ਮਾਯਾ ਦੇ ਤਿੰਨ ਗੁਣ ‘ਰਜੋ, ਤਮੋ ਤੇ ਸਤੋ’। ਰਜੋ ਤੋਂ ਭਾਵ ਹੈ ਮਿਹਨਤ।, ਤਮੋ ਤੋਂ ਭਾਵ ਹਨ੍ਹੇਰਾ, ਨਾਸਮਝੀ।, ਸਤੋ ਤੋਂ ਭਾਵ ਹੈ ਵਿਖਾਵੇ ਮਾਤਰ ਕੀਤੇ ਜਾਂਦੇ ਚੰਗੇ ਕੰਮ ਯਾਨੀ ਕਿ ਸਰਗੁਨ ਦਾ ਅਰਥ ਹੈ ‘ਆਕਾਰ, ਸਮਾਜਿਕ ਦ੍ਰਿਸ਼ਟੀਕੋਣ, ਗਿਆਨ ਇੰਦ੍ਰਿਆਂ ਰਾਹੀਂ ਪਕੜ ’ਚ ਆਉਂਦੀ ਜਗਤ ਰਚਨਾ’ ਅਤੇ ਨਿਰਗੁਨ ਤੋਂ ਭਾਵ ਹੈ ਜਿਸ ਵਿੱਚ ਇਹ ਤਿੰਨੇ ਗੁਣ ਨਾ ਹੋਣ ਯਾਨੀ ਕਿ ‘ਨਿਰਾਕਾਰ, ਅਦ੍ਰਿਸ਼ ਸ਼ਕਤੀ’। ਹੁਣ ਸੋਚਣਾ ਬਣਦੈ ਕਿ, ਕੀ ਸਰਗੁਨ ਰੂਪ ਨੂੰ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ ਕਹਿ ਸਕਦੇ ਹਾਂ ? ਜਵਾਬ : ਨਹੀਂ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਖ਼ੁਦ ਹੀ ਸਰਗੁਨ ਰੂਪ ਨੂੰ ਨਿਰਾਕਾਰ ਵਾਙ ਸਥਾਈ ਨਹੀਂ ਮੰਨਦੇ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ..॥’’ (ਮਹਲਾ ੫/੧੨੦੪) ਅਰਥ: ਜਗਤ ਰਚਨਾ ਸਥਾਈ ਨਹੀਂ; ਤਾਂ ਤੇ ਰੱਬ ਦਾ ਸਰਗੁਨ ਰੂਪ ਹੀ ਬੌਧਿਕ ਗਿਆਨ ਹੈ, ਜੋ ਸਰਵ ਵਿਆਪਕ ਅਦ੍ਰਿਸ਼ ਨਿਰਗੁਨ ਨੂੰ ਪ੍ਰਗਟ ਕਰਨ ’ਚ ਮਿਸਾਲ ਬਣਦਾ ਹੈ। ਸਦੀਆਂ ਤੋਂ ਸਰਗੁਨ ਦੀ ਕਿਸੇ ਨਾ ਕਿਸੇ ਰੂਪ ’ਚ ਪੂਜਾ ਹੁੰਦੀ ਆਈ ਹੈ, ਪਰ ਸਿੱਖ ਨੇ ਨਿਰਗੁਨ ਨਾਲ਼ ਜੁੜਨਾ ਹੈ, ਨਾ ਕਿ ਆਕਾਰ ਯਾਨੀ ਸਰਗੁਨ ਨਾਲ਼।
