ਸ਼ਾਮ ਅੱਠ ਵੱਜ ਕੇ ਵੀਹ ਕੁ ਮਿੰਟ 'ਤੇ ਫ਼ਲਾਈਟ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਦੇ ਟਰਮੀਨਲ ਇਕ 'ਤੇ ਜਾ ਉਤਰੀ। ਵੀਹ ਕੁ ਮਿੰਟ ਬਾਅਦ ਮੈਂ ਬਾਹਰ ਆ ਗਿਆ। ਮਿੰਟੂ ਚਾਹਲ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ, ਬਾਈ ਅਮਰਜੀਤ ਸਿੰਘ ਚਾਹਲ ਅੱਗੇ ਖੜ੍ਹੇ ਉਡੀਕ ਰਹੇ ਸਨ। ਬਾਈ ਅਮਰਜੀਤ ਸਿੰਘ ਚਾਹਲ ਦੇ ਪਿੰਡ ਰਾਮਗੜ੍ਹ, ਜਿਲ੍ਹਾ ਬਰਨਾਲ਼ਾ ਮੇਰੇ ਨਾਨਕੇ ਹਨ। ਇਹ ਪਿੰਡ ਪਹਿਲਾਂ ਸੰਗਰੂਰ ਜਿਲ੍ਹੇ ਵਿਚ ਪੈਂਦਾ ਸੀ। ਅਸੀਂ ਏਅਰਪੋਰਟ ਤੋਂ ਤਕਰੀਬਨ ਅੱਧੇ ਕੁ ਘੰਟੇ ਵਿਚ ਘਰ ਪਹੁੰਚ ਗਏ। ਸਾਡੇ ਜਾਣ ਤੋਂ ਪਹਿਲਾਂ ਹੀ ਘਰੇ ਬਾਈ ਦਾ ਛੋਟਾ ਮੁੰਡਾ ਪੀਟਰ ਅਤੇ ਜਵਾਈ ਪੂਰਨ ਸਿੰਘ ਧਾਲ਼ੀਵਾਲ਼ ਉਡੀਕ ਰਹੇ ਸਨ। ਪੂਰਨ ਧਾਲ਼ੀਵਾਲ਼ ਦਾ ਪਿੰਡ ਮੇਰੇ ਪਿੰਡ ਦੇ ਬਿਲਕੁਲ ਨਾਲ਼ 'ਰਾਮਾਂ' ਹੈ। ਪੰਮਾਂ ਟਰੱਕ ਲੈ ਕੇ ਕਿਸੇ ਲੰਬੇ ਟੂਰ 'ਤੇ ਦੂਰ ਨਿਕਲਿ਼ਆ ਹੋਇਆ ਸੀ। ਘਰ ਜਾ ਕੇ ਮਿੰਟੂ ਨੇ ਦੱਸਿਆ ਕਿ ਬਹੁਤ ਪ੍ਰਸ਼ੰਸਕ ਮਿੱਤਰਾਂ ਦੇ ਫ਼ੋਨ ਆ ਚੁੱਕੇ ਹਨ ਅਤੇ ਆਈ ਜਾ ਰਹੇ ਹਨ। ਦੋ ਵਾਰ 'ਅਜੀਤ ਵੀਕਲੀ' ਦੇ ਐਡੀਟਰ ਡਾਕਟਰ ਦਰਸ਼ਣ ਸਿੰਘ ਬੈਂਸ ਹੋਰਾਂ ਦਾ ਵੀ ਫ਼ੋਨ ਆ ਚੁੱਕਿਆ ਹੈ, ਪਰ ਹੁਣ ਆਪਾਂ ਸਾਰਿਆਂ ਨਾਲ਼ ਗੱਲ ਕੱਲ੍ਹ ਨੂੰ ਹੀ ਕਰਾਂਗੇ। ਪੂਰਨ, ਪੀਟਰ, ਮਿੰਟੂ ਅਤੇ ਬਾਈ ਅਮਰਜੀਤ ਸਿੰਘ ਚਾਹਲ ਨੇ ਬੋਤਲ ਖੋਲ੍ਹ ਲਈ ਅਤੇ ਮੇਰੇ ਲਈ ਚਾਹ ਆ ਗਈ। ਮੈਂ ਖ਼ਾਸ ਤੌਰ 'ਤੇ ਬਰੈਂਪਟਨ ਵਿਚ ਮਿੰਟਾ ਧਾਲ਼ੀਵਾਲ਼, ਅਜਾਇਬ ਟੱਲੇਵਾਲ਼ੀਆ, ਬਲਰਾਜ ਬਰਾੜ ਅਤੇ ਸਾਡੇ ਪਿੰਡ ਦੇ ਬਾਈ ਗੁਰਮੀਤ ਬਰਾੜ ਨੂੰ ਜ਼ਰੂਰ ਮਿਲਣਾ ਸੀ।
ਅਗਲੇ ਦਿਨ ਅਸੀਂ ਮਿੰਟੂ ਚਾਹਲ ਦੇ ਸਹੁਰੀਂ, ਗਿਆਨੀ ਮੋਹਣ ਸਿੰਘ ਮਾਨ ਦੇ ਘਰ ਚਲੇ ਗਏ। ਗਿਆਨੀ ਮੋਹਣ ਸਿੰਘ ਮਾਨ ਗਲਿੱਡਨ ਗੁਰੂ ਘਰ ਦੇ ਸਾਬਕਾ ਹੈੱਡ-ਗ੍ਰੰਥੀ ਹਨ ਅਤੇ ਨਾਲ਼ ਦੀ ਨਾਲ਼ ਉਹ ਸੁਹਿਰਦ ਲੇਖਕ ਵੀ ਹਨ। ਇਕ 'ਸੜਕਨਾਮਾਂ' ਬਾਈ ਬਲਦੇਵ ਸਿੰਘ ਮੋਗਾ ਨੇ ਲਿਖਿਆ ਸੀ ਅਤੇ ਪ੍ਰਸਿੱਧ ਕਾਵਿੱਤਰੀ, ਮਰਹੂਮ ਅੰਮ੍ਰਿਤਾ ਪ੍ਰੀਤਮ ਜੀ ਨੇ 'ਨਾਗਮਣੀ' ਵਿਚ ਛਾਪਿਆ ਸੀ ਅਤੇ ਦੂਜਾ ਕੈਨੇਡਾ ਦਾ 'ਸੜਕਨਾਮਾਂ' ਸਤਿਕਾਰਯੋਗ ਗਿਆਨੀ ਮੋਹਣ ਸਿੰਘ ਜੀ ਮਾਨ ਨੇ ਲਿਖਿਆ ਸੀ ਅਤੇ ਕੈਨੇਡਾ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਲੜੀਵਾਰ ਛਪਿਆ ਸੀ। ਗਿਆਨੀ ਮੋਹਣ ਸਿੰਘ ਮਾਨ ਹੋਰਾਂ ਦੀ ਲੜਕੀ ਮਨਜੀਤ ਕੌਰ, ਮਿੰਟੂ ਚਾਹਲ ਦੀ ਸੁਪਤਨੀ ਹੈ। ਮਨਜੀਤ ਕੌਰ ਚਾਹਲ ਦੀ ਸ਼ਕਲ ਬਿਲਕੁਲ ਮੇਰੇ ਵੱਡੇ ਭੈਣ ਜੀ ਨਾਲ਼ ਮਿਲ਼ਦੀ ਹੋਣ ਕਾਰਨ ਮੈਂ ਮਨਜੀਤ ਕੌਰ ਚਾਹਲ ਨੂੰ 'ਭੈਣ ਜੀ' ਆਖ ਕੇ ਬੁਲਾਉਂਦਾ ਅਤੇ ਸਤਿਕਾਰਦਾ ਹਾਂ ਅਤੇ ਉਹ ਵੀ ਮੈਨੂੰ ਵੱਡੇ ਭਰਾਵਾਂ ਵਾਂਗ ਹੀ ਸਨੇਹ-ਸਤਿਕਾਰ ਦਿੰਦੀ ਹੈ। ਉਸ ਤੋਂ ਬਾਅਦ ਅਸੀਂ ਅਜਾਇਬ ਸਿੰਘ ਟੱਲੇਵਾਲ਼ੀਆ ਦੇ ਘਰ ਚਲੇ ਗਏ। ਅਜਾਇਬ ਦੇ ਘਰ ਅੰਦਰ ਜਦ ਦਾਖ਼ਲ ਹੋਣ ਲੱਗੇ ਤਾਂ ਮੈਨੂੰ ਇਕ ਪਲਾਸਟਿਕ ਦਾ ਪਿੰਜਰ ਜਿਹਾ ਟੰਗਿਆ ਨਜ਼ਰ ਆਇਆ। ਮੈਂ ਅਜਾਇਬ ਨੂੰ ਮਜ਼ਾਕ ਨਾਲ਼ ਪੁੱਛਿਆ, "ਬਾਈ..! ਕਿਤੇ ਭੂਤਾਂ ਤਾਂ ਨੀ ਕੱਢਣ ਲੱਗ ਪਿਆ..?" ਅਜਾਇਬ ਮੈਨੂੰ ਗਲਵਕੜੀ ਵਿਚ ਲੈਂਦਾ ਬੋਲਿਆ, "ਕਾਹਨੂੰ ਜੱਗੀ..! ਇਹ ਤਾਂ ਜੁਆਕਾਂ ਨੇ ਲਿਆ ਕੇ ਟੰਗ ਦਿੱਤਾ..!" ਅਸੀਂ ਚਾਹ ਪੀਂਦੇ ਪੀਂਦੇ ਅੱਜ ਦੇ ਅਤੇ ਪੁਰਾਣੇ ਸਾਹਿਤ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ।
ਰਾਤ ਨੂੰ ਪੀਟਰ ਦੇ ਘਰੇ ਫਿ਼ਰ ਮਹਿਫ਼ਲ ਜੰਮੀ ਹੋਈ ਸੀ। ਪੀਟਰ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਸ. ਬਲਵੰਤ ਸਿੰਘ ਰਾਮੂਵਾਲ਼ੀਆ ਦੀਆਂ 'ਰੀਸਾਂ' ਲਾ ਕੇ ਸਾਡੀਆਂ ਸਭ ਦੀਆਂ ਵੱਖੀਆਂ ਤੁੜਾ ਰਿਹਾ ਸੀ। ਪੀਟਰ ਵਿਚ ਅਗਲੇ ਦੀ 'ਸਾਂਗ' ਲਾਉਣ ਦੀ ਐਨੀ ਕਲਾ ਹੈ ਕਿ ਜੇ ਉਹ ਕਿਸੇ ਸਮਰੱਥ ਕਮੇਡੀਅਨ ਦੇ ਹੱਥ ਲੱਗ ਜਾਵੇ ਤਾਂ ਮੇਰਾ ਦਾਅਵਾ ਅਤੇ ਗਰੰਟੀ ਹੈ ਕਿ ਕਮੇਡੀ ਦੇ ਖ਼ੇਤਰ ਵਿਚ ਤੜਥੱਲ ਮਚਾ ਦੇਵੇ! ਜਿਵੇਂ ਭਗਵੰਤ ਮਾਨ 'ਬੀਬੋ ਭੂਆ' ਅਤੇ ਭੋਟੂ ਸ਼ਾਹ 'ਭੱਈਆਂ' ਦੀ ਸਾਂਗ ਲਾਉਂਦੇ ਹਨ। ਉਸ ਤਰ੍ਹਾਂ ਪੀਟਰ ਬਲਵੰਤ ਸਿੰਘ ਰਾਮੂਵਾਲ਼ੀਆ ਦੀ 'ਰੀਸ' ਲਾ ਕੇ ਬੱਲੇ-ਬੱਲੇ ਕਰਵਾ ਦੇਵੇ! ਸ. ਬਲਵੰਤ ਸਿੰਘ ਰਾਮੂਵਾਲ਼ੀਆ ਮੇਰਾ ਜਿਗਰੀ ਮਿੱਤਰ ਹੈ ਅਤੇ ਮੈਂ ਬਲਵੰਤ ਸਿੰਘ ਰਾਮੂਵਾਲ਼ੀਆ ਨੂੰ ਫ਼ੁਰਮਾਇਸ਼ ਕਰੂੰਗਾ ਕਿ ਜਦ ਉਹ ਕੈਨੇਡਾ ਗੇੜਾ ਮਾਰੇ ਤਾਂ ਪੀਟਰ ਤੋਂ ਆਪਣੀ ਅਵਾਜ਼ ਜ਼ਰੂਰ ਸੁਣੇ!
ਉਸੇ ਰਾਤ ਮੈਂ ਬਲਵੰਤ ਰਾਮੂਵਾਲੀਆ ਦੀ ਤਖ਼ਤੂਪੁਰੇ ਦੇ ਮੇਲੇ 'ਤੇ ਸੁਣਾਈ ਇਕ ਗੱਲ ਪੀਟਰ ਨੂੰ ਸੁਣਾਈ।
ਤਖ਼ਤੂਪੁਰਾ ਦੇ ਮਾਘੀ ਮੇਲੇ 'ਤੇ ਬਲਵੰਤ ਸਿੰਘ ਰਾਮੂਵਾਲ਼ੀਆ ਸਟੇਜ਼ 'ਤੇ ਖੜ੍ਹਾ ਭਾਸ਼ਣ ਦੇ ਰਿਹਾ ਸੀ, ਤਾਂ ਉਸ ਨੇ ਸਾਹਮਣੇ ਬੈਠੇ ਲੋਕਾਂ ਨੂੰ ਤਾਹਨਾਂ ਮਾਰਿਆ।
-"ਉਏ ਪੰਜਾਬ ਦੇ ਲੋਕੋ..! ਜੇ ਕਿਸੇ ਕੁੜੀ ਦਾ ਪਹਿਲਾ ਜਣੇਪਾ ਕੁਦਰਤੀਂ ਕਿਤੇ ਸਹੁਰੇ ਘਰ ਹੋ ਜਾਵੇ ਤਾਂ ਮੁੰਡਾ ਸਵਾ ਮਹੀਨੇ ਦਾ ਹੋਣ 'ਤੇ ਉਹ ਆਪਣਾ ਮੁੰਡਾ ਦਿਖਾਉਣ ਆਪਣੇ ਪੇਕੀਂ ਜਾਂਦੀ ਐ..! ਘਰੇ ਕੁੜੀ ਦਾ ਸੱਤਰ ਸਾਲਾਂ ਦਾ ਪਿਉ ਮੰਜੇ 'ਤੇ ਬੈਠਾ ਹੁੰਦੈ..! ਤੇ ਕੁੜੀ ਦਾ ਪਿਉ ਬੜੇ ਚਾਅ ਨਾਲ਼ ਕਹਿੰਦੈ, ਵਾਹ ਜੀ ਵਾਹ..! ਮੇਰਾ ਦੋਹਤਾ ਆ ਗਿਆ..! ਲਿਆ ਕੁੜ੍ਹੇ ਕੁੜੀਏ...! ਫ਼ੜਾ ਮੈਨੂੰ ਮੇਰਾ ਦੋਹਤਾ..! ਪਿਆਰ ਦੇਵਾਂ ਇਹਨੂੰ ਬੁੱਕਲ਼ 'ਚ ਲੈ ਕੇ..! ਤੇ ਉਹਦੀ ਕੁੜੀ ਪਤਾ ਕੀ ਕਹਿੰਦੀ ਐ..? ਨਹੀਂ ਬਾਪੂ..! ਤੂੰ ਸੱਤਰਾ ਬਹੱਤਰਾ ਹੋਇਆ ਪਿਐਂ..! ਮੈਂ ਨੀ ਫ਼ੜਾਉਣਾ ਤੈਨੂੰ ਮੁੰਡਾ..! ਸਿੱਟਦੇਂਗਾ..! ਕੋਈ ਸੱਟ ਫ਼ੇਟ ਵੱਜੂ ਜੁਆਕ ਦੇ...! ਕੁੜੀ ਆਪਣਾ ਨਿਆਣਾ ਜੁਆਕ ਆਪਣੇ ਸੱਤਰਾਂ ਸਾਲਾਂ ਦੇ ਬਾਪੂ ਨੂੰ ਨੀ ਡਰਦੀ ਫ਼ੜਾਉਂਦੀ...! ਉਏ ਪੰਜਾਬੀਓ...!! ਤੇ ਤੁਸੀਂ...?? ਤੇ ਤੁਸੀਂ, ਪੂਰੇ ਦਾ ਪੂਰਾ ਪੰਜਾਬ ਬਿਆਸੀ ਸਾਲਾਂ ਦੇ ਬਾਦਲ ਨੂੰ ਚੱਕ ਕੇ ਫ਼ੜਾ ਦਿੱਤਾ..! ਕੁੜੀ ਆਪਣਾ ਜੁਆਕ ਸੱਤਰਾਂ ਸਾਲਾਂ ਦੇ ਬਾਪੂ ਨੂੰ ਨੀ ਫ਼ੜਾਉਂਦੀ ਤੇ ਤੁਸੀਂ ਸਾਰਾ ਪੰਜਾਬ ਈ ਉਹਦੇ ਹੱਥਾਂ 'ਚ ਦੇਅਤਾ..!" ਉਸ ਦੀ ਇਸ ਗੱਲ 'ਤੇ ਹਾਸੜ ਪੈ ਗਈ।
ਅਗਲੇ ਦਿਨ ਸਾਨੂੰ ਬੌਡਿਆਂ ਵਾਲ਼ਾ ਭੋਲਾ ਮਿਲਣ ਆ ਗਿਆ। ਮੀਨੀਆਂ ਵਾਲ਼ੇ ਬੇਲੀ ਨੇ ਇਕ ਹੋਰ ਗੱਲ ਸੁਣਾਈ। ਉਸ ਦਾ ਕਹਿਣਾ ਸੀ ਕਿ ਬਾਈ ਜੀ ਜਦ ਅੱਗੇ ਕੋਈ ਸਾਡੇ ਪਿੰਡ ਬਾਰੇ ਪੁੱਛਦਾ ਸੀ, ਤਾਂ ਸਾਨੂੰ ਦੱਸਣ ਬਾਰੇ ਬਹੁਤ ਜੱਦੋਜਹਿਦ ਕਰਨੀ ਪੈਂਦੀ ਸੀ। ਪਰ ਹੁਣ ਜਦ ਅਗਲਾ ਪਿੰਡ ਪੁੱਛਦਾ ਹੈ, ਤਾਂ ਅਗਲੇ ਨੂੰ ਇੱਕੋ ਗੱਲ ਪੁੱਛ ਲਈਦੀ ਹੈ, ਜੱਗੀ ਕੁੱਸਾ ਨੂੰ ਜਾਣਦੇ ਹੋ..? ਜੇ ਅਗਲਾ 'ਹਾਂ' ਕਹਿੰਦਾ ਹੈ ਤਾਂ ਮੈਂ ਨਾਲ਼ ਦੀ ਨਾਲ਼ ਉੱਤਰ ਦੇ ਦਿੰਦਾ ਹਾਂ ਕਿ ਜੱਗੀ ਕੁੱਸਾ ਦੇ ਪਿੰਡ ਕੁੱਸਾ ਤੋਂ ਅਗਲਾ ਪਿੰਡ ਸਾਡੈ, ਮੀਨੀਆਂ..!
ਦੁਪਿਹਰ ਵੇਲ਼ੇ ਮੈਂ ਅਤੇ ਮਿੰਟੂ ਗਿਆਨੀ ਮੋਹਣ ਸਿੰਘ ਮਾਨ ਦੇ ਘਰ ਫਿ਼ਰ ਚਲੇ ਗਏ। ਪੰਜਾਬ ਦੀ ਸਿਆਸਤ ਤੋਂ ਲੈ ਕੇ ਪਵਿੱਤਰ ਗੁਰਬਾਣੀ ਤੱਕ ਵਿਚਾਰ ਚਰਚਾ ਚੱਲੀ। ਜਦ ਅਸੀਂ ਮੁੜਨ ਲੱਗੇ ਤਾਂ ਉਹਨਾਂ ਨੇ ਮੈਨੂੰ ਸੌ ਡਾਲਰ ਦਾ 'ਸ਼ਗਨ' ਵੀ ਦਿੱਤਾ। ਇਕ ਗੱਲ ਹੋਰ ਸੀ। ਮੇਰੇ ਬਰੈਂਪਟਨ ਹੁੰਦਿਆਂ-ਹੁੰਦਿਆਂ ਦੋ ਗੁਰੂ ਘਰਾਂ ਵਿਚ ਗਹਿਗੱਚ ਲੜਾਈ ਹੋ ਚੁੱਕੀ ਸੀ। ਪੱਗਾਂ ਲੱਥੀਆਂ, ਸਿੰਘਾਂ ਦੇ ਸਿਰ ਵੀ ਪਾਟੇ ਸਨ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਸਨ। ਮੈਨੂੰ ਨਹੀਂ ਪਤਾ ਕਿ ਕੌਣ ਚੰਗਾ ਅਤੇ ਕੌਣ ਮਾੜਾ ਸੀ...? ਜਾਂ ਕਸੂਰ ਕਿਸ ਦਾ ਸੀ...? ਜਾਂ ਅਸਲ ਗੱਲ ਕੀ ਸੀ..? ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 763 'ਤੇ ਸੂਹੀ ਮਹਲਾ ਪੰਜਵਾਂ ਗੁਣਵੰਤੀ ਵਿਚ ਪੰਜਵੇਂ ਪਾਤਿਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰਦੇ ਹਨ, "ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।।" ਪਵਿੱਤਰ ਗੁਰਬਾਣੀ ਦੀ ਇਹ ਪੰਗਤੀ ਮੇਰੇ ਜਿਹਨ ਵਿਚ ਵਾਰ ਵਾਰ ਚੱਕਰ ਕੱਟ ਰਹੀ ਸੀ। ਗੁਰੂ ਮਹਾਰਾਜ ਨੇ ਤਾਂ ਇੱਥੋਂ ਤੱਕ ਹੁਕਮ ਫ਼ੁਰਮਾਇਆ ਹੈ ਕਿ ਜੋ ਵੀ ਗੁਰੂ ਦਾ ਸਿੱਖ ਦਿਸੇ, ਉਸ ਦੇ ਨਿਉਂ ਨਿਉਂ ਕੇ ਪੈਰੀਂ ਲੱਗੋ! ਪਰ ਇਹ ਵੱਢ-ਟੁੱਕ...? ਆਪਣੇ ਹੀ ਗੁਰਸਿੱਖ ਭਰਾਵਾਂ ਦੀ...? ਫਿ਼ਰ ਕਿਸ ਗੁਰੂ ਨੂੰ ਮੰਨਦੇ ਹਾਂ ਅਸੀਂ..? ਗੁਰੂ ਮਹਾਰਾਜ ਦੇ ਉਪਦੇਸ਼ ਦਾ ਫ਼ਾਇਦਾ ਕੀ ਹੋਇਆ..? ਜੇ ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਉਸ ਦੇ ਇਲਾਹੀ ਹੁਕਮ ਦੀ ਕੁਤਾਹੀ ਕਿਉਂ..? ਮੀਡੀਆ ਵਿਚ ਚੱਲਦੀ 'ਬਹਿਸ' ਅਤੇ 'ਚਰਚਾ' ਪੜ੍ਹ-ਸੁਣ ਕੇ ਮਨ ਅਤੀਅੰਤ ਪ੍ਰੇਸ਼ਾਨ ਹੋ ਉਠਿਆ। ਮੈਨੂੰ ਕਾਫ਼ੀ ਅਰਸਾ ਪਹਿਲਾਂ ਕਿਸੇ ਵਿਅਕਤੀ ਵੱਲੋਂ ਕਹੀ ਗੱਲ ਚੇਤੇ ਆਈ, "ਹਿੰਦੋਸਤਾਨ ਗੌਰਮਿੰਟ ਨੂੰ ਪੰਜਾਬ 'ਚ ਮਿਲਟਰੀ ਜਾਂ ਸੀ.ਆਰ.ਪੀ. ਲਾਉਣ ਦੀ ਕੀ ਲੋੜ ਐ..? ਉਹ ਖੁੱਲ੍ਹਾ ਐਲਾਨ ਕਰ ਦੇਵੇ ਕਿ ਸਰਕਾਰ ਸਿੱਖਾਂ ਨੂੰ ਖ਼ਾਲਿਸਤਾਨ ਦੇਣ ਲਈ ਬਿਲਕੁਲ ਤਿਆਰ ਐ..! ਤੇ ਖ਼ਾਲਿਸਤਾਨੀ ਵੀਰ ਆਪਣੇ ਬਣਨ ਵਾਲ਼ੇ ਲੀਡਰਾਂ ਦੀ ਸੂਚੀ ਸਾਨੂੰ ਦੋ ਸਾਲਾਂ ਦੇ ਵਿਚ ਵਿਚ ਪੇਸ਼ ਕਰ ਦੇਣ..! ਲੈ ਦੇਖ ਫ਼ੇਰ ਸੂਚੀ ਤਿਆਰ ਕਰਦੇ ਕਰਦੇ ਦੋ ਸਾਲਾਂ 'ਚ ਇਹ ਕਿਵੇਂ ਆਪਣਿਆਂ ਨੂੰ ਵੱਢ ਕੇ, ਖਿਲਾਰ ਖਿਲਾਰ ਸਿੱਟਦੇ ਐ..!" ਉਸ ਆਦਮੀ ਦੀ ਗੱਲ ਮੈਨੂੰ ਬਰੈਂਪਟਨ ਗੁਰੂ ਘਰਾਂ ਵਿਚ ਹੋਣ ਵਾਲ਼ੀ ਲੜਾਈ ਤੋਂ ਇਕ ਦਮ ਫਿ਼ਰ ਚੇਤੇ ਆਈ, ਕਿ ਕੀ ਉਸ ਬੰਦੇ ਨੇ ਇਹ ਗੱਲ ਸੱਚ ਆਖੀ ਸੀ ਕਿ ਝੂਠ..? ਇਕ ਹੋਰ ਇਤਿਹਾਸਕ ਉਦਾਹਰਣ ਦੇਣੀਂ ਚਾਹਾਂਗਾ ਕਿ ਇਤਿਹਾਸ ਦੇ ਇਕ ਹੋਰ ਕਾਂਡ ਨਾਲ਼ ਜੁੜ ਕੇ ਅਜੋਕੇ ਸਮੇਂ ਵਿਚ ਸੋਚਣ, ਸਮਝਣ ਅਤੇ ਸਿੱਖਣਯੋਗ ਗੱਲ ਹੈ ਕਿ ਸੰਨ 1710 ਵਿਚ ਸਥਾਪਤ ਹੋਇਆ 'ਖ਼ਾਲਸਾ ਰਾਜ' ਬਹੁਤੀ ਦੇਰ ਕਾਇਮ ਕਿਉਂ ਨਾ ਰਹਿ ਸਕਿਆ..? ਲੱਖਾਂ ਕੁਰਬਾਨੀਆਂ ਦੇਣ ਉਪਰੰਤ ਵੀ 'ਸਰਹਿੰਦ ਫ਼ਤਹਿ' ਤੋਂ 'ਦਿੱਲੀ ਫ਼ਤਹਿ' ਤੱਕ ਪੁੱਜਣ ਲਈ 73 ਸਾਲ ਦੀ ਲੰਬੀ ਉਡੀਕ ਕਿਉਂ ਕਰਨੀ ਪਈ..? ਸਿੱਖ ਕੌਮ ਦੀਆਂ ਪੂਰੀਆਂ ਦੋ ਪੀੜ੍ਹੀਆਂ ਇਸ ਸੰਘਰਸ਼ ਦੇ ਲੇਖੇ ਲਾ ਕੇ ਕੌਮੀ ਤੌਰ 'ਤੇ ਸ਼ਕਤੀ ਅਤੇ ਸਮਰੱਥਾ ਹੋਣ ਦੇ ਬਾਵਜੂਦ ਵੀ ਅਸੀਂ ਦੋ ਮਹੀਨੇ ਵੀ ਦਿੱਲੀ ਦੇ ਲਾਲ ਕਿਲ੍ਹੇ ਨੂੰ ਆਪਣੇ ਕਬਜ਼ੇ ਵਿਚ ਕਿਉਂ ਨਾ ਰੱਖ ਸਕੇ..? ਕੀ ਇਹ 'ਆਪਸੀ ਯੁੱਧ' ਦਾ ਨਤੀਜਾ ਨਹੀਂ? ਸੋ ਸਾਨੂੰ ਇਸ ਗੱਲੋਂ ਜ਼ਰੂਰ ਸੁਚੇਤ ਹੋਣ ਦੀ ਲੋੜ ਹੈ ਅਤੇ ਆਪਸੀ ਜੰਗ ਤੋਂ ਗੁਰੇਜ਼ ਕਰਨੀ ਚਾਹੀਦੀ ਹੈ!
ਅਗਲੇ ਦਿਨ ਸਵੇਰੇ 8:50 'ਤੇ ਮੇਰੀ ਲੰਡਨ ਦੀ ਵਾਪਸੀ ਸੀ। ਪਰ ਪੀਟਰ ਨੇ ਇਕ ਨਵੀਂ ਹੀ ਗੱਲ ਸਾਡੇ ਕੰਨ 'ਚ ਪਾਈ।
-"ਬਾਈ..! ਆਈਸਲੈਂਡ ਵਿਚ 'ਵੋਲਕੈਨੋ' ਫ਼ਟਣ ਕਾਰਨ ਯੂਰਪ ਦੇ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਐ!" ਪੀਟਰ ਨੇ ਕਿਹਾ ਸੀ।
-"ਕਦੋਂ..?"
-"ਅੱਜ..!"
-"ਪਰ ਪੀਟਰ..! ਅਜੇ ਆਪਣੀ ਫ਼ਲਾਈਟ ਚੱਲਣ 'ਚ ਤਕਰੀਬਨ 24 ਘੰਟੇ ਬਾਕੀ ਐ, ਸਾਇੰਸ ਦਾ ਯੁੱਗ ਐ, ਉਦੋਂ ਤੱਕ ਕੋਈ ਨਾ ਕੋਈ ਸੱਪ ਸਾਇੰਸਦਾਨ ਕੱਢ ਲੈਣਗੇ!" ਮੈਂ ਨਿਸ਼ਚਿੰਤ ਹੁੰਦਿਆਂ ਕਿਹਾ। ਉਸ ਸ਼ਾਮ ਨੂੰ ਹੀ ਜਗਤ-ਪ੍ਰਸਿੱਧ ਗੀਤਕਾਰ ਮੱਖਣ ਬਰਾੜ ਵੀ ਮੈਨੂੰ ਮਿਲਣ ਲਈ ਆਇਆ। ਗੱਲਾਂ ਬਾਤਾਂ ਕਰਦੇ ਰਹੇ। ਪੰਜਾਬੀਆਂ ਵਿਚ ਹਰ ਜਗਾਹ ਗੁਰੂ ਘਰਾਂ ਵਿਚ ਹੋਈਆਂ ਲੜਾਈਆਂ ਬਾਰੇ ਹੀ 'ਚੁੰਝ-ਚਰਚਾ' ਚੱਲ ਰਹੀ ਸੀ। ਅਗਲੇ ਦਿਨ 16 ਅਪ੍ਰੈਲ ਨੂੰ ਮਿੰਟੂ ਮੈਨੂੰ ਅਤੇ ਅਜਾਇਬ ਟੱਲੇਵਾਲ਼ੀਆ ਨੂੰ ਏਅਰਪੋਰਟ 'ਤੇ ਉਤਾਰ ਗਿਆ। ਜਦ ਮੈਂ ਅਤੇ ਅਜਾਇਬ ਨੇ ਏਅਰ ਕੈਨੇਡਾ ਦੇ ਕਾਊਂਟਰ 'ਤੇ ਜਾ ਕੇ ਦੇਖਿਆ ਤਾਂ ਉਥੇ ਨਾ ਮੁੱਕਣ ਵਾਲ਼ੀ ਲੰਮੀ ਲਾਈਨ ਲੱਗੀ ਹੋਈ ਸੀ। ਤਮਾਮ ਫ਼ਲਾਈਟਾਂ ਬੰਦ ਸਨ ਅਤੇ ਯੂਰਪ ਭਰ ਦੇ 130 ਏਅਰਪੋਰਟ ਬੰਦ ਕਰ ਦਿੱਤੇ ਗਏ ਸਨ। ਮੀਡੀਆ ਵਾਲ਼ੇ ਤੋਪਾਂ ਵਾਂਗ ਆਪਣੇ ਕੈਮਰੇ ਗੱਡੀ ਖੜ੍ਹੇ ਸਨ ਅਤੇ ਏਅਰਪੋਰਟਾਂ 'ਤੇ ਫ਼ਸੇ ਮੁਸਾਫਿ਼ਰਾਂ ਦੀਆਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਸਨ। ਕੋਈ ਆਖ ਰਿਹਾ ਸੀ ਕਿ ਉਸ ਦੇ ਦਿਲ ਦੀ ਸਰਜਰੀ ਦੀ 'ਅਪਾਇੰਟਮੈਂਟ' ਸੀ। ਕੋਈ ਆਪਣੀ ਦੁਆਈ ਖ਼ਤਮ ਹੋ ਜਾਣ ਦੀ ਬਾਤ ਪਾ ਰਿਹਾ ਸੀ। ਇਕ 27-28 ਸਾਲ ਦੀ ਗੋਰੀ ਬੀਬੀ ਰੋ ਰਹੀ ਸੀ, "ਮੇਰੀ ਤਾਂ 18 ਅਪ੍ਰੈਲ ਨੂੰ ਸ਼ਾਦੀ ਹੈ..!" ਪਰ ਏਅਰਲਾਈਨਜ਼ ਵਾਲ਼ੇ ਬੇਵੱਸੀ ਜ਼ਾਹਿਰ ਕਰ ਰਹੇ ਸਨ। ਕਰ ਉਹ ਵੀ ਕੁਝ ਨਹੀਂ ਸਕਦੇ ਸਨ। ਜਦ ਯੂਰਪ ਦੇ ਕਿਸੇ ਏਅਰਪੋਰਟ ਨੂੰ ਫ਼ਲਾਈਟ ਹੀ ਨਹੀਂ ਜਾ ਰਹੀ ਸੀ, ਤਾਂ ਉਹ ਫ਼ਲਾਈਟ ਕਿੱਧਰ ਨੂੰ ਚਾੜ੍ਹ ਦਿੰਦੇ..?
ਦੋ ਕੁ ਘੰਟੇ ਦੀ ਉਡੀਕ ਮਗਰੋਂ ਏਅਰ ਕੈਨੇਡਾ ਦੀ ਇਕ ਕਰਮਚਾਰੀ ਨੇ ਉਂਗਲ਼ ਹੇਠਾਂ ਵੱਲ ਕਰ ਦਿੱਤੀ ਕਿ ਹੇਠਾਂ ਜਾ ਕੇ ਜਾਣਕਾਰੀ ਲਵੋ! ਥੱਕੀ ਹਾਰੀ ਜਨਤਾ ਭੇਡਾਂ ਦੇ ਇੱਜੜ ਵਾਂਗੂੰ ਥੱਲੇ ਨੂੰ ਤੁਰ ਪਈ। ਹੇਠਾਂ ਜਾ ਕੇ ਏਅਰ ਕੈਨੇਡਾ ਨੇ ਦੋ ਟੁੱਕ ਫ਼ੈਸਲਾ ਸੁਣਾਇਆ ਕਿ ਖ਼ਬਰਾਂ ਦੇਖੀ ਚੱਲੋ ਅਤੇ ਜਦ ਏਅਰਪੋਰਟ ਖੁੱਲ੍ਹ ਗਏ ਤਾਂ ਫਿ਼ਰ ਫ਼ਲਾਈਟਾਂ ਚੱਲ ਪੈਣਗੀਆਂ। ਕੁਝ ਮੁਸਾਫਿ਼ਰ ਆਖ ਰਹੇ ਸਨ ਕਿ ਸਾਡੇ ਕੋਲ਼ ਕੋਈ ਪੈਸਾ ਨਹੀਂ। ਅਸੀਂ ਤਾਂ ਸੋਚਿਆ ਸੀ ਕਿ ਜਾਵਾਂਗੇ ਅਤੇ ਆਪਣੇ ਟਰਿੱਪ ਦਾ ਆਨੰਦ ਲੈ ਕੇ ਮੁੜ ਆਵਾਂਗੇ। ਉਹ ਕਿਸੇ ਹੋਟਲ ਵਿਚ ਕਮਰੇ ਦੀ ਮੰਗ ਕਰ ਰਹੇ ਸਨ। ਪਰ ਏਅਰ ਕੈਨੇਡਾ ਦੀ ਕਰਮਚਾਰੀ ਲੱਤ ਨਹੀਂ ਲਾ ਰਹੀ ਸੀ। ਉਸ ਦਾ ਕਹਿਣਾ ਸੀ ਕਿ ਨਾਂ ਤਾਂ ਇਹ "ਮੌਸਮ ਮਸਲਾ" ਸੀ ਅਤੇ ਨਾ ਹੀ ਕੋਈ "ਤਕਨੀਕੀ ਨੁਕਸ"! ਫਿ਼ਰ ਕਮਰਾ ਤੁਹਾਨੂੰ ਕਿਸ ਕਾਰਨ ਦੇਈਏ..? ਇਹਦੇ ਵਿਚ ਸਾਡਾ ਕਸੂਰ ਹੀ ਕੋਈ ਨਹੀਂ! ਉਸ ਨੇ ਇਹ ਵੀ ਦੱਸਿਆ ਕਿ 55000 ਤੋਂ ਵੀ ਉਪਰ ਮੁਸਾਫਿ਼ਰ ਲੰਡਨ ਜਾਣ ਦੀ ਉਡੀਕ ਵਿਚ ਹਨ। ਸਾਡੇ ਜੰਬੋ ਜਹਾਜ ਤਿਆਰ ਖੜ੍ਹੇ ਹਨ। ਜਦ ਵੀ ਲੰਡਨ ਏਅਰਪੋਰਟ ਖੁੱਲ੍ਹ ਗਿਆ, ਅਸੀਂ ਕੁਝ ਕੁ ਫ਼ਾਲਤੂ ਫ਼ਲਾਈਟਾਂ ਵੀ ਚਾੜ੍ਹਾਂਗੇ। ਹਾਰੇ ਹੁੱਟੇ ਸਾਹਣ ਵਾਂਗ ਮੈਂ ਅਤੇ ਅਜਾਇਬ ਟੱਲੇਵਾਲ਼ੀਆ ਉਸ ਦੇ ਘਰ ਮੁੜ ਆਏ। ਨਿਰਾਸ਼ਾ ਬੂਹੇ ਮੱਲ ਬੈਠੀ ਸੀ।
ਖ਼ਬਰਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਆ ਰਹੀਆਂ ਸਨ। 'ਵੋਲਕੈਨੋ' ਅਜੇ ਵੀ ਧੂੰਆਂ ਅਤੇ ਧੂੜ ਲੂੰਬੇ ਵਾਂਗ ਛੱਡੀ ਜਾ ਰਿਹਾ ਸੀ। ਦੱਸਿਆ ਜਾ ਰਿਹਾ ਸੀ ਕਿ 1819 ਵਿਚ ਵੀ ਇਕ 'ਵੋਲਕੈਨੋ' ਉਛਲਿ਼ਆ ਸੀ। ਉਸ ਦਾ ਮੂੰਹ ਦੋ ਸਾਲ ਬਾਅਦ ਬੰਦ ਹੋਇਆ ਸੀ। ਅਜਿਹੀਆਂ ਖ਼ਬਰਾਂ ਦੇ-ਦੇ ਕੇ ਵੱਖੋ-ਵੱਖ ਏਅਰਪੋਰਟਾਂ 'ਤੇ ਫ਼ਸੇ ਮੁਸਾਫਿ਼ਰਾਂ ਨੂੰ ਹੌਲ ਪਾਏ ਜਾ ਰਹੇ ਸਨ। ਮੀਡੀਆ ਦਾ ਪ੍ਰਾਪੇਗੰਡਾ ਸੀ। ਖ਼ਬਰਾਂ ਵਿਚ ਰਾਤ ਨੂੰ ਏਅਰਪੋਰਟਾਂ 'ਤੇ ਪਏ ਲੋਕ ਦਿਖਾਏ ਜਾ ਰਹੇ ਸਨ। ਪਰ ਮੈਂ ਫਿ਼ਰ ਵੀ ਅਰਾਮ ਵਿਚ ਸਾਂ। ਬਾਈ ਅਮਰਜੀਤ ਸਿੰਘ ਚਾਹਲ ਮੈਨੂੰ ਵਾਰ ਵਾਰ ਹਿੱਕ ਥਾਪੜ ਕੇ ਕਹਿ ਰਿਹਾ ਸੀ, "ਚਿੰਤਾ ਕਾਹਦੀ ਕਰਦੈਂ ਜੱਗੀ, ਤੇਰਾ ਆਪਣਾ ਨਾਨਕਾ ਘਰ ਐ..!" ਪਰ ਮੈਂ ਸਹੇ ਨਾਲ਼ੋਂ ਪਹੇ ਨੂੰ ਵੱਧ ਰੋ ਰਿਹਾ ਸੀ। ਪਤਾ ਨਹੀਂ ਸੀ ਕਿ ਇਹ ਧੰਦੂਕਾਰਾ ਕਿੰਨਾਂ ਚਿਰ ਚੱਲੇਗਾ..? ਇਸ ਲਈ ਮੈਂ ਹੀ ਨਹੀਂ, ਸਭ ਯਾਤਰੀ ਪ੍ਰੇਸ਼ਾਨ ਸਨ। ਮੈਂ ਅਤੇ ਮਿੰਟੂ ਟੈਲੀ ਦੁਆਲ਼ੇ ਹੀ ਬੈਠੇ ਰਹਿੰਦੇ। ਇਕ ਗੱਲ ਦਾਅਵੇ ਨਾਲ਼ ਕਹਾਂਗਾ ਕਿ ਜਿਤਨਾ ਮੇਰਾ ਮਿੰਟੂ ਚਾਹਲ ਨੇ ਕੀਤਾ ਹੈ, ਕੋਈ ਨਹੀਂ ਕਰ ਸਕਦਾ! ਇਸ ਲਈ ਮੈਂ ਇਸ ਵੀਰ ਦਾ, ਭੈਣ ਮਨਜੀਤ ਕੌਰ, ਪੀਟਰ ਅਤੇ ਇਸ ਦੇ ਸਮੁੱਚੇ ਪ੍ਰੀਵਾਰ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮਿੰਟੂ ਮੇਰੇ ਨਾਲ਼ ਸਵੇਰੇ ਦਸ ਕੁ ਵਜੇ ਬਾਹਰ ਨਿਕਲ਼ ਪੈਂਦਾ ਅਤੇ ਅਸੀਂ ਏਅਰਪੋਰਟ 'ਤੇ ਧੱਕੇ ਜਿਹੇ ਖਾ ਕੇ ਸ਼ਾਮ ਨੂੰ ਘਰੇ ਵੜਦੇ। ਮੇਰੇ ਕਰਕੇ ਉਸ ਨੇ ਕੰਮ ਕਾਰ ਵੀ ਛੱਡਿਆ ਹੋਇਆ ਸੀ। ਨਹੀਂ ਤਾਂ ਬਾਹਰਲੇ ਦੇਸ਼ਾਂ ਵਿਚ ਕੰਮ ਕਾਰ ਛੱਡਣਾ ਇਕ ਕਲੰਕ ਵਾਂਗ ਹੈ!
