ਕੁਝ ਸ਼ਬਦ ਡਾਕਟਰ ਹਰਭਜਨ ਸਿੰਘ ਦਿਓਲ ਬਾਰੇ..........ਸ਼ਬਦ ਚਿੱਤਰ / ਮੁਹਿੰਦਰ ਸਿੰਘ ਘੱਗ

ਡਾਕਟਰ ਹਰਭਜਨ ਸਿੰਘ ਦਿਓਲ ਨੇ ਆਪਣੇ ਜੀਵਨ ਦਾ ਇਕ ਪਲ ਵੀ ਅਜਾਈਂ ਨਹੀਂ ਜਾਣ ਦਿਤਾ। ਜੀਵਨ ਦੀ ਹਰ ਕਾਮਯਾਬੀ ਨੂੰ ਮੰਜ਼ਲ ਮਨ ਲੈਣ ਦੀ ਬਜਾਏ ਇਕ ਪੜਾ ਸਮਝ ਕੇ ਅਗੇ ਹੀ ਅਗੇ ਤੁਰੇ ਗਏ। ਕਾਲਜ ਅਧਿਆਪਕ ਤੋਂ ਸ਼ੁਰੂ ਹੋੲ ਪਰ ਹੋਰ ਜਾਨਣ ਦੀ ਇਛਾ ਇਡੀ ਪਰਬਲ ਹੋਈ ਕਿ 1965 ਤੋਂ ਲੈ ਕੇ 1972 ਤਕ ਇੰਗਲੈਂਡ ਵਿਚ ਉਚ ਵਿਦਿਆ ਪਰਾਪਤ ਕੀਤੀ, ਟਰੇਡ ਯੂਨੀਅਨ , ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ,ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਦੀ ਸੇਵਾ ਨਿੱਭਾ ਕੇ ਇਕ ਵੇਰ ਫੇਰ ਮੌੜ ਕਟ ਕੇ ਯੂਨੀਵਰਸਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਵਿਚ ਰੀਡਰ ਵਜੋਂ ਸੇਵਾ ਸੰਭਾਲੀ ਅਤੇ ਇਸੇ ਦੌਰਾਨ ਕੌਮੀ ਏਕਤਾ ਚੇਅਰ ਦੇ ਪ੍ਰੋਫੈਸਰ ਅਤੇ ਚੇਅਰ ਮੈਨ ਦੀ ਸੇਵਾ ਨਿੱਭਾ ਕੇ ਰਿਟਾਇਰ ਹੋਣ ਉਪਰੰਤ ਭਾਰਤ ਸਰਕਾਰ ਦੇ ਘਟ ਗਿਣਤੀ ਭਾਸ਼ਾਈ ਕਮਿਸ਼ਨ ਦੇ ਕਮਿਸ਼ਨਰ ਬਣੇ।। ਡਾਕਟਰ ਦਿਓਲ ਗੁਰਬਾਣੀ ਦੇ ਫੁਰਮਾਨ “ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ ਬਹੁਰ ਨਾ ਆਵੈ ਵਾਰੀ” ਨੂੰ ਅਮਲ ਵਿਚ ਲਿਆਉਂਦੇ ਹੋਏ ਆਪਣੇ ਨਾਂ ਨਾਲ ਹੋਰ ਕੀ ਕੀ ਜੋੜਨਗੇ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ। ਮੈਨੂੰ ਉਹਨਾਂ ਦੀ ਪੁਸਤਕ ਤਾਰਿਆਂ ਦਾ ਕਾਫਲਾ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਬੜਾ ਕੁਝ ਸਿਖਣ ਨੂੰ ਮਿਲਿਆ। ਪੁਸਤਕ ਨੂੰ ਕਈ ਵੇਰ ਪੜ੍ਹਨ ਉਪਰੰਤ ਮੈਂ ਡਾਕਟਰ ਸਾਹਿਬ ਦੀ ਲਿਖਣ ਕਲਾ ਬਾਰੇ ਪਾਠਕਾਂ ਨਾਲ ਸਾਂਝ ਪਾਉਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ।



ਤਾਰਿਆਂ ਦਾ ਕਾਫ਼ਲਾ ( ਰੇਖਾ ਚਿੱਤਰ)
ਲੇਖਕ ਹਰਭਜਨ ਸਿੰਘ ਦਿਓਲ
ਸਿ਼ਲਾ ਲੇਖ ਦਿਲੀ-32
ਮੁਲ: 100 ਰੁਪਏ ਪੰਨੇ 104

ਕੋਈ ਸਮਾਂ ਸੀ ਜਦ ਬਾਹਰਲੀ ਦਿਖ ਨੂੰ ਇਨੀ ਮਹਤੱਤਾ ਨਹੀਂ ਸੀ ਦਿਤੀ ਜਾਂਦੀ। ਚੁਗਿਰਦੇ ਵਿਚ ਸਾਦਗੀ ਹੀ ਸਾਦਗੀ ਸੀ। ਬੋਲਾਂ ਵਿਚ ਸਾਦਗੀ, ਸਾਦਾ ਪੋਸ਼ਾਕ ਅਤੇ ਸਾਦੀ ਖੌਰਾਕ। ਪੁਸਤਕਾਂ ਦੀ ਦਿਖ ਵੀ ਦਿਲਕਸ਼ ਨਹੀਂ ਸੀ ਹੁੰਦੀ। ਸਾਦੀ ਜਿਹੀ ਜਿਲਦ ਉਪਰ ਪੁਸਤਕ ਦਾ ਨਾਮ। ਪੁਸਤਕ ਵਿਕਦੀ ਸੀ ਲੇਖਕ ਦੇ ਨਾਮ ਤੇ। ਕੁਝ ਗਿਣਤੀ ਦੇ ਲੇਖਕ ਹੀ ਛੱਪਦੇ ਅਤੇ ਪੜ੍ਹੇ ਜਾਂਦੇ ਸਨ। ਪਛਮੀ ਪ੍ਰਭਾਵ ਨੂੰ ਕਬੂਲਦਿਆਂ ਭਾਰਤੀ ਸਮਾਜ ਵੀ ਬਾਹਰਲੀ ਦਿਖ ਨੂੰ ਪਹਿਲ ਦੇਣ ਲਗ ਪਿਆ ਹੈ। ਗੱਲ ਆਪਾਂ ਸਿਰਫ ਪੁਸਤਕ ਦੀ ਕਰਨੀ ਹੈ। ਅੱਜ ਜਦ ਕੋਈ ਪੁਸਤਕ ਖ੍ਰੀਦਣ ਜਾਂਦਾ ਹੈ ਤਾਂ ਰੰਗ ਬਰੰਗਾ ਕਵਰ ਅਤੇ ਅਲ ਬੱਲਲਾ ਨਾਂ ਖਿਚ ਦਾ ਕਾਰਨ ਬਣਦਾ ਹੈ। ਹਰਭਜਨ ਸਿੰਘ ਦਿਓਲ ਜੀ ਦੀ ਪੁਸਤਕ “ ਤਾਰਿਆਂ ਦਾ ਕਾਫਲਾ” ਸ਼ੈਲਫ ਤੇ ਪਈ ਪੁਸਤਕ ਦਾ ਰੰਗ ਬਰੰਗਾ ਕਵਰ ਖਿਚ ਦਾ ਕਾਰਨ ਬਣਿਆ। ਉਂਗਲੀ ਦੇ ਇਸ਼ਾਰੇ ਨਾਲ ਦੁਕਾਨਦਾਰ ਨੂੰ ਪੁਸਤਕ ਦਿਖਾਉਣ ਲਈ ਕਿਹਾ ਤਾਂ ਪੁਸਤਕ ਨੂੰ ਮੇਰੇ ਤਕ ਪੁੱਜਦਾ ਕਰਦਿਆਂ ਕਰਦਿਆਂ ਦੁਕਾਨਦਾਰ ਵਲੋਂ ਦਿਤੀ ਜਾਣਕਾਰੀ ਤੋਂ ਪਤਾ ਲਗਾ ਕਿ ਤਾਰਿਆਂ ਦਾ ਕਾਫ਼ਲਾ ਰੇਖਾ ਚਿੱਤਰ ਹੈ ਇਸ ਵਿਚ ਕੁਝ ਸ਼ਖਸ਼ੀਅਤਾਂ ਦੀ ਗੱਲ ਹੈ। ਆਕੱਰਸ਼ਕ ਕਵਰ ਅਤੇ ਨਾਮ ਅਤੇ ਦੁਕਾਨਦਾਰ ਵਲੋਂ ਦਿਤੀ ਜਾਣਕਾਰੀ ਪੁਸਤਕ ਖਰੀਦਣ ਦਾ ਕਾਰਨ ਬਣੀ।
ਪੁਸਤਕ ਹਥ ਵਿਚ ਹੈ ਆਰਟ ਅਤੇ ਰੰਗ ਦੇਖ ਰਿਹਾ ਹਾਂ । ਨਾਮ ਲਈ ਵਰਤੇ ਅਖਰਾਂ ਦੀ ਬਣਤਰ ਤੋਂ ਚਲਦੇ ਕਾਫ਼ਲੇ ਦੀ ਹਰਕਤ ਮਹਿਸੂਸ ਹੁੰਦੀ ਹੈ ਪਰ ਤਾਰਿਆਂ ਦੀ ਗੱਲ ਕਰਨ ਤੋਂ ਅਸਮਰਥ ਹੈ। ਤਾਰੇ ਰਾਤ ਰਾਣੀ ਦੀ ਦੇਣ ਹਨ ਅਤੇ ਰਾਤ ਦੇ ਬਦਲਾਂ ਵਿਚ ਸੁਰਖੀ ਨਹੀਂ ਹੁੰਦੀ ਅਤੇ ਪਿਲਤਣ ਤਾਂ ਕਦੇ ਵੀ ਦੇਖਣ ਵਿਚ ਨਹੀਂ ਆਈ। ਪੁਸਤਕ ਦੀ ਭੂਮਕਾ ਪੜ੍ਹਨ ਤੋਂ ਮੈਂ ਹਮੇਸ਼ਾ ਗਰੇਜ਼ ਕਰਦਾ ਹਾਂ ਮੇਰਾ ਵਿਚਾਰ ਹੈ ਕਿ ਭੁਮਕਾ ਮੇਰੀ ਆਜਾ਼ਦ ਸੋਚ ਤੇ ਹਾਵੀ ਰਹੇਗੀ ਜਿਸ ਕਾਰਨ ਮੈਂ ਆਪਣੀ ਨਿਜੀ ਰਾਏ ਦੇਣ ਵਿਚ ਸਫਲ ਨਹੀਂ ਹੋ ਸਕਾਗਾਂ।