ਦੂਜਾ ਸੰਦੇਹ : ‘ਜਪੁ’ ਬਾਣੀ ਦੇ ਅਰੰਭ ’ਚ ਮੰਗਲਾਚਰਨ ਵਜੋਂ ਦਰਜ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ॥’’ ਵਾਙ ਗੁਰੂ ਅਰਜਨ ਸਾਹਿਬ ਭੀ ਜੈਤਸਰੀ ਕੀ ਵਾਰ ਦੇ ਅਰੰਭ ’ਚ ਮੰਗਲਾਚਰਨ ਰੂਪ ਅਜਿਹਾ ਹੀ ਅਨੁਭਵ (ਸਲੋਕ) ਦਰਜ ਕਰਦੇ ਹਨ ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ ! ਅਘ ਨਾਸਨ ਜਗਦੀਸੁਰਹ ॥੧॥ (ਮਹਲਾ ੫/੭੦੫) ਅਰਥ : ਜਗਤ ਰਚੇਤਾ ਤੇ ਪਾਪ ਨਾਸ਼ਕ ਪਰਮੇਸ਼ਰ; ਸ੍ਰਿਸ਼ਟੀ ਬਣਨ ਤੋਂ ਪਹਿਲਾਂ ਭੀ ਹਰ ਥਾਂ ਸੀ (ਆਦਿ ਸਚੁ), ਹੁਣ ਭੀ ਸਰਵ ਵਿਆਪਕ ਹੈ (ਹੈ ਭੀ ਸਚੁ) ਅਤੇ ਕਿਆਮਤ ਤੋਂ ਬਾਅਦ ਭੀ ਹਰ ਥਾਂ ਭਰਪੂਰ ਰਹੇਗਾ (ਹੋਸੀ ਭੀ ਸਚੁ) । ਅਸਲ ਸੰਤ-ਜਨ ਉਹੀ ਹਨ, ਜੋ ਉਸ ਨੂੰ ਸਿਮਰਦੇ ਹਨ, ਯਾਦ ਕਰਦੇ ਹਨ।
‘ਸਚੁ’ ਦਾ ਅਰਥ ਹੈ ਸਦੀਵੀ ਸਥਿਰ (ਰੱਬ) ਅਤੇ ‘ਪੂਰਨ’ ਦਾ ਅਰਥ ਹੈ ਸਰਵ ਵਿਆਪਕ (ਰੱਬ)। ਗੁਰਮਤਿ ਅਨੁਸਾਰ ਜੋ ਸਦੀਵੀ ਸਥਿਰ ਹੈ ਉਹ ਸਰਵ ਵਿਆਪਕ ਭੀ ਹੈ ਅਤੇ ਜੋ ਸਰਵ ਵਿਆਪਕ ਹੈ ਉਹ ਸਦੀਵੀ ਸਥਿਰ ਭੀ ਹੈ ਯਾਨੀ ਕਿ ‘ਆਦਿ ਸਚੁ’ ਹੀ ‘ਆਦਿ ਪੂਰਨ’ ਹੈ ਅਤੇ ‘ਮਧਿ ਪੂਰਨ’ ਹੀ ‘ਹੈ ਭੀ ਸਚੁ’ ਹੈ। ਇਸ ਨਿਰੋਲ ਅਨੁਭਵੀ ਸਚਾਈ ’ਤੇ ਨਿਸ਼ਚਾ ਕਰ ਸ਼ਰਧਾਲੂ ਨੇ ਆਪਣੀ ਸੰਸਾਰਕ (ਸਰਗੁਨ) ਪਕੜ ਢਿੱਲੀ ਕਰ ਨਿਰਗੁਨ ਨੂੰ ਹੀ ਸਭ ਕੁੱਝ ਮੰਨਣਾ ਸੀ, ਪਰ ਕੀਤਾ ਬਿਲਕੁਲ ਉਲ਼ਟ; ‘‘ਆਦਿ ਪੂਰਨ, ਮਧਿ ਪੂਰਨ’’ ਯਾਨੀ ਕਿ ‘‘ਆਦਿ ਸਚੁ; ਜੁਗਾਦਿ ਸਚੁ’’ ਨੂੰ ਸਰਗੁਨ ਵੱਲ ਹੀ ਉਲਥਾ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਆਦਿ, ਮਧਿ, ਅੰਤਿ ਮੰਨ 705 ਅੰਕ ’ਤੇ ਪਾਠ ਪਹੁੰਚਦਿਆਂ ਮੱਧ ਦੀ ਅਰਦਾਸ ਹੋਣ ਲੱਗੀ ਯਾਨੀ ਕਿ ਸਰਗੁਨ ਪ੍ਰਤੀ ਸ਼ਰਧਾ ਵਧਾਈ ਗਈ (ਜਿਸ ਪਾਸਿਓਂ ਰੋਕਿਆ ਸੀ) ਤਾਂ ਜੋ ਸਰਗੁਨ ਰੂਪ ਵਜੋਂ ‘ਸੰਤ, ਬ੍ਰਹਮਗਿਆਨੀ’ ਆਦਿ ’ਤੇ ਭੀ ਸੰਦੇਹ ਨਾ ਕੀਤਾ ਜਾਏ। ਗਿਆਨ ਵਿਹੂਣੀ ਸ਼ਰਧਾ ਨੇ ਗੁਰਬਾਣੀ ਦੇ ਅੰਕ 1430 ਦਾ ਮੱਧ 715 ਹੁੰਦੈ ਜਾਂ 705; ਭੀ ਨਾ ਵਿਚਾਰਿਆ।
ਬੌਧਿਕ ਗਿਆਨ ਦਾ ਭੀ ਆਪਣਾ ਅਨੁਭਵ ਹੈ; ਪਰ ਰੂਹਾਨੀਅਤ ਵਾਙ ਇਹ ਵਿਸ਼ਾਲ ਨਹੀਂ ਹੁੰਦਾ; ਜਿਵੇਂ ਗਿਆਨ ਇੰਦ੍ਰਿਆਂ ਰਾਹੀਂ ਬਣਿਆ ਡਾਕਟਰ; ਇੰਜੀਨੀਅਰ ਨਹੀਂ ਹੁੰਦਾ ਅਤੇ ਇੰਜੀਨੀਅਰ; ਤਾਰਾ ਮੰਡਲ ਬਾਰੇ ਨਹੀਂ ਜਾਣਦਾ, ਪਰ ਰੂਹਾਨੀਅਤ ਸੂਝ ਨੇ ਗੁਰੂ ਨਾਨਕ ਜੀ ਨੂੰ ਡਾਕਟਰ ਭੀ ਸਾਬਤ ਕੀਤਾ, ਖਗੋਲ ਵਿਗਿਆਨੀ ਭੀ। ਉਨ੍ਹਾਂ ਨੇ ਸਰਗੁਨ ਰੂਪ ’ਚੋਂ ਨਿਰਗੁਨ ਰੂਪ ਨੂੰ ਪ੍ਰਤੱਖ ਕਰ ਦਿੱਤਾ। ਸਰਗੁਨ ਤੋਂ ਪਹਿਲਾਂ ਯਾਨੀ ਕਿ ਪੂਰਵ ਕਾਲ ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ (ਧਰਤੀ) ਨ ਗਗਨਾ (ਅਕਾਸ਼); ਹੁਕਮੁ ਅਪਾਰਾ ॥ ਨਾ ਦਿਨੁ ਰੈਨਿ (ਰਾਤ), ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥’’ (ਮਹਲਾ ੧/੧੦੩੫) ਤੋਂ ਲੈ ਕੇ ਸਰੁਗਨ ਦੇ ਵਿਨਾਸ਼ ਯਾਨੀ ਕਿ ਕਿਆਮਤ ਉਪਰੰਤ ‘‘ਨਾਨਕ ! ਹੋਸੀ ਭੀ ਸਚੁ ॥੧॥’’ ਬਿਆਨ ਕੀਤਾ ਭਾਵ ਸਰਗੁਨ; ਨਾਸ਼ਵਾਨ ਹੈ ਅਤੇ ਨਿਰਗੁਨ; ਸਦੀਵੀ ਸਥਿਰ ਸੀ, ਹੈ ਅਤੇ ਰਹੇਗਾ। ਸਤਿਗੁਰੂ ਅੰਦਰੋਂ ਪ੍ਰਗਟ ਹੋਇਆ ਇਹ ਅਨੁਭਵ; ਦਰਅਸਲ ਜੋਤਿ ਸਰੂਪ ’ਚ ਸਰਵ ਵਿਆਪਕ ਰੱਬ ਹੈ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਕਿਉਂਕਿ ਜਗਤ ਰਚਣਹਾਰ ਤੋਂ ਬਿਨਾਂ ਅਜਿਹਾ ਹੋਰ ਕੋਈ ਨਹੀਂ ਜਾਣ ਸਕਦਾ।