ਅਗਲੇ ਦਿਨ ਅਸੀਂ 'ਹਮਦਰਦ ਵੀਕਲੀ' ਦੇ ਦਫ਼ਤਰ ਚਲੇ ਗਏ। ਅੰਦਰ ਵੜਦਿਆਂ ਸਾਰ ਮਿੰਟੂ ਕੁਝ ਬੋਲਣ ਹੀ ਲੱਗਿਆ ਸੀ ਕਿ ਉਥੇ ਕੰਮ ਕਰਦੀ ਕੁੜੀ ਕਿਰਨ ਬੋਲ ਉਠੀ, "ਤੁਸੀਂ ਜਿਹਨਾਂ ਬਾਰੇ ਕੁਛ ਕਹਿਣਾਂ ਚਾਹੁੰਦੇ ਸੀ ਭਾਅ ਜੀ, ਅਸੀਂ ਉਹਨਾਂ ਨੂੰ ਪਹਿਲਾਂ ਹੀ ਪਛਾਣ ਲਿਆ..!" ਕਿਰਨ ਮੈਨੂੰ ਪਹਿਚਾਣ ਕੇ ਉਠ ਖੜ੍ਹੀ ਹੋਈ। ਹਮਦਰਦ ਵੀਕਲੀ ਦਾ ਮੁੱਖ ਸੰਪਾਦਕ ਬਾਈ ਅਮਰ ਸਿੰਘ ਭੁੱਲਰ ਭਾਰਤ ਗਿਆ ਹੋਇਆ ਸੀ। ਅਸੀਂ ਵੱਡੇ ਵੀਰ ਢਿੱਲੋਂ ਸਾਹਿਬ ਨਾਲ਼ ਵਿਚਾਰ ਵਟਾਂਦਰਾ ਕੀਤਾ ਅਤੇ ਢਿੱਲੋਂ ਸਾਹਿਬ ਦੇ ਆਖਣ 'ਤੇ ਰੂਬੀ ਨੇ ਸਾਡੀਆਂ ਫ਼ੋਟੋਆਂ ਖਿੱਚੀਆਂ ਅਤੇ ਅਸੀਂ ਵਾਪਸ ਆ ਗਏ। ਅਮਰ ਸਿੰਘ ਭੁੱਲਰ ਦੀ ਗ਼ੈਰਹਾਜ਼ਰੀ ਵਿਚ ਵੀਰ ਢਿੱਲੋਂ ਸਾਹਿਬ ਹੀ ਹਮਦਰਦ ਵੀਕਲੀ ਦੇ ਕਰਤਾ ਧਰਤਾ ਹੁੰਦੇ ਹਨ। ਉਸ ਤੋਂ ਬਾਅਦ ਅਸੀਂ 'ਅਜੀਤ ਵੀਕਲੀ' ਦੇ ਦਫ਼ਤਰ ਪਹੁੰਚ ਗਏ। ਅੰਦਰ ਵੜਦਿਆਂ ਹੀ ਡਾਕਟਰ ਦਰਸ਼ਣ ਸਿੰਘ ਬੈਂਸ ਨੇ ਨਿੱਘਾ ਸੁਆਗਤ ਕੀਤਾ। ਡਾਕਟਰ ਦਰਸ਼ਣ ਸਿੰਘ ਬੈਂਸ ਮਿੰਟੂ ਚਾਹਲ ਵੱਲ ਦੇਖ ਕੇ ਹੱਸਦਿਆਂ ਬੋਲੇ, "ਸਟਾਰ ਬੰਦਿਆਂ ਦੇ ਨਾਲ਼ ਪ੍ਰਮੋਟਰ ਹੁੰਦੇ ਨੇ, ਕਿਤੇ ਤੁਸੀਂ ਜੱਗੀ ਕੁੱਸਾ ਦੇ ਪ੍ਰਮੋਟਰ ਤਾਂ ਨਹੀਂ..?" ਪਰ ਮਿੰਟੂ ਚੁੱਪ ਰਿਹਾ। ਡਾਕਟਰ ਸਾਹਿਬ ਆਖਣ ਲੱਗੇ ਕਿ ਆਓ ਤੁਹਾਨੂੰ ਹੋਰ ਕੰਮ ਦੇ ਬੰਦੇ ਮਿਲਾਈਏ। ਜਦ ਅਸੀਂ ਅੰਦਰ ਗਏ ਤਾਂ ਸਤਿਕਾਰਯੋਗ ਬਜ਼ੁਰਗ ਲੇਖਕ ਸ੍ਰੀ ਲੱਖ ਕਰਨਾਲਵੀ ਅਤੇ ਜਸਵੰਤ ਦੀਦ ਬੈਠੇ ਸਨ। ਮੈਂ ਸ੍ਰੀ ਲੱਖ ਕਰਨਾਲਵੀ ਦੇ ਗੋਡੀਂ ਹੱਥ ਲਾਏ ਅਤੇ ਜਸਵੰਤ ਦੀਦ ਨੂੰ ਜੱਫ਼ੀ ਪਾਈ। ਚਾਹ ਪੀਂਦਿਆਂ ਨੇ ਅਸੀਂ ਤਕਰੀਬਨ ਘੰਟਾ ਕੁ ਗੱਲਾਂ ਬਾਤਾਂ ਕੀਤੀਆਂ। ਉਸ ਤੋਂ ਬਾਅਦ ਜਰਮਨ ਵਸਦੇ ਲੇਖਕ ਅਤੇ ਮੇਰੇ ਪ੍ਰਮ-ਮਿੱਤਰ ਅਮਨਦੀਪ ਕਾਲਕਟ ਦੇ ਭਰਾ ਨੇ ਸਾਨੂੰ ਮਿਲਣ ਆਉਣਾ ਸੀ। ਅਸੀਂ ਡਾਕਟਰ ਸਾਹਿਬ ਤੋਂ ਇਜਾਜ਼ਤ ਲੈ ਕੇ 'ਅਜੀਤ' ਦੇ ਦਫ਼ਤਰ 'ਚੋਂ ਬਾਹਰ ਆ ਗਏ ਅਤੇ ਇਤਨੇ ਨੂੰ ਅਮਨਦੀਪ ਕਾਲਕਟ ਦਾ ਭਰਾ ਅਰਮਿੰਦਰ ਸਿੰਘ ਕਾਲਕਟ ਵੀ ਆ ਬਹੁੜਿਆ। ਤਕਰੀਬਨ ਅੱਧਾ ਕੁ ਘੰਟਾ ਸਾਡੀਆਂ ਉਸ ਨਾਲ਼ ਗੱਲਾਂ ਬਾਤਾਂ ਚੱਲਦੀਆਂ ਰਹੀਆਂ।
ਸ਼ਨੀਵਾਰ ਨੂੰ ਦੁਪਿਹਰੇ ਅਸੀਂ ਅਜਾਇਬ ਟੱਲੇਵਾਲ਼ ਕੋਲ਼ ਆ ਗਏ। ਅੱਜ ਅਜਾਇਬ ਵਿਹਲਾ ਸੀ। ਉਸ ਦੇ ਘਰ ਅਸੀਂ ਦੋ ਕੁ ਘੰਟੇ ਗੁਜ਼ਾਰੇ ਅਤੇ ਅਜਾਇਬ ਸਾਨੂੰ ਚਾਹਲਾਂ ਦੇ ਰੈਸਟੋਰੈਂਟ ਤੋਂ ਛੋਲੇ ਭਟੂਰੇ ਖੁਆਉਣ ਤੁਰ ਪਿਆ। ਜਦ ਅਸੀਂ ਛੋਲੇ ਭਟੂਰੇ ਖਾ ਕੇ ਵਿਹਲੇ ਜਿਹੇ ਹੋਏ ਤਾਂ ਅਚਾਨਕ ਸਾਨੂੰ 'ਸੀਰਤ' ਦੇ ਸੰਪਾਦਕ ਬਾਈ ਹਰਚਰਨ ਸਿੰਘ ਰਾਮੂਵਾਲ਼ੀਆ ਮਿਲ਼ ਪਏ। ਮੈਂ ਬਾਈ ਹਰਚਰਨ ਸਿੰਘ ਰਾਮੂਵਾਲ਼ੀਆ ਦੇ ਗੋਡੀਂ ਹੱਥ ਲਾਏ ਅਤੇ ਉਹਨਾਂ ਨੇ ਮੈਨੂੰ ਜੱਫ਼ੀ ਵਿਚ ਲੈ ਲਿਆ। ਬਾਈ ਹਰਚਰਨ ਸਿੰਘ ਬਾਪੂ ਦੀ ਬਰਸੀ 'ਤੇ ਤਾਂ ਨਹੀਂ ਆ ਸਕੇ। ਪਰ ਉਹ ਮੈਨੂੰ ਭੋਗ ਤੋਂ ਇਕ ਦਿਨ ਪਹਿਲਾਂ ਪਿੰਡ ਜ਼ਰੂਰ ਮਿਲ਼ ਗਏ ਸਨ। ਉਹਨਾਂ ਨੇ ਸਾਡਾ ਫ਼ੋਨ ਨੰਬਰ ਲਿਆ ਅਤੇ ਆਪਣਾ ਦਿੱਤਾ। 'ਜ਼ਰੂਰ ਮਿਲਿ਼ਓ' ਦਾ ਵਾਅਦਾ ਲੈ ਕੇ ਉਹ ਚਲੇ ਗਏ ਅਤੇ ਅਸੀਂ ਫਿ਼ਰ ਅਜਾਇਬ ਟੱਲੇਵਾਲ਼ ਦੇ ਘਰ ਆ ਗਏ।
ਚਾਹ ਪਾਣੀ ਪੀਣ ਤੋਂ ਬਾਅਦ ਜਦ ਅਸੀਂ ਤੁਰਨ ਲੱਗੇ ਤਾਂ ਅਜਾਇਬ ਆਖਣ ਲੱਗਿਆ, "ਤੇਰੀ ਭਰਜਾਈ ਆਉਣ ਵਾਲ਼ੀ ਐ ਜੱਗੀ, ਉਹਨੂੰ ਤਾਂ ਮਿਲ਼ਦਾ ਜਾਹ..!"