ਪਹਿਲਾ ਰੇਖਾ ਚਿਤ੍ਰ ਜਿੰਮੀ ਦਾ ਹੈ ਪਰ ਸਿਰਲੇਖ ਰਿਸਦਾ ਜ਼ਖਮ ਕਹਾਣੀ ਵਰਗਾ ਹੋਣ ਕਾਰਨ ਪੜ੍ਹਨ ਲਈ ਉਤਸਕਤਾ ਵਧੀ। ਇਦਾਂ ਮਹਿਸੂਸ ਹੋਇਆ ਕਿ ਦਿਓਲ ਆਪਣੀ ਗੱਲ ਕਹਿਣ ਲਈ ਵਖਰੀ ਵਿਧੀ ਅਪਨਾਇਗਾ।

ਰਿਸਦਾ ਜਖ਼ਮ
ਜਿੰਮੀ 

ਦਿਓਲ ਜੀ ਨੇ ਬੜੇ ਹੀ ਵਿਸਥਾਰ ਵਿਚ ਜਿੰਮੀ ਦਾ ਕਹਾਣੀ ਨੁਮਾ ਰੇਖਾ ਚਿਤ੍ਰ ਉਲੀਕਿਆ ਹੈ। ਇਸ ਸਾਰੀ ਵਾਰਤਾ ਵਿਚ ਹਰਭਜਨ ਦਿਓਲ ਸਬਦਾਂ ਦੇ ਬੁਰਸ਼ ਨਾਲ ਰੰਗ ਰੂਪ ਬਸਤ੍ਰ ਅਤੇ ਹੋਰ ਬਹੁਤ ਸਾਰੀ ਤਫਸੀਲ ਦਿੰਦਾ ਦਿੰਦਾ ਇਕ ਮੁਲਾਕਾਤੀ ਅਤੇ ਇਕ ਸੂਝਵਾਨ ਪਛਮੀ ਪਰੈਸ ਰਿਪੋਰਟਰ ਵਾਂਗ ਬੜੇ ਹੀ ਸਹਿਜ ਵਿਚ ਖਾਸ ਖਾਸ ਨੁਕਤੇ ਆਪਣੇ ਪਾਤਰ ਦੀ ਜ਼ੁਬਾਨੀ ਉਜਾਗਰ ਕਰਦਾ ਹੈ । ਬੜਾ ਚੰਗਾ ਲਗਾ। ਪਛਮੀ ਪਤ੍ਰਕਾਰੀ ਅਤੇ ਭਾਰਤ ਦੀ ਪਤ੍ਰਕਾਰੀ ਵਿਚ ਇਹੋ ਅੰਤਰ ਹੈ ਕਿ ਪਛਮੀ ਪਤ੍ਰਕਾਰ ਨਿਊਜ਼ ਦਿੰਦਾ ਹੈ ਅਤੇ ਭਾਰਤੀ ਪਤ੍ਰਕਾਰ ਵਿਊਜ਼। ਇਦਾਂ ਕਰਨ ਨਾਲ ਦਿਓਲ ਕਟੜ ਸਮਾਜਵਾਦੀ ਆਲੋਚਕ ਦੀ ਮਾਰ ਤੋਂ ਬਚ ਜਾਂਦਾ ਹੈ । ਦਸ ਸ਼ਬਦਾਂ ਦੇ ਵਾਕ “ ਸਮਾਜਕ ਇਨਕਲਾਬ ਬਾਰੇ ਦਿਮਾਗ ਨਾਲ ਪੜ੍ਹਿਆ ਕਰ ਦਿਲ ਨਾਲ ਨਹੀਂ” ਇਕ ਅਟਲ ਸਚਾਈ ਵਲ ਇਸ਼ਾਰਾ ਹੈ। ਅਗੇ ਜਾ ਕੇ ਜਿੰਮੀ ਇਸ ਕਹੀ ਗੱਲ ਨੂੰ ਨਿਖਾਰਦਾ ਹੋਇਆ ਆਖਦਾ ਹੈ “ ਮੈਂ ਦਿਲ ਨੂੰ ਉਕਾ ਨਜ਼ਰ ਅੰਦਾਜ਼ ਨਹੀਂ ਕਰਦਾ ਪਰ ਮਾਰਕਸਵਾਦ ਨੂੰ ਦਿਮਾਗ ਨਾਲ ਪੜ੍ਹ ਕੇ ਹੀ ਮਾਰਕਸਵਾਦ ਦੀ ਸਿਖਿਆ ਹੈ । ਜਿਹਨਾਂ ਨੇ ਦਿਲ ਨਾਲ ਪੜ੍ਹਿਆ ਉਹ ਭਗੌੜੇ ਬਣ ਗਏ ਜਾਂ ਇਸ ਦੇ ਦਾਰਸ਼ਨਿਕ ਤਰਕ ਨੂੰ ਕਵਿਤਾ ਵਾਂਗ ਸੁਣਕੇ ਵਾਹ ਵਾਹ ਕਰਨ ਉਪਰੰਤ ਇਸ ਨੂੰ ਤੋੜ ਮਰੋੜ ਗਏ ।” ਇਕ ਹੋਰ ਸੋਨੇ ਵਰਗੀ ਸਚਾਈ ਦੀ ਗੱਲ ਦਿਓਲ ਜਿੰਮੀ ਤੋਂ ਕਹਾਂਊੁਦਾ ਹੈ। 
“ਜਿਥੇ ਮਾਰਕਸ ਨੇ ਆਰਥਕ ਤੇ ਦਾਰਸ਼ਨਕ ਦਸਤਾਵੇਜ਼ਾ ਵਿਚ ਪੂੰਜੀਵਾਦ ਤੇ ਕਟਾਖਸ਼ ਕੀਤਾ ਹੈ ਇਸ ਨੇ ਆਦਮੀ ਨੂੰ ਜਾਨਵਰ ਬਣਾ ਦਿਤਾ ਹੈ। ਉਸੇ ਤਰ੍ਹਾਂ ਮਾਰਕਸੀ ਫਿਲਾਸਫੀ ਦੇ ਨਾਮ ਤੇ ਚਲਦੀਆਂ ਸਰਕਾਰਾਂ ਨੇ ਸਮਾਜਵਾਦ ਦਾ ਬੁਰਜਵਾਕਰਨ ਕਰ ਦਿਤਾ ਹੈ।” ਦਿਓਲ ਦੀ ਇਹ ਵਿਧੀ ਨਵੀਂ ਅਤੇ ਸਲਾਹਣਯੋਗ ਹੈ।
ਬਹੁਗਿਣਤੀ ਵਿਚ ਸਾਡੇ ਲੇਖਕ ਆਪ ਖੋਜ ਕਰਨ ਦੀ ਜ਼ਹਿਮਤ ਨਹੀਂ ਕਰਦੇ ਬਸ ਕਿਸੇ ਇਕ ਨਾਮਵਰ ਲੇਖਕ ਦੀ ਲਿਖਤ ਤੇ ਹੀ ਮਖੀ ਤੇ ਮਖੀ ਮਾਰੀ ਜਾਣਗੇ। ਇਸੇ ਕਰਕੇ ਸਮਾਜਵਾਦ ਦਾ ਚਿਤ ਪਿਆ ਪਹਿਲਵਾਨ ਵੀ ਉਹਨਾਂ ਦੀਆਂ ਨਜ਼ਰਾਂ ਵਿਚ ਹਾਲੇ ਵੀ ਜੇਤੂ ਹੈ। “ਜਿੰਮੀ ਦੇ ਉਦ੍ਹਾਰਣ ਦਿੰਦਾ ਰਿਹਾ ਤਾਂ ਇਕ ਮਤਵਾਜ਼ੀ ਕਹਾਣੀ ਬਣ ਜਾਵੇਗੀ ਹੁਣ ਅਗਲੇ ਰੇਖਾ ਚਿਤ੍ਰ ਦੀ ਗੱਲ ਕਰਦੇ ਹਾ