ਗੁਰਬਾਣੀ ਦੇ ਕਿਸੇ ਇੱਕ ਨੁਕਤੇ ਲਈ ਤਾਂ ਬੌਧਿਕ ਗਿਆਨ ਮਿਸਾਲ ਹੋ ਸਕਦਾ ਹੈ, ਪਰ ਸਮੁੱਚੀ ਗੁਰਮਤਿ ਸਾਮ੍ਹਣੇ ਇਹ ਬੌਣਾ ਹੈ, ਮਿਸਾਲ ਦੇਣ ਲਾਇਕ ਭੀ ਨਹੀਂ; ਜਿਵੇਂ ਸਚਖੰਡ ਪੜਾਅ, ਜਿਸ ਦੀ ਵਿਆਖਿਆ ਹਰ ਲੰਬੀ ਰਚਨਾ ਦੇ ਅੰਤ ’ਚ ਭੀ ਹੁੰਦੀ ਹੈ। ਇਸ ਪੜਾਅ ’ਚ ਬੌਧਿਕ ਗਿਆਨ ਬਿਲਕੁਲ ਨਹੀਂ; ਜਿਵੇਂ ਕਿ
(1). ‘ਜਪੁ’ ਬਾਣੀ ਦੀ 37ਵੀਂ ਪਉੜੀ ਦੇ ਸ਼ਾਬਦਿਕ ਅਰਥ ਹਨ : ਕੁਦਰਤ ਰਚੇਤਾ ਨਿਰਾਕਾਰ; ਸਚਖੰਡ ’ਚ ਵਸਦਾ ਹੈ। ਆਪਣੀ ਪ੍ਰਸੰਨ-ਚਿਤ ਨਜ਼ਰ ਨਾਲ਼ ਸਭ ਨੂੰ ਪੈਦਾ ਕਰ-ਕਰ ਸੰਭਾਲ਼ਦਾ ਹੈ। ਉਸ ਦੇ ਹੁਕਮ ’ਚ ਹੀ ਖੰਡ, ਮੰਡਲ, ਬ੍ਰਹਿਮੰਡ, ਆਕਾਸ਼, ਤ੍ਰਿਲੋਕ ਆਦਿਕ ਉਪਜਦੇ, ਚੱਲਦੇ ਅਤੇ ਨਾਸ਼ ਹੁੰਦੇ ਹਨ। ਜਿਵੇਂ ਉਹ ਚਾਹੁੰਦਾ ਹੈ; ਓਵੇਂ ਹੁੰਦਾ ਪਿਐ ਤਾਹੀਓਂ ਸਭ ਨੂੰ ਵੇਖ ਖ਼ੁਸ਼ ਹੁੰਦੈ, ਇਸ ਪੜਾਅ ਬਾਰੇ ਹੋਰ ਬਿਆਨ ਕਰਨਾ, ਕਠਿਨ ਹੈ ਕਿਉਂਕਿ ਰੱਬੀ ਵਿਸ਼ਾਲਤਾ ਦਾ ਕੋਈ ਅੰਤ ਨਹੀਂ ‘‘ਸਚਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ; ਨਦਰਿ ਨਿਹਾਲ ॥ ਤਿਥੈ; ਖੰਡ ਮੰਡਲ ਵਰਭੰਡ ॥ ਜੇ ਕੋ ਕਥੈ; ਤ ਅੰਤ ਨ ਅੰਤ ॥ ਤਿਥੈ, ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ, ਵਿਗਸੈ; ਕਰਿ ਵੀਚਾਰੁ ॥ ਨਾਨਕ ! ਕਥਨਾ ਕਰੜਾ ਸਾਰੁ ॥੩੭॥’’ (ਜਪੁ)
(2). ਆਸਾ ਕੀ ਵਾਰ ’ਚ ਅੰਤਮ ਪਉੜੀ 24ਵੀਂ ਹੈ, ਜਿਸ ਅੰਦਰ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ ‘ਜੀਵ ਦਾ ਚੰਗਾ-ਮੰਦਾ ਬਣਨਾ, ਵੱਡੇ ਮਾਲਕ ਦੀ ਰਜ਼ਾ/ਖੇਡ ਹੈ। ਉਹ ਕਿਉਂ ਕਰਦਾ ਹੈ ? ਇਸ ਬਾਰੇ ਕੁੱਝ ਨਹੀਂ ਕਹਿ ਸਕਦੇ। ਉਹ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਮਿਹਰ ਕਰਨ ਵਾਲ਼ਾ ਹੈ। ਸਾਰੇ ਜੀਵਾਂ ਨੂੰ ਰਿਜ਼ਕ ਪਹੁੰਚਾਉਂਦਾ ਹੈ। ਜੀਵ ਨੇ ਉਹੀ ਕਿਰਤ ਕਰਨੀ ਹੁੰਦੀ ਹੈ, ਜੋ ਬਚਪਨ ਤੋਂ ਉਸ ਨੇ ਨਸੀਬ ’ਚ ਲਿਖੀ ਹੈ। ਉਸ ਤੋਂ ਇਲਾਵਾ ਜੀਵਾਂ ਨੂੰ ਕੋਈ ਹੋਰ ਆਸਰਾ ਨਹੀਂ। ਮਾਲਕ ਨੂੰ ਜੋ ਪਸੰਦ ਹੈ, ਉਹੀ ਜਗਤ ’ਚ ਕਰਦਾ ਹੈ ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ (ਉਸ ਨੇ ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥ ਸੋ ਕਰੇ; ਜਿ ਤਿਸੈ ਰਜਾਇ ॥ ੨੪॥ ੧॥’’ ਸੁਧੁ (ਮਹਲਾ ੧/੪੭੫)
(3). ਗੁਰੂ ਰਾਮਦਾਸ ਜੀ ਦੁਆਰਾ ਰਚਿਤ ਗਉੜੀ ਕੀ ਵਾਰ ’ਚ ਅੰਤਮ ਪਉੜੀ 33ਵੀਂ ਇਉਂ ਹੈ ‘‘ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ ਤੂੰ ਵਡ ਵਡੇ ॥ ਜਿਸੁ ਤੂੰ ਮੇਲਹਿ, ਸੋ ਤੁਧੁ ਮਿਲੈ; ਤੂੰ ਆਪੇ ਬਖਸਿ ਲੈਹਿ, ਲੇਖਾ ਛਡੇ ॥ ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ, ਮਨੁ ਗਡ ਗਡੇ ॥ ਤੂੰ ਸਚਾ ਸਾਹਿਬੁ, ਸਚੁ ਤੂ; ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥ ਜਿਉ ਭਾਵੈ, ਤਿਉ ਰਖੁ ਤੂੰ ਸਚਿਆ ! ਨਾਨਕ ਮਨਿ ਆਸ ਤੇਰੀ, ਵਡ ਵਡੇ ! ॥ ੩੩॥ ੧॥ ਸੁਧੁ ॥ (ਮਹਲਾ ੪/੩੧੭) ਯਾਨੀ ਕਿ ਸਭ ਕੁੱਝ ਕਰਨ, ਕਰਾਵਣਹਾਰ ਰੱਬ ਹੈ; ਜਿਵੇਂ ਕਿ ਸਚਖੰਡ ਅਸਵਥਾ ਬਿਆਨ ਕਰ ਰਹੀ ਹੈ।
