ਅਲਵਿਦਾ ਗੁਰਸ਼ਾਨ !......... ਲੇਖ਼ / ਰਿਸ਼ੀ ਗੁਲਾਟੀ


ਘਟੀਆ ਤੇ ਸੌੜੀ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਸਿਰਫ਼ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਬਿਨਾਂ ਕਿਸੇ ਕਸੂਰ ਦੇ ਕਤਲ ਕਰ ਦਿੱਤਾ ਜਾਏ । ਘਟੀਆ ਸੋਚ ਨੇ ਇੱਕ ਅਜਿਹੇ ਫੁੱਲ ਨੂੰ ਕੁਚਲ ਦਿੱਤਾ, ਜੋ ਕਿ ਵੱਡਾ ਹੋ ਕੇ ਪਤਾ ਨਹੀਂ ਕੀ ਕੀ ਕਰ ਸਕਦਾ ਸੀ । ਸ਼ਾਇਦ ਕਾਤਲ ਨੇ ਸਮੁੱਚੇ ਭਾਈਚਾਰੇ ਤੋਂ ਇੱਕ ਅਜਿਹਾ ਡਾਕਟਰ ਖੋਹ ਲਿਆ, ਜਿਸਨੇ ਵੱਡਿਆਂ ਹੋ ਕੇ ਅਣਗਿਣਤ ਦੁਖਿਆਰਿਆਂ ਨੂੰ ਰਾਹਤ ਪਹੁੰਚਾਉਣੀ ਹੋਵੇ ਜਾਂ ਇੱਕ ਸਾਇੰਸਦਾਨ ਜਾਂ ਇੰਜੀਨੀਅਰ ਤੇ ਯਕੀਨਨ ਇੱਕ ਮਾਂ ਤੋਂ ਉਸਦੇ ਜਿਗਰ ਦਾ ਟੁਕੜਾ ਤੇ ਇੱਕ ਬਾਪ ਤੋਂ ਉਸਦੇ ਭਵਿੱਖ ਦਾ ਆਸਰਾ । ਉਹ ਮਾਸੂਮ ਗੁਰਸ਼ਾਨ ਜਿਸਨੂੰ ਅਜੇ ਤੱਕ ਆਸਟ੍ਰੇਲੀਆ ਤੇ ਭਾਰਤ ਸ਼ਬਦਾਂ ਦਾ ਫ਼ਰਕ ਵੀ ਨਹੀਂ ਪਤਾ ਸੀ । ਉਹ ਤਾਂ ਕੇਵਲ ਮੰਮੀ ਜਾਂ ਪਾਪਾ ਹੀ ਕਹਿ ਸਕਦਾ ਸੀ ਜਾਂ ਕਹਿ ਸਕਦਾ ਸੀ “ਮੰਮਾ ਦੁਦੂ”, “ਮੰਮਾ ਭੁੱਖੀ ਲੱਗੀ ਐ” ।
ਅਜੇ ਤਾਂ ਉਹ ਆਪਣੇ ਪਾਪਾ ਨਾਲ਼ ਰਿਹਾੜ ਕਰਨ ਜੋਗਾ ਵੀ ਨਹੀਂ ਸੀ ਕਿ ਮੈਂ ਆਹ ਚੀਜ਼ ਲੈਣੀ ਹੈ ਜਾਂ ਔਹ ਚੀਜ਼ ਲੈਣੀ ਹੈ । ਅਜੇ ਤਾਂ ਉਹ ਸੁਪਰ ਸਟੋਰਾਂ ‘ਚ ਖਿਡੌਣੇ ਲੈਣ ਦੀ ਜਿ਼ੱਦ ਕਰਨ ਲਈ ਫ਼ਰਸ਼ ਤੇ ਲਿਟਣ ਜੋਗਾ ਵੀ ਨਹੀਂ ਸੀ ਹੋਇਆ ਕਿ ਉਸਨੂੰ ਪਹਿਲਾਂ ਹੀ ਤਾਬੂਤ ‘ਚ ਲਿਟਾ ਦਿੱਤਾ ਗਿਆ ।