ਗਜ਼ਾਲੀ ਪੁਲਾਂਘ
ਲੂਸੀ ਬਰਾਊਨ

ਲੂਸੀ ਬਰਾਊਨ ਨਾਮ ਦੀ ਸਕਾਟ ਇਸਤ੍ਰੀ ਅਤੇ ਦਿਓਲ ਇਕ ਡਬੇ ਵਿਚ ਸਫਰ ਕਰ ਰਹੇ ਹਨ। ਰੇਲ ਦੇ ਤੁਰਦਿਆਂ ਹੀ ਮਾਮੂਲੀ ਜਾਣਕਾਰੀ ਲਈ ਤੁਰੀ ਗੱਲ-ਬਾਤ ਰੇਲ ਦੀ ਰਫਤਾਰ ਦੇ ਨਾਲ ਨਾਲ ਤੇਜ਼ ਵੀ ਹੁੰਦੀ ਗਈ। ਜਾ਼ਤੀ ਜਾਣਕਾਰੀ ਦੀ ਹਦੂਦਬੰਦੀ ਤੋਂ ਪਾਰ ਹੋ ਕੇ ਗਲ ਬਾਤ ਸਭਿਆਚਾਰ ਦੇ ਘੇਰੇ ਵਿਚ ਆਂਉਂਦਿਆਂ ਹੀ ਦਿਓਲ ਇਕ ਪਤ੍ਰਕਾਰ ਬਣ ਜਾਂਦਾ ਹੈ ਲੁਸੀ ਬਰਾਉਨ ਦੀ ਜ਼ੁਬਾਨੀ ਉਹ ਇੰਗਲਸ਼ ਅਤੇ ਸਕਾਟ ਲੋਕਾਂ ਦੇ ਵਿਓਹਾਰ ਨੂੰ ਦਰਸਾਉਂਦਾ ਹੈ ( ਮਨੁੱਖੀ ਰਿਸ਼ਤੇ ਨੂੰ ਅਸੀਂ ਸਕਾਟਿਸ਼ ਲੋਕ ਬਹੁਤ ਮਹਾਨਤਾ ਦਿੰਦੇ ਹਾਂ ਅਤੇ ਇੰਗਲਸ਼ ਲੋਕਾਂ ਵਾਂਗ ਅਸੀਂ ਸੌੜੇ ਭਾਵ ਨਹੀਂ ਰਖਦੇ ) ਇਸ ਤੋਂ ਅਗੇ ਦਿਓਲ ਪੰਜਾਬੀ ਅਤੇ ਸਕਾਟਿਸ਼ ਦੀ ਆਪਸੀ ਸਮਾਨਤਾ ਦੀ ਗੱਲ ਕਰਦਾ ਹੈ “ ਸਕਾਟਿਸ਼ ਸੁਭਾਅ ਬਾਰੇ ਮੇਂ ਸੁਣਿਆ ਹੀ ਸੀ ਅਤੇ ਅੱਜ ਵੇਖ ਰਿਹਾ ਸਾਂ। ਇਨਾਂ ਦਾ ਸੁਭਾਅ ਪੰਜਾਬੀਆਂ ਵਰਗਾ ਹੁੰਦਾ ਹੈ ਜਾਂ ਖੁਲ੍ਹਦੇ ਨਹੀਂ ਖੁਲ੍ਹ ਜਾਣ ਤੇ ਸਭ ਨਿਛਾਵਰ ਕਰ ਦਿੰਦੇ ਹਨ” ਦਿਓਲ ਨੇ ਬੜੀ ਹੀ ਖੂਬਸੂਰਤੀ ਨਾਲ ਤਿੰਨ ਕਲਚਰ’ਸ ਦਾ ਮੁਕਾਬਲਾ ਕਰ ਦਿਤਾ। ਰਾਜਨੀਤੀ ਦੀ ਗੱਲ ਚਲੀ ਤਾ ਕੋਈ ਨਾਅਰੇ ਬਾਜ਼ੀ ਨਹੀ ਬੜੇ ਹੀ ਸਾਦੇ ਜਿਹੇ ਸ਼ਬਦਾਂ ਵਿਚ ਭਾਰਤ ਦੇਸ਼ ਦੀ ਰਾਜਨੀਤੀ ਦੀ ਤਸਵੀਰ ਪੇਸ਼ ਕਰਦਾ ਦਿਓਲ ਆਖਦਾ ਹੈ “ ਮੇਰੇ ਦੇਸ਼ ਦੀ ਰਾਜਨੀਤੀ ਵੀ ਕਿੱਤਾ ਬਣ ਚੁੱਕਾ ਹੈ। ਹੁਣ ਪੜ੍ਹਨ ਵਾਲਿਆਂ ਲਈ ਇਸ ਵਿਚ ਕੋਈ ਥ੍ਹਾਂ ਨਹੀਂ। ਵਿਹਲੇ , ਪੁਜਾਰੀ ਅਨਪੜ੍ਹ , ਕੁੱਰਪਟ ਲੋਕ ਇਸ ਵਿਚ ਅੱਗੇ ਹਨ “ 

ਅਗੇ ਚਲ ਕੇ ਦਿਓਲ ਪੰਜਾਬੀ ਕਲਚਰ ਦੀ ਪਿਠਪੂਰਤੀ ਕਰਦਾ ਨਜ਼ਰ ਆਉਂਦਾ ਹੈ। ਗਡੀ ਮਜ਼ਲ ਤੇ ਪੁਜਦੀ ਹੈ ਲੂਸੀ ਬਰਾਊਨ ਆਪਣੇ ਪਤੀ ਵਲ ਨੂੰ ਹਰਨੀ ਵਾਂਗ ਛਾਲਾਂ ਮਾਰਦੀ ਜਾਂਦੀ ਹੈ, ਗਲੇ ਮਿਲਦੀ ਹੈ ਇਕ ਦੂਜੇ ਨੂੰ ਚੁੰਮਣ ਦਿੰਦੇ ਹਨ ਸਾਡੇ ਪੁਰਾਤਨ ਸੰਗਾਊ ਕਲਚਰ ਵਿਚ ਇਹ ਮੁਮਕਨ ਨਹੀਂ ਸੀ। 
ਇਸ ਸਫਰ ਦਾ ਸਾਰ ਅੰਸ ਹੈ ਕਿ ਇਕ ਦੂਜੇ ਨੂੰ ਸਮਝਣ ਨਾਲ ਪਿਆਰ ਅਤੇ ਨਾ-ਸਮਝਣ ਕਾਰਨ ਨਫਰਤ ਪੈਦਾ ਹੁੰਦੀ ਹੈ 

ਪਛਮੀ ਦਿਲ ਪੂਰਬੀ ਧੜਕਣ
ਜਾਨ ਹੁਚਸਨ 

ਜਾਨ ਹੁਚਨਸਨ “ ਪਛਮੀ ਦਿਲ ਪੂਰਬੀ ਧੜਕਣ “ ਬਾਰੇ ਜਾਨਣ ਲਈ ਇਹ ਰੇਖਾ ਚਿਤ੍ਰ ਕਈ ਦਫਾ ਪੜ੍ਹਨ ਉੁਪਰੰਤ ਮੇਰੇ ਪਲੇ ਕੁਝ ਇਸ ਤਰ੍ਹਾਂ ਪਿਆ ਕਿ ਜਾਨ ਹੁਚਸਨ ਦਾ ਮਾਰਕਸੀ ਵਿਚਾਰ ਪੂਰਬ ਦੇ ਲੇਖਕਾਂ ਵਾਂਗ ਜਨੂੰਨ ਦੀ ਹਦ ਤਕ ਸੀ। ਧਾਰਮਕ ਜਨੂੰਨੀਆਂ ਅਤੇ ਮਾਰਕਸੀ ਜਨੂੰਨੀਆਂ ਵਿਚ ਇਕ ਸਾਂਝ ਹੈ ਕਿ ਉਹ” ਬੋਲਤ ਬੋਲਤ ਵੱਧੇ ਵਿਕਾਰ” ਦੇ ਫੁਰਮਾਨ ਤੇ ਮੋਹਰ ਲਾ ਦਿੰਦੇ ਹਨ। ਉਹਨਾਂ ਦੀ ਗੱਲ ਮਾਰਕਸ ਤੋਂ ਸ਼ੁਰੂ ਹੁੰਦੀ ਹੈ ਅਤੇ ਮਾਰਕਸ ਤੇ ਹੀ ਖਤਮ ਹੋ ਜਾਂਦੀ ਹੈ। ਇਸੇ ਕਰਕੇ ਉਹਨਾਂ ਦੀ ਸੋਚਣ ਸ਼ਕਤੀ ਇਕ ਸੀਮਾ ਵਿਚ ਸਿਮਟ ਕੇ ਰਹਿ ਜਾਂਦੀ ਹੈ। ਇਕ ਅਟਲ ਸਚਾਈ (ਅਦਰਸ਼ਵਾਦ ਕਿਸੇ ਹੱਦ ਤਕ ਹੋਵੇ ਤਾਂ ਠੀਕ ਰਹਿੰਦਾ ਹੈ , ਜਦੋਂ ਨਿਰਾ ਆਦਰਸ਼ਵਾਦ ਨਿਰੋਲ ਹੋ ਜਾਵੇ ਤਾਂ ਔਖਾ ਹੋ ਜਾਂਦਾ ਹੈ ) ਦਾ ਸਹਿਜ ਸੁਭਾ ਕੀਤਾ ਜਿ਼ਕਰ ਚੰਗਾ ਲਗਾ।

ਨਾਸੂਰ ਉਪਰ ਨਸ਼ਤਰ
ਡਾਕਟਰ ਰੇ ਆਸਬਰਨ

ਡਾਕਟਰ ਰੇ ਆਸਬਰਨ ਅਤੇ ਉਸਦੀ ਬੰਗਾਲੀ ਸਹੇਲੀ ਨਾਜ਼ਨੀਨ ਦੇ ਜਿਕਰ ਨਾਲ ਬੰਗਲਾ ਦੇਸ਼ ਦੀ ਉਸਾਰੀ ਦੀ ਵੀ ਗੱਲ ਚਲਦੀ ਹੈ। ਦੂਸਰੀ ਵਡੀ ਲੜਾਈ ਕਾਰਨ ਸਲਾਈਡ ਐਂਡ ਲੈਡਰ ਦੀ ਖੇਲ ਵਾਂਗ ਲੈਡਰ ਤੋਂ ਪੈਰ ਉੁਖੜਨ ਕਾਰਨ ਬਰਿਟਸ਼ ਸਰਕਾਰ ਸਿਖਰੋਂ ਤਿਲਕ ਕੇ ਧਰਤੀ ਤੇ ਪੁਜ ਗਈ ਸੀ। ਜਰਮਨ, ਫਰਾਂਸ ਅਤੇ ਬ੍ਰਿਟਨ ਦੇ ਕਮਜ਼ੋਰ ਹੋਣ ਨਾਲ ਰੂਸ ਅਤੇ ਚੀਨ ਆਪਣੀ ਸ਼ਕਤੀ ਵਧਾਉਣ ਦੇ ਆਹਰ ਵਿਚ ਜੁਟ ਗਏ ਰੂਸ ਨੇ ਕਈ ਛੋਟੇ ਛੋਟੇ ਮੁਲਕਾਂ ਨੂੰ ਧਕੇ ਨਾਲ ਆਪਣੇ ਅਧੀਨ ਕਰ ਲਿਆ ਚੀਨ ਨੇ ਤਿੱਬਤ ਵਿਚ ਫੌਜ ਭੇਜ ਦਿਤੀ ਅਤੇ ਭਾਰਤ ਦੇ ਇਲਾਕੇ ਹਥਿਆਉਣ ਲਈ ਵੀ ਹਿੰਦੀ ਚੀਨੀ ਭਾਈ ਭਾਈ ਦਾ ਨਾਹਰਾ ਦੇਣ ਵਾਲੇ ਨੈਹਰੂ ਐਂਡ ਕੰਪਨੀ ਦੇ ਵਖੀ ਵਿਚ ਛੁਰਾ ਮਾਰਿਆ। ਹਿਮਾਲੀਆ ਦੀਆਂ ਚੋਟੀਆਂ ਦੀ ਕਠਨਾਈ ਕਾਰਨ ਚੀਨ ਸਪਲਾਈ ਲਾਈਨ ਕਾਇਮ ਨਾ ਰਖ ਸਕਿਆ ਜਿਸ ਕਾਰਨ ਉਸਨੂੰ ਪਿਛੇ ਹੱਟਣਾ ਪਿਆ। ਚੀਨ ਨੇ ਸਬਕ ਸਿਖਦਿਆਂ ਛੋਟੇ ਛੋਟੇ ਮੁਲਕਾਂ ਵਿਚ ਅਰਾਜਕਤਾ ਫੈਲਾਉਣ ਲਈ ਮਾਓਵਾਦੀ ਤਾਕਤਾਂ ਨੂੰ ਹਥਿਆਰਬੰਦ ਕਰਨਾ ਸ਼ੁਰੂ ਕੀਤਾ । ਪੂਰਬੀ ਬੰਗਾਲ ਵਿਚ ਮੌਲਾਨਾ ਭਾਸ਼ਾਨੀ ਚੀਨੀ ਸਹਾਇਤਾ ਨਾਲ ਸਮਾਜਵਾਦ ਦਾ ਸੁਪਨਾ ਲੈ ਰਿਹਾ ਸੀ । ਉਸ ਦੀ ਰੋਕ ਥਾਂਮ ਲਈ ਆਈ ਪਾਕਸਤਾਨੀ ਫੋਜ ਨੇ ਆਪਣੇ ਦੁਰਵਿਵਹਾਰ ਨਾਲ ਜਲਦੀ ਤੇ ਤੇਲ ਪਾਇਆ ,ਬੰਗਾਲੀ ਉਪਰਾਮ ਹੋ ਕੇ ਆਪਣੇ ਸੁਪਨਿਆਂ ਦੇ ਦੇਸ ਪਾਕਸਤਾਨ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋ ਗਏ । ਵਡੀ ਗਿਣਤੀ ਵਿਚ ਸ਼ਰਨਾਰਥੀਆਂ ਦੇ ਭਾਰਤ ਵਿਚ ਦਾਖਲ ਹੋਣ ਨਾਲ ਭਾਰਤ ਵਿਚ ਵੀ ਹਾਲਾਤ ਬਿਗੜੇ। ਆਸਾਮੀਆਂ ਦੇ ਤਸੱਦਦੀ ਵਿਓਹਾਰ ਨੇ ਬੰਗਾਲੀ ਸ਼ਰਨਾਰਥੀਆਂ ਦੀ ਹਾਲਤ ਆਸਾਮਾਨ ਸੇ ਗਿਰਾ ਖਜੂਰ ਮੇਂ ਅਟਕਾ ਵਰਗੀ ਕਰ ਦਿਤੀ। ਚੀਨ ਦੇ ਵੱਧਦੇ ਰਸੂਖ ਨੂੰ ਰੋਕਣ ਲਈ ਅਤੇ ਪਾਕਸਤਾਨ ਨੂੰ ਕਮਜ਼ੋਰ ਕਰਨ ਲਈ ਭਾਰਤੀ ਫੌਂਜਾਂ ਨੇ ਸਿਧੀ ਦਖਲਅੰਦਾਜ਼ੀ ਕੀਤੀ ਤਾਂ ਬੰਗਲਾ ਦੇਸ਼ ਹੋਂਦ ਵਿਚ ਆ ਗਿਆ। ਅਗਰ ਇਦਾਂ ਨਾ ਹੁੰਦਾ ਤਾਂ ਪਤਾ ਨਹੀਂ ਕਿਨਾ ਚਿਰ ਪਾਕਸਤਾਨੀ ਫੌਜਾਂ ਅਤੇ ਮਾਓਵਾਦੀ ਸੋਚ ਰਖਣ ਵਾਲਿਆਂ ਦੇ ਸਿੰਗ ਫਸੇ ਰਹਿਣੇ ਸਨ। ਬੰਗਲਾ ਦੇਸ਼ ਅਤੇ ਇਜ਼ਰਾਈਲ ਦੀ ਬਣਤਰ ਵਿਚ ਇਕ ਸਾਂਝ ਹੈ ਕਿਸੇ ਬੈਰੂਨੀ ਤਾਕਤਵਰ ਦੇਸ਼ ਦਾ ਸਿਧਾ ਦਖਲ। ਇਸ ਤੋਂ ਅਗੇ ਮੈਂ ਕੀ ਕਹਿਣਾ ਚਾਹੂੰਦਾ ਹਾਂ ਪਾਠਕ ਖੁਦ ਅੰਦਾਜ਼ਾ ਲਗਾ ਸਕਦੇ ਹਨ।
ਖਾਂਦੇ ਪੀਂਦੇ ਘਰਾਣੇ ਦਾ ਨੌਜਵਾਨ ਰੇ ਆਸਬਰਨ ਉਸ ਸਮੇਂ ਦੇ ਰਹਿਜਾਨ ਨੂੰ ਕਬੂਲਦਾ ਹੋੲਆਿ ਬਹੁਤ ਸਾਰੇ ਨੋਜਵਾਨਾਂ ਦੀ ਤਰ੍ਹਾਂ ਮਾਰਕਸੀ ਵਿਚਾਰਧਾਰਾ ਤੋਂ ਪ੍ਰਭਾਵਤ ਹੁੰਦਾ ਹੈ। ਕਮਿਊਨਸਟ ਸਟਡੀ ਸਰਕਲ ਦੇ ਘੇਰੇ ਵਿਚ ਆ ਕੇ ਭਾਰਤ ਵਿਚ ਵੀ ਚੁਪ ਚੁਪ ਰਹਿਣ ਵਾਲੇ ਸੰਗਾਊ ਬੰਦੇ ਵਡੀਆਂ ਵਡੀਆਂ ਤਕਰੀਰਾਂ ਕਰਨ ਲੱਗ ਪਏ ਸਨ। ਰੇ ਆਸਬਰਨ ਤਾਂ ਉਚ ਕੋਟੀ ਦੀ ਯੂਨੀਵਰਸਟੀ ਵਿਚ ਤਾਲੀਮ ਹਾਸਲ ਕਰ ਰਿਹਾ ਸੀ ਉਹ ਸ਼ਬਦਾਂ ਦਾ ਜਾਦੂਗਰ ਸੀ ਬਾਦਲੀਲ ਸ਼ਬਦਾ ਦਾ ਗੁਲਦਸਤਾ ਪੇਸ਼ ਕਰ ਸਕਦਾ ਸੀ। ਜਦ ਆਪਣੇ ਕਾਲਜ ਦੇ ਸਮੇਂ ਵਲ ਧਿਆਨ ਮਾਰਦਾ ਤਾਂ ਅਸੀਂ ਵੀ ਇਹੋ ਕੁਝ ਕਰਦੇ ਸੀ ਪਰਾਪਤੀ ਘੱਟ ਬਸ ਤਕਰੀਰਾਂ ਹੀ ਤਕਰੀਰਾਂ। ਰੇ ਆਸਬਰਨ ਨੂੰ ਸਮਾਜਕ ਅਤੇ ਰਾਜਨੀਤਕ ਬੀਮਾਰੀ ਦੀ ਸਮਝ ਸੀ ਪਰ ਨਸ਼ਤਰ ਸਿਰਫ ਸ਼ਬਦਾਂ ਦੀ ਸੀ ਮੇਰੀ ਜਾਚੇ ਇਸ ਰੇਖਾ ਚਿਤਰ ਦਾ ਨਾਂ ਨਾਸੂਰ ਉਪਰ ਸ਼ਬਦਾਂ ਦੀ ਨਸ਼ਤਰ ਜਿਆਦਾ ਢੁਕਮਾਂ ਹੋਵਿਗਾ। ਮੇਰੀ ਦਲੀਲ ਦੀ ਪੁਸ਼ਟੀ ਰੇ ਆਸਬਰਨ ਦੇ ਸ਼ਬਦ ਕਰਦੇ ਹਨ।
“ਰੇ ਆਸਬਰਨ ਆਸ ਬਨ੍ਹਾਉਂਦਾ ਕਿ ਲੋਕ ਜਦੋਂ ਆਪਸੀ ਦਵੰਦ ਦੀਆਂ ਦੀਵਾਰਾਂ ਉਲੰਘ ਕੇ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਸ਼ਕਤੀ ਨਾਲ ਭਵਿਖ ਨਿਰਮਾਣ ਦੇ ਯੋਗ ਹੋ ਜਾਣਗੇ, ਉਸ ਸਮੇਂ ਮਾਨਵੀ ਕਲਿਆਣ ਦੀ ਸਥਿਤੀ ਬਣ ਸਕੇਗੀ ਪਰੰਤੂ ਪ੍ਰਤੀਕ੍ਰਿਆਵਾਦੀ ਅਤੇ ਸਮਾਜਕ ਸਤਹ ਉਪਰ ਜੰਮੀਆਂ ਸਦੀਆਂ ਦੀਆਂ ਧਾਰਾਵਾਂ ਇਸ ਲਈ ਰੁਕਾਵਟ ਬਣਨਗੀਆ “ਰੇ ਆਸਬਰਨ ਮਾਰਕਸਵਾਦ ਨੂੰ ਇਲਾਹੀ ਹੁਕਮ ਵਾਂਗ ਮੰਨਦਾ ਤਾਂ ਹੈ ਪਰ ਨਾਲ ਹੀ ਜੇ ਜਕ ਦਾ ਸਿ਼ਕਾਰ ਵੀ ਹੈ” ਜੋ ਕੁਝ ਸੋਚ ਰਹੇ ਹਾਂ , ਕਰ ਰਹੇ ਹਾ ਜਾਂ ਫਿਰ ਸਮਾਜ ਵਿਚ ਜੋ ਵਾਪਰ ਰਿਹਾ ਹੈ ਜਾਂ ਵਰਤ ਰਿਹਾ ਹੈ ਕੀ ਇਹ ਸਭ ਕੁਝ ਦਰੁਸਤ ਹੈ ? ਅਸੀਂ ਕੀ ਕਰੀਏ………………ਕੀ ਇਤਹਾਸ ਨੂੰ ਅੱਗੇ ਤੋਰਨ ਲਈ ਢੁੱਡ ਮਾਰਨੀ ਪਵੇਗੀ ਜਾਂ ਇਹ ਆਪਣੀ ਧੀਮੀ ਤੋਰ ਤੁਰਿਆ ਜਾਵੇਗਾ? ਮੈਂ ਉਦਾਸ ਹੋ ਜਾਂਦਾ ਹਾਂ। “ ਮਾਰਕਸ ਵਾਦ ਇਕ ਨਵੀਂ ਫਿਲਾਸਫੀ ਸੀ ਖੜੋਤ ਵਿਚ ਆਏ ਸਮਾਜ ਲਈ ਇਕ ਨਵੀਂ ਦਿਸ਼ਾ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਈ। ਮਾਰਕਸਵਾਦੀ ਸੋਚ ਵਾਲਿਆਂ ਨੇ ਬਾਕੀ ਸਾਰਿਆਂ ਤੇ ਰੂੜੀ ਵਾਦੀ ਅਤੇ ਪਿਛ੍ਹਾਂ ਖਿਚੂ ਦਾ ਲੇਬਲ ਲਾ ਦਿਤਾ। ਮਾਰਕਸਵਾਦ ਜਾਂ ਪ੍ਰਗਤੀ ਵਾਦ ਸਰਮਾਏਦਾਰ ਦੇ ਇਕ ਝਟਕੇ ਨਾਲ 70 ਸਾਲ ਦੇ ਅੰਦਰ ਅੰਦਰ ਹੀ ਖੇਰੂੰ ਖੇਰੂੰ ਹੋਣਾ ਸ਼ੁਰੂ ਹੋ ਗਿਆ। ਸਰਮਾਏਦਾਰ ਨੇ ਅੰਦਰ ਗਤੀ ਆਗੂ ਖਰੀਦ ਲਏ ਮੀਡੀਆ ਖਰੀਦ ਲਿਆ। ਦਿਓਲ ਨੇ ਰੇ ਆਸਬਰਨ ਵਲੌ ਮਾਰਕਸਵਾਦ ਦੇ ਨਿਘਾਰ ਬਾਰੇ ਜੋ ਦਲੀਲ ਦਿਤੀ ਹੈ ਉਸ ਤੇ ਸੋਚ ਵਿਚਾਰ ਹੋਣੀ ਚਾਹੀਦੀ ਹੈ ਪਰ ਕਰੇਗਾ ਕੌਣ । ਸਾਰੇ ਸੰਸਾਰ ਤੇ ਕੁਝ ਇਕ ਨੂੰ ਛਡ ਕੇ ਹਰ ਬੁਧੀਜੀਵ ਗੱਲ ਵਿਚ ਫੌਰ ਸੇਲ ਦਾ ਫਟਾ ਪਾਈ ਖੜਾ ਹੈ। 