ਭਗਤ ਦੀ ਮੰਜ਼ਲ; ਸਚਖੰਡ ਹੈ। ਸਚਖੰਡ ’ਚ ਨਿਵਾਸ ਕਰਨ ਲਈ ਸਚਖੰਡ ਵਰਗੀ ਦ੍ਰਿਸ਼ਟੀ ਹੋਣੀ ਜ਼ਰੂਰੀ ਹੈ, ਪਰ ਇਹ ਤਾਂ ਬਣੇਗੀ ਜੇ ਮਨ ਅੰਦਰ ਰੂਹਾਨੀਅਤ ਮੰਜ਼ਲ ਲਈ ਹੀ ਤਾਂਘ ਹੋਵੇ। ‘ਜਪੁ’ ਬਾਣੀ ’ਚ 34 ਤੋਂ 37 ਪਉੜੀਆਂ ਤੱਕ ਰੂਹਾਨੀਅਤ ਨੂੰ ਪੰਜ ਪੜਾਅ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਸਚਖੰਡ) ’ਚ ਵੰਡਿਆ ਹੈ। 37ਵੀਂ ਪਉੜੀ ’ਚ ਕਰਮਖੰਡ/ਸਚਖੰਡ ਸਮਾਨ ਹਨ ਯਾਨੀ ਕਿ ਕਰਮਖੰਡ; ‘ਸੋ ਦਰੁ’ (ਬੂਹਾ) ਅਤੇ ਸਚਖੰਡ; ‘ਸੋ ਘਰੁ’ (ਰੱਬ ਦਾ ਨਿਵਾਸ ਸਥਾਨ); ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ (ਕੇ) ਸਰਬ ਸਮਾਲੇ ॥’’ ਬਾਕੀ ਤਿੰਨ ਪੜਾਅ ਬੌਧਿਕ ਗਿਆਨ; ਮਿਸਾਲ ਮਾਤਰ ਹਨ ਤਾਹੀਓਂ ਇੱਥੋਂ ਤੱਕ ਤਰਕ ਹੁੰਦਾ ਨਹੀਂ ਵੇਖਿਆ। ਗਿਆਨਖੰਡ ਵਾਲ਼ੇ ਹੀ ਸ਼ਬਦ (ਬੌਧਿਕ ਗਿਆਨ) ‘ਸੁਣਿਐ’ ਦੀਆਂ ਪਉੜੀਆਂ ’ਚ ਹਨ ‘‘ਸੁਣਿਐ; ਸਿਧ ਪੀਰ ਸੁਰਿ ਨਾਥ ..॥੮॥, ਕੇਤੇ ਸਿਧ ਬੁਧ ਨਾਥ.. ॥੩੫॥’’ ਅਤੇ ਸਰਮਖੰਡ ਵਾਲ਼ੇ ਹੀ ਸ਼ਬਦ ‘ਮੰਨੈ’ ਦੀਆਂ ਪਉੜੀਆਂ ’ਚ ਹਨ; ਜਿਵੇਂ ਕਿ ‘‘ਮੰਨੇ ਕੀ ਗਤਿ; ਕਹੀ ਨ ਜਾਇ ॥ ਜੇ ਕੋ ਕਹੈ; ਪਿਛੈ ਪਛੁਤਾਇ ..॥੧੨॥, ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ..॥੩੬॥’’ ਦਿੱਲੀ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਲਈ ਚੱਲੇ ਸ਼ਰਧਾਲੂ ਨੂੰ ਰਸਤੇ ਤੋਂ ਜਾਣੂ, ਜੇਕਰ ਸਮਝਾਵੇ ਕਿ ਵਿਚਕਾਰ ਅੰਬਾਲਾ, ਲੁਧਿਆਣਾ ਤੇ ਜਲੰਧਰ ਆਉਣੇ ਹਨ ਤਾਂ ਇਹ, ਯਾਤਰੀ ਦੀ ਮੰਜ਼ਲ ਨਹੀਂ ਅਖਵਾ ਸਕਦੇ। ਨਾ ਹੀ ਇਨ੍ਹਾਂ ਪ੍ਰਤੀ ਤਾਂਘ ਸੀ। ਤਾਂਘ ਵਾਲ਼ੀ ਮੰਜ਼ਲ; ਦਰਬਾਰ ਸਾਹਿਬ ਹੈ, ਜਿਸ ਨੇ ਪੜਾਅ ਦਰ ਪੜਾਅ ਯਾਨੀ ਅੰਬਾਲਾ, ਲੁਧਿਆਣਾ ਵਿਖੇ ਭੀ ਮਨ ਦੀ ਕਠੋਰਤਾ ਘਟਾਉਣੀ ਹੈ; ਅੰਬਾਲਾ, ਲੁਧਿਆਣਾ ਨੇ ਨਹੀਂ। ਰਾਹ ਦੇ ਪੜਾਅ (ਧਰਮਖੰਡ, ਗਿਆਨਖੰਡ) ਦੇ ਨਜ਼ਾਰੇ ‘‘ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥’’; ਮੰਜ਼ਲ ਸਚਖੰਡ (ਅੰਮ੍ਰਿਤਸਰ) ਪਹੁੰਚਿਆਂ ‘‘ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ .. ॥੨੨॥’’ (ਜਪੁ) ’ਚ ਬਦਲਣੇ ਹੁੰਦੇ ਹਨ ਕਿਉਂਕਿ ਸਚਖੰਡ ’ਚ ਰੂਹਾਨੀਅਤ ਦੇ ਪੂਰਨ ਦਰਸ਼ਨ ਹੁੰਦੇ ਹਨ। ਰੂਹਾਨੀਅਤ ਦਾ ਅੱਖਰੀ ਅਰਥ ਭੀ ਰੂਹ (ਆਤਮਾ, ਜਿੰਦ) ਨੂੰ ਪ੍ਰਫੁਲਿਤ ਕਰਨਾ, ਰੂਹ ਨੂੰ ਵੇਖਣਾ ਹੈ, ਰੂਹ ਵਰਗਾ ਨਿਰਮਲ ਦ੍ਰਿਸ਼ਟੀਕੋਣ ਹੋਣਾ ਹੈ।
ਸਚਖੰਡ ਨਜ਼ਰੀਏ ਤੋਂ ਗੁਰਬਾਣੀ ਦੀ ਵਿਚਾਰ ਕੀਤਿਆਂ ਗੁਰਮਤਿ ਸਚਾਈ ਪ੍ਰਤੱਖ ਨਜ਼ਰ ਆਉਂਦੀ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ; ਗੁਰਮਤਿ ਦੇ ਜਿਸ ਰਹੱਸ ਨੂੰ ਦਿੜ੍ਹਤਾ ਸਹਿਤ ਚਾਹਵਾਨਾਂ ਸਾਮ੍ਹਣੇ ਰੱਖਦੇ ਰਹੇ; ਪੈਰੋਕਾਰ-ਸਿੱਖਾਂ ਅੰਦਰ ਅਜੇ ਉਸ ਬਾਰੇ ਕਈ ਸੰਦੇਹ ਹਨ। ਆਪ ਸਮਝਣਾ ਅਤੇ ਹੋਰਾਂ ਨੂੰ ਸਮਝਾਉਣਾ ਤਾਂ ਬਹੁਤ ਦੂਰ ਰਿਹਾ। ਇਸ ਕਮਜ਼ੋਰੀ ਨੂੰ ਭਾਂਪਦਿਆਂ ਹੀ ਗੁਰੂ ਨਾਨਕ ਜੀ ਨੇ ਆਪਣੇ ਸਮੇਂ ਤੋਂ ਵਚਨ ਕੀਤੇ ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ …. ਤਿਸ ਸਉ ਨੇਹੁ (ਪ੍ਰੇਮ) ਨ ਕੀਚਈ; ਜਿ ਦਿਸੈ ਚਲਣਹਾਰੁ ॥’’ (ਮਹਲਾ ੧/੧੪੧੦), ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨ ਕਰਦਿਆਂ ਵਚਨ ਉਚਾਰੇ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮਹਲਾ ੫/੩੮੧) ਅਜਿਹੀ ਦ੍ਰਿੜ੍ਹਤਾ ਹੀ ਹੋਰਾਂ ਅੰਦਰ ਲਗਨ ਪੈਦਾ ਕਰੇਗੀ। ਗੁਰਮਤਿ ਦੇ ਉੱਚੇ-ਸੁੱਚੇ ਖ਼ਿਆਲਾਂ ਤੱਕ ਪੈਰੋਕਾਰ ਦੀ ਪਕੜ; ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ ਜੀ ਭੀ ਕਰਵਾਉਂਦੇ ਹਨ। ਦੁਨੀਆਂ ਦੇ ਪਹਿਲੇ ਧਾਰਮਿਕ ਗ੍ਰੰਥ ਹਨ ‘ਗੁਰੂ ਗ੍ਰੰਥ ਸਾਹਿਬ’, ਜਿਨ੍ਹਾਂ ਵਿੱਚ ਫ਼ਲਸਫ਼ੇ (ਨਾਨਕ ਜੋਤਿ) ਦੀ ਵਿਆਖਿਆ ਫ਼ਲਸਫ਼ਾ (ਭੱਟ ਸਾਹਿਬਾਨ ਅਤੇ ਸੱਤਾ-ਬਲਵੰਡ) ਕਰਦਾ ਹੈ।
ਜੇਕਰ ਸਮੁੱਚੀ ਗੁਰਬਾਣੀ ਦੀ ਵਿਚਾਰ ਕਰਦਿਆਂ ਉਕਤ ਦ੍ਰਿਸ਼ਟੀਕੋਣ ਨਾ ਬਣਿਆ ਤਾਂ ਨਿਰੋਲ ਅਨੁਭਵ ’ਚੋਂ ਪ੍ਰਗਟਾਏ ਵਚਨ ‘‘ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥’’ ਯਾਨੀ ਕਿ ਸਵੈ ਪੜਚੋਲ ਕਰਨ ਵਾਲ਼ੇ ਰਾਮ ਦੇ ਦਾਸ ਰੂਪ ਸਰੋਵਰ ’ਚ ਸਵੈ ਪੜਚੋਲ ਕੀਤਿਆਂ ਮਨ ਨਿਰਮਲ ਹੋ ਜਾਂਦਾ ਹੈ; ਇਹ ਅੰਮ੍ਰਿਤਮਈ ਵਚਨ ਭੀ ਬੌਧਿਕ ਗਿਆਨ ‘ਦਰਬਾਰ ਸਾਹਿਬ ਸਰੋਵਰ ’ਚ ਸਰੀਰਕ ਇਸ਼ਨਾਨ ਕਰਨ ਨਾਲ਼ ਪਾਪ ਲਹਿ ਜਾਂਦੇ ਹਨ, ਬਣ ਜਾਂਦੇ ਹਨ ਭਾਵੇਂ ਕਿ ਇਹ ਸ਼ਬਦ ਅਗਾਂਹ (ਅੰਤ ’ਚ) ‘ਰਾਮਦਾਸ ਸਰੋਵਰਿ’ ਦਾ ਅਰਥ ‘ਸੰਗਤ’ ਹੈ, ਭੀ ਸਪਸ਼ਟ ਕਰਦਾ ਹੈ‘‘ਸਾਧ ਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥੨॥’’ (ਮਹਲਾ ੫/੬੨੫)
98140-35202
***