-"ਗੋਰੇ ਰੰਗ ਦੀ ਵਾਸ਼ਨਾ ਆ ਕੇ ਜੇਠ ਨੂੰ ਕਿਤੇ ਜ਼ੁਕਾਮ ਨਾ ਹੋ ਜਾਵੇ..?" ਮੈਂ ਟਾਂਚ ਕੀਤੀ।
-"ਐਨਾਂ ਵੀ ਗੋਰਾ ਰੰਗ ਹੈਨ੍ਹੀ..! ਆਮ ਔਰਤਾਂ ਵਰਗਾ ਭੂਸਲ਼ਾ ਜਿਆ ਈ ਐ..!" ਅਜਾਇਬ ਨੇ ਅੱਗਾ ਵਲਿ਼ਆ।
ਇਤਨੇ ਨੂੰ ਕਾਰ ਲੈ ਕੇ ਭਰਜਾਈ ਜੀ ਵੀ ਆ ਗਏ। ਅਜਾਇਬ ਨੇ ਮੇਰਾ ਤੁਅੱਰਫ਼ ਕਰਵਾਇਆ। ਪੰਜਾਬੀ ਨਾਰੀ ਦੇ ਸੁਭਾਅ ਮੁਤਾਬਿਕ ਭਰਜਾਈ ਜੀ ਮੈਨੂੰ ਬੜੇ ਖਿੜੇ ਮੱਥੇ ਮਿਲ਼ੇ। ਮਿੰਟੂ ਨੂੰ ਉਹ ਪਹਿਲਾਂ ਤੋਂ ਹੀ ਜਾਣਦੇ ਸਨ। ਉਹ ਸਵੇਰ ਦੇ ਕੰਮ 'ਤੇ ਗਏ ਹੋਣ ਕਾਰਨ ਸਾਡਾ ਹਾਲ ਚਾਲ ਪੁੱਛ ਕੇ ਹੀ ਅੰਦਰ ਚਲੇ ਗਏ। ਅਸੀਂ ਫਿ਼ਰ ਲੰਡਨ ਦੀਆਂ ਫ਼ਲਾਈਟਾਂ ਮਗਰ ਪੈ ਗਏ। ਲੈਪਟੌਪ 'ਤੇ ਬੈਠੇ ਅਸੀਂ ਏਅਰ ਕੈਨੇਡਾ ਅਤੇ ਲੰਡਨ ਫ਼ਲਾਈਟਸ 'ਤੇ ਹੀ ਸਿ਼ਸ਼ਤ ਬੰਨ੍ਹ ਕੇ ਬੈਠ ਜਾਂਦੇ। ਲੰਡਨ ਏਅਰਪੋਰਟ ਅਥੌਰਟੀ ਕਦੇ ਸ਼ਾਮ ਸੱਤ ਵਜੇ ਅਤੇ ਕਦੇ ਦੁਪਿਹਰ ਇਕ ਵਜੇ ਤੱਕ ਉਡੀਕ ਕਰਨ ਦੀ ਅਨਾਊਂਸਮੈਂਟ ਕਰ ਦਿੰਦੀ। ਸਾਡੇ ਦਿਨ, ਦਿਨੋਂ-ਦਿਨ ਦੁੱਭਰ ਹੁੰਦੇ ਜਾ ਰਹੇ ਸਨ। ਲੰਡਨ ਏਅਰਪੋਰਟ ਅਥੌਰਟੀ ਇਸ ਕਰਕੇ ਇਕ ਅਤੇ ਸੱਤ ਵਜੇ ਦਾ 'ਲਾਰਾ' ਜਿਹਾ ਲਾ ਰਹੀ ਸੀ ਕਿ ਦੁਨੀਆਂ ਕਿਤੇ ਹਫ਼ੜਾ-ਦਫ਼ੜੀ 'ਤੇ ਨਾ ਆ ਜਾਵੇ। ਖ਼ੈਰ ਵੱਸ ਤਾਂ ਕਿਸੇ ਦੇ ਵੀ ਕੁਝ ਨਹੀਂ ਸੀ। ਪਰ ਖ਼ੁਆਰ ਹੁੰਦੇ ਮੁਸਾਫਿ਼ਰ ਬੜੇ ਅੱਕੇ ਪਏ ਸਨ।
ਅਖ਼ੀਰ 21 ਅਪ੍ਰੈਲ ਨੂੰ ਖ਼ਬਰਾਂ ਵਿਚ ਕੁਝ ਏਅਰਪੋਰਟ ਖੁੱਲ੍ਹਣ ਦੀ ਘੋਸ਼ਣਾਂ ਹੋ ਗਈ ਅਤੇ ਲੋਕ ਭੇਡਾਂ-ਬੱਕਰੀਆਂ ਵਾਂਗ ਫਿ਼ਰ ਏਅਰਲਾਈਨਜ਼ ਵਾਲਿ਼ਆਂ ਦੀ ਜਾਨ ਦਾ ਸਿਆਪਾ ਕਰਨ ਲੱਗ ਪਏ। ਜਦ ਮੈਂ ਏਅਰਪੋਰਟ 'ਤੇ ਪਹੁੰਚਿਆ ਤਾਂ ਏਅਰ ਕੈਨੇਡਾ ਦੀ ਅੱਕੀ ਹੋਈ ਕਰਮਚਾਰੀ ਨੇ ਇਕ ਫ਼ੋਨ ਨੰਬਰ ਮੇਰੇ ਹੱਥ ਥੰਮਾ ਦਿੱਤਾ ਅਤੇ 'ਬੁੱਕਿੰਗ' ਕਰਵਾਉਣ ਲਈ ਆਖਿਆ। ਮੈਂ ਇਕ ਤਰ੍ਹਾਂ ਨਾਲ਼ ਹਾਰਿਆ ਹੰਭਿਆ ਪਿਆ ਸੀ। ਜਦ ਮੈਂ ਮੁੜ ਕੇ ਮਿੰਟੂ ਦੀ ਕਾਰ 'ਚ ਬੈਠਾ ਤਾਂ ਮੈਂ ਉਸ ਨੂੰ ਇੱਕੋ ਹੀ ਗੱਲ ਆਖੀ, "ਮਿੰਟੂ..! ਮਿੱਤਰਾ ਫ਼ਲਾਈਟਾਂ ਤਾਂ ਪਈਐਂ ਚੱਲ..! ਪਰ ਦੁਨੀਆਂ ਈ ਐਨੀ 'ਕੱਠੀ ਹੋਈ ਬੈਠੀ ਐ, ਹਫ਼ਤਾ ਆਪਣੀ ਵਾਰੀ ਆਉਣੀ ਮੁਸ਼ਕਿਲ ਈ ਲੱਗਦੀ ਐ..!" ਮੇਰੇ ਅੰਦਰ ਅਤੀਅੰਤ ਨਿਰਾਸ਼ਾ ਫ਼ੈਲੀ ਹੋਈ ਸੀ।
-"ਹੁਣ ਕੀ ਕਰ ਸਕਦੇ ਐਂ ਬਾਬਾ..?" ਅੱਗਿਓਂ ਮਿੰਟੂ ਵੀ ਉਤਸ਼ਾਹਿਤ ਨਹੀਂ ਸੀ।
-"ਇਕ ਹੱਲ ਐਂ..!"
-"ਉਹ ਕੀ..?"
-"ਮੈਨੂੰ ਅੱਜ ਗੁਰਮੀਤੇ ਕੋਲ਼ੇ ਛੱਡ..! ਜੇ ਕੋਈ ਬੇੜਾ ਬੰਨੇ ਲਾ ਸਕਦੈ ਤਾਂ ਗੁਰਮੀਤਾ ਹੀ ਲਾ ਸਕਦੈ..!" ਗੁਰਮੀਤਾ ਮੇਰੇ ਪਿੰਡੋਂ ਮੇਰੇ ਤਾਇਆ ਜੀ ਦਾ ਲੜਕਾ ਹੈ। ਨਾਂ ਤਾਂ ਉਸ ਦਾ ਗੁਰਮੀਤ ਬਰਾੜ ਹੈ। ਪਰ ਅਸੀਂ ਸ਼ੁਰੂ ਤੋਂ ਹੀ ਉਸ ਨੂੰ 'ਗੁਰਮੀਤਾ' ਆਖ ਕੇ ਬੁਲਾਉਂਦੇ ਹਾਂ। ਆਪਣੇ ਸਮੇਂ ਵਿਚ ਗੁਰਮੀਤਾ ਕਬੱਡੀ ਦਾ ਬੜਾ ਘੈਂਟ ਖਿਡਾਰੀ ਰਿਹਾ ਹੈ ਅਤੇ ਅੱਜ ਸੱਠਾਂ ਕੁ ਸਾਲਾਂ ਦਾ ਹੋ ਕੇ ਵੀ ਉਹ ਛੇ ਫ਼ੁੱਟੀ ਕੰਧ ਟੱਪਣ ਦੀ ਜੁਅਰਤ ਰੱਖਦੈ! ਸਾਡੀਆਂ ਪਿਛਲੀਆਂ ਤਿੰਨ ਪੀੜ੍ਹੀਆਂ ਉਹਨਾਂ ਨਾਲ਼ ਘਰਦਿਆਂ ਵਾਂਗ ਵਰਤਦੀਆਂ ਆ ਰਹੀਆਂ ਹਨ ਅਤੇ ਉਹ ਤਕਰੀਬਨ 30-32 ਸਾਲ ਤੋਂ ਏਅਰ ਕੈਨੇਡਾ ਵਿਚ ਕੰਮ ਕਰਦਾ ਆ ਰਿਹਾ ਹੈ। ਮੈਂ ਆਪਣੇ ਮੋਬਾਇਲ ਤੋਂ ਗੁਰਮੀਤੇ ਨੂੰ ਫ਼ੋਨ ਕੀਤਾ ਤਾਂ ਉਹ ਪੈਂਦੀ ਸੱਟੇ ਬੋਲਿਆ, "ਕਿੱਥੇ ਸੀ ਤੂੰ ਬਦਮਾਸ਼ਾ..? ਤੈਨੂੰ ਤਾਂ ਮੈਂ ਹਫ਼ਤੇ ਦਾ ਭਾਲ਼ਦਾ ਫਿ਼ਰਦੈਂ..! ਬਾਈ ਕਮਿੱਕਰ ਦਾ ਇੰਗਲੈਂਡ ਤੋਂ ਕਈ ਵਾਰੀ ਫ਼ੋਨ ਆ ਚੁੱਕਿਐ ਬਈ ਉਹਨੂੰ ਭਾਲ਼ ਕੇ ਘਰੇ ਲੈ ਕੇ ਆ..!"
-"ਬਾਈ ਗੁਰਮੀਤਿਆ..! ਮੈਂ ਤਾਂ ਬਹੁਤ ਕਸੂਤਾ ਫ਼ਸ ਗਿਆ ਯਾਰ..!" ਤੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ।
-"ਤੂੰ ਮੇਰੇ ਕੋਲ਼ ਆ ਜਾਹ ਕੇਰਾਂ..! ਤੇਰੀ ਫ਼ਲਾਈਟ ਅੱਜ ਕੱਲ੍ਹ 'ਚ ਹੀ ਕਰਵਾ ਦਿੰਨੇ ਐਂ..!" ਉਸ ਦੀ ਆਖੀ ਗੱਲ ਤੋਂ ਮੈਂ ਕਾਫ਼ੀ ਸੁਖ਼ਾਲ਼ਾ ਜਿਹਾ ਹੋ ਗਿਆ।
ਅਸੀਂ ਗੱਡੀ ਗੁਰਮੀਤੇ ਦੇ ਘਰ ਨੂੰ ਸਿੱਧੀ ਕਰ ਲਈ। ਮੇਰਾ ਸਮਾਨ ਅਜੇ ਵੀ ਮਿੰਟੂ ਦੇ ਘਰ ਹੀ ਪਿਆ ਸੀ। ਅਸੀਂ ਤਾਂ ਫ਼ਲਾਈਟਾਂ ਦੀ ਕਨਸੋਅ ਜਿਹੀ ਲੈਂਦੇ ਫਿ਼ਰਦੇ ਸਾਂ। ਮਿੰਟੂ ਨੇ ਇੱਕੋ ਗੱਲ ਹੀ ਆਖੀ ਸੀ, "ਜੇ ਫ਼ਲਾਈਟ ਜਾਂਦੀ ਹੋਈ ਬਾਬਾ, ਆਪਾਂ ਪਾਪਾ ਜੀ ਨੂੰ ਜਾਂ ਪੀਟਰ ਨੂੰ ਫ਼ੋਨ ਕਰ ਦਿਆਂਗੇ, ਅੱਧੇ ਘੰਟੇ ਦੇ ਵਿਚ ਵਿਚ ਆ ਕੇ ਉਹ ਸਮਾਨ ਫ਼ੜਾ ਜਾਣਗੇ..!"