ਗੋਰੇ ਬਦਨ ਤੇ ਕਾਲਾ ਤਿਲ
ਲੌਰੀ ਬਲੂਅਰਟ

ਪਹਿਲੇ ਪਹਿਰੇ ਦੀ ਆਖਰੀ ਲਾਈਨ “ ਤੇ ਅਸੀਂ ਕਾਫੀ ਸ਼ਾਪ ਵਿਚ ਕਾਫੀ ਦੀ ਤੇ ਸੈਂਡਵਿੱਚ ਦੀ ਉਡੀਕ ਵਿਚ ਆਸਣ ਗ੍ਰਹਿਣ ਕਰ ਲਿਆ” ਆਸਣ ਸ਼ਬਦ ਬਹੁਪਖੀ ਹੈ । ਯੋਗ ਵਿਚ ਕਈ ਤਰਾਂ ਦੇ ਆਸਣ ਹਨ। ਇਸੇ ਤਰਾਂ ਕਾਮਸ਼ਾਸਤਰ ਵੀ ਵਖ ਵਖ ਆਸਣਾ ਦੀ ਗੱਲ ਕਰਦਾ ਹੈ। ਗੂਰੂ ਆਪਣੇ ਚੇਲਿਆਂ ਨੂੰ ਆਦੇਸ਼ ਦਿੰਦਾ ਹੈ ਅਪਨੇ ਅਪਨੇ ਆਸਣ ਗ੍ਰਹਿਣ ਕਰ ਲਓ ਭਾਵ ਨਿਸਚਤ ਅਸਥਾਨ ਮਲ ਲਓ ਇਥੇ ਥ੍ਹਾਂ ਨਿਸਚਤ ਨਹੀਂ ਇਸ ਲਈ ਆਸਣ ਸ਼ਬਦ ਰੜਕਦਾ ਹੈ। ਮੇਰੇ ਵਿਚਾਰ ਮੁਤਾਬਕ ਕੁਝ ਇਸ ਤਰ੍ਹਾਂ ਲਿਖਣਾ ਚਾਹੀਦਾ ਸੀ” ਤੇ ਅਸੀਂ ਕਾਫੀ ਅਤੇ ਸੈਂਡਵਿਚ ਦਾ ਆਰਡਰ ਕਰਕੇ ਇਕ ਨਿਵੇਕਲੀ ਥ੍ਹਾਂ ਜਾ ਬੈਠੇ।
“ਲੋਰੀ ਬਲੂਅਰਟ ਦੀ ਜ਼ੁਬਾਨੀ ਈਸਟ ਅਫਰੀਕਾ ਵਿਚ ਰਹਿੰਦੇ ਭਾਰਤੀਆਂ ਦੀ ਆਲੋਚਨਾ ਅਤੇ ਸਿਟੇ ਵਜੋਂ ਈਦੀ ਆਮੀਨ ਦਾਂ ਭਾਰਤੀਆਂ ਪਖੀ ਵਿਵਹਾਰ “ਆਪ ਬਾਹਰ ਰਹਿ ਕੇ ਆਪਣੇ ਪਾਤਰ ਰਾਹੀ ਸਚਾਈ ਪ੍ਰਗਟ ਕਰਨ ਨਾਲ ਦਿਓਲ ਇਕ ਨਵੀਂ ਪਿਰਤ ਪਾਉਂਦਾ ਹੈ। ਅਗੇ ਚਲ ਕੇ ਬਲੂਅਰਟ ਦੀ ਸਦੀ ਪਾਰਟੀ ਵਿਚ ਗੋਰੇ ਕਾਲੇ, ਪਾਕਸਤਾਨੀ ਜਮੀਕਨ ਕਠੇ ਹੋਕੇ ਰੰਗ, ਧਰਮ, ਜ਼ਾਤ ਨੂੰ ਅਖੋਂ ਪਰੋਖੇ ਕਰਕੇ ਨਚਦੇ ਗਾੳਂਦੇ ਹਨ ਤਾਂ ਅਨੇਕਤਾ ਵਿਚ ਕੁਦਰਤ ਰਾਣੀ ਵਰਗੀ ਏਕਤਾ ਅਨੰਦ ਮਈ ਸਮਾਂ ਪਰਦਾਨ ਕਰਦੀ ਹੈ “ ਉਥੇ ਇਹ ਵਿਚਾਰ ਵੀ ਖੁਲ ਕੇ ਸਾਹਮਣੇ ਆਇਆ ਕਿ ਰੰਗ ਜਾਂ ਚਮੜੀ ਦੇ ਰੰਗ ਤੇ ਚਲ ਰਹੀ ਸਿਆਸਤ ਖਤਰਨਾਕ ਹੈ ਪਿਛਾਖੜ ਵਾਲੀ ਹੈ , ਗੈਰ ਇਨਸਾਨੀ ਹੈ ਚੰਗਾ ਜਾਂ ਮਾੜਾ ਮਨੁੱਖ ਚਮੜੀ ਦੇ ਰੰਗ ਕਰਕੇ ਨਹੀਂ ਸਗੋਂ ਆਪਣੇ ਕਿਰਦਾਰ ਨਾਲ ਹੁੰਦਾ ਹੈ “ਇਹ ਸੋਚ ਹਰ ਜਦੋ ਜਹਿਦ ਵਿਚ ਵਿਸ਼ਾਲਤਾ ਲਿਆਉਦੀ ਹੈ “ਐਸ ਵੇਲੇ ਤਾਂ ਸਭੇ ਗੁਲਾਮ ਹੀ ਹੋ ਕਿਸ ਦੀਆਂ ਪਤਲੀਆਂ ਮੋਟੀਆਂ ਬੇੜੀਆ ਜੇ ਹੱਥ ਵਸ ਤਾਂ ਦੋਵਾਂ ਦੇ ਭੱਖ ਵੀ ਨਹੀਂ ਕਾਸਨੂੰ ਮੁਫਤ ਦੀਆ ਰਿਕਤਾਂ ਛੇੜੀਆਂ ਜੇ ……… ਪਹਿਲਾਂ ਸੋਨੇ ਦਾ ਭਾਂਡਾ ਤਿਆਰ ਕਰੀਏ ਦੁਧ ਸ਼ੇਰਨੀ ਦਾ ਆਪੇ ਚੁਆ ਲਮਾਂਗੇ” ਧੰਨੀ ਰਾਮ ਚਾਤ੍ਰਕ ਦੀਆਂ ਇਹ ਲਾਈਨਾਂ ਉਪਰ ਦਸੇ ਵਿਚਾਰਾਂ ਦੀ ਪ੍ਰੋੜਤਾ ਕਰਦੀਆਂ ਹਨ।

“ਪਰ ਲੋਰੀ ਸੁਧਾਰਵਾਦੀ ਗੱਲ ਪਬਲਿਕ ਤੋਰ ਤੇ ਕਹਿਣੋ ਸੰਗਦਾ ਸੀ ਮਤਾ ਉਹ ਪਾਪੂਲਿਰਜ਼ਮ ਤੋਂ ਨਿਖੜ ਜਾਵੇ ਅਤੇ ਖਾੜਕੂ ਸ਼ਬਦਾਵਲੀ ਵਿਚ ਨਿਪੁੰਸਕ ਸਮਝਿਆ ਜਾਵੇ “ ਸੰਸਾਰ ਵਿਚ ਬਹੁਤ ਸਾਰੀਆ ਖਾੜਕੂ ਜਥੇਬੰਦੀਆ ਹੋਂਦ ਵਿਚ ਆ ਚੁਕੀਆਂ ਹਨ ਉਹਨਾਂ ਦੇ ਨਾਂ ਨਾਲ ਖਾੜਕੂ ਸ਼ਬਦ ਸਜਦਾ ਨਹੀਂ ਸ਼ੈਹ ਲਾ ਕੇ ਮਾਰਨ ਵਾਲੇ ਖਾੜਕੂ ਨਹੀਂ ਹੁੰਦੇ।

