ਬੜੇ ਮੁੱਕ ਗਏ ਮੁਕਾਉਣ ਵਾਲੇ......... ਲੇਖ਼ / ਰਾਜੂ ਹਠੂਰੀਆ

ਰੋਕ ਟੋਕ ਕਿਸੇ ਨੂੰ ਵੀ ਚੰਗੀ ਨਹੀ ਲੱਗਦੀ, ਨਸ਼ਾ ਕਰਨ ਵਾਲਿਆਂ ਨੂੰ ਤਾਂ ਖਾਸ ਕਰਕੇ। ਉਹਨਾਂ ਨੂੰ ਤਾਂ ਰੋਕਣ ਟੋਕਣ ਵਾਲਾ ਬੰਦਾ ਦੁਸ਼ਮਣ ਵਾਂਗ ਲੱਗਦਾ ਹੈ। ਹਾਲਾਂਕਿ ਉਹ ਉਹਨਾਂ ਦੇ ਭਲੇ ਲਈ ਹੀ ਕਹਿ ਰਿਹਾ ਹੁੰਦਾ, ਪਰ ਫਿਰ ਵੀ ਉਹਨਾਂ ਨੂੰ ਲੱਗਦਾ ਜਿਵੇਂ ਉਹ ਉਹਨਾਂ ਦੀ ਮਸਤੀ ਭਰੀ ਜਿ਼ੰਦਗੀ ਤੋਂ ਸਾੜਾ ਕਰਦਾ ਇਸ ਤਰ੍ਹਾਂ ਕਹਿ ਰਿਹਾ ਹੋਵੇ। ਪਰ ਜਦੋਂ ਤੱਕ ਉਹਨਾਂ ਨੂੰ ਕਹੀ ਗੱਲ ਦਾ ਅਹਿਸਾਸ ਹੁੰਦਾ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਮੇਰੀ ਸੋਚ ਤਾਂ ਇਹੋ ਹੈ ਕਿ ਜੇ ਕੋਈ ਨਜ਼ਦੀਕੀ ਕਿਸੇ ਗਲਤ ਰਾਸਤੇ ਵੱਲ ਜਾ ਰਿਹਾ ਹੈ, ਤਾਂ ਉਸ ਨੂੰ ਰੋਕਣਾ ਅਤੇ ਉਸ ਦੀਆਂ ਗਲਤ ਆਦਤਾਂ ਨੂੰ ਟੋਕਣਾ ਸਾਡਾ ਫਰਜ ਬਣਦਾ ਹੈ। ਵੱਧ ਤੋਂ ਵੱਧ ਉਹ ਥੋੜਾ ਬਹੁਤਾ ਗੁੱਸਾ ਹੀ ਕਰੇਗਾ। ਜੇ ਅਸੀਂ ਉਸ ਦੇ ਗੁੱਸੇ ਹੋਣ ਦੇ ਡਰੋਂ ਉਸ ਨੂੰ ਗਲਤ ਰਸਤੇ ਜਾਣ ਤੋਂ ਨਹੀਂ ਰੋਕਾਗੇ ਤਾਂ ਇਕ ਦਿਨ ਉਸਨੂੰ ਤਬਾਹ ਹੁੰਦਿਆਂ ਵੇਖ ਅਸੀਂ ਖੁਦ ਨੂੰ ਵੀ ਦੋਸ਼ੀ ਮਹਿਸੂਸ ਕਰਾਂਗੇ ਤੇ ਫਿਰ ਐਵੇਂ ਮੱਥੇ ‘ਤੇ ਹੱਥ ਮਾਰ ਕੇ “ਜੇ ਮੈਂ ਉਸ ਨੂੰ ਰੋਕ ਦਿੰਦਾ ਤਾਂ……, ਜੇ ਮੈਂ ਉਸ ਨੂੰ ਟੋਕ ਦਿੰਦਾ ਤਾਂ ਸ਼ਾਇਦ ……………, ਕਹਿਣ ਨਾਲ ਕੁੱਝ ਵੀ ਠੀਕ ਨਹੀਂ ਹੋ ਸਕਦਾ। ਕਿਉਂਕਿ ਲੰਘ ਗਏ ਸਮੇਂ ਨੇ ਵਾਪਿਸ ਮੁੜ ਕੇ ਨਹੀਂ ਆਉਣਾ ਹੁੰਦਾ ਹੈ। ਬਸ ਪਛਤਾਵਾ ਹੀ ਕਰਨਾ ਹੁੰਦਾ ਹੈ, ਚਾਹੇ ਥੋੜਾ ਕਰ ਲਓ, ਚਾਹੇ ਬਹੁਤਾ ਕਰ ਲਓ। ਇਸ ਲਈ ਬਾਅਦ ‘ਚ ਪਛਤਾਉਣ ਨਾਲੋਂ ਚੰਗਾ ਹੈ, ਜੋ ਕਹਿਣਾ ਪਹਿਲਾਂ ਹੀ ਕਹਿ ਦਿਓ। ਹੋ ਸਕਦਾ ਤੁਹਾਡੀ ਕਹੀ ਗੱਲ ਦਾ ਉਸ ‘ਤੇ ਅਸਰ ਹੋ ਜਾਵੇ ਤੇ ਉਹ ਉਜਾੜੇ ਵਾਲੇ ਰਾਹੇ ਤੋਂ ਕੰਨੀ ਕਰ ਜਾਵੇ।


ਕਿੰਨੇ ਤਰਾਂ ਦੇ ਨਸ਼ੇ ਕਰਕੇ, ਕਿੰਨ੍ਹੇ ਨੌਜਵਾਨ ਤਬਾਹ ਹੋ ਰਹੇ ਹਨ। ਇਹ ਗਿਣਤੀ ਤਾਂ ਅਸੰਭਵ ਹੈ, ਕਿਉਂਕਿ ਨਸ਼ਾ ਕਰਨ ਵਾਲੇ ਨਿੱਤ ਨਵੇਂ ਨਸ਼ੇ ਦੀ ਕਾਢ ਕੱਡ ਲੈਂਦੇ ਹਨ। ਜੀਹਦੇ ਕੋਲ ਜਿੰਨ੍ਹੇ ਕੁ ਪੈਸੇ ਹੁੰਦੇ ਹਨ ਉਹ ਉਹੋ ਜਿਹਾ ਨਸ਼ਾ ਕਰ ਲੈਂਦਾ ਹੈ। ਕਈ ਨੌਜਵਾਨ ਤਾਂ ਇਹੋ ਜਿਹੇ ਨਸ਼ੇ ਕਰਦੇ ਨੇ ਕਿ ਉਸ ਬਾਰੇ ਸੁਣ ਕੇ ਖਾਧਾ ਪੀਤਾ ਬਾਹਰ ਆਉਣ ਵਾਲਾ ਹੋ ਜਾਂਦਾ ਹੈ। ਜਿਹੜੇ ਨੋਜਵਾਨ ਘਰ ਬਣੀ ਦਾਲ, ਸ਼ਬਜੀ ਵਿੱਚ ਜੇ ਲੂਣ ਮਿਰਚ ਘੱਟ-ਵੱਧ ਹੋਵੇ ਤਾਂ ਉਹ ਰੋਟੀ ਵਾਲੀ ਥਾਲੀ ਵਿਹੜੇ ‘ਚ ਵਗਾਹ ਮਾਰਦੇ ਹਨ, ਪਰ ਉਹੀ ਨਸੇ਼ ਦੀ ਘਾਟ ਪੂਰੀ ਕਰਨ ਲਈ ਬਰਿੱਡਾਂ ਵਿਚ ਆਇਓਡੈਕਸ ਲਾ ਕੇ ਖਾਂਦੇ ਸੁਣੇ ਹਨ। ਉਹ ਪਤਾ ਨਹੀਂ ਇਨਾਂ ਦੇ ਅੰਦਰ ਕਿਵੇਂ ਲੰਘ ਜਾਂਦੀ ਹੈ, ਜਿਹੜੀ ਜੇ ਸਰੀਰ ਦੇ ਕਿਸੇ ਅੰਗ ਉੱਤੇ ਮਲ਼ੀ ਹੋਵੇ, ਤਾਂ ਵੀ ਰੋਟੀ ਖਾਣ ਨੂੰ ਜੀਅ ਨਹੀਂ ਕਰਦਾ। ਇਸ ਤਰਾਂ ਦੇ ਹੋਰ ਵੀ ਬਹੁਤ ਸਾਰੇ ਨਸੇ਼ ਹਨ। ਪਰ ਇਹਨਾਂ ਦਾ ਇਸਤੇਮਾਲ ਹਰ ਕੋਈ ਨਹੀਂ ਕਰਦਾ। ਮੈਂ ਗੱਲ ਕਰਨਾਂ ਚਾਹੁੰਦਾ ਉਸ ਨਸੇ਼ ਦੀ, ਜੀਹਦਾ ਇਸਤੇਮਾਲ ਤਕਰੀਬਨ ਹਰ ਕੋਈ ਨਸ਼ਈ ਕਰਦਾ ਹੈ। ਜੀਹਨੇ ਬਹੁਤ ਸਾਰੀਆਂ ਜਿ਼ੰਦਗੀਆਂ ਅਤੇ ਘਰ ਬਰਬਾਦ ਕੀਤੇ ਹਨ ਤੇ ਅੱਜ ਵੀ ਕਰ ਰਿਹਾ ਹੈ। ਇਸ ਦਾ ਇਸਤੇਮਾਲ ਪੰਜਾਬੀ ਬਹੁਤ ਜਿ਼ਆਦਾ ਕਰਦੇ ਹਨ। ਕਈਆਂ ਨੂੰ ਤਾਂ ਇਉ ਲੱਗਦਾ ਕਿ ਇਹਦੇ ਬਿਨਾਂ ਜਿ਼ੰਦਗੀ ਅਧੂਰੀ ਹੈ। ਮੈਂ ਬੜੇ ਚਿਰ ਤੋਂ ਇਸ ਉੱਪਰ ਕੁਝ ਲਿਖਣ ਬਾਰੇ ਸੋਚ ਰਿਹਾ ਸੀ ,ਕਿਉਂਕਿ ਇਸ ਨੂੰ ਕਈਆਂ ਦੀ ਬਰਬਾਦੀ ਦਾ ਕਾਰਨ ਬਣਦੇ ਸੁਣਿਆ ਜਾਂ ਵੇਖਿਆ ਹੈ। ਪਰ ਲਿਖਣ ਤੋ ਪਹਿਲਾਂ ਇਸ ਨਸ਼ੇ ਦਾ ਇਸਤੇਮਾਲ ਕਰਨ ਵਾਲਿਆਂ ਦੇ ਇਸ ਵਾਰੇ ਵਿਚਾਰ ਜਾਨਣੇ ਜ਼ਰੂਰੀ ਸਮਝੇ ਕਿ ਇਸ ਨਸੇ਼ ਦੀ ਆਦਤ ਉਹਨਾਂ ਨੂੰ ਕਿਵੇਂ ਪਈ? ਕੀ ਹੁਣ ਉਹ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ ਵਗੈਰਾ-ਵਗੈਰਾ………ਤਾਂ ਕਿ ਮੈਨੂੰ ਉਹਨਾਂ ਕਾਰਨਾ ਦਾ ਪਤਾ ਲੱਗ ਸਕੇ ਜਿਹਨਾਂ ਕਰਕੇ ਇਸ ਨਸੇ਼ ਦਾ ਇਸਤੇਮਾਲ ਐਨ੍ਹਾ ਜਿ਼ਆਦਾ ਹੋ ਰਿਹਾ ਹੈ ਤੇ ਆਏ ਦਿਨ ਕਈ-ਕਈ ਘਰ ਬਰਬਾਦ ਹੋ ਰਹੇ ਹਨ। ਇਹ ਸਭ ਜਾਨਣ ਲਈ ਮੈਂ ਦੋਸਤਾਂ, ਰਿਸ਼ਤੇਦਾਰਾਂ ਤੇ ਹੋਰ ਜਾਣ-ਪਹਿਚਾਣ ਵਾਲਿਆਂ ਨਾਲ ਇਸ ਵਾਰੇ ਗੱਲ ਕੀਤੀ, ਜਿੰਨ੍ਹਾਂ ਵਿਚ ਬਹੁਤੇ ਤਾਂ ਉਹ ਹਨ ਜਿਹੜੇ ਲੰਬੇ ਸਮੇਂ ਤੋਂ ਇਸ ਨਸ਼ੇ ਦਾ ਇਸਤੇਮਾਲ ਕਰਦੇ ਆ ਰਹੇ ਹਨ, ਕਈ ਉਹ ਹਨ ਜਿੰਨ੍ਹਾਂ ਨੇ ਇਸ ਦਾ ਇਸਤੇਮਾਲ ਕਰਕੇ ਛੱਡ ਦਿੱਤਾ ਹੈ ਤੇ ਕਈ ਉਹ ਹਨ ਜਿੰਨ੍ਹਾਂ ਦਾ ਦਾਅਵਾ ਹੈ ਕਿ ਉਹ ਇਸ ਨੂੰ ਮੁਕਾ ਕੇ ਛੱਡਣਗੇ। ਮੈਂ ਜਿਹੜੇ ਨਸ਼ੇ ਦੀ ਗੱਲ ਕਰਨਾ ਚਾਹੁੰਦਾ ਉਹ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ, ਪਰ ਫਿਰ ਵੀ ਖਾਨਾਂ ਪੂਰਤੀ ਲਈ ਲਿਖ ਦਿੰਦਾ ਹਾਂ ਕਿ ਇਹ ਨਸ਼ਾ ਹੈ ਸ਼ਰਾਬ। ਇਹ ਨਸ਼ਾ ਕਰਨ ਵਾਲੇ ਹਰ ਇਕ ਬੰਦੇ ਦਾ ਕਹਿਣਾ ਹੁੰਦਾ ਹੈ ਕਿ ਸ਼ਰਾਬ ਪੀਣ ਵਾਲੀ ਚੀਜ਼ ਹੈ ਪੀਣੀ ਚਾਹੀਦੀ ਹੈ। ਮੈਂ ਉਹਨਾਂ ਦੀ ਗੱਲ ਨਾਲ ਸੌ ਪ੍ਰਤੀਸਤ ਸਹਿਮਤ ਹਾਂ ਕਿ ਇਹ ਪੀਣ ਵਾਲੀ ਚੀਜ਼ ਹੈ, ਪੀ ਸਕਦੇ ਹੋ। ਪਰ ਗੱਲ ਸਿਰਫ ਇਸ ਨੂੰ ਪੀਣ ਦੀ ਨਹੀਂ, ਗੱਲ ਹੈ ਇਹਨੂੰ ਪੀ ਕੇ ਬਦਨਾਮੀ ਅਤੇ ਬਰਬਾਦੀ ਦੇ ਰਾਹ ਵੱਲ ਜਾਣ ਦੀ, ਇਹ ਬਦਨਾਮੀ ਅਤੇ ਬਰਬਾਦੀ ਦੇ ਰਾਹ ਉਦੋਂ ਲੈ ਕੇ ਜਾਂਦੀ ਹੈ, ਜਦੋਂ ਇਸ ਦਾ ਇਸਤੇਮਾਲ ਹੱਦ ਤੋਂ ਵੱਧ ਹੁੰਦਾ ਹੈ, ਹੱਦ ਤੋਂ ਵੱਧ ਖਾਧਾ ਤਾਂ ਘਿਉ ਵੀ ਅੰਦਰ ਹਿਲਾ ਕੇ ਰੱਖ ਦਿੰਦਾ, ਜੀਹਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਫਿਰ ਨਸ਼ੇ ਨੇ ਤਾਂ ਨੁਕਸਾਨ ਕਰਨਾ ਹੀ ਕਰਨਾ ਹੈ। 

ਸ਼ਰਾਬ ਪੀਣ ਦੀ ਸ਼ੁਰੂਆਤ ਕਰਨ ਦੀ ਵੀ ਹਰ ਇੱਕ ਦੀ ਵੱਖੋ-ਵੱਖਰੀ ਕਹਾਣੀ ਹੈ; ਕਈ ਤਾਂ ਵੱਡੇ ਭਰਾ ਜਾਂ ਪਿਉ ਦੇ ਖਾਲੀ ਕੀਤੇ ਅਧੀਏ, ਬੋਤਲਾਂ ‘ਚ ਰਹਿੰਦੀਆਂ ਕੁਝ ਕੁ ਬੂੰਦਾਂ ਵਿੱਚ ਪਾਣੀ ਭਰ-ਭਰ ਪੀ ਕੇ ਸੁਆਦ ਲੈਂਦੇ-ਲੈਂਦੇ ਇਸ ਦੇ ਆਦੀ ਹੋ ਗਏ, ਕਈਆਂ ਨੂੰ ਉਹਨਾਂ ਦੇ ਪਿਉ ਜਾਂ ਭਰਾਵਾਂ ਨੇ ਬਚਪਨ ਤੋਂ ਖੁਦ ਹੀ ਥੋੜ੍ਹੀ-ਥੋੜ੍ਹੀ ਪਿਲਾਉਂਦਿਆਂ ਆਦਤ ਪਾ ਦਿੱਤੀ ਤੇ ਕਈਆਂ ਦਾ ਕਹਿਣਾ ਹੈ ਕਿ ਉਹ ਜਦੋਂ ਕਿਸੇ ਪਾਰਟੀ ਵਿੱਚ ਜਾਂਦੇ ਜਾਂ ਕਿਤੇ ਉਹਨਾਂ ਦੇ ਯਾਰਾਂ ਦੀ ਮਹਿਫ਼ਲ ਜੁੜੀ ਹੁੰਦੀ ਤਾਂ ਮਹਿਫ਼ਲ ਵਿੱਚ ਬੈਠੇ ਦੋ-ਦੋ ਪੈੱਗ ਲਾ ਕੇ ਸੋਫੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਸੀ। ਇਸ ਤਰ੍ਹਾਂ ਨਾਹ ਚਾਹੁੰਦੇ ਹੋਏ ਵੀ ਇੱਕ ਦੋ ਪੈੱਗ ਲਾਉਂਦੇ ਇਸ ਦੇ ਆਦੀ ਹੋ ਗਏ। ਬਾਕੀ ਬਚਦੀ ਕਸਰ ਗੀਤਾਂ ਵਾਲੇ ਕੱਢ ਦਿੰਦੇ, ਗੀਤਾਂ ਦੇ ਬੋਲ ਐਹੋ ਜਿਹੇ ਹੁੰਦੇ ਹਨ ਕਿ ਜਿਹੜਾ ਨਹੀਂ ਵੀ ਪੀਂਦਾ ਉਹਦਾ ਵੀ ਪੈੱਗ ਲਾਉਣ ਨੂੰ ਜੀਅ ਕਰ ਆਉਂਦਾ ਤੇ ਜੀਹਦੀ ਪਹਿਲਾਂ ਹੀ ਪੀਤੀ ਹੁੰਦੀ ਆ ਤੇ ਰੁਮਾਲ ਦੀ ਬੀਨ ਬਣਾ ਕੇ ਅਮਰੀਸ਼ ਪੁਰੀ ਵਾਂਗੂੰ ਸੱਪਣੀ ਕੀਲਣ ਦੀ ਕੋਸਿ਼ਸ ਕਰ ਰਿਹਾ ਹੁੰਦਾ, ਉਹ ਲਾਚੜਿਆ ਹੋਇਆ ਝੱਟ ਦੇਣੇ ਇੱਕ ਲੰਡੂ ਜਿਹਾ ਪੈੱਗ ਹੋਰ ਅੰਦਰ ਸੁੱਟ ਲੈਂਦਾ ਹੈ, ਤੇ ਫਿਰ ਖੁਦ ਹੀ ਨਾਗਣ ਬਣ ਕੇ ਸ੍ਰੀ ਦੇਵੀ ਵਾਂਗੂੰ ਧਰਤੀ ‘ਤੇ ਪਿਆ ਮੇਲ ਰਿਹਾ ਹੁੰਦਾ। ਕਈ ਲੋਕ ਇਹੋ ਜਿਹੇ ਹਨ ਜਿਹੜੇ ਪੀਣੀ ਵੀ ਚਾਹੁੰਦੇ ਹਨ, ਪਰ ਖੁਦ ਨੂੰ ਸ਼ਰਾਬੀ ਨਹੀਂ ਕਹਾਉਣਾ ਚਾਹੁੰਦੇ। ਇਹੋ ਜਿਹੇ ਲੋਕ ਅਕਸਰ ਪਾਰਟੀਆਂ ਵਿੱਚ ਥੋੜ੍ਹੀ-ਥੋੜ੍ਹੀ ਕਰ ਕੇ ਪੀਂਦਿਆਂ ਟੱਲੀ ਹੋ ਜਾਂਦੇ ਹਨ ਤੇ ਬਾਅਦ ‘ਚ ਘਰ ਜਾਣ ਤੋਂ ਪਹਿਲਾਂ ਸ਼ਰਾਬ ਦਾ ਨਸ਼ਾ ਲਾਹੁਣ ਲਈ ਨਿੰਬੂ ਨਚੋੜ-ਨਚੋੜ ਪੀਂਦੇ ਵੇਖੇ ਨੇ। ਦੱਸੋ ਐਡੀ ਕੀ ਥੋਡੇ ਉੱਤੇ ਤਲਵਾਰ ਲਟਕ ਰਹੀ ਹੈ, ਜਿਹੜੀ ਕਹਿੰਦੀ ਹੈ ਕਿ ਬਈ ਪੀਣੀ ਵੀ ਜ਼ਰੂਰ ਹੈ ਤੇ ਚੜ੍ਹਨ ਵੀ ਨਹੀਂ ਦੇਣੀ, ਨਹੀਂ ਤਾਂ ਤੁਹਾਡਾ ਸਿਰ ਧੜ ਤੋਂ ਅਲੱਗ ਸਮਝੋ। ਬਸ ਜਦੋਂ ਪੀਣ ਦੀ ਆਦਤ ਪੈ ਜਾਵੇ ਫਿਰ ਕਿੱਥੇ ਰਹਿ ਹੁੰਦਾ, ਪੀਣ ਵਾਲੇ ਦਾ ਹਰ ਵਾਰ ਨਵਾਂ ਬਹਾਨਾ ਕਦੇ ਖੁਸ਼ੀ, ਕਦੇ ਗ਼ਮੀ ਜਾਂ ਕੋਈ ਹੋਰ……… ਖ਼ੈਰ ਮੈਂ ਜਿਵੇਂ ਪਹਿਲਾਂ ਵੀ ਲਿਖਿਆ ਪੀਣ ਵਾਲੀ ਚੀਜ ਹੈ ਪੀਤੀ ਜਾ ਸਕਦੀ ਹੈ ਪਰ ਹਰ ਇੱਕ ਨੂੰ ਆਪਣੀ ਪਚਾਉਣ ਦੀ ਹੈਸੀਅਤ ਜ਼ਰੂਰ ਵੇਖਣੀ ਚਾਹੀਦੀ ਹੈ। ਮੈਂ ਕੁਝ ਕੁ ਲੋਕਾ ਦਾ ਜਿ਼ਕਰ ਕਰਨਾ ਚਾਹਾਂਗਾ ਜਿਹਨਾਂ ਨੂੰ ਸ਼ਰਾਬ ਪੀ ਕੇ ਬਦਨਾਮ ਜਾਂ ਬਰਬਾਦ ਹੁੰਦੇ ਤੇ ਇਸ ਜਹਾਨੋਂ ਜਾਂਦੇ ਵੇਖਿਆ। ਉਸ ਤੋਂ ਬਾਅਦ ਫੈਸਲਾ ਤੁਹਾਡੇ ਹੱਥ ਕਿ ਤੁਸੀਂ ਕਿਹੜੇ ਰਾਹ ਜਾਣਾ ਚਾਹੁੰਦੇ ਹੋ। 

ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ ਮੈਂ ਇੰਡੀਆ ਗਿਆ ਹੋਇਆ ਸੀ ਤੇ ਉੱਥੇ ਇੱਕ ਵਿਆਹ ‘ਚ ਜਾਣ ਦਾ ਮੌਕਾ ਮਿਲਿਆ। ਵਿਆਹ ਵਿੱਚ ਮੇਰੇ ਪਿੰਡ ਦਾ ਇੱਕ ਹੋਰ ਮੁੰਡਾ ਆਪਣੀ ਕਾਰ ‘ਤੇ ਤਿੰਨ ਚਾਰ ਦੋਸਤਾਂ ਨਾਲ ਆਇਆ ਹੋਇਆ ਸੀ, ਦੁਪਹਿਰ ਤੱਕ ਸਾਰੇ ਸ਼ਰਾਬ ਨਾਲ ਟੱਲੀ ਹੋ ਗਏ, ਉਹ ਖੁਦ ਤਾਂ ਇਹਨਾਂ ਜਿ਼ਆਦਾ ਸ਼ਰਾਬੀ ਹੋ ਗਿਆ ਕਿ ਬੈਠਾ-ਬੈਠਾ ਕੁਰਸੀ ਤੋਂ ਥੱਲੇ ਡਿੱਗ ਪਿਆ। ਉਸ ਦੀ ਹਾਲਤ ਵੇਖ ਕੇ ਆਸੇ ਪਾਸੇ ਖੜੇ ਲੋਕ ਹੱਸਣ ਲੱਗ ਪਏ। ਮੈਨੂੰ ਇਹ ਸਭ੍ਹ ਚੰਗਾ ਨਾ ਲੱਗਾ ਤੇ ਮੈਂ ਉਹਨਾਂ ਨੂੰ ਕਿਹਾ ਚਲੋ ਹੁਣ ਪਿੰਡ ਨੂੰ ਚੱਲੀਏ। ਪਰ ਉਹਨਾਂ ਵਿੱਚੋਂ ਕੋਈ ਵੀ ਕਾਰ ਚਲਾਉਣ ਦੀ ਹਾਲਤ ਵਿੱਚ ਨਹੀਂ ਸੀ। ਫਿਰ ਮੈਂ ਮੇਰੇ ਨਾਲ ਆਏ ਇੱਕ ਦੋਸਤ ਜਿਹੜਾ ਕਿ ਸੋਫੀ ਸੀ, ਨੂੰ ਉਹਦੀ ਕਾਰ ਚਲਾ ਕੇ ਲਿਜਾਣ ਲਈ ਕਿਹਾ। ਹੁਣ ਉਹਦੀ ਕਾਰ ਕਿੱਥੇ ਖੜੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਕਿਉਂਕਿ ਪਾਰਕਿੰਗ ਉਹ ਇਕੱਲਾ ਹੀ ਕਰ ਕੇ ਆਇਆ ਸੀ ਤੇ ਹੁਣ ਉਹ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਸੀ। ਦੋ ਜਾਣਿਆਂ ਉਹਨੂੰ ਆਸਰਾ ਦੇ ਕੇ ਪੈਲਿਸ ਤੋਂ ਬਾਹਰ ਪਾਰਕਿੰਗ ਕੋਲ ਲਿਆਂਦਾ ਤੇ ਉਹਨੂੰ ਪੁੱਛਿਆ ਕਾਰ ਕਿੱਥੇ ਖੜਾਈ ਆ। ਬੜੀ ਮੁਸਿ਼ਕਲ ਨਾਲ ਥੋੜੀਆਂ ਜਿਹੀਆਂ ਅੱਖਾਂ ਖੋਲ ਕੇ ਉਹਨੇ ਇੱਕ ਕਾਰ ਵੱਲ ਹੱਥ ਕਰ ਦਿੱਤਾ। ਮੈਂ ਉਹਦੀ ਜੇਬ ਚੋਂ ਚਾਬੀ ਕੱਡੀ ਤੇ ਕਾਰ ਦੇ ਲੌਕ ਖੋਹਲ ਕੇ ਹਜੇ ਉਹਨੂੰ ਪਿਛਲੀ ਸੀਟ ‘ਤੇ ਬਿਠਾਇਆ ਹੀ ਸੀ ਕਿ ਇੱਕ ਮੁੰਡਾ ਦੂਰੋਂ ਹੀ ਹੱਥ ਜਿਹਾ ਖੜਾ ਕਰ ਕੇ ਰੌਲਾ ਪਾਉਂਦਾ ਸਾਡੇ ਕੋਲ ਆ ਕਿ ਕਹਿਣ ਲੱਗਾ, ਕੀ ਕਰੀ ਜਾਨੇ ਓਂ ਯਾਰ? ਮੈਂ ਪੁੱਛਿਆ ਕਿਉਂ ਕੀ ਹੋਇਆ? ਕਹਿੰਦਾ ਯਾਰ ਤੁਸੀਂ ਮੇਰੀ ਕਾਰ ਖੋਹਲੀ ਫਿਰਦੇ ਓਂ। ਮੈਂ ਉਹਨੂੰ ਦੱਸਿਆ ਕਿ ਯਾਰ ਸਾਡਾ ਆਹ ਬੰਦਾ ਕਾਰ ਲੈ ਕੇ ਆਇਆ ਸੀ ਤੇ ਸ਼ਰਾਬੀ ਹੋ ਗਿਆ ਵਾਹਲਾ, ਮੈਨੂੰ ਇਹਦੀ ਕਾਰ ਦੀ ਕੋਈ ਪਹਿਚਾਣ ਨਹੀਂ। ਇਹਨੇ ਇਸ ਕਾਰ ਵੱਲ ਹੱਥ ਕੀਤਾ, ਮੈਂ ਚਾਬੀ ਲਾ ਕੇ ਵੇਖੀ ਤੇ ਲੌਕ ਖੁੱਲ ਗਏ। ਮੁੰਡਾ ਸਮਝਦਾਰ ਸੀ ਕਹਿੰਦਾ ਚਲੋ ਕੋਈ ਗੱਲ ਨਹੀਂ ਹੋ ਜਾਂਦਾ। ਜੇ ਉਹਦੀ ਜਗ੍ਹਾ ਹੁੰਦਾ ਕੋਈ ਹੋਰ ਤਾਂ ਐਵੇਂ ਲੜਾਈ ਨੂੰ ਥਾਂ ਹੋ ਜਾਣਾ ਸੀ। ਫਿਰ ਅਸੀਂ ਗੇੜ੍ਹਾ ਜਿਹਾ ਦਿੱਤਾ ਤੇ ਇੱਕ ਕਾਰ ਉੱਤੇ ਉਹਦਾ ਗੋਤ ਲਿਖਿਆ ਵੇਖਿਆ। ਥੋੜੀ ਦੇਰ ਪਹਿਲਾਂ ਲੱਗੇ ਝਟਕੇ ਨਾਲ ਦੋ ਕੁ ਦੀ ਤਾਂ ਲੱਗਦਾ ਸੀ ਕਿ ਪੀਤੀ ਲਹਿ ਗਈ ਸੀ। ਉਹ ਝੱਟ ਦੇਣੇ ਬੋਲ ਪਏ “ਹਾਂ ਬਾਈ ਆਹੀ ਕਾਰ ਆ, ਅਸੀਂ ਸਵੇਰੇ ਇਹਦੇ ‘ਚ ਹੀ ਆਏ ਸੀ।” ਮੈਂ ਹੱਸਦੇ ਹੋਏ ਕਿਹਾ ਹਜੇ ਵੀ ਧਿਆਨ ਨਾਲ ਵੇਖ ਲਵੋ ਹੋਰ ਨਾ ਬਾਅਦ ‘ਚ ਪੁਲਿਸ ਖਿੱਚੀ ਫਿਰੇ।