ਅੱਧੇ ਕੁ ਘੰਟੇ ਦੇ ਵਿਚ ਹੀ ਅਸੀਂ ਗੁਰਮੀਤੇ ਦੇ ਘਰੇ ਆ ਗਏ। ਚਾਹ ਪੀਂਦਿਆਂ ਪੀਂਦਿਆਂ ਹੀ ਗੁਰਮੀਤਾ ਫ਼ੋਨ ਨੂੰ ਚਿੰਬੜ ਗਿਆ ਅਤੇ ਉਸ ਨੇ ਏਅਰ ਕੈਨੇਡਾ ਦੀ ਕਰਮਚਾਰੀ ਵੱਲੋਂ ਦਿੱਤਾ ਨੰਬਰ ਘੁੰਮਾ ਲਿਆ। ਫ਼ੋਨ ਪਹਿਲਾਂ ਤਾਂ ਬਿਜ਼ੀ ਆ ਰਿਹਾ ਸੀ। ਪਰ ਫਿ਼ਰ 'ਆਨਸਰਿੰਗ ਮਸ਼ੀਨ' ਚੱਲ ਪਈ ਅਤੇ 'ਹੋਲਡ' ਕਰਨ ਦੀ ਰਟ ਲਾਉਣ ਲੱਗ ਪਈ। ਅਖੀਰ ਵੀਹ ਕੁ ਮਿੰਟ ਬਾਅਦ ਫ਼ੋਨ ਮਿਲ਼ ਗਿਆ। ਫ਼ਲਾਈਟਾਂ 'ਫ਼ੁੱਲ' ਜਾ ਰਹੀਆਂ ਸਨ। ਬਜ਼ੁਰਗ, ਬੱਚੇ ਅਤੇ ਬਿਮਾਰ ਲੋਕ ਚਾੜ੍ਹੇ ਜਾ ਰਹੇ ਸਨ। ਮੈਂ ਫ਼ਰਾਂਸ ਜਾਂ ਜਰਮਨ ਜਾਣ ਲਈ ਵੀ ਤਿਆਰ ਸੀ। ਸੋਚ ਰਿਹਾ ਸੀ ਕਿ ਉਥੋਂ ਟਰੇਨ ਜਾਂ 'ਫ਼ੈਰੀ' ਲੈ ਕੇ ਵੀ ਇੰਗਲੈਂਡ ਪਹੁੰਚ ਜਾਵਾਂਗਾ। ਪਰ ਜਰਮਨ ਅਤੇ ਫ਼ਰਾਂਸ ਜਾਣ ਵਾਲ਼ੇ ਲੋਕ ਕਿਹੜਾ ਘੱਟ ਸਨ? ਹਾਹਾਕਾਰ ਤਾਂ ਮੱਚੀ ਪਈ ਸੀ।
ਗੱਲ ਗੁਰਮੀਤੇ ਨੇ ਕੱਲ੍ਹ 'ਤੇ ਛੱਡ ਦਿੱਤੀ।
ਸ਼ਾਮ ਨੂੰ ਪੀਟਰ ਮੇਰਾ ਸਮਾਨ ਗੁਰਮੀਤੇ ਦੇ ਘਰ ਛੱਡ ਗਿਆ ਅਤੇ ਉਹ ਰਾਤ ਮੈਂ ਗੁਰਮੀਤੇ ਕੋਲ਼ ਹੀ ਰਿਹਾ।
ਜਦ ਅਗਲੇ ਦਿਨ ਸਵੇਰੇ ਸਵੇਰੇ ਗੁਰਮੀਤੇ ਨੇ ਫ਼ੋਨ ਕੀਤਾ ਅਤੇ ਮੇਰੀਆਂ 'ਡੀਟੇਲਜ਼' ਦੇ ਦਿੱਤੀਆਂ, ਤਾਂ ਕੰਪਿਊਟਰ 'ਤੇ ਹੱਥ ਮਾਰਦਾ ਅੱਗਿਓਂ ਕੋਈ ਕਰਮਚਾਰੀ ਆਖ ਰਿਹਾ ਸੀ ਕਿ ਤੁਹਾਡੇ ਬੰਦੇ ਨੂੰ ਅਸੀਂ ਵਾਇਆ ਓਟਾਵਾ ਭੇਜ ਦਿੰਦੇ ਹਾਂ, ਤਾਂ ਗੁਰਮੀਤਾ ਆਖਣ ਲੱਗਿਆ ਕਿ ਓਟਾਵਾ ਤੁਸੀਂ ਕਿਸੇ ਨੂੰ ਹੋਰ ਭੇਜ ਦਿਓ। ਕਿਰਪਾ ਕਰਕੇ ਸਾਡਾ ਬੰਦਾ ਸਿੱਧਾ ਲੰਡਨ ਚਾੜ੍ਹੋ! ਖ਼ੈਰ, ਉਸ ਦੀ ਮਿਹਨਤ ਨੂੰ ਫ਼ਲ ਪੈ ਗਿਆ। ਉਸ ਆਦਮੀ ਨੇ ਗੁਰਮੀਤੇ ਦੀ 'ਈ-ਮੇਲ' ਆਈ.ਡੀ. ਮੰਗੀ ਅਤੇ ਆਖਿਆ ਕਿ ਮੈਂ ਤੁਹਾਨੂੰ ਨਵੀਂ ਟਿਕਟ ਮੇਲ ਕਰ ਦਿੰਦਾ ਹਾਂ ਅਤੇ ਤੁਸੀਂ ਸ਼ਾਮ ਚਾਰ ਵਜੇ ਏਅਰਪੋਰਟ ਪਹੁੰਚੋ, ਫ਼ਲਾਈਟ ਸ਼ਾਮ ਸਵਾ ਛੇ ਵਜੇ ਜਾ ਰਹੀ ਹੈ। ਪੰਜ ਕੁ ਮਿੰਟ ਬਾਅਦ ਜਦ ਗੁਰਮੀਤੇ ਨੇ ਆਪਣੀ ਈਮੇਲ ਖੋਲ੍ਹੀ ਤਾਂ ਟਿਕਟ ਆਈ ਪਈ ਸੀ। ਟਿਕਟ ਪ੍ਰਿੰਟ ਕਰਕੇ ਉਸ ਨੇ ਨਾਂ ਬਗੈਰਾ ਚੈੱਕ ਕੀਤਾ। ਸਭ ਠੀਕ ਸੀ।
-"ਲੈ ਬਈ ਛੋਟੇ ਭਾਈ..! ਹੁਣ ਦਸ ਵੱਜੇ ਐ, ਤੇ ਤੂੰ ਆਬਦਾ ਨਹਾ ਧੋ ਕੇ ਤਿਆਰ ਹੋ ਜਾਹ, ਆਪਾਂ ਐਥੋਂ ਢਾਈ ਵਜੇ ਤੁਰ ਪੈਣੈਂ..!"
ਇਹ ਜਾਣਕਾਰੀ ਮੈਂ ਮਿੰਟੂ ਨੂੰ ਫ਼ੋਨ ਕਰਕੇ ਦੇ ਦਿੱਤੀ ਕਿ ਅੱਜ ਸ਼ਾਮ ਨੂੰ ਮੈਂ ਲੰਡਨ ਜਾ ਰਿਹਾ ਹਾਂ।
ਜਦ ਅਸੀਂ ਸ਼ਾਮ ਤਿੰਨ ਵਜੇ ਘਰੋਂ ਤੁਰਨ ਲੱਗੇ ਤਾਂ ਗੁਰਮੀਤੇ ਨੇ ਦੱਸਿਆ ਕਿ ਦੌਧਰ ਪਿੰਡ ਦਾ ਬਾਈ ਸੁਰਿੰਦਰ ਸਿੰਘ ਆਪਣੀ ਖ਼ਾਤਰ ਲਾਈਨ ਵਿਚ ਲੱਗਿਆ ਹੋਵੇਗਾ ਅਤੇ ਆਪਣੀ ਵਾਰੀ ਜਲਦੀ ਹੀ ਆ ਜਾਵੇਗੀ। ਜਦ ਮੈਂ ਬਾਈ ਦੀ ਪਹਿਚਾਣ ਪੁੱਛੀ ਤਾਂ ਗੁਰਮੀਤਾ ਆਖਣ ਲੱਗਿਆ ਕਿ ਦਾਹੜੀ ਰੱਖੀ ਹੋਈ ਹੈ ਅਤੇ ਬਾਈ ਪੱਗ ਬੰਨ੍ਹਦੈ। ਉਸ ਨੇ ਤੈਨੂੰ ਆਪੇ ਹੀ ਪਛਾਣ ਲੈਣਾ ਹੈ। ਗੁਰਮੀਤਾ ਮੈਨੂੰ ਏਅਰਪੋਰਟ ਦੇ ਬਾਹਰ ਲਾਹ ਕੇ ਕਾਰ ਪਾਰਕ ਕਰਨ ਚਲਾ ਗਿਆ।
ਜਦ ਮੈਂ ਚਾਰ ਵੱਜ ਕੇ ਸੱਤ ਕੁ ਮਿੰਟ 'ਤੇ ਲਿਫ਼ਟ 'ਚੋਂ ਨਿਕਲਿ਼ਆ ਤਾਂ ਪਹਿਚਾਣ ਕੇ ਬਾਈ ਸੁਰਿੰਦਰ ਸਿੰਘ ਦੌਧਰ ਨੇ ਮੈਨੂੰ ਹੱਥ ਮਾਰਨਾ ਸ਼ੁਰੂ ਕਰ ਦਿੱਤਾ। ਬਾਈ ਸੁਰਿੰਦਰ ਸਿੰਘ ਵੀ ਏਅਰ ਕੈਨੇਡਾ ਵਿਚ ਹੀ ਕੰਮ ਕਰਦਾ ਹੈ। ਅਸੀਂ ਗਲਵਕੜੀ ਪਾ ਕੇ ਮਿਲ਼ੇ ਅਤੇ ਪੰਜ ਕੁ ਮਿੰਟ ਬਾਅਦ ਮੇਰੀ ਵਾਰੀ ਆ ਗਈ। ਚੈੱਕ-ਇੰਨ ਹੋ ਗਈ ਅਤੇ ਮੈਂ ਬੋਰਡਿੰਗ ਪਾਸ ਫ਼ੜਦੇ ਨੇ ਫ਼ਲਾਈਟ ਦੇ ਸਮੇਂ ਬਾਰੇ ਪੁੱਛਿਆ।