ਪਹਿਲਾਂ ਤਾਂ ਆਪਣੇ ਹਕਾਂ ਦੀ ਰਾਖੀ ਕਰੋ ਜਦ ਇਕ ਵੇਰ ਖੁਸ ਜਾਣ ਤਾਂ ਵਾਪਸ ਲੈਣ ਲਈ ਜਦੋ ਜਹਿਦ ਵਿਚ ਝਰੀਟਾਂ ਜ਼ਰੂਰ ਆਉਂਦੀਆਂ ਹਨ ਥਾਲੀ ਵਿਚ ਪਰੋਸ ਕੇ ਕਦੇ ਕਿਸੇ ਨੇ ਆਜ਼ਾਦੀ ਨਹੀਂ ਦਿਤੀ ਅਤੇ ਨਾ ਹੀ ਮਿਲੇਗੀ। ਅਫਰੀਕਨ ਲੋਕ ਜ਼ਰਖਰੀਦ ਗੁਲਾਮ ਸਨ ਇਹਨਾਂ ਨੂੰ ਅਮਰੀਕਨ ਸਿਟੀਜ਼ਨ ਮਨ ਕੇ ਵੋਟ ਦਾ ਹਕ ਦੇਣਾ ਸਿਆਸਤ ਸੀ। ਪ੍ਰਧਾਨ ਜੋਹਨ ਕੈਨੇਡੀ ਨੇ ਮਾਰਟਨ  ਲੂਥਰ ਕਿੰਗ ਨੂੰ ਕਿਹਾ ਕਿ ਆਪਣੇ ਸੰਘਰਸ਼ ਨੂੰ ਅਲਬਾਮਾ ਤੋਂ ਬਾਹਰ ਵੀ ਕੱਢ। ਨਿਊਯਾਰਕ ਵਿਚ ਪਰੇਡ ਦੋਰਾਨ ਜੋਹਨ ਕੈਨੇਡੀ ਅਪਾਰਟਮੈਂਟ ਵਿਚੋਂ ਉਤਰ ਕੇ ਕਿੰਗ ਨਾਲ ਹਥ ਮਿਲਾ ਕੇ ਚਲਾ ਗਿਆ ਕੋਈ ਐਲਾਨ ਨਹੀਂ ਪਰ ਇਸ ਨਾਲ ਜਦੋ ਜਹਿਦ ਨੂੰ ਸਾਈਕਲੋਜੀਕਲ ਹੁਲਾਰਾ ਮਿਲਿਆ। ਜੋਹਨ ਦੇ ਕਤਲ ਉਪਰੰਤ ਟੈਡ ਕੇਨੇਡੀ ਸੈਨਟ ਵਿਚ ਆਊਂਦਾ ਹੈ ਉਸਦੀ ਸੈਨਟ ਵਿਚ ਪਹਿਲੀ ਪਰਭਾਵਸ਼ਾਲੀ ਸਪੀਚ ਸਿਵਲ ਰੲਾਟਿ ਦੇ ਹਕ ਵਿਚ ਸੀ ਜਿਸ ਦਾ ਅਮਰੀਕਨ ਪਬਲਕ ਤੇ ਬੜਾ ਚੰਗਾ ਅਸਰ ਪਿਆ। ਅਫਰੀਕਨ ਗੁਲਾਮਾਂ ਦੀਆਂ ਵੋਟਾਂ ਲਈ ਆਈਜ਼ਨਹਾਵਰ ਨੇ ਬੜਾ ਕੰਮ ਕੀਤਾ ਉਸਤੋਂ ਬਾਅਦ ਜੋਹਨਸਨ ਨੇ ਆਪਣੀ ਪਾਰਟੀ ਦੇ ਗਵਰਨਰ ਜੋਰਜ ਵਾਲਸ ਨੂੰ ਸਲਾਹ ਦਿਤੀ ਕਿ ਜੇ ਤਾਂ ਸਧਾਰਨ ਕਬਰ ਬਣਾਉਣੀ ਚਾਹੂੰਦਾ ਹੈਂ ਤਾਂ ਆਪਣੀ ਮਰਜ਼ੀ ਕਰੀ ਚਲ, ਜੇ ਮਕਬਰਾ ਬਣਾਉਣ ਦਾ ਇਰਾਦਾ ਹੈ ਤਾਂ ਇਹਨਾਂ ਤੇ ਜਿਆਦਤੀਆਂ ਕਰਨੀਆਂ ਛਡ ਦੇ ਜਦ ਜੋਰਜ ਵਾਲਸ ਨੂੰ ਸੋਝੀ ਆਈ ਉਸ ਨੇ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੀ ਪਰ ਬਹੁਤ ਦੇਰ ਹੋ ਚੁਕੀ ਸੀ। ਇਸੇ ਤਰਾਂ ਨੈਲਸਨ ਮੰਡੇਲਾ ਦਾ ਹਠ ਅਤੇ ਅਮਰੀਕਾ ਦੀ ਪੁਲੀਟਕਲ ਪਾਰਟੀਆਂ ਵਲੋਂ ਕਾਲਿਆਂ ਦੀਆਂ ਵੋਟਾਂ ਦੀ ਦੋੜ ਵਿਚ ਮੰਡੇਲਾ ਦੀ ਜਿਤ ਹੋਈ। 

ਮਾਰਟਨ ਼ਲੂਥਰ ਅਤੇ ਨੈਲਸਨ ਮੰਡੇਲਾ ਗਾਂਧੀ ਜੀ ਨੂੰ ਜ਼ਰੂਰਤ ਨਾਲੋਂ ਜਿ਼ਆਦਾ ਕਰੈਡਟ ਦੇ ਗਏ। ਸਿਵਲ ਰਾਈਟ ਬਿਲ ਪਾਸ ਹੋਣ ਉੁਪਰੰਤ ਕਾਲਿਆਂ ਗੋਰਿਆਂ ਦੇ ਫਸਾਦਾਂ ਵਿਚ ਕਮੀ ਆ ਗਈ। ਤਾਕਤ ਨਾਲ ਨਹੀਂ ਦੇਸ਼ ਦੀ ਤਰਕੀ ਲਈ ਸਾਈਕੋਲੋਜੀ ਦੀ ਵਰਤੌਂ ਲਾਹੇਵੰਦ ਹੁੰਦੀ ਹੈ।

ਸ਼ਾਂਤ ਭੁਚਾਲ 
ਗੌਡਫਰੀ ਵੈਬਸਟਰ

ਅਸਲ ਵਿਚ ਗੋਡਫਰੀ ਇਕ ਸੁਚੇਤ ਕਾਮਾਂ ਸੀ ਪਾਰਟੀ ਲਈ ਸੁਹਿਰਦ ਸੀ। ਟੂ ਮੈਨੀ ਚੀਫਸ ਵਿਚ ਵਨ ਇੰਡੀਅਨ ਸੀ। ਤਾਕਤ ਹਥ ਆਉਣ ਤੇ ਗਲੀਂ ਬਾਤੀਂ ਕੜਾਹ ਬਣਾਓਣ ਵਾਲੇ ਤਾਂ ਮੇਹਨਤ ਕਸ਼ ਨੂੰ ਪਿਛੇ ਧਕ ਕੇ ਸਭ ਕਲੇ ਹੀ ਛਕ ਜਾਂਦੇ ਹਨ । ਭਾਰਤ ਦੀ ਤਾਜ਼ਾ ਮਿਸਾਲ ਸਾਹਮਣੇ ਹੈ। ਦੋ ਜੱਣਿਆਂ ਕੜਾਹ ਬਣਾਉਣ ਦਾ ਇਰਾਦਾ ਬਣਾਇਆਂ। ਚੱਤਰ ਆਖਣ ਲੱਗਾ ਘੇ ਗੁੜ ਆਟਾ ਤੇਰਾ ਜਲ ਫੂਕ ਬਸੰਤਰ ਮੇਰਾ। ਪਹਿਲਾਂ ਖਾਊਂ ਮੈਂ ਜੋ ਬਚ ਜਾਵੇ ਸੋ ਤੇਰਾ। ਲੋਕ ਤੰਤਰ ਵਿਚ ਗੋਡਫਰੀ ਦੀ ਕਹੀ ਗੱਲ “ ਜੋ ਚਾਹੀਦੇ ਹਨ, ਉਹ ਜਾ ਰਹੇ ਹਨ, ਜਿਨ੍ਹਾਂ ਬਗੈਰ ਸਰ ਸਕਦਾ ਹੈ, ਉਹ ਆਗੂ ਬਣ ਰਹੇ ਹਨ” ਅਜ ਦਾ ਲੋਕ ਤੰਤਰ ਇਸੇ ਰਾਹੇ ਪਿਆ ਹੋਇਆ ਹੈ।ਚੋਰ ਠੱਗ ਧੜਵੈਲ ਛੱਤ੍ਰ ਮੇਹਨਤਕਸ਼ ਸਿਰ ਤੋੜਾ ਹੋ ਨਿਬੜਿਆ ਹੈ ।