ਆਹ ! ਗੁਰਸ਼ਾਨ !! ਪੁੱਤਰ, ਕਿਹੀ ਚੰਦਰੀ ਕਿਸਮਤ ਲੈ ਕੇ ਪੈਦਾ ਹੋਇਆ ਸੀ ? ਤੇਰੇ ਮੰਮੀ ਪਾਪਾ ਨੂੰ ਕਿੰਨੀਆਂ ਉਮੀਦਾਂ ਸਨ ? ਉਨ੍ਹਾਂ ਤੇਰੇ ਸੁਨਿਹਰੇ ਭਵਿੱਖ ਲਈ ਕਿੰਨੇ ਸੁਪਨੇ ਸਜਾਏ ਹੋਣਗੇ । ਅਜੇ ਤਾਂ ਤੂੰ ਆਪਣੇ ਮੰਮੀ ਪਾਪਾ ਦੀ ਝਿੜਕ ਵੀ ਨਹੀਂ ਸੁਣੀ ਹੋਵੇਗੀ, ਜੇ ਸੁਣੀ ਤਾਂ ਸਮਝ ਨਹੀਂ ਆਈ ਹੋਵੇਗੀ ਕਿ ਕੀ ਕਹਿ ਰਹੇ ਨੇ । ਤੂੰ ਤਾਂ ਉਨ੍ਹਾਂ ਦੀ ਝਿੜਕ ਦਾ ਜੁਆਬ ਆਪਣੀ ਪਿਆਰੀ ਜਿਹੀ ਮੁਸਕਾਨ ਨਾਲ਼ ਦਿੱਤਾ ਹੋਵੇਗਾ । ਤੂੰ ਇੱਥੇ ਕਿਉਂ ਆ ਗਿਆ ? ਕਾਸ਼ ! ਜਦੋਂ ਤੂੰ ਆਇਆ ਸੀ, ਤੂੰ ਜਹਾਜ਼ ਤੋਂ ਲੇਟ ਹੋ ਜਾਂਦਾ । ਤੈਨੂੰ ਏਅਰਪੋਰਟ ਛੱਡਣ ਆਈ ਗੱਡੀ ਪੰਕਚਰ ਹੋ ਜਾਂਦੀ । ਤੇਰੇ ਵੀਜ਼ੇ ਦੇ ਕਾਗਜ਼ਾਤ ‘ਚ ਨੁਕਸ ਨਿੱਕਲ ਆਉਂਦਾ । ਚਾਹੇ ਮੈਂ ਤੈਨੂੰ ਜਿੰਦਗੀ ‘ਚ ਕਦੇ ਦੇਖਿਆ ਨਹੀਂ, ਤੂੰ ਮੇਰਾ ਕੁਝ ਵੀ ਨਹੀਂ ਪਰ ਅੱਜ ਹਰ ਕਿਸੇ ਨੂੰ ਇਹੀ ਜਾਪ ਰਿਹਾ ਹੈ ਜਿਵੇਂ ਉਸੇ ਦੀ ਕੋਈ ਨਿੱਜੀ ਚੀਜ਼ ਗੁਆਚ ਗਈ ਹੈ । ਮੈਂ ਤਾਂ ਕੀ, ਹਰ ਦਿਲ ਅੱਜ ਤੇਰੇ ਲਈ ਦੁਖੀ ਹੈ । ਤੇਰੇ ਬਾਰੇ ਲਿਖਦੀ ਹੋਈ ਮੇਰੀ ਕਲਮ ਖੂਨ ਦੇ ਹੰਝੂ ਰੋ ਰਹੀ ਹੈ ।
ਕਾਤਲ ਨੇ ਤਾਂ ਜੱਗੋਂ ਤੇਰ੍ਹਵੀਂ ਕਰ ਵਿਖਾਈ । ਆਖਿਰ ਇੱਕ ਮਾਸੂਮ ਬੱਚੇ ਦੀ ਕਿਸੇ ਨਾਲ਼ ਕੀ ਦੁਸ਼ਮਣੀ ਹੋ ਸਕਦੀ ਹੈ ? ਉਹ ਖ਼ੁਦ ਵੀ ਤਾਂ ਇੱਕ ਮਾਸੂਮ ਬੱਚੀ ਦਾ ਬਾਪ ਹੈ । ਉਸਨੇ ਇਹ ਕਾਰਾ ਕਰਦੇ ਸਮੇਂ ਇੱਕ ਪਲ ਲਈ ਵੀ ਅੰਜਾਮ ਨਹੀਂ ਸੋਚਿਆ । ਉਸਨੇ ਕੇਵਲ ਗੁਰਸ਼ਾਨ ਦੀ ਜਾਨ ਹੀ ਨਹੀਂ ਲਈ ਬਲਕਿ ਚਾਰ ਪਰਿਵਾਰਾਂ ਨੂੰ ਜਿਉਂਦੇ ਜੀ ਸੂਲੀ ਚਾੜ੍ਹ ਦਿੱਤਾ ਹੈ । ਗੁਰਸ਼ਾਨ ਦੇ ਨਾਨਕੇ ਦਾਦਕੇ ਤੇ ਆਪਣੀ ਮਾਸੂਮ ਬੱਚੀ ਦੇ ਨਾਨਕੇ ਦਾਦਕੇ । ਨਤੀਜਾ ਕੀ ? ਇਨ੍ਹਾਂ ਮੀਆਂ-ਬੀਵੀ ਦਾ ਤਾਂ ਜੋ ਹੋਵੇਗਾ, ਉਹ ਭਵਿੱਖ ਦੇ ਗਰਭ ‘ਚ ਹੈ ਪ੍ਰੰਤੂ ਉਸਨੇ ਆਪਣੀ ਬੱਚੀ ਤੋਂ ਮਾਂ-ਬਾਪ ਦਾ ਸਾਇਆ ਜ਼ਰੂਰ ਖੋਹ ਲਿਆ । ਅਕਸਰ ਦੇਖਣ ‘ਚ ਆਇਆ ਹੈ ਕਿ ਅਸੀਂ ਕਿਸੇ ਵੀ ਬੱਚੇ ਨੂੰ ਉਂਝ ਹੀ, ਬਿਨਾਂ ਕਿਸੇ ਜਾਣ ਪਹਿਚਾਣ ਤੋਂ ਵੀ ਬੁਲਾਉਣ ਦਾ ਯਤਨ ਕਰਦੇ ਹਾਂ, ਉਸਨੂੰ ਆਪਣਾ ਮੂੰਹ ਵਿੰਗਾ-ਟੇਢਾ ਕਰਕੇ ਹਸਾਉਣ ਦਾ ਯਤਨ ਕਰਦੇ ਹਾਂ । ਜੇਕਰ ਕਿਸੇ ਦੇ ਘਰ ਦੋ ਘੰਟੇ ਬੈਠਣ ਦਾ ਮੌਕਾ ਮਿਲੇ ਤਾਂ ਬੱਚਾ ਆਪਣੀ ਗੋਦ ‘ਚ ਲੈਣ ਤੇ ਉਸ ਨਾਲ਼ ਤੋਤਲੀਆਂ ਗੱਲਾਂ ਕਰਨ ਦਾ ਯਤਨ ਵੀ ਕਰਦੇ ਹਾਂ । ਇਸ ਸਖ਼ਸ਼ ਨੇ ਤਾਂ ਦਰਿੰਦਗੀ ਦੀਆਂ ਸਭ ਹੱਦਾਂ ਬੰਨੇ ਹੀ ਪਾਰ ਕਰ ਦਿੱਤੇ । ਇੱਕੋ ਘਰ ‘ਚ ਰਹਿਣ ਦੇ ਬਾਵਜੂਦ ਉਸਨੇ ਆਪਣੇ ਪੁੱਤਰ ਦੀ ਉਮਰ ਦੇ ਬੱਚੇ ਨੂੰ ਦੁਨੀਆਂ ਤੋਂ ਵਿਦਾ ਕਰ ਦਿੱਤਾ । ਅਫਸੋਸ ! ਅਫਸੋਸ !! ਅਫਸੋਸ !!! ਬੇਰਹਿਮ ਆਦਮੀ, ਕੀ ਤੂੰ ਇਨਸਾਨ ਕਹਾਉਣ ਦੇ ਵੀ ਕਾਬਿਲ ਹੈਂ ? ਜਿੰਦਗੀ ‘ਚ ਕਦੀ ਟਾਈਮ ਮਿਲੇ ਤਾਂ ਦਿਲ ਤੇ ਹੱਥ ਰੱਖਕੇ ਆਪਣੇ ਕੀਤੇ ਕਾਰੇ ਬਾਰੇ ਸੋਚੀਂ । ਕੀ ਕਰ ਬੈਠਾ ਹੈਂ ? ਤੈਨੂੰ ਜ਼ਮਾਨਤ ਮੰਗਣ ਦੀ ਬਜਾਏ ਪ੍ਰਮਾਤਮਾ ਦੇ ਦਰ ਤੋਂ ਸਜ਼ਾ ਮੰਗਣੀ ਚਾਹੀਦੀ ਸੀ ਤਾਂ ਜੋ ਤੇਰੇ ਗੁਨਾਹਾਂ ਦਾ ਬੋਝ ਕੁਝ ਹਲਕਾ ਹੋ ਸਕਦਾ ਪਰ ਤੂੰ ਤਾਂ..... ।