-"ਔਨ ਟਾਈਮ..!" ਆਖ ਕੇ ਗੋਰਾ ਹੱਸ ਪਿਆ। ਜਿਵੇਂ ਮਾਲਵੇ ਵਿਚ ਕਹਾਵਤ ਹੈ ਕਿ ਗਧੀ ਡਿੱਗ ਪਈ ਸੀ ਭੱਠੇ 'ਚ ਤੇ ਦੀਵੇ ਵਾਲ਼ੇ ਘਰੇ ਨਹੀਂ ਸੀ ਵੜਦੀ! ਉਸੀ ਤਰ੍ਹਾਂ ਹਰ ਮੁਸਾਫਿ਼ਰ ਏਅਰ ਕੈਨੇਡਾ ਦੇ ਕਰਮਚਾਰੀਆਂ ਨੂੰ "ਫ਼ਲਾਈਟ ਸੱਚੀਂ ਜਾ ਰਹੀ ਐ ਨ੍ਹਾਂ..?" ਪੁੱਛ ਰਿਹਾ ਸੀ ਅਤੇ ਕਰਮਚਾਰੀ ਹੱਸ ਕੇ 'ਹਾਂ' ਵਿਚ ਉੱਤਰ ਦੇ ਰਹੇ ਸਨ। ਅਸਲ ਵਿਚ ਕਿਸੇ ਨੂੰ ਵੀ ਸੱਚ ਨਹੀਂ ਆ ਰਿਹਾ ਸੀ ਕਿ ਫ਼ਲਾਈਟਾਂ ਵਾਕਿਆ ਹੀ ਚੱਲ ਪਈਆਂ ਸਨ? ਹਰ ਬੰਦਾ ਸ਼ੱਕੀ ਹੋਇਆ ਪਿਆ ਸੀ ਅਤੇ ਰੱਬ ਦਾ ਨਾਂ ਜਪ ਰਿਹਾ ਸੀ। ਬੋਰਡਿੰਗ ਕਾਰਡ ਲੈਣ ਤੋਂ ਬਾਅਦ ਮੈਂ, ਗੁਰਮੀਤੇ ਅਤੇ ਬਾਈ ਸੁਰਿੰਦਰ ਸਿੰਘ ਦੌਧਰ ਨੇ ਚਾਹ ਪੀਤੀ।
ਗੱਲਾਂ ਬਾਤਾਂ ਕਰਦਿਆਂ ਪੌਣੇ ਪੰਜ ਹੋ ਗਏ।
-"ਬਾਈ ਜੀ..! ਤੋਰਨ ਨੂੰ ਤਾਂ ਮਨ ਨਹੀਂ ਕਰਦਾ, ਪਰ ਥੋਡਾ ਟਾਈਮ ਹੋ ਚੱਲਿਆ..! ਆਪਾਂ ਚੱਲੀਏ..!" ਬਾਈ ਸੁਰਿੰਦਰ ਸਿੰਘ ਦੌਧਰ ਨੇ ਆਖਿਆ।
ਮੇਰੀ ਟੋਰੌਂਟੋ-ਲੰਡਨ ਏ.ਸੀ.0856 ਫ਼ਲਾਈਟ ਗੇਟ ਨੰਬਰ 172 ਤੋਂ ਜਾ ਰਹੀ ਸੀ। ਅਸੀਂ ਉਠ ਕੇ ਗੇਟ ਵੱਲ ਨੂੰ ਤੁਰ ਪਏ। ਸਕਿਊਰਿਟੀ ਗੇਟ ਕੋਲ਼ ਆ ਕੇ ਅਸੀਂ ਫਿ਼ਰ ਭਰਾਵਾਂ ਵਾਲ਼ੀਆਂ ਗਲਵਕੜੀਆਂ ਪਾਈਆਂ ਅਤੇ ਵਿਦਾਈ ਲੈ ਕੇ ਮੈਂ ਅੰਦਰ ਚਲਾ ਗਿਆ। ਮੇਰੇ ਨਾਲ਼ ਹੀ ਜਰਮਨ ਦੀ ਏਅਰਲਾਈਨ 'ਲੁਫ਼ਤਹਾਂਸਾ' ਦੇ ਸਟਾਫ਼ ਦੀ ਸਕਿਊਰਿਟੀ ਹੋ ਰਹੀ ਸੀ। ਮੈਂ ਉਸ ਦੇ ਪਾਇਲਟ ਨੂੰ ਪੁੱਛਿਆ ਕਿ ਕੋਈ ਖ਼ਤਰਾ ਸੀ ਵੀ ਕਿ ਐਵੇਂ ਹੀ ਲੋਕਾਂ ਦਾ ਜੀਣਾ ਹਰਾਮ ਕਰੀ ਰੱਖਿਆ..? ਤਾਂ ਪਾਇਲਟ ਹੱਸ ਕੇ ਕਹਿੰਦਾ, "ਮੈਨੂੰ ਲੱਗਦੈ ਮੀਡੀਆ ਪ੍ਰਾਪੇਗੰਡਾ ਜਿ਼ਆਦਾ ਸੀ..!" ਮੈਂ ਉਸ ਨੂੰ ਕਿਹਾ ਕਿ 'ਜਕਾਰਤਾ' ਵੱਲ ਨਿੱਤ ਦਿਹਾੜੇ ਅਜਿਹੇ 'ਵੋਲਕੈਨੋ' ਫ਼ਟਦੇ ਹੀ ਰਹਿੰਦੇ ਨੇ, ਉਹ ਫ਼ਲਾਈਟਾਂ ਬੰਦ ਕਿਉਂ ਨਹੀਂ ਕਰਦੇ? ਤਾਂ ਉਸ ਨੇ ਮੋਢੇ ਚੁੱਕ ਕੇ ਬੇਪ੍ਰਵਾਹੀ ਜਿਹੀ ਜ਼ਾਹਿਰ ਕੀਤੀ।
-"ਸਾਡੇ ਨਾਲ਼ ਲੁਫ਼ਤਹਾਂਸਾ 'ਚ ਜਾ ਰਹੇ ਹੋ..?" ਪਾਇਲਟ ਨੇ ਮੈਨੂੰ ਪੁੱਛਿਆ।
-"ਨਹੀਂ, ਮੈਂ ਏਅਰ ਕੈਨੇਡਾ 'ਚ ਲੰਡਨ ਜਾ ਰਿਹੈਂ..!"
-"ਫ਼ੇਰ ਅਸੀਂ ਤੁਹਾਡੇ ਨਾਲ਼ ਗੱਲ ਨਹੀਂ ਕਰਨੀ..!" ਇਕ ਏਅਰ ਹੋਸਟਸ ਮੈਨੂੰ ਵਿਅੰਗਮਈ ਆਖਣ ਲੱਗੀ।
-"ਛੇ ਦਿਨ ਹੋ ਗਏ ਉਡੀਕ ਕਰਦਿਆਂ, ਪਰ ਥੋਡੇ ਲੁਫ਼ਤਹਾਂਸਾ ਨੇ ਵੀ ਨਹੀਂ ਸੀ ਚੁੱਕਿਆ..!" ਮੈਂ ਵੀ ਠੁਣਾਂ ਉਸ ਦੇ ਸਿਰ ਹੀ ਭੰਨਿਆਂ।
-"ਬਦਕਿਸਮਤੀ..!" ਏਅਰ ਹੋਸਟਸ ਹੱਸ ਕੇ ਸਕਿਊਰਿਟੀ ਚੈੱਕ ਲਈ ਅੱਗੇ ਹੋ ਗਈ ਅਤੇ ਮੈਂ ਦੂਜੇ ਪਾਸੇ ਹੋ ਲਿਆ।
ਫ਼ਲਾਈਟ ਸਹੀ ਸਮੇਂ 'ਤੇ ਹੀ ਜਾ ਰਹੀ ਸੀ। ਪਰ ਲੋਕਾਂ ਦੇ ਮਨ ਸ਼ੱਕੀ ਹੋਏ ਪਏ ਸਨ। ਕਿਸੇ ਨੂੰ ਵੀ ਸੱਚ ਨਹੀਂ ਆ ਰਿਹਾ ਸੀ।
ਅਖ਼ੀਰ 21 ਅਪ੍ਰੈਲ ਦਿਨ ਬੁੱਧਵਾਰ, ਸ਼ਾਮ 6:25 'ਤੇ ਫ਼ਲਾਈਟ ਚੱਲੀ ਅਤੇ 22 ਅਪ੍ਰੈਲ ਵੀਰਵਾਰ ਨੂੰ ਲੰਡਨ ਦੇ ਟਾਈਮ ਸਵੇਰੇ 6:40 'ਤੇ ਹੀਥਰੋ ਏਅਰਪੋਰਟ ਆ ਉਤਰੀ। ਜਦ ਫ਼ਲਾਈਟ ਨੇ ਪੈਰ ਲੰਡਨ ਦੀ ਧਰਤੀ 'ਤੇ ਲਾਏ ਤਾਂ ਲੋਕਾਂ ਨੇ ਖ਼ੁਸ਼ੀ ਵਿਚ ਤਾੜੀਆਂ ਮਾਰੀਆਂ ਅਤੇ ਮੈਂ ਸਿਰ ਝੁਕਾ ਕੇ ਧੰਨ ਗੁਰੂ ਨਾਨਕ ਬਾਬਾ ਜੀ ਦਾ ਸ਼ੁਕਰਾਨਾਂ ਅਦਾ ਕੀਤਾ। ਜਿਉਂਦੇ ਵਸਦੇ, ਹੱਸਦੇ-ਖੇਡਦੇ ਰਹਿਣ ਕੈਨਡੇਾ ਵਿਚ ਵਸਦੇ ਪੰਜਾਬੀ, ਜਿੰਨ੍ਹਾਂ ਨੇ ਬੜਾ ਪਿਆਰ ਅਤੇ ਮਾਣ ਬਖ਼ਸਿ਼ਆ। ਗੁਰੂ ਬਾਬਾ ਨਾਨਕ ਤੁਹਾਡੇ ਵੱਲੋਂ ਠੰਢੀਆਂ ਸੀਤ ਹਵਾਵਾਂ ਹੀ ਭੇਜੇ! ਹੁਣ ਮੈਂ ਗੁਰੂ ਕਿਰਪਾ ਨਾਲ਼ ਲੰਡਨ ਪਹੁੰਚ ਗਿਆ ਹਾਂ ਅਤੇ ਆਪਣਾ ਨਵਾਂ ਨਾਵਲ "ਡਾਚੀ ਵਾਲਿ਼ਆ ਮੋੜ ਮੁਹਾਰ ਵੇ" ਅੱਗੇ ਤੋਰਾਂਗਾ, ਜਿਹੜਾ ਨੌਵੇਂ ਕਾਂਡ 'ਤੇ ਹੀ ਛੱਡ ਕੇ ਗਿਆ ਸੀ..! ਜਿਉਂਦੇ ਵਸਦੇ ਰਹੋ..!!
-ਸਮਾਪਤ-