ਪੌਣ ਨਸ਼ੀਲੀ 
ਮੇਅਰੀ ਕਲੈਰਜ

ਮੇਅਰੀ ਕਲੇਰ ਦੀ ਕਹੀ ਗੱਲ “ ਸਦੀਆਂ ਦੀਆਂ ਘੂਕ ਸੁਤੀਆਂ ਕੌਮਾ ਇਕੋ ਹਲੂਣੇ ਨਾਲ ਨਹੀਂ ਜਾਗਦੀਆਂ “ ਬਿਲਕੁਲ ਦਰੁਸਤ ਹੈ ਸਿਖ ਤੋਂ ਸਿੰਘ ਬਣਨ ਤਕ ਕੋਈ 225 ਸਾਲ ਲਗੇ ਤਾਂ ਜਾ ਕੇ ਭੀੜ ਸਮੇਂ ਮੰਦਰਾਂ ਵਿਚ ਟੱਲੀਆਂ ਖੜਕਾ ਕੇ ਦੇਵੀ ਦੇਵਤਿਆਂ ਦੀ ਮਦਦ ਮੰਗਣ ਵਾਲਿਆਂ ਵਿਚ ਤੇਗ ਨੂੰ ਹਥ ਪਾਊਣ ਦੀ ਜੁਰਅਤ ਆਈ। ਨਤੀਜਾ ਸੰਸਾਰ ਦੇ ਸਾਹਮਣੇ ਹੈ। ਮੈਰੀ ਨੂੰ ਭਾਸ਼ਾ ਦੀ ਸੂਝ ਸੀ, ਭਾਸ਼ਾਂ ਦੀ ਸਹੀ ਵਰਤੋਂ ਕਰਨ ਨਾਲ ਤਾਣੀ ਘੱਟ ਉੁਲਝਦੀ ਹੈ। ਬਾਬਾ ਨਾਨਕ ਜੀ ਦੇ ਬਚਨ ਹਨ “ ਨਾਨਕ ਫਿਕੇ ਬੋਲਿਆਂ ਤਨ ਮਨ ਫਿਕਾ ਹੋਏ “ ਅਸੀਂ ਕਿਨਾ’ ਕ ਅਮਲ ਕੀਤਾ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ “ ਕਾਰਲ ਮਾਰਕਸ ਦੀ ਗੱਲ ਕਰਦੀ ਉਹ ਆਖਦੀ ਹੈ “ ਇਹੋ ਮਾਰਕਸੀ ਪ੍ਰੈਕਟਸ ਦਾ ਕੇਂਦਰ ਬਿੰਦੂ ਹੈ ਜਿਸ ਵਰਗ, ਕੌਮ ਗਰੁੱਪ ਨੇ ਆਜ਼ਾਦੀ ਲੇਣੀ ਹੁੰਦੀ ਹੈ ਉਸਨੂੰ ਆਪਣਾ ਸੰਘਰਸ਼ ਆਪ ਲੜਨਾ ਪੈਂਦਾ ਹੈ” ਕੀ ਇਹ ਬਾਬੇ ਨਾਨਕ ਦੇ ਕੱਥਨ”ਆਪਣੇ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਏ” ਦੀ ਵਿਆਖਿਆ ਨਹੀਂ। ਕਾਰਲ ਮਾਰਕਸ ਗੁਰੂ ਕਾਲ ਤੋਂ ਬਾਅਦ ਵਿਚ ਸਟੇਜ ਤੇ ਆਉਂਦਾ ਹੈ ਅਜ ਉਸ ਦੇ ਵਿਚਾਰਾਂ ਨੂੰ ਮੀਲ ਪਥਰ ਮੰਨਿਆ ਜਾਂਦਾ ਹੈ। ਇਸ ਦੀ ਖਾਸ ਵਜਾਹ ਹੈ ਸਿਖਾ ਨੇ ਗੁਰੂ ਬਾਬੇ ਨੂੰ ਜਟ ਜਫਾ ਮਾਰ ਲਿਆ ਹੈ। ਮੈਰੀ ਨੂੰ ਸ਼ੈਕਸਪੀਅਰ ਤੇ ਬਹੁਤ ਮਾਣ ਹੈ। ਉਹ ਸ਼ੇਕਸਪੀਅਰ ਨੂੰ ਮਸੀਹਾ ਸਮਝਦੀ ਹੈ ਉਸ ਨੇ ਉਸ ਦਾ ਅਧਿਐਨ ਕੀਤਾ ਹੈ। ਗੁਰਬਾਣੀ ਜੀਵਨ ਜਾਚ ਸਿਖਾਂਦੀ ਹੈ ਆਪਣੇ ਹਕਾਂ ਲਈ ਜੂਝਨ ਲਈ ਪਰੇਰਦੀ ਹੈ ਪਰ ਅਫਸੋਸ ਅਜ ਅਸੀਂ ਗੁਰਬਾਣੀ ਨੂੰ ਵਿਚਾਰਨ ਦੀ ਥ੍ਹਾ ਮੰਤਰ ਵਾਂਗ ਰਟਨ ਲਗ ਗਏ ਹਾਂ ਇਕ੍ਹੋਤਰੀਆਂ ਦੇ ਰਾਹੇ ਪੈ ਗਏ ਹਾਂ। ਹੋ ਸਕਦਾ ਹੈ ਮੇਂ ਵਿਸ਼ੇ ਤੋਂ ਬਾਹਰ ਚਲਾ ਗਿਆ ਹੋਮਾਂ ਕੀ ਕਰਾਂ ਮੇਰਾ ਪੇਸ਼ ਹੀ ਇਹੋ ਜਿਹਾ ਹੈ ਪਾੜੇ ਜਾਂ ਸਿਆੜੇ। ਮੇਰੀ ਗੰਗਾ ਰਾਮ ਨਹੀਂ, ਗਿਆਨਵਾਨ ਹੈ, ਕੁਝ ਕਰ ਗੁਜ਼ਰਨ ਦੀ ਸਮਰੱਥਾ ਰਖਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੈ ਸੰਤ ਸਿਪਹੀਆਂ ਦੀ ਕਤਾਰ ਵਿਚ ਖੜੀ ਹੋ ਸਕਦੀ ਹੈ।

ਰੂਸੀ ਰਾਕਟ
ਤਵਾਰੀਸ਼ ਕਾਵਲੈਂਕੋ

ਕਾਵਲੈਂਕੋ ਵਲੋਂ ਲੇਖਕਾਂ ਅਤੇ ਕਵੀਆਂ ਦਾ ਸਤਕਾਰ ਬੜਾ ਚੰਗਾ ਲਗਾ। ਮੈਂ ਵੀ ਕਾਵਲੈਂਕੋ ਦੀ ਦਲੀਲ ਨਾਲ ਸੈਹਮਤ ਹਾਂ ਕਵੀ ਯੁਗ ਪਲਟਾਓਣ ਦੀ ਸਮਰੱਥਾ ਰਖਦਾ ਹੈ ਪਰ ਸ਼ਰਤ ਇਹ ਹੈ ਕਿ ਉਹ ਵਿਕਾਊ ਨਾ ਹੋਵੇ। ਕਲਮ ਬਾਰੇ ਦੋ ਢੁਕਵੀਆਂ ਲਾਈਨਾਂ ਅਰਜ਼ ਕਰਨਾ ਚਾਹਾਂਗਾ 

“ਘੱਗ” ਵਿਕੀ ਹੋਈ ਕਲਮ ਨਾ ਚੰਗੀ ਝੂਠੀ ਸ਼ੁਹਰਤ ਕਰਦੀ
ਪਾਬੰਦੀ ਵਿਚ ਰੁਕੀ ਹੋਈ ਵੀ ਸਚ ਕਹਿਣ ਤੋਂ ਡਰਦੀ
ਕਾਨੂਨਾਂ ਨਾਲ ਜਦੋਂ ਜਕੜੀੲੈ ਕਲਮਾਂ ਹੋਣ ਨਕਾਰਾ 
ਦੇਸ਼ ਕੋਮ ਦੀ ਬਣਤਰ ਵਿਚ ਫੇਰ ਲਾਉਣ ਨਾ ਇਟਾਂ ਗਾਰਾ
ਕਾਵਲੈਂਕੋ ਵਲੌਂ ਇਕ ਰੂਸੀ ਕਵਿਤਾ ਦਾ ਉਲਥਾ ਧਿਆਨ ਮੰਗਦਾ ਹੈ 

“ਰੱਬ ਨੂੰ ਅਸੀਂ ਮੰਨਦੇ ਨਹੀਂ ,ਮੱਨੁਖ ਨੂੰ ਅਸੀਂ ਜਾਣਦੇ ਨਹੀਂ,ਰੂਹ ਦਾ ਰਾਗ ਗਾਉਂਦੇ ਨਹੀਂ, ਅਸੀਂ ਮੁਰਦਾ ਹੁਸੀਨ ਔਰਤਾਂ ਦੇ ਆਸ਼ਕ ਹਾਂ,ਜਿਉਂਦੀਆਂ ਤੀਵੀਆਂ ਤੋਂ ਭਜਦੇ ਹਾਂ, ਫੇਰ ਅਸੀਂ ਕੀ ਹਾਂ ,ਕਿਧਰ ਜਾਂਦੇ ਹਾਂ-ਅਸੀਂ ਨਵੈਂ ਰਾਹ ਤੇ ਤੁਰੇ ,ਸੜਕਾਂ ਤੇ ਪਗਡੰਡੀਆਂ ਵਿਚਕਾਰ ਟੋਇਆ ਟਿੱਬਿਆਂ ਵਿਚ,ਦਲਦਲ ਵਿਚ,ਬਰੇਤੇ ਵਿਚ ਹਾਂ, ਅਸੀਂ ਸਾਰੇ ਹੀ ਤੁਰੇ ਇਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਖਹਿੰਦਾ ਰਿਹਾ। ਅਸੀਂ ਪੱਛਮ ਦੇ ਸ਼ਰੇਣੀ ਪ੍ਰਧਾਨ ਸਮਾਜ ਤੋਂ ਅੱਗੇ ਅਤੇ ਆਜ਼ਾਦ ਹੋ ਛਲਾਂਗਾਂ ਮਾਰੀਆ, ਪੱਛਮ ਵਿਚ ਲੋਕ ਸ਼੍ਰੇਣੀਆਂ ਵਿਚ ਤੁਰਦੇ ਹਨ ਰੂਸ ਵਿਚ ਸਭ ਲੋਕ ਇਕਠੇ ਤੁਰਦੇ ਭਾਵੈਂ ਉਨ੍ਹਾਂ ਦੀ ਅਗਵਾਈ ਕਰਦੀ ਕਮਿਊਨਿਸਟ ਪਾਰਟੀ ਆਪਹੁਦਰ ੇਪਣ ਵਿਚ ਸ਼ਖਸੀ ਪ੍ਰਭਾਵਾਂ ਹੇਠ ਗਲਤ ਕੱਦਮ ਵੀ ਚੁੱਕਦੀ ਰਹੀ। ਅਸੀ ਸਾਰੇ ਹੀ ਰਸਤਾ ਭੁੱਲ ਗਏ ਅਤੈ ਗ਼ੈਰਾਂ ਨੇ ਨਜ਼ਰਾਂ ਲਗਾ ਕੇ ਰਾਹੋਂ ਕੁਰਾਹੇ ਪਾ ਦਿੱਤਾ ਪਰ ਦੋਸਤਵਸਕੀ ਦਾ ਖੁਦਾ ਜੋ ਰੂਸੀ ਕਿਸਾਨ ਹੈ ਸਾਨੂੰ ਅਗਲੇ ਪੜਾ ਤੇ ਉਡੀਕ ਰਿਹਾ ਹੈ- ਅਸੀਂ ਹੁਣ ਮੁੜ ਪਿੰਡ ਨੂੰ ਮੁੜਾਂਗੇ ਕਿਊਂ ਕਿ ਅਸੀਂ ਮੂਜਿਕ ਹਾਂ।” ਉਪਰੋਕਤ ਕਵਿਤਾ ਬਾਰੇ ਦਿਓਲ ਦੀ ਦਲੀਲ “ ਰੂਸ ਵਿਚ ਧਰਮ ਤੇ ਨਾਸਤਿਕਤਾ ਦਾ ਸੰਤੁਲਨ ਐਸੀ ਅਵਸਥਾ ਉਤਪਨ ਕਰ ਗਿਆ ਜਿਸ ਵਿਚ ਨਾਸਤਕਤਾ ਧਰਮ ਬਣ ਗਈ ਅਤੇ ਧਰਮ ਇਨਕਲਾਬ।” ਵਿਚ ਅੰਤਾਂ ਦਾ ਵਜ਼ਨ ਹੈ।

