ਜਨਮਦਿਨ ਮੁਬਾਰਕ ਮੇਰੀ ਬੱਚੀ !!!..........ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)


ਤਨੀਸ਼ਾ ! ਮੇਰੀ ਬੱਚੀ !! ਆਪਣੀ ਵਾਅਦਾ ਖਿਲਾਫੀ ਕਰਕੇ ਅਸੀਂ ਤਾਂ ਤੇਰੇ ਕੋਲੋਂ ਮੁਆਫ਼ੀ ਮੰਗਣ ਦੇ ਵੀ ਹੱਕਦਾਰ ਨਹੀਂ ਹਾਂ । ਯਾਦ ਹੈ ਅੱਜ ਵੀ 24 ਦਸੰਬਰ 2008, ਦਿਨ ਬੁੱਧਵਾਰ ਦੀ ਸਵੇਰ ਦਾ ਕਰੀਬ ਸਾਢੇ ਚਾਰ ਦਾ ਸਮਾਂ, ਜਦ ਕਿ ਅਸੀਂ ਤੁਹਾਡੇ ਕੋਲੋਂ ਲੰਬੀ ਜੁਦਾਈ ਪਾ ਗਏ ਸਾਂ । ਜਦ ਵਿਦਾ ਹੋਣ ਦਾ ਸਮਾਂ ਸੀ ਤੇ ਤੈਨੂੰ ਸੁੱਤੀ ਪਈ ਨੂੰ ਜਗਾ ਕੇ ਕਿਹਾ ਸੀ ਕਿ “ਛੋਟੀ ਗਰਿਮਾ ਦਾ ਧਿਆਨ ਰੱਖੀਂ”, ਉਦੋਂ ਅਹਿਸਾਸ ਹੋਇਆ ਸੀ ਕਿ ਕਿੰਨੀ ਵੱਡੀ ਗ਼ਲਤੀ ਕਰ ਬੈਠੇ ਹਾਂ ? ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਕੋਲੋਂ ਜੁਦਾ ਹੋਣ ਤੱਕ ਦਾ ਇੱਕ ਮਹੀਨੇ ਦਾ ਸਮਾਂ ਤਾਂ ਸਮੇਟਾ ਸਮਾਟੀ ‘ਚ ਕਦੋਂ ਬਿਨਾਂ ਖੰਭਾਂ ਤੋਂ ਕਿਧਰੇ ਉੱਡ ਗਿਆ, ਪਤਾ ਹੀ ਨਾ ਲੱਗਾ । ਮੁੜ ਜਦ ਇੱਕ ਅਣਜਾਣੀ ਧਰਤੀ ਤੇ ਆ ਕਦਮ ਧਰੇ ਤਾਂ ਅਣਜਾਣੇ ਲੋਕ, ਅਣਜਾਣਿਆ ਵਾਤਾਵਰਨ, ਅਣਜਾਣਿਆ ਮਾਹੌਲ । ਹਰ ਸ਼ੈਅ ਵੱਢ ਵੱਢ ਖਾਣ ਨੂੰ ਕਰੇ । ਪਰ ਕੁਝ ਵੀ ਵੱਸ ਨਹੀਂ ਸੀ । ਦਿਲ ਦੇ ਕੋਨੇ ‘ਚ ਇੱਕ ਆਸ ਸੀ ਕਿ ਚਲੋ ਛੇ ਮਹੀਨਿਆਂ ਬਾਅਦ ਮਾੜੇ ਮੋਟੇ ਸੈੱਟ ਹੋ ਕੇ ਤੁਹਾਨੂੰ ਬੁਲਾ ਹੀ ਲੈਣਾ ਹੈ । ਤੁਹਾਡੇ ਨਾਲ਼ ਵਾਅਦਾ ਵੀ ਤਾਂ ਕੀਤਾ ਸੀ ਕਿ ਕੁਝ ਮਹੀਨਿਆਂ ਬਾਅਦ ਮਈ ਜੂਨ ‘ਚ ਤੁਹਾਨੂੰ ਆਪਣੇ ਕੋਲ ਬੁਲਾ ਲਵਾਂਗੇ । ਛੇ ਮਹੀਨੇ... ਸਾਲ... ਸਵਾ ਸਾਲ... ਹੁਣ ਤਾਂ ਡੇਢ ਸਾਲ ਵੀ ਗੁਜ਼ਰ ਗਿਆ ਹੈ । ਪਰ ਤੁਹਾਨੂੰ ਮਿਲਣ ਦਾ ਕੋਈ ਹਿਸਾਬ ਕਿਤਾਬ ਨਜ਼ਰ ਨਹੀਂ ਆ ਰਿਹਾ । ਸਾਡਾ ਤਾਂ ਹਰ ਦਿਨ ਹੀ ਡੇਢ ਡੇਢ ਸਾਲ ਦਾ ਹੋ ਕੇ ਗੁਜ਼ਰ ਰਿਹਾ ਹੈ । ਪਰ ਕਰੀਏ ਤਾਂ ਕੀ ਕਰੀਏ ? ਬਹੁਤ ਮਜ਼ਬੂਰੀਆਂ ਵੀ ਨੇ ਤੇ ਕੋਈ ਦਰ ਵੀ ਨਹੀਂ ਛੱਡਿਆ ਜਿੱਥੇ ਕਿ ਤੁਹਾਨੂੰ ਮਿਲਣ ਲਈ ਜੋਦੜੀ ਨਾ ਕੀਤੀ ਹੋਵੇ । ਰੱਬ ਦੇ ਹਾੜ੍ਹੇ ਪਾ ਪਾ ਦੇਖ ਲਏ । ਪਰ ਸ਼ਾਇਦ ਅਜੇ ਵੀ ਲੰਬੀਆਂ ਜੁਦਾਈਆਂ ਬਾਕੀ ਨੇ । ਤੇਰੀ ਕੁਰਬਾਨੀ ਤਾਂ ਸਾਡੇ ਸਭ ਨਾਲੋਂ ਵਧ ਕੇ ਹੈ । ਗਰਿਮਾ ਨੂੰ ਤਾਂ ਅਜੇ ਕੋਈ ਸਮਝ ਹੀ ਨਹੀਂ ਸੀ । ਤੈਨੂੰ ਪਤਾ ਸੀ ਕਿ ਮੰਮੀ ਪਾਪਾ ਤੇਰੇ ਕੋਲੋਂ ਬਹੁਤ ਦੂਰ ਜਾ ਰਹੇ ਹਨ, ਪਰ ਤੂੰ ਸਬਰ ਰੱਖਿਆ । ਮੇਰੀ ਬੱਚੀ ! ਅਸੀਂ ਤੇਰੇ ਸਬਰ ਨੂੰ ਸਲਾਮ ਕਰਦੇ ਹਾਂ । ਅਸੀਂ ਬਹੁਤ ਖੁਸ਼ਨਸੀਬ ਹਾਂ ਜੋ ਤੂੰ ਸਾਡੀ ਬੇਟੀ ਹੈਂ । ਅੱਜ ਤੇਰੇ ਜਨਮ ਦਿਨ ਤੇ ਤੈਨੂੰ ਤੋਹਫ਼ੇ ਬਾਰੇ ਪੁੱਛਿਆ ਤਾਂ ਤੇਰੀ ਗੱਲ ਸੁਣ ਕੇ ਤਾਂ ਹੈਰਾਨ ਹੀ ਰਹਿ ਗਏ ਕਿ ਤੂੰ ਕਿਸੇ ਤੋਹਫ਼ੇ ਜਾਂ ਕੇਕ ਆਦਿ ਦੀ ਬਜਾਏ ਗਰੀਬ ਲੋਕਾਂ ਨੂੰ ਖਾਣਾ ਖੁਆਉਣਾ ਚਾਹੁੰਦੀ ਹੈਂ । ਇਸ ਨੰਨ੍ਹੀ ਜਿਹੀ ਉਮਰ ‘ਚ ਤੇਰੇ ਇਸ ਜ਼ਜ਼ਬੇ ਅੱਗੇ ਸਾਡਾ ਸਿਰ ਝੁਕਦਾ ਹੈ । ਤੈਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ! ਰੱਬ ਅੱਗੇ ਅਰਦਾਸ ਹੈ ਕਿ ਤੇਰੀ ਨੇਕ ਨੀਅਤੀ ਨੂੰ ਫਲ ਲਾਵੇ । ਤੇਰੀਆਂ ਇੱਛਾਵਾਂ ਪੂਰੀਆਂ ਕਰੇ ਤੇ ਜਿੰਦਗੀ ‘ਚ ਕਾਮਯਾਬੀ ਤੇਰੇ ਕਦਮ ਚੁੰਮੇ ।

ਆਮੀਨ !