ਇਸ ਤਰ੍ਹਾਂ ਹੀ ਪਿੱਛੇ ਜਿਹੇ ਇੱਕ ਸਖਸ਼ ਇਟਲੀ ਘੁੰਮਣ ਆਇਆ। ਉਹਦੇ ਲਈ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਬੜਾ ਸਤਿਕਾਰ ਸੀ। ਇੱਕ ਪਰਿਵਾਰ ਨੇ ਉਸ ਨੂੰ ਆਪਣੇ ਘਰ ਖਾਣੇ ‘ਤੇ ਬੁਲਾ ਲਿਆ। ਕੌਲਿਆਂ ‘ਤੇ ਤੇਲ ਚੋ ਕੇ ਉਸ ਨੂੰ ‘ਜੀ ਆਇਆਂ’ ਆਖਿਆ। ਪਰਿਵਾਰ ਤੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ, ਉਹਨਾਂ ਦੇ ਚਿਹਰੇ ਤੋਂ ਵੇਖ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਇਸ ਘੜੀ ਦੀ ਸਦੀਆਂ ਤੋਂ ਉਡੀਕ ਹੋਵੇ। ਪਰ ਇਹ ਖੁਸ਼ੀ ਦੇ ਪਲ਼ ਓਦੋਂ ਤੱਕ ਹੀ ਸਲਾਮਤ ਰਹੇ ਜਦ ਤੱਕ ਉਸ ਨੂੰ ਸ਼ਰਾਬ ਦਾ ਨਸ਼ਾ ਨਹੀਂ ਹੋਇਆ, ਸ਼ਰਾਬ ਨੂੰ ਉਹ ਪਾਣੀ ਵਾਂਗ ਪੀ ਰਿਹਾ ਸੀ। ਬਸ ਕੁਝ ਦੇਰ ਬਾਅਦ ਉਸ ਨੂੰ ਨਾ ਬੋਲਣ ਦੀ ਕੋਈ ਤਾਮੀਜ਼ ਸੀ ਤੇ ਨਾ ਉਹ ਮਹਿਫ਼ਲ ਵਿੱਚ ਬਹਿਣ ਦੇ ਲਾਇਕ ਸੀ। ਇਹ ਸਭ੍ਹ ਕੁਝ ਉਹ ਜਾਣ ਬੁੱਝ ਕੇ ਕਰ ਰਿਹਾ ਸੀ ਜਾਂ ਸ਼ਰਾਬ ਦੇ ਨਸ਼ੇ ਵਿੱਚ। ਇਹ ਗੱਲ ਪੀਣ ਵਾਲੇ ਜਿ਼ਆਦਾ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਨਸ਼ੇ ਦੀ ਹਾਲਤ ਵਿੱਚ ਕੋਈ ਕਿੰਨਾ ਕੁ ਬੇਸੁਰਤ ਹੁੰਦਾ ਹੈ। ਪਰ ਮੈਨੂੰ ਤਾਂ ਐਨਾਂ ਪਤਾ ਕਿ ਜਿਹੜੇ ਉਹਦੀ ਕਈ ਵਰਿਆਂ ਤੋਂ ਇੱਜਤ ਕਰਦੇ ਆ ਰਹੇ ਸੀ, ਉਹ ਕੁਝ ਕੁ ਮਿੰਟਾਂ ਵਿੱਚ ਉਹਨਾਂ ਦੀਆਂ ਨਜਰਾਂ ਚੋਂ ਗਿਰ ਗਿਆ ਸੀ ਤੇ ਜਿਹੜੇ ਹੱਥ ਕੁਝ ਸਮਾਂ ਪਹਿਲਾਂ ਉਹਦੇ ਪੈਰ ਛੂਹ ਰਹੇ ਸਨ ੳਹ ਉਹਦੇ ਗਲ ਨੂੰ ਫੜਨ ਲਈ ਮਜਬੂਰ ਹੋ ਗਏ ਸਨ। ਗੱਲ ਕੀ ਮੇਜਬਾਨਾਂ ਤਾਂ ਤੇਲ ਚੋ ਕੇ ਘਰ ਅੰਦਰ ਦਾਖਲ ਕੀਤਾ, ਪਰ ਉਸ ਨੇ ਖੁਦ ਛਿੱਤਰ ਖਾਹ ਕੇ ਜਾਣ ਵਾਲੇ ਹਾਲਾਤ ਬਣਾ ਦਿੱਤੇ।

ਹੁਣ ਗੱਲ ਕਰੀਏ ਉਹਨਾਂ ਦੀ ਜਿਹੜੇ ਸ਼ਰਾਬ ਨੂੰ ਮੁਕਾਉਣ ਦੀ ਗੱਲ ਕਰਦੇ ਹਨ। ਮੈਂ ਕਈਆਂ ਨੂੰ ਸ਼ਰਾਬ ਨੂੰ ਮੁਕਾਉਂਦੇ-ਮੁਕਾਉਂਦੇ ਉਹਨਾਂ ਨੂੰ ਖੁਦ ਨੂੰ ਮੁਕਦੇ ਵੇਖਿਆ ਜਾਂ ਸੁਣਿਆ ਹੈ। ਇਹਨਾਂ ਵਿੱਚੋਂ ਇੱਕ ਵੀਰ ਨਾਲ ਜੋ ਬੀਤੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗਾ, ਕਿਉਂਕਿ ਇਹ ਗੱਲ ਵਿਦੇਸ਼ਾ ਵਿੱਚ ਵੱਸਦੇ ਵੀਰਾਂ ਨਾਲ ਸਬੰਧਿਤ ਹੈ। ਇਹ ਮੈਂ ਇਸ ਲਈ ਸਾਂਝੀ ਕਰਨੀ ਚਾਹੁੰਦਾ ਹਾਂ ਕਿਉਂਕਿ ਮੈਂ ਹੋਰ ਵੀ ਬਹੁਤ ਸਾਰੇ ਵੀਰਾਂ ਨੂੰ ਉਸੇ ਰਸਤੇ ਜਾਂਦੇ ਵੇਖ ਰਿਹਾ ਹਾਂ। ਇੱਕ ਪੰਜਾਬੀ ਵੀਰ ਬਹੁਤ ਵਰਿਆਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਤੇ ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ। ਜਿੱਥੇ ਕੰਮ ਕਰਦਾ ਸੀ ਰਹਾਇਸ਼ ਵੀ ਮੁਫਤ ਵਿੱਚ ਮਿਲੀ ਹੋਈ ਸੀ ਤੇ ਉਹਦੇ ਨਾਲ ਓਹਦਾ ਇੱਕ ਦੋਸਤ ਤੇ ਇੱਕ ਦੋ ਰਿਸ਼ਤੇਦਾਰ ਵੀ ਰਹਿੰਦੇ ਸਨ। ਇੱਕ ਦਿਨ ਪੀਦੇਂ-ਪੀਂਦੇ ਉਹ ਤੇ ਉਹਦਾ ਰਿਸ਼ਤੇਦਾਰ ਆਪਸ ਵਿੱਚ ਬਹਿਸ ਪਏ। ਉਹ ਕਹਿਣ ਲੱਗਿਆ ਮੈਂ ਮਾਲਕਾਂ ਨੂੰ ਦੱਸ ਕੇ ਆਉਨਾਂ ਤੇ ਥੋਨੂੰ ਇੱਥੋਂ ਬਾਹਰ ਕਢਾਉਨਾ, ਉਹਦੇ ਦੋਸਤ ਨੇ ਸਮਝਾਉਣ ਦੀ ਕੋਸਿ਼ਸ਼ ਕੀਤੀ ਕਿ ਇਹਨਾਂ ਨੂੰ ਆਪਾਂ ਆਪਣੀ ਮਰਜੀ ਨਾਲ ਰੱਖਿਆ ਐਵੇਂ ਮਾਲਕਾਂ ਕੋਲ ਜਾਣ ਦੀ ਕੀ ਲੋੜ ਪਈ ਆ, ਨਾਲੇ ਤੇਰੀ ਪੀਤੀ ਹੋਈ ਆ, ਸਵੇਰੇ ਗੱਲ ਕਰਾਂਗੇ। ਪਰ ਉਹਨੇ ਆਪਣੀ ਹਿੰਡ ਨਾ ਛੱਡੀ ਤੇ ਅੱਧੀ ਰਾਤੋਂ ਮਾਲਕ ਦੇ ਘਰ ਦੀ ਬਿੱਲ ਜਾ ਵਜਾਈ। ਮਾਲਕ ਨੇ ਬੂਹਾ ਖੋਹਲਿਆ ਤੇ ਉਹਦੀ ਹਾਲਤ ਵੇਖੀ, ਉਸ ਤੋਂ ਆਪਣੇ ਪੈਰਾਂ ‘ਤੇ ਖੜਾ ਨਹੀਂ ਸੀ ਹੋਇਆ ਜਾ ਰਿਹਾ। ਉਹਦੇ ਆਉਣ ਦਾ ਕਾਰਨ ਪੁੱਛਿਆ ਪਰ ਪੱਲੇ ਕੁਝ ਨਾ ਪਿਆ। ਬਿਨਾਂ ਵਜਾਹ ਅੱਧੀ ਰਾਤ ਨੂੰ ਪਰੇਸ਼ਾਨ ਕਰਨ ‘ਤੇ ਗੁੱਸੇ ਵਿੱਚ ਆਏ ਮਾਲਕ ਨੇ ਉਹਨੂੰ ਕੰਮ ਤੋਂ ਜਵਾਬ ਦੇ ਦਿੱਤਾ। ਉਸ ਦਿਨ ਤੋਂ ਉਹ ਸ਼ਰਾਬ ਪਹਿਲਾਂ ਤੋਂ ਵੀ ਜਿ਼ਆਦਾ ਪੀਣ ਲੱਗ ਗਿਆ। ਉਹਦੇ ਦੋਸਤਾਂ ਉਹਨੂੰ ਹੋਰ ਕਈ ਕੰਮਾਂ ‘ਤੇ ਲਵਾਇਆ ਪਰ ਹੁਣ ਉਸ ਨੂੰ ਕੰਮ ਨਾਲੋਂ ਸ਼ਰਾਬ ਜਿ਼ਆਦਾ ਪਿਆਰੀ ਹੋ ਗਈ ਸੀ। ਜੇ ਕੋਈ ਸ਼ਰਾਬ ਛੱਡਣ ਵਾਰੇ ਕਹਿੰਦਾ ਤਾਂ ਕਹਿ ਛੱਡਦਾ “ਹੁਣ ਤਾਂ ਓਹਦੋਂ ਹੀ ਛੱਡੂੰਂ, ਜਦੋਂ ਦੁਕਾਨਾ ਤੇ ਮਾਰਕੀਟਾਂ ਵਿੱਚ ਮੁੱਕ ਗਈ।” ਦੋਸਤਾਂ ਆਪਣੇ ਵੱਲੋਂ ਜਿੰਨੀ ਹੋ ਸਕਦੀ ਸੀ ਮੱਦਦ ਕੀਤੀ। ਪਰ ਵਿਦੇਸ਼ਾਂ ਵਿੱਚ ਸਭ੍ਹ ਨੂੰ ਪਤਾ ਕਿ ਕੀਹਦੇ ਕੋਲ ਕਿਸੇ ਲਈ ਕਿੰਨਾ ਕੁ ਸਮਾਂ। ਫਿਰ ਹੌਲੀ-ਹੌਲੀ ਹਰ ਕੋਈ ਉਸ ਨੂੰ ਘਰੇ ਵਾੜਨ ਦੀ ਗੱਲ ਤਾਂ ਦੂਰ, ਉਸ ਨੂੰ ਬੁਲਾਉਣ ਤੋਂ ਕੰਨੀ ਕਤਰਾਉਣ ਲੱਗਾ। ਉਹ ਸੜਕਾਂ ਉੱਪਰ ਰੁਲਣ ਤੇ ਸਟੇਸ਼ਨ ਜਾਂ ਪਾਰਕਾਂ ਵਿੱਚ ਸੌਣ ਲਈ ਮਜਬੂਰ ਹੋ ਗਿਆ। ਕੰਮ ਨਾ ਹੋਣ ਕਰਕੇ ਪੇਪਰ ਵੀ ਕੈਂਸਲ ਹੋ ਗਏ ਤੇ ਉਹਨੂੰ ਵਾਪਿਸ ਪੰਜਾਬ ਭੇਜ ਦਿੱਤਾ ਗਿਆ। ਤੇ ਹੁਣ ਸੁਨਣ ਵਿੱਚ ਆਇਆ ਸੀ ਕਿ ਸ਼ਰਾਬ ਨੂੰ ਮੁਕਾਉਣ ਦੇ ਦਾਅਵੇ ਕਰਨ ਵਾਲਾ ਇਹ ਵੀਰ ਖੁਦ ਹੀ ਮੁੱਕ ਗਿਆ ਹੈ। ਪਰ ਸ਼ਰਾਬ ਨਾਲ ਦੁਕਾਨਾਂ ਤੇ ਮਾਰਕੀਟਾਂ ਅੱਜ ਵੀ ਭਰੀਆਂ ਪਈਆਂ ਹਨ। 

ਹੁਣ ਇਸ ਰਾਹ ਤੇ ਤੁਰਨ ਵਾਲੇ ਵੀਰੋ ਫੈਸਲਾ ਤੁਹਾਡੇ ਹੱਥ ਹੈ। ਕੀ ਤੁਸੀਂ ਇਸ ਰਸਤੇ ‘ਤੇ ਤੁਰਦੇ-ਤੁਰਦੇ ਰੁਲਣਾ ਹੈ ਜਾਂ ਇਸ ਰਸਤੇ ਤੋਂ ਕਿਨਾਰਾ ਕਰਨਾ ਹੈ? ਕੀ ਤੁਸੀਂ ਅਗਲੀ ਪੀੜੀ ਨੂੰ ਵੀ ਇਸੇ ਰਸਤੇ ਤੋਰਨਾ ਚਾਹੁੰਦੇ ਹੋ ਜਾਂ ਮੋੜਨਾ? ਕੀ ਜੇ ਤੁਹਾਡਾ ਕੋਈ ਦੋਸਤ ਇਸ ਨਸ਼ੇ ਤੋਂ ਬਚਿਆ ਹੈ, ਉਸ ਨੂੰ ਵੀ ਮਿਹਣੇ ਮਾਰ ਕੇ ਇਸ ਦਲਦਲ ਵਿੱਚ ਸੁੱਟਣਾ ਚਾਹੁੰਦੇ ਹੋ? ਜੇ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਉਸ ਦੇ ਦੋਸਤ ਕਹਾਉਣ ਦੇ ਬਿਲਕੁਲ ਹੱਕਦਾਰ ਨਹੀਂ। ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਨਸ਼ੇ ਵਿੱਚ ਬਦਨਾਮੀ ਤੇ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਰੱਖਿਆ। ਨਾ ਹੀ ਇਹ ਕੋਈ ਇਹੋ ਜਿਹੀ ਚੀਜ ਹੈ ਜੀਹਦੇ ਬਿਨਾਂ ਰਿਹਾ ਨਹੀਂ ਜਾ ਸਕਦਾ। ਜਿੰਨ੍ਹਾਂ ਨੇ ਕਈ-ਕਈ ਵਰੇ ਪੀ ਕੇ ਛੱਡੀ ਹੈ, ਉਹਨਾਂ ਦਾ ਵੀ ਇਹੋ ਕਹਿਣਾ ਕਿ ਇਸ ਵਿੱਚ ਕੁਝ ਨਹੀਂ ਰੱਖਿਆ। ਬਸ ਜਦੋਂ ਪੀਂਦੇ ਸੀ, ਸ਼ਾਮ ਨੂੰ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਸੀ ਜਿਵੇਂ ਕੋਈ ਕੰਮ ਕਰਨ ਵੱਲੋਂ ਰਹਿ ਗਿਆ ਹੈ। ਇਸ ਤੋਂ ਜਿ਼ਆਦਾ ਕੁਝ ਵੀ ਨਹੀਂ। ਜਦੋਂ ਪੀਣੀ ਛੱਡੀ ਹਫਤਾ ਕੁ ਤਾਂ ਇਸ ਤਰ੍ਹਾਂ ਹੀ ਲੱਗਦਾ ਰਿਹਾ, ਪਰ ਹੁਣ ਕੋਈ ਪਰਵਾਹ ਨਹੀਂ। ਬਾਕੀ ਵੀਰੋ ਜੇ ਤੁਸੀਂ ਪੀਣੀ ਹੀ ਪੀਣੀ ਹੈ ਤਾਂ ਇਹਦੇ ਗੁਲਾਮ ਹੋਣੋ ਬਚਿਓ। ਜਿਸ ਦਿਨ ਤੁਸੀਂ ਇਹਨੂੰ ਮਕਾਉਣ ਦੀ ਸਹੁੰ ਖਾਹ ਲਈ…ਸਮਝ ਲਿਓ ਕਿ ਇਸ ਨੇ ਤਹਾਨੂੰ ਮੁਕਾਉਣਾ ਸ਼ੁਰੂ ਕਰ ਦਿੱਤਾ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਸਹੀ ਫੈਸਲਾ ਲਵੋਗੇ।
****