ਛੱਡ ਯਾਰ ! ਕੁਝ ਬਦਨਸੀਬ ਲੋਕ ਨਫ਼ਰਤ ਦੇ ਕਾਬਿਲ ਵੀ ਨਹੀਂ ਹੁੰਦੇ, ਤੂੰ ਉਨ੍ਹਾਂ ‘ਚੋਂ ਇੱਕ ਹੈਂ ।
ਅੱਛਾ ਗੁਰਸ਼ਾਨ ! ਅਲਵਿਦਾ ਬੱਚੇ ! ਸਾਡੇ ਵਤਨ ‘ਚ ਅਜਿਹੀ ਚੰਦਰੀ ਘੜੀ ‘ਚ ਦਿਲ ਨੂੰ ਦਿਲਾਸਾ ਦੇਣ ਲਈ ਇਹ ਹੀ ਕਿਹਾ ਜਾਂਦਾ ਹੈ ਕਿ “ਹੋਣੀ” ਇਸੇ ਤਰ੍ਹਾਂ ਹੀ ਲਿਖੀ ਸੀ । ਤੂੰ ਤਾਂ ਵਤਨ ਵਾਪਸ ਚੱਲਿਆ ਸੀ ਪਰ ਤੈਨੂੰ ਆਸਟ੍ਰੇਲੀਆ ਦੀ ਧਰਤੀ ਨੇ ਆਪਣੀ ਗੋਦ ‘ਚ ਸਾਂਭਣਾ ਸੀ, ਸੋ ਕਿਸ ਤਰ੍ਹਾਂ ਵਾਪਸ ਜਾਂਦਾ ?
ਹਰਜੀਤ ! ਬੱਚੇ ਸਭ ਨੂੰ ਪਿਆਰੇ ਹੁੰਦੇ ਹਨ । ਸਭ ਦੇ ਜਿਗਰ ਦਾ ਟੁਕੜਾ ਹੁੰਦੇ ਹਨ । ਗੁਰਸ਼ਾਨ ਵੀ ਅਜਿਹਾ ਹੀ ਪਿਆਰਾ ਬੱਚਾ ਸੀ । ਪਰ ਉਸਨੂੰ ਪਰਮਪਿਤਾ ਪ੍ਰਮਾਤਮਾ ਵੀ ਬਹੁਤ ਪਿਆਰ ਕਰਦੇ ਸਨ । ਸ਼ਾਇਦ ਸਾਡੇ ਸਭ ਨਾਲੋਂ ਜਿ਼ਆਦਾ । ਇਸੇ ਲਈ ਉਨ੍ਹਾਂ ਨੇ ਗੁਰਸ਼ਾਨ ਨੂੰ ਆਪਣੀ ਪਵਿੱਤਰ ਗੋਦ ‘ਚ ਲੈ ਲਿਆ ਹੈ । ਇਸ ਦੁੱਖ ਦੀ ਘੜੀ ‘ਚ ਸਮੂਹ ਪੰਜਾਬੀ ਭਾਈਚਾਰਾ ਤੁਹਾਡੇ ਲਈ ਅਰਦਾਸ ਕਰਦਾ ਹੈ । ਅਸੀਂ ਸਭ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ ਕਰਦੇ ਹਾਂ ਕਿ ਸਭ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬਲ ਬਖ਼ਸ਼ੇ ਤੇ ਗੁਰਸ਼ਾਨ ਨੂੰ ਨਵੇਂ ਰੂਪ ‘ਚ ਤੁਹਾਡੇ ਕੋਲ ਵਾਪਿਸ ਭੇਜਣ ਦੀ ਦਇਆ ਮਿਹਰ ਕਰੇ ।