ਕਹਾਣੀ ਦੇ ਨਿਚੋੜ ਵਜੋਂ ਕਾਵਲੈਂਕੋ ਦਾ ਕਥਨ “ ਸਥਾਨਕ ਭਾਸ਼ਾ ਤੇ ਸਭਿਆਚਾਰ ਨੂੰ ਰੂਸੀ ਕੇਂਦਰਵਾਦ ਪ੍ਰਫੁਲਤ ਹੋਣ ਤੇ ਰੁਕਾਵਟ ਪਾਉਂਦਾ ਰਿਹਾ ਹੈ ਜੋ ਕਿ ਗੈਰ ਮਾਰਕਸੀ ਅਤੇ ਗੈਰ ਸੋਸ਼ਲਿਸਟ ਪ੍ਰਕ੍ਰਿਆ ਹੈ ਜੋ ਕਿਸੇ ਵੇਲੇ ਵੀ ਸੌੜੀ ਕੌਮਪ੍ਰਸਤੀ ਨੂੰ ਉਭਾਰ ਦੇਵੇਗੀ ਅਤੇ ਸੋਵੀਅਤ ਪ੍ਰਣਾਲੀ ਸਦੀਵੀ ਨਹੀਂ ਰਹਿ ਸਕੇਗੀ “

ਸਿਆਣੇ ਕਿਹਾ ਕਰਦੇ ਸਨ “ਧੀਏ ਗੱਲ ਕਰ ਨੋਂਹੇਂ ਕੱਨ ਕਰ” ਕਾਵਲੈਂਕੋ ਦੀ ਪੈਸ਼ਨਗੋਈ ਨਾਲ ਦਿਓਲ ਭਾਰਤ ਦੇ ਕਟੜ ਪੰਥੀਆਂ ਨੂੰ ਨਸੀਹਤ ਕਰਦਾ ਲਗਦਾ ਹੈ।

ਉਰਦੂ ਦਾ ਇਹ ਸ਼ੇਅਰ “ਤੂ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ ਸਾਮਨੇ ਆਸਮਾਨ ਔੌਰ ਵੀ ਹੈਂ “ ਡਾਕਟਰ ਦਿਓਲ ਦੇ ਜੀਵਨ ਤੇ ਇਨ ਬਿਨ ਢੁਕਦਾ ਹੈ। ਆਪਣੀ ਜਿੰਦਗੀ ਵਿਚ ਪੌਡਾ ਪੌਡਾ ਚੜ੍ਹਦਿਆਂ ਬਹੁਤ ਮਲਾਂ ਮਾਰੀਆਂ ਹਨ । ਜੀਵਨ ਵਿਚ ਆਈਆਂ ਦਸ਼ਵਾਰੀਆਂ ਕਠਨਾਈਆਂ ਨਾਲ ਜੂਝਦਿਆਂ ਜੋ ਤਜਰਬਾ ਹਾਸਲ ਕੀਤਾ ਉਸਨੂੰ ਇਕ ਵਿਲੱਖਣ ਗੁਲਦਸਤੇ ਦੇ ਰੂਪ ਵਿਚ ਸੰਭਾਲ ਕੇ ਪੰਜਾਬੀ ਪਾਠਕਾਂ ਨੂੰ ਪੇਸ਼ ਕੀਤਾ ਹੈ। 1965 ਤੋਂ ਲੈ ਕੇ 1972 ਤਕ ਦਿਓਲ ਇੰਗਲੈਂਡ ਵਿਚ ਰਹਿਣ ਸਮੇਂ ਕਦੇ ਵੀ ਸੋਲੀਬਲ ਨਹੀਂ ( ਜੋ ਆਪਣੀ ਹੋਂਦ ਗਵਾ ਕੇ ਦੂਸਰੇ ਵਿਚ ਘੁਲ ਜਾਵੇ,ਖੰਡ ਨਮਕ ਸੋਲੀਬਲ ਹੁੰਦੇ ਹਨ)ਬਣਿਆ ਬਲਕਿ ਉਸ ਨੇ ਇਕ ਸੋਲਵੈਂਟ ( ਜੋ ਦੁਸਰੀਆਂ ਵਸਤਾਂ ਨੂੰ ਆਪਣੇ ਵਿਚ ਸਮੋ ਲਵੇ ਪਾਣੀ ਆਦ )ਬਣ ਕੇ ਆਪਣੇ ਸੰਪਰਕ ਵਿਚ ਆਏ ਸਜਨਾਂ ਦੇ ਵਿਚਾਰਾਂ ਨੂੰ ਯਾਦਾਂ ਦੇ ਰੂਪ ਵਿਚ ਆਪਣੇ ਵਿਚ ਸਮੋ ਲਿਆ। ਲਿਖਣ ਦੀ ਜੁਗਤ ਅਤੇ ਦਿਲ ਨੂੰ ਟੁੰਬ ਲੈਣ ਵਾਲੀ ਸ਼ੈਲੀ ਆਪਣੀ ਮਿਸਾਲ ਆਪ ਹੈ। ਦੂਸਰੀ ਵਡੀ ਆਲਮਗੀਰ ਜੰਗ ਨੇ ਸੰਸਾਰ ਨੂੰ ਦੋ ਵਖਰੋ ਵਖਰੇ ਕੈੰਪਾ ਵਿਚ ਵੰਡ ਦਿਤਾ ਸਮਾਜਵਾਦ ਅਤੇ ਸਾਮਰਾਜਵਾਦ ਦੇ ਦੋ ਦੈਂਤ ਇਕ ਡੰਡੇ ਨਾਲ ਅਤੇ ਦੂਸਰਾ ਮਾਇਆ ਦੇ ਜ਼ੋਰ ਪਰਚਾਰ ਦੀ ਘੁਟੀ ਨਾਲ ਜਨਸਾਧਾਰਨ ਨੂੰ ਮਦਹੋਸ਼ ਕਰਕੇ ਪੈਰ ਪਸਾਰਨ ਲਗਾ। ਸਮਾਜਵਾਦ ਵਾਲੇ ਕਾਰਲਮਾਰਕਸ ਨੁੰ ਰਬ ਮੰਨ ਕੇ ਜੋ ਅੜੇ ਸੋ ਝੜੇ ਦੇ ਰਾਹੇ ਪੈ ਗਏ ਅਤੇ ਸਾਮਰਾਜਵਾਦ ਵਾਲਿਆਂ ਲੋਕ ਤੰਤਰ ਦਾ ਡੋਰੂ ਬਜਾਉਣਾ ਸ਼ੁਰੂ ਕੀਤਾ। ਡਾਕਟਰ ਦਿਓਲ ਦਾ ਸੰਪਰਕ ਮਾਰਕਸਵਾਦ ਦੇ ਪੈਰੋਕਾਰਾਂ ਨਾਲ ਰਿਹਾ ਤਾਰਿਆਂ ਦੇ ਕਾਫਲੇ ਪੁਸਤਕ ਦੇ ਸਾਰੇ ਪਾਤਰ ਮਾਰਕਸਵਾਦ ਨਾਲ ਜੁੜੇ ਹੋਏ ਹਨ । ਦਿਓਲ ਦੀ ਵਿਚਾਰਧਾਰਾ ਤੇ ਵੀ ਕਦੇ ਕਦੇ ਮਾਰਕਸਵਾਦ ਦਾ ਝੌਲਾ ਪੈਂਦਾ ਹੈ। ਪਰ ਇਸ ਪੁਸਤਕ ਦੇ ਪਾਤਰਾਂ ਜੁਬਾਨੀ ਜਿਸ ਢੰਗ ਨਾਲ ਡਾਕਟਰ ਦਿਓਲ ਨੇ ਮਾਰਕਸਵਾਦ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਉਹ ਇਕ ਸੂਝਵਾਨ ਲੇਖਕ ਹੀ ਪੇਸ਼ ਕਰ ਸਕਦਾ ਹੈ। ਡਾਕਟਰ ਦਿਓਲ ਨੇ ਲੂਸੀ ਬਰਾਊਨ ਅਤੇ ਮੈਰੀ ਕਲੈਰਿਸ ਦੇ ਰੇਖਾ ਚਿੱਤਰ ਉਲੀਕਣ ਲਗਿਆਂ ਨਾਰੀ ਗੁਣ ਉਸ ਦੀ ਕੋਮਲਤਾ ਨੂੰ ਵੀ ਅਖੋਂ ਪਰੋਖੇ ਕੀਤਿਆਂ ਬਗੈਰ ਨਾਰੀ ਚੇਤਨਾ ਵਜੋਂ ਵੀ ਉਹਨਾਂ ਨੂੰ ਜਾਗਰੂਕ ਦਖਾਇਆ ਹੈ।

ਡਾਕਟਰ ਦਿਓਲ ਵੱਧਾਈ ਦਾ ਪਾਤਰ ਹੈ ਪੰਜਾਬੀ ਸਾਹਿਤ ਵਿਚ ਡਾਕਟਰ ਦਿਓਲ ਦੇ ਯੋਗਦਾਨ ਦੀ ਉਡੀਕ ਰਹੇਗੀ।

****